ਤਾਜਾ ਖ਼ਬਰਾਂ


ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ ਦਰਜਨ ਭਰ ਲੋਕਾਂ ਖਿਲਾਫ ਮਾਮਲਾ ਦਰਜ
. . .  1 day ago
ਮਮਦੋਟ ,17 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਵੱਲੋਂ ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਟ੍ਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਨੂੰ ਥਾਣੇ ਬੰਦ ਕਰ ਲਿਆ
ਨਰਾਇਣਗੜ੍ਹ ਦੇ ਪਿੰਡ ਸੌਂਤਲੀ ਦੇ ਤਲਾਬ 'ਚ 3 ਬੱਚਿਆ ਦੇ ਡੁੱਬਣ ਨਾਲ ਮੌਤ
. . .  1 day ago
ਭਾਰਤ ਦੀਆਂ ਵੱਖ-ਵੱਖ ਨਦੀਆਂ 'ਚ ਵਹਾਈਆਂ ਜਾਣਗੀਆਂ ਅਟਲ ਜੀ ਦੀਆਂ ਅਸਥੀਆਂ
. . .  1 day ago
ਨਵੀਂ ਦਿੱਲੀ, 17 ਅਗਸਤ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਰਮ ਭੂਮੀ ਹੈ। ਉਨ੍ਹਾਂ ...
ਸਿੱਖਾਂ 'ਤੇ ਹੋ ਰਹੇ ਹਮਲੇ : ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 17 ਅਗਸਤ- ਅਮਰੀਕਾ 'ਚ ਬੀਤੇ ਦਿਨ ਸਿੱਖ ਵਿਅਕਤੀ 'ਤੇ ਹਮਲੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ 'ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ....
ਪਾਕਿ ਨੈਸ਼ਨਲ ਅਸੈਂਬਲੀ ਨੇ ਇਮਰਾਨ ਖਾਨ ਨੂੰ ਚੁਣਿਆ ਪ੍ਰਧਾਨ ਮੰਤਰੀ
. . .  1 day ago
ਇਸਲਾਮਾਬਾਦ, 17 ਅਗਸਤ -ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵੋਟ ਦੇ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਨੂੰ 176 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ...
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ...
ਅਮਰੀਕਾ 'ਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
. . .  1 day ago
ਵਾਸ਼ਿੰਗਟਨ, 17 ਅਗਸਤ- ਅਮਰੀਕਾ 'ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ 'ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ 'ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ 'ਚ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਨਮਿਤਾ ਭੱਟਾਚਾਰੀਆ ਨੇ...
ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਸਮ੍ਰਿਤੀ ਸਥਲ ਪਹੁੰਚ ਗਈ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਹੋਰ ਖ਼ਬਰਾਂ..
  •     Confirm Target Language  

ਫ਼ਿਲਮ ਅੰਕ

ਜੈਕਲਿਨ

ਮਿਸ਼ਨ ਸਫ਼ਲ

'ਹੱਲਾ ਗੁੱਲਾ', 'ਹੰਗਾਮਾ' ਇਹ ਲਫ਼ਜ਼ ਤੇ ਜੈਕਲਿਨ ਫਰਨਾਂਡਿਜ਼ ਸ਼ਾਇਦ ਅੱਜਕਲ੍ਹ ਇਕੱਠੇ ਹੀ ਚੱਲ ਰਹੇ ਹਨ। ਬਾਲੀਵੁੱਡ ਵਾਲੇ ਤਾਂ ਜੈਕਲਿਨ ਨੂੰ 'ਹੰਗਾਮਾ ਗਰਲ' ਵੀ ਕਹਿਣ ਲੱਗ ਪਏ ਹਨ। 'ਪੋਲ ਡਾਂਸ' ਉਸ ਦਾ ਕਿ 'ਸ਼ਹਿਰ ਵਿਚ ਰੌਲਾ ਪੈ ਗਿਆ' ਤੇ 'ਰੇਸ-3' ਹਿੱਟ ਹੁੰਦੇ ਸਾਰ ਹੀ ਸੈਰ ਅਮਰੀਕਾ ਦੀ ਜੈਕੀ ਨੂੰ ਯਾਦ ਆ ਗਈ। ਐਟਲਾਂਟਾ (ਯੂ.ਐਸ.ਏ.) ਉਹ ਪੁੰਨ ਤੇ ਫਲੀਆਂ ਪ੍ਰਾਪਤ ਕਰਨ ਗਈ। ਸੈਰ ਦੀ ਸੈਰ ਤੇ ਸਲਮਾਨ ਖ਼ਾਨ ਨਾਲ 'ਦਬੰਗ ਟੂਰ' 'ਚ ਵੀ ਹਿੱਸਾ ਲਿਆ। ਇੰਸਟਾਗ੍ਰਾਮ 'ਤੇ ਜੋ ਤਸਵੀਰਾਂ ਜੈਕੀ ਨੇ ਪਾਈਆਂ, ਦਿਖਾ ਰਹੀਆਂ ਹਨ ਕਿ ਪ੍ਰਬੰਧਕ ਉਸ ਦੀ ਇਕ ਝਲਕ ਲਈ ਉਤਾਵਲੇ ਹਨ। 'ਤੇਰੀ ਲੱਤ ਲੱਗ ਗਈ' ਇਸ ਗਾਣੇ 'ਤੇ ਦਰਸ਼ਕ ਝੂਮਦੇ ਹਨ। ਫਿਰ 'ਜੁੰਮੇ ਕੀ ਰਾਤ' ਦੇ ਗੀਤ 'ਤੇ ਜੈਕੀ-ਸਲਮਾਨ ਦਾ ਨਾਚ 'ਦਬੰਗ ਦੌਰਾ' ਸਫ਼ਲ ਹੈ। ਜੈਕੀ ਦੀ ਕਾਮੁਕ ਅਦਾ ਦੇਖ ਦਰਸ਼ਕ ਬੇਕਾਬੂ ਹੋ ਜਾਂਦੇ ਹਨ ਤੇ ਜੈਕੀ ਆਪ ਵੀ ਉਨ੍ਹਾਂ ਨਾਲ ਰੌਲੇ-ਰੱਪੇ 'ਚ ਸ਼ਾਮਿਲ ਹੋ ਰਹੀ ਹੈ। 'ਕਿੱਕ' ਹੋਵੇ ਜਾਂ 'ਰੇਸ-3' ਜੈਕੀ-ਸੱਲੂ ਦੀ ਜੋੜੀ ਦੀਆਂ ਗੱਲਾਂ ਹੀ ਹੋਰ ਹਨ। ਕਦੇ ਗੋਵਿੰਦਾ ਨਾਲ ਨਾਚ ਤੇ ਕਦੇ ਸਲਮਾਨ ਨਾਲ, ਸਾਰੇ ਪਾਸੇ ਜਲਵਾ ਹੈ ਮਿਸ ਫਰਨਾਂਡਿਜ਼ ਦਾ। 'ਹੰਗਾਮਾ ਗਰਲ' ਜੈਕਲਿਨ ਫਰਨਾਂਡਿਜ਼ 'ਅਲਾਦੀਨ' ਨਾਲ ਕੀ ਆਈ ਕਿ ਸ੍ਰੀਲੰਕਾ ਭੁੱਲ ਭਾਰਤ ਦੀ ਹੋ ਕੇ ਹੀ ਰਹਿ ਗਈ। ਕਦੇ ਉਥੇ ਟੀ.ਵੀ. ਰਿਪੋਰਟਰ ਤੇ ਹੁਣ ਚਰਚਿਤ ਹੀਰੋਇਨ। ਤਕਦੀਰ ਮਿਹਰਬਾਨ ਹੈ ਜੈਕੀ 'ਤੇ। ਕਦੇ ਸੜਕ ਹਾਦਸੇ 'ਚੋਂ ਬਚਣਾ, ਹੱਥ 'ਤੇ ਜਿਊਂਦਾ ਸੱਪ ਰੱਖਣਾ, ਜੈਕੀ ਦੇ ਕਾਰਨਾਮੇ ਵੀ ਅਜੀਬ ਹਨ ਤੇ ਯੋਗਾ 'ਚ ਵੀ ਉਹ ਅੱਗੇ ਹੈ। ਸਲਮਾਨ ਪਰਿਵਾਰ ਨਾਲ ਉਹ ਘੁਲੀ-ਮਿਲੀ ਹੈ। ਜੈਕੀ ਨੇ ਤਾਂ ਸਲਮਾਨ ਦੇ ਅੱਬਾ ਹਜ਼ੂਰ ਸਲੀਮ ਖ਼ਾਨ ਤੋਂ ਮਦਦ ਮੰਗੀ ਹੈ ਕਿ ਉਹ ਉਸ ਨੂੰ ਉਰਦੂ ਸਿਖਾਉਣ। ਸਲੀਮ ਜੀ ਨੇ ਕਿਹਾ ਹੈ ਕਿ ਇਥੇ ਕੋਈ ਹੰਗਾਮਾ ਨਹੀਂ ਪਰ ਢੰਗ ਦੀ ਹਿੰਦੀ ਤਾਂ ਸਿੱਖ ਲਵੋ ਫਿਰ ਉਰਦੂ ਵੱਲ ਆਉਣਾ। ਇਕ ਤਰ੍ਹਾਂ ਦੀ ਬੇਇੱਜ਼ਤੀ ਕਰਵਾ ਕੇ ਵੀ ਜੈਕਲਿਨ ਦੇ ਚਿਹਰੇ 'ਤੇ ਕੋਈ ਉਦਾਸੀ ਦੀ ਝਲਕ ਨਹੀਂ ਆਈ। ਉਲਟਾ ਕਹਿ ਰਹੀ ਹੈ ਕਿ ਸਲੀਮ ਜੀ ਸਹੀ ਕਹਿ ਰਹੇ ਹਨ। ਕੁਝ ਵੀ ਹੋਵੇ, ਹੰਗਾਮੇ ਹੋਣ ਜਾਂ ਰੌਲਾ ਪਵੇ ਜੈਕਲਿਨ ਫਰਨਾਂਡਿਜ਼ ਆਪਣੇ ਮੰਤਵ 'ਚ ਕਾਮਯਾਬ ਹੈ। 'ਹੰਗਾਮਾ ਗਰਲ' ਰੌਲਾ-ਰੱਪਾ ਪੈਂਦਾ ਦੇਖ ਕੇ ਵੀ ਖੁਸ਼ੀ ਮਹਿਸੂਸ ਕਰਦੀ ਹੈ ਤੇ ਚਿੰਤਾ ਤਾਂ ਉਸ ਦੇ ਨੇੜੇ ਵੀ ਨਹੀਂ ਢੁਕਦੀ।


ਖ਼ਬਰ ਸ਼ੇਅਰ ਕਰੋ

ਰਣਵੀਰ ਸਿੰਘ

ਝੂਠ ਬੋਲੇ ਕਊਆ ਕਾਟੇ

ਪਹਿਲਾ ਪਿਆਰ ਤਾਂ ਰਣਵੀਰ ਸਿੰਘ ਲਈ ਇਹ ਅਭਿਨੈ ਹੀ ਹੈ, ਜਿਸ ਨੂੰ ਉਹ ਭਲਾ ਕਿਵੇਂ ਭੁਲਾ ਸਕਦਾ ਹੈ? ਬਾਕੀ ਪਿਆਰ ਤਾਂ ਦੁਨੀਆਦਾਰੀ ਹੈ ਤੇ ਰਣਵੀਰ ਸਿੰਘ ਜੋ 33 ਸਾਲ ਦਾ ਹੋ ਚੁੱਕਾ ਹੈ, ਅਭਿਨੈ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੈ। ਰਣਵੀਰ ਦਾ ਵਿਚਾਰ ਹੈ ਕਿ ਲੋਕਾਂ ਦੀ ਉਮੀਦ 'ਤੇ ਪੂਰਾ ਉੱਤਰਨ ਲਈ ਜ਼ਿੰਮੇਵਾਰੀ ਸਮਝਣੀ ਪਵੇਗੀ ਤੇ ਹੁਣ ਨੈੱਟ ਤੇ ਮੋਬਾਈਲ ਕਾਰਨ ਜ਼ਿੰਮੇਵਾਰੀ ਜ਼ਿਆਦਾ ਵਧੀ ਹੈ, ਕਿਉਂਕਿ ਅਭਿਨੇਤਾ ਦਾ ਲੋਕਾਂ ਨਾਲ ਇਕੋ ਤਰ੍ਹਾਂ ਦਾ ਸਿੱਧਾ ਸਬੰਧ ਰਹਿੰਦਾ ਹੈ। ਹਾਂ, ਰਣਵੀਰ ਸਿੰਘ ਦਾ ਝੂਠ ਬੋਲਣਾ ਜ਼ਰੂਰ ਉਸ ਦੇ ਵਿਅਕਤੀਤਵ ਨੂੰ ਗ੍ਰਹਿਣ ਲਾਉਣ ਵਾਲੀ ਗੱਲ ਹੈ। ਰਣਵੀਰ ਨੇ ਤਾਜ਼ਾ ਇੰਟਰਵਿਊ 'ਚ ਕਿਹਾ ਹੈ ਕਿ ਬਚਪਨ 'ਚ ਉਸ ਗ਼ਰੀਬੀ ਦੇਖੀ ਹੈ, ਵਿਦੇਸ਼ ਘੁੰਮਣ ਲਈ ਉਸ ਦਾ ਸਾਰਾ ਟੱਬਰ ਪਾਈ-ਪਾਈ ਜੋੜਦਾ ਸੀ ਤੇ ਫਿਰ ਕਿਤੇ ਉਹ ਇੰਡੋਨੇਸ਼ੀਆ, ਯੂਰਪ, ਅਮਰੀਕਾ ਜਾਂਦੇ ਸਨ। ਨਿਰੀ ਗੱਪ, ਕਿਉਂਕਿ ਬਚਪਨ 'ਚ ਰਣਵੀਰ ਦੇ ਘਰੇ ਲੱਗੀ ਜਿੰਮ ਆਧੁਨਿਕ ਜਿੰਮ। ਜਦ ਗਰੀਬੀ ਹੋਵੇ ਤਦ ਮਹਿੰਗੀ ਜਿੰਮ ਘਰੇ ਕਿਵੇਂ ਲੱਗੀ? ਗਰੀਬੀ 'ਚ ਤਾਂ ਐਥੋਂ ਉਥੇ ਜਾਣ ਲਈ ਬੱਸ ਦਾ ਕਿਰਾਇਆ ਨਹੀਂ ਮਿਲਦਾ ਸੀ ਤੇ ਉਹ ਗਰੀਬੀ ਦਾਅਵੇ 'ਚ ਅਮਰੀਕਾ, ਸਪੇਨ, ਥਾਈਲੈਂਡ ਕਿਵੇਂ ਜਾਂਦਾ ਸੀ। ਇਹ ਗੱਲਾਂ ਲੋਕ ਉਸ ਦੀ ਇੰਟਰਵਿਊ ਦੇਖ ਕੇ, ਪੜ੍ਹ ਕੇ ਕਰ ਰਹੇ ਹਨ। ਬਚਪਨ ਤੋਂ ਅਕਸ਼ੈ ਕੁਮਾਰ ਦੇ ਦੀਵਾਨੇ ਤੇ ਦੀਪਿਕਾ ਸਿੰਘ ਦੇ ਦਿਲ ਦੀ ਧੜਕਣ ਰਿਹਾ ਰਣਵੀਰ ਸਿੰਘ ਕਹਿ ਰਿਹਾ ਹੈ ਕਿ ਭੁੱਲ ਜਾਵੋਗੇ 'ਦਬੰਗ', 'ਸਿੰਘਮ' ਤੇ 'ਸਿੰਬਾ' ਦੀ ਝਲਕ...। ਰੋਹਿਤ ਸ਼ੈਟੀ ਨੇ 'ਸਿੰਬਾ' 'ਚ ਰਣਵੀਰ ਨੂੰ ਲੈ ਲਿਆ, ਧਮਾਲ ਮਚਾ ਸਾਰੇ ਰਿਕਾਰਡ ਭਲਾ ਤੋੜ ਦੂ ਫਿਰ 'ਸਿੰਘਮ', 'ਦਬੰਗ' ਨਾਲ ਹੋਊ ਮੁਕਾਬਲਾ, ਦੂਰ ਦੀ ਕਬੱਡੀ...। ਸੁਪਰ ਹੀਰੋ ਦੇ ਪਹਿਰਾਵੇ 'ਚ ਰਣਵੀਰ ਸਿੰਘ ਨੇ ਹਵਾਈ ਜਹਾਜ਼ 'ਚ ਮਸਤੀ ਕਰਕੇ ਸਾਰੇ ਮੁਸਾਫਿਰਾਂ ਦਾ ਦਿਲ ਮੋਹ ਲਿਆ ਸੀ। ਜੇ ਉਹ ਕ੍ਰਿਕਟਰ ਹੁੰਦਾ ਤਾਂ ਰਣਵੀਰ ਭਾਵਨਾਨੀ ਕਹਿ ਕੇ ਲੋਕ ਉਸ ਨੂੰ ਪੁਕਾਰਦੇ। ਸੈਫ਼ ਦੀ ਬੇਟੀ ਸਾਰਾ ਅਲੀ ਖ਼ਾਨ ਉਹ ਖੁਸ਼ਕਿਸਮਤ ਹੈ, ਜੋ ਰਣਵੀਰ ਸਿੰਘ ਨਾਲ ਪ੍ਰਵੇਸ਼-ਏ-ਫ਼ਿਲਮ ਸਨਅਤ ਕਰ ਰਹੀ ਹੈ। ਰੰਗੀਲਾ, ਜ਼ਬਰਦਸਤ ਸਰੀਰ ਦਾ ਮਾਲਕ ਰਣਵੀਰ ਸਿੰਘ ਸਭ ਠੀਕ-ਠਾਕ ਹੈ, ਸਿਰਫ਼ ਤੇ ਸਿਰਫ਼ ਝੂਠ ਬੋਲਣ ਤੇ ਗੱਪ ਮਾਰਨ ਦੀ ਆਦਤ ਮਾੜੀ ਹੈ। ਇਹੋ ਮਾੜੀਆਂ ਗੱਲਾਂ ਕੀਤੇ ਕਰਾਏ ਸਿਰ ਸੁਆਹ ਪਾਉਣ ਵਾਲੀ ਗੱਲ ਨੂੰ ਸੱਦਾ ਦਿੰਦੀਆਂ ਹਨ। ਦੀਪਿਕਾ ਦੇ ਬਰੇਕ ਡਾਂਸ ਉਸ ਦੀ ਰੂਹ ਦੀ ਖੁਰਾਕ ਹਨ, ਕਦੇ ਬੇਹੱਦ ਸੰਘਰਸ਼ ਤੇ ਅੱਜ ਸਾਰਾ ਅਲੀ ਖ਼ਾਨ ਲਈ ਸੁਪਰ ਹੀਰੋ ਰਣਵੀਰ ਸਿੰਘ ਪਤਾ ਨਹੀਂ ਕਿਉਂ ਰਣਬੀਰ ਕਪੂਰ ਨਾਲ ਨਰਾਜ਼ ਹੈ ਪਰ ਕਿਤੇ ਇਹ ਨਰਾਜ਼ਗੀ ਵੀ ਝੂਠ ਦਾ ਪੁਲੰਦਾ ਤਾਂ ਨਹੀਂ, ਕੀ ਪਤਾ?

ਕਾਜੋਲ

ਉਹ ਘੜੀ ਆ ਗਈ

ਜਿਸ ਦਾ ਸੀ ਕਾਜੋਲ ਦੇ ਚਹੇਤਿਆਂ ਨੂੰ ਇੰਤਜ਼ਾਰ ਉਹ ਘੜੀ ਸਮਝੋ ਆ ਗਈ ਤੇ ਅਗਲੇ ਤੋਂ ਅਗਲੇ ਮਹੀਨੇ 14 ਸਤੰਬਰ ਨੂੰ 'ਹੈਲੀਕਾਪਟਰ ਈਲਾ' ਨਾਂਅ ਦੀ ਆ ਰਹੀ ਅਜੈ ਦੇਵਗਣ ਦੀ ਫ਼ਿਲਮ 'ਚ ਕਾਜੋਲ ਆ ਰਹੀ ਹੈ। ਆਨੰਦ ਗਾਂਧੀ ਦੇ ਗੁਜਰਾਤੀ ਨਾਟਕ 'ਬੇਟਾ ਕਾਗੜੋ' 'ਤੇ ਆਧਾਰਿਤ ਕਾਜੋਲ ਦੀ 'ਹੈਲੀਕਾਪਟਰ ਈਲਾ' ਹੈ। ਫ਼ਿਲਮ 'ਚ ਕਾਜੋਲ ਮਾਂ ਦੀ ਭੂਮਿਕਾ 'ਚ ਹੈ ਤੇ ਫ਼ਿਲਮ ਦਾ ਨਿਰਮਾਣ ਅਜੈ ਦੇਵਗਣ ਨੇ ਕੀਤਾ ਹੈ। ਰਿਧੀ ਸੇਨ ਫ਼ਿਲਮ 'ਚ ਕਾਜੋਲ ਦਾ ਬੇਟਾ ਬਣਿਆ ਹੈ ਤੇ ਨੇਹਾ ਧੂਪੀਆ ਵੀ ਫ਼ਿਲਮ 'ਚ ਹੈ। ਫ਼ਿਲਮ ਦੀ ਕਹਾਣੀ ਅਨੁਸਾਰ ਕਾਜੋਲ ਇਕ ਗਾਇਕਾ ਬਣਨਾ ਚਾਹੁੰਦੀ ਹੈ। ਮਜ਼ੇਦਾਰ ਦਿੱਖ ਵਾਲਾ ਕਾਜੋਲ ਦਾ ਪੋਸਟਰ ਵਾਰ-ਵਾਰ ਦੇਖਣ ਵਾਲਾ ਹੈ। ਪ੍ਰਦੀਪ ਸਰਕਾਰ ਫ਼ਿਲਮ ਦੇ ਨਿਰਦੇਸ਼ਕ ਹਨ ਪਰ ਹਾਂ ਅਜੈ ਦੇਵਗਨ ਫ਼ਿਲਮ 'ਚ ਕਾਜੋਲ ਦੇ ਨਾਲ ਨਹੀਂ ਹਨ ਤੇ ਹਾਂ 'ਹੈਲੀਕਾਪਟਰ ਈਲਾ' ਦੇ ਸੈੱਟ ਦੀ ਗੱਲ ਹੈ ਕਿ ਇਕ ਦਿਨ ਉੱਚੀ ਅੱਡੀ ਦੀ ਜੁੱਤੀ ਪਾ ਕੇ ਆਈ ਪਰ ਅਚਾਨਕ ਇਸ ਦਾ ਸੰਤੁਲਨ ਵਿਗੜ ਗਿਆ ਤੇ ਕਾਜੋਲ ਸੱਟ ਤੋਂ ਮਸਾਂ ਹੀ ਬਚੀ। ਹਾਲੀਵੁੱਡ ਕਾਰਟੂਨ ਲੜੀ 'ਇਨਕਰੈਡੀਬਲਜ਼-2' ਦਾ ਹਿੱਸਾ ਵੀ ਕਾਜੋਲ ਬਣੀ ਹੈ। ਉਧਰ 'ਬੱਤੀ ਗੁੱਲ ਮੀਟਰ ਚਾਲੂ' ਵੀ 14 ਸਤੰਬਰ ਨੂੰ ਆ ਰਹੀ ਹੈ। 'ਹੈਲੀਕਾਪਟਰ ਈਲਾ' ਵੀ ਇਸੇ ਤਰੀਕ ਨੂੰ। ਪਰ ਕਾਜੋਲ ਨੂੰ ਕੋਈ ਘਬਰਾਹਟ ਨਹੀਂ ਹੈ। ਸਭ ਸਹੀ ਰਿਹਾ ਤਾਂ ਸ਼ਾਹਰੁਖ-ਕਾਜੋਲ ਨੂੰ ਲੈ ਕੇ ਕਰਨ ਜੌਹਰ ਨਵੀਂ ਫ਼ਿਲਮ ਸ਼ੁਰੂ ਕਰ ਸਕਦੇ ਹਨ। ਹਾਂ ਬਾਇਓਪਿਕ ਫ਼ਿਲਮਾਂ ਤੋਂ ਕਾਜੋਲ ਨੂੰ ਖਿਝ ਹੈ। ਕਾਜੋਲ ਨਹੀਂ ਚਾਹੁੰਦੀ ਕਿ ਉਸ 'ਤੇ ਕੋਈ ਫ਼ਿਲਮ ਬਣੇ। ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਯੁੱਗ, ਨਿਆਸਾ ਤੇ ਅਜੈ ਦੇਵਗਨ ਨਾਲ ਬਤੀਤ ਕਰ ਰਹੀ ਹੈ, ਉਸ ਤੋਂ ਉਹ ਖੁਸ਼ ਹੈ।

ਮਾਹੀ ਗਿੱਲ

ਮੋਨਾ ਡਾਰਲਿੰਗ

'ਜ਼ੰਜੀਰ' ਫ਼ਿਲਮ ਦਾ ਰੀਮੇਕ ਮਾਹੀ ਗਿੱਲ ਨੂੰ ਬਹੁਤ ਹੀ ਫਾਇਦਾ ਦੇਵੇਗਾ, ਇੰਡਸਟਰੀ ਦੇ ਪੰਡਿਤ ਇਹ ਵਿਚਾਰ ਤੇ ਭਵਿੱਖਬਾਣੀ ਕਰ ਰਹੇ ਹਨ। ਫੈਸ਼ਨ ਡਿਜ਼ਾਈਨਰ ਪ੍ਰਿਯਾ ਕਟਾਰੀਆ 'ਜ਼ੰਜੀਰ' ਲਈ ਮਾਹੀ ਗਿੱਲ ਦੇ ਸਾਰੇ ਪਹਿਰਾਵੇ, ਰੂਪ ਸਜਾ ਤੱਕ ਦੀ ਜ਼ਿੰਮੇਵਾਰੀ ਆਪ ਸੰਭਾਲ ਰਹੀ ਹੈ। ਰਵਾਇਤੀ ਤੇ ਦੇਸੀ ਕਿਰਦਾਰਾਂ ਦੀ ਮਹਾਰਾਣੀ ਮਾਹੀ ਨੇ 'ਪਾਨ ਸਿੰਘ ਤੋਮਰ', 'ਦੇਵ ਡੀ', 'ਸਾਹਬ ਬੀਵੀ ਔਰ ਗੈਂਗਸਟਰ' ਫ਼ਿਲਮਾਂ ਕਰ ਕੇ ਆਪਣੇ ਅਭਿਨੈ ਦਾ ਲੋਹਾ ਸਭ ਨੂੰ ਮੰਨਵਾਇਆ ਹੈ। ਪ੍ਰਿਆ ਕਟਾਰੀਆ ਨੇ ਤਾਂ ਨਵੀਂ ਮਾਹੀ ਹੀ ਬਣਾ ਦੇਣੀ ਹੈ ਤੇ ਪ੍ਰਿਆ ਨੇ ਮਾਹੀ ਦੇ ਵਾਲਾਂ ਦਾ ਰੰਗ ਬਦਲ ਦਿੱਤਾ ਹੈ। ਮਾਹੀ ਪਹਿਲਾਂ ਸਧਾਰਨ ਵਾਲ ਹੀ ਰੱਖਦੀ ਸੀ ਤੇ ਖਾਦੀ ਭੰਡਾਰ ਦੀ ਮਹਿੰਦੀ ਵਾਲਾਂ ਲਈ ਇਸਤੇਮਾਲ ਕਰਦੀ ਸੀ। 'ਮੋਨਾ ਡਾਰਲਿੰਗ' ਦੀ ਭੂਮਿਕਾ ਮਾਹੀ ਗਿੱਲ 'ਜ਼ੰਜੀਰ' ਵਿਚ ਨਿਭਾਅ ਰਹੀ ਹੈ। 'ਬਾਬਾ ਇਜ਼ ਬੈਕ' ਅਰਥਾਤ 'ਸੰਜੂ' ਨਾਲ ਜੋੜੀ 'ਤੇ ਸੰਜੇ ਦੱਤ ਨੂੰ 'ਸਾਹਬ ਬੀਵੀ ਔਰ ਗੈਂਗਸਟਰ' 'ਚ ਸ਼ਾਮਿਲ ਕਰਨਾ ਮਾਹੀ ਨੂੰ ਵਧੀਆ ਲੱਗਿਆ ਹੈ। ਮਾਹੀ ਗਿੱਲ ਦਾ ਖੁੱਲ੍ਹਾ-ਡੁੱਲ੍ਹਾ ਅੰਦਾਜ਼ ਜਿੰਮੀ ਸ਼ੇਰਗਿੱਲ ਨਾਲ ਤੇ 'ਬਾਬਾ ਇਜ਼ ਬੈਕ' ਸੰਜੇ ਦੱਤ ਨਾਲ ਦ੍ਰਿਸ਼ ਮਾਹੀ ਇਸ ਫ਼ਿਲਮ ਦਾ ਪੂਰਾ ਲੁਤਫ਼ ਲੈ ਰਹੀ ਹੈ। 'ਜ਼ੰਜੀਰ' ਤੋਂ ਪਹਿਲਾਂ ਮਾਹੀ ਗਿੱਲ ਪੂਰੀ ਚਰਚਾ ਚਾਹੁੰਦੀ ਹੈ। ਮਾਹੀ ਦੀ ਇਹ ਫ਼ਿਲਮ ਹਿੱਟ ਰਹੀ ਤਾਂ ਫਿਰ ਮਾਹੀ ਗਿੱਲ ਕਈਆਂ ਦੇ ਸੀਨਿਆਂ 'ਤੇ ਗੱਡੇਗੀ ਕਾਮਯਾਬੀ ਦੇ ਕਿੱਲ ਤੇ ਅੰਗਰੇਜ਼ੀ 'ਚ ਕਈਆ ਹੀਰੋਇਨਾਂ ਨੂੰ 'ਕਿਲ' ਕਰ ਕੇ 'ਜ਼ੰਜੀਰ' ਲਈ ਵਧੀਆ ਪਿੱਠ ਭੂਮੀ ਬਣਾਏਗੀ। ਸੰਜੀਦਾ ਤੇ ਖੁੱਲ੍ਹੇ-ਡੁੱਲ੍ਹੇ ਕਿਰਦਾਰਾਂ ਲਈ ਚਰਚਿਤ ਮਾਹੀ ਗਿੱਲ ਪਹਿਲਾਂ ਪਹਿਲ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੀ ਹੈ। ਖ਼ੈਰ ਹੁਣ ਮਾਹੀ 2018 ਨੂੰ ਯਾਦਗਾਰੀ ਸਾਲ ਆਪਣੇ ਲਈ ਬਣਾਉਣਾ ਚਾਹੁੰਦੀ ਹੈ। ਕਾਮਯਾਬੀ ਦੀ ਦੀਵਾਲੀ, ਕ੍ਰਿਸਮਸ ਤਾਂ ਹੀ ਮੰਨੇਗੀ ਜੇ 'ਸਾਹਿਬ ਬੀਵੀ ਔਰ ਗੈਂਗਸਟਰ-3' ਹਿੱਟ ਰਹੇਗੀ ਤੇ ਫਿਰ 'ਮੋਨਾ ਡਾਰਲਿੰਗ' ਬਣ ਮਾਹੀ 'ਜ਼ੰਜੀਰ' ਨਾਲ ਚੋਟੀ ਦੀਆਂ ਹੀਰੋਇਨਾਂ ਨੂੰ ਟੱਕਰ ਦੇਵੇਗੀ ਤੇ ਵਪਾਰਕ ਸਿਨੇਮਾ 'ਚ ਵੀ ਸਫ਼ਲ ਹੋਣ ਦਾ ਤਗਮਾ ਪ੍ਰਾਪਤ ਕਰੇਗੀ। 'ਸੰਜੂ' 'ਬਾਬਾ ਇਜ਼ ਬੈਕ' ਦੀ ਪਟਕਥਾ ਲਿਖ ਸਕਦੀ ਹੈ ਤਾਂ 'ਸਾਹਿਬ ਬੀਵੀ ਔਰ ਗੈਂਗਸਟਰ' ਦੀ ਸਫ਼ਲਤਾ ਮਾਹੀ ਗਿੱਲ ਨੂੰ ਕਾਮਯਾਬੀ ਦੀ 'ਜ਼ੰਜੀਰ' ਪਾ ਸਕਦੀ ਹੈ।

ਚੰਗੇ ਨਿਰਮਾਤਾ ਨਿਰਦੇਸ਼ਕ ਨਾਲ ਕੰਮ ਕਰਨ ਦੀ ਇੱਛਾ ਪੂਰੀ ਹੋਈ : ਇਸ਼ਾਨ ਖੱਟਰ

ਹੁਣ ਤੱਕ ਬਾਲੀਵੁੱਡ ਵਿਚ ਇਹ ਕਿਹਾ ਜਾਂਦਾ ਰਿਹਾ ਹੈ ਕਿ ਜੇਕਰ ਸਟਾਰ ਬਣਨਾ ਹੈ ਤਾਂ ਤੁਹਾਡਾ ਸਰਨੇਮ ਖੰਨਾ, ਖਾਨ ਜਾਂ ਕਪੂਰ ਹੋਣਾ ਚਾਹੀਦੈ। ਪਰ ਹੁਣ ਇਹ ਕਿਹਾ ਜਾਣ ਲੱਗਿਆ ਹੈ ਕਿ ਜੇਕਰ ਸਟਾਰ ਬਣਨਾ ਹੈ ਤਾਂ ਨੀਲਿਮਾ ਅਜ਼ੀਮ ਦੀ ਕੋਖ ਤੋਂ ਜਨਮ ਲੈਣਾ ਹੋਵੇਗਾ। ਨੀਲਿਮਾ ਦੇ ਵੱਡੇ ਬੇਟੇ ਸ਼ਾਹਿਦ ਕਪੂਰ ਸਟਾਰ ਹਨ। ਹੁਣ ਦੂਜੇ ਬੇਟੇ ਇਸ਼ਾਨ ਖੱਟਰ ਵੀ ਸਟਾਰਡਮ ਦੀ ਰਾਹ 'ਤੇ ਅੱਗੇ ਵਧ ਰਹੇ ਹਨ। ਪਹਿਲਾਂ ਇਸ ਨੌਜਵਾਨ ਅਭਿਨੇਤਾ ਨੇ ਕੌਮਾਂਤਰੀ ਪ੍ਰਸਿੱਧੀ ਹਾਸਲ ਨਿਰਦੇਸ਼ਕ ਮਾਜਿਦ ਮਜੀਦੀ ਦੀ ਫ਼ਿਲਮ 'ਬਿਓਂਡ ਦ ਕਲਾਉਡਸ' ਵਿਚ ਕੰਮ ਕੀਤਾ ਤੇ ਹੁਣ ਉਹ 'ਧੜਕ' ਵਿਚ ਜਾਹਨਵੀ ਕਪੂਰ ਦੇ ਹੀਰੋ ਬਣ ਕੇ ਆ ਰਹੇ ਹਨ। ਇਥੇ ਉਹ ਆਪਣੀ ਇਸ ਦੂਜੀ ਫ਼ਿਲਮ ਬਾਰੇ ਗੱਲ ਕਰ ਰਹੇ ਹਨ।
* ਤੁਸੀਂ ਚਾਹੁੰਦੇ ਤਾਂ 'ਧੜਕ' ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਸਕਦੇ ਸੀ। 'ਬਿਓਂਡ ਦ ਕਲਾਉਡਸ' ਵਰਗੀ ਆਰਟ ਫ਼ਿਲਮ ਤੋਂ ਅਭਿਨੈ ਪਾਰੀ ਦੀ ਸ਼ੁਰੂਆਤ ਕਰਨ ਦੀ ਕੋਈ ਖ਼ਾਸ ਵਜ੍ਹਾ?
-ਬਸ ਇੰਝ ਸਮਝ ਲਓ ਕਿ ਮਾਜਿਦ ਸਰ ਦੀ ਫ਼ਿਲਮ ਨਾਲ ਮੇਰੀ ਸ਼ੁਰੂਆਤ ਹੋਣੀ ਲਿਖੀ ਸੀ। ਮੈਂ 2016 ਵਿਚ ਕਰਨ ਸਰ ਨੂੰ ਮਿਲਿਆ ਸੀ ਅਤੇ ਉਹ ਮੈਨੂੰ ਲੈ ਕੇ ਇਕ ਫ਼ਿਲਮ ਸ਼ੁਰੂ ਕਰਨਾ ਚਾਹੁੰਦੇ ਸਨ। ਉਹ ਫ਼ਿਲਮ ਸ਼ੁਰੂ ਕਰਨ ਵਿਚ ਦੇਰੀ ਕਰ ਰਹੇ ਸਨ ਕਿਉਂਕਿ ਉਹ ਇਹ ਦੇਖਣਾ ਚਾਹੁੰਦੇ ਸਨ ਕਿ ਮੈਂ ਉਸ ਫ਼ਿਲਮ ਦੇ ਕਾਬਲ ਹਾਂ ਜਾਂ ਨਹੀਂ। ਉਨ੍ਹੀਂ ਦਿਨੀਂ ਮੈਂ ਕਰਨ ਸਰ ਵਲੋਂ ਬਣਾਈ ਗਈ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦੇਖੀ ਅਤੇ ਮੈਨੂੰ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੇ ਕੰਮ ਨੇ ਪ੍ਰਭਾਵਿਤ ਕੀਤਾ ਸੀ। ਕਰਨ ਸਰ ਤੋਂ ਇਜਾਜ਼ਤ ਲੈ ਕੇ ਮੈਂ ਆਪਣਾ ਸਮਾਂ ਸ਼ਸ਼ਾਂਕ ਦੇ ਨਾਲ ਬਿਤਾਉਣ ਲੱਗਿਆ ਤਾਂ ਕਿ ਫ਼ਿਲਮ ਨਿਰਮਾਣ ਬਾਰੇ ਨਵੀਂ ਜਾਣਕਾਰੀ ਹਾਸਲ ਕਰਦਾ ਰਹਾਂ। ਇਕ ਦਿਨ ਸ਼ਸ਼ਾਂਕ ਨੇ ਮੈਨੂੰ ਮਰਾਠੀ ਫ਼ਿਲਮ 'ਸੌਰਾਟ' ਦੇਖਣ ਲਈ ਸੱਦਾ ਦਿੱਤਾ ਅਤੇ ਨਾਲ ਇਹ ਵੀ ਕਿਹਾ ਕਿ ਉਹ ਇਸ ਨੂੰ ਆਪਣੇ ਹਿਸਾਬ ਨਾਲ ਹਿੰਦੀ ਵਿਚ ਬਣਾਉਣਾ ਚਾਹੁੰਦੇ ਹਨ। ਇਹ ਸੁਣ ਕੇ ਮੈਂ ਕਾਫੀ ਖੁਸ਼ ਹੋਇਆ। ਉਹ ਕਹਾਣੀ 'ਤੇ ਕੰਮ ਕਰਨ ਲੱਗੇ ਸਨ ਕਿ ਉਨ੍ਹੀਂ ਦਿਨੀਂ ਮੈਨੂੰ ਕਾਸਟਿੰਗ ਡਾਇਰੈਕਟਰ ਹਨੀ ਤ੍ਰੇਹਾਨ ਦਾ ਫੋਨ ਆਇਆ ਅਤੇ ਮਾਜਿਦ ਸਰ ਦੀ ਫ਼ਿਲਮ ਦੀ ਪੇਸ਼ਕਸ਼ ਕੀਤੀ। ਮੈਂ ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਦੇਖੀਆਂ ਸਨ ਅਤੇ ਜਾਣਦਾ ਸੀ ਕਿ ਉਹ ਕਿਸ ਉੱਚ ਕੋਟੀ ਦੇ ਨਿਰਦੇਸ਼ਕ ਹਨ। ਜਦੋਂ ਮੈਨੂੰ 'ਬਿਓਂਡ ਦ ਕਲਾਉਡਸ' ਦੀ ਪੇਸ਼ਕਸ਼ ਹੋਈ ਤਾਂ ਮੈਂ ਇਸ ਬਾਰੇ ਕਰਨ ਸਰ ਨੂੰ ਦੱਸਿਆ ਅਤੇ ਉਨ੍ਹਾਂ ਦੀ ਇਜਾਜ਼ਤ ਲੈ ਕੇ ਉਹ ਫ਼ਿਲਮ ਹੱਥ ਵਿਚ ਲਈ। ਉਹ ਜਲਦੀ ਬਣ ਗਈ। ਸੋ, ਰਿਲੀਜ਼ ਹੋ ਗਈ ਅਤੇ 'ਸੌਰਾਟ' ਦੀ ਰੀਮੇਕ ਭਾਵ 'ਧੜਕ' ਹੁਣ ਆਈ ਹੈ।'
* 'ਸੈਰਾਟ' ਦੀ ਸਫਲਤਾ ਦਾ ਫਾਇਦਾ ਇਸ ਦੀ ਨਾਇਕਾ ਰਿੰਕੂ ਰਾਜਗੁਰੂ ਨੂੰ ਬਹੁਤ ਮਿਲਿਆ ਸੀ ਅਤੇ ਹੀਰੋ ਆਕਾਸ਼ ਠੋਸਰ ਨੂੰ ਕੰਮ। ਕਿਤੇ ਤੁਹਾਡੇ ਦਿਮਾਗ਼ ਵਿਚ ਇਹ ਡਰ ਤਾਂ ਨਹੀਂ ਸੀ ਕਿ 'ਧੜਕ' ਦਾ ਫਾਇਦਾ ਜਾਹਨਵੀ ਨੂੰ ਜ਼ਿਆਦਾ ਮਿਲੇਗਾ ਅਤੇ ਤੁਹਾਨੂੰ ਘੱਟ?
-ਜੀ ਨਹੀਂ। ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਉਦੋਂ ਮੇਰੇ ਦਿਮਾਗ਼ ਵਿਚ ਇਹੀ ਸੀ ਕਿ ਮੈਂ ਚੰਗੀ ਫ਼ਿਲਮ ਕਰਨੀ ਹੈ, ਚੰਗੇ ਨਿਰਮਾਤਾ ਤੇ ਨਿਰਦੇਸ਼ਕਾਂ ਨਾਲ ਕੰਮ ਕਰਨਾ ਹੈ। ਕਰਨ ਜੌਹਰ ਵਲੋਂ ਬਣਾਈ ਗਈ ਫ਼ਿਲਮ ਵਿਚ ਕੰਮ ਕਰਨ ਲਈ ਹਰ ਕਲਾਕਾਰ ਤਰਸਦਾ ਹੈ। ਜਦੋਂ ਉਨ੍ਹਾਂ ਨੇ ਮੈਨੂੰ ਆਪਣੀ ਫ਼ਿਲਮ ਵਿਚ ਲਿਆ ਤਾਂ ਮੈਂ ਫਿਰ ਦੂਜੇ ਪਹਿਲੂਆਂ 'ਤੇ ਕਿਉਂ ਧਿਆਨ ਦੇਵਾਂ।

ਸ੍ਰੀਦੇਵੀ ਦੀ ਬੇਟੀ ਹੋਣ ਦਾ ਦਬਾਅ ਜ਼ਰੂਰ ਹੈ-ਜਾਹਨਵੀ ਕਪੂਰ

'ਧੜਕ' ਤੋਂ ਸਵਰਗੀ ਸ੍ਰੀਦੇਵੀ ਦੀ ਬੇਟੀ ਜਾਹਨਵੀ ਨੂੰ ਫ਼ਿਲਮਾਂ ਵਿਚ ਪੇਸ਼ ਕੀਤਾ ਗਿਆ ਹੈ। ਇਕ ਸਟਾਰ ਅਭਿਨੇਤਰੀ ਦੀ ਬੇਟੀ ਹੋਣ ਕਰ ਕੇ ਜਾਹਨਵੀ ਤੋਂ ਉੱਚੀਆਂ ਉਮੀਦਾਂ ਹੋਣਾ ਸੁਭਾਵਿਕ ਹੀ ਹੈ। ਖ਼ੁਦ ਜਾਹਨਵੀ ਵੀ ਇਹ ਜਾਣਦੀ ਹੈ ਕਿ ਉਸ ਤੋਂ ਕੀ ਉਮੀਦ ਰੱਖੀ ਗਈ ਹੈ। ਸਟਾਰਡਮ ਦੀਆਂ ਪੌੜੀਆਂ ਚੜ੍ਹ ਰਹੀ ਇਸ ਅਭਿਨੇਤਰੀ ਨਾਲ ਹੋਈ ਗੱਲਬਾਤ ਇਥੇ ਪੇਸ਼ ਹੈ :
* ਤੁਸੀਂ ਫ਼ਿਲਮੀ ਮਾਹੌਲ ਵਿਚ ਆਪਣੀਆਂ ਅੱਖਾਂ ਖੋਲ੍ਹੀਆਂ, ਕੀ ਇਸੇ ਵਜ੍ਹਾ ਕਰ ਕੇ ਤੁਸੀਂ ਫ਼ਿਲਮਾਂ ਵਿਚ ਆਉਣ ਦਾ ਮਨ ਬਨਾ ਲਿਆ ਸੀ?
-ਇਹ ਤਾਂ ਸੱਚ ਹੈ ਕਿ ਮੈਂ ਫ਼ਿਲਮੀ ਮਾਹੌਲ ਵਿਚ ਪਲੀ ਹਾਂ। ਉਦੋਂ ਬਚਪਨ ਵਿਚ ਸੋਚਿਆ ਸੀ ਕਿ ਵੱਡੀ ਹੋ ਕੇ ਮੈਂ ਹੀਰੋਇਨ ਬਣਾਂਗੀ। ਪਰ ਬਾਅਦ ਵਿਚ ਸਮੇਂ-ਸਮੇਂ 'ਤੇ ਮੇਰੀ ਸੋਚ ਵਿਚ ਬਦਲਾਅ ਆਉਂਦੇ ਰਹੇ। ਕਦੀ ਕੁਝ ਬਣਨ ਦਾ ਸੋਚਦੀ ਤੇ ਕਦੀ ਕੁਝ। ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਜਦੋਂ ਮੇਰੇ ਤੋਂ ਪੁੱਛਿਆ ਗਿਆ ਕਿ ਕਿਹੜਾ ਕੋਰਸ ਕਰਨਾ ਹੈ ਤਾਂ ਮੈਂ ਐਕਟਿੰਗ ਕੋਰਸ ਦਾ ਨਾਂਅ ਲਿਆ ਅਤੇ ਅਮਰੀਕਾ ਵਿਚ ਜਦੋਂ ਮੈਂ ਐਕਟਿੰਗ ਕੋਰਸ ਕਰਨ ਲੱਗੀ ਉਦੋਂ ਮੈਂ ਅਭਿਨੈ ਬਾਰੇ ਗੰਭੀਰਤਾ ਨਾਲ ਸੋਚਣ ਲੱਗੀ ਅਤੇ ਫਿਰ ਇਕ ਦਿਨ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਫ਼ਿਲਮਾਂ ਵਿਚ ਆਉਣਾ ਚਾਹੁੰਦੀ ਹਾਂ।
* ਤੇ ਮਾਂ ਦੀ ਕੀ ਪ੍ਰਤੀਕਿਰਿਆ ਸੀ?
-ਜਦੋਂ ਮੈਂ ਲਾਸ ਏਂਜਲਸ ਵਿਚ ਐਕਟਿੰਗ ਦਾ ਕੋਰਸ ਕਰ ਰਹੀ ਸੀ, ਉਦੋਂ ਮੈਂ ਮਾਂ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਮੈਂ ਇਕ ਹੋਰ ਸਮੈਸਟਰ ਕਰਨਾ ਚਾਹੁੰਦੀ ਹਾਂ। ਮੈਂ ਅਭਿਨੈ ਵਿਚ ਆਉਣਾ ਚਾਹੁੰਦੀ ਸੀ। ਸੋ, ਸੰਵਾਦ ਅਦਾਇਗੀ, ਡਾਂਸ, ਹਾਵਭਾਵ ਆਦਿ 'ਤੇ ਹੋਰ ਮਿਹਨਤ ਕਰਨਾ ਚਾਹੁੰਦੀ ਸੀ। ਜਦੋਂ ਮਾਂ ਨੂੰ ਸਮੈਸਟਰ ਬਾਰੇ ਗੱਲ ਕਰ ਕੇ ਇਹ ਕਿਹਾ ਕਿ ਮੈਂ ਐਕਟਿੰਗ ਵਿਚ ਆਉਣਾ ਚਾਹੁੰਦੀ ਹਾਂ ਤਾਂ ਮੈਨੂੰ ਉਨ੍ਹਾਂ ਦੀ ਆਵਾਜ਼ ਵਿਚ ਲੁਕੀ ਘਬਰਾਹਟ ਸਾਫ਼ ਮਹਿਸੂਸ ਹੋਈ ਸੀ। ਉਹ ਇਸ ਲਈ ਕਿਉਂਕਿ ਉਹ ਮੇਰੇ ਵਲ ਬਹੁਤ ਧਿਆਨ ਦਿੰਦੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਮੈਂ ਹੁਣ ਵੀ ਬੱਚੀ ਹੀ ਹਾਂ। ਇਕ ਮਾਂ ਦੇ ਨਾਤੇ ਉਨ੍ਹਾਂ ਦੀ ਮੇਰੇ ਬਾਰੇ ਫਿਕਰ ਹੋਣੀ ਲਾਜ਼ਮੀ ਸੀ।
* ਤੁਹਾਡੇ ਪਿਤਾ ਨਾਮੀ ਫ਼ਿਲਮ ਨਿਰਮਾਤਾ ਹਨ। ਤੇ ਪਿਤਾ ਵਲੋਂ ਫ਼ਿਲਮਾਂ ਵਿਚ ਪੇਸ਼ ਹੋਣ ਦੀ ਬਜਾਏ ਤੁਸੀਂ ਕਰਨ ਜੌਹਰ ਦੇ ਬੈਨਰ ਦੀ ਫ਼ਿਲਮ ਕਿਉਂ ਚੁਣੀ?
-ਇਹ ਸੱਚ ਹੈ ਕਿ ਜੇਕਰ ਮੈਂ ਆਪਣੇ ਪਿਤਾ ਨੂੰ ਕਹਿੰਦੀ ਤਾਂ ਉਹ ਮੇਰੇ ਲਈ ਇਕ ਫ਼ਿਲਮ ਦਾ ਨਿਰਮਾਣ ਕਰ ਦਿੰਦੇ ਅਤੇ ਵਧੀਆ ਢੰਗ ਨਾਲ ਮੈਨੂੰ ਪੇਸ਼ ਕਰਦੇ। ਪਰ ਮੈਨੂੰ ਲੱਗਿਆ ਕਿ ਆਪਣੇ ਦਮ 'ਤੇ ਆਪਣੀ ਸ਼ੁਰੂਆਤ ਕਰਨਾ ਸਹੀ ਰਹੇਗਾ। ਮੈਂ ਇਹ ਵੀ ਮੰਨਦੀ ਹਾਂ ਕਿ ਮੈਨੂੰ ਇਹ ਫ਼ਿਲਮ ਸ੍ਰੀਦੇਵੀ ਦੀ ਬੇਟੀ ਹੋਣ ਦੇ ਨਾਤੇ ਮਿਲੀ ਹੈ। ਪਰ ਬੇਟੀ ਦਾ ਇਹ ਤਗਮਾ ਜ਼ਿਆਦਾ ਨਹੀਂ ਚੱਲੇਗਾ। ਅੱਗੇ ਚਲ ਕੇ ਤਾਂ ਮੈਨੂੰ ਖ਼ੁਦ ਨੂੰ ਹੀ ਸਾਬਤ ਕਰਨਾ ਹੋਵੇਗਾ ਕਿ ਮੈਂ ਚੰਗੀ ਅਭਿਨੇਤਰੀ ਹਾਂ।
* ਕੀ ਤੁਹਾਡੇ 'ਤੇ ਸ੍ਰੀਦੇਵੀ ਦੀ ਬੇਟੀ ਹੋਣ ਦਾ ਦਬਾਅ ਹੈ?
-ਹਾਂ, ਉਨ੍ਹਾਂ ਦੀ ਬੇਟੀ ਹੋਣ ਦਾ ਦਬਾਅ ਜ਼ਰੂਰ ਹੈ। ਉਨ੍ਹਾਂ ਦੀ ਬੇਟੀ ਹੋਣ ਦੇ ਨਾਤੇ ਹੀ ਮੈਨੂੰ ਏਨੀ ਤਵੱਜੋਂ ਮਿਲ ਰਹੀ ਹੈ। ਹੁਣ ਤੱਕ ਮੈਨੂੰ ਜੋ ਵੀ ਮਿਲਿਆ ਹੈ, ਮੰਮੀ-ਪਾਪਾ ਦੀ ਬੇਟੀ ਹੋਣ ਦੇ ਨਾਤੇ ਮਿਲਿਆ ਹੈ। ਇਸ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਪਤਾ ਲੱਗੇਗਾ ਕਿ ਮੇਰੀ ਆਪਣੀ ਵੱਖਰੀ ਪਛਾਣ ਕੀ ਹੈ ਅਤੇ ਉਹ ਪਛਾਣ ਕੀ ਰੰਗ ਲਿਆਉਂਦੀ ਹੈ।

ਅਮਾਇਰਾ ਦਸਤੂਰ : ਮੈਂਟਲ ਹੈ ਕਿਆ

ਲੀਲਾ ਯਾਦਵ ਦੇ ਨਿਰਦੇਸ਼ਨ 'ਚ ਬਣ ਰਹੀ ਅਮਾਇਰਾ ਦੀ 'ਰਾਜਮਾਂਹ ਚਾਵਲ' ਹਾਲੀਵੁੱਡ ਫ਼ਿਲਮ 'ਗਰਲ ਵਿੱਦ ਦਾ ਡਰੈਗਨ ਟੈਟੂ' 'ਤੇ ਆਧਾਰਿਤ ਹੈ ਤੇ ਇਸ ਨੂੰ ਅਮਾਇਰਾ ਨੇ ਕਾਫ਼ੀ ਵਾਰ ਦੇਖਿਆ ਹੈ, ਤਾਂ ਜੋ ਪੂਰੀ ਸਮਰਪਿਤ ਉਹ ਕਿਰਦਾਰ ਨੂੰ ਹੋ ਜਾਏ। ਮੇਰਠ ਦੀ ਕੁੜੀ ਵਰਗੀ ਚਾਲ-ਢਾਲ, ਯੂ.ਪੀ. ਦੀ ਹਿੰਦੀ ਇਹ ਸਭ ਅਮਾਇਰਾ ਨੇ 'ਰਾਜਮਾਂਹ ਚਾਵਲ' ਲਈ ਸਿੱਖਿਆ। 'ਮੈਂਟਲ ਹੈ ਕਿਯਾ' ਅਮਾਇਰਾ ਦੀ ਕੰਗਨਾ ਰਣੌਤ ਨਾਲ ਆ ਰਹੀ ਫ਼ਿਲਮ ਹੈ ਤੇ 'ਪ੍ਰਸਥਾਨਮ' ਵੀ ਉਹ ਕਰ ਰਹੀ ਹੈ। 'ਮੈਂਟਲ ਹੈ ਕਿਆ', 'ਰਾਜਮਾਂਹ ਚਾਵਲ' ਇਨ੍ਹਾਂ ਦੋ ਫ਼ਿਲਮਾਂ 'ਤੇ ਉਸ ਦਾ ਕੈਰੀਅਰ ਕਾਫ਼ੀ ਹੱਦ ਤੱਕ ਨਿਰਭਰ ਹੈ।

'ਤਾਰਕ ਮਹਿਤਾ...' ਦੇ ਦਸ ਸਾਲ

ਹਾਸ ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਆਪਣੇ ਪ੍ਰਸਾਰਨ ਦੇ ਦਸ ਸਾਲ ਪੂਰੇ ਕਰ ਲਏ ਹਨ। ਅਮਿਤ ਮੋਦੀ ਵਲੋਂ ਬਣਾਏ ਇਸ ਲੜੀਵਾਰ ਦੀ ਪਰਿਕਲਪਨਾ ਗੁਜਰਾਤ ਦੇ ਨਾਮੀ ਹਾਸ ਲੇਖਕ ਸਵਰਗੀ ਤਾਰਕ ਮਹਿਤਾ ਦੇ ਹਾਸ ਲੇਖਾਂ ਤੋਂ ਲਈ ਗਈ ਸੀ। ਗੁਜਰਾਤੀ ਹਫ਼ਤਾਵਰੀ 'ਚਿਤਰਲੇਖਾ' ਵਿਚ ਉਨ੍ਹਾਂ ਦਾ ਕਾਲਮ 'ਦੁਨੀਆ ਨੇ ਊਂਧਾ ਚਸ਼ਮਾ' ਬਹੁਤ ਲੋਕਪ੍ਰਿਆ ਰਿਹਾ ਅਤੇ ਇਸ ਕਾਲਮ ਵਿਚ ਪੇਸ਼ ਕੀਤੇ ਗਏ ਕਿਰਦਾਰ ਜਿਵੇਂ ਜੇਠਾਲਾਲ, ਦਯਾ ਬੇਨ, ਟੱਪੂ, ਚੰਪਕ ਲਾਲ, ਹੁਣ ਸਵ: ਡਾ. ਹਾਥੀ ਨੂੰ ਲੈ ਕੇ ਇਸ ਲੜੀਵਾਰ ਦਾ ਢਾਂਚਾ ਬਣਾਇਆ ਗਿਆ ਅਤੇ ਉੱਤਰ ਭਾਰਤ ਦੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਕੁਝ ਨਵੇਂ ਕਿਰਦਾਰ ਵੀ ਜੋੜੇ ਗਏ। ਇਸ ਦਾ ਪ੍ਰਸਾਰਨ 28 ਜੁਲਾਈ 2008 ਨੂੰ ਸ਼ੁਰੂ ਹੋਇਆ ਸੀ ਅਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਲੜੀਵਾਰ ਆਪਣੀ ਲੋਕਪ੍ਰਿਅਤਾ ਬਰਕਰਾਰ ਰੱਖਣ ਵਿਚ ਸਫਲ ਰਿਹਾ ਹੈ। ਇਸ ਦੀ ਸਫਲਤਾ ਬਾਰੇ ਜੇਠਾਲਾਲ ਭਾਵ ਦਿਲੀਪ ਜੋਸ਼ੀ ਕਹਿੰਦੇ ਹਨ, 'ਇਨ੍ਹਾਂ ਦਸ ਸਾਲਾਂ ਵਿਚ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਐਪੀਸੋਡ ਦਰ ਐਪੀਸੋਡ ਲੜੀਵਾਰ ਦੀ ਤਾਜ਼ਗੀ ਕਿਵੇਂ ਬਰਕਰਾਰ ਰੱਖੀ ਜਾਵੇ। ਦਰਸ਼ਕਾਂ ਨੂੰ ਇਸ ਲ਼ੜੀਵਾਰ ਨਾਲ ਜੋੜੀ ਰੱਖਣ ਲਈ ਕਦੀ ਅਸੀਂ ਇਸ ਦੀ ਸ਼ੂਟਿੰਗ ਕੱਛ ਦੇ ਰੇਗਿਸਤਾਨ ਵਿਚ ਕੀਤੀ ਤੇ ਕਦੀ ਹਾਂਗਕਾਂਗ ਸਮੇਤ ਕੁਝ ਹੋਰ ਦੇਸ਼ਾਂ ਵਿਚ ਜਾ ਕੇ ਵੀ ਸ਼ੂਟਿੰਗ ਕੀਤੀ।
ਇਸ ਲੜੀਵਾਰ ਨੂੰ ਦਿੱਤੇ ਆਪਣੀ ਜ਼ਿੰਦਗੀ ਦੇ ਦਸ ਸਾਲ ਬਾਰੇ ਉਹ ਕਹਿੰਦੇ ਹਨ, 'ਇਹ ਸੱਚ ਹੈ ਕਿ ਪਿਛਲੇ ਦਸ ਸਾਲ ਮੈਂ ਆਪਣੇ ਪਰਿਵਾਰ ਦੇ ਨਾਲ ਘੱਟ ਅਤੇ ਇਸ ਯੂਨਿਟ ਦੇ ਨਾਲ ਜ਼ਿਆਦਾ ਬਿਤਾਇਆ ਹੈ। ਆਪਸੀ ਮੇਲਜੋਲ ਤੇ ਹਾਸੇ-ਖੁਸ਼ੀ ਦੇ ਮਾਹੌਲ ਵਿਚ ਦਸ ਸਾਲ ਕਿਵੇਂ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਸਚਮੁੱਚ, ਇਸ ਲੜੀਵਾਰ ਨੇ ਸਾਡੇ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।' 'ਚਿਤਰਲੇਖਾ' ਵਿਚ ਤਾਰਕ ਮਹਿਤਾ ਦਾ ਕਾਲਮ ਤਾਂ ਪੱਚੀ ਸਾਲ ਤੋਂ ਜ਼ਿਆਦਾ ਚਲਦਾ ਰਿਹਾ ਸੀ। ਹੁਣ ਦੇਖੋ, ਇਹ ਲੜੀਵਾਰ ਅੱਗੇ ਹੋਰ ਕਿੰਨੇ ਸੈਂਕੜੇ ਬਣਾਉਣ ਵਿਚ ਕਾਮਯਾਬ ਰਹਿੰਦਾ ਹੈ।


-ਮੁੰਬਈ ਪ੍ਰਤੀਨਿਧ

ਅੰਨ੍ਹੀ ਸ਼ਰਧਾ 'ਤੇ ਚੋਟ ਹੈ 'ਮ੍ਰਿਦੰਗ'

ਨਵੇਂ ਨਿਰਮਾਤਾ-ਨਿਰਦੇਸ਼ਕ ਰਿਤੇਸ਼ ਐਸ. ਕੁਮਾਰ ਨੇ ਅੰਨ੍ਹੀ ਸ਼ਰਧਾ ਖਿਲਾਫ਼ ਆਵਾਜ਼ ਚੁੱਕਦੇ ਹੋਏ 'ਮ੍ਰਿਦੰਗ' ਬਣਾਈ ਹੈ ਅਤੇ ਇਸ ਵਿਚ ਕਹਾਣੀ ਦੀ ਭੂਮਿਕਾ ਬਿਹਾਰ ਦੀ ਰੱਖੀ ਗਈ ਹੈ ਕਿਉਂਕਿ ਉਥੋਂ ਦੇ ਪਿੰਡ-ਕਸਬਿਆਂ ਵਿਚ ਅੰਨ੍ਹੀ ਸ਼ਰਧਾ ਦਾ ਰਿਵਾਜ ਕਾਫੀ ਹੈ।
ਸੁਲਤਾਨ ਗੰਜ ਦਾ ਵਾਸੀ ਆਦਿਤਿਆ (ਮਨੋਜ ਕੁਮਾਰ ਰਾਓ) ਪੇਸ਼ੇ ਤੋਂ ਵਕੀਲ ਹੈ ਅਤੇ ਉਸ ਦੀ ਪ੍ਰੈਕਟਿਸ ਠੀਕ-ਠਾਕ ਚੱਲ ਰਹੀ ਹੁੰਦੀ ਹੈ। ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ। ਉਸ ਦਾ ਵਿਆਹ ਸੋਨਮ (ਰੋਜ਼ ਲਸ਼ਕਰ) ਨਾਲ ਹੁੰਦਾ ਹੈ ਅਤੇ ਇਨ੍ਹਾਂ ਦਾ ਗ੍ਰਹਿਸਥ ਜੀਵਨ ਖੁਸ਼ੀ ਨਾਲ ਬੀਤ ਰਿਹਾ ਹੁੰਦਾ ਹੈ। ਵਿਆਹ ਤੋਂ ਬਾਅਦ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਤੋਂ ਵਾਂਝਾ ਰਹਿੰਦਾ ਹੈ। ਕਿਸੇ ਜ਼ਮਾਨੇ ਵਿਚ ਆਪਣੇ ਕਿਸੇ ਕੰਮ ਦੇ ਸਿਲਸਿਲੇ ਵਿਚ ਆਦਿਤਿਆ ਦੀ ਮਾਂ ਨੇ ਮੰਨਤ ਮੰਗੀ ਹੁੰਦੀ ਹੈ ਅਤੇ ਕੰਮ ਪੂਰਾ ਹੋਣ ਬਾਅਦ ਉਹ ਆਪਣੀ ਮੰਨਤ ਪੂਰੀ ਕਰਨ ਤੋਂ ਬਗ਼ੈਰ ਹੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ। ਕਿਉਂਕਿ ਆਦਿਤਿਆ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਹੈ, ਇਸ ਲਈ ਉਹ ਆਪਣੀ ਮਾਂ ਦੀ ਅਧੂਰੀ ਰਹਿ ਗਈ ਮੰਨਤ ਵੱਲ ਤਵੱਜੋ ਨਹੀਂ ਦਿੰਦਾ। ਦੂਜੇ ਪਾਸੇ ਸੋਨਮ ਨੂੰ ਲਗਦਾ ਹੈ ਕਿ ਇਸ ਅਧੂਰੀ ਮੰਨਤ ਦੀ ਵਜ੍ਹਾ ਕਰਕੇ ਹੀ ਉਹ ਮਾਂ ਨਹੀਂ ਬਣ ਪਾ ਰਹੀ ਹੈ। ਉਹ ਆਪਣੇ ਪਤੀ 'ਤੇ ਮੰਨਤ ਪੂਰੀ ਕਰਨ ਲਈ ਜ਼ੋਰ ਪਾਉਂਦੀ ਹੈ ਪਰ ਪਤੀ ਅਣਸੁਣੀ ਕਰ ਦਿੰਦਾ ਹੈ। ਇਕ ਦਿਨ ਸੋਨਮ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਹ ਕੋਮਾ ਵਿਚ ਚਲੀ ਜਾਂਦੀ ਹੈ। ਉਦੋਂ ਆਦਿਤਿਆ ਨੂੰ ਵੀ ਲਗਦਾ ਹੈ ਕਿ ਅਧੂਰੀ ਮੰਨਤ ਦੀ ਵਜ੍ਹਾ ਕਰਕੇ ਹੀ ਉਸ 'ਤੇ ਦੁੱਖ ਆ ਪਿਆ ਹੈ। ਆਖ਼ਿਰਕਾਰ ਉਹ ਮੰਨਤ ਪੂਰੀ ਕਰਨ ਦਾ ਮਨ ਬਣਾ ਲੈਂਦਾ ਹੈ ਪਰ ਇਸ ਲਈ ਉਸ ਨੂੰ ਜਿਸ ਪ੍ਰਕਿਰਿਆ ਵਿਚੀਂ ਲੰਘਣਾ ਪੈਂਦਾ ਹੈ, ਉਸ ਦੀ ਬਦੌਲਤ ਸ਼ਹਿਰ ਦੇ ਲੋਕਾਂ ਦੀ ਭਾਵਨਾ ਨੂੰ ਸੱਟ ਵੱਜਦੀ ਹੈ ਅਤੇ ਉਹ ਇਸ ਦੇ ਵਿਰੋਧ ਵਿਚ ਸੜਕਾਂ 'ਤੇ ਉੱਤਰ ਆਉਂਦੇ ਹਨ। ਦੇਖਦੇ ਹੀ ਦੇਖਦੇ ਸ਼ਹਿਰ ਵਿਚ ਕੌਮੀ ਦੰਗਾ ਫੈਲ ਜਾਂਦਾ ਹੈ। ਆਦਿਤਿਆ ਦੇ ਖਿਲਾਫ਼ ਕੇਸ ਦਾਇਰ ਕਰ ਦਿੱਤਾ ਜਾਂਦਾ ਹੈ। ਵਕੀਲ ਹੋਣ ਦੇ ਨਾਤੇ ਉਹ ਆਪਣੀ ਜ਼ਿਰਹਾ ਖ਼ੁਦ ਕਰਦਾ ਹੈ ਅਤੇ ਜ਼ਿਰਹਾ ਦੌਰਾਨ ਉਹ ਅੰਧ-ਵਿਸ਼ਵਾਸ ਦੇ ਖਿਲਾਫ਼ ਮਜ਼ਬੂਤ ਪੱਖ ਰੱਖ ਕੇ ਸਮਾਜ ਨੂੰ ਨਵੀਂ ਰਾਹ ਦਿਖਾਉਂਦਾ ਹੈ।


-ਮੁੰਬਈ ਪ੍ਰਤੀਨਿਧ

ਕੋਮਲ ਕਲਾਵਾਂ ਦਾ ਮਾਲਕ

ਰੰਜੀਵਨ ਸਿੰਘ

ਚੰਡੀਗੜ੍ਹ-ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਰੰਜੀਵਨ ਸਿੰਘ ਨੂੰ ਜਦੋਂ ਕਾਲਾ ਕੋਟ-ਪੈਂਟ ਅਤੇ ਟਾਈ ਲਾ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰੋਜ਼ਾਨਾ ਜਾਂਦਿਆਂ ਦੇਖਦੇ ਹੋਣਗੇ ਤਾਂ ਹਰ ਇਕ ਦੇ ਦਿਲ ਵਿਚ ਇਹੀ ਖਿਆਲ ਆਉਂਦਾ ਹੋਵੇਗਾ ਕਿ ਇਹ ਬਾਬੂ ਬਹੁਤ ਆਕੜ ਖਾਂ ਹੋਵੇਗਾ ਅਤੇ ਸਿੱਧੇ ਮੂੰਹ ਕਿਸੇ ਨਾਲ ਗੱਲ ਤੱਕ ਵੀ ਨਹੀਂ ਕਰਦਾ ਹੋਵੇਗਾ, ਪਰ ਇਸ ਦੇ ਐਨ ਉਲਟ ਜਦੋਂ ਸਾਹਿਤ, ਸੰਗੀਤ ਅਤੇ ਰੰਗਮੰਚ ਪ੍ਰੇਮੀ ਉਸ ਨੂੰ ਕਿਸੇ ਸਟੇਜ 'ਤੇ ਕਵਿਤਾ ਬੋਲਦੇ ਹੋਏ ਜਾਂ ਨਾਟਕ ਖੇਡਦੇ ਹੋਏ ਕਿਸੇ ਗ਼ਰੀਬ ਮਜ਼ਦੂਰ ਜਾਂ ਚੌਧਰੀ ਦੇ ਕਿਰਦਾਰ ਵਿਚ ਦੇਖਦੇ ਹੋਣਗੇ ਤਾਂ ਉਹ ਪਹਿਲੀ ਵਾਰ ਯਕੀਨ ਹੀ ਨਹੀਂ ਕਰਦੇ ਹੋਣਗੇ ਕਿ ਹਾਈ ਕੋਰਟ ਵਿਚ ਕਿਸੇ ਜੱਜ ਨਾਲ ਕਿਸੇ ਕੇਸ ਦੇ ਸਿਲਸਿਲੇ ਵਿਚ ਜਿਰ੍ਹਾ ਜਾਂ ਬਹਿਸ ਕਰਨ ਵਾਲਾ ਇਹ ਸ਼ਖ਼ਸ ਕੋਮਲ ਕਲਾਵਾਂ ਦਾ ਮਾਲਕ ਵੀ ਹੋ ਸਕਦਾ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਅਤੇ ਪਿਤਾ ਸ: ਰਿਪੁਦਮਨ ਸਿੰਘ ਰੂਪ ਦੇ ਘਰ ਜਨਮੇ ਰੰਜੀਵਨ ਦਾ ਬਚਪਨ ਚੰਡੀਗੜ੍ਹ ਅਤੇ ਮੁਹਾਲੀ ਵਿਚ ਹੀ ਗੁਜ਼ਰਿਆ ਉਸ ਨੇ ਉੱਚ ਵਿੱਦਿਆ ਅਤੇ ਐਲ. ਐਲ. ਬੀ. ਚੰਡੀਗੜ੍ਹ ਤੋਂ ਕਰਨ ਉਪਰੰਤ ਵਕਾਲਤ ਸ਼ੁਰੂ ਕਰ ਦਿੱਤੀ ਪਰ ਆਪਣੇ ਮਨ ਵਿਚਲੇ ਕਵੀ ਅਤੇ ਅਦਾਕਾਰ ਨੂੰ ਉਹ ਅੱਗੇ ਆਉਣ ਤੋਂ ਨਹੀਂ ਰੋਕ ਸਕਿਆ। ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਕੱਤਰ ਰਹਿ ਚੁੱਕੇ ਰੰਜੀਵਨ ਨੇ ਅਨੇਕਾਂ ਹੀ ਨਾਟਕ ਖੇਡੇ ਅਤੇ ਉਨ੍ਹਾਂ ਦੀਆਂ ਕਈ ਕਈ ਪੇਸ਼ਕਾਰੀਆਂ ਵੀ ਦਿੱਤੀਆਂ ਜਿਨ੍ਹਾਂ ਵਿਚ 'ਮੇਰਾ ਉਜੜਿਆ ਗੁਆਂਡੀ, ਮੁੱਖ ਮਹਿਮਾਨ, ਭਾਬੀ ਮੈਨਾਂ, ਸਿਰ ਦੀਜੈ ਕਾਨ ਨਾ ਕੀਜੈ, ਫਰੀਡਮ ਫਾਈਟਰ, ਸਰਦਾਰ, ਬਲਖ ਬੁਖਾਰੇ, ਜ਼ਫਰਨਾਮਾ, ਖੁਸਰੇ, ਦਫਤਰ, ਮਸਤਾਨੇ, ਜਹਾਜ਼, ਬੇਰੀਆਂ, ਸੌਰੀ, ਦਾ ਪੇਇੰਗ ਗੈਸਟ, ਸੁੰਨਾ ਵਿਹੜਾ, ਕਹਾਣੀ ਇਕ ਪਿੰਡ ਦੀ' ਸਮੇਤ ਜਿਥੇ ਹੋਰ ਵੀ ਕਈ ਅਨੇਕਾਂ ਹੀ ਨਾਟਕ ਖੇਡੇ ਉੱਥੇ ਹੀ ਸੁਰਜੀਤ ਬਿੰਦਰੱਖੀਏ ਦੇ ਗੀਤ ਪੇਕੇ ਹੁੰਦੇ ਮਾਵਾਂ ਨਾਲ, ਫਿਰੋਜ਼ ਖਾਨ ਦੇ ਗੀਤ 'ਘਰ ਇਕ ਮੰਦਰ', ਬਲਬੀਰ ਸੂਫੀ ਦੇ ਗੀਤ 'ਚੌਕੀਦਾਰ', ਐਮੀ ਵਿਰਕ, ਹਾਰਡੀ ਸੰਧੂ, ਜੱਸੀ ਗਿੱਲ ਦੇ ਗੀਤ 'ਗੋਲ' ਤੋਂ ਇਲਾਵਾ ਅਨੇਕਾਂ ਹੀ ਹੋਰ ਵੀ ਗੀਤਾਂ ਵਿਚ ਵੱਖ-ਵੱਖ ਕਿਰਦਾਰ ਵੀ ਨਿਭਾਏ ਅਤੇ ਟੈਲੀ ਫਿਲਮਾਂ 'ਕੰਮੋ, ਗੂੰਜ, ਦਫਤਰ, ਫੁੱਲਾਂ ਕੱਢੀ ਚਾਦਰ, ਗਦਰ ਦੀ ਗੂੰਜ, ਫਾਂਸੀ, ਫੇਰ ਮਾਮਲਾ ਗੜਬੜ' ਆਦਿ ਤੋਂ ਇਲਾਵਾ ਫੀਚਰ ਫਿਲਮਾਂ, ਮੈਂ ਮਾਂ ਪੰਜਾਬ ਦੀ, ਦੇਸ ਹੋਇਆ ਪ੍ਰਦੇਸ, ਪੰਜਾਬਣ, ਮਿੱਤਰ ਪਿਆਰੇ ਨੂੰ, ਯਾਰ ਅਣਮੁੱਲੇ 2, ਜਰਨੀ ਆਫ ਪੰਜਾਬ' ਅਤੇ ਹਿੰਦੀ ਫਿਲਮ 'ਚਿੰਟੂ ਜੀ' ਵਿਚ ਵੱਖ-ਵੱਖ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।


-ਪੱਤਰਕਾਰ ਟੋਰਾਂਟੋ (ਕੈਨੇਡਾ)।

ਚਾਣਕਿਆ ਦੇ ਨਵੇਂ ਅਵਤਾਰ ਵਿਚ ਅਜੈ ਦੇਵਗਨ

ਇਤਿਹਾਸਕ ਕਿਰਦਾਰ ਚਾਣਕਿਆ ਸਮੇਂ-ਸਮੇਂ 'ਤੇ ਬਾਲੀਵੁੱਡ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਸੱਤਰ ਦੇ ਦਹਾਕੇ ਵਿਚ ਦਿਲੀਪ ਕੁਮਾਰ ਨੂੰ ਚਾਣਕਿਆ ਦੀ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਲਈ ਇਕ ਸਪੈਸ਼ਲ ਵਿੱਗ ਵੀ ਲੰਡਨ ਤੋਂ ਮੰਗਵਾਈ ਸੀ ਪਰ ਬਾਅਦ ਵਿਚ ਇਹ ਫ਼ਿਲਮ ਅੱਗੇ ਨਹੀਂ ਵਧ ਸਕੀ ਅਤੇ ਡੱਬਾਬੰਦ ਹੋ ਗਈ ਸੀ। ਜਦੋਂ ਸੀਰੀਅਲ ਦਾ ਜ਼ਮਾਨਾ ਸ਼ੁਰੂ ਹੋਇਆ ਉਦੋਂ ਡਾ: ਚੰਦਰ ਪ੍ਰਕਾਸ਼ ਦਿਵੇਦੀ ਨੇ ਚਾਣਕਿਆ 'ਤੇ ਆਧਾਰਿਤ ਲੜੀਵਾਰ ਬਣਾਇਆ ਅਤੇ ਖ਼ੁਦ ਹੀ ਇਸ ਵਿਚ ਚਾਣਕਿਆ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਮਨੋਜ ਜੋਸ਼ੀ ਇਕ ਜ਼ਮਾਨੇ ਤੋਂ ਚਾਣਕਿਆ 'ਤੇ ਆਧਾਰਿਤ ਨਾਟਕ ਦਾ ਮੰਚਨ ਕਰਦੇ ਆ ਰਹੇ ਹਨ। ਹੁਣ ਅਜੈ ਦੇਵਗਨ ਨੇ ਐਲਾਨ ਕੀਤਾ ਹੈ ਕਿ ਉਹ ਵੱਡੇ ਪਰਦੇ 'ਤੇ ਚਾਣਕਿਆ ਦੀ ਭੂਮਿਕਾ ਨਿਭਾਉਣ ਵਾਲੇ ਹਨ।
ਪਰ ਉਨ੍ਹਾਂ ਦੀ ਇਹ ਫ਼ਿਲਮ ਚਾਣਕਿਆ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ। ਇਥੇ ਉਹ ਅੱਜ ਦੇ ਜ਼ਮਾਨੇ ਦੇ ਚਾਣਕਿਆ ਦੀ ਭੂਮਿਕਾ ਵਿਚ ਪੇਸ਼ ਹੋਣਗੇ। ਨੀਰਜ ਪਾਂਡੇ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਹ ਫ਼ਿਲਮ ਅੱਜ ਦੀ ਰਾਜਨੀਤੀ 'ਤੇ ਆਧਾਰਿਤ ਹੈ ਅਤੇ ਇਸ ਵਿਚ ਅਜੈ ਦੇਵਗਨ ਪਰਦੇ ਦੇ ਪਿੱਛੇ ਦੀ ਰਾਜਨੀਤੀ ਦੇ ਦਾਅ-ਪੇਚ ਖੇਡਦੇ ਨਜ਼ਰ ਆਉਣਗੇ।
ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਹ ਅਗਲੇ ਸਾਲ ਦੇ ਮੱਧ ਵਿਚ ਪ੍ਰਦਰਸ਼ਿਤ ਹੋਵੇਗੀ।
ਉਂਝ, ਇਸ ਤੋਂ ਪਹਿਲਾਂ ਫ਼ਿਲਮ 'ਰਾਜਨੀਤੀ' ਵਿਚ ਅਜੈ ਦੇਵਗਨ ਨੇ ਜੋ ਕਿਰਦਾਰ ਨਿਭਾਇਆ ਸੀ, ਉਹ ਮਹਾਭਾਰਤ ਦੇ ਕਰਣ ਦਾ ਆਧੁਨਿਕ ਰੂਪ ਸੀ। ਹੁਣ ਉਹ ਚਾਣਕਿਆ ਨੂੰ ਨਵੇਂ ਅਵਤਾਰ ਵਿਚ ਪੇਸ਼ ਕਰਨਗੇ।

ਫ਼ਿਲਮੀ ਖ਼ਬਰਾਂ

ਅਨੀਤਾ ਰਾਜ ਦੀ ਵਾਪਸੀ

ਸਾਲ 2012 ਵਿਚ ਪ੍ਰਦਰਸ਼ਿਤ ਹੋਈ 'ਚਾਰ ਦਿਨ ਕੀ ਚਾਂਦਨੀ' ਵਿਚ ਵੱਡੇ ਪਰਦੇ 'ਤੇ ਚਮਕਣ ਤੋਂ ਬਾਅਦ ਹੁਣ ਅਨੀਤਾ ਰਾਜ ਨੇ ਫਿਰ ਇਕ ਫ਼ਿਲਮ ਰਾਹੀਂ ਆਪਣੀ ਵਾਪਸੀ ਕੀਤੀ ਹੈ। ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ ਵਿਚ ਉਹ ਉਨ੍ਹਾਂ ਦੀ ਭੈਣ ਲਤਾ ਖੰਨਾ ਦਾ ਕਿਰਦਾਰ ਨਿਭਾਅ ਰਹੀ ਹੈ।
ਅਨੀਤਾ ਅਨੁਸਾਰ ਉਸ ਨੂੰ ਸਮੇਂ ਸਮੇਂ ਫ਼ਿਲਮਾਂ ਦੀਆਂ ਪੇਸ਼ਕਸ਼ ਹੁੰਦੀਆਂ ਰਹਿੰਦੀਆਂ ਹਨ ਪਰ ਦਮਦਾਰ ਭੂਮਿਕਾ ਨਾ ਹੋਣ ਕਰਕੇ ਉਹ ਇਨ੍ਹਾਂ ਨੂੰ ਨਕਾਰਦੀ ਰਹੀ ਹੈ।
ਲਤਾ ਖੰਨਾ ਦੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਹਾਲਾਂਕਿ ਮੈਨੂੰ ਲਤਾ ਜੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਸੋ, ਮੈਂ ਲੇਖਕ ਧੀਰਜ ਮਿਸ਼ਰਾ ਨਾਲ ਸੰਪਰਕ ਕਰ ਕੇ ਇਸ ਕਿਰਦਾਰ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜਦੋਂ ਪਤਾ ਲੱਗਿਆ ਕਿ ਦੀਨ ਦਿਆਲ ਜੀ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਸੀ। ਇਹ ਇਸ ਤਰ੍ਹਾਂ ਦੀ ਭੂਮਿਕਾ ਹੈ ਜੋ ਮੈਂ ਪਹਿਲਾਂ ਕਦੀ ਨਹੀਂ ਨਿਭਾਈ ਅਤੇ ਇਸ ਬਾਇਓਪਿਕ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।'
ਹੁਣ ਦੇਖਣਾ ਇਹ ਹੈ ਕਿ ਫ਼ਿਲਮ ਵਿਚ ਦੀਨ ਦਿਆਲ ਉਪਾਧਿਆਏ ਦੀ ਭੂਮਿਕਾ ਲਈ ਕਿਸ ਕਲਾਕਾਰ ਦੀ ਚੋਣ ਕੀਤੀ ਜਾਂਦੀ ਹੈ।
'ਸੈਲੂਟ' ਵਿਚ ਸ਼ਾਹਰੁਖ ਖਾਨ

ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ 'ਤੇ ਬਣ ਰਹੀ ਫ਼ਿਲਮ 'ਸੈਲੂਟ' ਲਈ ਸ਼ਾਹਰੁਖ ਖਾਨ ਨੂੰ ਕਰਾਰਬੱਧ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਮਹੇਸ਼ ਮਥਾਈ ਅਤੇ ਨਿਰਮਾਤਾ ਹਨ ਸਿਧਾਰਥ ਰਾਏ ਕਪੂਰ। 'ਜ਼ੀਰੋ' ਵਿਚ ਆਪਣਾ ਕੰਮ ਖ਼ਤਮ ਕਰ ਕੇ ਸ਼ਾਹਰੁਖ ਇਸ ਦੀ ਸ਼ੂਟਿੰਗ ਸ਼ੁਰੂ ਕਰਨਗੇ।


-ਮੁੰਬਈ ਪ੍ਰਤੀਨਿਧ

ਹੁਣ ਮਧੂਬਾਲਾ ਦੀ ਬਾਇਓਪਿਕ

ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ 'ਸੰਜੂ' ਜਿਥੇ ਤਿੰਨ ਸੌ ਕਰੋੜ ਦਾ ਅੰਕੜਾ ਪਾਰ ਕਰਨ ਵਿਚ ਸਫ਼ਲ ਰਹੀ, ਉਥੇ ਹੁਣ ਖ਼ਬਰ ਆ ਰਹੀ ਹੈ ਕਿ ਸਵਰਗੀ ਅਭਿਨੇਤਰੀ ਮਧੂਬਾਲਾ ਦੀ ਜ਼ਿੰਦਗੀ 'ਤੇ ਵੀ ਫ਼ਿਲਮ ਬਣਾਉਣ ਦਾ ਨਿਰਣਾ ਲਿਆ ਗਿਆ ਹੈ। ਇਸ ਸਿਲਸਿਲੇ ਵਿਚ ਮਧੂਬਾਲਾ ਦੀ ਭੈਣ ਮਧੁਰ ਭੂਸ਼ਣ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਮਧੂਬਾਲਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਸਨ ਪਰ ਉਹ ਆਪਣੀ ਭੈਣ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਲਈ ਗੰਭੀਰ ਨਹੀਂ ਸੀ। ਪਰ ਹੁਣ ਉਸ ਨੂੰ ਲਗਦਾ ਹੈ ਕਿ ਮਧੂਬਾਲਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਸਹੀ ਸਮਾਂ ਆ ਗਿਆ ਹੈ। ਮਧੁਰ ਅਨੁਸਾਰ ਉਹ ਆਪਣੀ ਭੈਣ ਦੀ ਬਾਇਓਪਿਕ ਵਿਚ ਭੈਣ ਦੀ ਜ਼ਿੰਦਗੀ ਦੀ ਸੱਚਾਈ ਦੁਨੀਆ ਸਾਹਮਣੇ ਪੇਸ਼ ਕਰੇਗੀ। ਇਸ ਵਿਚ ਮਧੂਬਾਲਾ ਦੇ ਦਿਲੀਪ ਕੁਮਾਰ ਨਾਲ ਰਿਸ਼ਤੇ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਨਾਲ ਹੀ ਇਹ ਵੀ ਦਿਖਾਇਆ ਜਾਵੇਗਾ ਕਿ ਮਧੂਬਾਲਾ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਕਿਹੜੇ ਸੰਯੋਗਾਂ ਨਾਲ ਕੀਤਾ ਸੀ।
ਇਸ ਫ਼ਿਲਮ ਦੇ ਨਿਰਦੇਸ਼ਕ ਕੌਣ ਹੋਣਗੇ ਇਸ 'ਤੇ ਸੋਚ-ਵਿਚਾਰ ਚੱਲ ਰਹੀ ਹੈ ਅਤੇ ਮਧੁਰ ਹੁਣ ਮਧੂਬਾਲਾ ਦੀ ਆਤਮਕਥਾ ਵੀ ਲਿਖਣ ਜਾ ਰਹੀ ਹੈ ਜੋ ਕਿ ਇਸ ਫ਼ਿਲਮ ਦੀ ਰਿਲੀਜ਼ ਦੇ ਸਮੇਂ ਪ੍ਰਕਾਸ਼ਿਤ ਕੀਤੀ ਜਾਵੇਗੀ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਬਾਜ਼ਾਰ ਦਾ 'ਚੰਨ' ਦਰਸ਼ਨ ਔਲਖ

ਬਾਲੀਵੁੱਡ ਇੰਡਸਟਰੀ ਵੀ ਲਾਈਨ ਨਿਰਮਾਤਾ ਦੇ ਤੌਰ 'ਤੇ ਦਰਸ਼ਨ ਔਲਖ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਤੇ ਸੰਤੁਸ਼ਟ ਹੈ ਤੇ ਰਹੀ ਗੱਲ ਖੁਦ ਦਰਸ਼ਨ ਔਲਖ ਦੀ ਤਾਂ ਉਹ ਆਪਣੀਆਂ ਪ੍ਰਾਪਤੀਆਂ 'ਤੇ ਰੱਬ ਦਾ ਲੱਖ ਸ਼ੁਕਰ ਕਰਦਾ ਹੈ। ਇਹ ਵੀ ਸਬੱਬ ਹੈ ਕਿ 23 ਜੁਲਾਈ ਨੂੰ ਉਸ ਦਾ ਜਨਮ ਦਿਨ ਹੈ ਤੇ ਇਸ ਵਾਰ ਸ਼ਾਦ ਅਲੀ ਦੀ 'ਸੂਰਮਾ' ਹਿੱਟ ਹੋਣ 'ਤੇ ਅਤੇ ਨਰਗਿਸ ਫਾਖਰੀ ਨਾਲ ਹਾਲੀਵੁੱਡ ਦੀ ਆ ਰਹੀ ਫ਼ਿਲਮ '5 ਵੈਡਿੰਗਜ਼' ਦੇ ਪ੍ਰਚਾਰ-ਪ੍ਰਸਾਰ ਸਬੰਧੀ ਹੋ ਰਹੀ ਖਾਸ ਪਾਰਟੀ ਹੈ। ਪੰਜਾਬੀ ਦੀਆਂ ਅਣਗਿਣਤ ਫ਼ਿਲਮਾਂ 'ਚ ਤਰ੍ਹਾਂ-ਤਰ੍ਹਾਂ ਦੇ ਅਭਿਨੈ ਕਰ ਕੇ ਇਨ੍ਹਾਂ ਦੀ ਸ਼ੂਟਿੰਗ 'ਚ ਨਿਰਮਾਣ ਪ੍ਰਬੰਧਨ ਦੀ ਜ਼ਿੰਮੇਵਾਰੀ ਤੋਂ ਲੈ ਕੇ ਯਸ਼ਰਾਜ ਫ਼ਿਲਮਜ਼, ਸਲਮਾਨ ਖ਼ਾਨ, ਸੈਫ਼ ਅਲੀ, ਕਬੀਰ ਖ਼ਾਨ ਸਮੇਤ ਲੋਕ ਇਸ ਨਿਰਮਾਤਾ-ਨਿਰਦੇਸ਼ਕ ਦੀਆਂ ਬਾਲੀਵੁੱਡ ਫ਼ਿਲਮਾਂ ਦੀ ਉੱਤਰੀ ਭਾਰਤ 'ਚ ਸ਼ੂਟਿੰਗ ਕਰਵਾਉਣ ਦੀ ਜ਼ਿੰਮੇਵਾਰੀ 'ਸੂਈ ਧਾਗੇ' ਤੋਂ ਲੈ ਕੇ ਹਵਾਈ ਜਹਾਜ਼ ਤੱਕ ਨਿਭਾਅ ਕੇ ਅੰਤਰਰਾਸ਼ਟਰੀ ਸਿਨੇਮਾ 'ਚ ਵੀ ਉਸ ਨੇ ਆਪਣਾ ਵਜੂਦ ਕਾਇਮ ਕੀਤਾ ਹੈ। ਹੁਣ ਦਰਸ਼ਨ ਔਲਖ ਦੀ ਤਮੰਨਾ ਫ਼ਿਲਮ ਡਾਇਰੈਕਟ ਕਰਨ ਦੀ ਹੈ, ਜੋ ਆਪਣੀ ਮਾਂ-ਬੋਲੀ ਦਾ ਮਾਣ ਵਧਾਏ।


-ਅੰਮ੍ਰਿਤ ਪਵਾਰ

ਰਵਜੋਤ ਮਹਿਕ ਸਿੰਘ ਨੇ ਜਿੱਤਿਆ ਪੁਰਸਕਾਰ

ਆਪਣੀ ਮਾਤਾ ਪਿੰਕੀ ਪਾਰਸ ਲਈ ਦੋ ਵੀਡੀਓ 'ਮਹਿੰਦੀ' ਤੇ 'ਮੈਂ ਕੀ ਕਰਾਂ' ਨਿਰਦੇਸ਼ਿਤ ਕਰ ਕੇ ਤਾਰੀਫ਼ਾਂ ਖੱਟਣ ਵਿਚ ਕਾਮਯਾਬ ਰਹੀ ਰਵਜੋਤ ਮਹਿਕ ਸਿੰਘ ਨੇ ਹੁਣ ਡਾਕੂਮੈਂਟਰੀ ਫ਼ਿਲਮ ਦੇ ਖੇਤਰ ਵਿਚ ਵੀ ਆਪਣੇ ਨਾਂਅ ਦੇ ਝੰਡੇ ਗੱਢ ਦਿੱਤੇ ਹਨ।
ਰਵਜੋਤ ਅਮਰੀਕਾ ਵਿਚ ਰਹਿੰਦੀ ਹੈ ਅਤੇ ਉਸ ਨੇ ਉਥੇ ਦੀ ਸਰਕਾਰੀ ਸਿਹਤ ਸੇਵਾ ਦੀਆਂ ਕਮੀਆਂ ਨੂੰ ਆਪਣੀ ਫ਼ਿਲਮ ਰਾਹੀਂ ਉਜਾਗਰ ਕਰ ਕੇ ਟਰੰਪ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਰਵਜੋਤ ਦੀ ਇਸ ਡਾਕੂਮੈਂਟਰੀ ਫ਼ਿਲਮ ਦਾ ਨਾਂਅ ਹੈ 'ਆਈ ਸਟੈਂਡ ਵਿਦ ਜੱਸੀ' ਅਤੇ ਇਸ ਵਿਚ ਤਿੰਨ ਬੱਚਿਆਂ ਦੀ ਮਾਂ ਤੇ ਸਿੰਗਲ ਮਦਰ ਵਰਗੀ ਜ਼ਿੰਦਗੀ ਦਾ ਦਰਦਨਾਕ ਕਿੱਸਾ ਬਿਆਨ ਕੀਤਾ ਗਿਆ ਹੈ। ਭਾਰਤੀ ਮੂਲ ਦੀ ਜੱਸੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਸਰਕਾਰੀ ਸਿਹਤ ਸੇਵਾ ਤੋਂ ਸਹਾਇਤਾ ਹਾਸਲ ਕਰਨਾ ਚਾਹੁੰਦੀ ਹੈ। ਉਸ ਨੂੰ ਇਹ ਸਹਾਇਤਾ ਮਿਲਣ ਵਿਚ ਪੰਜ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਨਤੀਜਾ ਕੈਂਸਰ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ। ਰਵਜੋਤ ਨੇ ਆਪਣੀ ਇਸ ਫ਼ਿਲਮ ਵਿਚ ਸਰਕਾਰੀ ਕੰਮ ਵਿਚ ਦੇਰੀ ਦੇ ਖਿਲਾਫ਼ ਆਵਾਜ਼ ਚੁੱਕੀ ਹੈ ਅਤੇ ਉਥੇ ਉਸ ਨੂੰ ਆਮ ਜਨਤਾ ਦਾ ਭਾਰੀ ਸਮਰਥਨ ਵੀ ਮਿਲਿਆ ਹੈ।
ਇਸ ਦਸਤਾਵੇਜ਼ੀ ਫ਼ਿਲਮ ਨੂੰ ਇੰਪੈਕ ਡੌਕ ਫ਼ਿਲਮ ਸਮਾਰੋਹ ਵਿਚ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਨਾਲ ਹੀ ਮੁੰਬਈ ਵਿਚ ਆਯੋਜਿਤ ਹੋਏ ਦਾਦਾ ਸਾਹਿਬ ਫਾਲਕੇ ਫ਼ਿਲਮ ਸਮਾਰੋਹ ਵਿਚ ਵੀ ਇਹ ਪੁਰਸਕਾਰ ਜਿੱਤਣ ਵਿਚ ਕਾਮਯਾਬ ਰਹੀ।
ਆਪਣੀ ਇਸ ਕਾਮਯਾਬੀ ਨਾਲ ਨੌਜਵਾਨ ਰਵਜੋਤ ਦਾ ਆਤਮ-ਵਿਸ਼ਵਾਸ ਹੋਰ ਵਧਿਆ ਹੈ ਅਤੇ ਹੁਣ ਉਸ ਨੇ ਆਪਣੇ ਕਦਮ ਫ਼ਿਲਮ ਨਿਰਦੇਸ਼ਨ ਵੱਲ ਵਧਾ ਲਏ ਹਨ। ਉਸ ਨੇ ਦੋ ਫ਼ਿਲਮਾਂ ਦੇ ਨਿਰਦੇਸ਼ਨ ਦੀ ਯੋਜਨਾ ਬਣਾ ਲਈ ਹੈ ਅਤੇ ਇਹ ਫ਼ਿਲਮਾਂ ਅਮਰੀਕਾ ਵਿਚ ਸ਼ੂਟ ਕੀਤੀਆਂ ਜਾਣਗੀਆਂ। ਨਾਲ ਹੀ ਉਹ ਪਿੰਕੀ ਪਾਰਸ ਦਾ ਅਗਲਾ ਵੀਡੀਓ ਵੀ ਨਿਰਦੇਸ਼ਿਤ ਕਰੇਗੀ।
ਉਮੀਦ ਹੈ ਕਿ ਉਸ ਦੀਆਂ ਫ਼ਿਲਮਾਂ ਵੀ ਪੁਰਸਕਾਰ ਤੇ ਰਿਵਾਰਡ ਜਿੱਤਣ ਵਿਚ ਕਾਮਯਾਬ ਰਹਿਣਗੀਆਂ।


-ਮੁੰਬਈ ਪ੍ਰਤੀਨਿਧ

ਸੋਨਮ ਕਪੂਰ

ਤੇਰੇ ਨਖਰੇ

'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਟੀਜ਼ਰ ਆ ਗਿਆ ਹੈ। ਯਾਦ ਹੈ ਇਹ '1942 ਏ ਲਵ ਸਟੋਰੀ' ਦਾ ਗੀਤ ਜਿਸਦੇ ਮੁਖੜੇ 'ਤੇ ਇਹ ਫ਼ਿਲਮ ਬਣੀ ਹੈ। '1942 ਏ ਲਵ ਸਟੋਰੀ' 'ਚ ਅਨਿਲ ਕਪੂਰ ਸੀ ਤੇ 'ਏਕ ਲੜਕੀ ਕੋ ਦੇਖਾ' 'ਚ ਅਨਿਲ ਦੀ ਬੇਟੀ ਸੋਨਮ ਕਪੂਰ ਹੈ। ਉਸ ਨਾਲ ਹੀਰੋ ਰਾਜ ਕੁਮਾਰ ਰਾਓ ਹੈ ਤੇ ਸਵਾ ਮਿੰਟ ਦੇ ਇਸ ਟੀਜ਼ਰ 'ਚ ਜੂਹੀ ਚਾਵਲਾ ਵੀ ਹੈ। ਸੋਨਮ ਦੀ ਇਹ ਫ਼ਿਲਮ ਅੱਜਕਲ੍ਹ ਦੇ ਜ਼ਮਾਨੇ ਅਨੁਸਾਰ ਹੈ। ਇਧਰ ਲਗਾਤਾਰ ਸੋਨਮ ਦੀਆਂ ਅੱਠ ਫ਼ਿਲਮਾਂ ਸਫ਼ਲ ਹੋਈਆਂ ਹਨ। 'ਨੀਰਜਾ' ਬਣੀ ਸੋਨਮ ਤੇ ਫਿਰ 'ਰਾਂਝਣਾ' ਦੀ 'ਹੀਰ', 'ਭਾਗ ਮਿਲਖਾ ਭਾਗ' 'ਚ ਦੌੜ ਲਾਈ 'ਪੈਡਮੈਨ' ਨਾਲ ਆਧੁਨਿਕ ਲੜਕੀਆਂ ਨੂੰ ਸਮੱਸਿਆਵਾਂ ਨਾਲ ਜੂਝਣ ਦੀ ਪ੍ਰੇਰਨਾ ਦਿਖਾਈ। 'ਖੂਬਸੂਰਤ' ਸੋਨਮ 'ਪ੍ਰੇਮ ਰਤਨ ਧਨ ਪਾਯੋ' ਪਾ ਕੇ ਖੁਸ਼ ਹੋਈ। ਹੁਣ 'ਵੀਰੇ ਦੀ ਵੈਡਿੰਗ' ਤੇ ਹਾਂ 'ਸੰਜੂ' ਨੇ ਤਾਂ ਕਮਾਲ ਹੀ ਕਰ ਦਿੱਤੀ। ਅੱਜਕਲ੍ਹ ਸੋਨਮ ਪਤੀ ਦੇਵ ਆਨੰਦ ਆਹੂਜਾ ਨਾਲ ਟੋਕੀਓ 'ਚ 'ਲਵ ਇਨ ਟੋਕੀਓ' ਕਰ ਰਹੀ ਹੈ। 'ਸੰਜੂ' ਦੀ ਕਾਮਯਾਬੀ ਮਾਣ ਰਹੀ ਹੈ। ਟੋਕੀਓ ਵਿਖੇ ਖੂਬਸੂਰਤ ਤਸਵੀਰਾਂ ਪਤੀ-ਪਤਨੀ ਦੀਆਂ ਦੇਖਣ ਨੂੰ ਮਿਲ ਰਹੀਆਂ ਹਨ। ਸੋਨਮ ਜੀਵਨ ਦੀਆਂ ਖੁਸ਼ੀਆਂ ਮਾਣ ਰਹੀ ਹੈ। 'ਸੰਜੂ', 'ਵੀਰੇ ਦੀ ਵੈਡਿੰਗ' ਤੇ ਆਪਣੀ 'ਵੈਡਿੰਗ' ਦੇ ਚਾਅ ਹੋਣ ਤੇ ਫਿਰ ਨਖਰੇ ਆ ਹੀ ਜਾਂਦੇ ਹਨ।

ਦੀਕਸ਼ਾ ਸੇਠ

ਸਿਤਾਰੇ ਜ਼ਰੂਰ ਚਮਕਣਗੇ

ਚੇਨਈ ਗਈ ਹੈ ਦੀਕਸ਼ਾ ਸੇਠ। ਤਾਮਿਲ ਫ਼ਿਲਮ ਸਨਅਤ ਨਾਲ ਸੰਪਰਕ ਮੁਹਿੰਮ ਜ਼ੋਰਾਂ 'ਤੇ ਹੈ ਉਸ ਦੀ ਤੇ ਕੋਈ ਨਾ ਕੋਈ ਨਵੀਂ ਖਬਰ ਜਲਦੀ ਹੀ ਆਏਗੀ। 'ਲੇਕਰ ਹਮ ਦੀਵਾਨਾ ਦਿਲ' ਨੇ ਦੀਕਸ਼ਾ ਦੀ ਗੱਲ ਹਿੰਦੀ ਮਨੋਰੰਜਨ ਦੀ ਦੁਨੀਆ ਵਿਚ ਖਾਸ ਨਹੀਂ ਬਣਾਈ ਪਰ ਦੱਖਣ ਦਾ ਪੱਲਾ ਉਸ ਨੇ ਫੜੀ ਹੀ ਰੱਖਿਆ ਹੈ। ਉਸ ਨੇ ਰੀਮਿਕਸ ਦੁਨੀਆ ਨਾਲ ਵੀ ਸੰਪਰਕ ਤੇਜ਼ ਕੀਤੇ ਹਨ। ਦੀਕਸ਼ਾ ਨੂੰ ਪਤਾ ਹੈ ਕਿ ਇਸ ਖੇਤਰ 'ਚ ਰਕਮ ਨਕਦ ਤੇ ਜਲਦੀ ਮਿਲਦੀ ਹੈ। 'ਜੱਗੂ ਦਾਦਾ' ਜਿਹੀਆਂ ਦੱਖਣ ਦੀਆਂ ਫ਼ਿਲਮਾਂ ਨੇ ਉਸ ਦੇ ਨਾਂਅ ਦੀ ਗੂੰਜ ਮੁੰਬਈ ਤੱਕ ਪਾਈ ਹੈ। ਦੀਕਸ਼ਾ ਦੀ ਸਿਫਤ ਸਲਮਾਨ ਖ਼ਾਨ ਨੇ ਵੀ ਕੀਤੀ ਹੈ ਤੇ ਕਰਨ ਜੌਹਰ ਵੀ ਦੱਬੀ ਜ਼ਬਾਨ ਵਿਚ ਉਸ ਦੇ ਅਭਿਨੈ ਦੀ ਤਾਰੀਫ਼ ਕਰਦਾ ਹੈ। ਇਸ ਦੇ ਬਾਵਜੂਦ ਦੀਕਸ਼ਾ ਦੇ ਸਿਤਾਰੇ ਗਰਦਿਸ਼ ਵਿਚ ਹੀ ਹਨ। ਘਰ 'ਚ ਉਸ ਨੂੰ ਦੀਪੂ ਕਹਿ ਕੇ ਬੁਲਾਉਂਦੇ ਹਨ ਤੇ ਦੀਪੂ ਨੂੰ ਤਲਾਸ਼ ਹੈ ਕਿਸੇ ਖਾਸ ਪ੍ਰਾਜੈਕਟ ਦੀ, ਨਾਮਵਰ ਨਿਰਮਾਤਾ-ਨਿਰਦੇਸ਼ਕ ਦੀ ਤਾਂ ਜੋ ਉਸ ਦੀ ਪੇਸ਼ਕਾਰੀ ਸਹੀ ਤਰੀਕੇ ਨਾਲ ਹੋਏ। ਇਕ ਤਰ੍ਹਾਂ ਨਾਲ 4 ਸਾਲ ਤੋਂ ਉਸਦੀ ਕਿਸਮਤ ਉਸ ਨਾਲ ਖੇਡਾਂ ਖੇਡ ਰਹੀ ਹੈ ਪਰ ਉਸਦੇ ਪੱਲੇ ਨਿਰਾਸ਼ਾ ਹੀ ਪਾ ਰਹੀ ਹੈ। ਸ਼ਾਹਰੁਖ ਖ਼ਾਨ ਨਾਲ ਫ਼ਿਲਮ ਮਿਲੇ, ਪ੍ਰਿਅੰਕਾ ਚੋਪੜਾ ਨਾਲ ਕੰਮ ਕਰੇ, ਏ.ਆਰ. ਰਹਿਮਾਨ ਦੇ ਸੰਗੀਤ 'ਚ ਉਹ ਥਿਰਕੇ ਤੇ ਤੈਰਦੀ ਹੋਈ ਹਰੀਹਰਨ ਦੇ ਗਾਣੇ ਗਾਏ, ਇਹ ਖਾਹਿਸ਼ਾਂ ਉਸ ਨੇ ਪੂਰੀਆਂ ਕਰਨੀਆਂ ਹਨ। ਦੱਖਣ ਤੇ ਰੀਮਿਕਸ ਦੋ ਖੇਤਰ ਹਨ ਜਿਨ੍ਹਾਂ ਨੇ ਦੀਕਸ਼ਾ ਸੇਠ ਨੂੰ ਪੂਰੀ ਤਰ੍ਹਾਂ ਸਰਗਰਮ ਰੱਖਿਆ ਹੈ ਤੇ ਇਥੋਂ ਹੀ ਰਸਤੇ ਮੁੰਬਈ ਨਗਰੀ 'ਚ ਮਿਲ ਜਾਂਦੇ ਹਨ।

ਈਸ਼ਾ ਗੁਪਤਾ

...ਕਿਹੜੇ ਪਿੰਡ ਦੀ

ਅੱਧੀਆਂ ਨੰਗੀਆਂ ਤੇ ਬੇਹਯਾਈ ਵਾਲੀਆਂ ਤਸਵੀਰਾਂ ਖਿਚਵਾ ਕੇ ਲੋਕਾਂ ਦੀਆਂ ਨਜ਼ਰਾਂ ਵਿਚ ਕੰਡਾ ਬਣ ਰੜਕ ਰਹੀ ਈਸ਼ਾ ਗੁਪਤਾ ਚੁੱਪ ਕਿਉਂ ਰਹੇ? ਉਲਟਾ ਚੋਰ ਕੋਤਵਾਲ ਕੋ ਡਾਂਟੇ ਤੇ ਈਸ਼ਾ ਨੇ ਇਨ੍ਹਾਂ ਲੋਕਾਂ ਨੂੰ ਪਖੰਡੀ, ਕਪਟ ਵਾਲੇ, ਝੂਠੇ ਕਿਹਾ ਜਿਹੜੇ ਆਪਣੇ ਮੋਬਾਈਲ ਵਿਚ ਅੱਧੀਆਂ ਨੰਗੀਆਂ ਫੋਟੋਆਂ ਰੱਖਦੇ ਹਨ। ਯੂ-ਟਿਊਬ 'ਤੇ ਨੀਲੀਆਂ ਤਸਵੀਰਾਂ ਵੇਖਦੇ ਹਨ ਤੇ ਦੂਸਰਿਆਂ ਦੀ ਆਲੋਚਨਾ ਕਰਦੇ ਹਨ। ਪਰ ਈਸ਼ਾ ਪੂਰੀ ਢੀਠ, ਉਸ ਨੇ ਪੰਜ-ਸੱਤ ਬੇਸ਼ਰਮ ਤਸਵੀਰਾਂ ਹੋਰ ਇੰਸਟਾਗ੍ਰਾਮ 'ਤੇ ਪਾਈਆਂ। ਏਲੀ ਅਵਰਾਮ ਤੇ ਉਰਵਸ਼ੀ ਰੌਤੇਲਾ ਨੂੰ ਪਿਛਾਂਹ ਧੱਕ ਕੇ ਪ੍ਰਸਿੱਧ ਕ੍ਰਿਕਟਰ ਹਾਰਦਿਕ ਪੰਡਯਾ ਦੇ ਦਿਲ 'ਤੇ ਜ਼ਰੂਰ ਈਸ਼ਾ ਨੇ ਕਬਜ਼ਾ ਕਰ ਲਿਆ ਹੈ। ਮੇਲਵਿਨ ਲੂਈਸ ਨਾਲ 'ਨੱਚਣ ਟੱਪਣ' ਵਾਲਾ ਉਸ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਬਾਦਸ਼ਾਹ ਦੇ ਰੈਪ 'ਬਜ' 'ਤੇ ਉਹ ਖੂਬ ਨੱਚ-ਭੁੜਕ ਰਹੀ ਹੈ। ਜੇ.ਪੀ. ਦੱਤਾ ਦੀ 'ਪਲਟਨ' ਈਸ਼ਾ ਕੋਲ ਹੈ, ਇਸ ਲਈ ਉਹ ਕਿਸੇ ਦੀ ਪ੍ਰਵਾਹ ਕਾਹਤੋਂ ਕਰੇ? 'ਜੰਨਤ', 'ਰਾਜ਼-3', 'ਚੱਕਰਵਿਊ', 'ਹਮਸ਼ਕਲਜ਼', 'ਰੁਸਤਮ', 'ਬਾਦਸ਼ਾਹੋ' ਵੱਡੀਆਂ ਫ਼ਿਲਮਾਂ ਕਰਨ ਵਾਲੀ ਈਸ਼ਾ ਗੁਪਤਾ ਹੁਣ 'ਪਲਟਨ' 'ਤੇ ਧਿਆਨ ਦੇ ਰਹੀ ਹੈ। ਆਪਣੇ ਪ੍ਰਸੰਸਕਾਂ ਦੀ ਉਹ ਜ਼ਰੂਰ ਕਦਰ ਕਰਦੀ ਹੈ। ਈਸ਼ਾ ਦੇ ਲਹਿੰਗੇ ਦੀ ਵੀ ਕਾਫ਼ੀ ਧੁੰਮ ਪਈ ਸੀ। ਲੋਕਾਂ ਨੇ ਉਸ ਨੂੰ ਆਧੁਨਿਕ ਤੇ ਕਾਮੁਕ ਲਹਿੰਗੇ ਨੂੰ ਲੈ ਕੇ ਕਿਹਾ ਸੀ ਕਿ ਲਹਿੰਗੇ ਵਾਲੀ ਕਿਹੜੇ ਪਿੰਡ ਦੀ ਏ? ਕਿਹੜੇ ਸ਼ਹਿਰ ਦੀ ਹੈ? ਇਸ ਕਾਮੁਕ ਲਹਿੰਗੇ ਕਾਰਨ ਈਸ਼ਾ ਦੀ ਹਾਏ-ਤੌਬਾ ਵੀ ਕਾਫੀ ਹੋਈ।

ਵਰੁਣ ਧਵਨ

ਸੁਪਨਾ ਹੋਵੇਗਾ ਸਾਕਾਰ

'ਸੂਈ ਧਾਗਾ' ਲੈ ਕੇ ਅਨੁਸ਼ਕਾ ਸ਼ਰਮਾ ਨਾਲ 'ਅਕਤੂਬਰ' ਵਾਲਾ ਵਰੁਣ ਧਵਨ ਪ੍ਰਚਾਰ 'ਤੇ ਨਿਕਲਿਆ ਹੈ। ਵਰੁਣ ਨੇ ਰੇਤ ਭੁੱਜੀ ਛੱਲੀ ਨਾਲ ਫੋਟੋ ਖਿਚਵਾ 'ਮਸਤੀ ਹੀ ਮਸਤੀ' ਮੇਕ ਇਨ ਇੰਡੀਆ ਲਿਖ ਇੰਸਟਾਗ੍ਰਾਮ ਭਰ ਦਿੱਤੀ। ਪ੍ਰਸੰਸਕ ਪਸੰਦ ਕਰ ਰਹੇ ਹਨ ਤੇ ਵਰੁਣ ਕਹਿ ਰਿਹਾ ਹੈ ਕਿ ਅਨੂ ਤੇ ਉਹ ਵੀ 'ਮੇਕ ਇਨ ਇੰਡੀਆ' ਛੱਲੀਆਂ ਵੀ 'ਮੇਕ ਇਨ ਇੰਡੀਆ' ਤੇ 'ਸੂਈ ਧਾਗਾ' ਫ਼ਿਲਮ ਵੀ 'ਮੇਕ ਇਨ ਇੰਡੀਆ' ਅਰਥਾਤ ਮੋਦੀ ਜੀ ਦੇ ਇਸ ਨਾਅਰੇ ਤੋਂ ਪ੍ਰਭਾਵਿਤ ਵਰੁਣ ਧਵਨ ਦੀ ਇਹ ਨਵੀਂ ਫ਼ਿਲਮ ਹੈ। 'ਭਾਰਤ ਸੈਲੂਨ' ਜੋ ਪੱਛਮੀ ਉਪ ਨਗਰ ਮੁੰਬਈ 'ਚ ਹੈ, ਤੱਕ ਵਰੁਣ ਸਾਈਕਲ 'ਤੇ ਗਿਆ ਆਪਣਾ ਹੇਅਰ ਸਟਾਇਲ ਬਣਾਉਣ ਤੇ 'ਸੂਈ ਧਾਗਾ' ਦੇ ਪ੍ਰਚਾਰ 'ਚ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਗਾਂਧੀ ਜੈਅੰਤੀ 'ਤੇ ਯਸ਼ਰਾਜ ਦੀ 'ਸੂਈ ਧਾਗਾ' ਆ ਰਹੀ ਹੈ। ਵਰੁਣ ਹੁਣ ਹਿੱਟ ਫ਼ਿਲਮ ਦੇਣ ਦੇ ਮੂਡ ਵਿਚ ਹੈ। 'ਸੂਈ ਧਾਗਾ' ਦੇ ਨਾਲ 'ਰਣ ਭੂਮੀ' ਵੀ ਕਰ ਰਹੇ ਵਰੁਣ ਧਵਨ ਨੇ ਬਾਇਓਪਿਕ ਦੀ ਕਹਾਣੀ ਲਿਖਣ ਲਈ ਪਿਤਾ ਨੂੰ ਰਾਜ਼ੀ ਕਰ ਲਿਆ ਹੈ। ਸਭ ਠੀਕ ਰਿਹਾ ਤਾਂ ਸੋਨਮ, ਅਦਿਤਯ ਰਾਏ ਕਪੂਰ ਵੀ ਵਰੁਣ ਨਾਲ ਇਸ ਨਵੀਂ ਫ਼ਿਲਮ ਦਾ ਹਿੱਸਾ ਹੋਣਗੇ। ਵਰੁਣ ਹੁਣ ਚਾਚਾ ਜੀ ਬਣ ਗਿਆ ਹੈ। ਉਸ ਦੇ ਭਰਾ ਰੋਹਿਤ ਦੇ ਘਰ ਧੀ ਨੇ ਜਨਮ ਲਿਆ ਹੈ। 'ਚਾਚੂ' ਦੀ 'ਸੂਈ ਧਾਗਾ' ਲਈ 'ਨੰਨ੍ਹੀ ਪਰੀ' ਦੀ ਕਿਲਕਾਰੀ ਵੱਜੇਗੀ ਤਾਂ ਬੱਚੇ ਮਨ ਕੇ ਸੱਚੇ ਵਾਲੀ ਗੱਲ 'ਚਾਚੂ' ਵਰੁਣ ਮੇਕ ਇਨ ਇੰਡੀਆ ਦਾ ਸੁਪਨਾ ਸਾਕਾਰ ਕਰਨ ਦੀ ਗੱਲ ਲੋਕਾਂ ਤੱਕ ਪਹੁੰਚਾਉਂਦਾ ਫ਼ਿਲਮੀ 'ਰਣ ਭੂਮੀ' ਦਾ ਜੇਤੂ ਨਾਇਕ ਬਣ ਉਭਰੇਗਾ। ਵਰੁਣ ਨੂੰ ਪਤਾ ਹੈ ਕਿ 'ਰਣ ਭੂਮੀ', 'ਸੂਈ ਧਾਗਾ' ਦਾ ਚਲਣਾ ਉਸ ਲਈ ਜ਼ਰੂਰੀ ਹੈ। ਉਧਰ ਵਰੁਣ ਲਈ ਫ਼ਿਲਮ 'ਕਲੰਕ' ਅਸ਼ੁੱਭ ਸਾਬਤ ਹੋ ਰਹੀ ਹੈ। ਕਦੇ ਕਿਸੇ ਦੇ ਸੱਟ ਲੱਗਦੀ ਹੈ ਤੇ ਕਦੇ ਕੋਈ ਬਿਮਾਰ ਪੈਂਦਾ ਹੈ। 'ਕ੍ਰਿਸ਼-4', 'ਰੈਂਬੋ', 'ਸ਼ਮਸ਼ੇਰਾ' ਚੋਟੀ ਦੀਆਂ ਫ਼ਿਲਮਾਂ ਤੋਂ ਪਹਿਲਾਂ 'ਸੂਈ ਧਾਗਾ' ਚਲ ਗਈ ਤਾਂ 'ਅਕਤੂਬਰ' ਵਾਲਾ ਫੇਲ੍ਹ ਹੀਰੋ ਦਾ 'ਕਲੰਕ' ਵਰੁਣ ਧਵਨ ਦੇ ਮੱਥੇ ਤੋਂ ਲੱਥ ਜਾਏਗਾ। ਵਰਨਾ ਇਸ 'ਰਣ ਭੂਮੀ' 'ਚ 'ਮੇਕ ਇਨ ਇੰਡੀਆ' ਦਾ ਸੁਪਨਾ ਕਿਤੇ ਸੁਪਨਾ ਹੀ ਨਾ ਰਹਿ ਜਾਏਗਾ।


-ਸੁਖਜੀਤ ਕੌਰ

ਸੰਦੀਪ ਦੀ ਭੂਮਿਕਾ ਲਈ ਦਿਲਜੀਤ ਹੀ ਸਹੀ ਸੀ : ਚਿਤਰਾਂਗਦਾ ਸਿੰਘ

ਹਾਕੀ ਦੇ ਸਟਾਰ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਫ਼ਿਲਮ 'ਸੂਰਮਾ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਅਭਿਨੇਤਰੀ ਚਿਤਰਾਂਗਦਾ ਸਿੰਘ ਵੀ ਫ਼ਿਲਮ ਦੀ ਇਕ ਨਿਰਮਾਤਰੀ ਹੈ। ਨਿਰਮਾਤਰੀ ਦੇ ਤੌਰ 'ਤੇ ਇਹ ਉਸ ਦੀ ਪਹਿਲੀ ਫ਼ਿਲਮ ਹੈ। ਪ੍ਰਿਅੰਕਾ ਚੋਪੜਾ ਅਤੇ ਅਨੁਸ਼ਕਾ ਸ਼ਰਮਾ ਦੀ ਤਰਜ 'ਤੇ ਹੁਣ ਉਸ ਨੇ ਵੀ ਫ਼ਿਲਮ ਨਿਰਮਾਣ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ ਅਤੇ ਇਥੇ ਉਹ ਆਪਣੀ ਪਹਿਲੀ ਫ਼ਿਲਮ ਬਾਰੇ ਗੱਲ ਕਰ ਰਹੀ ਹੈ।
* ਤੁਸੀਂ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਆਉਣ ਬਾਰੇ ਕਦੋਂ ਸੋਚਿਆ?
-ਇਹ 2013-14 ਦੀ ਗੱਲ ਹੈ। ਉਨ੍ਹੀਂ ਦਿਨੀਂ ਮੇਰੇ ਕੋਲ ਜ਼ਿਆਦਾ ਕੰਮ ਨਹੀਂ ਸੀ ਅਤੇ ਫੁਰਸਤ ਬਹੁਤ ਸੀ। ਉਦੋਂ ਮੈਂ ਸ਼ੌਕੀਆ ਤੌਰ 'ਤੇ ਲਿਖਣਾ ਸ਼ੁਰੂ ਕੀਤਾ ਅਤੇ ਮੈਂ ਦੋ ਕਹਾਣੀਆਂ ਨੂੰ ਸਫ਼ਿਆਂ 'ਤੇ ਉਤਾਰਨ ਲੱਗੀ। 2014 ਦੇ ਅਖੀਰ 'ਚ ਮੇਰੀ ਮੁਲਾਕਾਤ ਸੰਦੀਪ ਸਿੰਘ ਨਾਲ ਹੋਈ। ਮੈਂ ਖ਼ੁਦ ਖਿਡਾਰਨ ਹਾਂ। ਸੋ, ਖੇਡ ਤੇ ਖਿਡਾਰੀਆਂ ਬਾਰੇ ਮੈਂ ਜਾਣਕਾਰੀ ਰੱਖਦੀ ਹਾਂ। ਮੈਂ ਸੰਦੀਪ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਬਾਰੇ ਪੁੱਛਿਆ ਅਤੇ ਉਹ ਮੈਨੂੰ ਵਿਸਥਾਰ ਨਾਲ ਦੱਸਣ ਲੱਗੇ। ਉਨ੍ਹਾਂ ਦੀ ਜ਼ਿੰਦਗੀ ਬਾਰੇ ਸੁਣ ਕੇ ਲੱਗਿਆ ਕਿ ਇਸ 'ਤੇ ਤਾਂ ਰੌਚਕ ਅਤੇ ਪ੍ਰੇਰਣਾਦਾਇਕ ਫ਼ਿਲਮ ਬਣ ਸਕਦੀ ਹੈ ਕਿਉਂਕਿ ਇਸ ਵਿਚ ਕਹਾਣੀ ਸੀ, ਡਰਾਮਾ ਸੀ, ਭਾਵਨਾ ਸੀ ਅਤੇ ਇਕ ਜੇਤੂ ਦੀ ਦਾਸਤਾਨ ਸੀ। ਮੈਂ ਆਪਣੀਆਂ ਦੋਵੇਂ ਕਹਾਣੀਆਂ ਨੂੰ ਪਰ੍ਹੇ ਰੱਖ ਕੇ ਸੰਦੀਪ ਦੀ ਜ਼ਿੰਦਗੀ ਦੀ ਕਹਾਣੀ 'ਤੇ ਕੰਮ ਸ਼ੁਰੂ ਕਰ ਦਿੱਤਾ। ਜਦੋਂ ਲਿਖਣ ਦਾ ਕੰਮ ਖ਼ਤਮ ਹੋਇਆ ਤਾਂ ਲੱਗਿਆ ਕਿ ਇਸ ਵਿਚ ਇਕ ਹਿੱਟ ਫ਼ਿਲਮ ਦੇ ਸਾਰੇ ਗੁਣ ਮੌਜੂਦ ਹਨ। ਸੋ, ਮੈਂ ਇਸ ਦੇ ਨਿਰਮਾਣ ਪੱਖ ਵਿਚ ਹੱਥ ਵੰਡਾਉਣ ਨੂੰ ਤਿਆਰ ਹੋ ਗਈ।
* ਤੁਹਾਡੀ ਫ਼ਿਲਮ ਦੇ ਨਿਰਦੇਸ਼ਕ ਸ਼ਾਦ ਅਲੀ ਤਾਂ ਮਸਾਲਾ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਨਿਰਦੇਸ਼ਨ ਦੀ ਕਮਾਨ ਕਿਵੇਂ ਸੌਂਪ ਦਿੱਤੀ ਗਈ?
-ਮੇਰੀ ਸ਼ਾਦ ਅਲੀ ਨਾਲ ਇਕ ਫ਼ਿਲਮ ਦੇ ਪ੍ਰੋਜੈਕਟ ਲਈ ਗੱਲਬਾਤ ਚੱਲ ਰਹੀ ਸੀ ਅਤੇ ਮੈਂ ਦੇਖਿਆ ਕਿ ਉਹ ਇਕ ਸੰਵੇਦਨਸ਼ੀਲ ਇਨਸਾਨ ਹਨ। ਮੇਰੀ ਕਹਾਣੀ ਵਿਚ ਭਾਵਨਾਤਮਕ ਦ੍ਰਿਸ਼ ਵੀ ਹਨ ਅਤੇ ਭਾਵੁਕ ਅਪੀਲ ਵੀ ਹੈ। ਇਸ ਨੂੰ ਦੇਖ ਕੇ ਲੱਗਿਆ ਕਿ ਉਹ ਕਹਾਣੀ ਦੇ ਨਾਲ ਨਿਆਂ ਕਰ ਸਕਦੇ ਹਨ।
* ਫ਼ਿਲਮ ਦੀ ਨਾਇਕਾ ਤਾਪਸੀ ਪੰਨੂੰ ਹੈ। ਇਹ ਭੂਮਿਕਾ ਤੁਸੀਂ ਵੀ ਤਾਂ ਨਿਭਾ ਸਕਦੇ ਸੀ?
-ਜਦੋਂ ਮੈਂ ਫ਼ਿਲਮ ਦੀ ਕਹਾਣੀ 'ਤੇ ਕੰਮ ਕਰ ਰਹੀ ਸੀ, ਉਦੋਂ ਹੀ ਮੇਰੇ ਦਿਮਾਗ਼ ਵਿਚ ਇਹ ਗੱਲ ਆ ਗਈ ਸੀ ਕਿ ਮੈਂ ਇਸ ਵਿਚ ਕੰਮ ਨਹੀਂ ਕਰਾਂਗੀ। ਇਥੇ ਅਸੀਂ ਤਾਪਸੀ ਪੰਨੂੰ ਨੂੰ ਵੀਹ ਸਾਲ ਦੀ ਕੁੜੀ ਦੀ ਭੂਮਿਕਾ ਵਿਚ ਦਿਖਾਇਆ ਹੈ। ਮੈਂ ਇਸ ਭੂਮਿਕਾ ਲਈ ਸਹੀ ਨਹੀਂ ਸੀ। ਮੈਨੂੰ ਪਤਾ ਹੈ ਕਿ ਮੇਰੀ ਉਮਰ ਕੀ ਹੈ ਅਤੇ ਮੈਨੂੰ ਕਿਸ ਤਰ੍ਹਾਂ ਦੀਆਂ ਭੂਮਿਕਾਵਾਂ ਕਰਨੀਆਂ ਚਾਹੀਦੀਆਂ। ਇਥੇ ਤਾਪਸੀ ਨੂੰ ਸ਼ਾਹਬਾਦ ਵਰਗੇ ਛੋਟੇ ਸ਼ਹਿਰ ਦੀ ਕੁੜੀ ਦੇ ਰੂਪ ਵਿਚ ਦਿਖਾਇਆ ਗਿਆ ਹੈ ਜਿਥੇ ਦੀਆਂ ਗਲੀਆਂ ਵਿਚ ਉਹ ਸਾਈਕਲ ਵੀ ਚਲਾਉਂਦੀ ਹੁੰਦੀ ਹੈ। ਮੇਰੀ ਬਾਡੀ ਲੈਂਗੁਏਜ ਦੀ ਬਦੌਲਤ ਮੈਨੂੰ ਪਤਾ ਹੈ ਕਿ ਮੈਂ ਪਿੰਡ ਦੀ ਕੁੜੀ ਨਹੀਂ ਬਣ ਸਕਦੀ।
* ਦਿਲਜੀਤ ਦੀ ਚੋਣ ਕਿਵੇਂ ਹੋਈ?
-ਫ਼ਿਲਮ ਵਿਚ ਸੰਦੀਪ ਦੀ ਭੂਮਿਕਾ ਕੌਣ ਨਿਭਾਏਗਾ ਇਸ ਬਾਰੇ ਕਾਫੀ ਸੋਚ-ਵਿਚਾਰ ਚੱਲਿਆ ਸੀ। ਕਈ ਵੱਡੇ ਨਾਵਾਂ 'ਤੇ ਗੌਰ ਕੀਤਾ ਗਿਆ ਪਰ ਕੁਝ ਫਾਈਨਲ ਨਹੀਂ ਹੋਇਆ। ਉਦੋਂ ਇਕ ਦਿਨ ਕਿਸੇ ਨੇ ਦਿਲਜੀਤ ਦਾ ਨਾਂਅ ਦੱਸਿਆ ਅਤੇ ਤੁਰੰਤ ਸਾਡੀ ਕ੍ਰੀਏਟਿਵ ਟੀਮ ਨੇ ਉਸ ਦੇ ਨਾਂਅ ਦਾ ਸਮਰਥਨ ਕਰ ਦਿੱਤਾ। ਅਸੀਂ ਇਸ ਤਰ੍ਹਾਂ ਦੇ ਕਲਾਕਾਰ ਦੀ ਭਾਲ ਵਿਚ ਸੀ ਜਿਸ ਵਿਚ ਪੰਜਾਬੀਪਣ ਹੋਵੇ ਤੇ ਸਰੀਰਕ ਤੌਰ 'ਤੇ ਸੰਦੀਪ ਨਾਲ ਮੇਲ ਖਾਂਦਾ ਹੋਵੇ। ਦਿਲਜੀਤ ਇਨ੍ਹਾਂ ਦੋਵਾਂ ਗੱਲਾਂ 'ਤੇ ਸਹੀ ਲੱਗਿਆ ਸੀ। ਸੋ, ਸੰਦੀਪ ਦੀ ਭੂਮਿਕਾ ਲਈ ਦਿਲਜੀਤ ਹੀ ਸਹੀ ਸੀ।


-ਇੰਦਰਮੋਹਨ ਪੰਨੂੰ

ਸੋਹਾ ਅਲੀ ਖ਼ਾਨ

ਭਾਬੋ ਨਾਲ ਸੱਤ ਇਕਵੰਜਾ

ਬੇਟੀ ਇਨਾਇਆ ਨੂੰ ਬਹੁਤ ਪਿਆਰ ਕਰਦੀ ਹੈ ਤੇ ਹਰ ਸਮੇਂ ਸੋਚਦੀ ਹੈ ਕਿ ਖ਼ੁਦਾ ਇਨਾਇਆ ਨੂੰ ਬੁਰੀ ਨਜ਼ਰ ਨਾ ਲੱਗੇ। ਨਿੱਕੀ ਤੇ ਮਾਸੂਮ ਇਨਾਇਆ ਸਬੰਧੀ ਮਾਂ ਸੋਹਾ ਅਲੀ ਨੇ ਇਹ ਗੱਲਾਂ ਭਾਰਤੀ ਕਰਾਫਟ ਡਿਜ਼ਾਈਨ ਕੇਂਦਰ ਦੀ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਸਮੇਂ ਕਹੀਆਂ। ਆਪਣੀ ਭਾਬੋ ਰਾਣੀ ਕਰੀਨਾ ਦੇ ਬੇਟੇ ਤੈਮੂਰ ਨੂੰ ਗਲੇ ਨਾਲ ਲਾਉਣਾ, ਤੈਮੂਰ ਤੇ ਇਨਾਇਆ ਦਾ ਖੇਡਣਾ ਸਭ ਬਹੁਤ ਪਿਆਰਾ ਲਗਦਾ ਹੈ। ਸੋਹਾ ਅਲੀ ਖ਼ਾਨ ਨੂੰ ਚਮਕ-ਦਮਕ ਭੋਰਾ ਵੀ ਚੰਗੀ ਨਹੀਂ ਲੱਗਦੀ। ਸੋਹਾ ਕਦੇ-ਕਦੇ ਕਾਰ 'ਤੇ ਜਾਂਦੀ ਹੈ ਵਰਨਾ ਆਟੋ ਦੀ ਸਵਾਰੀ ਉਸ ਨੂੰ ਪਸੰਦ ਹੈ। ਯੋਗਾ ਉਹ ਨਿਯਮਤ ਤੌਰ 'ਤੇ ਕਰਦੀ ਹੈ। ਭਾਬੋ ਰਾਣੀ ਦੀ 'ਵੀਰੇ ਦੀ ਵੈਡਿੰਗ' ਵੀ ਉਹ ਆਟੋ 'ਤੇ ਸਿਨੇਮਾ 'ਚ ਦੇਖਣ ਗਈ। ਮੀਡੀਆ ਹਰ ਸਮੇਂ ਉਸ ਦੇ ਭਰਾ ਦੇ ਪੁੱਤਰ ਤੈਮੂਰ ਦੀ ਤਸਵੀਰ ਲੈਣ ਲਈ ਕਾਹਲਾ ਕਿਉਂ ਰਹਿੰਦਾ ਹੈ?' ਇਹ ਸਵਾਲ ਸੋਹਾ ਨੇ ਪੱਤਰਕਾਰਾਂ ਨੂੰ ਕੀਤਾ ਕਿ ਕੀ ਤੈਮੂਰ ਤੋਂ ਪਹਿਲਾਂ ਪਿਆਰੇ ਬੱਚੇ ਨਹੀਂ ਸੀ ਜੰਮਦੇ? ਅੰਦਾਜ਼ਾ ਲਾਓ ਕਿ ਸੋਹਾ ਅੰਦਰੋ-ਅੰਦਰ ਕਰੀਨਾ ਕਪੂਰ ਨਾਲ ਕਿੰਨੀ ਈਰਖਾ ਰੱਖਦੀ ਹੈ। ਭਾਬੋ ਦੇ ਮੂੰਹ ਵਿਚ ਬੁਰਕੀਆਂ ਤਾਂ ਸੋਹਾ ਨੇ ਪਾਈਆਂ ਪਰ ਭਾਬੀ ਸੈਫੀਨਾ ਦੀ ਖੂਬਸੂਰਤੀ ਤੋਂ ਨਣਾਨ ਸੋਹਾ ਨੂੰ ਜਲਣ ਹੈ, ਸਾੜਾ ਹੈ। ਅਭਿਨੇਤਾ ਕੁਨਾਲ ਕੇਮੂ ਦੀ ਪਤਨੀ ਸੋਹਾ ਅਲੀ ਖਾਨ ਵੈਸੇ ਕਰੀਨਾ ਦੇ ਕੰਮ ਕਈ ਵਾਰ ਆਈ ਹੈ। 'ਦਾ ਪੇਰਿਲਜ਼ ਆਫ਼ ਬੀਇੰਗ ਮਾਡਰੇਟਲੀ ਫੇਮਸ' ਪੁਸਤਕ ਸੋਹਾ ਨੇ ਲਿਖੀ ਹੈ। ਇਹ ਉਸ ਦੇ ਨਿੱਜੀ ਪਹਿਲੂਆਂ ਦੀ ਝਲਕ ਹੈ। ਸੋਹਾ ਨੇ ਆਪਣੀ ਜ਼ਿੰਦਗੀ ਦੇ ਹਸੀਨ ਪਲ ਵੀ ਇਸ ਕਿਤਾਬ ਵਿਚ ਸ਼ਾਮਿਲ ਕੀਤੇ ਹਨ। ਪਟੌਦੀ ਪਰਿਵਾਰ ਦੀਆਂ ਦੁਰਲੱਭ ਤਸਵੀਰਾਂ, ਸੋਹਾ ਦਾ ਕਾਲਜ ਸਮਾਂ, ਇਸ ਕਿਤਾਬ ਵਿਚ ਸ਼ਾਮਿਲ ਹੈ। ਕੁਨਾਲ ਨਾਲ ਹੋਈ ਅਣਬਣ ਦਾ ਤਾਂ ਇਸ ਵਿਚ ਜ਼ਿਕਰ ਹੈ ਪਰ ਭਾਬੋ ਕਰੀਨਾ ਕਪੂਰ ਖ਼ਾਨ ਤੋਂ ਬਚਦੀ ਹੀ ਉਹ ਨਜ਼ਰ ਆਈ ਹੈ। ਨਣਦ-ਭਰਜਾਈ ਦਾ ਪਿਆਰ ਤੇ ਈਰਖਾ ਦੋਵਾਂ ਦੇ ਰਿਸ਼ਤੇ ਤੋਂ ਜ਼ਾਹਿਰ ਹੈ ਕਿ ਸੋਹਾ ਅਲੀ ਖ਼ਾਨ ਇਕ ਤਰ੍ਹਾਂ ਨਾਲ ਕਰੀਨਾ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ।

ਪ੍ਰਿਅੰਕਾ ਗਾਂਧੀ ਦੀ ਭੂਮਿਕਾ ਵਿਚ ਆਹਨਾ ਕੁਮਰਾ

ਅਨੁਰਾਗ ਕਸ਼ਿਅਪ ਵਲੋਂ ਬਣਾਏ ਗਏ ਲੜੀਵਾਰ 'ਯੁੱਧ' ਵਿਚ ਅਮਿਤਾਭ ਬੱਚਨ ਦੀ ਬੇਟੀ ਦੀ ਭੂਮਿਕਾ ਨਿਭਾਅ ਕੇ ਆਹਨਾ ਕੁਮਰਾ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਵਿਚ ਸਫਲ ਰਹੀ ਸੀ। ਫਿਰ ਵਿਵਾਦਤ ਫ਼ਿਲਮ 'ਲਿਪਸਿਟਕ ਅੰਡਰ ਮਾਈ ਬੁਰਕਾ' ਵਿਚ ਆਪਣੀ ਭੂਮਿਕਾ ਦੀ ਬਦੌਲਤ ਵੀ ਉਹ ਚਰਚਾ ਵਿਚ ਰਹੀ ਸੀ। ਹੁਣ ਨਿਰਦੇਸ਼ਕ ਵਿਜੇ ਗੁੱਟੇ ਦੀ ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਦੀ ਬਦੌਲਤ ਆਹਨਾ ਫਿਰ ਇਕ ਵਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫਲ ਹੋਈ ਹੈ। ਇਹ ਫ਼ਿਲਮ ਸੰਜੈ ਬਾਰੂ ਵਲੋਂ ਲਿਖੀ ਇਸੇ ਨਾਂਅ ਦੀ ਕਿਤਾਬ 'ਤੇ ਆਧਾਰਿਤ ਹੈ ਅਤੇ ਇਥੇ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਵਿਚ ਹੈ। ਆਹਨਾ ਨੂੰ ਇਸ ਵਿਚ ਪ੍ਰਿਅੰਕਾ ਗਾਂਧੀ ਦੀ ਅਤੇ ਅਰਜਨ ਮਾਥੁਰ ਨੂੰ ਰਾਹੁਲ ਗਾਂਧੀ ਦੀ ਭੂਮਿਕਾ ਵਿਚ ਲਿਆ ਗਿਆ ਹੈ। ਆਹਨਾ ਅਨੁਸਾਰ ਵੈੱਬ ਸ਼ੋਅ 'ਇਨਸਾਈਡ ਐੱਜ' ਵਿਚ ਉਸ ਦਾ ਅਭਿਨੈ ਦੇਖ ਕੇ ਉਸ ਨੂੰ ਇਹ ਫ਼ਿਲਮ ਪੇਸ਼ਕਸ਼ ਕੀਤੀ ਗਈ। ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਨਿੱਜੀ ਤੌਰ 'ਤੇ ਮੈਂ ਪ੍ਰਿਅੰਕਾ ਗਾਂਧੀ ਨੂੰ ਕਦੀ ਨਹੀਂ ਮਿਲੀ ਪਰ ਸਮਾਚਾਰ ਚੈਨਲਾਂ ਦੀ ਬਦੌਲਤ ਮੈਂ ਉਨ੍ਹਾਂ ਦੀ ਬੋਲਚਾਲ ਦੇ ਢੰਗ ਤੋਂ ਜਾਣਦੀ ਸੀ। ਮੈਂ ਉਨ੍ਹਾਂ ਦੇ ਅੰਦਾਜ਼ ਅਨੁਸਾਰ ਖ਼ੁਦ ਨੂੰ ਢਾਲਣ ਦੀ ਸ਼ੁਰੂਆਤ ਕੀਤੀ ਅਤੇ ਇਸ ਕੰਮ ਲਈ ਪ੍ਰਿਅੰਕਾ ਨਾਲ ਸਬੰਧਿਤ ਕਈ ਵੀਡੀਓ ਵੀ ਦੇਖੇ। ਹਾਂ, ਮੈਂ ਸੰਜੇ ਬਾਰੂ ਦੀ ਕਿਤਾਬ ਨਹੀਂ ਪੜ੍ਹੀ ਕਿਉਂਕਿ ਕਿਤਾਬ ਵੱਖਰੀ ਚੀਜ਼ ਹੈ ਅਤੇ ਫ਼ਿਲਮ ਦੀ ਪਟਕਥਾ ਵੱਖਰੀ। ਜਦੋਂ ਮੈਨੂੰ ਪ੍ਰਿਅੰਕਾ ਦੇ ਹੇਅਰ ਸਟਾਈਲ ਵਾਲੀ ਵਿਗ ਅਤੇ ਫਿਟ ਸਾੜ੍ਹੀ ਪਵਾਈ ਗਈ ਤਾਂ ਹਰ ਕਿਸੇ ਨੂੰ ਲੱਗਿਆ ਕਿ ਇਸ ਭੂਮਿਕਾ ਲਈ ਮੇਰੀ ਚੋਣ ਸਹੀ ਹੈ। ਲੋਕਾਂ ਵਲੋਂ ਮਿਲੇ ਹਾਂ-ਪੱਖੀ ਹੁੰਗਾਰੇ ਨਾਲ ਮੇਰਾ ਆਤਮ-ਵਿਸ਼ਵਾਸ ਹੋਰ ਵਧਿਆ ਅਤੇ ਹੁਣ ਮੈਨੂੰ ਇਸ ਫ਼ਿਲਮ ਦੀ ਰਿਲੀਜ਼ ਦਾ ਇੰਤਜ਼ਾਰ ਹੈ।


-ਪੰਨੂੰ

ਪੂਨਮ ਢਿੱਲੋਂ ਨੇ ਛੱਡਿਆ ਏਕਤਾ ਕਪੂਰ ਦਾ ਲੜੀਵਾਰ

ਲੜੀਵਾਰਾਂ ਦੇ ਕਲਾਕਾਰਾਂ ਦਾ ਆਉਣਾ-ਜਾਣਾ ਹੁਣ ਆਮ ਖ਼ਬਰ ਹੈ ਪਰ ਇਸ ਮਾਮਲੇ ਵਿਚ ਏਕਤਾ ਕਪੂਰ ਦੇ ਲੜੀਵਾਰ 'ਦਿਲ ਹੀ ਤੋ ਹੈ' ਨੇ ਇਕ ਨਵਾਂ ਹੀ ਰਿਕਾਰਡ ਕਾਇਮ ਕੀਤਾ ਹੈ। ਹੁਣ ਇਸ ਲੜੀਵਾਰ ਨੂੰ ਸ਼ੁਰੂ ਹੋਇਆਂ ਇਕ ਹਫਤਾ ਵੀ ਨਹੀਂ ਹੋਇਆ ਕਿ ਪੂਨਮ ਢਿੱਲੋਂ ਨੇ ਲੜੀਵਾਰ ਨੂੰ ਗੁੱਡਬਾਏ ਕਹਿ ਦਿੱਤਾ ਹੈ। ਇਸ ਵਿਚ ਉਹ ਕਰਨ ਕੁੰਦਰਾ ਦੀ ਮਾਂ ਦੀ ਭੂਮਿਕਾ ਨਿਭਾਅ ਰਹੀ ਸੀ।
ਪੂਨਮ ਅਨੁਸਾਰ ਉਸ ਨੂੰ ਜੋ ਕਹਾਣੀ ਦੱਸੀ ਗਈ ਸੀ, ਉਸ ਤੋਂ ਕੁਝ ਵੱਖਰੇ ਹੀ ਦ੍ਰਿਸ਼ ਸ਼ੂਟ ਕੀਤੇ ਜਾ ਰਹੇ ਸਨ। 'ਇਥੇ ਪ੍ਰੇਮ-ਕਹਾਣੀ ਨੂੰ ਮਹੱਤਵ ਦਿੱਤਾ ਜਾ ਰਿਹਾ ਸੀ ਅਤੇ ਮੇਰੇ ਕਿਰਦਾਰ ਨੂੰ ਸਾਈਡ ਟ੍ਰੈਕ 'ਤੇ ਰੱਖ ਦਿੱਤਾ ਗਿਆ ਸੀ। ਮੈਂ ਪਹਿਲਾਂ 'ਕਿਟੀ ਪਾਰਟੀ' ਤੇ 'ਏਕ ਨਈ ਪਹਿਚਾਨ' ਲੜੀਵਾਰਾਂ ਵਿਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਇਥੇ ਵੀ ਮੈਂ ਮੁੱਖ ਭੂਮਿਕਾ ਨਿਭਾਉਣ ਆਈ ਸੀ ਪਰ ਮਾਮਲਾ ਕੁਝ ਵੱਖਰਾ ਹੀ ਨਿਕਲਿਆ। ਇਥੇ ਮੈਂ ਸੈੱਟ 'ਤੇ ਆ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਬੈਠੀ ਰਹਿੰਦੀ ਸੀ ਅਤੇ ਰੋਮਾਂਟਿਕ ਦ੍ਰਿਸ਼ ਧੜੱਲੇ ਨਾਲ ਫ਼ਿਲਮਾਏ ਜਾਂਦੇ ਰਹੇ। ਮੈਨੂੰ ਲੱਗਿਆ ਕਿ ਸੈੱਟ 'ਤੇ ਆ ਕੇ ਬੈਠੇ ਰਹਿਣ ਨਾਲੋਂ ਇਸ ਲੜੀਵਾਰ ਨੂੰ ਛੱਡ ਦੇਣਾ ਹੀ ਚੰਗਾ ਹੋਵੇਗਾ,' ਉਹ ਮੂੰਹ 'ਚ ਕੜਵਾਹਟ ਲਿਆ ਕੇ ਕਹਿੰਦੀ ਹੈ। ਹੁਣ ਪੂਨਮ ਦੀ ਥਾਂ ਇਸ ਵਿਚ ਰਾਜੇਸ਼ਵਰੀ ਸਚਦੇਵ ਨੂੰ ਲਿਆ ਗਿਆ ਹੈ ਅਤੇ ਉਹ ਖ਼ੁਦ ਨੂੰ ਪੂਨਮ ਦਾ ਬਦਲ ਦੱਸ ਕੇ ਖ਼ੁਸ਼ ਹੈ।

'ਉੜੀ' ਵਿਚ ਆਇਆ ਮੋਹਿਤ

ਲੜੀਵਾਰ 'ਦੇਵੋਂ ਕੇ ਦੇਵ ਮਹਾਦੇਵ' ਵਿਚ ਮਹਾਦੇਵ ਦੀ ਭੂਮਿਕਾ ਨਿਭਾਅ ਕੇ ਪ੍ਰਸਿੱਧੀ ਹਾਸਲ ਕਰਨ ਵਾਲੇ ਮੋਹਿਤ ਰੈਨਾ ਪਹਿਲਾਂ ਵੱਡੇ ਪਰਦੇ 'ਤੇ ਵੀ ਆਪਣਾ ਆਗਮਨ ਕਰ ਚੁੱਕੇ ਹਨ। ਮਿਥੁਨ ਚੱਕਰਵਰਤੀ ਦੀ ਫ਼ਿਲਮ 'ਡਾਨ ਮੁੱਥੂਸਵਾਮੀ' ਵਿਚ ਉਨ੍ਹਾਂ ਨੇ ਕੰਮ ਕੀਤਾ ਸੀ। ਇਹ ਗੱਲ ਵੱਖਰੀ ਹੈ ਕਿ ਉਦੋਂ ਤੋਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਫੇਲ੍ਹ ਰਹੇ ਸਨ। ਟੀ. ਵੀ. 'ਤੇ ਭਗਵਾਨ ਸ਼ੰਕਰ ਦੀ ਭੂਮਿਕਾ ਨਿਭਾਅ ਕੇ ਉਹ ਸਟਾਰ ਬਣ ਗਏ ਅਤੇ ਫਿਰ ਸਾਰਾਗੜ੍ਹੀ ਦੇ ਯੁੱਧ 'ਤੇ ਬਣੇ ਲੜੀਵਾਰ 'ਸਰਫਰੋਸ਼' ਵਿਚ ਹਵਾਲਦਾਰ ਈਸ਼ਰ ਸਿੰਘ ਦੀ ਭੂਮਿਕਾ ਦੀ ਬਦੌਲਤ ਆਪਣੀ ਲੋਕਪ੍ਰਿਅਤਾ ਦਾ ਕੱਦ ਹੋਰ ਉੱਚਾ ਕੀਤਾ।
ਮੋਹਿਤ ਪ੍ਰਤੀ ਲੋਕਾਂ ਦੀ ਚਾਹਤ ਦੇਖ ਕੇ ਹੁਣ ਨਿਰਦੇਸ਼ਕ ਆਦਿਤਿਆ ਧਰ ਨੇ 'ਉੜੀ' ਵਿਚ ਮੋਹਿਤ ਨੂੰ ਕਾਸਟ ਕਰ ਲਿਆ ਹੈ। ਭਾਰਤ-ਪਾਕਿ ਯੁੱਧ 'ਤੇ ਆਧਾਰਿਤ ਇਸ ਫ਼ਿਲਮ ਵਿਚ ਵਿੱਕੀ ਕੌਸ਼ਲ, ਯਾਮੀ ਗੌਤਮ, ਕੀਰਤੀ ਕੁਲਹਰੀ ਤੇ ਪਰੇਸ਼ ਰਾਵਲ ਵੀ ਹਨ। ਮੋਹਿਤ ਇਸ ਵਿਚ ਫ਼ੌਜੀ ਅਫ਼ਸਰ ਦੀ ਭੂਮਿਕਾ ਨਿਭਾਅ ਰਿਹਾ ਹੈ।
ਇਹ ਭੂਮਿਕਾ ਹਾਸਲ ਕਰ ਕੇ ਖ਼ੁਸ਼ ਹੋਏ ਮੋਹਿਤ ਕਹਿੰਦੇ ਹਨ, 'ਫ਼ੌਜ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨਾ ਮੇਰਾ ਬਚਪਨ ਦਾ ਸੁਪਨਾ ਸੀ ਪਰ ਅਫ਼ਸੋਸ ਕਿ ਮੇਰਾ ਇਹ ਸੁਪਨਾ ਸੱਚ ਨਹੀਂ ਹੋ ਸਕਿਆ। ਖ਼ੁਦ ਨੂੰ ਫ਼ੌਜੀ ਦੀ ਵਰਦੀ ਵਿਚ ਦੇਖਣ ਦਾ ਸੁਪਨਾ ਹੁਣ 'ਉੜੀ' ਰਾਹੀਂ ਪੂਰਾ ਹੋ ਰਿਹਾ ਹੈ ਅਤੇ ਇਸ ਭੂਮਿਕਾ ਲਈ ਮੈਂ ਜੀਅ ਜਾਨ ਲਗਾ ਦੇਵਾਂਗਾ।'
ਉਮੀਦ ਹੈ ਕਿ ਵੱਡੇ ਪਰਦੇ 'ਤੇ ਕੁਝ ਉਸ ਤਰ੍ਹਾਂ ਦੀ ਸਫ਼ਲਤਾ ਹਾਸਲ ਕਰਨਗੇ ਜਿਵੇਂ ਛੋਟੇ ਪਰਦੇ 'ਤੇ ਕੀਤੀ ਹੈ।
**

ਜ਼ਿੰਦਾ ਦਿਲ ਇਨਸਾਨ ਸੀ ਡਾ: ਹੰਸ ਰਾਜ ਹਾਥੀ ਉਰਫ਼ ਕਵੀ ਕੁਮਾਰ ਆਜ਼ਾਦ

ਸਬ ਟੀ. ਵੀ. ਚੈਨਲ ਦੇ ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਹਸਮੁਖ ਤੇ ਸਭ ਨਾਲ ਖੁੱਲ੍ਹੇ ਦਿਲ ਨਾਲ ਪੇਸ਼ ਆਉਣ ਵਾਲੇ ਡਾ: ਹੰਸ ਰਾਜ ਹਾਥੀ, ਜਿਨ੍ਹਾਂ ਦਾ ਅਸਲ ਨਾਂਅ ਕਵੀ ਕੁਮਾਰ ਆਜ਼ਾਦ ਸੀ, ਦੇ ਦਿਹਾਂਤ ਨਾਲ ਇਹ ਲੜੀਵਾਰ ਦੇਖਣ ਵਾਲਿਆਂ ਨੂੰ ਦੁੱਖ ਪਹੁੰਚਿਆ ਹੈ। ਬਿਹਾਰ ਵਾਸੀ ਕਵੀ ਕੁਮਾਰ ਬਾਰੇ ਲੜੀਵਾਰ ਦੇ ਨਿਰਮਾਤਾ ਅਸਿਤ ਕੁਮਾਰ ਕਹਿੰਦੇ ਹਨ ਕਿ ਡਾ: 'ਹਾਥੀ' ਕਮਾਲ ਦੇ ਕਲਾਕਾਰ ਅਤੇ ਬੜੀ ਹਾਂ-ਪੱਖੀ ਸੋਚ ਦੇ ਮਾਲਕ ਸਨ। ਉਹ ਬਿਮਾਰ ਹੁੰਦੇ ਹੋਏ ਵੀ ਸ਼ੂਟਿੰਗ ਵਿਚ ਪਹੁੰਚਿਆ ਕਰਦੇ ਸਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਨ੍ਹਾਂ ਬਾਰੇ ਕਿਸੇ ਨੂੰ ਕੋਈ ਸ਼ਿਕਾਇਤ ਨਾ ਹੋਵੇ। ਉਹ ਮਸਤਮੌਲਾ ਕਲਾਕਾਰ ਸਨ। ਲੜੀਵਾਰ ਵਿਚ ਉਹ ਹਮੇਸ਼ਾ ਖਾਣ ਦੀ ਲਲਕ ਲਈ ਰੱਖਦੇ ਸਨ। ਲੜੀਵਾਰ ਵਿਚ ਉਨ੍ਹਾਂ ਦਾ ਕਿਰਦਾਰ ਡਾਕਟਰ ਦਾ ਸੀ ਪਰ ਅਸਲ ਜ਼ਿੰਦਗੀ 'ਚ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਲ 2000 ਵਿਚ ਉਨ੍ਹਾਂ ਆਮਿਰ ਖ਼ਾਨ ਨਾਲ ਫ਼ਿਲਮ 'ਮੇਲਾ' ਕੀਤੀ ਸੀ ਤੇ ਬਾਅਦ ਵਿਚ ਉਨ੍ਹਾਂ 2003 'ਚ 'ਫੰਟੂਸ਼', 2005 ਵਿਚ 'ਕਿਉਂਕਿ' ਅਤੇ 2008 ਵਿਚ 'ਯੋਧਾ ਅਕਬਰ' ਫਿਲਮਾਂ ਕੀਤੀ ਸਨ। ਉਂਜ ਉਹ ਕੰਮ 'ਚ ਰੁੱਝੇ ਰਹਿੰਦੇ ਸਨ ਪਰ ਵਿਹਲ ਮਿਲਣ 'ਤੇ ਉਹ ਕਵਿਤਾ ਲਿਖਦੇ ਸਨ।

ਜਦੋਂ ਆਪਣੇ ਹੀ ਗੀਤ ਤੋਂ ਨਾਰਾਜ਼ ਹੋਏ ਮਜਰੂਹ

ਜਦੋਂ ਰਾਜੇਸ਼ ਖੰਨਾ ਅਤੇ ਤਨੂਜਾ ਦੀ ਫ਼ਿਲਮ 'ਮੇਰੇ ਜੀਵਨ ਸਾਥੀ' ਦਾ ਨਿਰਮਾਣ ਹੋ ਰਿਹਾ ਸੀ ਤਾਂ ਇਸ ਫ਼ਿਲਮ ਲਈ ਗੀਤਕਾਰ ਮਜਰੂਹ ਸੁਲਤਾਨਪੁਰੀ ਨੇ ਇਕ ਰੋਮਾਂਟਿਕ ਗੀਤ ਲਿਖਿਆ ਜਿਸ ਦੇ ਬੋਲ ਸਨ, 'ਓ ਮੇਰੇ ਦਿਲ ਕੇ ਚੈਨ...'। ਸੰਗੀਤਕਾਰ ਰਾਹੁਲ ਦੇਵ ਬਰਮਨ ਨੇ ਇਹ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਵਿਚ ਰਿਕਾਰਡ ਕੀਤਾ ਅਤੇ ਜਦੋਂ ਰਿਕਾਰਡਿੰਗ ਕੀਤੀ ਜਾ ਰਹੀ ਸੀ ਉਦੋਂ ਸਟੂਡੀਓ ਵਿਚ ਮਜਰੂਹ ਸੁਲਤਾਨਪੁਰੀ ਵੀ ਮੌਜੂਦ ਸਨ। ਉਥੇ ਗੀਤ ਸੁਣ ਕੇ ਹਰ ਕਿਸੇ ਨੂੰ ਲੱਗਿਆ ਕਿ ਇਹ ਸ਼ਰਤੀਆ ਹਿੱਟ ਹੋਵੇਗਾ ਅਤੇ ਆਪਸੀ ਵਧਾਈਆਂ ਦਾ ਸਿਲਸਿਲਾ ਚੱਲ ਪਿਆ। ਬਾਅਦ ਵਿਚ ਰਾਜੇਸ਼ ਖੰਨਾ ਤੇ ਤਨੂਜਾ 'ਤੇ ਇਹ ਗੀਤ ਫ਼ਿਲਮਾਇਆ ਗਿਆ।
ਕੁਝ ਰੀਲਾਂ ਬਣ ਜਾਣ ਤੋਂ ਬਾਅਦ ਜਦੋਂ ਫ਼ਿਲਮ ਦਾ ਟ੍ਰਾਇਲ ਸ਼ੋਅ ਹੋਇਆ ਤਾਂ ਉਥੇ ਮਜਰੂਹ ਸਾਹਿਬ ਨੂੰ ਵੀ ਸੱਦਾ ਦਿੱਤਾ ਗਿਆ। ਜਦੋਂ ਉਹ ਗੀਤ ਪਰਦੇ 'ਤੇ ਉੱਭਰਿਆ ਤਾਂ ਇਸ ਦੇ ਬੋਲ ਸੁਣ ਕੇ ਮਜਰੂਹ ਦਾ ਮੱਥਾ ਠਣਕਿਆ ਅਤੇ ਉਨ੍ਹਾਂ ਨੇ ਗੀਤ ਨੂੰ ਦੁਬਾਰਾ ਚਲਾਉਣ ਦੀ ਮੰਗ ਕੀਤੀ ਅਤੇ ਜਦੋਂ ਦੁਬਾਰਾ ਗੀਤ ਚੱਲਿਆ ਤਾਂ ਉਹ ਆਪਣੇ ਹੀ ਲਿਖੇ ਗੀਤ ਤੋਂ ਨਾਰਾਜ਼ ਹੋ ਗਏ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਗੀਤ ਵਿਚ ਆਉਂਦੀਆਂ ਲਾਈਨਾਂ 'ਮਾਂਗਾ ਹੈ ਤੁਮਹੇਂ ਦੁਨੀਆ ਕੇ ਲੀਏ...' ਬੇਹੱਦ ਹੀ ਬਕਵਾਸ ਹਨ ਅਤੇ ਇਹ ਉਨ੍ਹਾਂ ਵਲੋਂ ਲਿਖੀ ਲਾਈਨ ਨਹੀਂ ਹੈ। ਆਪਣੇ ਤਰਕ ਵਿਚ ਉਨ੍ਹਾਂ ਨੇ ਕਿਹਾ ਕਿ ਨਾਇਕ ਆਪਣੀ ਨਾਇਕਾ ਨੂੰ ਦੁਨੀਆ ਨਾਲ ਕਿਵੇਂ ਵੰਡ ਸਕਦਾ ਹੈ। ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੇ ਜੋ ਲਾਈਨ ਲਿਖੀ ਸੀ, ਉਸ ਦੇ ਬੋਲ ਸਨ, 'ਮਾਂਗਾ ਹੈ ਤੁਮਹੇਂ ਜੀਨੇ ਕੇ ਲੀਏ...' ਬਾਅਦ ਵਿਚ ਪਤਾ ਲੱਗਿਆ ਕਿ ਜਦੋਂ ਰਿਕਾਰਡਿੰਗ ਦੌਰਾਨ ਗੀਤ ਦੇ ਨੋਟੇਸ਼ਨ ਲਿਖੇ ਜਾ ਰਹੇ ਸਨ, ਉਦੋਂ ਨੋਟੇਸ਼ਨ ਲਿਖਣ ਵਾਲੇ ਨੇ ਸਹੀ ਲਾਈਨ ਲਿਖਣ ਵਿਚ ਗ਼ਲਤੀ ਕਰ ਦਿੱਤੀ ਸੀ ਅਤੇ ਇਸ ਗ਼ਲਤੀ ਦੇ ਨਾਲ ਹੀ ਗੀਤ ਰਿਕਾਰਡ ਕਰ ਲਿਆ ਗਿਆ ਸੀ।
ਕਿਉਂਕਿ ਇਹ ਗੀਤ ਲਾਜਵਾਬ ਬਣ ਗਿਆ ਸੀ ਤੇ ਇਸ ਦਾ ਫ਼ਿਲਮਾਂਕਣ ਵੀ ਹੋ ਗਿਆ ਸੀ, ਸੋ, ਇਸ ਨੂੰ ਫ਼ਿਲਮ ਤੋਂ ਵੱਖ ਕਰਨਾ ਸਹੀ ਨਹੀਂ ਸੀ। ਮਜਰੂਹ ਸਾਹਿਬ ਦੀ ਨਾਰਾਜ਼ਗੀ ਇਹ ਕਹਿ ਕੇ ਦੂਰ ਕੀਤੀ ਗਈ ਕਿ ਇਥੇ ਇਸ ਪੰਕਤੀ ਦਾ ਅਰਥ ਹੁੰਦਾ ਹੈ, ਨਾਇਕ ਨੇ ਨਾਇਕਾ ਨੂੰ ਆਪਣੀ ਦੁਨੀਆ ਲਈ ਮੰਗਿਆ ਹੈ ਨਾ ਕਿ ਪੂਰੀ ਦੁਨੀਆ ਲਈ।
ਇਹ ਗੀਤ ਵੀ ਜ਼ਬਰਦਸਤ ਹਿੱਟ ਹੋਇਆ। ਆਪਣੇ ਗੀਤ ਨੂੰ ਮਿਲੀ ਇਸ ਭਾਰੀ ਸਫ਼ਲਤਾ ਦੇ ਬਾਅਦ ਮਜਰੂਹ ਸਾਹਿਬ ਦੀ ਨਾਰਾਜ਼ਗੀ ਦੂਰ ਹੋਈ ਸੀ।


-ਮੁੰਬਈ ਪ੍ਰਤੀਨਿਧ

ਕਾਮੇਡੀ ਪੱਖੋਂ ਹੁਣ ਤੱਕ ਆਈਆਂ ਫ਼ਿਲਮਾਂ ਤੋਂ ਚਾਰ ਕਦਮ ਅੱਗੇ ਹੋਵੇਗੀ 'ਵਧਾਈਆਂ ਜੀ ਵਧਾਈਆਂ'

ਪੰਜਾਬੀ ਫ਼ਿਲਮ ਸਨਅਤ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਸਮੀਪ ਕੰਗ 13 ਜੁਲਾਈ ਨੂੰ ਜੋ ਆਪਣੀ ਨਵੀਂ ਫ਼ਿਲਮ 'ਵਧਾਈਆਂ ਜੀ ਵਧਾਈਆਂ' ਲੈ ਕੇ ਆ ਰਹੇ ਹਨ, ਉਸ ਵਿਚ ਜੋ ਕਾਮੇਡੀ ਪਾਈ ਗਈ ਹੈ, ਉਹ ਹੁਣ ਤੱਕ ਆਈਆਂ ਫ਼ਿਲਮਾਂ ਨਾਲੋਂ ਚਾਰ ਕਦਮ ਅੱਗੇ ਹੋਵੇਗੀ ਅਤੇ ਇਹ ਫ਼ਿਲਮ ਦਰਸ਼ਕਾਂ ਨੂੰ ਹਸਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਫ਼ਿਲਮ ਦੀ ਕਹਾਣੀ ਅਦਾਕਾਰ ਬੀਨੂੰ ਢਿੱਲੋਂ ਤੇ ਅਦਾਕਾਰਾ ਕਵਿਤਾ ਕੌਸ਼ਿਕ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਵਿਚ ਬੀਨੂੰ ਢਿੱਲੋਂ ਵਲੋਂ ਕਵਿਤਾ ਕੌਸ਼ਿਕ ਨਾਲ ਵਿਆਹ ਕਰਵਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਕਾਮੇਡੀ ਰਾਹੀਂ ਅਦਾਕਾਰ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਨੇ ਖ਼ੂਬ ਬਿਆਨ ਕੀਤਾ ਹੈ। ਫ਼ਿਲਮ ਦੇ ਟ੍ਰੇਲਰ ਵਿਚ ਬੀਨੂੰ ਢਿੱਲੋਂ ਦੇ ਵਿਆਹ ਲਈ ਲੜਕੀ ਕਵਿਤਾ ਕੌਸ਼ਿਕ ਦੇ ਪਿਤਾ ਜਸਵਿੰਦਰ ਭੱਲਾ ਵਲੋਂ ਮੰਨ ਜਾਣ ਤੋਂ ਬਾਅਦ ਵਿਆਹ ਦੀ ਤਰੀਕ ਪੱਕੀ ਕਰਨ ਅਤੇ ਵਿਆਹ ਤੋਂ ਕੁਝ ਦਿਨ ਪਹਿਲਾਂ ਬੀਨੂੰ ਢਿੱਲੋਂ ਦੀ ਅਚਾਨਕ ਨਜ਼ਰ ਚਲੇ ਜਾਣ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ 'ਵਧਾਈਆਂ ਜੀ ਵਧਾਈਆਂ' ਵਿਚ ਬੀਨੂੰ ਢਿੱਲੋਂ ਤੇ ਕਵਿਤਾ ਕੌਸ਼ਿਕ ਦਾ ਵਿਆਹ ਸਿਰੇ ਚੜ੍ਹਦਾ ਹੈ ਜਾਂ ਫ਼ਿਰ ਬੀਨੂੰ ਢਿੱਲੋਂ ਨੂੰ ਵੇਖ ਬਰਾਤਾਂ ਚੱਲੀਆਂ ਫ਼ਿਲਮ ਵਾਂਗ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ।
ਫ਼ਿਲਮ ਦਾ ਨਿਰਮਾਣ 'ਕੈਰੀ ਆਨ ਜੱਟਾ-2' ਰਾਹੀਂ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਪੈਰ ਧਰਨ ਵਾਲੇ ਏ. ਐਂਡ ਏ. ਐਡਵਾਈਜ਼ਰਜ਼ ਦੇ ਨਿਰਮਾਤਾ ਅਤੁੱਲ ਭੱਲਾ ਤੇ ਅਮਿਤ ਭੱਲਾ ਅਦਾਕਾਰ ਤੇ ਨੌਟੀਮੈਨ ਪ੍ਰੋਡਕਸ਼ਨ ਦੇ ਨਿਰਮਾਤਾ ਬੀਨੂੰ ਢਿੱਲੋਂ ਦੇ ਨਾਲ ਮਿਲ ਕੇ ਕੀਤਾ ਹੈ। ਫ਼ਿਲਮ ਵਿਚ ਕਾਮੇਡੀ ਕਿੰਗ ਅਦਾਕਾਰ ਬੀ.ਐਨ. ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਹਾਬੀ ਸੰਘਾ, ਉਪਾਸਨਾ ਸਿੰਘ, ਮਲਕੀਤ ਰੌਣੀ ਆਦਿ ਨੇ ਫ਼ਿਲਮ ਵਿਚ ਜਾਨ ਪਾਉਣ ਲਈ ਉੱਚ ਪੱਧਰ ਦੀ ਅਦਾਕਾਰੀ ਕੀਤੀ ਹੈ। ਫ਼ਿਲਮ ਨਿਰਮਾਣ ਕਰਨ ਵਾਲੀ ਟੀਮ ਅਨੁਸਾਰ ਫ਼ਿਲਮ ਦੀ ਕਹਾਣੀ ਬਾਕਮਾਲ ਹੈ ਅਤੇ ਇਸ ਨੂੰ ਹਰ ਵਿਅਕਤੀ ਪਰਿਵਾਰ ਸਮੇਤ ਸਿਨੇਮਾ ਘਰਾਂ ਵਿਚ ਬੈਠ ਕੇ ਦੇਖ ਸਕੇਗਾ।
ਫ਼ਿਲਮ ਨੂੰ ਪੰਜਾਬ ਤੋਂ ਇਲਾਵਾ ਵਿਸ਼ਵ ਭਰ ਵਿਚ ਪ੍ਰਦਰਸ਼ਿਤ ਕਰਨ ਦੀ ਜ਼ਿੰਮੇਵਾਰੀ ਓਮ ਜੀ ਗਰੁੱਪ ਦੇ ਮੁਨੀਸ਼ ਸਾਹਨੀ ਨੇ ਸੰਭਾਲੀ ਹੈ। ਇਹ ਫ਼ਿਲਮ ਲਹਿੰਦੇ ਪੰਜਾਬ ਵਿਚ ਵੀ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਫ਼ਿਲਮ ਦੇ ਗੀਤਾਂ ਨੂੰ ਗਿੱਪੀ ਗਰੇਵਾਲ, ਐਮੀ ਵਿਰਕ, ਗੁਰਲੇਜ਼ ਅਖ਼ਤਰ, ਸੁਨਿਧੀ ਚੌਹਾਨ, ਨਛੱਤਰ ਗਿੱਲ ਨੇ ਆਵਾਜ਼ ਦਿੱਤੀ ਹੈ, ਜਦ ਕਿ ਗੀਤ ਹੈਪੀ ਰਾਏਕੋਟੀ, ਬਲਵੀਰ ਬੋਪਾਰਾਏ, ਬਿੰਦਰ ਨੱਥੂ ਮਾਜਰਾ ਤੇ ਕੁਲਦੀਪ ਕੰਡੀਆਰ ਨੇ ਲਿਖੇ ਹਨ। ਫ਼ਿਲਮ ਦੀ ਕਹਾਣੀ ਤੇ ਸਕ੍ਰਿਪਟ ਸੁਮਨ ਤੇ ਸ਼੍ਰੇਯਾ ਸ੍ਰੀਵਾਸਤਵਾ ਨੇ ਲਿਖੇ ਹਨ। ਜਦ ਕਿ ਸੰਵਾਦ ਰਾਕੇਸ਼ ਧਵਨ ਨੇ ਲਿਖੇ ਹਨ।


-ਵਿਸ਼ੇਸ਼ ਪ੍ਰਤੀਨਿਧ, ਲੁਧਿਆਣਾ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX