ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  2 minutes ago
ਮਲੋਟ, 12 ਦਸੰਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਵਾਰ ਇਹ ਕਬੂਲ ਕੀਤਾ ਕਿ ਸ਼੍ਰੋਮਣੀ ਕਮੇਟੀ ਅਤੇ...
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  15 minutes ago
ਓਠੀਆ, 12 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਪਿੰਡ ਰੱਖ ਓਠੀਆ ਵਿਖੇ ਅੱਜ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀਬੀ ਰਾਜ ਕੌਰ ਪਤਨੀ ਜਸਵੰਤ ਸਿੰਘ...
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  24 minutes ago
ਨਵੀਂ ਦਿੱਲੀ, 12 ਦਸੰਬਰ- ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤੇ ਜਾਣ 'ਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ...
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  43 minutes ago
ਗੁਰਦਾਸਪੁਰ, 12 ਦਸੰਬਰ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਗੋਹਤ ਪੋਖਰ ਵਿਖੇ ਐਕਸਾਈਜ਼ ਵਿਭਾਗ ਨੇ ਇੱਕ ਸ਼ੈਲਰ ਤੋਂ 762 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆ ਕੇ...
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  about 1 hour ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅੱਜ ਕਾਂਗਰਸ ਦੇ ਇੱਕ ਵਫ਼ਦ ਵਲੋਂ ਸਰਕਾਰ ਦੇ ਗਠਨ ਨੂੰ ਲੈ ਕੇ ਸੂਬੇ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਨੇਤਾ ਨਰਿੰਦਰ ਸਲੂਜਾ ਨੇ ਕਿਹਾ ਕਿ ਉਨ੍ਹਾਂ ਨੇ...
ਸ਼ਿਵਰਾਜ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 1 hour ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅਖ਼ੀਰ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਅੱਜ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਜਪਾਲ ਆਨੰਦੀਬੇਨ ਪਟੇਲ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ...
ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਲਈ ਸਮਾਜਵਾਦੀ ਪਾਰਟੀ ਨੇ ਵੀ ਕੀਤਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਲਈ ਸਮਾਜਵਾਦੀ ਪਾਰਟੀ ਕਾਂਗਰਸ ਨੂੰ ਸਮਰਥਨ ਦੇਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਨੇ ਵੀ ਸੂਬੇ...
ਰਾਜਸਥਾਨ : ਵਿਧਾਇਕਾਂ ਅਤੇ ਰਾਹੁਲ ਵਲੋਂ ਲਿਆ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ- ਪਾਇਲਟ
. . .  about 1 hour ago
ਜੈਪੁਰ, 12 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਹੁਣ ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੋਤੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੈ। ਸੂਬੇ 'ਚ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੋਵੇਂ ਹੀ ਮੁੱਖ ਮੰਤਰੀ ਦੇ ਅਹੁਦੇ...
ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ
. . .  about 2 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕਰਨ ਲਈ ਕਾਂਗਰਸ ਦਾ ਵਫ਼ਦ ਅੱਜ ਦੁਪਹਿਰ 12 ਵਜੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਦੱਸ ਦਈਏ ਕਿ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ 114 ਸੀਟਾਂ ਹਾਸਲ ਹੋਈਆਂ...
ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਕਾਂਗਰਸ ਨੇਤਾ ਅਤੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਛਾਪੇਮਾਰੀ ਨੂੰ ਗ਼ਲਤ ਠਹਿਰਾਉਂਦਿਆਂ ਕਿਹਾ, ''ਮੇਰੇ ਵਿਰੁੱਧ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਸਿਆਸੀ ਰੂਪ ਨਾਲ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕੀ ਤੁਹਾਨੂੰ ਵੀ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ ਲਗਦੀ ਹੈ ਇਕ ਵੱਡੀ ਮੁਸੀਬਤ?

ਜਿਨ੍ਹਾਂ ਦੇ ਛੋਟੇ ਬੱਚੇ ਸਕੂਲ ਜਾਂਦੇ ਹਨ, ਉਨ੍ਹਾਂ ਘਰਾਂ ਵਿਚ ਸਵੇਰੇ-ਸਵੇਰੇ ਬੱਚਿਆਂ ਨੂੰ ਤਿਆਰ ਕਰਕੇ ਸਮੇਂ ਸਿਰ ਸਕੂਲ ਭੇਜਣ ਦੀ ਇਕ ਸਮੱਸਿਆ ਬਣੀ ਰਹਿੰਦੀ ਹੈ। ਸਾਰੇ ਘਰ ਵਿਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਹਿੰਦਾ ਹੈ। ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਅਤੇ ਮਾਪੇ ਟੈਨਸ਼ਨ ਭਰਪੂਰ ਭੱਜ-ਨੱਠ ਕਰਦੇ ਦੇਖਣ ਨੂੰ ਮਿਲਦੇ ਹਨ।
ਸਕੂਲ ਭੇਜਣ ਲਈ ਬੱਚਿਆਂ ਨੂੰ ਜਲਦੀ ਜਗਾਉਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਸਵੇਰੇ ਜਲਦੀ ਜਗਾਉਣਾ ਵੀ ਇਕ ਕਲਾ ਤੋਂ ਘੱਟ ਨਹੀਂ ਹੈ। ਕਿਉਂਕਿ ਬਹੁਤ ਸਾਰੇ ਮਾਪੇ ਇਸ ਕਲਾ ਵਿਚ ਸਫਲ ਹੁੰਦੇ ਹਨ ਅਤੇ ਬਹੁਤ ਸਾਰੇ ਅਸਫਲ। ਕਈ ਮਾਵਾਂ ਬੱਚਿਆਂ ਨੂੰ ਸਵੇਰੇ ਬਹੁਤ ਹੀ ਚਾਅ-ਲਾਡ ਨਾਲ ਜਗਾਉਂਦੀਆਂ ਹਨ ਅਤੇ ਕਈ ਤਾਂ ਬੱਚਿਆਂ ਦੀ ਖਿੱਚ-ਧੂਹ ਕਰਕੇ ਆਪਣਾ ਵੀ ਸਾਰੇ ਦਿਨ ਲਈ ਮੂਡ ਖਰਾਬ ਕਰ ਲੈਂਦੀਆਂ ਹਨ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਹਰ ਇਕ ਛੋਟਾ ਬੱਚਾ ਚਾਹੁੰਦਾ ਹੈ ਕਿ ਉਸ ਨੂੰ ਉਸ ਦੀ ਮਾਂ ਹੀ ਸਵੇਰੇ ਲਾਡ ਨਾਲ ਜਗਾਵੇ ਅਤੇ ਇਸ ਤਰ੍ਹਾਂ ਸਵੇਰੇ-ਸਵੇਰੇ ਮਾਂ ਦਾ ਰੋਲ ਹੋਰ ਵੀ ਵਧ ਜਾਂਦਾ ਹੈ। ਕਿਉਂਕਿ ਉਸ ਸਮੇਂ ਉਸ ਨੇ ਬੱਚਿਆਂ ਦਾ ਨਾਸ਼ਤਾ ਅਤੇ ਸਕੂਲ ਲਈ ਟਿਫਨ ਵੀ ਤਿਆਰ ਕਰਨਾ ਹੁੰਦਾ ਹੈ। ਸੁੱਘੜ ਅਤੇ ਸਿਆਣੀਆਂ ਮਾਵਾਂ ਆਪ ਜਲਦੀ ਉੱਠ ਕੇ ਬੜੇ ਹੀ ਮਿਠਾਸ ਭਰੇ ਤਰੀਕੇ ਨਾਲ ਬੱਚਿਆਂ ਨੂੰ ਜਗਾਉਂਦੀਆਂ ਅਤੇ ਨਹਾ ਕੇ ਤਿਆਰ ਕਰਦੀਆਂ ਹਨ ਅਤੇ ਬੱਚਿਆਂ ਨੂੰ ਖੁਸ਼ੀ-ਖੁਸ਼ੀ ਸਕੂਲ ਭੇਜਦੀਆਂ ਹਨ, ਪਰ ਦੂਜੇ ਪਾਸੇ ਕੁਝ ਅਜਿਹੀਆਂ ਮਾਵਾਂ ਵੀ ਹੁੰਦੀਆਂ ਹਨ, ਜੋ ਆਪ ਸਵੇਰੇ ਲੇਟ ਉੱਠਦੀਆਂ ਅਤੇ ਆਪਣੀ ਗਲਤੀ ਦਾ ਸਾਰਾ ਗੁੱਸਾ ਬੱਚੇ ਉੱਤੇ ਉਤਾਰਦੀਆਂ ਹਨ। ਹਰ ਬੱਚੇ ਨੂੰ ਨੀਂਦ ਪਿਆਰੀ ਹੁੰਦੀ ਹੈ ਅਤੇ ਉਸ ਦਾ ਸਵੇਰੇ ਜਲਦੀ ਉਠਣ ਨੂੰ ਮਨ ਨਹੀਂ ਕਰਦਾ। ਮਾਂ ਨੂੰ ਬੜੇ ਠਰ੍ਹੰਮੇ ਤੋਂ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ।
ਬੱਚਿਆਂ ਦਾ ਸਕੂਲ ਜਾ ਕੇ ਵੀ ਮਨ ਪੜ੍ਹਾਈ ਵਿਚ ਘੱਟ ਲਗਦਾ ਹੈ ਅਤੇ ਉਹ ਚੰਗੀ ਵਿੱਦਿਆ ਪਾਉਣ ਵਿਚ ਅਸਫਲ ਰਹਿੰਦੇ ਹਨ। ਬੱਚਿਆਂ ਨੂੰ ਸਵੇਰੇ ਸਕੂਲ ਤਿਆਰ ਕਰਨ ਵਿਚ ਪਿਤਾ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ, ਕਿਉਂਕਿ ਸਵੇਰੇ-ਸਵੇਰੇ ਮਾਂ 'ਤੇ ਕੰਮ ਦਾ ਬੋਝ ਜ਼ਿਆਦਾ ਹੋ ਜਾਂਦਾ ਹੈ। ਅੱਜਕਲ੍ਹ ਤਾਂ ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਇੰਗਲਿਸ਼ ਮੀਡੀਅਮ ਸਕੂਲਾਂ ਦੇ ਬੱਚਿਆਂ ਦੀ ਤਿਆਰੀ ਲਈ ਪੂਰੇ ਪਰਿਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਉਣੀ ਪੈਂਦੀ ਹੈ। ਬੱਚਿਆਂ ਦਾ ਸਕੂਲੀ ਬੈਗ ਤਿਆਰ ਕਰਨਾ, ਸਕੂਲ ਦੀ ਇੱਛਾ ਅਨੁਸਾਰ ਵਰਦੀ ਦਾ ਰੰਗ ਉਸ ਦਿਨ ਅਨੁਸਾਰ ਪਾਉਣਾ, ਬੂਟਾਂ ਅਤੇ ਜੁਰਾਬਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਪਾਉਣਾ, ਸਭ ਕੁਝ ਮਾਪਿਆਂ ਨੇ ਸਵੇਰੇ-ਸਵੇਰੇ ਚੈੱਕ ਕਰਨਾ ਹੁੰਦਾ ਹੈ। ਇਸ ਸਭ ਕੁਝ ਲਈ ਚੰਗਾ ਹੁੰਦਾ ਹੈ ਕਿ ਮਾਪੇ ਬੱਚਿਆਂ ਦੀ ਡਰੈੱਸ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਰਾਤ ਨੂੰ ਹੀ ਤਿਆਰ ਰੱਖਣ। ਬੱਚੇ ਵਲੋਂ ਸਕੂਲ ਵਰਤੋਂ ਲਈ ਪੈੱਨ, ਪੈਨਸਿਲ, ਰਬੜ ਅਤੇ ਹੋਰ ਲੋੜੀਂਦੀ ਸਟੇਸ਼ਨਰੀ ਬੜੇ ਧਿਆਨ ਨਾਲ ਪਾਉਣੀ ਚਾਹੀਦੀ ਹੈ, ਨਹੀਂ ਤਾਂ ਬੱਚਾ ਸਕੂਲ ਵਿਚ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦਾ ਹੋਇਆ ਆਪਣੇ-ਆਪ ਨੂੰ ਨਿੰਮੋਝੂਣਾ ਜਿਹਾ ਮਹਿਸੂਸ ਕਰਦਾ ਹੈ ਅਤੇ ਮਨ ਲਗਾ ਕੇ ਪੜ੍ਹਾਈ ਵਿਚ ਧਿਆਨ ਨਹੀਂ ਦਿੰਦਾ।
ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਉਸ ਨੂੰ ਖੁਦ ਤਿਆਰ ਹੋਣ, ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ। ਸਕੂਲ ਲਈ ਤਿਆਰ ਹੋਣ ਵਾਸਤੇ ਵੀ ਉਸ ਨੂੰ ਖੁਦ 'ਤੇ ਨਿਰਭਰ ਹੋਣਾ ਚਾਹੀਦਾ ਹੈ। ਛੋਟੇ ਬੱਚਿਆਂ ਤੇ ਛੋਟੀਆਂ ਜਮਾਤਾਂ ਸਮੇਂ ਮਾਪਿਆਂ ਦੀ ਦੇਖ-ਰੇਖ ਕੁਝ ਜ਼ਿਆਦਾ ਹੀ ਹੁੰਦੀ ਹੈ ਪਰ ਜਿਨ੍ਹਾਂ ਘਰਾਂ ਵਿਚ ਮਾਵਾਂ ਵੀ ਨੌਕਰੀ ਕਰਦੀਆਂ ਹਨ ਜਾਂ ਕਿਸੇ ਹੋਰ ਕੰਮ 'ਤੇ ਪਰਿਵਾਰ ਦੇ ਨਿਰਬਾਹ ਲਈ ਕੰਮ 'ਤੇ ਜਾਂਦੀਆਂ ਹਨ, ਉਨ੍ਹਾਂ ਲਈ ਸਮੱਸਿਆ ਕੁਝ ਜ਼ਿਆਦਾ ਹੀ ਹੁੰਦੀ ਹੈ, ਕਿਉਂਕਿ ਉਨ੍ਹਾਂ ਆਪ ਵੀ ਤਿਆਰ ਹੋ ਕੇ ਸਮੇਂ ਸਿਰ ਆਪਣੀ ਡਿਊਟੀ 'ਤੇ ਪਹੁੰਚਣਾ ਹੁੰਦਾ ਹੈ ਪਰ ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਜਦੋਂ ਤੱਕ ਬੱਚੇ ਛੋਟੇ ਹਨ ਜਾਂ ਸਕੂਲ ਵਿਚ ਪੜ੍ਹਦੇ ਹਨ ਤਾਂ ਉਨ੍ਹਾਂ ਦੀ ਤਿਆਰੀ ਕਰਨ ਦੀ ਸਮੱਸਿਆ ਬਣੀ ਰਹਿੰਦੀ ਹੈ ਪਰ ਇਸ ਸਮੱਸਿਆ ਨੂੰ ਆਪਣਾ ਕਰਤੱਵ ਸਮਝਦੇ ਹੋਏ ਪਿਆਰ, ਨਿਮਰਤਾ, ਮਿਠਾਸ, ਮਿਲਵਰਤਣ ਅਤੇ ਖੁਸ਼ੀ-ਖੁਸ਼ੀ ਹੱਲ ਕਰਨਾ ਚਾਹੀਦਾ ਹੈ, ਤਾਂ ਕਿ ਬੱਚਿਆਂ ਅਤੇ ਮਾਪਿਆ ਦਾ ਜੀਵਨ ਖੁਸ਼ੀ ਭਰਪੂਰ ਨਿਰੋਗ ਬਣਿਆ ਰਹੇ। ਬੱਚੇ ਵੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਹਨ।

-ਮੋਬਾ: 99157-27311


ਖ਼ਬਰ ਸ਼ੇਅਰ ਕਰੋ

ਸੁੰਦਰਤਾ ਲਈ ਬਰਫ਼ ਦੇ ਟੁਕੜੇ

ਬਰਫ਼ ਦੇ ਟੁਕੜੇ (ਆਈਸ ਕਿਊਬ) ਨੂੰ ਜ਼ਿਆਦਾਤਰ ਗਰਮੀਆਂ ਵਿਚ ਤਪਦੀ ਧੁੱਪ ਵਿਚ ਠੰਢਕ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ। ਗਰਮੀਆਂ ਵਿਚ ਬਰਫ਼ ਦੇ ਟੁਕੜੇ ਰੋਜ਼ਮਰਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਬਰਫ਼ ਦੇ ਟੁਕੜਿਆਂ ਨੂੰ ਸੋਡਾ, ਸ਼ਰਬਤ, ਫਲਾਂ, ਕੋਲਡ ਡਰਿੰਕ ਅਤੇ ਪਾਣੀ ਦੀਆਂ ਬੋਤਲਾਂ ਨੂੰ ਠੰਢਾ ਕਰਨ ਲਈ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਪਰ ਬਰਫ਼ ਦੇ ਟੁਕੜਿਆਂ ਦੀ ਵਰਤੋਂ ਸਿਰਫ ਖਾਣ-ਪੀਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਬਰਫ਼ ਦੇ ਟੁਕੜੇ ਗਰਮੀਆਂ ਵਿਚ ਚਿਹਰੇ ਦੀ ਰੰਗਤ ਨਿਖਾਰਨ ਅਤੇ ਸਨਬਰਨ, ਕਾਲੇ ਦਾਗ, ਕਿੱਲ-ਮੁਹਾਸਿਆਂ ਅਤੇ ਸੁੰਦਰਤਾ ਨਾਲ ਜੁੜੀਆਂ ਅਨੇਕ ਸਮੱਸਿਆਵਾਂ ਦਾ ਸਰਲ ਅਤੇ ਸਸਤਾ ਇਲਾਜ ਸਾਬਤ ਹੁੰਦੇ ਹਨ। ਬਰਫ਼ ਦੇ ਟੁਕੜਿਆਂ ਨਾਲ ਜਿਥੇ ਸੁੰਦਰਤਾ ਸਮੱਸਿਆਵਾਂ ਦੇ ਕੁਦਰਤੀ ਇਲਾਜ ਵਿਚ ਮਦਦ ਮਿਲਦੀ ਹੈ, ਉਥੇ ਬਰਫ਼ ਦੇ ਟੁਕੜੇ, ਫੇਸ਼ੀਅਲ ਸਪਾ ਅਤੇ ਸੈਲੂਨ ਵਰਗੇ ਮਹਿੰਗੇ ਸੁੰਦਰਤਾ ਉਪਚਾਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਪ੍ਰਭਾਵੀ ਸਾਬਤ ਹੁੰਦੇ ਹਨ।
ਚਿਹਰੇ 'ਤੇ ਬਰਫ਼ ਦੇ ਟੁਕੜਿਆਂ ਦੀ ਮਾਲਿਸ਼ ਨਾਲ ਚਮੜੀ ਵਿਚ ਖਿਚਾਅ ਆਉਂਦਾ ਹੈ ਅਤੇ ਸੁਰਾਖਾਂ ਰਾਹੀਂ ਗੰਦਗੀ ਬਾਹਰ ਨਿਕਲਦੀ ਹੈ। ਪਰ ਬਰਫ਼ ਦੇ ਟੁਕੜਿਆਂ ਨੂੰ ਸਿੱਧੇ ਕਦੇ ਚਿਹਰੇ 'ਤੇ ਨਾ ਮਲੋ, ਕਿਉਂਕਿ ਇਸ ਨਾਲ ਚਿਹਰੇ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬਰਫ਼ ਦੇ ਟੁਕੜਿਆਂ ਨੂੰ ਹਮੇਸ਼ਾ ਸਾਫ ਰੂੰ ਦੇ ਕੱਪੜੇ ਵਿਚ ਲਪੇਟ ਕੇ ਹੀ ਚਿਹਰੇ ਦੀ ਹਲਕੀ-ਹਲਕੀ ਉੱਪਰੋਂ ਹੇਠਾਂ ਅਤੇ ਸੱਜੇ ਤੋਂ ਖੱਬੇ ਪਾਸੇ ਮਾਲਿਸ਼ ਕਰੋ। ਹਲਕੀ-ਹਲਕੀ ਮਾਲਿਸ਼ ਕਰਨ ਨਾਲ ਚਮੜੀ ਵਿਚ ਤਾਜ਼ਗੀ ਅਤੇ ਰੰਗਤ ਵਿਚ ਨਿਖਾਰ ਦਾ ਸਾਫ਼ ਅਹਿਸਾਸ ਦੇਖਿਆ ਜਾ ਸਕਦਾ ਹੈ। ਗਰਮੀਆਂ ਦੇ ਨਮੀ ਭਰੇ ਮੌਸਮ ਵਿਚ ਫਾਊਂਡੇਸ਼ਨ ਨੂੰ ਜ਼ਿਆਦਾ ਦੇਰ ਤੱਕ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਚਮੜੀ ਨੂੰ ਧੋ ਕੇ ਸਾਫ਼ ਕਰੋ ਅਤੇ ਰੂੰ ਦੀ ਮਦਦ ਨਾਲ ਇਸਟ੍ਰੀਜੈਂਟ ਟੋਨਰ ਅਪਲਾਈ ਕਰੋ। ਕੁਝ ਮਿੰਟਾਂ ਬਾਅਦ ਸਾਫ਼ ਕੱਪੜੇ ਵਿਚ ਬਰਫ਼ ਦੇ ਟੁਕੜੇ ਨੂੰ ਚਿਹਰੇ 'ਤੇ ਹੌਲੀ-ਹੌਲੀ ਰਗੜੋ। ਇਸ ਨਾਲ ਚਮੜੀ ਦੇ ਸੁਰਾਖਾਂ ਨੂੰ ਬੰਦ ਕਰਨ ਵਿਚ ਮਦਦ ਮਿਲੇਗੀ। ਬਦਲਵੇਂ ਤੌਰ 'ਤੇ ਬਰਫ਼ ਦੇ ਟੁਕੜੇ ਦੇ ਠੰਢੇ ਪਾਣੀ ਵਿਚ ਰੂੰ ਨੂੰ ਭਿਉਂ ਕੇ ਇਸ ਨੂੰ ਚਮੜੀ 'ਤੇ ਹੌਲੀ-ਹੌਲੀ ਮਲੋ। ਇਸ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ ਅਤੇ ਚਮੜੀ ਦੇ ਸੁਰਾਖਾਂ ਨੂੰ ਬੰਦ ਕਰਨ ਵਿਚ ਮਦਦ ਮਿਲੇਗੀ।
ਜੇ ਚਮੜੀ 'ਤੇ ਸੱਟ ਦੀ ਵਜ੍ਹਾ ਕਾਰਨ ਸੋਜ ਆ ਜਾਵੇ ਤਾਂ ਆਈਸ ਪੈਕਸ ਨਾਲ ਚਮੜੀ ਦੀ ਜਲਣ ਅਤੇ ਸੋਜ ਨੂੰ ਰਾਹਤ ਪ੍ਰਦਾਨ ਕਰਨ ਵਿਚ ਮਦਦ ਮਿਲਦੀ ਹੈ। ਬਰਫ਼ ਦੇ ਟੁਕੜੇ ਅੱਖਾਂ ਵਿਚ ਸੋਜ ਲਈ ਵੀ ਰਾਮਬਾਣ ਦਾ ਕੰਮ ਕਰਦੇ ਹਨ। ਸਾਫ਼ ਰੂੰ ਦੇ ਕੱਪੜੇ ਵਿਚ ਬਰਫ਼ ਦੇ ਟੁਕੜੇ ਨੂੰ ਲਪੇਟ ਕੇ ਕੁਝ ਸੈਕਿੰਡ ਤੱਕ ਅੱਖਾਂ ਨਾਲ ਲਗਾਓ ਪਰ ਯਾਦ ਰੱਖੋ ਕਿ ਅੱਖਾਂ ਦੇ ਹੇਠਾਂ ਦੀ ਚਮੜੀ ਅਤਿਅੰਤ ਪਤਲੀ ਅਤੇ ਸੰਵੇਦਨਸ਼ੀਲ ਹੁੰਦੀ ਹੈ ਅਤੇ ਜੇ ਤੁਸੀਂ ਬਰਫ਼ ਦੇ ਟੁਕੜੇ ਜ਼ਿਆਦਾ ਦੇਰ ਤੱਕ ਅੱਖਾਂ ਦੇ ਹੇਠਾਂ ਰੱਖੇ ਤਾਂ ਅੱਖਾਂ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਹੋ ਸਕਦਾ ਹੈ। ਥ੍ਰੈਡਿੰਗ ਅਤੇ ਵੈਕਸਿੰਗ ਤੋਂ ਬਾਅਦ ਵੀ ਬਰਫ਼ ਦੇ ਟੁਕੜੇ ਠੰਢਕ ਅਤੇ ਰਾਹਤ ਪ੍ਰਦਾਨ ਕਰਨ ਵਿਚ ਬਹੁਤ ਸਹਾਇਕ ਸਾਬਤ ਹੁੰਦੇ ਹਨ। ਕਈ ਵਾਰ ਥ੍ਰੈਡਿੰਗ ਤੋਂ ਬਾਅਦ ਚਮੜੀ ਵਿਚ ਸੋਜ ਅਤੇ ਲਾਲੀ ਆ ਜਾਂਦੀ ਹੈ, ਜਿਸ ਨੂੰ ਬਰਫ਼ ਦੇ ਟੁਕੜੇ ਨੂੰ ਨੈਪਕਿਨ ਵਿਚ ਲਪੇਟ ਕੇ ਮਲਣ ਨਾਲ ਦੂਰ ਕੀਤਾ ਜਾ ਸਕਦਾ ਹੈ।
ਚਮੜੀ 'ਤੇ ਚਕਤੇ, ਫੋੜੇ, ਫਿੰਨਸੀਆਂ ਵਿਚ ਵੀ ਬਰਫ਼ ਦੇ ਟੁਕੜੇ ਕਾਫੀ ਲਾਭਦਾਇਕ ਮੰਨੇ ਜਾਂਦੇ ਹਨ। ਜੇ ਫੋੜੇ, ਫਿੰਨਸੀਆਂ ਦੀ ਵਜ੍ਹਾ ਨਾਲ ਚਿਹਰੇ 'ਤੇ ਜਲਣ ਅਤੇ ਸੋਜ ਮਹਿਸੂਸ ਹੋ ਰਹੀ ਹੋਵੇ ਤਾਂ ਬਰਫ਼ ਦੇ ਟੁਕੜੇ ਦੀ ਵਰਤੋਂ ਨਾਲ ਕਾਫੀ ਰਾਹਤ ਮਿਲਦੀ ਹੈ।
ਬਰਫ਼ ਦੇ ਟੁਕੜੇ ਦੀ ਲਗਾਤਾਰ ਵਰਤੋਂ ਨਾਲ ਸੁਰਾਖ ਬੰਦ ਹੋ ਜਾਂਦੇ ਹਨ, ਜਿਸ ਨਾਲ ਕਿੱਲ-ਮੁਹਾਸੇ ਨਿਕਲਣੇ ਬੰਦ ਹੋ ਜਾਂਦੇ ਹਨ।
ਜੇ ਤੁਸੀਂ ਕਿਸੇ ਪਾਰਟੀ ਵਿਚ ਜਾਣ ਦੀ ਕਾਹਲੀ ਵਿਚ ਹੋ ਅਤੇ ਤੁਸੀਂ ਮੇਕਅੱਪ ਲਈ ਸਮਾਂ ਨਹੀਂ ਕੱਢ ਸਕਦੇ ਤਾਂ ਵੀ ਸਾਫ਼ ਕੱਪੜੇ ਜਾਂ ਨੈਪਕਿਨ ਵਿਚ ਬਰਫ਼ ਦੇ ਟੁਕੜੇ ਲਪੇਟ ਕੇ ਚਿਹਰੇ ਅਤੇ ਚਮੜੀ 'ਤੇ ਰਗੜਨ ਨਾਲ ਚਮੜੀ ਵਿਚ ਨਿਖਾਰ ਆਵੇਗਾ ਅਤੇ ਚਿਹਰੇ ਦੀ ਆਭਾ ਵਧੇਗੀ।
ਚਿਹਰੇ 'ਤੇ ਬਰਫ਼ ਦੇ ਟੁਕੜੇ ਨਾਲ ਚਿਹਰੇ ਦੀਆਂ ਝੁਰੜੀਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਮੁੱਠੀ ਭਰ ਬਰਫ਼ ਦੇ ਟੁਕੜੇ ਵਿਚ ਲਵੈਂਡਰ, ਜੈਸਮਿਨ ਤੇਲ ਦੀਆਂ ਬੂੰਦਾਂ ਪਾ ਕੇ ਕੱਪੜੇ ਵਿਚ ਲਪੇਟ ਕੇ ਚਿਹਰੇ ਦੀ ਮਸਾਜ ਕਰਨ ਨਾਲ ਚਮੜੀ ਦੀ ਜੋਬਨਤਾ ਮੁੜ ਆਉਂਦੀ ਹੈ। ਬਰਫ਼ ਦੇ ਟੁਕੜੇ ਵਿਚ ਸੰਤਰਾ, ਨਿੰਬੂ, ਸਟ੍ਰਾਬੇਰੀ ਦਾ ਰਸ ਮਿਲਾ ਕੇ ਨੈਪਕਿਨ ਵਿਚ ਪਾ ਕੇ ਚਿਹਰੇ ਦੀ ਮਾਲਿਸ਼ ਕਰਨ ਨਾਲ ਚਿਹਰੇ ਦੇ ਸੁਰਾਖਾਂ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ, ਜਿਸ ਨਾਲ ਤੁਸੀਂ ਜਵਾਨ ਲਗਦੇ ਹੋ।

ਸੇਬ ਦੇ ਸਵਾਦੀ ਸਵਾਦ...

ਸੇਬ ਸਨੋ
ਸਮੱਗਰੀ : 6 ਪੱਕੇ ਸੇਬ, 3 ਵੱਡੇ ਚਮਚ ਖੰਡ, 2 ਵੱਡੇ ਚਮਚ ਖੰਡ ਪਾਊਡਰ, 1 ਕੱਪ ਕ੍ਰੀਮ, ਅੱਧਾ ਛੋਟਾ ਚਮਚ ਲੌਂਗ ਪਾਊਡਰ, 1 ਛੋਟਾ ਚਮਚ ਦਾਲਚੀਨੀ ਪਾਊਡਰ, 10-12 ਪੱਤੀ ਕੇਸਰ।
ਵਿਧੀ : ਸਭ ਤੋਂ ਪਹਿਲਾਂ ਸੇਬ ਨੂੰ ਸਾਫ਼ ਪਾਣੀ ਨਾਲ ਧੋ ਕੇ ਪੂੰਝ ਕੇ ਕੱਦੂਕਸ ਕਰ ਲਓ। ਇਸ ਵਿਚ ਕੇਸਰ, ਦਾਲਚੀਨੀ ਪਾਊਡਰ, ਖੰਡ, ਲੌਂਗ ਪਾਊਡਰ ਅਤੇ ਅੱਧੀ ਕਟੋਰੀ ਪਾਣੀ ਪਾ ਕੇ ਸੰਘਣਾ ਹੋਣ ਤੱਕ ਪਕਾਓ। ਚਮਚ ਨਾਲ ਬਰਾਬਰ ਚਲਾਉਂਦੇ ਰਹੋ, ਪੱਕ ਜਾਣ 'ਤੇ ਅੱਗ ਉੱਤੋਂ ਲਾਹ ਕੇ ਠੰਢਾ ਕਰੋ। ਹੁਣ ਕ੍ਰੀਮ ਵਿਚ ਚੀਨੀ ਪਾਊਡਰ ਮਿਲਾ ਕੇ ਬਰਫ਼ 'ਤੇ ਰੱਖ ਕੇ ਫੈਂਟੋ। ਜਿਨ੍ਹਾਂ ਪਲੇਟਾਂ ਵਿਚ ਪੇਸ਼ ਕਰਨੀ ਹੋਵੇ, ਉਨ੍ਹਾਂ ਵਿਚ ਸੇਬ ਮਿਸ਼ਰਨ ਇਸ ਤਰ੍ਹਾਂ ਪਾਓ ਕਿ ਵਿਚਾਲੇ ਦੀ ਜਗ੍ਹਾ ਥੋੜ੍ਹੀ ਜਿਹੀ ਖਾਲੀ ਰਹੇ। ਇਸ ਖਾਲੀ ਜਗ੍ਹਾ ਵਿਚ ਫੈਂਟੀ ਹੋਈ ਅੱਧੀ ਕ੍ਰੀਮ ਪਾਓ। ਬਾਕੀ ਬਚੀ ਹੋਈ ਅੱਧੀ ਕ੍ਰੀਮ ਨਾਲ ਸੇਬ 'ਤੇ ਹੌਲੀ-ਹੌਲੀ ਆਈਸਿੰਗ ਕਰੋ, ਫਰਿੱਜ ਵਿਚ ਰੱਖੋ, ਚੰਗੀ ਠੰਢੀ ਹੋਣ 'ਤੇ ਪੇਸ਼ ਕਰੋ।
ਸੇਬ ਦੀ ਜਲੇਬੀ
ਸਮੱਗਰੀ : 4 ਸੇਬ, 1 ਕਟੋਰੀ ਮੈਦਾ, 2 ਛੋਟੀ ਕਟੋਰੀ ਖੰਡ, 2 ਛੋਟੇ ਚਮਚ ਬੇਕਿੰਗ ਪਾਊਡਰ, 15-20 ਪੱਤੀ ਕੇਸਰ ਅਤੇ 8 ਪੀਸੀਆਂ ਇਲਾਇਚੀਆਂ।
ਵਿਧੀ : ਸਭ ਤੋਂ ਪਹਿਲਾਂ ਮੈਦਾ ਅਤੇ ਬੇਕਿੰਗ ਪਾਊਡਰ ਚੰਗੀ ਤਰ੍ਹਾਂ ਮਿਲਾ ਲਓ। ਇਸ ਵਿਚ ਅੰਦਾਜ਼ੇ ਨਾਲ ਪਾਣੀ ਪਾ ਕੇ ਸੰਘਣਾ ਘੋਲ ਤਿਆਰ ਕਰੋ। ਫਿਰ ਇਸ ਨੂੰ 6-7 ਘੰਟੇ ਲਈ ਕਿਸੇ ਗਰਮ ਜਗ੍ਹਾ 'ਤੇ ਰੱਖ ਦਿਓ।
ਖੰਡ ਦੀ ਡੇਢ ਤਾਰ ਦੀ ਚਾਸ਼ਣੀ ਬਣਾ ਕੇ ਉਸ ਵਿਚ ਕੇਸਰ ਪੱਤੀ ਅਤੇ ਪੀਸੀ ਇਲਾਇਚੀ ਪਾ ਦਿਓ। ਸੇਬ ਦੇ ਗੋਲ-ਗੋਲ ਛੱਲੇ ਕੱਟੋ ਅਤੇ ਮੈਦੇ ਦੇ ਘੋਲ ਵਿਚ ਚੰਗੀ ਤਰ੍ਹਾਂ ਭਿਉਂ ਕੇ ਤਵੇ 'ਤੇ ਤਲ ਲਓ ਅਤੇ ਚਾਸ਼ਣੀ ਵਿਚ ਪਾ ਕੇ 5-7 ਮਿੰਟ ਬਾਅਦ ਜਲੇਬੀਆਂ ਕੱਢ ਕੇ ਖਾਓ ਤੇ ਖਵਾਓ ਵੀ।


-ਅਰਚਨਾ ਸੋਗਾਨੀ,
12, ਭਵਾਨੀ ਮੰਡੀ (ਰਾਜਸਥਾਨ)-396507

 

ਰਸੋਈ ਨੂੰ ਬਣਾਓ ਆਸਾਨ

* ਕੇਕ ਬਣਾਉਂਦੇ ਸਮੇਂ ਪੈਨ 'ਤੇ ਪਹਿਲਾਂ ਚਿਕਨਾਈ ਲਗਾ ਕੇ ਉਸ 'ਤੇ ਸੁੱਕੇ ਮੈਦੇ ਦੀ ਤਹਿ ਲਗਾਈ ਜਾਂਦੀ ਹੈ। ਚਾਹੋ ਤਾਂ ਮੈਦੇ ਦੀ ਜਗ੍ਹਾ ਸੁੱਕੇ ਕੇਕ ਮਿਕਸ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਕੇਕ 'ਤੇ ਕਿਤੇ ਕੋਈ ਨਿਸ਼ਾਨ ਨਹੀਂ ਰਹੇਗਾ।
* ਆਂਡਿਆਂ ਦੀ ਤਾਜ਼ਗੀ ਦੀ ਪਛਾਣ ਲਈ ਪੈਨ ਵਿਚ ਠੰਢਾ ਪਾਣੀ ਪਾਓ। ਉਸ ਵਿਚ ਚੁਟਕੀ ਭਰ ਲੂਣ ਮਿਲਾਓ। ਆਂਡੇ ਉਸ ਵਿਚ ਪਾ ਦਿਓ। ਜੇ ਆਂਡੇ ਤੈਰਦੇ ਹਨ ਤਾਂ ਸਮਝੋ ਤਾਜ਼ੇ ਹਨ ਅਤੇ ਡੁੱਬਦੇ ਹਨ ਤਾਂ ਆਂਡੇ ਠੀਕ ਨਹੀਂ। ਉਨ੍ਹਾਂ ਦੀ ਵਰਤੋਂ ਨਾ ਕਰੋ।
* ਆਲੂਆਂ ਦੀ ਤਾਜ਼ਗੀ ਬਰਕਰਾਰ ਰੱਖਣ ਲਈ ਉਸ ਬੈਗ ਵਿਚ ਇਕ ਸੇਬ ਰੱਖ ਦਿਓ। ਲੰਬੇ ਸਮੇਂ ਤੱਕ ਆਲੂ ਤਾਜ਼ੇ ਰਹਿਣਗੇ।
* ਖਾਣਾ ਬਣਾਉਂਦੇ ਸਮੇਂ ਜੇ ਪੈਨ ਵਿਚ ਜਲਣ ਦੇ ਨਿਸ਼ਾਨ ਪੈ ਜਾਣ ਤਾਂ ਉਸ ਵਿਚ ਪਾਣੀ ਪਾ ਕੇ ਉਬਾਲੋ। 2-4 ਬੂੰਦਾਂ ਡਿਸ਼ਵਾਸ਼ਰ ਜਾਂ ਇਕ ਚਮਚ ਸਰਫ ਪਾਓ। ਨਿਸ਼ਾਨ ਸਾਫ਼ ਹੋ ਜਾਣਗੇ।
* ਕਿਸੇ ਭਾਂਡੇ ਦਾ ਢੱਕਣ ਜੇ ਨਾ ਖੁੱਲ੍ਹ ਰਿਹਾ ਹੋਵੇ ਤਾਂ ਭਾਂਡੇ ਧੋਣ ਲਈ ਵਰਤਿਆ ਜਾਣ ਵਾਲਾ ਰਬੜ ਦਾ ਦਸਤਾਨਾ ਪਹਿਨ ਕੇ ਉਸ ਨੂੰ ਖੋਲ੍ਹੋ। ਅਜਿਹਾ ਕਰਨ ਨਾਲ ਭਾਂਡੇ ਦਾ ਢੱਕਣ ਅਸਾਨੀ ਨਾਲ ਖੁੱਲ੍ਹ ਜਾਵੇਗਾ, ਕਿਉਂਕਿ ਰਬੜ ਵਾਲੇ ਦਸਤਾਨੇ ਨਾਲ ਉਂਗਲੀਆਂ ਤਿਲਕਦੀਆਂ ਨਹੀਂ ਹਨ।
* ਕਦੇ ਗ਼ਲਤੀ ਨਾਲ ਕਿਸੇ ਸਬਜ਼ੀ ਵਿਚ ਨਮਕ ਜ਼ਿਆਦਾ ਪੈ ਜਾਵੇ ਤਾਂ ਘਬਰਾਓ ਨਾ, ਲੋੜ ਅਨੁਸਾਰ ਆਲੂ ਛਿੱਲੋ ਅਤੇ ਸਬਜ਼ੀ ਵਿਚ ਪਾ ਦਿਓ। ਥੋੜ੍ਹੀ ਦੇਰ ਪੱਕਣ ਦਿਓ। ਆਲੂ ਵਾਧੂ ਲੂਣ ਸੋਖ ਲਵੇਗਾ।
* ਜੇ ਆਂਡੇ ਜਾਂ ਆਲੂ ਉਬਾਲਦੇ ਸਮੇਂ ਉਨ੍ਹਾਂ ਵਿਚ ਕ੍ਰੈਕ ਪੈ ਜਾਂਦੇ ਹੋਣ ਤਾਂ ਪਾਣੀ ਵਿਚ ਚੁਟਕੀ ਕੁ ਲੂਣ ਪਾਓ।
* ਸਿਰਦਰਦ ਦੂਰ ਕਰਨ ਲਈ ਨਿੰਬੂ ਨੂੰ ਅੱਧਾ ਚੀਰ ਕੇ ਮੱਥੇ 'ਤੇ ਰਗੜੋ। ਰਾਹਤ ਮਿਲੇਗੀ।
* ਫਰਿੱਜ ਵਿਚ ਰੱਖੇ ਨਿੰਬੂ ਨੂੰ ਬਾਹਰ ਕੱਢ ਕੇ ਕਮਰੇ ਦੇ ਤਾਪਮਾਨ ਵਿਚ ਥੋੜ੍ਹੀ ਦੇਰ ਤੱਕ ਰੱਖੋ। ਫਿਰ ਹਥੇਲੀਆਂ ਨਾਲ ਦਬਾਉਂਦੇ ਹੋਏ ਗੋਲ-ਗੋਲ ਘੁਮਾਓ, ਫਿਰ ਰਸ ਕੱਢੋ। ਭਰਪੂਰ ਰਸ ਨਿਕਲੇਗਾ।
**

ਜੇ ਉੱਚੀ ਅੱਡੀ ਪਾ ਰਹੇ ਹੋ ਤਾਂ ਇਹ ਗੱਲਾਂ ਯਾਦ ਰੱਖੋ

ਕਈ ਅਧਿਐਨਾਂ 'ਚ ਸਾਬਤ ਹੋ ਚੁੱਕਾ ਹੈ ਕਿ 40 ਫੀਸਦੀ ਤੋਂ ਜ਼ਿਆਦਾ ਔਰਤਾਂ ਫੈਸ਼ਨ ਦੀ ਚਾਹਤ ਵਿਚ ਅਜਿਹੀਆਂ ਜੁੱਤੀਆਂ ਦੀ ਚੋਣ ਕਰਦੀਆਂ ਹਨ ਜੋ ਉਨ੍ਹਾਂ ਨੂੰ ਦੇਖਣ ਵਿਚ ਤਾਂ ਸੋਹਣੀਆਂ ਲਗਦੀਆਂ ਹਨ, ਭਾਵੇਂ ਉਹ ਉਨ੍ਹਾਂ ਦੀ ਸਿਹਤ ਲਈ ਚੰਗੀਆਂ ਨਾ ਹੋਣ। ਦਰਅਸਲ ਔਰਤਾਂ ਆਪਣੀ ਪਸੰਦ ਦੀਆਂ ਇਨ੍ਹਾਂ ਜੁੱਤੀਆਂ ਨੂੰ ਖਰੀਦਦੇ ਸਮੇਂ ਇਹ ਧਿਆਨ ਨਹੀਂ ਰੱਖਦੀਆਂ ਕਿ ਉਹ ਉਨ੍ਹਾਂ ਲਈ ਫਾਇਦੇਮੰਦ ਜਾਂ ਆਰਾਮਦਾਇਕ ਹਨ ਜਾਂ ਨਹੀਂ? ਖਾਸ ਕਰਕੇ ਗੱਲ ਜਦੋਂ ਉੱਚੀ ਅੱਡੀ ਦੀ ਹੁੰਦੀ ਹੈ ਤਾਂ ਉਸ ਸਬੰਧੀ ਆਮ ਤੌਰ 'ਤੇ ਔਰਤਾਂ ਦੀ ਇਹ ਸੋਚ ਹੁੰਦੀ ਹੈ ਕਿ ਸਟਾਈਲਿਸ਼ ਦਿਸਣ ਲਈ ਉੱਚੀ ਅੱਡੀ ਨਾਲ ਹੋਣ ਵਾਲੇ ਨੁਕਸਾਨ ਸਹਿਣ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਗੱਲ ਵੀ ਸਹੀ ਹੈ ਕਿ ਉੱਚੀ ਅੱਡੀ ਪਹਿਨਣ ਵਾਲੀਆਂ ਔਰਤਾਂ ਵੀ ਇਸ ਦੇ ਨੁਕਸਾਨ ਨੂੰ ਭਲੀਭਾਂਤ ਜਾਣਦੀਆਂ ਹਨ। ਜੇ ਤੁਸੀਂ ਵੀ ਉੱਚੀ ਅੱਡੀ ਪਹਿਨਣ ਦੀਆਂ ਸ਼ੌਕੀਨ ਹੋ ਤਾਂ ਇਨ੍ਹਾਂ ਨੂੰ ਖਰੀਦਦੇ ਸਮੇਂ ਇਨ੍ਹਾਂ ਗੱਲਾਂ 'ਤੇ ਖਾਸ ਧਿਆਨ ਦਿਓ।
ਆਕਾਰ ਹੋਵੇ ਸਹੀ : ਉੱਚੀ ਅੱਡੀ ਲੈਣੀ ਹੀ ਹੋਵੇ ਤਾਂ ਪੈਨਸਿਲ ਦੀ ਬਜਾਇ ਚਪਟੀ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਪਹਿਨਣ ਦੌਰਾਨ ਇਸ ਗੱਲ ਦਾ ਧਿਆਨ ਰੱਖੋ ਕਿ ਪੈਰ ਦੀ ਦੂਜੀ ਅਤੇ ਤੀਜੀ ਉਂਗਲੀ ਇਕ-ਦੂਜੇ ਦੇ ਨਾਲ ਲੱਗੀ ਹੋਵੇ ਤਾਂ ਕਿ ਉੱਚੀ ਅੱਡੀ ਵਿਚ ਸੰਤੁਲਨ ਬਣਾਇਆ ਜਾ ਸਕੇ।
ਪਸੀਨਾ ਨਾ ਆਵੇ : ਉੱਚੀ ਅੱਡੀ ਪਹਿਨਣ ਦੌਰਾਨ ਜੇ ਪੈਰਾਂ ਵਿਚ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਪਿੱਛੇ ਵਾਲੇ ਹਿੱਸੇ ਵਿਚ ਲੱਗੀ ਤਣੀ ਦੀ ਵਜ੍ਹਾ ਨਾਲ ਪੈਰ ਤਿਲਕ ਸਕਦਾ ਹੈ। ਇਸ ਲਈ ਪਸੀਨਾ ਸੋਕਣ ਲਈ ਪੈਰਾਂ ਵਿਚ ਬੇਬੀ ਪਾਊਡਰ ਜਾਂ ਕਿਸੇ ਹੋਰ ਪਾਊਡਰ ਦੀ ਵਰਤੋਂ ਕਰੋ।
ਸੋਲ ਨੂੰ ਸੈਂਡ ਪੇਪਰ (ਰੇਗਮਰ) ਨਾਲ ਸਾਫ਼ ਕਰੋ : ਅੱਡੀ ਪਹਿਨਣ ਦੌਰਾਨ ਪੈਰ ਦੀ ਜੁੱਤੀ 'ਤੇ ਪਕੜ ਪੂਰੀ ਤਰ੍ਹਾਂ ਬਣੀ ਰਹੇ, ਇਸ ਵਾਸਤੇ ਅੱਡੇ ਨੂੰ ਰੇਗਮਰ ਨਾਲ ਚੰਗੀ ਤਰ੍ਹਾਂ ਸਾਫ ਕਰੋ। ਉੱਚੀ ਅੱਡੀ ਵਾਲੀ ਜੁੱਤੀ ਪਹਿਨਣ ਦੌਰਾਨ ਪੈਰਾਂ ਵਿਚ ਮੋਟੀ ਊਨੀ ਜੁਰਾਬਾਂ ਪਹਿਨੋ ਤਾਂ ਕਿ ਜੁੱਤੀ ਵਿਚ ਪੈਰ ਚੰਗੀ ਤਰ੍ਹਾਂ ਫਿੱਟ ਹੋ ਸਕੇ। ਜੇ ਇਹ ਜੁੱਤੀ ਪੈਰਾਂ ਵਿਚ ਚੁੱਭਦੀ ਹੈ ਜਾਂ ਪੈਰਾਂ ਵਿਚ ਪਸੀਨਾ ਆਉਂਦਾ ਹੈ ਤਾਂ ਹੇਅਰ ਡ੍ਰਾਇਰ ਨਾਲ ਪੈਰਾਂ ਨੂੰ ਸੁਕਾਓ।
ਜੁੱਤੀ ਹੋਵੇ ਮੁਲਾਇਮ : ਅੱਡੀ ਵਿਚ ਪੈਰ ਆਰਾਮਦੇਹ ਸਥਿਤੀ ਵਿਚ ਰਹਿਣ, ਇਸ ਲਈ ਵਾਧੂ ਸੋਲ ਜਾਂ ਕੁਸ਼ਨ ਜਾਂ ਅੰਦਰ ਰੂੰ ਦਾ ਗੋਲਾ ਰੱਖੋ ਤਾਂ ਕਿ ਪੈਰ ਦੇ ਪੰਜੇ ਨੂੰ ਆਰਾਮ ਮਿਲੇ। ਨਵੀਂ ਅੱਡੀ ਵਾਲੀ ਜੁੱਤੀ ਪਹਿਨਣ ਲਈ ਘਰੋਂ ਬਾਹਰ ਜਾਣ ਤੋਂ ਪਹਿਲਾਂ ਉਸ ਨੂੰ ਘਰ ਹੀ ਥੋੜ੍ਹੀ-ਥੋੜ੍ਹੀ ਦੇਰ ਪਹਿਨ ਕੇ ਤੁਰ ਕੇ ਦੇਖੋ। ਅੱਡੀ ਵਾਲੀ ਜੁੱਤੀ ਹਰ ਰੋਜ਼ ਪਹਿਨਣ ਦੀ ਬਜਾਇ ਹਫਤੇ ਵਿਚ ਦੋ ਜਾਂ ਤਿੰਨ ਦਿਨ ਹੀ ਪਹਿਨੋ।


-ਫਿਊਚਰ ਮੀਡੀਆ ਨੈਟਵਰਕ

ਸ਼ਰਾਰਤੀ ਅਨਸਰਾਂ ਤੋਂ ਆਪਣੇ ਘਰ ਦੀ ਸੁਰੱਖਿਆ ਪ੍ਰਤੀ ਲਾਪ੍ਰਵਾਹ ਨਾ ਹੋਵੋ

ਹਾਦਸੇ ਸਿਰਫ ਅਖ਼ਬਾਰਾਂ 'ਚ ਛਪਣ ਵਾਲੀਆਂ ਸੁਰਖੀਆਂ ਨਹੀਂ ਹਨ ਅਤੇ ਨਾ ਹੀ ਸਿਰਫ ਕਿਸੇ ਦੂਸਰੇ ਨਾਲ ਵਾਪਰਨ ਵਾਲੀ ਘਟਨਾ। ਆਏ ਦਿਨ ਹੋਣ ਵਾਲੇ ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਸਾਨੂੰ ਹੇਠ ਲਿਖੇ ਇਹਿਤਿਆਤੀ ਕਦਮ ਚੁੱਕਣੇ ਚਾਹੀਦੇ ਹਨ :
* ਜੇਕਰ ਕੋਈ ਘਰ ਦਾ ਬੂਹਾ ਖੜਕਾਏ ਤਾਂ ਉਸ ਨੂੰ ਪਹਿਲਾਂ ਖਿੜਕੀ 'ਚੋਂ ਵੇਖੋ ਜਾਂ ਜਾਲੀ ਵਾਲੇ ਦਰਵਾਜ਼ੇ ਰਾਹੀਂ ਝਾਕੋ ਤੇ ਫਿਰ ਪਛਾਣ ਕੇ ਦਰਵਾਜ਼ਾ ਖੋਲ੍ਹੋ। ਜੇ ਕੋਈ ਅਣਪਛਾਤਾ ਵਿਅਕਤੀ ਹੈ ਤਾਂ ਬੂਹਾ ਬਿਲਕੁਲ ਨਾ ਖੋਲ੍ਹੋ।
* ਘਰ ਆਉਣ ਵਾਲੇ ਹਰ ਅਜਨਬੀ ਵਿਅਕਤੀ 'ਤੇ ਸਖਤ ਨਜ਼ਰ ਰੱਖੋ। ਜੇਕਰ ਉਹ ਵਿਅਕਤੀ ਤੁਹਾਡੇ ਘਰ ਬਾਰੇ ਕਿਸੇ ਗੁਆਂਢੀ ਆਦਿ ਤੋਂ ਕੁਝ ਪੁੱਛਗਿੱਛ ਕਰਦਾ ਦਿਸੇ ਤਾਂ ਗੁਆਂਢੀ ਤੋਂ ਪਤਾ ਕਰੋ। ਤੁਹਾਨੂੰ ਲੱਗਦਾ ਹੈ ਕਿ ਮਾਮਲਾ ਗੰਭੀਰ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿਓ।
* ਦਿਨ ਸਮੇਂ ਘੋੜੇ ਵੇਚ ਕੇ ਨਾ ਸੌਂ ਜਾਓ। ਸੁੰਨਸਾਨ ਜਗ੍ਹਾ/ਕਾਲੋਨੀਆਂ ਆਦਿ ਵਿਚ ਇਸ ਸਮੇਂ ਅਪਰਾਧੀਆਂ ਲਈ ਘਰ 'ਚ ਦਾਖਲ ਹੋਣਾ ਕਾਫੀ ਸੌਖਾ ਹੋ ਜਾਂਦਾ ਹੈ। ਘਰ ਵਿਚ ਹੁੰਦੇ ਖੜਾਕ ਦਾ ਖਿਆਲ ਰੱਖੋ।
* ਬਾਹਰ ਜਾਣ ਅਤੇ ਰਾਤੀਂ ਸੌਣ ਸਮੇਂ ਸਾਰੇ ਬੂਹੇ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ। ਬੂਹਿਆਂ ਨੂੰ ਅੰਦਰਲੇ ਪਾਸੇ ਦੋ-ਦੋ ਕੁੰਡੀਆਂ ਉੱਪਰ/ਥੱਲੇ ਲਗਾਓ। ਬਾਰੀਆਂ ਆਦਿ ਵੀ ਚੈੱਕ ਕਰ ਲਓ ਕਿ ਬੰਦ ਹਨ। ਬਾਹਰ ਜਾਂਦੇ ਹੋਏ ਚੰਗੀ ਕਿਸਮ ਦੇ ਤਾਲੇ ਬੂਹਿਆਂ ਅਤੇ ਮੇਨ ਗੇਟ 'ਤੇ ਲਗਾਓ।
* ਘਰ ਦੇ ਪਿਛਲੇ ਹਿੱਸੇ ਦੀਆਂ ਕੰਧਾਂ ਆਦਿ 'ਤੇ ਟੁੱਟਿਆ ਖੜ੍ਹਾ ਕੱਚ ਜ਼ਰੂਰ ਲਗਵਾਓ, ਤਾਂ ਕਿ ਕੰਧ ਟੱਪੀ ਨਾ ਜਾ ਸਕੇ
* ਰਾਤ ਸਮੇਂ ਘਰ ਦਾ ਕੋਈ ਅਜਿਹਾ ਹਿੱਸਾ ਨਾ ਛੱਡੋ, ਜਿੱਥੇ ਰੌਸ਼ਨੀ ਨਾ ਪੁੱਜਦੀ ਹੋਵੇ, ਹਮੇਸ਼ਾ ਹਨੇਰੀ ਥਾਂ ਤੋਂ ਹੀ ਚੋਰੀ/ਡਾਕੇ ਦਾ ਅੰਦੇਸ਼ਾ ਰਹਿੰਦਾ ਹੈ।
* ਰਾਤ ਸਮੇਂ ਆਪਣੇ ਘਰ ਦੇ ਅੱਗੇ-ਪਿੱਛੇ ਹਲਕੀ ਰੌਸ਼ਨੀ ਜ਼ਰੂਰ ਰੱਖਣ ਦੀ ਆਦਤ ਪਾਓ।
* ਗੁਆਂਢੀਆਂ ਨਾਲ ਪਿਆਰ ਬਣਾਈ ਰੱਖੋ। ਮੁਸੀਬਤ ਪੈਣ ਸਮੇਂ ਹਮੇਸ਼ਾ ਗੁਆਂਢੀ ਹੀ ਸਹਾਈ ਹੁੰਦੇ ਹਨ।
* ਘਰ ਸਿਰਫ ਸਹਾਇਕਾਂ ਦੇ ਆਸਰੇ ਹੀ ਨਾ ਛੱਡੋ। ਜੇਕਰ ਕਿਤੇ ਜਾਣਾ ਹੋਵੇ ਤਾਂ ਆਪਣੇ ਨੇੜਲੇ ਗੁਆਂਢੀ ਨੂੰ ਇਸ ਬਾਰੇ ਜ਼ਰੂਰ ਦੱਸ ਕੇ ਜਾਓ।
* ਫੇਰੀ ਵਾਲੇ ਅਤੇ ਕੱਪੜੇ ਪ੍ਰੈੱਸ ਕਰਨ ਵਾਲੇ ਨੂੰ ਬਾਹਰ ਹੀ ਨਿਬੇੜ ਦਿਓ। ਇਨ੍ਹਾਂ ਅਤੇ ਸਹਾਇਕ ਦੇ ਸਾਹਮਣੇ ਅਲਮਾਰੀ ਨਾ ਖੋਲ੍ਹੋ।
* ਕੰਮ ਵਾਲੀ 'ਤੇ ਵੀ ਬਹੁਤਾ ਵਿਸ਼ਵਾਸ ਨਾ ਕਰੋ ਅਤੇ ਉਸ ਦੇ ਨਾਲ ਆਏ ਅਣਪਛਾਤੇ ਵਿਅਕਤੀ ਨੂੰ ਅੰਦਰ ਨਾ ਆਉਣ ਦਿਓ। ਇੱਥੋਂ ਹੀ ਚੋਰੀ ਦੀਆਂ ਯੋਜਨਾਵਾਂ ਬਣਦੀਆਂ ਹਨ।
* ਘਰ ਆਏ ਕਿਸੇ ਗੈਰ-ਵਿਅਕਤੀ ਸਾਹਮਣੇ ਕੈਸ਼ ਆਦਿ ਨਾ ਗਿਣੋ ਜਾਂ ਰੱਖੋ। ਇਸੇ ਤਰ੍ਹਾਂ ਹੀ ਗਹਿਣੇ ਕੱਢ ਕੇ ਨਾ ਰੱਖੋ, ਨਾ ਪਹਿਨੋ।
* ਜੇਕਰ ਤੁਸੀਂ ਘਰ ਵਿਚ ਇਕੱਲੇ ਰਹਿੰਦੇ ਹੋ ਜਾਂ ਨੌਕਰੀ ਕਰਦੇ ਹੋ ਤਾਂ ਹਰ ਇਕ ਨੂੰ ਇਸ ਬਾਰੇ ਨਾ ਦੱਸੋ। ਸ਼ਰਾਰਤੀ ਅਨਸਰਾਂ ਲਈ ਇਹ ਸੂਚਨਾ ਬੜੀ ਖਾਸ ਹੁੰਦੀ ਹੈ।
* ਹਰ ਕਿਸੇ ਐਰੇ-ਗੈਰੇ ਵਿਅਕਤੀ ਕੋਲ ਆਪਣੇ ਰੁਤਬੇ ਅਤੇ ਪੈਸੇ ਦੀ ਸ਼ਾਨ ਨਾ ਦਿਖਾਓ, ਕਿਉਂਕਿ ਈਰਖਾ ਕਰਕੇ ਉਹ ਚੋਰੀ ਆਦਿ ਵੀ ਕਰ ਸਕਦਾ ਹੈ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਅ ਸਕਦਾ ਹੈ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.

ਜਦੋਂ ਪਤੀ ਹੋਵੇ ਸ਼ੱਕੀ ਅਤੇ ਗੁਸੈਲ...

ਸ਼ੱਕੀ, ਗੁਸੈਲ, ਈਰਖਾਲੂ ਅਤੇ ਝਗੜਾਲੂ ਪਤੀ ਨਾਲ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਪਿਆਰ ਨਾਲ ਸਾਰੀ ਸਥਿਤੀ ਨੂੰ ਸਮਝੋ ਅਤੇ ਆਪਣੇ ਪਤੀ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੋ।
* ਤੁਸੀਂ ਪਤੀ ਦੇ ਹਰ ਸ਼ੱਕ ਨੂੰ ਦੂਰ ਕਰਨ ਦਾ ਯਤਨ ਕਰੋ ਪਰ ਬੇਤੁਕੇ ਦੋਸ਼ਾਂ ਵੱਲ ਧਿਆਨ ਹੀ ਨਾ ਦਿਓ।
* ਪਤੀ ਦੇ ਸਾਹਮਣੇ ਆਪਣੇ ਮਾਪਿਆਂ ਕੋਲ ਕਦੇ ਵੀ ਸਹੁਰਾ ਘਰ ਅਤੇ ਸੱਸ-ਸਹੁਰੇ, ਨਣਦ, ਦਿਓਰ ਦੀ ਬੁਰਾਈ ਨਾ ਕਰੋ।
* ਪਤੀ ਦੇ ਘਰ ਵਿਚ ਹੋਣ 'ਤੇ ਕਿਸੇ ਨਾਲ ਚੁਪਕੇ-ਚੁਪਕੇ ਫੋਨ ਉੱਪਰ ਗੱਲ ਨਾ ਕਰੋ।
* ਪਤੀ ਨੂੰ ਪਿਆਰ ਨਾਲ ਇਹ ਅਹਿਸਾਸ ਕਰਵਾਓ ਕਿ ਜਿਵੇਂ ਤੁਹਾਡੇ ਲਈ ਉਹ ਜ਼ਰੂਰੀ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਵੀ ਤੁਹਾਡਾ ਬਹੁਤ ਮਹੱਤਵ ਹੈ।
* ਪਤੀ ਦੇ ਗੁੱਸੇ ਵਿਚ ਬੋਲਣ 'ਤੇ ਪਲਟ ਕੇ ਜਵਾਬ ਨਾ ਦਿਓ, ਸਗੋਂ ਪਿਆਰ ਨਾਲ ਸਾਰੀ ਸਥਿਤੀ ਸੰਭਾਲੋ।
* ਜੇ ਹੋ ਸਕੇ ਤਾਂ ਪੇਕੇ ਜਾਂਦੇ ਸਮੇਂ ਆਪਣੇ ਪਤੀ ਨੂੰ ਨਾਲ ਹੀ ਲੈ ਕੇ ਜਾਵੋ।
* ਪਤੀ ਦੀਆਂ ਚੰਗੀਆਂ ਆਦਤਾਂ ਦਾ ਗੁਣਗਾਣ ਵੀ ਕਰੋ।
* ਪਤੀ ਨੂੰ ਸਮਝਾਓ ਕਿ ਤੁਹਾਨੂੰ ਉਨ੍ਹਾਂ ਦੀ ਕਿਹੜੀ ਆਦਤ ਚੰਗੀ ਲਗਦੀ ਹੈ।
* ਪਤੀ ਦੀ ਪਸੰਦ ਦੇ ਕੱਪੜੇ ਪਾਓ।
* ਪਤੀ ਦੀ ਪਸੰਦ ਦੇ ਪਕਵਾਨ ਬਣਾਓ।
* ਜਿਨ੍ਹਾਂ ਗੱਲਾਂ ਤੋਂ ਪਤੀ ਨੂੰ ਨਫਰਤ ਹੈ, ਉਨ੍ਹਾਂ ਗੱਲਾਂ ਨੂੰ ਪਤੀ ਦੇ ਸਾਹਮਣੇ ਨਾ ਕਰੋ।
* ਪਤੀ ਦੇ ਦਿਲ ਦੀ ਗੱਲ ਸਮਝੋ ਅਤੇ ਉਸ ਦੀ ਵੀ ਸੁਣੋ। ਹਮੇਸ਼ਾ ਆਪਣੀਆਂ ਹੀ ਨਾ ਮਾਰੀ ਜਾਵੋ।
* ਚਾਂਦਨੀ ਰਾਤ ਵਿਚ ਬੈਠ ਕੇ ਪਤੀ ਨਾਲ ਪਿਆਰ ਦਾ ਪ੍ਰਗਟਾਵਾ ਕਰੋ।
* ਪਤੀ ਤੋਂ ਕੋਈ ਚੀਜ਼ ਮੰਗਵਾਉਣ ਤੋਂ ਪਹਿਲਾਂ ਪਤੀ ਦਾ ਮੂਡ ਠੀਕ ਕਰੋ।
* ਜੇ ਪਤੀ ਜ਼ਿਆਦਾ ਹੀ ਗੁੱਸਾ ਦਿਖਾਵੇ ਤਾਂ ਉਸ ਦੀ ਗੱਲ ਦਾ ਕੋਈ ਵੀ ਉੱਤਰ ਨਾ ਦਿਓ ਅਤੇ ਫਿਰ ਸਾਰਾ ਦਿਨ ਪਤੀ ਨਾਲ ਗੱਲ ਨਾ ਕਰੋ।
* ਪਤੀ ਦੀ ਜਿਹੜੀ ਗੱਲ ਤੁਹਾਨੂੰ ਬਹੁਤ ਬੁਰੀ ਲਗਦੀ ਹੈ, ਉਸ ਬਾਰੇ ਪਤੀ ਨੂੰ ਪਿਆਰ ਨਾਲ ਸਮਝਾਓ।
* ਪਤੀ ਦੇ ਕੱਪੜੇ ਪ੍ਰੈੱਸ ਕਰਕੇ ਦੇਵੋ ਅਤੇ ਉਸ ਨੂੰ ਦੱਸੋ ਕਿ ਕਿਹੜਾ ਸੂਟ ਉਸ ਉੱਪਰ ਸੋਹਣਾ ਲਗਦਾ ਹੈ।


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਨੇੜੇ ਕੁੜੀਆਂ ਦਾ ਹੋਸਟਲ, ਪਟਿਆਲਾ।

... ਤਾਂ ਜੋ ਬੱਚੇ ਬਣਨ ਆਤਮਵਿਸ਼ਵਾਸੀ

ਮਾਪਿਆਂ ਦੀ ਪਰਵਰਿਸ਼ ਬੱਚਿਆਂ ਦੀ ਸ਼ਖ਼ਸੀਅਤ ਵਿਚੋਂ ਸਾਫ਼ ਝਲਕਦੀ ਹੈ। ਵੈਸੇ ਤਾਂ ਹਰ ਇਕ ਮਾਂ-ਪਿਓ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਹੀ ਦੇਣਾ ਚਾਹੁੰਦਾ ਹੈ ਅਤੇ ਦੇਣ ਦੀ ਪੂਰੀ ਕੋਸ਼ਿਸ਼ ਵੀ ਕਰਦਾ ਹੈ, ਫਿਰ ਵੀ ਕਈ ਵਾਰ ਬੱਚੇ ਸਾਡੀ ਉਮੀਦ 'ਤੇ ਜਾਂ ਕਹਿ ਲਓ ਸਮਾਜਿਕ ਉਮੀਦ 'ਤੇ ਖਰੇ ਨਹੀਂ ਉਤਰਦੇ। ਬੱਚਿਆਂ ਲਈ ਕੁਝ ਮਾਪੇ ਬਹੁਤ ਜ਼ਿਆਦਾ ਸਖਤ ਅਤੇ ਕੁਝ ਬਹੁਤ ਜ਼ਿਆਦਾ ਨਰਮ ਰੁਖ਼ ਰੱਖਦੇ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਅਸੀਂ ਵਿਚ ਦਾ ਰਸਤਾ ਅਪਣਾਈਏ।
* ਜਦੋਂ ਬੱਚੇ ਵੱਡੇ ਹੋਣ ਲਗਦੇ ਹਨ ਤਾਂ ਛੋਟੇ-ਛੋਟੇ ਫੈਸਲਿਆਂ ਵਿਚ ਉਨ੍ਹਾਂ ਦੀ ਮਦਦ ਜ਼ਰੂਰ ਕਰੀਏ ਪਰ ਧੱਕਾ ਨਹੀਂ। ਉਨ੍ਹਾਂ ਦੀ ਸਮਰੱਥਾ, ਪਸੰਦ-ਨਾਪਸੰਦ ਮੁਤਾਬਿਕ ਹੀ ਉਮੀਦ ਰੱਖੀਏ। ਸਹੀ ਅਤੇ ਗ਼ਲਤ ਬਾਰੇ ਉਸ ਨੂੰ ਵੀ ਸੋਚਣ ਦਾ ਮੌਕਾ ਦੇਈਏ।
* ਬੱਚਿਆਂ 'ਤੇ ਏਨਾ ਜ਼ਿਆਦਾ ਡਰ ਹਾਵੀ ਨਾ ਕਰੀਏ ਕਿ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਵੀ ਨਾ ਕਰ ਸਕਣ। ਏਨਾ ਕੁ ਡਰ ਹੀ ਹੋਣਾ ਚਾਹੀਦਾ ਹੈ ਕਿ ਉਹ ਤੁਹਾਡਾ ਸਤਿਕਾਰ ਵੀ ਕਰਨ ਅਤੇ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਵੀ ਰੱਖ ਸਕਣ। ਨਿਗਰਾਨੀ ਭਰਪੂਰ ਖੁੱਲ੍ਹਾ ਮਾਹੌਲ ਦੇਣ ਨਾਲ ਹੀ ਬੱਚੇ ਆਤਮਵਿਸ਼ਵਾਸੀ ਤੇ ਆਤਮਨਿਰਭਰ ਬਣਦੇ ਹਨ।
* ਮਾਪੇ ਹਰ ਵਕਤ ਬੱਚੇ ਦੇ ਨਾਲ ਨਹੀਂ ਰਹਿ ਸਕਦੇ। ਜ਼ਿੰਦਗੀ 'ਚ ਆਉਣ ਵਾਲੀਆਂ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਅਤੇ ਉਲਟ ਹਾਲਾਤ ਦੇ ਮੌਕੇ ਉਸ ਨੂੰ ਖੁਦ ਲੜਨਾ ਸਿਖਾਉਂਦੇ ਹਨ ਅਤੇ ਹਰ ਸਮੇਂ ਉਸ 'ਤੇ ਆਪਣੀ ਮਰਜ਼ੀ ਨਾ ਥੋਪੀਏ। ਕਦੇ-ਕਦੇ ਗ਼ਲਤੀ ਵੀ ਫਾਇਦੇਮੰਦ ਹੁੰਦੀ ਹੈ। ਆਪਣੀ ਗ਼ਲਤੀ ਦੇ ਅਹਿਸਾਸ ਤੋਂ ਬਾਅਦ ਬੱਚੇ ਅਕਸਰ ਜ਼ਿਆਦਾ ਸਮਝਦਾਰ ਤੇ ਆਤਮਵਿਸ਼ਵਾਸੀ ਹੋ ਜਾਂਦੇ ਹਨ।
* ਆਪਣੇ ਬੱਚੇ ਦੀ ਤੁਲਨਾ ਕਦੇ ਵੀ ਦੂਜੇ ਬੱਚਿਆਂ ਨਾਲ ਨਾ ਕਰੋ। ਪਰਮਾਤਮਾ ਨੇ ਹਰ ਬੱਚੇ ਨੂੰ ਵੱਖਰੇ ਅਤੇ ਵਿਲੱਖਣ ਗੁਣ ਦੇ ਕੇ ਇਸ ਧਰਤੀ 'ਤੇ ਭੇਜਿਆ ਹੈ। ਤੁਲਨਾ ਕਰਨ ਨਾਲ ਬੱਚਿਆਂ ਦਾ ਆਤਮਵਿਸ਼ਵਾਸ ਘਟ ਜਾਂਦਾ ਹੈ। ਚੰਗੇ ਕੰਮ ਕਰਨ ਵਾਲੇ ਬੱਚਿਆਂ ਦੀ ਤਾਰੀਫ ਤੁਸੀਂ ਜ਼ਰੂਰ ਆਪਣੇ ਬੱਚੇ ਸਾਹਮਣੇ ਕਰੋ ਪਰ ਤੁਲਨਾ ਭੁੱਲ ਕੇ ਵੀ ਨਹੀਂ।
* ਬੱਚੇ ਸਾਨੂੰ ਪਿਆਰ ਕਰਨ ਅਤੇ ਸਤਿਕਾਰ ਦੇਣ, ਇਸ ਲਈ ਸਾਨੂੰ ਵੀ ਉਨ੍ਹਾਂ ਨੂੰ ਪਿਆਰ, ਸਤਿਕਾਰ ਦੇਣਾ ਚਾਹੀਦਾ ਹੈ। ਬੱਚਿਆਂ ਦੀ ਹਰ ਜ਼ਰੂਰਤ ਨੂੰ ਪੈਸਾ ਪੂਰਾ ਨਹੀਂ ਕਰ ਸਕਦਾ, ਕੁਝ ਜ਼ਰੂਰਤਾਂ ਪੂਰੀਆਂ ਕਰਨ ਲਈ ਤੁਹਾਨੂੰ ਆਪਣਾ ਕੀਮਤੀ ਸਮਾਂ ਉਨ੍ਹਾਂ ਨੂੰ ਦੇਣਾ ਪਵੇਗਾ, ਅਜੋਕੇ ਸਮੇਂ ਵਿਚ ਮਾਪਿਆਂ ਕੋਲ ਜਿਸ ਦੀ ਬਹੁਤ ਕਮੀ ਹੈ। ਮਾਪਿਆਂ ਦਾ ਬਦਲ ਨੌਕਰ ਜਾਂ ਕੋਈ ਹੋਰ ਨਹੀਂ ਹੋ ਸਕਦਾ।
ਬੱਚੇ ਨੂੰ ਇਕ ਚੰਗਾ ਇਨਸਾਨ ਬਣਾਉਣ ਦੀ ਪ੍ਰਕਿਰਿਆ ਵਿਚ ਮਾਪਿਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਸੋ, ਆਪਣੇ ਬੱਚਿਆਂ ਨੂੰ ਪਿਆਰ ਨਾਲ, ਸਤਿਕਾਰ ਨਾਲ ਅਤੇ ਆਪਣੇ ਕੀਮਤੀ ਸਮੇਂ ਨਾਲ ਇਕ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੀਏ।


-738/7, ਗੁਰੂ ਨਾਨਕ ਨਗਰ, ਪਟਿਆਲਾ।

ਮੌਨਸੂਨ ਵਿਚ ਕਰੋ ਪੈਰਾਂ ਦੀ ਦੇਖਭਾਲ

ਮੌਨਸੂਨ ਦੇ ਦਿਨਾਂ ਦੀ ਸਭ ਤੋਂ ਵੱਡੀ ਮਾਰ ਤੁਹਾਡੇ ਪੈਰਾਂ ਨੂੰ ਝੱਲਣੀ ਪੈਂਦੀ ਹੈ, ਜਦੋਂ ਚਿੱਕੜ ਨਾਲ ਭਰੇ ਰਾਹਾਂ, ਪਾਣੀ ਨਾਲ ਤਾਲੋਤਾਲ ਗਲੀਆਂ, ਨਮੀ ਨਾਲ ਭਰੇ ਠੰਢੇ ਵਾਤਾਵਰਨ ਅਤੇ ਸਿੱਲ੍ਹ ਵਿਚ ਚੱਲਣ ਨਾਲ ਜੁੱਤੀਆਂ ਚਿਪਚਿਪੀਆਂ ਹੋ ਜਾਂਦੀਆਂ ਹਨ ਅਤੇ ਪੈਰਾਂ ਵਿਚੋਂ ਬਦਬੂਦਾਰ ਪਸੀਨਾ ਨਿਕਲਣਾ ਸ਼ੁਰੂ ਹੁੰਦਾ ਹੈ, ਜਿਸ ਨਾਲ ਪੈਰਾਂ ਵਿਚ ਦਾਦ, ਖਾਜ, ਖੁਜਲੀ ਅਤੇ ਲਾਲ ਨਿਸ਼ਾਨ ਪੈ ਜਾਂਦੇ ਹਨ।
ਮੌਨਸੂਨ ਦੇ ਦਿਨਾਂ ਵਿਚ ਪੈਰਾਂ ਦੀ ਦੇਖਭਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਸ ਮੌਸਮ ਵਿਚ ਪੈਰਾਂ ਦੇ ਨੇੜੇ-ਤੇੜੇ ਦੇ ਭਾਗ ਵਿਚ ਸੰਕ੍ਰਮਣ ਪੈਦਾ ਹੁੰਦਾ ਹੈ, ਜਿਸ ਵਿਚੋਂ ਬਦਬੂ ਪੈਦਾ ਹੁੰਦੀ ਹੈ।
ਪਸੀਨੇ ਦੇ ਨਾਲ ਨਿਕਲਣ ਵਾਲੇ ਗੰਦੇ ਦ੍ਰਵਾਂ ਨੂੰ ਹਰ ਰੋਜ਼ ਧੋ ਕੇ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਬਦਬੂ ਨੂੰ ਰੋਕਿਆ ਜਾ ਸਕੇ ਅਤੇ ਪੈਰ ਤਾਜ਼ਗੀ ਅਤੇ ਸ਼ੁੱਧਤਾ ਦਾ ਅਹਿਸਾਸ ਕਰ ਸਕਣ। ਸਵੇਰੇ ਨਹਾਉਂਦੇ ਸਮੇਂ ਆਪਣੇ ਪੈਰਾਂ ਦੀ ਸ਼ੁੱਧਤਾ 'ਤੇ ਵਿਸ਼ੇਸ਼ ਧਿਆਨ ਦਿਓ, ਪੈਰਾਂ ਨੂੰ ਧੋਣ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਅਤੇ ਉਸ ਤੋਂ ਬਾਅਦ ਪੈਰਾਂ ਅਤੇ ਉਂਗਲੀਆਂ ਦੇ ਵਿਚ ਟੈਲਕਮ ਪਾਊਡਰ ਦਾ ਛਿੜਕਾਅ ਕਰੋ। ਜੇ ਤੁਸੀਂ ਬੰਦ ਜੁੱਤੀ ਪਹਿਨਦੇ ਹੋ ਤਾਂ ਜੁੱਤੀ ਦੇ ਅੰਦਰ ਟੈਲਕਮ ਪਾਊਡਰ ਦਾ ਛਿੜਕਾਅ ਕਰੋ। ਬਰਸਾਤ ਦੇ ਮੌਸਮ ਦੌਰਾਨ ਸਲਿਪਰ ਅਤੇ ਖੁੱਲ੍ਹੇ ਸੈਂਡਲ ਪਹਿਨਣੇ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੇ ਹਨ, ਕਿਉਂਕਿ ਇਸ ਨਾਲ ਪੈਰਾਂ ਵਿਚ ਹਵਾ ਦਾ ਵੱਧ ਤੋਂ ਵੱਧ ਸੰਚਾਲਨ ਹੁੰਦਾ ਹੈ ਅਤੇ ਪਸੀਨੇ ਨੂੰ ਸੁਕਾਉਣ ਵਿਚ ਵੀ ਮਦਦ ਮਿਲਦੀ ਹੈ ਪਰ ਖੁੱਲ੍ਹੀਆਂ ਜੁੱਤੀਆਂ ਦੀ ਵਜ੍ਹਾ ਨਾਲ ਪੈਰਾਂ 'ਤੇ ਗੰਦਗੀ ਅਤੇ ਧੂੜ ਜੰਮ ਜਾਂਦੀ ਹੈ, ਜਿਸ ਨਾਲ ਪੈਰਾਂ ਦੀ ਸਫ਼ਾਈ 'ਤੇ ਅਸਰ ਪੈਂਦਾ ਹੈ। ਦਿਨ ਭਰ ਥਕਾਨ ਤੋਂ ਬਾਅਦ ਘਰ ਪਹੁੰਚਣ 'ਤੇ ਠੰਢੇ ਪਾਣੀ ਵਿਚ ਥੋੜ੍ਹਾ ਜਿਹਾ ਨਮਕ ਪਾ ਕੇ ਪੈਰਾਂ ਨੂੰ ਚੰਗੀ ਤਰ੍ਹਾਂ ਭਿਉਂਵੋ ਅਤੇ ਉਸ ਤੋਂ ਬਾਅਦ ਪੈਰਾਂ ਨੂੰ ਖੁੱਲ੍ਹੀ ਜਗ੍ਹਾ ਵਿਚ ਸੁੱਕਣ ਦਿਓ। ਇਸ ਮੌਸਮ ਵਿਚ ਜੁਰਾਬਾਂ ਪਹਿਨਣ ਤੋਂ ਪ੍ਰਹੇਜ਼ ਕਰਦੇ ਹੋਏ ਖੁੱਲ੍ਹੀ ਜੁੱਤੀ ਪਹਿਨੋ, ਟੈਲਕਮ ਪਾਊਡਰ ਦੀ ਵਰਤੋਂ ਕਰੋ ਅਤੇ ਪੈਰਾਂ ਨੂੰ ਵੱਧ ਤੋਂ ਵੱਧ ਖੁਸ਼ਕ ਰੱਖੋ। ਜੇ ਜੁਰਾਬਾਂ ਪਹਿਨਣੀਆਂ ਜ਼ਰੂਰੀ ਹੋਣ ਤਾਂ ਸੂਤੀ ਜੁਰਾਬਾਂ ਹੀ ਪਹਿਨੋ। ਅਸਲ ਵਿਚ ਗਰਮ, ਨਮੀ ਭਰੇ ਮੌਸਮ ਵਿਚ ਪੈਰਾਂ ਨੂੰ ਵੱਧ ਤੋਂ ਵੱਧ ਸਮੇਂ ਤੱਕ ਖੁੱਲ੍ਹਾ ਰੱਖਣਾ ਚਾਹੀਦਾ ਹੈ। ਮੌਨਸੂਨ ਵਿਚ ਪੈਰਾਂ ਦੀ ਦੇਖਭਾਲ ਲਈ ਕੁਝ ਹੇਠ ਲਿਖੇ ਘਰੇਲੂ ਇਲਾਜ ਵੀ ਅਪਣਾਏ ਜਾ ਸਕਦੇ ਹਨ-
ਪੈਰਾਂ ਨੂੰ ਧੋਣਾ
ਬਾਲਟੀ ਵਿਚ ਇਕ-ਚੌਥਾਈ ਗਰਮ ਪਾਣੀ, ਅੱਧਾ ਕੱਪ ਖੁਰਖੁਰਾ ਨਮਕ, 10 ਬੂੰਦਾਂ ਨਿੰਬੂ ਰਸ ਜਾਂ ਸੰਤਰੇ ਦਾ ਸੁਗੰਧਿਤ ਤੇਲ ਪਾਓ। ਇਸ ਮਿਸ਼ਰਣ ਵਿਚ 10-15 ਮਿੰਟ ਤੱਕ ਪੈਰਾਂ ਨੂੰ ਭਿਉਂ ਕੇ ਬਾਅਦ ਵਿਚ ਸੁਕਾ ਲਓ।
ਪੈਰਾਂ ਲਈ ਲੋਸ਼ਨ
3 ਚਮਚ ਗੁਲਾਬ ਜਲ, 2 ਚਮਚ ਨਿੰਬੂ ਰਸ ਅਤੇ ਇਕ ਚਮਚ ਸ਼ੁੱਧ ਗਲਿਸਰੀਨ ਦਾ ਮਿਸ਼ਰਣ ਤਿਆਰ ਕਰਕੇ ਇਸ ਨੂੰ ਪੈਰਾਂ 'ਤੇ ਅੱਧੇ ਘੰਟੇ ਤੱਕ ਲਗਾਉਣ ਤੋਂ ਬਾਅਦ ਪੈਰਾਂ ਨੂੰ ਤਾਜ਼ੇ-ਸਾਫ਼ ਪਾਣੀ ਨਾਲ ਧੋਣ ਤੋਂ ਬਾਅਦ ਸੁਕਾ ਲਓ।
ਖੁਸ਼ਕ ਪੈਰਾਂ ਦੀ ਦੇਖਭਾਲ
ਇਕ ਬਾਲਟੀ ਦੇ ਚੌਥਾਈ ਹਿੱਸੇ ਤੱਕ ਠੰਢਾ ਪਾਣੀ ਭਰੋ ਅਤੇ ਇਸ ਪਾਣੀ ਵਿਚ ਦੋ ਚਮਚ ਸ਼ਹਿਦ, ਇਕ ਚਮਚ ਹਰਬਲ ਸ਼ੈਂਪੂ, ਇਕ ਚਮਚ ਬਦਾਮ ਤੇਲ ਮਿਲਾ ਕੇ ਇਸ ਮਿਸ਼ਰਣ ਵਿਚ 20 ਮਿੰਟ ਤੱਕ ਪੈਰ ਭਿਉਂਵੋ ਅਤੇ ਬਾਅਦ ਵਿਚ ਪੈਰਾਂ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਕੇ ਸੁਕਾ ਲਓ।
ਠੰਢਾ ਮਾਲਿਸ਼ ਤੇਲ
100 ਮਿ: ਲੀ: ਜੈਤੂਨ ਤੇਲ, 2 ਬੂੰਦਾਂ ਨੀਲਗਿਰੀ ਤੇਲ, 2 ਚਮਚ ਰੋਜਮੇਰੀ ਤੇਲ, 3 ਚਮਚ ਖਸ ਜਾਂ ਗੁਲਾਬ ਦਾ ਤੇਲ ਮਿਲਾ ਕੇ ਇਸ ਮਿਸ਼ਰਣ ਨੂੰ ਹਵਾਬੰਦ ਗਿਲਾਸ ਜਾਰ ਵਿਚ ਪਾ ਲਓ। ਇਸ ਮਿਸ਼ਰਣ ਨੂੰ ਹਰ ਰੋਜ਼ ਪੈਰਾਂ ਦੀ ਮਸਾਜ ਲਈ ਵਰਤੋ। ਇਸ ਨਾਲ ਪੈਰਾਂ ਨੂੰ ਠੰਢਕ ਮਿਲੇਗੀ ਅਤੇ ਇਹ ਚਮੜੀ ਨੂੰ ਸੁਰੱਖਿਆ ਪ੍ਰਦਾਨ ਕਰਕੇ ਇਸ ਨੂੰ ਸਿਹਤਮੰਦ ਰੱਖੇਗਾ।

ਉਪਯੋਗੀ ਸੁਝਾਅ

* ਛੋਟੇ ਮੂੰਹ ਵਾਲੀਆਂ ਬੋਤਲਾਂ, ਥਰਮਸ ਆਦਿ ਸਾਫ਼ ਕਰਨ ਲਈ ਸ਼ੀਸ਼ੀ ਧੋਣ ਵਾਲਾ ਬਰੁਸ਼ ਜਾਂ ਪੁਰਾਣੇ ਟੁੱਥ ਬਰੁਸ਼ ਨੂੰ ਸਾਬਣ ਲਗਾ ਕੇ ਚਾਰੋ ਪਾਸੇ ਘੁਮਾ ਦਿਓ। ਇਸ ਨਾਲ ਸਾਬਣ ਘੱਟ ਖਰਚ ਹੋਵੇਗਾ।
* ਨਹਾਉਣ ਤੋਂ ਪਹਿਲਾਂ ਸਾਬਣ ਸਾਰੇ ਸਰੀਰ 'ਤੇ ਨਾ ਲਗਾ ਕੇ ਝਾਵੇਂ 'ਤੇ ਲਗਾਓ, ਫਿਰ ਝਾਵਾਂ ਸਾਰੇ ਸਰੀਰ 'ਤੇ ਰਗੜੋ।
* ਖੀਰਾ, ਆਲੂ ਕਸੋ। ਫਿਰ ਉਸ ਦਾ ਰਸ ਕੱਢ ਕੇ, ਪੁਣ ਕੇ ਸ਼ੀਸ਼ੀ ਵਿਚ ਰੱਖੋ। ਨਾਲ ਹੀ ਨਿੰਬੂ ਦਾ ਰਸ, ਗੁਲਾਬ ਜਲ, ਸ਼ਹਿਦ ਅਤੇ ਥੋੜ੍ਹੀ ਜਿਹੀ ਹਲਦੀ ਵੀ ਮਿਕਸ ਕਰਕੇ ਫਰਿੱਜ ਵਿਚ ਰੱਖਣ ਨਾਲ ਇਹ ਛੇਤੀ ਖਰਾਬ ਵੀ ਨਹੀਂ ਹੋਵੇਗਾ। ਜਦੋਂ ਵੀ ਚਾਹੋ, ਰੂੰ ਦੇ ਫਹੇ ਨਾਲ ਚਿਹਰਾ, ਗਰਦਨ 'ਤੇ ਲਗਾਓ। ਸੁੱਕਣ 'ਤੇ ਬਰਫ਼ ਮਲੋ। ਚਿਹਰਾ ਚਮਕ ਉੱਠੇਗਾ।
* ਸੂਜੀ, ਮੈਦਾ, ਮਲਾਈ, ਹਲਦੀ, ਨਿੰਬੂ ਦਾ ਰਸ, ਵੇਸਣ, ਹਲਕਾ ਜਿਹਾ ਤੇਲ, ਦੁੱਧ ਸਭ ਮਿਲਾ ਕੇ ਉਬਟਨ ਬਣਾਓ। ਚਿਹਰੇ 'ਤੇ ਲਗਾਓ। ਚਮੜੀ ਖਿੜ ਕੇ ਮੁਲਾਇਮ ਬਣੇਗੀ।
* ਲੱਤਾਂ ਵਿਚ ਦਰਦ ਹੈ ਤਾਂ ਮਿੱਟੀ ਦਾ ਤੇਲ ਲਗਾ ਕੇ ਮਾਲਿਸ਼ ਕਰੋ, ਆਰਾਮ ਮਿਲੇਗਾ ਜਾਂ ਸਰ੍ਹੋਂ ਦੇ ਤੇਲ ਵਿਚ ਨਮਕ ਮਿਲਾ ਕੇ ਗਰਮ ਕਰਕੇ ਰਗੜੋ, ਫਾਇਦਾ ਹੋਵੇਗਾ।
* ਘਮੌਰੀਆਂ ਹੋਣ 'ਤੇ ਸਾਰੇ ਸਰੀਰ 'ਤੇ ਦੇਸੀ ਘਿਓ ਰਗੜੋ। ਘਮੌਰੀਆਂ ਖ਼ਤਮ ਹੋ ਜਾਣਗੀਆਂ ਅਤੇ ਦੁਬਾਰਾ ਹੋਣਗੀਆਂ ਹੀ ਨਹੀਂ।
* ਜ਼ੁਕਾਮ ਵਿਚ ਪਾਣੀ ਨੱਕ ਬੰਦ ਕਰਕੇ ਪੀਤਾ ਜਾਵੇ ਤਾਂ ਜ਼ੁਕਾਮ 1-2 ਦਿਨ ਵਿਚ ਹੀ ਠੀਕ ਹੋ ਜਾਵੇਗਾ।
* ਨਹੁੰ ਪਾਲਿਸ਼ ਲਗਾ ਕੇ ਹੱਥਾਂ ਨੂੰ ਪਾਣੀ ਵਿਚ ਡੁਬੋ ਕੇ ਰੱਖੋ। ਖਰਾਬ ਹੋਣ ਦਾ ਡਰ ਨਹੀਂ ਅਤੇ ਨਹੁੰ ਪਾਲਿਸ਼ ਵੀ ਸੁੱਕ ਜਾਵੇਗੀ।


-ਅਲਕਾ ਅਮਰੀਸ਼ ਚੌਧਰੀ

ਬਚੋ ਪਰਸ ਵਿਚ ਫਾਲਤੂ ਸਾਮਾਨ ਪਾਉਣ ਤੋਂ

ਅੱਜਕਲ੍ਹ ਪਰਸ ਦੀ ਵਰਤੋਂ ਸਿਰਫ ਰੁਪਏ ਰੱਖਣ ਲਈ ਨਹੀਂ ਹੁੰਦੀ। ਪਰਸ ਦੀ ਵਰਤੋਂ ਜ਼ਰੂਰੀ ਸਾਮਾਨ ਰੱਖਣ ਲਈ ਵੀ ਹੁੰਦੀ ਹੈ। ਕੰਮਕਾਜੀ ਔਰਤ ਲਈ ਤਾਂ ਪਰਸ ਹੀ ਇਕ ਅਜਿਹਾ ਸਾਧਨ ਹੈ, ਜਿਸ ਵਿਚ ਉਹ ਪੂਰੇ ਦਿਨ ਵਿਚ ਵਰਤੋਂ ਵਿਚ ਆਉਣ ਵਾਲੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਰੱਖ ਸਕਦੀ ਹੈ ਪਰ ਕਈ ਔਰਤਾਂ ਇਸ ਨੂੰ ਸਟੋਰ ਹਾਊਸ ਬਣਾ ਲੈਂਦੀਆਂ ਹਨ, ਜਿਸ ਵਿਚ ਜ਼ਰੂਰੀ ਸਾਮਾਨ ਘੱਟ ਅਤੇ ਫਾਲਤੂ ਦੀਆਂ ਚੀਜ਼ਾਂ ਜ਼ਿਆਦਾ ਭਰੀਆਂ ਹੁੰਦੀਆਂ ਹਨ।
* ਤੁਹਾਡੇ ਪਰਸ ਵਿਚ ਸਭ ਤੋਂ ਜ਼ਰੂਰੀ ਸਾਮਾਨ ਹੋਣਾ ਚਾਹੀਦਾ ਹੈ ਤੁਹਾਡੀ ਪਛਾਣ। ਇਕ ਛੋਟੀ ਜਿਹੀ ਡਾਇਰੀ ਜ਼ਰੂਰ ਨਾਲ ਰੱਖੋ, ਜਿਸ ਵਿਚ ਤੁਹਾਡਾ ਨਾਂਅ, ਪਤਾ, ਫੋਨ ਨੰਬਰ, ਤੁਹਾਡੇ ਡਾਕਟਰ ਦਾ ਫੋਨ ਨੰਬਰ, ਤੁਹਾਡੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੇ ਫੋਨ ਨੰਬਰ ਹੋਣ। ਇਹ ਅਜਿਹੀਆਂ ਮਹੱਤਵਪੂਰਨ ਸੂਚਨਾਵਾਂ ਹਨ ਜੋ ਔਖੇ ਸਮੇਂ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ। ਕਦੇ ਤੁਹਾਡੇ ਨਾਲ ਕੋਈ ਦੁਰਘਟਨਾ ਹੋ ਜਾਣ 'ਤੇ ਤੁਹਾਡੀ ਪਛਾਣ ਤੁਹਾਨੂੰ ਸੁਰੱਖਿਆ ਦੇਵੇਗੀ।
* ਤੁਹਾਡੇ ਪਰਸ ਵਿਚ ਮੇਕਅੱਪ ਕਿੱਟ ਹੋਣੀ ਵੀ ਜ਼ਰੂਰੀ ਹੈ। ਇਸ ਕਿੱਟ ਵਿਚ ਤੁਹਾਡੀ ਲੋੜ ਵਾਲੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਹੇਅਰ ਬਰੱਸ਼ ਜਾਂ ਕੰਘੀ ਆਦਿ। ਸਾਰਾ ਦਿਨ ਦਫ਼ਤਰ ਵਿਚ ਕੰਮ ਕਰਨ ਤੋਂ ਬਾਅਦ ਫਰੈਸ਼ ਹੋਣ ਲਈ ਪੇਪਰ ਸੋਪ, ਲਿਪਸਟਿਕ ਆਦਿ ਪਰਸ ਵਿਚ ਜ਼ਰੂਰ ਹੋਣੀ ਚਾਹੀਦੀ ਹੈ। ਲਿਪਸਟਿਕ ਇਕ ਫਿੱਕੀ ਅਤੇ ਇਕ ਗੂੜ੍ਹੀ ਸ਼ੇਡ ਦੀ ਰੱਖ ਲਓ। ਇਸ ਤੋਂ ਇਲਾਵਾ ਹੇਅਰ ਕਲਿਪ ਜਾਂ ਹੇਅਰ ਬੈਂਡ ਰੱਖ ਲਓ ਤਾਂ ਕਿ ਵਾਲ ਬੰਨ੍ਹਣ ਦੀ ਲੋੜ ਮਹਿਸੂਸ ਹੋਵੇ ਤਾਂ ਤੁਹਾਡੇ ਕੋਲ ਸਾਮਾਨ ਉਪਲਬਧ ਹੋਵੇ। ਇਕ ਛੋਟੀ ਜਿਹੀ ਬੋਤਲ ਮਾਇਸਚਰਾਈਜ਼ਰ ਦੀ ਰੱਖ ਲਓ।
* ਪਰਸ ਵਿਚ ਸੋਨੇ ਦੇ ਗਹਿਣੇ, ਕ੍ਰੀਮ ਕਦੇ ਵੀ ਨਾ ਰੱਖੋ। ਇਹ ਬਹੁਤ ਹੀ ਅਸੁਰੱਖਿਅਤ ਜਗ੍ਹਾ ਹੈ। ਦਫ਼ਤਰ ਵਿਚ ਤੁਹਾਡਾ ਪਰਸ ਜੇ ਪੱਧਰੇ ਹੀ ਪਿਆ ਰਹਿੰਦਾ ਹੈ ਤਾਂ ਕੋਈ ਤੁਹਾਡੇ ਗਹਿਣੇ ਕੱਢ ਸਕਦਾ ਹੈ।
* ਪਰਸ ਵਿਚ ਪੈਸੇ ਵੀ ਓਦਾਂ ਹੀ ਨਾ ਰੱਖੋ। ਆਪਣੇ ਵੱਡੇ ਪਰਸ ਵਿਚ ਇਕ ਛੋਟਾ ਜਿਹਾ ਪਰਸ ਰੱਖੋ, ਜਿਸ ਵਿਚ ਪੈਸੇ ਰੱਖੋ। ਜਦੋਂ ਵੀ ਤੁਹਾਨੂੰ ਪੈਸੇ ਦੀ ਲੋੜ ਪਵੇ ਤਾਂ ਛੋਟੇ ਪਰਸ ਵਿਚੋਂ ਕੱਢਣ ਵਿਚ ਤੁਹਾਨੂੰ ਅਸਾਨੀ ਹੋਵੇਗੀ।
* ਜੇ ਤੁਸੀਂ ਕ੍ਰੈਡਿਟ ਕਾਰਡ ਰੱਖਦੇ ਹੋ ਤਾਂ ਉਸ ਦੇ ਲਈ ਪਰਸ ਵਿਚ ਵੱਖਰੀ ਜਗ੍ਹਾ ਬਣਾਓ। ਪਰਸ ਦੇ ਅੰਦਰ ਦੋ ਜਾਂ ਤਿੰਨ ਜੇਬਾਂ ਹੁੰਦੀਆਂ ਹਨ। ਉਨ੍ਹਾਂ ਵਿਚੋਂ ਇਕ ਜੇਬ ਵਿਚ ਇਸ ਨੂੰ ਰੱਖੋ ਤਾਂ ਕਿ ਲੋੜ ਪੈਣ 'ਤੇ ਤੁਹਾਨੂੰ ਇਹ ਅਸਾਨੀ ਨਾਲ ਮਿਲ ਜਾਵੇ।
* ਪਰਸ ਵਿਚ ਟਿਫਿਨ ਨਾ ਰੱਖੋ, ਕਿਉਂਕਿ ਕਿਸੇ ਵੀ ਕਾਰਨ ਜੇ ਸਬਜ਼ੀ ਪਰਸ ਵਿਚ ਡਿੱਗ ਗਈ ਤਾਂ ਤੁਹਾਡੀਆਂ ਜ਼ਰੂਰੀ ਚੀਜ਼ਾਂ ਦਾ ਨੁਕਸਾਨ ਹੋ ਜਾਵੇਗਾ। ਤੁਹਾਡਾ ਪਰਸ ਖਰਾਬ ਹੋ ਜਾਵੇਗਾ ਅਤੇ ਪਰਸ ਦਾ ਆਕਾਰ ਵੀ ਖਰਾਬ ਹੋ ਜਾਵੇਗਾ।
ਤੁਹਾਡਾ ਪਰਸ ਤੁਹਾਡੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਂਦਾ ਹੈ। ਸਿਰਫ ਬਾਹਰੋਂ ਹੀ ਨਹੀਂ, ਸਗੋਂ ਅੰਦਰੋਂ ਵੀ ਪਰਸ ਸਟੋਰਹਾਊਸ ਨਹੀਂ, ਸਗੋਂ ਆਕਰਸ਼ਕ ਲੱਗਣਾ ਚਾਹੀਦਾ ਹੈ।

ਤੁਹਾਡੇ ਘਰ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ

ਸਿਹਤ ਬਾਰੇ ਤੁਹਾਡੀ ਸਮਝ ਨੂੰ ਕਿਹੋ ਜਿਹਾ ਦੱਸਦੀਆਂ ਹਨ?

1. ਤੁਹਾਡਾ ਬੱਚਾ ਅਕਸਰ ਹੀ ਖੜ੍ਹੇ-ਖੜ੍ਹੇ ਖਾਣਾ ਖਾਂਦਾ ਹੈ-
(ਕ) ਇਸ ਬਾਰੇ ਵਿਚ ਉਸ ਨੂੰ ਹਰ ਵਾਰ ਤੁਸੀਂ ਬੈਠ ਕੇ ਖਾਣ ਦੀ ਹਦਾਇਤ ਕਰਦੇ ਹੋ ਅਤੇ ਇਸ ਦੇ ਫਾਇਦੇ ਦੱਸਦੇ ਹੋ।
(ਖ) ਸੋਚਦੇ ਹੋ ਕਿ ਆਖਰ ਬੱਚਾ ਹੈ ਤਾਂ ਵੱਡਿਆਂ ਦੀ ਤਰ੍ਹਾਂ ਬਹੁਤ ਅਨੁਸ਼ਾਸਿਤ ਹੋ ਕੇ ਤਾਂ ਖਾਣਾ ਖਾਏਗਾ ਨਹੀਂ, ਇਸ ਲਈ ਬਿਨਾਂ ਕੁਝ ਸੋਚੇ ਜਿਵੇਂ ਖਾਂਦਾ ਹੈ, ਖਾਣ ਦਿੰਦੇ ਹੋ।
(ਗ) ਇਸ ਬਾਰੇ ਤਾਂ ਕਦੇ ਕੁਝ ਸੋਚਿਆ ਹੀ ਨਹੀਂ।
2. ਤੁਹਾਡੇ ਪਤੀ ਵਿਆਹ ਤੋਂ ਪਹਿਲਾਂ ਕੰਮ 'ਤੇ ਜਾਣ ਵੇਲੇ ਸਵੇਰੇ ਇਕ ਵਾਰ ਹੀ ਚੰਗੀ ਤਰ੍ਹਾਂ ਖਾਣਾ ਖਾ ਕੇ ਜਾਂਦੇ ਰਹੇ ਹਨ, ਪਰ ਵਿਆਹ ਤੋਂ ਬਾਅਦ ਤੁਸੀਂ-
(ਕ) ਇਹ ਨਿਯਮ ਤੁੜਵਾ ਦਿੱਤਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਕ ਵਾਰ ਦੀ ਬਜਾਇ ਦੋ ਤੋਂ ਤਿੰਨ ਵਾਰ ਥੋੜ੍ਹਾ-ਥੋੜ੍ਹਾ ਖਾਣਾ ਸਿਹਤ ਲਈ ਫਾਇਦੇਮੰਦ ਹੈ।
(ਖ) ਵਿਆਹ ਤੋਂ ਪਹਿਲਾਂ ਦੀ ਕਿਸੇ ਆਦਤ ਨੂੰ ਬਦਲਣ ਜਾਂ ਉਸ ਵਿਚ ਫੇਰਬਦਲ ਕਰਨ ਨੂੰ ਤੁਸੀਂ ਸਹੀ ਨਹੀਂ ਮੰਨਦੇ।
(ਗ) ਕੀ ਫਰਕ ਪੈਂਦਾ ਹੈ ਜੇ ਤਿੰਨ ਵਾਰ ਦਾ ਖਾਣਾ ਇਕ ਵਾਰ ਵਿਚ ਹੀ ਖਾ ਲਿਆ ਜਾਵੇ? ਜ਼ਿਆਦਾਤਰ ਆਪਣਾ ਕੰਮ ਕਰਨ ਵਾਲੇ ਲੋਕ ਤਾਂ ਅਜਿਹਾ ਹੀ ਕਰਦੇ ਹਨ।
3. ਤੁਹਾਡੇ ਹਿਸਾਬ ਨਾਲ ਖਾਣੇ ਦੀ ਮਾਤਰਾ ਕਦੋਂ ਕਿਹੋ ਜਿਹੀ ਚਾਹੀਦੀ ਹੈ?
(ਕ) ਦਿਨ ਵਿਚ ਜ਼ਿਆਦਾ, ਰਾਤ ਨੂੰ ਘੱਟ।
(ਖ) ਦਿਨ ਵਿਚ ਘੱਟ ਪਰ ਰਾਤ ਨੂੰ ਜ਼ਿਆਦਾ, ਕਿਉਂਕਿ ਫਿਰ ਤਾਂ ਬਸ ਆਰਾਮ ਹੀ ਕਰਨਾ ਹੈ।
(ਗ) ਦਿਨ ਹੋਵੇ ਜਾਂ ਰਾਤ, ਜਦੋਂ ਜਿੰਨੀ ਭੁੱਖ ਲੱਗੇ, ਭਰਪੂਰ ਖਾਣਾ ਚਾਹੀਦਾ ਹੈ।
4. ਤੁਹਾਡੇ ਹਿਸਾਬ ਨਾਲ ਖਾਣੇ ਲਈ ਭੁੱਖ ਲੱਗਣਾ ਮਹੱਤਵਪੂਰਨ ਹੈ ਜਾਂ ਖਾਣੇ ਦਾ ਇਕ ਨਿਸਚਿਤ ਸਮਾਂ?
(ਕ) ਭੁੱਖ ਲੱਗਣਾ।
(ਖ) ਇਕ ਨਿਸਚਿਤ ਸਮੇਂ 'ਤੇ ਹੀ ਨਿਯਮਤ ਰੂਪ ਨਾਲ ਖਾਣਾ ਖਾਣਾ ਚਾਹੀਦਾ ਹੈ।
(ਗ) ਖਾਣੇ ਲਈ ਕਿਸੇ ਤਰ੍ਹਾਂ ਦੇ ਨਿਯਮ ਦਾ ਪਾਲਣ ਕਰਨਾ ਜ਼ਰੂਰੀ ਨਹੀਂ ਹੈ।
5. ਖਾਣਾ ਖਾਂਦੇ ਸਮੇਂ ਤੁਸੀਂ-
(ਕ) ਆਪਣੇ ਘਰ ਦੇ ਲੋਕਾਂ ਨਾਲ ਖਾਂਦੇ ਸਮੇਂ ਅਕਸਰ ਲਗਾਤਾਰ ਗੱਲਬਾਤ ਕਰਦੇ ਹੋ।
(ਖ) ਖਾਣਾ ਖਾਂਦੇ ਸਮੇਂ ਤੁਹਾਡੇ ਘਰ ਦੇ ਲੋਕ ਧਾਰਮਿਕ ਅਤੇ ਸੰਸਾਰਿਕ ਕਾਰਨਾਂ ਕਰਕੇ ਚੁੱਪ ਰਹਿਣਾ ਪਸੰਦ ਕਰਦੇ ਹਨ।
(ਗ) ਤੁਹਾਡੇ ਘਰ ਦੇ ਲੋਕ ਖਾਣਾ ਖਾਂਦੇ ਸਮੇਂ ਨਾ ਤਾਂ ਜ਼ਿਆਦਾ ਬੋਲਦੇ ਹਨ ਅਤੇ ਨਾ ਹੀ ਚੁੱਪ ਰਹਿੰਦੇ ਹਨ।
ਨਤੀਜਾ : ਜੇ ਤੁਸੀਂ ਇਥੇ ਪੁੱਛੇ ਗਏ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਉਨ੍ਹਾਂ ਜਵਾਬਾਂ 'ਤੇ ਕਲਿੱਕ ਕੀਤਾ ਹੈ, ਜੋ ਤੁਹਾਡੇ ਹਿਸਾਬ ਨਾਲ ਤੁਹਾਡੇ ਅਸਲ ਵਿਚ ਜਵਾਬ ਹਨ ਤਾਂ ਖਾਣ-ਪੀਣ ਦੀ ਸਜਗਤਾ ਦੀ ਤੁਹਾਡੀ ਸ਼੍ਰੇਣੀ ਕੁਝ ਇਸ ਤਰ੍ਹਾਂ ਹੈ-
(ਕ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 8 ਜਾਂ 8 ਤੋਂ ਘੱਟ ਹਨ ਤਾਂ ਖਾਣ-ਪੀਣ ਨੂੰ ਲੈ ਕੇ ਤੁਸੀਂ ਕਦੇ ਦਿਮਾਗ ਨਾਲ ਨਹੀਂ ਸੋਚਦੇ ਅਤੇ ਦਿਲ ਨਾਲ ਸੋਚਦੇ ਹੋਏ ਇਸ ਦੀ ਪ੍ਰਵਾਹ ਨਹੀਂ ਕਰਦੇ। ਕੁੱਲ ਮਿਲਾ ਕੇ ਤੁਹਾਡੇ ਘਰ ਦੇ ਲੋਕਾਂ ਦੀਆਂ ਆਦਤਾਂ ਵਿਚ ਵੀ ਖਾਣ-ਪੀਣ ਨੂੰ ਲੈ ਕੇ ਇਹੀ ਬੇਫਿਕਰੀ ਦਿਸਦੀ ਹੈ, ਜੋ ਸਹੀ ਨਹੀਂ ਹੈ।
(ਖ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 15 ਜਾਂ ਇਸ ਤੋਂ ਘੱਟ ਹਨ ਪਰ 8 ਤੋਂ ਜ਼ਿਆਦਾ ਹਨ ਤਾਂ ਤੁਹਾਨੂੰ ਖਾਣ-ਪੀਣ ਦੇ ਸਬੰਧ ਵਿਚ ਚੰਗੀ ਜਾਣਕਾਰੀ ਤਾਂ ਹੈ ਪਰ ਖਾਣੇ ਨੂੰ ਦਵਾਈ ਦੀ ਤਰ੍ਹਾਂ ਨਹੀਂ ਖਾਂਦੇ। ਤੁਹਾਡੇ ਘਰ ਦੇ ਲੋਕ ਵੀ ਅਰਧ-ਜਾਗਰੂਕ ਹਨ। ਕਦੇ ਸੁਚੇਤ ਰਹਿੰਦੇ ਹਨ ਅਤੇ ਕਦੇ ਸੁਚੇਤ ਨਹੀਂ ਰਹਿੰਦੇ ਹਨ।
(ਗ) ਜੇ ਤੁਹਾਡੇ ਕੁੱਲ ਹਾਸਲ ਅੰਕ 20 ਜਾਂ 20 ਤੋਂ ਉੱਪਰ ਹਨ ਤਾਂ ਬਿਨਾਂ ਸ਼ੱਕ ਤੁਹਾਡੀਆਂ ਖਾਣ-ਪੀਣ ਸਬੰਧੀ ਗਤੀਵਿਧੀਆਂ ਤੁਹਾਡੇ ਬਾਰੇ ਵਿਚ ਦੱਸਦੀਆਂ ਹਨ ਕਿ ਤੁਹਾਨੂੰ ਖਾਣ-ਪੀਣ ਦੀ ਬਹੁਤ ਚੰਗੀ ਸਮਝ ਹੈ। ਤੁਹਾਡੀ ਇਹ ਸਮਝ ਤੁਹਾਡੇ ਪਰਿਵਾਰ ਦੀਆਂ ਆਦਤਾਂ ਵਿਚ ਵੀ ਝਲਕਦੀ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX