ਜੋਸ ਹਰਮੈਂਸ, ਲੰਮੀ ਦੂਰੀ ਦੀ ਦੌੜ ਦਾ ਸੰਸਾਰ ਵਿਚ ਦੂਜਾ ਨਾਂਅ ਹੈ। 69 ਸਾਲਾ ਹਰਮੈਂਸ ਨੇ ਆਪਣੇ ਦੌਰ ਵਿਚ ਅਨੇਕਾਂ 5000 ਮੀਟਰ ਅਤੇ 10,000 ਮੀਟਰ ਦੀਆਂ ਦੌੜਾਂ ਜਿੱਤੀਆਂ ਹਨ। ਉਹ 1970 ਦੇ ਦਹਾਕੇ ਦੇ ਅਖ਼ੀਰ ਵਿਚ ਸੇਵਾਮੁਕਤ ਹੋਏ ਪਰ ਅੱਜ ਵੀ ਵਿਸ਼ਵ ਦੇ ਮੁੱਖ ਲੰਮੀ ਦੂਰੀ ਦੇ ਦੌੜਾਕਾਂ ਵਿਚ ਉਨ੍ਹਾਂ ਦਾ ਜ਼ਬਰਦਸਤ ਪ੍ਰਭਾਵ ਹੈ। ਇਸ ਡਚ ਦੌੜਾਕ ਨੇ 1976 ਦੇ ਮੌਂਟਰੀਅਲ ਉਲੰਪਿਕ ਵਿਚ ਹਿੱਸਾ ਲਿਆ ਸੀ ਅਤੇ 1975 ਵਿਚ ਇਕ ਘੰਟੇ ਵਿਚ ਵੱਧ ਤੋਂ ਵੱਧ ਦੂਰੀ 20,907 ਮੀਟਰ ਤੈਅ ਕਰਨ ਦਾ ਰਿਕਾਰਡ ਸਥਾਪਿਤ ਕੀਤਾ ਸੀ ਪਰ ਪੈਰ ਵਿਚ ਸੱਟ ਲੱਗ ਜਾਣ ਕਾਰਨ ਉਨ੍ਹਾਂ ਦਾ ਕਰੀਅਰ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।
ਸੇਵਾਮੁਕਤੀ ਤੋਂ ਬਾਅਦ ਹਰਮੈਂਸ ਨੇ 'ਗਲੋਬਲ ਸਪੋਰਟਸ ਕਮਿਊਨੀਕੇਸ਼ਨ' ਦੀ ਸਥਾਪਨਾ ਕੀਤੀ। ਅੱਜਕਲ੍ਹ ਜਿਸ ਦੇ ਉਹ ਸੀ. ਈ. ਓ. ਹਨ। ਉਨ੍ਹਾਂ ਦੀ ਇਹ ਕੰਪਨੀ ਵਿਸ਼ਵ ਦੇ 100 ਤੋਂ ਜ਼ਿਆਦਾ ਚੋਟੀ ਦੇ ਦੌੜਾਕਾਂ ਦਾ ਪ੍ਰਬੰਧ ਕਰਦੀ ਹੈ, ਜਿਨ੍ਹਾਂ ਵਿਚੋਂ ਮੌਜੂਦਾ ਉਲੰਪਿਕ ਮੈਰਾਥਨ ਚੈਂਪੀਅਨ ਐਲਿਊਦ ਕਿਪਚੋਗੇ (ਕੀਨੀਆ) ਵੀ ਸ਼ਾਮਿਲ ਹੈ। ਕਿਪਚੋਗੇ ਨੇ ਹਾਲ ਵਿਚ ਮੈਰਾਥਨ ਦੀ ਦੋ ਘੰਟੇ ਦੀ ਸੀਮਾ ਨੂੰ ਤੋੜਿਆ। ਭਾਰਤੀ ਖੇਡ ਪ੍ਰਾਧੀਕਰਨ ਤੇ ਪ੍ਰੋਕੈਮ ਇੰਟਰਨੈਸ਼ਨਲ ਦੇ ਨਾਲ ਮਿਲ ਕੇ ਜੀ. ਐਸ. ਸੀ. ਭੋਪਾਲ ਵਿਚ ਭਾਰਤ ਦੇ ਨੌਜਵਾਨ ਦੌੜਾਕਾਂ ਦਾ ਵੀ ਮਾਰਗਦਰਸ਼ਨ ਕਰ ਰਿਹਾ ਹੈ। ਕਿਪਚੋਗੇ ਨੇ ਦੋ ਘੰਟੇ ਦੀ ਮੈਰਾਥਨ ਸੀਮਾ ਨੂੰ ਤਾਂ ਤੋੜ ਦਿੱਤਾ ਹੈ। ਹਰਮੈਂਸ ਅਨੁਸਾਰ, 'ਇਸ ਵਿਚ ਹਾਲੇ ਪੰਜ ਸਾਲ ਹੋਰ ਲਗ ਸਕਦੇ ਹਨ। ਇਕ ਟ੍ਰੈਕ ਦੌੜਾਕ ਜੋ ਮੈਰਾਥਨ ਵੱਲ ਜਾਂਦਾ ਹੈ, ਉਸ ਤੋਂ ਰਿਕਾਰਡ ਤੋੜਨ ਦੀ ਸੰਭਾਵਨਾ ਜ਼ਿਆਦਾ ਹੈ। ਮੈਨੂੰ ਇਹ ਰਿਕਾਰਡ ਤੋੜਨ ਦੀ ਤਿੰਨ ਦੌੜਾਕਾਂ ਤੋਂ ਜ਼ਿਆਦਾ ਉਮੀਦ ਹੈ-ਇਥੋਪੀਆ ਦੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਯੋਮਿਕ ਕੇਜੇਲਚਾ (22), ਯੁਗਾਂਡਾ ਦੇ ਵਿਸ਼ਵ 10,000 ਮੀਟਰ ਚੈਂਪੀਅਨ ਚੇਪਤੇਗੇਈ (23) ਅਤੇ ਕੀਨੀਆ ਦੇ ਗੋਫੇਰੀ ਕਮਵੋਰੋਰ (26), ਜੋ ਕਿਪਚੋਗੇ ਦੇ ਟ੍ਰੇਨਿੰਗ ਹਿੱਸੇਦਾਰ ਹਨ ਅਤੇ ਜਿਨ੍ਹਾਂ ਨੇ ਨਿਊਯਾਰਕ ਮੈਰਾਥਨ 2:08:13 ਦੇ ਸਮੇਂ ਵਿਚ ਜਿੱਤੀ ਸੀ।' ਹਰਮੈਂਸ ਨੇ 2014 ਵਿਚ ਸੋਚਿਆ ਸੀ ਕਿ ਮੈਰਾਥਨ 2 ਘੰਟੇ ਤੋਂ ਘੱਟ ਸਮੇਂ ਵਿਚ ਦੌੜੀ ਜਾ ਸਕਦੀ ਹੈ, ਉਦੋਂ ਉਨ੍ਹਾਂ ਦੇ ਦਿਮਾਗ਼ ਵਿਚ ਇਥੋਪੀਆ ਦੇ 10,000 ਮੀਟਰ ਵਿਚ ਉਲੰਪਿਕ ਤੇ ਵਿਸ਼ਵ ਚੈਂਪੀਅਨ ਹੈਲੇ ਗੈਬ੍ਰਸੇਲਾਸੀਏ ਸਨ, ਜਿਨ੍ਹਾਂ ਨੇ 2008 ਵਿਚ ਬਰਲਿਨ ਵਿਚ ਵਿਸ਼ਵ ਮੈਰਾਥਨ ਰਿਕਾਰਡ 2:03:59 ਸਥਾਪਿਤ ਕੀਤਾ ਸੀ।
ਹਰਮੈਂਸ ਪੂਰਬੀ ਅਫ਼ਰੀਕਾ ਦੇ ਦੌੜਾਕਾਂ ਦਾ ਕਾਫੀ ਸਮੇਂ ਤੋਂ ਪ੍ਰਬੰਧ ਕਰ ਰਹੇ ਹਨ। ਉਹ 1981 ਵਿਚ ਪਹਿਲੀ ਵਾਰ ਇਥੋਪੀਆ ਗਏ ਸਨ, ਉਦੋਂ ਉਥੇ ਮੁਸ਼ਕਿਲ ਨਾਲ ਹੀ ਸੜਕਾਂ ਸਨ। ਦਸ ਕਿਲੋਮੀਟਰ ਦੀ ਸੜਕ ਯਾਤਰਾ ਲਗਪਗ 6 ਘੰਟੇ ਲੈਂਦੀ ਹੈ ਅਤੇ ਰਾਤ ਸਮੇਂ ਉਨ੍ਹਾਂ ਨੂੰ ਸਿਰਫ਼ ਅਦਿਸ ਅਬਾਬਾ ਵਿਚ ਹੀ ਰੌਸ਼ਨੀ ਦਿਖਾਈ ਦਿੱਤੀ ਸੀ। ਹਰਮੈਂਸ 1983 ਵਿਚ ਪਹਿਲੀ ਵਾਰ ਕੀਨੀਆ ਗਏ, ਕਿਉਂਕਿ ਉਹ ਬ੍ਰਿਟ੍ਰਿਸ਼ ਕਾਲੋਨੀ ਸੀ, ਇਸ ਲਈ ਸਥਿਤੀਆਂ ਕੁਝ ਵੱਖਰੀਆਂ ਸਨ। ਕੀਨੀਆ ਵਿਚ ਹੁਨਰ ਦੀ ਭਾਲ ਕਰਨ ਦਾ ਪ੍ਰਬੰਧ ਇਹ ਹੈ ਕਿ ਇਡਸਟੈਂਸ ਰਨਰ ਲਈ ਸਕੂਲ ਪ੍ਰਤੀਯੋਗਤਾ ਫਾਊਂਡੇਸ਼ਨ ਹੈ।
ਹਰਮੈਂਸ ਨੇ ਇਸ ਤਰ੍ਹਾਂ ਦੀ ਕੌਮੀ ਪ੍ਰਤੀਯੋਗਿਤਾ ਵਿਚ ਗੇਬ੍ਰੇਸਾਲਾਸਿਸਏ ਨੂੰ 1990 ਵਿਚ ਦਾਖਲਾ ਕੀਤਾ ਸੀ। ਉਹ 10,000 ਮੀਟਰ ਵਿਚ ਤੀਜੇ ਥਾਂ 'ਤੇ ਆਏ ਸਨ, ਪਰ ਦੌੜਨ ਦੀ ਸ਼ੈਲੀ ਚੰਗੀ ਤੇ ਪ੍ਰਭਾਵੀ ਸੀ। ਕਿਉਂਕਿ ਉਹ ਅਤਿ ਅਨੁਸ਼ਾਸਿਤ ਹਨ, ਇਸ ਲਈ ਉਲੰਪਿਕ ਵਿਚ ਲਗਾਤਾਰ ਦੋ ਸੋਨ ਤਗਮ ਜਿੱਤਣ ਵਿਚ ਸਫਲ ਰਹੇ। ਇਕ 1996 ਅਟਲਾਂਟਾ ਵਿਚ ਅਤੇ ਦੂਜਾ 2000 ਵਿਚ ਸਿਡਨੀ ਵਿਚ। ਫਿਲਹਾਲ, ਇਕ ਵੱਡਾ ਸਵਾਲ ਇਹ ਹੈ ਕਿ ਚੰਗੀਆਂ ਸਹੂਲਤਾਂ ਹੋਣ ਦੇ ਬਾਵਜੂਦ ਯੂਰਪੀਅਨ ਲੰਮੀ ਦੌੜ ਵਿਚ ਚੰਗੇ ਨਹੀਂ ਹਨ। ਹਰਮੈਂਸ ਜਵਾਬ ਵਿਚ ਕਹਿੰਦੇ ਹਨ, 'ਕੁਝ ਅਪਵਾਦ ਹੋ ਸਕਦੇ ਹਨ, ਪਰ ਯੂਰਪ ਵਿਚ ਬੱਚੇ ਸਕੂਲ ਜਾਣ ਲਈ ਕਾਰ ਦੀ ਵਰਤੋਂ ਕਰਦੇ ਹਨ, ਜਦ ਕਿ ਕੀਨੀਆ ਵਿਚ ਵਿਦਿਆਰਥੀ ਪੈਦਲ ਜਾਂਦੇ ਹਨ, ਇਸ ਨਾਲ ਫਰਕ ਆਉਣਾ ਸੁਭਾਵਿਕ ਹੈ।'
ਹਰਮੈਂਸ ਦਾ ਕਹਿਣਾ ਹੈ ਕਿ ਪੂਰਬੀ ਅਫ਼ਰੀਕਾ ਵਿਚ ਖ਼ਾਸ ਕਰਕੇ ਕੀਨੀਆ ਵਿਚ ਡੋਪਿੰਗ ਵੱਡੀ ਸਮੱਸਿਆ ਹੈ। ਕੁਝ ਲੋਕ ਈ. ਪੀ. ਓ. ਦੀ ਵਰਤੋਂ ਕਰਦੇ ਹਨ ਜੋ ਲਾਲ ਖੂਨ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ ਅਤੇ ਲੰਮੀ ਦੌੜ ਵਿਚ ਕਾਰਗੁਜ਼ਾਰੀ ਚੰਗੀ ਕਰ ਦਿੰਦੀ ਹੈ ਪਰ ਡੋਪਿੰਗ ਦੇ ਵਿਰੁੱਧ ਵੱਡਾ ਯੁੱਧ ਜਾਰੀ ਹੈ ਅਤੇ ਉਹ ਅਸਰ ਦਿਖਾ ਰਿਹਾ ਹੈ। ਡੋਪਿੰਗ ਕਰਨ ਵਾਲੇ ਫੜੇ ਜਾ ਰਹੇ ਹਨ। ਹਰਮੈਂਸ ਦੀ ਨਿਗਰਾਨੀ ਵਿਚ ਭੋਪਾਲ ਵਿਚ 20 ਜੂਨੀਅਰ ਦੌੜਾਕ ਹਨ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਅਕਸਪੋਜ਼ਰ ਲਈ ਕੀਨੀਆ ਤੇ ਯੂਰਪ ਭੇਜਿਆ ਜਾਂਦਾ ਹੈ।
ਪਰ ਅਕਤੂਬਰ ਵਿਚ ਯੁਗਾਂਡਾ ਦੇ ਵਿਸ਼ਵ ਚੈਂਪੀਅਨ ਜੋਸ਼ੂਆ ਚੇਪਤੇਗੇਈ ਨੇ ਇਸੇ ਦੂਰੀ ਵਿਚ 26:48:36 ਦਾ ਸਮਾਂ ਕੱਢਿਆ। ਇਹ ਫਾਸਲਾ ਕਾਫੀ ਹੈ, ਜਿਸ ਨੂੰ ਭਰਨ ਵਿਚ ਸਮਾਂ ਲੱਗੇਗਾ। ਇਹ ਸੌਖਾ ਨਹੀਂ ਹੈ। ਇਸ 'ਤੇ ਹਰਮੈਂਸ ਕਹਿੰਦੇ ਹਨ, 'ਟੌਪ ਭਾਰਤੀ ਤੇ ਵਿਸ਼ਵ ਦੇ ਸਰਬੋਤਮ ਵਿਚ ਕਾਫੀ ਫਾਸਲਾ ਹੈ। ਇਸ ਲਈ ਇਹ ਕੰਮ ਅਗਲੇ 10-15 ਸਾਲ ਤਾਂ ਸੰਭਵ ਨਹੀਂ ਹੈ।
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 13ਵੇਂ ਅਖਾੜੇ ਦਾ ਬਿਗਲ ਵੱਜ ਚੁੱਕਾ ਹੈ। ਲੰਘਿਆ 14 ਨਵੰਬਰ ਇਸ ਲੀਗ ਫ੍ਰੈਂਚਾਇਜ਼ੀ ਲਈ ਕਾਫੀ ਰੁਝੇਵਿਆਂ ਭਰਿਆ ਰਿਹਾ, ਕਿਉਂਕਿ ਇਹ ਉਹ ਸਮਾਂ ਸੀ, ਜਦੋਂ ਆਪਣੇ ਅਗਲੇ ਸੀਜ਼ਨ ਲਈ ਵੱਖ-ਵੱਖ ਟੀਮਾਂ ਨੇ ਆਪਣੀ ਅਗਲੇਰੀ ਰਣਨੀਤੀ ਮੁਤਾਬਿਕ ਖਿਡਾਰੀਆਂ ਨੂੰ ਬਰਕਰਾਰ ਰੱਖਣਾ ਅਤੇ ਰਿਲੀਜ਼ ਕਰਨਾ ਸੀ। ਹਾਲਾਂਕਿ 19 ਦਸੰਬਰ ਨੂੰ ਕੋਲਕਾਤਾ 'ਚ ਹੋਣ ਵਾਲੀ ਨਿਲਾਮੀ ਤੋਂ ਬਾਅਦ ਹੀ ਆਈ.ਪੀ.ਐਲ. 'ਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਰੂਪ-ਰੇਖਾ ਸਾਹਮਣੇ ਆਵੇਗੀ ਪਰ ਇਸ ਪੜਾਅ ਵਿਚ ਕੁੱਲ ਅੱਠ ਟੀਮਾਂ-ਚੇਨਈ ਸੁਪਰ ਕਿੰਗ, ਦਿੱਲੀ ਕੈਪੀਟਲਜ਼, ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟ ਰਾਈਡਰਜ਼, ਮੁੰਬਈ ਇੰਡੀਅਨ, ਰਾਜਸਥਾਨ ਰਾਇਲਜ਼, ਰਾਇਲ ਚੈਲੰਜਰਸ, ਬੈਂਗਲਰੂ, ਸਨਰਾਈਜ਼ਰਸ ਹੈਦਰਾਬਾਦ ਨੇ ਕੁੱਲ 127 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿਚ 35 ਵਿਦੇਸ਼ੀ ਖਿਡਾਰੀ ਵੀ ਸ਼ਾਮਿਲ ਹਨ। ਇਸੇ ਦੌਰਾਨ ਟੀਮਾਂ ਆਪਣੇ ਖਿਡਾਰੀ ਦੀ ਅਦਲਾ-ਬਦਲੀ ਕਰਨ ਤੋਂ ਇਲਾਵਾ ਕਿਸੇ ਖਿਡਾਰੀ ਨੂੰ ਦੂਜੀ ਟੀਮ ਨੂੰ ਵੇਚ ਵੀ ਸਕਦੀ ਹੈ। ਹਾਲਾਂਕਿ 19 ਦਸੰਬਰ, 2019 ਨੂੰ ਕੋਲਕਾਤਾ 'ਚ ਹੋਣ ਵਾਲੀ ਆਖਰੀ ਨਿਲਾਮੀ 'ਚ ਅਜੇ 29 ਵਿਦੇਸ਼ੀ ਖਿਡਾਰੀਆਂ ਸਮੇਤ ਕੁਲ 100 ਖਿਡਾਰੀਆਂ ਦੀ ਬੋਲੀ ਲੱਗੇਗੀ ਤੇ ਉਸ ਤੋਂ ਬਾਅਦ ਹੀ ਆਈ.ਪੀ.ਐਲ.-2020 ਦੇ 13ਵੇਂ ਅਖਾੜੇ ਦੀ ਖਿਤਾਬੀ ਜੰਗ ਪ੍ਰਤੀ ਜਿੱਤ-ਹਾਰ ਦੇ ਕਿਆਫਿਆਂ ਦਾ ਦੌਰ ਸ਼ੁਰੂ ਹੋ ਜਾਵੇਗਾ। ਅਗਲੇ ਸਾਲ ਫ੍ਰੈਂਚਾਇਜ਼ੀ ਦੇ ਭੰਗ ਹੋਣ ਤੋਂ ਪਹਿਲਾਂ ਇਸ ਸਾਲ ਹੋਣ ਵਾਲੀ ਇਹ ਨਿਲਾਮੀ ਆਖਰੀ ਹੋਵੇਗੀ। ਇਸ ਤੋਂ ਬਾਅਦ 2021 ਲੀਗ ਦੀਆਂ ਟੀਮਾਂ ਦੀ ਨਿਲਾਮੀ ਵੱਖਰੇ ਅਤੇ ਬਦਲੇ ਹੋਏ ਅੰਦਾਜ਼ 'ਚ ਹੋਵੇਗੀ।
ਚੌਕੇ-ਛੱਕਿਆਂ ਦੀ ਗੂੰਜ 'ਚ ਉਡਦੀਆਂ ਕਿੱਲੀਆਂ ਵਾਲੀ ਵਕਾਰੀ ਟੀ-20 ਲੀਗ, ਆਈ.ਪੀ.ਐਲ. ਦਾ ਆਯੋਜਨ ਹਰ ਸਾਲ ਅਪ੍ਰੈਲ-ਮਈ 'ਚ ਕੀਤਾ ਜਾਂਦਾ ਹੈ ਪਰ ਫ੍ਰੈਂਚਾਇਜ਼ੀ ਵਲੋਂ ਕਾਫੀ ਸਮਾਂ ਪਹਿਲਾਂ ਹੀ ਟੀਮਾਂ ਦੀ ਉਧੇੜ-ਬੁਣ ਦੀ ਪ੍ਰਕਿਰਿਆ ਨਾਲ ਹੀ ਆਈ.ਪੀ.ਐਲ. ਦੀ ਹਲਚਲ ਸ਼ੁਰੂ ਹੋ ਜਾਂਦੀ ਹੈ। ਹਰ ਇਕ ਟੀਮ ਨੂੰ ਆਈ.ਪੀ.ਐਲ. 2019 ਦੀ ਨਿਲਾਮੀ ਲਈ 82 ਕਰੋੜ ਰੁਪਏ ਦਿੱਤੇ ਗਏ ਸਨ, ਜਦ ਕਿ 2020 ਸੀਜ਼ਨ ਲਈ ਇਹ ਰਕਮ 85 ਕਰੋੜ ਰੱਖੀ ਗਈ ਹੈ। ਆਈ.ਪੀ.ਐਲ. ਦੀਆਂ 8 ਟੀਮਾਂ 'ਤੇ ਹੁਣ ਤੱਕ 472.35 ਕਰੋੜ ਖਰਚ ਹੋ ਚੁੱਕਾ ਹੈ ਤੇ ਬਾਕੀ ਬਚੀ ਨਿਲਾਮੀ ਲਈ ਉਨ੍ਹਾਂ ਕੋਲ 207.65 ਕਰੋੜ ਰੱਖੇ ਹਨ।
ਆਈ.ਪੀ.ਐਲ. ਦੀ 14 ਨਵੰਬਰ ਨੂੰ ਟ੍ਰੇਡਿੰਗ ਵਿਡੋ ਹੋਣ ਤੋਂ ਬਾਅਦ ਵੱਖ-ਵੱਖ ਫ੍ਰੈਂਚਾਇਜ਼ੀ ਨੇ ਜਿਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਅਤੇ ਰਿਲੀਜ਼ ਕੀਤਾ ਹੈ, ਉਹ ਕਾਫੀ ਹੈਰਾਨੀਜਨਕ ਹੈ। ਨਿਲਾਮੀ ਤੋਂ ਪਹਿਲਾਂ ਜਿਨ੍ਹਾਂ 71 ਖਿਡਾਰੀਆਂ ਨੂੰ ਫ੍ਰੈਂਚਾਇਜ਼ੀ ਨੇ ਰਿਲੀਜ਼ ਕੀਤਾ ਹੈ, ਉਨ੍ਹਾਂ ਵਿਚ ਕ੍ਰਿਸ ਲੇਨ, ਡੇਵਿਡ ਮਿਲਰ, ਜੈ ਦੇਵ ਉਨਾਦਕੱਟ ਤੇ ਕ੍ਰਿਸ ਮੌਰਿਸ ਵਰਗੇ ਨਾਂਅ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਜਿਥੇ ਦਿੱਲੀ ਕੈਪੀਟਲਜ਼ ਨੇ ਟ੍ਰੇਟ ਬੋਲਡ ਨੂੰ ਮੁੰਬਈ ਇੰਡੀਅਨ ਦੇ ਹੱਥੋਂ ਟ੍ਰੇਡ ਕੀਤਾ ਹੈ, ਉਥੇ ਕਿੰਗਜ਼ ਇਲੈਵਨ ਪੰਜਾਬ ਨੇ ਅੰਕਿਤ ਰਾਜਪੂਤ ਨੂੰ ਰਾਜਸਥਾਨ ਹਵਾਲੇ ਕਰ ਦਿੱਤਾ। ਮੁੰਬਈ ਇੰਡੀਅਨਜ਼ ਨੇ ਜਿਥੇ ਯੁਵਰਾਜ ਨੂੰ ਰਿਲੀਜ਼ ਕਰ ਦਿੱਤਾ, ਉਥੇ ਦਿੱਲੀ ਕੈਪੀਟਲਜ਼ ਨੇ ਰਵੀ ਚੰਦਰਨ ਅਸ਼ਵਿਨ ਅਤੇ ਰਾਜਸਥਾਨ ਰਾਇਲਜ਼ ਦੇ ਅਜਿੰਕਯ ਰਹਾਣੇ ਨੂੰ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)
-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204
ਕਿਸੇ ਸਮੇਂ ਖੇਡਾਂ ਦੇ ਖੇਤਰ 'ਚ ਦੇਸ਼ ਦਾ ਤਾਜ ਮੰਨਿਆ ਜਾਂਦਾ ਸੂਬਾ ਪੰਜਾਬ ਅਜੋਕੇ ਦੌਰ 'ਚ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਦੇ ਮਾਮਲੇ 'ਚ ਕਾਫੀ ਪਛੜਿਆ ਹੋਇਆ ਹੈ। ਪਰ ਹਾਲ ਹੀ ਵਿਚ ਰਾਜ ਦੇ ਪ੍ਰਾਇਮਰੀ ਸਕੂਲਾਂ ਦੀਆਂ ਸੂਬਾਈ ਖੇਡਾਂ 'ਚ ਜਿਸ ਤਰ੍ਹਾਂ ਦੀ ਪ੍ਰਤਿਭਾ ਦੇਖਣ ਨੂੰ ਮਿਲੀ, ਉਸ ਤੋਂ ਉਮੀਦ ਬੱਝਦੀ ਹੈ ਕਿ ਪੰਜਾਬ 'ਚ ਖੇਡਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਪ੍ਰਾਇਮਰੀ ਸਕੂਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜਿਨ੍ਹਾਂ ਰਾਹੀਂ ਹਰ ਕਿਸਮ ਦੀ ਖੇਡ ਪ੍ਰਤਿਭਾ ਤਲਾਸ਼ੀ ਤੇ ਤਰਾਸ਼ੀ ਜਾ ਸਕਦੀ ਹੈ।
ਕਿਵੇਂ ਬਣਨ ਨੀਂਹ ਪ੍ਰਾਇਮਰੀ ਖੇਡਾਂ : ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾਂਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਸਕੂਲ ਪੱਧਰ ਤੋਂ ਸ਼ੁਰੂਆਤ ਹੁੰਦੀ ਹੈ, ਜਿਸ ਤਹਿਤ ਹਰੇਕ ਸਕੂਲ ਦੇ ਖਿਡਾਰੀ ਪਹਿਲਾਂ ਸੈਂਟਰ ਪੱਧਰ 'ਤੇ, ਫਿਰ ਬਲਾਕ ਪੱਧਰ 'ਤੇ ਅਤੇ ਇਨ੍ਹਾਂ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲੈਂਦੇ ਹਨ। ਜ਼ਿਲ੍ਹਾ ਪੱਧਰ ਦੀਆਂ ਜੇਤੂ ਟੀਮਾਂ ਰਾਜ ਪੱਧਰੀ ਖੇਡਾਂ 'ਚ ਸ਼ਿਰਕਤ ਕਰਦੀਆਂ ਹਨ। ਪ੍ਰਾਇਮਰੀ ਖੇਡਾਂ ਦੌਰਾਨ 14 ਖੇਡਾਂ ਤੋਂ ਇਲਾਵਾ ਅਥਲੈਟਿਕਸ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਜਿਸ ਤਰ੍ਹਾਂ ਇਨ੍ਹਾਂ ਖੇਡਾਂ ਰਾਹੀਂ ਪ੍ਰਤਿਭਾ ਦੀ ਖੋਜ ਕੀਤੀ ਜਾਂਦੀ ਹੈ, ਉਹ ਬਹੁਤ ਵਧੀਆ ਤਰੀਕਾ ਹੈ। ਇਨ੍ਹਾਂ ਖੇਡਾਂ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਖੇਡ ਵਿੰਗਾਂ ਤੇ ਅਕੈਡਮੀਆਂ ਵਾਲੀਆਂ ਸਹੂਲਤਾਂ ਪ੍ਰਦਾਨ ਕਰ ਕੇ ਦੇਸ਼ ਲਈ ਚਮਕਦੇ ਸਿਤਾਰੇ ਪੈਦਾ ਕੀਤੇ ਜਾ ਸਕਦੇ ਹਨ।
ਸੂਬਾਈ ਖੇਡਾਂ : ਸਕੂਲ ਸਿੱਖਿਆ ਵਿਭਾਗ ਵਲੋਂ ਸੰਗਰੂਰ ਵਿਖੇ ਪਿਛਲੇ ਦਿਨੀਂ ਕਰਵਾਈਆਂ ਗਈਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ 'ਚ ਵੱਖ-ਵੱਖ ਜ਼ਿਲ੍ਹਿਆਂ 'ਚੋਂ ਸੈਂਟਰ, ਬਲਾਕ ਤੇ ਜ਼ਿਲ੍ਹਾ ਪੱਧਰ ਦੇ ਪੜਾਅ ਪਾਰ ਕਰ ਕੇ ਆਏ 4200 ਨੰਨ੍ਹੇ-ਮੁੰਨੇ ਖਿਡਾਰੀਆਂ ਨੇ ਜ਼ੋਰ-ਅਜ਼ਮਾਇਸ਼ ਕੀਤੀ। ਰੰਗ-ਬਰੰਗੇ ਟਰੈਕ ਸੂਟ ਪਾ ਕੇ, ਜਦੋਂ ਇਹ ਖਿਡਾਰੀ ਮੈਦਾਨਾਂ 'ਚ ਉਤਰਦੇ ਸਨ ਤਾਂ ਇਨ੍ਹਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਸੀ। ਬਿਨਾਂ ਕਿਸੇ ਛਲ-ਕਪਟ ਦੇ ਮੈਦਾਨਾਂ 'ਚ ਉਤਰਨ ਵਾਲੇ ਖਿਡਾਰੀਆਂ ਦੀ ਖੇਡ ਭਾਵਨਾ ਸਭ ਨੂੰ ਪ੍ਰਭਾਵਿਤ ਕਰਨ ਵਾਲੀ ਸੀ। ਰਾਜ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨਿੱਜੀ ਤੌਰ 'ਤੇ ਇਨ੍ਹਾਂ ਖੇਡਾਂ 'ਚ ਬਹੁਤ ਦਿਲਚਸਪੀ ਦਿਖਾਈ। ਉਨ੍ਹਾਂ ਨੇ ਅਧਿਕਾਰੀਆਂ ਤੇ ਅਧਿਆਪਕਾਂ ਤੋਂ ਇਲਾਵਾ ਖਿਡਾਰੀਆਂ ਨਾਲ ਵੀ ਨਿੱਜੀ ਤੌਰ 'ਤੇ ਰਾਬਤਾ ਬਣਾਇਆ, ਜਿਸ ਸਦਕਾ ਖਿਡਾਰੀਆਂ ਤੇ ਅਧਿਆਪਕਾਂ 'ਚ ਨਵਾਂ ਜੋਸ਼ ਦੇਖਣ ਨੂੰ ਮਿਲਿਆ। ਖੇਡਾਂ ਦੌਰਾਨ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਐਲੀ:) ਇੰਦਰਜੀਤ ਸਿੰਘ, ਸੰਗਰੂਰ ਜ਼ਿਲ੍ਹੇ ਦੇ ਡੀ.ਈ.ਓ. (ਐਲੀ:), ਡਿਪਟੀ ਡੀ.ਈ.ਓ. ਬਰਜਿੰਦਰਪਾਲ ਸਿੰਘ ਤੇ ਵਿਨੋਦ ਹਾਂਡਾ, ਲੈਕਚਰਾਰ ਸੁਰਿੰਦਰ ਸਿੰਘ ਭਰੂਰ ਹੁਰਾਂ ਦੀ ਅਗਵਾਈ ਵਾਲੀ ਟੀਮ ਨੇ ਇਸ ਖੇਡ ਮਹਾਂਕੁੰਭ ਨੂੰ ਦਿਨ-ਰਾਤ ਇਕ ਕਰ ਕੇ ਸਫਲ ਬਣਾਇਆ।
ਪ੍ਰਾਇਮਰੀ ਖੇਡਾਂ ਦੇ ਟੀਚੇ : ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਵਿਭਾਗ ਦਾ ਟੀਚਾ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣਾ ਹੈ। ਇਸੇ ਤਹਿਤ ਹੀ 'ਪੜ੍ਹੋ ਪੰਜਾਬ ਤੇ ਖੇਡੋ ਪੰਜਾਬ' ਦਾ ਨਾਅਰਾ ਦਿੱਤਾ ਗਿਆ ਹੈ, ਜਿਸ ਤਹਿਤ ਪ੍ਰਾਇਮਰੀ ਖੇਡਾਂ ਲਈ ਵੱਡਾ ਬਜਟ ਰੱਖਿਆ ਗਿਆ ਹੈ, ਜੋ ਪੰਜਾਬ ਸਰਕਾਰ ਦੀ ਨਵੀਂ ਪਹਿਲਕਦਮੀ ਹੈ। ਇਸ ਮੁਹਿੰਮ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਰਾਜ ਦੀ ਖੇਡ ਪ੍ਰਤਿਭਾ ਨੂੰ ਮੁਢਲੇ ਪੱਧਰ ਤੋਂ ਹੀ ਪਹਿਚਾਣਨ ਤੇ ਸੰਭਾਲਣ ਦਾ ਪ੍ਰਾਇਮਰੀ ਸਕੂਲ ਖੇਡਾਂ ਵੱਡਾ ਜ਼ਰੀਆ ਬਣ ਗਈਆਂ ਹਨ। 'ਪੜ੍ਹੋ ਪੰਜਾਬ' ਦੇ ਕੋਆਰਡੀਨੇਟਰ ਡਾ: ਦਵਿੰਦਰ ਸਿੰਘ ਬੋਹਾ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਦੇ ਨਾਲ-ਨਾਲ 'ਫਿੱਟ ਗੁਰੂ' ਮੁਹਿੰਮ ਤਹਿਤ ਅਧਿਆਪਕਾਂ ਨੂੰ ਵੀ ਸਿਹਤਮੰਦ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਅਧਿਆਪਕਾਂ ਦੀਆਂ ਖੇਡਾਂ ਵੀ ਕਰਵਾਈਆਂ ਜਾਣ ਲੱਗੀਆਂ ਹਨ।
ਸੁਧਾਰ ਦੀ ਗੁੰਜਾਇਸ਼ : ਪ੍ਰਾਇਮਰੀ ਸਕੂਲ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਅਕਸਰ ਹੀ ਨਵੰਬਰ ਮਹੀਨੇ 'ਚ ਹੁੰਦੇ ਹਨ। ਜਿਸ ਸਮੇਂ ਠੰਢ ਸ਼ੁਰੂ ਹੋ ਜਾਂਦੀ ਹੈ ਅਤੇ ਬੱਚਿਆਂ ਦੇ ਬਿਮਾਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਖੇਡਾਂ ਸਤੰਬਰ-ਅਕਤੂਬਰ ਮਹੀਨੇ 'ਚ ਹੋ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਖੇਡਾਂ 'ਚ 15 ਈਵੈਂਟ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਦਾ ਆਯੋਜਨ ਦੋ ਜਗ੍ਹਾ ਵੰਡ ਕੇ ਹੋਣਾ ਚਾਹੀਦਾ ਹੈ। ਜੇਕਰ ਖੇਡਾਂ ਇਕ ਜਗ੍ਹਾ ਕਰਵਾਉਣੀਆਂ ਹੋਣ ਤਾਂ ਦਿਨ ਵਧਾ ਦੇਣੇ ਚਾਹੀਦੇ ਹਨ। ਪ੍ਰਾਇਮਰੀ ਖੇਡਾਂ ਜਿਸ ਤਰ੍ਹਾਂ ਵਧੀਆ ਪ੍ਰਤਿਭਾ ਖੋਜਣ ਦਾ ਸਾਧਨ ਬਣ ਗਈਆਂ ਹਨ, ਉਸ ਲਈ ਇਕ ਵਧੀਆ ਢਾਂਚਾ ਬਣਾਉਣਾ ਲਾਜ਼ਮੀ ਹੈ, ਜਿਸ ਲਈ ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਵੀ ਖੇਡਾਂ ਦੇ ਸੰਚਾਲਨ ਲਈ ਅਧਿਕਾਰੀ ਨਿਯੁਕਤ ਕਰਨੇ ਚਾਹੀਦੇ ਹਨ।
-ਪਟਿਆਲਾ। ਮੋਬਾ: 97795-90575
ਮਦਨ ਲਾਲ ਰਾਜਸਥਾਨ ਪ੍ਰਾਂਤ ਦਾ ਮਾਣਮੱਤਾ ਪੈਰਾ ਖਿਡਾਰੀ ਹੈ ਅਤੇ ਉਸ ਦਾ ਇਕ ਹੱਥ ਨੁਕਸਾਨੇ ਜਾਣ ਦੇ ਬਾਵਜੂਦ ਵੀ ਉਹ ਇਕ ਹੱਥ ਨਾਲ ਹੀ ਤਿੰਨ ਈਵੈਂਟ ਖੇਡਦਾ ਹੈ ਅਤੇ ਹੁਣ ਤੱਕ ਕਈ ਸੋਨ ਤਗਮੇ ਆਪਣੇ ਨਾਂਅ ਕਰ ਚੁੱਕਾ ਹੈ। ਉਸ ਦਾ ਜਨਮ 14 ਅਪ੍ਰੈਲ, 1985 ਨੂੰ ਪਿਤਾ ਪੋਖਰ ਰਾਮ ਦੇ ਘਰ ਮਾਤਾ ਗੁੱਡੀ ਦੇਵੀ ਦੀ ਕੁੱਖੋਂ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ, ਤਹਿਸੀਲ ਟਿੱਬੀ ਦੇ ਇਕ ਪਿੰਡ ਸਹਾਰਣੀ ਵਿਚ ਹੋਇਆ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਸੱਤਵੀਂ ਕਲਾਸ ਤੱਕ ਹੀ ਪੜ੍ਹ ਸਕਿਆ ਅਤੇ ਉਹ ਬਾਪ ਨਾਲ ਹੀ ਖੇਤਾਂ ਵਿਚ ਵੀ ਹੱਥ ਵਟਾਉਂਦਾ। ਸਾਲ 2014 ਵਿਚ ਉਹ ਰਾਤ ਦੇ ਸਮੇਂ ਆਪਣੇ ਖੇਤਾਂ ਵਿਚ ਫਸਲ ਨੂੰ ਪਾਣੀ ਲਗਾ ਰਿਹਾ ਸੀ ਤਾਂ ਉਸ ਦਾ ਹੱਥ ਬਿਜਲੀ ਵਾਲੇ ਟਰਾਂਸਫਾਰਮਰ ਨਾਲ ਲੱਗ ਗਿਆ ਅਤੇ ਉਸ ਵਿਚ ਅਚਾਨਕ ਕਰੰਟ ਆਉਣ ਕਰਕੇ ਉਸ ਦਾ ਸੱਜਾ ਹੱਥ ਉਸ ਨਾਲ ਟਕਰਾ ਗਿਆ ਅਤੇ ਉਹ ਕਰੰਟ ਦੀ ਲਪੇਟ ਵਿਚ ਆ ਗਿਆ। ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲਿਆ ਪਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਡਾਕਟਰ ਉਸ ਦਾ ਹੱਥ ਨਹੀਂ ਬਚਾ ਸਕੇ ਅਤੇ ਹੱਥ ਕਰੰਟ ਦੀ ਚਪੇਟ ਵਿਚ ਬੁਰੀ ਤਰ੍ਹਾਂ ਆਉਣ ਕਰਕੇ ਮਜਬੂਰਨ ਹੱਥ ਕੱਟਣਾ ਪਿਆ ਪਰ ਮਦਨ ਲਾਲ ਨੇ ਆਖਰ ਸਵੀਕਾਰ ਲਿਆ ਕਿ ਇਹ ਕੁਦਰਤ ਦੀ ਹੀ ਮਰਜ਼ੀ ਸੀ ਅਤੇ ਕੁਦਰਤ ਦੇ ਕੀਤੇ ਨੂੰ ਕਬੂਲ ਲੈਣਾ ਹੀ ਬਿਹਤਰੀ ਹੈ।
ਚਲਦੇ-ਚਲਾਉਂਦੇ ਉਸ ਦੀ ਮੁਲਾਕਾਤ ਰਾਜਸਥਾਨ ਵਿਚ ਪੈਰਾ ਖਿਡਾਰੀਆਂ ਨੂੰ ਤਿਆਰ ਕਰਨ ਵਾਲੇ ਕੋਚ ਸੁਨੀਲ ਸਾਵਰੀਆ ਨਾਲ ਹੋਈ ਅਤੇ ਉਸ ਨੇ ਉਸ ਨੂੰ ਪੈਰਾ ਖੇਡਾਂ ਦੀ ਤਿਆਰੀ ਕਰਵਾਉਣੀ ਸ਼ੁਰੂ ਕਰਵਾ ਦਿੱਤੀ। ਮਦਨ ਲਾਲ ਨੇ ਖੇਡ ਦੇ ਮੈਦਾਨ ਵਿਚ ਪੈਰ ਧਰਿਆ ਤਾਂ ਉਸ ਲਈ ਵਰਦਾਨ ਸਾਬਤ ਹੋਇਆ ਅਤੇ ਉਹ ਖੱਬੇ ਹੱਥ ਨਾਲ ਹੀ ਇਕੋ ਟਾਈਮ ਜੈਵਲਿਨ ਥਰੋ, ਸ਼ਾਟਪੁੱਟ ਅਤੇ ਡਿਸਕਸ ਥਰੋ ਖੇਡਣ ਲੱਗਿਆ। ਸਾਲ 2016 ਵਿਚ ਉਸ ਨੇ ਨੈਸ਼ਨਲ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਅਤੇ ਉਹ ਹੁਣ ਤੱਕ ਸਟੇਟ ਪੱਧਰ 'ਤੇ ਅਨੇਕ ਸੋਨ ਤਗਮੇ ਆਪਣੀ ਝੋਲੀ ਪਾ ਕੇ ਆਪਣਾ ਅਤੇ ਆਪਣੇ ਪ੍ਰਾਂਤ ਦਾ ਨਾਂਅ ਉੱਚਾ ਕਰ ਚੁੱਕਾ ਹੈ ਅਤੇ ਉਸ ਦੀ ਖਾਹਿਸ਼ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਦੇਸ਼ ਲਈ ਤਗਮੇ ਲੈ ਕੇ ਆਵੇ ਅਤੇ ਜਿਸ ਦੀ ਤਿਆਰੀ ਉਹ ਆਪਣੇ ਕੋਚ ਸੁਨੀਲ ਸਾਵਰਿਆ ਦੀ ਰਹਿਨੁਮਾਈ ਵਿਚ ਕਰ ਰਿਹਾ ਹੈ। ਮਦਨ ਲਾਲ ਆਖਦਾ ਹੈ ਕਿ ਇਸ ਖੇਤਰ ਵਿਚ ਉਸ ਦੀ ਮਦਦ ਉਸ ਦੇ ਪਿੰਡ ਦੇ ਹੀ ਪਤਵੰਤੇ ਵਿਅਕਤੀ ਸੁਧੀਰ ਝੋਰਡ, ਦੀਪ ਰਾਮ ਥੋਰੀ, ਜੈਪਾਲ ਸਹਾਰਨ ਅਤੇ ਰਾਧਾ ਰਾਮ ਸਹਾਰਨ ਕਰ ਰਹੇ ਹਨ, ਜਿਹੜੇ ਹਰ ਵਕਤ ਉਸ ਨੂੰ ਉਤਸ਼ਾਹਤ ਵੀ ਕਰ ਰਹੇ ਹਨ ਅਤੇ ਉਹ ਹਮੇਸ਼ਾ ਉਨ੍ਹਾਂ ਦਾ ਰਿਣੀ ਹੈ।
-ਮੋਬਾ: 98551-14484
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤ ਅੱਚਲ ਸਾਹਿਬ (ਬਟਾਲਾ) ਦੇ ਨਜ਼ਦੀਕ ਘੁੱਗ ਵਸਦੇ ਪਿੰਡ ਚਹਿਲ ਕਲਾਂ ਦਾ ਜੰਮਪਲ ਹੈ ਮੌਜੂਦਾ ਭਾਰਤੀ ਹਾਕੀ ਟੀਮ ਦਾ ਮਿਡਫੀਲਡਰ ਅਤੇ ਫਾਰਵਰਡ ਖਿਡਾਰੀ ਸਿਮਰਨਜੀਤ ਸਿੰਘ। ਪਿਤਾ ਸ: ਇਕਬਾਲ ਸਿੰਘ ਗੁਰਾਇਆ ਅਤੇ ਮਾਤਾ ਮਨਜੀਤ ਕੌਰ ਦਾ ਬੇਟਾ ਸਿਮਰਨਜੀਤ ਹੁਣ ਭਾਰਤੀ ਹਾਕੀ ਟੀਮ ਦਾ ਬਿਹਤਰੀਨ ਮਿਡਫੀਲਡਰ ਬਣ ਚੁੱਕਾ ਹੈ। ਉਸ ਦਾ ਜੱਟ ਸਿੱਖ ਪਰਿਵਾਰ, ਖੇਤੀਬਾੜੀ ਜਿਸ ਦਾ ਕਿੱਤਾ ਹੈ। ਗੌਰਤਲਬ ਹੈ ਕਿ ਹਾਕੀ ਪਿਛੋਕੜ ਵੀ ਰੱਖਦਾ ਹੈ। ਯਕੀਨਨ ਇਸ ਮਿਡਫੀਲਡਰ ਨੂੰ ਹਾਕੀ ਵਿਰਸੇ 'ਚੋਂ ਮਿਲੀ ਤੇ ਇਸੇ ਦੇ ਬਲਬੂਤੇ ਉਹ ਵਿਸ਼ਵ ਪੱਧਰ 'ਤੇ ਆਪਣੀ ਪਰਿਵਾਰਕ ਜ਼ਿੰਮੇਵਾਰੀ ਨੂੰ ਹਰ ਸਫਲ ਢੰਗ ਨਾਲ ਪੂਰੀ ਕਰਨ 'ਚ ਯਤਨਸ਼ੀਲ ਹੈ। ਜ਼ਿਕਰਯੋਗ ਹੈ ਕਿ ਸਿਮਰਨਜੀਤ ਨੂੰ ਹਾਕੀ ਦੀ ਦੁਨੀਆ 'ਚ ਬੁਲੰਦੀ 'ਤੇ ਲੈ ਜਾਣ ਲਈ ਪਹਿਲਾ ਸਹਾਰਾ ਚੀਮਾ ਹਾਕੀ ਅਕੈਡਮੀ ਦਾ ਮਿਲਿਆ। 2006 'ਚ ਉਹ ਇਸ ਅਕੈਡਮੀ 'ਚ ਪ੍ਰਵੇਸ਼ ਕਰਦਾ ਹੈ। ਕੋਚ ਰਣਜੀਤ ਸਿੰਘ ਚੀਮਾ ਉਸ ਦੇ ਮੁਢਲੇ ਕੋਚ ਹਨ। ਇਸ ਲਈ ਸਾਡਾ ਮਿਡਫੀਲਡਰ ਚੀਮਾ ਹਾਕੀ ਅਕੈਡਮੀ ਦਾ ਹਮੇਸ਼ਾ ਰਿਣੀ ਰਹੇਗਾ, ਜਿਸ ਦੇ ਮਾਰਗ ਦਰਸ਼ਨ ਨੇ ਉਸ ਨੂੰ ਵਿਸ਼ਵ ਪ੍ਰਸਿੱਧ ਹਾਕੀ ਅਕੈਡਮੀ ਸੁਰਜੀਤ ਹਾਕੀ ਅਕੈਡਮੀ 'ਚ ਖੇਡਣ ਦੀ ਥਾਂ ਬਣਾ ਦਿੱਤੀ। ਇਥੇ ਕੋਚ ਝਿਲਮਿਲ ਸਿੰਘ, ਸੁਰਜੀਤ ਸਿੰਘ ਮਿੱਠਾਪੁਰ, ਅਵਤਾਰ ਸਿੰਘ, ਗੁਰਦੇਵ ਸਿੰਘ, ਜਸਪ੍ਰੀਤ ਸਿੰਘ ਆਦਿ ਦੀ ਰਹਿਨੁਮਾਈ ਨੇ ਉਸ ਦੇ ਖੇਡ ਕੈਰੀਅਰ ਨੂੰ ਨਿਖਾਰਿਆ। 2008 'ਚ ਸੁਰਜੀਤ ਹਾਕੀ ਅਕੈਡਮੀ 'ਚ ਦਾਖਲਾ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਤੋਂ ਉਸ ਨੇ ਵਿੱਦਿਆ ਪ੍ਰਾਪਤ ਕੀਤੀ। ਐਫ.ਆਈ.ਐਚ. ਸੀਰੀਜ਼ ਫਾਈਨਲ ਵਿਚ ਉਸ ਦੀ ਟੀਮ ਨੇ ਸੋਨੇ ਦਾ ਤਗਮਾ ਹਾਸਲ ਕੀਤਾ। ਨਿਊਜ਼ੀਲੈਂਡ ਟੈਸਟ ਸੀਰੀਜ਼, ਜਾਪਾਨ ਟੈਸਟ ਸੀਰੀਜ਼ ਅਤੇ ਉਲੰਪਿਕ ਹਾਕੀ ਦਾ ਕੁਆਲੀਫਾਇੰਗ ਰਾਊਂਡ ਖੇਡਣ ਵਾਲਾ ਸਿਮਰਨਜੀਤ ਸਿੰਘ ਹੁਣ ਤੱਕ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਘਰੇਲੂ ਟੂਰਨਾਮੈਂਟ ਖੇਡ ਚੁੱਕਾ ਹੈ, ਜਿਸ ਨੇ ਉਸ ਦੇ ਹਾਕੀ ਖੇਡ ਦੇ ਤਜਰਬੇ ਨੂੰ ਹੋਰ ਵੀ ਵਿਸ਼ਾਲ ਕੀਤਾ ਹੈ। ਉਹ ਦੱਸਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਉਸ ਲਈ ਹਾਰ ਦਾ ਸਾਹਮਣਾ ਕਰਨਾ ਮੁਸ਼ਕਿਲ ਸੀ ਪਰ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਸਰਦਾਰਾ ਸਿੰਘ ਦੀ ਸੰਗਤ 'ਚੋਂ ਉਸ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ। ਭਾਰਤੀ ਹਾਕੀ ਟੀਮ ਦੇ ਚੀਫ ਕੋਚ ਗ੍ਰਾਹਮ ਰੀਡ ਦਾ ਉਹ ਬੇਹੱਦ ਪ੍ਰਸੰਸਕ ਹੈ। ਉਸ ਦਾ ਕਹਿਣਾ ਹੈ ਕਿ ਉਹ ਬੁਹਤ ਹੀ ਸ਼ਾਂਤ ਸੁਭਾਅ ਦਾ, ਬਹੁਤ ਹੀ ਤਜਰਬੇਕਾਰ ਕੋਚ ਹੈ। ਸਿਮਰਨ ਦੱਸਦਾ ਹੈ ਕਿ ਇਸ ਵੇਲੇ ਉਸ ਦਾ ਨਿਸ਼ਾਨਾ ਟੋਕੀਓ ਉਲੰਪਿਕ ਖੇਡਣ ਵਾਲੀ ਟੀਮ 'ਚ ਆਪਣਾ ਸਥਾਨ ਨਿਸ਼ਚਿਤ ਕਰਨਾ ਹੈ। ਉਸ ਨੂੰ ਆਸ ਹੈ ਕਿ ਜਿਸ ਤਰ੍ਹਾਂ ਕੋਚ ਗ੍ਰਾਹਮ ਰੀਡ ਦੇ ਮਾਰਗ ਦਰਸ਼ਨ 'ਚ ਟੀਮ ਖੇਡ ਰਹੀ ਹੈ, ਉਹ ਕਿਸੇ ਵੀ ਉਲੰਪਿਕ ਤਗਮੇ ਤੋਂ ਜ਼ਿਆਦਾ ਦੂਰ ਨਹੀਂ ਹਨ।
-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410
ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡੀ ਆਬਾਦੀ ਵਾਲਾ ਮੁਲਕ ਹੈ ਅਤੇ ਨੌਜਵਾਨਾਂ ਦੀ ਗਿਣਤੀ ਦੀ ਜੇਕਰ ਗੱਲ ਕਰੀਏ ਤਾਂ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਸਾਰੇ ਸੰਸਾਰ ਨਾਲੋਂ ਕਿਤੇ ਵਧੇਰੇ ਹੈ। ਪਰ ਨੌਜਵਾਨਾਂ ਦੀ ਤਾਕਤ ਅਤੇ ਉਨ੍ਹਾਂ ਦੇ ਬਾਹੂਬਲ ਨੂੰ ਜੇਕਰ ਸਹੀ ਦਿਸ਼ਾ ਵੱਲ ਉਪਯੋਗ ਨਹੀਂ ਕੀਤਾ ਜਾਵੇਗਾ ਤਾਂ ਉਹ ਕੁਰਾਹੇ ਪੈ ਕੇ ਆਪਣੇ ਨਾਲ-ਨਾਲ ਦੇਸ਼ ਦਾ ਵੀ ਨੁਕਸਾਨ ਕਰਦੇ ਹਨ। ਏਨੀ ਵੱਡੀ ਆਬਾਦੀ ਅਤੇ ਨੌਜਵਾਨਾਂ ਦੀ ਤਾਕਤ ਹੋਣ ਦੇ ਬਾਵਜੂਦ ਸਾਡੇ ਦੇਸ਼ ਦੀਆਂ ਖੇਡਾਂ ਅਤੇ ਖਿਡਾਰੀਆਂ ਦਾ ਆਲਮੀ ਪੱਧਰ 'ਤੇ ਜੋ ਹਾਲ ਹੈ, ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਸਾਡੇ ਦੇਸ਼ ਦੇ ਖਿਡਾਰੀ ਤਗਮਿਆਂ ਲਈ ਜੱਦੋ-ਜਹਿਦ ਕਰਦੇ ਨਜ਼ਰ ਆਂਉਦੇ ਹਨ। ਉਲੰਪਿਕ ਪੱਧਰ 'ਤੇ ਸਾਡੇ ਦੇਸ਼ ਦੀਆਂ ਪ੍ਰਾਪਤੀਆਂ ਸਾਡੇ ਸਭ ਦੇ ਸਾਹਮਣੇ ਹਨ, ਆਖਰ ਕੀ ਕਾਰਨ ਹਨ ਕਿ ਅਜੇ ਤੱਕ ਅਸੀਂ ਵਿਸ਼ਵ ਖੇਡ ਮੈਦਾਨ ਵਿਚ ਫਾਡੀ ਤੁਰੇ ਆ ਰਹੇ ਹਾਂ? ਆਓ ਨਜ਼ਰ ਮਾਰੀਏ ਕੁਝ ਕਾਰਨਾਂ ਉੱਤੇ।
ਕਿਸੇ ਵੀ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਅਤੇ ਉਸ ਦੇ ਨੁਮਾਇੰਦੇ ਸਭ ਤੋਂ ਉਪਰਲੀ ਸ਼ਕਤੀ ਹੁੰਦੇ ਹਨ, ਜੋ ਕਿ ਕਿਸੇ ਵੀ ਵਿਵਸਥਾ ਲਈ ਵਿਉਂਤਬੰਦੀ ਕਰਦੇ ਹਨ ਪਰ ਅਜੇ ਤੱਕ ਸਾਡੇ ਦੇਸ਼ ਵਿਚ ਖੇਡਾਂ ਲਈ ਇਹੋ ਜਿਹੀ ਕ੍ਰਾਂਤੀ ਨਹੀਂ ਪੈਦਾ ਕੀਤੀ ਜਾ ਸਕੀ, ਜਿਸ ਨਾਲ ਦੇਸ਼ ਵਿਚ ਕੋਈ ਵਿਸ਼ੇਸ਼ ਖੇਡ ਲਹਿਰ ਪੈਦਾ ਹੋ ਸਕੇ। ਪਿੱਛੇ ਜਿਹੇ ਦੇਸ਼ ਵਿਚ ਇਕ ਉਮੀਦ ਪੈਦਾ ਹੋਈ ਸੀ, ਜਦੋਂ ਉਲੰਪਿਕ ਤਗਮਾ ਜੇਤੂ ਖਿਡਾਰੀ (ਰਾਜਵਰਧਨ ਸਿੰਘ ਰਾਠੌਰ) ਨੂੰ ਦੇਸ਼ ਦਾ ਖੇਡ ਮੰਤਰੀ ਬਣਾਇਆ ਗਿਆ ਸੀ ਅਤੇ ਉਸ ਨੇ ਕੁਝ ਕ੍ਰਾਂਤੀਕਾਰੀ ਫ਼ੈਸਲੇ ਵੀ ਲਏ ਸਨ, ਜਿਸ ਨਾਲ ਹੇਠਲੇ ਪੱਧਰ ਤੋਂ ਹੀ ਖੇਡਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਰਾਠੌਰ ਸਾਹਿਬ ਨੇ 'ਖੇਲੋ ਇੰਡੀਆ ਸਕੂਲ ਖੇਡਾਂ' ਅਤੇ 'ਖੇਲੋ ਇੰਡੀਆ ਯੂਥ ਖੇਡਾਂ' ਰਾਹੀਂ ਇਕ ਨਵੀਂ ਉਮੀਦ ਦੇਸ਼ ਦੀ ਖੇਡ ਵਿਵਸਥਾ ਵਿਚ ਪੈਦਾ ਕੀਤੀ ਸੀ ਪਰ ਅਫਸੋਸ ਕਿ ਸਮੇਂ ਨਾਲ ਇਹ ਖਿਡਾਰੀ ਖੇਡ ਮੰਤਰੀ ਰਾਜਨੀਤਕ ਫੈਸਲਿਆਂ ਦਾ ਸ਼ਿਕਾਰ ਹੋ ਕੇ ਇਸ ਮਹੱਤਵਪੂਰਨ ਅਹੁਦੇ ਤੋਂ ਲਾਂਭੇ ਹੋ ਗਿਆ।
ਅਸਲ ਵਿਚ ਇਕ ਖਿਡਾਰੀ ਨੂੰ ਹੀ ਪਤਾ ਹੁੰਦਾ ਹੈ ਕਿ ਖੇਡਾਂ ਜ਼ਮੀਨੀ ਪੱਧਰ ਤੋਂ ਕਿਵੇਂ ਉੱਪਰ ਉਠਦੀਆਂ ਹਨ ਤੇ ਕਿਵੇਂ ਖਿਡਾਰੀਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਗੱਲ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੇਸ਼ ਦਾ ਤਾਣਾ-ਬਾਣਾ ਖੇਡਾਂ ਲਈ ਕਿੰਨਾ ਕੁ ਸੰਜੀਦਾ ਹੈ! ਇਸ ਤੋਂ ਬਾਅਦ ਸਾਡੇ ਦੇਸ਼ ਦੀਆਂ ਖੇਡ ਸੰਸਥਾਵਾਂ ਵੀ ਰਾਜਨੀਤਕ ਘਨੇੜੇ 'ਤੇ ਚੜ੍ਹ ਕੇ ਆਪਹੁਦਰੀਆਂ ਕਰਦੀਆਂ ਸਾਫ਼ ਨਜ਼ਰ ਆਉਂਦੀਆਂ ਹਨ ਤੇ ਹੋਣਹਾਰ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਦੀਆਂ ਰਹਿੰਦੀਆਂ ਹਨ, ਜਿਸ ਕਰਕੇ ਖਿਡਾਰੀ ਖੇਡਾਂ ਵਲੋਂ ਮੂੰਹ ਮੋੜ ਲੈਂਦੇ ਹਨ। ਇਨ੍ਹਾਂ ਖੇਡ ਸੰਸਥਾਵਾਂ ਦੀਆਂ ਕੁਰਸੀਆਂ 'ਤੇ ਜ਼ਿਆਦਾਤਰ ਰਾਜਨੀਤਕ ਸ਼ਹਿ ਪ੍ਰਾਪਤ ਲੋਕ ਹੀ ਬਿਰਾਜਮਾਨ ਰਹਿੰਦੇ ਹਨ, ਜੋ ਆਪਣੀ ਮਨਮਰਜ਼ੀ ਨਾਲ ਸਾਰੇ ਕੰਮਾਂ ਨੂੰ ਅੰਜਾਮ ਦਿੰਦੇ ਹਨ। ਦੇਸ਼ ਵਿਚ ਛੋਟੀ ਤੋਂ ਛੋਟੀ ਐਸੋਸੀਏਸ਼ਨ ਦੇ ਕਾਰਕੁੰਨ ਖਿਡਾਰੀਆਂ ਦੀ ਖੇਡ ਵੱਲ ਧਿਆਨ ਦੀ ਥਾਂ 'ਤੇ ਇਨ੍ਹਾਂ ਸੰਸਥਾਵਾਂ ਦੀਆਂ ਕੁਰਸੀਆਂ ਲਈ ਲੜਦੇ ਆਮ ਤੌਰ 'ਤੇ ਦੇਖੇ ਜਾਂਦੇ ਹਨ।
ਇਸ ਤੋਂ ਬਾਅਦ ਜੇਕਰ ਗੱਲ ਕਰੀਏ ਦੇਸ਼ ਦੇ ਖੇਡ ਕੌਸ਼ਲ ਨੂੰ ਸੰਭਾਲਣ ਦੀ ਤਾਂ ਜ਼ਿਆਦਾਤਰ ਖੇਡ ਕੌਸ਼ਲ ਇਥੇ ਪਿੰਡਾਂ ਵਿਚ ਪਾਇਆ ਜਾਂਦਾ ਹੈ ਤੇ ਇਥੇ ਹੀ ਖੇਡਾਂ ਦੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹਮੇਸ਼ਾ ਤੋਂ ਰਹੀ ਹੈ। ਅਸਲੀ ਖੇਡ ਪ੍ਰਤਿਭਾ ਦੇਸ਼ ਲਈ ਕੁਝ ਕਰਨ ਵਿਚ ਆਪਣੇ-ਆਪ ਨੂੰ ਅਸਮਰੱਥ ਹੀ ਪਾਉਂਦੀ ਨਜ਼ਰ ਆਉਂਦੀ ਹੈ। ਹਰ ਵਾਰ ਉਲੰਪਿਕ ਖੇਡਾਂ ਲੰਘਣ ਤੋਂ ਬਾਅਦ ਅਗਲੀ ਉਲੰਪਿਕ ਲਈ ਨਵੇਂ ਨਿਸ਼ਾਨੇ ਮਿੱਥ ਲਏ ਜਾਂਦੇ ਹਨ ਪਰ ਸਹੀ ਦਿਸ਼ਾ ਵੱਲ ਉਨ੍ਹਾਂ ਨਿਸ਼ਾਨਿਆਂ ਨੂੰ ਨਾ ਤੋਰਨ ਕਾਰਨ ਸਾਰੀਆਂ ਵਿਉਤਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ, ਕਿਉਂਕਿ ਖੇਡਾਂ ਨੂੰ ਦੇਸ਼ ਵਿਚ ਉਹ ਦਰਜਾ ਹਾਸਲ ਨਹੀਂ ਹੈ, ਜੋ ਕਿ ਹੋਣਾ ਚਾਹੀਦਾ ਹੈ। ਸੋ, ਬਹੁਤ ਜ਼ਰੂਰਤ ਹੈ ਇਸ ਮੁੱਦੇ ਵੱਲ ਧਿਆਨ ਦੇਣ ਦੀ ਕਿ ਕਦੋਂ ਤੱਕ ਉਲੰਪਿਕ ਖੇਡਾਂ ਵਿਚ ਅਸੀਂ ਸਿਰਫ ਇੱਕਾ-ਦੁੱਕਾ ਤਗਮਿਆਂ ਨੂੰ ਆਪਣੀ ਉਪਲਬਧੀ ਦੱਸਦੇ ਰਹਾਂਗੇ? ਕਦੋਂ ਦੁਨੀਆ ਦਾ ਸਭ ਤੋਂ ਵੱਧ ਨੌਜਵਾਨਾਂ ਵਾਲਾ ਦੇਸ਼ ਆਪਣੇ ਦਮਖਮ ਦਾ ਸਹੀ ਦਿਸ਼ਾ ਵੱਲ ਉਪਯੋਗ ਕਰ ਕੇ ਦੁਨੀਆ ਦੇ ਖੇਡ ਮੈਦਾਨ ਵਿਚ ਨਿੱਤਰੇਗਾ?
-ਮੋਬਾ: 83605-64449
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX