ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਖੇਡ ਜਗਤ

ਅਸਾਨ ਨਹੀਂ ਹੁੰਦੀ ਸਟਾਰ ਖਿਡਾਰੀਆਂ ਦੀ ਰਾਹ

ਜਿਵੇਂ-ਜਿਵੇਂ ਫੀਫਾ ਵਿਸ਼ਵ ਕੱਪ ਆਪਣੇ ਅੰਜਾਮ ਵੱਲ ਵਧ ਰਿਹਾ ਹੈ, ਇਸ ਦਾ ਰੋਮਾਂਚ ਵੀ ਸਿਖਰ 'ਤੇ ਪਹੁੰਚ ਰਿਹਾ ਹੈ। ਜਿਥੇ ਇਸ ਵੱਕਾਰੀ ਚੈਂਪੀਅਨਸ਼ਿਪ 'ਚ ਖੇਡੇ ਗਏ ਮੈਚ ਉਲਟਫੇਰ ਦੀ ਗਾਥਾ ਬਣ ਕੇ ਚਰਚਿਤ ਹੋਏ, ਖਾਸ ਕਰਕੇ ਮੌਜੂਦਾ ਚੈਂਪੀਅਨ ਅਤੇ ਕੁੱਲ ਮਿਲਾ ਕੇ ਚਾਰ ਵਾਰ ਜੇਤੂ ਗੁਰਜ 'ਤੇ ਕਾਬਜ਼ ਰਹੀ ਜਰਮਨੀ ਦਾ ਪਹਿਲੇ ਗੇੜ 'ਚੋਂ ਹੀ ਹਲਕੀਆਂ ਸਮਝੀਆਂ ਜਾਂਦੀਆਂ ਟੀਮਾਂ ਤੋਂ ਹਾਰ ਕੇ ਬਾਹਰ ਹੋ ਜਾਣਾ ਖੁੰਢ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਸਟਾਰ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਸਭ ਤੋਂ ਵੱਧ ਚਰਚਾ ਹੁੰਦੀ ਰਹੀ।
ਅਕਸਰ ਬਹੁਤ ਸਾਰੀਆਂ ਟੀਮਾਂ 'ਚ ਸਟਾਰ ਖਿਡਾਰੀ ਖੇਡਦੇ ਹਨ ਤੇ ਉਨ੍ਹਾਂ 'ਤੇ ਲੋੜ ਤੋਂ ਜ਼ਿਆਦਾ ਉਮੀਦ ਵੀ ਰੱਖੀ ਹੈ, ਅਜਿਹਾ ਇਸ ਲਈ ਕਿਉਂਕਿ ਉਹ ਇਸ ਦੇ ਕਾਬਲ ਵੀ ਹੁੰਦੇ ਹਨ ਪਰ ਇਹ ਵੀ ਸੱਚ ਹੈ ਕਿ ਸਟਾਰ ਖਿਡਾਰੀਆਂ ਦੀ ਰਾਹ ਏਨੀ ਆਸਾਨ ਨਹੀਂ ਹੁੰਦੀ, ਜਿੰਨੀ ਉਨ੍ਹਾਂ ਦੇ ਚਹੇਤਿਆਂ ਦੇ ਮਨਾਂ ਵਿਚ ਉੱਕਰੀ ਹੋਈ ਹੁੰਦੀ ਹੈ। ਜਿਥੇ ਪੂਰੀ ਟੀਮ ਉਨ੍ਹਾਂ 'ਤੇ ਨਿਰਭਰ ਕਰਦੀ ਹੈ, ਉਥੇ ਉਨ੍ਹਾਂ ਦੇ ਚਹੇਤੇ ਹਰ ਮੈਚ 'ਚ ਉਨ੍ਹਾਂ ਦੇ ਪੈਰ 'ਚੋਂ ਨਿਕਲੇ ਗੋਲ ਦਾ ਜਸ਼ਨ ਰੱਜ ਕੇ ਮਨਾਉਣ ਲਈ ਤਿਆਰ ਰਹਿੰਦੇ ਹਨ।
ਗੱਲ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਅਰਜਨਟੀਨਾ ਦੇ ਲਿਊਨਲ ਮੈਸੀ ਦੀ ਕਰਦੇ ਹਾਂ। ਦੋਵੇਂ ਫੁੱਟਬਾਲ ਦੇ ਮਹਾਂਨਾਇਕ ਵਜੋਂ ਪੂਜੇ ਜਾਂਦੇ ਹਨ ਤੇ ਦੋਵਾਂ ਨੇ 2008 ਤੋਂ ਲੈ ਕੇ ਹੁਣ ਤੱਕ ਬੈਲੋਨ ਡਿਉਰ ਖਿਤਾਬ 'ਤੇ 5-5 ਜੇਤੂ ਹਸਤਾਖਰ ਉੱਕਰੇ ਹਨ ਤੇ ਦੋਵੇਂ ਆਪਣੀਆਂ ਕਲੱਬਾਂ ਲਈ ਹਮੇਸ਼ਾ ਵੱਡੀ ਉਮੀਦ ਵਜੋਂ ਜਾਣੇ ਜਾਂਦੇ ਹਨ, ਦੋਵਾਂ ਵਿਚੋਂ ਕੋਈ ਵੀ ਅਜੇ ਵਿਸ਼ਵ ਖਿਤਾਬ ਨਹੀਂ ਜਿੱਤ ਸਕਿਆ। ਮੈਸੀ ਸੰਨ 2014 'ਚ ਜਿੱਤ ਦੇ ਕਰੀਬ ਆ ਕੇ ਚੈਂਪੀਅਨ ਵਾਲੀ ਹਸਰਤ ਪੂਰੀ ਨਾ ਕਰ ਸਕਿਆ, ਬ੍ਰਾਜ਼ੀਲ ਦੀ ਮੇਜ਼ਬਾਨੀ 'ਚ ਮੈਸੀ ਦੀ ਟੀਮ ਫਾਈਨਲ ਟੱਕਰ 'ਚ ਜਰਮਨੀ ਤੋਂ ਹਾਰ ਕੇ ਖਿਤਾਬ ਤੋਂ ਖੁੰਝ ਗਈ ਸੀ। ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਪੈਰਿਸ-ਸੇਟ-ਜਰਮੇਨ ਕਲੱਬ ਦਾ ਸਟਰਾਈਕਰ, ਜਿਸ ਤੋਂ ਬ੍ਰਾਜ਼ੀਲ ਨੂੰ ਵੱਡੀਆਂ ਉਮੀਦਾਂ ਹਨ ਤੇ ਸੰਨ 2015 ਅਤੇ 2017 'ਚ ਦੁਨੀਆ ਦਾ ਤੀਜਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਸੀ, ਉਸ ਦੀ ਮੌਜੂਦਗੀ 'ਚ ਲੇਖ ਲਿਖੇ ਜਾਣ ਤੱਕ ਬ੍ਰਾਜ਼ੀਲ ਟੀਮ ਭਾਵੇਂ ਆਖਰੀ 16 'ਚ ਪਹੁੰਚ ਗਈ ਪਰ ਅਜੇ ਤੱਕ ਇਹ ਸਟਾਰ ਖਿਡਾਰੀ ਉਹ ਉਚਾਈਆਂ ਹਾਸਲ ਨਹੀਂ ਕਰ ਸਕਿਆ, ਜਿਸ ਦੀ ਉਮੀਦ ਉਸ ਦੇ ਪ੍ਰਸੰਸਕ ਰੱਖਦੇ ਹਨ ਤੇ ਵਿਸ਼ਵ ਕੱਪ 'ਤੇ ਜੇਤੂ ਹਸਤਾਖਰ ਉਸ ਲਈ ਅਜੇ ਇਕ ਸੁਪਨਾ ਬਣਿਆ ਹੋਇਆ ਹੈ।
ਇੰਗਲੈਂਡ ਟੀਮ ਦੇ ਕਪਤਾਨ 24 ਵਰ੍ਹਿਆਂ ਦੇ ਆਪਣੀ ਰਾਸ਼ਟਰੀ ਟੀਮ ਲਈ ਰੰਗ ਦਾ ਇੱਕਾ ਬਣੇ ਹੋਏ ਹਨ ਅਤੇ ਸਤਰਾਂ ਲਿਖੇ ਜਾਣ ਤੱਕ 5 ਗੋਲ ਕਰਕੇ ਗੋਲਡਨ ਬੂਟ ਖਿਤਾਬ ਦੀ ਦੌੜ 'ਚ ਸਭ ਤੋਂ ਅੱਗੇ ਹਨ, ਇੰਗਲੈਂਡ ਦੇ ਟਾਟਨਹੈਮ ਕਲੱਬ ਦਾ ਇਹ ਖਿਡਾਰੀ ਅੱਜ ਸਟਾਰ ਬਣ ਕੇ ਸੁਰਖੀਆਂ ਬਟੋਰ ਰਿਹਾ ਹੈ ਤੇ ਇਸ ਸੀਜ਼ਨ 'ਚ ਉਸ ਦੀ ਕਾਬਲੀਅਤ ਸਦਕਾ ਉਹ ਪਹਿਚਾਣ ਸਥਾਪਿਤ ਕਰ ਚੁੱਕਾ ਹੈ। ਸਪੇਨ ਦਾ ਆਦਰੇ ਇਨੇਸਿਟਾ ਮਿਡਫੀਲਡ ਦਾ ਬਿਹਤਰੀਨ ਖਿਡਾਰੀ ਹੈ ਤੇ ਇਹ ਉਸ ਦਾ ਆਖਰੀ ਵਿਸ਼ਵ ਕੱਪ ਹੋਵੇਗਾ ਤੇ ਉਸ ਦੀ ਤਮੰਨਾ ਹੋਵੇਗੀ ਕਿ ਫੁੱਟਬਾਲ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਦੂਜੀ ਵਾਰ ਜੇਤੂ ਟਰਾਫੀ ਉਠਾਏ ਪਰ ਉਸ ਦੀ ਇਹ ਹਸਰਤ ਪੂਰੀ ਹੋਵੇਗੀ ਕਿ ਨਹੀਂ, ਅਜੇ ਕਹਿਣਾ ਵਕਤ ਤੋਂ ਪਹਿਲਾਂ ਦੀ ਗੱਲ ਹੋਵੇਗੀ। ਬੈਲਜੀਅਮ ਦੇ ਸਟਾਰ ਮਿਡਫੀਲਡਰ ਕੇਵਿਨ-ਡ-ਬਰੂਨੋ ਨੇ ਆਪਣੀ ਗੋਲ ਦਾਗਣ ਦੀ ਯੋਗਤਾ ਨੂੰ ਅਜੇ ਸਾਬਤ ਕਰਨਾ ਹੈ ਕਿ ਉਹ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਪਿਛਲਾ ਇਤਿਹਾਸ (2014 ਵਿਸ਼ਵ ਕੱਪ) ਫਰੋਲੀਏ ਤਾਂ ਕੋਲੰਬੀਆ ਦੇ ਜੇਮਜ਼ ਰੋਡਰਿਗਜ਼ ਸਿਰਫ 22 ਸਾਲ ਦੇ ਸਨ ਤੇ ਬ੍ਰਾਜ਼ੀਲ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ 6 ਗੋਲ ਕਰਕੇ ਸਭ ਨੂੰ ਹੈਰਤ 'ਚ ਪਾ ਦਿੱਤਾ, ਜਦਕਿ ਦੁਨੀਆ ਰੋਨਾਲਡੋ ਮੈਸੀ ਅਤੇ ਨੇਮਾਰ ਦੀਆਂ ਤਖਤੀਆਂ ਹੱਥਾਂ 'ਚ ਫੜੀ ਬੈਠੀ ਰਹੀ। ਫਰਾਂਸ ਦਾ 19 ਵਰ੍ਹਿਆਂ ਦੇ ਕੇਲੀਮਾਨ ਮਬਾਪੇ 'ਚ ਸਟਾਰ ਖਿਡਾਰੀਆਂ ਦੀ ਝਲਕ ਦਿਸ ਰਹੀ ਹੈ ਪਰ ਉਸ ਨੇ ਅਜੇ ਇਹ ਸਾਬਤ ਕਰਨਾ ਹੈ ਕਿ ਮੀਡੀਆ ਦੇ ਕੈਮਰੇ ਉਸ 'ਤੇ ਵੀ ਕਦੇ ਫਲੈਸ਼ ਮਾਰਨਗੇ। ਸਵੀਡਨ ਦਾ ਏਮਿਲ ਫੋਰਸਵਰਗ ਮਿਡਫੀਲਡ ਦਾ ਉੱਭਰਦਾ ਸਿਤਾਰਾ ਅਤੇ ਪ੍ਰਤਿਭਾ ਦੇ ਧਨੀ ਇਸ ਸਟਾਰ ਖਿਡਾਰੀ ਕੋਲ ਸਭ ਕੁਝ ਹੈ ਪਰ ਵਕਤ ਵੀ ਤਾਂ ਮਿਹਰਬਾਨ ਹੋਣਾ ਚਾਹੀਦਾ ਹੈ। ਮਿਸਰ ਦੇ ਮੁਹੰਮਦ ਸਲਾਹ ਦੀ ਗਿਣਤੀ ਸਟਾਰ ਖਿਡਾਰੀਆਂ 'ਚ ਕੀਤੀ ਜਾਂਦੀ ਹੈ ਤੇ 2007 ਤੋਂ ਬਾਅਦ ਲੀਵਰਪੂਲ ਨੂੰ ਪਹਿਲੀ ਵਾਰ ਚੈਂਪੀਅਨ ਲੀਗ ਦੇ ਫਾਈਨਲ 'ਚ ਪਹੁੰਚਾਇਆ ਪਰ ਉਸ ਦੀ ਟੀਮ ਆਖਰੀ 16 'ਚ ਨਾ ਪਹੁੰਚ ਸਕੀ ਤੇ ਭਰੇ ਮਨ ਨਾਲ ਰੂਸ ਛੱਡ ਤੁਰਿਆ। ਸਟਾਰ ਖਿਡਾਰੀਆਂ 'ਚ ਉਨ੍ਹਾਂ ਗੋਲਕੀਪਰਾਂ ਦੀ ਚਰਚਾ ਬਿਨਾਂ ਲੇਖ ਅਧੂਰਾ ਰਹੇਗਾ, ਜੋ ਹਮਲੇ ਦੀ ਪਹਿਲੀ ਅਤੇ ਸੁਰੱਖਿਆ ਦੀ ਆਖਰੀ ਦੀਵਾਰ ਬਣ ਕੇ ਵਿਚਰਦੇ ਹਨ। ਸਪੇਨ ਦੇ ਡੇਵਿਡ ਡੀ. ਗੀ, ਅਰਜਨਟੀਨਾ ਦੇ ਨਹੁਏਲ ਗੁਜਮਾਨ ਅਤੇ ਫਰਾਂਸ ਦੇ ਹਿਊਗੋ ਲੋਰਿਸ ਦੀ ਗਿਣਤੀ ਸਟਾਰ ਖਿਡਾਰੀਆਂ 'ਚ ਕੀਤੀ ਜਾਂਦੀ ਹੈ। ਖੈਰ... ਲੇਖ ਲਿਖੇ ਜਾਣ ਤੱਕ ਕਿਸਮਤ ਅਤੇ ਕ੍ਰਿਸ਼ਮੇ ਦੇ ਰੱਥ 'ਤੇ ਸਵਾਰ ਸਟਾਰ ਖਿਡਾਰੀ ਆਪਣੇ ਤਰਕਸ਼ ਦੇ ਤੀਰ ਸਹੀ ਨਿਸ਼ਾਨੇ 'ਤੇ ਦਾਗਣ ਲਈ ਜੀਅ-ਜਾਨ ਲੜਾ ਰਹੇ ਹਨ ਤੇ ਫਿਲਹਾਲ ਇੰਗਲੈਂਡ ਦੇ ਹੈਰੀਕੇਨ 5, ਅਰਜਨਟੀਨਾ ਦੇ ਰੋਨਾਲਡੋ 4 ਗੋਲ ਦਾਗ ਕੇ ਗੋਲਡਨ ਬੂਟ ਦੀ ਦੌੜ 'ਚ ਅੱਗੜ-ਪਿੱਛੜ ਚੱਲ ਰਹੇ ਹਨ ਪਰ ਕੁੱਲ ਮਿਲਾ ਕੇ ਆਪਣੇ ਚਹੇਤਿਆਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਅਤੇ ਆਪਣੇ ਨਾਂਅ ਨਾਲ ਜੁੜੇ ਨਾਇਕ ਅਤੇ ਮਹਾਂਨਾਇਕ ਵਰਗੇ ਵਿਸ਼ੇਸ਼ਣ ਦੀ ਪਹਿਚਾਣ ਬਣਾਈ ਰੱਖਣ ਲਈ ਮਾਨਸਿਕ ਦਬਾਅ 'ਚ ਖੇਡਦੇ ਸਟਾਰ ਖਿਡਾਰੀਆਂ ਦੀ ਰਾਹ ਹੁੰਦੀ ਨਹੀਂ ਆਸਾਨ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਵੱਡੇ ਸਿਤਾਰੇ ਬਾਹਰ, ਨਵਿਆਂ ਦੇ ਚਮਕਣ ਦੀ ਵਾਰੀ

ਇਸ ਵਾਰ ਦਾ ਫ਼ੀਫ਼ਾ ਵਿਸ਼ਵ ਕੱਪ ਇਸ ਗੱਲੋਂ ਬੇਹੱਦ ਵਿਲੱਖਣ ਸਾਬਤ ਹੋ ਰਿਹਾ ਹੈ ਕਿ ਇਸ ਵਿਚ ਫੁੱਟਬਾਲ ਜਗਤ ਦੇ ਸਾਰੇ ਸਟਾਰ ਖਿਡਾਰੀ ਅਤੇ ਵੱਡੇ ਨਾਂਅ ਜਲਦੀ-ਜਲਦੀ ਇਕ ਤੋਂ ਬਾਅਦ ਇਕ ਬਾਹਰ ਹੁੰਦੇ ਗਏ ਅਤੇ ਜਿਸ ਨਾਲ ਨਵੇਂ ਸਿਤਾਰਿਆਂ ਲਈ ਸ਼ੁਹਰਤ ਦਾ ਮੈਦਾਨ ਪੱਧਰਾ ਹੋ ਗਿਆ ਹੈ। ਇਸ ਦੀ ਪ੍ਰਤੱਖ ਮਿਸਾਲ ਨਾਕ ਆਊਟ ਗੇੜ ਦਾ ਉਹ ਦਿਨ ਸੀ ਜਦੋਂ ਲਿਓਨਲ ਮੈਸੀ ਅਤੇ ਕ੍ਰਿਸਟਿਆਨੋ ਰੋਨਾਲਡੋ ਦੀਆਂ ਟੀਮਾਂ ਇਕੋ ਦਿਨ ਬਾਹਰ ਹੋ ਗਈਆਂ ਅਤੇ ਇਸੇ ਦਿਨ ਇਹ ਸਾਬਤ ਹੋ ਗਿਆ ਸੀ ਕਿ ਹੁਣ ਨਵੇਂ ਨੌਜਵਾਨ ਖਿਡਾਰੀਆਂ ਦਾ ਸਮੂਹ ਵਿਸ਼ਵ ਕੱਪ ਵਿਚ ਆਪਣੀ ਧਾਕ ਜਮਾਉਣ ਲਈ ਤਿਆਰ ਹੈ, ਜੋ ਸ਼ਾਇਦ ਅੱਗੇ ਚੱਲ ਕੇ ਅਗਲੀ ਪੀੜ੍ਹੀ ਦੇ ਆਲਮੀ ਸਟਾਰ ਬਣਨ। ਰੋਨਾਲਡੋ ਦੀ ਪੁਰਤਗਾਲ ਟੀਮ ਨੂੰ ਯੁਰੂਗੁਆਏ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਇਸ ਤੋਂ ਕੁਝ ਘੰਟੇ ਪਹਿਲਾਂ ਮੈਸੀ ਦੀ ਟੀਮ ਅਰਜਨਟੀਨਾ ਫਰਾਂਸ ਹੱਥੋਂ ਹਾਰ ਕੇ ਬਾਹਰ ਹੋਈ ਸੀ। ਮੈਸੀ ਅਤੇ ਰੋਨਾਲਡੋ ਦੀਆਂ ਟੀਮਾਂ ਦੇ ਕੁਆਰਟਰ ਫਾਈਨਲ ਵਿਚ ਆਹਮੋ-ਸਾਹਮਣੇ ਹੋਣ ਦੀ ਉਮੀਦ ਸੀ, ਪਰ ਦੋਵੇਂ ਹੀ ਟੀਮਾਂ ਇਕੱਠੀਆਂ ਟੂਰਨਾਮੈਂਟ ਤੋਂ ਬਾਹਰ ਹੋਈਆਂ। ਮੈਸੀ ਅਤੇ ਰੋਨਾਲਡੋ ਸਾਲਾਂ ਤੋਂ ਯੂਰਪ ਅਤੇ ਸਪੇਨ ਵਿਚ ਨਵੇਂ ਰਿਕਾਰਡ ਬਣਾ ਰਹੇ ਹਨ, ਪਰ ਇਨ੍ਹਾਂ ਦੋਵਾਂ ਨੇ ਕੁੱਲ ਮਿਲਾ ਕੇ 14 ਵਿਸ਼ਵ ਕੱਪ ਨਾਕਆਊਟ ਮੈਚ ਖੇਡੇ ਹਨ, ਪਰ ਇਸ ਗੇੜ ਵਿਚ ਉਹ ਕਦੇ ਗੋਲ ਨਹੀਂ ਕਰ ਸਕੇ। ਮੈਸੀ ਨੇ ਕਲੱਬ ਪੱਧਰ ਉੱਤੇ ਬਾਰਸੀਲੋਨਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਸ ਦੀ ਟੀਮ ਅਰਜਨਟੀਨਾ 2014 ਵਿਸ਼ਵ ਕੱਪ ਦੌਰਾਨ ਜਰਮਨੀ ਤੋਂ ਹਾਰ ਗਈ ਸੀ। ਸ਼ਾਇਦ ਇਹ ਉਸ ਲਈ ਵਿਸ਼ਵ ਕੱਪ ਜਿੱਤਣ ਦਾ ਸਭ ਤੋਂ ਕਰੀਬੀ ਮੌਕਾ ਉਹੀ ਸੀ।
ਕ੍ਰਿਸਟਿਆਨੋ ਰੋਨਾਲਡੋ ਦੇ ਕੌਮਾਂਤਰੀ ਕੈਰੀਅਰ ਸਬੰਧੀ ਯੁਰੂਗੁਆਏ ਖਿਲਾਫ ਪੁਰਤਗਾਲ ਦੀ ਹਾਰ ਦੇ ਨਾਲ ਵਿਸ਼ਵ ਕੱਪ ਤੋਂ ਬਾਹਰ ਹੋਣ ਮਗਰੋਂ ਹੀ ਚਰਚਾ ਸ਼ੁਰੂ ਹੋ ਚੁੱਕੀ ਹੈ। ਖਾਸ ਗੱਲ ਇਹ ਸੀ ਕਿ ਇਸ ਮੈਚ ਵਿਚ ਪੁਰਤਗਾਲ ਦੀ ਹਾਰ ਦੇ ਨਾਲ ਰੋਨਾਲਡੋ ਜ਼ਿਆਦਾ ਅਸਰਦਾਰ ਨਹੀਂ ਸੀ ਸਾਬਤ ਹੋਇਆ, ਜਦਕਿ ਵਿਰੋਧੀ ਅਤੇ ਜੇਤੂ ਟੀਮ ਯੁਰੂਗੁਆਏ ਦਾ ਐਡਿਨਸਨ ਕਵਾਨੀ ਇਸ ਮੈਚ ਵਿਚ ਛਾਅ ਗਿਆ ਸੀ ਅਤੇ ਉਸੇ ਦੇ ਦੋ ਸ਼ਾਨਦਾਰ ਗੋਲਾਂ ਸਦਕਾ ਯੁਰੂਗੁਆਏ ਨੇ ਜਿੱਤ ਹਾਸਲ ਕੀਤੀ ਸੀ ਅਤੇ ਰਿਆਲ ਮਡਰਿਡ ਦੇ ਸਟਾਰ ਰੋਨਾਲਡੋ ਨੂੰ ਚੌਥੀ ਵਾਰ ਵਿਸ਼ਵ ਕੱਪ ਤੋਂ ਖਾਲੀ ਹੱਥ ਪਰਤਣਾ ਪਿਆ। ਅਗਲੇ ਵਿਸ਼ਵ ਕੱਪ ਤੱਕ ਰੋਨਾਲਡੋ 37 ਸਾਲ ਦਾ ਹੋ ਜਾਵੇਗਾ ਅਤੇ ਉਸ ਨੇ ਆਪਣੇ ਕੌਮਾਂਤਰੀ ਕਰੀਅਰ ਨੂੰ ਅੱਗੇ ਵਧਾਉਣ ਦੀ ਯੋਜਨਾ ਬਾਰੇ ਹਾਲੇ ਤੱਕ ਕੁਝ ਨਹੀਂ ਦੱਸਿਆ। ਇਸੇ ਤਰ੍ਹਾਂ ਜਦੋਂ ਫਰਾਂਸ ਨੇ 4 ਗੋਲਾਂ ਨਾਲ ਲਿਓਨਲ ਮੈਸੀ ਦੇ ਚੌਥੇ ਵਿਸ਼ਵ ਕੱਪ ਦੀ ਮੁਹਿੰਮ ਦਾ ਅੰਤ ਕੀਤਾ। ਨਾਇਜ਼ੀਰੀਆ ਖਿਲਾਫ ਮੈਸੀ ਨੇ ਵਿਸ਼ਵ ਕੱਪ 2018 ਦਾ ਆਪਣਾ ਇਕੋ-ਇਕ ਗੋਲ ਦਾਗ ਕੇ ਟੀਮ ਨੂੰ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚਾਇਆ ਸੀ।
ਮੈਸੀ ਨੇ ਪ੍ਰੀ-ਕੁਆਰਟਰ ਫਾਈਨਲ ਵਿਚ 2 ਗੋਲਾਂ ਲਈ ਮਦਦ ਕੀਤੀ, ਪਰ ਫਿਰ ਵੀ ਟੀਮ ਫਰਾਂਸ ਤੋਂ 3-4 ਦੇ ਫਰਕ ਨਾਲ ਹਾਰ ਗਈ। ਮੈਸੀ ਨੇ ਰੂਸ ਰਵਾਨਾ ਹੋਣ ਤੋਂ ਪਹਿਲਾਂ ਕੌਮਾਂਤਰੀ ਫੁੱਟਬਾਲ ਖੇਡਣ ਬਾਰੇ ਇਹੀ ਕਿਹਾ ਸੀ ਕਿ ਇਹ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਵਿਚ ਕਿਵੇਂ ਦਾ ਪ੍ਰਦਰਸ਼ਨ ਕਰਦੀ ਹੈ। ਮੈਸੀ 2016 ਦੇ ਕੋਪਾ ਅਮੈਰਿਕਾ ਕੱਪ ਦੇ ਫਾਈਨਲ ਦੌਰਾਨ ਚਿੱਲੀ ਖਿਲਾਫ਼ ਪੈਨਲਟੀ ਕਿੱਕ ਤੋਂ ਖੁੰਝ ਗਿਆ ਸੀ ਅਤੇ ਇਸ ਮਗਰੋਂ ਉਸ ਨੇ ਭਾਵੁਕ ਹੁੰਦਿਆਂ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ, ਹਾਲਾਂਕਿ ਬਾਅਦ ਵਿਚ ਉਸ ਨੇ ਇਹ ਫੈਸਲਾ ਵਾਪਸ ਲੈ ਲਿਆ ਸੀ। ਇਸ ਵਾਰ ਵੇਖਣਾ ਹੋਵੇਗਾ ਕਿ ਮੈਸੀ ਦਾ ਕੀ ਫੈਸਲਾ ਆਵੇਗਾ। ਸਪੇਨ ਦੇ ਆਂਦਰੇਅਸ ਇਨੀਐਸਟਾ ਵਰਗਾ ਵੱਡਾ ਨਾਂਅ ਪਹਿਲਾਂ ਹੀ ਵਿਸ਼ਵ ਕੱਪ ਤੋਂ ਬਾਹਰ ਹੋਣ ਮਗਰੋਂ ਸੰਨਿਆਸ ਦਾ ਐਲਾਨ ਕਰ ਚੁੱਕਾ ਹੈ। ਇਨ੍ਹਾਂ ਖਿਡਾਰੀਆਂ ਦੇ ਬਾਹਰ ਹੋਣ ਮਗਰੋਂ ਹੁਣ ਵਿਸ਼ਵ ਕੱਪ ਵਿਚ ਮੌਜੂਦ ਨੌਜਵਾਨ ਖਿਡਾਰੀਆਂ ਕੋਲ ਸੁਰਖੀਆਂ ਵਿਚ ਰਹਿਣ ਦਾ ਚੰਗਾ ਮੌਕਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਬੈਡਮਿੰਟਨ : ਭਾਰਤ ਲਈ ਚੀਨ, ਜਾਪਾਨ ਬਣੇ ਚੁਣੌਤੀ

ਉਬਰ ਕੱਪ ਅਤੇ ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਭਾਰਤੀ ਖਿਡਾਰੀਆਂ ਦੀ ਹਾਰ ਦੇ ਲਗਾਤਾਰ ਸਿਲਸਿਲੇ ਨੇ ਬੈਡਮਿੰਟਨ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੈ। ਰੀਓ ਉਲੰਪਿਕ-16 ਦੀ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਮਲੇਸ਼ੀਆ ਓਪਨ ਦੇ ਸੈਮੀਫਾਈਨਲ 'ਚ ਟਾਪ ਸੀਡ ਤਾਇਵਾਨ ਦੀ ਤਾਈ ਜੂ ਯਿੰਗ ਤੋਂ ਹਾਰ ਗਈ। ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜੇਤੂ ਕਿਦੰਬੀ ਸ੍ਰੀਕਾਂਤ (ਰੈਂਕਿੰਗ 13) ਜਾਪਾਨ ਦੇ ਕੇਂਤੋ ਮੇਮੋਂਤਾ ਤੋਂ ਹਾਰ ਗਿਆ, ਸ੍ਰੀਕਾਂਤ ਦੀ ਮੇਮੋਂਤਾ ਤੋਂ 6ਵੀਂ ਹਾਰ ਸੀ। 21ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ ਲੰਡਨ ਉਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੇਹਵਾਲ ਵੀ ਜਾਪਾਨ ਦੀ ਅਕਾਨੇ ਯਾਮਾਗੁੱਚੀ ਤੋਂ ਸਿੱਧੇ ਸੈੱਟਾਂ ਵਿਚ ਹਾਰ ਕੇ ਬਾਹਰ ਹੋ ਗਈ। ਇਸ ਤੋਂ ਪਹਿਲਾਂ ਉਬਰ ਕੱਪ ਬੈਡਮਿੰਟਨ ਮੁਕਾਬਲੇ (ਬੈਂਕਾਕ) 'ਚ ਜਾਪਾਨ ਦੀ ਅਕਾਨੇ ਯਾਮਾਗੁੱਚੀ ਨੇ ਸਾਇਨਾ ਨੇਹਵਾਲ ਨੂੰ 21-19, 9-21 ਤੇ 22-20 ਨਾਲ ਹਰਾਇਆ। ਏਸ਼ੀਆ ਬੈਡਮਿੰਟਨ ਵਿਚ ਸਾਇਨਾ ਨੇਹਵਾਲ ਸੈਮੀਫਾਈਨਲ ਵਿਚ ਤਾਇਵਾਨ ਦੀ ਤਾਈ ਯੂ ਜਿੰਗ ਤੋਂ 27-25 ਤੇ 21-19 ਦੇ ਫਰਕ ਨਾਲ ਹਾਰ ਕੇ ਬਾਹਰ ਹੋ ਗਈ ਸੀ। ਗੋਲਡਕੋਸਟ (ਆਸਟ੍ਰੇਲੀਆ) ਦੀਆਂ ਰਾਸ਼ਟਰਮੰਡਲ ਖੇਡਾਂ 'ਚ ਸਾਇਨਾ ਨੇਹਵਾਲ ਨੇ ਫਾਈਨਲ ਮੁਕਾਬਲੇ 'ਚ ਆਪਣੀ ਹਮਵਤਨ ਖਿਡਾਰਨ ਪੀ.ਵੀ. ਸਿੰਧੂ ਨੂੰ ਹਰਾ ਕੇ ਤਗਮਾ ਜ਼ਰੂਰ ਜਿੱਤ ਲਿਆ। ਮੁਕਾਬਲੇ 'ਚ ਚੀਨ ਤੇ ਜਾਪਾਨ ਨਹੀਂ ਸੀ।
ਇਸੇ ਤਰ੍ਹਾਂ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਪੀ.ਵੀ. ਸਿੰਧੂ ਸੈਮੀਫਾਈਨਲ ਵਿਚ ਜਾਪਾਨ ਦੀ ਅਕਾਨੇ ਯਾਮਾਗੁੱਚੀ ਤੋਂ ਹਾਰ ਕੇ ਬਾਹਰ ਹੋ ਗਈ ਸੀ। ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਚੀਨੀ ਤਾਇਪੇ ਦੀ ਤਾਈ ਯੂ. ਜਿੰਗ ਨੇ ਸਾਇਨਾ ਨੇਹਵਾਲ ਨੂੰ 21-14 ਤੇ 21-18 ਅੰਕਾਂ ਦੇ ਫਰਕ ਨਾਲ ਹਰਾਇਆ ਸੀ। ਏਸ਼ੀਆ ਟੀਮ ਚੈਂਪੀਅਨਸ਼ਿਪ ਮਲੇਸ਼ੀਆ 'ਚ ਪੀ.ਵੀ. ਸਿੰਧੂ ਦੀ ਅਗਵਾਈ 'ਚ ਹਾਰ ਗਈ ਸੀ। ਇਸ ਤੋਂ ਪਹਿਲਾਂ ਇੰਡੀਆ ਓਪਨ ਦੇ ਫਾਈਨਲ ਵਿਚ ਅਮਰੀਕਾ ਦੀ ਸ਼ਟਲਰ ਬੇਵਨ ਝਾਂਗ ਨੇ ਪੀ.ਵੀ. ਸਿੰਧੂ ਨੂੰ 68 ਮਿੰਟਾਂ ਵਿਚ 21-18, 11-21 ਅਤੇ 22-20 ਦੇ ਫਰਕ ਨਾਲ ਹਰਾਇਆ। ਇੰਡੀਆ ਓਪਨ ਦੇ ਕੁਆਰਟਰ ਫਾਈਨਲ ਵਿਚ ਸਾਇਨਾ ਨੇਹਵਾਲ ਨੇ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਦਿਆਂ ਹਾਰ ਸਵੀਕਾਰ ਕਰ ਲਈ।
ਇੰਡੋਨੇਸ਼ੀਆ ਮਾਸਟਰ ਬੈਡਮਿੰਟਨ ਟੂਰਨਾਮੈਂਟ (3.50 ਲੱਖ ਡਾਲਰ ਇਨਾਮੀ) ਸਾਇਨਾ ਨੇਹਵਾਨ ਨੇ ਹਮਵਤਨ ਪੀ.ਵੀ. ਸਿੰਧੂ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਪਰ ਸਾਇਨਾ ਕੋਲ ਤਾਇਵਾਨ ਦੀ ਤਾਈ ਯੂ.ਜਿੰਗ ਦੀ ਖੇਡ ਦਾ ਤੋੜ ਨਹੀਂ ਸੀ। ਸ਼ਾਨਦਾਰ ਰਿਟਰਨਾਂ ਦੇ ਬਾਵਜੂਦ ਉਸ ਨੂੰ ਤਾਈ ਯੁੂ.ਜਿੰਗ ਨੇ 27 ਮਿੰਟਾਂ ਵਿਚ 21-9 ਤੇ 21-13 ਦੇ ਫਰਕ ਨਾਲ ਹਰਾ ਦਿੱਤਾ ਸੀ। ਇਸ ਤੋਂ ਪਹਿਲਾਂ ਦੁਬਈ ਸੁਪਰ ਸੀਰੀਜ਼ ਫਾਈਨਲ ਵਿਚ ਪੀ.ਵੀ. ਸਿੰਧੂ ਜਾਪਾਨ ਦੀ ਅਕਾਨੇ ਯਾਮਾਗੁੱਚੀ ਤੋਂ ਹਾਰ ਗਈ ਸੀ। ਹਾਂਗ ਕਾਂਗ ਓਪਨ (4 ਲੱਖ ਡਾਲਰ ਇਨਾਮੀ ਰਾਸ਼ੀ) ਵਿਚ ਸਾਇਨਾ ਚੀਨ ਦੀ ਚੇਨ ਯੂ.ਫੇਈ ਤੋਂ ਹਾਰ ਗਈ ਅਤੇ ਪੀ.ਵੀ. ਸਿੰਧੂ ਤਾਈ.ਯੂ.ਜਿੰਗ ਤੋਂ ਹਾਰ ਗਈ। ਸ੍ਰੀਕਾਂਤ ਅਪ੍ਰੈਲ 'ਚ ਥੋੜ੍ਹੀ ਦੇਰ ਲਈ ਨੰ:1 ਸੀਡ, ਪੀ.ਵੀ. ਸਿੰਧੂ (ਤੀਸਰਾ ਦਰਜਾ) ਅਤੇ ਸਾਇਨਾ ਨੇਹਵਾਲ (10ਵਾਂ ਦਰਜਾ) ਸੈਮੀਫਾਈਨਲ ਤੇ ਫਾਈਨਲ 'ਚ ਅਕਸਰ ਲੜਖੜਾ ਜਾਣ ਦਾ ਸਿਲਸਿਲਾ ਤੋੜੇ ਬਿਨਾਂ ਜਾਪਾਨ ਤੇ ਚੀਨ ਦੇ ਖੌਫ (ਚੀਨ ਜਾਪਾਨ ਦੀ ਕੰਧ) ਦੀ ਚੁਣੌਤੀ ਨੂੰ ਸਰ ਨਹੀਂ ਕਰ ਸਕਦੀਆਂ।


-ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਫੁੱਟਬਾਲ ਪ੍ਰਸ਼ਨਾਵਲੀ

1. ਗੋਲਡਨ ਬੂਟ ਕਿਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ?
(ਕ) ਜੋ ਸਭ ਤੋਂ ਵੱਧ ਗੋਲ ਰੋਕੇ, (ਖ) ਜੋ ਸਭ ਤੋਂ ਵੱਧ ਗੋਲ ਕਰੇ, (ਗ) ਜੋ ਸਭ ਤੋਂ ਵੱਧ ਪੈਨਲਟੀ ਲਗਾਵੇ।
2. ਗੋਲਡਨ ਬੂਟ ਪੁਰਸਕਾਰ ਕਦੋਂ ਸ਼ੁਰੂ ਕੀਤਾ ਗਿਆ?
(ਕ) 1930, (ਖ) 2014, (ਗ) 1982
3. ਵਿਸ਼ਵ ਕੱਪ ਫੁੱਟਬਾਲ ਦੀ ਸ਼ੁਰੂਆਤ ਕਦੋਂ ਹੋਈ?
(ਕ) 1934, (ਖ) 1930, (ਗ) 1950
4. ਗੋਲਡਨ ਬਾਲ ਕਿਸ ਖਿਡਾਰੀ ਨੂੰ ਦਿੱਤੀ ਜਾਂਦੀ ਹੈ?
(ਕ) ਜਿਸ ਨੂੰ ਸਭ ਤੋਂ ਵੱਧ ਕਾਰਡ ਦਿਖਾਏ ਗਏ ਹੋਣ, (ਖ) ਜੋ ਮੈਚ ਦੌਰਾਨ ਰੈਫਰੀ ਨਾਲ ਉਲਝੇ, (ਗ) ਜੋ ਟੂਰਨਾਮੈਂਟ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੋਵੇ।
5. ਕੀ ਭਾਰਤ ਨੇ ਕਦੇ ਵਿਸ਼ਵ ਕੱਪ ਫੁੱਟਬਾਲ ਖੇਡਿਆ ਹੈ?
(ਕ) ਹਾਂ, (ਖ) ਨਹੀਂ।
6. 2018 ਦੇ ਵਿਸ਼ਵ ਕੱਪ ਫੁੱਟਬਾਲ ਵਿਚ ਕਿੰਨੀਆਂ ਟੀਮਾਂ ਨੇ ਹਿੱਸਾ ਲਿਆ ਹੈ?
(ਕ) 26, (ਖ) 28, (ਗ) 32
7. ਵਿਸ਼ਵ ਕੱਪ ਫੁੱਟਬਾਲ 2018 ਕਿਥੇ ਹੋ ਰਿਹਾ ਹੈ?
(ਕ) ਰੂਸ, (ਖ) ਇਟਲੀ, (ਗ) ਇੰਗਲੈਂਡ।
ਉੱਤਰ : 1. (ਖ), 2. (ਗ), 3. (ਖ), 4. (ਗ), 5. (ਖ), 6. (ਗ), 7. (ਕ)


-ਡੀ.ਪੀ.ਈ.,
ਏ. ਡੀ. ਸੀ: ਸੈ: ਸਕੂਲ, ਧਰਮਕੋਟ (ਮੋਗਾ)।

ਨੇਤਰਹੀਣ ਹੁੰਦੇ ਹੋਏ ਵੀ ਨਹੀਂ ਰੁਕੇ ਕਦਮ ਗੰਭੀਰ ਸਿੰਘ ਚੁਹਾਨ ਦੇ

'ਮੇਰੀਆਂ ਅੱਖਾਂ ਭਾਵੇਂ ਬਹੁਤ ਦੂਰ ਵੇਖ ਨਹੀਂ ਸਕਦੀਆਂ ਪਰ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਮੇਰੇ ਵਧਦੇ ਕਦਮ ਕਦੀ ਰੁਕੇ ਹੋਣ ਅਤੇ ਨਾ ਹੀ ਮੇਰੇ ਕਦਮਾਂ ਨੇ ਕਦੀ ਰੁਕਣਾ ਸਿੱਖਿਆ ਹੈ', ਇਹ ਆਖਣਾ ਹੈ ਨੇਤਰਹੀਣ ਵਿਦਿਆਰਥੀ ਖਿਡਾਰੀ ਗੰਭੀਰ ਸਿੰਘ ਚੁਹਾਨ ਦਾ, ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਗੰਭੀਰ ਸਿੰਘ ਚੁਹਾਨ ਦਾ ਜਨਮ ਦੇਵ-ਭੂਮੀ ਵਜੋਂ ਜਾਣੇ ਜਾਂਦੇ ਉੱਤਰਾਖੰਡ 'ਚ ਪਹਾੜੀ 'ਤੇ ਵਸੇ ਛੋਟੇ ਜਿਹੇ ਕਸਬੇ ਚਕਰਾਤਾ ਵਿਚ ਪਿਤਾ ਮੋਹਰ ਸਿੰਘ ਦੇ ਘਰ ਮਾਤਾ ਸੁਮਿਤਰਾ ਦੇਵੀ ਦੀ ਕੁੱਖੋਂ 1 ਅਪ੍ਰੈਲ, 1998 ਨੂੰ ਹੋਇਆ। ਗੰਭੀਰ ਸਿੰਘ ਚੁਹਾਨ ਨੂੰ ਜਨਮ ਤੋਂ ਹੀ ਬਹੁਤ ਘੱਟ ਵਿਖਾਈ ਦਿੰਦਾ ਸੀ। ਮਾਂ-ਬਾਪ ਨੇ ਇਲਾਜ ਲਈ ਬਥੇਰੇ ਪਾਪੜ ਵੇਲੇ ਪਰ ਗੰਭੀਰ ਠੀਕ ਨਾ ਹੋ ਸਕਿਆ। ਆਪਣੇ ਬਾਲ ਬੱਚੇ ਦੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਮਾਂ-ਬਾਪ ਨੇ ਦੇਹਰਾਦੂਨ ਦੇ ਨੇਤਰਹੀਣ ਸਕੂਲ ਐਨ. ਆਈ. ਵੀ. ਐੱਚ. ਸਕੂਲ ਵਿਚ ਦਾਖਲ ਕਰਵਾ ਦਿੱਤਾ, ਜਿਥੇ ਅੱਜਕਲ੍ਹ ਗੰਭੀਰ ਗਿਆਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ।
ਨੇਤਰਹੀਣ ਸਕੂਲ ਵਿਚ ਹੀ ਗੰਭੀਰ ਨੇ ਆਪਣਾ ਬਚਪਨ ਸੰਭਾਲਿਆ ਅਤੇ ਨੇਤਰਹੀਣ ਸਕੂਲ ਉਸ ਲਈ ਐਸਾ ਵਰਦਾਨ ਸਾਬਤ ਹੋਇਆ ਕਿ ਗੰਭੀਰ ਚੌਹਾਨ ਨੂੰ ਅੱਜ ਵੀ ਇਹ ਅਹਿਸਾਸ ਨਹੀਂ ਹੈ ਕਿ ਉਹ ਨੇਤਰਹੀਣ ਹੈ ਅਤੇ ਉਹ ਹਰ ਖੇਤਰ ਵਿਚ ਹੀ ਆਮ ਵਿਦਿਆਰਥੀਆਂ ਵਾਂਗ ਅੱਗੇ ਵਧ ਰਿਹਾ ਹੈ। ਖੇਡਾਂ ਦੇ ਖੇਤਰ ਵਿਚ ਉਸ ਨੂੰ ਸਕੂਲ ਦੇ ਸਪੋਰਟਸ ਅਧਿਆਪਕ ਅਤੇ ਕੋਚ ਨਰੇਸ਼ ਸਿੰਘ ਨਿਯਾਲ ਲੈ ਕੇ ਆਏ ਅਤੇ ਮਾਣ ਨਾਲ ਆਖਿਆ ਜਾ ਸਕਦਾ ਹੈ ਕਿ ਗੰਭੀਰ ਸਿੰਘ ਚੁਹਾਨ ਹੁਣ ਤੱਕ 7 ਰਾਜਾਂ ਵਿਚ ਆਪਣੀ ਖੇਡ ਕਲਾ ਦੇ ਜੌਹਰ ਵਿਖਾ ਚੁੱਕਾ ਹੈ ਅਤੇ ਸਾਲ 2015 ਤੋਂ ਲੈ ਕੇ ਹੁਣ ਤੱਕ ਗੰਭੀਰ ਸਿੰਘ ਚੁਹਾਨ ਆਪਣੇ ਸਕੂਲ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਮੰਨਿਆ ਹੋਇਆ ਖਿਡਾਰੀ ਹੈ। ਸਾਲ 2018 ਵਿਚ ਹੋਈ ਨੈਸ਼ਨਲ ਬਲਾਈਂਡ ਫੁੱਟਬਾਲ ਚੈਂਪੀਅਨਸ਼ਿਪ ਵਿਚ ਉਸ ਨੂੰ ਬੈਸਟ ਗੋਲਕੀਪਰ ਦਾ ਐਵਾਰਡ ਵੀ ਮਿਲਿਆ। ਸਾਲ 2018 ਵਿਚ ਹੀ ਦਿੱਲੀ ਵਿਚ ਇਬਸਾ ਵਲੋਂ ਕਰਵਾਈਆਂ ਪੈਰਾ ਅਥਲੈਟਿਕ ਖੇਡਾਂ ਵਿਚ ਉਸ ਨੇ ਜੈਵਲਿਨ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ। ਗੰਭੀਰ ਚੁਹਾਨ ਨੈਸ਼ਨਲ ਪੱਧਰ ਤੱਕ ਨੇਤਰਹੀਣ ਕ੍ਰਿਕਟ ਟੀਮ ਵਿਚ ਵੀ ਖੇਡਦਾ ਹੈ ਅਤੇ ਉਹ ਤਿੰਨ ਵਾਰ ਮੈਨ ਆਫ ਦਾ ਮੈਚ ਵੀ ਐਲਾਨਿਆ ਗਿਆ। ਹਾਲ ਹੀ ਵਿਚ ਗੰਭੀਰ ਸਿੰਘ ਚੁਹਾਨ ਭਾਰਤੀ ਬਲਾਈਂਡ ਕ੍ਰਿਕਟ ਟੀਮ ਦੇ ਕਪਤਾਨ ਅਜੇ ਰੈਡੀ ਨਾਲ ਬੈਂਗਲੁਰੂ ਵਿਚ ਕ੍ਰਿਕਟ ਕੈਂਪ ਵੀ ਲਗਾ ਕੇ ਆਇਆ ਹੈ ਅਤੇ ਉਹ ਜਲਦੀ ਹੀ ਭਾਰਤੀ ਬਲਾਈਂਡ ਕ੍ਰਿਕਟ ਟੀਮ ਦਾ ਹਿੱਸਾ ਹੋਵੇਗਾ।
ਇਥੇ ਹੀ ਬਸ ਨਹੀਂ, ਗੰਭੀਰ ਸਿੰਘ ਚੌਹਾਨ ਨੇ ਸਾਲ 2015 ਅਤੇ 2016 ਵਿਚ ਦੇਹਰਾਦੂਨ ਵਿਖੇ 10 ਕਿਲੋਮੀਟਰ ਦੀ ਮੈਰਾਥਨ ਦੌੜ ਵੀ ਦੌੜੀ ਹੈ। ਗੰਭੀਰ ਸਿੰਘ ਚੌਹਾਨ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੇ ਹੋਏ ਉੱਤਰਾਖੰਡ ਦੀ ਸਰਕਾਰ ਉਸ ਨੂੰ 50 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕਰ ਚੁੱਕੀ ਹੈ। ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸ ਦੇਵਾਂ ਕਿ ਗੰਭੀਰ ਨੂੰ ਬਹੁਤ ਹੀ ਘੱਟ ਜਾਣੀ ਪਾਰਸਲ ਬੀ-2 ਕੈਟਗਰੀ ਹੈ ਅਤੇ ਉਸ ਨੂੰ ਸਿਰਫ ਤੇ ਸਿਰਫ 15 ਮੀਟਰ ਤੱਕ ਵਿਖਾਈ ਦਿੰਦਾ ਹੈ ਅਤੇ ਉਸ ਤੋਂ ਅਗਾਂਹ ਉਸ ਦੀਆਂ ਅੱਖਾਂ ਸਾਹਮਣੇ ਬਿਲਕੁਲ ਹਨੇਰਾ ਹੁੰਦਾ ਹੈ ਪਰ ਗੰਭੀਰ ਬੜੇ ਮਾਣ ਨਾਲ ਆਖਦਾ ਹੈ ਕਿ 'ਕੌਨ ਕਹਿਤਾ ਹੈ ਕਿ ਨੇਤਰਹੀਣੋਂ ਮੇਂ ਦਮ ਨਹੀਂ, ਹਮ ਨੇਤਰਹੀਣ ਹੂਏ ਤੋ ਕਿਆ ਹੁਆ ਹਮ ਭੀ ਕਿਸੀ ਸੇ ਕਮ ਨਹੀਂ।' ਗੰਭੀਰ ਸਿੰਘ ਚੌਹਾਨ ਨੇ ਦੱਸਿਆ ਕਿ ਬੇਸ਼ੱਕ ਉਸ ਨੂੰ ਬਹੁਤ ਹੀ ਘੱਟ ਵਿਖਾਈ ਦਿੰਦਾ ਹੈ ਪਰ ਜਦ ਉਹ ਖੇਡਦਾ ਹੈ ਅਤੇ ਤਾੜੀਆਂ ਦੀ ਗੂੰਜ ਉਸ ਦੇ ਕੰਨਾਂ ਵਿਚ ਸੁਣਾਈ ਦਿੰਦੀ ਹੈ ਤਾਂ ਹਜ਼ਾਰਾਂ ਅੱਖਾਂ ਦੀ ਰੌਸ਼ਨੀ ਉਸ ਨੂੰ ਸਰਸ਼ਾਰ ਕਰ ਜਾਂਦੀ ਹੈ। ਗੰਭੀਰ ਸਿੰਘ ਚੌਹਾਨ ਲਈ ਮੇਰੀਆਂ ਸ਼ੁੱਭ ਇੱਛਾਵਾਂ।

-ਮੋਬਾ: 98551-14484

ਚੈਂਪੀਅਨਜ਼ ਟਰਾਫੀ ਹਾਕੀ

ਸੋਨਾ ਜਿੱਤਣ ਲਈ ਅਜੇ ਕਠਿਨ ਅਭਿਆਸ ਦੀ ਜ਼ਰੂਰਤ

ਚੈਂਪੀਅਨਜ਼ ਟਰਾਫੀ ਹਾਕੀ ਜੋ ਕੁਝ ਦਿਨ ਪਹਿਲਾਂ ਹਾਲੈਂਡ ਦੇ ਸ਼ਹਿਰ ਬਰੇਦਾ ਵਿਖੇ ਆਯੋਜਿਤ ਹੋਈ, ਭਾਰਤੀ ਟੀਮ ਇਸ ਟੂਰਨਾਮੈਂਟ 'ਚ ਦੂਜੇ ਸਥਾਨ 'ਤੇ ਰਹੀ। ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਸਮੁੱਚੀ ਟੀਮ ਜਿਥੇ ਵਧਾਈ ਦੀ ਹੱਕਦਾਰ ਹੈ, ਉਥੇ ਦੂਜੇ ਨੰਬਰ ਦੀ ਟਰਾਫੀ ਦੇਸ਼ ਦੀ ਝੋਲੀ 'ਚ ਪਾ ਕੇ ਭਵਿੱਖ ਦੇ ਕਈ ਅਹਿਮ ਟੂਰਨਾਮੈਂਟਾਂ ਲਈ ਉਸ ਨੇ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਦੀ ਆਸ ਪੈਦਾ ਕੀਤੀ ਹੈ। ਪਰ ਇਸ ਪ੍ਰਾਪਤੀ ਨੂੰ ਬਹੁਤ ਡੂੰਘੀ ਨਜ਼ਰ ਨਾਲ ਦੇਖਣ ਦੀ ਲੋੜ ਹੈ।
ਚੈਂਪੀਅਨਜ਼ ਟਰਾਫੀ ਹਾਕੀ ਦੇ ਅਖੀਰਲੇ ਐਡੀਸ਼ਨ 'ਚ ਕਈ ਪਲ ਅਜਿਹੇ ਵੀ ਆਏ, ਜਦੋਂ ਸਾਨੂੰ ਸੋਨਾ ਜਿੱਤਣ ਦੀ ਉਮੀਦ ਵੀ ਨਜ਼ਰ ਆਈ ਪਰ ਟੀਮ ਖੇਡ ਵਿਭਾਗ ਨੂੰ ਜੇਕਰ ਸਮੁੱਚੇ ਤੌਰ 'ਤੇ ਦੇਖਿਆ ਜਾਵੇ ਤਾਂ ਕਾਫੀ ਕਮਜ਼ੋਰੀਆਂ ਵੀ ਭਾਰਤੀ ਟੀਮ 'ਚ ਨਜ਼ਰ ਆਈਆਂ, ਜਿਸ ਕਰਕੇ ਸੋਨਾ ਜਿੱਤਣ ਦੀ ਆਸ ਦਮ ਤੋੜ ਗਈ। ਆਸਟ੍ਰੇਲੀਆ, ਅਰਜਨਟੀਨਾ, ਪਾਕਿਸਤਾਨ, ਹਾਲੈਂਡ, ਬੈਲਜੀਅਮ ਵਿਰੁੱਧ ਖੇਡਦਿਆਂ ਜੇਕਰ ਯਕੀਨਨ ਜਿੱਤ ਚਾਹੀਦੀ ਹੈ ਤਾਂ ਸਾਡੀ ਟੀਮ ਨੂੰ ਆਪਣਾ ਪੈਨਲਟੀ ਕਾਰਨਰ ਵਿਭਾਗ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ, ਜੋ ਨਹੀਂ ਹੈ। ਅਸੀਂ ਦੇਖਿਆ ਹੈ ਕਿ ਤਾਕਤਵਰ ਟੀਮਾਂ ਦੇ ਰੂ-ਬ-ਰੂ ਕਠਿਨ ਪ੍ਰਸਥਿਤੀਆਂ 'ਚ ਸਾਡੇ ਡਰੈਗ ਫਲਿੱਕਰ ਬਹੁਤ ਸ਼ਲਾਘਾਯੋਗ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਇਹ ਉਹ ਵਿਭਾਗ ਹੈ, ਜਿਸ ਨੇ ਇਸ ਟੂਰਨਾਮੈਂਟ 'ਚ ਭਾਰਤ ਦੇ ਚੈਂਪੀਅਨਾਂ ਵਾਂਗ ਖੇਡਣ 'ਚ ਰੁਕਾਵਟ ਪਾਈ ਹੈ। ਅੱਜ ਦੇ ਸੰਦਰਭ ਵਿਚ ਜਿਸ ਤਰ੍ਹਾਂ ਹਾਕੀ ਜਗਤ 'ਚ ਮੁਕਾਬਲਾ ਵਧਦਾ ਜਾ ਰਿਹਾ ਹੈ, ਸਾਡੇ ਕੋਲ ਘੱਟੋ-ਘੱਟ ਤਿੰਨ ਚੋਟੀ ਦੇ ਡਰੈਗ ਫਲਿੱਕਰਾਂ ਦੀ ਜ਼ਰੂਰਤ ਹੈ। ਇਸ ਵਿਭਾਗ 'ਚ ਵਧੇਰੇ ਵੰਨ-ਸੁਵੰਨਤਾ ਲਿਆਉਣ ਦੀ ਲੋੜ ਹੈ। ਕਾਸ਼! ਸਾਡੇ ਕੋਲ ਕੋਈ ਪਾਕਿਸਤਾਨ ਦੇ ਸੁਹੇਲ ਅੱਬਾਸ ਜਾਂ ਹਾਲੈਂਡ ਦੇ ਬੋਵਲੈਡਰ ਜਾਂ ਪਾਲ ਲਿਟਜਨ ਵਰਗੇ ਪੈਨਲਟੀ ਕਾਰਨਰ ਮਾਹਿਰ ਪੈਦਾ ਹੋ ਜਾਣ। ਇਨ੍ਹਾਂ ਖਿਡਾਰੀਆਂ ਦੇ ਖੇਡ ਕੈਰੀਅਰ ਦੀ ਕਹਾਣੀ ਦੱਸਦੀ ਹੈ ਕਿ ਉਨ੍ਹਾਂ ਉੱਤੇ ਇਸ ਵਿਭਾਗ ਦੇ ਮਾਹਿਰ ਬਣਨ ਦਾ ਜੋ ਜਨੂੰਨ ਸਵਾਰ ਸੀ, ਸਾਡੇ ਖਿਡਾਰੀਆਂ ਵਿਚ ਉਸ ਦੀ ਕਮੀ ਹੈ। ਉਨ੍ਹਾਂ ਦੀ ਇਸ ਕਮੀ ਦਾ ਸਾਡੇ ਹਾਕੀ ਸੰਸਾਰ ਨੂੰ ਨੁਕਸਾਨ ਹੋ ਰਿਹਾ ਹੈ। ਸਾਡੇ ਡਰੈਗ ਫਲਿੱਕਰਾਂ ਨੂੰ ਵਿਅਕਤੀਗਤ ਯਤਨਾਂ ਦੀ ਲੋੜ ਹੈ।
ਇਸ ਚੈਂਪੀਅਨਜ਼ ਟਰਾਫੀ ਦੇ ਐਡੀਸ਼ਨ 'ਚ ਜਿਸ ਖਿਡਾਰੀ ਨੇ ਬਹੁਤ ਥਾਵਾਂ ਤੇ ਬਹੁਤ ਮੌਕਿਆਂ 'ਤੇ ਭਾਰਤ ਦੀ ਲਾਜ ਬਚਾਈ। ਉਸ ਦਾ ਨਾਂਅ ਗੋਲਕੀਪਰ ਸ੍ਰੀਜੇਸ਼ ਹੈ। ਜੇ ਅਸੀਂ ਸਾਰੇ ਮੈਚਾਂ ਦਾ ਗਹੁ ਨਾਲ ਅਧਿਐਨ ਕਰੀਏ ਤਾਂ ਉਸ ਨੇ ਭਾਰਤੀ ਟੀਮ ਨੂੰ ਜਿਨ੍ਹਾਂ ਮੈਚਾਂ 'ਚ ਬਰਾਬਰੀ ਮਿਲੀ, ਹਾਰ ਤੋਂ ਬਚਾਇਆ ਹੈ। ਬਰਾਬਰੀ ਵਾਲੇ ਮੈਚ ਨੂੰ ਗੋਲਾਂ ਦੇ ਬਚਾਅ ਨਾਲ ਜਿੱਤ ਵੱਲ ਵਧਾਇਆ। ਇਹ ਵੱਖਰੀ ਗੱਲ ਹੈ ਕਿ ਕਿਤੇ ਸਾਡੇ ਸਟਰਾਈਕਰ ਗੋਲ ਨਹੀਂ ਕਰ ਸਕੇ, ਕਿਤੇ ਪੈਨਲਟੀ ਕਾਰਨਰ ਵਿਭਾਗ ਠੁੱਸ ਹੋ ਗਿਆ, ਨਹੀਂ ਤਾਂ ਸਾਡੇ ਗੋਲਕੀਪਰ ਦੀ ਹੋਰ ਬੱਲੇ-ਬੱਲੇ ਹੋਣੀ ਸੀ।
ਇਤਿਹਾਸ ਸਿਰਫ ਜਿੱਤ ਦੇ ਅੰਕੜੇ ਸੰਭਾਲ ਕੇ ਰੱਖਦਾ ਹੈ। ਇਤਿਹਾਸ ਸਿਰਫ ਜਿੱਤਾਂ ਨਾਲ ਬਣਦੇ ਹਨ। ਸੁਨਹਿਰੀ ਇਤਿਹਾਸ ਵੱਖ-ਵੱਖ ਖਿਡਾਰੀਆਂ ਦੇ ਹਰ ਵਿਭਾਗ 'ਚ ਜ਼ਬਰਦਸਤ ਪ੍ਰਦਰਸ਼ਨ ਨਾਲ ਬਣਦਾ ਹੈ। ਕਿਸੇ ਮੈਚ 'ਚ ਜੇਕਰ ਤੁਸੀਂ ਦਰਸ਼ਕਾਂ ਦਾ ਦਿਲ ਤਾਂ ਜਿੱਤ ਲੈਂਦੇ ਹੋ ਪਰ ਹੁੰਦੀ ਤੁਹਾਡੀ ਹਾਰ ਹੈ ਤਾਂ ਇਹ ਬਹੁਤਾ ਚਿਰ ਕਿਸੇ ਨੂੰ ਯਾਦ ਨਹੀਂ ਰਹਿੰਦਾ। ਸਾਡਾ ਇਸ਼ਾਰਾ ਇਸ ਟੂਰਨਾਮੈਂਟ 'ਚ ਭਾਰਤ ਦੇ ਆਸਟ੍ਰੇਲੀਆ ਵਿਰੁੱਧ ਫਾਈਨਲ ਖੇਡਣ ਤੋਂ ਹੈ। ਕੀ ਭਾਰਤ ਨੇ ਹੀ ਹਮੇਸ਼ਾ ਆਸਟ੍ਰੇਲੀਆ ਤੋਂ ਹਾਰਨ ਦਾ ਠੇਕਾ ਲੈ ਰੱਖਿਆ ਹੈ? ਆਸਟ੍ਰੇਲੀਆ ਵਿਰੁੱਧ ਅਸੀਂ ਚੈਂਪੀਅਨ ਖੇਡ ਦਾ ਮੁਜ਼ਾਹਰਾ ਕਿਉਂ ਨਹੀਂ ਕਰ ਪਾਉਂਦੇ। ਹਾਲੈਂਡ ਵਿਰੁੱਧ ਕਿਉਂ ਸਾਡੀ ਜਿੱਤ ਯਕੀਨਨ ਨਹੀਂ ਹੁੰਦੀ? ਅਰਜਨਟੀਨਾ, ਬੈਲਜੀਅਮ ਵਿਰੁੱਧ ਕਿਉਂ ਸਾਡਾ ਮੈਚ ਜ਼ਿਆਦਾ ਬਰਾਬਰੀ 'ਤੇ ਖਤਮ ਹੋ ਜਾਂਦਾ ਹੈ? ਮੈਚ ਦੇ ਦੌਰਾਨ ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਹਨ ਪਰ ਕਿਉਂਕਿ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਆਖਰ ਸਾਡੀ ਟੀਮ ਨੇ ਇਨ੍ਹਾਂ ਦੇਸ਼ਾਂ ਅੱਗੇ ਗੋਡੇ ਟੇਕਣੇ ਹੁੰਦੇ ਹਨ। ਕਿਉਂ ਅਸੀਂ ਦੂਜੀਆਂ ਟੀਮਾਂ ਦੇ ਜਿੱਤਾਂ-ਹਾਰਾਂ ਦੇ ਸਮੀਕਰਨਾਂ ਵਿਚ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਦਾ ਰਾਹ ਹੀ ਭਾਲਦੇ ਰਹਿੰਦੇ ਹਾਂ। ਫਾਈਨਲ ਵਿਚ ਪਹੁੰਚ ਕੇ ਕਿਉਂ ਅਸੀਂ ਫਾਈਨਲ ਖੇਡਣ ਦੇ ਮਨੋਵਿਗਿਆਨ 'ਚ ਮਾਤ ਖਾ ਜਾਂਦੇ ਹਾਂ? ਚੈਂਪੀਅਨ ਵਾਂਗ ਖੇਡਣ ਦੀ ਸਾਨੂੰ ਮੈਚ ਦੇ ਹਰ ਪਲ 'ਚ ਲੋੜ ਹੈ।
ਅਸੀਂ ਸਮਝਦੇ ਹਾਂ ਕਿ ਸਵਦੇਸ਼ੀ ਕੋਚ ਹਰਿੰਦਰਾ ਸਿੰਘ ਨੂੰ ਆਪਣੀ ਟੀਮ ਨੂੰ ਹਰ ਪੱਖ ਤੋਂ ਸੁਧਾਰਨ ਲਈ ਬਹੁਤ ਮਿਹਨਤ ਅਤੇ ਦੂਰ-ਦ੍ਰਿਸ਼ਟੀ ਦੀ ਲੋੜ ਹੈ। ਪਿਛਲੇ ਕਾਫੀ ਅਰਸੇ ਤੋਂ ਵਿਦੇਸ਼ੀ ਕੋਚਾਂ ਦਾ ਭਾਰਤੀ ਟੀਮ ਨਾਲ ਵਾਹ ਪਿਆ ਹੈ। ਉਨ੍ਹਾਂ ਦੇ ਯੋਗਦਾਨ ਨੂੰ ਵੀ ਅਸੀਂ ਦਰਕਿਨਾਰ ਨਹੀਂ ਕਰ ਸਕਦੇ। ਪੰਜਾਬੀ ਖਿਡਾਰੀਆਂ ਦੀ ਬਹੁਤਾਤ ਨੇ ਵੀ ਟੀਮ ਨੂੰ ਬਲ ਬਖਸ਼ਿਆ ਹੈ। ਪਰ ਦੇਖਣਾ ਤਾਂ ਇਹ ਹੈ ਕਿ ਭਾਰਤੀ ਟੀਮ ਭਵਿੱਖ ਵਿਚ ਆਪਣੀਆਂ ਗ਼ਲਤੀਆਂ ਵਿਚ ਕਿੰਨਾ ਕੁ ਸੁਧਾਰ ਕਰ ਸਕਦੀ ਹੈ ਅਤੇ ਚੈਂਪੀਅਨ ਤੇਵਰ ਵਿਖਾਉਂਦੀ ਹੋਈ ਕਿੰਨੀਆਂ ਕੁ ਮਾਣਮੱਤੀਆਂ ਜਿੱਤਾਂ ਦੀ ਸ਼ਿਲਪਕਾਰ ਬਣਦੀ ਹੈ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX