ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਮਿਸ਼ਨ ਸਫ਼ਲ

'ਹੱਲਾ ਗੁੱਲਾ', 'ਹੰਗਾਮਾ' ਇਹ ਲਫ਼ਜ਼ ਤੇ ਜੈਕਲਿਨ ਫਰਨਾਂਡਿਜ਼ ਸ਼ਾਇਦ ਅੱਜਕਲ੍ਹ ਇਕੱਠੇ ਹੀ ਚੱਲ ਰਹੇ ਹਨ। ਬਾਲੀਵੁੱਡ ਵਾਲੇ ਤਾਂ ਜੈਕਲਿਨ ਨੂੰ 'ਹੰਗਾਮਾ ਗਰਲ' ਵੀ ਕਹਿਣ ਲੱਗ ਪਏ ਹਨ। 'ਪੋਲ ਡਾਂਸ' ਉਸ ਦਾ ਕਿ 'ਸ਼ਹਿਰ ਵਿਚ ਰੌਲਾ ਪੈ ਗਿਆ' ਤੇ 'ਰੇਸ-3' ਹਿੱਟ ਹੁੰਦੇ ਸਾਰ ਹੀ ਸੈਰ ਅਮਰੀਕਾ ਦੀ ਜੈਕੀ ਨੂੰ ਯਾਦ ਆ ਗਈ। ਐਟਲਾਂਟਾ (ਯੂ.ਐਸ.ਏ.) ਉਹ ਪੁੰਨ ਤੇ ਫਲੀਆਂ ਪ੍ਰਾਪਤ ਕਰਨ ਗਈ। ਸੈਰ ਦੀ ਸੈਰ ਤੇ ਸਲਮਾਨ ਖ਼ਾਨ ਨਾਲ 'ਦਬੰਗ ਟੂਰ' 'ਚ ਵੀ ਹਿੱਸਾ ਲਿਆ। ਇੰਸਟਾਗ੍ਰਾਮ 'ਤੇ ਜੋ ਤਸਵੀਰਾਂ ਜੈਕੀ ਨੇ ਪਾਈਆਂ, ਦਿਖਾ ਰਹੀਆਂ ਹਨ ਕਿ ਪ੍ਰਬੰਧਕ ਉਸ ਦੀ ਇਕ ਝਲਕ ਲਈ ਉਤਾਵਲੇ ਹਨ। 'ਤੇਰੀ ਲੱਤ ਲੱਗ ਗਈ' ਇਸ ਗਾਣੇ 'ਤੇ ਦਰਸ਼ਕ ਝੂਮਦੇ ਹਨ। ਫਿਰ 'ਜੁੰਮੇ ਕੀ ਰਾਤ' ਦੇ ਗੀਤ 'ਤੇ ਜੈਕੀ-ਸਲਮਾਨ ਦਾ ਨਾਚ 'ਦਬੰਗ ਦੌਰਾ' ਸਫ਼ਲ ਹੈ। ਜੈਕੀ ਦੀ ਕਾਮੁਕ ਅਦਾ ਦੇਖ ਦਰਸ਼ਕ ਬੇਕਾਬੂ ਹੋ ਜਾਂਦੇ ਹਨ ਤੇ ਜੈਕੀ ਆਪ ਵੀ ਉਨ੍ਹਾਂ ਨਾਲ ਰੌਲੇ-ਰੱਪੇ 'ਚ ਸ਼ਾਮਿਲ ਹੋ ਰਹੀ ਹੈ। 'ਕਿੱਕ' ਹੋਵੇ ਜਾਂ 'ਰੇਸ-3' ਜੈਕੀ-ਸੱਲੂ ਦੀ ਜੋੜੀ ਦੀਆਂ ਗੱਲਾਂ ਹੀ ਹੋਰ ਹਨ। ਕਦੇ ਗੋਵਿੰਦਾ ਨਾਲ ਨਾਚ ਤੇ ਕਦੇ ਸਲਮਾਨ ਨਾਲ, ਸਾਰੇ ਪਾਸੇ ਜਲਵਾ ਹੈ ਮਿਸ ਫਰਨਾਂਡਿਜ਼ ਦਾ। 'ਹੰਗਾਮਾ ਗਰਲ' ਜੈਕਲਿਨ ਫਰਨਾਂਡਿਜ਼ 'ਅਲਾਦੀਨ' ਨਾਲ ਕੀ ਆਈ ਕਿ ਸ੍ਰੀਲੰਕਾ ਭੁੱਲ ਭਾਰਤ ਦੀ ਹੋ ਕੇ ਹੀ ਰਹਿ ਗਈ। ਕਦੇ ਉਥੇ ਟੀ.ਵੀ. ਰਿਪੋਰਟਰ ਤੇ ਹੁਣ ਚਰਚਿਤ ਹੀਰੋਇਨ। ਤਕਦੀਰ ਮਿਹਰਬਾਨ ਹੈ ਜੈਕੀ 'ਤੇ। ਕਦੇ ਸੜਕ ਹਾਦਸੇ 'ਚੋਂ ਬਚਣਾ, ਹੱਥ 'ਤੇ ਜਿਊਂਦਾ ਸੱਪ ਰੱਖਣਾ, ਜੈਕੀ ਦੇ ਕਾਰਨਾਮੇ ਵੀ ਅਜੀਬ ਹਨ ਤੇ ਯੋਗਾ 'ਚ ਵੀ ਉਹ ਅੱਗੇ ਹੈ। ਸਲਮਾਨ ਪਰਿਵਾਰ ਨਾਲ ਉਹ ਘੁਲੀ-ਮਿਲੀ ਹੈ। ਜੈਕੀ ਨੇ ਤਾਂ ਸਲਮਾਨ ਦੇ ਅੱਬਾ ਹਜ਼ੂਰ ਸਲੀਮ ਖ਼ਾਨ ਤੋਂ ਮਦਦ ਮੰਗੀ ਹੈ ਕਿ ਉਹ ਉਸ ਨੂੰ ਉਰਦੂ ਸਿਖਾਉਣ। ਸਲੀਮ ਜੀ ਨੇ ਕਿਹਾ ਹੈ ਕਿ ਇਥੇ ਕੋਈ ਹੰਗਾਮਾ ਨਹੀਂ ਪਰ ਢੰਗ ਦੀ ਹਿੰਦੀ ਤਾਂ ਸਿੱਖ ਲਵੋ ਫਿਰ ਉਰਦੂ ਵੱਲ ਆਉਣਾ। ਇਕ ਤਰ੍ਹਾਂ ਦੀ ਬੇਇੱਜ਼ਤੀ ਕਰਵਾ ਕੇ ਵੀ ਜੈਕਲਿਨ ਦੇ ਚਿਹਰੇ 'ਤੇ ਕੋਈ ਉਦਾਸੀ ਦੀ ਝਲਕ ਨਹੀਂ ਆਈ। ਉਲਟਾ ਕਹਿ ਰਹੀ ਹੈ ਕਿ ਸਲੀਮ ਜੀ ਸਹੀ ਕਹਿ ਰਹੇ ਹਨ। ਕੁਝ ਵੀ ਹੋਵੇ, ਹੰਗਾਮੇ ਹੋਣ ਜਾਂ ਰੌਲਾ ਪਵੇ ਜੈਕਲਿਨ ਫਰਨਾਂਡਿਜ਼ ਆਪਣੇ ਮੰਤਵ 'ਚ ਕਾਮਯਾਬ ਹੈ। 'ਹੰਗਾਮਾ ਗਰਲ' ਰੌਲਾ-ਰੱਪਾ ਪੈਂਦਾ ਦੇਖ ਕੇ ਵੀ ਖੁਸ਼ੀ ਮਹਿਸੂਸ ਕਰਦੀ ਹੈ ਤੇ ਚਿੰਤਾ ਤਾਂ ਉਸ ਦੇ ਨੇੜੇ ਵੀ ਨਹੀਂ ਢੁਕਦੀ।


ਖ਼ਬਰ ਸ਼ੇਅਰ ਕਰੋ

ਰਣਵੀਰ ਸਿੰਘ

ਝੂਠ ਬੋਲੇ ਕਊਆ ਕਾਟੇ

ਪਹਿਲਾ ਪਿਆਰ ਤਾਂ ਰਣਵੀਰ ਸਿੰਘ ਲਈ ਇਹ ਅਭਿਨੈ ਹੀ ਹੈ, ਜਿਸ ਨੂੰ ਉਹ ਭਲਾ ਕਿਵੇਂ ਭੁਲਾ ਸਕਦਾ ਹੈ? ਬਾਕੀ ਪਿਆਰ ਤਾਂ ਦੁਨੀਆਦਾਰੀ ਹੈ ਤੇ ਰਣਵੀਰ ਸਿੰਘ ਜੋ 33 ਸਾਲ ਦਾ ਹੋ ਚੁੱਕਾ ਹੈ, ਅਭਿਨੈ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੈ। ਰਣਵੀਰ ਦਾ ਵਿਚਾਰ ਹੈ ਕਿ ਲੋਕਾਂ ਦੀ ਉਮੀਦ 'ਤੇ ਪੂਰਾ ਉੱਤਰਨ ਲਈ ਜ਼ਿੰਮੇਵਾਰੀ ਸਮਝਣੀ ਪਵੇਗੀ ਤੇ ਹੁਣ ਨੈੱਟ ਤੇ ਮੋਬਾਈਲ ਕਾਰਨ ਜ਼ਿੰਮੇਵਾਰੀ ਜ਼ਿਆਦਾ ਵਧੀ ਹੈ, ਕਿਉਂਕਿ ਅਭਿਨੇਤਾ ਦਾ ਲੋਕਾਂ ਨਾਲ ਇਕੋ ਤਰ੍ਹਾਂ ਦਾ ਸਿੱਧਾ ਸਬੰਧ ਰਹਿੰਦਾ ਹੈ। ਹਾਂ, ਰਣਵੀਰ ਸਿੰਘ ਦਾ ਝੂਠ ਬੋਲਣਾ ਜ਼ਰੂਰ ਉਸ ਦੇ ਵਿਅਕਤੀਤਵ ਨੂੰ ਗ੍ਰਹਿਣ ਲਾਉਣ ਵਾਲੀ ਗੱਲ ਹੈ। ਰਣਵੀਰ ਨੇ ਤਾਜ਼ਾ ਇੰਟਰਵਿਊ 'ਚ ਕਿਹਾ ਹੈ ਕਿ ਬਚਪਨ 'ਚ ਉਸ ਗ਼ਰੀਬੀ ਦੇਖੀ ਹੈ, ਵਿਦੇਸ਼ ਘੁੰਮਣ ਲਈ ਉਸ ਦਾ ਸਾਰਾ ਟੱਬਰ ਪਾਈ-ਪਾਈ ਜੋੜਦਾ ਸੀ ਤੇ ਫਿਰ ਕਿਤੇ ਉਹ ਇੰਡੋਨੇਸ਼ੀਆ, ਯੂਰਪ, ਅਮਰੀਕਾ ਜਾਂਦੇ ਸਨ। ਨਿਰੀ ਗੱਪ, ਕਿਉਂਕਿ ਬਚਪਨ 'ਚ ਰਣਵੀਰ ਦੇ ਘਰੇ ਲੱਗੀ ਜਿੰਮ ਆਧੁਨਿਕ ਜਿੰਮ। ਜਦ ਗਰੀਬੀ ਹੋਵੇ ਤਦ ਮਹਿੰਗੀ ਜਿੰਮ ਘਰੇ ਕਿਵੇਂ ਲੱਗੀ? ਗਰੀਬੀ 'ਚ ਤਾਂ ਐਥੋਂ ਉਥੇ ਜਾਣ ਲਈ ਬੱਸ ਦਾ ਕਿਰਾਇਆ ਨਹੀਂ ਮਿਲਦਾ ਸੀ ਤੇ ਉਹ ਗਰੀਬੀ ਦਾਅਵੇ 'ਚ ਅਮਰੀਕਾ, ਸਪੇਨ, ਥਾਈਲੈਂਡ ਕਿਵੇਂ ਜਾਂਦਾ ਸੀ। ਇਹ ਗੱਲਾਂ ਲੋਕ ਉਸ ਦੀ ਇੰਟਰਵਿਊ ਦੇਖ ਕੇ, ਪੜ੍ਹ ਕੇ ਕਰ ਰਹੇ ਹਨ। ਬਚਪਨ ਤੋਂ ਅਕਸ਼ੈ ਕੁਮਾਰ ਦੇ ਦੀਵਾਨੇ ਤੇ ਦੀਪਿਕਾ ਸਿੰਘ ਦੇ ਦਿਲ ਦੀ ਧੜਕਣ ਰਿਹਾ ਰਣਵੀਰ ਸਿੰਘ ਕਹਿ ਰਿਹਾ ਹੈ ਕਿ ਭੁੱਲ ਜਾਵੋਗੇ 'ਦਬੰਗ', 'ਸਿੰਘਮ' ਤੇ 'ਸਿੰਬਾ' ਦੀ ਝਲਕ...। ਰੋਹਿਤ ਸ਼ੈਟੀ ਨੇ 'ਸਿੰਬਾ' 'ਚ ਰਣਵੀਰ ਨੂੰ ਲੈ ਲਿਆ, ਧਮਾਲ ਮਚਾ ਸਾਰੇ ਰਿਕਾਰਡ ਭਲਾ ਤੋੜ ਦੂ ਫਿਰ 'ਸਿੰਘਮ', 'ਦਬੰਗ' ਨਾਲ ਹੋਊ ਮੁਕਾਬਲਾ, ਦੂਰ ਦੀ ਕਬੱਡੀ...। ਸੁਪਰ ਹੀਰੋ ਦੇ ਪਹਿਰਾਵੇ 'ਚ ਰਣਵੀਰ ਸਿੰਘ ਨੇ ਹਵਾਈ ਜਹਾਜ਼ 'ਚ ਮਸਤੀ ਕਰਕੇ ਸਾਰੇ ਮੁਸਾਫਿਰਾਂ ਦਾ ਦਿਲ ਮੋਹ ਲਿਆ ਸੀ। ਜੇ ਉਹ ਕ੍ਰਿਕਟਰ ਹੁੰਦਾ ਤਾਂ ਰਣਵੀਰ ਭਾਵਨਾਨੀ ਕਹਿ ਕੇ ਲੋਕ ਉਸ ਨੂੰ ਪੁਕਾਰਦੇ। ਸੈਫ਼ ਦੀ ਬੇਟੀ ਸਾਰਾ ਅਲੀ ਖ਼ਾਨ ਉਹ ਖੁਸ਼ਕਿਸਮਤ ਹੈ, ਜੋ ਰਣਵੀਰ ਸਿੰਘ ਨਾਲ ਪ੍ਰਵੇਸ਼-ਏ-ਫ਼ਿਲਮ ਸਨਅਤ ਕਰ ਰਹੀ ਹੈ। ਰੰਗੀਲਾ, ਜ਼ਬਰਦਸਤ ਸਰੀਰ ਦਾ ਮਾਲਕ ਰਣਵੀਰ ਸਿੰਘ ਸਭ ਠੀਕ-ਠਾਕ ਹੈ, ਸਿਰਫ਼ ਤੇ ਸਿਰਫ਼ ਝੂਠ ਬੋਲਣ ਤੇ ਗੱਪ ਮਾਰਨ ਦੀ ਆਦਤ ਮਾੜੀ ਹੈ। ਇਹੋ ਮਾੜੀਆਂ ਗੱਲਾਂ ਕੀਤੇ ਕਰਾਏ ਸਿਰ ਸੁਆਹ ਪਾਉਣ ਵਾਲੀ ਗੱਲ ਨੂੰ ਸੱਦਾ ਦਿੰਦੀਆਂ ਹਨ। ਦੀਪਿਕਾ ਦੇ ਬਰੇਕ ਡਾਂਸ ਉਸ ਦੀ ਰੂਹ ਦੀ ਖੁਰਾਕ ਹਨ, ਕਦੇ ਬੇਹੱਦ ਸੰਘਰਸ਼ ਤੇ ਅੱਜ ਸਾਰਾ ਅਲੀ ਖ਼ਾਨ ਲਈ ਸੁਪਰ ਹੀਰੋ ਰਣਵੀਰ ਸਿੰਘ ਪਤਾ ਨਹੀਂ ਕਿਉਂ ਰਣਬੀਰ ਕਪੂਰ ਨਾਲ ਨਰਾਜ਼ ਹੈ ਪਰ ਕਿਤੇ ਇਹ ਨਰਾਜ਼ਗੀ ਵੀ ਝੂਠ ਦਾ ਪੁਲੰਦਾ ਤਾਂ ਨਹੀਂ, ਕੀ ਪਤਾ?

ਕਾਜੋਲ

ਉਹ ਘੜੀ ਆ ਗਈ

ਜਿਸ ਦਾ ਸੀ ਕਾਜੋਲ ਦੇ ਚਹੇਤਿਆਂ ਨੂੰ ਇੰਤਜ਼ਾਰ ਉਹ ਘੜੀ ਸਮਝੋ ਆ ਗਈ ਤੇ ਅਗਲੇ ਤੋਂ ਅਗਲੇ ਮਹੀਨੇ 14 ਸਤੰਬਰ ਨੂੰ 'ਹੈਲੀਕਾਪਟਰ ਈਲਾ' ਨਾਂਅ ਦੀ ਆ ਰਹੀ ਅਜੈ ਦੇਵਗਣ ਦੀ ਫ਼ਿਲਮ 'ਚ ਕਾਜੋਲ ਆ ਰਹੀ ਹੈ। ਆਨੰਦ ਗਾਂਧੀ ਦੇ ਗੁਜਰਾਤੀ ਨਾਟਕ 'ਬੇਟਾ ਕਾਗੜੋ' 'ਤੇ ਆਧਾਰਿਤ ਕਾਜੋਲ ਦੀ 'ਹੈਲੀਕਾਪਟਰ ਈਲਾ' ਹੈ। ਫ਼ਿਲਮ 'ਚ ਕਾਜੋਲ ਮਾਂ ਦੀ ਭੂਮਿਕਾ 'ਚ ਹੈ ਤੇ ਫ਼ਿਲਮ ਦਾ ਨਿਰਮਾਣ ਅਜੈ ਦੇਵਗਣ ਨੇ ਕੀਤਾ ਹੈ। ਰਿਧੀ ਸੇਨ ਫ਼ਿਲਮ 'ਚ ਕਾਜੋਲ ਦਾ ਬੇਟਾ ਬਣਿਆ ਹੈ ਤੇ ਨੇਹਾ ਧੂਪੀਆ ਵੀ ਫ਼ਿਲਮ 'ਚ ਹੈ। ਫ਼ਿਲਮ ਦੀ ਕਹਾਣੀ ਅਨੁਸਾਰ ਕਾਜੋਲ ਇਕ ਗਾਇਕਾ ਬਣਨਾ ਚਾਹੁੰਦੀ ਹੈ। ਮਜ਼ੇਦਾਰ ਦਿੱਖ ਵਾਲਾ ਕਾਜੋਲ ਦਾ ਪੋਸਟਰ ਵਾਰ-ਵਾਰ ਦੇਖਣ ਵਾਲਾ ਹੈ। ਪ੍ਰਦੀਪ ਸਰਕਾਰ ਫ਼ਿਲਮ ਦੇ ਨਿਰਦੇਸ਼ਕ ਹਨ ਪਰ ਹਾਂ ਅਜੈ ਦੇਵਗਨ ਫ਼ਿਲਮ 'ਚ ਕਾਜੋਲ ਦੇ ਨਾਲ ਨਹੀਂ ਹਨ ਤੇ ਹਾਂ 'ਹੈਲੀਕਾਪਟਰ ਈਲਾ' ਦੇ ਸੈੱਟ ਦੀ ਗੱਲ ਹੈ ਕਿ ਇਕ ਦਿਨ ਉੱਚੀ ਅੱਡੀ ਦੀ ਜੁੱਤੀ ਪਾ ਕੇ ਆਈ ਪਰ ਅਚਾਨਕ ਇਸ ਦਾ ਸੰਤੁਲਨ ਵਿਗੜ ਗਿਆ ਤੇ ਕਾਜੋਲ ਸੱਟ ਤੋਂ ਮਸਾਂ ਹੀ ਬਚੀ। ਹਾਲੀਵੁੱਡ ਕਾਰਟੂਨ ਲੜੀ 'ਇਨਕਰੈਡੀਬਲਜ਼-2' ਦਾ ਹਿੱਸਾ ਵੀ ਕਾਜੋਲ ਬਣੀ ਹੈ। ਉਧਰ 'ਬੱਤੀ ਗੁੱਲ ਮੀਟਰ ਚਾਲੂ' ਵੀ 14 ਸਤੰਬਰ ਨੂੰ ਆ ਰਹੀ ਹੈ। 'ਹੈਲੀਕਾਪਟਰ ਈਲਾ' ਵੀ ਇਸੇ ਤਰੀਕ ਨੂੰ। ਪਰ ਕਾਜੋਲ ਨੂੰ ਕੋਈ ਘਬਰਾਹਟ ਨਹੀਂ ਹੈ। ਸਭ ਸਹੀ ਰਿਹਾ ਤਾਂ ਸ਼ਾਹਰੁਖ-ਕਾਜੋਲ ਨੂੰ ਲੈ ਕੇ ਕਰਨ ਜੌਹਰ ਨਵੀਂ ਫ਼ਿਲਮ ਸ਼ੁਰੂ ਕਰ ਸਕਦੇ ਹਨ। ਹਾਂ ਬਾਇਓਪਿਕ ਫ਼ਿਲਮਾਂ ਤੋਂ ਕਾਜੋਲ ਨੂੰ ਖਿਝ ਹੈ। ਕਾਜੋਲ ਨਹੀਂ ਚਾਹੁੰਦੀ ਕਿ ਉਸ 'ਤੇ ਕੋਈ ਫ਼ਿਲਮ ਬਣੇ। ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਯੁੱਗ, ਨਿਆਸਾ ਤੇ ਅਜੈ ਦੇਵਗਨ ਨਾਲ ਬਤੀਤ ਕਰ ਰਹੀ ਹੈ, ਉਸ ਤੋਂ ਉਹ ਖੁਸ਼ ਹੈ।

ਮਾਹੀ ਗਿੱਲ

ਮੋਨਾ ਡਾਰਲਿੰਗ

'ਜ਼ੰਜੀਰ' ਫ਼ਿਲਮ ਦਾ ਰੀਮੇਕ ਮਾਹੀ ਗਿੱਲ ਨੂੰ ਬਹੁਤ ਹੀ ਫਾਇਦਾ ਦੇਵੇਗਾ, ਇੰਡਸਟਰੀ ਦੇ ਪੰਡਿਤ ਇਹ ਵਿਚਾਰ ਤੇ ਭਵਿੱਖਬਾਣੀ ਕਰ ਰਹੇ ਹਨ। ਫੈਸ਼ਨ ਡਿਜ਼ਾਈਨਰ ਪ੍ਰਿਯਾ ਕਟਾਰੀਆ 'ਜ਼ੰਜੀਰ' ਲਈ ਮਾਹੀ ਗਿੱਲ ਦੇ ਸਾਰੇ ਪਹਿਰਾਵੇ, ਰੂਪ ਸਜਾ ਤੱਕ ਦੀ ਜ਼ਿੰਮੇਵਾਰੀ ਆਪ ਸੰਭਾਲ ਰਹੀ ਹੈ। ਰਵਾਇਤੀ ਤੇ ਦੇਸੀ ਕਿਰਦਾਰਾਂ ਦੀ ਮਹਾਰਾਣੀ ਮਾਹੀ ਨੇ 'ਪਾਨ ਸਿੰਘ ਤੋਮਰ', 'ਦੇਵ ਡੀ', 'ਸਾਹਬ ਬੀਵੀ ਔਰ ਗੈਂਗਸਟਰ' ਫ਼ਿਲਮਾਂ ਕਰ ਕੇ ਆਪਣੇ ਅਭਿਨੈ ਦਾ ਲੋਹਾ ਸਭ ਨੂੰ ਮੰਨਵਾਇਆ ਹੈ। ਪ੍ਰਿਆ ਕਟਾਰੀਆ ਨੇ ਤਾਂ ਨਵੀਂ ਮਾਹੀ ਹੀ ਬਣਾ ਦੇਣੀ ਹੈ ਤੇ ਪ੍ਰਿਆ ਨੇ ਮਾਹੀ ਦੇ ਵਾਲਾਂ ਦਾ ਰੰਗ ਬਦਲ ਦਿੱਤਾ ਹੈ। ਮਾਹੀ ਪਹਿਲਾਂ ਸਧਾਰਨ ਵਾਲ ਹੀ ਰੱਖਦੀ ਸੀ ਤੇ ਖਾਦੀ ਭੰਡਾਰ ਦੀ ਮਹਿੰਦੀ ਵਾਲਾਂ ਲਈ ਇਸਤੇਮਾਲ ਕਰਦੀ ਸੀ। 'ਮੋਨਾ ਡਾਰਲਿੰਗ' ਦੀ ਭੂਮਿਕਾ ਮਾਹੀ ਗਿੱਲ 'ਜ਼ੰਜੀਰ' ਵਿਚ ਨਿਭਾਅ ਰਹੀ ਹੈ। 'ਬਾਬਾ ਇਜ਼ ਬੈਕ' ਅਰਥਾਤ 'ਸੰਜੂ' ਨਾਲ ਜੋੜੀ 'ਤੇ ਸੰਜੇ ਦੱਤ ਨੂੰ 'ਸਾਹਬ ਬੀਵੀ ਔਰ ਗੈਂਗਸਟਰ' 'ਚ ਸ਼ਾਮਿਲ ਕਰਨਾ ਮਾਹੀ ਨੂੰ ਵਧੀਆ ਲੱਗਿਆ ਹੈ। ਮਾਹੀ ਗਿੱਲ ਦਾ ਖੁੱਲ੍ਹਾ-ਡੁੱਲ੍ਹਾ ਅੰਦਾਜ਼ ਜਿੰਮੀ ਸ਼ੇਰਗਿੱਲ ਨਾਲ ਤੇ 'ਬਾਬਾ ਇਜ਼ ਬੈਕ' ਸੰਜੇ ਦੱਤ ਨਾਲ ਦ੍ਰਿਸ਼ ਮਾਹੀ ਇਸ ਫ਼ਿਲਮ ਦਾ ਪੂਰਾ ਲੁਤਫ਼ ਲੈ ਰਹੀ ਹੈ। 'ਜ਼ੰਜੀਰ' ਤੋਂ ਪਹਿਲਾਂ ਮਾਹੀ ਗਿੱਲ ਪੂਰੀ ਚਰਚਾ ਚਾਹੁੰਦੀ ਹੈ। ਮਾਹੀ ਦੀ ਇਹ ਫ਼ਿਲਮ ਹਿੱਟ ਰਹੀ ਤਾਂ ਫਿਰ ਮਾਹੀ ਗਿੱਲ ਕਈਆਂ ਦੇ ਸੀਨਿਆਂ 'ਤੇ ਗੱਡੇਗੀ ਕਾਮਯਾਬੀ ਦੇ ਕਿੱਲ ਤੇ ਅੰਗਰੇਜ਼ੀ 'ਚ ਕਈਆ ਹੀਰੋਇਨਾਂ ਨੂੰ 'ਕਿਲ' ਕਰ ਕੇ 'ਜ਼ੰਜੀਰ' ਲਈ ਵਧੀਆ ਪਿੱਠ ਭੂਮੀ ਬਣਾਏਗੀ। ਸੰਜੀਦਾ ਤੇ ਖੁੱਲ੍ਹੇ-ਡੁੱਲ੍ਹੇ ਕਿਰਦਾਰਾਂ ਲਈ ਚਰਚਿਤ ਮਾਹੀ ਗਿੱਲ ਪਹਿਲਾਂ ਪਹਿਲ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੀ ਹੈ। ਖ਼ੈਰ ਹੁਣ ਮਾਹੀ 2018 ਨੂੰ ਯਾਦਗਾਰੀ ਸਾਲ ਆਪਣੇ ਲਈ ਬਣਾਉਣਾ ਚਾਹੁੰਦੀ ਹੈ। ਕਾਮਯਾਬੀ ਦੀ ਦੀਵਾਲੀ, ਕ੍ਰਿਸਮਸ ਤਾਂ ਹੀ ਮੰਨੇਗੀ ਜੇ 'ਸਾਹਿਬ ਬੀਵੀ ਔਰ ਗੈਂਗਸਟਰ-3' ਹਿੱਟ ਰਹੇਗੀ ਤੇ ਫਿਰ 'ਮੋਨਾ ਡਾਰਲਿੰਗ' ਬਣ ਮਾਹੀ 'ਜ਼ੰਜੀਰ' ਨਾਲ ਚੋਟੀ ਦੀਆਂ ਹੀਰੋਇਨਾਂ ਨੂੰ ਟੱਕਰ ਦੇਵੇਗੀ ਤੇ ਵਪਾਰਕ ਸਿਨੇਮਾ 'ਚ ਵੀ ਸਫ਼ਲ ਹੋਣ ਦਾ ਤਗਮਾ ਪ੍ਰਾਪਤ ਕਰੇਗੀ। 'ਸੰਜੂ' 'ਬਾਬਾ ਇਜ਼ ਬੈਕ' ਦੀ ਪਟਕਥਾ ਲਿਖ ਸਕਦੀ ਹੈ ਤਾਂ 'ਸਾਹਿਬ ਬੀਵੀ ਔਰ ਗੈਂਗਸਟਰ' ਦੀ ਸਫ਼ਲਤਾ ਮਾਹੀ ਗਿੱਲ ਨੂੰ ਕਾਮਯਾਬੀ ਦੀ 'ਜ਼ੰਜੀਰ' ਪਾ ਸਕਦੀ ਹੈ।

ਚੰਗੇ ਨਿਰਮਾਤਾ ਨਿਰਦੇਸ਼ਕ ਨਾਲ ਕੰਮ ਕਰਨ ਦੀ ਇੱਛਾ ਪੂਰੀ ਹੋਈ : ਇਸ਼ਾਨ ਖੱਟਰ

ਹੁਣ ਤੱਕ ਬਾਲੀਵੁੱਡ ਵਿਚ ਇਹ ਕਿਹਾ ਜਾਂਦਾ ਰਿਹਾ ਹੈ ਕਿ ਜੇਕਰ ਸਟਾਰ ਬਣਨਾ ਹੈ ਤਾਂ ਤੁਹਾਡਾ ਸਰਨੇਮ ਖੰਨਾ, ਖਾਨ ਜਾਂ ਕਪੂਰ ਹੋਣਾ ਚਾਹੀਦੈ। ਪਰ ਹੁਣ ਇਹ ਕਿਹਾ ਜਾਣ ਲੱਗਿਆ ਹੈ ਕਿ ਜੇਕਰ ਸਟਾਰ ਬਣਨਾ ਹੈ ਤਾਂ ਨੀਲਿਮਾ ਅਜ਼ੀਮ ਦੀ ਕੋਖ ਤੋਂ ਜਨਮ ਲੈਣਾ ਹੋਵੇਗਾ। ਨੀਲਿਮਾ ਦੇ ਵੱਡੇ ਬੇਟੇ ਸ਼ਾਹਿਦ ਕਪੂਰ ਸਟਾਰ ਹਨ। ਹੁਣ ਦੂਜੇ ਬੇਟੇ ਇਸ਼ਾਨ ਖੱਟਰ ਵੀ ਸਟਾਰਡਮ ਦੀ ਰਾਹ 'ਤੇ ਅੱਗੇ ਵਧ ਰਹੇ ਹਨ। ਪਹਿਲਾਂ ਇਸ ਨੌਜਵਾਨ ਅਭਿਨੇਤਾ ਨੇ ਕੌਮਾਂਤਰੀ ਪ੍ਰਸਿੱਧੀ ਹਾਸਲ ਨਿਰਦੇਸ਼ਕ ਮਾਜਿਦ ਮਜੀਦੀ ਦੀ ਫ਼ਿਲਮ 'ਬਿਓਂਡ ਦ ਕਲਾਉਡਸ' ਵਿਚ ਕੰਮ ਕੀਤਾ ਤੇ ਹੁਣ ਉਹ 'ਧੜਕ' ਵਿਚ ਜਾਹਨਵੀ ਕਪੂਰ ਦੇ ਹੀਰੋ ਬਣ ਕੇ ਆ ਰਹੇ ਹਨ। ਇਥੇ ਉਹ ਆਪਣੀ ਇਸ ਦੂਜੀ ਫ਼ਿਲਮ ਬਾਰੇ ਗੱਲ ਕਰ ਰਹੇ ਹਨ।
* ਤੁਸੀਂ ਚਾਹੁੰਦੇ ਤਾਂ 'ਧੜਕ' ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਸਕਦੇ ਸੀ। 'ਬਿਓਂਡ ਦ ਕਲਾਉਡਸ' ਵਰਗੀ ਆਰਟ ਫ਼ਿਲਮ ਤੋਂ ਅਭਿਨੈ ਪਾਰੀ ਦੀ ਸ਼ੁਰੂਆਤ ਕਰਨ ਦੀ ਕੋਈ ਖ਼ਾਸ ਵਜ੍ਹਾ?
-ਬਸ ਇੰਝ ਸਮਝ ਲਓ ਕਿ ਮਾਜਿਦ ਸਰ ਦੀ ਫ਼ਿਲਮ ਨਾਲ ਮੇਰੀ ਸ਼ੁਰੂਆਤ ਹੋਣੀ ਲਿਖੀ ਸੀ। ਮੈਂ 2016 ਵਿਚ ਕਰਨ ਸਰ ਨੂੰ ਮਿਲਿਆ ਸੀ ਅਤੇ ਉਹ ਮੈਨੂੰ ਲੈ ਕੇ ਇਕ ਫ਼ਿਲਮ ਸ਼ੁਰੂ ਕਰਨਾ ਚਾਹੁੰਦੇ ਸਨ। ਉਹ ਫ਼ਿਲਮ ਸ਼ੁਰੂ ਕਰਨ ਵਿਚ ਦੇਰੀ ਕਰ ਰਹੇ ਸਨ ਕਿਉਂਕਿ ਉਹ ਇਹ ਦੇਖਣਾ ਚਾਹੁੰਦੇ ਸਨ ਕਿ ਮੈਂ ਉਸ ਫ਼ਿਲਮ ਦੇ ਕਾਬਲ ਹਾਂ ਜਾਂ ਨਹੀਂ। ਉਨ੍ਹੀਂ ਦਿਨੀਂ ਮੈਂ ਕਰਨ ਸਰ ਵਲੋਂ ਬਣਾਈ ਗਈ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦੇਖੀ ਅਤੇ ਮੈਨੂੰ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੇ ਕੰਮ ਨੇ ਪ੍ਰਭਾਵਿਤ ਕੀਤਾ ਸੀ। ਕਰਨ ਸਰ ਤੋਂ ਇਜਾਜ਼ਤ ਲੈ ਕੇ ਮੈਂ ਆਪਣਾ ਸਮਾਂ ਸ਼ਸ਼ਾਂਕ ਦੇ ਨਾਲ ਬਿਤਾਉਣ ਲੱਗਿਆ ਤਾਂ ਕਿ ਫ਼ਿਲਮ ਨਿਰਮਾਣ ਬਾਰੇ ਨਵੀਂ ਜਾਣਕਾਰੀ ਹਾਸਲ ਕਰਦਾ ਰਹਾਂ। ਇਕ ਦਿਨ ਸ਼ਸ਼ਾਂਕ ਨੇ ਮੈਨੂੰ ਮਰਾਠੀ ਫ਼ਿਲਮ 'ਸੌਰਾਟ' ਦੇਖਣ ਲਈ ਸੱਦਾ ਦਿੱਤਾ ਅਤੇ ਨਾਲ ਇਹ ਵੀ ਕਿਹਾ ਕਿ ਉਹ ਇਸ ਨੂੰ ਆਪਣੇ ਹਿਸਾਬ ਨਾਲ ਹਿੰਦੀ ਵਿਚ ਬਣਾਉਣਾ ਚਾਹੁੰਦੇ ਹਨ। ਇਹ ਸੁਣ ਕੇ ਮੈਂ ਕਾਫੀ ਖੁਸ਼ ਹੋਇਆ। ਉਹ ਕਹਾਣੀ 'ਤੇ ਕੰਮ ਕਰਨ ਲੱਗੇ ਸਨ ਕਿ ਉਨ੍ਹੀਂ ਦਿਨੀਂ ਮੈਨੂੰ ਕਾਸਟਿੰਗ ਡਾਇਰੈਕਟਰ ਹਨੀ ਤ੍ਰੇਹਾਨ ਦਾ ਫੋਨ ਆਇਆ ਅਤੇ ਮਾਜਿਦ ਸਰ ਦੀ ਫ਼ਿਲਮ ਦੀ ਪੇਸ਼ਕਸ਼ ਕੀਤੀ। ਮੈਂ ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਦੇਖੀਆਂ ਸਨ ਅਤੇ ਜਾਣਦਾ ਸੀ ਕਿ ਉਹ ਕਿਸ ਉੱਚ ਕੋਟੀ ਦੇ ਨਿਰਦੇਸ਼ਕ ਹਨ। ਜਦੋਂ ਮੈਨੂੰ 'ਬਿਓਂਡ ਦ ਕਲਾਉਡਸ' ਦੀ ਪੇਸ਼ਕਸ਼ ਹੋਈ ਤਾਂ ਮੈਂ ਇਸ ਬਾਰੇ ਕਰਨ ਸਰ ਨੂੰ ਦੱਸਿਆ ਅਤੇ ਉਨ੍ਹਾਂ ਦੀ ਇਜਾਜ਼ਤ ਲੈ ਕੇ ਉਹ ਫ਼ਿਲਮ ਹੱਥ ਵਿਚ ਲਈ। ਉਹ ਜਲਦੀ ਬਣ ਗਈ। ਸੋ, ਰਿਲੀਜ਼ ਹੋ ਗਈ ਅਤੇ 'ਸੌਰਾਟ' ਦੀ ਰੀਮੇਕ ਭਾਵ 'ਧੜਕ' ਹੁਣ ਆਈ ਹੈ।'
* 'ਸੈਰਾਟ' ਦੀ ਸਫਲਤਾ ਦਾ ਫਾਇਦਾ ਇਸ ਦੀ ਨਾਇਕਾ ਰਿੰਕੂ ਰਾਜਗੁਰੂ ਨੂੰ ਬਹੁਤ ਮਿਲਿਆ ਸੀ ਅਤੇ ਹੀਰੋ ਆਕਾਸ਼ ਠੋਸਰ ਨੂੰ ਕੰਮ। ਕਿਤੇ ਤੁਹਾਡੇ ਦਿਮਾਗ਼ ਵਿਚ ਇਹ ਡਰ ਤਾਂ ਨਹੀਂ ਸੀ ਕਿ 'ਧੜਕ' ਦਾ ਫਾਇਦਾ ਜਾਹਨਵੀ ਨੂੰ ਜ਼ਿਆਦਾ ਮਿਲੇਗਾ ਅਤੇ ਤੁਹਾਨੂੰ ਘੱਟ?
-ਜੀ ਨਹੀਂ। ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਉਦੋਂ ਮੇਰੇ ਦਿਮਾਗ਼ ਵਿਚ ਇਹੀ ਸੀ ਕਿ ਮੈਂ ਚੰਗੀ ਫ਼ਿਲਮ ਕਰਨੀ ਹੈ, ਚੰਗੇ ਨਿਰਮਾਤਾ ਤੇ ਨਿਰਦੇਸ਼ਕਾਂ ਨਾਲ ਕੰਮ ਕਰਨਾ ਹੈ। ਕਰਨ ਜੌਹਰ ਵਲੋਂ ਬਣਾਈ ਗਈ ਫ਼ਿਲਮ ਵਿਚ ਕੰਮ ਕਰਨ ਲਈ ਹਰ ਕਲਾਕਾਰ ਤਰਸਦਾ ਹੈ। ਜਦੋਂ ਉਨ੍ਹਾਂ ਨੇ ਮੈਨੂੰ ਆਪਣੀ ਫ਼ਿਲਮ ਵਿਚ ਲਿਆ ਤਾਂ ਮੈਂ ਫਿਰ ਦੂਜੇ ਪਹਿਲੂਆਂ 'ਤੇ ਕਿਉਂ ਧਿਆਨ ਦੇਵਾਂ।

ਸ੍ਰੀਦੇਵੀ ਦੀ ਬੇਟੀ ਹੋਣ ਦਾ ਦਬਾਅ ਜ਼ਰੂਰ ਹੈ-ਜਾਹਨਵੀ ਕਪੂਰ

'ਧੜਕ' ਤੋਂ ਸਵਰਗੀ ਸ੍ਰੀਦੇਵੀ ਦੀ ਬੇਟੀ ਜਾਹਨਵੀ ਨੂੰ ਫ਼ਿਲਮਾਂ ਵਿਚ ਪੇਸ਼ ਕੀਤਾ ਗਿਆ ਹੈ। ਇਕ ਸਟਾਰ ਅਭਿਨੇਤਰੀ ਦੀ ਬੇਟੀ ਹੋਣ ਕਰ ਕੇ ਜਾਹਨਵੀ ਤੋਂ ਉੱਚੀਆਂ ਉਮੀਦਾਂ ਹੋਣਾ ਸੁਭਾਵਿਕ ਹੀ ਹੈ। ਖ਼ੁਦ ਜਾਹਨਵੀ ਵੀ ਇਹ ਜਾਣਦੀ ਹੈ ਕਿ ਉਸ ਤੋਂ ਕੀ ਉਮੀਦ ਰੱਖੀ ਗਈ ਹੈ। ਸਟਾਰਡਮ ਦੀਆਂ ਪੌੜੀਆਂ ਚੜ੍ਹ ਰਹੀ ਇਸ ਅਭਿਨੇਤਰੀ ਨਾਲ ਹੋਈ ਗੱਲਬਾਤ ਇਥੇ ਪੇਸ਼ ਹੈ :
* ਤੁਸੀਂ ਫ਼ਿਲਮੀ ਮਾਹੌਲ ਵਿਚ ਆਪਣੀਆਂ ਅੱਖਾਂ ਖੋਲ੍ਹੀਆਂ, ਕੀ ਇਸੇ ਵਜ੍ਹਾ ਕਰ ਕੇ ਤੁਸੀਂ ਫ਼ਿਲਮਾਂ ਵਿਚ ਆਉਣ ਦਾ ਮਨ ਬਨਾ ਲਿਆ ਸੀ?
-ਇਹ ਤਾਂ ਸੱਚ ਹੈ ਕਿ ਮੈਂ ਫ਼ਿਲਮੀ ਮਾਹੌਲ ਵਿਚ ਪਲੀ ਹਾਂ। ਉਦੋਂ ਬਚਪਨ ਵਿਚ ਸੋਚਿਆ ਸੀ ਕਿ ਵੱਡੀ ਹੋ ਕੇ ਮੈਂ ਹੀਰੋਇਨ ਬਣਾਂਗੀ। ਪਰ ਬਾਅਦ ਵਿਚ ਸਮੇਂ-ਸਮੇਂ 'ਤੇ ਮੇਰੀ ਸੋਚ ਵਿਚ ਬਦਲਾਅ ਆਉਂਦੇ ਰਹੇ। ਕਦੀ ਕੁਝ ਬਣਨ ਦਾ ਸੋਚਦੀ ਤੇ ਕਦੀ ਕੁਝ। ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਜਦੋਂ ਮੇਰੇ ਤੋਂ ਪੁੱਛਿਆ ਗਿਆ ਕਿ ਕਿਹੜਾ ਕੋਰਸ ਕਰਨਾ ਹੈ ਤਾਂ ਮੈਂ ਐਕਟਿੰਗ ਕੋਰਸ ਦਾ ਨਾਂਅ ਲਿਆ ਅਤੇ ਅਮਰੀਕਾ ਵਿਚ ਜਦੋਂ ਮੈਂ ਐਕਟਿੰਗ ਕੋਰਸ ਕਰਨ ਲੱਗੀ ਉਦੋਂ ਮੈਂ ਅਭਿਨੈ ਬਾਰੇ ਗੰਭੀਰਤਾ ਨਾਲ ਸੋਚਣ ਲੱਗੀ ਅਤੇ ਫਿਰ ਇਕ ਦਿਨ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਫ਼ਿਲਮਾਂ ਵਿਚ ਆਉਣਾ ਚਾਹੁੰਦੀ ਹਾਂ।
* ਤੇ ਮਾਂ ਦੀ ਕੀ ਪ੍ਰਤੀਕਿਰਿਆ ਸੀ?
-ਜਦੋਂ ਮੈਂ ਲਾਸ ਏਂਜਲਸ ਵਿਚ ਐਕਟਿੰਗ ਦਾ ਕੋਰਸ ਕਰ ਰਹੀ ਸੀ, ਉਦੋਂ ਮੈਂ ਮਾਂ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਮੈਂ ਇਕ ਹੋਰ ਸਮੈਸਟਰ ਕਰਨਾ ਚਾਹੁੰਦੀ ਹਾਂ। ਮੈਂ ਅਭਿਨੈ ਵਿਚ ਆਉਣਾ ਚਾਹੁੰਦੀ ਸੀ। ਸੋ, ਸੰਵਾਦ ਅਦਾਇਗੀ, ਡਾਂਸ, ਹਾਵਭਾਵ ਆਦਿ 'ਤੇ ਹੋਰ ਮਿਹਨਤ ਕਰਨਾ ਚਾਹੁੰਦੀ ਸੀ। ਜਦੋਂ ਮਾਂ ਨੂੰ ਸਮੈਸਟਰ ਬਾਰੇ ਗੱਲ ਕਰ ਕੇ ਇਹ ਕਿਹਾ ਕਿ ਮੈਂ ਐਕਟਿੰਗ ਵਿਚ ਆਉਣਾ ਚਾਹੁੰਦੀ ਹਾਂ ਤਾਂ ਮੈਨੂੰ ਉਨ੍ਹਾਂ ਦੀ ਆਵਾਜ਼ ਵਿਚ ਲੁਕੀ ਘਬਰਾਹਟ ਸਾਫ਼ ਮਹਿਸੂਸ ਹੋਈ ਸੀ। ਉਹ ਇਸ ਲਈ ਕਿਉਂਕਿ ਉਹ ਮੇਰੇ ਵਲ ਬਹੁਤ ਧਿਆਨ ਦਿੰਦੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਮੈਂ ਹੁਣ ਵੀ ਬੱਚੀ ਹੀ ਹਾਂ। ਇਕ ਮਾਂ ਦੇ ਨਾਤੇ ਉਨ੍ਹਾਂ ਦੀ ਮੇਰੇ ਬਾਰੇ ਫਿਕਰ ਹੋਣੀ ਲਾਜ਼ਮੀ ਸੀ।
* ਤੁਹਾਡੇ ਪਿਤਾ ਨਾਮੀ ਫ਼ਿਲਮ ਨਿਰਮਾਤਾ ਹਨ। ਤੇ ਪਿਤਾ ਵਲੋਂ ਫ਼ਿਲਮਾਂ ਵਿਚ ਪੇਸ਼ ਹੋਣ ਦੀ ਬਜਾਏ ਤੁਸੀਂ ਕਰਨ ਜੌਹਰ ਦੇ ਬੈਨਰ ਦੀ ਫ਼ਿਲਮ ਕਿਉਂ ਚੁਣੀ?
-ਇਹ ਸੱਚ ਹੈ ਕਿ ਜੇਕਰ ਮੈਂ ਆਪਣੇ ਪਿਤਾ ਨੂੰ ਕਹਿੰਦੀ ਤਾਂ ਉਹ ਮੇਰੇ ਲਈ ਇਕ ਫ਼ਿਲਮ ਦਾ ਨਿਰਮਾਣ ਕਰ ਦਿੰਦੇ ਅਤੇ ਵਧੀਆ ਢੰਗ ਨਾਲ ਮੈਨੂੰ ਪੇਸ਼ ਕਰਦੇ। ਪਰ ਮੈਨੂੰ ਲੱਗਿਆ ਕਿ ਆਪਣੇ ਦਮ 'ਤੇ ਆਪਣੀ ਸ਼ੁਰੂਆਤ ਕਰਨਾ ਸਹੀ ਰਹੇਗਾ। ਮੈਂ ਇਹ ਵੀ ਮੰਨਦੀ ਹਾਂ ਕਿ ਮੈਨੂੰ ਇਹ ਫ਼ਿਲਮ ਸ੍ਰੀਦੇਵੀ ਦੀ ਬੇਟੀ ਹੋਣ ਦੇ ਨਾਤੇ ਮਿਲੀ ਹੈ। ਪਰ ਬੇਟੀ ਦਾ ਇਹ ਤਗਮਾ ਜ਼ਿਆਦਾ ਨਹੀਂ ਚੱਲੇਗਾ। ਅੱਗੇ ਚਲ ਕੇ ਤਾਂ ਮੈਨੂੰ ਖ਼ੁਦ ਨੂੰ ਹੀ ਸਾਬਤ ਕਰਨਾ ਹੋਵੇਗਾ ਕਿ ਮੈਂ ਚੰਗੀ ਅਭਿਨੇਤਰੀ ਹਾਂ।
* ਕੀ ਤੁਹਾਡੇ 'ਤੇ ਸ੍ਰੀਦੇਵੀ ਦੀ ਬੇਟੀ ਹੋਣ ਦਾ ਦਬਾਅ ਹੈ?
-ਹਾਂ, ਉਨ੍ਹਾਂ ਦੀ ਬੇਟੀ ਹੋਣ ਦਾ ਦਬਾਅ ਜ਼ਰੂਰ ਹੈ। ਉਨ੍ਹਾਂ ਦੀ ਬੇਟੀ ਹੋਣ ਦੇ ਨਾਤੇ ਹੀ ਮੈਨੂੰ ਏਨੀ ਤਵੱਜੋਂ ਮਿਲ ਰਹੀ ਹੈ। ਹੁਣ ਤੱਕ ਮੈਨੂੰ ਜੋ ਵੀ ਮਿਲਿਆ ਹੈ, ਮੰਮੀ-ਪਾਪਾ ਦੀ ਬੇਟੀ ਹੋਣ ਦੇ ਨਾਤੇ ਮਿਲਿਆ ਹੈ। ਇਸ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਪਤਾ ਲੱਗੇਗਾ ਕਿ ਮੇਰੀ ਆਪਣੀ ਵੱਖਰੀ ਪਛਾਣ ਕੀ ਹੈ ਅਤੇ ਉਹ ਪਛਾਣ ਕੀ ਰੰਗ ਲਿਆਉਂਦੀ ਹੈ।

ਅਮਾਇਰਾ ਦਸਤੂਰ : ਮੈਂਟਲ ਹੈ ਕਿਆ

ਲੀਲਾ ਯਾਦਵ ਦੇ ਨਿਰਦੇਸ਼ਨ 'ਚ ਬਣ ਰਹੀ ਅਮਾਇਰਾ ਦੀ 'ਰਾਜਮਾਂਹ ਚਾਵਲ' ਹਾਲੀਵੁੱਡ ਫ਼ਿਲਮ 'ਗਰਲ ਵਿੱਦ ਦਾ ਡਰੈਗਨ ਟੈਟੂ' 'ਤੇ ਆਧਾਰਿਤ ਹੈ ਤੇ ਇਸ ਨੂੰ ਅਮਾਇਰਾ ਨੇ ਕਾਫ਼ੀ ਵਾਰ ਦੇਖਿਆ ਹੈ, ਤਾਂ ਜੋ ਪੂਰੀ ਸਮਰਪਿਤ ਉਹ ਕਿਰਦਾਰ ਨੂੰ ਹੋ ਜਾਏ। ਮੇਰਠ ਦੀ ਕੁੜੀ ਵਰਗੀ ਚਾਲ-ਢਾਲ, ਯੂ.ਪੀ. ਦੀ ਹਿੰਦੀ ਇਹ ਸਭ ਅਮਾਇਰਾ ਨੇ 'ਰਾਜਮਾਂਹ ਚਾਵਲ' ਲਈ ਸਿੱਖਿਆ। 'ਮੈਂਟਲ ਹੈ ਕਿਯਾ' ਅਮਾਇਰਾ ਦੀ ਕੰਗਨਾ ਰਣੌਤ ਨਾਲ ਆ ਰਹੀ ਫ਼ਿਲਮ ਹੈ ਤੇ 'ਪ੍ਰਸਥਾਨਮ' ਵੀ ਉਹ ਕਰ ਰਹੀ ਹੈ। 'ਮੈਂਟਲ ਹੈ ਕਿਆ', 'ਰਾਜਮਾਂਹ ਚਾਵਲ' ਇਨ੍ਹਾਂ ਦੋ ਫ਼ਿਲਮਾਂ 'ਤੇ ਉਸ ਦਾ ਕੈਰੀਅਰ ਕਾਫ਼ੀ ਹੱਦ ਤੱਕ ਨਿਰਭਰ ਹੈ।

'ਤਾਰਕ ਮਹਿਤਾ...' ਦੇ ਦਸ ਸਾਲ

ਹਾਸ ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਆਪਣੇ ਪ੍ਰਸਾਰਨ ਦੇ ਦਸ ਸਾਲ ਪੂਰੇ ਕਰ ਲਏ ਹਨ। ਅਮਿਤ ਮੋਦੀ ਵਲੋਂ ਬਣਾਏ ਇਸ ਲੜੀਵਾਰ ਦੀ ਪਰਿਕਲਪਨਾ ਗੁਜਰਾਤ ਦੇ ਨਾਮੀ ਹਾਸ ਲੇਖਕ ਸਵਰਗੀ ਤਾਰਕ ਮਹਿਤਾ ਦੇ ਹਾਸ ਲੇਖਾਂ ਤੋਂ ਲਈ ਗਈ ਸੀ। ਗੁਜਰਾਤੀ ਹਫ਼ਤਾਵਰੀ 'ਚਿਤਰਲੇਖਾ' ਵਿਚ ਉਨ੍ਹਾਂ ਦਾ ਕਾਲਮ 'ਦੁਨੀਆ ਨੇ ਊਂਧਾ ਚਸ਼ਮਾ' ਬਹੁਤ ਲੋਕਪ੍ਰਿਆ ਰਿਹਾ ਅਤੇ ਇਸ ਕਾਲਮ ਵਿਚ ਪੇਸ਼ ਕੀਤੇ ਗਏ ਕਿਰਦਾਰ ਜਿਵੇਂ ਜੇਠਾਲਾਲ, ਦਯਾ ਬੇਨ, ਟੱਪੂ, ਚੰਪਕ ਲਾਲ, ਹੁਣ ਸਵ: ਡਾ. ਹਾਥੀ ਨੂੰ ਲੈ ਕੇ ਇਸ ਲੜੀਵਾਰ ਦਾ ਢਾਂਚਾ ਬਣਾਇਆ ਗਿਆ ਅਤੇ ਉੱਤਰ ਭਾਰਤ ਦੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਕੁਝ ਨਵੇਂ ਕਿਰਦਾਰ ਵੀ ਜੋੜੇ ਗਏ। ਇਸ ਦਾ ਪ੍ਰਸਾਰਨ 28 ਜੁਲਾਈ 2008 ਨੂੰ ਸ਼ੁਰੂ ਹੋਇਆ ਸੀ ਅਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਲੜੀਵਾਰ ਆਪਣੀ ਲੋਕਪ੍ਰਿਅਤਾ ਬਰਕਰਾਰ ਰੱਖਣ ਵਿਚ ਸਫਲ ਰਿਹਾ ਹੈ। ਇਸ ਦੀ ਸਫਲਤਾ ਬਾਰੇ ਜੇਠਾਲਾਲ ਭਾਵ ਦਿਲੀਪ ਜੋਸ਼ੀ ਕਹਿੰਦੇ ਹਨ, 'ਇਨ੍ਹਾਂ ਦਸ ਸਾਲਾਂ ਵਿਚ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਐਪੀਸੋਡ ਦਰ ਐਪੀਸੋਡ ਲੜੀਵਾਰ ਦੀ ਤਾਜ਼ਗੀ ਕਿਵੇਂ ਬਰਕਰਾਰ ਰੱਖੀ ਜਾਵੇ। ਦਰਸ਼ਕਾਂ ਨੂੰ ਇਸ ਲ਼ੜੀਵਾਰ ਨਾਲ ਜੋੜੀ ਰੱਖਣ ਲਈ ਕਦੀ ਅਸੀਂ ਇਸ ਦੀ ਸ਼ੂਟਿੰਗ ਕੱਛ ਦੇ ਰੇਗਿਸਤਾਨ ਵਿਚ ਕੀਤੀ ਤੇ ਕਦੀ ਹਾਂਗਕਾਂਗ ਸਮੇਤ ਕੁਝ ਹੋਰ ਦੇਸ਼ਾਂ ਵਿਚ ਜਾ ਕੇ ਵੀ ਸ਼ੂਟਿੰਗ ਕੀਤੀ।
ਇਸ ਲੜੀਵਾਰ ਨੂੰ ਦਿੱਤੇ ਆਪਣੀ ਜ਼ਿੰਦਗੀ ਦੇ ਦਸ ਸਾਲ ਬਾਰੇ ਉਹ ਕਹਿੰਦੇ ਹਨ, 'ਇਹ ਸੱਚ ਹੈ ਕਿ ਪਿਛਲੇ ਦਸ ਸਾਲ ਮੈਂ ਆਪਣੇ ਪਰਿਵਾਰ ਦੇ ਨਾਲ ਘੱਟ ਅਤੇ ਇਸ ਯੂਨਿਟ ਦੇ ਨਾਲ ਜ਼ਿਆਦਾ ਬਿਤਾਇਆ ਹੈ। ਆਪਸੀ ਮੇਲਜੋਲ ਤੇ ਹਾਸੇ-ਖੁਸ਼ੀ ਦੇ ਮਾਹੌਲ ਵਿਚ ਦਸ ਸਾਲ ਕਿਵੇਂ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਸਚਮੁੱਚ, ਇਸ ਲੜੀਵਾਰ ਨੇ ਸਾਡੇ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।' 'ਚਿਤਰਲੇਖਾ' ਵਿਚ ਤਾਰਕ ਮਹਿਤਾ ਦਾ ਕਾਲਮ ਤਾਂ ਪੱਚੀ ਸਾਲ ਤੋਂ ਜ਼ਿਆਦਾ ਚਲਦਾ ਰਿਹਾ ਸੀ। ਹੁਣ ਦੇਖੋ, ਇਹ ਲੜੀਵਾਰ ਅੱਗੇ ਹੋਰ ਕਿੰਨੇ ਸੈਂਕੜੇ ਬਣਾਉਣ ਵਿਚ ਕਾਮਯਾਬ ਰਹਿੰਦਾ ਹੈ।


-ਮੁੰਬਈ ਪ੍ਰਤੀਨਿਧ

ਅੰਨ੍ਹੀ ਸ਼ਰਧਾ 'ਤੇ ਚੋਟ ਹੈ 'ਮ੍ਰਿਦੰਗ'

ਨਵੇਂ ਨਿਰਮਾਤਾ-ਨਿਰਦੇਸ਼ਕ ਰਿਤੇਸ਼ ਐਸ. ਕੁਮਾਰ ਨੇ ਅੰਨ੍ਹੀ ਸ਼ਰਧਾ ਖਿਲਾਫ਼ ਆਵਾਜ਼ ਚੁੱਕਦੇ ਹੋਏ 'ਮ੍ਰਿਦੰਗ' ਬਣਾਈ ਹੈ ਅਤੇ ਇਸ ਵਿਚ ਕਹਾਣੀ ਦੀ ਭੂਮਿਕਾ ਬਿਹਾਰ ਦੀ ਰੱਖੀ ਗਈ ਹੈ ਕਿਉਂਕਿ ਉਥੋਂ ਦੇ ਪਿੰਡ-ਕਸਬਿਆਂ ਵਿਚ ਅੰਨ੍ਹੀ ਸ਼ਰਧਾ ਦਾ ਰਿਵਾਜ ਕਾਫੀ ਹੈ।
ਸੁਲਤਾਨ ਗੰਜ ਦਾ ਵਾਸੀ ਆਦਿਤਿਆ (ਮਨੋਜ ਕੁਮਾਰ ਰਾਓ) ਪੇਸ਼ੇ ਤੋਂ ਵਕੀਲ ਹੈ ਅਤੇ ਉਸ ਦੀ ਪ੍ਰੈਕਟਿਸ ਠੀਕ-ਠਾਕ ਚੱਲ ਰਹੀ ਹੁੰਦੀ ਹੈ। ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ। ਉਸ ਦਾ ਵਿਆਹ ਸੋਨਮ (ਰੋਜ਼ ਲਸ਼ਕਰ) ਨਾਲ ਹੁੰਦਾ ਹੈ ਅਤੇ ਇਨ੍ਹਾਂ ਦਾ ਗ੍ਰਹਿਸਥ ਜੀਵਨ ਖੁਸ਼ੀ ਨਾਲ ਬੀਤ ਰਿਹਾ ਹੁੰਦਾ ਹੈ। ਵਿਆਹ ਤੋਂ ਬਾਅਦ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਤੋਂ ਵਾਂਝਾ ਰਹਿੰਦਾ ਹੈ। ਕਿਸੇ ਜ਼ਮਾਨੇ ਵਿਚ ਆਪਣੇ ਕਿਸੇ ਕੰਮ ਦੇ ਸਿਲਸਿਲੇ ਵਿਚ ਆਦਿਤਿਆ ਦੀ ਮਾਂ ਨੇ ਮੰਨਤ ਮੰਗੀ ਹੁੰਦੀ ਹੈ ਅਤੇ ਕੰਮ ਪੂਰਾ ਹੋਣ ਬਾਅਦ ਉਹ ਆਪਣੀ ਮੰਨਤ ਪੂਰੀ ਕਰਨ ਤੋਂ ਬਗ਼ੈਰ ਹੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ। ਕਿਉਂਕਿ ਆਦਿਤਿਆ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਹੈ, ਇਸ ਲਈ ਉਹ ਆਪਣੀ ਮਾਂ ਦੀ ਅਧੂਰੀ ਰਹਿ ਗਈ ਮੰਨਤ ਵੱਲ ਤਵੱਜੋ ਨਹੀਂ ਦਿੰਦਾ। ਦੂਜੇ ਪਾਸੇ ਸੋਨਮ ਨੂੰ ਲਗਦਾ ਹੈ ਕਿ ਇਸ ਅਧੂਰੀ ਮੰਨਤ ਦੀ ਵਜ੍ਹਾ ਕਰਕੇ ਹੀ ਉਹ ਮਾਂ ਨਹੀਂ ਬਣ ਪਾ ਰਹੀ ਹੈ। ਉਹ ਆਪਣੇ ਪਤੀ 'ਤੇ ਮੰਨਤ ਪੂਰੀ ਕਰਨ ਲਈ ਜ਼ੋਰ ਪਾਉਂਦੀ ਹੈ ਪਰ ਪਤੀ ਅਣਸੁਣੀ ਕਰ ਦਿੰਦਾ ਹੈ। ਇਕ ਦਿਨ ਸੋਨਮ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਹ ਕੋਮਾ ਵਿਚ ਚਲੀ ਜਾਂਦੀ ਹੈ। ਉਦੋਂ ਆਦਿਤਿਆ ਨੂੰ ਵੀ ਲਗਦਾ ਹੈ ਕਿ ਅਧੂਰੀ ਮੰਨਤ ਦੀ ਵਜ੍ਹਾ ਕਰਕੇ ਹੀ ਉਸ 'ਤੇ ਦੁੱਖ ਆ ਪਿਆ ਹੈ। ਆਖ਼ਿਰਕਾਰ ਉਹ ਮੰਨਤ ਪੂਰੀ ਕਰਨ ਦਾ ਮਨ ਬਣਾ ਲੈਂਦਾ ਹੈ ਪਰ ਇਸ ਲਈ ਉਸ ਨੂੰ ਜਿਸ ਪ੍ਰਕਿਰਿਆ ਵਿਚੀਂ ਲੰਘਣਾ ਪੈਂਦਾ ਹੈ, ਉਸ ਦੀ ਬਦੌਲਤ ਸ਼ਹਿਰ ਦੇ ਲੋਕਾਂ ਦੀ ਭਾਵਨਾ ਨੂੰ ਸੱਟ ਵੱਜਦੀ ਹੈ ਅਤੇ ਉਹ ਇਸ ਦੇ ਵਿਰੋਧ ਵਿਚ ਸੜਕਾਂ 'ਤੇ ਉੱਤਰ ਆਉਂਦੇ ਹਨ। ਦੇਖਦੇ ਹੀ ਦੇਖਦੇ ਸ਼ਹਿਰ ਵਿਚ ਕੌਮੀ ਦੰਗਾ ਫੈਲ ਜਾਂਦਾ ਹੈ। ਆਦਿਤਿਆ ਦੇ ਖਿਲਾਫ਼ ਕੇਸ ਦਾਇਰ ਕਰ ਦਿੱਤਾ ਜਾਂਦਾ ਹੈ। ਵਕੀਲ ਹੋਣ ਦੇ ਨਾਤੇ ਉਹ ਆਪਣੀ ਜ਼ਿਰਹਾ ਖ਼ੁਦ ਕਰਦਾ ਹੈ ਅਤੇ ਜ਼ਿਰਹਾ ਦੌਰਾਨ ਉਹ ਅੰਧ-ਵਿਸ਼ਵਾਸ ਦੇ ਖਿਲਾਫ਼ ਮਜ਼ਬੂਤ ਪੱਖ ਰੱਖ ਕੇ ਸਮਾਜ ਨੂੰ ਨਵੀਂ ਰਾਹ ਦਿਖਾਉਂਦਾ ਹੈ।


-ਮੁੰਬਈ ਪ੍ਰਤੀਨਿਧ

ਕੋਮਲ ਕਲਾਵਾਂ ਦਾ ਮਾਲਕ

ਰੰਜੀਵਨ ਸਿੰਘ

ਚੰਡੀਗੜ੍ਹ-ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਰੰਜੀਵਨ ਸਿੰਘ ਨੂੰ ਜਦੋਂ ਕਾਲਾ ਕੋਟ-ਪੈਂਟ ਅਤੇ ਟਾਈ ਲਾ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰੋਜ਼ਾਨਾ ਜਾਂਦਿਆਂ ਦੇਖਦੇ ਹੋਣਗੇ ਤਾਂ ਹਰ ਇਕ ਦੇ ਦਿਲ ਵਿਚ ਇਹੀ ਖਿਆਲ ਆਉਂਦਾ ਹੋਵੇਗਾ ਕਿ ਇਹ ਬਾਬੂ ਬਹੁਤ ਆਕੜ ਖਾਂ ਹੋਵੇਗਾ ਅਤੇ ਸਿੱਧੇ ਮੂੰਹ ਕਿਸੇ ਨਾਲ ਗੱਲ ਤੱਕ ਵੀ ਨਹੀਂ ਕਰਦਾ ਹੋਵੇਗਾ, ਪਰ ਇਸ ਦੇ ਐਨ ਉਲਟ ਜਦੋਂ ਸਾਹਿਤ, ਸੰਗੀਤ ਅਤੇ ਰੰਗਮੰਚ ਪ੍ਰੇਮੀ ਉਸ ਨੂੰ ਕਿਸੇ ਸਟੇਜ 'ਤੇ ਕਵਿਤਾ ਬੋਲਦੇ ਹੋਏ ਜਾਂ ਨਾਟਕ ਖੇਡਦੇ ਹੋਏ ਕਿਸੇ ਗ਼ਰੀਬ ਮਜ਼ਦੂਰ ਜਾਂ ਚੌਧਰੀ ਦੇ ਕਿਰਦਾਰ ਵਿਚ ਦੇਖਦੇ ਹੋਣਗੇ ਤਾਂ ਉਹ ਪਹਿਲੀ ਵਾਰ ਯਕੀਨ ਹੀ ਨਹੀਂ ਕਰਦੇ ਹੋਣਗੇ ਕਿ ਹਾਈ ਕੋਰਟ ਵਿਚ ਕਿਸੇ ਜੱਜ ਨਾਲ ਕਿਸੇ ਕੇਸ ਦੇ ਸਿਲਸਿਲੇ ਵਿਚ ਜਿਰ੍ਹਾ ਜਾਂ ਬਹਿਸ ਕਰਨ ਵਾਲਾ ਇਹ ਸ਼ਖ਼ਸ ਕੋਮਲ ਕਲਾਵਾਂ ਦਾ ਮਾਲਕ ਵੀ ਹੋ ਸਕਦਾ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਅਤੇ ਪਿਤਾ ਸ: ਰਿਪੁਦਮਨ ਸਿੰਘ ਰੂਪ ਦੇ ਘਰ ਜਨਮੇ ਰੰਜੀਵਨ ਦਾ ਬਚਪਨ ਚੰਡੀਗੜ੍ਹ ਅਤੇ ਮੁਹਾਲੀ ਵਿਚ ਹੀ ਗੁਜ਼ਰਿਆ ਉਸ ਨੇ ਉੱਚ ਵਿੱਦਿਆ ਅਤੇ ਐਲ. ਐਲ. ਬੀ. ਚੰਡੀਗੜ੍ਹ ਤੋਂ ਕਰਨ ਉਪਰੰਤ ਵਕਾਲਤ ਸ਼ੁਰੂ ਕਰ ਦਿੱਤੀ ਪਰ ਆਪਣੇ ਮਨ ਵਿਚਲੇ ਕਵੀ ਅਤੇ ਅਦਾਕਾਰ ਨੂੰ ਉਹ ਅੱਗੇ ਆਉਣ ਤੋਂ ਨਹੀਂ ਰੋਕ ਸਕਿਆ। ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਕੱਤਰ ਰਹਿ ਚੁੱਕੇ ਰੰਜੀਵਨ ਨੇ ਅਨੇਕਾਂ ਹੀ ਨਾਟਕ ਖੇਡੇ ਅਤੇ ਉਨ੍ਹਾਂ ਦੀਆਂ ਕਈ ਕਈ ਪੇਸ਼ਕਾਰੀਆਂ ਵੀ ਦਿੱਤੀਆਂ ਜਿਨ੍ਹਾਂ ਵਿਚ 'ਮੇਰਾ ਉਜੜਿਆ ਗੁਆਂਡੀ, ਮੁੱਖ ਮਹਿਮਾਨ, ਭਾਬੀ ਮੈਨਾਂ, ਸਿਰ ਦੀਜੈ ਕਾਨ ਨਾ ਕੀਜੈ, ਫਰੀਡਮ ਫਾਈਟਰ, ਸਰਦਾਰ, ਬਲਖ ਬੁਖਾਰੇ, ਜ਼ਫਰਨਾਮਾ, ਖੁਸਰੇ, ਦਫਤਰ, ਮਸਤਾਨੇ, ਜਹਾਜ਼, ਬੇਰੀਆਂ, ਸੌਰੀ, ਦਾ ਪੇਇੰਗ ਗੈਸਟ, ਸੁੰਨਾ ਵਿਹੜਾ, ਕਹਾਣੀ ਇਕ ਪਿੰਡ ਦੀ' ਸਮੇਤ ਜਿਥੇ ਹੋਰ ਵੀ ਕਈ ਅਨੇਕਾਂ ਹੀ ਨਾਟਕ ਖੇਡੇ ਉੱਥੇ ਹੀ ਸੁਰਜੀਤ ਬਿੰਦਰੱਖੀਏ ਦੇ ਗੀਤ ਪੇਕੇ ਹੁੰਦੇ ਮਾਵਾਂ ਨਾਲ, ਫਿਰੋਜ਼ ਖਾਨ ਦੇ ਗੀਤ 'ਘਰ ਇਕ ਮੰਦਰ', ਬਲਬੀਰ ਸੂਫੀ ਦੇ ਗੀਤ 'ਚੌਕੀਦਾਰ', ਐਮੀ ਵਿਰਕ, ਹਾਰਡੀ ਸੰਧੂ, ਜੱਸੀ ਗਿੱਲ ਦੇ ਗੀਤ 'ਗੋਲ' ਤੋਂ ਇਲਾਵਾ ਅਨੇਕਾਂ ਹੀ ਹੋਰ ਵੀ ਗੀਤਾਂ ਵਿਚ ਵੱਖ-ਵੱਖ ਕਿਰਦਾਰ ਵੀ ਨਿਭਾਏ ਅਤੇ ਟੈਲੀ ਫਿਲਮਾਂ 'ਕੰਮੋ, ਗੂੰਜ, ਦਫਤਰ, ਫੁੱਲਾਂ ਕੱਢੀ ਚਾਦਰ, ਗਦਰ ਦੀ ਗੂੰਜ, ਫਾਂਸੀ, ਫੇਰ ਮਾਮਲਾ ਗੜਬੜ' ਆਦਿ ਤੋਂ ਇਲਾਵਾ ਫੀਚਰ ਫਿਲਮਾਂ, ਮੈਂ ਮਾਂ ਪੰਜਾਬ ਦੀ, ਦੇਸ ਹੋਇਆ ਪ੍ਰਦੇਸ, ਪੰਜਾਬਣ, ਮਿੱਤਰ ਪਿਆਰੇ ਨੂੰ, ਯਾਰ ਅਣਮੁੱਲੇ 2, ਜਰਨੀ ਆਫ ਪੰਜਾਬ' ਅਤੇ ਹਿੰਦੀ ਫਿਲਮ 'ਚਿੰਟੂ ਜੀ' ਵਿਚ ਵੱਖ-ਵੱਖ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।


-ਪੱਤਰਕਾਰ ਟੋਰਾਂਟੋ (ਕੈਨੇਡਾ)।

ਚਾਣਕਿਆ ਦੇ ਨਵੇਂ ਅਵਤਾਰ ਵਿਚ ਅਜੈ ਦੇਵਗਨ

ਇਤਿਹਾਸਕ ਕਿਰਦਾਰ ਚਾਣਕਿਆ ਸਮੇਂ-ਸਮੇਂ 'ਤੇ ਬਾਲੀਵੁੱਡ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਸੱਤਰ ਦੇ ਦਹਾਕੇ ਵਿਚ ਦਿਲੀਪ ਕੁਮਾਰ ਨੂੰ ਚਾਣਕਿਆ ਦੀ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਲਈ ਇਕ ਸਪੈਸ਼ਲ ਵਿੱਗ ਵੀ ਲੰਡਨ ਤੋਂ ਮੰਗਵਾਈ ਸੀ ਪਰ ਬਾਅਦ ਵਿਚ ਇਹ ਫ਼ਿਲਮ ਅੱਗੇ ਨਹੀਂ ਵਧ ਸਕੀ ਅਤੇ ਡੱਬਾਬੰਦ ਹੋ ਗਈ ਸੀ। ਜਦੋਂ ਸੀਰੀਅਲ ਦਾ ਜ਼ਮਾਨਾ ਸ਼ੁਰੂ ਹੋਇਆ ਉਦੋਂ ਡਾ: ਚੰਦਰ ਪ੍ਰਕਾਸ਼ ਦਿਵੇਦੀ ਨੇ ਚਾਣਕਿਆ 'ਤੇ ਆਧਾਰਿਤ ਲੜੀਵਾਰ ਬਣਾਇਆ ਅਤੇ ਖ਼ੁਦ ਹੀ ਇਸ ਵਿਚ ਚਾਣਕਿਆ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਮਨੋਜ ਜੋਸ਼ੀ ਇਕ ਜ਼ਮਾਨੇ ਤੋਂ ਚਾਣਕਿਆ 'ਤੇ ਆਧਾਰਿਤ ਨਾਟਕ ਦਾ ਮੰਚਨ ਕਰਦੇ ਆ ਰਹੇ ਹਨ। ਹੁਣ ਅਜੈ ਦੇਵਗਨ ਨੇ ਐਲਾਨ ਕੀਤਾ ਹੈ ਕਿ ਉਹ ਵੱਡੇ ਪਰਦੇ 'ਤੇ ਚਾਣਕਿਆ ਦੀ ਭੂਮਿਕਾ ਨਿਭਾਉਣ ਵਾਲੇ ਹਨ।
ਪਰ ਉਨ੍ਹਾਂ ਦੀ ਇਹ ਫ਼ਿਲਮ ਚਾਣਕਿਆ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ। ਇਥੇ ਉਹ ਅੱਜ ਦੇ ਜ਼ਮਾਨੇ ਦੇ ਚਾਣਕਿਆ ਦੀ ਭੂਮਿਕਾ ਵਿਚ ਪੇਸ਼ ਹੋਣਗੇ। ਨੀਰਜ ਪਾਂਡੇ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਹ ਫ਼ਿਲਮ ਅੱਜ ਦੀ ਰਾਜਨੀਤੀ 'ਤੇ ਆਧਾਰਿਤ ਹੈ ਅਤੇ ਇਸ ਵਿਚ ਅਜੈ ਦੇਵਗਨ ਪਰਦੇ ਦੇ ਪਿੱਛੇ ਦੀ ਰਾਜਨੀਤੀ ਦੇ ਦਾਅ-ਪੇਚ ਖੇਡਦੇ ਨਜ਼ਰ ਆਉਣਗੇ।
ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਹ ਅਗਲੇ ਸਾਲ ਦੇ ਮੱਧ ਵਿਚ ਪ੍ਰਦਰਸ਼ਿਤ ਹੋਵੇਗੀ।
ਉਂਝ, ਇਸ ਤੋਂ ਪਹਿਲਾਂ ਫ਼ਿਲਮ 'ਰਾਜਨੀਤੀ' ਵਿਚ ਅਜੈ ਦੇਵਗਨ ਨੇ ਜੋ ਕਿਰਦਾਰ ਨਿਭਾਇਆ ਸੀ, ਉਹ ਮਹਾਭਾਰਤ ਦੇ ਕਰਣ ਦਾ ਆਧੁਨਿਕ ਰੂਪ ਸੀ। ਹੁਣ ਉਹ ਚਾਣਕਿਆ ਨੂੰ ਨਵੇਂ ਅਵਤਾਰ ਵਿਚ ਪੇਸ਼ ਕਰਨਗੇ।

ਫ਼ਿਲਮੀ ਖ਼ਬਰਾਂ

ਅਨੀਤਾ ਰਾਜ ਦੀ ਵਾਪਸੀ

ਸਾਲ 2012 ਵਿਚ ਪ੍ਰਦਰਸ਼ਿਤ ਹੋਈ 'ਚਾਰ ਦਿਨ ਕੀ ਚਾਂਦਨੀ' ਵਿਚ ਵੱਡੇ ਪਰਦੇ 'ਤੇ ਚਮਕਣ ਤੋਂ ਬਾਅਦ ਹੁਣ ਅਨੀਤਾ ਰਾਜ ਨੇ ਫਿਰ ਇਕ ਫ਼ਿਲਮ ਰਾਹੀਂ ਆਪਣੀ ਵਾਪਸੀ ਕੀਤੀ ਹੈ। ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ ਵਿਚ ਉਹ ਉਨ੍ਹਾਂ ਦੀ ਭੈਣ ਲਤਾ ਖੰਨਾ ਦਾ ਕਿਰਦਾਰ ਨਿਭਾਅ ਰਹੀ ਹੈ।
ਅਨੀਤਾ ਅਨੁਸਾਰ ਉਸ ਨੂੰ ਸਮੇਂ ਸਮੇਂ ਫ਼ਿਲਮਾਂ ਦੀਆਂ ਪੇਸ਼ਕਸ਼ ਹੁੰਦੀਆਂ ਰਹਿੰਦੀਆਂ ਹਨ ਪਰ ਦਮਦਾਰ ਭੂਮਿਕਾ ਨਾ ਹੋਣ ਕਰਕੇ ਉਹ ਇਨ੍ਹਾਂ ਨੂੰ ਨਕਾਰਦੀ ਰਹੀ ਹੈ।
ਲਤਾ ਖੰਨਾ ਦੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਹਾਲਾਂਕਿ ਮੈਨੂੰ ਲਤਾ ਜੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਸੋ, ਮੈਂ ਲੇਖਕ ਧੀਰਜ ਮਿਸ਼ਰਾ ਨਾਲ ਸੰਪਰਕ ਕਰ ਕੇ ਇਸ ਕਿਰਦਾਰ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜਦੋਂ ਪਤਾ ਲੱਗਿਆ ਕਿ ਦੀਨ ਦਿਆਲ ਜੀ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਸੀ। ਇਹ ਇਸ ਤਰ੍ਹਾਂ ਦੀ ਭੂਮਿਕਾ ਹੈ ਜੋ ਮੈਂ ਪਹਿਲਾਂ ਕਦੀ ਨਹੀਂ ਨਿਭਾਈ ਅਤੇ ਇਸ ਬਾਇਓਪਿਕ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।'
ਹੁਣ ਦੇਖਣਾ ਇਹ ਹੈ ਕਿ ਫ਼ਿਲਮ ਵਿਚ ਦੀਨ ਦਿਆਲ ਉਪਾਧਿਆਏ ਦੀ ਭੂਮਿਕਾ ਲਈ ਕਿਸ ਕਲਾਕਾਰ ਦੀ ਚੋਣ ਕੀਤੀ ਜਾਂਦੀ ਹੈ।
'ਸੈਲੂਟ' ਵਿਚ ਸ਼ਾਹਰੁਖ ਖਾਨ

ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ 'ਤੇ ਬਣ ਰਹੀ ਫ਼ਿਲਮ 'ਸੈਲੂਟ' ਲਈ ਸ਼ਾਹਰੁਖ ਖਾਨ ਨੂੰ ਕਰਾਰਬੱਧ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਮਹੇਸ਼ ਮਥਾਈ ਅਤੇ ਨਿਰਮਾਤਾ ਹਨ ਸਿਧਾਰਥ ਰਾਏ ਕਪੂਰ। 'ਜ਼ੀਰੋ' ਵਿਚ ਆਪਣਾ ਕੰਮ ਖ਼ਤਮ ਕਰ ਕੇ ਸ਼ਾਹਰੁਖ ਇਸ ਦੀ ਸ਼ੂਟਿੰਗ ਸ਼ੁਰੂ ਕਰਨਗੇ।


-ਮੁੰਬਈ ਪ੍ਰਤੀਨਿਧ

ਹੁਣ ਮਧੂਬਾਲਾ ਦੀ ਬਾਇਓਪਿਕ

ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ 'ਸੰਜੂ' ਜਿਥੇ ਤਿੰਨ ਸੌ ਕਰੋੜ ਦਾ ਅੰਕੜਾ ਪਾਰ ਕਰਨ ਵਿਚ ਸਫ਼ਲ ਰਹੀ, ਉਥੇ ਹੁਣ ਖ਼ਬਰ ਆ ਰਹੀ ਹੈ ਕਿ ਸਵਰਗੀ ਅਭਿਨੇਤਰੀ ਮਧੂਬਾਲਾ ਦੀ ਜ਼ਿੰਦਗੀ 'ਤੇ ਵੀ ਫ਼ਿਲਮ ਬਣਾਉਣ ਦਾ ਨਿਰਣਾ ਲਿਆ ਗਿਆ ਹੈ। ਇਸ ਸਿਲਸਿਲੇ ਵਿਚ ਮਧੂਬਾਲਾ ਦੀ ਭੈਣ ਮਧੁਰ ਭੂਸ਼ਣ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਮਧੂਬਾਲਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਸਨ ਪਰ ਉਹ ਆਪਣੀ ਭੈਣ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਲਈ ਗੰਭੀਰ ਨਹੀਂ ਸੀ। ਪਰ ਹੁਣ ਉਸ ਨੂੰ ਲਗਦਾ ਹੈ ਕਿ ਮਧੂਬਾਲਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਸਹੀ ਸਮਾਂ ਆ ਗਿਆ ਹੈ। ਮਧੁਰ ਅਨੁਸਾਰ ਉਹ ਆਪਣੀ ਭੈਣ ਦੀ ਬਾਇਓਪਿਕ ਵਿਚ ਭੈਣ ਦੀ ਜ਼ਿੰਦਗੀ ਦੀ ਸੱਚਾਈ ਦੁਨੀਆ ਸਾਹਮਣੇ ਪੇਸ਼ ਕਰੇਗੀ। ਇਸ ਵਿਚ ਮਧੂਬਾਲਾ ਦੇ ਦਿਲੀਪ ਕੁਮਾਰ ਨਾਲ ਰਿਸ਼ਤੇ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਨਾਲ ਹੀ ਇਹ ਵੀ ਦਿਖਾਇਆ ਜਾਵੇਗਾ ਕਿ ਮਧੂਬਾਲਾ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਕਿਹੜੇ ਸੰਯੋਗਾਂ ਨਾਲ ਕੀਤਾ ਸੀ।
ਇਸ ਫ਼ਿਲਮ ਦੇ ਨਿਰਦੇਸ਼ਕ ਕੌਣ ਹੋਣਗੇ ਇਸ 'ਤੇ ਸੋਚ-ਵਿਚਾਰ ਚੱਲ ਰਹੀ ਹੈ ਅਤੇ ਮਧੁਰ ਹੁਣ ਮਧੂਬਾਲਾ ਦੀ ਆਤਮਕਥਾ ਵੀ ਲਿਖਣ ਜਾ ਰਹੀ ਹੈ ਜੋ ਕਿ ਇਸ ਫ਼ਿਲਮ ਦੀ ਰਿਲੀਜ਼ ਦੇ ਸਮੇਂ ਪ੍ਰਕਾਸ਼ਿਤ ਕੀਤੀ ਜਾਵੇਗੀ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਬਾਜ਼ਾਰ ਦਾ 'ਚੰਨ' ਦਰਸ਼ਨ ਔਲਖ

ਬਾਲੀਵੁੱਡ ਇੰਡਸਟਰੀ ਵੀ ਲਾਈਨ ਨਿਰਮਾਤਾ ਦੇ ਤੌਰ 'ਤੇ ਦਰਸ਼ਨ ਔਲਖ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਤੇ ਸੰਤੁਸ਼ਟ ਹੈ ਤੇ ਰਹੀ ਗੱਲ ਖੁਦ ਦਰਸ਼ਨ ਔਲਖ ਦੀ ਤਾਂ ਉਹ ਆਪਣੀਆਂ ਪ੍ਰਾਪਤੀਆਂ 'ਤੇ ਰੱਬ ਦਾ ਲੱਖ ਸ਼ੁਕਰ ਕਰਦਾ ਹੈ। ਇਹ ਵੀ ਸਬੱਬ ਹੈ ਕਿ 23 ਜੁਲਾਈ ਨੂੰ ਉਸ ਦਾ ਜਨਮ ਦਿਨ ਹੈ ਤੇ ਇਸ ਵਾਰ ਸ਼ਾਦ ਅਲੀ ਦੀ 'ਸੂਰਮਾ' ਹਿੱਟ ਹੋਣ 'ਤੇ ਅਤੇ ਨਰਗਿਸ ਫਾਖਰੀ ਨਾਲ ਹਾਲੀਵੁੱਡ ਦੀ ਆ ਰਹੀ ਫ਼ਿਲਮ '5 ਵੈਡਿੰਗਜ਼' ਦੇ ਪ੍ਰਚਾਰ-ਪ੍ਰਸਾਰ ਸਬੰਧੀ ਹੋ ਰਹੀ ਖਾਸ ਪਾਰਟੀ ਹੈ। ਪੰਜਾਬੀ ਦੀਆਂ ਅਣਗਿਣਤ ਫ਼ਿਲਮਾਂ 'ਚ ਤਰ੍ਹਾਂ-ਤਰ੍ਹਾਂ ਦੇ ਅਭਿਨੈ ਕਰ ਕੇ ਇਨ੍ਹਾਂ ਦੀ ਸ਼ੂਟਿੰਗ 'ਚ ਨਿਰਮਾਣ ਪ੍ਰਬੰਧਨ ਦੀ ਜ਼ਿੰਮੇਵਾਰੀ ਤੋਂ ਲੈ ਕੇ ਯਸ਼ਰਾਜ ਫ਼ਿਲਮਜ਼, ਸਲਮਾਨ ਖ਼ਾਨ, ਸੈਫ਼ ਅਲੀ, ਕਬੀਰ ਖ਼ਾਨ ਸਮੇਤ ਲੋਕ ਇਸ ਨਿਰਮਾਤਾ-ਨਿਰਦੇਸ਼ਕ ਦੀਆਂ ਬਾਲੀਵੁੱਡ ਫ਼ਿਲਮਾਂ ਦੀ ਉੱਤਰੀ ਭਾਰਤ 'ਚ ਸ਼ੂਟਿੰਗ ਕਰਵਾਉਣ ਦੀ ਜ਼ਿੰਮੇਵਾਰੀ 'ਸੂਈ ਧਾਗੇ' ਤੋਂ ਲੈ ਕੇ ਹਵਾਈ ਜਹਾਜ਼ ਤੱਕ ਨਿਭਾਅ ਕੇ ਅੰਤਰਰਾਸ਼ਟਰੀ ਸਿਨੇਮਾ 'ਚ ਵੀ ਉਸ ਨੇ ਆਪਣਾ ਵਜੂਦ ਕਾਇਮ ਕੀਤਾ ਹੈ। ਹੁਣ ਦਰਸ਼ਨ ਔਲਖ ਦੀ ਤਮੰਨਾ ਫ਼ਿਲਮ ਡਾਇਰੈਕਟ ਕਰਨ ਦੀ ਹੈ, ਜੋ ਆਪਣੀ ਮਾਂ-ਬੋਲੀ ਦਾ ਮਾਣ ਵਧਾਏ।


-ਅੰਮ੍ਰਿਤ ਪਵਾਰ

ਰਵਜੋਤ ਮਹਿਕ ਸਿੰਘ ਨੇ ਜਿੱਤਿਆ ਪੁਰਸਕਾਰ

ਆਪਣੀ ਮਾਤਾ ਪਿੰਕੀ ਪਾਰਸ ਲਈ ਦੋ ਵੀਡੀਓ 'ਮਹਿੰਦੀ' ਤੇ 'ਮੈਂ ਕੀ ਕਰਾਂ' ਨਿਰਦੇਸ਼ਿਤ ਕਰ ਕੇ ਤਾਰੀਫ਼ਾਂ ਖੱਟਣ ਵਿਚ ਕਾਮਯਾਬ ਰਹੀ ਰਵਜੋਤ ਮਹਿਕ ਸਿੰਘ ਨੇ ਹੁਣ ਡਾਕੂਮੈਂਟਰੀ ਫ਼ਿਲਮ ਦੇ ਖੇਤਰ ਵਿਚ ਵੀ ਆਪਣੇ ਨਾਂਅ ਦੇ ਝੰਡੇ ਗੱਢ ਦਿੱਤੇ ਹਨ।
ਰਵਜੋਤ ਅਮਰੀਕਾ ਵਿਚ ਰਹਿੰਦੀ ਹੈ ਅਤੇ ਉਸ ਨੇ ਉਥੇ ਦੀ ਸਰਕਾਰੀ ਸਿਹਤ ਸੇਵਾ ਦੀਆਂ ਕਮੀਆਂ ਨੂੰ ਆਪਣੀ ਫ਼ਿਲਮ ਰਾਹੀਂ ਉਜਾਗਰ ਕਰ ਕੇ ਟਰੰਪ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਰਵਜੋਤ ਦੀ ਇਸ ਡਾਕੂਮੈਂਟਰੀ ਫ਼ਿਲਮ ਦਾ ਨਾਂਅ ਹੈ 'ਆਈ ਸਟੈਂਡ ਵਿਦ ਜੱਸੀ' ਅਤੇ ਇਸ ਵਿਚ ਤਿੰਨ ਬੱਚਿਆਂ ਦੀ ਮਾਂ ਤੇ ਸਿੰਗਲ ਮਦਰ ਵਰਗੀ ਜ਼ਿੰਦਗੀ ਦਾ ਦਰਦਨਾਕ ਕਿੱਸਾ ਬਿਆਨ ਕੀਤਾ ਗਿਆ ਹੈ। ਭਾਰਤੀ ਮੂਲ ਦੀ ਜੱਸੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਸਰਕਾਰੀ ਸਿਹਤ ਸੇਵਾ ਤੋਂ ਸਹਾਇਤਾ ਹਾਸਲ ਕਰਨਾ ਚਾਹੁੰਦੀ ਹੈ। ਉਸ ਨੂੰ ਇਹ ਸਹਾਇਤਾ ਮਿਲਣ ਵਿਚ ਪੰਜ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਨਤੀਜਾ ਕੈਂਸਰ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ। ਰਵਜੋਤ ਨੇ ਆਪਣੀ ਇਸ ਫ਼ਿਲਮ ਵਿਚ ਸਰਕਾਰੀ ਕੰਮ ਵਿਚ ਦੇਰੀ ਦੇ ਖਿਲਾਫ਼ ਆਵਾਜ਼ ਚੁੱਕੀ ਹੈ ਅਤੇ ਉਥੇ ਉਸ ਨੂੰ ਆਮ ਜਨਤਾ ਦਾ ਭਾਰੀ ਸਮਰਥਨ ਵੀ ਮਿਲਿਆ ਹੈ।
ਇਸ ਦਸਤਾਵੇਜ਼ੀ ਫ਼ਿਲਮ ਨੂੰ ਇੰਪੈਕ ਡੌਕ ਫ਼ਿਲਮ ਸਮਾਰੋਹ ਵਿਚ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਨਾਲ ਹੀ ਮੁੰਬਈ ਵਿਚ ਆਯੋਜਿਤ ਹੋਏ ਦਾਦਾ ਸਾਹਿਬ ਫਾਲਕੇ ਫ਼ਿਲਮ ਸਮਾਰੋਹ ਵਿਚ ਵੀ ਇਹ ਪੁਰਸਕਾਰ ਜਿੱਤਣ ਵਿਚ ਕਾਮਯਾਬ ਰਹੀ।
ਆਪਣੀ ਇਸ ਕਾਮਯਾਬੀ ਨਾਲ ਨੌਜਵਾਨ ਰਵਜੋਤ ਦਾ ਆਤਮ-ਵਿਸ਼ਵਾਸ ਹੋਰ ਵਧਿਆ ਹੈ ਅਤੇ ਹੁਣ ਉਸ ਨੇ ਆਪਣੇ ਕਦਮ ਫ਼ਿਲਮ ਨਿਰਦੇਸ਼ਨ ਵੱਲ ਵਧਾ ਲਏ ਹਨ। ਉਸ ਨੇ ਦੋ ਫ਼ਿਲਮਾਂ ਦੇ ਨਿਰਦੇਸ਼ਨ ਦੀ ਯੋਜਨਾ ਬਣਾ ਲਈ ਹੈ ਅਤੇ ਇਹ ਫ਼ਿਲਮਾਂ ਅਮਰੀਕਾ ਵਿਚ ਸ਼ੂਟ ਕੀਤੀਆਂ ਜਾਣਗੀਆਂ। ਨਾਲ ਹੀ ਉਹ ਪਿੰਕੀ ਪਾਰਸ ਦਾ ਅਗਲਾ ਵੀਡੀਓ ਵੀ ਨਿਰਦੇਸ਼ਿਤ ਕਰੇਗੀ।
ਉਮੀਦ ਹੈ ਕਿ ਉਸ ਦੀਆਂ ਫ਼ਿਲਮਾਂ ਵੀ ਪੁਰਸਕਾਰ ਤੇ ਰਿਵਾਰਡ ਜਿੱਤਣ ਵਿਚ ਕਾਮਯਾਬ ਰਹਿਣਗੀਆਂ।


-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX