ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਲੋਕ ਮੰਚ

ਪੰਜਾਬ ਵਹਿੰਦਾ ਜਾ ਰਿਹਾ ਨਸ਼ਿਆਂ ਦੇ ਛੇਵੇਂ ਦਰਿਆ ਵਿਚ

ਪੰਜਾਂ ਦਰਿਆਵਾਂ ਦੀ ਧਰਤੀ ਉੱਪਰ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਠਾਠਾਂ ਮਾਰਦਾ ਵਗ ਰਿਹਾ ਹੈ, ਜੋ ਕਿ ਹਰ ਰੋਜ਼ ਅਨੇਕਾਂ ਘਰਾਂ ਦੇ ਹਾਸੇ, ਖੇੜੇ, ਖ਼ੁਸ਼ੀਆਂ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ ਹੈ। ਸਰਕਾਰਾਂ ਸਭ ਕੁਝ ਮੂਕ-ਦਰਸ਼ਕ ਬਣ ਕੇ ਵੇਖ ਰਹੀਆਂ ਹਨ। ਹਰ ਸੂਝਵਾਨ ਵਿਅਕਤੀ ਚਿੰਤਤ ਹੈ। ਕਈ ਪਿੰਡਾਂ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਪੂਰੀ ਤਰ੍ਹਾਂ ਗ੍ਰਸਤ ਹੈ। ਨਸ਼ਿਆਂ ਦੇ ਏਨੀ ਤੇਜ਼ੀ ਨਾਲ ਪੈਰ ਪਸਾਰਨ ਦੇ ਬਹੁਤ ਸਾਰੇ ਕਾਰਨ ਹਨ। ਪੜ੍ਹਨ ਸਮੇਂ ਪਂੇਡੂ ਸਕੂਲਾਂ ਸਾਹਮਣੇ ਬਣੀਆਂ ਛੋਟੀਆਂ-ਛੋਟੀਆਂ ਦੁਕਾਨਾਂ ਉੱਪਰ ਜਦੋਂ ਇਹ ਕੋਈ ਕਾਪੀ ਕਿਤਾਬ ਲੈਣ ਜਾਂਦੇ ਹਨ ਤਾਂ ਉਥੋਂ ਅਜਿਹੀਆਂ ਨਸ਼ੀਲੀਆਂ ਵਸਤਾਂ ਆਮ ਅਤੇ ਸਸਤੀਆਂ ਮਿਲ ਜਾਂਦੀਆਂ ਹਨ। ਜਿਥੋਂ ਨਸ਼ੇ ਦੀ ਸ਼ੁਰੂਆਤ ਹੁੰਦੀ ਹੈ। ਇਸੇ ਤਰ੍ਹਾਂ ਖੇਤੀਬਾੜੀ ਅਤੇ ਹੋਰ ਕੰਮ ਕਰਨ ਵਾਲੇ ਨੌਜਵਾਨ ਕੰਮ ਅਤੇ ਜ਼ੋਰ ਵਾਲੇ ਦਿਨਾਂ ਵਿਚ ਨਸ਼ੇ ਸ਼ੁਰੂ ਕਰ ਲੈਂਦੇ ਹਨ ਜੋ ਕਿ ਇਕ ਦਿਨ ਪੱਕੀ ਆਦਤ ਬਣ ਜਾਂਦੀ ਹੈ। ਪੜ੍ਹੇ-ਲਿਖੇ ਪੇਂਡੂ ਨੌਜਵਾਨਾਂ ਵਿਚ ਬੇਰੁਜ਼ਗਾਰੀ ਵੀ ਵੱਡਾ ਕਾਰਨ ਹੈ ਨਸ਼ਿਆਂ ਦਾ। ਨਸ਼ਿਆਂ ਦੇ ਨੁਕਸਾਨ ਹੀ ਨੁਕਸਾਨ ਹਨ ਲਾਭ ਕੋਈ ਨਹੀਂ। ਸਰੀਰਕ, ਸਮਾਜਿਕ ਤੇ ਆਰਥਿਕ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਜਿੰਨੀਆਂ ਵੀ ਮਾੜੀਆਂ ਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਨਸ਼ਈਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਪੰਜਾਬ ਦੇ ਪਿੰਡਾਂ ਵਿਚ ਕੋਈ ਟਾਵਾਂ-ਟਾਵਾਂ ਨੌਜਵਾਨ ਹੀ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਹੈ। ਜੋ ਕਿ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪੰਜਾਬ ਦੇ ਬਹੁਤ ਸਾਰੇ ਗੀਤਕਾਰ ਅਤੇ ਗਾਇਕ ਕਲਾਕਰ ਵੀ ਇਸ ਬਿਮਾਰੀ ਨੂੰ ਫੈਲਾਉਣ ਲਈ ਜ਼ਿੰਮੇਵਾਰ ਹਨ। ਸਾਡੇ ਗੁਰੂਆਂ ਨੇ ਪਵਿੱਤਰ ਬਾਣੀ ਰਾਹੀਂ ਨਸ਼ਿਆਂ ਤੋਂ ਵਰਜਿਆ ਹੈ। ਜਿਸ ਦਾ ਪ੍ਰਚਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਸੰਘ ਵੱਲੋਂ ਪ੍ਰਮਾਣਿਤ ਦਿਨ 31 ਮਈ ਅਤੇ 26 ਜੂਨ ਵੱਡੀ ਪੱਧਰ 'ਤੇ ਪੰਜਾਬ ਦੇ ਪਿੰਡਾਂ ਵਿਚ ਮਨਾਉਣੇ ਚਾਹੀਦੇ ਹਨ। ਸੰਵਿਧਾਨ ਦੀ ਧਾਰਾ 47 ਸਖ਼ਤੀ ਨਾਲ ਲਾਗੂ ਹੋਣੀ ਚਾਹੀਦੀ ਹੈ। ਜਿਹੜੇ ਨਸ਼ਿਆਂ ਤੋਂ ਸਰਕਾਰ ਨੂੰ ਮੋਟੀ ਆਮਦਨ ਹੁੰਦੀ ਹੈ ਉਸ ਆਮਦਨ ਦੇ ਬਦਲ ਲਈ ਹੋਰ ਸਾਧਨ ਲੱਭਣੇ ਚਾਹੀਦੇ ਹਨ। ਟੂਰਨਾਮੈਂਟ ਜਿਹੜੇ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਏ ਜਾਂਦੇ ਹੋਣ ਉਥੇ ਵੀ ਟੂਰਨਾਮੈਂਟ ਦੀ ਸਮਾਪਤੀ 'ਤੇ ਟੀਕੇ ਲਾਉਣ ਵਾਲੀਆਂ ਸਰਿੰਜਾਂ, ਸ਼ੀਸ਼ੀਆਂ, ਨਸ਼ੇ ਵਾਲੀਆਂ ਗੋਲੀਆਂ ਦੇ ਢੇਰ ਆਮ ਵੇਖੇ ਜਾਂਦੇ ਹਨ। ਕਈ ਥਾਵਾਂ 'ਤੇ ਤਾਂ ਟੂਰਨਾਮੈਂਟ ਕਮੇਟੀ ਵੀ ਆਖ਼ਰੀ ਦਿਨ ਟੁੰਨ ਵੇਖਣ ਨੂੰ ਮਿਲਦੀ ਹੈ। ਵਿੱਦਿਆ ਮੰਦਰਾਂ ਦੇ ਆਸੇ-ਪਾਸੇ ਵੀ ਨਸ਼ੇ ਵਰਤ ਕੇ ਸੁਟਿਆ ਸਾਮਾਨ ਆਮ ਵੇਖਣ ਨੂੰ ਮਿਲਦਾ ਹੈ ਇਸ ਤੋਂ ਵੱਧ ਸ਼ਰਮ ਵਾਲੀ ਕਿਹੜੀ ਗੱਲ ਹੋਵੇਗੀ। ਸਿੰਗਾਪੁਰ, ਚੀਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਵੀਅਤਨਾਮ ਵਾਂਗ ਨਸ਼ੇ ਦੇ ਸੌਦਾਗਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਦੁਕਾਨਾਂ ਜੋ ਕਿ ਸਕੂਲਾਂ ਅਤੇ ਕਾਲਜਾਂ ਦੇ ਨੇੜੇ ਹੋਣ ਉਨ੍ਹਾਂ ਉਪਰ ਤਿੱਖੀ ਨਜ਼ਰ ਰੱਖੀ ਜਾਵੇ। ਸਮੁੱਚੇ ਸੂਝਵਾਨ ਪੰਜਾਬੀਆਂ ਨੂੰ ਇਹ ਮਹਾਂਮਾਰੀ ਰੋਕਣ ਲਈ ਆਪਣਾ-ਆਪਣਾ ਬਣਦਾ ਯੋਗਦਨ ਪਾਉਣਾ ਚਾਹੀਦਾ ਹੈ। ਧਾਰਮਿਕ ਲੋਕਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਆਓ ਰਲ ਕੇ ਹੰਭਲਾ ਮਾਰੀਏ। ਹੁਣ ਤਾਂ ਹਰ ਰੋਜ਼ ਦਰਜਨਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਮਾਵਾਂ, ਭੈਣਾਂ ਦੇ ਕੀਰਨੇ ਅਤੇ ਵੈਣ ਸੁਣੇ ਨਹੀਂ ਜਾਂਦੇ। ਪੁਲਿਸ ਅਤੇ ਸਿਆਸਤਦਾਨਾਂ ਦੀ ਇਸ ਬੇਹਦ ਮਾੜੇ ਰੁਝਾਨ ਵਿਚ ਸ਼ਮੂਲੀਅਤ ਹੋਣੀ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਇਸ ਨਸ਼ੀਲੇ ਪੰਜਾਬ ਦੀ ਥਾਂ ਪਹਿਲਾਂ ਵਾਲੇ ਰੰਗੀਲੇ ਪੰਜਾਬ ਨੂੰ ਵਾਪਸ ਮੋੜ ਕੇ ਲਿਆਈਏ ਅਤੇ ਨੌਜਵਾਨ ਪੀੜ੍ਹੀ ਨੂੰ ਬਚਾਈਏ। ਅੰਤ ਵਿਚ ਮੈਂ ਆਪਣੇ ਲਿਖੇ ਸ਼ਿਅਰ ਨਾਲ ਲਿਖਤ ਖ਼ਤਮ ਕਰਾਂਗਾ। 'ਜ਼ਿੰਦਗੀ ਦੇ ਸੋਹਣੇ ਸਾਜ 'ਤੇ ਨਾ ਛੋਹ ਨਸ਼ਿਆਂ ਦਾ ਗੀਤ, ਏਹਦੀ ਹਾਸਿਆਂ ਨਾਲ ਹੈ ਦੁਸ਼ਮਣੀ ਏਹਦੀ ਰੋਣਿਆਂ ਨਾਲ ਪ੍ਰੀਤ।'

-ਗਿੱਲ ਨਗਰ ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ)
ਮੋਬਾਈਲ : 9463542896.


ਖ਼ਬਰ ਸ਼ੇਅਰ ਕਰੋ

ਨਸ਼ਿਆਂ ਦਾ ਦਰਿਆ

ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਪੰਜਾਬ, ਅੱਜ ਨਸ਼ਿਆਂ ਦੇ ਦਰਿਆ 'ਚ ਡੁੱਬਦੀ ਨਜ਼ਰ ਆ ਰਹੀ ਹੈ। ਹਰ ਦਿਨ ਕਿਸੇ ਨੌਜਵਾਨ ਦੀ ਨਸ਼ਿਆਂ ਕਾਰਨ ਹੁੰਦੀ ਮੌਤ ਨੇ ਲੋਕਾਂ ਦੇ ਦੰਦਾਂ ਹੇਠ ਜੀਭ ਲਿਆ ਦਿੱਤੀ ਹੈ, ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਇਸ ਸਮਾਜਿਕ ਬੁਰਾਈ 'ਤੇ ਕਾਬੂ ਪਾਉਣ 'ਚ ਸਰਕਾਰੀ ਢਾਂਚਾ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ।
ਮੌਤ ਦਾ ਵੱਡਾ ਕਾਰਨ ਬਣਦੇੇ ਸਿੰਥੈਟਿਕ ਨਸ਼ਿਆਂ ਨੇ ਪੰਜਾਬ ਵਿਚ ਬੜੀ ਤੇਜ਼ੀ ਨਾਲ ਨੌਜਵਾਨ ਪੀੜ੍ਹੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਤਿਹਾਸ ਗਵਾਹ ਹੈ ਕਿ ਜਿਸ ਦੇਸ਼ ਜਾਂ ਕੌਮ ਦਾ ਨੌਜਵਾਨ ਆਪਣੇ ਰਸਤੇ ਤੋਂ ਭਟਕ ਜਾਵੇ, ਉੱਥੇ ਖੁਸ਼ਹਾਲੀਆਂ ਬਹੁਤਾ ਚਿਰ ਨਹੀਂ ਰਹਿੰਦੀਆਂ। ਜਿਨ੍ਹਾਂ ਹੱਥਾਂ ਨੇ ਰੁਜ਼ਗਾਰ ਕਰਕੇ ਬੁੱਢੇ ਮਾਂ-ਬਾਪ ਦਾ ਬੁਢਾਪੇ 'ਚ ਸਹਾਰਾ ਬਣਨਾ ਸੀ, ਉਹ ਹੱਥ ਨਸ਼ਿਆਂ ਦੀ ਭੀਖ ਮੰਗ ਰਹੇ ਹਨ। ਨਸ਼ਾ ਵੇਚ ਕੇ ਆਪ ਮੋਟੀਆਂ ਕਮਾਈਆਂ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਪਤਾ ਨਹੀਂ ਕਿੰਨੇ ਹੀ ਘਰਾਂ ਦੇ ਨੌਜਵਾਨ ਪੁੱਤਾਂ ਨੂੰ ਖਾਕ ਕਰ ਦਿੱਤਾ ਹੈ। ਕੁੜੀਆਂ ਨੂੰ ਗੁੰਮਰਾਹ ਕਰਕੇ ਨਸ਼ਾ ਕਰਵਾਉੁੁਣ ਦੀਆਂ ਆਈਆਂ ਖ਼ਬਰਾਂ ਨੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਕਾਨੂੰਨ ਨੂੰ ਬਣਾ ਕੇ ਰੱਖਣ ਵਾਲੀਆਂ ਸਰਕਾਰਾਂ ਆਪਣੇ ਟੀਚੇ ਤੋਂ ਅਸਫ਼ਲ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜੋ ਕਿ ਸਮਾਜ ਅਤੇ ਲੋਕਤੰਤਰ ਲਈ ਇਕ ਖ਼ਤਰੇ ਦੀ ਘੰਟੀ ਹੈ।
ਸੋਚਣ ਵਾਲੀ ਗੱਲ ਹੈ ਇਹ ਕਿ ਰਾਤੋ-ਰਾਤ ਨਵੇਂ ਨਵੇਂ ਕਾਨੂੰਨ ਬਣਾਉਣ ਦੀ ਤਾਕਤ ਰੱਖਣ ਵਾਲੀਆਂ ਸਰਕਾਰਾਂ ਨਸ਼ਿਆਂ ਨੂੰ ਰੋਕਣ ਤੋਂ ਕਿਉਂ ਅਸਮਰੱਥ ਨਜ਼ਰ ਆ ਰਹੀਆਂ ਹਨ। ਲੋਕ ਇਹ ਸਭ ਬਹੁਤ ਧਿਆਨ ਨਾਲ ਦੇਖ ਰਹੇ ਹਨ। ਸਰਕਾਰੀ ਤਾਕਤ ਅੱਗੇ ਵੱਡੇ-ਵੱਡੇ ਖੁਫੀਆ ਤੰਤਰ ਫੇਲ੍ਹ ਹੁੰਦੇ ਦੇਖੇ ਹਨ, ਪਰ ਨਸ਼ਿਆਂ ਦੀ ਬੁਰਾਈ ਨੂੰ ਰੋਕਣ ਦੇ ਮਸਲੇ 'ਤੇ ਸਰਕਾਰ ਗੋਡੇ ਟੇਕਦੀ ਨਜ਼ਰ ਆ ਰਹੀ ਹੈ। ਬੇਰੁਜ਼ਗਾਰੀ, ਗ਼ਰੀਬੀ ਅਤੇ ਬੇਵੱਸੀ ਦੀ ਜ਼ਿੰਦਗੀ ਜਿਉਂਦਾ ਪੰਜਾਬੀ ਨੌਜਵਾਨ ਨਸ਼ਿਆਂ ਵਿਚੋਂ ਕੁਝ ਪਲ ਦਾ ਚੈਨ ਤਲਾਸ਼ਦਾ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਰਿਹਾ ਹੈ। ਕਾਇਦਾ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਬੜੀ ਮੁਸਤੈਦੀ ਨਾਲ ਡਿਊਟੀ ਕਰਨ ਵਾਲੀ ਪੁਲਿਸ ਨਸ਼ੇ ਵੇਚਣ ਵਾਲਿਆਂ ਨੂੰ ਫੜਨ 'ਚ ਬੇਵੱਸ ਨਜ਼ਰ ਆ ਰਹੀ ਹੈ। ਹਾਲਾਤਾਂ ਨੂੰ ਦੇਖ ਕੇ ਲਗਦਾ ਹੈ ਕਿ ਸਰਕਾਰ ਅਜੇ ਵੀ ਨਸ਼ਿਆਂ ਦੇ ਕੋਹੜ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।
ਸਿਆਸੀ ਲੋਕਾਂ ਦੁਆਰਾ ਸਮਾਜ ਭਲਾਈ ਲਈ ਦਿੱਤੇੇ ਜਾਂਦੇ ਵੱਡੇ-ਵੱਡੇ ਬਿਆਨ ਅਸਲੀਅਤ ਤੋਂ ਕੋਹਾਂ ਦੂਰ ਰਹਿ ਗਏ ਹਨ। ਹਰ ਵਾਰ ਨਵੇਂ ਦਾਅਵੇ ਕਰਕੇ ਸੱਤਾ ਵਿਚ ਆਉਂਦੇ ਸਿਆਸੀ ਲੋਕ ਆਪਣਾ ਵਿਸ਼ਵਾਸ ਗਵਾਉਂਦੇ ਜਾ ਰਹੇ ਹਨ। ਲੋਕਾਂ ਦੀ ਪਹਿਰੇਦਾਰ ਬਣ ਕੇ ਸੱਤਾ 'ਚ ਆਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਸ਼ਿਆਂ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਸੰਜੀਦਾ ਯਤਨ ਕਰਨ ਦੀ ਲੋੜ ਹੈ। ਵਕਤ ਲੰਘਣ ਤੋਂ ਬਾਅਦ ਇਕ ਦੂਜੇ ਨੂੰ ਕੋਸਣ ਨਾਲ ਮਸਲੇ ਹੱਲ ਹੋਣ ਦੀ ਬਜਾਏ ਹੋਰ ਉਲਝਦੇ ਹਨ। ਪੰਜਾਬ ਵਿਚ ਨਸ਼ਿਆਂ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਭਵਿੱਖ ਵਿਚ ਕਿਸੇ ਵੱਡੇ ਲੋਕ-ਰੋਹ ਦਾ ਕਾਰਨ ਬਣ ਸਕਦੀ ਹੈ। ਸਮਾਂ ਰਹਿੰਦੇ ਹੀ ਲੋਕਾਂ ਦੀ ਮਦਦ ਨਾਲ ਸਰਕਾਰ ਨੂੰ ਨਸ਼ਾ ਵੇਚਣ ਵਾਲਿਆਂ 'ਤੇ ਕਰੜੀ ਕਾਰਵਾਈ ਕਰਕੇ ਇਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ, ਤਾਂ ਜੋ ਇਕ ਸੁਰੱਖਿਅਤ ਅਤੇ ਨਸ਼ਾ ਮੁਕਤ ਸਮਾਜ ਸਿਰਜਿਆ ਜਾ ਸਕੇ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ,
ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ। ਮੋਬਾਈਲ : 94784-60084.

ਨੌਜਵਾਨਾਂ ਦੀ ਜ਼ਿੰਦਗੀ ਨੂੰ ਸਿਆਹ ਬਣਾ ਰਿਹੈ ਚਿੱਟੇ ਦਾ ਕਾਰੋਬਾਰ

ਸ਼ੁੱਧ ਹੈਰੋਇਨ ਸਾਫ਼ ਚਿੱਟੇ ਪਾਊਡਰ ਦੀ ਸ਼ਕਲ ਵਿਚ ਹੁੰਦੀ ਹੈ। ਜਿਹੜੀ ਪੂਰਨ ਰੂਪ ਵਿਚ ਸ਼ੁੱਧ ਨਾ ਹੋਵੇ ਉਸ ਵਿਚ ਰਹਿ ਚੁੱਕੀ ਗੰਦਗੀ ਸਦਕਾ ਉਹ ਭੂਰੇ ਤੋਂ ਲੈ ਕੇ ਕਾਲੇ ਰੰਗ ਦੀ ਵੀ ਹੋ ਸਕਦੀ ਹੈ। ਭੂਰੇ ਰੰਗ ਵਾਲੀ ਹੈਰੋਇਨ ਨੂੰ ਬਰਾਊਨ ਸ਼ੂਗਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਕਾਲੇ ਰੰਗ ਦੀ ਹੈਰੋਇਨ ਨੂੰ 'ਬਲੈਕ ਟਾਰ' ਕਿਹਾ ਜਾਂਦਾ ਹੈ ਤੇ ਉਹ ਲੁੱਕ ਵਾਂਗ ਚਿਪਚਿਪੀ ਹੁੰਦੀ ਹੈ। ਸੰਯੁਕਤ ਰਾਸ਼ਟਰ ਵਲੋਂ ਕੀਤੀ ਖੋਜ ਮੁਤਾਬਿਕ ਦੁਨੀਆ ਭਰ ਵਿਚੋਂ ਅਫ਼ਗ਼ਾਨਿਸਤਾਨ ਨਸ਼ੇ ਦਾ ਸਭ ਤੋਂ ਵੱਡਾ ਗੜ੍ਹ ਹੈ ਜਿਥੇ ਪੋਸਤ ਦੀ ਖੇਤੀ ਸਦਕਾ 2004 ਵਿਚ ਦੁਨੀਆ ਦੀ 87 ਫ਼ੀਸਦੀ ਹੈਰੋਇਨ ਬਣਾਈ ਗਈ। ਹੁਣ ਵੀ ਅਫ਼ਗ਼ਾਨੀ ਅਫ਼ੀਮ ਨਾਲ ਹਰ ਸਾਲ ਪੂਰੀ ਦੁਨੀਆ ਵਿਚ ਇਕ ਲੱਖ ਵਿਅਕਤੀ ਮਰ ਰਹੇ ਹਨ। ਅਫ਼ਗ਼ਾਨਿਸਤਾਨ ਵਿਚ ਸਾਲ 1999 'ਚ 910 ਵਰਗ ਕਿਲੋਮੀਟਰ ਥਾਂ ਉੱਤੇ ਪੋਸਤ ਦੇ ਫੁੱਲ ਉਗਾਏ ਜਾਂਦੇ ਸਨ। 2006 ਵਿਚ ਹੋਰ ਵੱਧ ਥਾਂ ਉੱਤੇ ਪੋਸਤ ਬੀਜੀ ਜਾਣ ਲੱਗੀ ਤੇ ਹੁਣ 33 ਲੱਖ ਅਫ਼ਗ਼ਾਨ ਲੋਕ ਅਫ਼ੀਮ ਉਗਾ ਕੇ ਅੱਗੇ ਵੇਚਣ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ।
ਵੈਸੇ ਤਾਂ 1900 ਈ: ਤੋਂ ਪਹਿਲਾਂ ਤੋਂ ਹੈਰੋਇਨ ਦੀ ਕੌਮਾਂਤਰੀ ਪੱਧਰ ਉੱਤੇ ਤਸਕਰੀ ਹੋ ਰਹੀ ਸੀ ਪਰ 1950 ਤੋਂ ਹੈਰੋਇਨ ਦੀ ਖੇਤੀ ਵੱਡੇ ਪੱਧਰ 'ਤੇ ਕਰਨ ਕਾਰਨ ਬਰਮਾ, ਥਾਈਲੈਂਡ, ਲਾਓਸ ਨੂੰ 'ਸੁਨਹਿਰੀ ਤਿਕੋਣ' ਵਜੋਂ ਜਾਣਿਆ ਜਾਣ ਲੱਗਾ। ਇਸ 9,50,000 ਵਰਗ ਕਿਲੋਮੀਟਰ 'ਚ ਫੈਲੇ ਇਲਾਕੇ ਨੂੰ ਇਹ ਨਾਂਅ ਸੀ. ਆਈ. ਏ. ਵਲੋਂ ਦਿੱਤਾ ਗਿਆ। ਬਰਮਾ ਨੂੰ ਸੁਨਹਿਰੀ ਤਿਕੋਣ ਦਾ ਦਿਲ ਮੰਨਿਆ ਗਿਆ ਤੇ ਇਸ ਨੂੰ ਅਫ਼ਗ਼ਾਨਿਸਤਾਨ ਤੋਂ ਬਾਅਦ ਹੈਰੋਇਨ ਉਗਾਉਣ ਲਈ ਦੁਨੀਆ ਭਰ ਵਿਚ ਦੂਜੇ ਨੰਬਰ ਦਾ ਦੇਸ਼ ਮੰਨ ਲਿਆ ਗਿਆ। 21ਵੀਂ ਸਦੀ ਦੇ ਸ਼ੁਰੂ ਤੱਕ ਦੁਨੀਆ ਦੀ ਸਭ ਤੋਂ ਵੱਧ ਹੈਰੋਇਨ ਇਸ ਸੁਨਹਿਰੀ ਤਿਕੋਣ ਤੋਂ ਆਉਂਦੀ ਰਹੀ। 2007 ਤੋਂ 2011 ਤੱਕ ਮੈਕਸੀਕੋ ਵਿਚ ਬਹੁਤ ਜ਼ਿਆਦਾ ਪੋਸਤ ਉਗਾਉਣੀ ਸ਼ੁਰੂ ਕਰ ਦਿੱਤੀ ਗਈ। ਇਸ ਕਾਰਨ ਹੁਣ ਮੈਕਸੀਕੋ ਪੋਸਤ ਉਗਾਉਣ ਵਿਚ ਪੂਰੀ ਦੁਨੀਆ 'ਚ ਅਫ਼ਗਾਨਿਸਤਾਨ ਤੋਂ ਬਾਅਦ ਦੂਜੇ ਨੰਬਰ 'ਤੇ ਪਹੁੰਚ ਚੁੱਕਿਆ ਹੈ। ਅਮਰੀਕਾ ਵਿਚ ਵਰਤੀ ਜਾ ਰਹੀ ਤਕਰੀਬਨ ਸਾਰੀ ਹੈਰੋਇਨ ਇਸ ਵੇਲੇ ਮੈਕਸੀਕੋ ਤੇ ਕੋਲੰਬੀਆ ਹੀ ਸਪਲਾਈ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਨੇ 2011 ਤੱਕ ਕੀਤੀ ਜਾ ਚੁੱਕੀ ਖੋਜ ਰਾਹੀਂ ਖੁਲਾਸਾ ਕੀਤਾ ਹੈ ਕਿ ਕਦੇ ਹੈਰੋਇਨ ਵਾਸਤੇ ਸਿਰਫ਼ ਰਸਤਾ ਸਮਝਿਆ ਜਾਂਦਾ ਭਾਰਤ ਇਸ ਵੇਲੇ ਦੁਨੀਆ ਭਰ ਵਿਚ ਇਸ ਦਾ ਸਭ ਤੋਂ ਵੱਡਾ ਖ਼ਪਤਕਾਰ ਬਣ ਚੁੱਕਿਆ ਹੈ। ਦੱਖਣੀ ਏਸ਼ੀਆ ਵਿਚ ਬਣਾਈ ਜਾ ਰਹੀ ਹਰ 40 ਟਨ ਹੈਰੋਇਨ ਵਿਚੋਂ 17 ਟਨ ਭਾਰਤ ਵਿਚ ਹਜ਼ਮ ਕੀਤੀ ਜਾ ਰਹੀ ਹੈ। ਇੱਥੇ ਇਸ ਦਾ ਕਾਰੋਬਾਰ 1.4 ਅਰਬ ਡਾਲਰ ਨੂੰ ਵੀ ਪਾਰ ਕਰ ਚੁੱਕਿਆ ਹੈ। ਪੰਜਾਬ ਵਿਚ ਪੁਲਿਸ ਵਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਦੇ ਆਂਕੜੇ ਵੇਖਣ 'ਤੇ ਹੀ ਪੂਰੀ ਸਥਿਤੀ ਸਮਝ ਆ ਸਕਦੀ ਹੈ।
ਹੈਰੋਇਨ ਬਹੁਤ ਜ਼ਿਆਦਾ ਮਹਿੰਗੀ ਹੋਣ ਕਾਰਨ ਇਸ ਨੂੰ ਖਰੀਦ ਨਾ ਸਕਣ ਵਾਲੇ ਨੌਜਵਾਨ ਕਈ ਹੋਰ ਭੈੜੇ ਨਸ਼ਿਆਂ ਵਿਚ ਲੱਗ ਗਏ ਹਨ। ਪਿੰਡਾਂ ਵਿਚ ਨਸ਼ੇ ਦੇ ਨਾਲ-ਨਾਲ ਸਾਲ ਵਿਚ ਤਕਰੀਬਨ ਦੋ ਕਰੋੜ ਨਵੇਂ ਬੱਚੇ ਸਿਗਰਟ ਪੀਣ ਦੀ ਆਦਤ ਵੱਲ ਧੱਕੇ ਜਾ ਰਹੇ ਹਨ।
ਹੈਰੋਇਨ ਦੇ ਜਾਲ ਵਿਚ ਫਸੇ ਇਸ ਨੂੰ ਸੁੰਘ ਕੇ, ਨਾੜ ਵਿਚ ਟੀਕੇ ਲਾ ਕੇ ਤੇ ਸਿਗਰਟ ਰਾਹੀਂ ਅੰਦਰ ਲੰਘਾ ਕੇ ਆਪਣੇ ਦਿਮਾਗ਼ ਨੂੰ ਸੁੰਨ ਕਰਦੇ ਹਨ। ਲਗਾਤਾਰ ਇਸ ਦਾ ਸੇਵਨ ਕਰਨ ਵਾਲਿਆਂ ਦੀ ਨਸ਼ੇ ਦੀ ਲਤ ਇਕਦਮ ਤੋੜ ਦਿੱਤੀ ਜਾਵੇ ਜਾਂ ਹੋਰ ਹੈਰੋਇਨ ਵੇਲੇ ਸਿਰ ਨਾ ਮਿਲਣ ਕਾਰਨ ਕਈ ਵਾਰ ਮੌਤ ਵੀ ਹੋ ਸਕਦੀ ਹੈ।
ਕਿਸੇ ਹੋਰ ਵਲੋਂ ਵਰਤੀ ਸੂਈ ਨਾੜ ਵਿਚ ਲਗਾਉਣ ਨਾਲ ਏਡਜ਼, ਕਾਲਾ ਪੀਲੀਆ ਤੇ ਚਮੜੀ ਵਿਚ ਸੂਈ ਵਾਲੀ ਥਾਂ 'ਤੇ ਪੀਕ ਪੈਣੀ, ਦਿਲ ਅਤੇ ਫੇਫੜਿਆਂ 'ਤੇ ਕੀਟਾਣੂਆਂ ਦਾ ਹਮਲਾ, ਜਿਗਰ ਦੇ ਰੋਗ ਆਦਿ ਹੋਣ ਦਾ ਖ਼ਤਰਾ ਵੀ ਕਈ ਗੁਣਾ ਵਧ ਜਾਂਦਾ ਹੈ। ਦੁਨੀਆ ਭਰ ਵਿਚ ਫੈਲ ਰਿਹਾ ਚਿੱਟੇ ਦਾ ਇਹ ਕਾਲਾ ਕਾਰੋਬਾਰ ਬੱਚਿਆਂ ਤੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ। ਹੁਣ ਨਸ਼ੇ ਵਿਰੁੱਧ ਕਾਲੇ ਹਫ਼ਤੇ ਮਨਾਉਣ ਦੀ ਜਗ੍ਹਾ ਨਸ਼ਿਆਂ ਦੇ ਤਸਕਰਾਂ ਨੂੰ ਸਜ਼ਾ ਤੇ ਸਮਾਜਿਕ ਬਾਈਕਾਟ ਕਰ ਕੇ ਜੰਗ ਛੇੜਨ ਦਾ ਸਮਾਂ ਹੈ। ਕਿਸੇ ਸਰਕਾਰ, ਐਨ.ਜੀ.ਓ. ਜਾਂ ਕਰਾਮਾਤ ਨੇ ਕੁਝ ਨਹੀਂ ਕਰਨਾ, ਇਹ ਹੱਲਾ ਹੁਣ ਆਪ ਮਾਰਨਾ ਪੈਣਾ ਹੈ। ਜਾਗੋ ਪੰਜਾਬੀਓ! ਹਾਲੇ ਵੀ ਸਮਾਂ ਹੈ ਸਿਹਤਮੰਦ ਸਮਾਜ ਸਿਰਜ ਕੇ ਆਉਣ ਵਾਲੀ ਪਨੀਰੀ ਨੂੰ ਬਚਾ ਲਓ।

-ਮੋਬਾਈਲ : 9417831583.

ਨਸ਼ਿਆਂ ਦੀ ਦਲਦਲ ਤੋਂ ਨਵੀਂ ਪੀੜ੍ਹੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ

ਚਿੱਟੇ ਤੇ ਹੋਰ ਸਾਰੇ ਤਰ੍ਹਾਂ ਦੇ ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਸ਼ਰਾਬ, ਬੀਅਰ ਤੋਂ ਇਲਾਵਾ ਚਿੱਟਾ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਜਵਾਨੀ ਜਿਵੇਂ-ਕਿਵਂੇ ਕਹਿ ਲਵੋ ਚਿੱਟੇ ਦੀ ਲਪੇਟ ਵਿਚ ਆ ਰਹੀ ਹੈ। ਇਸ ਚਿੱਟੇ ਨੇ ਕਈ ਮਾਵਾਂ ਦੇ ਪੁੱਤ ਖੋਹ ਲਏ ਹਨ। ਬੜਾ ਦੁੱਖ ਹੁੰਦਾ ਹੈ ਇਹ ਸੁਣ ਕੇ ਕਿ ਅੱਜਕਲ੍ਹ ਕਈ ਕੁੜੀਆਂ ਵੀ ਨਸ਼ੇ ਦੀਆਂ ਆਦੀ ਬਣ ਚੁੱਕੀਆਂ ਹਨ। ਸਾਡੀ ਜੀਵਨਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ 'ਚ ਹੀ ਕੁਝ ਅਜਿਹੀਆਂ ਕਮੀਆਂ ਹਨ, ਜੋ ਉਨ੍ਹਾਂ 'ਚ ਨਸ਼ਾਖੋਰੀ ਦੇ ਰੁਝਾਨ ਵਧਣ ਦੀ ਵਜ੍ਹਾ ਬਣ ਰਹੀਆਂ ਹਨ। ਘਰ ਵਿਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਹੌਲੀ-ਹੌਲੀ ਬੱਚੇ ਦੇ ਦਿਮਾਗ਼ 'ਚ ਇਹ ਗੱਲ ਘਰ ਕਰ ਜਾਂਦੀ ਹੈ ਤੇ ਉਹ ਸ਼ਰਾਬ ਪੀਣ ਦੀ ਇੱਛਾ ਤੇ ਆਦਤ ਪਾਲ ਲੈਂਦੇ ਹਨ। ਦਿੱਲੀ ਦੇ ਏਮਜ਼ ਹਸਪਤਾਲ ਦੇ ਇਕ ਐਨ.ਜੀ.ਓ. 'ਸੁਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼' ਦੇ ਸਹਿਯੋਗ ਨਾਲ ਪੰਜਾਬ ਵਿਚ ਨਸ਼ਿਆਂ ਬਾਰੇ ਇਕ ਸਰਵੇਖਣ ਕਰਵਾਇਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆ ਵਿਚ ਟੀ.ਬੀ., ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਨਸ਼ੇ ਦੀ ਆਦਤ ਕਰਕੇ ਹੁੰਦੀਆਂ ਹਨ, ਦੁਨੀਆ ਵਿਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ, ਸਾਲ 2000 ਤੋਂ ਬਾਅਦ ਪੂਰੀ ਦੁਨੀਆ ਵਿਚ ਮੁੰਡਿਆਂ-ਕੁੜੀਆਂ ਵਿਚ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਵਿਚ ਸੈਕਸ ਸਮਰੱਥਾ ਵਿਚ ਕਮੀ ਤੋਂ ਪੀੜਤ ਰੋਗੀਆਂ ਉਤੇ ਡਾਕਟਰਾਂ ਵਲੋਂ ਕੀਤੇ ਅਧਿਐਨ ਵਿਚ 58.4 ਫ਼ੀਸਦੀ ਲੋਕਾਂ ਦੀ ਇਹ ਕਮਜ਼ੋਰੀ ਸ਼ਰਾਬ ਦੇ ਸੇਵਨ ਨਾਲ ਹੋਈ ਦੱਸੀ ਗਈ ਹੈ। ਭਾਵੇਂ ਸਰਕਾਰ ਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਪੀੜ੍ਹੀ ਨੂੰ ਸਮਝਾ ਕੇ ਚਿੱਟੇ ਦੇ ਖਿਲਾਫ਼ ਨਸ਼ਾ ਛੁਡਾਊ ਮੁਹਿੰਮਾਂ ਵਿੱਢੀਆਂ ਹੋਈਆਂ ਹਨ। ਪਰ ਫਿਰ ਵੀ ਸਮਾਜ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖ਼ਾਸ ਧਿਆਨ ਰੱਖਣ, ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਰੱਖਣ, ਹੋਸਟਲਾਂ ਵਿਚ ਰਹਿੰਦੇ ਲੜਕੇ-ਲੜਕੀਆਂ ਦੀ ਨਿਗਰਾਨੀ ਹੋਵੇ, ਖ਼ੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ, ਬੱਚਿਆਂ ਦੇ ਖਰਚੇ ਬਾਰੇ ਜਾਣਕਾਰੀ ਰੱਖਣ। ਨਸ਼ਿਆਂ ਦੇ ਹੜ੍ਹ ਨੂੰ ਰੋਕਣ ਲਈ ਸਾਨੂੰ ਆਪਣੇ ਪੱਧਰ 'ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ਼ ਸਰਕਾਰਾਂ ਤੇ ਡਾਕਟਰੀ ਇਲਾਜ 'ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਆਓ ਅੱਜ ਤੋਂ ਹੀ ਇਸ ਕੰਮ ਦੀ ਸ਼ੁਰੂਆਤ ਕਰੀਏ, ਨੇਕ ਕੰਮ ਵਿਚ ਦੇਰੀ ਕਿੳਂੁ?

-ਤਾਰੀ ਵਾਲੀ ਗਲੀ, ਜੈਤੋ ਮੰਡੀ, ਜ਼ਿਲਾ ਫ਼ਰੀਦਕੋਟ-151202.
ਮੋਬਾਈਲ : 98550-31081

ਸਮੂਹਿਕ ਯਤਨਾਂ ਨਾਲ ਹੀ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇਗੀ

ਪਿਛਲੇ ਦਿਨੀਂ ਸੋਸ਼ਲ ਮੀਡੀਆ ਜ਼ਰੀਏ ਇਕ ਮਾਂ ਦੇ ਵਿਰਲਾਪ ਕਰਨ ਦੀ ਵੀਡੀਓ ਅੱਖਾਂ ਮੂਹਰੇ ਆਈ। ਉਸ ਵੀਡੀਓ ਵਿਚ ਇਕ ਬੁੱਢੀ ਮਾਂ ਆਪਣੇ ਪੁੱਤ ਦੀ ਲਾਸ਼ 'ਤੇ ਵੈਣ ਪਾ ਰਹੀ ਸੀ। ਉਸ ਦੇ ਨੌਜਵਾਨ ਪੁੱਤ ਦੀ ਮੌਤ ਦਾ ਕਾਰਨ ਨਸ਼ੇ ਦਾ ਓਵਰਡੋਜ਼ ਹੀ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਦੇ ਮਰੇ ਹੋਏ ਦੇ ਹੱਥ ਵਿਚ ਟੀਕਾ ਫੜਿਆ ਹੋਇਆ ਸੀ। ਪੁੱਤ ਸਦਾ ਲਈ ਇਸ ਜਹਾਨ ਨੂੰ ਅਲਵਿਦਾ ਆਖ ਚੁੱਕਿਆ ਸੀ ਤੇ ਮਾਂ ਉਸ ਨੂੰ ਵਾਰ-ਵਾਰ ਉਠਾਉਣ ਦੀ ਕੋਸ਼ਿਸ਼ ਕਰਦੀ ਹੋਈ ਪਿਟ-ਪਿਟ ਕੇ ਰੋ ਰਹੀ ਸੀ। ਇਸ ਪੂਰੇ ਮੰਜ਼ਰ ਨੂੰ ਦੇਖ ਕੇ ਰੂਹ ਇਕ ਵਾਰ ਤਾਂ ਸੁੰਨ ਹੋ ਜਾਂਦੀ ਹੈ। ਮੈਂ ਕਿੰਨੀ ਹੀ ਦੇਰ ਹੈਰਾਨ ਹੋਇਆ ਉਨ੍ਹਾਂ ਹਾਲਾਤਾਂ ਉੱਤੇ ਸੋਚਦਾ ਰਿਹਾ ਕਿ ਆਏ ਦਿਨੀਂ ਕਿੰਨੀਆਂ ਹੀ ਮਾਂਵਾਂ ਦੇ ਪੁੱਤ ਨਸ਼ਿਆਂ ਦੇ ਇਸ ਕਾਲੇ ਧੰਦੇ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ।
ਇਕ ਸਮਾਂ ਸੀ ਜਦੋਂ ਰੰਗਲੇ ਪੰਜਾਬ ਦੀ ਖ਼ੂਬਸੂਰਤੀ ਦੀ ਗੱਲ ਸੁਮੰਦਰਾਂ ਤੋਂ ਪਾਰ ਤੁਰਦੀ ਸੀ। ਰੰਗਲੇ ਪੰਜਾਬ ਦੇ ਸੋਹਣੇ ਗੱਭਰੂ, ਮੁਟਿਆਰਾਂ ਆਪਣੇ ਡੁੱਲ੍ਹ-ਡੁੱਲ੍ਹ ਪੈਂਦੇ ਰੂਪ ਕਾਰਨ ਪੂਰੀ ਦੁਨੀਆ ਲਈ ਖਿੱਚ ਦਾ ਕੇਂਦਰ ਬਣਦੇ ਸਨ। ਅਖਾੜਿਆਂ ਵਿਚ ਘੁਲਦੇ ਜ਼ੋਰਾਵਰ ਨੌਜਵਾਨ ਆਪਣੇ ਜ਼ੋਰ ਨਾਲ ਧਰਤੀ ਨੂੰ ਵੀ ਕੰਬਣ ਲਾ ਦਿੰਦੇ ਸਨ। ਗਜ਼-ਗਜ਼ ਚੌੜੀਆਂ ਛਾਤੀਆਂ ਖੇਡ ਦੇ ਮੈਦਾਨਾਂ ਵਿਚ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਦੀਆਂ ਸਨ। ਦੁੱਧ, ਘਿਉ ਦੇ ਸ਼ੌਕੀਨ ਗੱਭਰੂ ਚੰਗੀਆਂ ਖੁਰਾਕਾਂ ਖਾਂਦੇ ਅਤੇ ਦੂਣਾ ਕੰਮ ਕਰਦੇ ਸਨ। ਆਪਸੀ ਭਾਈਚਾਰਕ ਸਾਂਝ ਦੀ ਪ੍ਰਤੀਕ ਮਾਂ-ਬੋਲੀ ਪੰਜਾਬੀ ਇਕ-ਦੂਜੇ ਲਈ ਜਾਨ ਦੇਣ ਲਈ ਪ੍ਰੇਰਦੀ ਸੀ। ਪਰ ਹੁਣ ਇਹ ਸਭ ਗੱਲਾਂ ਕਿਤਾਬੀ ਬਣ ਕੇ ਰਹਿ ਗਈਆਂ ਹਨ। ਕਿਉਂਕਿ ਅਜੋਕੇ ਪੰਜਾਬ ਦੇ ਬਾਸ਼ਿੰਦੇ ਤਾਂ ਪਾਣੀ ਨੂੰ ਵੀ ਸਾਫ਼ ਰੱਖਣ ਵਿਚ ਅਸਮਰੱਥ ਹਨ। ਕਿੰਨੀ ਸ਼ਰਮ ਦੀ ਗੱਲ ਹੈ ਜਿਸ ਪੰਜਾਬ ਦਾ ਨਾਂਅ ਪੰਜਾਂ ਦਰਿਆਵਾਂ ਦੇ ਨਾਂ ਉੱਤੇ 'ਪੰਜ-ਆਬ' ਪਿਆ ਹੈ ਅਸੀਂ ਉਨ੍ਹਾਂ ਪਾਣੀਆਂ ਦੀ ਵੀ ਸੰਭਾਲ ਨਹੀਂ ਕਰ ਸਕੇ। ਪੰਜਾਬ ਦਾ ਬਹੁਤਾ ਪਾਣੀ ਅੱਜ ਇਸ ਹੱਦ ਤੱਕ ਗੰਧਲਾ ਹੋ ਚੁੱਕਿਆ ਹੈ ਕਿ ਉਸ ਨੂੰ ਪੀਣ ਨਾਲ ਕਈ ਕਿਸਮ ਦੀਆਂ ਜਾਨਲੇਵਾ ਬਿਮਾਰੀਆਂ ਲੱਗ ਰਹੀਆਂ ਹਨ, ਜਿਨ੍ਹਾਂ ਵਿਚ ਕੈਂਸਰ ਮੁੱਖ ਹੈ। ਅਸੀਂ ਹੱਥੀਂ ਵਿਗਾੜੇ ਇਸ ਮਹੌਲ ਨੇ ਨੌਜਵਾਨ ਗੱਭਰੂਆਂ ਦੀ ਮੌਤ ਦਰ ਵਧਾਉਣ ਵਿਚ ਭਾਰੀ ਯੋਗਦਾਨ ਪਾਇਆ ਹੈ। ਦੂਜਾ ਰਹਿੰਦੀ ਕਸਰ ਮੇਰੇ ਹੀ ਸੂਬੇ ਦੇ ਉਨ੍ਹਾਂ ਬਾਸ਼ਿੰਦਿਆਂ ਨੇ ਪੂਰੀ ਕਰ ਦਿੱਤੀ ਜਿਨ੍ਹਾਂ ਨੇ ਪੈਸੇ ਦੇ ਮੋਹ ਕਾਰਨ ਨਸ਼ਿਆਂ ਦਾ ਛੇਵਾਂ ਦਰਿਆ ਚਲਾਉਣ ਵਿਚ ਭਾਰੀ ਭੂਮਿਕਾ ਨਿਭਾਈ ਹੈ। ਪਿੰਡਾਂ ਦੇ ਪਿੰਡ ਅੱਜ ਨਸ਼ਿਆਂ ਦੀ ਲਪੇਟ ਵਿਚ ਹਨ। ਸ਼ਾਮਾਂ ਨੂੰ ਠੇਕਿਆਂ ਦੇ ਬਾਹਰ ਲਗਦੀ ਭੀੜ ਨੂੰ ਤੇ ਗਲੀਆਂ ਵਿਚ ਡਿੱਗਦੇ ਨਸ਼ੱਈਆਂ ਨੂੰ ਦੇਖ ਕਿ ਬਹੁਤ ਰੋਣਾ ਆਉਂਦਾ ਹੈ। ਦਿਲ ਸੋਚਦਾ ਹੈ ਕਿਉਂ ਭੜਕ ਗਏ ਮੇਰੇ ਸੋਹਣੇ ਪੰਜਾਬ ਦੇ ਵਾਰਸ? ਕਿਉਂ ਅੱਜ ਇਨ੍ਹਾਂ ਨੂੰ ਹੱਥਾਂ ਵਿਚ ਕਲਮਾਂ ਨਾਲੋਂ ਜ਼ਿਆਦਾ ਟੀਕੇ ਚੰਗੇ ਲਗਦੇ ਹਨ? ਕਿਉਂ ਜੇਬਾਂ ਵਿਚ ਨਸ਼ੇ ਦੀਆਂ ਗੋਲੀਆਂ ਇਨ੍ਹਾਂ ਨੂੰ ਸ਼ਾਨ ਵਧਾਉਂਦੀਆਂ ਨਜ਼ਰ ਆਉਂਦੀਆਂ ਹਨ? ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ, ਅਸੀਂ ਆਪ ਹੀ ਦੋਸ਼ੀ ਹਾਂ ਕਿਉਂਕਿ ਸਾਡੇ ਪੰਜਾਬ ਨੂੰ ਕੋਈ ਗੰਦਾ ਕਰ ਗਿਆ ਤੇ ਅਸੀਂ ਗੂੜ੍ਹੀ ਨੀਂਦ ਸੁੱਤੇ ਰਹੇ। ਲੋੜ ਸੀ ਸਾਨੂੰ ਉੱਠਣ ਦੀ, ਅਵਾਜ਼ ਬੁਲੰਦ ਕਰਨ ਦੀ ਪਰ ੳਸ ਵੇਲੇ ਅਸੀਂ ਵੇਖਦੇ ਰਹੇ ਕਿ 'ਕੋਈ ਨਾ ਸਾਡੇ ਘਰ ਵਿਚ ਤਾਂ ਨਹੀਂ ਆਇਆ ਬਾਹਰ ਦਾ ਸਾਨੂੰ ਕੀ ਫਿਕਰ'। ਪਰ ਅਫ਼ਸੋਸ ਸਾਡੀ ਉਸ ਬੇਫ਼ਿਕਰੀ ਕਾਰਨ ਅੱਜ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਆਪਣੇ ਇਸ ਦਾ ਸ਼ਿਕਾਰ ਦੋ ਗਏ। ਅੱਜ ਆਲੇ-ਦੁਆਲੇ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਾਡੀ ਉਸ ਢਿੱਲ ਦਾ ਨਤੀਜਾ ਹਨ। ਸਮੇਂ ਦਿਆਂ ਹਾਕਮਾਂ ਤੋਂ ਕੀ ਆਸ ਕਰਦੇ ਹੋ, ਜੇ ਮੇਰੇ ਸੋਹਣੇ ਸੂਬੇ ਪੰਜਾਬ ਦੇ ਹਾਕਮ ਚਾਹੁੰਦੇ ਤਾਂ ਬਹੁਤ ਪਹਿਲਾਂ ਨਸ਼ੇ ਨਾਲ ਹੋ ਰਹੀ ਇਸ ਤਬਾਹੀ ਨੂੰ ਰੋਕ ਸਕਦੇ ਸਨ। ਇਸ ਲਈ ਇਹ ਕੰਮ ਆਪਾਂ ਨੂੰ ਹੀ ਕਰਨਾ ਪੈਣਾ ਸੋ ਆਓ ਨਸ਼ਿਆਂ ਖ਼ਿਲਾਫ ਛਿੜ ਰਹੀ ਜੰਗ ਦਾ ਹਿੱਸਾ ਬਣੀਏ। ਪੰਜਾਬ ਨੂੰ ਬਚਾਉਣ ਲਈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਨਸ਼ਿਆਂ ਦਾ ਖ਼ਾਤਮਾ ਬਹੁਤ ਜ਼ਰੂਰੀ ਹੈ। ਆਓ ਇਕ ਹੰਬਲਾ ਮਾਰੀਏ ਹੋ ਸਕਦਾ ਹੈ ਸਾਡੀ ਇਸ ਕੋਸ਼ਿਸ਼ ਨਾਲ ਨੌਜਵਾਨਾਂ ਦੇ ਬਲਦੇ ਸਿਵੇ ਬੰਦ ਹੋ ਜਾਣ।

-ਪ੍ਰੀਤ ਨਗਰ ਹਰੇੜੀ ਰੋਡ,
ਸੰੰਗਰੂਰ।

ਆਓ, ਪੰਜਾਬ ਦਾ ਭਲਾ ਸੋਚੀਏ...

ਅਖ਼ਬਾਰਾਂ ਵਿਚ ਰੋਜ਼ਾਨਾ ਖ਼ਬਰਾਂ ਲੱਗ ਰਹੀਆਂ ਹਨ ਕਿ ਨਸ਼ਾ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬ ਵਿਚ ਨਸ਼ਾ ਸਪਲਾਈ ਆਮ ਗੱਲ ਹੈ, ਬਹੁਤ ਸਾਰੇ ਹਾਨੀਕਾਰਕ ਨਸ਼ੇ ਆਮ ਮਿਲ ਰਹੇ ਹਨ। ਹਰ ਪਿੰਡ ਅਤੇ ਸ਼ਹਿਰ ਵਿਚ ਹਰ ਉਮਰ ਦੇ ਲੋਕ ਨਸ਼ਾ ਕਰ ਰਹੇ ਹਨ। ਸੋਚਣ ਵਾਲੀ ਗੱਲ ਹੈ ਕਿ ਅਸੀ ਖ਼ੁਦ ਨਸ਼ਿਆਂ ਬਾਰੇ ਕਿੰਨੇ ਕੁ ਗੰਭੀਰ ਹਾਂ, ਕੀ ਜਿਨ੍ਹਾਂ ਦੇ ਪੁੱਤ ਨਸ਼ੇ ਕਰਦੇ ਜਾਂ ਵੇਚਦੇ ਹਨ ,ਉਨ੍ਹਾਂ ਨੇ ਕਦੇ ਪੁਲਿਸ ਨੂੰ ਆਪਣੇ ਪੁੱਤਰਾਂ 'ਤੇ ਕਾਰਵਾਈ ਕਰਨ ਨੂੰ ਕਿਹਾ ਹੈ? ਕੀ ਅਸੀਂ ਕਦੇ ਨੌਜਵਾਨਾਂ ਨੂੰ ਸਮਝਾਇਆ ਕਿ ਨਸ਼ੇ ਨਾ ਖ਼ਰੀਦੋ, ਜਦ ਕੋਈ ਨੌਜਵਾਨ ਨਸ਼ਈ ਬਣਦਾ ਹੈ ਤਾਂ ਸਰਕਾਰ ਦੇ ਨਾਲ-ਨਾਲ ਉਸ ਦੇ ਮਾਪਿਆਂ, ਯਾਰ-ਦੋਸਤਾਂ ਅਤੇ ਸਮਾਜ ਆਦਿ ਸਭ ਦਾ ਬਰਾਬਰ ਯੋਗਦਾਨ ਹੁੰਦਾ ਹੈ। ਜੇਕਰ ਨਸ਼ਾ ਕਰਨ ਵਾਲੇ ਬਹੁਤ ਨੇ ਤਾਂ ਨਸ਼ਾ ਨਾ ਕਰਨ ਵਾਲੇ ਵੀ ਬਹੁਤ ਨੇ, ਸਾਡਾ ਫਰਜ਼ ਬਣਦਾ ਹੈ ਕਿ ਘੱਟੋ-ਘੱਟ ਇਕ ਵਿਅਕਤੀ ਨੂੰ ਸਮਝਾ ਕੇ ਉਸ ਨੂੰ ਨਸ਼ਾ ਕਰਨ ਤੋਂ ਜ਼ਰੂਰ ਰੋਕੀਏ।
ਵੋਟਾਂ ਸਮੇਂ ਦਾਰੂ ਦੀ ਬੋਤਲ ਜਾਂ ਮੁਫ਼ਤ ਦਾ ਮੋਬਾਈਲ ਲੈਣ ਲਈ ਆਪਣੀ ਵੋਟ ਵੇਚਣ ਵਾਲੇ ਅਸੀਂ ਹਰ ਗੱਲ 'ਤੇ ਸਰਕਾਰ ਨੂੰ ਦੋਸ਼ ਦੇ ਦਿੰਦੇ ਹਾਂ ਪਰ ਕੀ ਸਰਕਾਰ ਸਭ ਗੱਲਾਂ ਲਈ ਇਕੱਲੀ ਹੀ ਜ਼ਿੰਮੇਵਾਰ ਹੁੁੰਦੀ ਹੈ? ਨਸ਼ੇ ਨੂੰ ਸਰਕਾਰ ਰੋਕਣ ਵਿਚ ਅਸਮਰੱਥ ਹੈ, ਸ਼ਾਇਦ ਉਹ ਰੋਕਣਾ ਵੀ ਨਹੀਂ ਚਾਹੁੰਦੀ, ਸਕੂਲ ਬੰਦ ਕਰ ਕੇ ਸ਼ਰਾਬ ਦੇ ਠੇਕੇ ਖੋਲਣਾ ਸ਼ਾਇਦ ਸਰਕਾਰ ਲਈ ਪੈਸੇ ਕਮਾਉਣ ਦਾ ਤਰੀਕਾ ਹੈ। ਨਸ਼ਾ ਸਰੀਰਕ ਤੌਰ 'ਤੇ ਹੀ ਨਹੀਂ ਸਗੋਂ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਵੀ ਮੰਦਹਾਲੀ ਵੱਲ ਲਿਜਾਂਦਾ ਹੈ।
ਕੋਈ ਵੀ ਧਰਮ ਕਿਸੇ ਨੂੰ ਮਾੜਾ ਕਹਿਣ, ਜਾਂ ਮਾਰਨ ਦਾ ਉਪਦੇਸ਼ ਨਹੀਂ ਦਿੰਦਾ ਫਿਰ ਕਿਉਂ ਰੋਜ਼ ਧਰਮ ਦੇ ਨਾਂਅ 'ਤੇ ਦੰਗੇ ਤੇ ਕਤਲ ਹੁੰਦੇ ਰਹਿੰਦੇ ਹਨ। ਧਰਮ ਸਭ ਨੂੰ ਚੰਗੇ ਤਰੀਕੇ ਨਾਲ ਜੀਵਨ ਜਿਊਣਾ ਸਿਖਾਉਂਦਾ ਹੈ। ਅਸੀਂ ਕਿਉਂ ਨਹੀਂ ਅੱਜ ਤੱਕ ਆਪਣੇ ਆਲੇ-ਦੁਆਲੇ ਇਕ ਧਰਮ ਨਿਰਪੱਖ ਸਮਾਜ ਦੀ ਸਥਾਪਨਾ ਕਰ ਸਕਦੇ। ਪ੍ਰਮਾਤਮਾ ਨੇ ਸਾਨੂੰ ਹਵਾ, ਪਾਣੀ, ਮਿੱਟੀ ਵਰਗੀਆਂ ਵੱਡਮੁੱਲੀਆਂ ਦਾਤਾਂ ਦਿੱਤੀਆਂ ਸਨ, ਪਰ ਅਸੀਂ ਆਪਣੀਆਂ ਗ਼ਲਤੀਆਂ ਕਰ ਕੇ ਸਭ ਨੂੰ ਪ੍ਰਦੂਸ਼ਿਤ ਕਰ ਲਿਆ ਹੈ। ਅੱਜਕਲ੍ਹ ਹਵਾ ਵਿਚ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪਾਣੀ ਦੀ ਵੀ ਸੰਭਾਲ ਕਰੀਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ।
ਫਲਾਂ, ਸਬਜ਼ੀਆਂ 'ਤੇ ਜ਼ਹਿਰਲੀਆਂ ਸਪਰੇਆਂ ਕਰ ਕੇ, ਦੁੱਧ ਵਿਚ ਮਿਲਾਵਟਾਂ ਕਰ ਕੇ ਆਪਣੇ ਕੁਝ ਮੁਨਾਫ਼ੇ ਲਈ ਅਸੀਂ ਬਾਕੀ ਲੋਕਾਂ ਨੂੰ ਜ਼ਹਿਰ ਦੇ ਰਹੇ ਹਾਂ। ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਨਕਲੀ ਦੁੱਧ, ਪਨੀਰ ਆਦਿ ਤੋਂ ਬਣੀਆਂ ਵਸਤਾਂ ਵੇਚ ਕੇ ਕੁਝ ਪੈਸੇ ਕਮਾਉਣ ਲਈ ਲੋਕਾਂ ਨੂੰ ਜ਼ਹਿਰ ਵੇਚ ਰਹੇ ਹਨ। ਸਾਡੀਆਂ ਇਨ੍ਹਾਂ ਗ਼ਲਤੀਆਂ ਕਾਰਨ ਪਤਾ ਨਹੀਂ ਕਿੰਨੇ ਹੀ ਲੋਕ ਇਨ੍ਹਾਂ ਨੂੰ ਖਾਣ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਜਾਨ ਵੀ ਗੁਆ ਚੁੱਕੇ ਹਨ।
ਅੱਜਕਲ੍ਹ ਲੱਚਰ ਗਾਇਕੀ ਦੇ ਖਿਲਾਫ਼ ਹਰ ਕੋਈ ਬੋਲ ਰਿਹਾ ਹੈ। ਪਰ ਇਸ ਗਾਇਕੀ ਨੂੰ ਸੁਣਦਾ ਕੌਣ ਹੈ? ਗਾਇਕ ਵੀ ਤਾਂ ਹੀ ਗੰਦ ਪਰੋਸ ਰਹੇ ਹਨ ਜੇ ਉਨ੍ਹਾਂ ਦੇ ਗੰਦੇ ਗੀਤ ਵਿਕ ਰਹੇ ਹਨ। ਅਸੀਂ ਸਮਾਜ ਦਾ ਹਿੱਸਾ ਹਾਂ ਸਾਨੂੰ ਆਪਣੀ ਬਣਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ, ਨਹੀਂ ਤਾਂ ਨਸ਼ਾ ਅਤੇ ਬਦਮਾਸ਼ੀ ਸਾਡੀ ਸਾਰੀ ਨਵੀਂ ਪੀੜ੍ਹੀ ਨੂੰ ਖਾ ਜਾਊਗੀ।
ਪੰਜਾਬ ਬੜੇ ਮਾੜੇ ਹਲਾਤਾਂ ਵਿਚੋਂ ਗੁਜ਼ਰ ਰਿਹਾ ਹੈ ਅਤੇ ਸਾਡਾ ਪੰਜਾਬ ਸਾਡੇ ਤੋਂ ਬਹੁਤ ਚੰਗੀਆਂ ਉਮੀਦਾਂ ਰੱਖਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਭ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਹੰਭਲਾ ਮਾਰੀਏ।

-ਪਿੰਡ ਤੇ ਡਾਕ: ਬਡਾਲੀ ਆਲਾ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ-140406.
ਮੋਬਾ: 8284888700


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX