ਤਾਜਾ ਖ਼ਬਰਾਂ


ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  20 minutes ago
ਚੰਡੀਗੜ੍ਹ, 23 ਅਕਤੂਬਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੇ ਇਨਸਾਫ਼ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ...
ਰੇਲ ਗੱਡੀ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ
. . .  39 minutes ago
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)- ਰੇਲਵੇ ਪੁਲਿਸ ਚੌਕੀ ਚਾਵਾ ਅਧੀਨ ਆਉਂਦੇ ਰੇਲਵੇ ਫਾਟਕ ਰੁਪਾਲੋਂ ਨੇੜੇ ਅੱਜ ਰੇਲ ਗੱਡੀ ਹੇਠਾਂ ਆਉਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ (47) ਵਾਸੀ ਪਿੰਡ ਮੰਡਿਆਲਾ ਖੁਰਦ ਦੇ...
ਮਿਲਾਵਟ ਖੋਰ ਲੋਕਾਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਜਾਵੇ- ਪੰਨੂ
. . .  27 minutes ago
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟ ਖੋਰ ਲੋਕ, ਜਿਹੜੇ ਨਕਲੀ (ਸਿੰਥੈਟਿਕ) ਦੁੱਧ ਤਿਆਰ ਕਰਕੇ ਖਾਣ-ਪੀਣ ਵਾਲੀਆਂ ਵਸਤਾਂ ਬਣਾ ਕੇ...
ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  51 minutes ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਾਝੇ ਦੇ ਟਕਸਾਲੀ ਅਕਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਪਾਰਟੀ ਦੇ ਅਹੁਦੇ ਦੇ ਤੋਂ ਅਸਤੀਫ਼ਾ...
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਕੇਝੀ ਨੇ ਅੱਜ ਰਾਜਧਾਨੀ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਰਾਜਨਾਥ ਸਿੰਘ ਨੇ ਕੀਤੀ ਬੈਠਕ
. . .  about 1 hour ago
ਸ੍ਰੀਨਗਰ, 23 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਇੱਕ ਦਿਨਾਂ ਦੌਰੇ 'ਤੇ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਸੂਬੇ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਇੱਕ ਬੈਠਕ ਕੀਤੀ। ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਸੂਬੇ...
ਰਾਕੇਸ਼ ਅਸਥਾਨਾ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਸੀ. ਬੀ. ਆਈ. ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੇ ਵੀ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਇਹ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਵਿਰੁੱਧ ਦਾਇਰ ਕੀਤੀ ਗਈ ਐੱਫ. ਆਈ. ਆਰ. ਨੂੰ ਰੱਦ ਕੀਤਾ ਜਾਵੇ ਅਤੇ...
ਮਾਝੇ ਦੇ ਰੁੱਸੇ ਤਿੰਨ ਟਕਸਾਲੀ ਅਕਾਲੀ ਆਗੂ ਅੱਜ ਕਰ ਸਕਦੇ ਹਨ ਵੱਡਾ ਧਮਾਕਾ
. . .  about 1 hour ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਨਾਰਾਜ਼ ਚੱਲੇ ਆ ਰਹੇ ਮਾਝੇ ਦੇ ਤਿੰਨ ਟਕਸਾਲੀ ਆਗੂਆਂ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੈਂਬਰ ਪਾਰਲੀਮੈਂਟ ਡਾ. ਰਤਨ...
ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਜਰਮਨ ਕੋਲੋਂ ਪੁਲਿਸ ਨੇ ਵੱਡੀ ਗਿਣਤੀ 'ਚ ਬਰਾਮਦ ਕੀਤਾ ਅਸਲਾ
. . .  about 1 hour ago
ਪਟਿਆਲਾ, 23 ਅਕਤੂਬਰ (ਅਮਨਦੀਪ ਸਿੰਘ)- ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਕਰਨ ਵਾਲੇ ਜਰਮਨ ਸਿੰਘ ਪੁੱਤਰ ਕੁਲਵੰਤ...
ਸ਼੍ਰੋਮਣੀ ਕਮੇਟੀ ਨੇ ਵਾਪਸ ਬੁਲਾਏ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ 'ਚ ਸ਼ਾਮਲ ਦੋਵੇਂ ਮੈਂਬਰ
. . .  17 minutes ago
ਅੰਮ੍ਰਿਤਸਰ, 23 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਅਤੇ 12ਵੀਂ ਦੇ ਸਿਲੇਬਸ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਸਿਲੇਬਸ ਕਮੇਟੀ 'ਚ ਸ਼ਾਮਲ ਆਪਣੇ ਦੋਹਾਂ ਮੈਂਬਰਾਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਹਿੰਦੀ ਵਿਅੰਗ: ਪ੍ਰੇਮ ਚੰਦ ਦੀ ਪਾਟੀ ਜੁੱਤੀ

ਪ੍ਰੇਮ ਚੰਦ ਦਾ ਇਕ ਚਿੱਤਰ ਮੇਰੇ ਸਾਹਮਣੇ ਹੈ | ਪਤਨੀ ਨਾਲ ਫੋਟੋ ਖਿਚਵਾ ਰਹੇ ਹਨ | ਸਿਰ ਉੱਪਰ ਮੋਟੇ ਕੱਪੜੇ ਦੀ ਟੋਪੀ, ਕੁੜਤਾ ਅਤੇ ਧੋਤੀ ਪਹਿਨੀ ਹੋਈ ਹੈ | ਪੁੜਪੜੀਆਂ ਅੰਦਰ ਨੂੰ ਧਸੀਆਂ, ਗਲ੍ਹਾਂ ਦੀਆਂ ਹੱਡੀਆਂ ਬਾਹਰ ਨੂੰ ਉਭਰੀਆਂ ਹੋਈਆਂ ਹਨ | ਪਰ ਸੰਘਣੀਆਂ ਮੁੱਛਾਂ ਨਾਲ ਚਿਹਰਾ ਭਰਿਆ ਲਗਦਾ ਹੈ |
ਪੈਰਾਂ 'ਚ ਕੈਨਵਸ ਦੀਆਂ ਜੁੱਤੀਆਂ ਪਾਈਆਂ ਹੋਈਆਂ ਹਨ | ਜਿਨ੍ਹਾਂ ਦੇ ਤਸਮੇ ਬੇਤਰਤੀਬੇ ਬੰਨ੍ਹੇ ਹੋਏ ਹਨ | ਲਾਪ੍ਰਵਾਹੀ ਨਾਲ ਵਰਤਣ ਕਰ ਕੇ ਤਸਮਿਆਂ ਦੇ ਸਿਰਿਆਂ ਉੱਪਰਲੀ ਲੋਹੇ ਦੀ ਪੱਤੀ ਨਿਕਲ ਜਾਂਦੀ ਹੈ | ਮੋਰੀਆਂ 'ਚੋਂ ਫੀਤਾ ਪਾਣ ਸਮੇਂ ਪ੍ਰੇਸ਼ਾਨੀ ਆਉਂਦੀ ਹੈ | ਫੇਰ ਤਸਮੇ ਜਿਮੇਂ-ਕਿਮੇਂ ਕੱਸ ਲਏ ਜਾਂਦੇ ਹਨ |
ਸੱਜੇ ਪੈਰ ਦੀ ਜੁੱਤੀ ਤਾਂ ਠੀਕ ਹੈ ਪਰ ਖੱਬੇ ਪੈਰ ਦੀ ਜੁੱਤੀ 'ਚ ਵੱਡੀ ਮੋਰੀ ਹੋ ਗਈ ਹੈ | ਮੋਰੀ ਵਿਚੋਂ ਉਂਗਲੀ ਬਾਹਰ ਨਿਕਲ ਆਈ ਹੈ | ਮੇਰੀ ਨਜ਼ਰ ਇਸ ਜੁੱਤੀ 'ਤੇ ਆ ਕੇ ਰੁਕ ਗਈ ਹੈ | ਸੋਚਦਾ ਹਾਂ, ਫੋਟੋ ਖਿਚਵਾਣ ਦੀ, ਜੇ ਇਹ ਲਿਬਾਸ ਹੈ ਤਾਂ ਆਮ ਪਹਿਚਾਣ ਵਾਲਾ ਲਿਬਾਸ ਕਿਹੋ ਜਿਹਾ ਹੋਵੇਗਾ? ਨਹੀਂ, ਇਸ ਆਦਮੀ ਕੋਲ ਵੱਖੋ-ਵੱਖਰੀਆਂ ਪੁਸ਼ਾਕਾਂ ਨਹੀਂ ਹੋਣਗੀਆਂ | ਇਹਦੇ 'ਚ ਪਹਿਰਾਵੇ ਬਦਲਣ ਦਾ ਗੁਣ ਨਹੀਂ ਹੈ | ਇਹ ਜਿਸ ਤਰ੍ਹਾਂ ਦਾ ਹੈ, ਉਸੇ ਤਰ੍ਹਾਂ ਦਾ ਫੋਟੋ 'ਚ ਦਿਖਾਈ ਦਿੰਦਾ ਹੈ |
ਮੈਂ ਫੋਟੋ ਵੱਲ ਵੇਖਦਾ ਹਾਂ | ਕੀ ਤੈਨੂੰ ਪਤਾ ਹੈ, ਮੇਰੇ ਸਾਹਿਤਕ ਪੁਰਖੇ ਕਿ ਤੇਰੀ ਜੁੱਤੀ ਫਟ ਗਈ ਹੈ ਅਤੇ ਉਂਗਲੀ ਬਾਹਰ ਦਿਸ ਰਹੀ ਹੈ? ਕੀ ਤੈਨੂੰ ਇਸ ਦਾ ਭੋਰਾ ਵੀ ਅਹਿਸਾਸ ਨਹੀਂ? ਭੋਰਾ ਵੀ ਸ਼ਰਮ ਨਹੀਂ, ਸੰਕੋਚ ਜਾਂ ਸ਼ਰਮਿੰਦਗੀ ਨਹੀਂ ਹੈ? ਕੀ ਤੈਨੂੰ ਐਨੀ ਵੀ ਸਮਝ ਨਹੀਂ ਕਿ ਧੋਤੀ ਨੂੰ ਥੋੜ੍ਹਾ ਹੇਠਾਂ ਬੰਨ੍ਹ ਕੇ ਉਂਗਲੀ ਢਕੀ ਜਾ ਸਕਦੀ ਹੈ? ਪਰ ਫਿਰ ਵੀ ਤੇਰੇ ਚਿਹਰੇ 'ਤੇ ਬੜੀ ਬੇਪ੍ਰਵਾਹੀ ਅਤੇ ਬੜਾ ਵਿਸ਼ਵਾਸ ਹੈ | ਫੋਟੋਗ੍ਰਾਫਰ ਨੇ ਜਦੋਂ 'ਰੈਡੀ ਪਲੀਜ਼' ਕਿਹਾ ਹੋਵੇਗਾ, ਉਦੋਂ ਪਰੰਪਰਾ ਮੁਤਾਬਿਕ ਤੂੰ ਮੁਸਕਰਾਣ ਦਾ ਯਤਨ ਕੀਤਾ ਹੋਵੇਗਾ | ਦਰਦ ਦੇ ਡੰੂਘੇ ਖੂਹ ਦੇ ਤਲ 'ਤੇ ਪਈ ਮੁਸਕਾਨ ਨੂੰ ਖਿੱਚ ਕੇ ਤੂੰ ਹੌਲੀ-ਹੌਲੀ ਉਤਾਂਹ ਲਿਆਉਣ ਦੀ ਕੋਸ਼ਿਸ਼ ਕਰ ਹੀ ਰਿਹਾ ਹੋਵੇਂਗਾ ਕਿ ਵਿਚਾਲੇ ਹੀ 'ਕਲਿੱਕ' ਕਰਕੇ ਫੋਟੋਗ੍ਰਾਫਰ ਨੇ 'ਥੈਂਕ ਯੂ' ਬੋਲ ਦਿੱਤਾ ਹੋਵੇਗਾ | ਬੜੀ ਅਦਭੁੱਤ ਹੈ ਇਹ ਅਧੂਰੀ ਮੁਸਕਾਨ | ਇਹ ਮੁਸਕਾਨ ਨਹੀਂ, ਇਸ ਵਿਚ ਹਾਸਾ ਠੱਠਾ ਹੈ, ਵਿਅੰਗ ਹੈ |
ਇਹ ਕਿਹੋ ਜਿਹਾ ਬੰਦਾ ਹੈ, ਜਿਹੜਾ ਆਪ ਤਾਂ ਟੁੱਟੀਆਂ ਜੁੱਤੀਆਂ ਪਹਿਨ ਕੇ ਫੋਟੋ ਖਿਚਵਾ ਰਿਹਾ ਹੈ ਪਰ ਕਿਸੇ ਹੋਰ 'ਤੇ ਹੱਸ ਵੀ ਰਿਹਾ ਹੈ | ਫੋਟੋ ਹੀ ਖਿਚਾਉਣੀ ਸੀ, ਠੀਕ ਜੁੱਤੀਆਂ ਪਾ ਲੈਂਦਾ ਜਾਂ ਫੋਟੋ ਖਿਚਾਉਂਦਾ ਹੀ ਨਾ | ਫੋਟੋ ਨਾ ਖਿਚਵਾਣ ਨਾਲ ਕੀ ਵਿਗੜ ਚੱਲਿਆ ਸੀ | ਹੋ ਸਕਦਾ ਪਤਨੀ ਨੇ ਜ਼ਿੱਦ ਕੀਤੀ ਹੋਵੇ ਅਤੇ ਉਹ 'ਚੰਗਾ ਚਲ ਭਾਈ' ਕਹਿ ਕੇ ਬੈਠ ਗਿਆ ਹੋਵੇਗਾ | ਪਰ ਇਹ ਕਿੱਡਾ ਵੱਡਾ ਦੁਖਾਂਤ ਹੈ ਕਿ ਆਦਮੀ ਕੋਲ ਫੋਟੋ ਖਿਚਾਣ ਲਈ ਵੀ ਜੁੱਤੀਆਂ ਨਾ ਹੋਣ? ਮੈਂ ਤੇਰੀ ਇਹ ਫੋਟੋ ਦੇਖਦੇ-ਦੇਖਦੇ ਤੇਰੀ ਹਾਲਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਰੋਣਾ ਚਾਹੁੰਦਾ ਹਾਂ | ਪਰ ਤੇਰੀਆਂ ਅੱਖਾਂ ਦਾ ਤਿੱਖਾ ਦਰਦ ਵਿਅੰਗ, ਮੈਨੂੰ ਇੰਜ ਕਰਨੋਂ ਰੋਕ ਦਿੰਦਾ ਹੈ |
ਤੁਸੀਂ ਫੋਟੋ ਦੀ ਅਹਿਮੀਅਤ ਨਹੀਂ ਸਮਝਦੇ | ਸਮਝਦੇ ਹੁੰਦੇ ਤਾਂ ਫੋਟੋ ਖਿਚਵਾਣ ਲਈ ਜੁੱਤੀਆਂ ਕਿਸੇ ਕੋਲੋਂ ਮੰਗ ਲੈਂਦੇ | ਲੋਕ ਤਾਂ ਮੰਗਵੇਂ ਕੋਟ ਨਾਲ ਕੁੜੀ ਵੇਖਣ ਚਲੇ ਜਾਂਦੇ ਹਨ | ਮੰਗਵੀਂ ਮੋਟਰ ਗੱਡੀ 'ਤੇ ਬਾਰਾਤ ਚੜ੍ਹਾ ਕੇ ਲੈ ਜਾਂਦੇ ਹਨ | ਫੋਟੋ ਖਿਚਵਾਣ ਖਾਤਰ ਤਾਂ ਪਤਨੀ ਤੱਕ ਮੰਗ ਲਈ ਜਾਂਦੀ ਹੈ | ਤੁਸੀਂ ਜੁੱਤੀ ਵੀ ਨਹੀਂ ਮੰਗ ਸਕੇ | ਥੋਨੂੰ ਫੋਟੋ ਦਾ ਮਹੱਤਵ ਨਹੀਂ ਪਤਾ | ਲੋਕ ਤਾਂ ਇਤਰ ਲਗਾ ਕੇ ਫੋਟੋ ਖਿਚਵਾਂਦੇ ਹਨ ਤਾਂ ਕਿ ਫੋਟੋ 'ਚੋਂ ਖੁਸ਼ਬੂ ਆਵੇ | ਗੰਦੇ ਤੋਂ ਗੰਦੇ ਬੰਦੇ ਦੀ ਫੋਟੋ 'ਚੋਂ ਵੀ ਖੁਸ਼ਬੂ ਆਉਂਦੀ ਹੈ |
ਟੋਪੀ ਤਾਂ ਅੱਠ ਆਨੇ ਦੀ ਮਿਲ ਜਾਂਦੀ ਹੈ | ਉਸ ਸਮੇਂ ਜੁੱਤੀ ਪੰਜ ਰੁਪਈਏ ਤੋਂ ਘੱਟ ਨਹੀਂ ਆਉਂਦੀ ਹੋਣੀ | ਜੁੱਤੀ ਹਮੇਸ਼ਾ ਟੋਪੀ ਤੋਂ ਮਹਿੰਗੀ ਹੀ ਰਹੀ ਹੈ | ਹੁਣ ਤਾਂ ਜੁੱਤੀਆਂ ਹੋਰ ਮਹਿੰਗੀਆਂ ਹੋ ਗਈਆਂ ਹਨ | ਇਕ ਜੁੱਤੀ ਦੇ ਜੋੜੇ ਦੀ ਕੀਮਤ ਪੱਚੀ ਟੋਪੀਆਂ ਜਿੰਨੀ ਹੋ ਗਈ ਹੈ | ਤੁਸੀਂ ਵੀ ਟੋਪੀ ਅਤੇ ਜੁੱਤੀ ਦੇ ਅਨੁਪਾਦਕ ਮੁੱਲ ਦੀ ਮਾਰ ਥੱਲੇ ਆ ਗਏ | ਮੈਨੂੰ ਕਦੀ ਪਹਿਲਾਂ ਇਹ ਗੱਲ ਐਨੀ ਨਹੀਂ ਚੁੱਭੀ, ਜਿੰਨੀ ਅੱਜ ਚੁੱਭੀ ਹੈ | ਤੁਸੀਂ ਮਹਾਨ ਕਹਾਣੀਕਾਰ, ਨਾਵਲ ਸਮਰਾਟ, ਯੁੱਗ ਪ੍ਰਵਰਤਕ, ਪਤਾ ਨਹੀਂ ਕੀ-ਕੀ ਕਹਾਉਂਦੇ ਸੀ, ਪਰ ਫੋਟੋ ਵਿਚ ਤੁਹਾਡੀ ਜੁੱਤੀ ਫਟੀ ਹੋਈ ਹੈ |
ਮੇਰੀ ਜੁੱਤੀ ਵੀ ਬਹੁਤੀ ਚੰਗੀ ਨਹੀਂ ਹੈ | ਉਪਰੋਂ ਚੰਗੀ ਦੀਂਹਦੀ ਹੈ | ਉਂਗਲੀ ਬਾਹਰ ਨਹੀਂ ਨਿਕਲਦੀ | ਪਰ ਉਂਗਲੀ ਦੇ ਹੇਠਾਂ ਤਲਾ ਫਟ ਗਿਆ ਹੈ | ਅੰਗੂਠਾ ਧਰਤੀ ਨਾਲ ਘਿਸਰਦਾ ਹੈ | ਤਿੱਖੇ ਰੋੜੇ ਨਾਲ ਰਗੜ ਖਾ ਕੇ ਕਈ ਵਾਰ ਲਹੂ-ਲੁਹਾਣ ਵੀ ਹੋ ਜਾਂਦਾ ਹੈ | ਜੇ ਕਿਤੇ ਪੂਰਾ ਤਲਾ ਹੀ ਡਿੱਗ ਗਿਆ ਤਾਂ ਪੰਜਾ ਛਿੱਲਿਆ ਜਾਵੇਗਾ ਪਰ ਉਂਗਲੀ ਬਾਹਰ ਨਹੀਂ ਦਿਸੇਗੀ | ਪਰ ਥੋਡੀ ਤਾਂ ਉਂਗਲੀ ਬਾਹਰ ਦਿਸਦੀ ਹੈ | ਪੈਰ ਤਾਂ ਸਹੀ ਸਲਾਮਤ ਹੈ | ਮੇਰੀ ਉਂਗਲੀ ਢਕੀ ਹੋਈ ਹੈ ਪਰ ਪੰਜਾ ਥੱਲਿਉਂ ਘਿਸਰ ਰਿਹਾ ਹੈ | ਤੁਸੀਂ ਪਰਦੇ ਦੀ ਅਹਿਮੀਅਤ ਨਹੀਂ ਜਾਣਦੇ | ਅਸੀਂ ਪਰਦੇ ਤੋਂ ਕੁਰਬਾਨ ਹੋ ਰਹੇ ਹਾਂ |
ਫਟੀ ਜੁੱਤੀ ਪਾ ਕੇ ਵੀ ਤੁਸੀਂ ਬੜੇ ਠਾਠ ਨਾਲ ਬੈਠੇ ਹੋ | ਮੈਂ ਤਾਂ ਨਹੀਂ ਫਟੀ ਜੁੱਤੀ ਪਾ ਸਕਦਾ | ਫੋਟੋ ਤਾਂ ਮੈਂ ਜ਼ਿੰਦਗੀ ਭਰ ਨਾ ਖਿਚਵਾਵਾਂ | ਚਾਹੇ ਕੋਈ ਜੀਵਨ ਕਥਾ ਬਗੈਰ ਫੋਟੋ ਤੋਂ ਛਾਪ ਦੇਵੇ | ਤੁਹਾਡੀ ਇਸ ਵਿਅੰਗ-ਮੁਸਕਾਨ ਸਾਹਵੇਂ ਮੇਰਾ ਹੌਸਲਾ ਹਾਰ ਜਾਂਦਾ ਹੈ | ਕੀ ਅਰਥ ਹੈ, ਇਸ ਦਾ? ਕਿਹੋ ਜੇਹੀ ਹੈ ਇਹ ਮੁਸਕਾਨ?
-ਕੀ ਹੋਰੀ ਦਾ ਗੋਦਾਨ ਹੋ ਗਿਆ?
-ਕੀ 'ਪਸ਼ੂ ਕੀ ਰਾਤ' ਵਿਚ ਸੂਰ ਹਲਕੂ ਦਾ ਖੇਤ ਚਰ ਗਏ |
-ਕੀ ਸੁਜਾਨ ਭਗਤ ਦਾ ਮੰੁਡਾ ਮਰ ਗਿਆ, ਕਿਉਂਕਿ ਡਾਕਟਰ ਕਲੱਬ ਛੱਡ ਕੇ ਨਹੀਂ ਸਨ ਆ ਸਕਦੇ?
ਨਹੀਂ, ਮੈਨੂੰ ਲਗਦਾ ਹੈ ਕਿ ਮਾਧੋ ਔਰਤ ਦੇ ਕਫਨ ਦੇ ਚੰਦੇ ਦੀ ਸ਼ਰਾਬ ਪੀ ਗਿਆ | ਉਹੀ ਮੁਸਕਾਨ ਲਗਦੀ ਹੈ | ਮੈਂ ਤੁਹਾਡੀ ਜੁੱਤੀ ਫਿਰ ਦੇਖਦਾ ਹਾਂ | ਕਿਵੇਂ ਫਟ ਗਈ ਇਹ? ਲੋਕਾਂ ਦਾ ਲੇਖਕ ਜ਼ਿਆਦਾ ਗੇੜੇ ਮਾਰਦਾ ਰਿਹਾ ਹੋਣਾ | ਕੀ ਬਾਣੀਏ ਦੇ ਸੂਦ ਤੋਂ ਬਚਣ ਲਈ ਦੋ ਮੀਲ ਦਾ ਗੇੜਾ ਕੱਢ ਕੇ ਮੁੜ ਘਰੇ ਤਾਂ ਨਹੀਂ ਆ ਜਾਂਦੇ ਰਹੇ?
ਗੇੜੇ ਕੱਢਣ ਨਾਲ ਜੁੱਤੀ ਫਟਦੀ ਨਹੀਂ ਹੁੰਦੀ, ਘਸ ਜ਼ਰੂਰ ਜਾਂਦੀ ਹੈ | ਕੰੁਭਨ ਦਾਸ ਦੀ ਜੁੱਤੀ ਵੀ ਫਤਹਿਪੁਰ ਸੀਕਰੀ ਜਾਂਦੇ-ਜਾਂਦੇ ਘਸ ਗਈ ਸੀ | ਉਸ ਨੂੰ ਬੜਾ ਪਛਤਾਵਾ ਹੋਇਆ | ਕਹਿੰਦਾ, 'ਆਵਤ ਜਾਤ ਪਨਹੈਆ, ਘਿਸਰ ਗਈ, ਵਿਸਰ ਗਇਉ ਹਰੀ ਨਾਮ |' ਅਤੇ ਅਜਿਹੇ ਬੁਲਾ ਕੇ ਦੇਣ ਵਾਲਿਆਂ ਬਾਰੇ ਕਿਹਾ ਸੀ, 'ਜਿਨ ਕੇ ਦੇਖੇ ਦੁੱਖ ਉਪ ਜਤ ਹੈ, ਤਿਨ ਕੋ ਕਰਬੋ ਪਰੇ ਸਲਾਮ |' ਤੁਰੀਏ ਤਾਂ ਜੁੱਤੀ ਘਸਦੀ ਹੈ, ਫਟਦੀ ਨਹੀਂ | ਤੁਹਾਡੀ ਜੁੱਤੀ ਕਿਵੇਂ ਫਟ ਗਈ? ਮੈਨੂੰ ਜਾਪਦੈ, ਤੁਸੀਂ ਕਿਸੇ ਕਰੜੀ ਚੀਜ਼ ਨੂੰ ਠੋਕਰਾਂ ਮਾਰਦੇ ਰਹੇ ਹੋਵੋਂਗੇ | ਪਰਤ ਦਰ ਪਰਤ ਸਦੀਆਂ ਤੋਂ ਇਕ ਚੀਜ਼ ਜੰਮਦੀ ਗਈ, ਤੁਸੀਂ ਉਸ ਨੂੰ ਠੋਕਰਾਂ ਮਾਰ-ਮਾਰ ਆਪਣੀ ਜੁੱਤੀ ਤੋੜ ਲਈ ਹੈ | ਕੋਈ ਰੁਕਾਵਟ ਪਹਾੜ ਬਣ ਕੇ ਤੁਹਾਡੇ ਰਾਹ ਵਿਚ ਖੜ੍ਹੀ ਹੋ ਗਈ | ਤੁਸੀਂ ਉਸ ਨਾਲ ਜੂਝਦਿਆਂ ਆਪਣੀ ਜੁੱਤੀ ਤੁੜਵਾ ਲਈ | ਉਸ ਦੇ ਕੋਲੋਂ ਬਚ ਕੇ ਵੀ ਤਾਂ ਲੰਘ ਸਕਦੇ ਸੀ | ਰੁਕਾਵਟ ਨਾਲ ਸਮਝੌਤਾ ਵੀ ਤਾਂ ਹੋ ਸਕਦਾ ਹੈ | ਸਾਰੀਆਂ ਨਦੀਆਂ ਪਹਾੜ ਥੋੜ੍ਹਾ ਤੋੜਦੀਆਂ ਹਨ, ਰਾਹ ਬਦਲ ਕੇ, ਘੰੁਮ-ਘੁਮਾ ਕੇ ਵੀ ਚਲੀਆਂ ਜਾਂਦੀਆਂ ਹਨ |
ਤੁਸੀਂ ਸਮਝੌਤਾ ਕਰ ਨਹੀਂ ਸਕੇ | ਕੀ ਤੁਹਾਡੀ ਵੀ ਉਹੀ ਕਮਜ਼ੋਰੀ ਹੈ ਜੋ ਹੋਰੀਂ ਨੂੰ ਲੈ ਡੁੱਬੀ? 'ਨੇਮ ਧਰਮ' ਵਾਲੀ ਕਮਜ਼ੋਰੀ | ਨੇਮ ਧਰਮ ਤਾਂ ਉਸ ਲਈ ਇਕ ਜ਼ੰਜੀਰ ਸੀ ਪਰ ਤੁਸੀਂ ਜਿਵੇਂ ਮੁਸਕਰਾ ਰਹੇ ਹੋ | ਜਾਪਦੈ 'ਨੇਮ ਧਰਮ' ਤੁਹਾਡੇ ਲਈ 'ਬੰਨ੍ਹਣ' ਨਹੀਂ ਸਗੋਂ ਤੁਹਾਡੀ ਖਲਾਸੀ ਸੀ | ਤੁਹਾਡੇ ਪੈਰ ਦੀ ਇਹ ਉਂਗਲੀ ਜੀਕੰੂ ਇਸ਼ਾਰਾ ਕਰਦੀ ਲਗਦੀ ਹੈ ਕਿ ਜੀਹਨੂੰ ਤੁਸੀਂ ਘਿਰਨਾ ਯੋਗ ਸਮਝਦੇ ਹੋ, ਉਸ ਵੱਲ ਹੱਥ ਦੀ ਥਾਂ ਪੈਰ ਦੀ ਉਂਗਲੀ ਨਾਲ ਇਸ਼ਾਰਾ ਕਰਦੇ ਹੋ |
ਕੀ ਤੁਸੀਂ ਉਸ ਰੁਕਾਵਟ ਵੱਲ ਇਸ਼ਾਰਾ ਕਰ ਰਹੇ ਹੋ, ਜਿਸ ਨੂੰ ਠੋਕਰ ਮਾਰਦੇ ਤੁਸੀਂ ਜੁੱਤੀ ਤੁੜਵਾ ਬੈਠੇ ਹੋ? ਮੈਂ ਤੁਹਾਡੀ ਉਂਗਲੀ ਦੇ ਇਸ਼ਾਰੇ ਨੂੰ ਸਮਝਦਾ ਹਾਂ | ਤੁਹਾਡੀ ਵਿਅੰਗ-ਮੁਸਕਾਨ ਨੂੰ ਵੀ ਸਮਝਦਾ ਹਾਂ |
ਤੁਸੀਂ ਮੇਰੇ 'ਤੇ ਜਾਂ ਸਾਡੇ ਸਭਨਾਂ 'ਤੇ ਹੱਸ ਰਹੇ ਹੋ | ਉਨ੍ਹਾਂ 'ਤੇ ਜਿਹੜੇ ਉਂਗਲੀ ਲੁਕਾ ਕੇ ਅਤੇ ਤਲੇ ਘਸਾ ਕੇ ਤੁਰ ਰਹੇ ਹਨ | ਉਨ੍ਹਾਂ ਉਤੇ ਜੋ ਰੁਕਾਵਟ ਦੇ ਟਿੱਲੇ ਦੇ ਕੋਲੋਂ ਦੀ ਲੰਘ ਰਹੇ ਹਨ | ਤੁਸੀਂ ਕਹਿ ਰਹੇ ਹੋ, 'ਮੈਂ ਠੋਕਰਾਂ ਮਾਰ-ਮਾਰ ਕੇ ਜੁੱਤੀ ਤੁੜਵਾ ਲਈ, ਉਂਗਲੀ ਵੀ ਬਾਹਰ ਦਿਸਣ ਲੱਗ ਪਈ | ਪਰ ਮੈਂ ਤੁਰਦਾ ਰਿਹਾ | ਤੁਸੀਂ ਉਂਗਲੀ ਨੂੰ ਲੁਕੋ ਕੇ ਰੱਖਣ ਦੀ ਚਿੰਤਾ ਵਿਚ, ਜੁੱਤੀ ਦੇ ਤਲੇ ਦਾ ਨਾਸ਼ ਮਾਰੀ ਜਾ ਰਹੇ ਹੋ | ਤੁਸੀਂ ਤੁਰੋਗੇ ਕਿਵੇਂ?'
ਮੈਂ ਸਮਝਦਾ ਹਾਂ ਤੁਹਾਡੀ ਫਟੀ ਜੁੱਤੀ ਦਾ ਕਿੱਸਾ ਸਮਝਦਾ ਹਾਂ | ਉਂਗਲੀ ਦਾ ਇਸ਼ਾਰਾ ਸਮਝਦਾ ਹਾਂ | ਤੁਹਾਡੀ ਵਿਅੰਗ ਮੁਸਕਾਨ ਨੂੰ ਵੀ ਸਮਝਦਾ ਹਾਂ |

-398 ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013.
ਮੋਬਾਈਲ : 97806-67686.
mayer_hk@yahoo.com


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਚੁੱਪ
ਪਹਿਲੀ ਜਮਾਤ ਵਿਚ ਪੜ੍ਹਦੇ ਬੱਚੇ ਨੇ ਭੱਠੇ 'ਤੇ ਕੰਮ ਕਰਦੇ ਆਪਣੇ ਮਜ਼ਦੂਰ ਪਿਤਾ ਨੂੰ ਪੁੱਛਿਆ, 'ਪਾਪਾ ਇਹ ਸਰ ਤੇ ਮੈਡਮ ਜਿੰਨੇ ਵੀ ਸੜਕ ਤੋਂ ਲੰਘਦੇ ਨੇ ਸਾਰਿਆਂ ਨੇ ਆਪਣੇ ਮੂੰਹ ਕਿਉਂ ਹੁੰਦੇ ਹਨ'? 'ਬੇਟਾ ਤੈਨੂੰ ਨਹੀਂ ਪਤਾ, ਭੱਠੇ 'ਤੇ ਕਿੰਨਾ ਮਿੱਟੀ-ਘੱਟਾ ਤੇ ਧੂੰਆਂ ਉਡਦਾ ਹੈ | ਇਸ ਕਰਕੇ ਇਨ੍ਹਾਂ ਲੋਕਾਂ ਨੇ ਮੂੰਹ ਢਕੇ ਹੁੰਦੇ ਹਨ' | 'ਪਾਪਾ ਜੇ ਇਹ ਨਾ ਢਕਣ ਫਿਰ ਕੀ ਹੋ ਜਾਊ'? 'ਪੁੱਤਰਾ ! ਮਿੱਟੀ-ਘੱਟਾ ਤੇ ਗੰਦੀ ਗੈਸ ਇਨ੍ਹਾਂ ਦੇ ਅੰਦਰ ਜਾਊ |' 'ਪਾਪਾ ਫੇਰ ਕੀ ਹੋਵੇਗਾ'? 'ਬੇਟਾ ਫੇਰ ਇਹ ਬਿਮਾਰ ਹੋ ਜਾਣਗੇ' | 'ਪਾਪਾ ਫੇਰ ਕੀ ਹੋਵੇਗਾ'? 'ਫੇਰ ਇਹ ਮਰ ਜਾਣਗੇ' | ਬੇਟੇ ਨੇ ਲੰਬਾ ਹਉਕਾ ਲੈਂਦਿਆਂ ਆਖਿਆ, 'ਪਾਪਾ ਤੂੰ ਵੀ ਮੂੰਹ ਢੱਕ ਲੈ'? 'ਬੇਟਾ ਕੁਝ ਨਹੀਂ ਹੁੰਦਾ' | 'ਪਾਪਾ ਉਹ ਐਡੀ ਦੂਰ ਦੀ ਲੰਘਦੇ ਹਨ, ਤੂੰ ਅਖਿਆ ਹੈ ਕਿ ਜੇ ਉਨ੍ਹਾਂ ਮੂੰਹ ਨਾ ਢਕਿਆ ਤਾਂ ਉਹ ਮਰ ਜਾਣਗੇ ਅਤੇ ਤੂੰ ਸਾਰਾ ਦਿਨ ਬਿਨਾਂ ਮੂੰਹ ਢਕੇ ਇਸ ਮਿੱਟੀ-ਘੱਟੇ ਅਤੇ ਗੰਦੀ ਗੈਸ ਵਿਚ ਰਹਿੰਦਾ ਏਾ | ਤੂੰ ਕਹਿਨਾ ਕੁਝ ਨਹੀਂ ਹੁੰਦਾ' ? ਹੁਣ ਪਾਪਾ ਜੀ ਲਾਜਵਾਬ ਸਨ | ਮੂੰਹ ਨੂੰ ਜਿੰਦਰਾ ਲੱਗ ਚੁੱਕਾ ਸੀ, ਬੁੱਲ੍ਹ ਸੀਤੇ ਗਏ ਸਨ | ਬੱਚਾ ਬੇਸਬਰੀ ਨਾਲ ਆਪਣੇ ਪ੍ਰਸ਼ਨ ਦੇ ਉੱਤਰ ਦੀ ਉਡੀਕ ਕਰ ਰਿਹਾ ਸੀ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ-13. ਮੁਲਾਂਪੁਰ ਦਾਖ਼ਾ (ਲੁਧਿਆਣਾ) | ਮੋਬਾਈਲ: 9463542896.

ਲੁਕ ਗਈ
ਟੱੁਟੇ ਹੋਏ ਮੇਜ਼ ਦੀ ਦਰਾਜ ਵਿਚੋਂ ਇਕ ਖੰੂਜੇ ਲੱਗੀ ਪਈ ਕਲਮ ਨੂੰ ਚੱੁਕ ਕੇ ਪੱੁਛਿਆ, 'ਤੰੂ ਏਥੇ ਕਿਉਂ ਲੁਕੀ ਪਈ ਹੈਾ?' ਕਲਮ ਨੇ ਥੋੜ੍ਹਾ ਜਿਹਾ ਸਿਰ ਉੱਪਰ ਚੱੁਕ ਕੇ ਆਖਿਆ, 'ਕਦੇ ਜ਼ਮਾਨਾ ਹੁੰਦਾ ਸੀ, ਜਦੋਂ ਮੈਂ ਲੁਕਣ ਦੀ ਥਾਂ ਸਿਰ ਉੱਚਾ ਕਰ ਕੇ ਰੱਖਦੀ ਸੀ ਤੇ ਦੁਨੀਆ ਵਾਲੇ ਮੇਰੇ ਅੱਗੇ ਸਿਰ ਝੁਕਾਉਂਦੇ ਸੀ | ਮੈਂ ਉਹੀ ਕਲਮ ਹਾਂ, ਜਿਸ ਨਾਲ ਗੁਰੂਆਂ, ਪੀਰਾਂ, ਫ਼ਕੀਰਾਂ ਨੇ ਦੁਨੀਆ ਨੂੰ ਸਹੀ ਰਸਤਾ ਦਿਖਾਉਣ ਲਈ ਬਹੁਤ ਕੁਝ ਮਹਾਨ ਲਿਖਿਆ ਸੀ | ...ਅਤੇ ਫਿਰ ਵਾਰਿਸ ਸ਼ਾਹ, ਪ੍ਰੋ: ਮੋਹਣ ਸਿੰਘ, ਨਾਨਕ ਸਿੰਘ, ਸ਼ਿਵ ਕੁਮਾਰ ਅਤੇ ਅੰਮਿ੍ਤਾ ਪ੍ਰੀਤਮ ਨੇ ਲਿਖਿਆ ਸੀ | ਪਰ ਅੱਜ ਦੇ ਕੁਝ ਲੇਖਕ ਮੈਨੂੰ ਲੱਚਰਤਾ ਵੱਲ ਨੂੰ ਘੜੀਸ ਕੇ ਮੇਰੇ ਉੱਤੇ ਬਦਨਾਮੀ ਵਾਲਾ ਧੱਬਾ ਲਾ ਰਹੇ ਨੇ | ਮੈਂ ਆਪਣੇ ਉੱਤੇ ਲੱਗ ਰਹੇ ਬਦਨੁਮਾ ਧੱਬੇ ਤੋਂ ਬਚਣ ਲਈ ਇਥੇ ਆ ਕੇ ਲੁਕ ਗਈ |

-ਕਿਰਪਾਲ ਸਿੰਘ 'ਨਾਜ਼',
155, ਸੈਕਟਰ 2-ਏ, ਢਿੱਲੋਂ ਕਾਟੇਜ, ਸ਼ਾਮ ਨਗਰ,
ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ)-147301. ਮੋਬਾ: 98554-80191

ਅੰਧ-ਵਿਸ਼ਵਾਸ - ਅੰਧ ਕੂਪ

ਗਿਆਨ-ਵਿਗਿਆਨ, ਅਕਲ, ਬੇਅਕਲੀ ਦਾ ਧੁਰਾ ਹੈ ਦਿਮਾਗ਼ |
ਮਨੁੱਖ ਦੀ ਸੋਚ ਦਾ ਸੋਮਾ ਹੈ ਮਨੁੱਖ ਦਾ ਦਿਮਾਗ਼ |
ਮਨੁੱਖ ਨੇ ਸੋਚਿਆ, ਮੈਂ ਪੰਛੀਆਂ ਵਾਂਗ ਅਸਮਾਨ 'ਚ ਉੱਡਣਾ ਹੈ, ਉਹਦਾ ਦਿਮਾਗ਼ ਉਸੇ ਪਾਸੇ ਲੱਗ ਗਿਆ, ਸੋਚ-ਸੋਚ ਕੇ ਉਹਨੇ ਅੰਤ ਹਵਾਈ ਜਹਾਜ਼ ਦੀ ਕਾਢ ਕੱਢ ਹੀ ਲਈ | ਟੈਲੀਫੋਨ, ਮੋਬਾਈਲ ਫੋਨ ਦੀ ਸਿਰਜਣਾ ਕਰ ਹੀ ਲਈ, ਰੇਲ ਗੱਡੀ, ਬੱਸਾਂ, ਕਾਰਾਂ ਬਣਾ ਹੀ ਲਈਆਂ | ਕੱਪੜਾ ਬੁਣਨ ਅਤੇ ਕੱਪੜੇ ਸਿਊਣ ਦੀਆਂ ਸਿਲਾਈ ਮਸ਼ੀਨਾਂ ਬਣਾ ਲਈਆਂ | ਟਾਈਮ ਵੇਖਣ ਲਈ, ਸਮਾਂ ਜਾਣਨ ਲਈ ਘੜੀਆਂ ਘੜ ਹੀ ਲਈਆਂ | ਜਿਹੜੇ ਪਾਸੇ ਵੀ ਦਿਮਾਗ਼ ਲਾਇਆ, ਸੋਚ-ਸੋਚ ਕੇ ਉਸ ਟੀਚੇ ਨੂੰ ਪੂਰਾ ਕਰ ਹੀ ਲਿਆ | ਬਿਮਾਰੀਆਂ ਦੇ ਇਲਾਜ ਹਿਤ, ਖੋਜ-ਖੋਜ ਕੇ ਦਵਾਈਆਂ ਲੱਭ ਹੀ ਲਈਆਂ |
ਇਕੋ ਥਾਂ 'ਤੇ ਦਿਮਾਗ਼ ਹਾਲਾਂ ਤਾੲੀਂ ਫੇਲ੍ਹ ਹੋ ਗਿਆ ਹੈ, ਰੱਬ ਦਾ ਖੁਲਾਸਾ ਨਹੀਂ ਕਰ ਸਕਿਆ, ਉਹਦਾ ਸਾਰ ਨਹੀਂ ਪਾ ਸਕਿਆ ਕਿ ਉਹ ਕੀ ਹੈ? ਕਿੱਥੇ ਹੈ? ਇਸ ਦਾ ਹੱਲ ਵੀ ਦਿਮਾਗ਼ ਨੇ ਹੀ ਉਸ ਨੂੰ ਦਿੱਤਾ ਕਿ ਜਿਸ ਦਾ ਲੱਖ ਯਤਨ ਕਰਕੇ ਵੀ ਤੁਸੀਂ ਹੱਲ ਨਾ ਲੱਭ ਸਕੋ, ਉਹਦਾ ਸਪੱਸ਼ਟੀਕਰਨ ਇਉਂ ਦਿਓ ਕਿ ਮਨੁੱਖ ਇਕ ਗੁੰਝਲਦਾਰ ਬੁਝਾਰਤ 'ਚ ਫਸ ਜਾਏ, ਸੋਚੇ, ਜਿੰਨਾ ਮਰਜ਼ੀ ਐ ਦਿਮਾਗ਼ ਲਾਏ, ਪਰ ਇਹ ਗੁੰਝਲ ਕਦੇ ਨਾ ਖੋਲ੍ਹ ਸਕੇ | ਪ੍ਰੋਫੈਸਰ ਮੋਹਨ ਸਿੰਘ ਪੰਜ ਦਰਿਆ ਨੇ ਸਮਝਾ ਦਿੱਤਾ ਲੋਕਾਈ ਨੂੰ :
ਰੱਬ ਇਕ ਗੁੰਝਲਦਾਰ ਬੁਝਾਰਤ,
ਰੱਬ ਇਕ ਗੋਰਖ ਧੰਦਾ,
ਖੋਲ੍ਹਣ ਲੱਗਿਆਂ ਪੇਚ ਏਸ ਦੇ,
'ਕਾਫਿਰ' ਹੋ ਜਾਏ ਬੰਦਾ |
ਸਵਰਗਵਾਸੀ ਮੋਹਨ ਸਿੰਘ ਮਾਹਿਰ ਇਕ ਲੇਖਕ ਸੀ, ਅਕਲ ਲਤੀਫ਼ ਸੀ, ਕਾਲੇ ਲੇਖ ਨਹੀਂ ਸੀ ਲਿਖਦਾ | ਰੱਬ ਦਾ ਬੰਦਾ ਜ਼ਰੂਰ ਸੀ, ਪਰ ਰੱਬ ਦਾ ਪੁੱਤਰ, ਰੱਬ ਦਾ ਰੂਪ ਜਾਂ ਰੱਬ ਦੀ ਰਜ਼ਾ ਜਾਣਨ ਵਾਲਾ ਨੇੜੇ ਦਾ ਦੋਸਤ ਆਦਿ ਹੋਣ ਵਾਲਾ ਰਿਸ਼ਤਾ ਹੋਣ ਦਾ ਦਾਅਵਾ ਕਰਨ ਵਾਲਾ ਸੰਤ-ਮਹੰਤ, ਤਾਂਤਿ੍ਕ, ਵਾਂਤਿ੍ਕ, ਸਿੱਧ, ਪੀਰ... ਬਾਬਾ ਨਹੀਂ ਸੀ ਕਿ ਮਨੁੱਖ ਮਾਤਰ ਨੂੰ ਆਪਣੇ ਪਿੱਛੇ ਲਾ ਲੈਂਦਾ, ਜਿਹੜੇ ਚਲੇ ਜਾਣ ਮਗਰੋਂ ਉਹਦੀ ਮੜ੍ਹੀ 'ਤੇ ਦੀਵਾ ਬਾਲਦੇ | ਰੱਬ ਦਾ ਦਿਮਾਗ਼ ਸਭ ਤੋਂ ਤੇਜ਼ ਹੈ... ਕਵੀ ਸ਼ੈਲੇਂਦਰ ਨੇ ਵੀ ਲਿਖਿਐ:
ਦੁਨੀਆ ਬਨਾਨੇ ਵਾਲੇ,
ਕਯਾ ਤੇਰੇ ਮਨ ਮੇਂ ਸਮਾਈ,
ਕਾਹੇ ਕੋ ਦੁਨੀਆ ਬਨਾਈ |
ਮਨੁੱਖ ਦੇ ਦਿਮਾਗ਼ ਨੇ ਬੜੀ ਸਰਲਤਾ ਨਾਲ ਦਿਮਾਗ਼ ਲੜਾ ਕੇ ਇਹ ਗੁੰਝਲ ਇਉਂ ਖੋਲ੍ਹ ਦਿੱਤੀ, ਪੀਰ, ਸਾਧ, ਤਾਂਤਿ੍ਕ ਸਭ ਤੋਂ ਸੌਖੇ, ਬਾਬੇ ਬਣ ਜਾਓ, ਹਰ ਮੁਸ਼ਕਿਲ ਦਾ ਸੌਖਾ ਹੱਲ ਕੱਢਣ ਵਾਲੇ 'ਮੁਸ਼ਕਿਲ-ਕੁਸ਼ਾ' ਬਣ ਜਾਓ... ਆਪਣੀਆਂ ਯੱਭਲੀਆਂ ਨਾਲ ਪਿਛਲੱਗੂਆਂ ਦੇ ਦਿਮਾਗ਼ ਸੁੰਨ ਕਰ ਦਿਓ... ਜਿਨ੍ਹਾਂ ਦੀ ਸੋਚ ਸੁੰਨ ਹੋ ਗਈ, ਉਨ੍ਹਾਂ ਦੀ ਸੱਚ-ਝੂਠ ਪਰਖਣ ਦੀ ਨੀਅਤ ਕਲਾ 'ਤੇ ਪੱਥਰ ਪੈ ਗਏ... ਉਨ੍ਹਾਂ ਦੀ ਸੋਚ 'ਚ ਇਕੋ ਰਾਹਤ ਰਹਿ ਜਾਂਦੀ ਹੈ ਕਿ ਆਖਿਰ ਧੰਨੇ ਭਗਤ ਨੇ ਪੱਥਰ 'ਚੋਂ ਰੱਬ ਪਾ ਹੀ ਲਿਆ ਸੀ |
ਇਸੇ ਲਈ ਵੱਡੇ-ਵੱਡੇ ਦਾਨਿਸ਼ਵਰਾਂ, ਵਿਗਿਆਨੀਆਂ, ਮਨੋਵਿਗਿਆਨ ਦੀਆਂ ਡਿਗਰੀਆਂ ਲੈਣ ਵਾਲੇ ਵੀ ਬਾਬਿਆਂ ਦੀ ਬੱਲੇ-ਬੱਲੇ ਨੂੰ ਠੱਲ੍ਹ ਨਹੀਂ ਪਾ ਸਕੇ, ਬਾਬੇ ਬੱਲੇ-ਬੱਲੇ, ਵਿਗਿਆਨੀ ਥੱਲੇ-ਥੱਲੇ |
ਮਨੁੱਖ ਦਿੱਤੀ ਬੁੱਧੀ ਨੂੰ ਇਸ ਵਿਸ਼ਵਾਸ ਨਾਲ ਜਾਮ ਕਰ ਦਿੱਤਾ ਜਾਂਦਾ ਹੈ ਕਿ ਇਸ ਸੰਸਾਰ 'ਚ ਉਹ ਅੰਧ-ਕੂਪ ਵਿਚ ਡਿੱਗਿਐ, ਉਸਨੂੰ ਅੰਧ-ਕੂਪ 'ਚੋਂ ਬਾਹਰ ਕੱਢਣ ਲਈ ਇਹ ਅਖੌਤੀ ਬਾਬੇ ਤੇ ਤਾਂਤਿ੍ਕ ਉਸ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਆਪਣੀ ਤਾਂਤਿ੍ਕ ਸ਼ਕਤੀ ਨਾਲ ਉਸ ਨੂੰ ਇਸ ਅੰਧ-ਕੂਪ 'ਚੋਂ ਕੱਢ ਦੇਣਗੇ ਪਰ ਅੰਧ-ਕੂਪ 'ਚੋਂ ਕੱਢਣ ਦੀ ਬਜਾਏ ਉਹ ਉਸ ਨੂੰ ਅੰਧ-ਵਿਸ਼ਵਾਸ 'ਚ ਗੜੁੱਚ ਕਰ ਦਿੰਦੇ ਹਨ ਜਿਸ 'ਚੋਂ ਉਹਦਾ ਨਿਕਲਣਾ ਅਸੰਭਵ ਹੋ ਜਾਂਦਾ ਹੈ |
ਆਤਮਾ ਮਰਦੀ ਨਹੀਂ, ਸਿਰਫ਼ ਚੋਲ਼ਾ ਬਦਲਦੀ ਹੈ, ਇਸ ਨੂੰ ਪੁਖਤਾ ਕਰਨ ਵਾਲੀਆਂ ਕਈ ਕਥਾ ਕਹਾਣੀਆਂ ਸਾਇੰਸ ਦੇ ਇਸ ਯੁੱਗ 'ਚ ਵੀ ਅਕਸਰ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ | ਕੁਝ ਕੁ ਸਾਲ ਪਹਿਲਾਂ ਹੀ ਭਾਰਤ ਦੇ ਸਭੇ ਅਖ਼ਬਾਰਾਂ 'ਚ ਇਹ ਖ਼ਬਰ ਛਪੀ ਸੀ ਕਿ ਇਕ ਪਿੰਡ 'ਚ, ਇਕ ਘਰ 'ਚ ਜੰਮਿਆ ਬੱਚਾ ਜਦ 7-8 ਸਾਲ ਦਾ ਹੋਇਆ ਤਾਂ ਉਹ ਅਚਾਨਕ ਕਹਿਣ ਲੱਗਾ ਕਿ ਉਹ ਤਾਂ ਉਨ੍ਹਾਂ ਦੀ ਔਲਾਦ ਨਹੀਂ ਹੈ, ਸਗੋਂ ਉਹਦਾ ਘਰ ਤਾਂ ਫਲਾਣੇ ਪਿੰਡ 'ਚ ਹੈ, ਉਹਦੇ ਮਾਤਾ-ਪਿਤਾ ਤਾਂ ਫਲਾਣੇ ਹਨ | ਸਕੇ ਮਾਤਾ-ਪਿਤਾ ਹੈਰਾਨ ਰਹਿ ਗਏ, ਉਹ ਇਹ ਜਾਣਨ ਲਈ ਕਿ ਕੀ ਜੋ ਉਹ ਕਹਿ ਰਿਹਾ ਹੈ, ਸੱਚ ਹੈ? ਉਹਨੂੰ ਉਹਦੇ ਦੱਸੇ ਪਿੰਡ ਲੈ ਗਏ ਉਹਨੇ ਪਿੰਡ ਪਛਾਣ ਲਿਆ, ਪਿੰਡ ਦੀਆਂ ਗਲੀਆਂ ਪਛਾਣ ਲਈਆਂ, ਆਪਣਾ ਪੁਰਾਣਾ ਘਰ ਪਛਾਣ ਲਿਆ | ਜਦ ਉਹ ਘਰ ਦੇ ਅੰਦਰ ਗਏ ਤਾਂ ਉਹਨੇ ਆਪਣੇ ਦਾਦਾ-ਦਾਦੀ ਨੂੰ ਪਛਾਣ ਲਿਆ, ਉਥੇ ਲੱਗੀ ਆਪਣੇ ਸਵਰਗੀ ਪਿਤਾ ਦੀ ਫੋਟੋ ਵੀ ਪਛਾਣ ਲਈ ਤੇ ਹੱਥ ਰੱਖ ਕੇ ਕਿਹਾ, 'ਇਹ ਮੇਰੇ ਪਿਤਾ ਜੀ ਹਨ |' ਦਾਦਾ-ਦਾਦੀ ਨੇ ਵੀ ਉਹਦੇ ਕਥਨ 'ਤੇ ਮੋਹਰ ਲਾ ਦਿੱਤੀ ਕਿ ਆਹੋ ਇਹ ਉਨ੍ਹਾਂ ਦਾ ਹੀ ਪੋਤਰਾ ਹੈ, ਪੰਜ ਸਾਲ ਪਹਿਲਾਂ ਅਚਾਨਕ ਇਕ ਦੁਰਘਟਨਾ 'ਚ ਉਹਦੀ ਡੈੱਥ (ਮੌਤ) ਹੋ ਗਈ ਸੀ |
ਇਸ ਤਰ੍ਹਾਂ ਦੀ ਇਕ ਕਹਾਣੀ ਪੜ੍ਹੋ, ਸੁਣੋ ਤਾਂ ਲੋਕੀਂ ਇਸ ਤਰ੍ਹਾਂ ਦੀਆਂ ਕਈ ਹੋਰ ਕਹਾਣੀਆਂ ਸੁਣਾ ਦਿੰਦੇ ਹਨ ਕਿ ਸੱਚਮੁੱਚ ਏਦਾਂ ਦੀਆਂ ਘਟਨਾਵਾਂ ਦੇ ਉਹ ਗਵਾਹ ਹਨ | ਇਹ ਜਿੰਨੀਆਂ ਉਦਾਹਰਨਾਂ ਦਾ ਵਰਣਨ ਕੀਤਾ ਹੈ, ਇਹ ਉਥੋਂ ਤਾੲੀਂ ਸਿਰਫ਼ ਇਹ ਸਾਬਤ ਨਹੀਂ ਕਰ ਦਿੱਤਾ ਗਿਆ ਕਿ ਇਹ 'ਸੱਚ' ਸਨ | ਪਰ ਇਸ ਮਗਰੋਂ ਉਨ੍ਹਾਂ ਪਾਤਰਾਂ ਦਾ ਕੀ ਹੋਇਆ? ਕੁਝ ਵਰਨਣ ਨਹੀਂ ਸੀ | ਇਸ ਮੋੜ 'ਤੇ ਹੀ ਖਤਮ ਕਰ ਦਿੱਤੀਆਂ ਗਈਆਂ ਕਿ ਜਿਹੜੀਆਂ ਦਿਮਾਗ਼ ਝੰਜੋੜ ਦੇਣ | ਅੰਧ-ਕੂਪ, ਹੋਰ ਹਨੇਰਾ ਹੋ ਗਿਆ | ਦਿਮਾਗ਼ ਦੀ ਬੱਤੀ ਗੁੱਲ ਹੋ ਜਾਏ ਤਾਂ ਫਿਰ ਅੰਧ-ਕੂਪ 'ਚ ਹੀ ਟੱਕਰਾਂ ਮਾਰਦਾ ਰਹਿੰਦਾ ਹੈ |
ਦਿੱਲੀ 'ਚ ਹਾਲ 'ਚ ਹੀ ਬਰਾੜੀ 'ਚ ਜਿਹੜਾ ਕਾਂਡ ਹੋਇਆ ਹੈ ਕਿ ਇਕੋ ਪਰਿਵਾਰ ਦੇ 11 ਜੀਅ ਇਸ ਵਿਸ਼ਵਾਸ 'ਚ ਅੰਨ੍ਹੇ ਹੋ ਕੇ ਉਹ ਜੇਕਰ ਉਹ ਆਪਣੇ ਹੱਥੀਂ ਆਪਣੇ ਸਰੀਰ ਦਾ ਨਾਸ ਕਰ ਦੇਣ ਤਾਂ ਉਨ੍ਹਾਂ ਦੀਆਂ ਆਤਮਾਵਾਂ ਨੂੰ ਉਨ੍ਹਾਂ ਦੇ ਸਵਰਗਵਾਸੀ ਪਿਤਾ ਦੀ ਆਤਮਾ ਉਸੇ ਵੇਲੇ ਮੁੜ ਜਿਊਾਦਿਆਂ ਕਰ ਦਏਗੀ | ਹੁਣ ਜਿਹੜੀ ਤਾਜ਼ਾ ਖ਼ਬਰ ਆਈ ਹੈ, ਉਹਦੇ 'ਚ ਵੀ ਨਵੀਂ ਪੁਸ਼ਟੀ ਹੋਈ ਹੈ ਕਿ ਇਸ ਪਰਿਵਾਰ ਨੂੰ ਵੀ ਅੰਧ-ਕੂਪ 'ਚ ਸੁੱਟਣ ਵਾਲਾ ਇਕ ਲੋਕਲ ਬਾਬਾ ਹੈ, ਜਿਸ ਨੂੰ ਇਲਾਕੇ ਦੇ ਲੋਕੀਂ ਬੀੜੀ ਵਾਲਾ ਬਾਬਾ ਜਾਂ ਦਾੜ੍ਹੀ ਵਾਲਾ ਬਾਬਾ ਕਰ ਕੇ ਜਾਣਦੇ ਹਨ | ਹਾਲਾਂ ਤਾੲੀਂ ਤਾਂ ਬਾਬਾ ਇਸ ਗੱਲੋਂ ਇਨਕਾਰੀ ਹੈ ਕਿ ਉਸ ਦਾ ਇਸ ਮਾਮਲੇ 'ਚ ਕੋਈ ਹੱਥ ਹੈ, ਬੇਸ਼ੱਕ ਉਸ ਵਿਰੁੱਧ ਸੀ.ਬੀ.ਆਈ. ਤੋਂ ਜਾਂਚ ਕਰਵਾ ਲਈ ਜਾਵੇ | ਅੰਧ-ਕੂਪ 'ਚ ਸੁੱਟਣ ਵਾਲੇ ਬਾਬੇ, ਪੁਲਿਸ ਦੇ ਅੰਧ-ਕੂਪ 'ਚ ਡਿੱਗਣ ਦੇ ਡਰੋਂ, ਇਨਕਾਰੀ ਹੋਣ 'ਚ ਵੀ ਬੜੇ ਮਾਹਿਰ ਹਨ |
ਮੈਂ ਲਿਖਿਆ ਸੀ ਕਿ ਇਹੋ ਜਿਹੇ ਕਾਰੇ ਸਿਰਫ਼ ਹਿੰਦੁਸਤਾਨ 'ਚ ਹੀ ਨਹੀਂ, ਕਈ ਹੋਰ ਦੇਸ਼ਾਂ 'ਚ ਵੀ ਵਾਪਰਦੇ ਹਨ | ਮੈਂ ਖਾਸ ਤੌਰ 'ਤੇ ਜਾਪਾਨ ਦਾ ਜ਼ਿਕਰ ਕੀਤਾ ਸੀ ਕਿ ਉਥੇ ਵੀ ਇਕ ਬਾਬੇ ਨੇ ਪਰਮਾਤਮਾ ਦੇ ਸੁਪਰੀਮ-ਸੱਚ ਦਾ ਜਾਣਕਾਰ ਹੋਣ ਨਾਤੇ ਕਈ ਭਗਤਾਂ ਦੀ ਏਦਾਂ ਹੀ ਸਮੂਹਿਕ ਹੱਤਿਆ ਕਰਵਾ ਦਿੱਤੀ ਸੀ |
ਇਕ ਤਾਂ ਸਿਆਪਾ ਹੈ ਡੂਮਜ਼ ਡੇਅ (4oom’s 4ay) ਅਰਥਾਤ ਪਰਲੋ, ਪਰਲਯ, ਕਯਾਮਤ (ਰੋਜ਼-ਏ-ਆਖਰ) ਦਾ ਕਿ ਇਸ ਦਿਨ ਇਸ ਧਰਤੀ ਤੋਂ ਮਨੁੱਖਾਂ ਦੀ ਮੌਤ ਹੋ ਜਾਏਗੀ (ਕੋਈ ਨਹੀਂ ਬਚੇਗਾ) ਇਸ ਲਈ ਉਥੇ ਇਕ ਜਾਪਾਨੀ ਬਾਬੇ ਨੇ ਆਓਮ... ਸ਼ਿਕਰਿਕੀਓ ਨੇ ਸਭ ਤੋਂ ਉੱਚੇ ਸੱਚ ਨੂੰ 'ਅੰਧ ਕੂਪ' 'ਚ ਸੁੱਟਣ ਦਾ ਪ੍ਰਪੰਚ ਰਚਿਆ | 1995 ਨੂੰ ਉਸ ਨੇ ਆਪਣੀ ਅਗਵਾਈ 'ਚ ਆਪਣੇ 6 ਭਗਤਾਂ ਸੰਗ ਟੋਕੀਓ ਦੇ ਇਕ ਸਬ-ਵੇਅ 'ਚ ਸੈਰੀਨ ਗੈਸ (Sarin 7ass) ਛੱਡ ਕੇ 13 ਚੰਗੇ-ਭਲੇ ਮਨੁੱਖਾਂ ਨੂੰ ਥਾਂ 'ਤੇ ਹੀ ਮੌਤ ਦੇ ਹਵਾਲੇ ਕਰ ਦਿੱਤਾ ਤੇ ਘੱਟੋ-ਘੱਟ 5800 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ 'ਚੋਂ ਕਈ ਸਦਾ ਲਈ ਅਪੰਗ ਹੋ ਗਏ | ਪੁਲਿਸ ਨੇ ਉਹਨੂੰ ਵੇਲੇ ਸਿਰ ਗਿ੍ਫ਼ਤਾਰ ਕਰ ਲਿਆ ਸੀ | ਹੁਣ ਪਿਛਲੇ ਹਫ਼ਤੇ ਹੀ ਟੋਕੀਓ 'ਚ ਉਸ 'ਤੇ ਚੱਲ ਰਹੇ ਮੁਕੱਦਮੇ ਦਾ ਫ਼ੈਸਲਾ ਆਇਆ ਹੈ ਤੇ ਉਸ ਨੂੰ ਫਾਂਸੀ ਦੇ ਦਿੱਤੀ ਗਈ ਹੈ |
'ਆਪ ਮੋਇਆ, ਜਗ ਪਰਲੋ'
ਉਹਦੇ ਲਈ ਤਾਂ ਡੂਮਜ਼ ਡੇਅ ਕਯਾਮਤ ਦਾ ਦਿਨ ਸੱਚਮੁੱਚ ਸਾਬਤ ਹੋ ਗਿਆ ਪਰ ਕੀ ਅੰਧ-ਕੂਪ ਵਾਲਾ ਭਰਮ-ਭੁਲਾਵਾ ਸਮਾਪਤ ਹੋ ਗਿਆ?
ਭੌਤਿਕ ਸੰਸਾਰ 'ਚ ਤਾਂ ਨਹੀਂ... ਜਦ ਤਾੲੀਂ ਇਹ ਸਾਧ, ਬਾਬੇ, ਤਾਂਤਿ੍ਕ, ਪਰਲੋ, ਕਯਾਮਤ ਡੂਮਜ਼ ਡੇਅ ਜਮਾਂ (ਯਮਦੂਤਾਂ) ਦਾ ਡਰ ਦੇ ਕੇ ਲੋਕਾਈ ਨੂੰ 'ਅੰਧ-ਕੂਪ' 'ਚ ਸੁੱਟੀ ਜਾਣਗੇ, ਪਤਾ ਨਹੀਂ ਅੰਧ-ਵਿਸ਼ਵਾਸ 'ਚ ਜਾਮ ਹੋਏ ਦਿਮਾਗ਼ ਕਾਰਨ ਕਈ ਮਨੁੱਖੀ ਜ਼ਿੰਦਗੀਆਂ ਲਿਖੀ ਮੌਤ ਤੋਂ ਪਹਿਲਾਂ ਆਪਣੇ ਹੱਥੀਂ ਆਪਣਾ ਕੰਮ ਤਮਾਮ ਕਰਨ ਵਾਲੇ ਹਨੇਰੇ ਰਾਹ 'ਤੇ ਚਲਦਿਆਂ ਆਪਣਾ ਘਾਣ ਆਪ ਹੀ ਕਰੀ ਜਾਣਗੇ |

ਨਹਿਲੇ 'ਤੇ ਦਹਿਲਾ: ਆਪਣਾ ਸ਼ਿਕਾਰ ਆਪ ਲੱਭੋ

ਇਕ ਵਾਰੀ ਲੁਧਿਆਣਾ ਸ਼ਹਿਰ ਵਿਚ ਉਰਦੂ ਮੁਸ਼ਾਇਰਾ ਸੀ, ਜਿਸ ਵਿਚ ਕਈ ਨਾਮਵਰ ਸ਼ਾਇਰ ਆਏ ਹੋਏ ਸਨ, ਜਿਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਵਧੀਆ ਹੋਟਲਾਂ ਵਿਚ ਕੀਤਾ ਗਿਆ ਸੀ, ਜਿਥੇ ਉਨ੍ਹਾਂ ਦੇ ਖਾਣ-ਪੀਣ, ਆਰਾਮ ਆਦਿ ਦਾ ਪੂਰਾ ਪ੍ਰਬੰਧ ਕੀਤਾ ਸੀ | ਇਸ ਮੁਸ਼ਾਇਰੇ ਵਿਚ ਮੇਰੇ ਪਿਆਰੇ ਮਿੱਤਰ ਬਸ਼ੀਰ ਬਦਰ ਸਾਹਬ ਵੀ ਆਏ ਹੋਏ ਸਨ | ਉਨ੍ਹਾਂ ਦੇ ਕਮਰੇ ਵਿਚ ਮਲਿਕਜ਼ਾਦਾ ਮਨਜ਼ੂਰ ਅਹਿਮਦ ਸਾਹਬ ਦੇ ਬੇਟੇ ਮਲਿਕਜ਼ਾਦਾ ਜਾਵੇਦ ਠਹਿਰੇ ਹੋਏ ਸਨ |
ਜਨਾਬ ਬਸ਼ੀਰ ਬਦਰ ਸਾਹਬ ਨੇ ਜਾਵੇਦ ਨੂੰ ਕਿਹਾ, 'ਤੁਸੀਂ ਕਮਰੇ ਵਿਚ ਆਰਾਮ ਕਰੋ | ਮੈਂ ਉਰਦੂ ਜ਼ਬਾਨ ਦੇ ਆਸ਼ਿਕ ਅਤੇ ਹੀਰੋ ਸਾਈਕਲ ਦੇ ਮਾਲਕ ਸ੍ਰੀ ਓਮ ਪ੍ਰਕਾਸ਼ ਮੰੁਜਾਲ ਜੀ ਨੂੰ ਮਿਲਣ ਜਾ ਰਿਹਾ ਹਾਂ | ਜਾਵੇਦ ਸਾਹਬ ਨੇ ਵੀ ਨਾਲ ਚੱਲਣ ਦੀ ਬੇਨਤੀ ਕੀਤੀ ਪਰ ਬਸ਼ੀਰ ਬਦਰ ਸਾਹਬ ਨੇ ਮਨ੍ਹਾ ਕਰ ਦਿੱਤਾ |
ਸ਼ਾਮ ਨੂੰ ਜਦੋਂ ਜਨਾਬ ਬਸ਼ੀਰ ਬਦਰ ਸਾਹਬ ਹੋਟਲ ਵਿਚ ਵਾਪਸ ਆਏ ਤਾਂ ਉਨ੍ਹਾਂ ਕੋਲ ਤੋਹਫਿਆਂ ਨਾਲ ਭਰਿਆ ਹੋਇਆ ਸੂਟਕੇਸ ਸੀ | ਉਨ੍ਹਾਂ ਦੀ ਜੇਬ ਵਿਚ ਨੋਟਾਂ ਨਾਲ ਭਰਿਆ ਹੋਇਆ ਭਾਰਾ ਲਿਫ਼ਾਫ਼ਾ ਸੀ | ਇਹ ਸਭ ਕੁਝ ਵੇਖਕੇ ਜਾਵੇਦ ਸਾਹਬ ਨੇ ਜਨਾਬ ਬਸ਼ੀਰ ਬਦਰ ਨੂੰ ਕਿਹਾ, 'ਉਸਤਾਦ ਜੇਕਰ ਤੁਸੀਂ ਮੈਨੂੰ ਵੀ ਨਾਲ ਲੈ ਜਾਂਦੇ ਤਾਂ ਕੁਝ ਨਾ ਕੁਝ ਮੇਰੇ ਹਿੱਸੇ ਵੀ ਆ ਜਾਂਦਾ |'
ਇਸ ਦੇ ਜਵਾਬ ਵਿਚ ਜਨਾਬ ਬਸ਼ੀਰ ਬਦਰ ਸਾਹਬ ਨੇ ਕਿਹਾ, 'ਆਪਣਾ ਸ਼ਿਕਾਰ ਆਪ ਲੱਭੋ, ਲੁਧਿਆਣੇ ਸ਼ਹਿਰ ਵਿਚ ਜਨਾਬ ਮੰੁਜਾਲ ਵਰਗੇ ਲੋਕਾਂ ਦੀ ਕਮੀ ਨਹੀਂ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਕਹਾਣੀ: ਤਰਸਦੇ ਕੰਨ

ਪਾਠੀ ਸਿੰਘ ਸਾਰੀ ਸੰਗਤ ਨੂੰ ਬੇਨਤੀ ਕਰ ਰਿਹਾ ਸੀ ਕਿ ਲੰਗਰ ਪਾਣੀ ਛਕੇ ਤੋਂ ਬਗੈਰ ਕਿਸੇ ਨੇ ਨਹੀਂ ਜਾਣਾ ਪਰ ਬਾਬਾ ਕੈਲਾ ਤਾਂ ਖੰੂਡੀ ਸਹਾਰੇ ਲੱਤਾਂ ਘਸੀਟਦਾ, ਬੁੜਬੁੜਾਉਂਦਾ ਤੇਜ਼ੀ ਨਾਲ ਪਿੰਡ ਦੀ ਸੱਥ ਵੱਲ ਜਾ ਰਿਹਾ ਸੀ | ਬਾਬੇ ਕੈਲੇ ਨੇ ਉਸ ਖੰੁਢ 'ਤੇ ਬਹਿ ਕੇ ਸਾਹ ਲਿਆ ਜਿਥੇ ਉਹ ਤੇ ਬਾਬਾ ਸਰੂਪਾ 'ਕੱਠੇ ਸਾਰਾ ਦਿਨ ਬੈਠੇ ਦੁੱਖ-ਸੁੱਖ ਕਰਦੇ ਸਨ |
ਅੱਜ ਬਾਬੇ ਸਰੂਪੇ ਦਾ ਭੋਗ ਸੀ | ਬਹੁਤ ਜ਼ਿਆਦਾ ਇਕੱਠ ਸੀ | ਸਰੂਪ ਸਿੰਘ ਦੇ ਚਾਰ ਮੰੁਡਿਆਂ ਵਿਚੋਂ ਤਿੰਨ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸਨ ਤੇ ਇਕ ਮੰੁਡਾ ਪਿੰਡ ਰਹਿੰਦਾ ਸੀ | ਧੀ ਵੀ ਚੰਗੇ ਘਰੇ ਵਿਆਹੀ ਸੀ | ਕੈਲੇ ਤੇ ਸਰੂਪੇ ਨੇ ਬਚਪਨ, ਜਵਾਨੀ ਤੇ ਬੁਢਾਪਾ ਇਕੱਠਿਆਂ ਗੁਜ਼ਾਰਿਆ ਸੀ | ਪਿੰਡ ਵਿਚ ਉਨ੍ਹਾਂ ਦੇ ਘਰ ਵੀ ਨੇੜੇ-ਨੇੜੇ ਹੀ ਸਨ |
ਸਰੂਪ ਦੀ ਘਰਵਾਲੀ ਕਈ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ | ਸਰੂਪ ਆਪਣੇ ਘਰਬਾਰ ਦੀ ਸਾਰੀ ਗੱਲ ਕੈਲੇ ਕੋਲ ਕਰ ਲੈਂਦਾ ਸੀ | ਸ਼ਹਿਰ ਰਹਿੰਦੇ ਨੂੰ ਹਾਂ-ਪੁੱਤਾਂ ਅਤੇ ਪੋਤੇ-ਪੋਤੀਆਂ ਨੂੰ ਵਧੇਰੇ ਹੀ ਖੁੱਲ੍ਹਾ-ਡੁੱਲ੍ਹਾ ਦੇਖਦਾ ਤਾਂ ਮਨ ਦੀ ਭੜਾਸ ਕੈਲੇ ਕੋਲ ਕੱਢਦਾ | ਭਾਵੇਂ ਕੈਲਾ ਵਿਆਹਿਆ ਨਹੀਂ ਸੀ ਪਰ ਫਿਰ ਵੀ ਕਬੀਲਦਾਰੀ ਦੀ ਸਾਰੀ ਗੱਲ ਸਮਝਦਾ ਸੀ | ਜਵਾਨੀ ਪਹਿਰੇ ਦੋਵਾਂ ਨੇ ਹੱਡ ਭੰਨ ਕੇ ਕੰਮ ਕੀਤਾ ਪਰ ਹੁਣ ਬੁਢਾਪੇ ਵਿਚ ਸਰੀਰ ਜਵਾਬ ਦੇ ਚੁੱਕਾ ਸੀ ਤਾਂ ਹੀ ਸਵੇਰੇ ਘਰੋਂ ਰੋਟੀ-ਪਾਣੀ ਛਕ ਕੇ ਖੰੁਢ 'ਤੇ ਆ ਬਹਿੰਦੇ | ਸਾਰਾ ਦਿਨ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹਿੰਦੇ | ਦੋਵਾਂ ਦੇ ਘਰਦੇ ਲੜਦੇ ਰਹਿੰਦੇ ਕਿ, 'ਟੈਮ ਨਾਲ ਘਰੇ ਵੜ ਜਾਇਆ ਕਰੋ, ਸਾਰਾ ਦਿਨ ਮੰੂਹ ਨਾਲ ਮੰੂਹ ਜੋੜੀ ਬੈਠੇ ਰਹਿੰਦੇ ਓ... |'
ਸੰਖੇਪ ਬਿਮਾਰੀ ਪਿਛੋਂ ਬਾਬਾ ਸਰੂਪ, ਕੈਲੇ ਨੂੰ 'ਕੱਲਾ ਛੱਡ ਤੁਰ ਗਿਆ | ਉਸ ਦਿਨ ਤੋਂ ਹੀ ਕੈਲਾ ਭਵੰਤਰਿਆਂ ਵਾਂਗ ਫਿਰਦਾ ਰਹਿੰਦਾ | ਖੰੁਢ 'ਤੇ ਆ ਕੇ ਬਹਿ ਜਾਂਦਾ ਪਰ ਜੀਅ ਨਾ ਲਗਦਾ, ਫਿਰ ਘਰੇ ਵਗ ਜਾਂਦਾ | ਕਿਸੇ ਨੂੰ ਨਾ ਬੁਲਾਉਂਦਾ | ਘਰ ਖਾਣ ਨੂੰ ਆਉਂਦਾ ਤਾਂ ਫਿਰ ਖੰੁਢ ਵੱਲ...ਸਾਰਾ ਦਿਨ ਇਵੇਂ ਤੁਰਿਆ ਰਹਿੰਦਾ |
ਅੱਜ ਬਾਬੇ ਕੈਲੇ ਨੂੰ ਪਤਾ ਲੱਗਾ ਕਿ ਭੋਗ 'ਤੇ ਕਈ ਬੁਲਾਰਿਆਂ ਨੇ ਬੋਲਣਾ ਹੈ | ਬਾਬੇ ਸਰੂਪੇ ਨੂੰ ਪੁੱਤਾਂ ਨੇ ਵੱਡਾ ਕੀਤਾ | ਉਸ ਦੇ ਮਨ ਨੂੰ ਧਰਵਾਸ ਸੀ ਕਿ ਉਸ ਦੇ ਯਾਰ ਦੀਆਂ ਗੱਲਾਂਬਾਤਾਂ ਹੋਣਗੀਆਂ | ਅਰਦਾਸ ਮਗਰੋਂ ਹਰੇਕ ਬੁਲਾਰਾ ਇਕ ਵਾਰ ਬਾਬੇ ਸਰੂਪ ਦਾ ਨਾਂਅ ਲੈਂਦਾ ਤੇ ਫਿਰ ਉੱਚੀਆਂ ਪਦਵੀਆਂ 'ਤੇ ਲੱਗੇ ਪੁੱਤਾਂ, ਨੂੰ ਹਾਂ, ਪੋਤਿਆਂ, ਕੁੜਮਾਂ ਸਭ ਬਾਰੇ ਵਿਸਥਾਰ ਨਾਲ ਦੱਸਦਾ | ਜੋ ਖਾਲੀ ਹੱਥ ਤੁਰ ਗਿਆ ਉਸ ਬਾਰੇ ਘੱਟ ਤੇ ਉੱਚੀਆਂ ਪਦਵੀਆਂ ਦੀ ਚਰਚਾ ਵਧੇਰੇ ਹੋ ਰਹੀ ਸੀ | ਬਾਬੇ ਕੈਲੇ ਦਾ ਜੀਅ ਕਾਹਲਾ ਪੈ ਰਿਹਾ ਸੀ ਕਿ ਉਸ ਦੇ ਬੇਲੀ ਦੀਆਂ ਗੱਲਾਂ ਹੋਣ... ਉਸ ਦੀਆਂ ਭਾਵਨਾਵਾਂ ਦਾ ਜ਼ਿਕਰ ਹੋਵੇ ਪਰ... ਤੇ ਹੁਣ ਪਾਠੀ ਸਿੰਘ ਦੀ ਬੇਨਤੀ ਦੀ ਪ੍ਰਵਾਹ ਕੀਤੇ ਬਗੈਰ ਤਰਸਦੇ ਕੰਨਾਂ ਉਤੇ ਵਲੇਟੇ ਸਾਫੇ ਦੇ ਲੜ ਨਾਲ ਹੰਝੂ ਪੂੰਝਦਾ ਬਾਬਾ ਕੈਲਾ ਖੰੁਢ ਵੱਲ ਜਾ ਰਿਹਾ ਸੀ, ਜਿਥੇ ਉਹ ਤੇ ਉਸ ਦਾ ਬੇਲੀ ਬੈਠ ਕੇ ਦੁੱਖ-ਸੁੱਖ ਸਾਂਝਾ ਕਰਦੇ ਸਨ |

-ਈ.ਟੀ.ਟੀ. ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ, ਸੰਧਵਾਂ ਫਰੀਦਕੋਟ | ਮੋਬਾਈਲ : 95011-08280.

ਆਸ ਤੇ ਨਿਰਾਸ਼ਾ

• ਰਾਤ ਨੂੰ ਜਦੋਂ ਅਸੀਂ ਸੌਾਦੇ ਹਾਂ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਸਵੇਰੇ ਉਠਣਾ ਹੈ ਕਿ ਨਹੀਂ ਪਰ ਫਿਰ ਵੀ ਅਸੀਂ ਘੜੀ ਦੇ ਅਲਾਰਮ ਲਗਾਉਂਦੇ ਹਾਂ, ਇਹ ਹੀ ਆਸ ਹੈ |
• ਜੀਵਨ ਦੇ ਰੁੱਖ ਤੇ ਜਦੋਂ ਗ਼ਮਾਂ ਦੀ ਪਤਝੜ ਛਾ ਜਾਂਦੀ ਹੈ ਤਾਂ ਖ਼ੁਸ਼ੀਆਂ ਦੀ ਬਹਾਰ ਦੇ ਆਉਣ ਦੀ ਉਡੀਕ ਨੂੰ ਆਸ ਕਿਹਾ ਜਾਂਦਾ ਹੈ |
• ਜਾਗ ਰਹੇ ਬੰਦੇ ਦੇ ਸੁਪਨੇ ਨੂੰ ਆਸ ਕਿਹਾ ਜਾਂਦਾ ਹੈ |
• ਅੱਗੇ ਜੋ ਸਮਾਂ ਆਉਣਾ ਹੈ, ਉਸ ਨੂੰ ਸਫ਼ਲਤਾ, ਖੁਸ਼ਹਾਲੀ, ਵਿਕਾਸ ਅਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ |
• ਆਸ ਨੂੰ ਚਮਕਦੀ ਰੌਸ਼ਨੀ ਤੇ ਨਿਰਾਸ਼ਾ ਨੂੰ ਸੰਘਣਾ ਹਨੇਰਾ ਕਿਹਾ ਜਾ ਸਕਦਾ ਹੈ |
• ਆਸ ਟੁੱਟ ਚੁੱਕੇ ਇਨਸਾਨ ਲਈ ਦਵਾ, ਬਿਖਰ ਚੁੱਕੇ ਖਾਬਾਂ ਦੀ ਪੀੜ ਚੂਸਣ ਵਾਲਾ ਮਣਕਾ ਅਤੇ ਹੰਝੂਆਂ ਦੀ ਰੁੱਤੇ ਹਾਸਿਆਂ ਦੀ ਬਰਸਾਤ ਦੀ ਝਾਕ ਵਾਂਗ ਹੁੰਦੀ ਹੈ |
• ਦਿਨ ਹਰ ਪਲ ਆਪਣੀ ਹੀ ਕੀਮਤ ਰੱਖਦਾ ਹੈ | ਸਵੇਰ ਆਸ ਲੈ ਕੇ ਆਉਂਦੀ ਹੈ | ਦੁਪਹਿਰ ਵਿਸ਼ਵਾਸ ਲਿਆਉਂਦੀ ਹੈ | ਸ਼ਾਮ ਪਿਆਰ ਲਿਆਉਂਦੀ ਹੈ | ਰਾਤ ਵਿਸ਼ਰਾਮ (ਰੈਸਟ) ਲੈ ਕੇ ਆਉਂਦੀ ਹੈ | ਰੱਬ ਕਰੇ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਰਹਿਣ |
• ਜਦੋਂ ਤੱਕ ਸਾਡੇ ਕੋਲ ਯਾਦਾਂ ਹੁੰਦੀਆਂ ਹਨ, ਸਾਡਾ ਕੱਲ੍ਹ ਰਹਿੰਦਾ ਹੈ | ਜਦੋਂ ਤੱਕ ਸਾਡੇ ਕੋਲ ਆਸ ਹੁੰਦੀ ਹੈ, ਸਾਨੂੰ ਕੱਲ੍ਹ ਦੀ ਆਸ ਹੁੰਦੀ ਹੈ | ਜਦੋਂ ਤੱਕ ਸਾਡੇ ਕੋਲ ਮਿੱਤਰਤਾ ਹੁੰਦੀ ਹੈ ਤਾਂ ਸਾਡਾ ਹਰ ਦਿਨ ਮੁਕੰਮਲ ਹੁੰਦਾ ਹੈ |
• ਆਸ ਦੀ ਮੋਮਬੱਤੀ, ਜ਼ਿੰਦਗੀ ਵਿਚ ਸਫ਼ਲਤਾ ਹਾਸਲ ਕਰਨ ਲਈ ਰੌਸ਼ਨੀ ਦਾ ਸੋਮਾ ਹੁੰਦੀ ਹੈ | ਜ਼ਿੰਦਗੀ ਤੇ ਆਸ ਦਾ ਰਿਸ਼ਤਾ ਨਹੰੁ-ਮਾਸ ਦੇ ਰਿਸ਼ਤੇ ਨਾਲੋਂ ਵੀ ਗੂੜ੍ਹਾ ਤੇ ਮਹੱਤਵਪੂਰਨ ਹੈ |
• ਔਖੇ ਵੇਲੇ ਸਭ ਤੋਂ ਵੱਡਾ ਸਹਾਰਾ ਹੈ 'ਆਸ' ਜੋ ਇਕ ਪਿਆਰੀ ਜਿਹੀ ਮੁਸਕਰਾਹਟ ਦੇ ਕੇ ਕੰਨਾਂ ਵਿਚ ਹੌਲੀ ਜਿਹੇ ਕਹਿੰਦੀ ਹੈ, 'ਸਬਰ ਰੱਖ, ਸਭ ਚੰਗਾ ਹੀ ਹੋਵੇਗਾ |'
• ਆਸ ਉਤਸ਼ਾਹ ਦੀ ਜਣਨੀ ਹੈ | ਆਸ ਵਿਚ ਤੇਜ਼ ਹੈ, ਬਲ ਹੈ ਅਤੇ ਜੀਵਨ ਹੈ | ਆਸ ਹੀ ਸੰਸਾਰ ਦੀ ਸੰਚਾਲਕ ਸ਼ਕਤੀ ਹੈ |
• ਆਸ ਉਹ ਮਧੂ ਮੱਖੀ ਹੈ ਜੋ ਬਿਨਾਂ ਫੁੱਲਾਂ ਤੋਂ ਸ਼ਹਿਦ ਬਣਾਉਂਦੀ ਹੈ |
• ਖੇਤੀਬਾੜੀ ਇਕ ਆਸ ਦਾ ਧੰਦਾ ਹੈ |
• ਆਸ ਉਹ ਸ਼ਕਤੀ ਹੈ ਜੋ ਉਨ੍ਹਾਂ ਹਾਲਾਤ ਵਿਚ ਵੀ ਸਾਨੂੰ ਖ਼ੁਸ਼ ਬਣਾਈ ਰੱਖਦੀ ਹੈ, ਜਿਨ੍ਹਾਂ ਬਾਰੇ ਅਸੀਂ ਸਮਝਦੇ ਹਾਂ ਕਿ ਉਹ ਖਰਾਬ ਹਨ |
• ਆਸ਼ਾਵਾਦ ਇਕ ਵਿਸ਼ਵਾਸ ਹੈ ਜੋ ਮਨੁੱਖ ਨੂੰ ਪ੍ਰਾਪਤੀਆਂ ਵਲ ਲੈ ਜਾਂਦਾ ਹੈ | ਉਮੀਦ ਅਤੇ ਵਿਸ਼ਵਾਸ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ |
• ਜਿਸ ਵਿਅਕਤੀ ਕੋਲ ਕਲਪਨਾ ਨਹੀਂ ਹੈ, ਉਸ ਕੋਲ ਆਸ ਵੀ ਨਹੀਂ ਹੋ ਸਕਦੀ | ਉਹ ਉਸ ਪੰਛੀ ਵਰਗਾ ਹੈ ਜਿਸ ਦੇ ਪਰ ਨਾ ਹੋਣ |
• ਆਸ ਇਕ ਅਜਿਹਾ ਬੀਜ ਹੈ, ਜਿਹੜਾ ਲਹਿਰਾਉਂਦੀ ਫਸਲ ਪੈਦਾ ਕਰ ਸਕਦਾ ਹੈ | ਜ਼ਿੰਦਗੀ ਵਿਚ ਆਸ ਦੀ ਕਿਰਨ ਦਾ ਹੋਣਾ ਬਹੁਤ ਜ਼ਰੂਰੀ ਹੈ |
• ਜੀਵਨ ਵਿਚ ਆਸ ਤੇ ਨਿਰਾਸ਼ਾ ਧੁੱਪ-ਛਾਂ ਵਾਂਗ ਹਨ |
• ਆਸ 'ਤੇ ਦੁਨੀਆ ਕਾਇਮ ਹੈ | ਪੁਰਾਣੀ ਕਹਾਵਤ ਵੀ ਚੱਲੀ ਆ ਰਹੀ ਹੈ ਕਿ 'ਦੜ (ਚੁੱਪ) ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ |'
• ਬੇਆਸ ਹੋਣ ਨਾਲੋਂ ਝੂਠੀ ਆਸ ਵੀ ਚੰਗੀ ਹੁੰਦੀ ਹੈ |
• ਜਿਸ ਕੋਲ ਸਿਹਤ ਹੁੰਦੀ ਹੈ, ਉਸ ਕੋਲ ਆਸ ਹੁੰਦੀ ਹੈ | ਜਿਸ ਕੋਲ ਆਸ ਹੁੰਦੀ ਹੈ, ਉਸ ਕੋਲ ਸਭ ਕੁਝ ਹੁੰਦਾ ਹੈ |
• ਕੋਸ਼ਿਸ਼ ਕਰਨ ਵਾਲਿਆਂ ਦੀ ਉਮੀਦ ਹਮੇਸ਼ਾ ਜਿਊਾਦੀ ਰਹਿੰਦੀ ਹੈ |
• ਆਸ ਬਾਰੇ ਇਹ ਕਹਾਵਤਾਂ ਪ੍ਰਸਿੱਧ ਹਨ—ਜੀਵੇ ਆਸਾ, ਮਰੇ ਨਿਰਾਸਾ | ਜਬ ਤੱਕ ਸਾਸ ਤਬ ਤਕ ਆਸ | ਜਬ ਤੱਕ ਆਸ ਤਬ ਤੱਕ ਸਾਸ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

'ਅੰਦਰ ਦੀ ਗੱਲ' : ਨੇਤਾ ਜੀ ਦਾ ਧੰਨਵਾਦੀ ਦੌਰਾ

ਧੰਨਵਾਦ ਸ਼ਬਦ ਬੜਾ ਹੀ ਕੋਮਲ, ਮਿੱਠਾ, ਸਕੂਨੀ ਤੇ ਨਿਮਰਤਾ ਵਾਲਾ ਹੈ | ਤਾਹੀਓਾ ਤਨ ਤੇ ਮਨ ਦੇ ਕੋਮਲ ਅੰਗਰੇਜ਼ ਲੋਕਾਂ ਦੀ ਜ਼ੁਬਾਨ ਦਾ ਇਹ ਪਹਿਲਾ ਸ਼ਬਦ ਹੈ ਪਰ ਸਾਡਾ ਹਾਲੇ ਤੀਕ ਨਹੀਂ ਬਣਿਆ | ਉੱਥੇ ਤਾਂ ਬੱਸ ਚੜ੍ਹ ਰਹੀ ਮੇਮ ਨੂੰ ਇਕ ਮਰਦ ਵੀ ਕਮਰ ਫੜ ਕੇ ਸਹਾਰਾ ਲਾ ਦੇਵੇ ਤਾਂ ਉਸ ਨੂੰ 'ਥੈਂਕ ਯੂ' ਦੀ ਪੰਡ ਮਿਲਦੀ ਐ ਪਰ ਸਾਡੇ ਇੱਥੇ ਗਾਲ੍ਹਾਂ ਤੇ ਥੱਪੜ.. | ਅਖੇ ਜੈ ਖਾਣੀ ਦੇ ਨੂੰ ਉਮਰ ਨੀ ਦਿਸਦੀ ਛੇੜਦੇ ਨੂੰ , ਤੇਰੇ ਘਰ ਧੀ ਭੈਣ ਨੀ ਹੈਗੀ...ਵਗੈਰਾ ਵੈਗੈਰਾ | ਵਾਹ! ਇਕੋ ਜਿਹੇ ਕੰਮ ਲਈ ਮਿਹਨਤਾਨਾ ਵੱਖਰਾ ਵੱਖਰਾ!! ਸਾਡੇ ਤਾਂ ਮਿਹਨਤਾਨੇ ਦੀ ਲੁੱਟ ਦਾ ਇਹ ਧੱਕਾ ਕਾਨੂੰਨ ਵਾਂਗ ਹਰ ਥਾਂ ਚਲਦੈ, ਮਾਸਟਰੀ ਵੱਲ ਹੀ ਦੇਖ ਲਉ, ਕੰਮ ਇਕੋ ਜਿਹਾ ਪਰ ਮਿਹਨਤਾਨਾ ਕਿਸੇ ਨੂੰ ਸੱਠ ਹਜ਼ਾਰ ਤੇ ਕਿਸੇ ਨੂੰ ਛੇ ਹਜ਼ਾਰ | ਫਿਰ ਕੀ ਕਰੇ ਅਗਲਾ, ਮਰਦੇ ਨੂੰ ਅੱਕ ਚੱਬਣਾ ਪੇਂਦੈ | ਬੱਚਿਆਂ ਦੀ ਪੜ੍ਹਾਈ ਕਰਕੇ ਇਹ ਵੀ ਨੀ ਕਰ ਸਕਦੇ ਕਿ ਜਿਹੋ ਜਿਹਾ ਤੇਰਾ ਅੰਨ ਪਾਣੀ ਉਹੋ ਜਿਹਾ ਮੇਰਾ ਕੰਮ ਜਾਣੀ | ਕੀ ਕਰੀਏ ਹੁਣ ਤਾਂ 'ਛੇੜਛਾੜ' ਸ਼ਬਦ ਹੀ ਬਹੁਤਿਆਂ ਦੀ ਕਮਾਈ ਦਾ ਸਾਧਨ ਬਣ ਗਿਐ | ਚਲੋ ਖੈਰ, ਭਲੇ ਦਿਨ ਆਵਣਗੇ | ਆਲੇ ਦੁਆਲੇ ਧੰਨਵਾਦੀ ਦੌਰਿਆਂ ਤੇ ਧੰਨਵਾਦੀ ਬੋਰਡਾਂ ਨੂੰ ਦੇਖ ਕੇ ਲਗਦੈ ਜਿਵੇਂ ਸਿਆਸਤ ਨੂੰ 'ਧੰਨਵਾਦ ਦਾ ਦੌਰਾ' ਪੈ ਗਿਆ ਹੋਵੇ | ਜੇ ਕਿਸੇ ਨੂੰ ਦਿਲ ਦਾ ਦੌਰਾ ਪੈ ਜਾਵੇ, ਅਧਰੰਗ ਦਾ ਦੌਰਾ ਹੈ ਜਾਵੇ, ਮਿਰਗੀ ਦਾ ਦੌਰਾ ਪੈ ਜਾਵੇ ਤਾਂ ਮਰੀਜ਼ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ | ਪਰ 'ਧੰਨਵਾਦੀ ਦੌਰਾ' ਨਾ ਪਵੇ ਤਾਂ ਨੇਤਾ ਜੀ ਦੀ (ਖਾਸ ਕਰਕੇ ਹਾਰੇ ਹੋਏ ਦੀ) ਸਿਹਤ ਲਈ ਘਾਤਕ ਸਿੱਧ ਹੋ ਸਕਦੈ | ਇਹ ਸਰੀਰ ਦੇ ਕਿਸੇ ਦੌਰੇ ਨੂੰ ਸੱਦਾ ਦੇ ਸਕਦੈ | ਇਸ ਲਈ ਧੰਨਵਾਦੀ ਦੌਰਾ ਜਿੱਤੇ ਹੋਏ ਨੇਤਾ ਲਈ ਟਾਨਿੱਕ ਤੇ ਹਾਰੇ ਲਈ ਦਵਾਈ ਦਾ ਕੰਮ ਕਰਦੈ |
ਬਈ ਇਕ ਗੱਲ ਤਾਂ ਸੋਲਾਂ ਆਨੇ ਸੱਚ ਐ ਕਿ ਰਾਜਨੀਤੀ 'ਚ ਜਿੱਤ ਕੀ ਤੇ ਹਾਰ ਕੀ, ਦੋਸਤੀ ਕੀ ਤੇ ਦੁਸ਼ਮਣੀ ਕੀ, ਆਪਣਾ ਕੀ ਤੇ ਪਰਾਇਆ ਕੀ, ਅਨਪੜ੍ਹ ਕੀ ਤੇ ਅੱਧਪੜ੍ਹ ਕੀ, ਸੱਚ ਕੀ ਤੇ ਝੂਠ ਕੀ, ਇੱਜ਼ਤ ਕੀ ਤੇ ਬੇਇੱਜ਼ਤ ਕੀ | ਇਸੇ ਕਰਕੇ ਸਿਆਸਤ ਵੀ ਤਾਂ ਬਹੁਤੇ ਪੜ੍ਹੇ ਲਿਖੇ ਤੇ ਇਮਾਨਦਾਰ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ | ਇਸੇ ਲਈ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਜੀ ਨੇ ਚੋਣ ਨਹੀਂ ਲੜੀ | ਇੱਥੇ ਕੀ ਪਤਾ ਕਿ ਦਮ ਘੁੱਟਣ ਬਹਾਨੇ ਕਦੋਂ ਦੂਜੀ ਪਾਰਟੀ 'ਚ ਖਿਸਕੂ ਬਣਨਾ ਪਵੇ, ਕੀ ਪਤਾ ਕਿ ਵੋਟਾਂ 'ਚ ਕਿਸ ਦੁਸ਼ਮਣ ਦੇ ਘਰ ਜਾ ਕੇ ਹੱਥ ਮਿਲਾਉਣਾ ਪਵੇ, ਕੀ ਪਤਾ ਕਿ ਕਿਹੜੀ ਗੱਲ 'ਤੇ ਪਰਦਾ ਪਾਉਣਾ ਪਵੇ ਤੇ ਕਿਹੜੀ ਗੱਲ ਨੰਗੀ ਕਰਨੀ ਪਵੇ, ਕੀ ਪਤਾ ਕਿ ਕਿਸ ਨੂੰ ਭੰਡਣਾ ਪਵੇ ਤੇ ਕਿਸ ਦਾ ਧੰਨਵਾਦੀ ਬਣਨਾ ਪਵੇ | ਉਂਝ ਇਥੇ ਨੇਤਾ ਉਹ ਹੀ ਬਣਦੈ ਜਿਹੜਾ ਇਨ੍ਹਾਂ ਗੱਲਾਂ 'ਚ ਮੁਹਾਰਤ ਰੱਖਦਾ ਹੋਵੇ | ਇਸੇ ਕਰਕੇ ਨੇਤਾ ਜੀ ਵੋਟਾਂ ਸਮੇਂ ਆਮ ਤੇ ਵੋਟਾਂ ਤੋਂ ਬਾਅਦ ਖਾਸ ਬਣ ਜਾਂਦੇ ਐ | ਆਲੇ ਦੁਆਲੇ ਦੇਖੋ ਤਾਂ ਅਕਸਰ ਹਰ ਚੌਕ, ਹਰ ਸੜਕ, ਹਰ ਕਾਲੋਨੀ 'ਚ ਨੇਤਾਵਾਂ ਦੇ ਧੰਨਵਾਦੀ ਬੋਰਡ ਦੇਖਣ ਨੂੰ ਮਿਲਣਗੇ | ਹਰ ਅਖ਼ਬਾਰ 'ਚ ਧੰਨਵਾਦੀ ਦੌਰਿਆਂ ਦੀਆਂ ਖ਼ਬਰਾਂ, ਹਰ ਪਿੰਡ-ਸ਼ਹਿਰ ਧੰਨਵਾਦੀ ਦੌਰਿਆਂ 'ਚ ਭਜਦੀਆਂ ਗੱਡੀਆਂ ਦੀ ਭਰਮਾਰ |
ਸਿਆਸਤ 'ਚ ਧੰਨਵਾਦੀ ਸਿਲਸਿਲਾ ਦੇਖ ਕੇ ਤਾਂ ਇੰਜ ਲਗਦੈ ਕਿ ਨੇਤਾ ਲੋਕਾਂ ਦੇ ਕਾਕੇ ਇਕ ਦਿਨ ਆਪਣੀ ਤੇ ਦੋਸਤਾਂ ਦੀ ਫੋਟੋ ਵਾਲੇ ਬੋਰਡ ਲਾਇਆ ਕਰਨਗੇ ਤੇ ਲਿਖਿਆ ਕਰਨਗੇ 'ਪਜੈਰੋ, ਔਡੀ, ਐਪਲ, ਸਰਕਾਰੀ ਐਸ਼ ਤੇ ਕੈਸ਼ ਦੇਣ ਵਾਲੇ ਨੇਤਾ ਪਾਪਾ ਦੇ ਘਰ ਜਨਮ ਦੇਣ ਲਈ ਪਿਆਰੇ ਤੇ ਸਤਿਕਾਰੇ ਰੱਬ ਜੀ ਦਾ ਕੋਟਿਨ ਕੋਟਿ ਧੰਨਵਾਦ... | ਜੇ ਸੋਚੀਏ ਕਿ ਵੋਟਾਂ ਤਾਂ ਇਕ ਸੰਵਿਧਾਨਿਕ ਅਧਿਕਾਰ/ ਕਾਰਵਾਈ ਹੈ, ਪੈ ਗਈਆਂ ਸੋ ਪੈ ਗਈਆਂ, ਕੋਈ ਜਿੱਤ ਗਿਐ ਕੋਈ ਹਾਰ ਗਿਐ, ਫਿਰ ਧੰਨਵਾਦ ਕਾਹਦਾ | ਪਰ ਇੱਥੇ ਵੋਟਾਂ ਵਧੇਰੇ ਕਰਕੇ ਚਾਰਾਜੋਈ ਨਾਲ ਪੁਆਈਆਂ ਜਾਂਦੀਆਂ ਨੇ, ਇਸ ਲਈ ਧੰਨਵਾਦ ਤਾਂ ਬਣਦਾ ਹੀ ਐ | ਚਲੋ ਆਉ, ਧੰਨਵਾਦੀ ਦੌਰੇ 'ਚ ਨੇਤਾ ਜੀ ਦੀ ਤਕਰੀਰ ਸੁਣੀਏ | ਜਿੱਤੇ ਹੋਏ ਨੇਤਾ ਜੀ ਧੰਨਵਾਦੀ ਦੌਰੇ 'ਚ ਬੋਲ ਰਹੇ ਸਨ, 'ਮੇਰੇ ਸਤਿਕਾਰਯੋਗ ਵੋਟਰੋ, ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ | ਜਿਨ੍ਹਾਂ ਨੇ ਪਾਈਆਂ ਉਨ੍ਹਾਂ ਦਾ ਵੀ, ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਨ੍ਹਾਂ ਦਾ ਵੀ | ਜਿਨ੍ਹਾਂ ਮੈਨੂੰ ਪਾਈਆਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਕਿਉਂਕਿ ਤੁਸੀਂ ਆਪਣੀਆਂ ਤਾਂ ਪਾਈਆਂ ਹੀ ਪਰ ਹੋਰਾਂ ਦੀਆਂ ਵੀ ਪਾਈਆਂ, ਜਿਊਾਦਿਆਂ ਦੀਆਂ ਵੀ ਪਾਈਆਂ ਤੇ ਸਵਰਗਵਾਸੀਆਂ ਦੀਆਂ ਵੀ ਪਾਈਆਂ | ਨਿਸ਼ਕਾਮਤਾ ਨਾਲ ਵੀ ਪਾਈਆਂ, ਕੁੱਛ ਕਾਮਨਾ ਲੈ ਕੇ ਵੀ ਪਾਈਆਂ | ਮੈਂ ਵੀ ਤੁਹਾਡੀ ਸੇਵਾ 'ਚ ਕਸਰ ਨਹੀਂ ਛੱਡਾਂਗਾ | ਤੁਸੀਂ ਕੰਮ ਲੈ ਕੇ ਆਉ, ਮੈਂ ਤੁਹਾਡੇ ਭੋਗ 'ਤੇ ਵੀ ਜ਼ਰੂਰ ਆਵਾਂਗਾ'... | ਦੂਜੇ ਪਾਸੇ ਧੰਨਵਾਦੀ ਦੌਰੇ 'ਤੇ ਉਤਰੇ ਹਾਰੇ ਹੋਏ ਨੇਤਾ ਜੀ ਕਹਿ ਰਹੇ ਸਨ, ਸਤਿਕਾਰਯੋਗ ਵੋਟਰੋ, ਤੁਸੀਂ ਮੈਨੂੰ ਜਿਤਾਉਣ ਲਈ ਬਹੁਤ ਮਿਹਨਤ ਕੀਤੀ | ਤੁਸੀਂ ਮੈਨੂੰ ਜਿਤਾ ਨਹੀਂ ਸਕੇ, ਮੈਂ ਭਾਵੇਂ ਹਾਰ ਗਿਆਂ ਪਰ ਤੁਸੀਂ ਮੇਰਾ ਦਿਲ ਜਿੱਤ ਲਿਐ | ਉਹ ਜਿੱਤੇ ਨਹੀਂ, ਸਾਨੂੰ ਹਰਾਇਆ ਗਿਐ ਹੱਥਕੰਡੇ ਵਰਤ ਕੇ | ਸਾਡੀਆਂ ਵੋਟਾਂ ਕੱਟੀਆਂ ਗਈਆਂ, ਉਨ੍ਹਾਂ ਨੇ ਵੋਟਾਂ ਖਰੀਦੀਆਂ, ਉਨ੍ਹਾਂ ਨੇ ਜਾਅਲੀ ਵੋਟਾਂ ਪੁਆਈਆਂ | ਫਿਕਰ ਨਾ ਕਰੋ ਪੰਜ ਸਾਲ ਤਾਂ ਚੁਟਕੀ ਵਾਂਗ ਲੰਘ ਜਾਣੇ ਐ | ਅਸਲ 'ਚ ਆਪਣੀ ਸਰਕਾਰ ਨੇ ਪੰਜ ਸਾਲ ਕੰਮ 'ਤੇ ਬਹੁਤਾ ਜ਼ੋਰ ਲਾ ਲਿਆ | ਆਪਾਂ ਨੇ ਪੰਜ ਸਾਲ ਆਰਾਮ ਕਰਨ ਤੇ ਤੁਹਾਡੇ ਰਾਜ ਨੂੰ ਅਮਰੀਕਾ ਇੰਗਲੈਂਡ ਵਰਗਾ ਬਣਾਉਣ ਲਈ ਸਕੀਮਾਂ ਘੜਨ ਲਈ ਲਏ ਐ | ਦੇਖ ਲਿਉ, ਉਨ੍ਹਾਂ ਕਰਨਾ ਕੁਝ ਨਹੀਂ ਆਪਾਂ ਫੁਰਰਰ ਕਰਕੇ ਫਿਰ ਆਏ ਸਮਝੋ | ਤੁਸੀਂ ਤਕੜੇ ਰਿਹੋ ਭੁੱਲ ਨਾ ਜਾਇਉ ਕਿਤੇ, ਆਪਣੇ ਭੋਗਾਂ/ਵਿਆਹਾਂ 'ਤੇ ਜ਼ਰੂਰ ਬੁਲਾਉਂਦੇ ਰਿਹੋ, ਧਰਨੇ ਮੁਜ਼ਾਹਰਿਆਂ 'ਤੇ ਆਉਂਦੇ ਰਿਹੋ... |

-ਦੋਰਾਹਾ (ਲੁਧਿਆਣਾ)
ਮੋਬਾਈਲ : 98142-45959.

ਮਿੰਨੀ ਕਹਾਣੀਆਂ

ਰਿਜਕ
ਕਿਸੇ ਜ਼ਮਾਨੇ ਵਿਚ ਸਵੇਰ ਹੋਣ ਦਾ ਪਤਾ ਪੰਛੀਆਂ ਦੀ ਚਹਿਚਿਹਾਟ ਤੋਂ ਲੱਗਦਾ ਹੁੰਦਾ ਸੀ। ਅਸੀਂ ਖ਼ੁਦਗਰਜ਼ ਲੋਕਾਂ ਨੇ ਹਵਾ, ਪਾਣੀ ਵਿਚ ਏਨਾ ਪ੍ਰਦੂਸ਼ਣ ਪੈਦਾ ਕਰ ਦਿੱਤਾ ਹੈ ਕਿ ਪੰਛੀਆਂ ਦਾ ਜਿਊਣਾ ਹਰਾਮ ਹੀ ਹੋ ਗਿਆ ਹੈ। ਪਤਾ ਨਹੀਂ ਉਹ ਸ਼ਹਿਰ ਛੱਡ ਕੇ ਕਿਸ ਦੇਸ਼ ਚਲੇ ਗਏ ਹਨ। ਅੱਜਕਲ੍ਹ ਸਵੇਰ ਹੋਣ ਦਾ ਪਤਾ ਮੰਗਤਿਆਂ ਦੀਆਂ ਆਵਾਜ਼ਾਂ ਤੋਂ ਲੱਗਦਾ ਹੈ ਕਿ ਦਿਨ ਚੜ੍ਹ ਗਿਆ ਹੈ। ਸ਼ਾਇਦ ਮੰਗਤਿਆਂ ਨੂੰ ਮੰਗਣ ਦਾ ਕੰਮ ਸੌਖਾ ਲੱਗਦਾ ਹੈ। ਕੁਝ ਦਿਨਾਂ ਤੋਂ ਮੰਗਤਿਆਂ ਦੀਆਂ ਆਵਾਜ਼ਾਂ ਦੇ ਨਾਲ-ਨਾਲ ਘਰਾਂ ਦੇ ਗੇਟ ਵੀ ਖੜਕਣ ਲੱਗ ਪਏ ਹਨ। ਮੈਂ ਕਈ ਦਿਨ ਤਾਂ ਸਬਰ ਕੀਤਾ ਪਰ ਇਕ ਦਿਨ ਵਾਰ-ਵਾਰ ਗੇਟ ਖੜਕਣ ਕਾਰਨ ਮੈਨੂੰ ਗੇਟ ਖੋਲ੍ਹਣਾ ਹੀ ਪਿਆ। ਬਾਹਰ ਦੇਖਿਆ ਤਾਂ ਠੰਢ ਵਿਚ 8-10 ਸਾਲ ਦੀ ਕੁੜੀ ਗੰਦੀ ਜਿਹੀ ਫ਼ਰਾਕ ਪਾਈ ਖੜ੍ਹੀ ਸੀ। ਠੰਢ ਨਾਲ ਉਹ ਕੰਬ ਰਹੀ ਸੀ।
'ਕੀ ਗੱਲ ਹੈ?' ਮੈਂ ਆਪਣੇ ਗੁੱਸੇ ਨੂੰ ਕਾਬੂ ਕਰਦਿਆਂ ਪੁੱਛਿਆ।
'ਜੀ ਅਸੀਂ ਰਾਤ ਦੇ ਭੁੱਖੇ ਹਾਂ, ਕੋਈ ਰਾਤ ਦੀ ਬੇਹੀ ਰੋਟੀ ਪਈ ਹੋਵੇ ਤਾਂ ਦੇ ਦਿਓ। ਰੱਬ ਤੁਹਾਡਾ ਭਲਾ ਕਰੇਗਾ।' ਉਸ ਨੇ ਮਾਸੂਮੀਅਤ ਨਾਲ ਪਰ੍ਹਾਂ ਬੈਠੀ ਆਪਣੀ ਛੋਟੀ ਭੈਣ ਵੱਲ ਦੇਖਦਿਆਂ ਕਿਹਾ।
'ਤੁਸੀਂ ਲੋਕ ਕੋਈ ਕੰਮ ਕਿਉਂ ਨਹੀਂ ਕਰਦੇ?' ਮੇਰੀ ਆਵਾਜ਼ ਵਿਚ ਗੁੱਸਾ ਰਲਿਆ ਹੋਇਆ ਸੀ।
'ਜੀ ਸਰਕਾਰ ਬੱਚਿਆਂ ਨੂੰ ਕੰਮ ਨਹੀਂ ਕਰਨ ਦਿੰਦੀ, ਭਾਵੇਂ ਉਹ ਭੁੱਖੇ ਮਰ ਜਾਣ', ਉਹ ਕੰਬਦੀ ਹੋਈ ਬੋਲੀ।
'ਮੰਗਣਾ ਸਰਕਾਰ ਨੂੰ ਚੰਗਾ ਲੱਗਦੈ?'
'ਢਿੱਡ ਤਾਂ ਕਿਸੇ ਤਰ੍ਹਾਂ ਭਰਨਾ ਹੈ ਜੀ, ਮੰਗੀਏ ਨਾ ਤਾਂ ਕੀ ਚੋਰੀ ਕਰੀਏ? ਕੀ ਉਹ ਚੰਗਾ ਹੈ?' ਉਸ ਨੇ ਮੇਰੇ 'ਤੇ ਸਵਾਲ ਠੋਕ ਦਿੱਤਾ। ਜਿਸ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। 'ਇਹ ਸਵਾਲ ਤੁਸੀਂ ਸਰਕਾਰ ਨੂੰ ਕਰੋ ਕਿ ਜੇ ਕੰਮ ਨਾ ਕਰੀਏ ਤਾਂ ਖਾਈਏ ਕਿੱਥੋਂ?' ਉਹ ਚੁੱਪ ਮੇਰੇ ਵੱਲ ਵੇਖਦੀ ਕੰਬ ਰਹੀ ਸੀ।
'ਜੇ ਤੂੰ ਮੇਰਾ ਕੰਮ ਕਰੇਂਗੀ ਤਾਂ ਰੋਟੀ ਮਿਲ ਜਾਏਗੀ', ਮੈਂ ਉਸ ਨੂੰ ਕਿਹਾ।
'ਦੱਸੋ ਕੀ ਕੰਮ ਹੈ ਮੇਰੇ ਕਰਨ ਵਾਲਾ?' ਉਹ ਮੇਰੇ ਵੱਲ ਦੇਖਦੀ ਮਾਸੂਮੀਅਤ ਨਾਲ ਬੋਲੀ।
'ਅੰਦਰ ਆ ਜਾ ਦੱਸਦੀ ਹਾਂ' ਉਹ ਮੇਰੇ ਪਿੱਛੇ-ਪਿੱਛੇ ਰਸੋਈ ਵਿਚ ਆ ਗਈ।
'ਆਪਣੀ ਭੈਣ ਨੂੰ ਕਹਿ ਅੰਦਰ ਆ ਕੇ ਬੈਠ ਜਾਵੇ', ਉਹ ਗਈ ਤੇ ਭੈਣ ਨੂੰ ਅੰਦਰ ਲੈ ਆਈ। 'ਪਹਿਲਾਂ ਹੱਥ ਧੋ ਸਾਬਣ ਨਾਲ ਫਿਰ ਆਹ ਭਾਂਡੇ ਹੌਲੀ-ਹੌਲੀ ਮਾਂਜ।' ਉਹ ਮੇਰੇ ਕਹੇ ਅਨੁਸਾਰ ਲੱਗ ਗਈ ਭਾਂਡੇ ਧੋਣ। ਭਾਂਡੇ ਤਾਂ ਤਿੰਨ ਚਾਰ ਹੀ ਸਨ। ਉਹ ਮੈਂ ਇਸ ਕਰਕੇ ਉਸ ਕੋਲੋਂ ਧੁਆਏ ਕਿ ਉਸ ਨੂੰ ਬਗੈਰ ਕੰਮ ਕੀਤੇ ਖਾਣ ਦੀ ਆਦਤ ਨਾ ਪੈ ਜਾਏ। ਮੈਂ ਦੋਵਾਂ ਨੂੰ ਪਹਿਲਾਂ ਰੋਟੀ ਖਵਾਈ ਤੇ ਚਾਹ ਪਿਆਈ। ਉਸ ਨੇ ਉਹ ਭਾਂਡੇ ਵੀ ਚੁੱਕ ਕੇ ਧੋ ਦਿੱਤੇ। ਫਿਰ ਉਸ ਨੂੰ ਲਿਫ਼ਾਫ਼ੇ ਵਿਚ ਲਪੇਟ ਕੇ ਚਾਰ ਰੋਟੀਆਂ ਵੀ ਦਿੱਤੀਆਂ। ਇਹ ਆਪਣੀ ਮਾਂ ਨੂੰ ਦੇ ਦੇਵੀਂ ਉਹ ਵੀ ਭੁੱਖੀ ਹੋਵੇਗੀ। ਕੁੜੀ ਮੈਨੂੰ ਦੱਸ ਚੁੱਕੀ ਸੀ ਕਿ ਮਾਂ ਕੁਝ ਦਿਨਾਂ ਤੋਂ ਬਿਮਾਰ ਹੈ। ਪਿਤਾ ਦਿਹਾੜੀ ਕਰਨ ਜਾਂਦਾ ਹੈ, ਉਸ ਨੂੰ ਪੈਸੇ 8 ਦਿਨ ਪਿਛੋਂ ਮਿਲਦੇ ਹਨ।
ਮੇਰੇ ਕਹਿਣ ਅਨੁਸਾਰ ਉਹ ਕੁੜੀਆਂ ਦੂਜੀ ਸਵੇਰ ਸਾਫ਼ ਫ਼ਰਾਕਾਂ ਪਾ ਕੇ ਆਈਆਂ। ਮੈਂ ਉਨ੍ਹਾਂ ਨੂੰ ਦੋ-ਤਿੰਨ ਘਰਾਂ ਵਿਚ ਕੰਮ ਦੁਆ ਦਿੱਤਾ। ਦੋ ਤਿੰਨ ਦਿਨ ਪਿਛੋਂ ਉਨ੍ਹਾਂ ਦੀ ਮਾਂ ਵੀ ਠੀਕ ਹੋ ਕੇ ਆ ਗਈ। ਉਹ ਚਾਹੁੰਦੀ ਸੀ ਕਿ ਉਸ ਦੀਆਂ ਧੀਆਂ ਕੁਝ ਪੜ੍ਹ-ਲਿਖ ਜਾਣ ਤੇ ਕੋਈ ਚੰਗਾ ਕੰਮ ਕਰਨ। ਮੈਂ ਸੁਸਾਇਟੀ ਦੇ ਪ੍ਰਧਾਨ ਕੋਲ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਦੋਵਾਂ ਬੱਚੀਆਂ ਨੂੰ ਇਕ ਸ਼ਾਮ ਦੇ ਸਕੂਲ ਵਿਚ ਦਾਖ਼ਲ ਕਰਾ ਦਿੱਤਾ। ਸਵੇਰੇ ਉਹ ਕੰਮ ਕਰਦੀਆਂ ਤੇ ਸ਼ਾਮ ਨੂੰ ਪੜ੍ਹਦੀਆਂ। ਮਾਂ ਨੂੰ ਕਾਲੋਨੀ ਦੇ ਕਈ ਘਰਾਂ ਵਿਚ ਨੌਕਰੀ ਮਿਲ ਗਈ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਸੌਖਾ ਹੋ ਗਿਆ। ਉਹ ਕਾਲੋਨੀ ਵਾਲਿਆਂ ਨੂੰ ਅਸੀਸਾਂ ਦੇਣ ਲੱਗੀਆਂ।

-ਮੋਬਾਈਲ : 98762-08542.

ਸਿੱਟਾ
ਮਾਸਟਰ ਹਰਦੇਵ ਨੇ ਜਦੋਂ ਸਕੂਲ ਦੀ ਕੰਧ 'ਤੇ ਬੱਚਿਆਂ ਵਲੋਂ ਸਿੱਖਿਆ ਮਾਟੋ 'ਮਾਪਿਆਂ ਦੀ ਸੇਵਾ ਸਭ ਤੋਂ ਵੱਡਾ ਤੀਰਥ ਹੈ', ਪੜ੍ਹਿਆ ਤਾਂ ਅੱਖਾਂ ਛਲਕ ਪਈਆਂ। ਬਚਪਨ ਤੋਂ ਲੈ ਕੇ ਅੱਜ ਤੱਕ ਦਾ ਅਤੀਤ ਅੱਖਾਂ ਮੂਹਰਦੀ ਘੁੰਮ ਗਿਆ।
ਕਿਵੇਂ ਬਾਪੂ ਨੇ ਦਿਹਾੜੀਆਂ ਕਰ-ਕਰ ਕੇ ਢਿੱਡ ਬੰਨ੍ਹ ਕੇ ਉਹਨੂੰ ਜੇ.ਬੀ.ਟੀ. ਕਰਾਈ। ਲੋਕਾਂ ਦੇ ਹਾੜੇ ਕੱਢ-ਕੱਢ ਮਾਸਟਰ ਲਵਾਇਆ। ਹਰਦੇਵ ਦੀ ਪੜ੍ਹਾਈ 'ਤੇ ਖ਼ਰਚਾ ਜ਼ਿਆਦਾ ਹੋ ਜਾਣ ਕਾਰਨ ਛੋਟੇ ਮੁੰਡੇ ਸੁਖਚੈਨ ਨੂੰ ਦਸ ਪੜ੍ਹਾ ਕੇ ਹਟਾ ਲਿਆ। ਆਪਣੇ ਨਾਲ ਕੰਮ 'ਤੇ ਲਾ ਲਿਆ। ਹਰਦੇਵ ਮਾਸਟਰ ਕੀ ਲੱਗੀਏ ਮਹੀਨੇਵਾਰ ਆਉਣ ਵਾਲੀ ਤਨਖ਼ਾਹ ਨੇ ਹਿਰਦੇ ਵਿਚ ਹੈਂਕੜ ਵਸਾ ਦਿੱਤੀ। ਮਿਹਨਤੀ ਬਾਪੂ ਤੇ ਭਰਾ ਦੇ ਲੀੜਿਆਂ ਵਿਚੋਂ ਬਦਬੂ ਆਉਣ ਲੱਗੀ। ਵਿਆਹ ਹੋਣ ਉਪਰੰਤ ਟੀਚਰ ਲੱਗੀ ਆਪਣੀ ਪਤਨੀ ਪ੍ਰੀਤੋ ਨੂੰ ਲੈ ਕੇ ਅੱਡ ਹੋ ਗਿਆ। ਮਾਂ-ਬਾਪ ਦੀ ਸੇਵਾ ਸੁਆਰਥ ਦੀ ਭੇਟ ਚੜ੍ਹਾ ਦਿੱਤੀ ਪਰ ਸੁਖਚੈਨ ਨੇ ਹੌਸਲਾ ਨਾ ਛੱਡਿਆ। ਮਾਂ-ਬਾਪ ਦੀ ਤਨੋ-ਮਨੋ ਸੇਵਾ ਕੀਤੀ। ਹਰਦੇਵ ਦਾ ਬਾਪ ਜਦੋਂ ਹਰਦੇਵ ਦੀ ਕੋਠੀ ਮੂਹਰਦੀ ਲੰਘਦਾ ਤਾਂ ਹਸਰਤ ਭਰੀਆਂ ਨਜ਼ਰਾਂ ਨਾਲ ਕੋਠੀ ਨੂੰ ਵੇਖਦਾ ਪਰ ਪ੍ਰੀਤੀ ਦੇ ਖਰਵੇ ਸੁਭਾਅ ਬਾਰੇ ਸੋਚਦਾ ਅਗਾਂਹ ਲੰਘ ਜਾਂਦਾ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਦੋਵੇਂ ਭਰਾਵਾਂ ਨੂੰ ਪਰਮਾਤਮਾ ਨੇ ਦੋ-ਦੋ ਬੇਟੇ ਦਿੱਤੇ। ਸੁਖਚੈਨ ਦੇ ਦੋਵੇਂ ਬੇਟੇ ਮਿਹਨਤੀ ਪਿਓ ਵਾਂਗ ਮਿਹਨਤੀ ਨਿਕਲੇ। ਪੜ੍ਹ ਕੇ ਇਕ ਪੁਲਿਸ ਕਾਂਸਟੇਬਲ ਤੇ ਦੂਸਰਾ ਸਰਕਾਰੀ ਸਟੈਨੋ ਲੱਗ ਗਿਆ। ਓਧਰ ਹਰਦੇਵ ਦੇ ਪੁੱਤਰ ਲੋੜ ਤੋਂ ਵੱਧ ਖ਼ਰਚਾ ਮਿਲਣ ਕਾਰਨ ਵਿਹਲੜ ਤੇ ਨਿਕੰਮੇ ਨਿਕਲੇ। ਮਾੜੀ ਸੰਗਤ ਵਿਚ ਪੈ ਨਸ਼ੇ ਕਰਨ ਲੱਗ ਪਏ। ਹਰਦੇਵ ਸੋਚ ਰਿਹਾ ਸੀ ਕਿ ਜੇ ਮੈਂ ਮਾਂ-ਬਾਪ ਦੀ ਸੇਵਾ ਤੋਂ ਮੁਨਕਰ ਹੋਇਆਂ ਤੇ ਆਪਣਾ ਬਣਦਾ ਫ਼ਰਜ਼ ਨਹੀਂ ਨਿਭਾਇਆ ਤਾਂ ਹੀ ਮੇਰੀ ਔਲਾਦ ਮਾੜੀ ਨਿਕਲੀ। ਮੇਰੇ ਅਤੀਤ ਦੀ ਗ਼ਲਤੀ ਮੇਰੇ ਭਵਿੱਖ ਲਈ ਸਜ਼ਾ ਬਣ ਗਈ। ਸੁਖਚੈਨ ਦੇ ਬੇਟੇ ਦਾਦਾ-ਦਾਦੀ ਦੀ ਮਿਲੀ ਤਾਲੀਮ ਸਦਕਾ ਲਾਈਕ ਨਿਕਲੇ।
'ਮਾਸਟਰ ਜੀ ਅਗਲੀ ਕੰਧ 'ਤੇ ਕੀ ਮਾਟੋ ਲਿਖੀਏ' ਮੁੰਡਿਆਂ ਨੇ ਆ ਕੇ ਹਰਦੇਵ ਦੀਆਂ ਸੋਚਾਂ ਦੀ ਲੜੀ ਤੋੜੀ।
ਹਾਂ, ਬੇਟੇ ਅੱਗੇ 'ਨੇਕੀ ਇਨਸਾਨ ਨੂੰ ਸਦਾ ਜਿਊਂਦਾ ਰੱਖਦੀ ਹੈ' ਲਿਖੋ। ਅੱਖਾਂ ਪੂੰਝਦਾ ਹਰਦੇਵ ਅੱਗੇ ਚਲਿਆ ਗਿਆ।

-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ)। ਮੋਬਾਈਲ : 98783-25301.

ਜ਼ਿੰਦਗੀ ਨਹੀਂ ਜੇ ਮਿਲਣੀ ਦੁਬਾਰਾ


ਜ਼ਿੰਦਗੀ ਦਾ ਸਾਰ ਕੀ ਹੈ?
ਜਿਊਾਦੇ ਰਹੋ, ਮੌਤ ਤੱਕ |
ਹਰ ਮਨੁੱਖ ਨੂੰ ਇਹ ਪਤਾ ਹੈ ਕਿ ਇਕ ਦਿਨ ਮੌਤ ਆਉਣੀ ਹੀ ਆਉਣੀ ਹੈ | ਇਕ ਹੋਰ ਵੀ ਮਾਨਤਾ ਹੈ ਕਿ ਮੌਤ ਦਾ ਵੇਲਾ-ਵਕਤ ਕੋਈ ਨਹੀਂ, ਜਦ ਆਉਣੀ ਹੈ, ਤਦ ਆਉਣੀ ਹੈ |
ਇਕ ਹੋਰ ਵੀ ਮਾਨਤਾ ਹੈ ਕਿ ਮਨੁੱਖ ਦੇ ਜਿੰਨੇ ਸਾਹ ਲਿਖੇ ਹਨ, ਉਹ ਉਸ ਨੇ ਲੈਣੇ ਹੀ ਲੈਣੇ ਹਨ | ਉਹ ਸਾਹ ਪੂਰੇ ਹੋਏ ਨਹੀਂ ਕਿ ਜ਼ਿੰਦਗੀ ਵਾਲਾ ਬੁਲਬੁਲਾ, ਜਿਵੇਂ ਭੁਕਾਨਾ ਫਟ ਕੇ ਫੁਸ ਹੁੰਦਾ ਹੈ, ਉਵੇਂ ਹੀ ਫਟੇ ਹੋਏ ਭੁਕਾਨੇ ਵਾਂਗ ਨਿਰਜਿੰਦ, ਇਕ ਲੋਥ ਬਣ ਕੇ ਰਹਿ ਜਾਂਦੀ ਹੈ |
ਮਨੁੱਖ, ਜਿਸ ਨੇ ਜਨਮ ਲਿਆ ਹੈ, ਉਸ ਨੇ ਤਾਂ ਮਰਨਾ ਹੀ ਹੈ, ਮਰ ਗਏ ਨੂੰ ਕਈ ਵਾਰ ਲੋਕੀਂ ਤਦ ਤਾੲੀਂ ਮੋਇਆ ਨਹੀਂ ਮੰਨਦੇ, ਜਦ ਤਾੲੀਂ ਕੋਈ ਡਾਕਟਰ ਉਸ ਨੂੰ ਮਰਿਆ ਐਲਾਨ ਨਹੀਂ ਦਿੰਦਾ | ਬਹੁਤੀ ਵਾਰੀ ਮਨੁੱਖ ਦੇ ਜਨਮ ਲੈਣ ਦੀ ਤਸਦੀਕ ਵੀ ਡਾਕਟਰ ਹੀ ਕਰਦੇ ਹਨ, ਮਰਨ ਦੀ ਤਸਦੀਕ ਵੀ ਡਾਕਟਰ ਹੀ ਕਰਦੇ ਹਨ, ਇਸੇ ਲਈ ਪੂਰੀ ਜ਼ਿੰਦਗੀ ਜਿਊਣ ਲਈ ਜਨਮ ਸਰਟੀਫਿਕੇਟ ਤੇ ਮੌਤ ਦਾ ਸਰਟੀਫਿਕੇਟ ਬਹੁਤ ਜ਼ਰੂਰੀ ਹਨ |
ਭਾਰਤ ਵਿਚ ਮੌਤ ਦਾ ਐਲਾਨ ਤਾਂ ਹੀ ਕਰਦੇ ਹਨ ਜਦ ਸ਼ਖ਼ਸ ਦੀ ਨਬਜ਼ ਚਲਣੀ ਬੰਦ ਹੋ ਜਾਏ, ਪਰ ਅਮਰੀਕਾ ਤੇ ਕਈ ਹੋਰ ਦੇਸ਼ਾਂ 'ਚ ਬੰਦੇ ਦੇ ਸਵਰਗਵਾਸ ਹੋਣ ਦਾ ਐਲਾਨ ਉਦੋਂ ਕੀਤਾ ਜਾਂਦਾ ਹੈ ਜਦ ਉਹਦਾ ਦਿਮਾਗ ਚਲਣੋਂ ਬੰਦ ਹੋ ਜਾਏ, ਕਹਿੰਦੇ ਨੇ ਨਬਜ਼ ਬੰਦ ਹੋਣ ਮਗਰੋਂ ਵੀ ਬੰਦੇ ਦਾ ਦਿਮਾਗ ਕਾਫੀ ਦੇਰ ਚਲਦਾ ਰਹਿੰਦਾ ਹੈ |
ਸਵਰਗਵਾਸ ਹੋ ਚੁੱਕੇ ਬਸ਼ਰ ਦੇ ਪਰਿਵਾਰ ਜਨ, ਡਾਕਟਰ ਦੇ ਉਹਨੂੰ ਮੁਰਦਾ ਕਰਾਰ ਦੇਣ ਮਗਰੋਂ ਵੀ ਇਕਦਮ ਡਾਕਟਰ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, ਇਕ ਆਸ ਨਾਲ ਕਿ ਸ਼ਾਇਦ ਉਹ ਜਿਊਾਦਾ ਹੀ ਹੋਵੇ, ਡਾਕਟਰ ਨੂੰ ਬੇਨਤੀ ਕਰਦੇ ਹਨ, 'ਡਾਕਟਰ ਸਾਹਬ, ਇਕ ਵਾਰ ਹੋਰ ਚੰਗੀ ਤਰ੍ਹਾਂ ਨਬਜ਼ ਵੇਖ ਲਓ... |'
ਪਰ ਇਕ-ਦੋ ਖ਼ਬਰਾਂ ਅਜਿਹੀਆਂ ਆਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਹਾਸਾ ਵੀ ਆਉਂਦਾ ਹੈ, ਨਾਲੇ ਇਸ ਮਾਨਤਾ 'ਤੇ ਵਿਸ਼ਵਾਸ ਵੀ ਕਰਨਾ ਪੈਂਦਾ ਹੈ ਕਿ ਡਾਕਟਰਾਂ ਦੇ ਮੌਤ ਦਾ ਸਰਟੀਫਿਕੇਟ ਦੇਣ ਮਗਰੋਂ ਵੀ ਸਵਰਗਵਾਸੀ ਮੁੜ ਜਿਊਾਦਾ ਹੋ ਜਾਂਦਾ ਹੈ, ਉਸ ਦੇ ਜਿੰਨੇ ਸਾਹ ਲਿਖੇ ਸਨ, ਸ਼ਾਇਦ ਉਹ ਪੂਰੇ ਨਹੀਂ ਹੋਏ, ਇਸ ਲਈ ਬਾਕੀ ਬਚੇ ਸਾਹ ਲੈਣ ਲਈ, ਉਹ ਮੁੜ ਜਿਊਾਦਾ ਹੋ ਗਿਆ ਹੈ |
ਇਕ ਖ਼ਬਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਹੈ ਕਿ ਜ਼ਿਲ੍ਹਾ ਨਰਸਿੰਗਪੁਰਾ 'ਚ ਇਕ ਸ਼ਖਸ ਰਾਜੇਸ਼ ਉਰਫ਼ 'ਟਿੱਲੂ' ਸਰਕਾਰੀ ਸਿਹਤ ਕੇਂਦਰ 'ਚ ਭਰਤੀ ਹੋਇਆ ਸੀ, ਉਹਨੂੰ ਡਾਕਟਰਾਂ ਨੇ ਮੁਰਦਾ ਐਲਾਨ ਦਿੱਤਾ | ਉਹਦੇ ਪਰਿਵਾਰ ਵਾਲੇ ਉਹਦੀ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਏ | ਉਹਦੀ ਚਿਤਾ ਚਿਣ ਕੇ ਉਸ ਨੂੰ ਅਗਨ ਭੇਟ ਕਰਨ ਲਈ ਚਿਤਾ 'ਤੇ ਲਿਟਾ ਦਿੱਤਾ ਗਿਆ | ਪੰ੍ਰਪਰਾ ਅਨੁਸਾਰ ਉਸ ਦਾ ਪੁੱਤਰ ਉਸ ਦੀ ਚਿਤਾ ਨੂੰ ਅੱਗ ਲਾਉਣ ਵਾਲਾ ਹੀ ਸੀ ਕਿ ਅਚਾਨਕ ਮੁਰਦਾ ਖੰਘਣ ਲੱਗਾ | ਲੋਕਾਂ ਨੇ ਝੱਟ ਪ੍ਰਕਿਰਿਆ ਰੋਕ ਲਈ, ਉਹ ਮੁਰਦਾ ਚਿਤਾ 'ਤੇ ਉਠ ਕੇ ਬਹਿ ਗਿਆ | ਲੋਕਾਂ ਉਸ ਨੂੰ ਪਾਣੀ ਪਿਆਇਆ, ਉਹ ਮੁੜ ਕੇ ਸਾਹ ਲੈਣ ਲੱਗਾ, ਲੋਕਾਂ ਸ਼ੁਕਰ ਮਨਾਇਆ ਪਰ ਇਕ ਘੰਟੇ ਮਗਰੋਂ ਉਹਦੇ ਸਾਹ ਲੈਣ ਦੀ ਪ੍ਰਕਿਰਿਆ ਬੰਦ ਹੋ ਗਈ | ਇਕ ਵਾਰ ਫਿਰ ਉਹਨੂੰ ਮੁਰਦਾ ਐਲਾਨ ਦਿੱਤਾ ਗਿਆ ਤੇ ਇਸ ਵਾਰ ਉਹਦੀ ਚਿਤਾ ਨੂੰ ਅੱਗ ਲਾ ਦਿੱਤੀ ਗਈ |
ਜਿਹਨੂੰ ਕਬਰਸਤਾਨ ਲੈ ਗਏ...
ਪਹੁੰਚੀ ਵਹੀਂ ਪੇ ਖ਼ਾਕ
ਜਹਾਂ ਕਾ ਖ਼ਮੀਰ ਥਾ |
ਉਹ ਤਾਂ ਸੁਆਹ ਹੋ ਗਿਆ, ਮਿੱਟੀ ਨਾਲ ਮਿੱਟੀ ਹੋ ਗਿਆ ਪਰ ਸਾਡੇ ਸਮਾਜ ਵਿਚ ਇਕ ਹੋਰ ਬੜਾ ਵੱਡਾ ਕਲੇਸ਼ ਹੈ...
'ਆਤਮਾ'
ਇਹ ਵਿਸ਼ਵਾਸ ਹੈ ਕਿ ਬੇਸ਼ੱਕ ਸਰੀਰ 'ਚੋਂ ਸਾਹ ਮੁੱਕ ਜਾਣ ਪਰ 'ਆਤਮਾ' ਸਰੀਰ 'ਚ ਮੌਜੂਦ ਹੈ, ਉਹ ਸੌਖੇ ਕੀਤਿਆਂ ਸਰੀਰ ਨੂੰ ਨਹੀਂ ਛੱਡਦੀ | ਉਹ ਮਨੁੱਖ ਦੇ ਮਰਨ ਮਗਰੋਂ ਵੀ ਉਹਦੇ ਸਰੀਰ ਨੂੰ ਨਹੀਂ ਛੱਡਦੀ | ਇਹ ਵੀ ਵਿਸ਼ਵਾਸ ਹੈ ਕਿ ਜਦ ਤਾੲੀਂ ਆਤਮਾ ਸਰੀਰ 'ਚੋਂ ਨਹੀਂ ਨਿਕਲਦੀ, ਮਰ ਗਏ ਨੂੰ ਆਵਾਗਮਨ ਤੋਂ ਮੁਕਤੀ ਨਹੀਂ ਮਿਲਦੀ | ਕਹਿੰਦੇ ਨੇ ਸਰੀਰ ਨਾਸ਼ਵਾਨ ਹੈ ਪਰ ਆਤਮਾ ਅਮਰ ਹੈ | ਇਹ ਕਦੇ ਨਹੀਂ ਮਰਦੀ, ਸਗੋਂ ਚੋਲਾ ਬਦਲਦੀ ਹੈ |
ਸੰਸਾਰ 'ਚ ਚੌਰਾਸੀ ਲੱਖ ਜੂਨਾਂ ਦੀ ਹੋਂਦ ਹੈ | ਚੌਰਾਸੀ ਲੱਖ ਜੂਨਾਂ 'ਚ ਕੀੜੇ-ਮਕੌੜੇ, ਜਾਨਵਰ, ਪੰਛੀ, ਜਲ-ਜੀਵ ਸਭੇ ਸ਼ਾਮਿਲ ਹਨ | ਸੱਚਮੁੱਚ ਇਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ | ਇਸ ਲਈ ਮਨੁੱਖੀ ਦਿਮਾਗ਼ ਹਾਰ ਕੇ ਇਸ ਸੋਚ ਦਾ ਕਾਇਲ ਹੋ ਜਾਂਦਾ ਹੈ ਕਿ ਆਤਮਾ ਅਮਰ ਹੈ, 84 ਲੱਖ ਜੋਨੀਆਂ 'ਚ ਚੋਲਾ ਬਦਲ ਕੇ ਜਾ ਨਿਵਾਸ ਕਰਦੀ ਹੈ |
ਇਹ ਵੀ ਮਾਨਤਾ ਹੈ ਕਿ 84 ਲੱਖ ਜੂਨਾਂ ਕੱਟਣ ਮਗਰੋਂ ਮਨੁੱਖ ਨੂੰ ਮਨੁੱਖੀ ਜੂਨ ਪ੍ਰਾਪਤ ਹੁੰਦੀ ਹੈ | ਕਿਵੇਂ ਕੀੜੇ-ਕੀੜੀਆਂ ਪੈਰਾਂ ਥੱਲੇ ਆ ਕੇ ਮਰਦੇ ਹਨ, ਕਿਵੇਂ ਪੰਛੀਆਂ ਤੇ ਜਾਨਵਰਾਂ ਨੂੰ ਮਨੁੱਖ ਦੇ ਭੋਜਨ ਲਈ ਵੱਢਿਆ ਜਾਂਦਾ ਹੈ, ਬੰਦਾ ਇਹੋ ਜਿਹੀ ਜੂਨ 'ਚ ਵਿਚਰਨੋਂ ਡਰ ਜਾਂਦਾ ਹੈ, ਕਦਾਚਿਤ ਨਹੀਂ ਚਾਹੁੰਦਾ ਕਿ ਮਨੁੱਖੀ ਜੂਨ ਮਿਲਣ ਮਗਰੋਂ ਕਿਸੇ ਹੋਰ ਜੂਨ 'ਚ ਪਵੇ |
* ਆਤਮਾ ਤੋਂ ਪਰਮ, ਇਕ ਹੋਰ ਆਤਮਾ ਹੈ ਨਾਂਅ ਪਰਮਾਤਮਾ, ਜਿਸਨੂੰ ਸਹਿਜ ਬਾਣੀ 'ਚ ਕਹਿੰਦੇ ਹਨ ਪਰਮਾਤਮਾ | ਰੱਬ ਆਖ ਲਓ, ਖ਼ੁਦਾ ਜਾਂ ਗਾਡ |
ਮਾਨਤਾ ਹੈ ਕਿ ਇਹ ਪ੍ਰਾਪਤ ਹੋ ਜਾਏ ਤਾਂ 84 ਲੱਖ ਜੂਨਾਂ ਦਾ ਆਵਾਗਮਨ ਸਮਾਪਤ | ਇਹਨੂੰ ਨਿਰਵਾਣ, ਮੋਖਸ਼ ਜਾਂ ਮੁਕਤੀ ਕਹਿੰਦੇ ਹਨ |
ਆਤਮਾ ਪਰਮਾਤਮਾ ਦਾ ਮੇਲ ਹੀ ਨਹੀਂ ਸਗੋਂ ਆਤਮਾ ਦਾ ਪਰਮਾਤਮਾ 'ਚ ਪੂਰੀ ਤਰ੍ਹਾਂ ਘੁਲ ਜਾਣਾ, ਇਹਨੂੰ ਹੀ ਦੱਸਦੇ ਨੇ ਗਿਆਨੀ, 84 ਲੱਖ ਜੂਨਾਂ 'ਚ ਆਵਣ-ਜਾਵਣ ਤੋਂ ਮੁਕਤੀ ਮਿਲਣਾ, ਇਹਨੂੰ ਆਖਦੇ ਹਨ ਮੋਖਸ਼ | ਮੋਖਸ਼ ਮੁਕਤੀ, ਜੀਵੰਤ ਪ੍ਰਾਣੀਆਂ ਨੂੰ ਤਾਂ ਮਿਲਦੀ ਨਹੀਂ, ਨਾ ਹੀ ਮਿਲਣੀ ਹੈ | ਜੇਕਰ ਮਿਲਦੀ ਵੀ ਹੈ ਜਾਂ ਮਿਲੇਗੀ ਵੀ, ਤਾਂ ਮਰਨ ਤੋਂ ਬਾਅਦ |
ਵੈਸੇ ਕੋਈ ਵੀ ਬਸ਼ਰ ਜਿਸ ਨੇ ਜਨਮ ਲਿਆ ਹੈ, ਉਹਦਾ ਮਨ ਮਰਨ ਲਈ ਬਿਲਕੁਲ ਨਹੀਂ ਕਰਦਾ... ਕਿਉਂਕਿ ਇਹ ਜ਼ਿੰਦਗੀ ਬਹੁਤ ਹੁਸੀਨ ਹੈ | ਜ਼ਿੰਦਗੀ 'ਚ ਹੀ ਹੈਨ ਬਹੁਰੰਗ ਤਮਾਸ਼ੇ | ਬੜੇ ਦੁੱਖ ਵੀ ਹਨ |
ਕਿੰਨੀ ਭਿੰਨਤਾ ਹੈ, ਇਕ ਤਾਂ ਇਹ ਦੁਨੀਆ ਬੜੀ ਹੁਸੀਨ ਹੈ, ਜ਼ਿੰਦਗੀ ਫਿਰ ਨਾ ਮਿਲੇਗੀ ਦੁਬਾਰਾ | ਦੂਜਾ ਜ਼ਿੰਦਗੀ 'ਦੁੱਖਾਂ' ਦਾ ਘਰ ਹੈ ਕਿਉਂ ਆਇਆ ਦੁੱਖ ਭੋਗਨ, ਨਵਾਂ ਵਿਚਾਰਾ |
ਬੇਸ਼ੱਕ ਇਹ ਵੀ ਧਾਰਨਾ ਹੈ:
ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ ਪਿਆਰੇ
ਮੁਰਦਾ ਦਿਲ ਕਯਾ ਖ਼ਾਕ ਜੀਆ ਕਰਤੇ ਹੈਾ?
ਜਿਹੜੇ ਮੋਖਸ਼ ਦੀ ਆਸ 'ਚ ਜ਼ਿੰਦਗੀ ਖਤਮ ਕਰਨ ਲਈ ਮਿਲੇ ਸਾਹਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਸਾਹਾਂ ਨੂੰ ਆਪਣੇ ਹੱਥੀਂ ਖਤਮ ਕਰ ਦੇਣ, ਉਨ੍ਹਾਂ ਨੂੰ ਮੁਰਦਾ ਦਿਲ ਕਿਉਂ ਆਖਿਆ ਜਾਂਦਾ ਹੈ?
ਦਿੱਲੀ ਤੋਂ ਹੀ ਇਸੇ ਬੀਤੇ ਹਫ਼ਤੇ ਖ਼ਬਰ ਆਈ ਹੈ ਕਿ ਬੁਰਾੜੀ ਦੇ ਵਾਸੀ ਇਕੋ ਪਰਿਵਾਰ ਦੇ ਗਿਆਰਾਂ ਜੀਆਂ ਨੇ ਸਿਰਫ਼ ਤੇ ਸਿਰਫ਼ 'ਮੋਖਸ਼' ਦੀ ਖਾਤਰ ਇਕੋ ਦਿਨ, ਇਕੋ ਵੇਲੇ ਆਪ ਹੀ ਫਾਂਸੀ ਲੈ ਕੇ ਜ਼ਿੰਦਗੀ ਤੋਂ ਤਾਂ ਨਿਜ਼ਾਤ ਪਾ ਲਈ | ਪਰ ਕੀ ਸੱਚਮੁੱਚ ਉਨ੍ਹਾਂ ਨੂੰ ਮੋਖਸ਼ ਮਿਲ ਗਿਆ ਹੈ?
ਇਹ ਵਹਿਮ, ਇਹ ਭਰਮ ਇਹੋ ਜਿਹੀ ਸੋਚ ਦੇ ਜਨਮਦਾਤਾ ਹਨ, ਇਸ ਸਮੇਂ ਤਾੲੀਂ ਤਾਂ ਪੁਲਿਸ ਨੇ ਜੋ ਖੋਜ ਕੀਤੀ ਹੈ, ਇਹੀਓ ਹੈ ਕਿ ਸੁਫਨੇ ਵਿਚ ਉਨ੍ਹਾਂ ਦੇ ਸਵਰਗਵਾਸੀ ਪਿਤਾ ਦੀ ਗੁਹਾਰ ਉਨ੍ਹਾਂ ਦੇ ਇਕ ਪੁੱਤਰ ਨੂੰ ਸੁਣਾਈ ਦਿੱਤੀ ਕਿ ਉਹ ਇਹ 'ਸ਼ੁਭ ਕਰਮ ਕਰਨ, ਉਹ ਕੁਝ ਸਮੇਂ ਲਈ ਮੁਰਦਾ ਜ਼ਰੂਰ ਹੋ ਜਾਣਗੇ, ਪਰ ਫਿਰ ਉਨ੍ਹਾਂ 'ਚ ਦੁਬਾਰਾ ਜਾਨ ਆ ਜਾਏਗੀ | ਉਨ੍ਹਾਂ ਨੂੰ ਜ਼ਿੰਦਗੀ ਦੁਬਾਰਾ ਮਿਲ ਜਾਏਗੀ | ਉਹ ਜਨਮ-ਮਰਨ ਦੀ ਪ੍ਰਕਿਰਿਆ ਤੋਂ ਮੁਕਤ ਹੋ ਕੇ 84 ਲੱਖ ਜੂਨਾਂ 'ਚ ਵਿਚਰਨ ਵਾਲੀ ਜ਼ਿਲਤ ਸਹਿਣ ਤੋਂ ਸਦਾ-ਸਦਾ ਲਈ ਮੁਕਤ ਹੋ ਜਾਣਗੇ | ਜ਼ਿੰਦਗੀ ਮਜ਼ੇ ਨਾਲ ਜਿਊਣਗੇ |
ਬਹੁਤ ਪਹਿਲਾਂ ਮੈਂ ਪੜਿ੍ਹਆ ਸੀ ਕਿ ਜਾਪਾਨ 'ਚ ਵੀ ਇਕ ਅਜਿਹਾ 'ਪੂਜਣਯੋਗ' ਜਾਪਾਨੀ ਬਾਬਾ ਪ੍ਰਸਿੱਧ ਹੋਇਆ ਸੀ, ਜਿਸ ਨੇ ਆਪਣੇ ਸੈਂਕੜੇ ਭਗਤਾਂ ਨੂੰ ਸਹਿਮਤ ਕਰ ਲਿਆ ਸੀ ਕਿ ਉਹ ਇਕੋ ਵੇਲੇ ਆਪਣੀ ਜ਼ਿੰਦਗੀ ਖਤਮ ਕਰ ਕੇ ਪਰਮਾਤਮਾ ਕੋਲ ਪੁੱਜ ਕੇ, ਉਹਦੇ 'ਚ ਲੀਨ ਹੋ ਕੇ ਜ਼ਿੰਦਗੀ ਤੋਂ ਮੌਤ, ਮੌਤ ਮਗਰੋਂ ਮੁੜ ਜ਼ਿੰਦਗੀ ਵਾਲੇ ਚੱਕਰ ਤੋਂ ਮੁਕਤ ਹੋ ਜਾਣਗੇ |
ਕਈਆਂ ਨੂੰ ਮੁਕਤੀ ਮੁਬਾਰਕ, ਕਈਆਂ ਆਤੰਕਵਾਦੀਆਂ ਨੂੰ ਹੂਰਾਂ ਮੁਬਾਰਕ | ਸੋ, ਕੁਝ ਮੋਖਸ਼ 'ਚ, ਕੁਝ ਮੋਹ ਦੇ ਲਾਲਚ 'ਚ ਆਪਣੇ ਸਾਹ ਆਪ ਹੀ ਖਤਮ ਕਰ ਦਿੰਦੇ ਹਨ |


ਨਹਿਲੇ 'ਤੇ ਦਹਿਲਾ : ਸ਼ਾਇਰ-ਏ-ਆਜ਼ਮ

ਸ਼ਾਇਰ-ਏ-ਆਜ਼ਮ
ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ ਨਾਮੀ ਉਰਦੂ ਨਜ਼ਮ ਲਿਖਣ ਵਾਲੇ ਅਲਾਮਾ ਇਕਬਾਲ ਬੜੇ ਮਸ਼ਹੂਰ ਸ਼ਾਇਰ ਸਨ | ਉਹ ਪੇਸ਼ੇ ਤੋਂ ਵਕੀਲ ਸਨ | ਉਨ੍ਹਾਂ ਦਾ ਘਰ ਤਾਂ ਸਿਆਲਕੋਟ ਵਿਖੇ ਸੀ ਪਰ ਰਹਿੰਦੇ ਲਾਹੌਰ ਸਨ |
ਜਨਾਬ ਹਸਨ ਨਿਜ਼ਾਮੀ ਸਾਹਬ ਉਰਦੂ ਅਖ਼ਬਾਰ ਮੁਨਾਦੀ ਦੇ ਮਾਲਕ ਅਤੇ ਸੰਪਾਦਕ ਸਨ | ਉਨ੍ਹਾਂ ਨੇ ਆਪਣੇ ਅਖ਼ਬਾਰ ਮੁਨਾਦੀ ਵਿਚ ਲਿਖਿਆ ਕਿ ਅਲਾਮਾ ਇਕਬਾਲ ਨੂੰ ਮੈਂ ਵੱਡਾ ਸ਼ਾਇਰ ਨਹੀਂ ਮੰਨਦਾ | ਉਸ ਨੂੰ ਵੱਡਾ ਸ਼ਾਇਰ ਕਹਿਣਾ ਬਿੱਲੀ ਨੂੰ ਸ਼ੇਰ ਸਮਝਣ ਦੀ ਸਲਾਹ ਦੇਣਾ ਹੈ |
ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਲਾਮਾ ਇਕਬਾਲ ਦੇ ਗੋਡਿਆਂ ਵਿਚ ਦਰਦ ਹੋਣਾ ਲੱਗਾ ਹੈ | ਹਸਨ ਨਿਜ਼ਾਮੀ ਗੋਡਿਆਂ ਦੇ ਦਰਦ ਦੀ ਰੋਗਨ ਫਾਸਫੋਰਸ ਨਾਂਮੀ ਦਵਾ ਬਣਾਇਆ ਕਰਦੇ ਸਨ | ਉਨ੍ਹਾਂ ਨੇ ਰੋਗਨ ਫਾਸਫੋਰਸ ਨਾਮਕ ਦਵਾਈ ਇਕਬਾਲ ਸਾਹਬ ਨੂੰ ਭੇਜੀ ਜਿਸ ਨਾਲ ਇਕਬਾਲ ਸਾਹਬ ਨੂੰ ਬਹੁਤ ਲਾਭ ਹੋਇਆ | ਅਲਾਮਾ ਇਕਬਾਲ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਮੈਨੂੰ ਤੁਹਾਡੀ ਦਵਾਈ ਨਾਲ ਬਹੁਤ ਫਾਇਦਾ ਹੋਇਆ ਹੈ | ਹਸਨ ਨਿਜ਼ਾਮੀ ਸਾਹਬ ਨੇ ਉਹ ਚਿੱਠੀ ਆਪਣੇ ਅਖ਼ਬਾਰ 'ਮੁਨਾਦੀ' ਵਿਚ ਛਾਪੀ ਅਤੇ ਲਿਖਿਆ ਕਿ ਇਸ ਤੇਲ ਬਾਰੇ ਸ਼ਾਇਰੇ ਆਜ਼ਮ ਅਲਾਮਾ ਇਕਬਾਲ ਦੀ ਕੀ ਰਾਏ ਹੈ | ਅਲਾਮਾ ਇਕਬਾਲ ਨੇ ਮੁੁਨਾਦੀ ਨਾਮਕ ਅਖ਼ਬਾਰ ਪੜ੍ਹ ਕੇ ਮੁਸਕਰਾਉਂਦੇ ਹੋਏ ਕਿਹਾ, 'ਸ਼ੁਕਰ ਹੈ ਹਸਨ ਨਿਜ਼ਾਮੀ ਦੇ ਗੋਡਿਆਂ ਦੇ ਦਰਦ ਦੇ ਤੇਲ ਰੋਗਨ ਫਾਸਫੋਰਸ ਨੇ ਮੈਨੂੰ ਸ਼ਾਇਰ-ਏ-ਆਜ਼ਮ ਬਣਾ ਦਿੱਤਾ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਅੰਤਰ

ਸਿਰਸਾ ਤੋਂ ਚੱਲੀ ਬੱਸ ਸਰਦੂਲਗੜ੍ਹ ਦੇ ਨੇੜੇ ਪਹੁੰਚ ਚੁੱਕੀ ਸੀ | ਇਕ ਅੱਧਖੜ ਉਮਰ ਦੀ ਮਾਈ ਆਪਣੀ ਸੀਟ ਤੋਂ ਉੱਠ ਕੇ ਕੰਡਕਟਰ ਦੇ ਦੁਆਲੇ ਜਾ ਹੋਈ ਤੇ ਬੋਲੀ, 'ਵੇ ਪੁੱਤ ਆ ਮੈਨੂੰ ਆਹ ਮੋੜ 'ਤੇ ਲਾਹ ਦੇਵੀਂ, ਗੋਡੇ ਬਹੁਤ ਦੁਖਦੇ ਐ ਚਲਿਆ ਨ੍ਹੀਂ ਜਾਂਦਾ |' ਲੈ ਮਾਈ ਇਹ ਕੋਈ ਰਿਕਸ਼ਾ ਥੋੜ੍ਹੀ ਐ ਕੀ ਜਿਥੇ ਮਰਜ਼ੀ ਰੋਕ ਲੋ, ਅਸੀਂ ਵੀ ਆਖਿਰ ਚੰਡੀਗੜ੍ਹ ਪਹੁੰਚਣਾ, ਨਾਨ ਸਟਾਪ ਗੱਡੀ ਐ | ਰੋਹਬ ਨਾਲ ਬੋਲੇ ਗਏ ਕੰਡਕਟਰ ਦੇ ਬੋਲ ਸੁਣ ਕੇ ਬੇਵਸ ਹੋਈ ਮਾਈ ਆਪਣੀ ਸੀਟ 'ਤੇ ਜਾ ਬੈਠੀ |
ਬੱਸ ਅਜੇ ਸਰਦੂਲਗੜ੍ਹ ਦੇ ਬੱਸ ਸਟੈਂਡ ਤੋਂ ਤਿੰਨ ਕੁ ਕਿਲੋਮੀਟਰ ਹੀ ਅੱਗੇ ਗਈ ਸੀ ਕਿ ਇਕ ਨੌਜਵਾਨ ਨੇ ਬਾਰੀ ਕੋਲ ਹੁੰਦਿਆਂ ਕੰਡਕਟਰ ਨੂੰ ਆਵਾਜ਼ ਮਾਰੀ, 'ਆਹ ਰੋਕੀਂ ਬਾਈ ਠੇਕੇ ਕੋਲੇ', ਲੈ ਜਿਥੇ ਕਹੇਂ ਉਥੇ ਈ ਰੋਕ ਦਿਆਂਗੇ ਆਪਣੀ ਵਿਸਲ ਵਿਚ ਵੀ ਮੰਤਰੀ ਦੇ ਆਰਡਰ ਜਿੰਨੀ ਤਾਕਤ ਹੁੰਦੀ ਐ', ਕਹਿੰਦਿਆਂ ਹੀ ਕੰਡਕਟਰ ਨੇ ਲੰਬੀ ਵਿਸਲ ਮਾਰ ਦਿੱਤੀ | ਠੇਕੇ 'ਤੇ ਖੜ੍ਹੀ ਬੱਸ ਨੂੰ ਵੇਖ ਕੇ ਮੈਂ ਨਾਨ-ਸਟਾਪ ਅਤੇ ਰਿਕਸ਼ੇ ਵਿਚ ਅੰਤਰ ਬਾਰੇ ਸੋਚਣ ਲੱਗ ਪਿਆ |

-ਜਗਤਾਰ ਸਮਾਲਸਰ
-ਬਾਈਪਾਸ, ਰੋਡ ਏਲਨਾਬਾਦ (ਸਿਰਸਾ)
ਮੋਬਾਈਲ : 094670-95953.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX