ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਲੋਕ ਮੰਚ

ਸਮਾਜ 'ਚ ਵਧਦਾ ਅਪਰਾਧਾਂ ਦਾ ਗ੍ਰਾਫ਼

ਸਾਡੇ ਸਮਾਜ 'ਚ ਨਿੱਤ ਹੀ ਹੱਤਿਆ ਤੇ ਕਿਧਰੇ ਜਬਰ-ਜਨਾਹ ਅਤੇ ਕਿਧਰੇ ਲੜਾਈ-ਝਗੜੇ, ਚੋਰੀ-ਡਕੈਤੀ ਦਾ ਬਾਜ਼ਾਰ ਸਰਗਰਮ ਹੈ। ਨੌਜਵਾਨਾਂ 'ਚ ਨੈਤਿਕਤਾ ਦੀ ਬੇਹੱਦ ਘਾਟ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੀ ਜ਼ਿੰਦਗੀ 'ਚ ਨਸ਼ਿਆਂ ਦੀ ਆਦਤ ਅਪਰਾਧਾਂ ਦੇ ਗ੍ਰਾਫ ਦੇ ਵਧਣ ਦਾ ਮੂਲ ਕਾਰਨ ਹੈ। ਨੌਜਵਾਨ ਆਪਣੇ ਮਾਂ-ਬਾਪ, ਵੱਡੇ ਵਡੇਰਿਆਂ ਅਤੇ ਗੁਰੂਆਂ ਦੇ ਪ੍ਰਤੀ ਅਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ। ਉਹ ਹਰ ਸਮੇਂ ਮੋਬਾਈਲ 'ਤੇ ਰੁਝਿਆ ਰਹਿੰਦਾ ਹੈ। ਅਸ਼ਲੀਲਤਾ ਉਸ 'ਤੇ ਭਾਰੂ ਹੈ। ਸੰਸਕਾਰਾਂ ਅਤੇ ਨੈਤਿਕ ਸਿੱਖਿਆ ਤੋਂ ਬਿਨਾਂ ਉਹ ਅਪਰਾਧਿਕ ਕੰਮਾਂ 'ਚ ਫਸਿਆ ਹੋਇਆ ਹੈ।
ਨੌਜਵਾਨਾਂ 'ਚ ਅਨੁਸ਼ਾਸਨਹੀਣਤਾ, ਕੰਮ ਪ੍ਰਤੀ ਉਦਾਸੀਨਤਾ ਅਤੇ ਲਾਪ੍ਰਵਾਹੀ, ਲੱਚਰਤਾ ਆਦਿ ਘਰ ਕਰ ਗਈ ਹੈ। ਸਮਾਜ 'ਚ ਅਪਰਾਧਾਂ ਦੀ ਵਧਦੀ ਸੰਖਿਆ ਭਵਿੱਖ ਲਈ ਖਤਰੇ ਦੀ ਘੰਟੀ ਹੈ। ਵੱਡੇ ਤਾਂ ਕੀ ਛੋਟੇ-ਛੋਟੇ ਬੱਚਿਆਂ ਨੂੰ ਬੀੜੀ ਪੀਂਦੇ, ਗੁਟਖਾ ਖਾਂਦੇ ਅਤੇ ਕਈ ਤਰ੍ਹਾਂ ਦੇ ਨਸ਼ੇ ਕਰਦਿਆਂ ਵੇਖਿਆ ਜਾਣਾ ਹੁਣ ਆਮ ਜਿਹੀ ਗੱਲ ਹੈ।
ਇਹ ਕਿਹੋ ਜਿਹੀ ਮਜਬੂਰੀ ਹੈ! ਸਮਾਜ ਦੇ ਜ਼ਿੰਮੇਵਾਰ ਲੋਕ ਆਪਣੇ ਫ਼ਰਜ਼ਾਂ ਤੋਂ ਦੂਰ ਭੱਜ ਰਹੇ ਹਨ। ਸਰਕਾਰਾਂ ਤੋਂ ਕੁਝ ਵੀ ਨਹੀਂ ਹੋ ਪਾ ਰਿਹਾ ਹੈ। ਰਾਜਨੇਤਾ ਲੋਕ ਬਲਦੀ ਅੱਗ 'ਤੇ ਤੇਲ ਪਾ ਰਹੇ ਹਨ। ਨਿਆਂ ਪ੍ਰਕਿਰਿਆ 'ਚ ਖਾਮੀਆਂ ਦੇ ਚਲਦੇ ਸਾਲ 2012 'ਚ ਨਿਰਭੈ ਕਾਂਡ ਦੇ ਦੋਸ਼ੀਆਂ ਨੂੰ ਹਾਲੇ ਤੱਕ ਫਾਂਸੀ 'ਤੇ ਲਟਕਾਇਆ ਨਹੀਂ ਜਾ ਸਕਿਆ। ਕਿੰਨੀ ਸ਼ਰਮ ਦੀ ਗੱਲ ਹੈ।
ਸਮਾਜ 'ਚ ਅਪਰਾਧੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਣਾ ਚਾਹੀਦੈ। ਨੈਤਿਕ ਕਦਰਾਂ-ਕੀਮਤਾਂ 'ਤੇ ਜ਼ੋਰ ਦਿੱਤਾ ਜਾਵੇ। ਸਾਨੂੰ ਸਭ ਨੂੰ ਆਪਣੀ ਸੋਚ ਸਕਾਰਾਤਮਕ ਰੱਖਣੀ ਚਾਹੀਦੀ ਹੈ। ਸਮਾਂ ਰਹਿੰਦੇ ਨਸ਼ਿਆਂ 'ਤੇ ਰੋਕ ਲੱਗਣੀ ਚਾਹੀਦੀ ਹੈ। ਮੀਡੀਆ ਵੀ ਸੰਜੀਦਗੀ ਨਾਲ ਕੰਮ ਕਰੇ। ਨਿਆਂ ਪ੍ਰਕਿਰਿਆ 'ਚ ਤੇਜ਼ੀ ਲਿਆਂਦੀ ਜਾਵੇ। ਸਮਾਜ ਦਾ ਜਾਗਰੂਕ ਹੋਣਾ ਲਾਜ਼ਮੀ ਹੈ। ਸਕੂਲਾਂ, ਕਾਲਜਾਂ 'ਚ ਨੈਤਿਕ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਕੋਈ ਵੀ ਅਪਰਾਧ ਹੋਵੇ ਪਹਿਲਾਂ ਤਾਂ ਪੀੜਤਾਂ ਦੀ ਐਫ.ਆਈ. ਆਰ ਦਰਜ ਹੀ ਨਹੀਂ ਹੁੰਦੀ, ਜੇ ਕਦੇ ਰਿਪੋਰਟ ਦਰਜ ਵੀ ਹੁੰਦੀ ਹੈ ਤਾਂ ਏਨੀ ਦੇਰ ਬਾਅਦ ਜਿਸ ਦਾ ਤਦ ਤੱਕ ਕੋਈ ਮਤਲਬ ਹੀ ਨਹੀਂ ਰਹਿੰਦਾ। ਅਪਰਾਧੀਆਂ, ਖਾਸ ਕਰ ਜਿਨਸੀ ਸ਼ੋਸ਼ਣ ਮਾਮਲਿਆਂ 'ਚ ਚਾਰਜਸ਼ੀਟ ਜਲਦ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਫਾਸਟ ਟ੍ਰੈਕ ਅਦਾਲਤ 'ਚ ਅਜਿਹੇ ਮਾਮਲੇ ਨੂੰ ਵਿਚਾਰਿਆ ਜਾਵੇ। ਅਪਰਾਧੀਆਂ ਨੂੰ ਅਜਿਹੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿ ਉਨ੍ਹਾਂ ਨੂੰ ਇਹ ਸੰਦੇਸ਼ ਜਾਵੇ ਕਿ ਜੇਕਰ ਉਹ ਕਿਸੇ ਪ੍ਰਕਾਰ ਦਾ ਅਪਰਾਧ ਕਰਨਗੇ ਤਾਂ ਉਹ ਅਸਾਨੀ ਨਾਲ ਕਾਨੂੰਨ ਦੇ ਸ਼ਿਕੰਜੇ 'ਚੋਂ ਛੁੱਟ ਨਹੀਂ ਸਕਣਗੇ। ਤੰਦਰੁਸਤ ਸਮਾਜ ਨਾਲ ਹੀ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਹੋਵੇਗਾ ਤਾਂ ਆਉ ਕਦਮ ਨਾਲ ਕਦਮ ਮਿਲਾ ਕੇ ਅਪਰਾਧ ਦਾ ਖਾਤਮਾ ਕਰੀਏ। ਇਸ ਨਾਲ ਸਾਡਾ ਅਤੇ ਸਾਡੇ ਰਾਸ਼ਟਰ ਦਾ ਭਲਾ ਹੋਵੇਗਾ।

-ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)।
ਮੋਬਾ: 94172-80333


ਖ਼ਬਰ ਸ਼ੇਅਰ ਕਰੋ

ਅੰਧਵਿਸ਼ਵਾਸ ਫੈਲਾਉਣ ਵਾਲੇ ਟੀ.ਵੀ. ਲੜੀਵਾਰਾਂ ਤੋਂ ਜਾਗਰੂਕ ਹੋਣ ਮਾਪੇ

ਸਿਆਣੇ ਕਹਿੰਦੇ ਹਨ ਬੱਚੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦੇ ਹਨ, ਜੋ ਉਨ੍ਹਾਂ ਨੂੰ ਆਪਣੇ ਮਾਪੇ ਸਿਖਾਉਂਦੇ, ਦੱਸਦੇ ਹਨ, ਬੱਚੇ ਉਹੀ ਕਰਦੇ ਹਨ। ਜਦੋਂ ਬੱਚਾ ਇਸ਼ਾਰੇ ਸਮਝਣ ਲੱਗ ਜਾਂਦਾ ਹੈ, ਉਸ ਨੂੰ ਦੱਸਿਆ ਉਹ ਜਲਦੀ ਸਮਝਦਾ ਹੈ, ਜਿਸ ਨੂੰ ਉਹ ਜਲਦੀ ਭੁੱਲਦਾ ਨਹੀਂ।
ਜਦੋਂ ਬੱਚਾ ਛੋਟਾ ਹੁੰਦਾ ਸ਼ਰਾਰਤ ਕਰਦਾ ਜਾਂ ਰਾਤ ਨੂੰ ਸੌਂਦਾ ਨਹੀਂ ਤਾਂ ਮਾਪੇ ਕਹਿੰਦੇ ਹਨ, ਬੇਟਾ ਭੂਤ ਆ ਜਾਊ, ਸੌਂ ਜਾ, ਫੜ ਕੇ ਲੈ ਜਾਵੇਗਾ। ਬੇਸਮਝ ਬੱਚਾ ਡਰ ਕੇ ਸੌਂ ਜਾਂਦਾ ਹੈ। ਇਹ ਬਹੁਤ ਗ਼ਲਤ ਗੱਲ ਹੈ, ਜਿਸ ਭੂਤ-ਪ੍ਰੇਤ ਦੀ ਕੋਈ ਹੋਂਦ ਨਹੀਂ, ਉਸ ਨੂੰ ਅਸੀਂ ਬੱਚੇ ਦੇ ਦਿਲ-ਦਿਮਾਗ ਵਿਚ ਬਿਠਾ ਦਿੰਦੇ ਹਾਂ। ਬੱਚਾ ਥੋੜ੍ਹਾ-ਥੋੜ੍ਹਾ ਵੱਡਾ ਹੁੰਦਾ ਸਕੂਲ ਜਾਣ ਲੱਗਦਾ, ਕਿਹਾ-ਸੁਣਿਆ ਸਮਝਣ ਲੱਗਦਾ, ਟੀ.ਵੀ. 'ਤੇ ਕਾਰਟੂਨ ਦੇਖਣੇ ਪਸੰਦ ਕਰਦਾ।
ਰਹਿੰਦੀ-ਖੂੰਹਦੀ ਕਸਰ ਟੀ.ਵੀ. 'ਤੇ ਚੱਲਣ ਵਾਲੇ ਭੂਤਾਂ, ਪ੍ਰੇਤਾਂ ਵਾਲੇ ਸੀਰੀਅਲ (ਨਾਟਕ) ਕੱਢ ਦਿੰਦੇ ਹਨ। ਭੂਤਾਂ-ਪ੍ਰੇਤਾਂ ਅਤੇ ਜਾਦੂ ਵਾਲੇ ਸੀਰੀਅਲ ਜਿਨ੍ਹਾਂ ਨੂੰ ਦੇਖ ਕੇ ਬੱਚੇ ਸੱਚਮੁੱਚ ਜਾਦੂ ਅਤੇ ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ ਰੱਖਣ ਲੱਗ ਜਾਂਦੇ ਹਨ। ਅਸੀਂ ਇਹ ਬੰਦ ਤਾਂ ਨਹੀਂ ਕਰਵਾ ਸਕਦੇ ਪਰ ਥੋੜ੍ਹਾ ਜਿਹਾ ਆਪਣੇ ਬੱਚਿਆਂ ਲਈ ਉਪਰਾਲਾ ਤਾਂ ਕਰ ਸਕਦੇ ਹਾਂ। ਹਰ ਮਾਤਾ-ਪਿਤਾ ਨੂੰ ਇਸ ਝੂਠ, ਜਿਸ ਨੂੰ ਬੱਚੇ ਗਭੀਰਤਾ ਨਾਲ ਲੈ ਲੈਂਦੇ ਹਨ, ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਅੱਜ ਦੇ ਬੱਚੇ ਕਾਫ਼ੀ ਸੁਚੇਤ ਹਨ। ਉਹ ਜ਼ਰੂਰ ਖਾਸ ਕਰਕੇ ਮਾਂ-ਪਿਤਾ ਦਾ ਸੱਚ ਮੰਨ ਲੈਂਦੇ ਹਨ। ਬੱਚਿਆਂ ਨੂੰ ਇਹ ਸਮਝਾਓ ਕਿ ਇਹ ਮਨੋਰੰਜਨ ਲਈ ਦੇਖੋ, ਜਾਦੂ, ਭੂਤ, ਪ੍ਰੇਤ ਨੂੰ ਸੱਚ ਨਹੀਂ ਮੰਨਣਾ।
ਕੁਝ ਸਾਲ ਪਹਿਲਾਂ ਇਕ ਸੀਰੀਅਲ ਚੱਲਿਆ ਸੀ 'ਸ਼ਕਤੀਮਾਨ', ਜਿਸ ਦੀ ਰੀਸ ਕਰਕੇ ਅਨੇਕਾਂ ਬੱਚੇ ਮੌਤ ਦੇ ਸ਼ਿਕਾਰ ਹੋ ਗਏ ਸਨ। ਸਰਕਾਰ ਨੂੰ ਅਜਿਹੇ ਅੰਧਵਿਸ਼ਵਾਸੀ ਸੀਰੀਅਲਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ। ਕਈ ਤਾਂਤਰਿਕਾਂ ਦੇ ਰੋਲ ਸਾਨੂੰ ਸੁਚੇਤ ਵੀ ਕਰਦੇ ਹਨ। ਦੋਸਤੋ, ਸਮਾਂ ਹੱਥ ਨਹੀਂ ਆਉਂਦਾ। ਆਪਣਾ ਬੱਚਾ ਕਿਸੇ ਅੰਧਵਿਸ਼ਵਾਸੀ ਸੀਰੀਅਲ ਦੇ ਮਾੜੇ ਪ੍ਰਭਾਵ ਤੋਂ ਮਾਨਸਿਕ ਜਾਂ ਸਰੀਰਕ ਤੌਰ 'ਤੇ ਸ਼ਿਕਾਰ ਨਾ ਹੋਵੇ, ਉਸ ਤੋਂ ਪਹਿਲਾਂ ਜਾਣੂ ਕਰਵਾਉਣਾ ਜ਼ਰੂਰੀ ਹੈ। ਕੁਝ ਕੁ ਸਮਾਂ ਪਹਿਲਾਂ ਬਲਿਊ ਵੇਲ ਨਾਂਅ ਦੀ ਖੇਡ ਨੈੱਟ 'ਤੇ ਖੇਡੀ ਜਾਂਦੀ ਸੀ। ਮਾਪਿਆਂ ਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਉਨ੍ਹਾਂ ਦਾ ਬੱਚਾ ਖੇਡ ਨਾਲ ਨਹੀਂ, ਮੌਤ ਨਾਲ ਖੇਡ ਰਿਹਾ ਹੈ। ਖੇਡ ਵਿਚ ਟੀਚੇ ਦਿੱਤੇ ਜਾਂਦੇ ਸਨ। ਬੱਚੇ ਨੇ ਉਹ ਟੀਚੇ ਪੂਰੇ ਕਰਨੇ ਹੁੰਦੇ ਸਨ।
ਮਾਨਸਿਕ ਤੌਰ 'ਤੇ ਬੱਚਾ ਖੇਡ ਦਾ ਗੁਲਾਮ ਬਣ ਜਾਂਦਾ ਸੀ, ਜੋ ਕਿ ਖੇਡ ਪੂਰੀ ਕਰੇ ਬਿਨਾਂ ਛੱਡ ਨਹੀਂ ਸਕਦਾ ਸੀ, ਕਿਉਂਕਿ ਅੰਤ 'ਤੇ ਖੇਡ ਦੇ ਐਡਮਿਨ ਵਲੋਂ ਖ਼ਤਰਨਾਕ ਸਰੀਰ ਨੂੰ ਤਸ਼ੱਦਤ ਦੇਣ ਲਈ ਕਿਹਾ ਜਾਂਦਾ ਅਤੇ ਖੇਡ ਦਾ ਅੰਤ ਬੱਚੇ ਦੀ ਮੌਤ ਹੁੰਦਾ ਸੀ। ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਅਣਗਿਣਤ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਇਹ ਖੇਡ। ਖੇਡ ਵਿਚਕਾਰ ਛੱਡਣ 'ਤੇ ਮਾਤਾ-ਪਿਤਾ ਨੂੰ ਮਾਰਨ ਵਰਗੀਆਂ ਧਮਕੀਆਂ ਮਿਲਦੀਆਂ, ਕਿਉਂਕਿ ਖੇਡ ਖੇਡਣ ਤੋਂ ਪਹਿਲਾਂ ਬੱਚੇ ਤੋਂ ਸਾਰਾ ਬਾਇਓਡਾਟਾ ਲੈ ਲਿਆ ਜਾਂਦਾ ਸੀ। ਹੁਣ ਇਹ ਖੇਡ 'ਤੇ ਬੈਨ ਹੈ। ਇਸ ਖੇਡ ਨੂੰ ਬਣਾਉਣ ਵਾਲਾ ਵਿਦੇਸ਼ੀ ਨਾਗਰਿਕ ਅੱਜ ਜੇਲ੍ਹ ਦੀ ਹਵਾ ਖਾ ਰਿਹਾ ਹੈ। ਸਾਡੇ ਲਈ ਇਸ ਤੋਂ ਵੱਡੀ ਉਦਾਹਰਨ ਕੀ ਹੋਵੇਗੀ? ਸੋ ਇਸ ਲਈ ਚਾਹੇ ਮੋਬਾਈਲ ਫੋਨ ਹੋਵੇ ਜਾਂ ਟੀ.ਵੀ., ਆਪਣੇ ਬੱਚਿਆਂ ਵੱਲ ਵੀ ਥੋੜ੍ਹਾ ਧਿਆਨ ਦੇਈਏ, ਤਾਂ ਜੋ ਉਨ੍ਹਾਂ ਦੀ ਮਾਨਸਿਕਤਾ 'ਤੇ ਬੁਰਾ ਅਸਰ ਨਾ ਪਵੇ।

-ਹਰੀਗੜ੍ਹ (ਬਰਨਾਲਾ)। ਮੋਬਾ: 94172-10015

ਮਾਣ-ਮੱਤੇ ਅਧਿਆਪਕ

ਜ਼ਿਲ੍ਹੇ ਦੀ ਪਹਿਲੀ ਮਹਿਲਾ ਕੌਮੀ ਐਵਾਰਡੀ ਅਧਿਆਪਕਾ ਰਵਿੰਦਰ ਰੰਧਾਵਾ

ਇਕ ਅਧਿਆਪਕ ਤੋਂ ਸਾਡਾ ਸਮਾਜ ਜਿੰਨੀ ਆਸ ਰੱਖਦਾ ਹੈ, ਉਸ ਤੋਂ ਕਿਤੇ ਵੱਧ ਸਮਾਜ ਤੇ ਸਿੱਖਿਆ ਜਗਤ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਹੈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਧਿਆਪਕਾ ਸ੍ਰੀਮਤੀ ਰਵਿੰਦਰ ਰੰਧਾਵਾ ਨੇ। ਪੰਜਾਬੀ ਦੇ ਮਹਾਨ ਕਿੱਸਾਕਾਰ ਹਾਸ਼ਮ ਸ਼ਾਹ ਦੇ ਜੱਦੀ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਰਵਿੰਦਰ ਰੰਧਾਵਾ ਨੂੰ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਨੂੰ ਦਿੱਤੀਆਂ ਮਾਣਮੱਤੀਆਂ ਸੇਵਾਵਾਂ ਬਦਲੇ ਸਾਲ 2010 ਵਿਚ ਰਾਜ ਪੱਧਰੀ ਅਧਿਆਪਕ ਪੁਰਸਕਾਰ ਅਤੇ ਫਿਰ ਭਾਰਤ ਸਰਕਾਰ ਵਲੋਂ ਸਾਲ 2012 ਵਿਚ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਕੌਮੀ ਅਧਿਆਪਕ ਪੁਰਸਕਾਰ ਮਿਲਣ ਨਾਲ ਉਹ ਜ਼ਿਲ੍ਹੇ ਦੇ ਪਹਿਲੇ ਮਹਿਲਾ ਕੌਮੀ ਅਧਿਆਪਕ ਪੁਰਸਕਾਰ ਜੇਤੂ ਵੀ ਬਣ ਗਏ। 26 ਦਸੰਬਰ, 1967 ਨੂੰ ਜਨਮੇ ਸ੍ਰੀਮਤੀ ਰੰਧਾਵਾ ਪ੍ਰੇਰਨਾ ਸ੍ਰੋਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਅਧਿਆਪਕ ਦੀ ਡਿਊਟੀ ਤਾਂ ਕਦੇ ਵੀ ਖ਼ਤਮ ਨਹੀਂ ਹੁੰਦੀ ਸ਼ਾਇਦ ਇਸੇ ਸੋਚ ਕਰਕੇ ਉਨ੍ਹਾਂ ਨੇ ਆਪਣਾ ਵਧੇਰੇ ਸਮਾਂ ਆਪਣੇ ਸਕੂਲ ਤੇ ਬੱਚਿਆਂ ਨੂੰ ਦਿੱਤਾ ਹੋਇਆ ਹੈ। ਨਵੰਬਰ 2001 ਵਿਚ ਬਤੌਰ ਲੈਕਚਰਾਰ ਪਦਉੱਨਤ ਹੋਏ ਸ੍ਰੀਮਤੀ ਰੰਧਾਵਾ ਨੇ ਸਾਲ 2005 ਤੋਂ ਲੈ ਕੇ 2010 ਤੱਕ ਕਾਰਜਕਾਰੀ ਪ੍ਰਿੰਸੀਪਲ ਦੇ ਅਹੁਦੇ 'ਤੇ ਰਹਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਦੀ ਨੁਹਾਰ ਬਦਲੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਜਿੱਥੇ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ ਉੱਥੇ ਵਿਦਿਆਰਥੀਆਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਸਕੂਲ ਇਮਾਰਤ ਸਮੇਤ ਬੁਨਿਆਦੀ ਸਹੂਲਤਾਂ ਨੂੰ ਵੀ ਪੂਰਾ ਕੀਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਕੂਲ ਨਾਲ ਜੋੜਿਆ। ਵਿਦਿਆਰਥੀਆਂ ਵਿਚ ਕੌਮੀ ਸੇਵਾ ਭਾਵਨਾ ਪੈਦਾ ਕਰਨ ਦੇ ਲਈ ਸਕੂਲ ਵਿਚ ਐਨ. ਸੀ. ਸੀ. ਯੂਨਿਟ ਕਾਇਮ ਕੀਤਾ। ਸ੍ਰੀਮਤੀ ਰੰਧਾਵਾ ਜਿਨ੍ਹਾਂ ਨੇ ਇਕ ਅਧਿਆਪਕਾ ਹੋਣ ਦੇ ਨਾਲ-ਨਾਲ ਆਪਣੇ ਲੋੜਵੰਦ ਵਿਦਿਆਰਥੀਆਂ ਲਈ ਮਾਪਿਆਂ ਦੀ ਭੂਮਿਕਾ ਵੀ ਅਦਾ ਕੀਤੀ ਹੈ, ਉਹ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਸਬੰਧੀ ਜ਼ਰੂਰੀ ਸਾਮਾਨ ਖਰੀਦ ਕੇ ਦਿੰਦੇ ਹਨ ਅਤੇ ਆਪਣੀ ਨੇਕ ਕਮਾਈ ਵਿਚੋਂ ਫੀਸਾਂ ਤੱਕ ਵੀ ਭਰਦੇ ਰਹਿੰਦੇ ਹਨ। ਆਪਣੇ ਵਿਦਿਆਰਥੀਆਂ ਨੂੰ ਸੋਖੇ ਤਰੀਕੇ ਲੱਭ ਕੇ ਉਨ੍ਹਾਂ ਨਾਲ ਘੁਲ-ਮਿਲ ਕੇ ਪੜ੍ਹਾਉਣ ਦੀ ਆਦਤ ਨੇ ਅੰਗਰੇਜ਼ੀ ਵਰਗੇ ਔਖੇ ਮੰਨੇ ਜਾਂਦੇ ਵਿਸ਼ੇ ਨੂੰ ਵੀ ਉਨ੍ਹਾਂ ਦੀ ਜਮਾਤ ਲਈ ਸੌਖਾ ਕਰ ਦਿਖਾਇਆ ਹੈ। ਇਸੇ ਕਰਕੇ ਉਨ੍ਹਾਂ ਦੇ ਨਤੀਜੇ ਹਮੇਸ਼ਾ ਅੱਵਲ ਆਉਂਦੇ ਹਨ। ਸ੍ਰੀਮਤੀ ਰੰਧਾਵਾ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਦਾ ਸਹਿਯੋਗ ਹੋਵੇ ਤਾਂ ਹਰ ਸਫ਼ਲਤਾ ਆਸਾਨ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸ: ਹਰਭਗਵੰਤ ਸਿੰਘ ਨੇ ਹਮੇਸ਼ਾ ਬੱਚਿਆਂ ਦੀ ਭਲਾਈ ਲਈ ਉਨ੍ਹਾਂ ਦਾ ਸਹਿਯੋਗ ਦਿੱਤਾ ਹੈ। ਸ੍ਰੀਮਤੀ ਰੰਧਾਵਾ ਦਾ ਮੰਨਣਾ ਹੈ ਕਿ ਅਧਿਆਪਕ ਲਈ ਅਸਲ ਪੁਰਸਕਾਰ ਤਾਂ ਉਸ ਦੇ ਵਿਦਿਆਰਥੀ ਹਨ, ਜਦੋਂ ਇਕ ਅਧਿਆਪਕ ਦਾ ਵਿਦਿਆਰਥੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਤਾਂ ਉਹ ਸਭ ਤੋਂ ਵੱਡਾ ਪੁਰਸਕਾਰ ਹੁੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਧਿਆਪਕ ਤੋਂ ਵੱਡਾ ਆਦਰਸ਼ ਵਿਦਿਆਰਥੀਆਂ ਲਈ ਹੋਰ ਕੁਝ ਨਹੀਂ ਹੁੰਦਾ। ਇਸ ਲਈ ਇਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਅਧਿਆਪਕ ਵਰਗ ਦਾ ਚੇਤੰਨ ਹੋਣਾ ਜ਼ਰੂਰੀ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜੇਕਰ ਮਾਪੇ ਤੇ ਸਮਾਜ ਸਾਥ ਦੇਣ ਤਾਂ ਅਧਿਆਪਕ ਆਪਣਾ ਕਾਰਜ ਸਫ਼ਲਤਾ ਪੂਰਵਕ ਕਰ ਸਕਦੇ ਹਨ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ) ਮੋਬਾ : 93565 52000

ਸੱਭਿਅਕ ਸਮਾਜ ਲਈ ਜ਼ਰੂਰੀ ਨੈਤਿਕ ਸਿੱਖਿਆ

ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੱਚੇ ਨੂੰ ਅਜਿਹਾ ਮਾਹੌਲ ਪ੍ਰਦਾਨ ਕਰਨਾ ਹੈ, ਜਿਸ ਵਿਚ ਉਸ ਦਾ ਬਹੁਪੱਖੀ ਵਿਕਾਸ ਹੋ ਸਕੇ। ਇਹ ਤਾਂ ਹੀ ਸੰਭਵ ਹੈ ਜੇ ਬੱਚੇ ਨੂੰ ਨੈਤਿਕ ਕਦਰਾਂ-ਕੀਮਤਾਂ 'ਤੇ ਆਧਾਰਿਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਆ ਜਾਵੇ ਅਤੇ ਉਸ ਲਈ ਸੁਖਾਵਾਂ ਮਾਹੌਲ ਸਿਰਜਿਆ ਜਾਵੇ। ਪਰਿਵਾਰ ਵਿਚ ਰਹਿ ਕੇ ਬੱਚਾ ਵੱਡਿਆਂ ਦਾ ਸਤਿਕਾਰ, ਬੋਲੀ ਵਿਚ ਮਿਠਾਸ ਆਦਿ ਗੁਣ ਧਾਰਨ ਕਰਦਾ ਹੈ। ਚੌਗਿਰਦੇ ਤੋਂ ਉਹ ਭਾਈਚਾਰਕ ਗੁਣ ਸਿੱਖਦਾ ਹੈ ਅਤੇ ਸਿੱਖਿਆ ਕੇਂਦਰ ਉਸ ਨੂੰ ਗਿਆਨ ਦੇ ਨਾਲ-ਨਾਲ ਇਮਾਨਦਾਰੀ ਅਤੇ ਮਿਹਨਤ ਦੇ ਗੁਣਾਂ ਨਾਲ ਲਬਰੇਜ਼ ਕਰਦੇ ਹਨ। ਅੱਜ ਜਿੱਥੇ ਅਸੀਂ ਬੱਚਿਆਂ ਦੀ ਪੜ੍ਹਾਈ-ਲਿਖਾਈ 'ਤੇ ਜ਼ੋਰ ਦਿੰਦੇ ਹਾਂ, ਉਥੇ ਉਨ੍ਹਾਂ ਦੀ ਨੈਤਿਕ ਸਿੱਖਿਆ ਪ੍ਰਤੀ ਜਾਗਰੂਕ ਹੋਣਾ ਵੀ ਲਾਜ਼ਮੀ ਹੈ, ਤਾਂ ਜੋ ਉਹ ਪੜ੍ਹ-ਲਿਖ ਕੇ ਕੇਵਲ ਮਸ਼ੀਨੀ ਰੋਬੋਟ ਹੀ ਨਾ ਬਣ ਕੇ ਰਹਿ ਜਾਣ, ਸਗੋਂ ਨੈਤਿਕ ਸਿੱਖਿਆ ਪ੍ਰਾਪਤ ਕਰਕੇ ਭਾਵਾਂ, ਮਨੋਭਾਵਾਂ ਅਤੇ ਸੰਵੇਦਨਾਵਾਂ ਨਾਲ ਲਬਰੇਜ਼ ਹਿਰਦੇ ਵਾਲੇ ਮਨੁੱਖਤਾ ਦੇ ਅਨੁਯਾਈ ਹੋ ਨਿੱਬੜਨ।
ਨੈਤਿਕ ਸਿੱਖਿਆ ਮਨੁੱਖ ਨੂੰ ਉਹ ਸਿੱਖਿਆ ਪ੍ਰਦਾਨ ਕਰਦੀ ਹੈ, ਜੋ ਉਸ ਨੂੰ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ 'ਚੋਂ ਲੰਘਦਿਆਂ, ਵੱਖ-ਵੱਖ ਪੜਾਵਾਂ 'ਚੋਂ ਗੁਜ਼ਰਦਿਆਂ ਸਹੀ ਅਤੇ ਨਿਰਣਾਇਕ ਫੈਸਲੇ ਲੈਣ ਵਿਚ ਮਦਦ ਕਰਦੀ ਹੈ। ਨੈਤਿਕਤਾ ਮਨੁੱਖ ਵਿਚ ਦੈਵੀ ਗੁਣਾਂ ਦਾ ਵਿਕਾਸ ਕਰਕੇ ਉਸ ਨੂੰ ਪਸ਼ੂ-ਪ੍ਰਵਿਰਤੀ ਤੋਂ ਮੁਕਤ ਕਰਦੀ ਹੈ। ਇਹ ਮਾਨਵਤਾ ਦਾ ਅਜਿਹਾ ਸ਼ਿੰਗਾਰ ਹੈ, ਜੋ ਮਨੁੱਖ ਵਿਚ ਸਦਾਚਾਰ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਮਨੁੱਖ ਦੇ ਚਰਿੱਤਰ ਨਿਰਮਾਣ ਵਿਚ ਨੈਤਿਕ ਸਿੱਖਿਆ ਅਹਿਮ ਭੂਮਿਕਾ ਨਿਭਾਉਂਦੀ ਹੈ। ਚਰਿਤਰਹੀਣ ਮਨੁੱਖ ਭਾਵੇਂ ਕਿੰਨਾ ਹੀ ਮਨਮੋਹਕ, ਕਿੰਨਾ ਹੀ ਆਕਰਸ਼ਕ, ਕਿੰਨਾ ਹੀ ਲੁਭਾਵਣਾ ਕਿਉਂ ਨਾ ਹੋਵੇ, ਉਹ ਮਾਨਵਤਾ ਦੀਆਂ ਉਚਾਈਆਂ ਨੂੰ ਨਹੀਂ ਛੋਹ ਸਕਦਾ।
ਵੇਦਾਂ, ਪੁਰਾਣਾਂ ਅਤੇ ਗ੍ਰੰਥਾਂ ਵਿਚ ਵੀ ਮਨੁੱਖ ਨੂੰ ਸੰਜਮ-ਭਰਪੂਰ, ਨੈਤਿਕ ਗੁਣਾਂ ਦਾ ਧਾਰਨੀ ਹੋਣ ਲਈ ਤਾਕੀਦ ਕੀਤੀ ਗਈ ਹੈ। ਇਹ ਗੱਲ ਸਮਝਣ ਦੀ ਲੋੜ ਹੈ ਕਿ ਨੈਤਿਕ ਸਿੱਖਿਆ ਨੂੰ ਅਣਗੌਲਿਆਂ ਕਰਕੇ ਅਸੀਂ ਆਪਣੇ ਸਮਾਜ ਦਾ ਸੰਪੂਰਨ ਵਿਕਾਸ ਨਹੀਂ ਕਰ ਸਕਦੇ। ਪੜ੍ਹਾਈ-ਲਿਖਾਈ ਕਰਵਾ ਕੇ ਅਸੀਂ ਡਿਗਰੀਆਂ ਵਾਲੇ ਅਫ਼ਸਰ ਤਾਂ ਸਮਾਜ ਨੂੰ ਦੇ ਸਕਦੇ ਹਾਂ ਪਰ ਨੈਤਿਕ ਸਿੱਖਿਆ ਤੋਂ ਬਗ਼ੈਰ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਨਹੀਂ ਪੁੱਟ ਸਕਦੇ। ਅਸੀਂ ਕੇਵਲ ਡਿਗਰੀਆਂ ਵਾਲੇ ਡਾਕਟਰ ਸਮਾਜ ਨੂੰ ਦੇ ਕੇ ਨੈਤਿਕਤਾ ਤੋਂ ਹੀਣ ਅਜਿਹੇ ਏਜੰਟ ਪੈਦਾ ਕਰਦੇ ਹਾਂ ਜੋ ਮਨੁੱਖੀ ਅੰਗਾਂ ਦਾ ਵਪਾਰ ਕਰਕੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰਦੇ ਹਨ।
ਨੈਤਿਕ ਸਿੱਖਿਆ ਲਈ ਧਾਰਮਿਕ ਗ੍ਰੰਥਾਂ 'ਤੇ ਨਿਰਭਰ ਹੋਣਾ ਜਾਂ ਲੰਮੇ-ਲੰਮੇ ਭਾਸ਼ਣ ਦੇਣਾ ਹੀ ਕਾਫ਼ੀ ਨਹੀਂ, ਇਸ ਲਈ ਇਕ ਪਾਠਕ੍ਰਮ ਤਿਆਰ ਕਰਨ ਦੀ ਲੋੜ ਹੈ ਤੇ ਬਾਕੀ ਵਿਸ਼ਿਆਂ ਵਿਚ ਇਸ ਨੂੰ ਸ਼ੁਮਾਰ ਕਰਨਾ ਅਜੋਕੇ ਸਮੇਂ ਦੀ ਮੰਗ ਹੈ। ਬਾਕੀ ਵਿਸ਼ਿਆਂ ਵਾਂਗ ਇਸ ਦਾ ਵੀ ਇਮਤਿਹਾਨ ਹੋਣਾ ਚਾਹੀਦਾ ਹੈ। ਅਜਿਹੀ ਸਿੱਖਿਆ ਨੂੰ ਕਿਸੇ ਧਰਮ ਵਿਸ਼ੇਸ਼ ਦੇ ਪ੍ਰਭਾਵ ਤੋਂ ਮੁਕਤ ਕਰਕੇ ਅਜਿਹੇ ਮਹਾਪੁਰਖਾਂ ਦੀ ਜੀਵਨ ਸ਼ੈਲੀ ਨਾਲ ਜੋੜਨਾ ਚਾਹੀਦਾ ਹੈ, ਜਿਨ੍ਹਾਂ ਨੇ ਸਮਾਜ ਅਤੇ ਦੇਸ਼ ਪ੍ਰਤੀ ਘਾਲਣਾ-ਘਾਲੀ ਹੋਵੇ ਅਤੇ ਸਵਾਰਥ ਰਹਿਤ ਜੀਵਨ ਗੁਜ਼ਾਰਿਆ ਹੋਵੇ। ਵਿਦਿਆਰਥੀਆਂ ਨੂੰ ਅਜਿਹੇ ਲੋਕਾਂ ਦੀਆਂ ਜੀਵਨੀਆਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ, ਜਿਨ੍ਹਾਂ ਨੇ ਮਿਹਨਤ ਅਤੇ ਸੰਘਰਸ਼ ਨਾਲ ਜੀਵਨ ਦੇ ਪੜਾਵਾਂ ਨੂੰ ਪਾਰ ਕਰਕੇ ਬੁਲੰਦੀਆਂ ਨੂੰ ਛੂਹਿਆ ਹੋਵੇ।
ਅੱਜ ਭਾਵੇਂ ਅਸੀਂ ਸਮੁੰਦਰ ਦੀ ਗਹਿਰਾਈ ਅਤੇ ਆਕਾਸ਼ ਦੀ ਉਚਾਈ ਨੂੰ ਛੂਹਣ ਵਿਚ ਕਾਮਯਾਬ ਹੋ ਗਏ ਹਾਂ ਪਰ ਜੇ ਆਉਣ ਵਾਲੀ ਪਨੀਰੀ ਨੂੰ ਨੈਤਿਕ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ ਤਾਂ ਬਿਰਧ ਆਸ਼ਰਮ ਅਤੇ ਅਨਾਥ ਆਸ਼ਰਮ ਦੇ ਕੋਹੜ ਤੋਂ ਸਮਾਜ ਨੂੰ ਨਹੀਂ ਬਚਾ ਸਕਾਂਗੇ। ਅੱਜ ਨਵੀਂ ਪੀੜ੍ਹੀ ਨੂੰ ਨਸ਼ੇ, ਭ੍ਰਿਸ਼ਟਾਚਾਰ, ਦਾਜ ਆਦਿ ਕੁਕਰਮਾਂ ਤੋਂ ਬਚਾਉਣ ਲਈ ਸਹੀ ਸੇਧ ਦੇਣ ਦੀ ਅਤੇ ਨੈਤਿਕ ਸਿੱਖਿਆ ਨੂੰ ਆਧਾਰ ਬਣਾ ਕੇ ਉਨ੍ਹਾਂ ਦਾ ਬਹੁਪੱਖੀ ਵਿਕਾਸ ਕਰਨ ਦੀ ਲੋੜ ਹੈ।

-ਪੰਜਾਬੀ ਲੈਕਚਰਾਰ, ਦਿੱਲੀ। ਮੋਬਾ: 85278-28852

ਮਸ਼ੀਨੀ ਯੁੱਗ 'ਚ ਵੀ ਏਨੀ ਕਾਹਲ ਕਿਉਂ?

ਸਮਾਂ ਕਦੇ ਸਥਿਰ ਨਹੀਂ ਹੁੰਦਾ, ਸਗੋਂ ਬਦਲਦਾ ਰਹਿੰਦਾ ਹੈ। ਪੁਰਾਤਨ ਸਮਿਆਂ ਤੋਂ ਅਜੋਕੇ ਵਕਤ 'ਚ ਬਹੁਤ ਬਦਲਾਅ ਆ ਚੁੱਕਾ ਹੈ। ਅੱਜ ਹਰ ਖੇਤਰ 'ਚ ਮਸ਼ੀਨਰੀ ਤੇ ਤਕਨੀਕ ਦਾ ਬੋਲਬਾਲਾ ਹੈ। ਘੰਟਿਆਂ ਵਾਲੇ ਕੰਮ ਮਿੰਟਾਂ 'ਚ ਹੋ ਜਾਂਦੇ ਹਨ। ਗੱਡਿਆਂ ਤੋਂ ਗੱਡੀਆਂ ਤੱਕ ਆ ਗਏ ਹਾਂ ਪਰ ਕਾਹਲ ਘਟਣ ਦੀ ਬਜਾਏ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਅੱਜ ਸਕੂਟਰ, ਮੋਟਰਸਾਈਕਲ, ਕਾਰਾਂ ਅਤੇ ਗੱਡੀਆਂ ਆਦਿ ਦਾ ਦੌਰ ਚੱਲ ਰਿਹਾ ਹੈ, ਗੱਡੀਆਂ ਵੀ ਵੱਡੀਆਂ ਤੋਂ ਵੱਡੀਆਂ ਤੇ ਪੂਰੀ ਤੇਜ਼ ਰਫ਼ਤਾਰ ਵਾਲੀਆਂ। ਸੜਕੀ ਅੱਤਵਾਦ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ ਪਰ ਫਿਰ ਵੀ ਲੋਕ ਬੇਖੌਫ਼ ਹੋ ਕੇ ਸੜਕਾਂ 'ਤੇ ਅਜਿਹੇ ਜੌਹਰ ਦਿਖਾਉਂਦੇ ਹਨ, ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਹਨ। ਸਿਆਣੇ ਕਹਿੰਦੇ ਹਨ ਕਿ 'ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ' ਪਰ ਕੋਈ ਮੰਨਣ ਨੂੰ ਤਿਆਰ ਨਹੀਂ। ਪੁਰਾਤਨ ਸਮਿਆਂ 'ਚ ਨਾਮਾਤਰ ਹੀ ਆਵਾਜਾਈ ਦੇ ਸਾਧਨ ਹੁੰਦੇ ਸਨ, ਸਾਈਕਲ ਜੋ ਕਿ ਕਦੀ ਠਾਠ-ਬਾਠ ਦੀ ਸਵਾਰੀ ਹੁੰਦਾ ਸੀ ਪਰ ਅੱਜ ਕੋਈ ਮਜਬੂਰੀ 'ਚ ਜਾਂ ਸ਼ੌਕ ਦੇ ਤੌਰ 'ਤੇ ਹੀ ਚਲਾਉਂਦਾ ਹੈ। ਪਰ ਉਸ ਸਮੇਂ ਲੋਕਾਂ 'ਚ ਸਬਰ, ਪਿਆਰ, ਇਤਫ਼ਾਕ ਤੇ ਸਹਿਣਸ਼ੀਲਤਾ ਵਧੇਰੇ ਹੁੰਦੀ ਸੀ, ਜੋ ਅੱਜਕਲ੍ਹ ਦੇਖਣ ਨੂੰ ਕਿਤੇ ਨਹੀਂ ਮਿਲਦੀ।
ਜੇਕਰ ਕਿਸੇ ਦਫ਼ਤਰ 'ਚ ਬਿੱਲ ਭਰਨ, ਹਸਪਤਾਲ ਦਵਾਈ ਲੈਣ ਜਾਂ ਬੈਂਕ 'ਚ ਕਿਸੇ ਕੰਮ ਜਾਈਏ ਤਾਂ ਉੱਥੇ ਲਾਈਨ ਲੱਗੀ ਹੁੰਦੀ ਹੈ ਤੇ ਕੰਪਿਊਟਰ 'ਤੇ ਬੈਠਾ ਮੁਲਾਜ਼ਮ ਮਿੰਟੋ-ਮਿੰਟੀ ਸਭ ਦੇ ਕੰਮ ਕਰਕੇ ਰਸੀਦਾਂ ਦੇ ਰਿਹਾ ਹੁੰਦਾ ਹੈ। ਫਿਰ ਵੀ ਲੋਕ ਏਨੇ ਉਤਾਵਲੇ ਹੋ ਜਾਂਦੇ ਹਨ ਕਿ ਕਤਾਰਾਂ 'ਚ ਧੱਕਾ-ਮੁੱਕੀ ਕਰਕੇ ਤੇ ਝੂਠੇ ਬਹਾਨੇ ਬਣਾ ਕੇ ਇਕ-ਦੂਜੇ ਤੋਂ ਪਹਿਲਾਂ ਜਾਣ ਲਈ ਤਰਲੋਮੱਛੀ ਹੋ ਰਹੇ ਹੁੰਦੇ ਹਨ। ਬੇਸ਼ੱਕ ਘਰ ਕੋਈ ਕੰਮ ਵੀ ਨਾ ਹੋਵੇ ਪਰ ਉੱਥੇ 15 ਮਿੰਟ ਖੜ੍ਹਨਾ ਵੀ ਨਾ ਮਨਜ਼ੂਰ ਹੋ ਜਾਂਦਾ ਹੈ। ਪਹਿਲੇ ਸਮਿਆਂ 'ਚ ਚਿੱਠੀਆਂ, ਐਸ.ਟੀ.ਡੀ. ਤੇ ਲੈਂਡਲਾਈਨ ਫੋਨ ਹੀ ਸੰਚਾਰ ਦੇ ਸਾਧਨ ਹੁੰਦੇ ਸਨ। ਫਿਰ ਮੋਬਾਈਲ, ਇੰਟਰਨੈੱਟ ਤੇ ਸੋਸ਼ਲ ਸਾਈਟਾਂ ਆ ਗਈਆਂ। ਹੁਣ ਇਕ ਮੋਬਾਈਲ ਤੇ ਇਕ ਸਿਮ ਰੱਖਣ 'ਤੇ ਵੀ ਸਬਰ ਨਹੀਂ ਰਿਹਾ, ਸਗੋਂ ਇਕ ਤੋਂ ਵਧੇਰੇ ਫੋਨ ਤੇ ਨੰਬਰ ਰੱਖਣੇ ਵੀ ਸਟੇਟਸ ਸਿੰਬਲ ਬਣ ਗਏ ਹਨ। ਅੱਜ ਹਰ ਵਿਅਕਤੀ ਦੁਨੀਆ ਮੁੱਠੀ 'ਚ ਕਰੀ ਬੈਠਾ ਹੈ। ਪੁਰਾਤਨ ਵੇਲਿਆਂ 'ਚ ਖੇਤੀ ਦੇ ਸਾਰੇ ਕੰਮ ਆਪ ਹੱਥੀਂ ਤੇ ਬਲਦਾਂ ਨਾਲ ਹੀ ਕੀਤੇ ਜਾਂਦੇ ਸਨ। ਫਿਰ ਸਮੇਂ ਦੇ ਬਦਲਣ ਨਾਲ ਟਰੈਕਟਰ, ਰੋਟਾਵੇਟਰ ਅਤੇ ਅਤਿ ਆਧੁਨਿਕ ਤਕਨੀਕ ਨਾਲ ਲੈਸ ਨਵੀਂ ਮਸ਼ੀਨਰੀ ਆ ਗਈ, ਜੋ ਕਿ ਘੰਟਿਆਂ 'ਚ ਹੀ ਵੱਡਾ ਰਕਬਾ ਤਿਆਰ ਕਰ ਦਿੰਦੇ ਹਨ। ਪਹਿਲਾਂ ਲੋਕ ਕਣਕ ਤੇ ਜੀਰੀ ਹੱਥੀਂ ਵੱਢਦੇ ਹੁੰਦੇ ਸਨ। ਫਿਰ ਕੰਬਾਈਨਾਂ ਅਤੇ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਦਾ ਦੌਰ ਆ ਗਿਆ। ਪਰ ਫਿਰ ਵੀ ਵਿਅਕਤੀ ਦੀ ਹੋਰ ਛੇਤੀ ਵਾਲੀ ਲਾਲਸਾ ਮੁੱਕਣ ਦਾ ਨਾਂਅ ਨਹੀਂ ਲੈਂਦੀ।
ਅੱਜ ਸਬਰ ਤੇ ਸੰਤੁਸ਼ਟੀ ਨਾਂਅ ਦੀ ਕੋਈ ਚੀਜ਼ ਨਹੀਂ ਰਹੀ, ਜਿਸ ਕਰਕੇ ਕੰਮ ਅਤੇ ਕਮਾਈਆਂ 'ਚ ਵੀ ਬਰਕਤਾਂ ਨਹੀਂ ਰਹੀਆਂ ਜੋ ਪਹਿਲੇ ਸਮਿਆਂ 'ਚ ਹੁੰਦੀਆਂ ਸਨ। ਹਰ ਵਿਅਕਤੀ ਇਸ ਵਧਦੀ ਹਫੜਾ-ਦਫੜੀ 'ਚ ਖਾਣਾ-ਪੀਣਾ, ਸੌਣਾ ਤੇ ਪਰਮਾਤਮਾ ਦਾ ਨਾਂਅ ਲੈਣਾ ਸਭ ਭੁੱਲਿਆ ਫਿਰਦਾ ਹੈ। ਇਨ੍ਹਾਂ ਚੀਜ਼ਾਂ ਨੇ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਦਿੱਤਾ ਹੈ। ਲੋਕਾਂ 'ਚ ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ ਰੁਕਣ ਦੀ ਬਜਾਏ ਵਧਦੀ ਜਾ ਰਹੀ ਹੈ। ਸੜਕਾਂ 'ਤੇ ਵਾਹਨਾਂ ਦੀਆਂ ਲੱਗੀਆਂ ਰੇਸਾਂ ਉਲਝੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਜਾਪਦੀ ਹੈ। ਅੱਜ ਬੱਚੇ ਤੋਂ ਬੁੱਢੇ ਤੱਕ ਹਰ ਵਿਅਕਤੀ ਇਸ ਭੀੜ ਭਰੀ ਅਤੇ ਉਲਝੀ ਹੋਈ ਦੁਨੀਆ ਦਾ ਸ਼ਿਕਾਰ ਹੈ। ਵਿਗਿਆਨਕ ਯੁੱਗ ਤੇ ਨਵੀਂ ਤਕਨੀਕ ਮਾੜੀ ਨਹੀਂ ਪਰ ਜੇਕਰ ਅਸੀਂ ਇਸ ਦੀ ਵਰਤੋਂ ਸਮਝਦਾਰੀ ਤੇ ਸੰਜਮ ਨਾਲ ਨਹੀਂ ਕਰਾਂਗੇ ਤਾਂ ਇਹ ਸਾਡੇ ਲਈ ਵਰਦਾਨ ਦੀ ਜਗ੍ਹਾ ਸ਼ਰਾਪ ਬਣ ਜਾਵੇਗੀ। ਮਨੁੱਖੀ ਜ਼ਿੰਦਗੀ ਇਸ ਮਸ਼ੀਨੀ ਯੁੱਗ 'ਚ ਹੋਣੀ ਤਾਂ ਸੌਖੀ ਚਾਹੀਦੀ ਸੀ ਪਰ ਹੋ ਇਸ ਤੋਂ ਉਲਟ ਰਿਹਾ ਹੈ। ਸੋ ਆਓ, ਅਣਮੁੱਲੀ ਜ਼ਿੰਦਗੀ ਨੂੰ ਬੇਸਮਝੀਆਂ ਛੱਡ ਕੇ ਪਿਆਰ ਕਰੀਏ ਅਤੇ ਜ਼ਿੰਦਗੀ ਜਿਊਣ ਦੇ ਨਾਲ-ਨਾਲ ਸਮਝਣ ਦੀ ਕੋਸ਼ਿਸ਼ ਵੀ ਕਰੀਏ।

-ਪਿੰਡ ਜਲਵੇੜਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।
ਮੋਬਾ: 75081-32699

ਤਾਂਤਰਿਕ ਬਾਬਿਆਂ ਹੱਥੋਂ ਹੁੰਦੀ ਲੋਕਾਂ ਦੀ ਅੰਨ੍ਹੀ ਲੁੱਟ

ਅੱਜ ਦੇਸ਼ ਵਿਚ ਫੈਲੀ ਅੱਤ ਦਰਜੇ ਦੀ ਮਹਿੰਗਾਈ ਅਤੇ ਘਟ ਰਹੇ ਰੁਜ਼ਗਾਰ ਦੇ ਮੌਕਿਆਂ ਕਾਰਨ ਲੋਕਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ਕਾਰਨ ਅੱਜ ਲੋਕਾਂ ਵਿਚ ਅਸਹਿਣਸ਼ੀਲਤਾ, ਲੜਾਈ-ਝਗੜਾ ਅਤੇ ਮਾਨਸਿਕ ਰੋਗ ਵਧਦੇ ਜਾ ਰਹੇ ਹਨ। ਲੋਕਾਂ ਦੀ ਇਸ ਬਿਮਾਰ ਮਾਨਸਿਕਤਾ ਦਾ ਫਾਇਦਾ ਉਠਾਉਂਦਿਆਂ ਆਏ ਦਿਨ ਦੇਸ਼ ਵਿਚ ਲਗਾਤਾਰ ਤਾਂਤਰਿਕ ਬਾਬਿਆਂ ਦੀ ਗਿਣਤੀ ਵਿਚ ਵੀ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਤਾਂਤਰਿਕ, ਬਾਬਿਆਂ ਵਲੋਂ ਅਖ਼ਬਾਰਾਂ, ਟੀ. ਵੀ. ਚੈਨਲਾਂ ਅਤੇ ਸ਼ਹਿਰਾਂ-ਬਾਜ਼ਾਰਾਂ ਦੇ ਮੁੱਖ ਸਥਾਨਾਂ ਉੱਪਰ ਆਪਣੇ ਵੱਡੇ-ਵੱਡੇ ਫਲੈਕਸੀ ਬੋਰਡ ਲਗਾ ਕੇ ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਕੁਝ ਘੰਟਿਆਂ ਵਿਚ ਹੀ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਸ਼ੁਰੂ-ਸ਼ੁਰੂ ਵਿਚ ਭਾਵੇਂ ਇਨ੍ਹਾਂ ਤਾਂਤਰਿਕਾਂ ਵਲੋਂ ਲੋਕਾਂ ਤੋਂ ਨਾਮਾਤਰ ਫੀਸ ਹੀ ਲਈ ਜਾਂਦੀ ਹੈ ਪਰ ਬਾਅਦ ਵਿਚ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਹਿਮਾਂ-ਭਰਮਾਂ ਵਿਚ ਪਾ ਕੇ ਜਿਥੇ ਉਨ੍ਹਾਂ ਤੋਂ ਬੇਹੱਦ ਘਟੀਆ ਪੁੱਠੇ-ਸਿੱਧੇ ਕੰਮ ਕਰਵਾਏ ਜਾਂਦੇ ਹਨ, ਉਥੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਵੀ ਖੂਬ ਲੁੱਟਿਆ ਜਾਂਦਾ ਹੈ।
ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕਈ ਵਾਰ ਤਾਂ ਇਨ੍ਹਾਂ ਤਾਂਤਰਿਕ ਬਾਬਿਆਂ ਵਲੋਂ ਕਿਸੇ ਮਾਨਸਿਕ ਤੌਰ 'ਤੇ ਬਿਮਾਰ ਬੰਦੇ ਨੂੰ ਭੂਤ-ਪ੍ਰੇਤ ਚਿੰਬੜਿਆ ਦੱਸ ਕੇ ਉਸ ਦੀ ਸੰਗਲਾਂ-ਚਿਮਟਿਆਂ ਨਾਲ ਐਸੀ ਕੁੱਟਮਾਰ ਕੀਤੀ ਜਾਂਦੀ ਹੈ ਕਿ ਬਿਮਾਰ ਵਿਅਕਤੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਮੌਤ ਦੇ ਮੂੰਹ ਵਿਚ ਵੀ ਚਲਾ ਜਾਂਦਾ ਹੈ। ਪਹਿਲਾਂ ਜਿਥੇ ਅਨਪੜ੍ਹ ਵਿਅਕਤੀ ਗਿਆਨ ਨਾ ਹੋਣ ਕਾਰਨ ਇਨ੍ਹਾਂ ਦੇ ਚੁੰਗਲ ਵਿਚ ਫਸ ਜਾਂਦੇ ਸਨ, ਉਥੇ ਅੱਜ ਪੜ੍ਹੇ-ਲਿਖੇ ਲੋਕਾਂ ਦਾ ਵੀ ਇਨ੍ਹਾਂ ਪ੍ਰਤੀ ਰੁਝਾਨ ਹੈਰਾਨ ਕਰਨ ਵਾਲਾ ਹੈ। ਰਾਤੋ-ਰਾਤ ਅਮੀਰ ਬਣਨ ਦੇ ਚੱਕਰ ਵਿਚ ਕਈ ਲੋਕ ਤਾਂ ਇਨ੍ਹਾਂ ਤਾਂਤਰਿਕ ਬਾਬਿਆਂ ਪਿੱਛੇ ਲੱਗ ਕੇ ਰਾਤ-ਬਰਾਤੇ ਕਿਸੇ ਜਾਨਵਰ ਜਾਂ ਮਨੁੱਖ ਆਦਿ ਦੀ ਬਲੀ ਦੇਣ ਜਿਹੇ ਘਿਨਾਉਣੇ ਕਾਰਨਾਮਿਆਂ ਨੂੰ ਵੀ ਅੰਜ਼ਾਮ ਦੇ ਦਿੰਦੇ ਹਨ। ਸਮੇਂ-ਸਮੇਂ 'ਤੇ ਜਿਥੇ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅਤੇ ਤਰਕਸ਼ੀਲ ਆਪਣੇ ਸੈਮੀਨਾਰਾਂ ਅਤੇ ਨਾਟਕਾਂ ਰਾਹੀਂ ਇਨ੍ਹਾਂ ਤਾਂਤਰਿਕ ਬਾਬਿਆਂ ਦੇ ਛੁਪੇ ਪਾਜ ਉਧੇੜਦੇ ਰਹਿੰਦੇ ਹਨ, ਉਥੇ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਖਿਲਾਫ ਕੋਈ ਵੀ ਕਦਮ ਨਹੀਂ ਪੁੱਟਿਆ ਜਾ ਰਿਹਾ। ਸੋ, ਸਾਨੂੰ ਸਭ ਨੂੰ ਇਨ੍ਹਾਂ ਤਾਂਤਰਿਕ ਬਾਬਿਆਂ ਦੁਆਰਾ ਕੀਤੇ ਜਾਂਦੇ ਪਖੰਡਾਂ ਪ੍ਰਤੀ ਸੁਚੇਤ ਹੋ ਕੇ ਆਪਣੀਆਂ ਸਮੱਸਿਆਵਾਂ ਮਿਹਨਤ ਅਤੇ ਸਿਆਣਪ ਨਾਲ ਸੁਲਝਾਉਣੀਆਂ ਚਾਹੀਦੀਆਂ ਹਨ ਤਾਂ ਕਿ ਇਨ੍ਹਾਂ ਤਾਂਤਰਿਕ ਬਾਬਿਆਂ ਪਿੱਛੇ ਬਰਬਾਦ ਹੁੰਦਾ ਸਾਡਾ ਬੇਸ਼ਕੀਮਤੀ ਸਮਾਂ ਅਤੇ ਪੈਸਾ ਬਚ ਸਕੇ।

-ਪਿੰਡ ਚੜਿੱਕ (ਮੋਗਾ)।
ਮੋਬਾ: 94654-11585

'ਨਿਪਾਹ' ਨਾਲ ਲੜਨਾ ਹੈ ਇਕ ਵੱਡੀ ਚੁਣੌਤੀ

ਇਤਿਹਾਸ ਦੇ ਸੁਨਹਿਰੀ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ, ਕਿ ਮਨੁੱਖ ਨੇ ਸਮੇਂ ਦੀ ਤੇਜ਼ ਰਫ਼ਤਾਰ ਦੇ ਨਾਲ-ਨਾਲ ਦੌੜਦੇ ਹੋਏ ਆਪਣੀ ਤਰੱਕੀ ਦੀਆਂ ਕਈ ਅਗਾਂਹਵਧੂ ਪੁਲਾਂਘਾਂ ਪੁੱਟੀਆਂ ਹਨ ਅਤੇ ਨਾਲ ਦੀ ਨਾਲ ਕਈ ਸਾਰੀਆਂ ਬਿਮਾਰੀਆਂ ਦਾ ਪ੍ਰਕੋਪ ਵੀ ਝੱਲਿਆ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਭਾਰਤ ਵਿਚ 'ਨਿਪਾਹ' ਨਾਂਅ ਦਾ ਵਾਇਰਸ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਕੁਝ ਦਿਨਾਂ ਪਹਿਲਾਂ 'ਨਿਪਾਹ' ਨਾਲ ਪੀੜਤ ਲੋਕਾਂ ਦਾ ਇਲਾਜ ਕਰਦੇ ਹੋਏ ਇਕ ਨਰਸ, ਲਿਨੀ ਪੁਤੁਸੇਰੀ ਨੇ ਆਪਣੀ ਜਾਨ ਗਵਾ ਲਈ। ਕੇਰਲ ਵਿਚ 24 ਮਈ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 9 ਕੋਝੀਕੋਡ ਜ਼ਿਲ੍ਹੇ ਦੇ ਅਤੇ 3 ਮਲਪੁਰਮ ਜ਼ਿਲ੍ਹੇ ਦੇ ਸਨ। ਇਨ੍ਹਾਂ ਤੋਂ ਇਲਾਵਾ 14 ਹੋਰ ਲੋਕਾਂ ਦੇ ਵਿਚ ਵੀ ਇਸ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 20 ਹੋਰ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਖ਼ਤਰਨਾਕ ਵਾਇਰਸ ਕਰਕੇ ਯੂਨਾਇਟਿਡ ਅਰਬ ਅਮੀਰਾਤ (ਯੂ. ਏ. ਈ.) ਨੇ ਕੇਰਲ ਤੋਂ ਬਰਾਮਦ ਹੁੰਦੇ ਫਲ ਅਤੇ ਸਬਜ਼ੀਆਂ ਉੱਤੇ ਵੀ ਰੋਕ ਲਗਾ ਦਿੱਤੀ ਸੀ। ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸਿਰਮੋਰ ਜ਼ਿਲ੍ਹੇ ਦੇ ਇਕ ਸਕੂਲ ਕੈਂਪਸ ਵਿਚ ਕਈ ਚਮਗਾਦੜ ਮਰੇ ਹੋਏ ਪਾਏ ਗਏ, ਜਿਸ ਨਾਲ ਨਿਪਾਹ ਦਾ ਖਦਸ਼ਾ ਇਸ ਇਲਾਕੇ ਵਿਚ ਹੋਰ ਵੀ ਵਧ ਗਿਆ ਹੈ। ਮੌਜੂਦਾ ਰਿਪੋਰਟ ਅਨੁਸਾਰ ਗੋਆ, ਰਾਜਸਥਾਨ, ਜੰਮੂ-ਕਸ਼ਮੀਰ, ਤੇਲੰਗਾਨਾ, ਗੁਜਰਾਤ ਤੱਕ ਵੀ ਇਹ ਵਾਇਰਸ ਪਹੁੰਚ ਚੁੱਕਾ ਹੈ।
ਜੇਕਰ ਨਿਪਾਹ ਦੇ ਇਤਿਹਾਸ 'ਤੇ ਝਾਤ ਮਾਰੀੇ ਤਾਂ, ਇਸ ਦੇ ਪਹਿਲੇ ਮਾਮਲੇ 1998-99 ਵਿਚ ਮਲੇਸ਼ੀਆ ਦੇ ਕੰਪੂਗ ਸ਼ਿੰਗਾਈ ਨਿਪਾਹ ਨਾਂਅ ਦੇ ਇਲਾਕੇ ਵਿਚ ਸਾਹਮਣੇ ਆਏ ਸਨ, ਜਿਸ ਕਰਕੇ ਇਸ ਦਾ ਨਾਂਅ 'ਨਿਪਾਹ' ਰੱਖਿਆ ਗਿਆ। 1998-99 ਵਿਚ ਮਲੇਸ਼ੀਆ ਵਿਚ ਨਿਪਾਹ ਨੇ 105 ਲੋਕਾਂ ਦੀ ਜਾਨ ਲਈ ਸੀ ਅਤੇ ਸਿੰਗਾਪੁਰ ਵਿਚ ਵੀ ਇਕ ਵਿਅਕਤੀ ਨੇ ਇਸ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗੁਆਈ ਸੀ। ਜੇਕਰ ਭਾਰਤ ਦੀ ਗੱਲ ਕਰੀਏ ਤਾਂ 2001 ਵਿਚ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਚ ਇਸ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਨੇ 49 ਲੋਕਾਂ ਦੀ ਜਾਨ ਲਈ ਸੀ। ਨਿਪਾਹ ਨੇ ਬੰਗਲਾਦੇਸ਼ ਵਿਚ ਵੀ ਕਈ ਵਾਰ ਦਸਤਕ ਦਿੱਤੀ ਹੈ। ਪਹਿਲੀ ਵਾਰ ਇਸ ਨੇ 2001 ਵਿਚ ਅਪ੍ਰੈਲ-ਮਈ ਦੌਰਾਨ 9 ਲੋਕਾਂ ਦੀ ਜਾਨ ਲਈ ਸੀ। 2011 ਵਿਚ ਇਸ ਨੇ ਫਿਰ ਦਸਤਕ ਦਿੱਤੀ, ਜਿਸ ਨੇ 21 ਸਕੂਲੀ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ।
ਇਸ ਵਾਇਰਸ ਨਾਲ ਲੜਨ ਲਈ ਕੋਈ ਵੀ ਦਵਾਈ ਜਾਂ ਵੈਕਸੀਨ ਪੂਰਨ ਭਾਵ ਸਪੱਸ਼ਟ ਤੌਰ 'ਤੇ ਸਾਹਮਣੇ ਨਹੀਂ ਆਇਆ ਹੈ। ਦੂਸਰਾ ਭਾਰਤ ਦੇ ਬਹੁਤੇ ਇਲਾਕੇ ਅਜਿਹੇ ਹਨ, ਜਿਥੇ ਦੇ ਵਸਨੀਕਾਂ ਨੂੰ ਇਸ ਖ਼ਤਰਨਾਕ ਵਾਇਰਸ ਦੇ ਬਾਰੇ ਪਤਾ ਤੱਕ ਨਹੀਂ ਹੈ। ਅਸੀਂ ਅੱਜ ਜਗ੍ਹਾ-ਜਗ੍ਹਾ 'ਤੇ ਕੈਂਪ ਲਗਾ ਕੇ, ਟੀ. ਵੀ., ਰੇਡੀਓ, ਸੋਸ਼ਲ ਮੀਡੀਆ ਆਦਿ ਦੇ ਮਾਧਿਅਮ ਨਾਲ ਲੋਕਾਂ ਨੂੰ ਇਸ ਵਾਇਰਸ ਸਬੰਧੀ ਜਾਣੂ ਕਰਵਾ ਸਕਦੇ ਹਾਂ। ਬੰਗਲਾਦੇਸ਼ ਵਿਚ 2001 ਤੋਂ 2008 ਤੱਕ ਇਸ ਵਾਇਰਸ ਦਾ 75 ਫ਼ੀਸਦੀ ਉਹ ਲੋਕ ਸ਼ਿਕਾਰ ਹੋਏ ਹਨ, ਜੋ ਹਸਪਤਾਲਾਂ ਵਿਚ ਕੰਮ ਕਰਦੇ ਸਨ ਜਾਂ ਜੋ ਮਰੀਜ਼ ਦੇ ਸਕੇ-ਸਬੰਧੀ ਸਨ ਅਤੇ ਜਾਂ ਜੋ ਮਰੀਜ਼ ਦੇ ਜ਼ਿਆਦਾ ਸੰਪਰਕ ਵਿਚ ਰਹਿੰਦੇ ਸਨ, ਇਸ ਲਈ ਨਿਪਾਹ ਦੇ ਮਰੀਜ਼ ਦੇ ਕੱਪੜੇ, ਬਰਤਨ, ਬਿਸਤਰੇ ਆਦਿ ਅਲੱਗ ਕਰ ਦੇਣੇ ਚਾਹੀਦੇ ਹਨ। ਸਾਨੂੰ ਵੀ ਸਮੇਂ-ਸਮੇਂ ਸਿਰ ਆਪਣੇ ਘਰ ਅਤੇ ਆਲੇ-ਦੁਆਲੇ ਦਾ ਜਾਇਜ਼ਾ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡਾ ਘਰ ਅਤੇ ਸਾਡਾ ਆਲਾ-ਦੁਆਲਾ ਚਮਗਾਦੜਾਂ ਆਦਿ ਦਾ ਰੈਣ-ਬਸੇਰਾ ਨਾ ਬਣ ਸਕੇ ਅਤੇ ਅਸੀਂ ਜਲਦ ਤੋਂ ਜਲਦ ਇਸ ਤੇਜ਼ੀ ਨਾਲ ਫੈਲ ਰਹੇ ਘਾਤਕ ਅਤੇ ਜਾਨਲੇਵਾ ਵਾਇਰਸ ਤੋਂ ਛੁਟਕਾਰਾ ਪਾ ਸਕੀਏ।

-ਪਿੰਡ ਕਪੂਰ, ਅੱਡਾ ਕਠਾਰ, ਜਲੰਧਰ।
ਮੋਬਾਈਲ : 97793-24972.

ਏਜੰਟਵਾਦ ਦਾ ਮੱਕੜਜਾਲ

ਏਜੰਟਵਾਦ ਵਿਸ਼ਾਲ ਮੱਕੜੀ ਦੇ ਜਾਲੇ ਦੀ ਤਰ੍ਹਾਂ ਕੜੀ-ਦਰ-ਕੜੀ ਬਣਿਆ ਉਹ ਜਾਲ ਹੈ ਜੋ ਹਰ ਛੋਟੇ-ਵੱਡੇ ਸ਼ਹਿਰ ਵਿਚ ਬੁਰੀ ਤਰ੍ਹਾਂ ਨਾਲ ਫੈਲਿਆ ਹੋਇਆ ਹੈ। ਅੱਜ ਹਰ ਛੋਟੇ-ਵੱਡੇ ਸ਼ਹਿਰ ਵਿਚ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਦੀਆਂ ਦੁਕਾਨਾਂ ਆਮ ਦੇਖਣ ਨੂੰ ਮਿਲਦੀਆਂ ਹਨ, ਜਿੱਥੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਨਾਲ ਲੁੱਟਿਆ ਜਾਂਦਾ ਹੈ, ਉਥੇ ਸਾਡੇ ਦੇਸ਼ ਦੀ ਵਧਦੀ ਜਨ-ਸੰਖਿਆ ਕਾਰਨ ਬੇਰੁਜ਼ਗਾਰੀ ਨੇ ਨੌਜਵਾਨਾਂ ਨੂੰ ਵਿਦੇਸ਼ ਜਾ ਕੇ ਪੈਸਾ ਕਮਾਉਣ ਲਈ ਮਜਬੂਰ ਕਰ ਦਿੱਤਾ ਹੈ। ਅੱਜ ਹਰ ਨੌਜਵਾਨ ਵਿਦੇਸ਼ ਜਾਣ ਦੇ ਸੁਪਨੇ ਦੇਖਦਾ ਹੈ ਅਤੇ ਟਰੈਵਲ ਏਜੰਟ ਇਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਵਿਦੇਸ਼ ਭੇਜਣ ਲਈ ਏਜੰਟ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲਦੇ ਹਨ, ਜਿਸ ਲਈ ਕਈ ਲੋਕ ਆਪਣੀ ਜ਼ਮੀਨ, ਗਹਿਣੇ ਅਤੇ ਘਰ ਵੀ ਵੇਚਣ ਤੋਂ ਗੁਰੇਜ਼ ਨਹੀਂ ਕਰਦੇ।
ਅਖ਼ਬਾਰਾਂ ਵਿਚ ਹਰ ਰੋਜ਼ ਪੜ੍ਹਦੇ ਹਾਂ ਕਿ ਗ਼ਲਤ ਢੰਗ ਨਾਲ ਵਿਦੇਸ਼ਾਂ ਵਿਚ ਗਏ ਨੌਜਵਾਨ ਜਾਂ ਤਾਂ ਜੇਲ੍ਹਾਂ ਵਿਚ ਜਾਂ ਸਮੁੰਦਰ ਦੇ ਰਸਤੇ ਵਿਦੇਸ਼ਾ ਨੂੰ ਜਾਂਦੇ ਹੋਏ ਸਮੁੰਦਰ ਦੀ ਭੇਟ ਚੜ੍ਹ ਗਏ। ਅੱਜ ਤੱਕ ਅਨੇਕਾਂ ਨੌਜਵਾਨ ਦੂਸਰੇ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਨਰਕ ਭਰੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। ਕਈ ਪਰਿਵਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਤੱਕ ਵੀ ਨਸੀਬ ਨਹੀਂ ਹੋਈਆਂ। ਸਬੂਤਾਂ ਦੀ ਘਾਟ ਕਾਰਨ ਇਹ ਟਰੈਵਲ ਏਜੰਟ ਸਾਫ਼ ਬਚ ਨਿਕਲਦੇ ਹਨ।
ਛੋਟੇ ਸ਼ਹਿਰਾਂ ਵਿਚੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਛੋਟੇ ਏਜੰਟਾਂ ਰਾਹੀਂ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿਚ ਵਿਦੇਸ਼ੀ ਸਬਜ਼ਬਾਗ ਦਿਖਾ ਕੇ ਵਿਦੇਸ਼ ਭੇਜਣ ਲਈ ਇਕੱਠੇ ਕੀਤਾ ਜਾਂਦਾ ਹੈ। ਇਹ ਏਜੰਟ ਇਨ੍ਹਾਂ ਨੌਜਵਾਨਾਂ ਨੂੰ ਵੱਡੇ ਏਜੰਟਾਂ ਕੋਲ ਪਹੁੰਚਾ ਕੇ ਆਪਣਾ ਬਣਦਾ ਹਿੱਸਾ ਲੈ ਕੇ ਪਾਸਾ ਵੱਟ ਜਾਂਦੇ ਹਨ। ਵੱਡੇ ਟਰੈਵਲ ਏਜੰਟ ਵੱਖ-ਵੱਖ ਢੰਗ ਤਰੀਕੇ ਵਰਤ ਕੇ ਫਿਰ ਇਨ੍ਹਾਂ ਨੌਜਵਾਨਾਂ ਨੂੰ ਅੱਗੇ ਵਿਦੇਸ਼ ਭੇਜਣ ਲਈ ਹੋਰ ਪੈਸੇ ਦੀ ਮੰਗ ਕਰਦੇ ਹਨ। ਇਹ ਨਿਰਦਈ ਲੋਕ ਪੈਸੇ ਦੀ ਖ਼ਾਤਰ ਔਰਤਾਂ ਤੱਕ ਨੂੰ ਗ਼ਲਤ ਤਰੀਕੇ ਨਾਲ ਅਰਬ ਜਾਂ ਦੂਸਰੇ ਦੇਸ਼ਾਂ ਵਿਚ ਭੇਜਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਸੁਰਖੀਆਂ ਅਖ਼ਬਾਰਾਂ ਵਿਚ ਆਮ ਪੜ੍ਹੀਆਂ ਜਾ ਸਕਦੀਆਂ ਹਨ। ਇਹ ਸਭ ਹੋਣ ਦੇ ਬਾਵਜੂਦ ਨੌਜਵਾਨਾਂ ਦਾ ਗ਼ਲਤ ਤਰੀਕੇ ਨਾਲ ਵਿਦੇਸ਼ ਜਾਣ ਦਾ ਰੁਝਾਨ ਨਹੀਂ ਘਟਦਾ। ਅੱਜ ਲੋੜ ਹੈ ਕਿ ਵਿਦੇਸ਼ ਜਾਣ ਵਾਲੇ ਲੋਕ ਆਪਣਾ ਇਮੀਗਰੇਸ਼ਨ ਦਾ ਕੰਮ ਸਰਕਾਰ ਦੁਆਰਾ ਪ੍ਰਮਾਣਿਤ ਟਰੈਵਲ ਏਜੰਟਾਂ ਕੋਲੋਂ ਹੀ ਕਰਵਾਉਣ ਤਾਂ ਕਿ ਕੰਮ ਪਾਰਦਰਸ਼ਤਾ ਨਾਲ ਹੋ ਸਕੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਗ਼ਲਤ ਟਰੈਵਲ ਏਜੰਟਾਂ ਨੂੰ ਸਜ਼ਾ ਦੇਣ ਲਈ ਠੋਸ ਕਦਮ ਚੁੱਕੇ, ਕਿਉਂਕਿ ਇਹ ਗ਼ਲਤ ਏਜੰਟ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਦੇਸ਼ ਵਿਚ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਤਾਂ ਕਿ ਨੌਜਵਾਨਾਂ ਨੂੰ ਗ਼ਲਤ ਢੰਗ ਨਾਲ ਪੈਸਾ ਕਮਾਉਣ ਲਈ ਵਿਦੇਸ਼ ਨਾ ਜਾਣਾ ਪਵੇ।

-ਸ: ਸ: ਮਾਸਟਰ, ਸ: ਹਾ: ਸ: ਮਟੌਰ (ਅਨੰਦਪੁਰ ਸਾਹਿਬ)। ਮੋਬਾ: 94631-48284

ਇਕ ਝਾਤ ਬਦਲ ਰਹੇ ਪੰਜਾਬੀ ਸੱਭਿਆਚਾਰ 'ਤੇ

ਸੱਭਿਆਚਾਰਕ ਸ਼ਬਦ ਸਭਯ+ਆਚਾਰ ਦੇ ਮੇਲ ਤੋਂ ਬਣਿਆ ਹੈ। 'ਸਭਯ' ਦਾ ਅਰਥ ਹੈ ਸੋਧਿਆ, ਸੁਲਝਿਆ ਜਾਂ ਸੁਚੱਜਾ। 'ਆਚਾਰ' ਦਾ ਅਰਥ ਹੈ ਰਹਿਣ-ਸਹਿਣ ਜਾਂ ਚੱਜ। ਸੱਭਿਆਚਾਰ ਦੇ ਅਸਲ ਅਰਥਾਂ ਵਿਚ ਮਨੁੱਖੀ ਜੀਵਨ ਦਾ ਹਰ ਪੱਖ ਸ਼ਾਮਿਲ ਹੁੰਦਾ ਹੈ। ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਹਰ ਮਨੁੱਖ ਨੂੰ ਜਿਥੇ ਉਹ ਜੰਮਿਆ, ਪਾਲਣ-ਪੋਸਣ ਅਤੇ ਸਿਖਲਾਈ ਹੋਈ ਉਥੋਂ ਦੇ ਸਮਾਜ ਦਾ ਸੱਭਿਆਚਾਰ ਉਸ ਨੂੰ ਗ੍ਰਹਿਣ ਕਰਨਾ ਪੈਂਦਾ ਹੈ। ਮਨੁੱਖੀ ਮਨ ਸੁਚੇਤ ਅਤੇ ਅਚੇਤ ਦੋਵਾਂ ਮਾਨਸਿਕ ਸਥਿਤੀਆਂ ਵਿਚ ਸੱਭਿਆਚਾਰ ਦੇ ਭਿੰਨ-ਭਿੰਨ ਅੰਸ਼ਾਂ ਨੂੰ ਗ੍ਰਹਿਣ ਕਰਦਾ ਹੈ। ਹੁਣ ਜੇਕਰ ਗੱਲ ਕਰੀਏ ਪੰਜਾਬ ਦੇ ਸੱਭਿਆਚਾਰ ਦੀ ਤਾਂ ਇਹ ਬਹੁਚਰਚਿਤ, ਗੰਭੀਰ ਅਤੇ ਚਿੰਤਤ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਪੱਛਮੀ ਪ੍ਰਭਾਵ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਗੰਧਲਾ ਕਰ ਛੱਡਿਆ ਹੈ। ਪੱਛਮੀ ਪ੍ਰਭਾਵ ਅਧੀਨ ਪੰਜਾਬੀ ਸੱਭਿਆਚਾਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਧਰਤੀ ਦੀ ਹੇਠਲੀ ਤਹਿ ਅੰਦਰ ਸਮਾਉਂਦਾ ਜਾ ਰਿਹਾ ਹੈ। ਦਿਨੋਂ-ਦਿਨ ਵਧ ਰਹੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਬਹੁਤੇ ਖੇਤਰੀ ਸੱਭਿਆਚਾਰਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਇਥੋਂ ਤੱਕ ਕਿ ਪੱਛਮੀ ਸੱਭਿਆਚਾਰ ਨੇ ਸਾਡੇ ਪੰਜਾਬੀ ਵਿਰਸੇ, ਧਰਮ, ਭਾਸ਼ਾ ਅਤੇ ਘਰਾਂ ਦੀ ਬਣਤਰ ਤੱਕ ਵੀ ਆਪਣੀ ਛਾਪ ਛੱਡ ਰੱਖੀ ਹੈ। ਪੱਛਮੀ ਸੱਭਿਆਚਾਰ ਦੀ ਤਾਕਤ ਜਾਂ ਹੋੜ ਸਾਡੀ ਪੰਜਾਬੀ ਰਹਿਣੀ-ਬਹਿਣੀ, ਪਹਿਰਾਵੇ ਅਤੇ ਬੋਲੀ 'ਤੇ ਆਮ ਹੀ ਦੇਖਣ ਨੂੰ ਨਜ਼ਰ ਆ ਰਹੀ ਹੈ। ਦੂਜਾ ਵੱਡਾ ਕਾਰਨ ਕਾਢ ਜਾਂ ਲੱਭਤ ਕਾਰਨ ਸੱਭਿਆਚਾਰ ਦਾ ਰੂਪਾਂਤਰਣ ਹੁੰਦਾ ਹੈ। ਮਸ਼ੀਨੀਕਰਨ ਨੇ ਜੀਵਨ ਦੇ ਹਰੇਕ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਕੀਤਾ ਹੈ। ਇਲੈਕਟ੍ਰਾਨਿਕ ਮੀਡੀਆ ਦੀ ਕਾਢ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਉੱਪਰ ਚੁੱਕਣ ਦੀ ਬਜਾਏ ਧਰਤੀ ਹੇਠ ਦਬਾ ਦਿੱਤਾ ਹੈ। ਇਥੇ ਗ਼ਲਤੀ ਇਲੈਕਟ੍ਰਾਨਿਕ ਮੀਡੀਆ ਬਣਾਉਣ ਵਾਲੇ ਵਿਗਿਆਨੀਆਂ ਦੀ ਨਹੀਂ ਸਗੋਂ ਇਸ ਨੂੰ ਅਪਣਾ ਕੇ ਸਹੀ ਢੰਗ ਨਾ ਵਰਤੋਂ ਦੀ ਬਜਾਏ ਗ਼ਲਤ ਤਰੀਕੇ ਨਾਲ ਵਰਤੋਂ ਕਰ ਰਹੇ ਮਨੁੱਖੀ ਸਮਾਜ ਦੀ ਹੈ। ਸੱਭਿਆਚਾਰ ਦੇ ਕੁਝ ਅੰਗ ਤਾਂ ਅਜਿਹੇ ਹਨ ਜਿਨ੍ਹਾਂ ਵਿਚ ਧੀਮੀ ਗਤੀ ਨਾਲ ਪਰਿਵਰਤਨ ਹੁੰਦਾ ਹੈ ਜਦ ਕਿ ਕੁਝ ਵਿਚ ਬਹੁਤ ਤੇਜ਼ੀ ਨਾਲ। ਸਭ ਤੋਂ ਵੱਧ ਤੇ ਤੇਜ਼ ਨਾਲ ਪ੍ਰਭਾਵਿਤ ਹੋਏ ਸਾਡੇ ਦੋ ਮੁੱਖ ਅੰਸ਼ ਸਾਡੀ ਭਾਸ਼ਾ ਅਤੇ ਸਾਡੀ ਰਹਿਣੀ-ਬਹਿਣੀ ਹੈ। ਅੱਜ ਦਾ ਮਨੁੱਖ ਆਪਣੀ ਮਾਂ-ਬੋਲੀ ਭਾਸ਼ਾ ਨੂੰ ਵਿਸਾਰਦਾ ਹੋਇਆ ਆਪਣੇ ਸੱਭਿਆਚਾਰ ਨੂੰ ਠੁਕਰਾਉਂਦਾ ਹੋਇਆ ਪੈਸੇ ਕਮਾਉਣ ਦੀ ਹੋੜ ਅਤੇ ਲੁੱਟ-ਖਸੁੱਟ ਕਰਨ ਵਿਚ ਬੁਰੀ ਤਰ੍ਹਾਂ ਜਕੜਿਆ ਪਿਆ ਹੈ। ਮਨੁੱਖ ਪੈਸੇ ਦੀ ਆੜ ਵਿਚ ਸਭ ਰਿਸ਼ਤਿਆਂ ਨੂੰ ਤਿਲਾਂਜਲੀ ਦਿੰਦਾ ਜਾ ਰਿਹਾ ਹੈ। ਬਾਹਰ ਵੱਸਦੇ ਪੰਜਾਬੀ ਪਰਦੇਸੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪੱਛਮੀ ਸੱਭਿਆਚਾਰ ਵਿਚ ਹੀ ਵੱਡੀਆਂ ਹੋ ਰਹੀਆਂ ਹਨ ਅਤੇ ਉਥੋਂ ਦੀਆਂ ਕਦਰਾਂ-ਕੀਮਤਾਂ ਨੂੰ ਹੀ ਅਪਣਾ ਰਹੇ ਹਨ। ਇਸੇ ਪ੍ਰਕਾਰ ਉਥੋਂ ਦੀ ਪੱਛਮੀ ਪ੍ਰਭਾਵ ਹੇਠਾਂ ਪਲੀ ਪੜ੍ਹੀ-ਲਿਖੀ ਪੀੜ੍ਹੀ ਅਤੇ ਇਧਰ ਪੰਜਾਬੀ ਸੱਭਿਆਚਾਰ ਹੇਠ ਪਲੀ ਪੜ੍ਹੀ-ਲਿਖੀ ਪੀੜ੍ਹੀ ਵਿਚਕਾਰ ਬੋਲੀ, ਸੋਚ, ਸਿੱਖਿਆ, ਵਰਤੋਂ ਵਿਹਾਰ ਅਤੇ ਕਦਰਾਂ-ਕੀਮਤਾਂ ਵਿਚਕਾਰ ਬੜਾ ਵੱਡਾ ਪਾੜਾ ਵੇਖਣ ਨੂੰ ਨਜ਼ਰ ਆ ਰਿਹਾ ਹੈ ਜੋ ਕਿ ਇਕ ਤਣਾਉ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਆਰਥਿਕ ਥੁੜ, ਤੰਗੀ ਇਥੋਂ ਦੀ ਨੌਜਵਾਨ ਪੀੜ੍ਹੀ ਨੂੰ ਪ੍ਰਦੇਸਾਂ ਵਿਚ ਪ੍ਰੇਰਦੇ ਲੈ ਜਾ ਰਹੀ ਹੈ ਪਰ ਉਨ੍ਹਾਂ ਲਈ ਉਥੋਂ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਉਨ੍ਹਾਂ ਲਈ ਸਮਝੌਤਾ ਕਰਨਾ ਇਕ ਅਤਿਅੰਤ ਦੁੱਖਮਈ ਹੈ। ਸੋ ਲੋੜ ਹੈ, ਜਾਗ੍ਰਿਤ ਹੋਣ ਲਈ, ਸਾਡੀਆਂ ਸਰਕਾਰਾਂ ਨੂੰ ਤਾਂ ਜੋ ਉਹ ਨੌਜਵਾਨ ਪੀੜ੍ਹੀ ਲਈ ਆਰਥਿਕ ਪੱਧਰ 'ਤੇ ਰੁਜ਼ਗਾਰ ਉਜਾਗਰ ਕਰਨ ਤਾਂ ਕਿ ਨਿਰਾਸ਼ਾਵਾਦ ਹੋਈ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਵੱਲ ਪ੍ਰੇਰਿਤ ਨਾ ਹੋ ਕੇ ਬਲਕਿ ਇਥੇ ਰਹਿ ਕੇ ਆਪਣੇ ਸੱਭਿਆਚਾਰ ਨੂੰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੋਂ ਕੱਢ ਕੇ ਵਾਪਸ ਲਿਆ ਸਕੇ ਅਤੇ ਤਾਂ ਜੋ ਸਾਡਾ ਪੰਜਾਬੀ ਸੱਭਿਆਚਾਰ ਸਾਨੂੰ ਫਿਰ ਤੋਂ ਹਰਿਆ-ਭਰਿਆ ਆਰਥਿਕ ਤੰਗੀ ਤੋਂ ਮੁਕਤ ਨਸ਼ਿਆਂ ਤੋਂ ਮੁਕਤ ਅਤੇ ਪੁਰਾਣੇ ਵਿਰਸੇ ਦੀਆਂ ਯਾਦਾਂ ਦੀ ਤਰ੍ਹਾਂ ਮੁੜ ਵਾਪਸ ਮਿਲ ਸਕੇ।

-854 ਸਿਵਲ ਲਾਈਨਜ਼ ਮੋਗਾ। ਮੋਬਾਈਲ : 83603 19449

ਕੁਦਰਤੀ ਕਾਇਨਾਤ ਨੂੰ ਉਜਾੜਨ 'ਤੇ ਲੱਗਾ ਮਨੁੱਖ

ਪਰਮਾਤਮਾ ਵਲੋਂ ਸਿਰਜੀ ਸ੍ਰਿਸ਼ਟੀ ਵਿਚ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ, ਜਿਸ ਵਿਚ ਕੁਦਰਤ ਨੇ ਜੀਵਨ ਨੂੰ ਚਲਾਉਣ ਵਾਸਤੇ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਜਿਨ੍ਹਾਂ ਵਿਚੋਂ ਹਵਾ, ਪਾਣੀ, ਸੂਰਜੀ ਊਰਜਾ, ਬਨਸਪਤੀ ਆਦਿ ਹਨ, ਜਿਨ੍ਹਾਂ ਦਾ ਧਰਤੀ 'ਤੇ ਰਹਿੰਦੇ ਹਰ ਇਕ ਜੀਵ ਨੂੰ ਕੋਈ ਵੀ ਕਿਰਾਇਆ ਆਦਿ ਨਹੀਂ ਚੁਕਾਉਣਾ ਪੈਂਦਾ ਕਿਉਂਕਿ ਇਹ ਸਾਰੀਆਂ ਬਖ਼ਸ਼ਿਸ਼ਾਂ ਕੁਦਰਤ ਵਲੋਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਹਨ ਜੋ ਅਨਮੋਲ ਹਨ। ਹਾਂ ਜੇਕਰ ਕਿਰਾਏ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸਾਂਭ-ਸੰਭਾਲ ਹੀ ਇਨ੍ਹਾਂ ਪ੍ਰਤੀ ਬਣਦਾ ਕਿਰਾਇਆ ਹਨ। ਇਨ੍ਹਾਂ ਸਰੋਤਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪਰਮਾਤਮਾ ਨੇ ਇਸ ਵਿਸ਼ਾਲ ਧਰਤੀ 'ਤੇ ਰਹਿੰਦੇ ਹਰ ਇਕ ਪ੍ਰਾਣੀ ਨੂੰ ਦਿੱਤੀ ਹੈ। ਜਿਨ੍ਹਾਂ ਵਿਚੋਂ ਮਨੁੱਖ ਵੀ ਇਕ ਹੈ। ਪਰ ਪਿਛਲੇ ਕੁਝ ਦਹਾਕਿਆਂ ਤੋਂ ਹੋ ਰਹੀਆਂ ਨਿੱਤ ਨਵੀਆਂ ਖੋਜਾਂ ਜੋ ਕਿ ਮਨੁੱਖੀ ਜੀਵਨ ਲਈ ਫਾਇਦੇਮੰਦ ਘੱਟ ਤੇ ਹਾਨੀਕਾਰਕ ਜ਼ਿਆਦਾ ਹਨ। ਪਤਾ ਨਹੀਂ ਕਿਸ ਜਿਗਰੇ ਨਾਲ ਇਹ ਅਜੋਕੇ ਮਨੁੱਖ ਇਨ੍ਹਾਂ ਕੁਦਰਤੀ ਸੌਗਾਤਾਂ ਨੂੰ ਉਜਾੜ ਰਹੇ ਹਨ। ਪੰਜਾਬ ਦੇ ਦਰਿਆਵਾਂ ਦਾ ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ ਕਿਉਂਕਿ ਅਨੇਕਾਂ ਹੀ ਫੈਕਟਰੀਆਂ ਇਨ੍ਹਾਂ ਵਿਚ ਜ਼ਹਿਰੀਲਾ ਪਾਣੀ ਮਿਲਾ ਕੇ ਇਨ੍ਹਾਂ ਨੂੰ ਦੂਸ਼ਿਤ ਕਰ ਰਹੀਆਂ ਹਨ। ਜਿਨ੍ਹਾਂ ਵਿਚ ਅਨੇਕਾਂ ਹੀ ਜੀਵ-ਜੰਤੂ ਮਰ ਰਹੇ ਹਨ ਤੇ ਉੱਪਰੋਂ ਹੋਰ ਹੈਰਾਨੀ ਤੇ ਦੁੱਖ ਦੀ ਗੱਲ ਜ਼ਹਿਰੀਲੇ ਪਾਣੀਆਂ ਨਾਲ ਮਰੇ ਹੋਏ ਜੀਵਾਂ ਦਾ ਵਪਾਰ ਵੀ ਧੜੱਲੇ ਨਾਲ ਹੋ ਰਿਹਾ ਹੈ ਤੇ ਮਨੁੱਖ ਵਿਚ ਹੋਰ ਬਿਮਾਰੀਆਂ ਨੂੰ ਵਧਾ ਰਿਹਾ ਹੈ। ਅਸਲ ਵਿਚ ਇਸ ਤੇਜ਼ ਰਫ਼ਤਾਰ ਯੁੱਗ ਵਿਚ ਹਰ ਇਕ ਇਨਸਾਨ ਆਪਣੇ ਜਾਂ ਆਪਣੇ ਪਰਿਵਾਰ ਤੱਕ ਸੋਚ ਨੂੰ ਹੀ ਸੀਮਤ ਰੱਖੀ ਬੈਠਾ ਹੈ, ਕਿਸੇ ਦੂਸਰੇ ਲਈ ਜਾਂ ਕਿਸੇ ਵੀ ਕੁਦਰਤੀ ਸਾਧਨ ਪ੍ਰਤੀ ਰਤਾ ਜਿੰਨਾ ਵੀ ਫਿਕਰ ਨਹੀਂ, ਨਿਰੰਤਰ ਵਧ ਰਹੀਆਂ ਮੋਟਰ ਗੱਡੀਆਂ, ਫੈਕਟਰੀਆਂ, ਖੇਤਾਂ ਵਿਚ ਨਾੜ ਨੂੰ ਲਾਈ ਜਾ ਰਹੀ ਅੱਗ ਆਦਿ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ, ਜਿਸ ਨਾਲ ਮਨੁੱਖ ਤੋਂ ਲੈ ਕੇ ਹਰ ਇਕ ਜੀਵ-ਜੰਤੂ ਲਈ ਧਰਤੀ 'ਤੇ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ।

-ਜ਼ਿਲ੍ਹਾ ਲੁਧਿਆਣਾ।
ਈ-ਮੇਲ : ajitbajwa89@gmail.com

ਸਿਆਸੀ ਲੋਕ ਅਹੁਦਿਆਂ ਦੇ ਮਾਣ ਨੂੰ ਠੇਸ ਨਾ ਪਹੁੰਚਾਉਣ

1947 ਤੋਂ ਪਹਿਲਾਂ ਜਿਹੜੇ ਸੁੂਰਬੀਰ ਯੋਧਿਆਂ ਨੇ ਸ਼ਾਂਤਮਈ ਜਾਂ ਕਿਸੇ ਹੋਰ ਢੰਗ ਨਾਲ ਆਜ਼ਾਦੀ ਦੀ ਲੜਾਈ ਲੜੀ ਸੀ ਉਨ੍ਹਾਂ ਨੇ ਭਾਰਤ ਦੇ ਆਜ਼ਾਦ ਹੋਣ ਪਿੱਛੋਂ ਇਥੇ ਬਰਾਬਰੀ, ਧਾਰਮਿਕ ਏਕਤਾ, ਅਖੰਡਤਾ, ਸ਼ਾਂਤੀ, ਭਾਈਚਾਰੇ ਅਤੇ ਤਰੱਕੀ ਦੇ ਸੁਪਨੇ ਵੇਖੇ ਸਨ ਪਰ ਅੱਜ ਜਿਵੇਂ ਸਾਡੇ ਮੁਲਕ ਦੇ ਸਿਆਸੀ ਆਗੂ ਆਪਣੇ ਜਾਂ ਆਪਣੇ ਦਲਾਂ ਦੇੇ ਸੁਆਰਥ ਕਰਕੇ ਲੋਕਤੰਤਰੀ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰ ਰਹੇ ਹਨ ਉਸ ਨਾਲ ਦੇਸ਼ ਭਗਤਾਂ ਵਲੋਂ ਵੇਖੇ ਸੁਪਨੇ ਚਕਨਾਚੂਰ ਹੁੰਦੇ ਨਜ਼ਰ ਆ ਰਹੇ ਹਨ। ਅੱਜ ਆਪਣੇ ਉੱਚੇ ਤੇ ਸੁੱਚੇ ਕਿਰਦਾਰ ਜਾਂ ਆਪਣੀ ਪਾਰਟੀ ਵਲੋਂ ਸੱਤਾ ਕਾਲ ਦੌਰਾਨ ਕੀਤੇ ਕਾਰਜਾਂ ਦੇ ਸਿਰ 'ਤੇ ਚੋਣਾਂ ਨਹੀਂ ਲੜੀਆਂ ਜਾਂਦੀਆਂ ਹਨ, ਸਗੋਂ ਵਿਰੋਧੀ ਧਿਰ ਨੂੰ ਨੀਵਾਂ ਵਿਖਾਉਣ ਲਈ ਨੀਚ ਤੇ ਘਟੀਆ ਕਿਸਮ ਦੇ ਹਥਕੰਡੇ ਵਰਤੇ ਜਾਂਦੇ ਹਨ ਤੇ ਸੋਸ਼ਲ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਇਕ ਦੂਸਰੇ 'ਤੇ ਖ਼ੂਬ ਚਿੱਕੜ ਸੁੱਟਿਆ ਜਾਂਦਾ ਹੈ ਤੇ ਜਨਤਾ ਨੂੰ ਦਰਸਾਇਆ ਜਾਂਦਾ ਹੈ ਕਿ ਰਾਜਨੀਤੀ ਦੇ ਹਮਾਮ ਵਿਚ ਸਾਰੇ ਹੀ ਨੰਗੇ ਹਨ ਤੇ ਸਾਰੇ ਹੀ ਭ੍ਰਿਸ਼ਟਾਚਾਰ ਜਾਂ ਵਿਭਚਾਰ ਦੇ ਚਿੱਕੜ ਨਾਲ ਲਥਪਥ ਹਨ।
ਸੱਤਾ ਪ੍ਰਾਪਤੀ ਅੱਜ ਹਰੇਕ ਸਿਆਸੀ ਪਾਰਟੀ ਦਾ ਮੁੱਖ ਨਿਸ਼ਾਨਾ ਬਣ ਗਿਆ ਹੈ ਤੇ ਸੂਬਾ ਪੱਧਰ 'ਤੇ ਅਤੇ ਦੇਸ਼ ਦੇ ਪੱਧਰ 'ਤੇ ਸੱਤਾ ਪ੍ਰਾਪਤੀ ਲਈ ਸਾਮ, ਦਾਮ, ਦੰਡ, ਭੇਦ ਭਾਵ ਹਰ ਚੰਗਾ ਜਾਂ ਮਾੜਾ ਤਰੀਕਾ ਅਪਣਾਇਆ ਜਾਂਦਾ ਹੈ। ਹੋਰ ਤਾਂ ਹੋਰ ਉੱਚ ਅਹੁਦਿਆਂ 'ਤੇ ਬਿਰਾਜਮਾਨ ਸਿਆਸੀ ਆਗੂਆਂ ਦੀ ਨਾ ਤਾਂ ਭਾਸ਼ਾ ਦਾ ਪੱਧਰ ਉੱਚਾ ਰਿਹਾ ਹੈ ਤੇ ਨਾ ਹੀ ਕਿਰਦਾਰ ਦਾ। ਦਿਨ ਦਿਹਾੜੇ ਲੋਕੰਤਤਰੀ ਮਾਨਤਾਵਾਂ ਨੂੰ ਤਹਿਸ-ਨਹਿਸ ਕਰਕੇ ਸਿਆਸੀ ਦਲ ਬੜੀ ਬੇਸ਼ਰਮੀ ਨਾਲ ਆਪਣੇ ਕਦਮਾਂ ਨੂੰ ਜਾਇਜ਼ ਠਹਿਰਾਉਂਦੇ ਹਨ ਤੇ ਸੰਵਿਧਾਨਕ ਅਹੁਦਿਆਂ 'ਤੇ ਬਿਰਾਜਮਾਨ ਲੋਕ ਵੀ ਆਪਣੇ ਅਹੁਦੇ ਦੇ ਮਾਣ ਸਨਮਾਨ ਨੂੰ ਤਿਲਾਂਜਲੀ ਦਿੰਦਿਆਂ ਹੋਇਆਂ ਘਟੀਆ ਸਿਆਸਤ ਦਾ ਦਾਮਨ ਫੜ ਲੈਂਦੇ ਹਨ ਤੇ ਆਪਣੇ ਸਿਆਸੀ ਆਕਾਵਾਂ ਨੂੰ ਤਾਂ ਖ਼ੁਸ਼ ਕਰ ਦਿੰਦੇ ਹਨ ਪਰ ਆਪਣੇ ਅਹੁਦੇ ਦੀਆਂ ਮਰਿਆਦਾਵਾਂ ਨੂੰ ਮਿੱਟੀ 'ਚ ਮਿਲਾ ਦਿੰਦੇ ਹਨ। ਸਮਾਂ ਆ ਗਿਆ ਹੈ ਕਿ ਜੇਕਰ ਹਰੇਕ ਸਿਆਸੀ ਦਲ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਜਾਵੇ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਨੂੰ ਸਬਕ ਸਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਭਾਰਤ ਦੇ ਸੂਝਵਾਨ ਲੋਕ ਜੇਕਰ ਜਾਗ ਜਾਣ ਤਾਂ ਉਹ ਦਿਨ ਦੂੁਰ ਨਹੀਂ ਜਦੋਂ ਹਰੇਕ ਸਿਆਸੀ ਪਾਰਟੀ ਆਪਣੇ ਭ੍ਰਿਸ਼ਟ, ਚਰਿੱਤਰਹੀਣ, ਬੜਬੋਲੇ, ਫ਼ਿਰਕੂਵਾਦ ਫ਼ੈਲਾਉਣ ਵਾਲੇ ਤੇ ਅੱਤਵਾਦ ਦੇ ਸਮਰਥਕ ਨੇਤਾਵਾਂ ਨੂੰ ਕੱਢ ਬਾਹਰ ਕਰੇਗੀ ਤੇ ਲੋਕਤੰਤਰੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੇ ਨਿੱਜੀ ਹਿਤ ਤਿਆਗਣ ਲਈ ਮਜਬੂਰ ਹੋਵੇਗੀ।

-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008.

ਮੇਰੇ ਪਿੰਡ ਦੇ ਲੋਕਾਂ ਦੇ ਹੱਡੀਂ ਬੈਠਿਆ ਦਰਦ

ਹਥਲੇ ਲੇਖ ਵਿਚ ਮੈਂ ਜਿਸ ਫੈਕਟਰੀ ਦੇ ਪ੍ਰਦੂਸ਼ਣ ਅਤੇ ਗ਼ੈਰ ਢੰਗ ਨਾਲ ਕੀਤੇ ਜਾਂਦੇ ਕੰਮਾਂ ਦਾ ਵਰਣਨ ਕਰ ਰਿਹਾ ਹਾਂ, ਉਸ ਫੈਕਟਰੀ ਨਾਲ ਮੇਰੀ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਮੈਂ ਸਿਰਫ ਮੇਰੇ ਪਿੰਡ ਅਤੇ ਮੇਰੇ ਆਲੇ-ਦੁਆਲੇ ਦੇ ਪਿੰਡਾਂ ਦੇ ਉਨ੍ਹਾਂ ਲੋਕਾਂ ਦੀ ਗੱਲ ਕਰਦਾ ਹਾਂ ਜੋ ਲੋਕ ਜ਼ਿੰਦਗੀ ਜਿਊਣ ਦੀ ਹਸਰਤ ਨੂੰ ਵਿਚਾਲੇ ਛੱਡ ਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿਸ ਵਿਚ ਮਰਦਾਂ ਤੋਂ ਇਲਾਵਾ ਔਰਤਾਂ ਅਤੇ ਦੁੱਧ ਚੁੰਘਦੇ ਬੱਚੇ ਵੀ ਸ਼ਾਮਿਲ ਹਨ। ਦਾਸਤਾਂ ਇਹ ਕਿ ਪਿੰਡ ਧੌਲਾ ਜੋ ਜ਼ਿਲ੍ਹਾ ਬਰਨਾਲਾ ਦਾ ਸਭ ਤੋਂ ਪੁਰਾਣਾ ਤੇ ਵੱਡਾ ਪਿੰਡ ਹੈ। ਇਸੇ ਪਿੰਡ ਤੋਂ ਸਵ: ਸ: ਸੰਪੂਰਨ ਸਿੰਘ ਪੈਪਸੂ ਮੰਤਰੀ, ਤਾਮਿਲਨਾਡੂ ਦੇ ਰਾਜਪਾਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਜਿਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਜਨਮ ਲਿਆ। ਸਾਹਿਤਕ ਖੇਤਰ ਵਿਚ ਮਸ਼ਹੂਰ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਦਾ ਵੀ ਇਹੋ ਪਿੰਡ ਹੈ। ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਦਾ ਜਨਮਦਾਤਾ ਇਹ ਪਿੰਡ ਸਰਕਾਰ ਪੱਖੋਂ ਬਿਲਕੁਲ ਵਿਸਾਰਿਆ ਜਾ ਚੁੱਕਿਆ ਹੈ। ਪਿੰਡ ਤੋਂ ਦੋ-ਢਾਈ ਕੁ ਕਿਲੋਮੀਟਰ 'ਤੇ ਲੱਗੀ ਇਕ ਲਿਮਟਿਡ ਫੈਕਟਰੀ ਪਿੰਡ ਦੇ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਖੋਹ ਰਹੀ ਹੈ। ਫੈਕਟਰੀ ਦੇ ਪ੍ਰਦੂਸ਼ਣ ਅਤੇ ਕੈਮੀਕਲ ਵਾਲੇ ਜ਼ਹਿਰੀਲੇ ਧੂੰਏ ਨੇ ਲੋਕਾਂ ਲਈ ਨਿਰੋਗ ਜ਼ਿੰਦਗੀ ਜਿਊਣ ਦੀ ਹਸਰਤ ਇਕ ਅਧੂਰਾ ਸੁਪਨਾ ਬਣਾ ਦਿੱਤੀ ਹੈ। ਪਿੰਡ ਧੌਲਾ ਤੋਂ ਇਲਾਵਾ ਫ਼ਤਹਿਗੜ੍ਹ ਛੰਨਾ, ਕਾਹਨੇਕੇ, ਘੁੰਨਸ, ਹੰਡਿਆਇਆ ਆਦਿ ਪਿੰਡਾਂ ਦੇ ਲੋਕ ਵੀ ਬੇਹੱਦ ਦੁਖੀ ਹਨ। ਲਾਚਾਰ ਤੇ ਬੇਵੱਸ ਹੋਏ ਇਹ ਲੋਕ ਸਰਕਾਰਾਂ ਨੂੰ ਕੋਸਦੇ ਹੋਏ ਸਬਰਾਂ ਦੇ ਕੌੜੇ ਘੁੱਟ ਸਾਲਾਂਬੱਧੀ ਤੋਂ ਪੀਂਦੇ ਆ ਰਹੇ ਹਨ।
ਆਓ ਜਾਣਦੇ ਹਾਂ ਫੈਕਟਰੀ ਵਲੋਂ ਪੈਦਾ ਕੀਤੀਆਂ ਉਨ੍ਹਾਂ ਮੁਸ਼ਕਿਲਾਂ ਦੇ ਬਾਰੇ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਖੜੋਤ ਪੈਦਾ ਕਰ ਦਿੱਤੀ ਹੈ। ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਪਾਣੀ ਜ਼ਰੂਰੀ ਹੁੰਦਾ ਹੈ। ਇਨ੍ਹਾਂ ਪਿੰਡਾਂ ਦਾ ਪੀਣ ਵਾਲਾ ਪਾਣੀ, ਪਾਣੀ ਨਹੀਂ ਰਿਹਾ ਸਗੋਂ ਜ਼ਹਿਰ ਬਣ ਚੁੱਕਾ ਹੈ। ਫੈਕਟਰੀ ਵਲੋਂ ਪਿੰਡਾਂ ਲਾਗਿਓਂ ਲੰਘਦੀ ਡਰੇਨ ਵਿਚ ਛੱਡੇ ਜਾ ਰਹੇ ਕੈਮੀਕਲ ਵਾਲੇ ਪਾਣੀ ਨੇ ਧਰਤੀ ਅੰਦਰ ਰਿਸਾਵ ਕਰਕੇ ਹੇਠਲੇ ਪੀਣ ਵਾਲੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਯੂਰੇਨੀਅਮ ਤੋਂ ਇਲਾਵਾ ਪਾਣੀ ਵਿਚ ਅਨੇਕ ਤਰ੍ਹਾਂ ਦੀਆਂ ਧਾਤਾਂ ਘੁਲ ਗਈਆਂ ਹਨ। ਅੱਜ ਇਨ੍ਹਾਂ ਪਿੰਡਾਂ ਦੇ ਪਾਣੀ ਦੇ ਨਮੂਨੇ ਫੇਲ੍ਹ ਹੋ ਗਏ ਹਨ। ਹਾਲਾਂਕਿ ਕਾਨੂੰਨਨ ਤੌਰ 'ਤੇ ਪੂਰਨ ਪਾਬੰਦੀ ਹੈ ਕਿ ਕੋਈ ਮਿੱਲ, ਫੈਕਟਰੀ ਜਾਂ ਇੰਡਸਟਰੀ ਫੁਟਕਲ ਜ਼ਹਿਰੀਲਾ ਪਾਣੀ ਬਾਹਰਲੇ ਸਰੋਤਾਂ ਵਿਚ ਨਹੀਂ ਛੱਡ ਸਕੇਗਾ, ਪਰ ਫੈਕਟਰੀਆਂ ਕਾਨੂੰਨ ਦੇ ਨਿਯਮਾਂ ਨੂੰ ਛੱਕੇ ਟੰਗ ਕੇ ਸ਼ਰੇਆਮ ਗੰਧਲਾ ਪਾਣੀ ਛੱਡ ਰਹੀਆਂ ਹਨ। ਜਿਨ੍ਹਾਂ 'ਤੇ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਹੁੰਦੀ ਹੈ। ਫੈਕਟਰੀ ਵਲੋਂ ਦਿਨ-ਰਾਤ ਛੱਡਿਆ ਜਾ ਰਿਹਾ ਧੂੰਆਂ ਵੀ ਪਿੰਡ ਦੇ ਲੋਕਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਜ਼ਹਿਰੀਲੇ ਧੂੰਏ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਿੰਡ ਦੇ ਲੋਕ ਅੱਜ ਅਨੇਕਾਂ ਬਿਮਾਰੀਆਂ ਨਾਲ ਘਿਰੇ ਹੋਏ ਹਨ।
ਸਾਹ ਰੋਗ, ਚਮੜੀ ਰੋਗ ਆਦਿ ਤੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੇ ਸ਼ਿਕਾਰ ਹਨ। ਉੱਕਤ ਪਿੰਡਾਂ ਦੇ ਸੈਂਕੜੇ ਲੋਕ ਕੈਂਸਰ ਦੇ ਮਰੀਜ਼ ਹਨ, ਜਿਨ੍ਹਾਂ 'ਚੋਂ ਕਈ ਤਾਂ ਆਪਣੀਆਂ ਜ਼ਿੰਦਗੀਆਂ ਹਾਰ ਚੁੱਕੇ ਹਨ ਅਤੇ ਕਈਆਂ ਦੀ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਜਾਰੀ ਹੈ। ਪਿੰਡ ਤੋਂ ਬਰਨਾਲਾ ਨੂੰ ਜਾਂਦੇ ਮੁੱਖ ਮਾਰਗ 'ਤੇ ਜਾਂਦਿਆਂ ਥੋੜ੍ਹੀ ਦੂਰੀ 'ਤੇ ਸਥਿਤ ਇਹ ਫੈਕਟਰੀ ਦੇ ਬਾਹਰ ਖੜ੍ਹੇ ਹਜ਼ਾਰਾਂ ਵਾਹਨ ਹਾਦਸਿਆਂ ਦਾ ਕਾਰਨ ਬਣਦੇ ਹਨ।
ਕਾਂਗਰਸ ਦੀ ਸੱਤਾ ਵੇਲੇ ਕਿਸਾਨਾਂ ਦੀ 376 ਏਕੜ ਜ਼ਮੀਨ ਐਕਵਾਇਰ ਕੀਤੀ ਗਈ। ਇਹ ਜ਼ਮੀਨ ਫੈਕਟਰੀ ਨੇ ਗੰਨਾ ਮਿੱਲ ਲਾਉਣ ਲਈ ਐਕਵਾਇਰ ਕੀਤੀ ਸੀ। ਪਰ ਅੱਜ ਕਈ ਸਾਲ ਬੀਤ ਜਾਣ 'ਤੇ ਮਿਲ ਸਥਾਪਿਤ ਨਹੀਂ ਹੋ ਸਕੀ। ਹਾਲਾਂਕਿ ਕਾਨੂੰਨ ਮੁਤਾਬਕ ਐਕਵਾਇਰ ਜਾਂ ਲਈ ਗਈ ਜ਼ਮੀਨ ਵਿਚ ਸੀਮਤ ਸਮੇਂ ਵਿਚ ਪ੍ਰੋਜੈਕਟ ਲਗਾਉਣਾ ਹੁੰਦਾ ਹੈ।

-ਬੇਅੰਤ ਸਿੰਘ ਬਾਜਵਾ

ਭੱਜ-ਦੌੜ ਦੀ ਜ਼ਿੰਦਗੀ ਨੇ ਕੀਤਾ ਆਪਣਿਆਂ ਤੋਂ ਦੂਰ

ਅਜੋਕਾ ਯੁੱਗ ਮੀਡੀਏ ਅਤੇ ਤਕਨੀਕ ਦਾ ਯੁੱਗ ਹੈ। ਹਰ ਗੱਲ ਦਾ ਜਵਾਬ ਹਰ ਪ੍ਰਸ਼ਨ ਦਾ ਉੱਤਰ ਸਾਡੀ ਮੁੱਠੀ ਵਿਚ ਹੈ। ਭਾਵੇਂ ਬੰਦਾ ਦੁਨੀਆ ਨਾਲ ਜੁੜ ਗਿਆ ਹੈ ਪਰ ਇਸ ਤਕਨੀਕ ਦੇ ਯੁੱਗ ਕਾਰਨ ਇਹ ਆਪਣੇ-ਆਪ ਨਾਲੋਂ ਦੂਰ ਚਲਾ ਗਿਆ ਜਾਪਦਾ ਹੈ। ਇਸ ਮੀਡੀਏ ਅਤੇ ਦੌੜ-ਭੱਜ ਦੀ ਜ਼ਿੰਦਗੀ ਨੇ ਉਸ ਨੂੰ ਕਦੋਂ ਆਪਣਿਆਂ ਤੋਂ ਖੋਹ ਲਿਆ ਪਤਾ ਹੀ ਨਹੀਂ ਲੱਗਿਆ। ਬੱਚਿਆਂ ਵਿਚ ਵਧਦੀ ਅਸਹਿਣਸ਼ੀਲਤਾ, ਹਿੰਸਕ ਪ੍ਰਵਿਰਤੀ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਇਸ ਦੀ ਹੀ ਉਪਜ ਜਾਪਦੇ ਹਨ। ਅਜੋਕੀ ਪੀੜ੍ਹੀ ਵਿਚੋਂ ਨੈਤਿਕ ਕਦਰਾਂ-ਕੀਮਤਾਂ ਦਾ ਗਾਇਬ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ। ਅੱਜ ਅਸੀਂ ਸਮਾਜ ਵਿਚ ਵਿਚਰਦੇ ਹੋਏ ਮਹਿਸੂਸ ਕਰਦੇ ਹਾਂ ਕਿ ਬੱਚਿਆਂ ਨੂੰ ਆਪਣੇ ਵੱਡਿਆਂ ਦੀ ਕੋਈ ਪ੍ਰਵਾਹ ਨਹੀਂ ਉਹ ਸ਼ਰੇਆਮ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਹ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਆਪਣੀ ਮਰਜ਼ੀ ਮੁਤਾਬਕ ਚੱਲਣ ਰਾਹੇ ਪੈ ਗਈ ਹੈ। ਪਿੱਛੇ ਜਿਹੇ ਸਾਡੇ ਸਮਾਜ ਵਿਚ ਵਾਪਰੀਆਂ ਘਟਨਾਵਾਂ ਸਾਡੇ ਰੌਂਗਟੇ ਖੜ੍ਹੇ ਕਰਦੀਆਂ ਹਨ। ਗੁੜਗਾਓਂ ਦੇ ਇਕ ਨਿੱਜੀ ਸਕੂਲ 'ਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਨੇ ਇਕ ਛੋਟੇ ਬੱਚੇ ਦਾ ਗਲਾ ਕੱਟ ਕੇ ਕੀਤੀ ਹੱਤਿਆ ਨੇ ਭਾਰਤੀ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਹਿਲਾਂ ਬੱਚੇ ਸਕੂਲਾਂ ਵਿਚ ਪੂਰੀ ਤਰ੍ਹਾਂ ਅਧਿਆਪਕਾਂ ਹਵਾਲੇ ਹੁੰਦੇ ਸਨ। ਅਧਿਆਪਕ ਸਕੂਲ ਸਮੇਂ ਦੌਰਾਨ ਨਾ ਪੜ੍ਹਨ ਅਤੇ ਸ਼ਰਾਰਤਾਂ ਕਰਨ ਵਾਲਿਆਂ ਬੱਚਿਆਂ ਨਾਲ ਪੂਰੀ ਸਖ਼ਤੀ ਵਰਤਦੇ ਅਤੇ ਕੁੱਟਦੇ ਵੀ ਸਨ ਤਾਂ ਜੋ ਬੱਚੇ ਵਿਚ ਚੰਗੇ ਗੁਣ ਭਰੇ ਜਾ ਸਕਣ। ਇਸ ਤੋਂ ਇਲਾਵਾ ਬੱਚੇ ਆਪਣੇ ਮਾਂ-ਬਾਪ ਦੀ ਘੂਰ ਵੀ ਮੰਨਦੇ ਸਨ ਅਤੇ ਘਰੇ ਉਲਾਂਭਾ ਜਾਣ ਤੋਂ ਡਰਦੇ ਸਕੂਲ ਅਤੇ ਪਿੰਡ ਵਿਚ ਕਦੇ ਵੀ ਕਿਸੇ ਨਾਲ ਗ਼ਲਤ ਵਿਹਾਰ ਨਹੀਂ ਸਨ ਕਰਦੇ। ਪਰ ਅੱਜ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ। ਬੱਚਿਆਂ ਵਿਚ ਬਦਲਦੇ ਵਿਹਾਰ ਅਤੇ ਹਿੰਸਕ ਪ੍ਰਵਿਰਤੀ ਤੋਂ ਅਸੀਂ ਸਾਰੇ ਹੀ ਅੱਜ ਘਬਰਾਹਟ ਵਿਚ ਹਾਂ ਪਰ ਕੀ ਅਸੀਂ ਇਸ ਦੇ ਮੂਲ ਕਾਰਨ ਨੂੰ ਜਾਨਣ ਦੀ ਕੋਸ਼ਿਸ਼ ਕਰਾਂਗੇ। ਅੱਜ ਬੱਚਿਆਂ ਤੋਂ ਪਹਿਲਾਂ ਸਾਨੂੰ ਮੁੜ ਆਪਣੇ-ਆਪ ਨਾਲ ਆਪਣੇ ਪਰਿਵਾਰ ਨਾਲ ਜੁੜਨ ਦੀ ਲੋੜ ਹੈ। ਬੱਚਿਆਂ ਨੂੰ ਕਿਤਾਬੀ ਗਿਆਨ ਅਤੇ ਡਿਜੀਟਲ ਗਿਆਨ ਦੇ ਨਾਲ-ਨਾਲ ਸਾਡੇ ਮੌਖਿਕ ਗਿਆਨ ਦੀ ਵੀ ਲੋੜ ਹੈ। ਕਦਰਾਂ-ਕੀਮਤਾਂ, ਚੰਗੇ ਸੰਸਕਾਰ ਅਤੇ ਚੱਜ ਆਚਾਰ ਬੱਚਿਆਂ ਨੂੰ ਘਰ ਵਿਚੋਂ ਹੀ ਮਿਲਦਾ ਹੈ। ਘਰ ਵਿਚਲੇ ਮਹੌਲ ਅਤੇ ਗੱਲਬਾਤ ਦਾ ਬੱਚਿਆਂ 'ਤੇ ਪੂਰਾ ਅਸਰ ਹੁੰਦਾ ਹੈ। ਸਾਨੂੰ ਆਪਣੇ-ਆਪ ਵਿਚ ਬਦਲਾਅ ਲਿਆ ਕੇ ਘਰ ਵਿਚ ਸਾਜ਼ਗਾਰ ਮਹੌਲ ਸਿਰਜਣ ਦੀ ਲੋੜ ਹੈ ਤੇ ਬੱਚਿਆਂ ਦੀ ਹਰ ਸਰਗਰਮੀ 'ਤੇ ਨਜ਼ਰ ਰੱਖਣ ਦੀ ਲੋੜ ਹੈ।

-ਮਕਾਨ ਨੰ: 192, ਸੈਕਟਰ 23-ਏ ਚੰਡੀਗੜ੍ਹ। ਮੋਬਾ : 94635-28494.

ਵਿਦਿਆਰਥੀਆਂ ਦਾ ਵੱਧਦਾ ਵਿਦੇਸ਼ਾਂ ਵੱਲ ਰੁਝਾਨ

ਸੂਬੇ ਭਰ ਵਿਚ ਅਨੇਕਾਂ ਯੂਨੀਵਰਸਿਟੀਆਂ, ਕਾਲਜ ਖੁੱਲ੍ਹੇ ਹੋਏ ਹੋਣ ਦੇ ਬਾਵਜੂਦ ਵਿਦਿਆਰਥੀਆਂ ਦਾ ਵਿਦੇਸ਼ਾਂ ਵਿਚ ਪੜ੍ਹਨ ਦਾ ਰੁਝਾਨ ਕਈ ਗੁਣਾਂ ਵਧ ਗਿਆ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਜੇਕਰ ਰੁਜ਼ਗਾਰ ਇਥੇ ਮਿਲਣ 'ਤੇ ਹਰ ਘਰ ਰੱਜਵੀਂ ਰੋਟੀ ਖਾਵੇ ਤਾਂ ਕੋਈ ਵੀ ਨੌਜਵਾਨ ਆਪਣੇਭੈਣ-ਭਰਾ, ਰਿਸ਼ਤੇਦਾਰਾਂ ਨੂੰ ਛੱਡ ਕੇ ਵਿਦੇਸ਼ਾਂ ਦੀ ਮਿੱਟੀ ਨਹੀਂ ਛਾਣੇਗਾ। ਪਿਛਲੇ ਕੁਝ ਸਾਲਾਂ ਤੋਂ ਅਨੁਮਾਨ ਲਗਦਾ ਕਿ ਭਾਵੇਂ ਵਧੇਰੇ ਪੜ੍ਹਾਈ ਹੈ ਜਾਂ ਘੱਟ ਜਾਂ ਸ਼ਹਿਰੀ ਹੈ ਜਾਂ ਪੇਂਡੂ ਸਾਰਿਆਂ ਦੀ ਮਾਨਸਿਕਤਾ ਕਿਸੇ ਤਰੀਕੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਿਦੇਸ਼ ਪਹੁੰਚਣ ਦੀ ਹੋ ਗਈ ਹੈ। ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆਂ ਕੀਤਾ ਹੋਇਆ ਹੈ। ਇਸੇ ਕਾਰਨ ਨੌਜਵਾਨ ਪੀੜ੍ਹੀ ਧੜਾ-ਧੜ 12ਵੀਂ ਕਲਾਸ ਤੋਂ ਬਾਅਦ ਲੱਖਾਂ ਦੀ ਗਿਣਤੀ 'ਚ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ਾਂ ਵਿਚ ਜਾ ਰਹੀ ਹੈ।
ਪਰਦੇਸ ਜਾਣ ਲਈ ਹਰੇਕ ਪੰਜਾਬੀ ਲਈ ਵੱਖ-ਵੱਖ ਹਾਲਾਤ ਬਣਦੇ ਹਨ। ਜਿਹੜੇ ਘਰਾਂ ਦੀਆਂ ਮਜਬੂਰੀਆਂ ਕਰਕੇ ਜਾਂ ਪੜ੍ਹ ਲਿਖ ਕਿ ਵੀ ਬੇਰੁਜ਼ਗਾਰੀ ਹੰਢਾੳਂੁਦੇ ਹਨ ਉਨ੍ਹਾਂ ਨੂੰ ਪਰਦੇਸੀ ਹੋਣਾ ਪੈਂਦਾ ਹੈ। ਅਜਿਹੀ ਮਾਨਸਿਕਤਾ ਦੇ ਸ਼ਿਕਾਰ ਕਾਰਨ ਆਮ ਲੋਕ ਟਰੈਵਲ ਏਜੰਟਾਂ ਵਲੋਂ ਦਿਖਾਏ ਵੱਡੇ-ਵੱਡੇ ਸੁਪਨਿਆਂ ਕਾਰਨ ਉਨ੍ਹਾਂ ਦੀ ਚੁੰਗਲ ਵਿਚ ਸੌਖੇ ਫਸ ਜਾਂਦੇ ਹਨ ਤੇ ਫਿਰ ਉਹ ਆਪਣਾ ਘਰ ਗਹਿਣੇ, ਬੈਂਕ ਲੋਅਨ, ਵਿਆਜ 'ਤੇ ਫੜ ਕੇ ਜਾਂ ਜ਼ਮੀਨ, ਮਸ਼ੀਨਰੀ ਵੇਚ ਕੇ ਦੇਣੇ ਪੈ ਜਾਣ, ਇਸ ਤਰ੍ਹਾਂ ਨਾਲ ਕਈ ਨੌਜਵਾਨ ਠੱਗੇ ਜਾਂਦੇ ਹਨ ਤੇ ਕਈ ਰਸਤੇ ਵਿਚ ਹੀ ਮਾਰ ਮੁਕਾਏ ਜਾਂਦੇ ਹਨ ਤੇ ਜਿਹੜੇ ਪਹੁੰਚ ਜਾਂਦੇ ਹਨ ਉਨ੍ਹਾਂ ਦਾ ਵਿਦੇਸ਼ਾਂ ਵਿਚ ਸੋਸ਼ਣ ਕੀਤਾ ਜਾਂਦਾ, ਘੱਟ ਪੈਸਿਆਂ 'ਤੇ ਮਜ਼ਦੂਰੀ ਕਰਵਾਈ ਜਾਂਦੀ ਹੈ। ਫਿਰ ਵੀ ਵਿਦੇਸ਼ਾਂ ਵਿਚ ਵਸਣਾ ਚਾਹੁੰਦੇ ਹਨ। ਕਈਆਂ ਨੂੰ ਵਿਦੇਸ਼ ਵਰਦਾਨ ਸਿੱਧ ਹੁੰਦਾ ਤੇ ਕਈਆਂ ਲਈ ਸੰਤਾਪ, ਬਹੁਤ ਸਾਰੇ ਨੌਜਵਾਨ ਉੱਥੇ ਵੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ । ਜਿਸ ਕਰਕੇ ਇਨ੍ਹਾਂ ਨੌਜਵਾਨਾ ਦਾ ਭਵਿੱਖ ਵਿਦੇਸ਼ਾਂ ਵਿਚ ਵੀ ਸੁਖਾਲਾ ਨਹੀਂ, ਧੁੰਦਲਾ ਹੀ ਨਜ਼ਰ ਆਉਂਦਾ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ 12ਵੀਂ ਕਲਾਸ ਤੋਂ ਬਾਅਦ ਵਿਦਿਆਰਥੀ ਆਈਲੈਟਸ ਕਰ ਰਹੇ ਹਨ। ਜੋ ਸੈਂਕੜੇ ਯੂਨੀਵਰਸਿਟੀ, ਕਾਲਜਾਂ ਲਈ ਖ਼ਤਰੇ ਦੀ ਘੰਟੀ ਹੈ। ਕਾਲਜਾਂ ਵਿਚਹਜ਼ਾਰਾਂ ਦੀ ਗਿਣਤੀ ਵਿਚ ਡਿਗਰੀਆਂ ਕਰ ਰਹੇ ਨੌਜਵਾਨਾਂ ਦੀਆਂ ਨੌਕਰੀਆਂ 'ਤੇ ਵੀ ਖ਼ਤਰਾ ਮੰਡਰਾ ਰਿਹਾ ਹੈ ਜਿਸ ਨਾਲ ਬੇਰੁਜ਼ਗਾਰੀ ਹੋਰ ਵਧੇਗੀ।
ਹੁਣ ਗੱਲ ਕਰੀਏ ਵਿਦਿਆਰਥੀਆਂ ਦੇ ਬਾਹਰਲੇ ਦੇਸ਼ਾਂ ਵੱਲ ਰੁਝਾਨ ਦੀ, ਸਾਡੀਆਂ ਸਰਕਾਰਾਂ ਸਾਨੂੰ ਉਹ ਸਿਸਟਮ ਨਹੀਂ ਦੇ ਸਕੀਆਂ ਜਿਸ ਵਿਚ ਮਿਹਨਤੀ, ਉੱਦਮੀ, ਇਮਾਨਦਾਰ ਵਿਅਕਤੀ ਸਮਾਜ ਵਿਚ ਵਧੀਆ ਰੁਤਬਾ ਹਾਸਿਲ ਕਰ ਸਕੇ। ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲਾ ਵਿਅਕਤੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਜਦੋਂ ਕਿ ਵਿਕਸਤ ਦੇਸ਼ਾਂ ਵਿਚ ਉਸ ਦੀ ਮਿਹਨਤ ਦਾ ਮੁੱਲ ਪੈਂਦਾ ਹੈ ਅਤੇ ਉਹ ਵਧੀਆ ਨਾਗਰਿਕ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ। ਸਾਡੇ ਦੇਸ਼ ਵਿਚ ਕਿਸੇ ਵਧੀਆ ਨੀਤੀ ਨੂੰ ਲਾਗੂ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਵੋਟ ਬੈਂਕ ਹੈ। ਲੋਕ ਕਲਿਆਣ ਦੀ ਜਗ੍ਹਾ ਲੋਕ ਪ੍ਰਵਾਨਿਤ ਨੀਤੀਆਂ ਨੂੰ ਲਾਗੂ ਕੀਤਾ ਜਾਂਦਾ ਹੈ ਜਿਸ ਵਿਚ ਆਰਥਿਕ ਢਾਂਚਾ ਸੁਧਰਨ ਦੀ ਬਜਾਏ ਹੋਰ ਵਿਗੜ ਜਾਂਦਾ ਹੈ। ਜਿਸ ਤਰ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਦੀ ਬਜਾਏ ਉਨ੍ਹਾਂ ਦਾ ਰਸਤਾ ਅਜਿਹਾ ਤਿਆਰ ਕੀਤਾ ਜਾਂਦਾ ਹੈ ਕਿ ਉਹ ਰਾਜਨੀਤਕ ਪਾਰਟੀਆਂ ਲਈ ਵੋਟ ਬੈਂਕ ਤਿਆਰ ਹੋਵੇ। ਪ੍ਰੰਤੂ ਵਿਕਸਿਤ ਦੇਸ਼ਾਂ ਵਿਚ ਉੱਥੋਂ ਦੇ (ਸਿਸਟਮ) ਪ੍ਰਬੰਧਾਂ ਬਾਰੇ ਧਿਆਨ ਰੱਖਿਆ ਜਾਂਦਾ ਹੈ।
ਸੋ ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਸਰਕਾਰਾਂ ਦੁਆਰਾ ਅਜਿਹਾ ਸਿਸਟਮ ਬਣਾਇਆ ਜਾਵੇ ਕਿ ਨੌਜਵਾਨਾਂ ਨੂੰ ਮਿਹਨਤ ਕਰਨ ਦਾ ਸਹੀ ਮੁੱਲ ਤੇ ਸਨਮਾਨ ਪ੍ਰਾਪਤ ਹੋਵੇ ਉਨ੍ਹਾਂ ਦਾ ਸਮਾਜਿਕ ਰੁਤਬਾ ਉੱਚਾ ਹੋਵੇ। ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਅਤੇ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਆਪਣੇ ਦੇਸ਼ ਦੀ ਤਾਕਤ ਬਣਨ।

-ਸਾਦਿਕ, ਜ਼ਿਲ੍ਹਾ ਫ਼ਰੀਦਕੋਟ। ਮੋਬਾਈਲ : 98720-49161

ਸਿੱਖਿਆ ਵਿਚ ਸੰਗੀਤ ਤੇ ਕਲਾ ਵੀ ਜ਼ਰੂਰੀ

ਸੰਗੀਤ ਬੱਚਿਆਂ ਦੇ ਭਾਵਨਾਤਮਕ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰਸਿੱਧ ਦਾਰਸ਼ਨਿਕ ਪਲੈਟੋ ਅਤੇ ਅਰਸਤੂ ਨੇ ਵੀ ਸੰਗੀਤ ਨੂੰ ਸਿੱਖਿਆ ਦਾ ਅਭਿੰਨ ਅੰਗ ਮੰਨਿਆ ਹੈ। ਪਲੈਟੋ ਆਪਣੀ ਪੁਸਤਕ 'ਦਿ ਰਿਪਬਲਿਕ' ਵਿਚ ਦੱਸਦੇ ਹਨ ਕਿ ਸੰਗੀਤ ਬੱਚਿਆਂ ਵਿਚ ਰਿਦਮ ਅਤੇ ਹਾਰਮਨੀ ਪੈਦਾ ਕਰਦਾ ਹੈ ਜੋ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹਨ। ਸੰਗੀਤ ਬੱਚਿਆਂ ਦੀ ਆਤਮਾ ਨੂੰ ਸਿੱਖਿਅਤ ਬਣਾਉਂਦਾ ਹੈ। ਅਰਸਤੂ ਆਪਣੀ ਪੁਸਤਕ 'ਦਿ ਪਾਲਿਟਿਕਸ' ਵਿਚ ਲਿਖਦੇ ਹਨ ਕਿ ਸੰਗੀਤ ਨੂੰ ਸਿੱਖਿਆ ਵਿਚ ਸ਼ਾਮਿਲ ਕਰਨ ਨਾਲ ਬੱਚੇ ਦੇ ਨੈਤਿਕ ਵਿਕਾਸ ਵਿਚ ਵਾਧਾ ਹੁੰਦਾ ਹੈ ਹਾਲ ਹੀ ਵਿਚ 28 ਫਰਵਰੀ 2018 ਨੂੰ 'ਫਰੰਟਿਅਰਸ ਇਨ ਨਿਊਰੋ ਸਾਇੰਸ' ਨਾਮਕ ਜਰਨਲ ਵਿਚ ਇਕ ਰਿਸਰਚ ਪਬਲਿਸ਼ ਹੋਈ ਹੈ ਜਿਸ ਨੂੰ ਵੀ. ਯੂ. ਯੂਨੀਵਰਸਿਟੀ ਆਫ਼ ਐਮਸਟਰਡਮ, ਨੀਦਰਲੈਂਡਸ ਦੇ ਅਰਤੁਰ ਸੀ.ਜੈਸ਼ਕੇ ਅਤੇ ਉਨ੍ਹਾਂ ਦੀ ਟੀਮ ਨੇ ਮੁਕੰਮਲ ਕੀਤਾ। ਇਸ ਖੋਜ ਰਾਹੀ ਉਨ੍ਹਾਂ ਦੱਸਿਆ ਕਿ ਸੰਗੀਤ ਸਿੱਖਣ ਨਾਲ ਬੱਚਿਆਂ ਦੀ ਸਮਝਣ ਸ਼ਕਤੀ, ਤਰਕ ਸ਼ਕਤੀ ਅਤੇ ਕਿਸੇ ਵੀ ਕੰਮ ਨੂੰ ਕਰਨ ਦੀ ਯੋਗਤਾ ਵਧਦੀ ਹੈ ਇਸ ਤੋਂ ਇਲਾਵਾ ਵਿਜ਼ੂਅਲ ਆਰਟਸ ਦੇ ਰਾਹੀਂ ਬੱਚਿਆਂ ਦੀ ਦੇਖਣ ਸ਼ਕਤੀ ਅਤੇ ਵਸਤੂਆਂ ਨੂੰ ਵੇਖ ਕੇ ਯਾਦ ਰੱਖ ਸਕਣ ਦੀ ਸਮਰੱਥਾ ਵਿਚ ਵੀ ਵਾਧਾ ਹੁੰਦਾ ਹੈ। ਜਿੱਥੋਂ ਤਕ ਮੰਦ-ਬੁੱਧੀ ਬੱਚਿਆਂ ਦਾ ਸਵਾਲ ਹੈ, ਇਹ ਆਖਿਆ ਜਾ ਸਕਦਾ ਹੈ ਕਿ ਇਨ੍ਹਾਂ ਬੱਚਿਆਂ ਲਈ ਸੰਗੀਤਕ ਗਤੀਵਿਧੀਆਂ ਅਤਿ ਜ਼ਰੂਰੀ ਹਨ ਕਿਉਂਕਿ ਸੰਗੀਤ ਨਾਲ ਸਪੈਸ਼ਲ ਐਜੂਕੇਸ਼ਨ ਨੂੰ ਰੌਚਕ ਬਣਾਇਆ ਜਾ ਸਕਦਾ ਹੈ। ਇਸ ਕੋਸ਼ਿਸ਼ ਦੀ ਸ਼ੁਰੂਆਤ ਭਾਰਤ ਵਿਚ ਮੈਸੂਰ ਦੇ ਆਲ ਇੰਡੀਆ ਇੰਸਟੀਟਿਊਟ ਆਫ਼ ਸਪੀਚ ਐਂਡ ਹਿਅਰਿੰਗ ਨੇ ਕੀਤੀ ਹੈ। ਸੰਪੂਰਨ ਬਾਹਰੀ ਵਾਤਾਵਰਨ ਨੂੰ ਉਨ੍ਹਾਂ ਆਪਣੇ ਡਿਪਾਰਟਮੈਂਟ ਦੇ ਅੰਦਰ ਬਣਾਉਟੀ ਤੌਰ 'ਤੇ ਸਿਰਜਿਆ ਹੈ ਜਿਵੇਂ ਲਿਬੋਟੋਯ ਲਾਇਬਰੇਰੀ, ਕਾਰੀਡੋਰ ਵਿਚ ਟਰੈਫ਼ਿਕ ਲਾਈਟਾਂ ਵਾਲਾ ਚੌਕ, ਬਾਹਰਲੀ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਦੇ ਮਾਡਲ ਬਣਾ ਕੇ ਰੱਖੇ ਗਏ ਹਨ। ਸਪੈਸ਼ਲ ਐਜੂਕੇਸ਼ਨ ਵਿਚ ਸੰਗੀਤ ਦਾ ਪ੍ਰਯੋਗ ਕੋਈ ਨਵਾਂ ਕੰਮ ਨਹੀਂ ਸਗੋਂ ਇਸ ਦੀ ਸ਼ੁਰੂਆਤ 1959 ਵਿਚ ਅਮਰੀਕਾ ਦੇ ਪਾਲ ਨੌਰਡਫ ਜੋ ਇਕ ਮਿਊਜ਼ਿਕ ਕੰਪੋਜ਼ਰ ਤੇ ਪਿਆਨੋ ਵਾਦਕ ਸਨ ਅਤੇ ਇੰਗਲੈਂਡ ਦੇ ਕਲਾਇਵ ਰੌਬਿੰਸ ਜੋ ਇਕ ਸਪੈਸ਼ਲ ਐਜੂਕੇਟਰ ਸਨ, ਨੇ ਰਲ ਕੇ ਕੀਤੀ। ਉਨ੍ਹਾਂ ਦੀ ਇਹ ਤਕਨੀਕ ਨੌਰਡੋਫ-ਰੌਬਿੰਸ ਮਿਊਜ਼ਿਕ ਥਰੈਪੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਉਨ੍ਹਾਂ ਇਸ ਥਰੈਪੀ ਦੀ ਸ਼ੁਰੂਆਤ ਸਨਫੀਲਡ ਚਿਲਡਰਨ ਹੋਮ ਇੰਗਲੈਂਡ ਤੋਂ ਕੀਤੀ। ਇਹ ਸਪੈਸ਼ਲ ਬੱਚਿਆਂ ਦਾ ਸਕੂਲ ਹੈ ਜਿਸ ਨੂੰ ਫਰਾਇਡ ਗਯੂਟਰ ਨੇ 1930 ਵਿਚ ਕਲੈਂਟ ਵਰਮੈਂਸਟਰਸ਼ਾਇਰ ਨਾਮਕ ਥਾਂ 'ਤੇ ਖੋਲ੍ਹਿਆ ਸੀ। ਨੋਰਡੋਫ-ਰੌਬਿੰਸ ਦਾ ਵਿਜ਼ਨ ਹੈ ਕਿ ਸੰਗੀਤ ਉਨ੍ਹਾਂ ਸਾਰਿਆਂ ਤੱਕ ਪਹੁੰਚੇ ਜਿਨ੍ਹਾਂ ਨੂੰ ਉਸ ਦੀ ਲੋੜ ਹੈ। ਇਨ੍ਹਾਂ ਦਾ ਮਿਸ਼ਨ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਲਾਇਫ ਚੇਂਜਿੰਗ ਸੰਗੀਤ ਪਹੁੰਚਾਇਆ ਜਾਏ।

-ਐਸੋਸੀਏਟ ਪ੍ਰੋਫੈਸਰ, ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਾ ਪਠਾਨਕੋਟ। ਮੋਬਾਈਲ : 94177-19798

ਵਿਦਿਆਰਥੀ ਚੋਣ ਪ੍ਰਬੰਧਾਂ 'ਚ ਲੋੜੀਂਦੇ ਸੁਧਾਰਾਂ ਦੀ ਲੋੜ

ਲੋਕਤੰਤਰੀ ਪ੍ਰਣਾਲੀ ਵਿਚ ਵਿਦਿਆਰਥੀ ਵਰਗ ਤੋਂ ਰਾਸ਼ਟਰ ਦੇ ਨਿਰਮਾਣ ਦੀ ਨਵੀਂ ਸਵੇਰ ਦੀ ਉਮੀਦ ਦੀ ਡੋਰ ਹਮੇਸ਼ਾ ਬੱਝੀ ਰਹਿੰਦੀ ਹੈ। ਲੋਕਤੰਤਰੀ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਦੇਣ ਅਤੇ ਲੋਕਤੰਤਰ ਦੀ ਅਸਲ ਪਰਿਭਾਸ਼ਾ ਨੂੰ ਅਮਲੀ ਰੂਪ ਦੇਣ ਲਈ ਵਿਦਿਆਰਥੀ ਚੋਣਾਂ ਇਕ ਅਹਿਮ ਕੜੀ ਹਨ ਕਿਉਂਕਿ ਦੇਸ਼ ਦਾ ਭਵਿੱਖ ਇਨ੍ਹਾਂ ਵਿਦਿਆਰਥੀਆਂ ਦੇ ਹੱਥੋਂ ਹੋ ਕੇ ਗੁਜ਼ਰਨਾ ਹੈ। ਵਿਦਿਆਰਥੀ ਚੋਣਾਂ ਜਿਥੇ ਨੌਜਵਾਨਾਂ ਵਿਚ ਅਗਵਾਈ ਦੀ ਭਾਵਨਾ, ਆਪਣੇ ਮਸਲੇ ਉਠਾਉਣ, ਹੱਲ ਜਾਂ ਫੈਸਲੇ ਕਰਨ ਦੀ ਸਮਰੱਥਾ ਨੂੰ ਜਨਮ ਦਿੰਦੀਆਂ ਹਨ ਉਥੇ ਹੀ ਵਿਦਿਆਰਥੀ ਵਰਗ ਨੂੰ ਭਵਿੱਖ ਲਈ ਰਾਜਨੀਤੀ ਦੀ ਜ਼ਮੀਨ ਤਿਆਰ ਕਰਕੇ ਦਿੰਦੀਆਂ ਹਨ। ਦੇਸ਼ ਅੰਦਰ ਵਿਦਿਆਰਥੀ ਚੋਣਾਂ ਦਾ ਇਤਿਹਾਸ ਗਵਾਹ ਹੈ ਕਿ ਵਿਦਿਆਰਥੀ ਚੋਣਾਂ ਜ਼ਰੀਏ ਕਈ ਨੇਤਾ ਖੇਤਰੀ/ਭਾਰਤੀ ਰਾਜਨੀਤੀ ਵਿਚ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਅੱਗੇ ਚੱਲ ਕੇ ਰਾਜਨੀਤੀ ਵਿਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ।
ਪੰਜਾਬ ਵਿਚ ਪਹਿਲੀ ਵਾਰ ਵਿਦਿਆਰਥੀ ਚੋਣਾਂ 1977 ਵਿਚ ਹੋਈਆਂ ਅਤੇ ਉਸ ਸਮੇਂ ਇਸ ਦੇ ਅਹੁਦੇਦਾਰ ਸਰਬ ਸੰਮਤੀ ਨਾਲ ਚੁਣੇ ਗਏ। ਵਿਦਿਆਰਥੀ ਚੋਣਾਂ ਦੇ 1978 ਤੋਂ ਵੋਟਾਂ ਰਾਹੀਂ ਚੋਣਾਂ ਹੋਣ ਲੱਗੀਆਂ। ਸਾਲ 1983 ਤੱਕ ਵਿਦਿਆਰਥੀ ਚੋਣਾਂ ਹੁੰਦੀਆਂ ਰਹੀਆਂ, 1984 ਤੋਂ ਪੰਜਾਬ ਵਿਚ ਵਿਦਿਆਰਥੀ ਚੋਣਾਂ ਨਹੀਂ ਹੋਈਆਂ।
ਸਮਾਂ ਆਪਣੀ ਰਫ਼ਤਾਰ ਨਾਲ ਚਲਦਾ ਰਿਹਾ ਅਤੇ ਪੰਜਾਬ ਵਿਚ ਵਿਦਿਆਰਥੀ ਚੋਣਾਂ ਹੋਈਆਂ ਨੂੰ ਤਕਰੀਬਨ 34 ਵਰ੍ਹੇ ਬੀਤ ਗਏ ਹਨ। ਕਰੀਬ 15 ਸਾਲ ਪਹਿਲਾਂ ਸਰਵਉੱਚ ਅਦਾਲਤ ਦੇ ਨਿਰਦੇਸ਼ 'ਤੇ ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਜੇਮਜ਼ ਮਾਈਕਲ ਲਿੰਗਦੋਹ ਦੀ ਅਗਵਾਈ ਵਾਲੀ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਸਰਵਉੱਚ ਅਦਾਲਤ ਨੂੰ ਸੌਂਪਦੇ ਹੋਏ ਪੰਜਾਬ ਵਿਚ ਵਿਦਿਆਰਥੀ ਚੋਣਾਂ ਕਰਾਉਣ ਦੀ ਗੱਲ ਕਹੀ ਸੀ। ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਪੰਜਾਬੀ ਯੂਨੀਵਰਸਿਟੀ (ਪਟਿਆਲਾ) ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਜਲੰਧਰ) ਦੇ ਨਾਲ ਨਾਲ ਇਨ੍ਹਾਂ ਯੂਨੀਵਰਸਿਟੀਆਂ ਨਾਲ ਸੰਬੰਧਤ ਕਾਲਜਾਂ ਵਿਚ ਆਗਾਮੀ ਵਿਦਿਆਰਥੀ ਚੋਣਾਂ ਹੋਣ ਜਾ ਰਹੀਆਂ ਹਨ।
ਵਿਦਿਆਰਥੀ ਚੋਣਾਂ ਸੰਬੰਧੀ ਜੋ ਖਦਸ਼ਾ ਪ੍ਰਗਟਾਇਆ ਜਾਂਦਾ ਹੈ ਕਿ ਵਿਦਿਆਰਥੀਆਂ ਚੋਣਾਂ ਕਿਤੇ ਗੰਧਲੀ ਰਾਜਨੀਤੀ ਦਾ ਸ਼ਿਕਾਰ ਨਾ ਹੋ ਜਾਣ, ਵਿਦਿਆਰਥੀ ਜਥੇਬੰਦੀਆਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਡਿੱਗ ਨਾ ਜਾਣ, ਜਿੱਤਣ-ਹਰਾਉਣ ਦੇ ਚੱਕਰ 'ਚ ਕਿਤੇ ਵਿਦਿਆਰਥੀ ਵਰਗ ਲਈ ਗੰਭੀਰ ਸਿੱਟੇ ਨਾ ਨਿਕਲਣ ਆਦਿ ਖ਼ਦਸ਼ਿਆਂ ਨੂੰ ਨਜਿੱਠਣ ਲਈ ਵਿਵਸਥਾ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀ ਚੋਣਾਂ ਦੀ ਵਿਦਿਆਰਥੀ ਹਿੱਤਕਾਰੀ ਮੂਲ ਭਾਵਨਾ ਨੂੰ ਅਮਲੀ ਜਾਮਾ ਪਹਿਣਾਉਣ ਲਈ ਚੋਣ ਪ੍ਰਬੰਧਾਂ ਜਾਂ ਨਿਯਮਾਂਵਲੀ ਵਿਚ ਸੁਧਾਰਾਂ ਲਈ ਲੋੜੀਂਦੇੇ ਕਦਮ ਪੁੱਟੇ ਤਾਂ ਜੋ ਵਿਦਿਆਰਥੀ ਚੋਣਾਂ ਦੇ ਸਾਰਥਕ ਨਤੀਜੇ ਮਿਲ ਸਕਣ।

-ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ), ਜ਼ਿਲ੍ਹਾ : ਸੰਗਰੂਰ।
ਈਮੇਲ : bardwal.gobinder@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX