ਤਾਜਾ ਖ਼ਬਰਾਂ


ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  6 minutes ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  16 minutes ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  25 minutes ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  29 minutes ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  about 1 hour ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਜੁਲਾਈ - ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਲੋਕ ਹਿਤ ਅਤੇ ਪ੍ਰਬੰਧਕੀ ਆਧਾਰ 'ਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵਿਚ...
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  about 1 hour ago
ਚੰਡੀਗੜ੍ਹ, 19 ਜੁਲਾਈ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੀਲੇ ਪਦਾਰਥਾਂ ਸਬੰਧੀ ਦਿੱਲੀ ਪੁਲਿਸ ਦੀ ਰਿਪੋਰਟ ਤੋਂ ਬਾਅਦ ਗੁਆਂਢੀ ਸੂਬਿਆ ਹਿਮਾਚਲ ਪ੍ਰਦੇਸ਼...
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਦਿੱਲੀ 'ਚ 7 ਕਲੋਨੀਆ ਦੀ ਮੁੜ ਤੋਂ ਉਸਾਰੀ ਲਈ ਦਰਖਤ ਕੱਟਣ ਦੇ ਮਾਮਲੇ 'ਚ ਐਨ.ਜੀ.ਟੀ ਨੇ ਵਾਤਾਵਰਨ ਤੇ ਜੰਗਲਾਤ ਮੰਤਰਾਲੇ, ਟ੍ਰੈਫਿਕ ਪੁਲਿਸ...
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਨੇ ਪਟਿਆਲਾ ਹਾਊਸ ਕੋਰਟ 'ਚ ਦੋਸ਼ ਪੱਤਰ ਦਾਖਲ ਕਰਵਾ ਦਿੱਤਾ...
ਹੋਰ ਖ਼ਬਰਾਂ..
  •     Confirm Target Language  

ਅਜੀਤ ਮੈਗਜ਼ੀਨ

ਸਾਉਣ ਮਹੀਨਾ ਮੀਂਹ ਪਿਆ ਪੈਂਦਾ...

ਕੁਦਰਤ ਦੀ ਪ੍ਰਭੂਤਾ ਧਰਤੀ 'ਤੇ ਰੁੱਤਾਂ ਦੇ ਆਵਾਗਮਣ ਦਾ ਕਾਰਨ ਬਣਦੀ ਹੈ | ਰੁੱਤਾਂ ਦਾ ਸਦੀਆਂ ਤੋਂ ਸਾਡੇ ਜੀਵਨ ਨਾਲ ਡੂੰਘਾ ਰਿਸ਼ਤਾ ਹੈ | ਜੇ ਇਕ ਪਾਸੇ ਰੁੱਤਾਂ ਮਨੋਹਰ ਹਨ ਤਾਂ ਦੂਜੇ ਪਾਸੇ ਇਨ੍ਹਾਂ ਵਿਚ ਮਾਰੂ ਲੱਛਣ ਵੀ ਪਾਏ ਜਾਂਦੇ ਹਨ | ਜਿਹੋ ਜਿਹੀ ਲੁਹਾਰ ਦੀ ਭੱਠੀ ਚਮੜੀ ਫੂਕਣ ਵਾਲੀ ਹੁੰਦੀ ਹੈ, ਉਹੋ ਜਿਹੀਆਂ ਜੇਠ ਦੀਆਂ ਦੁਪਹਿਰਾਂ ਹੁੰਦੀਆਂ ਹਨ ਤੇ ਪੋਹ ਦਾ ਪਾਲਾ ਬਰਫ ਵਰਗੀ ਠੰਢ ਵਰਤਾ ਕੇ ਸਰੀਰਾਂ ਨੂੰ ਕੰਬਣ ਲਾ ਦਿੰਦਾ ਹੈ | ਇਸ ਤਰ੍ਹਾਂ ਆਪਣੀ ਅੱਤ ਵਿਖਾ ਕੇ ਰੁੱਤਾਂ ਮਾਨਵ ਦੇ ਬੜੇ ਇਮਤਿਹਾਨ ਲੈਂਦੀਆਂ ਹਨ ਤੇ ਉਹ ਉਨ੍ਹਾਂ ਪ੍ਰੀਖਿਆਵਾਂ ਵਿਚੋਂ ਪਾਸ ਹੋਣ ਲਈ ਕਦੇ ਆਪਣੇ ਸਰੀਰ ਨੂੰ ਅਨੁਸ਼ਾਸਨ ਦੀ ਅੱਗ ਵਿਚ ਤਪਾਉਂਦਾ ਹੈ ਅਤੇ ਕਦੇ ਰੁੱਤਾਂ ਦੇ ਕਹਿਰ ਤੋਂ ਬਚਣ ਲਈ ਅਜਿਹੇ ਅਸੁਰੀ ਤਰੀਕੇ ਅਪਣਾਉਂਦਾ ਹੈ ਜਿਹੜੇ ਇਕ ਪਾਸੇ ਉਸ ਨੂੰ ਸੁੱਖ-ਸੁਵਿਧਾ ਤੇ ਸੁਰੱਖਿਆ ਦਿੰਦੇ ਹਨ ਤੇ ਦੂਜੇ ਪਾਸੇ ਵਾਤਾਵਰਨ ਨੂੰ ਪ੍ਰਦੂਸ਼ਿਤ, ਘਾਤਕ ਤੇ ਵਿਗਾੜ ਕੇ ਉਸ ਦੇ ਜੀਵਨ ਨੂੰ ਛੋਟਾ ਕਰਦੇ ਹਨ | ਏਅਰ ਕੰਡੀਸ਼ਨਰ ਤੇ ਫਰਿੱਜ ਬਾਗਾਂ ਦੀ ਠੰਢੀ ਛਾਂ ਤੇ ਘੜੇ ਦੇ ਪਾਣੀ ਦਾ ਬਦਲ ਨਹੀਂ ਬਣ ਸਕਦੇ | ਕਹਿਣ ਤੋਂ ਭਾਵ ਹੈ ਗਰਮੀ ਦੂਰ ਕਰਨ ਵਾਲੇ ਸੁੱਖ-ਸਾਧਨਾਂ ਦੀ ਸਹੂਲਤ ਦੇ ਬਾਵਜੂਦ ਗਰਮੀ ਦੀ ਮਾਰੂ ਗਰਮਾਹਟ ਹਰ ਵਰ੍ਹੇ ਵਧਦੀ ਜਾ ਰਹੀ ਹੈ | ਅੱਤ ਦੀ ਗਰਮੀ ਤੇ ਭਿਆਨਕ ਸਰਦੀ ਅਨੇਕ ਜਾਨਾਂ ਲੈ ਜਾਂਦੀ ਹੈ | ਅਜਿਹੇ ਵੇਲਿਆਂ ਵਿਚ ਕੁਦਰਤ ਦੀ ਓਟ ਲੈ ਕੇ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਭੇਦ-ਭਾਵ ਦੇ ਆਪਣੀ ਮਮਤਾ ਸਭ ਨੂੰ ਲੁਟਾਉਂਦੀ ਹੈ | ਇਸ ਲਈ ਅਹਿਦ ਲੈਣਾ ਬਣਦਾ ਹੈ-ਕੁਦਰਤ ਦੀ ਰਾਖੀ ਕਰਨ ਦਾ | ਕਿਉਂਕਿ ਪ੍ਰਕਿਰਤੀ ਨੂੰ ਨਸ਼ਟ ਕਰਨ ਵਾਲਿਆਂ ਨੂੰ ਪ੍ਰਕਿਰਤੀ ਬਖ਼ਸ਼ਦੀ ਨਹੀਂ ਜਦੋਂ ਕਿ ਰਖਵਾਲੀ ਕਰਨ ਵਾਲਿਆਂ ਨੂੰ ਇਹ ਜੀਵਨ-ਦਾਨ ਦਿੰਦੀ ਹੈ |
ਇਹ ਕੁਦਰਤ ਦੀ ਸਾਡੇ 'ਤੇ ਮਿਹਰ ਹੀ ਹੈ ਕਿ ਅਸੀਂ ਤਰਤੀਬਵਾਰ ਇਨ੍ਹਾਂ ਛੇ ਰੁੱਤਾਂ (ਬਸੰਤ ਰੁੱਤ-ਚੇਤ ਤੇ ਵੈਸਾਖ, ਗ੍ਰੀਖਮ/ਗਰਮ ਰੁੱਤ-ਜੇਠ ਅਤੇ ਹਾੜ੍ਹ, ਪਾਵਸ/ਵਰਖਾ ਰੁੱਤ- ਸਾਵਣ ਤੇ ਭਾਦੋਂ, ਸਰਦ ਰੁੱਤ-ਅੱਸੂ ਤੇ ਕੱਤਕ, ਹਿਮਕਰ ਰੁੱਤ-ਮੱਘਰ ਤੇ ਪੋਹ, ਸਿਸਿਅਰ/ਸ਼ਿਸ਼ਰ/ਪਤਝੜ ਰੁੱਤ-ਮਾਘ ਤੇ ਫੱਗਣ) ਦਾ ਲੁਤਫ਼ ਲੈਂਦੇ ਹਾਂ | ਇਨ੍ਹਾਂ ਵਿਚੋਂ ਪਾਵਸ ਰੁੱਤ ਕੁਦਰਤ ਨੂੰ ਨਵ੍ਹਾਉਣ ਦੀ ਜ਼ਿੰਮੇਵਾਰੀ ਓਟਦੀ ਹੈ | ਚੌਮਾਸੇ ਵਿਚ ਸਾਵਣ ਜਵਾਨ ਹੁੰਦਾ ਹੈ ਤੇ ਜਵਾਨੀ ਮਸਤਾਨੀ ਹੁੰਦੀ ਹੈ, ਬਾਦਸ਼ਾਹੀਆਂ ਲੋਚਦੀ ਹੈ | ਸਾਵਣ ਚੌਮਾਸੇ ਦਾ 'ਰਾਜਾ ਮਹੀਨਾ' ਬਣ ਜਾਂਦਾ ਹੈ ਕਿਉਂਕਿ ਹਾੜ੍ਹ ਤਾਂ ਸਾਵਣ ਦਾ ਮਾਰਗ ਦਰਸ਼ਨ ਕਰਕੇ ਚਲਾ ਜਾਂਦਾ ਹੈ ਤੇ ਸਾਵਣ ਜਿਹੜੀ ਕਸਰ ਛੱਡਦਾ ਹੈ, ਉਹ ਭਾਦੋਂ ਤੇ ਅੱਸੂ ਪੂਰੀ ਕਰਦੇ ਹਨ | ਕਹਿਣ ਤੋਂ ਭਾਵ ਹੈ ਚੌਮਾਸੇ ਦੀ ਅੱਸੀ ਪ੍ਰਤੀਸ਼ਤ ਬਾਰਿਸ਼ ਸਾਵਣ ਵਿਚ ਹੀ ਤਾਂ ਪੈਂਦੀ ਹੈ | ਪਿ੍ਥਵੀ-ਪੁੱਤਰ ਅਣਥੱਕ ਮਿਹਨਤ ਕਰਕੇ ਉਸ ਜਲ ਰਾਹੀਂ ਜੀਰੀ, ਜਵਾਰ, ਬਾਜਰਾ, ਮੂੰਗੀ, ਮੋਠ, ਮਾਂਹ, ਅੰਬ, ਜਾਮਣ, ਅਨਾਰ ਅਤੇ ਤਿਲ ਆਦਿ ਇਕ ਸੌ ਇਕ ਤਰ੍ਹਾਂ ਦਾ ਅੰਨ-ਧਨ ਪੈਦਾ ਕਰਦਾ ਹੈ | ਸਾਵਣ ਮਹੀਨੇ ਧਰਤੀ ਦੀ ਕੁੱਖ ਫਲਦੀ ਹੈ | ਆਪਣੇ ਖੇਤਾਂ ਵਿਚ ਹਰਿਆਲੀ ਵੇਖ ਕਿਸਾਨ ਖੁਸ਼ੀ ਨਾਲ ਝੂਮ ਉਠਦੇ ਹਨ | ਇਸ ਕਰਕੇ ਪੰਜਾਬੀਆਂ ਦਾ ਸਾਉਣ ਮਹੀਨੇ ਨਾਲ ਜ਼ਿਆਦਾ ਪਿਆਰ ਹੈ ਜੋ ਇਨ੍ਹਾਂ ਦੇ ਰਹਿਣ-ਸਹਿਣ, ਆਚਾਰ-ਵਿਵਹਾਰ, ਦਿਨ-ਤਿਹਾਰ, ਖਾਣ-ਪਾਣ, ਪਹਿਰਾਵੇ ਅਤੇ ਲੋਕ-ਸਾਹਿਤ ਵਿਚੋਂ ਪ੍ਰਤੱਖ ਝਲਕਦਾ ਹੈ | ਇਨ੍ਹਾਂ ਵਿਚਾਰਾਂ ਦੀ ਲੋਅ ਵਿਚ ਇਹ ਕਹਿਣਾ ਅਣਉਚਿਤ ਨਹੀਂ ਕਿ ਹਾੜ੍ਹ ਮਹੀਨੇ ਪਾਵਸ ਦੀ ਸ਼ੁਰੂਆਤ ਹੁੰਦੀ ਹੈ, ਇਸ ਲਈ ਕਿਸਾਨ ਦਾ ਨਵਾਂ ਵਰ੍ਹਾ ਪਾਵਸ ਤੋਂ ਸ਼ੁਰੂ ਹੁੰਦਾ ਹੈ ਤੇ ਜੇਠ 'ਤੇ ਆ ਕੇ ਮੁੱਕਦਾ ਹੈ | ਇਸੇ ਅਧਾਰ 'ਤੇ ਸਾਡੇ ਕਿਸਾਨ ਸਾਲ ਵਿਚ ਦੋ ਤਰ੍ਹਾਂ ਦੀਆਂ ਯਾਨੀ ਹਾੜ੍ਹੀ (ਰਬੀ) ਤੇ ਸਾਉਣੀ (ਖਰੀਫ਼) ਫ਼ਸਲਾਂ ਪ੍ਰਾਪਤ ਕਰਦੇ ਹਨ | ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਇਸੇ ਕਰਕੇ ਤਾਂ ਕਿਹਾ ਜਾਂਦਾ ਹੈ- 'ਅੱਧੇ ਹਾੜ੍ਹ ਤਾਂ ਰਾਮ ਵੈਰੀ ਦੇ ਵੈਰੀ ਦੇ ਵੀ ਵਰ੍ਹੇ' |
ਛੇ ਰੁੱਤਾਂ ਵਿਚੋਂ ਬਸੰਤ ਵਾਂਗ ਵਰਖਾ ਵੀ ਸਾਡੇ ਵਾਤਾਵਰਨ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕਰਦੀ ਹੈ | ਵਰਖਾ ਰੁੱਤ ਗਰਮੀ ਤੋਂ ਅੱਕੇ, ਸੁੱਕੇ ਤੇ ਤੌਬਾ ਕਰ ਚੁੱਕੇ ਜਗਤ ਨੂੰ ਦੁਬਾਰਾ ਸ਼ਕਤੀ ਪ੍ਰਦਾਨ ਕਰਦੀ ਹੈ | ਭਾਵ ਗਰਮੀ ਵਿਚ ਮਨ ਦੀ ਗੁਆਚੀ ਹੋਈ ਸ਼ਾਂਤੀ, ਵਿਆਕੁਲਤਾ ਤੇ ਸਹਿਜਤਾ ਨੂੰ ਵਾਪਸ ਲਿਆਉਣ ਵਾਲੀ ਤੇ ਮੁੜ ਬਲ ਪ੍ਰਦਾਨ ਕਰਨ ਵਾਲੀ ਪਾਵਸ ਰੁੱਤ ਦੇ ਸਾਉਣ-ਭਾਦੋਂ ਮਹੀਨੇ ਸਭ ਦੇ ਮਨਾਂ ਨੂੰ ਮੋਹ ਲੈਂਦੇ ਹਨ | ਇਨ੍ਹਾਂ ਦੋ ਮਹੀਨਿਆਂ ਵਿਚ ਹੋਣ ਵਾਲੀ ਵਰਖਾ ਜੀਵ-ਜਗਤ ਲਈ ਬੜੀ ਸ਼ੁਭ ਮੰਨੀ ਜਾਂਦੀ ਹੈ | ਚੌਪਾਸੀਂ ਜਲ-ਥਲ ਇਕ ਹੋ ਜਾਂਦਾ ਹੈ | ਗੁਰਵਾਕ ਹੈ :
ਰੁਤਿ ਬਰਸ ਸੁਹੇਲੀਆ
ਸਾਵਣ ਭਾਦਵੇ ਆਨੰਦ ਜੀਉ¨
(ਰਾਮਕਲੀ ਰੁਤੀ ਮ: ਪ)
ਸਾਉਣ-ਭਾਦੋਂ ਵਿਚ ਪੈਦਾ ਹੋਣ ਵਾਲੀ ਸਰੀਰ ਦੀ ਵਿਸਮਾਦੀ ਹਾਲਤ ਨੂੰ ਭਗਤ ਬੇਣੀ ਜੀ ਨੇ ਇਉਂ ਬਿਆਨਿਆ ਹੈ:
ਬਿਖੈ ਭਈ ਮਤਿ ਪਾਵਸਿ
ਕਾਇਆ ਕਮਲੁ ਕੁਮਲਾਣਾ¨
ਗੁਰਬਾਣੀ ਵਿਚ ਸਾਵਣ ਦੇ ਮੀਂਹ ਦੇ ਆਨੰਦ ਨੂੰ ਸੱਜਣ ਦੇ ਮਿਲਾਪ ਤੋਂ ਮਿਲਦੇ ਆਨੰਦ ਨਾਲ ਤੁਲਨਾ ਦਿੱਤੀ ਗਈ ਹੈ :
ਬਰਸੇ ਮੇਘੁ ਸਖੀ ਘਰੁ ਪਾਹੁਨ ਆਏ¨
ਸਾਡੇ ਇਥੇ ਮਾਨਸੂਨੀ ਬੱਦਲਾਂ ਰਾਹੀਂ ਪੈਣ ਵਾਲੇ ਮੀਂਹ ਦੇ ਚਾਰ ਮਹੀਨੇ ਹੁੰਦੇ ਹਨ; ਹਾੜ੍ਹ, ਸਾਵਣ, ਭਾਦੋਂ ਤੇ ਅੱਸੂ | ਇਨ੍ਹਾਂ ਚਹੁੰਆਂ ਮਹੀਨਿਆਂ ਦੇ ਸਮੁੱਚ ਨੂੰ 'ਚੁਮਾਸਾ' ਕਿਹਾ ਜਾਂਦਾ ਹੈ |
ਕੜਕਵੀਂ ਧੁੱਪ ਤੋਂ ਬਾਅਦ ਹਰ ਬੱਚਾ, ਜਵਾਨ, ਬੁੱਢਾ ਸਾਵਣ ਮਹੀਨੇ ਦੇ ਆਰੰਭ ਲਈ ਤਰਸਦਾ ਹੈ | ਬੱਚਿਆਂ ਨੂੰ ਇਸ ਮਹੀਨੇ ਵਿਚਲਾ ਮੌਸਮ ਬੜਾ ਪਿਆਰਾ ਲਗਦਾ ਹੈ ਜਦੋਂ ਉਹ ਨਿਸ਼ੰਗ ਹੋ ਕੇ ਸੜਕਾਂ ਤੇ ਨੱਚਦੇ-ਟੱਪਦੇ ਫਿਰਦੇ ਰਹਿੰਦੇ ਹਨ ਤੇ ਘਰਵਾਲੇ ਵੀ ਉਨ੍ਹਾਂ ਨੂੰ ਨਹੀਂ ਰੋਕਦੇ | ਉਹ ਮੀਂਹ ਦੇ ਪਾਣੀ ਵਿਚ ਨਹਾਉਂਦੇ ਤੇ ਕਾਗਜ਼ ਦੀਆਂ ਕਿਸ਼ਤੀਆਂ ਤਰਾਉਂਦੇ ਹਨ | ਬੱਚਿਆਂ ਵਾਂਗ ਪੰਛੀਆਂ ਦੀ ਚੀਂ-ਚੀਂ ਵੀ ਆਕਾਸ਼ ਵਿਚ ਗੂੰਜਣ ਲਗਦੀ ਹੈ | ਪਿੰਡਾਂ ਵਿਚ ਨਿੰਮ, ਕਿੱਕਰ, ਟਾਹਲੀ ਤੇ ਪਿੱਪਲ ਉਤੇ ਪੰਛੀ ਆਪਸ ਵਿਚ ਕਲੋਲਾਂ ਕਰਦੇ ਨਜ਼ਰ ਆਉਂਦੇ ਹਨ | ਪੈਲਾਂ ਪਾਉਂਦੇ ਮੋਰ ਤੇ ਅੰਬਾਂ ਦੇ ਦਰੱਖ਼ਤਾਂ 'ਤੇ ਖੁਸ਼ੀ ਵਿਚ ਕੂਕਦੀਆਂ ਕੋਇਲਾਂ ਮੀਂਹ ਆਉਣ ਦਾ ਸੰਦੇਸ਼ ਦਿੰਦੀਆਂ ਹਨ | ਤਿਤਲੀਆਂ, ਭੰਵਰੇ ਖੁਸ਼ੀ ਵਿਚ ਇਧਰ-ਉਧਰ ਝੂਮਦੇ ਨਜ਼ਰ ਆਉਂਦੇ ਹਨ | ਕਿਸੇ ਸਮੇਂ ਇਨ੍ਹਾਂ ਦਿਨਾਂ ਵਿਚ ਛੱਪੜਾਂ ਵਿਚ ਸੋਹਣੇ ਨੀਲ ਕਮਲ, ਸਫ਼ੈਦ ਕਮਲ, ਰਕਤ ਕਮਲ ਖਿੜੇ ਨਜ਼ਰ ਆਉਂਦੇ ਸਨ |
ਸਾਵਣ ਮਹੀਨੇ ਦੇ ਪਹਿਲੇ ਮੀਂਹ 'ਤੇ ਹੀ ਲੋਹੇ ਦੀ ਕੜਾਹੀ ਵਿਚ ਸੁਆਦੀ ਪਕਵਾਨ ਘਰਾਂ ਵਿਚ ਪੱਕਣੇ ਸ਼ੁਰੂ ਹੋ ਜਾਂਦੇ ਤੇ ਚਾਰੇ-ਪਾਸੇ ਮਹਿਕ ਫੈਲ ਜਾਂਦੀ ਹੈ | ਖੀਰ, ਮਾਲ੍ਹ-ਪੂੜੇ, ਗੁਲਗਲੇ ਤਾਂ ਇਸ ਮੌਸਮ ਦਾ ਸ੍ਰੇਸ਼ਟ ਉਪਹਾਰ ਹਨ | ਸਾਵਣ ਮਹੀਨੇ ਦੀ ਮਹੱਤਤਾ ਬਾਰਿਸ਼ ਰਾਹੀਂ ਅਨੰਦ ਦੇਣ ਦੇ ਨਾਲ-ਨਾਲ ਉਪਜ ਵਿਚ ਵਾਧਾ ਕਰਨ, 'ਤੀਆਂ, ਰੱਖੜੀ, ਜਨਮ ਅਸ਼ਟਮੀ, ਗੁੱਗਾ ਨੌਮੀ/ਨਾਗ-ਪੰਚਮੀ ਦਾ ਤਿਉਹਾਰ' ਲੈ ਕੇ ਆਉਣ ਕਰਕੇ ਹੋਰ ਵੀ ਵਧ ਜਾਂਦੀ ਹੈ | ਨਦੀ, ਨਾਲੇ, ਰਜਬਾਹੇ ਕਿਨਾਰਿਆਂ ਤੋਂ ਬਾਹਰ ਹੋ ਜਾਂਦੇ ਹਨ | ਧਰਤੀ 'ਤੇ ਸਭ ਪਾਸੇ ਹਰਿਆਵਲ ਛਾ ਜਾਂਦੀ ਹੈ | ਮਹਿੰਦੀ ਤੇ ਰਾਤ ਦੀ ਰਾਣੀ ਮਹਿਕਾਂ ਬਖੇਰਦੀ ਹੈ |
ਸਾਉਣ ਮਹੀਨੇ ਦੇ ਜਦੋਂ ਪੰਦਰਾਂ ਦਿਨ ਲੰਘ ਜਾਦੇ ਹਨ ਭਾਵ ਮੱਸਿਆ ਟੱਪ ਜਾਂਦੀ ਹੈ ਤਾਂ ਅਗਲੀ ਰਾਤ ਚਾਨਣ ਪੱਖ ਵਾਲੀ ਏਕਮ ਦੀ ਰਾਤ ਹੁੰਦੀ ਹੈ | ਇਸ ਤਿਉਹਾਰ ਦਾ ਕੇਂਦਰ ਚੰਦਰਮਾ ਹੁੰਦਾ ਹੈ | ਦੂਜ ਚੂੜੀਆਂ ਚੜ੍ਹਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ | ਵਧਦੇ ਚੰਨ ਦੇ ਤੀਜੇ ਦਿਨ ਅਰਥਾਤ ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ ਤੇ ਲਗਪਗ ਤੇਰ੍ਹਾਂ ਦਿਨ ਚਲਦੀਆਂ ਹਨ | ਤੀਜ ਇਕੱਲੀ ਨਹੀਂ ਆਉਂਦੀ, ਆਪਣੇ ਨਾਲ ਸਰਦ ਤੇ ਪਤਝੜ ਰੁੱਤ ਵਿਚ ਮਨਾਏ ਜਾਣ ਵਾਲੇ ਤਿਉਹਾਰਾਂ ਦੀ ਪਟਾਰੀ ਭਰ ਕੇ ਲਿਆਉਂਦੀ ਹੈ | ਇਸੇ ਲਈ ਕਿਹਾ ਜਾਂਦਾ ਹੈ 'ਆਈ ਤੀਜ ਤੇ ਬਖੇਰ ਗਈ ਬੀਜ' | ਮਾਨਸੂਨ ਰੁੱਤ ਵਿਚ ਦਿਸਣ ਵਾਲੇ ਇਕ ਕੀੜੇ ਯਾਨੀ ਚੀਚ ਵਹੁਟੀ ਦਾ ਨਾਂ 'ਤੀਜ' ਵੀ ਹੈ | ਭਾਰਤ ਦੇ ਕੁਝ ਹਿੱਸਿਆਂ ਵਿਚ ਇਸ ਤੀਜ ਨੂੰ ਚਾਰੇ ਪਾਸੇ ਹਰਿਆਵਲ ਹੋਣ ਕਾਰਨ 'ਹਰਿਆਲੀ ਤੀਜ' ਵੀ ਕਿਹਾ ਜਾਂਦਾ ਹੈ |
ਬਹੁਵਚਨ ਦੇ ਰੂਪ ਵਿਚ ਵਰਤੇ ਜਾਣ ਵਾਲੇ ਪੰਜਾਬੀ ਸ਼ਬਦ 'ਤੀਆਂ' ਦਾ ਅਰਥ ਹੈ 'ਇਸਤਰੀ' | ਸ਼ਾਇਦ ਇਸੇ ਕਰਕੇ ਇਹ ਤਿਉਹਾਰ ਮੁਟਿਆਰਾਂ ਲਈ ਖ਼ਾਸ ਖੁਸ਼ੀਆਂ ਤੇ ਉਮਾਹ ਲੈ ਕੇ ਆਉਂਦਾ ਹੈ | ਪੂਰਬੀ ਪੰਜਾਬ ਵਿਚ ਇਸ ਤਿਉਹਾਰ ਨੂੰ 'ਤੀਆਂ' ਅਤੇ ਪੱਛਮੀ ਪੰਜਾਬ ਵਿਚ 'ਸਾਵੇਂ' ਕਿਹਾ ਜਾਂਦਾ ਹੈ | ਮੁਹੰਮਦ ਅਜ਼ੀਮ ਦੁਆਰਾ ਰਚੇ ਬਾਰਾਂਮਾਹ ਵਿਚ ਵੀ ਇਸ ਦਾ ਜ਼ਿਕਰ ਆਉਂਦਾ ਹੈ:
ਆਏ ਸਾਵੇਂ ਸਬਜ਼ ਬਹਾਰਾਂ,
ਸਈਆਂ ਖੇਡਣ ਨਾਲ ਭਤਾਰਾਂ |
ਲੈ ਅੰਗ ਲਾਵਣ ਹਾਰ ਸੀਂਗਾਰਾਂ,
ਕੂਚੇ, ਗਲੀ ਮਹਲ ਬਜ਼ਾਰਾਂ |
ਤੀਆਂ ਦਾ ਤਿਉਹਾਰ ਤੀਜ ਤੋਂ ਸ਼ੁਰੂ ਹੋ ਕੇ 'ਰੱਖੜੀ ' ਤਕ ਚਲਦਾ ਹੈ | ਭੈਣਾਂ, ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਤੋਂ ਬਾਅਦ ਮਾਪਿਆਂ ਘਰੋਂ ਵਿਦਾ ਲੈਂਦੀਆਂ ਹਨ | ਇਸ ਤਿਉਹਾਰ ਦੀ ਪ੍ਰਾਚੀਨਤਾ ਪੰਜਾਬੀ ਅਖੌਤਾਂ 'ਧੀਆਂ ਜੰਮੀਆਂ, ਤੀਆਂ ਆਰੰਭੀਆਂ' ਤੇ 'ਜਿਸ ਘਰ ਧੀਆਂ ਉਸ ਘਰ ਤੀਜਾਂ' ਵਿਚੋਂ ਸਪਸ਼ਟ ਨਜ਼ਰ ਆਉਂਦੀ ਹੈ | ਮੌਸਮ ਦੀ ਖ਼ੂਬਸੂਰਤੀ ਸਾਉਣ ਦਾ ਰੂਪ ਧਾਰ ਕੇ ਕੁੜੀਆਂ-ਚਿੜੀਆਂ ਦਾ ਸੰਗ ਮਾਨਣ ਲਈ ਉਨ੍ਹਾਂ ਨੂੰ ਸੈਨਤਾਂ ਮਾਰਦੀ ਤਾਂ ਤੀਜ ਵਾਲੇ ਦਿਨ ਦੁਪਹਿਰ ਢਲਦਿਆਂ ਹੀ ਬਿਨਾਂ ਕਿਸੇ ਜਾਤੀ ਭੇਦ-ਭਾਵ ਦੇ ਕਵਾਰੀਆਂ-ਵਿਆਹੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਜੋ ਕਿਸੇ ਰੁੱਖ 'ਤੇ ਪੀਂਘ ਪਾ ਸਕਣ, ਤੀਆਂ ਦੇ ਗੀਤ ਗਾ ਸਕਣ ਤੇ ਫਿਰ ਨੱਚ-ਟੱਪ ਸਕਣ | ਗਹਿਣਿਆਂ ਨਾਲ ਲੱਦੀਆਂ, ਰੰਗ-ਬਰੰਗੇ ਬਾਗ ਲਈ ਸਜੀਆਂ-ਫਬੀਆਂ ਸਾਵਣ ਦੇ ਬਾਰਾਂਮਾਹੇ ਗਾਉਂਦੀਆਂ ਜੋ ਹਾੜ੍ਹ ਮਹੀਨੇ ਦੇ ਕੁਦਰਤੀ ਚਿਤ੍ਰਨ ਤੋਂ ਸ਼ੁਰੂ ਹੁੰਦੇ ਹਨ | ਕੁਝ ਪੌਰਾਣਿਕ ਕਿੱਸਿਆਂ ਤੇ ਕਥਾਵਾਂ 'ਤੇ ਆਧਾਰਿਤ ਹੁੰਦੇ |
ਸਾਉਣ ਮਹੀਨਾ ਮੀਂਹ ਪਿਆ ਪੈਂਦਾ,
ਤੀਆਂ ਲੱਗੀਆਂ ਵਿਹੜੇ ਵਿਚ ਵੇ ... |
ਵਰਖਾ ਰੁੱਤ ਕੁਦਰਤੀ ਨਿਆਮਤ ਹੈ | ਇਸ ਲਈ ਸਾਨੂੰ ਕੁਦਰਤ ਦਾ ਉਪਾਸਕ ਬਣਨ ਦੇ ਮਾਰਗ ਪੈਣਾ ਚਾਹੀਦਾ ਹੈ | ਇਸ ਰੁੱਤ ਵਿਚ ਵਣਮਹਾਂਉਤਸਵ ਮਨਾਉਣਾ ਪੁੰਨ ਦਾ ਕੰਮ ਹੈ | ਸਦੀਆਂ ਤੋਂ ਜਾਰੀ ਦੇਸੀ ਰੁੱਖ ਲਾਉਣ ਤੇ ਉਨ੍ਹਾਂ ਬਾਰੇ ਸਮਝ ਰੱਖਣ, ਆਬ-ਓ-ਹਵਾ ਨੂੰ ਸ਼ੁੱਧ ਰੱਖਣ ਤੇ ਛਾਂਦਾਰ ਪੌਦਿਆਂ ਦੀ ਪਿ੍ਤਪਾਲਣਾ ਕਰਨ ਦੀ ਇਹ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ | ਅਸੀਂ ਵਿਕਾਸ ਦੀ ਅੰਨ੍ਹੀ ਦੌੜ ਵਿਚ ਕੁਦਰਤ ਦੇ ਮਗਰ ਪੈ ਕੇ ਪਰੰਪਰਾਗਤ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਜਾ ਰਹੇ ਹਾਂ | ਇਸੇ ਕਰਕੇ ਅੱਜ ਪਾਵਸ ਯਾਨੀ ਮੀਂਹ ਦੇ ਦੇਵਤੇ ਦੇ ਵਾਹਨ ਵਜੋਂ ਬੱਦਲਾਂ ਦਾ ਗਣਿਤ ਉਲਟ-ਪੁਲਟ, ਮਿਜਾਜ਼ ਅਨਿਸਚਿਤ, ਚਿੜਚਿੜਾ ਤੇ ਨੀਰਸ ਹੋਣ ਲੱਗ ਪਿਆ ਹੈ | ਕਹਿਣ ਤੋਂ ਭਾਵ ਹੈ ਕੁਦਰਤ ਰੁੱਸਣ ਲੱਗ ਪਈ ਹੈ ਤੇ ਕ੍ਰੋਧਿਤ ਹੋ ਕੇ ਆਪਣਾ ਅਸਰ ਵੀ ਵਿਖਾਉਣ ਲੱਗ ਪਈ ਹੈ | ਇਸੇ ਕਰਕੇ ਕਿਤੇ ਕ੍ਰੋਧਿਤ ਬੱਦਲਾਂ ਦਾ ਡਰਾਉਣਾ ਰੂਪ ਵੇਖਦੇ ਹਾਂ, ਕਿਤੇ ਬੱਦਲਾਂ ਦੀ ਬਿਜਲੀ ਤੋਂ ਮਰਦੇ ਲੋਕ, ਕਿਤੇ ਹੜ੍ਹ ਅਤੇ ਕਿਤੇ ਸੋਕਾ | ਜੇ ਅਸੀਂ ਨਾ ਬਦਲੇ ਤਾਂ ਜਲਵਾਯੂ ਪਰਿਵਰਤਨ ਵੀ ਹੁੰਦਾ ਰਹੇਗਾ ਅਤੇ ਅਸੀਂ ਆਪਣੇ ਸਾਹ ਲੈਣ ਲਈ ਜ਼ਰੂਰੀ ਸ਼ੁੱਧ ਹਵਾ ਵੀ ਖ਼ਤਮ ਕਰ ਲਵਾਂਗੇ | ਸ਼ੁੱਧ ਪਾਣੀ ਜੋ ਕਈ ਦ੍ਰਵਾਂ ਦਾ ਘੋਲ ਹੈ, ਅਸੀਂ ਲਗਭਗ ਖ਼ਤਮ ਕਰ ਲਿਆ ਹੈ | ਪਾਣੀ ਦੇ ਬਾਕੀ ਅਸਧਾਰਨ ਰੂਪ ਰਹਿ ਗਏ ਹਨ | ਪਾਣੀ ਦੀ ਮਹੱਤਤਾ ਤੋਂ ਜਾਣੂੰ ਸਾਡੇ ਬਜ਼ੁਰਗ ਕੁੰਡਾਂ, ਖੂਹਾਂ, ਤਲਾਬਾਂ, ਬਾਉਲੀਆਂ ਰਾਹੀਂ ਪਾਣੀ ਸੰਗ੍ਰਹਿ ਕਰਨ ਦਾ ਵਧੀਆ, ਸਟੀਕ ਤੇ ਸਰਵਕਾਲੀ ਹੱਲ ਜਾਣਦੇ ਸਨ | ਉਹ ਪਾਣੀ ਦੀ ਰੱਖਿਆ ਕਰਨੀ ਜਾਣਦੇ ਸਨ ਅਤੇ ਪਾਣੀ ਦਾਨ ਕਰਨ ਦੀ ਮਹੱਤਤਾ ਤੋਂ ਵੀ ਜਾਣੰੂ ਸਨ | ਜਲ-ਵਿੱਦਿਆ ਦੇ ਬਲਬੂਤੇ ਹੀ ਤਾਂ ਉਨ੍ਹਾਂ ਨੇ ਖੇਤੀਬਾੜੀ ਸਭਿਅਤਾ ਦਾ ਵਿਕਾਸ ਕੀਤਾ ਸੀ ਤੇ ਧਰਤੀ ਦੇ ਜੀਵਨਦਾਤਾ ਗੁਣਾਂ ਨੂੰ ਵੀ ਨਹੀਂ ਸੀ ਮਰਨ ਦਿੱਤਾ | ਪਰੰਤੂ ਅਸੀਂ ਆਧੁਨਿਕਤਾ ਦੇ ਨਾਂ 'ਤੇ ਰਵਾਇਤੀ ਜਲ-ਸ੍ਰੋਤਾਂ ਤੇ ਜਲ-ਭੰਡਾਰਾਂ ਨੂੰ ਖ਼ਤਮ ਕਰ ਦਿੱਤਾ ਹੈ | ਬਰਸਾਤੀ ਪਾਣੀ ਇਕੱਠਾ ਕਰਕੇ ਉਸਦਾ ਸਦਉਪਯੋਗ ਕਰਨ ਦੇ ਤਰੀਕਿਆਂ ਵੱਲ ਅਸੀਂ ਤਵੱਜੋਂ ਨਹੀਂ ਦੇ ਰਹੇ | ਭਾਰਤ ਵਿਚੋਂ ਪੰਜਾਬ ਵਿਚ ਸਿਰਫ਼ ਸਾਢੇ ਤਿੰਨ ਪ੍ਰਤੀਸ਼ਤ ਜੰਗਲੀ ਖੇਤਰ ਰਹਿ ਗਿਆ ਹੈ | ਯਾਨੀ ਜੰਗਲ ਵੀ ਅਸੀਂ ਲਗਪਗ ਖਤਮ ਕਰ ਦਿੱਤੇ ਹਨ | ਮੇਰੇ ਪੰਜਾਬੀ ਭੈਣ-ਭਰਾਵੋ ਸੰਭਲੋ, ਸੰਭਲਣ ਦਾ ਸਮਾਂ ਹੈ | ਆਓ! ਕੁਦਰਤ ਵਿਰੋਧੀ ਵਿਕਾਸਵਾਦੀ ਬਾਜ਼ਾਰੂ ਅਰਥ-ਵਿਵਸਥਾ ਦੀ ਅੱਖਾਂ ਮੀਚ ਕੇ ਨਕਲ ਕਰਨ ਦੀ ਥਾਂ ਅੰਨ-ਜਲ ਦੇਣ, ਆਪਸੀ ਮੇਲ-ਮਿਲਾਪ ਵਧਾਉਣ ਤੇ ਜੀਵਨ-ਰੌਾਅ ਪ੍ਰਦਾਨ ਕਰਨ ਵਾਲੇ ਕੁਦਰਤੀ ਤੋਹਫ਼ਿਆਂ ਦੀ ਸਾਂਭ-ਸੰਭਾਲ ਤੇ ਰਖਵਾਲੀ ਕਰੀਏ | ਭਾਵ ਕੁਦਰਤ ਪ੍ਰੇਮੀ ਬਣੀਏ ਅਤੇ ਆਪਣੇ ਜੀਵਨ ਦੀ ਡੋਰ ਨੂੰ ਬਾਜ਼ਾਰ ਦੇ ਹੱਥਾਂ ਵਿਚ ਨਾ ਸੌਾਪਣ ਦਾ ਪ੍ਰਣ ਕਰੀਏ |

-ਸਟੇਟ ਐਵਾਰਡੀ ਅਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 85678-86223.


ਖ਼ਬਰ ਸ਼ੇਅਰ ਕਰੋ

ਕਾਮਯਾਬ ਹੋਇਆ ਜ਼ਿੰਦਗੀ ਨੂੰ ਬਚਾਉਣ ਲਈ ਥਾਈਲੈਂਡ ਦਾ ਚਮਤਕਾਰੀ ਮਿਸ਼ਨ

ਥਾਈਲੈਂਡ ਵਿਚ ਇਨਸਾਨੀ ਜ਼ਿੰਦਗੀ ਬਚਾਉਣ ਦਾ ਚਮਤਕਾਰੀ ਮਿਸ਼ਨ ਪੂਰਾ ਹੋ ਗਿਆ | ਥਾਈਲੈਂਡ ਦੀ ਥੈਮ ਲੁਆਂਗ ਗੁਫ਼ਾ ਵਿਚ ਫਸੇ 12 ਜੂਨੀਅਰ ਫੁੱਟਬਾਲ ਖਿਡਾਰੀ ਅਤੇ ਕੋਚ ਨੂੰ ਸੁਰੱਖਿਅਤ ਕੱਢ ਲਿਆ ਗਿਆ | ਮਿਸ਼ਨ 'ਤੇ ਪੂਰੀ ਦੁਨੀਆ ਦੀ ਨਜ਼ਰ ਲੱਗੀ ਹੋਈ ਸੀ | ਦੁਨੀਆ ਭਰ ਵਿਚ ਮਾਸੂਮ ਖਿਡਾਰੀਆਂ ਲਈ ਦੁਆਵਾਂ ਹੋ ਰਹੀਆਂ ਸਨ | ਘਟਨਾ ਪੂਰੀ ਦੁਨੀਆ ਲਈ ਚੁਣੌਤੀ ਬਣੀ ਹੋਈ ਸੀ | ਇਹ ਸੱਭਿਅਤਾ ਦੇ ਵਿਕਾਸ ਅਤੇ ਆਧੁਨਿਕ ਜੀਵਨ ਸ਼ੈਲੀ ਦੀ ਅਕਲਪਨਿਕ ਵਾਰਦਾਤ ਸੀ | ਮੌਤ ਦੀ ਗੁਫ਼ਾ 'ਚੋਂ 18 ਦਿਨ ਦੀ ਇਨਸਾਨੀ ਜੱਦੋ-ਜਹਿਦ ਤੋਂ ਬਾਅਦ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਵਿਗਿਆਨ ਦੇ ਨਾਲ ਤਕਨੀਕੀ ਵਿਕਾਸ ਦੀ ਇਹ ਵੱਡੀ ਜਿੱਤ ਸਾਬਤ ਹੋਈ | ਈਸ਼ਵਰ ਦੀ ਕਿਰਪਾ ਰਹੀ ਕਿ ਕੋਈ ਅਣਹੋਣੀ ਨਹੀਂ ਵਾਪਰੀ, ਪਰ ਇਸ ਪੂਰੇ ਮਿਸ਼ਨ ਵਿਚ ਸਭ ਕੁਝ ਚੰਗਾ ਹੋਣ ਦੇ ਬਾਅਦ ਹਾਦਸਾ ਵੀ ਹੋਇਆ ਜਦੋਂ ਥਾਈਲੈਂਡ ਨੇਵੀ ਦਾ ਇਕ ਸਾਬਕਾ ਜਵਾਨ ਮਿਸ਼ਨ ਦੌਰਾਨ ਆਕਸੀਜਨ ਦੀ ਘਾਟ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਿਆ | ਮਿਸ਼ਨ ਪੂਰੀ ਤਰ੍ਹਾਂ ਅਸੰਭਵ ਸੀ ਪਰ ਦੁਨੀਆ ਨੇ ਆਪਸੀ ਸਹਿਯੋਗ ਨਾਲ ਮੁਸ਼ਕਿਲ ਘੜੀਆਂ ਵਿਚ ਵੀ ਜਿੱਤ ਹਾਸਿਲ ਕੀਤੀ | ਗੁਫ਼ਾ ਤੋਂ ਬਾਹਰ ਆਏ ਜੂਨੀਅਰ ਖਿਡਾਰੀਆਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਇਹ ਚਮਤਕਾਰ ਹੈ, ਵਿਗਿਆਨ ਹੈ ਜਾਂ ਫਿਰ ਹੋਰ ਕੁਝ, ਪਰ ਅਸੀਂ ਸਭ ਗੁਫ਼ਾ ਤੋਂ ਬਾਹਰ ਆ ਗਏ ਹਾਂ | ਇਸ ਅਨੋਖੇ ਮਿਸ਼ਨ ਵਿਚ ਥਾਈਲੈਂਡ ਦੀ ਹਵਾਈ ਅਤੇ ਸਮੁੰਦਰੀ ਫ਼ੌਜ ਦੇ ਨਾਲ-ਨਾਲ ਬਰਤਾਨੀਆ, ਅਮਰੀਕਾ, ਚੀਨ, ਮਿਆਂਮਾਰ, ਲਾਓਸ, ਆਸਟ੍ਰੇਲੀਆ ਅਤੇ ਜਾਪਾਨ ਦੇ ਗੋਤਾਖ਼ੋਰਾਂ ਦਾ ਸਹਿਯੋਗ ਤਕਨੀਕੀ ਮਾਹਿਰਾਂ ਦੀ ਟੀਮ ਕਰ ਰਹੀ ਸੀ | ਥਾਈ ਸਰਕਾਰ ਨੇ ਇਸ ਮਿਸ਼ਨ ਦੀ ਸਫਲਤਾ ਲਈ ਪੂਰੀ ਦੁਨੀਆ ਪ੍ਰਤੀ ਅਹਿਸਾਨਮੰਦੀ ਪ੍ਰਗਟਾਈ ਹੈ | ਥੈਮ ਲੁਆਂਗ ਗੁਫ਼ਾ ਵਿਚ ਬਰਸਾਤ ਦੇ ਮੌਸਮ ਵਿਚ ਵੜਨ 'ਤੇ ਰੋਕ ਲੱਗੀ ਹੁੰਦੀ ਹੈ | ਕਿਉਂਕਿ ਬਾਰਿਸ਼ ਦੀ ਵਜ੍ਹਾ ਕਰਕੇ ਘੱਟ ਚੌੜੀ ਗੁਫ਼ਾ ਪਾਣੀ ਨਾਲ ਭਰ ਜਾਂਦੀ ਹੈ | ਸੰਭਵ ਹੈ, ਉਥੇ ਇਸ ਤਰ੍ਹਾਂ ਦੇ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਨਹੀਂ ਸੀ, ਜਿਸ ਦੀ ਵਜ੍ਹਾ ਕਰਕੇ ਕੋਚ ਖਿਡਾਰੀਆਂ ਨੂੰ ਲੈ ਕੇ ਗੁਫ਼ਾ ਵਿਚ ਚਲਾ ਗਿਆ |
ਕਲਪਨਾ ਦੇ ਇਸ ਯੁੱਗ ਵਿਚ ਸਾਡੀ ਸੋਚ ਜਿਥੋਂ ਤੱਕ ਨਹੀਂ ਪਹੁੰਚਦੀ, ਪਰ ਹਾਦਸੇ ਸਾਨੂੰ ਉਥੇ ਤੱਕ ਪਹੁੰਚਾ ਦਿੰਦੇ ਹਨ | ਥਾਈਲੈਂਡ ਦੇ 12 ਜੂਨੀਅਰ ਫੁੱਟਬਾਲ ਖਿਡਾਰੀ 23 ਜੂਨ ਨੂੰ ਅਭਿਆਸ ਤੋਂ ਬਾਅਦ ਆਪਣੇ 25 ਸਾਲਾ ਕੋਚ ਇਕਾਬੋਲਾ ਨਾਲ ਚਿਆਂਗ ਸੂਬੇ ਦੀ ਲੁਆਂਗ ਗੁਫ਼ਾ ਵਿਚ ਘੁੰਮਣ ਪਹੁੰਚ ਗਏ | ਬਾਅਦ ਵਿਚ ਬਾਰਿਸ਼ ਦੀ ਵਜ੍ਹਾ ਕਰਕੇ ਗੁਫ਼ਾ ਵਿਚ ਪਾਣੀ ਭਰ ਜਾਣ ਨਾਲ ਉਹ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਉਹ ਗੁਫ਼ਾ ਦੇ ਚਾਰ ਕਿਲੋਮੀਟਰ ਅੰਦਰ ਪਹੁੰਚ ਗਏ ਸਨ ਜਿਥੋਂ ਬਾਹਰ ਨਿਕਲਣਾ ਉਨ੍ਹਾਂ ਲਈ ਬੇਹੱਦ ਮੁਸ਼ਕਿਲ ਸੀ | ਕਿਉਂਕਿ ਲਗਾਤਾਰ ਮੀਂਹ ਪੈਣ ਦੀ ਵਜ੍ਹਾ ਕਰਕੇ ਗੁਫ਼ਾ ਵਿਚ ਪਾਣੀ ਭਰ ਗਿਆ ਸੀ | ਪਹਾੜਾਂ ਤੋਂ ਵੀ ਕਾਫ਼ੀ ਮਾਤਰਾ ਵਿਚ ਪਾਣੀ ਆ ਰਿਹਾ ਸੀ | ਸਾਰੇ ਖਿਡਾਰੀਆਂ ਦੀ ਉਮਰ 11 ਤੋਂ 16 ਸਾਲ ਵਿਚਾਲੇ ਸੀ | ਜੂਨੀਅਰ ਖਿਡਾਰੀਆਂ ਨੇ ਗੁਫਾ ਅੰਦਰ ਪੱਟਾਇਆ ਦੀਪ ਟਿਲੇ 'ਤੇ ਜਾ ਕੇ ਆਪਣੀ ਜਾਨ ਬਚਾਈ | ਭੁੱਖ ਲੱਗਣ 'ਤੇ ਬਰਸਾਤੀ ਪਾਣੀ ਪੀ ਕੇ ਆਪਣੀ ਜਾਨ ਬਚਾਈ | ਥਾਈਲੈਂਡ ਸਰਕਾਰ ਦੀਆਂ ਅਣਥੱਕ ਕੋਸ਼ਿਸਾਂ ਦੇ ਦਸ ਦਿਨ ਬਾਅਦ ਬਰਤਾਨਵੀ ਗੋਤਾਖ਼ੋਰਾਂ ਨੇ ਆਿਖ਼ਰਕਾਰ ਲਾਪਤਾ ਖਿਡਾਰੀਆਂ ਨੂੰ ਲੱਭ ਲਿਆ | ਰਾਹਤ ਅਤੇ ਬਚਾਅ ਦਲ ਨੂੰ ਲਾਪਤਾ ਬੱਚਿਆਂ ਦੇ ਸਕੂਲੀ ਬੈਗ ਮਿਲੇ ਜਿਸ ਤੋਂ ਇਹ ਸੰਭਾਵਨਾ ਪੱਕੀ ਹੋ ਗਈ ਕਿ ਬੱਚੇ ਇਸੇ ਗੁਫ਼ਾ ਵਿਚ ਹਨ | ਟੀਮ ਮਿਸ਼ਨ 'ਤੇ ਅੱਗੇ ਵਧੀ ਤਾਂ ਸਾਰੇ ਉਸ ਸੁਰੱਖਿਅਤ ਟਿੱਲੇ 'ਤੇ ਜ਼ਿੰਦਾ ਮਿਲੇ | ਇਸ ਤੋਂ ਬਾਅਦ ਇਸ ਮਿਸ਼ਨ ਨੂੰ ਰਫ਼ਤਾਰ ਮਿਲੀ | ਗੁਫ਼ਾ ਤੋਂ ਸਾਰਿਆਂ ਨੂੰ ਸੁਰੱਖਿਅਤ ਕੱਢਣਾ ਵੱਡੀ ਚੁਣੌਤੀ ਸੀ | ਇਸ ਪੂਰੇ ਅਭਿਆਨ ਵਿਚ ਥਾਈ ਫ਼ੌਜ ਨੇ ਕਿਹਾ ਸੀ ਕਿ ਚਾਰ ਮਹੀਨੇ ਦਾ ਸਮਾਂ ਲੱਗ ਸਕਦਾ ਹੈ | ਪਰ ਗੁਫ਼ਾ ਦੇ ਹਾਲਾਤ ਦਿਨ-ਬ-ਦਿਨ ਮਾੜੇ ਹੋ ਰਹੇ ਸਨ | ਰਾਹਤ ਅਤੇ ਬਚਾਅ ਕੰਮ ਦੀ ਵਜ੍ਹਾ ਕਰਕੇ ਗੁਫ਼ਾ ਦੇ ਅੰਦਰ ਆਕਸੀਜਨ ਘੱਟ ਹੁੰਦੀ ਜਾ ਰਹੀ ਸੀ | ਬਚਾਅ ਮੁਹਿੰਮ ਦੌਰਾਨ ਇਕ ਸਾਬਕਾ ਫ਼ੌਜੀ ਦੀ ਮੌਤ ਨਾਲ ਮਿਸ਼ਨ ਨੂੰ ਵੱਡਾ ਝਟਕਾ ਲੱਗਿਆ | ਸਰਕਾਰ ਅਤੇ ਅਭਿਆਨ ਵਿਚ ਲੱਗੇ 1200 ਰਾਹਤ ਕਰਮਚਾਰੀਆਂ ਦੇ ਸਾਹਮਣੇ ਜ਼ਿੰਦਾ ਬਚੇ ਖਿਡਾਰੀਆਂ ਨੂੰ ਸੁਰੱਖਿਅਤ ਕੱਢਣਾ ਔਖਾ ਕੰਮ ਸੀ | ਕੁਦਰਤੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਪਾਣੀ ਨਾਲ ਭਰੀ ਤੰਗ ਗੁਫ਼ਾ ਵਿਚ ਪਹੁੰਚਣਾ ਅਤੇ ਗੁਫ਼ਾ ਵਿਚ ਫਸੇ ਖਿਡਾਰੀਆਂ ਲਈ ਆਕਸੀਜਨ, ਖਾਣ-ਪੀਣ ਦੇ ਨਾਲ ਦੂਜੀਆਂ ਚੀਜ਼ਾਂ ਪਹੁੰਚਾਉਣਾ ਧਰਤੀ 'ਤੇ ਲੜੀ ਜਾਣ ਵਾਲੀ ਕਿਸੇ ਵੀ ਜੰਗ ਤੋਂ ਘੱਟ ਨਹੀਂ ਸੀ | ਹਾਲਾਂਕਿ ਇਨਸਾਨੀ ਦਿ੍ੜ੍ਹ ਇੱਛਾ ਸ਼ਕਤੀ ਨੇ ਇਸ 'ਤੇ ਜਿੱਤ ਹਾਸਲ ਕੀਤੀ ਹੈ | ਵਿਕਾਸ ਦੇ ਇਸ ਅਨੋਖੇ ਚਮਤਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਤਕਨੀਕੀ ਵਿਕਾਸ ਦੇ ਦੌਰ ਵਿਚ ਉਲਟ ਮਾਹੌਲ ਵਿਚ ਵੀ ਇਨਸਾਨ ਚਾਹੇ ਤਾਂ ਸਭ ਕੁਝ ਹਾਸਲ ਕਰ ਸਕਦਾ ਹੈ | ਥਾਈਲੈਂਡ ਸਰਕਾਰ ਅਤੇ ਸੰਸਾਰ ਦੇ ਸਹਿਯੋਗ ਨੇ ਅਸਫਲ ਮਿਸ਼ਨ ਨੂੰ ਕਾਮਯਾਬ ਬਣਾ ਦਿੱਤਾ |
ਮਾਨਵ ਸੱਭਿਅਤਾ ਦਾ ਇਹ ਸਭ ਤੋਂ ਮੁਸ਼ਕਿਲ ਮਿਸ਼ਨ ਸੀ ਕਿਉਂਕਿ ਜਿਥੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ, ਉਥੇ ਹਰ ਦਿਨ ਮੌਸਮ ਦੀ ਵਜ੍ਹਾ ਨਾਲ ਚੁਣੌਤੀਆਂ ਵਧਦੀਆਂ ਜਾ ਰਹੀਆਂ ਸਨ ਕਿਉਂਕਿ ਆਕਸੀਜਨ ਵੀ ਸਿਰਫ਼ 15 ਫ਼ੀਸਦੀ ਬਚੀ ਸੀ | ਗੁਫ਼ਾ ਵਿਚੋਂ ਪੰਪ ਦੀ ਮਦਦ ਨਾਲ 12 ਕਰੋੜ ਲੀਟਰ ਪਾਣੀ ਬਾਹਰ ਕੱਢਿਆ ਜਾ ਚੁੱਕਿਆ ਸੀ ਪਰ ਪਾਣੀ ਦਾ ਪੱਧਰ ਘੱਟ ਨਹੀਂ ਹੋ ਰਿਹਾ ਸੀ | ਮਿਸ਼ਨ 'ਤੇ ਇਕ ਵਾਰ ਜਾਣ ਵਿਚ ਪੂਰੇ 6 ਘੰਟੇ ਦਾ ਸਮਾਂ ਲੱਗ ਰਿਹਾ ਸੀ | ਸਰਕਾਰ ਪਾਈਪ ਅਤੇ ਸਿਲੰਡਰ ਜ਼ਰੀਏ ਆਕਸੀਜਨ ਨੂੰ ਅੰਦਰ ਭੇਜ ਰਹੀ ਸੀ | ਮਿਸ਼ਨ ਦੌਰਾਨ ਥਾਂ-ਥਾਂ ਆਕਸੀਜਨ ਡਿਪੋ ਬਣਾਏ ਗਏ | ਇਸ ਅਭਿਆਨ ਵਿਚ ਅਮਰੀਕੀ ਵਿਗਿਆਨਕ ਵੀ ਆ ਲੱਗੇ | ਇਕ ਵਿਗਿਆਨੀ ਨੇ ਏਅਰ ਪਾਈਪ ਟਿਊਬ ਪਾਉਣ ਦੀ ਯੋਜਨਾ ਦੀ ਸਲਾਹ ਦਿੱਤੀ ਅਤੇ ਇਸੇ ਦੌਰਾਨ ਇਕ ਛੋਟੀ ਪਣਡੁੱਬੀ ਵੀ ਬਣਾ ਦਿੱਤੀ | ਦੂਜੇ ਪਾਸੇ ਪਹਾੜ ਨੂੰ ਡਰਿਲ ਕਰਨ ਦਾ ਕੰਮ ਚੱਲਿਆ, ਪਰ ਪੂਰੀ ਡਰਿਲ 400 ਮੀਟਰ 'ਤੇ ਰੋਕ ਦਿੱਤੀ ਗਈ | ਕਿਉਂਕਿ ਗੁਫ਼ਾ ਦੇ ਅੰਦਰ ਪਹਾੜਾਂ ਦੇ ਖਿਸਕਣ ਦਾ ਖ਼ਤਰਾ ਸੀ ਜਿਸ ਦੀ ਵਜ੍ਹਾ ਕਰਕੇ ਬੱਚਿਆਂ ਦੀ ਜਾਨ ਜਾ ਸਕਦੀ ਸੀ | ਪਰਿਵਾਰਾਂ ਨੂੰ ਪੂਰਾ ਭਰੋਸਾ ਦਿਵਾਇਆ ਗਿਆ ਕਿ ਗੁਫ਼ਾ ਦੇ ਅੰਦਰ ਸਾਰੇ ਬੱਚੇ ਸੁਰੱਖਿਅਤ ਹਨ | ਬੱਚਿਆਂ ਨੇ ਆਪਣੇ ਪਰਿਵਾਰਾਂ ਨੂੰ ਚਿੱਠੀ ਵੀ ਲਿਖੀ ਸੀ ਕਿ ਤੁਸੀਂ ਘਬਰਾਓ ਨਾ ਅਸੀਂ ਬਹਾਦਰ ਬੱਚੇ ਹਾਂ | ਇਸ ਦੌਰਾਨ ਉਨ੍ਹਾਂ ਦੇ ਕੋਚ ਇਕਾਬੋਲਾ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ | ਬੱਚਿਆਂ ਦੇ ਪਰਿਵਾਰਾਂ ਤੋਂ ਇਕਾਬੋਲਾ ਨੇ ਮੁਆਫ਼ੀ ਵੀ ਮੰਗੀ | ਬਹਾਦਰ ਕੋਚ ਸੰਕਟ ਦੀ ਘੜੀ ਵਿਚ ਬੱਚਿਆਂ ਨੂੰ ਜਿਥੇ ਜ਼ਿੰਦਗੀ ਬਚਾਉਣ ਦੇ ਉਪਾਅ ਦੱਸਦਾ ਰਿਹਾ, ਉਥੇ ਨਾਲ-ਨਾਲ ਉਸ ਨੇ ਆਪਣੇ ਹਿੱਸੇ ਦਾ ਭੋਜਨ ਵੀ ਮੁਹੱਈਆ ਕਰਵਾਇਆ | ਮਿਸ਼ਨ ਦੌਰਾਨ ਬਰਸਾਤ ਰੁਕਣ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਸੀ | ਕਿਉਂਕਿ ਹਾਲਾਤ ਹਰ ਦਿਨ ਮਾੜੇ ਹੋ ਰਹੇ ਸਨ | ਜੂਨੀਅਰ ਖਿਡਾਰੀਆਂ ਦੀ ਨਿਗਰਾਨੀ ਇਕ ਵੱਡੀ ਸਮੱਸਿਆ ਸੀ | ਆਕਸੀਜਨ, ਭੋਜਨ, ਸਿਹਤ ਦੀ ਦੇਖਭਾਲ ਦੇ ਨਾਲ-ਨਾਲ ਰੌਸ਼ਨੀ ਦੀ ਸਹੂਲਤ ਗੁਫ਼ਾ ਵਿਚ ਲਗਾਤਾਰ ਪਹੁੰਚਾਉਣਾ ਪਹਿਲ ਦਾ ਕੰਮ ਸੀ | ਦੂਜੀ ਗੱਲ ਗੁਫ਼ਾ ਦੇ ਬਾਹਰ ਅਤੇ ਅੰਦਰ ਦਾ ਵਾਤਾਵਰਨ ਬਿਲਕੁਲ ਵੱਖਰਾ ਸੀ | ਗੁਫ਼ਾ ਵਿਚ ਫਸੇ ਬੱਚੇ ਅਤੇ ਰਾਹਤ ਦਲ ਦੇ ਲੋਕ ਕਿਸੇ ਬਿਮਾਰੀ ਦੀ ਲਪੇਟ ਵਿਚ ਨਾ ਆ ਜਾਣ, ਇਹ ਇਕ ਵੱਖਰੀ ਸਮੱਸਿਆ ਸੀ | ਖਿਡਾਰੀਆਂ ਦੇ ਪੈਰਾਂ ਵਿਚ ਇਨਫੈਕਸ਼ਨ ਦੀ ਸ਼ੁਰੂਆਤ ਵੀ ਹੋਣ ਲੱਗੀ ਸੀ | ਤੁਹਾਨੂੰ ਯਾਦ ਹੋਵੇਗਾ ਹਰਿਆਣਾ ਦੇ ਕੁਰੂਕਸ਼ੇਤਰ ਵਿਚ 2006 ਵਿਚ ਬੋਰ ਵੈੱਲ ਵਿਚ ਡਿੱਗੇ ਮਾਸੂਮ ਪਿ੍ੰਸ ਨੂੰ ਬਚਾਉਣ ਲਈ ਫ਼ੌਜ ਨੇ ਕਿਸ ਤਰ੍ਹਾਂ ਮੁੱਖ ਭੂਮਿਕਾ ਨਿਭਾਈ ਸੀ | ਦੇਸ਼ ਭਰ ਵਿਚ ਦੁਆਵਾਂ ਦਾ ਦੌਰ ਚੱਲਿਆ ਸੀ | ਇਸੇ ਤਰ੍ਹਾਂ 1989 ਵਿਚ ਪੱਛਮੀ ਬੰਗਾਲ ਦੇ ਰਾਣੀਗੰਜ ਵਿਚ 64 ਮਜ਼ਦੂਰਾਂ ਨੂੰ ਅਤੇ ਚਿੱਲੀ ਵਿਚ 33 ਨੂੰ ਕੈਪਸੂਲ ਦਾ ਢਾਂਚਾ ਤਿਆਰ ਕਰ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ | ਪਰ ਕੁਦਰਤ ਅਤੇ ਇਨਸਾਨ ਦੇ ਤਕਨੀਕੀ ਵਿਕਾਸ ਵਿਚਾਲੇ ਇਸ ਅਣਐਲਾਨੀ ਜੰਗ 'ਤੇ ਜਿੱਤ ਪ੍ਰਾਪਤ ਹੋ ਗਈ | ਗੁਫ਼ਾ ਵਿਚ ਸਾਰੀਆਂ ਜ਼ਿੰਦਗੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ | ਵਿਗਿਆਨ, ਵਿਕਾਸ ਅਤੇ ਆਪਸੀ ਮਿਲਵਰਤਨ ਨਾਲ ਇਨਸਾਨ ਨੇ ਇਕ ਅਨੋਖੇ ਯੁੱਧ ਨੂੰ ਜਿੱਤਣ ਦੀ ਕਲਾ ਵੀ ਸਿੱਖੀ ਹੈ | ਇਹ ਘਟਨਾ ਕਦੀ ਇਤਿਹਾਸ ਵਿਚ ਦਰਜ ਹੋਏਗੀ | ਕਹਿੰਦੇ ਹਨ ਕਿ ਅੰਤ ਭਲਾ ਤਾਂ ਸਭ ਭਲਾ | ਮਿਸ਼ਨ ਦੀ ਇਸ ਸਫਲਤਾ 'ਤੇ ਪੂਰੀ ਦੁਨੀਆ ਵਿਚ ਜਸ਼ਨ ਦਾ ਮਾਹੌਲ ਹੈ | ਸਭ ਤੋਂ ਜ਼ਿਆਦਾ ਮਾਸੂਮ ਬੱਚਿਆਂ ਦੇ ਪਰਿਵਾਰ ਖੁਸ਼ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੇ ਬੱਚਿਆਂ ਦੇ ਰਾਜ਼ੀ-ਖੁਸ਼ੀ ਬਾਹਰ ਆਉਣ ਦੀ ਕਲਪਨਾ ਕੀਤੀ ਹੋਵੇਗੀ | ਦੁਨੀਆ ਨੂੰ ਬਣਾਉਣ ਵਾਲਾ ਈਸ਼ਵਰ ਭਾਵ ਮੋਗੈਂਬੋ ਖੁਸ਼ ਅਤੇ ਮਿਸ਼ਨ ਕਾਮਯਾਬ ਹੋਇਆ | (ਸੰਵਾਦ)

ਕੀ ਸੀ ਔਰੰਗਜ਼ੇਬ ਦੀ ਵਸੀਅਤ?

ਅੱਜ ਸਮੁੱਚੇ ਸੰਸਾਰ ਅੰਦਰ ਧਨ ਇਕੱਠਾ ਕਰਨ ਦੀ ਦੌੜ ਲੱਗੀ ਹੋਈ ਹੈ | ਹਰ ਇਨਸਾਨ ਦੀ ਇੱਛਾ ਹੈ ਕਿ ਮੇਰੇ ਕੋਲ ਵੱਧ ਤੋਂ ਵੱਧ ਸਰਮਾਇਆ ਹੋਵੇ | ਸਮਾਜ ਅੰਦਰ ਮੇਰਾ ਨਾਂਅ ਚਮਕੇ, ਮੈਂ ਆਪਣੇ ਭਾਈਚਾਰੇ ਦੇ ਅਮੀਰ ਵਿਅਕਤੀਆਂ ਵਿਚੋਂ ਸਭ ਤੋਂ ਅਮੀਰ ਹੋਵਾਂ | ਅੱਜ ਮਨੁੱਖ ਧਨ ਦੀ ਪ੍ਰਾਪਤੀ ਲਈ ਨੀਵੇਂ ਤੋਂ ਨੀਵਾਂ, ਘਟੀਆ ਤੋਂ ਘਟੀਆ ਕੰਮ ਕਰਨ ਲਈ ਤੁਲਿਆ ਹੋਇਆ ਹੈ | ਜਿਨ੍ਹਾਂ ਲੋਕਾਂ ਉਤੇ ਸਮਾਜ ਨੂੰ ਇਹ ਆਸ ਸੀ ਕਿ ਇਹ ਇਨਸਾਫ਼-ਪਸੰਦ ਲੋਕ ਹਨ ਅਤੇ ਸਮਾਜ ਨੂੰ ਇਨ੍ਹਾਂ ਤੋਂ ਇਨਸਾਫ਼ ਮਿਲੇਗਾ, ਉਹ ਲੋਕ ਵੀ ਇਨਸਾਫ਼ ਦੀ ਤੱਕੜੀ ਨੂੰ ਪਾਸੇ ਰੱਖ ਕੇ ਧਨ ਪ੍ਰਾਪਤ ਕਰਨ ਦੇ ਚੱਕਰ ਵਿਚ ਪਏ ਹੋਏ ਹਨ | ਰਾਜੇ ਮਹਾਰਾਜਿਆਂ ਦਾ ਦੌਰ ਗੁਜ਼ਰ ਜਾਣ ਤੋਂ ਬਾਅਦ ਜੋ ਲੋਕ ਰਾਜਨੀਤੀ ਵਿਚ ਆਏ, ਉਨ੍ਹਾਂ ਦਾ ਕੰਮ ਲੋਕ ਭਲਾਈ ਦੇ ਕਾਰਜ ਕਰਨੇ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ ਇਨਸਾਫ਼ ਦਿਵਾਉਣਾ ਸੀ | ਅੱਜ ਦੇ ਰਾਜਸੀ ਨੇਤਾ ਇੰਨੇ ਭਿ੍ਸ਼ਟ ਹੋ ਗਏ ਹਨ ਕਿ ਇਨਸਾਫ਼ ਨਾਂਅ ਦੀ ਚੀਜ਼ ਉਨ੍ਹਾਂ ਦੇ ਨੇੜੇ ਵੀ ਨਹੀਂ ਹੈ | ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਕਿ ਉਹ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਬੈਠਾ ਹੈ |
ਔਰੰਗਜ਼ੇਬ ਨੇ ਰਾਜ-ਗੱਦੀ ਪ੍ਰਾਪਤ ਕਰਦਿਆਂ ਹੀ ਆਪਣੇ ਵੱਡੇ ਭਰਾ ਦਾਰਾ ਸ਼ਕੋਹ ਦਾ 30 ਅਗਸਤ, 1659 ਈ: ਨੂੰ ਕਤਲ ਕਰਵਾ ਦਿੱਤਾ ਅਤੇ ਉਸ ਦੀ ਦੇਹ ਨੂੰ ਹੁਮਾਯੂੰ ਬਾਦਸ਼ਾਹ ਦੇ ਮਕਬਰੇ ਵਿਚ ਦਫ਼ਨਾ ਦਿੱਤਾ | ਔਰੰਗਜ਼ੇਬ ਨੇ ਆਪਣੇ ਪਿਤਾ ਬਾਦਸ਼ਾਹ ਸ਼ਾਹਜਹਾਨ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ, ਜਿਥੇ 22 ਜਨਵਰੀ, 1666 ਈ:, ਦਿਨ ਸੋਮਵਾਰ ਨੂੰ ਉਸ ਦਾ ਦਿਹਾਂਤ ਹੋ ਗਿਆ | ਸ਼ਾਹਜਹਾਨ ਨੇ ਆਪਣੀ 76 ਸਾਲ 3 ਮਹੀਨੇ ਦੀ ਉਮਰ ਵਿਚ 31 ਸਾਲ 2 ਮਹੀਨੇ ਰਾਜ ਕੀਤਾ |
ਔਰੰਗਜ਼ੇਬ ਨੇ ਆਪਣੇ ਭਤੀਜੇ ਸਿਪਿਹਰ ਸ਼ਕੋਹ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ | ਔਰੰਗਜ਼ੇਬ ਨੇ ਆਪਣੇ 50 ਸਾਲ ਦੇ ਰਾਜ ਦੌਰਾਨ ਆਪਣੇ ਰਾਜ ਨੂੰ ਪੂਰੀ ਤਰ੍ਹਾਂ ਕਾਇਮ ਰੱਖਣ ਲਈ ਕਈ ਤਰ੍ਹਾਂ ਦੇ ਸਮੇਂ-ਸਮੇਂ 'ਤੇ ਹੁਕਮ ਜਾਰੀ ਕੀਤੇ |
ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਠੱਠਾ ਅਤੇ ਮੁਸਲਮਾਨ ਦੇ ਸੂਬਿਆਂ ਵਿਚ ਆਮ ਕਰਕੇ ਬਨਾਰਸ ਵਿਚ ਖਾਸ ਕਰਕੇ ਬ੍ਰਾਹਮਣਾਂ ਨੇ ਪਾਠਸ਼ਾਲਾਵਾਂ ਸਥਾਪਤ ਕੀਤੀਆਂ ਹੋਈਆਂ ਹਨ, ਉਥੇ ਉਹ ਆਪਣੇ ਧਰਮ ਦੇ ਮੁਤਾਬਿਕ ਪੁਸਤਕਾਂ ਦੇ ਪੜ੍ਹਨ-ਪੜ੍ਹਾਉਣ ਦਾ ਕੰਮ ਕਰ ਰਹੇ ਹਨ | ਹਿੰਦੂ ਤੇ ਮੁਸਲਮਾਨ ਵਿਦਿਆਰਥੀ ਦੂਰੋਂ-ਦੂਰੋਂ ਚੱਲ ਕੇ ਉਥੇ ਪੜ੍ਹਨ ਲਈ ਆਉਂਦੇ ਹਨ | ਔਰੰਗਜ਼ੇਬ ਨੇ ਅਪ੍ਰੈਲ, 1669 ਈ: ਨੂੰ ਸਾਰੇ ਸੂਬਿਆਂ ਦੇ ਅਧਿਕਾਰੀਆਂ ਨੂੰ ਹੁਕਮ ਭੇਜ ਦਿੱਤੇ ਕਿ ਇਨ੍ਹਾਂ ਪਾਠਸ਼ਾਲਾਵਾਂ ਨੂੰ ਢਾਹ ਦਿੱਤਾ ਜਾਵੇ ਅਤੇ ਇਨ੍ਹਾਂ ਵਿਚ ਪੜ੍ਹਾਈ ਜਾਣ ਵਾਲੀ ਵਿਦਿਆ ਨੂੰ ਪੜ੍ਹਨ-ਪੜ੍ਹਾਉਣ ਦੀ ਮਨਾਹੀ ਕਰ ਦਿੱਤੀ ਜਾਵੇ |
ਔਰੰਗਜ਼ੇਬ ਨੇ 1667 ਈ: ਨੂੰ ਥਾਨੇਸਰ ਦੇ ਮਹਾਨ ਤੀਰਥ ਅਸਥਾਨ ਨੂੰ ਮਿੱਟੀ ਨਾਲ ਭਰਵਾ ਦਿੱਤਾ ਅਤੇ 1668 ਈ: ਵਿਚ ਤੀਰਥ ਯਾਤਰਾ ਕਰਨ ਤੇ ਹਿੰਦੂ ਤਿਉਹਾਰ ਮਨਾਉਣ ਉਤੇ ਪਾਬੰਦੀ ਲਾ ਦਿੱਤੀ | ਔਰੰਗਜ਼ੇਬ ਨੇ ਫਰਵਰੀ 1670 ਈ: ਨੂੰ ਮûਰਾ ਦੇ ਮੰਦਿਰ ਢਾਹ ਦੇਣ ਦਾ ਹੁਕਮ ਜਾਰੀ ਕੀਤਾ | ਮûਰਾ ਦੇ ਮੰਦਿਰ ਦੀ ਬਹੁਤ ਸੋਹਣੀ ਇਮਾਰਤ ਸੀ ਜੋ ਥੋੜ੍ਹੇ ਜਿਹੇ ਸਮੇਂ ਵਿਚ ਹੀ ਢਹਿ-ਢੇਰੀ ਕਰ ਦਿੱਤੀ ਗਈ | ਮûਰਾ ਦਾ ਮੰਦਿਰ ਨਰ ਸਿੰਘ ਦੇਉ ਬੁੰਦੇਲਾ ਦਾ ਬਣਾਇਆ ਹੋਇਆ ਸੀ | ਇਸ ਮੰਦਿਰ ਦੀ ਥਾਂ ਮਸਜਿਦ ਬਣਾ ਦਿੱਤੀ ਗਈ | ਮûਰਾ ਮੰਦਿਰ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਮੂਰਤੀਆਂ ਅਕਬਰਾਬਾਦ ਲਿਆ ਕੇ ਨਵਾਬ ਕੁਦਸੀਆ ਬੇਗ਼ਮ ਦੀ ਬਣਾਈ ਮਸਜਿਦ ਦੀਆਂ ਪੌੜੀਆਂ ਦੇ ਹੇਠਾਂ ਦੱਬ ਦਿੱਤੀਆਂ ਗਈਆਂ |
ਦਾਰਾਬ ਖ਼ਾਂ ਜੋ ਖੰਡੇਲਾ ਦੇ ਬਾਗ਼ੀਆਂ ਨੂੰ ਸੂਤ ਕਰਨ ਅਤੇ ਉਥੇ ਦੇ ਮੰਦਿਰਾਂ ਨੂੰ ਢਾਹੁਣ ਲਈ ਤੁਰਿਆ ਸੀ, 8 ਮਾਰਚ, 1679 ਈ: ਨੂੰ ਉਥੇ ਪਹੁੰਚਿਆ | ਉਥੇ 100 ਤੋਂ ਵੱਧ ਰਾਜਪੂਤਾਂ ਨੇ ਉਸ ਦਾ ਟਾਕਰਾ ਕੀਤਾ ਅਤੇ ਸਾਰੇ ਮਾਰੇ ਗਏ | ਖੰਡੇਲਾ, ਸਾਨੇਮੇਲਾ ਤੇ ਆਲੇ-ਦੁਆਲੇ ਦੇ ਸਾਰੇ ਮੰਦਿਰਾਂ ਨੂੰ ਢਾਹ ਕੇ ਧਰਤੀ ਵਾਂਗ ਪੱਧਰਾ ਕਰ ਦਿੱਤਾ ਗਿਆ | ਖ਼ਾਨਜਹਾਂ ਬਹਾਦਰ ਜੋਧਪੁਰ ਦੇ ਮੰਦਿਰਾਂ ਨੂੰ ਢਹਿ-ਢੇਰੀ ਕਰ ਕੇ 25 ਮਈ, 1679 ਈ: ਦਿਨ ਐਤਵਾਰ ਨੂੰ ਮੂਰਤੀਆਂ ਨਾਲ ਲੱਦੇ ਹੋਏ ਗੱਡੇ ਨੂੰ ਲੈ ਕੇ ਔਰੰਗਜ਼ੇਬ ਦੇ ਦਰਬਾਰ ਵਿਚ ਹਾਜ਼ਰ ਹੋਇਆ | ਔਰੰਗਜ਼ੇਬ ਨੇ ਉਸ ਦੀ ਪ੍ਰਸੰਸਾ ਕੀਤੀ | ਉਸ ਨੇ ਹੁਕਮ ਦਿੱਤਾ ਕਿ ਇਨ੍ਹਾਂ ਮੂਰਤੀਆਂ ਵਿਚੋਂ ਜੋ ਕਾਫ਼ੀ ਜੜਾਊ ਤੇ ਤਾਂਬੇ ਦੀਆਂ ਬਣੀਆਂ ਹੋਈਆਂ ਹਨ, ਜਲੌਖ਼ਾਨੇ ਦੇ ਦਰਵਾਜ਼ਿਆਂ ਤੇ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਹੇਠ ਰੱਖ ਦਿੱਤੀਆਂ ਜਾਣ ਤਾਂ ਜੋ ਪੈਰਾਂ ਹੇਠ ਲਿਤਾੜੀਆਂ ਜਾਣ | ਲੰਬੇ ਸਮੇਂ ਤੱਕ ਇਹ ਮੂਰਤੀਆਂ ਉਥੇ ਪਈਆਂ ਰਹੀਆਂ | ਅਖੀਰ ਇਨ੍ਹਾਂ ਦਾ ਕੋਈ ਨਿਸ਼ਾਨ ਵੀ ਬਾਕੀ ਨਾ ਰਿਹਾ | ਉਦੇਪੁਰ ਦਾ ਮੰਦਿਰ ਵੀ ਢਾਹ ਕੇ ਮੰਦਿਰ ਵਿਚਲੀਆਂ ਮੂਰਤੀਆਂ ਨੂੰ ਹਥੌੜਿਆਂ ਨਾਲ ਤੋੜ ਦਿੱਤਾ ਗਿਆ | ਇਸ ਤੋਂ ਇਲਾਵਾ ਉਦੇਪੁਰ ਦੇ ਆਲੇ-ਦੁਆਲੇ ਦੇ 172 ਮੰਦਿਰ ਵੀ ਢਹਿ-ਢੇਰੀ ਕਰ ਦਿੱਤੇ ਗਏ |
ਔਰੰਗਜ਼ੇਬ 24 ਜਨਵਰੀ, 1680 ਈ: ਨੂੰ ਉਦੇ ਸਾਗਰ ਨਾਂਅ ਦੀ ਝੀਲ ਦੇਖਣ ਗਿਆ | ਉਸ ਨੇ ਝੀਲ ਦੇ ਕੰਢੇ 'ਤੇ ਤਿੰਨ ਮੰਦਿਰ ਦੇਖੇ ਅਤੇ ਤਿੰਨੇ ਮੰਦਿਰ ਢਾਹੁਣ ਦਾ ਹੁਕਮ ਦੇ ਦਿੱਤਾ | ਕਰਮਚਾਰੀਆਂ ਨੇ ਇਹ ਤਿੰਨੇ ਮੰਦਿਰ ਤੁਰੰਤ ਢਾਹ ਦਿੱਤੇ | ਅਬੂਤਰਾਬ ਖ਼ਾਂ ਨੇ ਬਨੇਰਾ ਅਤੇ ਉਸ ਦੇ ਆਸ-ਪਾਸ ਦੇ 66 ਮੰਦਿਰ ਢਾਹ ਕੇ ਐਨ ਪੱਧਰੇ ਕਰ ਦਿੱਤੇ |
ਔਰੰਗਜ਼ੇਬ ਨੇ ਸਾਰੇ ਹਿੰਦੂਆਂ ਉਤੇ ਜਜ਼ੀਆ (ਟੈਕਸ) ਲਗਾ ਦਿੱਤਾ | ਇਸੇ ਤਰ੍ਹਾਂ ਸਾਹਿਤਕਾਰੀ, ਸੰਗੀਤਕਾਰੀ, ਚਿੱਤਰਕਾਰੀ ਤੇ ਮੂਰਤੀ ਕਲਾ ਦੇ ਕੰਮਾਂ ਨੂੰ ਸ਼ਰ੍ਹਾ-ਵਿਰੁੱਧ ਕਹਿ ਕੇ ਬੰਦ ਕਰਨ ਦਾ ਹੁਕਮ ਦਿੱਤਾ ਗਿਆ | ਇਕ ਨਵੇਂ ਹੁਕਮ ਅਨੁਸਾਰ ਜੋ 1695 ਈ: ਨੂੰ ਜਾਰੀ ਹੋਇਆ ਕਿ ਰਾਜਪੂਤਾਂ ਤੋਂ ਬਿਨਾਂ ਕੋਈ ਹਿੰਦੂ ਤਨ 'ਤੇ ਹਥਿਆਰ ਨਾ ਸਜਾਵੇ ਅਤੇ ਨਾ ਹੀ ਪਾਲਕੀ, ਹਾਥੀ ਜਾਂ ਈਰਾਨੀ ਅਰਬੀ ਘੋੜੇ ਦੀ ਸਵਾਰੀ ਕਰੇ | ਔਰੰਗਜ਼ੇਬ ਨੇ ਦੱਖਣ ਵਿਚੋਂ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਸਭ ਕੁਝ ਮਲੀਆ-ਮੇਟ ਕਰਨ ਦੇ ਹੁਕਮ ਚੜ੍ਹਾਏ |
ਔਰੰਗਜ਼ੇਬ ਚਾਰ ਬੇਗ਼ਮਾਂ ਦਾ ਪਤੀ ਅਤੇ ਪੰਜ ਪੁੱਤਰਾਂ ਤੇ ਪੰਜ ਪੁੱਤਰੀਆਂ ਦਾ ਪਿਤਾ ਸੀ | ਔਰੰਗਜ਼ੇਬ ਨੇ 50 ਸਾਲ 2 ਮਹੀਨੇ ਅਤੇ 27 ਦਿਨ ਰਾਜ ਕੀਤਾ | ਔਰੰਗਜ਼ੇਬ ਆਪਣੇ ਰਾਜ ਨੂੰ ਵਧਾਉਣ ਲਈ ਦਿੱਲੀ ਤੋਂ ਦੂਰ ਦੱਖਣ ਵਿਚ 26 ਸਾਲ ਲੜਦਾ ਰਿਹਾ | ਔਰੰਗਜ਼ੇਬ ਦਾ ਨਾ ਤਾਂ ਦਿੱਲੀ ਵਿਚ ਰਾਜ ਤਿਲਕ ਹੋਇਆ ਅਤੇ ਨਾ ਹੀ ਅੰਤਿਮ ਸਮੇਂ ਦੋ ਗਜ਼ ਜ਼ਮੀਨ ਨਸੀਬ ਹੋਈ | ਔਰੰਗਜ਼ੇਬ ਦੀ ਲਾਲਸਾ ਸੀ ਕਿ ਮੈਂ ਮੱਕੇ ਮਦੀਨੇ ਜਾ ਕੇ ਮੱਕੇ ਦਾ ਹੱਜ ਕਰਾਂ | ਔਰੰਗਜ਼ੇਬ ਨੇ ਆਪਣੇ ਹੱਥੀਂ ਲਿਖ ਕੇ ਕੁਰਾਨ ਸ਼ਰੀਫ਼ ਦੀਆਂ ਦੋ ਸੈਂਚੀਆਂ ਹਜ਼ਰਤ ਮੁਹੰਮਦ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਰਖਵਾ ਦਿੱਤੀਆਂ ਸਨ | ਔਰੰਗਜ਼ੇਬ ਦੇ ਰਾਜ ਸਮੇਂ ਪੰੁਨ-ਦਾਨ ਤੇ ਲੋਕ-ਭਲਾਈ ਉਤੇ ਜਿੰਨਾ ਖਰਚ ਹੋਇਆ ਅਤੇ ਜੋ ਇਨਾਮ ਤੇ ਗੁਜ਼ਾਰੇ ਵਿਦਵਾਨਾਂ, ਫ਼ਕੀਰਾਂ ਤੇ ਲੋੜਵੰਦਾਂ ਨੂੰ ਬਖ਼ਸ਼ੇ ਗਏ ਉਨ੍ਹਾਂ ਦਾ 100ਵਾਂ ਹਿੱਸਾ ਵੀ ਕਿਸੇ ਹੋਰ ਦੇ ਰਾਜ ਵਿਚ ਇਸ ਤਰ੍ਹਾਂ ਨਹੀਂ ਦਿੱਤਾ ਗਿਆ | ਔਰੰਗਜ਼ੇਬ ਨੂੰ ਕੁਰਾਨ ਸ਼ਰੀਫ਼ ਜ਼ਬਾਨੀ ਕੰਠ ਸੀ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਦੀ ਧਰਤੀ ਤੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖ ਕੇ ਭੇਜਿਆ | ਔਰੰਗਜ਼ੇਬ ਨੂੰ ਜਿਸ ਸਮੇਂ ਜ਼ਫ਼ਰਨਾਮਾ ਮਿਲਿਆ ਤੇ ਉਸ ਨੇ ਜ਼ਫ਼ਰਨਾਮੇ ਨੂੰ ਪੜਿ੍ਹਆ ਤਾਂ ਉਹ ਹਿੱਲ ਗਿਆ | ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਉਸ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਹੀ ਖ਼ਬਰ ਮਿਲੀ ਕਿ ਔਰੰਗਜ਼ੇਬ ਜਹਾਨੋਂ ਕੂਚ ਕਰ ਗਿਆ ਹੈ |
ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਕ ਵਸੀਅਤਨਾਮਾ ਲਿਖਿਆ ਸੀ, ਜਿਸ ਵਿਚ ਉਸ ਨੇ ਆਪਣੇ ਮਨੋਭਾਵਾਂ ਨੂੰ ਵੱਖੋ-ਵੱਖ ਰੂਪਾਂ ਵਿਚ ਦਿ੍ਸ਼ਟਮਾਨ ਕੀਤਾ ਹੋਇਆ ਹੈ | ਔਰੰਗਜ਼ੇਬ ਇਕ ਪੱਕਾ ਮੁਸਲਮਾਨ ਸੀ, ਜੋ ਪੰਜੇ ਨਮਾਜ਼ਾਂ ਪੜ੍ਹਦਾ ਸੀ | ਉਸ ਨੇ ਮੁਸਲਮਾਨੀ ਹੈਦਰੀ ਝੰਡਾ ਸਾਰੇ ਹਿੰਦੁਸਤਾਨ ਵਿਚ ਝੁਲਾਉਣ ਲਈ ਬਹੁਤ ਯਤਨ ਕੀਤਾ | ਉਸ ਸਮੇਂ ਦੇ ਪ੍ਰਸਿੱਧ ਲਿਖਾਰੀ ਮੌਲਵੀ ਹਮੀਦ-ਉਦ-ਦੀਨ ਨੇ ਬਾਦਸ਼ਾਹ ਔਰੰਗਜ਼ੇਬ ਦੇ ਜੀਵਨ ਸਬੰਧੀ ਫਾਰਸੀ ਵਿਚ ਇਕ ਕਿਤਾਬ ਲਿਖੀ ਹੈ | ਇਸ ਕਿਤਾਬ ਦੇ 218 ਸਫ਼ੇ ਹਨ | ਇਸ ਕਿਤਾਬ ਦੇ ਅੱਠਵੇਂ ਅਧਿਆਇ ਦੇ ਸਫ਼ਾ 183 ਉਤੇ 'ਔਰੰਗਜ਼ੇਬ ਦੀ ਆਖ਼ਰੀ ਵਸੀਅਤ' ਲਿਖੀ ਹੋਈ ਹੈ | ਔਰੰਗਜ਼ੇਬ ਆਪਣੀ ਵਸੀਅਤ ਵਿਚ ਦੱਸਦਾ ਹੈ:
1. ਇਸ ਵਿਚ ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਸ਼ਹਿਨਸ਼ਾਹ ਰਿਹਾ ਹਾਂ | ਮੈਂ ਹਕੂਮਤ ਕੀਤੀ ਹੈ | ਪਰ ਮੈਨੂੰ ਅਫ਼ਸੋਸ ਹੈ ਕਿ ਮੈਂ ਕੋਈ ਚੰਗਾ ਕੰਮ ਨਹੀਂ ਕਰ ਸਕਿਆ | ਮੇਰੀ ਅੰਦਰਲੀ ਆਤਮਾ ਮੈਨੂੰ ਫਿਟਕਾਰ ਕੇ ਕਹਿ ਰਹੀ ਹੈ, 'ਤੂੰ ਗੁਨਾਹਗਾਰ ਹੈਾ' ਪਰ ਹੁਣ ਇਸ ਦਾ ਕੀ ਲਾਭ |
2. (ੳ) ਮੇਰੇ ਨੌਕਰ ਆਇਆ ਯੇਗ ਕੋਲ ਮੇਰਾ ਇਹ ਬਟੂਆ ਹੈ, ਇਸ ਬਟੂਏ ਵਿਚ ਮੈਂ ਚਾਰ ਰੁਪਏ ਦੋ ਆਨੇ ਆਪਣੀ ਕਮਾਈ ਵਿਚੋਂ ਸੰਭਾਲ ਕੇ ਰੱਖੇ ਹੋਏ ਹਨ | ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਵਿਹਲੇ ਸਮੇਂ ਵਿਚ ਟੋਪੀਆਂ ਬੁਣਦਾ ਹੁੰਦਾ ਸੀ ਜਾਂ ਕੁਰਾਨ ਸ਼ਰੀਫ਼ ਲਿਖਦਾ ਹੁੰਦਾ ਸੀ | ਟੋਪੀਆਂ ਨੂੰ ਵੇਚ ਕੇ ਮੈਂ 4 ਰੁਪਏ 2 ਆਨੇ ਦੀ ਪਾਕ ਤੇ ਹੱਕ ਹਲਾਲ ਦੀ ਕਮਾਈ ਕੀਤੀ ਹੈ | ਮੇਰੀ ਲਾਸ਼ ਨੂੰ ਢਕਣ ਲਈ ਕਫ਼ਨ ਇਸ 4 ਰੁਪਏ 2 ਆਨੇ ਦੀ ਰਕਮ ਨਾਲ ਖਰੀਦਿਆ ਜਾਵੇ | ਮੇਰੇ ਗੁਨਾਹਗਾਰ ਜਿਸਮ ਨੂੰ ਢਕਣ ਵਾਸਤੇ ਹੋਰ ਕੋਈ ਖਰਚ ਨਾ ਕੀਤਾ ਜਾਵੇ | ਇਹ ਮੇਰੀ ਵਸੀਅਤ ਹੈ |
(ਅ) ਕੁਰਾਨ ਸ਼ਰੀਫ਼ ਲਿਖ ਕੇ ਤੇ ਇਨ੍ਹਾਂ ਨੂੰ ਵੇਚ ਕੇ ਮੈਂ 305 ਰੁਪਏ ਇਕੱਠੇ ਕੀਤੇ ਹੋਏ ਹਨ | ਇਹ ਰਕਮ ਵੀ ਮੇਰੇ ਨੌਕਰ ਆਇਆ ਬੇਗ ਕੋਲ ਹੈ | ਮੇਰੀ ਵਸੀਅਤ ਹੈ ਕਿ ਇਸ ਰੁਪਏ ਨਾਲ ਗ਼ਰੀਬ ਮੁਸਲਮਾਨਾਂ ਨੂੰ ਮਿੱਠਾ ਪਲਾਓ ਖਵਾਇਆ ਜਾਵੇ | ਇਹ 305 ਰੁਪਏ ਉਸੇ ਦਿਨ ਹੀ ਖਰਚ ਕਰ ਦਿੱਤੇ ਜਾਣ, ਜਿਸ ਦਿਨ ਮੇਰੀ ਮੌਤ ਹੋਵੇ |
3. ਮੇਰੀਆਂ ਚੀਜ਼ਾਂ ਵਸਤਾਂ, ਮੇਰੇ ਕੱਪੜੇ, ਮੇਰਾ ਕਲਮਦਾਨ, ਮੇਰੀਆਂ ਕਿਤਾਬਾਂ ਜਾਂ ਹੋਰ ਜੋ ਕੁਝ ਵੀ ਮੇਰੇ ਕੋਲ ਹੋਵੇ ਇਹ ਸਭ ਕੁਝ ਮੇਰੇ ਲੜਕੇ ਆਜ਼ਮ ਨੂੰ ਦੇ ਦਿੱਤਾ ਜਾਵੇ | ਮੇਰੇ ਮਗਰੋਂ ਮੇਰੇ ਸਾਰੇ ਹੱਕ ਇਸ ਨੂੰ ਮਿਲਣਗੇ | ਮੇਰੀ ਕਬਰ ਖੋਦਣ ਲਈ ਮਜ਼ਦੂਰਾਂ ਨੂੰ ਜਿਹੜੀ ਮਿਹਨਤ ਦੇਣੀ ਹੈ, ਉਸ ਦੀ ਅਦਾਇਗੀ ਸ਼ਾਹਜ਼ਾਦਾ ਆਜ਼ਮ ਕਰੇਗਾ | ਮਜ਼ਦੂਰਾਂ ਨੂੰ ਕਬਰ ਖੋਦਣ ਦੀ ਮਜ਼ਦੂਰੀ ਜ਼ਰੂਰ ਦਿੱਤੀ ਜਾਵੇ |
4. ਮੇਰੀ ਕਬਰ ਸੰਘਣੇ ਜੰਗਲ ਵਿਚ ਖੋਦਣੀ | ਜਦ ਮੈਨੂੰ ਦਫ਼ਨਾਇਆ ਜਾਵੇ ਤਾਂ ਮੇਰਾ ਮੰੂਹ ਨੰਗਾ ਰੱਖਣਾ | ਮੇਰੇ ਮੰੂਹ ਨੂੰ ਮਿੱਟੀ ਵਿਚ ਨਾ ਦਬਾਉਣਾ, ਮੈਂ ਨੰਗੇ ਸਿਰ ਅੱਲਾਹ ਤਾਅਲਾ (ਰੱਬ) ਦੇ ਦਰਬਾਰ ਵਿਚ ਹਾਜ਼ਰ ਹੋਣਾ ਚਾਹੁੰਦਾ ਹਾਂ | ਮੈਂ ਦੱਸਿਆ ਹੋਇਆ ਹੈ ਕਿ ਜਿਹੜਾ ਕੋਈ ਉਸ ਮਹਾਨ ਕਚਹਿਰੀ ਵਿਚ ਨੰਗੇ ਸਿਰ ਹਾਜ਼ਰ ਹੁੰਦਾ ਹੈ, ਖ਼ੁਦਾਵੰਦ ਕਰੀਮ (ਬਖ਼ਸ਼ਣਹਾਰ) ਉਸ ਦੇ ਸਾਰੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ |
5. ਮੇਰਾ ਕਫ਼ਨ ਸਫੈਦ ਮੋਟੇ ਖੱਦਰ ਦਾ ਹੋਵੇ | ਮੇਰੀ ਲਾਸ਼ ਉੱਪਰ ਕੋਈ ਕੀਮਤੀ ਦੁਸ਼ਾਲਾ ਬਿਲਕੁਲ ਨਾ ਰੱਖਣਾ | ਜਿਸ ਰਸਤਿਉਂ ਮੇਰਾ ਜਨਾਜ਼ਾ ਗੁਜ਼ਰੇ ਉਥੇ ਕਿਸੇ ਤਰ੍ਹਾਂ ਦੀ ਕੋਈ ਦਰੀ ਨਾ ਵਿਛਾਈ ਜਾਵੇ | ਮੇਰੇ ਉਤੇ ਫੁੱਲ ਨਾ ਸੁੱਟੇ ਜਾਣ | ਨਾ ਮੇਰੀ ਲਾਸ਼ ਉੱਪਰ ਹੱਥ ਰੱਖਣ ਦੀ ਆਗਿਆ ਦਿੱਤੀ ਜਾਵੇ | ਕਿਸੇ ਕਿਸਮ ਦਾ ਕੋਈ ਰਾਗ-ਰੰਗ ਨਾ ਹੋਵੇ | ਕੋਈ ਗੀਤ ਨਾ ਗਾਇਆ ਜਾਵੇ | ਗੀਤਾਂ ਦਾ ਮੈਂ ਵੈਰੀ ਹਾਂ, ਰਾਗ ਨੂੰ ਮੈਂ ਨਫ਼ਰਤ ਕਰਦਾ ਹਾਂ |
6. ਮੇਰੀ ਕੋਈ ਕਬਰ ਨਾ ਬਣਾਈ ਜਾਵੇ | ਜੇ ਜ਼ਰੂਰ ਹੀ ਮੌਤ ਦੀ ਕੋਈ ਨਿਸ਼ਾਨੀ ਰੱਖਣੀ ਹੈ ਤਾਂ ਕੱਚੀਆਂ ਇੱਟਾਂ ਦਾ ਇਕ ਚਬੂਤਰਾ ਬਣਾ ਦੇਣਾ | (ਔਰੰਗਜ਼ੇਬ ਦੀ ਇੱਛਾ ਅਨੁਸਾਰ ਔਰੰਗਜ਼ੇਬ ਦਾ ਮਕਬਰਾ ਕੱਚੀਆਂ ਇੱਟਾਂ ਦਾ ਹੀ ਬਣਿਆ ਹੋਇਆ ਹੈ, ਜੋ ਬੜੀ ਖਸਤਾ ਹਾਲਤ ਵਿਚ ਹੈ | ਔਰੰਗਾਬਾਦ (ਦੱਖਣ) ਵਿਚ ਇਹ ਮਕਬਰਾ ਹੁਣ ਵੀ ਵੇਖਿਆ ਜਾ ਸਕਦਾ ਹੈ) |
7. ਮੈਨੂੰ ਯਾਦ ਹੈ ਕਿ ਮੈਂ ਬਹੁਤ ਸਾਰੇ ਫ਼ੌਜੀ ਸਿਪਾਹੀਆਂ ਤੇ ਖ਼ਾਸ ਕਰਕੇ ਆਪਣੇ ਜਾਤੀ ਨੌਕਰਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਬਾਕਾਇਦਾ ਤਨਖਾਹਾਂ ਨਹੀਂ ਦੇ ਸਕਿਆ | ਸਰਕਾਰੀ ਖਜ਼ਾਨਾ ਖਾਲੀ ਸੀ | ਮੈਂ ਤਨਖਾਹ ਕਿਥੋਂ ਦਿੰਦਾ? ਪਰ ਮੈਂ ਵਸੀਅਤ ਕਰਦਾ ਹਾਂ ਕਿ ਮੇਰੇ ਮਰਨ ਤੋਂ ਮਗਰੋਂ ਘੱਟੋ-ਘੱਟ ਮੇਰੇ ਨਿੱਜੀ ਨੌਕਰਾਂ ਦੀ ਸਾਰੀ ਦੀ ਸਾਰੀ ਬਾਕਾਇਆ ਤਨਖਾਹ ਜ਼ਰੂਰ ਅਦਾ ਕਰ ਦੇਣੀ | ਨਿਆਮਤ ਅਲੀ ਬੜੀ ਸੇਵਾ ਕਰਦਾ ਰਿਹਾ ਹੈ | ਮੈਂ ਕਈ ਵਾਰ ਗੰਦ-ਮੰਦ ਨਾਲ ਲਿਬੜ ਜਾਂਦਾ ਸੀ ਤਾਂ ਇਹ ਵਿਚਾਰਾ ਨਿਆਮਤ ਅਲੀ ਹੀ ਮੇਰੀ ਸਫ਼ਾਈ ਕਰਦਾ ਹੁੰਦਾ ਸੀ | ਇਸ ਨੇ ਮੇਰੇ ਬਿਸਤਰੇ ਨੂੰ ਮੈਲਾ ਨਹੀਂ ਹੋਣ ਦਿੱਤਾ |
8. ਮੇਰੀ ਕੋਈ ਯਾਦਗਾਰ ਕਾਇਮ ਨਾ ਕੀਤੀ ਜਾਵੇ | ਮੇਰਾ ਉਰਸ (ਬਰਸੀ) ਨਾ ਮਨਾਇਆ ਜਾਵੇ | ਕਬਰ ਉੱਪਰ ਮੇਰੇ ਨਾਂਅ ਦਾ ਕੋਈ ਪੱਥਰ ਵੀ ਨਾ ਲੱਗੇ | ਮੇਰੀ ਕਬਰ ਦੇ ਉੱਪਰ ਜਾਂ ਇਸ ਦੇ ਨੇੜੇ ਕੋਈ ਦਰੱਖਤ ਨਹੀਂ ਲਗਾਉਣਾ | ਮੇਰੇ ਜੈਸੇ ਪਾਪੀ ਦਾ ਕੋਈ ਹੱਕ ਨਹੀਂ ਕਿ ਉਹ ਕਿਸੇ ਰੁੱਖ ਦੀ ਠੰਢੀ ਛਾਂ ਦਾ ਆਨੰਦ ਮਾਣੇ |
9. ਮੇਰੇ ਲੜਕੇ ਆਜ਼ਮ ਨੂੰ ਦਿੱਲੀ ਦੇ ਤਖ਼ਤ ਉੱਪਰ ਰਾਜ ਕਰਨ ਦਾ ਅਧਿਕਾਰ ਹੋਵੇਗਾ | ਕਾਮਬਖ਼ਸ਼ ਨੂੰ ਬੀਜਾਪੁਰ ਤੋਂ ਗੋਲ ਕੁੰਡਾ ਦੀਆਂ ਰਿਆਸਤਾਂ ਸੰਭਾਲ ਦਿੱਤੀਆਂ ਜਾਣ | ਜੇ ਉਹ ਚਾਹੇ ਤਾਂ ਉਸ ਨੂੰ ਦੱਖਣੀ ਇਲਾਕੇ ਵਿਚੋਂ ਹੋਰ ਵੀ ਹਿੱਸਾ ਦਿੱਤਾ ਜਾਵੇ |
10. ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ | ਮੇਰੀ ਰਾਇ ਹੈ ਕਿ ਦੁਨੀਆ ਵਿਚ ਸਭ ਤੋਂ ਬਦਕਿਸਮਤ ਮਨੁੱਖ ਬਾਦਸ਼ਾਹ ਹੁੰਦਾ ਹੈ | ਮੈਂ ਆਪਣੇ ਪੁੱਤਰਾਂ ਨੂੰ ਵਸੀਅਤ ਕਰਦਾ ਹਾਂ ਕਿ ਉਹ ਕਦੇ ਵੀ ਕਿਸੇ ਉੱਪਰ ਇਤਬਾਰ ਨਾ ਕਰਨ |
ਮੈਂ ਪਾਪ ਤੇ ਜ਼ੁਰਮ ਬੜੇ ਕੀਤੇ ਹਨ, ਮੈਨੂੰ ਪਤਾ ਨਹੀਂ ਕਿ ਇਨ੍ਹਾਂ ਦੀ ਸਜ਼ਾ ਮੈਨੂੰ ਕੀ ਮਿਲੇਗੀ?
ਅੱਜ ਦੇ ਭਿ੍ਸ਼ਟ ਰਾਜਸੀ ਨੇਤਾਵਾਂ ਅਤੇ ਅਫ਼ਸਰਾਂ ਨੂੰ ਇਸ ਵਸੀਅਤ ਤੋਂ ਜ਼ਰੂਰ ਸਬਕ ਸਿੱਖਣਾ ਚਾਹੀਦਾ ਹੈ |

-ਬਠਿੰਡਾ |
ਮੋਬਾਈਲ : 98155-33725.

ਵਣ-ਮਹਾਂਉਤਸਵ 'ਤੇ ਵਿਸ਼ੇਸ਼: ਆਇਆ ਰੁੱਖ ਲਾਉਣ ਦਾ ਮਹੀਨਾ

ਬਰਸਾਤ ਦੀ ਆਮਦ ਨਾਲ ਸਮਝੀ ਜਾਂਦੀ ਹੈ | ਸਿਰਫ਼ ਮਨੁੱਖ ਹੀ ਨਹੀਂ ਬਲਕਿ ਧਰਤੀ 'ਤੇ ਵਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿਚ ਨਵੀਂ ਜਾਨ ਫੂਕੀ ਜਾਂਦੀ ਹੈ | ਵੈਸੇ ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪੰ੍ਰਤੂ ਸਾਉਣ ਮਹੀਨਾ ਖਾਸ ਮੰਨਿਆ ਜਾਂਦਾ ਹੈ:
ਆਇਆ! ਸਾਵਣ ਦਾ ਮਹੀਨਾ
ਰੁੱਖ ਲਾਉਣ ਦਾ ਮਹੀਨਾ |
ਹਰ ਦਿਨ ਵਧ ਰਹੀਆਂ ਕੁਦਰਤੀ ਆਫਤਾਂ ਤੇ ਵਾਤਾਵਰਨ ਹਾਲਾਤ ਸਾਨੂੰ ਸਿੱਧੇ ਤੌਰ 'ਤੇ ਸੰਕੇਤ ਦੇ ਰਹੇ ਹਨ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ | ਹਰੇ-ਭਰੇ ਜੰਗਲਾਂ ਵਿਚ ਵਸਣ ਵਾਲਾ ਮਨੁੱਖ ਅੱਜ ਕੰਕਰੀਟ ਦੇ ਜੰਗਲਾਂ ਦਾ ਵਾਸੀ ਹੋ ਗਿਆ ਹੈ | ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜੀਹ ਦੇਣ ਲੱਗੇ ਹਾਂ | ਹਾਲਾਂਕਿ ਸਾਡੇ ਗੁਰੂਆਂ, ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਬਿਰਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸੇਧ ਦਿੱਤੀ ਸੀ:
ਬਿਰਖੈ ਹੇਠਿ ਸਭ ਜੰਤ ਇਕਠੇ¨
ਅਸੀਂ ਸਾਲ ਵਿਚ ਅਨੇਕਾਂ ਤਿੱਥ-ਤਿਉਹਾਰ ਮਨਾਉਂਦੇ ਹਾਂ | ਦੀਵਾਲੀ, ਦੁਸਹਿਰੇ ਦੀ ਤਰ੍ਹਾਂ ਅੱਜ ਸਾਨੂੰ ਰੁੱਖਾਂ ਦੇ ਤਿਉਹਾਰ ਯਾਨੀ ਵਣ-ਮਹਾਂਉਤਸਵ ਨੂੰ ਵੀ ਓਨੀ ਹੀ ਸ਼ਿੱਦਤ ਨਾਲ ਮਨਾਉਣਾ ਚਾਹੀਦਾ ਹੈ | ਰੁੱਖਾਂ ਦੁਆਲੇ ਸਿ੍ਸ਼ਟੀ ਦਾ ਸਭ ਚੱਕਰ ਚਲਦਾ ਹੈ | ਸਾਡੀ ਹਰ ਲੋੜ ਦੀ ਪੂਰਤੀ ਇਹ ਕਰਦੇ ਹਨ | ਖ਼ਾਸ ਕਰ ਹਰ ਪਲ ਜੀਣ ਲਈ ਲੋੜੀਂਦੀ ਆਕਸੀਜਨ ਸਾਨੂੰ ਦਿੰਦੇ ਹਨ | ਰੁੱਖ ਸਾਡੇ ਜਨਮ ਤੋਂ ਮਰਨ ਤੱਕ ਦੇ ਸਫ਼ਰ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤੱਕ ਸਾਡੀ ਹਰ ਲੋੜ ਦੀ ਪੂਰਤੀ ਬਿਨਾਂ ਕੁਝ ਕਹੇ-ਸੁਣੇ ਪੂਰੀ ਕਰਦੇ ਹਨ | ਪਰ ਅਸੀਂ ਸਭ ਹਵਾ 'ਚ ਵੱਖ-ਵੱਖ ਸਾਧਨਾਂ ਰਾਹੀਂ ਜ਼ਹਿਰਾਂ ਘੋਲਣ 'ਤੇ ਲੱਗੇ ਹੋਏ ਹਾਂ ਤੇ ਇਹ ਸੁਰਜੀਤ ਪਾਤਰ ਸਾਹਿਬ ਦੇ ਕਹਿਣ ਅਨੁਸਾਰ:
ਏਹੋ ਹੈ ਮੇਰੀ ਮੈਅਕਸ਼ੀ, ਏਸੇ 'ਚ ਮਸਤ ਹਾਂ,
ਪੌਣਾਂ 'ਚੋਂ ਜ਼ਹਿਰ ਪੀ ਰਿਹਾ ਹਾਂ, ਮੈਂ ਦਰੱਖਤ ਹਾਂ |
ਸੋ, ਵਣ-ਮਹਾਂਉਤਸਵ ਬਾਰੇ ਵਿਸਥਾਰ 'ਚ ਗੱਲ ਕਰਨੀ ਤਾਂ ਬਣਦੀ ਹੀ ਹੈ |
ਸ਼ੁਰੂਆਤੀ ਦਿਨ ਸਮੇਂ ਇਸ ਵਣ-ਮਹਾਂਉਤਸਵ ਦਾ ਨਾਂਅ 'ਰੁੱਖ ਉਗਾਓ ਉਤਸਵ' ਸੀ ਅਤੇ ਸਾਡੇ ਦੇਸ਼ ਵਿਚ ਪਹਿਲਾ ਰੁੱਖ ਉਗਾਓ ਉਤਸਵ ਸੰਨ 1947 ਦੇ ਜੁਲਾਈ ਮਹੀਨੇ 'ਰੁੱਖ ਉਗਾਓ ਸਪਤਾਹ' ਦੇ ਤੌਰ 'ਤੇ ਮਨਾਇਆ ਗਿਆ ਸੀ | ਕੁਝ ਲੋਕਾਂ ਨੇ ਇਸ ਨੂੰ 'ਰੁੱਖ ਬੀਜਣ ਸਪਤਾਹ' ਵੀ ਕਿਹਾ | ਇਸ ਉਤਸਵ ਦਾ ਆਗਾਜ਼ ਸਾਡੇ ਦੇਸ਼ ਦੇ ਮਹਾਨ ਨੇਤਾਵਾਂ ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ ਅਤੇ ਮੌਲਾਨਾ ਅੱਬੁਲ ਕਲਾਮ ਆਜ਼ਾਦ ਵਰਗੀਆਂ ਅਹਿਮ ਸ਼ਖ਼ਸੀਅਤਾਂ ਨੇ 'ਕਚਨਾਰ' ਦੇ ਬੂਟੇ ਲਾ ਕੇ ਕੀਤਾ ਸੀ | ਸੰਨ 1950 ਵਿਚ ਸ੍ਰੀ ਕੇ.ਐਮ. ਮੁਨਸ਼ੀ ਜੋ ਉਸ ਸਮੇਂ ਭਾਰਤ ਦੇ ਖੁਰਾਕ ਅਤੇ ਖੇਤੀਬਾੜੀ ਮੰਤਰੀ ਸਨ, ਨੇ ਇਸ ਦਾ ਨਾਂਅ ਬਦਲ ਕੇ 'ਵਣ-ਮਹਾਂਉਤਸਵ' ਰੱਖਿਆ | ਮੁਨਸ਼ੀ ਜੀ ਨੇ ਰੁੱਖ ਲਾਉਣ ਦੀ ਲਹਿਰ ਕੌਮੀ ਪੱਧਰ 'ਤੇ ਚਲਾ ਕੇ ਆਮ ਲੋਕਾਂ ਦਾ ਧਿਆਨ ਵੀ ਇਸ ਵੱਲ ਦਿਵਾਇਆ | ਉਨ੍ਹਾਂ ਦੇ ਕਥਨ ਅਨੁਸਾਰ 'ਦੇਸ਼ ਦੀ ਸਮਾਜਿਕ ਆਰਥਿਕ ਦਸ਼ਾ ਵਿਚ ਰੁੱਖਾਂ ਦਾ ਆਪਣਾ ਸਥਾਨ ਹੁੰਦਾ ਹੈ | ਵਣ ਖੇਤੀਬਾੜੀ ਨਾਲ ਸਬੰਧਤ ਨਹੀਂ ਹੁੰਦੇ | ਸਾਡੇ ਵਣ ਅਜਿਹੇ ਅਮੁੱਕ ਸੋਮਾ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਲੱਖਾਂ ਹੀ ਗਿਣਤੀ ਵਿਚ ਵਧ ਰਹੇ ਲੋਕਾਂ ਵਾਸਤੇ ਖਾਧ ਖੁਰਾਕ ਪ੍ਰਾਪਤ ਕਰ ਸਕਦੇ ਹਾਂ | ਰੁੱਖਾਂ ਦੇ ਹੋਣ ਦਾ ਅਰਥ ਹੋਵੇਗਾ ਪਾਣੀ ਦਾ ਹੋਣਾ ਤੇ ਜੇ ਪਾਣੀ ਆਮ ਹੋਵੇ ਤਾਂ ਖੁਰਾਕ ਆਮ ਹੋ ਸਕਦੀ ਹੈ ਤੇ ਖੁਰਾਕ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਪ੍ਰਥਮ ਲੋੜ ਹੁੰਦੀ ਹੈ |'
ਵਣ-ਮਹਾਂਉਤਸਵ ਦਾ ਕਾਰਜ ਤਾਂ ਨਿਰੰਤਰ ਅੰਦੋਲਨ ਦੀ ਤਰ੍ਹਾਂ ਹੈ ਜੋ ਦਿਨ-ਪੁਰ-ਰਾਤ ਚਲਦਾ ਹੈ | ਇਸ ਦਿਨ ਜਾਂ ਮਹੀਨੇ ਰੁੱਖ ਲਾ ਕੇ ਕੰਮ ਖਤਮ ਨਹੀਂ ਕੀਤਾ ਜਾਂਦਾ ਬਲਕਿ ਸ਼ੁਰੂ ਕੀਤਾ ਜਾਂਦਾ ਹੈ ਜੋ ਕਦੇ ਖਾਦ ਪਾਉਣ, ਪਾਣੀ ਲਾਉਣ, ਪਸ਼ੂ-ਪੰਛੀਆਂ ਤੋਂ ਬਚਾਉਣ, ਸੋਕੇ ਜਾਂ ਹੜ੍ਹਾਂ ਆਦਿ ਦੀ ਸਥਿਤੀ ਤੋਂ ਬਚਾਉਣ ਆਦਿ ਕਰਦਿਆਂ ਫਿਰ ਦੁਬਾਰਾ ਬਰਸਾਤ ਰੁੱਤ ਆ ਜਾਂਦੀ ਹੈ ਅਤੇ ਅਸੀਂ ਲਗਾਤਾਰ ਰੁੱਖਾਂ ਦੇ ਨਾਲ ਹੀ ਚਲਦੇ ਰਹਿੰਦੇ ਹਾਂ | ਜੇਕਰ ਰੁੱਖ ਲਾਉਣਾ ਬਹੁਤ ਮਹਾਨ ਕੰਮ ਹੈ ਤਾਂ ਉਸ ਨੂੰ ਸੰਭਾਲਣਾ ਉਸ ਤੋਂ ਵੀ ਵੱਡੀ ਮਹਾਨਤਾ ਹੈ | ਬਲਕਿ ਮੈਂ ਤਾਂ ਇਹ ਸਮਝਦਾ ਹਾਂ ਕਿ ਅੱਜ ਦੀ ਸਥਿਤੀ ਦੇ ਮੱਦੇਨਜ਼ਰ ਸਾਨੂੰ ਨਵੀਂ ਰੀਤ 'ਰੁੱਖ ਬਚਾਓ ਅੰਦੋਲਨ' ਵਰਗਾ ਵੀ ਕੁਝ ਕਰਨਾ ਚਾਹੀਦਾ ਹੈ | ਸਾਲਾਂਬੱਧੀ ਸਮਾਂ ਲੈ ਕੇ ਤਿਆਰ ਹੋਏ ਰੁੱਖ, ਲੋਕ ਅਨੇਕਾਂ ਤੱਥਾਂ ਦਾ ਸਹਾਰਾ ਲੈ ਕੇ ਖਤਮ ਕਰ ਰਹੇ ਹਨ | ਵਿਸ਼ਵ ਪੱਧਰ 'ਤੇ ਜੇਕਰ ਵਣ-ਉਤਸਵ ਦੀ ਗੱਲ ਕਰੀਏ ਤਾਂ ਸਾਨੂੰ ਉਨ੍ਹਾਂ ਲੋਕਾਂ ਤੋਂ ਕੁਝ ਪ੍ਰੇਰਨਾ ਲੈਣੀ ਚਾਹੀਦੀ ਹੈ | ਕਈ ਦੇਸ਼ ਜੰਗਲਾਂ ਨਾਲ ਭਰੇ ਪਏ ਹਨ ਪਰ ਫਿਰ ਵੀ ਉਹ ਲੋਕ 'ਰੁੱਖ ਦਿਵਸ', 'ਰੁੱਖਾਂ ਦਾ ਮੇਲਾ' ਅਤੇ 'ਹਰਿਆਵਲ ਸਪਤਾਹ' ਆਦਿ ਖੂਬ ਮਨਾਉਂਦੇ ਹਨ | ਕੈਨੇਡਾ ਵਿਚ 'ਵਣ ਰਖਸ਼ਾ ਸਪਤਾਹ' ਅਨੇਕਾਂ ਅਦਾਰੇ ਮਨਾਉਂਦੇ ਹਨ ਅਤੇ ਆਮ ਲੋਕਾਂ ਨੂੰ ਜੰਗਲਾਂ ਵਿਚ ਲੱਗਣ ਵਾਲੀ ਅੱਗ ਤੋਂ ਬਚਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ | ਆਸਟ੍ਰੇਲੀਆ, ਅਮਰੀਕਾ, ਇਜ਼ਰਾਈਲ ਆਦਿ ਦੇਸ਼ਾਂ ਵਿਚ ਵਾਤਾਵਰਨਕ ਹਾਲਤਾਂ ਅਨੁਸਾਰ ਸਾਲ ਦੇ ਕਿਸੇ ਨਾ ਕਿਸੇ ਮਹੀਨੇ ਰੁੱਖਾਂ ਦੀ ਸੰਭਾਲ ਅਤੇ ਬਚਾਓ ਖਾਤਰ ਉਤਸਵ ਮਨਾਏ ਜਾਂਦੇ ਹਨ | ਜਾਪਾਨ ਦੇ ਲੋਕ ਤਾਂ ਅਪ੍ਰੈਲ ਮਹੀਨੇ ਦੇ ਇਕ ਹਫ਼ਤੇ ਨੂੰ ਕੌਮੀ ਰੁੱਖ ਤਿਉਹਾਰ ਵਜੋਂ ਮਨਾਉਂਦੇ ਹਨ | 'ਹਰਿਆਵਲ ਸਪਤਾਹ' ਨਾਮੀ ਇਸ ਹਫ਼ਤੇ ਨੂੰ ਅੱਗੇ ਦਿਨਾਂ ਦੇ ਹਿਸਾਬ ਨਾਲ ਵੱਖ-ਵੱਖ ਸਥਾਨਾਂ ਅਨੁਸਾਰ ਜਿਵੇਂ ਕਿ 'ਮਾਰਗ ਹਰਿਆਵਲ ਦਿਵਸ', 'ਗ੍ਰਹਿ ਵਾਟਿਕਾ ਹਰਿਆਵਲ ਦਿਵਸ' ਅਤੇ 'ਸਕੂਲ ਹਰਿਆਵਲ ਦਿਵਸ' ਆਦਿ ਵੰਡ ਕੇ ਰੁੱਖ ਲਾਉਣ ਅਤੇ ਪਾਲਣ ਵਲ ਲੋਕਾਂ ਦਾ ਧਿਆਨ ਦਿਵਾਇਆ ਜਾਂਦਾ ਹੈ |
ਪਹਿਲਾਂ ਲੋਕ ਰੁੱਖਾਂ ਨੂੰ ਹਰ ਸਥਾਨ ਉੱਪਰ ਜਗ੍ਹਾ ਦਿੰਦੇ ਸਨ ਚਾਹੇ ਉਹ ਘਰ, ਗਲੀ, ਪਿੰਡ ਜਾਂ ਸਾਂਝੀਆਂ ਥਾਵਾਂ ਹੁੰਦੀਆਂ, ਹਰ ਜਗ੍ਹਾ ਰੁੱਖ ਦੀ ਅਹਿਮੀਅਤ ਹੁੰਦੀ ਸੀ | ਲੋਕਾਂ ਦੇ ਘਰਾਂ ਦੀ ਨਿਸ਼ਾਨੀ ਦੀ ਉਦਾਹਰਨ ਇਸ ਤਰ੍ਹਾਂ ਲੋਕ ਗੀਤਾਂ 'ਚ ਮਿਲਦੀ ਹੈ:
ਬਾਜ਼ਾਰ ਵਿਕੇਂਦੀ ਤਰ ਵੇ
ਮੇਰਾ ਸਾਹਮਣੀ ਗਲੀ ਵਿਚ ਘਰ ਵੇ
ਪਿੱਪਲ ਨਿਸ਼ਾਨੀ, ਜੀਵੇ ਢੋਲਾ, ਢੋਲ ਜਾਨੀ,
ਸਾਡੀ ਗਲੀ ਆਵੇਂ, ਤੇਰੀ ਮਿਹਰਬਾਨੀ |
ਪੰ੍ਰਤੂ ਅੱਜ ਸਥਿਤੀ ਬਦਲ ਚੁੱਕੀ ਹੈ | ਸਾਡੇ ਵਣ, ਪੀਲੂ, ਜੰਡ, ਕਰੀਰ, ਲਸੂੜੇ, ਬਰਨੇ ਆਦਿ ਅਨੇਕਾਂ ਰੁੱਖ ਦਿਨ-ਬਦਿਨ ਪੰਜਾਬ 'ਚੋਂ ਖਤਮ ਹੋ ਰਹੇ ਹਨ | ਸਾਨੂੰ ਰੁੱਖ ਲਾਉਣ ਵੇਲੇ ਉਨ੍ਹਾਂ ਰੁੱਖਾਂ ਨੂੰ ਵਧੇਰੇ ਤਰਜੀਹ ਦੇਣੀ ਚਾਹੀਦੀ ਹੈ ਜੋ ਲੋਪ ਹੋਣ ਦੀ ਸੂਚੀ ਵਿਚ ਸ਼ਾਮਿਲ ਹੋ ਚੁੱਕੇ ਹਨ | ਸਮਾਜ ਦੇ ਹਰ ਵਰਗ, ਹਰ ਬੱਚੇ, ਜਵਾਨ, ਬਜ਼ੁਰਗ, ਹਰ ਰਿਸ਼ਤੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲਾਂ ਲਾਏ ਰੁੱਖਾਂ ਨੂੰ ਸੁੱਕਣ ਤੇ ਮੁੱਕਣ ਤੋਂ ਬਚਾਈਏ ਤੇ ਇਨ੍ਹਾਂ ਲਈ ਫਿਕਰਮੰਦ ਹੋਈਏ:
ਪੀਲਾਂ ਮੁੱਕੀਆਂ, ਟਾਹਲੀਆਂ ਸੁੱਕੀਆਂ
ਸੁੱਕ ਜਾਣ ਨਾ ਰੁੱਖ ਹਰੇ ਭਰੇ
ਆਖ ਨੀ ਨਣਾਨੇ ਤੇਰੇ ਵੀਰ ਨੂੰ
ਕਦੇ ਤਾਂ ਭੋਰਾ ਫਿਕਰ ਕਰੇ |
ਪੰ੍ਰਤੂ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਰੁੱਖਾਂ ਪ੍ਰਤੀ ਕਾਫ਼ੀ ਜਾਗਰੂਕ ਹੋਏ ਹਾਂ | ਅਮਲੀ ਰੂਪ ਵਿਚ ਧਰਤ ਉੱਪਰ ਰੁੱਖ ਲੱਗਣੇ ਸ਼ੁਰੂ ਹੋ ਗਏ ਹਨ | ਅਨੇਕਾਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੇ ਆਪਣਾ ਕਾਰਜ ਆਰੰਭਿਆ ਹੋਇਆ ਹੈ ਤੇ ਉਹ ਕਾਮਯਾਬ ਵੀ ਹੋ ਰਹੇ ਹਨ | ਸਾਨੂੰ ਸਭ ਨੂੰ ਆਪਣਾ ਫ਼ਰਜ਼ ਪਹਿਚਾਣਦੇ ਹੋਏ ਰੁੱਖ ਲਾਉਣ ਅਤੇ ਸੰਭਾਲਣ ਸਬੰਧੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ |
ਆਓ, ਅਸੀਂ ਸਭ ਰਲ ਕੇ ਇਸ ਵਣ-ਮਹਾਂਉਤਸਵ ਤੇ ਰੁੱਖ ਲਾਉਣ ਅਤੇ ਸੰਭਾਲਣ ਵਾਲੀ ਲਹਿਰ ਵਿਚ ਆਪਣਾ ਖੂਬ ਯੋਗਦਾਨ ਪਾ ਕੇ ਬੰਜਰ ਹੋ ਰਹੀ ਧਰਤ ਨੂੰ ਮੁੜ ਤੋਂ ਰੁੱਖਾਂ ਨਾਲ ਸ਼ਿੰਗਾਰ ਦੇਈਏ ਅਤੇ ਦੁਆ ਕਰੀਏ ਕਿ ਸਾਡੇ ਮਹਾਨ ਸਾਹਿਤਕਾਰਾਂ ਨੂੰ ਨਿਰਾਸ਼ਾ ਦੇ ਆਲਮ ਵਿਚ ਜਾ ਕੇ ਇਸ ਤਰ੍ਹਾਂ ਨਾ ਲਿਖਣਾ ਪਵੇ:
ਇਥੋਂ ਕੁਲ ਪਰਿੰਦੇ ਹੀ ਉੜ ਗਏ
ਇਥੇ ਮੇਘ ਆਉਂਦੇ ਵੀ ਮੁੜ ਗਏ
ਇਥੇ ਕਰਨ ਅੱਜ ਕੱਲ੍ਹ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ |

-ਮੋਬਾਈਲ : 98142-39041.
landscapingpeople@rediffmail.com

ਜਾਗੋ ਵਿਚੋਂ ਸੈੱਲ ਮੁੱਕਗੇ

ਨੰਦ ਕੁਰ ਕੁੜੀ ਦੇ ਬਾਰ
ਨੀ ਬੰਬੀਹਾ ਬੋਲੇ |
ਨੇਕ ਸਿਉਂ ਦੇ ਬਾਰ,
ਨੀ ਬੰਬੀਹਾ ਬੋਲੇ |
ਜਦੋਂ ਇਸ ਗੀਤ ਦੇ ਬੋਲ ਗਲੀਆਂ 'ਚੋਂ ਲੰਘਦੇ ਨਾਨਕਾ ਮੇਲ ਬੋਲਦਾ ਤਾਂ ਸਾਰਾ ਆਲਾ-ਦੁਆਲਾ ਝੂਮ ਉੱਠਦਾ | ਸ਼ਰੀਕਾ-ਕਬੀਲਾ ਘਰ ਦੀ ਦੇਹਲੀ 'ਤੇ ਆ ਖੜ੍ਹਦਾ | ਸੱਥ, ਖੰੁਢਾਂ 'ਤੇ ਬੈਠੇ ਬਜ਼ੁਰਗ ਵੀ ਸ਼ਾਂਤ ਹੋ ਬੰਬੀਹਾ ਸੁਣਦੇ ਤੇ ਨਾਨਕੀਆਂ ਕਰਾਰੀ ਚੋਟ ਮਾਰਦੀਆਂ ਅੱਗੇ ਰਾਗ ਅਲਾਪ ਦਿੰਦੀਆਂ:
'ਸਾਡੇ ਬੰਬੀਹੇ ਨੂੰ ਲੱਗੇ ਪੇੜੇ
ਬੰਬੀਹਾ ਸੁਣਦੇ ਬੁੱਢੇ ਠੇਰੇ
ਨੀ ਬੰਬੀਹਾ ਬੋਲੇ
ਤੇ ਦਰਵਾਜ਼ੇ 'ਤੇ ਖੜ੍ਹੀ ਆਪਣੀ ਚਾਅ ਮੱਤੀ ਧੀ ਨੂੰ ਦੇਖ ਆਖਦੀਆਂ:
ਨੰਦ ਕੁਰ ਕੁੜੀ ਚੱਕ ਲਿਆ
ਬਾਜ਼ਾਰ ਵਿਚੋਂ ਝਾਫੇ |
ਨੀ ਆਜਾ ਧੀਏ ਸਰਦਲ
'ਤੇ ਤੇਲ ਚੋਅ ਨੀ ਆਏ ਤੇਰੇ ਮਾਪੇ |
ਬੂਹੇ ਤੇਲ ਚੋਅ ਲਾਗਣ ਲਾਗ ਲੈ ਅੰਦਰ ਆਉਣ ਦਾ ਪਾਸ ਦੇ ਦਿੰਦੀ | ਇਥੋਂ ਹੀ ਵਿਆਹ ਵਿਚ ਖ਼ੁਸ਼ੀਨੁਮਾ ਰਸੀਲਾ ਮਾਹੌਲ ਸ਼ੁਰੂ ਹੋ ਜਾਂਦਾ | ਨਾਨਕਿਆਂ-ਦਾਦਕਿਆਂ ਦੀ ਮਿੱਠੀ-ਮਿੱਠੀ ਨੋਕ-ਝੋਕ ਗੀਤਾਂ, ਸਿੱਠਣੀਆਂ ਤੇ ਬੋਲੀਆਂ ਰਾਹੀਂ ਵਿਆਹ ਵਾਲੇ ਘਰ ਰੌਣਕਾਂ ਛਾ ਜਾਂਦੀਆਂ | ਤਵੀ 'ਤੇ ਝੁਰਮਟ ਪਾਈ ਸ਼ਰੀਕਣੀਆਂ ਆਖਦੀਆਂ:
ਹੁਣ ਕਿਧਰ ਗਈਆਂ ਵੇ...
ਨਰੰਜਣਾ ਤੇਰੀਆਂ ਨਾਨਕੀਆਂ |
ਖਾਧੇ ਸੀ ਲੱਡੂ, ਜੰਮੇ ਸੀ ਡੱਡੂ...
ਉਹ ਤਾਂ ਟੋਭੇ ਤੇਰਨ ਗਈਆਂ ਵੇ...
ਨਰੰਜਣਾ ਤੇਰੀਆਂ ਨਾਨਕੀਆਂ |
ਨਾਨਕੀਆਂ ਵਿਚ ਵੀ ਜਿੱਤਣ ਦਾ ਜੋਸ਼ ਹੁੰਦਾ | ਮੋੜਵਾਂ ਜਵਾਬ ਦਿੰਦੀਆਂ:
ਅਸੀਂ ਹਾਜ਼ਰ-ਨਾਜ਼ਰ ਫੁੱਲਾਂ ਬਰਾਬਰ ਖੜ੍ਹੀਆਂ ਵੇ...
ਨਰੰਜਣਾ ਤੇਰੀਆਂ ਨਾਨਕੀਆਂ |
ਇਸੇ ਤਰ੍ਹਾਂ ਦਿਨ ਦੇ ਛਿਪਾਅ ਨਾਲ ਨਾਨਕਿਆਂ ਵਲੋਂ ਲਿਆਂਦਾ ਕੱਪੜਾ ਲੀੜਾ ਮੰਜਿਆਂ 'ਤੇ ਪਾਇਆ ਜਾਂਦਾ | ਜਿਸ ਨੂੰ ਸਾਰਾ ਸ਼ਰੀਕਾ ਦੇਖਣ ਆਉਂਦਾ ਤੇ ਇਸ ਨੂੰ ਦਿਖਾਵਾ ਕਹਿੰਦੇ | ਦੀਵੇ ਦੀ ਲੋਅ 'ਚ ਘਰ ਦੀ ਟੌਕਣੀ ਤੇ ਆਟੇ ਦੇ ਦੀਵੇ ਬਣਾ ਟੌਕਣੀਆਂ ਦੇ ਦੁਆਲੇ ਅਤੇ ਉੱਪਰ ਚੱਪਣ ਰੱਖ ਕੇ ਵਿਚਾਲੇ ਚੋਮੁੱਖਾ ਦੀਵਾ ਬਾਲ ਦਿੰਦੀਆਂ | ਵੱਡੀ ਮਾਮੀ ਦੇ ਸਿਰ 'ਤੇ ਜਾਗੋ ਸ਼ਗਨਾਂ ਨਾਲ ਘਰ ਦੀ ਧੀ ਵਲੋਂ ਮੰੂਹ ਮਿੱਠਾ ਕਰਾ ਰੱਖ ਦਿੱਤੀ ਜਾਂਦੀ ਤੇ ਨਾਲ ਲਗਦੇ ਘਰਾਂ ਵਿਚ ਫਿਰ ਕੇ ਗੀਤ ਗਾਉਂਦੇ ਤੇ ਗਿੱਧਾ ਪਾਉਂਦੇ, ਨੱਚਦੇ-ਟੱਪਦੇ ਸ਼ਗਨ ਮਨਾਉਂਦੇ | ਹਰ ਘਰ ਜਾ ਕੇ ਗਿੱਧਾ ਪਾਇਆ ਜਾਂਦਾ ਤੇ ਤੁਰਨ ਲੱਗੇ ਕਿਹਾ ਜਾਂਦਾ 'ਜਾਗੋ ਵਿਚੋਂ ਤੇਲ ਮੁੱਕਿਆ, ਕੋਈ ਪਾਊਗਾ ਨਸੀਬਾਂ ਵਾਲਾ' ਤੇ ਘਰ ਦੀ ਮਾਲਕਣ ਤੇਲ ਤੇ ਸ਼ਗਨ ਚਾੲੀਂ-ਚਾੲੀਂ ਦਿੰਦੀ | ਨਾ ਕੋਈ ਰੌਲਾ ਰੱਪਾ ਨਾ ਸ਼ੋਰ | ਬੱਸ ਦੋ ਮੰਜਿਆਂ 'ਤੇ ਲੱਗਿਆ ਸਪੀਕਰ ਆਪਣੀ ਹਾਜ਼ਰੀ ਜ਼ਰੂਰ ਲਵਾਉਂਦਾ | ਸਮੇਂ ਦੇ ਬਦਲਣ ਨਾਲ ਬਹੁਤ ਸਾਰੇ ਰੀਤੀ ਰਿਵਾਜ ਜਾਂ ਤਾਂ ਅਲੋਪ ਹੋ ਗਏ ਜਾਂ ਫਿਰ ਬਦਲ ਗਏ | ਹੁਣ ਹਰ ਵਿਆਹ ਵਿਚ ਰੋਟੀ ਵਾਲੇ ਦਿਨ ਦਾ ਨਾਂਅ ਬਦਲ ਕੇ ਲੇਡੀ ਸੰਗੀਤ ਹੋ ਗਿਆ | ਸਾਜੋ ਸਜਾਵਟ ਵੀ ਵਧ ਗਈ | ਮੇਲਣਾ ਘੱਗਰੇ, ਪਰਾਂਦੀਆਂ ਪਾ ਸੱਭਿਆਚਾਰ ਦੀ ਝਲਕ ਦਿਖਾਉਣ ਦਾ ਯਤਨ ਕਰਦੀਆਂ ਹਨ | ਪਰ ਨਾ ਤਾਂ ਕਿਸੇ ਨੂੰ ਹੇਕ ਵਾਲਾ ਗੀਤ ਆਉਂਦਾ ਹੈ ਨਾ ਹੇਰਾ (ਦੋਹਾ) ਜਾਂ ਸਿੱਠਣੀਆਂ | ਹੁਣ ਕਈ ਲੋਕ ਤਾਂ ਇਸ ਲੇਡੀ ਸੰਗੀਤ ਨੂੰ ਪੈਲੇਸਾਂ ਵਿਚ ਰੱਖ ਕੇ ਸਿਰਫ਼ ਲੋਕਾਂ ਦੀ ਬੀੜ੍ਹੀ ਹੀ ਲਾਉਂਦੇ ਹਨ | ਡੀ.ਜੇ. ਦੇ ਸ਼ੋਰ ਨੇ ਰਸ ਭਿੰਨੇ ਹੁਲਾਰੇ ਖਾਂਦੇ ਗੀਤ ਨਿਗਲ ਲਏ | ਹੁਣ ਨਾਨਕਾ ਮੇਲ ਚੁੱਪ-ਚਾਪ ਅੰਦਰ ਆ ਹੈਲੋ-ਹਾਏ ਕਰਦਾ ਹੈ | ਫਿਰ ਵਟਣਾ ਮਲ ਕੇ ਨ੍ਹਾਈ-ਧੋਈ ਸ਼ਾਮ ਨੂੰ ਹੀ ਕਰਵਾ ਛੱਡਦੇ ਹਨ | ਫਿਰ ਵੰਨ-ਸੁਵੰਨੀਆਂ ਸਟਾਲਾਂ 'ਤੇ ਰੱਜ ਕੇ ਡੀ.ਜੇ. 'ਤੇ ਲੱਤਾਂ-ਬਾਹਾਂ ਮਾਰ ਲੇਡੀ ਸੰਗੀਤ ਵਿਚ ਲੇਡੀਜ਼ (ਔਰਤਾਂ) ਘੱਟ ਤੇ ਬੀਬੇ (ਮਰਦ) ਜ਼ਿਆਦਾ ਨੱਚਦੇ ਹਨ | ਬਾਜ਼ਾਰੋਂ ਖ਼ਰੀਦੀ ਲਾਈਟਾਂ ਵਾਲੀ ਜਾਗੋ ਡਾਂਸਿੰਗ ਫਲੋਰ 'ਤੇ ਚੀਕਾਂ ਮਾਰਦੀ ਹੈ |
ਜਾਗੋ ਵਿਚੋਂ ਸੈੱਲ ਮੁੱਕਗੇ,
ਮੁੱਕੀ ਅਣਖ ਤੇਰੇ 'ਚੋਂ ਸ਼ੇਰਾ |
ਪੱਛਮਾਂ ਦੀ ਰੀਸ ਕਰ ਕੇ,
ਕਾਹਤੋਂ ਰੂਪ ਵਿਗਾੜਿਆ ਮੇਰਾ |

-ਮੋਬਾਈਲ : 94654-34177.

ਭੁੱਲੀਆਂ ਵਿਸਰੀਆਂ ਯਾਦਾਂ

1972 ਵਿਚ ਵੇਰਕਾ ਵਿਖੇ ਮੋਹਨ ਕਾਹਲੋਂ ਦੇ ਨਾਵਲ 'ਤੇ ਗੋਸ਼ਟੀ ਹੋਈ ਸੀ | ਉਸ ਗੋਸ਼ਟੀ ਵਿਚ ਪੰਜਾਬੀ ਸਾਹਿਤ ਦੇ ਪੁਰਾਣੇ ਸਾਰੇ ਸਾਹਿਤਕਾਰ ਆਏ ਸਨ | ਨਾਲੇ ਇਹ ਗੋਸ਼ਟੀ ਸ਼ਹਿਰ ਦੀ ਥਾਂ ਇਕ ਕਸਬੇ ਦੇ ਸਰਕਾਰੀ ਹਾਈ ਸਕੂਲ ਵਿਚ ਹੋਈ ਸੀ | ਡਾ: ਸਾਧੂ ਸਿੰਘ ਹਮਦਰਦ ਤੇ ਬਲਰਾਜ ਸਾਹਨੀ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਗਿਆ ਸੀ | ਉਸ ਵਕਤ ਵੱਡੇ ਸਾਹਿਤਕਾਰ ਬੜੇ ਸਹਿਯੋਗ ਕਰਨ ਵਾਲੇ ਹੁੰਦੇ ਸਨ | ਪੰਜਾਬੀ ਦੀ ਕਿਸੇ ਕਿਤਾਬ 'ਤੇ ਜਦੋਂ ਕੋਈ ਗੋਸ਼ਟੀ ਹੁੰਦੀ ਸੀ ਤਾਂ ਸਾਰੇ ਸੱਦੇ ਸਾਹਿਤਕਾਰ ਆਉਂਦੇ ਸਨ | ਉਸ ਵਕਤ ਸਾਹਿਤਕਾਰ ਟੀ.ਏ.ਡੀ.ਏ. ਦੀ ਵੀ ਕੋਈ ਪ੍ਰਵਾਹ ਨਹੀਂ ਸਨ ਕਰਦੇ | ਉਸ ਵਕਤ ਸਾਰਿਆਂ ਵਿਚ ਦੋਸਤੀ ਪ੍ਰਮੁੱਖ ਹੁੰਦੀ ਸੀ | ਇਸ ਤਸਵੀਰ ਵਿਚਲੇ ਤਿੰਨ ਮੈਂਬਰ ਅੱਜ ਇਸ ਦੁਨੀਆ ਵਿਚ ਨਹੀਂ ਹਨ | ਮੰਚ 'ਤੇ ਇਕੱਠੇ ਬੈਠੇ ਇਨ੍ਹਾਂ ਸਾਹਿਤਕਾਰਾਂ ਦੀ ਇਹ ਤਸਵੀਰ ਹੀ ਯਾਦ ਬਣ ਗਈ ਹੈ | ਜਸਵੰਤ ਸਿੰਘ ਕੰਵਲ, 100 ਸਾਲ ਨੂੰ ਪਾਰ ਕਰ ਰਹੇ ਹਨ ਤੇ ਅਜੇ ਵੀ ਸਾਰੇ ਸਮਾਗਮਾਂ 'ਚ ਸ਼ਾਮਿਲ ਹੁੰਦੇ ਹਨ |

-ਮੋਬਾਈਲ : 98767-41231

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਦੇ ਪਿੰਡ ਦੇ ਸ਼ਾਹੂਕਾਰ ਦੇ ਆਲੇ-ਦੁਆਲੇ ਘੁੰਮਣ ਵਾਲੀਆਂ ਪੰਜਾਬੀ ਫ਼ਿਲਮਾਂ ਨੇ ਸੋਚਿਆ ਵੀ ਨਹੀਂ ਸੀ ਕਿ ਵਿਦੇਸ਼ਾਂ ਵਿਚ ਵੀ ਉਨ੍ਹਾਂ ਨੂੰ 'ਜੀ ਆਇਆਂ' ਨੂੰ ਕਿਹਾ ਜਾਵੇਗਾ | ਪਰ ਅੱਜ ਅਜਿਹਾ ਸੰਭਵ ਹੈ ਕਿਉਂਕਿ ਪੰਜਾਬੀ ਦਰਸ਼ਕ ਵਿਭਿੰਨ ਦੇਸ਼ਾਂ 'ਚ ਫੈਲੇ ਹੋਏ ਹਨ | ਲਿਹਾਜ਼ਾ, ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ 'ਚ ਵੀ ਪੰਜਾਬੀ ਫ਼ਿਲਮਾਂ ਨਿਰੰਤਰ ਰੂਪ 'ਚ ਦਿਖਾਈਆਂ ਜਾ ਰਹੀਆਂ ਹਨ | ਸੱਚਾਈ ਤਾਂ ਇਹ ਹੈ ਕਿ ਪੰਜਾਬੀ ਫ਼ਿਲਮਾਂ ਨੂੰ ਵਧੇਰੇ ਕਮਾਈ ਵਿਦੇਸ਼ਾਂ ਤੋਂ ਹੀ ਹੋ ਰਹੀ ਹੈ | ਇਸ ਲਈ ਪੱਛਮੀ ਸੱਭਿਅਤਾ ਦਾ ਰੰਗ ਵੀ ਇਨ੍ਹਾਂ ਫ਼ਿਲਮਾਂ 'ਚੋਂ ਝਲਕਣਾ ਸੁਭਾਵਿਕ ਹੀ ਹੈ |
ਐਨ. ਐਫ. ਡੀ. ਸੀ. ਨੇ ਵੀ ਪੰਜਾਬੀ ਫਿਲਮਾਂ ਨੂੰ ਪ੍ਰੋਤਸਾਹਤ ਕਰਨ ਲਈ ਸਮੇਂ-ਸਮੇਂ ਸਿਰ ਪ੍ਰੋਤਸਾਹਤ ਕੀਤਾ ਹੈ | ਫਲਸਰੂਪ 'ਅੰਨ੍ਹੇ ਘੋੜੇ ਦਾ ਦਾਨ', 'ਚੌਥੀ ਕੂਟ' ਅਤੇ 'ਮੜ੍ਹੀ ਦਾ ਦੀਵਾ' ਵਰਗੀਆਂ ਸਾਹਿਤਕ ਪਰਤ ਦੀਆਂ ਫ਼ਿਲਮਾਂ ਵੀ ਦੇਖਣ ਨੂੰ ਮਿਲੀਆਂ ਹਨ |
ਸਪੱਸ਼ਟ ਹੈ—ਇਸ ਲੰਬੇ ਸਫ਼ਰ ਲਈ ਕਈ ਕਲਾਕਾਰਾਂ, ਲੇਖਕਾਂ, ਗੀਤਕਾਰਾਂ, ਸੰਗੀਤਕਾਰਾਂ ਅਤੇ ਤਕਨੀਸ਼ੀਅਨਾਂ ਨੇ ਆਪਣਾ ਯੋਗਦਾਨ ਪਾਇਆ ਹੈ | ਅਫ਼ਸੋਸ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਦੇਣ ਨੂੰ ਵਿਧੀਪੂਰਵਕ ਢੰਗ ਨਾਲ ਕਦੇ ਵੀ ਕਲਮਬੰਦ ਨਹੀਂ ਕੀਤਾ ਹੈ | ਇਸ ਲਈ ਇਨ੍ਹਾਂ ਲੋਕਾਂ ਦਾ ਇਤਿਹਾਸ ਸਮੇਂ ਦੀ ਧੂੜ 'ਚ ਉੱਡਦਾ ਪ੍ਰਤੀਤ ਹੋ ਰਿਹਾ ਹੈ |
ਫਿਰ ਵੀ 'ਨਾਗਮਣੀ' ਵਲੋਂ ਅੰਮਿ੍ਤਾ ਪ੍ਰੀਤਮ ਨੇ ਦਵਿੰਦਰ ਸਿੰਘ ਕੋਲੋਂ ਕੁਝ ਲੇਖ ਪੰਜਾਬੀ ਸਿਨੇਮਾ ਦੇ ਸੰਦਰਭ ਵਿਚ ਲਿਖਵਾ ਕੇ ਪ੍ਰਕਾਸ਼ਿਤ ਕੀਤੇ ਸਨ | ਪੂਨੇ ਦੇ ਫ਼ਿਲਮ ਆਰਕੀਵ 'ਚ ਵੀ ਕੁਝ ਕੁ ਹਵਾਲੇ ਉਪਲਬਧ ਹਨ | ਵੈਸੇ ਪੰਜਾਬੀ ਸਿਨੇਮਾ ਨੂੰ ਪੁਨਰ ਸੁਰਜੀਤ ਕਰਨ ਵਾਲੇ ਭਾਖੜੀ ਭਰਾ ਵੀ ਹੁਣ ਮੁੰਬਈ ਛੱਡ ਕੇ ਪੂਨੇ ਹੀ ਆ ਕੇ ਟਿਕ ਗਏ ਹਨ | ਅਫ਼ਸੋਸ ਇਹ ਹੈ ਕਿ ਇਨ੍ਹਾਂ ਦੀ ਨਵੀਂ ਪੀੜ੍ਹੀ ਦੇ ਲੋਕ ਪੰਜਾਬੀ ਫ਼ਿਲਮਾਂ ਤਾਂ ਕੀ ਬਣਾਉਣਾ, ਉਨ੍ਹਾਂ ਨੂੰ ਪੰਜਾਬੀ ਤਕ ਨਹੀਂ ਆਉਂਦੀ |
ਲਿਹਾਜ਼ਾ, ਪਾਲੀਵੁੱਡ ਨੂੰ ਇਤਿਹਾਸਕ ਪਰਿਪੇਖ 'ਚ ਕਲਮਬੰਦ ਕਰਨਾ ਇਕ ਚੁਣੌਤੀਪੂਰਨ ਕੰਮ ਹੈ | ਫਿਰ ਵੀ, ਆਪਣੇ ਸੀਮਿਤ ਵਸੀਲਿਆਂ ਅਤੇ ਸਾਧਨਾਂ ਦੇ ਰਾਹੀਂ ਮੈਂ ਇਹ ਉਪਰਾਲਾ ਕਰਨ ਦਾ ਯਤਨ ਕੀਤਾ ਹੈ | ਮੈਂ ਉਨ੍ਹਾਂ ਸਾਰੇ ਹੀ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪ੍ਰਤੱਖ ਜਾਂ ਅਪ੍ਰਤੱਖ ਢੰਗ ਨਾਲ ਮੇਰਾ ਮਾਰਗਦਰਸ਼ਨ ਕੀਤਾ ਹੈ | ਪੰਜਾਬੀ ਸਿਨੇਮਾ ਦੇ ਕਲਾਕਾਰਾਂ ਅਤੇ ਵਿਭਿੰਨ ਸੰਕਲਪਾਂ ਦਾ ਵਿਸ਼ਲੇਸ਼ਣ ਕਰਨਾ ਮੇਰੇ ਲਈ ਸਦਾ ਹੀ ਇਕ ਯਾਦਗਾਰੀ ਅਨੁਭਵ ਰਹੇਗਾ |

ਮੋਬਾਈਲ : 99154-93043

ਗੱਲ ਰੁੱਖਾਂ ਦੇ ਦਿਮਾਗ਼ ਦੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੌਦਿਆਂ ਦਾ 'ਸਰਬਰੋਗ ਔਖ਼ਧੀ' ਲੱਛਣ
ਹਰ ਵਕਤ ਪੌਦੇ ਵੀ ਪ੍ਰਾਣੀਆਂ ਵਰਗੀਆਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਭਾਵੇਂ ਕਿ ਉਨ੍ਹਾਂ ਪ੍ਰਤੀ ਪੌਦਿਆਂ ਦੀ ਪਹੁੰਚ ਪ੍ਰਾਣੀਆਂ ਨਾਲੋਂ ਕਾਫੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ | ਪੌਦਿਆਂ ਨੂੰ ਆਪਣੀ ਖੁਰਾਕ ਤੇ ਊਰਜਾ ਦੀ ਭਾਲ ਕਰਨੀ ਪੈਂਦੀ ਹੈ, ਪ੍ਰਜਨਣ ਵੀ ਕਰਨਾ ਹੁੰਦਾ ਹੈ ਅਤੇ ਹਮਲਾਵਰ ਸ਼ਿਕਾਰੀਆਂ ਤੋਂ ਵੀ ਬਚਾਉਣਾ ਹੁੰਦਾ ਹੈ | ਸਮੱਸਿਆਵਾਂ ਨੂੰ ਹੱਲ ਕਰਨ ਦੀ ਕਾਬਲੀਅਤ ਹੀ ਬੁੱਧੀ ਕਹਾਉਂਦੀ ਹੈ ਤੇ ਪੌਦੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਹੈਰਤਅੰਗੇਜ਼ ਮਾਹਰ ਹੁੰਦੇ ਹਨ | ਪੌਦਿਆਂ ਦਾ ਸਭ ਤੋਂ ਹੇਠਲਾ ਹਿੱਸਾ, ਸਭ ਤੋਂ ਸੂਝ-ਸੂਖਮ ਹੁੰਦਾ ਹੋਵੇਗਾ | ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਪੌਦਿਆਂ ਦੀਆਂ ਜੜ੍ਹਾਂ ਜ਼ਮੀਨ 'ਚ ਐਵੇਂ ਹੀ ਅਟਕਲਪੱਚੂ ਰਾਹੀਂ ਇਧਰ-ਉਧਰ ਨਹੀਂ ਭਟਕਦੀਆਂ, ਸਗੋਂ ਪਾਣੀ ਦੀ ਭਾਲ'ਚ ਸਭ ਤੋਂ ਉਤਮ ਰਾਹ ਖੋਜਦੀਆਂ ਹਨ, ਸ਼ਰੀਕੇਬਾਜ਼ੀ ਤੋਂ ਬਚਦੀਆਂ ਹਨ ਅਤੇ ਖਣਿਜ ਭੰਡਾਰ ਕਰਦੀਆਂ ਹਨ | ਆਪਣੀਆਂ ਊਰਜ਼ੀ ਲੋੜਾਂ ਦੇ ਹੱਲ ਲਈ, ਧੁੱਪਦਾਰ ਪੌਦੇ ਜਿਹੜੇ ਤੇਜ਼ ਸੂਰਜੀ ਰੌਸ਼ਨੀ ਨੂੰ ਸਹਿ ਸਕਦੇ ਹਨ, ਸੂਰਜ ਵੱਲ ਮੁੜ ਜਾਂਦੇ ਹਨ ਜਾਂ ਵਧੇਰੇ ਸੂਤ ਲਗਦੇ ਆਪਣੀਆਂ ਟਾਹਣੀਆਂ ਨੂੰ ਰੌਸ਼ਨੀ ਵੱਲ ਮੋੜ ਲੈਂਦੇ ਹਨ | ਛਾਂ-ਦਾਰ ਪੌਦੇ ਛਾਂ-ਦਾਰ ਖੇਤਰਾਂ 'ਚ ਵੀ ਰੌਸ਼ਨੀ ਭਾਲ ਕੇ ਵਧਣ ਦੇ ਸਮਰੱਥ ਹੁੰਦੇ ਹਨ ਅਤੇ ਕਈ ਤਾਂ ਦਿਨੇ ਪੂਰੀ ਰੌਸ਼ਨੀ ਗ੍ਰਹਿਣ ਕਰਨ ਲਈ ਆਪਣੇ ਪੱਤੇ ਵੀ ਉਲਟਾ ਲੈਂਦੇ ਹਨ |
* ਕੁਝ ਪੌਦੇ ਆਪਣਾ ਪੋਸ਼ਣ ਤੇ ਊਰਜਾ ਲੈਣ ਖਾਤਰ ਇਕ ਵੱਖਰਾ ਢੰਗ ਅਪਣਾਉਂਦੇ •ਹਨ: ਉਹ ਪ੍ਰਾਣੀਆਂ ਦਾ ਸ਼ਿਕਾਰ ਕਰਦੇ ਹਨ, ਕੀੜੇ-ਮਕੌੜਿਆਂ ਤੋਂ ਲੈ ਕੇ ਚੂਹਿਆਂ ਤੇ ਪੰਛੀਆਂ ਤੱਕ ਦਾ ਵੀ | ਇਸ ਕਾਰਜ ਨੂੰ ਪੂਰਾ ਕਰਨ ਲਈ ਇਨ੍ਹਾਂ ਪੌਦਿਆਂ ਨੇ ਆਪਣੇ ਸ਼ਿਕਾਰ ਨੂੰ ਫੜਨ, ਫੜ ਕੇ ਕਾਬੂ 'ਚ ਰੱਖਣ ਤੇ ਨਿਗਲਣ ਲਈ ਭਰਮਾਊ-ਫੰਧੇ ਤੇ ਝਟਪਟ ਪ੍ਰਤੀਕ੍ਰਿਆਵਾਂ ਵਿਕਸਤ ਕੀਤੀਆਂ ਹੋਈਆਂ ਹਨ | ਇਨ੍ਹਾਂ ਕੀਟਾਹਾਰੀ ਪੌਦਿਆਂ ਦੀਆਂ ਘੱਟੋ ਘੱਟ 600 ਪ੍ਰਜਾਤੀਆਂ ਮਿਲਦੀਆਂ ਹਨ | 'ਵੀਨਸ ਫਲਾਈ ਟਰੈਪ' ਨਾਂਅ ਦਾ ਪੌਦਾ ਇਨ੍ਹਾਂ ਕੀਟਾਹਾਰੀ ਪੌਦਿਆਂ 'ਚੋਂ ਸਭ ਤੋਂ ਵਧੇਰੇ ਵਿਕਸਤ ਪੌਦਾ ਹੈ | ਜਿਸ ਜੁਗਤ ਰਾਹੀਂ ਫੰਧੇ ਦੇ ਮੂੰਹ ਬੰਦ ਹੁੰਦੇ ਹਨ, ਉਸ 'ਚ ਲਚਕ, ਫੁਰਤੀ ਤੇ ਫੈਲਣ ਵਿਚਕਾਰ ਇਕ ਜਟਿਲ ਅੰਤਰ-ਕਿਰਿਆ ਹੁੰਦੀ ਹੈ | ਫੰਧਾ ਉਦੋਂ ਹੀ ਬੰਦ ਹੁੰਦਾ ਹੈ ਜਦ ਪ੍ਰੇਰਕ-ਲੂੰ ਦੋ ਵਾਰ ਉਤੇਜਿਤ ਹੁੰਦਾ ਹੈ | ਅਜਿਹਾ, ਧੂੜ ਵਲੋਂ ਅਤੇ ਹਵਾ ਰਾਹੀਂ ਲਿਆਂਦੇ ਗਏ ਹੋਰ ਪਦਾਰਥਾਂ ਵਲੋਂ ਉਸ ਜੁਗਤ ਨੂੰ ਕਿਰਿਆਸ਼ੀਲ ਹੋਣ ਤੋਂ ਬਚਾਉਣ ਲਈ ਹੁੰਦਾ ਹੈ |
ਆਪਣੇ ਕੁਦਰਤੀ ਸੁਭਾਅ ਪੱਖੋਂ, ਪੌਦੇ ਆਪਣੇ ਵੈਰੀਆਂ 'ਤੇ ਹਮਲਾ ਨਹੀਂ ਕਰਦੇ, ਪਰ ਜੇ ਵੈਰੀ ਹਮਲਾ ਕਰਦਾ ਹੈ ਤਾਂ ਉਹ ਆਪਣਾ ਬਚਾਅ ਕਰ ਸਕਦੇ ਹਨ | ਹਾਲਾਂਕਿ, ਪੌਦੇ ਪ੍ਰਾਣੀਆਂ ਤੋਂ ਸਿੱਧੇ ਤੌਰ 'ਤੇ ਆਪਣਾ ਬਚਾਉ ਕਰਨ ਦੇ ਸਮਰੱਥ ਨਹੀਂ ਹੁੰਦੇ, ਫਿਰ ਵੀ ਉਨ੍ਹਾਂ ਨੇ ਸ਼ਿਕਾਰੀਆਂ ਤੋਂ ਆਪਣੀ ਹਿਫਾਜ਼ਤ ਕਰਨ ਲਈ, ਲਾਜੁਆਬ ਕਿਸਮ ਦੇ ਜ਼ਹਿਰੀਲੇ ਰਸਾਇਣ ਵਿਕਸਤ ਕੀਤੇ ਹੋਏ ਹਨ | ਜਦ ਕੋਈ ਕੀਟ ਉਨ੍ਹਾਂ 'ਤੇ ਹਮਲਾ ਕਰਦਾ ਹੈ ਤਾਂ ਬਹੁਤ ਸਾਰੇ ਪੌਦੇ, ਇਕ ਵਿਲੱਖਣ ਰਸਾਇਣਿਕ ਪਦਾਰਥ ਛੱਡਦੇ ਹਨ ਜਿਹੜਾ ਕਿ ਕੀਟ ਦੇ ਪਾਚਨ ਤੇ ਪ੍ਰਜਣਨ 'ਚ ਵਿਘਨ ਪਾ ਦਿੰਦਾ ਹੈ ਜਾਂ ਕੀਟ ਨੂੰ ਮਾਰ ਦਿੰਦਾ ਹੈ | ਮਿਸਾਲ ਦੇ ਤੌਰ 'ਤੇ ਟਮਾਟਰ ਅਕਸਰ ਹੀ ਕੀਟਾਂ, ਸੂਖਮ ਜੀਵਾਂ ਵਰਗੇ ਅਣਗਿਣਤ ਵੈਰੀਆਂ ਦੇ ਹਮਲੇ ਦੀ ਮਾਰ ਹੇਠ ਆਉਂਦੇ ਹਨ | ਪਰੰਤੂ ਉਨ੍ਹਾਂ ਅੰਦਰ ਇਕ ਬੇਹੱਦ ਕਾਰਗਰ ਸੁਰੱਖਿਆ-ਤੰਤਰ ਹੁੰਦਾ ਹੈ ਜਿਹੜਾ ਕਿ ਲੱਖਾਂ ਸਾਲਾਂ ਦੌਰਾਨ ਵਿਕਸਿਤ ਹੋਇਆ ਹੈ | ਜਦ ਕੋਈ ਟਮਾਟਰ ਕਿਸੇ ਪੌਦੇ-ਖਾਣੀ ਸੁੰਡੀ ਦੇ ਹਮਲੇ ਦਾ ਸ਼ਿਕਾਰ ਹੁੰਦਾ ਹੇ ਤੇ ਜ਼ਖ਼ਮੀ ਹੋ ਜਾਂਦਾ ਹੈ ਤਾਂ ਜ਼ਖ਼ਮ ਵਾਲੀ ਜਗ੍ਹਾਂ ਤੇ 'ਸਿਸਟੇਮਿਨ' ਨਾਂਅ ਦਾ ਥੋੜ੍ਹਾ ਜਿਹਾ ਪੈਪਟਾਈਡ (ਪ੍ਰੋਟੀਨ) ਨਿਕਲਦਾ ਹੈ | ਸਿਸਟੇਮਿਨ, ਨਿਸ਼ਾਨਾ ਸੇਧਤ ਸੈਲ 'ਤੇ ਸੁਗ੍ਰਾਹਕ ਨਾਲ ਕਿਰਿਆ ਕਰਦਾ ਹੈ, ਜਿਹੜਾ ਕਿਸੇ ਰੇਡੀਓ ਦੇ 'ਐਾਟੀਨੇ' ਵਾਂਗ ਕੰਮ ਕਰਦਾ ਹੈ | ਸਿਸਟੇਮਿਨ ਸੰਕੇਤ ਨੂੰ ਇਕ ਫਰਜ਼ੀ 'ਸੰਕੇਤ ਸੰਚਾਰਨ ਮਾਰਗ' ਰਾਹੀਂ ਫੁਲਾਇਆ ਜਾਂਦਾ ਹੈ | ਆਖਿਰ 'ਚ ਬਚਾਉ ਲਈ ਨਿਰਧਾਰਤ ਜੀਨ ਸਰਗਰਮ ਹੋ ਜਾਂਦੇ ਹਨ | ਇਨ੍ਹਾਂ ਜੀਨਾਂ ਉਪਰ ਉਨ੍ਹਾਂ ਪ੍ਰੋਟੀਨਾਂ ਦੇ 'ਕੋਡ' ਹੁੰਦੇ ਹਨ, ਜਿਹੜੇ ਕੀਟਾਂ ਦੀਆਂ ਅੰਤੜੀਆਂ ਵਿਚਲੇ ਪਾਚਕ ਰਸਾਂ ਨੂੰ ਰੋਕ ਲੈਂਦੇ ਹਨ | ਇਸ ਨਾਲ ਹਮਲਾਵਰ ਸੁੰਡੀਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਭੁੱਖੀਆਂ ਮਰਨ ਲਗਦੀਆਂ ਹਨ ਜਾਂ ਉਹ ਹੋਰਨਾਂ ਪੌਦਿਆਂ ਵੱਲ ਖਿਸਕ ਜਾਂਦੀਆਂ ਹਨ | ਅਜਿਹੇ ਨਿਰੀਖਣ ਦਰਸਾਉਂਦੇ ਹਨ ਕਿ ਭਾਵੇਂ ਪ੍ਰਾਣੀਆਂ ਵਾਂਗ ਤਾਂ ਨਹੀਂ, ਪਰ ਪੌਦੇ ਵੀ ਆਪਣੀ ਸਵੈ ਰਾਖੀ ਲਈ ਸਮਰੱਥਾ ਜੁਟਾਉਣ ਦੀ ਤਰ੍ਹਾਂ ਹੀ, ਬਦਲਾ ਲੈਣ ਦਾ ਝੁਕਾਓ ਵੀ ਰੱਖਦੇ ਹਨ, ਭਾਵੇਂ ਇਹ ਝੁਕਾਓ ਕਿੰਨਾ ਹੀ ਮਾਮੂਲੀ ਕਿਉਂ ਨਾ ਹੋਵੇ |
ਉਤਰੀ ਅਮਰੀਕਾ ਦਾ ਇਕ ਰੁੱਖ 'ਬਰਸੇਰਾ', ਜਾਨਵਰਾਂ ਨੂੰ ਅਨੋਖੇ ਢੰਗ ਰਾਹੀਂ ਪਰ੍ਹੇ ਭਜਾਉਂਦਾ ਹੈ | ਜਦ ਕੋਈ ਸ਼ਾਕਾਹਾਰੀ ਪ੍ਰਾਣੀ ਇਸ ਦੇ ਪੱਤਿਆਂ ਨੂੰ ਚਬਦਾ ਹੈ ਤਾਂ ਪ੍ਰਾਣੀ ਦੇ ਚਿਹਰੇ ਉੱਪਰ ਇਕ ਚਿਪਚਿਪੇ ਕੌੜੇ ਤਰਲ ਦੀ ਫੁਹਾਰ ਪੈਂਦੀ ਹੈ | ਸਿੱਟੇ ਵਜੋਂ ਹਮਲਾਵਰ ਪ੍ਰਾਣੀ ਬੁਖਲਾਅ ਜਾਂਦਾ ਹੈ ਤੇ ਭੱਜ ਜਾਂਦਾ ਹੈ | ਅਜਿਹੀ ਕਿਰਿਆ ਨੂੰ 'ਪਿਚਕਾਰੀ ਬੰਦੂਕ ਜੁਗਤ' ਕਿਹਾ ਜਾਂਦਾ ਹੈ | ਫੁਹਾਰ ਪਦਾਰਥ ਅਸਲ 'ਚ 'ਟਰਪੀਨ' ਹੈ | ਇਸ ਪਦਾਰਥ ਦਾ ਨਿਰਮਾਣ ਤਣਿਆਂ ਤੇ ਟਾਹਣੀਆਂ 'ਚ ਹੁੰਦਾ ਹੈ | ਫਿਰ ਇਹ ਰਾਲ ਨਾਲੀਆਂ ਰਾਹੀਂ ਪੱਤਿਆਂ ਨੂੰ ਸੌਾਪ ਦਿੱਤਾ ਜਾਂਦਾ ਹੈ | ਇਹ ਨਾਲੀਆਂ, ਨਪੀੜੇ ਹੋਏ ਰੇਸ਼ਿਆਂ ਦੇ ਇਕ ਜਾਲ ਵਾਂਗ ਪੱਤਿਆਂ 'ਚ ਮੌਜੂਦ ਹੁੰਦੀਆਂ ਹਨ | ਇਹ ਵਿਲੱਖਣ ਫੁਹਾਰ 15 ਸੈਂਟੀਮੀਟਰ ਦੀ ਦੂਰੀ ਤੱਕ ਲਗਾਤਾਰ 3-4 ਸਕਿੰਟਾਂ ਤੱਕ ਮਾਰ ਕਰ ਸਕਦੀ ਹੈ | ਇਸ ਪੱਖੋਂ ਪੌਦੇ ਜੁਗਾੜੀ ਵੀ ਤੇ ਕਿਰਸੀ ਵੀ ਹੁੰਦੇ ਹਨ |
ਖ਼ਮੋਸ਼ ਸੰਵਾਦਕ
ਪੌਦੇ ਹੈਰਤਅੰਗੇਜ਼ ਸੰਵਾਦਕ ਹੁੰਦੇ ਹਨ ਅਤੇ ਅਨੇਕਾਂ ਵੱਖ ਵੱਖ ਢੰਗਾਂ ਰਾਹੀਂ ਸੰਵਾਦ ਰਚਾ ਸਕਦੇ ਹਨ | ਸਭ ਤੋਂ ਵੱਧ ਜਾਣਿਆ ਜਾਂਦਾ ਜ਼ਰੀਆ ਹੈ—ਰਸਾਇਣਕ ਸੰਕੇਤ | ਜੇ ਕਿਸੇ ਕੀਟ ਵਲੋਂ ਪੌਦੇ ਦੇ ਇਕੱਲੇ ਪੱਤੇ ਉਪਰ ਹੀ ਹਮਲਾ ਕੀਤਾ ਜਾਂਦਾ ਹੈ ਤਾਂ ਕੁਝ ਸਕਿੰਟਾਂ ਦੇ ਅੰਦਰ ਅੰਦਰ ਹੀ ਜ਼ਖ਼ਮੀ ਪੱਤੇ ਵਲੋਂ ਪੌਦੇ ਦੇ ਬਾਕੀ ਸੁਰੱਖਿਅਤ ਹਿੱਸਿਆਂ ਨੂੰ ਇਕ ਰਸਾਇਣਕ ਸੰਕੇਤ ਭੇਜ ਦਿੱਤਾ ਜਾਂਦਾ ਹੈ | ਸਮੁੱਚੇ ਪੌਦੇ ਨੂੰ ਬਚਾਉਣ ਲਈ ਲੋੜੀਂਦਾ ਕਾਫੀ ਸਮਾਂ ਮਿਲ ਜਾਂਦਾ ਹੈ | ਇਸ ਤੋਂ ਇਲਾਵਾ ਪੌਦੇ ਬਿਜਲਈ ਸੰਕੇਤਾਂ ਰਾਹੀਂ ਤੇ ਤਰੰਗਾਂ ਰਾਹੀਂ ਵੀ ਸੰਦੇਸ਼ ਪਹੁੰਚਾਉਂਦੇ ਹਨ | ਕਈ ਪੌਦੇ ਤਾਂ ਆਪਣੀ ਪ੍ਰਜਾਤੀ ਦੇ ਦੂਜੇ ਪੌਦਿਆਂ ਨੂੰ ਸਿਰ 'ਤੇ ਮੰਡਰਾ ਰਹੇ ਖ਼ਤਰੇ ਤੋਂ ਵੀ ਸੁਚੇਤ ਕਰ ਦਿੰਦੇ ਹਨ | ਕਿੱਕਰ ਦੇ ਰੁੱਖ ਆਪਣਾ ਬਚਾਉ ਕਰਨ ਲਈ 'ਟੈਨਿਨ' ਨਾਂਅ ਦਾ ਇਕ ਰਸਾਇਣ ਪੈਦਾ ਕਰਦੇ ਹਨ, ਜਦ ਜਾਨਵਰ ਉਨ੍ਹਾਂ ਨੂੰ ਚਰਨ ਲਗਦੇ ਹਨ | ਟੈਨਿਨ ਦੀ ਹਵਾ 'ਚ ਫੈਲੀ ਸੁਗੰਧ ਨੂੰ ਕਿੱਕਰ ਦੇ ਦੂਜੇ ਰੁੱਖ ਫੜ ਲੈਂਦੇ ਹਨ ਅਤੇ ਉਹ ਆਪਣੇ ਨੇੜੇ ਫਿਰਦੇ ਜਾਨਵਰਾਂ ਤੋਂ ਬਚਣ ਲਈ ਖੁਦ 'ਟੈਨਿਨ' ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੰਦੇ ਹਨ |
ਤਾਜ਼ਾ ਖੋਜਾਂ ਨੇ ਇਹ ਦਰਸਾਇਆ ਹੈ ਕਿ 'ਪੀਲੀ ਸੋਨ ਬੂਟੀ' ਵਰਗੇ ਪੌਦੇ ਆਪਣੇ ਨੇੜਲੇ ਵੰਸ਼ ਨੂੰ ਪਹਿਚਾਣ ਲੈਂਦੇ ਹਨ | ਤੇ ਆਪਣੇ ਮੂਲ ਦੇ ਪੌਦਿਆਂ ਨਾਲੋਂ ਦੂਸਰੇ ਮੂਲ ਦੇ ਪੌਦਿਆਂ ਪ੍ਰਤੀ ਵੱਖਰੀ ਤਰ੍ਹਾਂ ਪ੍ਰਤੀਕਰਮ ਕਰਦੇ ਹਨ | ਆਪਣੇ ਨੇੜਲੇ ਸੰਬੰਧੀਆਂ ਦਰਮਿਆਨ ਰਹਿੰਦੇ ਪੌਦੇ, ਆਪਣੀਆਂ ਜੜ੍ਹਾਂ ਤੇ ਪੱਤਿਆਂ 'ਚ ਖੁਰਾਕ ਦਾ ਭੰਡਾਰ ਨਹੀਂ ਵਧਾਉਂਦੇ | ਸਗੋਂ ਉਹ ਆਪਣੇ ਤਣਿਆਂ ਨੂੰ ਲੰਮਾ ਕਰਕੇ ਅਤੇ ਟਾਹਣੀਆਂ ਨੂੰ ਫੈਲਾਅ ਕੇ ਆਪਣਾ ਆਕਾਰ ਬਦਲ ਲੈਂਦੇ ਹਨ | ਪੌਦਿਆਂ ਵਲੋਂ ਇਹ ਆਪਣੇ ਨੇੜਲੇ ਸੰਬੰਧੀਆਂ ਉਪਰ ਛਾਂ ਕਰੇ ਬਿਨਾਂ ਲੋੜੀਂਦੇ ਪੋਸ਼ਕ ਸਰੋਤ ਗ੍ਰਹਿਣ ਕਰਕੇ ਆਪਣੇ ਵੰਸ਼ ਨਾਲ ਸਹਿਯੋਗ ਕਰਨ ਦੀ ਇਕ ਮਿਸਾਲ ਜਾਪਦੀ ਹੈ |
ਇੱਥੇ ਕੋਈ ਵੀ ਇਹ ਸੁਆਲ ਖੜ੍ਹਾ ਕਰ ਸਕਦਾ ਹੈ ਕਿ ਕਿਉਂ ਕੁਝ ਪੌਦਿਆਂ ਦੀ ਗੰਧ ਇੰਨੀ ਚੰਗੀ ਹੁੰਦੀ ਹੈ ਤੇ ਕੁਝ ਦੀ ਬੜੀ ਭੈੜੀ ਹੁੰਦੀ ਹੈ | ਚਮੇਲੀ ਜਾਂ ਗੁਲਾਬ ਦੀ ਭਿੰਨੀ-ਭਿੰਨੀ ਖੁਸ਼ਬੂ ਜਾਂ ਕੁਝ ਘੱਟ ਲੁਭਾਵਣੀ ਜਿਵੇਂ ਕਿ 'ਰਾਫਲੇਸ਼ੀਆ' ਜਾਂ 'ਅਮੋਰਫੋਫੈਲਸ' ਦੇ ਫੁੱਲਾਂ ਵਲੋਂ ਪੈਦਾ ਕੀਤੀ ਗਈ ਗਲੇ-ਸੜੇ ਮਾਸ ਦੀ ਦੁਰਗੰਧ ਵਰਗੀ, ਪਰਾਗਵਾਹਕਾਂ ਲਈ ਇਕ ਸੰਦੇਸ਼ ਹੁੰਦਾ ਹੈ | ਦਰਅਸਲ, ਪੌਦੇ ਆਪਣੇ ਗੁਆਂਢੀ ਪੌਦਿਆਂ ਨਾਲ ਜਾਂ ਕੀੜੇ-ਮਕੌੜਿਆਂ ਤੇ ਹੋਰਨਾਂ ਪ੍ਰਾਣੀਆਂ ਨਾਲ ਢੇਰ ਸਾਰੀ ਸੂਚਨਾ ਸਾਂਝੀ ਕਰਦੇ ਹਨ | ਪੌਦੇ ਆਪਣੇ ਪ੍ਰਜਣਨ ਲਈ ਪ੍ਰਾਣੀਆਂ ਦਾ ਵੀ ਲਾਹਾ ਲੈਂਦੇ ਹਨ | ਬਹੁਤ ਸਾਰੇ ਪੌਦੇ, ਪਰਾਗਵਾਹਕਾਂ ਨੂੰ ਰਿਝਾਉਣ-ਭਰਮਾਉਣ ਲਈ ਜਟਿਲ ਦਾਅਪੇਚ ਵਰਤਦੇ ਹਨ ਜਾਂ ਸਿੱਧੇ ਛਲ ਰਾਹੀਂ ਜਾਂ ਲਾਲਚ ਦਾ ਸੰਦੇਸ਼ ਦੇ ਕੇ ਖਾਧ ਪਦਾਰਥ ਜਾਂ ਲੁਭਾਵਣੇ ਰੰਗ ਬਿਖੇਰਦੇ ਹਨ | ਨਵੀਂ ਖੋਜ ਦਰਸਾਉਂਦੀ ਹੈ ਕਿ ਕੁਝ ਪੌਦੇ ਭਿੰਨ-ਭਿੰਨ ਪਰਾਗਵਾਹਕਾਂ 'ਚ ਫਰਕ ਵੀ ਕਰਦੇ ਹਨ ਅਤੇ ਉਨ੍ਹਾਂ ਵਿਚੋਂ ਸਭ ਤੋਂ ਬਿਹਤਰ ਲਈ ਹੀ ਪਰਾਗ ਕਣ ਪੈਦਾ ਕਰਦੇ ਹਨ |
'ਆਰਕਿਡ' (ਰੰਗ-ਬਿਰੰਗੇ ਫੁੱਲਾਂ ਵਾਲੇ ਪੌਦੇ) ਜਿਨ੍ਹਾਂ ਅੰਦਰ ਆਪਣੇ ਪਰਾਗ ਕਣ ਬਿਖੇਰਨ ਖ਼ਾਤਰ ਕੀਟਾਂ ਨੂੰ ਖਿੱਚਣ ਲਈ ਸ਼ਹਿਦ-ਰਸ ਨਹੀਂ ਹੁੰਦਾ, ਕੀਟਾਂ ਨੂੰ ਵੇਧੇਰੇ ਸੁੰਦਰ ਫੁਲਾਂ ਦੀ ਖੁਸ਼ਬੂ ਰਾਹੀਂ ਭਰਮਾਉਂਦੇ ਹਨ ਜਾਂ ਸੰਭਾਵੀ ਸੰਭੋਗੀ ਸਾਥੀ ਦਾ ਸਾਂਗ ਧਾਰਦੇ ਹਨ | 'ਡੈਡਰੋਬੀਅਮ ਸਾਈਨੈਸ' ਪ੍ਰਜਾਤੀ ਦਾ ਆਰਕਿਡ (ਜਿਹੜਾ ਚੀਨੀ ਟਾਪੂ ਹੈਨਾਨ 'ਚ ਪਾਇਆ ਜਾਂਦਾ ਹੈ) ਦਾ ਫੁੱਲ ਇਕ ਅਜਿਹਾ ਵਾਸ਼ਪਸੀਲ ਜੈਵਿਕ ਰਸਾਇਣ ਜਾਂ 'ਮਧੂਮੱਖੀ ਫੈਰੋਮੋਨ' ਰਸ ਛੱਡ ਕੇ ਪਰਾਗਵਾਹਕ ਦੋਰੰਗੇ ਭੂੰਡਾਂ ਨੂੰ ਮੂਰਖ ਬਣਾਉਂਦਾ ਹੈ, ਜਿਸ ਰਸਾਇਣ ਨੂੰ ਮਧੂਮੱਖੀਆਂ ਚੇਤਾਵਨੀ ਦੇਣ ਲਈ ਵਰਤਦੀਆਂ ਹਨ | ਇਹ ਖੋਜ ਇਸ ਗੁੱਥੀ ਨੂੰ ਸੁਲਝਾਉਂਦੀ ਹੈ ਕਿ ਕਿਉਂ ਇਹ ਭੂੰਡ ਜੋ ਆਪਣੇ ਲਾਰਵੇ ਦੀ ਖੁਰਾਕ ਲਈ ਮਧੂਮੱਖੀਆਂ ਦਾ ਸ਼ਿਕਾਰ ਕਰਦੇ ਹਨ, ਉਨ੍ਹਾਂ ਫੁੱਲਾਂ ਉਪਰ ਮੰਡਰਾਉਂਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਅੰਦਰ ਕੋਈ ਸ਼ਹਿਦ-ਰਸ ਨਹੀਂ ਹੁੰਦਾ | ਜਿਹੜਾ ਰਸਾਇਣ ਇਹ ਆਰਕਿਡ ਪੌਦੇ ਪੈਦਾ ਕਰਦੇ ਹਨ, ਉਹ ਰਸਾਇਣ ਕੀਟ ਸੰਸਾਰ ਅੰਦਰ ਵੀ ਮਿਲਣਾ ਦੁਰਲੱਭ ਹੀ ਹੈ | ਅਤੇ ਇਸ ਰਸਾਇਣ ਦਾ ਕਦੇ ਵੀ, ਕਿਸੇ ਵੀ ਹੋਰ ਪੌਦੇ ਅੰਦਰ ਮਿਲਣ ਦਾ ਵਰਣਨ ਨਹੀਂ ਕੀਤਾ ਗਿਆ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਅਨੁਵਾਦ ਤੇ ਪੇਸ਼ਕਸ: ਯਸ਼ ਪਾਲ
203/13 ਮੋਹਾਲੀ ਇੰਪ. ਕੋਆਪ. ਸੋਸਾਇਟੀ, ਸੈਕਟਰ 68, ਮੋਹਾਲੀ | ਫੋਨ : 98145-35005.
ਈਮੇਲ: yashpal.vargchetna@gmail.com‹






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX