ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਇਤੁ ਮਦਿ ਪੀਤੈ ਨਾਨਕਾ...

ਗੁਰੂਆਂ-ਪੀਰਾਂ ਦੇ ਨਾਂਅ ਨਾਲ ਜਾਣੀ ਜਾਂਦੀ ਪੰਜ+ਆਬ (ਪੰਜ ਦਰਿਆਵਾਂ ਦੀ ਧਰਤੀ) ਵਿਚ ਅੱਜ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਹੈਰਾਨ ਹੋ ਜਾਈਦਾ ਹੈ ਅੱਜ ਦਾ ਪੰਜਾਬ ਦੇਖ ਕੇ, ਕਿ ਇਹ ਉਹੀ ਪੰਜਾਬ ਹੈ, ਜਿਸ ਬਾਰੇ ਕਦੇ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨੇ ਲਿਖਿਆ ਸੀ: 'ਦੁੱਧ ਦਹੀਂ ਦੇ ਵਹਿਣ ਦਰਿਆ ਇੱਥੇ, ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ।'
ਅੱਜ ਜਦੋਂ ਪੰਜਾਬ ਦੇ ਗੱਭਰੂ ਪੁੱਤਾਂ ਵੱਲ ਝਾਤ ਮਾਰੀਏ ਤਾਂ 80 ਫੀਸਦੀ ਤੋਂ ਉੱਪਰ ਨੌਜਵਾਨ ਨਸ਼ਿਆਂ ਵਰਗੀ ਭੈੜੀ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ। ਅੱਜ ਸ਼ਰਾਬ ਨੂੰ 'ਸੋਸ਼ਲ ਡਰਿੰਕ' ਦਾ ਨਾਂਅ ਦਿੱਤਾ ਗਿਆ ਹੈ ਜਦਕਿ ਸ਼ਰਾਬ ਦੀ ਹਰ ਬੋਤਲ ਉੱਪਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਅਤੇ ਅਫ਼ਸੋਸ ਕਿ ਸਾਡੇ ਸਮਾਜ ਦਾ ਪੜ੍ਹਿਆ-ਲਿਖਿਆ ਵਰਗ ਆਪਣੇ ਵਿਆਹ, ਸ਼ਾਦੀਆਂ, ਪਾਰਟੀਆਂ ਵਿਚ ਸ਼ਰਾਬ ਦੀ ਵਰਤੋਂ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਸ਼ਰਾਬ ਤੋਂ ਬਿਨਾਂ ਪਾਰਟੀ ਜਾਂ ਖੁਸ਼ੀ ਦੇ ਮੌਕੇ ਨੂੰ ਅਧੂਰਾ ਹੀ ਸਮਝਿਆ ਜਾਂਦਾ ਹੈ। ਨਸ਼ਿਆਂ ਸਬੰਧੀ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਕਿ ਸਿਰਫ ਭਾਰਤ ਵਿਚ ਹੀ ਤੰਬਾਕੂ ਦੀ ਵਰਤੋਂ ਨਾਲ 8 ਲੱਖ ਲੋਕ ਪ੍ਰਤੀ ਸਾਲ ਮਰ ਜਾਂਦੇ ਹਨ।
ਅੱਜ ਲੋਕਾਈ ਗੁਰਬਾਣੀ ਦੀ ਸੇਧ ਤੋਂ ਕੋਹਾਂ ਮੀਲ ਦੂਰ ਹੋ ਗਈ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਸੀ:
ਰੈਣਿ ਗਵਾਈ ਸੋਇ ਕੈ
ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮੁ ਹੈ
ਕਉਡੀ ਬਦਲੇ ਜਾਇ॥
(ਗਉੜੀ ਬੈਰਾਗਣਿ ਮ: 1, ਅੰਗ 156)
ਕਿ ਆਪਣੇ ਹੀਰੇ ਵਰਗੇ ਜੀਵਨ ਨੂੰ ਕੌਡੀ ਬਦਲੇ ਨਾ ਖਤਮ ਕਰ ਦੇਈਂ। ਪਰ ਅੱਜ ਆਪਣੇ ਹੀ ਮੁਹੱਲੇ ਜਦੋਂ ਖ਼ਬਰ ਸੁਣੀਂਦੀ ਹੈ ਕਿ ਫਲਾਂ ਮੁੰਡਾ ਜਿਹੜਾ ਸਮੈਕ ਨਾਲ ਹੀ ਰੱਜਿਆ ਰਹਿੰਦਾ ਸੀ, ਅੱਜ ਫਲਾਣੇ ਮੋੜ ਤੋਂ ਉਸ ਦੀ ਲਾਸ਼ ਮਿਲੀ ਤਾਂ ਸੁਣ ਕੇ ਦੁੱਖ ਹੁੰਦਾ ਹੈ ਕਿ ਕਾਸ਼! ਅਸੀਂ ਗੁਰਬਾਣੀ ਦੇ ਅਰਥ ਨੂੰ ਜੀਵਨ ਦਾ ਆਧਾਰ ਬਣਾਇਆ ਹੁੰਦਾ।
ਇਕ ਸਮਾਂ ਸੀ ਜਦੋਂ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਨੀਵੇਂ ਪੱਧਰ ਦਾ ਸਮਝਿਆ ਜਾਂਦਾ ਸੀ, ਪਰ ਅੱਜ ਦੇ ਪੜ੍ਹੇ-ਲਿਖੇ ਯੁੱਗ ਵਿਚ ਸ਼ਰਾਬ ਨਾ ਪੀਣ ਵਾਲੇ ਨੂੰ ਛੋਟਾ ਸਮਝਿਆ ਜਾਂਦਾ ਹੈ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਘਰ ਦਾ ਸਾਮਾਨ ਵੇਚਣ, ਚੋਰੀ ਕਰਨ ਆਦਿ ਵਰਗੇ ਅਪਰਾਧ ਕਰਨ ਦੇ ਵੀ ਆਦੀ ਹੋ ਜਾਂਦੇ ਹਨ, ਜਿਸ ਕਰਕੇ ਲੁੱਟਾਂ-ਖੋਹਾਂ ਆਦਿ ਦੇ ਕੇਸਾਂ ਵਿਚ ਵੀ ਬੇਸ਼ੁਮਾਰ ਵਾਧਾ ਹੁੰਦਾ ਹੈ।
ਅੱਜ ਸਮੈਕ ਤੋਂ ਇਲਾਵਾ ਨੌਜਵਾਨ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵੀ ਸ਼ਰ੍ਹੇਆਮ ਕਰ ਰਹੇ ਹਨ, ਜਿਸ ਨੂੰ ਸਰੂਰ ਪ੍ਰਾਪਤੀ ਦਾ ਵਧੀਆ, ਸਸਤਾ ਅਤੇ ਸੌਖਾ ਸਾਧਨ ਮੰਨਿਆ ਜਾਂਦਾ ਹੈ। ਦਵਾਈਆਂ ਤੋਂ ਇਲਾਵਾ ਸਿਹਤ ਵਿਗਿਆਨੀਆਂ ਵਲੋਂ ਵਰਤੇ ਜਾਂਦੇ ਦਰਦ ਨਿਵਾਰਕ ਟੀਕਿਆਂ ਦੀ ਵਰਤੋਂ ਕਰਕੇ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ। ਇੰਸਟੀਚਿਊਟ ਆਫ ਡਿਵੈਲਪਮੈਂਟ ਅਤੇ ਕਮਿਊਨੀਕੇਸ਼ਨ ਦਾ ਅਧਿਐਨ ਵੀ ਹੋਸਟਲਾਂ ਵਾਲੇ ਬੱਚਿਆਂ ਦੇ ਤੱਥਾਂ ਵਿਚ ਨਸ਼ਿਆਂ ਦੀ ਪ੍ਰੋੜ੍ਹਤਾ ਕਰਦਾ ਹੈ। ਇਸ ਦਾ ਸਰਵੇ ਇਹ ਵੀ ਦੱਸਦਾ ਹੈ ਕਿ ਪੰਜਾਬ ਵਿਚ 53 ਫੀਸਦੀ ਆਦਮੀ ਅਤੇ 48 ਫੀਸਦੀ ਔਰਤਾਂ ਨਸ਼ਿਆਂ ਦੀਆਂ ਆਦੀ ਹਨ।
ਅਨੇਕਾਂ ਅਜਿਹੀਆਂ ਦਵਾਈਆਂ, ਜੋ ਬਿਨਾਂ ਕਿਸੇ ਡਾਕਟਰ ਦੇ ਪੁੱਛਿਆਂ ਬਿਨਾਂ ਪਰਚੀ ਲਏ ਤੋਂ ਲਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਸੈਕਸੋਨਾਫੋਰਟ, ਵੀ-ਟੈਕਸ, ਵਨ-ਟਾਪ, ਕਮਾਂਡੋ, ਬੋਲਡ-ਨਾਇਟ, ਸਟਡ ਅਤੇ ਹਿਮਕੋਲੀਨ ਕਰੀਮ ਵਰਗੀਆਂ ਉਹ ਦਵਾਈਆਂ ਸ਼ਾਮਿਲ ਹਨ, ਜਿਨ੍ਹਾਂ ਦੀ ਕਿਸੇ ਵੀ ਸਿਹਤਮੰਦ ਅਤੇ ਤੰਦਰੁਸਤ ਵਿਅਕਤੀ ਨੂੰ ਲੋੜ ਨਹੀਂ ਪੈਣੀ ਚਾਹੀਦੀ।
ਸਿਆਣੇ ਬਜ਼ੁਰਗਾਂ ਨੇ ਸ਼ਰਾਬ ਨੂੰ ਸ਼ਰਾਰਤੀ ਪਾਣੀ ਦਾ ਨਾਂਅ ਦਿੱਤਾ ਹੈ। ਸ਼ਰਾਬ ਇਕ ਅਜਿਹਾ ਪਦਾਰਥ ਹੈ, ਜਿਸ ਨੂੰ ਪੀਣ ਨਾਲ ਵਿਅਕਤੀ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ। ਘਰਵਾਲੀ-ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿਚ ਅਲਕੋਹਲ ਹੁੰਦੀ ਹੈ, ਜਿਸ ਦਾ ਸਰੀਰ ਨੂੰ ਕਾਫੀ ਨੁਕਸਾਨ ਪੁੱਜਦਾ ਹੈ। ਤੀਸਰੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਨਸ਼ਾ ਕਰਨ ਤੋਂ ਸਖਤ ਵਰਜਿਆ ਸੀ :
ਜਿਤੁ ਪੀਤੈ ਮਤਿ ਦੂਰ ਹੋਇ
ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ
ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ
ਦਰਗਾਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ
ਜੇ ਕਾ ਪਾਰਿ ਵਸਾਇ॥
(ਬਿਹਾਗੜੇ ਕੀ ਵਾਰ ਸਲੋਕ ਮਹਲਾ 3, ਅੰਗ 554)
ਭਾਵ ਕਿ ਜਿਸ ਨੂੰ ਪੀਣ ਨਾਲ ਮੱਤ ਮਾਰੀ ਜਾਵੇ, ਆਪਣੇ-ਪਰਾਏ ਦੀ ਪਛਾਣ ਨਾ ਰਹੇ, ਪ੍ਰਭੂ ਦੀ ਸੱਚੀ ਦਰਗਾਹ ਤੋਂ ਵੀ ਧੱਕੇ ਪੈਣ, ਪਰਮਾਤਮਾ ਵਿਸਰ ਜਾਵੇ ਅਤੇ ਪ੍ਰਭੂ ਦੀ ਸੱਚੀ ਦਰਗਾਹ 'ਤੇ ਸਜ਼ਾ ਮਿਲੇ, ਅਜਿਹੇ ਪਦਾਰਥ ਦਾ ਸੇਵਨ ਨਾ ਕਰੀਂ। ਪਰ ਅਫਸੋਸ ਕਿ ਅੱਜ ਸਿੱਖਾਂ ਵਿਚ ਹੀ ਸ਼ਰਾਬ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਕਈ ਅੰਮ੍ਰਿਤਧਾਰੀਆਂ ਨੂੰ ਸ਼ਰਾਬ ਪੀਂਦੇ ਆਪਣੀ ਅੱਖੀਂ ਵੇਖਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ ਹੋਈ ਇਕ ਕਾਨਫਰੰਸ ਦੌਰਾਨ ਡਾਕਟਰਾਂ ਵਲੋਂ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਜਿਹੜਾ ਵਿਅਕਤੀ 20 ਤੋਂ 60 ਸਾਲ ਦੀ ਉਮਰ ਤੱਕ ਨਸ਼ਿਆਂ ਦਾ ਸੇਵਨ ਕਰਦਾ ਹੈ, ਉਹ ਆਪਣਾ 10 ਤੋਂ 15 ਲੱਖ ਦਾ ਨੁਕਸਾਨ ਕਰਦਾ ਹੈ। ਸ਼ਰਾਬ ਪੀਣ ਨਾਲ ਜਿਗਰ ਸੁਸਤ ਹੋ ਜਾਂਦਾ ਹੈ। ਪੀਲੀਆ, ਕੈਂਸਰ ਜਾਂ ਹਾਰਟ ਫੇਲ੍ਹ ਹੋ ਜਾਂਦਾ ਹੈ। ਸ਼ੁਰੂ ਵਿਚ ਮੋਟਾਪਾ, ਅੰਤ ਵਿਚ ਸੋਕੜਾ, ਗਠੀਆ, ਹਾਦਸਿਆਂ ਅਤੇ ਦੁਰਘਟਨਾਵਾਂ ਦੀ ਸੰਭਾਵਨਾ ਵਧ ਜਾਂਦੀ ਹੈ। ਸ਼ਰਾਬਨੋਸ਼ੀ ਬਾਰੇ ਗੁਰਬਾਣੀ ਨੇ ਸਪੱਸ਼ਟ ਕੀਤਾ ਹੈ-
ਇਤੁ ਮਦਿ ਪੀਤੈ ਨਾਨਕਾ
ਬਹੁਤੇ ਖਟੀਅਹਿ ਬਿਕਾਰ॥
(ਵਾਰ ਬਿਹਾਗੜਾ ਮ: 1, ਅੰਗ 553)
ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ 5 ਲੱਖ ਵਿਅਕਤੀ ਤੰਬਾਕੂਨੋਸ਼ੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣਾ ਹੋ ਜਾਵੇਗੀ। ਸਿਗਰਟ ਜਾਂ ਬੀੜੀ ਵਿਚ ਜੋ ਤੰਬਾਕੂ ਹੁੰਦਾ ਹੈ, ਉਹ ਅੱਗ ਦੇ ਸੇਕ ਨਾਲ ਸੁਕਾਇਆ ਹੁੰਦਾ ਹੈ। ਸਿਗਰਟ ਦੀ ਪਰਿਭਾਸ਼ਾ ਦਿੰਦਿਆਂ ਸਰ ਵਿਜਿਲ ਸਕਾਟ ਨੇ ਠੀਕ ਕਿਹਾ ਹੈ ਕਿ 'ਸਿਗਰਟ (ਅੰਦਰੋਂ ਭਰੀ ਹੋਈ) ਇਕ ਅਜਿਹੀ ਨਲਕੀ ਹੈ, ਜਿਸ ਦੇ ਇਕ ਸਿਰੇ 'ਤੇ ਤਾਂ ਜੋਤ ਜਗ ਰਹੀ ਹੈ ਅਤੇ ਦੂਜੇ ਸਿਰੇ 'ਤੇ ਇਕ ਮੂਰਖ ਚਿੰਬੜਿਆ ਹੁੰਦਾ ਹੈ।' ਇਕ ਵਿਗਿਆਨਕ ਰਿਪੋਰਟ ਅਨੁਸਾਰ ਇਕ ਸਿਗਰਟ ਪੀਣ ਨਾਲ ਬੰਦੇ ਦੀ ਉਮਰ ਸਾਢੇ ਪੰਜ ਮਿੰਟ ਘਟ ਜਾਂਦੀ ਹੈ।
ਇਸ ਵਿਚ ਨਿਕੋਟੀਨ ਹੁੰਦੀ ਹੈ, ਜਿਸ ਨਾਲ ਸਰੀਰ ਦੀਆਂ ਲਹੂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਉਨ੍ਹਾਂ ਰਾਹੀਂ ਲਹੂ ਪ੍ਰਵਾਹ ਘਟ ਜਾਂਦਾ ਹੈ। ਸਦੀਵੀ ਨਜ਼ਲਾ ਹੋ ਜਾਂਦਾ ਹੈ। ਕੈਂਸਰ ਅਤੇ ਦਿਲ ਸਬੰਧੀ ਅਨੇਕਾਂ ਰੋਗ ਲੱਗ ਜਾਂਦੇ ਹਨ।
ਸਿੱਖ ਰਹਿਤਨਾਮਿਆਂ ਵਿਚ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਵਰਜਿਆ ਗਿਆ ਹੈ:
ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ।
ਇਨ ਕੀ ਅੋਰ ਨ ਕਬਹੂੰ ਦੇਖੈ, ਰਹਿਤਵੰਤ ਸੋ ਸਿੰਘ ਬਿਸੇਖੈ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਪਦਅਰਥ : ਟੋਪੀ (ਚਿਲਮ), ਤਾੜੀ (ਤਾੜ ਦੀ ਮਦਿਰਾ ਸ਼ਰਾਬ), ਖਾਕੂ (ਚੰਡੂ, ਅਫ਼ੀਮ ਦਾ ਧੂਆਂ ਤੰਬਾਕੂ ਵਾਂਗ ਪੀਣਾ)।
ਕੁਲ ਨਸ਼ਿਆਂ ਦੀ ਸਿਰਤਾਜ ਹੈਰੋਇਨ ਦੇ ਅਸ਼ੁੱਧ ਰੂਪ ਨੂੰ ਸਮੈਕ ਕਿਹਾ ਜਾਂਦਾ ਹੈ। ਇਸ ਨੂੰ ਬਰਾਊਨ ਸ਼ੂਗਰ ਦਾ ਨਾਂਅ ਵੀ ਦਿੱਤਾ ਜਾਂਦਾ ਹੈ। ਇਹ ਸਭ ਤੋਂ ਮਹਿੰਗਾ ਨਸ਼ਾ ਹੈ। ਇਸ ਦੀ ਕੀਮਤ 200 ਰੁਪਏ ਤੋਂ 300 ਰੁਪਏ ਤੱਕ ਪ੍ਰਤੀ ਗ੍ਰਾਮ ਤੱਕ ਹੁੰਦੀ ਹੈ। ਕਈ ਲੋਕ ਇਸ ਨੂੰ ਸਿਗਰਟ ਵਿਚ ਪਾ ਕੇ ਪੀਂਦੇ ਹਨ ਅਤੇ ਪੱਛਮੀ ਦੇਸ਼ਾਂ ਵਿਚ ਟੀਕੇ ਰਾਹੀਂ ਵੀ ਇਸ ਦਾ ਨਸ਼ਾ ਲਿਆ ਜਾਂਦਾ ਹੈ। ਸਮੈਕ ਦੇ ਨਸ਼ੇ ਦੇ ਆਦੀ ਸ਼ੁਰੂਆਤ ਤੋਂ 10-20 ਸਾਲਾਂ ਵਿਚ ਹੀ ਮਰ ਜਾਂਦੇ ਹਨ ਅਤੇ ਜ਼ਿੰਦਗੀ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਬੈਠਦੇ ਹਨ। ਇਸ ਨਾਲ ਸਰੀਰ ਕਮਜ਼ੋਰ ਹੋ ਕੇ ਰੰਗ ਭੂਸਾ ਪੈ ਜਾਂਦਾ ਹੈ। 15 ਕਿਲੋ ਤੱਕ ਵਜ਼ਨ ਘਟ ਜਾਂਦਾ ਹੈ। ਸਮੈਕ ਦਾ ਆਦੀ ਨੌਜਵਾਨ ਨਸ਼ਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਝੂਠ ਬੋਲ ਕੇ, ਹੇਰਾਫੇਰੀ ਜਾਂ ਹਮਦਰਦੀ ਹਾਸਲ ਕਰਕੇ ਲੋਕਾਂ ਨੂੰ ਠੱਗਣ ਵਿਚ ਕਾਬਲ ਹੁੰਦਾ ਹੈ। ਸਮੈਕ ਪੀਣ ਵਾਲੇ ਵਿਅਕਤੀਆਂ ਦੀ ਗਿਣਤੀ ਵਿਚ ਵਾਧਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ।
ਅੱਜ ਪੱਛਮੀ ਨਕਲ ਹੇਠ ਸਿਨੇਮਾ, ਟੈਲੀਵਿਜ਼ਨਾਂ ਰਾਹੀਂ ਕਲਾਕਾਰਾਂ ਨੂੰ ਨਸ਼ਾ ਕਰਦਿਆਂ ਵਿਖਾਉਣਾ, ਜਿਸ ਵਿਚ ਸ਼ਰਾਬ, ਸਿਗਰਟ ਆਦਿ ਦ੍ਰਿਸ਼ਾਂ ਨੂੰ ਵਿਸ਼ੇਸ਼ ਦਿੱਖ ਦੇ ਕੇ ਪੇਸ਼ ਕਰਨਾ ਹੈ। ਪਾਨ, ਮਸਾਲੇ, ਸਿਗਰਟ, ਸ਼ਰਾਬ ਆਦਿ ਦੇ ਇਸ਼ਤਿਹਾਰ ਅੱਧ-ਨੰਗੀਆਂ ਔਰਤਾਂ ਕੋਲੋਂ ਕਰਵਾ ਕੇ ਅਤੇ ਫਿਰ ਮੈਗਜ਼ੀਨ, ਅਖ਼ਬਾਰਾਂ ਅਤੇ ਜਨਤਕ ਥਾਵਾਂ 'ਤੇ ਕੀਤੀ ਗਈ ਵੱਡੇ ਪੱਧਰ 'ਤੇ ਇਸ਼ਤਿਹਾਰਬਾਜ਼ੀ ਨਾਲ ਨੌਜਵਾਨਾਂ ਨੂੰ ਨਸ਼ਿਆਂ ਵੱਲ ਉਤਸੁਕ ਕੀਤਾ ਜਾ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਅਸ਼ਲੀਲ ਗਾਇਕੀ ਨੇ ਸਭ ਹੱਦ-ਬੰਨ੍ਹੇ ਟੱਪ ਕੇ ਨਵਾਂ ਮੀਲ-ਪੱਥਰ ਗੱਡਿਆ ਹੈ। ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਨ ਲਈ ਨੈਣ ਸ਼ਰਾਬੀ, ਇਸ਼ਕ ਬਰਾਂਡੀ, ਅਵਾਰਾਗਰਦੀ, ਕੁੜੀ ਨੂੰ ਘਰੋਂ ਭਜਾਉਣਾ, ਮਿਸਾਲ ਦੇ ਤੌਰ 'ਤੇ 'ਜੇ ਪੀਣੀ ਛੱਡਤੀ ਜੱਟਾਂ ਨੇ, ਫਿਰ ਕੌਣ ਮਾਰੂ ਲਲਕਾਰੇ', 'ਦੇਸੀ ਦਾਰੂ', 'ਮੈਂ ਹੋ ਗਿਆ ਸ਼ਰਾਬੀ', 'ਗਲਾਸੀ ਖੜਕੇ', 'ਵੈਲੀ ਪੁੱਤ', ਮਹਿੰਗੀਆਂ ਸ਼ਰਾਬਾਂ ਦੇ ਸਬੰਧ ਵਿਚ ਘਟੀਆ ਗੀਤ ਪੇਸ਼ ਕਰਨ ਵਾਲੇ ਆਪਣੇ-ਆਪ ਨੂੰ ਸੱਭਿਆਚਾਰਕ ਗਾਇਕ ਅਖਵਾਉਣ ਵਾਲੇ ਪਤਾ ਨਹੀਂ ਕਿਹੜੇ ਸੱਭਿਆਚਾਰ ਦੀ ਗੱਲ ਕਰ ਰਹੇ ਹਨ?
ਇਕ ਖ਼ਬਰ ਮੁਤਾਬਿਕ ਪੰਜਾਬ ਵਿਚੋਂ ਫੌਜੀ ਭਰਤੀ ਲਈ ਜਵਾਨ ਨਹੀਂ ਮਿਲ ਰਹੇ, ਜਦਕਿ ਕਦੇ ਉਹ ਸਮਾਂ ਵੀ ਸੀ ਜਦੋਂ ਅੰਗਰੇਜ਼ ਸਰਕਾਰ, ਪੰਜਾਬ ਦੇ ਗਜ਼-ਗਜ਼ ਚੌੜੀਆਂ ਛਾਤੀਆਂ ਵਾਲੇ ਜਵਾਨਾਂ ਨੂੰ ਖੁਸ਼ੀ-ਖੁਸ਼ੀ ਫੌਜ ਵਿਚ ਭਰਤੀ ਕਰਦੀ ਸੀ ਅਤੇ ਪੰਜਾਬ ਵਰਗੇ ਦਰਸ਼ਨੀ ਜਵਾਨ ਹਿੰਦੋਸਤਾਨ ਦੇ ਕਿਸੇ ਵੀ ਹੋਰ ਕੋਨੇ ਵਿਚੋਂ ਨਹੀਂ ਲੱਭਦੇ ਸਨ। ਪੰਜਾਬ ਦੇ ਗੱਭਰੂਆਂ ਦੀ ਬਹਾਦਰੀ ਅਤੇ ਸੁਹੱਪਣ ਦਾ ਫੌਜ ਵਿਚ ਵੱਖਰਾ ਮੁਕਾਮ ਸੀ, ਪਰ ਅੱਜ ਨਸ਼ਿਆਂ ਦੀ ਮਾਰ ਹੇਠ ਸਾਡੀ ਜਵਾਨੀ ਡੁੱਬ ਕੇ ਗੋਤੇ ਖਾ ਰਹੀ ਹੈ।
ਕੀ ਇਲਾਜ ਹੈ? ਕੀ ਕੀਤਾ ਜਾਵੇ?
ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਮਾਤਾ-ਪਿਤਾ ਅੱਗੇ ਆਉਣ। ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਇਸ ਪਾਸੇ ਵਿਸ਼ੇਸ਼ ਯਤਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ। ਸੈਂਸਰ ਬੋਰਡ ਰਾਹੀਂ ਫਿਲਮਾਂ, ਸੀਰੀਅਲਾਂ ਵਿਚੋਂ ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਸੀਨਾਂ (ਦ੍ਰਿਸ਼ਾਂ) 'ਤੇ ਪੂਰਨ ਪਾਬੰਦੀ ਲਗਾਈ ਜਾਵੇ। ਨਸ਼ਿਆਂ ਨਾਲੋਂ ਨੌਜਵਾਨਾਂ ਨੂੰ ਫ਼ਲ-ਫਰੂਟ, ਦੁੱਧ, ਦਹੀਂ, ਮੱਖਣ, ਲੱਸੀ ਆਦਿ ਦੇ ਸਰੀਰ ਨੂੰ ਫਾਇਦਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਅਖ਼ਬਾਰਾਂ ਵਿਚ ਵਿਸ਼ੇਸ਼ ਕਾਲਮ ਸ਼ੁਰੂ ਕਰਕੇ ਨਸ਼ਿਆਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਨਸ਼ਿਆਂ ਅਤੇ ਜੀਵਨ ਜਾਚ ਦੇ ਸਬੰਧ ਵਿਚ ਧਾਰਮਿਕ ਕਲਾਸਾਂ, ਕੈਂਪ ਅਤੇ ਸੈਮੀਨਾਰ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਦੇ ਪੱਧਰ 'ਤੇ ਸ਼ੁਰੂ ਕੀਤੇ ਜਾਣ। ਜਨਤਕ ਥਾਵਾਂ 'ਤੇ ਨਸ਼ਿਆਂ ਦੇ ਵਿਰੁੱਧ ਵੱਡੇ ਹੋਰਡਿੰਗ ਬੋਰਡ ਲਗਾਏ ਜਾਣ। ਸਕੂਲੀ ਬੱਚਿਆਂ ਨੂੰ ਖੇਡਾਂ, ਕੁਸ਼ਤੀਆਂ ਆਦਿ ਵੱਲ ਵਿਸ਼ੇਸ਼ ਰੂਪ ਵਿਚ ਪ੍ਰੇਰਿਤ ਕੀਤਾ ਜਾਵੇ।
ਮਾਤਾ-ਪਿਤਾ ਆਪ ਵੀ ਘਰ ਵਿਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਕੇ ਬੱਚਿਆਂ ਲਈ ਉਦਹਾਰਨ ਬਣਨ। ਸਾਰੀਆਂ ਹੀ ਸਮਾਜ ਸੇਵੀ, ਧਾਰਮਿਕ, ਰਾਜਨੀਤਕ ਜਥੇਬੰਦੀਆਂ ਨਸ਼ਿਆਂ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣ ਅਤੇ ਸਰਕਾਰਾਂ ਨੂੰ ਨਸ਼ਿਆਂ 'ਤੇ ਪੂਰਨ ਪਾਬੰਦੀ ਲਾਉਣ ਲਈ ਮਜਬੂਰ ਕਰਨ ਅਤੇ ਫਿਰ ਪਾਬੰਦੀ ਸਿਰਫ ਨਸ਼ਾ ਕਰਨ ਦੇ ਖਿਲਾਫ ਹੀ ਨਾ ਹੋਵੇ, ਬਲਕਿ ਨਸ਼ਾ ਵੇਚਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਖਿਲਾਫ ਵੀ ਕਾਨੂੰਨ ਬਣੇ। ਪੰਜਾਬ ਸਰਕਾਰ ਸਖ਼ਤੀ ਨਾਲ ਕਾਨੂੰਨ ਬਣਾਵੇ ਜਿਹਾ ਕਿ ਅੰਗਰੇਜ਼ ਸਰਕਾਰ ਨੇ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਲਈ ਬਣਾਇਆ ਸੀ।


-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।


ਖ਼ਬਰ ਸ਼ੇਅਰ ਕਰੋ

ਸਭ ਰੋਗਾਂ ਦਾ ਇਲਾਜ ਹੈ 'ਗਤਕਾ'

ਸਿੱਖ ਪੰਥ ਦੀ ਧਰਮ ਯੁੱਧ ਕਲਾ ਗਤਕਾ ਜਿੱਥੇ ਸਵੈ-ਰੱਖਿਆ ਦਾ ਬੇਜੋੜ ਹੁਨਰ ਹੈ, ਉਥੇ ਹੀ ਇਹ ਇਕ ਇਲਾਜ ਪ੍ਰਣਾਲੀ ਵੀ ਹੈ। ਪੁਰਾਤਨ ਸਮਿਆਂ ਵਿਚ ਜਦੋਂ ਸਿੰਘ ਜੰਗਲਾਂ ਬੇਲਿਆਂ ਵਿਚ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਵਸੇਬਾ ਕਰਦੇ ਸਨ ਤਾਂ ਉਥੇ ਇਲਾਜ ਦੀ ਬੇਹੱਦ ਘਾਟ ਹੀ ਰਹਿੰਦੀ ਸੀ, ਕਿਉਂਕਿ ਯੁੱਧਾਂ ਵਿਚ ਫੱਟੜ, ਕਠਿਨ ਸਫਰ ਅਤੇ ਖਾਣ-ਪੀਣ ਦੇ ਵਾਧੇ-ਘਾਟੇ ਕਾਰਨ ਪੈਦਾ ਹੋਈਆਂ ਬਿਮਾਰੀਆਂ ਦੇ ਇਲਾਜ ਦੀ ਤਾਂ ਕੋਈ ਸਹੂਲਤ ਹੀ ਨਹੀਂ ਸੀ, ਜਿਸ ਕਰਕੇ ਫੌਜਾਂ ਆਪ ਹੀ ਰਵਾਇਤੀ ਇਲਾਜ ਅਤੇ ਤਰੀਕੇ ਵਰਤ ਕੇ ਮੁਸ਼ਕਿਲਾਂ ਦਾ ਹੱਲ ਕਰਦੀਆਂ ਸਨ। ਇਹੋ ਹੀ ਰਵਾਇਤ ਖਾਲਸਾ ਰਾਜ ਤੋਂ ਬਾਅਦ ਵੀ ਚੱਕਰਵਰਤੀ ਨਿਹੰਗ ਸਿੰਘ ਦਲਾਂ ਵਿਚ ਪ੍ਰਚੱਲਿਤ ਰਹੀ ਅਤੇ ਉਥੋਂ ਅਗਾਂਹ ਗਤਕਾ ਅਖਾੜਿਆਂ ਵਿਚ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਰਿਹਾ ਹੈ ਪਰ ਮੌਜੂਦਾ ਸਮੇਂ ਵਿਚ ਤਾਂ ਵਿਖਾਵਾ ਅਤੇ ਸਟੰਟਬਾਜ਼ੀ ਕਰਨ ਵਾਲਿਆਂ ਨੇ ਗਤਕੇ ਦਾ ਸਰੂਪ ਹੀ ਵਿਗਾੜ ਦਿੱਤਾ ਹੈ। ਗਤਕੇ ਦੀਆਂ ਬਰੀਕੀਆਂ ਅਤੇ ਜੁਗਤਾਂ ਸਿੱਖਣ ਨੂੰ ਤਾਂ ਕੋਈ ਤਿਆਰ ਹੀ ਨਹੀਂ।
ਗਤਕੇ ਵਿਚ ਵੀ ਰੋਗ ਦੂਰ ਕਰਨ ਲਈ ਮੁੱਖ ਤੌਰ 'ਤੇ ਪੰਜ ਜੁਗਤਾਂ ਵਰਤੀਆਂ ਜਾਂਦੀਆਂ ਰਹੀਆਂ ਹਨ। ਜਿਵੇਂ ਕਸਰਤ, ਪੈਤੜਾ, ਮਾਲਸ਼, ਲਿਤਾੜਾ ਅਤੇ ਦੇਸੀ ਟੋਟਕੇ ਆਮ ਤੌਰ 'ਤੇ ਇਲਾਜ ਦੇ ਤਰੀਕੇ ਸਨ। ਆਜ਼ਾਦੀ ਤੋਂ ਬਾਅਦ ਤੱਕ ਗਤਕਾ ਅਖਾੜਿਆਂ ਵਿਚ ਆਮ ਮਰੀਜ਼ ਧਰਨ ਕਢਵਾਉਣ, ਚੁੱਕ ਕਢਵਾਉਣ, ਜੋੜਾਂ ਦੀਆਂ ਦਰਦਾਂ ਦਾ ਇਲਾਜ ਕਰਵਾਉਣ, ਟੁੱਟੇ ਅੰਗਾਂ ਨੂੰ ਦੇਸੀ ਤਰੀਕੇ ਨਾਲ ਬੰਨ੍ਹਾਉਣ, ਖਲੋਤੇ ਅਤੇ ਸੱਟ ਖਾਧੇ ਅੰਗਾਂ ਦੀ ਮਾਲਸ਼ ਅਤੇ ਲਿਤਾੜਾ ਕਰਵਾਉਣ ਸਮੇਤ ਕਈ ਹੋਰ ਰੋਗਾਂ ਦੇ ਇਲਾਜ ਲਈ ਲੋਕ ਵਿਸ਼ੇਸ਼ ਤੌਰ 'ਤੇ ਆਉਂਦੇ ਸਨ ਅਤੇ ਪੁਰਾਣੇ ਉਸਤਾਦ ਇਹ ਸਾਰੇ ਇਲਾਜ ਹੀ ਮੁਫਤ ਕਰਦੇ ਸਨ। ਭਾਵੇਂ ਨਵੀਨ ਮੈਡੀਕਲ ਸਾਇੰਸ ਧਰਨ ਨੂੰ ਨਹੀਂ ਮੰਨਦੀ ਪਰ ਅੱਜ ਵੀ ਅਖਾੜਿਆਂ ਵਿਚ ਢਾਲ ਰੱਖ ਕੇ ਧਰਨ ਠੀਕ ਕੀਤੀ ਜਾਂਦੀ ਹੈ। ਕਈ ਤਾਂ ਇਲਾਜ ਕਰਵਾਉਣ ਆਏ ਗਤਕੇ ਦੇ ਐਸੇ ਦੀਵਾਨੇ ਹੋਏ ਕਿ ਚੋਟੀ ਦੇ ਖਿਡਾਰੀ ਅਤੇ ਉਸਤਾਦ ਬਣ ਗਏ।
ਇਸ ਸਮੇਂ ਦੇ ਗਤਕੇ ਦੇ ਬਾਬਾ ਬੋਹੜ ਕਹੇ ਜਾਂਦੇ ਸਭ ਤੋਂ ਬਜ਼ੁਰਗ ਅਤੇ ਮਸ਼ਹੂਰ ਉਸਤਾਦ ਪ੍ਰੀਤਮ ਸਿੰਘ ਪਟਿਆਲਾ ਵੀ ਇਲਾਜ ਕਰਵਾਉਣ ਗਏ ਹੀ ਗਤਕੇ ਦੇ ਉਸਤਾਦ ਬਣ ਗਏ। ਉਨ੍ਹਾਂ ਦਾ ਹੇਠਲਾ ਧੜ ਅਤੇ ਲੱਤਾਂ ਕਿਸੇ ਕਾਰਨ ਕਰਕੇ ਖਲੋ ਗਿਆ ਅਤੇ ਚੱਲਣੋਂ-ਫਿਰਨੋਂ ਵੀ ਅਸਮਰੱਥ ਹੋ ਗਏ। ਬਹੁਤ ਇਲਾਜ ਕਰਵਾਉਣ ਤੋਂ ਬਾਅਦ ਵੀ ਜਦ ਠੀਕ ਨਾ ਹੋਏ ਤਾਂ ਕਿਸੇ ਦੇ ਦੱਸ ਪਾਉਣ 'ਤੇ ਉਹ ਗਤਕੇ ਦੇ ਅਖਾੜੇ ਵਿਚ ਇਲਾਜ ਕਰਵਾਉਣ ਗਏ ਤਾਂ ਉਸ ਵੇਲੇ ਦੇ ਵਧੀਆ ਉਸਤਾਦ ਗਤਕਾ ਮਾਸਟਰ ਮਹਿੰਦਰ ਸਿੰਘ ਪਟਿਆਲਾ ਵਾਲਿਆਂ ਨੇ ਉਨ੍ਹਾਂ ਨੂੰ ਗਤਕੇ ਦੇ ਪੈਂਤੜੇ ਅਤੇ ਹੋਰ ਕਸਰਤਾਂ ਕਰਨ ਲਈ ਕਿਹਾ। ਨਾਲ ਹੀ ਉਹ ਮਾਲਸ਼ ਅਤੇ ਲਿਤਾੜਾ ਵੀ ਕਰਦੇ ਰਹੇ ਅਤੇ ਕੁਝ ਦੇਸੀ ਨੁਸਖੇ ਵੀ ਦਿੰਦੇ ਰਹੇ। ਕੁਝ ਹੀ ਦਿਨਾਂ ਵਿਚ ਉਨ੍ਹਾਂ ਦੀਆਂ ਲੱਤਾਂ ਠੀਕ ਹੋ ਗਈਆਂ ਤਾਂ ਉਨ੍ਹਾਂ ਨੂੰ ਗਤਕੇ ਦੀ ਐਸੀ ਲਗਨ ਲੱਗੀ ਕਿ ਕਰੀਬ 19 ਉਸਤਾਦਾਂ ਕੋਲੋਂ ਗਤਕੇ ਦੀ ਵਿੱਦਿਆ ਹਾਸਲ ਕੀਤੀ ਅਤੇੇ ਅੱਜ ਉਹ 87 ਸਾਲ ਦੀ ਉਮਰ ਵਿਚ ਵੀ ਗਤਕਾ ਖੇਡਦੇ ਅਤੇ ਸਿਖਾਉਂਦੇ ਹਨ, ਕਿਉਂਕਿ ਗਤਕਾ ਖੇਡਣ ਵਾਲੇ ਨੂੰ ਤਾਂ ਕੋਈ ਰੋਗ ਲਗਦਾ ਹੀ ਨਹੀਂ, ਇਸ ਖੇਡ ਦੌਰਾਨ ਸਾਰੇ ਸਰੀਰ ਦੀ ਹੀ ਕਸਰਤ ਹੋ ਜਾਂਦੀ ਹੈ। ਪਰ ਰੋਗੀਆਂ ਲਈ ਗਤਕੇ ਵਿਚ ਉਕਤ ਯੁਗਤਾਂ ਵਰਤਣ ਦਾ ਵੀ ਨਿਵੇਕਲਾ ਢੰਗ ਹੈ।
ਕਸਰਤ : ਪੈਂਤੜੇ ਅਤੇ ਗਤਕਾ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਿਖਿਆਰਥੀਆਂ ਅਤੇ ਰੋਗੀਆਂ ਨੂੰ ਕੁਝ ਹਲਕੀਆਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਕਈ ਕਸਰਤਾਂ ਤਾਂ ਮੌਜੂਦਾ ਯੋਗਾ ਨਾਲ ਵੀ ਰਲਦੀਆਂ-ਮਿਲਦੀਆਂ ਹਨ। ਜਿਵੇਂ ਕਪਾਲਭਾਤੀ, ਮਰਕਟ ਆਸਣ, ਵਜਰ ਆਸਣ ਆਦਿ ਨਾਲ ਰਲਦੀ-ਮਿਲਦੀ ਕਸਰਤ ਹੈ ਫਿਫਰਾ (ਫਿਫੜਾ) ਫੰਡ, ਕਮਰ ਪੇਲਣਾ, ਡੰਡਾਉਤ ਪੈਂਤੜਾ ਆਦਿ ਸਮੇਤ ਕਈ ਹੋਰ ਕਸਰਤਾਂ ਥੋੜ੍ਹੇ-ਥੋੜ੍ਹੇ ਫਰਕ ਅਤੇ ਪ੍ਰਚੱਲਿਤ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ, ਕਿਉਂਕਿ ਸਿੱਖ ਪੰਥ ਵਿਚ ਕੋਈ ਸਰੀਰ ਨੂੰ ਤੋੜਨ-ਮਰੋੜਨ ਜਾਂ ਕੁੰਡਲੀਨੀ ਚੱਕਰ ਖੋਲ੍ਹਣ ਲਈ ਕੀਤੀਆਂ ਜਾਂਦੀਆਂ ਹੱਠ ਯੋਗ ਕਿਰਿਆਵਾਂ ਦਾ ਕੋਈ ਮਹੱਤਵ ਹੀ ਨਹੀਂ। ਸਿੱਖਾਂ ਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਸਰਲ ਅਤੇ ਸਾਫ਼-ਸੁਥਰਾ ਸਹਿਜ ਜੋਗ ਕਮਾਉਣ ਲਈ ਤਾਕੀਦ ਕੀਤੀ ਹੈ।
ਪੈਂਤੜਾ : ਗਤਕਾ ਖੇਡਣ ਲਈ ਤਾਂ ਪੈਂਤੜੇ ਦਾ ਪੱਕਾ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸਹੀ ਪੈਂਤੜੇ ਤੋਂ ਬਿਨਾਂ ਤਾਂ ਕੋਈ ਸ਼ਸਤਰ ਚੱਲ ਹੀ ਨਹੀਂ ਸਕਦਾ। ਪਰ ਗਤਕੇ ਵਿਚ ਇਲਾਜ ਕਰਨ ਲਈ ਵੀ ਰੋਗੀ ਕੋਲੋਂ ਵੱਖ-ਵੱਖ ਪੈਂਤੜੇ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਪੈਂਤੜਿਆਂ ਨਾਲ ਬਾਣੀ ਵੀ ਪੜ੍ਹਨ ਦੀ ਜੁਗਤ ਦੱਸੀ ਜਾਂਦੀ ਹੈ।
ਮਾਲਿਸ਼ : ਅੱਜਕਲ੍ਹ ਕਈ ਰੋਗਾਂ ਦੇ ਇਲਾਜ ਲਈ ਵੱਖ-ਵੱਖ ਕਿਸਮ ਦੀਆਂ ਮਾਲਿਸ਼ਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਕਈ ਨਾਵਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ, ਜਿਵੇਂ ਥਾਈਲੈਂਡ ਦੀ ਮਾਲਿਸ਼ ਅਤੇ ਟੋਕ ਸੇਨ ਵਿਧੀ, ਕੈਰੋ ਪਰੈਕਟਰ ਵਿਧੀ, ਸਪਾ, ਨਿਊਰੋਥਰੈਪੀ, ਭਾਰਤੀ ਮਾਲਿਸ਼ ਵਿਧੀ, ਜੋ ਆਮ ਕਰਕੇ ਹਜਾਮਤਾਂ ਕਰਨ ਵਾਲੇੇ (ਨਾਈ) ਕਰਦੇ ਹਨ, ਸਮੇਤ ਕਈ ਰੂਪਾਂ ਵਿਚ ਮਾਲਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਕਈ ਪੁਰਾਣੇ ਰੋਗੀਆਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਗਤਕੇ ਵਿਚ ਵੀ ਬਹੁਤ ਹੀ ਪੁਰਾਤਨ ਅਤੇ ਸੰਪੂਰਨ ਮਾਲਿਸ਼ ਵਿਧੀ ਹੈ। ਟੁੱਟੀਆਂ ਹੱਡੀਆਂ ਤਾਂ ਦੇਸੀ ਤਰੀਕੇ ਨਾਲ ਬਹੁਤ ਹੀ ਕਾਮਯਾਬੀ ਨਾਲ ਬੰਨ੍ਹੀਆਂ ਜਾਂਦੀਆਂ ਹਨ। ਕਿਉਂਕਿ ਗਤਕਾ ਖੇਡਦਿਆਂ ਆਮ ਹੀ ਸੱਟਾਂ ਲੱਗ ਜਾਂਦੀਆਂ ਹਨ ਅਤੇ ਪੁਰਾਤਨ ਸਮਿਆਂ ਵਿਚ ਜੰਗਾਂ, ਯੁੱਧਾਂ ਵਿਚ ਵੀ ਬਹੁਤ ਫੱਟੜ ਹੁੰਦੇ ਸਨ। ਉਨ੍ਹਾਂ ਦਾ ਇਲਾਜ ਵੀ ਇਨ੍ਹਾਂ ਮਾਲਿਸ਼ਾਂ ਨਾਲ ਹੀ ਕੀਤਾ ਜਾਂਦਾ ਸੀ। ਅੱਜਕਲ੍ਹ ਵੀ ਸੱਟਾਂ ਅਤੇ ਜੋੜਾਂ ਦੀਆਂ ਦਰਦਾਂ ਲਈ ਮਾਲਿਸ਼ ਕਰਨ ਲਈ ਕਈ ਅਖਾੜਿਆਂ ਵਿਚ ਬਹੁਤ ਹੀ ਕਾਰਗਰ ਨੁਸਖਿਆਂ ਨਾਲ ਤੇਲ ਬਣਾਏ ਜਾਂਦੇ ਹਨ। ਇਥੋਂ ਤੱਕ ਕਿ ਘੋੜਿਆਂ ਜਾਂ ਪਸ਼ੂਆਂ ਦੀਆਂ ਟੁੱਟੀਆਂ ਹੱਡੀਆਂ ਠੀਕ ਕਰਨ ਦੀ ਨਿਹੰਗ ਸਿੰੰਘਾਂ ਨੂੰ ਬਹੁਤ ਹੀ ਮੁਹਾਰਤ ਹਾਸਲ ਸੀ, ਕਿਉਂਕਿ ਜੰਗਾਂ ਵਿਚ ਫੱਟੜ ਘੋੜਿਆਂ ਦਾ ਵੀ ਇਲਾਜ ਕਰਨਾ ਪੈਂਦਾ ਸੀ।
ਲਿਤਾੜਾ : ਇਸ ਦਾ ਭਾਵ ਹੈ ਸਰੀਰ ਨੂੰ ਲਿਤੜਨਾ ਜਾਂ ਘੁੱਟਣਾ। ਨਿਹੰਗ ਸਿੰਘ ਦਲਾਂ ਵਿਚ ਇਸ ਨੂੰ ਰੁੱਗੇ ਸਿਕਾਉਣਾ ਕਹਿੰਦੇ ਹਨ। ਭਾਵ ਰੁੱਗ (ਮੁੱਠੀਆਂ) ਭਰ-ਭਰ ਕੇ ਲੱਤਾਂ-ਬਾਹਾਂ ਘੁੱਟਣੀਆਂ। ਪੰਜਾਬ ਦੇ ਪਿੰਡਾਂ ਵਿਚ ਹੁਣ ਵੀ ਆਮ ਪ੍ਰਚੱਲਿਤ ਹੈ ਕਿ ਜੇ ਕਿਸੇ ਨੂੰ ਚੁੱਕ (ਸਲਿੱਪ ਡਿਸਕ) ਪੈ ਜਾਵੇ ਤਾਂ ਕਹਿੰਦੇ ਹਨ ਕਿ ਜਿਹੜੀਆਂ ਦੋ ਸਕੀਆਂ ਭੈਣਾਂ ਇਕੋ ਘਰ ਵਿਆਹੀਆਂ ਹਨ, ਉਹ ਹੱਥ ਵਿਚ ਮੋਹਲੀ ਫੜ ਕੇ ਰੋਗੀ ਦੀ ਕਮਰ 'ਤੇ ਇਕ ਵਿਸ਼ੇਸ਼ ਤਰੀਕੇ ਨਾਲ ਚੜ੍ਹ ਕੇ ਲਿਤੜਨ ਤਾਂ ਉਹ ਰੋਗੀ ਠੀਕ ਹੋ ਜਾਂਦਾ ਹੈ। ਦੋਵਾਂ ਭੈਣਾਂ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਇਕ ਤਾਂ ਚਾਲ ਰਲਦੀ ਹੈ, ਦੂਜਾ ਉਹ ਵਾਰ-ਵਾਰ ਇਹ ਕੰਮ ਕਰਕੇ ਮਾਹਿਰ ਹੋ ਜਾਂਦੀਆਂ ਹਨ, ਜਦਕਿ ਕੋਈ ਨਵੀਂ ਔਰਤ ਵੱਧ-ਘੱਟ ਭਾਰ ਪਾ ਕੇ ਨੁਕਸਾਨ ਵੀ ਕਰ ਸਕਦੀ ਹੈ।
ਦੇਸੀ ਟੋਟਕੇ : ਕਿਉਂਕਿ ਜੰਗਲਾਂ ਵਿਚ ਕੋਈ ਸਿਹਤ ਸਹੂਲਤ ਨਾ ਹੋਣ ਕਰਕੇ ਅਤੇ ਪ੍ਰਚੱਲਿਤ ਭਾਰਤੀ ਦੇਸੀ ਅਤੇ ਘਰੇਲੂ ਇਲਾਜ ਦੀ ਰਵਾਇਤ ਅਨੁਸਾਰ ਕਈ ਬਹੁਤ ਹੀ ਕਾਮਯਾਬ ਦੇਸੀ ਟੋਟਕੇ ਵਰਤੇ ਜਾਂਦੇ ਸਨ, ਭੰਗ ਵੀ ਇਸੇ ਇਲਾਜ ਦਾ ਹੀ ਹਿੱਸਾ ਸੀ। ਇਹ ਦੇਸੀ ਨੁਸਖੇ ਅੱਜ ਵੀ ਗਤਕਾ ਅਖਾੜਿਆਂ ਵਿਚ ਸੀਨਾ-ਬ-ਸੀਨਾ ਵਰਤੇ ਜਾਂਦੇ ਹਨ ਅਤੇ ਕਈ ਰੋਗੀਆਂ ਨੂੰ ਵੀ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਵਰਤਣ ਨਾਲ ਕਈ ਰੋਗੀ ਤਾਂ ਹੈਰਾਨੀਜਨਕ ਢੰਗ ਨਾਲ ਠੀਕ ਹੋ ਜਾਂਦੇ ਹਨ।
ਇਹ ਸਾਰੇ ਯਤਨ ਰੋਗੀਆਂ ਅਤੇ ਲੋੜਵੰਦਾਂ ਲਈ ਹੀ ਵਰਤੇ ਜਾਂਦੇ ਹਨ। ਜਿਹੜਾ ਰੋਜ਼ ਗਤਕੇ ਦਾ ਅਭਿਆਸ ਕਰਦਾ ਹੈ, ਉਸ ਨੂੰ ਨਾ ਤਾਂ ਕੋਈ ਰੋਗ ਲੱਗਦਾ ਹੈ ਅਤੇ ਨਾ ਹੀ ਕਿਸੇ ਇਲਾਜ ਦੀ ਹੀ ਲੋੜ ਪੈਂਦੀ ਹੈ।


(ਸਾਬਕਾ ਡਾਇਰੈਕਟਰ ਗਤਕਾ) ਸ਼੍ਰੋ: ਗੁ: ਪ੍ਰ: ਕਮੇਟੀ, ਸ੍ਰੀ ਅਮ੍ਰਿਤਸਰ ਸਾਹਿਬ।
691/9 ਰਣਜੀਤ ਐਵੇਨਿਊ, ਹਰਦੋਛੰਨੀ ਰੋਡ, ਗੁਰਦਾਸਪੁਰ-143521. ਮੋਬਾ: 97797-55551

ਚਾਰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁ: ਪਾਤਸ਼ਾਹੀ ਨੌਵੀਂ, ਪਿੰਡ ਮੁਕਾਰੋਂਪੁਰ

ਪਿੰਡ ਮੁਕਾਰੋਂਪੁਰ ਸਰਹਿੰਦ ਤੋਂ ਲਾਡਰਾਂ ਰੋਡ 'ਤੇ ਸਥਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾਂ ਦਾ ਇਕ ਇਤਿਹਾਸਕ ਪਿੰਡ ਹੈ। ਪਿੰਡ ਦੀਆਂ ਹੱਦਾਂ ਬਡਾਲੀ ਆਲਾ ਸਿੰਘ, ਮਹਿਮਦਪੁਰ, ਕਾਲਾ ਮਾਜਰਾ, ਇਸਰਹੇਲ ਆਦਿ ਪਿੰਡਾਂ ਨਾਲ ਲਗਦੀਆਂ ਹਨ। ਇਹ ਪਿੰਡ ਚਾਰ ਸਿੱਖ ਗੁਰੂਆਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ। ਪਿੰਡ ਵਿਚ ਪੰਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਜਿਸ ਕਾਰਨ ਇਹ ਪਿੰਡ ਇਲਾਕੇ ਵਿਚ ਖਾਸ ਇਤਿਹਾਸਕ ਮਹੱਤਵ ਰੱਖਦਾ ਹੈ। ਦੁਨੀਆ ਦਾ ਭਲਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਿੰਡ ਵਿਚ ਚਰਨ ਪਾਏ ਸਨ ਅਤੇ ਉਨ੍ਹਾਂ ਨੇ ਇੱਥੇ 7 ਦਿਨ ਬਿਤਾਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਪਟਨਾ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹੋਏ ਇਸ ਪਿੰਡ ਵਿਚ ਦੋ ਦਿਨ ਲਈ ਰੁਕੇ ਸਨ। ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਸ਼ਹੀਦੀ ਲਈ ਜਾਣ ਸਮੇਂ ਸੰਨ 1675 ਵਿਚ ਇਸ ਨਗਰ ਵਿਚ ਬੇਰੀ ਦੇ ਦਰੱਖਤ ਥੱਲੇ ਰੁਕੇ ਸਨ। ਉਨ੍ਹਾਂ ਲਈ ਪਿੰਡ ਦੀ ਇਕ ਔਰਤ 'ਮਾਈ ਮਾੜੀ' ਅਤੇ ਉਨ੍ਹਾਂ ਦੇ ਪਤੀ 'ਭਾਈ ਰੂਪ ਚੰਦ' ਨੇ ਪਰਸ਼ਾਦੇ ਦੀ ਸੇਵਾ ਕੀਤੀ ਸੀ।
ਉਨ੍ਹਾਂ ਦੀ ਇਸ ਸੇਵਾ ਤੋਂ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਕੁਝ ਮੰਗਣ ਲਈ ਕਿਹਾ। 'ਭਾਈ ਰੂਪ ਚੰਦ' ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਵਿਆਹ ਦੇ ਬਹੁਤ ਸਾਲ ਬਾਅਦ ਵੀ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਕਿ ਉਨ੍ਹਾਂ ਦੇ ਘਰ ਸੱਤ ਪੁੱਤਰ ਜਨਮ ਲੈਣਗੇ। ਇਸ ਅਸਥਾਨ 'ਤੇ ਹੁਣ 'ਗੁਰਦੁਆਰਾ ਪਾਤਸ਼ਾਹੀ ਨੌਵੀਂ' ਸਥਿਤ ਹੈ। ਇਸ ਦੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਕੋਈ ਦੁੱਖ-ਦਰਦ ਨੇੜੇ ਨਾ ਆਉਣ ਦਾ ਵਰ ਵੀ ਪ੍ਰਾਪਤ ਹੈ। ਇਸ ਗੁਰਦੁਆਰਾ ਸਾਹਿਬ ਵਿਚ ਹਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਭਾਰੀ ਇਕੱਠ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਵੱਲ ਕੂਚ ਕੀਤਾ ਸੀ ਤਾਂ ਇਸ ਇਲਾਕੇ ਵਿਚ ਸੂਬਾ ਸਰਹਿੰਦ ਦੀਆਂ ਫੌਜਾਂ ਨਾਲ ਸਿੱਖ ਫੌਜਾਂ ਦੀ ਬੜੀ ਗਹਿਗੱਚ ਲੜਾਈ ਹੋਈ ਸੀ, ਇਸ ਜਗ੍ਹਾ 'ਤੇ ਹੁਣ ਗੁਰਦੁਆਰਾ ਸਿੰਘ ਸ਼ਹੀਦਾਂ ਸੁਸ਼ੋਭਿਤ ਹੈ।
ਪਿੰਡ ਵਿਚ ਕਈ ਧਰਮਾਂ ਅਤੇ ਜਾਤਾਂ ਦੇ ਲੋਕ ਆਪਸ ਵਿਚ ਮਿਲਜੁਲ ਕੇ ਰਹਿ ਰਹੇ ਹਨ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਕੁੁਝ ਲੋਕ ਸਰਕਾਰੀ ਅਤੇ ਨਿੱਜੀ ਨੌਕਰੀਆਂ 'ਤੇ ਵੀ ਲੱਗੇ ਹਨ। ਕੁਝ ਨੌਜਵਾਨ ਬਾਹਰ ਵਿਦੇਸ਼ਾਂ ਵਿਚ ਪੜ੍ਹਾਈ ਅਤੇ ਰੋਜ਼ੀ-ਰੋਟੀ ਲਈ ਗਏ ਹਨ। ਪਿੰਡ ਦੇ ਕੁਝ ਲੋਕ ਰਾਜਨੀਤੀ ਵਿਚ ਵੀ ਚੰਗੀ ਪਛਾਣ ਰੱਖ ਰਹੇ ਹਨ।
ਪੁਰਾਣੇ ਸਮੇਂ ਵਿਚ ਪਿੰਡ ਦੇ ਸੱਤ ਨੌਜਵਾਨ ਜੋ ਅੰਗਰੇਜ਼ ਫੌਜ ਵਿਚ ਸਨ, ਉਹ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈ ਚੁੱਕੇ ਹਨ, ਜੋ ਕਿ ਪਿੰਡ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦਾ ਉੱਘਾ ਲੋਕ ਗਾਇਕ ਸਤਵਿੰਦਰ ਬੁੱਗਾ ਇਸ ਪਿੰਡ ਦਾ ਹੀ ਵਸਨੀਕ ਹੈ, ਜੋ ਕਿ ਪਿੰਡ ਵਿਚ ਸਰਪੰਚ ਦੀ ਸੇਵਾ ਵੀ ਨਿਭਾਅ ਚੁੱਕਾ ਹੈ। ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਹਨ। ਪਿੰਡ ਵਿਚ ਡਾਕਘਰ, ਪੰਜਵੀਂ ਤੱਕ ਸਕੂਲ, ਧਰਮਸ਼ਾਲਾ, ਪਾਣੀ ਦੀ ਟੈਂਕੀ ਅਤੇ ਚਾਰ ਛੱਪੜ ਹਨ। ਸਕੂਲ ਪੰਜਵੀਂ ਤੱਕ ਹੋਣ ਕਾਰਨ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਨ ਹੋਰ ਪਿੰਡਾਂ ਵਿਚ ਜਾਣਾ ਪੈਂਦਾ ਹੈ। ਪਿੰਡ ਵਾਸੀ ਸਰਕਾਰ ਕੋਲੋਂ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਵੀ ਕਰ ਰਹੇ ਹਨ, ਤਾਂ ਜੋ ਉਨ੍ਹਾਂ ਦੇ ਬੱਚੇ ਪਿੰਡ ਵਿਚ ਹੀ ਅੱਗੇ ਪੜ੍ਹ ਸਕਣ।
ਪਿੰਡ ਅਜੇ ਬਹੁਤੀਆਂ ਸਰਕਾਰੀ ਸਹੂਲਤਾਂ ਤੋਂ ਸੱਖਣਾ ਹੈ। ਪਿੰਡ ਵਿਚ ਕੋਈ ਵੀ ਹਸਪਤਾਲ ਜਾਂ ਡਿਸਪੈਂਸਰੀ ਨਹੀਂ ਹੈ। ਨੌਜਵਾਨਾਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਹੈ, ਸੋ ਪਿੰਡ ਵਾਸੀਆਂ ਵਲੋਂ ਸਰਕਾਰ ਨੂੰ ਇਸ ਇਤਿਹਾਸਕ ਪਿੰਡ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ।


-ਪਿੰਡ ਤੇ ਡਾਕ: ਬਡਾਲੀ ਆਲਾ ਸਿੰਘ, ਜ਼ਿਲ੍ਹਾ ਫਤਹਿਗੜ੍ਹ ਸਾਹਿਬ। ਮੋਬਾ: 82848-88700

ਜਦੋਂ ਪੰਚਾਂ ਨੇ ਹੀਰਾ ਸਿੰਘ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਗਵਰਨਰ ਜਨਰਲ ਐਡਨਬਰੋ ਨੇ ਮੰਨਿਆ ਕਿ ਅਤਰ ਸਿੰਘ ਨੂੰ ਸਿੱਖ ਇਲਾਕੇ ਵਿਚ ਭੇਜਣਾ ਅੰਗਰੇਜ਼ਾਂ ਦੀ ਗ਼ਲਤੀ ਸੀ। ਮਹਾਰਾਣੀ ਵਿਕਟੋਰੀਆ ਨੂੰ 10 ਜੂਨ, 1844 ਨੂੰ ਭੇਜੇ ਖਤ ਵਿਚ ਉਹ ਲਿਖਦਾ ਹੈ ਕਿ 'ਇਹ ਅਫਸੋਸ ਦੀ ਗੱਲ ਹੈ ਕਿ ਅਤਰ ਸਿੰਘ ਨੂੰ ਥਾਨੇਸਰ ਤੋਂ ਜਾਣ ਦੀ ਆਗਿਆ ਦਿੱਤੀ ਗਈ, ਜਿਸ ਦਾ ਜਾਣਿਆ-ਪਛਾਣਿਆ ਨਿਸ਼ਾਨਾ ਲਾਹੌਰ ਦਰਬਾਰ ਦੇ ਖ਼ਿਲਾਫ਼ ਕੰਮ ਕਰਨਾ ਹੈ। ਬ੍ਰਿਟਿਸ਼ ਏਜੰਟ ਦੀ ਇਸ ਗ਼ਲਤੀ ਨਾਲ ਹੁਣ ਅਸੀਂ ਲਾਹੌਰ ਦਰਬਾਰ ਅੱਗੇ ਇਤਰਾਜ਼ ਦਰਜ ਨਹੀਂ ਕਰਾ ਸਕਦੇ ਕਿ ਉਸ ਦੀਆਂ ਫੌਜਾਂ ਇਸ ਬੰਦੇ ਨੂੰ ਰੋਕਣ ਵਾਸਤੇ ਸਤਲੁਜ ਦੇ ਇਸ ਕੰਢੇ ਤੱਕ ਆਈਆਂ ਸਨ। ਹੁਣ ਇਸ ਬਾਰੇ ਕੋਈ ਗੱਲ ਕਰਨੀ ਮੁਨਾਸਿਬ ਨਹੀਂ ਹੋਵੇਗੀ ਤੇ ਇਸ ਨੂੰ ਨਜ਼ਰਅੰਦਾਜ਼ ਹੀ ਕਰਨਾ ਬਿਹਤਰ ਹੋਵੇਗਾ।'
ਸ਼ਹਿਜ਼ਾਦਾ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਵੀ ਸਿਆਲਕੋਟ ਛੱਡ ਕੇ ਭਾਈ ਬੀਰ ਸਿੰਘ ਦੇ ਡੇਰੇ ਪਹੁੰਚ ਗਏ ਸਨ। ਉਨ੍ਹਾਂ ਨੇ ਅਤਰ ਸਿੰਘ ਦੀ ਹਮਾਇਤ ਦਾ ਵਾਅਦਾ ਕੀਤਾ। ਭਾਈ ਨਾਲ ਰਾਬਤਾ ਰੱਖਣ ਵਾਲਿਆਂ ਸਰਦਾਰਾਂ ਵਿਚੋਂ ਸ਼ਾਮ ਸਿੰਘ ਅਟਾਰੀਵਾਲਾ, ਲਹਿਣਾ ਸਿੰਘ ਮਜੀਠੀਆ ਤੇ ਜਮਾਂਦਾਰ ਖੁਸ਼ਹਾਲ ਸਿੰਘ ਅਹਿਮ ਸਨ। ਇਸ ਤਰ੍ਹਾਂ ਨੌਰੰਗਾਬਾਦ ਲਾਹੌਰ ਦਰਬਾਰ ਦੇ ਡੋਗਰਾ ਹਾਕਮਾਂ ਦੇ ਵਿਰੁੱਧ ਬਗਾਵਤ ਦਾ ਕੇਂਦਰ ਬਣ ਗਿਆ।
ਹੀਰਾ ਸਿੰਘ ਡੋਗਰਾ ਨੇ ਇਸ ਵਾਰ ਫਿਰ ਸਿਪਾਹੀਆਂ ਨੂੰ ਭਾਸ਼ਣ ਦਿੱਤਾ। ਉਸ ਨੇ ਦੱਸਿਆ ਕਿ ਸੰਧਾਵਾਲੀਆ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ। ਉਹ ਪਿਛਲੇ 6 ਮਹੀਨਿਆਂ ਤੋਂ ਅੰਗਰੇਜ਼ਾਂ ਕੋਲ ਹੈ। ਉਸ ਨੇ ਅੰਗਰੇਜ਼ਾਂ ਨੂੰ ਵਾਅਦਾ ਕੀਤਾ ਹੈ ਕਿ ਜੇ ਉਸ ਦੀ ਸਕੀਮ ਕਾਮਯਾਬ ਹੋਈ ਤਾਂ ਉਹ ਲਗਾਨ ਦੇ ਇਕ ਰੁਪਏ ਵਿਚੋਂ 6 ਆਨੇ ਉਨ੍ਹਾਂ ਨੂੰ ਦੇਵੇਗਾ। ਇਹ ਵੀ ਦੱਸਿਆ ਕਿ ਸੁਚੇਤ ਸਿੰਘ ਦੀ ਵਿਧਵਾ ਇਸ ਬਗਾਵਤ ਦਾ ਸਾਰਾ ਖਰਚਾ ਉਨ੍ਹਾਂ ਪੈਸਿਆਂ ਨਾਲ ਉਠਾ ਰਹੀ ਹੈ, ਜੋ ਅੰਗਰੇਜ਼ੀ ਰਾਜ ਵਿਚ ਰੱਖੇ ਹੋਏ ਹਨ। ਇਸ ਤੋਂ ਅੱਗੇ ਕਿਹਾ ਕਿ ਭਾਈ ਬੀਰ ਸਿੰਘ ਤੇ ਸ਼ਹਿਜ਼ਾਦੇ ਗੱਦਾਰਾਂ ਦਾ ਸਾਥ ਦੇ ਰਹੇ ਹਨ। ਪੰਚਾਂ ਨੇ ਹੀਰਾ ਸਿੰਘ ਦਾ ਸਾਥ ਦੇਣ ਦਾ ਫੈਸਲਾ ਕੀਤਾ ਤੇ ਦਰਬਾਰ ਦੇ ਸਿਪਾਹੀ ਨੌਰੰਗਾਬਾਦ ਨੂੰ ਕੂਚ ਕਰ ਗਏ। ਇਨ੍ਹਾਂ ਦੀ ਅਗਵਾਈ ਇਕ ਡੋਗਰਾ ਅਫਸਰ, ਮੀਆਂ ਲਾਭ ਸਿੰਘ, ਕਰ ਰਿਹਾ ਸੀ।
ਸ਼ਹਿਜ਼ਾਦਾ ਪਿਸ਼ੌਰਾ ਸਿੰਘ ਭਾਈ ਦੇ ਕੈਂਪ ਨੂੰ ਛੱਡ ਆਇਆ ਤੇ ਦਰਬਾਰ ਦੇ ਸਾਹਮਣੇ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਉਹ ਪੰਜਾਬ ਛੱਡ ਗਿਆ ਤੇ ਅੰਗਰੇਜ਼ਾਂ ਕੋਲ ਸ਼ਰਨ ਲੈ ਲਈ।
ਭਾਈ ਬੀਰ ਸਿੰਘ ਨੇ ਹੁਣ ਦਰਬਾਰ ਤੇ ਉਨ੍ਹਾਂ ਦੋ ਬੰਦਿਆਂ ਵਿਚਕਾਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਜਿਨ੍ਹਾਂ ਨੇ ਉਸ ਕੋਲ ਸ਼ਰਨ ਲਈ ਸੀ। ਉਹ ਬੰਦੇ ਅਤਰ ਸਿੰਘ ਸੰਧਾਵਾਲੀਆ ਤੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਸਨ। ਉਸ ਨੇ ਦਰਬਾਰ ਦੇ ਫੌਜੀਆਂ ਨੂੰ ਆਪਣੇ ਮਹਿਮਾਨ ਬਣ ਕੇ ਸੱਦਿਆ ਤੇ ਉਨ੍ਹਾਂ ਵਾਸਤੇ 500 ਬੱਕਰੇ ਝਟਕਾ ਦਿੱਤੇ। ਭਾਈ ਦੀਆਂ ਸਮਝੌਤੇ ਦੀਆਂ ਕੋਸ਼ਿਸ਼ਾਂ ਅਤਰ ਸਿੰਘ ਸੰਧਾਵਾਲੀਆ ਨੇ ਖਤਮ ਕਰ ਦਿੱਤੀਆਂ, ਜਦੋਂ ਉਸ ਨੇ ਦਰਬਾਰ ਦਾ ਸੁਨੇਹਾ ਲਿਆਉਣ ਵਾਲੇ ਸਫੀਰ, ਗੁਲਾਬ ਸਿੰਘ ਕਲਕੱਤੀਆ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਦਰਬਾਰ ਦੀਆਂ ਤੋਪਾਂ ਨੇ ਭਾਈ ਦਾ ਡੇਰਾ ਦਾਗਣਾ ਸ਼ੁਰੂ ਕਰ ਦਿੱਤਾ ਤੇ ਕੈਂਪ ਅੰਦਰ ਦੇ 600 ਬੰਦੇ ਮਾਰ ਦਿੱਤੇ, ਜਿਨ੍ਹਾਂ ਵਿਚ ਅਤਰ ਸਿੰਘ ਸੰਧਾਵਾਲੀਆ ਤੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਵੀ ਸੀ। ਤੋਪ ਦਾ ਇਕ ਗੋਲਾ ਭਾਈ ਬੀਰ ਸਿੰਘ ਦੀ ਕਮਰ ਵਿਚ ਲੱਗਾ।
ਭਾਈ ਬੀਰ ਸਿੰਘ ਨੇ ਮਰਨ ਤੋਂ ਪਹਿਲਾਂ ਉਨ੍ਹਾਂ ਸਿੱਖ ਅਫਸਰਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਉਸ ਨੂੰ ਖਤ ਲਿਖਿਆ ਸੀ ਕਿ ਉਹ ਅਤਰ ਸਿੰਘ ਸੰਧਾਵਾਲੀਆ ਦੀ ਮਦਦ ਕਰਨ। ਉਸ ਨੇ ਕਿਹਾ, 'ਜਦੋਂ ਤੁਸੀਂ ਤੇ ਤੁਹਾਡਾ ਮੁਖੀ ਇਹੋ ਜਿਹੇ ਖਤ ਲਿਖੇ, ਜਿਸ ਵਿਚ ਮੈਨੂੰ ਤੇ ਅਤਰ ਸਿੰਘ ਨੂੰ ਪੂਰੀ ਮਦਦ ਦਾ ਭਰੋਸਾ ਹੋਵੇ ਤਾਂ ਮੈਂ ਤੁਹਾਡੇ ਉੱਪਰ ਵਿਸ਼ਵਾਸ ਕਰਕੇ ਉਸ ਦੀ ਮਦਦ ਦੀ ਹਾਮੀ ਭਰੀ। ਮੈਂ ਚਾਹੁੰਦਾ ਸੀ ਕਿ ਅਤਰ ਸਿੰਘ ਤੇ ਉਸ ਦੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਕੁਝ ਹੋ ਸਕੇ। ਤੁਸੀਂ ਧੋਖੇਬਾਜ਼ ਸਾਬਤ ਹੋਏ। ਫਿਰ ਵੀ ਮੇਰੀ ਆਖਰੀ ਅਰਦਾਸ ਹੈ ਕਿ ਤੁਹਾਡੇ ਉੱਪਰ ਮਿਹਰ ਹੋਵੇ।' ਉਸ ਨੇ ਬਾਅਦ ਵਿਚ ਇਹ ਵੀ ਕਿਹਾ ਕਿ 'ਮੇਰੀ ਦੇਹ ਨੂੰ ਸਤਲੁਜ ਵਿਚ ਵਹਾ ਦੇਣਾ। ਮੈਂ ਨਹੀਂ ਚਾਹੁੰਦਾ ਕਿ ਮੇਰਾ ਸਰੀਰ ਇਸ ਦੁਸ਼ਟ ਧਰਤੀ ਵਿਚ ਗਲੇ।'
ਖ਼ਾਲਸਾ ਸਿਪਾਹੀ ਬਹੁਤ ਵੱਡੇ ਪਛਤਾਵੇ ਦੇ ਦੌਰ ਵਿਚ ਸਨ, ਜਦੋਂ ਉਨ੍ਹਾਂ ਦੇਖਿਆ ਕਿ ਉਥੇ ਕਈ ਸਾਰੀਆਂ ਔਰਤਾਂ ਤੇ ਬੱਚੇ ਵੀ ਮਾਰੇ ਗਏ ਸਨ। ਜਿਸ ਬਟਾਲੀਅਨ ਨੇ ਆ ਕੇ ਕਾਰਵਾਈ ਕੀਤੀ ਸੀ, ਉਸ ਨੂੰ 'ਗੁਰੂਮਾਰ' ਦਾ ਫਤਵਾ ਮਿਲ ਗਿਆ। ਮੀਆਂ ਲਾਭ ਸਿੰਘ ਨੇ ਸਿੱਖ ਸਿਪਾਹੀਆਂ ਦਾ ਗੁੱਸਾ ਹੋਰ ਭੜਕਾ ਦਿੱਤਾ, ਜਦੋਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਤੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਦੀ ਮਾਤਾ ਨੂੰ ਗ੍ਰਿਫ਼ਤਾਰ ਕੀਤਾ। ਫੌਜੀਆਂ ਨੇ ਡੋਗਰਾ ਕਰਨਲ ਨੂੰ ਗੋਲੀ ਮਾਰ ਦਿੱਤੀ ਤੇ ਮਹਾਰਾਣੀ ਨੂੰ ਆਜ਼ਾਦ ਕਰਵਾ ਲਿਆ। ਸਿਪਾਹੀ ਬਦਲੇ ਦੀ ਦੁਹਾਈ ਪਾ ਰਹੇ ਸਨ। ਮੀਆਂ ਲਾਭ ਸਿੰਘ ਆਪਣੀ ਜਾਨ ਬਚਾਉਣ ਵਾਸਤੇ ਉਥੋਂ ਦੌੜ ਗਿਆ।
ਹੀਰਾ ਸਿੰਘ ਨੇ ਮਹਿਸੂਸ ਕਰ ਲਿਆ ਕਿ ਬੀਰ ਸਿੰਘ ਦੇ ਮਾਰੇ ਜਾਣ ਨਾਲ ਹਿੰਸਕ ਗੁੱਸਾ ਪੈਦਾ ਹੋ ਗਿਆ ਹੈ। ਉਸ ਨੇ ਭਾਈ ਸਾਹਿਬ ਦੀ ਯਾਦ ਵਿਚ ਕੜਾਹ ਪ੍ਰਸ਼ਾਦ ਵਾਸਤੇ 5,000 ਰੁਪਏ ਦਿੱਤੇ ਤੇ ਖ਼ਾਲਸਾ ਭਾਈਚਾਰੇ ਵਾਸਤੇ ਅੰਮ੍ਰਿਤ ਛਕਣ ਦਾ ਐਲਾਨ ਕੀਤਾ। 'ਪੰਜਾਬ ਨਿਊਜ਼ ਲੈਟਰ' ਨੇ 14 ਮਈ, 1844 ਨੂੰ ਰਿਪੋਰਟ ਛਾਪੀ ਕਿ ਰਾਜਾ ਹੀਰਾ ਸਿੰਘ ਨੇ ਸਿਪਾਹੀਆਂ ਨੂੰ ਚੰਗੇ ਰੌਂਅ ਵਿਚ ਰੱਖਣ ਦੀ ਕੋਸ਼ਿਸ਼ ਕੀਤੀ, ਸਿੱਖ ਸਿਪਾਹੀਆਂ ਨੇ ਉਸ ਤੋਂ ਤੋਹਫ਼ੇ ਹਾਸਲ ਕੀਤੇ ਪਰ ਕਿਹਾ ਕਿ 'ਅਸਾਂ ਆਪਣਾ ਗੁਰੂ ਮਾਰ ਦਿੱਤਾ ਤੇ ਦੋ-ਦੋ ਰੁਪਏ ਲੈ ਲਏ, ਅਸੀਂ ਕਿਹੋ ਜਿਹੇ ਆਦਮੀ ਹਾਂ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਅੰਗਰੇਜ਼ ਸਰਕਾਰ ਲਾਹੌਰ 'ਚ ਦੁਹਰਾਉਣਾ ਚਾਹੁੰਦੀ ਸੀ ਜਲ੍ਹਿਆਂਵਾਲਾ ਬਾਗ ਵਰਗਾ ਸਾਕਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਦੇ ਬਾਅਦ ਕੁਝ ਦਿਨਾਂ ਤੱਕ ਤਾਂ ਸਿੱਖ ਨਿਰਵਿਘਨ ਗੁਰਦੁਆਰੇ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਦੇ ਰਹੇ ਪਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਚਾਨਕ ਮੁਸਲਮਾਨ ਦੰਗਾਕਾਰੀਆਂ ਦੀ ਵੱਡੀ ਬੇਕਾਬੂ ਭੀੜ ਉਥੇ ਆ ਗਈ, ਜਿਸ 'ਤੇ ਪੰਜਾਬ ਦੇ ਗਵਰਨਰ ਸਰ ਹਰਬਰਟ ਅਮਰਸਨ ਨੇ ਡਿਪਟੀ ਕਮਿਸ਼ਨਰ ਲਾਹੌਰ ਸ: ਰਾਮ ਪ੍ਰਸਾਦ ਸਿੰਘ ਗਰੇਵਾਲ ਅਤੇ ਐਸ. ਐਸ. ਪੀ. ਡੈਨਿਜ਼ ਕਿਲਬਰਨ ਨੂੰ ਬੁਲਾਇਆ ਅਤੇ ਦੱਸਿਆ ਕਿ ਵਾਇਸਰਾਇ ਲਾਹੌਰ ਅੰਗਰੇਜ਼ੀ ਸੈਨਾ ਨੂੰ ਸੌਂਪਣਾ ਚਾਹੁੰਦੇ ਹਨ ਅਤੇ ਦੰਗਾਕਾਰੀਆਂ ਨੂੰ ਸ਼ਾਂਤ ਕਰਨ ਲਈ ਇਥੇ ਜਲ੍ਹਿਆਂਵਾਲਾ ਬਾਗ ਦਾ ਸਾਕਾ ਮੁੜ ਦੁਹਰਾਇਆ ਜਾਵੇਗਾ। ਇਸ 'ਤੇ ਸ: ਗਰੇਵਾਲ ਨੇ ਮੁਸਲਿਮ ਆਗੂਆਂ ਨੂੰ ਸਮਝਾਇਆ ਕਿ ਅੰਗਰੇਜ਼ੀ ਸੈਨਾ ਆਉਣ 'ਤੇ ਸਖ਼ਤ ਕਦਮ ਚੁੱਕੇ ਜਾਣਗੇ, ਪਰ ਭੀੜ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਵੇਖਦਿਆਂ ਹੀ ਵੇਖਦਿਆਂ ਦੰਗਾਕਾਰੀਆਂ ਦੀ ਗਿਣਤੀ 50 ਹਜ਼ਾਰ ਤੱਕ ਪਹੁੰਚ ਗਈ। ਭੀੜ ਨੇ ਪੁਲਿਸ ਦੀ ਕਾਰਵਾਈ ਰੋਕਣ ਲਈ ਬੱਚਿਆਂ ਅਤੇ ਔਰਤਾਂ ਨੂੰ ਅੱਗੇ ਕੀਤਾ ਹੋਇਆ ਸੀ। ਅੰਗਰੇਜ਼ ਐਸ. ਐਸ. ਪੀ. ਉਪਰੋਂ ਮਿਲੇ ਆਦੇਸ਼ ਮੁਤਾਬਿਕ ਭੀੜ 'ਤੇ ਅੰਧਾਧੁੰਦ ਗੋਲੀਆਂ ਚਲਾਉਣਾ ਚਾਹੁੰਦਾ ਸੀ, ਪਰ ਸ: ਗਰੇਵਾਲ ਨੇ ਉਸ ਨੂੰ ਆਪਣੀ ਪੁਲਿਸ ਪਾਰਟੀ ਨੂੰ ਸਿਰਫ਼ ਭੀੜ 'ਚ ਸ਼ਾਮਿਲ ਆਗੂਆਂ ਦੀਆਂ ਲੱਤਾਂ 'ਤੇ ਗੋਲੀਆਂ ਦਾ ਨਿਸ਼ਾਨਾ ਲਗਾਉਣ ਲਈ ਕਿਹਾ। ਪੁਲਿਸ ਦੀ ਇਸ ਕਾਰਵਾਈ ਨਾਲ ਭੀੜ ਰਫ਼ਾ-ਦਫ਼ਾ ਹੋ ਗਈ ਅਤੇ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਇਸ ਕਾਰਵਾਈ ਦੇ ਚੱਲਦਿਆਂ ਸਿਰਫ਼ ਇਕ ਆਗੂ ਦੀ ਮੌਤ ਹੋਈ ਅਤੇ ਕੁਝ ਜ਼ਖ਼ਮੀ ਹੋਏ।
ਪੰਜਾਬ ਦੇ ਸੀਨੀਅਰ ਆਈ. ਏ. ਐਸ. ਅਧਿਕਾਰੀ ਸ੍ਰੀ ਰਵਿੰਦਰ ਕੌਸ਼ਿਕ ਦੇ ਅਨੁਸਾਰ ਸ: ਰਾਮ ਪ੍ਰਸਾਦ ਸਿੰਘ ਗਰੇਵਾਲ ਪਹਿਲੇ ਭਾਰਤੀ ਡਿਪਟੀ ਕਮਿਸ਼ਨਰ ਸਨ। ਮੱਧ ਪ੍ਰਦੇਸ਼ ਦੇ ਰੀਵਾ 'ਚ ਜਨਮੇ ਸ: ਗਰੇਵਾਲ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੇਜੂਏਸ਼ਨ ਕੀਤੀ ਅਤੇ ਸੰਨ 1921 ਬੈਚ ਦੇ ਇਸ ਆਈ. ਸੀ. ਐਚ. ਅਧਿਕਾਰੀ ਨੂੰ 20 ਅਪ੍ਰੈਲ, 1933 ਵਿਚ ਲਾਹੌਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ।


-ਅੰਮ੍ਰਿਤਸਰ।
ਫੋਨ : 93561-27771

ਸਿੱਖ ਧਰਮ ਵਿਚ ਲੰਗਰ ਦਾ ਬਦਲਦਾ ਸਰੂਪ

ਸਿੱਖ ਧਰਮ ਦੇ ਮੁੱਢਲੇ ਅਸੂਲਾਂ 'ਤੇ ਜ਼ਰਾ ਗਹੁ ਨਾਲ ਨਜ਼ਰ ਮਾਰੀਏ ਤਾਂ ਸਰਬ ਸਾਂਝੀਵਾਲਤਾ ਅਤੇ ਨਿਸ਼ਕਾਮ ਸੇਵਾ ਅਜਿਹੇ ਅਸੂਲ ਹਨ, ਜੋ ਇਕਦਮ ਸਾਡੇ ਸਾਹਮਣੇ ਉੱਘੜਦੇ ਹੋਏ ਦਿਸਦੇ ਹਨ। ਇਹ ਅਸੂਲ ਪ੍ਰਤੱਖ ਤੌਰ 'ਤੇ ਗੁਰੂ ਦੇੇ ਲੰਗਰ ਵਿਚ ਰੂਪਮਾਨ ਹਨ। ਲੰਗਰ ਸ਼ਬਦ ਦੇ ਅਰਥ ਭਾਈ ਵੀਰ ਸਿੰਘ ਨੇ ਇਉਂ ਕੀਤੇ ਹਨ : ਲੰਗਰ ਪਦ ਸੰਸਕ੍ਰਿਤ ਧਾਤੂ (ਲਗ) ਤੋਂ ਬਣਿਆ ਹੈ, ਜਿਸ ਦਾ ਅਰਥ ਨੇੜਾ ਹੈ। ਦੂਸਰੇ ਲਫਜ਼ਾਂ 'ਚ ਲੋਹੇ ਦਾ ਇਕ ਵਜ਼ਨਦਾਰ ਖਾਸ ਢੰਗ ਦਾ ਬਣਿਆ ਟੁਕੜਾ ਹੁੰਦਾ ਹੈ, ਜੋ ਨਦੀ-ਦਰਿਆ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਦੇ ਨਾਲ ਬੇੜੇ ਬੇੜੀਆ ਨੂੰ ਅਟਕਾ ਕੇ ਨਦੀਆਂ-ਦਰਿਆਵਾਂ ਦੇ ਕਿਨਾਰਿਆਂ 'ਤੇ ਖੜ੍ਹਾ ਕੀਤਾ ਜਾਂਦਾ ਹੈ। ਪੰਜਾਬੀ ਵਿਚ ਉਸ ਲੋਹੇ ਦੇ ਟੁਕੜੇ ਨੂੰ ਲੰਗਰ ਕਹਿੰਦੇ ਹਨ। ਸੋ, ਇਸ ਤੋਂ ਭਾਵ ਕਿ ਜਿਵੇਂ ਲੰਗਰ ਪਾਣੀ ਵਿਚ ਕਿਸ਼ਤੀਆਂ ਦਾ ਸਹਾਰਾ-ਆਸਰਾ ਹੈ, ਉਸੇ ਤਰ੍ਹਾਂ ਲੰਗਰ ਪਦ ਅੰਨ ਸ਼ਾਲਾ ਲਈ ਵਰਤਿਆ ਗਿਆ ਹੈ, ਜੋ ਬੇਸਹਾਰੇ, ਲੋੜਵੰਦਾਂ ਗਰੀਬਾਂ ਲਈ ਅੰਨ ਦਾ ਸਹਾਰਾ ਹੈ। ਸਿੱਖ ਧਰਮ ਵਿਚ ਲੰਗਰ ਦੀ ਪਰੰਪਰਾ ਓਨੀ ਹੀ ਪੁਰਾਣੀ ਹੈ, ਜਿੰਨਾ ਸਿੱਖ ਧਰਮ ਹੈ। ਇਸ ਦੀ ਸਥਾਪਨਾ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਛਕਾ ਕੇ ਕੀਤੀ। ਸਿੱਖ ਧਰਮ ਦੇ ਵਿਕਾਸ ਦੇ ਨਾਲ-ਨਾਲ ਹੋਰ ਗੁਰੂ ਸਾਹਿਬਾਨਾਂ ਨੇ ਵੀ ਲੰਗਰ ਪਰੰਪਰਾ ਲਈ ਆਪਣਾ ਯੋਗਦਾਨ ਪਾਇਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਤਾਗੱਦੀ ਕਾਲ ਸਮੇਂ ਲੰਗਰ ਪ੍ਰਬੰਧ ਦੇ ਮੁਖੀ ਮਾਤਾ ਖੀਵੀ ਨੂੰ ਬਣਾਇਆ, ਜੋ ਸੰਸਾਰ ਭਰ ਅੰਦਰ ਨਵਾਂ ਕਦਮ ਸੀ ਕਿ ਜਿਸ ਔਰਤ ਨੂੰ ਨਿੰਦਿਆ ਜਾਂਦਾ ਸੀ, ਉਸੇ ਨੂੰ ਲੰਗਰ ਪ੍ਰਬੰਧ ਦਾ ਮੁਖੀ ਨਿਯੁਕਤ ਕੀਤਾ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਰਾਮਕਲੀ ਦੀ ਵਾਰ ਅੰਦਰ ਜ਼ਿਕਰ ਕੀਤਾ ਹੈ।
ਬਲਵੰਡ ਖੀਵੀ ਨੇਕ ਜਨ
ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ
ਅੰਮ੍ਰਿਤ ਖੀਰਿ ਘਿਆਲੀ॥
ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਮੇਂ ਲੰਗਰ ਪਰੰਪਰਾ ਨੂੰ ਨਵਾਂ ਰੂਪ ਦਿੰਦੇ ਹੋਏ ਇਹ ਹੁਕਮ ਸੰਗਤਾਂ ਨੂੰ ਕੀਤਾ ਸੀ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ। ਗੁਰੂ ਜੀ ਦੇ ਦਰਸ਼ਨ ਕਰਨ ਆਏ ਅਕਬਰ ਬਾਦਸ਼ਾਹ ਨੇ ਵੀ ਪਹਿਲਾਂ ਪੰਗਤਾਂ 'ਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ ਤੇ ਫਿਰ ਗੁਰੂ ਜੀ ਦੇ ਦਰਸ਼ਨ ਕੀਤੇ। ਲੋੜਵੰਦਾਂ ਤੇ ਰੱਬੀ ਬੰਦਗੀ ਨਾਲ ਜੁੜੇ ਲੋਕਾਂ ਲਈ ਮੁਫ਼ਤ ਭੋਜਨ ਛਕਾਉਣ ਦੀ ਪਰੰਪਰਾ ਹੋਂਦ ਵਿਚ ਆਉਣ ਕਰਕੇ ਇਸ ਨੂੰ ਗੁਰੂ ਕੇ ਲੰਗਰ ਦੇ ਨਾਂਅ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਗੁਰੂ ਸਾਹਿਬਾਨਾਂ ਦੁਆਰਾ ਲੰਗਰ ਤਿਆਰ ਕਰਨ ਤੋਂ ਲੈ ਕੇ ਵਰਤਾਉਣ, ਖਾਣ ਤੱਕ ਦੀ ਮਰਿਆਦਾ ਨੂੰ ਬੰਨ੍ਹਿਆ ਗਿਆ। ਇਕ ਅਜਿਹੀ ਮਰਿਆਦਾ ਤਿਆਰ ਕੀਤੀ ਗਈ, ਜੋ ਸਮਾਜ ਦੇ ਅੰਦਰ ਸਦੀਆਂ ਤੋਂ ਚਲਦੇ ਆ ਰਹੇ ਜਾਤ-ਪਾਤ, ਛੂਤ-ਛਾਤ ਤੇ ਊਚ-ਨੀਚ ਦੇ ਭੇਦ-ਭਾਵ ਵਿਰੁੱਧ ਪੁੱਟਿਆ ਹੋਇਆ ਇਕ ਜ਼ਬਰਦਸਤ ਕਦਮ ਸੀ।
ਲੰਗਰ ਪਰੰਪਰਾ ਰਾਹੀਂ ਏਕਤਾ, ਸਮਾਨਤਾ ਦੀ ਨੀਂਹ ਰੱਖ ਕੇ ਸਭ ਲੋਕਾਂ ਦੇ ਮਨਾਂ 'ਚ ਇਹ ਗੱਲ ਦ੍ਰਿੜ੍ਹ ਕਰਵਾਈ ਗਈ-
ਅਵਲਿ ਅਲਹ ਨੂਰ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ੳਪਜਿਆ ਕਉਨ ਭਲੇ ਕੋ ਮੰਦੇ॥
ਜਾਤ-ਪਾਤ ਦੇ ਵਿਤਕਰੇ ਨੂੰ ਦੂਰ ਕਰਦੇ ਹੋਏ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਅਸੀਂ ਸਾਰੇ ਇਕ ਸਾਂਝੇ ਪਰਿਵਾਰ ਦੇ ਹੀ ਮੈਂਬਰ ਹਾਂ-
ਏਕੁ ਪਿਤਾ ਏਕਮ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਗੁਰੂ ਸਾਹਿਬਾਨਾਂ ਨੇ ਸੰਸਾਰ ਦੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਸੱਚੇ-ਸੁੱਚੇ ਧਰਮ ਵਿਚ ਪ੍ਰੇਮ ਹਮਦਰਦੀ ਤੇ ਨੀਵਿਆਂ-ਡਿੱਗਿਆਂ ਨੂੰ ਉੱਚੇ ਚੁੱਕ ਗਲ ਨਾਲ ਲਗਾਉਣਾ ਹੈ। ਗੁਰੂ ਕੇ ਲੰਗਰ 'ਚ ਸਿਰਫ ਸਿੱਖ ਧਰਮ ਨੂੰ ਮੰਨਣ ਵਾਲੇ ਹੀ ਨਹੀਂ, ਸਗੋਂ ਕਿਸੇ ਵੀ ਧਰਮ ਦੇ ਲੋਕ ਬਿਨਾਂ ਵਿਤਕਰੇ ਦੇ ਸ਼ਾਮਿਲ ਹੋ ਸਕਦੇ ਹਨ। ਅੱਜ ਗੁਰੂਆਂ ਦੁਆਰਾ ਚਲਾਈ ਲੰਗਰ ਸੰਸਥਾ ਦੇਸ਼-ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਵਿਸ਼ਾਲ ਰੂਪ ਵਿਚ ਦਿਖਾਈ ਦਿੰਦੀ ਹੈ। ਜਿਥੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪ੍ਰਸ਼ਾਦਾ ਛਕ ਕੇ, ਸੇਵਾ ਕਰਕੇ ਤਨ ਮਨ ਦੀ ਪੂਰਤੀ ਕਰਦੀਆਂ ਹਨ। ਪਰ 21ਵੀਂ ਸਦੀ ਅੰਦਰ ਮਨੁੱਖ ਦੀ ਸੋਚ ਪਦਾਰਥਵਾਦੀ ਬਣਦੀ ਜਾ ਰਹੀ ਹੈ, ਜਿਸ ਕਰਕੇ ਦਿਨੋ-ਦਿਨ ਉਹ ਅਸਲ ਗੁਰੂ ਕੇ ਲੰਗਰ ਦੀ ਸਿੱਖਿਆ ਨੂੰ ਵਿਸਾਰਦਾ ਜਾ ਰਿਹਾ ਹੈ। ਕੁਝ ਸੌੜੀ ਸੋਚ ਰੱਖਣ ਵਾਲੇ ਮਨੁੱਖਾਂ ਵਲੋਂ ਲੰਗਰ ਤਿਆਰ ਕਰਨ ਸਮੇਂ, ਖਾਣ ਸਮੇਂ ਜਾਤ-ਪਾਤ, ਊਚ-ਨੀਚ ਦਾ ਭੇਦ ਕੀਤਾ ਜਾਂਦਾ ਹੈ, ਜੋ ਕਿ ਸਿੱਧੇ ਰੂਪ ਵਿਚ ਗੁਰਮਤਿ ਦੇ ਅਸੂਲਾਂ ਦੀ ਵਿਰੋਧਤਾ ਹੈ।
ਧਾਰਮਿਕ ਸਮਾਗਮਾਂ 'ਤੇ ਜ਼ਿਆਦਾਤਰ ਲੰਗਰ ਹਲਵਾਈਆਂ ਵਲੋਂ ਤਿਆਰ ਕੀਤਾ ਜਾਂਦਾ ਹੈ, ਅੱਜਕਲ੍ਹ ਜੋ ਬਹੁਗਿਣਤੀ ਵਿਚ ਗੁੁਰਮਤਿ ਦੇ ਧਾਰਨੀ ਨਹੀਂ ਹੁੰਦੇ। ਧਾਰਮਿਕ ਸਮਾਗਮ 'ਤੇ ਸੰਗਤਾਂ ਵਲੋਂ ਲੰਗਰ ਖਾਣ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਪੰਗਤਾਂ ਦੀ ਰੀਤ ਨੂੰ ਛੱਡ ਕੇ ਮੇਜ਼ਾਂ-ਕੁਰਸੀਆਂ 'ਤੇ ਲੰਗਰ ਪਰੋਸਣ ਦਾ ਹੁਣ ਰਿਵਾਜ ਸ਼ੁਰੂ ਹੋ ਚੱਕਾ ਹੈ। ਗੁਰੂ ਸਾਹਿਬਾਨਾਂ ਨੇ ਬਹੁਤ ਲੰਬਾ ਸਮਾਂ ਮਿਹਨਤ ਕਰਕੇ ਲੰਗਰ ਦੀ ਸੰਸਥਾ ਕਾਇਮ ਕਰਕੇ ਜੋ ਸਿੱਖਿਆ ਲੋਕਾਂ ਨੂੰ ਦਿੱਤੀ ਸੀ, ਲੋਕ ਉਸ ਸਿੱਖਿਆ ਨੂੰ ਵਿਸਾਰਦੇ ਜਾ ਰਹੇ ਹਨ, ਦਿਨੋਂ-ਦਿਨ ਲੰਗਰ ਦਾ ਸਰੂਪ ਬਦਲਦਾ ਦਿਖਾਈ ਦੇ ਰਿਹਾ ਹੈ। ਸੋ, ਅੱਜ ਲੋੜ ਹੈ ਕਿ ਲੰਗਰ ਦੀ ਸੰਸਥਾ ਦੇ ਬਦਲਦੇ ਸਰੂਪ ਨੂੰ ਰੋਕਣ ਲਈ ਧਾਰਮਿਕ ਸੰਸਥਾਵਾਂ ਵਲੋਂ ਸਾਰਥਕ ਯਤਨ ਕੀਤੇ ਜਾਣ, ਸੰਗਤਾਂ ਨੂੰ ਲੰਗਰ ਦੀ ਮਰਿਆਦਾ ਦਾ ਮਹੱਤਵ ਤੇ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇ, ਤਾਂ ਹੀ ਲੰਗਰ ਦੀ ਸੰਸਥਾ ਦੇ ਬਦਲਦੇ ਸਰੂਪ ਨੂੰ ਰੋਕਿਆ ਜਾ ਸਕਦਾ ਹੈ।


-ਮੋਬਾ: 99141-61453

ਪ੍ਰਸਿੱਧ, ਪ੍ਰਾਚੀਨ ਸ੍ਰੀਰਾਮ ਗੋਪਾਲ ਮੰਦਰ ਡਮਟਾਲ (ਹਿ: ਪ੍ਰ:)

ਪ੍ਰਸਿੱਧ-ਪ੍ਰਾਚੀਨ ਇਤਿਹਾਸਕ ਸ੍ਰੀਰਾਮ ਗੋਪਾਲ ਮੰਦਰ ਪਠਾਨਕੋਟ ਤੋਂ ਲਗਪਗ 7 ਕਿਲੋਮੀਟਰ ਦੀ ਦੂਰੀ ਉੱਪਰ ਚੱਕੀ ਖੱਡ ਦੇ ਖੱਬੇ ਕਿਨਾਰੇ ਸਥਿਤ ਡਮਟਾਲ ਨਗਰ ਵਿਚ ਹੈ।
ਡਮਟਾਲ ਨਗਰ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਦੇ ਨਾਲ ਅੱਗੇ-ਪਿੱਛੇ ਅੱਖ-ਮਚੋਲੀ ਖੇਡਦਾ ਹੈ। ਪਠਾਨਕੋਟ ਅਤੇ ਡਮਟਾਲ ਦਾ ਇਲਾਕਾ ਆਹਮੋ-ਸਾਹਮਣੇ ਸੜਕਾਂ-ਮੁਹੱਲਿਆਂ ਵਿਚ ਵੰਡਿਆ ਹੋਇਆ ਹੈ। ਇਕ ਹੀ ਸੜਕ ਦੋਵਾਂ ਇਲਾਕਿਆਂ ਵਿਚ ਘੁੰਮਦੀ ਹੈ। ਪਠਾਨਕੋਟ ਦੇ ਲੋਕਾਂ ਦੀ ਜ਼ਮੀਨ-ਜਾਇਦਾਦ ਹਿਮਾਚਲ ਵਿਚ ਅਤੇ ਹਿਮਾਚਲ ਦੇ ਲੋਕਾਂ ਦੀ ਜ਼ਮੀਨ ਪੰਜਾਬ ਵਿਚ ਹੈ। ਵਕਫ਼ ਬੋਰਡ ਦੀ ਭੂਮੀ ਜ਼ਿਆਦਾ ਹੈ, ਜੋ ਲੋਕਾਂ ਨੇ ਕਿਰਾਏ 'ਤੇ ਲੈ ਰੱਖੀ ਹੈ। ਪੰਜਾਬ ਦੇ ਲੋਕ ਇਸ ਮੰਦਰ ਨੂੰ ਦੇਖਣ ਲਈ ਜ਼ਿਆਦਾ ਆਉਂਦੇ ਹਨ।
ਇਹ ਮੰਦਰ ਜ਼ਿਲ੍ਹਾ ਕਾਂਗੜਾ ਅਤੇ ਤਹਿਸੀਲ ਇੰਦੌਰ ਵਿਚ ਪੈਂਦਾ ਹੈ। ਸ੍ਰੀਰਾਮ ਗੋਪਾਲ ਮੰਦਰ ਡਮਟਾਲ-ਕੰਡਵਾਲ ਮਾਰਗ ਉੱਤੇ ਸੜਕ ਤੋਂ ਲਗਪਗ 200 ਮੀਟਰ ਦੀ ਦੂਰੀ ਉੱਪਰ ਇਕ ਪਹਾੜੀ 'ਤੇ ਸਥਿਤ ਹੈ। ਕਿਸੇ ਸਮੇਂ ਇਥੇ ਇਕ ਬਹੁਤ ਵੱਡਾ ਕਿਲ੍ਹਾ ਸੀ। ਇਹ ਸਥਾਨ ਸਮੁੰਦਰ ਤਲ ਤੋਂ ਲਗਪਗ 1500 ਫੁੱਟ ਦੀ ਉਚਾਈ ਉੱਪਰ ਹੈ। ਮੰਦਰ ਦੇ ਚਾਰੇ ਪਾਸੇ ਪ੍ਰਾਚੀਨ ਰੁੱਖਾਂ ਦਾ ਅਸ਼ੀਰਵਾਦ ਹੈ। ਮੰਦਰ ਦੇ ਸੱਜੇ ਕਿਨਾਰੇ ਦੁਰਗਾ ਮਾਤਾ ਦਾ ਮੰਦਰ ਹੈ। ਇਸ ਦੇ ਨਾਲ ਹੀ ਮੁੱਖ ਡਿਉੜੀ, ਗੋਪਾਲ ਡਿਉੜੀ, ਅਧਿਆਤਮਿਕ ਡਿਉੜੀ, ਪ੍ਰਾਚੀਨ ਵਟ-ਰੁੱਖ ਅਤੇ ਖੱਬੇ ਪਾਸੇ ਗੱਦੀ ਮੰਦਰ, ਉੱਪਰ ਗੁਰੂ ਨਿਵਾਸ, ਭੰਡਾਰ, ਮਹਾਤਮਾਵਾਂ ਦੀਆਂ ਗੁੰਬਦਕਾਰ ਸਮਾਧੀਆਂ ਹਨ। ਪ੍ਰਾਚੀਨ ਕੰਧਾਂ-ਛੱਤਾਂ ਉੱਪਰ ਕਮਾਲ ਦੀ ਚਿੱਤਰਕਾਰੀ ਹੈ।
ਪਠਾਨਕੋਟ ਦੇ ਪ੍ਰਸਿੱਧ ਲੇਖਕ ਭਰਾ ਹਰਬੰਸ ਸਿੰਘ ਦੇ ਮਨਮੋਹਣ ਧਕਾਲਵੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਮੰਦਰ ਦੇ ਨਜ਼ਦੀਕ ਹੈ। ਮੰਦਰ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਤੁਲਸੀ ਚੋਗ, ਮਹਾਂਵੀਰ ਦੀ ਵਿਸ਼ਾਲ ਮੂਰਤੀ, ਪਿੱਛੇ ਗਊਸ਼ਾਲਾ, ਨਾਲ ਹੀ ਪਿੰਡੀਨੁਮਾ ਸ਼ਿਵਲਿੰਗ ਹੈ। ਇਕ ਪ੍ਰਾਚੀਨ ਧਰਮਸ਼ਾਲਾ, ਸ਼ਿਵਲਿੰਗ ਦੇ ਨਾਲ ਧਰਮਤਾਲ ਹੈ। ਡਮਟਾਲ ਇਸ ਤੋਂ ਹੀ ਨਾਂਅ ਪਿਆ। ਇਸ ਮੰਦਰ ਨੂੰ ਪਹਿਲਾਂ ਧਰਮਤਾਲ ਕਹਿੰਦੇ ਸੀ। ਇਹ ਲਗਪਗ 17ਵੀਂ ਸਦੀ ਵਿਚ ਬਣਿਆ। ਇਕ ਪ੍ਰਾਚੀਨ ਗੁਫ਼ਾ ਵੀ ਹੈ, ਜਿਸ ਦਾ ਸਬੰਧ ਪੰਡੋਰੀ ਧਾਮ ਗੁਰਦਾਸਪੁਰ ਨਾਲ ਹੈ। ਇਸ ਮੰਦਰ ਵਿਚ ਸਭ ਦਿਨ-ਤਿਉਹਾਰ ਮਨਾਏ ਜਾਂਦੇ ਹਨ।


-ਮੋਬਾ: 98156-25409

ਸ਼ਬਦ ਵਿਚਾਰ

ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਪਿਰ ਕੀ ਨਾਰਿ ਸੁਹਾਵਣੀ
ਮੁਤੀ ਸੋ ਕਿਤੁ ਸਾਦਿ॥
ਪਿਰ ਕੈ ਕਾਮਿ ਨ ਆਵਈ
ਬੋਲੇ ਫਾਦਿਲੁ ਬਾਦਿ॥
ਦਰਿ ਘਰਿ ਢੋਈ ਨ ਲਹੈ
ਛੂਟੀ ਦੂਜੈ ਸਾਦਿ॥ ੫॥
ਪੰਡਤਿ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥
ਅਨ ਕਉ ਮਤੀ ਦੇ ਚਲਹਿ
ਮਾਇਆ ਕਾ ਵਾਪਾਰੁ॥
ਕਥਨੀ ਝੂਠੀ ਜਗੁ ਭਵੈ
ਰਹਣੀ ਸਬਦੁ ਸੁ ਸਾਰੁ॥ ੬॥
ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ॥
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ॥
ਬਿਨੁ ਗੁਰ ਕਰਮ ਨ ਛੁਟਸੀ
ਕਹਿ ਸੁਣਿ ਆਖਿ ਵਖਾਣੁ॥ ੭॥
ਸਭਿ ਗੁਣਵੰਤੀ ਆਖੀਅਹਿ
ਮੈ ਗੁਣੁ ਨਾਹੀ ਕੋਇ॥
ਹਰਿ ਵਰੁ ਨਾਰਿ ਸੁਹਾਵਣੀ
ਮੈ ਭਾਵੈ ਪ੍ਰਭੁ ਸੋਇ॥
ਨਾਨਕ ਸਬਦਿ ਮਿਲਾਵੜਾ
ਨਾ ਵੇਛੋੜਾ ਹੋਇ॥ ੮॥ ੫॥ (ਅੰਗ 56)
ਪਦ ਅਰਥ : ਸੁਹਾਵਣੀ-ਸੋਹਣੀ, ਸੁੰਦਰ। ਮੁਤੀ-ਛੁੱਟੜ। ਮੁਤੀ ਸੋ ਕਿਤੁ ਸਾਦਿ-ਕਿਸ ਸੁਆਦ ਵਿਚ ਫਸ ਕੇ ਉਹ ਛੁੱਟੜ ਹੋ ਗਈ। ਬਾਦਿ-ਵਿਅਰਥ। ਫਾਦਿਲੁ-ਫਜ਼ੂਲ। ਦਰਿ-ਪ੍ਰਭੂ ਦੇ ਦਰ 'ਤੇ। ਘਰਿ-ਪ੍ਰਭੂ ਦੇ ਮਹਿਲ ਵਿਚ। ਢੋਈ-ਆਸਰਾ, ਟਿਕਾਣਾ। ਨ ਲਹੈ-ਨਹੀਂ ਮਿਲਦਾ। ਦੂਜੈ ਸਾਦਿ-ਮਾਇਆ ਦੇ ਸੁਆਦ (ਮੋਹ) ਵਿਚ।
ਵਾਚਹਿ-ਪੜ੍ਹਦੇ ਹਨ, ਅਧਿਐਨ ਕਰਦੇ ਹਨ। ਵੀਚਾਰੁ-ਸਿਧਾਂਤ। ਨਾ ਬੂਝਹਿ ਵੀਚਾਰੁ-ਸਿਧਾਂਤ ਨੂੰ ਨਹੀਂ ਸਮਝਦੇ। ਅਨ ਕਉ-ਦੂਜਿਆਂ ਨੂੰ। ਅਨ ਕਉ ਮਤੀ-ਦੂਜਿਆਂ ਨੂੰ ਮੱਤਾਂ। ਦੇ ਚਲਹਿ-(ਇਥੋਂ ਜਗਤ ਤੋਂ) ਚਲੇ ਜਾਂਦੇ ਹਨ। ਮਾਇਆ ਕਾ ਵਾਪਾਰੁ-ਮਾਨੋ ਮਾਇਆ ਕਮਾਉਣ ਦਾ ਵਪਾਰ ਹੀ ਬਣ ਕੇ ਰਹਿ ਜਾਂਦਾ ਹੈ। ਕਥਨੀ ਝੂਠੀ-ਝੂਠੇ ਕਥਨ ਕਾਰਨ। ਜਗੁ ਭਵੈ-ਜਗਤ ਵਿਚ ਭੌਂਦਾ ਫਿਰਦਾ ਰਹਿੰਦਾ ਹੈ। ਰਹਣੀ ਸਾਰੁ-ਸ੍ਰੇਸ਼ਟੀ ਰਹਿਣੀ ਹੈ।
ਕੇਤੇ-ਕਿਤਨੇ ਹੀ, ਅਨੇਕਾਂ ਹੀ। ਜੋਤਕੀ-ਜੋਤਸ਼ੀ। ਕਰਹਿ ਬੀਚਾਰੁ-ਵਿਚਾਰ ਕਰਦੇ ਹਨ। ਬੇਦਾ-ਵੇਦਾਂ ਦਾ, ਵੇਦਾਂ ਨੂੰ। ਵਾਦਿ-ਵਾਦ ਵਿਚ, ਚਰਚਾ ਦੁਆਰਾ। ਵਿਰੋਧਿ-ਮਤਭੇਦ ਕਾਰਨ। ਸਲਾਹਣੇ-ਵਾਹ ਵਾਹ ਖੱਟਦੇ ਹਨ। ਵਾਦੇ-(ਇਸ) ਮਤਭੇਦ ਵਿਚ ਹੀ। ਆਵਣੁ ਜਾਣੁ-ਜੰਮਦੇ ਮਰਦੇ ਰਹਿੰਦੇ ਹਨ। ਬਿਨ ਗੁਰ ਕਰਮ-ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ। ਨ ਛੁਟਸੀ-ਛੁਟਕਾਰਾ ਨਹੀਂ ਹੋ ਸਕਦਾ, ਖਲਾਸੀ ਨਹੀਂ ਹੋ ਸਕਦੀ। ਕਹਿ ਸੁਣਿ-ਕਹਿਣ ਜਾਂ ਸੁਣਨ ਨਾਲ। ਆਖਿ ਵਖਾਣੁ-ਆਖਣ ਜਾਂ ਵਿਖਿਆਨ ਕਰਨ ਨਾਲ।
ਗੁਣਵੰਤੀ ਆਖੀਅਹਿ-ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਹਰਿ ਵਰੁ-ਪ੍ਰਭੂ ਪਤੀ ਨੂੰ। ਨਾਰਿ-ਜੀਵ ਇਸਤਰੀ। ਸੁਹਾਵਣੀ-ਸੋਹਣੀ ਲਗਦੀ ਹੈ। ਮੈ ਭਾਵੈ-ਮੈਨੂੰ (ਪ੍ਰਭੂ) ਚੰਗਾ ਲੱਗ ਸਕੇ। ਸਬਦਿ ਮਿਲਾਵੜਾ-ਸ਼ਬਦ ਦੁਆਰਾ ਹੀ ਮਿਲਾਪ ਹੁੰਦਾ ਹੈ।
ਜਗਤ ਗੁਰੂ ਬਾਬਾ ਰਾਗੁ ਤਿਲੰਗ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਚਸਕਿਆਂ, ਲੋਭ ਲਾਲਚ ਅਤੇ ਅਹੰਕਾਰ ਵਿਚ ਮੱਤੀ ਜੀਵ ਇਸਤਰੀ ਜੋ ਮਾਇਆ ਵਿਚ ਮਸਤ ਰਹਿੰਦੀ ਹੈ, ਅਜਿਹੀ ਅੰਞਾਣ ਇਸਤਰੀ ਨੂੰ ਮਾਲਕ ਪ੍ਰਭੂ ਨਹੀਂ ਮਿਲ ਸਕਦਾ-
ਲਬ ਲੋਭ ਅਹੰਕਾਰ ਕੀ ਮਾਤੀ
ਮਾਇਆ ਮਾਹਿ ਸਮਾਣੀ॥
ਇਨ ਬਾਤੀ ਸਹੁ ਪਾਈਐ ਨਾਹੀ
ਭਈ ਕਾਮਣਿ ਇਆਣੀ॥ (ਅੰਗ 722)
ਲਬ-ਜੀਵ ਦੇ ਚਸਕੇ। ਮਾਹਿ-ਵਿਚ। ਸਮਾਣੀ-ਮਸਤ ਰਹਿੰਦੀ ਹੈ। ਸਹੁ-ਮਾਲਕ ਪ੍ਰਭੂ। ਕਾਮਣਿ-ਇਸਤਰੀ। ਇਆਣੀ-ਅੰਞਾਣ।
ਤਾਂ ਫਿਰ ਹੇ ਅੰਞਾਣੀ ਜੀਵ ਇਸਤਰੀ, ਤੂੰ ਮਾਣ ਕਿਸ ਗੱਲ ਦਾ ਕਰਦੀ ਹੈਂ? ਪ੍ਰਭੂ ਪਤੀ ਤਾਂ ਤੇਰੇ ਹਿਰਦੇ ਘਰ ਵਿਚ ਹੀ ਹੈ। ਤੂੰ ਉਸ ਦੇ ਮਿਲਾਪ ਦੇ ਅਨੰਦ ਕਿਉਂ ਨਹੀਂ ਮਾਣਦੀ? ਹੇ ਕਮਲੀਏ ਜੀਵ ਇਸਤਰੀਏ, ਮਾਲਕ ਪ੍ਰਭੂ ਤਾਂ ਤੇਰੇ ਪਾਸ ਅਥਵਾ ਅੰਦਰ ਹੀ ਵਸਦਾ ਹੈ, ਤੂੰ ਉਸ ਨੂੰ ਬਾਹਰ ਕਿਥੇ ਲੱਭਦੀ ਪਈ ਫਿਰਦੀ ਹੈਂ-
ਇਆਨੜੀਏ ਮਾਨੜਾ ਕਾਇ ਕਰੇਹਿ॥
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ॥
ਸਹੁ ਨੇੜੇ ਧਨ ਕਮਲੀਏ
ਬਾਹਰੁ ਕਿਆ ਢੂਢੇਹਿ॥ (ਅੰਗ 722)
ਇਆਨੜੀਏ-ਅੰਞਾਣ ਜੀਵ ਇਸਤਰੀਏ। ਮਾਨੜਾ-ਮਾਣ। ਕਾਹੇ-ਕਿਉਂ, ਕਿਸ ਗੱਲ ਦਾ। ਰੰਗੋ-ਰੰਗ, ਅਨੰਦ। ਸਹੁ-ਮਾਲਕ ਪ੍ਰਭੂ। ਧਨ-ਜੀਵ ਇਸਤਰੀ।
ਜਿਨ੍ਹਾਂ ਜੀਵ ਇਸਤਰੀਆਂ ਦੇ ਸਰੀਰ ਰੂਪੀ ਚੋਲੇ ਨਾਮ ਰੰਗ ਵਿਚ ਰੰਗੇ ਜਾਂਦੇ ਹਨ, ਮਾਲਕ ਪ੍ਰਭੂ ਸਦਾ ਉਨ੍ਹਾਂ ਦੇ ਪਾਸ (ਅੰਗ ਸੰਗ) ਵਸਦਾ ਹੈ-
ਜਿਨ ਕੇ ਚੋਲੇ ਰਤੜੇ ਪਿਆਰੇ
ਕੰਤੁ ਤਿਨਾ ਕੈ ਪਾਸਿ॥ (ਅੰਗ 722)
ਚੋਲੇ-ਸਰੀਰ ਰੂਪੀ ਚੋਲੇ। ਰਤੜੇ-ਰੰਗੇ ਜਾਂਦੇ ਹਨ। ਕੰਤੁ-ਮਾਲਕ ਪ੍ਰਭੂ।
ਜਿਸ ਜੀਵ ਇਸਤਰੀ 'ਤੇ ਪ੍ਰਭੂ ਮਿਹਰ ਦੀ ਨਿਗ੍ਹਾ ਕਰਦਾ ਹੈ, ਉਸ ਨੂੰ ਸੰਵਾਰ ਕੇ ਫਿਰ ਆਪ ਹੀ ਉਸ 'ਤੇ ਨਾਮ ਦਾ ਰੰਗ ਚਾੜ੍ਹ ਦਿੰਦਾ ਹੈ-
ਆਪੇ ਸਾਜੇ ਆਪੇ ਰੰਗੇ
ਆਪੇ ਨਦਰਿ ਕਰੇਇ॥ (ਅੰਗ 722)
ਸਾਜੇ-ਸੰਵਾਰ ਕੇ। ਰੰਗੇ-ਰੰਗ ਚਾੜ੍ਹ ਦਿੰਦਾ ਹੈ। ਨਦਰਿ-ਮਿਹਰ ਦੀ ਨਿਗ੍ਹਾ।
ਅਜਿਹੀ ਜੀਵ-ਇਸਤਰੀ ਜੋ ਮਾਲਕ ਪ੍ਰਭੂ ਨੂੰ ਭਾਅ ਜਾਂਦੀ ਹੈ, ਚੰਗੀ ਲਗਦੀ ਹੈ, ਉਸ ਨੂੰ ਉਹ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ-
ਨਾਨਕ ਕਾਮਣਿ ਕੰਤੈ ਭਾਵੈ
ਆਪੇ ਹੀ ਰਾਵੇਇ॥ (ਅੰਗ 722)
ਕਾਮਣਿ-ਜੀਵ ਇਸਤਰੀ। ਕੰਤੈ-ਮਾਲਕ ਪ੍ਰਭੂ। ਭਾਵੈ-ਚੰਗੀ ਲਗਦੀ ਹੈ। ਰਾਵੇਇ-ਜੋੜ ਲੈਂਦਾ ਹੈ, ਮਿਲਾ ਲੈਂਦਾ ਹੈ।
ਜਿਥੋਂ ਤੱਕ ਵਿਦਵਾਨ ਪੰਡਿਤ ਦਾ ਸਬੰਧ ਹੈ, ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਜਿਹੜਾ ਪੰਡਿਤ ਪ੍ਰਭੂ ਦੀਆਂ ਕਥਾਵਾਂ ਭਾਵ ਸਿਫਤ ਸਾਲਾਹ ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਅਜਿਹਾ ਪੰਡਿਤ ਫਿਰ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ-
ਹਰਿ ਕੀ ਕਥਾ ਹਿਰਦੈ ਬਸਾਵੈ॥
ਸੋ ਪੰਡਿਤੁ ਫਿਰਿ ਜੋਨਿ ਨ ਆਵੈ॥
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ 274)
ਅਸ਼ਟਪਦੀ ਦੇ ਅੱਖਰੀਂ ਅਰਥ : (ਪ੍ਰਭੂ) ਪਤੀ ਦੀ ਐਨੀ ਸੁੰਦਰ ਜੀਵ ਇਸਤਰੀ ਕਿਹੜੇ ਸੁਆਦਾਂ ਵਿਚ ਪੈ ਕੇ ਛੁੱਟੜ ਹੋ ਗਈ ਭਾਵ ਉਸ ਦਾ ਪ੍ਰਭੂ ਪਤੀ ਨਾਲੋਂ ਕਿਵੇਂ ਤੋੜ-ਵਿਛੋੜਾ ਹੋ ਗਿਆ। ਵਾਸਤਵ ਵਿਚ ਜਿਹੜੀ ਇਸਤਰੀ ਫਜ਼ੂਲ ਅਤੇ ਵਿਅਰਥ ਦੇ ਵਾਦ-ਵਿਵਾਦ ਕਰਦੀ ਹੈ, ਉਹ ਪਤੀ ਦੇ ਕਿਸੇ ਕੰਮ ਨਹੀਂ ਆਉਂਦੀ। ਮਾਇਆ ਦੇ ਸੁਆਦ ਵਿਚ ਪੈ ਕੇ ਉਹ ਜੀਵ-ਇਸਤਰੀ ਛੁੱਟੜ ਹੋ ਜਾਂਦੀ ਹੈ, ਜਿਸ ਸਦਕਾ ਉਸ ਨੂੰ ਫਿਰ ਪ੍ਰਭੂ ਦੇ ਦਰ-ਘਰ 'ਤੇ ਢੋਈ ਅਰਥਾਤ ਕੋਈ ਆਸਰਾ ਜਾਂ ਟਿਕਾਣਾ ਨਹੀਂ ਮਿਲਦਾ।
ਪੰਡਿਤ ਲੋਕ ਪੋਥੀਆਂ ਅਰਥਾਤ ਧਾਰਮਿਕ ਪੁਸਤਕਾਂ ਤਾਂ ਪੜ੍ਹਦੇ ਰਹਿੰਦੇ ਹਨ ਪਰ ਉਨ੍ਹਾਂ ਵਿਚਲੀ ਵਿਚਾਰ ਨੂੰ ਨਹੀਂ ਸਮਝਦੇ। ਉਹ ਦੂਜਿਆਂ ਨੂੰ ਮੱਤਾਂ ਦੇ-ਦੇ ਕੇ ਇਥੋਂ ਤੁਰ ਜਾਂਦੇ ਹਨ। ਉਨ੍ਹਾਂ ਦਾ ਇਹ ਸਾਰਾ ਉੱਦਮ ਮਾਇਆ ਦਾ ਮਾਨੋ ਵਪਾਰ ਹੀ ਬਣਿਆ ਰਹਿੰਦਾ ਹੈ। ਅਸਲ ਵਿਚ ਇਹ ਸਾਰਾ ਸੰਸਾਰ ਹੀ ਝੂਠ ਰੂਪੀ ਕਥਨੀ ਵਿਚ ਹੀ ਭਟਕ ਰਿਹਾ ਹੈ। ਮਨੁੱਖ ਦੀ ਅਸਲ ਰਹਿਣੀ ਤਾਂ ਪ੍ਰਭੂ ਦੇ ਸ੍ਰੇਸ਼ਟ ਸ਼ਬਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਣ ਵਿਚ ਹੀ ਹੈ।
ਅਨੇਕਾਂ ਹੀ ਪੰਡਿਤ ਅਤੇ ਜੋਤਸ਼ੀ ਵੇਦਾਂ ਦੀ ਵਿਚਾਰ ਕਰਦੇ ਹਨ ਅਤੇ ਵਾਦ-ਵਿਵਾਦ ਵਿਚ ਪੈ ਕੇ ਇਕ-ਦੂਜੇ ਦੀ ਸਾਲਾਹੁਣਾ ਵੀ ਕਰਦੇ ਰਹਿੰਦੇ ਹਨ ਅਤੇ ਵਾਹ-ਵਾਹ ਕਰਵਾਉਂਦੇ ਹਨ, ਜਿਸ ਸਦਕਾ ਉਨ੍ਹਾਂ ਦਾ ਜੰਮਣ-ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਭਾਵੇਂ ਕਿੰਨੇ ਵੀ ਵਿਖਿਆਨ ਮੂੰਹ ਦੁਆਰਾ ਕਰ ਲਈਏ ਅਤੇ ਕੰਨਾਂ ਨਾਲ ਸੁਣ ਲਈਏ ਪਰ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਜੀਵ ਦਾ ਛੁਟਕਾਰਾ ਨਹੀਂ ਹੁੰਦਾ।
ਅੰਤਲੇ ਅੰਕ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਰੀਆਂ ਜੀਵ ਇਸਤਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ ਪਰ ਮੇਰੇ ਵਿਚ ਤਾਂ ਕੋਈ ਵੀ ਗੁਣ ਨਹੀਂ। ਜਿਵੇਂ ਹਰੀ ਪ੍ਰਭੂ ਨੂੰ (ਗੁਣਾਂ ਵਾਲੀ ਜੀਵ ਇਸਤਰੀ) ਚੰਗੀ ਲਗਦੀ ਹੈ, ਉਸੇ ਤਰ੍ਹਾਂ ਪ੍ਰਭੂ ਪਤੀ ਮੈਨੂੰ ਵੀ ਭਾਅ ਜਾਵੇ, ਚੰਗਾ ਲੱਗਣ ਲੱਗ ਜਾਵੇ।
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਦੋਂ ਇਕ ਵਾਰੀ ਗੁਰੂ ਦੇ ਸ਼ਬਦ ਦੁਆਰਾ ਜੀਵ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ, ਮੁੜ ਫਿਰ ਕਦੇ ਵਿਛੋੜਾ ਨਹੀਂ ਹੁੰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਡੇ ਕਰਮ ਹੀ ਸਾਡਾ ਚਰਿੱਤਰ ਨਿਰਮਾਣ ਕਰਦੇ ਹਨ

ਜੇ ਤੁਸੀਂ ਕਿਸੇ ਵਿਅਕਤੀ ਦੇ ਚਰਿੱਤਰ ਜਾਂ ਉਸ ਦੀ ਸ਼ਖ਼ਸੀਅਤ ਬਾਰੇ ਜਾਣਨਾ ਹੈ ਤਾਂ ਉਸ ਦੇ ਮਹਾਨ ਕਾਰਜ ਨਹੀਂ, ਸਗੋਂ ਉਸ ਦੇ ਸਾਧਾਰਨ ਕਾਰਜਾਂ ਬਾਰੇ ਜਾਣੋ। ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਸਬੰਧੀ ਲਿਖਦੇ ਹਨ ਕਿ ਕਦੇ ਨਾ ਕਦੇ ਤਾਂ ਕੋਈ ਮੂਰਖ ਵੀ ਨਾਇਕ ਬਣ ਸਕਦਾ ਹੈ ਪਰ ਸਦਾ ਨਹੀਂ। ਵਿਅਕਤੀ ਦੇ ਬਹੁਤ ਹੀ ਸਾਧਾਰਨ ਕਾਰਜਾਂ ਬਾਰੇ ਜਾਣੋ ਤਾਂ ਤੁਹਾਨੂੰ ਉਸ ਦੇ ਅਸਲ ਚਰਿੱਤਰ ਦਾ ਪਤਾ ਚੱਲ ਜਾਵੇਗਾ। ਕਦੇ-ਕਦਾਈਂ ਕੋਈ ਮੌਕਾ ਘਟੀਆ ਵਿਅਕਤੀ ਨੂੰ ਵੀ ਮਸ਼ਹੂਰ ਕਰ ਸਕਦਾ ਹੈ ਪਰ ਸਦਾ ਨਹੀਂ। ਅਸਲ ਵਿਚ ਤਾਂ ਉਹ ਹੀ ਮਹਾਨ ਹੈ, ਜਿਸ ਦਾ ਚਰਿੱਤਰ ਹਮੇਸ਼ਾ ਉੱਤਮ ਹੈ ਅਤੇ ਹਰ ਥਾਂ ਵੀ।
ਅਸੀਂ ਇਸ ਦੁਨੀਆ ਵਿਚ ਜਿੰਨੇ ਵੀ ਕਾਰਨਾਮੇ ਦੇਖਦੇ ਹਾਂ, ਮਨੁੱਖੀ ਸਮਾਜ ਵਿਚ ਜੋ ਵੀ ਗਤੀਵਿਧੀਆਂ ਵਾਪਰਦੀਆਂ ਹਨ, ਜੋ ਕਾਰਜ ਵੀ ਸਾਡੇ ਆਲੇ-ਦੁਆਲੇ ਹੁੰਦੇ ਹਨ, ਉਹ ਸਭ ਵਿਚਾਰਾਂ ਦਾ ਹੀ ਪ੍ਰਗਟਾਵਾ ਹਨ। ਉਹ ਮਨੁੱਖ ਦੀ ਇੱਛਾਸ਼ਕਤੀ ਨੂੰ ਦਰਸਾਉਂਦੇ ਹਨ। ਵਿਗਿਆਨਕ ਕਾਢਾਂ, ਮਸ਼ੀਨਾਂ, ਯੰਤਰ, ਯੁੱਧ-ਸਮੱਗਰੀ ਜਾਂ ਵਿਗਿਆਨਕ ਸੁਖ-ਸਹੂਲਤਾਂ ਸਭ ਮਨੁੱਖ ਦੇ ਚਰਿੱਤਰ ਅਤੇ ਉਸ ਦੀ ਇੱਛਾਸ਼ਕਤੀ ਦਾ ਸਿੱਟਾ ਹਨ। ਸਾਡੇ ਕਰਮਾਂ ਨਾਲ ਸਾਡਾ ਚਰਿੱਤਰ ਬਣਦਾ ਹੈ। ਜਿਸ ਤਰ੍ਹਾਂ ਦਾ ਕਰਮ ਹੈ, ਉਸੇ ਤਰ੍ਹਾਂ ਦੀ ਇੱਛਾ ਸ਼ਕਤੀ ਤੇ ਉਸੇ ਤਰ੍ਹਾਂ ਦਾ ਚਰਿੱਤਰ। ਮਹਾਨ ਇੱਛਾ ਸ਼ਕਤੀ ਵਾਲੇ ਲੋਕ ਹਮੇਸ਼ਾ ਕਰਮਯੋਗੀ ਹੁੰਦੇ ਹਨ। ਮਹਾਨ ਆਤਮਾਵਾਂ ਤਾਂ ਇੱਛਾ ਸ਼ਕਤੀ ਨਾਲ ਹੀ ਯੁੱਗ-ਪਲਟਾਊ ਕਾਢਾਂ ਕੱਢੀਆਂ ਗਈਆਂ ਹਨ। ਯੁਗਾਂ-ਯੁਗਾਂਤਰਾਂ ਤੋਂ ਅਜਿਹੇ ਕਾਰਜ ਨਿਰੰਤਰ ਕਰਮਯੋਗੀਆਂ ਨੇ ਕੀਤੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਦਰਵੇਸ਼ੀ ਫ਼ਕੀਰ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
'ਜ਼ਿੰਦਗੀ ਦਾ ਮਕਸਦ' ਅਤੇ 'ਅੱਲ੍ਹਾ ਦਾ ਜਾਤੀ ਨਾਮ' ਅਧਿਆਇ ਵਿਚ ਇਸਲਾਮੀ ਦੇ ਰੱਬ ਦਾ ਜਾਤੀ ਨਾਂਅ ਅੱਲ੍ਹਾ ਅਤੇ ਇਸਲਾਮ ਦੇ ਪੰਜ ਰੁਕਨਾਂ ਦੀ ਵਿਆਖਿਆ ਹੈ। ਰੱਬ ਦਾ ਜਾਤੀ ਨਾਂਅ ਅੱਲ੍ਹਾ ਹੈ ਅਤੇ ਕੁਰਾਨ ਸਰੀਫ ਵਿਚ ਇਸ ਦੇ 99 ਸਿਫਤੀ ਨਾਂਅ ਵੀ ਆਏ ਹਨ ਪਰ ਲੇਖਕ ਦਾ ਮੰਨਣਾ ਹੈ ਕਿ ਇਹ ਸਾਰੇ ਨਾਂਅ ਓਸੇ ਵੱਡੇ ਨਾਂਅ ਦੀ ਵਿਆਖਿਆ ਹੀ ਹਨ। ਇਸਲਾਮ ਦੋ ਪੰਜ ਰੁਕਨਾਂ; ਕਲਮਾ, ਨਮਾਜ਼, ਹੱਜ, ਰੋਜ਼ਾ ਅਤੇ ਜ਼ਕਾਤ ਹਨ ਪਰ ਇਹ ਇਕ ਨਾਂ ਅੱਲ੍ਹਾ ਦਾ ਹੀ ਕਿਸੇ ਨਾ ਕਿਸੇ ਢੰਗ ਨਾਲ ਵਿਸਤਾਰ ਹਨ। ਇਹੋ ਕਾਰਨ ਹੈ ਕਿ ਇਸਲਾਮ ਦੇ ਵਿਦਵਾਨ ਅਤੇ ਵਿਆਖਿਆਕਾਰ ਇਹ ਕਹਿੰਦੇ ਹਨ ਕਿ ਅੱਲ੍ਹਾ ਦਾ ਤਰਜਮਾ ਨਾ ਭਗਵਾਨ ਹੈ, ਨਾ ਗਾਡ ਅਤੇ ਨਾ ਪਾਰਬ੍ਰਹਮ। ਲੇਖਕ ਕਹਿੰਦਾ ਹੈ, 'ਜਾਤੀ ਨਾਂਅ ਸਭ ਸਿਫਾਤੀ ਨਾਵਾਂ ਦੀ ਖੁਲਾਸਾ ਅਤੇ ਇਕੱਠ ਹੁੰਦਾ ਹੈ। ਇਸੇ ਤਰ੍ਹਾਂ ਅੱਲ੍ਹਾ ਤਾਲਾ ਦਾ ਜਾਤੀ ਨਾਂਅ ਅੱਲ੍ਹਾ ਹੈ ਅਤੇ ਰਹੀਮ, ਖਾਲਕ, ਕਰੀਮ, ਜੱਬਾਰ, ਕਹਾਰ ਮਾਲਕ ਵਗੈਰਾ 99 ਸਿਫਤੀ ਨਾਂਅ ਜਾਂ ਇਸ ਤੋਂ ਵੀ ਵੱਧ ਨਾਂਅ ਅੱਲ੍ਹਾ ਦੇ ਹਨ। (ਪੰਨਾ 162)
'ਲੇਖਕ ਦੇ ਸ਼ਿਅਰ' ਵਾਲਾ ਅਧਿਆਇ ਵੀ ਤਸਵੁੱਫ਼ ਦੀਆਂ ਹੀ ਗੁੰਝਲਾਂ ਖੋਲ੍ਹਦਾ ਹੈ। ਸੂਖਮ ਅਤੇ ਸਥੂਲ ਸਰੀਰਾਂ ਦੀ ਚਰਚਾ ਦੇ ਨਾਲ-ਨਾਲ ਇਸ ਵਿਚ ਨਫ਼ਸ, ਮਾਨਸਿਕਤਾ ਅਤੇ ਸਿਮਰਨ ਆਦਿ ਬਾਰੇ ਵੀ ਧਿਆਨ ਕੀਤਾ ਗਿਆ ਹੈ। ਸਿਮਰਨ ਨੂੰ ਇਸਲਾਮੀ ਸ਼ਬਦਾਵਲੀ ਵਿਚ ਜ਼ਿਕਰ ਕਰਨਾ ਕਿਹਾ ਜਾਂਦਾ ਹੈ ਅਤੇ ਇਸ ਦੇ ਦੋ ਤਰੀਕੇ ਦੱਸੇ ਗਏ ਹਨ। ਪਹਿਲਾ ਜ਼ਬਾਨ ਨਾਲ ਜ਼ਿਕਰ ਕਰਨਾ ਅਤੇ ਦੂਜਾ ਤਸਵੁੱਫ਼ ਜਾਂ ਧਿਆਨ ਵਿਚ ਜ਼ਿਕਰ। ਹੋਠਾਂ ਅਤੇ ਜ਼ਬਾਨ ਨਾਲ ਜ਼ਿਕਰ ਨੂੰ ਜਾਹਰੀ ਕਿਹਾ ਜਾਂਦਾ ਹੈ ਜਦ ਕਿ ਅੱਖ ਨਾਲ ਜਾਂ ਮਨ ਹੀ ਮਨ ਵਿਚ ਜ਼ਿਕਰ ਨੂੰ ਬਾਤਨੀ ਕਿਹਾ ਗਿਆ ਹੈ। ਦੋਵਾਂ ਦੀ ਵਜ਼ਾਹਤ ਕਰਦਿਆਂ ਨੂਰ ਮੁਹੰਮਦ ਲਿਖਦਾ ਹੈ, 'ਅੱਲ੍ਹਾ ਦੇ ਨਾਮ ਨੂੰ ਜ਼ਾਹਰੀ ਤੌਰ 'ਤੇ ਜ਼ਬਾਨ ਨਾਲ ਬੋਲਣਾ ਜਾਂ ਕਾਗਜ਼ ਉੱਪਰ ਲਿਖਣਾ ਜਾਂ ਖੁੱਲ੍ਹੀ ਅੱਖ ਨਾਲ ਵੇਖਣਾ ਇਸ ਤਰ੍ਹਾਂ ਹੈ, ਜਿਵੇਂ ਕੋਈ ਸ਼ਖ਼ਸ ਕਿਸੇ ਦਵਾਈ ਨੂੰ ਹਥੇਲੀ ਉੱਤੇ ਟਿਕਾਅ ਲੈਂਦਾ ਹੈ ਜਾਂ ਅੱਖ ਨਾਲ ਵੇਖੀ ਜਾਂਦਾ ਹੈ। ਦਵਾਈ ਤਾਂ ਰਿਸਦੇ ਜਿਗਰ ਨੂੰ ਖਾਸ ਕਰ ਖੂਨ ਵਿਚ ਜਾ ਕੇ ਹੀ ਆਪਣਾ ਅਸਰ ਵਿਖਾਉਂਦੀ ਹੈ। ਜੇਕਰ ਦਵਾਈ ਦਾ ਅਰਕ ਕੱਢ ਕੇ ਸਰੀਰ ਵਿਚ ਦਾਖਲ ਕੀਤਾ ਜਾਵੇ ਤਾਂ ਅਸਰ ਜ਼ਿਆਦਾ ਅਤੇ ਛੇਤੀ ਹੁੰਦਾ ਹੈ। ਅੱਲ੍ਹਾ ਸਾਰੇ ਨਾਵਾਂ ਦਾ ਅਰਕ ਹੈ ਅਤੇ ਇਸ ਅਰਕ ਦਾ ਮਿਹਦਾ ਇਨਸਾਨੀ ਦਿਲ ਹੈ।' (ਪੰਨੇ 21-12)
'ਇਰਫ਼ਾਨ' ਵਿਚ ਇਕ ਘਟਨਾ ਸਾਈਂ ਮੀਆਂ ਮੀਰ ਦੀ ਦਿੱਤੀ ਹੈ, ਜੋ ਸੂਫੀਆਂ ਦੇ ਹੁਕਮਰਾਨਾਂ ਨਾਲ ਸਬੰਧਾਂ ਅਤੇ ਉਨ੍ਹਾਂ ਦੇ ਮਰਤਬੇ ਨੂੰ ਸਪੱਸ਼ਟ ਕਰਦੀ ਹੈ। ਇਕ ਦਿਨ ਸਾਈਂ ਮੀਆਂ ਮੀਰ ਆਪਣੇ ਮੁਰੀਦਾਂ ਨਾਲ ਤਕੀਏ ਦੀ ਛੱਤ ਉੱਤੇ ਸਨ। ਏਨੇ ਨੂੰ ਇਕ ਮੁਰੀਦ ਨੇ ਬਾਦਸ਼ਾਹ ਸ਼ਾਹਜਹਾਨ ਨੂੰ ਆਪਣੇ ਬੇਟੇ ਦਾਰਾ ਸ਼ਿਕੋਹ ਨਾਲ ਸਾਈਂ ਜੀ ਦੀ ਜ਼ਿਆਰਤ ਲਈ ਆਉਂਦੇ ਵੇਖਿਆ ਅਤੇ ਉਹ ਹੱਸ ਪਿਆ। ਸਾਈਂ ਜੀ ਦੇ ਪੁੱਛਣ 'ਤੇ ਉਸ ਨੇ ਹੱਸਣ ਦਾ ਕਾਰਨ ਦੱਸਿਆ। ਬਾਦਸ਼ਾਹ ਸ਼ਾਹ ਨਾਲ ਅਤੇ ਦਾਰਾ ਸ਼ਿਕੋਹ ਤਕੀਏ ਵਿਚ ਆ ਕੇ ਦੂਜੇ ਲੋਕਾਂ ਨਾਲ ਭੁੰਜੇ ਹੀ ਬੈਠ ਗਏ। ਸਾਈਂ ਮੀਆਂ ਮੀਰ ਉਸ ਵੇਲੇ ਛੋਟੀ ਇਲਾਇਚੀ ਮੂੰਹ ਵਿਚ ਪਾ ਕੇ ਚਬਾ ਰਹੇ ਸਨ ਅਤੇ ਉਸ ਦਾ ਫੋਗ ਆਪਣੇ ਮੂੰਹ ਵਿਚੋਂ ਕੱਢ ਕੇ ਥੁੱਕਦੇ ਜਾ ਰਹੇ ਸਨ। ਸ਼ਾਹਜਹਾਨ ਉਸ ਫੋਗ ਨੂੰ ਪ੍ਰਸ਼ਾਦ ਜਾਣ ਕੇ ਆਪਣੀ ਚਾਦਰ ਵਿਚ ਸੁੱਚੇ ਮੋਤੀਆਂ ਵਾਂਗ ਸਾਂਭੀ ਜਾ ਰਹੇ ਸਨ। (ਪੰਨਾ 255)
ਪੁਸਤਕ ਦੇ ਅਖੀਰਲੇ ਸੌ ਸਫੇ ਪੁਰਾਤਨ ਅਤੇ ਆਧੁਨਿਕ ਸੱਭਿਅਤਾ ਦੇ ਟਕਰਾਅ, ਬਦਲੀ ਹੋਈ ਸੋਚ, ਤਰਜੀਹਾਂ ਅਤੇ ਵਧ ਰਹੀ ਨਾਸਤਿਕਤਾ ਵੱਲ ਸੇਧਿਤ ਹਨ। 'ਇਰਫਾਨ' ਵੀਹਵੀਂ ਸਦੀ ਵਿਚਲੀਆਂ ਵਿਗਿਆਨਕ ਕਾਢਾਂ ਅਤੇ ਉਨ੍ਹਾਂ ਦੇ ਫਲਸਰੂਪ ਆਧੁਨਿਕ ਮਨੁੱਖ ਦੀ ਸੋਚ ਵਿਚ ਆਈ ਤਬਦੀਲੀ ਨੂੰ ਰੇਖਾਂਕਿਤ ਕਰਦੀ ਹੈ। ਇਸ ਲਈ ਇਸ ਪੁਸਤਕ ਦੇ ਇਸ ਹਿੱਸੇ ਵਿਚ ਇਸਲਾਮ ਦੀ ਵਿਗਿਆਨ ਅਤੇ ਮਨੁੱਖੀ ਸੱਭਿਅਤਾ ਨੂੰ ਦੇਣ ਨੂੰ ਦ੍ਰਿੜ੍ਹ ਕਰਨ ਦੇ ਨਾਲ-ਨਾਲ ਇਹ ਆਧੁਨਿਕ ਮਨੁੱਖ ਦੇ ਸੰਕਟਾਂ ਦੀ ਨਿਸ਼ਾਨਦੇਹੀ ਕਰਦੀ ਉਸ ਦੇ ਕਾਰਨਾਂ ਦੀ ਪੜਚੋਲ ਵੀ ਕਰਦੀ ਹੈ। ਇਨ੍ਹਾਂ ਸੌ ਸਫਿਆਂ ਦੇ ਬਿਰਤਾਂਤ ਨੂੰ ਜੇਕਰ ਲੇਖਕ ਦੇ ਸ਼ਬਦਾਂ ਵਿਚ ਦੱਸਣਾ ਹੋਵੇ ਤਾਂ ਇਹ ਇਸ ਤਰ੍ਹਾਂ ਹੈ, 'ਅੱਜ ਭਾਵੇਂ ਸਾਇੰਸ ਅਤੇ ਮਾਦਾਈ ਤਰੱਕੀ ਯੂਰਪ ਨੂੰ ਫਿਰੌਨੀਯਤ ਦੇ ਚੁਬਾਰੇ ਵਾਂਗ ਤਰੱਕੀ ਦੀ ਬੁਲੰਦੀ ਉੱਤੇ ਚੜ੍ਹਾ ਰਹੀ ਹੈ। ਲੇਕਿਨ ਇਖਲਾਕੀ ਅਤੇ ਰੂਹਾਨੀ ਗਿਰਾਵਟ ਉਸ ਨੂੰ ਨਫਸਾਨੀ ਹਨੇਰੇ ਅਤੇ ਜਿਨਸੀ ਕਾਮ ਭੁੱਖ ਹੇਠਲੀ ਅਤੇ ਜਹਾਲਤ ਦੇ ਪਾਤਾਲ ਵੱਲ ਬਹੁਤ ਤੇਜ਼ੀ ਨਾਲ ਘਸੀਟ ਰਹੀ ਹੈ। ਉਨ੍ਹਾਂ ਨੂੰ ਅੱਜ ਆਪਣੇ ਪਦਾਰਥਵਾਦ ਉੱਤੇ ਫਖ਼ਰ ਦੀ ਬਜਾਇ ਆਪਣੀ ਰੂਹਾਨੀਅਤ ਦੀ ਕਮੀ ਉੱਤੇ ਮਾਤਮ ਕਰਨਾ ਚਾਹੀਦਾ ਹੈ। ਮਾਦਾਈ ਅਤੇ ਸਿਆਸੀ ਤਰੱਕੀ ਅਗਰ ਉਨ੍ਹਾਂ ਨੂੰ ਇਕ ਗਜ਼ ਉੱਪਰ ਵੀ ਚੁੱਕਦੀ ਹੈ ਤਾਂ ਰੂਹਾਨੀ ਜਹਾਲਤ ਉਨ੍ਹਾਂ ਨੂੰ ਕੋਹਾਂ ਥੱਲੇ ਸੁੱਟ ਰਹੀ ਹੈ। ਹਰ ਜਗ੍ਹਾ ਦਿਨ-ਰਾਤ, ਨਾਚ ਤੇ ਰੰਗ ਦੀ ਮਹਿਫਲ ਕਾਇਮ ਹੈ। ਸ਼ਰਾਬ ਦੇ ਦੌਰ ਚੱਲ ਰਹੇ ਹਨ। ਜਬਰ ਜਨਾਹ, ਬਦਮਾਸ਼ੀ, ਬਦਕਾਰੀ ਦਾ ਦੌਰ ਹੈ। ਦੁਨੀਆ ਦੇ ਸ਼ੈਤਾਨੀ ਖੇਡ ਤਮਾਸ਼ੇ ਅਤੇ ਨਫਸ ਦੇ ਤਮਾਸ਼ਿਆਂ ਤੋਂ ਬਿਨਾਂ ਉਥੇ ਹੋਰ ਕੋਈ ਕੰਮ ਕਾਰ ਨਹੀਂ। ਜਾਹਲਾਂ ਦੀ ਜਹਾਲਤ ਦਾ ਜੋਬਨ ਸਿਖਰ 'ਤੇ ਹੈ ਅਤੇ ਸ਼ੈਤਾਨੀਅਤ ਦਾ ਇਹ ਸ਼ਬਾਬ ਚੜ੍ਹਤ ਵਿਚ ਹੈ। (ਪੰਨੇ 288-89)
ਅਨੁਵਾਦ ਦੀ ਦ੍ਰਿਸ਼ਟੀ ਤੋਂ 'ਇਰਫਾਨ' ਪਹਿਲੀ ਪੁਸਤਕ 'ਹੱਕ ਨੁਮਾਏ' ਨਾਲੋਂ ਵਧੇਰੇ ਸਰਲ, ਸੌਖੀ ਅਤੇ ਠੇਠ ਪੰਜਾਬੀ ਵਿਚ ਅਨੁਵਾਦੀ ਗਈ ਹੈ। ਮੈਂ ਆਸ ਕਰਦਾ ਹਾਂ ਕਿ ਜਦ ਹੱਕ ਨੁਮਾਏ ਦੀ ਅਗਲੀ ਐਡੀਸ਼ਨ ਛਪੇਗੀ ਤਾਂ ਉਸ ਵਿਚ ਯੋਗ ਸੁਧਾਰ ਅਤੇ ਸੁਧਾਈ ਕਰ ਲਈ ਜਾਵੇਗੀ।


-ਮੋਬਾ: 98889-39808

ਧਾਰਮਿਕ ਸਾਹਿਤ

ਬਾਬਾ ਬੰਦਾ ਸਿੰਘ ਬਹਾਦਰ ਇਕ ਲਾਸਾਨੀ ਯੋਧਾ
ਲੇਖਕ :
ਗੁਰਪ੍ਰੀਤ ਸਿੰਘ ਨਿਆਮੀਆਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਪੰਨੇ : 81, ਮੁੱਲ : 195 ਰੁਪਏ
ਸੰਪਰਕ : 98155-44926


ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਤੇ ਸਿੱਖ ਰਾਜ ਸਥਾਪਤ ਕਰਨ ਵਾਲੇ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਤੋਂ ਸ਼ਹਾਦਤ ਤੱਕ ਦਾ ਸਾਰਾ ਸਫ਼ਰ ਇਸ ਜੀਵਨੀ ਵਿਚ ਹੈ। ਰਾਜਪੂਤ ਘਰਾਣੇ ਵਿਚ ਜਨਮ ਲੈਣ ਵਾਲੇ ਇਸ ਯੋਧੇ ਦਾ ਨਾਂਅ ਲਛਮਣ ਦੇਵ ਸੀ। ਕਿਸੇ ਦੁਖਦਾਈ ਘਟਨਾ ਪਿੱਛੋਂ ਉਹ ਬੈਰਾਗੀ ਹੋ ਗਿਆ। ਮਾਧੋ ਦਾਸ ਬੈਰਾਗੀ ਨੇ ਗੋਦਾਵਰੀ ਦੇ ਕੰਢੇ ਡੇਰਾ ਲਾਇਆ। ਪੁਸਤਕ ਅਨੁਸਾਰ 270 ਕਰਾਮਾਤਾਂ ਦਾ ਮਾਲਕ ਬਣ ਗਿਆ। ਉਸ ਕੋਲ ਚਮਤਕਾਰੀ ਪਲੰਘ ਸੀ। ਦਾਦੂ ਪੰਥੀ ਮਹੰਤ ਜੈਤ ਰਾਮ ਦੀ ਦੱਸ ਪਾਉਣ 'ਤੇ ਦਸਵੇਂ ਗੁਰੂ ਸਾਹਿਬ ਬਾਬਾ ਜੀ ਪਾਸ ਗਏ। ਜਦੋਂ ਉਸ ਦੇ ਪਲੰਘ 'ਤੇ ਬੈਠੇ ਤਾਂ ਬੰਦੇ ਨੇ ਕਈ ਮੰਤਰ ਪੜ੍ਹੇ। ਉਸ ਦੀ ਕੋਈ ਵਾਹ ਨਾ ਚੱਲੀ। ਗੁਰੂ ਜੀ ਤੇ ਬੰਦਾ ਬਹਾਦਰ ਵਿਚਕਾਰ ਇਤਿਹਾਸਕ ਸੰਵਾਦ ਹੋਇਆ। (ਪੰਨਾ 06) ਗੁਰੂ ਸਾਹਿਬ ਨੇ ਕਿਹਾ ਜੇ ਤੂੰ ਬੰਦਾ ਹੈਂ ਤਾਂ ਕੰਮ ਵੀ ਬੰਦਿਆਂ ਵਾਲੇ ਕਰ। ਨੈਣ ਖੁੱਲ੍ਹ ਗਏ। ਗੁਰੂ ਸਾਹਿਬ ਨੇ ਸਾਕਾ ਸਰਹੰਦ ਦਾ ਜ਼ਿਕਰ ਕੀਤਾ ਤੇ ਸੂਬੇਦਾਰ ਵਜ਼ੀਰ ਖਾਨ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਖੁੱਲ੍ਹ ਕੇ ਚਰਚਾ ਹੋਈ। ਬਾਬਾ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਨਾਂਅ ਗੁਰਬਖਸ਼ ਸਿੰਘ ਰੱਖਿਆ।
ਇਤਿਹਾਸ ਵਿਚ ਇਸ ਦੀ ਥਾਂ ਬਾਬਾ ਬੰਦਾ ਸਿੰਘ ਬਹਾਦਰ ਨਾਂਅ ਹੀ ਪ੍ਰਚਲਿਤ ਹੋਇਆ। ਹੁਕਮ ਹੋਇਆ ਕਿ ਸੂਬਾ ਸਰਹੰਦ ਤੋਂ ਬਦਲਾ ਲਿਆ ਜਾਵੇ। ਗੁਰੂ ਸਾਹਿਬ ਨੇ ਇਸ ਮੰਤਵ ਲਈ ਹੁਕਮਨਾਮਾ, ਪੰਜ ਤੀਰ ਤੇ ਪੰਜ ਸਿੰਘ ਨਾਲ ਭੇਜੇ। ਬੰਦਾ ਸਿੰਘ ਬਹਾਦਰ ਨਾਂਦੇੜ, ਦਿੱਲੀ ਤੋਂ ਪੰਜਾਬ ਵੱਲ ਵਹੀਰਾਂ ਪਾਉਂਦਾ ਆਇਆ। ਰਸਤੇ ਵਿਚ ਹੋਰ ਵੀ ਸਿੰਘ ਮਿਲਦੇ ਗਏ। ਇਹ ਸਾਰਾ ਬਿਰਤਾਂਤ ਪੁਸਤਕ ਵਿਚ ਹੈ। ਸਰਹੰਦ ਆਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ। ਸਢੌਰੇ ਵਿਚ ਬਾਬਾ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਿਸ ਦੀ ਸੇਵਾ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਕਰਵਾਈ ਹੈ। ਚੱਪੜਚਿੜੀ ਦੀ ਜੰਗ ਫ਼ਤਹਿ ਮੀਨਾਰ, ਵਜ਼ੀਰ ਖਾਨ ਦੀ ਮੌਤ, ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ, ਦੀਵਾਨ ਸੁੱਚਾ ਨੰਦ ਦੀ ਮੌਤ, ਮਲੇਰਕੋਟਲਾ ਦੀ ਜਿੱਤ, ਕਿਲ੍ਹਾ ਲੋਹਗੜ੍ਹ ਦੀ ਜੰਗ, ਮੁਗ਼ਲ ਫੌਜਾਂ ਦਾ ਉਭਾਰ, ਬਾਬਾ ਜੀ ਦੀਆਂ ਫੌਜਾਂ ਦਾ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘਿਰ ਜਾਣਾ, ਬਾਬਾ ਵਿਨੋਦ ਸਿੰਘ ਨਾਲ ਮਤਭੇਦ, ਬਾਬਾ ਜੀ ਦੀ 700 ਸਿੱਖਾਂ ਨਾਲ ਗ੍ਰਿਫ਼ਤਾਰੀ, ਮੁਗਲ ਹਕੂਮਤ ਵਲੋਂ ਸਿੱਖਾਂ 'ਤੇ ਭਾਰੀ ਜ਼ੁਲਮ, ਜ਼ੁਲਮਾਂ ਬਾਰੇ ਅੰਗਰੇਜ਼ ਲਿਖਾਰੀਆਂ ਦੀ ਲਿਖੀ ਅੱਖੀਂ ਵੇਖੀ ਗਵਾਹੀ, ਬਾਬਾ ਬੰਦਾ ਸਿੰਘ ਬਹਾਦਰ ਨੇ ਈਨ ਨਾ ਮੰਨਣੀ ਤੇ ਦਸਵੇਂ ਪਾਤਸ਼ਾਹ ਦੇ ਪਾਏ ਪੂਰਨਿਆਂ 'ਤੇ ਚਲਦੇ ਸ਼ਹਾਦਤ ਦੇਣ ਦਾ ਰੌਂਗਟੇ ਖੜ੍ਹੇ ਕਰਦਾ ਪ੍ਰਸੰਗ ਛੱਬੀ ਕਾਂਡਾਂ ਵਿਚ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾ: 98148-56160


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX