ਤਾਜਾ ਖ਼ਬਰਾਂ


ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  1 minute ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  17 minutes ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  34 minutes ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਫ਼ਤਿਆਬਾਦ, 17 ਜੁਲਾਈ (ਧੂੰਦਾ)- ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਡੇਹਰਾ ਸਾਹਿਬ ਲੁਹਾਰ ਵਿਖੇ 22 ਸਾਲਾ ਨੌਜਵਾਨ ਭਗਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਕੇ 'ਤੇ ਮੌਤ ਹੋ ਜਾਣ ਦੀ ...
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਿੱਖੀਵਿੰਡ, 17 ਜੁਲਾਈ (ਬੌਬੀ)-ਭਿੱਖੀਵਿੰਡ ਤੋਂ ਮੋਟਰ ਸਾਈਕਲਾਂ 'ਤੇ ਅਮਰਨਾਥ (ਜੰਮੂ ਕਸ਼ਮੀਰ) ਯਾਤਰਾ ਤੇ ਗਏ ਚਾਰ ਦੋਸਤਾਂ 'ਚੋਂ ਇਕ ਦੀ ਰਸਤੇ 'ਚ ਵਾਪਸੀ ਮੌਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਵਾਸੀ ,,,
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮਾਹਿਲਪੁਰ 17 ਜੁਲਾਈ (ਦੀਪਕ ਅਗਨੀਹੋਤਰੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕੰਡਰੀ ਸਕੂਲਾਂ 'ਚ ਅਧਿਆਪਕਾਂ ਵੱਲੋਂ ਦਸਤੀ ਤੌਰ 'ਤੇ ਅਤੇ ਹੱਥ ਲਿਖਤ ਰਾਹੀਂ ਲਈਆਂ ਜਾਂਦੀਆਂ....
ਹੋਰ ਖ਼ਬਰਾਂ..
  •     Confirm Target Language  

ਸਾਹਿਤ ਫੁਲਵਾੜੀ

ਕਹਾਣੀ

ਮੰਗਤੇ ਦਰ ਮੰਗਤੇ

ਇਕ ਮਹੀਨਾ ਪਹਿਲਾਂ ਹੀ ਸਾਰੇ ਦੇਸ਼ ਵਿਚ, ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਦੁਨੀਆ ਵਿਚ ਸਭ ਤੋਂ ਵੱਡਾ ਤੇ ਖਤਰਨਾਕ ਸੂਰਜ ਗ੍ਰਹਿਣ 18 ਜੁਲਾਈ ਨੂੰ ਲੱਗਣ ਵਾਲਾ ਹੈ। ਵਿਗਿਆਨੀਆਂ ਨੇ ਵੀ ਇਸ ਬਾਰੇ ਕੁਝ ਸ਼ੰਕੇ ਤੇ ਚਿਤਾਵਨੀਆਂ ਦਿੱਤੀਆਂ ਕਿ ਕੋਈ ਵੀ ਨੰਗੀ ਅੱਖ ਨਾਲ ਸੂਰਜ ਗ੍ਰਹਿਣ ਦੇ ਸਮੇਂ ਸੂਰਜ ਵੱਲ ਨਾ ਵੇਖੇ। ਅਜਿਹਾ ਕਰਨ ਨਾਲ ਅੰਨ੍ਹੇ ਹੋ ਜਾਣ ਦਾ ਖਤਰਾ ਸੀ। ਤਰਕਸ਼ੀਲ ਤੇ ਵਿਗਿਆਨੀਆਂ ਨੇ ਕਿਹਾ ਕਿ ਇਹ ਸੂਰਜ ਗ੍ਰਹਿਣ ਇਸ ਲਈ ਭਾਰਾ ਹੈ ਕਿਉਂਕਿ ਇਸ ਦੀ ਤਿੱਖੀ ਤੇ ਤੇਜ਼-ਤਰਾਰ ਰੌਸ਼ਨੀ ਇਸ ਗ੍ਰਹਿਣ ਦੇ ਸਮੇਂ ਖ਼ਤਰਨਾਕ ਅਤੇ ਨੁਕਸਾਨਦਾਇਕ ਵੀ ਸਿੱਧ ਹੋ ਸਕਦੀ ਹੈ। ਜੋਤਿਸ਼ੀਆਂ ਤੇ ਪੰਡਿਤਾਂ ਨੇ ਆਪਣੇ-ਆਪਣੇ ਢੰਗ ਨਾਲ ਇਸ ਗ੍ਰਹਿਣ ਬਾਰੇ ਆਪਣੇ-ਆਪਣੇ ਵਿਚਾਰ ਦਿੱਤੇ ਅਤੇ ਅਨੇਕਾਂ ਵਹਿਮ-ਭਰਮ ਪ੍ਰਚਲਿਤ ਹੋਏ। ਲੋਕਾਂ ਨੂੰ ਨਸੀਹਤ ਦਿੱਤੀ ਗਈ ਕਿ ਉਹ ਸੂਰਜ ਗ੍ਰਹਿਣ ਤੋਂ ਪਹਿਲਾਂ ਜਿਵੇਂ-ਕਿਵੇਂ ਵੀ ਹੋਵੇ ਆਪਣੇ-ਆਪਣੇ ਘਰ ਪੁੱਜ ਜਾਣ ਅਤੇ ਯਤਨ ਕਰਨ ਕਿ ਉਹ ਹਨ੍ਹੇਰੇ ਵਾਲੀ ਕੋਠੜੀ ਵਿਚ ਹੀ ਸਮਾਂ ਬਿਤਾਉਣ ਜਦੋਂ ਸੂਰਜ ਨੂੰ ਗ੍ਰਹਿਣ ਨੇ ਨਿਗਲਣਾ ਸੀ। ਉਂਜ ਵਿਗਿਆਨੀਆਂ ਅਨੁਸਾਰ ਸਾਧਾਰਨ ਸੂਰਜ ਗ੍ਰਹਿਣ ਦੇ ਦੌਰਾਨ ਸੂਰਜ, ਚੰਨ ਤੇ ਧਰਤੀ ਇਕ ਲਾਈਨ ਵਿਚ ਆ ਜਾਂਦੇ ਹਨ ਅਤੇ ਚੰਨ ਸੂਰਜ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਧਰਤ 'ਤੇ ਨਹੀਂ ਜਾਣ ਦਿੰਦਾ। ਇਨ੍ਹਾਂ ਪੰਡਿਤਾਂ, ਜੋਤਿਸ਼ੀਆਂ ਦੀ ਮਦਦ 'ਤੇ ਬੁੜ੍ਹੀਆਂ-ਬੀਬੀਆਂ ਵੀ ਆਣ ਖਲੋਤੀਆਂ, ਜਿਨ੍ਹਾਂ ਆਪਣੀਆਂ ਗਰਭਵਤੀ ਨੂੰਹਾਂ ਜਾਂ ਗਰਭਵਤੀ ਪੋਤ-ਨੂੰਹਾਂ ਨੂੰ ਨਸੀਹਤ ਦਿੱਤੀ ਕਿ ਉਹ ਹਨ੍ਹੇਰੇ ਵਾਲੀ ਕੋਠੜੀ ਵਿਚ ਬੈਠ ਕੇ ਪਰਮਾਤਮਾ ਦੀ ਭਜਨ-ਬੰਦਗੀ ਕਰਨ ਤੇ ਬਿਸਤਰ 'ਤੇ ਲੇਟੇ ਰਹਿਣ...। ਇੰਜ ਅਨੇਕਾਂ ਅਣਗਿਣਤ ਵਹਿਮ-ਭਰਮ ਇਨ੍ਹਾਂ ਗ੍ਰਹਿਣਾਂ ਦੇ ਦੌਰਾਨ ਅਕਸਰ ਫੈਲਾਏ ਗਏ।
ਮੈਂ, ਮੇਰੀ ਪਤਨੀ ਤੇ ਮੇਰੇ ਦੋ ਬੱਚੇ ਪਿਛਲੇ ਪੰਜ ਸਾਲਾਂ ਤੋਂ ਇਸੇ ਇਕੋ ਕਸਬੇ ਵਿਚ ਰਹਿ ਰਹੇ ਹਾਂ, ਜਿਸ ਵਿਚ ਪੇਂਡੂ ਤੇ ਸ਼ਹਿਰੀ ਦੋਵਾਂ ਵਿਚਾਰਾਂ ਦਾ ਮਿਲਗੋਭਾ ਵੇਖਣ ਨੂੰ ਮਿਲਦਾ ਹੈ। ਮੇਰੀ ਪਤਨੀ ਸਰਕਾਰੀ ਸਕੂਲ (ਲੜਕੀਆਂ) ਵਿਚ ਅਧਿਆਪਕਾ ਹੈ ਤੇ ਮੈਂ ਵੀ ਸਰਕਾਰੀ ਸਕੂਲ (ਮੁੰਡਿਆਂ) ਵਿਚ ਮੈਥ ਦਾ ਅਧਿਆਪਕ ਹਾਂ। ਇਹ ਸੂਰਜ ਗ੍ਰਹਿਣ ਪਿਛਲੇ 100 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਤੇ ਖ਼ਤਰਨਾਕ ਮੰਨਿਆ ਜਾ ਰਿਹਾ ਸੀ। ਸਾਰੇ ਸਰਕਾਰੀ, ਗ਼ੈਰ-ਸਰਕਾਰੀ ਦਫ਼ਤਰ, ਸਕੂਲ, ਸੰਸਥਾਵਾਂ ਸੂਰਜ ਗ੍ਰਹਿਣ ਦੀ ਪ੍ਰਕੋਪੀ ਤੋਂ ਬਚਣ ਲਈ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ। ਮੇਰੀ ਵੱਡੀ ਭੈਣ ਆਪਣੇ ਤਿੰਨ ਬੱਚਿਆਂ ਨਾਲ ਇਸ ਦੌਰਾਨ ਸਾਡੇ ਸੱਦੇ 'ਤੇ ਸਾਡੇ ਘਰ ਆਈ ਹੋਈ ਸੀ ਤੇ ਉਸ ਦੀਆਂ ਨਸੀਹਤਾਂ ਅਨੁਸਾਰ ਅਸੀਂ ਸੂਰਜ ਗ੍ਰਹਿਣ ਦੀ ਪ੍ਰਕੋਪੀ ਤੋਂ ਬਚਣ ਲਈ ਆਪਣੇ-ਆਪਣੇ ਕਾਰਜ ਕਰ ਰਹੇ ਸਾਂ।
ਤਰਕਸ਼ੀਲਾਂ ਨੇ ਕਿਹਾ ਸੀ ਕਿ ਇਸ ਸੂਰਜ ਗ੍ਰਹਿਣ ਦੌਰਾਨ ਟੀ.ਵੀ. ਨਹੀਂ ਦੇਖਣਾ ਤੇ ਖਾਸ ਤੌਰ 'ਤੇ ਗਰਭਵਤੀ ਇਸਤਰੀਆਂ ਨੂੰ ਇਸ ਦੀ ਮਨਾਹੀ ਸੀ। ਹੋਰ ਵੀ ਇੱਕਾ-ਦੁੱਕਾ ਵਹਿਮ-ਭਰਮ ਮੰਨ ਕੇ ਅਸੀਂ ਆਪਣੀ ਵੱਡੀ ਭੈਣ ਦੀਆਂ ਨਸੀਹਤਾਂ ਮੁਤਾਬਿਕ ਗ੍ਰਹਿਣ ਦੀ ਪ੍ਰਕੋਪੀ ਤੇ ਦੁਖਾਂਤ ਤੋਂ ਬਚਣ ਦਾ ਯਤਨ ਕਰ ਰਹੇ ਸਾਂ ਕਿਉਂਕਿ ਇਸ ਸਮੇਂ ਮੇਰੀ ਪਤਨੀ ਵੀ ਗਰਭਵਤੀ ਸੀ। ਅਕਸਰ ਕਿਹਾ ਜਾਂਦਾ ਹੈ ਕਿ ਸੂਰਜ ਗ੍ਰਹਿਣ ਦੇ ਦੌਰਾਨ ਹੋਣ ਵਾਲੇ ਬੱਚਿਆਂ 'ਤੇ ਪ੍ਰਭਾਵ ਜਾਂ ਕੁ-ਪ੍ਰਭਾਵ ਪੈ ਸਕਦਾ ਹੈ।
ਇਸ ਸੂਰਜ ਗ੍ਰਹਿਣ ਦੇ ਦੌਰਾਨ ਹਰ ਥਾਂ 'ਤੇ ਕਰਫਿਊ ਵਰਗਾ ਵਾਤਾਵਰਨ ਸੀ। ਅਸੀਂ ਵੀ ਆਪਣੇ ਡਰਾਇੰਗ ਰੂਮ ਵਿਚ ਕੁਝ ਖਾਣ ਵਾਲੀਆਂ ਚੀਜ਼ਾਂ, ਫਾਸਟ ਫੂਡ ਆਦਿ ਲੈਕੇ ਬੈਠ ਗਏ। ਬੱਚੇ ਕੈਰਮ ਬੋਰਡ ਖੇਡ ਰਹੇ ਸਨ ਜਾਂ ਸੱਪ ਸਿੜ੍ਹੀ ਦੀ ਖੇਡ ਜਾਂ ਲੂਡੋ ਆਦਿ 'ਚ ਮਸਤ ਸਨ। ਉਹ ਖੇਡ ਬਦਲ-ਬਦਲ ਕੇ ਆਪਣੀ ਬੋਰੀਅਤ ਦੂਰ ਕਰ ਰਹੇ ਸਨ। ਵੱਡੇ ਭੈਣ ਜੀ ਗੁਰਬਾਣੀ ਦਾ ਗੁਟਕਾ ਲੈ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਚੁੱਪ-ਚਾਪ ਕਾਫ਼ੀ ਲੰਬੇ ਸਮੇਂ ਤੋਂ ਕਰ ਰਹੇ ਸਨ। ਮੈਨੂੰ ਥੋੜ੍ਹਾ ਜਿਹਾ ਕੌੜਾ ਘੁੱਟ ਪੀਣ ਦੀ ਆਦਤ ਹੈ ਤੇ ਅਜਿਹੇ ਮੌਕੇ ਦਾ ਮੈਂ ਅਕਸਰ ਲਾਭ ਉਠਾਉਂਦਾ ਹੀ ਹਾਂ। ਪਰ ਮੇਰੀ ਵੱਡੀ ਭੈਣ ਨੇ ਮੇਰੀ ਜੀਭ 'ਚੋਂ ਲਾਰਾਂ ਟਪਕਦੇ ਦੇਖ ਕੇ ਕਿਹਾ ਸੀ, 'ਛੋਟੇ ਤੂੰ, ਆਪਣਾ ਨਾ ਸੋਚ, ਪ੍ਰੰਤੂ ਆਉਣ ਵਾਲੇ ਜੀਅ ਬਾਰੇ ਸੋਚ। ਜੇ ਤੇਰੇ ਕੌੜੇ ਘੁੱਟ ਨਾਲ ਉਹ ਬੱਚਾ ਅਪੰਗ ਹੋ ਗਿਆ ਤਾਂ ਫੇਰ ਕੀ ਕਰੇਂਗਾ?' ਮੇਰੀ ਪਤਨੀ ਮਨ ਹੀ ਮਨ ਮੁਸਕਰਾਈ ਕਿਉਂਕਿ ਉਸ ਵਿਚ ਮੈਨੂੰ ਸ਼ਰਾਬ ਪੀਣ ਤੋਂ ਵਰਜਣ ਦੀ ਹਿੰਮਤ ਨਹੀਂ ਸੀ। ਭੈਣ ਜੀ ਨੇ ਅੱਗੋਂ ਗੱਲ ਜਾਰੀ ਰੱਖਦੇ ਹੋਏ ਕਿਹਾ, 'ਜੇ ਤੂੰ ਆਈ ਤੋਂ ਨਹੀਂ ਟਲਣਾ ਤਾਂ ਇੰਜ ਕਰ, ਆਹ ਦੋ ਘੰਟੇ ਪਚਵੰਜਾ ਮਿੰਟ ਤੇ ਦਸ ਸੈਕਿੰਡ ਦੇ ਸਮੇਂ ਆਪਣੇ-ਆਪ ਨੂੰ ਰੋਕ ਲੈ ਤੇ ਇਸ ਮਗਰੋਂ ਗੁਰਦੁਆਰੇ ਮੱਥਾ ਟੇਕ ਕੇ ਆਪਣਾ ਮੂੰਹ ਝੁਲਸ ਲਈਂ।'
ਵੱਡੇ ਭੈਣ ਜੀ ਦਾ ਸਤਿਕਾਰ ਅਸੀਂ ਸਾਰੇ ਕਰਦੇ ਸਾਂ ਤੇ ਕਰਦੇ ਆ ਰਹੇ ਹਾਂ। ਮੈਂ ਸਤਿ ਵਚਨ ਵਿਚ ਸਿਰ ਹਿਲਾਇਆ ਤੇ ਆਪਣੇ ਦਿਲੋਂ ਧੰਨਵਾਦ ਵੀ ਕੀਤਾ ਕਿ ਤਿੰਨ ਘੰਟੇ ਮਗਰੋਂ ਆਪਾਂ ਨੂੰ ਛੁੱਟੀ ਹੈ, ਪੂਰੇ ਗੁਲਛਰੇ ਉਡਾਉਣ ਦਾ ਮੌਕਾ ਮਿਲ ਹੀ ਜਾਵੇਗਾ।
ਜਿਉਂ ਹੀ ਸੂਰਜ ਗ੍ਰਹਿਣ ਦਾ ਮਿਥਿਆ ਸਮਾਂ ਬੀਤਿਆ ਤੇ ਕਿਲ੍ਹੇ/ਥਾਣੇ ਤੋਂ ਘੰਟੀਆਂ ਦੇ ਖੜਕਣ ਦੀ ਜ਼ੋਰ-ਜ਼ੋਰ ਦੀ ਆਵਾਜ਼ ਆਈ। ਸਪੱਸ਼ਟ ਸੀ ਕਿ ਸੂਰਜ ਗ੍ਰਹਿਣ ਖਤਮ ਹੋ ਗਿਆ ਹੈ। ਦੋ ਮਿੰਟਾਂ ਵਿਚ ਹੀ ਸੁੰਨਸਾਨ ਗਲੀਆਂ-ਸੜਕਾਂ ਆਮ ਲੋਕਾਂ ਤੇ ਮੰਗਤਿਆਂ ਦੇ ਨਾਲ ਭਰ ਗਈਆਂ ਸਨ ਤੇ ਇਹ ਬਹੁਤੇ ਮੰਗਤੇ ਮਾਜਰੀ ਦੇ ਇਲਾਕੇ ਤੋਂ ਆਏ ਸਨ। ਉਹ ਉੱਚੀ-ਉੱਚੀ ਆਵਾਜ਼ ਵਿਚ ਕਹਿ ਰਹੇ ਸਨ 'ਦਾਨ ਬਈ ਦਾਨ, ਸੂਰਜ ਗ੍ਰਹਿਣ ਦਾ ਮਹਾਂ ਦਾਨ।... ਜੋ ਦੇਵੇ ਉਸ ਦਾ ਵੀ ਭਲਾ, ਜੋ ਨਾ ਦੇਵੇ ਉਸ ਦਾ ਵੀ ਭਲਾ। ਜੋ ਵੀ ਦੇਵੇ ਉਹ ਸੁੱਕਾ ਅਨਾਜ ਦੇਵੇ... ਦਾਨ ਬਈ ਦਾਨ, ਦਾਨ ਬਈ ਦਾਨ। ਹਿੰਦੂ, ਸਿੱਖ, ਮੁਸਲਮਾਨ ਸਭ ਇਕੋ ਜਾਣ।' ਲੋਕ ਆਪਣੇ ਆਪ ਘਰੋਂ ਤੇ ਖਾਸ ਤੌਰ 'ਤੇ ਔਰਤਾਂ ਤੇ ਬੁੱਢੀਆਂ ਔਰਤਾਂ ਸੂਰਜ ਗ੍ਰਹਿਣ ਦਾ ਦਾਨ ਦੇ ਕੇ ਭੈਅ ਮੁਕਤ ਜਿਹੀਆਂ ਹੋ ਰਹੀਆਂ ਸਨ ਅਤੇ ਉਹ ਆਪਣੇ ਦੋਵਾਂ ਹੱਥਾਂ ਦੋਵੇਂ ਕੰਨਾਂ ਨੂੰ ਛੂਹ ਕੇ ਉੱਪਰ ਵਾਲੇ ਪਾਸੇ ਦੇਖਦੀਆਂ ਤੇ ਕਿਸੇ ਸਹਿਮ ਅਧੀਨ ਸਿਰ ਝੁਕਾ ਲੈਂਦੀਆਂ।
ਬਹੁਤੇ ਮੰਗਤੇ ਤੀਹ ਤੇ ਪੰਜਾਹ ਸਾਲਾਂ ਦੀ ਉਮਰ ਦੇ ਵਿਚਕਾਰ ਵਾਲੇ ਸਨ। ਦਾਨ ਦੇਣ ਵਾਲੇ ਵਧੇਰੇ ਸਨ ਤੇ ਲੈਣ ਵਾਲੇ ਘੱਟ। ਇਸ ਲਈ ਇਨ੍ਹਾਂ ਵਿਚੋਂ ਅਖੌਤੀ ਨੌਜਵਾਨ ਮੰਗਤੇ ਆਪਣਾ ਸੁੱਕਾ ਦਾਨ 'ਕੱਠਾ ਕਰ ਕੇ ਘਰ ਰੱਖਣ ਚਲੇ ਜਾਂਦੇ ਤੇ ਬਾਅਦ ਵਿਚ ਮੁੜ ਕਸਬੇ 'ਚ ਆਪੋ-ਆਪਣੀ ਡਿਊਟੀ ਸ਼ੁਰੂ ਕਰ ਦਿੰਦੇ।
ਮਾਜਰੀ-ਜਿਥੋਂ ਬਹੁਤੇ ਮੰਗਤੇ ਗ੍ਰਹਿਣਾਂ ਦੌਰਾਨ ਆਉਂਦੇ ਹਨ, ਇਹ ਸ਼ਹਿਰ ਤੋਂ ਬਾਹਰ ਵਾਰ ਦਾ ਇਲਾਕਾ ਹੈ। ਇਸ ਇਲਾਕੇ ਵਿਚ ਗਰੀਬ-ਗੁਰਬੇ ਤੇ ਛੋਟੀਆਂ ਜਾਤਾਂ ਦੇ ਵਿਅਕਤੀ ਅਕਸਰ ਰਹਿੰਦੇ ਹਨ। ਇਸ ਸੂਰਜ ਗ੍ਰਹਿਣ ਦੌਰਾਨ ਦਸ ਮਿੰਟਾਂ ਵਿਚ ਹੀ ਮਾਜਰੀ ਦੇ ਬਹੁਤੇ ਜਵਾਨ, ਔਰਤਾਂ ਤੇ ਅਧਖੜ ਉਮਰ ਦੇ ਵਿਅਕਤੀ ਕਸਬੇ ਵਿਚ ਆ ਪੁੱਜੇ। ਉਨ੍ਹਾਂ ਦੇ ਬਜ਼ੁਰਗ ਘਰਾਂ ਵਿਚ ਰਾਮ-ਰਾਮ ਜਾਂ ਹਰੀ ਓਮ ਜਾਂ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਕੋਈ ਤੁਲਸੀ ਦਾਸ, ਕੋਈ ਫਰੀਦ ਤੇ ਹੋਰ ਕੋਈ ਕਬੀਰ ਦੇ ਸਲੋਕ ਉੱਚੀ ਸੁਰ ਵਿਚ ਗਾ ਰਿਹਾ ਸੀ। ਇਕ ਬਜ਼ੁਰਗ ਦੀ ਹੰਢੀ ਹੋਈ ਮਿੱਠੀ ਤੇ ਸਨਾਤਨੀ ਸੰਗੀਤ ਦੀ ਆਵਾਜ਼ 'ਚ ਕਬੀਰ ਜੀ ਦਾ ਇਹ ਸਲੋਕ ਸੁਣਨ ਨੂੰ ਮਿਲਿਆ:
'ਚਿੜੀ ਚੋਂਚ ਭਰ ਲੇ ਗਈ,
ਨਦੀ ਨਾ ਘਟਿਓ ਨੀਰ।
ਦਾਨ ਦੀਏ ਧਨ ਨਾ ਘਟੈ,
ਕਹਿ ਗਏ ਦਾਸ ਕਬੀਰ।'
ਜਿਉਂ ਹੀ ਸੂਰਜ ਗ੍ਰਹਿਣ ਖਤਮ ਹੋਇਆ ਤਾਂ ਕੁਝ ਮੰਗਤੇ ਮਾਜਰੀ ਵਿਚ ਵੀ ਦਾਨ ਲੈਣ ਲਈ ਆ ਪੁੱਜੇ। ਚੁਰਾਹੇ 'ਤੇ ਇਕ ਘਰ ਵਿਚ ਇਕ ਬਜ਼ੁਰਗ ਤੇ ਉਸ ਦੀ ਪਤਨੀ ਰਹਿ ਰਹੇ ਸਨ ਅਤੇ ਉਨ੍ਹਾਂ ਦੇ ਦੋਵੇਂ ਮੁੰਡੇ ਤੇ ਨੂੰਹਾਂ ਦਾਨ 'ਕੱਠਾ ਕਰਨ ਲਈ ਕਸਬੇ ਵੱਲ ਗਏ ਹੋਏ ਸਨ। ਉਨ੍ਹਾਂ ਦੇ ਘਰ ਵਿਚ ਦੋ-ਤਿੰਨ ਮੰਗਤਿਆਂ ਨੂੰ ਦੇਣ ਲਈ ਕੁਝ ਸਾਮਾਨ ਸੀ ਜੋ ਛੇਤੀ ਹੀ ਖਤਮ ਹੋ ਗਿਆ। ਇਕ ਹੋਰ ਮੰਗਤਾ ਉਨ੍ਹਾਂ ਦੇ ਘਰ ਦੇ ਬੂਹੇ 'ਤੇ ਆ ਖਲੋਤਾ ਜੋ ਲੰਗੜਾ ਕੇ ਤੁਰ ਰਿਹਾ ਸੀ ਤੇ ਜ਼ਰਾ ਕੁ ਵੱਡੀ ਉਮਰ ਦਾ ਸੀ। ਬੁੱਢੀ ਘਰੇਲੂ ਔਰਤ ਨੇ ਉਸ ਨੂੰ ਚਾਰ ਪੱਕੇ ਹਰੇ ਲਸਣ ਵਾਲੇ ਪਰੌਂਠੇ ਦੇਣ ਦੀ ਪੇਸ਼ਕਸ਼ ਕੀਤੀ ਜੋ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਪੱਕੇ ਅਨਾਜ ਦੀ ਮੰਗ ਕਰ ਰਿਹਾ ਸੀ। ਉਸ ਦੇ ਪਤੀ ਨੇ ਮੰਗਤੇ ਨੂੰ ਕਿਹਾ, 'ਤੂੰ ਭਾਈ ਥੋੜ੍ਹੀ ਦੇਰ ਠਹਿਰ, ਮੇਰੇ ਮੁੰਡੇ ਤੇ ਨੂੰਹ ਮੁੜਨ ਹੀ ਵਾਲੇ ਹਨ।' ਮੰਗਤੇ ਨੇ ਕਿਹਾ ਕਿ ਉਹ ਦੁਬਾਰਾ ਆ ਜਾਵੇਗਾ ਪਰ ਰੁਕ ਨਹੀਂ ਸਕਦਾ। ਬਜ਼ੁਰਗ ਜੋੜੇ ਨੂੰ ਬੜਾ ਮਾੜਾ ਮਹਿਸੂਸ ਹੋਇਆ ਕਿ ਘਰੋਂ ਇਕ ਮੰਗਤਾ ਖਾਲੀ ਹੱਥ ਜਾ ਰਿਹਾ ਹੈ।
ਪੰਜ-ਸੱਤ ਮਿੰਟ ਬੀਤੇ ਤੇ ਬਜ਼ੁਰਗ ਜੋੜੇ ਦੇ ਇਕ ਪੁੱਤਰ ਤੇ ਨੂੰਹ ਦਾਨ ਦੀਆਂ ਇਕੱਠੀਆਂ ਕੀਤੀਆਂ ਪੋਟਲੀਆਂ ਘਰੇ ਰੱਖ ਕੇ ਮੁੜ ਕਸਬੇ ਵਲ ਚਲੇ ਗਏ ਕਿਉਂਕਿ ਦਾਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਜ਼ੁਰਗ ਨੇ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਕੋਈ ਵੀ ਮੰਗਤਾ ਖਾਲੀ ਹੱਥ ਨਾ ਮੁੜੇ। ਉਸ ਨੇ ਦੋ ਪੋਟਲੀਆਂ ਪੱਕੇ ਅਨਾਜ (ਕਣਕ ਅਤੇ ਜੌਂ) ਦੀਆਂ ਚੁੱਕੀਆਂ ਤੇ ਉਸ ਮੰਗਤੇ ਦੀ ਤਲਾਸ਼ ਵਿਚ ਨਿਕਲ ਪਿਆ ਜੋ ਪੰਜ-ਸੱਤ ਮਿੰਟ ਪਹਿਲਾਂ ਹੀ ਉਸ ਦੇ ਘਰੋਂ ਖਾਲੀ ਹੱਥ ਤੁਰ ਗਿਆ ਸੀ। ਬਜ਼ੁਰਗ ਨੇ ਇਕ ਹੱਥ ਵਿਚ ਡੰਗੋਰੀ ਫੜੀ ਹੋਈ ਸੀ ਤੇ ਦੂਜੇ ਮੋਢੇ 'ਤੇ ਉਸ ਨੇ ਦੋਵੇਂ ਪੋਟਲੀਆਂ ਲਟਕਾ ਲਈਆਂ ਸਨ। ਉਸ ਨੇ ਤੇਜ਼ੀ ਨਾਲ ਕਦਮ ਪੁੱਟੇ ਤਾਂ ਜੋ ਉਹ ਉਸ ਮੰਗਤੇ ਕੋਲ ਅੱਪੜ ਸਕੇ, ਜੋ ਖਾਲੀ ਹੱਥ ਉਸ ਦੇ ਘਰੋਂ ਮੁੜ ਗਿਆ ਸੀ। ਉਹ ਹੈਰਾਨ ਹੋ ਗਿਆ ਜਦੋਂ ਉਸ ਨੇ ਮਾਜਰੀ ਤੋਂ ਬਾਹਰ ਤੇ ਕੁਝ ਫਾਸਲੇ 'ਤੇ ਇਕ ਹੋਰ ਕਾਲੋਨੀ ਵੀ ਵੇਖੀ, ਜਿਥੇ ਉਹ ਵਿਅਕਤੀ ਦਾਖਲ ਹੋ ਰਿਹਾ ਸੀ। ਇਹ ਕਾਲੋਨੀ ਕੋਹੜੀਆਂ ਦੀ ਸੀ। ਬਜ਼ੁਰਗ ਨੇ ਉਸ ਨੂੰ ਆਵਾਜ਼ ਦਿੱਤੀ, 'ਓਏ ਭਾਈ, ਭਲੇਮਾਣਸ। ਆਪਣੀ ਅਮਾਨਤ ਤਾਂ ਲੈ ਜਾ।' ਕੋਹੜੀ ਮੰਗਤੇ ਨੇ ਉਸ ਦਾ ਮੁਸਕਰਾਹਟ ਨਾਲ ਸਵਾਗਤ ਕੀਤਾ ਤੇ ਅਨਾਜ ਦੀਆਂ ਦੋਵੇਂ ਪੋਟਲੀਆਂ ਲੈ ਕੇ ਆਪਣੇ-ਆਪ ਨੂੰ ਝੁਕਾਇਆ। ਮਾਜਰੀ ਵਾਲਾ ਬਜ਼ੁਰਗ ਆਪਣੇ ਘਰ ਵੱਲ ਮੁੜ ਗਿਆ। ਥੋੜ੍ਹੀ ਦੂਰ ਗਿਆ ਤਾਂ ਉਸ ਨੇ ਵੇਖਿਆ ਕਿ ਇਕ ਮੰਦਰ ਦਾ ਪੁਜਾਰੀ ਮੱਥੇ 'ਤੇ ਚੰਦਨ ਦਾ ਤਿਲਕ ਲਾਈ ਕੋਹੜੀਆਂ ਦੀ ਕਾਲੋਨੀ ਵੱਲ ਜਾ ਰਿਹਾ ਸੀ। ਸਪੱਸ਼ਟ ਸੀ ਕਿ ਉਸ ਨੂੰ ਵੀ ਦਾਨ ਦੀ ਲੋੜ ਸੀ ਜਾਂ ਇੰਜ ਕਹਿ ਲਓ ਕਿ ਹਰ ਇਨਸਾਨ ਦਾਨ ਆਪਣੇ ਹੱਥੀਂ ਦੇ ਕੇ ਮਾਨਸਿਕ ਰਾਹਤ ਜਾਂ ਤਸੱਲੀ ਜਿਹੀ ਮਹਿਸੂਸ ਕਰਦਾ ਹੈ। ਮਾਜਰੀ ਵਾਲਾ ਬਜ਼ੁਰਗ ਇਹ ਸਭ ਕੁਝ ਆਪਣੇ ਮਨ ਵਿਚ ਹੀ ਚਿਤਵ ਰਿਹਾ ਸੀ ਅਤੇ ਸਹਿਜੇ-ਸਹਿਜੇ ਤੁਰ ਰਿਹਾ ਸੀ ਕਿਉਂਕਿ ਉਸ ਦਾ ਆਪਣਾ ਮਿਸ਼ਨ ਪੂਰਾ ਹੋ ਚੁੱਕਾ ਸੀ। ਉਹ ਆਪਣੇ ਮਾਜਰੀ ਵਿਚ ਉਸਰੇ ਭਾਈ ਜੀਵਨ ਸਿੰਘ ਗੁਰਦੁਆਰੇ ਕੋਲੋਂ ਦੀ ਲੰਘਿਆ ਜਿਥੇ ਕੀਰਤਨ ਚਲ ਰਿਹਾ ਸੀ ਤੇ ਆਵਾਜ਼ ਆ ਰਹੀ ਸੀ:
ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥
ਹੁਕਮੀ ਹੁਕਮੁ ਚਲਾਏ ਰਾਹੁ॥
ਨਾਨਕ ਵਿਗਸੈ ਵੇਪਰਵਾਹੁ॥ (ਅੰਗ : 2)
ਮਾਜਰੀ ਵਾਲੇ ਬਜ਼ੁਰਗ ਦੇ ਪੈਰ ਆਪ-ਮੁਹਾਰੇ ਗੁਰਦੁਆਰੇ ਵਾਲੇ ਪਾਸੇ ਮੁੜ ਗਏ ਸਨ। ਉਸ ਨੂੰ ਲੱਗਿਆ ਜਿਵੇਂ ਧਰਤ 'ਤੇ ਵਿਚਰ ਰਹੇ ਸਭ ਛੋਟੇ-ਛੋਟੇ ਜੀਅ ਮੰਗਤੇ ਹੀ ਹਨ ਜੋ ਇਕ-ਦੂਜੇ ਤੋਂ ਦਾਨ ਲੈ ਦੇ ਕੇ ਆਪਣੀ-ਆਪਣੀ ਹਉਮੈ ਵਿਚ ਹੀ ਅੰਦਰੋ-ਅੰਦਰ ਖ਼ੁਸ਼ ਹੁੰਦੇ ਰਹਿੰਦੇ ਹਨ। ਪ੍ਰੰਤੂ ਪਰਮਾਤਮਾ ਇਕ ਵਾਰ 'ਚ ਇੰਨਾ ਕੁਝ ਦੇ ਦਿੰਦਾ ਹੈ ਕਿ ਕਿਸੇ ਨੂੰ ਕਿਸੇ ਤੋਂ ਵੀ ਮੁੜ ਮੰਗਣ ਦੀ ਲੋੜ ਹੀ ਨਹੀਂ ਪੈਂਦੀ। -0-


ਖ਼ਬਰ ਸ਼ੇਅਰ ਕਰੋ

ਸ਼ਿਕੰਜਵੀ ਹੈ-ਕੋਕਾ ਕੋਲਾ?

ਗੁਰੂ... ਇਹਦੇ 'ਚ ਦੋ ਅੱਖਰ ਹਨ : 'ਗੁ' ਤੇ 'ਰੂ'
'ਗੁ' ਦਾ ਅਰਥ ਹੈ ਹਨੇਰਾ, ਅਗਿਆਨ।
'ਰੂ' ਦਾ ਅਰਥ ਹੈ-ਚਾਨਣ, ਗਿਆਨ।
ਗੁਰੂ, ਉਹੀਓ ਜਿਹੜਾ ਆਪਣੇ ਗਿਆਨ ਨਾਲ, ਸੇਧ ਦੇ ਕੇ, ਅਗਿਆਨਵਾਨ ਨੂੰ ਗਿਆਨਵਾਨ ਬਣਾ ਦਏ, ਹਨੇਰੇ ਵਾਲੇ ਅੰਧਕੂਪ (ਅੰਨ੍ਹਾ ਖੂਹ) 'ਚੋਂ ਕੱਢ ਕੇ ਚਾਨਣ-ਮੁਨਾਰੇ ਵਾਂਗ ਸਮੁੰਦਰ 'ਚ ਭਟਕੇ ਜਹਾਜ਼ਾਂ ਨੂੰ ਰਾਹ ਵਿਖਾ ਕੇ, ਉਨ੍ਹਾਂ ਨੂੰ ਭਟਕਣ ਤੋਂ ਬਚਾ ਕੇ, ਸਿਧੇ ਰਾਹ ਪਾ ਦਏ। ਗੁਰੂ, ਮਾਸਟਰ ਜੀ, ਜਾਂ ਟੀਚਰ ਨੂੰ ਵੀ ਕਹਿੰਦੇ ਹਨ। ਜਿਸ ਕੋਲ ਗਿਆਨ ਹੋਵੇ ਉਹ ਪੜ੍ਹਿਆ-ਲਿਖਿਆ ਕਹਾਉਂਦਾ ਹੈ।
ਪਰ ਮਜ਼ਾ ਤਾਂ ਖੂਬ ਆਉਂਦਾ ਹੈ, ਜਦ ਕੋਈ ਅਨਾੜੀ, ਪੜ੍ਹਿਆ-ਲਿਖਿਆ ਹੋਣ ਲਈ ਖੂਬ ਸ਼ੇਖੀਆਂ ਮਾਰਦਾ ਹੈ। ਇਨ੍ਹਾਂ ਦੀਆਂ ਸ਼ੇਖੀਆਂ ਬਹੁਤ ਅਨੰਦਾਇਕ ਹੁੰਦੀਆਂ ਹਨ, ਕਪਿਲ ਸ਼ਰਮਾ ਦਾ ਟੀ.ਵੀ. ਸ਼ੋਅ ਅਸੀਂ ਕਿੰਨੇ ਚਾਅ ਨਾਲ ਵੇਖਦੇ ਸਾਂ। ਉਹ ਗੱਲਾਂ ਕਰਦਾ ਸੀ, ਦੂਜਿਆਂ 'ਤੇ ਟਕੋਰ ਟਿਚਰਾਂ ਕਰਦਾ ਸੀ, ਤਾਂ ਹੀ ਖੂਬ ਅਨੰਦ ਪ੍ਰਦਾਨ ਕਰਦਾ ਸੀ। ਰੂਹ ਖ਼ੁਸ਼ ਹੋ ਜਾਂਦੀ ਸੀ।
ਇਕ ਟੀ.ਵੀ. ਚੈਨਲ 'ਤੇ ਇਹ ਕਪਿਲ ਸ਼ਰਮਾ ਦਾ ਸ਼ੋਅ, ਕਿਸੇ ਕਾਰਨ ਅਚਾਨਕ ਬੰਦ ਹੋ ਗਿਆ ਸੀ, ਮੇਰੇ ਇਕ ਦੋਸਤ ਨੇ ਕਿਹਾ, ਆਤਿਸ਼ ਸਾਹਿਬ ਕਪਿਲ ਸ਼ਰਮਾ ਦਾ ਸ਼ੋਅ ਬੰਦ ਹੋ ਗਿਐ, ਬੜਾ ਮਜ਼ਾ ਆਉਂਦਾ ਸੀ, ਹੁਣ ਕੀ ਵੇਖਦੇ ਹੋ?
ਕਪਿਲ ਸ਼ਰਮਾ ਦੇ ਸ਼ੋਅ ਤੋਂ ਵੀ ਵਧੀਆ ਮਜ਼ੇਦਾਰ ਸ਼ੋਅ... 'ਰਾਜਨੀਤੀ ਵਾਲਿਆਂ ਦਾ ਸ਼ੋਅ।'
'ਹੈਂ ਇਹ ਕਦ ਤੋਂ ਸ਼ੁਰੂ ਹੋਇਐ?'
'ਜਦੋਂ ਤੋਂ ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਿਆ ਐ। ਕੋਈ ਨਾ ਕੋਈ ਬਿਆਨ ਦੇਈ ਰੱਖਦਾ ਹੈ ਜਾਂ ਤਕਰੀਰ 'ਚ ਐਸਾ ਬਖਾਨ ਕਰਦਾ ਹੈ ਕਿ ਤਬੀਅਤ ਖੁਸ਼ ਹੋ ਜਾਂਦੀ ਹੈ। ਸਿੱਧਾ ਕਪਿਲ ਸ਼ਰਮਾ ਨੂੰ ਚੈਲੰਜ ਹੈ, 'ਕਪਿਲ ਮੇਰੇ ਸਾਹਮਣੇ ਤੂੰ ਕੀ ਚੀਜ਼ ਹੈਂ।'
ਥੋੜ੍ਹੇ ਦਿਨ ਪਹਿਲਾਂ ਉਨ੍ਹਾਂ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਕੱਠ ਨੂੰ ਪੁੱਛਿਆ ਸੀ, 'ਆਪ ਨੇ ਕੋਕਾ ਕੋਲਾ ਕਾ ਨਾਮ ਤੋ ਸੁਨਾ ਹੋਗਾ। ਆਪ ਕੋ ਪਤਾ ਹੈ, ਯੇਹ ਕੋਕਾ ਕੋਲਾ ਕੰਪਨੀ ਕਿਸ ਨੇ ਸ਼ੁਰੂ ਕੀ ਥੀ?'
ਜਦ ਸਰੋਤਿਆਂ ਵਲੋਂ ਹੁੰਗਾਰਾ ਨਹੀਂ ਮਿਲਿਆ ਤਾਂ ਉਨ੍ਹਾਂ ਆਖਿਆ 'ਆਪ ਕੋ ਨਹੀਂ ਪਤਾ, ਮਗਰ ਮੁਝੇ ਪਤਾ ਹੈ, ਯੇਹ ਕੋਕਾ ਕੋਲਾ ਕੰਪਨੀ ਨਿਊਯਾਰਕ (ਅਮਰੀਕਾ) ਮੇਂ ਏਕ ਸ਼ਕੰਜਵੀ ਬੇਚਨੇ ਵਾਲੇ ਨੇ ਬਨਾਈ ਹੈ। (ਪਾਣੀ 'ਚ ਖੰਡ ਘੋਲਦਾ ਸੀ) ਉਸੀ ਨੇ ਯੇ ਇਤਨੀ ਬੜੀ ਕੋਕਾ ਕੋਲਾ ਕੰਪਨੀ ਬਨਾਈ, ਜੋ ਕਿ ਦੁਨੀਆ ਭਰ ਮੇਂ ਮਸ਼ਹੂਰ ਹੈ, ਪਹਿਲਾਂ ਤਾਂ ਉਹ ਸ਼ਿਕੰਜਵੀ ਨੂੰ ਸ਼ਿਕੰਜਵੀ ਕਹਿਣਾ ਭੁੱਲ ਗਏ, ਸ਼ਿਕੰਜੀ ਫਰਮਾਇਆ, ਫਿਰ ਇਹ ਵੀ ਭੁਲ ਗਏ ਕਿ ਸ਼ਿਕੰਜਵੀ ਸਿਰਫ਼ ਪਾਣੀ 'ਚ ਖੰਡ ਘੋਲਣ ਨਾਲ ਨਹੀਂ ਬਣਦੀ, ਇਸ ਵਿਚ ਨਿੰਬੂ ਵੀ ਨਿਚੋੜਨਾ ਪੈਂਦਾ ਹੈ, ਦੂਜੇ ਪਲ ਉਹ ਇਹ ਵੀ ਭੁੱਲ ਗਏ ਕਿ ਸ਼ਿਕੰਜਵੀ ਵੇਚਣ ਵਾਲੇ ਨੇ ਬਣਾਈ ਹੈ, ਸਗੋਂ ਪਾਸਾ ਪਲਟ ਦਿੱਤਾ ਕਿ ਇਹ ਕੋਕਾ ਕੋਲਾ ਕੰਪਨੀ ਨੇ ਇਕ ਢਾਬੇ ਵਾਲੇ ਨੇ ਬਣਾਈ ਹੈ। ਉਂਜ ਵੀ ਸ਼ਿਕੰਜਵੀ ਨਿੰਬੂ, ਪਾਣੀ ਤੇ ਖੰਡ ਦੀ ਬਣਦੀ ਹੈ ਇਕੱਲੇ ਪਾਣੀ ਤੇ ਖੰਡ ਦੀ ਨਹੀਂ। ਅੱਜਕਲ੍ਹ ਤਾਂ ਨਿਆਣਿਆਂ ਨੂੰ ਵੀ ਪਤਾ ਹੈ ਕਿ ਆਪਣੇ-ਆਪਣੇ ਮੋਬਾਈਲ ਫੋਨਾਂ 'ਤੇ 'ਗੂਗਲ' ਨੂੰ ਕਾਂਟੈਕਟ ਕਰ ਕੇ, ਅਸਲੀ ਤੱਥ ਪੁੱਛ ਲਓ, ਸੱਚ ਤੇ ਤੱਥ ਪਤਾ ਲੱਗ ਜਾਏਗਾ।
ਹੁਣ ਸੁਣੋ ਸੱਚ ਵਾਲਾ ਤੱਥ... ਕੋਕਾ ਕੋਲਾ ਦੀ ਕਾਢ ਨਾ ਕਿਸੇ ਸ਼ਿਕੰਜਵੀ ਵੇਚਣ ਵਾਲੇ ਦੀ ਹੈ, ਨਾ ਕਿਸੇ ਢਾਬੇ ਵਾਲੇ ਦੀ। ਇਹ ਅਟਲਾਂਟਾ ਦਾ ਇਕ ਫਾਰਮਾਸਿਸਟ ਆਸਾ ਗ੍ਰਿਗਸ ਕੈਂਡਲਰ ਹੈ। ਇਹ ਇਕ ਦਵਾਈਆਂ ਵੇਚਣ ਵਾਲੇ ਸਟੋਰ 'ਚ ਕਲਰਕ ਸੀ। ਬੇਸ਼ੱਕ ਇਹ ਕੋਕਾ ਕੋਲਾ 1888 ਤੇ 1891 ਵਿਚ ਤਿਆਰ ਕੀਤਾ ਗਿਆ ਸੀ ਪਰ ਅੱਜ ਤਾਈਂ ਇਹਦਾ ਫਾਰਮੂਲਾ ਲੁਕਾ ਕੇ ਰੱਖਿਆ ਗਿਆ ਹੈ।
ਕੋਕਾ ਕੋਲਾ ਬਾਰੇ ਗਿਆਨ ਦੇ ਕੇ ਰਾਹੁਲ ਜੀ ਨੇ ਸਭਨਾਂ ਦਾ ਧਿਆਨ ਮੈਕਡਾਨਲਜ਼ ਵੇਚਣ ਵਾਲੀ ਇੰਟਰਨੈਸ਼ਨਲ ਚੇਨ ਦੀ, ਵਿਆਖਿਆ ਕੀਤੀ, ਗਿਆਨ ਦਿੱਤਾ, 'ਇਹ ਕੰਪਨੀ ਇਕ ਢਾਬਾ ਚਲਾਉਣ ਵਾਲਿਆਂ ਖੋਲ੍ਹੀ ਸੀ, ਜਿਸਦੀ ਚੇਨ ਸੰਸਾਰ ਦੇ ਸਭੇ ਵੱਡੇ ਸ਼ਹਿਰਾਂ 'ਚ ਖੁੱਲ੍ਹ ਗਈ ਹੈ। ਰਾਹੁਲ ਜੀ ਨੇ ਪੂਰੇ ਦਾਅਵੇ ਨਾਲ ਫਰਮਾਇਆ, ਵੇਖੋ ਇਕ ਢਾਬੇ ਵਾਲਿਆਂ ਦਾ ਕਮਾਲ, ਪਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ।'
ਰਾਹੁਲ ਜੀ ਨੂੰ ਇਸ ਤੱਥ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਇਕ ਚਾਹ ਵੇਚਣ ਵਾਲਾ 'ਮੋਦੀ' ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ।
ਹਾਂ, ਇਹ ਖੁਲਾਸਾ ਕਰਨਾ ਜ਼ਰੂਰੀ ਹੈ ਕਿ 'ਮੈਕਡਾਨਲਡ' ਬਰਗਰ ਵੇਚਣ ਵਾਲੀ ਕੰਪਨੀ ਦੀ ਚੇਨ, ਕਿਸੇ ਢਾਬੇ ਵਾਲੇ ਨੇ ਸ਼ੁਰੂ ਨਹੀਂ ਕੀਤੀ। ਕਿਸ ਨੇ ਕੀਤੀ? ਇਹ ਸ਼ੁਰੂ ਕਰਨ ਵਾਲੇ ਦੋ ਭਰਾ ਮੋਨਰੋਵੀਆ ਤੇ ਕੈਲੇਫੋਰਨੀਆ ਦੀਆਂ ਸੜਕਾਂ 'ਤੇ ਹਾਟ-ਡਾਗਜ਼ ਵੇਚਿਆ ਕਰਦੇ ਸਨ, ਇਨ੍ਹਾਂ ਭਰਾਵਾਂ ਦਾ ਨਾਂਅ ਸੀ ਰਿਚਰਡ ਤੇ ਮਾਉਰਿਸ ਮੈਕਡਾਨਲਡ।
ਅੱਜ ਭਾਰਤ 'ਚ ਤੇ ਪਾਕਿਸਤਾਨ 'ਚ ਵੀ ਲੱਖਾਂ ਘਰਾਂ ਦੀ ਰੋਜ਼ੀ-ਰੋਟੀ ਚਾਹ ਵੇਚ ਕੇ ਤੇ ਪਕੌੜੇ ਤਲ ਕੇ ਵੇਚਣ ਵਾਲਿਆਂ ਕਾਰਨ ਚੱਲ ਰਹੀ ਹੈ।
ਰਾਹੁਲ ਜੀ ਨੂੰ 'ਬਰਗਰ' ਪਸੰਦ ਹੈ, ਕੋਕਾ ਕੋਲਾ ਪਸੰਦ ਹੈ, ਚਾਹ ਤੇ ਪਕੌੜੇ ਪਸੰਦ ਨਹੀਂ। ਅੱਜਕਲ੍ਹ ਬਾਰਿਸ਼ਾਂ ਦੇ ਦਿਨ ਹਨ, ਬਾਰਿਸ਼ 'ਚ ਹਿੰਦੁਸਤਾਨੀਆਂ ਨੂੰ ਜੋ ਮਜ਼ਾ ਗਰਮਾ-ਗਰਮ ਚਾਹ ਨਾਲ ਗਰਮਾ-ਗਰਮ ਪਕੌੜੇ ਖਾ ਕੇ ਮਿਲਦਾ ਹੈ, ਉਹ ਬਰਗਰਾਂ ਤੇ ਕੋਲਿਆਂ 'ਚ ਕਿਥੇ? ਪਕੌੜਿਆਂ 'ਚ ਵੀ ਵਰਾਇਟੀ ਹੈ, ਆਲੂਆਂ ਦੇ ਪਕੌੜੇ, ਪਿਆਜ਼ ਦੇ ਪਕੌੜੇ, ਪਾਲਕ ਦੇ ਪਕੌੜੇ, ਵਤਾਊਂਆਂ ਦੇ ਪਕੌੜੇ, ਚਿਕਨ ਪਕੌੜੇ... ਮੱਛੀ ਤਲੀ ਹੋਈ... ਮੋਦੀ ਨੇ ਬੇਕਾਰ ਨੌਜਵਾਨਾਂ ਨੂੰ ਕਾਹਦੀ ਸਲਾਹ ਦਿੱਤੀ ਕਿ ਉਹ ਵਿਹਲੇ ਰਹਿਣ ਦੀ ਥਾਂ ਪਕੌੜੇ ਤਲ ਲੈਣ ਤਾਂ ਰਾਹੁਲ ਜੀ ਨੇ ਉਨ੍ਹਾਂ ਦੀ ਪਾਰਟੀ ਦਾ ਖੂਬ ਮਜ਼ਾਕ ਉਡਾਇਆ ਸੀ।
ਮੈਂ ਆਪਣੇ ਇਲਾਜ ਲਈ, ਦੋ ਮਹੀਨੇ ਦਿੱਲੀ ਗਿਆ ਹੋਇਆ ਸਾਂ। ਮੇਰਾ ਮੇਲ ਇਕ ਪੜ੍ਹੇ-ਲਿਖੇ ਨੌਜਵਾਨ ਨਾਲ ਹੋਇਆ, ਜਿਹੜਾ ਪੜ੍ਹਿਆ-ਲਿਖਿਆ ਬੇਰੁਜ਼ਗਾਰ ਸੀ, ਨੌਕਰੀ ਲੱਭ-ਲੱਭ ਥਕ ਗਿਆ ਸੀ। ਉਹਨੇ ਇਕ ਛੋਟਾ ਜਿਹਾ ਮਾਡਰਨ ਦਿਖ ਵਾਲਾ ਢਾਬਾ ਖੋਲ੍ਹ ਲਿਆ, ਇਹ ਪ੍ਰਵਾਹ ਨਹੀਂ ਕੀਤੀ ਕਿ ਲੋਕ ਕੀ ਕਹਿਣਗੇ, 'ਐਨਾ ਪੜ੍ਹ ਲਿਖ ਕੇ ਪਕੌੜੇ ਤਲਣ ਲਗੈ?' ਉਹਨੇ ਨੂਡਲਜ਼, ਬਰਗਰ ਤੇ ਹੋਰ ਚਾਈਨੀਜ਼ ਡਿਸ਼ਾਂ ਵੀ ਆਪਣੇ ਮੀਨੂ ਕਾਰਡ 'ਚ ਰੱਖ ਲਈਆਂ। ਛੇਤੀ ਹੀ ਗਾਹਕ ਵੀ ਆਉਣ ਲੱਗੇ, ਬਰਥ-ਡੇ, ਕਿੱਟੀ ਪਾਰਟੀਆਂ ਤੇ ਹੋਰ ਪਾਰਟੀਆਂ ਦੇ ਆਰਡਰ ਵੀ ਆਉਣ ਲੱਗੇ। ਇਸ ਸਮੇਂ ਉਸ ਕੋਲ ਛੇ ਵਰਕਰ ਕੰਮ ਕਰ ਰਹੇ ਹਨ। ਉਹਨੂੰ ਮੈਨੂੰ ਪੁੱਛਿਆ, 'ਕਿਉਂ? ਕਿੱਦਾਂ ਲੱਗ ਰਿਹੈ?' ਉਹਨੇ ਬੜੇ ਮਾਣ ਨਾਲ ਕਿਹਾ, 'ਪਹਿਲਾਂ ਆਪ ਕਿਸੇ ਦੀ ਚਾਕਰੀ ਕਰਨੀ ਸੀ, ਹੁਣ ਛੇ ਵਰਕਰ ਮੇਰੇ ਕੋਲ ਨੌਕਰੀ ਕਰ ਰਹੇ ਹਨ। ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ।'
ਕਾਂਗਰਸ ਦੇ ਮੁੱਖ ਬੁਲਾਰੇ ਸੂਰਜੇਵਾਲਾ ਨੇ ਇਸੇ ਹਫ਼ਤੇ ਆਪਣੇ ਪ੍ਰਧਾਨ ਰਾਹੁਲ ਜੀ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਹੁਣ ਰਾਹੁਲ ਜੀ ਬਹੁਤ ਸਿਆਣੇ ਹੋ ਗਏ ਹਨ, ਉਨ੍ਹਾਂ ਦੀ ਤਕਰੀਰ 'ਚ ਉਛਾਲ ਆ ਗਿਐ ਹੈ ਤੇ ਹੁਣ ਲੋਕੀਂ ਉਨ੍ਹਾਂ ਦੀ ਤਕਰੀਰ ਬੜੇ ਚਾਅ ਨਾਲ ਸੁਣਦੇ ਹਨ।
ਪਾਕਿਸਤਾਨੀ ਫ਼ੌਜ ਤੋਂ ਬਦਲਾ ਲੈਣ ਲਈ ਸਰਜੀਕਲ ਸਟਰਾਈਕ ਕਰ ਦਿੱਤੀ ਤਾਂ ਰਾਹੁਲ ਗਾਂਧੀ ਜੀ ਨੇ ਅਤਿਅੰਤ ਸਿਆਣਪ ਦਾ ਸਬੂਤ ਦਿੰਦਿਆਂ ਇਕ ਵਾਰ ਫਿਰ ਨਰਿੰਦਰ ਮੋਦੀ ਨੂੰ 'ਖ਼ੂਨ ਕੀ ਦਲਾਲੀ' ਕਰਨੇ ਵਾਲੇ ਦਾ ਸਨਮਾਨ ਬਖਸ਼ਿਆ ਸੀ। ਹੈਦਰਾਬਾਦ ਯੂਨੀਵਰਸਿਟੀ 'ਚ ਇਕ ਦਲਿਤ ਵਿਦਿਆਰਥੀ ਰੋਹਿਤ ਵੇਮੁੱਲਾ ਨੇ, ਹੋਸਟਲ 'ਚ, ਆਪਣੇ ਕਮਰੇ 'ਚ, ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ। ਰੋਹਿਤ ਵੇਮੁੱਲਾ ਆਪਣੀ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ। ਉਹ ਧਾਹਾਂ ਮਾਰ ਕੇ ਰੋ ਰਹੀ ਸੀ। ਉਹਦੀ ਹਮਦਰਦੀ 'ਚ, ਸੰਵੇਦਨਾ ਪ੍ਰਗਟ ਕਰਨ ਲਈ ਦੂਜੇ ਦਿਨ ਹੀ ਰਾਹੁਲ ਗਾਂਧੀ ਖਾਸ ਤੌਰ 'ਤੇ ਹੈਦਰਾਬਾਦ ਯੂਨੀਵਰਸਿਟੀ 'ਚ ਪਹੁਚ ਗਏ ਸਨ। ਦੋ ਦਿਨ ਪਹਿਲਾਂ ਹੀ ਰੋਹਿਤ ਵੇਮੁੱਲਾ ਦੀ ਮਾਂ ਨੇ ਇਹ ਬਿਆਨ ਦੇ ਕੇ ਸਭ ਨੂੰ ਚੌਂਕਾ ਦਿੱਤਾ ਹੈ ਕਿ ਉਹਨੂੰ ਆਪੋਜ਼ੀਸ਼ਨ ਵਾਲਿਆਂ ਨੇ 'ਮੋਦੀ' ਨੂੰ ਭੰਡਣ ਲਈ ਬਿਆਨ ਦੇਣ ਤੇ ਤਕਰੀਰਾਂ ਕਰਨ ਲਈ 20 ਲੱਖ ਰੁਪਏ ਤੋਂ ਉੱਪਰ ਪੈਸੇ ਦੇਣ ਦਾ ਵਚਨ ਦਿੱਤਾ ਸੀ। ਆਲ ਇੰਡੀਆ ਮੁਸਲਿਮ ਲੀਗ ਨੇ ਵੀ ਫਲੈਟ ਖਰੀਦਣ ਲਈ ਭਾਰੀ ਰਕਮ ਦਾ ਚੈੱਕ ਦਿੱਤਾ ਸੀ। ਦੋਵੇਂ ਚੈੱਕ ਬੈਂਕ 'ਚੋਂ ਬਾਊਂਸ ਹੋ ਕੇ ਉਸ ਬੀਬੀ ਲਈ ਸਿਫ਼ਰ ਹੋ ਗਏ। ਰਾਹੁਲ ਜੀ ਦਾ ਵੇਮੁੱਲਾ ਪ੍ਰੇਮ, ਦਲਿਤਾਂ ਪ੍ਰਤੀ ਪ੍ਰੇਮ ਦਾ ਭੇਦ ਖੁੱਲ੍ਹ ਗਿਆ। ਸੂਰਜੇਵਾਲਾ ਵੀ ਸਿਰ 'ਚ ਉਂਗਲਾਂ ਫੇਰ ਰਿਹਾ ਹੋਵੇਗਾ ਕਿ ਉਹਨੇ ਇਹ ਕਿਉਂ ਕਹਿ ਦਿੱਤਾ ਕਿ ਹੁਣ ਰਾਹੁਲ ਜੀ ਬਹੁਤ ਸਿਆਣੇ ਹੋ ਗਏ ਹਨ।
ਚਲੋ ਜੀ, ਕਪਿਲ ਸ਼ਰਮਾ ਸ਼ੋਅ ਬੰਦ ਹੋਇਆ-ਕੋਈ ਗੱਲ ਨਹੀਂ। ਰਾਹੁਲ ਜੀ ਦੇ ਭਾਸ਼ਣ ਸ਼ੁਰੂ ਹੋ ਗਏ ਹਨ, ਵਧੀਆ, ਚਿਤ ਪ੍ਰਸੰਨ ਹੁੰਦਾ ਰਹੇਗਾ। ਲੋਕਾਂ ਨੂੰ ਚਾਹੀਦਾ ਹੈ ਕਿ ਇੰਟਰਟੇਨਮੈਂਟ, ਇੰਟਰਟੇਨਮੈਂਟ, ਇੰਟਰਟੈਨਮੈਂਟ।

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਚਿੰਤਾ ਕੱਲ੍ਹ ਦੀਆਂ ਮੁਸ਼ਕਿਲਾਂ ਨੂੰ ਦੂਰ ਨਹੀਂ ਕਰਦੀ। ਇਹ ਅੱਜ ਦੀ ਸ਼ਾਂਤੀ ਨੂੰ ਵੀ ਦੂਰ ਲੈ ਜਾਂਦੀ ਹੈ। ਇਸ ਲਈ ਕਦੇ ਵੀ ਕਿਸੇ ਚੀਜ਼ ਬਾਰੇ ਚਿੰਤਾ ਨਾ ਕਰੋ। ਵਿਸ਼ਵਾਸ ਅਤੇ ਮੁਸਕਾਹਟ ਨਾਲ ਜ਼ਿੰਦਗੀ ਜੀਓ।
* ਇਕ ਚਾਬੀ ਨਾਲ ਜਿੰਨੇ ਚਿਰ ਵਿਚ ਇਕ ਦਰਵਾਜ਼ਾ ਖੋਲ੍ਹਿਆ ਜਾ ਸਕਦਾ ਹੈ, ਉਸ ਤੋਂ ਵੀ ਪਹਿਲਾਂ ਮੁਸਕਾਨ ਨਾਲ ਦਿਲ ਨੂੰ ਖੋਲ੍ਹਿਆ ਜਾ ਸਕਦਾ ਹੈ। ਮੁਸਕਾਨ ਫ੍ਰੀ ਹੁੁੰਦੀ ਹੈ। ਇਸ ਨੂੰ ਨਾ ਬਚਾਓ। ਆਪਣੀ ਮੁਸਕਰਾਹਟ ਨਾਲ ਦੁਨੀਆ ਨੂੰ ਚਮਕਾਓ।
* ਜ਼ਿੰਦਗੀ ਇਕ ਲਗਪਗ 100 ਸਫਿਆਂ ਦੀ ਕਿਤਾਬ ਹੈ। ਪਹਿਲਾ ਸਫ਼ਾ ਜਨਮ ਹੈ ਅਤੇ ਆਖਰੀ ਸਫ਼ਾ ਮੌਤ ਹੈ। ਵਿਚਲੇ ਸਫ਼ੇ ਖਾਲੀ ਹਨ। ਤੁਸੀਂ ਇਨ੍ਹਾਂ ਸਫਿਆਂ ਨੂੰ ਖੁਸ਼ੀ, ਮੁਸਕਰਾਹਟ, ਪਿਆਰ ਅਤੇ ਅਨੰਦ ਨਾਲ ਭਰ ਸਕਦੇ ਹੋ।
* ਮੁਸਕਰਾਉਂਦੇ ਰਹੋ, ਅੱਥਰੂ ਨੂੰ ਛੱਡੋ, ਖੁਸ਼ੀ ਬਾਰੇ ਸੋਚੋ, ਡਰ ਨੂੰ ਭੁੱਲ ਜਾਓ, ਹਾਸੇ ਨੂੰ ਬਰਕਰਾਰ ਰਖੋ, ਪੀੜਾ ਨੂੰ ਛੱਡ ਦਿਓ ਅਤੇ ਹਰ ਦਿਨ ਅਨੰਦਿਤ ਰਹੋ।
* ਜੇ ਜ਼ਿੰਦਗੀ ਤੁਹਾਨੂੰ ਦੁਖੀ ਹੋਣ ਜਾਂ ਰੋਣ ਲਈ 100 ਕਾਰਨ ਦਿੰਦੀ ਹੈ ਤਾਂ ਤੁਸੀਂ ਵੀ ਜ਼ਿੰਦਗੀ ਨੂੰ ਦਿਖਾਓ ਕਿ ਮੇਰੇ ਕੋਲ ਮੁਸਕਰਾਉਣ ਲਈ 1000 ਕਾਰਨ ਹਨ।
* ਜ਼ਿੰਦਗੀ ਦਾ ਸਭ ਤੋਂ ਔਖਾ ਪਲ ਉਹ ਨਹੀਂ ਹੁੰਦਾ ਜਦੋਂ ਤੁਹਾਡੀ ਕੋਈ ਚੀਜ਼ ਤੁਹਾਡੇ ਕੋਲੋਂ ਗੁਆਚ ਜਾਂ ਖੁਸ ਜਾਂਦੀ ਹੈ, ਸਗੋਂ ਉਹ ਪਲ ਹੁੰਦਾ ਹੈ ਜਦੋਂ ਤੁਸੀਂ ਕੋਈ ਚੀਜ਼ ਗਵਾ ਬੈਠਦੇ ਹੋ ਪਰ ਫਿਰ ਵੀ ਤੁਹਾਨੂੰ ਚਿਹਰੇ 'ਤੇ ਮੁਸਕਰਾਹਟ ਰੱਖਣੀ ਪੈਂਦੀ ਹੈ।
* ਅੱਜ ਦੇ ਸਮੇਂ ਵਿਚ ਜਦੋਂ ਹਰ ਚੀਜ਼ ਦੀ ਕੀਮਤ ਬਹੁਤ ਵਧ ਗਈ ਹੈ, ਮੁਸਕਰਾਹਟ ਹੀ ਇਕ ਅਜਿਹੀ ਚੀਜ਼ ਹੈ ਜੋ ਅਜੇ ਵੀ ਕੁਝ ਸਸਤੀ ਹੈ। ਇਸ ਲਈ ਇਸ ਨੂੰ ਤੁਸੀਂ ਜਮ੍ਹਾ ਵੀ ਕਰੋ ਅਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਕਰੋ ਕਿਉਂਕਿ ਇਸ ਦੇ ਬਦਲੇ ਵਿਚ ਚੰਗਾ ਲਾਭ ਮਿਲਦਾ ਹੈ।
* ਜ਼ਿੰਦਗੀ ਬੜੀ ਛੋਟੀ ਹੈ। ਇਸ ਲਈ ਇਨ੍ਹਾਂ ਕੁਝ ਨਿਯਮਾਂ ਦੀ ਪਾਲਣਾ ਕਰੋ: *ਜਲਦੀ ਮੁਆਫ਼ ਕਰ ਦੇਣਾ, *ਹੌਲੀ-ਹੌਲੀ ਸਮਝ ਕੇ ਵਿਸ਼ਵਾਸ ਕਰਨਾ, *ਸੱਚਾ ਪਿਆਰ ਕਰਨਾ, *ਖੁੱਲ੍ਹ ਕੇ ਹੱਸਣਾ, *ਮੁਸਕਰਾਉਣ ਦਾ ਕੋਈ ਮੌਕਾ ਅਜਾਈਂ ਨਾ ਜਾਣ ਦੇਣਾ ਆਦਿ।
* ਥੋੜ੍ਹੇ ਅੱਥਰੂ ਤੇ ਥੋੜ੍ਹੀ ਮੁਸਕਰਾਹਟ ਇਸੇ ਦਾ ਨਾਂਅ ਹੀ ਜ਼ਿੰਦਗੀ ਹੈ।
* ਨਿੱਕੇ-ਨਿੱਕੇ ਦੁੱਖਾਂ ਅੱਗੇ ਗੋਡੇ ਟੇਕ ਜਾਣ ਵਾਲੇ ਜ਼ਿੰਦਗੀ ਜਿਊਂਦੇ ਨਹੀਂ, ਜ਼ਿੰਦਗੀ ਢੋਂਦੇ ਹਨ। ਦੁੱਖਾਂ 'ਚ ਰਹਿ ਕੇ ਮੁਸਕਰਾਉਣ ਵਾਲੇ ਹੀ ਜ਼ਿੰਦਗੀ ਜਿਊਂਦੇ ਹਨ। ਦੁੱਖਾਂ ਵਿਚੋਂ ਹਾਸੇ ਲੱਭਣਾ ਬੜਾ ਔਖਾ ਕਾਰਜ ਹੈ। ਠੀਕ ਇਉਂ ਜਿਵੇਂ ਘਾਹ ਦੇ ਢੇਰ ਵਿਚੋਂ ਸੂਈ ਲੱਭਣੀ ਪਰ ਜਿਹੜਾ ਵਿਅਕਤੀ ਇਹ ਘਾਲਣਾ ਘਾਲ ਗਿਆ, ਸਮਝੋ ਉਹ ਜੀਵਨ ਜਾਚ ਸਿੱਖ ਗਿਆ।
* ਸਵੇਰੇ ਮੁਸਕਰਾਉਂਦੇ ਉਠੋ। ਮੁਸਕਰਾਉਣ ਵਿਚ ਕਦੇ ਵੀ ਕੰਜੂਸੀ ਨਾ ਵਰਤੋ। ਖਾਸ ਤੌਰ 'ਤੇ ਸਵੇਰੇ ਆਪਣੇ ਬੁੱਲ੍ਹਾਂ 'ਤੇ ਮੁਸਕਾਨ ਲਿਆਓ ਤਾਂ ਕਿ ਦਿਨ ਭਰ ਖੁਸ਼ ਰਹਿ ਸਕੋ।
* ਗੁਲਾਬ ਕੰਡਿਆਂ ਵਿਚ ਹੋਣ ਦੇ ਬਾਵਜੂਦ ਮੁਸਕਰਾਉਂਦਾ ਹੈ। ਤੁਸੀਂ ਵੀ ਉਲਟ ਹਾਲਾਤ ਵਿਚ ਜੇ ਮੁਸਕਰਾਉਂਦੇ ਹੋ ਤਾਂ ਲੋਕ ਤੁਹਾਡੇ ਨਾਲ ਗੁਲਾਬ ਵਾਂਗ ਪਿਆਰ ਕਰਨਗੇ। ਯਾਦ ਰੱਖੋ ਕਿ ਜ਼ਿੰਦਾ ਆਦਮੀ ਹੀ ਮੁਸਕਰਾਉਂਦਾ ਹੈ, ਮੁਰਦਾ ਕਦੇ ਨਹੀਂ ਮੁਕਰਾਉਂਦਾ। ਇਸੇ ਤਰ੍ਹਾਂ ਜਾਨਵਰ ਵੀ ਮੁਸਕਰਾ ਨਹੀਂ ਸਕਦਾ। ਹੱਸਣਾ ਤਾਂ ਸਿਰਫ਼ ਮਨੁੱਖ ਦੀ ਕਿਸਮਤ ਵਿਚ ਹੀ ਹੈ।
* ਮੁਸਕਰਾਹਟ ਤੁਹਾਡੇ ਚਿਹਰੇ 'ਤੇ ਭਗਵਾਨ ਦੇ ਹਸਤਾਖਰ ਹਨ। ਇਨ੍ਹਾਂ ਨੂੰ ਕ੍ਰੋਧ ਕਰਕੇ ਨਾ ਮਿਟਾਓ ਅਤੇ ਅਥਰੂਆਂ ਨਾਲ ਧੋਣ ਦੀ ਕੋਸ਼ਿਸ਼ ਨਾ ਕਰੋ।
* ਜ਼ਿੰਦਗੀ ਵਿਚ ਇਕ ਸਬਕ-ਦੇਖ-ਭਾਲ ਕਰਨਾ ਸਿੱਖੋ, ਪਿਆਰ ਕਰਨਾ ਸਿੱਖੋ, ਮੁਸਕਰਾਉਣਾ ਸਿੱਖੋ, ਦੇਣਾ ਸਿੱਖੋ, ਮੁਆਫ਼ ਕਰਨਾ ਸਿੱਖੋ, ਸ਼ੇਅਰ ਕਰਨਾ ਸਿੱਖੋ, ਵਿਸ਼ਵਾਸ ਕਰਨਾ ਸਿੱਖੋ।
* ਨਵ-ਜੰਮਿਆ ਬੱਚਾ ਦਿਨ ਵਿਚ ਅਣਗਿਣਤ ਵਾਰ ਮੁਸਕਰਾਉਂਦਾ ਹੈ। ਅਲ੍ਹੜ ਉਮਰ ਵਿਚ ਵੀ ਕਈ ਵਾਰ ਉਸ ਦੀ ਮੁਸਕਰਾਹਟ ਕਾਇਮ ਰਹਿੰਦੀ ਹੈ ਪਰ ਜਿਵੇਂ-ਜਿਵੇਂ ਉਹ ਸੰਸਾਰ ਦੇ ਲੋਕ-ਧੰਦੇ ਵਿਚ ਫਸਦਾ ਜਾਂਦਾ ਹੈ, ਉਸ ਦੀ ਮੁਸਕਰਾਹਟ ਵੀ ਜਾਣ ਲਗਦੀ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ

ਸ਼ੈਤਾਨ ਦਾ ਥੱਪੜ

ਲਖਨਊ ਯੂ.ਪੀ. ਦੇ ਉਨ੍ਹਾਂ ਸ਼ਹਿਰਾਂ ਵਿਚੋਂ ਪਹਿਲੀ ਕਤਾਰ ਦਾ ਸ਼ਹਿਰ ਹੈ, ਜਿਹੜੇ ਆਪਣੀ ਸ਼ਾਨਦਾਰ ਤਹਿਜ਼ੀਬ ਲਈ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਹਨ। ਇਸ ਸ਼ਹਿਰ ਦੀ ਆਪਣੀ ਪਹਿਚਾਣ ਤਹਿਜ਼ੀਬ ਅਤੇ ਮਾਣਯੋਗ ਪ੍ਰੰਪਰਾਵਾਂ ਕਰਕੇ ਵੀ ਹੈ। ਗਲ ਪਾਏ ਕੱਪੜਿਆਂ ਦੀ ਗੱਲ ਕਰੀਏ ਤਾਂ ਕਮੀਜ਼, ਸ਼ੇਰਵਾਨੀ ਦੇ ਸਾਰੇ ਬਟਨ ਬੰਦ ਹੋਣੇ ਚਾਹੀਦੇ ਹਨ। ਇਕ ਵੀ ਬਟਨ ਖੁੱਲ੍ਹਾ ਹੋਣਾ ਬਦਤਮੀਜ਼ੀ ਸਮਝੀ ਜਾਂਦੀ ਸੀ। ਸਿਰ 'ਤੇ ਪਾਈ ਟੋਪੀ ਜ਼ਰਾ ਕੁ ਟੇਢੀ ਹੋਵੇ ਤਾਂ ਇਸ ਨੂੰ ਬਦਤਮੀਜ਼ੀ ਸਮਝਿਆ ਜਾਂਦਾ ਸੀ। ਪੈਦਲ ਤੁਰਦਿਆਂ ਨਾਲ ਦੇ ਸਾਥੀ ਨਾਲ ਉੱਚੀ-ਉੱਚੀ ਗੱਲ ਕਰਨੀ ਮਾੜੀ ਗੱਲ ਮੰਨੀ ਜਾਂਦੀ ਸੀ। ਭੋਜਨ ਕਰਨ ਵੇਲੇ ਸਿਰ ਦਾ ਨੰਗਾ ਹੋਣਾ ਬਹੁਤ ਵੱਡਾ ਪਾਪ ਗਿਣਿਆ ਜਾਂਦਾ ਸੀ। ਜੇ ਕੋਈ ਭੋਜਨ ਕਰਨ ਵੇਲੇ ਨੰਗੇ ਸਿਰ ਦਿਸ ਪਏ ਤਾਂ ਨਾਲ ਦਾ ਸਾਥੀ ਉਸ ਨੂੰ ਕਿੱਚ ਕੇ ਥੱਪੜ ਮਾਰ ਦਿੰਦਾ ਅਤੇ ਆਖਦਾ, 'ਨੰਗੇ ਸਿਰ ਖਾਣਾ ਖਾਣ ਕਰਕੇ ਸ਼ੈਤਾਨ ਖਿੱਚ ਨੇ ਥੱਪੜ ਮਾਰਦਾ ਹੈ।'
ਇਕ ਵਾਰੀ ਮਸ਼ਹੂਰ ਸ਼ਾਇਰ ਇਨਸ਼ਾ ਸਾਹਬ ਆਪਣੇ ਮਿੱਤਰ ਜਨਾਬ ਸਆਦਤ ਅਲੀ ਖ਼ਾਨ ਦੇ ਨਾਲ ਬੈਠੇ ਹੋਏ ਖਾਣਾ ਖਾ ਰਹੇ ਸਨ। ਖਾਣਾ ਖਾਂਦੇ-ਖਾਂਦੇ ਗਰਮੀ ਲੱਗਣ ਕਾਰਨ ਇਨਸ਼ਾ ਜੀ ਨੇ ਸਿਰ ਤੋਂ ਪਗੜੀ ਲਾਹ ਦਿੱਤੀ। ਨਾਲ ਬੈਠੇ ਹੋਏ ਮਿੱਤਰ ਜਨਾਬ ਸਆਦਤ ਅਲੀ ਨੇ ਇਨਸ਼ਾ ਦਾ ਨੰਗਾ ਸਿਰ ਵੇਖਕੇ ਉਨ੍ਹਾਂ ਨੂੰ ਜ਼ੋਰਦਾਰ ਥੱਪੜ ਮਾਰਿਆ। ਇਨਸ਼ਾ ਸਾਹਬ ਨੇ ਝਟਪਟ ਦਸਤਾਰ ਸਿਰ 'ਤੇ ਰੱਖ ਲਈ ਅਤੇ ਆਖਿਆ, 'ਸੁਣਿਆ ਸੀ ਕਿ ਨੰਗੇ ਸਿਰ ਖਾਣਾ ਖਾਣ ਕਰਕੇ ਸ਼ੈਤਾਨ ਥੱਪੜ ਮਾਰਦਾ ਹੈ। ਅੱਜ ਇਹ ਗੱਲ ਸੱਚ ਹੋ ਗਈ ਹੈ। ਸ਼ੈਤਾਨ ਨੇ ਕੱਸ ਕੇ ਥੱਪੜ ਮਾਰਿਆ ਹੈ ਮੈਨੂੰ।'


-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਕਹਾਣੀ

ਮਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਮਾਂ ਜੀ! ਉਹਨੂੰ ਤਾਂ ਐਵੇਂ ਭਕਾਈ ਮਾਰਨ ਦੀ ਆਦਤ ਆ...ਐਵੇਂ ਜੁਆਕਾਂ ਆਲੀ ਮੱਤ...ਊਂ ਦਿਲ ਦਾ ਮਾੜਾ ਨੀ ਵਿਚਾਰਾ।'
'ਚੰਗਾ-ਚੰਗਾ!ਬਹੁਤਾ ਨਾ ਸਮਝਾ ਮੈਨੂੰ...ਜਾਹ ਕੰਮ ਨਿਬੇੜ ਘਰ ਦਾ।' ਗੁਰਦਿਆਲ ਕੌਰ ਭੈੜਾ ਜਿਹਾ ਮੂੰਹ ਬਣਾ ਕੇ ਬੋਲੀ ਤੇ ਮਾਲਾ ਚੱਕ ਮਣਕੇ ਫੇਰਨ ਲੱਗ ਪਈ...।
'ਭਾਵੇਂ ਗੁਰਦਿੱਤੇ ਨਾਲ ਅਹਰ-ਪਾਹਰ ਲੱਗੀ ਰਹਿੰਦੀ ਤੇ ਘਰ ਦਾ ਕੰਮ-ਕਾਰ ਕਰਦੀ ਬਲਜੀਤ ਕੌਰ ਦਾ ਸਮਾਂ ਲੰਘ ਰਿਹਾ ਸੀ ਪਰ ਅੰਦਰਲੇ ਅਰਮਾਨ ਜਦੋਂ ਬੇ-ਕਾਬੂ ਹੁੰਦੇ ਤਾਂ ਉਹਨੂੰ 'ਜੀਤੇ' ਤੋਂ ਬਿਨਾਂ ਸਮਾਂ ਲੰਘਾਉਣਾ ਇਉਂ ਲੱਗਦਾ ਜਿਵੇਂ ਉਹ ਕਿਸੇ ਭੱਠੀ 'ਚ ਪਈ ਤਿਲ-ਤਿਲ ਕਰਕੇ ਸੁਲ੍ਹਗ ਰਹੀ ਹੋਵੇ। ਬਸ ਜੀਤੇ ਦੇ ਵਿਯੋਗ ਨੇ ਉਹਨੂੰ ਭਿੰਦਰ ਦੀਆਂ ਸੋਚਾਂ-ਸੋਚਣ ਲਈ ਮਜਬੂਰ ਕਰ ਦਿੱਤਾ। ਟਿੱਚਰਾਂ -ਮਾਖੌਲ ਕਰਨ ਵਾਲਾ ਭਿੰਦਰ ਕਦੋਂ ਚੰਗਾ-ਚੰਗਾ ਜਿਹਾ ਲੱਗਣ ਲੱਗ ਪਿਆ ਉਹਨੂੰ ਪਤਾ ਹੀ ਨਾ ਲੱਗਾ। ਭਾਵੇਂ ਉਹ ਆਪਣੇ ਅੰਦਰਲੇ ਸੁੱਪਨੇ ਤੇ ਅਰਮਾਨਾਂ ਦੇ ਹਵਨ-ਕੁੰਡ ਵਿਚ ਹਰ ਰੋਜ਼ ਤਬਾਹ ਹੁੰਦੀ ਰਹਿੰਦੀ ਪਰ ਹੁਣ ਭਿੰਦਰ ਉਸਨੂੰ ਆਪਣਾ-ਆਪਣਾ ਲੱਗਦਾ। ਜਦੋਂ ਕਦੇ ਉਹ ਉਸ ਬਾਰੇ ਬਹੁਤਾ ਹੀ ਸੋਚਣ ਲੱਗਦੀ ਤੇ ਸੋਚਦੀ-ਸੋਚਦੀ ਸ਼ੀਸ਼ੇ ਮੂਹਰੇ ਜਾ ਖੜ੍ਹਦੀ ਤੇ ਫਿਰ ਖੁਦ ਨੂੰ ਹੀ ਸਵਾਲ ਕਰਦੀ, 'ਕੀ ਭਿੰਦਰ ਸੱਚੀਂ ਮੇਰੇ ਨਾਲ ...ਪਰ ਹੋ ਸਕਦਾ ਮੇਰਾ ਵਹਿਮ..., ਨਹੀਂ! ਵਹਿਮ ਨਹੀਂ....ਉਹਦੀਆਂ ਨਜ਼ਰਾਂ 'ਚ ਤਾਂ ਪਿਆਰ ਹੀ ਪਿਆਰ ਝਲਕਦਾ...।' ਇਸ ਤਰ੍ਹਾਂ ਉਹਦਾ ਮਨ ਥਾਲੀ 'ਚ ਪਏ ਪਾਣੀ ਵਾਂਗ ਅਕਸਰ ਡੋਲਦਾ ਰਹਿੰਦਾ ਭਾਵੇਂ ਉਹ ਇਸ ਨੂੰ ਸਾਂਭਣ ਦੀ ਬੜੀ ਕੋਸ਼ਿਸ਼ ਕਰਦੀ। ਫਿਰ ਸੋਚਦੀ, 'ਕਾਸ਼!ਕਿਤੇ ਸਮਾਂ ਮਿਲੇ ਤਾਂ ਇਕ ਵਾਰ ਉਹਨੂੰ ਜ਼ਰੂਰ ਪੁੱਛਾਂ...' ਪਰ ਅਗਲੇ ਹੀ ਪਲ ਉਹਦੀ ਨਜ਼ਰਾਂ ਅੱਗੇ ਉਹਦੇ ਬੱਚੇ ਅਤੇ ਪਤੀ ਦੀ ਤਸਵੀਰ ਸਾਹਮਣੇ ਆਉਂਦੀ ਤਾਂ ਉਹ ਆਪਣੇ ਆਪ ਨੂੰ ਬੁਰਾ-ਭਲਾ ਕਹਿੰਦੀ ਤੇ ਮਨ ਸਮਝਾਉਂਦੀ ਕੰਮ -ਕਾਰ 'ਚ ਰੁੱਝਣ ਦੀ ਕੋਸ਼ਿਸ ਕਰਨ ਲੱਗਦੀ।'
....ਤੇ ਫਿਰ ਇਕ ਦਿਨ ਸਬੱਬੀਂ ਹੀ ਭਿੰਦਰ ਤੇ ਬਲਜੀਤ ਕੌਰ ਦਾ ਮੇਲ ਹੋ ਗਿਆ। ਗੁਰਦਿਆਲ ਕੌਰ ਪਿੰਡ 'ਚ ਹੀ ਕਿਸੇ ਮਰਗ ਵਾਲੇ ਘਰ ਅਫਸੋਸ ਕਰਨ ਗਈ ਹੋਈ ਸੀ।
'ਵੇ ਭਿੰਦਰਾ!ਅੱਜ ਕਿਵੇਂ ਗੇੜਾ ਮਾਰਿਆ ?'
'ਤੇਰੇ ਦਰਸ਼ਨ ਕਰਨ ਆਇਆਂ ਭਾਬੀ।'
ਭਿੰਦਰ ਨੇ ਬਲਜੀਤ ਕੌਰ ਦੀਆਂ ਅੱਖਾਂ 'ਚ ਦੇਖਦਿਆਂ ਪੋਲੇ ਜਿਹੇ ਲਫਜ਼ ਬੋਲੇ।
'ਲੈ ਮੇਰੇ ਦਰਸ਼ਨਾਂ ਨੂੰ ਮੈਂ ਕਿਤੇ...' ਇਹ ਸ਼ਬਦ ਅਜੇ ਬਲਜੀਤ ਕੌਰ ਦੇ ਮੂੰਹ ਮੂੰਹ 'ਚ ਹੀ ਸਨ ਕਿ ਵਿਚੋਂ ਫਿਰ ਭਿੰਦਰ ਬੋਲਿਆ, ਮੈਂ ਕਿਹਾ ਭਾਬੀ!ਚਲੋ ਦਿਨ ਹੀ ਚੰਗਾ ਲੰਘਜੂ, ਦੋ ਮਿਠੇ ਬੋਲ ਸੁਣ ਕੇ।'
'ਵੇ ਭਿੰਦਰਾ! ਅੱਜ ਕਿਹੋ ਜਿਹੀਆਂ ਗੱਲਾਂ ਕਰੀ ਜਾਨਾ...।' ਬਲਜੀਤ ਕੌਰ ਵੀ ਅੱਜ ਮਸਾਂ ਟਾਇਮ ਮਿਲਿਆ ਹੋਣ ਕਰਕੇ ਉਸਨੂੰ ਦਿਲ ਦੀ ਤਹਿ ਤੱਕ ਫ਼ਰੋਲ ਲੈਣਾ ਚਾਹੁੰਦੀ ਸੀ॥
'ਵੇਖੀਂ ਭਾਬੀ! ਐਵੇਂ ਗੁੱਸਾ ਨਾ ਕਰ ਜੀਂ...ਮੇਰੀ ਤਾਂ ਆਦਤ ਆ ਐਵੇਂ ਭਕਾਈ ਮਾਰਨ ਦੀ।'
'ਲੈ ਭਲਾ ਤੇਰਾ ਕਾਹਦਾ ਗੁੱਸਾ ...ਧਰਮ ਨਾਲ ਭਿੰਦਰਾ!ਜਦੋਂ ਤੂੰ ਆ ਜਾਨਾ ਤਾਂ ਮੇਰਾ ਤਾਂ ਮੇਰਾ ਮਨ ਸਗੋਂ ਖੁਸ਼ ਹੋ ਜਾਂਦਾ ਤੇਰੀਆਂ ਗੱਲਾਂ ਸੁਣ ਕੇ ...ਨਹੀਂ ਤਾਂ ਦਿਨ ਰਾਤ ਚਿਤਮਨੀ ਜਿਹੀ ਲੱਗੀ ਰਹਿੰਦੀ ਆ।'
'ਸੱਚੀਂ ਭਾਬੀ!..ਓ ਰੱਬਾ ਤੇਰਾ ਸ਼ੁਕਰ ਆ ਜੇ ਸਾਡੀਆਂ ਯਭਲੀਆਂ ਵੀ ਕਿਸੇ ਨੂੰ ਚੰਗੀਆਂ ਲੱਗਦੀਆਂ।'
'ਸੱਚ ਜਾਣੀਂ...ਤੈਨੂੰ ਦੇਖ ਕੇ ਤਾਂ...।'
'ਭਾਬੀ ! ਦੇਖੀਂ ਕਿਤੇ ਐਵੇਂ ਗਰੀਬ ਨੂੰ ...।'
ਤੇ ਬਸ ਫਿਰ ਕੀ ਸੀ ਗੱਲਾਂ ਸਾਂਝੀਆਂ ਕਰਦੇ-ਕਰਦੇ ਕਦੋਂ ਨਜ਼ਰਾਂ ਸਾਂਝੀਆਂ ਹੋ ਕੇ ਦੋਵਾਂ ਦਾ ਦਿਲ ਸਾਂਝਾ ਹੋ ਗਿਆ ਉਹਨਾ ਨੂੰ ਖੁਦ ਵੀ ਪਤਾ ਨਾ ਲੱਗਿਆ। ਬੂਹੇ ਦਾ ਖੜਾਕ ਸੁਣ ਦੋਵੇਂ ਤ੍ਰਬਕੇ। ਗੁਰਦਿਆਲ ਕੌਰ ਅੰਦਰ ਆਈ ਤਾਂ ਭਿੰਦਰ ਤੇਜ਼ੀ ਨਾਲ ਬੂਹੇ ਵੱਲ ਹੋ ਤੁਰਿਆ।
'ਕਿਵੇਂ ਆਇਆ ਸੀ ਭਿੰਦਰਾ?'
'ਲੱਸੀ ਲੈਣ ਆਇਆ ਸੀ ਚਾਚੀ...।' ਕਹਿ ਕੇ ਉਹ ਬੂਹੇ ਤੋਂ ਬਾਹਰ ਹੋ ਗਿਆ।
ਗੁਰਦਿਆਲ ਕੌਰ ਦੀਆਂ ਉਮਰਾਂ ਦੇ ਤਜਰਬੇ ਵਾਲੀਆਂ ਅੱਖਾਂ ਕੁਝ ਤਾੜਨ ਦਾ ਯਤਨ ਕਰ ਰਹੀਆਂ ਸਨ ਕਿਉਂ ਕਿ ਲੱਸੀ ਲੈਣ ਆਇਆ ਭਿੰਦਰ ਖਾਲੀ ਹੱਥ ਹੀ ਬੂਹੇ ਤੋਂ ਬਾਹਰ ਚੱਲਿਆ ਸੀ। ਪਰ ਉਹ ਚੁੱਪ-ਚਾਪ ਮਾਲਾ ਫੜ ਮੰਜੇ ਤੇ ਬੈਠ ਗਈ।'
ਇੰਝ ਕਦੇ ਕਦਾਈਂ ਜਦੋਂ ਟਾਈਮ ਮਿਲਦਾ ਭਿੰਦਰ ਬਲਜੀਤ ਕੌਰ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰ ਦਿਲ ਸਾਝਾਂ ਕਰ ਜਾਂਦਾ ਪਰ ਬਲਜੀਤ ਕੌਰ ਦਾ ਅੰਦਰ ਭਰਿਆ ਪਿਆ ਸੀ। ਚਾਹੁੰਦਿਆਂ ਹੋਇਆਂ ਵੀ ਐਨਾ ਸਮਾਂ ਨਾ ਮਿਲਦਾ ਕਿ ਉਹ ਰੱਜ ਕੇ ਗੱਲਾਂ ਕਰ ਲੈਣ ਤੇ ਉੱਪਰੋਂ ਗੁਰਦਿਆਲ ਕੌਰ ਦੀਆਂ ਨਜ਼ਰਾਂ ਵੀ ਵਧੇਰੇ ਸ਼ੱਕੀ ਹੋ ਗਈਆਂ ਸਨ।
ਇਕ ਦਿਨ ਬਾਹਰੋਂ ਜੀਤੇ ਦਾ ਫੋਨ ਆਇਆ ਤਾਂ ਬਲਜੀਤ ਕੌਰ ਉਹਨੂੰ ਘਰ ਵਾਪਸ ਆ ਜਾਣ ਲਈ ਕਹਿਣ ਲੱਗੀ। ਉਸ ਨੇ ਮਜਬੂਰੀ ਜਿਤਾਈ ਕਿ, 'ਉਹ ਡੇਢ-ਦੋ ਸਾਲ ਸਿਆਣੀ ਬਣ ਕੇ ਕੱਟ ਲਵੇ, ਕੇਰਾਂ ਪੈਲੀ ਬੈਅ ਲੈ ਕੇ ਸਿਰ ਚੜ੍ਹੇ ਪੈਸੇ ਲਾਹ ਦਈਏ ਫਿਰ ਸਾਰੀ ਉਮਰ ਐਸ਼ ਕਰਾਂਗੇ। ਅੱਗਿਓਂ ਬਲਜੀਤ ਨੇ ਫਿਰ ਦੁਹਾਈ ਦਿੱਤੀ, ਹੋਰ-ਹੋਰ ਪੈਲੀ ਬਣਾਉਣ ਦਾ ਲਾਲਚ ਕਰਨ ਵਾਲਿਆ...ਪਹਿਲਾਂ ਆਹ ਪੈਲੀ ਤਾਂ ਸਾਂਭ ਆਕੇ...ਵੱਤੋਂ ਲੰਘੀ ਪੈਲੀ ਫਿਰ ਰਾਸ ਨਹੀਂ ਆਉਣੀ...ਹਾਲੇ ਸਮਾਂ ਏ...ਮਾਲੀ ਉਹੀ ਸਿਆਣਾ ਹੂੰਦੇ ਜਿਹੜਾ ਬਾਗ ਨੂੰ ਤੋਤਿਆਂ ਤੋਂ ਠੁੰਗਣੋ ਬਚਾ ਲਏ...।' ਅਖ਼ੀਰ ਫ਼ੋਨ ਕੱਟਿਆ ਗਿਆ।
ਪ੍ਰਦੇਸੀਂ ਬੈਠਾ ਜੀਤਾ ਵੀ ਮਜਬੂਰ ਸੀ ਜੇ ਕੁਝ ਬਣਿਆ-ਬਣਾਇਆ ਈ ਨਾ ਤਾਂ ਘਰ ਛੱਡਣਾ ਦਾ ਫਾਇਦਾ ਵੀ ਕੀ ਸੀ। ਪਰ ਉਹ ਬਲਜੀਤ ਕੌਰ ਦੀ ਅੰਦਰਲੀ ਪੀੜ ਸਮਝਦਾ ਹੋਇਆ ਵੀ ਅਣਜਾਣ ਬਣ ਗਿਆ।
ਭਾਵੇਂ ਬਲਜੀਤ ਕੌਰ ਚਾਹੁੰਦੀ ਸੀ ਕਿ ਜੇਕਰ ਉਹਦੇ ਘਰਵਾਲਾ ਵਾਪਿਸ ਆ ਜਾਵੇ ਤਾਂ ਉਹ ਕਿਸੇ ਕਲੰਕ ਤੋਂ ਬਚ ਜਾਏ। ਪਰ ਹੋਣੀ ਕੀ ਭਾਣਾ ਵਰਤਾ ਦੇਵੇ ਕਿਸੇ ਨੂੰ ਕੁਝ ਸਮਝ ਨਹੀਂ ਸੀ। ਅਖੀਰ ਉਸ ਨੇ ਭਿੰਦਰ ਦੀਆਂ ਬਾਹਾਂ ਵਿਚ ਸਮਾਉਣਾ ਹੀ ਠੀਕ ਸਮਝਿਆ । ਇਕ ਦਿਨ ਸੱਸ ਗੁਰਦਿਆਲ ਕੌਰ ਕਿਧਰੇ ਕੰਮ ਗਈ ਹੋਈ ਸੀ ਤੇ ਬਿੜਕ 'ਚ ਰਹਿੰਦਾ ਭਿੰਦਰ ਬਲਜੀਤ ਕੌਰ ਨੂੰ ਮਿਲਣ ਆ ਗਿਆ।
'ਭਾਬੀ ਐਂ ਕਿਵੇਂ ਵੇਲਾ ਪੂਰਾ ਹੋਊ...?'
'ਵੇ ਕੀ ਕਰੀਏ ਭਿੰਦਰਾ...? ਮੇਰਾ ਵੀ ਬਥੇਰਾ ਦਿਲ ਕਰਦਾ ਕਿ ਤੇਰੇ ਨਾਲ ਰੱਜ-ਰੱਜ ਦਿਲ ਸਾਂਝਾ ਕਰਾਂ ਪਰ ਆਪਣੇ ਕੋਲ ਤਾਂ ਸਮੇਂ ਦੀ ਘਾਟ ਆ।'
'ਚੱਲ ਫਿਰ ਭਾਬੀ-ਕਿਧਰੇ, 'ਡਾਰੀ ਮਾਰ ਚੱਲੀਏ..?'
'ਵੇ ਐਨੇ ਜੋਗਾ ਹੈਂਗਾ...? ਐਡੀਆਂ ਗੱਲਾਂ ਕਹਿਣੀਆਂ ਸੌਖੀਆਂ ਪਰ ਨਿਭਾਉਣੀਆਂ ਬੜੀਆਂ ਔਖੀਆਂ।'
'ਤੂੰ ਹੁੰਗਾਰਾ ਤਾਂ ਭਰ।'
'ਵੇ ਐਥੋਂ ਤੱਕ ਤਾਂ ਮੈਂ ਕਦੇ ਸੋਚਿਆ ਤੱਕ ਨੀ ਸੀ।'
'ਬਸ...? ਐਡਾ ਕੁ ਈ ਆ ਦਿਲ।'
'ਵੇ ! ਜੇ ਗੁੜ ਝੋਲੀ 'ਚ ਭੁਰਦਾ ਰਹੇ ਤਾਂ ਚੰਗਾ ਰਹਿੰਦਾ।'
'ਐਂ ਤਾਂ ਅੱਖ-ਮਚੋਲੀ ਕਰਦਿਆਂ ਕਿੰਨਾ ਟਾਈਮ ਹੋ ਗਿਆ ਭਾਬੀ, ਜਦੋਂ ਤੂੰ ਮੇਰੇ ਬਿਨਾਂ ਨੀ ਰਹਿ ਸਕਦੀ ਮੈਂ ਤੇਰੇ ਬਿਨਾਂ ਨੀ ਰਹਿ ਸਕਦਾ ਫਿਰ ਘਾਟ ਕਿੱਥੇ ਆ?'
'ਵੇ ਕਮਲਿਆ!ਐਡੇ ਫੈਸਲੇ ਲੈਣੇ ਕਿਤੇ ਸੌਖੇ ਹੁੰਦੇ ਆ...?'
'ਇਹ ਤਾਂ ਪਹਿਲਾਂ ਸੋਚਣਾ ਸੀ।'
'.....'
ਤੇ ਭਿੰਦਰ ਨੂੰ ਗੁਆਂਢ ਦਾ ਇਕ ਬੱਚਾ ਬੁਲਾਉਣ ਲਈ ਆ ਗਿਆ ਕਿ ਉਸਨੂੰ ਘਰ ਕਿਸੇ ਨੇ ਬੁਲਾਇਆ ਸੀ।
ਇਸ ਤਰਾਂ੍ਹ ਜਦੋਂ ਕਦੇ ਉਹ ਕੱਠੇ ਹੁੰਦੇ ਤਾਂ ਭਿੰਦਰ ਅਕਸਰ ਘਰੋਂ ਦੌੜ ਜਾਣ ਵਾਸਤੇ ਆਖਦਾ। ਇਸ ਗੱਲ ਨਾਲ ਬਲਜੀਤ ਕੌਰ ਪਹਿਲਾਂ ਦਿਲੋਂ ਉੱਕਾ ਹੀ ਸਹਿਮਤ ਨਹੀਂ ਸੀ। ਪਰ ਹੌਲੀ-ਹੌਲੀ ਭਿੰਦਰ ਦੀਆਂ ਮਿੱਠੀਆਂ ਤੇ ਹੌਂਸਲੇ ਵਾਲੀਆਂ ਗੱਲਾਂ ਨੇ ਉਸ ' ਤੇ ਕੋਈ ਐਹੋ ਜਿਹਾ ਜਾਦੂ ਕੀਤਾ ਕਿ ਉਹ ਭੈੜਾ ਕਲੰਕ ਖੱਟਣ ਦੀ ਹਾਮੀ ਭਰ ਭੈਠੀ। ਤੇ ਇਕ ਦਿਨ ਬਣਾਈ ਵਿਉਂਤ ਅਨੁਸਾਰ ਬਲਜੀਤ ਕੌਰ ਸਵਖ਼ਤੇ ਪਾਠੀ ਲੱਗਣ ਤੋਂ ਪਹਿਲਾਂ ਬੱਚੇ ਨੂੰ ਮੋਢੇ ਲਾ ਮਿਥੀ ਥਾਂ ਪਹੁੰਚੀ ਭਿੰਦਰ ਦਾ ਇੰਤਜ਼ਾਰ ਕਰਨ ਲਈ ਖਲੋ ਗਈ । ਉਸੇ ਵਕਤ ਭਿੰਦਰ ਵੀ 'ਜੈਤੋ ਦੇ ਮੋਰਚੇ' ਵਾਂਗ ਸਮੇਂ ਸਿਰ ਪਹੁੰਚ ਗਿਆ ਪਰ ਬੱਚੇ ਵੱਲ ਦੇਖਦਾ ਹੋਇਆ ਅਚੰਬੇ ਨਾਲ ਬੋਲਿਆ, 'ਆਹ ਤੂੰ ਕੀ ਕੀਤਾ ਭਾਬੀ...?...ਇਹਨੂੰ ਤਾਂ ਰਹਿਣ ਦਿੰਦੀ...ਐਹਨੂੰ ਤਾਂ ਛੱਡ ਆਉਣਾ ਸੀ ਬੁੜੀ ਕੋਲ ਈ, ਆਪੇ ਚੁੱਕੀ ਫਿਰਦੀ ਰਹਿੰਦੀ ਤੇ ਖਿਡਾਉਂਦੀ ਰਹਿੰਦੀ ਉਹ....ਆਪਾਂ ਕੀ ਕਰਾਉਣਾ ਸੀ ਇਹਤੋਂ...ਆਪਾਂ ਕਿਥੇ ਸਾਂਭਦੇ ਫਿਰਾਂਗੇ...?'
ਭਿੰਦਰ ਦੀ ਇਹ ਗੱਲ ਸੁਣ ਬਲਜੀਤ ਕੌਰ ਨੂੰ ਬੜਾ ਧੱਕਾ ਲੱਗਾ ਤੇ ਉਹ ਖੜ੍ਹੀ ਜਿਵੇਂ ਮਿੱਟੀ ਹੋ ਗਈ ਹੋਵੇ...। ਸੋਚਿਆ ਕੀ ਬੜਾ ਯਕੀਨ ਕਰਕੇ ਉਹਦੇ ਨਾਲ ਜ਼ਿੰਦਗੀ ਦੇ ਸਫ਼ਰ ਇਕੱਠਿਆਂ ਤਹਿ ਕਰਨ ਦਾ ਹੌਸਲਾ ਕੀਤਾ ਸੀ ਪਰ ਇਹ ਤਾਂ....
....ਫਿਰ ਕੁਝ ਹੌਂਸਲਾ ਕਰ ਬੋਲੀ, 'ਅੱਛਾ ਭਿੰਦਰਾ! ਤੂੰ ਜੋ ਕਹਿਣਾ ਸੀ ਕਹਿ ਲਿਆ...ਤੂੰ ਤਾਂ ਉਹੀ ਗੱਲ ਕੀਤੀ ਅਖੇ 'ਕੱਚੀ ਛੋਹਰ, ਆਟਾ ਖਰਾਬ' ... ਜੇ ਤੈਨੂੰ ਇਹ ਮਾਸੂਮ ਅੱਜ ਬੋਝ ਲੱਗਦੈ ਤਾਂ ਕੱਲ੍ਹ ਨੂੰ ਤੂੰ ਮੈਨੂੰ ਕੀ ਲਈ ਬੈਠਾਂ...?'
ਐਨਾ ਕਹਿ ਉਹ ਗੁੱਸੇ ਨਾਲ ਹਨੇਰੀ ਵਾਂਗ ਉਥੋਂ ਵਾਪਿਸ ਮੁੜੀ ਪਾਠੀ ਲੱਗਣ ਤੋਂ ਪਹਿਲਾਂ ਹੀ ਘਰ ਅੰਦਰ ਮੁੜ ਗਈ। ਸ਼ੁਕਰ ਸੀ ਸੱਸ ਅਜੇ ਉਠੀ ਨਹੀਂ ਸੀ ਤੇ ਉਹ ਕਲੰਕ ਲੱਗਣ ਤੋਂ ਬਚ ਗਈ ਸੀ ...ਤੇ ਭਿੰਦਰ ਖੜ੍ਹਾ ਹੱਥ ਮਲਦਾ ਸਿਵਾਏ ਉਸ ਨੂੰ ਤੱਕਣ ਦੇ ਕੁਝ ਨਾ ਕਰ ਸਕਿਆ...। (ਸਮਾਪਤ)


-ਪਿੰਡ ਤਖਤੂਪੁਰਾ (ਮੋਗਾ) ਪਿੰਨ 142055
ਮੋਬਾਈਲ : 98140-68614.

ਪਾਣੀ ਬਚਾਓ

ਪਾਣੀ ਬਚਾਓ ਮੁਹਿੰਮ ਬੜੇ ਜੋਸ਼ ਨਾਲ ਚਲਾਈ ਜਾ ਰਹੀ ਸੀ | ਨਿਮਾਣਾ ਸਿਹੁੰ ਵੀ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਤੇ ਲੋਕਾਂ ਨੂੰ ਘਟ ਰਹੇ ਪਾਣੀ ਬਾਰੇ ਸੁਚੇਤ ਕਰਦਾ | ਪਾਣੀ ਬਚਾਓ ਮੁਹਿੰਮ ਤਹਿਤ ਇਕ ਸਮਾਗਮ ਵਿਚ ਨਿਮਾਣੇ ਨੂੰ ਭਾਸ਼ਣ ਦੇਣ ਦਾ ਮੌਕਾ ਮਿਲਿਆ | ਬੁੱਢੇ ਵਾਰੇ ਘਰ ਵਿਚ ਪੁੱਛ-ਪੜਤਾਲ ਘੱਟ ਹੋਣ ਕਰਕੇ ਤੇ ਦੂਜਾ ਭਾਸ਼ਣ ਦੇਣ ਦਾ ਜਨੂੰਨ ਸਵਾਰ ਹੋਣ ਕਰਕੇ ਨਿਮਾਣਾ ਕੁਝ ਦੇਰ ਪਹਿਲਾਂ ਹੀ ਸਮਾਗਮ ਵਿਚ ਪਹੁੰਚ ਗਿਆ | ਸਮਾਗਮ ਵਾਲੀ ਥਾਂ 'ਤੇ ਪਾਈਪਾਂ ਨਾਲ ਬੇਹਿਸਾਬ ਪਾਣੀ ਤਰਾਉਂਕਿਆ ਜਾ ਰਿਹਾ ਸੀ | ਰਸਤੇ ਦਾ ਮਿੱਟੀ-ਘੱਟਾ ਬਿਠਾਉਣ ਲਈ ਰਸਤੇ ਨੂੰ ਪਾਣੀ ਨਾਲ ਤਰ ਕੀਤਾ ਜਾ ਰਿਹਾ ਸੀ | ਅਧਿਕਾਰੀਆਂ ਦੇ ਵਹੀਕਲਜ਼ ਸੇਵਾਦਾਰਾਂ ਵਲੋਂ ਧੋਤੇ ਜਾ ਰਹੇ ਸਨ | ਪਾਣੀ ਪਿਲਾਉਣ ਦੀ ਸੇਵਾ ਕਰਨ ਵਾਲਿਆਂ ਵੀ ਭਰ-ਭਰ ਕੇ ਗਿਲਾਸ ਮੇਜ਼ 'ਤੇ ਰੱਖੇ ਹੋਏ ਸਨ | ਪਾਣੀ ਬਚਾਓ ਮੁਹਿੰਮ ਵਿਚ ਸ਼ਮੂਲੀਅਤ ਕਰਨ ਆਉਂਦੇ ਚਿੰਤਕ ਦੋ-ਚਾਰ ਘੁੱਟ ਪਾਣੀ ਪੀਂਦੇ ਬਾਕੀ ਪਾਣੀ ਵਗਾਹ ਕੇ ਰੋੜ ਦਿੰਦੇ | ਪੰਡਾਲ ਵਿਚ ਚਲਦੇ ਪਾਣੀ ਵਾਲੇ ਪੱਖੇ ਪੋਹ ਦੇ ਮਹੀਨੇ ਵਾਲੀ ਧੁੰਦ ਦਾ ਚੇਤਾ ਕਰਾਈ ਜਾਂਦੇ | ਨਿਮਾਣਾ ਵਾਸ਼ਰੂਮ ਗਿਆ ਵੇਖਦਾ ਕਿ ਉਥੇ ਵੀ ਪਾਣੀ ਵਾਲੀਆਂ ਖਰਾਬ ਟੂਟੀਆਂ ਹਰਲ-ਹਰਲ ਕਰਕੇ ਚੱਲ ਰਹੀਆਂ ਸਨ | ਪਾਣੀ ਵਾਲੀ ਟੈਂਕੀ ਦਾ ਓਵਰ ਫਲੋਅ ਹੋਇਆ ਪਾਣੀ ਝਰਨੇ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ | ਥਾਂ-ਥਾਂ ਪਾਣੀ ਬਚਾਓ ਦੇ ਲੱਗੇ ਬੋਰਡਾਂ ਅਤੇ ਰੁੱਖਾਂ ਵੱਲ ਨਿਮਾਣੇ ਨੇ ਗਹੁ ਨਾਲ ਵੇਖਿਆ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਸਭ ਕੁਝ ਵੇਖ ਰੁੱਖਾਂ ਦੇ ਪੀਲੇ ਪਏ ਪੱਤੇ ਹੋਰ ਵੀ ਪੀਲੇ ਪੈ ਗਏ ਹੋਣ | ਨਿਮਾਣਾ ਗੰਭੀਰ ਹੋਇਆ ਸੋਚਦਾ ਕਿ ਭਾਵੇਂ ਉਸ ਦੀ ਜੀਵਨ ਸਾਥਣ ਆਪਣੇ ਵੇਲੇ ਦੀ ਕੱਚੀ-ਪੱਕੀ ਪੜ੍ਹੀ ਆ ਪਰ ਹੈ ਬੜੀ ਸੁਲਝੀ | ਉਹ ਕਿਵੇਂ ਘਰ ਲੱਗੇ ਆਰ. ਓ. ਦੇ ਬੇਕਾਰ ਪਾਣੀ ਨੂੰ ਕੱਪੜੇ ਧੋਣ ਅਤੇ ਭਾਂਡੇ ਸਾਫ਼ ਕਰਨ ਵਿਚ ਬੜੀ ਸਿਆਣਪ ਨਾਲ ਵਰਤਦੀ | ਉਹ ਭਰੇ ਮਨ ਨਾਲ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੱਥ ਵੱਲ ਨੂੰ ਇਹ ਸੋਚਦਾ ਤੁਰ ਪਿਆ ਕਿ ਇਹ ਪਾਣੀ ਬਚਾਓ ਮੁਹਿੰਮ ਚੱਲ ਰਹੀ ਹੈ ਜਾਂ ਪਾਣੀ ਘਟਾਓ...?

-ਸੁਖਬੀਰ ਸਿੰਘ ਖੁਰਮਣੀਆਂ
477/21, ਕਿਰਨ ਕਾਲੋਨੀ ਬਾਈਪਾਸ ਗੁਮਟਾਲਾ, ਅੰਮਿ੍ਤਸਰ |
ਮੋਬਾਈਲ : 98555-12677.

ਕਹਾਣੀ- ਮਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਹੂੰ... |' ਗੁਰਦਿਆਲ ਕੌਰ ਨੇ ਗੱਲ ਦਾ ਬਹੁਤਾ ਹੁੰਗਾਰਾ ਨਾ ਭਰਿਆ ਤੇ ਹੋਰ ਗੱਲਾਂ ਕਰਨ ਲੱਗੀ | ਐਨੇ ਚਿਰ ਨੂੰ ਲੱਸੀ ਪਾ ਕੇ ਬਲਜੀਤ ਨੇ ਡੋਲਣਾ ਕੰਤੋ ਨੂੰ ਲਿਆ ਫੜਾਇਆ |
'ਕਿਉਂ ਬਹੂ!ਜੀਤੇ ਨੇ ਨਹੀਂ ਬਣਾਏ ਅਜੇ ਕੋਈ ਕਾਗਜ਼-ਪੱਤਰ ਤੈਨੂੰ ਸੱਦਣ ਵਾਸਤੇ...ਤੇਰਾ ਨੀ ਜੀਅ ਕਰਦਾ ਬਾਹਰਲੇ ਮੁਲਕਾਂ ਦੀ ਸੈਲ ਕਰਨ ਵਾਸਤੇ...ਤੂੰ ਵੀ ਮੰਗਾ ਲੈ ਉਹ ਕੀ ਕਹਿੰਦੇ ਹੁੰਦੇ ਆ , ਆਹ ਔਾਤਰੀ ਜਿਹੀ ਦਾ ਚੰਦਰਾ ਨਾਂਅ ਕਿਹੜਾ ਆਉਦਾਂ ਆਹ ...ਹਾਂ ...ਉਹ 'ਪਸੈਂਜਰ ਜਿਪ' ਜਿਹੀ ...' | ਡੋਲਣਾ ਫੜਦੀ ਕੰਤੋ, ਬਲਜੀਤ ਨੂੰ ਸੰਬੋਧਨ ਹੋਈ |
ਕੰਤੋ ਦਾ 'ਸਪੌਾਸਰਸ਼ਿਪ' ਨੂੰ ਪਸੈਂਸਰ ਜਿਪ ਕਹਿਣਾ ਭਾਵੇਂ ਬਲਜੀਤ ਦੇ ਬੁੱਲਾਂ ਨੂੰ ਮੁਸਕਰਾਹਟ ਦੇ ਗਿਆ ਪਰ ਗੱਲ ਵਿਚਲੀ ਰਮਜ਼ ਨੇ ਉਸਦੇ ਦਿਲ ਦੇ ਜ਼ਖ਼ਮ ਨੂੰ ਜਿਵੇਂ ਖੁਰਚ ਦਿੱਤਾ ਹੋਵੇ |
ਕੰਤੋ ਦੀ ਗੱਲ ਨੇ ਗੁਰਦਿਆਲ ਕੌਰ ਦਾ ਮੂੜ ਵੀ ਕਿਰਕਿਰਾ ਕਰ ਦਿੱਤਾ | ਉਹ ਕੰਤੋ ਨੂੰ ਸੂਈ ਕੁੱਤੀ ਵਾਂਗ ਭੱਜ ਕੇ ਪਈ, 'ਦੇਖ ਭਾਈ ਕੰਤ ਕੁਰੇ! ਲੱਸੀ ਲੈਣ ਤਾਂ ਭਾਵੇਂ ਜੰਮ-ਜੰਮ ਆ ਤੈਨੂੰ ਜੁਆਬ ਕਿਸੇ ਗੱਲੋਂ ਵੀ ਨਹੀਂ ...ਪਰ ਗਾਂਹ ਤੋਂ ਐਹ ਲੂਤੀ ਨਾ ਬਹੂ ਨੂੰ ਆ ਕੇ ਲਾਈਾ...ਜੇ ਭਲਾ ਦੋ-ਚਾਰ ਸਾਲ ਖਸਮ ਤੋਂ ਪਾਸੇ ਰਹਿ ਲੂ ਤਾਂ ਕਿਹੜਾ ਮੌਤ ਪੈਂਦੀ ਆ...ਨਾਲੇ ਬਾਹਰ ਕਿਤੇ ਖਰਚੇ ਥੋੜ੍ਹੇ ਆ...ਉਥੇ ਟੱਬਰ ਰੱਖ ਕੇ ਪਾਲਣਾ ਬੜਾ ਔਖਾ...ਨਾਲੇ ਉਹਦੇ ਆਉਂਦੇ ਨੂੰ ਗੁਰਦਿੱਤਾ ਵੀ ਉਡਾਰ ਜਿਹਾ ਹੋਜੂ....ਫਿਰ ਬੜੀ ਉਮਰ ਆ ਕੱਠੇ ਰਹਿਣ ਨੂੰ ...ਨਾਲੇ ਚਾਰ ਪੈਸੇ ਬੋਝੇ 'ਚ ਹੋਣ ਤਾਂ, ਤਾਂ ਹੀ ਚੰਗਾ ਲੱਗਦੈ ਸਭ ਕੁਛ ...ਬਿਨਾ ਪੈਸੇ ਤਾਂ ਬੰਦਾ ਲੂਣ –ਮਿਰਚਾਂ ਦੇ ਭਾਅ ਪੁੱਛਦਾ ਈ ਮਰ ਜਾਂਦਾ, ਲੈਣ ਦੀ ਹਿੰਮਤ ਨੀ ਪੈਂਦੀ... |'
ਸੱਸ ਵਲੋਂ ਕੰਤੋ ਨੂੰ ਕਹੀ ਗੱਲ ਸੁਣ ਕੇ ਬਲਜੀਤ ਵੀ ਬੋਲ ਹੀ ਪਈ, 'ਮਾਂ ਜੀ!ਸਾਰਾ ਕੁਝ ਪੈਸਾ ਈ ਨਹੀਂ ਹੁੰਦਾ ਜ਼ਿੰਦਗੀ 'ਚ ਬਿਨਾਂ ਦਿਲਾਂ ਦੇ ਚਾਅ ਤੇ ਅੰਦਰੂਨੀ ਖੁਸ਼ੀ ਦੇ ...ਸੱਜਣ ਦੇ ਵਸਲ ਤੋਂ ਬਗੈਰ ਤਾਂ ਹੀਰੇ, ਮੋਤੀਆਂ ਜੜੇ ਮਹਿਲ ਵੀ ਵਿਹੁ ਵਰਗੇ ਲਗਦੇ ਆ...ਤੇ ਜਿਹੜੀ ਟਿੱਬੇ ਵੱਲ ਦੀ ਜ਼ਮੀਨ ਲੈਣ ਦੀ ਗੱਲ ਤੁਸੀਂ ਕਰਦੇ ਓ, ਓਹ ਵੀ ਮੇਰੇ ਨਸੀਬ ਵਾਂਗ ਰੇਤਲੀ ਆ, ਜਿਸ ਉੱਤੇ ਕਰਮਾਂ ਨਾਲ ਹੀ ਪਾਣੀ ਨੇ ਹਰਿਆਵਲ ਕਰਨੀ ਆ...ਉਸ ਜ਼ਮੀਨ ਨੇ ਵੀ ਮੇਰੇ ਅਰਮਾਨਾਂ ਵਾਂਗ ਸ਼ਾਇਦ ਬੰਜਰ ਹੀ ਰਹਿ ਜਾਣੈ... |'
'ਬੰਜਰ ਕਾਹਨੂੰ ਰਹਿਣ ਦਿੰਦੇ ਆ ਭਾਬੀ , ਅਸੀਂ ਤਾਂ ਟਿੱਬਿਆਂ 'ਤੇ ਪਾਣੀ ਚੜ੍ਹਾ ਤਾ, ਟਿੱਬਿਆਂ ' ਤੇ... |'
ਬਲਜੀਤ ਕੌਰ ਨੂੰ ਗੋਲ ਮਸਕਰੀ ਕਰਦਿਆਂ ਭਿੰਦਰ ਨੇ ਆ ਕੇ ਚਲ ਰਹੇ ਵਾਰਤਾਲਾਪ ਵਿਚ ਆਪਣੀ ਵੀ ਹਾਜ਼ਰੀ ਲੁਆ ਦਿੱਤੀ | ਨੂੰ ਹ-ਸੱਸ ਦੀ ਸ਼ਬਦੀ ਜੰਗ ਵਿਚ ਭਿੰਦਰ ਨੂੰ ਫਸਦਾ ਵੇਖ ਕੇ ਕੰਤੋ ਅੱਖ ਦੇ ਫੋਰੇ ਨਾਲ ਘਰੋਂ ਇਉਂ ਨਿਕਲੀ ਜਿਵੇਂ ਕਿਸੇ ਸਾਬਕਾ ਫ਼ੌਜੀ ਦੀ ਬੰਦੂਕ 'ਚੋਂ ਕਦੇ ਹੀ ਦਿਵਾਲੀ ਨੂੰ ਫਾਇਰ ਨਿਕਲਿਆ ਹੋਵੇ |
ਕੰਤੋ ਦੇ ਜਾਣ ਤੋਂ ਬਾਅਦ ਭਿੰਦਰ ਨੇ ਗੁਰਦਿਆਲ ਕੌਰ ਨਾਲ ਮੱਥਾ ਲਾਉਂਦਿਆ ਕਿਹਾ, 'ਚਾਚੀ!ਤੂੰ ਆਹ ਮਾਲਾ ਜਿਹੀ ਘੁਮਾਉਣ ਤੇ ਬਾਹਲਾ ਜ਼ੋਰ ਨਾ ਲਾਇਆ ਕਰ, ਐਾਵੇ ਉਂਗਲਾਂ ਨਾ ਘਸਾ ਬੈਂਠੀ, ਹੋਰ ਨਾ ਕਿਤੇ ਗੁਰਦਿੱਤੇ ਦੇ ਵਿਆਹ ਤੱਕ ਉਂਗਲ ਖੱਟੀ ਕਰਵਾਉਣ ਨੂੰ ਫਿਰ ਤੇਰੀ ਕੋਈ ਉਂਗਲ ਹੀ ਨਾ ਲੱਭੇ...ਨਾਲੇ ਅਗਲੇ ਛਾਪ-ਛੱਲਾ ਪਾਉਣ ਲੱਗੇ ਹੁਣ ਤਾਂ ਮੂਵੀ ਆਲੇ ਨੂੰ ਕਹਿ ਦਿੰਦੇ ਆ ਬਈ ਟਿਕਾ ਕੇ ਫੋਟੋ ਲਈਾ ਕਿ ਬੰਦਾ ਕੱਲ੍ਹ ਨੂੰ ਮੁੱਕਰ ਹੀ ਨਾ ਜਾਵੇ ਕਿ ਮੈਂ ਮੁੰਦਰੀ ਪਵਾਈ ਹੀ ਨੀ... |'
'ਚੰਗਾ ਵੇ!ਬਸ ਕਰ ਹੁਣ ਬਸ ਕਰ, ਤੈਨੂੰ ਹਰ ਵੇਲੇ ਹੀ ਮਸ਼ਕਰੀਆਂ ਸੁਝਦੀਆਂ ਰਹਿੰਦੀਆਂ, ਅਖੇ, 'ਅੰਨ੍ਹਾ ਜੁਲਾਹਾ ਮਾਂ ਨਾਲ ਮਸਕਰੀਆਂ ' ...ਇਸ ਤੋਂ ਬਿਨਾਂ ਵੀ ਹੋਰ ਕੁਝ ਆਉਂਦਾ ਤੈਨੂੰ ਕਿ ਨਹੀਂ |' ਬਲਜੀਤ ਕੌਰ ਅੱਗਿਓਾ ਬੋਲੀ |
'ਗੱਲ ਤਾਂ ਮੈਂ ਚਾਚੀ ਨਾਲ ਕਰਦਾਂ ਭਾਬੀ ! ਤੂੰ ਕਿਉਂ ਅੱਖਾਂ ਕੱਢਦੀ ਏਾ ਚੌਮੁਖੀਏ ਦੀਵੇ ਵਾਂਗੂੰ, ਵੱਡੀਆਂ-ਵੱਡੀਆਂ |'
'ਵੇ ਮੈਂ ਕੀ ਕਿਹਾ ਤੈਨੂੰ..?'
'ਲੈ ਭਾਬੀ! ਤੂੰ ਤਾਂ ਮਖੌਲ ਵੀ ਨੀ ਕਰਨ ਦਿੰਦੀ ...ਹਾਲੇ ਤਾਂ ਚਾਚੀ ਨੂੰ ਹੀ ਟਿੱਚਰਾਂ ਕਰੀਂ ਜਾਨਾ ...ਤੈਨੂੰ ਤਾਂ ਕੁਝ ਕਿਹਾ ਈ ਨੀ |'
'ਕਹਿਣ ਨੂੰ ਭਾਈ ਤੂੰ ਕਿਹੜਾ ਐਹਨੂੰ ਮੂੰਹ 'ਚ ਪਾ ਲਏਗਾ...ਕਰ ਲੇ ਜਿਹੜਾ ਮਖੌਲ ਕਰਨਾ |' ਹਸਦੀ ਹੋਈ ਗੁਰਦਿਆਲ ਕੁਰ ਭਿੰਦਰ ਨੂੰ ਬੋਲੀ |
'ਚਾਚੀ! ਨੂੰ ਹ ਤਾਂ ਤੇਰੀ ਚੰਨ ਦਾ ਟੁੱਕੜਾ, ਤੇ ਚੰਨ ਭਲਾ ਕਦੇ ਕੋਈ ਮੂੰਹ 'ਚ ਪਾਉਂਦਾ... |'
ਬਲਜੀਤ ਕੌਰ ਨੇ ਜਦੋਂ ਇਹ ਬੋਲ ਸੁਣੇ ਤਾਂ ਜਿਵੇਂ ਉਹਦੇ ਸਰੀਰ 'ਚ ਝਰਨਾਹਟ ਜਿਹੀ ਛਿੜ ਗਈ | ਉਹ ਹੋਰ ਵੀ ਗਹੁ ਨਾਲ ਭਿੰਦਰ ਨੂੰ ਗੱਲਾਂ ਕਰਦਿਆਂ ਤੱਕਣ ਲੱਗ ਪਈ |
ਉਮਰ ਵਿਹਾ ਚੁੱਕੀ ਗੁਰਦਿਆਲ ਕੌਰ ਨੇ , ਭਿੰਦਰ ਨੂੰ ਦੋਹਰੇ-ਸ਼ਬਦਾਂ ਰਾਹੀਂ ਅੱਗੇ ਵਧਦਾ ਵੇਖ ਉੱਥੇ ਹੀ ਰੋਕਣਾ ਮੁਨਾਸਿਬ ਸਮਝਦਿਆਂ ਕਿਹਾ, 'ਵੇਖ ਭਾਈ! ਬਹੁਤ ਹੋ ਗਿਆ ਹਾਸਾ ਮਜ਼ਾਕ, ਹੁਣ ਕੋਈ ਕੰਮ ਦੀ ਗੱਲ ਕਰੀਏ |'
'ਕੰਮ ਦੀ ਗੱਲ ਤਾਂ ਫਿਰ ਚਾਚੀ ਆਹ ਹੈ ਕਿ ਚਾਚੇ ਨੇ ਹੁਣ ਰੋਟੀ ਖ਼ੇਤ ਹੀ ਮੰਗਵਾਈ ਆ ਤੇ ਮੈਨੂੰ ਕਹਿੰਦਾ ਸੀ ਬਈ ਲਾਈਟ ਦਾ ਕੀ ਭਰੋਸਾ, ਆਹ ਗਿੱਠ –ਗਿੱਠ ਹੋਈ ਚਰ੍ਹੀ ਨੂੰ ਅੱਜ ਪਾਣੀ ਲਾ ਹੀ ਦਈਏ , ਫਿਰ ਰੇਹ ਪਾ ਕੇ ਸੁੱਖ ਨਾਲ ਹਫਤੇ ਤੱਕ ਵਾਹਢਾ ਲਾ ਲਵਾਂਗੇ... |'
ਭਿੰਦਰ ਤੇ ਗੁਰਦਿਆਲ ਕੌਰ ਦੇ ਗੱਲਾਂ ਕਰਦੇ –ਕਰਦੇ ਬਲਜੀਤ ਕੌਰ ਨੇ ਦਾਲ-ਰੋਟੀ ਬੰਨ੍ਹ ਕੇ ਕੰਧੋਲੀ ਦੀ ਬੰਨੀ ' 'ਤੇ ਰੱਖਦਿਆਂ ਕਿਹਾ, 'ਲੈ ਭਿੰਦਰਾ! ਰੋਟੀ ਤਿਆਰ ਪਈ ਆ, ਜਦੋਂ ਚਾਚੀ-ਭਤੀਜੇ ਦੀ ਰਾਮ-ਲੀਲ੍ਹਾ ਖ਼ਤਮ ਹੋਗੀ ਤਾਂ ਲੈ ਜਾਵੀਂ |'
ਰੋਟੀ ਚੁੱਕਣ ਲੱਗੇ ਭਿੰਦਰ ਨੇ ਬਲਜੀਤ ਕੌਰ ਵੱਲ ਸਰਸਰੀ ਜਿਹਾ ਤੱਕਿਆ ਤੇ ਰੋਟੀ ਲੈ ਦਰਵਾਜ਼ਿਓਾ ਬਾਹਰ ਹੋ ਗਿਆ |
ਗੁਰਦਿਆਲ ਕੁਰ ਕਈ ਦਿਨਾਂ ਤੋਂ ਭਿੰਦਰ ਦੀਆਂ ਗੱਲਾਂ-ਬਾਤਾਂ 'ਚ ਕੋਈ ਭੈਅ ਜਿਹਾ ਮਹਿਸੂਸ ਕਰ ਰਹੀ ਸੀ | ਬਲਜੀਤ ਕੌਰ ਨੂੰ ਸੰਬੋਧਨ ਹੁੰਦਿਆਂ ਉਹ ਬੋਲੀ, 'ਵੇਖ ਭਾਈ! ਬਹੁਤਾ ਮੂੰਹ ਨਾ ਲਾਇਆ ਕਰ ਇਹਨੂੰ...ਮੈਨੂੰ ਇਹਦੇ ਲੱਛਣ ਜਿਹੇ ਵਿਗੜੇ ਲਗਦੇ ਆ | ਐਵੇਂ ਆਹਨੇ –ਬਹਾਨੇ ਨਾਲ ਬਹੁਤੇ ਗੇੜੇ ਮਾਰਨ ਲੱਗ ਪਿਆ ਇਹ ਹੁਣ...ਕਦੇ ਗੁਰਦਿੱਤੇ ਨੂੰ ਖਿਡਾਉਣ ਬਹਾਨੇ ਆ ਜਾਂਦਾ, ਕਦੇ ਕਿਸੇ ਚੀਜ਼ ਨੁੰ ਮੰਗਣ |'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਪਿੰਡ ਤਖਤੂਪੁਰਾ (ਮੋਗਾ) ਪਿੰਨ 142055
ਮੋਬਾਈਲ : 98140-68614.

ਇਕ ਇਕ ਪੈਸੇ ਦੀ ਕੀਮਤ ਹੈ

ਇਹ ਗੌਰਮਿੰਟ ਏ ਜੀ
ਗੌਰਮਿੰਟ ਦਾ ਮਤਲਬ ਕੀ ਹੈ?
ਇਹੋ, ਸਰਕਾਰ ਜਿਹੜੀ ਇਕ-ਇਕ ਮਿੰਟ 'ਤੇ ਗੌਰ ਕਰਦੀ ਹੈ |
ਮਿੰਟ-ਮਿੰਟ 'ਤੇ ਗੌਰ ਕਰਨ ਵਾਲੀ ਗੌਰਮਿੰਟ ਵੀ ਮਿੰਟਾਂ-ਸਕਿੰਟਾਂ 'ਚ ਭੁਲੇਖਾ ਖਾ ਸਕਦੀ ਹੈ |
ਗ਼ੌਰ ਕਰੋ, ਗੌਰਮਿੰਟ ਦਾ ਮਿੰਟ-ਮਿੰਟ 'ਤੇ ਗੌਰ ਕਰਨਾ, ਸਭ ਪੈਸਿਆਂ ਦੀ ਖੇਡ ਹੈ | ਗੌਰਮਿੰਟ ਅੰਗਰੇਜ਼ੀ ਦਾ ਲਫ਼ਜ਼ ਹੈ, ਹਿੰਦੀ, ਪੰਜਾਬੀ 'ਚ ਇਹਦਾ ਬਦਲ ਹੈ, ਸਰਕਾਰ |
ਅੰਗਰੇਜ਼ੀ ਵਿਚ 'ਮਿੰਟ' ਦਾ ਮਤਲਬ ਹੈ—ਟਕਸਾਲ | ਸਰਕਾਰ ਦੀ ਟਕਸਾਲ ਜਿਥੇ ਇਕ ਪੈਸੇ ਤੋਂ ਲੈ ਕੇ ਦਸ ਰੁਪਿਆਂ ਦੇ ਮੁੱਲ ਵਾਲੇ ਸਰਕਾਰੀ ਸਿੱਕੇ ਢਾਲੇ ਜਾਂਦੇ ਹਨ | ਬਾਕੀ ਤਾਂ ਪੇਪਰ ਕਰੰਸੀ ਹੈ, ਜਿਹੜੀ ਸਰਕਾਰੀ ਛਾਪੇਖਾਨਿਆਂ 'ਚ ਛਾਪੀ ਜਾਂਦੀ ਹੈ | ਟਕਸਾਲ 'ਚ ਸਿੱਕੇ ਢਾਲੇ ਜਾਂਦੇ ਹਨ ਤੇ ਛਾਪੇਖਾਨੇ 'ਚ ਨੋਟ, ਇਕ ਰੁਪਏ ਦੇ ਨੋਟ, ਪੰਜ ਰੁਪਿਆਂ ਦੇ ਨੋਟ, ਦਸ ਰੁਪਿਆਂ ਦੇ ਨੋਟ, ਵੀਹ ਰੁਪਿਆਂ ਦੇ ਨੋਟ, ਫਿਰ ਸਿੱਧਾ ਪੰਜਾਹ ਰੁਪਿਅ ਤੋਂ ਲੈ ਕੇ ਪੰਜ ਸੌ ਰੁਪਿਆਂ ਦੇ, ਦੋ ਹਜ਼ਾਰ ਤੱਕ ਦੇ ਛਾਪੇ ਜਾਂਦੇ ਹਨ |
ਅੱਜਕਲ੍ਹ ਤਾਂ ਇਕ ਰੁਪਏ ਦੇ ਨੋਟ ਵੀ ਸ਼ਾਇਦ ਛਪਣੇ ਬੰਦ ਹੋ ਗਏ ਹਨ | ਪਰ ਇਨ੍ਹਾਂ ਦੇ ਮੁੱਲ ਦੇ, ਇਕ ਰੁਪਏ, ਦੋ ਰੁਪਏ, ਪੰਜ ਰੁਪਏ, ਦਸ ਰੁਪਏ ਦੇ ਸਿੱਕੇ ਜ਼ਰੂਰ ਸਰਕਾਰੀ ਟਕਸਾਲ 'ਚ ਢਾਲੇ ਜਾ ਰਹੇ ਹਨ | ਇਨ੍ਹਾਂ ਦੀ ਵਰਤੋਂ ਆਮ ਹੈ | ਸਿੱਕਿਆਂ ਵਿਚ ਵੀ ਪਹਿਲਾਂ ਇਕ ਪੈਸੇ ਦੇ ਸਿੱਕੇ ਤੋਂ ਲੈ ਕੇ ਦੋ ਪੈਸੇ, ਤਿੰਨ ਪੈਸੇ, ਪੰਜ ਪੈਸੇ, ਦਸ ਪੈਸੇ ਤੇ 20 ਪੈਸਿਆਂ ਦੇ ਸਿੱਕੇ ਆਮ ਵਰਤੋਂ 'ਚ ਸਨ, ਜਿਨ੍ਹਾਂ ਨੂੰ ਲੋਕੀਂ ਦੁੱਕੀ, ਤਿੱਕੀ, ਪੰਜੀ, ਦਸੀ ਆਖਦੇ ਸਨ | ਫਿਰ ਚੱਵਾਨੀ, ਅਠਿਆਨੀ ਤੇ ਸਿੱਧਾ ਰੁਪਿਆ | ਇਕ ਪੈਸੇ ਦਾ ਸਿੱਕਾ ਨਦਾਰਦ ਹੈ |
ਇਕ ਵੇਲਾ ਸੀ, ਜਦ ਇਕ ਪੈਸੇ ਦੀ ਵੀ ਆਪਣੀ ਇੱਜ਼ਤ ਸੀ, ਇਹਦਾ ਮੁੱਲ ਸੀ | ਮੰਗਤੇ, ਭਿਖਾਰੀ ਜਦ ਤਲੀ ਅੱਡਦੇ ਸਨ, ਉਨ੍ਹਾਂ ਦੀ ਤਲੀ 'ਤੇ ਜਦ ਕੋਈ ਇਕ ਪੈਸੇ ਦਾ ਸਿੱਕਾ ਰੱਖ ਦਿੰਦਾ ਤਾਂ ਉਹ ਦਾਤਾ ਨੂੰ ਸੌ-ਸੌ ਅਸੀਸਾਂ ਦਿੰਦੇ | ਉਨ੍ਹੀਂ ਦਿਨੀਂ ਜਿਹੜੀਆਂ ਹਿੰਦੀ ਫਿਲਮਾਂ ਬਣਦੀਆਂ ਸਨ, ਉਨ੍ਹਾਂ 'ਚ ਇਕ ਖਾਸ ਸੀਨ ਜ਼ਰੂਰ ਹੁੰਦਾ ਸੀ, ਬੱਸਾਂ ਵਿਚ ਤੇ ਰੇਲ ਗੱਡੀਆਂ ਦੇ ਡੱਬੇ ਵਿਚ-ਇਕ ਅੰਨ੍ਹਾ ਮੰਗਤਾ ਆਪਣੀ ਦਰਦ ਭਰ ਆਵਾਜ਼ ਵਿਚ, ਤਲੀ ਅੱਗੇ ਕਰਕੇ ਇਹ ਅਰਜੋਈ ਕਰਦਾ ਸੀ...
ਬਾਬੂ, ਓ ਜਾਨੇ ਵਾਲੇ ਬਾਬੂ ਇਕ ਪੈਸਾ ਦੇ ਦੇ | ਤੁਮ ਏਕ ਪੈਸਾ ਦੋਗੇ, ਵੋਹ ਦਸ ਲਾਖ ਦੇਗਾ |
(ਵੋਹ ਮਤਲਬ ਉੱਪਰ ਵਾਲਾ ਰੱਬ)
ਇਕ ਪੈਸੇ ਵਾਲਾ ਕਿੰਨਾ ਮਹਾਂਦਾਨੀ, ਕਿੰਨਾ ਅਮੀਰ ਪਰਿਵਾਰ, ਕਿੰਨਾ ਵੱਡੇ ਦਿਲ ਵਾਲਾ ਹੁੰਦਾ ਸੀ | ਪਰ ਹੁਣ ਪਿਛੇ ਜਿਹੇ ਹੀ ਸਾਡੀ ਇਸ ਮੋਦੀ ਸਰਕਾਰ ਨੇ, ਬੜਾ ਵੱਡਾ ਪਰੋਪਕਾਰੀ ਦਿਲ ਵਿਖਾਕੇ ਇਕ ਪੈਸੇ ਦੀ ਕਿੰਨੀ ਬੇਕਦਰੀ ਤੇ ਆਪਣੀ ਥੂ-ਥੂ ਕਰਵਾਈ ਹੈ | ਪੈਟਰੋਲ ਤੇ ਡੀਜ਼ਲ ਦੇ ਮੁੱਲ 'ਚ ਹਰ ਰੋਜ਼ ਲਗਾਤਾਰ ਵਾਧਾ ਹੋ ਰਿਹਾ ਸੀ | ਵਾਹਨਾਂ ਵਾਲੇ, ਟਰੱਕਾਂ ਵਾਲੇ, ਕਾਰਾਂ ਵਾਲੇ, ਸਕੂਟਰਾਂ ਤੇ ਮੋਟਰ ਸਾਈਕਲਾਂ ਵਾਲੇ ਬੜੇ ਦੁਖੀ ਸਨ | ਇਹੋ ਮੰਗ ਕਰ ਰਹੇ ਸਨ ਕਿ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਭਾਅ ਘੱਟ ਕਰੇ | ਇਕ ਸ਼ੁੱਭ ਦਿਹਾੜੇ, ਇਹ ਸ਼ੁਭ ਖ਼ਬਰ ਆਈ ਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ ਸੱਠ ਪੈਸੇ ਪ੍ਰਤੀ ਲਿਟਰ ਘੱਟ ਕਰ ਦਿੱਤੇ ਹਨ, ਪਰ ਸ਼ਾਮ ਹੁੰਦਿਆਂ ਤੱਕ ਸਰਕਾਰ ਨੇ ਪਲਟੀ ਮਾਰੀ, ਇਹ ਸਪੱਸ਼ਟੀਕਰਨ ਦਿੱਤਾ, ਪਿਆਰੇ ਭਾਰਤ ਵਾਸੀਓ ਗ਼ਲਤੀ ਹੋ ਗਈ, ਮੁਆਫ਼ ਕਰਨਾ, ਸਵੇਰੇ ਜਿਹੜੇ ਪੈਟਰੋਲ ਤੇ ਡੀਜ਼ਲ ਦੇ 60 ਪੈਸੇ ਪ੍ਰਤੀ ਲਿਟਰ ਘੱਟ ਕਰਨ ਦੀ ਖ਼ਬਰ ਦਿੱਤੀ ਸੀ, ਉਹ ਸਹੀ ਨਹੀਂ ਹੈ, ਟਾਈਪਿੰਗ ਮਿਸਟੇਕ ਹੈ, ਅਸਲ 'ਚ 60 ਪੈਸੇ ਨਹੀਂ, ਸਗੋਂ ਸਿਰਫ਼ ਇਕ ਨਵਾਂ ਪੈਸਾ ਘੱਟ ਕੀਤਾ ਗਿਆ ਹੈ |
ਐਸੇ ਮੌਕੇ ਕਦੇ-ਕਦਾੲੀਂ ਆਉਂਦੇ ਹਨ, ਜਦ ਇਕੋ ਵੇਲੇ ਇਕੋ ਗੱਲ 'ਤੇ ਲੋਕੀਂ ਹੱਸਦੇ ਵੀ ਹਨ ਤੇ ਰੋਂਦੇ ਵੀ ਹਨ | ਐਹੋ ਜਿਹਾ ਮਜ਼ਾਕ, ਜਨਤਾ ਨਾਲ ਕਿਸੇ ਹੋਰ ਸਰਕਾਰ ਨੇ ਅੱਜ ਤਾੲੀਂ ਨਹੀਂ ਕੀਤਾ ਹੋਣਾ |
ਦੜ ਵੱਟ, ਜ਼ਮਾਨਾ ਕੱਟ, ਭਲੇ ਦਿਨ ਆਵਣਗੇ |
ਇਕ ਇਕ ਪੈਸੇ ਨੂੰ ਤਰਸਾ ਦਿੱਤੇ ਲੋਕੀਂ | ਇਕ ਬੜਾ ਖੁਸ਼ ਸੀ | ਕਹਿਣ ਲੱਗਾ, 'ਸਾਨੂੰ ਕੀ ਜੀ, ਸਾਡੇ ਕੋਲ ਨਾ ਕਾਰ ਹੈ, ਨਾ ਸਕੂਟਰ, ਅਸੀਂ ਤਾਂ 11 ਨੰਬਰ ਵਾਲੀ ਸਵਾਰੀ (ਪੈਦਲ ਚੱਲਣ ਵਾਲੇ) ਹਾਂ | ਸਾਨੂੰ ਕੀ? ਨਾ ਸੱਠ ਪੈਸਿਆਂ ਦੀ ਖੁਸ਼ੀ, ਨਾ ਇਕ ਪੈਸੇ ਦਾ ਗ਼ਮ |'
ਅੱਜ ਪੂਰੇ ਹਿੰਦੁਸਤਾਨ 'ਚ ਕੋਈ ਐਸਾ ਪੈਟਰੋਲ ਪੰਪ ਹੈ, ਜਿਥੇ ਤੁਸੀਂ ਇਕ ਰੁਪਿਆ ਦੇਵੋ, ਆਖੋ ਭਾਈ 99 ਪੈਸੇ ਰੱਖ ਲੈ, ਇਕ ਪੈਸਾ ਵਾਪਸ ਕਰ ਦੇ |
ਅੱਜ ਕਿਸੇ ਮੰਗਤੇ-ਭਿਖਾਰੀ ਨੂੰ ਇਕ ਪੈਸਾ ਦਾਨ ਦੇ ਦਿਓ ਤਾਂ ਉਹ ਗੁੱਸੇ ਨਾਲ ਪਰ੍ਹਾਂ ਵਗਾਹ ਮਾਰੇਗਾ | ਅਨਾਦਰ ਕਰੇਗਾ ਇਹ ਆਖ ਕੇ, ਬੱਸ ਇਕ ਪੈਸੇ ਦੀ ਹੀ ਔਕਾਤ ਹੈ?
ਇਕ ਕਾਰ ਵਾਲੇ ਸਿਆਣੇ ਨੇ ਅਖ਼ਬਾਰ 'ਚ ਇਸ਼ਤਿਹਾਰ ਦਿੱਤਾ, ਇਕ ਡਰਾਈਵਰ ਦੀ ਲੋੜ ਹੈ | ਤਨਖਾਹ ਇਕ ਪੈਸਾ ਨਹੀਂ, ਪਰ ਸਾਡੇ ਨਾਲ ਰਹੇਗਾ ਤਾਂ ਮੌਜ ਕਰੇਗਾ, ਖਾਣਾ ਮੁਫ਼ਤ | ਇਕ ਆਦਮੀ ਨੇ ਸੋਚਿਆ, ਚਲੋ ਤਨਖਾਹ ਨਾ ਸਹੀ, ਮੌਜ ਤਾਂ ਕਰਾਂਗੇ | ਉਸ ਨੇ ਉਹਦੇ ਕੋਲ ਨੌਕਰੀ ਕਰ ਲਈ | ਪਹਿਲੇ ਹੀ ਦਿਨ, ਜਦ ਉਹ ਹਾਈਵੇਅ 'ਤੇ ਕਾਰ ਡਰਾਈਵ ਕਰ ਰਿਹਾ ਸੀ ਤਾਂ ਇਕ ਖਾਸ ਥਾਂ 'ਤੇ ਮਾਲਕ ਨੇ ਰੌਲਾ ਪਾ ਕੇ, ਡਰਾਈਵਰ ਨੂੰ ਕਿਹਾ, ਰੋਕ ਰੋਕ ਰੋਕ... | ਡਰਾਈਵਰ ਨੇ ਕਾਰ ਰੋਕ ਦਿੱਤੀ | ਮਾਲਕ ਫਟਾਫਟ ਕਾਰ ਤੋਂ ਥੱਲੇ ਉਤਰਿਆ | ਸੜਕ 'ਤੇ ਇਕ ਮੰੂਗਫਲੀ ਡਿੱਗੀ ਪਈ ਸੀ | ਉਸ ਨੇ ਮੰੂਗਫਲੀ ਚੁੱਕੀ | ਅੰਦਰ ਕਾਰ 'ਚ ਲੈ ਗਿਆ | ਮੰੂਗਫਲੀ ਕੜਿੱਕ ਕਰਕੇ ਤੋੜੀ, ਵਿਚ ਦੋ ਦਾਣੇ ਮੰੂਗਫਲੀ ਦੇ ਪਏ ਸਨ | ਉਹਨੇ ਇਕ ਦਾਣਾ ਡਰਾਈਵਰ ਨੂੰ ਦਿੱਤਾ ਤੇ ਇਕ ਦਾਣਾ ਆਪਣੇ ਮੰੂਹ 'ਚ ਸੁੱਟ ਕੇ ਡਰਾਈਵਰ ਨੂੰ ਕਿਹਾ, 'ਵੇਖ ਅਸਾਂ ਤੈਨੂੰ ਆਖਿਆ ਸੀ ਨਾ, ਸਾਡੇ ਨਾਲ ਰਹੇਂਗਾ ਤਾਂ ਮੌਗ ਕਰੇਂਗਾ | ਲੈ, ਕਰ ਲੈ ਮੌਜਾਂ |'
ਇਕ ਪੈਸੇ ਦੀ ਕੀਮਤ ਹੀ ਕੀ ਹੈ?
ਹੈ, ਬੜੀ ਵੱਡੀ ਕੀਮਤ ਹੈ...
ਸ਼ਰਮੀਲਾ ਟੈਗੋਰ ਨੇ ਇਕ ਫ਼ਿਲਮ 'ਚ ਰਾਜੇਸ਼ ਖੰਨਾ ਨੂੰ ਆਖਿਆ ਸੀ ਨਾ, 'ਇਕ ਚੁਟਕੀ ਸੰਧੂਰ ਕੀ ਕੀਮਤ ਕਯਾ ਹੋਤੀ ਹੈ, ਤੁਮ ਕਯਾ ਜਾਨੋ ਬਾਬੂ |'
ਅੱਜ ਤਾਂ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਇਕ ਪੈਸੇ ਦੀ ਕੀਮਤ ਕਿੰਨੀ ਚੁਕਾਉਣੀ ਪੈਂਦੀ ਹੈ, ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਹੋਣਾ ਹੈ-ਹਾਲ 'ਚ ਹੋਈਆਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਜ਼ਿਮਨੀ ਚੋਣਾਂ 'ਚ, ਹੱਥ ਆਏ ਤੋਤੇ ਉੱਡ ਗਏ | ਕਿੰਨੀਆਂ ਸੀਟਾਂ ਗਵਾ ਬੈਠੇ |
ਅੱਜ ਵੀ ਅਮੀਰੀ ਦਾ ਮਾਣ ਪੈਸੇ ਨੂੰ ਹੀ ਹੈ, ਇਕ ਅਮੀਰ ਆਦਮੀ ਨੇ ਜਦ ਇਕ ਮਹਿਲਨੁਮਾ ਘਰ ਦੀ ਇਮਾਰਤ ਖੜ੍ਹੀ ਕੀਤੀ ਤਾਂ ਪੁੱਤਰਾਂ ਨੂੰ ਇਹ ਆਖਿਆ, 'ਤੁਹਾਨੂੰ ਕੀ ਪਤਾ, ਇਸ ਘਰ ਦੀ ਇਮਾਰਤ ਖੜ੍ਹੀ ਕਰਨ ਲਈ ਮੈਂ ਇਕ-ਇਕ ਪੈਸਾ ਕਮਾਉਣ ਲਈ ਕਿੰਨਾ ਕਿੰਨਾ ਪਸੀਨਾ ਵਹਾਇਆ ਹੈ |'
ਬੇਸ਼ੱਕ ਸਰਕਾਰੀ ਟਕਸਾਲ 'ਚ ਇਕ ਪੈਸੇ ਦਾ ਸਿੱਕਾ ਘੜਨਾ ਬੰਦ ਹੋ ਗਿਆ ਹੈ, ਪਰ ਮਾਨਤਾ-ਮਹਾਨਤਾ ਅੱਜ ਵੀ ਪੈਸੇ ਦੀ ਹੀ ਹੈ |
ਪੈਸਾ ਓ ਪੈਸਾ, ਅਮੀਰ ਹੋਏ, ਗ਼ਰੀਬ ਹੋਏ ਹਰ ਕੋਈ ਤੇਰਾ ਭੁੱਖਾ, ਹਰ ਕੋਈ ਤੇਰਾ ਪਿਆਸਾ |

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਹਾਸਰਸ : ਪੇਪਰ ਵਿਚ ਸੁਆਲ ਆਇਆ ਕਿ ਦੁਨੀਆ ਦੇ ਦੋ ਸਭ ਤੋਂ ਖ਼ਤਰਨਾਕ ਹਥਿਆਰਾਂ ਦਾ ਨਾਂਅ ਦੱਸੋ | ਸਿਮਰ ਨੇ ਜਵਾਬ ਲਿਖਿਆ ਕਿ ਘਰ ਵਾਲੀ ਦੇ ਅੱਥਰੂ ਤੇ ਗੁਆਂਢਣ ਦੀ ਸਮਾਈਲ |
• ਮੁਸਕਰਾਉਣਾ ਇਕ ਐਸਾ ਉਪਹਾਰ ਹੈ ਜੋ ਬਿਨਾਂ ਮੁੱਲ ਦੇ ਵੀ ਅਨਮੋਲ ਹੈ | ਜਿਸ ਵਿਚ ਦੇਣ ਵਾਲੇ ਦਾ ਕੁਝ ਘਟਦਾ ਨਹੀਂ ਅਤੇ ਪਾਉਣ ਵਾਲਾ ਨਿਹਾਲ ਹੋ ਜਾਂਦਾ ਹੈ |
• ਇਕ ਦਰੱਖਤ, ਜੰਗਲ ਦੀ ਸ਼ੁਰੂਆਤ ਕਰ ਸਕਦਾ ਹੈ | ਇਕ ਮੁਸਕਰਾਹਟ ਦੋਸਤੀ ਦੀ ਸ਼ੁਰੂਆਤ ਕਰ ਸਕਦੀ ਹੈ | ਇਕ ਛੋਹ ਪਿਆਰ ਦਿਖਾ ਸਕਦੀ ਹੈ ਅਤੇ ਇਕ ਤੁਹਾਡੇ ਵਰਗਾ ਦੋਸਤ ਜ਼ਿੰਦਗੀ ਨੂੰ ਜਿਊਣ ਯੋਗ ਬਣਾ ਸਕਦਾ ਹੈ |
• ਕਈ ਵਾਰ ਤੁਹਾਡੀ ਖ਼ੁਸ਼ੀ, ਤੁਹਾਡੀ ਮੁਸਕਰਾਹਟ ਦਾ ਸੋਮਾ ਹੁੰਦੀ ਹੈ ਅਤੇ ਕਈ ਵਾਰ ਤੁਹਾਡੀ ਮੁਸਕਰਾਹਟ ਤੁਹਾਡੀ ਖ਼ੁਸ਼ੀ ਦਾ ਸੋਮਾ ਹੋ ਸਕਦੀ ਹੈ |
• ਦੋ ਚੀਜ਼ਾਂ ਅਜਿਹੀਆਂ ਹਨ ਜਿਸ ਵਿਚ ਕਿਸੇ ਦਾ ਕੁਝ ਨਹੀਂ ਜਾਂਦਾ | ਇਸ ਲਈ ਇਕ ਮੁਸਕਰਾਹਟ ਅਤੇ ਦੂਸਰੀਆਂ ਦੁਆਵਾਂ ਹਮੇਸ਼ਾ ਵੰਡਦੇ ਰਹੋ |
• ਜਿਹੜਾ ਸਾਨੂੰ ਆਪਣੀ ਮੁਸਕਰਾਹਟ ਨਾਲ ਹਰਾਉਂਦਾ ਹੈ, ਉਸ ਦਾ ਅਸੀਂ ਵਿਰੋਧ ਨਹੀਂ ਕਰਦੇ, ਧੰਨਵਾਦ ਕਰਦੇ ਹਾਂ, ਚੰਗਿਆਈ ਹਮੇਸ਼ਾ ਵਿਅਕਤੀਗਤ ਹੁੰਦੀ ਹੈ |
• ਮੁਸਕਾਨ ਥੱਕੇ ਹੋਏ ਲਈ ਵਿਸ਼ਰਾਮ ਹੈ | ਉਦਾਸ ਲਈ ਦਿਨ ਦਾ ਪ੍ਰਕਾਸ਼ ਹੈ ਅਤੇ ਕਸ਼ਟ ਦੇ ਲਈ ਪ੍ਰਕਿਰਤੀ ਦਾ ਸਰਬੋਤਮ ਉਪਹਾਰ ਹੈ |
• ਸ਼ਾਂਤੀ ਦੀ ਸ਼ੁਰੂਆਤ ਮੁਸਕਰਾਹਟ ਤੋਂ ਹੁੰਦੀ ਹੈ |
• ਤੁਹਾਡਾ ਜੀਵਨ ਤਾਂ ਹੀ ਖੁਸ਼ਹਾਲ ਮੰਨਿਆ ਜਾਵੇਗਾ ਜਦੋਂ ਤੁਸੀਂ ਮੁਸਕਰਾਉਣਾ ਸਿੱਖ ਸਕੋ |
• ਮੁਸਕਰਾ ਕੇ ਆਦਮੀ ਆਪਣੇ-ਆਪ ਵਿਚ ਵੱਡਾ ਬਣਦਾ ਹੈ | ਇਸ ਲਈ ਮੁਸਕਰਾਓ ਅਤੇ ਆਪਣੀਆਂ ਅਤੇ ਲੋਕਾਂ ਦੀਆਂ ਵੀ ਜਾਣੀਆਂ-ਅਣਜਾਣੀਆਂ ਚਿੰਤਾਵਾਂ ਦੂਰ ਕਰੋ |
• ਜਦੋਂ ਤੁਸੀਂ ਇਕੱਲੇ ਹੋਵੋ ਤੇ ਇਕੱਲੇ ਹੀ ਮੁਸਕਰਾ ਰਹੇ ਹੋਵੋ ਤਾਂ ਉਸ ਸਮੇਂ ਤੁਸੀਂ ਅਸਲ ਰੂਪ ਵਿਚ ਮੁਸਕਰਾਉਂਦੇ ਹੋ |
• ਵਿਗਿਆਨ ਸਾਨੂੰ ਸੋਚਣਾ ਸਿਖਾਉਂਦਾ ਹੈ ਪਰ ਪ੍ਰੇਮ ਸਾਨੂੰ ਮੁਸਕਰਾਉਣਾ ਸਿਖਾਉਂਦਾ ਹੈ |
• ਹੋਠਾਂ 'ਤੇ ਮੁਸਕਾਨ ਹਰ ਮੁਸ਼ਕਿਲ ਕਾਰਜ ਨੂੰ ਆਸਾਨ ਕਰ ਦਿੰਦੀ ਹੈ |
• ਬੱਚਾ ਤੰਦਰੁਸਤ ਹੋਵੇ ਤਾਂ ਉਸ ਦੀ ਮੁਸਕਰਾਹਟ ਖੂਬਸੂਰਤ ਹੁੰਦੀ ਹੈ |
• ਕਦੇ-ਕਦੇ ਤੁਹਾਡੀ ਇਕ ਮੁਸਕਾਨ, ਮਾਰੂਥਲ ਦੇ ਪਾਣੀ ਦੀ ਬੰੂਦ ਵਰਗੀ ਲਾਭਦਾਇਕ ਸਿੱਧ ਹੋ ਸਕਦੀ ਹੈ |
• ਸੰੁਦਰਤਾ, ਮੁਸਕਰਾਹਟ ਅਤੇ ਅਕਲ, ਇਹ ਤਿੰਨੇ ਜਿਸ ਕੋਲ ਹਨ, ਉਹ ਦੁਨੀਆ ਦਾ ਧਨਾਢ ਇਨਸਾਨ ਹੈ |
• ਹਾਸਰਸ : ਦਾਦਾ (ਟੀਟੂ ਨੂੰ ) ਬੇਟਾ ਅੰਦਰੋਂ ਜ਼ਰਾ ਮੇਰੇ ਲਈ ਦੰਦ ਫੜ ਕੇ ਲਿਆਉਣਾ |
ਟੀਟੂ-ਪਰ ਦਾਦਾ ਜੀ ਅਜੇ ਰੋਟੀ ਤਾਂ ਬਣੀ ਨਹੀਂ |
ਦਾਦਾ-ਓਏ ਰੋਟੀ ਦੀ ਗੱਲ ਨੂੰ ਛੱਡ ਦੇ, ਮੈਂ ਸਾਹਮਣੇ ਵਾਲੀ ਪੜੋਸਨ ਨੂੰ ਸਮਾਈਲ ਦੇਣੀ ਹੈ |
• ਮਹਿਬੂਬ ਦਾ ਮੁਸਕਰਾਉਂਦਾ ਚਿਹਰਾ ਅੱਧੇ ਨਹੀਂ, ਸਾਰੇ ਦੁੱਖ ਤੋੜ ਦਿੰਦਾ ਹੈ |
• ਕਿਸੇ ਦੇ ਚਿਹਰੇ 'ਤੇ ਹਲਕੀ-ਹਲਕੀ ਜਿਹੀ ਮੁਸਕਾਨ ਲਿਆਉਣ ਦਾ ਅਨੰਦ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ | ਆਪਣੇ ਆਸ-ਪਾਸ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਦੇ ਲਈ ਥੋੜ੍ਹਾ ਜਿਹਾ ਯਤਨ ਜੀਵਨ ਵਿਚ ਅਨੰਦ ਦਾ ਰਸ ਘੋਲ ਦੇਵੇਗਾ |
• ਕੋਈ ਚਿਹਰਾ ਜਿੰਨਾ ਜ਼ਿਆਦਾ ਗੰਭੀਰ ਹੁੰਦਾ ਹੈ, ਓਨੀ ਹੀ ਸੋਹਣੀ ਉਸ ਦੀ ਮੁਸਕਰਾਹਟ ਹੁੰਦੀ ਹੈ |
• ਮੁਸਕਾਨ ਪਾਉਣ ਵਾਲਾ ਮਾਲਾਮਾਲ ਹੋ ਜਾਂਦਾ ਹੈ ਪਰ ਦੇਣ ਵਾਲਾ ਦਰਿੱਦਰ ਨਹੀਂ ਹੁੰਦਾ |
• ਵਿਦਵਾਨਾਂ ਦਾ ਮੰਨਣਾ ਹੈ ਕਿ ਜਦ ਮਨੁੱਖ ਹੱਸਦਾ ਜਾਂ ਮੁਸਕਰਾਉਂਦਾ ਹੈ ਤਾਂ ਈਸ਼ਵਰ ਦੀ ਅਰਾਧਨਾ ਕਰ ਰਿਹਾ ਹੁੰਦਾ ਹੈ ਅਤੇ ਜਦ ਉਹ ਦੂਜਿਆਂ ਨੂੰ ਹਸਾਉਂਦਾ ਹੈ, ਉਦੋਂ ਈਸ਼ਵਰ ਉਸ ਦੀ ਅਰਾਧਨਾ ਕਰ ਰਿਹਾ ਹੁੰਦਾ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਵਿਹੜਾ ਹੋਵੇ ਕਮਲਾ ਤਾਂ...

ਜਦੋਂ ਦਾ ਦੂਰਦਰਸ਼ਨ ਤੇ ਚੈਨਲਾਂ ਦਾ ਵਾਧਾ ਹੋਇਐ, ਘਰੇ ਕੰਮ ਕਰਨ ਵਾਲੀਆਂ ਬਾਕੀ ਔਰਤਾਂ ਵਾਂਗ ਤਾਈ ਭਾਨੋ ਵੀ ਸੀਰੀਅਲਾਂ ਦੇ ਪਾਤਰਾਂ ਨਾਲ ਕਾਫ਼ੀ ਨੇੜੇ ਦਾ ਰਿਸ਼ਤਾ ਸਮਝਣ ਲੱਗੀ | ਇਕ ਦਿਨ ਕੈਲੋ ਮਾਸੀ ਦੁਪਹਿਰ ਕੁ ਵੇਲੇ ਤਾਈ ਭਾਨੋ ਕੋਲ ਆ ਬੈਠੀ | ਤਾਈ ਭਾਨੋ ਉਦਾਸ ਸੀ |
'ਕੀ ਗੱਲ ਭੈਣੇ ਉਦਾਸ ਜੀ ਬੈਠੀ ਐਾ?' ਮਾਸੀ ਨੇ ਮੰਜੇ ਦੀ ਦੌਣ 'ਤੇ ਬੈਠਦਿਆਂ ਪੁੱਛਿਆ |
'ਕੁੜੇ ਗੋਪੀ ਦੇ ਸੱਟ ਵੱਜੀ ਰਾਤ, ਉਧਰੋਂ ਲੈਟ ਬਗਗੀ ਪਤਾ ਨੀ ਕੀਹਨੇ ਸਾਂਭੀ ਹੋਊ ਵਿਚਾਰੀ', ਤਾਈ ਨੇ ਉਦਾਸ ਸੁਰ ਵਿਚ ਕਿਹਾ | 'ਜੇ ਗੋਪੀ ਨੂੰ ਕੁਸ ਹੋ ਗਿਆ ਮੈਂ ਤਾਂ ਮਰ ਜੂੰ ਮੈਨੂੰ ਲਗਦੈ', ਤਾਈ ਫਿਰ ਬੋਲੀ |
'ਇਹ ਭੈਣੇ ਡਰਾਮੇ ਨੇ, ਸੱਚੀਂ ਥੋੜ੍ਹੇ ਹੁੰਦੇ ਨੇ', ਕੈਲੋ ਨੇ ਤਾਈ ਨੂੰ ਸਮਝਾਉਣ ਦੀ ਨਾਕਾਮ ਕੋਸ਼ਿਸ਼ ਕੀਤੀ |
'ਲਹੂ ਦੀ ਤਤੀਰੀ ਪੈ ਗਈ 'ਤੀ, ਤੂੰ ਕਹਿਨੀ ਐਾ ਡਰਾਮੇ ਕਰਦੀ ਐ, ਡਰਾਮੇ ਕਰਨ ਆਲੀ ਤਾਂ ਹੈਨੀ ਵਿਚਾਰੀ ਦਰਵੇਸ਼ਣੀ |' ਕੈਲੋ ਨੇ ਕਿਹਾ ਕੁਝ ਪਰ ਤਾਈ ਨੇ ਮਤਲਬ ਹੋਰ ਕੱਢ ਲਿਆ |
'ਨਾ ਵਿਚਾਰੀ ਨੇ ਪੇਕੀ ਸੁੱਖ ਭੋਗਿਆ ਨਾ ਸਹੁਰੀਂ | ਮੇਰੀ ਨੂੰ ਹ ਐਹੀ ਜੀ ਹੁੰਦੀ ਮੈਂ ਤਾਂ ਫੁੱਲਾਂ ਆਗੂੰ ਰੱਖਦੀ | ਪਤਾ ਨੀ ਕਿਹੜੇ ਪਾਪੀ ਬਚੋਲੇ ਨੇ ਪਾਪ ਖੱਟ ਲਿਆ, ਸਾਕ ਕਰਾ ਕੇ', ਤਾਈ ਪਤਾ ਨਹੀਂ ਆਪਣੇ-ਆਪ ਨਾਲ ਗੱਲ ਕਰ ਰਹੀ ਸੀ ਜਾਂ ਕੈਲੋ ਨਾਲ |
ਮਾਸੀ ਦਾ ਪੋਤਾ, ਉਸ ਨੂੰ ਬੁਲਾ ਕੇ ਲੈ ਗਿਆ ਉਹ 'ਫੇਰ ਆਊਾ' ਕਹਿ ਕੇ ਚਲੀ ਗਈ |
ਮੈਂ ਤਾਈ ਤੇ ਮਾਸੀ ਦੀਆਂ ਸਾਰੀਆਂ ਗੱਲਾਂ ਸੁਣੀਆਂ | ਭਾਵੇਂ ਮੈਂ ਥੋੜ੍ਹੀ ਦੂਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ | ਪਰ ਅਖ਼ਬਾਰਾਂ ਵਿਚਲੀਆਂ ਕਹਾਣੀਆਂ ਨਾਲੋਂ ਤਾਈ ਦੀਆਂ ਗੱਲਾਂ ਵੱਧ ਰੌਚਕ ਲੱਗ ਰਹੀਆਂ ਸਨ | ਮੇਰਾ ਜੀਅ ਕੀਤਾ ਤਾਈ ਨੂੰ ਸਮਝਾਵਾਂ, ਪਰ ਤਾਈ ਤਾਂ ਕੱਪੜਾ ਲੈ ਕੇ ਪੈ ਗਈ ਸੀ ਜਿਵੇਂ ਬਿਮਾਰ ਹੋਵੇ |
ਮੈਂ ਅਜੇ ਤਾਈ ਕੋਲ ਜਾਣ ਲਈ ਸੋਚ ਹੀ ਰਿਹਾ ਸੀ ਕਿ ਜਿਹੜੀ ਕੰਧ ਕੋਲ ਮੈਂ ਬੈਠਾ ਉਸ ਦੇ ਪਿਛਲੇ ਪਾਸਿਉਂ ਆਵਾਜ਼ ਆਈ |
ਹੈਲੋ, ਮੇਰੀ 'ਵਾਜ਼ ਸੁਣਦੀ ਐ ਤੈਨੂੰ?
'ਹਾਂ ਭੈਣੇ ਹੁਣ ਸੁਣਦੀ ਐ ਮੈਂ ਪਿਛਲੇ ਵਿਹੜੇ ਵਿਚ ਆ ਗੀ |'
'ਮੈਂ ਵੀ |'
ਮੇਰੇ ਕੰਨ ਖੜ੍ਹੇ ਹੋ ਗਏ | ਨਾਲ ਦੇ ਘਰਾਂ ਦੀਆਂ ਨੂੰ ਹਾਂ ਘਰਾਂ ਵਿਚਕਾਰ ਉੱਚੀ ਕੰਧ ਹੋਣ ਕਰਕੇ ਫੋਨ 'ਤੇ ਗੱਲਾਂ ਕਰ ਰਹੀਆਂ ਸਨ | ਮੈਂ ਅਖ਼ਬਾਰ ਪੜ੍ਹਨ ਦੀ ਕੋਸ਼ਿਸ਼ ਕੀਤੀ | ਨਾ ਚਾਹੁੰਦਿਆਂ ਵੀ ਧਿਆਨ ਗੱਲਾਂ ਵੱਲ ਚਲਾ ਗਿਆ |
ਪਹਿਲੀ-ਹੋਰ ਕੀ ਹਾਲ ਐ ਤੇਰੀ ਕੋਕਲਾ ਦਾ?
ਦੂਜੀ-ਹਾਲ ਕੀ ਹੋਣੈ ਭੈਣੇ, ਗੋਪੀ ਬਹੂ ਨੂੰ ਦੇਖ-ਦੇਖ ਰੋਂਦੀ ਰਹਿੰਦੀ ਐ, ਜਿਹੜੀਆਂ ਘਰੇ ਗੋਪੀ ਵਰਗੀਆਂ ਕੰਮ ਕਰਦੀਆਂ ਫਿਰਦੀਆਂ ਨੇ, ਉਹ ਦਿਸਦੀਆਂ ਨੀਂ | ਤੂੰ ਸੁਣਾ ਤੇਰੀ ਭਾਬੋ ਤੇ ਸੂਰਜ ਕਿਵੇਂ ਨੇ?
ਪਹਿਲੀ-ਭਾਬੋ ਤਾਂ ਟੀਂਡੇ ਕੱਢ ਰਹੀ ਐ ਧੁੱਪੇ ਬੈਠੀ, ਸੂਰਜ ਮੈਸ੍ਹਾਂ ਨਮ੍ਹਾ ਰਿਹੈ |
ਦੂਜੀ-ਤੈਨੂੰ ਇਕ ਗੱਲ ਦੱਸਾਂ, ਕੱਲ੍ਹ ਪਤੈ ਕੀ ਹੋਇਆ?
ਪਹਿਲੀ-ਕੀ?
ਦੂਜੀ-ਕੱਲ੍ਹ ਮੈਂ ਤੇ ਸਾਡੀ ਕੋਕਲਾ ਖੇਤ ਸਾਗ ਤੋੜਨ ਗਈਆਂ | ਕੋਕਲਾ ਤਾਂ ਬੱਟ ਤੋਂ ਰੁੜ੍ਹ 'ਗੀ ਭੈਣੇ |
ਪਹਿਲੀ-ਫੇਰ ਕੁੜੇ?
ਦੂਜੀ-ਫੇਰ ਕੀ ਅਹਿਮ ਆਇਆ ਭੱਜ ਕੇ, ਬਰਸੀਨ ਵੱਢਦਾ ਸੀ ਕੋਲ | ਮਸਾਂ ਖੜ੍ਹੀ ਕੀਤੀ ਅਸੀਂ ਦੋਵਾਂ ਨੇ |
ਪਹਿਲੀ-ਸੱਟ ਤਾਂ ਨੀ ਲੱਗੀ?
ਦੂਜੀ-ਬਚ 'ਗੀ, ਪਰ ਕੁੜੀਆਂ ਨੂੰ ਫੋਨ ਕਰਵਾ ਕੇ ਕਹਿੰਦੀ ਜੇ ਮੇਰੀ ਲੱਤ ਬਾਂਹ ਟੁੱਟ ਜਾਂਦੀ, ਫੇਰ ਵੀ ਤਾਂ ਆਉਂਦੀਆਂ ਪਤਾ ਲੈਣ, ਹੁਣ ਆ ਕੇ ਮਿਲ ਜਾਵੋ |
ਪਹਿਲੀ-ਚਲ ਫੇਰ ਤਾਂ ਲੱਗਣਗੀਆਂ ਰੌਣਕਾਂ |
ਦੂਜੀ-ਕੀਹਦੇ ਕੋਲ ਐਨਾ ਟੈਮ ਐ, ਆਥਣ ਨੂੰ ਮੁੜ੍ਹਨਗੀਆਂ | ਕੱਲ੍ਹ ਤਾਂ ਮੇਰੀਆਂ ਬੱਖੀਆਂ ਦੁਖਣ ਲੱਗ ਗਈਆਂ, ਅੰਦਰੋ-ਅੰਦਰ ਹੱਸਦੀ ਦੀਆਂ |
ਪਹਿਲੀ-ਖੁੱਲ੍ਹ ਕੇ ਹੱਸ ਲੈਂਦੀ ਕਿਹੜਾ ਸੱਟ ਲੱਗੀ 'ਤੀ |
ਦੂਜੀ-ਕਿਵੇਂ ਹੱਸ ਲੈਂਦੀ, ਜਿਹੜੀ ਅਹਿਮ ਡਾਂਗ ਰੱਖਦੈ, ਮੇਰੇ ਈ ਪੈਣੀ 'ਤੀ | ਉਹ ਨੀ ਕੋਕਲਾ ਨੂੰ ਕੁਸ ਕਹਿਣ ਦਿੰਦਾ, ਕੋਕਲਾ ਮੈਨੂੰ ਜੋ ਮਰਜ਼ੀ ਕਹੀ ਜਾਵੇ |
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਹਾਸਾ ਆ ਰਿਹਾ ਸੀ | ਪਰ ਮੈਂ ਸੋਚ ਰਿਹਾ ਸੀ ਕਿ ਅੱਧੀ ਦੁਨੀਆ ਟੀ.ਵੀ. ਦੇਖ-ਦੇਖ ਸ਼ੁਦਾਈ ਹੋਈ ਪਈ ਐ | ਮੇਰੇ ਘਰ ਵਾਲੀ ਨੇ ਮੈਨੂੰ 'ਵਾਜ਼ ਮਾਰੀ ਮੈਂ ਅੰਦਰ ਚਲਾ ਗਿਆ | ਸੋਚ ਰਿਹਾ ਸੀ ਕਿ ਉਸ ਨੂੰ ਦੱਸਾਂਗਾ ਕਿ ਔਰਤਾਂ ਕਿਵੇਂ ਕਮਲੀਆਂ ਹੋਈਆਂ ਪਈਆਂ ਨੇ | ਮੈਂ ਅਜੇ ਗੱਲ ਕਰਨ ਲਈ ਮੂੰਹ ਖੋਲ੍ਹਣ ਹੀ ਲੱਗਾ ਸੀ ਕਿ ਮੇਰੇ ਘਰ ਵਾਲੀ ਮੱਥੇ 'ਤੇ ਤਿਊੜੀਆਂ ਪਾ ਕੇ ਬੋਲੀ, 'ਤੁਸੀਂ ਕਿਵੇਂ ਰਾਸ਼ੀ ਦੀ ਮਾਂ ਆਂਗੂੰ ਲੋਕਾਂ ਦੀਆਂ ਚੋਰੀ ਛੁਪੇ ਗੱਲਾਂ ਸੁਣਦੇ ਓ |'
'ਇਕ ਹੋਵੇ ਕਮਲਾ ਸਮਝਾਏ ਵਿਹੜਾ, ਵਿਹੜਾ ਹੋਵੇ ਕਮਲਾ ਤਾਂ ਸਮਝਾਏ ਕਿਹੜਾ', ਮੈਂ ਬੁੜਬੁੜਾਇਆ |
ਮੇਰੀ ਪਤਨੀ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀ ਸੀ, ਕਿਉਂਕਿ ਸੁਣਿਆ ਨਹੀਂ ਸੀ ਉਸ ਨੂੰ ਜੋ ਮੈਂ ਕਿਹਾ ਸੀ |

-ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ |
ਮੋਬਾਈਲ : 98767-14004.

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਹੋਈ

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਪੰਜਾਬੀ ਭਵਨ ਵਿਚ ਮੰਚ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਹੋਈ ਤੇ ਪ੍ਰਧਾਨਗੀ ਮੰਡਲ ਵਿਚ ਜਨਾਬ ਰਾਜਿੰਦਰ ਪ੍ਰਦੇਸੀ ਅਤੇ ਮੈਡਮ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਮਦੀਹਾ ਗੌਹਰ ਜੀ, ਰਾਮਪੁਰ ਦੇ ਸਵ: ਗ਼ਜ਼ਲਗੋ ਹਰਚਰਨ ਸਿੰਘ ਮਾਂਗਟ ਦੇ ਵੱਡੇ ਬੇਟੇ ਸਨੇਹਜੀਤ ਮਾਂਗਟ ਅਤੇ ਪ੍ਰਸਿੱਧ ਲੇਖਕ ਸ੍ਰੀ ਤੇਲੂ ਰਾਮ ਕੋਹਾੜਾ ਦੀ ਧਰਮਪਤਨੀ ਸ੍ਰੀਮਤੀ ਮਨਜੀਤ ਕੌਰ ਦੇ ਸਵਰਗ ਸਿਧਾਰਨ 'ਤੇ ਅਫਸੋਸ ਜ਼ਾਹਰ ਕੀਤਾ ਗਿਆ | ਇਸ ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿਚ ਨੀਲੂ ਬੱਗਾ ਲੁਧਿਆਣਵੀ, ਤਰਲੋਚਨ ਝਾਂਡੇ, ਰਵਿੰਦਰ ਰਵੀ ਫੋਟੋਗ੍ਰਾਫਰ, ਗੁਰਪ੍ਰੀਤ ਧਾਲੀਵਾਲਾ, ਸੁਨੀਤਾ ਮਹਿਮੀ ਫਿਲੌਰ, ਪਰਮਜੀਤ ਕੌਰ ਮਹਿਕ, ਮੈਡਮ ਸੁਰਿੰਦਰ ਸੈਣੀ ਰੋਪੜ, ਜਨਾਬ ਭਗਵਾਨ ਢਿੱਲੋਂ, ਸੁਰਿੰਦਰ ਕੌਰ ਬਾੜਾ, ਬੀਬੀ ਜਗਜੀਵਨ ਕੌਰ, ਜਨਮੇਜਾ ਸਿੰਘ ਜੌਹਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਹਰਬੰਸ ਮਾਲਵਾ, ਡਾ: ਗੁਲਜ਼ਾਰ ਪੰਧੇਰ, ਜ. ਸ. ਪ੍ਰੀਤ, ਗੁਰਪ੍ਰੀਤ, ਰਾਜਿੰਦਰ ਪ੍ਰਦੇਸੀ, ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੀਆਂ ਰਚਨਾਵਾਂ ਸੁਣਾਈਆਂ | ਜਨਾਬ ਸਰਦਾਰ ਪੰਛੀ ਨੇ ਗ਼ਜ਼ਲ ਸੁਣਾਈ 'ਇਨਕਲਾਬ ਆਏ ਹਮੇਸ਼ਾ, ਐਸੀ ਤਬਦੀਲੀ ਨਾ ਥੀ-ਗਾਂਠ ਰਿਸ਼ਤੋਂ ਕੀ ਇਸ ਤਰ੍ਹਾਂ ਕਭੀ ਢੀਲੀ ਨਾ ਥੀ' ਸੁਣਾ ਕੇ ਅਗਲੇ ਮਹੀਨੇ ਤਰਾ ਮਿਸਰਾ ਦਿੱਤਾ, 'ਸਾਹਾਂ ਦੇ ਵਾਰ ਰੋਕਣਾ, ਸਾਹਾਂ ਦੀ ਢਾਲ ਨਾਲ' ਅਤੇ ਸਭਨਾਂ ਦਾ ਧੰਨਵਾਦ ਕੀਤਾ |
ਫਿਰ ਕੇਂਦਰੀ ਪੰਜਾਬੀ ਸਭਾ ਲੇਖਕ (ਸੇਖੋਂ) ਦੇ ਸੂਬਾ ਸਕੱਤਰ ਰਾਜਿੰਦਰ ਪ੍ਰਦੇਸੀ ਨੇ ਸਾਰਿਆਂ ਨੂੰ ਪੰਜਾਬੀ ਦੇ ਸਿਰਮੌਰ ਲੇਖਕ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ 'ਤੇ 27 ਜੂਨ ਨੂੰ ਢੁੱਡੀਕੇ ਪਹੁੰਚਣ ਦੀ ਅਪੀਲ ਕੀਤੀ |
-ਹਰਬੰਸ ਮਾਲਵਾ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX