ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਵਰਖਾ ਰੁੱਤ ਦੀਆਂ ਸਬਜ਼ੀਆਂ ਵਿਚ ਕੀੜਿਆਂ ਦੀ ਸੁਚੱਜੀ ਰੋਕਥਾਮ

ਪੰਜਾਬ ਵਿਚ ਸਾਲ 2017-18 ਦੌਰਾਨ ਤਕਰੀਬਨ 2.58 ਲੱਖ ਹੈਕਟੇਅਰ ਰਕਬੇ ਉਪਰ ਸਬਜ਼ੀਆਂ ਪੈਦਾ ਕੀਤੀਆਂ ਗਈਆਂ ਹਨ ਤੇ ਕੁੱਲ ਪੈਦਾਵਾਰ ਲੱਗਪਗ 51.36 ਲੱਖ ਟਨ ਸੀ ਅਤੇ ਜੇਕਰ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖਪਤ ਵੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਇਸ ਮਨੁੱਖੀ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਨੂੰ ਦੁੱਗਣਾ ਕਰਨ ਦੀ ਲੋੜ ਹੈ। ਸਬਜ਼ੀਆਂ ਉਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ ਅਤੇ ਕਾਫ਼ੀ ਨੁਕਸਾਨ ਕਰਦੇ ਹਨ। ਚੰਗੇ ਝਾੜ ਲਈ ਇਨ੍ਹਾਂ ਦੀ ਪਹਿਚਾਣ ਅਤੇ ਰੋਕਥਾਮ ਕਰਨਾ ਅਤਿ ਜ਼ਰੂਰੀ ਹੈ। ਕੀਟਨਾਸ਼ਕਾਂ ਦੀ ਵਰਤੋਂ ਤੋਂ ਇਲਾਵਾ ਹੇਠਾਂ ਹੋਰ ਵੀ ਰੋਕਥਾਮ ਦੇ ਤਰੀਕੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਅਪਣਾ ਕੇ ਖਰਚਾ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ ਅਤੇ ਮਨੁੱਖੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ।
ਬੈਂਗਣ :
1. ਫ਼ਲਾਂ ਅਤੇ ਲਗਰਾਂ ਵਿਚ ਮੋਰੀ ਕਰਨ ਵਾਲੀ ਸੁੰਡੀ : ਇਸ ਦਾ ਪਤੰਗਾ ਚਿੱਟੇ ਰੰਗ ਦਾ ਹੁੰਦਾ ਹੈ, ਜਿਸ ਦੇ ਸਰੀਰ ਉੱਪਰ ਭੂਰੇ ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਖੰਭਾਂ ਦੇ ਕਿਨਾਰੇ ਵਾਲਾਂ ਦੀ ਝਾਲਰ ਬਣੀ ਹੁੰਦੀ ਹੈ ਅਤੇ ਅਗਲੇ ਖੰਭਾਂ ਤੇ ਕਾਲੇ-ਚਿੱਟੇ ਅਤੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਇਹ ਪਤੰਗਾ ਸਲੇਟੀ ਰੰਗ ਦੇ 80-120 ਅੰਡੇ ਦਿੰਦਾ ਹੈ ਜਿਹੜੇ ਕਿ ਇਕੱਲੇ-ਇਕੱਲੇ ਜਾਂ ਝੁੰਡਾਂ ਵਿਚ ਪੱਤਿਆਂ ਦੇ ਹੇਠਾਂ, ਹਰੇ ਤਣੇ, ਫੁੱਲ ਡੋਡੀਆਂ ਜਾਂ ਫਲ ਉੱਪਰ ਹੁੰਦੇ ਹਨ। ਅੰਡੇ ਵਿਚੋਂ 3-6 ਦਿਨਾਂ ਬਾਅਦ ਸੁੰਡੀਆਂ ਨਿਕਲਦੀਆਂ ਹਨ ਜਿਹੜੀ ਕਿ ਨਰਮ ਕਰੂੰਬਲਾਂ ਵਿਚ ਵੜ ਕੇ ਫੁੱਲ ਅਤੇ ਫਲ ਨੂੰ ਖਰਾਬ ਕਰ ਦਿੰਦੀਆਂ ਹਨ। ਇਸ ਦਾ ਕੋਆ ਜ਼ਮੀਨ 'ਤੇ ਡਿੱਗੇ ਪੱਤਿਆਂ 'ਤੇ ਮਿਲਦਾ ਹੈ।
ਨੁਕਸਾਨ : ਜਿਨ੍ਹਾਂ ਲਗਰਾਂ ਵਿਚ ਸੁੰਡੀ ਦਾ ਹਮਲਾ ਹੋਇਆ ਹੋਵੇ ਉਹ ਮੁਰਝਾ ਕੇ ਡਿੱਗ ਪੈਂਦੀਆਂ ਹਨ ਜਾਂ ਝੁਕ ਜਾਂਦੀਆਂ ਹਨ, ਸੁੱਕ ਜਾਂਦੀਆਂ ਹਨ ਅਤੇ ਫ਼ਲ ਕਾਣੇ ਹੋ ਜਾਂਦੇ ਹਨ।
ਰੋਕਥਾਮ : * ਬੈਂਗਣਾਂ ਦੀ ਮੋਢੀ ਫ਼ਸਲ ਨਾ ਰੱਖੋ। * ਪੰਜਾਬ-ਬਰਸਾਤੀ, ਪੰਜਾਬ ਸਦਾਬਹਾਰ ਅਤੇ ਬੀ. ਐਚ.-2 ਕਿਸਮਾਂ ਇਸ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ। * ਛਿੜਕਾਅ ਕਰਨ ਤੋਂ ਪਹਿਲਾਂ ਪੱਕੇ ਫ਼ਲ ਤੋੜ ਲਵੋ ਅਤੇ ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਉ। * ਜਿਉਂ ਹੀ ਇਸ ਕੀੜੇ ਦਾ ਹਮਲਾ ਹੋਵੇ, ਤਾਂ 80 ਮਿਲੀਲਿਟਰ ਕੋਰਾਜ਼ਨ 18.5 ਐਸ. ਸੀ. (ਕਲੋਰਐਂਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵਲਰੇਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) ਜਾਂ 800 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 3-4 ਵਾਰੀ 14 ਦਿਨਾਂ ਦੇ ਵਕਫੇ ਨਾਲ ਛਿੜਕੋ।
* ਪ੍ਰੋਕਲੇਮ ਦੇ ਛਿੜਕਾਅ ਤੋਂ ਬਾਅਦ 3 ਦਿਨ, ਏਕਾਲਕਸ ਦੇ ਛਿੜਕਾਅ ਤੋਂ 4 ਦਿਨ ਅਤੇ ਕੋਰਾਜ਼ਨ ਦੇ ਛਿੜਕਾਅ ਤੋਂ ਬਾਅਦ 7 ਦਿਨ ਤੱਕ ਫ਼ਲ ਨਾ ਤੋੜੋ ।
2. ਹੱਡਾ ਭੂੰਡੀ : ਭੂੰਡੀ ਅਤੇ ਬੱਚਾ ਦੋਵੇਂ ਹੀ ਬੈਂਗਣਾਂ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਭੂੰਡੀ ਗੂੜ੍ਹੇ ਤਾਂਬੇ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਖੰਭਾਂ ਉੱਪਰ 28 ਕਾਲੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੀਲੇ ਰੰਗ ਦਾ ਹੁੰਦਾ ਹੈ। ਮਾਦਾ ਮਾਰਚ-ਅਪ੍ਰੈਲ ਵਿਚ ਸਿਗਾਰ ਦੇ ਅਕਾਰ ਵਰਗੇ ਅੰਡੇ ਦਿੰਦੀ ਹੈ। ਆਪਣੇ ਪੂਰੇ ਜੀਵਨ ਚੱਕਰ ਵਿਚ ਇਹ ਭੂੰਡੀ 400 ਅੰਡੇ ਦਿੰਦੀ ਹੈ ਅਤੇ ਪੱਤਿਆਂ ਨੂੰ ਖੁਰਚ-ਖੁਰਚ ਕੇ ਖਾਂਦੀ ਹੈ। ਕੋਆ ਗੂੜ੍ਹੇ ਰੰਗ ਦਾ ਪੱਤਿਆਂ ਦੇ ਹੇਠਲੇ ਪਾਸੇ ਹੁੰਦਾ ਹੈ।
3. ਜੈਸਿਡ : ਜੈਸਿਡ ਦੇ ਹਮਲੇ ਕਾਰਨ ਪੱਤੇ ਪਹਿਲਾਂ ਪੀਲੇ ਤੇ ਪਿੱਛੋਂ ਤਾਂਬੇ ਰੰਗ ਦੇ ਹੋ ਕੇ ਝੜ ਜਾਂਦੇ ਹਨ। ਨਿੱਕੇ ਅਤੇ ਵੱਡੇ ਹਰੇ ਰੰਗ ਦੇ ਕੀੜੇ ਬਹੁਤ ਗਿਣਤੀ ਵਿਚ ਪੱਤਿਆਂ ਦੇ ਹੇਠਾਂ ਨਜ਼ਰ ਆਉਂਦੇ ਹਨ।
ਰੋਕਥਾਮ : ਜੈਸਿਡ ਤੇ ਹੱਡਾ ਭੂੰਡੀ ਦਾ ਹਮਲਾ ਹੋਣ ਸਾਰ 250 ਮਿਲੀਲਿਟਰ ਮੈਲਾਥੀਅਨ 50 ਈ ਸੀ ਪ੍ਰਤੀ ਏਕੜ 10 ਦਿਨਾਂ ਦੇ ਵਕਫੇ ਨਾਲ ਪੌਦਿਆਂ ਤੇ ਛਿੜਕੋ।
4. ਮਕੌੜਾ ਜੂੰ : ਮਕੌੜਾ ਜੂੰ ਦਾ ਹਮਲਾ ਗਰਮ ਅਤੇ ਖੁਸ਼ਕ ਮੌਸਮ (ਅਪ੍ਰੈਲ ਤੋਂ ਜੂਨ) ਵਿਚ ਜ਼ਿਆਦਾ ਹੁੰਦਾ ਹੈ। ਸ਼ੁਰੂ ਵਿਚ ਪੱਤਿਆਂ ਤੇ ਚਿੱਟੇ ਬਰੀਕ ਧੱਬੇ ਜਿਹੇ ਪੈ ਜਾਂਦੇ ਹਨ, ਮਗਰੋਂ ਪੱਤਿਆਂ 'ਤੇ ਜਾਲੇ ਬਣ ਜਾਂਦੇ ਹਨ ਜਿਨ੍ਹਾਂ 'ਤੇ ਧੂੜ ਜੰਮ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ।
ਰੋਕਥਾਮ : * ਬੈਂਗਣ ਦੀ ਮੋਢੀ ਫ਼ਸਲ ਨਾ ਰੱਖੋ। * ਅਪ੍ਰੈਲ ਤੋਂ ਜੂਨ ਦੌਰਾਨ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸਿੰਚਾਈ ਕਰਦੇ ਰਹੋ। * ਸਿੰਥੈਟਿਕ ਜ਼ਹਿਰਾਂ ਦੀ ਵਰਤੋਂ ਜ਼ਰੂਰਤ ਨਾਲੋਂ ਜ਼ਿਆਦਾ ਨਾ ਕਰੋ। * ਇਸ ਦੀ ਰੋਕਥਾਮ ਲਈ 300 ਮਿਲੀਲਿਟਰ ਉਮਾਈਟ 57 ਈ ਸੀ ਜਾਂ 450 ਮਿਲੀਲਿਟਰ ਫਾਸਮਾਈਟ 50 ਈ ਸੀ ਜਾਂ 250 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ ਨੂੰ 100-150 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅਮਨਦੀਪ ਕੌਰ ਅਤੇ ਰਵਿੰਦਰ ਸਿੰਘ ਚੰਦੀ
ਕੀਟ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ


ਖ਼ਬਰ ਸ਼ੇਅਰ ਕਰੋ

ਝੋਨੇ ਵਿਚ ਪਾਣੀ ਦਾ ਸੁਚੱਜਾ ਪ੍ਰਬੰਧ ਕਿਵੇਂ ਕਰੀਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਘੱਟ ਸਮਾਂ ਲੈਣ ਕਰਕੇ ਇਹ ਕਿਸਮ ਹਨੇਰੀ, ਝੱਖੜ, ਸੋਕਾ, ਭਾਰੀ ਬਾਰਿਸ਼ਾਂ ਆਦਿ ਦੇ ਪ੍ਰਭਾਵ ਅਤੇ ਕੀੜੇ-ਮਕੌੜੇ ਬਿਮਾਰੀਆਂ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸ ਕਰਕੇ ਇਸ ਦੀ ਕਾਸ਼ਤ ਉੱਪਰ ਖਰਚੇ ਵੀ ਘਟ ਜਾਂਦੇ ਹਨ। ਇਸ ਤੋਂ ਇਲਾਵਾ ਪਰਾਲੀ ਦੀ ਸਾਂਭ-ਸੰਭਾਲ ਵੀ ਸੌਖੀ ਅਤੇ ਸੁਚੱਜੀ ਹੋ ਜਾਦੀਂ ਹੈ। ਘੱਟ ਸਮੇਂ ਵਿਚ ਪੱਕਣ ਕਰਕੇ ਫਸਲੀ ਚੱਕਰ ਵਿਚ ਤੀਜੀ ਫਸਲ ਵੀ ਬੀਜੀ ਜਾ ਸਕਦੀ ਹੈ ਜਿਸ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਪਹਿਲੇ ਸਾਲ ਹੀ ਇਸ ਕਿਸਮ ਦੀ 14 ਫ਼ੀਸਦੀ ਰਕਬੇ ਵਿਚ ਕਾਸ਼ਤ ਕੀਤੀ ਗਈ।
ਪਨੀਰੀ ਪੁੱਟ ਕੇ ਲਾਉਣ ਦਾ ਸਮਾਂ : ਝੋਨਾ ਜੂਨ ਦੇ ਸ਼ੁਰੂ ਵਿਚ ਲਗਾਉਣ ਨਾਲ ਜ਼ਿਆਦਾ ਗਰਮੀ ਹੋਣ ਕਰਕੇ ਅਤੇ ਹਵਾ ਵਿਚ ਨਮੀ ਦੀ ਮਾਤਰਾ ਘੱਟ ਹੋਣ ਕਰਕੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਨਾਲ ਪਾਣੀ ਦੀ ਖਪਤ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜੇਕਰ ਝੋਨਾ 20 ਜੂਨ ਤੋਂ ਬਾਅਦ ਲਗਾਇਆ ਜਾਵੇ ਤਾਂ ਇਸ ਮਹੀਨੇ ਦੇ ਅਖੀਰ ਵਿਚ ਬਰਸਾਤ ਸ਼ੁਰੂ ਹੋਣ ਨਾਲ ਹਵਾ ਵਿਚ ਨਮੀਂ ਵਧਣ ਕਰਕੇ, ਪਾਣੀ ਦਾ ਵਾਸ਼ਪੀਕਰਨ ਘਟਦਾ ਹੈ। ਜਿਸ ਨਾਲ ਪਾਣੀ ਦੀ ਖਪਤ ਘਟ ਜਾਂਦੀ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ 'ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009' ਪਾਸ ਕੀਤਾ ਹੈ ਜਿਸ ਤਹਿਤ ਝੋਨਾ ਲਾਉਣ ਦਾ ਸਮਾਂ 20 ਜੂਨ ਮਿੱਥਿਆ ਗਿਆ ਹੈ।
ਸਿੰਚਾਈ ਪ੍ਰਬੰਧਨ : ਝੋਨੇ ਦੀ ਲੁਆਈ ਤੋਂ ਪਹਿਲੇ ਦੋ ਹਫਤੇ ਤੱਕ ਖੇਤ ਵਿਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਾਣੀ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਵਕਫ਼ੇ ਤੇ ਲਾਉਣ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘਟਦਾ ਹੈ। ਨਿਰੰਤਰ ਪਾਣੀ ਖੜ੍ਹਾ ਕਰਕੇ ਰੱਖਣ ਦੇ ਮੁਕਾਬਲੇ, ਪਾਣੀ ਦਾ ਪੱਧਰ 5 ਤੋਂ 8 ਸੈਂਟੀਮੀਟਰ ਰੱਖਣ ਨਾਲ 50 ਫ਼ੀਸਦੀ ਤੱਕ ਪਾਣੀ ਦੀ ਬੱਚਤ ਕਰ ਸਕਦੇ ਹਾਂ ਅਤੇ ਅਜਿਹਾ ਕਰਨ ਨਾਲ ਝੋਨੇ ਦੇ ਝਾੜ ਵਿਚ ਵੀ ਕੋਈ ਗਿਰਾਵਟ ਨਹੀਂ ਆਉਦੀਂ ਹੈ।
ਟੈਂਸ਼ੀਓਮੀਟਰ ਅਨੁਸਾਰ ਝੋਨੇ ਦੀ ਸਿੰਚਾਈ : ਝੋਨੇ ਵਿਚ ਜ਼ਰੂਰਤ ਅਨੁਸਾਰ ਪਾਣੀ ਲਗਾਉਣ ਲਈ, ਟੈਂਸ਼ੀਓਮੀਟਰ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫ਼ਸਲ ਦੀ ਸਿੰਚਾਈ ਲਈ ਢੁਕਵਾਂ ਸਮਾਂ ਪਤਾ ਕਰਨ ਲਈ ਇਹ ਵਿਧੀ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਾਸਤੇ ਫਾਇਦੇੇਵੰਦ ਹੈ। ਟੈਂਸ਼ੀਓਮੀਟਰ ਵਿਚ ਬਾਹਰਲੀ ਟਿਊਬ ਦੇ ਉਪਰਲੇ ਪਾਸੇ ਹਰੀ, ਪੀਲੀ ਅਤੇ ਲਾਲ ਰੰਗ ਦੀਆਂ ਪੱਟੀਆਂ ਲੱਗੀਆਂ ਹੁੰਦੀਆਂ ਹਨ। ਖੇਤ ਵਿਚ ਲਗਾਉਣ ਤੋਂ ਪਹਿਲਾਂ ਟੈਂਸ਼ੀਓਮੀਟਰ ਨੂੰ ਪਾਣੀ ਨਾਲ ਭਰਨ ਤੋਂ ਬਾਅਦ ਕਾਰਕ ਲਗਾ ਦਿੱਤਾ ਜਾਂਦਾ ਹੈ। ਖੇਤ ਵਿਚ ਝੋਨਾ ਲੱਗਣ ਤੋਂ ਦੋ ਹਫਤੇ ਤੱਕ ਪਾਣੀ ਖੜ੍ਹਾ ਰੱਖਣ ਤੋਂ ਬਾਅਦ ਕਿਸੇ ਪਾਈਪ ਨਾਲ ਟੈਂਸ਼ੀਓਮੀਟਰ ਦੇ ਆਕਾਰ ਦਾ 8 ਇੰਚ ਡੂੰਘਾ ਸੁਰਾਖ ਕਰ ਲਵੋ। ਇਸ ਸੁਰਾਖ ਵਿਚ ਪਾਣੀ ਨਾਲ ਭਰੇ ਟੈਂਸ਼ੀਓਮੀਟਰ ਨੂੰ ਲਗਾ ਕੇ ਖਾਲੀ ਦਰਜਾਂ ਨੂੰ ਮਿੱਟੀ ਅਤੇ ਪਾਣੀ ਦੇ ਘੋਲ ਨਾਲ ਭਰ ਦਿਓ, ਤਾਂ ਜੋ ਟੈਂਸ਼ੀਓਮੀਟਰ ਕੱਪ ਦਾ ਜ਼ਮੀਨ ਨਾਲ ਵਧੀਆ ਸਬੰਧ ਬਣ ਜਾਵੇ। ਜਿਵੇਂ-ਜਿਵੇਂ ਖੇਤ ਵਿਚ ਪਾਣੀ ਘਟੇਗਾ, ਟੈਂਸ਼ੀਓਮੀਟਰ ਦੀ ਅੰਦਰਲੀ ਟਿਊਬ ਵਿਚ ਵੀ ਪਾਣੀ ਦਾ ਪੱਧਰ ਘਟਦਾ ਜਾਵੇਗਾ। ਜਦੋਂ ਟੈਂਸ਼ੀਓਮੀਟਰ ਵਿਚ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿਚ ਦਾਖਲ ਹੁੰਦਾ ਹੈ ਤਾਂ ਝੋਨੇ ਨੂੰ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਟੈਂਸ਼ੀਓਮੀਟਰ ਦੀ ਵਰਤੋਂ ਕਰਨ ਨਾਲ ਤਕਰੀਬਨ 25-30 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਇਹ ਟੈਂਸ਼ੀਓਮੀਟਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। (ਸਮਾਪਤ)


+9194654-20097
balwinderdhillon.pau@gmail.com

ਉਚਿਤ ਨਹੀਂ ਹੈ ਮੱਧ ਪ੍ਰਦੇਸ਼ ਨੂੰ ਬਾਸਮਤੀ ਜ਼ੋਨ ਵਿਚ ਸ਼ਾਮਿਲ ਕਰਨਾ

ਪੰਜਾਬ ਦੀ ਫ਼ਸਲੀ ਵਿਭਿਨੰਤਾ ਯੋਜਨਾ ਵਿਚ ਬਾਸਮਤੀ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਪਿਛਲੇ ਸਾਲਾਂ 'ਚ ਪੰਜਾਬ ਵਿਚ ਇਹ 5 ਤੋਂ 8 ਲੱਖ ਹੈਕਟੇਅਰ ਦਰਮਿਆਨ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਰਹੀ ਹੈ। ਬਾਸਮਤੀ ਕਿਸਮਾਂ ਦੀ ਫ਼ਸਲ ਨੂੰ ਝੋਨੇ ਦੇ ਮੁਕਾਬਲੇ ਪਾਣੀ ਦੀ ਘੱਟ ਲੋੜ ਹੈ। ਬਾਸਮਤੀ ਦੀ ਬਰਾਮਦ ਤੋਂ 28000-29000 ਕਰੋੜ ਰੁਪਏ ਤੱਕ ਦੀਆਂ ਵਿਦੇਸ਼ੀ ਮੁਦਰਾਂ ਭਾਰਤ ਨੂੰ ਮੌਸੂਲ ਹੁੰਦੀਆਂ ਹਨ। ਪੰਜਾਬ ਤੋਂ ਇਲਾਵਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਰਾਜਾਂ ਵਿਚ ਵੀ ਬਾਸਮਤੀ ਪੈਦਾ ਕੀਤੀ ਜਾ ਸਕਦੀ ਹੈ। ਕੇਵਲ ਇਨ੍ਹਾਂ ਰਾਜਾਂ ਵਿਚ ਪੈਦਾ ਕੀਤੀ ਬਾਸਮਤੀ ਨੂੰ ਹੀ ਬਾਸਮਤੀ ਦਾ ਟੈਗ ਹਾਸਲ ਹੈ। ਜੀ.ਆਈ. ਰਜਿਸਟਰੀ ਵਲੋਂ ਇੰਟੇਲੈਕਚੁਅਲ ਪ੍ਰਾਪਰਟੀ ਐਪੇਲੇਟ ਬੋਰਡ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਕੀਤੀ ਗਈ ਬਾਸਮਤੀ ਨੂੰ ਜੀ. ਆਈ. ਦਿੱਤਾ ਹੋਇਆ ਹੈ। ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਕੀਤੀ ਗਈ ਬਾਸਮਤੀ ਕਿਸਮਾਂ ਦੀ ਫ਼ਸਲ ਨੂੰ ਬਾਸਮਤੀ ਮੰਨਿਆ ਜਾਂਦਾ ਹੈ। ਇਨ੍ਹਾਂ ਰਾਜਾਂ ਦੀ ਫ਼ਸਲ ਹੀ ਬਾਸਮਤੀ ਦੇ ਤੌਰ 'ਤੇ ਬਰਾਮਦ ਕੀਤੀ ਜਾਂਦੀ ਹੈ। ਇਹ ਸੱਤੇ ਰਾਜ ਬਾਸਮਤੀ ਦੇ ਜੀ. ਆਈ. ਜ਼ੋਨ ਵਿਚ ਆਉਂਦੇ ਹਨ। ਪਿੱਛੇ ਜਿਹੇ ਮੱਧ ਪ੍ਰਦੇਸ਼ ਨੇ ਜੀ. ਆਈ. ਵਿਚ ਸ਼ਾਮਲ ਹੋਣ ਲਈ ਜੀ. ਆਈ. ਰਜਿਸਟਰੀ ਕੋਲ ਪਹੁੰਚ ਕੀਤੀ ਸੀ ਤਾਂ ਜੋ ਉਸ ਰਾਜ ਵਿਚ ਉਗਾਈ ਜਾ ਰਹੀ ਬਾਸਮਤੀ ਦੀਆਂ ਕਿਸਮਾਂ ਦੇ ਉਤਪਾਦਨ ਵੀ ਬਾਸਮਤੀ ਤਸੱਵਰ ਕੀਤਾ ਜਾਏ। ਜੀ. ਆਈ. ਰਜਿਸਟਰੀ ਨੇ ਘੋਖ ਤੋਂ ਬਾਅਦ ਮੱਧ ਪ੍ਰਦੇਸ਼ ਵਲੋਂ ਕੀਤੀ ਗਈ ਮੰਗ ਨੂੰ ਰੱਦ ਕਰ ਦਿੱਤਾ। ਹੁਣ ਮੱਧ ਪ੍ਰਦੇਸ਼ ਨੇ ਮਦਰਾਸ ਹਾਈ ਕੋਰਟ ਵਿਚ ਜੀ. ਆਈ. ਰਜਿਸਟਰੀ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਹੈ। ਭਾਰਤ ਸਰਕਾਰ ਨੇ ਇਸ ਸਬੰਧੀ ਪੀ. ਏ. ਯੂ. ਦੇ ਉੱਪ ਕੁਲਪਤੀ ਡਾ: ਬਲਦੇਵ ਸਿੰਘ ਢਿਲੋਂ ਦੀ ਪ੍ਰਧਾਨਗੀ ਥੱਲੇ ਮਾਹਿਰਾਂ ਦੀ ਇਕ ਕਮੇਟੀ ਬਣਾ ਕੇ ਇਸ ਸਬੰਧੀ ਆਪਣੀ ਸਿਫਾਰਸ਼ ਕਰਨ ਨੂੰ ਕਿਹਾ। ਇਸ ਕਮੇਟੀ ਵਿਚ ਪ੍ਰਸਿੱਧ ਵਿਗਿਆਨੀ ਡਾ: ਵੀ. ਪੀ. ਸਿੰਘ, ਡਾ: ਬੀ. ਮਿਸ਼ਰਾ, ਡਾ: ਅਸ਼ੋਕ ਕੁਮਾਰ ਸਿੰਘ ਅਤੇ ਪੀ. ਵੀ. ਐਸ. ਪਨਵਰ, ਅਪੀਡਾ ਦੇ ਡਾਇਰੈਕਟਰ ਏ. ਕੇ. ਗੁਪਤਾ ਅਤੇ ਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਜੱਬਲਪੁਰ ਦੇ ਬੀ. ਕੇ. ਮਿਸ਼ਰਾ ਸ਼ਾਮਿਲ ਸਨ। ਇਸ ਕਮੇਟੀ ਵਲੋਂ ਮੱਧ ਪ੍ਰਦੇਸ਼ ਦਾ ਬਾਸਮਤੀ ਪੈਦਾ ਕਰਨ ਦਾ ਕਲੇਮ ਰੱਦ ਕਰਨ ਦੀ ਸਿਫਾਰਸ਼ ਕਰ ਦਿੱਤੀ ਗਈ ਹੈ। ਪਰੰਤੂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਰਾਜ ਨੂੰ ਜੀ. ਆਈ. ਜ਼ੋਨ 'ਚ ਸ਼ਾਮਿਲ ਕਰਵਾਉਣ 'ਤੇ ਤੁਲੇ ਹੋਏ ਹਨ, ਕਿਉਂਕਿ ਮੱਧ ਪ੍ਰਦੇਸ਼ ਵਿਚ ਇਸ ਵੇਲੇ 2 ਲੱਖ ਹੈਕਟੇਅਰ ਰਕਬੇ 'ਤੇ ਬਾਸਮਤੀ ਕਿਸਮਾਂ ਦੀ ਕਾਸ਼ਤ ਹੋਣ ਲੱਗ ਪਈ ਹੈ। ਜਿਸ ਦੀ ਕੀਮਤ 2600 ਕਰੋੜ ਰੁਪਏ ਦੇ ਕਰੀਬ ਬੈਠਦੀ ਹੈ।
ਰਾਜਨੀਤਕ ਕਾਰਨਾਂ ਕਾਰਨ 2019 ਦੀਆਂ ਚੋਣਾਂ ਨੇੜੇ ਹੋਣ ਦੇ ਮੱਦੇ ਨਜ਼ਰ ਇਹ ਇਤਰਾਜ਼ ਉਠਾਏ ਜਾਣ ਉਪਰੰਤ ਕਿ ਪਹਿਲੀ ਕਮੇਟੀ ਜੀ. ਆਈ. ਪ੍ਰਾਪਤ ਰਾਜਾਂ ਦੇ ਵਿਗਿਆਨੀਆਂ 'ਤੇ ਆਧਾਰਤ ਹੈ, ਭਾਰਤ ਸਰਕਾਰ ਨੇ ਪੀ. ਪੀ. ਵੀ. ਐਫ. ਐਂਡ ਆਰ. ਏ. ਦੇ ਸਾਬਕਾ ਚੇਅਰਪਰਸਨ ਆਰ. ਆਰ. ਹੰਚੀਨਾਲ ਦੀ ਸਰਕਰਦਗੀ ਥੱਲੇ ਦੂਜੇ ਰਾਜਾਂ (ਜੋ ਬਾਸਮਤੀ ਨਹੀਂ ਉਗਾਉਂਦੇ) ਤੋਂ ਮੈਂਬਰ ਲੈ ਕੇ ਇਕ ਨਵੀਂ ਕਮੇਟੀ ਬਣਾ ਦਿੱਤੀ ਜੋ ਮੱਧ ਪ੍ਰਦੇਸ਼ ਨੂੰ ਬਾਸਮਤੀ ਦੇ ਜੀ. ਆਈ. ਜ਼ੋਨ 'ਚ ਸ਼ਾਮਿਲ ਕਰਨ ਸਬੰਧੀ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਨੂੰ ਆਪਣੀ ਸਿਫਾਰਸ਼ ਕਰੇਗੀ। ਵਿਗਿਆਨੀਆਂ, ਬਰੀਡਰਾਂ ਤੇ ਬਾਸਮਤੀ ਸ਼ੈਲਰਾਂ ਵਲੋਂ ਇਸ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਜੋ ਇਸ ਵੇਲੇ ਵਿਦੇਸ਼ਾਂ ਨੂੰ ਬਾਸਮਤੀ ਬਰਾਮਦ ਕੀਤੀ ਜਾਂਦੀ ਹੈ, ਉਸ ਵਿਚ ਮੁੱਖ ਯੋਗਦਾਨ ਪੰਜਾਬ ਤੇ ਹਰਿਆਣਾ ਦਾ ਹੈ। ਜੇ ਮੱਧ ਪ੍ਰਦੇਸ਼ ਨੂੰ ਬਾਸਮਤੀ ਦਾ ਜੀ, ਆਈ, ਦੇ ਦਿੱਤਾ ਜਾਂਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਜ਼ਬਰਦਸਤ ਸੱਟ ਲੱਗਣ ਦੀ ਸੰਭਾਵਨਾ ਹੈ ਅਤੇ ਭਾਰਤ ਦਾ ਗੌਰਵ ਬਾਸਮਤੀ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਸਾਖ ਵੀ ਖਤਮ ਹੋ ਜਾਣ ਦੀ ਸੰਭਾਵਨਾ ਹੈ। ਇਸ ਨਾਲ ਪਾਕਿਸਤਾਨ ਵੀ ਆਪਣੀ ਬਾਸਮਤੀ ਲਈ ਨਿਯਤ ਜੀ. ਆਈ. ਜ਼ੋਨ ਨੂੰ ਵਧਾਉਣ ਦਾ ਉਪਰਾਲਾ ਕਰੇਗਾ ਅਤੇ ਇਸ ਤਰ੍ਹਾਂ ਉਹ ਭਾਰਤ ਦਾ ਇਕੋ-ਇਕ ਪ੍ਰਤੀਯੋਗੀ (ਕੰਪੀਟੀਟਰ) ਲਾਭ ਉਠਾ ਲਵੇਗਾ।
ਮਦਰਾਸ ਹਾਈ ਕੋਰਟ 'ਚ ਮੱਧ ਪ੍ਰਦੇਸ਼ ਦੇ ਕਲੇਮ ਦੀ ਸੁਣਵਾਈ 9-10 ਜੁਲਾਈ ਲਈ ਨਿਯਤ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ: ਕਾਹਨ ਸਿੰਘ ਪੰਨੂ ਅਨੁਸਾਰ ਪੰਜਾਬ ਸਰਕਾਰ ਨੇ ਇਸ ਸਬੰਧੀ ਭਾਰਤ ਸਰਕਾਰ ਵਲੋਂ ਮਾਹਿਰਾਂ ਦੀ ਨਵੀਂ ਕਮੇਟੀ ਬਣਾਉਣ ਦੀ ਵਿਰੋਧਤਾ ਕੀਤੀ ਹੈ। ਖੇਤੀਬਾੜੀ ਸਕੱਤਰ ਸ: ਪੰਨੂ ਅਨੁਸਾਰ ਮੁੱਖ ਮੰਤਰੀ ਨੇ ਇਸ ਸਬੰਧੀ ਕੇਂਦਰ ਦੇ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੂੰ ਪੱਤਰ ਵੀ ਲਿਖਿਆ ਹੈ।


-ਮੋਬਾਈਲ : 98152-36307

ਰੁੱਤ ਰੁੱਖਾਂ ਦੀ ਆਈ

ਰੁੱਖ ਤੇ ਮਨੁੱਖ ਦੀ ਸਦੀਆਂ ਤੋਂ ਸਾਂਝ ਰਹੀ ਹੈ। ਰੁੱਖ ਕਿਸੇ ਸੰਤਾਂ-ਫ਼ਕੀਰਾਂ ਤੋਂ ਘੱਟ ਨਹੀਂ। ਇਹ ਪੂਰੀ ਕਾਇਨਾਤ ਲਈ ਦੇਵਤਾ ਹਨ। ਭਾਵ ਪਸ਼ੂ-ਪੰਛੀ, ਜੀਵ-ਜੰਤੂ ਅਤੇ ਮਨੁੱਖ ਸਭ ਨੂੰ ਆਲ੍ਹਣਿਆਂ ਤੋਂ ਇਲਾਵਾ ਫਲ, ਫੁੱਲ, ਦਵਾਈਆਂ ਲਈ ਪੱਤੇ, ਤਣੇ, ਛਿੱਲਾਂ ਤੋਂ ਇਲਾਵਾ ਵੀ ਮਣਾਂ ਮੂੰਹੀ ਆਕਸੀਜਨ ਦਿੰਦੇ ਹਨ। ਇਨ੍ਹਾਂ ਦੇ ਲਾਭਾਂ ਦਾ ਵਰਨਣ ਜਿੰਨਾ ਵੀ ਕੀਤਾ ਜਾਵੇ ਓਨਾ ਹੀ ਘੱਟ ਹੈ। ਭਾਰਤ ਵਿਚ ਜਿਥੇ ਇਕ ਬੰਦੇ ਪਿੱਛੇ 28 ਰੁੱਖ ਆਉਂਦੇ ਹਨ, ਉਥੇ ਕੈਨੇਡਾ ਵਰਗੇ ਦੇਸ਼ ਦੇ ਇਕ ਨਾਗਰਿਕ ਦੇ ਹਿੱਸੇ 8953 ਰੁੱਖ ਹਨ। ਇਸ ਤੋਂ ਇਹ ਪਤਾ ਲਗਦਾ ਹੈ ਕਿ ਰੁੱਖਾਂ ਦੀ ਪੂਰੀ ਕਾਇਨਾਤ ਲਈ ਸ਼ੁੱਧ ਆਬੋ ਹਵਾ ਤੇ ਅਣਗਿਣਤ ਲਾਭਾਂ ਤੋਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਅਸੀਂ ਕਾਫ਼ੀ ਪਿੱਛੇ ਹਾਂ। ਖ਼ਾਸ ਕਰ ਕੇ ਪਾਣੀ ਦੀ ਕਿੱਲਤ ਨਾਲ ਜੋ ਧਰਤੀ ਹੇਠਾਂ ਹੈ, ਅਸੀ ਹੁਣ ਤੋਂ ਹੀ ਚਿੰਤਤ ਹਾਂ ਅਤੇ ਜੂਝ ਰਹੇ ਹਾਂ। ਰੁੱਖ ਵਰਖਾ ਲਿਆਉਣ ਲਈ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਸੋ ਸਾਡਾ ਸਭ ਦਾ ਫਰਜ਼ ਹੈ ਕਿ ਭਾਰਤ ਦੀ 125 ਕਰੋੜ ਆਬਾਦੀ ਆਪਣਾ ਆਤਮਿਕ ਫਰਜ਼ ਸਮਝਦੇ ਹੋਏ ਘੱਟੋ-ਘੱਟ 5-5 ਪੌਦੇ ਲਗਾ ਕੇ ਇਸ ਨੂੰ ਪਾਲਣ।
ਰੁੱਖਾਂ ਤੋਂ ਅਸੀਂ ਸ਼ੁੱਧ ਆਕਸੀਜਨ ਲੈ ਸਕਦੇ ਹਾਂ, ਢੇਰ ਸਾਰੀਆਂ ਬਿਮਾਰੀਆਂ ਅਤੇ ਉਸ ਉੱਪਰ ਫਜ਼ੂਲ ਪੈਸਾ ਖਰਚਣ ਤੋਂ ਬਚ ਸਕਦੇ ਹਾਂ। ਰੁੱਖ ਤੰਦਰੁਸਤੀ ਦੇ ਭੰਡਾਰ ਹਨ।
ਸਾਥੀਉ! ਹੁਣ ਜੁਲਾਈ ਅਗਸਤ ਦਾ ਮਹੀਨਾ ਪੌਦੇ ਲਗਾਉਣ ਦਾ ਸ਼ੂਰੂ ਹੈ ਸਾਨੂੰ ਹਰੇਕ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਸਾਨੂੰ ਇਹ ਚਾਹੀਦਾ ਹੈ ਕਿ ਵੱਧ ਤੋਂ ਵੱਧ ਟੋਏ ਪੁੱਟ ਕੇ ਉਸ ਨੂੰ 20-25 ਦਿਨ ਖਾਲੀ ਰਹਿਣ ਦਈਏ ਅਤੇ ਉਸ ਦੀ ਉਪਜਾਊ ਸ਼ਕਤੀ ਲਈ ਥੋੜ੍ਹੀ ਜਿਹੀ ਦੇਸੀ ਖਾਦ ਤੇ ਬਾਹਰ ਪਈ ਮਿੱਟੀ ਦਾ ਰਲੇਵਾਂ ਕਰਕੇ ਅੱਧੀ ਮਿਟੀ ਡੂੰਘੇ ਟੋਏ ਵਿਚ ਮੁੜ ਪਾ ਦਿਉ। ਉਨ੍ਹਾਂ ਟੋਇਆਂ ਨੂੰ ਪਾਣੀ ਨਾਲ ਭਰ ਦਿਉ ਜੋ ਕਿ ਬੂਟਿਆਂ ਦੇ ਵਿਕਾਸ ਲਈ ਪੂਰਨ ਸਹਾਇਕ ਹੋਣਗੇ। ਪਿੰਡਾਂ ਤੇ ਸ਼ਹਿਰਾਂ 'ਚ ਸੜਕਾਂ ਖੁੱਲ੍ਹੀਆਂ ਥਾਵਾਂ ਅਤੇ ਜਿੱਥੇ ਲੋੜ ਹੋਵੇ, ਉਥੇ ਉਸ ਦੀ ਮੰਗ ਅਨੁਸਾਰ ਫਲਾਂ ਵਾਲੇ ਬੋਹੜ, ਪਿੱਪਲ ਆਦਿ ਰੁੱਖ ਲਗਾਏ ਜਾ ਸਕਦੇ ਹਨ।
ਸਕੂਲਾਂ, ਕਾਲਜਾਂ ਵਿਚ ਐੱਨ. ਸੀ. ਸੀ./ਐੱਨ. ਐੱਸ. ਐੱਸ., ਸਕਾਊਟਿੰਗ ਗਰਲ ਗਾਈਡਿੰਗ ਯੂਨਿਟਸ ਹਨ, ਬੂਟੇ ਲਗਾ ਕੇ ਸਾਂਭਣ ਲਈ ਇਸ ਫ਼ੌਜ ਤੋਂ ਲਾਹਾ ਲਿਆ ਜਾ ਸਕਦਾ ਹੈ। ਇਨ੍ਹਾਂ ਨੂੰ ਬੂਟੇ ਲੱਗਣ ਤੋਂ ਇਕ ਸਾਲ ਬਾਅਦ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇ। ਬੱਚੇ ਤੇ ਨੌਜਵਾਨਾਂ ਨੂੰ ਦਿੱਤੀ ਸ਼ਾਬਾਸ਼ ਦੇ ਅਰਥ ਹਮੇਸ਼ਾ ਫਲਦਾਇਕ ਹੋ ਨਿੱਬੜੇ ਹਨ। ਰੁੱਖ ਪ੍ਰੇਮੀਆਂ ਨੂੰ ਚਾਹੀਦਾ ਹੈ ਕਿ ਜਦੋਂ ਘਰ ਲਿਆ ਕੇ ਫਲ ਖਾਣ ਉਨ੍ਹਾਂ ਫਲਾਂ ਦੀਆਂ ਗਿਟਕਾਂ ਡਸਟਬਿਨ ਵਿਚ ਨਾ ਸੁੱਟਣ ਬਲਕਿ ਇਨ੍ਹਾਂ ਨੂੰ ਸੁਕਾ ਕੇ ਜਦੋਂ ਸੈਰ ਕਰਨ ਜਾਣ, ਆਲੇ-ਦੁਆਲੇ ਦੀਆਂ ਸੜਕਾਂ, ਰਸਤਿਆਂ ਦੇ ਨਾਲ ਖਿਲਾਰਦੇ ਜਾਣ। ਵਿਦੇਸ਼ਾਂ ਵਿਚ ਇਸ ਕੌਮੀ ਆਚਰਣ ਨੇ ਸੜਕਾਂ 'ਤੇ ਫਲਾਂ ਵਾਲੇ ਰੁੱਖ ਭਰ ਦਿੱਤੇ ਹਨ। ਲੋਕ ਰੋਜ਼ ਰੱਜ ਕੇ ਇਨ੍ਹਾਂ ਫਲਾਂ ਦੀ ਵਰਤੋਂ ਕਰਦੇ ਹਨ। ਆਓ ਰੁੱਖਾਂ ਦੇ ਸ਼ਾਨਦਰ ਮੌਸਮ ਸਾਵਣ-ਭਾਦੋਂ ਵਿਚ ਅਣਗਿਣਤ ਰੁੱਖ ਲਗਾ ਕੇ ਕੁਦਰਤ ਨੂੰ ਸਲਿਊਟ ਕਰੀਏ।


-(ਲੈਕ: ਸਰੀਰਕ ਸਿੱਖਿਆ) ਸ.ਕੰ.ਸ.ਸ.ਸ. ਲਾਡੋਵਾਲੀ ਰੋਡ, ਜਲੰਧਰ।

ਜਿਵੇਂ ਹੋ, ਤਿਵੇਂ ਰਹੋ

ਹਰੇਕ ਯੁੱਗ ਵਿਚ ਇਨਸਾਨ ਬਣ-ਠਣ ਕਿ ਰਹਿਣ ਦਾ ਸ਼ੌਕੀਨ ਰਿਹਾ ਹੈ। ਪੁਰਾਣੇ ਜ਼ਮਾਨੇ 'ਚ ਮਹਿੰਦੀ, ਸੁਰਮਾ ਜਾਂ ਦੰਦਾਸਾ ਜੇ ਹੁੰਦੇ ਸਨ ਤਾਂ ਅੱਜ ਹਜ਼ਾਰਾਂ ਕਿਸਮ ਦੀਆਂ ਕਰੀਮਾਂ ਜਾਂ ਪਾਊਡਰ ਆਦਿ ਹਨ। ਇਸੇ ਤਰ੍ਹਾਂ ਕਦੇ ਖੁੱਲ੍ਹੇ ਤੇ ਕਦੇ ਤੰਗ ਕੱਪੜੇ, ਘੱਗਰੇ ਤੋਂ ਬੈੱਲ ਬਾਟਮ ਤੇ ਫੇਰ ਤੰਗ ਪਜਾਮੀਆਂ ਦਾ ਸਫਰ ਨਿਰੰਤਰ ਜਾਰੀ ਹੈ। ਵਾਲ ਕਾਲੇ ਕਰਨ ਦੇ ਸੈਂਕੜੇ ਤਰੀਕੇ ਇਜਾਦ ਹੋ ਚੁੱਕੇ ਹਨ। ਵੱਡਾ ਸਵਾਲ ਤਾਂ ਇਹ ਹੈ ਕਿ ਆਖਰ ਉਹ ਕੀ ਮਜਬੂਰੀ ਹੈ, ਇਹ ਸਭ ਕੁਝ ਕਰਨ ਦੀ? ਮੇਰੀ ਸਮਝ ਮੁਤਾਬਿਕ ਤਾਂ ਇਕੋ ਕਾਰਨ ਹੈ, ਮਨੁੱਖ ਆਪਣੇ-ਆਪ ਨੂੰ ਵੱਡਾ ਹੁੰਦਾ ਨਹੀਂ ਦੇਖ/ਸਹਿ ਸਕਦਾ। ਉਹ ਵੱਧਦੀ ਉਮਰ ਨੂੰ ਧੋਖਾ ਦੇਣਾ ਚਾਹੁੰਦਾ ਹੈ। ਪਰ ਉਹ ਭੁੱਲ ਜਾਂਦਾ ਹੈ ਕਿ ਕੁਦਰਤ ਨੇ ਹਰ ਉਮਰ ਨੂੰ ਇਕ ਖਾਸ ਰੂਪ, ਸੁਭਾਅ ਤੇ ਅਨੰਦ ਦੇਣਾ ਹੁੰਦਾ ਹੈ। ਅਸੀਂ ਆਪ ਹੀ ਆਪਣੇ-ਆਪ ਨੂੰ ਇਸ ਤੋਂ ਵਾਂਝੇ ਕਰ ਲੈਂਦੇ ਹਾਂ ਜਿਵੇਂ ਪਿੰਡਾਂ 'ਚੋਂ ਉੱਠ ਕੇ ਵਿਦੇਸ਼ਾਂ ਵਿਚ ਜਾ ਕੇ ਜੇਕਰ ਅਸੀਂ ਆਪਣੀ ਪਛਾਣ ਗੁਆ ਲਵਾਂਗੇ ਤਾਂ, ਸਾਡੇ ਅੰਦਰ ਭਟਕਣ ਵਧੇਗੀ। ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਰੂਪ ਜਾਂ ਸੁਭਾਅ ਨੂੰ ਨਕਲੀਪਨ ਦੇਵਾਂਗੇ ਤਾਂ ਕਦੇ ਵੀ ਅਨੰਦਿਤ ਨਹੀਂ ਹੋ ਸਕਾਂਗੇ। ਹਾਂ ਇਹ ਜ਼ਰੂਰ ਹੋ ਸਕਦਾ ਕਿ ਰੂਪਸੱਜਾ ਨਾਲ ਜੁੜੇ ਲੋਕਾਂ ਦੇ ਵਪਾਰ ਘੱਟ ਜਾਣ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬੀ ਲੋਕਾਂ ਦੇ ਜੀਵਨ ਦੀਆਂ ਆਮ ਗਤੀਵਿਧੀਆਂ ਨਾਲ ਵੀ ਪੰਛੀਆਂ ਦੇ ਰਿਸ਼ਤੇ ਕਿਸੇ ਨਾ ਕਿਸੇ ਰੂਪ'ਚ ਨਿਰੰਤਰ ਜੁੜੇ ਰਹੇ ਹਨ। ਪੰਜਾਬ ਦੇ ਲੋਕ ਰਾਤਾਂ ਨੂੰ ਚਾਰ ਹਿੱਸਿਆਂ (ਪਹਿਰਾਂ) ਵਿਚ ਵੰਡ ਕੇ ਆਪਣੇ ਕੰਮਾਂ ਦੀ ਵਿਉਂਤਬੰਦੀ ਕਰਦੇ ਰਹੇ ਹਨ, ਰਾਤ ਦੇ ਹਰ ਪਹਿਰ ਬਾਅਦ ਘੁੱਗੀਆਂ ਬੋਲਦੀਆਂ ਸਨ, ਤੜਕੇ ਨੂੰ ਕੰਮ 'ਤੇ ਜਾਣ ਲਈ ਕੁੱਕੜ ਦੀ ਬਾਂਗ ਅਲਾਰਮ ਦਾ ਕੰਮ ਕਰਦੀ ਸੀ, ਬਨੇਰਿਆਂ'ਤੇ ਬੈਠ ਕੇ ਕਾਵਾਂ ਦਾ ਕੁਰਲਾਉਣਾਂ ਘਰ ਵਿਚ ਪਿਆਰੇ ਮਹਿਮਾਨਾਂ ਦੀ ਆਮਦ ਦਾ ਸੰਕੇਤ ਸਮਝਿਆ ਜਾਂਦਾ ਸੀ, ਇਸੇ ਤਰ੍ਹਾਂ ਪਪੀਹੇ ਦੇ ਬੋਲਣ ਨੂੰ ਮੀਂਹ ਵਰ੍ਹਨ ਦੀ ਸੰਭਾਵਨਾ ਵਜੋਂ ਵੇਖਿਆ ਜਾਂਦਾ ਸੀ।
ਹਰੇ-ਭਰੇ ਤੇ ਸੰਘਣੀਆਂ ਛਾਵਾਂ ਵਾਲੇ ਬਿਰਛਾਂ ਵਿਚ ਸੂਰਜ ਚੜ੍ਹਨ ਤੋਂ ਪਹਿਲਾਂ ਪੰਛੀਆਂ ਦੀਆਂ ਵੰਨ ਸੁਵੰਨੀਆਂ ਤੇ ਖ਼ੂਬਸੂਰਤ ਆਵਾਜ਼ਾਂ ਦਾ ਥ੍ਹਿਰਕਦਾ ਸੰਗੀਤ ਇਨਸਾਨਾਂ ਦਾ ਮਨ ਮੋਹ ਲੈਂਦਾ ਸੀ, ਅੱਜ ਅਜਿਹੇ ਸੁੰਦਰ ਗੀਤ ਗਾਉਣ ਵਾਲੇ ਕਈ ਕੀਮਤੀ ਪੰਛੀਆਂ ਦੀਆਂ ਜਾਤੀਆਂ ਅਲੋਪ ਹੋ ਚੁੱਕੀਆਂ ਹਨ।
ਪੰਛੀ ਕਿਸਾਨਾਂ ਦੀਆਂ ਫ਼ਸਲਾਂ ਦੇ ਹਾਨੀਕਾਰਕ ਕੀੜੇ ਖਾ ਕੇ ਖੇਤੀ ਦੇ ਕੰਮ ਵਿਚ ਸਹਾਈ ਹੁੰਦੇ ਸਨ, ਅਜਿਹੇ ਪੰਛੀਆਂ ਵਿਚ ਘੁੱਗੀਆਂ, ਸ਼ਾਰਕਾਂ (ਗੁਟਾਰਾਂ) ਕਮਾਦੀ ਕੁੱਕੜ, ਬੁਲਬੁਲਾਂ ਟਟ੍ਹੀਰੀਆਂ ਤੇ ਚੇਪੂ ਸ਼ਾਮਿਲ ਸਨ । ਕਾਂ ਤੋਤੇ ਤੇ ਚਿੜੀਆਂ ਕਈ ਵਾਰ ਕਈ ਫ਼ਸਲਾਂ ਦਾ ਨੁਕਸਾਨ ਵੀ ਕਰ ਜਾਂਦੇ ਸਨ, ਚਿੜੀਆਂ ਦੇ ਝੁੰਡ ਤਾਂ ਆਪਣੀਆਂ ਚੁੰਜਾਂ ਨਾਲ ਬਾਜਰੇ ਦੇ ਸਿੱਟਿਆਂ'ਚੋਂ ਦਾਣੇ ਕੱਢ ਕੇ ਇਨ੍ਹਾਂ ਨੂੰ ਖਾਲੀ ਕਰ ਦਿੰਦੇ ਸਨ, ਚਿੜੀਆਂ ਦੇ ਝੁੰਡ ਨੂੰ'ਸਰਾਘਾ'ਕਿਹਾ ਜਾਂਦਾ ਸੀ ਇਨ੍ਹਾਂ ਨੂੰ ਮਾਰਨਾਂ ਅਨੈਤਿਕ ਸਮਝਿਆ ਜਾਂਦਾ ਸੀ, ਪੁਰਾਣੇ ਵੇਲੇ ਨੀਲੇ ਰੰਗ ਦਾ ਇਕ ਖੂਬਸੂਰਤ ਤੇ ਸਮੱਰਥਾਵਾਨ ਪੰਛੀ ਹੁੰਦਾ ਸੀ'ਬੜਕੌਂਕ'ਇਸ ਨੂੰ ਗਰੁੜ ਕਿਹਾ ਜਾਂਦਾ ਸੀ। ਅੰਬਾਂ ਨੂੰ ਫਲ ਪੈਣ ਉਪਰੰਤ ਬਾਗਾਂ ਵਿਚ ਕੋਇਲਾਂ ਆਪਣੀ ਮਧੁਰ ਆਵਾਜ਼ ਨਾਲ ਸਭ ਦਾ ਮੰਨੋਰਜਨ ਕਰਦੀਆਂ ਸਨ।
ਪੰਜਾਬੀ ਸੱਭਿਆਚਾਰ ਦੀ ਸ਼ਾਨਾਮੱਤੀ ਬੁਨਿਆਦ ਵਿਚ ਪੱਕੀਆਂ ਤੇ ਖ਼ੂਬਸੂਰਤ ਇੱਟਾਂ ਪੰਜਾਬੀ ਭਾਸ਼ਾ ਤੇ ਸਾਹਿਤ ਨੇ ਧਰੀਆਂ ਹਨ, ਪੰਜਾਬੀਆਂ ਦੀ ਵਿਸ਼ਾਲ ਤੇ ਸੁਹਿਰਦ ਮਾਨਸਿਕਤਾ ਉਨ੍ਹਾਂ ਦੀ ਮਿੱਤਰਤਾ, ਸੱਜਣਤਾਈ ਤੇ ਪ੍ਰਾਹੁਣਚਾਰੀ ਦੇ ਗੁਣਾਂ ਨੂੰ ਪ੍ਰਕਾਸ਼ਮਾਨ ਤੇ ਕੋਨੇ'ਕੋਨੇ ਤੱਕ ਪੁੱਜਦੇ ਕਰਨ ਦਾ ਕੰਮ ਵੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੇ ਹੀ ਕੀਤਾ ਹੈ।
ਪੁਰਾਣੇਪੇਂਡੂ ਸਮਾਜ ਵਿਚ ਪੰਜਾਬੀਆਂ ਦੀ ਭਾਵੀ ਤੇ ਕਰਾਮਾਤੀ ਮਾਨਸਿਕਤਾ ਦੇ ਵਿਭਾਜਨ ਤੇ ਇਸ ਨੂੰ ਲੀਰੋ ਲੀਰ ਕਰਕੇ ਵਿਕੇਂਦਰਿਤ ਕਰਨ ਦਾ ਘਿਨਾਉਣਾ ਕੰਮ ਧਰਮ ਤੇ ਰਾਜਨੀਤੀ ਦੇ ਸੰਚਾਲਕਾਂ ਨੇ ਸ਼ੁਰੂ ਨਹੀਂ ਸੀ ਕੀਤਾ, ਇਸੇ ਕਰਕੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਉਸਾਰੀ ਵਿਚ ਇਕ ਸਰਬਸਾਂਝੇ ਪਰਿਵਾਰ ਦੇ ਰੂਪ ਵਿਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਅਤੇ ਹੋਰ ਫਿਰਕਿਆਂ ਤੇ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੇ ਸੁਹਿਰਦ ਮਨਾਂ ਨਾਲ ਬਰਾਬਰ ਹਿੱਸਾ ਪਾਇਆ।
ਪੰਜਾਬੀ ਭਾਸ਼ਾ ਨੂੰ ਇਕ ਮੁਸਲਮਾਨ ਕਵੀ ਫਿਰੋਜ਼ਦੀਨ ਸਰਫ਼ ਨੇ ਇਹ ਲਿਖ ਕੇ ਇਤਿਹਾਸਕ ਮਾਣ ਬਖਸ਼ਿਆ ਸੀ-
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ,
ਵਾਰਸਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ,
ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ।
ਰਹਾਂ ਏਥੇ ਤੇ ਯੂ.ਪੀ. ਵਿਚ ਕਰਾਂ ਗੱਲਾਂ,
ਐਸੀ ਅਕਲ ਨੂੰ ਛਿੱਕੇ'ਤੇ ਟੰਗਦਾਂ ਹਾਂ।
ਲੋਂਗ ਕਿਸੇ ਪੰਜਾਬਣ ਦੀ ਨੱਥ ਦਾ ਹਾਂ,
ਟੋਟਾ ਕਿਸੇ ਪੰਜਾਬ ਦੀ ਵੰਗ ਦਾ ਹਾਂ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਪਰਕ : 94632-33991.

ਵਿਰਸੇ ਦੀਆਂ ਬਾਤਾਂ

ਘਰ ਬਣਾਉਣਾ ਕੋਈ ਮੇਰੇ ਤੋਂ ਸਿੱਖੇ

ਘਰ ਬਣਾਉਣਾ ਮਨੁੱਖ ਦੀ ਨਹੀਂ, ਪੰਛੀਆਂ ਦੀ ਵੀ ਪਹਿਲੀ ਲੋੜ ਹੈ। ਚਿੜੀਆਂ, ਘੁੱਗੀਆਂ, ਕਬੂਤਰਾਂ ਨੂੰ ਤੀਲਾ-ਤੀਲਾ 'ਕੱਠਾ ਕਰਦਿਆਂ ਦੇਖ ਖਿਆਲ ਆਉਂਦੈ, ਇਹ ਵੀ ਘਰ ਦੀ ਲੋੜ ਨੂੰ ਸਮਝਦੇ ਹਨ। ਚੋਗੇ ਖਾਤਰ ਦਿਨ ਭਰ ਕਿਤੇ ਵੀ ਜਾਣ, ਪਰ ਅਸਲ ਆਰਾਮ ਆਪਣੇ ਘਰ ਆ ਕੇ ਮਿਲਦਾ। ਜਦੋਂ ਉੁਨ੍ਹਾਂ ਪੰਛੀਆਂ ਦਾ ਘਰ ਹਨੇਰੀ ਜਾਂ ਕਿਸੇ ਜਾਨਵਰ ਦੇ ਹਮਲੇ ਨਾਲ ਢਹਿ ਜਾਂਦਾ ਤਾਂ ਪੰਛੀ ਮਸੋਸੇ ਜਾਂਦੇ ਹਨ। ਖਿੱਲਰੇ ਤੀਲੇ ਦੇਖ ਉਨ੍ਹਾਂ ਦੀਆਂ ਵੀ ਅੱਖਾਂ ਭਰਦੀਆਂ ਹੋਣਗੀਆਂ। ਜੇ ਸਾਡੇ ਘਰ ਨੂੰ ਕੋਈ ਅਚਾਨਕ ਆ ਕੇ ਢਾਹ ਦੇਵੇੇ, ਮੀਂਹ, ਹਨੇਰੀ, ਭੁਚਾਲ ਨਾਲ ਢਹਿ ਜਾਵੇ ਤਾਂ ਸਾਡੇ 'ਤੇ ਕੀ ਬੀਤੇਗੀ?
ਇਸ ਤਸਵੀਰ ਨੂੰ ਦੇਖ ਮਨ ਅਸ਼-ਅਸ਼ ਕਰ ਉੱਠਿਆ। ਬਿਜੜੇ ਵਰਗਾ ਘਰ ਕੋਈ ਬਣਾ ਹੀ ਨਹੀਂ ਸਕਦਾ। ਨਿੱਕਾ ਜਿੰਨਾ ਪੰਛੀ ਘਰ ਬਣਾਉਣ ਵਿਚ ਏਨਾ ਵੱਡਾ ਇੰਜੀਨੀਅਰ ਸਾਬਤ ਹੁੰਦਾ ਕਿ ਪੁੱਛੋ ਕੁਝ ਨਾ। ਕਦੇ ਬਿਜੜੇ ਦੇ ਆਲ੍ਹਣੇ ਨੂੰ ਅੰਦਰੋਂ ਫਰੋਲ ਕੇ ਦੇਖਿਓ, ਤੁਹਾਨੂੰ ਮੰਜ਼ਲਾਂ ਨਜ਼ਰ ਆਉਣਗੀਆਂ। ਜਿਵੇਂ ਉਹਨੇ ਸੌਣ ਲਈ ਵੱਖਰੀ ਮੰਜ਼ਲ ਰੱਖੀ ਹੋਵੇ ਤੇ ਬਾਕੀ ਕੰਮਾਂ ਲਈ ਵੱਖਰੀ। ਉਹ ਏਨੀ ਮਿਹਨਤ ਨਾਲ ਘਰ ਬਣਾਉਂਦਾ ਹੈ ਕਿ ਉਸ ਵਰਗੀ ਉਦਾਹਰਨ ਹੀ ਕੋਈ ਹੋਰ ਨਹੀਂ।
ਬਿਜੜਾ ਜਦੋਂ ਮੀਂਹ-ਕਣੀ ਮੌਕੇ ਸਿਰ ਬਾਹਰ ਕੱਢ ਕੇ ਹਾਲਾਤ ਦੇਖਦਾ ਹੈ ਤਾਂ ਕਿੰਨਾ ਪਿਆਰਾ ਲਗਦਾ ਹੈ। ਜਿਵੇਂ ਅਸੀਂ ਘਰੋਂ ਨਿਕਲਣ ਵੇਲੇ ਕਹਿੰਦੇ ਹਾਂ, 'ਮਾੜਾ ਜਿਹਾ ਮੀਂਹ ਹਟ ਜਾਵੇ, ਫੇਰ ਘਰੋਂ ਨਿਕਲਦੇ ਹਾਂ।' ਜਾਪਦੈ, ਬਿਜੜਾ ਵੀ ਇਵੇਂ ਸੋਚਦਾ ਹੋਵੇਗਾ। ਵਿਹਲੜ ਲੋਕ ਜਿਹੜੇ ਨਰੋਆ ਸਰੀਰ ਹੋਣ ਦੇ ਬਾਵਜੂਦ ਹਾਲਾਤ ਵਿਚ ਕਸੂਰ ਕੱਢਦੇ ਰਹਿੰਦੇ ਹਨ ਕਿ ਅਸੀਂ ਕੀ ਕਰੀਏ, ਸਾਡੇ ਪੱਲੇ ਕੁੱਝ ਨਹੀਂ। ਉਨ੍ਹਾਂ ਨੂੰ ਮਿਹਨਤ ਪੰਛੀਆਂ ਤੋਂ ਸਿੱਖਣੀ ਚਾਹੀਦੀ ਹੈ। ਇਨ੍ਹਾਂ ਵਾਂਗ ਉੱਚੇ ਉੱਡ ਕੇ ਜ਼ਮੀਨ ਨਾਲ ਜੁੜੇ ਰਹਿਣ ਦਾ ਚੱਜ ਸਿੱਖਣ ਦੀ ਲੋੜ ਹੈ। ਇਨ੍ਹਾਂ ਵਾਂਗ ਮੁਸ਼ਕਲ ਹਾਲਾਤ ਨਾਲ ਮੱਥਾ ਲਾਉਣਾ ਸਿੱਖਣਾ ਚਾਹੀਦਾ। ਗੱਲ 'ਕੱਲੇ ਬਿਜੜੇ ਦੀ ਨਹੀਂ, ਹਰ ਉਸ ਪ੍ਰਾਣੀ ਦੀ ਹੈ, ਜਿਹੜਾ ਜਿਊਂਦਾ ਹੈ ਤੇ ਜਿਊਂਦੇ ਹੋਣ ਦਾ ਫ਼ਰਜ਼ ਅਦਾ ਕਰਦਾ ਹੈ। ਮਜਬੂਰੀਆਂ 'ਚ ਜਿਊਣਾ ਤੇ ਜਿਊਂਦੇ ਜੀਅ ਮਰੂੰ-ਮਰੂੰ ਕਰਦੇ ਰਹਿਣਾ ਸਿਰਫ਼ ਇਨਸਾਨੀ ਸੁਭਾਅ ਦੇ ਹਿੱਸੇ ਆਇਆ ਹੈ, ਪੰਛੀਆਂ ਦੇ ਨਹੀਂ। ਕਦੇ ਕੀੜੀਆਂ ਦੀ ਕਤਾਰ ਨੂੰ ਦੇਖ ਕੇ ਉਨ੍ਹਾਂ ਦੇ ਏਕੇ, ਮੰਜ਼ਲ ਦੀ ਤਾਂਘ ਅਤੇ ਮੀਂਹ ਤੋਂ ਪਹਿਲਾਂ ਖੁੱਡ ਵਿਚ ਦਾਣਾ-ਪਾਣੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵੱਲ ਗੌਰ ਕਰਿਓ, ਬੜਾ ਕੁਝ ਸਿੱਖਣ ਨੂੰ ਮਿਲੇਗਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX