ਤਾਜਾ ਖ਼ਬਰਾਂ


ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  7 minutes ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  18 minutes ago
ਚੰਡੀਗੜ੍ਹ, 21 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਸਾਰੇ ਵਿਭਾਗਾਂ ਨੂੰ ...
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  50 minutes ago
ਐਸ.ਏ.ਐਸ. ਨਗਰ, 21 ਅਗਸਤ- ਪਿਛਲੇ ਦਿਨੀਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖ਼ਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ...
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 1 hour ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  about 1 hour ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  about 1 hour ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 1 hour ago
ਸਮੁੰਦੜਾ, 21 ਅਗਸਤ(ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਰੇਹੜੀ 'ਤੇ ਬੱਸ ਦਰਮਿਆਨ ਹੋਈ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੂੰ ਲੱਗਾ ਚੌਥਾ ਝਟਕਾ, ਓਲੀ ਪੋਪ ਨੂੰ ਸ਼ਮੀ ਨੇ ਕੀਤਾ ਆਊਟ
. . .  about 2 hours ago
ਜੰਮੂ ਅਤੇ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 2 hours ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਣ ਦੀ ਖ਼ਬਰ ਸਾਹਮਣੇ ਆਈ...
ਕੇਰਲ 'ਚ ਹੜ੍ਹਾਂ ਦੀ ਸਥਿਤੀ 'ਤੇ ਬੁਲਾਈ ਗਈ ਸਰਬ ਦਲ ਬੈਠਕ
. . .  about 2 hours ago
ਤਿਰੂਵਨੰਤਪੁਰਮ, 21 ਅਗਸਤ- ਕੇਰਲ ਦੇ ਤਿਰੂਵਨੰਤਪੁਰਮ 'ਚ ਹੜ੍ਹਾਂ ਦੀ ਸਥਿਤੀ 'ਤੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦੀ ਪ੍ਰਧਾਨਗੀ ਹੇਠ ਸਰਬ ਦਲ ਦੀ ਬੈਠਕ ਬੁਲਾਈ ਗਈ...
ਹੋਰ ਖ਼ਬਰਾਂ..
  •     Confirm Target Language  

ਸਾਡੇ ਪਿੰਡ ਸਾਡੇ ਖੇਤ

ਅੰਬਾਂ ਦੀ ਤੁੜਾਈ ਅਤੇ ਸਾਂਭ-ਸੰਭਾਲ ਕਿਵੇਂ ਕਰੀਏ

ਅੰਬ, ਫਲ਼ਾਂ ਦਾ ਰਾਜਾ, ਸੁਆਦਲਾ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਣ ਕਰਕੇ ਹਰਮਨ ਪਿਆਰਾ ਫਲ਼ ਹੈ । ਫਲ਼ ਦੇ ਪ੍ਰਤੀ 100 ਗ੍ਰਾਮ ਗੁੱਦੇ ਵਿਚ ਭਰਪੂਰ ਵਿਟਾਮਿਨ ਏ (4800 ਯੂਨਿਟ), ਵਿਟਾਮਿਨ ਬੀ-1 ਅਤੇ ਬੀ-2 (90 ਮਿਲੀਗ੍ਰਾਮ) ਅਤੇ ਵਿਟਾਮਿਨ ਸੀ (13 ਮਿਲੀਗ੍ਰਾਮ) ਮੌਜੂਦ ਹਨ । ਇਸ ਤੋਂ ਇਲਾਵਾ ਇਸ ਵਿਚ 11.8 ਪ੍ਰਤੀਸ਼ਤ ਕਾਰਬੋਹਾਈਡਰੇਟ, 0.6 ਪ੍ਰਤੀਸ਼ਤ ਪ੍ਰੋਟੀਨ ਅਤੇ 0.3 ਪ੍ਰਤੀਸ਼ਤ ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਹੁੰਦਾ ਹੈ । ਪੰਜਾਬ ਵਿਚ ਫਲ਼ਾਂ ਅਧੀਨ ਕੁੱਲ ਰਕਬੇ ਵਿਚੋਂ ਤੀਜਾ ਸਥਾਨ ਅੰਬ ਦਾ ਹੈ। ਕੁੱਲ 6896 ਹੈਕਟੇਅਰ ਰਕਬੇ ਵਿਚੋਂ ਅੰਬਾਂ ਦਾ 1, 95, 529 ਕੁਇੰਟਲ ਉਤਪਾਦਨ ਹੁੰਦਾ ਹੈ। ਜਿਸ ਵਿਚੋਂ ਬਹੁਤ ਸਾਰਾ ਫਲ਼ ਤੁੜਾਈ, ਸਾਂਭ-ਸੰਭਾਲ ਅਤੇ ਡੱਬੇਬੰਦੀ ਦੇ ਗ਼ਲਤ ਤਰੀਕਿਆਂ ਅਤੇ ਢੋਆ-ਢੁਆਈ ਦੌਰਾਨ ਵਰਤੀ ਜਾਣ ਵਾਲੀ ਲਾਪ੍ਰਵਾਹੀ ਕਰਕੇ ਖਰਾਬ ਹੋ ਜਾਂਦਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਹਨ- ਐਲਫਾਂਸੋ, ਦਸਹਿਰੀ, ਲੰਗੜਾ ਅਤੇ ਚੂਪਣ ਵਾਲੀਆਂ ਕਿਸਮਾਂ ਜੀ.ਐਨ. 1, 2, 3, 4, 5, 6 ਅਤੇ 7 ਹਨ।
ਅੰਬਾਂ ਦੀ ਤੁੜਾਈ ਕਦੋਂ ਅਤੇ ਕਿਵੇਂ ਕਰੀਏ: ਅੰਬਾਂ ਦੇ ਕਾਸ਼ਤਕਾਰ ਲਈ ਫਲ਼ ਨੂੰ ਸਹੀ ਸਮੇਂ ਉੱਪਰ ਤੋੜਨਾ ਇਕ ਅਜਿਹਾ ਮਹੱਤਵਪੂਰਨ ਫੈਸਲਾ ਹੈ, ਜਿਸ 'ਤੇ ਫਲ਼ਾਂ ਦੀ ਗੁਣਵੱਤਾ ਅਤੇ ਕੀਮਤ ਨਿਰਭਰ ਕਰਦੀ ਹੈ। ਅੰਬ ਦਾ ਟਪਕਾ ਕੁਦਰਤੀ ਤੌਰ 'ਤੇ ਫਲ਼ ਦੇ ਪੱਕਣ ਦੀ ਪਹਿਲੀ ਨਿਸ਼ਾਨੀ ਹੈ, ਇਹ ਆਮ ਤੌਰ 'ਤੇ ਫਲ਼ ਲੱਗਣ ਦੇ 15-16 ਹਫਤਿਆਂ ਬਾਅਦ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਫਲ਼ ਦਾ ਆਕਾਰ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਪਰ ਇਸ ਦਾ ਰੰਗ ਹਰਾ ਹੁੰਦਾ ਹੈ। ਅੰਬਾਂ ਨੂੰ ਹਮੇਸ਼ਾ ਤੋੜ ਕੇ ਹੀ ਪਕਾਇਆ ਜਾਂਦਾ ਹੈ ਕਿਉਂਕਿ ਇਹ ਰੁੱਖ ਉੱਪਰ ਸਹੀ ਢੰਗ ਨਾਲ ਨਹੀਂ ਪੱਕਦੇ। ਸਮੇਂ ਤੋਂ ਪਹਿਲਾਂ ਤੋੜੇ ਗਏ ਫਲ਼ ਚੰਗੀ ਤਰ੍ਹਾਂ ਨਹੀਂ ਪੱਕਦੇ ਅਤੇ ਉਨ੍ਹਾਂ ਦਾ ਸੁਆਦ ਵੀ ਵਧੀਆ ਨਹੀਂ ਬਣਦਾ। ਤੁੜਾਈ ਦੇ ਸਹੀ ਸਮੇਂ ਦਾ ਪਤਾ ਲਗਾਉਣ ਦਾ ਇਕ ਹੋਰ ਵਧੀਆ ਢੰਗ ਫਲ਼ ਦੀ ਘਣਤਾ ਹੈ, ਜੇਕਰ ਫਲ਼ ਪਾਣੀ ਵਿਚ ਡੁੱਬ ਜਾਣ ਤਾਂ ਇਨ੍ਹਾਂ ਦੀ ਘਣਤਾ ਤਕਰੀਬਨ 1.0 ਹੁੰਦੀ ਹੈ ਅਤੇ ਇਹ ਤੁੜਾਈ ਦੇ ਲਈ ਤਿਆਰ ਹੁੰਦੇ ਹਨ। ਡੰਡੀ ਵਾਲੇ ਪਾਸੇ ਮੋਢਿਆ ਦਾ ਬਣਨਾ ਅਤੇ ਫਲ਼ ਦੇ ਗੁੱਦੇ ਦਾ ਗਿੱਟਕ ਵਾਲੇ ਪਾਸਿਉਂ ਪੀਲਾ ਹੋਣਾ ਸ਼ੁਰੂ ਹੋਣਾ ਪੱਕਣ ਦੀਆਂ ਕੁਝ ਹੋਰ ਨਿਸ਼ਾਨੀਆਂ ਹਨ।
ਤੁੜਾਈ ਦੇ ਢੰਗ : ਅੰਬਾਂ ਨੂੰ ਪੌੜੀ ਲਗਾ ਕੇ ਹੱਥ ਨਾਲ ਤੋੜਿਆ ਜਾਂਦਾ ਹੈ ਜਾਂ ਫਿਰ 'ਪਿਕਰ' ਦੀ ਸਹਾਇਤਾ ਨਾਲ ਤੋੜਿਆ ਜਾਂਦਾ ਹੈ। ਪਿਕਰ ਬਾਂਸ ਦੀ ਇਕ ਲੰਮੀ ਸੋਟੀ ਦਾ ਬਣਿਆ ਹੁੰਦਾ ਹੈ ਜਿਸ ਦੇ ਇਕ ਸਿਰੇ 'ਤੇ ਤਿੱਖੀ ਹੁੱਕ ਲੱਗੀ ਹੁੰਦੀ ਹੈ ਅਤੇ ਫਲ਼ ਇਕੱਠੇ ਕਰਨ ਲਈ ਇਕ ਛਿੱਕੂ ਬੰਨ੍ਹਿਆ ਹੁੰਦਾ ਹੈ। ਫਲ਼ ਨੂੰ ਕਦੇ ਵੀ ਜ਼ਮੀਨ 'ਤੇ ਨਹੀਂ ਡਿੱਗਣ ਦੇਣਾ ਚਾਹੀਦਾ ਕਿਉਂਕਿ ਡਿੱਗੇ ਹੋਏ ਫਲ਼ਾਂ ਦਾ ਅੰਦਰਲਾ ਗੁੱਦਾ ਪੱਕਣ 'ਤੇ ਪਿਲਪਿਲਾ ਹੋ ਜਾਂਦਾ ਹੈ ਅਤੇ ਫਲ਼ ਜਲਦੀ ਖਰਾਬ ਹੋ ਜਾਂਦੇ ਹਨ। ਤੋੜੇ ਹੋਏ ਫਲ਼ਾਂ ਨੂੰ ਤੇਜ ਧੁੱਪ ਤੋਂ ਬਚਾਉਣਾ ਚਾਹੀਦਾ ਹੈ। ਫਲ਼ ਨੂੰ ਤੋੜਣ ਤੋਂ ਬਾਅਦ ਇਸ ਦੀ ਡੰਡੀ ਵਿਚੋਂ ਤਰਲ ਜਿਹਾ ਪਦਾਰਥ ਨਿਕਲਦਾ ਹੈ। ਇਹ ਤਰਲ ਜੇਕਰ ਫਲ਼ ਦੀ ਬਾਹਰੀ ਚਮੜੀ ਨੂੰ ਛੂਹ ਜਾਵੇ ਤਾਂ ਫਲ਼ ਦਾਗੀ ਹੋ ਜਾਂਦੇ ਹਨ ਅਤੇ ਮੰਡੀ ਵਿਚ ਇਨ੍ਹਾਂ ਦਾ ਸਹੀ ਮੁੱਲ ਨਹੀਂ ਮਿਲਦਾ। ਇਸ ਕਰਕੇ ਕੁਝ ਸਮੇਂ ਲਈ ਫਲ਼ਾਂ ਨੂੰ ਡੰਡੀ ਵਾਲਾ ਹਿੱਸਾ ਥੱਲੇ ਕਰਕੇ ਛਾਂਵੇਂ ਰੱਖਣਾ ਚਾਹੀਦਾ ਹੈ ਤਾਂ ਜੋ ਤਰਲ ਪਦਾਰਥ ਨਿਕਲ ਜਾਵੇ। ਇਸ ਤੋਂ ਬਾਅਦ ਫਲ਼ਾਂ ਨੂੰ ਗਰਮ ਪਾਣੀ ਵਿਚ 45-50 ਡਿਗਰੀ ਸੈਂਟੀਗਰੇਡ ਤਾਪਮਾਨ 'ਤੇ 5-10 ਮਿੰਟ ਲਈ ਰੱਖਣਾ ਚਾਹੀਦਾ ਹੈ ਤਾਂ ਜੋ ਤੁੜਾਈ ਉਪਰੰਤ ਉੱਲੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਬਾਅਦ ਫਲ਼ਾਂ ਨੂੰ ਛਾਵੇਂ ਸੁਕਾ ਕੇ ਡੰਡੀਆਂ ਨੇੜਿਉਂ ਕੱਟ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਦੂਜੇ ਫਲ਼ਾਂ ਵਿਚ ਖੁੱਭ ਕੇ ਉਨ੍ਹਾਂ ਨੂੰ ਖਰਾਬ ਨਾ ਕਰਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਹਾਇਕ ਹਾਰਟੀਕਲਚਰਿਸਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਹਲਕਾਅ ਜਾਨਵਰਾਂ ਅਤੇ ਮਨੁੱਖਾਂ ਲਈ ਖ਼ਤਰਨਾਕ

ਹਲਕਾਅ ਜਿਸ ਨੂੰ ਰੈਬੀਜ਼ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਕ ਭਿਆਨਕ ਬਿਮਾਰੀ ਹੈ ਜੋ ਸਿਰਫ ਜਾਨਵਰਾਂ ਨੂੰ ਹੀ ਨਹੀਂ, ਬਲਕਿ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਇਕ ਵਿਸ਼ਾਂਣੂ ਰੋਗ ਹੈ ਜੋ ਕਿ ਪ੍ਰਭਾਵਿਤ ਜਾਨਵਰਾਂ ਅਤੇ ਮਨੁੱਖਾਂ ਦੇ ਦਿਮਾਗ ਦੀਆਂ ਨਾੜੀਆਂ ਦੀ ਸੋਜਿਸ਼ ਕਰ ਦਿੰਦਾ ਹੈ। ਜੇਕਰ ਇਕ ਵਾਰੀ ਇਸ ਰੋਗ ਦੇ ਲੱਛਣ ਆ ਜਾਣ ਤਾਂ ਇਹ ਰੋਗ ਹਮੇਸ਼ਾ ਜਾਨਲੇਵਾ ਸਿੱਧ ਹੁੰਦਾ ਹੈ। ਕਿਉਂਕਿ ਹਲਕਾਅ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰ ਦੂਰ ਰੱਖਣ ਦਾ ਇਕੋ-ਇਕ ਤਰੀਕਾ ਬਚਾਅ ਜਾਂ ਰੋਕਥਾਮ ਹੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਹਲਕਾਅ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਹੋਵੇ ਤਾਂ ਕਿ ਉਹ ਇਸ ਭਿਆਨਕ ਰੋਗ ਤੋਂ ਨਾ ਸਿਰਫ ਖ਼ੁਦ ਬਚ ਸਕਣ ਬਲਕਿ ਆਪਣੇ ਜਾਨਵਰਾਂ ਨੂੰ ਵੀ ਬਚਾਅ ਸਕਣ। ਇਸ ਲੇਖ ਵਿਚ ਹਲਕਾਅ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਲਕਾਅ ਸਾਰੀ ਦੁਨੀਆਂ ਵਿਚ ਪਾਇਆ ਜਾਂਦਾ ਹੈ, ਪਰ ਇਸ ਨਾਲ ਹੋਣ ਵਾਲੀਆਂ 95 ਪ੍ਰਤੀਸ਼ਤ ਮੌਤਾਂ ਏਸ਼ੀਆ ਅਤੇ ਅਫਰੀਕਾ ਵਿਚ ਹੁੰਦੀਆਂ ਹਨ ਕਿੳੇੁੇਂਕਿ ਇੱਥੇ ਗਰੀਬੀ ਵੱਧ ਹੈ ਅਤੇ ਜਾਣਕਾਰੀ 'ਤੇ ਜਾਗਰੂਕਤਾ ਦੀ ਕਮੀ ਹੈ। ਇਹ ਰੋਗ ਪਾਲਤੂ, ਬੇਘਰ ਅਤੇ ਜੰਗਲੀ ਜਾਨਵਰਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਕੁੱਤੇ, ਬਿੱਲੀਆਂ, ਗਾਂਵਾਂ, ਮਝਾਂ, ਘੋੜੇ, ਭੇਡਾਂ, ਬੱਕਰੀਆਂ, ਸੂਰ, ਬਾਂਦਰ, ਲੂਬੜੀ, ਨਿਓਲਾ ਅਤੇ ਚਮਗਾਦੜ ਆਦਿ। ਰੋਗ ਦਾ ਫੈਲਾਅ ਹਲਕੇ ਹੋਏ ਜਾਨਵਰ ਦੇ ਕੱਟਣ ਜਾਂ ਨੌਂਹਦਰਾਂ ਮਾਰਨ ਨਾਲ ਹੁੰਦਾ ਹੈ ਕਿਉਂਕਿ ਵਿਸ਼ਾਣੂ ਹਲਕੇ ਹੋਏ ਜਾਨਵਰ ਦੀ ਲਾਰ ਵਿਚ ਹੁੰਦਾ ਹੈ। ਆਮ ਤੌਰ 'ਤੇ ਮਨੁੱਖਾਂ ਵਿਚ ਇਹ ਰੋਗ ਹਲਕੇ ਹੋਏ ਕੁੱਤਿਆਂ ਰਾਹੀਂ ਫੈਲਦਾ ਹੈ। ਜਦੋਂ ਕਿਸੇ ਨੂੰ ਹਲਕਿਆ ਹੋਇਆ ਜਾਨਵਰ ਵੱਢ ਜਾਂਦਾ ਹੈ ਤਾਂ ਹਲਕਾਅ ਦਾ ਵਿਸ਼ਾਂਣੂ ਤੰਤੂਆਂ ਰਾਹੀਂ ਦਿਮਾਗ ਤੱਕ ਪਹੁੰਚਦਾ ਹੈ। ਜ਼ਖ਼ਮ ਜਿੰਨਾ ਦਿਮਾਗ ਦੇ ਨੇੜੇ ਹੰਦਾ ਹੈ ਉਨੀਂ ਛੇਤੀ ਇਹ ਸ਼ਰੀਰ ਵਿਚ ਫੈਲ ਜਾਂਦਾ ਹੈ ਅਤੇ ਅਸਰ ਦਿਖਾਉਂਦਾ ਹੈ।
ਹਲਕਾਅ ਦੇ ਲਛਣ
ਹਲਕੇ ਹੋਏ ਜਾਨਵਰਾਂ ਵਿਚ ਲੱਛਣ ਦਿਮਾਗ ਦੀ ਪ੍ਰਣਾਲੀ ਨਾਲ ਜੁੜੇ ਹੋਏ ਹੁੰਦੇ ਹਨ ਜਿਵੇਂ ਕਿ ਸਭ ਤੋਂ ਮਹੱਤਵਪੂਰਨ ਹਨ; ਸੁਬਾਅ ਵਿਚ ਤਬਦੀਲੀ ਅਤੇ ਫੈਲਦਾ ਅਧਰੰਗ। ਅਵਾਜ਼ ਦਾ ਬਦਲਣਾ ਅਤੇ ਵੱਧ ਗੁਸਾ ਆਉਣਾ ਵੀ ਪ੍ਰਮੁਖ ਲੱਛਣ ਹਨ (ਆਮ ਤੌਰ 'ਤੇ ਸ਼ਾਂਤ ਸੁਭਾਅ ਦਾ ਜਾਨਵਰ ਇਕਦਮ ਗੁੱਸੇਖੋਰ ਹੋ ਜਾਂਦਾ ਹੈ)। ਰੋਗ ਦੀਆਂ ਦੋ ਮੁੱਖ ਕਿਸਮਾਂ ਹਨ:
1. ਗੁਸੇ ਵਾਲੀ ਕਿਸਮ: ਇਸ ਵਿਚ ਰੋਗੀ ਦਾ ਚਿੜਚਿੜਾਪਣ ਵਧ ਜਾਂਦਾ ਹੈ ਅਤੇ ਉਹ ਦੰਦ, ਨੌਂਹਦਰਾਂ, ਸਿੰਗ ਜਾਂ ਖੁਰ ਮਾਰਦਾ ਹੈ। ਕੁੱਤੇ ਆਮ ਤੌਰ 'ਤੇ ਜ਼ਿਆਦਾ ਘੁਮਦੇ ਹਨ ਅਤੇ ਦੂਸਰੇ ਜਾਨਵਰਾਂ ਜਾਂ ਲੋਕਾਂ ਨੂੰ ਵੱਡਦੇ ਹਨ। ਉਹ ਪੱਥਰ, ਡੰਡੇ ਆਦਿ ਪਦਾਰਥ ਖਾਅ ਜਾਂਦੇ ਹਨ। ਰੋਗ ਵਧਣ ਨਾਲ ਚੱਲਣ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਦੌਰੇ ਪੈਂਦੇ ਹਨ।
2. ਗੂੰਗੀ ਕਿਸਮ: ਇਸ ਕਿਸਮ ਵਿਚ ਰੋਗੀ ਜਾਨਵਰ ਦੇ ਗਲੇ ਦੀਆਂ ਮਾਸਪੇਸ਼ੀਆਂ ਦਾ ਅਧਰੰਗ ਹੋ ਜਾਂਦਾ ਹੈ ਜਿਸ ਕਰਕੇ ਰੋਗੀ ਕੁਝ ਵੀ ਖਾ ਜਾਂ ਪੀ ਨਹੀਂ ਸਕਦਾ ਅਤੇ ਮੂੰਹ ਵਿਚੋਂ ਲਾਰਾਂ ਬਾਹਰ ਡਿੱਗਦੀਆਂ ਹਨ। ਕਈ ਵਾਰ ਇਸ ਸਮੇਂ ਜਾਨਵਰ ਦੇ ਮਾਲਕ ਨੂੰ ਲਗਦਾ ਹੈ ਕਿ ਜਾਨਵਰ ਦੇ ਮੂੰਹ ਵਿਚ ਕੁਝ ਫਸ ਗਿਆ ਹੈ ਅਤੇ ਉਹ ਉਸ ਦੇ ਮੂੰਹ ਵਿਚ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਸੰਕ੍ਰਮਿਤ (ਇੰਨਫੈਕਸ਼ਨ) ਕਰਵਾ ਲੈਂਦਾ ਹੈ। ਆਖਰ ਵਿਚ ਅਧਰੰਗ ਰੋਗੀ ਦੇ ਸਾਰੇ ਸ਼ਰੀਰ ਵਿਚ ਫੈਲ ਜਾਂਦਾ ਹੈ ਅਤੇ ਮੌਤ ਹੋ ਜਾਂਦੀ ਹੈ।
ਮਨੁੱਖਾਂ ਵਿਚ ਵੀ ਰੋਗ ਦੇ ਲੱਛਣ ਦਿਮਾਗ ਦੀਆਂ ਨਾੜੀਆਂ ਦੀ ਸੋਜ਼ ਕਾਰਨ ਤਕਰੀਬਨ ਇਹੋ ਜਿਹੇ ਹੀ ਹੁੰਦੇ ਹਨ ਜਿੰਨਾਂ ਵਿਚ ਮੁੱਖ ਹਨ; ਸੁਭਾਅ ਵਿਚ ਤਬਦੀਲੀ, ਚਿੜਚਿੜਾਪਣ, ਹਮਲਾ ਕਰਨਾ, ਬੇਚੈਨੀ, ਪਰੇਸ਼ਾਨੀ, ਵਾਧੂ ਲਾਰ, ਪਾਣੀ ਤੋਂ ਡਰ ਅਤੇ ਮੌਤ। ਇਥੇ ਇਸ ਗੱਲ ਨੂੰ ਦੁਹਰਾਉਣਾ ਜ਼ਰੂਰੀ ਹੇ ਕਿ ਇਸ ਰੋਗ ਦਾ ਕੋਈ ਵੀ ਇਲਾਜ਼ ਨਹੀਂ ਹੈ, ਨਾਂ ਤਾਂ ਪਸ਼ੂਆਂ ਵਿਚ ਅਤੇ ਨਾ ਹੀ ਮਨੁੱਖਾਂ ਵਿਚ। ਪ੍ਰੰਤੂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਸ ਤੋਂ ਬਚਿਆ ਜ਼ਰੂਰ ਜਾ ਸਕਦਾ ਹੈ:
ਆਪਣੇ ਪਾਲਤੂ ਕੁੱਤਿਆਂ ਨੂੰ ਨਿਯਮਿਤ ਤੌਰ 'ਤੇ ਹਲਕਾਅ ਤੋਂ ਬਚਾਅ ਦੇ ਟੀਕੇ (ਟੀਕਾਕਰਨ) ਲਗਵਾਓ। ਪਹਿਲਾ ਟੀਕਾ 3 ਮਹੀਨੇ ਦੀ ਉਮਰ 'ਤੇ ਲੱਗਣਾ ਚਾਹੀਦਾ ਹੈ, ਦੂਸਰਾ ਟੀਕਾ (ਬੂਸਟਰ ਡੋਜ਼) 6 ਮਹੀਨੇ ਦੀ ਉਮਰ 'ਤੇ ਅਤੇ ਇਸ ਤੋਂ ਬਾਅਦ ਹਰ ਸਾਲ ਇਕ ਟੀਕਾ ਨਿਯਮਿਤ ਲੱਗਣਾ ਚਾਹੀਦਾ ਹੈ।
ਆਪਣੇ ਪਾਲਤੂ ਕੁੱਤੇ ਨੂੰ ਬਾਹਰ ਗਲੀ ਦੇ ਆਵਾਰਾ ਕੁੱਤਿਆਂ ਦੇ ਸੰਪਰਕ ਵਿਚ ਨਾ ਆਉਣ ਦਿਓ। ਜੰਗਲੀ ਜਾਨਵਰਾਂ ਨਾਲ ਸੰਪਰਕ ਤੋਂ ਪਰਹੇਜ਼ ਕਰੋ ਜਿਵੇਂ ਕਿ ਨਿਉਲਾ, ਚਮਗਾਦੜ ਆਦਿ। ਜੇਕਰ ਘਰ ਦੇ ਪਾਲਤੂ ਕੁੱਤੇ ਜਾਂ ਪਸ਼ੂ ਨੂੰ ਕੋਈ ਹਲਕਿਆ ਹੋਇਆ ਕੁੱਤਾ ਵੱਢ ਜਾਵੇ ਤਾਂ ਵੈਟਰਨਰੀ ਡਾਕਟਰ ਨਾਲ ਸੰਪਰਕ ਕਰ ਕੇ ਟੀਕਾਕਰਨ ਕਰਵਾਓ ਜਿਸ ਵਿਚ ਟੀਕੇ 0 (ਜਿਸ ਦਿਨ ਵੱਢਿਆ ਹੋਵੇ), 3, 7, 14, 28 ਅਤੇ 90 ਦਿਨਾਂ 'ਤੇ ਲਗਦੇ ਹਨ। ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਆਮ ਲੋਕਾਂ ਵਿਚ ਇਸ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਇਨਫੈਕਸ਼ਨ ਵਾਲੀ ਸਮੱਗਰੀ ਜਾਂ ਜਾਨਵਰ ਨਾਲ ਸੰਬੰਧਿਤ ਵਿਅਕਤੀਆਂ ਨੂੰ ਪ੍ਰੋਫਾਈਲੈਕਟਿਕ (ਬਚਾਅ ਲਈ) ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।
ਕਿਸੇ ਕੁੱਤੇ ਦੁਆਰਾ ਦੰਦ ਮਾਰਨ ਜਾਂ ਵੱਢਣ ਦੀ ਹਾਲਤ ਵਿਚ, ਪ੍ਰਭਾਵਿਤ ਵਿਅਕਤੀ / ਜਾਨਵਰ ਦੇ ਜ਼ਖ਼ਮ ਨੂੰ ਕੱਪੜੇ ਧੋਣ ਵਾਲੇ ਸਾਬਣ (ਜਿਸ ਵਿਚ ਕਾਸਟਿਕ ਦੀ ਮਾਤਰਾ ਵੱਧ ਹੁੰਦੀ ਹੈ) ਅਤੇ ਖੁੱਲ੍ਹੇ ਪਾਣੀ (ਘੱਟ ਤੋਂ ਘੱਟ 15 ਮਿੰਟ ਚਲ ਰਹੇ ਟੂਟੀ ਹੇਠ) ਨਾਲ ਧੋਣਾ ਚਾਹੀਦਾ ਹੈ। ਸ਼ੱਕੀ ਜਾਨਵਰ ਦੇ ਸੰਪਰਕ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਸਾਫ਼ ਕੀਤਾ ਜ਼ਖ਼ਮ ਜ਼ਿੰਦਗੀ ਬਚਾਉਣ ਵਿਚ ਸਹਾਈ ਹੋ ਸਕਦਾ ਹੈ। ਇਸ ਤੋਂ ਬਾਅਦ ਵਿਚ ਜ਼ਖ਼ਮ 'ਤੇ ਕਿਸੇ ਐਂਟੀਸੈਪਟਿਕ ਦਵਾਈ (ਆਉਡੀਨ ਘੋਲ) ਦਾ ਘੋਲ ਲਗਾਓ। ਜੇ ਸੰਭਵ ਹੋਵੇ ਤਾਂ ਜ਼ਖਮ ਨੂੰ ਪੱਟੀ ਜਾਂ ਟਾਂਕੇ ਨਹੀਂ ਲਗਾਉਣੇ ਚਾਹੀਦੇ। ਕੁੱਤੇ ਦੇ ਵੱਡਣ ਦੇ ਮਾਮਲੇ ਵਿਚ ਕਦੇ ਅਣਗਹਿਲੀ ਨਾ ਕਰੋ ਅਤੇ ਜਿਸ ਦਿਨ ਕੁੱਤੇ ਨੇ ਵੱਢਿਆ ਹੋਵੇ, ਉਸੇ ਦਿਨ ਜਲਦੀ ਤੋਂ ਜਲਦੀ ਆਪਣੇ ਡਾਕਟਰ ਨਾਲ ਸੰਪਰਕ ਕਰੋ। ਕੁੱਤੇ ਵੱਡਣ (ਪੋਸਟ ਐਕਸਪੋਜ਼ਰ) ਤੋਂ ਬਾਅਦ ਦਾ ਟੀਕਾਕਰਨ ਨਿਰਧਾਰਿਤ ਸਮੇਂ 'ਤੇ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਹਾਲਾਂਕਿ ਹਲਕਾਅ ਇਕ ਬਹੁਤ ਖ਼ਤਰਨਾਕ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ, ਪਰ ਗਿਆਨ ਅਤੇ ਸਹੀ ਸਮੇਂ 'ਤੇ ਟੀਕਾਕਰਣ ਦੀ ਮਦਦ ਨਾਲ ਇਸ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਆਸ ਕਰਦੇ ਹਾਂ ਕਿ ਇਹ ਲੇਖ ਪਸ਼ੂਆਂ ਅਤੇ ਮਨੁੱਖਤਾ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਲਾਭਦਾਇਕ ਸਿੱਧ ਹੋਵੇਗਾ।


-ਮੁਨੀਸ਼ ਕੁਮਾਰ, ਜਗਦੀਸ਼ ਗਰੋਵਰ
ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ। ਮੋਬਾਈਲ : 9463721182.

ਕਵਿਤਾ

ਮਾਂ ਬੋਲੀ ਰਕਾਨ ਹੋਵੇ

ਮਾਂ ਬੋਲੀ ਰਕਾਨ ਹੋਵੇ,
ਪੰਜ ਪਾਣੀਆਂ ਦਾ ਮਾਣ ਹੋਵੇ,
ਗੱਭਰੂ ਜਵਾਨ ਹੋਵੇ,
ਫੇਰ ਸਦਾ ਸੁੱਖਾਂ ਵਾਲੀ ਸਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਭਟਕੇ ਨੂੰ ਰਾਹ ਹੋਵੇ,
ਬੇੜੀ ਨੂੰ ਮਲਾਹ ਹੋਵੇ,
ਭੁੱਲੇ ਨੂੰ ਸਲਾਹ ਹੋਵੇ,
ਸਦਾ ਨਈਂਉ ਗੱਲ ਲੱਛੇਦਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਜਾਬਰ ਨਾਕਾਮ ਹੋਣ,
ਖੁਸ਼ੀਆਂ ਆਮੋ-ਆਮ ਹੋਣ,
ਆਨੰਦ ਮਾਣੇਂ ਮੋਹਣ-ਸੋਹਣ,
ਖਿੜੇ ਮਹਿਤਾਬੀ ਸੰਸਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਰੁੱਤ ਹੋਵੇ ਮਾਘ ਵਾਲੀ,
ਸ਼ਾਮ ਹੋਵੇ ਸਾਗ ਵਾਲੀ,
ਦਹੀਂ ਹੋਵੇ ਜਾਗ ਵਾਲੀ,
ਸਾਗ ਵਿਚ ਦੇਸੀ ਘਿਉ ਦੀ ਲਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਮਾਤਾ ਗੁਜਰੀ ਜਿਹੀ ਸੋਚ ਹੋਵੇ,
ਹਰ ਬੁੱਕਲ 'ਚ ਬੋਟ ਹੋਵੇ,
ਮਨਾਂ 'ਚ ਨਾ ਖੋਟ ਹੋਵੇ,
ਜੱਗ ਲਈ ਜਿੱਤੀ ਗਈ ਪੁਕਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।


-ਡਾ: ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਪੰਜਾਬ ਵਿਚੋਂ ਟਾਹਲੀਆਂ ਦੇ ਦਰੱਖਤ ਖ਼ਤਮ ਅਮਰੀਕਾ ਵਿਚ ਬਰਕਰਾਰ

ਪੰਜਾਬ ਵਿਚੋਂ ਪੁਰਾਣੇ ਰਵਾਇਤੀ ਦਰੱਖਤ ਟਾਹਲੀ, ਪਿਪਲੀ, ਬਰੋਟਾ, ਨਿੰਮ, ਬੇਰੀ, ਸ਼ਹਿਤੂਤ ਅਤੇ ਕਿੱਕਰ ਖ਼ਤਮ ਹੋਣ ਦੇ ਕਿਨਾਰੇ ਹਨ। ਇਹ ਰੁੱਖ ਪੰਜਾਬ ਦੀ ਵਿਰਾਸਤ ਦਾ ਹਿੱਸਾ ਸਨ। ਪੰਜਾਬੀ ਜਿਥੇ ਆਪਣੀ ਵਿਰਾਸਤ ਦੀਆਂ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਥੇ ਉਹ ਇਨ੍ਹਾਂ ਦਰੱਖਤਾਂ ਦੀ ਥਾਂ ਤੇ ਨਵੀਆਂ ਕਿਸਮਾਂ ਦੇ ਰੁੱਖ ਲਗਾਕੇ ਰੁੱਖਾਂ ਦੀ ਵਿਰਾਸਤ ਨੂੰ ਵੀ ਭੁੱਲਦੇ ਜਾ ਰਹੇ ਹਨ। ਅਜਿਹੇ ਰੁੱਖ ਲਗਾ ਰਹੇ ਹਨ ਜਿਹੜੇ ਜਲਦੀ ਤਿਆਰ ਹੋ ਜਾਂਦੇ ਹਨ। ਹਰ ਕੰਮ ਵਪਾਰ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਟਾਹਲੀਆਂ ਦੇ ਦਰੱਖਤ ਤਾਂ ਬਿਲਕੁਲ ਹੀ ਅਲੋਪ ਹੁੰਦੇ ਜਾ ਰਹੇ ਹਨ। ਟਾਹਲੀ ਹਾਲਾਂ ਕਿ ਰੇਤਲੇ ਇਲਾਕਿਆਂ ਵਿਚ ਵੀ ਹੋ ਜਾਂਦੀ ਸੀ, ਪ੍ਰੰਤੂ ਜ਼ਮੀਨ ਵਿਚੋਂ ਪਾਣੀ ਦੀ ਤਹਿ ਨੀਵੀਂ ਹੋਣ ਕਰਕੇ ਇਹ ਦਰੱਖਤ ਖ਼ਤਮ ਹੋ ਰਹੇ ਹਨ। ਪੁਰਾਣੇ ਸਮਿਆਂ ਵਿਚ ਟਾਹਲੀਆਂ ਦੀ ਲੱਕੜ ਹੀ ਹੋਰ ਸਾਰੇ ਰੁੱਖਾਂ ਦੀ ਲੱਕੜ ਤੋਂ ਬਿਹਤਰ ਸਮਝੀ ਜਾਂਦੀ ਸੀ, ਕਿਉਂਕਿ ਟਾਹਲੀ ਦੀ ਲੱਕੜ ਨੂੰ ਮਜ਼ਬੂਤ ਹੋਣ ਕਰਕੇ ਘੁਣ ਨਹੀਂ ਲੱਗਦਾ ਸੀ। ਪ੍ਰੰਤੂ ਟਾਹਲੀ ਦੀ ਲੱਕੜ ਨੂੰ ਤਿਆਰ ਹੋਣ ਵਿਚ ਸਮਾਂ ਜ਼ਿਆਦਾ ਲੱਗਦਾ ਸੀ। ਕਈ ਵਾਰ ਦਾਦੇ ਦੀ ਲਗਾਈ ਟਾਹਲੀ ਪੋਤੇ ਵਰਤਦੇ ਸਨ। ਅੱਜ ਦੇ ਸ਼ਾਰਟਕੱਟ ਜ਼ਮਾਨੇ ਵਿਚ ਲੋਕ ਜਲਦੀ ਨਤੀਜੇ ਭਾਲਦੇ ਹਨ, ਜਿਸ ਕਰਕੇ ਟਾਹਲੀ ਦੇ ਦਰੱਖਤ ਨੂੰ ਕੋਈ ਨਾ ਬੀਜਦਾ ਅਤੇ ਨਾ ਹੀ ਪਾਲਦਾ ਹੈ। ਟਾਹਲੀ ਖ਼ੁਸ਼ਕ ਇਲਾਕੇ ਵਿਚ ਵੀ ਪਲ ਜਾਂਦੀ ਸੀ। ਪੰਜਾਬ ਵਿਚ ਕੁਦਰਤੀ ਵਸੀਲਿਆਂ ਦੀ ਬਹੁਤ ਘਾਟ ਹੈ। ਪੰਜਾਬ ਖੇਤੀ ਪ੍ਰਧਾਨ ਸੂੂਬਾ ਹੈ। ਇਸ ਲਈ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉਪਰ ਹੀ ਨਿਰਭਰ ਕਰਦੀ ਹੈ। ਆਧੁਨਿਕਤਾ ਦੇ ਆਉਣ ਨਾਲ ਖੇਤੀ ਕਰਨ ਦੇ ਢੰਗ-ਤਰੀਕੇ ਵੀ ਬਦਲ ਗਏ। ਇਸ ਤੋਂ ਪਹਿਲਾਂ ਸਿੰਚਾਈ ਦਾ ਸਾਧਨ ਸਿਰਫ ਖੂਹ ਹੀ ਸਨ। ਖੂਹਾਂ ਦੇ ਆਲੇ-ਦੁਆਲੇ ਤੌੜਾਂ ਵਿਚ ਟਾਹਲੀ ਦੇ ਦਰੱਖਤ ਛਾਂ ਲਈ ਲਗਾਏ ਜਾਂਦੇ ਸਨ। ਨਹਿਰਾਂ, ਰਸਤਿਆਂ, ਪਹੀਆਂ, ਖਾਲਾਂ, ਸੂਇਆਂ ਅਤੇ ਸੜਕਾਂ ਦੇ ਆਲੇ-ਦੁਆਲੇ ਟਾਹਲੀਆਂ ਦੇ ਦਰੱਖਤ ਲਗਾਏ ਜਾਂਦੇ ਸਨ ਤਾਂ ਜੋ ਆਉਣ-ਜਾਣ ਵਾਲਿਆਂ ਲਈ ਛਾਂ ਰਹੇ, ਕਿਉਂਕਿ ਉਦੋਂ ਆਵਾਜਾਈ ਪੈਦਲ ਜਾਂ ਗੱਡਿਆਂ ਰਾਹੀਂ ਹੀ ਹੁੰਦੀ ਸੀ। ਨਹਿਰਾਂ ਦੇ ਕੰਢਿਆਂ ਨੂੰ ਖੁਰਨ ਤੋਂ ਵੀ ਰੋਕਦੇ ਸਨ। ਖੇਤਾਂ ਵਿਚ ਵੀ ਆਮ ਤੌਰ 'ਤੇ ਦਰੱਖਤ ਹੁੰਦੇ ਸਨ ਕਿਉਂਕਿ ਟਾਹਲੀਆਂ ਦੇ ਬੀਜ ਪੱਕ ਕੇ ਖਿੰਡ ਜਾਂਦੇ ਸਨ। ਆਪਣੇ ਆਪ ਹੀ ਟਾਹਲੀਆਂ ਉਗ ਪੈਂਦੀਆਂ ਸਨ। ਕਿਸਾਨ ਟਾਹਲੀਆਂ ਦੇ ਬੂਟੇ ਆਪਣੇ ਘਰਾਂ ਵਿਚ ਛਾਵੇਂ ਬੈਠਣ ਲਈ ਲਗਾ ਦਿੰਦੇ ਸਨ। ਪਸ਼ੂਆਂ ਨੂੰ ਵੀ ਦਰੱਖਤਾਂ ਦੀ ਛਾਵੇਂ ਬੰਨ੍ਹਿਆਂ ਜਾਂਦਾ ਸੀ। ਇਥੋਂ ਤੱਕ ਕਿ ਪਸ਼ੂਆਂ ਦੀਆਂ ਖੁਰਲੀਆਂ ਵੀ ਟਾਹਲੀਆਂ ਦੇ ਆਲੇ-ਦੁਆਲੇ ਬਣਾਈਆਂ ਜਾਂਦੀਆਂ ਸਨ। ਦਰੱਖਤਾਂ ਨੂੰ ਵੱਢਣ ਤੋਂ ਸੰਕੋਚ ਕੀਤਾ ਜਾਂਦਾ ਸੀ, ਕਿਉਂਕਿ ਉਹ ਉਨ੍ਹਾਂ ਸਮਿਆਂ ਵਿਚ ਲੋਕਾਂ ਦੀ ਜ਼ਰੂਰਤ ਸਨ। ਟਾਹਲੀ ਦੀ ਲੱਕੜ ਸਾਰੀਆਂ ਲੱਕੜਾਂ ਤੋਂ ਮਜ਼ਬੂਤ ਹੁੰਦੀ ਹੈ। ਇਸ ਲਈ ਘਰਾਂ ਦੀ ਉਸਾਰੀ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਜਦੋਂ ਟਾਹਲੀਆਂ ਦੀ ਉਮਰ ਜ਼ਿਆਦਾ ਹੋ ਜਾਂਦੀ ਸੀ ਤਾਂ ਉਸ ਨੂੰ ਵੱਢ ਕੇ ਟੋਭਿਆਂ ਵਿਚ ਸੁੱਟ ਦਿੱਤੀ ਜਾਂਦੀ ਸੀ ਤਾਂ ਜੋ ਉਸ ਨੂੰ ਘੁਣ ਨਾ ਲੱਗ ਸਕੇ। ਕਈ ਸਾਲ ਟੋਭੇ ਦੇ ਪਾਣੀ ਵਿਚ ਪਈ ਰਹਿਣ ਤੋਂ ਬਾਅਦ ਕੱਢ ਕੇ ਸ਼ਤੀਰ, ਚੁਗਾਠਾਂ, ਬਾਲੇ, ਤਾਕੀਆਂ, ਦਰਵਾਜ਼ੇ, ਕਹੀਆਂ, ਦਾਤੀਆਂ ਤੇ ਖੁਰਪਿਆਂ ਦੇ ਦਸਤੇ ਹਲ ਅਤੇ ਪੰਜਾਲੀਆਂ ਬਣਾਏ ਜਾਂਦੇ ਸਨ। ਮੰਜੇ ਵੀ ਟਾਹਲੀ ਦੇ ਹੀ ਬਣਾਏ ਜਾਂਦੇ ਸਨ। ਨਾਲੇ ਮਿਸਤਰੀਆਂ ਨੂੰ ਘਰਾਂ ਵਿਚ ਹੀ ਰੋਜ਼ਗਾਰ ਮਿਲਦਾ ਸੀ, ਨਾਲੇ ਲੋਕਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਹੋ ਜਾਂਦੀਆਂ ਸਨ।
ਮੈਂ ਅਮਰੀਕਾ ਵਿਚ ਸੈਰ-ਸਪਾਟੇ ਲਈ ਗਿਆ ਹੋਇਆ ਹਾਂ। ਮੈਂ ਆਪਣੇ ਪਰਿਵਾਰ ਨਾਲ ਅਰਜੋਨਾ ਰਾਜ ਦੇ ਫੀਨਿਕਸ ਸ਼ਹਿਰ ਵਿਚ ਗਿਆ ਤਾਂ ਸੈਰ ਕਰਦਿਆਂ ਪਾਸੀਓਂ ਟਰੇਲ (ਸੂਏ) ਦੇ ਆਲੇ-ਦੁਆਲੇ ਹਰ ਵੀਹ ਫੁੱਟ ਦੇ ਫ਼ਾਸਲੇ 'ਤੇ ਟਾਹਲੀ ਦੇ ਲੱਗੇ ਹੋਏ ਦਰੱਖਤ ਵੇਖੇ। ਟਾਹਲੀ ਦੇ ਦਰੱਖਤਾਂ ਨੂੰ ਵੇਖ ਕੇ ਮੇਰੇ ਵਿਚ ਉਤਸੁਕਤਾ ਵੱਧ ਗਈ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਪੁਰਾਣੇ ਪੰਜਾਬ ਵਿਚ ਹੀ ਆ ਗਿਆ ਹਾਂ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਟਾਹਲੀ ਦੇ ਦਰੱਖਤ ਉਥੇ ਪਾਰਕਾਂ ਅਤੇ ਲੋਕਾਂ ਦੇ ਘਰਾਂ ਵਿਚ ਵੀ ਲੱਗੇ ਹੋਏ ਹਨ। ਮੈਂ ਆਪਣੇ ਮੇਜ਼ਬਾਨ ਗੁਰਸ਼ਰਨ ਸਿੰਘ ਸੋਹੀ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਦਰੱਖਤ ਤਾਂ ਇਥੇ ਨਹਿਰਾਂ ਅਤੇ ਸੂਇਆਂ ਦੇ ਆਲੇ-ਦੁਆਲੇ ਅਤੇ ਹੋਰ ਘਰਾਂ ਵਿਚ ਲਗਾਏ ਹੋਏ ਆਮ ਮਿਲਦੇ ਹਨ। ਪੰਜਾਬ ਦੇ ਵਿਰਾਸਤੀ ਰੁੱਖ ਅਮਰੀਕਾ ਦੀ ਸ਼ਾਨ ਵਧਾ ਰਹੇ ਹਨ, ਪ੍ਰੰਤੂ ਪੰਜਾਬ ਆਪਣੀ ਰੁੱਖਾਂ ਦੀ ਵਿਰਾਸਤ ਨੂੰ ਵਿਸਾਰ ਬੈਠਾ ਹੈ।


-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ।
ਮੋਬਾਈਲ-94178 13072
ujagarsingh48@yahoo.com

ਤੇਰਾ ਕੀ ਨਾਓਂ ਸੱਜਣਾ?

ਜਦ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ, ਸਾਡੀ ਇੱਛਾ ਹੁੰਦੀ ਹੈ ਕਿ ਸਭ ਤੋਂ ਪਹਿਲੋਂ ਅਸੀਂ ਅਗਲੇ ਦੇ ਪਿੰਡ ਟਿਕਾਣੇ ਦਾ ਨਾਂਅ ਜਾਣੀਏ, ਅਗਲਾ ਆਪਣਾ ਨਾਂਅ ਦੱਸੇ। ਫਿਰ ਅਸੀਂ, ਉਹਦੇ ਪਿੰਡ ਵਿਚ ਸਾਂਝਾਂ ਲੱਭਣ ਲੱਗ ਜਾਂਦੇ ਹਾਂ, ਰਿਸ਼ਤੇਦਾਰੀਆਂ ਤੱਕ ਲੱਭਣ ਲਈ ਟਿੱਲ ਲਾ ਦਿੰਦੇ ਹਾਂ। ਬੰਦੇ ਦਾ ਨਾਂਅ ਸੁਣ ਕੇ ਬਦੋਬਦੀ ਉਸਦੇ ਕੰਮ ਧੰਦੇ ਬਾਰੇ ਕਿਆਫੇ ਲਾਉਂਦੇ ਹਾਂ। ਪਰ ਕੀ ਇਹ ਜ਼ਰੂਰੀ ਹੈ, ਅਸੀਂ ਤਾਂ ਰਾਹ ਪੁੱਛਣ ਵਾਲੇ ਨੂੰ ਵੀ ਨਹੀਂ ਬਖਸ਼ਦੇ। ਅਸਲ ਵਿਚ ਇਹ ਇਕ ਟਾਇਮ ਪਾਸ ਤੋਂ ਵੱਧ ਕੁਝ ਵੀ ਨਹੀਂ। ਜ਼ਰਾ ਸੋਚੋ, ਕੀ ਅਸੀਂ ਕਦੇ ਕਿਸੇ ਪੰਛੀ, ਜਾਨਵਰ ਜਾਂ ਫੁੱਲ ਨੂੰ ਉਹਦਾ ਨਾਂਅ ਪੁੱਛਿਆ ਹੈ? ਨਹੀਂ ਨਾ, ਇਸ ਦੇ ਦੋ ਕਾਰਨ ਹਨ, ਪਹਿਲਾ ਉਸ ਦਾ ਨਾਂਅ ਹੀ ਨਹੀਂ ਹੁੰਦਾ, ਉਸ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕਿਵੇਂ ਬੁਲਾਉਂਦੇ ਹਾਂ, ਮੱਝ ਨੂੰ ਨਹੀਂ ਪਤਾ ਕਿ ਕੋਈ ਉਹਨੂੰ ਮੱਝ ਕਹਿੰਦਾ ਹੈ, ਬੋਹੜ ਵੀ ਆਪਣੇ ਨਾਂਅ ਤੋਂ ਅਣਜਾਣ ਹੈ। ਮਤਲੱਬ ਕਿ ਮਨੁੱਖ ਤੋਂ ਇਲਾਵਾ ਲੱਗਭਗ ਬਾਕੀ ਕਾਇਨਾਤ ਆਪਣੇ ਨਾਂਅ ਤੋਂ ਅਣਜਾਣ ਹੈ। ਦੂਜਾ ਅਸੀਂ ਜੋ ਵੀ ਸੰਬੋਧਨ ਕਰਦੇ ਹਾਂ, ਉਨ੍ਹਾਂ ਦੇ ਗੁਣਾਂ ਕਰਕੇ ਕਰਦੇ ਹਾਂ, ਫੁੱਲਾਂ ਦੀ ਸੁੰਦਰਤਾ ਤੇ ਮਹਿਕ, ਘਰੇਲੂ ਜਾਨਵਰਾਂ ਦੀ ਮਨੁੱਖ ਲਈ ਸੇਵਾ, ਰੁੱਖਾਂ ਦੇ ਮੁਫਤ 'ਚ ਮਿਲਦੇ ਗੁਣ ਆਦਿ-ਆਦਿ। ਪਰ ਮਨੁੱਖ ਦੀ ਆਪਣੀ ਵਾਰੀ ਆਉਂਦੀ ਹੈ ਤਾਂ ਸਾਡਾ ਨਜ਼ਰੀਆ, ਮਨੁੱਖ ਦੇ ਗੁਣਾਂ ਨੂੰ ਲਾਂਭੇ ਕਰ ਦੇਣ ਦਾ ਹੁੰਦਾ ਹੈ। ਅਸੀਂ ਆਪਣੇ ਆਲੇ-ਦੁਆਲੇ ਨੂੰ ਲਾਲਚ ਵੱਸ ਹੀ ਕਿਉਂ ਦੇਖਦੇ ਹਾਂ, ਇਹ ਸੋਚਣ ਵਾਲੀ ਗੱਲ ਹੈ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਕ ਹਿੰਦੂ ਪੰਜਾਬੀ ਕਵੀ ਨੰਦ ਲਾਲ ਨੂਰਪੁਰੀ ਨੇ ਸਿੱਖ ਧਰਮ ਦੇ ਅਮਰ ਸ਼ਹੀਦ ਬੱਚਿਆਂ ਲਈ ਆਪਣੇ ਇਕ ਖ਼ੂਬਸੂਰਤ ਗੀਤ ਵਿਚ ਡੁੰਘੀ ਵੇਦਨਾ ਦਾ ਪ੍ਰਗਟਾਵਾ ਕਰਦਿਆਂ ਕਦੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਟੁੰਬਣ ਦਾ ਸਫਲ ਯਤਨ ਕੀਤਾ ਸੀ, ਇਸ ਗੀਤ ਨੂੰ ਪੰਜਾਬ ਦੀਆਂ ਦੋ ਕਲਾਕਾਰ ਭੈਣਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਆਪਣੀ ਮਧੁਰ ਆਵਾਜ਼ ਵਿਚ ਗਾਇਆ ਸੀ ਜੋ ਸਰਬਹਿੰਦ ਰੇਡੀਓ ਸਟੇਸ਼ਨ ਜਲੰਧਰ ਰਾਹੀਂ ਹੋ ਕੇ ਦਹਾਕਿਆਂ ਤੱਕ ਪੰਜਾਬੀਆਂ ਦੇ ਦਿਲਾਂ ਦੀ ਧੜਕਣਬਣਿਆਂ ਰਿਹਾ, ਇਸ ਗੀਤ ਦਾ ਇਕ ਪੈਰਾ ਪੇਸ਼ ਹੈ-
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ,
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ।
ਜੰਗ ਵਿਚ ਲੜ ਕੇ ਸਿਪਾਹੀ ਮੇਰੇ ਆਉਣਗੇ।
ਸੋਹਣੇਸੋਹਣੇ ਚਿਹਰਿਆਂ 'ਤੇ ਲਿਸ਼ਕਾਉਣਗੇ।
ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸਾਂ ਸਹਾਰਦੀ,
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।
ਪੁਰਾਣਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਵਿਛੋੜੇ ਦੀ ਵੇਦਨਾ ਨਾਲਓਤ ਪ੍ਰੋਤ ਹੈ, ਵਿਛੋੜਾ ਭਾਂਵੇ ਪਤੀ ਪਤਨੀ ਦੇ ਵਿਚਾਲੇ, ਪ੍ਰੇਮੀ ਪ੍ਰੇਮਿਕਾ ਦੇ, ਭੈਣ ਅਤੇ ਵੀਰ ਦੇ, ਮਾਂ ਅਤੇ ਪੁੱਤਰ ਦੇ ਅਤੇ ਭਾਵੇਂ ਆਤਮਾ ਤੇ ਪ੍ਰਮਾਤਮਾ ਦੇ ਵਿਚਕਾਰ ਹੋਵੇ, ਮੱਧਕਾਲੀਨ ਪੰਜਾਬੀ ਕਾਵਿ-ਸਾਹਿਤ ਵਿਚ ਇਸਦਾ ਭਾਵਪੂਰਤ, ਵਾਸਤਵਿਕ, ਖ਼ੂਬਸੂਰਤ ਤੇ ਭਰਪੂਰ ਵਰਣਨ ਹੋਇਆ ਹੈ।
ਪੰਜਾਬੀ ਸੂਫ਼ੀ ਕਾਵਿ ਸਾਹਿਤ ਵਿਚ ਵੀ ਵਿਛੋੜਿਆਂ ਨਾਲ ਭਰੀ ਲੰਮੀ ਤੇ ਕਠਿਨ ਯਾਤਰਾ ਭੋਗਣ ਤੋਂ ਬਾਅਦ ਹੀ ਬਿਹਬਲ ਆਤਮਾ ਨੂੰ ਫਨਾਹ ਦੀ ਅਵੱਸਥਾ ਤੱਕ ਪਹੁੰਚ ਕੇ ਖੁਦਾ ਵਿਚ ਅਭੇਦ ਤੇ ਲੀਨ ਹੁੰਦਿਆਂ ਵਿਖਾਇਆ ਗਿਆ ਹੈ।
ਪੰਜਾਬੀ ਕਿੱਸਾ ਕਾਵਿ ਵਿਚ ਵੀ ਵਿਛੋੜੇ ਦਾ ਹਿਰਦੇ ਵੇਦਕ ਵਰਨਣ ਉਪਲਭਦ ਹੈ, ਪੰਜਾਬੀ ਦੇ ਪ੍ਰਸਿੱਧ ਕਿਸੇ ਵਿਛੋੜੇ ਦੀ ਸਮਸਿਆ ਦੁਆਲੇ ਹੀ ਕੇਂਦਰਿਤ ਹਨ, ਇਸ ਦੀ ਪੁਸ਼ਟੀ ਲਈ ਵਾਰਸਸ਼ਾਹ ਦੀ ਹੀਰ ਹਾਸ਼ਮਸ਼ਾਹ ਦਾ ਕਿੱਸਾ ਸੱਸੀ ਪੁੰਨੂ, ਕਾਦਰਯਾਰ ਦਾ ਪੂਰਨ ਭਗਤ ਤੇ ਫ਼ਜ਼ਲਸ਼ਾਹ ਦਾ ਕਿੱਸਾ ਸੋਹਣੀ ਮਹੀਂਵਾਲ ਵੇਖੇ ਜਾ ਸਕਦੇ ਹਨ।
ਵਿਛੋੜੇ ਦੀ ਭਾਵਨਾ ਤੇ ਵਿਛੋੜੇ ਦੀ ਮਹਿਮਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਇਕ ਇਕ ਕਣ, ਇਕ ਇਕ ਰੋਮ ਤੇ ਇਕ ਇਕ ਸ਼ਬਦ ਵਿਚ ਰਚੀ ਹੋਈ ਹੈ।
ਮਾਂ ਅਤੇ ਪੁੱਤਰ ਵਿਚਕਾਰ ਵਿਛੋੜੇ ਦੀ ਲੰਮੀ ਤੇ ਦੁਖਦਾਈ ਅਵਸੱਥਾ ਭੋਗਣ ਤੋਂ ਬਾਅਦ ਮਾਂ ਦੀ ਜਿਸ ਕਸਕ ਤੇ ਜਿਸ ਟੀਸ ਦਾ ਵਾਸਤਵਿਕ ਤੇ ਕਲਾਤਮਿਕ ਵਰਨਣ ਕਾਦਰਯਾਰ ਨੇ'ਆਪਣੇ ਕਿੱਸੇ ਪੂਰਨ ਭਗਤ ਵਿਚ ਕੀਤਾ ਹੈ ਉਸਦੀ ਮਿਸਾਲ ਸ਼ਾਇਦ ਹੀ ਕਿਤੇ ਮਿਲੇ-
ਮੀਮ ਮਿਲਣ ਆਈ ਰਾਣੀਂ ਇਛੱਰਾਂ ਵੀ,
ਲੋਕਾਂ ਆਖਿਆ ਆਇਆ ਏ ਸਾਧ ਕੋਈ।
ਮੇਰੇ ਪੁੱਤ ਦਾ ਬਾਗ ਵੀਰਾਨ ਹੋਇਆ,
ਲੱਗਾ ਕਰਨ ਹੈ ਫਿਰ ਆਬਾਦ ਕੋਈ।
ਮੈਂ ਵੀ ਲੈ ਆਮਾਂ ਦਾਰੂ ਅੱਖੀਆਂ ਦਾ,
ਪੂਰਨ ਛੱਡ ਨਾ ਗਿਆ ਸੁਆਦ ਕੋਈ।
ਕਾਦਰਯਾਰ ਇਹ ਵੀ ਲੱਖ ਵੱਟਨੀਆਂ
ਦਾਰੂ ਦੇ ਫਕੀਰ ਮੁਰਾਦ ਕੋਈ।
ਵਿਛੋੜੇ ਦਾ ਤੇਜ਼ ਤੇ ਗਹਿਰਾ ਦਰਦ ਵਸਲ (ਮਿਲਾਪ) ਲਈ ਕਈ ਤਰ੍ਹਾਂ ਦੇ ਮਾਰਗ ਤਲਾਸ਼ ਕਰਦਾ ਹੈ ਤੇ ਹਵਾਵਾਂ ਦੇ ਹੱਥੀਂ ਸੁਨੇਹੇ ਭੇਜਣ ਦੀਆਂ ਵਿਧੀਆਂ ਵਿਕਸਤ ਕਰਨ ਦੇ ਪ੍ਰਤਾਵੇ ਵੀ ਕਰਦਾ ਹੈ, ਅਜਿਹੇ ਪ੍ਰਤਾਵਿਆਂ ਦਾ ਹੀ ਉਲੇਖ ਹਾਸ਼ਮ ਸ਼ਾਹ ਨੇ'ਆਪਣੇ'ਕਿਸੇ ਦੀਆਂ ਹੇਠ ਲਿਖੀਆਂ ਦੋ ਸਤਰਾਂ ਵਿਚ ਕੀਤਾ ਜਾਪਦਾ ਹੈ-
ਵਗ'ਵਾਏ ਨੀਂ ਪਰਸੁਆਰਥ ਭਰੀਏ,
ਨੀਂ ਤੁੰ ਜਾਂਵੀਂ ਤਖ਼ਤ ਹਜ਼ਾਰੇ।
ਆਖੀਂ ਯਾਰ ਰਾਂਝਣ ਨੂੰ ਮਿਲਕੇ,
ਅਸੀਂ'ਤੂੰ ਕਿਉਂ ਮਨੋ ਵਿਸਾਰੇ।
ਮਿਲਾਪ ਨੂੰ ਭੋਗਣ ਤੇ ਵਿਛੋੜੇ ਨੂੰ ਗਲੋਂ ਲਾਹੁਣ ਦੀ ਜਗਿਆਸਾ ਪੰਜਾਬੀ ਲੋਕਾਂ ਦੇ ਮਨਾਂ ਵਿਚ ਵਸਦੀ ਸੀ, ਇਸੇ ਜਗਿਆਸਾ ਦਾ ਵਰਨਣ ਪ੍ਰਸਿੱਧ ਕਵੀ ਹਾਸ਼ਮ ਸ਼ਾਹ ਨੇ ਆਪਣੀਆਂ ਨਿਮਨ ਲਿਖਤ ਕਾਵਿ ਸਤਰਾਂ ਵਿਚ ਕੀਤਾ ਹੈ-
ਮੇਘਲਿਆ ਵਸ ਭਾਗੀਂ ਭਰਿਆ,
ਤੁਧ ਔਝੜ ਦੇਸ਼ ਵਸਾਏ।
ਭਲਕੇ ਫਿਰ ਕਰੀਂ ਝੜ ਇਵਂੇ,
ਮੇਰਾ ਪੀਆ ਪ੍ਰਦੇਸ਼ ਨਾ ਜਾਏ।
ਆਪਣੇ ਸਨਮਾਨਯੋਗ ਗੁਰੂ ਜੀ ਦਾ ਵਿਛੋੜਾ ਵੀ ਕਿਸੇ ਵੱਡੀ ਤੋਂ ਵੱਡੀ ਧਾਰਮਿਕ ਹਸਤੀ ਲਈ ਅਸਹਿਣ ਹੋ ਸਕਦਾ ਹੈ, ਆਪਣੀ ਪਿਆਰ ਤੇ ਸਤਿਕਾਰਯੋਗ ਹਸਤੀ ਦੇ ਵਿਛੋੜੇ ਨੂੰ ਵੀ ਕੇਵਲ ਪੰਜਾਬ ਦੇ ਆਦਰਸ਼ ਭਾਵਨਾ ਵਾਲੇ ਲੋਕ ਹੀ ਮਹਿਸੂਸ ਕਰ ਸਕਦੇ ਹਨ, ਇਸ ਦੀ ਪੁਸ਼ਟੀ ਵਾਸਤੇ ਅਸੀਂ ਗੁਰਮਤਿ ਦਰਸ਼ਨ ਵਿਚੋਂ ਨਿਮਨ ਲਿਖਤ ਹਵਾਲੇ ਪ੍ਰਾਪਤ ਕਰ ਸਕਦੇ ਹਾਂ-
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ।
ਬਿਲਪ ਕਰੇ ਚਾਤਰਿਕ ਕੀ ਨਿਆਈ।
ਤਰਿਖਾ ਨ ਉਤਰੈ, ਸਾਂਤਿ ਨ ਆਵੈ।
ਬਿਨੁ ਦਰਸਨ ਸੰਤ ਪਿਆਰੇ ਜੀਉ
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਪਰਕ : 94632-33991.

ਵਰਖਾ ਰੁੱਤ ਦੀਆਂ ਸਬਜ਼ੀਆਂ ਵਿਚ ਕੀੜਿਆਂ ਦੀ ਸੁਚੱਜੀ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਭਿੰਡੀ
1. ਤੇਲਾ (ਜੈਸਿਡ) : ਇਹ ਇਕ ਰਸ ਚੂਸਣ ਵਾਲਾ ਕੀੜਾ ਹੈ। ਇਹ ਕਪਾਹ, ਭਿੰਡੀ, ਆਲੂ, ਬੈਂਗਣ ਅਤੇ ਨਦੀਨਾਂ ਉੱਪਰ ਪਾਇਆ ਜਾਂਦਾ ਹੈ। ਇਸ ਦਾ ਬਾਲਗ ਅਤੇ ਬੱਚਾ ਦੋਵੇਂ ਹੀ ਨੁਕਸਾਨ ਕਰਦੇ ਹਨ। ਇਸ ਦੇ ਬੱਚੇ ਅੰਡੇ ਵਿਚੋਂ ਨਿਕਲ ਕੇ ਪੱਤਿਆਂ ਦਾ ਰਸ ਚੂਸਦੇ ਹਨ ਜਿਹੜੇ ਕਿ 7-21 ਦਿਨ ਬਾਅਦ ਬਾਲਗ ਬਣ ਜਾਂਦੇ ਹਨ। ਇਨ੍ਹਾਂ ਦੇ ਖੰਭਾਂ ਵਾਲੇ ਬਾਲਗ ਥੋੜ੍ਹੀ ਜਿਹੀ ਹਿਲ-ਜੁਲ ਨਾਲ ਉੱਡ ਜਾਂਦੇ ਹਨ ਅਤੇ ਰਾਤ ਸਮੇਂ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ।
ਨੁਕਸਾਨ : ਇਹ ਕੀੜੇ ਭਿੰਡੀ ਦੀ ਫ਼ਸਲ 'ਤੇ ਮਈ ਤੋਂ ਸੰਤਬਰ ਤੱਕ ਹਮਲਾ ਕਰਦੇ ਹਨ। ਇਹ ਪੌਦਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਹਮਲੇ ਵਾਲੇ ਪੱਤਿਆਂ ਦਾ ਰੰਗ ਪਹਿਲਾਂ ਹਲਕਾ ਪੀਲਾ, ਫਿਰ ਲਾਲੀ ਤੇ ਹੋ ਜਾਂਦਾ ਹੈ। ਪ੍ਰਭਾਵਿਤ ਪੱਤੇ ਉੱਪਰ ਵੱਲ ਮੁੜ ਜਾਂਦੇ ਹਨ, ਠੂਠੀ ਪੈ ਜਾਂਦੀ ਹੈ ਅਤੇ ਬਾਅਦ ਵਿਚ ਸੁੱਕ ਕੇ ਜ਼ਮੀਨ ਉੱਪਰ ਡਿਗ ਜਾਂਦੇ ਹਨ।
ਰੋਕਥਾਮ :
* ਪੰਜਾਬ-8 ਕਿਸਮ ਤੇਲੇ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ।
* ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ 15 ਦਿਨ ਦੇ ਵਕਫੇ ਨਾਲ ਇਕ ਜਾਂ ਦੋ ਵਾਰ 40 ਮਿਲੀਲਿਟਰ ਕੌਨਫੀਡੋਰ 17.8 ਐਸ ਐਲ (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 560 ਮਿਲੀਲਿਟਰ ਮੈਲਾਥੀਆਨ 50 ਈ ਸੀ ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕੋ।
* ਕੌਨਫੀਡੋਰ ਜਾਂ ਐਕਟਾਰਾ ਦੇ ਛਿੜਕਾਅ ਤੋਂ ਇਕ ਦਿਨ ਤੱਕ ਫ਼ਲ ਨਾ ਤੋੜੋ।
2. ਚਿੱਤਕਬਰੀ ਸੁੰਡੀ : ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਏਰੀਅਸ ਇਨਸੂਲਾਨਾ ਅਤੇ ਏਰੀਅਸ ਵਾਈਟੈਲਾ। ਏਰੀਅਸ ਇਨਸੂਲਾਨਾ ਦੇ ਪਤੰਗੇ ਦੇ ਉਪਰਲੇ ਖੰਭ ਪੀਲੇ ਰੰਗ ਦੇ ਹੁੰਦੇ ਹਨ ਜਿਸ ਉੱਪਰ ਹਰੇ ਰੰਗ ਦੀ ਚੌੜੀ ਪੱਟੀ ਬਣੀ ਹੁੰਦੀ ਹੈ। ਜਦੋਂ ਕਿ ਏਰੀਅਸ ਵਾਈਟੈਲਾ ਦੇ ਪਤੰਗ ਦੇ ਉਪਰਲੇ ਖੰਭ ਪੂਰੇ ਹਰੇ ਹੁੰਦੇ ਹਨ। ਇਸ ਦੀ ਮਾਦਾ ਅਪ੍ਰੈਲ ਦੇ ਮਹੀਨੇ ਵਿਚ 200-400 ਅੰਡੇ ਇਕੱਲੇ-ਇਕੱਲੇ ਫੁੱਲ-ਡੋਡੀਆਂ ਅਤੇ ਨਰਮ ਕਰੂੰਬਲਾਂ 'ਤੇ ਦਿੰਦੀ ਹੈ। ਸੁੰਡੀ ਦਾ ਜੀਵਨ 10-16 ਦਿਨਾਂ ਤੱਕ ਦਾ ਹੁੰਦਾ ਹੈ। ਭੂਰੇ ਰੰਗ ਦਾ ਕੋਆ ਹੇਠਾਂ ਡਿੱਗੇ ਹੋਏ ਪੱਤਿਆਂ ਉੱਪਰ ਮਿਲਦਾ ਹੈ। ਇਸ ਦਾ ਪੂਰਾ ਜੀਵਨ ਚੱਕਰ 17-29 ਦਿਨਾਂ ਵਿਚ ਪੂਰਾ ਹੁੰਦਾ ਹੈ।
ਰੋਕਥਾਮ :
* ਪੰਜਾਬ-8 ਕਿਸਮ ਇਸ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ।
* ਮੂਢੀ ਕਪਾਹ ਦੇ ਉੱਗੇ ਹੋਏ ਬੂਟੇ ਪੁੱਟ ਦਿਓ ਕਿਉਂਕਿ ਇਹ ਸੁੰਡੀ ਇਨ੍ਹਾਂ ਬੂਟਿਆਂ 'ਤੇ ਪਲਦੀ ਹੈ। ਹਮਲੇ ਵਾਲੇ ਫ਼ਲ ਤੋੜ ਕੇ ਜ਼ਮੀਨ ਵਿਚ ਡੂੰਘੇ ਨੱਪ ਦਿਓ।
* ਫੁੱਲ ਪੈਣੇ ਸ਼ੁਰੂ ਹੋਣ ਤੋਂ 15 ਦਿਨ ਦੇ ਵਕਫ਼ੇ ਤੇ ਤਿੰਨ ਛਿੜਕਾਅ 70 ਗ੍ਰਾਮ ਪ੍ਰੋਕਲੇਮ 0.5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵੈਲਰੇਟ) ਜਾਂ 80 ਮਿਲੀਲਿਟਰ ਸਿੰਬਸ਼ 25 ਈ ਸੀ (ਸਾਈਪਰਮੈਥਰਿਨ) ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕੋ।
ਲਾਲ ਮਕੌੜਾ ਜੂੰ : ਇਹ ਪੱਤਿਆਂ 'ਤੇ ਹਮਲਾ ਕਰਦੀ ਹੈ ਅਤੇ ਇਹ ਰਸ ਚੂਸਦੀ ਹੈ। ਪੱਤਿਆਂ 'ਤੇ ਜਾਲੇ ਲੱਗ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ।
ਰੋਕਥਾਮ : ਇਸ ਦੀ ਰੋਕਥਾਮ ਲਈ 250 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੇਟੋਨ ਮੀਥਾਇਲ) ਜਾਂ ਰੋਗਰ 30 ਈ ਸੀ (ਡਾਈਮੈਥੋਏਟ) ਪ੍ਰਤੀ ਏਕੜ ਦੇ ਹਿਸਾਬ ਨਾਲ 100-125 ਲਿਟਰ ਪਾਣੀ ਵਿਚ ਘੋਲ ਕੇ ਛਿੜਕੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅਮਨਦੀਪ ਕੌਰ ਅਤੇ ਰਵਿੰਦਰ ਸਿੰਘ ਚੰਦੀ
ਕੀਟ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਵਰਖਾ ਰੁੱਤ ਦੀਆਂ ਸਬਜ਼ੀਆਂ ਵਿਚ ਕੀੜਿਆਂ ਦੀ ਸੁਚੱਜੀ ਰੋਕਥਾਮ

ਪੰਜਾਬ ਵਿਚ ਸਾਲ 2017-18 ਦੌਰਾਨ ਤਕਰੀਬਨ 2.58 ਲੱਖ ਹੈਕਟੇਅਰ ਰਕਬੇ ਉਪਰ ਸਬਜ਼ੀਆਂ ਪੈਦਾ ਕੀਤੀਆਂ ਗਈਆਂ ਹਨ ਤੇ ਕੁੱਲ ਪੈਦਾਵਾਰ ਲੱਗਪਗ 51.36 ਲੱਖ ਟਨ ਸੀ ਅਤੇ ਜੇਕਰ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖਪਤ ਵੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਇਸ ਮਨੁੱਖੀ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਨੂੰ ਦੁੱਗਣਾ ਕਰਨ ਦੀ ਲੋੜ ਹੈ। ਸਬਜ਼ੀਆਂ ਉਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ ਅਤੇ ਕਾਫ਼ੀ ਨੁਕਸਾਨ ਕਰਦੇ ਹਨ। ਚੰਗੇ ਝਾੜ ਲਈ ਇਨ੍ਹਾਂ ਦੀ ਪਹਿਚਾਣ ਅਤੇ ਰੋਕਥਾਮ ਕਰਨਾ ਅਤਿ ਜ਼ਰੂਰੀ ਹੈ। ਕੀਟਨਾਸ਼ਕਾਂ ਦੀ ਵਰਤੋਂ ਤੋਂ ਇਲਾਵਾ ਹੇਠਾਂ ਹੋਰ ਵੀ ਰੋਕਥਾਮ ਦੇ ਤਰੀਕੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਅਪਣਾ ਕੇ ਖਰਚਾ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ ਅਤੇ ਮਨੁੱਖੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ।
ਬੈਂਗਣ :
1. ਫ਼ਲਾਂ ਅਤੇ ਲਗਰਾਂ ਵਿਚ ਮੋਰੀ ਕਰਨ ਵਾਲੀ ਸੁੰਡੀ : ਇਸ ਦਾ ਪਤੰਗਾ ਚਿੱਟੇ ਰੰਗ ਦਾ ਹੁੰਦਾ ਹੈ, ਜਿਸ ਦੇ ਸਰੀਰ ਉੱਪਰ ਭੂਰੇ ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਖੰਭਾਂ ਦੇ ਕਿਨਾਰੇ ਵਾਲਾਂ ਦੀ ਝਾਲਰ ਬਣੀ ਹੁੰਦੀ ਹੈ ਅਤੇ ਅਗਲੇ ਖੰਭਾਂ ਤੇ ਕਾਲੇ-ਚਿੱਟੇ ਅਤੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਇਹ ਪਤੰਗਾ ਸਲੇਟੀ ਰੰਗ ਦੇ 80-120 ਅੰਡੇ ਦਿੰਦਾ ਹੈ ਜਿਹੜੇ ਕਿ ਇਕੱਲੇ-ਇਕੱਲੇ ਜਾਂ ਝੁੰਡਾਂ ਵਿਚ ਪੱਤਿਆਂ ਦੇ ਹੇਠਾਂ, ਹਰੇ ਤਣੇ, ਫੁੱਲ ਡੋਡੀਆਂ ਜਾਂ ਫਲ ਉੱਪਰ ਹੁੰਦੇ ਹਨ। ਅੰਡੇ ਵਿਚੋਂ 3-6 ਦਿਨਾਂ ਬਾਅਦ ਸੁੰਡੀਆਂ ਨਿਕਲਦੀਆਂ ਹਨ ਜਿਹੜੀ ਕਿ ਨਰਮ ਕਰੂੰਬਲਾਂ ਵਿਚ ਵੜ ਕੇ ਫੁੱਲ ਅਤੇ ਫਲ ਨੂੰ ਖਰਾਬ ਕਰ ਦਿੰਦੀਆਂ ਹਨ। ਇਸ ਦਾ ਕੋਆ ਜ਼ਮੀਨ 'ਤੇ ਡਿੱਗੇ ਪੱਤਿਆਂ 'ਤੇ ਮਿਲਦਾ ਹੈ।
ਨੁਕਸਾਨ : ਜਿਨ੍ਹਾਂ ਲਗਰਾਂ ਵਿਚ ਸੁੰਡੀ ਦਾ ਹਮਲਾ ਹੋਇਆ ਹੋਵੇ ਉਹ ਮੁਰਝਾ ਕੇ ਡਿੱਗ ਪੈਂਦੀਆਂ ਹਨ ਜਾਂ ਝੁਕ ਜਾਂਦੀਆਂ ਹਨ, ਸੁੱਕ ਜਾਂਦੀਆਂ ਹਨ ਅਤੇ ਫ਼ਲ ਕਾਣੇ ਹੋ ਜਾਂਦੇ ਹਨ।
ਰੋਕਥਾਮ : * ਬੈਂਗਣਾਂ ਦੀ ਮੋਢੀ ਫ਼ਸਲ ਨਾ ਰੱਖੋ। * ਪੰਜਾਬ-ਬਰਸਾਤੀ, ਪੰਜਾਬ ਸਦਾਬਹਾਰ ਅਤੇ ਬੀ. ਐਚ.-2 ਕਿਸਮਾਂ ਇਸ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ। * ਛਿੜਕਾਅ ਕਰਨ ਤੋਂ ਪਹਿਲਾਂ ਪੱਕੇ ਫ਼ਲ ਤੋੜ ਲਵੋ ਅਤੇ ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਉ। * ਜਿਉਂ ਹੀ ਇਸ ਕੀੜੇ ਦਾ ਹਮਲਾ ਹੋਵੇ, ਤਾਂ 80 ਮਿਲੀਲਿਟਰ ਕੋਰਾਜ਼ਨ 18.5 ਐਸ. ਸੀ. (ਕਲੋਰਐਂਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵਲਰੇਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) ਜਾਂ 800 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 3-4 ਵਾਰੀ 14 ਦਿਨਾਂ ਦੇ ਵਕਫੇ ਨਾਲ ਛਿੜਕੋ।
* ਪ੍ਰੋਕਲੇਮ ਦੇ ਛਿੜਕਾਅ ਤੋਂ ਬਾਅਦ 3 ਦਿਨ, ਏਕਾਲਕਸ ਦੇ ਛਿੜਕਾਅ ਤੋਂ 4 ਦਿਨ ਅਤੇ ਕੋਰਾਜ਼ਨ ਦੇ ਛਿੜਕਾਅ ਤੋਂ ਬਾਅਦ 7 ਦਿਨ ਤੱਕ ਫ਼ਲ ਨਾ ਤੋੜੋ ।
2. ਹੱਡਾ ਭੂੰਡੀ : ਭੂੰਡੀ ਅਤੇ ਬੱਚਾ ਦੋਵੇਂ ਹੀ ਬੈਂਗਣਾਂ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਭੂੰਡੀ ਗੂੜ੍ਹੇ ਤਾਂਬੇ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਖੰਭਾਂ ਉੱਪਰ 28 ਕਾਲੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੀਲੇ ਰੰਗ ਦਾ ਹੁੰਦਾ ਹੈ। ਮਾਦਾ ਮਾਰਚ-ਅਪ੍ਰੈਲ ਵਿਚ ਸਿਗਾਰ ਦੇ ਅਕਾਰ ਵਰਗੇ ਅੰਡੇ ਦਿੰਦੀ ਹੈ। ਆਪਣੇ ਪੂਰੇ ਜੀਵਨ ਚੱਕਰ ਵਿਚ ਇਹ ਭੂੰਡੀ 400 ਅੰਡੇ ਦਿੰਦੀ ਹੈ ਅਤੇ ਪੱਤਿਆਂ ਨੂੰ ਖੁਰਚ-ਖੁਰਚ ਕੇ ਖਾਂਦੀ ਹੈ। ਕੋਆ ਗੂੜ੍ਹੇ ਰੰਗ ਦਾ ਪੱਤਿਆਂ ਦੇ ਹੇਠਲੇ ਪਾਸੇ ਹੁੰਦਾ ਹੈ।
3. ਜੈਸਿਡ : ਜੈਸਿਡ ਦੇ ਹਮਲੇ ਕਾਰਨ ਪੱਤੇ ਪਹਿਲਾਂ ਪੀਲੇ ਤੇ ਪਿੱਛੋਂ ਤਾਂਬੇ ਰੰਗ ਦੇ ਹੋ ਕੇ ਝੜ ਜਾਂਦੇ ਹਨ। ਨਿੱਕੇ ਅਤੇ ਵੱਡੇ ਹਰੇ ਰੰਗ ਦੇ ਕੀੜੇ ਬਹੁਤ ਗਿਣਤੀ ਵਿਚ ਪੱਤਿਆਂ ਦੇ ਹੇਠਾਂ ਨਜ਼ਰ ਆਉਂਦੇ ਹਨ।
ਰੋਕਥਾਮ : ਜੈਸਿਡ ਤੇ ਹੱਡਾ ਭੂੰਡੀ ਦਾ ਹਮਲਾ ਹੋਣ ਸਾਰ 250 ਮਿਲੀਲਿਟਰ ਮੈਲਾਥੀਅਨ 50 ਈ ਸੀ ਪ੍ਰਤੀ ਏਕੜ 10 ਦਿਨਾਂ ਦੇ ਵਕਫੇ ਨਾਲ ਪੌਦਿਆਂ ਤੇ ਛਿੜਕੋ।
4. ਮਕੌੜਾ ਜੂੰ : ਮਕੌੜਾ ਜੂੰ ਦਾ ਹਮਲਾ ਗਰਮ ਅਤੇ ਖੁਸ਼ਕ ਮੌਸਮ (ਅਪ੍ਰੈਲ ਤੋਂ ਜੂਨ) ਵਿਚ ਜ਼ਿਆਦਾ ਹੁੰਦਾ ਹੈ। ਸ਼ੁਰੂ ਵਿਚ ਪੱਤਿਆਂ ਤੇ ਚਿੱਟੇ ਬਰੀਕ ਧੱਬੇ ਜਿਹੇ ਪੈ ਜਾਂਦੇ ਹਨ, ਮਗਰੋਂ ਪੱਤਿਆਂ 'ਤੇ ਜਾਲੇ ਬਣ ਜਾਂਦੇ ਹਨ ਜਿਨ੍ਹਾਂ 'ਤੇ ਧੂੜ ਜੰਮ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ।
ਰੋਕਥਾਮ : * ਬੈਂਗਣ ਦੀ ਮੋਢੀ ਫ਼ਸਲ ਨਾ ਰੱਖੋ। * ਅਪ੍ਰੈਲ ਤੋਂ ਜੂਨ ਦੌਰਾਨ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸਿੰਚਾਈ ਕਰਦੇ ਰਹੋ। * ਸਿੰਥੈਟਿਕ ਜ਼ਹਿਰਾਂ ਦੀ ਵਰਤੋਂ ਜ਼ਰੂਰਤ ਨਾਲੋਂ ਜ਼ਿਆਦਾ ਨਾ ਕਰੋ। * ਇਸ ਦੀ ਰੋਕਥਾਮ ਲਈ 300 ਮਿਲੀਲਿਟਰ ਉਮਾਈਟ 57 ਈ ਸੀ ਜਾਂ 450 ਮਿਲੀਲਿਟਰ ਫਾਸਮਾਈਟ 50 ਈ ਸੀ ਜਾਂ 250 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ ਨੂੰ 100-150 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅਮਨਦੀਪ ਕੌਰ ਅਤੇ ਰਵਿੰਦਰ ਸਿੰਘ ਚੰਦੀ
ਕੀਟ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਝੋਨੇ ਵਿਚ ਪਾਣੀ ਦਾ ਸੁਚੱਜਾ ਪ੍ਰਬੰਧ ਕਿਵੇਂ ਕਰੀਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਘੱਟ ਸਮਾਂ ਲੈਣ ਕਰਕੇ ਇਹ ਕਿਸਮ ਹਨੇਰੀ, ਝੱਖੜ, ਸੋਕਾ, ਭਾਰੀ ਬਾਰਿਸ਼ਾਂ ਆਦਿ ਦੇ ਪ੍ਰਭਾਵ ਅਤੇ ਕੀੜੇ-ਮਕੌੜੇ ਬਿਮਾਰੀਆਂ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸ ਕਰਕੇ ਇਸ ਦੀ ਕਾਸ਼ਤ ਉੱਪਰ ਖਰਚੇ ਵੀ ਘਟ ਜਾਂਦੇ ਹਨ। ਇਸ ਤੋਂ ਇਲਾਵਾ ਪਰਾਲੀ ਦੀ ਸਾਂਭ-ਸੰਭਾਲ ਵੀ ਸੌਖੀ ਅਤੇ ਸੁਚੱਜੀ ਹੋ ਜਾਦੀਂ ਹੈ। ਘੱਟ ਸਮੇਂ ਵਿਚ ਪੱਕਣ ਕਰਕੇ ਫਸਲੀ ਚੱਕਰ ਵਿਚ ਤੀਜੀ ਫਸਲ ਵੀ ਬੀਜੀ ਜਾ ਸਕਦੀ ਹੈ ਜਿਸ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਪਹਿਲੇ ਸਾਲ ਹੀ ਇਸ ਕਿਸਮ ਦੀ 14 ਫ਼ੀਸਦੀ ਰਕਬੇ ਵਿਚ ਕਾਸ਼ਤ ਕੀਤੀ ਗਈ।
ਪਨੀਰੀ ਪੁੱਟ ਕੇ ਲਾਉਣ ਦਾ ਸਮਾਂ : ਝੋਨਾ ਜੂਨ ਦੇ ਸ਼ੁਰੂ ਵਿਚ ਲਗਾਉਣ ਨਾਲ ਜ਼ਿਆਦਾ ਗਰਮੀ ਹੋਣ ਕਰਕੇ ਅਤੇ ਹਵਾ ਵਿਚ ਨਮੀ ਦੀ ਮਾਤਰਾ ਘੱਟ ਹੋਣ ਕਰਕੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਨਾਲ ਪਾਣੀ ਦੀ ਖਪਤ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜੇਕਰ ਝੋਨਾ 20 ਜੂਨ ਤੋਂ ਬਾਅਦ ਲਗਾਇਆ ਜਾਵੇ ਤਾਂ ਇਸ ਮਹੀਨੇ ਦੇ ਅਖੀਰ ਵਿਚ ਬਰਸਾਤ ਸ਼ੁਰੂ ਹੋਣ ਨਾਲ ਹਵਾ ਵਿਚ ਨਮੀਂ ਵਧਣ ਕਰਕੇ, ਪਾਣੀ ਦਾ ਵਾਸ਼ਪੀਕਰਨ ਘਟਦਾ ਹੈ। ਜਿਸ ਨਾਲ ਪਾਣੀ ਦੀ ਖਪਤ ਘਟ ਜਾਂਦੀ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ 'ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009' ਪਾਸ ਕੀਤਾ ਹੈ ਜਿਸ ਤਹਿਤ ਝੋਨਾ ਲਾਉਣ ਦਾ ਸਮਾਂ 20 ਜੂਨ ਮਿੱਥਿਆ ਗਿਆ ਹੈ।
ਸਿੰਚਾਈ ਪ੍ਰਬੰਧਨ : ਝੋਨੇ ਦੀ ਲੁਆਈ ਤੋਂ ਪਹਿਲੇ ਦੋ ਹਫਤੇ ਤੱਕ ਖੇਤ ਵਿਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਾਣੀ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਵਕਫ਼ੇ ਤੇ ਲਾਉਣ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘਟਦਾ ਹੈ। ਨਿਰੰਤਰ ਪਾਣੀ ਖੜ੍ਹਾ ਕਰਕੇ ਰੱਖਣ ਦੇ ਮੁਕਾਬਲੇ, ਪਾਣੀ ਦਾ ਪੱਧਰ 5 ਤੋਂ 8 ਸੈਂਟੀਮੀਟਰ ਰੱਖਣ ਨਾਲ 50 ਫ਼ੀਸਦੀ ਤੱਕ ਪਾਣੀ ਦੀ ਬੱਚਤ ਕਰ ਸਕਦੇ ਹਾਂ ਅਤੇ ਅਜਿਹਾ ਕਰਨ ਨਾਲ ਝੋਨੇ ਦੇ ਝਾੜ ਵਿਚ ਵੀ ਕੋਈ ਗਿਰਾਵਟ ਨਹੀਂ ਆਉਦੀਂ ਹੈ।
ਟੈਂਸ਼ੀਓਮੀਟਰ ਅਨੁਸਾਰ ਝੋਨੇ ਦੀ ਸਿੰਚਾਈ : ਝੋਨੇ ਵਿਚ ਜ਼ਰੂਰਤ ਅਨੁਸਾਰ ਪਾਣੀ ਲਗਾਉਣ ਲਈ, ਟੈਂਸ਼ੀਓਮੀਟਰ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫ਼ਸਲ ਦੀ ਸਿੰਚਾਈ ਲਈ ਢੁਕਵਾਂ ਸਮਾਂ ਪਤਾ ਕਰਨ ਲਈ ਇਹ ਵਿਧੀ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਾਸਤੇ ਫਾਇਦੇੇਵੰਦ ਹੈ। ਟੈਂਸ਼ੀਓਮੀਟਰ ਵਿਚ ਬਾਹਰਲੀ ਟਿਊਬ ਦੇ ਉਪਰਲੇ ਪਾਸੇ ਹਰੀ, ਪੀਲੀ ਅਤੇ ਲਾਲ ਰੰਗ ਦੀਆਂ ਪੱਟੀਆਂ ਲੱਗੀਆਂ ਹੁੰਦੀਆਂ ਹਨ। ਖੇਤ ਵਿਚ ਲਗਾਉਣ ਤੋਂ ਪਹਿਲਾਂ ਟੈਂਸ਼ੀਓਮੀਟਰ ਨੂੰ ਪਾਣੀ ਨਾਲ ਭਰਨ ਤੋਂ ਬਾਅਦ ਕਾਰਕ ਲਗਾ ਦਿੱਤਾ ਜਾਂਦਾ ਹੈ। ਖੇਤ ਵਿਚ ਝੋਨਾ ਲੱਗਣ ਤੋਂ ਦੋ ਹਫਤੇ ਤੱਕ ਪਾਣੀ ਖੜ੍ਹਾ ਰੱਖਣ ਤੋਂ ਬਾਅਦ ਕਿਸੇ ਪਾਈਪ ਨਾਲ ਟੈਂਸ਼ੀਓਮੀਟਰ ਦੇ ਆਕਾਰ ਦਾ 8 ਇੰਚ ਡੂੰਘਾ ਸੁਰਾਖ ਕਰ ਲਵੋ। ਇਸ ਸੁਰਾਖ ਵਿਚ ਪਾਣੀ ਨਾਲ ਭਰੇ ਟੈਂਸ਼ੀਓਮੀਟਰ ਨੂੰ ਲਗਾ ਕੇ ਖਾਲੀ ਦਰਜਾਂ ਨੂੰ ਮਿੱਟੀ ਅਤੇ ਪਾਣੀ ਦੇ ਘੋਲ ਨਾਲ ਭਰ ਦਿਓ, ਤਾਂ ਜੋ ਟੈਂਸ਼ੀਓਮੀਟਰ ਕੱਪ ਦਾ ਜ਼ਮੀਨ ਨਾਲ ਵਧੀਆ ਸਬੰਧ ਬਣ ਜਾਵੇ। ਜਿਵੇਂ-ਜਿਵੇਂ ਖੇਤ ਵਿਚ ਪਾਣੀ ਘਟੇਗਾ, ਟੈਂਸ਼ੀਓਮੀਟਰ ਦੀ ਅੰਦਰਲੀ ਟਿਊਬ ਵਿਚ ਵੀ ਪਾਣੀ ਦਾ ਪੱਧਰ ਘਟਦਾ ਜਾਵੇਗਾ। ਜਦੋਂ ਟੈਂਸ਼ੀਓਮੀਟਰ ਵਿਚ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿਚ ਦਾਖਲ ਹੁੰਦਾ ਹੈ ਤਾਂ ਝੋਨੇ ਨੂੰ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਟੈਂਸ਼ੀਓਮੀਟਰ ਦੀ ਵਰਤੋਂ ਕਰਨ ਨਾਲ ਤਕਰੀਬਨ 25-30 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਇਹ ਟੈਂਸ਼ੀਓਮੀਟਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। (ਸਮਾਪਤ)


+9194654-20097
balwinderdhillon.pau@gmail.com

ਉਚਿਤ ਨਹੀਂ ਹੈ ਮੱਧ ਪ੍ਰਦੇਸ਼ ਨੂੰ ਬਾਸਮਤੀ ਜ਼ੋਨ ਵਿਚ ਸ਼ਾਮਿਲ ਕਰਨਾ

ਪੰਜਾਬ ਦੀ ਫ਼ਸਲੀ ਵਿਭਿਨੰਤਾ ਯੋਜਨਾ ਵਿਚ ਬਾਸਮਤੀ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਪਿਛਲੇ ਸਾਲਾਂ 'ਚ ਪੰਜਾਬ ਵਿਚ ਇਹ 5 ਤੋਂ 8 ਲੱਖ ਹੈਕਟੇਅਰ ਦਰਮਿਆਨ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਰਹੀ ਹੈ। ਬਾਸਮਤੀ ਕਿਸਮਾਂ ਦੀ ਫ਼ਸਲ ਨੂੰ ਝੋਨੇ ਦੇ ਮੁਕਾਬਲੇ ਪਾਣੀ ਦੀ ਘੱਟ ਲੋੜ ਹੈ। ਬਾਸਮਤੀ ਦੀ ਬਰਾਮਦ ਤੋਂ 28000-29000 ਕਰੋੜ ਰੁਪਏ ਤੱਕ ਦੀਆਂ ਵਿਦੇਸ਼ੀ ਮੁਦਰਾਂ ਭਾਰਤ ਨੂੰ ਮੌਸੂਲ ਹੁੰਦੀਆਂ ਹਨ। ਪੰਜਾਬ ਤੋਂ ਇਲਾਵਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਰਾਜਾਂ ਵਿਚ ਵੀ ਬਾਸਮਤੀ ਪੈਦਾ ਕੀਤੀ ਜਾ ਸਕਦੀ ਹੈ। ਕੇਵਲ ਇਨ੍ਹਾਂ ਰਾਜਾਂ ਵਿਚ ਪੈਦਾ ਕੀਤੀ ਬਾਸਮਤੀ ਨੂੰ ਹੀ ਬਾਸਮਤੀ ਦਾ ਟੈਗ ਹਾਸਲ ਹੈ। ਜੀ.ਆਈ. ਰਜਿਸਟਰੀ ਵਲੋਂ ਇੰਟੇਲੈਕਚੁਅਲ ਪ੍ਰਾਪਰਟੀ ਐਪੇਲੇਟ ਬੋਰਡ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਕੀਤੀ ਗਈ ਬਾਸਮਤੀ ਨੂੰ ਜੀ. ਆਈ. ਦਿੱਤਾ ਹੋਇਆ ਹੈ। ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਕੀਤੀ ਗਈ ਬਾਸਮਤੀ ਕਿਸਮਾਂ ਦੀ ਫ਼ਸਲ ਨੂੰ ਬਾਸਮਤੀ ਮੰਨਿਆ ਜਾਂਦਾ ਹੈ। ਇਨ੍ਹਾਂ ਰਾਜਾਂ ਦੀ ਫ਼ਸਲ ਹੀ ਬਾਸਮਤੀ ਦੇ ਤੌਰ 'ਤੇ ਬਰਾਮਦ ਕੀਤੀ ਜਾਂਦੀ ਹੈ। ਇਹ ਸੱਤੇ ਰਾਜ ਬਾਸਮਤੀ ਦੇ ਜੀ. ਆਈ. ਜ਼ੋਨ ਵਿਚ ਆਉਂਦੇ ਹਨ। ਪਿੱਛੇ ਜਿਹੇ ਮੱਧ ਪ੍ਰਦੇਸ਼ ਨੇ ਜੀ. ਆਈ. ਵਿਚ ਸ਼ਾਮਲ ਹੋਣ ਲਈ ਜੀ. ਆਈ. ਰਜਿਸਟਰੀ ਕੋਲ ਪਹੁੰਚ ਕੀਤੀ ਸੀ ਤਾਂ ਜੋ ਉਸ ਰਾਜ ਵਿਚ ਉਗਾਈ ਜਾ ਰਹੀ ਬਾਸਮਤੀ ਦੀਆਂ ਕਿਸਮਾਂ ਦੇ ਉਤਪਾਦਨ ਵੀ ਬਾਸਮਤੀ ਤਸੱਵਰ ਕੀਤਾ ਜਾਏ। ਜੀ. ਆਈ. ਰਜਿਸਟਰੀ ਨੇ ਘੋਖ ਤੋਂ ਬਾਅਦ ਮੱਧ ਪ੍ਰਦੇਸ਼ ਵਲੋਂ ਕੀਤੀ ਗਈ ਮੰਗ ਨੂੰ ਰੱਦ ਕਰ ਦਿੱਤਾ। ਹੁਣ ਮੱਧ ਪ੍ਰਦੇਸ਼ ਨੇ ਮਦਰਾਸ ਹਾਈ ਕੋਰਟ ਵਿਚ ਜੀ. ਆਈ. ਰਜਿਸਟਰੀ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਹੈ। ਭਾਰਤ ਸਰਕਾਰ ਨੇ ਇਸ ਸਬੰਧੀ ਪੀ. ਏ. ਯੂ. ਦੇ ਉੱਪ ਕੁਲਪਤੀ ਡਾ: ਬਲਦੇਵ ਸਿੰਘ ਢਿਲੋਂ ਦੀ ਪ੍ਰਧਾਨਗੀ ਥੱਲੇ ਮਾਹਿਰਾਂ ਦੀ ਇਕ ਕਮੇਟੀ ਬਣਾ ਕੇ ਇਸ ਸਬੰਧੀ ਆਪਣੀ ਸਿਫਾਰਸ਼ ਕਰਨ ਨੂੰ ਕਿਹਾ। ਇਸ ਕਮੇਟੀ ਵਿਚ ਪ੍ਰਸਿੱਧ ਵਿਗਿਆਨੀ ਡਾ: ਵੀ. ਪੀ. ਸਿੰਘ, ਡਾ: ਬੀ. ਮਿਸ਼ਰਾ, ਡਾ: ਅਸ਼ੋਕ ਕੁਮਾਰ ਸਿੰਘ ਅਤੇ ਪੀ. ਵੀ. ਐਸ. ਪਨਵਰ, ਅਪੀਡਾ ਦੇ ਡਾਇਰੈਕਟਰ ਏ. ਕੇ. ਗੁਪਤਾ ਅਤੇ ਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਜੱਬਲਪੁਰ ਦੇ ਬੀ. ਕੇ. ਮਿਸ਼ਰਾ ਸ਼ਾਮਿਲ ਸਨ। ਇਸ ਕਮੇਟੀ ਵਲੋਂ ਮੱਧ ਪ੍ਰਦੇਸ਼ ਦਾ ਬਾਸਮਤੀ ਪੈਦਾ ਕਰਨ ਦਾ ਕਲੇਮ ਰੱਦ ਕਰਨ ਦੀ ਸਿਫਾਰਸ਼ ਕਰ ਦਿੱਤੀ ਗਈ ਹੈ। ਪਰੰਤੂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਰਾਜ ਨੂੰ ਜੀ. ਆਈ. ਜ਼ੋਨ 'ਚ ਸ਼ਾਮਿਲ ਕਰਵਾਉਣ 'ਤੇ ਤੁਲੇ ਹੋਏ ਹਨ, ਕਿਉਂਕਿ ਮੱਧ ਪ੍ਰਦੇਸ਼ ਵਿਚ ਇਸ ਵੇਲੇ 2 ਲੱਖ ਹੈਕਟੇਅਰ ਰਕਬੇ 'ਤੇ ਬਾਸਮਤੀ ਕਿਸਮਾਂ ਦੀ ਕਾਸ਼ਤ ਹੋਣ ਲੱਗ ਪਈ ਹੈ। ਜਿਸ ਦੀ ਕੀਮਤ 2600 ਕਰੋੜ ਰੁਪਏ ਦੇ ਕਰੀਬ ਬੈਠਦੀ ਹੈ।
ਰਾਜਨੀਤਕ ਕਾਰਨਾਂ ਕਾਰਨ 2019 ਦੀਆਂ ਚੋਣਾਂ ਨੇੜੇ ਹੋਣ ਦੇ ਮੱਦੇ ਨਜ਼ਰ ਇਹ ਇਤਰਾਜ਼ ਉਠਾਏ ਜਾਣ ਉਪਰੰਤ ਕਿ ਪਹਿਲੀ ਕਮੇਟੀ ਜੀ. ਆਈ. ਪ੍ਰਾਪਤ ਰਾਜਾਂ ਦੇ ਵਿਗਿਆਨੀਆਂ 'ਤੇ ਆਧਾਰਤ ਹੈ, ਭਾਰਤ ਸਰਕਾਰ ਨੇ ਪੀ. ਪੀ. ਵੀ. ਐਫ. ਐਂਡ ਆਰ. ਏ. ਦੇ ਸਾਬਕਾ ਚੇਅਰਪਰਸਨ ਆਰ. ਆਰ. ਹੰਚੀਨਾਲ ਦੀ ਸਰਕਰਦਗੀ ਥੱਲੇ ਦੂਜੇ ਰਾਜਾਂ (ਜੋ ਬਾਸਮਤੀ ਨਹੀਂ ਉਗਾਉਂਦੇ) ਤੋਂ ਮੈਂਬਰ ਲੈ ਕੇ ਇਕ ਨਵੀਂ ਕਮੇਟੀ ਬਣਾ ਦਿੱਤੀ ਜੋ ਮੱਧ ਪ੍ਰਦੇਸ਼ ਨੂੰ ਬਾਸਮਤੀ ਦੇ ਜੀ. ਆਈ. ਜ਼ੋਨ 'ਚ ਸ਼ਾਮਿਲ ਕਰਨ ਸਬੰਧੀ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਨੂੰ ਆਪਣੀ ਸਿਫਾਰਸ਼ ਕਰੇਗੀ। ਵਿਗਿਆਨੀਆਂ, ਬਰੀਡਰਾਂ ਤੇ ਬਾਸਮਤੀ ਸ਼ੈਲਰਾਂ ਵਲੋਂ ਇਸ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਜੋ ਇਸ ਵੇਲੇ ਵਿਦੇਸ਼ਾਂ ਨੂੰ ਬਾਸਮਤੀ ਬਰਾਮਦ ਕੀਤੀ ਜਾਂਦੀ ਹੈ, ਉਸ ਵਿਚ ਮੁੱਖ ਯੋਗਦਾਨ ਪੰਜਾਬ ਤੇ ਹਰਿਆਣਾ ਦਾ ਹੈ। ਜੇ ਮੱਧ ਪ੍ਰਦੇਸ਼ ਨੂੰ ਬਾਸਮਤੀ ਦਾ ਜੀ, ਆਈ, ਦੇ ਦਿੱਤਾ ਜਾਂਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਜ਼ਬਰਦਸਤ ਸੱਟ ਲੱਗਣ ਦੀ ਸੰਭਾਵਨਾ ਹੈ ਅਤੇ ਭਾਰਤ ਦਾ ਗੌਰਵ ਬਾਸਮਤੀ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਸਾਖ ਵੀ ਖਤਮ ਹੋ ਜਾਣ ਦੀ ਸੰਭਾਵਨਾ ਹੈ। ਇਸ ਨਾਲ ਪਾਕਿਸਤਾਨ ਵੀ ਆਪਣੀ ਬਾਸਮਤੀ ਲਈ ਨਿਯਤ ਜੀ. ਆਈ. ਜ਼ੋਨ ਨੂੰ ਵਧਾਉਣ ਦਾ ਉਪਰਾਲਾ ਕਰੇਗਾ ਅਤੇ ਇਸ ਤਰ੍ਹਾਂ ਉਹ ਭਾਰਤ ਦਾ ਇਕੋ-ਇਕ ਪ੍ਰਤੀਯੋਗੀ (ਕੰਪੀਟੀਟਰ) ਲਾਭ ਉਠਾ ਲਵੇਗਾ।
ਮਦਰਾਸ ਹਾਈ ਕੋਰਟ 'ਚ ਮੱਧ ਪ੍ਰਦੇਸ਼ ਦੇ ਕਲੇਮ ਦੀ ਸੁਣਵਾਈ 9-10 ਜੁਲਾਈ ਲਈ ਨਿਯਤ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ: ਕਾਹਨ ਸਿੰਘ ਪੰਨੂ ਅਨੁਸਾਰ ਪੰਜਾਬ ਸਰਕਾਰ ਨੇ ਇਸ ਸਬੰਧੀ ਭਾਰਤ ਸਰਕਾਰ ਵਲੋਂ ਮਾਹਿਰਾਂ ਦੀ ਨਵੀਂ ਕਮੇਟੀ ਬਣਾਉਣ ਦੀ ਵਿਰੋਧਤਾ ਕੀਤੀ ਹੈ। ਖੇਤੀਬਾੜੀ ਸਕੱਤਰ ਸ: ਪੰਨੂ ਅਨੁਸਾਰ ਮੁੱਖ ਮੰਤਰੀ ਨੇ ਇਸ ਸਬੰਧੀ ਕੇਂਦਰ ਦੇ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੂੰ ਪੱਤਰ ਵੀ ਲਿਖਿਆ ਹੈ।


-ਮੋਬਾਈਲ : 98152-36307

ਰੁੱਤ ਰੁੱਖਾਂ ਦੀ ਆਈ

ਰੁੱਖ ਤੇ ਮਨੁੱਖ ਦੀ ਸਦੀਆਂ ਤੋਂ ਸਾਂਝ ਰਹੀ ਹੈ। ਰੁੱਖ ਕਿਸੇ ਸੰਤਾਂ-ਫ਼ਕੀਰਾਂ ਤੋਂ ਘੱਟ ਨਹੀਂ। ਇਹ ਪੂਰੀ ਕਾਇਨਾਤ ਲਈ ਦੇਵਤਾ ਹਨ। ਭਾਵ ਪਸ਼ੂ-ਪੰਛੀ, ਜੀਵ-ਜੰਤੂ ਅਤੇ ਮਨੁੱਖ ਸਭ ਨੂੰ ਆਲ੍ਹਣਿਆਂ ਤੋਂ ਇਲਾਵਾ ਫਲ, ਫੁੱਲ, ਦਵਾਈਆਂ ਲਈ ਪੱਤੇ, ਤਣੇ, ਛਿੱਲਾਂ ਤੋਂ ਇਲਾਵਾ ਵੀ ਮਣਾਂ ਮੂੰਹੀ ਆਕਸੀਜਨ ਦਿੰਦੇ ਹਨ। ਇਨ੍ਹਾਂ ਦੇ ਲਾਭਾਂ ਦਾ ਵਰਨਣ ਜਿੰਨਾ ਵੀ ਕੀਤਾ ਜਾਵੇ ਓਨਾ ਹੀ ਘੱਟ ਹੈ। ਭਾਰਤ ਵਿਚ ਜਿਥੇ ਇਕ ਬੰਦੇ ਪਿੱਛੇ 28 ਰੁੱਖ ਆਉਂਦੇ ਹਨ, ਉਥੇ ਕੈਨੇਡਾ ਵਰਗੇ ਦੇਸ਼ ਦੇ ਇਕ ਨਾਗਰਿਕ ਦੇ ਹਿੱਸੇ 8953 ਰੁੱਖ ਹਨ। ਇਸ ਤੋਂ ਇਹ ਪਤਾ ਲਗਦਾ ਹੈ ਕਿ ਰੁੱਖਾਂ ਦੀ ਪੂਰੀ ਕਾਇਨਾਤ ਲਈ ਸ਼ੁੱਧ ਆਬੋ ਹਵਾ ਤੇ ਅਣਗਿਣਤ ਲਾਭਾਂ ਤੋਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਅਸੀਂ ਕਾਫ਼ੀ ਪਿੱਛੇ ਹਾਂ। ਖ਼ਾਸ ਕਰ ਕੇ ਪਾਣੀ ਦੀ ਕਿੱਲਤ ਨਾਲ ਜੋ ਧਰਤੀ ਹੇਠਾਂ ਹੈ, ਅਸੀ ਹੁਣ ਤੋਂ ਹੀ ਚਿੰਤਤ ਹਾਂ ਅਤੇ ਜੂਝ ਰਹੇ ਹਾਂ। ਰੁੱਖ ਵਰਖਾ ਲਿਆਉਣ ਲਈ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਸੋ ਸਾਡਾ ਸਭ ਦਾ ਫਰਜ਼ ਹੈ ਕਿ ਭਾਰਤ ਦੀ 125 ਕਰੋੜ ਆਬਾਦੀ ਆਪਣਾ ਆਤਮਿਕ ਫਰਜ਼ ਸਮਝਦੇ ਹੋਏ ਘੱਟੋ-ਘੱਟ 5-5 ਪੌਦੇ ਲਗਾ ਕੇ ਇਸ ਨੂੰ ਪਾਲਣ।
ਰੁੱਖਾਂ ਤੋਂ ਅਸੀਂ ਸ਼ੁੱਧ ਆਕਸੀਜਨ ਲੈ ਸਕਦੇ ਹਾਂ, ਢੇਰ ਸਾਰੀਆਂ ਬਿਮਾਰੀਆਂ ਅਤੇ ਉਸ ਉੱਪਰ ਫਜ਼ੂਲ ਪੈਸਾ ਖਰਚਣ ਤੋਂ ਬਚ ਸਕਦੇ ਹਾਂ। ਰੁੱਖ ਤੰਦਰੁਸਤੀ ਦੇ ਭੰਡਾਰ ਹਨ।
ਸਾਥੀਉ! ਹੁਣ ਜੁਲਾਈ ਅਗਸਤ ਦਾ ਮਹੀਨਾ ਪੌਦੇ ਲਗਾਉਣ ਦਾ ਸ਼ੂਰੂ ਹੈ ਸਾਨੂੰ ਹਰੇਕ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਸਾਨੂੰ ਇਹ ਚਾਹੀਦਾ ਹੈ ਕਿ ਵੱਧ ਤੋਂ ਵੱਧ ਟੋਏ ਪੁੱਟ ਕੇ ਉਸ ਨੂੰ 20-25 ਦਿਨ ਖਾਲੀ ਰਹਿਣ ਦਈਏ ਅਤੇ ਉਸ ਦੀ ਉਪਜਾਊ ਸ਼ਕਤੀ ਲਈ ਥੋੜ੍ਹੀ ਜਿਹੀ ਦੇਸੀ ਖਾਦ ਤੇ ਬਾਹਰ ਪਈ ਮਿੱਟੀ ਦਾ ਰਲੇਵਾਂ ਕਰਕੇ ਅੱਧੀ ਮਿਟੀ ਡੂੰਘੇ ਟੋਏ ਵਿਚ ਮੁੜ ਪਾ ਦਿਉ। ਉਨ੍ਹਾਂ ਟੋਇਆਂ ਨੂੰ ਪਾਣੀ ਨਾਲ ਭਰ ਦਿਉ ਜੋ ਕਿ ਬੂਟਿਆਂ ਦੇ ਵਿਕਾਸ ਲਈ ਪੂਰਨ ਸਹਾਇਕ ਹੋਣਗੇ। ਪਿੰਡਾਂ ਤੇ ਸ਼ਹਿਰਾਂ 'ਚ ਸੜਕਾਂ ਖੁੱਲ੍ਹੀਆਂ ਥਾਵਾਂ ਅਤੇ ਜਿੱਥੇ ਲੋੜ ਹੋਵੇ, ਉਥੇ ਉਸ ਦੀ ਮੰਗ ਅਨੁਸਾਰ ਫਲਾਂ ਵਾਲੇ ਬੋਹੜ, ਪਿੱਪਲ ਆਦਿ ਰੁੱਖ ਲਗਾਏ ਜਾ ਸਕਦੇ ਹਨ।
ਸਕੂਲਾਂ, ਕਾਲਜਾਂ ਵਿਚ ਐੱਨ. ਸੀ. ਸੀ./ਐੱਨ. ਐੱਸ. ਐੱਸ., ਸਕਾਊਟਿੰਗ ਗਰਲ ਗਾਈਡਿੰਗ ਯੂਨਿਟਸ ਹਨ, ਬੂਟੇ ਲਗਾ ਕੇ ਸਾਂਭਣ ਲਈ ਇਸ ਫ਼ੌਜ ਤੋਂ ਲਾਹਾ ਲਿਆ ਜਾ ਸਕਦਾ ਹੈ। ਇਨ੍ਹਾਂ ਨੂੰ ਬੂਟੇ ਲੱਗਣ ਤੋਂ ਇਕ ਸਾਲ ਬਾਅਦ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇ। ਬੱਚੇ ਤੇ ਨੌਜਵਾਨਾਂ ਨੂੰ ਦਿੱਤੀ ਸ਼ਾਬਾਸ਼ ਦੇ ਅਰਥ ਹਮੇਸ਼ਾ ਫਲਦਾਇਕ ਹੋ ਨਿੱਬੜੇ ਹਨ। ਰੁੱਖ ਪ੍ਰੇਮੀਆਂ ਨੂੰ ਚਾਹੀਦਾ ਹੈ ਕਿ ਜਦੋਂ ਘਰ ਲਿਆ ਕੇ ਫਲ ਖਾਣ ਉਨ੍ਹਾਂ ਫਲਾਂ ਦੀਆਂ ਗਿਟਕਾਂ ਡਸਟਬਿਨ ਵਿਚ ਨਾ ਸੁੱਟਣ ਬਲਕਿ ਇਨ੍ਹਾਂ ਨੂੰ ਸੁਕਾ ਕੇ ਜਦੋਂ ਸੈਰ ਕਰਨ ਜਾਣ, ਆਲੇ-ਦੁਆਲੇ ਦੀਆਂ ਸੜਕਾਂ, ਰਸਤਿਆਂ ਦੇ ਨਾਲ ਖਿਲਾਰਦੇ ਜਾਣ। ਵਿਦੇਸ਼ਾਂ ਵਿਚ ਇਸ ਕੌਮੀ ਆਚਰਣ ਨੇ ਸੜਕਾਂ 'ਤੇ ਫਲਾਂ ਵਾਲੇ ਰੁੱਖ ਭਰ ਦਿੱਤੇ ਹਨ। ਲੋਕ ਰੋਜ਼ ਰੱਜ ਕੇ ਇਨ੍ਹਾਂ ਫਲਾਂ ਦੀ ਵਰਤੋਂ ਕਰਦੇ ਹਨ। ਆਓ ਰੁੱਖਾਂ ਦੇ ਸ਼ਾਨਦਰ ਮੌਸਮ ਸਾਵਣ-ਭਾਦੋਂ ਵਿਚ ਅਣਗਿਣਤ ਰੁੱਖ ਲਗਾ ਕੇ ਕੁਦਰਤ ਨੂੰ ਸਲਿਊਟ ਕਰੀਏ।


-(ਲੈਕ: ਸਰੀਰਕ ਸਿੱਖਿਆ) ਸ.ਕੰ.ਸ.ਸ.ਸ. ਲਾਡੋਵਾਲੀ ਰੋਡ, ਜਲੰਧਰ।

ਜਿਵੇਂ ਹੋ, ਤਿਵੇਂ ਰਹੋ

ਹਰੇਕ ਯੁੱਗ ਵਿਚ ਇਨਸਾਨ ਬਣ-ਠਣ ਕਿ ਰਹਿਣ ਦਾ ਸ਼ੌਕੀਨ ਰਿਹਾ ਹੈ। ਪੁਰਾਣੇ ਜ਼ਮਾਨੇ 'ਚ ਮਹਿੰਦੀ, ਸੁਰਮਾ ਜਾਂ ਦੰਦਾਸਾ ਜੇ ਹੁੰਦੇ ਸਨ ਤਾਂ ਅੱਜ ਹਜ਼ਾਰਾਂ ਕਿਸਮ ਦੀਆਂ ਕਰੀਮਾਂ ਜਾਂ ਪਾਊਡਰ ਆਦਿ ਹਨ। ਇਸੇ ਤਰ੍ਹਾਂ ਕਦੇ ਖੁੱਲ੍ਹੇ ਤੇ ਕਦੇ ਤੰਗ ਕੱਪੜੇ, ਘੱਗਰੇ ਤੋਂ ਬੈੱਲ ਬਾਟਮ ਤੇ ਫੇਰ ਤੰਗ ਪਜਾਮੀਆਂ ਦਾ ਸਫਰ ਨਿਰੰਤਰ ਜਾਰੀ ਹੈ। ਵਾਲ ਕਾਲੇ ਕਰਨ ਦੇ ਸੈਂਕੜੇ ਤਰੀਕੇ ਇਜਾਦ ਹੋ ਚੁੱਕੇ ਹਨ। ਵੱਡਾ ਸਵਾਲ ਤਾਂ ਇਹ ਹੈ ਕਿ ਆਖਰ ਉਹ ਕੀ ਮਜਬੂਰੀ ਹੈ, ਇਹ ਸਭ ਕੁਝ ਕਰਨ ਦੀ? ਮੇਰੀ ਸਮਝ ਮੁਤਾਬਿਕ ਤਾਂ ਇਕੋ ਕਾਰਨ ਹੈ, ਮਨੁੱਖ ਆਪਣੇ-ਆਪ ਨੂੰ ਵੱਡਾ ਹੁੰਦਾ ਨਹੀਂ ਦੇਖ/ਸਹਿ ਸਕਦਾ। ਉਹ ਵੱਧਦੀ ਉਮਰ ਨੂੰ ਧੋਖਾ ਦੇਣਾ ਚਾਹੁੰਦਾ ਹੈ। ਪਰ ਉਹ ਭੁੱਲ ਜਾਂਦਾ ਹੈ ਕਿ ਕੁਦਰਤ ਨੇ ਹਰ ਉਮਰ ਨੂੰ ਇਕ ਖਾਸ ਰੂਪ, ਸੁਭਾਅ ਤੇ ਅਨੰਦ ਦੇਣਾ ਹੁੰਦਾ ਹੈ। ਅਸੀਂ ਆਪ ਹੀ ਆਪਣੇ-ਆਪ ਨੂੰ ਇਸ ਤੋਂ ਵਾਂਝੇ ਕਰ ਲੈਂਦੇ ਹਾਂ ਜਿਵੇਂ ਪਿੰਡਾਂ 'ਚੋਂ ਉੱਠ ਕੇ ਵਿਦੇਸ਼ਾਂ ਵਿਚ ਜਾ ਕੇ ਜੇਕਰ ਅਸੀਂ ਆਪਣੀ ਪਛਾਣ ਗੁਆ ਲਵਾਂਗੇ ਤਾਂ, ਸਾਡੇ ਅੰਦਰ ਭਟਕਣ ਵਧੇਗੀ। ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਰੂਪ ਜਾਂ ਸੁਭਾਅ ਨੂੰ ਨਕਲੀਪਨ ਦੇਵਾਂਗੇ ਤਾਂ ਕਦੇ ਵੀ ਅਨੰਦਿਤ ਨਹੀਂ ਹੋ ਸਕਾਂਗੇ। ਹਾਂ ਇਹ ਜ਼ਰੂਰ ਹੋ ਸਕਦਾ ਕਿ ਰੂਪਸੱਜਾ ਨਾਲ ਜੁੜੇ ਲੋਕਾਂ ਦੇ ਵਪਾਰ ਘੱਟ ਜਾਣ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬੀ ਲੋਕਾਂ ਦੇ ਜੀਵਨ ਦੀਆਂ ਆਮ ਗਤੀਵਿਧੀਆਂ ਨਾਲ ਵੀ ਪੰਛੀਆਂ ਦੇ ਰਿਸ਼ਤੇ ਕਿਸੇ ਨਾ ਕਿਸੇ ਰੂਪ'ਚ ਨਿਰੰਤਰ ਜੁੜੇ ਰਹੇ ਹਨ। ਪੰਜਾਬ ਦੇ ਲੋਕ ਰਾਤਾਂ ਨੂੰ ਚਾਰ ਹਿੱਸਿਆਂ (ਪਹਿਰਾਂ) ਵਿਚ ਵੰਡ ਕੇ ਆਪਣੇ ਕੰਮਾਂ ਦੀ ਵਿਉਂਤਬੰਦੀ ਕਰਦੇ ਰਹੇ ਹਨ, ਰਾਤ ਦੇ ਹਰ ਪਹਿਰ ਬਾਅਦ ਘੁੱਗੀਆਂ ਬੋਲਦੀਆਂ ਸਨ, ਤੜਕੇ ਨੂੰ ਕੰਮ 'ਤੇ ਜਾਣ ਲਈ ਕੁੱਕੜ ਦੀ ਬਾਂਗ ਅਲਾਰਮ ਦਾ ਕੰਮ ਕਰਦੀ ਸੀ, ਬਨੇਰਿਆਂ'ਤੇ ਬੈਠ ਕੇ ਕਾਵਾਂ ਦਾ ਕੁਰਲਾਉਣਾਂ ਘਰ ਵਿਚ ਪਿਆਰੇ ਮਹਿਮਾਨਾਂ ਦੀ ਆਮਦ ਦਾ ਸੰਕੇਤ ਸਮਝਿਆ ਜਾਂਦਾ ਸੀ, ਇਸੇ ਤਰ੍ਹਾਂ ਪਪੀਹੇ ਦੇ ਬੋਲਣ ਨੂੰ ਮੀਂਹ ਵਰ੍ਹਨ ਦੀ ਸੰਭਾਵਨਾ ਵਜੋਂ ਵੇਖਿਆ ਜਾਂਦਾ ਸੀ।
ਹਰੇ-ਭਰੇ ਤੇ ਸੰਘਣੀਆਂ ਛਾਵਾਂ ਵਾਲੇ ਬਿਰਛਾਂ ਵਿਚ ਸੂਰਜ ਚੜ੍ਹਨ ਤੋਂ ਪਹਿਲਾਂ ਪੰਛੀਆਂ ਦੀਆਂ ਵੰਨ ਸੁਵੰਨੀਆਂ ਤੇ ਖ਼ੂਬਸੂਰਤ ਆਵਾਜ਼ਾਂ ਦਾ ਥ੍ਹਿਰਕਦਾ ਸੰਗੀਤ ਇਨਸਾਨਾਂ ਦਾ ਮਨ ਮੋਹ ਲੈਂਦਾ ਸੀ, ਅੱਜ ਅਜਿਹੇ ਸੁੰਦਰ ਗੀਤ ਗਾਉਣ ਵਾਲੇ ਕਈ ਕੀਮਤੀ ਪੰਛੀਆਂ ਦੀਆਂ ਜਾਤੀਆਂ ਅਲੋਪ ਹੋ ਚੁੱਕੀਆਂ ਹਨ।
ਪੰਛੀ ਕਿਸਾਨਾਂ ਦੀਆਂ ਫ਼ਸਲਾਂ ਦੇ ਹਾਨੀਕਾਰਕ ਕੀੜੇ ਖਾ ਕੇ ਖੇਤੀ ਦੇ ਕੰਮ ਵਿਚ ਸਹਾਈ ਹੁੰਦੇ ਸਨ, ਅਜਿਹੇ ਪੰਛੀਆਂ ਵਿਚ ਘੁੱਗੀਆਂ, ਸ਼ਾਰਕਾਂ (ਗੁਟਾਰਾਂ) ਕਮਾਦੀ ਕੁੱਕੜ, ਬੁਲਬੁਲਾਂ ਟਟ੍ਹੀਰੀਆਂ ਤੇ ਚੇਪੂ ਸ਼ਾਮਿਲ ਸਨ । ਕਾਂ ਤੋਤੇ ਤੇ ਚਿੜੀਆਂ ਕਈ ਵਾਰ ਕਈ ਫ਼ਸਲਾਂ ਦਾ ਨੁਕਸਾਨ ਵੀ ਕਰ ਜਾਂਦੇ ਸਨ, ਚਿੜੀਆਂ ਦੇ ਝੁੰਡ ਤਾਂ ਆਪਣੀਆਂ ਚੁੰਜਾਂ ਨਾਲ ਬਾਜਰੇ ਦੇ ਸਿੱਟਿਆਂ'ਚੋਂ ਦਾਣੇ ਕੱਢ ਕੇ ਇਨ੍ਹਾਂ ਨੂੰ ਖਾਲੀ ਕਰ ਦਿੰਦੇ ਸਨ, ਚਿੜੀਆਂ ਦੇ ਝੁੰਡ ਨੂੰ'ਸਰਾਘਾ'ਕਿਹਾ ਜਾਂਦਾ ਸੀ ਇਨ੍ਹਾਂ ਨੂੰ ਮਾਰਨਾਂ ਅਨੈਤਿਕ ਸਮਝਿਆ ਜਾਂਦਾ ਸੀ, ਪੁਰਾਣੇ ਵੇਲੇ ਨੀਲੇ ਰੰਗ ਦਾ ਇਕ ਖੂਬਸੂਰਤ ਤੇ ਸਮੱਰਥਾਵਾਨ ਪੰਛੀ ਹੁੰਦਾ ਸੀ'ਬੜਕੌਂਕ'ਇਸ ਨੂੰ ਗਰੁੜ ਕਿਹਾ ਜਾਂਦਾ ਸੀ। ਅੰਬਾਂ ਨੂੰ ਫਲ ਪੈਣ ਉਪਰੰਤ ਬਾਗਾਂ ਵਿਚ ਕੋਇਲਾਂ ਆਪਣੀ ਮਧੁਰ ਆਵਾਜ਼ ਨਾਲ ਸਭ ਦਾ ਮੰਨੋਰਜਨ ਕਰਦੀਆਂ ਸਨ।
ਪੰਜਾਬੀ ਸੱਭਿਆਚਾਰ ਦੀ ਸ਼ਾਨਾਮੱਤੀ ਬੁਨਿਆਦ ਵਿਚ ਪੱਕੀਆਂ ਤੇ ਖ਼ੂਬਸੂਰਤ ਇੱਟਾਂ ਪੰਜਾਬੀ ਭਾਸ਼ਾ ਤੇ ਸਾਹਿਤ ਨੇ ਧਰੀਆਂ ਹਨ, ਪੰਜਾਬੀਆਂ ਦੀ ਵਿਸ਼ਾਲ ਤੇ ਸੁਹਿਰਦ ਮਾਨਸਿਕਤਾ ਉਨ੍ਹਾਂ ਦੀ ਮਿੱਤਰਤਾ, ਸੱਜਣਤਾਈ ਤੇ ਪ੍ਰਾਹੁਣਚਾਰੀ ਦੇ ਗੁਣਾਂ ਨੂੰ ਪ੍ਰਕਾਸ਼ਮਾਨ ਤੇ ਕੋਨੇ'ਕੋਨੇ ਤੱਕ ਪੁੱਜਦੇ ਕਰਨ ਦਾ ਕੰਮ ਵੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੇ ਹੀ ਕੀਤਾ ਹੈ।
ਪੁਰਾਣੇਪੇਂਡੂ ਸਮਾਜ ਵਿਚ ਪੰਜਾਬੀਆਂ ਦੀ ਭਾਵੀ ਤੇ ਕਰਾਮਾਤੀ ਮਾਨਸਿਕਤਾ ਦੇ ਵਿਭਾਜਨ ਤੇ ਇਸ ਨੂੰ ਲੀਰੋ ਲੀਰ ਕਰਕੇ ਵਿਕੇਂਦਰਿਤ ਕਰਨ ਦਾ ਘਿਨਾਉਣਾ ਕੰਮ ਧਰਮ ਤੇ ਰਾਜਨੀਤੀ ਦੇ ਸੰਚਾਲਕਾਂ ਨੇ ਸ਼ੁਰੂ ਨਹੀਂ ਸੀ ਕੀਤਾ, ਇਸੇ ਕਰਕੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਉਸਾਰੀ ਵਿਚ ਇਕ ਸਰਬਸਾਂਝੇ ਪਰਿਵਾਰ ਦੇ ਰੂਪ ਵਿਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਅਤੇ ਹੋਰ ਫਿਰਕਿਆਂ ਤੇ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੇ ਸੁਹਿਰਦ ਮਨਾਂ ਨਾਲ ਬਰਾਬਰ ਹਿੱਸਾ ਪਾਇਆ।
ਪੰਜਾਬੀ ਭਾਸ਼ਾ ਨੂੰ ਇਕ ਮੁਸਲਮਾਨ ਕਵੀ ਫਿਰੋਜ਼ਦੀਨ ਸਰਫ਼ ਨੇ ਇਹ ਲਿਖ ਕੇ ਇਤਿਹਾਸਕ ਮਾਣ ਬਖਸ਼ਿਆ ਸੀ-
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ,
ਵਾਰਸਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ,
ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ।
ਰਹਾਂ ਏਥੇ ਤੇ ਯੂ.ਪੀ. ਵਿਚ ਕਰਾਂ ਗੱਲਾਂ,
ਐਸੀ ਅਕਲ ਨੂੰ ਛਿੱਕੇ'ਤੇ ਟੰਗਦਾਂ ਹਾਂ।
ਲੋਂਗ ਕਿਸੇ ਪੰਜਾਬਣ ਦੀ ਨੱਥ ਦਾ ਹਾਂ,
ਟੋਟਾ ਕਿਸੇ ਪੰਜਾਬ ਦੀ ਵੰਗ ਦਾ ਹਾਂ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਪਰਕ : 94632-33991.

ਵਿਰਸੇ ਦੀਆਂ ਬਾਤਾਂ

ਘਰ ਬਣਾਉਣਾ ਕੋਈ ਮੇਰੇ ਤੋਂ ਸਿੱਖੇ

ਘਰ ਬਣਾਉਣਾ ਮਨੁੱਖ ਦੀ ਨਹੀਂ, ਪੰਛੀਆਂ ਦੀ ਵੀ ਪਹਿਲੀ ਲੋੜ ਹੈ। ਚਿੜੀਆਂ, ਘੁੱਗੀਆਂ, ਕਬੂਤਰਾਂ ਨੂੰ ਤੀਲਾ-ਤੀਲਾ 'ਕੱਠਾ ਕਰਦਿਆਂ ਦੇਖ ਖਿਆਲ ਆਉਂਦੈ, ਇਹ ਵੀ ਘਰ ਦੀ ਲੋੜ ਨੂੰ ਸਮਝਦੇ ਹਨ। ਚੋਗੇ ਖਾਤਰ ਦਿਨ ਭਰ ਕਿਤੇ ਵੀ ਜਾਣ, ਪਰ ਅਸਲ ਆਰਾਮ ਆਪਣੇ ਘਰ ਆ ਕੇ ਮਿਲਦਾ। ਜਦੋਂ ਉੁਨ੍ਹਾਂ ਪੰਛੀਆਂ ਦਾ ਘਰ ਹਨੇਰੀ ਜਾਂ ਕਿਸੇ ਜਾਨਵਰ ਦੇ ਹਮਲੇ ਨਾਲ ਢਹਿ ਜਾਂਦਾ ਤਾਂ ਪੰਛੀ ਮਸੋਸੇ ਜਾਂਦੇ ਹਨ। ਖਿੱਲਰੇ ਤੀਲੇ ਦੇਖ ਉਨ੍ਹਾਂ ਦੀਆਂ ਵੀ ਅੱਖਾਂ ਭਰਦੀਆਂ ਹੋਣਗੀਆਂ। ਜੇ ਸਾਡੇ ਘਰ ਨੂੰ ਕੋਈ ਅਚਾਨਕ ਆ ਕੇ ਢਾਹ ਦੇਵੇੇ, ਮੀਂਹ, ਹਨੇਰੀ, ਭੁਚਾਲ ਨਾਲ ਢਹਿ ਜਾਵੇ ਤਾਂ ਸਾਡੇ 'ਤੇ ਕੀ ਬੀਤੇਗੀ?
ਇਸ ਤਸਵੀਰ ਨੂੰ ਦੇਖ ਮਨ ਅਸ਼-ਅਸ਼ ਕਰ ਉੱਠਿਆ। ਬਿਜੜੇ ਵਰਗਾ ਘਰ ਕੋਈ ਬਣਾ ਹੀ ਨਹੀਂ ਸਕਦਾ। ਨਿੱਕਾ ਜਿੰਨਾ ਪੰਛੀ ਘਰ ਬਣਾਉਣ ਵਿਚ ਏਨਾ ਵੱਡਾ ਇੰਜੀਨੀਅਰ ਸਾਬਤ ਹੁੰਦਾ ਕਿ ਪੁੱਛੋ ਕੁਝ ਨਾ। ਕਦੇ ਬਿਜੜੇ ਦੇ ਆਲ੍ਹਣੇ ਨੂੰ ਅੰਦਰੋਂ ਫਰੋਲ ਕੇ ਦੇਖਿਓ, ਤੁਹਾਨੂੰ ਮੰਜ਼ਲਾਂ ਨਜ਼ਰ ਆਉਣਗੀਆਂ। ਜਿਵੇਂ ਉਹਨੇ ਸੌਣ ਲਈ ਵੱਖਰੀ ਮੰਜ਼ਲ ਰੱਖੀ ਹੋਵੇ ਤੇ ਬਾਕੀ ਕੰਮਾਂ ਲਈ ਵੱਖਰੀ। ਉਹ ਏਨੀ ਮਿਹਨਤ ਨਾਲ ਘਰ ਬਣਾਉਂਦਾ ਹੈ ਕਿ ਉਸ ਵਰਗੀ ਉਦਾਹਰਨ ਹੀ ਕੋਈ ਹੋਰ ਨਹੀਂ।
ਬਿਜੜਾ ਜਦੋਂ ਮੀਂਹ-ਕਣੀ ਮੌਕੇ ਸਿਰ ਬਾਹਰ ਕੱਢ ਕੇ ਹਾਲਾਤ ਦੇਖਦਾ ਹੈ ਤਾਂ ਕਿੰਨਾ ਪਿਆਰਾ ਲਗਦਾ ਹੈ। ਜਿਵੇਂ ਅਸੀਂ ਘਰੋਂ ਨਿਕਲਣ ਵੇਲੇ ਕਹਿੰਦੇ ਹਾਂ, 'ਮਾੜਾ ਜਿਹਾ ਮੀਂਹ ਹਟ ਜਾਵੇ, ਫੇਰ ਘਰੋਂ ਨਿਕਲਦੇ ਹਾਂ।' ਜਾਪਦੈ, ਬਿਜੜਾ ਵੀ ਇਵੇਂ ਸੋਚਦਾ ਹੋਵੇਗਾ। ਵਿਹਲੜ ਲੋਕ ਜਿਹੜੇ ਨਰੋਆ ਸਰੀਰ ਹੋਣ ਦੇ ਬਾਵਜੂਦ ਹਾਲਾਤ ਵਿਚ ਕਸੂਰ ਕੱਢਦੇ ਰਹਿੰਦੇ ਹਨ ਕਿ ਅਸੀਂ ਕੀ ਕਰੀਏ, ਸਾਡੇ ਪੱਲੇ ਕੁੱਝ ਨਹੀਂ। ਉਨ੍ਹਾਂ ਨੂੰ ਮਿਹਨਤ ਪੰਛੀਆਂ ਤੋਂ ਸਿੱਖਣੀ ਚਾਹੀਦੀ ਹੈ। ਇਨ੍ਹਾਂ ਵਾਂਗ ਉੱਚੇ ਉੱਡ ਕੇ ਜ਼ਮੀਨ ਨਾਲ ਜੁੜੇ ਰਹਿਣ ਦਾ ਚੱਜ ਸਿੱਖਣ ਦੀ ਲੋੜ ਹੈ। ਇਨ੍ਹਾਂ ਵਾਂਗ ਮੁਸ਼ਕਲ ਹਾਲਾਤ ਨਾਲ ਮੱਥਾ ਲਾਉਣਾ ਸਿੱਖਣਾ ਚਾਹੀਦਾ। ਗੱਲ 'ਕੱਲੇ ਬਿਜੜੇ ਦੀ ਨਹੀਂ, ਹਰ ਉਸ ਪ੍ਰਾਣੀ ਦੀ ਹੈ, ਜਿਹੜਾ ਜਿਊਂਦਾ ਹੈ ਤੇ ਜਿਊਂਦੇ ਹੋਣ ਦਾ ਫ਼ਰਜ਼ ਅਦਾ ਕਰਦਾ ਹੈ। ਮਜਬੂਰੀਆਂ 'ਚ ਜਿਊਣਾ ਤੇ ਜਿਊਂਦੇ ਜੀਅ ਮਰੂੰ-ਮਰੂੰ ਕਰਦੇ ਰਹਿਣਾ ਸਿਰਫ਼ ਇਨਸਾਨੀ ਸੁਭਾਅ ਦੇ ਹਿੱਸੇ ਆਇਆ ਹੈ, ਪੰਛੀਆਂ ਦੇ ਨਹੀਂ। ਕਦੇ ਕੀੜੀਆਂ ਦੀ ਕਤਾਰ ਨੂੰ ਦੇਖ ਕੇ ਉਨ੍ਹਾਂ ਦੇ ਏਕੇ, ਮੰਜ਼ਲ ਦੀ ਤਾਂਘ ਅਤੇ ਮੀਂਹ ਤੋਂ ਪਹਿਲਾਂ ਖੁੱਡ ਵਿਚ ਦਾਣਾ-ਪਾਣੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵੱਲ ਗੌਰ ਕਰਿਓ, ਬੜਾ ਕੁਝ ਸਿੱਖਣ ਨੂੰ ਮਿਲੇਗਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX