ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ :

ਕੁਸੈਲੀ ਯਾਦ ਬਣਿਆ ਵਿਸ਼ਵ ਕੱਪ ਸਫ਼ਰ

ਸੰਨ 2018 ਵਿਸ਼ਵ ਕੱਪ 'ਚ ਮਹਾਂਰਥੀ, ਜਰਮਨੀ, ਅਰਜਨਟੀਨਾ, ਪੁਰਤਗਾਲ ਅਤੇ ਸਪੇਨ ਵਰਗੀਆਂ ਟੀਮਾਂ ਦੀ ਵਿਦਾਈ ਜਿਥੇ ਦਿੱਗਜ਼ ਹੋਏ ਚਿੱਤ ਵਰਗੀਆਂ ਸੁਰਖੀਆਂ ਬਣੇ, ਉਥੇ ਇਨ੍ਹਾਂ ਟੀਮਾਂ 'ਚ ਖੇਡ ਰਹੇ ਸਟਾਰ ਖਿਡਾਰੀਆਂ ਲਈ ਇਹ ਟੂਰਨਾਮੈਂਟ ਕਸੈਲੀ ਯਾਦ ਬਣ ਕੇ ਰਹੇਗਾ। ਇਨ੍ਹਾਂ ਖਿਡਾਰੀਆਂ ਨੂੰ ਹੁਣ ਅਗਲੇ 4 ਸਾਲ ਉਡੀਕ ਕਰਨੀ ਪਵੇਗੀ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਖਿਡਾਰੀਆਂ ਦਾ ਲਗਪਗ ਇਹ ਆਖਰੀ ਵਿਸ਼ਵ ਕੱਪ ਹੋਵੇਗਾ ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਸਗੋਂ ਵਿਸ਼ਵ ਕੱਪ ਫੁੱਟਬਾਲ ਦੇ ਇਤਿਹਾਸ 'ਤੇ ਨਜ਼ਰ ਮਾਰੀਏ, ਅਜਿਹੇ ਕਈ ਖਿਡਾਰੀ ਹਨ ਜੋ ਫੁੱਟਬਾਲ ਦੇ ਸਿਖਰ 'ਤੇ ਰਹੇ ਪਰ ਵਿਸ਼ਵ ਕੱਪ ਨਾ ਚੁੰਮ ਸਕੇ। ਆਓ ਰੂ-ਬ-ਰੂ ਹੋਈਏ ਅਜਿਹੀ ਹੀ ਵਿਸ਼ਵ ਕੱਪ ਇਤਿਹਾਸ ਦੇ ਕੁਝ ਬਦਕਿਸਮਤ ਸਿਤਾਰਿਆਂ ਦੇ ਜੋ ਪ੍ਰਤਿਭਾ ਦੇ ਧਨੀ ਹੋਣ ਦੇ ਬਾਵਜੂਦ ਵਿਸ਼ਵ ਕੱਪ ਦੀ ਖਿਤਾਬੀ ਪ੍ਰਾਪਤੀ ਆਪਣੇ ਨਾਂਅ ਨਾਲ ਨਾ ਜੋੜ ਸਕੇ।
ਕ੍ਰਿਸਟਿਆਨੋ ਰੋਨਾਲਡੋ : ਰੀਅਲ ਮੈਡਰਿਡ ਦੇ ਨਾਂਅ ਅਣਗਿਣਤ ਖਿਤਾਬ ਦਰਜ ਕਰਨ ਵਾਲੇ ਫੁੱਟਬਾਲ ਦੇ ਮਹਾਨ ਫਨਕਾਰ ਰੋਨਾਲਡੋ ਲਈ ਵਿਸ਼ਵ ਕੱਪ ਦਾ ਸਫਰ ਹਮੇਸ਼ਾ ਲਈ ਇਕ ਕੁਸੈਲੀ ਯਾਦ ਬਣ ਕੇ ਰਹੇਗਾ। ਰਿਕਾਰਡ ਬੇਲੋਨ ਡਿਉਰ ਖਿਤਾਬ ਵਿਜੇਤਾ ਫੁੱਟਬਾਲ ਦੇ ਇਸ ਜਾਦੂਗਰ ਦੀ ਕਿਸਮਤ 'ਚ ਵਿਸ਼ਵ ਕੱਪ ਦੀ ਜੇਤੂ ਟਰਾਫੀ ਕਦੇ ਨਾ ਜੁੜ ਸਕੀ। ਕਤਰ 'ਚ ਹੋਣ ਵਾਲੇ 2022 ਵਿਸ਼ਵ ਕੱਪ ਦਾ ਇਹ ਖਿਡਾਰੀ 37 ਸਾਲਾਂ ਦਾ ਹੋ ਜਾਵੇਗਾ। ਇਸ ਵਾਰ ਪੁਰਤਗਾਲ ਦੀ ਟੀਮ ਉਰੂਗੁਏ ਤੋਂ 2-1 ਨਾਲ ਹਾਰ ਕੇ ਰੂਸੀ ਸਰਜ਼ਮੀਂ ਤੋਂ ਰੁਖਸਤ ਹੋ ਗਈ।
ਲਿਉਨਲ ਮੈਸੀ : ਅਰਜਨਟੀਨਾ ਦਾ ਸਟਾਰ ਮੈਸੀ ਆਪਣੇ ਖੇਡ ਕੈਰੀਅਰ 'ਚ ਮਹਾਨ ਪ੍ਰਾਪਤੀਆਂ ਦੇ ਬਾਵਜੂਦ ਵਿਸ਼ਵ ਖਿਤਾਬ ਆਪਣੇ ਨਾਂਅ ਨਾਲ ਨਾ ਜੋੜ ਸਕਿਆ। 2014 'ਚ ਹਾਰ ਕੇ ਉਪ-ਵਿਜੇਤਾ ਵਜੋਂ ਸਬਰ ਕਰਨਾ ਪਿਆ। ਸੰਨ 2006, 2010 ਅਤੇ ਇਸ ਵਾਰ 2018 'ਚ ਨਾਕਆਊਟ ਦੌਰ 'ਚ ਟੀਮ ਦੀ ਵਾਪਸੀ ਸ਼ਾਇਦ ਮੈਸੀ ਦੇ ਸੁਪਨੇ ਚਕਨਾਚੂਰ ਕਰਨ ਵਰਗੀ ਰਹੀ। ਅਗਲੇ ਵਿਸ਼ਵ ਕੱਪ ਤੱਕ ਮੈਸੀ 35 ਵਰ੍ਹਿਆਂ ਦਾ ਹੋ ਜਾਵੇਗਾ। ਕੀ ਉਹ ਫਿੱਟ ਰਹਿ ਸਕੇਗਾ, ਇਹ ਤਾਂ ਵਕਤ ਹੀ ਦੱਸੇਗਾ।
ਜੌਹਨ ਕਰੁਫ : ਬਤੌਰ ਖਿਡਾਰੀ ਕਲਾਤਮਿਕ ਫੁੱਟਬਾਲ ਦੀ ਸਿਖਰ, ਖੂਬਸੂਰਤ ਸੰਤੁਲਨ, ਬਿਹਤਰੀਨ ਪਾਸ, ਸਟੀਕ ਨਿਸ਼ਾਨੇਬਾਜ਼ੀ ਦੇ ਬਾਵਜੂਦ ਨੀਦਰਲੈਂਡ ਦੀ ਟੀਮ ਦਾ ਇਹ ਜਰਨੈਲ ਵਿਸ਼ਵ ਜੇਤੂ ਵਾਲਾ ਤਗਮਾ ਨਾ ਜਿੱਤ ਸਕਿਆ। 1974 'ਚ ਟੂਰਨਾਮੈਂਟ ਦਾ ਉਹ ਬੈਸਟ ਖਿਡਾਰੀ ਚੁਣਿਆ ਗਿਆ ਪਰ ਮੇਜ਼ਬਾਨ ਜਰਮਨੀ ਹੱਥੋਂ ਫਾਈਨਲ 'ਚ 2-1 ਨਾਲ ਪਛੜਨਾ ਕਰੁਫ ਲਈ ਜ਼ਿੰਦਗੀ ਭਰ ਦੀ ਟੀਸ ਬਣ ਗਈ। ਉਸ ਨੇ ਬਤੌਰ ਕੋਚ ਅਤੇ ਖਿਡਾਰੀ ਆਪਣੀ ਟੀਮ ਅਜੈਕਸ ਅਤੇ ਬਾਰਸੀਲੋਨਾ ਲਈ ਅਣਗਿਣਤ ਖਿਤਾਬ ਜਿੱਤੇ।
ਉਲੀਵਰ ਕਾਹਨ : ਆਪਣੇ ਕੈਰੀਅਰ 'ਚ 86 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਜਰਮਨੀ ਦਾ ਮਹਾਨ ਗੋਲਕੀਪਰ ਉਲੀਵਰ ਕਾਹਨ ਵਿਸ਼ਵ ਕੱਪ ਜਿੱਤਣ ਦੀ ਹਸਰਤ ਪੂਰੀ ਨਾ ਕਰ ਸਕਿਆ। ਸੰਨ 2002 'ਚ ਉਸ ਦੀ ਗ਼ਲਤੀ ਨਾਲ ਬ੍ਰਾਜ਼ੀਲ 2-0 ਨਾਲ ਜੇਤੂ ਰਿਹਾ। ਕਲੱਬ ਬੰਦੀਸ਼ਲੀਗਾ 'ਚ ਯੂਰਪੀਅਨ ਚੈਂਪੀਅਨ ਅਤੇ ਚੈਂਪੀਅਨ ਲੀਗ ਵਰਗੇ ਵੱਕਾਰੀ ਮੁਕਾਬਲਿਆਂ 'ਚ ਅਹਿਮ ਭੂਮਿਕਾ ਅਦਾ ਕਰਨ ਵਾਲਾ ਬਿਹਤਰੀਨ ਗੋਲਕੀਪਰ ਕਾਹਨ ਕਦੇ ਵਿਸ਼ਵ ਚੈਂਪੀਅਨ ਨਾ ਬਣ ਸਕਿਆ।
ਪਾਉਲੋ ਮਾਲਦੀਨੀ : ਇਟਾਲੀਅਨ ਟੀਮ ਦਾ ਸੁਰਖ ਸਿਤਾਰਾ, ਸੀਰੀਜ਼ 'ਏ' 'ਚ ਸੱਤ ਅਤੇ ਚੈਂਪੀਅਨ ਲੀਗ 'ਚ ਪੰਜ ਖ਼ਿਤਾਬ ਜੇਤੂ ਪਾਉਲੋ ਮਾਲਦੀਨੀ ਏ. ਸੀ. ਮਿਲਾਨ ਟੀਮ ਦਾ ਰੰਗ ਦਾ ਟਿੱਕਾ ਰਿਹਾ ਪਰ ਉਹ ਵਿਸ਼ਵ ਕੱਪ ਦਾ ਖ਼ਿਤਾਬ ਹਾਸਲ ਨਾ ਕਰ ਸਕਿਆ। ਆਪਣੇ 20 ਸਾਲ ਦੇ ਕੈਰੀਅਰ 'ਚ ਮਹਾਨ ਡਿਫੈਂਡਰ ਵਜੋਂ ਜਾਣੇ ਜਾਂਦੇ ਇਸ ਖਿਡਾਰੀ ਲਈ ਸ਼ਾਇਦ ਉਹ ਦੁਖਦ ਪਲ ਜਦੋਂ 1994 'ਚ ਅਮਰੀਕਾ 'ਚ ਹੋਏ ਵਿਸ਼ਵ ਕੱਪ 'ਚ ਉਸ ਦੀ ਟੀਮ ਬ੍ਰਾਜ਼ੀਲ ਤੋਂ ਫਾਈਨਲ 'ਚ ਹਾਰ ਗਈ ਸੀ। ਖੈਰ, ਕਿਸੇ ਵੱਡੇ ਆਯੋਜਨ ਤੋਂ ਬਾਅਦ ਇਹ ਆਮ ਹੁੰਦਾ ਹੈ, ਕਿਸੇ ਨਵੇਂ ਸਿਤਾਰੇ ਦਾ ਉਭਰਨਾ ਤੇ ਕਿਸੇ ਦਿੱਗਜ਼ ਦਾ ਅਰਸ਼ ਤੋਂ ਫਰਸ਼ 'ਤੇ ਆਉਣਾ।


-ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਏਸ਼ੀਅਨ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀਆਂ ਪਲੇਠੀਆਂ ਪੰਜਾਬੀ ਕਬੱਡੀ ਖਿਡਾਰਨਾਂ

ਨੈਸ਼ਨਲ ਸਟਾਈਲ ਕਬੱਡੀ ਦੇ ਔਰਤ ਵਰਗ 'ਚ ਅਗਲੇ ਮਹੀਨੇ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ 'ਚ ਦੋ ਪੰਜਾਬਣ ਖਿਡਾਰਨਾਂ ਸ਼ਾਮਲ ਕੀਤੀਆਂ ਗਈਆਂ ਹਨ। ਤੀਸਰੀ ਵਾਰ ਔਰਤਾਂ ਦੇ ਕਬੱਡੀ ਮੁਕਾਬਲੇ ਏਸ਼ੀਅਨ ਖੇਡਾਂ 'ਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਲਈ ਰਣਦੀਪ ਕੌਰ ਖਹਿਰਾ ਤੇ ਮਨਪ੍ਰੀਤ ਕੌਰ ਛੀਨਾ ਪਹਿਲੀਆਂ ਪੰਜਾਬਣਾਂ ਵਜੋਂ ਦੇਸ਼ ਦੀ ਨੁਮਾਇੰਦਗੀ ਕਰਨਗੀਆਂ।
ਰਣਦੀਪ ਕੌਰ ਖਹਿਰਾ
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੱਥੂ ਖਹਿਰਾ ਦੇ ਵਸਨੀਕ ਸ: ਹਰਦੀਪ ਸਿੰਘ ਖਹਿਰਾ ਤੇ ਸ੍ਰੀਮਤੀ ਵੀਰ ਕੌਰ ਦੀ ਸਪੁੱਤਰੀ ਰਣਦੀਪ ਕੌਰ ਖਹਿਰਾ ਪੰਜਾਬ ਦੀ ਇਕੋ-ਇਕ ਅਜਿਹੀ ਖਿਡਾਰਨ ਹੈ, ਜਿਸ ਨੇ ਕਬੱਡੀ ਦੀਆਂ ਤਿੰਨੇ ਵੰਨਗੀਆਂ-ਦਾਇਰੇ ਵਾਲੀ, ਨੈਸ਼ਨਲ ਸਟਾਈਲ ਅਤੇ ਬੀਚ ਕਬੱਡੀ 'ਚ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਰਣਦੀਪ ਨੇ ਕਲਾਸਵਾਲਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦਸਵੀਂ ਜਮਾਤ 'ਚ ਪੜ੍ਹਦਿਆਂ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਅਥਲੈਟਿਕਸ ਰਾਹੀਂ ਕੌਮੀ ਪੱਧਰ ਤੱਕ ਖੇਡਣ ਦਾ ਮਾਣ ਹਾਸਲ ਕੀਤਾ। ਐਸ.ਐਮ. ਕਾਲਜ ਦੀਨਾਨਗਰ ਵਿਖੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਹੀ ਕੋਚ ਨਿਰਮਲ ਕੌਰ ਤੇ ਮੁਖਵਿੰਦਰ ਸਿੰਘ ਦੀ ਪ੍ਰੇਰਨਾ ਨਾਲ ਰਣਦੀਪ ਨੇ ਬਤੌਰ ਰੇਡਰ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਕੀਤਾ, ਜਿਸ ਦੌਰਾਨ ਰਣਦੀਪ ਦਾ ਮੇਲ ਸਵ: ਕੋਚ ਗੁਰਦੀਪ ਸਿੰਘ ਮੱਲ੍ਹੀ ਨਾਲ ਹੋਇਆ, ਜਿਨ੍ਹਾਂ ਦੀ ਅਗਵਾਈ 'ਚ ਉਸ ਨੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿਖੇ ਦਾਖਲਾ ਲਿਆ ਅਤੇ ਇੱਥੇ ਉਸ ਦੀ ਖੇਡ 'ਚ ਇੰਨਾ ਕੁ ਨਿਖਾਰ ਆ ਗਿਆ ਕਿ ਉਹ 2008 ਤੋਂ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਦੀ ਕਪਤਾਨ ਚਲੀ ਆ ਰਹੀ ਹੈ। ਉਹ ਤਿੰਨ ਵਾਰ ਬੀਚ ਏਸ਼ੀਅਨ ਚੈਂਪੀਅਨਸ਼ਿਪ 'ਚ ਵੀ ਦੇਸ਼ ਲਈ ਸੋਨ ਤਗਮੇ ਜਿੱਤ ਚੁੱਕੀ ਹੈ। ਇਸ ਦੇ ਸਮਾਂਤਰ ਹੀ ਰਣਦੀਪ ਦਾਇਰੇ ਵਾਲੀ ਕਬੱਡੀ 'ਚ ਵੀ ਕੌਮੀ ਚੈਂਪੀਅਨਸ਼ਿਪਾਂ 'ਚ ਪੰਜਾਬ ਲਈ 2-2 ਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। ਰਣਦੀਪ 2013 ਦੇ ਵਿਸ਼ਵ ਕੱਪ 'ਚ ਭਾਰਤ ਦੀ ਚੈਂਪੀਅਨ ਟੀਮ ਦਾ ਹਿੱਸਾ ਬਣੀ। ਫਿਰ 2016 ਦੇ ਪੰਜਵੇਂ ਆਲਮੀ ਕੱਪ 'ਚ ਉਹ ਚੈਂਪੀਅਨ ਬਣੀ ਭਾਰਤੀ ਟੀਮ ਵਲੋਂ ਦੁਨੀਆ ਦੀ ਸਰਬੋਤਮ ਸਟਾਪਰ ਸਾਬਤ ਹੋਈ। ਉਹ ਮਾਝਾ ਕਬੱਡੀ ਅਕੈਡਮੀ ਅਤੇ ਸ਼ਹੀਦ ਭਗਤ ਸਿੰਘ ਕਲੱਬ ਸਮੈਣ (ਹਰਿਆਣਾ) ਵਲੋਂ ਪੇਸ਼ੇਵਰ ਕਬੱਡੀ ਖੇਡਦੀ ਹੈ। ਇਸ ਦੇ ਨਾਲ ਹੀ ਰਣਦੀਪ ਲਾਸ ਏਂਜਲਸ (ਅਮਰੀਕਾ) 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਤੇ ਕੁਸ਼ਤੀ ਮੁਕਾਬਲਿਆਂ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਰਣਦੀਪ ਕੌਰ ਏਸ਼ੀਅਨ ਖੇਡਾਂ ਲਈ ਭਾਰਤੀ ਟੀਮ 'ਚ ਚੋਣ ਹੋਣ ਨੂੰ ਆਪਣੇ ਜੀਵਨ ਦੀ ਵੱਡੀ ਪ੍ਰਾਪਤੀ ਮੰਨਦੀ ਹੈੈ।
ਮਨਪ੍ਰੀਤ ਕੌਰ ਬੁਢਲਾਡਾ
ਮਾਨਸਾ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਕਾਸਿਮਪੁਰ ਛੀਨਾ ਵਿਖੇ ਸ: ਹਰਦੀਪ ਸਿੰਘ ਤੇ ਸ੍ਰੀਮਤੀ ਪਰਮਿੰਦਰ ਕੌਰ ਦੇ ਘਰ ਜਨਮੀ ਮਨਪ੍ਰੀਤ ਕੌਰ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜ੍ਹਦਿਆਂ ਮਾ: ਜਸਵਿੰਦਰ ਸਿੰਘ ਲਾਲੀ ਦੀ ਪ੍ਰੇਰਨਾ ਨਾਲ ਕਬੱਡੀ ਖੇਡਣੀ ਆਰੰਭ ਕੀਤੀ, ਜਿਸ ਦੌਰਾਨ ਉਸ ਨੇ ਪੰਜਾਬ ਸਕੂਲ ਖੇਡਾਂ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਦਸਵੀਂ ਜਮਾਤ ਤੱਕ ਪੜ੍ਹਦਿਆਂ ਮਨਪ੍ਰੀਤ ਨੇ ਨੈਸ਼ਨਲ ਅਤੇ ਸਰਕਲ ਸਟਾਈਲ ਕਬੱਡੀ ਦੇ ਪੇਂਡੂ ਅਤੇ ਜ਼ਿਲ੍ਹਾ ਪੱਧਰ ਤੱਕ ਦੇ ਟੂਰਨਾਮੈਂਟ 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ। ਫਿਰ ਉਸ ਨੇ ਸੁਲਤਾਨਪੁਰ ਲੋਧੀ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਵਿੰਗ 'ਚ ਦਾਖਲਾ ਲਿਆ।
ਫਿਰ ਮਨਪ੍ਰੀਤ ਕੌਰ ਨੇ ਗ੍ਰੈਜੂਏਸ਼ਨ ਕਰਦਿਆਂ ਪਹਿਲੇ ਵਰ੍ਹੇ (2011-12) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਖੇਡਣ ਦਾ ਐਜ਼ਾਜ ਹਾਸਲ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਫਿਰ ਉਸ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਕਾਂਸੀ ਦੇ ਤਗਮੇ ਜਿੱਤੇ। ਸੰਨ 2016 'ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ 'ਚ ਮਨਪ੍ਰੀਤ ਦੀ ਕਪਤਾਨੀ 'ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ 'ਚ ਸੋਨ ਤਗਮਾ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਤੀਸਰੇ ਆਲਮੀ ਕੱਪ (2013) ਦੀ ਚੈਂਪੀਅਨ ਭਾਰਤੀ ਟੀਮ ਦੀ ਸਟਾਪਰ ਵਜੋਂ ਮਨਪ੍ਰੀਤ ਹਿੱਸਾ ਬਣੀ। ਇਸ ਦੇ ਨਾਲ ਹੀ ਕੁੱਲ ਹਿੰਦ ਅੰਤਰਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ 'ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਨੇ 2015 ਤੇ 16 'ਚ ਕ੍ਰਮਵਾਰ ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤੇ। ਮਨਪ੍ਰੀਤ ਨੂੰ ਖੇਡ ਅਤੇ ਵਿੱਦਿਅਕ ਪ੍ਰਾਪਤੀਆਂ ਦੀ ਬਦੌਲਤ ਰਾਜਸਥਾਨ ਸਰਕਾਰ ਨੇ ਪੁਲਿਸ 'ਚ ਸਬ-ਇੰਸਪੈਕਟਰ ਦੇ ਅਹੁਦੇ ਨਾਲ ਇਸੇ ਵਰ੍ਹੇ ਨਿਵਾਜਿਆ ਹੈ। ਹੁਣ ਉਸ ਦੀ ਚੋਣ ਜਕਾਰਤਾ ਏਸ਼ੀਅਨ ਖੇਡਾਂ ਲਈ ਹੋਈ ਹੈ, ਜੋ ਉਸ ਦੇ ਖੇਡ ਜੀਵਨ ਦੀ ਸਰਬੋਤਮ ਪ੍ਰਾਪਤੀ ਹੈ।


-ਪਟਿਆਲਾ।

ਭਾਰਤੀ ਕ੍ਰਿਕਟ ਟੀਮ ਨੇ ਜਿੱਤੀ ਟੀ-20 ਲੜੀ

ਇੰਗਲੈਂਡ ਦੌਰੇ ਦੀ ਹੋਈ ਜੇਤੂ ਸ਼ੁਰੂਆਤ

ਭਾਰਤੀ ਕ੍ਰਿਕਟ ਟੀਮ ਇਸ ਵੇਲੇ ਬਿਹਤਰੀਨ ਫਾਰਮ 'ਚ ਹੈ। ਫਾਰਮ ਦੇ ਵਿਚ ਤਾਂ ਇੰਗਲੈਂਡ ਦੀ ਟੀਮ ਵੀ ਹੈ ਪਰ ਉਨ੍ਹਾਂ ਦੀ ਤਾਕਤ ਬੱਲੇਬਾਜ਼ੀ ਹੈ ਜਦਕਿ ਭਾਰਤ ਦੇ ਬੱਲੇਬਾਜ਼ ਵੀ ਫਾਰਮ 'ਚ ਹਨ ਤੇ ਗੇਂਦਬਾਜ਼ ਵੀ। ਭਾਰਤੀ ਟੀਮ ਦਾ ਪਲੜਾ ਭਾਰੀ ਹੈ ਗੇਂਦਬਾਜ਼ਾਂ ਕਰਕੇ। ਖਾਸ ਤੌਰ 'ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤੇ ਲੈਗ ਸਪਿਨ ਗੁਗਲੀ ਗੇਂਦਬਾਜ਼ ਯਜ਼ਵੇਂਦਰ ਚਾਹਲ ਦੀਆਂ ਗੇਂਦਾਂ ਇੰਗਲਿਸ਼ ਬੱਲੇਬਾਜ਼ਾਂ ਨੂੰ ਸਮਝ ਨਹੀਂ ਆ ਰਹੀਆਂ। ਇੰਗਲੈਂਡ ਕੋਲ ਇਨ੍ਹਾਂ ਦੇ ਬਰਾਬਰ ਦਾ ਕੋਈ ਸਪਿਨ ਗੇਂਦਬਾਜ਼ ਨਹੀਂ ਹੈ।
ਇੰਗਲੈਂਡ ਦੀ ਟੀਮ 'ਚ ਨਾਮੀ-ਗਿਰਾਮੀ ਤੇ ਧਾਕੜ ਬੱਲੇਬਾਜ਼ ਜੇਸਨ ਰਾਏ, ਜੋਸ ਬਟਲਰ, ਐਲਕਸ ਹੇਲਜ਼, ਈਓਨ ਮੌਰਗਨ, ਬੇਅਰਸਟੋ ਤੇ ਜੋ ਰੂਟ ਹਨ, ਜਿਨ੍ਹਾਂ 'ਚੋਂ ਇਕ ਵੀ ਚੱਲ ਪਿਆ ਤਾਂ ਟੀ-20 ਦਾ ਉਹ ਮੈਚ ਆਪਣੇ ਵੱਲ ਕਰ ਸਕਦੇ ਹਨ। ਤੇਜ਼ ਗੇਂਦਬਾਜ਼ਾਂ ਨੂੰ ਤਾਂ ਇਹ ਬੱਲੇਬਾਜ਼ ਆਰਾਮ ਨਾਲ ਖੇਡਦੇ ਰਹੇ ਪਰ ਭਾਰਤੀ ਸਪਿਨ ਜੋੜੀ ਅੱਗੇ ਇਨ੍ਹਾਂ ਦੀ ਕੋਈ ਨਾ ਚੱਲੀ। ਚਾਹਲ ਦੀ ਤਾਂ ਕਦੇ-ਕਦਾਈਂ ਠੁਕਾਈ ਵੀ ਹੋ ਜਾਂਦੀ ਹੈ ਪਰ ਕੁਲਦੀਪ ਯਾਦਵ ਦੀਆਂ ਗੇਂਦਾਂ ਇੰਗਲਿਸ਼ ਬੱਲੇਬਾਜ਼ਾਂ ਨੂੰ ਖੂਬ ਨਚਾ ਰਹੀਆਂ ਹਨ। ਪਹਿਲੇ ਟੀ-20 'ਚ ਯਾਦਵ ਨੇ 5 ਵਿਕਟਾਂ ਲੈ ਕੇ ਇੰਗਲੈਂਡ ਨੂੰ ਏਨੇ ਦਬਾਅ 'ਚ ਲੈ ਆਂਦਾ ਕਿ ਉਹ ਅਗਲੇ ਮੈਚ 'ਚ ਲੱਸੀ ਨੂੰ ਵੀ ਫੂਕਾਂ ਮਾਰ ਰਹੇ ਸਨ। ਪਹਿਲਾ ਮੈਚ ਕੇ. ਐਲ. ਰਾਹੁਲ ਦੇ ਸ਼ਾਨਦਾਰ ਸੈਂਕੜੇ ਤੇ ਕੁਲਦੀਪ ਯਾਦਵ ਦੀ ਘਾਤਕ ਗੇਂਦਬਾਜ਼ੀ ਕਰਕੇ ਜਾਣਿਆ ਜਾਵੇਗਾ। ਭਾਰਤੀ ਕਪਤਾਨ ਕੋਹਲੀ ਦੀ ਇਹ ਖੂਬੀ ਹੈ ਕਿ ਉਹ ਟੀਮ ਦੇ ਹਿਤਾਂ ਨੂੰ ਹਮੇਸ਼ਾ ਪਹਿਲ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ਜੇ ਪਹਿਲੀ ਵਿਕਟ ਛੇਤੀ ਡਿਗਦੀ ਹੈ ਤਾਂ ਕਿਉਂਕਿ ਰਾਹੁਲ ਪਾਵਰ ਪਲੇਅ 'ਚ ਉੱਚੀਆਂ ਸ਼ਾਟਾਂ ਖੇਡ ਕੇ ਸਕੋਰ ਬਣਾ ਲੈਂਦਾ ਹੈ, ਵਿਰਾਟ ਉਸ ਨੂੰ ਤੀਜੇ ਨੰਬਰ 'ਤੇ ਭੇਜ ਕੇ ਆਪ ਚੌਥੇ ਨੰਬਰ 'ਤੇ ਆ ਜਾਂਦਾ ਹੈ। ਦੂਜੇ ਮੈਚ 'ਚ ਵੀ ਪਹਿਲੀ ਵਿਕਟ ਛੇਤੀ ਡਿਗੀ ਪਰ ਇੰਗਲੈਂਡ ਦੇ ਗੇਂਦਬਾਜ਼ ਦਬਾਅ ਬਣਾਉਣ 'ਚ ਕਾਮਯਾਬ ਹੋ ਗਏ, ਜਿਸ ਕਰਕੇ ਭਾਰਤ ਵਲੋਂ ਬਣਾਏ ਸਕੋਰ ਨੂੰ ਇੰਗਲੈਂਡ ਨੇ ਪਾਰ ਪਾ ਲਿਆ। ਤੀਜੇ ਮੈਚ ਲਈ ਇੰਗਲੈਂਡ ਨੇ ਘਾਹ ਵਾਲੀ ਪਿੱਚ ਤਿਆਰ ਕਰਵਾਈ ਤਾਂ ਜੋ ਭਾਰਤੀ ਸਪਿਨਰਾਂ ਦੀ ਧਾਰ ਖੁੰਢੀ ਕੀਤੀ ਜਾ ਸਕੇ।
ਪਿੱਚ ਦੇਖਦਿਆਂ ਭਾਰਤੀ ਟੀਮ ਵਲੋਂ ਇਕ ਸਪਿਨਰ ਨੂੰ ਬਾਹਰ ਬਿਠਾਉਣਾ ਸੀ ਪਰ ਉਨ੍ਹਾਂ ਚਾਹਲ ਦੀ ਬਜਾਏ ਯਾਦਵ ਨੂੰ ਬਾਹਰ ਬਿਠਾ ਦਿੱਤਾ। ਇਸੇ ਕਰਕੇ ਇੰਗਲੈਂਡ ਦੀ ਟੀਮ 20 ਓਵਰਾਂ 'ਚ 198 ਦੌੜਾਂ ਬਣਾਉਣ 'ਚ ਸਫਲ ਹੋ ਗਈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ, ਜਿਹੜਾ ਕਿ ਪਿੱਠ 'ਚ ਖਿੱਚ ਪੈਣ ਕਾਰਨ ਨਹੀਂ ਖੇਡ ਸਕਿਆ, ਦੀ ਥਾਂ 'ਤੇ ਸਿਧਾਰਥ ਕੌਲ ਨੂੰ ਮੌਕਾ ਦਿੱਤਾ ਗਿਆ, ਜਿਸ ਨੇ ਸਧਾਰਨ ਪੱਧਰ ਦੀ ਗੇਂਦਬਾਜ਼ੀ ਕੀਤੀ। ਯਾਦਵ ਦੀ ਥਾਂ ਤੇਜ਼ ਗੇਂਦਬਾਜ਼ ਦੀਪਕ ਚਾਹਲ ਨੂੰ ਮੌਕਾ ਮਿਲਿਆ ਪਰ ਉਹ ਉੱਕਾ ਵੀ ਪ੍ਰਭਾਵ ਨਾ ਛੱਡ ਸਕਿਆ। ਕਹਿਣ ਨੂੰ ਉਸ ਨੂੰ ਟੀਮ 'ਚ ਥਾਂ ਦੇ ਕੇ ਆਪਣੀ ਪ੍ਰਤਿਭਾ ਦਿਖਾਉਣ ਲਈ ਕਿਹਾ ਗਿਆ ਪਰ ਹੁਣ ਲਗਦਾ ਨਹੀਂ ਕਿ ਉਸ ਨੂੰ ਮੁੜ ਛੇਤੀ ਕਿਤੇ ਮੌਕਾ ਮਿਲੇਗਾ। ਅਜਿਹੇ ਪ੍ਰਤਿਭਾਸ਼ਾਲੀ ਕ੍ਰਿਕਟਰ ਲਈ ਟੀ-20 ਦਾ ਇਕ ਮੈਚ ਹੀ ਕਾਫੀ ਨਹੀਂ ਹੋਣਾ ਚਾਹੀਦਾ। ਟੀਮ 'ਚ ਸ਼ਾਮਿਲ ਆਲਰਾਊਂਡਰ ਹਾਰਦਿਕ ਪਾਂਡੇਆ ਵੀ ਟੀਮ ਦੀਆਂ ਲਗਾਤਾਰ ਜਿੱਤਾਂ 'ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਤੀਜੇ ਮੈਚ 'ਚ ਉਸ ਨੇ 4 ਵਿਕਟਾਂ ਲੈ ਕੇ ਆਪਣੀ ਚੋਣ ਨੂੰ ਸਾਰਥਿਕ ਕੀਤਾ। ਪਾਂਡੇਆ ਫੀਲਡਿੰਗ 'ਚ ਵੀ ਲਾਜਵਾਬ ਹੈ, ਬੱਲੇਬਾਜ਼ੀ 'ਚ ਵੀ ਧਾਕੜ ਹੈ ਤੇ ਗੇਂਦਬਾਜ਼ੀ ਵੀ ਕਰ ਲੈਂਦਾ ਹੈ। ਗੇਂਦਬਾਜ਼ੀ ਵੱਲ ਹਾਲੇ ਉਸ ਨੂੰ ਥੋੜ੍ਹੀ ਹੋਰ ਮਿਹਨਤ ਦੀ ਲੋੜ ਹੈ, ਕਿਉਂਕਿ ਉਹ ਓਵਰ 'ਚ 2 ਕੁ ਗੇਂਦਾਂ ਹਲਕੀਆਂ ਸੁੱਟ ਕੇ ਕੁੱਟ ਖਾ ਲੈਂਦਾ ਹੈ। ਕਿਫਾਇਤ ਵੱਲ ਧਿਆਨ ਦੇ ਕੇ ਉਹ ਮਹਾਨ ਆਲਰਾਊਂਡਰ ਬਣਨ ਦੀ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਸਕੇਗਾ। ਭਲਾ ਹੋਵੇ ਰੋਹਿਤ ਸ਼ਰਮਾ ਦਾ, ਜਿਸ ਨੇ ਜ਼ਬਰਦਸਤ ਸੈਂਕੜਾ ਠੋਕ ਕੇ ਭਾਰਤ ਨੂੰ ਲੜੀ ਜਿੱਤਣ 'ਚ ਸਫਲ ਕੀਤਾ, ਨਹੀਂ ਤਾਂ 199 ਦੌੜਾਂ ਦਾ ਟੀਚਾ ਫਤਹਿ ਕਰਨਾ ਕੋਈ ਸੌਖਾ ਕੰਮ ਨਹੀਂ ਸੀ।
ਕੁਲਦੀਪ ਯਾਦਵ ਜਿਵੇਂ ਇਸ ਵੇਲੇ ਇੰਗਲਿਸ਼ ਬੱਲੇਬਾਜ਼ਾਂ 'ਚ ਦਹਿਸ਼ਤ ਬਣਿਆ ਹੋਇਆ ਹੈ, ਉਸ ਨੂੰ ਦੇਖਦਿਆਂ ਆਉਣ ਵਾਲੇ 5 ਟੈਸਟ ਮੈਚਾਂ 'ਚ ਵੀ ਉਸ ਨੂੰ ਚੁਣ ਲੈਣਾ ਚਾਹੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸ਼ਵਿਨ ਤੇ ਜਡੇਜਾ ਪੱਕੀ ਥਾਂ ਮੱਲੀ ਬੈਠੇ ਹਨ ਪਰ ਮੌਜੂਦਾ ਹਾਲਾਤ ਤੇ ਪ੍ਰਦਰਸ਼ਨ ਦੇ ਆਧਾਰ 'ਤੇ ਜਡੇਜਾ ਦੀ ਥਾਂ 'ਤੇ ਕੁਲਦੀਪ ਯਾਦਵ ਨੂੰ ਟੈਸਟ ਮੈਚਾਂ 'ਚ ਵੀ ਮੌਕਾ ਮਿਲਣਾ ਚਾਹੀਦਾ ਹੈ।


-63, ਪ੍ਰੋਫੈਸਰ ਕਾਲੋਨੀ, ਰਾਮਾਮੰਡੀ, ਜਲੰਧਰ। ਮੋਬਾ: 98141-32420

ਭਾਰਤੀ ਨੇਤਰਹੀਣ ਫੁੱਟਬਾਲ ਟੀਮ ਦਾ ਕੈਪਟਨ-ਪੰਕਜ ਰਾਣਾ

ਪੰਕਜ ਰਾਣਾ ਆਖਦਾ ਹੈ ਕਿ 'ਖੁੱਲ੍ਹੀਆਂ ਅੱਖਾਂ ਨੇ ਓਨਾ ਨਹੀਂ ਵਿਖਾਉਣਾ ਸੀ ਜਿੰਨੇ ਸੁਪਨੇ ਅਤੇ ਦੁਨੀਆ ਬੰਦ ਅੱਖਾਂ ਨੇ ਵਿਖਾ ਦਿੱਤੀ।' ਪੰਕਜ ਰਾਣਾ ਅਸਲੋਂ ਹੀ ਪੂਰੀ ਤਰ੍ਹਾਂ ਨੇਤਰਹੀਣ ਹੈ ਪਰ ਉਸ ਦੀਆਂ ਬੰਦ ਅੱਖਾਂ ਹੋਣ ਦੇ ਬਾਵਜੂਦ ਉਸ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ 'ਤੇ ਪੂਰੇ ਭਾਰਤ ਦੇਸ਼ ਨੂੰ ਮਾਣ ਹੈ। ਪੰਕਜ ਰਾਣਾ ਦਾ ਜਨਮ 12 ਫਰਵਰੀ, 1999 ਵਿਚ ਦੇਵਤਿਆਂ ਦੀ ਭੂਮੀ ਵਜੋਂ ਜਾਣੀ ਜਾਂਦੀ ਉੱਤਰਾਖੰਡ ਦੇ ਜ਼ਿਲ੍ਹਾ ਉੱਤਰਾਕਾਸੀ ਭਨਸਾਰੀ ਪਿੰਡ ਵਿਚ ਇਕ ਛੋਟੇ ਜਿਹੇ ਕਿਸਾਨ ਕਰਮ ਸਿੰਘ ਰਾਣਾ ਦੇ ਘਰ ਮਾਤਾ ਗੁਡੀ ਰਾਣਾ ਦੀ ਕੁੱਖੋਂ ਹੋਇਆ। ਪਰਿਵਾਰ ਵਿਚ ਦੋ ਪੁੱਤਰ ਅਤੇ ਤਿੰਨ ਬੇਟੀਆਂ 'ਚੋਂ ਪੰਕਜ ਰਾਣਾ ਇਕ ਹੈ। ਪੰਕਜ ਰਾਣਾ ਨੇ ਬਚਪਨ ਦੀ ਦਹਿਲੀਜ਼ ਟੱਪ ਅਜੇ ਮੁਢਲੀ ਵਿੱਦਿਆ ਵਿਚ ਕਦਮ ਰੱਖਿਆ ਹੀ ਸੀ ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਜਿਹੜੇ ਰੰਗਾਂ ਨੂੰ ਪੰਕਜ ਅਜੇ ਪਹਿਚਾਨਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉਸ ਦੀ ਛੋਟੀ ਜਿਹੀ ਜ਼ਿੰਦਗੀ ਵਿਚ ਆਈ ਦੁਰਘਟਨਾ ਨੇ ਉਸ ਦਾ ਇੰਦਰ ਧਨੁਸ਼ ਖੋਹ ਲਿਆ। ਹੋਇਆ ਇਹ ਕਿ ਅੱਖਾਂ ਵਿਚ ਕੋਈ ਗਲਤ ਦਵਾਈ ਪੈ ਜਾਣ ਨਾਲ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਉਸ ਦਾ ਆਉਣ ਵਾਲਾ ਰੰਗਲਾ ਸੰਸਾਰ ਹਮੇਸ਼ਾ ਲਈ ਹਨੇਰ ਵਿਚ ਡੁੱਬ ਗਿਆ। ਪੰਕਜ ਹੀ ਨਹੀਂ, ਸਗੋਂ ਪੂਰੇ ਪਰਿਵਾਰ 'ਤੇ ਹੀ ਹਨੇਰ ਦੇ ਬੱਦਲ ਛਾ ਗਏ।
ਥੋੜ੍ਹਾ ਵਕਤ ਬੀਤਿਆ ਤਾਂ ਪੰਕਜ ਦੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਉਸ ਨੂੰ ਮੁਢਲੀ ਵਿੱਦਿਆ ਲਈ ਵਿਜੇ ਪਬਲਿਕ ਸਕੂਲ ਵਿਚ ਦਾਖਲ ਕਰਵਾ ਦਿੱਤਾ, ਜਿੱਥੇ ਸਿਰਫ ਨੇਤਰਹੀਣ ਬੱਚੇ ਹੀ ਪੜ੍ਹਦੇ ਸੀ ਅਤੇ ਉਸ ਸਕੂਲ ਵਿਚੋਂ ਉਸ ਨੇ ਅੱਠਵੀਂ ਤੱਕ ਦੀ ਪੜ੍ਹਾਈ ਕਰ ਲਈ। ਹੋਰ ਉੱਚ ਸਿੱਖਿਆ ਲਈ ਉਸ ਦਾ ਦਾਖਲਾ ਰਾਜਧਾਨੀ ਦੇਹਰਾਦੂਨ ਵਿਚ ਨੇਤਰਹੀਣਾਂ ਦੇ ਪ੍ਰਸਿੱਧ ਸਕੂਲ ਐਨ. ਆਈ. ਵੀ. ਐਚ. ਸਕੂਲ ਵਿਚ ਹੋ ਗਿਆ, ਜਿੱਥੇ ਪੜ੍ਹਾਈ ਦੇ ਨਾਲ-ਨਾਲ ਉਸ ਨੇ ਖੇਡਾਂ ਵਿਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਉਸੇ ਸਕੂਲ ਹੀ ਪੜ੍ਹਦਿਆਂ ਉਸ ਨੇ ਅਥਲੈਟਿਕ ਅਤੇ ਕ੍ਰਿਕਟ ਵਿਚ ਰਾਸ਼ਟਰੀ ਪੱਧਰ ਤੱਕ ਮੱਲਾਂ ਮਾਰੀਆਂ। ਸਾਲ 2015 ਵਿਚ ਉਸੇ ਸਕੂਲ ਵਿਚ ਕੋਚ ਸ੍ਰੀ ਨਰੇਸ ਸਿੰਘ ਨਿਯਾਲ ਆਏ, ਜਿਨ੍ਹਾਂ ਨੇ ਪੰਕਜ ਅੰਦਰ ਖੇਡ ਕਲਾ ਦੀ ਪ੍ਰਤਿਭਾ ਵੇਖੀ ਅਤੇ ਉਨ੍ਹਾਂ ਨੇ ਆਪਣੀ ਦੇਖ-ਰੇਖ ਹੇਠ ਪੰਕਜ ਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਕੇਰਲ ਦੇ ਸ਼ਹਿਰ ਕੋਚੀ ਵਿਚ ਸ੍ਰੀ ਨਰੇਸ਼ ਸਿੰਘ ਨਿਯਾਲ ਦੇ ਨਾਲ ਨੈਸ਼ਨਲ ਬਲਾਈਂਡ ਫੁੱਟਬਾਲ ਲਈ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ ਅਤੇ ਜਲਦੀ ਹੀ ਉਸ ਦੀ ਚੋਣ ਟੋਕੀਓ ਵਿਖੇ ਹੋਣ ਵਾਲੀ ਬਲਾਈਂਡ ਫੁੱਟਬਾਲ ਏਸ਼ੀਆ ਚੈਂਪੀਅਨਸ਼ਿਪ ਲਈ ਹੋ ਗਈ ਅਤੇ ਦੇਹਰਾਦੂਨ ਦੇ ਨੇਤਰਹੀਣ ਸਕੂਲ ਦਾ ਨਾਂਅ ਚਮਕਾਉਂਦਾ ਹੋਇਆ ਪੰਕਜ ਰਾਸ਼ਟਰੀ ਤਿਰੰਗੇ ਨਾਲ ਬਣੀ ਜਰਸੀ ਪਹਿਨ ਜਾਪਾਨ ਲਈ ਰਵਾਨਾ ਹੋ ਗਿਆ।
ਸਾਲ 2016 ਵਿਚ ਰਾਸ਼ਟਰੀ ਬਲਾਈਂਡ ਫੁੱਟਬਾਲ ਚੈਂਪੀਅਨਸ਼ਿਪ ਵਿਚ ਪੰਕਜ ਟੀਮ ਦਾ ਕਪਤਾਨ ਬਣਿਆ ਅਤੇ ਆਪਣੇ ਸਕੂਲ ਦੀ ਟੀਮ ਨੂੰ ਫਾਈਨਲ ਤੱਕ ਲੈ ਗਿਆ। ਸਾਲ 2016 ਵਿਚ ਪੰਕਜ ਨੇ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਤਿੰਨ ਦੇਸ਼ਾਂ ਦੀ ਅੰਤਰਰਾਸ਼ਟਰੀ ਲੜੀ ਵੀ ਖੇਡੀ। ਸਾਲ 2017 ਵਿਚ ਪੰਕਜ ਰਾਣਾ ਉਹ ਪਹਿਲਾ ਭਾਰਤੀ ਖਿਡਾਰੀ ਸੀ, ਜਿਸ ਦੀ ਚੋਣ ਜਰਮਨੀ ਦੇ ਕੋਚ ਉਲੀ ਨੇ ਰਾਸ਼ਟਰੀ ਬਲਾਈਂਡ ਫੁੱਟਬਾਲ ਅਕੈਡਮੀ ਲਈ ਇਕ ਕੋਚ ਵਜੋਂ ਕੀਤੀ। ਬਹੁਤ ਸਾਰੇ ਦੇਸ਼ਾਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਧੁੰਮਾਂ ਪਾਉਣ ਵਾਲੇ ਪੰਕਜ ਰਾਣਾ ਕੋਲ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਗੋਲ ਕਰਨ ਦਾ ਖ਼ਿਤਾਬ ਵੀ ਹਾਸਲ ਹੈ। ਦੇਹਰਾਦੂਨ ਦੇ ਐਨ. ਆਈ. ਵੀ. ਐਚ. ਸਕੂਲ ਤੋਂ ਬੀ. ਏ. ਕਰਨ ਵਾਲਾ ਪੰਕਜ ਰਾਣਾ ਉੱਤਰਾਖੰਡ ਸਰਕਾਰ ਕੋਲੋਂ ਦੋ ਵਾਰ ਸਨਮਾਨਿਤ ਹੋ ਚੁੱਕਾ ਹੈ ਅਤੇ ਉਸ ਦਾ ਸੁਪਨਾ ਹੈ ਕਿ ਉਹ ਅਰਜਨ ਐਵਾਰਡ ਵਿਜੇਤਾ ਬਣੇ। ਪੰਕਜ ਰਾਣਾ ਦੀਆਂ ਬੰਦ ਅੱਖਾਂ ਅੰਦਰ ਪਲ ਰਹੇ ਸੁਪਨੇ ਜਲਦ ਹੀ ਰੰਗੀਨ ਹੋਣ, ਇਹ ਮੇਰੀ ਪੰਕਜ ਲਈ ਦੁਆ ਹੈ ਅਤੇ ਉਸ ਦੇ ਜਨੂਨ ਨੂੰ ਸਲਾਮ!


-ਮੋਗਾ। ਮੋਬਾ: 98551-14484

ਬੈਡਮਿੰਟਨ ਖੜੋਤ ਦੀ ਸਥਿਤੀ ਵਿਚ-ਅਭਿਆਸ ਤੇ ਸਖ਼ਤ ਮੁਕਾਬਲੇ ਦੀ ਲੋੜ

ਭਾਰਤ ਨੂੰ ਬੈਡਮਿੰਟਨ ਜਿਸ ਵਿਚ ਹਾਕੀ ਤੋਂ ਬਾਅਦ ਸਾਨੂੰ ਮਾਣ ਸੀ ਕਿ ਪੀ.ਵੀ. ਸਿੰਧੂ ਨੇ ਰੀਓ ਉਲੰਪਿਕ ਵਿਚ ਚਾਂਦੀ ਦਾ ਤੇ ਸਾਇਨਾ ਨੇ ਪਹਿਲਾਂ ਲੰਡਨ ਵਿਚ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ, ਹੁਣ ਪ੍ਰਦਰਸ਼ਨ ਇੰਨਾ ਪਛੜ ਗਿਆ ਹੈ ਕਿ ਪਿਛਲੇ ਕੁਝ ਟੂਰਨਾਮੈਂਟਾਂ ਵਿਚ ਭਾਰਤ ਨੇ ਲਗਾਤਾਰ ਮਾੜੇ ਪ੍ਰਦਰਸ਼ਨ ਨੇ ਕੋਈ ਵੱਕਾਰੀ ਟੂਰਨਾਮੈਂਟ ਨਹੀਂ ਜਿੱਤਿਆ ਹੈ। ਪਹਿਲਾਂ ਉਬੇਰ ਕੱਪ ਵਿਚ ਤੇ ਫਿਰ ਮਲੇਸ਼ੀਆ ਓਪਨ ਵਿਚ ਭਾਰਤ ਦਾ ਮਾੜਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ, ਇਥੋਂ ਤੱਕ ਕਿ ਭਾਰਤ ਦੇ ਮਹਿਲਾ ਤੇ ਪੁਰਸ਼ ਖਿਡਾਰੀ ਮੁਢਲੇ ਪੜਾਅ ਵਿਚ ਹੀ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਂਦੇ ਰਹੇ ਹਨ।
ਸਾਡਾ ਪਹਿਲਾਂ ਧਿਆਨ ਸਾਇਨਾ ਨੇਹਵਾਲ ਵੱਲ ਜਾਂਦਾ ਹੈ, ਜਿਸ ਦੀ ਖੇਡ ਵਿਚ ਦਿਨੋ-ਦਿਨ ਹੋ ਰਿਹਾ ਪਤਨ ਖੇਡ ਪ੍ਰੇਮੀਆਂ ਲਈ ਚਿੰਤਾ ਦਾ ਕਾਰਨ ਬਣ ਰਿਹਾ ਹੈ। ਕਿਸੇ ਸਮੇਂ ਦੁਨੀਆ ਦੀ ਨੰਬਰ ਇਕ ਰਹਿ ਚੁੱਕੀ ਸਾਇਨਾ ਹੁਣ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਹੈ ਤੇ ਮੁਕਾਬਲੇ ਦੇ ਮੁਢਲੇ ਪੜਾਅ ਵਿਚ ਹੀ ਬਾਹਰ ਹੋ ਜਾਂਦੀ ਹੈ। ਇਸ ਖੇਡ ਦੇ ਮਾਹਿਰ ਇਸ ਦੇ ਕਾਰਨਾਂ ਬਾਰੇ ਇਹ ਰਾਏ ਦਿੰਦੇ ਹਨ ਕਿ ਸਾਇਨਾ ਦੀ ਵਧਦੀ ਉਮਰ ਤੇ ਉਸ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਉਸ ਨੂੰ ਵਾਰ-ਵਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਵਿਚ ਤੇ ਖਾਸ ਤੌਰ 'ਤੇ ਏਸ਼ੀਆ ਵਿਚ ਚੀਨ, ਜਾਪਾਨ, ਮਲੇਸ਼ੀਆ ਤੇ ਕੋਰੀਆ ਮਹਾਨ ਟੀਮਾਂ ਮੰਨੀਆਂ ਜਾਂਦੀਆਂ ਹਨ। ਜਿਸ ਟੂਰਨਾਮੈਂਟ ਵਿਚ ਚੀਨ ਤੇ ਜਾਪਾਨ ਭਾਗ ਨਹੀਂ ਲੈ ਰਹੇ ਹੁੰਦੇ, ਭਾਰਤ ਦਾ ਪ੍ਰਦਰਸ਼ਨ ਸੰਤੋਸ਼ਜਨਕ ਹੁੰਦਾ ਹੈ ਪਰ ਸਮੁੱਚੇ ਤੌਰ 'ਤੇ ਭਾਰਤ ਦੇ ਇਸ ਖੇਡ ਵਿਚ ਪ੍ਰਦਰਸ਼ਨ ਵਿਚ ਕੋਈ ਸੁਧਾਰ ਨਹੀਂ ਆਇਆ ਤੇ ਭਾਰਤ ਦੀ ਲਗਾਤਾਰ ਹਾਰ ਨੇ ਨਿਰਾਸ਼ ਕੀਤਾ ਹੈ। ਇਹੀ ਹਾਲ ਪੁਰਸ਼ ਖਿਡਾਰੀਆਂ ਦਾ ਹੋਇਆ ਹੈ। ਸਾਡਾ ਸ੍ਰੀ ਕਾਂਤ ਜਾਪਾਨ ਦੇ ਮੋਮੋਤਾ ਤੋਂ ਲਗਾਤਾਰ 6 ਵਾਰ ਹਾਰਿਆ ਹੈ। ਹੁਣ ਤਾਂ ਇਸ ਖੇਡ ਵਿਚ ਕਦੇ ਕਦਾਈਂ ਹੀ ਚੰਗੀ ਖ਼ਬਰ ਸੁਣਨ ਨੂੰ ਮਿਲਦੀ ਹੈ। ਸਾਡੇ ਲਈ ਚੀਨ ਦੀ ਤਾਈ ਯੂ ਹੀ ਇਕ ਮਜ਼ਬੂਤ ਦੀਵਾਰ ਬਣ ਗਈ ਹੈ ਤੇ ਜਾਪਾਨ ਦੀ ਯਾਮਾ ਗੁਚੀ ਸਦਾ ਸਾਡੇ ਲਈ ਸਿਰਦਰਦੀ ਬਣੀ ਰਹੀ ਹੈ। ਤਾਈ ਯੂ ਨੇ ਤਾਂ ਸਾਡੀ ਸਾਇਨਾ ਨੂੰ ਆਲ ਇੰਗਲੈਂਡ ਵਿਚ ਸਿੱਧੇ ਸੈਟਾਂ 21-18, 21-14 ਰਾਹੀਂ ਕਰਾਰੀ ਹਾਰ ਦਿੱਤੀ ਹੈ। ਸਾਡੀ ਇਸ ਖੇਡ ਵਿਚ ਨਿਰਸੰਦੇਹ ਖੜੋਤ ਆ ਗਈ ਹੈ। ਪਿਛਲੇ ਕੁਝ ਵਕਾਰੀ ਟੂਰਨਾਮੈਂਟਾਂ ਵਿਚ ਭਾਰਤ ਨੂੰ ਨਮੋਸ਼ੀ ਹੀ ਸਹਿਣੀ ਪਈ ਹੈ। ਇਸ ਸਮੇਂ ਇਸ ਪ੍ਰਤੀ ਸਾਵਧਾਨ ਹੋਣ ਦੀ ਲੋੜ ਹੈ। ਭਾਰਤ ਨੂੰ ਇਸ ਸਮੇਂ ਸਖ਼ਤ ਅਭਿਆਸ ਤੇ ਮੁਕਾਬਲਿਆਂ ਦੀ ਲੋੜ ਹੈ, ਤਾਂ ਜੋ ਪਹਿਲਾਂ ਵਾਲਾ ਗੌਰਵ, ਜਿਸ ਦੀ ਨੀਂਹ ਪ੍ਰਕਾਸ਼ ਪਾਦੋਕੋਨ ਤੇ ਗੋਪੀ ਚੰਦ ਨੇ ਰੱਖੀ ਸੀ, ਫਿਰ ਵਾਪਸ ਪਰਤ ਆਵੇ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਨੈੱਟਬਾਲ ਦਾ ਸ਼ਾਹਸਵਾਰ ਰਾਜਪਾਲ ਸਿੰਘ ਬਾਜਵਾ

ਬਰਨਾਲਾ ਨੂੰ ਭਾਰਤੀ ਨੈੱਟਬਾਲ ਦਾ ਸੰਸਾਰਪੁਰ ਕਿਹਾ ਜਾਂਦਾ ਹੈ। ਇਸ ਜ਼ਿਲ੍ਹੇ ਨੇ ਨੈੱਟਬਾਲ ਨੂੰ ਅਨੇਕਾਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ। ਬਹੁਤ ਲੰਮੇ ਸਮੇਂ ਤੱਕ ਪੰਜਾਬ ਦੀ ਲਗਪਗ ਸਾਰੀ ਨੈੱਟਬਾਲ ਟੀਮ ਇਸੇ ਜ਼ਿਲ੍ਹੇ ਦੇ ਖਿਡਾਰੀਆਂ ਨਾਲ ਬਣਦੀ ਰਹੀ ਹੈ। ਇਨ੍ਹਾਂ ਸਾਰਿਆਂ ਵਿਚੋਂ ਭਾਰਤੀ ਟੀਮ ਦਾ ਕਪਤਾਨ ਰਾਜਪਾਲ ਸਿੰਘ ਸਭ ਤੋਂ ਹੋਣਹਾਰ ਅਤੇ ਸਿਰਕੱਢ ਖਿਡਾਰੀ ਹੈ। ਨਜ਼ਦੀਕੀ ਪਿੰਡ ਸਹਿਜੜਾ ਦੇ ਜੰਮਪਲ ਰਾਜਪਾਲ ਨੇ ਸਕੂਲੀ ਵਿੱਦਿਆ ਦੌਰਾਨ ਹੀ ਬਾਸਕਟਬਾਲ ਵਿਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਸਨ। ਆਪਣੇ ਲੰਮੇ ਕੱਦ-ਕਾਠ ਕਾਰਨ ਐਸ. ਡੀ. ਕਾਲਜ ਵਿਚ ਦਾਖ਼ਲਾ ਲੈਂਦਿਆਂ ਹੀ ਉਹ ਨੈੱਟਬਾਲ ਦੇ ਮਾਹਰ ਕੋਚਾਂ ਦੀ ਨਿਗਾਹ ਵਿਚ ਚੜ੍ਹ ਗਿਆ। ਜੂਨੀਅਰ ਪੱਧਰ ਤੋਂ ਆਪਣਾ ਖੇਡ ਸਫ਼ਰ ਸ਼ੁਰੂ ਕਰਨ ਵਾਲੇ ਰਾਜਪਾਲ ਸਿੰਘ ਨੇ 1998 ਵਿਚ ਪੂਨਾ, ਸੰਨ 2000 ਵਿਚ ਕਟਕ (ਉੜੀਸਾ) ਅਤੇ 2001 ਵਿਚ ਗਾਜ਼ੀਆਬਾਦ ਵਿਖੇ ਹੋਈਆਂ ਜੂਨੀਅਰ ਨੈਸ਼ਨਲ ਨੈੱਟਬਾਲ ਪ੍ਰਤੀਯੋਗਤਾਵਾਂ ਵਿਚ ਪੰਜਾਬ ਨੂੰ ਸੋਨ ਤਗਮਾ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਪੰਜਾਬ ਦੇ ਇਸ ਗੋਲ ਸ਼ੂਟਰ ਦੀ ਖੇਡ ਹੋਰ ਨਿੱਖਰਦੀ ਗਈ। 1998 ਵਿਚ ਪੂਨਾ ਜੂਨੀਅਰ ਨੈਸ਼ਨਲ ਦੇ ਆਧਾਰ 'ਤੇ ਇਸ ਉੱਭਰਦੇ ਖਿਡਾਰੀ ਨੂੰ ਪੰਜਾਬ ਦੀ ਸੀਨੀਅਰ ਟੀਮ ਲਈ ਚੁਣ ਲਿਆ ਗਿਆ। ਰਾਜਪਾਲ ਨੇ ਵੀ ਚੋਣਕਰਤਾਵਾਂ ਦਾ ਮਾਣ ਰੱਖਦੇ ਹੋਏ ਗੋਂਦੀਆ (ਮਹਾਂਰਾਸ਼ਟਰ) ਵਿਚ ਹੋਈ ਸੀਨੀਅਰ ਰਾਸ਼ਟਰੀ ਪ੍ਰਤੀਯੋਗਤਾ ਵਿਚ ਪੰਜਾਬ ਦੀ ਸੋਨ ਤਗਮਾ ਲੈਣ ਵਾਲੀ ਟੀਮ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਇਆ। ਇਸ ਤੋਂ ਬਾਅਦ ਰਾਜਪਾਲ ਨੇ ਫਿਰ ਮੁੜ ਕੇ ਨਹੀਂ ਵੇਖਿਆ ਅਤੇ ਰਾਸ਼ਟਰੀ ਪੱਧਰ 'ਤੇ ਇਸ ਖਿਡਾਰੀ ਦੀ ਤੂਤੀ ਬੋਲਣੀ ਸ਼ੁਰੂ ਹੋ ਗਈ। ਹੁਣ ਤੱਕ ਇਸ ਖਿਡਾਰੀ ਦੀ ਮੁਹਾਰਥੀ ਖੇਡ ਸਦਕਾ ਪੰਜਾਬ ਦੀ ਟੀਮ ਸੀਨੀਅਰ ਨੈਸ਼ਨਲ ਵਿਚ 10 ਵਾਰ ਸੋਨ ਤਗਮਾ ਹਾਸਲ ਕਰ ਚੁੱਕੀ ਹੈ। ਹਰ ਵਾਰ ਇਸ ਨੇ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਮਾਣ ਹਾਸਲ ਕੀਤਾ ਹੈ। ਇਹ ਗੋਲ ਸ਼ੂਟਰ ਸਮੁੱਚੇ ਭਾਰਤ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਹੈ। ਇਸ ਦੀ ਖੇਡ ਨੇ ਸੰਨ 2000 ਅਤੇ 2001 ਦੀਆਂ ਰਾਸ਼ਟਰੀ ਖੇਡਾਂ ਵਿਚ ਵੀ ਪੰਜਾਬ ਨੂੰ ਰਾਸ਼ਟਰੀ ਚੈਂਪੀਅਨ ਬਣਾਇਆ।
ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਇਸ ਖਿਡਾਰੀ ਦੀਆਂ ਪ੍ਰਾਪਤੀਆਂ ਬੇਹੱਦ ਸ਼ਾਨਦਾਰ ਰਹੀਆਂ ਹਨ। ਸੰਨ 2000 ਵਿਚ ਹੋਏ ਤਿੰਨ ਦੇਸ਼ਾਂ ਦੇ ਟੂਰਨਾਮੈਂਟ ਵਿਚ ਰਾਜਪਾਲ ਦੀ ਖੇਡ ਬਦੌਲਤ ਭਾਰਤ ਨੂੰ ਪਹਿਲਾ ਸਥਾਨ ਮਿਲਿਆ। ਰਾਜਪਾਲ ਦੀ ਕਪਤਾਨੀ ਵਿਚ ਸਿੰਗਾਪੁਰ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਗਿਆ। ਇਸੇ ਖਿਡਾਰੀ ਦੀ ਅਗਵਾਈ ਵਿਚ 5 ਮੈਚਾਂ ਦੀ ਇੰਡੋ-ਪਾਕਿ ਲੜੀ ਵਿਚ ਪਾਕਿਸਤਾਨੀ ਟੀਮ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ। ਆਪਣੀ ਖੇਡ ਪ੍ਰਤਿਭਾ ਬਦਲੇ ਸੰਨ 2000 ਵਿਚ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਇਹ ਖਿਡਾਰੀ ਹੁਣ ਸਬ-ਇੰਸਪੈਕਟਰ ਦਾ ਰੈਂਕ ਹਾਸਲ ਕਰ ਚੁੱਕਾ ਹੈ।
ਸੁਭਾਅ ਤੋਂ ਬੇਹੱਦ ਨਰਮ ਅਤੇ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਰਾਜਪਾਲ ਆਪਣੀ ਤਰੱਕੀ ਦਾ ਸਭ ਤੋਂ ਵੱਧ ਸਿਹਰਾ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਮਿੱਤਲ (ਰਿਟਾ: ਆਈ.ਜੀ.), ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ (ਐਡਵੋਕੇਟ) ਅਤੇ ਮਾਪਿਆਂ ਤੋਂ ਮਿਲੇ ਮਾਰਗ ਦਰਸ਼ਨ ਅਤੇ ਉਤਸ਼ਾਹ ਨੂੰ ਦਿੰਦਾ ਹੈ। ਇਸ ਤੋਂ ਇਲਾਵਾ ਆਪਣੇ ਕੋਚਾਂ ਮਾਸਟਰ ਪ੍ਰਵੀਨ ਕੁਮਾਰ ਅਤੇ ਸੁਖਪਾਲ ਸਿੰਘ ਢਾਂਡੀਆਂ ਦਾ ਵੀ ਉਹ ਰਿਣੀ ਹੈ, ਜਿਨ੍ਹਾਂ ਨੇ ਉਸ ਨੂੰ ਇਸ ਖੇਡ ਦੀਆਂ ਬਰੀਕੀਆਂ ਤੋਂ ਰੂ-ਬ-ਰੂ ਕਰਵਾਇਆ।


-ਐੱਸ. ਡੀ. ਕਾਲਜ, ਬਰਨਾਲਾ। ਮੋਬਾ: 95012-66055

ਅਸਾਨ ਨਹੀਂ ਹੁੰਦੀ ਸਟਾਰ ਖਿਡਾਰੀਆਂ ਦੀ ਰਾਹ

ਜਿਵੇਂ-ਜਿਵੇਂ ਫੀਫਾ ਵਿਸ਼ਵ ਕੱਪ ਆਪਣੇ ਅੰਜਾਮ ਵੱਲ ਵਧ ਰਿਹਾ ਹੈ, ਇਸ ਦਾ ਰੋਮਾਂਚ ਵੀ ਸਿਖਰ 'ਤੇ ਪਹੁੰਚ ਰਿਹਾ ਹੈ। ਜਿਥੇ ਇਸ ਵੱਕਾਰੀ ਚੈਂਪੀਅਨਸ਼ਿਪ 'ਚ ਖੇਡੇ ਗਏ ਮੈਚ ਉਲਟਫੇਰ ਦੀ ਗਾਥਾ ਬਣ ਕੇ ਚਰਚਿਤ ਹੋਏ, ਖਾਸ ਕਰਕੇ ਮੌਜੂਦਾ ਚੈਂਪੀਅਨ ਅਤੇ ਕੁੱਲ ਮਿਲਾ ਕੇ ਚਾਰ ਵਾਰ ਜੇਤੂ ਗੁਰਜ 'ਤੇ ਕਾਬਜ਼ ਰਹੀ ਜਰਮਨੀ ਦਾ ਪਹਿਲੇ ਗੇੜ 'ਚੋਂ ਹੀ ਹਲਕੀਆਂ ਸਮਝੀਆਂ ਜਾਂਦੀਆਂ ਟੀਮਾਂ ਤੋਂ ਹਾਰ ਕੇ ਬਾਹਰ ਹੋ ਜਾਣਾ ਖੁੰਢ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਸਟਾਰ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਸਭ ਤੋਂ ਵੱਧ ਚਰਚਾ ਹੁੰਦੀ ਰਹੀ।
ਅਕਸਰ ਬਹੁਤ ਸਾਰੀਆਂ ਟੀਮਾਂ 'ਚ ਸਟਾਰ ਖਿਡਾਰੀ ਖੇਡਦੇ ਹਨ ਤੇ ਉਨ੍ਹਾਂ 'ਤੇ ਲੋੜ ਤੋਂ ਜ਼ਿਆਦਾ ਉਮੀਦ ਵੀ ਰੱਖੀ ਹੈ, ਅਜਿਹਾ ਇਸ ਲਈ ਕਿਉਂਕਿ ਉਹ ਇਸ ਦੇ ਕਾਬਲ ਵੀ ਹੁੰਦੇ ਹਨ ਪਰ ਇਹ ਵੀ ਸੱਚ ਹੈ ਕਿ ਸਟਾਰ ਖਿਡਾਰੀਆਂ ਦੀ ਰਾਹ ਏਨੀ ਆਸਾਨ ਨਹੀਂ ਹੁੰਦੀ, ਜਿੰਨੀ ਉਨ੍ਹਾਂ ਦੇ ਚਹੇਤਿਆਂ ਦੇ ਮਨਾਂ ਵਿਚ ਉੱਕਰੀ ਹੋਈ ਹੁੰਦੀ ਹੈ। ਜਿਥੇ ਪੂਰੀ ਟੀਮ ਉਨ੍ਹਾਂ 'ਤੇ ਨਿਰਭਰ ਕਰਦੀ ਹੈ, ਉਥੇ ਉਨ੍ਹਾਂ ਦੇ ਚਹੇਤੇ ਹਰ ਮੈਚ 'ਚ ਉਨ੍ਹਾਂ ਦੇ ਪੈਰ 'ਚੋਂ ਨਿਕਲੇ ਗੋਲ ਦਾ ਜਸ਼ਨ ਰੱਜ ਕੇ ਮਨਾਉਣ ਲਈ ਤਿਆਰ ਰਹਿੰਦੇ ਹਨ।
ਗੱਲ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਅਰਜਨਟੀਨਾ ਦੇ ਲਿਊਨਲ ਮੈਸੀ ਦੀ ਕਰਦੇ ਹਾਂ। ਦੋਵੇਂ ਫੁੱਟਬਾਲ ਦੇ ਮਹਾਂਨਾਇਕ ਵਜੋਂ ਪੂਜੇ ਜਾਂਦੇ ਹਨ ਤੇ ਦੋਵਾਂ ਨੇ 2008 ਤੋਂ ਲੈ ਕੇ ਹੁਣ ਤੱਕ ਬੈਲੋਨ ਡਿਉਰ ਖਿਤਾਬ 'ਤੇ 5-5 ਜੇਤੂ ਹਸਤਾਖਰ ਉੱਕਰੇ ਹਨ ਤੇ ਦੋਵੇਂ ਆਪਣੀਆਂ ਕਲੱਬਾਂ ਲਈ ਹਮੇਸ਼ਾ ਵੱਡੀ ਉਮੀਦ ਵਜੋਂ ਜਾਣੇ ਜਾਂਦੇ ਹਨ, ਦੋਵਾਂ ਵਿਚੋਂ ਕੋਈ ਵੀ ਅਜੇ ਵਿਸ਼ਵ ਖਿਤਾਬ ਨਹੀਂ ਜਿੱਤ ਸਕਿਆ। ਮੈਸੀ ਸੰਨ 2014 'ਚ ਜਿੱਤ ਦੇ ਕਰੀਬ ਆ ਕੇ ਚੈਂਪੀਅਨ ਵਾਲੀ ਹਸਰਤ ਪੂਰੀ ਨਾ ਕਰ ਸਕਿਆ, ਬ੍ਰਾਜ਼ੀਲ ਦੀ ਮੇਜ਼ਬਾਨੀ 'ਚ ਮੈਸੀ ਦੀ ਟੀਮ ਫਾਈਨਲ ਟੱਕਰ 'ਚ ਜਰਮਨੀ ਤੋਂ ਹਾਰ ਕੇ ਖਿਤਾਬ ਤੋਂ ਖੁੰਝ ਗਈ ਸੀ। ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਪੈਰਿਸ-ਸੇਟ-ਜਰਮੇਨ ਕਲੱਬ ਦਾ ਸਟਰਾਈਕਰ, ਜਿਸ ਤੋਂ ਬ੍ਰਾਜ਼ੀਲ ਨੂੰ ਵੱਡੀਆਂ ਉਮੀਦਾਂ ਹਨ ਤੇ ਸੰਨ 2015 ਅਤੇ 2017 'ਚ ਦੁਨੀਆ ਦਾ ਤੀਜਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਸੀ, ਉਸ ਦੀ ਮੌਜੂਦਗੀ 'ਚ ਲੇਖ ਲਿਖੇ ਜਾਣ ਤੱਕ ਬ੍ਰਾਜ਼ੀਲ ਟੀਮ ਭਾਵੇਂ ਆਖਰੀ 16 'ਚ ਪਹੁੰਚ ਗਈ ਪਰ ਅਜੇ ਤੱਕ ਇਹ ਸਟਾਰ ਖਿਡਾਰੀ ਉਹ ਉਚਾਈਆਂ ਹਾਸਲ ਨਹੀਂ ਕਰ ਸਕਿਆ, ਜਿਸ ਦੀ ਉਮੀਦ ਉਸ ਦੇ ਪ੍ਰਸੰਸਕ ਰੱਖਦੇ ਹਨ ਤੇ ਵਿਸ਼ਵ ਕੱਪ 'ਤੇ ਜੇਤੂ ਹਸਤਾਖਰ ਉਸ ਲਈ ਅਜੇ ਇਕ ਸੁਪਨਾ ਬਣਿਆ ਹੋਇਆ ਹੈ।
ਇੰਗਲੈਂਡ ਟੀਮ ਦੇ ਕਪਤਾਨ 24 ਵਰ੍ਹਿਆਂ ਦੇ ਆਪਣੀ ਰਾਸ਼ਟਰੀ ਟੀਮ ਲਈ ਰੰਗ ਦਾ ਇੱਕਾ ਬਣੇ ਹੋਏ ਹਨ ਅਤੇ ਸਤਰਾਂ ਲਿਖੇ ਜਾਣ ਤੱਕ 5 ਗੋਲ ਕਰਕੇ ਗੋਲਡਨ ਬੂਟ ਖਿਤਾਬ ਦੀ ਦੌੜ 'ਚ ਸਭ ਤੋਂ ਅੱਗੇ ਹਨ, ਇੰਗਲੈਂਡ ਦੇ ਟਾਟਨਹੈਮ ਕਲੱਬ ਦਾ ਇਹ ਖਿਡਾਰੀ ਅੱਜ ਸਟਾਰ ਬਣ ਕੇ ਸੁਰਖੀਆਂ ਬਟੋਰ ਰਿਹਾ ਹੈ ਤੇ ਇਸ ਸੀਜ਼ਨ 'ਚ ਉਸ ਦੀ ਕਾਬਲੀਅਤ ਸਦਕਾ ਉਹ ਪਹਿਚਾਣ ਸਥਾਪਿਤ ਕਰ ਚੁੱਕਾ ਹੈ। ਸਪੇਨ ਦਾ ਆਦਰੇ ਇਨੇਸਿਟਾ ਮਿਡਫੀਲਡ ਦਾ ਬਿਹਤਰੀਨ ਖਿਡਾਰੀ ਹੈ ਤੇ ਇਹ ਉਸ ਦਾ ਆਖਰੀ ਵਿਸ਼ਵ ਕੱਪ ਹੋਵੇਗਾ ਤੇ ਉਸ ਦੀ ਤਮੰਨਾ ਹੋਵੇਗੀ ਕਿ ਫੁੱਟਬਾਲ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਦੂਜੀ ਵਾਰ ਜੇਤੂ ਟਰਾਫੀ ਉਠਾਏ ਪਰ ਉਸ ਦੀ ਇਹ ਹਸਰਤ ਪੂਰੀ ਹੋਵੇਗੀ ਕਿ ਨਹੀਂ, ਅਜੇ ਕਹਿਣਾ ਵਕਤ ਤੋਂ ਪਹਿਲਾਂ ਦੀ ਗੱਲ ਹੋਵੇਗੀ। ਬੈਲਜੀਅਮ ਦੇ ਸਟਾਰ ਮਿਡਫੀਲਡਰ ਕੇਵਿਨ-ਡ-ਬਰੂਨੋ ਨੇ ਆਪਣੀ ਗੋਲ ਦਾਗਣ ਦੀ ਯੋਗਤਾ ਨੂੰ ਅਜੇ ਸਾਬਤ ਕਰਨਾ ਹੈ ਕਿ ਉਹ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਪਿਛਲਾ ਇਤਿਹਾਸ (2014 ਵਿਸ਼ਵ ਕੱਪ) ਫਰੋਲੀਏ ਤਾਂ ਕੋਲੰਬੀਆ ਦੇ ਜੇਮਜ਼ ਰੋਡਰਿਗਜ਼ ਸਿਰਫ 22 ਸਾਲ ਦੇ ਸਨ ਤੇ ਬ੍ਰਾਜ਼ੀਲ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ 6 ਗੋਲ ਕਰਕੇ ਸਭ ਨੂੰ ਹੈਰਤ 'ਚ ਪਾ ਦਿੱਤਾ, ਜਦਕਿ ਦੁਨੀਆ ਰੋਨਾਲਡੋ ਮੈਸੀ ਅਤੇ ਨੇਮਾਰ ਦੀਆਂ ਤਖਤੀਆਂ ਹੱਥਾਂ 'ਚ ਫੜੀ ਬੈਠੀ ਰਹੀ। ਫਰਾਂਸ ਦਾ 19 ਵਰ੍ਹਿਆਂ ਦੇ ਕੇਲੀਮਾਨ ਮਬਾਪੇ 'ਚ ਸਟਾਰ ਖਿਡਾਰੀਆਂ ਦੀ ਝਲਕ ਦਿਸ ਰਹੀ ਹੈ ਪਰ ਉਸ ਨੇ ਅਜੇ ਇਹ ਸਾਬਤ ਕਰਨਾ ਹੈ ਕਿ ਮੀਡੀਆ ਦੇ ਕੈਮਰੇ ਉਸ 'ਤੇ ਵੀ ਕਦੇ ਫਲੈਸ਼ ਮਾਰਨਗੇ। ਸਵੀਡਨ ਦਾ ਏਮਿਲ ਫੋਰਸਵਰਗ ਮਿਡਫੀਲਡ ਦਾ ਉੱਭਰਦਾ ਸਿਤਾਰਾ ਅਤੇ ਪ੍ਰਤਿਭਾ ਦੇ ਧਨੀ ਇਸ ਸਟਾਰ ਖਿਡਾਰੀ ਕੋਲ ਸਭ ਕੁਝ ਹੈ ਪਰ ਵਕਤ ਵੀ ਤਾਂ ਮਿਹਰਬਾਨ ਹੋਣਾ ਚਾਹੀਦਾ ਹੈ। ਮਿਸਰ ਦੇ ਮੁਹੰਮਦ ਸਲਾਹ ਦੀ ਗਿਣਤੀ ਸਟਾਰ ਖਿਡਾਰੀਆਂ 'ਚ ਕੀਤੀ ਜਾਂਦੀ ਹੈ ਤੇ 2007 ਤੋਂ ਬਾਅਦ ਲੀਵਰਪੂਲ ਨੂੰ ਪਹਿਲੀ ਵਾਰ ਚੈਂਪੀਅਨ ਲੀਗ ਦੇ ਫਾਈਨਲ 'ਚ ਪਹੁੰਚਾਇਆ ਪਰ ਉਸ ਦੀ ਟੀਮ ਆਖਰੀ 16 'ਚ ਨਾ ਪਹੁੰਚ ਸਕੀ ਤੇ ਭਰੇ ਮਨ ਨਾਲ ਰੂਸ ਛੱਡ ਤੁਰਿਆ। ਸਟਾਰ ਖਿਡਾਰੀਆਂ 'ਚ ਉਨ੍ਹਾਂ ਗੋਲਕੀਪਰਾਂ ਦੀ ਚਰਚਾ ਬਿਨਾਂ ਲੇਖ ਅਧੂਰਾ ਰਹੇਗਾ, ਜੋ ਹਮਲੇ ਦੀ ਪਹਿਲੀ ਅਤੇ ਸੁਰੱਖਿਆ ਦੀ ਆਖਰੀ ਦੀਵਾਰ ਬਣ ਕੇ ਵਿਚਰਦੇ ਹਨ। ਸਪੇਨ ਦੇ ਡੇਵਿਡ ਡੀ. ਗੀ, ਅਰਜਨਟੀਨਾ ਦੇ ਨਹੁਏਲ ਗੁਜਮਾਨ ਅਤੇ ਫਰਾਂਸ ਦੇ ਹਿਊਗੋ ਲੋਰਿਸ ਦੀ ਗਿਣਤੀ ਸਟਾਰ ਖਿਡਾਰੀਆਂ 'ਚ ਕੀਤੀ ਜਾਂਦੀ ਹੈ। ਖੈਰ... ਲੇਖ ਲਿਖੇ ਜਾਣ ਤੱਕ ਕਿਸਮਤ ਅਤੇ ਕ੍ਰਿਸ਼ਮੇ ਦੇ ਰੱਥ 'ਤੇ ਸਵਾਰ ਸਟਾਰ ਖਿਡਾਰੀ ਆਪਣੇ ਤਰਕਸ਼ ਦੇ ਤੀਰ ਸਹੀ ਨਿਸ਼ਾਨੇ 'ਤੇ ਦਾਗਣ ਲਈ ਜੀਅ-ਜਾਨ ਲੜਾ ਰਹੇ ਹਨ ਤੇ ਫਿਲਹਾਲ ਇੰਗਲੈਂਡ ਦੇ ਹੈਰੀਕੇਨ 5, ਅਰਜਨਟੀਨਾ ਦੇ ਰੋਨਾਲਡੋ 4 ਗੋਲ ਦਾਗ ਕੇ ਗੋਲਡਨ ਬੂਟ ਦੀ ਦੌੜ 'ਚ ਅੱਗੜ-ਪਿੱਛੜ ਚੱਲ ਰਹੇ ਹਨ ਪਰ ਕੁੱਲ ਮਿਲਾ ਕੇ ਆਪਣੇ ਚਹੇਤਿਆਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਅਤੇ ਆਪਣੇ ਨਾਂਅ ਨਾਲ ਜੁੜੇ ਨਾਇਕ ਅਤੇ ਮਹਾਂਨਾਇਕ ਵਰਗੇ ਵਿਸ਼ੇਸ਼ਣ ਦੀ ਪਹਿਚਾਣ ਬਣਾਈ ਰੱਖਣ ਲਈ ਮਾਨਸਿਕ ਦਬਾਅ 'ਚ ਖੇਡਦੇ ਸਟਾਰ ਖਿਡਾਰੀਆਂ ਦੀ ਰਾਹ ਹੁੰਦੀ ਨਹੀਂ ਆਸਾਨ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਵੱਡੇ ਸਿਤਾਰੇ ਬਾਹਰ, ਨਵਿਆਂ ਦੇ ਚਮਕਣ ਦੀ ਵਾਰੀ

ਇਸ ਵਾਰ ਦਾ ਫ਼ੀਫ਼ਾ ਵਿਸ਼ਵ ਕੱਪ ਇਸ ਗੱਲੋਂ ਬੇਹੱਦ ਵਿਲੱਖਣ ਸਾਬਤ ਹੋ ਰਿਹਾ ਹੈ ਕਿ ਇਸ ਵਿਚ ਫੁੱਟਬਾਲ ਜਗਤ ਦੇ ਸਾਰੇ ਸਟਾਰ ਖਿਡਾਰੀ ਅਤੇ ਵੱਡੇ ਨਾਂਅ ਜਲਦੀ-ਜਲਦੀ ਇਕ ਤੋਂ ਬਾਅਦ ਇਕ ਬਾਹਰ ਹੁੰਦੇ ਗਏ ਅਤੇ ਜਿਸ ਨਾਲ ਨਵੇਂ ਸਿਤਾਰਿਆਂ ਲਈ ਸ਼ੁਹਰਤ ਦਾ ਮੈਦਾਨ ਪੱਧਰਾ ਹੋ ਗਿਆ ਹੈ। ਇਸ ਦੀ ਪ੍ਰਤੱਖ ਮਿਸਾਲ ਨਾਕ ਆਊਟ ਗੇੜ ਦਾ ਉਹ ਦਿਨ ਸੀ ਜਦੋਂ ਲਿਓਨਲ ਮੈਸੀ ਅਤੇ ਕ੍ਰਿਸਟਿਆਨੋ ਰੋਨਾਲਡੋ ਦੀਆਂ ਟੀਮਾਂ ਇਕੋ ਦਿਨ ਬਾਹਰ ਹੋ ਗਈਆਂ ਅਤੇ ਇਸੇ ਦਿਨ ਇਹ ਸਾਬਤ ਹੋ ਗਿਆ ਸੀ ਕਿ ਹੁਣ ਨਵੇਂ ਨੌਜਵਾਨ ਖਿਡਾਰੀਆਂ ਦਾ ਸਮੂਹ ਵਿਸ਼ਵ ਕੱਪ ਵਿਚ ਆਪਣੀ ਧਾਕ ਜਮਾਉਣ ਲਈ ਤਿਆਰ ਹੈ, ਜੋ ਸ਼ਾਇਦ ਅੱਗੇ ਚੱਲ ਕੇ ਅਗਲੀ ਪੀੜ੍ਹੀ ਦੇ ਆਲਮੀ ਸਟਾਰ ਬਣਨ। ਰੋਨਾਲਡੋ ਦੀ ਪੁਰਤਗਾਲ ਟੀਮ ਨੂੰ ਯੁਰੂਗੁਆਏ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਇਸ ਤੋਂ ਕੁਝ ਘੰਟੇ ਪਹਿਲਾਂ ਮੈਸੀ ਦੀ ਟੀਮ ਅਰਜਨਟੀਨਾ ਫਰਾਂਸ ਹੱਥੋਂ ਹਾਰ ਕੇ ਬਾਹਰ ਹੋਈ ਸੀ। ਮੈਸੀ ਅਤੇ ਰੋਨਾਲਡੋ ਦੀਆਂ ਟੀਮਾਂ ਦੇ ਕੁਆਰਟਰ ਫਾਈਨਲ ਵਿਚ ਆਹਮੋ-ਸਾਹਮਣੇ ਹੋਣ ਦੀ ਉਮੀਦ ਸੀ, ਪਰ ਦੋਵੇਂ ਹੀ ਟੀਮਾਂ ਇਕੱਠੀਆਂ ਟੂਰਨਾਮੈਂਟ ਤੋਂ ਬਾਹਰ ਹੋਈਆਂ। ਮੈਸੀ ਅਤੇ ਰੋਨਾਲਡੋ ਸਾਲਾਂ ਤੋਂ ਯੂਰਪ ਅਤੇ ਸਪੇਨ ਵਿਚ ਨਵੇਂ ਰਿਕਾਰਡ ਬਣਾ ਰਹੇ ਹਨ, ਪਰ ਇਨ੍ਹਾਂ ਦੋਵਾਂ ਨੇ ਕੁੱਲ ਮਿਲਾ ਕੇ 14 ਵਿਸ਼ਵ ਕੱਪ ਨਾਕਆਊਟ ਮੈਚ ਖੇਡੇ ਹਨ, ਪਰ ਇਸ ਗੇੜ ਵਿਚ ਉਹ ਕਦੇ ਗੋਲ ਨਹੀਂ ਕਰ ਸਕੇ। ਮੈਸੀ ਨੇ ਕਲੱਬ ਪੱਧਰ ਉੱਤੇ ਬਾਰਸੀਲੋਨਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਸ ਦੀ ਟੀਮ ਅਰਜਨਟੀਨਾ 2014 ਵਿਸ਼ਵ ਕੱਪ ਦੌਰਾਨ ਜਰਮਨੀ ਤੋਂ ਹਾਰ ਗਈ ਸੀ। ਸ਼ਾਇਦ ਇਹ ਉਸ ਲਈ ਵਿਸ਼ਵ ਕੱਪ ਜਿੱਤਣ ਦਾ ਸਭ ਤੋਂ ਕਰੀਬੀ ਮੌਕਾ ਉਹੀ ਸੀ।
ਕ੍ਰਿਸਟਿਆਨੋ ਰੋਨਾਲਡੋ ਦੇ ਕੌਮਾਂਤਰੀ ਕੈਰੀਅਰ ਸਬੰਧੀ ਯੁਰੂਗੁਆਏ ਖਿਲਾਫ ਪੁਰਤਗਾਲ ਦੀ ਹਾਰ ਦੇ ਨਾਲ ਵਿਸ਼ਵ ਕੱਪ ਤੋਂ ਬਾਹਰ ਹੋਣ ਮਗਰੋਂ ਹੀ ਚਰਚਾ ਸ਼ੁਰੂ ਹੋ ਚੁੱਕੀ ਹੈ। ਖਾਸ ਗੱਲ ਇਹ ਸੀ ਕਿ ਇਸ ਮੈਚ ਵਿਚ ਪੁਰਤਗਾਲ ਦੀ ਹਾਰ ਦੇ ਨਾਲ ਰੋਨਾਲਡੋ ਜ਼ਿਆਦਾ ਅਸਰਦਾਰ ਨਹੀਂ ਸੀ ਸਾਬਤ ਹੋਇਆ, ਜਦਕਿ ਵਿਰੋਧੀ ਅਤੇ ਜੇਤੂ ਟੀਮ ਯੁਰੂਗੁਆਏ ਦਾ ਐਡਿਨਸਨ ਕਵਾਨੀ ਇਸ ਮੈਚ ਵਿਚ ਛਾਅ ਗਿਆ ਸੀ ਅਤੇ ਉਸੇ ਦੇ ਦੋ ਸ਼ਾਨਦਾਰ ਗੋਲਾਂ ਸਦਕਾ ਯੁਰੂਗੁਆਏ ਨੇ ਜਿੱਤ ਹਾਸਲ ਕੀਤੀ ਸੀ ਅਤੇ ਰਿਆਲ ਮਡਰਿਡ ਦੇ ਸਟਾਰ ਰੋਨਾਲਡੋ ਨੂੰ ਚੌਥੀ ਵਾਰ ਵਿਸ਼ਵ ਕੱਪ ਤੋਂ ਖਾਲੀ ਹੱਥ ਪਰਤਣਾ ਪਿਆ। ਅਗਲੇ ਵਿਸ਼ਵ ਕੱਪ ਤੱਕ ਰੋਨਾਲਡੋ 37 ਸਾਲ ਦਾ ਹੋ ਜਾਵੇਗਾ ਅਤੇ ਉਸ ਨੇ ਆਪਣੇ ਕੌਮਾਂਤਰੀ ਕਰੀਅਰ ਨੂੰ ਅੱਗੇ ਵਧਾਉਣ ਦੀ ਯੋਜਨਾ ਬਾਰੇ ਹਾਲੇ ਤੱਕ ਕੁਝ ਨਹੀਂ ਦੱਸਿਆ। ਇਸੇ ਤਰ੍ਹਾਂ ਜਦੋਂ ਫਰਾਂਸ ਨੇ 4 ਗੋਲਾਂ ਨਾਲ ਲਿਓਨਲ ਮੈਸੀ ਦੇ ਚੌਥੇ ਵਿਸ਼ਵ ਕੱਪ ਦੀ ਮੁਹਿੰਮ ਦਾ ਅੰਤ ਕੀਤਾ। ਨਾਇਜ਼ੀਰੀਆ ਖਿਲਾਫ ਮੈਸੀ ਨੇ ਵਿਸ਼ਵ ਕੱਪ 2018 ਦਾ ਆਪਣਾ ਇਕੋ-ਇਕ ਗੋਲ ਦਾਗ ਕੇ ਟੀਮ ਨੂੰ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚਾਇਆ ਸੀ।
ਮੈਸੀ ਨੇ ਪ੍ਰੀ-ਕੁਆਰਟਰ ਫਾਈਨਲ ਵਿਚ 2 ਗੋਲਾਂ ਲਈ ਮਦਦ ਕੀਤੀ, ਪਰ ਫਿਰ ਵੀ ਟੀਮ ਫਰਾਂਸ ਤੋਂ 3-4 ਦੇ ਫਰਕ ਨਾਲ ਹਾਰ ਗਈ। ਮੈਸੀ ਨੇ ਰੂਸ ਰਵਾਨਾ ਹੋਣ ਤੋਂ ਪਹਿਲਾਂ ਕੌਮਾਂਤਰੀ ਫੁੱਟਬਾਲ ਖੇਡਣ ਬਾਰੇ ਇਹੀ ਕਿਹਾ ਸੀ ਕਿ ਇਹ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਵਿਚ ਕਿਵੇਂ ਦਾ ਪ੍ਰਦਰਸ਼ਨ ਕਰਦੀ ਹੈ। ਮੈਸੀ 2016 ਦੇ ਕੋਪਾ ਅਮੈਰਿਕਾ ਕੱਪ ਦੇ ਫਾਈਨਲ ਦੌਰਾਨ ਚਿੱਲੀ ਖਿਲਾਫ਼ ਪੈਨਲਟੀ ਕਿੱਕ ਤੋਂ ਖੁੰਝ ਗਿਆ ਸੀ ਅਤੇ ਇਸ ਮਗਰੋਂ ਉਸ ਨੇ ਭਾਵੁਕ ਹੁੰਦਿਆਂ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ, ਹਾਲਾਂਕਿ ਬਾਅਦ ਵਿਚ ਉਸ ਨੇ ਇਹ ਫੈਸਲਾ ਵਾਪਸ ਲੈ ਲਿਆ ਸੀ। ਇਸ ਵਾਰ ਵੇਖਣਾ ਹੋਵੇਗਾ ਕਿ ਮੈਸੀ ਦਾ ਕੀ ਫੈਸਲਾ ਆਵੇਗਾ। ਸਪੇਨ ਦੇ ਆਂਦਰੇਅਸ ਇਨੀਐਸਟਾ ਵਰਗਾ ਵੱਡਾ ਨਾਂਅ ਪਹਿਲਾਂ ਹੀ ਵਿਸ਼ਵ ਕੱਪ ਤੋਂ ਬਾਹਰ ਹੋਣ ਮਗਰੋਂ ਸੰਨਿਆਸ ਦਾ ਐਲਾਨ ਕਰ ਚੁੱਕਾ ਹੈ। ਇਨ੍ਹਾਂ ਖਿਡਾਰੀਆਂ ਦੇ ਬਾਹਰ ਹੋਣ ਮਗਰੋਂ ਹੁਣ ਵਿਸ਼ਵ ਕੱਪ ਵਿਚ ਮੌਜੂਦ ਨੌਜਵਾਨ ਖਿਡਾਰੀਆਂ ਕੋਲ ਸੁਰਖੀਆਂ ਵਿਚ ਰਹਿਣ ਦਾ ਚੰਗਾ ਮੌਕਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਬੈਡਮਿੰਟਨ : ਭਾਰਤ ਲਈ ਚੀਨ, ਜਾਪਾਨ ਬਣੇ ਚੁਣੌਤੀ

ਉਬਰ ਕੱਪ ਅਤੇ ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਭਾਰਤੀ ਖਿਡਾਰੀਆਂ ਦੀ ਹਾਰ ਦੇ ਲਗਾਤਾਰ ਸਿਲਸਿਲੇ ਨੇ ਬੈਡਮਿੰਟਨ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੈ। ਰੀਓ ਉਲੰਪਿਕ-16 ਦੀ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਮਲੇਸ਼ੀਆ ਓਪਨ ਦੇ ਸੈਮੀਫਾਈਨਲ 'ਚ ਟਾਪ ਸੀਡ ਤਾਇਵਾਨ ਦੀ ਤਾਈ ਜੂ ਯਿੰਗ ਤੋਂ ਹਾਰ ਗਈ। ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜੇਤੂ ਕਿਦੰਬੀ ਸ੍ਰੀਕਾਂਤ (ਰੈਂਕਿੰਗ 13) ਜਾਪਾਨ ਦੇ ਕੇਂਤੋ ਮੇਮੋਂਤਾ ਤੋਂ ਹਾਰ ਗਿਆ, ਸ੍ਰੀਕਾਂਤ ਦੀ ਮੇਮੋਂਤਾ ਤੋਂ 6ਵੀਂ ਹਾਰ ਸੀ। 21ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ ਲੰਡਨ ਉਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੇਹਵਾਲ ਵੀ ਜਾਪਾਨ ਦੀ ਅਕਾਨੇ ਯਾਮਾਗੁੱਚੀ ਤੋਂ ਸਿੱਧੇ ਸੈੱਟਾਂ ਵਿਚ ਹਾਰ ਕੇ ਬਾਹਰ ਹੋ ਗਈ। ਇਸ ਤੋਂ ਪਹਿਲਾਂ ਉਬਰ ਕੱਪ ਬੈਡਮਿੰਟਨ ਮੁਕਾਬਲੇ (ਬੈਂਕਾਕ) 'ਚ ਜਾਪਾਨ ਦੀ ਅਕਾਨੇ ਯਾਮਾਗੁੱਚੀ ਨੇ ਸਾਇਨਾ ਨੇਹਵਾਲ ਨੂੰ 21-19, 9-21 ਤੇ 22-20 ਨਾਲ ਹਰਾਇਆ। ਏਸ਼ੀਆ ਬੈਡਮਿੰਟਨ ਵਿਚ ਸਾਇਨਾ ਨੇਹਵਾਲ ਸੈਮੀਫਾਈਨਲ ਵਿਚ ਤਾਇਵਾਨ ਦੀ ਤਾਈ ਯੂ ਜਿੰਗ ਤੋਂ 27-25 ਤੇ 21-19 ਦੇ ਫਰਕ ਨਾਲ ਹਾਰ ਕੇ ਬਾਹਰ ਹੋ ਗਈ ਸੀ। ਗੋਲਡਕੋਸਟ (ਆਸਟ੍ਰੇਲੀਆ) ਦੀਆਂ ਰਾਸ਼ਟਰਮੰਡਲ ਖੇਡਾਂ 'ਚ ਸਾਇਨਾ ਨੇਹਵਾਲ ਨੇ ਫਾਈਨਲ ਮੁਕਾਬਲੇ 'ਚ ਆਪਣੀ ਹਮਵਤਨ ਖਿਡਾਰਨ ਪੀ.ਵੀ. ਸਿੰਧੂ ਨੂੰ ਹਰਾ ਕੇ ਤਗਮਾ ਜ਼ਰੂਰ ਜਿੱਤ ਲਿਆ। ਮੁਕਾਬਲੇ 'ਚ ਚੀਨ ਤੇ ਜਾਪਾਨ ਨਹੀਂ ਸੀ।
ਇਸੇ ਤਰ੍ਹਾਂ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਪੀ.ਵੀ. ਸਿੰਧੂ ਸੈਮੀਫਾਈਨਲ ਵਿਚ ਜਾਪਾਨ ਦੀ ਅਕਾਨੇ ਯਾਮਾਗੁੱਚੀ ਤੋਂ ਹਾਰ ਕੇ ਬਾਹਰ ਹੋ ਗਈ ਸੀ। ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਚੀਨੀ ਤਾਇਪੇ ਦੀ ਤਾਈ ਯੂ. ਜਿੰਗ ਨੇ ਸਾਇਨਾ ਨੇਹਵਾਲ ਨੂੰ 21-14 ਤੇ 21-18 ਅੰਕਾਂ ਦੇ ਫਰਕ ਨਾਲ ਹਰਾਇਆ ਸੀ। ਏਸ਼ੀਆ ਟੀਮ ਚੈਂਪੀਅਨਸ਼ਿਪ ਮਲੇਸ਼ੀਆ 'ਚ ਪੀ.ਵੀ. ਸਿੰਧੂ ਦੀ ਅਗਵਾਈ 'ਚ ਹਾਰ ਗਈ ਸੀ। ਇਸ ਤੋਂ ਪਹਿਲਾਂ ਇੰਡੀਆ ਓਪਨ ਦੇ ਫਾਈਨਲ ਵਿਚ ਅਮਰੀਕਾ ਦੀ ਸ਼ਟਲਰ ਬੇਵਨ ਝਾਂਗ ਨੇ ਪੀ.ਵੀ. ਸਿੰਧੂ ਨੂੰ 68 ਮਿੰਟਾਂ ਵਿਚ 21-18, 11-21 ਅਤੇ 22-20 ਦੇ ਫਰਕ ਨਾਲ ਹਰਾਇਆ। ਇੰਡੀਆ ਓਪਨ ਦੇ ਕੁਆਰਟਰ ਫਾਈਨਲ ਵਿਚ ਸਾਇਨਾ ਨੇਹਵਾਲ ਨੇ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਦਿਆਂ ਹਾਰ ਸਵੀਕਾਰ ਕਰ ਲਈ।
ਇੰਡੋਨੇਸ਼ੀਆ ਮਾਸਟਰ ਬੈਡਮਿੰਟਨ ਟੂਰਨਾਮੈਂਟ (3.50 ਲੱਖ ਡਾਲਰ ਇਨਾਮੀ) ਸਾਇਨਾ ਨੇਹਵਾਨ ਨੇ ਹਮਵਤਨ ਪੀ.ਵੀ. ਸਿੰਧੂ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਪਰ ਸਾਇਨਾ ਕੋਲ ਤਾਇਵਾਨ ਦੀ ਤਾਈ ਯੂ.ਜਿੰਗ ਦੀ ਖੇਡ ਦਾ ਤੋੜ ਨਹੀਂ ਸੀ। ਸ਼ਾਨਦਾਰ ਰਿਟਰਨਾਂ ਦੇ ਬਾਵਜੂਦ ਉਸ ਨੂੰ ਤਾਈ ਯੁੂ.ਜਿੰਗ ਨੇ 27 ਮਿੰਟਾਂ ਵਿਚ 21-9 ਤੇ 21-13 ਦੇ ਫਰਕ ਨਾਲ ਹਰਾ ਦਿੱਤਾ ਸੀ। ਇਸ ਤੋਂ ਪਹਿਲਾਂ ਦੁਬਈ ਸੁਪਰ ਸੀਰੀਜ਼ ਫਾਈਨਲ ਵਿਚ ਪੀ.ਵੀ. ਸਿੰਧੂ ਜਾਪਾਨ ਦੀ ਅਕਾਨੇ ਯਾਮਾਗੁੱਚੀ ਤੋਂ ਹਾਰ ਗਈ ਸੀ। ਹਾਂਗ ਕਾਂਗ ਓਪਨ (4 ਲੱਖ ਡਾਲਰ ਇਨਾਮੀ ਰਾਸ਼ੀ) ਵਿਚ ਸਾਇਨਾ ਚੀਨ ਦੀ ਚੇਨ ਯੂ.ਫੇਈ ਤੋਂ ਹਾਰ ਗਈ ਅਤੇ ਪੀ.ਵੀ. ਸਿੰਧੂ ਤਾਈ.ਯੂ.ਜਿੰਗ ਤੋਂ ਹਾਰ ਗਈ। ਸ੍ਰੀਕਾਂਤ ਅਪ੍ਰੈਲ 'ਚ ਥੋੜ੍ਹੀ ਦੇਰ ਲਈ ਨੰ:1 ਸੀਡ, ਪੀ.ਵੀ. ਸਿੰਧੂ (ਤੀਸਰਾ ਦਰਜਾ) ਅਤੇ ਸਾਇਨਾ ਨੇਹਵਾਲ (10ਵਾਂ ਦਰਜਾ) ਸੈਮੀਫਾਈਨਲ ਤੇ ਫਾਈਨਲ 'ਚ ਅਕਸਰ ਲੜਖੜਾ ਜਾਣ ਦਾ ਸਿਲਸਿਲਾ ਤੋੜੇ ਬਿਨਾਂ ਜਾਪਾਨ ਤੇ ਚੀਨ ਦੇ ਖੌਫ (ਚੀਨ ਜਾਪਾਨ ਦੀ ਕੰਧ) ਦੀ ਚੁਣੌਤੀ ਨੂੰ ਸਰ ਨਹੀਂ ਕਰ ਸਕਦੀਆਂ।


-ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਫੁੱਟਬਾਲ ਪ੍ਰਸ਼ਨਾਵਲੀ

1. ਗੋਲਡਨ ਬੂਟ ਕਿਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ?
(ਕ) ਜੋ ਸਭ ਤੋਂ ਵੱਧ ਗੋਲ ਰੋਕੇ, (ਖ) ਜੋ ਸਭ ਤੋਂ ਵੱਧ ਗੋਲ ਕਰੇ, (ਗ) ਜੋ ਸਭ ਤੋਂ ਵੱਧ ਪੈਨਲਟੀ ਲਗਾਵੇ।
2. ਗੋਲਡਨ ਬੂਟ ਪੁਰਸਕਾਰ ਕਦੋਂ ਸ਼ੁਰੂ ਕੀਤਾ ਗਿਆ?
(ਕ) 1930, (ਖ) 2014, (ਗ) 1982
3. ਵਿਸ਼ਵ ਕੱਪ ਫੁੱਟਬਾਲ ਦੀ ਸ਼ੁਰੂਆਤ ਕਦੋਂ ਹੋਈ?
(ਕ) 1934, (ਖ) 1930, (ਗ) 1950
4. ਗੋਲਡਨ ਬਾਲ ਕਿਸ ਖਿਡਾਰੀ ਨੂੰ ਦਿੱਤੀ ਜਾਂਦੀ ਹੈ?
(ਕ) ਜਿਸ ਨੂੰ ਸਭ ਤੋਂ ਵੱਧ ਕਾਰਡ ਦਿਖਾਏ ਗਏ ਹੋਣ, (ਖ) ਜੋ ਮੈਚ ਦੌਰਾਨ ਰੈਫਰੀ ਨਾਲ ਉਲਝੇ, (ਗ) ਜੋ ਟੂਰਨਾਮੈਂਟ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੋਵੇ।
5. ਕੀ ਭਾਰਤ ਨੇ ਕਦੇ ਵਿਸ਼ਵ ਕੱਪ ਫੁੱਟਬਾਲ ਖੇਡਿਆ ਹੈ?
(ਕ) ਹਾਂ, (ਖ) ਨਹੀਂ।
6. 2018 ਦੇ ਵਿਸ਼ਵ ਕੱਪ ਫੁੱਟਬਾਲ ਵਿਚ ਕਿੰਨੀਆਂ ਟੀਮਾਂ ਨੇ ਹਿੱਸਾ ਲਿਆ ਹੈ?
(ਕ) 26, (ਖ) 28, (ਗ) 32
7. ਵਿਸ਼ਵ ਕੱਪ ਫੁੱਟਬਾਲ 2018 ਕਿਥੇ ਹੋ ਰਿਹਾ ਹੈ?
(ਕ) ਰੂਸ, (ਖ) ਇਟਲੀ, (ਗ) ਇੰਗਲੈਂਡ।
ਉੱਤਰ : 1. (ਖ), 2. (ਗ), 3. (ਖ), 4. (ਗ), 5. (ਖ), 6. (ਗ), 7. (ਕ)


-ਡੀ.ਪੀ.ਈ.,
ਏ. ਡੀ. ਸੀ: ਸੈ: ਸਕੂਲ, ਧਰਮਕੋਟ (ਮੋਗਾ)।

ਨੇਤਰਹੀਣ ਹੁੰਦੇ ਹੋਏ ਵੀ ਨਹੀਂ ਰੁਕੇ ਕਦਮ ਗੰਭੀਰ ਸਿੰਘ ਚੁਹਾਨ ਦੇ

'ਮੇਰੀਆਂ ਅੱਖਾਂ ਭਾਵੇਂ ਬਹੁਤ ਦੂਰ ਵੇਖ ਨਹੀਂ ਸਕਦੀਆਂ ਪਰ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਮੇਰੇ ਵਧਦੇ ਕਦਮ ਕਦੀ ਰੁਕੇ ਹੋਣ ਅਤੇ ਨਾ ਹੀ ਮੇਰੇ ਕਦਮਾਂ ਨੇ ਕਦੀ ਰੁਕਣਾ ਸਿੱਖਿਆ ਹੈ', ਇਹ ਆਖਣਾ ਹੈ ਨੇਤਰਹੀਣ ਵਿਦਿਆਰਥੀ ਖਿਡਾਰੀ ਗੰਭੀਰ ਸਿੰਘ ਚੁਹਾਨ ਦਾ, ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਗੰਭੀਰ ਸਿੰਘ ਚੁਹਾਨ ਦਾ ਜਨਮ ਦੇਵ-ਭੂਮੀ ਵਜੋਂ ਜਾਣੇ ਜਾਂਦੇ ਉੱਤਰਾਖੰਡ 'ਚ ਪਹਾੜੀ 'ਤੇ ਵਸੇ ਛੋਟੇ ਜਿਹੇ ਕਸਬੇ ਚਕਰਾਤਾ ਵਿਚ ਪਿਤਾ ਮੋਹਰ ਸਿੰਘ ਦੇ ਘਰ ਮਾਤਾ ਸੁਮਿਤਰਾ ਦੇਵੀ ਦੀ ਕੁੱਖੋਂ 1 ਅਪ੍ਰੈਲ, 1998 ਨੂੰ ਹੋਇਆ। ਗੰਭੀਰ ਸਿੰਘ ਚੁਹਾਨ ਨੂੰ ਜਨਮ ਤੋਂ ਹੀ ਬਹੁਤ ਘੱਟ ਵਿਖਾਈ ਦਿੰਦਾ ਸੀ। ਮਾਂ-ਬਾਪ ਨੇ ਇਲਾਜ ਲਈ ਬਥੇਰੇ ਪਾਪੜ ਵੇਲੇ ਪਰ ਗੰਭੀਰ ਠੀਕ ਨਾ ਹੋ ਸਕਿਆ। ਆਪਣੇ ਬਾਲ ਬੱਚੇ ਦੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਮਾਂ-ਬਾਪ ਨੇ ਦੇਹਰਾਦੂਨ ਦੇ ਨੇਤਰਹੀਣ ਸਕੂਲ ਐਨ. ਆਈ. ਵੀ. ਐੱਚ. ਸਕੂਲ ਵਿਚ ਦਾਖਲ ਕਰਵਾ ਦਿੱਤਾ, ਜਿਥੇ ਅੱਜਕਲ੍ਹ ਗੰਭੀਰ ਗਿਆਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ।
ਨੇਤਰਹੀਣ ਸਕੂਲ ਵਿਚ ਹੀ ਗੰਭੀਰ ਨੇ ਆਪਣਾ ਬਚਪਨ ਸੰਭਾਲਿਆ ਅਤੇ ਨੇਤਰਹੀਣ ਸਕੂਲ ਉਸ ਲਈ ਐਸਾ ਵਰਦਾਨ ਸਾਬਤ ਹੋਇਆ ਕਿ ਗੰਭੀਰ ਚੌਹਾਨ ਨੂੰ ਅੱਜ ਵੀ ਇਹ ਅਹਿਸਾਸ ਨਹੀਂ ਹੈ ਕਿ ਉਹ ਨੇਤਰਹੀਣ ਹੈ ਅਤੇ ਉਹ ਹਰ ਖੇਤਰ ਵਿਚ ਹੀ ਆਮ ਵਿਦਿਆਰਥੀਆਂ ਵਾਂਗ ਅੱਗੇ ਵਧ ਰਿਹਾ ਹੈ। ਖੇਡਾਂ ਦੇ ਖੇਤਰ ਵਿਚ ਉਸ ਨੂੰ ਸਕੂਲ ਦੇ ਸਪੋਰਟਸ ਅਧਿਆਪਕ ਅਤੇ ਕੋਚ ਨਰੇਸ਼ ਸਿੰਘ ਨਿਯਾਲ ਲੈ ਕੇ ਆਏ ਅਤੇ ਮਾਣ ਨਾਲ ਆਖਿਆ ਜਾ ਸਕਦਾ ਹੈ ਕਿ ਗੰਭੀਰ ਸਿੰਘ ਚੁਹਾਨ ਹੁਣ ਤੱਕ 7 ਰਾਜਾਂ ਵਿਚ ਆਪਣੀ ਖੇਡ ਕਲਾ ਦੇ ਜੌਹਰ ਵਿਖਾ ਚੁੱਕਾ ਹੈ ਅਤੇ ਸਾਲ 2015 ਤੋਂ ਲੈ ਕੇ ਹੁਣ ਤੱਕ ਗੰਭੀਰ ਸਿੰਘ ਚੁਹਾਨ ਆਪਣੇ ਸਕੂਲ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਮੰਨਿਆ ਹੋਇਆ ਖਿਡਾਰੀ ਹੈ। ਸਾਲ 2018 ਵਿਚ ਹੋਈ ਨੈਸ਼ਨਲ ਬਲਾਈਂਡ ਫੁੱਟਬਾਲ ਚੈਂਪੀਅਨਸ਼ਿਪ ਵਿਚ ਉਸ ਨੂੰ ਬੈਸਟ ਗੋਲਕੀਪਰ ਦਾ ਐਵਾਰਡ ਵੀ ਮਿਲਿਆ। ਸਾਲ 2018 ਵਿਚ ਹੀ ਦਿੱਲੀ ਵਿਚ ਇਬਸਾ ਵਲੋਂ ਕਰਵਾਈਆਂ ਪੈਰਾ ਅਥਲੈਟਿਕ ਖੇਡਾਂ ਵਿਚ ਉਸ ਨੇ ਜੈਵਲਿਨ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ। ਗੰਭੀਰ ਚੁਹਾਨ ਨੈਸ਼ਨਲ ਪੱਧਰ ਤੱਕ ਨੇਤਰਹੀਣ ਕ੍ਰਿਕਟ ਟੀਮ ਵਿਚ ਵੀ ਖੇਡਦਾ ਹੈ ਅਤੇ ਉਹ ਤਿੰਨ ਵਾਰ ਮੈਨ ਆਫ ਦਾ ਮੈਚ ਵੀ ਐਲਾਨਿਆ ਗਿਆ। ਹਾਲ ਹੀ ਵਿਚ ਗੰਭੀਰ ਸਿੰਘ ਚੁਹਾਨ ਭਾਰਤੀ ਬਲਾਈਂਡ ਕ੍ਰਿਕਟ ਟੀਮ ਦੇ ਕਪਤਾਨ ਅਜੇ ਰੈਡੀ ਨਾਲ ਬੈਂਗਲੁਰੂ ਵਿਚ ਕ੍ਰਿਕਟ ਕੈਂਪ ਵੀ ਲਗਾ ਕੇ ਆਇਆ ਹੈ ਅਤੇ ਉਹ ਜਲਦੀ ਹੀ ਭਾਰਤੀ ਬਲਾਈਂਡ ਕ੍ਰਿਕਟ ਟੀਮ ਦਾ ਹਿੱਸਾ ਹੋਵੇਗਾ।
ਇਥੇ ਹੀ ਬਸ ਨਹੀਂ, ਗੰਭੀਰ ਸਿੰਘ ਚੌਹਾਨ ਨੇ ਸਾਲ 2015 ਅਤੇ 2016 ਵਿਚ ਦੇਹਰਾਦੂਨ ਵਿਖੇ 10 ਕਿਲੋਮੀਟਰ ਦੀ ਮੈਰਾਥਨ ਦੌੜ ਵੀ ਦੌੜੀ ਹੈ। ਗੰਭੀਰ ਸਿੰਘ ਚੌਹਾਨ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੇ ਹੋਏ ਉੱਤਰਾਖੰਡ ਦੀ ਸਰਕਾਰ ਉਸ ਨੂੰ 50 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕਰ ਚੁੱਕੀ ਹੈ। ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸ ਦੇਵਾਂ ਕਿ ਗੰਭੀਰ ਨੂੰ ਬਹੁਤ ਹੀ ਘੱਟ ਜਾਣੀ ਪਾਰਸਲ ਬੀ-2 ਕੈਟਗਰੀ ਹੈ ਅਤੇ ਉਸ ਨੂੰ ਸਿਰਫ ਤੇ ਸਿਰਫ 15 ਮੀਟਰ ਤੱਕ ਵਿਖਾਈ ਦਿੰਦਾ ਹੈ ਅਤੇ ਉਸ ਤੋਂ ਅਗਾਂਹ ਉਸ ਦੀਆਂ ਅੱਖਾਂ ਸਾਹਮਣੇ ਬਿਲਕੁਲ ਹਨੇਰਾ ਹੁੰਦਾ ਹੈ ਪਰ ਗੰਭੀਰ ਬੜੇ ਮਾਣ ਨਾਲ ਆਖਦਾ ਹੈ ਕਿ 'ਕੌਨ ਕਹਿਤਾ ਹੈ ਕਿ ਨੇਤਰਹੀਣੋਂ ਮੇਂ ਦਮ ਨਹੀਂ, ਹਮ ਨੇਤਰਹੀਣ ਹੂਏ ਤੋ ਕਿਆ ਹੁਆ ਹਮ ਭੀ ਕਿਸੀ ਸੇ ਕਮ ਨਹੀਂ।' ਗੰਭੀਰ ਸਿੰਘ ਚੌਹਾਨ ਨੇ ਦੱਸਿਆ ਕਿ ਬੇਸ਼ੱਕ ਉਸ ਨੂੰ ਬਹੁਤ ਹੀ ਘੱਟ ਵਿਖਾਈ ਦਿੰਦਾ ਹੈ ਪਰ ਜਦ ਉਹ ਖੇਡਦਾ ਹੈ ਅਤੇ ਤਾੜੀਆਂ ਦੀ ਗੂੰਜ ਉਸ ਦੇ ਕੰਨਾਂ ਵਿਚ ਸੁਣਾਈ ਦਿੰਦੀ ਹੈ ਤਾਂ ਹਜ਼ਾਰਾਂ ਅੱਖਾਂ ਦੀ ਰੌਸ਼ਨੀ ਉਸ ਨੂੰ ਸਰਸ਼ਾਰ ਕਰ ਜਾਂਦੀ ਹੈ। ਗੰਭੀਰ ਸਿੰਘ ਚੌਹਾਨ ਲਈ ਮੇਰੀਆਂ ਸ਼ੁੱਭ ਇੱਛਾਵਾਂ।

-ਮੋਬਾ: 98551-14484

ਚੈਂਪੀਅਨਜ਼ ਟਰਾਫੀ ਹਾਕੀ

ਸੋਨਾ ਜਿੱਤਣ ਲਈ ਅਜੇ ਕਠਿਨ ਅਭਿਆਸ ਦੀ ਜ਼ਰੂਰਤ

ਚੈਂਪੀਅਨਜ਼ ਟਰਾਫੀ ਹਾਕੀ ਜੋ ਕੁਝ ਦਿਨ ਪਹਿਲਾਂ ਹਾਲੈਂਡ ਦੇ ਸ਼ਹਿਰ ਬਰੇਦਾ ਵਿਖੇ ਆਯੋਜਿਤ ਹੋਈ, ਭਾਰਤੀ ਟੀਮ ਇਸ ਟੂਰਨਾਮੈਂਟ 'ਚ ਦੂਜੇ ਸਥਾਨ 'ਤੇ ਰਹੀ। ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਸਮੁੱਚੀ ਟੀਮ ਜਿਥੇ ਵਧਾਈ ਦੀ ਹੱਕਦਾਰ ਹੈ, ਉਥੇ ਦੂਜੇ ਨੰਬਰ ਦੀ ਟਰਾਫੀ ਦੇਸ਼ ਦੀ ਝੋਲੀ 'ਚ ਪਾ ਕੇ ਭਵਿੱਖ ਦੇ ਕਈ ਅਹਿਮ ਟੂਰਨਾਮੈਂਟਾਂ ਲਈ ਉਸ ਨੇ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਦੀ ਆਸ ਪੈਦਾ ਕੀਤੀ ਹੈ। ਪਰ ਇਸ ਪ੍ਰਾਪਤੀ ਨੂੰ ਬਹੁਤ ਡੂੰਘੀ ਨਜ਼ਰ ਨਾਲ ਦੇਖਣ ਦੀ ਲੋੜ ਹੈ।
ਚੈਂਪੀਅਨਜ਼ ਟਰਾਫੀ ਹਾਕੀ ਦੇ ਅਖੀਰਲੇ ਐਡੀਸ਼ਨ 'ਚ ਕਈ ਪਲ ਅਜਿਹੇ ਵੀ ਆਏ, ਜਦੋਂ ਸਾਨੂੰ ਸੋਨਾ ਜਿੱਤਣ ਦੀ ਉਮੀਦ ਵੀ ਨਜ਼ਰ ਆਈ ਪਰ ਟੀਮ ਖੇਡ ਵਿਭਾਗ ਨੂੰ ਜੇਕਰ ਸਮੁੱਚੇ ਤੌਰ 'ਤੇ ਦੇਖਿਆ ਜਾਵੇ ਤਾਂ ਕਾਫੀ ਕਮਜ਼ੋਰੀਆਂ ਵੀ ਭਾਰਤੀ ਟੀਮ 'ਚ ਨਜ਼ਰ ਆਈਆਂ, ਜਿਸ ਕਰਕੇ ਸੋਨਾ ਜਿੱਤਣ ਦੀ ਆਸ ਦਮ ਤੋੜ ਗਈ। ਆਸਟ੍ਰੇਲੀਆ, ਅਰਜਨਟੀਨਾ, ਪਾਕਿਸਤਾਨ, ਹਾਲੈਂਡ, ਬੈਲਜੀਅਮ ਵਿਰੁੱਧ ਖੇਡਦਿਆਂ ਜੇਕਰ ਯਕੀਨਨ ਜਿੱਤ ਚਾਹੀਦੀ ਹੈ ਤਾਂ ਸਾਡੀ ਟੀਮ ਨੂੰ ਆਪਣਾ ਪੈਨਲਟੀ ਕਾਰਨਰ ਵਿਭਾਗ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ, ਜੋ ਨਹੀਂ ਹੈ। ਅਸੀਂ ਦੇਖਿਆ ਹੈ ਕਿ ਤਾਕਤਵਰ ਟੀਮਾਂ ਦੇ ਰੂ-ਬ-ਰੂ ਕਠਿਨ ਪ੍ਰਸਥਿਤੀਆਂ 'ਚ ਸਾਡੇ ਡਰੈਗ ਫਲਿੱਕਰ ਬਹੁਤ ਸ਼ਲਾਘਾਯੋਗ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਇਹ ਉਹ ਵਿਭਾਗ ਹੈ, ਜਿਸ ਨੇ ਇਸ ਟੂਰਨਾਮੈਂਟ 'ਚ ਭਾਰਤ ਦੇ ਚੈਂਪੀਅਨਾਂ ਵਾਂਗ ਖੇਡਣ 'ਚ ਰੁਕਾਵਟ ਪਾਈ ਹੈ। ਅੱਜ ਦੇ ਸੰਦਰਭ ਵਿਚ ਜਿਸ ਤਰ੍ਹਾਂ ਹਾਕੀ ਜਗਤ 'ਚ ਮੁਕਾਬਲਾ ਵਧਦਾ ਜਾ ਰਿਹਾ ਹੈ, ਸਾਡੇ ਕੋਲ ਘੱਟੋ-ਘੱਟ ਤਿੰਨ ਚੋਟੀ ਦੇ ਡਰੈਗ ਫਲਿੱਕਰਾਂ ਦੀ ਜ਼ਰੂਰਤ ਹੈ। ਇਸ ਵਿਭਾਗ 'ਚ ਵਧੇਰੇ ਵੰਨ-ਸੁਵੰਨਤਾ ਲਿਆਉਣ ਦੀ ਲੋੜ ਹੈ। ਕਾਸ਼! ਸਾਡੇ ਕੋਲ ਕੋਈ ਪਾਕਿਸਤਾਨ ਦੇ ਸੁਹੇਲ ਅੱਬਾਸ ਜਾਂ ਹਾਲੈਂਡ ਦੇ ਬੋਵਲੈਡਰ ਜਾਂ ਪਾਲ ਲਿਟਜਨ ਵਰਗੇ ਪੈਨਲਟੀ ਕਾਰਨਰ ਮਾਹਿਰ ਪੈਦਾ ਹੋ ਜਾਣ। ਇਨ੍ਹਾਂ ਖਿਡਾਰੀਆਂ ਦੇ ਖੇਡ ਕੈਰੀਅਰ ਦੀ ਕਹਾਣੀ ਦੱਸਦੀ ਹੈ ਕਿ ਉਨ੍ਹਾਂ ਉੱਤੇ ਇਸ ਵਿਭਾਗ ਦੇ ਮਾਹਿਰ ਬਣਨ ਦਾ ਜੋ ਜਨੂੰਨ ਸਵਾਰ ਸੀ, ਸਾਡੇ ਖਿਡਾਰੀਆਂ ਵਿਚ ਉਸ ਦੀ ਕਮੀ ਹੈ। ਉਨ੍ਹਾਂ ਦੀ ਇਸ ਕਮੀ ਦਾ ਸਾਡੇ ਹਾਕੀ ਸੰਸਾਰ ਨੂੰ ਨੁਕਸਾਨ ਹੋ ਰਿਹਾ ਹੈ। ਸਾਡੇ ਡਰੈਗ ਫਲਿੱਕਰਾਂ ਨੂੰ ਵਿਅਕਤੀਗਤ ਯਤਨਾਂ ਦੀ ਲੋੜ ਹੈ।
ਇਸ ਚੈਂਪੀਅਨਜ਼ ਟਰਾਫੀ ਦੇ ਐਡੀਸ਼ਨ 'ਚ ਜਿਸ ਖਿਡਾਰੀ ਨੇ ਬਹੁਤ ਥਾਵਾਂ ਤੇ ਬਹੁਤ ਮੌਕਿਆਂ 'ਤੇ ਭਾਰਤ ਦੀ ਲਾਜ ਬਚਾਈ। ਉਸ ਦਾ ਨਾਂਅ ਗੋਲਕੀਪਰ ਸ੍ਰੀਜੇਸ਼ ਹੈ। ਜੇ ਅਸੀਂ ਸਾਰੇ ਮੈਚਾਂ ਦਾ ਗਹੁ ਨਾਲ ਅਧਿਐਨ ਕਰੀਏ ਤਾਂ ਉਸ ਨੇ ਭਾਰਤੀ ਟੀਮ ਨੂੰ ਜਿਨ੍ਹਾਂ ਮੈਚਾਂ 'ਚ ਬਰਾਬਰੀ ਮਿਲੀ, ਹਾਰ ਤੋਂ ਬਚਾਇਆ ਹੈ। ਬਰਾਬਰੀ ਵਾਲੇ ਮੈਚ ਨੂੰ ਗੋਲਾਂ ਦੇ ਬਚਾਅ ਨਾਲ ਜਿੱਤ ਵੱਲ ਵਧਾਇਆ। ਇਹ ਵੱਖਰੀ ਗੱਲ ਹੈ ਕਿ ਕਿਤੇ ਸਾਡੇ ਸਟਰਾਈਕਰ ਗੋਲ ਨਹੀਂ ਕਰ ਸਕੇ, ਕਿਤੇ ਪੈਨਲਟੀ ਕਾਰਨਰ ਵਿਭਾਗ ਠੁੱਸ ਹੋ ਗਿਆ, ਨਹੀਂ ਤਾਂ ਸਾਡੇ ਗੋਲਕੀਪਰ ਦੀ ਹੋਰ ਬੱਲੇ-ਬੱਲੇ ਹੋਣੀ ਸੀ।
ਇਤਿਹਾਸ ਸਿਰਫ ਜਿੱਤ ਦੇ ਅੰਕੜੇ ਸੰਭਾਲ ਕੇ ਰੱਖਦਾ ਹੈ। ਇਤਿਹਾਸ ਸਿਰਫ ਜਿੱਤਾਂ ਨਾਲ ਬਣਦੇ ਹਨ। ਸੁਨਹਿਰੀ ਇਤਿਹਾਸ ਵੱਖ-ਵੱਖ ਖਿਡਾਰੀਆਂ ਦੇ ਹਰ ਵਿਭਾਗ 'ਚ ਜ਼ਬਰਦਸਤ ਪ੍ਰਦਰਸ਼ਨ ਨਾਲ ਬਣਦਾ ਹੈ। ਕਿਸੇ ਮੈਚ 'ਚ ਜੇਕਰ ਤੁਸੀਂ ਦਰਸ਼ਕਾਂ ਦਾ ਦਿਲ ਤਾਂ ਜਿੱਤ ਲੈਂਦੇ ਹੋ ਪਰ ਹੁੰਦੀ ਤੁਹਾਡੀ ਹਾਰ ਹੈ ਤਾਂ ਇਹ ਬਹੁਤਾ ਚਿਰ ਕਿਸੇ ਨੂੰ ਯਾਦ ਨਹੀਂ ਰਹਿੰਦਾ। ਸਾਡਾ ਇਸ਼ਾਰਾ ਇਸ ਟੂਰਨਾਮੈਂਟ 'ਚ ਭਾਰਤ ਦੇ ਆਸਟ੍ਰੇਲੀਆ ਵਿਰੁੱਧ ਫਾਈਨਲ ਖੇਡਣ ਤੋਂ ਹੈ। ਕੀ ਭਾਰਤ ਨੇ ਹੀ ਹਮੇਸ਼ਾ ਆਸਟ੍ਰੇਲੀਆ ਤੋਂ ਹਾਰਨ ਦਾ ਠੇਕਾ ਲੈ ਰੱਖਿਆ ਹੈ? ਆਸਟ੍ਰੇਲੀਆ ਵਿਰੁੱਧ ਅਸੀਂ ਚੈਂਪੀਅਨ ਖੇਡ ਦਾ ਮੁਜ਼ਾਹਰਾ ਕਿਉਂ ਨਹੀਂ ਕਰ ਪਾਉਂਦੇ। ਹਾਲੈਂਡ ਵਿਰੁੱਧ ਕਿਉਂ ਸਾਡੀ ਜਿੱਤ ਯਕੀਨਨ ਨਹੀਂ ਹੁੰਦੀ? ਅਰਜਨਟੀਨਾ, ਬੈਲਜੀਅਮ ਵਿਰੁੱਧ ਕਿਉਂ ਸਾਡਾ ਮੈਚ ਜ਼ਿਆਦਾ ਬਰਾਬਰੀ 'ਤੇ ਖਤਮ ਹੋ ਜਾਂਦਾ ਹੈ? ਮੈਚ ਦੇ ਦੌਰਾਨ ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਹਨ ਪਰ ਕਿਉਂਕਿ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਆਖਰ ਸਾਡੀ ਟੀਮ ਨੇ ਇਨ੍ਹਾਂ ਦੇਸ਼ਾਂ ਅੱਗੇ ਗੋਡੇ ਟੇਕਣੇ ਹੁੰਦੇ ਹਨ। ਕਿਉਂ ਅਸੀਂ ਦੂਜੀਆਂ ਟੀਮਾਂ ਦੇ ਜਿੱਤਾਂ-ਹਾਰਾਂ ਦੇ ਸਮੀਕਰਨਾਂ ਵਿਚ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਦਾ ਰਾਹ ਹੀ ਭਾਲਦੇ ਰਹਿੰਦੇ ਹਾਂ। ਫਾਈਨਲ ਵਿਚ ਪਹੁੰਚ ਕੇ ਕਿਉਂ ਅਸੀਂ ਫਾਈਨਲ ਖੇਡਣ ਦੇ ਮਨੋਵਿਗਿਆਨ 'ਚ ਮਾਤ ਖਾ ਜਾਂਦੇ ਹਾਂ? ਚੈਂਪੀਅਨ ਵਾਂਗ ਖੇਡਣ ਦੀ ਸਾਨੂੰ ਮੈਚ ਦੇ ਹਰ ਪਲ 'ਚ ਲੋੜ ਹੈ।
ਅਸੀਂ ਸਮਝਦੇ ਹਾਂ ਕਿ ਸਵਦੇਸ਼ੀ ਕੋਚ ਹਰਿੰਦਰਾ ਸਿੰਘ ਨੂੰ ਆਪਣੀ ਟੀਮ ਨੂੰ ਹਰ ਪੱਖ ਤੋਂ ਸੁਧਾਰਨ ਲਈ ਬਹੁਤ ਮਿਹਨਤ ਅਤੇ ਦੂਰ-ਦ੍ਰਿਸ਼ਟੀ ਦੀ ਲੋੜ ਹੈ। ਪਿਛਲੇ ਕਾਫੀ ਅਰਸੇ ਤੋਂ ਵਿਦੇਸ਼ੀ ਕੋਚਾਂ ਦਾ ਭਾਰਤੀ ਟੀਮ ਨਾਲ ਵਾਹ ਪਿਆ ਹੈ। ਉਨ੍ਹਾਂ ਦੇ ਯੋਗਦਾਨ ਨੂੰ ਵੀ ਅਸੀਂ ਦਰਕਿਨਾਰ ਨਹੀਂ ਕਰ ਸਕਦੇ। ਪੰਜਾਬੀ ਖਿਡਾਰੀਆਂ ਦੀ ਬਹੁਤਾਤ ਨੇ ਵੀ ਟੀਮ ਨੂੰ ਬਲ ਬਖਸ਼ਿਆ ਹੈ। ਪਰ ਦੇਖਣਾ ਤਾਂ ਇਹ ਹੈ ਕਿ ਭਾਰਤੀ ਟੀਮ ਭਵਿੱਖ ਵਿਚ ਆਪਣੀਆਂ ਗ਼ਲਤੀਆਂ ਵਿਚ ਕਿੰਨਾ ਕੁ ਸੁਧਾਰ ਕਰ ਸਕਦੀ ਹੈ ਅਤੇ ਚੈਂਪੀਅਨ ਤੇਵਰ ਵਿਖਾਉਂਦੀ ਹੋਈ ਕਿੰਨੀਆਂ ਕੁ ਮਾਣਮੱਤੀਆਂ ਜਿੱਤਾਂ ਦੀ ਸ਼ਿਲਪਕਾਰ ਬਣਦੀ ਹੈ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX