ਤਾਜਾ ਖ਼ਬਰਾਂ


ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  16 minutes ago
ਤਿਰੂਵਨੰਤਪੁਰਮ, 16 ਅਕਤੂਬਰ- ਕੇਰਲ ਦੇ ਨਿਲਾਕਲ 'ਚ ਅੱਜ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਔਰਤਾਂ ਦਾ ਇੱਕ ਸਮੂਹ ਸਰਕਾਰੀ ਕੇ. ਐੱਸ. ਆਰ. ਟੀ. ਸੀ. ਬੱਸ 'ਚ ਸਵਾਰ ਹੋ ਕੇ ਵਿਸ਼ਵ ਪ੍ਰਸਿੱਧ ਅਯੱਪਾ ਮੰਦਰ ਦੀ ਸਭ ਤੋਂ ਨਜ਼ਦੀਕੀ ਸੜਕ ਕੇਂਦਰ ਦੇ ਕੋਲ ਮੌਜੂਦ...
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  22 minutes ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਕਾਂਗਰਸ ਵੱਲੋਂ ਭਾਜਪਾ ਸਰਕਾਰ...
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  39 minutes ago
ਰਾਮ ਤੀਰਥ, 16 ਅਕਤੂਬਰ (ਧਰਮਵੀਰ ਸਿੰਘ ਔਲਖ) - ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਬੋਪਾਰਾਏ ਖ਼ੁਰਦ ਦੇ 2 ਭੈਣਾਂ ਦੇ ਇਕਲੌਤੇ ਅੰਮ੍ਰਿਤਧਾਰੀ ਨੌਜਵਾਨ ਵੀਰ ਜਗਰੂਪ ਸਿੰਘ (22) ਪੁੱਤਰ ਪ੍ਰਗਟ ਸਿੰਘ ਦੀ ਮੋਗਾ ਨੇੜੇ ਭੇਦ ਭਰੀ ਹਾਲਤ 'ਚ ਮੌਤ ਹੋਣ ਦੀ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  52 minutes ago
ਭੁਵਨੇਸ਼ਵਰ, 16 ਅਕਤੂਬਰ- ਉੜੀਸਾ 'ਚ 'ਤਿਤਲੀ' ਤੂਫ਼ਾਨ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਇਸ ਕਾਰਨ ਸੂਬੇ ਦੇ 16 ਜ਼ਿਲ੍ਹਿਆਂ ਦੇ 7402 ਪਿੰਡਾਂ ਦੇ 57.08 ਲੱਖ ਲੋਕ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫ਼ਾਨ...
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਬੇਟੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਦੇ ਬਾਹਰ ਇੱਕ ਜੋੜੇ ਨੂੰ ਪਿਸਤੌਲ ਨਾਲ ਧਮਕਾਉਂਦਾ ਨਜ਼ਰ...
ਚੀਨ : ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  about 1 hour ago
ਬੀਜਿੰਗ, 16 ਅਕਤੂਬਰ- ਚੀਨ ਦੇ ਦੱਖਣ ਪੱਛਮੀ ਚੋਂਗਕਿੰਗ ਨਗਰ ਪਾਲਿਕਾ 'ਚ ਸਥਿਤ ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋਏ ਹਨ। ਚੀਨ ਦੀ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਧਮਾਕਾ ਕਿਊਜਿਯਾਂਗ ਜ਼ਿਲ੍ਹੇ ਦੇ ....
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  1 minute ago
ਰਾਏਪੁਰ, 16 ਅਕਤੂਬਰ- ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ 'ਚ ਅੱਜ ਨਕਸਲੀਆਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ 'ਚ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਰਾਜਨਾਂਦਗਾਂਵ ਦੇ ਸੁਪਰਡੈਂਟ ਕਾਮਲੋਚਨ ਕਸ਼ਯਪ...
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  about 2 hours ago
ਮੁੰਬਈ, 16 ਅਕਤੂਬਰ - ਗੜ੍ਹਚਿਰੋਲੀ ਜ਼ਿਲ੍ਹੇ ਦੇ ਮਾਲਵੇੜਾ ਇਲਾਕੇ 'ਚ ਪੁਲਿਸ ਨਾਲ ਹੋਈ ਮੁੱਠਭੇੜ ਦੌਰਾਨ ਇਕ ਨਕਸਲੀ ਢੇਰ ਹੋ ਗਿਆ। ਇਸ ਨਕਸਲੀ ਕੋਲੋਂ ਇਕ ਰਾਈਫ਼ਲ ਵੀ ਬਰਾਮਦ ਕੀਤੀ ਗਈ....
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  about 2 hours ago
ਚੰਡੀਗੜ੍ਹ, 16 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ 'ਚ ਬੁੱਢੇ ਨਾਲੇ ਦੀ ਸਫ਼ਾਈ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਦੇ ਹੁਕਮ ਜਾਰੀ ਕੀਤਾ ਹੈ। ਇਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ, ਇਸ ਟਾਸਕ ਫੋਰਸ ਦੇ ਸਰਪ੍ਰਸਤ ਬਾਬਾ ...
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ- ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਿਰੋਜ਼ ਖ਼ਾਨ ਵਿਰੁੱਧ ਸੰਗਠਨ ਨਾਲ ਜੁੜੀ ਇੱਕ ਲੜਕੀ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਸੂਤਰਾਂ...
ਹੋਰ ਖ਼ਬਰਾਂ..

ਲੋਕ ਮੰਚ

ਰਿਸ਼ਤਿਆਂ ਦੀ ਅਹਿਮੀਅਤ ਨੂੰ ਸੰਭਾਲਣ ਦੀ ਲੋੜ

ਕਦੇ ਬਜ਼ੁਰਗਾਂ ਦਾ ਘਰ ਵਿਚ ਇਕੱਠੇ ਰਹਿਣਾ ਸਾਂਝੀਵਾਲਤਾ ਦਾ ਪ੍ਰਤੀਕ ਸੀ। ਸੱਸ-ਸਹੁਰੇ, ਮਾਂ-ਬਾਪ ਨੂੰ ਘਰ ਦਾ ਜੰਦਰਾ ਸਮਝਿਆ ਜਾਂਦਾ ਸੀ। ਹਰ ਘਰ ਵਿਚ ਸਾਂਝ ਹੁੰਦੀ ਸੀ, ਹਰ ਇਕ ਦੀਆਂ ਸਾਂਝੀਆਂ ਸੋਚਾਂ, ਹਰ ਚੀਜ਼ ਸਾਂਝੀ, ਇਕੱਠੇ ਰਹਿਣਾ, ਇਕੱਠੇ ਖ਼ੁਸ਼ੀਆਂ ਮਨਾਉਣੀਆਂ, ਇਕੱਠੇ ਖਾਣਾ-ਪੀਣਾ ਅਤੇ ਇਕੱਠੇ ਭਾਈਚਾਰਾ ਬਣਾ ਕੇ ਰੱਖਣਾ। ਇਕ ਜੀਅ ਦਾ ਦੁੱਖ ਸਭ ਦਾ ਸਾਂਝਾ ਹੁੰਦਾ ਸੀ। ਆਪਸ ਵਿਚ ਪਿਆਰ ਦੀ ਭਾਵਨਾ ਭਰੀ ਹੋਈ ਸੀ ਅਤੇ ਅਪਣੱਤ ਵਜੋਂ ਬੋਲਿਆ ਜਾਂਦਾ ਸੀ-
ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵਿਹੜਾ
ਜਿੱਥੇ ਪਿਆਰ ਵੱਸਦਾ ਉੱਥੇ ਰੱਬ ਵੱਸਦਾ
ਉਹੀਓ ਬਾਬੇ ਨਾਨਕ ਦਾ ਵਿਹੜਾ
ਵਾਲੀ ਗੱਲ ਸੀ। ਪਰ ਅੱਜ ਦਾ ਮਨੁੱਖ ਆਪਣੇ ਨਿੱਜੀ ਕਮਰੇ, ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਤੱਕ ਸੀਮਤ ਹੋ ਕੇ ਰਹਿ ਗਿਆ। ਮੋਹ ਅਤੇ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਘਰ ਵਿਚ ਹਰ ਚੀਜ਼ ਦੀ ਸਹੂਲਤ ਹੈ ਪਰ ਮਨਾਂ ਅੰਦਰ ਖਾਲੀਪਨ ਹੈ। ਬਹੁਤ ਸਾਰੇ ਇਨਸਾਨ ਇਕੱਲੇਪਣ ਵਿਚ ਰਹਿ ਕੇ ਡਿਪਰੈਸ਼ਨ ਵਿਚ ਜਾ ਰਹੇ ਹਨ। ਇਨਸਾਨ ਨਾ ਤਾਂ ਪੂਰੀ ਤਰ੍ਹਾਂ ਖ਼ੁਸ਼ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸੰਤੁਸ਼ਟ ਹੈ। ਹੋਰ ਤਾਂ ਹੋਰ, ਬਹੁਤ ਸਾਰੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸ ਕਾਰਨ ਮਾਂ-ਬਾਪ ਇਕੱਲੇ ਹੋ ਰਹੇ ਹਨ। ਕਈ ਘਰਾਂ ਵਿਚ ਤਾਂ ਨੂੰਹ-ਸੱਸ, ਦਰਾਣੀ-ਜੇਠਾਣੀ, ਨਨਾਣ-ਭਰਜਾਈ ਭਾਵ ਇਸਤਰੀ ਦੀ ਹਉਮੈ ਘਰ ਵਿਚ ਇਕੱਲਾਪਣ ਅਪਣਾ ਰਹੀ ਹੈ। ਸਹੂਲਤਾਂ ਨਾਲ ਭਰੇ ਘਰ ਨੂੰ ਕਿਸ ਤਰ੍ਹਾਂ ਕੋਈ ਮੋਹ ਦਿਖਾਵੇ, ਕੰਧਾਂ ਨੂੰ ਦੁੱਖ ਨਹੀਂ ਦੱਸਿਆ ਜਾਂਦਾ। ਭਾਵੇਂ ਇਕੱਲੇ ਲੋਕਾਂ ਲਈ ਮੋਬਾਈਲ ਇੰਟਰਨੈੱਟ ਅਤੇ ਟੈਲੀਵਿਜ਼ਨ ਭਰਵੀਂ ਖ਼ੁਰਾਕ ਬਣ ਗਏ ਹਨ ਪਰ ਅਸਲੀ ਮੋਹ ਤਾਂ ਆਪਸ ਵਿਚ ਮਿਲ ਕੇ ਸਾਂਝਾ ਹੁੰਦਾ ਹੈ। ਆਨਲਾਈਨ ਮੋਬਾਈਲਾਂ 'ਤੇ ਸ਼ਕਲ ਤਾਂ ਦੇਖੀ ਜਾਂਦੀ ਹੈ ਪਰ ਜੋ ਪਿਆਰ ਘੁੱਟ ਕੇ ਜੱਫੀ ਪਾ ਕੇ ਮਿਲਦਾ ਹੈ, ਉਹ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਹਰ ਰਿਸ਼ਤੇ ਨੂੰ ਅਹਿਮੀਅਤ ਦੇਣਾ ਬਹੁਤ ਜ਼ਰੂਰੀ ਹੈ।
ਹਰ ਰਿਸ਼ਤੇ ਨੂੰ ਪਿਆਰ ਨਾਲ ਅਪਣਾ ਕੇ ਆਪਸੀ ਸਾਂਝ ਪੈਦਾ ਕਰਨੀ ਚਾਹੀਦੀ ਹੈ। ਕਿਸੇ ਨੂੰ ਆਪਣਾ ਬਣਾਓ ਤਾਂ ਦਿਲ ਤੋਂ ਬਣਾਓ ਜ਼ਬਾਨ ਤੋਂ ਨਹੀਂ, ਕਿਸੇ ਨਾਲ ਗੁੱਸਾ ਕਰੋ ਤਾਂ ਜ਼ਬਾਨ ਤੋਂ ਕਰੋ, ਦਿਲ ਤੋਂ ਨਹੀਂ, ਕਿਉਂਕਿ ਸੂਈ ਵਿਚ ਉਹੀ ਧਾਗਾ ਪ੍ਰਵੇਸ਼ ਕਰਦਾ ਹੈ, ਜਿਸ ਵਿਚ ਕੋਈ ਗੰਢ ਨਹੀਂ ਹੁੰਦੀ। ਹਮੇਸ਼ਾ ਰਿਸ਼ਤੇ ਜੋੜੋ, ਰਿਸ਼ਤੇ ਤੋੜੋ ਨਾ। ਜਿਸ ਨੇ ਰਿਸ਼ਤੇ ਨਿਭਾਉਣੇ ਹੋਣ, ਉਹ ਹਜ਼ਾਰ ਗ਼ਲਤੀਆਂ ਵੀ ਮੁਆਫ਼ ਕਰ ਦਿੰਦਾ ਹੈ, ਇਸ ਲਈ ਕਾਮ, ਕ੍ਰੋਧ, ਲੋਭ, ਅਹੰਕਾਰ ਅਤੇ ਹਉਮੈ ਨੂੰ ਤਿਆਗ ਕੇ ਇਕ ਪਰਿਵਾਰ ਵਿਚ ਰਹਿਣਾ ਸਿੱਖੋ। ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਇਕ ਧਾਗੇ ਵਿਚ ਪਰੋ ਕੇ ਮਾਨਸਿਕਤਾ ਦੀ ਬਿਮਾਰੀ ਤੋਂ ਉੱਪਰ ਉੱਠ ਕੇ ਭਰਪੂਰ ਖ਼ੁਸ਼ੀਆਂ ਵਿਚ ਸਮਾ ਕੇ ਹਰ ਪਾਸੇ ਤਰੱਕੀ ਦਾ ਰਾਹ ਅਪਣਾ ਕੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸੰਭਾਲ ਲਓ। ਰਿਸ਼ਤੇ ਕੱਚ ਦੀ ਤਰ੍ਹਾਂ ਹੁੰਦੇ ਹਨ, ਟੁੱਟ ਜਾਣ ਤਾਂ ਚੁੱਭਦੇ ਹਨ। ਇਨ੍ਹਾਂ ਨੂੰ ਸੰਭਾਲ ਕੇ ਹਥੇਲੀ 'ਤੇ ਸਜਾ ਲਓ, ਕਿਉਂਕਿ ਇਨ੍ਹਾਂ ਨੂੰ ਟੁੱਟਣ ਵਿਚ ਇਕ ਮਿੰਟ ਅਤੇ ਬਣਨ ਵਿਚ ਕਈ ਸਾਲ ਲੱਗ ਜਾਂਦੇ ਹਨ।


-ਸਾਬਕਾ ਲੈਕਚਰਾਰ, ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਗਾ। ਮੋਬਾ: 88724-73322


ਖ਼ਬਰ ਸ਼ੇਅਰ ਕਰੋ

ਆਰ. ਓ. ਪਾਣੀ ਫਾਇਦੇ ਤੇ ਨੁਕਸਾਨ

ਅਸੀਂ ਆਪਣੇ ਬਜ਼ੁਰਗਾਂ ਦੇ ਮੂੰਹੋਂ ਕਈ ਵਾਰੀ ਇਹ ਗੱਲ ਸੁਣਦੇ ਸੀ 'ਲੈ ਪਾਣੀ ਕਿਹੜਾ ਮੁੱਲ ਵਿਕਦਾ', ਪਰ ਅੱਜ ਵਧ ਰਹੇ ਪਦਾਰਥਵਾਦ ਅਤੇ ਬਦਲੇ ਹਾਲਾਤ ਨੇ ਇਸ ਨੂੰ ਮੁੱਲ ਵਿਕਣ ਲਾ ਦਿੱਤਾ ਹੈ। ਬੋਤਲਬੰਦ ਪਾਣੀ ਹਰ ਸਮਾਗਮ ਦੀ ਸ਼ਾਨ ਬਣ ਗਿਆ ਹੈ। ਇਹ ਪਾਣੀ ਬਣਾਉਣ ਵਾਲੀਆਂ ਕੰਪਨੀਆਂ ਭਾਰੀ ਮੁਨਾਫਾ ਕਮਾ ਰਹੀਆਂ ਹਨ, ਬੇਸ਼ੱਕ ਇਸ ਬੋਤਲਬੰਦ ਪਾਣੀ ਦੀ ਗੁਣਵੱਤਾ 'ਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਹੈ। ਖਾਲੀ ਬੋਤਲਾਂ ਦੁਆਰਾ ਵਧ ਰਿਹਾ ਪ੍ਰਦੂਸ਼ਣ ਇਕ ਵੱਖਰਾ ਮੁੱਦਾ ਹੈ। ਘਰਾਂ ਵਿਚ ਵੀ ਧੜਾਧੜ ਆਰ.ਓ. ਸਿਸਟਮ ਲੱਗ ਰਹੇ ਹਨ, ਕਿਉਂਕਿ ਕੰਪਨੀਆਂ ਸਾਨੂੰ ਇਹ ਗੱਲ ਜਚਾ ਦਿੰਦੀਆਂ ਹਨ ਕਿ ਸਾਡੇ ਨਲਕੇ ਜਾਂ ਟੂਟੀ ਦਾ ਪਾਣੀ ਪੀਣ ਲਾਇਕ ਨਹੀਂ ਪਰ ਇਹ ਦਾਅਵੇ ਕਿੰਨੇ ਕੁ ਸਹੀ ਹਨ, ਆਓ ਜਾਣੀਏ।
ਆਰ.ਓ. ਦੀ ਤਕਨੀਕ ਸ਼ੁਰੂ ਵਿਚ ਸਮੁੰਦਰੀ ਇਲਾਕਿਆਂ ਲਈ ਬਣੀ ਸੀ ਅਤੇ ਸਮੁੰਦਰ ਦੇ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਦਾ ਕੰਮ ਕਰਦੀ ਸੀ। ਆਰ.ਓ. ਸਿਸਟਮ ਵਿਚ ਪਾਣੀ ਨੂੰ ਪ੍ਰੈਸ਼ਰ ਦੁਆਰਾ ਇਕ ਮਹੀਨ ਝਿੱਲੀ ਵਿਚੋਂ ਲੰਘਾਇਆ ਜਾਂਦਾ ਹੈ। ਇਸ ਝਿੱਲੀ ਵਿਚ ਬਹੁਤ ਹੀ ਬਾਰੀਕ ਛੇਦ ਹੁੰਦੇ ਹਨ, ਜਿਨ੍ਹਾਂ ਵਿਚੋਂ ਪਾਣੀ ਤੋਂ ਇਲਾਵਾ ਬਹੁਤ ਘੱਟ ਤੱਤ ਨਿਕਲ ਸਕਦੇ ਹਨ। ਜ਼ਿਆਦਾਤਰ ਤੱਤ ਜਿਵੇਂ ਕਿ ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਲੋਹਾ, ਲੈੱਡ, ਰੇਡੀਅਮ, ਆਰਸੈਨਿਕ, ਭਾਰੀ ਧਾਤਾਂ, ਜ਼ਿਆਦਾ ਕੀਟਨਾਸ਼ਕ ਦਵਾਈਆਂ ਆਦਿ ਨਾਪ ਵਿਚ ਪਾਣੀ ਨਾਲੋਂ ਵੱਡੇ ਹੁੰਦੇ ਹਨ, ਜੋ ਇਨ੍ਹਾਂ ਬਾਰੀਕ ਛੇਦਾਂ ਵਿਚੋਂ ਨਹੀਂ ਨਿਕਲ ਸਕਦੇ ਅਤੇ ਪਾਣੀ ਵਿਚੋਂ ਬਾਹਰ ਹੋ ਜਾਂਦੇ ਹਨ, ਪਰ ਕੁਝ ਤੱਤ ਜੋ ਝਿੱਲੀ ਦੇ ਛੇਦਾਂ ਤੋਂ ਛੋਟੇ ਹੁੰਦੇ ਹਨ, ਉਹ ਲੰਘ ਵੀ ਸਕਦੇ ਹਨ। ਸਮੱਸਿਆ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਤੱਤ ਸਰੀਰ ਲਈ ਲੋੜੀਂਦੇ ਵੀ ਹੁੰਦੇ ਹਨ ਅਤੇ ਆਰ.ਓ. ਉਨ੍ਹਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ। ਇਕ ਖੋਜ ਮੁਤਾਬਕ ਸਾਡਾ ਸਰੀਰ ਜ਼ਰੂਰੀ ਤੱਤਾਂ ਦੀ ਰੋਜ਼ਾਨਾ ਲੋੜ ਦਾ ਤਕਰੀਬਨ 6-30 ਫੀਸਦੀ ਪਾਣੀ ਤੋਂ ਹੀ ਪੂਰੀ ਕਰਦਾ ਹੈ।
ਤੱਤ ਵਿਹੂਣਾ ਪਾਣੀ ਜਾਂ ਆਰ.ਓ. ਪਾਣੀ ਕੁਦਰਤੀ ਪਾਣੀ ਦੇ ਮੁਕਾਬਲੇ ਤੇਜ਼ਾਬੀ ਹੁੰਦਾ ਹੈ। ਇਹ ਸਰੀਰ ਦੇ ਅੰਗਾਂ 'ਤੇ ਮਾੜਾ ਅਸਰ ਪਾਉਂਦਾ ਹੈ ਅਤੇ ਸਰੀਰ ਵਿਚੋਂ ਕਈ ਜ਼ਰੂਰੀ ਤੱਤ ਆਪਣੇ ਵਿਚ ਘੋਲ ਕੇ ਲੈ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਦੀ ਇਕ ਰਿਪੋਰਟ ਮੁਤਾਬਿਕ ਤੱਤ ਵਿਹੂਣਾ ਜਾਂ ਘੱਟ ਤੱਤਾਂ ਵਾਲਾ ਪਾਣੀ ਡਾਈਯੂਰੀਸਿਸ ਯਾਨੀ ਕਿ ਕਿਡਨੀ ਦੁਆਰਾ ਪਿਸ਼ਾਬ ਬਣਾਉਣ ਦੀ ਸਮਰੱਥਾ ਵਿਚ 20 ਫੀਸਦੀ ਵਾਧਾ ਕਰ ਸਕਦਾ ਹੈ ਅਤੇ ਇਹ ਪਾਣੀ ਸਰੀਰ ਵਿਚੋਂ ਕਈ ਜ਼ਰੂਰੀ ਤੱਤਾਂ ਜਿਵੇਂ ਕਿ ਸੋਡੀਅਮ, ਪੋਟਾਸ਼ੀਅਮ, ਕਲੋਰੀਨ, ਕੈਲਸ਼ੀਅਮ, ਮੈਗਨੀਸ਼ੀਅਮ ਨੂੰ ਜ਼ਿਆਦਾ ਮਾਤਰਾ ਵਿਚ ਘੋਲ ਕੇ ਆਪਣੇ ਨਾਲ ਲੈ ਜਾਂਦਾ ਹੈ। ਆਰ.ਓ. ਦੀ ਪ੍ਰਕਿਰਿਆ ਦੌਰਾਨ ਕਾਫੀ ਮਾਤਰਾ ਵਿਚ ਪੀਣ ਯੋਗ ਪਾਣੀ ਬਰਬਾਦ ਵੀ ਹੁੰਦਾ ਹੈ। ਇਕ ਲੀਟਰ ਆਰ.ਓ. ਪਾਣੀ ਲਈ ਤਕਰੀਬਨ 3-4 ਲੀਟਰ ਪਾਣੀ ਨਾਲੀ ਵਿਚ ਰੁੜ੍ਹ ਜਾਂਦਾ ਹੈ।
ਤਾਂ ਕੀ ਸਾਨੂੰ ਆਰ.ਓ. ਸਿਸਟਮ ਵਰਤਣੇ ਨਹੀਂ ਚਾਹੀਦੇ? ਤੱਤ ਵਿਹੂਣਾ ਪਾਣੀ ਸਾਡੇ ਸਰੀਰ ਲਈ ਨੁਕਸਾਨਦੇਹ ਹੈ ਜਿਵੇਂ ਕਿ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਦਰਸਾਉਂਦੀ ਹੈ। ਲੋੜ ਹੈ ਕਿ ਇਸ ਪਾਣੀ ਵਿਚ ਜ਼ਰੂਰੀ ਤੱਤ ਦੁਬਾਰਾ ਮਿਲਾਏ ਜਾਣ, ਜਿਸ ਨਾਲ ਕਿ ਇਹ ਤੇਜ਼ਾਬੀ ਨਾ ਰਹੇ ਅਤੇ ਸਾਡੇ ਸਰੀਰ ਨੂੰ ਲੋੜੀਂਦੇ ਤੱਤ ਪ੍ਰਦਾਨ ਕਰੇ। ਕੁਦਰਤੀ ਪਾਣੀ ਦਾ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਕੋਈ ਤੋੜ ਹੈ। ਪਰ ਜੇਕਰ ਕਿਤੇ ਪਾਣੀ ਜ਼ਿਆਦਾ ਹੀ ਪ੍ਰਦੂਸ਼ਿਤ ਹੈ ਤਾਂ ਆਰ.ਓ. ਦੇ ਫਾਇਦੇ ਨੁਕਸਾਨ ਤੋਂ ਜ਼ਿਆਦਾ ਹੋ ਸਕਦੇ ਹਨ। ਲੋੜ ਹੈ ਕਿ ਇਸ ਅਮੁੱਲੀ ਦਾਤ ਪਾਣੀ ਨੂੰ ਇਸ ਦੇ ਕੁਦਰਤੀ ਰੂਪ ਵਿਚ ਸਾਂਭਿਆ ਜਾਵੇ ਅਤੇ ਵਰਤਿਆ ਜਾਵੇ।

-ਅਸਿਸਟੈਂਟ ਪ੍ਰੋਫੈਸਰ, ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ। ਮੋਬਾ: 84275-00475

ਮਾਣ-ਮੱਤੇ ਅਧਿਆਪਕ-3

ਵਿਦਿਆਰਥੀਆਂ ਤੇ ਸਕੂਲ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ ਰੌਸ਼ਨ ਲਾਲ

ਇਕ ਅਧਿਆਪਕ ਕਿਸੇ ਇਕ ਖੇਤਰ ਨਹੀਂ ਬਲਕਿ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਕ ਅਧਿਆਪਕ ਨੂੰ ਤਾਂਘ ਹੁੰਦੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਦੁਨੀਆ ਭਰ ਦੀ ਹਰ ਕੰਮ ਦੀ ਗੱਲ ਦੱਸੇ, ਆਪਣੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਵੇ ਤਾਂ ਜੋ ਉਸ ਦੇ ਵਿਦਿਆਰਥੀ ਚੰਗੇ ਇਨਸਾਨ ਬਣ ਸਕਣ ਅਤੇ ਸੋਹਣੇ ਸਮਾਜ ਦੀ ਸਿਰਜਣਾ ਹੋ ਸਕੇ। ਵਿਦਵਾਨ ਅਧਿਆਪਕਾਂ ਨੂੰ ਸੁਣ ਕੇ ਗਿਆਨ ਦੀ ਭੁੱਖ ਜਾਗਦੀ ਹੈ। ਹਮੇਸ਼ਾ ਚੰਗੀਆਂ ਗੱਲਾਂ ਦੱਸਣ ਵਾਲੇ ਅਧਿਆਪਕ ਵਿਦਿਆਰਥੀਆਂ ਨੂੰ ਜੀਵਨ ਭਰ ਨਹੀਂ ਭੁੱਲਦੇ। ਅਜਿਹੇ ਹੀ ਵਿਦਵਾਨ ਅਧਿਆਪਕ ਹਨ ਸ੍ਰੀ ਰੌਸ਼ਨ ਲਾਲ ਜਿਹੜੇ ਬੱਚਿਆਂ ਨੂੰ ਉਨ੍ਹਾਂ ਵਰਗੇ ਬਣ ਕੇ ਹੀ ਪੜ੍ਹਾਉਂਦੇ ਨਜ਼ਰ ਆਉਂਦੇ ਹਨ। ਇਤਿਹਾਸਕ ਧਰਤੀ ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਖ਼ੈਰਾਬਾਦ ਵਿਚ ਬਤੌਰ ਸੈਂਟਰ ਹੈੱਡ ਟੀਚਰ ਸੇਵਾਵਾਂ ਨਿਭਾਅ ਰਹੇ ਸ੍ਰੀ ਰੌਸ਼ਨ ਲਾਲ ਸਮੁੱਚੇ ਅਧਿਆਪਕ ਜਗਤ ਲਈ ਪ੍ਰੇਰਨਾ ਸਰੋਤ ਹਨ। 25 ਮਾਰਚ 1957 ਨੂੰ ਜਨਮੇ ਸ੍ਰੀ ਰੌਸ਼ਨ ਲਾਲ ਹੁਣ ਆਪਣੀ ਉਮਰ ਦੇ 61ਵੇਂ ਵਰ੍ਹੇ ਵਿਚ ਵੀ ਦਿਨ ਰਾਤ ਆਪਣੇ ਵਿਦਿਆਰਥੀਆਂ ਤੇ ਸਕੂਲ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ, ਜਿਨ੍ਹਾਂ ਦੇ ਸਕੂਲ ਆਉਂਦਿਆਂ ਹੀ ਵਿਦਿਆਰਥੀਆਂ ਦੀ ਭੀੜ ਉਨ੍ਹਾਂ ਦੁਆਲੇ ਇੰਝ ਇਕੱਠੀ ਹੋ ਜਾਂਦੀ ਹੈ, ਜਿਵੇਂ ਪੁਰਾਣੇ ਸਮਿਆਂ ਵਿਚ ਸ਼ਹਿਰੋਂ ਆਏ ਬਾਪੂ ਦੇ ਸਾਈਕਲ ਦੁਆਲੇ ਉਨ੍ਹਾਂ ਦੇ ਨਿਆਣੇ ਹੋ ਜਾਇਆ ਕਰਦੇ ਸਨ। ਸਿੱਖਿਆ ਜਗਤ ਵਿਚ ਕੀਤੇ ਮਾਣ ਮੱਤੇ ਕੰਮਾਂ ਬਦਲੇ ਸ੍ਰੀ ਰੌਸ਼ਨ ਲਾਲ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਅਧਿਆਪਕ ਪੁਰਸਕਾਰ ਅਤੇ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜੋ ਚੋਣਵੇਂ ਅਧਿਆਪਕਾਂ ਦੇ ਹਿੱਸੇ ਹੀ ਆਉਂਦਾ ਹੈ। ਸ੍ਰੀ ਰੌਸ਼ਨ ਲਾਲ ਅਜਿਹੇ ਅਧਿਆਪਕ ਹਨ ਜਿਨ੍ਹਾਂ ਨੇ ਕਦੇ ਮੁਸ਼ਕਿਲਾਂ ਨੂੰ ਵੇਖ ਆਪਣਾ ਇਰਾਦਾ ਕਮਜ਼ੋਰ ਨਹੀਂ ਕੀਤਾ, ਸਗੋਂ ਹਿਮੰਤ ਤੇ ਦਲੇਰੀ ਨਾਲ ਹਰ ਸਮੱਸਿਆ ਦਾ ਹੱਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਵਾਲ ਦਾ ਜਵਾਬ ਹੁੰਦਾ ਹੈ ਅਤੇ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਜਿਸ ਸਵਾਲ ਦਾ ਜਵਾਬ ਨਹੀਂ ਹੁੰਦਾ, ਉਹ ਸਵਾਲ ਹੀ ਨਹੀਂ ਹੁੰਦਾ। ਉਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਸਰਕਾਰੀ ਸਕੂਲਾਂ ਤੋਂ ਕੀਤੀ ਅਤੇ 1975 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੁਹਲ ਤੋਂ ਆਪਣਾ ਅਧਿਆਪਨ ਦਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਬਨਾਰਸੀ ਦੇਵੀ ਜੋ ਖ਼ੁਦ ਇਕ ਅਧਿਆਪਕਾ ਹਨ ਅਤੇ ਇਹ ਦੋਵੇਂ ਅੰਮ੍ਰਿਤਸਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਸੌਦਾ ਸਿੰਘ ਵਿਚ 20 ਸਾਲ ਇਕੱਠੇ ਬੱਚਿਆਂ ਦੀ ਭਲਾਈ ਲਈ ਸੇਵਾਵਾਂ ਦਿੰਦੇ ਰਹੇ ਹਨ।
2006 ਵਿਚ ਬਤੌਰ ਹੈੱਡ ਟੀਚਰ ਪਦ ਉੱਨਤ ਹੋਏ ਸ੍ਰੀ ਰੌਸ਼ਨ ਲਾਲ ਨੂੰ ਜਿੱਥੇ ਕਈ ਸੰਸਥਾਵਾਂ ਸਨਮਾਨਿਤ ਕਰ ਚੁੱਕੀਆਂ ਹਨ, ਉੱਥੇ 15 ਅਗਸਤ 2009 ਨੂੰ ਤਤਕਾਲੀ ਡਿਪਟੀ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂੰ ਵੀ ਉਨ੍ਹਾਂ ਨੂੰ ਵਿਲੱਖਣ ਕਾਰਜਾਂ ਕਰ ਕੇ ਜ਼ਿਲ੍ਹਾ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੇ ਹਨ। ਸ੍ਰੀ ਰੌਸ਼ਨ ਲਾਲ ਨੇ ਜਿੱਥੇ ਬੱਚਿਆਂ ਦੀਆਂ ਬੁਨਿਆਦੀ ਲੋੜਾਂ ਤੇ ਉਨ੍ਹਾਂ ਦੀ ਪੜ੍ਹਾਈ ਲਈ ਸਖ਼ਤ ਮਿਹਨਤ ਕੀਤੀ ਉੱਥੇ ਬੱਚਿਆਂ ਦੀ ਸਿਹਤ ਪ੍ਰਤੀ ਵੀ ਉਹ ਬਹੁਤ ਗੰਭੀਰ ਨਜ਼ਰ ਆਏ ਹਨ। ਇਸੇ ਲਈ 5 ਸਤੰਬਰ 2010 ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ। ਸ੍ਰੀ ਰੌਸ਼ਨ ਲਾਲ ਜੀ ਵਰਗੀ ਮਿੱਠਬੋਲੜੀ ਤੇ ਨਰਮਦਿਲ ਸ਼ਖ਼ਸੀਅਤ ਨੂੰ 5 ਸਤੰਬਰ, 2012 ਨੂੰ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੜਕੀਆਂ ਨੂੰ ਸਿੱਖਿਅਤ ਕਰਨ ਲਈ ਯਤਨਸ਼ੀਲ ਰਹਿਣ ਵਾਲੇ ਸ੍ਰੀ ਰੌਸ਼ਨ ਲਾਲ ਨੇ ਇਕ ਬਾਪ ਹੋਣ ਦਾ ਫਰਜ਼ ਵੀ ਬਾਖੂਬੀ ਨਿਭਾਇਆ। ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਵਾਲੀ ਉਨ੍ਹਾਂ ਦੀ ਸਮੁੱਤਰੀ ਡਾ: ਸਵਾਤੀ ਸ਼ਰਮਾ ਅੱਜਕਲ੍ਹ ਵਿਦੇਸ਼ੀ ਧਰਤੀ 'ਤੇ ਐਮ. ਡੀ. ਕਰ ਰਹੀ ਹੈ। ਸ੍ਰੀ ਰੌਸ਼ਨ ਲਾਲ ਦਾ ਮੰਨਣਾ ਹੈ ਕਿ ਅਧਿਆਪਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜਿਨ੍ਹਾਂ ਦੀ ਚੰਗੀ ਸ਼ਖ਼ਸੀਅਤ ਸਾਰੇ ਲੋਚਦੇ ਹਨ ਅਤੇ ਇਕ ਅਧਿਆਪਕ ਹੀ ਹੈ ਜਿਸ ਤੋਂ ਸਮਾਜ ਨੂੰ ਸਭ ਤੋਂ ਵੱਧ ਉਮੀਦ ਹੁੰਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਕ ਅਧਿਆਪਕ ਦਾ ਅਸਲ ਪੁਰਸਕਾਰ ਉਸ ਦਾ ਕਾਬਲ ਵਿਦਿਆਰਥੀ ਹੁੰਦਾ ਹੈ ਅਤੇ ਅਧਿਆਪਕ ਦਾ ਉਹ ਦਿਨ ਸਭ ਤੋਂ ਵੱਡਾ ਤੇ ਵਧੇਰੇ ਖੁਸ਼ੀ ਵਾਲਾ ਹੁੰਦਾ ਹੈ ਜਿਸ ਦਿਨ ਉਸ ਦਾ ਵਿਦਿਆਰਥੀ ਕਿਸੇ ਸਨਮਾਨਜਨਕ ਸਥਾਨ 'ਤੇ ਪਹੁੰਚ ਜਾਂਦਾ ਹੈ। ਸ੍ਰੀ ਰੌਸ਼ਨ ਲਾਲ ਨੇ ਸਿੱਧ ਕਰ ਦਿੱਤਾ ਹੈ ਕਿ ਅਧਿਆਪਕ ਇਕ ਮੋਮਬੱਤੀ ਵਾਂਗ ਖੁਦ ਬਲ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਰੁਸ਼ਨਾਉਂਦਾ ਹੈ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ) ਮੋਬਾ : 93565 52000

ਕਿਉਂ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ ਸਕੂਲੀ ਬੱਸਾਂ

ਮਾਂ ਆਪਣੇ ਕਲੇਜੇ ਦੇ ਟੁਕੜੇ ਨੂੰ ਸਵੇਰੇ ਉੱਠ ਕੇ ਤਿਆਰ ਕਰਦੀ ਹੈ ਅਤੇ ਪਿਤਾ ਉਸ ਨੂੰ ਉਸ ਦੀ ਬੱਸ ਤੱਕ ਛੱਡਣ ਜਾਂਦਾ ਹੈ ਕਿ ਮੇਰਾ ਬੱਚਾ ਚੰਗੇ ਸਕੂਲ ਵਿਚ ਪੜ੍ਹ-ਲਿਖ ਕੇ ਚੰਗਾ ਇਨਸਾਨ ਬਣੇ। ਪਰ ਕਈ ਵਾਰ ਸਕੂਲ ਦੀਆਂ ਬੱਸਾਂ ਰਸਤੇ ਵਿਚ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਮਾਸੂਮ ਬੱਚਿਆਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਪ੍ਰਸ਼ਾਸਨ ਅਤੇ ਸਕੂਲ ਵਾਲੇ ਕੁਝ ਵੀ ਕਹਿਣ ਤੋਂ ਅਸਮਰੱਥ ਹੁੰਦੇ ਹਨ।
ਸਭ ਤੋਂ ਪਹਿਲਾਂ ਕਾਂਗੜਾ ਜ਼ਿਲ੍ਹੇ ਦੇ ਨੂਰਪੁਰ ਦੇ ਚੇਲੀ ਵਿਚ ਬੀਤੇ 9 ਅਪ੍ਰੈਲ ਨੂੰ ਛੁੱਟੀ ਤੋਂ ਬਾਅਦ ਘਰ ਛੱਡਣ ਜਾ ਰਹੀ 42 ਮੀਟਰ ਸਕੂਲ ਬੱਸ 700 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ ਸੀ। ਇਸ ਹਾਦਸੇ ਵਿਚ 24 ਬੱਚਿਆਂ ਸਮੇਤ ਕੁੱਲ 28 ਲੋਕਾਂ ਦੀ ਜਾਨ ਚਲੀ ਗਈ ਸੀ।
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਸਕੂਲ ਬੱਸ ਦੇ ਰੇਲਵੇ ਕ੍ਰਾਸਿੰਗ 'ਤੇ ਰੇਲ ਗੱਡੀ ਨਾਲ ਟਕਰਾਏ ਜਾਣ ਨਾਲ 13 ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਬੱਸ ਡਰਾਈਵਰ ਸੀ। ਇਸ ਵੈਨ ਵਿਚ ਲਗਪਗ 25 ਬੱਚੇ ਸਵਾਰ ਸਨ। ਮੌਕੇ 'ਤੇ 11 ਬੱਚੇ ਅਤੇ ਡਰਾਈਵਰ ਦੀ ਮੌਤ ਹੋ ਗਈ, ਜਦੋਂਕਿ 2 ਬੱਚਿਆਂ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦਿੱਲੀ 26 ਅਪ੍ਰੈਲ ਕੇਸ਼ਵਪੁਰਮ ਇਲਾਕੇ ਵਿਚ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਵੈਨ ਵਿਚ ਸਵਾਰ 18 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਸਕੂਲ ਵੈਨ ਅਤੇ ਟੈਂਪੂ ਵਿਚਕਾਰ ਟੱਕਰ ਹੋਣ ਦੀ ਵਜ੍ਹਾ ਨਾਲ ਬੱਚੇ ਜ਼ਖਮੀ ਹੋ ਗਏ।
ਬਿਹਾਰ ਦੇ ਸੁਪੌਲ ਵਿਚ ਸਕੂਲ ਦੀ ਗੱਡੀ ਬੇਕਾਬੂ ਹੋ ਕੇ ਵਿਚਕਾਰ ਸੜਕ 'ਤੇ ਪਲਟ ਗਈ। ਗੱਡੀ ਪਲਟਦੇ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। 8 ਮਈ ਨੂੰ ਹੋਏ ਇਸ ਹਾਦਸੇ ਵਿਚ 7 ਬੱਚਿਆਂ ਦੇ ਹੱਥ ਦੀਆਂ ਉਂਗਲੀਆਂ ਵੱਢੀਆਂ ਗਈਆਂ, ਤਿੰਨ ਬੱਚਿਆਂ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਹੈ।
ਹੁਣ ਅਸੀਂ ਜੇਕਰ ਇਨ੍ਹਾਂ ਹਾਦਸਿਆਂ ਉੱਤੇ ਗੌਰ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਇਨ੍ਹਾਂ ਦੁਰਘਟਨਾਵਾਂ ਵਿਚ ਅਸੀਂ ਕਿੰਨੀਆਂ ਮਾਸੂਮ ਜਾਨਾਂ ਗਵਾ ਚੁੱਕੇ ਹਾਂ। ਪਰ ਇਹ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ। ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪਾ ਸਕੀਏ। ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਇਨ੍ਹਾਂ ਡਰਾਈਵਰਾਂ ਨਾਲ ਸਾਡਾ ਸੰਪਰਕ ਹਫਤੇ ਬਾਅਦ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਪਤਾ ਰਹੇ ਕਿ ਇਹ ਜੋ ਡਰਾਈਵਰ ਰੱਖੇ ਹੋਏ ਹਨ, ਕੀ ਤਜਰਬੇਕਾਰ ਹਨ ਕਿ ਨਹੀਂ। ਜੇਕਰ ਸਾਥੋਂ ਮੋਟੀਆਂ-ਮੋਟੀਆਂ ਫੀਸਾਂ ਲਈਆਂ ਜਾ ਰਹੀਆਂ ਹਨ ਤਾਂ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੇ ਠੇਕੇਦਾਰਾਂ ਜਾਂ ਸਕੂਲਾਂ ਵਾਲਿਆਂ ਨਾਲ ਸਾਡਾ ਸੰਪਰਕ ਜ਼ਰੂਰ ਹੋਣਾ ਚਾਹੀਦਾ ਹੈ।

-ਮੁਹਾਲੀ। ਮੋਬਾ: 98785-19278

ਨੈਤਿਕਤਾ ਦਾ ਗਿਆਨ ਵੀ ਦੇਣ ਵਿੱਦਿਅਕ ਅਦਾਰੇ

ਕੁਝ ਦਿਨ ਪਹਿਲਾਂ ਦੀ ਖ਼ਬਰ ਹੈ ਇਕ ਕਾਲਜ ਦੇ ਪ੍ਰੀਖਿਆ ਸੁਪਰਡੈਂਟ ਨੂੰ ਕੁਝ ਵਿਦਿਆਰਥੀਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ਵਿਚ ਜ਼ਖਮੀ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਖ਼ਬਰ ਪੜ੍ਹ ਕੇ ਮਨ ਉਦਾਸ ਹੋ ਗਿਆ। ਉਕਤ ਪ੍ਰੀਖਿਆ ਸੁਪਰਡੈਂਟ ਨੇ ਪ੍ਰੀਖਿਆ ਕੇਂਦਰ ਵਿਚ ਸਖਤੀ ਕੀਤੀ ਹੋਈ ਸੀ ਤਾਂ ਕਿ ਨਕਲ ਰਹਿਤ ਪ੍ਰੀਖਿਆ ਵਧੀਆ ਮਾਹੌਲ ਵਿਚ ਹੋ ਸਕੇ। ਅਜਿਹਾ ਤਾਂ ਕੁਝ ਵੀ ਗ਼ਲਤ ਨਹੀਂ ਸੀ ਕਿ ਉਸ ਅਧਿਆਪਕ ਉੱਤੇ ਹਮਲਾ ਕੀਤਾ ਜਾਂਦਾ। ਪ੍ਰੀਖਿਆ ਸੁਪਰਡੈਂਟ ਦੁਆਰਾ ਵਧੀਆ ਢੰਗ ਨਾਲ ਲਈ ਜਾਂਦੀ ਪ੍ਰੀਖਿਆ ਲਈ ਉਹ ਸ਼ਾਬਾਸ਼ ਦਾ ਹੱਕਦਾਰ ਸੀ। ਖੈਰ, ਜੋ ਹੋਇਆ ਬਹੁਤ ਮਾੜਾ ਹੋਇਆ। ਇਹ ਸਭ ਦੇਖ ਕੇ ਵਿਦਿਆਰਥੀਆਂ ਵਿਚ ਨੈਤਿਕਤਾ ਦੀ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ। ਗੁਰੂ ਰੂਪ ਅਧਿਆਪਕ ਉੱਤੇ ਬੜੇ ਬੇਰਹਿਮ ਤਰੀਕੇ ਨਾਲ ਕੀਤਾ ਹਮਲਾ ਇਸ ਗੱਲ ਦਾ ਪ੍ਰਮਾਣ ਹੈ। ਸਿਰਫ ਡਿਗਰੀ ਲੈਣ ਨਾਲ ਹੀ ਕੋਈ ਸਿਆਣਾ ਜਾਂ ਸਮਝਦਾਰ ਨਹੀਂ ਹੋ ਜਾਂਦਾ। ਸਮਾਜ ਵਿਚ ਬਹੁਤ ਸਾਰੇ ਅਜਿਹੇ ਇਨਸਾਨ ਹਨ, ਜੋ ਬਿਲਕੁਲ ਅਨਪੜ੍ਹ ਹਨ ਪਰ ਉਹ ਬਹੁਤ ਉੱਚੀ ਸਮਝ ਦੇ ਮਾਲਕ ਹਨ। ਉਨ੍ਹਾਂ ਨੂੰ ਪਤਾ ਹੈ ਕਿ ਦੂਜੇ ਇਨਸਾਨ ਦੀ ਇੱਜ਼ਤ ਕਿਵੇਂ ਕਰਨੀ ਹੈ।
ਜਮਾਤ ਵਿਚ ਪੜ੍ਹਾਉਂਦੇ ਸਮੇਂ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਬਾਰੇ ਦੱਸਣਾ ਜਾਂ ਪੜ੍ਹਾਉਣਾ ਅੱਜ ਸਮੇਂ ਦੀ ਵੱਡੀ ਲੋੜ ਹੈ। ਮਨੁੱਖੀ ਜੀਵਨ ਵਿਚ ਨੈਤਿਕਤਾ ਦੀ ਬਹੁਤ ਮਹੱਤਤਾ ਹੈ। ਕਿਸੇ ਦੋਸਤ ਕੋਲੋਂ ਸੁਣੀ ਇਕ ਛੋਟੀ ਜਿਹੀ ਕਹਾਣੀ ਮੈਨੂੰ ਯਾਦ ਹੈ। ਕਹਿੰਦੇ ਇਕ ਬਹੁਤ ਹੀ ਸ਼ਰਾਰਤੀ ਕਿਸਮ ਦਾ ਨੌਜਵਾਨ ਸੀ। ਉਹ ਜਦੋਂ ਵੀ ਕਿਸੇ ਨੂੰ ਦੇਖਦਾ, ਉਸ ਨਾਲ ਅਧਿਆਪਕ ਮਖੌਲ ਕਰਨ ਲਗਦਾ ਜਾਂ ਕਈ ਵਾਰੀ ਥੱਪੜ ਜਾਂ ਧੱਕਾ-ਮੁੱਕੀ ਵੀ ਮਾਰ ਦਿੰਦਾ। ਇਕ ਵਾਰੀ ਉਸ ਨੇ ਕਿਸੇ ਬਜ਼ੁਰਗ ਬੰਦੇ ਨਾਲ ਅਧਿਆਪਕ ਮਖੌਲ ਕਰਨ ਤੋਂ ਬਾਅਦ ਉਸ ਨੂੰ ਧੱਕਾ ਮਾਰ ਦਿੱਤਾ। ਬਜ਼ੁਰਗ ਡਿਗ ਪਿਆ। ਬਜ਼ੁਰਗ ਨੇ ਉਠਦੇ ਸਾਰ ਨੌਜਵਾਨ ਨੂੰ ਆਪਣੇ ਖੀਸੇ 'ਚੋਂ ਇਕ ਰੁਪਿਆ ਕੱਢ ਕੇ ਇਨਾਮ ਵਜੋਂ ਦਿੱਤਾ। ਨੌਜਵਾਨ ਖੁਸ਼ ਹੋ ਗਿਆ। ਇਕ ਦਿਨ ਉਸ ਨੌਜਵਾਨ ਨੂੰ ਇਕ ਹਮਉਮਰ ਗੱਭਰੂ ਮਿਲ ਗਿਆ। ਉਹੀ ਕੁਝ ਜੋ ਉਸ ਨੇ ਉਸ ਦਿਨ ਬਜ਼ੁਰਗ ਨਾਲ ਕੀਤਾ ਸੀ, ਉਸ ਗੱਭਰੂ ਨਾਲ ਵੀ ਕੀਤਾ। ਨਤੀਜਾ ਬਹੁਤ ਗੰਭੀਰ ਨਿਕਲਿਆ ਅਤੇ ਸ਼ਰਾਰਤੀ ਨੌਜਵਾਨ ਨੂੰ ਮੂੰਹ ਦੀ ਖਾਣੀ ਪਈ। ਨੈਤਿਕ ਗੁਣਾਂ ਨਾਲ ਲੈਸ ਇਨਸਾਨ ਅਜਿਹੀਆਂ ਹੋਛੀਆਂ ਜਾਂ ਕੋਝੀਆਂ ਹਰਕਤਾਂ ਨਹੀਂ ਕਰਦਾ। ਜੇਕਰ ਨੈਤਿਕ ਕਦਰਾਂ-ਕੀਮਤਾਂ ਸਾਡੇ ਵਿਚ ਜਿਊਂਦੀਆਂ ਹੋਣਗੀਆਂ ਤਾਂ ਅਸੀਂ ਕਿਸੇ ਵੀ ਗ਼ਲਤ ਕੰਮ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਜ਼ਰੂਰ ਸੋਚਾਂਗੇ ਅਤੇ ਸਾਡੀ ਜ਼ਮੀਰ ਉਸ ਗ਼ਲਤ ਕੰਮ ਨੂੰ ਕਰਨ ਲਈ ਕਦੇ ਵੀ ਰਾਜ਼ੀ ਹੀ ਨਹੀਂ ਹੋਵੇਗੀ।
ਕੁਝ ਮਹੀਨੇ ਪਹਿਲਾਂ ਹਰਿਆਣਾ ਸੂਬੇ ਦੇ ਇਕ ਸਰਕਾਰੀ ਕਾਲਜ ਵਿਚ ਇਕ ਵਿਦਿਆਰਥੀ ਨੇ ਦਿਨ-ਦਿਹਾੜੇ ਇਕ ਪ੍ਰੋਫੈਸਰ ਨੂੰ ਗੋਲੀ ਮਾਰ ਕੇ ਕਾਲਜ ਵਿਚ ਹੀ ਮਾਰ ਦਿੱਤਾ। ਖ਼ਬਰ ਪੜ੍ਹ ਕੇ ਪਤਾ ਲੱਗਾ ਕਿ ਪ੍ਰੋਫੈਸਰ ਨੇ ਵਿਦਿਆਰਥੀ ਨੂੰ ਜਮਾਤ ਵਿਚ ਲੜਕੀਆਂ ਨਾਲ ਗੱਲ ਕਰਨ ਤੋਂ ਰੋਕਿਆ ਸੀ। ਜ਼ਿੰਦਗੀ ਦੇ ਨੈਤਿਕ ਪੱਖ ਤੋਂ ਵਿਹੂਣੇ ਵਿਦਿਆਰਥੀ ਦੇ ਅੰਨ੍ਹੇ ਗੁੱਸੇ ਨੇ ਇਕ ਅਧਿਆਪਕ ਦੀ ਜਾਨ ਲੈ ਲਈ। ਬਤੌਰ ਇਕ ਕਾਲਜ ਅਧਿਆਪਕ ਮੈਂ ਸਮਝਦਾ ਹਾਂ ਕਿ ਅੱਜ ਵਿਦਿਆਰਥੀਆਂ ਨੂੰ ਨੈਤਿਕ ਗੁਣ ਸਿਖਾਉਣਾ ਸਮੇਂ ਦੀ ਇਕ ਵੱਡੀ ਲੋੜ ਹੈ। ਕਿਤਾਬੀ ਪੜ੍ਹਾਈ ਕਰਨ ਨਾਲ ਵਿਦਿਆਰਥੀ ਕੋਲ ਡਿਗਰੀ ਤਾਂ ਆ ਜਾਂਦੀ ਹੈ ਪਰ ਜ਼ਿੰਦਗੀ ਦੇ ਨੈਤਿਕ ਪੱਖ ਤੋਂ ਉਹ ਅਣਜਾਣ ਰਹਿ ਜਾਂਦਾ ਹੈ। ਵਿੱਦਿਅਕ ਅਤੇ ਨੈਤਿਕ ਵਿਵਹਾਰ ਮਿਲ ਕੇ ਇਕ ਚੰਗੇ ਮਨੁੱਖ ਦਾ ਨਿਰਮਾਣ ਕਰਦੇ ਹਨ। ਰੋਜ਼ਾਨਾ ਦੇ ਟਾਈਮ ਟੇਬਲ ਵਿਚ ਤਕਰੀਬਨ 40 ਮਿੰਟ ਅਜਿਹੇ ਰੱਖਣੇ ਚਾਹੀਦੇ ਹਨ, ਜਿਸ ਦੌਰਾਨ ਅਧਿਆਪਕ ਵਿਦਿਾਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਨੈਤਿਕ ਗਿਆਨ ਵੀ ਦੇਣ। ਬੇਸ਼ੱਕ ਵਿਦਿਆਰਥੀ ਸ਼ੁਰੂ ਦੀਆਂ ਜਮਾਤਾਂ ਤੋਂ ਹੀ ਅਜਿਹੀਆਂ ਕਿਤਾਬਾਂ ਪੜ੍ਹਦੇ ਹਨ, ਜਿਨ੍ਹਾਂ ਤੋਂ ਬਹੁਤ ਕੁਝ ਨੈਤਿਕ ਸਿੱਖਣ ਨੂੰ ਮਿਲਦਾ ਹੈ ਪਰ ਕਾਲਜ ਪੱਧਰ 'ਤੇ ਇਸ ਗਿਆਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਅੱਜ ਜੋ ਵਿਦਿਆਰਥੀ ਅਧਿਆਪਕ 'ਤੇ ਹਮਲਾ ਕਰਦਾ ਹੈ, ਉਹ ਕੱਲ੍ਹ ਨੂੰ ਅਜਿਹਾ ਕੁਝ ਆਪਣੇ ਪਰਿਵਾਰ ਜਾਂ ਸਮਾਜ ਵਿਚ ਵੀ ਕਰ ਸਕਦਾ ਹੈ, ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਇਕ ਅਧਿਆਪਕ, ਵਿਦਿਆਰਥੀ ਨੂੰ ਇਕ ਚੰਗਾ ਨਾਗਰਿਕ ਬਣਾ ਸਕਦਾ ਹੈ। ਅਧਿਆਪਕ ਕੋਲ ਉਹ ਗਿਆਨ ਹੈ ਜੋ ਵਿਦਿਆਰਥੀ ਹੋਰ ਕਿਤਿਓਂ ਵੀ ਹਾਸਲ ਨਹੀਂ ਕਰ ਸਕਦਾ। ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਹੀ ਅਧਿਆਪਕ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਚਾਈਆਂ ਤੋਂ ਜਾਣੂ ਕਰਵਾਉਂਦੇ ਹੋਏ ਇਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸੋ ਆਓ, ਨੈਤਿਕਤਾ ਦੀ ਨੀਂਹ 'ਤੇ ਇਕ ਸੋਹਣਾ ਸਮਾਜ ਉਸਾਰਨ ਲਈ ਹੰਭਲਾ ਮਾਰੀਏ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਫ਼ਤਹਿਗੜ੍ਹ ਸਾਹਿਬ।
ਮੋਬਾ: 94784-60084

ਮਨੁੱਖੀ ਗ਼ਲਤੀਆਂ ਦਾ ਨਤੀਜਾ ਹੈ ਜਲ ਸੰਕਟ

ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਲ ਹੀ ਜੀਵਨ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਏਨੇ ਵਿਸ਼ਾਲ ਬ੍ਰਹਿਮੰਡ ਵਿਚ ਸਿਰਫ ਧਰਤੀ 'ਤੇ ਹੀ ਜੀਵਨ ਸੰਭਵ ਹੈ ਤੇ ਇਹ ਸੰਭਵ ਹੈ ਜਲ ਕਰਕੇ ਭਾਵ ਪਾਣੀ ਦੀ ਹੋਂਦ ਕਾਰਨ। ਇਸ ਸ੍ਰਿਸ਼ਟੀ ਦੀ ਰਚਨਾ ਸਮੇਂ ਸਭ ਤੋਂ ਪਹਿਲਾਂ ਜਲ-ਜੀਵ ਮੱਛੀ ਹੀ ਹੋਂਦ ਵਿਚ ਆਈ ਤੇ ਬਾਕੀ ਵਿਕਾਸ ਹੌਲੀ-ਹੌਲੀ ਹੁੰਦਾ ਗਿਆ ਤੇ ਮਨੁੱਖੀ ਵਿਕਾਸ ਤੱਕ ਆ ਪਹੁੰਚਿਆ। ਜਿਸ ਜਲ ਕਾਰਨ ਜੀਵ ਦੀ ਉਤਪਤੀ ਹੋਈ ਤੇ ਇਹ ਜੀਵਾਂ ਦੇ ਰੱਖਿਅਕ ਰੂਪ ਵਿਚ ਸਾਹਮਣੇ ਆਇਆ, ਅੱਜ ਉਸੇ ਜੀਵਨ ਰੱਖਿਅਕ ਦਾ ਆਪਣਾ ਜੀਵਨ ਖਤਰੇ ਵਿਚ ਹੈ। ਜਲ ਮਾਹਿਰਾਂ ਦੇ ਮੁਤਾਬਿਕ ਜਿਨ੍ਹਾਂ ਥਾਵਾਂ 'ਤੇ ਪਾਣੀ ਖ਼ਤਮ ਹੋ ਰਿਹਾ ਹੈ, ਉਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਧਰਤੀ ਉੱਪਰ ਪਾਣੀ ਘਟਣ ਨਾਲ ਸੋਕੇ ਅਤੇ ਧਰਤੀ ਦੇ ਤਾਪਮਾਨ ਵਿਚ ਵੀ ਭਾਰੀ ਵਾਧਾ ਹੋ ਰਿਹਾ ਹੈ, ਜਿਸ ਨਾਲ ਵਾਤਾਵਰਨ ਵਿਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ, ਧਰਤੀ ਦੇ ਧਰੁਵੀ ਖੇਤਰਾਂ ਉੱਤੇ ਸਦੀਆਂ ਤੋਂ ਜੰਮੀ ਬਰਫ ਦਾ ਪਿਘਲਣਾ, ਵਾਯੂਮੰਡਲ ਦੁਆਰਾ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਨੂੰ ਰੋਕਣ ਦੀ ਸਮਰੱਥਾ ਵਿਚ ਗਿਰਾਵਟ, ਸਮੁੰਦਰ ਦੇ ਪਾਣੀ ਦੇ ਪੱਧਰ ਦਾ ਵਧਣਾ, ਬਹੁਤ ਸਾਰੀ ਧਰਤੀ ਦਾ ਸਮੁੰਦਰੀ ਪਾਣੀ ਹੇਠਾਂ ਆਉਣਾ, ਮਾਰੂਥਲਾਂ ਵਿਚ ਭਾਰੀ ਵਾਧਾ ਭਾਵ ਧਰਤੀ ਤੋਂ ਜੀਵਨ ਦਾ ਅੰਤ ਆਦਿ ਸਮੱਸਿਆਵਾਂ ਪਾਣੀ ਸੰਕਟ ਦੀ ਹੀ ਦੇਣ ਆਖੀਆਂ ਜਾ ਸਕਦੀਆਂ ਹਨ। ਪਾਣੀ ਨੂੰ ਖਤਰੇ ਦੀ ਇਸ ਸਥਿਤੀ ਵਿਚ ਪਹੁੰਚਾਉਣ ਲਈ ਜ਼ਿੰਮੇਵਾਰ ਉਹੀ ਸਮੁੱਚੀ ਮਨੁੱਖ ਜਾਤੀ ਹੈ, ਜਿਸ ਦੇ ਆਪਣੇ ਜੀਵਨ ਦੇ ਨਿਰਮਾਣ ਲਈ ਇਹ ਅਤਿ ਜ਼ਰੂਰੀ ਹੈ।
ਅੰਕੜਿਆਂ ਅਨੁਸਾਰ ਇਕ ਵਿਅਕਤੀ ਹਰ ਰੋਜ਼ 91.6 ਲਿਟਰ ਪਾਣੀ ਇਸਤੇਮਾਲ ਕਰਦਾ ਹੈ। ਵੈਸੇ ਦੇਖਿਆ ਜਾਵੇ ਤਾਂ ਪਾਣੀ ਦਾ ਘਰੇਲੂ ਇਸਤੇਮਾਲ ਤੋਂ ਇਲਾਵਾ ਵਿਆਹਾਂ, ਮੁੰਡਨ, ਗਮੀ, ਸਮਾਗਮਾਂ, ਜਲਸਿਆਂ ਦੇ ਆਯੋਜਨਾਂ ਦੇ ਨਾਲ-ਨਾਲ ਦਫਤਰਾਂ, ਸਕੂਲਾਂ, ਕਾਲਜਾਂ, ਦੁਕਾਨਾਂ, ਕਾਰਖਾਨਿਆਂ, ਫੈਕਟਰੀਆਂ, ਕੰਮਕਾਜੀ ਥਾਵਾਂ ਆਦਿ ਵਿਚ ਪਾਣੀ ਦੀ ਖੁੱਲ੍ਹੇ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ। ਲਗਪਗ ਇਕ ਲਿਟਰ ਪੈਟਰੋਲ ਦੇ ਨਿਰਮਾਣ ਲਈ 10 ਤੋਂ 12 ਲਿਟਰ ਅਤੇ ਇਕ ਲਿਟਰ ਬੀਅਰ ਬਣਾਉਣ ਲਈ ਕੋਈ 25 ਲਿਟਰ ਪਾਣੀ ਦੀ ਖਪਤ ਹੁੰਦੀ ਹੈ। ਇਸੇ ਤਰ੍ਹਾਂ ਇਕ ਮੀਟਰ ਊਨੀ ਕੱਪੜਾ ਬਣਾਉਣ ਲਈ 10 ਹਜ਼ਾਰ ਲਿਟਰ ਪਾਣੀ, ਇਕ ਟਨ ਇਸਪਾਤ ਦੇ ਨਿਰਮਾਣ ਲਈ ਲਗਪਗ 2 ਲੱਖ ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਕਾਰਖਾਨਿਆਂ 'ਚੋਂ ਜਦ ਇਕ ਮੋਟਰ ਗੱਡੀ ਤਿਆਰ ਹੋ ਕੇ ਨਿਕਲਦੀ ਹੈ ਤਾਂ ਉਸ ਦੇ ਨਿਰਮਾਣ ਲਈ ਲਗਪਗ 3,90,000 ਲਿਟਰ ਪਾਣੀ ਇਸਤੇਮਾਲ ਹੋ ਚੁੱਕਾ ਹੁੰਦਾ ਹੈ। ਇਹ ਅੰਕੜੇ ਦੱਸਦੇ ਹਨ ਕਿ ਜੇਕਰ ਅਸੀਂ ਅੱਜ ਵੀ ਪਾਣੀ ਦੀ ਵਧ ਰਹੀ ਸਮੱਸਿਆ ਪ੍ਰਤੀ ਗੰਭੀਰ ਨਾ ਹੋਏ ਤਾਂ 2025 ਤੱਕ ਅਸੀਂ 2/3 ਤਾਜ਼ਾ ਪਾਣੀ ਖ਼ਤਮ ਕਰ ਲਵਾਂਗੇ। ਸੋ, ਸਾਨੂੰ ਇਸ ਸਮੁੱਚੇ ਜਲ ਸੰਕਟ ਨੂੰ ਇਕ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਔਕੜਾਂ ਨੂੰ ਪਾਰ ਕੀਤਿਆਂ ਹੀ ਖ਼ੁਸ਼ਹਾਲੀ ਆਵੇਗੀ

ਵਾਕਿਆ ਹੀ ਸਹੀ ਗੱਲ ਹੈ ਜਿਸ ਦੇਸ਼ ਦਾ ਅੰਨਦਾਤਾ ਖੁਸ਼ ਹੈ, ਸਮਝੋ ਸਾਰਾ ਜੱਗ ਖੁਸ਼ ਹੈ। ਅੰਨਦਾਤਾ ਹੀ ਇਕ ਅਜਿਹਾ ਸ਼ਖ਼ਸ ਹੈ, ਜੋ ਸਾਰਿਆਂ ਨੂੰ ਰੋਟੀ ਦਿੰਦਾ ਹੈ, ਕੰਮ ਦਿੰਦਾ ਹੈ। ਆਪਣੇ ਸਿਰ 'ਤੇ ਧੁੱਪਾਂ ਸਹਿੰਦਾ ਹੈ। ਸੱਪਾਂ ਦੀਆਂ ਸਿਰਦੀਆਂ ਮਿੱਧਦਾ ਹੈ। ਮਿਹਨਤ ਕਰਦਾ ਹੈ ਸਿਰਫ ਜੱਗ ਲਈ। ਮੇਰੇ ਅੰਨਦਾਤਾ ਦੀ ਖੁਸ਼ੀ ਵਿਚ ਹੀ ਸਭ ਦੀ ਖੁਸ਼ੀ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ। ਹਰੇਕ ਫੁੱਲਾਂ, ਬ੍ਰਿਛਾਂ ਦੇ ਚਿਹਰੇ ਖਿਲੇ ਹੁੰਦੇ ਹਨ, ਉਸੇ ਤਰ੍ਹਾਂ ਜਦੋਂ ਅੰਨਦਾਤਾ ਦੀ ਫਸਲ ਮੰਡੀ ਵਿਚ ਆਉਂਦੀ ਹੈ ਤਾਂ ਸਾਰੇ ਕਾਰੋਬਾਰੀਆਂ ਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ। ਸਾਰੇ ਛੋਟੇ-ਵੱਡੇ ਕਾਰੋਬਾਰ ਸ਼ੁਰੂ ਹੋ ਜਾਂਦੇ ਹਨ। ਇਹ ਸਾਰੇ ਕਾਰੋਬਾਰੀ ਅੰਨਦਾਤਾ ਦੇ ਭਰੋਸੇ 'ਤੇ ਬੈਠੇ ਹੁੰਦੇ ਹਨ ਕਿ ਕਦੋਂ ਅੰਨਦਾਤਾ ਦੀ ਫਸਲ ਮੰਡੀ ਵਿਚ ਆਵੇ ਤੇ ਕਦੋਂ ਉਨ੍ਹਾਂ ਦੇ ਕਾਰੋਬਾਰ ਸ਼ੁਰੂ ਹੋਣ ਪਰ ਅੱਜ ਅੰਨਦਾਤਾ ਔਖਾ ਹੈ, ਖੁਦਕੁਸ਼ੀਆਂ ਦਾ ਰਾਹ ਅਪਣਾ ਰਿਹਾ ਹੈ। ਮਹਿੰਗੇ ਖਾਦ, ਮਹਿੰਗੇ ਬੀਜ, ਮਹਿੰਗੇ ਖੇਤੀ ਸੰਦ, ਮੌਸਮ ਦੀ ਮਾਰ, ਆੜ੍ਹਤੀਆਂ, ਬੈਂਕਾਂ ਦੇ ਕਰਜ਼ੇ ਇਹ ਅੰਨਦਾਤਾ ਨੂੰ ਉੱਠਣ ਨਹੀਂ ਦਿੰਦੇ। ਵੱਡਾ ਅੰਨਦਾਤਾ ਤਾਂ ਇਹ ਸਭ ਕੁਝ ਸਹਿ ਸਕਦਾ ਹੈ ਪਰ ਛੋਟਾ ਬੇਵੱਸ ਹੋ ਜਾਂਦਾ ਹੈ। ਉਹ ਬੈਂਕਾਂ ਤੋਂ, ਆੜ੍ਹਤੀਏ ਤੋਂ ਕਰਜ਼ਾ ਲੈ ਕੇ ਖੇਤੀ ਕਰੀ ਜਾਂਦਾ ਹੈ। ਜਦ ਫਸਲ ਲੈ ਕੇ ਆੜ੍ਹਤੀਏ ਕੋਲ ਜਾਂਦਾ ਹੈ, ਸੋਚਦਾ ਹੈ ਕਿ ਐਤਕੀਂ 6 ਮਹੀਨੇ ਸੌਖੇ ਨਿਕਲ ਜਾਣਗੇ। ਜੁਆਕਾਂ ਦਾ ਲੀੜਾ-ਲੱਤਾ ਵੀ ਲਿਆ ਜਾਵੇਗਾ। ਧੀ ਦੇ ਵੀ ਹੱਥ ਪੀਲੇ ਕੀਤੇ ਜਾਣਗੇ ਪਰ ਜਦੋਂ ਉਹ ਆੜ੍ਹਤੀਏ ਨਾਲ ਹਿਸਾਬ ਕਰਦਾ ਹੈ ਤਾਂ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਤਾਂ ਉਸ ਦਾ ਉਥੇ ਹੀ ਬਲੱਡ ਪ੍ਰੈਸ਼ਰ ਥੱਲੇ ਹੋ ਜਾਂਦਾ ਹੈ। ਜਦ ਬੈਂਕ ਵਾਲੇ, ਆੜ੍ਹਤੀਏ ਅੰਨਦਾਤਾ ਨੂੰ ਕਰਜ਼ਾ ਮੋੜਨ ਲਈ ਕਹਿੰਦੇ ਹਨ, ਉਸ ਨੂੰ ਤੰਗ ਕਰਦੇ ਹਨ, ਫਿਰ ਉਸ ਨੂੰ ਕੋਈ ਰਾਹ ਨਹੀਂ ਦਿਸਦਾ, ਜਿਸ ਨਾਲ ਉਹ ਕਰਜ਼ਾ ਮੋੜ ਸਕੇ, ਬੱਚਿਆਂ ਦਾ ਪੇਟ ਪਾਲ ਸਕੇ, ਇਸ ਕਰਕੇ ਉਹ ਖੁਦਕੁਸ਼ੀ ਦਾ ਰਾਹ ਅਪਣਾ ਲੈਂਦਾ ਹੈ।
ਮੇਰੇ ਅੰਨਦਾਤਾ ਇਹ ਖੁਦਕੁਸ਼ੀ ਦਾ ਰਾਹ ਕੋਈ ਸੌਖਾ ਨਹੀਂ। ਖੁਦਕੁਸ਼ੀ ਕਰਕੇ ਤੁਸੀਂ ਆਪ ਤਾਂ ਕਰਜ਼ੇ ਦੀ ਪੰਡ ਤੋਂ ਹੌਲੇ ਹੋ ਜਾਵੋਗੇ ਪਰ ਪਿੱਛੇ ਸਾਰੇ ਪਰਿਵਾਰ ਨੂੰ ਕੰਡਿਆਲੀਆਂ ਰਾਹੀਂ 'ਤੇ ਤੋਰ ਜਾਵੋਗੇ। ਬੱਚੇ ਸਾਰੀ ਉਮਰ ਵਿਲਕਦੇ ਰਹਿਣਗੇ। ਉਹ ਜ਼ਮੀਨ, ਜਿਸ ਨੂੰ ਸਾਰੀ ਉਮਰ ਗਲ ਨਾਲ ਲਾ ਕੇ ਰੱਖਦਾ ਸੀ, ਧਾਹਾਂ ਮਾਰ-ਮਾਰ ਰੋਵੇਗੀ। ਤੇਰੇ ਤੋਂ ਬਾਅਦ ਕੌਣ ਪਰਿਵਾਰ ਨੂੰ ਸੰਭਾਲੇਗਾ? ਕੌਣ ਧੀ ਨੂੰ ਹੱਥ ਪੀਲੇ ਕਰਕੇ ਤੋਰੇਗਾ? ਮੇਰੇ ਅੰਨਦਾਤਾ ਖੁਦਕੁਸ਼ੀ ਨਾ ਕਰੋ, ਸਗੋਂ ਹਾਲਾਤ ਨਾਲ ਮੁਕਾਬਲਾ ਕਰੋ। ਇਹ ਖੁਦਕੁਸ਼ੀ ਦਾ ਰਾਹ ਕਾਇਰਤਾ ਵਾਲਾ ਰਾਹ ਹੈ, ਇਸ ਨੂੰ ਨਾ ਅਪਣਾਓ, ਸਗੋਂ ਆਪਣੇ ਪਰਿਵਾਰ ਵਿਚ ਰਹੋ। ਆਪ ਖੁਸ਼ ਰਹੋ ਤੇ ਪਰਿਵਾਰ ਨੂੰ ਖੁਸ਼ ਰੱਖੋ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅੰਨਦਾਤਾ ਵੱਲ ਧਿਆਨ ਦੇਵੋ। ਇਨ੍ਹਾਂ ਦੇ ਖੇਤੀ ਸੰਦ, ਖਾਦ, ਬੀਜ ਸਸਤੀ ਹੋਵੇ ਤਾਂ ਕਿ ਉਹ ਆਸਾਨੀ ਨਾਲ ਖੇਤੀ ਕਰਕੇ ਆਪ ਖੁਸ਼ ਰਹੇ ਤੇ ਸਭ ਨੂੰ ਖੁਸ਼ ਰੱਖੇ।

-102, ਵਿਜੈ ਨਗਰ, ਜਗਰਾਉਂ। ਮੋਬਾ: 99146-37239

ਅਜੋਕੀ ਪੀੜ੍ਹੀ ਬਨਾਮ ਸੋਸ਼ਲ ਮੀਡਿਆ

ਵਿਗਿਆਨੀਆਂ ਦੁਆਰਾ ਸੋਸ਼ਲ ਮੀਡਿਆ ਸੰਚਾਰ ਦੇ ਹਾਰਡਵੇਅਰ ਯੰਤਰ ਜਿਵੇਂ ਕਿ ਟੈਲੀਫੋਨ, ਮੋਬਾਈਲ ਫੋਨ, ਕੰਪਿਊਟਰ , ਲੈਪਟਾਪ ਆਦਿ ਦੀ ਖੋਜ ਅਤੇ ਇਨ੍ਹਾਂ ਵਿਚ ਚੱਲਣ ਵਾਲੇ ਸਾਫ਼ਟਵੇਅਰ ਪ੍ਰੋਗਰਾਮ ਅਤੇ ਐਪਲੀਕੇਸ਼ਨਾਂ (ਐਪਸ) ਜਿਵੇਂ ਕਿ ਈਮੇਲ, ਫ਼ੇਸਬੁੱਕ, ਵੱਟਸਐਪ, ਵੀਚੈਟ, ਮੈਸੇਂਜਰ, ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਹੋਰ ਕਈ ਪ੍ਰਕਾਰ ਦੀਆਂ ਐਪਸ ਦੀ ਖੋਜ ਤਾਂ ਦੁਨੀਆ ਭਰ ਦੀ ਜਾਣਕਾਰੀ ਇਕੱਠੀ ਕਰਨ ਤੇ ਵਿੱਦਿਆ ਅਤੇ ਕਿੱਤੇ ਦੇ ਖੇਤਰ ਵਿਚ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ। ਜਨਤਾ ਦੀ ਸਹੂਲਤ ਲਈ ਅਤੇ ਜਾਣਕਾਰੀ ਵਿਚ ਵਾਧਾ ਕਰਨ ਲਈ ਕੀਤੀ, ਤਾਂ ਕਿ ਸਮੇਂ ਦੀ ਬਰਬਾਦੀ ਕੀਤੇ ਬਿਨਾਂ ਦਿਨਾਂ, ਹਫ਼ਤਿਆਂ, ਮਹੀਨਿਆਂ, ਸਾਲਾਂ ਵਿਚ ਹੋਣ ਵਾਲੇ ਕੰਮ ਅਸੀਂ ਮਿੰਟਾਂ, ਸਕਿੰਟਾਂ ਅਤੇ ਘੰਟਿਆਂ ਵਿਚ ਕਰ ਸਕੀਏ ਅਤੇ ਮੁਲਕ 'ਤਰੱਕੀ ਦੀ ਰਾਹ' ਉੱਤੇ ਚੱਲ ਸਕੇ।
ਪਰ ਅੱਜ ਦੀ ਨੌਜਵਾਨ ਪੀੜ੍ਹੀ ਦੀ ਅੱਧੀ ਨਾਲੋਂ ਵੱਧ ਆਬਾਦੀ ਇਨ੍ਹਾਂ ਅਰਥਾਂ ਨੂੰ ਨਜ਼ਰਅੰਦਾਜ ਕਰਕੇ ਪਤਾ ਨਹੀਂ ਕਿਹੜੇ ਰਾਹ 'ਤੇ ਤੁਰ ਰਹੀ ਹੈ, ਸ਼ਾਇਦ ਉਹ ਰਾਹ ਹੈ 'ਫ਼ੁਕਰਬਾਜ਼ੀਆਂ ਦੀ ਰਾਹ'।
ਜ਼ਰੂਰੀ ਸੂਚਨਾ ਅੱਪਲੋਡ ਹੋਵੇ ਜਾਂ ਨਾ ਹੋਵੇ ਪਰ ਅਸੀਂ-
'ਕਿੱਥੇ ਜਾਂਦੇ ਹਾਂ'
'ਕੀ ਕਰਦੇ ਹਾਂ'
'ਕੀ ਖਰੀਦਦੇ ਹਾਂ'
'ਕੀ ਖਾਂਦੇ-ਪੀਂਦੇ ਹਾਂ'
ਅਤੇ ਹੋਰ ਕਈ ਗੱਲਾਂ ਬਾਰੇ ਜਾਣਕਾਰੀ ਸਮੇਂ-ਸਮੇਂ 'ਤੇ ਅੱਪਡੇਟ ਰੱਖਦੇ ਹਾਂ। ਇੱਥੋਂ ਤੱਕ ਕਿ ਸਾਡੇ ਮਨਾਂ 'ਚ ਕੀ ਹੈ, ਦਿਲੋ-ਦਿਮਾਗ ਵਿਚ ਕੀ ਹੈ, ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹਨ, ਸਭ ਕੁਝ ਅੱਪਡੇਟ ਰੱਖਦੇ ਹਾਂ।
ਵੰਨ-ਸੁਵੰਨੀਆਂ ਸੈਲਫ਼ੀਆਂ ਦੀ ਆੜ ਵਿਚ ਲੋਕ ਕਈ ਵਾਰ ਮੌਤ ਨੂੰ ਵੀ ਸੱਦਾ ਦੇ ਬੈਠਦੇ ਹਨ। ਆਪਣੀ ਨਿੱਜੀ ਜ਼ਿੰਦਗੀ ਦਾ, ਦੋਸਤਾਂ-ਮਿੱਤਰਾਂ ਨਾਲ ਗਿਲੇ-ਸ਼ਿਕਵਿਆਂ ਦਾ, ਆਪਣੇ ਪਿਆਰ-ਮੁਹੱਬਤ ਤੇ ਰੁਮਾਂਸ ਦਾ ਵੀ ਵੱਟਸਐਪ ਅਤੇ ਫ਼ੇਸਬੁੱਕ 'ਤੇ ਖੁੱਲ੍ਹੇਆਮ ਪ੍ਰਚਾਰ ਹੈ। ਅਸਲ ਵਿਚ ਆਪਣੀ ਕੋਈ ਡੀ.ਪੀ. ਜਾਂ ਸਟੇਟਸ ਜਾਂ ਕੋਈ ਪ੍ਰੋਫ਼ਾਈਲ ਫ਼ੋਟੋ ਤਾਂ ਆਪਣੀ ਪਹਿਚਾਣ ਵਾਸਤੇ ਹੁੰਦੀ ਹੈ ਕਿ ਅਸੀਂ ਕੌਣ ਹਾਂ, ਕੀ ਅਹੁਦਾ ਜਾਂ ਕੰਮਕਾਰ ਹੈ, ਅਸੀਂ ਕੀ ਕਰ ਰਹੇ ਹਾਂ, ਵਿਹਲੇ ਹਾਂ ਜਾਂ ਬਿਜ਼ੀ ਹਾਂ ਆਦਿ ਪਰ ਹੁਣ ਤਾਂ ਇਕ ਰੁਝਾਨ ਜਿਹਾ ਬਣ ਗਿਆ ਹੈ ਕਿ ਜਦ ਵੀ ਕਿਸੇ ਦੀ ਪ੍ਰੋਫ਼ਾਈਲ ਵੱਲ ਧਿਆਨ ਮਾਰੀਦਾ ਹੈ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਕੋਈ ਕਿਸੇ ਨੂੰ ਅਪ੍ਰਤੱਖ ਰੂਪ ਵਿਚ ਕੁਝ ਨਾ ਕੁਝ ਕਹਿ ਜਾਂ ਸਮਝਾ ਰਿਹਾ ਹੋਵੇ ਜਾਂ ਕੋਈ ਤਾਅਨੇ-ਮਿਹਣੇ ਅਤੇ ਗਿਲੇ-ਸ਼ਿਕਵੇ ਪ੍ਰਗਟ ਕਰ ਰਿਹਾ ਹੋਵੇ। ਹੁਣ ਇਹ ਸਟੇਟਸ ਤੇ ਪ੍ਰੋਫ਼ਾਈਲਜ਼ ਇਕ ਪਹਿਚਾਣ ਨਾ ਰਹਿ ਕੇ ਇਕ-ਦੂਜੇ 'ਤੇ ਅਪ੍ਰਤੱਖ ਰੂਪ ਵਿਚ ਵਾਰ ਅਤੇ ਸ਼ਬਦ-ਬਾਣ ਬਣ ਗਏ ਹਨ। ਅਸੀਂ ਟੈਕਨਾਲੋਜੀ ਦੀ ਸਹੀ ਵਰਤੋਂ ਭੁੱਲਦੇ ਜਾ ਰਹੇ ਹਾਂ, ਜਾਣਕਾਰੀ ਭਰਪੂਰ ਸੋਮਿਆਂ ਦੀ ਵਰਤੋਂ ਮਨੋਰੰਜਨ ਦੇ ਸਾਧਨ ਦੇ ਰੂਪ ਵਿਚ ਹੋ ਰਹੀ ਹੈ, ਅੱਲੜ੍ਹ ਉਮਰ ਵਿਚ ਇਸ ਦਾ ਸਦਉਪਯੋਗ ਕਰਨ ਦੀ ਸੇਧ ਦੇਣਾ ਸਮੇਂ ਦੀ ਜ਼ਰੂਰਤ ਬਣ ਚੁੱਕੀ ਹੈ ਤੇ ਇਹ ਕੰਮ ਸਾਨੂੰ ਸਭ ਨੂੰ ਮਿਲ ਕੇ ਹੀ ਕਰਨਾ ਪਵੇਗਾ। ਇਹ ਮੰਨ ਕੇ ਚੱਲਣਾ ਪਵੇਗਾ ਕਿ ਇਹ ਸਾਡੀ ਸਾਰਿਆਂ ਦੀ ਨਿੱਜੀ ਅਤੇ ਸਾਂਝੀ ਜ਼ਿੰਮੇਵਾਰੀ ਹੈ।

-ਸ.ਸ.ਸ. ਸਕੂਲ, ਰੱਲੀ, ਮਾਨਸਾ।
ਮੋਬਾ: 828383283

ਪੰਜਾਬ ਵਹਿੰਦਾ ਜਾ ਰਿਹਾ ਨਸ਼ਿਆਂ ਦੇ ਛੇਵੇਂ ਦਰਿਆ ਵਿਚ

ਪੰਜਾਂ ਦਰਿਆਵਾਂ ਦੀ ਧਰਤੀ ਉੱਪਰ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਠਾਠਾਂ ਮਾਰਦਾ ਵਗ ਰਿਹਾ ਹੈ, ਜੋ ਕਿ ਹਰ ਰੋਜ਼ ਅਨੇਕਾਂ ਘਰਾਂ ਦੇ ਹਾਸੇ, ਖੇੜੇ, ਖ਼ੁਸ਼ੀਆਂ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ ਹੈ। ਸਰਕਾਰਾਂ ਸਭ ਕੁਝ ਮੂਕ-ਦਰਸ਼ਕ ਬਣ ਕੇ ਵੇਖ ਰਹੀਆਂ ਹਨ। ਹਰ ਸੂਝਵਾਨ ਵਿਅਕਤੀ ਚਿੰਤਤ ਹੈ। ਕਈ ਪਿੰਡਾਂ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਪੂਰੀ ਤਰ੍ਹਾਂ ਗ੍ਰਸਤ ਹੈ। ਨਸ਼ਿਆਂ ਦੇ ਏਨੀ ਤੇਜ਼ੀ ਨਾਲ ਪੈਰ ਪਸਾਰਨ ਦੇ ਬਹੁਤ ਸਾਰੇ ਕਾਰਨ ਹਨ। ਪੜ੍ਹਨ ਸਮੇਂ ਪਂੇਡੂ ਸਕੂਲਾਂ ਸਾਹਮਣੇ ਬਣੀਆਂ ਛੋਟੀਆਂ-ਛੋਟੀਆਂ ਦੁਕਾਨਾਂ ਉੱਪਰ ਜਦੋਂ ਇਹ ਕੋਈ ਕਾਪੀ ਕਿਤਾਬ ਲੈਣ ਜਾਂਦੇ ਹਨ ਤਾਂ ਉਥੋਂ ਅਜਿਹੀਆਂ ਨਸ਼ੀਲੀਆਂ ਵਸਤਾਂ ਆਮ ਅਤੇ ਸਸਤੀਆਂ ਮਿਲ ਜਾਂਦੀਆਂ ਹਨ। ਜਿਥੋਂ ਨਸ਼ੇ ਦੀ ਸ਼ੁਰੂਆਤ ਹੁੰਦੀ ਹੈ। ਇਸੇ ਤਰ੍ਹਾਂ ਖੇਤੀਬਾੜੀ ਅਤੇ ਹੋਰ ਕੰਮ ਕਰਨ ਵਾਲੇ ਨੌਜਵਾਨ ਕੰਮ ਅਤੇ ਜ਼ੋਰ ਵਾਲੇ ਦਿਨਾਂ ਵਿਚ ਨਸ਼ੇ ਸ਼ੁਰੂ ਕਰ ਲੈਂਦੇ ਹਨ ਜੋ ਕਿ ਇਕ ਦਿਨ ਪੱਕੀ ਆਦਤ ਬਣ ਜਾਂਦੀ ਹੈ। ਪੜ੍ਹੇ-ਲਿਖੇ ਪੇਂਡੂ ਨੌਜਵਾਨਾਂ ਵਿਚ ਬੇਰੁਜ਼ਗਾਰੀ ਵੀ ਵੱਡਾ ਕਾਰਨ ਹੈ ਨਸ਼ਿਆਂ ਦਾ। ਨਸ਼ਿਆਂ ਦੇ ਨੁਕਸਾਨ ਹੀ ਨੁਕਸਾਨ ਹਨ ਲਾਭ ਕੋਈ ਨਹੀਂ। ਸਰੀਰਕ, ਸਮਾਜਿਕ ਤੇ ਆਰਥਿਕ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਜਿੰਨੀਆਂ ਵੀ ਮਾੜੀਆਂ ਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਨਸ਼ਈਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਪੰਜਾਬ ਦੇ ਪਿੰਡਾਂ ਵਿਚ ਕੋਈ ਟਾਵਾਂ-ਟਾਵਾਂ ਨੌਜਵਾਨ ਹੀ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਹੈ। ਜੋ ਕਿ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪੰਜਾਬ ਦੇ ਬਹੁਤ ਸਾਰੇ ਗੀਤਕਾਰ ਅਤੇ ਗਾਇਕ ਕਲਾਕਰ ਵੀ ਇਸ ਬਿਮਾਰੀ ਨੂੰ ਫੈਲਾਉਣ ਲਈ ਜ਼ਿੰਮੇਵਾਰ ਹਨ। ਸਾਡੇ ਗੁਰੂਆਂ ਨੇ ਪਵਿੱਤਰ ਬਾਣੀ ਰਾਹੀਂ ਨਸ਼ਿਆਂ ਤੋਂ ਵਰਜਿਆ ਹੈ। ਜਿਸ ਦਾ ਪ੍ਰਚਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਸੰਘ ਵੱਲੋਂ ਪ੍ਰਮਾਣਿਤ ਦਿਨ 31 ਮਈ ਅਤੇ 26 ਜੂਨ ਵੱਡੀ ਪੱਧਰ 'ਤੇ ਪੰਜਾਬ ਦੇ ਪਿੰਡਾਂ ਵਿਚ ਮਨਾਉਣੇ ਚਾਹੀਦੇ ਹਨ। ਸੰਵਿਧਾਨ ਦੀ ਧਾਰਾ 47 ਸਖ਼ਤੀ ਨਾਲ ਲਾਗੂ ਹੋਣੀ ਚਾਹੀਦੀ ਹੈ। ਜਿਹੜੇ ਨਸ਼ਿਆਂ ਤੋਂ ਸਰਕਾਰ ਨੂੰ ਮੋਟੀ ਆਮਦਨ ਹੁੰਦੀ ਹੈ ਉਸ ਆਮਦਨ ਦੇ ਬਦਲ ਲਈ ਹੋਰ ਸਾਧਨ ਲੱਭਣੇ ਚਾਹੀਦੇ ਹਨ। ਟੂਰਨਾਮੈਂਟ ਜਿਹੜੇ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਏ ਜਾਂਦੇ ਹੋਣ ਉਥੇ ਵੀ ਟੂਰਨਾਮੈਂਟ ਦੀ ਸਮਾਪਤੀ 'ਤੇ ਟੀਕੇ ਲਾਉਣ ਵਾਲੀਆਂ ਸਰਿੰਜਾਂ, ਸ਼ੀਸ਼ੀਆਂ, ਨਸ਼ੇ ਵਾਲੀਆਂ ਗੋਲੀਆਂ ਦੇ ਢੇਰ ਆਮ ਵੇਖੇ ਜਾਂਦੇ ਹਨ। ਕਈ ਥਾਵਾਂ 'ਤੇ ਤਾਂ ਟੂਰਨਾਮੈਂਟ ਕਮੇਟੀ ਵੀ ਆਖ਼ਰੀ ਦਿਨ ਟੁੰਨ ਵੇਖਣ ਨੂੰ ਮਿਲਦੀ ਹੈ। ਵਿੱਦਿਆ ਮੰਦਰਾਂ ਦੇ ਆਸੇ-ਪਾਸੇ ਵੀ ਨਸ਼ੇ ਵਰਤ ਕੇ ਸੁਟਿਆ ਸਾਮਾਨ ਆਮ ਵੇਖਣ ਨੂੰ ਮਿਲਦਾ ਹੈ ਇਸ ਤੋਂ ਵੱਧ ਸ਼ਰਮ ਵਾਲੀ ਕਿਹੜੀ ਗੱਲ ਹੋਵੇਗੀ। ਸਿੰਗਾਪੁਰ, ਚੀਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਵੀਅਤਨਾਮ ਵਾਂਗ ਨਸ਼ੇ ਦੇ ਸੌਦਾਗਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਦੁਕਾਨਾਂ ਜੋ ਕਿ ਸਕੂਲਾਂ ਅਤੇ ਕਾਲਜਾਂ ਦੇ ਨੇੜੇ ਹੋਣ ਉਨ੍ਹਾਂ ਉਪਰ ਤਿੱਖੀ ਨਜ਼ਰ ਰੱਖੀ ਜਾਵੇ। ਸਮੁੱਚੇ ਸੂਝਵਾਨ ਪੰਜਾਬੀਆਂ ਨੂੰ ਇਹ ਮਹਾਂਮਾਰੀ ਰੋਕਣ ਲਈ ਆਪਣਾ-ਆਪਣਾ ਬਣਦਾ ਯੋਗਦਨ ਪਾਉਣਾ ਚਾਹੀਦਾ ਹੈ। ਧਾਰਮਿਕ ਲੋਕਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਆਓ ਰਲ ਕੇ ਹੰਭਲਾ ਮਾਰੀਏ। ਹੁਣ ਤਾਂ ਹਰ ਰੋਜ਼ ਦਰਜਨਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਮਾਵਾਂ, ਭੈਣਾਂ ਦੇ ਕੀਰਨੇ ਅਤੇ ਵੈਣ ਸੁਣੇ ਨਹੀਂ ਜਾਂਦੇ। ਪੁਲਿਸ ਅਤੇ ਸਿਆਸਤਦਾਨਾਂ ਦੀ ਇਸ ਬੇਹਦ ਮਾੜੇ ਰੁਝਾਨ ਵਿਚ ਸ਼ਮੂਲੀਅਤ ਹੋਣੀ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਇਸ ਨਸ਼ੀਲੇ ਪੰਜਾਬ ਦੀ ਥਾਂ ਪਹਿਲਾਂ ਵਾਲੇ ਰੰਗੀਲੇ ਪੰਜਾਬ ਨੂੰ ਵਾਪਸ ਮੋੜ ਕੇ ਲਿਆਈਏ ਅਤੇ ਨੌਜਵਾਨ ਪੀੜ੍ਹੀ ਨੂੰ ਬਚਾਈਏ। ਅੰਤ ਵਿਚ ਮੈਂ ਆਪਣੇ ਲਿਖੇ ਸ਼ਿਅਰ ਨਾਲ ਲਿਖਤ ਖ਼ਤਮ ਕਰਾਂਗਾ। 'ਜ਼ਿੰਦਗੀ ਦੇ ਸੋਹਣੇ ਸਾਜ 'ਤੇ ਨਾ ਛੋਹ ਨਸ਼ਿਆਂ ਦਾ ਗੀਤ, ਏਹਦੀ ਹਾਸਿਆਂ ਨਾਲ ਹੈ ਦੁਸ਼ਮਣੀ ਏਹਦੀ ਰੋਣਿਆਂ ਨਾਲ ਪ੍ਰੀਤ।'

-ਗਿੱਲ ਨਗਰ ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ)
ਮੋਬਾਈਲ : 9463542896.

ਨਸ਼ਿਆਂ ਦਾ ਦਰਿਆ

ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਪੰਜਾਬ, ਅੱਜ ਨਸ਼ਿਆਂ ਦੇ ਦਰਿਆ 'ਚ ਡੁੱਬਦੀ ਨਜ਼ਰ ਆ ਰਹੀ ਹੈ। ਹਰ ਦਿਨ ਕਿਸੇ ਨੌਜਵਾਨ ਦੀ ਨਸ਼ਿਆਂ ਕਾਰਨ ਹੁੰਦੀ ਮੌਤ ਨੇ ਲੋਕਾਂ ਦੇ ਦੰਦਾਂ ਹੇਠ ਜੀਭ ਲਿਆ ਦਿੱਤੀ ਹੈ, ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਇਸ ਸਮਾਜਿਕ ਬੁਰਾਈ 'ਤੇ ਕਾਬੂ ਪਾਉਣ 'ਚ ਸਰਕਾਰੀ ਢਾਂਚਾ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ।
ਮੌਤ ਦਾ ਵੱਡਾ ਕਾਰਨ ਬਣਦੇੇ ਸਿੰਥੈਟਿਕ ਨਸ਼ਿਆਂ ਨੇ ਪੰਜਾਬ ਵਿਚ ਬੜੀ ਤੇਜ਼ੀ ਨਾਲ ਨੌਜਵਾਨ ਪੀੜ੍ਹੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਤਿਹਾਸ ਗਵਾਹ ਹੈ ਕਿ ਜਿਸ ਦੇਸ਼ ਜਾਂ ਕੌਮ ਦਾ ਨੌਜਵਾਨ ਆਪਣੇ ਰਸਤੇ ਤੋਂ ਭਟਕ ਜਾਵੇ, ਉੱਥੇ ਖੁਸ਼ਹਾਲੀਆਂ ਬਹੁਤਾ ਚਿਰ ਨਹੀਂ ਰਹਿੰਦੀਆਂ। ਜਿਨ੍ਹਾਂ ਹੱਥਾਂ ਨੇ ਰੁਜ਼ਗਾਰ ਕਰਕੇ ਬੁੱਢੇ ਮਾਂ-ਬਾਪ ਦਾ ਬੁਢਾਪੇ 'ਚ ਸਹਾਰਾ ਬਣਨਾ ਸੀ, ਉਹ ਹੱਥ ਨਸ਼ਿਆਂ ਦੀ ਭੀਖ ਮੰਗ ਰਹੇ ਹਨ। ਨਸ਼ਾ ਵੇਚ ਕੇ ਆਪ ਮੋਟੀਆਂ ਕਮਾਈਆਂ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਪਤਾ ਨਹੀਂ ਕਿੰਨੇ ਹੀ ਘਰਾਂ ਦੇ ਨੌਜਵਾਨ ਪੁੱਤਾਂ ਨੂੰ ਖਾਕ ਕਰ ਦਿੱਤਾ ਹੈ। ਕੁੜੀਆਂ ਨੂੰ ਗੁੰਮਰਾਹ ਕਰਕੇ ਨਸ਼ਾ ਕਰਵਾਉੁੁਣ ਦੀਆਂ ਆਈਆਂ ਖ਼ਬਰਾਂ ਨੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਕਾਨੂੰਨ ਨੂੰ ਬਣਾ ਕੇ ਰੱਖਣ ਵਾਲੀਆਂ ਸਰਕਾਰਾਂ ਆਪਣੇ ਟੀਚੇ ਤੋਂ ਅਸਫ਼ਲ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜੋ ਕਿ ਸਮਾਜ ਅਤੇ ਲੋਕਤੰਤਰ ਲਈ ਇਕ ਖ਼ਤਰੇ ਦੀ ਘੰਟੀ ਹੈ।
ਸੋਚਣ ਵਾਲੀ ਗੱਲ ਹੈ ਇਹ ਕਿ ਰਾਤੋ-ਰਾਤ ਨਵੇਂ ਨਵੇਂ ਕਾਨੂੰਨ ਬਣਾਉਣ ਦੀ ਤਾਕਤ ਰੱਖਣ ਵਾਲੀਆਂ ਸਰਕਾਰਾਂ ਨਸ਼ਿਆਂ ਨੂੰ ਰੋਕਣ ਤੋਂ ਕਿਉਂ ਅਸਮਰੱਥ ਨਜ਼ਰ ਆ ਰਹੀਆਂ ਹਨ। ਲੋਕ ਇਹ ਸਭ ਬਹੁਤ ਧਿਆਨ ਨਾਲ ਦੇਖ ਰਹੇ ਹਨ। ਸਰਕਾਰੀ ਤਾਕਤ ਅੱਗੇ ਵੱਡੇ-ਵੱਡੇ ਖੁਫੀਆ ਤੰਤਰ ਫੇਲ੍ਹ ਹੁੰਦੇ ਦੇਖੇ ਹਨ, ਪਰ ਨਸ਼ਿਆਂ ਦੀ ਬੁਰਾਈ ਨੂੰ ਰੋਕਣ ਦੇ ਮਸਲੇ 'ਤੇ ਸਰਕਾਰ ਗੋਡੇ ਟੇਕਦੀ ਨਜ਼ਰ ਆ ਰਹੀ ਹੈ। ਬੇਰੁਜ਼ਗਾਰੀ, ਗ਼ਰੀਬੀ ਅਤੇ ਬੇਵੱਸੀ ਦੀ ਜ਼ਿੰਦਗੀ ਜਿਉਂਦਾ ਪੰਜਾਬੀ ਨੌਜਵਾਨ ਨਸ਼ਿਆਂ ਵਿਚੋਂ ਕੁਝ ਪਲ ਦਾ ਚੈਨ ਤਲਾਸ਼ਦਾ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਰਿਹਾ ਹੈ। ਕਾਇਦਾ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਬੜੀ ਮੁਸਤੈਦੀ ਨਾਲ ਡਿਊਟੀ ਕਰਨ ਵਾਲੀ ਪੁਲਿਸ ਨਸ਼ੇ ਵੇਚਣ ਵਾਲਿਆਂ ਨੂੰ ਫੜਨ 'ਚ ਬੇਵੱਸ ਨਜ਼ਰ ਆ ਰਹੀ ਹੈ। ਹਾਲਾਤਾਂ ਨੂੰ ਦੇਖ ਕੇ ਲਗਦਾ ਹੈ ਕਿ ਸਰਕਾਰ ਅਜੇ ਵੀ ਨਸ਼ਿਆਂ ਦੇ ਕੋਹੜ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।
ਸਿਆਸੀ ਲੋਕਾਂ ਦੁਆਰਾ ਸਮਾਜ ਭਲਾਈ ਲਈ ਦਿੱਤੇੇ ਜਾਂਦੇ ਵੱਡੇ-ਵੱਡੇ ਬਿਆਨ ਅਸਲੀਅਤ ਤੋਂ ਕੋਹਾਂ ਦੂਰ ਰਹਿ ਗਏ ਹਨ। ਹਰ ਵਾਰ ਨਵੇਂ ਦਾਅਵੇ ਕਰਕੇ ਸੱਤਾ ਵਿਚ ਆਉਂਦੇ ਸਿਆਸੀ ਲੋਕ ਆਪਣਾ ਵਿਸ਼ਵਾਸ ਗਵਾਉਂਦੇ ਜਾ ਰਹੇ ਹਨ। ਲੋਕਾਂ ਦੀ ਪਹਿਰੇਦਾਰ ਬਣ ਕੇ ਸੱਤਾ 'ਚ ਆਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਸ਼ਿਆਂ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਸੰਜੀਦਾ ਯਤਨ ਕਰਨ ਦੀ ਲੋੜ ਹੈ। ਵਕਤ ਲੰਘਣ ਤੋਂ ਬਾਅਦ ਇਕ ਦੂਜੇ ਨੂੰ ਕੋਸਣ ਨਾਲ ਮਸਲੇ ਹੱਲ ਹੋਣ ਦੀ ਬਜਾਏ ਹੋਰ ਉਲਝਦੇ ਹਨ। ਪੰਜਾਬ ਵਿਚ ਨਸ਼ਿਆਂ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਭਵਿੱਖ ਵਿਚ ਕਿਸੇ ਵੱਡੇ ਲੋਕ-ਰੋਹ ਦਾ ਕਾਰਨ ਬਣ ਸਕਦੀ ਹੈ। ਸਮਾਂ ਰਹਿੰਦੇ ਹੀ ਲੋਕਾਂ ਦੀ ਮਦਦ ਨਾਲ ਸਰਕਾਰ ਨੂੰ ਨਸ਼ਾ ਵੇਚਣ ਵਾਲਿਆਂ 'ਤੇ ਕਰੜੀ ਕਾਰਵਾਈ ਕਰਕੇ ਇਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ, ਤਾਂ ਜੋ ਇਕ ਸੁਰੱਖਿਅਤ ਅਤੇ ਨਸ਼ਾ ਮੁਕਤ ਸਮਾਜ ਸਿਰਜਿਆ ਜਾ ਸਕੇ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ,
ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ। ਮੋਬਾਈਲ : 94784-60084.

ਨੌਜਵਾਨਾਂ ਦੀ ਜ਼ਿੰਦਗੀ ਨੂੰ ਸਿਆਹ ਬਣਾ ਰਿਹੈ ਚਿੱਟੇ ਦਾ ਕਾਰੋਬਾਰ

ਸ਼ੁੱਧ ਹੈਰੋਇਨ ਸਾਫ਼ ਚਿੱਟੇ ਪਾਊਡਰ ਦੀ ਸ਼ਕਲ ਵਿਚ ਹੁੰਦੀ ਹੈ। ਜਿਹੜੀ ਪੂਰਨ ਰੂਪ ਵਿਚ ਸ਼ੁੱਧ ਨਾ ਹੋਵੇ ਉਸ ਵਿਚ ਰਹਿ ਚੁੱਕੀ ਗੰਦਗੀ ਸਦਕਾ ਉਹ ਭੂਰੇ ਤੋਂ ਲੈ ਕੇ ਕਾਲੇ ਰੰਗ ਦੀ ਵੀ ਹੋ ਸਕਦੀ ਹੈ। ਭੂਰੇ ਰੰਗ ਵਾਲੀ ਹੈਰੋਇਨ ਨੂੰ ਬਰਾਊਨ ਸ਼ੂਗਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਕਾਲੇ ਰੰਗ ਦੀ ਹੈਰੋਇਨ ਨੂੰ 'ਬਲੈਕ ਟਾਰ' ਕਿਹਾ ਜਾਂਦਾ ਹੈ ਤੇ ਉਹ ਲੁੱਕ ਵਾਂਗ ਚਿਪਚਿਪੀ ਹੁੰਦੀ ਹੈ। ਸੰਯੁਕਤ ਰਾਸ਼ਟਰ ਵਲੋਂ ਕੀਤੀ ਖੋਜ ਮੁਤਾਬਿਕ ਦੁਨੀਆ ਭਰ ਵਿਚੋਂ ਅਫ਼ਗ਼ਾਨਿਸਤਾਨ ਨਸ਼ੇ ਦਾ ਸਭ ਤੋਂ ਵੱਡਾ ਗੜ੍ਹ ਹੈ ਜਿਥੇ ਪੋਸਤ ਦੀ ਖੇਤੀ ਸਦਕਾ 2004 ਵਿਚ ਦੁਨੀਆ ਦੀ 87 ਫ਼ੀਸਦੀ ਹੈਰੋਇਨ ਬਣਾਈ ਗਈ। ਹੁਣ ਵੀ ਅਫ਼ਗ਼ਾਨੀ ਅਫ਼ੀਮ ਨਾਲ ਹਰ ਸਾਲ ਪੂਰੀ ਦੁਨੀਆ ਵਿਚ ਇਕ ਲੱਖ ਵਿਅਕਤੀ ਮਰ ਰਹੇ ਹਨ। ਅਫ਼ਗ਼ਾਨਿਸਤਾਨ ਵਿਚ ਸਾਲ 1999 'ਚ 910 ਵਰਗ ਕਿਲੋਮੀਟਰ ਥਾਂ ਉੱਤੇ ਪੋਸਤ ਦੇ ਫੁੱਲ ਉਗਾਏ ਜਾਂਦੇ ਸਨ। 2006 ਵਿਚ ਹੋਰ ਵੱਧ ਥਾਂ ਉੱਤੇ ਪੋਸਤ ਬੀਜੀ ਜਾਣ ਲੱਗੀ ਤੇ ਹੁਣ 33 ਲੱਖ ਅਫ਼ਗ਼ਾਨ ਲੋਕ ਅਫ਼ੀਮ ਉਗਾ ਕੇ ਅੱਗੇ ਵੇਚਣ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ।
ਵੈਸੇ ਤਾਂ 1900 ਈ: ਤੋਂ ਪਹਿਲਾਂ ਤੋਂ ਹੈਰੋਇਨ ਦੀ ਕੌਮਾਂਤਰੀ ਪੱਧਰ ਉੱਤੇ ਤਸਕਰੀ ਹੋ ਰਹੀ ਸੀ ਪਰ 1950 ਤੋਂ ਹੈਰੋਇਨ ਦੀ ਖੇਤੀ ਵੱਡੇ ਪੱਧਰ 'ਤੇ ਕਰਨ ਕਾਰਨ ਬਰਮਾ, ਥਾਈਲੈਂਡ, ਲਾਓਸ ਨੂੰ 'ਸੁਨਹਿਰੀ ਤਿਕੋਣ' ਵਜੋਂ ਜਾਣਿਆ ਜਾਣ ਲੱਗਾ। ਇਸ 9,50,000 ਵਰਗ ਕਿਲੋਮੀਟਰ 'ਚ ਫੈਲੇ ਇਲਾਕੇ ਨੂੰ ਇਹ ਨਾਂਅ ਸੀ. ਆਈ. ਏ. ਵਲੋਂ ਦਿੱਤਾ ਗਿਆ। ਬਰਮਾ ਨੂੰ ਸੁਨਹਿਰੀ ਤਿਕੋਣ ਦਾ ਦਿਲ ਮੰਨਿਆ ਗਿਆ ਤੇ ਇਸ ਨੂੰ ਅਫ਼ਗ਼ਾਨਿਸਤਾਨ ਤੋਂ ਬਾਅਦ ਹੈਰੋਇਨ ਉਗਾਉਣ ਲਈ ਦੁਨੀਆ ਭਰ ਵਿਚ ਦੂਜੇ ਨੰਬਰ ਦਾ ਦੇਸ਼ ਮੰਨ ਲਿਆ ਗਿਆ। 21ਵੀਂ ਸਦੀ ਦੇ ਸ਼ੁਰੂ ਤੱਕ ਦੁਨੀਆ ਦੀ ਸਭ ਤੋਂ ਵੱਧ ਹੈਰੋਇਨ ਇਸ ਸੁਨਹਿਰੀ ਤਿਕੋਣ ਤੋਂ ਆਉਂਦੀ ਰਹੀ। 2007 ਤੋਂ 2011 ਤੱਕ ਮੈਕਸੀਕੋ ਵਿਚ ਬਹੁਤ ਜ਼ਿਆਦਾ ਪੋਸਤ ਉਗਾਉਣੀ ਸ਼ੁਰੂ ਕਰ ਦਿੱਤੀ ਗਈ। ਇਸ ਕਾਰਨ ਹੁਣ ਮੈਕਸੀਕੋ ਪੋਸਤ ਉਗਾਉਣ ਵਿਚ ਪੂਰੀ ਦੁਨੀਆ 'ਚ ਅਫ਼ਗਾਨਿਸਤਾਨ ਤੋਂ ਬਾਅਦ ਦੂਜੇ ਨੰਬਰ 'ਤੇ ਪਹੁੰਚ ਚੁੱਕਿਆ ਹੈ। ਅਮਰੀਕਾ ਵਿਚ ਵਰਤੀ ਜਾ ਰਹੀ ਤਕਰੀਬਨ ਸਾਰੀ ਹੈਰੋਇਨ ਇਸ ਵੇਲੇ ਮੈਕਸੀਕੋ ਤੇ ਕੋਲੰਬੀਆ ਹੀ ਸਪਲਾਈ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਨੇ 2011 ਤੱਕ ਕੀਤੀ ਜਾ ਚੁੱਕੀ ਖੋਜ ਰਾਹੀਂ ਖੁਲਾਸਾ ਕੀਤਾ ਹੈ ਕਿ ਕਦੇ ਹੈਰੋਇਨ ਵਾਸਤੇ ਸਿਰਫ਼ ਰਸਤਾ ਸਮਝਿਆ ਜਾਂਦਾ ਭਾਰਤ ਇਸ ਵੇਲੇ ਦੁਨੀਆ ਭਰ ਵਿਚ ਇਸ ਦਾ ਸਭ ਤੋਂ ਵੱਡਾ ਖ਼ਪਤਕਾਰ ਬਣ ਚੁੱਕਿਆ ਹੈ। ਦੱਖਣੀ ਏਸ਼ੀਆ ਵਿਚ ਬਣਾਈ ਜਾ ਰਹੀ ਹਰ 40 ਟਨ ਹੈਰੋਇਨ ਵਿਚੋਂ 17 ਟਨ ਭਾਰਤ ਵਿਚ ਹਜ਼ਮ ਕੀਤੀ ਜਾ ਰਹੀ ਹੈ। ਇੱਥੇ ਇਸ ਦਾ ਕਾਰੋਬਾਰ 1.4 ਅਰਬ ਡਾਲਰ ਨੂੰ ਵੀ ਪਾਰ ਕਰ ਚੁੱਕਿਆ ਹੈ। ਪੰਜਾਬ ਵਿਚ ਪੁਲਿਸ ਵਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਦੇ ਆਂਕੜੇ ਵੇਖਣ 'ਤੇ ਹੀ ਪੂਰੀ ਸਥਿਤੀ ਸਮਝ ਆ ਸਕਦੀ ਹੈ।
ਹੈਰੋਇਨ ਬਹੁਤ ਜ਼ਿਆਦਾ ਮਹਿੰਗੀ ਹੋਣ ਕਾਰਨ ਇਸ ਨੂੰ ਖਰੀਦ ਨਾ ਸਕਣ ਵਾਲੇ ਨੌਜਵਾਨ ਕਈ ਹੋਰ ਭੈੜੇ ਨਸ਼ਿਆਂ ਵਿਚ ਲੱਗ ਗਏ ਹਨ। ਪਿੰਡਾਂ ਵਿਚ ਨਸ਼ੇ ਦੇ ਨਾਲ-ਨਾਲ ਸਾਲ ਵਿਚ ਤਕਰੀਬਨ ਦੋ ਕਰੋੜ ਨਵੇਂ ਬੱਚੇ ਸਿਗਰਟ ਪੀਣ ਦੀ ਆਦਤ ਵੱਲ ਧੱਕੇ ਜਾ ਰਹੇ ਹਨ।
ਹੈਰੋਇਨ ਦੇ ਜਾਲ ਵਿਚ ਫਸੇ ਇਸ ਨੂੰ ਸੁੰਘ ਕੇ, ਨਾੜ ਵਿਚ ਟੀਕੇ ਲਾ ਕੇ ਤੇ ਸਿਗਰਟ ਰਾਹੀਂ ਅੰਦਰ ਲੰਘਾ ਕੇ ਆਪਣੇ ਦਿਮਾਗ਼ ਨੂੰ ਸੁੰਨ ਕਰਦੇ ਹਨ। ਲਗਾਤਾਰ ਇਸ ਦਾ ਸੇਵਨ ਕਰਨ ਵਾਲਿਆਂ ਦੀ ਨਸ਼ੇ ਦੀ ਲਤ ਇਕਦਮ ਤੋੜ ਦਿੱਤੀ ਜਾਵੇ ਜਾਂ ਹੋਰ ਹੈਰੋਇਨ ਵੇਲੇ ਸਿਰ ਨਾ ਮਿਲਣ ਕਾਰਨ ਕਈ ਵਾਰ ਮੌਤ ਵੀ ਹੋ ਸਕਦੀ ਹੈ।
ਕਿਸੇ ਹੋਰ ਵਲੋਂ ਵਰਤੀ ਸੂਈ ਨਾੜ ਵਿਚ ਲਗਾਉਣ ਨਾਲ ਏਡਜ਼, ਕਾਲਾ ਪੀਲੀਆ ਤੇ ਚਮੜੀ ਵਿਚ ਸੂਈ ਵਾਲੀ ਥਾਂ 'ਤੇ ਪੀਕ ਪੈਣੀ, ਦਿਲ ਅਤੇ ਫੇਫੜਿਆਂ 'ਤੇ ਕੀਟਾਣੂਆਂ ਦਾ ਹਮਲਾ, ਜਿਗਰ ਦੇ ਰੋਗ ਆਦਿ ਹੋਣ ਦਾ ਖ਼ਤਰਾ ਵੀ ਕਈ ਗੁਣਾ ਵਧ ਜਾਂਦਾ ਹੈ। ਦੁਨੀਆ ਭਰ ਵਿਚ ਫੈਲ ਰਿਹਾ ਚਿੱਟੇ ਦਾ ਇਹ ਕਾਲਾ ਕਾਰੋਬਾਰ ਬੱਚਿਆਂ ਤੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ। ਹੁਣ ਨਸ਼ੇ ਵਿਰੁੱਧ ਕਾਲੇ ਹਫ਼ਤੇ ਮਨਾਉਣ ਦੀ ਜਗ੍ਹਾ ਨਸ਼ਿਆਂ ਦੇ ਤਸਕਰਾਂ ਨੂੰ ਸਜ਼ਾ ਤੇ ਸਮਾਜਿਕ ਬਾਈਕਾਟ ਕਰ ਕੇ ਜੰਗ ਛੇੜਨ ਦਾ ਸਮਾਂ ਹੈ। ਕਿਸੇ ਸਰਕਾਰ, ਐਨ.ਜੀ.ਓ. ਜਾਂ ਕਰਾਮਾਤ ਨੇ ਕੁਝ ਨਹੀਂ ਕਰਨਾ, ਇਹ ਹੱਲਾ ਹੁਣ ਆਪ ਮਾਰਨਾ ਪੈਣਾ ਹੈ। ਜਾਗੋ ਪੰਜਾਬੀਓ! ਹਾਲੇ ਵੀ ਸਮਾਂ ਹੈ ਸਿਹਤਮੰਦ ਸਮਾਜ ਸਿਰਜ ਕੇ ਆਉਣ ਵਾਲੀ ਪਨੀਰੀ ਨੂੰ ਬਚਾ ਲਓ।

-ਮੋਬਾਈਲ : 9417831583.

ਨਸ਼ਿਆਂ ਦੀ ਦਲਦਲ ਤੋਂ ਨਵੀਂ ਪੀੜ੍ਹੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ

ਚਿੱਟੇ ਤੇ ਹੋਰ ਸਾਰੇ ਤਰ੍ਹਾਂ ਦੇ ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਸ਼ਰਾਬ, ਬੀਅਰ ਤੋਂ ਇਲਾਵਾ ਚਿੱਟਾ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਜਵਾਨੀ ਜਿਵੇਂ-ਕਿਵਂੇ ਕਹਿ ਲਵੋ ਚਿੱਟੇ ਦੀ ਲਪੇਟ ਵਿਚ ਆ ਰਹੀ ਹੈ। ਇਸ ਚਿੱਟੇ ਨੇ ਕਈ ਮਾਵਾਂ ਦੇ ਪੁੱਤ ਖੋਹ ਲਏ ਹਨ। ਬੜਾ ਦੁੱਖ ਹੁੰਦਾ ਹੈ ਇਹ ਸੁਣ ਕੇ ਕਿ ਅੱਜਕਲ੍ਹ ਕਈ ਕੁੜੀਆਂ ਵੀ ਨਸ਼ੇ ਦੀਆਂ ਆਦੀ ਬਣ ਚੁੱਕੀਆਂ ਹਨ। ਸਾਡੀ ਜੀਵਨਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ 'ਚ ਹੀ ਕੁਝ ਅਜਿਹੀਆਂ ਕਮੀਆਂ ਹਨ, ਜੋ ਉਨ੍ਹਾਂ 'ਚ ਨਸ਼ਾਖੋਰੀ ਦੇ ਰੁਝਾਨ ਵਧਣ ਦੀ ਵਜ੍ਹਾ ਬਣ ਰਹੀਆਂ ਹਨ। ਘਰ ਵਿਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਹੌਲੀ-ਹੌਲੀ ਬੱਚੇ ਦੇ ਦਿਮਾਗ਼ 'ਚ ਇਹ ਗੱਲ ਘਰ ਕਰ ਜਾਂਦੀ ਹੈ ਤੇ ਉਹ ਸ਼ਰਾਬ ਪੀਣ ਦੀ ਇੱਛਾ ਤੇ ਆਦਤ ਪਾਲ ਲੈਂਦੇ ਹਨ। ਦਿੱਲੀ ਦੇ ਏਮਜ਼ ਹਸਪਤਾਲ ਦੇ ਇਕ ਐਨ.ਜੀ.ਓ. 'ਸੁਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼' ਦੇ ਸਹਿਯੋਗ ਨਾਲ ਪੰਜਾਬ ਵਿਚ ਨਸ਼ਿਆਂ ਬਾਰੇ ਇਕ ਸਰਵੇਖਣ ਕਰਵਾਇਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆ ਵਿਚ ਟੀ.ਬੀ., ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਨਸ਼ੇ ਦੀ ਆਦਤ ਕਰਕੇ ਹੁੰਦੀਆਂ ਹਨ, ਦੁਨੀਆ ਵਿਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ, ਸਾਲ 2000 ਤੋਂ ਬਾਅਦ ਪੂਰੀ ਦੁਨੀਆ ਵਿਚ ਮੁੰਡਿਆਂ-ਕੁੜੀਆਂ ਵਿਚ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਵਿਚ ਸੈਕਸ ਸਮਰੱਥਾ ਵਿਚ ਕਮੀ ਤੋਂ ਪੀੜਤ ਰੋਗੀਆਂ ਉਤੇ ਡਾਕਟਰਾਂ ਵਲੋਂ ਕੀਤੇ ਅਧਿਐਨ ਵਿਚ 58.4 ਫ਼ੀਸਦੀ ਲੋਕਾਂ ਦੀ ਇਹ ਕਮਜ਼ੋਰੀ ਸ਼ਰਾਬ ਦੇ ਸੇਵਨ ਨਾਲ ਹੋਈ ਦੱਸੀ ਗਈ ਹੈ। ਭਾਵੇਂ ਸਰਕਾਰ ਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਪੀੜ੍ਹੀ ਨੂੰ ਸਮਝਾ ਕੇ ਚਿੱਟੇ ਦੇ ਖਿਲਾਫ਼ ਨਸ਼ਾ ਛੁਡਾਊ ਮੁਹਿੰਮਾਂ ਵਿੱਢੀਆਂ ਹੋਈਆਂ ਹਨ। ਪਰ ਫਿਰ ਵੀ ਸਮਾਜ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖ਼ਾਸ ਧਿਆਨ ਰੱਖਣ, ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਰੱਖਣ, ਹੋਸਟਲਾਂ ਵਿਚ ਰਹਿੰਦੇ ਲੜਕੇ-ਲੜਕੀਆਂ ਦੀ ਨਿਗਰਾਨੀ ਹੋਵੇ, ਖ਼ੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ, ਬੱਚਿਆਂ ਦੇ ਖਰਚੇ ਬਾਰੇ ਜਾਣਕਾਰੀ ਰੱਖਣ। ਨਸ਼ਿਆਂ ਦੇ ਹੜ੍ਹ ਨੂੰ ਰੋਕਣ ਲਈ ਸਾਨੂੰ ਆਪਣੇ ਪੱਧਰ 'ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ਼ ਸਰਕਾਰਾਂ ਤੇ ਡਾਕਟਰੀ ਇਲਾਜ 'ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਆਓ ਅੱਜ ਤੋਂ ਹੀ ਇਸ ਕੰਮ ਦੀ ਸ਼ੁਰੂਆਤ ਕਰੀਏ, ਨੇਕ ਕੰਮ ਵਿਚ ਦੇਰੀ ਕਿੳਂੁ?

-ਤਾਰੀ ਵਾਲੀ ਗਲੀ, ਜੈਤੋ ਮੰਡੀ, ਜ਼ਿਲਾ ਫ਼ਰੀਦਕੋਟ-151202.
ਮੋਬਾਈਲ : 98550-31081

ਸਮੂਹਿਕ ਯਤਨਾਂ ਨਾਲ ਹੀ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇਗੀ

ਪਿਛਲੇ ਦਿਨੀਂ ਸੋਸ਼ਲ ਮੀਡੀਆ ਜ਼ਰੀਏ ਇਕ ਮਾਂ ਦੇ ਵਿਰਲਾਪ ਕਰਨ ਦੀ ਵੀਡੀਓ ਅੱਖਾਂ ਮੂਹਰੇ ਆਈ। ਉਸ ਵੀਡੀਓ ਵਿਚ ਇਕ ਬੁੱਢੀ ਮਾਂ ਆਪਣੇ ਪੁੱਤ ਦੀ ਲਾਸ਼ 'ਤੇ ਵੈਣ ਪਾ ਰਹੀ ਸੀ। ਉਸ ਦੇ ਨੌਜਵਾਨ ਪੁੱਤ ਦੀ ਮੌਤ ਦਾ ਕਾਰਨ ਨਸ਼ੇ ਦਾ ਓਵਰਡੋਜ਼ ਹੀ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਦੇ ਮਰੇ ਹੋਏ ਦੇ ਹੱਥ ਵਿਚ ਟੀਕਾ ਫੜਿਆ ਹੋਇਆ ਸੀ। ਪੁੱਤ ਸਦਾ ਲਈ ਇਸ ਜਹਾਨ ਨੂੰ ਅਲਵਿਦਾ ਆਖ ਚੁੱਕਿਆ ਸੀ ਤੇ ਮਾਂ ਉਸ ਨੂੰ ਵਾਰ-ਵਾਰ ਉਠਾਉਣ ਦੀ ਕੋਸ਼ਿਸ਼ ਕਰਦੀ ਹੋਈ ਪਿਟ-ਪਿਟ ਕੇ ਰੋ ਰਹੀ ਸੀ। ਇਸ ਪੂਰੇ ਮੰਜ਼ਰ ਨੂੰ ਦੇਖ ਕੇ ਰੂਹ ਇਕ ਵਾਰ ਤਾਂ ਸੁੰਨ ਹੋ ਜਾਂਦੀ ਹੈ। ਮੈਂ ਕਿੰਨੀ ਹੀ ਦੇਰ ਹੈਰਾਨ ਹੋਇਆ ਉਨ੍ਹਾਂ ਹਾਲਾਤਾਂ ਉੱਤੇ ਸੋਚਦਾ ਰਿਹਾ ਕਿ ਆਏ ਦਿਨੀਂ ਕਿੰਨੀਆਂ ਹੀ ਮਾਂਵਾਂ ਦੇ ਪੁੱਤ ਨਸ਼ਿਆਂ ਦੇ ਇਸ ਕਾਲੇ ਧੰਦੇ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ।
ਇਕ ਸਮਾਂ ਸੀ ਜਦੋਂ ਰੰਗਲੇ ਪੰਜਾਬ ਦੀ ਖ਼ੂਬਸੂਰਤੀ ਦੀ ਗੱਲ ਸੁਮੰਦਰਾਂ ਤੋਂ ਪਾਰ ਤੁਰਦੀ ਸੀ। ਰੰਗਲੇ ਪੰਜਾਬ ਦੇ ਸੋਹਣੇ ਗੱਭਰੂ, ਮੁਟਿਆਰਾਂ ਆਪਣੇ ਡੁੱਲ੍ਹ-ਡੁੱਲ੍ਹ ਪੈਂਦੇ ਰੂਪ ਕਾਰਨ ਪੂਰੀ ਦੁਨੀਆ ਲਈ ਖਿੱਚ ਦਾ ਕੇਂਦਰ ਬਣਦੇ ਸਨ। ਅਖਾੜਿਆਂ ਵਿਚ ਘੁਲਦੇ ਜ਼ੋਰਾਵਰ ਨੌਜਵਾਨ ਆਪਣੇ ਜ਼ੋਰ ਨਾਲ ਧਰਤੀ ਨੂੰ ਵੀ ਕੰਬਣ ਲਾ ਦਿੰਦੇ ਸਨ। ਗਜ਼-ਗਜ਼ ਚੌੜੀਆਂ ਛਾਤੀਆਂ ਖੇਡ ਦੇ ਮੈਦਾਨਾਂ ਵਿਚ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਦੀਆਂ ਸਨ। ਦੁੱਧ, ਘਿਉ ਦੇ ਸ਼ੌਕੀਨ ਗੱਭਰੂ ਚੰਗੀਆਂ ਖੁਰਾਕਾਂ ਖਾਂਦੇ ਅਤੇ ਦੂਣਾ ਕੰਮ ਕਰਦੇ ਸਨ। ਆਪਸੀ ਭਾਈਚਾਰਕ ਸਾਂਝ ਦੀ ਪ੍ਰਤੀਕ ਮਾਂ-ਬੋਲੀ ਪੰਜਾਬੀ ਇਕ-ਦੂਜੇ ਲਈ ਜਾਨ ਦੇਣ ਲਈ ਪ੍ਰੇਰਦੀ ਸੀ। ਪਰ ਹੁਣ ਇਹ ਸਭ ਗੱਲਾਂ ਕਿਤਾਬੀ ਬਣ ਕੇ ਰਹਿ ਗਈਆਂ ਹਨ। ਕਿਉਂਕਿ ਅਜੋਕੇ ਪੰਜਾਬ ਦੇ ਬਾਸ਼ਿੰਦੇ ਤਾਂ ਪਾਣੀ ਨੂੰ ਵੀ ਸਾਫ਼ ਰੱਖਣ ਵਿਚ ਅਸਮਰੱਥ ਹਨ। ਕਿੰਨੀ ਸ਼ਰਮ ਦੀ ਗੱਲ ਹੈ ਜਿਸ ਪੰਜਾਬ ਦਾ ਨਾਂਅ ਪੰਜਾਂ ਦਰਿਆਵਾਂ ਦੇ ਨਾਂ ਉੱਤੇ 'ਪੰਜ-ਆਬ' ਪਿਆ ਹੈ ਅਸੀਂ ਉਨ੍ਹਾਂ ਪਾਣੀਆਂ ਦੀ ਵੀ ਸੰਭਾਲ ਨਹੀਂ ਕਰ ਸਕੇ। ਪੰਜਾਬ ਦਾ ਬਹੁਤਾ ਪਾਣੀ ਅੱਜ ਇਸ ਹੱਦ ਤੱਕ ਗੰਧਲਾ ਹੋ ਚੁੱਕਿਆ ਹੈ ਕਿ ਉਸ ਨੂੰ ਪੀਣ ਨਾਲ ਕਈ ਕਿਸਮ ਦੀਆਂ ਜਾਨਲੇਵਾ ਬਿਮਾਰੀਆਂ ਲੱਗ ਰਹੀਆਂ ਹਨ, ਜਿਨ੍ਹਾਂ ਵਿਚ ਕੈਂਸਰ ਮੁੱਖ ਹੈ। ਅਸੀਂ ਹੱਥੀਂ ਵਿਗਾੜੇ ਇਸ ਮਹੌਲ ਨੇ ਨੌਜਵਾਨ ਗੱਭਰੂਆਂ ਦੀ ਮੌਤ ਦਰ ਵਧਾਉਣ ਵਿਚ ਭਾਰੀ ਯੋਗਦਾਨ ਪਾਇਆ ਹੈ। ਦੂਜਾ ਰਹਿੰਦੀ ਕਸਰ ਮੇਰੇ ਹੀ ਸੂਬੇ ਦੇ ਉਨ੍ਹਾਂ ਬਾਸ਼ਿੰਦਿਆਂ ਨੇ ਪੂਰੀ ਕਰ ਦਿੱਤੀ ਜਿਨ੍ਹਾਂ ਨੇ ਪੈਸੇ ਦੇ ਮੋਹ ਕਾਰਨ ਨਸ਼ਿਆਂ ਦਾ ਛੇਵਾਂ ਦਰਿਆ ਚਲਾਉਣ ਵਿਚ ਭਾਰੀ ਭੂਮਿਕਾ ਨਿਭਾਈ ਹੈ। ਪਿੰਡਾਂ ਦੇ ਪਿੰਡ ਅੱਜ ਨਸ਼ਿਆਂ ਦੀ ਲਪੇਟ ਵਿਚ ਹਨ। ਸ਼ਾਮਾਂ ਨੂੰ ਠੇਕਿਆਂ ਦੇ ਬਾਹਰ ਲਗਦੀ ਭੀੜ ਨੂੰ ਤੇ ਗਲੀਆਂ ਵਿਚ ਡਿੱਗਦੇ ਨਸ਼ੱਈਆਂ ਨੂੰ ਦੇਖ ਕਿ ਬਹੁਤ ਰੋਣਾ ਆਉਂਦਾ ਹੈ। ਦਿਲ ਸੋਚਦਾ ਹੈ ਕਿਉਂ ਭੜਕ ਗਏ ਮੇਰੇ ਸੋਹਣੇ ਪੰਜਾਬ ਦੇ ਵਾਰਸ? ਕਿਉਂ ਅੱਜ ਇਨ੍ਹਾਂ ਨੂੰ ਹੱਥਾਂ ਵਿਚ ਕਲਮਾਂ ਨਾਲੋਂ ਜ਼ਿਆਦਾ ਟੀਕੇ ਚੰਗੇ ਲਗਦੇ ਹਨ? ਕਿਉਂ ਜੇਬਾਂ ਵਿਚ ਨਸ਼ੇ ਦੀਆਂ ਗੋਲੀਆਂ ਇਨ੍ਹਾਂ ਨੂੰ ਸ਼ਾਨ ਵਧਾਉਂਦੀਆਂ ਨਜ਼ਰ ਆਉਂਦੀਆਂ ਹਨ? ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ, ਅਸੀਂ ਆਪ ਹੀ ਦੋਸ਼ੀ ਹਾਂ ਕਿਉਂਕਿ ਸਾਡੇ ਪੰਜਾਬ ਨੂੰ ਕੋਈ ਗੰਦਾ ਕਰ ਗਿਆ ਤੇ ਅਸੀਂ ਗੂੜ੍ਹੀ ਨੀਂਦ ਸੁੱਤੇ ਰਹੇ। ਲੋੜ ਸੀ ਸਾਨੂੰ ਉੱਠਣ ਦੀ, ਅਵਾਜ਼ ਬੁਲੰਦ ਕਰਨ ਦੀ ਪਰ ੳਸ ਵੇਲੇ ਅਸੀਂ ਵੇਖਦੇ ਰਹੇ ਕਿ 'ਕੋਈ ਨਾ ਸਾਡੇ ਘਰ ਵਿਚ ਤਾਂ ਨਹੀਂ ਆਇਆ ਬਾਹਰ ਦਾ ਸਾਨੂੰ ਕੀ ਫਿਕਰ'। ਪਰ ਅਫ਼ਸੋਸ ਸਾਡੀ ਉਸ ਬੇਫ਼ਿਕਰੀ ਕਾਰਨ ਅੱਜ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਆਪਣੇ ਇਸ ਦਾ ਸ਼ਿਕਾਰ ਦੋ ਗਏ। ਅੱਜ ਆਲੇ-ਦੁਆਲੇ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਾਡੀ ਉਸ ਢਿੱਲ ਦਾ ਨਤੀਜਾ ਹਨ। ਸਮੇਂ ਦਿਆਂ ਹਾਕਮਾਂ ਤੋਂ ਕੀ ਆਸ ਕਰਦੇ ਹੋ, ਜੇ ਮੇਰੇ ਸੋਹਣੇ ਸੂਬੇ ਪੰਜਾਬ ਦੇ ਹਾਕਮ ਚਾਹੁੰਦੇ ਤਾਂ ਬਹੁਤ ਪਹਿਲਾਂ ਨਸ਼ੇ ਨਾਲ ਹੋ ਰਹੀ ਇਸ ਤਬਾਹੀ ਨੂੰ ਰੋਕ ਸਕਦੇ ਸਨ। ਇਸ ਲਈ ਇਹ ਕੰਮ ਆਪਾਂ ਨੂੰ ਹੀ ਕਰਨਾ ਪੈਣਾ ਸੋ ਆਓ ਨਸ਼ਿਆਂ ਖ਼ਿਲਾਫ ਛਿੜ ਰਹੀ ਜੰਗ ਦਾ ਹਿੱਸਾ ਬਣੀਏ। ਪੰਜਾਬ ਨੂੰ ਬਚਾਉਣ ਲਈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਨਸ਼ਿਆਂ ਦਾ ਖ਼ਾਤਮਾ ਬਹੁਤ ਜ਼ਰੂਰੀ ਹੈ। ਆਓ ਇਕ ਹੰਬਲਾ ਮਾਰੀਏ ਹੋ ਸਕਦਾ ਹੈ ਸਾਡੀ ਇਸ ਕੋਸ਼ਿਸ਼ ਨਾਲ ਨੌਜਵਾਨਾਂ ਦੇ ਬਲਦੇ ਸਿਵੇ ਬੰਦ ਹੋ ਜਾਣ।

-ਪ੍ਰੀਤ ਨਗਰ ਹਰੇੜੀ ਰੋਡ,
ਸੰੰਗਰੂਰ।

ਆਓ, ਪੰਜਾਬ ਦਾ ਭਲਾ ਸੋਚੀਏ...

ਅਖ਼ਬਾਰਾਂ ਵਿਚ ਰੋਜ਼ਾਨਾ ਖ਼ਬਰਾਂ ਲੱਗ ਰਹੀਆਂ ਹਨ ਕਿ ਨਸ਼ਾ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬ ਵਿਚ ਨਸ਼ਾ ਸਪਲਾਈ ਆਮ ਗੱਲ ਹੈ, ਬਹੁਤ ਸਾਰੇ ਹਾਨੀਕਾਰਕ ਨਸ਼ੇ ਆਮ ਮਿਲ ਰਹੇ ਹਨ। ਹਰ ਪਿੰਡ ਅਤੇ ਸ਼ਹਿਰ ਵਿਚ ਹਰ ਉਮਰ ਦੇ ਲੋਕ ਨਸ਼ਾ ਕਰ ਰਹੇ ਹਨ। ਸੋਚਣ ਵਾਲੀ ਗੱਲ ਹੈ ਕਿ ਅਸੀ ਖ਼ੁਦ ਨਸ਼ਿਆਂ ਬਾਰੇ ਕਿੰਨੇ ਕੁ ਗੰਭੀਰ ਹਾਂ, ਕੀ ਜਿਨ੍ਹਾਂ ਦੇ ਪੁੱਤ ਨਸ਼ੇ ਕਰਦੇ ਜਾਂ ਵੇਚਦੇ ਹਨ ,ਉਨ੍ਹਾਂ ਨੇ ਕਦੇ ਪੁਲਿਸ ਨੂੰ ਆਪਣੇ ਪੁੱਤਰਾਂ 'ਤੇ ਕਾਰਵਾਈ ਕਰਨ ਨੂੰ ਕਿਹਾ ਹੈ? ਕੀ ਅਸੀਂ ਕਦੇ ਨੌਜਵਾਨਾਂ ਨੂੰ ਸਮਝਾਇਆ ਕਿ ਨਸ਼ੇ ਨਾ ਖ਼ਰੀਦੋ, ਜਦ ਕੋਈ ਨੌਜਵਾਨ ਨਸ਼ਈ ਬਣਦਾ ਹੈ ਤਾਂ ਸਰਕਾਰ ਦੇ ਨਾਲ-ਨਾਲ ਉਸ ਦੇ ਮਾਪਿਆਂ, ਯਾਰ-ਦੋਸਤਾਂ ਅਤੇ ਸਮਾਜ ਆਦਿ ਸਭ ਦਾ ਬਰਾਬਰ ਯੋਗਦਾਨ ਹੁੰਦਾ ਹੈ। ਜੇਕਰ ਨਸ਼ਾ ਕਰਨ ਵਾਲੇ ਬਹੁਤ ਨੇ ਤਾਂ ਨਸ਼ਾ ਨਾ ਕਰਨ ਵਾਲੇ ਵੀ ਬਹੁਤ ਨੇ, ਸਾਡਾ ਫਰਜ਼ ਬਣਦਾ ਹੈ ਕਿ ਘੱਟੋ-ਘੱਟ ਇਕ ਵਿਅਕਤੀ ਨੂੰ ਸਮਝਾ ਕੇ ਉਸ ਨੂੰ ਨਸ਼ਾ ਕਰਨ ਤੋਂ ਜ਼ਰੂਰ ਰੋਕੀਏ।
ਵੋਟਾਂ ਸਮੇਂ ਦਾਰੂ ਦੀ ਬੋਤਲ ਜਾਂ ਮੁਫ਼ਤ ਦਾ ਮੋਬਾਈਲ ਲੈਣ ਲਈ ਆਪਣੀ ਵੋਟ ਵੇਚਣ ਵਾਲੇ ਅਸੀਂ ਹਰ ਗੱਲ 'ਤੇ ਸਰਕਾਰ ਨੂੰ ਦੋਸ਼ ਦੇ ਦਿੰਦੇ ਹਾਂ ਪਰ ਕੀ ਸਰਕਾਰ ਸਭ ਗੱਲਾਂ ਲਈ ਇਕੱਲੀ ਹੀ ਜ਼ਿੰਮੇਵਾਰ ਹੁੁੰਦੀ ਹੈ? ਨਸ਼ੇ ਨੂੰ ਸਰਕਾਰ ਰੋਕਣ ਵਿਚ ਅਸਮਰੱਥ ਹੈ, ਸ਼ਾਇਦ ਉਹ ਰੋਕਣਾ ਵੀ ਨਹੀਂ ਚਾਹੁੰਦੀ, ਸਕੂਲ ਬੰਦ ਕਰ ਕੇ ਸ਼ਰਾਬ ਦੇ ਠੇਕੇ ਖੋਲਣਾ ਸ਼ਾਇਦ ਸਰਕਾਰ ਲਈ ਪੈਸੇ ਕਮਾਉਣ ਦਾ ਤਰੀਕਾ ਹੈ। ਨਸ਼ਾ ਸਰੀਰਕ ਤੌਰ 'ਤੇ ਹੀ ਨਹੀਂ ਸਗੋਂ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਵੀ ਮੰਦਹਾਲੀ ਵੱਲ ਲਿਜਾਂਦਾ ਹੈ।
ਕੋਈ ਵੀ ਧਰਮ ਕਿਸੇ ਨੂੰ ਮਾੜਾ ਕਹਿਣ, ਜਾਂ ਮਾਰਨ ਦਾ ਉਪਦੇਸ਼ ਨਹੀਂ ਦਿੰਦਾ ਫਿਰ ਕਿਉਂ ਰੋਜ਼ ਧਰਮ ਦੇ ਨਾਂਅ 'ਤੇ ਦੰਗੇ ਤੇ ਕਤਲ ਹੁੰਦੇ ਰਹਿੰਦੇ ਹਨ। ਧਰਮ ਸਭ ਨੂੰ ਚੰਗੇ ਤਰੀਕੇ ਨਾਲ ਜੀਵਨ ਜਿਊਣਾ ਸਿਖਾਉਂਦਾ ਹੈ। ਅਸੀਂ ਕਿਉਂ ਨਹੀਂ ਅੱਜ ਤੱਕ ਆਪਣੇ ਆਲੇ-ਦੁਆਲੇ ਇਕ ਧਰਮ ਨਿਰਪੱਖ ਸਮਾਜ ਦੀ ਸਥਾਪਨਾ ਕਰ ਸਕਦੇ। ਪ੍ਰਮਾਤਮਾ ਨੇ ਸਾਨੂੰ ਹਵਾ, ਪਾਣੀ, ਮਿੱਟੀ ਵਰਗੀਆਂ ਵੱਡਮੁੱਲੀਆਂ ਦਾਤਾਂ ਦਿੱਤੀਆਂ ਸਨ, ਪਰ ਅਸੀਂ ਆਪਣੀਆਂ ਗ਼ਲਤੀਆਂ ਕਰ ਕੇ ਸਭ ਨੂੰ ਪ੍ਰਦੂਸ਼ਿਤ ਕਰ ਲਿਆ ਹੈ। ਅੱਜਕਲ੍ਹ ਹਵਾ ਵਿਚ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪਾਣੀ ਦੀ ਵੀ ਸੰਭਾਲ ਕਰੀਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ।
ਫਲਾਂ, ਸਬਜ਼ੀਆਂ 'ਤੇ ਜ਼ਹਿਰਲੀਆਂ ਸਪਰੇਆਂ ਕਰ ਕੇ, ਦੁੱਧ ਵਿਚ ਮਿਲਾਵਟਾਂ ਕਰ ਕੇ ਆਪਣੇ ਕੁਝ ਮੁਨਾਫ਼ੇ ਲਈ ਅਸੀਂ ਬਾਕੀ ਲੋਕਾਂ ਨੂੰ ਜ਼ਹਿਰ ਦੇ ਰਹੇ ਹਾਂ। ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਨਕਲੀ ਦੁੱਧ, ਪਨੀਰ ਆਦਿ ਤੋਂ ਬਣੀਆਂ ਵਸਤਾਂ ਵੇਚ ਕੇ ਕੁਝ ਪੈਸੇ ਕਮਾਉਣ ਲਈ ਲੋਕਾਂ ਨੂੰ ਜ਼ਹਿਰ ਵੇਚ ਰਹੇ ਹਨ। ਸਾਡੀਆਂ ਇਨ੍ਹਾਂ ਗ਼ਲਤੀਆਂ ਕਾਰਨ ਪਤਾ ਨਹੀਂ ਕਿੰਨੇ ਹੀ ਲੋਕ ਇਨ੍ਹਾਂ ਨੂੰ ਖਾਣ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਜਾਨ ਵੀ ਗੁਆ ਚੁੱਕੇ ਹਨ।
ਅੱਜਕਲ੍ਹ ਲੱਚਰ ਗਾਇਕੀ ਦੇ ਖਿਲਾਫ਼ ਹਰ ਕੋਈ ਬੋਲ ਰਿਹਾ ਹੈ। ਪਰ ਇਸ ਗਾਇਕੀ ਨੂੰ ਸੁਣਦਾ ਕੌਣ ਹੈ? ਗਾਇਕ ਵੀ ਤਾਂ ਹੀ ਗੰਦ ਪਰੋਸ ਰਹੇ ਹਨ ਜੇ ਉਨ੍ਹਾਂ ਦੇ ਗੰਦੇ ਗੀਤ ਵਿਕ ਰਹੇ ਹਨ। ਅਸੀਂ ਸਮਾਜ ਦਾ ਹਿੱਸਾ ਹਾਂ ਸਾਨੂੰ ਆਪਣੀ ਬਣਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ, ਨਹੀਂ ਤਾਂ ਨਸ਼ਾ ਅਤੇ ਬਦਮਾਸ਼ੀ ਸਾਡੀ ਸਾਰੀ ਨਵੀਂ ਪੀੜ੍ਹੀ ਨੂੰ ਖਾ ਜਾਊਗੀ।
ਪੰਜਾਬ ਬੜੇ ਮਾੜੇ ਹਲਾਤਾਂ ਵਿਚੋਂ ਗੁਜ਼ਰ ਰਿਹਾ ਹੈ ਅਤੇ ਸਾਡਾ ਪੰਜਾਬ ਸਾਡੇ ਤੋਂ ਬਹੁਤ ਚੰਗੀਆਂ ਉਮੀਦਾਂ ਰੱਖਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਭ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਹੰਭਲਾ ਮਾਰੀਏ।

-ਪਿੰਡ ਤੇ ਡਾਕ: ਬਡਾਲੀ ਆਲਾ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ-140406.
ਮੋਬਾ: 8284888700





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX