ਤਾਜਾ ਖ਼ਬਰਾਂ


ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  9 minutes ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  56 minutes ago
ਜਲੰਧਰ 23 ਅਕਤੂਬਰ (ਐਮ.ਐਸ. ਲੋਹੀਆਂ) - ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈਂਗਸਟਰ ਹਰਮਿੰਦਰ...
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  about 1 hour ago
ਰੂੜੇਕੇ ਕਲਾਂ 23 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮਲਕੀਅਤ ਵਾਲੀਆਂ ਜਾਂ ਕਮੇਟੀ ਦੇ ਪ੍ਰਬੰਧ ਹੇਠ ਜ਼ਮੀਨਾਂ ਜਿੱਥੇ ਵੀ ਮੌਜੂਦ ਹਨ। ਜਿਸ ਵਿਚ ਕਿ ਝੋਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਹੋਈ ਹੈ। ਝੋਨੇ ਦੀ ਪਰਾਲੀ ਨੂੰ ਅੱਗ...
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  about 1 hour ago
ਪਟਿਆਲਾ, 23 ਅਕਤੂਬਰ (ਅਮਨਦੀਪ ਸਿੰਘ)- 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ-ਦਿਲੀ ਕਾਰਨ ਪੂਰੀ ਦੁਨੀਆ ਅੰਦਰ...
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  about 2 hours ago
ਜਲੰਧਰ, 23 ਅਕਤੂਬਰ- ਥਾਣਾ ਫਿਲੌਰ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ, 5 ਰੋਂਦ, 2 ਮੈਗਜ਼ੀਨ ਅਤੇ...
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  about 3 hours ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 3 hours ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਹੋਰ ਖ਼ਬਰਾਂ..

ਖੇਡ ਜਗਤ

ਟੋਕੀਓ ਉਲੰਪਿਕ 2020

ਨੌਜਵਾਨ ਖਿਡਾਰੀਆਂ ਤੋਂ ਸਰਬੋਤਮ ਪ੍ਰਦਰਸ਼ਨ ਦੀ ਉਮੀਦ

ਅੱਜ ਦੇਸ਼ ਵਿਚ ਹਰ ਪਾਸੇ ਕ੍ਰਿਕਟ ਦਾ ਬੋਲਬਾਲਾ ਹੈ। ਗਲੀਆਂ-ਬਜ਼ਾਰਾਂ ਵਿਚ ਬੱਚੇ ਬਾਲ-ਬੈਟ ਚੁੱਕੀ ਇਸ ਦੀ ਲੋਕਪ੍ਰਿਅਤਾ ਦੀ ਗਵਾਹੀ ਭਰਦੇ ਹਨ। ਕ੍ਰਿਕਟ ਤੋਂ ਪਹਿਲਾਂ ਹਾਕੀ 'ਚ ਭਾਰਤ ਦਾ ਦਬਦਬਾ ਸੀ। ਵਿਸ਼ਵ ਪੱਧਰ 'ਤੇ ਸਾਡੇ ਖਿਡਾਰੀ ਜ਼ਿਆਦਾ ਪ੍ਰਭਾਵਿਤ ਕਰਦੇ ਨਜ਼ਰ ਨਹੀਂ ਸਨ ਆਉਂਦੇ। ਪਰ ਪਿਛਲੇ ਕੁਝ ਸਾਲਾਂ ਵਿਚ ਰੁਝਾਨ/ਟ੍ਰੈਂਡ 'ਚ ਬਹੁਤ ਤਬਦੀਲੀ ਨਜ਼ਰ ਆ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜਕਲ੍ਹ ਕਈ ਵਾਰ ਸਾਡੇ ਪਹਿਲਵਾਨ ਤੇ ਮੁੱਕੇਬਾਜ਼ ਕ੍ਰਿਕਟਰਾਂ ਤੋਂ ਜ਼ਿਆਦਾ ਸੁਰਖੀਆਂ ਬਟੋਰਦੇ ਵੇਖੇ ਗਏ ਹਨ। ਇਹ ਇਕ ਸਕਾਰਾਤਮਕ ਬਦਲਾਅ ਹੈ। ਦੀਪਕ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਕੇ ਦਿਵਾਇਆ ਟੋਕੀਓ ਉਲੰਪਿਕ ਕੋਟਾ।
ਇਕ ਦਹਾਕਾ ਪਹਿਲਾਂ ਸਾਡੇ ਖਿਡਾਰੀ ਉਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪਾਂ ਵਿਚ ਭਾਗ ਲੈਣ ਲਈ ਜਾਂਦੇ ਸਨ। ਖਾਲੀ ਹੱਥ ਪਰਤਦੇ ਸੀ। ਜੇ ਕੋਈ ਖਿਡਾਰੀ ਕਾਂਸੀ ਦਾ ਤਗਮਾ ਜਿੱਤ ਲਿਆਉਂਦਾ ਸੀ ਤਾਂ ਇਹ ਉਸ ਖੇਡ ਦੀ ਵੱਡੀ ਪ੍ਰਾਪਤੀ ਹੁੰਦੀ ਸੀ। ਪਰ ਹੁਣ ਸਾਡੇ ਯੁਵਾ ਖਿਡਾਰੀ ਦਿੱਗਜ ਖਿਡਾਰੀਆਂ ਨੂੰ ਟੱਕਰ ਦੇਣ ਲੱਗੇ ਹਨ। ਇਹ ਗੱਲ ਸਾਨੂੰ ਪਿਛਲੇ ਦਿਨੀਂ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਦੀਪਕ ਪੂਨੀਆ ਵਲੋਂ ਚਾਂਦੀ ਅਤੇ ਰਾਹੁਲ ਅਵਾਰੇ, ਬਜਰੰਗ ਪੂਨੀਆ ਅਤੇ ਦਿਨੇਯ ਫੋਗਾਟ ਵਲੋਂ ਕਾਂਸੀ ਦੇ ਤਗਮੇ ਜਿੱਤਣ ਦੌਰਾਨ ਵੇਖਣ ਨੂੰ ਮਿਲੀ। ਪਹਿਲਵਾਨ ਦੀਪਕ ਪੂਨੀਆ ਗੋਡੇ ਦੀ ਸੱਟ ਲੱਗਣ ਕਰਕੇ ਫਾਈਨਲ 'ਚ ਇਰਾਨ ਦੇ ਪਹਿਲਵਾਨ ਖਿਲਾਫ ਨਹੀਂ ਖੇਡ ਸਕਿਆ। ਇਸੇ ਬਜਰੰਗ ਪੂਨੀਆ ਨੂੰ ਸੈਮੀ ਫਾਈਨਲ ਵਿਚ ਵਿਵਾਦੀ ਢੰਗ ਨਾਲ ਹਰਾ ਦਿੱਤਾ। ਬਜਰੰਗ ਨਾਲ ਹੋਈ ਬੇਇਨਸਾਫੀ ਵਿਰੁੱਧ ਕੁਸ਼ਤੀ ਮਹਾਂ ਸੰਘ ਨੇ ਸ਼ਿਕਾਇਤ ਭੇਜੀ ਹੈ। ਦੀਪਕ ਤੋਂ ਇਲਾਵਾ ਬਜਰੰਗ ਪੂਨੀਆ, ਰਵੀ ਦਹੀਆ, ਵਿਨੇਸ਼ ਫੋਗਾਟ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ। ਉਲੰਪਿਕ ਚੈਂਪੀਅਨ ਤੋਂ ਹਾਰ ਕੇ ਅਮਿਤ ਪੰਗਾਲ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਇਹ ਯੁਵਾ ਭਾਰਤੀ ਟੀਮ 3 ਤਗਮਿਆਂ ਨਾਲ ਘਰ ਪਰਤੀ ਸੀ। ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਭਾਰਤ ਨੇ ਹੁਣ ਤੱਕ ਕੁਲ ਇਕ ਸੋਨ, 3 ਚਾਂਦੀ ਦੇ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ। ਯਾਨੀ ਕਿ ਵਿਸ਼ਵ ਕੁਸ਼ਤੀ 'ਚ ਸਾਡਾ ਪ੍ਰਦਰਸ਼ਨ ਹੋਰ ਵੀ ਬਿਹਤਰ ਹੋ ਸਕਦਾ ਸੀ।
ਨਿਸ਼ਾਨੇਬਾਜ਼ੀ, ਵੇਟ ਲਿਫਟਿੰਗ, ਟੇਬਲ ਟੈਨਿਸ ਅਤੇ ਬੈਡਮਿੰਟਨ ਵਿਚ ਵੀ ਜ਼ਿਆਦਾ ਸ਼ਾਨਦਾਰ ਨਤੀਜੇ ਵੇਖਣ ਨੂੰ ਮਿਲੇ। ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਇਸੇ ਬੀ ਸਾਈ ਪ੍ਰਣੀਤ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪਹਿਲੀ ਵਾਰ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ। ਭਾਰਤ ਨੇ ਪਿਛਲੇ 33 ਸਾਲਾਂ ਵਿਚ ਵਿਸ਼ਵ ਕੱਪ 'ਚ 12 ਸੋਨ ਤਗਮੇ ਜਿੱਤੇ ਸਨ ਪਰ ਯੁਵਾ ਖਿਡਾਰੀਆਂ ਨੇ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਸਾਡੇ ਨਿਸ਼ਾਨੇਬਾਜ਼ਾਂ ਨੇ 16 ਸੋਨ ਤਗਮਿਆਂ ਸਮੇਤ 22 ਤਗਮਿਆਂ 'ਤੇ ਨਿਸ਼ਾਨਾ ਲਾਇਆ। ਵਿਸ਼ਵ ਕੱਪ ਫਾਈਨਲ ਲਈ 14 ਭਾਰਤੀ ਨਿਸ਼ਾਨੇਬਾਜ਼ ਕੁਆਲੀਫਾਈ ਕਰ ਚੁੱਕੇ ਹਨ ਅਤੇ 9 ਨਿਸ਼ਾਨੇਬਾਜ਼ ਅਗਲੇ ਸਾਲ ਹੋਣ ਵਾਲੇ ਟੋਕੀਓ ਉਲੰਪਿਕ ਦੀ ਟਿਕਟ ਕਟਾ ਚੁੱਕੇ ਹਨ। ਨਿਸ਼ਾਨੇਬਾਜ਼ੀ ਵਿਚ ਸੌਰਭ ਚੌਧਰੀ ਅਤੇ ਮਨੂੰ ਭਾਕਰ ਨੇ ਝੰਡੇ ਗੱਡੇ ਅਤੇ ਵੇਟ ਲਿਫਟਿੰਗ 'ਚ 16 ਸਾਲ ਦੇ ਜੇਰੇਮੀਕਲੀਨ ਅਤੇ ਜਰਕ ਵਿਚ 163 ਕਿਲੋ ਤੇ ਸਨੈਚ 'ਚ 134 ਕਿਲੋ ਦੇ ਨਾਲ ਕੁਲ ਵਜ਼ਨ 297 ਕਿਲੋ ਦਾ ਰਿਕਾਰਡ ਬਣਾ ਦਿੱਤਾ। ਜੂਨੀਅਰ ਉਲੰਪਿਕ ਦੇ ਗੋਲਡ ਮੈਡਲਿਸਟ ਜੇਰੇਮੀ ਨੇ ਇਸ ਪ੍ਰਦਰਸ਼ਨ ਦੌਰਾਨ 15 ਨਵੇਂ ਰਿਕਾਰਡ ਬਣਾਏ, ਜਿਨ੍ਹਾਂ ਵਿਚ 6 ਅੰਤਰਰਾਸ਼ਟਰੀ, 3 ਵਿਸ਼ਵ ਯੂਥ, 3 ਏਸ਼ੀਆਈ ਅਤੇ 3 ਰਾਸ਼ਟਰੀ ਰਿਕਾਰਡ ਹਨ।
ਖੈਰ, ਖੇਡਾਂ ਦੇ ਇਸ ਬਦਲੇ ਰੁਝਾਨ/ਟ੍ਰੈਂਡ ਦੀ ਮੁੱਖ ਵਜ੍ਹਾ ਯੁਵਾ ਜੋਸ਼ ਦਾ ਉੱਭਰਨਾ ਹੈ। ਪਿਛਲੇ ਦਿਨੀਂ ਭਾਰਤ ਨੂੰ ਵਿਸ਼ਵ ਪੱਧਰੀ ਸਫਲਤਾਵਾਂ ਦਿਵਾਉਣ ਵਾਲੇ ਜ਼ਿਆਦਾਤਰ ਖਿਡਾਰੀ 17 ਤੋਂ 20 ਸਾਲ ਦੇ ਹਨ। ਇਨ੍ਹਾਂ ਯੁਵਾ ਪੀੜ੍ਹੀ ਦੇ ਖਿਡਾਰੀਆਂ ਦਾ ਪ੍ਰਮੁੱਖ ਨਿਸ਼ਾਨਾ/ਟੀਚਾ ਟੋਕੀਓ ਉਲੰਪਿਕ 2020 ਵਿਚ ਤਗਮਾ ਜਿੱਤਣਾ ਹੈ। ਸਾਡੀਆਂ ਸ਼ੁੱਭ ਕਾਮਨਾਵਾਂ ਇਨ੍ਹਾਂ ਯੁਵਾ ਖਿਡਾਰੀਆਂ ਦੇ ਨਾਲ ਹਨ।


-ਪ੍ਰੀਤ ਨਗਰ (ਅੰਮ੍ਰਿਤਸਰ)-143109. ਮੋਬਾ: 98140-82217


ਖ਼ਬਰ ਸ਼ੇਅਰ ਕਰੋ

ਭਾਰਤੀ ਕ੍ਰਿਕਟ ਟੀਮ ਵਿਚ ਹਮੇਸ਼ਾ ਰਿਹਾ ਹੈ ਸ਼ੁਰੂਆਤੀ ਸੰਕਟ

ਹੁਣ ਤੱਕ ਦੇ ਲਗਪਗ 83-84 ਸਾਲਾਂ ਦੇ ਕ੍ਰਿਕਟ ਟੈਸਟ ਦੇ ਇਤਿਹਾਸ ਵਿਚ ਭਾਰਤੀ ਕ੍ਰਿਕਟ ਟੀਮ 88 ਓਪਨਰਾਂ ਨੂੰ ਅਜ਼ਮਾ ਚੁੱਕੀ ਹੈ ਅਤੇ ਭਾਰਤੀ ਓਪਨਰ ਕਿਸ ਤਰ੍ਹਾਂ ਆਪਣੀ ਭੂਮਿਕਾ ਵਿਚ ਅਕਸਰ ਅਸਫ਼ਲ ਰਹੇ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਦੋ ਓਪਨਰਾਂ ਨੂੰ ਛੱਡ ਕੇ ਕੋਈ ਵੀ ਓਪਨਰ 5000 ਦੌੜਾਂ ਓਪਨਿੰਗ ਕਰਦੇ ਹੋਏ ਨਹੀਂ ਬਣਾ ਸਕਿਆ। ਸਿਰਫ਼ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਹੀ ਦੋ ਇਸ ਤਰ੍ਹਾਂ ਦੇ ਭਾਰਤੀ ਓਪਨਰ ਹਨ ਜਿਨ੍ਹਾਂ ਦੇ ਖਾਤੇ ਵਿਚ 5000 ਜਾਂ ਉਸ ਤੋਂ ਜ਼ਿਆਦਾ ਦੌੜਾਂ ਓਪਨਿੰਗ ਕਰਦੇ ਹੋਏ ਜੁੜੀਆਂ ਹਨ। ਸੁਨੀਲ ਗਾਵਸਕਰ ਤਾਂ ਓਪਨਿੰਗ ਕਰਦੇ ਹੋਏ ਚਮਤਕਾਰ ਦੀ ਹੱਦ ਤੱਕ ਸ਼ਾਨਦਾਰ ਖਿਡਾਰੀ ਰਹੇ ਹਨ। ਉਨ੍ਹਾਂ ਨੇ ਉਸ ਦੌਰ ਵਿਚ ਓਪਨਿੰਗ ਕਰਦੇ ਹੋਏ, ਜ਼ਬਰਦਸਤ ਦੌੜਾਂ ਬਣਾਈਆਂ ਹਨ, ਜਿਸ ਦੌਰ ਵਿਚ ਵੈਸਟਇੰਡੀਜ਼ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਸਾਹਮਣੇ ਵੱਡੇ ਤੋਂ ਵੱਡੇ ਓਪਨ ਦੇ ਦੌੜਾਂ ਦੇ ਲਾਲੇ ਪਿਆ ਕਰਦੇ ਸਨ।
ਸੁਨੀਲ ਗਾਵਸਕਰ ਨੇ 1971 ਵਿਚ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਅਤੇ 1987 ਤੱਕ ਉਹ ਟੈਸਟ ਕ੍ਰਿਕਟ ਖੇਡੇ ਜਿਸ ਵਿਚ ਲਗਾਤਾਰ ਓਪਨਿੰਗ ਕਰਦੇ ਰਹੇ। 119 ਮੈਚਾਂ ਵਿਚ ਉਨ੍ਹਾਂ ਨੇ 50.29 ਦੌੜਾਂ ਦੀ ਔਸਤ ਨਾਲ 9,607 ਦੌੜਾਂ ਬਣਾਈਆਂ, ਜਿਸ ਵਿਚ 33 ਸੈਂਕੜੇ ਸ਼ਾਮਿਲ ਹਨ, ਉਨ੍ਹਾਂ ਦਾ ਸਰਬੋਤਮ ਸਕੋਰ 221 ਦੌੜਾਂ ਹਨ। ਉਨ੍ਹਾਂ ਦੇ ਬਾਅਦ ਓਪਨਿੰਗ ਵਿਚ ਭਾਰਤ ਨੂੰ ਮਜਬੂਤੀ ਦੇਣ ਦਾ ਸਿਹਰਾ ਵਰਿੰਦਰ ਸਹਿਵਾਗ ਦੇ ਖੇਤ ਵਿਚ ਰਿਹਾ। ਸਾਲ 2002 ਤੋਂ ਲੈ ਕੇ 2013 ਤੱਕ ਸਹਿਵਾਗ ਨੇ 98 ਟੈਸਟ ਮੈਚਾਂ ਵਿਚ ਓਪਨਿੰਗ ਕੀਤੀ, ਜਿਸ ਵਿਚ 50.14 ਦੀ ਔਸਤ ਨਾਲ 8,124 ਦੌੜਾਂ ਬਣਾਈਆਂ। ਹਾਲਾਂਕਿ ਉਨ੍ਹਾਂ ਦੇ ਸੈਂਕੜਿਆਂ ਦੀ ਗਿਣਤੀ ਗਾਵਸਕਰ ਦੇ ਮੁਕਾਬਲੇ 11 ਘੱਟ ਹੈ, ਉਨ੍ਹਾਂ ਨੇ ਗਾਵਸਕਰ ਤੋਂ 21 ਮੈਚ ਘੱਟ ਖੇਡ ਕੇ 11 ਸੈਂਕੜੇ ਘੱਟ ਭਾਵ ਕੁੱਲ 22 ਸੈਂਕੜੇ ਬਣਾਏ ਹਨ। ਪਰ ਉਨ੍ਹਾਂ ਦਾ ਸਰਬੋਤਮ ਨਿੱਜੀ ਦੌੜਾਂ 319 ਹਨ।
ਪਰ ਜੇਕਰ ਇਨ੍ਹਾਂ ਦੋ ਖਿਡਾਰੀਆਂ ਨੂੰ ਛੱਡ ਦਈਏ ਤਾਂ ਭਾਰਤ ਦੇ ਜੋ ਉੱਚ ਚੋਟੀ ਦੇ 10 ਵਧੀਆ ਓਪਨਰ ਹਨ, ਉਨ੍ਹਾਂ ਵਿਚੋਂ ਕਿਸੇ ਦੇ ਵੀ ਖਾਤੇ ਵਿਚ 5000 ਦੌੜਾਂ ਨਹੀਂ ਹਨ ਅਤੇ ਨਾ ਹੀ ਗਾਵਸਕਰ ਅਤੇ ਸਹਿਵਾਗ ਦੇ ਜਿੰਨੀ ਔਸਤ ਹੈ। ਗਾਵਸਕਰ ਅਤੇ ਸਹਿਵਾਗ ਤੋਂ ਬਾਅਦ ਤੀਜੇ ਸਭ ਤੋਂ ਸਫ਼ਲ ਓਪਨਰ ਗੌਤਮ ਗੰਭੀਰ ਹਨ, ਜਿਨ੍ਹਾਂ ਨੇ 57 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 42.90 ਦੀ ਔਸਤ ਨਾਲ 4,119 ਦੌੜਾਂ ਬਣਾਈਆਂ ਹਨ ਜਿਸ ਵਿਚੋਂ 9 ਸੈਂਕੜੇ ਸ਼ਾਮਿਲ ਹਨ। ਗੰਭੀਰ ਦਾ ਸਰਬੋਤਮ ਦੌੜਾਂ 206 ਹਨ। ਗੰਭੀਰ ਤੋਂ ਇਲਾਵਾ ਮੁਰਲੀ ਵਿਜੇ ਨੇ 3,890 ਦੌੜਾਂ 39.19 ਦੀ ਔਸਤ ਨਾਲ ਬਣਾਈਆਂ। 12 ਸੈਂਕੜੇ ਮਾਰੇ ਜਦ ਕਿ ਨਵਜੋਤ ਸਿੰਘ ਸਿੱਧੂ ਨੇ 45 ਟੈਸਟ ਮੈਚਾਂ ਵਿਚ 42.80 ਦੀ ਔਸਤ ਨਾਲ ਦੌੜਾਂ ਬਣਾਉਂਦੇ ਹੋਏ 2,911 ਦੌੜਾਂ ਬਣਾਈਆਂ ਹਨ ਅਤੇ 8 ਸੈਂਕੜੇ ਜੋੜੇ ਹਨ। ਸਿੱਧੂ ਤੋਂ ਇਲਾਵਾ ਸ਼ਿਖਰ ਧਵਨ ਨੇ 34 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 40.61 ਦੀ ਔਸਤ ਨਾਲ 2,315 ਦੌੜਾਂ, 7 ਸੈਂਕੜਿਆਂ ਦੇ ਨਾਲ ਤੇ ਪੰਕਜ ਰਾਏ 1991 ਤੋਂ 1960 ਦੇ ਵਿਚਾਲੇ 41 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 2220 ਦੌੜਾਂ ਬਣਾਈਆਂ ਜਿਨ੍ਹਾਂ ਵਿਚੋਂ 4 ਸੈਂਕੜੇ ਵੀ ਸ਼ਾਮਿਲ ਹਨ, ਉਨ੍ਹਾਂ ਦਾ ਸਰਬੋਤਮ ਨਿੱਜੀ ਦੌੜਾਂ ਓਪਨਿੰਗ ਕਰਦੇ ਹੋਏ 173 ਦੌੜਾਂ ਹੈ।
ਇਹ ਏਨੀ ਲੰਬੀ ਅੰਕੜੇਬਾਜ਼ੀ ਇਸ ਲਈ ਦਰਜ ਕਰਨੀ ਪਈ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਖ਼ਿਰ ਭਾਰਤੀ ਕ੍ਰਿਕਟ ਵਿਚ ਓਪਨਿੰਗ ਦੀ ਸਮੱਸਿਆ ਕਿੰਨੀ ਵੱਡੀ ਹੈ। ਦਰਅਸਲ ਘਰੇਲੂ ਟੈਸਟ ਮੈਚਾਂ ਵਿਚ ਤਾਂ ਸਾਡੇ ਓਪਨਰ ਕਿਸੇ ਹੱਦ ਤੱਕ ਚੰਗਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਹਿੰਦੇ ਹਨ ਪਰ ਜਿਵੇਂ ਹੀ ਉਹ ਵਿਦੇਸ਼ੀ ਦੌਰੇ 'ਤੇ ਜਾਂਦੇ ਹਨ, ਉਨ੍ਹਾਂ ਦੀ ਸਾਰੀ ਔਸਤ ਗੜਬੜਾ ਜਾਂਦੀ ਹੈ ਕਿਉਂਕਿ ਵਿਦੇਸ਼ਾਂ ਵਿਚ ਭਾਰਤੀ ਓਪਨਰ ਆਮ ਤੌਰ 'ਤੇ ਘਰੇਲੂ ਮੈਚਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਅਸਫ਼ਲ ਰਹਿੰਦੇ ਹਨ। ਸਵਾਲ ਹੈ ਕਿ ਇਸ ਦੀ ਵਜ੍ਹਾ ਕੀ ਹੈ? ਲੰਬੇ ਸਮੇਂ ਤੋਂ ਇਸ ਸਵਾਲ 'ਤੇ ਸਭ ਤਰ੍ਹਾਂ ਦੇ ਵਿਚਾਰ ਕਰਦੇ ਹੋਏ ਜਾਣ ਕੇ ਲੋਕ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਇਸ ਦੀ ਸਭ ਤੋਂ ਵੱਡੀ ਵਜ੍ਹਾ ਭਾਰਤੀ ਪਿੱਚਾਂ ਹਨ। ਅਸਲ ਵਿਚ ਭਾਰਤੀ ਪਿੱਚਾਂ ਕਾਫ਼ੀ ਸਪਾਟ ਹਨ, ਜਿਸ ਕਾਰਨ ਇਥੇ ਗੇਂਦ ਉੱਠ ਕੇ ਆਉਂਦੀ ਹੈ ਅਤੇ ਸਾਡੇ ਸਾਰੇ ਬੱਲੇਬਾਜ਼ ਬਹੁਤ ਹਿਟ ਕਰਦੇ ਹਨ ਪਰ ਜਿਵੇਂ ਹੀ ਉਹ ਵਿਦੇਸ਼ ਜਾਂਦੇ ਹਨ, ਭਾਰਤੀ ਪਿੱਚਾਂ ਦਾ ਇਹ ਅਭਿਆਸ ਉਨ੍ਹਾਂ ਨੂੰ ਲੈ ਡੁੱਬਦਾ ਹੈ। ਇਸ ਲਈ ਜੇਕਰ ਲਗਪਗ ਇਕ ਸਦੀ ਪੁਰਾਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਹੈ ਤਾਂ ਭਾਰਤ ਵਿਚ ਤੇਜ਼ ਪਿੱਚਾਂ ਬਣਾਉਣੀਆਂ ਹੀ ਪੈਣਗੀਆਂ।

ਅਥਲੈਟਿਕਸ ਦੀ ਰਿਕਾਰਡ ਹੋਲਡਰ ਐਲੀਸਨ ਮਿਸ਼ੇਲ ਫੇਲਿਕਸ

ਦੁਨੀਆ ਵਿਚ ਜਿੱਥੇ ਪੁਰਸ਼ਾਂ ਨੇ ਵੱਖ-ਵੱਖ ਖੇਡਾਂ ਵਿਚ ਰਿਕਾਰਡ ਬਣਾਏ ਹਨ, ਉੱਥੇ ਹੀ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਹਰ ਖੇਤਰ ਵਿਚ ਔਰਤਾਂ ਨੇ ਮਰਦਾਂ ਨਾਲੋਂ ਵੱਧ ਮਿਹਨਤ ਕੀਤੀ ਹੈ, ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਡਾਂ ਦਾ। ਪੂਰੀ ਦੁਨੀਆ ਵਿਚ ਮਹਿਲਾਵਾਂ ਨੇ ਆਪਣਾ ਨਾਂਅ ਚਮਕਾਇਆ ਹੈ। ਭਾਰਤੀ ਮਹਿਲਾ ਖਿਡਾਰਨਾਂ ਨੇ ਵੀ ਪਿਛਲੇ ਸਮੇਂ ਰਾਸ਼ਟਰ ਮੰਡਲ ਖੇਡਾਂ, ਏਸ਼ੀਅਨ ਖੇਡਾਂ ਵਿਚ ਸੋਨ ਤਗਮੇ ਜਿੱਤ ਅਨੇਕ ਰਿਕਰਡ ਬਣਾਏ। ਅੱਜ ਗੱਲ ਕਰਨ ਲੱਗੇ ਹਾਂ ਖੇਡਾਂ ਦੀ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀ ਉਲੰਪੀਅਨ ਅਥਲੀਟ ਐਲੀਸਨ ਮਿਸ਼ੇਲ ਫੇਲਿਕਸ ਦੀ, ਜਿਸ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਅਥਲੈਟਿਕ ਖੇਡ ਤੋਂ ਕੀਤੀ। ਐਲੀਸਨ ਮਿਸ਼ੇਲ ਫੇਲਿਕਸ ਦਾ ਜਨਮ ਅਮਰੀਕਾ ਵਿਚ 18 ਨਵੰਬਰ, 1985 ਨੂੰ ਹੋਇਆ। ਐਲੀਸਨ ਮਿਸ਼ੇਲ ਫੇਲਿਕਸ ਅਮਰੀਕੀ ਟਰੈਕ ਅਤੇ ਫੀਲਡ ਸਪ੍ਰਿੰਟਰ ਖਿਡਾਰਨ ਹੈ। ਫੇਲਿਕਸ 100 ਮੀਟਰ, 200 ਮੀਟਰ ਅਤੇ 400 ਮੀਟਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੀ ਹੈ। ਫੇਲਿਕਸ ਨੇ 2012 ਉਲੰਪਿਕ ਖੇਡਾਂ ਵਿਚ 3 ਸੋਨ ਤਗਮੇ ਜਿੱਤੇ। ਫੇਲਿਕਸ ਨੇ ਮਹਿਲਾ ਸਾਲ 2008 ਤੇ 2016 ਦੀਆਂ ਉਲੰਪਿਕ ਖੇਡਾਂ ਵਿਚ 5 ਸੋਨ ਤਗਮੇ ਜਿੱਤੇ ਹਨ ਅਤੇ ਵਿਸ਼ਵ ਰਿਕਾਰਡ ਵੀ ਬਣਾਏ ਹਨ, ਜੋ ਅਜੇ ਵੀ ਸਥਾਪਿਤ ਹਨ। ਫੇਲਿਕਸ ਇਕਲੌਤੀ ਟ੍ਰੈਕ ਅਤੇ ਫੀਲਡ ਦੀ ਅਥਲੀਟ ਹੈ, ਜਿਸ ਨੇ 6 ਉਲੰਪਿਕ ਸੋਨ ਤਗਮੇ ਜਿੱਤੇ ਹਨ। ਫੇਲਿਕਸ ਆਈ.ਏ.ਏ.ਐਫ. ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ 16 ਤਗਮੇ ਜਿੱਤਣ ਵਾਲੀ ਪਹਿਲੀ ਅਥਲੀਟ ਬਣੀ। ਸਾਲ 2019 ਫੇਲਿਕਸ ਨੇ ਦੋਹਾ, ਕਤਰ ਵਿਚ ਵਰਲਡ ਚੈਂਪੀਅਨਸ਼ਿਪ ਵਿਚ ਯੂਸੇਨ ਬੋਲਟ ਦਾ ਸਭ ਤੋਂ ਵੱਧ ਤਗਮਿਆਂ ਦਾ ਰਿਕਾਰਡ ਤੋੜਿਆ। ਅਥਲੈਟਿਕਸ ਖੇਡ ਲਈ ਐਲੀਸਨ ਮਿਸ਼ੇਲ ਫੇਲਿਕਸ ਨੇ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਖੇਡ ਨਾਲ ਜੁੜਦੇ ਹੋਏ ਕਈ ਇਤਿਹਾਸਕ ਤਗਮੇ ਜਿੱਤੇ। ਐਲੀਸਨ ਨੇ ਬਹੁਤ ਐਵਾਰਡ ਵੀ ਪ੍ਰਾਪਤ ਕੀਤੇ, ਜਿਸ ਵਿਚ 'ਅਥਲੀਟ ਆਫ ਦਾ ਈਅਰ' ਐਵਾਰਡ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ। ਸਾਲ 2005, 2007, 2010, 2015 ਵਿਚ ਇਸ ਖਿਡਾਰਨ ਨੇ ਇਹ ਐਵਾਰਡ ਆਪਣੇ ਨਾਂਅ ਕੀਤਾ। ਇਹ ਸੱਚ ਹੈ ਕਿ ਮਿਹਨਤ ਜੇਕਰ ਕੋਈ ਵੀ, ਕਿਸੇ ਵੀ ਖੇਤਰ ਵਿਚ ਕਰਦਾ ਹੈ, ਉਸ ਨੂੰ ਸਫਲਤਾ ਹਾਸਲ ਜ਼ਰੂਰ ਹੰਦੀ ਹੈ। ਆਸ ਕਰਦੇ ਹਾਂ ਕਿ ਐਲੀਸਨ ਮਿਸ਼ੇਲ ਫੇਲਿਕਸ ਵਾਂਗ ਭਾਰਤੀ ਖਿਡਾਰਨਾਂ ਵੀ ਮਿਹਨਤ ਕਰਨ ਤੇ ਉਲੰਪਿਕ ਖੇਡਾਂ ਤੇ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਲਈ ਤਗਮੇ ਜਿੱਤਣ।


-ਮੋਬਾ: 82888-47042

ਸੱਜੇ ਹੱਥ ਤੋਂ ਅਪਾਹਜ ਪਰ ਕ੍ਰਿਕਟ ਦਾ ਸਿਤਾਰਾ ਹੈ ਕੁਲਦੀਪ ਕੁਮਾਰ ਕਨੌਜੀਆ ਲਖਨਊ

ਕੁਲਦੀਪ ਕੁਮਾਰ ਕਨੌਜੀਆ ਸੱਜੇ ਹੱਥ ਤੋਂ ਅਪਾਹਜ ਹੈ ਪਰ ਇਸ ਦੇ ਬਾਵਜੂਦ ਵੀ ਕ੍ਰਿਕਟ ਦੇ ਮੈਦਾਨ ਦਾ ਉਹ ਸਿਤਾਰਾ ਹੈ, ਜਿਸ ਦੀ ਚਮਕ ਇਕੱਲੇ ਯੂ.ਪੀ. ਪ੍ਰਾਂਤ ਵਿਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਉਸ ਦੀ ਇਕ ਅਲੱਗ ਪਹਿਚਾਣ ਹੈ। ਇਸ ਕ੍ਰਿਕਟ ਦੇ ਖਿਡਾਰੀ ਦਾ ਜਨਮ ਪਿਤਾ ਰਾਮ ਅਵਤਾਰ ਕਨੌਜੀਆ ਦੇ ਘਰ ਮਾਤਾ ਸੁਨੀਤਾ ਕਨੌਜੀਆ ਦੀ ਕੁੱਖੋਂ 12 ਅਗਸਤ, 1987 ਨੂੰ ਲਖਨਊ ਦੇ ਰਾਜਾਜੀ ਪੁਰਮ ਵਿਖੇ ਹੋਇਆ। ਕੁਲਦੀਪ ਕੁਮਾਰ ਨੇ ਜਦ ਜਨਮ ਲਿਆ ਤਾਂ ਉਸ ਦਾ ਸੱਜਾ ਹੱਥ ਜਨਮ ਤੋਂ ਹੀ ਛੋਟਾ ਸੀ ਜਾਣੀ ਸੁੰਗੜਿਆ ਹੋਇਆ ਸੀ ਅਤੇ ਮਾਂ-ਬਾਪ ਸੋਚਦੇ ਸਨ ਕਿ ਹੋ ਸਕਦਾ ਹੈ ਕੁਲਦੀਪ ਜਦ ਵੱਡਾ ਹੋਵੇਗਾ ਤਾਂ ਉਸ ਦਾ ਹੱਥ ਠੀਕ ਹੋ ਜਾਵੇਗਾ। ਕੁਲਦੀਪ ਵੱਡਾ ਤਾਂ ਹੋ ਗਿਆ ਪਰ ਉਸ ਦਾ ਹੱਥ ਉਵੇਂ ਦਾ ਉਂਵੇ ਹੀ ਰਿਹਾ। ਕੁਲਦੀਪ ਨੇ ਇਸ ਨੂੰ ਸਵੀਕਾਰ ਕਰਕੇ ਜ਼ਿੰਦਗੀ ਦੀ ਮੰਜ਼ਿਲ 'ਤੇ ਅਜਿਹਾ ਕਦਮ ਰੱਖਿਆ ਕਿ ਉਸ ਦੀ ਮੰਜ਼ਿਲ ਦੀ ਵਾਟ ਨਾ ਹੀ ਕਦੇ ਮੁੱਕੀ ਅਤੇ ਨਾ ਹੀ ਕਦੇ ਰੁਕੀ। ਉਸ ਨੇ ਲਖਨਊ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਕੇ ਆਪਣੇ-ਆਪ ਨੂੰ ਉੱਚ ਸਿੱਖਿਅਕ ਵਿਦਿਆਰਥੀਆਂ ਵਿਚ ਖੜ੍ਹਾ ਕਰ ਲਿਆ।
ਕੁਲਦੀਪ ਨੇ ਭਾਵੇਂ ਪੈਰਾ ਅਥਲੈਟਿਕ ਕਰਨੀ ਸ਼ੁਰੂ ਕੀਤੀ ਪਰ ਉਸ ਦਾ ਮੁੱਖ ਸ਼ੌਕ ਕ੍ਰਿਕਟਰ ਬਣਨ ਦਾ ਸੀ ਅਤੇ ਉਹ ਪੈਰਾ ਕ੍ਰਿਕਟ ਦੇ ਮੈਦਾਨ ਵਿਚ ਉਤਰਿਆ ਅਤੇ ਅੱਜ ਉਹ ਰਾਸ਼ਟਰੀ ਅਤੇ ਅੰਤਰਰਸ਼ਟਰੀ ਪੱਧਰ ਦਾ ਖਿਡਾਰੀ ਹੈ ਅਤੇ ਬਹੁਤ ਸਾਰੇ ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ। ਸਾਲ 2011-12 ਤੋਂ ਇੰਡੀਅਨ ਕ੍ਰਿਕਟ ਫੈਡਰੇਸ਼ਨ ਫਾਰ ਦਾ ਡਿਸਏਬਲ ਵਲੋਂ ਟੀ-20 ਮੈਚ ਲਗਾਤਾਰ ਖੇਡ ਰਿਹਾ ਹੈ ਅਤੇ ਸਾਲ 2014 ਵਿਚ ਉਹ ਪੈਰਾ ਫੁੱਟਬਾਲ ਟੂਰਨਾਮੈਂਟ ਵਿਚ ਵੀ ਭਾਗ ਲੈ ਚੁੱਕਾ ਹੈ। ਸਾਲ 2015 ਵਿਚ ਉਸ ਨੇ ਬੈਡਮਿੰਟਨ ਵਿਚ ਵੀ ਡਬਲ ਪੁਰਸ਼ ਵਿਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2008 ਵਿਚ ਯੂ.ਪੀ. ਵਿਚ ਹੋਈ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ 1500 ਮੀਟਰ ਦੌੜ ਵਿਚ ਤੀਜਾ ਸਥਾਨ ਅਤੇ 200 ਮੀਟਰ ਦੌੜ ਵਿਚ ਪਹਿਲੇ ਸਥਾਨ 'ਤੇ ਰਿਹਾ। ਕੁਲਦੀਪ ਕੁਮਾਰ ਇਕ ਪੈਰਾ ਖਿਡਾਰੀ ਹੀ ਨਹੀਂ, ਸਗੋਂ ਇਕ ਸਮਾਜ ਸੇਵੀ ਵੀ ਹੈ ਅਤੇ ਉਹ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਸਮਾਜਿਕ ਕੰਮ ਵੀ ਨਾਲੋ-ਨਾਲ ਕਰ ਰਿਹਾ ਹੈ ਅਤੇ ਗਲੋਬਲ ਵਾਰਮਿੰਗ ਨੂੰ ਲੈ ਕੇ ਉਹ ਹਮੇਸ਼ਾ ਹੀ ਚਿੰਤਾ ਵਿਚ ਹੈ। ਉਸ ਨੇ ਲਖਨਊ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਇਕ ਮੁਹਿੰਮ ਵੀ ਵਿੱਢੀ ਹੋਈ ਹੈ ਅਤੇ ਉਹ ਅਕਸਰ ਲੰਮੀਆਂ ਸਾਈਕਲ ਯਾਤਰਾਵਾਂ ਕਰਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦਾ ਹੋਕਾ ਵੀ ਦਿੰਦਾ ਹੈ। ਕੁਲਦੀਪ ਕੁਮਾਰ ਕਨੌਜੀਆ ਆਖਦਾ ਹੈ ਕਿ, 'ਉਸ ਨੇ ਹਮੇਸ਼ਾ ਆਪਣੇ-ਆਪ ਨੂੰ ਹੋਰ ਅੱਗੇ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਸ ਨੂੰ ਬੀਤੇ ਹੋਏ ਪਲ ਦੀ ਨਹੀਂ, ਆਉਣ ਵਾਲੇ ਕੱਲ੍ਹ ਦੀ ਫਿਕਰ ਹੈ।


-ਮੋਬਾ: 98551-14484

ਉਲੰਪਿਕ ਹਾਕੀ ਕੁਆਲੀਫਾਇਰ

ਭੁਵਨੇਸ਼ਵਰ ਵਿਖੇ ਘਰੇਲੂ ਮੈਦਾਨ 'ਚ ਸਾਡੀਆਂ ਕੌਮੀ ਟੀਮਾਂ ਲਈ ਪਰਖ ਦੀਆਂ ਘੜੀਆਂ

ਸਾਡੀਆਂ ਪੁਰਸ਼ ਵਰਗ ਅਤੇ ਮਹਿਲਾ ਵਰਗ ਦੀਆਂ ਕੌਮੀ ਹਾਕੀ ਟੀਮਾਂ ਦਾ ਨਿਸ਼ਾਨਾ 24 ਜੁਲਾਈ ਤੋਂ 9 ਅਗਸਤ, 2020 ਤੱਕ ਹੋਣ ਵਾਲੀਆਂ ਟੋਕੀਓ ਉਲੰਪਿਕ ਖੇਡਾਂ ਲਈ ਬਾਇੱਜ਼ਤ ਕੁਆਲੀਫਾਈ ਕਰਨਾ ਹੈ। ਖਿਡਾਰੀਆਂ-ਖਿਡਾਰਨਾਂ ਨੂੰ ਚਿਤਾਵਨੀ ਹੈ ਆਪਣੀ ਵਿਅਕਤੀਗਤ ਖੇਡ ਨੂੰ ਬਿਹਤਰ ਬਣਾਉਣ ਦੀ। ਟੀਮਾਂ ਨੂੰ ਹਮੇਸ਼ਾ ਇਹ ਯਾਦ ਰੱਖਣ ਦੀ ਲੋੜ ਹੈ ਕਿ ਕੁਆਲੀਫਾਈ ਕਰਨ ਲਈ ਕਿੰਨੇ ਦਿਨ ਬਚੇ ਹਨ। ਇਸੇ ਤਹਿਤ ਹੀ ਸਾਡੀ ਕੌਮੀ ਹਾਕੀ ਟੀਮ ਦਾ ਬੈਲਜ਼ੀਅਮ ਦੌਰਾ ਸੀ, ਜਿਸ ਵਿਚ ਸਾਡੀ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਕ ਆਸ ਪੈਦਾ ਕੀਤੀ ਹੈ ਸਾਡਾ ਦੇਸ਼ ਹਾਕੀ ਦੀ ਦੁਨੀਆ 'ਚ ਉੱਪਰ ਉੱਠਣ ਲਈ ਸਹੀ ਕਦਮ ਪੁੱਟ ਰਿਹਾ ਹੈ। ਇਥੇ ਸਾਡੀ ਜਾਚੇ ਸਭ ਤੋਂ ਮਹੱਤਵਪੂਰਨ ਇਹ ਵੀ ਹੈ ਕਿ ਸਾਡੇ ਖਿਡਾਰੀ ਗੰਭੀਰ ਸੱਟਾਂ ਦਾ ਬਚਾਅ ਵੀ ਰੱਖਣ। 8 ਵਾਰੀ ਸੋਨੇ ਦਾ ਤਗਮਾ ਜਿੱਤ ਚੁੱਕੇ ਇਸ ਦੇਸ਼ ਲਈ ਉਲੰਪਿਕ ਖੇਡਾਂ ਲਈ ਨਾ ਕੁਆਲੀਫਾਈ ਕਰਨਾ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੋਈ ਸੀ 2008 'ਚ ਬੀਜਿੰਗ ਉਲੰਪਿਕ ਖੇਡਾਂ ਦੌਰਾਨ। ਦੂਜੇ ਪਾਸੇ ਉਲੰਪਿਕ ਖੇਡਾਂ 'ਚ ਸਾਡੀ ਹਾਕੀ ਨੂੰ ਕੋਈ ਤਗਮਾ ਜਿੱਤੇ ਦਹਾਕੇ ਹੋ ਚੱਲੇ ਹਨ। ਤੁਹਾਨੂੰ ਯਾਦ ਹੋਵੇਗਾ ਕਿ 1980 ਦੇ ਮਾਸਕੋ (ਰੂਸ) 'ਚ ਉਲੰਪਿਕ ਖੇਡਾਂ ਦੌਰਾਨ ਭਾਰਤ ਨੇ ਤਗਮਾ ਜਿੱਤਿਆ ਸੀ।
ਦੱਸਦੇ ਚੱਲੀਏ ਕਿ ਜਿਸ ਦੇਸ਼ ਵਿਚ ਅਸੀਂ ਆਖਰੀ ਵਾਰ ਤਗਮਾ ਜਿੱਤਿਆ, ਉਸ ਦੇਸ਼ ਦੇ ਖਿਲਾਫ ਹੀ ਅਸੀਂ ਭੁਵਨੇਸ਼ਵਰ ਵਿਖੇ 1, 2 ਨਵੰਬਰ ਨੂੰ ਉਲੰਪਿਕ ਦੇ ਕੁਆਲੀਫਾਈ ਗੇੜ ਦਾ ਅਹਿਮ ਮੈਚ ਖੇਡਣ ਜਾ ਰਹੇ ਹਾਂ, ਬੈਕ ਟੂ-ਬੈਟ ਮੈਚ। ਰੂਸ ਦੇ ਕੌਮੀ ਚੀਫ਼ ਕੋਚ ਵਲਾਦੀਮੀਰ ਕੋਕਿਨ ਅਤੇ ਉਸ ਦੇ ਜੁਝਾਰੂ ਖਿਡਾਰੀਆਂ ਡੈਨਿਸ ਸਚੀਪਾਚੇਵ, ਮਿਖਾਟਿਲ ਕੂਰੀਕੋਵ, ਜਾਹਜਆਈ ਅਰੂਸੀਆ, ਵੀਰਜ ਮੈਟਕੋਵਸਕੀ, ਮਰਾਤ ਖੈਰਲਿਨ, ਪਵੇਲ ਗੋਲੂਬੇਵ ਆਦਿ ਖਿਡਾਰੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ। ਇਤਿਹਾਸ ਗਵਾਹ ਹੈ ਕਿ ਭਾਵੇਂ ਰੂਸ ਨੇ ਕਦੇ ਵੀ ਵਿਸ਼ਵ ਕੱਪ ਜਾਂ ਉਲੰਪਿਕ ਲਈ ਕੁਆਲੀਫਾਈ ਨਹੀਂ ਕੀਤਾ, ਉਨ੍ਹਾਂ ਨੇ ਯੂਰੋ ਹਾਕੀ ਚੈਂਪੀਅਨਸ਼ਿਪ ਵਿਚ 4 ਵਾਰ ਮੁਕਾਬਲਾ ਕੀਤਾ ਹੈ ਜਿਥੇ ਉਨ੍ਹਾਂ ਦਾ ਸਰਬੋਤਮ ਨਤੀਜਾ 2011 'ਚ ਸੱਤਵਾਂ ਸਥਾਨ ਰਿਹਾ। ਮਹਿਲਾ ਵਰਗ 'ਚ ਸਾਡੀ ਟੀਮ ਦਾ ਮੁਕਾਬਲਾ ਯੂ.ਐਸ.ਏ. ਨਾਲ ਹੈ, ਜੋ ਕਿ ਬਹੁਤ ਮੁਸ਼ਕਿਲ ਵਿਰੋਧੀ ਬੈਕ-ਟੂ-ਬੈਕ ਮੈਚ ਹੈ। ਐਫ.ਆਈ.ਐਚ. ਦੀ ਵਿਸ਼ਵ ਰੈਂਕਿੰਗ ਵਿਚ ਰੂਸ ਦਾ 22ਵਾਂ ਸਥਾਨ ਹੈ ਅਤੇ ਯੂ.ਐਸ.ਏ. ਦੀ ਮਹਿਲਾ ਹਾਕੀ ਟੀਮ 13ਵੇਂ ਸਥਾਨ 'ਤੇ ਹੈ ਅਤੇ ਭਾਰਤੀ ਟੀਮ ਨੌਵੇਂ ਸਥਾਨ 'ਤੇ ਹੈ। ਲੰਡਨ 'ਚ ਮਹਿਲਾ ਵਰਲਡ ਕੱਪ ਵਿਚ ਆਖਰੀ ਬੈਠਕ 'ਚ ਭਾਰਤ ਨੇ ਯੂ.ਐਸ.ਏ. ਦੇ ਖਿਲਾਫ 1-1 ਨਾਲ ਬਰਾਬਰੀ ਕੀਤੀ ਸੀ ਪਰ ਰੂਸ ਨੂੰ ਪੁਰਸ਼ ਵਰਗ ਵਿਚ ਭੁਵਨੇਸ਼ਵਰ ਵਿਚ ਐਫ.ਆਈ.ਐਚ. ਸੀਰੀਜ਼ ਦੇ ਫਾਈਨਲ ਦੌਰਾਨ ਰੂਸ ਨੂੰ 10-0 ਨਾਲ ਹਰਾਇਆ ਸੀ। ਮਹਿਲਾ ਕਪਤਾਨ ਰਾਣੀ ਰਾਮਪਾਲ ਬਹੁਤ ਬੁਲੰਦ ਇਰਾਦਿਆਂ 'ਚ ਹੈ। ਉਸ ਦਾ ਕਹਿਣਾ ਹੈ ਕਿ ਭਾਰਤੀ ਟੀਮ ਯਕੀਨਨ ਟੋਕੀਓ ਉਲੰਪਿਕ ਹਾਕੀ ਲਈ ਕੁਆਲੀਫਾਈ ਕਰੇਗੀ। ਪੁਰਸ਼ ਅਤੇ ਮਹਿਲਾ ਟੀਮਾਂ ਦੇ ਕੋਚ ਗ੍ਰਾਹਮ ਰੀਡ ਅਤੇ ਸਜੋਰਡ ਮਾਰੀਜਿਨ ਦੋਵੇਂ ਆਸ਼ਾਵਾਦੀ ਹਨ ਪਰ ਸਾਡੀਆਂ ਕੌਮੀ ਟੀਮਾਂ ਨੂੰ ਭੁਵਨੇਸ਼ਵਰ ਵਿਖੇ ਕਿਸੇ ਵੀ ਟੀਮ ਨੂੰ ਘੱਟ ਸਮਝਣ ਦੀ ਲੋੜ ਨਹੀਂ। ਰੂਸ ਦੀ ਰੱਖਿਆਤਮਕ ਪੰਕਤੀ ਜ਼ਬਰਦਸਤ ਹੈ, ਯੂ.ਐਸ.ਏ. ਦੀ ਹਮਲਾਵਰ ਪੰਕਤੀ ਲਾਜਵਾਬ ਹੈ।


-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕ੍ਰਿਕਟ ਵਿਚ ਦੋ ਕੁਸ਼ਲ ਮੁਟਿਆਰਾਂ

ਸ਼ਿਫਾਲੀ ਵਰਮਾ ਤੇ ਪ੍ਰੀਆ ਪੁਨੀਆ ਦਾ ਸ਼ੁਭ ਆਗਮਨ

ਅੱਜਕਲ੍ਹ ਜਦੋਂ ਕੋਈ ਦੋ ਕ੍ਰਿਕਟ ਪ੍ਰੇਮੀ ਮਿਲਦੇ ਹਨ ਤੇ ਭਾਰਤੀ ਮਹਿਲਾ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਕ੍ਰਿਕਟ ਵਿਚ ਦੋ ਵਿਸ਼ੇਸ਼ ਕਰਕੇ ਨੌਜਵਾਨ ਮੁਟਿਆਰਾਂ ਦੀ ਸਿਫਤ ਕਰਨ ਤੋਂ ਬਿਨਾਂ ਰਹਿ ਨਹੀ ਸਕਦੇ। ਇਹ ਦੋ ਮੁਟਿਆਰਾਂ ਸ਼ਿਫਾਲੀ ਵਰਮਾ ਤੇ ਪ੍ਰੀਆ ਪੁਨੀਆ ਹਨ, ਜਿਨ੍ਹਾਂ ਨੇ ਮਹਿਲਾ ਕ੍ਰਿਕਟ ਵਿਚ ਇਤਿਹਾਸ ਰਚ ਦਿੱਤਾ ਹੈ ਜੋ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਕੇਵਲ 15 ਸਾਲ ਦੀ ਬਾਲੜੀ ਸ਼ਿਫਾਲੀ ਵਰਮਾ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਲੜਕੀ ਬਣ ਗਈ ਹੈ, ਜਿਸ ਨੇ ਭਾਰਤੀ ਕ੍ਰਿਕਟ ਵਿਚ ਪ੍ਰਵੇਸ਼ ਪਾ ਲਿਆ ਹੈ। ਦੂਸਰੀ ਲੜਕੀ ਪ੍ਰੀਆ ਪੁਨੀਆ ਹੈ, ਜਿਸ ਨੇ ਆਪਣੇ ਪਹਿਲੇ ਹੀ ਇਕ ਦਿਨਾ ਮੈਚ ਵਿਚ ਪਲੇਅਰ ਆਫ ਦਾ ਮੈਚ ਖਿਤਾਬ 75 ਦੌੜਾਂ ਪ੍ਰਾਪਤ ਕਰਕੇ ਪ੍ਰਾਪਤ ਕਰ ਲਿਆ ਹੈ ਤੇ ਉਸ ਨੂੰ ਇਕ ਲੱਖ ਦੀ ਇਨਾਮੀ ਰਾਸ਼ੀ ਵੀ ਪ੍ਰਾਪਤ ਹੋਈ ਹੈ। ਇਸ ਸਮੇਂ ਉਨ੍ਹਾਂ ਛੋਟੀ ਉਮਰ ਦੇ ਖਿਡਾਰੀਆਂ ਦੀ ਯਾਦ ਆਉਂਦੀ ਹੈ, ਜਿਨ੍ਹਾਂ ਨੇ ਘੱਟ ਉਮਰ ਵਿਚ ਮਾਅਰਕੇ ਮਾਰੇ ਹਨ। ਇਨ੍ਹਾਂ ਵਿਚੋਂ ਸਚਿਨ ਤੇਂਦੁਲਕਰ ਦਾ ਨਾਂਅ ਵਿਸ਼ੇਸ਼ ਵਰਨਣ ਦਾ ਹੱਕਦਾਰ ਹੈ। ਇਹ ਗੱਲ ਵੀ ਬਹੁਤ ਦਿਲਚਸਪ ਹੈ ਕਿ ਸਚਿਨ ਸ਼ਿਫਾਲੀ ਤੇ ਪੂਨੀਆ ਦਾ ਰੋਲ ਮਾਡਲ ਬਣਿਆ ਹੈ। ਇਨ੍ਹਾਂ ਦੋਵਾਂ ਨਾਲ ਸ਼ਿਫਾਲੀ ਤੇ ਪ੍ਰੀਆ ਨਾਲ ਜੀਵਨ ਦੀਆਂ ਪ੍ਰੇਰਿਤ ਕਰਨ ਵਾਲੀਆਂ ਬਹੁਤ ਦਿਲਚਸਪ ਗੱਲਾਂ ਜੋ ਸਭ ਨੂੰ ਪ੍ਰਭਾਵਿਤ ਕਰਦੀਆਂ ਹਨ, ਉਨ੍ਹਾਂ ਦਾ ਸੰਖੇਪ ਵਿਚ ਵਰਨਣ ਜ਼ਿੰਦਗੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ, ਜੋ ਇਸ ਪ੍ਰਕਾਰ ਹੈ। ਰੋਹਤਕ ਦੀ ਸ਼ਿਫਾਲੀ ਵਰਮਾ ਨੂੰ ਜਦੋਂ ਰੋਹਤਕ ਸ਼ਹਿਰ ਵਿਚ ਕ੍ਰਿਕਟ ਦੀ ਟ੍ਰੇਨਿੰਗ ਲਈ ਕੋਈ ਸੰਸਥਾ ਨਾ ਮਿਲੀ ਤਾਂ ਦੂਸਰੇ ਸ਼ਹਿਰ ਵਿਚ ਮੁੰਡਿਆਂ ਨਾਲ ਟ੍ਰੇਨਿੰਗ ਲੈਣੀ ਪਈ। ਦਿਲਚਸਪ ਗੱਲ ਇਹ ਹੈ ਕਿ ਉਸ ਬਾਰੇ ਪਤਾ ਹੀ ਨਾ ਲੱਗਿਆ ਕਿ ਸ਼ਿਫਾਲੀ ਮੁੰਡਾ ਹੈ ਜਾਂ ਕੁੜੀ।
ਇਨ੍ਹਾਂ ਸਤਰਾਂ ਦੇ ਲੇਖਕ ਨੇ ਸਾਂਝੇ ਪੰਜਾਬ ਸਮੇਂ ਸਰਕਾਰੀ ਕਾਲਜ ਰੋਹਤਕ ਵਿਚ ਇਕ ਲੈਕਚਰਾਰ ਵਜੋਂ ਕੰਮ ਕੀਤਾ ਹੈ। ਉਸ ਸਮੇਂ ਲੋਕਾਂ ਦੀ ਮਾਨਸਿਕਤਾ ਵਿਚ ਇਹ ਗੱਲ ਭਰੀ ਹੋਈ ਸੀ ਕਿ ਦੁੱਧ-ਘਿਓ ਖਾਣ ਵਾਲਿਆਂ ਦੀ ਖੇਡ ਕਬੱਡੀ ਅਤੇ ਕੁਸ਼ਤੀ ਹੋ ਸਕਦੀ ਹੈ, ਕ੍ਰਿਕਟ ਨਹੀਂ। ਕ੍ਰਿਕਟ ਜੋ ਪੈਂਟਾਂ ਪਾ ਕੇ ਖੇਡੀ ਜਾਂਦੀ ਹੈ, ਉਹ ਕਾਹਦੀ ਖੇਡ ਹੋਈ, ਲੋਕ ਇਸ ਗੱਲ 'ਤੇ ਹੱਸਦੇ। ਇਸ ਕਿਸਮ ਦੇ ਲੋਕਾਂ ਦੀ ਮਨਪਸੰਦ ਵਿਚ ਜੇ ਹੁਣ ਸ਼ਿਫਾਲੀ ਕਰਕੇ ਪਰਿਵਰਤਨ ਆ ਗਿਆ ਹੈ ਤਾਂ ਇਹ ਖੇਡ ਲਈ ਸ਼ੁੱਭ ਸ਼ਗਨ ਹੈ। ਪਰ ਹੁਣ ਜਦੋਂ ਕਿ ਇਸ ਪੁਰਾਤਨ ਸੋਚ ਵਾਲੇ ਲੋਕ, ਮੁਹੱਲੇ ਵਾਲੇ ਸ਼ਿਫਾਲੀ ਦੇ ਲੜਕੀ ਹੋਣ ਕਰਕੇ ਮੁੰਡਿਆਂ ਨਾਲ ਖੇਡਣ ਕਰਕੇ ਸ਼ਿਫਾਲੀ ਦੇ ਪਿਤਾ ਨਾਲ ਨਾਰਾਜ਼ ਹੋ ਗਏ ਤੇ ਕਈ ਤਾਅਨੇ-ਮਿਹਣੇ ਦਿੰਦੇ ਰਹੇ ਤੇ ਉਸ ਦੇ ਪਿਤਾ ਸੁਣਦੇ ਰਹੇ। ਇਕ ਵਾਰ ਤਾਂ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਕੇ ਲੜਨ ਲਈ ਆ ਗਏ।
ਉਸ ਦਾ ਪਿਤਾ ਸਦਾ ਇਹ ਹੀ ਕਹਿੰਦਾ ਕਿ ਉਹ ਕੇਵਲ ਕ੍ਰਿਕਟ ਲਈ ਇਹ ਸਾਰਾ ਕੁਝ ਕਰ ਰਿਹਾ ਹੈ, ਰੋਹਤਕ ਵਿਚ ਕ੍ਰਿਕਟ ਦੀਆਂ ਸਹੂਲਤਾਂ ਨਾਂਹ ਦੇ ਬਰਾਬਰ ਹਨ। ਉਸ ਦਾ ਪਿਤਾ ਆਪਣੇ ਹੱਠ 'ਤੇ ਕਾਇਮ ਰਿਹਾ। ਉਹ ਮੁੰਡਿਆਂ ਵਾਂਗ ਹੀ ਖੇਡਦੀ ਰਹੀ ਤੇ ਉਸ ਦੀ ਖੇਡ ਵਿਚ ਕੋਈ ਵੀ ਨੁਕਸ ਨਾ ਦੇਖਣ ਵਿਚ ਆਇਆ। ਫਿਰ ਇਕ ਸਮਾਂ ਆਇਆ ਜਦੋਂ ਮੁੰਡਿਆਂ ਦੀ ਟੀਮ ਦੀ ਚੋਣ ਕਰਨੀ ਸੀ। ਇਸ ਸਮੇਂ ਸ਼ਿਫਾਲੀ ਨੂੰ ਇਹ ਕਹਿਣਾ ਪਿਆ ਕਿ 'ਉਹ ਤਾਂ ਕੁੜੀ ਹੈ, ਉਸ ਨੂੰ ਮੁੰਡਿਆਂ ਦੀ ਟੀਮ ਵਿਚ ਕਿਵੇਂ ਚੁਣਿਆ ਜਾ ਸਕਦਾ ਹੈ?' ਗੱਲ ਮੀਡੀਆ ਤੱਕ ਪਹੁੰਚ ਗਈ ਤੇ ਲੋਕ ਇਸ ਘਟਨਾ ਨੂੰ ਇਕ-ਦੂਜੇ ਕੋਲ ਦੁਹਰਾਉਂਦੇ ਰਹੇ। ਸ਼ਿਫਾਲੀ ਵਰਮਾ ਨੇ ਆਪਣੇ ਪਹਿਲੇ ਹੀ ਮੈਚ ਵਿਚ ਸੰਕਟ ਦੀ ਘੜੀ ਸਮੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਤੇ 36 ਦੌੜਾਂ ਦਾ ਯੋਗਦਾਨ ਦੇ ਕੇ ਸਭ ਦਾ ਮੂੰਹ ਬੰਦ ਕਰਾ ਦਿੱਤਾ।
ਦੂਸਰੀ ਮਾਣਮੱਤੀ ਮੁਟਿਆਰ 6 ਅਗਸਤ, 1996 ਵਿਚ ਜੈਪੁਰ ਵਿਚ ਜਨਮੀ ਰਾਜਸਥਾਨ ਦੀ ਪ੍ਰੀਆ ਪੁਨੀਆ ਹੈ, ਜੋ ਦਿੱਲੀ ਦੀ ਖੇਡ ਸ਼ੁਰੂ ਕਰਨ ਵਾਲੀ ਹੈ। ਇਸ ਨੇ ਸਾਊਥ ਅਫਰੀਕਾ ਨਾਲ ਮਹਿਲਾ ਕ੍ਰਿਕਟ ਇਕ ਦਿਨਾ ਮੈਚ ਵਿਚ ਦੋਵਾਂ ਟੀਮਾਂ ਵਿਚੋਂ ਸਭ ਤੋਂ ਸਰਬੋਤਮ 75 ਦੌੜਾਂ ਬਣਾ ਕੇ ਪਲੇਅਰ ਆਫ ਦੀ ਮੈਚ ਖਿਡਾਰੀ ਬਣ ਕੇ ਆਪਣਾ ਨਾਂਅ ਰੌਸ਼ਨ ਕੀਤਾ ਹੈ।
ਇਸ ਦੇ ਜੀਵਨ ਬਾਰੇ ਇਹ ਗੱਲ ਬਹੁਤ ਦਿਲਚਸਪ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ ਕਿ ਉਹ ਇਕ ਮੱਧ ਵਰਗੀ ਪਰਿਵਾਰ ਵਿਚੋਂ ਹੈ। ਉਸ ਦੇ ਪਿਤਾ ਸੁਰਿੰਦਰ ਪੁਨੀਆ ਜੋ ਕਿ ਇਕ ਕਲਰਕ ਹੈ, ਨੇ ਪ੍ਰੀਆ ਦੀ ਖੇਡ ਨੂੰ ਚਮਕਾਉਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਤੇ ਬੈਂਕ ਤੋਂ ਕਰਜ਼ਾ ਵੀ ਲਿਆ। ਖਾਸ ਗੱਲ, ਉਸ ਦੀ ਕ੍ਰਿਕਟ ਨੂੰ ਸ਼ਿੱਦਤ ਨਾਲ ਪਿਆਰ ਕਰਨ ਦੀ ਇਹ ਹੈ ਕਿ ਉਸ ਨੇ ਇਕ ਕ੍ਰਿਕਟ ਦਾ ਮੈਦਾਨ ਬਣਾਉਣ ਲਈ ਕਿਸੇ ਮੈਦਾਨ ਬਣਾਉਣ ਵਾਲੇ ਨੂੰ ਕਿਹਾ ਤੇ ਉਸ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ। ਸੁਰਿੰਦਰ ਨੇ ਇਸ ਨੂੰ ਪ੍ਰਵਾਨ ਨਾ ਕੀਤਾ ਤੇ ਆਪਣੀ ਧੀ ਲਈ ਆਪ ਮੈਦਾਨ ਸਿਰਜਿਆ। 5 ਫੁੱਟ 4 ਇੰਚ ਦੀ 57 ਕਿਲੋ ਭਾਰੀ ਸਰੀਰ ਵਾਲੀ ਕ੍ਰਿਕਟਰ ਨੇ ਬੀ. ਕਾਮ. ਦੀ ਡਿਗਰੀ ਕੀਤੀ ਹੋਈ ਹੈ। ਉਸ ਨੇ ਆਪਣੇ ਪਹਿਲੇ ਹੀ ਮੈਚ ਵਿਚ ਇਤਿਹਾਸ ਰਚ ਦਿੱਤਾ ਹੈ ਤੇ ਪਿਤਾ ਦੀਆਂ ਇੱਛਾਵਾਂ ਪੂਰੀਆਂ ਕੀਤੀਆ ਹਨ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX