ਤਾਜਾ ਖ਼ਬਰਾਂ


ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਕੀਤੀ ਮੰਗਣੀ
. . .  4 minutes ago
ਨਵੀਂ ਦਿੱਲੀ, 8 ਅਗਸਤ - ਭਾਰਤੀ ਟੀਮ ਦੇ ਲੈੱਗ ਸਪਿੰਨਰ ਯੁਜਵੇਂਦਰ ਚਹਲ ਨੇ ਆਈ.ਪੀ.ਐਲ. 13 ਦੀ ਸ਼ੁਰੂਆਤ ਤੋਂ ਪਹਿਲਾ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਧਨਾਸ਼੍ਰੀ ਵਰਮਾ...
ਜ਼ਿਲ੍ਹਾ ਕਪੂਰਥਲਾ ਵਿਚ 25 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  24 minutes ago
ਕਪੂਰਥਲਾ, 8 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 25 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 7 ਫਗਵਾੜਾ ਦੇ, ਇਕ ਟਿੱਬਾ, 13 ਕਪੂਰਥਲਾ ਸ਼ਹਿਰ ਤੇ ਨੇੜਲੇ ਪਿੰਡਾਂ ਦੇ, 2 ਢਿਲਵਾਂ ਦੇ ਅਤੇ 2 ਮਾਮਲੇ...
ਲੁਧਿਆਣਾ 'ਚ ਨਿੱਤ ਕੋਰੋਨਾ ਧਮਾਕਾ- 314 ਮਾਮਲੇ ਆਏ ਸਾਹਮਣੇ, 10 ਮਰੀਜ਼ਾਂ ਦੀ ਮੌਤ
. . .  33 minutes ago
ਲੁਧਿਆਣਾ, 8 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਸਾਰੇ ਮ੍ਰਿਤਕ ਮਰੀਜ਼ ਲੁਧਿਆਣਾ ਨਾਲ ਸਬੰਧਿਤ...
ਸ਼ਹਿਰ ਨਾਭਾ ਵਿਚ 33 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  39 minutes ago
ਨਾਭਾ, 8 ਅਗਸਤ ( ਅਮਨਦੀਪ ਸਿੰਘ ਲਵਲੀ) ਸ਼ਹਿਰ ਨਾਭਾ ਵਿੱਚ ਕੋਰੋਨਾ ਮਹਾਮਾਰੀ ਨੂੰ ਲੈ ਪਾਜੀਟਿਵ ਮਰੀਜਾ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆ ਅੱਜ ਨਾਭਾ ਵਿੱਚ ਮੁੜ 33 ਦੇ ਕਰੀਬ ਕੋਰੋਨਾ ਮਰੀਜ਼ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਨਾਇਬ ਤਹਿਸੀਲਦਾਰ ਕਰਮਜੀਤ...
ਕੈਪਟਨ ਨੇ ਮਨਜੀਤ ਸਿੰਘ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਸਲਾਮ
. . .  59 minutes ago
ਚੰਡੀਗੜ੍ਹ, 8 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ ਜਿਸ ਨੇ ਕੈਲੇਫੋਰਨੀਆ ਦੀ ਕਿੰਗਸ ਨਦੀ 'ਚ ਡੁੱਬ ਰਹੇ 3 ਬੱਚਿਆਂ ਦੀ ਜਾਨ ਬਚਾਈ ਪਰ ਆਪਣੀ ਜਾਨ ਗੁਆ ਬੈਠਾ। ਉਨ੍ਹਾਂ ਨੇ ਕਿਹਾ ਕਿ...
ਪਿੰਡ ਵਜੀਦਕੇ ਕਲਾਂ (ਬਰਨਾਲਾ) ਦੇ ਨੌਜਵਾਨ ਦੀ ਕੈਨੇਡਾ 'ਚ ਮੌਤ
. . .  about 1 hour ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਨਾਲ ਸਬੰਧਤ 31 ਸਾਲਾ ਨੌਜਵਾਨ ਦੀ ਕੈਨੇਡਾ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਰਾਜਵੀਰ ਸਿੰਘ ਚੀਮਾ ਪੁੱਤਰ ਸੁਖਦੇਵ ਸਿੰਘ ਕਾਲਖ ਵਾਲੇ...
ਮਾਛੀਵਾੜਾ ਵਿਚ ਫਿਰ ਕੋਰੋਨਾ ਧਮਾਕਾ, 5 ਨਵੇਂ ਆਏ ਕੇਸਾਂ ਨਾਲ ਦਹਿਸ਼ਤ ਦਾ ਮਾਹੌਲ, ਕੰਨਟੇਨਮੈਂਟ ਜ਼ੋਨ ਐਲਾਨਿਆ
. . .  about 1 hour ago
ਮਾਛੀਵਾੜਾ ਸਾਹਿਬ, 8 ਅਗਸਤ (ਮਨੋਜ ਕੁਮਾਰ) - ਅੱਜ ਇੱਕ ਵਾਰ ਫਿਰ ਵੱਖ ਵੱਖ ਥਾਵਾਂ ਤੋ ਆਏ ਕਰੋਨਾ ਦੇ ਨਵੇਂ 5 ਕੇਸਾਂ ਨੇ ਸ਼ਹਿਰ ਵਾਸੀਆ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇੱਕ ਗੈਸ ਏਜੰਸੀ ਦਾ ਕਰਿੰਦਾ,ਧਾਗਾ ਮਿੱਲ ਦਾ ਵਰਕਰ,ਗੁਰਾਂ ਕਲੋਨੀ ਦੇ ਆੜੁਤੀ ਪਰਿਵਾਰ...
ਆਈ.ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਵੱਲੋਂ 14 ਤੱਕ ਦੇ ਮੁਲਾਜਮ ਸੰਘਰਸ਼ ਚ ਸ਼ਾਮਲ ਹੋਣ ਦਾ ਫੈਸਲਾ
. . .  about 1 hour ago
ਬੁਢਲਾਡਾ 8 ਅਗਸਤ (ਸਵਰਨ ਸਿੰਘ ਰਾਹੀ) ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਨੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸ਼ਾਂਝਾ ਫਰੰਟ ਵਲੋਂ 14 ਅਗਸਤ ਤੱਕ ਕੀਤੇ ਜਾ ਰਹੇ ਮੁਲਾਜਮ ਹੱਕੀ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ।ਇਸ...
ਮੋਗਾ 'ਚ ਕੋਰੋਨਾ ਦੇ 37 ਮਾਮਲੇ ਆਏ ਸਾਹਮਣੇ
. . .  about 1 hour ago
ਮੋਗਾ, 8 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ ਵਾਰ ਫਿਰ ਕੋਰੋਨਾ ਬਲਾਸਟ ਹੋਇਆ ਹੈ। ਇਕੋ ਦਿਨ ਵਿਚ ਹੀ 37 ਮਾਮਲੇ ਕੋਰੋਨਾ ਪਾਜ਼ੀਟਿਵ ਆਏ ਹਨ ਤੇ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 577 ਤੇ ਪਹੁੰਚ ਗਿਆ ਹੈ...
ਇਕ ਜੱਜ ਤੇ 5 ਗੈਂਗਸਟਰਾਂ ਸਣੇ 111 ਲੋਕਾਂ ਨੂੰ ਹੋਇਆ ਕੋਰੋਨਾ ਦੋ ਹੋਰ ਮੌਤਾਂ
. . .  about 1 hour ago
ਅੰਮ੍ਰਿਤਸਰ , 8 ਅਗਸਤ (ਰੇਸ਼ਮ ਸਿੰਘ) ਕੋਰੋਨਾ ਦੀ ਲਗਾਤਾਰ ਵੱਧ ਰਹੀ ਮਾਰ ਤਹਿਤ ਅੱਜ ਇਕੋਂ ਦਿਨ 'ਚ 111 ਨਵੇਂ ਮਾਮਲੇ ਸਾਹਮਣੇ ਆਂਹੇ ਹਨ ਜਿਨਾਂ 'ਚ ਇਕ ਜੱਜ ਤੇ ਕੇਂਦਰੀ ਜੇਲ 'ਚ ਬੰਦ 5 ਗੈਂਗਸਟਰ ਵੀ ਸ਼ਾਮਿਲ ਹਨ ਜਿਨਾਂ ਦੇ ਲਏ ਨਮੂਨਿਆਂ ਦੀ ਰਿਪੋਰਟ ਅੱਜ ਪਾਜਟਿਵ ਪਾਈ ਗਈ ਹੈ । ਇਸ ਦੇ ਨਾਲ ਹੀ...
ਭਗਵੰਤ ਮਾਨ ਤੇ ਜਰਨੈਲ ਸਿੰਘ ਨੇ ਪੰਜਾਬ ਆਪ ਜਥੇਬੰਦੀ ਨੂੰ ਕੀਤਾ ਭੰਗ
. . .  48 minutes ago
ਚੰਡੀਗੜ੍ਹ, 8 ਅਗਸਤ (ਸੁਰਜੀਤ ਸਿੰਘ ਸੱਤੀ) - ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਆਪ ਦੇ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਵਿਚ ਆਪ ਦੀ ਜਥੇਬੰਦੀ ਨੂੰ ਭੰਗ ਕਰ ਦੇਣ ਦਾ ਐਲਾਨ ਕੀਤਾ ਹੈ...
ਨਵਾਂਸ਼ਹਿਰ 'ਚ‌‌‌ ਦੋ ਔਰਤਾਂ ਸਮੇਤ ਪੰਜ ਆਏ ਕੋਰੋਨਾ ਪਾਜ਼ੀਟਿਵ
. . .  about 2 hours ago
ਨਵਾਂਸ਼ਹਿਰ,8 ਅਗਸਤ (ਗੁਰਬਖਸ਼ ਸਿੰਘ ਮਹੇ)-ਜਿਲ੍ਹੇ ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜਿਸਦੇ ਤਹਿਤ ਅੱਜ ਫਿਰ ਦੋ ਔਰਤਾਂ ਸਮੇਤ ਪੰਜਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ...
ਪੰਜਾਬ ਸਰਕਾਰ ਨੇ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ
. . .  about 2 hours ago
ਚੰਡੀਗੜ੍ਹ, 8 ਅਗਸਤ - ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ ਸੂਬਾ ਪੁਲਿਸ ਦੀ ਸੁਰੱਖਿਆ ਨੂੰ ਵਾਪਸ ਲਿਆ ਜਾਵੇਗਾ। ਮੁਲਾਂਕਣ ਕਰਨ ਮਗਰੋਂ ਇਹ ਪ੍ਰਤਖ ਹੋਇਆ ਹੈ ਅਸਲ ਵਿਚ ਉਨ੍ਹਾਂ ਨੂੰ ਕਿਸੇ ਖਤਰੇ ਦੀ ਅਨੁਭੂਤੀ ਨਹੀਂ ਹੈ। ਇਸ ਦੇ ਨਾਲ...
ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਬੰਦ 5 ਗੈਂਗਸਟਰਾਂ ਨੂੰ ਵੀ ਹੋਇਆ ਕੋਰੋਨਾ
. . .  about 2 hours ago
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਦੱਸਿਆ ਜਾ ਰਿਹਾ ਹੈ ਕਿ 6 ਅਗਸਤ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਹੋਏ ਕੋਰੋਨਾ ਟੈਸਟ ਲਈ ਜੋ ਸੈਂਪਲ ਲਏ ਗਏ ਸਨ, ਉਨ੍ਹਾਂ ਦੀ ਅੱਜ ਆਈ ਰਿਪੋਰਟ 'ਚ ਪਤਾ ਲੱਗਾ ਹੈ ਕਿ ਉਨ੍ਹਾਂ 'ਚੋਂ 28 ਬੰਦੀ 20 ਚੱਕੀਆਂ 'ਚੋਂ ਅਤੇ 8 ਬੰਦੀ 24 ਚੱਕੀਆਂ 'ਚੋਂ ਪਾਜ਼ਿਟਿਵ ਪਾਏ ਗਏ ਹਨ। ਉਕਤ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 11 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਅਨੁਸਾਰ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 11 ਮਾਮਲਿਆਂ 'ਚ 5 ਮਾਮਲੇ ਸ਼ਹਿਰ ਬਰਨਾਲਾ, 1 ਮਾਮਲਾ...
ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਸਬ-ਇੰਸਪੈਕਟਰ ਦੀ ਹੋਈ ਮੌਤ
. . .  about 2 hours ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਪਿਛਲੇ ਦਿਨੀਂ ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਪੁਲਸ ਸਬ-ਇੰਸਪੈਕਟਰ ਪਰਗਟ ਸਿੰਘ ਔਲਖ ਦੀ ਅੰਮ੍ਰਿਤਸਰ ਦੇ...
ਸਿਹਤ ਵਿਭਾਗ ਦੀ ਕਥਿਤ ਗਲਤੀ ਕਾਰਨ ਲਾਸ਼ਾ ਬਦਲੀਆਂ
. . .  about 3 hours ago
ਸੂਬੇ ਦੇ ਲੋਕਾਂ ਨੂੰ ਕਾਂਗਰਸ ਦਾ ਕਾਰਜਕਾਲ ਪੂਰਾ ਹੋਣ ਤੱਕ 1 ਲੱਖ ਕਰੋੜ ਰੁਪਏ ਕਰਜ਼ੇ ਦਾ ਵਾਧੂ ਬੋਝ ਝੱਲਣਾ ਪਏਗਾ - ਢੀਂਡਸਾ
. . .  about 3 hours ago
ਟਾਂਡਾ ਉੜਮੁੜ, 8 ਅਗਸਤ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਟਾਂਡਾ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਤੇ ਕਾਨੂੰਨ ਦਾ ਕਿਧਰੇ ਵੀ ਡਰ ਨਹੀਂ ਹੈ। ਕਾਂਗਰਸ ਦੀ ਸ਼ਹਿ 'ਤੇ ਡਰੱਗ...
ਗੁਰਦਾਸਪੁਰ ਜ਼ਿਲ੍ਹੇ 'ਚ 42 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਗੁਰਦਾਸਪੁਰ, 8 ਅਗਸਤ (ਸੁਖਵੀਰ ਸਿੰਘ ਸੈਣੀ) - ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ 42 ਨਵੇਂ ਕੋਰੋਨਾ ਪਾਜ਼ੀਟਿਵ...
11 ਸਾਲਾਂ ਬੱਚੀ ਸਣੇ ਫ਼ਾਜ਼ਿਲਕਾ ਜ਼ਿਲ੍ਹੇ 'ਚ 8 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ/ਜਲਾਲਾਬਾਦ, 8 ਅਗਸਤ (ਪ੍ਰਦੀਪ ਕੁਮਾਰ/ਜਤਿੰਦਰਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 8 ਹੋਰ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਜਲਾਲਾਬਾਦ ਦੇ ਦਸਮੇਸ਼ ਨਗਰ 'ਚ 5 ਕੇਸ ਅਬੋਹਰ ਦੀ ਨਵੀਂ ਆਬਾਦੀ 'ਚ 2 ਕੇਸ ਅਤੇ ਫ਼ਾਜ਼ਿਲਕਾ 'ਚ 1 ਕੋਰੋਨਾ ਕੇਸ...
ਸੁਨਾਮ ਸ਼ਹਿਰ 'ਚ ਕੋਰੋਨਾ ਕਾਰਨ ਹੋਈ ਦੂਜੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 8 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਸ਼ਹਿਰ ਦੇ ਹੋਰਨਾ ਬਿਮਾਰੀਆਂ ਤੋਂ ਗ੍ਰਸਤ ਇਕ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਇਲਾਜ ਦੌਰਾਨ ਬੀਤੀ ਸ਼ਾਮ ਰਜਿੰਦਰਾ ਹਸਪਤਾਲ ਪਟਿਆਲਾ'ਚ ਮੌਤ ਹੋਣ ਦੀ ਖ਼ਬਰ ਹੈ।ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ...
ਸ਼ਰਾਬ ਮਾਫ਼ੀਆ ਵੱਲੋਂ ਸੋਨੀਆ ਗਾਂਧੀ ਨੂੰ 2000 ਕਰੋੜ ਰੁਪਏ ਦੀ ਅਦਾਇਗੀ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਰਾਜਪਾਲ : ਅਕਾਲੀ ਦਲ
. . .  about 3 hours ago
ਚੰਡੀਗੜ੍ਹ, 8 ਅਗਸਤ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਭਵਨ ਤੱਕ ਵਿਸ਼ਾਲ ਰੋਸ ਮਾਰਚ ਕਰਦਿਆਂ ਮੰਗ ਕੀਤੀ ਕਿ ਸ਼ਰਾਬ ਮਾਫ਼ੀਆ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ....
ਅਦਾਕਾਰ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 3 hours ago
ਮੁੰਬਈ, 8 ਅਗਸਤ- ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 22 ਹੋਰ ਮਾਮਲੇ ਆਏ ਸਾਹਮਣੇ
. . .  1 minute ago
ਸ੍ਰੀ ਮੁਕਤਸਰ ਸਾਹਿਬ/ਮਲੋਟ, 8 ਅਗਸਤ (ਰਣਜੀਤ ਸਿੰਘ ਢਿੱਲੋਂ, ਪਾਟਿਲ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਅੱਜ 22 ਕੋਰੋਨਾ ਮਰੀਜ਼ਾਂ ....
ਭਾਰਤ ਪਾਕਿਸਤਾਨ ਸਰਹੱਦ ਕੋਲੋਂ ਬੀ.ਐੱਸ.ਐਫ ਵੱਲੋਂ ਸ਼ੱਕੀ ਭਾਰਤੀ ਵਿਅਕਤੀ ਕਾਬੂ
. . .  about 4 hours ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਬੀ.ਐਸ.ਐਫ ਦੀ 32 ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਘੁੰਮ ਰਹੇ ਇੱਕ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਤੋਂ ਪ੍ਰਭਾਵਿਤ ਸੀ ਚੀ ਗੁਵੇਰਾ

ਇਸ ਲੇਖ ਦੇ ਲੇਖਕ ਮਾਸਟਰ ਦਇਆ ਸਿੰਘ ਸੰਧੂ ਖੱਬੇ ਪੱਖੀ ਮੁਲਾਜ਼ਮ ਲਹਿਰ ਨਾਲ ਜੁੜੇ ਰਹੇ ਹਨ। ਉਨ੍ਹਾਂ ਨੂੰ ਇਕ ਵਾਰ ਜ਼ਿੰਦਗੀ ਵਿਚ ਕਿਊਬਾ ਜਾਣ ਦਾ ਅਵਸਰ ਮਿਲਿਆ ਅਤੇ ਉਥੇ ਜਾ ਕੇ ਉਨ੍ਹਾਂ ਨੇ ਕਿਊਬਾ ਤੇ ਚੀ ਗਵੇਰਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਊਬਾ ਦੀ ਰਾਜਧਾਨੀ ਵਿਚ ਇਕ ਪ੍ਰੋਫੈਸਰ ਨਾਲ ਮੁਲਾਕਾਤ ਕੀਤੀ। ਉਸ ਪ੍ਰੋਫੈਸਰ ਨੇ ਲੇਖਕ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜੋ ਜਾਣਕਾਰੀ ਦਿੱਤੀ ਉਹ ਬੇਹੱਦ ਹੈਰਾਨੀਜਨਕ ਸੀ। ਪੇਸ਼ ਹੈ ਇਹ ਦਿਲਚਸਪ ਲੇਖ।
ਪੜ੍ਹਾਈ ਅਤੇ ਟ੍ਰੇਨਿੰਗ ਪੂਰੀ ਕਰਨ ਉਪਰੰਤ ਚਾਰ ਕੁ ਹਫ਼ਤੇ ਬਾਅਦ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਪਰ ਮਿਲੀ ਕਿਸੇ ਦੂਸਰੇ ਜ਼ਿਲ੍ਹੇ ਵਿਚ। ਜੋ ਕਿ ਮਾਲਵੇ ਨਾਲ ਸਬੰਧਿਤ ਇਲਾਕਾ ਸੀ। ਜਿਸ ਕਾਰਨ ਘਰੋਂ ਬਾਹਰ ਹੀ ਰਹਿਣਾ ਪੈਂਦਾ ਸੀ ਕਿਉਂਕਿ ਸੜਕਾਂ ਕੱਚੀਆਂ ਹੋਣ ਕਾਰਨ ਆਉਣਾ-ਜਾਣਾ ਔਖਾ ਸੀ। ਸਰਕਾਰੀ ਡਿਊਟੀ ਦੇ ਨਾਲ-ਨਾਲ ਖੱਬਾ ਸਾਹਿਤ ਪੜ੍ਹਿਆ ਹੋਣ ਕਰਕੇ ਅਧਿਆਪਕ ਜਥੇਬੰਦੀਆਂ ਵਿਚ ਮੂਹਰਲੀਆਂ ਕਤਾਰਾਂ ਵਿਚ ਭਾਗ ਲੈਣ ਲੱਗਾ।
ਉਸ ਸਮੇਂ ਸੰਸਾਰ ਪ੍ਰਸਿੱਧ ਕ੍ਰਾਂਤੀਕਾਰੀ ਨੌਜਵਾਨ ਚੀ ਗਵੇਰਾ ਲਹੂ ਵੀਟਵਾਂ ਸੰਘਰਸ਼ ਕਰਦਾ ਸ਼ਹੀਦੀ ਪ੍ਰਾਪਤ ਕਰ ਚੁੱਕਾ ਸੀ। ਨੌਜਵਾਨਾਂ ਦਾ ਆਈਕੌਨ ਹੀਰੋ ਸੀ ਉਹ, ਜਿਸ ਦੇ ਨਾਂਅ ਉਕਰੇ ਦੀਆਂ ਫੋਟੋਆਂ ਲੱਗੀਆਂ ਟੀ-ਸ਼ਰਟਾਂ ਨੌਜਵਾਨ ਪਹਿਨਦੇ ਸਨ। ਬੜਾ ਫ਼ਖਰ ਮਹਿਸੂਸ ਕਰਦੇ ਸਨ। ਉਦੋਂ ਤਾਂ ਨਹੀਂ, ਹੁਣ ਪਰ ਜਦੋਂ ਜ਼ਿੰਦਗੀ ਦੀ ਸ਼ਾਮ ਹੋ ਗਈ ਤਾਂ ਉਸ ਦਾ ਦੇਸ਼ ਕਿਊਬਾ ਵੇਖਣ ਦਾ ਉਤਸ਼ਾਹ ਪੈਦਾ ਹੋਇਆ। ਥੋੜੀ ਜਿਹੀ ਕੋਸ਼ਿਸ਼ ਕਰਨ 'ਤੇ ਉਸ ਦੇਸ਼ ਜਾਣ ਦਾ ਗਰੁੱਪ ਟੂਰਿਸਟ ਵੀਜ਼ਾ ਮਿਲ ਗਿਆ। ਕਿਊਬਾ ਟਾਪੂ ਨੁਮਾ ਦੇਸ਼ ਜਿਸ ਦਾ ਖੇਤਰਫਲ ਲੱਗਪਗ 110 ਵਰਗ ਕਿਲੋਮੀਟਰ ਹੈ ਅਤੇ ਆਬਾਦੀ ਇਕ ਕਰੋੜ ਸਤਾਰਾਂ ਲੱਖ। ਜੋ ਉੱਤਰੀ ਅਮਰੀਕਾ ਮਹਾਂਦੀਪ ਅਤੇ ਦੱਖਣੀ ਅਮਰੀਕਾ ਮਹਾਂਦੀਪ ਦੇ ਵਿਚਕਾਰ ਜਿਸ ਦੇ ਚਾਰੇ ਪਾਸੇ ਸਮੁੰਦਰ ਹੈ, ਇਕ ਬੱਤਖ ਦੀ ਧੌਣ ਵਰਗਾ ਲੰਬੂਤਰਾ ਜਿਹਾ ਟਾਪੂ (ਦੇਸ਼) ਹੈ ਅਤੇ ਦਿੱਲੀ ਤੋਂ ਉਸ ਦਾ ਰਾਜਧਾਨੀ ਵਾਲਾ ਸ਼ਹਿਰ ਹਵਾਨਾ ਲੱਗਪਗ 14000 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਦੇਸ਼ ਗੰਨੇ ਦੀ ਭਰਪੂਰ ਫ਼ਸਲ ਪੈਦਾ ਕਰਦਾ ਹੈ। ਦੁਨੀਆ ਭਰ ਦਾ ਮਹਿੰਗਾ ਪੌਦਾ ਇਸ ਧਰਤੀ 'ਤੇ ਪੈਦਾ ਹੁੰਦਾ ਹੈ, ਜਿਸ ਤੋਂ ਸਿਗਾਰ ਬਣਦੀ ਹੈ, ਜਿਸ ਨੂੰ ਅਮੀਰ, ਬਹੁਤ ਅਮੀਰ ਕਸ਼ ਖਿੱਚ ਕੇ ਲੈਂਦੇ ਹਨ। ਜਿਸ ਦੇ ਇਕ ਪੀਸ ਦੀ ਕੀਮਤ ਚਾਲੀ ਤੋਂ ਪੰਜਾਹ ਅਮਰੀਕੀ ਡਾਲਰ ਹੈ।
ਜਦ ਸਾਡੇ ਟੂਰਿਸਟ ਗਰੁੱਪ ਦਾ ਉਤਾਰਾ ਹਵਾਨਾ ਸਿਟੀ ਹੋਇਆ ਤਾਂ ਮਨ ਵਿਚ ਹਵਾਨਾ ਸਿਟੀ ਵੇਖਣ ਦੀ ਜੋ ਇੱਛਾ ਸੀ, ਪੂਰੀ ਹੋ ਗਈ। ਇਹ ਜਰਖੇਜ਼ ਧਰਤੀ ਵਾਲਾ ਦੇਸ਼ ਪਹਿਲਾਂ ਪਹਿਲ ਸ਼ਪੈਨਿਸ ਕਾਲੋਨੀ ਸੀ। ਉਨ੍ਹਾਂ ਇਸ ਦੀ ਖੂਬ ਲੁੱਟ ਕੀਤੀ। ਉਸ ਤੋਂ ਬਾਅਦ 1898 ਈਸਵੀ ਤੋਂ ਇਥੇ ਅਮਰੀਕਾ ਦੀ ਕਠਪੁਤਲੀ ਹਕੂਮਤ ਸੀ ਜੋ 1959 ਈਸਵੀ ਤੱਕ ਰਹੀ। ਅਮਰੀਕਾ ਨੇ ਵੀ ਇਹਨੂੰ ਰੱਜ ਕੇ ਲੁੱਟਿਆ ਪਰੰਤੂ ਅਮੀਰਾਂ ਦੇ ਐਸ਼ ਕਰਨ ਲਈ ਹਵਾਨਾ ਵਿਚ ਐਸ਼ੋ- ਇਸ਼ਰਤ ਦੇ ਅੱਡੇ ਖੋਲ੍ਹੇ ਅਤੇ ਹਜ਼ਾਰਾਂ ਕੈਸੀਨੋ ਘਰ। ਦੁਨੀਆ ਭਰ ਦੇ ਅਮੀਰ ਲੋਕਾਂ ਲਈ ਸੈਰਗਾਹ ਬਣ ਗਿਆ ਸੀ ਪਰ ਮੇਰਾ ਮਕਸਦ ਸੀ ਚੀ ਗੁਵੇਰਾ ਨਾਲ ਜੁੜੇ ਭਾਵਨਾਤਮਕ ਲੋਕਾਂ ਨਾਲ ਮਿਲਣਾ ਸੀ ਅਤੇ ਚੀ ਗੁਵੇਰਾ ਨਾਲ ਉਸ ਦੇਸ਼ ਦੇ ਲੋਕ ਕਿੰਨਾ ਕੁ ਪਿਆਰ ਕਰਦੇ ਹਨ, ਇਹ ਅਨੁਭਵ ਕਰਨਾ ਸੀ। ਆਪਣੇ ਗਰੁੱਪ ਨੂੰ ਛੱਡ ਆਪਣੇ ਬੌਸ ਤੋਂ ਇਜਾਜ਼ਤ ਲੈ ਤੁਰ ਪਿਆ ਆਪਣੀ ਮੰਜ਼ਿਲ ਵੱਲ। ਸਵੇਰੇ-ਸਵੇਰੇ ਸ਼ਾਮ ਨੂੰ ਪਰਤ ਆਉਣ ਦਾ ਵਾਅਦਾ ਕਰਕੇ। ਇਤਫਾਕਨ ਜੋ ਵਿਅਕਤੀ ਮੈਂ ਭਾਲਿਆ ਉਸ ਨੇ ਮੇਰੀ ਖਾਹਸ਼ (ਲੋੜ) ਪੂਰੀ ਕਰ ਦਿੱਤੀ। 8-9 ਘੰਟੇ ਦੀ ਸੰਗਤ ਕਰਕੇ। ਉਸ ਪੜ੍ਹੇ-ਲਿਖੇ ਸੋਹਣੇ ਸੁਨੱਖੇ 40-45 ਸਾਲ ਦੇ ਪ੍ਰੋਫੈਸਰ ਨਾਲ ਮੇਰਾ ਮੇਲ ਹੋ ਗਿਆ। ਉਸ ਦਾ ਨਾਂਅ ਸੀ ਪ੍ਰੋਫੈਸਰ ਇਵਾਨ ਪੈਡਰੋਸੋ। ਬੜਾ ਹੀ ਮਿਲਣਸਾਰ। ਜੋ ਹਵਾਨਾ ਯੂਨੀਵਰਸਿਟੀ ਡਿਊਟੀ ਕਰਦਾ ਸੀ ਅਤੇ ਇਤਿਹਾਸ ਦਾ ਇਕ ਕ੍ਰਾਂਤੀਕਾਰੀ ਪ੍ਰੋਫੈਸਰ ਸੀ। ਉਸ ਨੇ ਮੈਨੂੰ ਯੂਨੀਵਰਸਿਟੀ ਘੁਮਾਇਆ। ਯੂਨੀਵਰਸਿਟੀ ਵਿਚ ਨੌਜਵਾਨ ਲੜਕੇ-ਲੜਕੀਆਂ ਨੇ ਚੀ ਗੁਵੇਰਾ ਦੀਆਂ ਫੋਟੋਆਂ ਲੱਗੀਆਂ ਟੀ-ਸ਼ਰਟਾਂ ਪਾਈਆਂ ਹੋਈਆ ਸਨ।
ਯੂਨੀਵਰਸਿਟੀ ਘੁਮਾਉਣ ਤੋਂ ਬਾਅਦ ਉਹ ਪ੍ਰੋਫੈਸਰ ਮੈਨੂੰ ਆਪਣੇ ਯੂਨੀਵਰਸਿਟੀ ਵਿਚ ਮਿਲੇ ਹੋਸਟਲ ਵਾਲੇ ਆਪਣੇ ਘਰ ਲੈ ਗਿਆ। ਉਸ ਦੇ ਇਕ ਰੂਮ ਵਿਚ ਸਾਰੀਆਂ ਕੰਧਾਂ ਉਪਰ ਬਹੁਤ ਹੀ ਜ਼ਿਆਦਾ ਕ੍ਰਾਂਤੀਕਾਰੀਆਂ ਭਾਵ ਇਨਕਲਾਬੀ ਆਗੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਮੇਰਾ ਫੋਟੋ ਵੇਖਦਿਆਂ-ਵੇਖਦਿਆਂ ਇਕਦਮ ਧਿਆਨ ਪਿਆ ਤਿੰਨ ਫੋਟੋਆਂ 'ਤੇਸ੍ਰੀ ਗੁਰੂ ਗੋਬਿੰਦ ਸਿੰਘ, ਗੁਰੂ ਹਰਿਗੋਬਿੰਦ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ। ਇਸ ਤੋਂ ਇਲਾਵਾ ਜੋ ਹੋਰ ਫੋਟੋਆਂ ਸਨ, ਉਨ੍ਹਾਂ ਦੀ ਗਿਣਤੀ 800 ਤੋਂ ਉੱਪਰ ਹੋਵੇਗੀ। ਪ੍ਰੋਫੈਸਰ ਇਵਾਨ ਦੇ ਦੱਸਣ ਮੁਤਾਬਕ। ਮੈਂ ਉਸ ਨੂੰ ਬੁਲਾ ਕੇ ਕਿਹਾ ਸਰ ਇਨ੍ਹਾਂ ਤਿੰਨਾਂ ਇਨਕਲਾਬੀਆਂ ਬਾਰੇ ਕੁਝ ਜਾਣਕਾਰੀ ਦਿਉ। ਉਹ ਮੁਸਕਰਾ ਕੇ ਕਹਿਣ ਲੱਗਾ ਸਰ! ਸਗੋਂ ਤੁਸੀਂ ਦੱਸੋ ਕੁਝ ਮੈਨੂੰ। ਮੈਂ ਆਖਿਆ 'ਨਹੀਂ! ਮੈਂ ਤੁਹਾਡੇ ਤੋਂ ਹੀ ਸੁਣਨਾ ਹਾਂ' ਤਾਂ ਉਸ ਨੇ ਜੋ ਮੈਨੂੰ ਆਪਣੇ ਮੂੰਹੋਂ ਜਾਣਕਾਰੀ ਦਿੱਤੀ ਸੁਣ ਕੇ ਮੈਂ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਇਵਾਨ ਕਹਿਣ ਲੱਗਾ ਪਹਿਲੀ ਫੋਟੋ 'ਤੇ ਹੱਥ ਰੱਖ ਕੇ ਕਿ ਇਹ ਤੁਹਾਡੇ ਵਡੇਰੇ ਆਗੂਆਂ ਦੀ ਲੜੀ ਵਿਚੋਂ ਛੇਵੀਂ ਥਾਂ ਰੱਖਦੇ ਨੇ। ਪਰ ਸਾਡੀ ਨਜ਼ਰ ਵਿਚ ਇਹ ਤੁਹਾਡੇ ਪਹਿਲੇ ਕ੍ਰਾਂਤੀਕਾਰੀ ਹੋਏ ਨੇ ਜਿਨ੍ਹਾਂ ਆਪਣੀ ਮੁੱਠੀ ਵਿਚ ਤਲਵਾਰ ਲਈ ਤੇ ਹੱਕ ਸੱਚ ਦੇ ਯੁੱਧ ਲੜੇ। ਉਸ ਵਕਤ ਦੀ ਜ਼ਾਲਮ ਹਕੂਮਤ ਨੇ ਤੁਹਾਡੇ ਖਿੱਤੇ ਵਿਚ ਘੋੜੇ 'ਤੇ ਚੜ੍ਹਨ 'ਤੇ ਪਾਬੰਦੀ ਲਾ ਰੱਖੀ ਸੀ। ਤਲਵਾਰ ਰੱਖਣ 'ਤੇ ਪਾਬੰਦੀ, ਪੱਗ ਸਜਾਉਣ 'ਤੇ ਪਾਬੰਦੀ, ਉੱਪਰ ਕਲਗੀ (ਤਾਜ) 'ਤੇ ਪਾਬੰਦੀ; ਵਿਆਹ ਕਰਵਾਉਣ ਤੇ ਡੋਲੇ (ਪਤਨੀਆਂ) ਲੁੱਟ ਲੈਣੇ। ਤਹਾਡੇ ਇਸ ਕ੍ਰਾਂਤੀਕਾਰੀ ਨੇ ਘੋੜੇ ਦੀ ਸਵਾਰੀ ਕੀਤੀ, ਤਲਵਾਰ ਉਠਾਈ, ਦਸਤਾਰ ਸਜਾਈ, ਕਲਗੀ ਸਜਾਈ। ਨਿਡਰ ਹੋ ਕੇ ਇਕ ਤੋਂ ਵੱਧ ਸੁਰੱਖਿਅਤ ਵਿਆਹ ਕਰਵਾਏ। ਜ਼ਾਲਮ ਹਕੂਮਤ ਦੇ ਮੁਕਾਬਲੇ ਤਖ਼ਤ ਸਜਾਇਆ, ਜਿਸ ਦਾ ਪਰਚਮ ਝੂਲਦਾ ਮੈਂ ਵੇਖ ਆਇਆ ਹਾਂ। ਇਸ ਕ੍ਰਾਂਤੀਕਾਰੀ ਸ੍ਰੀ ਗੁਰੁ ਗੋਬਿੰਦ ਸਿੰਘ ਨੇ ਤੁਹਾਨੂੰ ਜੋ ਨਾਂਅ ਦਿੱਤਾ ਉਹ ਹੈ ਸਿੰਘ (ਸ਼ੇਰ )। ਫੋਟੋ ਦੇ ਹੇਠ ਅੰਗਰੇਜ਼ੀ ਵਿਚ ਤੇ ਕਿਊਬੀਅਨ ਭਾਸ਼ਾ ਵਿਚ ਲਿਖਿਆ ਸੀ 'ਸ਼ੇਰ ਕਦੀ ਨਾ ਜਿਊਂਦੇ ਨੱਕ ਨੱਥ ਪੁਵਾ ਕੇ।' ਇਸ ਨੇ ਤੁਹਾਡੇ ਲੋਕਾਂ ਵਿਚ ਅਜਿਹੀ ਸਪਿਰਟ ਭਰੀ, ਜਿਸ ਨੂੰ ਤੁਸੀਂ ਲੋਕ ਅੰਮ੍ਰਿਤ ਛਕਣਾ ਕਹਿੰਦੇ ਹੋ; ਕਿ ਇਕ-ਇਕ ਨੇ ਕਈ-ਕਈ ਲੋਕਾਂ ਦਾ ਮੁਕਾਬਲਾ ਕੀਤਾ। ਜਿਸ ਨੂੰ ਇਨ੍ਹਾਂ 'ਸਵਾ ਲਾਖ ਸੇ ਏਕ ਲੜਾਊ' ਕਿਹਾ। ਇਸ ਕ੍ਰਾਂਤੀਕਾਰੀ ਦੀ ਮਿਸਾਲ ਪੂਰੀ ਦੁਨੀਆ ਵਿਚ ਕਿਧਰੇ ਨਹੀਂ ਮਿਲਦੀ, ਇਸ ਦੀ ਭਰੀ ਸਪਿਰਟ ਕਰਕੇ ਤੁਸੀਂ ਦੁਨੀਆ ਭਰ ਵਿਚ ਯੋਧੇ ਮੰਨੇ ਜਾਂਦੇ ਹੋ। ਪਰ ਸਰਦਾਰ ਜੀ ਇਕ ਗੱਲ ਕਹਾਂ ਬੁਰਾ ਨਾ ਮਨਾਇਓ, 'ਤੁਸੀਂ ਲੜਦੇ ਮਰਦੇ ਕਿਸੇ ਹੋਰ ਦੀ ਖਾਤਰ ਹੋ। ਪਹਿਲਾਂ ਤੁਹਾਨੂੰ ਗੋਰੇ ਲੁਟੇਰੇ ਵਰਤ ਗਏ। ਹੁਣ ਕਾਲੇ ਲੁਟੇਰੇ ਵਰਤ ਰਹੇ ਹਨ।'
ਤੀਸਰੇ ਕ੍ਰਾਂਤੀਕਾਰੀ ਬੰਦਾ ਸਿੰਘ ਬਹਾਦਰ ਨਾਲ ਸਾਡਾ ਰਿਸ਼ਤਾ ਵੀ ਹੈ ਤੇ ਪਿਆਰ ਭੀ। ਸਾਡਾ ਚੇ-ਗੁਵੇਰਾ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਜਿਵੇਂ ਇਸ ਕ੍ਰਾਂਤੀਕਾਰੀ ਨੇ ਰਾਜ ਪ੍ਰਾਪਤ ਕਰ ਕੇ ਵੱਡੇ-ਵੱਡੇ ਫਿਊਡਲਾਂ ਭਾਵ ਜ਼ਿੰਮੀਦਾਰਾਂ ਤੋਂ, ਜੋ ਹਜ਼ਾਰਾਂ ਏਕੜਾਂ ਦੇ ਮਾਲਕ ਸਨ, ਜ਼ਮੀਨ ਖੋਹ ਕੇ ਵਾਹੀਕਾਰਾਂ ਵਿਚ ਵੰਡ ਦਿੱਤੀ ਸੀ। ਉਸੇ ਤਰ੍ਹਾਂ ਸਾਡੇ ਮਹਿਬੂਬ ਨੇਤਾ ਚੀ ਗੁਵੇਰਾ ਨੇ ਵੱਡੇ-ਵੱਡੇ ਜ਼ਿੰਮੀਦਾਰਾਂ ਤੋਂ ਜ਼ਮੀਨ ਖੋਹ ਕੇ ਗ਼ਰੀਬਾਂ ਵਿਚ ਵੰਡ ਦਿੱਤੀ ਸੀ ਅਤੇ ਉਨ੍ਹਾਂ ਨੂੰ ਦੰਡਤ ਕੀਤਾ ਸੀ; ਇਹ ਘਟਨਾ 1959 ਈਸਵੀ ਦੀ ਹੈ। ਚੀ ਗੁਵੇਰਾ ਵਲੋਂ ਸ਼ੁਰੂ ਕੀਤੀਆਂ ਨੀਤੀਆਂ ਜੋ ਕਿ ਗ਼ਰੀਬ ਪੱਖੀ ਹਨ, ਅੱਜ ਤੱਕ ਵੀ ਲਾਗੂ ਹਨ। ਚੇ- ਗੁਵੇਰਾ ਹੋਰ ਦੇਸ਼ ਅਰਜਨਟੀਨਾ ਵਿਚ ਪੈਦਾ ਹੋਇਆ, ਗਰੀਬਾਂ ਦੀ ਹਾਲਤ ਜਾਨਣ ਲਈ ਉਸ ਨੇ ਦੱਖਣੀ ਅਮਰੀਕਾ ਦਾ ਮੋਟਰ ਸਾਈਕਲ 'ਤੇ ਦੋ ਵਾਰ ਦੌਰਾ ਕੀਤਾ। ਪਹਿਲਾ 8000 ਕਿਲੋਮੀਟਰ, ਦੂਜਾ 45000 ਕਿਲੋਮੀਟਰ ਅਤੇ ਉਨ੍ਹਾਂ ਦੀ ਹਾਲਤ ਬਾਰੇ ਇਕ ਕਿਤਾਬ ਲਿਖੀ ਜੋ ਮੋਟਰਸਾਈਕਲ ਡਾਇਰੀ ਕਰਕੇ ਪ੍ਰਸਿੱਧ ਹੈ। ਹੈਰਾਨੀ ਦੀ ਗੱਲ ਇਹ ਕਿ ਇਹ ਕਿਤਾਬ ਦੁਨੀਆ ਭਰ ਵਿਚ ਸਭ ਤੋਂ ਵੱਧ ਵਿਕੀ।
1945 ਈਸਵੀ ਤੋਂ ਸ਼ੁਰੂ ਕਰਕੇ 1959 ਈਸਵੀ ਤੱਕ 14 ਸਾਲ ਫਿਦਲ ਕਾਸਟਰੋ ਦੇ ਨਾਲ ਮੋਢੇ ਨਾਲ ਮੋਢਾ ਜੋੜ ਲਹੂ ਵੀਟਵਾਂ ਸੰਘਰਸ਼ ਕੀਤਾ। ਉਦੋਂ ਸਾਡਾ ਦੇਸ਼ ਅਮਰੀਕਾ ਦੀ ਇਕ ਬਸਤੀ ਸੀ, ਉਦੋਂ ਫਲੰਜਸੀਓ ਬੀਟਿਸਟਾ ਡਿਕਟੇਟਰ ਦੀ ਹਕੂਮਤ ਸੀ, ਜਿਸ ਨੇ ਸਾਡੇ ਦੇਸ਼ ਉਪਰ ਬਹੁਤ ਜ਼ੁਲਮ ਕੀਤਾ ਸੀ। ਜਦ ਬੀਟਿਸਟਾ ਦਾ ਤਖਤਾ ਪਲਟ ਕੇ ਸਾਡੀ ਆਪਣੀ ਹਕੂਮਤ ਬਣੀ ਤਾਂ ਕਾਸਟਰੋ ਤੋਂ ਬਾਅਦ ਦੂਸਰੀ ਪੁਜੀਸ਼ਨ ਸੀ ਚੀ ਗੁਵੇਰਾ ਦੀ, ਫ਼ੌਜ ਮੁਖੀ, ਖਜ਼ਾਨਾ ਮੰਤਰੀ, ਜ਼ਮੀਨੀ ਸੁਧਾਰ ਮੰਤਰੀ। ਪ੍ਰੰਤੂ ਗੁਵੇਰਾ ਸੱਤਾ ਮਾਨਣ ਲਈ ਨਹੀਂ ਸੀ ਬਣਿਆ। ਸਗੋਂ ਇਹ ਤਾਂ ਸਾਰੀ ਦੁਨੀਆ ਵਿਚ ਇਨਕਲਾਬ ਲਿਆਉਣਾ ਚਾਹੁੰਦਾ ਸੀ। ਇਹ ਅਫਰੀਕਾ ਮਹਾਂਦੀਪ ਦੇ ਬਹੁਤ ਦੇਸ਼ਾਂ ਵਿਚ ਘੁੰਮਿਆ। ਇਹ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ ਵਿਚ ਵੀ ਘੁੰਮਿਆ। ਦੱਖਣੀ ਅਮਰੀਕਾ ਮਹਾਂਦੀਪ ਵਿਚ ਇਨਕਲਾਬ ਕਰਨ ਲਈ 14 ਦੇ 14 ਦੇਸ਼ ਘੁੰਮੇ; ਬੋਲੀਵੀਆ ਦੇਸ਼ ਵਿਚ ਲੋਕਾਂ ਦਾ ਸਾਥ ਦਿੰਦਾ ਦਿੰਦਾ ਅਥਵਾ ਇਨਕਲਾਬ ਕਰਦਾ ਹੋਇਆ ਅਮਰੀਕਾ ਦੇ 1400 ਸੈਨਿਕਾਂ ਦੁਆਰਾ ਫੜਿਆ ਗਿਆ। ਕਿਉਂਕਿ ਅਮਰੀਕਾ ਇਸ ਦਾ 1945 ਈਸਵੀ ਤੋਂ 1967 ਤੱਕ 22 ਸਾਲ ਤੋਂ ਪਿੱਛਾ ਕਰ ਰਿਹਾ ਸੀ। ਜਿਵੇਂ ਤੁਹਾਡਾ ਕ੍ਰਾਂਤੀਕਾਰੀ ਬੰਦਾ ਸਿੰਘ ਬਹਾਦਰ ਜੰਮੂ ਕਸ਼ਮੀਰ ਵਿਚ ਪੈਦਾ ਹੋਇਆ, ਸਾਰਾ ਭਾਰਤ ਘੁੰਮਿਆ, ਉੱਤਰੀ ਭਾਰਤ ਵਿਚ ਯੁੱਧ ਕਰਕੇ ਸਿੱਖ ਰਾਜ ਸਥਾਪਿਤ ਕੀਤਾ। ਪ੍ਰੰਤੂ ਜ਼ਾਲਮ ਹਕੂਮਤ ਦੇ ਲੱਖਾਂ ਸੈਨਿਕਾਂ ਨੇ ਘੇਰੇ ਪਾ-ਪਾ ਉਹਨੂੰ ਫੜਿਆ ਅਤੇ ਦਿੱਲੀ ਵਿਚ ਕਈ ਸਿੰਘਾਂ ਸਮੇਤ ਤਸੀਹੇ ਦੇ-ਦੇ ਕੇ ਸ਼ਹੀਦ ਕੀਤਾ। ਇਸੇ ਤਰ੍ਹਾਂ ਚੀ ਗੁਵੇਰਾ ਨੂੰ ਬੋਲੀਵੀਆ ਵਿਚ ਜ਼ਾਲਮ ਹਕੂਮਤ ਦੀ ਫ਼ੌਜ ਨੇ ਫੜ, ਤਸੀਹੇ ਦੇ-ਦੇ ਕੇ ਸ਼ਹੀਦ ਕੀਤਾ। ਸਰਦਾਰ ਜੀ! ਤੁਸੀਂ ਚੀ ਗੁਵੇਰਾ ਨੂੰ ਲੱਭਣ ਕਿੰਨੀ ਦੂਰ ਆਏ ਹੋ, ਤੁਹਾਡਾ ਚੀ ਗੁਵੇਰਾ ਤਾਂ ਤੁਹਾਡੇ ਕੋਲ ਹੀ ਹਾਜ਼ਰ-ਨਾਜ਼ਰ ਹੈ। ਬਾਬਾ ਬੰਦਾ ਸਿੰਘ ਬਹਾਦਰ। ਸਾਡਾ ਚੀ ਗੁਵੇਰਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਜ਼ਿਆਦਾਤਰ ਪ੍ਰਭਾਵਿਤ ਸੀ। ਸੋ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ, ਬੰਦਾ ਸਿੰਘ ਬਹਾਦਰ ਬਾਰੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਤੁਹਾਡੇ ਕਾਲਜਾਂ ਵਿਚ ਬੰਦਾ ਬਹਾਦਰ ਇਕ ਸਬਜੈਕਟ (ਵਿਸ਼ਾ) ਹੋਵੇ।

'ਆਓ! ਹੁਣ ਇਕ ਵਾਰ ਬੰਦਾ ਸਿੰਘ ਬਹਾਦਰ ਅਤੇ ਚੀ ਗੁਵੇਰਾ ਨੂੰ ਇਕੱਠੇ ਨੱਕ ਮਸਤਕ ਹੋਈਐ। ਅੱਛਾ ਸਰਦਾਰ ਜੀ ! ਅਲਵਿਦਾ।'
-ਗਾਰਡਨ ਕਾਲੋਨੀ ਪੱਟੀ (ਤਰਨਤਾਰਨ )
ਮੋਬਾਈਲ : 95010-32057.


ਖ਼ਬਰ ਸ਼ੇਅਰ ਕਰੋ

ਰੱਖੜੀ 'ਤੇ ਵਿਸ਼ੇਸ਼

ਭੈਣਾਂ ਵਰਗਾ ਸਾਕ ਨਾ ਕੋਈ...

ਗਲੋਬਲੀ ਦੌਰ ਵਿਚ ਪੰਜਾਬੀ ਸੱਭਿਆਚਾਰ ਦੇ ਰਸਮਾਂ-ਰਿਵਾਜਾਂ ਦੇ ਨਾਲ-ਨਾਲ ਪੰਜਾਬੀ ਲੋਕਾਂ ਦੇ ਰਿਸ਼ਤਾ-ਨਾਤਾ ਪ੍ਰਬੰਧ ਵਿਚ ਵੀ ਵੱਡੀਆਂ ਤ੍ਰੇੜਾਂ, ਤਿੜਕਣਾਂ ਪੈਦਾ ਹੋ ਰਹੀਆਂ ਹਨ। ਪੰਜਾਬੀਆਂ ਵਿਚ ਮੋਹ, ਪਿਆਰ ਤੇ ਇੱਜ਼ਤ-ਵਿਸ਼ਵਾਸ ਦੇ ਰਿਸ਼ਤੇ ਪਦਾਰਥਵਾਦੀ ਰਿਸ਼ਤਿਆਂ ਵਿਚ ਬਦਲ ਰਹੇ ਹਨ। ਪਰਿਵਾਰਕ ਰਿਸ਼ਤਿਆਂ ਵਿਚ ਪੈਦਾ ਹੋਏ ਸਵਾਰਥਾਂ ਨੇ ਪੰਜਾਬੀ ਸੱਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਪਦਾਰਥਕ ਸੁੱਖਾਂ ਦੀ ਪ੍ਰਾਪਤੀ ਲਈ ਭਰਾ ਭਰਾ ਨੂੰ ਕਤਲ ਕਰ ਰਿਹਾ ਹੈ। ਪੁੱਤ, ਪਿਉ ਨੂੰ ਕਤਲ ਕਰ ਰਿਹਾ ਹੈ। ਧੀਆਂ-ਭੈਣਾਂ ਨਾਲ ਜਬਰ ਜਨਾਹ ਕੀਤੇ ਜਾ ਰਹੇ ਹਨ। ਪੰਜਾਬੀ ਸੱਭਿਆਚਾਰ ਦੀ ਕੇਂਦਰੀ ਕਦਰ ਪ੍ਰਣਾਲੀ 'ਕਿਰਤ ਕਰੋ, ਵੰਡ ਛਕੋ' ਵੀ ਪੰਜਾਬੀ ਜੀਵਨ ਵਿਚੋਂ ਮਨਫ਼ੀ ਹੋ ਗਈ ਹੈ। ਕਿਸੇ ਵੀ ਜਾਇਜ਼/ਨਾਜਾਇਜ਼ ਤਰੀਕੇ ਨਾਲ ਪਦਾਰਥ ਇਕੱਠੇ ਕੀਤੇ ਜਾ ਰਹੇ ਹਨ। ਸਾਂਝੇ ਪਰਿਵਾਰ ਦੀ ਥਾਂ ਇਕਹਿਰੇ ਪਰਿਵਾਰ ਹੋਂਦ ਵਿਚ ਆ ਰਹੇ ਹਨ, ਜਿਨ੍ਹਾਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ। ਮਾਪਿਆਂ ਦਾ ਸਨਮਾਨ ਖ਼ਤਮ ਹੋ ਗਿਆ, ਬੱਚੇ ਆਪਹੁਦਰੇ ਹੋਣ ਲੱਗੇ ਹਨ। ਸਾਰੇ ਨਿੱਘ ਤੇ ਮਿਠਾਸ ਵਾਲੇ ਰਿਸ਼ਤਿਆਂ ਦਾ ਬਦਲ 'ਅੰਕਲ ਆਂਟੀ' ਆ ਗਿਆ।
ਰਿਸ਼ਤਾ-ਨਾਤਾ ਪ੍ਰਬੰਧ ਵਿਚ ਭੈਣ ਤੇ ਭਰਾ ਦਾ ਪਿਆਰ ਅਸੀਮਤ ਹੁੰਦਾ ਹੈ। ਇਸ ਪਿਆਰ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਤਿ ਕਠਿਨ ਵੀ ਹੈ। ਭੈਣ-ਭਰਾ ਦੇ ਰਿਸ਼ਤੇ ਨੂੰ ਦੁਨੀਆ ਦੇ ਹਰੇਕ ਕੋਨੇ ਵਿਚ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਇਕ ਤਿਉਹਾਰ ਦਾ ਨਾਂਅ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਭਾਸ਼ਾ ਵਿਚ ਰੱਖੜੀ ਦਾ ਤਿਉਹਾਰ ਅਤੇ ਹਿੰਦੀ ਭਾਸ਼ਾ ਵਿਚ ਰਕਸ਼ਾ ਬੰਧਨ ਕਿਹਾ ਜਾਂਦਾ ਹੈ।
ਰੱਖੜੀ ਦਾ ਤਿਉਹਾਰ ਉੱਤਰੀ, ਪੱਛਮੀ ਤੇ ਕੇਂਦਰੀ ਭਾਰਤ ਅਤੇ ਨਿਪਾਲ ਦਾ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੇ ਆਖ਼ਰੀ ਦਿਨ ਪੁੰਨਿਆਂ ਜਾਂ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ ਵਿਚ ਆਉਂਦਾ ਹੈ। ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਦਾ ਹੈ, ਰੱਖ-ੜੀ। ਰੱਖ ਤੋਂ ਭਾਵ ਹੈ-ਸੁਰੱਖਿਆ ਜਾਂ ਮਹਿਫੂਜ਼ ਅਤੇ ੜੀ ਤੋਂ ਭਾਵ ਹੈ-ਕਰਨ। ਰੱਖਣ ਵਾਲਾ ਜਾਂ ਵਾਲੀ। ਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਬਣਦਾ ਹੈ ਸੁਰੱਖਿਆ ਕਰਨ ਵਾਲੀ ਜਾਂ ਮਹਿਫੂਜ਼ ਰੱਖਣ ਵਾਲੀ। ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾਂ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾਂ ਕੰਮ ਆਉਣ ਲਈ ਬਚਨਬੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇਕ ਦੂਜੇ ਨੂੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ।
ਹਰੇਕ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਕ ਘਟਨਾ ਜ਼ਰੂਰ ਹੁੰਦੀ ਹੈ। ਰੱਖੜੀ ਦੇ ਤਿਉਹਾਰ ਨਾਲ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਜੁੜੀ ਹੋਈ ਹੈ। ਕਰਮਵਤੀ ਨੇ ਬਹਾਦਰ ਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗ਼ਲ ਬਾਦਸ਼ਾਹ ਹਮਾਯੂੰ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ। ਹਮਾਯੂੰ ਨੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਸ ਰੱਖੜੀ ਦੀ ਲਾਜ ਰੱਖੀ। ਮੁਗ਼ਲ ਬਾਦਸ਼ਾਹ ਹਮਾਯੂੰ ਨੇ ਬਹਾਦਰ ਸ਼ਾਹ ਵਿਰੁੱਧ ਯੁੱਧ ਕਰ ਕੇ ਰਾਣੀ ਕਰਮਵਤੀ ਅਤੇ ਉਸ ਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਂਭਾਰਤ ਵਿਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ।
ਅੱਜ ਦੇ ਯੁੱਗ ਵਿਚ ਕਹਿ ਲਓ, ਭੈਣ-ਭਰਾ ਦਾ ਪਾਕਿ ਪਵਿੱਤਰ ਰਿਸ਼ਤਾ ਵੀ ਤਿੜਕ ਗਿਆ ਹੈ। ਭੈਣ-ਭਰਾ ਇਕ ਮਾਂ-ਪਿਓ ਦੇ ਜਾਏ ਹੁੰਦੇ ਹਨ। ਇਨ੍ਹਾਂ ਦੀ ਮੁਢਲੀ ਮਾਨਸਿਕਤਾ, ਸਮਾਜਿਕਤਾ, ਆਰਥਿਕਤਾ ਆਦਿ ਦਾ ਆਧਾਰ ਇਕੋ ਹੁੰਦਾ ਹੈ। ਭੈਣ-ਭਰਾ ਦੇ ਪਿਆਰ ਦਾ ਜਨਮ, ਭੈਣ-ਭਰਾ ਦੇ ਜਨਮ ਤੋਂ ਹੀ ਆਰੰਭ ਹੋ ਜਾਂਦਾ ਹੈ। ਭੈਣ ਮਨ ਹੀ ਮਨ ਵਿਚ ਰੱਬ ਪਾਸ ਅਰਜੋਈਆਂ ਕਰਦੀ ਹੋਈ ਆਪਣੀ ਦਿਲੀ ਲੋਚਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੀ ਹੈ -
'ਵੀਰਾਂ ਵਾਲੀਆਂ ਦੇ ਨਖ਼ਰੇ ਬਥੇਰੇ,
ਇਕੱਲਿਆਂ ਦੀ ਪੁੱਛ ਕੋਈ ਨਾ।'
ਕਈ ਤਿੱਥਾਂ ਤਿਉਹਾਰਾਂ 'ਤੇ ਭੈਣਾਂ ਆਪਣੇ ਵੀਰ ਪਾਸੋਂ ਮਾਣ-ਤਾਣ ਨਾਲ ਵੀ ਮੋਹ ਦੀਕਸ਼ਾ ਮੰਗ ਲੈਂਦੀਆਂ ਹਨ। ਆਧੁਨਿਕ ਸਮੇਂ ਵਿਚ ਤਬਦੀਲੀਆਂ ਪਦਾਰਥਕ ਰੁਚੀਆਂ ਦੇ ਪ੍ਰਭਾਵ ਅਧੀਨ ਭੈਣ-ਭਰਾ ਦੇ ਆਪਸੀ ਪਿਆਰ ਤੇ ਕੁਝ ਤ੍ਰੇੜਾਂ ਸੌੜੇ ਹਿਤ ਦੀ ਭਾਵਨਾ ਸਦਕਾ ਪਸਰ ਰਹੀਆਂ ਹਨ। ਇਸ ਕਰਕੇ ਲੋਕ ਮਾਨਸਿਕਤਾ ਵਿਚੋਂ ਇਹ ਬੋਲ ਭੈਣ ਦੀ ਤਹਿ ਦਿਲੋਂ ਆਵਾਜ਼ ਬਣ ਕੇ ਨਿਕਲੇ ਹਨ ਕਿ -
ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿ ਜੀਂ ਵੀਰਨਾ।
ਭੈਣ ਨੂੰ ਵੀਰ 'ਤੇ ਮਾਣ ਹੁੰਦਾ ਹੈ ਤਾਂ ਵੀਰ ਵੀ ਭੈਣ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦਾ। ਵੀਰ ਹਰ ਤਿਉਹਾਰ 'ਤੇ ਸਹੁਰੇ ਵਸਦੀ ਭੈਣ ਨੂੰ ਸੰਧਾਰਾ ਦੇ ਕੇ ਆਉਂਦਾ ਹੈ। ਉਹ ਵੀਰ ਦੀ ਹਰ ਖ਼ੁਸ਼ੀ 'ਚ ਵਾਰੇ ਵਾਰੇ ਜਾਂਦੀ ਹੈ। ਭੈਣ ਭਰਾ ਦਾ ਰਿਸ਼ਤਾ ਵਧੇਰੇ ਪਾਕਿ ਅਤੇ ਨਜ਼ਦੀਕੀ ਵਾਲਾ ਹੁੰਦਾ ਹੈ। ਇਹ ਤਾਂ ਭੈਣ ਭਰਾ ਦੀ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ। ਇਸ ਰੱਖੜੀ ਦੀ ਕਦਰ ਕੀਮਤ ਉਨ੍ਹਾਂ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾ ਹੋਵੇ ਤੇ ਉਹ ਰੱਬ ਨੂੰ ਵਾਰ ਵਾਰ ਬੇਨਤੀਆਂ ਕਰਦੀਆਂ ਰਹੀਆਂ...
ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਈ ਚਿੱਤ ਕਰਦਾ।
ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ। ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾਂ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਨੇ ਤੇ ਅਜਿਹੀਆਂ ਭੈਣਾਂ ਵੀ ਨੇ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਿਕਾਰਦੀਆਂ ਤੇ ਪਿਆਰਦੀਆਂ ਨੇ ਪਰ ਅਜਿਹੇ ਜਿਉੜੇ ਹੁਣ ਬਹੁਤ ਘੱਟ ਹਨ।
ਪਿਆਰ ਦੀ ਪ੍ਰਤੀਕ ਇਸ ਰੱਖੜੀ ਨੂੰ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਸਤਿਕਾਰ ਦੇਣ ਨਹੀਂ ਤਾਂ ਮਹਿੰਗੀਆਂ ਤੇ ਖ਼ੂਬਸੂਰਤ ਰੱਖੜੀਆਂ ਦਾ ਕੋਈ ਮਹੱਤਵ ਨਹੀਂ। ਬੇਸ਼ੱਕ ਅੱਜ ਰਿਸ਼ਤਿਆਂ ਵਿਚ ਪਹਿਲਾਂ ਵਾਲਾ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ।

-ਸਿਰਸਾ (ਹਰਿਆਣਾ)
ਸੰਪਰਕ : 98784-47758

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ...!

ਜਦੋਂ ਵੀ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚਲਦੀ ਹੈ ਤਾਂ ਇਕ ਨਾਂਅ ਆਪਣੇ ਆਪ ਮੂਹਰੇ ਆ ਖਲੋਂਦਾ ਹੈ, ਉਹ ਹੈ ਬੌਲੀਵੁੱਡ ਦੇ ਪ੍ਰਸਿੱਧ ਪਿੱਠਵਰਤੀ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਦਾ। ਗੀਤ ਹੋਵੇ ਜਾਂ ਗ਼ਜ਼ਲ ਜਾਂ ਫਿਰ ਕੋਈ ਕੱਵਾਲੀ ਜਾਂ ਫਿਰ ਨਾਅਤ ਜਾਂ ਸ਼ਬਦ ਤੇ ਭਜਨ ਹੀ ਕਿਉਂ ਨਾ ਹੋਵੇ , ਰਫੀ ਸਾਹਿਬ ਨੇ ਹਰ ਕਿਸਮ ਦੀ ਗਾਇਕੀ ਵਿਚ ਆਪਣਾ ਲੋਹਾ ਮਨਵਾਇਆ।
ਰਫੀ ਸਾਹਿਬ ਨੂੰ ਸਾਥੋਂ ਵਿੱਛੜਿਆਂ ਅੱਜ ਲਗਪਗ ਚਾਰ ਦਹਾਕੇ ਬੀਤ ਚੁੱਕੇ ਹਨ। ਪਰ ਅੱਜ ਵੀ ਰਫੀ ਸਾਹਿਬ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ ਜਿਵੇਂ ਕਿ ਸੱਤ ਦਹਾਕੇ ਪਹਿਲਾਂ ਬੋਲਿਆ ਕਰਦਾ ਸੀ।
ਮੁਹੰਮਦ ਰਫੀ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਹਾਜੀ ਅਲੀ ਮੁਹੰਮਦ ਇਕ ਬਹੁਤ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫੀ ਛੇ ਭਰਾਵਾਂ ਵਿਚੋਂ ਦੂਸਰੇ ਨੰਬਰ 'ਤੇ ਸਨ। ਰਫੀ, ਜਿਨ੍ਹਾਂ ਦਾ ਕੱਚਾ-ਨਾਂਅ 'ਫੀਕੂ' ਸੀ, ਉਨ੍ਹਾਂ ਨੇ ਆਪਣੀ ਮੁਢਲੀ ਵਿੱਦਿਆ ਘਰੇਲੂ ਮਾਹੌਲ ਵਿਚ ਹੀ ਹਾਸਲ ਕੀਤੀ। ਰਫੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ, ਜਿਸ ਦੇ ਚਲਦਿਆਂ ਪਿੰਡ ਦੇ ਸਕੂਲ ਵਿਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕੇ।
ਰਫੀ ਸਾਹਿਬ ਨੇ ਆਪਣੇ ਗਾਉਣ ਦੀ ਆਦਤ ਦਾ ਖੁਲਾਸਾ ਕਰਦਿਆਂ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਦਸ-ਬਾਰਾਂ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਮੁਹੱਲੇ ਵਿਚ ਇਕ ਫਕੀਰ ਗੀਤ 'ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ' ਗਾ ਕੇ ਲੰਘਦੇ ਸੀ। ਉਨ੍ਹਾਂ ਦੀ ਨਕਲ ਕਰਦਿਆਂ ਉਹ ਆਪ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦੇ ਸਨ ਤੇ ਕਈ ਵਾਰ ਉਸ ਫ਼ਕੀਰ ਦਾ ਪਿੱਛਾ ਕਰਦੇ ਕਰਦੇ ਬਹੁਤ ਦੂਰ ਨਿਕਲ ਜਾਂਦੇ ਸਨ।
ਇਸੇ ਦੌਰਾਨ ਰਫੀ ਦੇ ਪਿਤਾ 1935 ਵਿਚ ਲਾਹੌਰ ਚਲੇ ਗਏ, ਜਿੱਥੇ ਉਨ੍ਹਾਂ ਨੇ ਭੱਟੀ ਗੇਟ ਵਿਚ ਨੂਰ ਮਹਿਲਾਂ ਵਿਚ ਇਕ ਪੁਰਸ਼ਾਂ ਦੇ ਸੈਲੂਨ ਦਾ ਕੰਮ ਸ਼ੁਰੂ ਕੀਤਾ ।
ਇਸੇ ਵਿਚਕਾਰ ਰਫੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਇਕ ਦੋਸਤ ਅਬਦੁਲ ਹਮੀਦ ਨੇ ਰਫੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ। ਅਬਦੁਲ ਹਮੀਦ ਨੇ ਹੀ ਬਾਅਦ ਵਿਚ ਰਫੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ। ਰਫੀ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿਚ ਕੇ.ਐੱਲ. ਸਹਿਗਲ ਦੀ ਮੌਜੂਦਗੀ ਵਿਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ਹੰਗਾਮਾ ਸ਼ੁਰੂ ਹੋ ਗਿਆ। ਇਸੇ ਵਿਚਕਾਰ ਰਫੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿਚ ਉਨ੍ਹਾਂ ਦੀ ਉੱਚੀ ਅਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ਵਿਚ ਜਿਵੇਂ ਇਕ ਕਿਸਮ ਦਾ ਸੰਨਾਟਾ ਛਾ ਗਿਆ ।
ਇਸ ਉਪਰੰਤ 1941 ਵਿਚ ਰਫੀ ਨੇ ਸ਼ਿਆਮ ਸੁੰਦਰ ਦੇ ਸੰਗੀਤ ਅਧੀਨ ਜੋੜੀ ਵਿਚ ਗਾਣਾ ਗਾਇਆ। ਇਹ ਗਾਣਾ ਸੀ ਸੋਹਣੀਏ ਨੀਂ, ਹੀਰੀਏ ਨੀਂ ਜੋ ਕਿ ਜ਼ੀਨਤ ਬੇਗਮ ਨਾਲ ਲਾਹੌਰ ਵਿਚ ਪੰਜਾਬੀ ਫ਼ਿਲਮ 'ਗੁਲ ਬਲੋਚ' ਵਾਸਤੇ ਗਾਇਆ ਗਿਆ। ਇਸ ਦੇ ਨਾਲ ਹੀ ਰਫੀ ਸਾਹਿਬ ਦੀ ਬਤੌਰ ਇਕ ਗਾਇਕ ਪਹਿਚਾਣ ਬਣਨੀ ਸ਼ੁਰੂ ਹੋ ਗਈ। ਇਸੇ ਦੌਰਾਨ ਰਫੀ ਸਾਹਿਬ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ। ਆਖਰ 1944 ਵਿਚ ਰਫੀ ਸਾਹਿਬ ਮੁੰਬਈ ਚਲੇ ਗਏ। ਉਨ੍ਹਾਂ ਨੇ ਅਬਦੁਲ ਹਮੀਦ ਸਹਿਤ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿਚ ਇਕ ਕਮਰਾ ਕਿਰਾਏ 'ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫੀ ਨੂੰ ਫ਼ਿਲਮ ਪ੍ਰੋਡਿਊਸਰ ਅਬਦੁਰ ਰਸ਼ੀਦ, ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਆਦਿ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਲੋਕਾਂ ਨਾਲ ਮਿਲਵਾਇਆ।
ਰਫੀ ਜੋ ਕਿ ਅਲੱਗ-ਅਲੱਗ ਗਾਣਿਆਂ ਦੇ ਅੰਦਾਜ਼ ਵਾਸਤੇ ਜਾਣੇ ਜਾਂਦੇ ਸਨ , ਉਨ੍ਹਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸੀ ਭਰਪੂਰ ਗੀਤਾਂ ਤੋਂ ਲੈ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਰਫੀ ਨੂੰ ਫ਼ਿਲਮ ਦੇ ਵੱਖ-ਵੱਖ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਆਵਾਜ਼ ਵਿਚ ਗਾਉਣ ਦੀ ਵਿਲੱਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।
ਆਪਣੀ ਜਾਦੂਈ ਆਵਾਜ਼ ਦੇ ਚਲਦਿਆਂ 1950 ਅਤੇ 1970 ਦੇ ਵਿਚਕਾਰ, ਰਫੀ ਹਿੰਦੀ ਫ਼ਿਲਮ ਉਦਯੋਗ ਵਿਚ ਸਭ ਤੋਂ ਵੱਧ ਮੰਗ ਵਾਲੇ ਗਾਇਕ ਮੰਨੇ ਜਾਂਦੇ ਸਨ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ ਬੜੇ ਅਦਾਕਾਰ ਲਈ ਰਫੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫੀ ਦੀ ਮੌਤ ਉਪਰੰਤ ਇਕ ਵਾਰ ਯਾ-ਹੂ ਅਦਾਕਾਰ ਸ਼ਮੀ ਕਪੂਰ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ।
ਮੁਹੰਮਦ ਰਫੀ ਆਮ ਤੌਰ 'ਤੇ ਹਿੰਦੀ ਵਿਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸਨ , ਜਿਸ ਉੱਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਨ੍ਹਾਂ ਨੇ ਕਈ ਭਾਸ਼ਾਵਾਂ ਵਿਚ ਗਾਣੇ ਗਾਏ, ਜਿਨ੍ਹਾਂ ਵਿਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ ਅਤੇ ਡੱਚ ਭਾਸ਼ਾਵਾਂ ਵਿਚ ਵੀ ਗਾਣੇ ਗਾਏ। ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿਚ ਏਨੀ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿਚ ਲਿਖ ਲੈਂਦੇ ਹਨ, ਇਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰਦੇ ਹਨ, ਫਿਰ ਉਸ ਗੀਤ ਨੂੰ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਦੀ ਗਾਇਕੀ ਦੇ ਸਫਰ ਦੌਰਾਨ ਰਫੀ ਸਾਹਿਬ ਨੇ ਲਗਪਗ 26000 ਹਜ਼ਾਰ ਗਾਣੇ ਗਾਏ।
ਬਹੁਤ ਪਹਿਲਾਂ ਕਹਿੰਦੇ ਇਕ ਵਾਰ ਅਖ਼ਬਾਰ ਵਿਚ ਖ਼ਬਰ ਛਪੀ ਕਿ ਕਿਸੇ ਸ਼ਹਿਰ ਵਿਚ ਇਕ ਫਾਂਸੀ ਦੇ ਮੁਜਰਮ ਤੋਂ ਜਦੋਂ ਉਸ ਦੀ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਕੋਈ ਇੱਛਾ ਜ਼ਾਹਰ ਨਹੀਂ ਕੀਤੀ। ਜਦੋਂ ਉਸ ਤੋਂ ਦੁਬਾਰਾ ਪੁੱਛਿਆ ਗਿਆ ਤਾਂ ਉਸ ਨੇ ਫਿਰ ਕੋਈ ਜਵਾਬ ਨਾ ਦਿੱਤਾ। ਫਿਰ ਪੁੱਛਣ 'ਤੇ ਉਸ ਨੇ ਮੁਹੰਮਦ ਰਫੀ ਦਾ ਇਕ ਗੀਤ:
'ਓ ਦੁਨੀਆ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਨਾਲੇ।
ਜੀਵਨ ਅਪਨਾ ਵਾਪਸ ਲੇ ਲੇ, ਜੀਵਨ ਦੇਨੇ ਵਾਲੇ।'
ਸੁਣਨ ਦੀ ਇੱਛਾ ਜਤਾਈ ਤਾਂ ਇਸ ਉਪਰੰਤ ਜੇਲ੍ਹ ਵਿਚ ਟੇਪ ਰਿਕਾਰਡਰ ਦਾ ਪ੍ਰਬੰਧ ਕੀਤਾ ਗਿਆ ਤੇ ਮੁਹੰਮਦ ਰਫੀ ਦਾ ਉਕਤ ਰਾਗ ਦਰਬਾਰੀ ਵਿਚ ਗਾਇਆ ਗੀਤ ਸੁਣਾ ਕੇ ਮੁਜਰਮ ਦੀ ਆਖਰੀ ਇੱਛਾ ਪੂਰੀ ਕਰਨ ਉਪਰੰਤ ਸਜ਼ਾ ਦੇ ਹੁਕਮ ਦੀ ਤਾਮੀਲ ਹੋਈ।
ਰਫੀ ਦੀ ਸ਼ਖ਼ਸੀਅਤ ਵਿਚ ਕਿਸ ਕਦਰ ਸਾਦਗੀ ਸੀ, ਜਿਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹਾਂ ਕਿ ਫ਼ਿਲਮ ਨਸੀਬ ਦੇ ਗੀਤ 'ਚੱਲ ਚੱਲ ਮੇਰੇ ਭਾਈ' ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਬੇਟੇ ਸ਼ਾਹਿਦ ਰਫੀ ਨੂੰ ਬਹੁਤ ਹੀ ਪੁਰ ਜੋਸ਼ ਅੰਦਾਜ਼ ਵਿਚ ਕਿਹਾ ਸੀ ਕਿ ਬੇਟਾ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਹਾਲਾਂਕਿ ਸਭ ਜਾਣਦੇ ਹਨ ਕਿ ਰਫੀ ਸਾਹਿਬ ਆਪਣੇ ਆਪ ਵਿਚ ਇਕ ਮਹਾਨ ਕਲਾਕਾਰ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਅਮਿਤਾਭ ਬੱਚਨ ਦੀ ਕਦਰ ਸੀ।
ਰਫੀ ਸਾਹਿਬ ਇਕ ਦਰਵੇਸ਼ ਸਿਫਤ ਧਾਰਮਿਕ ਵਿਰਤੀ ਵਾਲੇ ਇਨਸਾਨ ਸਨ। ਇਕ ਵਾਰ ਰਫੀ ਸਾਹਿਬ ਪ੍ਰੋਗਰਾਮ ਦੇ ਸਿਲਸਿਲੇ ਵਿਚ ਲਖਨਊ ਗਏ ਤਾਂ ਉੱਥੇ ਉਨ੍ਹਾਂ ਇਕ ਰੈਸਟ ਹਾਊਸ ਵਿਖੇ ਇਕ ਕਾਰੀ (ਜੋ ਖੂਬਸੂਰਤ ਆਵਾਜ਼ ਵਿਚ ਪਵਿੱਤਰ ਕੁਰਾਨ ਪੜ੍ਹਦਾ ਹੋਵੇ) ਦਰਜੀ ਨੂੰ ਆਪਣੇ ਕੁੜਤੇ ਪਜਾਮੇ ਦਾ ਨਾਪ ਦਿੰਦਿਆਂ ਕਿਹਾ ਕਿ ਮੇਰਾ ਕੁੜਤਾ ਪਜਾਮਾ ਖੁੱਲ੍ਹਾ-ਡੁੱਲ੍ਹਾ ਸੀਂਅ ਦੇਵੀਂ। ਕੁੜਤਾ ਪਜਾਮਾ ਮੈਂ ਅਕਸਰ ਨਮਾਜ਼ ਪੜ੍ਹਨ ਲੱਗੇ ਪਹਿਨਦਾ ਹਾਂ।
ਜਦੋਂ ਅਸੀਂ ਉਨ੍ਹਾਂ ਦੇ ਹਿੱਟ ਗੀਤਾਂ ਬਾਰੇ ਗੱਲ ਕਰਦੇ ਹਾਂ ਤਾਂ ਉਨ੍ਹਾਂ ਦੇ ਅਜਿਹੇ ਗੀਤਾਂ ਦੀ ਗਿਣਤੀ ਕਰਨੀ ਮੁਸ਼ਕਿਲ ਹੈ। ਜਿਵੇਂ ਕਿ 'ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ', 'ਕਿਆ ਹੂਆ ਤੇਰਾ ਵਾਅਦਾ', 'ਵੋ ਕਸਮ ਵੋ ਇਰਾਦਾ', 'ਓ ਦੁਨੀਆ ਕੇ ਰਖਵਾਲੇ', 'ਦਿਲ ਦੀਯਾ ਦਰਦ ਲੀਆ', 'ਲਿਖੇ ਜੋ ਖ਼ਤ ਤੁਝੇ', 'ਐ ਮੁਹੱਬਤ ਜ਼ਿੰਦਾਬਾਦ', 'ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ', 'ਆਦਮੀ ਮੁਸਾਫਿਰ ਹੈ', 'ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ', 'ਯੇ ਜ਼ੁਲਫ ਅਗਰ ਖਿਲ ਕੇ', 'ਜਾਨ ਜਾਨੀ ਜਨਾਰਧਨ', 'ਨਫਰਤ ਕੀ ਦੁਨੀਆ ਕੋ ਛੋੜ ਕੇ', 'ਮੈਂ ਜੱਟ ਯਮਲਾ ਪਗਲਾ ਦੀਵਾਨਾ', 'ਪੱਥਰ ਕੇ ਸਨਮ', 'ਬਾਬੁਲ ਕੀ ਦੁਆਏਂ ਲੇਤੀ ਜਾ', 'ਚੌਧਵੀਂ ਕਾ ਚਾਂਦ ਹੋ', 'ਵਕਤ ਸੇ ਦਿਨ ਔਰ ਰਾਤ', ਪੰਜਾਬੀ ਗੀਤ 'ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ', 'ਚਿੱਟੇ ਦੰਦ ਹੱਸਣੋਂ ਨਹੀਂਓ ਰਹਿੰਦੇ', 'ਦਾਣਾ ਪਾਣੀ ਖਿੱਚ ਕੇ ਲਿਆਉਂਦਾ' ਤੇ ਧਾਰਮਿਕ ਸ਼ਬਦ 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ', 'ਨਾਨਕ ਨਾਮ ਜਹਾਜ਼ ਹੈ', 'ਦੁੱਖ ਭੰਜਨ ਤੇਰਾ ਨਾਮ ਜੀ', 'ਜਿਸ ਕੇ ਸਿਰ ਉੱਪਰ ਤੂੰ ਸੁਆਮੀ', 'ਮੈਂ ਤੇਰੇ ਦਰ ਪੇ ਆਇਆ ਹੂੰ', 'ਯਾ ਖੁਦਾ ਸੋਈ ਕਿਸਮਤ ਜਗਾ ਦੇ, ਹਰ ਮੁਸਲਿਮ ਕੋ ਹਾਜੀ ਬਨਾ ਦੇ' ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ।
ਰਫੀ ਨੇ 6 ਫ਼ਿਲਮਫੇਅਰ ਪੁਰਸਕਾਰ ਅਤੇ ਇਕ ਰਾਸ਼ਟਰੀ ਫ਼ਿਲਮ ਪੁਰਸਕਾਰ ਪ੍ਰਾਪਤ ਕੀਤਾ। 1967 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਆਖਰਕਾਰ ਆਵਾਜ਼ ਦੀ ਦੁਨੀਆ ਦਾ ਇਹ ਸਿਤਾਰਾ (ਹਾਜੀ ਮੁਹੰਮਦ ਰਫੀ) 31 ਜੁਲਾਈ, 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਦੇ ਇਕ ਹਸਪਤਾਲ ਵਿਖੇ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੇ ਖੇਤਰ ਵਿਚ ਅਜਿਹਾ ਖਲਾਅ ਪੈਦਾ ਕਰ ਗਿਆ, ਜਿਸ ਦੀ ਪੂਰਤੀ ਹੋਣਾ ਨਾ ਮੁਮਕਿਨ ਜਾਪਦਾ ਹੈ। ਇਹੋ ਵਜ੍ਹਾ ਹੈ ਕਿ ਕਲਾ ਅਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋ ਰਹੀ ਹੈ। ਰਫੀ ਸਾਹਿਬ ਆਪਣੇ ਬੇਸ਼ਕੀਮਤੀ ਗੀਤਾਂ ਅਤੇ ਹਸਮੁਖ ਤੇ ਮਿਲਣਸਾਰ ਸ਼ਖਸੀਅਤ ਕਾਰਨ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਵਸਦੇ ਰਹਿਣਗੇ। ਇਸ ਦਾ ਅਹਿਸਾਸ ਸ਼ਾਇਦ ਰਫੀ ਸਾਹਿਬ ਨੂੰ ਬਾਖੂਬੀ ਸੀ ਤਦੇ ਤਾਂ ਆਪਣੇ ਇਕ ਗੀਤ ਦੌਰਾਨ ਆਖਿਆ ਸੀ ਕਿ :
ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,
ਜਬ ਕਭੀ ਭੀ ਸੁਨੋਗੇ ਗੀਤ ਮੇਰੇ,
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ।

-ਮਲੇਰਕੋਟਲਾ। ਸੰਪਰਕ :98552-59650

ਦੋਸਤੀ ਦਿਵਸ 'ਤੇ ਵਿਸ਼ੇਸ਼

ਸਫ਼ਲ ਜ਼ਿੰਦਗੀ ਦਾ ਆਧਾਰ-ਵਧੀਆ ਦੋਸਤ

ਮਨੁੱਖ ਦਾ ਸੁਭਾਅ ਹੈ ਕਿ ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਨੂੰ ਇਸ ਸਮਾਜ ਵਿਚ ਵਿਚਰਨ ਲਈ ਹਰ ਸਮੇਂ ਕਿਸੇ ਨਾ ਕਿਸੇ ਸਹਾਰੇ ਦੀ ਜ਼ਰੂਰਤ ਪੈਂਦੀ ਹੈ। ਇਸੇ ਕਾਰਨ ਹੀ ਰਿਸ਼ਤੇ-ਨਾਤਿਆਂ ਨੇ ਜਨਮ ਲਿਆ। ਸਮਾਜ ਵਿਚ ਕਈ ਪ੍ਰਕਾਰ ਦੇ ਰਿਸ਼ਤੇ ਮਿਲਦੇ ਹਨ। ਇਨ੍ਹਾਂ ਵਿਚੋਂ ਕਈ ਮਾਂ ਦੀ ਲੋਰੀ ਤੋਂ ਵੀ ਵੱਧ ਨਿੱਘੇ ਅਤੇ ਕਈ ਜੇਠ-ਹਾੜ੍ਹ ਦੀਆਂ ਧੁੱਪਾਂ ਵਾਂਗ ਪਿੰਡਾ ਲੂਹ ਦੇਣ ਵਰਗੇ ਹੋ ਨਿੱਬੜਦੇ ਹਨ। ਜਿਨ੍ਹਾਂ ਰਿਸ਼ਤਿਆਂ ਵਿਚ ਪਿਆਰ, ਵਿਸ਼ਵਾਸ ਅਤੇ ਹਮਦਰਦੀ ਦਾ ਸੁਮੇਲ ਹੋਵੇ, ਉਹੀ ਰਿਸ਼ਤੇ ਸਫਲ ਜ਼ਿੰਦਗੀ ਦਾ ਆਧਾਰ ਬਣਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚੋਂ ਇਕ ਰਿਸ਼ਤਾ ਜੋ ਸਵਾਰਥ ਦੀ ਦੁਨੀਆ ਤੋਂ ਬੇਪ੍ਰਵਾਹ, ਪਿਆਰ, ਸਾਂਝ ਅਤੇ ਵਿਸ਼ਵਾਸ ਦੀ ਬੁਨਿਆਦ 'ਤੇ ਟਿਕਿਆ ਹੁੰਦਾ ਹੈ, ਉਹ ਹੈ ਦੋਸਤੀ ਦਾ ਰਿਸ਼ਤਾ। ਦੋਸਤ ਬਾਰੇ ਕਿਸੇ ਸਿਆਣੇ ਨੇ ਕਿਹਾ ਹੈ ਕਿ:
'ਕੁਝ ਰਿਸ਼ਤੇ ਖੁਦਾ ਬਨਾਤਾ ਹੈ,
ਕੁਝ ਰਿਸ਼ਤੇ ਲੋਗ ਬਨਾਤੇ ਹੈਂ,
ਕੁਝ ਲੋਗ ਬਿਨਾਂ ਰਿਸ਼ਤੋਂ ਕੇ ਹੀ ਰਿਸ਼ਤਾ ਨਿਭਾਤੇ ਹੈਂ,
ਸ਼ਾਇਦ ਵਹੀ ਦੋਸਤ ਕਹਿਲਾਤੇ ਹੈਂ''।
ਦੋਸਤ ਅਨੰਦ ਨੂੰ ਦੁੱਗਣਾ ਅਤੇ ਦੁੱਖ ਨੂੰ ਅੱਧਾ ਕਰ ਦਿੰਦੇ ਹਨ। ਜੋ ਬਿਨਾਂ ਕਹੇ ਤੁਹਾਡੇ ਹਾਸੇ ਦੇ ਪਿੱਛੇ ਦਾ ਦਰਦ, ਗੁੱਸੇ ਦੇ ਪਿੱਛੇ ਦਾ ਪਿਆਰ ਅਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ ਜਾਣ ਲੈਂਦੇ ਹਨ, ਉਹ ਵਧੀਆ ਦੋਸਤ ਹੋ ਨਿੱਬੜਦੇ ਹਨ। ਜਿਸ ਦੇ ਨਾਲ ਗੱਲ ਕਰਨ ਨਾਲ ਹੀ ਖੁਸ਼ੀ ਦੁੱਗਣੀ ਅਤੇ ਦੁੱਖ ਅੱਧਾ ਹੋ ਜਾਂਦਾ ਹੈ, ਉਹੀ ਸੱਚੇ ਦੋਸਤ ਹੁੰਦੇ ਹਨ ਬਾਕੀ ਤਾਂ ਸਿਰਫ ਦੁਨੀਆ ਦੇ ਲਈ ਹੀ ਹਨ। ਵਧੀਆ ਦੋਸਤ ਉਸ ਬਗੀਚੇ ਵਾਂਗ ਹੁੰਦੇ ਹਨ, ਜਿਸ ਵਿਚ ਸਾਂਝਾਂ ਦੀ ਮਹਿਕ ਖਿਲਾਰਦੇ ਫੁੱਲ ਖਿੜਦੇ ਹਨ। ਸਿਆਣੇ ਕਹਿੰਦੇ ਹਨ ਕਿ 'ਰੇਗਿਸਤਾਨ ਵੀ ਹਰੇ ਹੋ ਜਾਂਦੇ ਹਨ ਜਦੋਂ ਤੁਹਾਡੇ ਨਾਲ ਤੁਹਾਡੇ ਸੱਚੇ ਦੋਸਤ ਖੜ੍ਹੇ ਹੋ ਜਾਂਦੇ ਹਨ'। ਇਸ ਲਈ ਦੋਸਤੀ ਨੂੰ ਹਮੇਸ਼ਾ ਸੱਚੇ ਦਿਲੋਂ ਨਿਭਾਉਣ ਦੀ ਕੋਸ਼ਿਸ਼ ਕਰੋ। ਵਧੀਆ ਦੋਸਤ ਤਾਂ ਸੜਕਾਂ 'ਤੇ ਲੱਗੇ ਸੁੰਦਰ ਲੈਂਪਾਂ ਦੀ ਤਰ੍ਹਾਂ ਹੁੰਦੇ ਹਨ ਜੋ ਸਾਡੀ ਯਾਤਰਾ ਦੀ ਦੂਰੀ ਨੂੰ ਘੱਟ ਤਾਂ ਨਹੀਂ ਕਰ ਸਕਦੇ ਪਰ ਸਾਡੇ ਰਾਹ ਨੂੰ ਰੌਸ਼ਨ ਅਤੇ ਯਾਤਰਾ ਨੂੰ ਆਸਾਨ ਕਰਦੇ ਹਨ। ਜ਼ਿੰਦਗੀ ਦੇ ਸਫ਼ਰ ਵਿਚ ਉੱਚੇ-ਨੀਵੇਂ ਰਸਤਿਆਂ 'ਤੇ ਚਲਦਿਆਂ ਕਈ ਵਾਰ ਚਿੰਤਾਵਾਂ ਸਾਡੇ ਦਿਮਾਗ ਦਾ ਬੋਝ ਵਧਾਉਣ ਲਗਦੀਆਂ ਹਨ। ਉਸ ਸਮੇਂ ਵਿਅਕਤੀ ਕਿਸੇ ਚੰਗੇ ਮਾਰਗ ਦਰਸ਼ਕ ਵੱਲ ਝਾਕਦਾ ਹੈ ਜੋ ਉਸ ਨੂੰ ਸਹੀ ਸਲਾਹ ਦੇ ਸਕੇ ਕਿਉਂਕਿ ਉਹ ਸਮਝਦਾ ਹੈ ਕਿ ਜੇਕਰ ਮਾਰਗ ਦਰਸ਼ਨ ਸਹੀ ਹੋਵੇ ਤਾਂ ਦੀਵੇ ਦਾ ਪ੍ਰਕਾਸ਼ ਵੀ ਸੂਰਜ ਦਾ ਕੰਮ ਕਰਦਾ ਹੈ। ਮਾਂ-ਬਾਪ ਤੋਂ ਬਾਅਦ ਜੇਕਰ ਕੋਈ ਵਧੀਆ ਸਲਾਹਕਾਰ ਹੁੰਦਾ ਹੈ ਤਾਂ ਉਹ ਤੁਹਾਡਾ ਸੱਚਾ ਦੋਸਤ ਹੀ ਹੁੰਦਾ ਹੈ। ਸਿਆਣੇ ਵੀ ਕਹਿੰਦੇ ਹਨ ਕਿ, 'ਜੇਕਰ ਕਦੇ ਜ਼ਿੰਦਗੀ ਦੇ ਧਾਗੇ ਟੁੱਟ ਜਾਣ ਤਾਂ ਆਪਣੇ ਵਧੀਆ ਦੋਸਤਾਂ ਦੇ ਕੋਲ ਜਾਓ ਕਿਉਂਕਿ ਵਧੀਆ ਦੋਸਤ ਹੌਸਲਿਆਂ ਦੇ ਦਰਜੀ ਹੁੰਦੇ ਹਨ, ਮੁਫਤ ਵਿਚ ਹੀ ਰਫੂ ਕਰ ਦਿੰਦੇ ਹਨ'। ਉਚਾਈਆਂ 'ਤੇ ਜਾਣ ਲਈ ਉੱਚੀਆਂ ਪੌੜੀਆਂ ਦੀ ਨਹੀਂ ਵਧੀਆ ਦੋਸਤਾਂ ਦੀ ਲੋੜ ਹੁੰਦੀ ਹੈ।
ਦੋਸਤੀ ਕਦੇ ਇਕ-ਪਾਸੜ ਨਹੀਂ ਹੁੰਦੀ, ਦੋਵੇਂ ਪਾਸਿਓਂ ਹੱਥ ਵਧਾਉਣਾ ਪੈਂਦਾ ਹੈ। ਦੋਸਤੀ ਨੂੰ ਹਮੇਸ਼ਾ ਨਿਭਾਉਣ ਦੀ ਕੋਸ਼ਿਸ਼ ਕਰੋ। ਇਸ ਨੂੰ ਕੇਵਲ ਸ਼ਬਦਾਂ ਦੇ ਮੁਹਤਾਜ ਨਾ ਬਣਾਓ। ਜੇਕਰ ਇਕ ਖਾਮੋਸ਼ ਹੋ ਜਾਵੇ ਤਾਂ ਖੁਦ ਹੀ ਆਵਾਜ਼ ਲਗਾ ਲਓ। ਦੋਸਤੀ ਵਿਚ ਝੂਠ ਅਤੇ ਖ਼ੁਦਗਰਜ਼ੀ ਲਈ ਕੋਈ ਜਗ੍ਹਾ ਨਹੀਂ ਹੁੰਦੀ। ਕਿਸੇ ਨੇ ਸੱਚ ਹੀ ਕਿਹਾ ਹੈ:
'ਨਾ ਰੱਖੋ ਦੋਸਤੀ ਕੀ ਬੁਨਿਆਦ ਮੇਂ ਕੋਈ ਝੂਠ ਜਾਂ ਖੁਦਗਰਜ਼ੀ ਕਾ ਪੱਥਰ
ਸਿਰੇ ਨਾਜ਼ੁਕ ਹੈਂ ਦੋਸਤੀ ਕੇ ਅਕਸਰ ਛੂਟ ਜਾਤੇ ਹੈਂ'।
ਅਜਿਹੇ ਦੋਸਤ ਕਦੇ ਨਾ ਚੁਣੋ ਜੋ ਕੰਮ ਪੈਣ 'ਤੇ ਬਹਾਨੇ ਬਣਾਉਣ ਲੱਗ ਜਾਣ। ਦੋਸਤ ਘੱਟ ਚੁਣੋ ਪਰ ਨੇਕ ਚੁਣੋ ਜੋ ਮੁਸੀਬਤ ਵੇਲੇ ਤੁਹਾਡੇ ਨਾਲ ਖੜ੍ਹੇ ਹੋ ਕੇ ਮਦਦਗਾਰ ਬਣਨ। ਜਿਸ ਤਰ੍ਹਾਂ ਖੇਤ ਵਿਚ ਫ਼ਸਲ ਬੀਜਣ ਤੋਂ ਪਹਿਲਾਂ ਉਸ ਦੀ ਮਿੱਟੀ ਦੀ ਪਰਖ ਕਰਵਾ ਲੈਣਾ ਜ਼ਰੂਰੀ ਹੁੰਦਾ ਹੈ ਉਸੇ ਤਰ੍ਹਾਂ ਦੋਸਤ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਲੈਣਾ ਜ਼ਰੂਰੀ ਹੁੰਦਾ ਹੈ। ਪਾਣੀ ਦਾ ਅਸਲੀ ਸਵਾਦ ਉਦੋਂ ਪਤਾ ਲਗਦਾ ਹੈ ਜਦੋਂ ਅਸੀਂ ਪਿਆਸੇ ਹੁੰਦੇ ਹਾਂ। ਇਸੇ ਤਰ੍ਹਾਂ ਇਕ ਸੱਚੇ ਦੋਸਤ ਦੇ ਪ੍ਰੇਮ, ਸਹਿਯੋਗ ਅਤੇ ਵਿਸ਼ਵਾਸ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਅਸੀਂ ਮੁਸ਼ਕਿਲ ਵਿਚ ਹੁੰਦੇ ਹਾਂ। ਦੋਸਤੀ ਵਿਚ ਕੋਈ ਮਤਲਬ ਨਹੀਂ ਹੁੰਦਾ ਬਲਕਿ ਲਗਾਓ ਦਿਲ ਤੋਂ ਹੁੰਦਾ ਹੈ ਦਿਮਾਗ ਤੋਂ ਨਹੀਂ। ਇਕ ਵਾਰ ਇਕ ਦੋਸਤ ਨੇ ਦੂਸਰੇ ਤੋਂ ਪੁੱਛਿਆ, 'ਦੋਸਤ ਦਾ ਕੀ ਮਤਲਬ ਹੁੰਦਾ ਹੈ? ਦੋਸਤ ਨੇ ਮੁਸਕਰਾ ਕੇ ਜਵਾਬ ਦਿੱਤਾ, ਪਾਗਲ ਇਕ ਦੋਸਤ ਹੀ ਤਾਂ ਹੁੰਦਾ ਹੈ ਜਿਸ ਦਾ ਕੋਈ ਮਤਲਬ ਨਹੀਂ ਹੁੰਦਾ ਅਤੇ ਜਿੱਥੇ ਮਤਲਬ ਹੋਵੇ, ਉੱਥੇ ਕੋਈ ਦੋਸਤ ਨਹੀਂ ਹੁੰਦਾ'।
ਜ਼ਿੰਦਗੀ ਸਾਨੂੰ ਬਹੁਤ ਖੂਬਸੂਰਤ ਦੋਸਤ ਦਿੰਦੀ ਹੈ ਅਤੇ ਵਧੀਆ ਦੋਸਤ ਸਾਨੂੰ ਖੂਬਸੂਰਤ ਜ਼ਿੰਦਗੀ। ਚੰਗੇ ਦੋਸਤਾਂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ, ਛੱਡਣਾ ਹੋਰ ਵੀ ਮੁਸ਼ਕਿਲ ਅਤੇ ਭੁੱਲਣਾ ਨਾ-ਮੁਮਕਿਨ। ਇਸ ਲਈ ਦੋਸਤੀ ਦੇ ਰਿਸ਼ਤੇ ਵਿਚ ਪਿਆਰ, ਵਿਸ਼ਵਾਸ ਅਤੇ ਗਿਆਨ ਦੇ ਚਿਰਾਗ ਮਘਾਉਂਦੇ ਰਹੋ ਨਹੀਂ ਤਾਂ ਦੋਸਤੀ ਦੇ ਰਿਸ਼ਤੇ ਦੇ ਬਾਗ ਉਜੜਦਿਆਂ ਸੰਵੇਦਨਾ, ਸੰਵਾਦ ਤੇ ਮੁਹੱਬਤ ਬੰਜਰ ਹੋ ਜਾਣਗੇ। ਜਿਸ ਵਿਅਕਤੀ ਦੇ ਵਧੀਆ ਦੋਸਤ ਹੋਣ, ਉਸ ਨੂੰ ਦਰਪਣ ਦੀ ਲੋੜ ਨਹੀਂ ਪੈਂਦੀ। ਇਸ ਲਈ ਸਮਾਂ ਭਾਵੇਂ ਸੁੱਖ ਦਾ ਹੋਵੇ ਜਾਂ ਦੁੱਖ ਦਾ, ਚੰਗੇ ਦੋਸਤ ਲੱਭਦੇ ਰਹੋ। ਅਮਰੀਕੀ ਲੇਖਕ ਜਿਗਨਰ ਦਾ ਕਥਨ ਹੈ, 'ਜੇ ਤੁਸੀਂ ਚੰਗੇ ਦੋਸਤ ਦੀ ਭਾਲ ਵਿਚ ਨਿਕਲੋਗੇ ਤਾਂ ਦੋਸਤ ਲੱਭਣਾ ਮੁਸ਼ਕਿਲ ਹੋ ਜਾਵੇਗਾ ਪਰ ਜੇ ਤੁਸੀਂ ਦੋਸਤ ਬਣਨ ਲਈ ਨਿਕਲੋਗੇ ਤਾਂ ਤੁਸੀਂ ਹਰ ਜਗ੍ਹਾ ਹਰ ਕਿਸੇ ਦੇ ਦੋਸਤ ਬਣ ਜਾਓਗੇ'। ਇਸ ਲਈ ਸਾਨੂੰ ਖੁਦ ਵਿਚੋਂ ਹੀ ਪਹਿਲਾਂ ਚੰਗਾ ਦੋਸਤ ਲੱਭਣਾ ਪਵੇਗਾ। ਜਿਸ ਤਰ੍ਹਾਂ ਦੀਪਕ ਮਿੱਟੀ ਦਾ ਹੋਵੇ ਜਾਂ ਸੋਨੇ ਦਾ, ਮਹੱਤਵਪੂਰਨ ਨਹੀਂ ਹੁੰਦਾ ਬਲਕਿ ਮਹੱਤਵਪੂਰਨ ਇਹ ਹੈ ਕਿ ਉਹ ਹਨੇਰੇ ਵਿਚ ਪ੍ਰਕਾਸ਼ ਕਿੰਨਾ ਦਿੰਦਾ ਹੈ। ਇਸੇ ਤਰ੍ਹਾਂ ਮਿੱਤਰ ਗ਼ਰੀਬ ਹੈ ਜਾਂ ਅਮੀਰ, ਇਹ ਮਹੱਤਵਪੂਰਨ ਨਹੀਂ ਬਲਕਿ ਉਹ ਤੁਹਾਡਾ ਮੁਸੀਬਤ ਵਿਚ ਕਿੰਨਾ ਸਾਥ ਦਿੰਦਾ ਹੈ, ਮਹੱਤਵਪੂਰਨ ਇਹ ਹੈ। ਚੰਗੇ ਦੋਸਤਾਂ ਦੀ ਕਦਰ ਵੀ ਪੈਸਿਆਂ ਦੀ ਤਰ੍ਹਾਂ ਕਰੋ ਕਿਉਂਕਿ ਦੋਵਾਂ ਨੂੰ ਕਮਾਉਣਾ ਮੁਸ਼ਕਿਲ ਹੈ ਪਰ ਗਵਾਉਣਾ ਆਸਾਨ ਹੈ। ਉਚਾਈਆਂ 'ਤੇ ਜਾਣ ਲਈ ਉੱਚੀਆਂ ਪੌੜੀਆਂ ਦੀ ਨਹੀਂ ਵਧੀਆ ਦੋਸਤਾਂ ਦੀ ਲੋੜ ਪੈਂਦੀ ਹੈ। ਇਸ ਲਈ ਜ਼ਿੰਦਗੀ ਵਿਚ ਦੋਸਤੀ ਦੀਆਂ ਕਦਰਾਂ-ਕੀਮਤਾਂ ਸਮਝਦੇ ਹੋਏ ਇਸ ਨੂੰ ਨਿਭਾਓ, ਜ਼ਿੰਦਗੀ ਖੂਬਸੂਰਤ ਬਣ ਜਾਵੇਗੀ।

-ਅੰਮ੍ਰਿਤਸਰ।
ਫੋਨ : 9877466607

ਭਾਰਤ-ਚੀਨ ਜੰਗ-4

ਤੌਂਗਪੇਂਗਲਾ ਅਤੇ ਚੁਸ਼ੂਲ ਦੀ ਲੜਾਈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਤੌਂਗਪੇਂਗਲਾ ਦੀ ਲੜਾਈ : ਲੱਦਾਖ ਵਿਚ ਗਏ ਇਕ ਸੈਨਿਕ ਨਿਰੀਖਕ, ਚੀਨੀਆਂ ਦੀ ਦੋਗਲੀ ਨੀਤੀ ਬਾਰੇ ਲਿਖਦਾ ਦੱਸਦਾ ਹੈ ਕਿ ਚੀਨੀ ਇਕ ਪਾਸੇ ਤਾਂ ਬਿਨਾਂ ਸੈਨਿਕਾਂ ਦੀ ਸਹਾਇਤਾ ਦੇ ਚਾਹ ਜਾਂ ਸਿਗਰਟ ਆਦਿ ਦੇ ਕੇ ਲੱਦਾਖੀਆਂ ਨਾਲ ਭਾਈਚਾਰਾ ਪਾਉਂਦੇ ਸਨ ਅਤੇ ਉਨ੍ਹਾਂ ਨੂੰ 'ਨੋ ਨੋ' ਸੱਦ ਕੇ ਉਨ੍ਹਾਂ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ (ਨੋ ਨੋ ਲੱਦਾਖੀ ਸ਼ਬਦ ਹੈ, ਜਿਸ ਦਾ ਅਰਥ ਹੈ ਪਿਆਰਾ ਭਾਈ) ਅਤੇ ਦੂਜੇ ਪਾਸੇ ਚੁੱਪ-ਚਾਪ ਤਿਆਰੀ ਕਰ ਕੇ ਇਕ ਵੱਡਾ ਅਚਾਨਕ ਹਮਲਾ ਕਰਨਾ ਵੀ ਉਨ੍ਹਾਂ ਦੀ ਕਾਰਵਾਈ ਦਾ ਹਿੱਸਾ ਸੀ।
ਉਹੀ ਨਿਰੀਖਕ ਲਿਖਦਾ ਹੈ ਕਿ ਭਾਰਤੀ ਬਾਹਰੀ ਚੌਕੀਆਂ ਵਿਚੋਂ ਇਕ ਵਿਚ ਲੱਦਾਖ ਸਕਾਊਟ ਦੇ ਹਵਾਲਦਾਰ ਸਰੂਪ ਸਿੰਘ ਕਮਾਨ ਵਿਚ ਦੂਜੇ ਨੰਬਰ 'ਤੇ ਸਨ। ਚੀਨੀਆਂ ਨੇ 20 ਅਕਤੂਬਰ, 1962 ਦੀ ਸਵੇਰ ਤੱਕ ਕੋਈ ਇਕ ਹਜ਼ਾਰ ਮੀਟਰ ਦੀ ਦੂਰੀ 'ਤੇ ਹੀ ਖਾਈਆਂ ਪੁੱਟ ਲਈਆਂ ਸਨ ਅਤੇ ਵਿਚ ਡਟ ਗਏ ਸਨ। ਉਨ੍ਹਾਂ ਨੇ ਭਾਰਤੀ ਚੌਕੀ ਨੂੰ ਘੇਰਾ ਪਾ ਲਿਆ, ਜਿਸ ਵਿਚ ਇਕ ਪੂਰੀ ਪਲਟਨ ਸੀ। ਚੀਨੀਆਂ ਨੇ ਸਵੈਚਾਲਕ ਹਥਿਆਰਾਂ ਮਾਰਟਰ ਤੋਪਾਂ ਨਾਲ ਅਚਾਨਕ ਹਮਲਾ ਸ਼ੁਰੂ ਕਰ ਦਿੱਤਾ। ਹਵਾਲਦਾਰ ਸਰੂਪ ਸਿੰਘ ਆਪਣੇ ਜਥੇ ਨਾਲ ਫਲੈਂਕ ਦੀ ਰਾਖੀ ਕਰ ਰਿਹਾ ਸੀ। ਉਨ੍ਹਾਂ ਨੇ ਆਪਣੀਆਂ ਰਫ਼ਲਾਂ ਅਤੇ ਮਸ਼ੀਨਗੰਨਾਂ ਨਾਲ ਚੀਨੀਆਂ ਦੇ ਕਾਫ਼ੀ ਜਵਾਨ ਮਾਰ ਕੇ ਹਮਲੇ ਨੂੰ ਰੱਦ ਕਰ ਦਿੱਤਾ। ਚੀਨੀਆਂ ਨੇ ਫਿਰ ਹੋਰ ਬਹੁਤ ਸਾਰੀ ਫ਼ੌਜ ਇਕੱਠੀ ਕਰ ਕੇ ਅਤੇ ਹੋਰ ਪੱਕੇ ਇਰਾਦੇ ਨਾਲ ਪੱਬੀ ਫਲੈਂਕ ਤੇ ਹੱਲਾ ਬੋਲ ਦਿੱਤਾ। ਲਾਂਸ-ਨਾਇਕ ਪਿਆਰਾ ਸਿੰਘ ਨੇ ਅੱਗੇ ਟਿਕਾਣੇ 'ਤੇ ਜਾ ਕੇ ਵੱਡੀਆਂ ਛੋਟੀਆਂ ਬੰਦੂਕਾਂ ਨਾਲ ਵੈਰੀ ਉੱਪਰ ਗੋਲੀਆਂ ਚਲਾਈਆਂ ਜਿਸ ਨਾਲ ਚੀਨੀ ਬਹੁਤ ਗਿਣਤੀ ਵਿਚ ਮਾਰੇ ਗਏ। ਲਾਂਸ ਨਾਇਕ ਬਚਨ ਸਿੰਘ ਰੈਜਮੈਂਟ ਦਾ ਪਹਿਲਵਾਨ ਤੇ ਅੱਵਲ ਦਰਜੇ ਦਾ ਮਾਰਟਰ ਚਲਾਉਣ ਵਾਲਾ ਸੀ। ਜਦੋਂ ਉਸ ਦਾ ਬਾਰੂਦ ਖ਼ਤਮ ਹੋ ਗਿਆ ਤਾਂ ਆਪਣੇ ਲੁਕਣ ਵਾਲੀ ਥਾਂ ਤੋਂ ਨਿਕਲ ਕੇ ਚੀਨੀਆਂ ਨੂੰ ਲਲਕਾਰਿਆ ਕਿ ਜੇ ਉਨ੍ਹਾਂ ਵਿਚ ਹਿੰਮਤ ਹੈ ਤਾਂ ਅੱਗੇ ਆਉਣ ਅਤੇ ਪਹਿਲਵਾਨ ਜੀ ਨੇ ਮਾਰਟਰ ਬੰਬਾਂ ਨਾਲ ਤਕਰੀਬਨ ਸਾਰੇ ਹੀ ਚੀਨੀ, ਜਿਹੜੇ ਥੋੜ੍ਹੀ ਵਿੱਥ 'ਤੇ ਸਨ, ਮਾਰ ਮੁਕਾਏ। ਇੰਨੇ ਚਿਰ ਨੂੰ ਓਧਰ ਹਨੇਰਾ ਉੱਤਰ ਆਉਣ 'ਤੇ ਪਿੱਛੇ ਹਟਣ ਦਾ ਹੁਕਮ ਆ ਗਿਆ। ਸਿੰਘਾਂ ਦੀ ਚੀਨੀਆਂ ਨਾਲ ਲੜਨ ਦੀ ਵਧਦੀ ਇੱਛਾ ਦੀ ਜ਼ਰੂਰ ਪ੍ਰਸੰਸਾ ਹੋ ਗਈ, ਪਰ ਉਨ੍ਹਾਂ ਦੀ ਬੇਨਤੀ ਪ੍ਰਵਾਨ ਨਾ ਕੀਤੀ ਗਈ।
ਹਵਾਲਦਾਰ ਸਰੂਪ ਸਿੰਘ ਅਤੇ ਦੋ ਹੋਰ ਜਵਾਨ ਆਪਣੇ ਮੋਰਚੇ ਵਿਚ ਬਹਾਦਰੀ ਨਾਲ ਦੁਸ਼ਮਣ ਦਾ ਟਾਕਰਾ ਕਰ ਰਹੇ ਸਨ ਤਾਂ ਉਸ ਸਮੇਂ ਦੁਸ਼ਮਣ ਦਾ ਇਕ ਗੋਲਾ ਉਨ੍ਹਾਂ ਦੇ ਨੇੜੇ ਆ ਕੇ ਡਿੱਗਿਆ ਜਿਸ ਨਾਲ ਦੋ ਜਵਾਨ ਉਥੇ ਹੀ ਸ਼ਹੀਦ ਹੋ ਗਏ। ਹਵਾਲਦਾਰ ਸਰੂਪ ਸਿੰਘ ਬਚ ਗਏ ਪਰ ਸਖ਼ਤ ਜ਼ਖ਼ਮੀ ਹੋ ਗਏ। ਹਵਾਲਦਾਰ ਸਰੂਪ ਸਿੰਘ ਦੀ ਪੂਰੀ ਕੋਸ਼ਿਸ਼ ਸੀ ਕਿ ਚੀਨੀ ਅੱਗੇ ਨਾ ਵਧ ਸਕਣ ਅਤੇ ਆਪਣੀ ਕੋਸ਼ਿਸ਼ ਨੂੰ ਸਫਲਤਾ ਵਿਚ ਬਦਲਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੀ। ਚੀਨੀਆਂ ਨੇ ਵਾਰੀ-ਵਾਰੀ ਹਮਲੇ ਕੀਤੇ, ਪਰ ਹਰ ਵਾਰੀ ਇਸ ਜਵਾਨ ਨੇ ਇਕੱਲਿਆਂ ਹੀ ਉਨ੍ਹਾਂ ਨੂੰ ਪਛਾੜ ਦਿੱਤਾ। ਇਸ ਤਰ੍ਹਾਂ ਇਨ੍ਹਾਂ ਨੇ ਚੌਕੀ ਦੇ ਬਾਕੀ ਜਵਾਨਾਂ ਲਈ ਉਥੋਂ ਨਿਕਲਣਾ ਅਤੇ 10 ਮੀਲ ਪਿੱਛੇ ਜਾ ਕੇ ਹੋਰ ਮਜ਼ਬੂਤ ਬਚਾਓ ਮੋਰਚੇ ਬਣਾਉਣਾ ਸੰਭਵ ਬਣਾਇਆ।
ਚੌਕੀ ਦੀ ਰਾਖੀ ਕਰਦਿਆਂ ਤੇ ਦੁਸ਼ਮਣ ਨਾਲ ਲੜਦਿਆਂ ਸੱਤ ਘੰਟੇ ਬੀਤ ਗਏ ਸਨ। ਹਵਾਲਦਾਰ ਸਰੂਪ ਸਿੰਘ ਜ਼ਖ਼ਮਾਂ ਕਰਕੇ ਬੇਹੋਸ਼ ਹੋ ਗਏ। ਪਿਛੇ ਹਟਦੀ ਇਕ ਸੈਨਿਕ ਟੁਕੜੀ ਨੇ ਹਵਾਲਦਾਰ ਸਰੂਪ ਸਿੰਘ ਨੂੰ ਉਥੋਂ ਚੁੱਕਿਆ ਅਤੇ ਪਿੱਛੇ ਇਕ-ਦੂਸਰੀ ਚੌਕੀ 'ਤੇ ਲੈ ਕੇ ਆਏ। ਉਨ੍ਹਾਂ ਗੋਲੀਆਂ ਨਾਲ ਛਾਨਣੀ ਹੋਏ ਪਏ ਸਨ। ਉਨ੍ਹਾਂ ਨੇ ਦੁਸ਼ਮਣ ਦਾ ਡੱਟ ਕੇ ਮੁਕਾਬਲਾ ਕੀਤਾ। ਅਖ਼ੀਰ ਉਹ 21 ਅਕਤੂਬਰ, 1962 ਈ: ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੇ ਆਖ਼ਰੀ ਸ਼ਬਦ ਇਹ ਸਨ ਕਿ 'ਮੈਂ ਹੁਣ ਵੀ ਦੁਸ਼ਮਣ ਨਾਲ ਲੜਨ ਲਈ ਤਿਆਰ ਹਾਂ।'
ਲੱਦਾਖ ਵਿਚ ਚੁਸ਼ੂਲ ਦੀ ਲੜਾਈ : ਦੂਜਾ ਖੇਤਰ, ਜਿਥੋਂ ਚੀਨੀਆਂ ਨੇ 1962 ਈ: ਵਿਚ ਭਾਰਤ 'ਤੇ ਹਮਲਾ ਕੀਤਾ, ਉਹ ਲੱਦਾਖ ਸੀ। ਲੱਦਾਖ ਦਾ ਪੁਰਾਣਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਹੈ ਜੋ ਤਿੱਬਤ, ਚੀਨ ਅਤੇ ਪੁਰਾਤਨ ਭਾਰਤ ਦੀਆਂ ਘਟਨਾਵਾਂ ਅਤੇ ਇਤਿਹਾਸ ਉਤੇ ਬਹੁਤ ਚਾਨਣਾ ਪਾਉਂਦਾ ਹੈ। ਲੱਦਾਖ ਦੀ ਹੁਣ ਆਧੁਨਿਕ ਵਸੋਂ ਆਰੀਆ, ਮੰਗੋਲੀਅਨ ਅਤੇ ਮੋਨ ਜਾਤੀਆਂ ਦੀ ਮਿਲਾਵਟ ਹੈ। ਲੱਦਾਖ ਵਿਚ ਬੁੱਧ ਮੱਤ ਰਾਜਾ ਅਸ਼ੋਕ ਦੇ ਸਮੇਂ ਜਾਂ ਉਸ ਦੇ ਪਿੱਛੋਂ ਹੀ ਫੈਲਿਆ। ਟੱਪਰੀਵਾਸ, ਫਿਰਤੂ ਲੱਦਾਖੀ ਲੋਕ ਬੁੱਧ ਮੱਤ ਧਾਰਨ ਪਿਛੋਂ ਬੋਧੀ ਮੰਦਰਾਂ ਤੇ ਮੱਠਾਂ ਦੇ ਆਲੇ-ਦੁਆਲੇ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਲੱਗ ਪਏ। ਲੱਦਾਖ ਤੇ ਕਰਾਕੁਰਮ ਦੀਆਂ ਉੱਤਰੀ ਢਲਵਾਨਾਂ ਉਤੇ ਛੇਵੀਂ ਸਦੀ ਵਿਚ ਭਾਰਤ ਦੇ ਬਾਦਸ਼ਾਹ ਕਨਿਸ਼ਕ ਦਾ ਰਾਜ ਸੀ।
14ਵੀਂ ਸਦੀ ਦੀ ਪਹਿਲੀ ਚੌਥਾਈ ਵਿਚ ਲੱਦਾਖ ਦੇ ਬਾਦਸ਼ਾਹ 'ਤਾਜ਼ਿਨ ਗਰਬ' ਨੇ ਲੱਦਾਖੀ ਵਿਦਿਆਰਥੀਆਂ ਤੇ ਲਾਮਿਆਂ ਨੂੰ ਲਾਸਾ ਦੇ ਮੱਠਾਂ ਵਿਚ ਧਾਰਮਿਕ ਵਿੱਦਿਆ ਲਈ ਭੇਜਣਾ ਆਰੰਭ ਕੀਤਾ। ਇਸ ਨੇ ਲੱਦਾਖ ਨੂੰ ਲਾਸਾ ਦੇ ਬਹੁਤ ਨੇੜੇ ਲੈ ਆਂਦਾ ਤੇ ਇਸ ਗੱਲ ਵਿਚ ਲੱਦਾਖ ਨੇ ਆਪਣੀ ਰੂਹਾਨੀ ਭਿੰਨਤਾ ਗੁਆ ਲਈ। ਭਾਵੇਂ ਲੱਦਾਖੀ ਬੜੇ ਕਾਬਲ ਸਨ ਪਰ ਉਹ ਤਿੱਬਤ ਦੇ ਸਾਹਿਤ, ਬੋਲੀ, ਰਿਵਾਜ ਉਤੇ ਪੂਰਨ ਤੌਰ 'ਤੇ ਨਿਰਭਰ ਹੋਣ ਕਰਕੇ ਆਪਣੇ ਕੌਮੀ ਸਾਹਿਤ ਨੂੰ ਤਰੱਕੀ ਨਹੀਂ ਦੇ ਸਕੇ। ਲੱਦਾਖ ਵਿਚ ਸਮੇਂ-ਸਮੇਂ 'ਤੇ ਬੜੀਆਂ ਤਬਦੀਲੀਆਂ ਆਈਆਂ।
1834 ਈ: ਤੇ ਉਸ ਤੋਂ ਮਗਰੋਂ ਦੀਆਂ ਜਰਨੈਲ ਜ਼ੋਰਾਵਰ ਸਿੰਘ ਤੇ ਹੋਰਨਾਂ ਜਰਨੈਲਾਂ ਦੀਆਂ ਜਿੱਤਾਂ ਨੇ ਲੱਦਾਖ ਤੇ ਬਾਲਤਿਸਤਾਨ ਨੂੰ ਸਿੱਖ ਦਰਬਾਰ ਦੀ ਸਰਕਾਰ (ਸਰਕਾਰ-ਏ-ਖ਼ਾਲਸਾ) ਦਾ ਹਿੱਸਾ ਬਣਾ ਦਿੱਤਾ। ਨਮਗੀਅਲ ਬਾਦਸ਼ਾਹ ਇਸ ਦਰਬਾਰ ਦੇ ਜਗੀਰਦਾਰਾਂ ਦੀ ਤਰ੍ਹਾਂ ਆਪਣੀ ਸਥਾਨਕ ਪਦਵੀ ਕਾਇਮ ਰੱਖਦੇ, ਪ੍ਰੰਤੂ ਲੱਦਾਖ ਉਤੇ ਤਿੱਬਤ ਦਾ ਧਾਰਮਿਕ ਅਸਰ ਰਸੂਖ ਸਮੇਂ ਤੱਕ ਲਾਗੂ ਰਿਹਾ। ਸੰਨ 1947 ਈਸਵੀ ਵਿਚ ਕਸ਼ਮੀਰ ਦੇ ਭਾਰਤ ਵਿਚ ਮਿਲਣ ਨਾਲ ਲੱਦਾਖ ਦੇ ਆਖ਼ਰੀ ਰਾਜਾ ਸੋਨਮ ਨਮਗੀਅਲ ਦੀ ਨਾ-ਮਾਤਰ ਹਕੂਮਤ ਵੀ ਜਾਂਦੀ ਰਹੀ। ਲੱਦਾਖ ਦਾ ਤਿੱਬਤ ਦੇ ਦਲਾਈਲਾਮਾ ਨਾਲ ਧਾਰਮਿਕ ਜੋੜ ਅਜੇ ਵੀ ਬਹੁਤ ਹੈ ਅਤੇ ਇਕ ਸਧਾਰਨ ਲੱਦਾਖੀ ਤਿੱਬਤ ਦੇ ਦਲਾਈਲਾਮਾ ਨੂੰ ਅਜੇ ਵੀ ਆਪਣਾ ਧਾਰਮਿਕ ਆਗੂ ਮੰਨਦਾ ਹੈ। ਦਲਾਈਲਾਮਾ ਦੇ ਭਾਰਤ ਵਿਚ ਤਿੱਬਤ ਤੋਂ ਜਾਨ ਬਚਾ ਕੇ ਭੱਜ ਆਉਣ ਤੋਂ ਬਾਅਦ ਲੋਕ ਦਲਾਈਲਾਮਾ ਦੇ ਦਰਸ਼ਨਾਂ ਦੀ ਸ਼ਰਧਾ ਰੱਖਦੇ ਹਨ ਪਰ ਚੀਨ ਦੀ ਅੱਡੀ ਥੱਲੇ ਕੁਚਲੇ ਹੋਏ ਤਿੱਬਤ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੇ।
1962 ਦੀ ਚੀਨ-ਭਾਰਤ ਜੰਗ ਸਮੇਂ ਇਸ ਖੇਤਰ ਵਿਚ ਪੰਜਾਬ, ਸਿੱਖ, ਸਿੱਖ ਲਾਈਟ ਇਨਫੈਂਟਰੀ, ਡੋਗਰਾ ਤੋਂ ਇਲਾਵਾ ਦੂਜੀਆਂ ਰੈਜਮੈਂਟਾਂ ਤੇ ਭਾਰਤੀ ਹਵਾਈ ਫ਼ੌਜ ਵਿਚ ਕੰਮ ਕਰਦੇ ਪੰਜਾਬੀਆਂ ਨੇ ਵੀ ਪੰਜਾਬੀ ਰਵਾਇਤਾਂ ਅਨੁਸਾਰ ਬਹਾਦਰੀ ਦੇ ਕ੍ਰਿਸ਼ਮੇ, ਦਿਖਾਏ, ਜਿਨ੍ਹਾਂ 'ਚੋਂ ਪੰਜਾਬੀ ਗੰਨਰਾਂ ਦਾ ਨਾਮ ਵਿਸ਼ੇਸ਼ ਰੂਪ ਵਿਚ ਲਿਆ ਜਾ ਸਕਦਾ ਹੈ।
18 ਨਵੰਬਰ, 1962 ਈ: ਨੂੰ ਚੀਨੀ ਫ਼ੌਜਾਂ ਨੇ ਵੱਡੀ ਗਿਣਤੀ ਵਿਚ ਚੁਸ਼ੂਲ ਨੇੜੇ ਗੁਰੰਗ ਪਹਾੜੀ 'ਤੇ ਹਮਲਾ ਕੀਤਾ। ਗੁਰੰਗ ਚੌਕੀ ਦਾ ਕਮਾਂਡਰ ਦੁਸ਼ਮਣ ਦੀ ਗੋਲੀਬਾਰੀ ਦਾ ਮੁਕਾਬਲਾ ਕਰਦਾ ਹੋਇਆ ਸਖ਼ਤ ਜ਼ਖ਼ਮੀ ਹੋ ਗਿਆ ਤੇ ਫਿਰ ਬੇਹੋਸ਼ ਹੋ ਗਿਆ। ਇਹ ਚੌਕੀ ਭਾਰਤ ਦੀ ਮਹੱਤਵਪੂਰਨ ਸੁਰੱਖਿਆ ਚੌਕੀ ਸੀ, ਜਿਹੜੀ ਚੁਸ਼ੂਲ ਦੇ ਹਵਾਈ ਅੱਡੇ ਦੀ ਰੱਖਿਆ ਕਰ ਰਹੀ ਸੀ। ਇਸ ਸਮੇਂ ਗੋਸਵਾਮੀ ਅਤੇ 4 ਹੋਰ ਜਵਾਨ ਜੋ ਉਸ ਨਿਰੀਖਣ ਚੌਕੀ 'ਤੇ ਸਨ, ਪੂਰੀ ਤਰ੍ਹਾਂ ਦੁਸ਼ਮਣ ਦੀ ਮਾਰ ਹੇਠ ਆ ਗਏ ਸਨ। ਸੈਕਿੰਡ ਲੈਫ਼ਟੀਨੈਂਟ ਪਹਿਲਾਂ ਹੀ ਬੇਹੋਸ਼ ਹੋ ਚੁੱਕੇ ਸਨ ਅਤੇ ਚਾਰੇ ਜਵਾਨ ਵੀ ਸ਼ਹੀਦੀ ਪਾ ਗਏ। ਦੁਸ਼ਮਣ ਉਸ ਚੌਕੀ ਨੂੰ ਲਤਾੜਦਾ ਹੋਇਆ ਅੱਗੇ ਲੰਘ ਗਿਆ ਅਤੇ ਗੋਸਵਾਮੀ ਨੂੰ ਮਰਿਆ ਸਮਝ ਕੇ ਛੱਡ ਗਿਆ। ਬਾਅਦ ਵਿਚ ਗੋਸਵਾਮੀ ਜੀ ਨੂੰ ਪਿੱਛੇ ਡਾਕਟਰੀ ਸਹਾਇਤਾ ਦੀ ਥਾਂ ਪਹੁੰਚਾਇਆ ਗਿਆ। ਇਸ ਸਮੇਂ ਟੈਕਨੀਕਲ ਅਸਿਸਟੈਂਟ ਗੁਰਦੀਪ ਸਿੰਘ ਭਾਵੇਂ ਆਪ ਜ਼ਖ਼ਮੀ ਹੋ ਚੁੱਕੇ ਸਨ, ਅੱਗੇ ਵਧੇ ਤੇ ਚੌਕੀ ਦੀ ਕਮਾਨ ਸੰਭਾਲ ਲਈ ਅਤੇ ਆਪਣੀ ਚੌਕੀ ਦੇ ਤੋਪਖਾਨੇ ਨੂੰ ਦੁਸ਼ਮਣ 'ਤੇ ਗੋਲੇ ਬਰਸਾਉਣ ਲਈ ਹਦਾਇਤਾਂ ਦਿੰਦੇ ਰਹੇ ਅਤੇ ਦੁਸ਼ਮਣ ਦੇ ਕਈ ਜਵਾਨ ਮਰ ਮੁਕਾਏ। ਆਪਣੀ ਇਸ ਕਾਰਵਾਈ ਨਾਲ ਗੁਰਦੀਪ ਸਿੰਘ ਨੇ ਉੱਚ ਦਰਜ਼ੇ ਦੀ ਸੂਝ ਤੇ ਬਹਾਦਰੀ ਦਾ ਸਬੂਤ ਦਿੱਤਾ। ਭਾਰਤ ਸਰਕਾਰ ਵਲੋਂ ਸੈਕਿੰਡ ਲੈਫ਼ਟੀਨੈਂਟ ਐਸ.ਪੀ. ਗੋਸਵਾਮੀ ਨੂੰ ਮਹਾਂਵੀਰ ਚੱਕਰ ਅਤੇ ਟੈਕਨੀਕਲ ਐਸਿਸਟੈਂਟ ਗੁਰਦੀਪ ਸਿੰਘ ਨੂੰ ਵੀਰ ਚੱਕਰ ਪ੍ਰਦਾਨ ਕੀਤਾ ਗਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਬਠਿੰਡਾ। ਮੋਬਾਈਲ : 98155-33725.

ਚੰਚਲ, ਮਧੁਰ ਆਵਾਜ਼ ਦੀ ਮਲਿਕਾ ਆਸ਼ਾ ਭੋਂਸਲੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦਖੋ)
ਫਿਰ ਹਾਲਾਤ ਕੁਝ ਚੰਗੇ ਹੋਏ। ਲਤਾ ਜੀ ਨੂੰ ਠੀਕ-ਠਾਕ ਕੰਮ ਮਿਲਣ ਲੱਗਿਆ ਅਤੇ ਉਹ ਕੁਝ ਹੀ ਸਾਲਾਂ ਵਿਚ ਹਿੰਦੀ ਫ਼ਿਲਮਾਂ ਵਿਚ ਸਥਾਪਤ ਹੋ ਗਏ ਤੇ ਆਸ਼ਾ ਜੀ ਨੇ ਇਸ ਸੰਘਰਸ਼ ਦੀ ਜ਼ਿੰਦਗੀ ਨੂੰ ਛੱਡ ਕੇ ਸਿਰਫ਼ 16 ਸਾਲ ਦੀ ਉਮਰ ਵਿਚ ਹੀ ਭੱਜ ਕੇ ਪ੍ਰੇਮ ਵਿਆਹ ਕਰਾ ਲਿਆ। ਆਸ਼ਾ ਨੇ ਆਪਣੇ ਤੋਂ ਦੁੱਗਣੀ ਉਮਰ ਦੇ ਗਣਪਤੀ ਰਾਓ ਭੋਂਸਲੇ ਨਾਲ ਵਿਆਹ ਕੀਤਾ ਜੋ ਉਨ੍ਹੀਂ ਦਿਨੀਂ ਲਤਾ ਜੀ ਦੇ ਨਿੱਜੀ ਸੈਕਟਰੀ ਸਨ। ਇਸ ਤਰ੍ਹਾਂ ਆਸ਼ਾ ਮੰਗੇਸ਼ਕਰ, ਆਸ਼ਾ ਭੋਂਸਲੇ ਹੋ ਗਈ। ਪਰ ਉਨ੍ਹਾਂ ਦੇ ਇਸ ਫ਼ੈਸਲੇ ਤੋਂ ਸਾਰਾ ਘਰ ਸਖ਼ਤ ਨਾਰਾਜ਼ ਸੀ, ਖ਼ਾਸ ਕਰਕੇ ਲਤਾ ਦੀਦੀ। ਪਰ ਇਸ ਨਾਲ ਉਨ੍ਹਾਂ ਦੇ ਫ਼ੈਸਲੇ ਅਤੇ ਇਰਾਦੇ ਵਿਚ ਕੋਈ ਫਰਕ ਨਹੀਂ ਪਿਆ। ਅਸਲ ਵਿਚ ਆਸ਼ਾ ਜੀ ਬਚਪਨ ਤੋਂ ਹੀ ਬਹੁਤ ਬਿੰਦਾਸ ਸੁਭਾਅ ਦੇ ਸੀ। ਉਨ੍ਹਾਂ ਨੇ ਬਚਪਨ ਵਿਚ ਹੀ ਬਹੁਤ ਸੰਘਰਸ਼ ਦੇਖਿਆ ਸੀ। ਇਸ ਲਈ ਉਹ ਸਕੂਨ ਨਾਲ ਗ੍ਰਿਹਸਤ ਜੀਵਨ ਬਿਤਾਉਣਾ ਚਾਹੁੰਦੇ ਸੀ।
ਉਹ ਆਮ ਔਰਤ ਦੀ ਤਰ੍ਹਾਂ ਹੁਣ ਬੱਚੇ ਪਾਲਣਾ ਚਾਹੁੰਦੀ ਸੀ। ਪਤੀ ਦੀ ਸੇਵਾ ਕਰਨਾ ਚਾਹੁੰਦੀ ਸੀ। ਖ਼ੁਸ਼ ਰਹਿਣਾ ਚਾਹੁੰਦੀ ਸੀ। ਕਮਾਉਣ ਦੀ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੀ ਸੀ। ਪਰ ਸ਼ਾਇਦ ਉਨ੍ਹਾਂ ਦੀ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਕਿਸਮਤ ਵਿਚ ਤਾਂ ਨਾਂਅ ਅਤੇ ਪ੍ਰਸਿੱਧੀ ਲਿਖੀ ਹੋਈ ਸੀ। ਤਿੰਨ ਬੱਚੇ ਹੋਣ ਤੋਂ ਬਾਅਦ ਪਤੀ ਨਾਲ ਉਨ੍ਹਾਂ ਦਾ ਵਖਰੇਵਾਂ ਹੋ ਗਿਆ। ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਪਹਾੜ ਟੁੱਟ ਪਿਆ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੀ ਇਸੇ ਤ੍ਰਾਸਦੀ ਕਾਰਨ ਬਾਲੀਵੁੱਡ ਨੂੰ ਚੰਚਲ ਮਧੁਰ ਆਵਾਜ਼ ਦੀ ਇਕ ਜਾਦੂਗਰਨੀ ਮਿਲ ਗਈ। ਫਿਲਹਾਲ ਉਨ੍ਹਾਂ ਦੀ ਜ਼ਿੰਦਗੀ ਦੇ ਇਹ ਸਭ ਤੋਂ ਮੁਸ਼ਕਿਲ ਦਿਨ ਸਨ। ਪਤੀ ਨੇ ਛੱਡ ਦਿੱਤਾ ਸੀ। ਜਾਣ ਲਈ ਕੋਈ ਹੋਰ ਠਿਕਾਣਾ ਨਹੀਂ ਸੀ। ਬਿਨਾਂ ਕਿਸੇ ਦੀ ਮਦਦ ਦੇ ਜ਼ਿੰਦਗੀ ਪਟਰੀ 'ਤੇ ਲਿਆਂਦੀ ਨਹੀਂ ਸੀ ਜਾ ਸਕਦੀ। ਸੋ, ਸਾਰੇ ਮਿਹਣਿਆਂ ਉਲਾਂਭਿਆਂ ਵਿਚਾਲੇ ਆਸ਼ਾ ਜੀ ਨੇ ਫਿਰ ਉਸੇ ਘਰ ਵੱਲ ਰੁਖ਼ ਕੀਤਾ, ਜਿਥੋਂ 8 ਸਾਲ ਪਹਿਲਾਂ 16 ਸਾਲ ਦੀ ਉਮਰ ਵਿਚ 31 ਸਾਲ ਦੇ ਗਣਪਤੀ ਰਾਓ ਭੋਂਸਲੇ ਨਾਲ ਚਲੀ ਗਈ ਸੀ। ਘਰ ਤੋਂ ਭੱਜ ਕੇ 1949 ਵਿਚ ਉਨ੍ਹਾਂ ਨੇ ਵਿਆਹ ਕੀਤਾ ਸੀ ਅਤੇ ਫਿਰ 1957 ਸੀ ਜਦੋਂ ਇਹ ਵਿਆਹ ਟੁੱਟ ਗਿਆ ਸੀ।
ਘਰਵਾਲੇ ਆਖ਼ਰਕਾਰ ਘਰਵਾਲੇ ਹੀ ਹੁੰਦੇ ਹਨ। ਭਰਾ-ਭੈਣਾਂ ਨੇ ਆਸਰਾ ਦੇ ਹੀ ਦਿੱਤਾ। ਪਰ ਹੁਣ ਵੱਡਾ ਸਵਾਲ ਇਹ ਸੀ ਕਿ ਬੱਚੇ ਕਿਵੇਂ ਪਾਲੇ ਜਾਣ? ਵਿਆਹ ਤੋਂ ਬਾਅਦ ਜਿਸ ਗਾਇਕੀ ਨੂੰ ਆਸ਼ਾ ਨੇ ਸਕੂਨ ਦੀ ਜ਼ਿੰਦਗੀ ਜਿਊਣ ਦੀ ਖ਼ਾਤਰ ਛੱਡ ਦਿੱਤਾ ਸੀ, ਇਕ ਵਾਰ ਫਿਰ ਉਸੇ ਦਾ ਸਹਾਰਾ ਲੈਣਾ ਪਿਆ। ਨਵੇਂ ਸਿਰੇ ਤੋਂ ਸੰਘਰਸ਼, ਨਵੇਂ ਸਿਰੇ ਤੋਂ ਜੱਦੋ-ਜਹਿਦ। ਇਹ ਸਭ ਸੌਖਾ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਹਿੰਦੀ ਫ਼ਿਲਮ ਦੇ ਸੁਨਹਿਰੀ ਯੁੱਗ ਦੀਆਂ ਇਕ ਤੋਂ ਵਧ ਕੇ ਇਕ ਗਾਇਕਾਵਾਂ ਨਾਲ ਮੁਕਾਬਲਾ ਸੀ। ਸਭ ਤੋਂ ਵੱਡਾ ਮੁਕਾਬਲੇਬਾਜ਼ ਤਾਂ ਘਰ ਵਿਚ ਹੀ ਮੌਜੂਦ ਸੀ। ਜੀ ਹਾਂ, ਵੱਡੀ ਭੈਣ ਲਤਾ ਮੰਗੇਸ਼ਕਰ। ਹਿੰਦੀ ਫ਼ਿਲਮ ਸੰਗੀਤ ਦੀ 'ਮੇਲੋਡੀ ਕੁਈਨ'। ਲਤਾ ਉਨ੍ਹੀਂ ਦਿਨੀਂ ਨੰਬਰ ਇਕ ਦੀ ਪੁਜ਼ੀਸ਼ਨ ਹਾਸਲ ਕਰ ਚੁੱਕੀ ਸੀ। ਲਤਾ ਦੇ ਨਾਲ ਹੀ ਸ਼ਮਸ਼ਾਦ ਬੇਗਮ, ਗੀਤਾ ਦੱਤ, ਸੁਰੱਈਆ, ਸੁਮਨ ਕਲਿਆਣਪੁਰ, ਰਾਜਕੁਮਾਰੀ ਅਤੇ ਸਭ ਪਾਰਟ ਟਾਈਮ ਗਾਇਕਾਵਾਂ ਦੀ ਬਾਲੀਵੁੱਡ ਵਿਚ ਇਕ ਵੱਡੀ ਅਤੇ ਸਰਗਰਮ ਫ਼ੌਜ ਮੌਜੂਦ ਸੀ। ਇਨ੍ਹਾਂ ਸਭ ਵਿਚਾਲੇ ਥਾਂ ਬਣਾਉਣਾ ਕੋਈ ਸੌਖਾ ਨਹੀਂ ਸੀ? ਪਰ ਧੁਨ ਦੀ ਪੱਕੀ ਅਤੇ ਮਿਹਨਤ ਤੋਂ ਪਿੱਛੇ ਨਾ ਹਟਣ ਵਾਲੀ ਆਸ਼ਾ ਨੂੰ ਜਲਦੀ ਹੀ 'ਬੀ' ਅਤੇ 'ਸੀ' ਗ੍ਰੇਡ ਦੇ ਸਮਝੇ ਜਾਣ ਵਾਲੇ ਗੀਤ ਮਿਲਣ ਲੱਗੇ ਜੋ ਅਕਸਰ ਵੈਂਪ ਅਤੇ ਐਕਸਟ੍ਰਾ 'ਤੇ ਫ਼ਿਲਮਾਏ ਜਾਂਦੇ ਸਨ। ਇਸ 'ਤੇ ਉਨ੍ਹਾਂ ਨੂੰ ਕੋਈ ਹਰਜ ਵੀ ਨਹੀਂ ਸੀ, ਆਖ਼ਰਕਾਰ ਸਵਾਲ ਬੱਚਿਆਂ ਦੇ ਪੇਟ ਪਾਲਣ ਦਾ ਜੁ ਸੀ।
ਇਕ ਹੋਰ ਗੱਲ ਵੀ ਸੀ। ਦਰਅਸਲ ਆਸ਼ਾ ਨੂੰ ਤਾਂ ਬਸ ਮੌਕਾ ਚਾਹੀਦਾ ਸੀ। ਮੌਕੇ ਨੂੰ ਸੰਭਾਲਣਾ ਅਤੇ ਉਸ ਨੂੰ ਵੱਡੇ ਹੁਨਰ ਨਾਲ ਵੱਡਾ ਬਣਾਉਣਾ ਉਨ੍ਹਾਂ ਦੇ ਆਪਣੇ ਹੱਥ ਵਿਚ ਸੀ। ਦੇਖਦੇ ਹੀ ਦੇਖਦੇ ਉਹ ਉਸ ਦੌਰ ਦੀ ਕੈਬਰੇ ਕੁਈਨ ਹੈਲਨ ਦੀ ਆਵਾਜ਼ ਬਣ ਗਈ। ਫਿਰ ਨਵੇਂ ਰਸਤੇ ਖੁੱਲ੍ਹੇ। ਹਾਲਾਂਕਿ ਸ਼ੁਰੂ ਦੇ ਸਭ ਗਾਣਿਆਂ ਵਿਚ ਗੱਲ ਨਹੀਂ ਬਣੀ ਪਰ ਰਾਜ ਕਪੂਰ ਦੀ ਫ਼ਿਲਮ 'ਬੂਟ ਪਾਲਿਸ਼' ਵਿਚ ਬੱਚਿਆਂ ਲਈ ਉਨ੍ਹਾਂ ਵਲੋਂ ਗਾਇਆ ਗਿਆ ਉਨ੍ਹਾਂ ਦਾ ਗੀਤ 'ਚੰਦਾ ਮਾਮਾ ਦੂਰ ਕੇ...' ਬੜੀ ਛੇਤੀ ਭਾਰਤੀ ਮਾਵਾਂ ਦਾ ਪਸੰਦੀਦਾ ਗੀਤ ਬਣ ਗਿਆ। ਇਸ ਸਮੇਂ ਤੱਕ ਉਨ੍ਹਾਂ ਦੇ ਸੰਗੀਤਕਾਰ ਓ. ਪੀ. ਨਈਅਰ ਨਾਲ ਚੰਗੇ ਸਬੰਧ ਬਣ ਚੁੱਕੇ ਸਨ। ਕਿਉਂ? ਪਤਾ ਨਹੀਂ ਕਈ ਕਿੱਸੇ ਹਨ ਅਤੇ ਇਨ੍ਹਾਂ ਕਿੱਸਿਆਂ ਦੀ ਕਾਟ ਵੀ ਹੈ। ਫਿਲਹਾਲ 'ਸੀ.ਆਈ.ਡੀ.' ਵਰਗੀ ਵੱਡੀ ਫ਼ਿਲਮ ਵਿਚ ਨਈਅਰ ਸਾਹਿਬ ਨੇ ਆਸ਼ਾ ਨੂੰ ਮੌਕਾ ਦਿੱਤਾ। ਇਸ ਫ਼ਿਲਮ ਦੇ ਗਾਣੇ ਕਾਫ਼ੀ ਹਿੱਟ ਹੋਏ ਸਨ। ਇਸ ਨਾਲ ਆਸ਼ਾ ਲਈ ਇਕ ਹੋਰ ਰੌਸ਼ਨੀ ਭਰਿਆ ਰਸਤਾ ਖੁੱਲ੍ਹਿਆ।
ਦਰਅਸਲ ਉਨ੍ਹੀਂ ਦਿਨੀਂ ਨਈਅਰ ਸਾਹਿਬ ਨੂੰ ਬੀ. ਆਰ. ਚੋਪੜਾ ਦੀ 'ਨਯਾ ਦੌਰ' ਫ਼ਿਲਮ ਮਿਲੀ। ਇਸ ਵਿਚ ਵੀ ਉਨ੍ਹਾਂ ਨੇ ਆਸ਼ਾ ਨੂੰ ਮੌਕਾ ਦਿੱਤਾ। ਲਗਦਾ ਹੈ ਕਿ ਆਸ਼ਾ ਨੂੰ ਇਸੇ ਮੌਕੇ ਦਾ ਇੰਤਜ਼ਾਰ ਸੀ। ਉਹ ਦੇਖਦੇ ਹੀ ਦੇਖਦੇ ਛਾ ਗਈ। ਇਸ ਫ਼ਿਲਮ ਦੇ ਸਾਰੇ ਗਾਣੇ ਹਿੱਟ ਹੋਏ। ਕੁਝ ਤਾਂ ਲੋਕ ਗੀਤ ਹੀ ਹੋ ਗਏ, ਜਿਵੇਂ 'ਉੜੇਂ ਜਬ ਜਬ ਤੇਰੀ ਜੁਲਫੇਂ...' ਅਤੇ 'ਸਾਥੀ ਹਾਥ ਬੜ੍ਹਾਨਾ...'। ਆਸ਼ਾ ਦੀ ਬੁਲੰਦ ਕਿਸਮਤ ਦਾ ਤਾਲਾ ਖੁੱਲ੍ਹ ਚੁੱਕਾ ਸੀ। ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਸਫ਼ਲਤਾ ਮਿਲਣ ਲੱਗੀ। ਇੱਜ਼ਤ ਅਤੇ ਆਦਰ ਵੀ ਮਿਲਣ ਲੱਗਿਆ। ਪਹਿਲਾਂ ਜਿਥੇ ਨਿਰਮਾਤਾ ਨਿਰਦੇਸ਼ਕ ਅਤੇ ਸੰਗੀਤਕਾਰ ਉਨ੍ਹਾਂ ਲਈ ਸਾਈਡ ਹੀਰੋਇਨਾਂ ਅਤੇ ਵੈਂਪ ਦੇ ਗਣਿਆਂ ਲਈ ਸੋਚਦੇ ਸਨ, ਹੁਣ ਉਨ੍ਹਾਂ ਵਲੋਂ ਸਿਰਫ ਹੀਰੋਇਨਾ ਦੇ ਗੀਤਾਂ ਬਾਰੇ ਸੋਚਿਆ ਜਾਣ ਲੱਗਾ। ਪਰ ਇਨ੍ਹਾਂ ਸਭ ਸਫ਼ਲਤਾਵਾਂ ਤੋਂ ਬਾਅਦ ਵੀ ਸ਼ਾਇਦ ਆਸ਼ਾ ਹਾਲੇ ਤੱਕ ਉਹ ਬ੍ਰਾਂਡ ਨਹੀਂ ਸੀ ਬਣੀ, ਜਿਸ ਬ੍ਰਾਂਡ ਵੈਲਿਊ ਲਈ ਉਹ ਅੱਜ ਜਾਣੀ ਜਾਂਦੀ ਹੈ। ਕਹਿਣ ਦਾ ਭਾਵ ਇਹ ਕਿ ਆਸ਼ਾ ਦੀ ਹਾਲੇ ਤੱਕ ਆਪਣੀ ਛਾਪ ਨਹੀਂ ਸੀ ਸਥਾਪਤ ਹੋਈ।
ਇਹ ਕੰਮ ਕੀਤਾ ਰਾਹੁਲ ਦੇਵ ਬਰਮਨ ਉਰਫ਼ ਪੰਚਮ-ਦਾ ਨੇ। ਰਾਹੁਲ ਫ਼ਿਲਮ ਸਨਅਤ ਦੇ ਸਭ ਤੋਂ ਮਸ਼ਹੂਰ ਸੰਗੀਤਕਾਰ ਸਨ। ਉਨ੍ਹਾਂ ਨੂੰ ਖ਼ਾਲਸ ਭਾਰਤੀ ਮੇਲੋਡੀ ਪਸੰਦ ਨਹੀਂ ਸੀ ਅਤੇ ਨਾ ਹੀ ਨਿਰਾ ਵੈਸਟਰਨ। ਉਨ੍ਹਾਂ ਨੇ ਦੋਵਾਂ ਨੂੰ ਮਿਕਸ ਕਰ ਦਿੱਤਾ। ...ਅਤੇ ਫਿਰ ਇਸ ਫਿਊਜ਼ਨ ਨਾਲ ਅਨੋਖੀ ਤਾਜ਼ਗੀ ਵਾਲਾ ਸੰਗੀਤ ਤਿਆਰ ਕੀਤਾ। ਇਸ ਅਨੋਖੀ ਤਾਜ਼ਗੀ ਨਾਲ ਭਰਪੂਰ ਸੰਗੀਤ ਨੂੰ ਇਕ ਉਂਝ ਹੀ ਤਾਜ਼ਾਤਰੀਨ ਆਵਾਜ਼ ਚਾਹੀਦੀ ਸੀ, ਪਰ ਉਹ ਮਿਲ ਨਹੀਂ ਸੀ ਰਹੀ। ਉਨ੍ਹਾਂ ਦਿਨਾਂ ਵਿਚ ਆਸ਼ਾ ਪੰਚਮ ਨੂੰ ਮਿਲੀ। ਤਿੰਨ ਬੱਚਿਆਂ ਦੀ ਮਾਂ ਆਸ਼ਾ ਨੂੰ ਮਿਲਣ ਤੋਂ ਬਾਅਦ ਪੰਚਮ ਨੂੰ ਲੱਗਿਆ ਕਿ ਉਨ੍ਹਾਂ ਨੂੰ ਜਿਸ ਆਵਾਜ਼ ਦੀ ਭਾਲ ਸੀ, ਉਹ ਭਾਲ ਪੂਰੀ ਹੋ ਗਈ ਹੈ। ਫ਼ਿਲਮ 'ਤੀਸਰੀ ਮੰਜ਼ਿਲ' ਦੇ ਸਾਰੇ ਗਾਣੇ ਪੰਚਮ ਨੇ ਆਸ਼ਾ ਤੋਂ ਗਵਾਏ ਅਤੇ ਹਮੇਸ਼ਾ ਹਮੇਸ਼ਾ ਲਈ ਇਕ ਇਤਿਹਾਸ ਰਚਿਆ ਗਿਆ। 'ਓ ਹਸੀਨਾ ਜੁਲਫੋਂ ਵਾਲੀ..., ਆ... ਆ... ਆਜਾ...' ਅਤੇ 'ਓ ਮੇਰੇ ਸੋਨਾ ਰੇ ਸੋਨਾ ਰੇ ਸੋਨਾ ਰੇ...' ਨੇ ਆਸ਼ਾ ਨੂੰ 'ਵਰਸਟਾਈਲ ਸਿਗਿੰਗ ਕੁਈਨ ਆਫ਼ ਬਾਲੀਵੁੱਡ' ਬਣਾ ਦਿੱਤਾ। ਇਸ ਤੋਂ ਬਾਅਦ ਆਸ਼ਾ ਇਸ ਸਿਖ਼ਰ ਤੋਂ ਕਦੀ ਨਹੀਂ ਉਤਰੀ। ਅੱਜ ਜਦੋਂ ਕਿ ਉਹ ਗਾਉਣਾ ਲਗਪਗ ਬੰਦ ਕਰ ਚੁੱਕੀ ਹੈ, ਉਸੇ ਸਿਖ਼ਰ 'ਤੇ ਮੌਜੂਦ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਹਾਸਲ ਕੀਤਾ ਹੈ। (ਸਮਾਪਤ)

ਲਘੂ ਨਿਬੰਧ

ਵਡਿਆਈ ਦੀ ਭੁੱਖ

ਕਈ ਲੋਕ ਕੁਝ ਜ਼ਿਆਦਾ ਹੀ ਵਡਿਆਈ ਦੇ ਭੁੱਖੇ ਹੁੰਦੇ ਹਨ। ਉਹ ਅਕਸਰ ਹੀ ਆਪਣੇ-ਆਪ ਨੂੰ ਹੋਰਾਂ ਦੇ ਸਾਹਮਣੇ ਵਡਿਆਉਂਦੇ ਰਹਿੰਦੇ ਹਨ। ਕਹਾਵਤ ਅਨੁਸਾਰ 'ਮੀਆਂ ਮਿੱਠੂ' ਅਖਵਾਉਣ ਵਿਚ ਮਾਣ ਮਹਿਸੂਸ ਕਰਦੇ ਹਨ। ਇਵੇਂ ਹੀ ਵਿਹਲੜ ਲੋਕ ਵਡਿਆਈ ਦੇ ਜ਼ਿਆਦਾ ਭੁੱਖੇ ਹੁੰਦੇ ਹਨ। ਕਈ ਤਾਂ ਹਰ ਗੱਲ 'ਚ ਵਡਿਆਈ ਭਾਲਦੇ ਰਹਿੰਦੇ ਹਨ। ਵਡਿਆਈ ਲੈਣ ਦਾ ਵਹਿਮ ਉਨ੍ਹਾਂ ਨੂੰ ਹਰ ਵੇਲੇ ਵੱਢ-ਵੱਢ ਖਾਂਦਾ ਰਹਿੰਦਾ ਹੈ। ਕਹਿੰਦੇ ਨੇ 'ਕੋਈ ਦੂਜਾ ਕਰੇ ਤਾਂ ਵਡਿਆਈ, ਆਪ ਕਰੋ ਤਾਂ ਸਵਾਹ ਖਾਈ'। ਉਨ੍ਹਾਂ ਲੋਕਾਂ ਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਹੁੰਦੀ, ਜਿਨ੍ਹਾਂ ਦੇ ਕੰਮ ਆਪ ਬੋਲਦੇ ਹਨ। ਉਨ੍ਹਾਂ ਦੀ ਚੁੱਪ ਵਿਚ ਵਡਿਆਈ ਛੁਪੀ ਹੁੰਦੀ ਹੈ, ਸਹੀ ਢੰਗ ਨਾਲ ਆਪਣੇ ਜੀਵਨ ਕਾਲ ਦੀ ਵਿਉਂਤਬੰਦੀ ਕਰਨ ਵਾਲੇ ਸੱਚੇ ਸੁੱਚੇ ਲੋਕ ਕਦੇ ਵੀ ਵਡਿਆਈ ਦੇ ਭੁੱਖੇ ਨਹੀਂ ਹੁੰਦੇ। ਇਕ ਵਿਦਵਾਨ ਦੇ ਕਥਨ ਅਨੁਸਾਰ ਇਕ ਵਧੀਆ ਇਨਸਾਨ ਆਪਣੀ ਵਡਿਆਈ ਸੁਣ ਕੇ ਖ਼ੁਸ਼ ਨਹੀਂ ਹੁੰਦਾ ਤੇ ਨਿੰਦਾ ਸੁਣ ਕੇ ਉਦਾਸ ਨਹੀਂ ਹੁੰਦਾ। ਉਸ ਦੀ ਖਾਮੋਸ਼ੀ ਵਿਚੋਂ ਹੀ ਵਡਿਆਈ ਝਲਕਦੀ ਹੈ। ਚੰਗੀ ਵਿੱਦਿਆ ਪ੍ਰਾਪਤ ਕਰਨ ਵਾਲਿਆਂ ਨੂੰ ਆਪਣੇ ਆਪ ਹੀ ਵਡਿਆਈਆਂ ਮਿਲਦੀਆਂ ਹਨ। ਜਿਵੇਂ ਕਿ ਵਰਖਾ ਦੀ ਵਡਿਆਈ ਬਨਸਪਤੀ ਖੇਤਾਂ ਵਿਚ ਚੁੱਪ ਚਾਪ ਨਿੱਸਰਦੀ, ਪਲਰਦੀ, ਖ਼ੁਸ਼ਬੋਆਂ ਦੇ ਰੂੁਪ ਵਿਚ ਹਰਿਆਲੀ ਦੇ ਰੂਪ ਵਿਚ ਚੌਗਿਰਦੇ ਨੂੰ ਨਿਖਾਰਦੀ ਹੈ। ਸਰੀਰਕ ਤੰਦਰੁਸਤੀ ਲਈ ਵਰਤ, ਪ੍ਰਹੇਜ਼, ਵਰਜਿਸ਼ ਵਡਿਆਈ ਦੇ ਰੂਪ 'ਚ ਸਹਿਜੇ ਹੀ ਦਿਸਦੇ ਹਨ। ਚੰਗੀ ਵਾਰਤਕ ਦੀ ਵਡਿਆਈ ਪਾਠਕ ਖੁਦ-ਬ-ਖੁਦ ਆਪਣੀ ਮਿੱਤਰ ਮੰਡਲੀ 'ਚ ਸਾਂਝੀ ਕਰਦਾ ਹੈ। ਵਰਤਮਾਨ ਦੀ ਚੰਗਿਆਈ ਦੀ ਵਡਿਆਈ ਭਵਿੱਖ ਖੁਦ ਕਰਦਾ ਹੈ। ਸੂੁਰਜ ਦੀ ਵਡਿਆਈ ਰੌਸ਼ਨ ਕਿਰਨਾਂ 'ਚ ਹੈ, ਚੰਦ ਦੀ ਵਡਿਆਈ ਚੰਨ-ਚਾਨਣੀ ਹੈ, ਗੰਨੇ ਦੀ ਵਡਿਆਈ ਉਸ ਦੀ ਮਿਠਾਸ ਕਰਦੀ ਹੈ। ਜਿਵੇਂ ਕਹਿੰਦੇ ਨੇ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿਚ ਪਤਾ ਲੱਗਦਾ ਹੈ। ਇਸੇ ਤਰ੍ਹਾਂ ਹੀ ਵਿਧਵਾ ਔਰਤ ਦੀ ਵਡਿਆਈ ਉਸ ਸਮੇਂ ਜ਼ਰੂਰੀ ਹੈ, ਜਦੋਂ ਉਸ ਨੂੰ ਕਿਸੇ ਸ਼ੁਭ ਕਾਰਜ ਮੌਕੇ ਬਿਨਾਂ ਕਿਸੇ ਭੇਦ-ਭਾਵ, ਵਹਿਮ-ਭਰਮ ਤੋਂ ਅੱਗੇ ਰੱਖ ਕੇ ਮਾਣ ਦਿੱਤਾ ਜਾਵੇ ਤਾਂ ਕਿ ਉਹ ਸਮਾਜ 'ਚ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਵੇ। ਵਿਆਹ ਸ਼ਾਦੀ ਜਾਂ ਕਿਸੇ ਹੋਰ ਖੁਸ਼ੀ ਦੇ ਸਮਾਗਮ 'ਚ ਆਪ ਸੱਦੇ ਮਹਿਮਾਨਾਂ ਦੀ ਚੰਗੀ ਆਓ-ਭਗਤ ਕਰਨ ਕਰਕੇ ਤੁਹਾਨੂੰ ਸਮਾਜ 'ਚ ਆਪ ਹੀ ਵਡਿਆਈ ਮਿਲਦੀ ਹੈ। ਕਈ ਵਾਰ ਵੇਖਣ ਵਿਚ ਆਇਆ ਹੈ ਕਿ ਲੋਕੀਂ ਸੱਦਾ/ਬੁਲਾਵਾ ਤਾਂ ਬੜੇ ਉਚੇਚ/ਚਾਅ ਤੇ ਬੜੇ ਆਦਰ-ਮਾਣ ਨਾਲ ਦੇ ਕੇ ਜਾਂਦੇ ਹਨ, ਪਰ ਉਥੇ ਸਮਾਗਮ ਵਿਚ ਗਏ ਨੂੰ ਪੁੱਛਦੇ-ਗਿੱਛਦੇ ਨਹੀਂ, ਬੱਸ ਚੰਦ ਕੁ ਨਿੱਜੀ ਰਿਸ਼ਤਿਆਂ 'ਚ ਹੀ ਉਲਝ ਕੇ ਭੰਬਰੇ ਫਿਰਦੇ ਰਹਿੰਦੇ ਹਨ। ਵੈਸੇ! ਫੋਕੀ ਦਿਖਾਵੇ ਵਾਲੀ ਅਤੇ ਬੇਲੋੜੀ ਵਡਿਆਈ ਦੀ ਹੱਦੋਂ ਵੱਧ ਭੁੱਖ ਵੀ ਇਕ ਮਾਨਸਿਕ ਵਿਕਾਰ ਹੈ। ਜਿਹੜੇ ਲੋਕ ਆਪਣੇ ਅਤੀਤ ਨੂੰ ਆਪ ਹੀ ਵਡਿਆਉਂਦੇ ਰਹਿੰਦੇ ਹਨ, ਅਸਲ 'ਚ ਉਹ ਵਰਤਮਾਨ ਵਿਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਹਾਰੇ ਹੋਏ ਹੁੰਦੇ ਹਨ। ਅਸਲ ਵਡਿਆਈ ਤਾਂ ਬੇਜ਼ਬਾਨ ਦੁਧਾਰੂ ਪਸ਼ੂੁ ਜਦੋਂ ਆਪਣੀ ਪੂਛ ਹਿਲਾ ਕੇ ਮਾਲਕ ਨੂੰ ਦੁੱਧ ਦਿੰਦਾ ਹੈ ਤਾਂ ਮਾਲਕ ਧਾਰ ਚੋਣ ਉਪਰੰਤ ਮੱਲੋ-ਮੱਲੀ ਸੱਜੇ ਹੱਥ ਨਾਲ ਪਸ਼ੂ ਦੀ ਪਿੱਠ 'ਤੇ ਥਾਪੀ ਦੇ ਕੇ ਕੁਦਰਤ ਨੂੰ ਵਡਿਆਉਂਦਾ ਹੈ। ਹੀਰ ਰਾਂਝੇ ਦੀ ਗੱਲ ਮਨ 'ਚ ਆਈ ਹੈ ਕਿ 'ਰਾਂਝੇ ਉਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਬਬਾਨ ਹੋਈ', ਵੀ ਵਡਿਆਈ ਵਾਲੀ ਗੱਲ ਹੀ ਹੈ, ਵੈਸੇ ਵਡਿਆਈ ਹਰ ਚੰਗੇ ਮਨੁੱਖ ਦੇ ਅੰਦਰ ਹੁੰਦੀ ਹੈ ਜਿਵੇਂ ਲੋਕ ਕਹਾਵਤ ਅਨੁਸਾਰ, ਵੱਡਾ ਵਡਿਆਈ ਨਾ ਕਰੇ, ਵੱਡਾ ਨਾ ਬੋਲੇ ਬੋਲ, ਹੀਰਾ ਮੂੰਹੋਂ ਨਾ ਆਖਦਾ ਲੱਖ ਅਸਾਡਾ ਮੋਲ। ਵਿਦਾਇਗੀ ਪਾਰਟੀਆਂ, ਭੋਗਾਂ ਅਤੇ ਹੋਰ ਸਮਾਗਮ 'ਤੇ ਵੀ ਅਕਸਰ ਬੁਲਾਰੇ ਲੋੜ ਤੋਂ ਵੱਧ ਵਡਿਆਈ ਕਰ ਜਾਂਦੇ ਹਨ। ਜਿੱਥੇ ਦਰਸ਼ਕ/ਸਰੋਤੇ ਅੱਕ-ਥੱਕ ਜਾਂਦੇ ਹਨ। ਵੈਸੇ ਅੱਜਕਲ੍ਹ ਸਮਾਂ ਤਬਦੀਲੀ ਵੱਲ ਮੋੜ ਕੱਟ ਰਿਹਾ ਹੈ। ਜਿਵੇਂ ਕਿ ਕੋਰੋਨਾ ਕਾਲ ਦੌਰਾਨ ਦਿਖਾਵੇ ਤੇ ਵਡਿਆਈਆਂ ਲੈਣ ਵਾਲੇ ਬੇਲੋੜੇ ਸਮਾਗਮ ਸਮੇਂ ਮੁਤਾਬਿਕ ਆਪਣੇ ਆਪ ਹੀ ਸਿਮਟ ਕੇ ਰਹਿ ਗਏ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਓਸ ਕਾਦਰ ਤੇ ਕੁਦਰਤ ਦੀ ਵਡਿਆਈ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਸਾਫ਼ ਸੁਥਰਾ ਰੱਖਦੇ ਹੋਏ ਭਵਿੱਖ ਨੂੰ ਸੰਵਾਰਨ ਦਾ ਉਪਰਾਲਾ ਹੋ ਸਕੇ, ਜਿਸ ਨਾਲ ਸਾਡੀ ਮਾਨਸਿਕ ਅਤੇ ਸਰੀਰਕ ਸੁੰਦਰਤਾ ਕਾਇਮ ਰਹੇ, ਇਸ ਵਿਚ ਹੀ ਸਾਡੀ ਸਾਰਿਆਂ ਦੀ ਭਲਾਈ, ਚੰਗਿਆਈ ਤੇ ਵਡਿਆਈ ਹੈ।

-ਮੋਬਾਈਲ : 95308-85356.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX