ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਖਨੌਰੀ, 19 ਮਾਰਚ (ਬਲਵਿੰਦਰ ਸਿੰਘ ਥਿੰਦ )- ਸੰਗਰੂਰ ਦਿੱਲੀ ਮੁੱਖ ਮਾਰਗ 'ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ .....
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  1 day ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  1 day ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਚੰਦ 'ਤੇ ਮਨੁੱਖੀ ਕਦਮ ਦਾ 50ਵਾਂ ਵਰ੍ਹਾ

ਵਿਸ਼ਵ ਇਤਿਹਾਸ ਵਿਚ 20 ਜੁਲਾਈ, 1969 ਦਾ ਦਿਨ ਗੌਰਵਮਈ ਮਨੁੱਖੀ ਸਾਹਸ ਅਤੇ ਵਿਗਿਆਨਿਕ ਚਮਤਕਾਰ ਵਾਲੇ ਦਿਵਸ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ ਕਿਉਂਕਿ ਇਸ ਦਿਨ ਮਨੁੱਖ ਨੇ ਪਹਿਲੀ ਵੇਰ ਚੰਦ 'ਤੇ ਪੈਰ ਧਰ ਕੇ ਦੂਸਰੇ ਗ੍ਰਿਹਾਂ ਬਾਰੇ ਜਾਣਨ ਦੀ ਜਗਿਆਸਾ ਨੂੰ ਤਿ੍ਪਤ ਕਰਨ ਦੀ ਕੋਸ਼ਿਸ਼ ਕੀਤੀ ਸੀ | ਲੇਖਕ ਨੇ ਜੋ ਉਸ ਵੇਲੇ 9 ਵੀਂ ਕਲਾਸ ਦਾ ਵਿਦਿਆਰਥੀ ਸੀ, ਖ਼ੁਦ 20 ਜੁਲਾਈ ਸਵੇਰ 8 ਵਜੇ ਰੇਡੀਓ 'ਤੇ ਖ਼ਬਰਾਂ ਵਿਚ ਇਹ ਲਫ਼ਜ਼ ਸੁਣੇ ਸਨ, 'That's one small step for a man, one giant leap for mankind' ਜਿਸ ਦੇ ਪੰਜਾਬੀ ਵਿਚ ਅਰਥ ਇਹ ਹਨ, 'ਮਨੁੱਖ ਦਾ ਇਹ ਛੋਟਾ ਜਿਹਾ ਕਦਮ ਮਨੁੱਖਤਾ ਲਈ ਵੱਡੀ ਛਲਾਂਗ ਹੋਵੇਗਾ' | ਇਹ ਸ਼ਬਦ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟਰੋਂਗ ਨੇ ਚੰਦ ਦੀ ਸਤਾਹ 'ਤੇ ਪੈਰ ਰੱਖਣ ਸਮੇਂ ਅਮਰੀਕੀ ਰਾਸ਼ਟਰਪਤੀ ਨਿਕਸਨ ਨੂੰ ਟੈਲੀਫੋਨ 'ਤੇ ਕਹੇ ਸਨ | ਇਸ ਖਬਰ ਨੇ ਪੂਰੀ ਦੁਨੀਆ ਵਿਚ ਤਰਥੱਲੀ ਮਚਾ ਦਿੱਤੀ ਕਿਉਂਕਿ ਰੂਸ ਅਤੇ ਅਮਰੀਕਾ ਦਰਮਿਆਨ ਪੁਲਾੜੀ ਖੋਜ ਵਿਚ ਜੋ ਮੁਕਾਬਲੇਬਾਜ਼ੀ ਚੱਲ ਰਹੀ ਸੀ ਉਸ ਵਿਚ ਅਮਰੀਕਾ ਨੇ ਰੂਸ ਨੂੰ ਪਛਾੜ ਕੇ ਵਿਸ਼ਵ ਦੀ ਸੁਪਰਪਾਵਰ ਹੋਣ ਦਾ ਪ੍ਰਮਾਣ ਦੇ ਦਿੱਤਾ ਸੀ | ਇਹ ਦਿਵਸ ਸਾਨੂੰ ਮੌਕਾ ਪ੍ਰਦਾਨ ਕਰਦਾ ਹੈ ਕਿ ਇਸ ਪੁਲਾੜੀ ਮੁਹਿੰਮ ਵਿਚ ਅਮਰੀਕਾ ਦੀ ਸਫਲਤਾ ਦਾ ਕੀ ਰਾਜ਼ ਸੀ, ਪੁਲਾੜੀ ਸਫਰ ਵਿਚ ਕਿਹੜੇ ਖ਼ਤਰੇ ਹੁੰਦੇ ਹਨ, ਚੰਦ 'ਤੇ ਮਨੁੱਖੀ ਉਤਾਰੇ ਤੋਂ ਕੀ ਹਾਸਲ ਹੋਇਆ ਅਤੇ ਭਵਿੱਖ ਦੇ ਕੀ ਮਨਸੂਬੇ ਹਨ, ਇਨ੍ਹਾਂ ਵਿਸ਼ਿਆਂ ਬਾਰੇ ਚਰਚਾ ਕੀਤੀ ਜਾਵੇ ਤਾਂ ਜੋ ਅੰਧਵਿਸ਼ਵਾਸੀ ਅਤੇ ਨਕਾਰਾਤਮਕ ਸੋਚ ਵਿਚ ਡੁੱਬੇ ਸਾਡੇ ਸਮਾਜ ਵਿਚ ਵਿਗਿਆਨਕ ਦਿ੍ਸ਼ਟੀਕੋਣ ਨੂੰ ਪ੍ਰਫੁੱਲਤ ਕੀਤਾ ਜਾ ਸਕੇ |
ਦੂਸਰੇ ਵਿਸ਼ਵਯੁੱਧ ਤੋਂ ਬਾਦ ਪੁਲਾੜੀ ਖੋਜ ਇਕ ਅਜਿਹਾ ਖੇਤਰ ਸੀ ਜਿਸ ਵਿਚ ਅਮਰੀਕਾ ਅਤੇ ਰੂਸ ਮੁਕਾਬਲੇਬਾਜ਼ੀ ਕਰਕੇ ਆਪਣੇ ਆਪ ਨੂੰ ਸੁਪਰਪਾਵਰ ਵਜੋਂ ਸਥਾਪਤ ਕਰਨਾ ਚਾਹੁੰਦੇ ਸਨ | ਇਸ ਦੌੜ ਵਿਚ ਪਹਿਲਾਂ ਪਹਿਲਾਂ ਰੂਸ ਅਮਰੀਕਾ ਤੋਂ ਕਾਫ਼ੀ ਅੱਗੇ ਰਿਹਾ | ਇਹ ਰੂਸ ਹੀ ਸੀ ਜਿਸ ਨੇ ਇਕ ਸ਼ਕਤੀਸ਼ਾਲੀ ਰਾਕਟ (R-7) ਤਿਆਰ ਕਰ ਕੇ ਦੁਨੀਆ ਦੀ ਪਹਿਲੀ ਅੰਤਰ-ਦੀਪੀ ਮਿਜ਼ਾਇਲ (932M) ਬਣਾਈ | ਇਸ ਰਾਕਟ ਦੀ ਵਰਤੋਂ ਕਰ ਕੇ ਉਸ ਨੇ ਦੁਨੀਆ ਦਾ ਸਭ ਤੋਂ ਪਹਿਲਾ ਉਪਗ੍ਰਹਿ 'ਸਪੂਤਨਿਕ-1, 4 ਅਕਤੂਬਰ, 1957 ਨੂੰ ਪੁਲਾੜ ਵਿਚ ਭੇਜਿਆ | ਪੁਲਾੜ ਵਿਚ ਗਰੂਤਾਹੀਣ ਅਵਸਥਾ ਅਤੇ ਵਾਪਸੀ ਦੌਰਾਨ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਨ ਸਮੇਂ ਮਨੁੱਖ 'ਤੇ ਕੀ ਅਸਰ ਹੋਵੇਗਾ ਇਨ੍ਹਾਂ ਖ਼ਤਰਿਆਂ ਬਾਰੇ ਉਸ ਵੇਲੇ ਕੋਈ ਜਾਣਕਾਰੀ ਨਹੀਂ ਸੀ | ਰੂਸ ਨੇ ਜਾਨਵਰਾਂ ਨੂੰ ਪੁਲਾੜ ਵਿਚ ਭੇਜ ਕੇ ਇਹ ਮੁਢਲੀ ਵਿਗਿਆਨਕ ਜਾਣਕਾਰੀ ਹਾਸਲ ਕੀਤੀ | 'ਲਾਇਕਾ' ਨਾਮੀ ਇਕ ਕੁੱਤੀ ਨੂੰ ਸਪੂਤਨਿਕ-2 ਉਪਗ੍ਰਹਿ ਵਿਚ 3 ਨਵੰਬਰ 1957 ਨੂੰ ਪੁਲਾੜ ਵਿਚ ਭੇਜਿਆ | 1960 ਵਿਚ ਦੋ ਹੋਰ ਕੁੱਤੇ 'ਬੈਲਿਕਾ' ਅਤੇ 'ਸਟਾਰਲਿਕਾ' ਨੂੰ ਸਪੂਤਨਿਕ-5 ਰਾਹੀਂ ਪੁਲਾੜ ਵਿਚ ਭੇਜ ਕੇ ਪ੍ਰੀਖਣ ਕੀਤੇ ਗਏ ਜੋ ਅਗਲੇ ਦਿਨ ਸਹੀ ਸਲਾਮਤ ਧਰਤੀ 'ਤੇ ਵਾਪਸ ਪਹੁੰਚ ਗਏ | ਇਨ੍ਹਾਂ ਤਜਰਬਿਆਂ ਤੋਂ ਉਤਸ਼ਾਹਤ ਹੋ ਕੇ ਰੂਸ ਵਲੋਂ ਇਕ ਰੂਸੀ ਪਾਇਲਟ ਯੂਰੀ ਗਗਰੇਨ ਨੂੰ 4 ਅਪ੍ਰੈਲ 1961 ਦੇ ਦਿਨ ਵੋਸਟੋਕ-1 ਪੁਲਾੜੀ ਜਹਾਜ਼ ਵਿਚ ਪੁਲਾੜ ਵਿਚ ਭੇਜਿਆ ਗਿਆ | ਧਰਤੀ ਦੁਆਲੇ ਇਕ ਚੱਕਰ ਲਾ ਕੇ ਉਹ ਸਹੀ ਸਲਾਮਤ ਧਰਤੀ 'ਤੇ ਉਤਰ ਆਇਆ | ਕਿਸੇ ਮਨੁੱਖ ਦੁਆਰਾ ਪੁਲਾੜ ਵਿਚ ਇਹ ਪਹਿਲਾ ਸਫ਼ਰ ਸੀ | ਜੂਨ 16, 1963 ਨੂੰ ਵੈਲਣਟੀਨਾ ਵਲਾਦੀਮੀਰੋਵਨਾ ਨਾਮੀ ਇਕ ਰੂਸੀ ਔਰਤ ਨੇ ਵੈਸਟੋਕ-6 ਪੁਲਾੜੀ ਜਹਾਜ਼ ਵਿਚ ਉਡਾਨ ਭਰ ਕੇ ਵਿਸ਼ਵ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣਨ ਦਾ ਮਾਣ ਪ੍ਰਾਪਤ ਕੀਤਾ | ਅਮਰੀਕਾ ਤੋਂ ਪਹਿਲਾਂ ਚੰਦ 'ਤੇ ਉਤਰਨ ਲਈ ਰੂਸ ਨੇ 'ਲੂਨਾ' ਨਾਮੀ ਉਪਗ੍ਰਹਿ ਬਣਾਏ | ਜਨਵਰੀ 31, 1963 ਨੂੰ 'ਲੂਨਾ-9' ਉਪਗ੍ਰਹਿ ਛੱਡਿਆ ਗਿਆ ਜੋ ਚੰਦ 'ਤੇ ਉਤਰਨ ਵਿਚ ਸਫਲ ਰਿਹਾ | 12 ਸਤੰਬਰ 1970 ਨੂੰ ਲੂਨਾ-16 ਇਕ ਰੋਬੋਟਿਕ ਉਪਗ੍ਰਹਿ ਚੰਦ ਤੋਂ ਮਿੱਟੀ ਤੇ ਚਟਾਨਾਂ ਦੇ 101 ਗ੍ਰਾਮ ਨਮੂਨੇ ਲੈ ਕੇ ਧਰਤੀ 'ਤੇ ਲਿਆਉਣ ਵਿਚ ਸਫਲ ਰਿਹਾ |
ਉਧਰ ਅਮਰੀਕਾ ਵੀ ਚੁੱਪ ਬੈਠਣ ਵਾਲਾ ਨਹੀਂ ਸੀ | ਸੰਨ 1961 ਵਿਚ ਅਮਰੀਕੀ ਰਾਸ਼ਟਰਪਤੀ ਜਾਹਨ ਐਫ ਕੇਨੇਡੀ ਨੇ ਇਕ ਦਹਾਕੇ ਅੰਦਰ ਭਾਵ 1970 ਤੋਂ ਪਹਿਲਾਂ ਪਹਿਲਾਂ ਚੰਦ 'ਤੇ ਮਨੁੱਖ ਨੂੰ ਉਤਾਰਨ ਅਤੇ ਸੁਰੱਖਿਅਤ ਵਾਪਸ ਲਿਆਉਣ ਦਾ ਐਲਾਨ ਕਰ ਦਿੱਤਾ | ਇਸ ਐਲਾਨ ਉਪਰੰਤ ਨੈਸ਼ਨਲ ਆਰੋਨੋਟਿਕਸ ਐਾਡ ਸਪੇਸ ਐਡਮਿਨਸਟਰੇਸ਼ਨ (N1S1) ਵਲੋਂ ਤਿੰਨ ਪ੍ਰੋਜੈਕਟ : ਮਰਕਰੀ ਪ੍ਰੋਜੈਕਟ, ਜੈਮਨੀ ਪ੍ਰੋਜੈਕਟ ਅਤੇ ਅਪੋਲੋ ਪ੍ਰੋਜੈਕਟ ਉਲੀਕੇ ਗਏ | ਮਰਕਰੀ ਪ੍ਰੋਜੈਕਟ ਦਾ ਮੁੱਖ ਮੰਤਵ ਮਨੁੱਖ ਨੂੰ ਪੁਲਾੜ ਵਿਚ ਭੇਜਣ ਲਈ ਲੋੜੀਂਦੀ ਤਕਨੀਕੀ ਕਾਬਲੀਅਤ ਹਾਸਿਲ ਕਰਨਾ ਸੀ | ਇਸ ਪ੍ਰੋਜੈਕਟ ਅਧੀਨ 1958 ਤੋਂ 1963 ਤੱਕ ਕਈ ਉਪਗ੍ਰਹਿ ਛੱਡੇ ਗਏ | ਜਾਹਨ ਗਲੀਨ 20 ਫਰਵਰੀ 1962ਨੂੰ ਮਰਕਰੀ ਪੁਲਾੜੀ ਜਹਾਜ਼ ਵਿਚ ਧਰਤੀ ਦੇ ਦੁਆਲੇ ਤਿੰਨ ਚੱਕਰ ਲਾਉਣ ਵਾਲਾ ਪਹਿਲਾ ਅਮਰੀਕੀ ਪੁਲਾੜ ਯਾਤਰੀ ਸੀ | ਜੈਮਨੀ ਪ੍ਰੋਜੈਕਟ ਦਾ ਮੁੱਖ ਮੰਤਵ ਪੁਲਾੜ ਵਿਚ ਲੰਮਾ ਸਮਾਂ ਰਹਿਣ ਕਾਰਨ ਮਨੁੱਖ 'ਤੇ ਪ੍ਰਭਾਵ, ਪੁਲਾੜ ਵਿਚ ਦੋ ਪੁਲਾੜੀ ਜਹਾਜ਼ਾਂ ਦੇ ਆਪਸੀ ਮਿਲਾਪ/ ਜੋੜਨ ਦੀ ਤਕਨੀਕ ਅਤੇ ਚੰਦ 'ਤੇ ਪਹੁੰਚਣ ਲਈ ਹੋਰ ਲੋੜੀਂਦੀਆਂ ਤਕਨੀਕਾਂ ਦੀ ਜਾਂਚ ਪਰਖ ਕਰਨਾ ਸੀ | ਜੈਮਨੀ ਪ੍ਰੋਜੈਕਟ ਅਧੀਨ 1961 ਤੋਂ 1966 ਤੱਕ ਦੋ ਪੁਲਾੜ ਯਾਤਰੀਆਂ ਵਾਲੇ 12 ਮਿਸ਼ਨ ਪੁਲਾੜ ਵਿਚ ਅਧਿਅਨ ਲਈ ਭੇਜੇ ਗਏ | ਅਪੋਲੋ ਪ੍ਰੋਗਰਾਮ ਦਾ ਮੁੱਖ ਉਦੇਸ਼ ਮਨੁੱਖ ਨੂੰ ਚੰਦ 'ਤੇ ਉਤਾਰਨਾ ਤੇ ਸਹੀ ਸਲਾਮਤ ਵਾਪਸ ਲਿਆਉਣਾ ਸੀ | ਚੰਦ 'ਤੇ ਪਹੁੰਚਣ ਵਿਚ ਅਮਰੀਕਾ ਦੀ ਸਫ਼ਲਤਾ ਦਾ ਰਾਜ ਸ਼ਕਤੀਸ਼ਾਲੀ ਸੈਟਰਨ-ਰਾਕਟ, ਕਮਾਂਡ ਜਹਾਜ਼ ਅਤੇ ਚੰਦ ਗੱਡੀ ਦੇ ਸਿਧਾਂਤ ਨੂੰ ਲਾਗੂ ਕਰਨਾ ਸੀ | ਇਹ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਹੈ ਜਿਸ ਦੀ ਵਰਤੋਂ ਨਾਲ ਚੰਦ ਗੱਡੀ ਅਤੇ ਕਮਾਂਡ ਜਹਾਜ਼ ਨੂੰ ਪੁਲਾੜ ਵਿਚ ਭੇਜਣਾ ਸੰਭਵ ਹੋ ਸਕਿਆ | ਅਪੋਲੋ 8, 9 ਅਤੇ 10 ਮਿਸ਼ਨ ਵਿਚ ਕਮਾਂਡ ਜਹਾਜ਼ ਨਾਲ ਚੰਦ ਗੱਡੀ ਦੇ ਜੁੜ ਜਾਣ ਬਾਰੇ ਪਰਖ ਕੀਤੀ ਗਈ | ਅਪੋਲੋ 11, 12, 14, 15, 16 ਅਤੇ 17 ਨੇ ਮਨੁੱਖ ਨੂੰ ਚੰਦ 'ਤੇ ਉਤਾਰਨ ਅਤੇ ਸੁਰੱਖਿਅਤ ਵਾਪਸ ਲਿਆਉਣ ਵਿਚ ਸਫਲਤਾ ਪ੍ਰਾਪਤ ਕੀਤੀ | ਅਪੋਲੋ 13 ਤਕਨੀਕੀ ਖ਼ਰਾਬੀ ਕਾਰਨ ਚੰਦ 'ਤੇ ਉਤਰਨ ਤੋਂ ਬਗੈਰ ਵਾਪਸ ਧਰਤੀ 'ਤੇ ਆ ਗਿਆ | ਅਪੋਲੋ-10 ਮਈ 18, 1969 ਨੂੰ ਛੱਡਿਆ ਗਿਆ | ਇਹ ਅਪੋਲੋ-11 ਦੀ ਰਿਹਰਸਲ ਸੀ | ਇਸ ਦੀ ਚੰਦ ਗੱਡੀ ਕਮਾਂਡ ਜਹਾਜ਼ ਤੋਂ ਅਲੱਗ ਹੋ ਕੇ ਚੰਦ ਦੇ ਵਾਯੂਮੰਡਲ ਵਿਚ ਦਾਖ਼ਲ ਹੋਈ ਅਤੇ ਚੰਦ ਦੀ ਸਤਾਹ ਤੋਂ 15.6 ਕਿਲੋਮੀਟਰ ਦੀ ਦੂਰੀ 'ਤੇ ਚੰਦ ਦੁਆਲੇ ਚੱਕਰ ਲਾ ਕੇ ਵਾਪਸ ਕਮਾਂਡ ਜ਼ਹਾਜ ਨਾਲ ਮਿਲ ਗਈ | ਇਸ ਤਰਾਂ ਇਸ ਸਫਲ ਪ੍ਰੀਖਣ ਨੇ ਅਪੋਲੋ-11 ਦੁਆਰਾ ਮਨੁੱਖ ਨੂੰ ਚੰਦ 'ਤੇ ਉਤਰਨ ਦਾ ਰਾਹ ਪੱਧਰਾ ਕਰ ਦਿੱਤਾ |
ਅਪੋਲੋ-11 ਉਹ ਇਤਿਹਾਸਕ ਪੁਲਾੜੀ ਜਹਾਜ਼ ਸੀ ਜਿਸ ਨੇ ਮਨੁੱਖ ਨੂੰ ਚੰਦ 'ਤੇ ਉਤਾਰਿਆ | ਅਪੋਲੋ-11 ਨੂੰ 16 ਜੁਲਾਈ, 1969 ਨੂੰ ਕੇਨੇਡੀ ਸਪੇਸ ਸਟੇਸ਼ਨ ਤੋਂ ਦਾਗਿਆ ਗਿਆ | ਇਸ ਵਿਚ ਤਿੰਨ ਪੁਲਾੜ ਯਾਤਰੀ: ਨੀਲ ਆਰਮਸਟਰੌਾਗ, ਐਡਵਿਨ ਐਲਡਰਿਨ ਅਤੇ ਮਾਈਕਲ ਕੋਲਿਨ ਸਵਾਰ ਸਨ | ਕਮਾਂਡ ਜ਼ਹਾਜ ਦਾ ਨਾਂਅ ਕੋਲੰਬੀਆ ਅਤੇ ਇਸ ਨਾਲ ਜੁੜੀ ਚੰਦ ਗੱਡੀ ਦਾ ਨਾਂਅ ਈਗਲ ਸੀ | ਧਰਤੀ ਦੁਆਲੇ ਕੁਝ ਸਮਾਂ ਚੱਕਰ ਲਾਉਣ ਤੋਂ ਬਾਦ ਕਮਾਂਡ ਜਹਾਜ਼ ਧਰਤੀ ਤੋਂ ਦੂਰ ਚੰਦਰਮਾ ਦੇ ਗ੍ਰਹਿ ਪੰਧ 'ਤੇ ਪੈ ਗਿਆ ਤੇ ਚੰਦ ਦੁਆਲੇ ਚੱਕਰ ਕੱਟਣ ਲੱਗਾ | 19 ਜੁਲਾਈ ਨੂੰ ਅਪੋਲੋ-11 ਚੰਦ ਦੇ ਹੋਰ ਨਜ਼ਦੀਕ ਪਹੁੰਚ ਗਿਆ | 24 ਘੰਟੇ ਚੰਦ ਦੁਆਲੇ ਚੱਕਰ ਕੱਟਣ ਤੋਂ ਬਾਦ ਨੀਲ ਆਰਮਸਟਰੌਾਗ ਅਤੇ ਐਲਡਰਿਨ ਨੇ ਚੰਦ ਗੱਡੀ ਨੂੰ ਕਮਾਂਡ ਜਹਾਜ਼ ਤੋਂ ਵੱਖ ਕਰ ਕੇ ਚੰਦ ਵੱਲ ਉਤਾਰਾ ਸ਼ੁਰੂ ਕਰ ਦਿੱਤਾ | 20 ਜੁਲਾਈ, 1969 ਨੂੰ ਟਰਾਂਨਕੁਇਲਟੀ ਨਾਮੀ ਜਗ੍ਹਾ 'ਤੇ ਚੰਦ ਉੱਪਰ ਚੰਦ ਗੱਡੀ ਉਤਰ ਗਈ | ਜਦ ਚੰਦ ਗੱਡੀ ਚੰਦ ਦੀ ਸਤ੍ਹਾ ਦੇ ਨਜ਼ਦੀਕ ਪਹੁੰਚੀ ਤਾਂ ਐਲਡਰਿਨ ਨੇ ਦੇਖਿਆ ਕਿ ਜਿਸ ਜਗਾਂ੍ਹ ਉਹ ਉਤਰਨ ਜਾ ਰਹੇ ਹਨ ਉਹ ਉੱਚੀ ਨੀਂਵੀ ਹੈ ਤੇ ਉੱਥੇ ਵੱਡੀਆਂ ਵੱਡੀਆਂ ਚਟਾਨਾਂ ਹਨ | ਇਸ ਲਈ ਉਸਨੇ ਚੰਦ ਗੱਡੀ ਨੂੰ ਅਜਿਹੀ ਜਗਾਂ੍ਹ ਤੋਂ ਕੁਝ ਦੂਰ ਸਾਫ਼ ਪੱਧਰੀ ਜਗ੍ਹਾਂ 'ਤੇ ਉਤਾਰ ਲਿਆ | ਉਨਾਂ ਦਾ ਉਤਾਰਾ ਮਿਥੀ ਜਗ੍ਹਾਂ ਤੋਂ 6 ਕਿਲੋਮੀਟਰ ਦੂਰ ਹੋਇਆ | ਚੰਦ 'ਤੇ ਉਤਾਰੇ ਤੋਂ 6 ਘੰਟੇ ਅਤੇ 21 ਮਿੰਟ ਬਾਦ ਨੀਲ ਆਰਮਸਟਰੌਾਗ ਨੇ ਆਪਣੀ ਪਿਠ 'ਤੇ ਜੀਵਨ ਸੁਰੱਖਿਆ ਪ੍ਰਣਾਲੀ ਦੇ ਉਪਕਰਨ ਲੱਦ ਕੇ ਚੰਦ ਗੱਡੀ ਦੇ ਬਾਹਰ ਲੱਗੀ ਪੌੜੀ ਤੋਂ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ 20 ਜੁਲਾਈ ਸਵੇਰੇ 2:56 ਵਜੇ ਚੰਦ 'ਤੇ ਪੈਰ ਰੱਖਣ ਵਾਲਾ ਉਹ ਪਹਿਲਾ ਮਨੁੱਖ ਬਣ ਗਿਆ | ਆਰਮਸਟਰੌਾਗ ਅਤੇ ਐਲਡਰਿਨ ਚੰਦ ਉਪਰ ਲੱਗਪਗ 21 ਘੰਟੇ ਠਹਿਰੇ | ਜੀਵਨ ਸੁਰੱਖਿਆ ਉਪਕਰਨ ਉਨਾਂ ਨੂੰ ਗਰਮੀ ਤੋਂ ਬਚਾਉਂਦੇ ਤੇ ਆਕਸੀਜਨ ਸਪਲਾਈ ਕਰਦੇ ਸਨ | ਪੁਲਾੜੀ ਸੂਟ ਜੋ ਉਨਾਂ ਪਹਿਨੇ ਹੋਏ ਸਨ ਇਸ ਦਾ ਕੱਪੜਾ ਬਹੁਤ ਮਜ਼ਬੂਤ ਅਤੇ ਜੁਆਇੰਟ ਲਚਕਦਾਰ ਸਨ | ਚੰਦ ਉੱਪਰ ਤੁਰਨਾ ਅਸਾਨ ਸੀ ਕਿਉਂਕਿ ਚੰਦ ਦੀ ਗਰੂਤਾ ਖਿੱਚ ਪਿ੍ਥਵੀ ਤੋਂ 6ਵਾਂ ਹਿੱਸਾ ਹੈ | ਚੰਦ ਯਾਤਰੀਆਂ ਨੇ ਚੰਦ ਦੀ ਸਤ੍ਹਾ 'ਤੇ ਅਮਰੀਕੀ ਝੰਡਾ ਲਾਇਆ, ਭੁਚਾਲ ਅਤੇ ਸੂਰਜੀ ਤਪਸ਼ ਨੂੰ ਮਾਪਣ ਲਈ ਕੁਝ ਉਪਕਰਨ ਫਿੱਟ ਕੀਤੇ | ਨੀਲ ਆਰਮਸਟਰੋਂਗ ਚੰਦ ਗੱਡੀ ਤੋਂ 196 ਫੁੱਟ ਦੂਰੀ ਤੱਕ ਤਰਦਾ ਰਿਹਾ ਜਦਕਿ ਐਲਡਰਿਨ ਚੰਦ ਗੱਡੀ ਦੇ ਆਸ ਪਾਸ ਚਹਿਲ ਕਦਮੀ ਕਰਦਾ ਰਿਹਾ | ਚੰਦ ਦੀ ਜ਼ਮੀਨ 'ਤੇ ਤੁਰਨ ਲਈ 34 ਮਿੰਟ ਦਾ ਸਮਾਂ ਤਹਿ ਕੀਤਾ ਗਿਆ ਸੀ ਜੋ ਕਿ 15 ਮਿੰਟ ਹੋਰ ਵਧਾ ਦਿੱਤਾ ਗਿਆ | ਚੰਦ ਦੀ ਮਿੱਟੀ ਅਤੇ ਪੱਥਰਾਂ ਦੇ 21.55 ਕਿਲੋ ਸੈਂਪਲ ਵੀ ਉਨਾਂ ਚੰਦ ਗੱਡੀ ਵਿਚ ਰੱਖ ਲਏ | ਵਾਪਸ ਸਫ਼ਰ ਸ਼ੁਰੂ ਕਰਨ ਵੇਲੇ ਚੰਦ ਗੱਡੀ ਵਿਚ ਐਲਡਰਿਨ ਪਹਿਲਾਂ ਦਾਖ਼ਲ ਹੋਏ | ਦਾਖਲ ਹੋਣ ਸਮੇਂ ਐਲਡਰਿਨ ਕੋਲੋਂ ਗ਼ਲਤੀ ਨਾਲ ਇਕ ਸਰਕਟ ਸਵਿੱਚ ਟੁੱਟ ਗਈ, ਜਿਸ ਕਾਰਨ ਚੰਦ ਗੱਡੀ ਦੇ ਇੰਜਨ ਨੂੰ ਸਟਾਰਟ ਕਰਨਾ ਮੁਸ਼ਕਿਲ ਸੀ | ਇਕ ਪੈਨ ਦੀ ਮਦਦ ਨਾਲ ਇਸ ਸਵਿੱਚ ਤੋਂ ਕੰਮ ਲਿਆ ਗਿਆ | ਚੰਦ ਗੱਡੀ ਵਿਚ ਦਾਖ਼ਲ ਹੋ ਕੇ ਦੋਹਾਂ ਨੇ 7 ਘੰਟੇ ਅਰਾਮ ਕੀਤਾ | ਇਸ ਉਪਰੰਤ ਹੂਸਟਨ ਗਰਾਉਂਡ ਸੈਂਟਰ ਨੇ ਉਨਾਂ ਨੂੰ ਵਾਪਸੀ ਸਫ਼ਰ ਦੀ ਤਿਆਰੀ ਕਰਨ ਲਈ ਕਿਹਾ | ਇਸ ਤੋਂ ਢਾਈ ਘੰਟੇ ਬਾਅਦ ਚੰਦ ਗੱਡੀ ਨੇ ਚੰਦ ਤੋਂ ਉਡਾਨ ਭਰੀ ਅਤੇ ਮੁੱਖ ਜਹਾਜ਼ ਕੋਲੰਬੀਆਂ ਵਿਚ ਪਰਤਣ ਉਪਰੰਤ ਚੰਦ ਗੱਡੀ ਨੂੰ ਚੰਦ ਵੱਲ ਸੁੱਟ ਦਿੱਤਾ | ਕੋਲੰਬੀਆ ਜ਼ਹਾਜ ਤਿੰਨੇ ਪੁਲਾੜ ਯਾਤਰੀਆਂ ਨੂੰ ਲੈ ਕੇ 25000 ਮੀਲ ਪ੍ਰਤੀ ਘੰਟਾ ਦੀ ਸਪੀਡ ਨਾਲ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਇਆ | ਇਸ ਤਰਾਂ੍ਹ ਇਹ ਤਿੰਨੇ ਪੁਲਾੜ ਯਾਤਰੀ 24 ਜੁਲਾਈ ਨੂੰ ਪੈਰਾਸ਼ੂਟ ਦੀ ਮਦਦ ਨਾਲ ਹਵਾਈ ਟਾਪੂ ਕੋਲ ਪ੍ਰਸ਼ਾਂਤ ਮਹਾਂਸਾਗਰ ਵਿਚ ਸਹੀ ਸਲਾਮਤ ਉਤਰ ਗਏ | ਸਮੁੰਦਰ ਵਿਚ ਉਤਾਰੇ ਤੋਂ ਬਾਅਦ ਪੁਲਾੜ ਯਾਤਰੀਆਂ ਨੂੰ 21 ਦਿਨਾਂ ਲਈ ਸਭ ਤੋਂ ਅਲੱਗ ਥਲੱਗ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਕਈ ਪ੍ਰਕਾਰ ਦੇ ਮੈਡੀਕਲ ਜਾਂਚ ਟੈਸਟ ਕੀਤੇ ਗਏ ਤਾਂ ਜੋ ਚੰਦ ਤੋਂ ਕੋਈ ਸੂਖਮ ਜੀਵਾਣੂ ਧਰਤੀ ਤੇ ਪ੍ਰਵੇਸ਼ ਨਾ ਕਰ ਸਕੇ | ਪ੍ਰੰਤੂ ਜਾਂਚ ਵਿਚ ਅਜਿਹਾ ਕੋਈ ਜੀਵਾਣੂ ਨਹੀਂ ਮਿਲਿਆ ਜੋ 21.7 ਕਿਲੋ ਮਿੱਟੀ ਅਤੇ ਚਟਾਨਾਂ ਦੇ ਸੈਂਪਲ ਚੰਦ ਤੋਂ ਲਿਆਂਦੇ ਗਏ ਸਨ ਉਨਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਮਿੱਟੀ /ਚਟਾਨ 3.7 ਅਰਬ ਸਾਲ ਪੁਰਾਣੇ ਹਨ |
ਪੁਲਾੜ ਖੋਜ ਜਾਂ ਚੰਦ 'ਤੇ ਮਨੁੱਖੀ ਉਤਾਰੇ ਤੋਂ ਮਨੁੱਖਤਾ ਨੂੰ ਕੀ ਲਾਭ ਹੋਇਆ ਇਸ ਬਾਰੇ ਬੁੱਧੀਜੀਵੀਆਂ, ਵਿਗਿਆਨੀਆਂ ਤੇ ਨੀਤੀਵਾਨਾਂ ਦੇ ਵੱਖ-ਵੱਖ ਵਿਚਾਰ ਹਨ | ਪੁਲਾੜ ਦੀ ਖੋਜ ਤੋਂ ਧਰਤੀ, ਚੰਦ, ਸੌਰਮੰਡਲ ਅਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਨਵੀਨਤਮ ਜਾਣਕਾਰੀ ਮਿਲੀ ਹੈ | ਸੂਚਨਾ ਤਕਨਾਲੋਜੀ ਵਿਚ ਉਪਗ੍ਰਹਿ ਰਾਹੀਂ ਕ੍ਰਾਂਤੀਕਾਰੀ ਵਿਕਾਸ ਹੋਇਆ ਹੈ ਜਿਸ ਦੇ ਫ਼ਲਸਰੂਪ ਪੂਰੀ ਦੁਨੀਆ ਇਕ ਪਿੰਡ ਦੇ ਰੂਪ ਵਿਚ ਸੁੰਗੜ ਗਈ ਹੈ | ਤੁਸੀਂ ਹੁਣੇ ਇੰਟਰਨੈਟ ਖੋਲ੍ਹੋ ਅਤੇ ਯੂਰੀਗਗਰਿਨ ਦੀ ਫਲਾਈਟ ਅਤੇ ਨੀਲ ਆਰਮਸਟਰੌਾਗ ਨੂੰ ਚੰਦ 'ਤੇ ਉਤਰਦੇ ਦੇਖ ਸਕਦੇ ਹੋ | ਉਪਗ੍ਰਹਿ ਰਾਹੀਂ ਮੌਸਮ ਦੀ ਠੀਕ ਠੀਕ ਭਵਿੱਖਵਾਣੀ ਸੰਭਵ ਹੋ ਗਈ ਹੈ | ਰੀਮੋਟ ਸੈਂਸਿੰਗ ਰਾਹੀਂ ਗਲੇਸ਼ੀਅਰ ਪਿਘਲਣ, ਗਲੋਬਲ ਤਪਸ਼ ਅਤੇ ਹੜ੍ਹਾਂ ਬਾਰੇ ਪਹਿਲਾਂ ਨਾਲੋਂ ਕਿਤੇ ਵਧੇਰੇ ਜਾਣਕਾਰੀ ਮਿਲ ਰਹੀ ਹੈ | ਹਬਲ ਟੈਲੀਸਕੋਪ ਜਿਸ ਨੂੰ 1990 ਵਿਚ ਪੁਲਾੜ ਵਿਚ ਸਥਾਪਿਤ ਕੀਤਾ ਗਿਆ ਸੀ ਇਸ ਦੁਆਰਾ ਪੁਲਾੜ, ਤਾਰਾ ਮੰਡਲ ਅਤੇ ਅਕਾਸ਼ਗੰਗਾ ਦਾ ਡੂੰਘਾ ਅਧਿਅਨ ਕਰਨਾ ਸੰਭਵ ਹੋਇਆ ਹੈ | ਇਸ ਦੇ ਉਲਟ ਕੁਝ ਲੋਕਾਂ ਦਾ ਮਤ ਹੈ ਕਿ ਪੁਲਾੜੀ ਖੋਜ ਤੋਂ ਸਟਾਰਵਾਰ ਅਤੇ ਬੇਹੱਦ ਖ਼ਤਰਨਾਕ ਮਿਜ਼ਾਇਲਾਂ ਵਿਕਸਤ ਹੋਈਆਂ ਹਨ ਜਿਨ੍ਹਾਂ ਤੋਂ ਮਾਨਵਤਾ ਦੀ ਹੋਂਦ ਨੂੰ ਖ਼ਤਰਾ ਹੈ |
ਪਿਛਲੇ ਦੋ-ਤਿੰਨ ਸੌ ਸਾਲਾਂ ਦੇ ਵਿਸ਼ਵ ਇਤਿਹਾਸ 'ਤੇ ਜੇ ਨਜ਼ਰ ਮਾਰੀ ਜਾਵੇ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਜਿਨ੍ਹਾਂ ਮੁਲਕਾਂ ਵਿਚ ਨਿਊਟਨ, ਐਡੀਸਨ, ਚਾਰਲਸ ਡਾਰਵਿਨ ਅਤੇ ਆਈਨਸਟੀਨ ਵਰਗੇ ਮਹਾਨ ਵਿਗਿਆਨੀਆਂ ਨੇ ਕ੍ਰਾਂਤੀਕਾਰੀ ਖੋਜਾਂ ਕੀਤੀਆਂ, ਉੱਥੇ ਸਮਾਜ ਵਿਚ ਵਿਗਿਆਨਿਕ ਸੋਚ ਪ੍ਰਫੁੱਲਤ ਹੋਈ, ਤਕਨਾਲੋਜੀ ਦਾ ਵਿਕਾਸ ਹੋਇਆ, ਉਦਯੋਗਿਕ ਕ੍ਰਾਂਤੀ ਆਈ, ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਏ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ | ਚੰਦ 'ਤੇ ਉਤਰਨ ਤੋਂ ਬਾਦ ਅਮਰੀਕਾ ਹੱਥ 'ਤੇ ਹੱਥ ਰੱਖ ਕੇ ਬੈਠਣ ਵਾਲਾ ਨਹੀਂ ਹੈ | ਸੰਨ 2030 ਤੱਕ ਮੰਗਲ 'ਤੇ ਮਨੁੱਖ ਨੂੰ ਭੇਜਣ ਦਾ ਉਸ ਦਾ ਇਰਾਦਾ ਹੈ | ਇਲੋਨ ਮਸਕ ਨਾਮੀ ਇਕ ਅਮਰੀਕੀ ਨੇ 'ਸਪੇਸ ਐਕਸ' ਨਾਮੀ ਇਕ ਕੰਪਨੀ ਬਣਾਈ ਹੈ ਜਿਸ ਦਾ ਉਦੇਸ਼ ਅਜਿਹੇ ਰਾਕਟ ਬਣਾਉਣਾ ਹੈ ਜਿਨ੍ਹਾਂ ਦੀ ਉਪਗ੍ਰਹਿ ਛੱਡਣ ਲਈ ਵਾਰ-ਵਾਰ, ਵਰਤੋਂ ਕੀਤੀ ਜਾ ਸਕੇ ਤਾਂ ਜੋ ਪੁਲਾੜੀ ਯਾਤਰਾ ਸਸਤੀ ਹੋ ਸਕੇ ਅਤੇ ਆਮ ਵਿਅਕਤੀ ਦੀ ਪਹੁੰਚ ਵਿਚ ਹੋਵੇ | ਚੰਦ 'ਤੇ ਮਨੁੱਖੀ ਉਤਾਰੇ ਨੂੰ ਅਸੰਭਵ ਤੋਂ ਸੰਭਵ ਬਣਾਉਣ ਵਿਚ ਮਿਹਨਤੀ, ਇਮਾਨਦਾਰ ਤੇ ਲਗਨ ਨਾਲ ਕੰਮ ਕਰਨ ਵਾਲੇ ਅਮਰੀਕੀ ਪ੍ਰਸ਼ਾਸਕ, ਵਿਗਿਆਨੀ ਤੇ ਤਕਨੀਕੀ ਮਾਹਿਰਾਂ ਦਾ ਹੱਥ ਹੈ, ਜਿਨ੍ਹਾਂ ਦੀ ਬਦੌਲਤ ਵਿਸ਼ਵ ਵਿਚ ਅੱਜ ਅਮਰੀਕਾ ਦੀ ਸਰਦਾਰੀ ਹੈ | ਕੀ ਭਾਰਤੀ ਪ੍ਰਸ਼ਾਸਕ, ਵਿਗਿਆਨੀ ਅਤੇ ਬੁੱਧੀਜੀਵੀ ਜੋ ਜਨਤਾ ਦੇ ਪੈਸੇ ਵਿਚੋਂ ਮੋਟੀਆਂ ਤਨਖ਼ਾਹਾਂ ਲੈਂਦੇ ਹਨ ਤੇ ਜਨਤਾ 'ਤੇ ਹੀ ਅਫ਼ਸਰੀ ਰੋਹਬ ਝਾੜਦੇ ਹਨ, ਅਮਰੀਕੀ ਕੰਮ ਸੱਭਿਆਚਾਰ ਤੋਂ ਸੇਧ ਜਾਂ ਸਬਕ ਲੈਣਗੇ?

-ਮੋਬਾਈਲ: 94636-41071.


ਖ਼ਬਰ ਸ਼ੇਅਰ ਕਰੋ

ਚੋਆਂ ਦੇ ਕੰਢੇ-ਕੰਢੇ

ਚਾਰ ਪੰਜ ਦਹਾਕੇ ਪਹਿਲਾਂ ਹੁਸ਼ਿਆਰਪੁਰ ਦੇ ਬਹੁਤ ਸਾਰੇ ਪੇਂਡੂ ਇਲਾਕਿਆਂ ਦੀ ਜ਼ਿੰਦਗੀ ਬਰਸਾਤੀ ਮੀਂਹਾਂ ਤੇ ਪਹਾੜੀ ਖੱਡਾਂ ਦੇ ਪਾਣੀਆਂ ਨਾਲ ਵਗਣ ਵਾਲੇ ਚੋਆਂ ਦੀ ਮਾਰ ਤੇ ਪਾਣੀਆਂ ਦੀ ਨੁਹਾਰ ਨਾਲ ਬੜੀ ਅਸਰ ਅੰਦਾਜ਼ ਹੋਇਆ ਕਰਦੀ ਸੀ | ਬਰਸਾਤਾਂ ਦੀ ਰੁੱਤੇ ਜਿਉਂ ਹੀ ਮੋਹਲੇਧਾਰ ਬਾਰਿਸ਼ਾਂ ਹੁੰਦੀਆਂ ਜਾਂ ਕਈ ਕਈ ਦਿਨ ਲੰਮੀਆਂ ਝੜੀਆਂ ਲਗਦੀਆਂ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਵਰਿ੍ਹਆ ਮੇਘਲਾ ਅੱਥਰਾ ਤੇ ਆਪ-ਮੁਹਾਰਾ ਰੂਪ ਅਖ਼ਤਿਆਰ ਕਰ ਕੇ ਮੈਦਾਨਾਂ ਵੱਲ ਰੁਖ਼ ਕਰ ਲੈਂਦਾ ਤੇ ਰਾਹ 'ਚ ਆਉਣ ਵਾਲੀ ਹਰ ਚੀਜ਼ ਵਸਤ, ਰੁੱਖ ਬੰਨੇ, ਉੱਚੇ ਟਿੱਬੇ ਆਦਿ ਸਭ ਨੂੰ ਨਾਲ ਰੋੜ੍ਹ ਕੇ ਲਈ ਜਾਂਦਾ | ਇਨ੍ਹਾਂ ਬਰਸਾਤੀ ਪਾਣੀਆਂ ਦੇ ਸ਼ੂਕਣ ਤੇ ਰੇਤ ਮਿੱਟੀ ਦੀਆਂ ਧੁੱਸੀਆਂ ਨਾਲ ਖਹਿਣ ਦਾ ਕੋਈ ਸਮਾਂ ਸੀਮਾਂ ਨਿਰਧਾਰਤ ਨਹੀਂ ਸੀ ਹੁੰਦਾ, ਜਦੋਂ ਵੀ ਪਹਾੜਾਂ 'ਚ ਭਾਰੀ ਵਰਖਾ ਹੋਈ, ਉਦੋਂ ਹੀ ਪਾਣੀ ਦੇ ਲਾਂਘਿਆਂ ਲਈ ਬਣੇ ਚੋਅ ਸ਼ੂਕਦੇ ਹੋਏ ਲੋਕਾਂ ਦੇ ਲਾਂਘੇ ਬੰਦ ਕਰ ਦਿੰਦੇ | ਬਹੁਤੀ ਵਾਰ ਤਾਂ ਬਰਸਾਤਾਂ ਦੀਆਂ ਟਿਕੀਆਂ ਤੇ ਸ਼ਾਅ-ਸ਼ਾਂਅ ਕਰਦੀਆਂ ਰਾਤਾਂ ਨੂੰ ਅਚਾਨਕ ਪਹਾੜੋਂ ਉਤਰੇ ਪਾਣੀਆਂ ਦੀ ਸ਼ੂਕ ਬਹੁਤ ਹੀ ਡਰਾਉਣੀ ਲਗਦੀ , ਬੰਨ੍ਹ ਤੋੜ ਕੇ ਪਿੰਡਾਂ 'ਚ ਵੜਿਆ ਪਾਣੀ ਕੰਮਾਂ ਕਾਰਾਂ ਨਾਲ ਝੰਭੀ ਆਰਾਮ ਕਰ ਰਹੀ ਜ਼ਿੰਦਗੀ ਲਈ ਬੇਆਰਾਮੀ ਦੀਆਂ ਕਈ ਕਹਾਣੀਆਂ ਬਣਾ ਛੱਡਦਾ | ਪਿੰਡਾਂ 'ਚ ਦਾਖਲ ਹੋਏ ਹੜ੍ਹਾਂ ਦੇ ਪਾਣੀਆਂ ਨਾਲ ਕੱਚੇ ਕੋਠੇ ਢੱਠ ਜਾਂਦੇ ਤੇ ਮਿਹਨਤਾਂ ਨਾਲ ਖੇਤੀਯੋਗ ਬਣਾਈ ਜ਼ਮੀਨ ਰੁੜ੍ਹ ਪੁੜ੍ਹ ਜਾਂਦੀ ਤੇ ਦੂਰ ਦੂਰ ਤੱਕ ਪਹਾੜਾਂ ਤੋਂ ਰੁੜ੍ਹ ਕੇ ਆਈ ਧੋਤੀਓ ਰੇਤ ਬਰਬਾਦੀ ਤੇ ਵਿਰਾਨੀ ਦੀਆਂ ਕਹਾਣੀਆਂ ਬਿਆਨ ਕਰਦੀ ਨਜ਼ਰ ਆਉਂਦੀ | ਬਰਸਾਤਾਂ ਦੀ ਰੁੱਤ 'ਚ ਹੀ ਪਾਣੀ ਦੇ ਲਾਂਘਿਆਂ ਵਾਲੀਆਂ ਥਾਵਾਂ ਦੇ ਦੁਆਲੇ ਉਗਿਆ ਘਾਹ, ਕਾਹੀ ਤੇ ਹੋਰ ਖੜਕਾਨਾ ਬੜੀ ਤੇਜ਼ੀ ਨਾਲ ਵਧਦਾ ਫੁੱਲਦਾ | ਚੋਆਂ ਦੇ ਕੰਢੇ ਵਸਣ ਵਾਲੇ ਪਿੰਡਾਂ ਦੇ ਹਾਲੀਆਂ ਤੇ ਪਾਲੀਆਂ ਲਈ ਇਹ ਹਰਿਆਵਲ ਪਸ਼ੂਆਂ ਦੇ ਚਾਰਨ ਵਾਸਤੇ ਬੜੀ ਲਾਹੇਵੰਦ ਸਾਬਤ ਹੁੰਦੀ | ਮੀਂਹਾਂ ਦੀ ਰੁੱਤ ਸ਼ੁਰੂ ਹੰੁਦਿਆਂ ਹੀ ਵੱਖ-ਵੱਖ ਪਿੰਡਾਂ ਦੇ ਪਸ਼ੁੂ ਪਾਲਕ ਆਪੋ ਆਪਣੇ ਵੱਗ ਨੂੰ ਸਵੇਰੇ ਸ਼ਾਮ ਚੋਆਂ 'ਚ ਸ਼ਾਮਲਾਟ ਦੀਆਂ ਚਰਾਂਦਾਂ 'ਚ ਚਾਰਨ ਲਈ ਉਚੇਚ ਕਰਿਆ ਕਰਦੇ | ਪਸ਼ੂਆਂ ਨੂੰ ਚਰਾਂਦਾਂ 'ਚ ਚਰਾ ਕੇ ਲਿਆਉਣ ਨਾਲ ਮਾਲ ਡੰਗਰ ਵਾਲੀਆਂ ਹਵੇਲੀਆਂ ਚਿੱਕੜ ਗਾਰੇ ਤੋਂ ਬਚੀਆਂ ਰਹਿੰਦੀਆਂ, ਪਸ਼ੂਆਂ ਨੂੰ ਵਰ੍ਹਦੇ ਮੀਂਹ ਤੇ ਚਿੱਕੜ ਗਾਰੇ 'ਚ ਹਰਾ ਚਾਰਾ ਵੱਢ ਕੇ ਪਾਉਣ ਦਾ ਕੰਮ ਘੱਟ ਜਾਂਦਾ, ਮਾਲ ਡੰਗਰ ਚੋਆਂ ਦੇ ਡੰੁਮ੍ਹਾਂ ਤੇ ਟੋਭਿਆਂ ਤੋਂ ਨਿੱਤਰਿਆ ਪਾਣੀ ਹੁੰਮ ਤੇ ਗਰਮੀ ਤੋਂ ਬਚਣ ਲਈ ਆਪਣੀ ਮਰਜ਼ੀ ਨਾਲ ਤਾਰੀਆਂ ਲਾ ਲਾ ਕੇ ਮਸਤਿਆ ਰਹਿੰਦਾ | ਚਰਾਂਦਾ ਵਿਚ ਆਪਣੀ ਮਰਜ਼ੀ ਦਾ ਹਰਾ ਘਾਹ ਚੁਗ-ਚੁਗ ਤੇ ਘੁੰਮ ਫਿਰ ਕੇ ਪਸ਼ੂ ਪਾਲਕਾਂ ਦਾ ਵੱਗ ਰਾਤ ਨੂੰ ਆਰਾਮ ਨਾਲ ਆਪੋ ਆਪਣੇ ਵਾੜਿਆਂ 'ਚ ਟਿਕ ਕੇ ਬੈਠਾ ਹੁੰਦਾ | ਬਰਸਾਤ ਦੀਆਂ ਨਿੱਖਰੀਆਂ ਹੋਈਆਂ ਚਾਨਣੀਆਂ ਰਾਤਾਂ 'ਚ ਤਕੜੇ ਤੇ ਲਿਸ਼ਕਵੇਂ ਜੁੱਸਿਆਂ ਵਾਲਾ ਮਾਲ ਡੰਗਰ ਆਰਾਮ ਕਰਨ ਵੇਲੇ ਹੌਲੀ-ਹੌਲੀ ਊਾਘਦਾ ਤੇ ਜੁਗਾਲੀ ਕਰਦਾ ਉਸ ਪਾਲਣਹਾਰ ਦੀ ਇਬਾਦਤ ਕਰ ਰਿਹਾ ਪ੍ਰਤੀਤ ਹੁੰਦਾ | ਚੋਅ ਵਗਣ ਵਾਲੀ ਰੁੱਤੇ ਤੇ ਛਮ ਛਮ ਪੈਂਦੇ ਮੀਂਹਾਂ 'ਚ ਪੇਂਡੂ ਇਲਾਕਿਆਂ ਦੇ ਕਿਸਾਨੀ ਪਿਛੋਕੜ ਵਾਲੇ ਪਰਿਵਾਰਾਂ ਲਈ ਦੁੱਧ, ਦਹੀਂ ਤੇ ਲੱਸੀ ਵਰਗੀਆਂ ਦੇਸੀ ਨਿਆਮਤਾਂ ਲਈ ਇਸ ਤਰ੍ਹਾਂ ਚੋਆਂ ਦੇ ਕੰਢੇ, ਸ਼ਾਮਲਾਟੀ ਚਰਾਂਦਾਂ, ਟੋਭਿਆਂ ਤੇ ਛੱਪੜਾਂ ਦੁਆਲੇ ਵੱਗ ਚਾਰਨਾ ਵੱਡੇ ਰੁਝੇਂਵੇਂ ਦੇ ਨਾਲ-ਨਾਲ ਬੇਹੱਦ ਚੁਣੌਤੀ ਭਰਿਆ ਕਾਰਜ ਵੀ ਹੁੰਦਾ ਸੀ | ਪਾਲੀਆਂ ਨੂੰ ਬਰਸਾਤੀ ਮੌਸਮ ਦੀ ਹੁੰਮਸ ਤੇ ਪਸੀਨੇ ਕੱਢਣ ਵਾਲੀ ਗਰਮੀ ਦੇ ਨਾਲ-ਨਾਲ ਸੱਪਾਂ ਵਰਗੇ ਜ਼ਹਿਰੀਲੇ ਜੀਵ ਜੰਤੂਆਂ ਨਾਲ ਵੀ ਦੋ ਹੱਥ ਹੋਣਾ ਪੈਂਦਾ ਸੀ | ਫਿਰ ਵੀ ਆਪੋ ਆਪਣੇ ਵੱਗ ਨੂੰ ਚਰਾਂਦਾਂ 'ਚ ਲੈ ਕੇ ਪਹੁੰਚੇ ਵੱਖ-ਵੱਖ ਪਿੰਡਾਂ ਦੇ ਪਾਲੀ ਆਪਣੇ ਮਾਲ ਡੰਗਰ ਦੀ ਨਿਗਰਾਨੀ ਕਰਦੇ ਕਰਦੇ ਕਈ ਤਰ੍ਹਾਂ ਦੇ ਕਿੱਸੇ ਕਹਾਣੀਆਂ ਅਤੇ ਹਾਸੇ ਠੱਠੇ ਇਕ-ਦੂਜੇ ਨਾਲ ਸਾਂਝੇ ਕਰਦੇ ਰਹਿੰਦੇ | ਹਲ ਵਾਹੁਣ ਤੇ ਗੱਡੇ ਖਿੱਚਣ ਵਾਲੇ ਬਲਦਾਂ, ਵੱਧ ਤੋਂ ਵੱਧ ਦੁੱਧ ਦੇਣ ਵਾਲੀਆਂ ਲਵੇਰੀਆਂ ਦੇ ਦੁੱਧ ਘਿਓ ਦੀਆਂ ਬਰਕਤਾਂ ਬਾਰੇ ਵਿਚਾਰ-ਚਰਚਾ ਚਲਦੀ ਰਹਿੰਦੀ | ਸ਼ੌਕੀਨ ਪਾਲੀਆਂ ਦੇ ਰੇਡੀਓ ਤੋਂ ਚਲਦੇ ਪ੍ਰੋਗਰਾਮ ਅਤੇ ਪਸ਼ੁੂ ਪਾਲਕਾਂ ਵਲੋਂ ਖੁੱਲ੍ਹੀਆਂ ਥਾਵਾਂ 'ਤੇ ਖੁੱਲ੍ਹੇ ਤੇ ਸਾਫ਼ ਦਿਲਾਂ ਨਾਲ ਸੁਣਾਈਆਂ ਵਾਰਤਾਵਾਂ ਲੋਕਾਂ ਦੇ ਇਸ ਸਖ਼ਤ ਕੰਮ ਨੂੰ ਦਿਲਚਸਪ ਬਣਾ ਛੱਡਦੀਆਂ | ਪਸ਼ੂਆਂ ਦੇ ਪਾਲੀਆਂ ਵਲੋਂ ਕਿਸੇ ਨਾਲ ਗੱਲਾਂ 'ਚ ਰੁੱਝਣ ਦੀ ਸੂਰਤ 'ਚ ਕਿਸੇ ਝੰੁਡ ਦਾ ਮੋਹਰੀ ਪਸ਼ੂ ਆਪਣੇ ਮਾਲਕ ਦੀ ਬੇਧਿਆਨੀ ਦਾ ਲਾਹਾ ਲੈ ਕੇ ਆਪਣੇ ਝੁੰਡ ਨੂੰ ਸਰਕੰਡੇ ਦੇ ਓਹਲੇ-ਓਹਲੇ ਦੂਰ ਦੁਰਾਡੇ ਲੈ ਜਾਂਦਾ ਤਾਂ ਉਸ ਵੇਲੇ ਮਾਲਕ ਦੀ ਆਪਣੇ ਮਾਲ ਡੰਗਰ ਨੂੰ ਕਾਬੂ ਕਰਨ ਲਈ ਬੜੀ ਦੌੜ ਲਗਦੀ | ਪਾਣੀ ਦੇ ਡੁੰਮ੍ਹ ਤੇ ਵੱਡੇ ਟੋਭਿਆਂ ਛੱਪੜਾਂ 'ਚ ਪਿਆਸ ਬੁਝਾਉਣ ਤੇ ਗਰਮੀ ਲਾਹੁਣ ਲਈ ਉਤਰਿਆ ਵੱਗ ਕਈ ਵਾਰੀ ਆਪਣੇ ਮਾਲਕ ਦੀ ਬਾਹਰ ਨਿਕਲਣ ਦੀ ਹਰ ਸੈਨਤ ਨੂੰ ਨਜ਼ਰ ਅੰਦਾਜ਼ ਕਰ ਦਿੰਦਾ, ਜਿਹੜੀ ਪਾਲੀਆਂ ਲਈ ਵੱਡੀ ਪ੍ਰੇਸ਼ਾਨੀ ਹੁੰਦੀ | ਮੀਂਹ ਵਾਲੇ ਦਿਨ ਚੋਅ 'ਚ ਅਚਾਨਕ ਪਾਣੀ ਚੜ੍ਹ ਜਾਣ ਕਰ ਕੇ ਚੋਅ ਤੋਂ ਪਾਰ ਗਏ ਪਾਲੀਆਂ ਦਾ ਆਪਣੇ ਸਾਥੀਆਂ ਨਾਲੋਂ ਸੰਪਰਕ ਵੀ ਟੁੱਟ ਜਾਂਦਾ, ਉਨ੍ਹਾਂ ਨੂੰ ਪਿੰਡ ਪਰਤਣ ਲਈ ਕਈ ਘੰਟੇ ਪਾਣੀ ਦੇ ਉਤਰਨ ਦਾ ਇੰਤਜ਼ਾਰ ਕਰਨਾ ਪੈਂਦਾ ਸੀ | ਚੋਅ ਤੋਂ ਪਾਰ ਗਏ ਪਸ਼ੂ ਪਾਲਕਾਂ ਦੀ ਪਿੰਡ ਦੇਰ ਨਾਲ ਵਾਪਸ ਆਉਣ ਦੀ ਖ਼ਬਰ ਤੇ ਕਾਰਨ ਨਾਲ ਪਸ਼ੂ ਚਾਰਨ ਗਏ ਬੰਦਿਆਂ ਵਲੋਂ ਪਹੁੰਚਦੀ ਸੀ | ਚੋਆਂ ਦੁਆਲੇ ਮਾਲ ਡੰਗਰ ਚਾਰਨ ਵਾਲਿਆਂ ਦਾ ਹੜ੍ਹ ਦੇ ਪਾਣੀ ਨਾਲ ਨਿੱਤ ਦਾ ਵਾਹ ਹੋਣ ਕਰਕੇ ਇਨ੍ਹਾਂ ਨੂੰ ਵਗਦੇ ਪਾਣੀ ਦੀ ਤਬੀਅਤ ਤੇ ਡੂੁੰਘਾਈ ਬਾਰੇ ਖਾਸੀ ਜਾਣਕਾਰੀ ਹੁੰਦੀ ਸੀ, ਜਿਹੜੀ ਉਨ੍ਹਾਂ ਲਈ ਸੰਕਟ ਵੇਲੇ ਮਦਦਗਾਰ ਸਾਬਤ ਹੁੰਦੀ ਸੀ | ਮੀਂਹ ਪੈਣ ਵਾਲੀ ਰੁੱਤੇ ਪਿੰਡਾਂ ਦੇ ਸਕੂਲਾਂ 'ਚ ਚੋਆਂ ਚੋਈਆਂ 'ਚ ਪਾਣੀ ਜ਼ਿਆਦਾ ਆਉਣ ਕਰ ਕੇ ਮਾਸਟਰ-ਭੈਣਜੀਆਂ ਜੁਆਕਾਂ ਨੂੰ ਛੇਤੀ ਛੁੱਟੀ ਕਰ ਦਿੰਦੇ ਤੇ ਜੁਆਕ ਛੁੱਟੀ ਦੇ ਚਾਅ 'ਚ ਬਿਨਾਂ ਦੇਰ ਕੀਤਿਆਂ ਆਪਣੇ ਘਰਾਂ ਵੱਲ ਸ਼ੂਟ ਵੱਟੀ ਤੁਰੇ ਹੁੰਦੇ | ਰੋਜ਼ਮਰ੍ਹਾ ਆਪਣੀਆਂ ਡਿਊਟੀਆਂ 'ਤੇ ਜਾਣ ਵਾਲੇ ਲੋਕ ਅਕਸਰ ਸੜਕਾਂ ਅਤੇ ਪੁਲੀਆਂ ਟੁੱਟ ਜਾਣ ਕਰਕੇ ਖੱਜਲ-ਖੁਆਰ ਹੁੰਦੇ ਦਿਸਿਆ ਕਰਦੇ | ਕਈਆਂ ਨੂੰ ਆਪਣੇ ਘਰੀਂ ਪਹੁੰਚਣ ਲਈ ਪਾਣੀ ਨਾਲ ਟੁੱਟੇ ਭੱਜੇ ਰਾਹਾਂ 'ਤੇ ਕਈ-ਕਈ ਮੀਲ ਪੈਦਲ ਤੁਰ ਕੇ ਆਪਣੀ ਮੰਜ਼ਿਲ ਨਸੀਬ ਹੁੰਦੀ | ਕਈ ਵਾਰੀ ਪਾਣੀਆਂ ਦੇ ਤੇਜ਼ ਵਹਾਅ 'ਚ ਕਿਸੇ ਰਾਹਗੀਰ ਦੇ ਰੁੜ੍ਹ ਜਾਣ ਦੀ ਖ਼ਬਰ ਵੀ ਇਲਾਕੇ 'ਚ ਸੋਗ ਫੈਲਾ ਦਿਆ ਕਰਦੀ | ਘਰਦਿਆਂ ਦੇ ਰੋਕਣ ਜਾਂ ਵਰਜਣ ਦੇ ਬਾਵਜੂਦ ਪਿੰਡਾਂ ਦੀ ਆਪਮੁਹਾਰੀ ਮੁੰਡ੍ਹੀਰ ਚੋਆਂ ਦੇ ਤੇਜ਼ ਪਾਣੀਆਂ 'ਚ ਨਹਾਉਣ ਜਾਂ ਤੈਰਨ ਦੀ ਜ਼ਿਦ ਪੂਰੀ ਕਰਦੀ-ਕਰਦੀ ਜਾਨ ਤੋਂ ਹੱਥ ਵੀ ਧੋ ਬਹਿੰਦੀ | ਇਸ ਸਾਰੇ ਦੇ ਬਾਵਜੂਦ ਚੋਆਂ ਦੇ ਕੰਢੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਖੁਸ਼ੀ ਤੇ ਗ਼ਮੀਆਂ ਨਾਲ ਦੋ ਹੱਥ ਹੁੰਦੀ ਆਪਣੇ ਅਗਲੇ ਸਫ਼ਰ ਵੱਲ ਤੁਰਦੀ ਰਹਿੰਦੀ ਸੀ | ਮੀਂਹਾਂ ਦੀ ਰੁੱਤ ਵਿਚ ਹੀ ਪਾਣੀਆਂ ਦੇ ਅੰਗ ਸੰਗ ਰੁਮਕਦੀ ਤੇ ਸਮੇਂ ਨਾਲ ਝੇਡਾਂ ਕਰਦੀ ਜ਼ਿੰਦਗੀ ਲਈ ਬਾਗ਼ਾਂ 'ਚ ਟਪਕਦੇ ਵੰਨ-ਸੁਵੰਨੇ ਅੰਬਾਂ ਦੀਆਂ ਖੁਸ਼ਬੋਆਂ ਨੂੰ ਮਾਨਣ ਦਾ ਸਬੱਬ ਵੀ ਬਣਦਾ ਰਹਿੰਦਾ | ਹਾੜ੍ਹ ਸਾਉਣ ਦੇ ਦਿਨਾਂ 'ਚ ਲੋਕ ਆਪਣੇ ਖੇਤ, ਬੰਨਿ੍ਹਆਂ ਤੇ ਬਾਗ਼ਾਂ 'ਚ ਟਪਕਦੇ ਅੰਬਾਂ ਦਾ ਸੁਆਦ ਮਾਨਣ ਲਈ ਸਵੇਰੇ ਸਵੇਰੇ ਬਾਲਟੀਆਂ ਛਿੱਕੂ ਫੜ ਕੇ ਆਪਣੇ ਬੂਟਿਆਂ ਦਾ ਗੇੜਾ ਲਾਉਂਦੇ ਤੇ ਡੇਢ ਦੋ ਮਹੀਨੇ ਇਸ ਮੌਸਮੀ ਨਿਆਮਤ ਦਾ ਆਨੰਦ ਮਾਣਦੇ ਹੋਏ ਨਾੌ ਬਰ ਨਾੌ ਹੋ ਜਾਂਦੇ | ਅੰਬ ਪੱਕਣ ਦੇ ਨਾਲ ਹੀ ਪਿੰਡਾਂ 'ਚ ਵਿਸ਼ਾਲ ਕਾਇਆ ਵਾਲੀਆਂ ਜਾਮਣਾਂ ਮੀਂਹਾਂ ਨਾਲ ਰਸ-ਰਸ ਕੇ ਖਾਣ ਦੇ ਸ਼ੌਕੀਨਾਂ ਨੂੰ ਸੈਨਤਾਂ ਮਾਰਦੀਆਂ ਰਹਿੰਦੀਆਂ | ਕੋਈ ਲੰਮੀ ਢਾਂਗੀ ਨਾਲ ਜਾਮਣਾ ਲਾਹੁੰਦਾ ਤੇ ਕੋਈ ਹਲੂਣਾ ਮਾਰਨ ਲਈ ਦਰੱਖਤ 'ਤੇ ਚੜਿ੍ਹਆ ਹੁੰਦਾ | ਇਸ ਰੁੱਤੇ ਜੁਆਕਾਂ ਦੀਆਂ ਜੀਭਾਂ ਜਾਮਣਾਂ ਖਾ-ਖਾ ਕੇ ਜਾਮਣੀ ਹੋ ਜਾਂਦੀਆਂ ਤੇ ਸਾਫ਼ ਕੱਪੜਿਆਂ 'ਤੇ ਜਾਮਣੀ ਧੱਬੇ ਪਵਾਉਣ ਵਾਲਿਆਂ ਦੀ ਘਰੋਂ ਡੰਡਾ ਪਰੇਡ ਵੀ ਹੋ ਜਾਂਦੀ | ਇਸ ਰੁੱਤ 'ਚ ਹੀ ਪਿੰਡਾਂ ਦੇ ਟੋਭਿਆਂ ਜਾਂ ਪੀਰਾਂ-ਫ਼ਕੀਰਾਂ ਦੀਆਂ ਦੇਹਰੀਆਂ 'ਤੇ ਅੱਧ ਅਸਮਾਨ ਨੂੰ ਪਹੁੰਚੀਆਂ ਖਜ਼ੂਰਾਂ ਦੇ ਫਲ ਦਾ ਸੁਆਦ ਚੱਖਣਾ ਵੀ ਕਿਸੇ ਉੱਚੀ ਤੇ ਤਿਖੇਰੀ ਚੋਟੀ ਨੂੰ ਸਰ ਕਰਨ ਦੇ ਬਰਾਬਰ ਹੁੰਦਾ ਸੀ | ਫਿਰ ਵੀ ਲਾਲ, ਪੀਲੀਆਂ ਤੇ ਕਾਲੀਆਂ ਖਜ਼ੂਰਾਂ ਖਾਣ ਦੇ ਸ਼ੌਕੀਨ ਗੱਭਰੂ ਜ਼ਹਿਰੀਲੇ ਸੱਪਾਂ ਤੇ ਕੀੜੇ-ਮਕੌੜਿਆਂ ਦੀ ਮੌਜੂਦਗੀ ਵਾਲੇ ਥਾਵਾਂ ਤੋਂ ਖਜੂਰਾਂ ਦੇ ਗੁੱਛੇ ਵੱਢ-ਵੱਢ ਕੇ ਆਪਣੀ ਜਿੱਤ ਦਾ ਡੰਕਾ ਵਜਾ ਦਿਆ ਕਰਦੇ | (ਚਲਦਾ)

-ਪਿੰਡ ਤੇ ਡਾਕ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ |
ਈਮੇਲ : deshpunjab777@gmail.com

ਯਾਦਗਾਰੀ ਸੁੰਦਰਤਾ ਵਾਲਾ ਜੁਰਾਸਿਕ ਸਮੁੰਦਰੀ ਕਿਨਾਰਾ

ਪਸੀਨੇ ਨਾਲ ਤਰ-ਬ-ਤਰ, ਉਤਸੁਕਤਾ ਨਾਲ ਸਾਨੂੰ ਕੱਚੇ ਢਲਾਣ ਮਾਰਗ ਰਾਹੀਂ ਚੱਲਦਿਆਂ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਅਸੀਂ ਇੰਗਲੈਂਡ ਵਿਚ ਨਹੀਂ ਸਗੋਂ ਭਾਰਤ ਦੀ ਗਰਮ ਰੁੱਤ ਵਿਚ ਯਾਤਰਾ ਨੂੰ ਨਿਕਲੇ ਹੋਈਏ | ਜਦੋਂ ਕਿ ਅਸੀਂ ਇੰਗਲੈਂਡ ਡੋਰਸੈੱਟ ਖੇਤਰ ਦੇ ਵਿਸ਼ਾਲ ਖੁੱਲ੍ਹੇ ਸ਼ਾਨਦਾਰ ਜੁਰਾਸਿਕ ਕੰਢੇ 'ਤੇ ਸੀ ਜੋ ਵਿਸ਼ਾਲ ਲਲਵਰਥ ਅਸਟੇਟ ਅਤੇ ਕਿਲੇ੍ਹ ਦਾ ਹਿੱਸਾ ਹੈ | ਅਸੀਂ ਇਤਿਹਾਸਕ ਸੈਰ-ਸਪਾਟੇ ਦੀ ਥਾਂ ਦਰਦਲ ਡੋਰ ਅਤੇ ਲਲਵਰਥ ਕੋਵ ਦੀ ਯਾਤਰਾ 'ਤੇ ਆਏ ਸੀ, ਜੋ 12 ਹਜ਼ਾਰ ਏਕੜ ਵਿਚ ਫੈਲਿਆ ਲਲਵਰਥ ਅਸਟੇਟ ਦਾ ਹਿੱਸਾ ਹੈ ਜੋ ਮੱਧਕਾਲੀ ਯੁੱਗ ਵਿਚ ਸਥਾਨਕ ਵੈਲਡ ਪਰਿਵਾਰ ਦੀ ਜਾਇਦਾਦ ਹੈ | ਇਸ ਰੋਮਾਂਚਕਾਰੀ ਵਿਚਾਰ ਦੇ ਨਾਲ ਅਸੀਂ ਅੱਗੇ ਵਧਦੇ ਰਹੇ ਕਿ ਸਾਨੂੰ ਧਰਤੀ ਦੇ ਭੂਗੋਲ-ਇਤਿਹਾਸ ਦੇ ਉਸ ਹਿੱਸੇ 'ਤੇ ਚੱਲ ਕੇ ਜਾ ਰਹੇ ਹਾਂ ਜੋ 185 ਮਿਲੀਅਨ ਸਾਲ ਪੁਰਾਣਾ ਹੈ ਅਤੇ ਡਾਇਨਾਸੋਰਜ਼ ਦੇ ਜੁਰਾਸਿਕ ਯੁੱਗ ਦਾ ਅੰਸ਼ ਹੈ |
ਦੇਖਣਯੋਗ ਦਰਦਲ ਡੋਰ
ਸਾਡੇ ਖੱਬੇ ਪਾਸੇ ਜਿਥੋਂ ਤੱਕ ਨਜ਼ਰ ਪੈਂਦੀ ਸੀ, ਗੂੜ੍ਹਾ ਨੀਲਾ ਆਕਾਸ਼, ਸਪੱਸ਼ਟ ਚਮਕੀਲੇ ਪੰਨੇ ਸਮਾਨ, ਇੰਗਲਿਸ਼ ਚੈਨਲ ਦੇ ਜਲ ਨੂੰ ਦੂਰ ਦਿਸਹੱਦੇ 'ਤੇ ਗਲੇ ਲਗਾਉਂਦਾ ਲਗ ਰਿਹਾ ਸੀ | ਇਸ ਦੇ ਨਾਲ ਹੀ ਸਾਨੂੰ ਲਾਈਮ ਸਟੋਨ ਪੱਥਰ ਦੀ ਵਿਸ਼ਾਲ ਆਰਚ ਦੇ ਰੂਪ ਵਿਚ ਸਮੁੰਦਰ ਵਿਚ ਕੁਦਰਤ ਵਲੋਂ ਬਣਾਇਆ ਦਰਦਲ ਡੋਰ ਨਜ਼ਰ ਆਇਆ ਜੋ ਚੱਟਾਨ ਦੇ ਦਰਵਾਜ਼ੇ ਵਾਂਗ ਸੀ | ਸਦੀਆਂ ਤੋਂ, ਸਮੁੰਦਰ ਕਿਨਾਰੇ ਦੇ ਸਮਾਨਾਂਤਰ ਪਥਰੀਲੀਆਂ ਪਹਾੜੀਆਂ ਦੀ ਲੜੀ ਹੌਲੀ-ਹੌਲੀ ਇਰੋਡ ਹੁੰਦੀ ਹੋਈ (ਜਲ ਨਾਲ ਕਟਾਅ) ਇਸ ਥਾਂ 'ਤੇ ਆਰਚ ਦਰਵਾਜ਼ੇ ਵਰਗਾ ਦਰਦਲ ਡੋਰ ਬਚਿਆ | ਇਸ ਖੇਤਰ ਵਿਚ ਅਨੇਕਾਂ ਲਾਈਮ (ਚੂਨੇ) ਦੀਆਂ ਪਹਾੜੀਆਂ ਹਨ ਜਿਨ੍ਹਾਂ 'ਤੇ ਸਦੀਆਂ ਤੋਂ ਇਰੋਸ਼ਨ ਹੋ ਰਹੀ ਹੈ | ਇਸ ਥਾਂ ਨੂੰ ਕੌਮਾਂਤਰੀ ਸੰਗਠਨ ਯੂਨੈਸਕੋ ਵਲੋਂ ਵਰਲਡ ਹੈਰੀਟੇਜ ਸਾਈਟ ਐਲਾਨਿਆ ਗਿਆ ਹੈ |
ਦਰਦਲ ਡੋਰ ਡਾਇਨਾਸੋਰ
ਢਲਾਣ ਵਾਲਾ ਪਥਰੀਲਾ ਰਸਤਾ ਇਕ ਉੱਚੀ ਪਹਾੜੀ ਦੇ ਕਿਨਾਰੇ 'ਤੇ ਖ਼ਤਮ ਹੋ ਗਿਆ ਅਤੇ ਧਿਆਨ ਨਾਲ ਹੇਠਾਂ ਦੇਖਣ 'ਤੇ ਸੈਲਾਨੀਆਂ ਨਾਲ ਭਰੇ ਬੀਚ 'ਤੇ ਦਰਦਲ ਡੋਰ ਦਾ ਆਕਰਸ਼ਕ ਨਜ਼ਾਰਾ ਦਿਸਿਆ | ਵਿਸ਼ਵ ਪ੍ਰਸਿੱਧ ਫ਼ਿਲਮ ਜੁਰਾਸਿਕ ਪਾਰਕ ਦੇ ਡਾਇਨਾਸੋਰਜ਼ ਵੱਲ ਵੀ ਧਿਆਨ ਗਿਆ ਕਿਉਂਕਿ ਪੱਥਰ ਦਾ ਆਰਚ ਦਰਵਾਜ਼ੇ ਅਤੇ ਪਿੱਛੇ ਜੁੜੀ ਇਕ ਵਿਸ਼ਾਲ ਡਾਇਨਾਸੋਰ ਵਾਂਗ ਦਿਸਦੇ ਹਨ | ਯਾਦਾਂ ਵੀ ਪਿਛਾਂਹ ਵੱਲ ਜਾਂਦੀਆਂ ਹੋਈਆਂ ਬਚਪਨ ਵਿਚ ਪੜ੍ਹੀ ਬਾਲ ਕਥਾ ਤੱਕ ਪਹੁੰਚ ਗਈਆਂ—'ਸਕੇਰੀ ਬੋਨਸ ਮੀਟਸ ਦ ਡਾਇਨਾਸੋਰਜ਼ ਆਫ਼ ਜੁਰਾਸਿਕ ਕੋਸਟ' ਜਿਸ ਨੂੰ ਰੋਨ ਡੋਸਨ ਨੇ ਲਿਖਿਆ ਸੀ (ਜਦੋਂ ਸਕੇਰੀ ਬੋਨਸ ਪਾਤਰ ਡਰਨ ਵਾਲਾ ਪਾਤਰ ਜੁਰਾਸਿਕ ਸਮੁੰਦਰ ਕਿਨਾਰੇ ਦੇ ਡਾਇਨਾਸੋਰ ਨੂੰ ਮਿਲਦਾ ਹੈ) ਕਥਾ ਇਕ ਡਾਇਨਾਸੋਰ ਦਰਦਲ ਟੂਰਸ ਦੇ ਵਿਸ਼ੇ ਵਿਚ ਹੈ ਜਿਸ ਨੂੰ ਜਾਦੂ ਨਾਲ ਇਕ ਵਿਸ਼ਾਲ ਚੱਟਾਨ ਵਿਚ ਬਦਲ ਦਿੱਤਾ ਜਾਂਦਾ ਹੈ ਜੋ ਦਰਦਲ ਡੋਰ ਕਹਾਉਂਦਾ ਹੈ | ਕੁਝ ਪਲ ਉਸ ਨੂੰ ਦੇਖਣ 'ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਦੂਰ ਹੇਠਾਂ, ਅੱਧਾ ਸਮੁੰਦਰ ਕਿਨਾਰੇ 'ਤੇ ਅਤੇ ਅੱਧਾ ਸਮੁੰਦਰ ਦੇ ਪਾਣੀ ਵਿਚ ਆਪਣਾ ਮੂੰਹ ਪਾਈ, ਵਿਸ਼ਾਲ ਡਾਇਨਾਸੋਰ ਹੀ ਤਾਂ ਹੈ | ਲੱਗਦਾ ਹੈ ਚੱਟਾਨ ਸ਼ਿਲਾ ਦਾ ਡਾਇਨਾਸੋਰ ਇੰਗਲਿਸ਼ ਚੈਨਲ ਦਾ ਬਰਫ਼ੀਲਾ ਪਾਣੀ ਪੀ ਰਿਹਾ ਹੋਵੇ | ਸੂਰਜ ਦੀ ਗਰਮੀ ਨੇ ਇਨ੍ਹਾਂ ਮਿਥ ਪੂਰਨ ਵਿਚਾਰਾਂ ਨੂੰ ਜਨਮ ਦਿੱਤਾ, ਇਹ ਸੋਚ ਕੇ ਅਸੀਂ ਪੌੜੀਆਂ ਦੇ ਨੇੜੇ ਪਹੁੰਚੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-seemaanandchopra@gmail.com

ਪੰਜਾਬ ਦਾ ਲੱਜਪਾਲ ਪੁੱਤਰ ਵੀਰੂ ਰਸਲ

ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਤੋਂ ਹੀ ਪੰਜਾਬ ਆਪਣੀ ਗ਼ੈਰਤ, ਇੱਜ਼ਤ ਅਤੇ ਅਣਖ਼ ਨਾਲ ਜ਼ੁਲਮ ਦਾ ਮੁਕਾਬਲਾ ਕਰ ਰਿਹਾ ਹੈ ਤੇ ਰਹਿੰਦੀ ਦੁਨੀਆ ਤੱਕ ਇਹ ਧਰਤੀ ਇਸੇ ਤਰ੍ਹਾਂ ਜ਼ੁਲਮ ਿਖ਼ਲਾਫ਼ ਡਟੀ ਰਹੇਗੀ | ਅੱਜ ਭਾਵੇਂ ਜ਼ੁਲਮ ਤੇ ਜ਼ਾਲਮ ਦੀ ਤਸਵੀਰ ਬਦਲ ਗਈ ਹੈ ਪਰ ਪੰਜਾਬ ਵਲੋਂ ਜ਼ੁਲਮ ਦਾ ਟਾਕਰਾ ਜਾਰੀ ਹੈ |
ਮੈਂ ਆਜ਼ਾਦ ਆਇਆ ਸਾਂ ਦੁਨੀਆ 'ਤੇ,
ਮੇਰੀ ਧਰਤੀ ਦਾ ਨਾਂਅ ਪੰਜਾਬ ਯਾਰੋ |
ਕਈ ਬਾਰਾਂ ਦਾ ਮਜ਼ਮੂਆਂ ਏ,
ਇਥੇ ਵਗਦੇ ਨੇ ਪੰਜ ਦਰਿਆ ਯਾਰੋ |
ਇਸ ਮਿੱਟੀ ਦੀ ਕੀ ਮੈਂ ਸ਼ਾਨ ਆਖਾਂ,
ਜਾਵੇ ਜੰਨਤ ਵੀ ਸ਼ਰਮਾ ਯਾਰੋ |
ਇਥੇ ਸ਼ਾਮ ਸਵੇਰੇ ਮਸਤੀਆਂ ਨੇ,
ਹਰ ਪਾਸੇ ਹੀ ਪਿਆਰ ਪਿਆਰ ਯਾਰੋ |
ਗੁਰੂਆਂ, ਸੂਫ਼ੀਆਂ, ਫਕੀਰਾਂ, ਭਗਤਾਂ ਤੇ ਅਣਖ਼ੀ ਯੋਧਿਆਂ ਦੀ ਇਸ ਧਰਤੀ ਪੰਜਾਬ ਨੇ ਆਪਣੀ ਬੁੱਕਲ ਅੰਦਰ ਬੜੇ ਦੁੱਖਾਂ ਨੂੰ ਲੁਕਾਇਆ ਪਰ ਆਪਣੀ ਗ਼ੈਰਤ ਨਾਲ ਕਦੀ ਸਮਝੌਤਾ ਨਹੀਂ ਕੀਤਾ | ਇਸ ਧਰਤੀ ਦੇ ਵਸਨੀਕ ਬਾਂਕੇ ਗੱਭਰੂ ਤੇ ਮੁਟਿਆਰਾਂ ਗ਼ੈਰਤ ਨਾਲ ਭਰੀਆਂ ਪਈਆਂ ਹਨ | ਜਦ ਤੱਕ ਇਹ ਦੁਨੀਆ ਆਬਾਦ ਰਹੇਗੀ, ਉਦੋਂ ਤੱਕ ਪੰਜਾਬ ਦੇ ਗੱਭਰੂ-ਮੁਟਿਆਰਾਂ ਦਾ ਜ਼ਿਕਰ ਹਮੇਸ਼ਾਂ ਹੁੰਦਾ ਰਹੇਗਾ | ਪੰਜਾਬ ਦੇ ਰਾਜਪੂਤ ਆਪਣੀਆਂ ਗ਼ੈਰਤਾਂ ਦੇ ਅਜਿਹੇ ਨਿਸ਼ਾਨ ਛੱਡ ਗਏ ਹਨ, ਜਿਹੜੇ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ | ਪੰਜਾਬ ਦੇ ਰਾਜਪੂਤ ਸਦਾ ਮਰਨ ਤੇ ਮਾਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ, ਜਿਸ ਦੀ ਵੱਡੀ ਵਜ੍ਹਾ ਇਹ ਹੈ ਕਿ ਪੰਜਾਬੀ ਆਪਣੀ ਗ਼ੈਰਤ ਦਾ ਸੌਦਾ ਨਹੀਂ ਕਰਦੇ | ਜਿਥੇ ਮਰਦ ਗ਼ੈਰਤ ਪਿੱਛੇ ਲੜ ਕੇ ਮਰ ਜਾਂਦੇ ਹਨ, ਉਥੇ ਬੱਚੇ ਤੇ ਜ਼ਨਾਨੀਆਂ ਵੀ ਆਪਣੇ ਮਰਦਾਂ ਦਾ ਪੂਰਾ-ਪੂਰਾ ਸਾਥ ਦਿੰਦੀਆਂ ਹਨ | ਇਹ ਰੀਤਾਂ ਉਸੇ ਠਾਠ-ਬਾਠ ਨਾਲ ਅੱਜ ਵੀ ਮੌਜੂਦ ਹਨ | ਇਨ੍ਹਾਂ ਅਣਖ਼ੀਆਂ 'ਚੋਂ ਇਕ ਨਾਂਅ ਹੈ, ਵੀਰੂ ਰਸਲ ਜੋ ਇੱਜ਼ਤ ਤੇ ਗ਼ੈਰਤ ਦਾ ਪ੍ਰਤੀਕ ਬਣ ਕੇ ਉਭਰਦਾ ਹੈ |
ਵੀਰੂ ਰਸਲ ਕੌਣ ਸੀ ?
ਪੰਜਾਬ ਦੀ ਧਰਤੀ ਦੇ ਅਣਖ਼ੀ ਤੇ ਗ਼ੈਰਤਮੰਦ ਹਿੰਦੂ ਰਾਜਪੂਤ ਘਰਾਣੇ ਨਾਲ ਸੰਬੰਧਿਤ ਇਸ ਕਿਰਦਾਰ ਦਾ ਜੰਮਪਲ ਸ਼ਾਹਕੋਟ, ਜ਼ਿਲ੍ਹਾ ਨਨਕਾਣਾ ਸਾਹਿਬ ਹੈ | ਕੱਦ ਛੇ ਫੁੱਟ ਤਿੰਨ ਇੰਚ, ਚੌੜੀ ਛਾਤੀ ਤੇ ਮਜ਼ਬੂਤ ਜਿਸਮ ਦਾ ਮਾਲਕ ਇਹ ਯੋਧਾ ਆਪਣੀ ਮਿਸਾਲ ਆਪ ਸੀ | ਵੀਰੂ ਰਸਲ ਦੇ ਪਿਉ ਦਾ ਨਾਂਅ ਦੀਮਾ ਸੀ | ਵੀਰੂ ਰਸਲ ਸ਼ਾਹਕੋਟ ਬਸਤੀ ਦਾ ਸਰਦਾਰ ਸੀ | ਸ਼ਾਹਕੋਟ ਦੀ ਧਰਤੀ ਦਾ ਪੁਰਾਣਾ ਨਾਂਅ ਤੀਰਥ ਗੜ੍ਹ ਸੀ | ਇਹ ਨੌਜਵਾਨ ਈ: ਪੂ: 'ਚ ਇਸ ਧਰਤੀ 'ਤੇ ਹਕੂਮਤ ਕਰਦਾ ਰਿਹਾ | ਵੀਰੂ ਰਸਲ ਮਹਾਨ ਤੀਰ ਅੰਦਾਜ਼ ਤੇ ਤਲਵਾਰ ਦਾ ਧਨੀ ਸੀ | ਸ਼ਾਹਕੋਟ ਦੇ ਆਲੇ-ਦੁਆਲੇ ਦੀਆਂ ਛੋਟੀਆਂ-ਛੋਟੀਆਂ ਬਸਤੀਆਂ ਵੀ ਇਸਦੇ ਅਧੀਨ ਸਨ ਪਰ ਇਸ ਦਾ ਸਭ ਤੋਂ ਵੱਡਾ ਕੇਂਦਰ ਤੀਰਥ ਗੜ੍ਹ (ਸ਼ਾਹਕੋਟ) ਹੀ ਸੀ |
ਸ਼ਾਹਕੋਟ, ਜ਼ਿਲ੍ਹਾ ਨਨਕਾਣਾ ਸਾਹਿਬ
ਸ਼ਾਹਕੋਟ ਇਕ ਬਹੁਤ ਹੀ ਪੁਰਾਣੀ ਬਸਤੀ ਹੈ ਜਿਹੜੀ ਕਿ ਈ: ਪੂ: ਤੋਂ ਪਹਿਲਾਂ ਦੀ ਆਬਾਦ ਹੈ | ਵੱਖ-ਵੱਖ ਵੇਲਿਆਂ 'ਚ ਇਸ ਦੇ ਕਈ ਵੱਖ-ਵੱਖ ਨਾਂਅ ਰਹੇ | ਅਜੋਕੇ ਦੌਰ 'ਚ ਇਸ ਧਰਤੀ ਦਾ ਨਾਂਅ ਸ਼ਾਹਕੋਟ ਹੈ | ਪਹਿਲਾਂ-ਪਹਿਲ ਇਸ ਦਾ ਨਾਂਅ ਰਸੂਲ ਕੋਟ, ਤੀਰਥ ਗੜ੍ਹ ਅਤੇ ਤਪੱਸਿਆ ਪੁਰ ਵੀ ਰਿਹਾ ਹੈ, ਜਿਸ ਦੀ ਵਜ੍ਹਾ ਇਹ ਸੀ ਕਿ ਵੇਲੇ ਦੇ ਨਾਲ ਇਥੇ ਵੱਖ-ਵੱਖ ਹੁਕਮਰਾਨਾਂ ਦੀਆਂ ਹਕੂਮਤਾਂ ਰਹੀਆਂ ਤੇ ਇਸ ਕਰਕੇ ਨਾਲ-ਨਾਲ ਇਸ ਦੇ ਨਾਂਅ ਵੀ ਬਦਲਦੇ ਰਹੇ |
ਸ਼ਾਹਕੋਟ ਇਸ ਵੇਲੇ ਲਾਹੌਰ-ਲਾਇਲਪੁਰ ਸੁਪਰ ਹਾਈਵੇ 'ਤੇ ਸੜਕ ਦੇ ਦੋਵੇਂ ਪਾਸੇ ਵੱਸਿਆ ਹੋਇਆ ਇਕ ਤਹਿਸੀਲ ਹੱੈਡਕੁਆਟਰ ਹੈ | ਇਹ ਸ਼ਹਿਰ ਲਾਹੌਰ ਤੋਂ 95 ਕਿ: ਮੀ:, ਲਾਇਲਪੁਰ ਤੋਂ 45 ਕਿ: ਮੀ:, ਨਨਕਾਣਾ ਸਾਹਿਬ ਤੋਂ 25 ਕਿ: ਮੀ:, ਪੰਜਾਬ ਦੀ ਸ਼ਾਨ ਤੇ ਇੱਜ਼ਤ ਦੇ ਚਿੰਨ੍ਹ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪੈਦਾਇਸ਼ੀ ਘਰ ਚੱਕ ਨੰ: 105 ਤੋਂ 35 ਕਿ: ਮੀ: ਤੇ ਗੁਰਦੁਆਰਾ ਸੱਚਾ-ਸੌਦਾ ਤੋਂ ਵੀ 35 ਕਿ: ਮੀ: ਦੂਰ ਹੈ | ਪੰਜਾਬ ਦੇ ਇਕ ਹੋਰ ਅਜ਼ੀਮ ਸੂਰਮੇ ਦੁੱਲੇ ਭੱਟੀ ਦਾ ਪਿੰਡ ਪਿੰਡੀ ਭੱਟੀਆਂ ਵੀ ਸ਼ਾਹਕੋਟ ਤੋਂ 35 ਕਿ: ਮੀ: ਦੂਰ ਹੈ | ਦੂਸਰੀ ਵੱਡੀ ਗੱਲ ਇਹ ਕਿ ਪੰਜਾਬ ਦੀ ਇਕ ਹੋਰ ਮਸ਼ਹੂਰ ਦਾਸਤਾਨ ਮਿਰਜ਼ਾ ਸਾਹਿਬਾਂ, ਜਿਸ ਦਾ ਸਬੰਧ ਪਿੰਡ ਦਾਨਾਬਾਦ, ਤਹਿਸੀਲ ਜੜ੍ਹਾਂਵਾਲਾ ਤੇ ਜ਼ਿਲ੍ਹਾ ਲਾਇਲਪੁਰ ਨਾਲ ਹੈ, ਇਹ ਪਿੰਡ ਵੀ ਸ਼ਾਹਕੋਟ ਤੋਂ 45 ਕਿ: ਮੀ: ਦੂਰ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਲਿਪੀਅੰਤਰ :
1.ਸਰਬਜੀਤ ਸਿੰਘ ਸੰਧੂ,
ਮੋ :9501011799
2. ਰਾਜਵਿੰਦਰ ਸਿੰਘ ਸਿੱਧੂ
ਮੋ :- +919855503224

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-2

ਜਦੋਂ ਪੰਜਾਬੀ ਸਿਨੇਮਾ ਵੀ ਵੰਡਿਆ ਗਿਆ

1947 ਦੀ ਦੇਸ਼ ਵੰਡ ਦਾ ਸਭ ਤੋਂ ਉਲਟ ਪ੍ਰਭਾਵ ਪੰਜਾਬੀ ਸਿਨੇਮਾ 'ਤੇ ਪਿਆ ਸੀ | ਪੰਜਾਬ ਦਾ ਇਕ ਪ੍ਰਮੁੱਖ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਸੀ | ਫਿਰ ਲਾਹੌਰ ਵਰਗਾ ਮਹੱਤਵਪੂਰਨ ਫ਼ਿਲਮ ਨਿਰਮਾਣ ਕੇਂਦਰ ਵੀ ਭਾਰਤ ਤੋਂ ਅਲੱਗ ਹੋ ਗਿਆ ਸੀ | ਵੈਸੇ ਵੀ ਪੰਜਾਬੀ ਫ਼ਿਲਮਾਂ ਦਾ ਚਰਚਿਤ ਕੇਂਦਰ ਤਾਂ ਲਾਹੌਰ ਹੀ ਸੀ | ਵੱਡੇ-ਵੱਡੇ ਕਲਾਕਾਰ, ਲੇਖਕ ਅਤੇ ਸੰਗੀਤਕਾਰ ਉਰਦੂ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ 'ਚ ਵੀ ਬਰਾਬਰ ਰੂਪ 'ਚ ਆਪਣਾ ਯੋਗਦਾਨ ਪਾ ਰਹੇ ਸਨ |
ਪ੍ਰਾਣ, ਓਮ ਪ੍ਰਕਾਸ਼ ਅਤੇ ਸ਼ਿਆਮ ਨੇ ਆਪਣਾ ਸਿਨੇਮੈਟਿਕ ਸਫ਼ਰ ਲਾਹੌਰ ਦੇ ਪੰਚੋਲੀ ਆਰਟਸ ਤੋਂ ਹੀ ਸ਼ੁਰੂ ਕੀਤਾ ਸੀ | ਮੁਹੰਮਦ ਰਫ਼ੀ ਅਤੇ ਗੁਲਾਮ ਮੁਹੰਮਦ ਵਰਗੇ ਸੰਗੀਤ ਦੇ ਮਹਾਨ ਸਤੰਭ ਵੀ ਲਾਹੌਰ ਫ਼ਿਲਮ ਇੰਡਸਟਰੀ ਦੀ ਹੀ ਪੈਦਾਇਸ਼ ਸਨ | ਅੱਜ ਵੀ ਲਾਹੌਰ ਦੇ ਅਨਾਰਕਲੀ ਬਾਜ਼ਾਰ 'ਚ ਇਕ ਪੁਰਾਣੀ ਬਿਲਡਿੰਗ ਮੌਜੂਦ ਹੈ, ਜਿਥੇ ਰਾਮਾਨੰਦ ਸਾਗਰ, ਬੀ.ਆਰ. ਚੋਪੜਾ, ਮੰਟੋ ਅਤੇ ਸਾਹਿਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਸਿਨੇਮਾ ਨੂੰ ਕਦੇ ਰੋਜ਼ਾਨਾ ਦੇ ਆਧਾਰ 'ਤੇ ਆਪਣੀਆਂ ਉਡਾਣਾਂ (ਕਲਾਤਮਿਕ) ਦਾ ਹਿੱਸਾ ਸਮਝਿਆ ਕਰਦੀਆਂ ਸਨ |
ਪਰ ਦੇਸ਼ ਵੰਡ ਨੇ ਸਭ ਕੁਝ ਨਸ਼ਟ ਕਰ ਦਿੱਤਾ | ਕਲਾਕਾਰ ਆਪਣੀ ਮਰਜ਼ੀ ਦੇ ਅਨੁਸਾਰ ਭਾਰਤ ਪਾਕਿ ਦੇ ਵੱਖ-ਵੱਖ ਪ੍ਰਾਂਤਾਂ 'ਚ ਜਾਣ ਲਈ ਮਜਬੂਰ ਹੋ ਗਏ ਸਨ | ਕੁਝ ਕਲਾਕਾਰ ਪਾਕਿਸਤਾਨ ਤੋਂ ਭਾਰਤ ਆ ਗਏ ਸਨ ਅਤੇ ਕੁਝ ਭਾਰਤ ਤੋਂ ਪਾਕਿਸਤਾਨ ਚਲੇ ਗਏ ਸਨ | ਕਲਾਕਾਰਾਂ ਦੇ ਇਸ ਸਥਾਨਾਂਤਰ ਹੋਣ ਦੀ ਸੂਚੀ ਬੜੀ ਲੰਬੀ ਹੈ |
ਬਹੁਤ ਸਾਰੀਆਂ ਫ਼ਿਲਮਾਂ (ਪੰਜਾਬੀ) ਅੱਧ ਵਿਚਾਲੇ ਹੀ ਰੁਕ ਗਈਆਂ ਸਨ | ਕਾਰਨ ਸਪੱਸ਼ਟ ਸੀ-ਦਰਸ਼ਕਾਂ ਦਾ ਪ੍ਰਮੁੱਖ ਭਾਗ ਪਾਕਿਸਤਾਨੀ ਪੰਜਾਬ ਨਾਲ ਜੁੜਿਆ ਹੋਇਆ ਸੀ | ਸ਼ਾਇਦ ਇਸੇ ਕਰਕੇ ਹੀ ਓਮ ਪ੍ਰਕਾਸ਼ ਦੀ ਫ਼ਿਲਮ 'ਚਮਨ' ਨੂੰ ਭਾਰਤੀ ਪੰਜਾਬ ਦੀ ਥਾਂ 'ਤੇ ਪਾਕਿਸਤਾਨੀ ਪੰਜਾਬ 'ਚ ਪਹਿਲਾਂ ਪ੍ਰਦਰਸ਼ਿਤ ਕੀਤਾ ਗਿਆ ਸੀ | 'ਚਮਨ' ਦਾ ਪ੍ਰੀਮੀਅਰ ਰਤਨ ਸਿਨੇਮਾ, ਮਕਲਾਊਡ ਰੋਡ, ਲਾਹੌਰ 'ਚ ਕੀਤਾ ਗਿਆ ਸੀ | ਇਹ ਪ੍ਰੀਮੀਅਰ 6 ਅਗਸਤ ਨੂੰ ਹੋਇਆ ਸੀ | ਇਸ ਤੋਂ ਬਾਅਦ ਇਸੇ ਪੰਜਾਬੀ ਫ਼ਿਲਮ ਨੂੰ ਅੰਮਿ੍ਤਸਰ ਦੇ ਸਿਟੀ ਲਾਈਟ ਸਿਨੇਮਾ 'ਚ ਵੀ ਰਿਲੀਜ਼ ਕੀਤਾ ਗਿਆ ਸੀ |
ਕੁਝ ਹੋਰ ਭਾਰਤੀ ਜਾਂ ਉਰਦੂ ਫ਼ਿਲਮਾਂ 'ਅਨੋਖੀ ਅਦਾ', 'ਆਨ' ਨੂੰ ਵੀ ਪਹਿਲਾਂ ਪਾਕਿਸਤਾਨ 'ਚ ਹੀ ਪ੍ਰਦਰਸ਼ਿਤ ਕੀਤਾ ਗਿਆ ਸੀ |
ਪਰ ਸਾਡਾ ਅਸਲੀ ਮੰਤਵ ਤਾਂ ਪੰਜਾਬ-ਵੰਡ ਦਿਆਂ ਉਲਟ ਪ੍ਰਭਾਵਾਂ ਨੂੰ ਪੰਜਾਬੀ ਸਿਨੇਮਾ ਦੇ ਪਰਿਪੇਖ 'ਚ ਹੀ ਪਰਖਣਾ ਹੈ | ਇਸ ਨੁਕਤੇ ਨੂੰ ਅਸੀਂ ਇਕ-ਦੋ ਉਦਾਹਰਨਾਂ ਰਾਹੀਂ ਬੜੀ ਆਸਾਨੀ ਨਾਲ ਸਮਝ ਸਕਦੇ ਹਾਂ | 'ਚਮਨ' ਵਿਚ ਓਮ ਪ੍ਰਕਾਸ਼ ਨੇ ਭਾਈਆ ਭਗਵਾਨ ਦਾਸ ਨਾਮਕ ਇਕ ਕਿਰਦਾਰ ਅਦਾ ਕੀਤਾ ਸੀ | ਇਹ ਪਾਤਰ ਬਹੁਤ ਹੀ ਲੋਕਪਿ੍ਆ ਹੋਇਆ ਸੀ ਅਤੇ 'ਚਮਨ' ਦੀ ਇਕ ਸਫ਼ਲ ਕਿਰਤ ਮੰਨੀ ਗਈ ਸੀ |
ਇਸ ਲਈ ਓਮ ਪ੍ਰਕਾਸ਼ ਨੇ ਮੰੁਬਈ ਆ ਕੇ 'ਭਾਈਆ ਜੀ' ਨਾਂਅ ਦੀ ਇਕ ਹੋਰ ਪੰਜਾਬੀ ਫ਼ਿਲਮ ਬਣਾਈ ਸੀ | ਪਰ ਇਹ ਮੂਵੀ ਫਲਾਪ ਹੋ ਗਈ ਸੀ | ਇਸ ਦਾ ਮੂਲ ਕਾਰਨ ਇਹ ਸੀ ਕਿ ਦਰਸ਼ਕ ਵੰਡੇ ਜਾ ਚੁੱਕੇ ਸਨ | ਓਮ ਪ੍ਰਕਾਸ਼ ਇਸ ਫ਼ਿਲਮ ਦੀ ਅਸਫ਼ਲਤਾ ਤੋਂ ਇੰਨਾ ਪ੍ਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨ ਦੀ ਥਾਂ 'ਤੇ ਹਿੰਦੀ ਫ਼ਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ | ਕਹਿਣ ਦਾ ਭਾਵ, ਨੁਕਸਾਨ ਤਾਂ ਪੰਜਾਬੀ ਸਿਨੇਮਾ ਨੂੰ ਹੀ ਹੋਇਆ ਸੀ |
ਇਸ ਉਥਲ-ਪੁਥਲ ਦੇ ਮਾਹੌਲ 'ਚ ਨਿਰਮਾਤਾਵਾਂ (ਪੰਜਾਬੀ) ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਆਪਣੇ ਵਿੱਤੀ ਮਸਲਿਆਂ ਦਾ ਕਿਵੇਂ ਆਸਾਨ ਹੱਲ ਲੱਭਿਆ ਜਾਵੇ | ਸਰਦੂਲ ਕਵਾਤੜਾ ਨੇ ਕਈ ਸਾਲ ਪਹਿਲਾਂ ਇਕ ਬੜਾ ਹੀ ਦਿਲਚਸਪ ਵਾਕਿਆ ਇਸ ਸੰਦਰਭ 'ਚ ਸੁਣਾਇਆ ਸੀ |
ਸਰਦੂਲ ਦੀ ਫ਼ਿਲਮ 'ਪੋਸਤੀ' ਮੁਕੰਮਲ ਹੋ ਚੁੱਕੀ ਸੀ | ਪਰ ਨਿਮਰਾਤਾਵਾਂ ਦੇ ਕੋਲ ਇਸ ਦੇ ਪਿ੍ੰਟ ਭਾਰਤੀ ਪੰਜਾਬ 'ਚ ਮੰਗਵਾਉਣ ਲਈ ਲੋੜੀਂਦੇ ਪੈਸੇ ਨਹੀਂ ਸਨ | ਇਸ ਲਈ ਨਿਰਮਾਤਾਵਾਂ ਨੇ ਇਸ ਦੇ ਪਿ੍ੰਟ ਮਾਲ ਗੱਡੀ ਰਾਹੀਂ ਕਿਸੇ ਨਾ ਕਿਸੇ ਤਰ੍ਹਾਂ ਅੰਮਿ੍ਤਸਰ ਮੰਗਵਾਏ ਸਨ ਅਤੇ ਫਿਰ ਇਹ ਫ਼ਿਲਮ ਭਾਰਤੀ ਪੰਜਾਬ 'ਚ ਰਿਲੀਜ਼ ਹੋਈ ਸੀ |
ਵੈਸੇ ਵੀ ਦੇਖਿਆ ਜਾਵੇ ਤਾਂ ਇਤਿਹਾਸਕ ਤੌਰ 'ਤੇ ਲਾਹੌਰ ਦੀ ਫ਼ਿਲਮ ਸਨਅਤ ਬਹੁਤ ਹੀ ਅਮੀਰ ਸੀ | ਇਹ 1920 ਵਿਚ ਲਾਹੌਰ ਦੇ ਭੱਟੀ ਗੇਟ ਤੋਂ ਸ਼ੁਰੂ ਹੋਈ ਸੀ | ਕਾਰਦਾਰ ਨੇ 1929 ਵਿਚ ਇਥੇ ਹੀ 'ਹੁਸਨ ਕਾ ਡਾਕੂ' ਨਾਂਅ ਦੀ ਉਰਦੂ ਫ਼ਿਲਮ ਦਾ ਨਿਰਮਾਣ ਕੀਤਾ ਸੀ | ਫਿਰ ਉਸ ਨੇ ਪੰਜਾਬੀ ਸਿਨੇਮਾ ਦੇ ਖੇਤਰ 'ਚ ਵੀ ਆਪਣਾ ਯੋਗਦਾਨ ਪਾਇਆ ਸੀ, ਇਸ ਤੋਂ ਇਲਾਵਾ ਲਾਹੌਰ 'ਚ ਹੀ ਸਕਰੀਨ ਐਾਡ ਸਾਊਾਡ ਸਟੂਡੀਓ ਅਤੇ ਅੱਪਰ ਇੰਡੀਆ ਫ਼ਿਲਮ ਸਟੂਡੀਓ ਵੀ ਬਣਾਏ ਗਏ ਸਨ | ਅੱਪਰ ਇੰਡੀਆ ਫ਼ਿਲਮ ਸਟੂਡੀਓ ਨੂੰ ਹੀ ਬਾਅਦ 'ਚ ਪੰਚੋਲੀ ਆਰਟਸ ਦਾ ਨਾਂਅ ਦਿੱਤਾ ਗਿਆ ਸੀ |
ਉਂਜ 1955 ਤੱਕ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਪੰਜਾਬ ਦਿਆਂ ਦੋਵਾਂ ਹੀ ਭਾਗਾਂ ਵਿਚ ਹੁੰਦੀ ਰਹੀ ਸੀ | ਪਾਕਿਸਤਾਨ 'ਚ ਬਣਾਈਆਂ ਗਈਆਂ 'ਦੁੱਲਾ ਭੱਟੀ' ਅਤੇ 'ਤਾਂਗੇਵਾਲੀ' ਵਰਗੀਆਂ ਅਨੇਕਾਂ ਫ਼ਿਲਮਾਂ ਨੇ ਭਾਰਤੀ ਪੰਜਾਬ 'ਚ ਰਿਕਾਰਡ ਤੋੜ ਵਣਜ ਕੀਤਾ ਸੀ |
ਪਰ ਜਿਉਂ-ਜਿਉਂ ਭਾਰਤ-ਪਾਕਿ ਸਬੰਧਾਂ 'ਚ ਕੁੜੱਤਣ ਆਉਂਦੀ ਗਈ, ਇਹ ਫ਼ਿਲਮੀ ਆਦਾਨ-ਪ੍ਰਦਾਨ ਖਤਮ ਹੋ ਗਿਆ | ਲਾਹੌਰ ਦੀ ਪੂਰੀ ਦੀ ਪੂਰੀ ਸਨਅਤ ਹੀ ਤਬਾਹੀ ਦੇ ਕੰਢੇ 'ਤੇ ਆ ਗਈ ਸੀ ਕਿਉਂਕਿ ਪੰਜਾਬੀ ਫ਼ਿਲਮਾਂ ਹੀ ਉਸ ਦੇ ਵਪਾਰ ਦਾ ਪ੍ਰਮੁੱਖ ਆਧਾਰ ਸਨ | ਭਾਰਤੀ ਪੰਜਾਬ 'ਚ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ ਅਤੇ ਕਾਫ਼ੀ ਸਮੇਂ ਤੱਕ ਪੰਜਾਬੀ ਫ਼ਿਲਮਾਂ ਦੀ ਗਿਣਤੀ ਇਕ ਹੀ ਇਕਾਈ ਤੱਕ ਸੀਮਤ ਰਹੀ ਸੀ |
ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਦੇਸ਼ ਵੰਡ ਨੇ ਜਿਥੇ ਪੰਜਾਬੀ ਫ਼ਿਲਮਾਂ ਦੇ ਵਿਕਾਸ 'ਤੇ ਰੋਕ ਲਗਾਈ ਉਥੇ ਇਸ ਤ੍ਰਾਸਦੀ ਨੂੰ ਫ਼ਿਲਮਾਂ ਦਾ ਵਿਸ਼ਾ-ਵਸਤੂ ਸੀਮਤ ਹੱਦ ਤੱਕ ਹੀ ਬਣਾਇਆ ਗਿਆ | ਉਂਜ ਕਹਿਣ ਨੂੰ ਤਾਂ 'ਚੌਧਰੀ ਕਰਨੈਲ ਸਿੰਘ' ਅਤੇ 'ਨਾਨਕ ਦੁਖੀਆ ਸਭ ਸੰਸਾਰ' ਵਿਚ ਪੰਜਾਬ ਵੰਡ ਦਾ ਹਵਾਲਾ ਦਿੱਤਾ ਗਿਆ ਹੈ, ਪਰ ਇਹ ਹਵਾਲੇ ਕਲਾ-ਪੱਖ ਤੋਂ ਬਹੁਤ ਹੀ ਸੀਮਤ ਸਨ | ਕੁਝ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਨੇ ਕੁਝ ਦਿਲਚਸਪੀ ਇਸ ਤ੍ਰਾਸਦੀ ਪ੍ਰਤੀ ਜ਼ਰੂਰ ਦਿਖਾਈ ਸੀ | ਵਿਸ਼ੇਸ਼ ਤੌਰ 'ਤੇ ਅਨੂਪ ਸਿੰਘ ਅਤੇ ਗੁਰਿੰਦਰ ਚੱਢਾ ਦੇ ਇਸ ਸਬੰਧੀ ਉਪਰਾਲੇ ਪ੍ਰਸੰਸਾਯੋਗ ਹਨ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

1975 ਵਿਚ ਜਿਹੜੀ ਐਮਰਜੈਂਸੀ ਭਾਰਤ ਵਿਚ ਲੱਗੀ ਸੀ, ਉਸ ਦਾ ਵਿਰੋਧ ਅਕਾਲੀ ਦਲ ਨੇ ਵੀ ਕੀਤਾ ਸੀ | ਉਸ ਸਮੇਂ ਮੋਰਚਾ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਅਗਵਾਈ 'ਚ ਲਾਇਆ ਗਿਆ ਸੀ | ਇਸ ਮੋਰਚੇ ਵਿਚ ਸਿੱਖਾਂ ਨੇ ਗਿ੍ਫ਼ਤਾਰੀਆਂ ਦੇ ਕੇ ਜੇਲ੍ਹਾਂ ਭਰ ਦਿੱਤੀਆਂ ਸਨ | ਆਖਰ ਕੇਂਦਰ ਸਰਕਾਰ ਨੂੰ ਐਮਰਜੈਂਸੀ ਹਟਾਉਣੀ ਪਈ ਸੀ |
ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਭਾਰਤ ਦੇ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਸੰਤ ਲੌਾਗੋਵਾਲ ਨੂੰ ਵਧਾਈ ਦੇਣ ਆਉਂਦੇ ਸਨ | ਉਸ ਸਮੇਂ ਡਾ: ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ | ਉਹ ਵੀ ਸੰਤ ਹਰਚੰਦ ਸਿੰਘ ਲੌਾਗੋਵਾਲ ਨੂੰ ਵਧਾਈ ਦੇਣ ਲਈ ਅੰਮਿ੍ਤਸਰ ਆਏ ਸੀ | ਇਹ ਉਸ ਮੌਕੇ ਦੀ ਯਾਦਗਾਰੀ ਤਸਵੀਰ ਹੈ |

ਮੋਬਾਈਲ : 98767-41231

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੂੰ ਚੇਤੇ ਕਰਦਿਆਂ...

ਸ਼ਿਵ ਕੁਮਾਰ ਬਟਾਲਵੀ ਨੇ ਬਿਰਹਾ, ਦਰਦ, ਪ੍ਰੇਮ, ਨਿਰਾਸ਼ਾ, ਕਾਮ ਅਤੇ ਮੌਤ ਵਰਗੇ ਵਿਸ਼ਵ-ਵਿਆਪੀ ਵਿਸ਼ਿਆਂ ਉਪਰ ਜਿਸ ਸ਼ਿੱਦਤ ਅਤੇ ਪ੍ਰਚੰਡਤਾ ਨਾਲ਼ ਕਲਮ-ਅਜ਼ਮਾਈ ਕੀਤੀ ਹੈ, ਅੱਜ ਤੀਕ ਪੰਜਾਬੀ ਸਾਹਿਤ ਵਿਚ ਉਸ ਦਾ ਕੋਈ ਹੋਰ ਸਾਨੀ ਪੈਦਾ ਨਹੀਂ ਹੋ ਸਕਿਆ। ਪੰਜਾਬੀ ਸਾਹਿਤ ਦੇ ਅੰਬਰ ਦਾ ਇਹ ਧਰੂ ਤਾਰਾ 37-ਕੁ ਵਰ੍ਹਿਆਂ ਦੀ ਥੋੜ੍ਹਚਿਰੀ ਹੋਂਦ ਦੇ ਬਾਵਜੂਦ ਆਪਣੀ ਸਰੋਦੀ ਸੁਰ ਅਤੇ ਹੁਨਰ ਸਦਕਾ ਆਪਣੇ ਪੂਰਬਲੇ ਕਵੀਆਂ ਨਾਲ਼ੋਂ ਕਿਤੇ ਵੱਧ ਸ਼ੋਹਰਤ ਦੀਆਂ ਸਿਖ਼ਰਾਂ ਨੂੰ ਛੂਹ ਗਿਆ। ਇਸ ਅਜ਼ੀਮ ਸ਼ਾਇਰ ਨੇ ਅੱਜ ਦੇ ਦਿਨ 23 ਜੁਲਾਈ, 1936 ਨੂੰ ਤਹਿਸੀਲ਼ ਸ਼ੰਕਰਗੜ੍ਹ (ਮੌਜੂਦਾ ਪਾਕਿਸਤਾਨ) ਦੇ ਪਿੰਡ ਲੋਹਟੀਆਂ ਵਿਖੇ ਮਾਂ ਸ਼ਾਂਤੀ ਦੇਵੀ ਅਤੇ ਪਿਤਾ ਕ੍ਰਿਸ਼ਨ ਗੋਪਾਲ ਦੇ ਘਰ ਵਿਚ ਜਨਮ ਲਿਆ। ਮੁੱਢਲੀ ਵਿੱਦਿਆ ਉਸ ਨੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚੋਂ ਹਾਸਲ ਕੀਤੀ। 1949 'ਚ ਆਪਣੇ ਤਹਿਸੀਲਦਾਰ ਪਿਤਾ ਦੀ ਬਦਲੀ ਹੋਣ ਕਾਰਨ ਉਹ ਆਪਣੇ ਜੱਦੀ ਪਿੰਡ ਤੋਂ ਸ਼ਰਨਾਰਥੀ ਹੋ ਕੇ ਬਟਾਲੇ ਆਣ ਵਸਿਆ ਅਤੇ ਬਾਕੀ ਪੜ੍ਹਾਈ ਇਥੇ ਹੀ ਕੀਤੀ। ਸ਼ਿਵ ਦੀ ਜ਼ਿੰਦਗੀ 'ਚ ਕਈ ਲੜਕੀਆਂ ਆਈਆਂ ਜਿਹੜੀਆਂ ਉਸ ਪਾਸੋਂ ਕਈ ਖ਼ੂਬਸੂਰਤ ਰਚਨਾਵਾਂ ਦੀ ਸਿਰਜਣਾ ਕਰਵਾ ਗਈਆਂ। ਉਮਰ-ਭਰ ਸ਼ਰਾਬ ਅਤੇ ਸ਼ਾਇਰੀ ਦੇ ਇਸ ਹਮਸਫ਼ਰ ਨੇ ਭਾਸ਼ਾ ਵਿਭਾਗ ਪੰਜਾਬ ਦੇ ਮੰਚਾਂ ਉਪਰ 'ਕੰਡਿਆਲ਼ੀ ਥੋਹਰ' ਵਰਗੀਆਂ ਰਚਨਾਵਾਂ ਰਾਹੀਂ ਧੁੰਮਾਂ ਮਚਾਉਣ ਪਿੱਛੋਂ ਆਪਣੇ ਗੀਤਾਂ ਦੀ ਮੈਨਾ ਭਾਵ ਮੀਨਾ ਨੂੰ ਸਮਰਪਿਤ 1960 ਵਿਚ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਪੀੜਾਂ ਦਾ ਪਰਾਗ਼ਾ' ਰਾਹੀਂ ਪ੍ਰਵੇਸ਼ ਕੀਤਾ। ਇਸ ਪਲੇਠੀ ਕਿਰਤ ਸਦਕਾ ਹੀ ਉਹ ਨੌਜਵਾਨਾਂ ਅਤੇ ਮੁਟਿਆਰਾਂ ਦਾ ਮਹਿਬੂਬ ਸ਼ਾਇਰ ਬਣ ਗਿਆ। ਹਰ ਵਰ੍ਹੇ ਪੰਜਾਬੀ ਸਾਹਿਤ ਦੀ ਝੋਲ਼ੀ 'ਚ ਇਕ ਪੁਸਤਕ ਪਾਉਣ ਵਾਲ਼ੇ ਸ਼ਿਵ ਨੇ ਅਗਲੇ ਵਰ੍ਹੇ 'ਲਾਜਵੰਤੀ' , 'ਆਟੇ ਦੀਆਂ ਚਿੜੀਆਂ', 'ਮੈਨੂੰ ਵਿਦਾ ਕਰੋ', 'ਬਿਰਹਾ ਤੂ ਸੁਲਤਾਨ', 'ਦਰਦਮੰਦਾਂ ਦੀਆਂ ਆਹੀਂ', ਫ਼ਿਲਮੀ ਅਦਾਕਾਰ ਬਲਰਾਜ ਸਾਹਨੀ, ਬਲਵੰਤ ਗਾਰਗੀ, ਪ੍ਰੋ: ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਪੁਸਤਕਾਂ ਪਾਠਕਾਂ ਨੂੰ ਦਿੱਤੀਆਂ। ਮਹਾਂਕਾਵਿ 'ਲੂਣਾ' ਦੇ ਰੂਪ ਵਿਚ ਉਸ ਨੇ ਅਜਿਹੀ ਸ਼ਾਹਕਾਰ ਕਿਰਤ ਦੀ ਰਚਨਾ ਕੀਤੀ ਕਿ ਇਸ ਉਪਰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪੱਲੇ ਪੁਆਉਣ ਵਾਲਾ ਉਹ ਪੰਜਾਬੀ ਦਾ ਸਭ ਤੋਂ ਛੋਟੀ ਉਮਰ ਦਾ ਸਾਹਿਤਕਾਰ ਹੋ ਨਿੱਬੜਿਆ। 1967 'ਚ ਮੰਗਿਆਲ (ਮਾਧੋ ਬੇਟ) ਦੀ ਇਕ ਸੁੰਦਰ ਕੰਨਿਆ ਅਰੁਣਾ ਨਾਲ ਵਿਆਹੇ ਸ਼ਿਵ ਦੇ ਘਰ ਦੋ ਬੱਚਿਆਂ ਬੇਟਾ ਮਿਹਰਬਾਨ ਅਤੇ ਬੇਟੀ ਪੂਜਾ ਨੇ ਜਨਮ ਲਿਆ। ਅਚੇਤ ਮਨ ਵਿਚ ਧੁਖ਼ਦੇ ਗ਼ਮਾਂ ਤੋਂ ਨਿਜਾਤ ਹਾਸਲ ਕਰਨ ਦੀ ਲਾਲਸਾ ਕਾਰਨ ਉਹ ਸ਼ਰਾਬ ਦੇ ਪਿਆਲਿਆਂ ਵਿਚ ਰੁੱਝ ਕੇ ਆਪਣੀ ਦਿਨੋ-ਦਿਨ ਨਿੱਘਰਦੀ ਸਿਹਤ ਪੱਖ਼ੋਂ ਵੀ ਅਵੇਸਲਾ ਰਹਿਣ ਲੱਗ ਪਿਆ। 24 ਟੁਕੜਿਆਂ ਦੇ ਰੂਪ ਵਿਚ ਬਿਨਾਂ ਸਿਰਲੇਖ ਤੋਂ ਇਕ ਲੰਮੀ ਨਜ਼ਮ ਰਚ ਕੇ ਉਸ ਨੇ 'ਮੈਂ ਤੇ ਮੈਂ' ਨਾਮੀ ਪੁਸਤਕ ਛਪਵਾਈ ਅਤੇ ਫ਼ਿਰ 1971 ਵਿਚ ਆਪਣੀ ਪਿਆਰੀ ਪਤਨੀ ਅਰੁਣ ਦੇ ਨਾਂਅ ਆਪਣਾ ਅੰਤਿਮ ਕਾਵਿ-ਸੰਗ੍ਰਹਿ 'ਆਰਤੀ' ਪ੍ਰਕਾਸ਼ਿਤ ਕਰਵਾਇਆ।
ਪੰਜਾਬੀ ਸਾਹਿਤ ਦਾ ਇਹ ਅਜ਼ੀਮ ਸ਼ਾਇਰ 6 ਮਈ 1973 ਦੀ ਰਾਤ ਨੂੰ ਤਕਰੀਬਨ 9 ਵਜੇ ਆਪਣੇ ਸਹੁਰੇ ਪਿੰਡ ਪਤਨੀ ਅਰੁਣ ਦੀਆਂ ਬਾਹਾਂ 'ਚ ਦਮ ਤੋੜ ਗਿਆ। ਉਸ ਦੀ ਮੌਤ ਮਗਰੋਂ ਕੁਝ ਅਣ-ਪ੍ਰਕਾਸ਼ਿਤ ਰਚਨਾਵਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 'ਅਲਵਿਦਾ' ਪੁਸਤਕ ਦੇ ਰੂਪ 'ਚ ਜਾਰੀ ਕਰਕੇ ਸ਼ਰਧਾ ਪ੍ਰਗਟਾਈ। ਸ੍ਰੀਮਤੀ ਅਰੁਣ ਨੇ ਉਸਦੀਆਂ ਚੋਣਵੀਆਂ ਰਚਨਾਵਾਂ ਨੂੰ ਸੰਪਾਦਿਤ ਕਰਕੇ 1973 'ਚ 'ਬਿਰਹੜਾ' ਅਤੇ 1975 'ਚ 'ਅਸਾਂ ਤਾਂ ਜੋਬਨ ਰੁੱਤੇ ਮਰਨਾ' ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਆਪਣੇ ਪਤੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਅਰੁਣ ਨੇ ਹੀ ਬਾਅਦ ਵਿਚ 'ਸੋਗ' ਅਤੇ 'ਸਾਗਰ ਤੇ ਕਣੀਆਂ' ਦੁਆਰਾ ਸ਼ਿਵ ਪ੍ਰਤੀ ਆਪਣੇ ਸਨੇਹ ਅਤੇ ਮੁਹੱਬਤ ਦਾ ਫ਼ਿਰ ਇਜ਼ਹਾਰ ਕੀਤਾ। ਪੰਜਾਬੀ ਸਾਹਿਤ-ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਬਦਲੇ ਉਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।


-ਸਲੇਮਪੁਰਾ, ਸਿਧਵਾਂ ਬੇਟ-142033 (ਲੁਧਿਆਣਾ) ਮੋ: 9872727789

ਗੱਲ ਰੁੱਖਾਂ ਦੇ ਦਿਮਾਗ਼ ਦੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕੁਝ ਕੁ ਦਿਮਾਗੀ ਵੀ

ਬਹੁਤ ਪਹਿਲਾਂ ਮਹਾਨ ਭਾਰਤੀ ਜੈਵਿਕ-ਭੌਤਿਕ ਵਿਗਿਆਨੀ ਸਰ ਜਗਦੀਸ ਚੰਦਰ ਬੋਸ ਨੇ ਦਰਸਾਇਆ ਸੀ ਕਿ ਪੌਦੇ ਵੀ ਆਪਣੇ ਤਰੀਕੇ ਨਾਲ ਮਹਿਸੂਸ ਕਰਨ ਦੇ ਸਮਰੱਥ ਹੁੰਦੇ ਹਨ | ਅੱਜ ਅਸੀਂ ਜਾਣਦੇ ਹਾਂ ਕਿ ਪੌਦੇ ਚੰਗੇ-ਮਾੜੇ ਦੀ ਪਹਿਚਾਣ ਕਰ ਸਕਦੇ ਹਨ ਤੇ ਉਹ ਆਪਣੀ-ਪਸੰਦਗੀ ਤੇ ਨਾਪਸੰਦਗੀ 'ਚ ਨਿਖੇੜਾ ਕਰਨ ਦੀ ਸੂਝ ਵੀ ਰੱਖਦੇ ਹਨ | ਪੌਦੇ ਦੀ ਹਰ ਪਸੰਦ ਆਪਣੀ ਇਕ ਗਿਣਤੀ ਮਿਣਤੀ 'ਤੇ ਆਧਾਰਤ ਹੁੰਦੀ ਹੈ | ਇਸ ਤੋਂ ਵੀ ਅੱਗੇ, ਪੌਦੇ ਗੰਧ ਨੂੰ ਵੀ ਫੜ ਸਕਦੇ ਹਨ, ਆਪਣੀਆਂ ਜੜ੍ਹਾਂ ਰਾਹੀਂ ਜ਼ਮੀਨ ਅੰਦਰਲੀ ਅੜਚਣ ਨੂੰ ਭਾਂਪ ਸਕਦੇ ਹਨ ਜਾਂ ਥਰਥਰਾਹਟ ਨੂੰ ਵੀ ਸੁਣ ਸਕਦੇ ਹਨ | ਪੌਦੇ ਸੌਣ ਤੇ ਖੇਡਣ ਦੇ ਸਮਰੂਪ ਵਿਹਾਰ ਵੀ ਕਰਦੇ ਹਨ | ਮਨੁੱਖ ਅੰਦਰ ਪੰਜ ਮੂਲ ਗਿਆਨ ਇੰਦਰੀਆਂ ਹੁੰਦੀਆਂ ਹਨ, ਪਰੰਤੂ ਵਿਗਿਆਨੀਆਂ ਨੇ ਖੋਜਿਆ ਹੈ ਕਿ ਪੌਦਿਆਂ ਅੰਦਰ 20 ਭਿੰਨ-ਭਿੰਨ ਗਿਆਨ ਇੰਦਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਆਪਣੇ ਚੁਗਿਰਦੇ ਦੀਆਂ ਜਟਿਲ ਪ੍ਰਸਥਿਤੀਆਂ ਦਾ ਨਿਰੀਖਣ ਕਰਨ ਲਈ ਵਰਤਦੇ ਹਨ | ਮੈਨਕਿਊਸੋ ਦੇ ਵਿਚਾਰ ਅਨੁਸਾਰ ਪੌਦਿਆਂ ਅੰਦਰ ਨਾ ਸਿਰਫ ਸਾਡੇ ਵਰਗੀਆਂ ਪੰਜ ਗਿਆਨ ਇੰਦਰੀਆਂ ਹੀ ਹੁੰਦੀਆਂ ਹਨ, ਸਗੋਂ ਉਨ੍ਹਾਂ ਅੰਦਰ ਵਾਧੂ ਗਿਆਨ ਇੰਦਰੀਆਂ ਵੀ ਹੁੰਦੀਆਂ ਹਨ, ਜਿਹੜੀਆਂ ਨਮੀ ਨੂੰ ਮਾਪਣ ਜਾਂ ਗੁਰੂਤਾ ਖਿੱਚ ਦਾ ਪਤਾ ਲਾਉਣ ਅਤੇ ਬਿਜਲਈ-ਚੁੰਬਕੀ ਖੇਤਰਾਂ ਨੂੰ ਭਾਂਪਣ ਵਰਗੇ ਕਾਰਜ ਵੀ ਕਰ ਸਕਦੀਆਂ ਹਨ |
ਬੋਸ ਨੇ ਪੌਦਿਆਂ ਦੀ ਨਾੜੀਤੰਤਰ ਕਾਰਜ ਵਿਧੀ, ਭਾਵ ਪੌਦਿਆਂ ਦੀ ਆਪਣੇ ਚੁਗਿਰਦੇ ਨੂੰ ਪਹਿਚਾਨਣ ਤੇ ਪ੍ਰਤੀਕਰਮ ਕਰਨ ਦੀ ਸਮਰੱਥਾ ਦੀ ਵੀ ਵਿਆਖਿਆ ਕੀਤੀ ਸੀ | ਭਾਵੇਂ ਅਜੇ ਤੱਕ ਇਹ ਸਿੱਧ ਨਹੀਂ ਹੋਇਆ ਕਿ ਪੌਦਿਆਂ ਅੰਦਰ ਕਿਸੇ ਕਿਸਮ ਦਾ ਨਾੜੀ ਤੰਤਰ ਮੌਜੂਦ ਹੁੰਦਾ ਹੈ, ਪਰੰਤੂ ਇਹ ਹਕੀਕਤ ਹੈ ਕਿ ਪੌਦੇ ਕਿਸੇ ਵੀ ਹੋਰ ਸਜੀਵ ਪਦਾਰਥਾਂ ਵਾਂਗ ਹੀ, ਭਿੰਨ-ਭਿੰਨ ਉਤੇਜਨਾਵਾਂ ਪ੍ਰਤੀ ਆਪਣੀਆਂ ਸਰੀਰਕ ਗਤੀਵਿਧੀਆਂ ਰਾਹੀਂ ਪ੍ਰਤੀਕਿਰਿਆ ਕਰਦੇ ਹਨ | ਇਸੇ ਕਰਕੇ ਹੀ, ਕੁਝ ਵਿਗਿਆਨੀ ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦਿਆਂ ਅੰਦਰ ਵੀ ਦਿਮਾਗ ਹੋ ਸਕਦਾ ਹੈ, ਜਿਹੜਾ ਉਨ੍ਹਾਂ ਨੂੰ ਪ੍ਰਤੀਕਿਰਿਆ ਕਰਨ ਲਈ ਪ੍ਰੇਰਦਾ ਹੈ | ਮੈਨਕਿਊਸੋ ਨੂੰ ਉਭਰਵਾਂ ਪ੍ਰਮਾਣ ਮਿਲਿਆ ਹੈ ਕਿ ਪੌਦਿਆਂ ਦੀ ਬੁੱਧੀ ਦੀ ਕੁੰਜੀ ਉਸਦੀ ਮੂਲ ਜੜ੍ਹ ਜਾਂ ਜੜ੍ਹ ਦੀ ਟੀਸੀ ਅੰਦਰ ਮੌਜੂਦ ਹੁੰਦੀ ਹੈ | ਮੈਨਕਿਉਸੋ ਤੇ ਉਸ ਦੇ ਸਹਿਕਰਮੀਆਂ ਨੇ ਪੌਦਿਆਂ ਦੇ ਇਸ ਹਿੱਸੇ 'ਚੋਂ ਛੱਡੇ ਗਏ ਉਹੋ ਜਿਹੇ ਹੀ ਸੰਕੇਤ ਰਿਕਾਰਡ ਕੀਤੇ ਜਿਹੋ ਜਿਹੇ ਪ੍ਰਾਣੀਆਂ ਦੇ ਦਿਮਾਗ 'ਚੋਂ ਨਿਊਰਾਨਾਂ ਵਲੋਂ ਦਿੱਤੇ ਜਾਂਦੇ ਹਨ | ਇਕੋ ਹੀ ਜੜ੍ਹ-ਟੀਸੀ ਸ਼ਾਇਦ ਬਹੁਤ ਕੁਝ ਨਾ ਕਰ ਸਕਦੀ ਹੋਵੇ, ਪਰੰਤੂ ਇਕੋ ਹੀ ਜੜ੍ਹ ਦੀ ਬਜਾਇ, ਬਹੁਤੇ ਪੌਦਿਆਂ ਦੀਆਂ ਲੱਖਾਂ ਹੀ ਨਿੱਕੀਆਂ-ਨਿੱਕੀਆਂ ਜੜ੍ਹਾਂ ਹੁੰਦੀਆਂ ਹਨ ਤੇ ਹਰ ਇਕ ਦੀ ਆਪੋ ਆਪਣੀ ਮੂਲ ਜੜ੍ਹ ਹੁੰਦੀ ਹੈ | ਤੇ ਇਹ ਪ੍ਰਤੱਖ ਹੋ ਗਿਆ ਹੈ ਕਿ ਡਾਰਵਿਨ ਹਮੇਸ਼ਾ ਮੋਟੇ ਤੌਰ 'ਤੇ ਸਹੀ ਸੀ |
ਇਉਂ ਇਕੋ ਹੀ ਸ਼ਕਤੀਸ਼ਾਲੀ ਦਿਮਾਗ਼ ਦੀ ਜਗ੍ਹਾ, ਪੌਦਿਆਂ ਅੰਦਰ ਹਿਸਾਬ ਕਿਤਾਬ ਲਾਉਣ ਵਾਲੇ ਲੱਖਾਂ ਹੀ ਨੰਨ੍ਹੇ ਢਾਂਚੇ ਹੁੰਦੇ ਹਨ ਜਿਹੜੇ ਇਕੱਠੇ ਮਿਲ ਕੇ ਇਕੋ ਹੀ ਜਟਿਲ 'ਨੈਟ ਵਰਕ' ਦਾ ਕੰਮ ਕਰਦੇ ਹਨ | ਇਕ ਇਕੱਲੇ ਪੌਦੇ ਨੂੰ ਇਕ ਬਸਤੀ ਵਾਂਗ ਸਮਝਣਾ ਜ਼ਿਆਦਾ ਬਿਹਤਰ ਹੋਵੇਗਾ | ਇਸੇ ਕਰਕੇ ਹੀ, ਪੌਦੇ ਦੇ ਕਿਸੇ ਇਕ ਪੱਤੇ ਜਾਂ ਇਕ ਜੜ੍ਹ ਦੇ ਵਿਨਾਸ਼ ਦੇ ਬਾਵਜੂਦ ਪੌਦਾ ਮਰਦਾ ਨਹੀਂ | ਇਸ ਕ੍ਰਮ-ਵਿਕਾਸ ਚੋਣ ਦੀ ਇਹ ਤਾਕਤ ਹੀ ਹੈ ਜਿਹੜੀ ਪੌਦੇ ਨੂੰ ਆਪਣੇ 90 ਫੀਸਦੀ ਜਾਂ ਇਸ ਤੋਂ ਵੀ ਵਧੇਰੇ ਜੈਵਿਕ ਬਾਲਣ ਦੇ ਵਿਨਾਸ਼ ਤੋਂ ਬਾਅਦ ਵੀ ਜਿਊਾਦਾ ਰੱਖਦੀ ਹੈ | ਇਸ ਸੰਦਰਭ 'ਚ ਮੈਨਕਿਊਸੋ ਦਾ ਵਿਚਾਰ ਹੈ, 'ਪੌਦੇ ਵੱਡੀ ਗਿਣਤੀ 'ਚ ਮੂਲ ਗਣਕਾਂ ਨਾਲ ਬਣੇ ਹੋਏ ਹੁੰਦੇ ਹਨ ਜਿਹੜੇ ਇਕ ਨੈਟ-ਵਰਕ ਦੀਆਂ ਗ੍ਰੰਥੀਆਂ ਵਜੋਂ ਅੰਤਰ ਕਿਰਿਆ ਕਰਦੇ ਹਨ | ਜੇ ਪੌਦਿਆਂ ਦਾ ਇਕੋ ਇਕ ਹੀ ਦਿਮਾਗ ਹੰੁਦਾ ਤਾਂ ਪੌਦਿਆਂ ਨੂੰ ਮਾਰਨਾ ਬਹੁਤ ਹੀ ਆਸਾਨ ਹੁੰਦਾ | ਇਕੋ ਇਕੱਲਾ ਹੀ ਅੰਗ ਜਾਂ ਕੇਂਦਰੀਕ੍ਰਿਤ ਕਾਰਜ ਵਿਵਸਥਾ ਨਾ ਹੋਣ ਦੇ ਕਾਰਨ ਹੀ ਸ਼ਾਇਦ ਪੌਦੇ ਆਪਣੀ ੍ਰਿਕਆਸ਼ੀਲਤਾ ਗੁਆਏ ਬਗੈਰ ਬਾਹਰੀ ਹਮਲੇ ਨੂੰ ਸਹਿਣ ਕਰਨ ਦੇ ਸਮਰੱਥ ਹੁੰਦੇ ਹਨ | ਇਸੇ ਕਰਕੇ ਹੀ ਪੌਦਿਆਂ ਅੰਦਰ ਦਿਮਾਗ ਨਹੀਂ ਹੁੰਦਾ : ਇਸ ਕਰਕੇ ਨਹੀਂ ਕਿ ਉਹ ਬੁੱਧੀਮਾਨ ਨਹੀਂ ਹੁੰਦੇ, ਸਗੋਂ ਇਸ ਕਰਕੇ ਕਿ ਉਹ ਇਸ ਨਾਲ ਦੁਰਬਲ-ਨਿਤਾਣੇ ਹੋ ਜਾਣੇ ਸਨ |'
ਪੌਦਿਆਂ ਦੇ ਵੀ ਅਧਿਕਾਰ ਹਨ
ਅਰਸਤੂ ਦੇ ਯੁੱਗ ਤੋਂ ਹੀ ਅਸੀਂ ਭਲੀ-ਭਾਂਤ ਜਾਣੂ ਹਾਂ ਕਿ ਪੌਦੇ ਸਜੀਵ ਪਦਾਰਥ ਹੀ ਹਨ | ਡਾਰਵਿਨ ਤੋਂ ਲੈ ਕੇ ਬੋਸ ਤੱਕ ਦੀਆਂ ਲਿਖਤਾਂ ਅਤੇ ਉਸ ਤੋਂ ਬਾਅਦ ਦੇ ਪ੍ਰਮਾਣਾਂ ਦੇ ਆਧਾਰ 'ਤੇ ਅਣੂ ਜੀਵ ਵਿਗਿਆਨ ਦੇ ਤਾਜ਼ਾ ਰੁਝਾਨ ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦੇ ਆਪਣੀ ਵਿਲੱਖਣ ਸੰਵੇਦਨਾ ਰੱਖਦੇ ਹਨ | ਉਹ ਹੋਰਨਾਂ ਜੀਵਾਂ ਵਾਂਗ ਕਿਸੇ ਵੀ ਉਤੇਜਨਾ ਨੂੰ ਮਹਿਸੂਸ ਕਰਦੇ ਹਨ ਜਾਂ ਆਪਣੀ ਦਰਦ ਪ੍ਰਤੀਕਿਰਿਆ ਨੂੰ ਵੀ ਪ੍ਰਸਾਰਿਤ ਕਰਦੇ ਹਨ | ਇਥੋਂ ਤੱਕ ਕਿ ਉਹ ਪਰਉਪਕਾਰਤਾ ਵੀ ਦਿਖਾਉਂਦੇ ਹਨ, ਇਕ ਹਮਦਰਦੀ ਤੇ ਨਿਰਸੁਆਰਥ ਦੀ ਭਾਵਨਾ ਜਿਸਦਾ ਉਹ ਹੋਰਨਾਂ ਪੌਦਿਆਂ ਦੇ ਜਿਊਾਦੇ ਰਹਿਣ ਤੇ ਦੁਸ਼ਵਾਰੀਆਂ ਨਾਲ ਸਿੱਝਣ 'ਚ ਮਦਦ ਵਜੋਂ ਇਜ਼ਹਾਰ ਕਰਦੇ ਹਨ | ਤਾਂ ਫਿਰ, ਪੌਦੇ ਅਧਿਕਾਰਾਂ ਤੋਂ ਕਿਉਂ ਵਾਂਝੇ ਰਹਿਣ? ਸਵਿਟਜਰਲੈਂਡ ਸਰਕਾਰ ਨੇ ਸਭ ਤੋਂ ਪਹਿਲਾਂ 2008 'ਚ 'ਪੌਦਿਆਂ ਦੇ ਅਧਿਕਾਰਾਂ ਦਾ ਕਾਨੂੰਨ' ਪਾਸ ਕੀਤਾ ਹੈ | ਇਸ ਕਾਨੂੰਨ ਦਾ ਤੱਤਸਾਰ ਇਹ ਹੈ ਕਿ ਪੌਦਿਆਂ ਦੇ ਵੀ, ਆਪਣੀ ਸੁਰੱਖਿਆ ਦੇ ਨੈਤਿਕ ਤੇ ਕਾਨੂੰਨੀ ਅਧਿਕਾਰ ਹਨ, ਅਤੇ ਸਵਿਸ ਨਾਗਰਿਕਾਂ ਨੂੰ ਪੌਦਿਆਂ ਨਾਲ ਉਚਿੱਤ ਵਿਵਹਾਰ ਕਰਨਾ ਹੋਵੇਗਾ |
ਪਰ ਇਸ ਦਾ ਆਮ ਨਾਗਰਿਕ ਲਈ ਕੀ ਅਰਥ ਹੈ? ਜਦ ਸਾਨੂੰ ਉਸ ਵਧ ਰਹੇ ਸੰਕਟ ਬਾਰੇ ਸੋਚ ਵਿਚਾਰ ਕਰਨ ਲਈ ਕਿਹਾ ਜਾਂਦਾ ਹੈ ਜਿਹੜਾ ਪੌਦਿਆਂ ਲਈ ਖ਼ਤਰਾ ਬਣਿਆ ਹੋਇਆ ਹੈ, ਤਾਂ ਅਸੀਂ ਇਸ ਪ੍ਰਤੀ ਬੇਵਾਸਤਾ ਰਹਿਣ ਨੂੰ ਤਰਜੀਹ ਦਿੰਦੇ ਹਾਂ | ਪਰੰਤੂ ਸੁਆਲ ਇਹ ਹੈ ਕਿ ਕੀ ਸਾਨੂੰ ਉਨ੍ਹਾਂ ਮੂਕ ਪ੍ਰਾਣੀਆਂ ਪ੍ਰਤੀ ਕੋਈ ਸਰੋਕਾਰ ਨਹੀਂ ਰੱਖਣਾ ਬਣਦਾ ਜਿਨ੍ਹਾਂ ਨੇ ਬਨਸਪਤੀ-ਪ੍ਰਾਣੀ ਸਾਂਝ ਬਣਨ ਦੇ ਪਹਿਲੇ ਹੀ ਦਿਨ ਤੋਂ ਕੁਦਰਤੀ ਤੇ ਮਾਨਵ-ਨਿਰਮਤ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਆਪਣੇ-ਆਪ ਨੂੰ ਜਿਉਂਦੇ ਰੱਖਿਆ ਹੈ? ਇਕ ਮੁੱਦਾ ਹੋਰ ਵੀ ਹੈ | ਹੁਣ ਜਦ ਸਾਨੂੰ ਇਹ ਪਤਾ ਹੈ ਕਿ ਪੌਦਿਆਂ ਅੰਦਰ ਵੀ ਭਾਵਨਾਵਾਂ ਹੁੰਦੀਆਂ ਹਨ ਤੇ ਉਹ ਪ੍ਰਾਣੀਆਂ ਵਾਂਗ ਬੁੱਧੀ ਵੀ ਰਖਦੇ ਹਨ ਤਾਂ ਕੀ ਇਹ ਕਹਿਣਾ ਵਾਜਬ ਹੋਵੇਗਾ ਕਿ ਪ੍ਰਾਣੀਆਂ ਦੀ ਬੇਵਜ੍ਹਾ ਹੱਤਿਆ ਕਰਨ ਤੋਂ ਬਚਣ ਲਈ ਸ਼ਾਕਾਹਾਰ ਅਪਣਾਇਆ ਜਾਵੇ? ਕੀ ਇਹ ਕਰੂਰਤਾ ਨਹੀਂ ਹੈ, ਜਦਕਿ ਅਸੀਂ ਇਸ 'ਤੇ ਸਹਿਮਤ ਹਾਂ ਕਿ ਪੌਦੇ, ਪ੍ਰਾਣੀ ਜਗਤ ਦਾ ਹੀ ਸਮਰੂਪ ਹੈ?
ਸਮਾਪਤੀ ਟਿੱਪਣੀ : ਜੇ ਅਸੀਂ ਇਨ੍ਹਾਂ ਸਾਰੀਆਂ ਵਿਚਾਰ-ਚਰਚਾਵਾਂ ਨੂੰ ਪਾਸੇ ਵੀ ਰੱਖ ਦੇਈਏ ਕਿ ਕੀ ਪੌਦਿਆਂ ਅੰਦਰ ਬੁੱਧੀ ਜਾਂ ਸੰਵੇਦਨਾ ਹੁੰਦੀ ਹੈ ਜਾਂ ਮਨੁੱਖਾਂ ਵਾਂਗ ਆਪਣੀ ਹੋਂਦ ਕਾਇਮ ਰੱਖਣ ਲਈ ਕੀ ਉਨ੍ਹਾਂ ਦੇ ਵੀ ਕੋਈ ਅਧਿਕਾਰ ਹੋਣੇ ਚਾਹੀਦੇ ਹਨ, ਫਿਰ ਵੀ ਅਸੀਂ ਇਸ ਸਹਿਜ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਜੇ ਪੌਦਿਆਂ ਦੀ ਹੋਂਦ ਮਿਟ ਗਈ ਤਾਂ ਸਾਡੀ ਹੋਂਦ ਵੀ ਨਾਲ ਹੀ ਮਿਟ ਜਾਵੇਗੀ |
(ਸਰੋਤ: ਮਹੀਨਾਵਾਰ ਪੱਤਿ੍ਕਾ Dream 2047)
(ਸਮਾਪਤ)

-ਅਨੁ: ਤੇ ਪੇਸ਼ਕਸ: ਯਸ਼ ਪਾਲ
203/13 ਮੋਹਾਲੀ ਇੰਪ. ਕੋਆਪ. ਸੋਸਾਇਟੀ, ਸੈਕਟਰ 68, ਮੋਹਾਲੀ |
ਫੋਨ : 98145-35005.
ਈਮੇਲ: yashpal.vargchetna@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX