ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ 'ਤੇ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  about 3 hours ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  about 3 hours ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  about 3 hours ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  about 3 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  about 5 hours ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

'ਅੰਦਰ ਦੀ ਗੱਲ' : ਨੇਤਾ ਜੀ ਦਾ ਧੰਨਵਾਦੀ ਦੌਰਾ

ਧੰਨਵਾਦ ਸ਼ਬਦ ਬੜਾ ਹੀ ਕੋਮਲ, ਮਿੱਠਾ, ਸਕੂਨੀ ਤੇ ਨਿਮਰਤਾ ਵਾਲਾ ਹੈ | ਤਾਹੀਓਾ ਤਨ ਤੇ ਮਨ ਦੇ ਕੋਮਲ ਅੰਗਰੇਜ਼ ਲੋਕਾਂ ਦੀ ਜ਼ੁਬਾਨ ਦਾ ਇਹ ਪਹਿਲਾ ਸ਼ਬਦ ਹੈ ਪਰ ਸਾਡਾ ਹਾਲੇ ਤੀਕ ਨਹੀਂ ਬਣਿਆ | ਉੱਥੇ ਤਾਂ ਬੱਸ ਚੜ੍ਹ ਰਹੀ ਮੇਮ ਨੂੰ ਇਕ ਮਰਦ ਵੀ ਕਮਰ ਫੜ ਕੇ ਸਹਾਰਾ ਲਾ ਦੇਵੇ ਤਾਂ ਉਸ ਨੂੰ 'ਥੈਂਕ ਯੂ' ਦੀ ਪੰਡ ਮਿਲਦੀ ਐ ਪਰ ਸਾਡੇ ਇੱਥੇ ਗਾਲ੍ਹਾਂ ਤੇ ਥੱਪੜ.. | ਅਖੇ ਜੈ ਖਾਣੀ ਦੇ ਨੂੰ ਉਮਰ ਨੀ ਦਿਸਦੀ ਛੇੜਦੇ ਨੂੰ , ਤੇਰੇ ਘਰ ਧੀ ਭੈਣ ਨੀ ਹੈਗੀ...ਵਗੈਰਾ ਵੈਗੈਰਾ | ਵਾਹ! ਇਕੋ ਜਿਹੇ ਕੰਮ ਲਈ ਮਿਹਨਤਾਨਾ ਵੱਖਰਾ ਵੱਖਰਾ!! ਸਾਡੇ ਤਾਂ ਮਿਹਨਤਾਨੇ ਦੀ ਲੁੱਟ ਦਾ ਇਹ ਧੱਕਾ ਕਾਨੂੰਨ ਵਾਂਗ ਹਰ ਥਾਂ ਚਲਦੈ, ਮਾਸਟਰੀ ਵੱਲ ਹੀ ਦੇਖ ਲਉ, ਕੰਮ ਇਕੋ ਜਿਹਾ ਪਰ ਮਿਹਨਤਾਨਾ ਕਿਸੇ ਨੂੰ ਸੱਠ ਹਜ਼ਾਰ ਤੇ ਕਿਸੇ ਨੂੰ ਛੇ ਹਜ਼ਾਰ | ਫਿਰ ਕੀ ਕਰੇ ਅਗਲਾ, ਮਰਦੇ ਨੂੰ ਅੱਕ ਚੱਬਣਾ ਪੇਂਦੈ | ਬੱਚਿਆਂ ਦੀ ਪੜ੍ਹਾਈ ਕਰਕੇ ਇਹ ਵੀ ਨੀ ਕਰ ਸਕਦੇ ਕਿ ਜਿਹੋ ਜਿਹਾ ਤੇਰਾ ਅੰਨ ਪਾਣੀ ਉਹੋ ਜਿਹਾ ਮੇਰਾ ਕੰਮ ਜਾਣੀ | ਕੀ ਕਰੀਏ ਹੁਣ ਤਾਂ 'ਛੇੜਛਾੜ' ਸ਼ਬਦ ਹੀ ਬਹੁਤਿਆਂ ਦੀ ਕਮਾਈ ਦਾ ਸਾਧਨ ਬਣ ਗਿਐ | ਚਲੋ ਖੈਰ, ਭਲੇ ਦਿਨ ਆਵਣਗੇ | ਆਲੇ ਦੁਆਲੇ ਧੰਨਵਾਦੀ ਦੌਰਿਆਂ ਤੇ ਧੰਨਵਾਦੀ ਬੋਰਡਾਂ ਨੂੰ ਦੇਖ ਕੇ ਲਗਦੈ ਜਿਵੇਂ ਸਿਆਸਤ ਨੂੰ 'ਧੰਨਵਾਦ ਦਾ ਦੌਰਾ' ਪੈ ਗਿਆ ਹੋਵੇ | ਜੇ ਕਿਸੇ ਨੂੰ ਦਿਲ ਦਾ ਦੌਰਾ ਪੈ ਜਾਵੇ, ਅਧਰੰਗ ਦਾ ਦੌਰਾ ਹੈ ਜਾਵੇ, ਮਿਰਗੀ ਦਾ ਦੌਰਾ ਪੈ ਜਾਵੇ ਤਾਂ ਮਰੀਜ਼ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ | ਪਰ 'ਧੰਨਵਾਦੀ ਦੌਰਾ' ਨਾ ਪਵੇ ਤਾਂ ਨੇਤਾ ਜੀ ਦੀ (ਖਾਸ ਕਰਕੇ ਹਾਰੇ ਹੋਏ ਦੀ) ਸਿਹਤ ਲਈ ਘਾਤਕ ਸਿੱਧ ਹੋ ਸਕਦੈ | ਇਹ ਸਰੀਰ ਦੇ ਕਿਸੇ ਦੌਰੇ ਨੂੰ ਸੱਦਾ ਦੇ ਸਕਦੈ | ਇਸ ਲਈ ਧੰਨਵਾਦੀ ਦੌਰਾ ਜਿੱਤੇ ਹੋਏ ਨੇਤਾ ਲਈ ਟਾਨਿੱਕ ਤੇ ਹਾਰੇ ਲਈ ਦਵਾਈ ਦਾ ਕੰਮ ਕਰਦੈ |
ਬਈ ਇਕ ਗੱਲ ਤਾਂ ਸੋਲਾਂ ਆਨੇ ਸੱਚ ਐ ਕਿ ਰਾਜਨੀਤੀ 'ਚ ਜਿੱਤ ਕੀ ਤੇ ਹਾਰ ਕੀ, ਦੋਸਤੀ ਕੀ ਤੇ ਦੁਸ਼ਮਣੀ ਕੀ, ਆਪਣਾ ਕੀ ਤੇ ਪਰਾਇਆ ਕੀ, ਅਨਪੜ੍ਹ ਕੀ ਤੇ ਅੱਧਪੜ੍ਹ ਕੀ, ਸੱਚ ਕੀ ਤੇ ਝੂਠ ਕੀ, ਇੱਜ਼ਤ ਕੀ ਤੇ ਬੇਇੱਜ਼ਤ ਕੀ | ਇਸੇ ਕਰਕੇ ਸਿਆਸਤ ਵੀ ਤਾਂ ਬਹੁਤੇ ਪੜ੍ਹੇ ਲਿਖੇ ਤੇ ਇਮਾਨਦਾਰ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ | ਇਸੇ ਲਈ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਜੀ ਨੇ ਚੋਣ ਨਹੀਂ ਲੜੀ | ਇੱਥੇ ਕੀ ਪਤਾ ਕਿ ਦਮ ਘੁੱਟਣ ਬਹਾਨੇ ਕਦੋਂ ਦੂਜੀ ਪਾਰਟੀ 'ਚ ਖਿਸਕੂ ਬਣਨਾ ਪਵੇ, ਕੀ ਪਤਾ ਕਿ ਵੋਟਾਂ 'ਚ ਕਿਸ ਦੁਸ਼ਮਣ ਦੇ ਘਰ ਜਾ ਕੇ ਹੱਥ ਮਿਲਾਉਣਾ ਪਵੇ, ਕੀ ਪਤਾ ਕਿ ਕਿਹੜੀ ਗੱਲ 'ਤੇ ਪਰਦਾ ਪਾਉਣਾ ਪਵੇ ਤੇ ਕਿਹੜੀ ਗੱਲ ਨੰਗੀ ਕਰਨੀ ਪਵੇ, ਕੀ ਪਤਾ ਕਿ ਕਿਸ ਨੂੰ ਭੰਡਣਾ ਪਵੇ ਤੇ ਕਿਸ ਦਾ ਧੰਨਵਾਦੀ ਬਣਨਾ ਪਵੇ | ਉਂਝ ਇਥੇ ਨੇਤਾ ਉਹ ਹੀ ਬਣਦੈ ਜਿਹੜਾ ਇਨ੍ਹਾਂ ਗੱਲਾਂ 'ਚ ਮੁਹਾਰਤ ਰੱਖਦਾ ਹੋਵੇ | ਇਸੇ ਕਰਕੇ ਨੇਤਾ ਜੀ ਵੋਟਾਂ ਸਮੇਂ ਆਮ ਤੇ ਵੋਟਾਂ ਤੋਂ ਬਾਅਦ ਖਾਸ ਬਣ ਜਾਂਦੇ ਐ | ਆਲੇ ਦੁਆਲੇ ਦੇਖੋ ਤਾਂ ਅਕਸਰ ਹਰ ਚੌਕ, ਹਰ ਸੜਕ, ਹਰ ਕਾਲੋਨੀ 'ਚ ਨੇਤਾਵਾਂ ਦੇ ਧੰਨਵਾਦੀ ਬੋਰਡ ਦੇਖਣ ਨੂੰ ਮਿਲਣਗੇ | ਹਰ ਅਖ਼ਬਾਰ 'ਚ ਧੰਨਵਾਦੀ ਦੌਰਿਆਂ ਦੀਆਂ ਖ਼ਬਰਾਂ, ਹਰ ਪਿੰਡ-ਸ਼ਹਿਰ ਧੰਨਵਾਦੀ ਦੌਰਿਆਂ 'ਚ ਭਜਦੀਆਂ ਗੱਡੀਆਂ ਦੀ ਭਰਮਾਰ |
ਸਿਆਸਤ 'ਚ ਧੰਨਵਾਦੀ ਸਿਲਸਿਲਾ ਦੇਖ ਕੇ ਤਾਂ ਇੰਜ ਲਗਦੈ ਕਿ ਨੇਤਾ ਲੋਕਾਂ ਦੇ ਕਾਕੇ ਇਕ ਦਿਨ ਆਪਣੀ ਤੇ ਦੋਸਤਾਂ ਦੀ ਫੋਟੋ ਵਾਲੇ ਬੋਰਡ ਲਾਇਆ ਕਰਨਗੇ ਤੇ ਲਿਖਿਆ ਕਰਨਗੇ 'ਪਜੈਰੋ, ਔਡੀ, ਐਪਲ, ਸਰਕਾਰੀ ਐਸ਼ ਤੇ ਕੈਸ਼ ਦੇਣ ਵਾਲੇ ਨੇਤਾ ਪਾਪਾ ਦੇ ਘਰ ਜਨਮ ਦੇਣ ਲਈ ਪਿਆਰੇ ਤੇ ਸਤਿਕਾਰੇ ਰੱਬ ਜੀ ਦਾ ਕੋਟਿਨ ਕੋਟਿ ਧੰਨਵਾਦ... | ਜੇ ਸੋਚੀਏ ਕਿ ਵੋਟਾਂ ਤਾਂ ਇਕ ਸੰਵਿਧਾਨਿਕ ਅਧਿਕਾਰ/ ਕਾਰਵਾਈ ਹੈ, ਪੈ ਗਈਆਂ ਸੋ ਪੈ ਗਈਆਂ, ਕੋਈ ਜਿੱਤ ਗਿਐ ਕੋਈ ਹਾਰ ਗਿਐ, ਫਿਰ ਧੰਨਵਾਦ ਕਾਹਦਾ | ਪਰ ਇੱਥੇ ਵੋਟਾਂ ਵਧੇਰੇ ਕਰਕੇ ਚਾਰਾਜੋਈ ਨਾਲ ਪੁਆਈਆਂ ਜਾਂਦੀਆਂ ਨੇ, ਇਸ ਲਈ ਧੰਨਵਾਦ ਤਾਂ ਬਣਦਾ ਹੀ ਐ | ਚਲੋ ਆਉ, ਧੰਨਵਾਦੀ ਦੌਰੇ 'ਚ ਨੇਤਾ ਜੀ ਦੀ ਤਕਰੀਰ ਸੁਣੀਏ | ਜਿੱਤੇ ਹੋਏ ਨੇਤਾ ਜੀ ਧੰਨਵਾਦੀ ਦੌਰੇ 'ਚ ਬੋਲ ਰਹੇ ਸਨ, 'ਮੇਰੇ ਸਤਿਕਾਰਯੋਗ ਵੋਟਰੋ, ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ | ਜਿਨ੍ਹਾਂ ਨੇ ਪਾਈਆਂ ਉਨ੍ਹਾਂ ਦਾ ਵੀ, ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਨ੍ਹਾਂ ਦਾ ਵੀ | ਜਿਨ੍ਹਾਂ ਮੈਨੂੰ ਪਾਈਆਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਕਿਉਂਕਿ ਤੁਸੀਂ ਆਪਣੀਆਂ ਤਾਂ ਪਾਈਆਂ ਹੀ ਪਰ ਹੋਰਾਂ ਦੀਆਂ ਵੀ ਪਾਈਆਂ, ਜਿਊਾਦਿਆਂ ਦੀਆਂ ਵੀ ਪਾਈਆਂ ਤੇ ਸਵਰਗਵਾਸੀਆਂ ਦੀਆਂ ਵੀ ਪਾਈਆਂ | ਨਿਸ਼ਕਾਮਤਾ ਨਾਲ ਵੀ ਪਾਈਆਂ, ਕੁੱਛ ਕਾਮਨਾ ਲੈ ਕੇ ਵੀ ਪਾਈਆਂ | ਮੈਂ ਵੀ ਤੁਹਾਡੀ ਸੇਵਾ 'ਚ ਕਸਰ ਨਹੀਂ ਛੱਡਾਂਗਾ | ਤੁਸੀਂ ਕੰਮ ਲੈ ਕੇ ਆਉ, ਮੈਂ ਤੁਹਾਡੇ ਭੋਗ 'ਤੇ ਵੀ ਜ਼ਰੂਰ ਆਵਾਂਗਾ'... | ਦੂਜੇ ਪਾਸੇ ਧੰਨਵਾਦੀ ਦੌਰੇ 'ਤੇ ਉਤਰੇ ਹਾਰੇ ਹੋਏ ਨੇਤਾ ਜੀ ਕਹਿ ਰਹੇ ਸਨ, ਸਤਿਕਾਰਯੋਗ ਵੋਟਰੋ, ਤੁਸੀਂ ਮੈਨੂੰ ਜਿਤਾਉਣ ਲਈ ਬਹੁਤ ਮਿਹਨਤ ਕੀਤੀ | ਤੁਸੀਂ ਮੈਨੂੰ ਜਿਤਾ ਨਹੀਂ ਸਕੇ, ਮੈਂ ਭਾਵੇਂ ਹਾਰ ਗਿਆਂ ਪਰ ਤੁਸੀਂ ਮੇਰਾ ਦਿਲ ਜਿੱਤ ਲਿਐ | ਉਹ ਜਿੱਤੇ ਨਹੀਂ, ਸਾਨੂੰ ਹਰਾਇਆ ਗਿਐ ਹੱਥਕੰਡੇ ਵਰਤ ਕੇ | ਸਾਡੀਆਂ ਵੋਟਾਂ ਕੱਟੀਆਂ ਗਈਆਂ, ਉਨ੍ਹਾਂ ਨੇ ਵੋਟਾਂ ਖਰੀਦੀਆਂ, ਉਨ੍ਹਾਂ ਨੇ ਜਾਅਲੀ ਵੋਟਾਂ ਪੁਆਈਆਂ | ਫਿਕਰ ਨਾ ਕਰੋ ਪੰਜ ਸਾਲ ਤਾਂ ਚੁਟਕੀ ਵਾਂਗ ਲੰਘ ਜਾਣੇ ਐ | ਅਸਲ 'ਚ ਆਪਣੀ ਸਰਕਾਰ ਨੇ ਪੰਜ ਸਾਲ ਕੰਮ 'ਤੇ ਬਹੁਤਾ ਜ਼ੋਰ ਲਾ ਲਿਆ | ਆਪਾਂ ਨੇ ਪੰਜ ਸਾਲ ਆਰਾਮ ਕਰਨ ਤੇ ਤੁਹਾਡੇ ਰਾਜ ਨੂੰ ਅਮਰੀਕਾ ਇੰਗਲੈਂਡ ਵਰਗਾ ਬਣਾਉਣ ਲਈ ਸਕੀਮਾਂ ਘੜਨ ਲਈ ਲਏ ਐ | ਦੇਖ ਲਿਉ, ਉਨ੍ਹਾਂ ਕਰਨਾ ਕੁਝ ਨਹੀਂ ਆਪਾਂ ਫੁਰਰਰ ਕਰਕੇ ਫਿਰ ਆਏ ਸਮਝੋ | ਤੁਸੀਂ ਤਕੜੇ ਰਿਹੋ ਭੁੱਲ ਨਾ ਜਾਇਉ ਕਿਤੇ, ਆਪਣੇ ਭੋਗਾਂ/ਵਿਆਹਾਂ 'ਤੇ ਜ਼ਰੂਰ ਬੁਲਾਉਂਦੇ ਰਿਹੋ, ਧਰਨੇ ਮੁਜ਼ਾਹਰਿਆਂ 'ਤੇ ਆਉਂਦੇ ਰਿਹੋ... |

-ਦੋਰਾਹਾ (ਲੁਧਿਆਣਾ)
ਮੋਬਾਈਲ : 98142-45959.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਰਿਜਕ
ਕਿਸੇ ਜ਼ਮਾਨੇ ਵਿਚ ਸਵੇਰ ਹੋਣ ਦਾ ਪਤਾ ਪੰਛੀਆਂ ਦੀ ਚਹਿਚਿਹਾਟ ਤੋਂ ਲੱਗਦਾ ਹੁੰਦਾ ਸੀ। ਅਸੀਂ ਖ਼ੁਦਗਰਜ਼ ਲੋਕਾਂ ਨੇ ਹਵਾ, ਪਾਣੀ ਵਿਚ ਏਨਾ ਪ੍ਰਦੂਸ਼ਣ ਪੈਦਾ ਕਰ ਦਿੱਤਾ ਹੈ ਕਿ ਪੰਛੀਆਂ ਦਾ ਜਿਊਣਾ ਹਰਾਮ ਹੀ ਹੋ ਗਿਆ ਹੈ। ਪਤਾ ਨਹੀਂ ਉਹ ਸ਼ਹਿਰ ਛੱਡ ਕੇ ਕਿਸ ਦੇਸ਼ ਚਲੇ ਗਏ ਹਨ। ਅੱਜਕਲ੍ਹ ਸਵੇਰ ਹੋਣ ਦਾ ਪਤਾ ਮੰਗਤਿਆਂ ਦੀਆਂ ਆਵਾਜ਼ਾਂ ਤੋਂ ਲੱਗਦਾ ਹੈ ਕਿ ਦਿਨ ਚੜ੍ਹ ਗਿਆ ਹੈ। ਸ਼ਾਇਦ ਮੰਗਤਿਆਂ ਨੂੰ ਮੰਗਣ ਦਾ ਕੰਮ ਸੌਖਾ ਲੱਗਦਾ ਹੈ। ਕੁਝ ਦਿਨਾਂ ਤੋਂ ਮੰਗਤਿਆਂ ਦੀਆਂ ਆਵਾਜ਼ਾਂ ਦੇ ਨਾਲ-ਨਾਲ ਘਰਾਂ ਦੇ ਗੇਟ ਵੀ ਖੜਕਣ ਲੱਗ ਪਏ ਹਨ। ਮੈਂ ਕਈ ਦਿਨ ਤਾਂ ਸਬਰ ਕੀਤਾ ਪਰ ਇਕ ਦਿਨ ਵਾਰ-ਵਾਰ ਗੇਟ ਖੜਕਣ ਕਾਰਨ ਮੈਨੂੰ ਗੇਟ ਖੋਲ੍ਹਣਾ ਹੀ ਪਿਆ। ਬਾਹਰ ਦੇਖਿਆ ਤਾਂ ਠੰਢ ਵਿਚ 8-10 ਸਾਲ ਦੀ ਕੁੜੀ ਗੰਦੀ ਜਿਹੀ ਫ਼ਰਾਕ ਪਾਈ ਖੜ੍ਹੀ ਸੀ। ਠੰਢ ਨਾਲ ਉਹ ਕੰਬ ਰਹੀ ਸੀ।
'ਕੀ ਗੱਲ ਹੈ?' ਮੈਂ ਆਪਣੇ ਗੁੱਸੇ ਨੂੰ ਕਾਬੂ ਕਰਦਿਆਂ ਪੁੱਛਿਆ।
'ਜੀ ਅਸੀਂ ਰਾਤ ਦੇ ਭੁੱਖੇ ਹਾਂ, ਕੋਈ ਰਾਤ ਦੀ ਬੇਹੀ ਰੋਟੀ ਪਈ ਹੋਵੇ ਤਾਂ ਦੇ ਦਿਓ। ਰੱਬ ਤੁਹਾਡਾ ਭਲਾ ਕਰੇਗਾ।' ਉਸ ਨੇ ਮਾਸੂਮੀਅਤ ਨਾਲ ਪਰ੍ਹਾਂ ਬੈਠੀ ਆਪਣੀ ਛੋਟੀ ਭੈਣ ਵੱਲ ਦੇਖਦਿਆਂ ਕਿਹਾ।
'ਤੁਸੀਂ ਲੋਕ ਕੋਈ ਕੰਮ ਕਿਉਂ ਨਹੀਂ ਕਰਦੇ?' ਮੇਰੀ ਆਵਾਜ਼ ਵਿਚ ਗੁੱਸਾ ਰਲਿਆ ਹੋਇਆ ਸੀ।
'ਜੀ ਸਰਕਾਰ ਬੱਚਿਆਂ ਨੂੰ ਕੰਮ ਨਹੀਂ ਕਰਨ ਦਿੰਦੀ, ਭਾਵੇਂ ਉਹ ਭੁੱਖੇ ਮਰ ਜਾਣ', ਉਹ ਕੰਬਦੀ ਹੋਈ ਬੋਲੀ।
'ਮੰਗਣਾ ਸਰਕਾਰ ਨੂੰ ਚੰਗਾ ਲੱਗਦੈ?'
'ਢਿੱਡ ਤਾਂ ਕਿਸੇ ਤਰ੍ਹਾਂ ਭਰਨਾ ਹੈ ਜੀ, ਮੰਗੀਏ ਨਾ ਤਾਂ ਕੀ ਚੋਰੀ ਕਰੀਏ? ਕੀ ਉਹ ਚੰਗਾ ਹੈ?' ਉਸ ਨੇ ਮੇਰੇ 'ਤੇ ਸਵਾਲ ਠੋਕ ਦਿੱਤਾ। ਜਿਸ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। 'ਇਹ ਸਵਾਲ ਤੁਸੀਂ ਸਰਕਾਰ ਨੂੰ ਕਰੋ ਕਿ ਜੇ ਕੰਮ ਨਾ ਕਰੀਏ ਤਾਂ ਖਾਈਏ ਕਿੱਥੋਂ?' ਉਹ ਚੁੱਪ ਮੇਰੇ ਵੱਲ ਵੇਖਦੀ ਕੰਬ ਰਹੀ ਸੀ।
'ਜੇ ਤੂੰ ਮੇਰਾ ਕੰਮ ਕਰੇਂਗੀ ਤਾਂ ਰੋਟੀ ਮਿਲ ਜਾਏਗੀ', ਮੈਂ ਉਸ ਨੂੰ ਕਿਹਾ।
'ਦੱਸੋ ਕੀ ਕੰਮ ਹੈ ਮੇਰੇ ਕਰਨ ਵਾਲਾ?' ਉਹ ਮੇਰੇ ਵੱਲ ਦੇਖਦੀ ਮਾਸੂਮੀਅਤ ਨਾਲ ਬੋਲੀ।
'ਅੰਦਰ ਆ ਜਾ ਦੱਸਦੀ ਹਾਂ' ਉਹ ਮੇਰੇ ਪਿੱਛੇ-ਪਿੱਛੇ ਰਸੋਈ ਵਿਚ ਆ ਗਈ।
'ਆਪਣੀ ਭੈਣ ਨੂੰ ਕਹਿ ਅੰਦਰ ਆ ਕੇ ਬੈਠ ਜਾਵੇ', ਉਹ ਗਈ ਤੇ ਭੈਣ ਨੂੰ ਅੰਦਰ ਲੈ ਆਈ। 'ਪਹਿਲਾਂ ਹੱਥ ਧੋ ਸਾਬਣ ਨਾਲ ਫਿਰ ਆਹ ਭਾਂਡੇ ਹੌਲੀ-ਹੌਲੀ ਮਾਂਜ।' ਉਹ ਮੇਰੇ ਕਹੇ ਅਨੁਸਾਰ ਲੱਗ ਗਈ ਭਾਂਡੇ ਧੋਣ। ਭਾਂਡੇ ਤਾਂ ਤਿੰਨ ਚਾਰ ਹੀ ਸਨ। ਉਹ ਮੈਂ ਇਸ ਕਰਕੇ ਉਸ ਕੋਲੋਂ ਧੁਆਏ ਕਿ ਉਸ ਨੂੰ ਬਗੈਰ ਕੰਮ ਕੀਤੇ ਖਾਣ ਦੀ ਆਦਤ ਨਾ ਪੈ ਜਾਏ। ਮੈਂ ਦੋਵਾਂ ਨੂੰ ਪਹਿਲਾਂ ਰੋਟੀ ਖਵਾਈ ਤੇ ਚਾਹ ਪਿਆਈ। ਉਸ ਨੇ ਉਹ ਭਾਂਡੇ ਵੀ ਚੁੱਕ ਕੇ ਧੋ ਦਿੱਤੇ। ਫਿਰ ਉਸ ਨੂੰ ਲਿਫ਼ਾਫ਼ੇ ਵਿਚ ਲਪੇਟ ਕੇ ਚਾਰ ਰੋਟੀਆਂ ਵੀ ਦਿੱਤੀਆਂ। ਇਹ ਆਪਣੀ ਮਾਂ ਨੂੰ ਦੇ ਦੇਵੀਂ ਉਹ ਵੀ ਭੁੱਖੀ ਹੋਵੇਗੀ। ਕੁੜੀ ਮੈਨੂੰ ਦੱਸ ਚੁੱਕੀ ਸੀ ਕਿ ਮਾਂ ਕੁਝ ਦਿਨਾਂ ਤੋਂ ਬਿਮਾਰ ਹੈ। ਪਿਤਾ ਦਿਹਾੜੀ ਕਰਨ ਜਾਂਦਾ ਹੈ, ਉਸ ਨੂੰ ਪੈਸੇ 8 ਦਿਨ ਪਿਛੋਂ ਮਿਲਦੇ ਹਨ।
ਮੇਰੇ ਕਹਿਣ ਅਨੁਸਾਰ ਉਹ ਕੁੜੀਆਂ ਦੂਜੀ ਸਵੇਰ ਸਾਫ਼ ਫ਼ਰਾਕਾਂ ਪਾ ਕੇ ਆਈਆਂ। ਮੈਂ ਉਨ੍ਹਾਂ ਨੂੰ ਦੋ-ਤਿੰਨ ਘਰਾਂ ਵਿਚ ਕੰਮ ਦੁਆ ਦਿੱਤਾ। ਦੋ ਤਿੰਨ ਦਿਨ ਪਿਛੋਂ ਉਨ੍ਹਾਂ ਦੀ ਮਾਂ ਵੀ ਠੀਕ ਹੋ ਕੇ ਆ ਗਈ। ਉਹ ਚਾਹੁੰਦੀ ਸੀ ਕਿ ਉਸ ਦੀਆਂ ਧੀਆਂ ਕੁਝ ਪੜ੍ਹ-ਲਿਖ ਜਾਣ ਤੇ ਕੋਈ ਚੰਗਾ ਕੰਮ ਕਰਨ। ਮੈਂ ਸੁਸਾਇਟੀ ਦੇ ਪ੍ਰਧਾਨ ਕੋਲ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਦੋਵਾਂ ਬੱਚੀਆਂ ਨੂੰ ਇਕ ਸ਼ਾਮ ਦੇ ਸਕੂਲ ਵਿਚ ਦਾਖ਼ਲ ਕਰਾ ਦਿੱਤਾ। ਸਵੇਰੇ ਉਹ ਕੰਮ ਕਰਦੀਆਂ ਤੇ ਸ਼ਾਮ ਨੂੰ ਪੜ੍ਹਦੀਆਂ। ਮਾਂ ਨੂੰ ਕਾਲੋਨੀ ਦੇ ਕਈ ਘਰਾਂ ਵਿਚ ਨੌਕਰੀ ਮਿਲ ਗਈ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਸੌਖਾ ਹੋ ਗਿਆ। ਉਹ ਕਾਲੋਨੀ ਵਾਲਿਆਂ ਨੂੰ ਅਸੀਸਾਂ ਦੇਣ ਲੱਗੀਆਂ।

-ਮੋਬਾਈਲ : 98762-08542.

ਸਿੱਟਾ
ਮਾਸਟਰ ਹਰਦੇਵ ਨੇ ਜਦੋਂ ਸਕੂਲ ਦੀ ਕੰਧ 'ਤੇ ਬੱਚਿਆਂ ਵਲੋਂ ਸਿੱਖਿਆ ਮਾਟੋ 'ਮਾਪਿਆਂ ਦੀ ਸੇਵਾ ਸਭ ਤੋਂ ਵੱਡਾ ਤੀਰਥ ਹੈ', ਪੜ੍ਹਿਆ ਤਾਂ ਅੱਖਾਂ ਛਲਕ ਪਈਆਂ। ਬਚਪਨ ਤੋਂ ਲੈ ਕੇ ਅੱਜ ਤੱਕ ਦਾ ਅਤੀਤ ਅੱਖਾਂ ਮੂਹਰਦੀ ਘੁੰਮ ਗਿਆ।
ਕਿਵੇਂ ਬਾਪੂ ਨੇ ਦਿਹਾੜੀਆਂ ਕਰ-ਕਰ ਕੇ ਢਿੱਡ ਬੰਨ੍ਹ ਕੇ ਉਹਨੂੰ ਜੇ.ਬੀ.ਟੀ. ਕਰਾਈ। ਲੋਕਾਂ ਦੇ ਹਾੜੇ ਕੱਢ-ਕੱਢ ਮਾਸਟਰ ਲਵਾਇਆ। ਹਰਦੇਵ ਦੀ ਪੜ੍ਹਾਈ 'ਤੇ ਖ਼ਰਚਾ ਜ਼ਿਆਦਾ ਹੋ ਜਾਣ ਕਾਰਨ ਛੋਟੇ ਮੁੰਡੇ ਸੁਖਚੈਨ ਨੂੰ ਦਸ ਪੜ੍ਹਾ ਕੇ ਹਟਾ ਲਿਆ। ਆਪਣੇ ਨਾਲ ਕੰਮ 'ਤੇ ਲਾ ਲਿਆ। ਹਰਦੇਵ ਮਾਸਟਰ ਕੀ ਲੱਗੀਏ ਮਹੀਨੇਵਾਰ ਆਉਣ ਵਾਲੀ ਤਨਖ਼ਾਹ ਨੇ ਹਿਰਦੇ ਵਿਚ ਹੈਂਕੜ ਵਸਾ ਦਿੱਤੀ। ਮਿਹਨਤੀ ਬਾਪੂ ਤੇ ਭਰਾ ਦੇ ਲੀੜਿਆਂ ਵਿਚੋਂ ਬਦਬੂ ਆਉਣ ਲੱਗੀ। ਵਿਆਹ ਹੋਣ ਉਪਰੰਤ ਟੀਚਰ ਲੱਗੀ ਆਪਣੀ ਪਤਨੀ ਪ੍ਰੀਤੋ ਨੂੰ ਲੈ ਕੇ ਅੱਡ ਹੋ ਗਿਆ। ਮਾਂ-ਬਾਪ ਦੀ ਸੇਵਾ ਸੁਆਰਥ ਦੀ ਭੇਟ ਚੜ੍ਹਾ ਦਿੱਤੀ ਪਰ ਸੁਖਚੈਨ ਨੇ ਹੌਸਲਾ ਨਾ ਛੱਡਿਆ। ਮਾਂ-ਬਾਪ ਦੀ ਤਨੋ-ਮਨੋ ਸੇਵਾ ਕੀਤੀ। ਹਰਦੇਵ ਦਾ ਬਾਪ ਜਦੋਂ ਹਰਦੇਵ ਦੀ ਕੋਠੀ ਮੂਹਰਦੀ ਲੰਘਦਾ ਤਾਂ ਹਸਰਤ ਭਰੀਆਂ ਨਜ਼ਰਾਂ ਨਾਲ ਕੋਠੀ ਨੂੰ ਵੇਖਦਾ ਪਰ ਪ੍ਰੀਤੀ ਦੇ ਖਰਵੇ ਸੁਭਾਅ ਬਾਰੇ ਸੋਚਦਾ ਅਗਾਂਹ ਲੰਘ ਜਾਂਦਾ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਦੋਵੇਂ ਭਰਾਵਾਂ ਨੂੰ ਪਰਮਾਤਮਾ ਨੇ ਦੋ-ਦੋ ਬੇਟੇ ਦਿੱਤੇ। ਸੁਖਚੈਨ ਦੇ ਦੋਵੇਂ ਬੇਟੇ ਮਿਹਨਤੀ ਪਿਓ ਵਾਂਗ ਮਿਹਨਤੀ ਨਿਕਲੇ। ਪੜ੍ਹ ਕੇ ਇਕ ਪੁਲਿਸ ਕਾਂਸਟੇਬਲ ਤੇ ਦੂਸਰਾ ਸਰਕਾਰੀ ਸਟੈਨੋ ਲੱਗ ਗਿਆ। ਓਧਰ ਹਰਦੇਵ ਦੇ ਪੁੱਤਰ ਲੋੜ ਤੋਂ ਵੱਧ ਖ਼ਰਚਾ ਮਿਲਣ ਕਾਰਨ ਵਿਹਲੜ ਤੇ ਨਿਕੰਮੇ ਨਿਕਲੇ। ਮਾੜੀ ਸੰਗਤ ਵਿਚ ਪੈ ਨਸ਼ੇ ਕਰਨ ਲੱਗ ਪਏ। ਹਰਦੇਵ ਸੋਚ ਰਿਹਾ ਸੀ ਕਿ ਜੇ ਮੈਂ ਮਾਂ-ਬਾਪ ਦੀ ਸੇਵਾ ਤੋਂ ਮੁਨਕਰ ਹੋਇਆਂ ਤੇ ਆਪਣਾ ਬਣਦਾ ਫ਼ਰਜ਼ ਨਹੀਂ ਨਿਭਾਇਆ ਤਾਂ ਹੀ ਮੇਰੀ ਔਲਾਦ ਮਾੜੀ ਨਿਕਲੀ। ਮੇਰੇ ਅਤੀਤ ਦੀ ਗ਼ਲਤੀ ਮੇਰੇ ਭਵਿੱਖ ਲਈ ਸਜ਼ਾ ਬਣ ਗਈ। ਸੁਖਚੈਨ ਦੇ ਬੇਟੇ ਦਾਦਾ-ਦਾਦੀ ਦੀ ਮਿਲੀ ਤਾਲੀਮ ਸਦਕਾ ਲਾਈਕ ਨਿਕਲੇ।
'ਮਾਸਟਰ ਜੀ ਅਗਲੀ ਕੰਧ 'ਤੇ ਕੀ ਮਾਟੋ ਲਿਖੀਏ' ਮੁੰਡਿਆਂ ਨੇ ਆ ਕੇ ਹਰਦੇਵ ਦੀਆਂ ਸੋਚਾਂ ਦੀ ਲੜੀ ਤੋੜੀ।
ਹਾਂ, ਬੇਟੇ ਅੱਗੇ 'ਨੇਕੀ ਇਨਸਾਨ ਨੂੰ ਸਦਾ ਜਿਊਂਦਾ ਰੱਖਦੀ ਹੈ' ਲਿਖੋ। ਅੱਖਾਂ ਪੂੰਝਦਾ ਹਰਦੇਵ ਅੱਗੇ ਚਲਿਆ ਗਿਆ।

-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ)। ਮੋਬਾਈਲ : 98783-25301.

ਜ਼ਿੰਦਗੀ ਨਹੀਂ ਜੇ ਮਿਲਣੀ ਦੁਬਾਰਾ


ਜ਼ਿੰਦਗੀ ਦਾ ਸਾਰ ਕੀ ਹੈ?
ਜਿਊਾਦੇ ਰਹੋ, ਮੌਤ ਤੱਕ |
ਹਰ ਮਨੁੱਖ ਨੂੰ ਇਹ ਪਤਾ ਹੈ ਕਿ ਇਕ ਦਿਨ ਮੌਤ ਆਉਣੀ ਹੀ ਆਉਣੀ ਹੈ | ਇਕ ਹੋਰ ਵੀ ਮਾਨਤਾ ਹੈ ਕਿ ਮੌਤ ਦਾ ਵੇਲਾ-ਵਕਤ ਕੋਈ ਨਹੀਂ, ਜਦ ਆਉਣੀ ਹੈ, ਤਦ ਆਉਣੀ ਹੈ |
ਇਕ ਹੋਰ ਵੀ ਮਾਨਤਾ ਹੈ ਕਿ ਮਨੁੱਖ ਦੇ ਜਿੰਨੇ ਸਾਹ ਲਿਖੇ ਹਨ, ਉਹ ਉਸ ਨੇ ਲੈਣੇ ਹੀ ਲੈਣੇ ਹਨ | ਉਹ ਸਾਹ ਪੂਰੇ ਹੋਏ ਨਹੀਂ ਕਿ ਜ਼ਿੰਦਗੀ ਵਾਲਾ ਬੁਲਬੁਲਾ, ਜਿਵੇਂ ਭੁਕਾਨਾ ਫਟ ਕੇ ਫੁਸ ਹੁੰਦਾ ਹੈ, ਉਵੇਂ ਹੀ ਫਟੇ ਹੋਏ ਭੁਕਾਨੇ ਵਾਂਗ ਨਿਰਜਿੰਦ, ਇਕ ਲੋਥ ਬਣ ਕੇ ਰਹਿ ਜਾਂਦੀ ਹੈ |
ਮਨੁੱਖ, ਜਿਸ ਨੇ ਜਨਮ ਲਿਆ ਹੈ, ਉਸ ਨੇ ਤਾਂ ਮਰਨਾ ਹੀ ਹੈ, ਮਰ ਗਏ ਨੂੰ ਕਈ ਵਾਰ ਲੋਕੀਂ ਤਦ ਤਾੲੀਂ ਮੋਇਆ ਨਹੀਂ ਮੰਨਦੇ, ਜਦ ਤਾੲੀਂ ਕੋਈ ਡਾਕਟਰ ਉਸ ਨੂੰ ਮਰਿਆ ਐਲਾਨ ਨਹੀਂ ਦਿੰਦਾ | ਬਹੁਤੀ ਵਾਰੀ ਮਨੁੱਖ ਦੇ ਜਨਮ ਲੈਣ ਦੀ ਤਸਦੀਕ ਵੀ ਡਾਕਟਰ ਹੀ ਕਰਦੇ ਹਨ, ਮਰਨ ਦੀ ਤਸਦੀਕ ਵੀ ਡਾਕਟਰ ਹੀ ਕਰਦੇ ਹਨ, ਇਸੇ ਲਈ ਪੂਰੀ ਜ਼ਿੰਦਗੀ ਜਿਊਣ ਲਈ ਜਨਮ ਸਰਟੀਫਿਕੇਟ ਤੇ ਮੌਤ ਦਾ ਸਰਟੀਫਿਕੇਟ ਬਹੁਤ ਜ਼ਰੂਰੀ ਹਨ |
ਭਾਰਤ ਵਿਚ ਮੌਤ ਦਾ ਐਲਾਨ ਤਾਂ ਹੀ ਕਰਦੇ ਹਨ ਜਦ ਸ਼ਖ਼ਸ ਦੀ ਨਬਜ਼ ਚਲਣੀ ਬੰਦ ਹੋ ਜਾਏ, ਪਰ ਅਮਰੀਕਾ ਤੇ ਕਈ ਹੋਰ ਦੇਸ਼ਾਂ 'ਚ ਬੰਦੇ ਦੇ ਸਵਰਗਵਾਸ ਹੋਣ ਦਾ ਐਲਾਨ ਉਦੋਂ ਕੀਤਾ ਜਾਂਦਾ ਹੈ ਜਦ ਉਹਦਾ ਦਿਮਾਗ ਚਲਣੋਂ ਬੰਦ ਹੋ ਜਾਏ, ਕਹਿੰਦੇ ਨੇ ਨਬਜ਼ ਬੰਦ ਹੋਣ ਮਗਰੋਂ ਵੀ ਬੰਦੇ ਦਾ ਦਿਮਾਗ ਕਾਫੀ ਦੇਰ ਚਲਦਾ ਰਹਿੰਦਾ ਹੈ |
ਸਵਰਗਵਾਸ ਹੋ ਚੁੱਕੇ ਬਸ਼ਰ ਦੇ ਪਰਿਵਾਰ ਜਨ, ਡਾਕਟਰ ਦੇ ਉਹਨੂੰ ਮੁਰਦਾ ਕਰਾਰ ਦੇਣ ਮਗਰੋਂ ਵੀ ਇਕਦਮ ਡਾਕਟਰ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, ਇਕ ਆਸ ਨਾਲ ਕਿ ਸ਼ਾਇਦ ਉਹ ਜਿਊਾਦਾ ਹੀ ਹੋਵੇ, ਡਾਕਟਰ ਨੂੰ ਬੇਨਤੀ ਕਰਦੇ ਹਨ, 'ਡਾਕਟਰ ਸਾਹਬ, ਇਕ ਵਾਰ ਹੋਰ ਚੰਗੀ ਤਰ੍ਹਾਂ ਨਬਜ਼ ਵੇਖ ਲਓ... |'
ਪਰ ਇਕ-ਦੋ ਖ਼ਬਰਾਂ ਅਜਿਹੀਆਂ ਆਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਹਾਸਾ ਵੀ ਆਉਂਦਾ ਹੈ, ਨਾਲੇ ਇਸ ਮਾਨਤਾ 'ਤੇ ਵਿਸ਼ਵਾਸ ਵੀ ਕਰਨਾ ਪੈਂਦਾ ਹੈ ਕਿ ਡਾਕਟਰਾਂ ਦੇ ਮੌਤ ਦਾ ਸਰਟੀਫਿਕੇਟ ਦੇਣ ਮਗਰੋਂ ਵੀ ਸਵਰਗਵਾਸੀ ਮੁੜ ਜਿਊਾਦਾ ਹੋ ਜਾਂਦਾ ਹੈ, ਉਸ ਦੇ ਜਿੰਨੇ ਸਾਹ ਲਿਖੇ ਸਨ, ਸ਼ਾਇਦ ਉਹ ਪੂਰੇ ਨਹੀਂ ਹੋਏ, ਇਸ ਲਈ ਬਾਕੀ ਬਚੇ ਸਾਹ ਲੈਣ ਲਈ, ਉਹ ਮੁੜ ਜਿਊਾਦਾ ਹੋ ਗਿਆ ਹੈ |
ਇਕ ਖ਼ਬਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਹੈ ਕਿ ਜ਼ਿਲ੍ਹਾ ਨਰਸਿੰਗਪੁਰਾ 'ਚ ਇਕ ਸ਼ਖਸ ਰਾਜੇਸ਼ ਉਰਫ਼ 'ਟਿੱਲੂ' ਸਰਕਾਰੀ ਸਿਹਤ ਕੇਂਦਰ 'ਚ ਭਰਤੀ ਹੋਇਆ ਸੀ, ਉਹਨੂੰ ਡਾਕਟਰਾਂ ਨੇ ਮੁਰਦਾ ਐਲਾਨ ਦਿੱਤਾ | ਉਹਦੇ ਪਰਿਵਾਰ ਵਾਲੇ ਉਹਦੀ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਏ | ਉਹਦੀ ਚਿਤਾ ਚਿਣ ਕੇ ਉਸ ਨੂੰ ਅਗਨ ਭੇਟ ਕਰਨ ਲਈ ਚਿਤਾ 'ਤੇ ਲਿਟਾ ਦਿੱਤਾ ਗਿਆ | ਪੰ੍ਰਪਰਾ ਅਨੁਸਾਰ ਉਸ ਦਾ ਪੁੱਤਰ ਉਸ ਦੀ ਚਿਤਾ ਨੂੰ ਅੱਗ ਲਾਉਣ ਵਾਲਾ ਹੀ ਸੀ ਕਿ ਅਚਾਨਕ ਮੁਰਦਾ ਖੰਘਣ ਲੱਗਾ | ਲੋਕਾਂ ਨੇ ਝੱਟ ਪ੍ਰਕਿਰਿਆ ਰੋਕ ਲਈ, ਉਹ ਮੁਰਦਾ ਚਿਤਾ 'ਤੇ ਉਠ ਕੇ ਬਹਿ ਗਿਆ | ਲੋਕਾਂ ਉਸ ਨੂੰ ਪਾਣੀ ਪਿਆਇਆ, ਉਹ ਮੁੜ ਕੇ ਸਾਹ ਲੈਣ ਲੱਗਾ, ਲੋਕਾਂ ਸ਼ੁਕਰ ਮਨਾਇਆ ਪਰ ਇਕ ਘੰਟੇ ਮਗਰੋਂ ਉਹਦੇ ਸਾਹ ਲੈਣ ਦੀ ਪ੍ਰਕਿਰਿਆ ਬੰਦ ਹੋ ਗਈ | ਇਕ ਵਾਰ ਫਿਰ ਉਹਨੂੰ ਮੁਰਦਾ ਐਲਾਨ ਦਿੱਤਾ ਗਿਆ ਤੇ ਇਸ ਵਾਰ ਉਹਦੀ ਚਿਤਾ ਨੂੰ ਅੱਗ ਲਾ ਦਿੱਤੀ ਗਈ |
ਜਿਹਨੂੰ ਕਬਰਸਤਾਨ ਲੈ ਗਏ...
ਪਹੁੰਚੀ ਵਹੀਂ ਪੇ ਖ਼ਾਕ
ਜਹਾਂ ਕਾ ਖ਼ਮੀਰ ਥਾ |
ਉਹ ਤਾਂ ਸੁਆਹ ਹੋ ਗਿਆ, ਮਿੱਟੀ ਨਾਲ ਮਿੱਟੀ ਹੋ ਗਿਆ ਪਰ ਸਾਡੇ ਸਮਾਜ ਵਿਚ ਇਕ ਹੋਰ ਬੜਾ ਵੱਡਾ ਕਲੇਸ਼ ਹੈ...
'ਆਤਮਾ'
ਇਹ ਵਿਸ਼ਵਾਸ ਹੈ ਕਿ ਬੇਸ਼ੱਕ ਸਰੀਰ 'ਚੋਂ ਸਾਹ ਮੁੱਕ ਜਾਣ ਪਰ 'ਆਤਮਾ' ਸਰੀਰ 'ਚ ਮੌਜੂਦ ਹੈ, ਉਹ ਸੌਖੇ ਕੀਤਿਆਂ ਸਰੀਰ ਨੂੰ ਨਹੀਂ ਛੱਡਦੀ | ਉਹ ਮਨੁੱਖ ਦੇ ਮਰਨ ਮਗਰੋਂ ਵੀ ਉਹਦੇ ਸਰੀਰ ਨੂੰ ਨਹੀਂ ਛੱਡਦੀ | ਇਹ ਵੀ ਵਿਸ਼ਵਾਸ ਹੈ ਕਿ ਜਦ ਤਾੲੀਂ ਆਤਮਾ ਸਰੀਰ 'ਚੋਂ ਨਹੀਂ ਨਿਕਲਦੀ, ਮਰ ਗਏ ਨੂੰ ਆਵਾਗਮਨ ਤੋਂ ਮੁਕਤੀ ਨਹੀਂ ਮਿਲਦੀ | ਕਹਿੰਦੇ ਨੇ ਸਰੀਰ ਨਾਸ਼ਵਾਨ ਹੈ ਪਰ ਆਤਮਾ ਅਮਰ ਹੈ | ਇਹ ਕਦੇ ਨਹੀਂ ਮਰਦੀ, ਸਗੋਂ ਚੋਲਾ ਬਦਲਦੀ ਹੈ |
ਸੰਸਾਰ 'ਚ ਚੌਰਾਸੀ ਲੱਖ ਜੂਨਾਂ ਦੀ ਹੋਂਦ ਹੈ | ਚੌਰਾਸੀ ਲੱਖ ਜੂਨਾਂ 'ਚ ਕੀੜੇ-ਮਕੌੜੇ, ਜਾਨਵਰ, ਪੰਛੀ, ਜਲ-ਜੀਵ ਸਭੇ ਸ਼ਾਮਿਲ ਹਨ | ਸੱਚਮੁੱਚ ਇਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ | ਇਸ ਲਈ ਮਨੁੱਖੀ ਦਿਮਾਗ਼ ਹਾਰ ਕੇ ਇਸ ਸੋਚ ਦਾ ਕਾਇਲ ਹੋ ਜਾਂਦਾ ਹੈ ਕਿ ਆਤਮਾ ਅਮਰ ਹੈ, 84 ਲੱਖ ਜੋਨੀਆਂ 'ਚ ਚੋਲਾ ਬਦਲ ਕੇ ਜਾ ਨਿਵਾਸ ਕਰਦੀ ਹੈ |
ਇਹ ਵੀ ਮਾਨਤਾ ਹੈ ਕਿ 84 ਲੱਖ ਜੂਨਾਂ ਕੱਟਣ ਮਗਰੋਂ ਮਨੁੱਖ ਨੂੰ ਮਨੁੱਖੀ ਜੂਨ ਪ੍ਰਾਪਤ ਹੁੰਦੀ ਹੈ | ਕਿਵੇਂ ਕੀੜੇ-ਕੀੜੀਆਂ ਪੈਰਾਂ ਥੱਲੇ ਆ ਕੇ ਮਰਦੇ ਹਨ, ਕਿਵੇਂ ਪੰਛੀਆਂ ਤੇ ਜਾਨਵਰਾਂ ਨੂੰ ਮਨੁੱਖ ਦੇ ਭੋਜਨ ਲਈ ਵੱਢਿਆ ਜਾਂਦਾ ਹੈ, ਬੰਦਾ ਇਹੋ ਜਿਹੀ ਜੂਨ 'ਚ ਵਿਚਰਨੋਂ ਡਰ ਜਾਂਦਾ ਹੈ, ਕਦਾਚਿਤ ਨਹੀਂ ਚਾਹੁੰਦਾ ਕਿ ਮਨੁੱਖੀ ਜੂਨ ਮਿਲਣ ਮਗਰੋਂ ਕਿਸੇ ਹੋਰ ਜੂਨ 'ਚ ਪਵੇ |
* ਆਤਮਾ ਤੋਂ ਪਰਮ, ਇਕ ਹੋਰ ਆਤਮਾ ਹੈ ਨਾਂਅ ਪਰਮਾਤਮਾ, ਜਿਸਨੂੰ ਸਹਿਜ ਬਾਣੀ 'ਚ ਕਹਿੰਦੇ ਹਨ ਪਰਮਾਤਮਾ | ਰੱਬ ਆਖ ਲਓ, ਖ਼ੁਦਾ ਜਾਂ ਗਾਡ |
ਮਾਨਤਾ ਹੈ ਕਿ ਇਹ ਪ੍ਰਾਪਤ ਹੋ ਜਾਏ ਤਾਂ 84 ਲੱਖ ਜੂਨਾਂ ਦਾ ਆਵਾਗਮਨ ਸਮਾਪਤ | ਇਹਨੂੰ ਨਿਰਵਾਣ, ਮੋਖਸ਼ ਜਾਂ ਮੁਕਤੀ ਕਹਿੰਦੇ ਹਨ |
ਆਤਮਾ ਪਰਮਾਤਮਾ ਦਾ ਮੇਲ ਹੀ ਨਹੀਂ ਸਗੋਂ ਆਤਮਾ ਦਾ ਪਰਮਾਤਮਾ 'ਚ ਪੂਰੀ ਤਰ੍ਹਾਂ ਘੁਲ ਜਾਣਾ, ਇਹਨੂੰ ਹੀ ਦੱਸਦੇ ਨੇ ਗਿਆਨੀ, 84 ਲੱਖ ਜੂਨਾਂ 'ਚ ਆਵਣ-ਜਾਵਣ ਤੋਂ ਮੁਕਤੀ ਮਿਲਣਾ, ਇਹਨੂੰ ਆਖਦੇ ਹਨ ਮੋਖਸ਼ | ਮੋਖਸ਼ ਮੁਕਤੀ, ਜੀਵੰਤ ਪ੍ਰਾਣੀਆਂ ਨੂੰ ਤਾਂ ਮਿਲਦੀ ਨਹੀਂ, ਨਾ ਹੀ ਮਿਲਣੀ ਹੈ | ਜੇਕਰ ਮਿਲਦੀ ਵੀ ਹੈ ਜਾਂ ਮਿਲੇਗੀ ਵੀ, ਤਾਂ ਮਰਨ ਤੋਂ ਬਾਅਦ |
ਵੈਸੇ ਕੋਈ ਵੀ ਬਸ਼ਰ ਜਿਸ ਨੇ ਜਨਮ ਲਿਆ ਹੈ, ਉਹਦਾ ਮਨ ਮਰਨ ਲਈ ਬਿਲਕੁਲ ਨਹੀਂ ਕਰਦਾ... ਕਿਉਂਕਿ ਇਹ ਜ਼ਿੰਦਗੀ ਬਹੁਤ ਹੁਸੀਨ ਹੈ | ਜ਼ਿੰਦਗੀ 'ਚ ਹੀ ਹੈਨ ਬਹੁਰੰਗ ਤਮਾਸ਼ੇ | ਬੜੇ ਦੁੱਖ ਵੀ ਹਨ |
ਕਿੰਨੀ ਭਿੰਨਤਾ ਹੈ, ਇਕ ਤਾਂ ਇਹ ਦੁਨੀਆ ਬੜੀ ਹੁਸੀਨ ਹੈ, ਜ਼ਿੰਦਗੀ ਫਿਰ ਨਾ ਮਿਲੇਗੀ ਦੁਬਾਰਾ | ਦੂਜਾ ਜ਼ਿੰਦਗੀ 'ਦੁੱਖਾਂ' ਦਾ ਘਰ ਹੈ ਕਿਉਂ ਆਇਆ ਦੁੱਖ ਭੋਗਨ, ਨਵਾਂ ਵਿਚਾਰਾ |
ਬੇਸ਼ੱਕ ਇਹ ਵੀ ਧਾਰਨਾ ਹੈ:
ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ ਪਿਆਰੇ
ਮੁਰਦਾ ਦਿਲ ਕਯਾ ਖ਼ਾਕ ਜੀਆ ਕਰਤੇ ਹੈਾ?
ਜਿਹੜੇ ਮੋਖਸ਼ ਦੀ ਆਸ 'ਚ ਜ਼ਿੰਦਗੀ ਖਤਮ ਕਰਨ ਲਈ ਮਿਲੇ ਸਾਹਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਸਾਹਾਂ ਨੂੰ ਆਪਣੇ ਹੱਥੀਂ ਖਤਮ ਕਰ ਦੇਣ, ਉਨ੍ਹਾਂ ਨੂੰ ਮੁਰਦਾ ਦਿਲ ਕਿਉਂ ਆਖਿਆ ਜਾਂਦਾ ਹੈ?
ਦਿੱਲੀ ਤੋਂ ਹੀ ਇਸੇ ਬੀਤੇ ਹਫ਼ਤੇ ਖ਼ਬਰ ਆਈ ਹੈ ਕਿ ਬੁਰਾੜੀ ਦੇ ਵਾਸੀ ਇਕੋ ਪਰਿਵਾਰ ਦੇ ਗਿਆਰਾਂ ਜੀਆਂ ਨੇ ਸਿਰਫ਼ ਤੇ ਸਿਰਫ਼ 'ਮੋਖਸ਼' ਦੀ ਖਾਤਰ ਇਕੋ ਦਿਨ, ਇਕੋ ਵੇਲੇ ਆਪ ਹੀ ਫਾਂਸੀ ਲੈ ਕੇ ਜ਼ਿੰਦਗੀ ਤੋਂ ਤਾਂ ਨਿਜ਼ਾਤ ਪਾ ਲਈ | ਪਰ ਕੀ ਸੱਚਮੁੱਚ ਉਨ੍ਹਾਂ ਨੂੰ ਮੋਖਸ਼ ਮਿਲ ਗਿਆ ਹੈ?
ਇਹ ਵਹਿਮ, ਇਹ ਭਰਮ ਇਹੋ ਜਿਹੀ ਸੋਚ ਦੇ ਜਨਮਦਾਤਾ ਹਨ, ਇਸ ਸਮੇਂ ਤਾੲੀਂ ਤਾਂ ਪੁਲਿਸ ਨੇ ਜੋ ਖੋਜ ਕੀਤੀ ਹੈ, ਇਹੀਓ ਹੈ ਕਿ ਸੁਫਨੇ ਵਿਚ ਉਨ੍ਹਾਂ ਦੇ ਸਵਰਗਵਾਸੀ ਪਿਤਾ ਦੀ ਗੁਹਾਰ ਉਨ੍ਹਾਂ ਦੇ ਇਕ ਪੁੱਤਰ ਨੂੰ ਸੁਣਾਈ ਦਿੱਤੀ ਕਿ ਉਹ ਇਹ 'ਸ਼ੁਭ ਕਰਮ ਕਰਨ, ਉਹ ਕੁਝ ਸਮੇਂ ਲਈ ਮੁਰਦਾ ਜ਼ਰੂਰ ਹੋ ਜਾਣਗੇ, ਪਰ ਫਿਰ ਉਨ੍ਹਾਂ 'ਚ ਦੁਬਾਰਾ ਜਾਨ ਆ ਜਾਏਗੀ | ਉਨ੍ਹਾਂ ਨੂੰ ਜ਼ਿੰਦਗੀ ਦੁਬਾਰਾ ਮਿਲ ਜਾਏਗੀ | ਉਹ ਜਨਮ-ਮਰਨ ਦੀ ਪ੍ਰਕਿਰਿਆ ਤੋਂ ਮੁਕਤ ਹੋ ਕੇ 84 ਲੱਖ ਜੂਨਾਂ 'ਚ ਵਿਚਰਨ ਵਾਲੀ ਜ਼ਿਲਤ ਸਹਿਣ ਤੋਂ ਸਦਾ-ਸਦਾ ਲਈ ਮੁਕਤ ਹੋ ਜਾਣਗੇ | ਜ਼ਿੰਦਗੀ ਮਜ਼ੇ ਨਾਲ ਜਿਊਣਗੇ |
ਬਹੁਤ ਪਹਿਲਾਂ ਮੈਂ ਪੜਿ੍ਹਆ ਸੀ ਕਿ ਜਾਪਾਨ 'ਚ ਵੀ ਇਕ ਅਜਿਹਾ 'ਪੂਜਣਯੋਗ' ਜਾਪਾਨੀ ਬਾਬਾ ਪ੍ਰਸਿੱਧ ਹੋਇਆ ਸੀ, ਜਿਸ ਨੇ ਆਪਣੇ ਸੈਂਕੜੇ ਭਗਤਾਂ ਨੂੰ ਸਹਿਮਤ ਕਰ ਲਿਆ ਸੀ ਕਿ ਉਹ ਇਕੋ ਵੇਲੇ ਆਪਣੀ ਜ਼ਿੰਦਗੀ ਖਤਮ ਕਰ ਕੇ ਪਰਮਾਤਮਾ ਕੋਲ ਪੁੱਜ ਕੇ, ਉਹਦੇ 'ਚ ਲੀਨ ਹੋ ਕੇ ਜ਼ਿੰਦਗੀ ਤੋਂ ਮੌਤ, ਮੌਤ ਮਗਰੋਂ ਮੁੜ ਜ਼ਿੰਦਗੀ ਵਾਲੇ ਚੱਕਰ ਤੋਂ ਮੁਕਤ ਹੋ ਜਾਣਗੇ |
ਕਈਆਂ ਨੂੰ ਮੁਕਤੀ ਮੁਬਾਰਕ, ਕਈਆਂ ਆਤੰਕਵਾਦੀਆਂ ਨੂੰ ਹੂਰਾਂ ਮੁਬਾਰਕ | ਸੋ, ਕੁਝ ਮੋਖਸ਼ 'ਚ, ਕੁਝ ਮੋਹ ਦੇ ਲਾਲਚ 'ਚ ਆਪਣੇ ਸਾਹ ਆਪ ਹੀ ਖਤਮ ਕਰ ਦਿੰਦੇ ਹਨ |


ਨਹਿਲੇ 'ਤੇ ਦਹਿਲਾ : ਸ਼ਾਇਰ-ਏ-ਆਜ਼ਮ

ਸ਼ਾਇਰ-ਏ-ਆਜ਼ਮ
ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ ਨਾਮੀ ਉਰਦੂ ਨਜ਼ਮ ਲਿਖਣ ਵਾਲੇ ਅਲਾਮਾ ਇਕਬਾਲ ਬੜੇ ਮਸ਼ਹੂਰ ਸ਼ਾਇਰ ਸਨ | ਉਹ ਪੇਸ਼ੇ ਤੋਂ ਵਕੀਲ ਸਨ | ਉਨ੍ਹਾਂ ਦਾ ਘਰ ਤਾਂ ਸਿਆਲਕੋਟ ਵਿਖੇ ਸੀ ਪਰ ਰਹਿੰਦੇ ਲਾਹੌਰ ਸਨ |
ਜਨਾਬ ਹਸਨ ਨਿਜ਼ਾਮੀ ਸਾਹਬ ਉਰਦੂ ਅਖ਼ਬਾਰ ਮੁਨਾਦੀ ਦੇ ਮਾਲਕ ਅਤੇ ਸੰਪਾਦਕ ਸਨ | ਉਨ੍ਹਾਂ ਨੇ ਆਪਣੇ ਅਖ਼ਬਾਰ ਮੁਨਾਦੀ ਵਿਚ ਲਿਖਿਆ ਕਿ ਅਲਾਮਾ ਇਕਬਾਲ ਨੂੰ ਮੈਂ ਵੱਡਾ ਸ਼ਾਇਰ ਨਹੀਂ ਮੰਨਦਾ | ਉਸ ਨੂੰ ਵੱਡਾ ਸ਼ਾਇਰ ਕਹਿਣਾ ਬਿੱਲੀ ਨੂੰ ਸ਼ੇਰ ਸਮਝਣ ਦੀ ਸਲਾਹ ਦੇਣਾ ਹੈ |
ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਲਾਮਾ ਇਕਬਾਲ ਦੇ ਗੋਡਿਆਂ ਵਿਚ ਦਰਦ ਹੋਣਾ ਲੱਗਾ ਹੈ | ਹਸਨ ਨਿਜ਼ਾਮੀ ਗੋਡਿਆਂ ਦੇ ਦਰਦ ਦੀ ਰੋਗਨ ਫਾਸਫੋਰਸ ਨਾਂਮੀ ਦਵਾ ਬਣਾਇਆ ਕਰਦੇ ਸਨ | ਉਨ੍ਹਾਂ ਨੇ ਰੋਗਨ ਫਾਸਫੋਰਸ ਨਾਮਕ ਦਵਾਈ ਇਕਬਾਲ ਸਾਹਬ ਨੂੰ ਭੇਜੀ ਜਿਸ ਨਾਲ ਇਕਬਾਲ ਸਾਹਬ ਨੂੰ ਬਹੁਤ ਲਾਭ ਹੋਇਆ | ਅਲਾਮਾ ਇਕਬਾਲ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਮੈਨੂੰ ਤੁਹਾਡੀ ਦਵਾਈ ਨਾਲ ਬਹੁਤ ਫਾਇਦਾ ਹੋਇਆ ਹੈ | ਹਸਨ ਨਿਜ਼ਾਮੀ ਸਾਹਬ ਨੇ ਉਹ ਚਿੱਠੀ ਆਪਣੇ ਅਖ਼ਬਾਰ 'ਮੁਨਾਦੀ' ਵਿਚ ਛਾਪੀ ਅਤੇ ਲਿਖਿਆ ਕਿ ਇਸ ਤੇਲ ਬਾਰੇ ਸ਼ਾਇਰੇ ਆਜ਼ਮ ਅਲਾਮਾ ਇਕਬਾਲ ਦੀ ਕੀ ਰਾਏ ਹੈ | ਅਲਾਮਾ ਇਕਬਾਲ ਨੇ ਮੁੁਨਾਦੀ ਨਾਮਕ ਅਖ਼ਬਾਰ ਪੜ੍ਹ ਕੇ ਮੁਸਕਰਾਉਂਦੇ ਹੋਏ ਕਿਹਾ, 'ਸ਼ੁਕਰ ਹੈ ਹਸਨ ਨਿਜ਼ਾਮੀ ਦੇ ਗੋਡਿਆਂ ਦੇ ਦਰਦ ਦੇ ਤੇਲ ਰੋਗਨ ਫਾਸਫੋਰਸ ਨੇ ਮੈਨੂੰ ਸ਼ਾਇਰ-ਏ-ਆਜ਼ਮ ਬਣਾ ਦਿੱਤਾ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਅੰਤਰ

ਸਿਰਸਾ ਤੋਂ ਚੱਲੀ ਬੱਸ ਸਰਦੂਲਗੜ੍ਹ ਦੇ ਨੇੜੇ ਪਹੁੰਚ ਚੁੱਕੀ ਸੀ | ਇਕ ਅੱਧਖੜ ਉਮਰ ਦੀ ਮਾਈ ਆਪਣੀ ਸੀਟ ਤੋਂ ਉੱਠ ਕੇ ਕੰਡਕਟਰ ਦੇ ਦੁਆਲੇ ਜਾ ਹੋਈ ਤੇ ਬੋਲੀ, 'ਵੇ ਪੁੱਤ ਆ ਮੈਨੂੰ ਆਹ ਮੋੜ 'ਤੇ ਲਾਹ ਦੇਵੀਂ, ਗੋਡੇ ਬਹੁਤ ਦੁਖਦੇ ਐ ਚਲਿਆ ਨ੍ਹੀਂ ਜਾਂਦਾ |' ਲੈ ਮਾਈ ਇਹ ਕੋਈ ਰਿਕਸ਼ਾ ਥੋੜ੍ਹੀ ਐ ਕੀ ਜਿਥੇ ਮਰਜ਼ੀ ਰੋਕ ਲੋ, ਅਸੀਂ ਵੀ ਆਖਿਰ ਚੰਡੀਗੜ੍ਹ ਪਹੁੰਚਣਾ, ਨਾਨ ਸਟਾਪ ਗੱਡੀ ਐ | ਰੋਹਬ ਨਾਲ ਬੋਲੇ ਗਏ ਕੰਡਕਟਰ ਦੇ ਬੋਲ ਸੁਣ ਕੇ ਬੇਵਸ ਹੋਈ ਮਾਈ ਆਪਣੀ ਸੀਟ 'ਤੇ ਜਾ ਬੈਠੀ |
ਬੱਸ ਅਜੇ ਸਰਦੂਲਗੜ੍ਹ ਦੇ ਬੱਸ ਸਟੈਂਡ ਤੋਂ ਤਿੰਨ ਕੁ ਕਿਲੋਮੀਟਰ ਹੀ ਅੱਗੇ ਗਈ ਸੀ ਕਿ ਇਕ ਨੌਜਵਾਨ ਨੇ ਬਾਰੀ ਕੋਲ ਹੁੰਦਿਆਂ ਕੰਡਕਟਰ ਨੂੰ ਆਵਾਜ਼ ਮਾਰੀ, 'ਆਹ ਰੋਕੀਂ ਬਾਈ ਠੇਕੇ ਕੋਲੇ', ਲੈ ਜਿਥੇ ਕਹੇਂ ਉਥੇ ਈ ਰੋਕ ਦਿਆਂਗੇ ਆਪਣੀ ਵਿਸਲ ਵਿਚ ਵੀ ਮੰਤਰੀ ਦੇ ਆਰਡਰ ਜਿੰਨੀ ਤਾਕਤ ਹੁੰਦੀ ਐ', ਕਹਿੰਦਿਆਂ ਹੀ ਕੰਡਕਟਰ ਨੇ ਲੰਬੀ ਵਿਸਲ ਮਾਰ ਦਿੱਤੀ | ਠੇਕੇ 'ਤੇ ਖੜ੍ਹੀ ਬੱਸ ਨੂੰ ਵੇਖ ਕੇ ਮੈਂ ਨਾਨ-ਸਟਾਪ ਅਤੇ ਰਿਕਸ਼ੇ ਵਿਚ ਅੰਤਰ ਬਾਰੇ ਸੋਚਣ ਲੱਗ ਪਿਆ |

-ਜਗਤਾਰ ਸਮਾਲਸਰ
-ਬਾਈਪਾਸ, ਰੋਡ ਏਲਨਾਬਾਦ (ਸਿਰਸਾ)
ਮੋਬਾਈਲ : 094670-95953.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX