ਤਾਜਾ ਖ਼ਬਰਾਂ


ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 minute ago
ਜੋਧਾਂ, 21 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਗੁੱਜਰਵਾਲ ਵਿਖੇ ਅੱਜ ਇੱਕ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 22 ਸਾਲਾ ਚਰਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ...
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  12 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  29 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  49 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 1 hour ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਹੋਰ ਖ਼ਬਰਾਂ..

ਦਿਲਚਸਪੀਆਂ

ਹਾਈ ਕਮਾਨ

ਨੇਤਾ ਦਾ ਪੀ.ਏ. ਉਸ ਕੋਲ ਭੱਜ ਕੇ ਆਇਆ | ਨੇਤਾ ਨੇ ਪੁੱਛਿਆ, 'ਕੀ ਹੋਇਆ? ਇੰਨਾ ਜ਼ਿਆਦਾ ਸਾਹ ਕਿਉਂ ਫੁਲ ਰਿਹੈ?'
ਪੀ.ਏ. ਨੇ ਕਿਹਾ, 'ਨੇਤਾ ਜੀ, ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਨਾਲ ਦੇ ਵਿਧਾਨ ਸਭਾ ਹਲਕੇ ਤੋਂ ਤੁਹਾਡੇ ਰਿਸ਼ਤੇਦਾਰ ਵਿਧਾਇਕ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਹੈ |'
ਇਕੋ ਹੀ ਸਾਹ ਵਿਚ ਪੀ.ਏ. ਨੇ ਅੱਗੇ ਬੋਲਿਆ, 'ਜਲਦੀ ਕਰੋ, ਸਾਨੂੰ ਸੰਸਕਾਰ 'ਤੇ ਜਾਣਾ ਪੈਣਾ ਹੈ |'
ਨੇਤਾ ਨੇ ਰਹੱਸਮਈ ਮੁਸਕਾਨ ਨਾਲ ਕਿਹਾ, 'ਸੰਸਕਾਰ ਕਿੰਨੇ ਵਜੇ ਹੈ |'
'ਦੁਪਹਿਰ ਨੂੰ ਇਕ ਵਜੇ', ਪੀ.ਏ. ਨੇ ਨੇਤਾ ਦੇ ਚਿਹਰੇ ਦੇ ਬਦਲਦੇ ਹਾਵ-ਭਾਵ ਦੇਖ ਕੇ ਹੈਰਾਨੀ ਨਾਲ ਕਿਹਾ |
ਨੇਤਾ ਬੋਲਿਆ, 'ਹੁਣ 10 ਵੱਜੇ ਹਨ | ਇਕ ਵੱਜਣ ਵਿਚ ਤਿੰਨ ਘੰਟੇ ਪਏ ਹਨ | ਉਸ ਤੋਂ ਪਹਿਲਾਂ ਹਾਈ ਕਮਾਨ ਦਾ ਇਕ ਘੰਟੇ ਵਿਚ ਐਮਰਜੈਂਸੀ ਮੀਟਿੰਗ ਵਿਚ ਪਹੁੰਚਣ ਦਾ ਹੁਕਮ ਹੈ | ਇਸ ਖ਼ਾਲੀ ਸੀਟ 'ਤੇ ਅਗਲੇ ਉਮੀਦਵਾਰ ਦੇ ਨਾਂਅ ਦਾ ਫ਼ੈਸਲਾ ਕਰਨਾ ਹੈ | ਸੀਟ ਜਿੱਤਣੀ ਬਹੁਤ ਜ਼ਰੂਰੀ ਹੈ |
ਪੀ.ਏ. ਉਸ ਰਹੱਸਮਈ ਮੁਸਕਰਾਹਟ ਦੇ ਅਰਥ ਨੂੰ ਸਮਝ ਰਿਹਾ ਸੀ |

-ਅਮਿ੍ਤ ਬਰਨਾਲਾ
ਮੋਬਾਈਲ : 94174-51074.
ਈਮੇਲ : amritfrombarnala@gmail.com


ਖ਼ਬਰ ਸ਼ੇਅਰ ਕਰੋ

ਨੌਜਵਾਨਾਂ ਨੂੰ ਸੰਦੇਸ਼

* ਰਛਪਾਲ ਸਿੰਘ ਪਾਲ *
ਗੂੜ੍ਹੀ ਨੀਂਦੇ ਸੁੱਤਿਓ ਜਾਗੋ,
ਸਾਰੇ ਤਰ੍ਹਾਂ ਦੇ ਨਸ਼ੇ ਤਿਆਗੋ।
ਚੰਗੀ ਸਿਹਤ ਤੇ ਜਿਸਮ ਹਠੀਲਾ,
ਨਸ਼ਿਆਂ ਨਾਲ ਹੋ ਗਿਆ ਤੀਲ੍ਹਾ।
ਸ਼ੀਸ਼ੇ ਮੂਹਰੇ ਡਰ ਲੱਗਦਾ ਹੈ,
ਕੀ ਜੀਣਾ ਫਿਰ ਇਸ ਜੱਗ ਦਾ ਹੈ।
ਗੁੱਟ 'ਤੇ ਕੌਣ ਬਨ੍ਹਾਉ ਰੱਖੜੀ,
ਭੈਣ ਕਿਹਦੇ ਲਈ ਲਿਆਊ ਰੱਖੜੀ।
ਉਸ ਦੀਆਂ ਰੀਝਾਂ ਦਿਲ ਵਿਚ ਰਹੀਆਂ,
ਓਹੀਓ ਜਾਣੇ ਜਿਸ ਨੇ ਸਹੀਆਂ।
ਅਖ਼ਬਾਰ ਫੜਨ ਨੂੰ ਜੀ ਨਹੀਂ ਕਰਦਾ,
ਖ਼ਬਰਾਂ ਪੜ੍ਹਨ ਨੂੰ ਜੀ ਨਹੀਂ ਕਰਦਾ।
ਮਾਂ-ਪਿਓ ਦੇ ਦਿਲ ਅੰਦਰ ਚਾਹਵਾਂ,
ਵੰਸ਼ ਵਧੇਗਾ ਪੁੱਤ ਵਿਆਹਵਾਂ।
ਨਸ਼ਿਆਂ ਨੇ ਜੇ ਪਾ ਲਿਆ ਘੇਰਾ,
ਕਿੰਝ ਪਰਿਵਾਰ ਵਧੇਗਾ ਤੇਰਾ।
ਕਸਮ ਖਾਓ ਕਿ ਨਸ਼ਾ ਨਹੀਂ ਕਰਨਾ,
ਮੌਤ ਤੋਂ ਪਹਿਲਾਂ ਅਸੀਂ ਨਹੀਂ ਮਰਨਾ।
ਮਾਪਿਆਂ ਨੂੰ ਨਾ ਹੋਰ ਸਤਾਓ,
ਜਿਊਂਦਿਆਂ ਨੂੰ ਨਾ ਮਾਰ ਮੁਕਾਓ।
ਸਾਡਾ ਇਹ ਪੰਜਾਬ ਨਹੀਂ ਹੈ,
ਜੇ ਖਿੜਿਆ ਫੁੱਲ ਗੁਲਾਬ ਨਹੀਂ ਹੈ।
ਇਸ ਪੰਜਾਬ 'ਤੇ ਤਰਸ ਕਮਾਓ,
ਇਸਦਾ ਵਿਰਸਾ ਮੋੜ ਲਿਆਓ।
ਪਿਤਾ ਜੇ ਪੁੱਤ ਦੀ ਅਰਥੇ ਚੁੱਕੇ,
ਇਸ ਤੋਂ ਵੱਡਾ ਭਾਰ ਨਹੀਂ ਹੈ।
ਇਸ ਪੰਜਾਬ ਦੇ ਮੱਥੇ ਉੱਤੇ,
ਇਹ ਕਲੰਕ ਸਵੀਕਾਰ ਨਹੀਂ ਹੈ।

-(ਪੰਜਾਬ ਦਾ ਰਫ਼ੀ) ਜਲੰਧਰ। ਮੋਬਾਈਲ : 98157-67675?

ਤੀਰ ਤੁੱਕਾ ਬੁੱਢਾ ਤਾਂ ਕੁੱਝ ਦਿਨ ਦਾ ਪ੍ਰਾਹੁਣਾ

ਰਿਸ਼ਤੇ ਜੋ ਹਮੇਸ਼ਾ ਲਈ ਹੁੰਦੇ ਹਨ, ਟੁੱਟਣੇ ਨਹੀਂ ਚਾਹੀਦੇ | ਦੋਵਾਂ ਧਿਰਾਂ ਨੂੰ ਇਸ ਦਾ ਿਖ਼ਆਲ ਰੱਖਣਾ ਚਾਹੀਦਾ ਹੈ | ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਪੈਂਦੀ ਹੈ ਨਹੀਂ ਤਾਂ ਪੌਦੇ ਮੁਰਝਾ ਜਾਂਦੇ ਹਨ, ਸੁੱਕ ਜਾਂਦੇ ਹਨ | ਰਿਸ਼ਤੇ ਵੀ ਿਖ਼ਆਲ ਮੰਗਦੇ ਹਨ, ਇਕ-ਦੂਜੇ ਦਾ ਸਤਿਕਾਰ ਮੰਗਦੇ ਹਨ, ਨਹੀਂ ਤਾਂ ਪੀਡੇ ਤੋਂ ਪੀਡੇ ਰਿਸ਼ਤਿਆਂ ਵਿਚ ਵੀ ਤਰੇੜਾਂ ਆ ਜਾਂਦੀਆਂ ਹਨ |
ਹੁਣ ਮਾਂ ਦਿਵਸ, ਬਾਪ ਦਿਵਸ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਦਿਵਸ ਮਨਾਏ ਜਾਣ ਲੱਗੇ ਹਨ ਪਰ ਰਿਸ਼ਤਿਆਂ ਦਾ ਦਿਵਸ ਨਹੀਂ ਹੁੰਦਾ | ਮਾਂ ਦਿਵਸ ਵੀ ਹਮੇਸ਼ਾ ਹੋਣਾ ਚਾਹੀਦਾ ਹੈ, ਪਿਤਾ ਦਿਵਸ ਵੀ ਹਰ ਰੋਜ਼ ਹੋਣਾ ਚਾਹੀਦਾ ਹੈ | ਰਿਸ਼ਤਿਆਂ ਨੂੰ ਤੋੜਨ ਦੇ ਅਜੋਕੇ ਦੌਰ ਵਿਚ ਵਰਤੇ ਜਾ ਰਹੇ ਢੰਗਾਂ ਤੋਂ ਬਚ ਕੇ ਰਿਸ਼ਤਿਆਂ ਨੂੰ ਬਚਾਈ ਰੱਖਣ ਦੀ ਕਲਾ ਸਿੱਖਣੀ ਚਾਹੀਦੀ ਹੈ |
ਕਿਹਰ ਸਿੰਘ ਦਾ ਮੁੰਡਾ ਜੁਆਨ ਹੋ ਗਿਆ | ਮੁੰਡੇ ਲਈ ਰਿਸ਼ਤੇ ਆਉਣ ਲੱਗ ਗਏ | ਕਦੇ ਮੁੰਡਾ ਨਾਂਹ ਕਰ ਦਿੰਦਾ, ਕਦੇ ਲੜਕੀ ਵਾਲੇ ਨਾਂਹ ਕਰ ਦਿੰਦੇ | ਇਸ ਤਰ੍ਹਾਂ ਅਜੇ ਰਿਸ਼ਤੇ ਦਾ ਕੰਮ ਲਟਕਿਆ ਹੋਇਆ ਸੀ | ਇੱਕ ਦਿਨ ਨੇੜਲੇ ਸ਼ਹਿਰ ਵਿਚੋਂ ਕਿਹਰ ਸਿੰਘ ਦਾ ਇੱਕ ਰਿਸ਼ਤੇਦਾਰ ਜੋ ਬਹੁਤੇ ਵਿਆਹਾਂ ਵਿਚ ਵਿਚੋਲੇ ਦੀ ਭੂਮਿਕਾ ਨਿਭਾ ਚੁੱਕਾ ਸੀ, ਰਿਸ਼ਤਾ ਲੈ ਕੇ ਆਇਆ | ਕੁੜੀ ਵਾਲਿਆਂ ਨੂੰ ਘਰ-ਬਾਰ ਪਸੰਦ ਸੀ, ਮੁੰਡਾ ਵੀ ਪਸੰਦ ਸੀ, ਕਿਹਰ ਸਿੰਘ ਦੇ ਅੜੀਅਲ ਸੁਭਾਅ ਤੋਂ ਉਹ ਥੋੜੇ੍ਹ ਪ੍ਰੇਸ਼ਾਨ ਹੋ ਗਏ, ਉਹ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ | ਵਿਚੋਲੇ ਨੂੰ ਪਰ੍ਹੇ ਲਿਜਾ ਉਹ ਆਖ ਰਹੇ ਸਨ, 'ਜੀ ਬਾਕੀ ਤਾਂ ਸਭ ਠੀਕ ਹੈ, ਪਰ ਮੁੰਡੇ ਦਾ ਬਾਪ ਅੜੀਅਲ ਤੇ ਗੱਲਾਂ ਬਹੁਤ ਕਰਦਾ ਹੈ, ਸਾਡੀ ਇਸ ਨਾਲ ਨਹੀਂ ਨਿਭਣੀ, ਜਿਹੜਾ ਹੁਣ ਹੀ ਏਦਾਂ ਕਰਦਾ, ਭਲਕ ਨੂੰ ਇਸ ਨਾਲ ਸਾਡੀ ਕਿਵੇਂ ਨਿਭੇਗੀ | ' ਅੱਗੇ ਤੋਂ ਵਿਚੋਲਾ ਵੀ ਤੇਜ਼ ਸੀ | ਉਹ ਝੱਟ ਦੇਣੀ ਬੋਲਿਆ, ' ਆਹ ਕੀ ਗੱਲ ਹੋਈ, ਜਦੋਂ ਮੁੰਡਾ ਤੇ ਘਰ-ਬਾਰ ਪਸੰਦ ਹੈ ਤਾਂ ਫਿਰ ਮੁੰਡੇ ਦੇ ਪਿਉ ਦਾ ਕੀ ਰੌਲਾ, ਇਹ ਤਾਂ ਬਿਮਾਰ-ਠਮਾਰ ਰਹਿੰਦਾ, ਖ਼ੋਰੇ ਸਾਲ ਦੋ ਸਾਲ ਹੈਗਾ ਕਿ ਪਹਿਲਾ ਹੀ ਚੱਲ ਵਸੇ, ਤੁਸੀਂ ਬੁੱਢੇ ਨੂੰ ਛੱਡੋ ਤੇ ਰਿਸ਼ਤਾ ਪੱਕਾ ਕਰੋ | '
ਵਿਚੋਲਾ ਭਾਵੇਂ ਬਹੁਤ ਹੌਲੀ ਆਵਾਜ਼ ਵਿਚ ਗੱਲਬਾਤ ਕਰ ਰਿਹਾ ਸੀ, ਪਰ ਕਿਹਰ ਸਿੰਘ ਦੇ ਕੰਨੀਂ ਪੈ ਗਈ ਸੀ | ਉਸ ਨੇ ਅੱਗ ਬਬੂਲਾ ਹੋ ਕੇ ਕਿਹਾ, 'ਤੂੰ ਮੁੰਡੇ ਦਾ ਰਿਸ਼ਤਾ ਨਹੀਂ, ਮੇਰਾ ਮਰਨ ਪੱਕਾ ਕਰ ਰਿਹਾ ਹੈਾ, ਦੌੜ ਜਾ ਮੇਰੇ ਘਰੋਂ , ਮੇਰਾ ਮੁੰਡਾ ਕੁਆਰਾ ਹੀ ਚੰਗਾ' |

-ਨੇੜੇ ਨੇਕੀ ਵਾਲੀ ਦੀਵਾਰ ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ, ਪੰਜਾਬ |
ਮੋਬਾਈਲ : 01826-502280.

ਛੋਲਿਆਂ ਦੀ ਦਾਲ

ਮਾਂ-ਬਾਪ ਦੀ ਮੌਤ ਤੋਂ ਬਾਅਦ ਦਾਦੀ ਨੇ ਹੀ ਦੋਵਾਂ ਭਰਾਵਾਂ ਨੂੰ ਸਾਂਭਿਆ ਸੀ | ਦੋਵਾਂ ਦੇ ਵਿਆਹ ਕੀਤੇ, ਵੱਡੇ ਨੇ ਹੇਠਾਂ ਤੇ ਛੋਟੇ ਨੇ ਉੱਪਰ ਵਸੇਬਾ ਕਰ ਲਿਆ ਪਰ ਰਸੋਈ ਇਕ ਹੀ ਸੀ | ਦੋਵਾਂ ਭਰਾਵਾਂ ਵਿਚ ਤਾਂ ਪਿਆਰ ਬਹੁਤ ਸੀ ਪਰ ਘਰ ਵਾਲੀਆਂ ਵਿਚ ਖੜਕ ਪੈਂਦੀ ਸੀ | ਦੋਵਾਂ ਭਰਾਵਾਂ ਨੂੰ ਅਖੀਰ ਔਰਤਾਂ ਦੀ ਮੰਨਣੀ ਪੈ ਜਾਂਦੀ ਸੀ, ਇਸ ਕਰਕੇ ਕਈ ਵਾਰ ਘਰ ਦਾ ਮਾਹੌਲ ਤਣਾਅਪੂਰਨ ਹੋ ਜਾਂਦਾ ਸੀ ਪਰ ਦਾਦੀ ਸਭ ਕੁਝ ਸਾਂਭ ਲੈਂਦੀ ਸੀ |
ਉਸ ਦਿਨ ਤਾਂ ਹੱਦ ਹੀ ਹੋ ਗਈ | ਦਾਦੀ ਕੋਈ ਦੋ-ਚਾਰ ਦਿਨ ਲਈ ਰਿਸ਼ਤੇਦਾਰੀ 'ਚ ਚਲੀ ਗਈ ਸੀ, ਪਿਛੋਂ ਦੋਵਾਂ ਦਰਾਣੀ-ਜੇਠਾਣੀ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ | ਨਤੀਜਾ ਇਹ ਕਿ ਇਕ ਹੀ ਰਸੋਈ ਵਿਚ ਦੋ ਚੁੱਲ੍ਹੇ ਹੋ ਗਏ | ਦਾਦੀ ਆਈ ਸ਼ਾਮ ਨੂੰ ਇਕ ਰਸੋਈ ਵਿਚ ਦੋ ਤੌੜੀਆਂ ਵਿਚ ਦਾਲ ਰਿਝਦੀ ਵੇਖ ਦੁਖੀ ਹੋਈ | ਛੋਟੀ ਨੇ ਛੋਲਿਆਂ ਦੀ ਦਾਲ ਬਣਾ ਲਈ ਸੀ, ਦਾਦੀ ਨੇ ਉਹ ਹੀ ਸਾਰਿਆਂ ਨੂੰ ਵਰਤਾ ਦਿੱਤੀ | ਸਾਰੇ ਖਾਣੇ 'ਤੇ ਬੈਠ ਗਏ | ਪਰ ਛੋਟੀ ਪਤਾ ਨਹੀਂ ਕਿਹੜੇ ਸਮੇਂ ਚੁਬਾਰੇ ਜਾ ਚੜ੍ਹੀ | ਮਗਰੇ ਛੋਟਾ ਵੀ ਕੋਠੇ 'ਤੇ | ਥੋੜ੍ਹੀ ਦੇਰ ਬਾਅਦ ਖਪਿਆ ਜਿਹਾ ਹੇਠਾਂ ਆਇਆ ਤੇ ਆਉਂਦੇ ਹੀ ਵੱਡੇ ਨੂੰ ਕਹਿੰਦਾ, 'ਭਾਅ ਜੀ ਇਹ ਛੋਲਿਆਂ ਦੀ ਦਾਲ ਅਸੀਂ ਬਣਾਈ ਹੈ, ਥਾਲੀ ਵਿਚੋਂ ਕੱਢ ਦੇ', ਸਾਰੇ ਹੈਰਾਨ ਤੇ ਖਾਮੋਸ਼ ਹੋ ਗਏ |
'ਦਾਲ ਤਾਂ ਮੈਨੂੰ ਦਾਦੀ ਨੇ ਪਾ ਕੇ ਦਿੱਤੀ ਹੈ |'
'ਦਾਲ ਤਾਂ ਇਹਨੂੰ ਮੈਂ ਪਾ ਕੇ ਦਿੱਤੀ ਹੈ', ਵੱਡਾ ਤੇ ਦਾਦੀ ਅੱਗੜ-ਪਿਛੜ ਹੀ ਬੋਲ ਪਏ |
ਮਾਹੌਲ ਬੜਾ ਗਰਮਾਇਆ ਪਰ ਛੋਟਾ ਦਾਲ ਥਾਲੀ ਵਿਚੋਂ ਕਢਵਾ ਕੇ ਹੀ ਹਟਿਆ ਤੇ ਪੌੜੀਆਂ ਚੜ੍ਹਨ ਹੀ ਲੱਗਾ ਸੀ ਕਿ ਦਾਦੀ ਨੇ ਸੁਣਾ ਦਿੱਤਾ, 'ਛੋਟੇ ਅੱਜ ਤੂੰ ਜਿਹੜੀ ਦਾਲ ਥਾਲੀ ਵਿਚੋਂ ਕਢਵਾਈ ਹੈ ਸਾਰੀ ਉਮਰ ਰੜਕੇਗੀ |' ਛੋਟਾ ਸੁਣਿਆ-ਅਣਸੁਣਿਆ ਕਰਕੇ ਪੌੜੀਆਂ ਚੜ੍ਹ ਗਿਆ | ਅਗਲੇ ਦਿਨ ਹੀ ਉਪਰ ਵੀ ਵੱਖਰੀ ਰਸੋਈ ਬਣ ਗਈ | ਹੁਣ ਆਏ-ਗਏ 'ਤੇ ਜਦ ਕਦੇ ਵੀ ਦੋਵੇਂ ਇਕੱਠੇ ਹੁੰਦੇ ਸੀ, ਇਕ-ਦੂਜੇ ਨੂੰ ਰੋਟੀ-ਚਾਹ ਦੀ ਸੁਲ੍ਹਾ ਵੀ ਨਹੀਂ ਮਾਰਦੇ ਸੀ | ਬੱਝੇ ਜਿਹੇ ਰਿਸ਼ਤਾ ਨਿਭਾਉਂਦੇ ਰਹੇ |
ਸਮਾਂ ਬੀਤਦਾ ਗਿਆ | ਵੱਡਾ ਸਮੇਤ ਪਰਿਵਾਰ ਕੈਨੇਡਾ ਜਾ ਵੱਸਿਆ, ਕੁਝ ਚਿਰ ਬਾਅਦ ਛੋਟੇ ਦੇ ਕਹਿਣ 'ਤੇ ਉਸ ਨੂੰ ਵੀ ਕੈਨੇਡਾ ਬੁਲਾ ਲਿਆ | ਅੱਜ ਏਅਰਪੋਰਟ ਤੋਂ ਵੱਡਾ ਛੋਟੇ ਨੂੰ ਸਮੇਤ ਪਰਿਵਾਰ ਘਰ ਲਿਆਇਆ ਸੀ | ਆਉਂਦੇ-ਆਉਂਦੇ ਰਾਤ ਦੇ ਖਾਣੇ ਦਾ ਵਕਤ ਹੋ ਗਿਆ ਸੀ | ਵੱਡੀ ਨੇ ਦੋਵਾਂ ਭਰਾਵਾਂ ਨੂੰ ਰੋਟੀ ਪਾ ਦਿੱਤੀ ਤੇ ਆਪ ਦੋਵੇਂ ਦਰਾਣੀ-ਜੇਠਾਣੀ ਦੂਜੇ ਕਮਰੇ ਵਿਚ ਰੋਟੀ ਖਾਣ ਲੱਗ ਪਈਆਂ | ਰੋਟੀ ਖਾਂਦੇ ਦਰਾਣੀ-ਜੇਠਾਣੀ ਦੀਆਂ ਹੱਸ-ਹੱਸ ਕੇ ਗੱਲਾਂ ਕਰਦੀਆਂ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ | ਇਧਰ ਦੋਵੇਂ ਭਰਾ ਜਦ ਰੋਟੀ ਖਾਣ ਲੱਗੇ ਤਾਂ ਥਾਲੀ ਵਿਚ ਛੋਲਿਆਂ ਦੀ ਦਾਲ ਦੇਖ ਕੇ ਦੋਵਾਂ ਦੀ ਬੁਰਕੀ ਥਾਏਾ ਰੁਕ ਗਈ |
ਛੋਟੇ ਦੀਆਂ ਅੱਖਾਂ ਵਿਚ ਹੰਝੂ ਦੇਖ, ਜਾਣਦੇ ਹੋਏ ਵੀ ਵੱਡੇ ਨੇ ਪੁੱਛਿਆ, 'ਕੀ ਗੱਲ ਐ |'
'ਕੁਛ ਨੀਂ, ਦਾਦੀ ਦੀ ਯਾਦ ਆ ਗਈ |'

-ਮੋਬਾਈਲ : 98550-53839.

ਵਿਅੰਗ ਕਾਰਡ

ਕੇਰਾਂ ਭਾਈ ਆਪਣੇ ਗੁੁਆਂਢ 'ਚ ਵਿਆਹ, ਕਾਰਡ ਆਪਣੇ ਵੀ ਆ ਗਿਆ | ਆਪਾਂ ਕਰਤੀ ਸ਼ੁਰੂ ਤਿਆਰੀ ਵਿਆਹ 'ਤੇ ਜਾਣ ਦੀ | ਵਿਆਹ ਸੀ ਸ਼ਰਮਿਆਂ ਦੇ ਸਕੂਲੋਂ ਆ ਕੇ ਥੋੜ੍ਹਾ ਟਾਈਮ ਆਰਾਮ ਕੀਤਾ ਤੇ ਫਿਰ ਨਹਾ-ਧੋ ਕੇ ਆਪਾਂ ਵੀ ਬੰਨ੍ਹ ਲਈ ਪੋਚਵੀਂ | ਗਲੀ ਵਿਚ ਬੈਂਡ ਵਾਜੇ ਵੱਜਣ ਲੱਗੇ ਤਾਂ ਆਪਾਂ ਵੀ ਜਾ ਵੜੇ ਵਿਆਹ ਵਾਲਿਆਂ ਦੇ ਘਰੇ | ਜਾ ਕੇ ਜੋ ਨਜ਼ਾਰਾ ਦੇਖਿਆ ਅਸੀਂ ਹੱਕੇ-ਬੱਕੇ ਰਹਿ ਗਏ | ਮੰੁਡੇ ਕੁੜੀ ਤੋਂ ਤਾਂ ਪਾਣੀ ਵਾਰ ਕੇ ਪੀਤਾ ਜਾ ਰਿਹਾ ਸੀ | ਵਿਆਹ ਦਿਨ ਦਾ ਸੀ ਤੇ ਆਪਾਂ ਰਾਤ ਦੇ ਭੁਲੇਖੇ ਰਹਿ ਗਏ | ਫਿਰ ਕੀ ਸ਼ਗਨ ਦੇ ਕੇ ਮੰੂਹ ਲਟਕਾ ਕੇ ਘਰ ਨੂੰ ਆ ਗਏ |

-ਭੁਪਿੰਦਰ ਤੱਗੜ
ਜ਼ਿਲ੍ਹਾ ਮਾਨਸਾ | ਮੋਬਾਈਲ : 89683-90100.

ਇੱਜ਼ਤ

ਅੱਜ ਬੜਾ ਖੁਸ਼ੀ ਵਾਲਾ ਦਿਨ ਸੀ | ਰੌਣਕ ਦੁਲਹਨ ਦੇ ਰੂਪ ਵਿਚ ਸਜੀ ਬੈਠੀ ਸੀ | ਉਸ ਦੇ ਵਿਦੇਸ਼ੋਂ ਆਏ ਮਾਤਾ-ਪਿਤਾ ਅਤੇ ਹੋਰ ਸਕੇ-ਸੰਬੰਧੀਆਂ ਨੂੰ ਵਿਆਹ ਦਾ ਬੜਾ ਚਾਅ ਸੀ | ਵਿਆਹ ਬੜੀ ਧੂਮ-ਧਾਮ ਨਾਲ ਹੋਇਆ | ਉਹ ਆਪਣੇ ਪਤੀ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ | ਸਮਾਂ ਆਪਣੀ ਤੋਰੇ ਤੁਰਦਾ ਗਿਆ | ਪੂਰੇ ਦਸ ਸਾਲ ਬੀਤ ਗਏ ਸਨ, ਪਰ ਉਸ ਦੀ ਕੁੱਖ ਹਰੀ ਨਾ ਹੋਈ | ਉਹ ਉਦਾਸ ਰਹਿਣ ਲੱਗੀ | ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਡੇ ਲਾਗਲੇ ਪਿੰਡ ਇਕ ਸਾਧ ਰਹਿੰਦਾ ਹੈ, ਬੜਾ ਕਰਨੀ ਵਾਲਾ ਹੈ | ਕੋਈ ਖਾਲੀ ਨਹੀਂ ਪਰਤਦਾ | ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਨ |
ਉਹ ਡੇਰੇ ਪਹੁੰਚ ਗਈ | ਕਈ ਸ਼ਰਧਾਲੂ ਆਪਣੀ-ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ | ਉਹ ਵੀ ਆਪਣੀ ਵਾਰੀ ਦੀ ਉਡੀਕ ਕਰਨ ਲੱਗੀ | ਸਾਧ ਕਿਸੇ ਨੂੰ ਸੁਆਹ ਦੀ ਪੁੜੀ ਦੇ ਦਿੰਦਾ, ਕਿਸੇ ਨੂੰ ਰਾਤੀਂ ਚੌਾਕੀ ਭਰਨ ਲਈ ਕਹਿੰਦਾ | ਜਦ ਉਸ ਨੇ ਸਾਧ ਦਾ ਚਿਹਰਾ ਦੇਖਿਆ ਤਾਂ ਉਸ ਨੂੰ ਸ਼ੱਕ ਪੈ ਗਿਆ ਕਿ ਉਹ ਕੋਈ ਸਾਧੂ ਨਹੀਂ ਸਗੋਂ ਕੋਈ ਪਖੰਡੀ ਹੈ | ਜਦ ਉਸ ਦੀ ਵਾਰੀ ਆਈ ਤਾਂ ਉਹ ਉਸ ਨੂੰ ਬੰਦ ਕਮਰੇ ਵਿਚ ਲੈ ਗਿਆ | ਉਸ ਨਾਲ ਬਦਸਲੂਕੀ ਕਰਨ ਲੱਗਾ | ਉਸ ਨੇ ਝੱਟ ਰੌਲਾ ਪਾ ਦਿੱਤਾ | ਲੋਕ ਇਕੱਠੇ ਹੋ ਗਏ | ਲੋਕਾਂ ਨੇ ਪਖੰਡੀ ਸਾਧ ਦੀ ਖੂਬ ਖੁੰਬ ਠੱਪੀ ਤੇ ਪੁਲਿਸ ਹਵਾਲੇ ਕਰ ਦਿੱਤਾ |
ਉਸ ਨੂੰ ਬੜੀ ਪ੍ਰਸੰਨਤਾ ਹੋਈ ਕਿ ਉਸ ਨੇ ਇਕ ਪਖੰਡੀ ਸਾਧ ਦਾ ਪਰਦਾਫਾਸ਼ ਕਰ ਕੇ ਕਈਆਂ ਦੀ ਇੱਜ਼ਤ ਬਚਾਈ ਅਤੇ ਕਈਆਂ ਨੂੰ ਅੰਧ-ਵਿਸ਼ਵਾਸ ਦੀ ਭੱਠੀ ਵਿਚ ਡਿਗਣ ਤੋਂ ਬਚਾ ਲਿਆ ਸੀ |

-ਮੋਬਾਈਲ : 97790-99315.

ਬਾਪੂ ਦੇ ਹੱਥਾਂ ਦੀਆਂ ਬਿਆਈਆਂ

ਪ੍ਰੀਖਿਆ 'ਚ ਉਹ ਉਪਰਲੇ ਨੰਬਰਾਂ 'ਚ ਆਇਆ, ਇੰਟਰਵਿਊ ਵਿਚ ਦਿੱਤੇ ਜਵਾਬਾਂ ਨੇ ਚੋਣਕਾਰਾਂ ਨੂੰ ਖਾਸਾ ਪ੍ਰਵਾਵਿਤ ਕੀਤਾ, ਮੁੱਕਦੀ ਗੱਲ ਮੌਕੇ 'ਤੇ ਹੀ ਉੱਚ ਅਧਿਕਾਰੀ ਨੇ ਮੁੱਖ ਦਫਤਰ ਲਈ ਉਸਨੂੰ ਚੁਣ ਲਿਆ | ਜਿਸ ਦਿਨ ਉਹ ਨਿਯੁਕਤੀ ਪੱਤਰ ਲੈਣ ਗਿਆ ਤਾਂ ਮੁੱਖ ਅਫਸਰ ਨੇ ਉਸ ਨਾਲ ਹੱਥ ਮਿਲਾਉਦਿਆਂ ਉਸਦੇ ਕੂਲੇ-ਕੂਲੇ ਹੱਥਾਂ ਦੀ ਵਡਿਆਈ ਕਰਦਿਆਂ ਪੁੱਛਿਆ, 'ਸ਼ਹਿਰ ਨਾਲ ਸਬੰਧਿਤ ਹੈਂ ਬਰਖੁਰਦਾਰ'? ਮੁੱਖ ਅਫਸਰ ਪਰਖ ਅਤੇ ਡੂੰਘੀ ਸੂਝ ਰੱਖਦਾ ਸੀ, ਅੱਗੋਂ ਜਵਾਬ ਸੀ 'ਜੀ ਨਹੀਂ, ਮੈਂ ਤਾਂ ਪਿੰਡ ਤੋਂ ਹਾਂ |'
ਮੁੱਖ ਅਫਸਰ ਨੇ ਮੋੜਵਾਂ ਸਵਾਲ ਪੁੱਛਿਆ, 'ਤਾਂ ਫਿਰ ਤੇਰੇ ਪਿਤਾ ਜੀ ਤੇ ਪਰਿਵਾਰਕ ਪਿਛੋਕੜ ਨੌਕਰੀ ਪੇਸ਼ਾ ਨਾਲ ਹੋਵੇਗਾ'? 'ਜੀ ਨਹੀਂ, ਮੇਰੇ ਬਾਪੂ ਜੀ ਖੇਤੀ ਕਰਦੇ ਨੇ |'
ਇਹ ਸੁਣ ਮੁੱਖ ਅਫਸਰ ਨੇ ਹੈਰਾਨ ਹੁੰਦਿਆਂ ਕਿਹਾ, 'ਤੂੰ ਕਰਮਾਂ ਵਾਲਾ ਹੈਂ, ਬੇਸ਼ੱਕ ਤੂੰ ਸਾਡੇ ਵਿਭਾਗ ਲਈ ਚੁਣਿਆ ਗਿਆ ਹੈ, ਅੱਜ ਤੈਨੂੰ ਨਿਯੁਕਤੀ ਪੱਤਰ ਵੀ ਮਿਲਣਾ ਸੀ, ਜੋ ਮੈਂ ਅੱਜ ਨਹੀਂ ਦੇ ਰਿਹਾ, ਕਿਉਕਿ ਮੇਰੀ ਤੈਨੂੰ ਸਲਾਹ ਹੈ ਕਿ ਤੂੰ ਪਹਿਲਾਂ ਆਪਣੇ ਬਾਪੂ ਜੀ ਦੇ ਪੈਰੀਂ ਹੱਥ ਲਗਾ, ਫਿਰ ਉਨ੍ਹਾਂ ਦੇ ਅਸ਼ੀਰਵਾਦ ਦੇਣ ਵਾਲੇ ਹੱਥਾਂ ਨੂੰ ਫੜ ਕੇ ਉਨ੍ਹਾਂ ਦੀਆਂ ਹਥੇਲੀਆਂ ਨੂੰ ਗਹੁ ਨਾਲ ਵੇਖੀਂ, ਫਿਰ ਮੈਨੂੰ ਦੱਸੀਂ ਅਤੇ ਨਿਯੁਕਤੀ ਪੱਤਰ ਲੈ ਜਾਵੀਂ' |
'ਵੱਡੇ ਸਾਬ੍ਹ ਨੇ ਮੈਨੂੰ ਨਿਯੁਕਤੀ ਪੱਤਰ ਕਿਉਂ ਨਾ ਦਿੱਤਾ, ਕੀ ਮੈਂ ਸਿਲੈਕਟ ਵੀ ਹੋਇਆਂ ਜਾਂ ਕੋਈ ਰਿਸ਼ਵਤ' ਆਦਿ ਦੇ... ਤਰ੍ਹਾਂ-ਤਰ੍ਹਾਂ ਦੇ ਸਵਾਲ ਮਨ 'ਚ ਲਈ ਉਹ ਘਰ ਪੁੱਜ ਗਿਆ | ਉਧਰ ਬੇਸਬਰੀ ਨਾਲ ਪੁੱਤ ਦੀ ਉਡੀਕ ਕਰਦੇ ਬਾਪੂ ਨੇ ਦੂਰੋਂ ਵੇਖ ਉੱਚੀ ਆਵਾਜ਼ 'ਚ ਕਿਹਾ, 'ਔਹ ਆਉਂਦੈ ਮੇਰਾ 'ਕਰਮਾ ਸ਼ੇਰ-ਬੱਗਾ' ਅਫਸਰ ਬਣ ਕੇ' |
ਕਰਮਜੀਤ ਨੇ ਆੳਾੁਦਿਆਂ ਬਾਪੂ ਦੇ ਪੈਰੀਂ ਹੱਥ ਲਾਏ, ਬਾਪੂ ਨੇ ਦੋਨਾਂ ਹੱਥਾਂ ਨਾਲ ਆਪਣੇ ਲਾਲ ਨੂੰ ਅਸ਼ੀਰਵਾਦ ਦਿੱਤਾ | ਆਪਣੇ ਵੱਡੇ ਅਫਸਰ ਦੇ ਕਹੇ ਬੋਲਾਂ ਮੁਤਾਬਿਕ ਉਹ ਜਿਉਂ ਹੀ ਪੈਰਾਂ ਵਲੋਂ ਉਤਾਂਹ ਉੱਠਿਆ, ਉਸਨੇੇ ਬਾਪੂ ਦੇ ਅਸ਼ੀਰਵਾਦ ਦੇਣ ਵਾਲੇ ਹੱਥਾਂ ਨੂੰ ਫੜਿਆਂ ਅਤੇ ਹਥੇਲੀਆਂ ਨੂੰ ਗੌਰ ਨਾਲ ਵੇਖਿਆ, ਉਹ ਪੱਥਰ ਵਾਂਗੂੂੰ ਸਖ਼ਤ ਸਨ ਜਿਨ੍ਹਾਂ ਦੇ ਆਸੇ-ਪਾਸਿਓਾ ਬਿਆਈਆਂ ਪਾਟੀਆਂ ਹੋਈਆਂ ਸਨ | ਉਨ੍ਹਾਂ 'ਚੋਂ ਕੁਝ ਵਿਚੋਂ ਖੂਨ ਰਿਸੇ ਹੋਣ ਦਾ ਪਤਾ ਲੱਗਦਾ ਸੀ | ਕਰਮਜੀਤ ਨੇ ਉਨ੍ਹਾਂ ਹੱਥਾਂ ਨੂੰ ਘੁਟ ਲਿਆ ਤੇ ਵਾਰ-ਵਾਰ ਚੁੰਮਦਾ ਗਿਆ | ਇਹ ਪਹਿਲਾ ਮੌਕਾ ਸੀ, ਜਦੋਂ ਉਸਨੇ ਬਾਪੂ ਦੇ ਹੱਥਾਂ ਦੀਆਂ ਬਿਆਈਆਂ ਵੇਖੀਆਂ ਸਨ | ਉਸ ਤੋਂ ਰਿਹਾ ਨਾ ਗਿਆ ਅਤੇ ਹਾਲੋਂ-ਬੇ-ਹਾਲ ਹੁੰਦਿਆਂ ਪੁੱਛਿਆ ਬਾਪੂ-ਬਾਪੂ...ਇਹ...?
ਅੱਜ ਬਾਪੂ ਵੀ ਸਮਝ ਗਿਆ ਸੀ ਕਿ ਕੋਈ ਕਾਰਨ ਹੈ ਕਿ ਮੇਰੇ ਹੱਥਾਂ ਦੀਆਂ ਬਿਆਈਆਂ ਨੂੰ ਪੱਛਣ ਲੱਗਿਆ ਹੈ | ਕੁਝ ਰੁਕਦਾ-ਰੁਕਦਾ ਬਾਪੂ ਬੋਲਿਆ, 'ਕੀ ਦੱਸਾਂ ਪੁੱਤ ਸ਼ਰੀਕ ਤਾਂ ਮਿੱਟੀ ਦਾ ਵੀ ਮਾੜਾ ਹੁੰਦੈ', ਇਕ ਦਿਨ ਨਹੀਂ ਰੋਜ਼ ਦੀ ਬਲਾ ਬਣ ਗਈ ਸੀ, ਕਿ ਉਹ ਮੈਨੂੰ ਕਹਿੰਦੇ 'ਤੈਂ ਕੀ ਕਰਨਾ ਮੱਘਰ ਸਿਆਂ ਮਿੱਟੀ ਫਰੋਲ ਕੇ, ਦੋ ਧੀਆਂ ਹੀ ਤਾਂ ਨੇ, ਕੀ ਪਤੈ ਕਿਹੋ ਜਿਹੇ ਜੁਆਈ ਜੁੜਨੇ ਨੇ, ਦਸਾਂ ਕਿੱਲਿਆਂ ਨੇ ਖਬਰੈ ਕਿਧਰ ਜਾਣਾ |' ਸ਼ਰੀਕਾਂ ਦੇ ਕੌੜੇ ਬੋਲ ਪਰਿਵਾਰ ਦੇ ਸੀਨੇ 'ਚ ਵੱਜੇ, ਰੱਬ ਦਾ ਉਹ ਕਿਹੜਾ ਦਰ ਸੀ, ਜਿੱਥੇ ਅਸੀਂ ਸਿਰ ਨਹੀਂ ਝੁਕਾਇਆ, 'ਪੁੱਤੀਂ ਗੰਢ ਪਵੇ' ਦੀ ਅਰਦਾਸ ਨਾ ਕੀਤੀ ਹੋਵੇ, ਆਖਰ ਰੱਬੀ ਖ਼ੈਰ ਪਈ, ਸਾਨੂੰ ਤੇਰੇ ਵਰਗਾ ਲਾਲ ਜੁੜ ਗਿਆ | ਦੋ ਧੀਆਂ ਤੋਂ ਬਾਅਦ ਪੁੱਤਰ ਜਨਮੇ ਹੋਣ ਕਰਕੇ ਅਸਾਂ ਉਹ ਕਿਹੜਾ ਲਾਡ ਸੀ ਜੋ ਨਾ ਲਡਾਇਆ, ਫੁੱਲਾਂ ਵਾਂਗੂੰ ਸਾਂਭ-ਸਾਂਭ ਰੱਖਿਆ | ਘਰ ਕਿਸੇ ਕੰਮ-ਕਾਰ ਨੂੰ ਹੱਥ ਲਗਾਉਣ ਨਾ ਦਿੱਤਾ | ਇਲਾਕੇ ਦੇ ਚੰਗੇ ਸਕੂਲ 'ਚ ਪੜ੍ਹਨ ਪਾਇਆ, ਸੁੱਖ ਨਾਲ ਪੜ੍ਹਨ ਨੂੰ ਤੂੰ ਹੁਸ਼ਿਆਰ ਨਿਕਲਿਆ, ਸਾਲਾਨਾ ਨਤੀਜਿਆਂ 'ਚ ਨੰਬਰ 'ਚ ਆਉਣ ਲੱਗਾ | ਕੁਝ ਰੁਕਦਿਆਂ ਬਾਪੂ ਫਿਰ ਬੋਲਿਆ, ਕੀ ਦੱਸਾਂ ਪੁੱਤ ਦਾਤੀ ਦੇ ਤਾਂ ਦੰਦੇ ਇਕ ਪਾਸੇ ਦੰਦੇ ਹੁੰਦੇ ਨੇ, ਪਰ ਸ਼ਰੀਕਾਂ ਦੇ ਦੋ ਪਾਸੇ ਦੰਦਿਆਂ ਵਾਲੇ ਕੌੜੇ ਬੋਲ ਭਲਾ ਕਦੋਂ ਰੁਕਦੇ ਨੇ, ਉਨ੍ਹਾਂ ਦੂਜੇ ਪਾਸੇ ਕਹਿਣਾ ਸ਼ੁਰੂ ਕਰ ਦਿੱਤਾ, 'ਮੱਘਰ ਸਿਆਂ ਮਹਿੰਗੇ ਸਕੂਲ 'ਚ ਪੁੱਤ ਪੜ੍ਹਨ ਲਾਇਆ, ਫੇਰ ਕਿਹੜਾ ਏਸ ਨੇ ਵੱਡਾ ਅਫਸਰ ਬਣਨੈ, ਕੋਈ ਨੀ ਪੁੱਛਦਾ ਪਿੰਡਾਂ ਵਾਲਿਆਂ ਦੇ ਜੁਆਕਾਂ ਨੂੰ , ਰੁਲਦੇ ਫਿਰਦੇ ਆ' |
ਬਾਪੂ ਚੁੱਪ ਹੋ ਗਿਆ, ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ, ਖੱਬੀ ਬਾਂਹ ਨਾਲ ਮੱਘਰ ਸਿੰਘ ਅੱਖਾਂ ਪੂਝਣ ਲੱਗਾ | ਕਰਮਜੀਤ ਨੂੰ ਅਫਸਰ ਦੇ ਕਹੇ ਕੂਲੇ ਹੱਥਾਂ ਵਾਲੇ ਬੋਲ ਕੰਨਾਂ 'ਚ ਗੂੰਜਣ ਲੱਗੇ | ਹੁਣ ਸਮਝ ਆ ਰਹੀ ਸੀ ਕਿ ਬੌਸ ਨੇ ਬਾਪੂ ਦੇ ਹੱਥਾਂ ਨੂੰ ਵੇਖਣ ਲਈ ਕਿਉਂ ਕਿਹਾ, ਉਹ ਸਮਝ ਗਿਆ ਸੀ ਕਿ ਬਾਪੂ ਦਿਨ-ਰਾਤ ਢੱਗਿਆਂ ਨਾਲ ਮਿੱਟੀ ਫੋਲਦਾ ਰਿਹਾ, ਇਸ ਦੀ ਦਿ੍ੜ੍ਹਤਾ, ਮੇਰੇ 'ਤੇ ਵਿਸ਼ਵਾਸ ਅਤੇ ਬੁਢਾਪੇ ਦੀਆਂ ਆਸਾਂ ਕਰਕੇ ਮੈਨੂੰ ਪੜਾਇਆ ਅਤੇ ਅੱਜ ਅਫਸਰ ਬਣ ਗਿਆਂ | ਇਹ ਸੋਚਦਿਆਂ ਹੁਣ ਪੁੱਤ ਦੀਆਂ ਅੱਖਾਂ ਵੀ ਭਰ ਆਈਆਂ | ਕੰਬਦੀ-ਕੰਬਦੀ ਆਵਾਜ਼ ਨਿਕਲੀ, ਬਾਪੂ ਜਿਵੇਂ ਤੈਂ ਮੈਨੂੰ ਪਾਲਿਆ ਮੈਂ ਸਭ ਦੁੱਖ ਕੁਝ ਭੁਲਾ ਦੇਵਾਂਗਾ, ਫੁੱਲਾਂ ਵਾਂਗੂੰ ਰੱਖਾਂਗਾ, ਤੂੰ ਹੀ ਮੇਰਾ...ਕਹਿੰਦਾ-ਕਹਿੰਦਾ ਉਹ ਚੁੱਪ ਹੋ ਗਿਆ, ਸ਼ਾਇਦ ਉਸ ਤੋਂ ਕੁਝ ਬੋਲਿਆ ਨਾ ਗਿਆ |

-ਪਿੰਡ ਤੇ ਡਾਕ-ਘਵੱਦੀ, ਜ਼ਿਲ੍ਹਾ ਲੁਧਿਆਣਾ | ਮੋਬਾਈਲ : 9417870492

ਇਕ ਪੁਰਾਣੀ ਯਾਦ ਜਦੋਂ ਮੈਂ ਕੇਸ ਕਟਵਾਏ

(ਲੜੀ ਜੋੜਨ ਲਈ 1 ਜੁਲਾਈ ਦਾ ਅੰਕ ਦੇਖੋ)
ਹਾਜ਼ਰੀ ਤੋਂ ਪਿਛੋਂ ਅਸੀਂ ਫਿਰ ਆਪਣੇ-ਆਪਣੇ ਟੈਂਟਾਂ ਵਿਚ ਜ਼ਮੀਨ 'ਤੇ ਵਿਛੇ ਬਿਸਤਰਿਆਂ 'ਤੇ ਜਾ ਪਏ | ਅੱਧੀ ਕੁ ਰਾਤ ਬੀਤੀ ਹੋਏਗੀ ਕਿ ਮੈਨੂੰ ਕਾਂਬਾ ਛਿੜ ਗਿਆ | ਸਿਰ ਫਟਣ ਲੱਗਿਆ | ਮੇਰੀ ਹਾਏ-ਹਾਏ! ਸੁਣ ਕੇ ਮੇਰੇ ਸਾਥੀ ਮੇਰੀਆਂ ਲੱਤਾਂ-ਬਾਹਾਂ ਘੁਟਣ ਲੱਗੇ | ਨਾ ਜਾਣੇ ਸਾਡੇ ਵਚੋਂ ਕੌਣ ਸਾਡੇ ਇੰਚਾਰਜ ਸਾਹਿਬ ਨੂੰ ਬੁਲਾ ਕੇ ਲੈ ਆਇਆ | ਇੰਚਾਰਜ ਸਾਹਿਬ ਨੇ ਮੇਰੇ ਮੱਥੇ 'ਤੇ ਹੱਥ ਰੱਖਿਆ ਅਤੇ ਬੋਲੇ, 'ਬੁਖਾਰ ਬਹੁਤ ਤੇਜ਼ ਹੈ, ਫਟਾ-ਫਟਾ ਮੱਥੇ ਉਤੇ ਪਾਣੀ ਦੀਆਂ ਪੱਟੀਆਂ ਰੱਖੋ ਅਤੇ ਮੈਂ ਬੁਖਾਰ ਲਾਹੁਣ ਵਾਲੀ ਗੋਲੀ ਲੈ ਕੇ ਆਉਂਦਾ ਹਾਂ | ਜਦੋਂ ਸਾਥੀਆਂ ਨੇ ਮੇਰੇ ਮੱਥੇ ਉਤੇ ਪੱਟੀਆਂ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਨੀਮ ਬੇਹੋਸ਼ੀ ਵਿਚ ਮੈਨੂੰ ਸੁਣਿਆ, 'ਇਹ ਤਾਂ ਰੋਡਾ ਹੋ ਗਿਐ | ਤੇਲੂ ਇਹ ਤੂੰ ਕੀ ਕੀਤਾ?' ਇਕ ਸਾਥੀ ਮੇਰਾ ਸਿਰ ਹਿਲਾ ਹਿਲਾ ਪੁੱਛ ਰਿਹਾ ਸੀ | ਇੰਚਾਰਜ ਸਾਹਿਬ ਗੋਲੀ ਲੈ ਕੇ ਆਏ ਤਾਂ ਮੇਰੇ ਸਾਥੀਆਂ ਨੇ ਉਹ ਗੋਲੀ ਪਾਣੀ ਦੇ ਗਿਲਾਸ ਵਿਚ ਘੋਲ ਕੇ ਮੈਨੂੰ ਪਿਲਾਈ | ਇਸ ਦਾ ਰਾਤ ਨੂੰ ਖਿਆਲ ਰੱਖਿਓ, ਬੁਖਾਰ ਫੇਰ ਵੀ ਹੋ ਸਕਦਾ ਹੈ | ਮਲੇਰੀਆ ਬੁਖਾਰ ਲਗਦੈ... |' ਕਹਿ ਕੇ ਇੰਚਾਰਜ ਸਾਹਿਬ ਚਲੇ ਗਏ |
ਅੱਧ ਉਨੀਂਦਰੇ ਜਿਹੇ ਨੇ ਮੈਂ ਸਾਰੀ ਰਾਤ ਪਾਸੇ ਮਾਰਦੇ ਨੇ ਕੱਢ ਲਈ | ਦਿਨ ਚੜਿ੍ਹਆ, ਮੈਂ ਸਵੇਰ ਨੂੰ ਹੋਣ ਵਾਲੀ ਪਰੇਅਰ ਵਿਚ ਨਾ ਜਾ ਸਕਿਆ | ਹਾਜ਼ਰੀ ਤੋਂ ਪਿਛੋਂ, ਪੀ.ਟੀ. ਹੋਈ ਅਤੇ ਕੈਂਪ ਦੀ ਸਮਾਪਤੀ ਦਾ ਐਲਾਨ ਹੋ ਗਿਆ |
ਦੁਪਹਿਰ ਤੋਂ ਪਿਛੋਂ ਅਸੀਂ ਰੇਲ ਗੱਡੀ ਰਾਹੀਂ ਲੁਧਿਆਣਾ ਪਹੁੰਚ ਗਏ | ਮੈਨੂੰ ਲੱਗਿਆ ਜਿਵੇਂ ਮੈਨੂੰ ਫਿਰ ਬੁਖਾਰ ਹੋ ਗਿਆ ਸੀ | ਸਰੀਰ ਟੁੱਟ ਰਿਹਾ ਸੀ, ਸਿਰ ਦੁਖ ਰਿਹਾ ਸੀ, ਲੱਤਾਂ ਉਤੇ ਬੋਝ ਨਹੀਂ ਸੀ ਆ ਰਿਹਾ | ਮੈਂ ਇਕ ਹੱਥ ਵਿਚ ਆਪਣਾ ਬਿਸਤਰਾ ਅਤੇ ਦੂਜੇ ਹੱਥ ਵਿਚ ਟਰੰਕ ਚੁੱਕ ਕੇ ਆਪਣੇ-ਆਪ ਨੂੰ ਘਸੀਟਦਾ ਸਟੇਸ਼ਨ ਤੋਂ ਬਾਹਰ ਆ ਗਿਆ | ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਅਤੇ ਨੌਲੱਖਾ ਸਿਨੇਮਾ ਦੇ ਕੋਲ, ਸਮਰਾਲੇ ਵਾਲੇ ਅੱਡੇ ਵਿਚੋਂ ਬੱਸ ਲੈਣ ਲਈ, ਮੈਂ ਰਿਕਸ਼ਾ ਲੈ ਕੇ ਅੱਡੇ ਵਿਚ ਪਹੁੰਚ ਗਿਆ | ਇਸ ਅੱਡੇ ਵਿਚੋਂ ਕੇਵਲ ਸਮਰਾਲੇ ਤੱਕ ਹੀ ਬੱਸਾਂ ਜਾਂਦੀਆਂ ਸਨ, ਇਸੇ ਲਈ ਸਾਡੇ ਪਿੰਡ ਵਿਚੋਂ ਲੰਘਦੀ ਸੜਕ ਨੂੰ ਸਮਰਾਲਾ ਰੋਡ ਕਿਹਾ ਜਾਂਦਾ ਸੀ, ਮਗਰੋਂ ਚੰਡੀਗੜ੍ਹ ਵਸਣ ਕਰਕੇ ਚੰਡੀਗੜ੍ਹ ਨੂੰ ਬੱਸਾਂ ਜਾਣ ਲੱਗੀਆਂ ਤਾਂ ਇਹ ਸੜਕ 'ਚੰਡੀਗੜ੍ਹ ਰੋਡ' ਅਖਵਾਉਣ ਲੱਗੀ |
ਜਿਉਂ-ਜਿਉਂ ਬੱਸ ਪਿੰਡ ਵੱਲ ਨੂੰ ਜਾ ਰਹੀ ਸੀ, ਮੇਰਾ ਬੁਖਾਰ ਹੋਰ ਤੇਜ਼ ਹੁੰਦਾ ਜਾ ਰਿਹਾ ਸੀ |
ਪਿੰਡ ਦੇ ਅੱਡੇ ਵਿਚ ਉੱਤਰ ਕੇ ਮੈਂ ਟਰੰਕ ਅਤੇ ਬਿਸਤਰਾ ਚੁੱਕ ਕੇ ਬਹੁਤ ਹੀ ਮੁਸ਼ਕਿਲ ਨਾਲ ਤੁਰਿਆ ਜਾ ਰਿਹਾ ਸੀ | ਕਈ ਵਾਰ ਮੈਨੂੰ ਇਉਂ ਲੱਗਿਆ ਕਿ ਮੈਂ ਚੱਕਰ ਖਾ ਕੇ ਡਿੱਗ ਪਵਾਂਗਾ | ਪਿੰਡ ਦੇ ਗੁਰਦੁਆਰੇ ਅੱਗਿਉਂ ਲੰਘ ਕੇ ਪਰਜਾਪਤਾਂ ਦੇ ਦਰਾਂ ਮੂਹਰੇ ਖੜ੍ਹੀ ਟਾਹਲੀ ਹੇਠ ਜਾ ਕੇ ਮੈਂ ਬੇਵੱਸ ਹੋ ਗਿਆ | ਟਰੰਕ ਅਤੇ ਬਿਸਤਰਾ ਹੇਠਾਂ ਰੱਖ ਕੇ, ਮੈਂ ਟਾਹਲੀ ਨਾਲ ਪਿੱਠ ਜੋੜ ਕੇ ਬੈਠ ਗਿਆ | ਮੇਰੇ ਕੰਨਾਂ ਵਿਚ ਧੀਮੀ-ਧੀਮੀ ਆਵਾਜ਼ ਪੈ ਰਹੀ ਸੀ, 'ਇਹ ਤਾਂ ਗੁਰਦੇਵ ਸਿਹੰੁ ਦਾ ਮੰੁਡਾ ਲਗਦੈ... |' ਇਸ ਤੋਂ ਪਿਛੋਂ ਮੈਨੂੰ ਨਹੀਂ ਪਤਾ ਲੱਗਿਆ ਕਿ ਕੌਣ, ਕਿਵੇਂ ਮੈਨੂੰ ਸਾਡੇ ਘਰ ਛੱਡ ਕੇ ਗਿਆ |
ਮੈਨੂੰ ਦੇਖਦਿਆਂ ਹੀ ਜ਼ਰੂਰ ਮੇਰੇ ਮਾਤਾ-ਪਿਤਾ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਹੋਣਗੀਆਂ | ਉਨ੍ਹਾਂ ਨੇ ਝੱਟਪਟ ਮੰਜਾ ਡਾਹ ਕੇ ਮੈਨੂੰ ਉਸ ਉਤੇ ਪਾ ਦਿੱਤਾ ਹੋਏਗਾ | ਪਿਤਾ ਤੇਜ਼ ਬੁਖਾਰ ਦੇਖ ਕੇ ਡਾਕਟਰ ਨੂੰ ਬੁਲਾਉਣ ਚਲੇ ਗਏ ਹੋਣਗੇ | ਡਾਕਟਰ ਨੇ ਆਉਂਦੀ ਸਾਰ ਪਾਣੀ ਦੀਆਂ ਪੱਟੀਆਂ, ਮੱਥੇ ਉੱਤੇ ਰਖਵਾਈਆਂ ਹੋਣਗੀਆਂ, ਜਿਸ ਨਾਲ ਮੈਂ ਅੱਖਾਂ ਖੋਲ੍ਹ ਲਈਆਂ | ਪਰ ਜਦੋਂ ਪਿਤਾ ਜੀ ਨੇ ਸਿਰ ਤੋਂ ਪਰਨਾ ਪੂਰੀ ਤਰ੍ਹਾਂ ਖੋਲ੍ਹ ਲਾਹਿਆ ਤਾਂ ਉਹ ਇਕਦਮ ਅੱਗ ਬਬੂਲਾ ਹੋ ਉਠੇ 'ਓਏ ਇਹ ਤੂੰ ਕੀ ਕਰਕੇ ਆਇਐਾ?' ਕੇਸ ਕਟਵਾਉਣ ਦੀ ਤੇਰੀ ਜੁਰਅਤ ਕਿਵੇਂ ਪਈ? ਮੇਰੀ ਮਾਂ ਵੀ ਬੁਸ-ਬੁਸ ਕਰਨ ਲੱਗੀ | ਡਾਕਟਰ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਸ ਨੂੰ ਕੁਝ ਨਹੀਂ ਕਹਿਣਾ, ਬੁਖਾਰ ਬਹੁਤ ਤੇਜ਼ ਹੈ, ਠੀਕ ਹੋ ਲਵੇ, ਫਿਰ ਕੁਝ ਕਹਿਣਾ | ਡਾਕਟਰ ਵਲੋਂ ਰੋਕੇ ਜਾਣ ਦੇ ਬਾਵਜੂਦ ਪਿਤਾ ਜੀ ਮੈਨੂੰ ਬੋਲਦੇ ਸੁਣ ਰਹੇ ਸਨ | ਜੇ ਬੁਖਾਰ ਨਾ ਚੜਿ੍ਹਆ ਹੁੰਦਾ, ਮੈਂ ਇਸਨੂੰ ਜੁੱਤੀਆਂ ਮਾਰ-ਮਾਰ ਕੇ ਘਰੋਂ ਕੱਢ ਦੇਣਾ ਸੀ | ਡਾਕਟਰ ਸਾਹਿਬ ਨੇ ਮੇਰੇ ਟੀਕਾ ਲਾਇਆ ਅਤੇ ਪੱਟੀਆਂ ਰੱਖਣ ਲਈ ਕਹਿ ਕੇ ਚਲੇ ਗਏ | ਪਿਤਾ ਜੀ, ਜਿਉਂ-ਜਿਉਂ ਮੇਰੇ ਮੱਥੇ ਉਤੇ ਪੱਟੀਆਂ ਧਰਦੇ ਗਏ, ਮੇਰੀਆਂ ਅੱਖਾਂ ਖੁੱਲ੍ਹਦੀਆਂ ਗਈਆਂ | ਮੈਂ ਦੇਖਿਆ, ਪਿਤਾ ਜੀ ਦਾ ਚਿਹਰਾ ਗੁੱਸੇ ਨਾਲ ਲਾਲ ਹੋਇਆ ਪਿਆ ਸੀ, ਤੇ ਮੇਰੀਆਂ ਅੱਖਾਂ ਵਿਚੋਂ ਹੌਲੀ-ਹੌਲੀ ਅੱਥਰੂ ਸਿੰਮ, ਸਿੰਮ ਕੇ ਮੇਰੇ ਚਿਹਰੇ ਵੱਲ ਨੂੰ ਡੁਲ੍ਹਕਣ ਲੱਗੇ | ਮਾਂ ਮੇਰੇ ਕੋਲ ਨੂੰ ਆਈ, ਉਸ ਨੇ ਆਪਣੀ ਚੰੁਨੀ ਨਾਲ ਮੇਰੇ ਅੱਥਰੂ ਪੂੰਝੇ | ਪਿਤਾ ਜੀ ਤੋਂ ਫਿਰ ਨਾ ਰਿਹਾ ਗਿਆ, 'ਏਸ ਨੂੰ ਪੁੱਛ ਇਸ ਨੇ ਕੇਸ ਕਿਉਂ ਕਟਵਾਏ? ਕਿਉਂ ਕਟਵਾਏ ਕੇਸ, ਬੋਲ ਹੁਣ, ਦੱਸ ਹੁਣ...?'
'ਸੁੱਤੇ ਪਏ ਦੇ ਕੋਈ ਕੱਟ ਗਿਆ....?' ਮੈਂ ਕਿਹਾ ਤਾਂ ਪਿਤਾ ਜੀ ਹੋਰ ਵੀ ਗੁੱਸੇ ਵਿਚ ਬੋਲੇ, 'ਉਤੋਂ ਦੀ ਝੂਠ ਬੋਲਦੈਂ, ਕੋਈ ਕਿਵੇਂ ਕੱਟ ਦਊਗਾ? ਕਿਸੇ ਦੇ ਕੇਸ, ਕੋਈ ਮੇਰੇ ਕੱਟ ਕੇ ਦਿਖਾਵੇ ਜੇ ਟੋਟੇ ਨਾ ਕਰਦਿਆਂ ਅਗਲੇ ਦੇ... |'
ਹੌਲੀ-ਹੌਲੀ ਮੈਂ ਆਪਣੀਆਂ ਦੋਵੇਂ ਬਾਹਾਂ ਇਕੱਠੀਆਂ ਕਰਕੇ, ਆਪਣੀ ਛਾਤੀ ਉਤੇ ਰੱਖੀਆਂ ਅਤੇ ਹੱਥ ਜੋੜ ਲਏ | ਪਰ ਮੇਰੇ ਕੋਲੋਂ ਬੋਲਿਆ ਕੁਝ ਵੀ ਨਾ ਗਿਆ | ਉਸ ਰਾਤ ਮੇਰੇ ਮਾਤਾ-ਪਿਤਾ ਨੇ ਨਾ ਰੋਟੀ ਖਾਧੀ ਨਾ ਹੀ ਉਹ ਆਰਾਮ ਨਾਲ ਸੁੱਤੇ | ਦਿਨ ਚੜਿ੍ਹਆ, ਪਿਤਾ ਜੀ ਨੇ ਮੇਰੇ ਮੱਥੇ ਉਤੇ ਹੱਥ ਰੱਖ ਕੇ ਦੇਖਿਆ, ਉਨ੍ਹਾਂ ਨੂੰ ਮੇਰਾ ਬੁਖਾਰ ਕੁਝ ਘੱਟ ਲੱਗਿਆ | ਉਹ ਘਰੋਂ ਬਾਹਰ ਨਿਕਲਦੇ ਨਿਕਲਦੇ ਫਿਰ ਮੁੜ ਆਏ, 'ਦੱਸ ਮੈਂ ਲੋਕਾਂ ਨੂੰ ਕਿਵੇਂ ਦਿਖਾਵਾਂ ਆਪਣਾ ਮੰੂਹ ਪਾਪੀਆ |' ਮੇਰੇ ਮਾਤਾ-ਪਿਤਾ ਨੇ ਮੇਰੇ ਕੇਸ ਕਟਵਾਏ ਜਾਣ 'ਤੇ ਜੋ ਦੁੱਖ ਆਪਣੇ ਮਨ ਉਤੇ ਭੋਗਿਆ, ਇਸ ਬਾਰੇ ਜਾਂ ਤਾਂ ਉਹ ਜਾਣਦੇ ਸਨ ਜਾਂ ਫਿਰ ਮੈਂ... |' ਉਨ੍ਹਾਂ ਨੂੰ ਦੁੱਖ ਦੇਣ ਦਾ ਪਛਤਾਵਾ ਮੈਨੂੰ ਸਦਾ ਰਿਹਾ ਅਤੇ ਤਾਅ ਉਮਰ ਰਹੇਗਾ | (ਸਮਾਪਤ)

-ਪਿੰਡ ਤੇ ਡਾਕ: ਕੁਹਾੜਾ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 94633-53760.

ਕਾਵਿ-ਵਿਅੰਗ

ਭੈੜੀ ਬਾਣ
• ਨਵਰਾਹੀ ਘੁਗਿਆਣਵੀ •

ਕਰਜ਼ਾ ਲੈਣ ਦੀ ਪੈ ਗਈ ਬਾਣ ਭੈੜੀ,
ਬਿਨਾਂ ਵਜ੍ਹਾ ਹੀ ਬੋਝ ਵਧਾਈ ਜਾਂਦੇ |
ਖੇਤੀਬਾੜੀ ਜਾਂ ਸਨਅਤ ਦਾ ਨਾਂਅ ਲੈ ਕੇ,
ਧੀਆਂ ਪੁੱਤਾਂ ਦੇ ਕਾਜ ਰਚਾਈ ਜਾਂਦੇ |
ਖਾ ਪੀ ਕੇ ਢਿੱਡ 'ਤੇ ਹੱਥ ਫੇਰਨ,
ਵਾਪਸ ਕਰਨ ਦਾ ਫ਼ਰਜ਼ ਭੁਲਾਈ ਜਾਂਦੇ |
ਹਾੜ੍ਹੇ ਕੱਢਦੇ, ਕਰ ਦਿਓ ਮਾਫ਼ ਛੇਤੀ,
ਬੇਵੱਸ, ਮੌਤ ਨੂੰ ਗਲੇ ਲਗਾਈ ਜਾਂਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ | ਮੋਬਾ : 98150-02302

ਚਿਹਰਾ ਸਵੱਛਤਾ ਦਾ
• ਹਰਦੀਪ ਢਿੱਲੋਂ •

ਝੰਡੂ ਚੌਧਰੀ ਤਾੜਦਾ ਵਰਦੀਆਂ ਨੂੰ ,
ਧੂੜ-ਫੱਕਾਂ ਦੀ ਗੇੜੀ ਨੂੰ ਕਰੋ ਕਾਬੂ |
ਕਰੂਪ ਕਰੇ ਨਾ ਚਿਹਰਾ ਸਵੱਛਤਾ ਦਾ,
ਖੇਹ ਉਡਾਂਵਦੀ ਗਧੇੜੀ ਨੂੰ ਕਰੋ ਕਾਬੂ |
ਨਸ਼ਾ ਰੋਕੂ ਮੁਹਿੰਮ ਵੀ ਦਿਸੇ ਚਲਦੀ,
ਝਾਹੇ ਸਿਰੇ ਨਸ਼ੇੜੀ ਨੂੰ ਕਰੋ ਕਾਬੂ |
'ਮੁਰਾਦਵਾਲਿਆ' ਹਫ਼ਤਾ ਭਰਨ ਵੇਲੇ,
ਟਾਲ਼ਾ ਵੱਟਦੀ ਰੇਹੜੀ ਨੂੰ ਕਰੋ ਕਾਬੂ |

-1-ਸਿਵਲ ਹਸਪਤਾਲ, ਅਬੋਹਰ-152116. ਮੋਬਾ: 98764-57242
ਨੋਟ : 'ਝਾਹਾ' ਦਾ ਮਤਲਬ ਹੈ ਕੰਡਿਆਂ ਵਾਲਾ ਚੂਹਾ, ਜਿਸ ਨੂੰ ਕਈ ਇਲਾਕਿਆਂ ਵਿਚ ਕੰਡੇਰਨਾ ਵੀ ਕਿਹਾ ਜਾਂਦਾ ਹੈ |
• 'ਝਾਹੇ ਸਿਰੇ ਨਸ਼ੇੜੀ' ਦਾ ਅਰਥ ਹੈ ਜੈੱਲ ਲਾ ਕੇ ਖੜ੍ਹੇ ਕੀਤੇ ਵਾਲਾਂ ਵਾਲੇ |

ਮਿੰਨੀ ਵਿਅੰਗ: ਹਨੇਰੀਆਂ

ਇਲੈਕਸ਼ਨ ਨੇੜੇ ਆਉਂਦਿਆਂ ਦੇਖ, ਸਾਡੀ ਹਰਮਨ-ਪਿਆਰੀ ਸਰਕਾਰ 'ਕੰੁਭਕਰਨੀ ਨੀਂਦ' ਤੋਂ ਉੱਠੀ ਤੇ ਨਾਅਰਾ ਬੁਲੰਦ ਕਰਦਿਆਂ ਕਿਹਾ ਕਿ ਅਸੀਂ ਵਿਕਾਸ ਦੀਆਂ ਹਨੇਰੀਆਂ ਲਿਆ ਦਿਆਂਗੇ ਅਤੇ ਸੂਬੇ ਨੂੰ ਕੈਲੇਫੋਰਨੀਆ ਬਣਾ ਦਿਆਂਗੇ | ਫਿਰ ਕੀ ਸ਼ਹਿਰਾਂ ਅਤੇ ਪਿੰਡਾਂ 'ਚ ਧੜਾਧੜ ਨੀਂਹ-ਪੱਥਰ 'ਤੇ ਨੀਂਹ-ਪੱਥਰ ਰੱਖੇ ਜਾਣ ਲੱਗੇ | ਭਲਾ ਬੰਦਾ ਇਨ੍ਹਾਂ ਤੋਂ ਇਹ ਪੁੱਛੇ ਕਿ ਏਨੇ ਸਾਲ ਤੁਸੀਂ ਕਿੱਥੇ ਰਹੇ ਸੀ? ਹੁਣ ਵਿਕਾਸ ਦੀਆਂ ਹਨੇਰੀਆਂ ਦੀ ਗੱਲ ਕਰ ਰਹੇ ਹੋ | ਫਿਰ ਹਨੇਰੀਆਂ ਤਾਂ ਹਮੇਸ਼ਾ ਹੀ ਨੁਕਸਾਨ ਕਰਦੀਆਂ ਹਨ | ਪਤਾ ਜੇ ਕਿਉਂ? ਕਿਉਂਕਿ ਇਹ ਸਭ ਭਲੀ-ਭਾਂਤ ਜਾਣਦੇ ਹਨ ਕਿ ਜਦ ਹਨੇਰੀ ਜਾਂ ਤੂਫਾਨ ਆਉਂਦੇ ਹਨ, ਫਸਲਾਂ ਤਬਾਹ ਹੋ ਜਾਂਦੀਆਂ ਹਨ | ਜੀਵ-ਜੰਤੂ ਅਤੇ ਦਰੱਖਤ ਆਦਿ ਬਰਬਾਦ ਹੋ ਜਾਂਦੇ ਹਨ | ਮਨੁੱਖਤਾ ਸਹਿਮੀ-ਸਹਿਮੀ ਤਰਾਹ-ਤਰਾਹ ਕਰਦੀ ਕੁਰਲਾ ਉਠਦੀ ਹੈ ਤੇ ਸਾਡੇ ਹਰਮਨ-ਪਿਆਰੇ ਨੇਤਾ ਜੀ 'ਕੁਰਸੀ ਨੂੰ ਅੰਨ੍ਹੇ ਵਾਲਾ ਜੱਫਾ' ਮਾਰਨ ਲਈ ਇਹ ਫਰਮਾ ਰਹੇ ਹਨ ਕਿ 'ਅਸੀਂ ਵਿਕਾਸ ਦੀਆਂ ਹਨੇਰੀਆਂ ਲਿਆ ਦਿਆਂਗੇ |'
ਇਸ 'ਚ ਕੋਈ ਅਤਿਕਥਨੀ ਜਾਂ ਦੋ ਰਾਵਾਂ ਨਹੀਂ ਕਿ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤੇ ਗਏ | ਪਰ ਏਨੇ ਥੋੜ੍ਹੇ ਸਮੇਂ 'ਚ 'ਗੰਜੀ ਨਹਾਓ ਕੀ ਤੇ ਨਿਚੋੜੂ ਕੀ' | ਫਿਰ ਮੈਂ ਤਾਂ ਸਿਰਫ਼ ਤੇ ਸਿਰਫ਼ ਇਕ-ਦੋ ਵਿਕਾਸ ਕੰਮਾਂ ਦੀ ਪਲੈਨਿੰਗ ਸਬੰਧੀ ਤੁਹਾਡੇ ਸਨਮੁੱਖ ਹੋ ਰਿਹਾ ਹਾਂ | ਮਲਾਹਜ਼ਾ ਫਰਮਾਣਾਂ ਜੀ | ਸ਼ਹਿਰ ਦੀ ਨੁਹਾਰ ਬਦਲਕੇ ਸੰੁਦਰਤਾ ਦੇ ਚਾਰ ਚੰਨ ਲਾਉਣ ਅਤੇ ਜਨਤਾ ਦੀ ਸਹੂਲਤ ਲਈ ਤਿਕੋਣੀ ਸੜਕ ਦੇ ਬਰਮਾਂ (ਕਿਨਾਰਿਆਂ) 'ਤੇ ਇੰਟਰਲੌਕ ਟਾਇਲਾਂ ਲਗਾਈਆਂ ਗਈਆਂ ਸਨ | ਇਸ ਤਿਕੋਣੀ ਸੜਕ ਦੇ ਵਿਚਕਾਰ ਇਕ ਸੰੁਦਰ ਤੇ ਬੜਾ ਮਨਮੋਹਨਾ ਪਾਰਕ ਬਣਿਆ ਹੋਇਆ ਸੀ, ਜਿਸ 'ਚ ਹਰ ਪ੍ਰਕਾਰ ਦੇ ਖੂਬਸੂਰਤ ਤੇ ਮਹਿਕਾਂ ਵੰਡਦੇ ਫੁੱਲਾਂ ਦੇ ਬੂਟੇ ਲੱਗੇ ਹੋਏ ਸਨ | ਲੋਕ ਸਵੇਰੇ-ਸ਼ਾਮੀਂ ਉਸ ਪਾਰਕ 'ਚ ਸੈਰ ਕਰਨ ਆਉਂਦੇ-ਜਾਂਦੇ ਸਨ | ਪੰ੍ਰਤੂ ਪਾਰਕ ਦੀ ਫਿਰਨੀ ਕੱਚੀ ਸੀ | ਪਤਾ ਨਹੀਂ ਨੇਤਾ ਜੀ ਨੂੰ ਕੀ ਫੁਰਨਾ ਫੁਰਿਆ ਜਾਂ ਅਫਸਰ ਸ਼ਾਹੀ ਦੇ ਇਸ਼ਾਰੇ 'ਤੇ ਤਿਕੋਣੀ ਸੜਕ ਦੇ ਬਰਮਾਂ ਤੇ ਲਾਈਆਂ ਇੰਟਰਲੌਕ ਟਾਇਲਾਂ ਪੁਟਵਾ, ਜਨਤਾ ਦੀ ਸਹੂਲਤ ਲਈ ਜਾਂ ਪਾਰਕ ਦੀ ਸੰੁਦਰਤਾ ਲਈ, ਇਸ ਪਾਰਕ 'ਚ ਫਿਰਨੀ ਬਣਵਾ ਦਿੱਤੀ ਗਈ | ਫਿਰ ਕਾਫ਼ੀ ਅਰਸੇ ਬਾਅਦ ਜਦ ਫੰਡ ਆਏ ਤਾਂ ਉਸ ਤਿਕੋਣੀ ਸੜਕ ਦੇ ਕਿਨਾਰਿਆਂ 'ਤੇ ਫਿਰ ਇੰਟਰਲੌਕ ਟਾਇਲਾਂ ਲਗਾਈਆਂ ਗਈਆਂ |
ਇਥੇ ਹੀ ਬੱਸ ਨਹੀਂ ਇਕ ਮੁਹੱਲੇ ਦੀ ਗਲੀ ਦੀ ਹਾਲਤ 'ਉਜੜੀ ਲੰਕਾ ਵਰਗੀ' ਖਸਤਾ ਤੇ ਤਰਸਯੋਗ ਸੀ | ਉਸ 'ਚ ਇੰਟਰਲੌਕ ਟਾਇਲਾਂ ਲਾ ਕੇ ਗਲੀ ਬੜੀ ਖੂਬਸੂਰਤ ਤੇ ਸੰੁਦਰ ਬਣਾਈ ਗਈ ਤਾਂ ਜੋ ਵੋਟ ਬੈਂਕ ਪੱਕਾ ਕੀਤਾ ਜਾ ਸਕੇ ਪੰ੍ਰਤੂ ਕੁਝ ਅਰਸੇ ਬਾਅਦ ਕਿਸੇ ਗੈਬੀ ਸ਼ਕਤੀ ਨੇ ਨੇਤਾ ਜੀ ਨੂੰ ਦਰਸ਼ਨ ਦਿੰਦਿਆਂ ਕਿਹਾ, 'ਜਨਾਬ! ਹੁਣ ਫੰਡ ਵੀ ਬਹੁਤ ਆ ਚੁੱਕੇ ਹਨ, 'ਇਲੈਕਸ਼ਨ ਤੇਈਏ ਦੇ ਤਾਪ ਵਾਂਗੂੰ' ਸਿਰ 'ਤੇ ਚੜ੍ਹ ਸ਼ੂਕ ਰਹੇ ਹਨ | ਕਿਉਂ ਨਾ ਇਸ ਗਲੀ 'ਚ ਨਵਾਂ ਨਕੋਰ ਸੀਵਰੇਜ ਵੀ ਪਾ ਦੇਈਏ ਤਾਂ ਜੋ... | ਫਿਰ ਕੀ ਸੀ ਗਲੀ ਦੇ ਵਿਚਕਾਰੋਂ ਇੰਟਰਲੌਕ ਟਾਇਲਾਂ ਪੁਟਵਾ ਕੇ ਨਵਾਂ ਨਕੋਰ ਸੀਵਰੇਜ ਪਾ ਦਿੱਤਾ ਗਿਆ, ਪਤਾ ਨਹੀਂ ਉਸ ਗਲੀ 'ਚ ਹੁਣ ਇੰਟਰਲੌਕ ਟਾਇਲਾਂ ਕੱਦ ਲੱਗਣਗੀਆਂ, ਕਿਉਂਕਿ ਇਲੈਕਸ਼ਨ ਤਾਂ ਹੋ ਚੁੱਕੇ ਹਨ | ਗਲੀ ਵਾਲੇ ਨਹੀਂ, ਮਰਜਾਣੇ ਆਉਂਦੇ ਜਾਂਦੇ ਰਾਹੀ ਵੀ ਠੇਡੇ ਖਾ ਰਹੇ ਹਨ | ਇਸ ਦੀ ਅਰਜ਼ ਪਤਾ ਨਹੀਂ ਉਸ ਦੀ ਦਰਗਾਹ 'ਚ ਕੱਦ ਕਬੂਲ ਹੋਵੇਗੀ | ਕਿਉਂ ਮੰਨਦੇ ਹੋ ਸਾਡੀ ਵਿਕਾਸ-ਵਕੂਸ ਦੀ ਪਲੈਨਿੰਗ ਨੂੰ | ਜਨਤਾ ਦਾ ਕੀ ਐ ਉਹ ਪਵੇ ਢੱਠੇ ਖੂਹ 'ਚ | ਫਿਰ ਤੁਸੀਂ ਖੁਦ ਸਿਆਣੇ ਤੇ ਜਾਣੀ ਜਾਨ ਹੋ ਕਿ ਇਸ ਵਿਕਾਸ ਦੀਆਂ ਹਨੇਰੀਆਂ ਦਾ ਫਾਇਦਾ ਤਾਂ ਨੇਤਾ ਜੀ ਤੇ ਅਫਸਰਸ਼ਾਹੀ ਨੂੰ ਹੀ ਹੋਇਆ ਹੈ | ਪਤਾ ਜੇ ਕਿਉਂ? ਕਿਉਂਕਿ ਅੱਧੋ-ਅੱਧ ਸਵਾਹ |

-ਸਟਰੀਟ ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ |
ਮੋਬਾਈਲ : 90418-26725.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX