ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਲੋਕ ਮੰਚ

ਰਿਸ਼ਤਿਆਂ ਦੀ ਅਹਿਮੀਅਤ ਨੂੰ ਸੰਭਾਲਣ ਦੀ ਲੋੜ

ਕਦੇ ਬਜ਼ੁਰਗਾਂ ਦਾ ਘਰ ਵਿਚ ਇਕੱਠੇ ਰਹਿਣਾ ਸਾਂਝੀਵਾਲਤਾ ਦਾ ਪ੍ਰਤੀਕ ਸੀ। ਸੱਸ-ਸਹੁਰੇ, ਮਾਂ-ਬਾਪ ਨੂੰ ਘਰ ਦਾ ਜੰਦਰਾ ਸਮਝਿਆ ਜਾਂਦਾ ਸੀ। ਹਰ ਘਰ ਵਿਚ ਸਾਂਝ ਹੁੰਦੀ ਸੀ, ਹਰ ਇਕ ਦੀਆਂ ਸਾਂਝੀਆਂ ਸੋਚਾਂ, ਹਰ ਚੀਜ਼ ਸਾਂਝੀ, ਇਕੱਠੇ ਰਹਿਣਾ, ਇਕੱਠੇ ਖ਼ੁਸ਼ੀਆਂ ਮਨਾਉਣੀਆਂ, ਇਕੱਠੇ ਖਾਣਾ-ਪੀਣਾ ਅਤੇ ਇਕੱਠੇ ਭਾਈਚਾਰਾ ਬਣਾ ਕੇ ਰੱਖਣਾ। ਇਕ ਜੀਅ ਦਾ ਦੁੱਖ ਸਭ ਦਾ ਸਾਂਝਾ ਹੁੰਦਾ ਸੀ। ਆਪਸ ਵਿਚ ਪਿਆਰ ਦੀ ਭਾਵਨਾ ਭਰੀ ਹੋਈ ਸੀ ਅਤੇ ਅਪਣੱਤ ਵਜੋਂ ਬੋਲਿਆ ਜਾਂਦਾ ਸੀ-
ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵਿਹੜਾ
ਜਿੱਥੇ ਪਿਆਰ ਵੱਸਦਾ ਉੱਥੇ ਰੱਬ ਵੱਸਦਾ
ਉਹੀਓ ਬਾਬੇ ਨਾਨਕ ਦਾ ਵਿਹੜਾ
ਵਾਲੀ ਗੱਲ ਸੀ। ਪਰ ਅੱਜ ਦਾ ਮਨੁੱਖ ਆਪਣੇ ਨਿੱਜੀ ਕਮਰੇ, ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਤੱਕ ਸੀਮਤ ਹੋ ਕੇ ਰਹਿ ਗਿਆ। ਮੋਹ ਅਤੇ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਘਰ ਵਿਚ ਹਰ ਚੀਜ਼ ਦੀ ਸਹੂਲਤ ਹੈ ਪਰ ਮਨਾਂ ਅੰਦਰ ਖਾਲੀਪਨ ਹੈ। ਬਹੁਤ ਸਾਰੇ ਇਨਸਾਨ ਇਕੱਲੇਪਣ ਵਿਚ ਰਹਿ ਕੇ ਡਿਪਰੈਸ਼ਨ ਵਿਚ ਜਾ ਰਹੇ ਹਨ। ਇਨਸਾਨ ਨਾ ਤਾਂ ਪੂਰੀ ਤਰ੍ਹਾਂ ਖ਼ੁਸ਼ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸੰਤੁਸ਼ਟ ਹੈ। ਹੋਰ ਤਾਂ ਹੋਰ, ਬਹੁਤ ਸਾਰੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸ ਕਾਰਨ ਮਾਂ-ਬਾਪ ਇਕੱਲੇ ਹੋ ਰਹੇ ਹਨ। ਕਈ ਘਰਾਂ ਵਿਚ ਤਾਂ ਨੂੰਹ-ਸੱਸ, ਦਰਾਣੀ-ਜੇਠਾਣੀ, ਨਨਾਣ-ਭਰਜਾਈ ਭਾਵ ਇਸਤਰੀ ਦੀ ਹਉਮੈ ਘਰ ਵਿਚ ਇਕੱਲਾਪਣ ਅਪਣਾ ਰਹੀ ਹੈ। ਸਹੂਲਤਾਂ ਨਾਲ ਭਰੇ ਘਰ ਨੂੰ ਕਿਸ ਤਰ੍ਹਾਂ ਕੋਈ ਮੋਹ ਦਿਖਾਵੇ, ਕੰਧਾਂ ਨੂੰ ਦੁੱਖ ਨਹੀਂ ਦੱਸਿਆ ਜਾਂਦਾ। ਭਾਵੇਂ ਇਕੱਲੇ ਲੋਕਾਂ ਲਈ ਮੋਬਾਈਲ ਇੰਟਰਨੈੱਟ ਅਤੇ ਟੈਲੀਵਿਜ਼ਨ ਭਰਵੀਂ ਖ਼ੁਰਾਕ ਬਣ ਗਏ ਹਨ ਪਰ ਅਸਲੀ ਮੋਹ ਤਾਂ ਆਪਸ ਵਿਚ ਮਿਲ ਕੇ ਸਾਂਝਾ ਹੁੰਦਾ ਹੈ। ਆਨਲਾਈਨ ਮੋਬਾਈਲਾਂ 'ਤੇ ਸ਼ਕਲ ਤਾਂ ਦੇਖੀ ਜਾਂਦੀ ਹੈ ਪਰ ਜੋ ਪਿਆਰ ਘੁੱਟ ਕੇ ਜੱਫੀ ਪਾ ਕੇ ਮਿਲਦਾ ਹੈ, ਉਹ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਹਰ ਰਿਸ਼ਤੇ ਨੂੰ ਅਹਿਮੀਅਤ ਦੇਣਾ ਬਹੁਤ ਜ਼ਰੂਰੀ ਹੈ।
ਹਰ ਰਿਸ਼ਤੇ ਨੂੰ ਪਿਆਰ ਨਾਲ ਅਪਣਾ ਕੇ ਆਪਸੀ ਸਾਂਝ ਪੈਦਾ ਕਰਨੀ ਚਾਹੀਦੀ ਹੈ। ਕਿਸੇ ਨੂੰ ਆਪਣਾ ਬਣਾਓ ਤਾਂ ਦਿਲ ਤੋਂ ਬਣਾਓ ਜ਼ਬਾਨ ਤੋਂ ਨਹੀਂ, ਕਿਸੇ ਨਾਲ ਗੁੱਸਾ ਕਰੋ ਤਾਂ ਜ਼ਬਾਨ ਤੋਂ ਕਰੋ, ਦਿਲ ਤੋਂ ਨਹੀਂ, ਕਿਉਂਕਿ ਸੂਈ ਵਿਚ ਉਹੀ ਧਾਗਾ ਪ੍ਰਵੇਸ਼ ਕਰਦਾ ਹੈ, ਜਿਸ ਵਿਚ ਕੋਈ ਗੰਢ ਨਹੀਂ ਹੁੰਦੀ। ਹਮੇਸ਼ਾ ਰਿਸ਼ਤੇ ਜੋੜੋ, ਰਿਸ਼ਤੇ ਤੋੜੋ ਨਾ। ਜਿਸ ਨੇ ਰਿਸ਼ਤੇ ਨਿਭਾਉਣੇ ਹੋਣ, ਉਹ ਹਜ਼ਾਰ ਗ਼ਲਤੀਆਂ ਵੀ ਮੁਆਫ਼ ਕਰ ਦਿੰਦਾ ਹੈ, ਇਸ ਲਈ ਕਾਮ, ਕ੍ਰੋਧ, ਲੋਭ, ਅਹੰਕਾਰ ਅਤੇ ਹਉਮੈ ਨੂੰ ਤਿਆਗ ਕੇ ਇਕ ਪਰਿਵਾਰ ਵਿਚ ਰਹਿਣਾ ਸਿੱਖੋ। ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਇਕ ਧਾਗੇ ਵਿਚ ਪਰੋ ਕੇ ਮਾਨਸਿਕਤਾ ਦੀ ਬਿਮਾਰੀ ਤੋਂ ਉੱਪਰ ਉੱਠ ਕੇ ਭਰਪੂਰ ਖ਼ੁਸ਼ੀਆਂ ਵਿਚ ਸਮਾ ਕੇ ਹਰ ਪਾਸੇ ਤਰੱਕੀ ਦਾ ਰਾਹ ਅਪਣਾ ਕੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸੰਭਾਲ ਲਓ। ਰਿਸ਼ਤੇ ਕੱਚ ਦੀ ਤਰ੍ਹਾਂ ਹੁੰਦੇ ਹਨ, ਟੁੱਟ ਜਾਣ ਤਾਂ ਚੁੱਭਦੇ ਹਨ। ਇਨ੍ਹਾਂ ਨੂੰ ਸੰਭਾਲ ਕੇ ਹਥੇਲੀ 'ਤੇ ਸਜਾ ਲਓ, ਕਿਉਂਕਿ ਇਨ੍ਹਾਂ ਨੂੰ ਟੁੱਟਣ ਵਿਚ ਇਕ ਮਿੰਟ ਅਤੇ ਬਣਨ ਵਿਚ ਕਈ ਸਾਲ ਲੱਗ ਜਾਂਦੇ ਹਨ।


-ਸਾਬਕਾ ਲੈਕਚਰਾਰ, ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਗਾ। ਮੋਬਾ: 88724-73322


ਖ਼ਬਰ ਸ਼ੇਅਰ ਕਰੋ

ਆਰ. ਓ. ਪਾਣੀ ਫਾਇਦੇ ਤੇ ਨੁਕਸਾਨ

ਅਸੀਂ ਆਪਣੇ ਬਜ਼ੁਰਗਾਂ ਦੇ ਮੂੰਹੋਂ ਕਈ ਵਾਰੀ ਇਹ ਗੱਲ ਸੁਣਦੇ ਸੀ 'ਲੈ ਪਾਣੀ ਕਿਹੜਾ ਮੁੱਲ ਵਿਕਦਾ', ਪਰ ਅੱਜ ਵਧ ਰਹੇ ਪਦਾਰਥਵਾਦ ਅਤੇ ਬਦਲੇ ਹਾਲਾਤ ਨੇ ਇਸ ਨੂੰ ਮੁੱਲ ਵਿਕਣ ਲਾ ਦਿੱਤਾ ਹੈ। ਬੋਤਲਬੰਦ ਪਾਣੀ ਹਰ ਸਮਾਗਮ ਦੀ ਸ਼ਾਨ ਬਣ ਗਿਆ ਹੈ। ਇਹ ਪਾਣੀ ਬਣਾਉਣ ਵਾਲੀਆਂ ਕੰਪਨੀਆਂ ਭਾਰੀ ਮੁਨਾਫਾ ਕਮਾ ਰਹੀਆਂ ਹਨ, ਬੇਸ਼ੱਕ ਇਸ ਬੋਤਲਬੰਦ ਪਾਣੀ ਦੀ ਗੁਣਵੱਤਾ 'ਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਹੈ। ਖਾਲੀ ਬੋਤਲਾਂ ਦੁਆਰਾ ਵਧ ਰਿਹਾ ਪ੍ਰਦੂਸ਼ਣ ਇਕ ਵੱਖਰਾ ਮੁੱਦਾ ਹੈ। ਘਰਾਂ ਵਿਚ ਵੀ ਧੜਾਧੜ ਆਰ.ਓ. ਸਿਸਟਮ ਲੱਗ ਰਹੇ ਹਨ, ਕਿਉਂਕਿ ਕੰਪਨੀਆਂ ਸਾਨੂੰ ਇਹ ਗੱਲ ਜਚਾ ਦਿੰਦੀਆਂ ਹਨ ਕਿ ਸਾਡੇ ਨਲਕੇ ਜਾਂ ਟੂਟੀ ਦਾ ਪਾਣੀ ਪੀਣ ਲਾਇਕ ਨਹੀਂ ਪਰ ਇਹ ਦਾਅਵੇ ਕਿੰਨੇ ਕੁ ਸਹੀ ਹਨ, ਆਓ ਜਾਣੀਏ।
ਆਰ.ਓ. ਦੀ ਤਕਨੀਕ ਸ਼ੁਰੂ ਵਿਚ ਸਮੁੰਦਰੀ ਇਲਾਕਿਆਂ ਲਈ ਬਣੀ ਸੀ ਅਤੇ ਸਮੁੰਦਰ ਦੇ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਦਾ ਕੰਮ ਕਰਦੀ ਸੀ। ਆਰ.ਓ. ਸਿਸਟਮ ਵਿਚ ਪਾਣੀ ਨੂੰ ਪ੍ਰੈਸ਼ਰ ਦੁਆਰਾ ਇਕ ਮਹੀਨ ਝਿੱਲੀ ਵਿਚੋਂ ਲੰਘਾਇਆ ਜਾਂਦਾ ਹੈ। ਇਸ ਝਿੱਲੀ ਵਿਚ ਬਹੁਤ ਹੀ ਬਾਰੀਕ ਛੇਦ ਹੁੰਦੇ ਹਨ, ਜਿਨ੍ਹਾਂ ਵਿਚੋਂ ਪਾਣੀ ਤੋਂ ਇਲਾਵਾ ਬਹੁਤ ਘੱਟ ਤੱਤ ਨਿਕਲ ਸਕਦੇ ਹਨ। ਜ਼ਿਆਦਾਤਰ ਤੱਤ ਜਿਵੇਂ ਕਿ ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਲੋਹਾ, ਲੈੱਡ, ਰੇਡੀਅਮ, ਆਰਸੈਨਿਕ, ਭਾਰੀ ਧਾਤਾਂ, ਜ਼ਿਆਦਾ ਕੀਟਨਾਸ਼ਕ ਦਵਾਈਆਂ ਆਦਿ ਨਾਪ ਵਿਚ ਪਾਣੀ ਨਾਲੋਂ ਵੱਡੇ ਹੁੰਦੇ ਹਨ, ਜੋ ਇਨ੍ਹਾਂ ਬਾਰੀਕ ਛੇਦਾਂ ਵਿਚੋਂ ਨਹੀਂ ਨਿਕਲ ਸਕਦੇ ਅਤੇ ਪਾਣੀ ਵਿਚੋਂ ਬਾਹਰ ਹੋ ਜਾਂਦੇ ਹਨ, ਪਰ ਕੁਝ ਤੱਤ ਜੋ ਝਿੱਲੀ ਦੇ ਛੇਦਾਂ ਤੋਂ ਛੋਟੇ ਹੁੰਦੇ ਹਨ, ਉਹ ਲੰਘ ਵੀ ਸਕਦੇ ਹਨ। ਸਮੱਸਿਆ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਤੱਤ ਸਰੀਰ ਲਈ ਲੋੜੀਂਦੇ ਵੀ ਹੁੰਦੇ ਹਨ ਅਤੇ ਆਰ.ਓ. ਉਨ੍ਹਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ। ਇਕ ਖੋਜ ਮੁਤਾਬਕ ਸਾਡਾ ਸਰੀਰ ਜ਼ਰੂਰੀ ਤੱਤਾਂ ਦੀ ਰੋਜ਼ਾਨਾ ਲੋੜ ਦਾ ਤਕਰੀਬਨ 6-30 ਫੀਸਦੀ ਪਾਣੀ ਤੋਂ ਹੀ ਪੂਰੀ ਕਰਦਾ ਹੈ।
ਤੱਤ ਵਿਹੂਣਾ ਪਾਣੀ ਜਾਂ ਆਰ.ਓ. ਪਾਣੀ ਕੁਦਰਤੀ ਪਾਣੀ ਦੇ ਮੁਕਾਬਲੇ ਤੇਜ਼ਾਬੀ ਹੁੰਦਾ ਹੈ। ਇਹ ਸਰੀਰ ਦੇ ਅੰਗਾਂ 'ਤੇ ਮਾੜਾ ਅਸਰ ਪਾਉਂਦਾ ਹੈ ਅਤੇ ਸਰੀਰ ਵਿਚੋਂ ਕਈ ਜ਼ਰੂਰੀ ਤੱਤ ਆਪਣੇ ਵਿਚ ਘੋਲ ਕੇ ਲੈ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਦੀ ਇਕ ਰਿਪੋਰਟ ਮੁਤਾਬਿਕ ਤੱਤ ਵਿਹੂਣਾ ਜਾਂ ਘੱਟ ਤੱਤਾਂ ਵਾਲਾ ਪਾਣੀ ਡਾਈਯੂਰੀਸਿਸ ਯਾਨੀ ਕਿ ਕਿਡਨੀ ਦੁਆਰਾ ਪਿਸ਼ਾਬ ਬਣਾਉਣ ਦੀ ਸਮਰੱਥਾ ਵਿਚ 20 ਫੀਸਦੀ ਵਾਧਾ ਕਰ ਸਕਦਾ ਹੈ ਅਤੇ ਇਹ ਪਾਣੀ ਸਰੀਰ ਵਿਚੋਂ ਕਈ ਜ਼ਰੂਰੀ ਤੱਤਾਂ ਜਿਵੇਂ ਕਿ ਸੋਡੀਅਮ, ਪੋਟਾਸ਼ੀਅਮ, ਕਲੋਰੀਨ, ਕੈਲਸ਼ੀਅਮ, ਮੈਗਨੀਸ਼ੀਅਮ ਨੂੰ ਜ਼ਿਆਦਾ ਮਾਤਰਾ ਵਿਚ ਘੋਲ ਕੇ ਆਪਣੇ ਨਾਲ ਲੈ ਜਾਂਦਾ ਹੈ। ਆਰ.ਓ. ਦੀ ਪ੍ਰਕਿਰਿਆ ਦੌਰਾਨ ਕਾਫੀ ਮਾਤਰਾ ਵਿਚ ਪੀਣ ਯੋਗ ਪਾਣੀ ਬਰਬਾਦ ਵੀ ਹੁੰਦਾ ਹੈ। ਇਕ ਲੀਟਰ ਆਰ.ਓ. ਪਾਣੀ ਲਈ ਤਕਰੀਬਨ 3-4 ਲੀਟਰ ਪਾਣੀ ਨਾਲੀ ਵਿਚ ਰੁੜ੍ਹ ਜਾਂਦਾ ਹੈ।
ਤਾਂ ਕੀ ਸਾਨੂੰ ਆਰ.ਓ. ਸਿਸਟਮ ਵਰਤਣੇ ਨਹੀਂ ਚਾਹੀਦੇ? ਤੱਤ ਵਿਹੂਣਾ ਪਾਣੀ ਸਾਡੇ ਸਰੀਰ ਲਈ ਨੁਕਸਾਨਦੇਹ ਹੈ ਜਿਵੇਂ ਕਿ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਦਰਸਾਉਂਦੀ ਹੈ। ਲੋੜ ਹੈ ਕਿ ਇਸ ਪਾਣੀ ਵਿਚ ਜ਼ਰੂਰੀ ਤੱਤ ਦੁਬਾਰਾ ਮਿਲਾਏ ਜਾਣ, ਜਿਸ ਨਾਲ ਕਿ ਇਹ ਤੇਜ਼ਾਬੀ ਨਾ ਰਹੇ ਅਤੇ ਸਾਡੇ ਸਰੀਰ ਨੂੰ ਲੋੜੀਂਦੇ ਤੱਤ ਪ੍ਰਦਾਨ ਕਰੇ। ਕੁਦਰਤੀ ਪਾਣੀ ਦਾ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਕੋਈ ਤੋੜ ਹੈ। ਪਰ ਜੇਕਰ ਕਿਤੇ ਪਾਣੀ ਜ਼ਿਆਦਾ ਹੀ ਪ੍ਰਦੂਸ਼ਿਤ ਹੈ ਤਾਂ ਆਰ.ਓ. ਦੇ ਫਾਇਦੇ ਨੁਕਸਾਨ ਤੋਂ ਜ਼ਿਆਦਾ ਹੋ ਸਕਦੇ ਹਨ। ਲੋੜ ਹੈ ਕਿ ਇਸ ਅਮੁੱਲੀ ਦਾਤ ਪਾਣੀ ਨੂੰ ਇਸ ਦੇ ਕੁਦਰਤੀ ਰੂਪ ਵਿਚ ਸਾਂਭਿਆ ਜਾਵੇ ਅਤੇ ਵਰਤਿਆ ਜਾਵੇ।

-ਅਸਿਸਟੈਂਟ ਪ੍ਰੋਫੈਸਰ, ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ। ਮੋਬਾ: 84275-00475

ਮਾਣ-ਮੱਤੇ ਅਧਿਆਪਕ-3

ਵਿਦਿਆਰਥੀਆਂ ਤੇ ਸਕੂਲ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ ਰੌਸ਼ਨ ਲਾਲ

ਇਕ ਅਧਿਆਪਕ ਕਿਸੇ ਇਕ ਖੇਤਰ ਨਹੀਂ ਬਲਕਿ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਕ ਅਧਿਆਪਕ ਨੂੰ ਤਾਂਘ ਹੁੰਦੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਦੁਨੀਆ ਭਰ ਦੀ ਹਰ ਕੰਮ ਦੀ ਗੱਲ ਦੱਸੇ, ਆਪਣੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਵੇ ਤਾਂ ਜੋ ਉਸ ਦੇ ਵਿਦਿਆਰਥੀ ਚੰਗੇ ਇਨਸਾਨ ਬਣ ਸਕਣ ਅਤੇ ਸੋਹਣੇ ਸਮਾਜ ਦੀ ਸਿਰਜਣਾ ਹੋ ਸਕੇ। ਵਿਦਵਾਨ ਅਧਿਆਪਕਾਂ ਨੂੰ ਸੁਣ ਕੇ ਗਿਆਨ ਦੀ ਭੁੱਖ ਜਾਗਦੀ ਹੈ। ਹਮੇਸ਼ਾ ਚੰਗੀਆਂ ਗੱਲਾਂ ਦੱਸਣ ਵਾਲੇ ਅਧਿਆਪਕ ਵਿਦਿਆਰਥੀਆਂ ਨੂੰ ਜੀਵਨ ਭਰ ਨਹੀਂ ਭੁੱਲਦੇ। ਅਜਿਹੇ ਹੀ ਵਿਦਵਾਨ ਅਧਿਆਪਕ ਹਨ ਸ੍ਰੀ ਰੌਸ਼ਨ ਲਾਲ ਜਿਹੜੇ ਬੱਚਿਆਂ ਨੂੰ ਉਨ੍ਹਾਂ ਵਰਗੇ ਬਣ ਕੇ ਹੀ ਪੜ੍ਹਾਉਂਦੇ ਨਜ਼ਰ ਆਉਂਦੇ ਹਨ। ਇਤਿਹਾਸਕ ਧਰਤੀ ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਖ਼ੈਰਾਬਾਦ ਵਿਚ ਬਤੌਰ ਸੈਂਟਰ ਹੈੱਡ ਟੀਚਰ ਸੇਵਾਵਾਂ ਨਿਭਾਅ ਰਹੇ ਸ੍ਰੀ ਰੌਸ਼ਨ ਲਾਲ ਸਮੁੱਚੇ ਅਧਿਆਪਕ ਜਗਤ ਲਈ ਪ੍ਰੇਰਨਾ ਸਰੋਤ ਹਨ। 25 ਮਾਰਚ 1957 ਨੂੰ ਜਨਮੇ ਸ੍ਰੀ ਰੌਸ਼ਨ ਲਾਲ ਹੁਣ ਆਪਣੀ ਉਮਰ ਦੇ 61ਵੇਂ ਵਰ੍ਹੇ ਵਿਚ ਵੀ ਦਿਨ ਰਾਤ ਆਪਣੇ ਵਿਦਿਆਰਥੀਆਂ ਤੇ ਸਕੂਲ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ, ਜਿਨ੍ਹਾਂ ਦੇ ਸਕੂਲ ਆਉਂਦਿਆਂ ਹੀ ਵਿਦਿਆਰਥੀਆਂ ਦੀ ਭੀੜ ਉਨ੍ਹਾਂ ਦੁਆਲੇ ਇੰਝ ਇਕੱਠੀ ਹੋ ਜਾਂਦੀ ਹੈ, ਜਿਵੇਂ ਪੁਰਾਣੇ ਸਮਿਆਂ ਵਿਚ ਸ਼ਹਿਰੋਂ ਆਏ ਬਾਪੂ ਦੇ ਸਾਈਕਲ ਦੁਆਲੇ ਉਨ੍ਹਾਂ ਦੇ ਨਿਆਣੇ ਹੋ ਜਾਇਆ ਕਰਦੇ ਸਨ। ਸਿੱਖਿਆ ਜਗਤ ਵਿਚ ਕੀਤੇ ਮਾਣ ਮੱਤੇ ਕੰਮਾਂ ਬਦਲੇ ਸ੍ਰੀ ਰੌਸ਼ਨ ਲਾਲ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਅਧਿਆਪਕ ਪੁਰਸਕਾਰ ਅਤੇ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜੋ ਚੋਣਵੇਂ ਅਧਿਆਪਕਾਂ ਦੇ ਹਿੱਸੇ ਹੀ ਆਉਂਦਾ ਹੈ। ਸ੍ਰੀ ਰੌਸ਼ਨ ਲਾਲ ਅਜਿਹੇ ਅਧਿਆਪਕ ਹਨ ਜਿਨ੍ਹਾਂ ਨੇ ਕਦੇ ਮੁਸ਼ਕਿਲਾਂ ਨੂੰ ਵੇਖ ਆਪਣਾ ਇਰਾਦਾ ਕਮਜ਼ੋਰ ਨਹੀਂ ਕੀਤਾ, ਸਗੋਂ ਹਿਮੰਤ ਤੇ ਦਲੇਰੀ ਨਾਲ ਹਰ ਸਮੱਸਿਆ ਦਾ ਹੱਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਵਾਲ ਦਾ ਜਵਾਬ ਹੁੰਦਾ ਹੈ ਅਤੇ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਜਿਸ ਸਵਾਲ ਦਾ ਜਵਾਬ ਨਹੀਂ ਹੁੰਦਾ, ਉਹ ਸਵਾਲ ਹੀ ਨਹੀਂ ਹੁੰਦਾ। ਉਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਸਰਕਾਰੀ ਸਕੂਲਾਂ ਤੋਂ ਕੀਤੀ ਅਤੇ 1975 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੁਹਲ ਤੋਂ ਆਪਣਾ ਅਧਿਆਪਨ ਦਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਬਨਾਰਸੀ ਦੇਵੀ ਜੋ ਖ਼ੁਦ ਇਕ ਅਧਿਆਪਕਾ ਹਨ ਅਤੇ ਇਹ ਦੋਵੇਂ ਅੰਮ੍ਰਿਤਸਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਸੌਦਾ ਸਿੰਘ ਵਿਚ 20 ਸਾਲ ਇਕੱਠੇ ਬੱਚਿਆਂ ਦੀ ਭਲਾਈ ਲਈ ਸੇਵਾਵਾਂ ਦਿੰਦੇ ਰਹੇ ਹਨ।
2006 ਵਿਚ ਬਤੌਰ ਹੈੱਡ ਟੀਚਰ ਪਦ ਉੱਨਤ ਹੋਏ ਸ੍ਰੀ ਰੌਸ਼ਨ ਲਾਲ ਨੂੰ ਜਿੱਥੇ ਕਈ ਸੰਸਥਾਵਾਂ ਸਨਮਾਨਿਤ ਕਰ ਚੁੱਕੀਆਂ ਹਨ, ਉੱਥੇ 15 ਅਗਸਤ 2009 ਨੂੰ ਤਤਕਾਲੀ ਡਿਪਟੀ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂੰ ਵੀ ਉਨ੍ਹਾਂ ਨੂੰ ਵਿਲੱਖਣ ਕਾਰਜਾਂ ਕਰ ਕੇ ਜ਼ਿਲ੍ਹਾ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੇ ਹਨ। ਸ੍ਰੀ ਰੌਸ਼ਨ ਲਾਲ ਨੇ ਜਿੱਥੇ ਬੱਚਿਆਂ ਦੀਆਂ ਬੁਨਿਆਦੀ ਲੋੜਾਂ ਤੇ ਉਨ੍ਹਾਂ ਦੀ ਪੜ੍ਹਾਈ ਲਈ ਸਖ਼ਤ ਮਿਹਨਤ ਕੀਤੀ ਉੱਥੇ ਬੱਚਿਆਂ ਦੀ ਸਿਹਤ ਪ੍ਰਤੀ ਵੀ ਉਹ ਬਹੁਤ ਗੰਭੀਰ ਨਜ਼ਰ ਆਏ ਹਨ। ਇਸੇ ਲਈ 5 ਸਤੰਬਰ 2010 ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ। ਸ੍ਰੀ ਰੌਸ਼ਨ ਲਾਲ ਜੀ ਵਰਗੀ ਮਿੱਠਬੋਲੜੀ ਤੇ ਨਰਮਦਿਲ ਸ਼ਖ਼ਸੀਅਤ ਨੂੰ 5 ਸਤੰਬਰ, 2012 ਨੂੰ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੜਕੀਆਂ ਨੂੰ ਸਿੱਖਿਅਤ ਕਰਨ ਲਈ ਯਤਨਸ਼ੀਲ ਰਹਿਣ ਵਾਲੇ ਸ੍ਰੀ ਰੌਸ਼ਨ ਲਾਲ ਨੇ ਇਕ ਬਾਪ ਹੋਣ ਦਾ ਫਰਜ਼ ਵੀ ਬਾਖੂਬੀ ਨਿਭਾਇਆ। ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਵਾਲੀ ਉਨ੍ਹਾਂ ਦੀ ਸਮੁੱਤਰੀ ਡਾ: ਸਵਾਤੀ ਸ਼ਰਮਾ ਅੱਜਕਲ੍ਹ ਵਿਦੇਸ਼ੀ ਧਰਤੀ 'ਤੇ ਐਮ. ਡੀ. ਕਰ ਰਹੀ ਹੈ। ਸ੍ਰੀ ਰੌਸ਼ਨ ਲਾਲ ਦਾ ਮੰਨਣਾ ਹੈ ਕਿ ਅਧਿਆਪਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜਿਨ੍ਹਾਂ ਦੀ ਚੰਗੀ ਸ਼ਖ਼ਸੀਅਤ ਸਾਰੇ ਲੋਚਦੇ ਹਨ ਅਤੇ ਇਕ ਅਧਿਆਪਕ ਹੀ ਹੈ ਜਿਸ ਤੋਂ ਸਮਾਜ ਨੂੰ ਸਭ ਤੋਂ ਵੱਧ ਉਮੀਦ ਹੁੰਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਕ ਅਧਿਆਪਕ ਦਾ ਅਸਲ ਪੁਰਸਕਾਰ ਉਸ ਦਾ ਕਾਬਲ ਵਿਦਿਆਰਥੀ ਹੁੰਦਾ ਹੈ ਅਤੇ ਅਧਿਆਪਕ ਦਾ ਉਹ ਦਿਨ ਸਭ ਤੋਂ ਵੱਡਾ ਤੇ ਵਧੇਰੇ ਖੁਸ਼ੀ ਵਾਲਾ ਹੁੰਦਾ ਹੈ ਜਿਸ ਦਿਨ ਉਸ ਦਾ ਵਿਦਿਆਰਥੀ ਕਿਸੇ ਸਨਮਾਨਜਨਕ ਸਥਾਨ 'ਤੇ ਪਹੁੰਚ ਜਾਂਦਾ ਹੈ। ਸ੍ਰੀ ਰੌਸ਼ਨ ਲਾਲ ਨੇ ਸਿੱਧ ਕਰ ਦਿੱਤਾ ਹੈ ਕਿ ਅਧਿਆਪਕ ਇਕ ਮੋਮਬੱਤੀ ਵਾਂਗ ਖੁਦ ਬਲ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਰੁਸ਼ਨਾਉਂਦਾ ਹੈ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ) ਮੋਬਾ : 93565 52000

ਕਿਉਂ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ ਸਕੂਲੀ ਬੱਸਾਂ

ਮਾਂ ਆਪਣੇ ਕਲੇਜੇ ਦੇ ਟੁਕੜੇ ਨੂੰ ਸਵੇਰੇ ਉੱਠ ਕੇ ਤਿਆਰ ਕਰਦੀ ਹੈ ਅਤੇ ਪਿਤਾ ਉਸ ਨੂੰ ਉਸ ਦੀ ਬੱਸ ਤੱਕ ਛੱਡਣ ਜਾਂਦਾ ਹੈ ਕਿ ਮੇਰਾ ਬੱਚਾ ਚੰਗੇ ਸਕੂਲ ਵਿਚ ਪੜ੍ਹ-ਲਿਖ ਕੇ ਚੰਗਾ ਇਨਸਾਨ ਬਣੇ। ਪਰ ਕਈ ਵਾਰ ਸਕੂਲ ਦੀਆਂ ਬੱਸਾਂ ਰਸਤੇ ਵਿਚ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਮਾਸੂਮ ਬੱਚਿਆਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਪ੍ਰਸ਼ਾਸਨ ਅਤੇ ਸਕੂਲ ਵਾਲੇ ਕੁਝ ਵੀ ਕਹਿਣ ਤੋਂ ਅਸਮਰੱਥ ਹੁੰਦੇ ਹਨ।
ਸਭ ਤੋਂ ਪਹਿਲਾਂ ਕਾਂਗੜਾ ਜ਼ਿਲ੍ਹੇ ਦੇ ਨੂਰਪੁਰ ਦੇ ਚੇਲੀ ਵਿਚ ਬੀਤੇ 9 ਅਪ੍ਰੈਲ ਨੂੰ ਛੁੱਟੀ ਤੋਂ ਬਾਅਦ ਘਰ ਛੱਡਣ ਜਾ ਰਹੀ 42 ਮੀਟਰ ਸਕੂਲ ਬੱਸ 700 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ ਸੀ। ਇਸ ਹਾਦਸੇ ਵਿਚ 24 ਬੱਚਿਆਂ ਸਮੇਤ ਕੁੱਲ 28 ਲੋਕਾਂ ਦੀ ਜਾਨ ਚਲੀ ਗਈ ਸੀ।
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਸਕੂਲ ਬੱਸ ਦੇ ਰੇਲਵੇ ਕ੍ਰਾਸਿੰਗ 'ਤੇ ਰੇਲ ਗੱਡੀ ਨਾਲ ਟਕਰਾਏ ਜਾਣ ਨਾਲ 13 ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਬੱਸ ਡਰਾਈਵਰ ਸੀ। ਇਸ ਵੈਨ ਵਿਚ ਲਗਪਗ 25 ਬੱਚੇ ਸਵਾਰ ਸਨ। ਮੌਕੇ 'ਤੇ 11 ਬੱਚੇ ਅਤੇ ਡਰਾਈਵਰ ਦੀ ਮੌਤ ਹੋ ਗਈ, ਜਦੋਂਕਿ 2 ਬੱਚਿਆਂ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦਿੱਲੀ 26 ਅਪ੍ਰੈਲ ਕੇਸ਼ਵਪੁਰਮ ਇਲਾਕੇ ਵਿਚ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਵੈਨ ਵਿਚ ਸਵਾਰ 18 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਸਕੂਲ ਵੈਨ ਅਤੇ ਟੈਂਪੂ ਵਿਚਕਾਰ ਟੱਕਰ ਹੋਣ ਦੀ ਵਜ੍ਹਾ ਨਾਲ ਬੱਚੇ ਜ਼ਖਮੀ ਹੋ ਗਏ।
ਬਿਹਾਰ ਦੇ ਸੁਪੌਲ ਵਿਚ ਸਕੂਲ ਦੀ ਗੱਡੀ ਬੇਕਾਬੂ ਹੋ ਕੇ ਵਿਚਕਾਰ ਸੜਕ 'ਤੇ ਪਲਟ ਗਈ। ਗੱਡੀ ਪਲਟਦੇ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। 8 ਮਈ ਨੂੰ ਹੋਏ ਇਸ ਹਾਦਸੇ ਵਿਚ 7 ਬੱਚਿਆਂ ਦੇ ਹੱਥ ਦੀਆਂ ਉਂਗਲੀਆਂ ਵੱਢੀਆਂ ਗਈਆਂ, ਤਿੰਨ ਬੱਚਿਆਂ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਹੈ।
ਹੁਣ ਅਸੀਂ ਜੇਕਰ ਇਨ੍ਹਾਂ ਹਾਦਸਿਆਂ ਉੱਤੇ ਗੌਰ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਇਨ੍ਹਾਂ ਦੁਰਘਟਨਾਵਾਂ ਵਿਚ ਅਸੀਂ ਕਿੰਨੀਆਂ ਮਾਸੂਮ ਜਾਨਾਂ ਗਵਾ ਚੁੱਕੇ ਹਾਂ। ਪਰ ਇਹ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ। ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪਾ ਸਕੀਏ। ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਇਨ੍ਹਾਂ ਡਰਾਈਵਰਾਂ ਨਾਲ ਸਾਡਾ ਸੰਪਰਕ ਹਫਤੇ ਬਾਅਦ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਪਤਾ ਰਹੇ ਕਿ ਇਹ ਜੋ ਡਰਾਈਵਰ ਰੱਖੇ ਹੋਏ ਹਨ, ਕੀ ਤਜਰਬੇਕਾਰ ਹਨ ਕਿ ਨਹੀਂ। ਜੇਕਰ ਸਾਥੋਂ ਮੋਟੀਆਂ-ਮੋਟੀਆਂ ਫੀਸਾਂ ਲਈਆਂ ਜਾ ਰਹੀਆਂ ਹਨ ਤਾਂ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੇ ਠੇਕੇਦਾਰਾਂ ਜਾਂ ਸਕੂਲਾਂ ਵਾਲਿਆਂ ਨਾਲ ਸਾਡਾ ਸੰਪਰਕ ਜ਼ਰੂਰ ਹੋਣਾ ਚਾਹੀਦਾ ਹੈ।

-ਮੁਹਾਲੀ। ਮੋਬਾ: 98785-19278

ਨੈਤਿਕਤਾ ਦਾ ਗਿਆਨ ਵੀ ਦੇਣ ਵਿੱਦਿਅਕ ਅਦਾਰੇ

ਕੁਝ ਦਿਨ ਪਹਿਲਾਂ ਦੀ ਖ਼ਬਰ ਹੈ ਇਕ ਕਾਲਜ ਦੇ ਪ੍ਰੀਖਿਆ ਸੁਪਰਡੈਂਟ ਨੂੰ ਕੁਝ ਵਿਦਿਆਰਥੀਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ਵਿਚ ਜ਼ਖਮੀ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਖ਼ਬਰ ਪੜ੍ਹ ਕੇ ਮਨ ਉਦਾਸ ਹੋ ਗਿਆ। ਉਕਤ ਪ੍ਰੀਖਿਆ ਸੁਪਰਡੈਂਟ ਨੇ ਪ੍ਰੀਖਿਆ ਕੇਂਦਰ ਵਿਚ ਸਖਤੀ ਕੀਤੀ ਹੋਈ ਸੀ ਤਾਂ ਕਿ ਨਕਲ ਰਹਿਤ ਪ੍ਰੀਖਿਆ ਵਧੀਆ ਮਾਹੌਲ ਵਿਚ ਹੋ ਸਕੇ। ਅਜਿਹਾ ਤਾਂ ਕੁਝ ਵੀ ਗ਼ਲਤ ਨਹੀਂ ਸੀ ਕਿ ਉਸ ਅਧਿਆਪਕ ਉੱਤੇ ਹਮਲਾ ਕੀਤਾ ਜਾਂਦਾ। ਪ੍ਰੀਖਿਆ ਸੁਪਰਡੈਂਟ ਦੁਆਰਾ ਵਧੀਆ ਢੰਗ ਨਾਲ ਲਈ ਜਾਂਦੀ ਪ੍ਰੀਖਿਆ ਲਈ ਉਹ ਸ਼ਾਬਾਸ਼ ਦਾ ਹੱਕਦਾਰ ਸੀ। ਖੈਰ, ਜੋ ਹੋਇਆ ਬਹੁਤ ਮਾੜਾ ਹੋਇਆ। ਇਹ ਸਭ ਦੇਖ ਕੇ ਵਿਦਿਆਰਥੀਆਂ ਵਿਚ ਨੈਤਿਕਤਾ ਦੀ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ। ਗੁਰੂ ਰੂਪ ਅਧਿਆਪਕ ਉੱਤੇ ਬੜੇ ਬੇਰਹਿਮ ਤਰੀਕੇ ਨਾਲ ਕੀਤਾ ਹਮਲਾ ਇਸ ਗੱਲ ਦਾ ਪ੍ਰਮਾਣ ਹੈ। ਸਿਰਫ ਡਿਗਰੀ ਲੈਣ ਨਾਲ ਹੀ ਕੋਈ ਸਿਆਣਾ ਜਾਂ ਸਮਝਦਾਰ ਨਹੀਂ ਹੋ ਜਾਂਦਾ। ਸਮਾਜ ਵਿਚ ਬਹੁਤ ਸਾਰੇ ਅਜਿਹੇ ਇਨਸਾਨ ਹਨ, ਜੋ ਬਿਲਕੁਲ ਅਨਪੜ੍ਹ ਹਨ ਪਰ ਉਹ ਬਹੁਤ ਉੱਚੀ ਸਮਝ ਦੇ ਮਾਲਕ ਹਨ। ਉਨ੍ਹਾਂ ਨੂੰ ਪਤਾ ਹੈ ਕਿ ਦੂਜੇ ਇਨਸਾਨ ਦੀ ਇੱਜ਼ਤ ਕਿਵੇਂ ਕਰਨੀ ਹੈ।
ਜਮਾਤ ਵਿਚ ਪੜ੍ਹਾਉਂਦੇ ਸਮੇਂ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਬਾਰੇ ਦੱਸਣਾ ਜਾਂ ਪੜ੍ਹਾਉਣਾ ਅੱਜ ਸਮੇਂ ਦੀ ਵੱਡੀ ਲੋੜ ਹੈ। ਮਨੁੱਖੀ ਜੀਵਨ ਵਿਚ ਨੈਤਿਕਤਾ ਦੀ ਬਹੁਤ ਮਹੱਤਤਾ ਹੈ। ਕਿਸੇ ਦੋਸਤ ਕੋਲੋਂ ਸੁਣੀ ਇਕ ਛੋਟੀ ਜਿਹੀ ਕਹਾਣੀ ਮੈਨੂੰ ਯਾਦ ਹੈ। ਕਹਿੰਦੇ ਇਕ ਬਹੁਤ ਹੀ ਸ਼ਰਾਰਤੀ ਕਿਸਮ ਦਾ ਨੌਜਵਾਨ ਸੀ। ਉਹ ਜਦੋਂ ਵੀ ਕਿਸੇ ਨੂੰ ਦੇਖਦਾ, ਉਸ ਨਾਲ ਅਧਿਆਪਕ ਮਖੌਲ ਕਰਨ ਲਗਦਾ ਜਾਂ ਕਈ ਵਾਰੀ ਥੱਪੜ ਜਾਂ ਧੱਕਾ-ਮੁੱਕੀ ਵੀ ਮਾਰ ਦਿੰਦਾ। ਇਕ ਵਾਰੀ ਉਸ ਨੇ ਕਿਸੇ ਬਜ਼ੁਰਗ ਬੰਦੇ ਨਾਲ ਅਧਿਆਪਕ ਮਖੌਲ ਕਰਨ ਤੋਂ ਬਾਅਦ ਉਸ ਨੂੰ ਧੱਕਾ ਮਾਰ ਦਿੱਤਾ। ਬਜ਼ੁਰਗ ਡਿਗ ਪਿਆ। ਬਜ਼ੁਰਗ ਨੇ ਉਠਦੇ ਸਾਰ ਨੌਜਵਾਨ ਨੂੰ ਆਪਣੇ ਖੀਸੇ 'ਚੋਂ ਇਕ ਰੁਪਿਆ ਕੱਢ ਕੇ ਇਨਾਮ ਵਜੋਂ ਦਿੱਤਾ। ਨੌਜਵਾਨ ਖੁਸ਼ ਹੋ ਗਿਆ। ਇਕ ਦਿਨ ਉਸ ਨੌਜਵਾਨ ਨੂੰ ਇਕ ਹਮਉਮਰ ਗੱਭਰੂ ਮਿਲ ਗਿਆ। ਉਹੀ ਕੁਝ ਜੋ ਉਸ ਨੇ ਉਸ ਦਿਨ ਬਜ਼ੁਰਗ ਨਾਲ ਕੀਤਾ ਸੀ, ਉਸ ਗੱਭਰੂ ਨਾਲ ਵੀ ਕੀਤਾ। ਨਤੀਜਾ ਬਹੁਤ ਗੰਭੀਰ ਨਿਕਲਿਆ ਅਤੇ ਸ਼ਰਾਰਤੀ ਨੌਜਵਾਨ ਨੂੰ ਮੂੰਹ ਦੀ ਖਾਣੀ ਪਈ। ਨੈਤਿਕ ਗੁਣਾਂ ਨਾਲ ਲੈਸ ਇਨਸਾਨ ਅਜਿਹੀਆਂ ਹੋਛੀਆਂ ਜਾਂ ਕੋਝੀਆਂ ਹਰਕਤਾਂ ਨਹੀਂ ਕਰਦਾ। ਜੇਕਰ ਨੈਤਿਕ ਕਦਰਾਂ-ਕੀਮਤਾਂ ਸਾਡੇ ਵਿਚ ਜਿਊਂਦੀਆਂ ਹੋਣਗੀਆਂ ਤਾਂ ਅਸੀਂ ਕਿਸੇ ਵੀ ਗ਼ਲਤ ਕੰਮ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਜ਼ਰੂਰ ਸੋਚਾਂਗੇ ਅਤੇ ਸਾਡੀ ਜ਼ਮੀਰ ਉਸ ਗ਼ਲਤ ਕੰਮ ਨੂੰ ਕਰਨ ਲਈ ਕਦੇ ਵੀ ਰਾਜ਼ੀ ਹੀ ਨਹੀਂ ਹੋਵੇਗੀ।
ਕੁਝ ਮਹੀਨੇ ਪਹਿਲਾਂ ਹਰਿਆਣਾ ਸੂਬੇ ਦੇ ਇਕ ਸਰਕਾਰੀ ਕਾਲਜ ਵਿਚ ਇਕ ਵਿਦਿਆਰਥੀ ਨੇ ਦਿਨ-ਦਿਹਾੜੇ ਇਕ ਪ੍ਰੋਫੈਸਰ ਨੂੰ ਗੋਲੀ ਮਾਰ ਕੇ ਕਾਲਜ ਵਿਚ ਹੀ ਮਾਰ ਦਿੱਤਾ। ਖ਼ਬਰ ਪੜ੍ਹ ਕੇ ਪਤਾ ਲੱਗਾ ਕਿ ਪ੍ਰੋਫੈਸਰ ਨੇ ਵਿਦਿਆਰਥੀ ਨੂੰ ਜਮਾਤ ਵਿਚ ਲੜਕੀਆਂ ਨਾਲ ਗੱਲ ਕਰਨ ਤੋਂ ਰੋਕਿਆ ਸੀ। ਜ਼ਿੰਦਗੀ ਦੇ ਨੈਤਿਕ ਪੱਖ ਤੋਂ ਵਿਹੂਣੇ ਵਿਦਿਆਰਥੀ ਦੇ ਅੰਨ੍ਹੇ ਗੁੱਸੇ ਨੇ ਇਕ ਅਧਿਆਪਕ ਦੀ ਜਾਨ ਲੈ ਲਈ। ਬਤੌਰ ਇਕ ਕਾਲਜ ਅਧਿਆਪਕ ਮੈਂ ਸਮਝਦਾ ਹਾਂ ਕਿ ਅੱਜ ਵਿਦਿਆਰਥੀਆਂ ਨੂੰ ਨੈਤਿਕ ਗੁਣ ਸਿਖਾਉਣਾ ਸਮੇਂ ਦੀ ਇਕ ਵੱਡੀ ਲੋੜ ਹੈ। ਕਿਤਾਬੀ ਪੜ੍ਹਾਈ ਕਰਨ ਨਾਲ ਵਿਦਿਆਰਥੀ ਕੋਲ ਡਿਗਰੀ ਤਾਂ ਆ ਜਾਂਦੀ ਹੈ ਪਰ ਜ਼ਿੰਦਗੀ ਦੇ ਨੈਤਿਕ ਪੱਖ ਤੋਂ ਉਹ ਅਣਜਾਣ ਰਹਿ ਜਾਂਦਾ ਹੈ। ਵਿੱਦਿਅਕ ਅਤੇ ਨੈਤਿਕ ਵਿਵਹਾਰ ਮਿਲ ਕੇ ਇਕ ਚੰਗੇ ਮਨੁੱਖ ਦਾ ਨਿਰਮਾਣ ਕਰਦੇ ਹਨ। ਰੋਜ਼ਾਨਾ ਦੇ ਟਾਈਮ ਟੇਬਲ ਵਿਚ ਤਕਰੀਬਨ 40 ਮਿੰਟ ਅਜਿਹੇ ਰੱਖਣੇ ਚਾਹੀਦੇ ਹਨ, ਜਿਸ ਦੌਰਾਨ ਅਧਿਆਪਕ ਵਿਦਿਾਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਨੈਤਿਕ ਗਿਆਨ ਵੀ ਦੇਣ। ਬੇਸ਼ੱਕ ਵਿਦਿਆਰਥੀ ਸ਼ੁਰੂ ਦੀਆਂ ਜਮਾਤਾਂ ਤੋਂ ਹੀ ਅਜਿਹੀਆਂ ਕਿਤਾਬਾਂ ਪੜ੍ਹਦੇ ਹਨ, ਜਿਨ੍ਹਾਂ ਤੋਂ ਬਹੁਤ ਕੁਝ ਨੈਤਿਕ ਸਿੱਖਣ ਨੂੰ ਮਿਲਦਾ ਹੈ ਪਰ ਕਾਲਜ ਪੱਧਰ 'ਤੇ ਇਸ ਗਿਆਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਅੱਜ ਜੋ ਵਿਦਿਆਰਥੀ ਅਧਿਆਪਕ 'ਤੇ ਹਮਲਾ ਕਰਦਾ ਹੈ, ਉਹ ਕੱਲ੍ਹ ਨੂੰ ਅਜਿਹਾ ਕੁਝ ਆਪਣੇ ਪਰਿਵਾਰ ਜਾਂ ਸਮਾਜ ਵਿਚ ਵੀ ਕਰ ਸਕਦਾ ਹੈ, ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਇਕ ਅਧਿਆਪਕ, ਵਿਦਿਆਰਥੀ ਨੂੰ ਇਕ ਚੰਗਾ ਨਾਗਰਿਕ ਬਣਾ ਸਕਦਾ ਹੈ। ਅਧਿਆਪਕ ਕੋਲ ਉਹ ਗਿਆਨ ਹੈ ਜੋ ਵਿਦਿਆਰਥੀ ਹੋਰ ਕਿਤਿਓਂ ਵੀ ਹਾਸਲ ਨਹੀਂ ਕਰ ਸਕਦਾ। ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਹੀ ਅਧਿਆਪਕ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਚਾਈਆਂ ਤੋਂ ਜਾਣੂ ਕਰਵਾਉਂਦੇ ਹੋਏ ਇਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸੋ ਆਓ, ਨੈਤਿਕਤਾ ਦੀ ਨੀਂਹ 'ਤੇ ਇਕ ਸੋਹਣਾ ਸਮਾਜ ਉਸਾਰਨ ਲਈ ਹੰਭਲਾ ਮਾਰੀਏ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਫ਼ਤਹਿਗੜ੍ਹ ਸਾਹਿਬ।
ਮੋਬਾ: 94784-60084

ਮਨੁੱਖੀ ਗ਼ਲਤੀਆਂ ਦਾ ਨਤੀਜਾ ਹੈ ਜਲ ਸੰਕਟ

ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਲ ਹੀ ਜੀਵਨ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਏਨੇ ਵਿਸ਼ਾਲ ਬ੍ਰਹਿਮੰਡ ਵਿਚ ਸਿਰਫ ਧਰਤੀ 'ਤੇ ਹੀ ਜੀਵਨ ਸੰਭਵ ਹੈ ਤੇ ਇਹ ਸੰਭਵ ਹੈ ਜਲ ਕਰਕੇ ਭਾਵ ਪਾਣੀ ਦੀ ਹੋਂਦ ਕਾਰਨ। ਇਸ ਸ੍ਰਿਸ਼ਟੀ ਦੀ ਰਚਨਾ ਸਮੇਂ ਸਭ ਤੋਂ ਪਹਿਲਾਂ ਜਲ-ਜੀਵ ਮੱਛੀ ਹੀ ਹੋਂਦ ਵਿਚ ਆਈ ਤੇ ਬਾਕੀ ਵਿਕਾਸ ਹੌਲੀ-ਹੌਲੀ ਹੁੰਦਾ ਗਿਆ ਤੇ ਮਨੁੱਖੀ ਵਿਕਾਸ ਤੱਕ ਆ ਪਹੁੰਚਿਆ। ਜਿਸ ਜਲ ਕਾਰਨ ਜੀਵ ਦੀ ਉਤਪਤੀ ਹੋਈ ਤੇ ਇਹ ਜੀਵਾਂ ਦੇ ਰੱਖਿਅਕ ਰੂਪ ਵਿਚ ਸਾਹਮਣੇ ਆਇਆ, ਅੱਜ ਉਸੇ ਜੀਵਨ ਰੱਖਿਅਕ ਦਾ ਆਪਣਾ ਜੀਵਨ ਖਤਰੇ ਵਿਚ ਹੈ। ਜਲ ਮਾਹਿਰਾਂ ਦੇ ਮੁਤਾਬਿਕ ਜਿਨ੍ਹਾਂ ਥਾਵਾਂ 'ਤੇ ਪਾਣੀ ਖ਼ਤਮ ਹੋ ਰਿਹਾ ਹੈ, ਉਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਧਰਤੀ ਉੱਪਰ ਪਾਣੀ ਘਟਣ ਨਾਲ ਸੋਕੇ ਅਤੇ ਧਰਤੀ ਦੇ ਤਾਪਮਾਨ ਵਿਚ ਵੀ ਭਾਰੀ ਵਾਧਾ ਹੋ ਰਿਹਾ ਹੈ, ਜਿਸ ਨਾਲ ਵਾਤਾਵਰਨ ਵਿਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ, ਧਰਤੀ ਦੇ ਧਰੁਵੀ ਖੇਤਰਾਂ ਉੱਤੇ ਸਦੀਆਂ ਤੋਂ ਜੰਮੀ ਬਰਫ ਦਾ ਪਿਘਲਣਾ, ਵਾਯੂਮੰਡਲ ਦੁਆਰਾ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਨੂੰ ਰੋਕਣ ਦੀ ਸਮਰੱਥਾ ਵਿਚ ਗਿਰਾਵਟ, ਸਮੁੰਦਰ ਦੇ ਪਾਣੀ ਦੇ ਪੱਧਰ ਦਾ ਵਧਣਾ, ਬਹੁਤ ਸਾਰੀ ਧਰਤੀ ਦਾ ਸਮੁੰਦਰੀ ਪਾਣੀ ਹੇਠਾਂ ਆਉਣਾ, ਮਾਰੂਥਲਾਂ ਵਿਚ ਭਾਰੀ ਵਾਧਾ ਭਾਵ ਧਰਤੀ ਤੋਂ ਜੀਵਨ ਦਾ ਅੰਤ ਆਦਿ ਸਮੱਸਿਆਵਾਂ ਪਾਣੀ ਸੰਕਟ ਦੀ ਹੀ ਦੇਣ ਆਖੀਆਂ ਜਾ ਸਕਦੀਆਂ ਹਨ। ਪਾਣੀ ਨੂੰ ਖਤਰੇ ਦੀ ਇਸ ਸਥਿਤੀ ਵਿਚ ਪਹੁੰਚਾਉਣ ਲਈ ਜ਼ਿੰਮੇਵਾਰ ਉਹੀ ਸਮੁੱਚੀ ਮਨੁੱਖ ਜਾਤੀ ਹੈ, ਜਿਸ ਦੇ ਆਪਣੇ ਜੀਵਨ ਦੇ ਨਿਰਮਾਣ ਲਈ ਇਹ ਅਤਿ ਜ਼ਰੂਰੀ ਹੈ।
ਅੰਕੜਿਆਂ ਅਨੁਸਾਰ ਇਕ ਵਿਅਕਤੀ ਹਰ ਰੋਜ਼ 91.6 ਲਿਟਰ ਪਾਣੀ ਇਸਤੇਮਾਲ ਕਰਦਾ ਹੈ। ਵੈਸੇ ਦੇਖਿਆ ਜਾਵੇ ਤਾਂ ਪਾਣੀ ਦਾ ਘਰੇਲੂ ਇਸਤੇਮਾਲ ਤੋਂ ਇਲਾਵਾ ਵਿਆਹਾਂ, ਮੁੰਡਨ, ਗਮੀ, ਸਮਾਗਮਾਂ, ਜਲਸਿਆਂ ਦੇ ਆਯੋਜਨਾਂ ਦੇ ਨਾਲ-ਨਾਲ ਦਫਤਰਾਂ, ਸਕੂਲਾਂ, ਕਾਲਜਾਂ, ਦੁਕਾਨਾਂ, ਕਾਰਖਾਨਿਆਂ, ਫੈਕਟਰੀਆਂ, ਕੰਮਕਾਜੀ ਥਾਵਾਂ ਆਦਿ ਵਿਚ ਪਾਣੀ ਦੀ ਖੁੱਲ੍ਹੇ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ। ਲਗਪਗ ਇਕ ਲਿਟਰ ਪੈਟਰੋਲ ਦੇ ਨਿਰਮਾਣ ਲਈ 10 ਤੋਂ 12 ਲਿਟਰ ਅਤੇ ਇਕ ਲਿਟਰ ਬੀਅਰ ਬਣਾਉਣ ਲਈ ਕੋਈ 25 ਲਿਟਰ ਪਾਣੀ ਦੀ ਖਪਤ ਹੁੰਦੀ ਹੈ। ਇਸੇ ਤਰ੍ਹਾਂ ਇਕ ਮੀਟਰ ਊਨੀ ਕੱਪੜਾ ਬਣਾਉਣ ਲਈ 10 ਹਜ਼ਾਰ ਲਿਟਰ ਪਾਣੀ, ਇਕ ਟਨ ਇਸਪਾਤ ਦੇ ਨਿਰਮਾਣ ਲਈ ਲਗਪਗ 2 ਲੱਖ ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਕਾਰਖਾਨਿਆਂ 'ਚੋਂ ਜਦ ਇਕ ਮੋਟਰ ਗੱਡੀ ਤਿਆਰ ਹੋ ਕੇ ਨਿਕਲਦੀ ਹੈ ਤਾਂ ਉਸ ਦੇ ਨਿਰਮਾਣ ਲਈ ਲਗਪਗ 3,90,000 ਲਿਟਰ ਪਾਣੀ ਇਸਤੇਮਾਲ ਹੋ ਚੁੱਕਾ ਹੁੰਦਾ ਹੈ। ਇਹ ਅੰਕੜੇ ਦੱਸਦੇ ਹਨ ਕਿ ਜੇਕਰ ਅਸੀਂ ਅੱਜ ਵੀ ਪਾਣੀ ਦੀ ਵਧ ਰਹੀ ਸਮੱਸਿਆ ਪ੍ਰਤੀ ਗੰਭੀਰ ਨਾ ਹੋਏ ਤਾਂ 2025 ਤੱਕ ਅਸੀਂ 2/3 ਤਾਜ਼ਾ ਪਾਣੀ ਖ਼ਤਮ ਕਰ ਲਵਾਂਗੇ। ਸੋ, ਸਾਨੂੰ ਇਸ ਸਮੁੱਚੇ ਜਲ ਸੰਕਟ ਨੂੰ ਇਕ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਔਕੜਾਂ ਨੂੰ ਪਾਰ ਕੀਤਿਆਂ ਹੀ ਖ਼ੁਸ਼ਹਾਲੀ ਆਵੇਗੀ

ਵਾਕਿਆ ਹੀ ਸਹੀ ਗੱਲ ਹੈ ਜਿਸ ਦੇਸ਼ ਦਾ ਅੰਨਦਾਤਾ ਖੁਸ਼ ਹੈ, ਸਮਝੋ ਸਾਰਾ ਜੱਗ ਖੁਸ਼ ਹੈ। ਅੰਨਦਾਤਾ ਹੀ ਇਕ ਅਜਿਹਾ ਸ਼ਖ਼ਸ ਹੈ, ਜੋ ਸਾਰਿਆਂ ਨੂੰ ਰੋਟੀ ਦਿੰਦਾ ਹੈ, ਕੰਮ ਦਿੰਦਾ ਹੈ। ਆਪਣੇ ਸਿਰ 'ਤੇ ਧੁੱਪਾਂ ਸਹਿੰਦਾ ਹੈ। ਸੱਪਾਂ ਦੀਆਂ ਸਿਰਦੀਆਂ ਮਿੱਧਦਾ ਹੈ। ਮਿਹਨਤ ਕਰਦਾ ਹੈ ਸਿਰਫ ਜੱਗ ਲਈ। ਮੇਰੇ ਅੰਨਦਾਤਾ ਦੀ ਖੁਸ਼ੀ ਵਿਚ ਹੀ ਸਭ ਦੀ ਖੁਸ਼ੀ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ। ਹਰੇਕ ਫੁੱਲਾਂ, ਬ੍ਰਿਛਾਂ ਦੇ ਚਿਹਰੇ ਖਿਲੇ ਹੁੰਦੇ ਹਨ, ਉਸੇ ਤਰ੍ਹਾਂ ਜਦੋਂ ਅੰਨਦਾਤਾ ਦੀ ਫਸਲ ਮੰਡੀ ਵਿਚ ਆਉਂਦੀ ਹੈ ਤਾਂ ਸਾਰੇ ਕਾਰੋਬਾਰੀਆਂ ਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ। ਸਾਰੇ ਛੋਟੇ-ਵੱਡੇ ਕਾਰੋਬਾਰ ਸ਼ੁਰੂ ਹੋ ਜਾਂਦੇ ਹਨ। ਇਹ ਸਾਰੇ ਕਾਰੋਬਾਰੀ ਅੰਨਦਾਤਾ ਦੇ ਭਰੋਸੇ 'ਤੇ ਬੈਠੇ ਹੁੰਦੇ ਹਨ ਕਿ ਕਦੋਂ ਅੰਨਦਾਤਾ ਦੀ ਫਸਲ ਮੰਡੀ ਵਿਚ ਆਵੇ ਤੇ ਕਦੋਂ ਉਨ੍ਹਾਂ ਦੇ ਕਾਰੋਬਾਰ ਸ਼ੁਰੂ ਹੋਣ ਪਰ ਅੱਜ ਅੰਨਦਾਤਾ ਔਖਾ ਹੈ, ਖੁਦਕੁਸ਼ੀਆਂ ਦਾ ਰਾਹ ਅਪਣਾ ਰਿਹਾ ਹੈ। ਮਹਿੰਗੇ ਖਾਦ, ਮਹਿੰਗੇ ਬੀਜ, ਮਹਿੰਗੇ ਖੇਤੀ ਸੰਦ, ਮੌਸਮ ਦੀ ਮਾਰ, ਆੜ੍ਹਤੀਆਂ, ਬੈਂਕਾਂ ਦੇ ਕਰਜ਼ੇ ਇਹ ਅੰਨਦਾਤਾ ਨੂੰ ਉੱਠਣ ਨਹੀਂ ਦਿੰਦੇ। ਵੱਡਾ ਅੰਨਦਾਤਾ ਤਾਂ ਇਹ ਸਭ ਕੁਝ ਸਹਿ ਸਕਦਾ ਹੈ ਪਰ ਛੋਟਾ ਬੇਵੱਸ ਹੋ ਜਾਂਦਾ ਹੈ। ਉਹ ਬੈਂਕਾਂ ਤੋਂ, ਆੜ੍ਹਤੀਏ ਤੋਂ ਕਰਜ਼ਾ ਲੈ ਕੇ ਖੇਤੀ ਕਰੀ ਜਾਂਦਾ ਹੈ। ਜਦ ਫਸਲ ਲੈ ਕੇ ਆੜ੍ਹਤੀਏ ਕੋਲ ਜਾਂਦਾ ਹੈ, ਸੋਚਦਾ ਹੈ ਕਿ ਐਤਕੀਂ 6 ਮਹੀਨੇ ਸੌਖੇ ਨਿਕਲ ਜਾਣਗੇ। ਜੁਆਕਾਂ ਦਾ ਲੀੜਾ-ਲੱਤਾ ਵੀ ਲਿਆ ਜਾਵੇਗਾ। ਧੀ ਦੇ ਵੀ ਹੱਥ ਪੀਲੇ ਕੀਤੇ ਜਾਣਗੇ ਪਰ ਜਦੋਂ ਉਹ ਆੜ੍ਹਤੀਏ ਨਾਲ ਹਿਸਾਬ ਕਰਦਾ ਹੈ ਤਾਂ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਤਾਂ ਉਸ ਦਾ ਉਥੇ ਹੀ ਬਲੱਡ ਪ੍ਰੈਸ਼ਰ ਥੱਲੇ ਹੋ ਜਾਂਦਾ ਹੈ। ਜਦ ਬੈਂਕ ਵਾਲੇ, ਆੜ੍ਹਤੀਏ ਅੰਨਦਾਤਾ ਨੂੰ ਕਰਜ਼ਾ ਮੋੜਨ ਲਈ ਕਹਿੰਦੇ ਹਨ, ਉਸ ਨੂੰ ਤੰਗ ਕਰਦੇ ਹਨ, ਫਿਰ ਉਸ ਨੂੰ ਕੋਈ ਰਾਹ ਨਹੀਂ ਦਿਸਦਾ, ਜਿਸ ਨਾਲ ਉਹ ਕਰਜ਼ਾ ਮੋੜ ਸਕੇ, ਬੱਚਿਆਂ ਦਾ ਪੇਟ ਪਾਲ ਸਕੇ, ਇਸ ਕਰਕੇ ਉਹ ਖੁਦਕੁਸ਼ੀ ਦਾ ਰਾਹ ਅਪਣਾ ਲੈਂਦਾ ਹੈ।
ਮੇਰੇ ਅੰਨਦਾਤਾ ਇਹ ਖੁਦਕੁਸ਼ੀ ਦਾ ਰਾਹ ਕੋਈ ਸੌਖਾ ਨਹੀਂ। ਖੁਦਕੁਸ਼ੀ ਕਰਕੇ ਤੁਸੀਂ ਆਪ ਤਾਂ ਕਰਜ਼ੇ ਦੀ ਪੰਡ ਤੋਂ ਹੌਲੇ ਹੋ ਜਾਵੋਗੇ ਪਰ ਪਿੱਛੇ ਸਾਰੇ ਪਰਿਵਾਰ ਨੂੰ ਕੰਡਿਆਲੀਆਂ ਰਾਹੀਂ 'ਤੇ ਤੋਰ ਜਾਵੋਗੇ। ਬੱਚੇ ਸਾਰੀ ਉਮਰ ਵਿਲਕਦੇ ਰਹਿਣਗੇ। ਉਹ ਜ਼ਮੀਨ, ਜਿਸ ਨੂੰ ਸਾਰੀ ਉਮਰ ਗਲ ਨਾਲ ਲਾ ਕੇ ਰੱਖਦਾ ਸੀ, ਧਾਹਾਂ ਮਾਰ-ਮਾਰ ਰੋਵੇਗੀ। ਤੇਰੇ ਤੋਂ ਬਾਅਦ ਕੌਣ ਪਰਿਵਾਰ ਨੂੰ ਸੰਭਾਲੇਗਾ? ਕੌਣ ਧੀ ਨੂੰ ਹੱਥ ਪੀਲੇ ਕਰਕੇ ਤੋਰੇਗਾ? ਮੇਰੇ ਅੰਨਦਾਤਾ ਖੁਦਕੁਸ਼ੀ ਨਾ ਕਰੋ, ਸਗੋਂ ਹਾਲਾਤ ਨਾਲ ਮੁਕਾਬਲਾ ਕਰੋ। ਇਹ ਖੁਦਕੁਸ਼ੀ ਦਾ ਰਾਹ ਕਾਇਰਤਾ ਵਾਲਾ ਰਾਹ ਹੈ, ਇਸ ਨੂੰ ਨਾ ਅਪਣਾਓ, ਸਗੋਂ ਆਪਣੇ ਪਰਿਵਾਰ ਵਿਚ ਰਹੋ। ਆਪ ਖੁਸ਼ ਰਹੋ ਤੇ ਪਰਿਵਾਰ ਨੂੰ ਖੁਸ਼ ਰੱਖੋ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅੰਨਦਾਤਾ ਵੱਲ ਧਿਆਨ ਦੇਵੋ। ਇਨ੍ਹਾਂ ਦੇ ਖੇਤੀ ਸੰਦ, ਖਾਦ, ਬੀਜ ਸਸਤੀ ਹੋਵੇ ਤਾਂ ਕਿ ਉਹ ਆਸਾਨੀ ਨਾਲ ਖੇਤੀ ਕਰਕੇ ਆਪ ਖੁਸ਼ ਰਹੇ ਤੇ ਸਭ ਨੂੰ ਖੁਸ਼ ਰੱਖੇ।

-102, ਵਿਜੈ ਨਗਰ, ਜਗਰਾਉਂ। ਮੋਬਾ: 99146-37239

ਅਜੋਕੀ ਪੀੜ੍ਹੀ ਬਨਾਮ ਸੋਸ਼ਲ ਮੀਡਿਆ

ਵਿਗਿਆਨੀਆਂ ਦੁਆਰਾ ਸੋਸ਼ਲ ਮੀਡਿਆ ਸੰਚਾਰ ਦੇ ਹਾਰਡਵੇਅਰ ਯੰਤਰ ਜਿਵੇਂ ਕਿ ਟੈਲੀਫੋਨ, ਮੋਬਾਈਲ ਫੋਨ, ਕੰਪਿਊਟਰ , ਲੈਪਟਾਪ ਆਦਿ ਦੀ ਖੋਜ ਅਤੇ ਇਨ੍ਹਾਂ ਵਿਚ ਚੱਲਣ ਵਾਲੇ ਸਾਫ਼ਟਵੇਅਰ ਪ੍ਰੋਗਰਾਮ ਅਤੇ ਐਪਲੀਕੇਸ਼ਨਾਂ (ਐਪਸ) ਜਿਵੇਂ ਕਿ ਈਮੇਲ, ਫ਼ੇਸਬੁੱਕ, ਵੱਟਸਐਪ, ਵੀਚੈਟ, ਮੈਸੇਂਜਰ, ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਹੋਰ ਕਈ ਪ੍ਰਕਾਰ ਦੀਆਂ ਐਪਸ ਦੀ ਖੋਜ ਤਾਂ ਦੁਨੀਆ ਭਰ ਦੀ ਜਾਣਕਾਰੀ ਇਕੱਠੀ ਕਰਨ ਤੇ ਵਿੱਦਿਆ ਅਤੇ ਕਿੱਤੇ ਦੇ ਖੇਤਰ ਵਿਚ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ। ਜਨਤਾ ਦੀ ਸਹੂਲਤ ਲਈ ਅਤੇ ਜਾਣਕਾਰੀ ਵਿਚ ਵਾਧਾ ਕਰਨ ਲਈ ਕੀਤੀ, ਤਾਂ ਕਿ ਸਮੇਂ ਦੀ ਬਰਬਾਦੀ ਕੀਤੇ ਬਿਨਾਂ ਦਿਨਾਂ, ਹਫ਼ਤਿਆਂ, ਮਹੀਨਿਆਂ, ਸਾਲਾਂ ਵਿਚ ਹੋਣ ਵਾਲੇ ਕੰਮ ਅਸੀਂ ਮਿੰਟਾਂ, ਸਕਿੰਟਾਂ ਅਤੇ ਘੰਟਿਆਂ ਵਿਚ ਕਰ ਸਕੀਏ ਅਤੇ ਮੁਲਕ 'ਤਰੱਕੀ ਦੀ ਰਾਹ' ਉੱਤੇ ਚੱਲ ਸਕੇ।
ਪਰ ਅੱਜ ਦੀ ਨੌਜਵਾਨ ਪੀੜ੍ਹੀ ਦੀ ਅੱਧੀ ਨਾਲੋਂ ਵੱਧ ਆਬਾਦੀ ਇਨ੍ਹਾਂ ਅਰਥਾਂ ਨੂੰ ਨਜ਼ਰਅੰਦਾਜ ਕਰਕੇ ਪਤਾ ਨਹੀਂ ਕਿਹੜੇ ਰਾਹ 'ਤੇ ਤੁਰ ਰਹੀ ਹੈ, ਸ਼ਾਇਦ ਉਹ ਰਾਹ ਹੈ 'ਫ਼ੁਕਰਬਾਜ਼ੀਆਂ ਦੀ ਰਾਹ'।
ਜ਼ਰੂਰੀ ਸੂਚਨਾ ਅੱਪਲੋਡ ਹੋਵੇ ਜਾਂ ਨਾ ਹੋਵੇ ਪਰ ਅਸੀਂ-
'ਕਿੱਥੇ ਜਾਂਦੇ ਹਾਂ'
'ਕੀ ਕਰਦੇ ਹਾਂ'
'ਕੀ ਖਰੀਦਦੇ ਹਾਂ'
'ਕੀ ਖਾਂਦੇ-ਪੀਂਦੇ ਹਾਂ'
ਅਤੇ ਹੋਰ ਕਈ ਗੱਲਾਂ ਬਾਰੇ ਜਾਣਕਾਰੀ ਸਮੇਂ-ਸਮੇਂ 'ਤੇ ਅੱਪਡੇਟ ਰੱਖਦੇ ਹਾਂ। ਇੱਥੋਂ ਤੱਕ ਕਿ ਸਾਡੇ ਮਨਾਂ 'ਚ ਕੀ ਹੈ, ਦਿਲੋ-ਦਿਮਾਗ ਵਿਚ ਕੀ ਹੈ, ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹਨ, ਸਭ ਕੁਝ ਅੱਪਡੇਟ ਰੱਖਦੇ ਹਾਂ।
ਵੰਨ-ਸੁਵੰਨੀਆਂ ਸੈਲਫ਼ੀਆਂ ਦੀ ਆੜ ਵਿਚ ਲੋਕ ਕਈ ਵਾਰ ਮੌਤ ਨੂੰ ਵੀ ਸੱਦਾ ਦੇ ਬੈਠਦੇ ਹਨ। ਆਪਣੀ ਨਿੱਜੀ ਜ਼ਿੰਦਗੀ ਦਾ, ਦੋਸਤਾਂ-ਮਿੱਤਰਾਂ ਨਾਲ ਗਿਲੇ-ਸ਼ਿਕਵਿਆਂ ਦਾ, ਆਪਣੇ ਪਿਆਰ-ਮੁਹੱਬਤ ਤੇ ਰੁਮਾਂਸ ਦਾ ਵੀ ਵੱਟਸਐਪ ਅਤੇ ਫ਼ੇਸਬੁੱਕ 'ਤੇ ਖੁੱਲ੍ਹੇਆਮ ਪ੍ਰਚਾਰ ਹੈ। ਅਸਲ ਵਿਚ ਆਪਣੀ ਕੋਈ ਡੀ.ਪੀ. ਜਾਂ ਸਟੇਟਸ ਜਾਂ ਕੋਈ ਪ੍ਰੋਫ਼ਾਈਲ ਫ਼ੋਟੋ ਤਾਂ ਆਪਣੀ ਪਹਿਚਾਣ ਵਾਸਤੇ ਹੁੰਦੀ ਹੈ ਕਿ ਅਸੀਂ ਕੌਣ ਹਾਂ, ਕੀ ਅਹੁਦਾ ਜਾਂ ਕੰਮਕਾਰ ਹੈ, ਅਸੀਂ ਕੀ ਕਰ ਰਹੇ ਹਾਂ, ਵਿਹਲੇ ਹਾਂ ਜਾਂ ਬਿਜ਼ੀ ਹਾਂ ਆਦਿ ਪਰ ਹੁਣ ਤਾਂ ਇਕ ਰੁਝਾਨ ਜਿਹਾ ਬਣ ਗਿਆ ਹੈ ਕਿ ਜਦ ਵੀ ਕਿਸੇ ਦੀ ਪ੍ਰੋਫ਼ਾਈਲ ਵੱਲ ਧਿਆਨ ਮਾਰੀਦਾ ਹੈ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਕੋਈ ਕਿਸੇ ਨੂੰ ਅਪ੍ਰਤੱਖ ਰੂਪ ਵਿਚ ਕੁਝ ਨਾ ਕੁਝ ਕਹਿ ਜਾਂ ਸਮਝਾ ਰਿਹਾ ਹੋਵੇ ਜਾਂ ਕੋਈ ਤਾਅਨੇ-ਮਿਹਣੇ ਅਤੇ ਗਿਲੇ-ਸ਼ਿਕਵੇ ਪ੍ਰਗਟ ਕਰ ਰਿਹਾ ਹੋਵੇ। ਹੁਣ ਇਹ ਸਟੇਟਸ ਤੇ ਪ੍ਰੋਫ਼ਾਈਲਜ਼ ਇਕ ਪਹਿਚਾਣ ਨਾ ਰਹਿ ਕੇ ਇਕ-ਦੂਜੇ 'ਤੇ ਅਪ੍ਰਤੱਖ ਰੂਪ ਵਿਚ ਵਾਰ ਅਤੇ ਸ਼ਬਦ-ਬਾਣ ਬਣ ਗਏ ਹਨ। ਅਸੀਂ ਟੈਕਨਾਲੋਜੀ ਦੀ ਸਹੀ ਵਰਤੋਂ ਭੁੱਲਦੇ ਜਾ ਰਹੇ ਹਾਂ, ਜਾਣਕਾਰੀ ਭਰਪੂਰ ਸੋਮਿਆਂ ਦੀ ਵਰਤੋਂ ਮਨੋਰੰਜਨ ਦੇ ਸਾਧਨ ਦੇ ਰੂਪ ਵਿਚ ਹੋ ਰਹੀ ਹੈ, ਅੱਲੜ੍ਹ ਉਮਰ ਵਿਚ ਇਸ ਦਾ ਸਦਉਪਯੋਗ ਕਰਨ ਦੀ ਸੇਧ ਦੇਣਾ ਸਮੇਂ ਦੀ ਜ਼ਰੂਰਤ ਬਣ ਚੁੱਕੀ ਹੈ ਤੇ ਇਹ ਕੰਮ ਸਾਨੂੰ ਸਭ ਨੂੰ ਮਿਲ ਕੇ ਹੀ ਕਰਨਾ ਪਵੇਗਾ। ਇਹ ਮੰਨ ਕੇ ਚੱਲਣਾ ਪਵੇਗਾ ਕਿ ਇਹ ਸਾਡੀ ਸਾਰਿਆਂ ਦੀ ਨਿੱਜੀ ਅਤੇ ਸਾਂਝੀ ਜ਼ਿੰਮੇਵਾਰੀ ਹੈ।

-ਸ.ਸ.ਸ. ਸਕੂਲ, ਰੱਲੀ, ਮਾਨਸਾ।
ਮੋਬਾ: 828383283


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX