ਤਾਜਾ ਖ਼ਬਰਾਂ


ਪੰਜਾਬ ਸਰਕਾਰ ਨੇ ਕੱਲ੍ਹ ਦੀ ਛੁੱਟੀ ਦਾ ਕੀਤਾ ਐਲਾਨ
. . .  7 minutes ago
ਜਲਾਲਾਬਾਦ ,16 ਅਗਸਤ (ਕਰਨ ਚੁਚਰਾ) - ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਹੋਣ ਤੇ ਕੱਲ੍ਹ ਮਿਤੀ 17 ਅਗਸਤ ਨੂੰ ਪੂਰੇ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਵਾਜਪਾਈ ਦੇ ਦੇਹਾਂਤ 'ਤੇ ਸਰਕਾਰ ਵੱਲੋਂ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  19 minutes ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਕੇਂਦਰ ਸਰਕਾਰ ਨੇ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ...
ਭਾਜਪਾ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  44 minutes ago
ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਅਗਸਤ ਨੂੰ ਹੋਣ ਵਾਲੀ ਮੀਟਿੰਗ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ...
ਕੱਲ੍ਹ ਭਾਜਪਾ ਹੈੱਡਕੁਆਟਰ ਲਿਜਾਈ ਜਾਵੇਗੀ ਵਾਜਪਾਈ ਦੀ ਮ੍ਰਿਤਕ ਦੇਹ
. . .  49 minutes ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ 17 ਅਗਸਤ ਨੂੰ ਸਵੇਰੇ 9 ਵਜੇ ਭਾਜਪਾ ਹੈੱਡਕੁਆਟਰ ਲਿਜਾਈ...
ਪਾਕਿਸਤਾਨ ਵੱਲੋਂ ਛੱਡੇ ਤਿੰਨ ਗੁਬਾਰੇ ਮਿਲੇ
. . .  about 1 hour ago
ਗੁਰੂਹਰਸਹਾਏ, 16 ਅਗਸਤ (ਕਪਿਲ ਕੰਧਾਰੀ) - ਪਾਕਿਸਤਾਨ ਵੱਲੋਂ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਭਾਰਤ ਵੱਲ ਗੁਬਾਰੇ ਛੱਡੇ ਜਾ ਰਹੇ ਹਨ। ਗੁਰੂਹਰਸਹਾਏ ਨੇੜਲੇ ਪਿੰਡ ਠਠੇਰਾ ਵਿਖੇ ਬੀਤੇ ਦਿਨ...
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਵੱਖ ਵੱਖ...
ਮਮਦੋਟ ਸੈਕਟਰ ਵਿਖੇ ਹਿੰਦ ਪਾਕਿ ਸਰਹੱਦ ਤੋਂ ਪਾਕਿਸਤਾਨੀ ਝੰਡਾ ਤੇ ਗੁਬਾਰੇ ਮਿਲੇ
. . .  about 1 hour ago
ਮਮਦੋਟ 16 ਅਗਸਤ (ਸੁਖਦੇਵ ਸਿੰਘ ਸੰਗਮ) - ਬਲਾਕ ਮਮਦੋਟ ਅਧੀਨ ਹਿੰਦ-ਪਾਕਿ ਸਰਹੱਦ ਤੇ ਵਸਿਆ ਪਿੰਡ ਫੱਤੇਵਾਲਾ ਹਿਠਾੜ (ਜੱਲੋ ਕੇ) ਬੀ.ਐਸ.ਐਫ ਦੀ ਚੈੱਕ ਪੋਸਟ ਮੱਬੋ ਕੇ ਦੇ ਇਲਾਕੇ 'ਚੋਂ ਪਾਕਿਸਤਾਨੀ ਝੰਡਾ ਅਤੇ ਗੁਬਾਰੇ ਮਿਲਣ ਦੀ ਸੂਚਨਾ ...
ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓ.ਪੀ.ਡੀ. 'ਚ ਲੱਗੀ ਅੱਗ
. . .  about 1 hour ago
ਲੁਧਿਆਣਾ, 16 ਅਗਸਤ - ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਓ.ਪੀ.ਡੀ 'ਚ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ। ਅੱਗ 'ਤੇ ਕਾਬੂ ਪਾਉਣ ਲਈ ਮੌਕੇ ...
ਅਟਲ ਬਿਹਾਰੀ ਵਾਜਪਾਈ ਦਾ ਹੋਇਆ ਦੇਹਾਂਤ
. . .  about 1 hour ago
ਨਵੀਂ ਦਿੱਲੀ, 16 ਅਗਸਤ -ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਵੀਰਵਾਰ ਸ਼ਾਮ 5.05 ਵਜੇ ਦਿੱਲੀ 'ਚ ਸਥਿਤ ਏਮਜ਼ 'ਚ ਹੋਇਆ ਦੇਹਾਂਤ ਹੋ ਗਿਆ ਹੈ। 93 ਸਾਲ ਦੇ ਅਟਲ ਬਿਹਾਰੀ ਵਾਜਪਾਈ ਪਿਛਲੇ ਨੋ ਹਫ਼ਤਿਆਂ ਤੋਂ ਏਮਜ਼ 'ਚ ...
1 ਲੱਖ 92 ਹਜ਼ਾਰ 900 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
. . .  about 2 hours ago
ਜਲੰਧਰ, 16 ਅਗਸਤ -ਸੀ.ਆਈ.ਏ. ਸਟਾਫ਼ ਕਮਿਸ਼ਨਰੇਟ ਜਲੰਧਰ ਟੀਮ ਵੱਲੋਂ ਨਾਕਾਬੰਦੀ ਦੋਰਾਨ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਮੈਡੀਕਲ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ 1 ਲੱਖ 92 ਹਜ਼ਾਰ 900 ...
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਸਿੱਖੀ ਪ੍ਰਚਾਰ ਵਿਚ ਸ਼੍ਰੋਮਣੀ ਕਮੇਟੀ ਦਾ ਰੋਲ ਕੀ ਹੈ?

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਮਰਹੂਮ ਸ: ਜੋਗਿੰਦਰ ਸਿੰਘ ਮਾਨ ਪੜ੍ਹਾਈ ਦੌਰਾਨ ਜਦੋਂ ਇੰਗਲੈਂਡ ਯਾਤਰਾ 'ਤੇ ਗਏ ਸਨ ਤਾਂ ਇਕ ਪਾਦਰੀ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਹੈ, ਕਿਸੇ ਧਰਮ ਕੋਲ ਇਕ ਤੇ ਕਿਸੇ ਕੋਲ ਦੋ ਸ਼ਹੀਦ ਹਨ ਪਰ ਤੁਹਾਡੇ ਕੋਲ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰਾਂ, ਸ਼ਹੀਦਾਂ ਅਤੇ ਬਲਿਦਾਨੀਆਂ ਦੀ ਮਹਾਨ ਵਿਰਾਸਤ ਹੈ ਪਰ ਤੁਸੀਂ ਦੁਨੀਆ ਨੂੰ ਤਾਂ ਕੀ, ਆਪਣੀ ਨਵੀਂ ਪੀੜ੍ਹੀ ਨੂੰ ਹੀ ਇਸ ਮਹਾਨ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਸਕੇ। ਜੇਕਰ ਸਾਡੇ ਕੋਲ ਤੁਹਾਡੇ ਵਰਗਾ ਮਹਾਨ ਇਤਿਹਾਸ ਹੁੰਦਾ ਤਾਂ ਸ਼ਾਇਦ ਸਿੱਖ ਧਰਮ ਅੱਜ ਦੁਨੀਆ ਦਾ ਸਭ ਤੋਂ ਵੱਧ ਗਿਣਤੀ ਵਾਲਾ ਧਰਮ ਹੁੰਦਾ।
ਗੁਰੂ ਸਾਹਿਬਾਨ ਦੇ ਅਦੁੱਤੀ ਕਾਰਜ
ਸੱਚਮੁੱਚ ਧਰਮ ਭਾਵੇਂ ਕੋਈ ਕਿੰਨਾ ਵੀ ਮਹਾਨ ਅਤੇ ਵਿਲੱਖਣ ਹੋਵੇ, ਪਰ ਉਸ ਦੇ ਇਤਿਹਾਸ, ਵਿਰਾਸਤ ਅਤੇ ਫ਼ਲਸਫ਼ੇ ਦੇ ਪ੍ਰਚਾਰ ਤੋਂ ਬਿਨਾਂ ਧਰਮ ਦਾ ਪ੍ਰਸਾਰ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਰੂਪ ਵਿਚ 30 ਮੁਲਕਾਂ ਵਿਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਮਰ ਚੁੱਕੀ ਮਨੁੱਖਤਾ ਨੂੰ ਧਰਮ ਦੇ ਪ੍ਰਚਾਰ ਰਾਹੀਂ ਹੀ ਜਗਾਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਬੈਠ ਕੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਸਨ। ਗੁਰਮੁਖੀ ਬੋਲੀ ਦਾ ਪ੍ਰਸਾਰ ਅਤੇ ਮੱਲ ਅਖਾੜੇ ਲਗਾ ਕੇ ਸਿੱਖਾਂ ਵਿਚ ਸਰੀਰਕ ਅਰੋਗਤਾ ਦੀ ਮਹਾਨਤਾ ਉਜਾਗਰ ਕੀਤੀ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਅਤੇ 52 ਪੀੜ੍ਹੇ ਥਾਪ ਕੇ ਸੁਚਾਰੂ ਅਤੇ ਸਮਕਾਲੀ ਸਮਾਜਿਕ ਸੁਧਾਰਾਂ ਨਾਲ ਧਰਮ ਪ੍ਰਚਾਰ ਨੂੰ ਸੰਸਥਾਗਤ ਰੂਪ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਆਰੰਭ ਕੀਤੀ ਅਤੇ ਗ਼ਰੀਬਾਂ/ਲੋੜਵੰਦਾਂ ਦੀ ਸਹਾਇਤਾ ਲਈ ਦਸਵੰਧ ਪਰੰਪਰਾ ਨੂੰ ਮਜ਼ਬੂਤ ਕੀਤਾ ਸੀ।
ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਹਰਿਰਾਇ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੇ ਸੱਚ-ਧਰਮ ਦੇ ਪ੍ਰਚਾਰ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਪ੍ਰਚਾਰ ਫੇਰੀਆਂ ਲਈ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਆਸਾਮ, ਬੰਗਾਲ ਅਤੇ ਢਾਕਾ (ਬੰਗਲਾਦੇਸ਼) ਆਦਿ ਤੱਕ ਗਏ। ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਪ੍ਰਚਾਰ ਨੂੰ ਸੰਸਥਾਗਤ ਮਜ਼ਬੂਤੀ ਪ੍ਰਦਾਨ ਕਰਦਿਆਂ ਨਿਰਮਲਿਆਂ ਨੂੰ ਧਰਮ ਵਿੱਦਿਆ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ, ਹਜ਼ੂਰ ਦੇ ਦਰਬਾਰ ਵਿਚ 52 ਕਵੀਆਂ ਦਾ ਹੋਣਾ, ਭਾਰਤ ਦੇ ਵੱਖ-ਵੱਖ ਖਿੱਤਿਆਂ ਅਤੇ ਵੱਖ-ਵੱਖ ਜਾਤਾਂ ਵਿਚੋਂ ਪੰਜ ਪਿਆਰਿਆਂ ਦੀ ਚੋਣ ਕਰਨੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਜ਼ੁਲਮ ਦੇ ਰਾਜ ਦਾ ਅੰਤ ਕਰਕੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਪੰਜਾਬ ਭੇਜਣਾ ਆਦਿ ਧਰਮ ਪ੍ਰਚਾਰ ਦਾ ਹੀ ਹਿੱਸਾ ਸਨ। ਗੁਰੂ ਸਾਹਿਬਾਨ ਤੋਂ ਮਗਰੋਂ ਵੀ ਸਿੱਖਾਂ ਨੇ ਧਰਮ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੁਣ ਤੱਕ 9 ਲੱਖ ਤੋਂ ਵੱਧ ਲਾਸਾਨੀ ਅਤੇ ਅਦੁੱਤੀ ਸ਼ਹਾਦਤਾਂ ਦਾ ਇਤਿਹਾਸ ਰਚਿਆ ਹੈ।
ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਦਾ ਸਮਾਂ
ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਇਕ ਸਮਾਂ ਇਹੋ ਜਿਹਾ ਵੀ ਆਇਆ ਕਿ ਜਦੋਂ ਸਿੱਖਾਂ ਦੀ ਗਿਣਤੀ ਲੱਖਾਂ ਤੋਂ ਘਟ ਕੇ ਹਜ਼ਾਰਾਂ ਵਿਚ ਰਹਿ ਗਈ। ਸਿੱਖ ਸਮਾਜ 'ਤੇ ਇਸਾਈ ਮਿਸ਼ਨਰੀਆਂ ਅਤੇ ਆਨਮਤਾਂ ਦਾ ਪ੍ਰਭਾਵ ਤੇਜ਼ੀ ਨਾਲ ਵਧਣ ਲੱਗਾ ਸੀ। ਅੰਗਰੇਜ਼ਾਂ ਨੇ ਇਹ ਸੋਚ ਕੇ ਸਿੱਖਾਂ ਦੀਆਂ ਤਸਵੀਰਾਂ ਤੱਕ ਬਣਾ ਦਿੱਤੀਆਂ ਕਿ ਸਿੱਖ ਤਾਂ ਹੁਣ ਸਿਰਫ਼ ਇਤਿਹਾਸ ਦਾ ਹਿੱਸਾ ਬਣ ਜਾਣਗੇ। ਉਸ ਵੇਲੇ ਗੰਭੀਰ ਸਥਿਤੀ ਨੂੰ ਵੇਖਦਿਆਂ ਪੰਥ ਦਰਦੀ ਸਿੱਖਾਂ ਨੇ ਸਿੰਘ ਸਭਾ ਲਹਿਰ ਦਾ ਆਗਾਜ਼ ਕੀਤਾ ਅਤੇ ਧਰਮ ਦੇ ਨਾਲ-ਨਾਲ ਸਿੱਖ ਸਮਾਜ ਅੰਦਰ ਸਿੱਖਿਆ ਦੇ ਪ੍ਰਸਾਰ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਮੁੜ ਹਜ਼ਾਰਾਂ ਤੋਂ ਸਿੱਖਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਿੰਘ ਸਭਾ ਲਹਿਰ ਦੀ ਹੀ ਦੇਣ ਸਨ।
ਗੁਰੂ ਸਾਹਿਬਾਨ ਦੀ ਮਨੁੱਖਤਾ ਲਈ ਮਹਾਨ ਦੇਣ ਅਤੇ ਲਾਸਾਨੀ ਸਿੱਖ ਇਤਿਹਾਸ ਦੇ ਬਾਵਜੂਦ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਅਜੋਕੀਆਂ ਸਿੱਖ ਸੰਸਥਾਵਾਂ ਦੇ ਅਵੇਸਲੇਪਨ ਬਾਰੇ ਇਕ ਵਿਦਵਾਨ ਦੀ ਟਿੱਪਣੀ ਜ਼ਿਕਰਯੋਗ ਹੈ ਕਿ ਲੋਕ ਤਾਂ ਆਪਣੇ ਬਜ਼ੁਰਗਾਂ ਦਾ ਪਿੱਤਲ, ਸੋਨੇ ਦੇ ਭਾਅ ਵੀ ਨਹੀਂ ਵੇਚਦੇ ਪਰ ਸਿੱਖ ਆਪਣਾ ਸੋਨਾ ਪਿੱਤਲ ਦੇ ਭਾਅ ਵੀ ਨਹੀਂ ਵੇਚ ਸਕੇ। ਬੇਸ਼ੱਕ ਪਿਛਲੇ ਸਮੇਂ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਭਾ-ਸੁਸਾਇਟੀਆਂ ਤੋਂ ਇਲਾਵਾ ਸਿਰਮੌਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਲਗਾਤਾਰ ਧਰਮ ਪ੍ਰਚਾਰ ਲਈ ਯਤਨ ਕੀਤੇ ਜਾਂਦੇ ਰਹੇ ਹਨ ਪਰ ਧਰਮ ਪ੍ਰਚਾਰ ਨੂੰ ਸਮਕਾਲੀ ਪ੍ਰਸੰਗ ਨਾਲ ਜੋੜ ਕੇ ਲੋਕਾਂ ਤੱਕ ਸਹੀ ਪਹੁੰਚ ਦੀ ਅਸਫ਼ਲਤਾ ਕਾਰਨ ਧਰਮ ਪ੍ਰਚਾਰ ਦੇ ਨਤੀਜੇ ਤਸੱਲੀਬਖ਼ਸ਼ ਨਹੀਂ ਨਿਕਲ ਸਕੇ। ਪਤਿਤਪੁਣਾ, ਨਸ਼ਾਖੋਰੀ, ਡੇਰਾਵਾਦ, ਭਰੂਣ ਹੱਤਿਆ ਅਤੇ ਕਰਮ-ਕਾਂਡ ਸਿੱਖ ਸਮਾਜ ਲਈ ਚੁਣੌਤੀ ਬਣਦੇ ਰਹੇ।
ਸ਼੍ਰੋਮਣੀ ਕਮੇਟੀ ਦੀ ਨਵੀਂ ਵਿਉਂਤਬੰਦੀ
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪਲੇਠੇ ਸੰਬੋਧਨ 'ਚ ਹੀ ਇਹ ਗੱਲ ਆਖੀ ਸੀ ਕਿ ਧਰਮ ਪ੍ਰਚਾਰ ਉਨ੍ਹਾਂ ਦੀਆਂ ਮੁਢਲੀਆਂ ਤਰਜੀਹਾਂ ਵਿਚ ਹੈ, ਕਿਉਂਕਿ ਉਹ ਅਹਿਸਾਸ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਪ੍ਰਬੰਧਾਂ, ਸਿੱਖਿਆ, ਦਾਰਸ਼ਨਿਕਤਾ ਤੇ ਲੋਕ ਸੇਵਾ ਵਰਗੇ ਹੋਰਨਾਂ ਕਈ ਖੇਤਰਾਂ 'ਚ ਯਾਦਗਾਰੀ ਭੂਮਿਕਾ ਨਿਭਾਈ ਹੈ ਪਰ ਆਮ ਸਿੱਖਾਂ ਦੇ ਮਨ ਵਿਚ ਸੰਸਾ ਹੀ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਓਨੀ ਵੱਡੀ ਪੱਧਰ 'ਤੇ ਕੰਮ ਨਹੀਂ ਕਰਦੀ, ਜਿੰਨੀ ਉਹ ਆਸ ਕਰਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਅਤੇ ਹਰਿਆਣਾ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਧਰਮ ਪ੍ਰਚਾਰ ਲਹਿਰ' ਜਨਵਰੀ ਮਹੀਨੇ ਸ਼ੁਰੂ ਕੀਤੀ ਗਈ ਸੀ।
ਮਾਝਾ ਖੇਤਰ ਦਾ ਮੁੱਖ ਕੇਂਦਰ; ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਣਾ ਕੇ ਇਸ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਨਾਲ-ਨਾਲ ਜੰਮੂ ਕਸ਼ਮੀਰ ਨੂੰ ਵੀ ਜੋੜਿਆ ਗਿਆ ਸੀ। ਮਾਲਵਾ ਖੇਤਰ ਦਾ ਮੁੱਖ ਕੇਂਦਰ; ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਣਾ ਕੇ ਇਸ ਨਾਲ ਬਠਿੰਡਾ, ਮਾਨਸਾ, ਮੋਗਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਪਟਿਆਲਾ, ਬਰਨਾਲਾ, ਸੰਗਰੂਰ ਜ਼ਿਲ੍ਹੇ ਅਤੇ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸੇ ਤਰ੍ਹਾਂ ਦੁਆਬਾ ਦਾ ਕੇਂਦਰ; ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾ ਕੇ ਇਸ ਵਿਚ ਰੂਪਨਗਰ, ਮੁਹਾਲੀ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਤੇ ਲੁਧਿਆਣਾ ਜ਼ਿਲ੍ਹੇ ਅਤੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਸ਼ਾਮਿਲ ਕੀਤਾ ਗਿਆ। ਚੌਥਾ ਕੇਂਦਰ ਕੁਰੂਕਸ਼ੇਤਰ ਵਿਖੇ ਬਣਾ ਕੇ ਪੂਰੇ ਹਰਿਆਣਾ ਰਾਜ ਵਿਚ ਧਰਮ ਪ੍ਰਚਾਰ ਲਹਿਰ ਪ੍ਰਚੰਡ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਹਰੇਕ ਪ੍ਰਚਾਰ ਖੇਤਰ ਵਿਚ 40 ਦੇ ਕਰੀਬ ਸ਼੍ਰੋਮਣੀ ਕਮੇਟੀ ਹਲਕਿਆਂ ਨੂੰ ਸ਼ਾਮਿਲ ਕਰਕੇ 20 ਪ੍ਰਚਾਰ ਜਥੇ ਭੇਜੇ ਗਏ ਸਨ।
ਇਸ ਲਹਿਰ ਦਾ ਉਦੇਸ਼ ਪਾਵਨ ਪਵਿੱਤਰ ਗੁਰਬਾਣੀ, ਗੁਰਮਤਿ ਦਾ ਪ੍ਰਚਾਰ-ਪ੍ਰਸਾਰ, ਸਿੱਖ ਇਤਿਹਾਸ ਦੀ ਜਾਣਕਾਰੀ, ਸਿੱਖ ਰਹਿਤ ਮਰਿਆਦਾ ਦਾ ਗਿਆਨ ਦੇਣ ਅਤੇ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਦੀ ਪਛਾਣ ਸਥਾਪਤ ਕਰਨ ਦੇ ਰਵਾਇਤੀ ਪ੍ਰਚਾਰ ਦੇ ਨਾਲ-ਨਾਲ ਸਮਾਜਿਕ ਸੁਧਾਰਾਂ ਜਿਵੇਂ; ਜਾਤ-ਪਾਤ ਦੇ ਖ਼ਾਤਮੇ, ਸਮਾਜਿਕ ਬਰਾਬਰਤਾ, ਭਰੂਣ ਹੱਤਿਆ ਦੀ ਰੋਕਥਾਮ, ਕੁਦਰਤੀ ਵਾਤਾਵਰਨ ਦੀ ਸਵੱਛਤਾ ਅਤੇ ਸਿਹਤ ਜਾਗਰੂਕਤਾ ਤਹਿਤ ਪਿੰਡਾਂ ਵਿਚ ਮੈਡੀਕਲ ਵੈਨਾਂ ਭੇਜਣ ਆਦਿ ਦੇ ਉਪਰਾਲੇ ਵੀ ਸ਼ਾਮਿਲ ਕੀਤੇ ਗਏ ਸਨ। ਇਸ ਲਹਿਰ ਵਿਚ ਜਿੱਥੇ ਪਿੰਡਾਂ-ਸ਼ਹਿਰਾਂ ਵਿਚ ਜਾ ਕੇ ਗੁਰਮਤਿ ਸਮਾਗਮ ਕੀਤੇ ਗਏ, ਉਥੇ ਧਾਰਮਿਕ ਨਾਟਕਾਂ ਅਤੇ ਫ਼ਿਲਮਾਂ ਰਾਹੀਂ ਵੀ ਪ੍ਰਚਾਰ ਕੀਤਾ ਗਿਆ। ਇਸ ਧਰਮ ਪ੍ਰਚਾਰ ਲਹਿਰ ਦੇ ਪਹਿਲੇ ਪੜਾਅ ਵਿਚ ਮਾਲਵਾ ਜ਼ੋਨ ਵਿਚ 1600, ਦੁਆਬਾ ਅਤੇ ਮਾਝਾ ਵਿਚ 1500-1500 ਪਿੰਡਾਂ ਨੂੰ ਹੁਣ ਤੱਕ ਜੋੜਿਆ ਜਾ ਚੁੱਕਾ ਹੈ।
ਇਸ ਪ੍ਰਚਾਰ ਲਹਿਰ ਦੀ ਇਕ ਅਹਿਮ ਕੜੀ ਵਜੋਂ ਇਨ੍ਹਾਂ ਪਿੰਡਾਂ ਵਿਚ ਪ੍ਰਚਾਰ ਜਥਿਆਂ ਨੇ ਧਾਰਮਿਕ ਸਮਾਗਮਾਂ ਤੋਂ ਇਲਾਵਾ ਪਿੰਡਾਂ ਦੀ ਕੁੱਲ ਵਸੋਂ, ਪਿੰਡ ਵਿਚ ਵਸਦੇ ਸਿੱਖ ਪਰਿਵਾਰਾਂ ਵਿਚੋਂ ਅੰਮ੍ਰਿਤਧਾਰੀ ਅਤੇ ਪਤਿਤ ਵਿਅਕਤੀਆਂ ਬਾਰੇ ਜਾਣਕਾਰੀ, ਪਿੰਡ ਵਿਚ ਗੁਰਦੁਆਰਾ ਸਾਹਿਬਾਨ ਦੀ ਗਿਣਤੀ, ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ, ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ, ਮੈਂਬਰਾਂ, ਗ੍ਰੰਥੀ ਸਿੰਘਾਂ ਦੀ ਯੋਗਤਾ ਅਤੇ ਰਹਿਣ-ਸਹਿਣ ਦੇ ਨਾਲ-ਨਾਲ ਧਰਮ ਪ੍ਰਚਾਰ ਲਈ ਯਤਨਸ਼ੀਲ ਸੁਸਾਇਟੀਆਂ ਦਾ ਵੇਰਵਾ ਵੀ ਇਕੱਤਰ ਕੀਤਾ ਗਿਆ। ਹਰੇਕ ਪਿੰਡ ਵਿਚ ਤਾਲਮੇਲ ਕਮੇਟੀਆਂ ਸਥਾਪਤ ਕੀਤੀਆਂ ਗਈਆਂ। ਗੁਰਦੁਆਰਾ ਸਾਹਿਬਾਨ ਅੰਦਰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਹੁੰਦੇ ਨਿੱਤਨੇਮ ਅਤੇ ਕਥਾ-ਵਿਚਾਰ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ-ਆਸਨ ਅਸਥਾਨ ਦੀ ਸਥਿਤੀ ਦੇ ਨਾਲ-ਨਾਲ ਬਿਜਲੀ ਫਿਟਿੰਗ ਜਿਸ ਵਿਚ; ਏ.ਸੀ., ਕੂਲਰ, ਪੱਖੇ ਅਤੇ ਲਾਈਟਾਂ ਸ਼ਾਮਿਲ ਹਨ, ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ, ਤਾਂ ਜੋੋ ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਅਨਹੋਣੀਆਂ ਨੂੰ ਰੋਕਿਆ ਜਾ ਸਕੇ। ਪਿੰਡਾਂ ਅੰਦਰ ਸਥਾਪਤ ਲਾਇਬ੍ਰੇਰੀਆਂ ਅਤੇ ਵਿੱਦਿਅਕ ਅਦਾਰਿਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ। ਇਹ ਸਾਰੇ ਵੇਰਵੇ ਸਮਾਜਿਕ ਪ੍ਰਸੰਗ ਵਿਚ ਸਿੱਖ ਧਰਮ ਦੇ ਪ੍ਰਚਾਰ ਨੂੰ ਵਧੇਰੇ ਅਸਰਦਾਰ ਅਤੇ ਸਿੱਟਾਮੁਖੀ ਬਣਾਉਣ ਦੀ ਭਵਿੱਖਮੁਖੀ ਵਿਉਂਤਬੰਦੀ ਲਈ ਸਹਾਈ ਹੋਣਗੇ।
ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਦੀ ਧਰਮ ਪ੍ਰਚਾਰ ਲਹਿਰ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ ਪੂਰੇ ਦੇਸ਼ ਵਿਚ ਕੀਤੇ ਗਏ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 46,321 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਮਾਲਵਾ ਖੇਤਰ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ 91 ਸਥਾਨਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 12,990, ਦੁਆਬਾ ਖੇਤਰ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ 36 ਸਥਾਨਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 12,790 ਅਤੇ ਮਾਝੇ ਖੇਤਰ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 80 ਸਥਾਨਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 20,541 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ।
ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਬਣਾਉਣ ਲਈ 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ', 'ਇਕ ਪਿੰਡ, ਇਕ ਸ਼ਮਸ਼ਾਨਘਾਟ' ਦਾ ਸੁਨੇਹਾ ਅਤੇ ਵਾਤਾਵਰਨ ਦੀ ਸੰਭਾਲ ਦੀ ਚੇਤਨਾ ਵਰਗੇ ਅਹਿਮ ਤੇ ਸਾਰਥਿਕ ਪ੍ਰੋਗਰਾਮ ਸ਼ੁਰੂ ਕੀਤੇ ਹਨ ਪਰ ਧਰਮ ਪ੍ਰਚਾਰ ਲਹਿਰ ਨੂੰ ਹੋਰ ਜ਼ਿਆਦਾ ਪ੍ਰਚੰਡ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਮਾਜਿਕ ਪੱਧਰ 'ਤੇ ਅਜੇ ਹੋਰ ਨਿੱਠ ਕੇ ਕੰਮ ਕਰਨ ਦੀ ਲੋੜ ਹੈ। ਅਜੋਕੇ ਸਮੇਂ ਸੰਸਾਰ ਭਾਈਚਾਰਾ ਵਿਸ਼ਵ ਅਰਥਚਾਰੇ, ਰਾਜਨੀਤੀ, ਸਮਾਜਿਕ ਬਰਾਬਰਤਾ ਅਤੇ ਸਦੀਵੀ ਅਮਨ-ਸ਼ਾਂਤੀ ਦੇ ਪੁੰਜ ਕਿਸੇ 'ਤੀਜੇ ਬਦਲ' ਦੀ ਭਾਲ ਵਿਚ ਹੈ ਅਤੇ ਜੀਵਨ ਦੇ ਹਰ ਖੇਤਰ ਵਿਚ ਅਗਵਾਈ ਕਰਨ ਵਾਲਾ ਇਹ ਬਦਲ ਦੁਨੀਆ ਦਾ ਇਕੋ-ਇਕ ਕੁਦਰਤਵਾਦੀ ਬ੍ਰਹਿਮੰਡੀ ਫ਼ਲਸਫ਼ਾ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਬਣ ਸਕਦਾ ਹੈ। ਜੇਕਰ ਸਿੱਖ ਧਰਮ ਦੇ ਪ੍ਰਚਾਰ ਨੂੰ ਅਜੋਕੇ ਸਮੇਂ ਇਕ ਆਦਰਸ਼ਕ ਜੀਵਨ-ਜਾਚ ਅਤੇ ਸਮਾਜਿਕ ਸੁਧਾਰਾਂ ਦੇ ਏਜੰਡੇ ਵਜੋਂ ਉਭਾਰਿਆ ਜਾਵੇ ਤਾਂ ਯਕੀਨੀ ਤੌਰ 'ਤੇ ਧਰਮ ਪ੍ਰਚਾਰ ਲਹਿਰ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਲਈ ਭਵਿੱਖਮੁਖੀ ਵਿਚਾਰ ਪ੍ਰਬੰਧ ਨੂੰ ਵਿਉਂਤਣ ਲਈ ਠੋਸ ਜ਼ਮੀਨ ਮੁਹੱਈਆ ਕਰੇਗੀ। ਜੇਕਰ ਧਰਮ ਪ੍ਰਚਾਰ ਲਹਿਰ ਨੂੰ ਸਮੇਂ ਦੇ ਸਮਾਜਿਕ ਸਰੋਕਾਰਾਂ, ਮਨੁੱਖੀ ਚੁਣੌਤੀਆਂ ਅਤੇ ਸਮੱਸਿਆਵਾਂ ਨਾਲ ਜੋੜ ਕੇ 'ਗੁਰਮਤਿ ਫ਼ਲਸਫ਼ੇ' ਨੂੰ ਬ੍ਰਹਿਮੰਡੀ ਸਰੋਕਾਰਾਂ ਵਿਚ ਮਨੁੱਖਤਾ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਯਕੀਨੀ ਤੌਰ 'ਤੇ ਧਰਮ ਪ੍ਰਚਾਰ ਲਹਿਰ ਸਮਾਜਿਕ ਉਥਾਨ ਦਾ ਆਧਾਰ ਬਣ ਸਕਦੀ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

ਪਾਕਿਸਤਾਨ ਦੀ ਕੌਮੀ ਮਸਜਿਦ ਹੈ ਫੈਸਲ ਮਸਜਿਦ

ਦੂਸਰੇ ਧਰਮਾਂ ਦੇ ਪੈਰੋਕਾਰਾਂ ਦੀ ਨਿਸਬਤ ਮੁਸਲਮਾਨ ਆਪਣੇ ਧਰਮ ਵਿਚ ਵਧੇਰੇ ਪੱਕੇ ਹੁੰਦੇ ਹਨ। ਉਨ੍ਹਾਂ ਨੂੰ ਅੱਲ੍ਹਾ ਉੱਤੇ ਅਥਾਹ ਵਿਸ਼ਵਾਸ ਹੈ। ਆਪਣੇ ਧਾਰਮਿਕ ਗ੍ਰੰਥ 'ਕੁਰਾਨ ਸ਼ਰੀਫ਼' ਉੱਤੇ ਵੀ ਬੜਾ ਵਿਸ਼ਵਾਸ ਹੈ। ਆਮ ਤੌਰ 'ਤੇ ਬਹੁਤੇ ਮੁਸਲਮਾਨ ਬਾਕਾਇਦਗੀ ਨਾਲ ਹਰ ਰੋਜ਼ ਪੰਜੇ ਵਖ਼ਤ ਨਮਾਜ਼ ਪੜ੍ਹਦੇ ਹਨ। ਜੇ ਸਮਾਂ ਹੋਵੇ ਤਾਂ ਅਕਸਰ ਨਮਾਜ਼ ਮਸਜਿਦ ਜਿਸ ਨੂੰ 'ਅੱਲ੍ਹਾ ਦਾ ਘਰ' ਕਹਿੰਦੇ ਹਨ, ਜਾ ਕੇ ਪੜ੍ਹਦੇ ਹਨ। ਭਾਰਤੀ ਉਪ-ਮਹਾਂਦੀਪ ਦੇ ਸਾਰੇ ਸ਼ਹਿਰਾਂ ਵਿਚ ਵਿਸ਼ਾਲ ਮਸਜਿਦਾਂ ਬਣੀਆਂ ਹੋਈਆਂ ਹਨ।
ਪਾਕਿਸਤਾਨ ਦੀ ਨਵੀਂ ਰਾਜਧਾਨੀ ਇਸਲਾਮਾਬਾਦ ਵਿਖੇ ਸਥਾਪਿਤ ਹੋਣ ਤੋਂ ਬਾਅਦ ਇਕ ਕੌਮੀ ਸ਼ਾਨਦਾਰ ਮਸਜਿਦ ਦੀ ਲੋੜ ਮਹਿਸੂਸ ਹੋਈ। ਕਾਫੀ ਸੋਚ-ਵਿਚਾਰ ਪਿੱਛੋਂ ਮਰਗਲਾ ਪਹਾੜੀਆਂ ਦੇ ਪੈਰਾਂ ਵਿਚ ਰਾਵਲਪਿੰਡੀ ਵਾਲੇ ਪਾਸੇ ਇਕ ਥਾਂ ਦੀ ਚੋਣ ਕੀਤੀ ਗਈ, ਜੋ ਸ਼ਾਹਰਾਹ-ਏ-ਇਸਲਾਮਾਬਾਦ ਦੇ ਲਾਗੇ ਹੀ ਹੈ। ਸਾਊਦੀ ਅਰਬ ਦੇ ਤਤਕਾਲੀ ਬਾਦਸ਼ਾਹ ਫੈਸਲ ਜਦੋਂ 1966 ਵਿਚ ਪਾਕਿਸਤਾਨ ਆਏ ਤਾਂ ਉਨ੍ਹਾਂ ਨੂੰ ਵੀ ਇਹ ਥਾਂ ਬੜੀ ਪਸੰਦ ਆਈ ਅਤੇ ਉਨ੍ਹਾਂ ਨੇ ਇਸ 'ਗਰਾਂਡ ਨੈਸ਼ਨਲ ਮਾਸਕ ਪ੍ਰਾਜੈਕਟ' ਦਾ ਸਾਰਾ ਖਰਚ ਦੇਣ ਦੀ ਪੇਸ਼ਕਸ਼ ਕੀਤੀ। ਇਸ 'ਕੌਮੀ ਮਸਜਿਦ' ਦਾ ਨਾਂਅ ਬਾਦਸ਼ਾਹ ਫੈਸਲ ਦੇ ਨਾਂਅ ਉੱਤੇ 'ਫੈਸਲ ਮਸਜਿਦ' ਰੱਖ ਦਿੱਤਾ ਗਿਆ। ਸ਼ਾਹਰਾਹ-ਏ-ਇਸਲਾਮਾਬਾਦ ਤੋਂ ਇਸ ਮਸਜਿਦ ਤੱਕ ਦੇ ਸਾਰੇ ਇਲਾਕੇ ਦਾ ਨਾਂਅ ਫੈਸਲ ਐਵੀਨਿਊ ਰੱਖ ਦਿੱਤਾ ਗਿਆ।
ਇਸ ਪ੍ਰਸਤਾਵਿਤ ਵਿਸ਼ਾਲ ਅਤੇ ਸ਼ਾਨਦਾਰ ਕੌਮੀ ਮਸਜਿਦ ਦਾ ਨਕਸ਼ਾ ਤਿਆਰ ਕਰਵਾਉਣ ਲਈ ਪਾਕਿਸਤਾਨ ਸਰਕਾਰ ਨੇ ਸਾਰੇ ਮੁਸਲਿਮ ਦੇਸ਼ਾਂ ਦੇ ਭਵਨ-ਨਿਰਮਾਤਾ ਤੋਂ ਡਿਜ਼ਾਈਨ ਮੰਗੇ। ਤੁਰਕੀ ਦੇ ਪ੍ਰਸਿੱਧ ਆਰਕੀਟੈਕਟ ਵੇਦਤ ਡਾਲੋਕੇ ਦਾ ਡਿਜ਼ਾਈਨ ਪਸੰਦ ਕੀਤਾ ਗਿਆ। ਮਸਜਿਦ ਦੀ ਤਾਮੀਰ ਦਾ ਕੰਮ ਪਾਕਿਸਤਾਨ ਦੇ ਇੰਜੀਨੀਅਰਾਂ ਅਤੇ ਕਾਰੀਗਰਾਂ ਨੂੰ ਸੌਂਪਿਆ ਗਿਆ। ਇਸ ਕੌਮੀ ਮਸਜਿਦ ਦਾ ਨੀਂਹ ਪੱਥਰ ਅਕਤੂਬਰ, 1976 ਵਿਚ ਸਾਊਦੀ ਅਰਬ ਦੇ ਉਸ ਸਮੇਂ ਦੇ ਬਾਦਸ਼ਾਹ ਖਾਲਿਦ ਨੇ ਰੱਖਿਆ। ਉਸਾਰੀ ਦਾ ਕੰਮ ਮੈਸਰਜ਼ ਨੈਸ਼ਨਲ ਕੰਸਟ੍ਰਕਸ਼ਨ ਲਿਮਟਿਡ ਨੂੰ ਸੌਂਪਿਆ ਗਿਆ।
ਇਸ ਲੇਖਕ ਨੂੰ ਤਿੰਨ ਵਾਰੀ ਇਸ ਵਿਸ਼ਾਲ ਮਸਜਿਦ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਇਹ ਸ਼ਾਨਦਾਰ ਮਸਜਿਦ 46 ਏਕੜ ਥਾਂ ਵਿਚ ਤਾਮੀਰ ਕੀਤੀ ਗਈ ਹੈ, ਜਿਥੇ ਇਕੋ ਸਮੇਂ ਤਿੰਨ ਲੱਖ ਮੁਸਲਮਾਨ ਨਮਾਜ਼ ਪੜ੍ਹ ਸਕਦੇ ਹਨ। ਮੁੱਖ ਪ੍ਰਾਰਥਨਾ ਹਾਲ 228 ਫੁੱਟ ਲੰਬਾ ਅਤੇ ਏਨਾ ਹੀ ਚੌੜਾ ਹੈ, ਜਿਸ ਦੇ ਚਾਰੇ ਕੋਨਿਆਂ ਵਿਚ 258 ਫੁੱਟ ਉੱਚੇ ਖੂਬਸੂਰਤ ਮੀਨਾਰ ਬਣੇ ਹੋਏ ਹਨ, ਜਿਨ੍ਹਾਂ ਅੰਦਰ ਪੌੜੀਆਂ ਹਨ ਅਤੇ ਚੜ੍ਹ ਕੇ ਸਾਰਾ ਇਸਲਾਮਾਬਾਦ ਦੇਖਿਆ ਜਾ ਸਕਦਾ ਹੈ। ਇਸ ਹਾਲ ਵਿਚ ਦਸ ਹਜ਼ਾਰ ਲੋਕ ਨਮਾਜ਼ ਅਦਾ ਕਰ ਸਕਦੇ ਹਨ। ਔਰਤਾਂ ਲਈ 8200 ਵਰਗ ਫੁੱਟ ਦਾ ਵੱਖਰਾ ਹਾਲ ਹੈ। ਇਸ ਤੋਂ ਬਿਨਾਂ ਵਰਾਂਡਿਆਂ ਵਿਚ ਵੀ ਨਮਾਜ਼ ਪੜ੍ਹਨ ਦੀ ਵਿਵਸਥਾ ਹੈ। ਬਾਹਰ ਲਾਅਨ ਵਿਚ ਇਕ ਲੱਖ 80 ਹਜ਼ਾਰ ਲੋਕ ਨਮਾਜ਼ ਪੜ੍ਹ ਕੇ ਸਿਜਦਾ ਕਰ ਸਕਦੇ ਹਨ।
ਇਹ ਸਾਰੀ ਮਸਜਿਦ ਸੰਗਮਰਮਰ ਅਤੇ ਹੋਰ ਬਹੁਤ ਹੀ ਕੀਮਤੀ ਪੱਥਰਾਂ ਦੀ ਬਣੀ ਹੋਈ ਹੈ, ਜੋ ਵਧੇਰੇ ਕਰਕੇ ਤੁਰਕੀ ਅਤੇ ਹੋਰ ਵੱਖ-ਵੱਖ ਮੁਸਲਿਮ ਦੇਸ਼ਾਂ 'ਚੋਂ ਮੰਗਵਾਇਆ ਗਿਆ ਹੈ। ਵੁਜ਼ੂ ਕਰਨ ਲਈ ਪਾਣੀ ਦੀਆਂ ਹਜ਼ਾਰਾਂ ਹੀ ਟੂਟੀਆਂ ਲਗਾਈਆਂ ਗਈਆਂ ਹਨ। ਮਸਜਿਦ ਦੀਆਂ ਅੰਦਰੂਨੀ ਦੀਵਾਰਾਂ 'ਤੇ ਬੜੇ ਹੀ ਖੂਬਸੂਰਤ ਅੱਖਰਾਂ ਵਿਚ ਪਵਿੱਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਗਈਆਂ ਹਨ, ਆਸੇ-ਪਾਸੇ ਬੜੇ ਹੀ ਸੁੰਦਰ ਡਿਜ਼ਾਈਨ ਬਣਾਏ ਗਏ ਹਨ। ਮਸਜਿਦ ਅੰਦਰ ਬਿਜਲੀ ਦੀਆਂ ਲਾਈਟਾਂ ਬੜੇ ਹੀ ਖੂਬਸੂਰਤ ਡਿਜ਼ਾਈਨ ਦੇ ਹੋਲਡਰਾਂ ਆਦਿ ਵਿਚ ਲਗਾਈਆਂ ਗਈਆਂ ਹਨ। ਗੁਰਦੁਆਰਿਆਂ ਤੇ ਮੰਦਰਾਂ ਵਾਂਗ ਮਸਜਿਦ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਜੋੜੇ ਉਤਾਰਨੇ ਪੈਂਦੇ ਹਨ। ਆਪਣੇ ਜੋੜੇ ਜਮ੍ਹਾਂ ਕਰਵਾਉਣ ਲਈ ਸਭਨਾਂ ਨੂੰ ਪੈਸੇ ਦੇਣੇ ਪੈਂਦੇ ਹਨ। ਮਸਜਿਦ ਦੇ ਅੰਦਰ ਹੀ ਇਕ ਪਾਸੇ ਇਸਲਾਮਿਕ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ। ਇਥੇ ਇਸਲਾਮ ਬਾਰੇ ਵੱਖ-ਵੱਖ ਪਹਿਲੂਆਂ 'ਤੇ ਖੋਜ ਕੀਤੀ ਜਾਂਦੀ ਹੈ। ਮਸਜਿਦ ਸਮੂਹ ਵਿਚ ਮੁੱਖ ਹਾਲ ਅਤੇ ਵਰਾਂਡਿਆਂ ਤੋਂ ਬਾਹਰ ਇਕ ਦੁਕਾਨ ਹੈ, ਜਿਥੇ ਪਵਿੱਤਰ ਕੁਰਾਨ ਸ਼ਰੀਫ ਵੱਖ-ਵੱਖ ਸਾਈਜ਼ਾਂ ਵਿਚ ਬਹੁਤ ਹੀ ਵਧੀਆ ਕਾਗਜ਼ 'ਤੇ ਖੂਬਸੂਰਤ ਛਪਾਈ ਵਿਚ ਮਿਲਦੇ ਹਨ, ਜਿਨ੍ਹਾਂ ਦੀ ਕੀਮਤ 200 ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਹੈ। ਇਥੇ ਹੀ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਬਾਰੇ ਪੁਸਤਕਾਂ ਅਤੇ ਤਸਵੀਰਾਂ ਵੀ ਮਿਲਦੀਆਂ ਹਨ। ਨੇੜੇ ਹੀ ਮਰਹੂਮ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਦਾ ਮਕਬਰਾ ਹੈ।


-194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ।
ਫੋਨ : 0161-2461194

ਬਰਸੀ 'ਤੇ ਵਿਸ਼ੇਸ਼

ਸ: ਤੇਜਾ ਸਿੰਘ ਸਮੁੰਦਰੀ

ਸ: ਤੇਜਾ ਸਿੰਘ ਸਮੁੰਦਰੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ (ਮੌਜੂਦਾ ਜ਼ਿਲ੍ਹਾ ਤਰਨ ਤਾਰਨ) ਦੇ ਪੱਟੀ ਅਤੇ ਸਰਹਾਲੀ ਦੇ ਵਿਚਕਾਰ ਵਸੇ ਪਿੰਡ ਰਾਏ ਕਾ ਬੁਰਜ ਵਿਖੇ ਰਿਸਾਲਦਾਰ ਮੇਜਰ ਸ: ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਉਹ ਪੱਕੇ ਨਿੱਤਨੇਮੀ ਸਨ, ਬਹੁਤੀ ਗੁਰਬਾਣੀ ਉਨ੍ਹਾਂ ਨੂੰ ਕੰਠ ਸੀ। ਚੜ੍ਹਦੀ ਉਮਰ ਵਿਚ ਸਿੰਘ ਸਭਾ ਲਹਿਰ ਵਿਚ ਸ਼ਾਮਿਲ ਹੋ ਕੇ ਪੰਥਕ ਕੰਮਾਂ ਵਿਚ ਜੁਟ ਗਏ। ਚਾਰ ਵਿੱਦਿਅਕ ਸੰਸਥਾਵਾਂ ਖ਼ਾਲਸਾ ਹਾਈ ਸਕੂਲ ਲਾਇਲਪੁਰ, ਬਾਰ ਖ਼ਾਲਸਾ ਹਾਈ ਸਕੂਲ ਚੱਕ 42, ਖ਼ਾਲਸਾ ਮਿਡਲ ਸਕੂਲ ਚੱਕ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਸਰਹਾਲੀ ਸ: ਤੇਜਾ ਸਿੰਘ ਸਮੁੰਦਰੀ ਦੇ ਯਤਨਾਂ ਸਦਕਾ ਹੋਂਦ ਵਿਚ ਆਈਆਂ। ਗੁਰਦੁਆਰਾ ਸੁਧਾਰ ਲਹਿਰ ਵਿਚ ਵੀ ਆਪ ਦਾ ਯੋਗਦਾਨ ਅਹਿਮ ਸੀ। ਨਿਸ਼ਕਾਮ ਸੇਵਾ ਕਾਰਨ ਇਨ੍ਹਾਂ ਦੀ ਮਾਨਤਾ ਪੰਥਕ ਹਲਕਿਆਂ ਵਿਚ ਚੋਖੀ ਬਣ ਚੁੱਕੀ ਸੀ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਹਿਰਦੇਵੇਦਕ ਘਟਨਾ ਨੇ ਇਨ੍ਹਾਂ ਦੇ ਹਿਰਦੇ ਨੂੰ ਅਜਿਹੀ ਸੱਟ ਮਾਰੀ ਕਿ ਇਹ ਹਰ ਵੇਲੇ ਪੰਥਕ ਸੇਵਾ ਵਿਚ ਜੁਟੇ ਰਹਿਣ ਲੱਗੇ। ਨਨਕਾਣਾ ਸਾਹਿਬ ਉੱਤੇ ਮੁੜ ਪੰਥ ਕਬਜ਼ਾ ਹੋ ਜਾਣ ਪਿੱਛੋਂ ਉਥੋਂ ਦੇ ਪ੍ਰਬੰਧ ਲਈ ਜੋ ਕਮੇਟੀ ਬਣੀ, ਉਸ ਦੇ ਆਪ ਮੈਂਬਰ ਸਨ। ਵਧੇਰੇ ਜ਼ਿਮੇਵਾਰੀ ਇਨ੍ਹਾਂ ਦੇ ਸਿਰ ਹੀ ਆਈ। ਇਸ ਲਈ ਆਪ ਨੇ ਨਨਕਾਣਾ ਸਾਹਿਬ ਹੀ ਜਾ ਡੇਰੇ ਲਾਏ।
ਸ: ਤੇਜਾ ਸਿੰਘ ਸਮੁੰਦਰੀ ਪ੍ਰੈੱਸ ਦੀ ਤਾਕਤ ਤੋਂ ਭਲੀਭਾਂਤ ਵਾਕਿਫ਼ ਸਨ। ਉਹ ਜਾਣਦੇ ਸਨ ਕਿ ਕਿਸੇ ਲਹਿਰ ਦੀ ਸਫਲਤਾ ਲਈ ਆਪਣੇ ਅਖ਼ਬਾਰ ਦਾ ਹੋਣਾ ਲਾਜ਼ਮੀ ਹੈ। ਇਸ ਲਈ ਸ: ਸਮੁੰਦਰੀ ਨੇ ਪ੍ਰੋ: ਨਿਰੰਜਣ ਸਿੰਘ, ਸ: ਹਰਚੰਦ ਸਿੰਘ, ਮਾਸਟਰ ਸੁੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕਰਕੇ 'ਅਕਾਲੀ' ਅਖ਼ਬਾਰ ਸ਼ੁਰੂ ਕੀਤਾ। ਚਾਬੀਆਂ ਦੇ ਮੋਰਚੇ ਵਿਚ ਵੀ ਸ: ਤੇਜਾ ਸਿੰਘ ਸਮੁੰਦਰੀ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਸੀ। ਗੁਰੂ ਕੇ ਬਾਗ ਦੇ ਮੋਰਚੇ ਸਮੇਂ ਵੀ ਉਨ੍ਹਾਂ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਨ ਲਈ ਸ਼ਬਦ ਨਹੀਂ ਮਿਲਦੇ। ਸਰਕਾਰ ਦੇ ਭ੍ਰਿਸ਼ਟਾਚਾਰ, ਬਦੀ ਤੇ ਜ਼ੁਲਮ ਦੇ ਵਿਰੁੱਧ ਜੰਗ ਲੜਨ ਲਈ ਸ਼੍ਰੋਮਣੀ ਅਕਾਲੀ ਇਕ ਜਥੇਬੰਦੀ ਸੀ ਤੇ ਸ: ਤੇਜਾ ਸਿੰਘ ਸਮੁੰਦਰੀ ਇਸ ਦੇ ਸ੍ਰੇਸ਼ਟ ਮੈਂਬਰ ਸਨ। ਇਸ ਦੇ ਨਾਲ-ਨਾਲ ਸ: ਤੇਜਾ ਸਿੰਘ ਸਮੁੰਦਰੀ ਸ਼੍ਰੋਮਣੀ ਕਮੇਟੀ ਅਤੇ ਕਾਂਗਰਸ ਦੇ ਵੀ ਸਰਗਰਮ ਮੈਂਬਰ ਸਨ। 1923 ਨੂੰ ਅਕਾਲੀ ਲੀਡਰਾਂ ਨੂੰ ਫੜ ਕੇ ਅੰਮ੍ਰਿਤਸਰ ਜੇਲ੍ਹ ਭੇਜਿਆ। ਸ: ਤੇਜਾ ਸਿੰਘ ਸਮੁੰਦਰੀ ਵੀ ਇਨ੍ਹਾਂ ਲੀਡਰਾਂ ਨਾਲ ਸ਼ਾਮਿਲ ਸਨ। ਗ੍ਰਿਫਤਾਰ ਕੀਤੇ ਲੀਡਰਾਂ ਉਪਰ ਹਿੰਦ ਦੰਡਾਵਲੀ ਦੀ ਦਫਾ ਤਹਿਤ ਕਾਨੂੰਨ ਤਰਮੀਮ ਜ਼ਾਬਤਾ ਫੌਜਦਾਰੀ ਅਧੀਨ ਮੁਕੱਦਮਾ ਚੱਲਿਆ। 17 ਜੁਲਾਈ, 1926 ਨੂੰ ਸਵੇਰ ਸਮੇਂ ਸ: ਤੇਜਾ ਸਿੰਘ ਸਮੁੰਦਰੀ ਰਾਜੀ-ਖੁਸ਼ੀ ਸਨ, ਉਸ ਦਿਨ ਅਦਾਲਤ ਲੱਗੀ। ਆਪ ਨੇ ਕੋਈ 3 ਘੰਟੇ ਅਕਾਲੀ ਲੀਡਰਾਂ ਦੇ ਮੁਕੱਦਮੇ ਵਿਚ ਗਵਾਹਾਂ ਉੱਤੇ ਜਿਰ੍ਹਾ ਕੀਤੀ ਅਤੇ ਅਦਾਲਤ ਖ਼ਤਮ ਹੋ ਜਾਣ ਮਗਰੋਂ ਕੁਝ ਬਿਆਨ ਨੋਟ ਕੀਤੇ। 4 ਵਜੇ ਦੇ ਕਰੀਬ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਉੱਠਿਆ। ਸਾਰੇ ਲੀਡਰ ਇਕੱਠੇ ਹੋ ਗਏ, ਡਾਕਟਰ ਨੂੰ ਬੁਲਾਇਆ ਗਿਆ, ਪਰ ਸਰਦਾਰ ਜੀ ਸਦਾ ਦੀ ਨੀਂਦ ਸੌਂ ਚੁੱਕੇ ਸਨ। ਅੱਜ ਉਨ੍ਹਾਂ ਦੀ ਬਰਸੀ ਪਿੰਡ ਬੁਰਜ ਰਾਏ ਕਾ (ਤਰਨ ਤਾਰਨ) ਵਿਖੇ ਮਨਾਈ ਜਾ ਰਹੀ ਹੈ।


-ਸਰਹਾਲੀ ਕਲਾਂ।

ਹੈਨਰੀ ਹਾਰਡਿੰਗ ਦੇ ਆਉਣ ਨਾਲ ਲਾਹੌਰ ਦਰਬਾਰ 'ਤੇ ਹਮਲੇ ਦਾ ਖ਼ਤਰਾ ਵਧਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਕ ਹੋਰ ਵੱਖਰੀ ਕਿਸਮ ਦਾ ਮਾਮਲਾ ਹੀਰਾ ਸਿੰਘ ਲਈ ਰਾਹਤ ਦਾ ਆ ਗਿਆ ਤੇ ਉਸ ਨੂੰ ਉਸ ਦੇ ਸਿਪਾਹੀਆਂ ਦੇ ਹੱਥੋਂ ਹੋਈ ਤਬਾਹੀ ਵਲੋਂ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਮੌਕਾ ਮਿਲ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਚੇਚਕ ਹੋ ਗਈ ਸੀ ਤੇ ਰਿਪੋਰਟ ਮਿਲ ਰਹੀ ਸੀ ਕਿ ਉਹ ਮਰ ਰਿਹਾ ਹੈ। ਲੋਕੀਂ ਪ੍ਰਸ਼ਾਸਨ ਵਿਚ ਇਕ ਹੋਰ ਹਿੰਸਕ ਤਬਦੀਲੀ ਨਹੀਂ ਚਾਹੁੰਦੇ ਸਨ, ਹਾਲਾਂਕਿ ਰਾਜ ਦੀ ਹਾਲਤ ਪਹਿਲਾਂ ਹੀ ਡਾਵਾਂਡੋਲ ਸੀ। ਉਧਰ ਅੰਗਰੇਜ਼ ਆਪਣੀਆਂ ਛਾਉਣੀਆਂ ਵਿਚ ਹੋਰ ਸਮਾਨ ਇਕੱਠਾ ਕਰੀ ਜਾ ਰਹੇ ਸਨ ਤੇ ਉਨ੍ਹਾਂ ਪੱਤਣਾਂ ਦੀ ਜਾਂਚ ਕਰ ਰਹੇ ਸਨ, ਜਿਥੋਂ ਸਤਲੁਜ ਪਾਰ ਕੀਤਾ ਜਾ ਸਕਦਾ ਹੈ। ਕਸੌਲੀ ਦਾ 'ਨਿਊਜ਼ ਲੈਟਰ' ਲਿਖਦਾ ਹੈ ਕਿ ਵੱਡੀ ਤਦਾਦ ਵਿਚ ਅਸਲਾ ਫਿਰੋਜ਼ਪੁਰ ਤੇ ਲੁਧਿਆਣਾ ਭੇਜਿਆ ਜਾ ਰਿਹਾ ਹੈ। ਫਿਰੋਜ਼ਪੁਰ ਤੋਂ ਇਤਲਾਹ ਆਈ ਕਿ ਅੰਗਰੇਜ਼ ਅਫਸਰਾਂ ਨੇ ਜ਼ਿਮੀਂਦਾਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਹਾੜ੍ਹੀ ਦੀ ਫਸਲ ਨਾ ਬੀਜਣ, ਕਿਉਂਕਿ ਇਥੇ ਬਹੁਤ ਵੱਡੀ ਫ਼ੌਜ ਇਕੱਠੀ ਹੋ ਜਾਣੀ ਹੈ।
ਬੇਸ਼ੱਕ ਫੌਰੀ ਖ਼ਤਰਾ ਤਾਂ ਟਲ ਗਿਆ ਸੀ ਪਰ ਦਰਬਾਰ ਵਿਚ ਫਿਰਕੂ ਖਿੱਚੋਤਾਣ ਜਾਰੀ ਸੀ। ਸਿੱਖਾਂ ਦੀ ਹੁਣ ਸਾਰੀ ਨਫ਼ਰਤ ਬ੍ਰਾਹਮਣ ਪੰਡਤ ਜੱਲਾ ਦੇ ਵਿਰੁੱਧ ਹੋ ਗਈ ਸੀ। ਦਰਬਾਰ ਵਿਚ 22 ਜੂਨ, 1844 ਵਾਲੇ ਦਿਨ ਇਕ ਝਗੜਾ ਪੈਦਾ ਹੋ ਗਿਆ, ਜਦੋਂ ਹੀਰਾ ਸਿੰਘ ਡੋਗਰਾ ਨੇ ਅਤਰ ਸਿੰਘ ਕਲਿਆਂਵਾਲੇ ਨੂੰ ਪੰਡਿਤ ਜੱਲਾ ਨਾਲ ਦੁਰਵਿਹਾਰ ਬਾਰੇ ਝਾੜ ਪਾਈ। ਸਰਦਾਰ ਸਿਰਫ ਪੰਡਿਤ ਤੋਂ ਅਗਲੀ ਸੀਟ ਉੱਪਰ ਬੈਠ ਗਿਆ ਸੀ। ਸਾਰੇ ਸਿੱਖ ਸਰਦਾਰ ਸਮੇਤ ਭਾਈਆ ਰਾਮ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲਾ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰੇ ਛੱਡਦੇ ਹੋਏ ਦਰਬਾਰ ਵਿਚੋਂ ਬਾਹਰ ਨਿਕਲ ਗਏ। ਬਾਅਦ ਵਿਚ ਹੀਰਾ ਸਿੰਘ ਡੋਗਰਾ ਤੇ ਪੰਡਿਤ ਜੱਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਸਾਹਮਣੇ ਆਈ, ਜਿਸ ਦਾ ਮੁੱਖ ਕਰਤਾ ਸ਼ਾਮ ਸਿੰਘ ਅਟਾਰੀਵਾਲਾ ਸੀ।
ਦਰਬਾਰ ਦੇ ਬੇਵਫਾ ਲੋਕ ਹੀਰਾ ਸਿੰਘ ਦੀ ਘਟਦੀ ਸਾਖ ਦਾ ਫਾਇਦਾ ਉਠਾਉਣ ਲੱਗੇ। ਦੱਖਣ ਵਿਚ ਫੱਤੇ ਖਾਨ ਟਿਵਾਨਾ ਨੇ ਪੰਜਾਬ ਸਰਕਾਰ ਤੋਂ ਨਾਤਾ ਤੋੜ ਲਿਆ। ਮੁਲਤਾਨ ਦੇ ਸੂਬੇਦਾਰ ਦੀਵਾਨ ਸਾਵਨ ਮੱਲ ਦੇ ਪੁੱਤਰ ਜੁਲਰਾਜ ਨੂੰ ਉਸ ਦੇ ਖਿਲਾਫ ਕਾਰਵਾਈ ਵਾਸਤੇ ਭੇਜਿਆ। ਮਿੱਠਾ ਟਿਵਾਨਾ ਨਾਂਅ ਦੀ ਜਗ੍ਹਾ ਉੱਪਰ 17 ਜੂਨ, 1844 ਨੂੰ ਦੋਵਾਂ ਵਿਚਕਾਰ ਲੜਾਈ ਹੋਈ, ਜਿਸ ਵਿਚ ਦੋਵਾਂ ਪਾਸਿਆਂ ਦੇ ਰਲਾ ਕੇ 900 ਬੰਦੇ ਮਾਰੇ ਗਏ। ਇਨ੍ਹਾਂ ਮਰਨ ਵਾਲਿਆਂ ਵਿਚ ਇਕ ਫੱਤੇ ਖਾਨ ਦਾ ਪੁੱਤਰ ਸੀ। ਉਸ ਨੇ ਹਾਰ ਮੰਨ ਲਈ ਤੇ ਮੁਆਫ਼ ਕਰ ਦੇਣ ਦੀ ਦਰਖਾਸਤ ਕੀਤੀ। ਉਧਰ ਗੁਲਾਬ ਸਿੰਘ ਡੋਗਰਾ, ਜਿਸ ਨੇ ਸੁਚੇਤ ਸਿੰਘ ਦੀ ਜਗੀਰ 'ਤੇ ਕਬਜ਼ਾ ਜਮਾ ਲਿਆ ਸੀ, ਨੇ ਲਾਹੌਰ ਦਰਬਾਰ ਨੂੰ ਲਗਾਨ ਭੇਜਣ ਤੋਂ ਇਨਕਾਰ ਕਰ ਦਿੱਤਾ।
ਪੰਡਿਤ ਜੱਲਾ ਨੇ ਦਰਬਾਰ ਵਿਚ ਕਿਹਾ ਕਿ ਗੁਲਾਬ ਸਿੰਘ ਡੋਗਰਾ ਦੇ ਖਿਲਾਫ ਵੀ ਉਸੇ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਟਿਵਾਨਾ ਦੇ ਖਿਲਾਫ ਕੀਤੀ ਗਈ ਸੀ। ਇਸ ਦੇ ਤੋੜ ਵਿਚ ਗੁਲਾਬ ਸਿੰਘ ਨੇ ਕਿਹਾ ਕਿ ਉਹ ਲਗਾਨ ਦੇਣ ਨੂੰ ਤਿਆਰ ਹੈ, ਜੇ ਪੰਡਤ ਜੱਲਾ ਉਸ ਦੇ ਹਵਾਲੇ ਕਰ ਦਿੱਤਾ ਜਾਵੇ। ਉਸ ਨੇ ਇਹ ਦੱਸਣ ਲਈ ਜੰਮੂ ਵਿਚ ਇਕ ਫਾਂਸੀ ਦਾ ਰੱਸਾ ਲਟਕਾ ਦਿੱਤਾ ਕਿ ਉਹ ਜੱਲਾ ਨਾਲ ਕੀ ਸਲੂਕ ਕਰੇਗਾ? ਪੰਚਾਂ ਨੇ ਇਸ ਮਾਮਲੇ ਵਿਚ ਫ਼ੌਜ ਭੇਜਣ ਦੀ ਝਿਜਕ ਜ਼ਾਹਿਰ ਕੀਤੀ ਕਿ ਇਹ ਡੋਗਰਿਆਂ ਦਾ ਜਾਤੀ ਝਗੜਾ ਹੈ। ਹੀਰਾ ਸਿੰਘ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਤਾਇਆ ਅੰਗਰੇਜ਼ਾਂ ਨਾਲ ਸਾਂਠਗਾਂਠ ਕਰ ਰਿਹਾ ਹੈ ਤੇ ਉਸ ਨੇ ਫਰੰਟੀਅਰ ਦੇ ਕਬਾਇਲੀਆਂ ਨੂੰ ਵੀ ਦਰਬਾਰ ਦੇ ਖਿਲਾਫ ਭੜਕਾਇਆ ਹੈ। ਇਹ ਦਲੀਲਾਂ ਪੰਚਾਂ ਨੂੰ ਕਾਇਲ ਕਰ ਗਈਆਂ ਤੇ ਉਹ ਸਮਝਣ ਲੱਗੇ ਕਿ ਹੀਰਾ ਸਿੰਘ ਦੀਆਂ ਗੱਲਾਂ ਵਿਚ ਵਜ਼ਨ ਹੈ। ਪੰਚਾਂ ਨੇ ਆਪਣੇ ਪ੍ਰਭਾਵ ਨਾਲ ਫ਼ੌਜ ਨੂੰ ਜੰਮੂ ਦੀ ਤਰਫ਼ ਕੂਚ ਕਰਨ ਵਾਸਤੇ ਤਿਆਰ ਕਰ ਲਿਆ। ਗੁਲਾਬ ਸਿੰਘ ਨੇ ਲੜਾਈ ਤੋਂ ਪਹਿਲਾਂ ਹੀ ਹਾਰ ਮੰਨ ਲਈ ਤੇ ਆਪਣੇ ਪੁੱਤਰ ਸੋਹਨ ਸਿੰਘ ਨੂੰ ਜ਼ਮਾਨਤ ਦੇ ਤੌਰ 'ਤੇ ਲਾਹੌਰ ਭੇਜ ਦਿੱਤਾ।
ਜੁਲਾਈ, 1844 ਨੂੰ ਲਾਰਡ ਐਲੇਨਬਰੋ ਨੂੰ ਬਦਲ ਕੇ ਹੈਨਰੀ ਹਾਰਡਿੰਗ ਨੂੰ ਭੇਜ ਦਿੱਤਾ ਗਿਆ ਸੀ। ਇਸ ਦੀ ਇਕ ਬਾਂਹ ਕੱਟੀ ਹੋਈ ਸੀ ਤੇ ਬਹੁਤ ਮੰਨਿਆ ਹੋਇਆ ਜੰਗਾਂ ਦਾ ਸਿਪਾਹੀ ਸੀ। ਇਹ ਇਧਰ ਪੰਜਾਬੀਆਂ ਵਿਚ 'ਟੁੰਡਾ ਲਾਟ' ਕਰਕੇ ਮਸ਼ਹੂਰ ਸੀ ਤੇ ਇਸ ਦਾ ਗਵਰਨਰ ਜਨਰਲ ਬਣਾਇਆ ਜਾਣਾ ਹੀ ਦਰਬਾਰ ਦੇ ਅੰਦਰ ਹਲਚਲ ਪੈਦਾ ਕਰ ਰਿਹਾ ਸੀ। ਜਦੋਂ ਇਹ ਖ਼ਬਰ ਦਰਬਾਰ ਵਿਚ ਪੜ੍ਹ ਕੇ ਸੁਣਾਈ ਗਈ ਤਾਂ ਪੰਡਿਤ ਜੱਲਾ ਨੇ ਕਿਹਾ ਕਿ 'ਲਾਰਡ ਆਕਲੈਂਡ ਨੇ ਅਫ਼ਗਾਨਿਸਤਾਨ ਨੂੰ ਕੁਚਲਿਆ ਸੀ, ਲਾਰਡ ਐਲੇਨਬਰੋ ਨੇ ਸਿੰਧ ਤੇ ਗਵਾਲੀਅਰ 'ਤੇ ਕਬਜ਼ਾ ਕੀਤਾ ਤੇ ਨਵੇਂ ਲਾਰਡ ਬਾਰੇ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਉੱਪਰ ਹਮਲਾ ਕਰੇਗਾ।' ਇਸ ਟਿੱਪਣੀ ਤੋਂ ਫੌਰੀ ਬਾਅਦ ਖ਼ਬਰ ਮਿਲੀ ਕਿ ਕਲਕੱਤਾ ਦੀ ਕੌਂਸਲ ਨੇ ਆਪਣੀ ਗੁਪਤ ਮੀਟਿੰਗ ਵਿਚ ਅਤਰ ਸਿੰਘ ਸੰਧਾਵਾਲੀਆ ਦੀ ਮੌਤ ਉੱਪਰ ਅਫਸੋਸ ਪ੍ਰਗਟ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਉਹ ਜਿਊਂਦਾ ਹੁੰਦਾ ਤਾਂ ਬਿਨਾਂ ਲੜੇ ਹੀ ਪੰਜਾਬ ਉੱਪਰ ਕਬਜ਼ਾ ਹੋ ਜਾਣਾ ਸੀ। ਕੰਪਨੀ ਦੇ ਭਗੌੜੇ ਲੋਕਾਂ ਨੇ ਦੱਸਿਆ ਕਿ ਅੰਗਰੇਜ਼ ਸਤੰਬਰ ਦੇ ਮਹੀਨੇ ਸਤਲੁਜ ਪਾਰ ਕਰਨ ਦੀਆਂ ਸਕੀਮਾਂ ਬਣਾ ਰਹੇ ਹਨ। ਸਤੰਬਰ ਬਿਨਾਂ ਕਿਸੇ ਅਜਿਹੀ ਘਟਨਾ ਦੇ ਬੀਤ ਗਿਆ ਪਰ ਜਦੋਂ ਕੰਪਨੀ ਦਾ ਕਮਾਂਡਰ ਇਨ ਚੀਫ ਲੁਧਿਆਣਾ ਤੇ ਫਿਰੋਜ਼ਪੁਰ ਵਿਚ ਫ਼ੌਜਾਂ ਦਾ ਨਿਰੀਖਣ ਕਰਨ ਆਇਆ ਤਾਂ ਪੰਜਾਬ ਦੀ ਫ਼ੌਜ ਨੂੰ ਕਿਸੇ ਸੰਭਾਵਿਤ ਹਮਲੇ ਤੋਂ ਖ਼ਬਰਦਾਰ ਕੀਤਾ ਗਿਆ। ਛੇਤੀ ਹੀ ਦਰਿਆ ਦੇ ਕਿਨਾਰੇ ਫ਼ੌਜੀ ਚੌਕੀਆਂ ਬਣਾ ਲਈਆਂ ਗਈਆਂ ਤੇ ਅਗਲੇ ਕਿਨਾਰੇ ਵੱਲ 24 ਘੰਟੇ ਦੀ ਨਿਗਰਾਨੀ ਦਾ ਹੁਕਮ ਦਿੱਤਾ ਗਿਆ। (ਚਲਦਾ)

ਕੋਹੇਨੂਰ ਹੀਰੇ 'ਤੇ ਦਾਅਵੇਦਾਰੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ

ਵਿਸ਼ਵ ਪ੍ਰਸਿੱਧ ਕੋਹੇਨੂਰ ਹੀਰੇ ਦੀ ਦਾਅਵੇਦਾਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਚਰਚਾ 'ਚ ਹੈ। ਇਨ੍ਹਾਂ ਦਾਅਵੇਦਾਰੀਆਂ ਨੂੰ ਲੈ ਕੇ ਸਭ ਤੋਂ ਪ੍ਰਮੁੱਖ ਸਵਾਲ ਇਸ 'ਤੇ ਅਸਲ ਮਾਲਕੀ ਦੇ ਹੱਕ ਦਾ ਹੈ ਅਤੇ ਇਹ ਦਾਅਵੇਦਾਰੀ ਪਾਕਿਸਤਾਨ ਸਹਿਤ ਇਸ ਹੀਰੇ ਨੂੰ ਤਾਕਤ ਤੇ ਛੱਲ ਨਾਲ ਲੁੱਟ ਕੇ ਲੈ ਕੇ ਜਾਣ ਵਾਲੇ ਅਫ਼ਗਾਨਿਸਤਾਨ, ਈਰਾਨ ਅਤੇ ਬ੍ਰਿਟੇਨ ਕਈ ਵਾਰ ਸਾਹਮਣੇ ਰੱਖ ਚੁੱਕੇ ਹਨ। ਜਦਕਿ ਇਤਿਹਾਸਕ ਨੁਕਤਿਆਂ ਦੇ ਆਧਾਰ 'ਤੇ ਇਸ ਹੀਰੇ ਦੇ ਅਸਲ ਹੱਕਦਾਰ ਭਾਰਤ ਨੇ ਇਸ ਹੀਰੇ ਨੂੰ ਲੈਣ ਸਬੰਧੀ ਅਜੇ ਤੱਕ ਕੋਈ ਦਿਲਚਸਪੀ ਨਹੀਂ ਵਿਖਾਈ। ਕੋਹੇਨੂਰ ਹੀਰੇ ਦਾ ਅਜੇ ਤੱਕ ਭਾਰਤ ਨਾ ਲਿਆਂਦਾ ਜਾਣਾ, ਕਿਤੇ ਨਾ ਕਿਤੇ ਭਾਰਤੀ ਸਿਆਸਤਦਾਨਾਂ ਦੀ ਹੀ ਇੱਛਾ ਸ਼ਕਤੀ ਦੀ ਕਮੀ ਦਾ ਨਤੀਜਾ ਹੈ। ਅਜੇ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀਂ ਹੈ, ਜੋ ਇਹ ਬਿਆਨਬਾਜ਼ੀ ਕਰ ਰਹੇ ਹਨ ਕਿ ਬ੍ਰਿਟੇਨ ਸਰਕਾਰ ਪਾਸੋਂ ਕੋਹੇਨੂਰ ਹੀਰਾ ਵਾਪਸ ਮੰਗਣ 'ਤੇ ਬ੍ਰਿਟੇਨ ਨਾਲ ਭਾਰਤ ਦੇ ਰਿਸ਼ਤੇ ਕਮਜ਼ੋਰ ਪੈ ਸਕਦੇ ਹਨ।
ਭਾਰਤੀ ਸਰਬ-ਉੱਚ ਅਦਾਲਤ (ਸੁਪਰੀਮ ਕੋਰਟ) ਵਿਚ ਕੋਹੇਨੂਰ 'ਤੇ ਦਾਅਵੇਦਾਰੀ ਦੇ ਹੱਕ ਸਬੰਧੀ ਕੇਂਦਰ ਸਰਕਾਰ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਥਿਆਰ ਸੁੱਟਣ ਦੀ ਸਥਿਤੀ ਵਿਚ ਹੈ। ਇਸ ਮਗਰ ਕਾਰਨ ਚਾਹੇ ਕੁਝ ਵੀ ਹੋਣ ਪਰ ਕੇਂਦਰ ਦੁਆਰਾ ਸੁਪਰੀਮ ਕੋਰਟ ਸਾਹਮਣੇ ਇਹ ਤਰਕ ਪੇਸ਼ ਕਰਨਾ ਕਿ ਐਂਗਲੋ-ਸਿੱਖ ਯੁੱਧਾਂ ਵਿਚ ਯੁੱਧ ਦੇ ਖਰਚ ਦੇ ਮੁਆਵਜ਼ੇ ਵਜੋਂ ਆਪਣੀ ਸਵੈ-ਇੱਛਾ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜਾਂ ਨੇ ਬ੍ਰਿਟੇਨ ਸਰਕਾਰ ਨੂੰ ਇਹ ਹੀਰਾ ਦਿੱਤਾ ਸੀ, ਇਸ ਕਰਕੇ ਇਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ; ਕੇਂਦਰ ਸਰਕਾਰ ਦੇ ਅੱਧੇ-ਅਧੂਰੇ ਗਿਆਨ ਅਤੇ ਜਾਣਕਾਰੀ ਦਾ ਨਤੀਜਾ ਹੈ। ਕੇਂਦਰ ਦਾ ਇਹ ਤਰਕ ਵੀ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਹੈ ਕਿ ਇਹ ਹੀਰਾ ਸਿੱਖ ਸਲਤਨਤ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੁਆਰਾ ਆਪਣੀ ਸਵੈ-ਇੱਛਾ ਨਾਲ ਇੰਗਲੈਂਡ ਦੀ ਮਹਾਰਾਣੀ ਨੂੰ ਤੋਹਫ਼ੇ ਵਿਚ ਭੇਟ ਕੀਤਾ ਗਿਆ ਸੀ। ਇਥੇ ਸਮਝਣ ਤੇੇ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਐਂਗਲੋ-ਸਿੱਖ ਯੁੱਧਾਂ ਦੌਰਾਨ ਸਿੱਖ ਦਰਬਾਰ ਦੀ ਹੋਈ ਹਾਰ ਦੇ ਬਾਅਦ ਪੰਜਾਬ 'ਤੇ ਜਦੋਂ ਅੰਗਰੇਜ਼ੀ ਸਰਕਾਰ ਦਾ ਕਬਜ਼ਾ ਕਾਇਮ ਹੋ ਗਿਆ ਤਾਂ ਉਸ ਦੇ ਬਾਅਦ ਲਾਰਡ ਡਲਹੌਜ਼ੀ ਨੇ ਲਾਹੌਰ ਦਰਬਾਰ ਦੇ ਸ਼ਾਹੀ ਗਹਿਣਿਆਂ ਦੇ ਨਾਲ ਹੀ ਇਹ ਹੀਰਾ 6 ਅਪ੍ਰੈਲ, 1850 ਨੂੰ ਇੰਗਲੈਂਡ ਭਿਜਵਾਇਆ।
ਇਸ ਦੇ ਬਾਅਦ ਜਦੋਂ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭਿਜਵਾਇਆ ਗਿਆ ਤਾਂ ਉਸ ਹੱਥੋਂ ਧੋਖੇ ਨਾਲ ਇਹ ਹੀਰਾ ਮਹਾਰਾਣੀ ਨੂੰ ਤੋਹਫ਼ੇ ਵਜੋਂ ਭੇਟ ਕਰਵਾਇਆ ਗਿਆ। ਕਾਨੂੰਨੀ ਮਾਹਿਰਾਂ ਅਨੁਸਾਰ ਕਿਸੇ ਵੀ ਨਾਬਾਲਗ ਦੁਆਰਾ ਕਿਸੇ ਨੂੰ ਕੋਈ ਤੋਹਫ਼ਾ ਦੇਣਾ ਜਾਂ ਉਸ ਦੁਆਰਾ ਕੋਈ ਸਮਝੌਤਾ ਕਰਨ ਨੂੰ ਕਿਸੇ ਵੀ ਦੇਸ਼ ਦੀ ਅਦਾਲਤ ਮਾਨਤਾ ਨਹੀਂ ਦਿੰਦੀ। ਇਸ ਦੇ ਇਲਾਵਾ, ਕੋਈ ਵੀ ਤੋਹਫ਼ਾ ਸਵੈ-ਇੱਛਾ ਨਾਲ ਦੇਣ ਅਤੇ ਛਲ ਨਾਲ ਖੋਹਣ ਵਿਚ ਬਹੁਤ ਵੱਡਾ ਅੰਤਰ ਹੁੰਦਾ ਹੈ ਅਤੇ ਇਹ ਸਚਾਈ ਬ੍ਰਿਟੇਨ ਅਤੇ ਭਾਰਤ ਦੀ ਕੇਂਦਰ ਸਰਕਾਰ ਤੋਂ ਲੁਕੀ ਹੋਈ ਨਹੀਂ ਹੈ। ਕੋਹੇਨੂਰ 'ਤੇ ਇਸ ਨੂੰ ਧੋਖੇ ਜਾਂ ਬਲ ਨਾਲ ਖੋਹਣ ਵਾਲੇ ਕਿਸੇ ਵੀ ਦੇਸ਼ ਦੀ ਦਾਅਵੇਦਾਰੀ ਪੂਰੀ ਤਰ੍ਹਾਂ ਅਯੋਗ ਹੈ, ਕਿਉਂਕਿ ਇਹ ਅਟੱਲ ਸਚਾਈ ਹੈ ਕਿ ਕਿਸੇ ਵੀ ਵਸਤੂ 'ਤੇ ਉਸ ਨੂੰ ਛੱਲ ਤੇ ਧੋਖੇ ਨਾਲ ਖੋਹ ਕੇ ਲੈ ਜਾਣ ਵਾਲੇ ਧਾੜਵੀਆਂ ਅਤੇ ਹਮਲਾਵਰਾਂ ਦਾ ਨਹੀਂ, ਸਗੋਂ ਉਸ ਦੇ ਅਸਲ ਮਾਲਕਾਂ ਦਾ ਹੀ ਹੱਕ ਹੁੰਦਾ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਵਰਖਾ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ-ਰਾਗੁ ਮਲਾਰੁ

ਮਹਾਨ ਭਾਰਤ ਦੇਸ਼ ਵਿਚ ਪ੍ਰਕ੍ਰਿਤਕ ਤੌਰ 'ਤੇ ਬਰਸਾਤੀ ਮੌਸਮ ਦੌਰਾਨ ਅਸਮਾਨ 'ਚ ਬੱਦਲਾਂ ਦੇ ਨਾਲ ਕਾਲੀ ਘਟਾ ਦਾ ਆਉਣਾ, ਬਿਜਲੀ ਦਾ ਚਮਕਣਾ, ਗਰਜਣ ਦੀ ਆਵਾਜ਼ ਦਾ ਹੋਣਾ ਤੇ ਇਕ ਝੜੀ ਦੇ ਰੂਪ ਵਿਚ ਮੀਂਹ ਦਾ ਕਈ ਦਿਨਾਂ ਤੱਕ ਪੈਣਾ ਜਿਥੇ ਸਾਵਣ-ਭਾਦਰੋਂ ਮਹੀਨਿਆਂ ਦੇ ਵਰਣਿਤ ਪਹਿਲੂ ਮੰਨੇ ਜਾਂਦੇ ਹਨ, ਉਥੇ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੀ ਮਹਾਨ ਸ਼ਬਦ ਕੀਰਤਨ ਚੌਕੀ ਦੀ ਮਰਿਆਦਾ 'ਚ ਉਚੇਚੇ ਤੌਰ 'ਤੇ ਹਰ ਸਾਲ 'ਰਾਗੁ ਮਲਾਰੁ' ਵਿਚ ਹਜ਼ੂਰੀ ਰਾਗੀ ਜਥਿਆਂ ਵਲੋਂ ਬਹੁਤ ਸ਼ਰਧਾ ਭਾਵਨਾ ਨਾਲ ਗਾਇਨ ਕੀਤਾ ਜਾਂਦਾ ਪਵਿੱਤਰ ਸ਼ਬਦ-ਕੀਰਤਨ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਾਗੁ ਮਲਾਰੁ ਸਬੰਧੀ ਇਸ ਤਰ੍ਹਾਂ ਕ੍ਰਿਪਾ ਕਰਦੇ ਹਨ,
ਮਲਾਰੁੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਅੰਗ 1283)
ਸੰਗੀਤਕ, ਸਾਹਿਤਕ, ਇਤਿਹਾਸਕ, ਪ੍ਰਕ੍ਰਿਤਕ ਤੋਂ ਇਲਾਵਾ ਚੋਟੀ ਦੇ ਚਿੱਤਰਕਾਰਾਂ ਦੁਆਰਾ ਬਣਾਏ ਗਏ ਕਲਾਤਮਕ ਚਿੱਤਰਾਂ 'ਚੋਂ ਪ੍ਰਗਟ ਹੁੰਦੇ ਵਿਰਾਸਤੀ ਭਾਵਾਂ ਦਾ ਸ਼ਿੰਗਾਰ ਬਣੇ ਇਸ ਮਨਮੋਹਣੇ ਰਾਗ ਨੂੰ 'ਹਿੰਦੁਸਤਾਨੀ ਸ਼ਾਸਤਰੀ ਸੰਗੀਤ' ਦੀ ਘਰਾਣੇਦਾਰ ਗਾਇਨ-ਵਾਦਨ ਪ੍ਰੰਪਰਾ 'ਚ ਰਾਗੁ ਮਲਾਰੁ ਨੂੰ ਰਾਗ ਮਲਹਾਰ ਆਖ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਸਾਹਿਤਕ ਦ੍ਰਿਸ਼ਟੀ ਤੋਂ 'ਮਲਹਾਰ' ਦੇ ਸ਼ਾਬਦਿਕ ਅਰਥ ਕਰਦਿਆਂ ਚੋਟੀ ਦੇ ਵਿਦਵਾਨਾਂ ਅਨੁਸਾਰ 'ਵਰਖਾ ਦੀ ਰੁੱਤ ਵਿਚ ਮੀਂਹ ਪੈਣ ਨਾਲ ਧਰਤੀ 'ਤੇ ਗੰਦਗੀ ਦੀ ਸਫ਼ਾਈ ਹੋ ਜਾਂਦੀ ਹੈ, ਇਸੇ ਕਰਕੇ ਹੀ ਇਸ ਰਾਗ ਦਾ ਨਾਮ 'ਮਲਹਾਰ' ਹੈ।' ਸੰਗੀਤਕ ਪੱਖ ਤੋਂ ਗੁਰਮਤਿ ਸੰਗੀਤ ਦੀ ਪ੍ਰੰਪਰਾ ਵਿਚ ਸ਼ੁੱਧ ਗੰਧਾਰ ਵਾਲਾ ਰਾਗੁ ਮਲਾਰੁ ਜਿਥੇ ਸੁਰਾਤਮਿਕ ਆਧਾਰ ਹੈ, ਉਥੇ ਇਕ ਹੋਰ ਦਿਲਚਸਪ ਪਹਿਲੂ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਰਾਗ ਮਲਾਰੁ, ਸ਼ੁੱਧ ਮਲਾਰੁ ਤੇ ਸ਼ਾਸਤਰੀ ਸੰਗੀਤ ਦੇ ਮਹਾਨ ਸੰਗੀਤ ਸਮਰਾਟ 'ਮੀਆਂ ਤਾਨਸੇਨ' ਦਾ ਰਾਗ 'ਮੀਆਂ ਮਲਹਾਰ' ਬਾਰੇ ਜ਼ਿਕਰ ਹੁੰਦਾ ਹੈ। ਦਰਅਸਲ, ਮਲਾਰੁ ਇਕ ਵੱਖਰਾ ਰਾਗ ਹੈ, ਕਿਉਂਕਿ ਮਲਾਰੁ ਨੂੰ ਨਾਂਅ ਦੇ ਪੱਖੋਂ ਸ਼ੁੱਧ ਮਲਾਰੁ ਭਾਵ ਮਲਾਰੁ ਦਾ ਸ਼ੁੱਧ ਰੂਪ ਸਮਝਣ ਦਾ ਭਰਮ ਪੈਦਾ ਹੋ ਜਾਂਦਾ ਹੈ। ਇਸ ਦੁਬਿਧਾ ਤੋਂ ਬਾਹਰ ਨਿਕਲਣ ਲਈ ਸੁਰਾਤਮਿਕ ਪਹਿਲੂ ਤੋਂ ਰਾਗ ਮਲਾਰੁ ਦੀ (ਗੁਰਮਤਿ ਸੰਗੀਤ ਵਾਲੇ) ਦੀ ਪਹਿਚਾਣ ਜਾਤੀ ਸੰਪੂਰਨ-ਸੰਪੂਰਨ ਤੇ ਥਾਟ ਖਮਾਜ ਹੈ ਜਦਕਿ ਰਾਗ ਸ਼ੁੱਧ ਮਲਾਰੁ ਰਾਗ ਦੁਰਗਾ ਵਰਗਾ ਹੈ। ਪਾਠਕ ਇਸ ਗੱਲ ਨੂੰ ਧਿਆਨ 'ਚ ਲੈਣ ਕਿ ਇਹ ਸਥਿਤੀ ਬਿਲਕੁਲ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਰਾਗ ਸਾਰੰਗ ਤੇ ਸ਼ੁੱਧ ਸਾਰੰਗ ਨੂੰ ਅਣਜਾਣੇ 'ਚ ਸਮਝਣ ਦੀ ਗ਼ਲਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮੀਆਂ ਤਾਨਸੇਨ ਦਾ ਰਚਿਤ ਰਾਗ 'ਮੀਆਂ ਮਲਹਾਰ' ਹੈ, ਜਿਸ ਵਿਚ ਕੋਮਲ ਗੰਧਾਰ ਦਾ ਗੁਣੀ ਜਨ ਬਾਖੂਬੀ ਪ੍ਰਯੋਗ ਕਰਦੇ ਹਨ। ਅਹਿਮ ਗੱਲ ਇਹ ਵੀ ਹੈ ਕਿ ਇਸ ਰਾਗ ਵਿਚ ਦੋ ਛੋਟੇ ਖ਼ਿਆਲ ਬਹੁਤ ਹੀ ਪ੍ਰਸਿੱਧ ਹਨ, ਜਿਨ੍ਹਾਂ 'ਚ (1) ਬੋਲ ਰੇ ਪਪੀਅਰਾ (2) ਬਿਜਰੀ ਚਮਕੇ ਬਰਸੇ ਬੰਦਿਸ਼ਾਂ ਦਾ ਗਾਇਨ ਤਿੰਨ ਤਾਲ ਵਿਚ ਕੀਤਾ ਜਾਂਦਾ ਹੈ।
ਰਾਗ ਮਲਹਾਰ ਦੀ ਆਪਣੀ ਸੁਰਾਤਮਿਕ ਹੋਂਦ ਤੋਂ ਇਲਾਵਾ ਹੋਰ ਪ੍ਰਕਾਰ ਜਿਵੇਂ ਸ਼ੁੱਧ ਮਲਹਾਰ, ਮੀਆਂ ਮਲਹਾਰ, ਮੇਘ ਮਲਹਾਰ, ਸੂਰ ਮਲਹਾਰ, ਗੌਂਡ ਮਲਹਾਰ, ਰਾਮਦਾਸੀ ਮਲਹਾਰ, ਨਟ ਮਲਹਾਰ, ਛਾਇਆ ਮਲਹਾਰ, ਸੋਰਠ ਮਲਹਾਰ, ਮੀਰਾ ਬਾਈ ਦੀ ਮਲਹਾਰ, ਦੇਸ ਮਲਹਾਰ, ਦੇਸੀ ਮਲਹਾਰ, ਜੈਅੰਤ ਮਲਹਾਰ, ਕਾਨੜਾ ਮਲਹਾਰ, ਨਾਇਕੀ ਮਲਹਾਰ, ਚੰਚਲਸ ਮਲਹਾਰ, ਪਟ ਮਲਹਾਰ, ਰੂਪ ਮੰਜਰੀ ਮਲਹਾਰ, ਤਿਲਕ ਮਲਹਾਰ, ਸਵੇਤ ਮਲਹਾਰ, ਕੇਦਾਰ ਮਲਹਾਰ, ਅੰਜਨੀ ਮਲਹਾਰ, ਜਾਨਕੀ ਮਲਹਾਰ, ਚੰਦ੍ਰ ਮਲਹਾਰ, ਅਰੁਣਾ ਮਲਹਾਰ, ਚਰਜੂ ਕੀ ਮਲਹਾਰ, ਸਾਮੰਤ ਮਲਹਾਰ, ਜੋਗ ਮਲਹਾਰ ਅਤੇ ਗੌਂਡਗਿਰੀ ਮਲਹਾਰ ਆਦਿ ਪ੍ਰਕਾਰ ਰਾਗ ਹੋਂਦ ਵਿਚ ਦੱਸੇ ਜਾਂਦੇ ਹਨ।
ਗੁਰਮਤਿ ਸੰਗੀਤ ਦੀ ਮਹਾਨ ਮਰਿਆਦਾ ਵਿਚ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਹਾਜ਼ਰ ਹਜ਼ੂਰੀ ਰਾਗੀ ਜਥੇ ਵਲੋਂ ਰਾਗੁ ਮਲਾਰੁ ਵਿਚ ਆਰੰਭਕ ਅਲਾਪ ਉਪਰੰਤ ਬਿਲਵੰਤ ਲੈਅ 'ਚ ਇਕ ਤਾਲ 'ਚ (ਜ਼ਿਆਦਾਤਰ) ਮੰਗਲਾਚਰਨ ਉਪਰੰਤ ਤਿੰਨ ਤਾਲ, ਇਕ ਤਾਲ, ਰੂਪਕ, ਝੱਪ ਤਾਲ ਜਾਂ ਫਰੋਦਸਤ ਤਾਲ ਆਦਿ 'ਚ ਸ਼ਬਦ ਦਾ ਗਾਇਨ ਕਰਨ ਸਮੇਂ ਪਹਿਲਾਂ ਤਾਲਬੱਧ ਅਲਾਪ, ਬੋਲ ਅਲਾਪ, ਬੋਲ ਬਾਂਟ ਤੋਂ ਇਲਾਵਾ ਆਕਾਰ 'ਚ ਤਾਨਾਂ (ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਰਗਮ ਨੂੰ ਗਾਇਨ ਕਰਨ ਦੀ ਆਗਿਆ ਨਹੀਂ ਹੈ) ਤੇ ਬੋਲ ਤਾਨਾਂ ਆਦਿ ਦਾ ਪ੍ਰਯੋਗ ਕਰਦਿਆਂ ਸ਼ਬਦ ਦੀ ਪ੍ਰਧਾਨਤਾ ਨੂੰ ਵੀ ਬਰਕਰਾਰ ਰੱਖਿਆ ਜਾਂਦਾ ਹੈ। ਸ਼ਬਦ ਗਾਇਨ ਸਮੇਂ ਜੋੜੀ ਵਾਲਾ ਗੁਰਸਿੱਖ ਵੀਰ ਸਥਾਈ ਦੇ ਗਾਇਨ ਸਮੇਂ ਛੋਟੀਆਂ-ਛੋਟੀਆਂ ਤਿਹਾਈਆਂ, ਮੁੱਖੜੇ, ਮੋਹਰੇ, ਟੁਕੜੇ ਤੇ ਪਰਨਾਂ ਦਾ ਬਾਖੂਬੀ ਵਾਦਨ ਕਰਦਾ ਹੈ। ਨਾਲ-ਨਾਲ ਤੰਤੀ ਸਾਜ਼ ਵਾਲਾ ਗੁਰਸਿੱਖ ਵੀਰ ਗਾਇਨ ਦੀ ਹੂ-ਬ-ਹੂ ਸੰਗਤ ਕਰਕੇ ਹਾਜ਼ਰੀ ਲਗਵਾਉਂਦਾ ਹੈ। ਜ਼ਿਕਰਯੋਗ ਹੈ ਕਿ 'ਪੜਤਾਲ' ਗਾਇਕੀ ਦੀ ਇਸ ਰਾਗ ਵਿਚ ਵਿਸ਼ੇਸ਼ਤਾ ਹੈ।
ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਤਰਤੀਬ ਅਨੁਸਾਰ 1254 ਅੰਗ ਤੋਂ ਆਰੰਭ ਹੁੰਦੇ ਇਸ ਰਾਗ ਨੂੰ ਸਤਾਈਵਾਂ ਸਥਾਨ ਬਖਸ਼ਿਸ਼ ਹੈ, ਜਿਸ ਅਨੁਸਾਰ ਪਹਿਲੇ ਪਾਤਸ਼ਾਹ ਜੀ ਦੇ 14, ਤੀਜੇ ਮਹਾਰਾਜ ਜੀ ਦੇ 16, ਚੌਥੇ ਪਾਤਸ਼ਾਹ ਜੀ ਦੇ 9 ਅਤੇ 31 ਸ਼ਬਦ ਪੰਜਵੇਂ ਪਾਤਸ਼ਾਹ ਜੀ ਦੇ ਦਰਜ ਹਨ। ਇਸੇ ਤਰ੍ਹਾਂ 'ਮਲਾਰੁ ਮਹਲਾ ੪ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਦੋ ਸ਼ਬਦ 1265 ਤੇ 1266 ਅੰਗ 'ਤੇ ਅਤੇ 'ਰਾਗੁ ਮਲਾਰੁ ਮਹਲਾ ੫ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਅੰਗ 1271 ਤੋਂ 1273 ਤੱਕ 8 ਸ਼ਬਦ ਦਰਜ ਹਨ। ਅੰਗ 1278 ਤੋਂ 1291 ਤੱਕ 'ਵਾਰ ਮਲਾਰੁ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ' ਵਿਚ ਪਵਿੱਤਰ ਗੁਰਬਾਣੀ ਦਰਜ ਹੈ, ਜਿਸ ਦੀਆਂ ਕੁੱਲ 28 ਪਉੜੀਆਂ ਦਰਜ ਹਨ। ਯਾਦ ਰਹੇ, ਇਨ੍ਹਾਂ ਪਉੜੀਆਂ ਵਿਚ ਦਰਜ ਗੁਰਬਾਣੀ ਵਿਚ ਪਉੜੀ ਸੰਖਿਆ 27 ਪੰਜਵੇਂ ਗੁਰੂ ਮਹਾਰਾਜ ਜੀ ਦੀ ਰਚਨਾ ਹੈ ਜਦਕਿ 27 ਪਉੜੀਆਂ ਪਹਿਲੇ ਪਾਤਿਸ਼ਾਹ ਜੀ ਦੀਆਂ ਹਨ। ਸਤਿੁਗੁਰੂ ਜੀ ਦੀ ਰਹਿਮਤ ਸਦਕਾ ਇਸ ਵਾਰ ਵਿਚ ਕੁੱਲ 58 ਸਲੋਕ ਵੀ ਦਰਜ ਹਨ, ਜਿਨ੍ਹਾਂ 'ਚ ਪਉੜੀ ਸੰਖਿਆ 21 ਨਾਲ 4 ਸਲੋਕ ਹੋਰ ਸਾਰੀਆਂ ਪਉੜੀਆਂ ਨਾਲ ਦੋ-ਦੋ ਸਲੋਕ ਦਰਜ ਹਨ। ਕ੍ਰਮਵਾਰ ਸਲੋਕਾਂ ਦੀ ਰਚਨਾ ਅਨੁਸਾਰ ਪਹਿਲੇ ਪਾਤਿਸ਼ਾਹ ਜੀ ਦੇ 24, ਦੂਜੇ ਪਾਤਿਸ਼ਾਹ ਜੀ ਦੇ 5, ਤੀਜੇ ਪਾਤਿਸ਼ਾਹ ਜੀ ਦੇ 27 ਅਤੇ ਦੋ ਸਲੋਕ ਪੰਜਵੇਂ ਪਾਤਿਸ਼ਾਹ ਜੀ ਦੇ ਦਰਜ ਹਨ। ਅੰਗ 1292 ਤੋਂ 1293 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਅਤੇ 3 ਸ਼ਬਦ ਭਗਤ ਰਵਿਦਾਸ ਜੀ ਦੇ ਦਰਜ ਹਨ।


-ਪਿੰਡ ਤੇ ਡਾਕ: ਨਗਰ, ਤਹਿ: ਫਿਲੌਰ (ਜਲੰਧਰ) ਮੋਬਾ: 98789-24026

ਚਾਰ ਬਾਗ-ਏ-ਪੰਜਾਬ ਦਾ ਸੂਫ਼ੀ ਪ੍ਰਸੰਗ

ਮੁਸਲਮਾਨਾਂ ਦੀ ਆਮਦ ਨਾਲ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਫ਼ਾਰਸੀ ਜ਼ਬਾਨ ਅਤੇ ਅਦਬ ਨਾਲ ਪੰਜਾਬੀਆਂ ਦੀ ਜਾਣ-ਪਛਾਣ ਹੋਈ ਅਤੇ ਫਿਰ ਫ਼ਾਰਸੀ ਸਰਕਾਰੀ ਜ਼ਬਾਨ ਬਣ ਜਾਣ ਨਾਲ ਇਸ ਦੇ ਪ੍ਰਚਾਰ-ਪ੍ਰਸਾਰ ਨੂੰ ਨਵਾਂ ਹੁਲਾਰਾ ਮਿਲਿਆ। ਮੁਸਲਮਾਨਾਂ ਵਿਚ ਆਪਣੇ ਲੋਕ ਨਾਇਕਾਂ ਵਿਸ਼ੇਸ਼ ਕਰਕੇ ਧਾਰਮਿਕ ਆਗੂਆਂ ਅਤੇ ਹਾਕਮਾਂ ਦੇ ਜੀਵਨ ਬਿਰਤਾਂਤ, ਉਸ ਵੇਲੇ ਦੀ ਇਤਿਹਾਸ ਦ੍ਰਿਸ਼ਟੀ ਅਨੁਸਾਰ ਲਿਖਣ ਦਾ ਬੇਹੱਦ ਸ਼ੌਂਕ ਸੀ। ਏਸੇ ਸ਼ੌਕ ਵਿਚੋਂ ਮਸਨਵੀਆਂ, ਅਕਵਾਲ, ਮਲਫੂਜਾਤ, ਸੁਖਨ ਆਦਿ ਨਿਕਲੇ। ਬਾਬਾ ਫ਼ਰੀਦ ਤੱਕ ਪਹੁੰਚਦਿਆਂ ਤਾਂ ਸੱਭਿਆਚਾਰੀਕਰਨ ਦਾ ਅਮਲ ਅਤੇ ਮੁਸਲਮਾਨਾਂ ਦਾ ਸਥਾਨਕ ਲੋਕਾਂ ਨਾਲ ਇੰਨਾ ਮੇਲ-ਜੋਲ ਵਧ ਗਿਆ ਕਿ ਹੁਣ ਫਾਰਸੀ ਲਿਖਤਾਂ ਦੀ ਸਮੱਗਰੀ ਲਈ ਬਾਹਰ ਝਾਕਣ ਦੀ ਬਜਾਇ ਇਹ ਸਥਾਨਕ ਸਰੋਕਾਰ ਵਿਚ ਹੀ ਮਿਲਣੀ ਸ਼ੁਰੂ ਹੋ ਗਈ। ਇਨ੍ਹਾਂ ਸਰੋਕਾਰਾਂ ਵਿਚੋਂ ਫਾਰਸੀ ਲਿਖਤਾਂ ਉਗਮਣ ਲੱਗੀਆਂ। ਹੁਣ ਤੱਕ ਦੀ ਸੂਚਨਾ ਅਨੁਸਾਰ 11ਵੀਂ ਸਦੀ ਵਿਚ ਅਲੀ ਹੁਜਵੀਰੀ ਦੀਆਂ ਲਿਖੀਆਂ ਹੋਈਆਂ ਪੁਸਤਕਾਂ, ਜਿਨ੍ਹਾਂ ਵਿਚੋਂ ਇਕ 'ਕਸ਼ਫੁਲ ਮਹਿਜੂਬ' ਦੀ ਚਰਚਾ ਇਨ੍ਹਾਂ ਕਾਲਮਾਂ ਵਿਚ ਹੋ ਚੁੱਕੀ ਹੈ, ਤੋਂ ਬਿਨਾਂ 'ਕਸ਼ਫੁਲ ਇਸਰਾਰ' ਆਦਿ ਉਸ ਦੀਆਂ ਪੁਸਤਕਾਂ ਵੀ ਮਿਲਦੀਆਂ ਹਨ। ਕਸ਼ਫੁਲ ਮਹਿਜੂਬੇ ਤੋਂ ਸ਼ੁਰੂ ਹੋਈ ਇਹ ਪਰੰਪਰਾ 1850 ਈ: ਤੱਕ, ਗਣੇਸ਼ ਦਾਸ ਵੱਡਹਿਰਾ ਦੁਆਰਾ ਰਚਿਤ ਪੁਸਤਕ 'ਚਾਰ ਬਾਗ-ਏ-ਪੰਜਾਬ' ਤੱਕ ਤਕਰੀਬਨ 800 ਸਾਲ ਤੱਕ ਨਿਰੰਤਰ ਜਾਰੀ ਰਹੀ। ਚਰਚਾ ਅਧੀਨ ਪੁਸਤਕ 'ਚਾਰ ਬਾਗ-ਏ-ਪੰਜਾਬ' ਪੰਜਾਬ ਦੀਆਂ ਅਧਿਆਤਮਕ, ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਗੂੜ੍ਹੀ ਤਰ੍ਹਾਂ ਜੁੜੀ ਹੋਈ ਹੈ ਪਰ ਅਸੀਂ ਇਸ ਵਿਚੋਂ ਇਸ ਦੇ ਕੇਵਲ ਸੂਫ਼ੀ ਪ੍ਰਸੰਗ ਦੀ ਹੀ ਚਰਚਾ ਕਰਨੀ ਹੈ।
ਗਣੇਸ਼ ਦਾਸ ਵੱਡਹਿਰਾ ਨੇ ਬੇਸ਼ੱਕ 'ਚਾਰ ਬਾਗ-ਏ-ਪੰਜਾਬ' ਮੂਲ ਰੂਪ ਵਿਚ ਇਤਿਹਾਸ ਅੰਕਣ ਦੀ ਦ੍ਰਿਸ਼ਟੀ ਤੋਂ ਲਿਖੀ ਹੈ ਪਰ ਉਸ ਨੇ ਆਪਣੇ ਸਮਕਾਲ ਵਿਚ ਪ੍ਰਚੱਲਿਤ ਰਹੇ ਧਰਮਾਂ, ਉਨ੍ਹਾਂ ਦੇ ਸਥਾਨਾਂ, ਧਾਰਮਿਕ ਮਾਨਤਾਵਾਂ ਅਤੇ ਇਨ੍ਹਾਂ ਸਬੰਧੀ ਹੋਰ ਵੀ ਕਈ ਤਰ੍ਹਾਂ ਦੀ ਚਰਚਾ ਕੀਤੀ ਹੈ। ਗਣੇਸ਼ ਦਾਸ ਜਿੱਥੇ ਵੈਸ਼ਣਵਾਂ, ਬੈਰਾਗੀਆਂ, ਸੰਨਿਆਸੀਆਂ, ਉਦਾਸੀਆਂ ਅਤੇ ਦੂਜੇ ਧਾਰਮਿਕ ਫਿਰਕਿਆਂ ਦੀ ਗੱਲ ਕਰਦਾ ਹੈ, ਉੱਥੇ ਪ੍ਰਸਿੱਧ ਸੂਫ਼ੀਆਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੀਆਂ ਖ਼ਾਨਗਾਹਾਂ ਦੀ ਗੱਲ ਕਰਨੀ ਵੀ ਨਹੀਂ ਭੁੱਲਦਾ। ਬੇਸ਼ੱਕ ਉਸ ਨੇ ਉਸ ਵੇਲੇ ਤੱਕ ਦੇ ਪ੍ਰਸਿੱਧ ਡੇਰਿਆਂ ਦੀ ਸੰਖੇਪ ਗੱਲ ਹੀ ਕੀਤੀ ਹੈ ਪਰ ਪਾਠਕ ਨੂੰ ਇਨ੍ਹਾਂ ਦੇ ਪ੍ਰਭਾਵ ਦੀ ਟੋਹ ਸਹਿਜੇ ਹੀ ਮਿਲ ਜਾਂਦੀ ਹੈ।
ਗਣੇਸ਼ ਦਾਸ ਆਮ ਕਰਕੇ 'ਚਾਰ ਬਾਗ-ਏ-ਪੰਜਾਬ' ਵਿਚ ਇਸਲਾਮ ਦਾ ਜ਼ਿਕਰ ਖਾਨਗਾਹਾਂ ਅਤੇ ਮਜ਼ਾਰਾਂ ਦੇ ਹਵਾਲੇ ਨਾਲ ਕਰਦਾ ਹੈ। ਕਬਰਿਸਤਾਨ ਆਮ ਲੋਕਾਂ ਦੀਆਂ ਕਬਰਾਂ ਵਾਲੇ ਸਥਾਨ ਨੂੰ ਕਿਹਾ ਜਾਂਦਾ ਹੈ, ਜਦਕਿ ਮਜ਼ਾਰ ਸੂਫ਼ੀਆਂ ਦੇ ਹਵਾਲੇ ਨਾਲ ਸੰਕੇਤਿਤ ਹੁੰਦੇ ਹਨ। ਗਣੇਸ਼ ਦਾਸ ਪਿੰਡਾਂ ਅਤੇ ਕਸਬਿਆਂ ਵਿਚ ਸੂਫ਼ੀਆਂ ਦੀਆਂ ਖਾਨਗਾਹਾਂ ਨੂੰ ਉਚੇਚੀ ਦਿਲਚਸਪੀ ਨਾਲ ਅੰਕਿਤ ਕਰਦਾ ਹੈ। ਮਿਸਾਲ ਦੇ ਤੌਰ 'ਤੇ ਜਾਦੀਸਰੀ ਵਿਚ ਜਾਨੀਸੰਗ ਵਿਚ ਜਾਨੀ ਦਰਵੇਸ਼ ਦੀ ਖਾਨਗਾਹ, ਦਾਂਗਲੀ ਵਿਚ ਹੱਕਾਨੀ ਦੀ ਖਾਨਗਾਹ, ਚਨਿਓਟ ਵਿਚ ਸ਼ਾਹ ਬੁਰਹਾਨ ਦੀ ਖਾਨਗਾਹ, ਗੁਜਰਾਤ ਵਿਚ ਪੀਰ ਮੁਹੰਮਦ ਸਚਿਆਰ ਦੀ ਖਾਨਗਾਹ, ਗੁਜਰਾਤ ਵਿਚ ਹੀ ਸ਼ਾਹ ਦੌਲਾ ਅਤੇ ਪਾਂਧੀ ਸ਼ਾਹ ਦੇ ਮਜ਼ਾਰ, ਕੋਟ ਮੀਰ ਹੁਸੈਨ ਨੇੜੇ ਹਾਫਿਜ ਹਯਾਤ ਦੀ ਖਾਨਗਾਹ। ਇਸ ਹਾਫਿਜ ਹਯਾਤ ਦੀ ਗੁਜਰਾਤ ਵਿਚ ਅੱਜ ਵੀ ਚੋਖੀ ਮਾਨਤਾ ਹੈ। ਸੰਨ 2008 ਵਿਚ ਪ੍ਰਸਤੁਤ ਲੇਖਕ ਨੂੰ ਗੁਜਰਾਤ ਯੂਨੀਵਰਸਿਟੀ (ਪਾਕਿਸਤਾਨ) ਵਿਖੇ ਸੂਫ਼ੀਆਂ ਬਾਰੇ ਹੋਈ ਇਕ ਕਾਨਫਰੰਸ ਵਿਚ ਜਾਣ ਦਾ ਮੌਕਾ ਮਿਲਿਆ ਤਾਂ ਦੇਖਿਆ ਕਿ ਗੁਜਰਾਤ ਯੂਨੀਵਰਸਿਟੀ ਕੈਂਪਸ ਨੂੰ ਜੋ ਨਾਂਅ ਦਿੱਤਾ ਗਿਆ ਹੈ, ਉਹ ਹਾਫਿਜ ਹਯਾਤ ਕੈਂਪਸ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥

ਸਿਰੀਰਾਗੁ ਮਹਲਾ ੧
ਜਪੁ ਤਪੁ ਸੰਜਮੁ ਸਾਧੀਐ
ਤੀਰਥਿ ਕੀਚੈ ਵਾਸੁ॥
ਪੁੰਨ ਦਾਨ ਚੰਗਿਆਈਆ
ਬਿਨੁ ਸਾਚੇ ਕਿਆ ਤਾਸੁ॥
ਜੇਹਾ ਰਾਧੇ ਤੇਹਾ ਲੁਣੈ
ਬਿਨੁ ਗੁਣ ਜਨਮੁ ਵਿਣਾਸੁ॥ ੧॥
ਮੁੰਧੇ ਗੁਣ ਦਾਸੀ ਸੁਖੁ ਹੋਇ॥
ਅਵਗਣ ਤਿਆਗਿ ਸਮਾਈਐ
ਗੁਰਮਤਿ ਪੂਰਾ ਸੋਇ॥ ੧॥ ਰਹਾਉ॥
ਵਿਣੁ ਰਾਸੀ ਵਾਪਾਰੀਆ
ਤਕੇ ਕੁੰਡਾ ਚਾਰਿ॥
ਮੂਲੁ ਨ ਬੂਝੈ ਆਪਣਾ
ਵਸਤੁ ਰਹੀ ਘਰ ਬਾਰਿ॥
ਵਿਣੁ ਵਖਰ ਦੁਖੁ ਅਗਲਾ
ਕੂੜਿ ਮੁਠੀ ਕੂੜਿਆਰਿ॥ ੨॥
ਲਾਹਾ ਅਹਿਨਿਸ ਨਉਤਨਾ
ਪਰਖੇ ਰਤਨੁ ਵੀਚਾਰਿ॥
ਵਸਤੁ ਲਹੈ ਘਰਿ ਆਪਣੈ
ਚਲੈ ਕਾਰਜੁ ਸਾਰਿ॥
ਵਣਜਾਰਿਆ ਸਿਉ ਵਣਜੁ ਕਰਿ
ਗੁਰਮੁਖਿ ਬ੍ਰਹਮੁ ਬੀਚਾਰਿ॥ ੩॥
ਸੰਤਾਂ ਸੰਗਤਿ ਪਾਈਐ
ਜੇ ਮੇਲੇ ਮੇਲਣਹਾਰੁ॥
ਮਿਲਿਆ ਹੋਇ ਨ ਵਿਛੁੜੈ
ਜਿਸੁ ਅੰਤਰਿ ਜੋਤਿ ਅਪਾਰ॥
ਸਚੈ ਆਸਣਿ ਸਚਿ ਰਹੈ
ਸਚੈ ਪ੍ਰੇਮ ਪਿਆਰ॥ ੪॥
ਜਿਨੀ ਆਪੁ ਪਛਾਣਿਆ
ਘਰਿ ਮਹਿ ਮਹਲੁ ਸੁਥਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥
ਤ੍ਰਭਵਣਿ ਸੋ ਪ੍ਰਭੁ ਜਾਣੀਐ
ਸਾਚੋ ਸਾਚੈ ਨਾਇ॥ ੫॥
ਸਾ ਧਨ ਖਰੀ ਸੁਹਾਵਣੀ
ਜਿਨਿ ਪਿਰੁ ਜਾਤਾ ਸੰਗਿ॥
ਮਹਲੀ ਮਹਲਿ ਬੁਲਾਈਐ
ਸੋ ਪਿਰੁ ਰਾਵੇ ਰੰਗਿ॥
ਸਚਿ ਸੁਹਾਗਣਿ ਸਾ ਭਲੀ
ਪਿਰਿ ਮੋਹੀ ਗੁਣ ਸੰਗਿ॥ ੬॥
ਭੂਲੀ ਭੂਲੀ ਥਲਿ ਚੜਾ
ਥਲਿ ਚੜਿ ਡੂਗਰਿ ਜਾਉ॥
ਬਨ ਮਹਿ ਭੂਲੀ ਜੇ ਫਿਰਾ
ਬਿਨੁ ਗੁਰ ਬੂਝ ਨ ਪਾਉ॥
ਨਾਵਹੁ ਭੂਲੀ ਜੇ ਫਿਰਾ
ਫਿਰਿ ਫਿਰਿ ਆਵਉ ਜਾਉ॥ ੭॥
ਪੁਛਹੁ ਜਾਇ ਪਧਾਊਆ
ਚਲੇ ਚਾਕਰ ਹੋਇ॥
ਰਾਜਨੁ ਜਾਣਹਿ ਆਪਣਾ
ਦਰਿ ਘਰਿ ਠਾਕ ਨ ਹੋਇ॥
ਨਾਨਕ ਏਕੋ ਰਵਿ ਰਹਿਆ
ਦੂਜਾ ਅਵਰੁ ਨ ਕੋਇ॥ ੮॥ ੬॥ (ਅੰਗ 56-57)
ਪਦ ਅਰਥ : ਤਪੁ-ਧੂਣੀਆ ਆਦਿ ਤਪਾ ਕੇ ਸਰੀਰ ਨੂੰ ਕਸ਼ਟ ਦੇਣਾ। ਸੰਜਮੁ-ਇੰਦਰੀਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ। ਸਾਧੀਐ-ਸਾਧੇ ਜਾਣ। ਕੀਚੈ-ਵਾਸੁ-ਵਾਸਾ ਕੀਤਾ ਜਾਵੇ। ਪੁੰਨ ਦਾਨ ਚੰਗਿਆਈਆ-ਪੁੰਨ ਦਾਨ ਜਿਹੇ ਚੰਗੇ ਕੰਮ ਕੀਤੇ ਜਾਣ। ਕਿਆ ਤਾਸੁ-ਕਿਸ ਕੰਮ। ਬਿਨੁ ਸਾਚੇ-ਪ੍ਰਭੂ ਤੋਂ ਬਿਨਾਂ। ਜੇਹਾ ਰਾਧੇ-ਜਿਹੋ ਜਿਹਾ ਬੀਜਦਾ ਹੈ। ਤੇਹਾ ਲੁਣੈ-ਉਹੋ ਹੀ ਵੱਢਦਾ ਹੈ। ਜਨਮੁ ਵਿਣਾਸੁ-ਜਨਮ (ਜੀਵਨ) ਵਿਅਰਥ ਹੈ।
ਗੁਣ ਦਾਸੀ-ਗੁਣਾਂ ਦੀ ਦਾਸੀ ਬਣ, ਗੁਣਾਂ ਨੂੰ ਗ੍ਰਹਿਣ ਕਰ। ਸੁਖੁ ਹੋਇ-ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ। ਅਵਗਣ ਤਿਆਗਿ-ਔਗੁਣਾਂ ਨੂੰ ਤਿਆਗ ਕੇ। ਸਮਾਈਐ-(ਪ੍ਰਭੂ ਚਰਨਾਂ ਵਿਚ) ਜੁੜ ਸਕੀਦਾ ਹੈ, ਸਮਾਅ ਜਾਈਦਾ ਹੈ। ਗੁਰਮਤਿ-ਗੁਰੂ ਦੀ ਮੱਤ (ਸਿੱਖਿਆ)। ਪੂਰਾ ਸੋਇ-ਉਸ ਪੂਰੇ ਪ੍ਰਭੂ (ਨਾਲ ਮਿਲਾਪ ਹੁੰਦਾ ਹੈ)।
ਵਿਣੁ ਰਾਸੀ-ਸਰਮਾਏ (ਧਨ ਦੌਲਤ) ਤੋਂ ਬਿਨਾਂ। ਕੁੰਡਾ ਚਾਰਿ-ਚੌਹੀਂ ਪਾਸੀਂ। ਮੂਲੁ ਨ ਬੁਝੈ ਆਪਣਾ-ਆਪਣੇ ਮੂਲ ਰੂਪ ਪਰਮਾਤਮਾ ਨੂੰ ਨਹੀਂ ਸਮਝਦਾ। ਵਸਤੁ-(ਅਸਲ) ਸਰਮਾਇਆ। ਘਰ ਬਾਰਿ-ਹਿਰਦੇ ਅੰਦਰ ਹੀ। ਵਿਣੁ ਵਖਰ-ਨਾਮ ਸੌਦੇ ਤੋਂ ਬਿਨਾਂ। ਦੁਖੁ ਅਗਲਾ-ਬੜਾ (ਆਤਮਿਕ) ਦੁੱਖ ਹੁੰਦਾ ਹੈ। ਕੂੜਿ ਮੁਠੀ-ਕੂੜ ਦੁਆਰਾ ਲੁੱਟੀ ਜਾ ਰਹੀ ਹੈ। ਕੂੜਿਆਰਿ-ਕੂੜੇ (ਨਾਸਵੰਤ) ਪਦਾਰਥਾਂ ਵਾਲੀ।
ਲਾਹਾ-ਲਾਭ। ਅਹਿਨਿਸ-ਦਿਨ ਰਾਤ, ਸਦਾ। ਨਉਤਨਾ-ਨਵਾਂ। ਸਾਰਿ-ਸੰਵਾਰ ਕੇ, ਸੰਭਾਲ ਕੇ। ਮੇਲਣਹਾਰੁ-ਮੇਲਣ ਵਾਲਾ (ਪ੍ਰਭੂ)। ਅਪਾਰ-ਜਿਸ ਦਾ ਕੋਈ ਪਾਰ ਨਹੀਂ, ਬੇਅੰਤ। ਸਚੈ ਆਸਣ-ਪ੍ਰਭੂ ਦਾ ਸਦਾ ਥਿਰ (ਅਡੋਲ) ਰਹਿਣ ਵਾਲਾ ਆਸਣ।
ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਬਾਕੀ ਕੀਤੇ ਸਾਰੇ ਕਰਮਕਾਂਡ ਵਿਅਰਥ ਹਨ। ਜਪ ਕਰਨੇ, ਤਪ ਸਾਧਣੇ ਅਤੇ ਇੰਦਰੀਆਂ ਨੂੰ ਵੱਸ ਕਰਨ ਦੇ ਸਾਧਨ ਭਾਵ ਸੰਜਮ ਸਭ ਵਿਅਰਥ ਹਨ, ਕਿਉਂਕਿ ਅੰਤ ਵੇਲੇ ਇਹ ਪ੍ਰਾਣੀ ਦੇ ਨਾਲ ਨਹੀਂ ਜਾਂਦੇ। ਦਰਗਾਹੇ ਪੁੱਜਣ ਤੋਂ ਉਰੇ ਹੀ ਭਾਵ ਪਹਿਲਾਂ ਹੀ ਇਹ ਖੋਹ ਲਏ ਜਾਂਦੇ ਹਨ (ਪ੍ਰਾਣੀ ਨੂੰ ਇਨ੍ਹਾਂ ਦਾ ਕਿਸੇ ਪ੍ਰਕਾਰ ਦਾ ਲਾਹਾ ਨਹੀਂ ਮਿਲਦਾ) :
ਹਰਿ ਬਿਨੁ ਅਵਰ ਕ੍ਰਿਆ ਬਿਰਥੇ॥
ਜਪ ਤਪ ਸੰਜਮ ਕਰਮ ਕਮਾਣੇ
ਇਹਿ ਓਰੇ ਮੂਸੇ॥
(ਰਾਗੁ ਗਉੜੀ ਮਹਲਾ ੫, ਅੰਗ 216)
ਅਵਰ ਕ੍ਰਿਆ-ਹੋਰ ਕੀਤੇ ਕਰਮ ਕਾਂਡ। ਬਿਰਥੇ-ਵਿਅਰਥ ਹਨ। ਮੂਸੇ-ਖੋਹ ਲਏ ਜਾਂਦੇ ਹਨ (ਭਾਵ ਨਾਲ ਨਹੀਂ ਜਾਂਦੇ)।
ਮਨੁੱਖ ਵਰਤ ਨੇਮ, ਸੰਜਮ ਆਦਿ ਵਿਚ ਗ੍ਰਸਿਆ ਰਹਿੰਦਾ ਹੈ ਪਰ ਇਨ੍ਹਾਂ ਦਾ ਉਸ ਨੂੰ (ਦਰਗਾਹੇ) ਅੱਧੀ ਕੌਡੀ ਜਿੰਨਾ ਵੀ ਮੁੱਲ ਨਹੀਂ ਮਿਲਦਾ। ਪਰਲੋਕ ਵਿਚ ਜੀਵ ਨਾਲ ਨਿਭਣ ਵਾਲੇ ਹੋਰ ਵਸਤੂ ਹਨ। ਇਹ ਜਪ, ਤਪ, ਸੰਜਮ, ਬਰਤ ਆਦਿ ਪਰਲੋਕ ਵਿਚ ਜੀਵ ਦੇ ਕਿਸੇ ਕੰਮ ਨਹੀਂ ਆਉਂਦੇ-
ਬਰਤ ਨੇਮ ਸੰਜਮ ਮਹਿ ਰਹਤਾ
ਤਿਨ ਕਾ ਆਢੁ ਨਾ ਪਾਇਆ॥
ਆਗੈ ਚਲਣੁ ਅਉਰੁ ਹੈ ਭਾਈ
ਊਂਹਾ ਕਾਮਿ ਨ ਆਇਆ॥ (ਅੰਗ 216)
ਆਢੁ-ਅੱਧੀ ਕੌਡੀ।
ਜਗਤ ਗੁਰੂ ਬਾਬਾ ਰਾਗੁ ਗਉੜੀ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਜਾਣ ਨਾਲ ਹੀ (ਦਰਗਾਹੇ) ਮਾਣ ਪ੍ਰਾਪਤ ਹੁੰਦਾ ਹੈ, ਇੱਜ਼ਤ-ਮਾਣ ਮਿਲਦਾ ਹੈ-
ਨਾਨਕ ਨਾਮਿ ਰਤੇ ਪਤਿ ਪਾਏ॥ (ਅੰਗ 226)
ਰਤੇ-ਰੰਗੇ ਜਾਣ ਨਾਲ। ਪਤਿ-ਇੱਜ਼ਤ, ਮਾਣ।
ਸ਼ਬਦ ਦੇ ਅੱਖਰੀਂ ਅਰਥ : ਕਿਸੇ ਕੰਮ ਦੀ ਪੂਰਤੀ ਲਈ ਜਪ ਕੀਤੇ ਜਾਣ, ਧੂਣੀਆਂ ਆਦਿ ਤਪਾ ਕੇ ਸਰੀਰ ਨੂੰ ਕਸ਼ਟ ਦਿੱਤੇ ਜਾਣ ਜਾਂ ਇੰਦਰੀਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ ਕੀਤੇ ਜਾਣ ਅਤੇ ਤੀਰਥਾਂ 'ਤੇ ਜਾ ਕੇ ਵਾਸਾ ਕੀਤਾ ਜਾਵੇ, ਪੁੰਨ-ਦਾਨ ਆਦਿ ਜਿਹੇ ਚੰਗੇ ਕੰਮ ਕੀਤੇ ਜਾਣ ਪਰ ਜੇਕਰ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਭਾਵ ਪ੍ਰਭੂ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਕਿਸੇ ਕੰਮ ਨਹੀਂ। ਜੀਵ ਜੋ ਬੀਜਦਾ ਹੈ, ਉਹੀ ਕੁਝ ਵੱਢਦਾ ਹੈ। ਗੁਣਾਂ ਤੋਂ ਬਿਨਾਂ ਇਹ ਮਨੁੱਖਾ ਜਨਮ ਸਭ ਵਿਅਰਥ ਹੈ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭੋਲੀਏ ਜੀਵ-ਇਸਤਰੀਏ, ਗੁਣਾਂ ਨੂੰ ਗ੍ਰਹਿਣ ਕਰਨ ਨਾਲ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਔਗੁਣਾਂ ਨੂੰ ਤਿਆਗ ਕੇ ਗੁਰੂ ਦੀ ਮੱਤ 'ਤੇ ਚੱਲ ਕੇ ਹੀ ਪਰਮਾਤਮਾ ਵਿਚ ਅਭੇਦ ਹੋ ਸਕੀਦਾ ਹੈ।
ਸਰਮਾਏ (ਧਨ ਦੌਲਤ) ਤੋਂ ਬਿਨਾਂ ਵਪਾਰੀ ਲੋਕ ਚਾਰ-ਚੁਫੇਰੇ ਤੱਕਦੇ ਰਹਿੰਦੇ ਹਨ (ਕਿ ਕਿਧਰੋਂ ਪੂੰਜੀ ਮਿਲੇ)। ਮੂਲ ਰੂਪ ਵਿਚ ਪ੍ਰਾਣੀ ਪਰਮਾਤਮਾ ਦੇ ਭੇਦਾਂ ਨੂੰ ਨਹੀਂ ਸਮਝਦਾ ਕਿ ਅਸਲੀ ਸਰਮਾਇਆ ਤਾਂ ਉਸ ਦੇ ਹਿਰਦੇ ਅੰਦਰ ਹੀ ਪਿਆ ਹੈ ਪਰ ਹਿਰਨ ਵਾਂਗ ਉਹ ਇਸ ਨੂੰ ਢੂੰਡਦਾ ਬਾਹਰ ਰਹਿੰਦਾ ਹੈ। ਜਿਵੇਂ ਨਾਮ ਧਨ ਸੌਦੇ ਤੋਂ ਬਿਨਾਂ ਬੜਾ ਦੁੱਖ ਹੁੰਦਾ ਹੈ ਤਿਵੇਂ ਕੂੜ ਦੇ ਵਪਾਰ ਵਿਚ ਪੈ ਕੇ ਜੀਵ-ਇਸਤਰੀ ਠਗੀ ਜਾਂਦੀ ਹੈ ਅਤੇ ਬੜਾ ਦੁੱਖ ਭੋਗਦੀ ਹੈ।
ਜਿਹੜਾ ਜਗਿਆਸੂ (ਨਾਮ) ਰਤਨ ਨੂੰ ਸੋਚ-ਵਿਚਾਰ ਕੇ ਰੱਖਦਾ ਹੈ, ਉਸ ਨੂੰ ਦਿਨ-ਰਾਤ ਭਾਵ ਸਦਾ ਨਫਾ ਹੀ ਨਫਾ (ਫਾਇਦਾ ਹੀ ਫਾਇਦਾ) ਹੁੰਦਾ ਹੈ। ਹੁਣ ਉਸ ਨੂੰ ਆਪਣੇ ਹਿਰਦੇ ਘਰ ਵਿਚੋਂ ਹੀ (ਨਾਮ ਰੂਪੀ) ਵਸਤ ਪ੍ਰਾਪਤ ਹੋ ਜਾਂਦੀ ਹੈ। ਫਲਸਰੂਪ ਜੀਵ ਆਪਣੇ ਕਾਰਜ ਸੰਵਾਰ ਕੇ ਇਥੋਂ ਜਾਂਦਾ ਹੈ। ਇਸ ਲਈ ਹੇ ਭਾਈ, ਗੁਰਮੁਖਿ ਵਣਜਾਰਿਆਂ ਨਾਲ ਵਣਜ ਕਰ ਭਾਵ ਗੁਰਮੁਖਾਂ ਨਾਲ ਮੇਲ ਮਿਲਾਪ ਰੱਖ ਕੇ ਬ੍ਰਹਮ ਦੀ ਵਿਚਾਰ ਕਰ।
ਜੇਕਰ ਮੇਲ ਕਰਵਾਉਣ ਵਾਲਾ ਪ੍ਰਭੂ ਇਕ ਵਾਰੀ ਮੇਲ ਕਰਵਾ ਦੇਵੇ ਤਾਂ ਹੀ ਸੰਤ ਜਨਾਂ ਦੀ ਸੰਗਤ ਕਰਨ ਦਾ (ਸੁਭਾਗ ਪ੍ਰਾਪਤ) ਹੁੰਦਾ ਹੈ। ਫਿਰ ਜਿਸ ਮਨੁੱਖ ਦੇ ਅੰਦਰ ਅਪਾਰ ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ਹੋ ਜਾਵੇ, ਉਹ ਫਿਰ ਇਕ ਵਾਰੀ ਮਿਲ ਕੇ ਮੁੜ ਕਦੇ ਉਸ (ਪ੍ਰਭੂ) ਨਾਲੋਂ ਵਿਛੜਦਾ ਨਹੀਂ। ਉਹ ਫਿਰ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਥਿਰ ਰਹਿਣ ਵਾਲੇ ਆਸਣ 'ਤੇ ਟਿਕਿਆ ਰਹਿੰਦਾ ਹੈ ਅਤੇ ਉਸ ਦਾ ਸੱਚੇ ਪ੍ਰਭੂ ਵਿਚ ਪਿਆਰ ਬਣਿਆ ਰਹਿੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਅਧਿਆਤਮਕ ਗਿਆਨ ਹੈ ਜੀਵਨ ਦਾ ਉਦੇਸ਼

ਜੀਵਨ ਦਾ ਉਦੇਸ਼ ਤਾਂ ਅਧਿਆਤਮਕ ਗਿਆਨ ਹੈ, ਨਾ ਕਿ ਭੌਤਿਕ ਖੁਸ਼ੀ। ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਬਾਰੇ ਲਿਖਦੇ ਹਨ ਕਿ ਸਾਡੀ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਅਸੀਂ ਕੇਵਲ ਭੌਤਿਕ ਪਦਾਰਥਾਂ ਤੋਂ ਪ੍ਰਾਪਤ ਖੁਸ਼ੀ ਨੂੰ ਹੀ ਆਪਣੇ ਜੀਵਨ ਦਾ ਉਦੇਸ਼ ਸਮਝ ਲੈਂਦੇ ਹਾਂ। ਖੁਸ਼ੀ ਅਤੇ ਗ਼ਮ ਦੋਵੇਂ ਸਿੱਖਿਆਦਾਇਕ ਹੁੰਦੇ ਹਨ, ਕਿਉਂਕਿ ਅਸੀਂ ਦੋਵਾਂ ਤੋਂ ਹੀ ਕੁਝ ਸਿੱਖਦੇ ਹਾਂ। ਅਸੀਂ ਬੁਰਾਈ ਅਤੇ ਅੱਛਾਈ ਦੋਵਾਂ ਤੋਂ ਸਿੱਖ ਸਕਦੇ ਹਾਂ। ਇਹ ਦੋਵੇਂ ਸਾਡੇ ਚਰਿੱਤਰ ਨਿਰਮਾਣ ਵਿਚ ਬਰਾਬਰ ਦੀ ਭੂਮਿਕਾ ਨਿਭਾਉਂਦੇ ਹਨ ਪਰ ਕਦੇ-ਕਦੇ ਖੁਸ਼ੀ ਨਾਲੋਂ ਦੁੱਖ ਦੀ ਭੂਮਿਕਾ ਵੱਧ ਹੁੰਦੀ ਹੈ। ਜੇ ਦੁਨੀਆ ਦੇ ਮਹਾਨ ਵਿਅਕਤੀਆਂ ਦਾ ਅਧਿਐਨ ਕੀਤਾ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਖੁਸ਼ੀ ਨਾਲੋਂ ਦੁੱਖਾਂ ਨੇ ਉਨ੍ਹਾਂ ਨੂੰ ਮਹਾਨ ਬਣਾਇਆ ਹੈ। ਇਹ ਦੁੱਖ-ਕਸ਼ਟ ਭਾਵੇਂ ਨਿੱਜੀ ਹੋਣ ਜਾਂ ਨਜ਼ਦੀਕੀਆਂ ਦੇ। ਖੁਸ਼ਹਾਲੀ ਦੀ ਤੁਲਨਾ ਵਿਚ ਗਰੀਬੀ ਨੇ ਵੱਧ ਮਹਾਨ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਜੀਵਨ ਦਾ ਉਦੇਸ਼ ਖੁਸ਼ਹਾਲੀ ਨਹੀਂ, ਸਗੋਂ ਗਿਆਨ ਹੈ। ਭੌਤਿਕ ਪਦਾਰਥ ਤਾਂ ਕੇਵਲ ਇਸ ਤਰ੍ਹਾਂ ਹਨ ਜਿਵੇਂ ਆਤਮਾ ਲਈ ਸਰੀਰ। ਤਰਕ ਦੀ ਤੁਲਨਾ ਵਿਚ ਅਧਿਆਤਮਕ ਗਿਆਨ ਵੱਧ ਅਨੰਦਦਾਇਕ ਹੁੰਦਾ ਹੈ। ਇਸ ਲਈ ਗਿਆਨ ਦੇ ਨਾਲ-ਨਾਲ ਅਕਲਮੰਦੀ ਅਤੇ ਅਧਿਆਤਮਿਕ ਗਿਆਨ ਵਰਦਾਨ ਹਨ। ਦੁਨਿਆਵੀ ਵਸਤਾਂ ਤਾਂ ਇਨ੍ਹਾਂ ਦੀ ਤੁਲਨਾ ਵਿਚ ਹੇਠਲੇ ਦਰਜੇ ਦੀਆਂ ਹਨ। ਅਧਿਆਤਮਿਕਤਾ 'ਤੇ ਸਵਾਰ ਜੀਵਨ ਹੀ ਅਸਲ ਜੀਵਨ ਹੈ। ਇਸ ਲਈ ਅਜਿਹਾ ਗਿਆਨ ਪ੍ਰਾਪਤ ਕਰੋ ਤੇ ਜੀਵਨ ਦਾ ਅਸਲ ਉਦੇਸ਼ ਪ੍ਰਾਪਤ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ੍ਰੀ ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਨੇ ਸੋਚਾਂ 'ਚੋਂ ਅਡੰਬਰ ਚੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਹੈ ਇੱਕੋ ਰੱਬ ਐਪਰ ਉਸ ਦੀਆਂ ਬੇਅੰਤ ਰਚਨਾਵਾਂ,
ਇਹ ਸਾਗਰ, ਝੀਲਾਂ, ਪਰਬਤ, ਧਰਤ ਤੇ ਅਸਮਾਨ ਕਿੰਨੇ ਨੇ।
ਇਹ ਜੰਮਣ-ਮਰਨ ਦਾ ਸਿਧਾਂਤ ਵੇਖੋ ਹੈ ਅਜਬ ਕਿੰਨਾ,
ਜ਼ਮੀਂ 'ਤੇ ਆਉਂਦੇ-ਜਾਂਦੇ ਓਸ ਦੇ ਮਹਿਮਾਨ ਕਿੰਨੇ ਨੇ।
ਕੋਈ ਰੰਜੂਰ ਕੀਤਾ ਹੈ ਕੋਈ ਮਸਰੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਜੇ ਸੋਚਾਂ ਵਿਚ ਹੋਏ ਨੇਰ੍ਹਾ ਨੇਤਰਹੀਣ ਹੈ ਬੰਦਾ,
ਕਿਸੇ ਰੌਸ਼ਨ ਸਿਤਾਰੇ ਦੀ ਉਹਨੂੰ ਝਿਲਮਿਲ ਨਹੀਂ ਮਿਲਦੀ।
ਹਮੇਸ਼ਾ ਲੋੜ ਰਹਿੰਦੀ ਰਹਿਨੁਮਾ ਦੀ ਹਰ ਮੁਸਾਫ਼ਿਰ ਨੂੰ,
ਜਿਹਨੂੰ ਰਸਤਾ ਨਹੀਂ ਮਿਲਦਾ ਉਹਨੂੰ ਮਨਜ਼ਿਲ ਨਹੀਂ ਮਿਲਦੀ।
ਇਸੇ ਨਾਜ਼ੁਕ ਖ਼ਿਆਲੀ ਨੂੰ ਉਨ੍ਹਾਂ ਭਰਪੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਕਿਸੇ ਦਾ ਕਰਕੇ ਸ਼ੋਸ਼ਨ ਆਪਣਾ ਘਰ-ਬਾਰ ਭਰ ਲੈਣਾ,
ਇਹ ਰੱਬ ਦੇ ਦਿੱਤੇ ਜੀਵਨ ਦੀ ਅਮਾਨਤ ਵਿਚ ਖ਼ਿਆਨਤ ਹੈ।
ਕਿਸੇ ਦੀ ਖ਼ੂਨ ਵਿਚ ਭਿੱਜੀ ਹੋਈ ਬੁਰਕੀ ਨਹੀਂ ਖਾਣੀ,
ਕਮਾਈ ਹੱਕ ਦੀ ਖਾਣਾ ਇਹੀ ਸੱਚੀ ਇਬਾਦਤ ਹੈ।
ਮਲਿਕ ਭਾਗੋ ਨੂੰ ਏਸੇ ਸਿੱਖਿਆ ਮਸ਼ਕੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਕਦੇ ਵੀ ਜ਼ੁਲਮ ਨਾ ਢਾਹੁਣਾ ਕਿਸੇ ਨਿਰਦੋਸ਼ ਦੇ ਉੱਤੇ,
ਕਿਸੇ ਰੋਂਦੇ ਹੋਏ ਤਾਈਂ ਵਰਾਉਣਾ ਕੰਮ ਨੇਕੀ ਦਾ।
ਉਹਨੂੰ ਗਲ ਨਾਲ ਲਾ ਕੇ ਬੋਲਣੇ ਦੋ ਬੋਲ ਮਿੱਠੇ ਵੀ,
ਉਹਦੇ ਜ਼ਖਮਾਂ 'ਤੇ ਏਦਾਂ ਮਲ੍ਹਮ ਲਾਉਣਾ ਕੰਮ ਨੇਕੀ ਦਾ।
ਮਨੁੱਖੀ ਆਤਮਾ ਨੂੰ ਇਸ ਤਰ੍ਹਾਂ ਪੁਰਨੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਜ਼ਰੂਰੀ ਹੈ ਸਮਝ ਲੈਣਾ ਦਿਲੀ ਜਜ਼ਬਾਤ ਦੀ ਕੀਮਤ,
ਬਹੁਤ ਛੋਟਾ ਹੈ ਹਰ ਜਜ਼ਬਾ ਵੀ ਪੱਗ ਦੀ ਲਾਜ ਦੇ ਸਾਂਹਵੇਂ।
ਮਨੁੱਖੀ ਅਣਖ ਤਾਈਂ ਰੱਖਣਾ ਮਹਿਫ਼ੂਜ਼ ਹੈ ਲਾਜ਼ਿਮ,
ਝੁਕਾਉਣਾ ਸਿਰ ਨਹੀਂ ਭੁੱਲ ਕੇ ਵੀ ਜ਼ੁਲਮੀ ਤਾਜ ਦੇ ਸਾਂਹਵੇਂ।
ਤੇ ਜ਼ਾਲਿਮ ਦੀ ਹਕੂਮਤ ਨੂੰ ਵੀ ਨਾ ਮਨਜ਼ੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਗੁਰੂ ਨਾਨਕ ਨੇ ਸੋਚਾਂ 'ਚੋਂ ਅਡੰਬਰ ਚੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।


-ਸਰਦਾਰ ਪੰਛੀ,
ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401. ਮੋਬਾ: 94170-91668

ਧਾਰਮਿਕ ਸਾਹਿਤ

ਰੰਘਰੇਟੇ ਸਿੱਖਾਂ ਦੇ ਇਤਿਹਾਸ ਦੀਆਂ ਪੈੜਾਂ

ਸੰਪਾਦਕ :
ਧਰਵਿੰਦਰ ਸਿੰਘ ਔਲਖ
ਪ੍ਰਕਾਸ਼ਕ : ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ, ਅੰਮ੍ਰਿਤਸਰ।
ਪੰਨੇ : 56, ਮੁੱਲ : 170 ਰੁਪਏ
ਸੰਪਰਕ : 98152-82283


ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਮਹਾਨ ਮਿਸ਼ਨ ਨੂੰ ਸੁੱਤੀ ਹੋਈ ਰੰਗਰੇਟਾ ਕੌਮ ਤੱਕ ਪਹੁੰਚਾਉਣ ਅਤੇ ਲਾਸਾਨੀ ਵਿਰਸੇ ਨਾਲ ਜੋੜਨ ਦੇ ਖਿਆਲ ਨਾਲ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ। ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਚੁੱਕ ਕੇ ਅਨੰਦਪੁਰ ਸਾਹਿਬ ਵਿਖੇ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਨੂੰ ਭੇਟ ਕੀਤਾ। ਗੁਰੂ ਜੀ ਨੇ ਕਿਹਾ ਸੀ, 'ਰੰਗਰੇਟਾ ਗੁਰੂ ਕਾ ਬੇਟਾ'। ਇਸ ਪੁਸਤਕ ਵਿਚ ਭਾਈ ਜੈਤਾ ਜੀ ਦੇ ਜੀਵਨ, ਉਨ੍ਹਾਂ ਦੀ ਸਿੱਖ ਕੌਮ ਨੂੰ ਦੇਣ ਅਤੇ ਮਜ਼੍ਹਬੀ ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਲੇਖਕਾਂ ਦੇ ਲੇਖ ਸ਼ਾਮਿਲ ਹਨ, ਜਿਵੇਂ ਬੁੰਗਾ ਮਜ਼੍ਹਬੀ ਸਿੱਖ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ, ਸ਼ਹੀਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਚਮਕੌਰ ਦੀ ਗੜ੍ਹੀ ਆਦਿ। ਪੁਸਤਕ ਦੇ ਦੂਜੇ ਭਾਗ ਵਿਚ ਇਸੇ ਵਿਸ਼ੇ ਨਾਲ ਸਬੰਧਤ ਲੇਖ ਹਿੰਦੀ ਭਾਸ਼ਾ ਵਿਚ ਛਾਪੇ ਗਏ ਹਨ। ਪੁਸਤਕ ਦਾ ਆਰੰਭ ਦਲਜੀਤ ਦੁਸਾਂਝ ਦੇ ਗਾਏ ਇਸ ਗੀਤ ਨਾਲ ਕੀਤਾ ਹੈ-
'ਲੈ ਪਿਤਾ ਦਾ ਸੀਸ ਬੁੱਕਲ ਵਿਚ ਦਿੱਲੀ ਤੋਂ ਤੁਰਿਆ।
ਜਬਰ ਜ਼ੁਲਮ ਨੂੰ ਦੇਖ ਸੂਰਮਾ ਪਿੱਛੇ ਨਾ ਮੁੜਿਆ।'
ਇਨ੍ਹਾਂ ਲੇਖਕਾਂ ਦੇ ਲੇਖ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ-ਪ੍ਰਿੰ: ਗੁਰਬਾਜ ਸਿੰਘ ਛੀਨਾ, ਗੁਰਦਿਆਲ ਸਿੰਘ, ਸੁਖਪਾਲ ਸ਼ੇਰਗਿੱਲ, ਬਲਦੇਵ ਸਿੰਘ, ਡਾ: ਦਰਿਆ, ਸੁਰਿੰਦਰ ਸਿੰਘ, ਡਾ: ਭੁਪਿੰਦਰ ਸਿੰਘ ਮੱਟੂ, ਜਥੇ: ਅਮਰੀਕ ਸਿੰਘ ਸ਼ੇਰਗਿੱਲ, ਕਸ਼ਮੀਰ ਸਿੰਘ ਰੰਧਾਵਾ, ਬਲਕਾਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ, ਜਥੇਦਾਰ ਧਰਮ ਸਿੰਘ, ਜਥੇਦਾਰ ਦਿਆਲ ਸਿੰਘ, ਅਮਰੀਕ ਸਿੰਘ ਭੱਲਾ, ਧਰਵਿੰਦਰ ਸਿੰਘ ਔਲਖ, ਜੋਗਿੰਦਰ ਸਿੰਘ ਕਾਸ਼ਵਾ, ਪ੍ਰੇਮ ਸਿੰਘ ਸੋਢੀ, ਸੁਰਿੰਦਰ ਸਿੰਘ। ਉਮੀਦ ਹੈ ਰੰਗਰੇਟੇ ਸਿੱਖਾਂ ਦੇ ਗੌਰਵਮਈ ਇਤਿਹਾਸ ਬਾਰੇ ਲਿਖੀ ਇਹ ਪੁਸਤਕ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗੀ ਅਤੇ ਮਹਾਨ ਵਿਰਸੇ ਤੋਂ ਜਾਣੂ ਕਰਾਏਗੀ। **


ਜਬੈ ਬਾਣ ਲਾਗਯੋ...

ਸੰਪਾਦਕ :
ਪ੍ਰੋ: ਬਲਵਿੰਦਰਪਾਲ ਸਿੰਘ
ਸਹਿ ਸੰਪਾਦਕ :
ਹਰਜੋਤ ਸਿੰਘ ਸੰਧੂ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਜਲੰਧਰ।
ਪੰਨੇ : 200, ਮੁੱਲ : 250 ਰੁਪਏ

ਸੰਪਰਕ : 98157-00916


ਇਸ ਪੁਸਤਕ ਵਿਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨਵਵਾਦੀ ਸੰਦੇਸ਼ ਤੇ ਉਪਦੇਸ਼ ਦੀ ਵਿਆਖਿਆ ਕੀਤੀ ਗਈ ਹੈ, ਉਥੇ ਨਾਲ-ਨਾਲ ਅੱਜ ਸਿੱਖ ਜਗਤ ਵਿਚ ਵਧ ਰਹੇ ਪਤਿਤਪੁਣੇ ਤੇ ਕਰਮਕਾਂਡਾਂ ਦੇ ਰੁਝਾਨ ਬਾਰੇ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਇਕ ਅਜਿਹੇ ਸੁਚੱਜੇ ਸਮਾਜ ਦੀ ਸਿਰਜਣਾ ਦੀ ਅਗਵਾਈ ਤੇ ਪ੍ਰੇਰਨਾ ਮਿਲਦੀ ਹੈ, ਜਿਸ ਵਿਚ ਵਿਸ਼ਵ ਪ੍ਰੇਮ, ਸਾਂਝੀਵਾਲਤਾ ਤੇ ਮਨੁੱਖੀ ਏਕਤਾ ਦੀ ਝਲਕ ਦਿਖਾਈ ਦਿੰਦੀ ਹੈ। ਸਿੱਖ ਧਰਮ ਦਾ ਪਿਛੋਕੜ ਅਤੇ ਇਤਿਹਾਸ ਅਤੀ ਗੌਰਵਮਈ ਹੈ ਪਰ ਅੱਜ ਦੇ ਯੁੱਗ ਵਿਚ ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਨੂੰ ਕਿਰਿਆਤਮਿਕ ਜੀਵਨ ਵਿਚ ਲਾਗੂ ਨਾ ਕਰਨ ਕਰਕੇ ਗੁਰੂਡੰਮ੍ਹ ਤੇ ਵਹਿਮਾਂ-ਭਰਮਾਂ ਦਾ ਜ਼ੋਰ ਵਧ ਰਿਹਾ ਹੈ। ਅੱਜ ਸਿੱਖ ਪੰਥ 'ਤੇ ਹੋ ਰਹੇ ਕੂੜ ਵਿਚਾਰਾਤਮਿਕ ਹਮਲਿਆਂ ਦਾ ਜਵਾਬ ਦੇਣ ਲਈ ਗੁਰਬਾਣੀ ਦੀ ਸਹੀ ਵਿਆਖਿਆ ਨਾਲ ਸਿੱਖ ਜਗਤ ਨੂੰ ਜੋੜਨ ਅਤੇ ਗੁਰੂ ਸ਼ਬਦ ਲਹਿਰ ਨੂੰ ਜਾਰੀ ਰੱਖਣ ਦੀ ਲੋੜ ਹੈ।
ਉਪਰੋਕਤ ਵਿਸ਼ੇ ਨੂੰ ਦ੍ਰਿੜ੍ਹ ਕਰਾਉਣ ਲਈ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਨੂੰ ਇਕ ਲੜੀ ਵਿਚ ਪਰੋ ਕੇ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਲੇਖਕਾਂ ਦੇ ਨਾਂਅ ਹਨ-ਜਸਪਾਲ ਸਿੰਘ ਸਿੱਧੂ, ਅਜਮੇਰ ਸਿੰਘ, ਬਲਵਿੰਦਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਜਸਵਿੰਦਰ ਸਿੰਘ ਰੁਪਾਲ, ਡਾ: ਸਵਰਾਜ ਸਿੰਘ, ਸੁਰਿੰਦਰਪਾਲ ਸਿੰਘ ਗੋਲਡੀ, ਸਵਰਨਜੀਤ ਸਿੰਘ ਖ਼ਾਲਸਾ, ਪਰਮਿੰਦਰ ਪਾਲ ਸਿੰਘ ਖ਼ਾਲਸਾ, ਗੁਰਬਚਨ ਸਿੰਘ, ਗੁਰਤੇਜ ਸਿੰਘ ਆਈ.ਏ.ਐਸ., ਤਰਸੇਮ ਸਿੰਘ ਦਿਓਲ, ਕਮਲਜੀਤ ਕੌਰ, ਕਰਮਜੀਤ ਸਿੰਘ ਨੂਰ ਅਤੇ ਪਰਮਜੀਤ ਕੌਰ ਸਰਹਿੰਦ। ਉਮੀਦ ਹੈ ਅੱਜ ਦੇ ਨੌਜਵਾਨ ਵੀਰਾਂ ਨੂੰ ਪਤਿਤਪੁਣੇ ਤੋਂ ਦੂਰ ਕਰਕੇ ਗੁਰਬਾਣੀ ਦੇ ਮਹਾਨ ਵਿਰਸੇ ਨਾਲ ਜੋੜਨ ਵਿਚ ਇਹ ਪੁਸਤਕ ਬਹੁਤ ਸਹਾਈ ਹੋਵੇਗੀ।


-ਕੰਵਲਜੀਤ ਸਿੰਘ ਸੂਰੀ
ਮੋਬਾ: 93573-24241

24ਵੀਂ ਬਰਸੀ 'ਤੇ ਵਿਸ਼ੇਸ਼

ਵਿੱਦਿਆ ਦਾਨੀ ਸੰਤ ਅਮਰ ਸਿੰਘ ਕ੍ਰਿਤੀ

ਸੰਤ ਬਾਬਾ ਅਮਰ ਸਿੰਘ ਕ੍ਰਿਤੀ ਨੂੰ ਬ੍ਰਹਮਲੀਨ ਹੋਇਆਂ ਭਾਵੇਂ 24 ਸਾਲ ਹੋ ਗਏ ਹਨ ਪਰ ਸ਼ਰਧਾਲੂਆਂ ਦੇ ਮਨਾਂ ਵਿਚ ਉਨ੍ਹਾਂ ਦੀ ਮਿੱਠੀ ਯਾਦ ਅੱਜ ਵੀ ਤਾਜ਼ਾ ਹੈ। ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦਾ ਹੋਕਾ ਦੇਣ ਵਾਲੇ ਸੰਤ ਕ੍ਰਿਤੀ ਨੇ ਪੂਰਾ ਜੀਵਨ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਇਆ। ਨਾਮ ਬਾਣੀ ਦੇ ਰਸੀਏ, ਕਹਿਣੀ-ਕਥਨੀ ਦੇ ਪੂਰੇ, ਗੁਰਬਾਣੀ ਅਰਥਾਂ ਦੇ ਗਿਆਤਾ ਸੰਤ ਕ੍ਰਿਤੀ ਨੇ ਅਨੇਕਾਂ ਹੀ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਦੇ ਕੇ ਸਮਾਜ ਵਿਚ ਸਤਿਕਾਰਯੋਗ ਥਾਂ ਦਿਵਾਈ। ਆਪ ਦਾ ਜਨਮ ਸੰਨ 1919 ਵਿਚ ਸ: ਘਮੰਡ ਸਿੰਘ ਅਤੇ ਮਾਤਾ ਰਾ ਕੌਰ ਦੇ ਘਰ ਪਿੰਡ ਟਿੱਬਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਸਨ। ਮਾਪਿਆਂ ਨੇ ਆਪ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਚਰਨੀਂ ਲਗਾ ਦਿੱਤਾ। ਇਸ ਜਥੇ 'ਚ ਸ਼ਾਮਿਲ ਹੋ ਕੇ ਆਪ ਨੇ ਮਹਾਂਪੁਰਸ਼ਾਂ ਪਾਸੋਂ ਗੁਰਮਤਿ, ਗੁਰ ਇਤਿਹਾਸ, ਗੁਰਬਾਣੀ ਬੋਧ, ਕਥਾ ਵਿਚਾਰ ਪ੍ਰਾਪਤ ਕੀਤੀ ਅਤੇ ਇਸ ਵਿੱਦਿਆ ਨੂੰ ਅੱਗੇ ਵੰਡ ਕੇ ਗੁਰ ਜਸ ਫੈਲਾਇਆ। ਇਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਜਥੇ ਸਮੇਤ ਪਿੰਡ ਫੱਤਾ ਮਾਲੋਕਾ (ਮਾਨਸਾ) ਪਹੁੰਚੇ ਤਾਂ ਸੰਗਤਾਂ ਦੀ ਬੇਨਤੀ 'ਤੇ ਮਹਾਂਪੁਰਸ਼ਾਂ ਨੇ ਸੰਤ ਕ੍ਰਿਤੀ ਨੂੰ ਪਿੰਡ ਫੱਤਾ ਮਾਲੋਕਾ ਵਿਖੇ ਗੁਰੂ-ਘਰ ਦੀ ਸੇਵਾ ਸੰਭਾਲਣ ਦਾ ਹੁਕਮ ਦਿੱਤਾ। ਸੰਤਾਂ ਦੇ ਹੁਕਮਾਂ ਅਨੁਸਾਰ ਆਪ ਨੇ ਗੁਰੂ-ਘਰ ਦੀ ਸੇਵਾ ਸੰਭਾਲੀ ਅਤੇ ਲਗਪਗ 45 ਸਾਲ ਸੇਵਾ ਨਿਭਾਉਂਦਿਆਂ ਜਿੱਥੇ ਅਨੇਕਾਂ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਦੀ ਸਿੱਖਿਆ ਦਿੱਤੀ, ਉੱਥੇ ਬਹੁਤ ਸਾਰੇ ਸਿੰਘਾਂ ਨੂੰ ਕਥਾਵਾਚਕ ਵੀ ਬਣਾਇਆ ਅਤੇ ਕੀਰਤਨ ਦੀ ਸਿੱਖਿਆ ਦਿਵਾਉਣ ਲਈ ਹੋਰ ਥਾਵਾਂ 'ਤੇ ਭੇਜਿਆ। ਆਪ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੰਠ ਸੀ।
ਇਸ ਪਿੰਡ ਵਿਚ ਰਹਿੰਦਿਆਂ ਆਪ ਨੇ ਜਿੱਥੇ ਇਲਾਕੇ 'ਚ ਅਨੇਕਾਂ ਗੁਰੂ-ਘਰਾਂ ਦੀ ਉਸਾਰੀ ਕਰਵਾਈ, ਉੱਥੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਤੋਰ ਕੇ ਲੋਕਾਂ ਨੂੰ ਨਸ਼ਿਆਂ, ਮਨਮਤਿ ਅਤੇ ਅੰਧ-ਵਿਸ਼ਵਾਸ 'ਚੋਂ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ। ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਗਿਆਨੀ ਹਰਭਜਨ ਸਿੰਘ ਢੁੱਡੀਕੇ, ਗਿਆਨੀ ਦੀਦਾਰ ਸਿੰਘ, ਗਿਆਨੀ ਕੌਰ ਸਿੰਘ, ਭਾਈ ਹਰਚਰਨ ਸਿੰਘ ਕਮਾਣੇ ਵਾਲੇ, ਭਾਈ ਜਸਵੀਰ ਸਿੰਘ, ਗਿਆਨੀ ਮਹਿਮਾ ਸਿੰਘ, ਸੰਤ ਬੱਗਾ ਸਿੰਘ, ਨਛੱਤਰ ਸਿੰਘ ਭੋਲਾ, ਮਾਘ ਸਿੰਘ ਤੋਂ ਇਲਾਵਾ ਅਨੇਕਾਂ ਸਿੰਘ ਸੰਤ ਗਿਆਨੀ ਕ੍ਰਿਤੀ ਪਾਸੋਂ ਵਿੱਦਿਆ ਪ੍ਰਾਪਤ ਕਰ ਕੇ ਵੱਖ-ਵੱਖ ਥਾਵਾਂ 'ਤੇ ਗੁਰਮਤਿ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਮੁੱਢਲੀ ਵਿੱਦਿਆ ਸੰਤਾਂ ਪਾਸੋਂ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੈ। 1994 ਵਿਚ ਆਪ ਗੁਰੂ ਚਰਨਾਂ 'ਚ ਜਾ ਬਿਰਾਜੇ। ਗੁਰੂ-ਘਰ ਫੱਤਾ ਮਾਲੋਕਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ 'ਚ ਪਿੰਡ ਫੱਤਾ ਮਾਲੋਕਾ ਵਿਖੇ ਸੰਤਾਂ ਦੀ 24ਵੀਂ ਬਰਸੀ 23 ਜੁਲਾਈ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਅਤੇ ਬਰਸੀ ਸਮਾਗਮ 17 ਜੁਲਾਈ ਤੋਂ ਅਖੰਡ ਪਾਠਾਂ ਦੀ ਲੜੀ ਨਾਲ ਸ਼ੁਰੂ ਹੋ ਰਹੇ ਹਨ।


-ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ। ਮੋਬਾ: 94177-74558

ਇਤੁ ਮਦਿ ਪੀਤੈ ਨਾਨਕਾ...

ਗੁਰੂਆਂ-ਪੀਰਾਂ ਦੇ ਨਾਂਅ ਨਾਲ ਜਾਣੀ ਜਾਂਦੀ ਪੰਜ+ਆਬ (ਪੰਜ ਦਰਿਆਵਾਂ ਦੀ ਧਰਤੀ) ਵਿਚ ਅੱਜ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਹੈਰਾਨ ਹੋ ਜਾਈਦਾ ਹੈ ਅੱਜ ਦਾ ਪੰਜਾਬ ਦੇਖ ਕੇ, ਕਿ ਇਹ ਉਹੀ ਪੰਜਾਬ ਹੈ, ਜਿਸ ਬਾਰੇ ਕਦੇ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨੇ ਲਿਖਿਆ ਸੀ: 'ਦੁੱਧ ਦਹੀਂ ਦੇ ਵਹਿਣ ਦਰਿਆ ਇੱਥੇ, ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ।'
ਅੱਜ ਜਦੋਂ ਪੰਜਾਬ ਦੇ ਗੱਭਰੂ ਪੁੱਤਾਂ ਵੱਲ ਝਾਤ ਮਾਰੀਏ ਤਾਂ 80 ਫੀਸਦੀ ਤੋਂ ਉੱਪਰ ਨੌਜਵਾਨ ਨਸ਼ਿਆਂ ਵਰਗੀ ਭੈੜੀ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ। ਅੱਜ ਸ਼ਰਾਬ ਨੂੰ 'ਸੋਸ਼ਲ ਡਰਿੰਕ' ਦਾ ਨਾਂਅ ਦਿੱਤਾ ਗਿਆ ਹੈ ਜਦਕਿ ਸ਼ਰਾਬ ਦੀ ਹਰ ਬੋਤਲ ਉੱਪਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਅਤੇ ਅਫ਼ਸੋਸ ਕਿ ਸਾਡੇ ਸਮਾਜ ਦਾ ਪੜ੍ਹਿਆ-ਲਿਖਿਆ ਵਰਗ ਆਪਣੇ ਵਿਆਹ, ਸ਼ਾਦੀਆਂ, ਪਾਰਟੀਆਂ ਵਿਚ ਸ਼ਰਾਬ ਦੀ ਵਰਤੋਂ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਸ਼ਰਾਬ ਤੋਂ ਬਿਨਾਂ ਪਾਰਟੀ ਜਾਂ ਖੁਸ਼ੀ ਦੇ ਮੌਕੇ ਨੂੰ ਅਧੂਰਾ ਹੀ ਸਮਝਿਆ ਜਾਂਦਾ ਹੈ। ਨਸ਼ਿਆਂ ਸਬੰਧੀ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਕਿ ਸਿਰਫ ਭਾਰਤ ਵਿਚ ਹੀ ਤੰਬਾਕੂ ਦੀ ਵਰਤੋਂ ਨਾਲ 8 ਲੱਖ ਲੋਕ ਪ੍ਰਤੀ ਸਾਲ ਮਰ ਜਾਂਦੇ ਹਨ।
ਅੱਜ ਲੋਕਾਈ ਗੁਰਬਾਣੀ ਦੀ ਸੇਧ ਤੋਂ ਕੋਹਾਂ ਮੀਲ ਦੂਰ ਹੋ ਗਈ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਸੀ:
ਰੈਣਿ ਗਵਾਈ ਸੋਇ ਕੈ
ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮੁ ਹੈ
ਕਉਡੀ ਬਦਲੇ ਜਾਇ॥
(ਗਉੜੀ ਬੈਰਾਗਣਿ ਮ: 1, ਅੰਗ 156)
ਕਿ ਆਪਣੇ ਹੀਰੇ ਵਰਗੇ ਜੀਵਨ ਨੂੰ ਕੌਡੀ ਬਦਲੇ ਨਾ ਖਤਮ ਕਰ ਦੇਈਂ। ਪਰ ਅੱਜ ਆਪਣੇ ਹੀ ਮੁਹੱਲੇ ਜਦੋਂ ਖ਼ਬਰ ਸੁਣੀਂਦੀ ਹੈ ਕਿ ਫਲਾਂ ਮੁੰਡਾ ਜਿਹੜਾ ਸਮੈਕ ਨਾਲ ਹੀ ਰੱਜਿਆ ਰਹਿੰਦਾ ਸੀ, ਅੱਜ ਫਲਾਣੇ ਮੋੜ ਤੋਂ ਉਸ ਦੀ ਲਾਸ਼ ਮਿਲੀ ਤਾਂ ਸੁਣ ਕੇ ਦੁੱਖ ਹੁੰਦਾ ਹੈ ਕਿ ਕਾਸ਼! ਅਸੀਂ ਗੁਰਬਾਣੀ ਦੇ ਅਰਥ ਨੂੰ ਜੀਵਨ ਦਾ ਆਧਾਰ ਬਣਾਇਆ ਹੁੰਦਾ।
ਇਕ ਸਮਾਂ ਸੀ ਜਦੋਂ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਨੀਵੇਂ ਪੱਧਰ ਦਾ ਸਮਝਿਆ ਜਾਂਦਾ ਸੀ, ਪਰ ਅੱਜ ਦੇ ਪੜ੍ਹੇ-ਲਿਖੇ ਯੁੱਗ ਵਿਚ ਸ਼ਰਾਬ ਨਾ ਪੀਣ ਵਾਲੇ ਨੂੰ ਛੋਟਾ ਸਮਝਿਆ ਜਾਂਦਾ ਹੈ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਘਰ ਦਾ ਸਾਮਾਨ ਵੇਚਣ, ਚੋਰੀ ਕਰਨ ਆਦਿ ਵਰਗੇ ਅਪਰਾਧ ਕਰਨ ਦੇ ਵੀ ਆਦੀ ਹੋ ਜਾਂਦੇ ਹਨ, ਜਿਸ ਕਰਕੇ ਲੁੱਟਾਂ-ਖੋਹਾਂ ਆਦਿ ਦੇ ਕੇਸਾਂ ਵਿਚ ਵੀ ਬੇਸ਼ੁਮਾਰ ਵਾਧਾ ਹੁੰਦਾ ਹੈ।
ਅੱਜ ਸਮੈਕ ਤੋਂ ਇਲਾਵਾ ਨੌਜਵਾਨ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵੀ ਸ਼ਰ੍ਹੇਆਮ ਕਰ ਰਹੇ ਹਨ, ਜਿਸ ਨੂੰ ਸਰੂਰ ਪ੍ਰਾਪਤੀ ਦਾ ਵਧੀਆ, ਸਸਤਾ ਅਤੇ ਸੌਖਾ ਸਾਧਨ ਮੰਨਿਆ ਜਾਂਦਾ ਹੈ। ਦਵਾਈਆਂ ਤੋਂ ਇਲਾਵਾ ਸਿਹਤ ਵਿਗਿਆਨੀਆਂ ਵਲੋਂ ਵਰਤੇ ਜਾਂਦੇ ਦਰਦ ਨਿਵਾਰਕ ਟੀਕਿਆਂ ਦੀ ਵਰਤੋਂ ਕਰਕੇ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ। ਇੰਸਟੀਚਿਊਟ ਆਫ ਡਿਵੈਲਪਮੈਂਟ ਅਤੇ ਕਮਿਊਨੀਕੇਸ਼ਨ ਦਾ ਅਧਿਐਨ ਵੀ ਹੋਸਟਲਾਂ ਵਾਲੇ ਬੱਚਿਆਂ ਦੇ ਤੱਥਾਂ ਵਿਚ ਨਸ਼ਿਆਂ ਦੀ ਪ੍ਰੋੜ੍ਹਤਾ ਕਰਦਾ ਹੈ। ਇਸ ਦਾ ਸਰਵੇ ਇਹ ਵੀ ਦੱਸਦਾ ਹੈ ਕਿ ਪੰਜਾਬ ਵਿਚ 53 ਫੀਸਦੀ ਆਦਮੀ ਅਤੇ 48 ਫੀਸਦੀ ਔਰਤਾਂ ਨਸ਼ਿਆਂ ਦੀਆਂ ਆਦੀ ਹਨ।
ਅਨੇਕਾਂ ਅਜਿਹੀਆਂ ਦਵਾਈਆਂ, ਜੋ ਬਿਨਾਂ ਕਿਸੇ ਡਾਕਟਰ ਦੇ ਪੁੱਛਿਆਂ ਬਿਨਾਂ ਪਰਚੀ ਲਏ ਤੋਂ ਲਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਸੈਕਸੋਨਾਫੋਰਟ, ਵੀ-ਟੈਕਸ, ਵਨ-ਟਾਪ, ਕਮਾਂਡੋ, ਬੋਲਡ-ਨਾਇਟ, ਸਟਡ ਅਤੇ ਹਿਮਕੋਲੀਨ ਕਰੀਮ ਵਰਗੀਆਂ ਉਹ ਦਵਾਈਆਂ ਸ਼ਾਮਿਲ ਹਨ, ਜਿਨ੍ਹਾਂ ਦੀ ਕਿਸੇ ਵੀ ਸਿਹਤਮੰਦ ਅਤੇ ਤੰਦਰੁਸਤ ਵਿਅਕਤੀ ਨੂੰ ਲੋੜ ਨਹੀਂ ਪੈਣੀ ਚਾਹੀਦੀ।
ਸਿਆਣੇ ਬਜ਼ੁਰਗਾਂ ਨੇ ਸ਼ਰਾਬ ਨੂੰ ਸ਼ਰਾਰਤੀ ਪਾਣੀ ਦਾ ਨਾਂਅ ਦਿੱਤਾ ਹੈ। ਸ਼ਰਾਬ ਇਕ ਅਜਿਹਾ ਪਦਾਰਥ ਹੈ, ਜਿਸ ਨੂੰ ਪੀਣ ਨਾਲ ਵਿਅਕਤੀ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ। ਘਰਵਾਲੀ-ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿਚ ਅਲਕੋਹਲ ਹੁੰਦੀ ਹੈ, ਜਿਸ ਦਾ ਸਰੀਰ ਨੂੰ ਕਾਫੀ ਨੁਕਸਾਨ ਪੁੱਜਦਾ ਹੈ। ਤੀਸਰੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਨਸ਼ਾ ਕਰਨ ਤੋਂ ਸਖਤ ਵਰਜਿਆ ਸੀ :
ਜਿਤੁ ਪੀਤੈ ਮਤਿ ਦੂਰ ਹੋਇ
ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ
ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ
ਦਰਗਾਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ
ਜੇ ਕਾ ਪਾਰਿ ਵਸਾਇ॥
(ਬਿਹਾਗੜੇ ਕੀ ਵਾਰ ਸਲੋਕ ਮਹਲਾ 3, ਅੰਗ 554)
ਭਾਵ ਕਿ ਜਿਸ ਨੂੰ ਪੀਣ ਨਾਲ ਮੱਤ ਮਾਰੀ ਜਾਵੇ, ਆਪਣੇ-ਪਰਾਏ ਦੀ ਪਛਾਣ ਨਾ ਰਹੇ, ਪ੍ਰਭੂ ਦੀ ਸੱਚੀ ਦਰਗਾਹ ਤੋਂ ਵੀ ਧੱਕੇ ਪੈਣ, ਪਰਮਾਤਮਾ ਵਿਸਰ ਜਾਵੇ ਅਤੇ ਪ੍ਰਭੂ ਦੀ ਸੱਚੀ ਦਰਗਾਹ 'ਤੇ ਸਜ਼ਾ ਮਿਲੇ, ਅਜਿਹੇ ਪਦਾਰਥ ਦਾ ਸੇਵਨ ਨਾ ਕਰੀਂ। ਪਰ ਅਫਸੋਸ ਕਿ ਅੱਜ ਸਿੱਖਾਂ ਵਿਚ ਹੀ ਸ਼ਰਾਬ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਕਈ ਅੰਮ੍ਰਿਤਧਾਰੀਆਂ ਨੂੰ ਸ਼ਰਾਬ ਪੀਂਦੇ ਆਪਣੀ ਅੱਖੀਂ ਵੇਖਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ ਹੋਈ ਇਕ ਕਾਨਫਰੰਸ ਦੌਰਾਨ ਡਾਕਟਰਾਂ ਵਲੋਂ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਜਿਹੜਾ ਵਿਅਕਤੀ 20 ਤੋਂ 60 ਸਾਲ ਦੀ ਉਮਰ ਤੱਕ ਨਸ਼ਿਆਂ ਦਾ ਸੇਵਨ ਕਰਦਾ ਹੈ, ਉਹ ਆਪਣਾ 10 ਤੋਂ 15 ਲੱਖ ਦਾ ਨੁਕਸਾਨ ਕਰਦਾ ਹੈ। ਸ਼ਰਾਬ ਪੀਣ ਨਾਲ ਜਿਗਰ ਸੁਸਤ ਹੋ ਜਾਂਦਾ ਹੈ। ਪੀਲੀਆ, ਕੈਂਸਰ ਜਾਂ ਹਾਰਟ ਫੇਲ੍ਹ ਹੋ ਜਾਂਦਾ ਹੈ। ਸ਼ੁਰੂ ਵਿਚ ਮੋਟਾਪਾ, ਅੰਤ ਵਿਚ ਸੋਕੜਾ, ਗਠੀਆ, ਹਾਦਸਿਆਂ ਅਤੇ ਦੁਰਘਟਨਾਵਾਂ ਦੀ ਸੰਭਾਵਨਾ ਵਧ ਜਾਂਦੀ ਹੈ। ਸ਼ਰਾਬਨੋਸ਼ੀ ਬਾਰੇ ਗੁਰਬਾਣੀ ਨੇ ਸਪੱਸ਼ਟ ਕੀਤਾ ਹੈ-
ਇਤੁ ਮਦਿ ਪੀਤੈ ਨਾਨਕਾ
ਬਹੁਤੇ ਖਟੀਅਹਿ ਬਿਕਾਰ॥
(ਵਾਰ ਬਿਹਾਗੜਾ ਮ: 1, ਅੰਗ 553)
ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ 5 ਲੱਖ ਵਿਅਕਤੀ ਤੰਬਾਕੂਨੋਸ਼ੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣਾ ਹੋ ਜਾਵੇਗੀ। ਸਿਗਰਟ ਜਾਂ ਬੀੜੀ ਵਿਚ ਜੋ ਤੰਬਾਕੂ ਹੁੰਦਾ ਹੈ, ਉਹ ਅੱਗ ਦੇ ਸੇਕ ਨਾਲ ਸੁਕਾਇਆ ਹੁੰਦਾ ਹੈ। ਸਿਗਰਟ ਦੀ ਪਰਿਭਾਸ਼ਾ ਦਿੰਦਿਆਂ ਸਰ ਵਿਜਿਲ ਸਕਾਟ ਨੇ ਠੀਕ ਕਿਹਾ ਹੈ ਕਿ 'ਸਿਗਰਟ (ਅੰਦਰੋਂ ਭਰੀ ਹੋਈ) ਇਕ ਅਜਿਹੀ ਨਲਕੀ ਹੈ, ਜਿਸ ਦੇ ਇਕ ਸਿਰੇ 'ਤੇ ਤਾਂ ਜੋਤ ਜਗ ਰਹੀ ਹੈ ਅਤੇ ਦੂਜੇ ਸਿਰੇ 'ਤੇ ਇਕ ਮੂਰਖ ਚਿੰਬੜਿਆ ਹੁੰਦਾ ਹੈ।' ਇਕ ਵਿਗਿਆਨਕ ਰਿਪੋਰਟ ਅਨੁਸਾਰ ਇਕ ਸਿਗਰਟ ਪੀਣ ਨਾਲ ਬੰਦੇ ਦੀ ਉਮਰ ਸਾਢੇ ਪੰਜ ਮਿੰਟ ਘਟ ਜਾਂਦੀ ਹੈ।
ਇਸ ਵਿਚ ਨਿਕੋਟੀਨ ਹੁੰਦੀ ਹੈ, ਜਿਸ ਨਾਲ ਸਰੀਰ ਦੀਆਂ ਲਹੂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਉਨ੍ਹਾਂ ਰਾਹੀਂ ਲਹੂ ਪ੍ਰਵਾਹ ਘਟ ਜਾਂਦਾ ਹੈ। ਸਦੀਵੀ ਨਜ਼ਲਾ ਹੋ ਜਾਂਦਾ ਹੈ। ਕੈਂਸਰ ਅਤੇ ਦਿਲ ਸਬੰਧੀ ਅਨੇਕਾਂ ਰੋਗ ਲੱਗ ਜਾਂਦੇ ਹਨ।
ਸਿੱਖ ਰਹਿਤਨਾਮਿਆਂ ਵਿਚ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਵਰਜਿਆ ਗਿਆ ਹੈ:
ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ।
ਇਨ ਕੀ ਅੋਰ ਨ ਕਬਹੂੰ ਦੇਖੈ, ਰਹਿਤਵੰਤ ਸੋ ਸਿੰਘ ਬਿਸੇਖੈ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਪਦਅਰਥ : ਟੋਪੀ (ਚਿਲਮ), ਤਾੜੀ (ਤਾੜ ਦੀ ਮਦਿਰਾ ਸ਼ਰਾਬ), ਖਾਕੂ (ਚੰਡੂ, ਅਫ਼ੀਮ ਦਾ ਧੂਆਂ ਤੰਬਾਕੂ ਵਾਂਗ ਪੀਣਾ)।
ਕੁਲ ਨਸ਼ਿਆਂ ਦੀ ਸਿਰਤਾਜ ਹੈਰੋਇਨ ਦੇ ਅਸ਼ੁੱਧ ਰੂਪ ਨੂੰ ਸਮੈਕ ਕਿਹਾ ਜਾਂਦਾ ਹੈ। ਇਸ ਨੂੰ ਬਰਾਊਨ ਸ਼ੂਗਰ ਦਾ ਨਾਂਅ ਵੀ ਦਿੱਤਾ ਜਾਂਦਾ ਹੈ। ਇਹ ਸਭ ਤੋਂ ਮਹਿੰਗਾ ਨਸ਼ਾ ਹੈ। ਇਸ ਦੀ ਕੀਮਤ 200 ਰੁਪਏ ਤੋਂ 300 ਰੁਪਏ ਤੱਕ ਪ੍ਰਤੀ ਗ੍ਰਾਮ ਤੱਕ ਹੁੰਦੀ ਹੈ। ਕਈ ਲੋਕ ਇਸ ਨੂੰ ਸਿਗਰਟ ਵਿਚ ਪਾ ਕੇ ਪੀਂਦੇ ਹਨ ਅਤੇ ਪੱਛਮੀ ਦੇਸ਼ਾਂ ਵਿਚ ਟੀਕੇ ਰਾਹੀਂ ਵੀ ਇਸ ਦਾ ਨਸ਼ਾ ਲਿਆ ਜਾਂਦਾ ਹੈ। ਸਮੈਕ ਦੇ ਨਸ਼ੇ ਦੇ ਆਦੀ ਸ਼ੁਰੂਆਤ ਤੋਂ 10-20 ਸਾਲਾਂ ਵਿਚ ਹੀ ਮਰ ਜਾਂਦੇ ਹਨ ਅਤੇ ਜ਼ਿੰਦਗੀ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਬੈਠਦੇ ਹਨ। ਇਸ ਨਾਲ ਸਰੀਰ ਕਮਜ਼ੋਰ ਹੋ ਕੇ ਰੰਗ ਭੂਸਾ ਪੈ ਜਾਂਦਾ ਹੈ। 15 ਕਿਲੋ ਤੱਕ ਵਜ਼ਨ ਘਟ ਜਾਂਦਾ ਹੈ। ਸਮੈਕ ਦਾ ਆਦੀ ਨੌਜਵਾਨ ਨਸ਼ਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਝੂਠ ਬੋਲ ਕੇ, ਹੇਰਾਫੇਰੀ ਜਾਂ ਹਮਦਰਦੀ ਹਾਸਲ ਕਰਕੇ ਲੋਕਾਂ ਨੂੰ ਠੱਗਣ ਵਿਚ ਕਾਬਲ ਹੁੰਦਾ ਹੈ। ਸਮੈਕ ਪੀਣ ਵਾਲੇ ਵਿਅਕਤੀਆਂ ਦੀ ਗਿਣਤੀ ਵਿਚ ਵਾਧਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ।
ਅੱਜ ਪੱਛਮੀ ਨਕਲ ਹੇਠ ਸਿਨੇਮਾ, ਟੈਲੀਵਿਜ਼ਨਾਂ ਰਾਹੀਂ ਕਲਾਕਾਰਾਂ ਨੂੰ ਨਸ਼ਾ ਕਰਦਿਆਂ ਵਿਖਾਉਣਾ, ਜਿਸ ਵਿਚ ਸ਼ਰਾਬ, ਸਿਗਰਟ ਆਦਿ ਦ੍ਰਿਸ਼ਾਂ ਨੂੰ ਵਿਸ਼ੇਸ਼ ਦਿੱਖ ਦੇ ਕੇ ਪੇਸ਼ ਕਰਨਾ ਹੈ। ਪਾਨ, ਮਸਾਲੇ, ਸਿਗਰਟ, ਸ਼ਰਾਬ ਆਦਿ ਦੇ ਇਸ਼ਤਿਹਾਰ ਅੱਧ-ਨੰਗੀਆਂ ਔਰਤਾਂ ਕੋਲੋਂ ਕਰਵਾ ਕੇ ਅਤੇ ਫਿਰ ਮੈਗਜ਼ੀਨ, ਅਖ਼ਬਾਰਾਂ ਅਤੇ ਜਨਤਕ ਥਾਵਾਂ 'ਤੇ ਕੀਤੀ ਗਈ ਵੱਡੇ ਪੱਧਰ 'ਤੇ ਇਸ਼ਤਿਹਾਰਬਾਜ਼ੀ ਨਾਲ ਨੌਜਵਾਨਾਂ ਨੂੰ ਨਸ਼ਿਆਂ ਵੱਲ ਉਤਸੁਕ ਕੀਤਾ ਜਾ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਅਸ਼ਲੀਲ ਗਾਇਕੀ ਨੇ ਸਭ ਹੱਦ-ਬੰਨ੍ਹੇ ਟੱਪ ਕੇ ਨਵਾਂ ਮੀਲ-ਪੱਥਰ ਗੱਡਿਆ ਹੈ। ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਨ ਲਈ ਨੈਣ ਸ਼ਰਾਬੀ, ਇਸ਼ਕ ਬਰਾਂਡੀ, ਅਵਾਰਾਗਰਦੀ, ਕੁੜੀ ਨੂੰ ਘਰੋਂ ਭਜਾਉਣਾ, ਮਿਸਾਲ ਦੇ ਤੌਰ 'ਤੇ 'ਜੇ ਪੀਣੀ ਛੱਡਤੀ ਜੱਟਾਂ ਨੇ, ਫਿਰ ਕੌਣ ਮਾਰੂ ਲਲਕਾਰੇ', 'ਦੇਸੀ ਦਾਰੂ', 'ਮੈਂ ਹੋ ਗਿਆ ਸ਼ਰਾਬੀ', 'ਗਲਾਸੀ ਖੜਕੇ', 'ਵੈਲੀ ਪੁੱਤ', ਮਹਿੰਗੀਆਂ ਸ਼ਰਾਬਾਂ ਦੇ ਸਬੰਧ ਵਿਚ ਘਟੀਆ ਗੀਤ ਪੇਸ਼ ਕਰਨ ਵਾਲੇ ਆਪਣੇ-ਆਪ ਨੂੰ ਸੱਭਿਆਚਾਰਕ ਗਾਇਕ ਅਖਵਾਉਣ ਵਾਲੇ ਪਤਾ ਨਹੀਂ ਕਿਹੜੇ ਸੱਭਿਆਚਾਰ ਦੀ ਗੱਲ ਕਰ ਰਹੇ ਹਨ?
ਇਕ ਖ਼ਬਰ ਮੁਤਾਬਿਕ ਪੰਜਾਬ ਵਿਚੋਂ ਫੌਜੀ ਭਰਤੀ ਲਈ ਜਵਾਨ ਨਹੀਂ ਮਿਲ ਰਹੇ, ਜਦਕਿ ਕਦੇ ਉਹ ਸਮਾਂ ਵੀ ਸੀ ਜਦੋਂ ਅੰਗਰੇਜ਼ ਸਰਕਾਰ, ਪੰਜਾਬ ਦੇ ਗਜ਼-ਗਜ਼ ਚੌੜੀਆਂ ਛਾਤੀਆਂ ਵਾਲੇ ਜਵਾਨਾਂ ਨੂੰ ਖੁਸ਼ੀ-ਖੁਸ਼ੀ ਫੌਜ ਵਿਚ ਭਰਤੀ ਕਰਦੀ ਸੀ ਅਤੇ ਪੰਜਾਬ ਵਰਗੇ ਦਰਸ਼ਨੀ ਜਵਾਨ ਹਿੰਦੋਸਤਾਨ ਦੇ ਕਿਸੇ ਵੀ ਹੋਰ ਕੋਨੇ ਵਿਚੋਂ ਨਹੀਂ ਲੱਭਦੇ ਸਨ। ਪੰਜਾਬ ਦੇ ਗੱਭਰੂਆਂ ਦੀ ਬਹਾਦਰੀ ਅਤੇ ਸੁਹੱਪਣ ਦਾ ਫੌਜ ਵਿਚ ਵੱਖਰਾ ਮੁਕਾਮ ਸੀ, ਪਰ ਅੱਜ ਨਸ਼ਿਆਂ ਦੀ ਮਾਰ ਹੇਠ ਸਾਡੀ ਜਵਾਨੀ ਡੁੱਬ ਕੇ ਗੋਤੇ ਖਾ ਰਹੀ ਹੈ।
ਕੀ ਇਲਾਜ ਹੈ? ਕੀ ਕੀਤਾ ਜਾਵੇ?
ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਮਾਤਾ-ਪਿਤਾ ਅੱਗੇ ਆਉਣ। ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਇਸ ਪਾਸੇ ਵਿਸ਼ੇਸ਼ ਯਤਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ। ਸੈਂਸਰ ਬੋਰਡ ਰਾਹੀਂ ਫਿਲਮਾਂ, ਸੀਰੀਅਲਾਂ ਵਿਚੋਂ ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਸੀਨਾਂ (ਦ੍ਰਿਸ਼ਾਂ) 'ਤੇ ਪੂਰਨ ਪਾਬੰਦੀ ਲਗਾਈ ਜਾਵੇ। ਨਸ਼ਿਆਂ ਨਾਲੋਂ ਨੌਜਵਾਨਾਂ ਨੂੰ ਫ਼ਲ-ਫਰੂਟ, ਦੁੱਧ, ਦਹੀਂ, ਮੱਖਣ, ਲੱਸੀ ਆਦਿ ਦੇ ਸਰੀਰ ਨੂੰ ਫਾਇਦਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਅਖ਼ਬਾਰਾਂ ਵਿਚ ਵਿਸ਼ੇਸ਼ ਕਾਲਮ ਸ਼ੁਰੂ ਕਰਕੇ ਨਸ਼ਿਆਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਨਸ਼ਿਆਂ ਅਤੇ ਜੀਵਨ ਜਾਚ ਦੇ ਸਬੰਧ ਵਿਚ ਧਾਰਮਿਕ ਕਲਾਸਾਂ, ਕੈਂਪ ਅਤੇ ਸੈਮੀਨਾਰ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਦੇ ਪੱਧਰ 'ਤੇ ਸ਼ੁਰੂ ਕੀਤੇ ਜਾਣ। ਜਨਤਕ ਥਾਵਾਂ 'ਤੇ ਨਸ਼ਿਆਂ ਦੇ ਵਿਰੁੱਧ ਵੱਡੇ ਹੋਰਡਿੰਗ ਬੋਰਡ ਲਗਾਏ ਜਾਣ। ਸਕੂਲੀ ਬੱਚਿਆਂ ਨੂੰ ਖੇਡਾਂ, ਕੁਸ਼ਤੀਆਂ ਆਦਿ ਵੱਲ ਵਿਸ਼ੇਸ਼ ਰੂਪ ਵਿਚ ਪ੍ਰੇਰਿਤ ਕੀਤਾ ਜਾਵੇ।
ਮਾਤਾ-ਪਿਤਾ ਆਪ ਵੀ ਘਰ ਵਿਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਕੇ ਬੱਚਿਆਂ ਲਈ ਉਦਹਾਰਨ ਬਣਨ। ਸਾਰੀਆਂ ਹੀ ਸਮਾਜ ਸੇਵੀ, ਧਾਰਮਿਕ, ਰਾਜਨੀਤਕ ਜਥੇਬੰਦੀਆਂ ਨਸ਼ਿਆਂ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣ ਅਤੇ ਸਰਕਾਰਾਂ ਨੂੰ ਨਸ਼ਿਆਂ 'ਤੇ ਪੂਰਨ ਪਾਬੰਦੀ ਲਾਉਣ ਲਈ ਮਜਬੂਰ ਕਰਨ ਅਤੇ ਫਿਰ ਪਾਬੰਦੀ ਸਿਰਫ ਨਸ਼ਾ ਕਰਨ ਦੇ ਖਿਲਾਫ ਹੀ ਨਾ ਹੋਵੇ, ਬਲਕਿ ਨਸ਼ਾ ਵੇਚਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਖਿਲਾਫ ਵੀ ਕਾਨੂੰਨ ਬਣੇ। ਪੰਜਾਬ ਸਰਕਾਰ ਸਖ਼ਤੀ ਨਾਲ ਕਾਨੂੰਨ ਬਣਾਵੇ ਜਿਹਾ ਕਿ ਅੰਗਰੇਜ਼ ਸਰਕਾਰ ਨੇ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਲਈ ਬਣਾਇਆ ਸੀ।


-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

ਸਭ ਰੋਗਾਂ ਦਾ ਇਲਾਜ ਹੈ 'ਗਤਕਾ'

ਸਿੱਖ ਪੰਥ ਦੀ ਧਰਮ ਯੁੱਧ ਕਲਾ ਗਤਕਾ ਜਿੱਥੇ ਸਵੈ-ਰੱਖਿਆ ਦਾ ਬੇਜੋੜ ਹੁਨਰ ਹੈ, ਉਥੇ ਹੀ ਇਹ ਇਕ ਇਲਾਜ ਪ੍ਰਣਾਲੀ ਵੀ ਹੈ। ਪੁਰਾਤਨ ਸਮਿਆਂ ਵਿਚ ਜਦੋਂ ਸਿੰਘ ਜੰਗਲਾਂ ਬੇਲਿਆਂ ਵਿਚ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਵਸੇਬਾ ਕਰਦੇ ਸਨ ਤਾਂ ਉਥੇ ਇਲਾਜ ਦੀ ਬੇਹੱਦ ਘਾਟ ਹੀ ਰਹਿੰਦੀ ਸੀ, ਕਿਉਂਕਿ ਯੁੱਧਾਂ ਵਿਚ ਫੱਟੜ, ਕਠਿਨ ਸਫਰ ਅਤੇ ਖਾਣ-ਪੀਣ ਦੇ ਵਾਧੇ-ਘਾਟੇ ਕਾਰਨ ਪੈਦਾ ਹੋਈਆਂ ਬਿਮਾਰੀਆਂ ਦੇ ਇਲਾਜ ਦੀ ਤਾਂ ਕੋਈ ਸਹੂਲਤ ਹੀ ਨਹੀਂ ਸੀ, ਜਿਸ ਕਰਕੇ ਫੌਜਾਂ ਆਪ ਹੀ ਰਵਾਇਤੀ ਇਲਾਜ ਅਤੇ ਤਰੀਕੇ ਵਰਤ ਕੇ ਮੁਸ਼ਕਿਲਾਂ ਦਾ ਹੱਲ ਕਰਦੀਆਂ ਸਨ। ਇਹੋ ਹੀ ਰਵਾਇਤ ਖਾਲਸਾ ਰਾਜ ਤੋਂ ਬਾਅਦ ਵੀ ਚੱਕਰਵਰਤੀ ਨਿਹੰਗ ਸਿੰਘ ਦਲਾਂ ਵਿਚ ਪ੍ਰਚੱਲਿਤ ਰਹੀ ਅਤੇ ਉਥੋਂ ਅਗਾਂਹ ਗਤਕਾ ਅਖਾੜਿਆਂ ਵਿਚ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਰਿਹਾ ਹੈ ਪਰ ਮੌਜੂਦਾ ਸਮੇਂ ਵਿਚ ਤਾਂ ਵਿਖਾਵਾ ਅਤੇ ਸਟੰਟਬਾਜ਼ੀ ਕਰਨ ਵਾਲਿਆਂ ਨੇ ਗਤਕੇ ਦਾ ਸਰੂਪ ਹੀ ਵਿਗਾੜ ਦਿੱਤਾ ਹੈ। ਗਤਕੇ ਦੀਆਂ ਬਰੀਕੀਆਂ ਅਤੇ ਜੁਗਤਾਂ ਸਿੱਖਣ ਨੂੰ ਤਾਂ ਕੋਈ ਤਿਆਰ ਹੀ ਨਹੀਂ।
ਗਤਕੇ ਵਿਚ ਵੀ ਰੋਗ ਦੂਰ ਕਰਨ ਲਈ ਮੁੱਖ ਤੌਰ 'ਤੇ ਪੰਜ ਜੁਗਤਾਂ ਵਰਤੀਆਂ ਜਾਂਦੀਆਂ ਰਹੀਆਂ ਹਨ। ਜਿਵੇਂ ਕਸਰਤ, ਪੈਤੜਾ, ਮਾਲਸ਼, ਲਿਤਾੜਾ ਅਤੇ ਦੇਸੀ ਟੋਟਕੇ ਆਮ ਤੌਰ 'ਤੇ ਇਲਾਜ ਦੇ ਤਰੀਕੇ ਸਨ। ਆਜ਼ਾਦੀ ਤੋਂ ਬਾਅਦ ਤੱਕ ਗਤਕਾ ਅਖਾੜਿਆਂ ਵਿਚ ਆਮ ਮਰੀਜ਼ ਧਰਨ ਕਢਵਾਉਣ, ਚੁੱਕ ਕਢਵਾਉਣ, ਜੋੜਾਂ ਦੀਆਂ ਦਰਦਾਂ ਦਾ ਇਲਾਜ ਕਰਵਾਉਣ, ਟੁੱਟੇ ਅੰਗਾਂ ਨੂੰ ਦੇਸੀ ਤਰੀਕੇ ਨਾਲ ਬੰਨ੍ਹਾਉਣ, ਖਲੋਤੇ ਅਤੇ ਸੱਟ ਖਾਧੇ ਅੰਗਾਂ ਦੀ ਮਾਲਸ਼ ਅਤੇ ਲਿਤਾੜਾ ਕਰਵਾਉਣ ਸਮੇਤ ਕਈ ਹੋਰ ਰੋਗਾਂ ਦੇ ਇਲਾਜ ਲਈ ਲੋਕ ਵਿਸ਼ੇਸ਼ ਤੌਰ 'ਤੇ ਆਉਂਦੇ ਸਨ ਅਤੇ ਪੁਰਾਣੇ ਉਸਤਾਦ ਇਹ ਸਾਰੇ ਇਲਾਜ ਹੀ ਮੁਫਤ ਕਰਦੇ ਸਨ। ਭਾਵੇਂ ਨਵੀਨ ਮੈਡੀਕਲ ਸਾਇੰਸ ਧਰਨ ਨੂੰ ਨਹੀਂ ਮੰਨਦੀ ਪਰ ਅੱਜ ਵੀ ਅਖਾੜਿਆਂ ਵਿਚ ਢਾਲ ਰੱਖ ਕੇ ਧਰਨ ਠੀਕ ਕੀਤੀ ਜਾਂਦੀ ਹੈ। ਕਈ ਤਾਂ ਇਲਾਜ ਕਰਵਾਉਣ ਆਏ ਗਤਕੇ ਦੇ ਐਸੇ ਦੀਵਾਨੇ ਹੋਏ ਕਿ ਚੋਟੀ ਦੇ ਖਿਡਾਰੀ ਅਤੇ ਉਸਤਾਦ ਬਣ ਗਏ।
ਇਸ ਸਮੇਂ ਦੇ ਗਤਕੇ ਦੇ ਬਾਬਾ ਬੋਹੜ ਕਹੇ ਜਾਂਦੇ ਸਭ ਤੋਂ ਬਜ਼ੁਰਗ ਅਤੇ ਮਸ਼ਹੂਰ ਉਸਤਾਦ ਪ੍ਰੀਤਮ ਸਿੰਘ ਪਟਿਆਲਾ ਵੀ ਇਲਾਜ ਕਰਵਾਉਣ ਗਏ ਹੀ ਗਤਕੇ ਦੇ ਉਸਤਾਦ ਬਣ ਗਏ। ਉਨ੍ਹਾਂ ਦਾ ਹੇਠਲਾ ਧੜ ਅਤੇ ਲੱਤਾਂ ਕਿਸੇ ਕਾਰਨ ਕਰਕੇ ਖਲੋ ਗਿਆ ਅਤੇ ਚੱਲਣੋਂ-ਫਿਰਨੋਂ ਵੀ ਅਸਮਰੱਥ ਹੋ ਗਏ। ਬਹੁਤ ਇਲਾਜ ਕਰਵਾਉਣ ਤੋਂ ਬਾਅਦ ਵੀ ਜਦ ਠੀਕ ਨਾ ਹੋਏ ਤਾਂ ਕਿਸੇ ਦੇ ਦੱਸ ਪਾਉਣ 'ਤੇ ਉਹ ਗਤਕੇ ਦੇ ਅਖਾੜੇ ਵਿਚ ਇਲਾਜ ਕਰਵਾਉਣ ਗਏ ਤਾਂ ਉਸ ਵੇਲੇ ਦੇ ਵਧੀਆ ਉਸਤਾਦ ਗਤਕਾ ਮਾਸਟਰ ਮਹਿੰਦਰ ਸਿੰਘ ਪਟਿਆਲਾ ਵਾਲਿਆਂ ਨੇ ਉਨ੍ਹਾਂ ਨੂੰ ਗਤਕੇ ਦੇ ਪੈਂਤੜੇ ਅਤੇ ਹੋਰ ਕਸਰਤਾਂ ਕਰਨ ਲਈ ਕਿਹਾ। ਨਾਲ ਹੀ ਉਹ ਮਾਲਸ਼ ਅਤੇ ਲਿਤਾੜਾ ਵੀ ਕਰਦੇ ਰਹੇ ਅਤੇ ਕੁਝ ਦੇਸੀ ਨੁਸਖੇ ਵੀ ਦਿੰਦੇ ਰਹੇ। ਕੁਝ ਹੀ ਦਿਨਾਂ ਵਿਚ ਉਨ੍ਹਾਂ ਦੀਆਂ ਲੱਤਾਂ ਠੀਕ ਹੋ ਗਈਆਂ ਤਾਂ ਉਨ੍ਹਾਂ ਨੂੰ ਗਤਕੇ ਦੀ ਐਸੀ ਲਗਨ ਲੱਗੀ ਕਿ ਕਰੀਬ 19 ਉਸਤਾਦਾਂ ਕੋਲੋਂ ਗਤਕੇ ਦੀ ਵਿੱਦਿਆ ਹਾਸਲ ਕੀਤੀ ਅਤੇੇ ਅੱਜ ਉਹ 87 ਸਾਲ ਦੀ ਉਮਰ ਵਿਚ ਵੀ ਗਤਕਾ ਖੇਡਦੇ ਅਤੇ ਸਿਖਾਉਂਦੇ ਹਨ, ਕਿਉਂਕਿ ਗਤਕਾ ਖੇਡਣ ਵਾਲੇ ਨੂੰ ਤਾਂ ਕੋਈ ਰੋਗ ਲਗਦਾ ਹੀ ਨਹੀਂ, ਇਸ ਖੇਡ ਦੌਰਾਨ ਸਾਰੇ ਸਰੀਰ ਦੀ ਹੀ ਕਸਰਤ ਹੋ ਜਾਂਦੀ ਹੈ। ਪਰ ਰੋਗੀਆਂ ਲਈ ਗਤਕੇ ਵਿਚ ਉਕਤ ਯੁਗਤਾਂ ਵਰਤਣ ਦਾ ਵੀ ਨਿਵੇਕਲਾ ਢੰਗ ਹੈ।
ਕਸਰਤ : ਪੈਂਤੜੇ ਅਤੇ ਗਤਕਾ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਿਖਿਆਰਥੀਆਂ ਅਤੇ ਰੋਗੀਆਂ ਨੂੰ ਕੁਝ ਹਲਕੀਆਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਕਈ ਕਸਰਤਾਂ ਤਾਂ ਮੌਜੂਦਾ ਯੋਗਾ ਨਾਲ ਵੀ ਰਲਦੀਆਂ-ਮਿਲਦੀਆਂ ਹਨ। ਜਿਵੇਂ ਕਪਾਲਭਾਤੀ, ਮਰਕਟ ਆਸਣ, ਵਜਰ ਆਸਣ ਆਦਿ ਨਾਲ ਰਲਦੀ-ਮਿਲਦੀ ਕਸਰਤ ਹੈ ਫਿਫਰਾ (ਫਿਫੜਾ) ਫੰਡ, ਕਮਰ ਪੇਲਣਾ, ਡੰਡਾਉਤ ਪੈਂਤੜਾ ਆਦਿ ਸਮੇਤ ਕਈ ਹੋਰ ਕਸਰਤਾਂ ਥੋੜ੍ਹੇ-ਥੋੜ੍ਹੇ ਫਰਕ ਅਤੇ ਪ੍ਰਚੱਲਿਤ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ, ਕਿਉਂਕਿ ਸਿੱਖ ਪੰਥ ਵਿਚ ਕੋਈ ਸਰੀਰ ਨੂੰ ਤੋੜਨ-ਮਰੋੜਨ ਜਾਂ ਕੁੰਡਲੀਨੀ ਚੱਕਰ ਖੋਲ੍ਹਣ ਲਈ ਕੀਤੀਆਂ ਜਾਂਦੀਆਂ ਹੱਠ ਯੋਗ ਕਿਰਿਆਵਾਂ ਦਾ ਕੋਈ ਮਹੱਤਵ ਹੀ ਨਹੀਂ। ਸਿੱਖਾਂ ਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਸਰਲ ਅਤੇ ਸਾਫ਼-ਸੁਥਰਾ ਸਹਿਜ ਜੋਗ ਕਮਾਉਣ ਲਈ ਤਾਕੀਦ ਕੀਤੀ ਹੈ।
ਪੈਂਤੜਾ : ਗਤਕਾ ਖੇਡਣ ਲਈ ਤਾਂ ਪੈਂਤੜੇ ਦਾ ਪੱਕਾ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸਹੀ ਪੈਂਤੜੇ ਤੋਂ ਬਿਨਾਂ ਤਾਂ ਕੋਈ ਸ਼ਸਤਰ ਚੱਲ ਹੀ ਨਹੀਂ ਸਕਦਾ। ਪਰ ਗਤਕੇ ਵਿਚ ਇਲਾਜ ਕਰਨ ਲਈ ਵੀ ਰੋਗੀ ਕੋਲੋਂ ਵੱਖ-ਵੱਖ ਪੈਂਤੜੇ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਪੈਂਤੜਿਆਂ ਨਾਲ ਬਾਣੀ ਵੀ ਪੜ੍ਹਨ ਦੀ ਜੁਗਤ ਦੱਸੀ ਜਾਂਦੀ ਹੈ।
ਮਾਲਿਸ਼ : ਅੱਜਕਲ੍ਹ ਕਈ ਰੋਗਾਂ ਦੇ ਇਲਾਜ ਲਈ ਵੱਖ-ਵੱਖ ਕਿਸਮ ਦੀਆਂ ਮਾਲਿਸ਼ਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਕਈ ਨਾਵਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ, ਜਿਵੇਂ ਥਾਈਲੈਂਡ ਦੀ ਮਾਲਿਸ਼ ਅਤੇ ਟੋਕ ਸੇਨ ਵਿਧੀ, ਕੈਰੋ ਪਰੈਕਟਰ ਵਿਧੀ, ਸਪਾ, ਨਿਊਰੋਥਰੈਪੀ, ਭਾਰਤੀ ਮਾਲਿਸ਼ ਵਿਧੀ, ਜੋ ਆਮ ਕਰਕੇ ਹਜਾਮਤਾਂ ਕਰਨ ਵਾਲੇੇ (ਨਾਈ) ਕਰਦੇ ਹਨ, ਸਮੇਤ ਕਈ ਰੂਪਾਂ ਵਿਚ ਮਾਲਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਕਈ ਪੁਰਾਣੇ ਰੋਗੀਆਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਗਤਕੇ ਵਿਚ ਵੀ ਬਹੁਤ ਹੀ ਪੁਰਾਤਨ ਅਤੇ ਸੰਪੂਰਨ ਮਾਲਿਸ਼ ਵਿਧੀ ਹੈ। ਟੁੱਟੀਆਂ ਹੱਡੀਆਂ ਤਾਂ ਦੇਸੀ ਤਰੀਕੇ ਨਾਲ ਬਹੁਤ ਹੀ ਕਾਮਯਾਬੀ ਨਾਲ ਬੰਨ੍ਹੀਆਂ ਜਾਂਦੀਆਂ ਹਨ। ਕਿਉਂਕਿ ਗਤਕਾ ਖੇਡਦਿਆਂ ਆਮ ਹੀ ਸੱਟਾਂ ਲੱਗ ਜਾਂਦੀਆਂ ਹਨ ਅਤੇ ਪੁਰਾਤਨ ਸਮਿਆਂ ਵਿਚ ਜੰਗਾਂ, ਯੁੱਧਾਂ ਵਿਚ ਵੀ ਬਹੁਤ ਫੱਟੜ ਹੁੰਦੇ ਸਨ। ਉਨ੍ਹਾਂ ਦਾ ਇਲਾਜ ਵੀ ਇਨ੍ਹਾਂ ਮਾਲਿਸ਼ਾਂ ਨਾਲ ਹੀ ਕੀਤਾ ਜਾਂਦਾ ਸੀ। ਅੱਜਕਲ੍ਹ ਵੀ ਸੱਟਾਂ ਅਤੇ ਜੋੜਾਂ ਦੀਆਂ ਦਰਦਾਂ ਲਈ ਮਾਲਿਸ਼ ਕਰਨ ਲਈ ਕਈ ਅਖਾੜਿਆਂ ਵਿਚ ਬਹੁਤ ਹੀ ਕਾਰਗਰ ਨੁਸਖਿਆਂ ਨਾਲ ਤੇਲ ਬਣਾਏ ਜਾਂਦੇ ਹਨ। ਇਥੋਂ ਤੱਕ ਕਿ ਘੋੜਿਆਂ ਜਾਂ ਪਸ਼ੂਆਂ ਦੀਆਂ ਟੁੱਟੀਆਂ ਹੱਡੀਆਂ ਠੀਕ ਕਰਨ ਦੀ ਨਿਹੰਗ ਸਿੰੰਘਾਂ ਨੂੰ ਬਹੁਤ ਹੀ ਮੁਹਾਰਤ ਹਾਸਲ ਸੀ, ਕਿਉਂਕਿ ਜੰਗਾਂ ਵਿਚ ਫੱਟੜ ਘੋੜਿਆਂ ਦਾ ਵੀ ਇਲਾਜ ਕਰਨਾ ਪੈਂਦਾ ਸੀ।
ਲਿਤਾੜਾ : ਇਸ ਦਾ ਭਾਵ ਹੈ ਸਰੀਰ ਨੂੰ ਲਿਤੜਨਾ ਜਾਂ ਘੁੱਟਣਾ। ਨਿਹੰਗ ਸਿੰਘ ਦਲਾਂ ਵਿਚ ਇਸ ਨੂੰ ਰੁੱਗੇ ਸਿਕਾਉਣਾ ਕਹਿੰਦੇ ਹਨ। ਭਾਵ ਰੁੱਗ (ਮੁੱਠੀਆਂ) ਭਰ-ਭਰ ਕੇ ਲੱਤਾਂ-ਬਾਹਾਂ ਘੁੱਟਣੀਆਂ। ਪੰਜਾਬ ਦੇ ਪਿੰਡਾਂ ਵਿਚ ਹੁਣ ਵੀ ਆਮ ਪ੍ਰਚੱਲਿਤ ਹੈ ਕਿ ਜੇ ਕਿਸੇ ਨੂੰ ਚੁੱਕ (ਸਲਿੱਪ ਡਿਸਕ) ਪੈ ਜਾਵੇ ਤਾਂ ਕਹਿੰਦੇ ਹਨ ਕਿ ਜਿਹੜੀਆਂ ਦੋ ਸਕੀਆਂ ਭੈਣਾਂ ਇਕੋ ਘਰ ਵਿਆਹੀਆਂ ਹਨ, ਉਹ ਹੱਥ ਵਿਚ ਮੋਹਲੀ ਫੜ ਕੇ ਰੋਗੀ ਦੀ ਕਮਰ 'ਤੇ ਇਕ ਵਿਸ਼ੇਸ਼ ਤਰੀਕੇ ਨਾਲ ਚੜ੍ਹ ਕੇ ਲਿਤੜਨ ਤਾਂ ਉਹ ਰੋਗੀ ਠੀਕ ਹੋ ਜਾਂਦਾ ਹੈ। ਦੋਵਾਂ ਭੈਣਾਂ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਇਕ ਤਾਂ ਚਾਲ ਰਲਦੀ ਹੈ, ਦੂਜਾ ਉਹ ਵਾਰ-ਵਾਰ ਇਹ ਕੰਮ ਕਰਕੇ ਮਾਹਿਰ ਹੋ ਜਾਂਦੀਆਂ ਹਨ, ਜਦਕਿ ਕੋਈ ਨਵੀਂ ਔਰਤ ਵੱਧ-ਘੱਟ ਭਾਰ ਪਾ ਕੇ ਨੁਕਸਾਨ ਵੀ ਕਰ ਸਕਦੀ ਹੈ।
ਦੇਸੀ ਟੋਟਕੇ : ਕਿਉਂਕਿ ਜੰਗਲਾਂ ਵਿਚ ਕੋਈ ਸਿਹਤ ਸਹੂਲਤ ਨਾ ਹੋਣ ਕਰਕੇ ਅਤੇ ਪ੍ਰਚੱਲਿਤ ਭਾਰਤੀ ਦੇਸੀ ਅਤੇ ਘਰੇਲੂ ਇਲਾਜ ਦੀ ਰਵਾਇਤ ਅਨੁਸਾਰ ਕਈ ਬਹੁਤ ਹੀ ਕਾਮਯਾਬ ਦੇਸੀ ਟੋਟਕੇ ਵਰਤੇ ਜਾਂਦੇ ਸਨ, ਭੰਗ ਵੀ ਇਸੇ ਇਲਾਜ ਦਾ ਹੀ ਹਿੱਸਾ ਸੀ। ਇਹ ਦੇਸੀ ਨੁਸਖੇ ਅੱਜ ਵੀ ਗਤਕਾ ਅਖਾੜਿਆਂ ਵਿਚ ਸੀਨਾ-ਬ-ਸੀਨਾ ਵਰਤੇ ਜਾਂਦੇ ਹਨ ਅਤੇ ਕਈ ਰੋਗੀਆਂ ਨੂੰ ਵੀ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਵਰਤਣ ਨਾਲ ਕਈ ਰੋਗੀ ਤਾਂ ਹੈਰਾਨੀਜਨਕ ਢੰਗ ਨਾਲ ਠੀਕ ਹੋ ਜਾਂਦੇ ਹਨ।
ਇਹ ਸਾਰੇ ਯਤਨ ਰੋਗੀਆਂ ਅਤੇ ਲੋੜਵੰਦਾਂ ਲਈ ਹੀ ਵਰਤੇ ਜਾਂਦੇ ਹਨ। ਜਿਹੜਾ ਰੋਜ਼ ਗਤਕੇ ਦਾ ਅਭਿਆਸ ਕਰਦਾ ਹੈ, ਉਸ ਨੂੰ ਨਾ ਤਾਂ ਕੋਈ ਰੋਗ ਲੱਗਦਾ ਹੈ ਅਤੇ ਨਾ ਹੀ ਕਿਸੇ ਇਲਾਜ ਦੀ ਹੀ ਲੋੜ ਪੈਂਦੀ ਹੈ।


(ਸਾਬਕਾ ਡਾਇਰੈਕਟਰ ਗਤਕਾ) ਸ਼੍ਰੋ: ਗੁ: ਪ੍ਰ: ਕਮੇਟੀ, ਸ੍ਰੀ ਅਮ੍ਰਿਤਸਰ ਸਾਹਿਬ।
691/9 ਰਣਜੀਤ ਐਵੇਨਿਊ, ਹਰਦੋਛੰਨੀ ਰੋਡ, ਗੁਰਦਾਸਪੁਰ-143521. ਮੋਬਾ: 97797-55551

ਚਾਰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁ: ਪਾਤਸ਼ਾਹੀ ਨੌਵੀਂ, ਪਿੰਡ ਮੁਕਾਰੋਂਪੁਰ

ਪਿੰਡ ਮੁਕਾਰੋਂਪੁਰ ਸਰਹਿੰਦ ਤੋਂ ਲਾਡਰਾਂ ਰੋਡ 'ਤੇ ਸਥਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾਂ ਦਾ ਇਕ ਇਤਿਹਾਸਕ ਪਿੰਡ ਹੈ। ਪਿੰਡ ਦੀਆਂ ਹੱਦਾਂ ਬਡਾਲੀ ਆਲਾ ਸਿੰਘ, ਮਹਿਮਦਪੁਰ, ਕਾਲਾ ਮਾਜਰਾ, ਇਸਰਹੇਲ ਆਦਿ ਪਿੰਡਾਂ ਨਾਲ ਲਗਦੀਆਂ ਹਨ। ਇਹ ਪਿੰਡ ਚਾਰ ਸਿੱਖ ਗੁਰੂਆਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ। ਪਿੰਡ ਵਿਚ ਪੰਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਜਿਸ ਕਾਰਨ ਇਹ ਪਿੰਡ ਇਲਾਕੇ ਵਿਚ ਖਾਸ ਇਤਿਹਾਸਕ ਮਹੱਤਵ ਰੱਖਦਾ ਹੈ। ਦੁਨੀਆ ਦਾ ਭਲਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਿੰਡ ਵਿਚ ਚਰਨ ਪਾਏ ਸਨ ਅਤੇ ਉਨ੍ਹਾਂ ਨੇ ਇੱਥੇ 7 ਦਿਨ ਬਿਤਾਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਪਟਨਾ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹੋਏ ਇਸ ਪਿੰਡ ਵਿਚ ਦੋ ਦਿਨ ਲਈ ਰੁਕੇ ਸਨ। ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਸ਼ਹੀਦੀ ਲਈ ਜਾਣ ਸਮੇਂ ਸੰਨ 1675 ਵਿਚ ਇਸ ਨਗਰ ਵਿਚ ਬੇਰੀ ਦੇ ਦਰੱਖਤ ਥੱਲੇ ਰੁਕੇ ਸਨ। ਉਨ੍ਹਾਂ ਲਈ ਪਿੰਡ ਦੀ ਇਕ ਔਰਤ 'ਮਾਈ ਮਾੜੀ' ਅਤੇ ਉਨ੍ਹਾਂ ਦੇ ਪਤੀ 'ਭਾਈ ਰੂਪ ਚੰਦ' ਨੇ ਪਰਸ਼ਾਦੇ ਦੀ ਸੇਵਾ ਕੀਤੀ ਸੀ।
ਉਨ੍ਹਾਂ ਦੀ ਇਸ ਸੇਵਾ ਤੋਂ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਕੁਝ ਮੰਗਣ ਲਈ ਕਿਹਾ। 'ਭਾਈ ਰੂਪ ਚੰਦ' ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਵਿਆਹ ਦੇ ਬਹੁਤ ਸਾਲ ਬਾਅਦ ਵੀ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਕਿ ਉਨ੍ਹਾਂ ਦੇ ਘਰ ਸੱਤ ਪੁੱਤਰ ਜਨਮ ਲੈਣਗੇ। ਇਸ ਅਸਥਾਨ 'ਤੇ ਹੁਣ 'ਗੁਰਦੁਆਰਾ ਪਾਤਸ਼ਾਹੀ ਨੌਵੀਂ' ਸਥਿਤ ਹੈ। ਇਸ ਦੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਕੋਈ ਦੁੱਖ-ਦਰਦ ਨੇੜੇ ਨਾ ਆਉਣ ਦਾ ਵਰ ਵੀ ਪ੍ਰਾਪਤ ਹੈ। ਇਸ ਗੁਰਦੁਆਰਾ ਸਾਹਿਬ ਵਿਚ ਹਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਭਾਰੀ ਇਕੱਠ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਵੱਲ ਕੂਚ ਕੀਤਾ ਸੀ ਤਾਂ ਇਸ ਇਲਾਕੇ ਵਿਚ ਸੂਬਾ ਸਰਹਿੰਦ ਦੀਆਂ ਫੌਜਾਂ ਨਾਲ ਸਿੱਖ ਫੌਜਾਂ ਦੀ ਬੜੀ ਗਹਿਗੱਚ ਲੜਾਈ ਹੋਈ ਸੀ, ਇਸ ਜਗ੍ਹਾ 'ਤੇ ਹੁਣ ਗੁਰਦੁਆਰਾ ਸਿੰਘ ਸ਼ਹੀਦਾਂ ਸੁਸ਼ੋਭਿਤ ਹੈ।
ਪਿੰਡ ਵਿਚ ਕਈ ਧਰਮਾਂ ਅਤੇ ਜਾਤਾਂ ਦੇ ਲੋਕ ਆਪਸ ਵਿਚ ਮਿਲਜੁਲ ਕੇ ਰਹਿ ਰਹੇ ਹਨ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਕੁੁਝ ਲੋਕ ਸਰਕਾਰੀ ਅਤੇ ਨਿੱਜੀ ਨੌਕਰੀਆਂ 'ਤੇ ਵੀ ਲੱਗੇ ਹਨ। ਕੁਝ ਨੌਜਵਾਨ ਬਾਹਰ ਵਿਦੇਸ਼ਾਂ ਵਿਚ ਪੜ੍ਹਾਈ ਅਤੇ ਰੋਜ਼ੀ-ਰੋਟੀ ਲਈ ਗਏ ਹਨ। ਪਿੰਡ ਦੇ ਕੁਝ ਲੋਕ ਰਾਜਨੀਤੀ ਵਿਚ ਵੀ ਚੰਗੀ ਪਛਾਣ ਰੱਖ ਰਹੇ ਹਨ।
ਪੁਰਾਣੇ ਸਮੇਂ ਵਿਚ ਪਿੰਡ ਦੇ ਸੱਤ ਨੌਜਵਾਨ ਜੋ ਅੰਗਰੇਜ਼ ਫੌਜ ਵਿਚ ਸਨ, ਉਹ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈ ਚੁੱਕੇ ਹਨ, ਜੋ ਕਿ ਪਿੰਡ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦਾ ਉੱਘਾ ਲੋਕ ਗਾਇਕ ਸਤਵਿੰਦਰ ਬੁੱਗਾ ਇਸ ਪਿੰਡ ਦਾ ਹੀ ਵਸਨੀਕ ਹੈ, ਜੋ ਕਿ ਪਿੰਡ ਵਿਚ ਸਰਪੰਚ ਦੀ ਸੇਵਾ ਵੀ ਨਿਭਾਅ ਚੁੱਕਾ ਹੈ। ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਹਨ। ਪਿੰਡ ਵਿਚ ਡਾਕਘਰ, ਪੰਜਵੀਂ ਤੱਕ ਸਕੂਲ, ਧਰਮਸ਼ਾਲਾ, ਪਾਣੀ ਦੀ ਟੈਂਕੀ ਅਤੇ ਚਾਰ ਛੱਪੜ ਹਨ। ਸਕੂਲ ਪੰਜਵੀਂ ਤੱਕ ਹੋਣ ਕਾਰਨ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਨ ਹੋਰ ਪਿੰਡਾਂ ਵਿਚ ਜਾਣਾ ਪੈਂਦਾ ਹੈ। ਪਿੰਡ ਵਾਸੀ ਸਰਕਾਰ ਕੋਲੋਂ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਵੀ ਕਰ ਰਹੇ ਹਨ, ਤਾਂ ਜੋ ਉਨ੍ਹਾਂ ਦੇ ਬੱਚੇ ਪਿੰਡ ਵਿਚ ਹੀ ਅੱਗੇ ਪੜ੍ਹ ਸਕਣ।
ਪਿੰਡ ਅਜੇ ਬਹੁਤੀਆਂ ਸਰਕਾਰੀ ਸਹੂਲਤਾਂ ਤੋਂ ਸੱਖਣਾ ਹੈ। ਪਿੰਡ ਵਿਚ ਕੋਈ ਵੀ ਹਸਪਤਾਲ ਜਾਂ ਡਿਸਪੈਂਸਰੀ ਨਹੀਂ ਹੈ। ਨੌਜਵਾਨਾਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਹੈ, ਸੋ ਪਿੰਡ ਵਾਸੀਆਂ ਵਲੋਂ ਸਰਕਾਰ ਨੂੰ ਇਸ ਇਤਿਹਾਸਕ ਪਿੰਡ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ।


-ਪਿੰਡ ਤੇ ਡਾਕ: ਬਡਾਲੀ ਆਲਾ ਸਿੰਘ, ਜ਼ਿਲ੍ਹਾ ਫਤਹਿਗੜ੍ਹ ਸਾਹਿਬ। ਮੋਬਾ: 82848-88700

ਜਦੋਂ ਪੰਚਾਂ ਨੇ ਹੀਰਾ ਸਿੰਘ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਗਵਰਨਰ ਜਨਰਲ ਐਡਨਬਰੋ ਨੇ ਮੰਨਿਆ ਕਿ ਅਤਰ ਸਿੰਘ ਨੂੰ ਸਿੱਖ ਇਲਾਕੇ ਵਿਚ ਭੇਜਣਾ ਅੰਗਰੇਜ਼ਾਂ ਦੀ ਗ਼ਲਤੀ ਸੀ। ਮਹਾਰਾਣੀ ਵਿਕਟੋਰੀਆ ਨੂੰ 10 ਜੂਨ, 1844 ਨੂੰ ਭੇਜੇ ਖਤ ਵਿਚ ਉਹ ਲਿਖਦਾ ਹੈ ਕਿ 'ਇਹ ਅਫਸੋਸ ਦੀ ਗੱਲ ਹੈ ਕਿ ਅਤਰ ਸਿੰਘ ਨੂੰ ਥਾਨੇਸਰ ਤੋਂ ਜਾਣ ਦੀ ਆਗਿਆ ਦਿੱਤੀ ਗਈ, ਜਿਸ ਦਾ ਜਾਣਿਆ-ਪਛਾਣਿਆ ਨਿਸ਼ਾਨਾ ਲਾਹੌਰ ਦਰਬਾਰ ਦੇ ਖ਼ਿਲਾਫ਼ ਕੰਮ ਕਰਨਾ ਹੈ। ਬ੍ਰਿਟਿਸ਼ ਏਜੰਟ ਦੀ ਇਸ ਗ਼ਲਤੀ ਨਾਲ ਹੁਣ ਅਸੀਂ ਲਾਹੌਰ ਦਰਬਾਰ ਅੱਗੇ ਇਤਰਾਜ਼ ਦਰਜ ਨਹੀਂ ਕਰਾ ਸਕਦੇ ਕਿ ਉਸ ਦੀਆਂ ਫੌਜਾਂ ਇਸ ਬੰਦੇ ਨੂੰ ਰੋਕਣ ਵਾਸਤੇ ਸਤਲੁਜ ਦੇ ਇਸ ਕੰਢੇ ਤੱਕ ਆਈਆਂ ਸਨ। ਹੁਣ ਇਸ ਬਾਰੇ ਕੋਈ ਗੱਲ ਕਰਨੀ ਮੁਨਾਸਿਬ ਨਹੀਂ ਹੋਵੇਗੀ ਤੇ ਇਸ ਨੂੰ ਨਜ਼ਰਅੰਦਾਜ਼ ਹੀ ਕਰਨਾ ਬਿਹਤਰ ਹੋਵੇਗਾ।'
ਸ਼ਹਿਜ਼ਾਦਾ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਵੀ ਸਿਆਲਕੋਟ ਛੱਡ ਕੇ ਭਾਈ ਬੀਰ ਸਿੰਘ ਦੇ ਡੇਰੇ ਪਹੁੰਚ ਗਏ ਸਨ। ਉਨ੍ਹਾਂ ਨੇ ਅਤਰ ਸਿੰਘ ਦੀ ਹਮਾਇਤ ਦਾ ਵਾਅਦਾ ਕੀਤਾ। ਭਾਈ ਨਾਲ ਰਾਬਤਾ ਰੱਖਣ ਵਾਲਿਆਂ ਸਰਦਾਰਾਂ ਵਿਚੋਂ ਸ਼ਾਮ ਸਿੰਘ ਅਟਾਰੀਵਾਲਾ, ਲਹਿਣਾ ਸਿੰਘ ਮਜੀਠੀਆ ਤੇ ਜਮਾਂਦਾਰ ਖੁਸ਼ਹਾਲ ਸਿੰਘ ਅਹਿਮ ਸਨ। ਇਸ ਤਰ੍ਹਾਂ ਨੌਰੰਗਾਬਾਦ ਲਾਹੌਰ ਦਰਬਾਰ ਦੇ ਡੋਗਰਾ ਹਾਕਮਾਂ ਦੇ ਵਿਰੁੱਧ ਬਗਾਵਤ ਦਾ ਕੇਂਦਰ ਬਣ ਗਿਆ।
ਹੀਰਾ ਸਿੰਘ ਡੋਗਰਾ ਨੇ ਇਸ ਵਾਰ ਫਿਰ ਸਿਪਾਹੀਆਂ ਨੂੰ ਭਾਸ਼ਣ ਦਿੱਤਾ। ਉਸ ਨੇ ਦੱਸਿਆ ਕਿ ਸੰਧਾਵਾਲੀਆ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ। ਉਹ ਪਿਛਲੇ 6 ਮਹੀਨਿਆਂ ਤੋਂ ਅੰਗਰੇਜ਼ਾਂ ਕੋਲ ਹੈ। ਉਸ ਨੇ ਅੰਗਰੇਜ਼ਾਂ ਨੂੰ ਵਾਅਦਾ ਕੀਤਾ ਹੈ ਕਿ ਜੇ ਉਸ ਦੀ ਸਕੀਮ ਕਾਮਯਾਬ ਹੋਈ ਤਾਂ ਉਹ ਲਗਾਨ ਦੇ ਇਕ ਰੁਪਏ ਵਿਚੋਂ 6 ਆਨੇ ਉਨ੍ਹਾਂ ਨੂੰ ਦੇਵੇਗਾ। ਇਹ ਵੀ ਦੱਸਿਆ ਕਿ ਸੁਚੇਤ ਸਿੰਘ ਦੀ ਵਿਧਵਾ ਇਸ ਬਗਾਵਤ ਦਾ ਸਾਰਾ ਖਰਚਾ ਉਨ੍ਹਾਂ ਪੈਸਿਆਂ ਨਾਲ ਉਠਾ ਰਹੀ ਹੈ, ਜੋ ਅੰਗਰੇਜ਼ੀ ਰਾਜ ਵਿਚ ਰੱਖੇ ਹੋਏ ਹਨ। ਇਸ ਤੋਂ ਅੱਗੇ ਕਿਹਾ ਕਿ ਭਾਈ ਬੀਰ ਸਿੰਘ ਤੇ ਸ਼ਹਿਜ਼ਾਦੇ ਗੱਦਾਰਾਂ ਦਾ ਸਾਥ ਦੇ ਰਹੇ ਹਨ। ਪੰਚਾਂ ਨੇ ਹੀਰਾ ਸਿੰਘ ਦਾ ਸਾਥ ਦੇਣ ਦਾ ਫੈਸਲਾ ਕੀਤਾ ਤੇ ਦਰਬਾਰ ਦੇ ਸਿਪਾਹੀ ਨੌਰੰਗਾਬਾਦ ਨੂੰ ਕੂਚ ਕਰ ਗਏ। ਇਨ੍ਹਾਂ ਦੀ ਅਗਵਾਈ ਇਕ ਡੋਗਰਾ ਅਫਸਰ, ਮੀਆਂ ਲਾਭ ਸਿੰਘ, ਕਰ ਰਿਹਾ ਸੀ।
ਸ਼ਹਿਜ਼ਾਦਾ ਪਿਸ਼ੌਰਾ ਸਿੰਘ ਭਾਈ ਦੇ ਕੈਂਪ ਨੂੰ ਛੱਡ ਆਇਆ ਤੇ ਦਰਬਾਰ ਦੇ ਸਾਹਮਣੇ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਉਹ ਪੰਜਾਬ ਛੱਡ ਗਿਆ ਤੇ ਅੰਗਰੇਜ਼ਾਂ ਕੋਲ ਸ਼ਰਨ ਲੈ ਲਈ।
ਭਾਈ ਬੀਰ ਸਿੰਘ ਨੇ ਹੁਣ ਦਰਬਾਰ ਤੇ ਉਨ੍ਹਾਂ ਦੋ ਬੰਦਿਆਂ ਵਿਚਕਾਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਜਿਨ੍ਹਾਂ ਨੇ ਉਸ ਕੋਲ ਸ਼ਰਨ ਲਈ ਸੀ। ਉਹ ਬੰਦੇ ਅਤਰ ਸਿੰਘ ਸੰਧਾਵਾਲੀਆ ਤੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਸਨ। ਉਸ ਨੇ ਦਰਬਾਰ ਦੇ ਫੌਜੀਆਂ ਨੂੰ ਆਪਣੇ ਮਹਿਮਾਨ ਬਣ ਕੇ ਸੱਦਿਆ ਤੇ ਉਨ੍ਹਾਂ ਵਾਸਤੇ 500 ਬੱਕਰੇ ਝਟਕਾ ਦਿੱਤੇ। ਭਾਈ ਦੀਆਂ ਸਮਝੌਤੇ ਦੀਆਂ ਕੋਸ਼ਿਸ਼ਾਂ ਅਤਰ ਸਿੰਘ ਸੰਧਾਵਾਲੀਆ ਨੇ ਖਤਮ ਕਰ ਦਿੱਤੀਆਂ, ਜਦੋਂ ਉਸ ਨੇ ਦਰਬਾਰ ਦਾ ਸੁਨੇਹਾ ਲਿਆਉਣ ਵਾਲੇ ਸਫੀਰ, ਗੁਲਾਬ ਸਿੰਘ ਕਲਕੱਤੀਆ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਦਰਬਾਰ ਦੀਆਂ ਤੋਪਾਂ ਨੇ ਭਾਈ ਦਾ ਡੇਰਾ ਦਾਗਣਾ ਸ਼ੁਰੂ ਕਰ ਦਿੱਤਾ ਤੇ ਕੈਂਪ ਅੰਦਰ ਦੇ 600 ਬੰਦੇ ਮਾਰ ਦਿੱਤੇ, ਜਿਨ੍ਹਾਂ ਵਿਚ ਅਤਰ ਸਿੰਘ ਸੰਧਾਵਾਲੀਆ ਤੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਵੀ ਸੀ। ਤੋਪ ਦਾ ਇਕ ਗੋਲਾ ਭਾਈ ਬੀਰ ਸਿੰਘ ਦੀ ਕਮਰ ਵਿਚ ਲੱਗਾ।
ਭਾਈ ਬੀਰ ਸਿੰਘ ਨੇ ਮਰਨ ਤੋਂ ਪਹਿਲਾਂ ਉਨ੍ਹਾਂ ਸਿੱਖ ਅਫਸਰਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਉਸ ਨੂੰ ਖਤ ਲਿਖਿਆ ਸੀ ਕਿ ਉਹ ਅਤਰ ਸਿੰਘ ਸੰਧਾਵਾਲੀਆ ਦੀ ਮਦਦ ਕਰਨ। ਉਸ ਨੇ ਕਿਹਾ, 'ਜਦੋਂ ਤੁਸੀਂ ਤੇ ਤੁਹਾਡਾ ਮੁਖੀ ਇਹੋ ਜਿਹੇ ਖਤ ਲਿਖੇ, ਜਿਸ ਵਿਚ ਮੈਨੂੰ ਤੇ ਅਤਰ ਸਿੰਘ ਨੂੰ ਪੂਰੀ ਮਦਦ ਦਾ ਭਰੋਸਾ ਹੋਵੇ ਤਾਂ ਮੈਂ ਤੁਹਾਡੇ ਉੱਪਰ ਵਿਸ਼ਵਾਸ ਕਰਕੇ ਉਸ ਦੀ ਮਦਦ ਦੀ ਹਾਮੀ ਭਰੀ। ਮੈਂ ਚਾਹੁੰਦਾ ਸੀ ਕਿ ਅਤਰ ਸਿੰਘ ਤੇ ਉਸ ਦੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਕੁਝ ਹੋ ਸਕੇ। ਤੁਸੀਂ ਧੋਖੇਬਾਜ਼ ਸਾਬਤ ਹੋਏ। ਫਿਰ ਵੀ ਮੇਰੀ ਆਖਰੀ ਅਰਦਾਸ ਹੈ ਕਿ ਤੁਹਾਡੇ ਉੱਪਰ ਮਿਹਰ ਹੋਵੇ।' ਉਸ ਨੇ ਬਾਅਦ ਵਿਚ ਇਹ ਵੀ ਕਿਹਾ ਕਿ 'ਮੇਰੀ ਦੇਹ ਨੂੰ ਸਤਲੁਜ ਵਿਚ ਵਹਾ ਦੇਣਾ। ਮੈਂ ਨਹੀਂ ਚਾਹੁੰਦਾ ਕਿ ਮੇਰਾ ਸਰੀਰ ਇਸ ਦੁਸ਼ਟ ਧਰਤੀ ਵਿਚ ਗਲੇ।'
ਖ਼ਾਲਸਾ ਸਿਪਾਹੀ ਬਹੁਤ ਵੱਡੇ ਪਛਤਾਵੇ ਦੇ ਦੌਰ ਵਿਚ ਸਨ, ਜਦੋਂ ਉਨ੍ਹਾਂ ਦੇਖਿਆ ਕਿ ਉਥੇ ਕਈ ਸਾਰੀਆਂ ਔਰਤਾਂ ਤੇ ਬੱਚੇ ਵੀ ਮਾਰੇ ਗਏ ਸਨ। ਜਿਸ ਬਟਾਲੀਅਨ ਨੇ ਆ ਕੇ ਕਾਰਵਾਈ ਕੀਤੀ ਸੀ, ਉਸ ਨੂੰ 'ਗੁਰੂਮਾਰ' ਦਾ ਫਤਵਾ ਮਿਲ ਗਿਆ। ਮੀਆਂ ਲਾਭ ਸਿੰਘ ਨੇ ਸਿੱਖ ਸਿਪਾਹੀਆਂ ਦਾ ਗੁੱਸਾ ਹੋਰ ਭੜਕਾ ਦਿੱਤਾ, ਜਦੋਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਤੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਦੀ ਮਾਤਾ ਨੂੰ ਗ੍ਰਿਫ਼ਤਾਰ ਕੀਤਾ। ਫੌਜੀਆਂ ਨੇ ਡੋਗਰਾ ਕਰਨਲ ਨੂੰ ਗੋਲੀ ਮਾਰ ਦਿੱਤੀ ਤੇ ਮਹਾਰਾਣੀ ਨੂੰ ਆਜ਼ਾਦ ਕਰਵਾ ਲਿਆ। ਸਿਪਾਹੀ ਬਦਲੇ ਦੀ ਦੁਹਾਈ ਪਾ ਰਹੇ ਸਨ। ਮੀਆਂ ਲਾਭ ਸਿੰਘ ਆਪਣੀ ਜਾਨ ਬਚਾਉਣ ਵਾਸਤੇ ਉਥੋਂ ਦੌੜ ਗਿਆ।
ਹੀਰਾ ਸਿੰਘ ਨੇ ਮਹਿਸੂਸ ਕਰ ਲਿਆ ਕਿ ਬੀਰ ਸਿੰਘ ਦੇ ਮਾਰੇ ਜਾਣ ਨਾਲ ਹਿੰਸਕ ਗੁੱਸਾ ਪੈਦਾ ਹੋ ਗਿਆ ਹੈ। ਉਸ ਨੇ ਭਾਈ ਸਾਹਿਬ ਦੀ ਯਾਦ ਵਿਚ ਕੜਾਹ ਪ੍ਰਸ਼ਾਦ ਵਾਸਤੇ 5,000 ਰੁਪਏ ਦਿੱਤੇ ਤੇ ਖ਼ਾਲਸਾ ਭਾਈਚਾਰੇ ਵਾਸਤੇ ਅੰਮ੍ਰਿਤ ਛਕਣ ਦਾ ਐਲਾਨ ਕੀਤਾ। 'ਪੰਜਾਬ ਨਿਊਜ਼ ਲੈਟਰ' ਨੇ 14 ਮਈ, 1844 ਨੂੰ ਰਿਪੋਰਟ ਛਾਪੀ ਕਿ ਰਾਜਾ ਹੀਰਾ ਸਿੰਘ ਨੇ ਸਿਪਾਹੀਆਂ ਨੂੰ ਚੰਗੇ ਰੌਂਅ ਵਿਚ ਰੱਖਣ ਦੀ ਕੋਸ਼ਿਸ਼ ਕੀਤੀ, ਸਿੱਖ ਸਿਪਾਹੀਆਂ ਨੇ ਉਸ ਤੋਂ ਤੋਹਫ਼ੇ ਹਾਸਲ ਕੀਤੇ ਪਰ ਕਿਹਾ ਕਿ 'ਅਸਾਂ ਆਪਣਾ ਗੁਰੂ ਮਾਰ ਦਿੱਤਾ ਤੇ ਦੋ-ਦੋ ਰੁਪਏ ਲੈ ਲਏ, ਅਸੀਂ ਕਿਹੋ ਜਿਹੇ ਆਦਮੀ ਹਾਂ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਅੰਗਰੇਜ਼ ਸਰਕਾਰ ਲਾਹੌਰ 'ਚ ਦੁਹਰਾਉਣਾ ਚਾਹੁੰਦੀ ਸੀ ਜਲ੍ਹਿਆਂਵਾਲਾ ਬਾਗ ਵਰਗਾ ਸਾਕਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਦੇ ਬਾਅਦ ਕੁਝ ਦਿਨਾਂ ਤੱਕ ਤਾਂ ਸਿੱਖ ਨਿਰਵਿਘਨ ਗੁਰਦੁਆਰੇ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਦੇ ਰਹੇ ਪਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਚਾਨਕ ਮੁਸਲਮਾਨ ਦੰਗਾਕਾਰੀਆਂ ਦੀ ਵੱਡੀ ਬੇਕਾਬੂ ਭੀੜ ਉਥੇ ਆ ਗਈ, ਜਿਸ 'ਤੇ ਪੰਜਾਬ ਦੇ ਗਵਰਨਰ ਸਰ ਹਰਬਰਟ ਅਮਰਸਨ ਨੇ ਡਿਪਟੀ ਕਮਿਸ਼ਨਰ ਲਾਹੌਰ ਸ: ਰਾਮ ਪ੍ਰਸਾਦ ਸਿੰਘ ਗਰੇਵਾਲ ਅਤੇ ਐਸ. ਐਸ. ਪੀ. ਡੈਨਿਜ਼ ਕਿਲਬਰਨ ਨੂੰ ਬੁਲਾਇਆ ਅਤੇ ਦੱਸਿਆ ਕਿ ਵਾਇਸਰਾਇ ਲਾਹੌਰ ਅੰਗਰੇਜ਼ੀ ਸੈਨਾ ਨੂੰ ਸੌਂਪਣਾ ਚਾਹੁੰਦੇ ਹਨ ਅਤੇ ਦੰਗਾਕਾਰੀਆਂ ਨੂੰ ਸ਼ਾਂਤ ਕਰਨ ਲਈ ਇਥੇ ਜਲ੍ਹਿਆਂਵਾਲਾ ਬਾਗ ਦਾ ਸਾਕਾ ਮੁੜ ਦੁਹਰਾਇਆ ਜਾਵੇਗਾ। ਇਸ 'ਤੇ ਸ: ਗਰੇਵਾਲ ਨੇ ਮੁਸਲਿਮ ਆਗੂਆਂ ਨੂੰ ਸਮਝਾਇਆ ਕਿ ਅੰਗਰੇਜ਼ੀ ਸੈਨਾ ਆਉਣ 'ਤੇ ਸਖ਼ਤ ਕਦਮ ਚੁੱਕੇ ਜਾਣਗੇ, ਪਰ ਭੀੜ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਵੇਖਦਿਆਂ ਹੀ ਵੇਖਦਿਆਂ ਦੰਗਾਕਾਰੀਆਂ ਦੀ ਗਿਣਤੀ 50 ਹਜ਼ਾਰ ਤੱਕ ਪਹੁੰਚ ਗਈ। ਭੀੜ ਨੇ ਪੁਲਿਸ ਦੀ ਕਾਰਵਾਈ ਰੋਕਣ ਲਈ ਬੱਚਿਆਂ ਅਤੇ ਔਰਤਾਂ ਨੂੰ ਅੱਗੇ ਕੀਤਾ ਹੋਇਆ ਸੀ। ਅੰਗਰੇਜ਼ ਐਸ. ਐਸ. ਪੀ. ਉਪਰੋਂ ਮਿਲੇ ਆਦੇਸ਼ ਮੁਤਾਬਿਕ ਭੀੜ 'ਤੇ ਅੰਧਾਧੁੰਦ ਗੋਲੀਆਂ ਚਲਾਉਣਾ ਚਾਹੁੰਦਾ ਸੀ, ਪਰ ਸ: ਗਰੇਵਾਲ ਨੇ ਉਸ ਨੂੰ ਆਪਣੀ ਪੁਲਿਸ ਪਾਰਟੀ ਨੂੰ ਸਿਰਫ਼ ਭੀੜ 'ਚ ਸ਼ਾਮਿਲ ਆਗੂਆਂ ਦੀਆਂ ਲੱਤਾਂ 'ਤੇ ਗੋਲੀਆਂ ਦਾ ਨਿਸ਼ਾਨਾ ਲਗਾਉਣ ਲਈ ਕਿਹਾ। ਪੁਲਿਸ ਦੀ ਇਸ ਕਾਰਵਾਈ ਨਾਲ ਭੀੜ ਰਫ਼ਾ-ਦਫ਼ਾ ਹੋ ਗਈ ਅਤੇ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਇਸ ਕਾਰਵਾਈ ਦੇ ਚੱਲਦਿਆਂ ਸਿਰਫ਼ ਇਕ ਆਗੂ ਦੀ ਮੌਤ ਹੋਈ ਅਤੇ ਕੁਝ ਜ਼ਖ਼ਮੀ ਹੋਏ।
ਪੰਜਾਬ ਦੇ ਸੀਨੀਅਰ ਆਈ. ਏ. ਐਸ. ਅਧਿਕਾਰੀ ਸ੍ਰੀ ਰਵਿੰਦਰ ਕੌਸ਼ਿਕ ਦੇ ਅਨੁਸਾਰ ਸ: ਰਾਮ ਪ੍ਰਸਾਦ ਸਿੰਘ ਗਰੇਵਾਲ ਪਹਿਲੇ ਭਾਰਤੀ ਡਿਪਟੀ ਕਮਿਸ਼ਨਰ ਸਨ। ਮੱਧ ਪ੍ਰਦੇਸ਼ ਦੇ ਰੀਵਾ 'ਚ ਜਨਮੇ ਸ: ਗਰੇਵਾਲ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੇਜੂਏਸ਼ਨ ਕੀਤੀ ਅਤੇ ਸੰਨ 1921 ਬੈਚ ਦੇ ਇਸ ਆਈ. ਸੀ. ਐਚ. ਅਧਿਕਾਰੀ ਨੂੰ 20 ਅਪ੍ਰੈਲ, 1933 ਵਿਚ ਲਾਹੌਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ।


-ਅੰਮ੍ਰਿਤਸਰ।
ਫੋਨ : 93561-27771

ਸਿੱਖ ਧਰਮ ਵਿਚ ਲੰਗਰ ਦਾ ਬਦਲਦਾ ਸਰੂਪ

ਸਿੱਖ ਧਰਮ ਦੇ ਮੁੱਢਲੇ ਅਸੂਲਾਂ 'ਤੇ ਜ਼ਰਾ ਗਹੁ ਨਾਲ ਨਜ਼ਰ ਮਾਰੀਏ ਤਾਂ ਸਰਬ ਸਾਂਝੀਵਾਲਤਾ ਅਤੇ ਨਿਸ਼ਕਾਮ ਸੇਵਾ ਅਜਿਹੇ ਅਸੂਲ ਹਨ, ਜੋ ਇਕਦਮ ਸਾਡੇ ਸਾਹਮਣੇ ਉੱਘੜਦੇ ਹੋਏ ਦਿਸਦੇ ਹਨ। ਇਹ ਅਸੂਲ ਪ੍ਰਤੱਖ ਤੌਰ 'ਤੇ ਗੁਰੂ ਦੇੇ ਲੰਗਰ ਵਿਚ ਰੂਪਮਾਨ ਹਨ। ਲੰਗਰ ਸ਼ਬਦ ਦੇ ਅਰਥ ਭਾਈ ਵੀਰ ਸਿੰਘ ਨੇ ਇਉਂ ਕੀਤੇ ਹਨ : ਲੰਗਰ ਪਦ ਸੰਸਕ੍ਰਿਤ ਧਾਤੂ (ਲਗ) ਤੋਂ ਬਣਿਆ ਹੈ, ਜਿਸ ਦਾ ਅਰਥ ਨੇੜਾ ਹੈ। ਦੂਸਰੇ ਲਫਜ਼ਾਂ 'ਚ ਲੋਹੇ ਦਾ ਇਕ ਵਜ਼ਨਦਾਰ ਖਾਸ ਢੰਗ ਦਾ ਬਣਿਆ ਟੁਕੜਾ ਹੁੰਦਾ ਹੈ, ਜੋ ਨਦੀ-ਦਰਿਆ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਦੇ ਨਾਲ ਬੇੜੇ ਬੇੜੀਆ ਨੂੰ ਅਟਕਾ ਕੇ ਨਦੀਆਂ-ਦਰਿਆਵਾਂ ਦੇ ਕਿਨਾਰਿਆਂ 'ਤੇ ਖੜ੍ਹਾ ਕੀਤਾ ਜਾਂਦਾ ਹੈ। ਪੰਜਾਬੀ ਵਿਚ ਉਸ ਲੋਹੇ ਦੇ ਟੁਕੜੇ ਨੂੰ ਲੰਗਰ ਕਹਿੰਦੇ ਹਨ। ਸੋ, ਇਸ ਤੋਂ ਭਾਵ ਕਿ ਜਿਵੇਂ ਲੰਗਰ ਪਾਣੀ ਵਿਚ ਕਿਸ਼ਤੀਆਂ ਦਾ ਸਹਾਰਾ-ਆਸਰਾ ਹੈ, ਉਸੇ ਤਰ੍ਹਾਂ ਲੰਗਰ ਪਦ ਅੰਨ ਸ਼ਾਲਾ ਲਈ ਵਰਤਿਆ ਗਿਆ ਹੈ, ਜੋ ਬੇਸਹਾਰੇ, ਲੋੜਵੰਦਾਂ ਗਰੀਬਾਂ ਲਈ ਅੰਨ ਦਾ ਸਹਾਰਾ ਹੈ। ਸਿੱਖ ਧਰਮ ਵਿਚ ਲੰਗਰ ਦੀ ਪਰੰਪਰਾ ਓਨੀ ਹੀ ਪੁਰਾਣੀ ਹੈ, ਜਿੰਨਾ ਸਿੱਖ ਧਰਮ ਹੈ। ਇਸ ਦੀ ਸਥਾਪਨਾ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਛਕਾ ਕੇ ਕੀਤੀ। ਸਿੱਖ ਧਰਮ ਦੇ ਵਿਕਾਸ ਦੇ ਨਾਲ-ਨਾਲ ਹੋਰ ਗੁਰੂ ਸਾਹਿਬਾਨਾਂ ਨੇ ਵੀ ਲੰਗਰ ਪਰੰਪਰਾ ਲਈ ਆਪਣਾ ਯੋਗਦਾਨ ਪਾਇਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਤਾਗੱਦੀ ਕਾਲ ਸਮੇਂ ਲੰਗਰ ਪ੍ਰਬੰਧ ਦੇ ਮੁਖੀ ਮਾਤਾ ਖੀਵੀ ਨੂੰ ਬਣਾਇਆ, ਜੋ ਸੰਸਾਰ ਭਰ ਅੰਦਰ ਨਵਾਂ ਕਦਮ ਸੀ ਕਿ ਜਿਸ ਔਰਤ ਨੂੰ ਨਿੰਦਿਆ ਜਾਂਦਾ ਸੀ, ਉਸੇ ਨੂੰ ਲੰਗਰ ਪ੍ਰਬੰਧ ਦਾ ਮੁਖੀ ਨਿਯੁਕਤ ਕੀਤਾ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਰਾਮਕਲੀ ਦੀ ਵਾਰ ਅੰਦਰ ਜ਼ਿਕਰ ਕੀਤਾ ਹੈ।
ਬਲਵੰਡ ਖੀਵੀ ਨੇਕ ਜਨ
ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ
ਅੰਮ੍ਰਿਤ ਖੀਰਿ ਘਿਆਲੀ॥
ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਮੇਂ ਲੰਗਰ ਪਰੰਪਰਾ ਨੂੰ ਨਵਾਂ ਰੂਪ ਦਿੰਦੇ ਹੋਏ ਇਹ ਹੁਕਮ ਸੰਗਤਾਂ ਨੂੰ ਕੀਤਾ ਸੀ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ। ਗੁਰੂ ਜੀ ਦੇ ਦਰਸ਼ਨ ਕਰਨ ਆਏ ਅਕਬਰ ਬਾਦਸ਼ਾਹ ਨੇ ਵੀ ਪਹਿਲਾਂ ਪੰਗਤਾਂ 'ਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ ਤੇ ਫਿਰ ਗੁਰੂ ਜੀ ਦੇ ਦਰਸ਼ਨ ਕੀਤੇ। ਲੋੜਵੰਦਾਂ ਤੇ ਰੱਬੀ ਬੰਦਗੀ ਨਾਲ ਜੁੜੇ ਲੋਕਾਂ ਲਈ ਮੁਫ਼ਤ ਭੋਜਨ ਛਕਾਉਣ ਦੀ ਪਰੰਪਰਾ ਹੋਂਦ ਵਿਚ ਆਉਣ ਕਰਕੇ ਇਸ ਨੂੰ ਗੁਰੂ ਕੇ ਲੰਗਰ ਦੇ ਨਾਂਅ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਗੁਰੂ ਸਾਹਿਬਾਨਾਂ ਦੁਆਰਾ ਲੰਗਰ ਤਿਆਰ ਕਰਨ ਤੋਂ ਲੈ ਕੇ ਵਰਤਾਉਣ, ਖਾਣ ਤੱਕ ਦੀ ਮਰਿਆਦਾ ਨੂੰ ਬੰਨ੍ਹਿਆ ਗਿਆ। ਇਕ ਅਜਿਹੀ ਮਰਿਆਦਾ ਤਿਆਰ ਕੀਤੀ ਗਈ, ਜੋ ਸਮਾਜ ਦੇ ਅੰਦਰ ਸਦੀਆਂ ਤੋਂ ਚਲਦੇ ਆ ਰਹੇ ਜਾਤ-ਪਾਤ, ਛੂਤ-ਛਾਤ ਤੇ ਊਚ-ਨੀਚ ਦੇ ਭੇਦ-ਭਾਵ ਵਿਰੁੱਧ ਪੁੱਟਿਆ ਹੋਇਆ ਇਕ ਜ਼ਬਰਦਸਤ ਕਦਮ ਸੀ।
ਲੰਗਰ ਪਰੰਪਰਾ ਰਾਹੀਂ ਏਕਤਾ, ਸਮਾਨਤਾ ਦੀ ਨੀਂਹ ਰੱਖ ਕੇ ਸਭ ਲੋਕਾਂ ਦੇ ਮਨਾਂ 'ਚ ਇਹ ਗੱਲ ਦ੍ਰਿੜ੍ਹ ਕਰਵਾਈ ਗਈ-
ਅਵਲਿ ਅਲਹ ਨੂਰ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ੳਪਜਿਆ ਕਉਨ ਭਲੇ ਕੋ ਮੰਦੇ॥
ਜਾਤ-ਪਾਤ ਦੇ ਵਿਤਕਰੇ ਨੂੰ ਦੂਰ ਕਰਦੇ ਹੋਏ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਅਸੀਂ ਸਾਰੇ ਇਕ ਸਾਂਝੇ ਪਰਿਵਾਰ ਦੇ ਹੀ ਮੈਂਬਰ ਹਾਂ-
ਏਕੁ ਪਿਤਾ ਏਕਮ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਗੁਰੂ ਸਾਹਿਬਾਨਾਂ ਨੇ ਸੰਸਾਰ ਦੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਸੱਚੇ-ਸੁੱਚੇ ਧਰਮ ਵਿਚ ਪ੍ਰੇਮ ਹਮਦਰਦੀ ਤੇ ਨੀਵਿਆਂ-ਡਿੱਗਿਆਂ ਨੂੰ ਉੱਚੇ ਚੁੱਕ ਗਲ ਨਾਲ ਲਗਾਉਣਾ ਹੈ। ਗੁਰੂ ਕੇ ਲੰਗਰ 'ਚ ਸਿਰਫ ਸਿੱਖ ਧਰਮ ਨੂੰ ਮੰਨਣ ਵਾਲੇ ਹੀ ਨਹੀਂ, ਸਗੋਂ ਕਿਸੇ ਵੀ ਧਰਮ ਦੇ ਲੋਕ ਬਿਨਾਂ ਵਿਤਕਰੇ ਦੇ ਸ਼ਾਮਿਲ ਹੋ ਸਕਦੇ ਹਨ। ਅੱਜ ਗੁਰੂਆਂ ਦੁਆਰਾ ਚਲਾਈ ਲੰਗਰ ਸੰਸਥਾ ਦੇਸ਼-ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਵਿਸ਼ਾਲ ਰੂਪ ਵਿਚ ਦਿਖਾਈ ਦਿੰਦੀ ਹੈ। ਜਿਥੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪ੍ਰਸ਼ਾਦਾ ਛਕ ਕੇ, ਸੇਵਾ ਕਰਕੇ ਤਨ ਮਨ ਦੀ ਪੂਰਤੀ ਕਰਦੀਆਂ ਹਨ। ਪਰ 21ਵੀਂ ਸਦੀ ਅੰਦਰ ਮਨੁੱਖ ਦੀ ਸੋਚ ਪਦਾਰਥਵਾਦੀ ਬਣਦੀ ਜਾ ਰਹੀ ਹੈ, ਜਿਸ ਕਰਕੇ ਦਿਨੋ-ਦਿਨ ਉਹ ਅਸਲ ਗੁਰੂ ਕੇ ਲੰਗਰ ਦੀ ਸਿੱਖਿਆ ਨੂੰ ਵਿਸਾਰਦਾ ਜਾ ਰਿਹਾ ਹੈ। ਕੁਝ ਸੌੜੀ ਸੋਚ ਰੱਖਣ ਵਾਲੇ ਮਨੁੱਖਾਂ ਵਲੋਂ ਲੰਗਰ ਤਿਆਰ ਕਰਨ ਸਮੇਂ, ਖਾਣ ਸਮੇਂ ਜਾਤ-ਪਾਤ, ਊਚ-ਨੀਚ ਦਾ ਭੇਦ ਕੀਤਾ ਜਾਂਦਾ ਹੈ, ਜੋ ਕਿ ਸਿੱਧੇ ਰੂਪ ਵਿਚ ਗੁਰਮਤਿ ਦੇ ਅਸੂਲਾਂ ਦੀ ਵਿਰੋਧਤਾ ਹੈ।
ਧਾਰਮਿਕ ਸਮਾਗਮਾਂ 'ਤੇ ਜ਼ਿਆਦਾਤਰ ਲੰਗਰ ਹਲਵਾਈਆਂ ਵਲੋਂ ਤਿਆਰ ਕੀਤਾ ਜਾਂਦਾ ਹੈ, ਅੱਜਕਲ੍ਹ ਜੋ ਬਹੁਗਿਣਤੀ ਵਿਚ ਗੁੁਰਮਤਿ ਦੇ ਧਾਰਨੀ ਨਹੀਂ ਹੁੰਦੇ। ਧਾਰਮਿਕ ਸਮਾਗਮ 'ਤੇ ਸੰਗਤਾਂ ਵਲੋਂ ਲੰਗਰ ਖਾਣ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਪੰਗਤਾਂ ਦੀ ਰੀਤ ਨੂੰ ਛੱਡ ਕੇ ਮੇਜ਼ਾਂ-ਕੁਰਸੀਆਂ 'ਤੇ ਲੰਗਰ ਪਰੋਸਣ ਦਾ ਹੁਣ ਰਿਵਾਜ ਸ਼ੁਰੂ ਹੋ ਚੱਕਾ ਹੈ। ਗੁਰੂ ਸਾਹਿਬਾਨਾਂ ਨੇ ਬਹੁਤ ਲੰਬਾ ਸਮਾਂ ਮਿਹਨਤ ਕਰਕੇ ਲੰਗਰ ਦੀ ਸੰਸਥਾ ਕਾਇਮ ਕਰਕੇ ਜੋ ਸਿੱਖਿਆ ਲੋਕਾਂ ਨੂੰ ਦਿੱਤੀ ਸੀ, ਲੋਕ ਉਸ ਸਿੱਖਿਆ ਨੂੰ ਵਿਸਾਰਦੇ ਜਾ ਰਹੇ ਹਨ, ਦਿਨੋਂ-ਦਿਨ ਲੰਗਰ ਦਾ ਸਰੂਪ ਬਦਲਦਾ ਦਿਖਾਈ ਦੇ ਰਿਹਾ ਹੈ। ਸੋ, ਅੱਜ ਲੋੜ ਹੈ ਕਿ ਲੰਗਰ ਦੀ ਸੰਸਥਾ ਦੇ ਬਦਲਦੇ ਸਰੂਪ ਨੂੰ ਰੋਕਣ ਲਈ ਧਾਰਮਿਕ ਸੰਸਥਾਵਾਂ ਵਲੋਂ ਸਾਰਥਕ ਯਤਨ ਕੀਤੇ ਜਾਣ, ਸੰਗਤਾਂ ਨੂੰ ਲੰਗਰ ਦੀ ਮਰਿਆਦਾ ਦਾ ਮਹੱਤਵ ਤੇ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇ, ਤਾਂ ਹੀ ਲੰਗਰ ਦੀ ਸੰਸਥਾ ਦੇ ਬਦਲਦੇ ਸਰੂਪ ਨੂੰ ਰੋਕਿਆ ਜਾ ਸਕਦਾ ਹੈ।


-ਮੋਬਾ: 99141-61453

ਪ੍ਰਸਿੱਧ, ਪ੍ਰਾਚੀਨ ਸ੍ਰੀਰਾਮ ਗੋਪਾਲ ਮੰਦਰ ਡਮਟਾਲ (ਹਿ: ਪ੍ਰ:)

ਪ੍ਰਸਿੱਧ-ਪ੍ਰਾਚੀਨ ਇਤਿਹਾਸਕ ਸ੍ਰੀਰਾਮ ਗੋਪਾਲ ਮੰਦਰ ਪਠਾਨਕੋਟ ਤੋਂ ਲਗਪਗ 7 ਕਿਲੋਮੀਟਰ ਦੀ ਦੂਰੀ ਉੱਪਰ ਚੱਕੀ ਖੱਡ ਦੇ ਖੱਬੇ ਕਿਨਾਰੇ ਸਥਿਤ ਡਮਟਾਲ ਨਗਰ ਵਿਚ ਹੈ।
ਡਮਟਾਲ ਨਗਰ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਦੇ ਨਾਲ ਅੱਗੇ-ਪਿੱਛੇ ਅੱਖ-ਮਚੋਲੀ ਖੇਡਦਾ ਹੈ। ਪਠਾਨਕੋਟ ਅਤੇ ਡਮਟਾਲ ਦਾ ਇਲਾਕਾ ਆਹਮੋ-ਸਾਹਮਣੇ ਸੜਕਾਂ-ਮੁਹੱਲਿਆਂ ਵਿਚ ਵੰਡਿਆ ਹੋਇਆ ਹੈ। ਇਕ ਹੀ ਸੜਕ ਦੋਵਾਂ ਇਲਾਕਿਆਂ ਵਿਚ ਘੁੰਮਦੀ ਹੈ। ਪਠਾਨਕੋਟ ਦੇ ਲੋਕਾਂ ਦੀ ਜ਼ਮੀਨ-ਜਾਇਦਾਦ ਹਿਮਾਚਲ ਵਿਚ ਅਤੇ ਹਿਮਾਚਲ ਦੇ ਲੋਕਾਂ ਦੀ ਜ਼ਮੀਨ ਪੰਜਾਬ ਵਿਚ ਹੈ। ਵਕਫ਼ ਬੋਰਡ ਦੀ ਭੂਮੀ ਜ਼ਿਆਦਾ ਹੈ, ਜੋ ਲੋਕਾਂ ਨੇ ਕਿਰਾਏ 'ਤੇ ਲੈ ਰੱਖੀ ਹੈ। ਪੰਜਾਬ ਦੇ ਲੋਕ ਇਸ ਮੰਦਰ ਨੂੰ ਦੇਖਣ ਲਈ ਜ਼ਿਆਦਾ ਆਉਂਦੇ ਹਨ।
ਇਹ ਮੰਦਰ ਜ਼ਿਲ੍ਹਾ ਕਾਂਗੜਾ ਅਤੇ ਤਹਿਸੀਲ ਇੰਦੌਰ ਵਿਚ ਪੈਂਦਾ ਹੈ। ਸ੍ਰੀਰਾਮ ਗੋਪਾਲ ਮੰਦਰ ਡਮਟਾਲ-ਕੰਡਵਾਲ ਮਾਰਗ ਉੱਤੇ ਸੜਕ ਤੋਂ ਲਗਪਗ 200 ਮੀਟਰ ਦੀ ਦੂਰੀ ਉੱਪਰ ਇਕ ਪਹਾੜੀ 'ਤੇ ਸਥਿਤ ਹੈ। ਕਿਸੇ ਸਮੇਂ ਇਥੇ ਇਕ ਬਹੁਤ ਵੱਡਾ ਕਿਲ੍ਹਾ ਸੀ। ਇਹ ਸਥਾਨ ਸਮੁੰਦਰ ਤਲ ਤੋਂ ਲਗਪਗ 1500 ਫੁੱਟ ਦੀ ਉਚਾਈ ਉੱਪਰ ਹੈ। ਮੰਦਰ ਦੇ ਚਾਰੇ ਪਾਸੇ ਪ੍ਰਾਚੀਨ ਰੁੱਖਾਂ ਦਾ ਅਸ਼ੀਰਵਾਦ ਹੈ। ਮੰਦਰ ਦੇ ਸੱਜੇ ਕਿਨਾਰੇ ਦੁਰਗਾ ਮਾਤਾ ਦਾ ਮੰਦਰ ਹੈ। ਇਸ ਦੇ ਨਾਲ ਹੀ ਮੁੱਖ ਡਿਉੜੀ, ਗੋਪਾਲ ਡਿਉੜੀ, ਅਧਿਆਤਮਿਕ ਡਿਉੜੀ, ਪ੍ਰਾਚੀਨ ਵਟ-ਰੁੱਖ ਅਤੇ ਖੱਬੇ ਪਾਸੇ ਗੱਦੀ ਮੰਦਰ, ਉੱਪਰ ਗੁਰੂ ਨਿਵਾਸ, ਭੰਡਾਰ, ਮਹਾਤਮਾਵਾਂ ਦੀਆਂ ਗੁੰਬਦਕਾਰ ਸਮਾਧੀਆਂ ਹਨ। ਪ੍ਰਾਚੀਨ ਕੰਧਾਂ-ਛੱਤਾਂ ਉੱਪਰ ਕਮਾਲ ਦੀ ਚਿੱਤਰਕਾਰੀ ਹੈ।
ਪਠਾਨਕੋਟ ਦੇ ਪ੍ਰਸਿੱਧ ਲੇਖਕ ਭਰਾ ਹਰਬੰਸ ਸਿੰਘ ਦੇ ਮਨਮੋਹਣ ਧਕਾਲਵੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਮੰਦਰ ਦੇ ਨਜ਼ਦੀਕ ਹੈ। ਮੰਦਰ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਤੁਲਸੀ ਚੋਗ, ਮਹਾਂਵੀਰ ਦੀ ਵਿਸ਼ਾਲ ਮੂਰਤੀ, ਪਿੱਛੇ ਗਊਸ਼ਾਲਾ, ਨਾਲ ਹੀ ਪਿੰਡੀਨੁਮਾ ਸ਼ਿਵਲਿੰਗ ਹੈ। ਇਕ ਪ੍ਰਾਚੀਨ ਧਰਮਸ਼ਾਲਾ, ਸ਼ਿਵਲਿੰਗ ਦੇ ਨਾਲ ਧਰਮਤਾਲ ਹੈ। ਡਮਟਾਲ ਇਸ ਤੋਂ ਹੀ ਨਾਂਅ ਪਿਆ। ਇਸ ਮੰਦਰ ਨੂੰ ਪਹਿਲਾਂ ਧਰਮਤਾਲ ਕਹਿੰਦੇ ਸੀ। ਇਹ ਲਗਪਗ 17ਵੀਂ ਸਦੀ ਵਿਚ ਬਣਿਆ। ਇਕ ਪ੍ਰਾਚੀਨ ਗੁਫ਼ਾ ਵੀ ਹੈ, ਜਿਸ ਦਾ ਸਬੰਧ ਪੰਡੋਰੀ ਧਾਮ ਗੁਰਦਾਸਪੁਰ ਨਾਲ ਹੈ। ਇਸ ਮੰਦਰ ਵਿਚ ਸਭ ਦਿਨ-ਤਿਉਹਾਰ ਮਨਾਏ ਜਾਂਦੇ ਹਨ।


-ਮੋਬਾ: 98156-25409

ਸ਼ਬਦ ਵਿਚਾਰ

ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਪਿਰ ਕੀ ਨਾਰਿ ਸੁਹਾਵਣੀ
ਮੁਤੀ ਸੋ ਕਿਤੁ ਸਾਦਿ॥
ਪਿਰ ਕੈ ਕਾਮਿ ਨ ਆਵਈ
ਬੋਲੇ ਫਾਦਿਲੁ ਬਾਦਿ॥
ਦਰਿ ਘਰਿ ਢੋਈ ਨ ਲਹੈ
ਛੂਟੀ ਦੂਜੈ ਸਾਦਿ॥ ੫॥
ਪੰਡਤਿ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥
ਅਨ ਕਉ ਮਤੀ ਦੇ ਚਲਹਿ
ਮਾਇਆ ਕਾ ਵਾਪਾਰੁ॥
ਕਥਨੀ ਝੂਠੀ ਜਗੁ ਭਵੈ
ਰਹਣੀ ਸਬਦੁ ਸੁ ਸਾਰੁ॥ ੬॥
ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ॥
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ॥
ਬਿਨੁ ਗੁਰ ਕਰਮ ਨ ਛੁਟਸੀ
ਕਹਿ ਸੁਣਿ ਆਖਿ ਵਖਾਣੁ॥ ੭॥
ਸਭਿ ਗੁਣਵੰਤੀ ਆਖੀਅਹਿ
ਮੈ ਗੁਣੁ ਨਾਹੀ ਕੋਇ॥
ਹਰਿ ਵਰੁ ਨਾਰਿ ਸੁਹਾਵਣੀ
ਮੈ ਭਾਵੈ ਪ੍ਰਭੁ ਸੋਇ॥
ਨਾਨਕ ਸਬਦਿ ਮਿਲਾਵੜਾ
ਨਾ ਵੇਛੋੜਾ ਹੋਇ॥ ੮॥ ੫॥ (ਅੰਗ 56)
ਪਦ ਅਰਥ : ਸੁਹਾਵਣੀ-ਸੋਹਣੀ, ਸੁੰਦਰ। ਮੁਤੀ-ਛੁੱਟੜ। ਮੁਤੀ ਸੋ ਕਿਤੁ ਸਾਦਿ-ਕਿਸ ਸੁਆਦ ਵਿਚ ਫਸ ਕੇ ਉਹ ਛੁੱਟੜ ਹੋ ਗਈ। ਬਾਦਿ-ਵਿਅਰਥ। ਫਾਦਿਲੁ-ਫਜ਼ੂਲ। ਦਰਿ-ਪ੍ਰਭੂ ਦੇ ਦਰ 'ਤੇ। ਘਰਿ-ਪ੍ਰਭੂ ਦੇ ਮਹਿਲ ਵਿਚ। ਢੋਈ-ਆਸਰਾ, ਟਿਕਾਣਾ। ਨ ਲਹੈ-ਨਹੀਂ ਮਿਲਦਾ। ਦੂਜੈ ਸਾਦਿ-ਮਾਇਆ ਦੇ ਸੁਆਦ (ਮੋਹ) ਵਿਚ।
ਵਾਚਹਿ-ਪੜ੍ਹਦੇ ਹਨ, ਅਧਿਐਨ ਕਰਦੇ ਹਨ। ਵੀਚਾਰੁ-ਸਿਧਾਂਤ। ਨਾ ਬੂਝਹਿ ਵੀਚਾਰੁ-ਸਿਧਾਂਤ ਨੂੰ ਨਹੀਂ ਸਮਝਦੇ। ਅਨ ਕਉ-ਦੂਜਿਆਂ ਨੂੰ। ਅਨ ਕਉ ਮਤੀ-ਦੂਜਿਆਂ ਨੂੰ ਮੱਤਾਂ। ਦੇ ਚਲਹਿ-(ਇਥੋਂ ਜਗਤ ਤੋਂ) ਚਲੇ ਜਾਂਦੇ ਹਨ। ਮਾਇਆ ਕਾ ਵਾਪਾਰੁ-ਮਾਨੋ ਮਾਇਆ ਕਮਾਉਣ ਦਾ ਵਪਾਰ ਹੀ ਬਣ ਕੇ ਰਹਿ ਜਾਂਦਾ ਹੈ। ਕਥਨੀ ਝੂਠੀ-ਝੂਠੇ ਕਥਨ ਕਾਰਨ। ਜਗੁ ਭਵੈ-ਜਗਤ ਵਿਚ ਭੌਂਦਾ ਫਿਰਦਾ ਰਹਿੰਦਾ ਹੈ। ਰਹਣੀ ਸਾਰੁ-ਸ੍ਰੇਸ਼ਟੀ ਰਹਿਣੀ ਹੈ।
ਕੇਤੇ-ਕਿਤਨੇ ਹੀ, ਅਨੇਕਾਂ ਹੀ। ਜੋਤਕੀ-ਜੋਤਸ਼ੀ। ਕਰਹਿ ਬੀਚਾਰੁ-ਵਿਚਾਰ ਕਰਦੇ ਹਨ। ਬੇਦਾ-ਵੇਦਾਂ ਦਾ, ਵੇਦਾਂ ਨੂੰ। ਵਾਦਿ-ਵਾਦ ਵਿਚ, ਚਰਚਾ ਦੁਆਰਾ। ਵਿਰੋਧਿ-ਮਤਭੇਦ ਕਾਰਨ। ਸਲਾਹਣੇ-ਵਾਹ ਵਾਹ ਖੱਟਦੇ ਹਨ। ਵਾਦੇ-(ਇਸ) ਮਤਭੇਦ ਵਿਚ ਹੀ। ਆਵਣੁ ਜਾਣੁ-ਜੰਮਦੇ ਮਰਦੇ ਰਹਿੰਦੇ ਹਨ। ਬਿਨ ਗੁਰ ਕਰਮ-ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ। ਨ ਛੁਟਸੀ-ਛੁਟਕਾਰਾ ਨਹੀਂ ਹੋ ਸਕਦਾ, ਖਲਾਸੀ ਨਹੀਂ ਹੋ ਸਕਦੀ। ਕਹਿ ਸੁਣਿ-ਕਹਿਣ ਜਾਂ ਸੁਣਨ ਨਾਲ। ਆਖਿ ਵਖਾਣੁ-ਆਖਣ ਜਾਂ ਵਿਖਿਆਨ ਕਰਨ ਨਾਲ।
ਗੁਣਵੰਤੀ ਆਖੀਅਹਿ-ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਹਰਿ ਵਰੁ-ਪ੍ਰਭੂ ਪਤੀ ਨੂੰ। ਨਾਰਿ-ਜੀਵ ਇਸਤਰੀ। ਸੁਹਾਵਣੀ-ਸੋਹਣੀ ਲਗਦੀ ਹੈ। ਮੈ ਭਾਵੈ-ਮੈਨੂੰ (ਪ੍ਰਭੂ) ਚੰਗਾ ਲੱਗ ਸਕੇ। ਸਬਦਿ ਮਿਲਾਵੜਾ-ਸ਼ਬਦ ਦੁਆਰਾ ਹੀ ਮਿਲਾਪ ਹੁੰਦਾ ਹੈ।
ਜਗਤ ਗੁਰੂ ਬਾਬਾ ਰਾਗੁ ਤਿਲੰਗ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਚਸਕਿਆਂ, ਲੋਭ ਲਾਲਚ ਅਤੇ ਅਹੰਕਾਰ ਵਿਚ ਮੱਤੀ ਜੀਵ ਇਸਤਰੀ ਜੋ ਮਾਇਆ ਵਿਚ ਮਸਤ ਰਹਿੰਦੀ ਹੈ, ਅਜਿਹੀ ਅੰਞਾਣ ਇਸਤਰੀ ਨੂੰ ਮਾਲਕ ਪ੍ਰਭੂ ਨਹੀਂ ਮਿਲ ਸਕਦਾ-
ਲਬ ਲੋਭ ਅਹੰਕਾਰ ਕੀ ਮਾਤੀ
ਮਾਇਆ ਮਾਹਿ ਸਮਾਣੀ॥
ਇਨ ਬਾਤੀ ਸਹੁ ਪਾਈਐ ਨਾਹੀ
ਭਈ ਕਾਮਣਿ ਇਆਣੀ॥ (ਅੰਗ 722)
ਲਬ-ਜੀਵ ਦੇ ਚਸਕੇ। ਮਾਹਿ-ਵਿਚ। ਸਮਾਣੀ-ਮਸਤ ਰਹਿੰਦੀ ਹੈ। ਸਹੁ-ਮਾਲਕ ਪ੍ਰਭੂ। ਕਾਮਣਿ-ਇਸਤਰੀ। ਇਆਣੀ-ਅੰਞਾਣ।
ਤਾਂ ਫਿਰ ਹੇ ਅੰਞਾਣੀ ਜੀਵ ਇਸਤਰੀ, ਤੂੰ ਮਾਣ ਕਿਸ ਗੱਲ ਦਾ ਕਰਦੀ ਹੈਂ? ਪ੍ਰਭੂ ਪਤੀ ਤਾਂ ਤੇਰੇ ਹਿਰਦੇ ਘਰ ਵਿਚ ਹੀ ਹੈ। ਤੂੰ ਉਸ ਦੇ ਮਿਲਾਪ ਦੇ ਅਨੰਦ ਕਿਉਂ ਨਹੀਂ ਮਾਣਦੀ? ਹੇ ਕਮਲੀਏ ਜੀਵ ਇਸਤਰੀਏ, ਮਾਲਕ ਪ੍ਰਭੂ ਤਾਂ ਤੇਰੇ ਪਾਸ ਅਥਵਾ ਅੰਦਰ ਹੀ ਵਸਦਾ ਹੈ, ਤੂੰ ਉਸ ਨੂੰ ਬਾਹਰ ਕਿਥੇ ਲੱਭਦੀ ਪਈ ਫਿਰਦੀ ਹੈਂ-
ਇਆਨੜੀਏ ਮਾਨੜਾ ਕਾਇ ਕਰੇਹਿ॥
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ॥
ਸਹੁ ਨੇੜੇ ਧਨ ਕਮਲੀਏ
ਬਾਹਰੁ ਕਿਆ ਢੂਢੇਹਿ॥ (ਅੰਗ 722)
ਇਆਨੜੀਏ-ਅੰਞਾਣ ਜੀਵ ਇਸਤਰੀਏ। ਮਾਨੜਾ-ਮਾਣ। ਕਾਹੇ-ਕਿਉਂ, ਕਿਸ ਗੱਲ ਦਾ। ਰੰਗੋ-ਰੰਗ, ਅਨੰਦ। ਸਹੁ-ਮਾਲਕ ਪ੍ਰਭੂ। ਧਨ-ਜੀਵ ਇਸਤਰੀ।
ਜਿਨ੍ਹਾਂ ਜੀਵ ਇਸਤਰੀਆਂ ਦੇ ਸਰੀਰ ਰੂਪੀ ਚੋਲੇ ਨਾਮ ਰੰਗ ਵਿਚ ਰੰਗੇ ਜਾਂਦੇ ਹਨ, ਮਾਲਕ ਪ੍ਰਭੂ ਸਦਾ ਉਨ੍ਹਾਂ ਦੇ ਪਾਸ (ਅੰਗ ਸੰਗ) ਵਸਦਾ ਹੈ-
ਜਿਨ ਕੇ ਚੋਲੇ ਰਤੜੇ ਪਿਆਰੇ
ਕੰਤੁ ਤਿਨਾ ਕੈ ਪਾਸਿ॥ (ਅੰਗ 722)
ਚੋਲੇ-ਸਰੀਰ ਰੂਪੀ ਚੋਲੇ। ਰਤੜੇ-ਰੰਗੇ ਜਾਂਦੇ ਹਨ। ਕੰਤੁ-ਮਾਲਕ ਪ੍ਰਭੂ।
ਜਿਸ ਜੀਵ ਇਸਤਰੀ 'ਤੇ ਪ੍ਰਭੂ ਮਿਹਰ ਦੀ ਨਿਗ੍ਹਾ ਕਰਦਾ ਹੈ, ਉਸ ਨੂੰ ਸੰਵਾਰ ਕੇ ਫਿਰ ਆਪ ਹੀ ਉਸ 'ਤੇ ਨਾਮ ਦਾ ਰੰਗ ਚਾੜ੍ਹ ਦਿੰਦਾ ਹੈ-
ਆਪੇ ਸਾਜੇ ਆਪੇ ਰੰਗੇ
ਆਪੇ ਨਦਰਿ ਕਰੇਇ॥ (ਅੰਗ 722)
ਸਾਜੇ-ਸੰਵਾਰ ਕੇ। ਰੰਗੇ-ਰੰਗ ਚਾੜ੍ਹ ਦਿੰਦਾ ਹੈ। ਨਦਰਿ-ਮਿਹਰ ਦੀ ਨਿਗ੍ਹਾ।
ਅਜਿਹੀ ਜੀਵ-ਇਸਤਰੀ ਜੋ ਮਾਲਕ ਪ੍ਰਭੂ ਨੂੰ ਭਾਅ ਜਾਂਦੀ ਹੈ, ਚੰਗੀ ਲਗਦੀ ਹੈ, ਉਸ ਨੂੰ ਉਹ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ-
ਨਾਨਕ ਕਾਮਣਿ ਕੰਤੈ ਭਾਵੈ
ਆਪੇ ਹੀ ਰਾਵੇਇ॥ (ਅੰਗ 722)
ਕਾਮਣਿ-ਜੀਵ ਇਸਤਰੀ। ਕੰਤੈ-ਮਾਲਕ ਪ੍ਰਭੂ। ਭਾਵੈ-ਚੰਗੀ ਲਗਦੀ ਹੈ। ਰਾਵੇਇ-ਜੋੜ ਲੈਂਦਾ ਹੈ, ਮਿਲਾ ਲੈਂਦਾ ਹੈ।
ਜਿਥੋਂ ਤੱਕ ਵਿਦਵਾਨ ਪੰਡਿਤ ਦਾ ਸਬੰਧ ਹੈ, ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਜਿਹੜਾ ਪੰਡਿਤ ਪ੍ਰਭੂ ਦੀਆਂ ਕਥਾਵਾਂ ਭਾਵ ਸਿਫਤ ਸਾਲਾਹ ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਅਜਿਹਾ ਪੰਡਿਤ ਫਿਰ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ-
ਹਰਿ ਕੀ ਕਥਾ ਹਿਰਦੈ ਬਸਾਵੈ॥
ਸੋ ਪੰਡਿਤੁ ਫਿਰਿ ਜੋਨਿ ਨ ਆਵੈ॥
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ 274)
ਅਸ਼ਟਪਦੀ ਦੇ ਅੱਖਰੀਂ ਅਰਥ : (ਪ੍ਰਭੂ) ਪਤੀ ਦੀ ਐਨੀ ਸੁੰਦਰ ਜੀਵ ਇਸਤਰੀ ਕਿਹੜੇ ਸੁਆਦਾਂ ਵਿਚ ਪੈ ਕੇ ਛੁੱਟੜ ਹੋ ਗਈ ਭਾਵ ਉਸ ਦਾ ਪ੍ਰਭੂ ਪਤੀ ਨਾਲੋਂ ਕਿਵੇਂ ਤੋੜ-ਵਿਛੋੜਾ ਹੋ ਗਿਆ। ਵਾਸਤਵ ਵਿਚ ਜਿਹੜੀ ਇਸਤਰੀ ਫਜ਼ੂਲ ਅਤੇ ਵਿਅਰਥ ਦੇ ਵਾਦ-ਵਿਵਾਦ ਕਰਦੀ ਹੈ, ਉਹ ਪਤੀ ਦੇ ਕਿਸੇ ਕੰਮ ਨਹੀਂ ਆਉਂਦੀ। ਮਾਇਆ ਦੇ ਸੁਆਦ ਵਿਚ ਪੈ ਕੇ ਉਹ ਜੀਵ-ਇਸਤਰੀ ਛੁੱਟੜ ਹੋ ਜਾਂਦੀ ਹੈ, ਜਿਸ ਸਦਕਾ ਉਸ ਨੂੰ ਫਿਰ ਪ੍ਰਭੂ ਦੇ ਦਰ-ਘਰ 'ਤੇ ਢੋਈ ਅਰਥਾਤ ਕੋਈ ਆਸਰਾ ਜਾਂ ਟਿਕਾਣਾ ਨਹੀਂ ਮਿਲਦਾ।
ਪੰਡਿਤ ਲੋਕ ਪੋਥੀਆਂ ਅਰਥਾਤ ਧਾਰਮਿਕ ਪੁਸਤਕਾਂ ਤਾਂ ਪੜ੍ਹਦੇ ਰਹਿੰਦੇ ਹਨ ਪਰ ਉਨ੍ਹਾਂ ਵਿਚਲੀ ਵਿਚਾਰ ਨੂੰ ਨਹੀਂ ਸਮਝਦੇ। ਉਹ ਦੂਜਿਆਂ ਨੂੰ ਮੱਤਾਂ ਦੇ-ਦੇ ਕੇ ਇਥੋਂ ਤੁਰ ਜਾਂਦੇ ਹਨ। ਉਨ੍ਹਾਂ ਦਾ ਇਹ ਸਾਰਾ ਉੱਦਮ ਮਾਇਆ ਦਾ ਮਾਨੋ ਵਪਾਰ ਹੀ ਬਣਿਆ ਰਹਿੰਦਾ ਹੈ। ਅਸਲ ਵਿਚ ਇਹ ਸਾਰਾ ਸੰਸਾਰ ਹੀ ਝੂਠ ਰੂਪੀ ਕਥਨੀ ਵਿਚ ਹੀ ਭਟਕ ਰਿਹਾ ਹੈ। ਮਨੁੱਖ ਦੀ ਅਸਲ ਰਹਿਣੀ ਤਾਂ ਪ੍ਰਭੂ ਦੇ ਸ੍ਰੇਸ਼ਟ ਸ਼ਬਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਣ ਵਿਚ ਹੀ ਹੈ।
ਅਨੇਕਾਂ ਹੀ ਪੰਡਿਤ ਅਤੇ ਜੋਤਸ਼ੀ ਵੇਦਾਂ ਦੀ ਵਿਚਾਰ ਕਰਦੇ ਹਨ ਅਤੇ ਵਾਦ-ਵਿਵਾਦ ਵਿਚ ਪੈ ਕੇ ਇਕ-ਦੂਜੇ ਦੀ ਸਾਲਾਹੁਣਾ ਵੀ ਕਰਦੇ ਰਹਿੰਦੇ ਹਨ ਅਤੇ ਵਾਹ-ਵਾਹ ਕਰਵਾਉਂਦੇ ਹਨ, ਜਿਸ ਸਦਕਾ ਉਨ੍ਹਾਂ ਦਾ ਜੰਮਣ-ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਭਾਵੇਂ ਕਿੰਨੇ ਵੀ ਵਿਖਿਆਨ ਮੂੰਹ ਦੁਆਰਾ ਕਰ ਲਈਏ ਅਤੇ ਕੰਨਾਂ ਨਾਲ ਸੁਣ ਲਈਏ ਪਰ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਜੀਵ ਦਾ ਛੁਟਕਾਰਾ ਨਹੀਂ ਹੁੰਦਾ।
ਅੰਤਲੇ ਅੰਕ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਰੀਆਂ ਜੀਵ ਇਸਤਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ ਪਰ ਮੇਰੇ ਵਿਚ ਤਾਂ ਕੋਈ ਵੀ ਗੁਣ ਨਹੀਂ। ਜਿਵੇਂ ਹਰੀ ਪ੍ਰਭੂ ਨੂੰ (ਗੁਣਾਂ ਵਾਲੀ ਜੀਵ ਇਸਤਰੀ) ਚੰਗੀ ਲਗਦੀ ਹੈ, ਉਸੇ ਤਰ੍ਹਾਂ ਪ੍ਰਭੂ ਪਤੀ ਮੈਨੂੰ ਵੀ ਭਾਅ ਜਾਵੇ, ਚੰਗਾ ਲੱਗਣ ਲੱਗ ਜਾਵੇ।
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਦੋਂ ਇਕ ਵਾਰੀ ਗੁਰੂ ਦੇ ਸ਼ਬਦ ਦੁਆਰਾ ਜੀਵ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ, ਮੁੜ ਫਿਰ ਕਦੇ ਵਿਛੋੜਾ ਨਹੀਂ ਹੁੰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਡੇ ਕਰਮ ਹੀ ਸਾਡਾ ਚਰਿੱਤਰ ਨਿਰਮਾਣ ਕਰਦੇ ਹਨ

ਜੇ ਤੁਸੀਂ ਕਿਸੇ ਵਿਅਕਤੀ ਦੇ ਚਰਿੱਤਰ ਜਾਂ ਉਸ ਦੀ ਸ਼ਖ਼ਸੀਅਤ ਬਾਰੇ ਜਾਣਨਾ ਹੈ ਤਾਂ ਉਸ ਦੇ ਮਹਾਨ ਕਾਰਜ ਨਹੀਂ, ਸਗੋਂ ਉਸ ਦੇ ਸਾਧਾਰਨ ਕਾਰਜਾਂ ਬਾਰੇ ਜਾਣੋ। ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਸਬੰਧੀ ਲਿਖਦੇ ਹਨ ਕਿ ਕਦੇ ਨਾ ਕਦੇ ਤਾਂ ਕੋਈ ਮੂਰਖ ਵੀ ਨਾਇਕ ਬਣ ਸਕਦਾ ਹੈ ਪਰ ਸਦਾ ਨਹੀਂ। ਵਿਅਕਤੀ ਦੇ ਬਹੁਤ ਹੀ ਸਾਧਾਰਨ ਕਾਰਜਾਂ ਬਾਰੇ ਜਾਣੋ ਤਾਂ ਤੁਹਾਨੂੰ ਉਸ ਦੇ ਅਸਲ ਚਰਿੱਤਰ ਦਾ ਪਤਾ ਚੱਲ ਜਾਵੇਗਾ। ਕਦੇ-ਕਦਾਈਂ ਕੋਈ ਮੌਕਾ ਘਟੀਆ ਵਿਅਕਤੀ ਨੂੰ ਵੀ ਮਸ਼ਹੂਰ ਕਰ ਸਕਦਾ ਹੈ ਪਰ ਸਦਾ ਨਹੀਂ। ਅਸਲ ਵਿਚ ਤਾਂ ਉਹ ਹੀ ਮਹਾਨ ਹੈ, ਜਿਸ ਦਾ ਚਰਿੱਤਰ ਹਮੇਸ਼ਾ ਉੱਤਮ ਹੈ ਅਤੇ ਹਰ ਥਾਂ ਵੀ।
ਅਸੀਂ ਇਸ ਦੁਨੀਆ ਵਿਚ ਜਿੰਨੇ ਵੀ ਕਾਰਨਾਮੇ ਦੇਖਦੇ ਹਾਂ, ਮਨੁੱਖੀ ਸਮਾਜ ਵਿਚ ਜੋ ਵੀ ਗਤੀਵਿਧੀਆਂ ਵਾਪਰਦੀਆਂ ਹਨ, ਜੋ ਕਾਰਜ ਵੀ ਸਾਡੇ ਆਲੇ-ਦੁਆਲੇ ਹੁੰਦੇ ਹਨ, ਉਹ ਸਭ ਵਿਚਾਰਾਂ ਦਾ ਹੀ ਪ੍ਰਗਟਾਵਾ ਹਨ। ਉਹ ਮਨੁੱਖ ਦੀ ਇੱਛਾਸ਼ਕਤੀ ਨੂੰ ਦਰਸਾਉਂਦੇ ਹਨ। ਵਿਗਿਆਨਕ ਕਾਢਾਂ, ਮਸ਼ੀਨਾਂ, ਯੰਤਰ, ਯੁੱਧ-ਸਮੱਗਰੀ ਜਾਂ ਵਿਗਿਆਨਕ ਸੁਖ-ਸਹੂਲਤਾਂ ਸਭ ਮਨੁੱਖ ਦੇ ਚਰਿੱਤਰ ਅਤੇ ਉਸ ਦੀ ਇੱਛਾਸ਼ਕਤੀ ਦਾ ਸਿੱਟਾ ਹਨ। ਸਾਡੇ ਕਰਮਾਂ ਨਾਲ ਸਾਡਾ ਚਰਿੱਤਰ ਬਣਦਾ ਹੈ। ਜਿਸ ਤਰ੍ਹਾਂ ਦਾ ਕਰਮ ਹੈ, ਉਸੇ ਤਰ੍ਹਾਂ ਦੀ ਇੱਛਾ ਸ਼ਕਤੀ ਤੇ ਉਸੇ ਤਰ੍ਹਾਂ ਦਾ ਚਰਿੱਤਰ। ਮਹਾਨ ਇੱਛਾ ਸ਼ਕਤੀ ਵਾਲੇ ਲੋਕ ਹਮੇਸ਼ਾ ਕਰਮਯੋਗੀ ਹੁੰਦੇ ਹਨ। ਮਹਾਨ ਆਤਮਾਵਾਂ ਤਾਂ ਇੱਛਾ ਸ਼ਕਤੀ ਨਾਲ ਹੀ ਯੁੱਗ-ਪਲਟਾਊ ਕਾਢਾਂ ਕੱਢੀਆਂ ਗਈਆਂ ਹਨ। ਯੁਗਾਂ-ਯੁਗਾਂਤਰਾਂ ਤੋਂ ਅਜਿਹੇ ਕਾਰਜ ਨਿਰੰਤਰ ਕਰਮਯੋਗੀਆਂ ਨੇ ਕੀਤੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਦਰਵੇਸ਼ੀ ਫ਼ਕੀਰ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
'ਜ਼ਿੰਦਗੀ ਦਾ ਮਕਸਦ' ਅਤੇ 'ਅੱਲ੍ਹਾ ਦਾ ਜਾਤੀ ਨਾਮ' ਅਧਿਆਇ ਵਿਚ ਇਸਲਾਮੀ ਦੇ ਰੱਬ ਦਾ ਜਾਤੀ ਨਾਂਅ ਅੱਲ੍ਹਾ ਅਤੇ ਇਸਲਾਮ ਦੇ ਪੰਜ ਰੁਕਨਾਂ ਦੀ ਵਿਆਖਿਆ ਹੈ। ਰੱਬ ਦਾ ਜਾਤੀ ਨਾਂਅ ਅੱਲ੍ਹਾ ਹੈ ਅਤੇ ਕੁਰਾਨ ਸਰੀਫ ਵਿਚ ਇਸ ਦੇ 99 ਸਿਫਤੀ ਨਾਂਅ ਵੀ ਆਏ ਹਨ ਪਰ ਲੇਖਕ ਦਾ ਮੰਨਣਾ ਹੈ ਕਿ ਇਹ ਸਾਰੇ ਨਾਂਅ ਓਸੇ ਵੱਡੇ ਨਾਂਅ ਦੀ ਵਿਆਖਿਆ ਹੀ ਹਨ। ਇਸਲਾਮ ਦੋ ਪੰਜ ਰੁਕਨਾਂ; ਕਲਮਾ, ਨਮਾਜ਼, ਹੱਜ, ਰੋਜ਼ਾ ਅਤੇ ਜ਼ਕਾਤ ਹਨ ਪਰ ਇਹ ਇਕ ਨਾਂ ਅੱਲ੍ਹਾ ਦਾ ਹੀ ਕਿਸੇ ਨਾ ਕਿਸੇ ਢੰਗ ਨਾਲ ਵਿਸਤਾਰ ਹਨ। ਇਹੋ ਕਾਰਨ ਹੈ ਕਿ ਇਸਲਾਮ ਦੇ ਵਿਦਵਾਨ ਅਤੇ ਵਿਆਖਿਆਕਾਰ ਇਹ ਕਹਿੰਦੇ ਹਨ ਕਿ ਅੱਲ੍ਹਾ ਦਾ ਤਰਜਮਾ ਨਾ ਭਗਵਾਨ ਹੈ, ਨਾ ਗਾਡ ਅਤੇ ਨਾ ਪਾਰਬ੍ਰਹਮ। ਲੇਖਕ ਕਹਿੰਦਾ ਹੈ, 'ਜਾਤੀ ਨਾਂਅ ਸਭ ਸਿਫਾਤੀ ਨਾਵਾਂ ਦੀ ਖੁਲਾਸਾ ਅਤੇ ਇਕੱਠ ਹੁੰਦਾ ਹੈ। ਇਸੇ ਤਰ੍ਹਾਂ ਅੱਲ੍ਹਾ ਤਾਲਾ ਦਾ ਜਾਤੀ ਨਾਂਅ ਅੱਲ੍ਹਾ ਹੈ ਅਤੇ ਰਹੀਮ, ਖਾਲਕ, ਕਰੀਮ, ਜੱਬਾਰ, ਕਹਾਰ ਮਾਲਕ ਵਗੈਰਾ 99 ਸਿਫਤੀ ਨਾਂਅ ਜਾਂ ਇਸ ਤੋਂ ਵੀ ਵੱਧ ਨਾਂਅ ਅੱਲ੍ਹਾ ਦੇ ਹਨ। (ਪੰਨਾ 162)
'ਲੇਖਕ ਦੇ ਸ਼ਿਅਰ' ਵਾਲਾ ਅਧਿਆਇ ਵੀ ਤਸਵੁੱਫ਼ ਦੀਆਂ ਹੀ ਗੁੰਝਲਾਂ ਖੋਲ੍ਹਦਾ ਹੈ। ਸੂਖਮ ਅਤੇ ਸਥੂਲ ਸਰੀਰਾਂ ਦੀ ਚਰਚਾ ਦੇ ਨਾਲ-ਨਾਲ ਇਸ ਵਿਚ ਨਫ਼ਸ, ਮਾਨਸਿਕਤਾ ਅਤੇ ਸਿਮਰਨ ਆਦਿ ਬਾਰੇ ਵੀ ਧਿਆਨ ਕੀਤਾ ਗਿਆ ਹੈ। ਸਿਮਰਨ ਨੂੰ ਇਸਲਾਮੀ ਸ਼ਬਦਾਵਲੀ ਵਿਚ ਜ਼ਿਕਰ ਕਰਨਾ ਕਿਹਾ ਜਾਂਦਾ ਹੈ ਅਤੇ ਇਸ ਦੇ ਦੋ ਤਰੀਕੇ ਦੱਸੇ ਗਏ ਹਨ। ਪਹਿਲਾ ਜ਼ਬਾਨ ਨਾਲ ਜ਼ਿਕਰ ਕਰਨਾ ਅਤੇ ਦੂਜਾ ਤਸਵੁੱਫ਼ ਜਾਂ ਧਿਆਨ ਵਿਚ ਜ਼ਿਕਰ। ਹੋਠਾਂ ਅਤੇ ਜ਼ਬਾਨ ਨਾਲ ਜ਼ਿਕਰ ਨੂੰ ਜਾਹਰੀ ਕਿਹਾ ਜਾਂਦਾ ਹੈ ਜਦ ਕਿ ਅੱਖ ਨਾਲ ਜਾਂ ਮਨ ਹੀ ਮਨ ਵਿਚ ਜ਼ਿਕਰ ਨੂੰ ਬਾਤਨੀ ਕਿਹਾ ਗਿਆ ਹੈ। ਦੋਵਾਂ ਦੀ ਵਜ਼ਾਹਤ ਕਰਦਿਆਂ ਨੂਰ ਮੁਹੰਮਦ ਲਿਖਦਾ ਹੈ, 'ਅੱਲ੍ਹਾ ਦੇ ਨਾਮ ਨੂੰ ਜ਼ਾਹਰੀ ਤੌਰ 'ਤੇ ਜ਼ਬਾਨ ਨਾਲ ਬੋਲਣਾ ਜਾਂ ਕਾਗਜ਼ ਉੱਪਰ ਲਿਖਣਾ ਜਾਂ ਖੁੱਲ੍ਹੀ ਅੱਖ ਨਾਲ ਵੇਖਣਾ ਇਸ ਤਰ੍ਹਾਂ ਹੈ, ਜਿਵੇਂ ਕੋਈ ਸ਼ਖ਼ਸ ਕਿਸੇ ਦਵਾਈ ਨੂੰ ਹਥੇਲੀ ਉੱਤੇ ਟਿਕਾਅ ਲੈਂਦਾ ਹੈ ਜਾਂ ਅੱਖ ਨਾਲ ਵੇਖੀ ਜਾਂਦਾ ਹੈ। ਦਵਾਈ ਤਾਂ ਰਿਸਦੇ ਜਿਗਰ ਨੂੰ ਖਾਸ ਕਰ ਖੂਨ ਵਿਚ ਜਾ ਕੇ ਹੀ ਆਪਣਾ ਅਸਰ ਵਿਖਾਉਂਦੀ ਹੈ। ਜੇਕਰ ਦਵਾਈ ਦਾ ਅਰਕ ਕੱਢ ਕੇ ਸਰੀਰ ਵਿਚ ਦਾਖਲ ਕੀਤਾ ਜਾਵੇ ਤਾਂ ਅਸਰ ਜ਼ਿਆਦਾ ਅਤੇ ਛੇਤੀ ਹੁੰਦਾ ਹੈ। ਅੱਲ੍ਹਾ ਸਾਰੇ ਨਾਵਾਂ ਦਾ ਅਰਕ ਹੈ ਅਤੇ ਇਸ ਅਰਕ ਦਾ ਮਿਹਦਾ ਇਨਸਾਨੀ ਦਿਲ ਹੈ।' (ਪੰਨੇ 21-12)
'ਇਰਫ਼ਾਨ' ਵਿਚ ਇਕ ਘਟਨਾ ਸਾਈਂ ਮੀਆਂ ਮੀਰ ਦੀ ਦਿੱਤੀ ਹੈ, ਜੋ ਸੂਫੀਆਂ ਦੇ ਹੁਕਮਰਾਨਾਂ ਨਾਲ ਸਬੰਧਾਂ ਅਤੇ ਉਨ੍ਹਾਂ ਦੇ ਮਰਤਬੇ ਨੂੰ ਸਪੱਸ਼ਟ ਕਰਦੀ ਹੈ। ਇਕ ਦਿਨ ਸਾਈਂ ਮੀਆਂ ਮੀਰ ਆਪਣੇ ਮੁਰੀਦਾਂ ਨਾਲ ਤਕੀਏ ਦੀ ਛੱਤ ਉੱਤੇ ਸਨ। ਏਨੇ ਨੂੰ ਇਕ ਮੁਰੀਦ ਨੇ ਬਾਦਸ਼ਾਹ ਸ਼ਾਹਜਹਾਨ ਨੂੰ ਆਪਣੇ ਬੇਟੇ ਦਾਰਾ ਸ਼ਿਕੋਹ ਨਾਲ ਸਾਈਂ ਜੀ ਦੀ ਜ਼ਿਆਰਤ ਲਈ ਆਉਂਦੇ ਵੇਖਿਆ ਅਤੇ ਉਹ ਹੱਸ ਪਿਆ। ਸਾਈਂ ਜੀ ਦੇ ਪੁੱਛਣ 'ਤੇ ਉਸ ਨੇ ਹੱਸਣ ਦਾ ਕਾਰਨ ਦੱਸਿਆ। ਬਾਦਸ਼ਾਹ ਸ਼ਾਹ ਨਾਲ ਅਤੇ ਦਾਰਾ ਸ਼ਿਕੋਹ ਤਕੀਏ ਵਿਚ ਆ ਕੇ ਦੂਜੇ ਲੋਕਾਂ ਨਾਲ ਭੁੰਜੇ ਹੀ ਬੈਠ ਗਏ। ਸਾਈਂ ਮੀਆਂ ਮੀਰ ਉਸ ਵੇਲੇ ਛੋਟੀ ਇਲਾਇਚੀ ਮੂੰਹ ਵਿਚ ਪਾ ਕੇ ਚਬਾ ਰਹੇ ਸਨ ਅਤੇ ਉਸ ਦਾ ਫੋਗ ਆਪਣੇ ਮੂੰਹ ਵਿਚੋਂ ਕੱਢ ਕੇ ਥੁੱਕਦੇ ਜਾ ਰਹੇ ਸਨ। ਸ਼ਾਹਜਹਾਨ ਉਸ ਫੋਗ ਨੂੰ ਪ੍ਰਸ਼ਾਦ ਜਾਣ ਕੇ ਆਪਣੀ ਚਾਦਰ ਵਿਚ ਸੁੱਚੇ ਮੋਤੀਆਂ ਵਾਂਗ ਸਾਂਭੀ ਜਾ ਰਹੇ ਸਨ। (ਪੰਨਾ 255)
ਪੁਸਤਕ ਦੇ ਅਖੀਰਲੇ ਸੌ ਸਫੇ ਪੁਰਾਤਨ ਅਤੇ ਆਧੁਨਿਕ ਸੱਭਿਅਤਾ ਦੇ ਟਕਰਾਅ, ਬਦਲੀ ਹੋਈ ਸੋਚ, ਤਰਜੀਹਾਂ ਅਤੇ ਵਧ ਰਹੀ ਨਾਸਤਿਕਤਾ ਵੱਲ ਸੇਧਿਤ ਹਨ। 'ਇਰਫਾਨ' ਵੀਹਵੀਂ ਸਦੀ ਵਿਚਲੀਆਂ ਵਿਗਿਆਨਕ ਕਾਢਾਂ ਅਤੇ ਉਨ੍ਹਾਂ ਦੇ ਫਲਸਰੂਪ ਆਧੁਨਿਕ ਮਨੁੱਖ ਦੀ ਸੋਚ ਵਿਚ ਆਈ ਤਬਦੀਲੀ ਨੂੰ ਰੇਖਾਂਕਿਤ ਕਰਦੀ ਹੈ। ਇਸ ਲਈ ਇਸ ਪੁਸਤਕ ਦੇ ਇਸ ਹਿੱਸੇ ਵਿਚ ਇਸਲਾਮ ਦੀ ਵਿਗਿਆਨ ਅਤੇ ਮਨੁੱਖੀ ਸੱਭਿਅਤਾ ਨੂੰ ਦੇਣ ਨੂੰ ਦ੍ਰਿੜ੍ਹ ਕਰਨ ਦੇ ਨਾਲ-ਨਾਲ ਇਹ ਆਧੁਨਿਕ ਮਨੁੱਖ ਦੇ ਸੰਕਟਾਂ ਦੀ ਨਿਸ਼ਾਨਦੇਹੀ ਕਰਦੀ ਉਸ ਦੇ ਕਾਰਨਾਂ ਦੀ ਪੜਚੋਲ ਵੀ ਕਰਦੀ ਹੈ। ਇਨ੍ਹਾਂ ਸੌ ਸਫਿਆਂ ਦੇ ਬਿਰਤਾਂਤ ਨੂੰ ਜੇਕਰ ਲੇਖਕ ਦੇ ਸ਼ਬਦਾਂ ਵਿਚ ਦੱਸਣਾ ਹੋਵੇ ਤਾਂ ਇਹ ਇਸ ਤਰ੍ਹਾਂ ਹੈ, 'ਅੱਜ ਭਾਵੇਂ ਸਾਇੰਸ ਅਤੇ ਮਾਦਾਈ ਤਰੱਕੀ ਯੂਰਪ ਨੂੰ ਫਿਰੌਨੀਯਤ ਦੇ ਚੁਬਾਰੇ ਵਾਂਗ ਤਰੱਕੀ ਦੀ ਬੁਲੰਦੀ ਉੱਤੇ ਚੜ੍ਹਾ ਰਹੀ ਹੈ। ਲੇਕਿਨ ਇਖਲਾਕੀ ਅਤੇ ਰੂਹਾਨੀ ਗਿਰਾਵਟ ਉਸ ਨੂੰ ਨਫਸਾਨੀ ਹਨੇਰੇ ਅਤੇ ਜਿਨਸੀ ਕਾਮ ਭੁੱਖ ਹੇਠਲੀ ਅਤੇ ਜਹਾਲਤ ਦੇ ਪਾਤਾਲ ਵੱਲ ਬਹੁਤ ਤੇਜ਼ੀ ਨਾਲ ਘਸੀਟ ਰਹੀ ਹੈ। ਉਨ੍ਹਾਂ ਨੂੰ ਅੱਜ ਆਪਣੇ ਪਦਾਰਥਵਾਦ ਉੱਤੇ ਫਖ਼ਰ ਦੀ ਬਜਾਇ ਆਪਣੀ ਰੂਹਾਨੀਅਤ ਦੀ ਕਮੀ ਉੱਤੇ ਮਾਤਮ ਕਰਨਾ ਚਾਹੀਦਾ ਹੈ। ਮਾਦਾਈ ਅਤੇ ਸਿਆਸੀ ਤਰੱਕੀ ਅਗਰ ਉਨ੍ਹਾਂ ਨੂੰ ਇਕ ਗਜ਼ ਉੱਪਰ ਵੀ ਚੁੱਕਦੀ ਹੈ ਤਾਂ ਰੂਹਾਨੀ ਜਹਾਲਤ ਉਨ੍ਹਾਂ ਨੂੰ ਕੋਹਾਂ ਥੱਲੇ ਸੁੱਟ ਰਹੀ ਹੈ। ਹਰ ਜਗ੍ਹਾ ਦਿਨ-ਰਾਤ, ਨਾਚ ਤੇ ਰੰਗ ਦੀ ਮਹਿਫਲ ਕਾਇਮ ਹੈ। ਸ਼ਰਾਬ ਦੇ ਦੌਰ ਚੱਲ ਰਹੇ ਹਨ। ਜਬਰ ਜਨਾਹ, ਬਦਮਾਸ਼ੀ, ਬਦਕਾਰੀ ਦਾ ਦੌਰ ਹੈ। ਦੁਨੀਆ ਦੇ ਸ਼ੈਤਾਨੀ ਖੇਡ ਤਮਾਸ਼ੇ ਅਤੇ ਨਫਸ ਦੇ ਤਮਾਸ਼ਿਆਂ ਤੋਂ ਬਿਨਾਂ ਉਥੇ ਹੋਰ ਕੋਈ ਕੰਮ ਕਾਰ ਨਹੀਂ। ਜਾਹਲਾਂ ਦੀ ਜਹਾਲਤ ਦਾ ਜੋਬਨ ਸਿਖਰ 'ਤੇ ਹੈ ਅਤੇ ਸ਼ੈਤਾਨੀਅਤ ਦਾ ਇਹ ਸ਼ਬਾਬ ਚੜ੍ਹਤ ਵਿਚ ਹੈ। (ਪੰਨੇ 288-89)
ਅਨੁਵਾਦ ਦੀ ਦ੍ਰਿਸ਼ਟੀ ਤੋਂ 'ਇਰਫਾਨ' ਪਹਿਲੀ ਪੁਸਤਕ 'ਹੱਕ ਨੁਮਾਏ' ਨਾਲੋਂ ਵਧੇਰੇ ਸਰਲ, ਸੌਖੀ ਅਤੇ ਠੇਠ ਪੰਜਾਬੀ ਵਿਚ ਅਨੁਵਾਦੀ ਗਈ ਹੈ। ਮੈਂ ਆਸ ਕਰਦਾ ਹਾਂ ਕਿ ਜਦ ਹੱਕ ਨੁਮਾਏ ਦੀ ਅਗਲੀ ਐਡੀਸ਼ਨ ਛਪੇਗੀ ਤਾਂ ਉਸ ਵਿਚ ਯੋਗ ਸੁਧਾਰ ਅਤੇ ਸੁਧਾਈ ਕਰ ਲਈ ਜਾਵੇਗੀ।


-ਮੋਬਾ: 98889-39808

ਧਾਰਮਿਕ ਸਾਹਿਤ

ਬਾਬਾ ਬੰਦਾ ਸਿੰਘ ਬਹਾਦਰ ਇਕ ਲਾਸਾਨੀ ਯੋਧਾ
ਲੇਖਕ :
ਗੁਰਪ੍ਰੀਤ ਸਿੰਘ ਨਿਆਮੀਆਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਪੰਨੇ : 81, ਮੁੱਲ : 195 ਰੁਪਏ
ਸੰਪਰਕ : 98155-44926


ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਤੇ ਸਿੱਖ ਰਾਜ ਸਥਾਪਤ ਕਰਨ ਵਾਲੇ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਤੋਂ ਸ਼ਹਾਦਤ ਤੱਕ ਦਾ ਸਾਰਾ ਸਫ਼ਰ ਇਸ ਜੀਵਨੀ ਵਿਚ ਹੈ। ਰਾਜਪੂਤ ਘਰਾਣੇ ਵਿਚ ਜਨਮ ਲੈਣ ਵਾਲੇ ਇਸ ਯੋਧੇ ਦਾ ਨਾਂਅ ਲਛਮਣ ਦੇਵ ਸੀ। ਕਿਸੇ ਦੁਖਦਾਈ ਘਟਨਾ ਪਿੱਛੋਂ ਉਹ ਬੈਰਾਗੀ ਹੋ ਗਿਆ। ਮਾਧੋ ਦਾਸ ਬੈਰਾਗੀ ਨੇ ਗੋਦਾਵਰੀ ਦੇ ਕੰਢੇ ਡੇਰਾ ਲਾਇਆ। ਪੁਸਤਕ ਅਨੁਸਾਰ 270 ਕਰਾਮਾਤਾਂ ਦਾ ਮਾਲਕ ਬਣ ਗਿਆ। ਉਸ ਕੋਲ ਚਮਤਕਾਰੀ ਪਲੰਘ ਸੀ। ਦਾਦੂ ਪੰਥੀ ਮਹੰਤ ਜੈਤ ਰਾਮ ਦੀ ਦੱਸ ਪਾਉਣ 'ਤੇ ਦਸਵੇਂ ਗੁਰੂ ਸਾਹਿਬ ਬਾਬਾ ਜੀ ਪਾਸ ਗਏ। ਜਦੋਂ ਉਸ ਦੇ ਪਲੰਘ 'ਤੇ ਬੈਠੇ ਤਾਂ ਬੰਦੇ ਨੇ ਕਈ ਮੰਤਰ ਪੜ੍ਹੇ। ਉਸ ਦੀ ਕੋਈ ਵਾਹ ਨਾ ਚੱਲੀ। ਗੁਰੂ ਜੀ ਤੇ ਬੰਦਾ ਬਹਾਦਰ ਵਿਚਕਾਰ ਇਤਿਹਾਸਕ ਸੰਵਾਦ ਹੋਇਆ। (ਪੰਨਾ 06) ਗੁਰੂ ਸਾਹਿਬ ਨੇ ਕਿਹਾ ਜੇ ਤੂੰ ਬੰਦਾ ਹੈਂ ਤਾਂ ਕੰਮ ਵੀ ਬੰਦਿਆਂ ਵਾਲੇ ਕਰ। ਨੈਣ ਖੁੱਲ੍ਹ ਗਏ। ਗੁਰੂ ਸਾਹਿਬ ਨੇ ਸਾਕਾ ਸਰਹੰਦ ਦਾ ਜ਼ਿਕਰ ਕੀਤਾ ਤੇ ਸੂਬੇਦਾਰ ਵਜ਼ੀਰ ਖਾਨ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਖੁੱਲ੍ਹ ਕੇ ਚਰਚਾ ਹੋਈ। ਬਾਬਾ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਨਾਂਅ ਗੁਰਬਖਸ਼ ਸਿੰਘ ਰੱਖਿਆ।
ਇਤਿਹਾਸ ਵਿਚ ਇਸ ਦੀ ਥਾਂ ਬਾਬਾ ਬੰਦਾ ਸਿੰਘ ਬਹਾਦਰ ਨਾਂਅ ਹੀ ਪ੍ਰਚਲਿਤ ਹੋਇਆ। ਹੁਕਮ ਹੋਇਆ ਕਿ ਸੂਬਾ ਸਰਹੰਦ ਤੋਂ ਬਦਲਾ ਲਿਆ ਜਾਵੇ। ਗੁਰੂ ਸਾਹਿਬ ਨੇ ਇਸ ਮੰਤਵ ਲਈ ਹੁਕਮਨਾਮਾ, ਪੰਜ ਤੀਰ ਤੇ ਪੰਜ ਸਿੰਘ ਨਾਲ ਭੇਜੇ। ਬੰਦਾ ਸਿੰਘ ਬਹਾਦਰ ਨਾਂਦੇੜ, ਦਿੱਲੀ ਤੋਂ ਪੰਜਾਬ ਵੱਲ ਵਹੀਰਾਂ ਪਾਉਂਦਾ ਆਇਆ। ਰਸਤੇ ਵਿਚ ਹੋਰ ਵੀ ਸਿੰਘ ਮਿਲਦੇ ਗਏ। ਇਹ ਸਾਰਾ ਬਿਰਤਾਂਤ ਪੁਸਤਕ ਵਿਚ ਹੈ। ਸਰਹੰਦ ਆਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ। ਸਢੌਰੇ ਵਿਚ ਬਾਬਾ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਿਸ ਦੀ ਸੇਵਾ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਕਰਵਾਈ ਹੈ। ਚੱਪੜਚਿੜੀ ਦੀ ਜੰਗ ਫ਼ਤਹਿ ਮੀਨਾਰ, ਵਜ਼ੀਰ ਖਾਨ ਦੀ ਮੌਤ, ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ, ਦੀਵਾਨ ਸੁੱਚਾ ਨੰਦ ਦੀ ਮੌਤ, ਮਲੇਰਕੋਟਲਾ ਦੀ ਜਿੱਤ, ਕਿਲ੍ਹਾ ਲੋਹਗੜ੍ਹ ਦੀ ਜੰਗ, ਮੁਗ਼ਲ ਫੌਜਾਂ ਦਾ ਉਭਾਰ, ਬਾਬਾ ਜੀ ਦੀਆਂ ਫੌਜਾਂ ਦਾ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘਿਰ ਜਾਣਾ, ਬਾਬਾ ਵਿਨੋਦ ਸਿੰਘ ਨਾਲ ਮਤਭੇਦ, ਬਾਬਾ ਜੀ ਦੀ 700 ਸਿੱਖਾਂ ਨਾਲ ਗ੍ਰਿਫ਼ਤਾਰੀ, ਮੁਗਲ ਹਕੂਮਤ ਵਲੋਂ ਸਿੱਖਾਂ 'ਤੇ ਭਾਰੀ ਜ਼ੁਲਮ, ਜ਼ੁਲਮਾਂ ਬਾਰੇ ਅੰਗਰੇਜ਼ ਲਿਖਾਰੀਆਂ ਦੀ ਲਿਖੀ ਅੱਖੀਂ ਵੇਖੀ ਗਵਾਹੀ, ਬਾਬਾ ਬੰਦਾ ਸਿੰਘ ਬਹਾਦਰ ਨੇ ਈਨ ਨਾ ਮੰਨਣੀ ਤੇ ਦਸਵੇਂ ਪਾਤਸ਼ਾਹ ਦੇ ਪਾਏ ਪੂਰਨਿਆਂ 'ਤੇ ਚਲਦੇ ਸ਼ਹਾਦਤ ਦੇਣ ਦਾ ਰੌਂਗਟੇ ਖੜ੍ਹੇ ਕਰਦਾ ਪ੍ਰਸੰਗ ਛੱਬੀ ਕਾਂਡਾਂ ਵਿਚ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾ: 98148-56160






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX