ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ,੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ...
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ...
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਤਪਾ ਮੰਡੀ,10 ਦਸੰਬਰ (ਪ੍ਰਵੀਨ ਗਰਗ) -ਬਰਨਾਲਾ- ਬਠਿੰਡਾ ਮੁੱਖ ਮਾਰਗ 'ਤੇ ਗੁਰੂ ਨਾਨਕ ਸਕੂਲ ਨਜ਼ਦੀਕ ਇੱਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ 'ਚ ਸਵਾਰ ਲੇਡੀਜ਼ ਥਾਣੇਦਾਰ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਨਵੀਂ ਦਿੱਲੀ, ੧੦ ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਰਕਾਰ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ ਕਰਦੀ ਹੈ।
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਦੇਰ ਸ਼ਾਮ ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਮੌਸਮ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਠੰਢੀਆਂ...
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਇਸ ਗੱਲ...
ਵਿਜੇ ਮਾਲਿਆ ਦੀ ਹਵਾਲਗੀ ਭਾਰਤ ਲਈ ਵੱਡਾ ਦਿਨ - ਅਰੁਣ ਜੇਤਲੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਦੀ ਹਵਾਲਗੀ ਸਬੰਧੀ ਲੰਡਨ ਦੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਵਿਜੇ ਮਾਲਿਆ...
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਦੇ ਬੁਲਾਰੇ ਦਾ ਕਹਿਣਾ ਹੈ ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ...
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਰਜਿਤ ਪਟੇਲ ਉੱਚ ਸਮਰਥਾ ਵਾਲੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਅੰਬਾਂ ਦੀ ਤੁੜਾਈ ਅਤੇ ਸਾਂਭ-ਸੰਭਾਲ ਕਿਵੇਂ ਕਰੀਏ

ਅੰਬ, ਫਲ਼ਾਂ ਦਾ ਰਾਜਾ, ਸੁਆਦਲਾ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਣ ਕਰਕੇ ਹਰਮਨ ਪਿਆਰਾ ਫਲ਼ ਹੈ । ਫਲ਼ ਦੇ ਪ੍ਰਤੀ 100 ਗ੍ਰਾਮ ਗੁੱਦੇ ਵਿਚ ਭਰਪੂਰ ਵਿਟਾਮਿਨ ਏ (4800 ਯੂਨਿਟ), ਵਿਟਾਮਿਨ ਬੀ-1 ਅਤੇ ਬੀ-2 (90 ਮਿਲੀਗ੍ਰਾਮ) ਅਤੇ ਵਿਟਾਮਿਨ ਸੀ (13 ਮਿਲੀਗ੍ਰਾਮ) ਮੌਜੂਦ ਹਨ । ਇਸ ਤੋਂ ਇਲਾਵਾ ਇਸ ਵਿਚ 11.8 ਪ੍ਰਤੀਸ਼ਤ ਕਾਰਬੋਹਾਈਡਰੇਟ, 0.6 ਪ੍ਰਤੀਸ਼ਤ ਪ੍ਰੋਟੀਨ ਅਤੇ 0.3 ਪ੍ਰਤੀਸ਼ਤ ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਹੁੰਦਾ ਹੈ । ਪੰਜਾਬ ਵਿਚ ਫਲ਼ਾਂ ਅਧੀਨ ਕੁੱਲ ਰਕਬੇ ਵਿਚੋਂ ਤੀਜਾ ਸਥਾਨ ਅੰਬ ਦਾ ਹੈ। ਕੁੱਲ 6896 ਹੈਕਟੇਅਰ ਰਕਬੇ ਵਿਚੋਂ ਅੰਬਾਂ ਦਾ 1, 95, 529 ਕੁਇੰਟਲ ਉਤਪਾਦਨ ਹੁੰਦਾ ਹੈ। ਜਿਸ ਵਿਚੋਂ ਬਹੁਤ ਸਾਰਾ ਫਲ਼ ਤੁੜਾਈ, ਸਾਂਭ-ਸੰਭਾਲ ਅਤੇ ਡੱਬੇਬੰਦੀ ਦੇ ਗ਼ਲਤ ਤਰੀਕਿਆਂ ਅਤੇ ਢੋਆ-ਢੁਆਈ ਦੌਰਾਨ ਵਰਤੀ ਜਾਣ ਵਾਲੀ ਲਾਪ੍ਰਵਾਹੀ ਕਰਕੇ ਖਰਾਬ ਹੋ ਜਾਂਦਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਹਨ- ਐਲਫਾਂਸੋ, ਦਸਹਿਰੀ, ਲੰਗੜਾ ਅਤੇ ਚੂਪਣ ਵਾਲੀਆਂ ਕਿਸਮਾਂ ਜੀ.ਐਨ. 1, 2, 3, 4, 5, 6 ਅਤੇ 7 ਹਨ।
ਅੰਬਾਂ ਦੀ ਤੁੜਾਈ ਕਦੋਂ ਅਤੇ ਕਿਵੇਂ ਕਰੀਏ: ਅੰਬਾਂ ਦੇ ਕਾਸ਼ਤਕਾਰ ਲਈ ਫਲ਼ ਨੂੰ ਸਹੀ ਸਮੇਂ ਉੱਪਰ ਤੋੜਨਾ ਇਕ ਅਜਿਹਾ ਮਹੱਤਵਪੂਰਨ ਫੈਸਲਾ ਹੈ, ਜਿਸ 'ਤੇ ਫਲ਼ਾਂ ਦੀ ਗੁਣਵੱਤਾ ਅਤੇ ਕੀਮਤ ਨਿਰਭਰ ਕਰਦੀ ਹੈ। ਅੰਬ ਦਾ ਟਪਕਾ ਕੁਦਰਤੀ ਤੌਰ 'ਤੇ ਫਲ਼ ਦੇ ਪੱਕਣ ਦੀ ਪਹਿਲੀ ਨਿਸ਼ਾਨੀ ਹੈ, ਇਹ ਆਮ ਤੌਰ 'ਤੇ ਫਲ਼ ਲੱਗਣ ਦੇ 15-16 ਹਫਤਿਆਂ ਬਾਅਦ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਫਲ਼ ਦਾ ਆਕਾਰ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਪਰ ਇਸ ਦਾ ਰੰਗ ਹਰਾ ਹੁੰਦਾ ਹੈ। ਅੰਬਾਂ ਨੂੰ ਹਮੇਸ਼ਾ ਤੋੜ ਕੇ ਹੀ ਪਕਾਇਆ ਜਾਂਦਾ ਹੈ ਕਿਉਂਕਿ ਇਹ ਰੁੱਖ ਉੱਪਰ ਸਹੀ ਢੰਗ ਨਾਲ ਨਹੀਂ ਪੱਕਦੇ। ਸਮੇਂ ਤੋਂ ਪਹਿਲਾਂ ਤੋੜੇ ਗਏ ਫਲ਼ ਚੰਗੀ ਤਰ੍ਹਾਂ ਨਹੀਂ ਪੱਕਦੇ ਅਤੇ ਉਨ੍ਹਾਂ ਦਾ ਸੁਆਦ ਵੀ ਵਧੀਆ ਨਹੀਂ ਬਣਦਾ। ਤੁੜਾਈ ਦੇ ਸਹੀ ਸਮੇਂ ਦਾ ਪਤਾ ਲਗਾਉਣ ਦਾ ਇਕ ਹੋਰ ਵਧੀਆ ਢੰਗ ਫਲ਼ ਦੀ ਘਣਤਾ ਹੈ, ਜੇਕਰ ਫਲ਼ ਪਾਣੀ ਵਿਚ ਡੁੱਬ ਜਾਣ ਤਾਂ ਇਨ੍ਹਾਂ ਦੀ ਘਣਤਾ ਤਕਰੀਬਨ 1.0 ਹੁੰਦੀ ਹੈ ਅਤੇ ਇਹ ਤੁੜਾਈ ਦੇ ਲਈ ਤਿਆਰ ਹੁੰਦੇ ਹਨ। ਡੰਡੀ ਵਾਲੇ ਪਾਸੇ ਮੋਢਿਆ ਦਾ ਬਣਨਾ ਅਤੇ ਫਲ਼ ਦੇ ਗੁੱਦੇ ਦਾ ਗਿੱਟਕ ਵਾਲੇ ਪਾਸਿਉਂ ਪੀਲਾ ਹੋਣਾ ਸ਼ੁਰੂ ਹੋਣਾ ਪੱਕਣ ਦੀਆਂ ਕੁਝ ਹੋਰ ਨਿਸ਼ਾਨੀਆਂ ਹਨ।
ਤੁੜਾਈ ਦੇ ਢੰਗ : ਅੰਬਾਂ ਨੂੰ ਪੌੜੀ ਲਗਾ ਕੇ ਹੱਥ ਨਾਲ ਤੋੜਿਆ ਜਾਂਦਾ ਹੈ ਜਾਂ ਫਿਰ 'ਪਿਕਰ' ਦੀ ਸਹਾਇਤਾ ਨਾਲ ਤੋੜਿਆ ਜਾਂਦਾ ਹੈ। ਪਿਕਰ ਬਾਂਸ ਦੀ ਇਕ ਲੰਮੀ ਸੋਟੀ ਦਾ ਬਣਿਆ ਹੁੰਦਾ ਹੈ ਜਿਸ ਦੇ ਇਕ ਸਿਰੇ 'ਤੇ ਤਿੱਖੀ ਹੁੱਕ ਲੱਗੀ ਹੁੰਦੀ ਹੈ ਅਤੇ ਫਲ਼ ਇਕੱਠੇ ਕਰਨ ਲਈ ਇਕ ਛਿੱਕੂ ਬੰਨ੍ਹਿਆ ਹੁੰਦਾ ਹੈ। ਫਲ਼ ਨੂੰ ਕਦੇ ਵੀ ਜ਼ਮੀਨ 'ਤੇ ਨਹੀਂ ਡਿੱਗਣ ਦੇਣਾ ਚਾਹੀਦਾ ਕਿਉਂਕਿ ਡਿੱਗੇ ਹੋਏ ਫਲ਼ਾਂ ਦਾ ਅੰਦਰਲਾ ਗੁੱਦਾ ਪੱਕਣ 'ਤੇ ਪਿਲਪਿਲਾ ਹੋ ਜਾਂਦਾ ਹੈ ਅਤੇ ਫਲ਼ ਜਲਦੀ ਖਰਾਬ ਹੋ ਜਾਂਦੇ ਹਨ। ਤੋੜੇ ਹੋਏ ਫਲ਼ਾਂ ਨੂੰ ਤੇਜ ਧੁੱਪ ਤੋਂ ਬਚਾਉਣਾ ਚਾਹੀਦਾ ਹੈ। ਫਲ਼ ਨੂੰ ਤੋੜਣ ਤੋਂ ਬਾਅਦ ਇਸ ਦੀ ਡੰਡੀ ਵਿਚੋਂ ਤਰਲ ਜਿਹਾ ਪਦਾਰਥ ਨਿਕਲਦਾ ਹੈ। ਇਹ ਤਰਲ ਜੇਕਰ ਫਲ਼ ਦੀ ਬਾਹਰੀ ਚਮੜੀ ਨੂੰ ਛੂਹ ਜਾਵੇ ਤਾਂ ਫਲ਼ ਦਾਗੀ ਹੋ ਜਾਂਦੇ ਹਨ ਅਤੇ ਮੰਡੀ ਵਿਚ ਇਨ੍ਹਾਂ ਦਾ ਸਹੀ ਮੁੱਲ ਨਹੀਂ ਮਿਲਦਾ। ਇਸ ਕਰਕੇ ਕੁਝ ਸਮੇਂ ਲਈ ਫਲ਼ਾਂ ਨੂੰ ਡੰਡੀ ਵਾਲਾ ਹਿੱਸਾ ਥੱਲੇ ਕਰਕੇ ਛਾਂਵੇਂ ਰੱਖਣਾ ਚਾਹੀਦਾ ਹੈ ਤਾਂ ਜੋ ਤਰਲ ਪਦਾਰਥ ਨਿਕਲ ਜਾਵੇ। ਇਸ ਤੋਂ ਬਾਅਦ ਫਲ਼ਾਂ ਨੂੰ ਗਰਮ ਪਾਣੀ ਵਿਚ 45-50 ਡਿਗਰੀ ਸੈਂਟੀਗਰੇਡ ਤਾਪਮਾਨ 'ਤੇ 5-10 ਮਿੰਟ ਲਈ ਰੱਖਣਾ ਚਾਹੀਦਾ ਹੈ ਤਾਂ ਜੋ ਤੁੜਾਈ ਉਪਰੰਤ ਉੱਲੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਬਾਅਦ ਫਲ਼ਾਂ ਨੂੰ ਛਾਵੇਂ ਸੁਕਾ ਕੇ ਡੰਡੀਆਂ ਨੇੜਿਉਂ ਕੱਟ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਦੂਜੇ ਫਲ਼ਾਂ ਵਿਚ ਖੁੱਭ ਕੇ ਉਨ੍ਹਾਂ ਨੂੰ ਖਰਾਬ ਨਾ ਕਰਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਹਾਇਕ ਹਾਰਟੀਕਲਚਰਿਸਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਹਲਕਾਅ ਜਾਨਵਰਾਂ ਅਤੇ ਮਨੁੱਖਾਂ ਲਈ ਖ਼ਤਰਨਾਕ

ਹਲਕਾਅ ਜਿਸ ਨੂੰ ਰੈਬੀਜ਼ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਕ ਭਿਆਨਕ ਬਿਮਾਰੀ ਹੈ ਜੋ ਸਿਰਫ ਜਾਨਵਰਾਂ ਨੂੰ ਹੀ ਨਹੀਂ, ਬਲਕਿ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਇਕ ਵਿਸ਼ਾਂਣੂ ਰੋਗ ਹੈ ਜੋ ਕਿ ਪ੍ਰਭਾਵਿਤ ਜਾਨਵਰਾਂ ਅਤੇ ਮਨੁੱਖਾਂ ਦੇ ਦਿਮਾਗ ਦੀਆਂ ਨਾੜੀਆਂ ਦੀ ਸੋਜਿਸ਼ ਕਰ ਦਿੰਦਾ ਹੈ। ਜੇਕਰ ਇਕ ਵਾਰੀ ਇਸ ਰੋਗ ਦੇ ਲੱਛਣ ਆ ਜਾਣ ਤਾਂ ਇਹ ਰੋਗ ਹਮੇਸ਼ਾ ਜਾਨਲੇਵਾ ਸਿੱਧ ਹੁੰਦਾ ਹੈ। ਕਿਉਂਕਿ ਹਲਕਾਅ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰ ਦੂਰ ਰੱਖਣ ਦਾ ਇਕੋ-ਇਕ ਤਰੀਕਾ ਬਚਾਅ ਜਾਂ ਰੋਕਥਾਮ ਹੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਹਲਕਾਅ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਹੋਵੇ ਤਾਂ ਕਿ ਉਹ ਇਸ ਭਿਆਨਕ ਰੋਗ ਤੋਂ ਨਾ ਸਿਰਫ ਖ਼ੁਦ ਬਚ ਸਕਣ ਬਲਕਿ ਆਪਣੇ ਜਾਨਵਰਾਂ ਨੂੰ ਵੀ ਬਚਾਅ ਸਕਣ। ਇਸ ਲੇਖ ਵਿਚ ਹਲਕਾਅ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਲਕਾਅ ਸਾਰੀ ਦੁਨੀਆਂ ਵਿਚ ਪਾਇਆ ਜਾਂਦਾ ਹੈ, ਪਰ ਇਸ ਨਾਲ ਹੋਣ ਵਾਲੀਆਂ 95 ਪ੍ਰਤੀਸ਼ਤ ਮੌਤਾਂ ਏਸ਼ੀਆ ਅਤੇ ਅਫਰੀਕਾ ਵਿਚ ਹੁੰਦੀਆਂ ਹਨ ਕਿੳੇੁੇਂਕਿ ਇੱਥੇ ਗਰੀਬੀ ਵੱਧ ਹੈ ਅਤੇ ਜਾਣਕਾਰੀ 'ਤੇ ਜਾਗਰੂਕਤਾ ਦੀ ਕਮੀ ਹੈ। ਇਹ ਰੋਗ ਪਾਲਤੂ, ਬੇਘਰ ਅਤੇ ਜੰਗਲੀ ਜਾਨਵਰਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਕੁੱਤੇ, ਬਿੱਲੀਆਂ, ਗਾਂਵਾਂ, ਮਝਾਂ, ਘੋੜੇ, ਭੇਡਾਂ, ਬੱਕਰੀਆਂ, ਸੂਰ, ਬਾਂਦਰ, ਲੂਬੜੀ, ਨਿਓਲਾ ਅਤੇ ਚਮਗਾਦੜ ਆਦਿ। ਰੋਗ ਦਾ ਫੈਲਾਅ ਹਲਕੇ ਹੋਏ ਜਾਨਵਰ ਦੇ ਕੱਟਣ ਜਾਂ ਨੌਂਹਦਰਾਂ ਮਾਰਨ ਨਾਲ ਹੁੰਦਾ ਹੈ ਕਿਉਂਕਿ ਵਿਸ਼ਾਣੂ ਹਲਕੇ ਹੋਏ ਜਾਨਵਰ ਦੀ ਲਾਰ ਵਿਚ ਹੁੰਦਾ ਹੈ। ਆਮ ਤੌਰ 'ਤੇ ਮਨੁੱਖਾਂ ਵਿਚ ਇਹ ਰੋਗ ਹਲਕੇ ਹੋਏ ਕੁੱਤਿਆਂ ਰਾਹੀਂ ਫੈਲਦਾ ਹੈ। ਜਦੋਂ ਕਿਸੇ ਨੂੰ ਹਲਕਿਆ ਹੋਇਆ ਜਾਨਵਰ ਵੱਢ ਜਾਂਦਾ ਹੈ ਤਾਂ ਹਲਕਾਅ ਦਾ ਵਿਸ਼ਾਂਣੂ ਤੰਤੂਆਂ ਰਾਹੀਂ ਦਿਮਾਗ ਤੱਕ ਪਹੁੰਚਦਾ ਹੈ। ਜ਼ਖ਼ਮ ਜਿੰਨਾ ਦਿਮਾਗ ਦੇ ਨੇੜੇ ਹੰਦਾ ਹੈ ਉਨੀਂ ਛੇਤੀ ਇਹ ਸ਼ਰੀਰ ਵਿਚ ਫੈਲ ਜਾਂਦਾ ਹੈ ਅਤੇ ਅਸਰ ਦਿਖਾਉਂਦਾ ਹੈ।
ਹਲਕਾਅ ਦੇ ਲਛਣ
ਹਲਕੇ ਹੋਏ ਜਾਨਵਰਾਂ ਵਿਚ ਲੱਛਣ ਦਿਮਾਗ ਦੀ ਪ੍ਰਣਾਲੀ ਨਾਲ ਜੁੜੇ ਹੋਏ ਹੁੰਦੇ ਹਨ ਜਿਵੇਂ ਕਿ ਸਭ ਤੋਂ ਮਹੱਤਵਪੂਰਨ ਹਨ; ਸੁਬਾਅ ਵਿਚ ਤਬਦੀਲੀ ਅਤੇ ਫੈਲਦਾ ਅਧਰੰਗ। ਅਵਾਜ਼ ਦਾ ਬਦਲਣਾ ਅਤੇ ਵੱਧ ਗੁਸਾ ਆਉਣਾ ਵੀ ਪ੍ਰਮੁਖ ਲੱਛਣ ਹਨ (ਆਮ ਤੌਰ 'ਤੇ ਸ਼ਾਂਤ ਸੁਭਾਅ ਦਾ ਜਾਨਵਰ ਇਕਦਮ ਗੁੱਸੇਖੋਰ ਹੋ ਜਾਂਦਾ ਹੈ)। ਰੋਗ ਦੀਆਂ ਦੋ ਮੁੱਖ ਕਿਸਮਾਂ ਹਨ:
1. ਗੁਸੇ ਵਾਲੀ ਕਿਸਮ: ਇਸ ਵਿਚ ਰੋਗੀ ਦਾ ਚਿੜਚਿੜਾਪਣ ਵਧ ਜਾਂਦਾ ਹੈ ਅਤੇ ਉਹ ਦੰਦ, ਨੌਂਹਦਰਾਂ, ਸਿੰਗ ਜਾਂ ਖੁਰ ਮਾਰਦਾ ਹੈ। ਕੁੱਤੇ ਆਮ ਤੌਰ 'ਤੇ ਜ਼ਿਆਦਾ ਘੁਮਦੇ ਹਨ ਅਤੇ ਦੂਸਰੇ ਜਾਨਵਰਾਂ ਜਾਂ ਲੋਕਾਂ ਨੂੰ ਵੱਡਦੇ ਹਨ। ਉਹ ਪੱਥਰ, ਡੰਡੇ ਆਦਿ ਪਦਾਰਥ ਖਾਅ ਜਾਂਦੇ ਹਨ। ਰੋਗ ਵਧਣ ਨਾਲ ਚੱਲਣ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਦੌਰੇ ਪੈਂਦੇ ਹਨ।
2. ਗੂੰਗੀ ਕਿਸਮ: ਇਸ ਕਿਸਮ ਵਿਚ ਰੋਗੀ ਜਾਨਵਰ ਦੇ ਗਲੇ ਦੀਆਂ ਮਾਸਪੇਸ਼ੀਆਂ ਦਾ ਅਧਰੰਗ ਹੋ ਜਾਂਦਾ ਹੈ ਜਿਸ ਕਰਕੇ ਰੋਗੀ ਕੁਝ ਵੀ ਖਾ ਜਾਂ ਪੀ ਨਹੀਂ ਸਕਦਾ ਅਤੇ ਮੂੰਹ ਵਿਚੋਂ ਲਾਰਾਂ ਬਾਹਰ ਡਿੱਗਦੀਆਂ ਹਨ। ਕਈ ਵਾਰ ਇਸ ਸਮੇਂ ਜਾਨਵਰ ਦੇ ਮਾਲਕ ਨੂੰ ਲਗਦਾ ਹੈ ਕਿ ਜਾਨਵਰ ਦੇ ਮੂੰਹ ਵਿਚ ਕੁਝ ਫਸ ਗਿਆ ਹੈ ਅਤੇ ਉਹ ਉਸ ਦੇ ਮੂੰਹ ਵਿਚ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਸੰਕ੍ਰਮਿਤ (ਇੰਨਫੈਕਸ਼ਨ) ਕਰਵਾ ਲੈਂਦਾ ਹੈ। ਆਖਰ ਵਿਚ ਅਧਰੰਗ ਰੋਗੀ ਦੇ ਸਾਰੇ ਸ਼ਰੀਰ ਵਿਚ ਫੈਲ ਜਾਂਦਾ ਹੈ ਅਤੇ ਮੌਤ ਹੋ ਜਾਂਦੀ ਹੈ।
ਮਨੁੱਖਾਂ ਵਿਚ ਵੀ ਰੋਗ ਦੇ ਲੱਛਣ ਦਿਮਾਗ ਦੀਆਂ ਨਾੜੀਆਂ ਦੀ ਸੋਜ਼ ਕਾਰਨ ਤਕਰੀਬਨ ਇਹੋ ਜਿਹੇ ਹੀ ਹੁੰਦੇ ਹਨ ਜਿੰਨਾਂ ਵਿਚ ਮੁੱਖ ਹਨ; ਸੁਭਾਅ ਵਿਚ ਤਬਦੀਲੀ, ਚਿੜਚਿੜਾਪਣ, ਹਮਲਾ ਕਰਨਾ, ਬੇਚੈਨੀ, ਪਰੇਸ਼ਾਨੀ, ਵਾਧੂ ਲਾਰ, ਪਾਣੀ ਤੋਂ ਡਰ ਅਤੇ ਮੌਤ। ਇਥੇ ਇਸ ਗੱਲ ਨੂੰ ਦੁਹਰਾਉਣਾ ਜ਼ਰੂਰੀ ਹੇ ਕਿ ਇਸ ਰੋਗ ਦਾ ਕੋਈ ਵੀ ਇਲਾਜ਼ ਨਹੀਂ ਹੈ, ਨਾਂ ਤਾਂ ਪਸ਼ੂਆਂ ਵਿਚ ਅਤੇ ਨਾ ਹੀ ਮਨੁੱਖਾਂ ਵਿਚ। ਪ੍ਰੰਤੂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਸ ਤੋਂ ਬਚਿਆ ਜ਼ਰੂਰ ਜਾ ਸਕਦਾ ਹੈ:
ਆਪਣੇ ਪਾਲਤੂ ਕੁੱਤਿਆਂ ਨੂੰ ਨਿਯਮਿਤ ਤੌਰ 'ਤੇ ਹਲਕਾਅ ਤੋਂ ਬਚਾਅ ਦੇ ਟੀਕੇ (ਟੀਕਾਕਰਨ) ਲਗਵਾਓ। ਪਹਿਲਾ ਟੀਕਾ 3 ਮਹੀਨੇ ਦੀ ਉਮਰ 'ਤੇ ਲੱਗਣਾ ਚਾਹੀਦਾ ਹੈ, ਦੂਸਰਾ ਟੀਕਾ (ਬੂਸਟਰ ਡੋਜ਼) 6 ਮਹੀਨੇ ਦੀ ਉਮਰ 'ਤੇ ਅਤੇ ਇਸ ਤੋਂ ਬਾਅਦ ਹਰ ਸਾਲ ਇਕ ਟੀਕਾ ਨਿਯਮਿਤ ਲੱਗਣਾ ਚਾਹੀਦਾ ਹੈ।
ਆਪਣੇ ਪਾਲਤੂ ਕੁੱਤੇ ਨੂੰ ਬਾਹਰ ਗਲੀ ਦੇ ਆਵਾਰਾ ਕੁੱਤਿਆਂ ਦੇ ਸੰਪਰਕ ਵਿਚ ਨਾ ਆਉਣ ਦਿਓ। ਜੰਗਲੀ ਜਾਨਵਰਾਂ ਨਾਲ ਸੰਪਰਕ ਤੋਂ ਪਰਹੇਜ਼ ਕਰੋ ਜਿਵੇਂ ਕਿ ਨਿਉਲਾ, ਚਮਗਾਦੜ ਆਦਿ। ਜੇਕਰ ਘਰ ਦੇ ਪਾਲਤੂ ਕੁੱਤੇ ਜਾਂ ਪਸ਼ੂ ਨੂੰ ਕੋਈ ਹਲਕਿਆ ਹੋਇਆ ਕੁੱਤਾ ਵੱਢ ਜਾਵੇ ਤਾਂ ਵੈਟਰਨਰੀ ਡਾਕਟਰ ਨਾਲ ਸੰਪਰਕ ਕਰ ਕੇ ਟੀਕਾਕਰਨ ਕਰਵਾਓ ਜਿਸ ਵਿਚ ਟੀਕੇ 0 (ਜਿਸ ਦਿਨ ਵੱਢਿਆ ਹੋਵੇ), 3, 7, 14, 28 ਅਤੇ 90 ਦਿਨਾਂ 'ਤੇ ਲਗਦੇ ਹਨ। ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਆਮ ਲੋਕਾਂ ਵਿਚ ਇਸ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਇਨਫੈਕਸ਼ਨ ਵਾਲੀ ਸਮੱਗਰੀ ਜਾਂ ਜਾਨਵਰ ਨਾਲ ਸੰਬੰਧਿਤ ਵਿਅਕਤੀਆਂ ਨੂੰ ਪ੍ਰੋਫਾਈਲੈਕਟਿਕ (ਬਚਾਅ ਲਈ) ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।
ਕਿਸੇ ਕੁੱਤੇ ਦੁਆਰਾ ਦੰਦ ਮਾਰਨ ਜਾਂ ਵੱਢਣ ਦੀ ਹਾਲਤ ਵਿਚ, ਪ੍ਰਭਾਵਿਤ ਵਿਅਕਤੀ / ਜਾਨਵਰ ਦੇ ਜ਼ਖ਼ਮ ਨੂੰ ਕੱਪੜੇ ਧੋਣ ਵਾਲੇ ਸਾਬਣ (ਜਿਸ ਵਿਚ ਕਾਸਟਿਕ ਦੀ ਮਾਤਰਾ ਵੱਧ ਹੁੰਦੀ ਹੈ) ਅਤੇ ਖੁੱਲ੍ਹੇ ਪਾਣੀ (ਘੱਟ ਤੋਂ ਘੱਟ 15 ਮਿੰਟ ਚਲ ਰਹੇ ਟੂਟੀ ਹੇਠ) ਨਾਲ ਧੋਣਾ ਚਾਹੀਦਾ ਹੈ। ਸ਼ੱਕੀ ਜਾਨਵਰ ਦੇ ਸੰਪਰਕ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਸਾਫ਼ ਕੀਤਾ ਜ਼ਖ਼ਮ ਜ਼ਿੰਦਗੀ ਬਚਾਉਣ ਵਿਚ ਸਹਾਈ ਹੋ ਸਕਦਾ ਹੈ। ਇਸ ਤੋਂ ਬਾਅਦ ਵਿਚ ਜ਼ਖ਼ਮ 'ਤੇ ਕਿਸੇ ਐਂਟੀਸੈਪਟਿਕ ਦਵਾਈ (ਆਉਡੀਨ ਘੋਲ) ਦਾ ਘੋਲ ਲਗਾਓ। ਜੇ ਸੰਭਵ ਹੋਵੇ ਤਾਂ ਜ਼ਖਮ ਨੂੰ ਪੱਟੀ ਜਾਂ ਟਾਂਕੇ ਨਹੀਂ ਲਗਾਉਣੇ ਚਾਹੀਦੇ। ਕੁੱਤੇ ਦੇ ਵੱਡਣ ਦੇ ਮਾਮਲੇ ਵਿਚ ਕਦੇ ਅਣਗਹਿਲੀ ਨਾ ਕਰੋ ਅਤੇ ਜਿਸ ਦਿਨ ਕੁੱਤੇ ਨੇ ਵੱਢਿਆ ਹੋਵੇ, ਉਸੇ ਦਿਨ ਜਲਦੀ ਤੋਂ ਜਲਦੀ ਆਪਣੇ ਡਾਕਟਰ ਨਾਲ ਸੰਪਰਕ ਕਰੋ। ਕੁੱਤੇ ਵੱਡਣ (ਪੋਸਟ ਐਕਸਪੋਜ਼ਰ) ਤੋਂ ਬਾਅਦ ਦਾ ਟੀਕਾਕਰਨ ਨਿਰਧਾਰਿਤ ਸਮੇਂ 'ਤੇ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਹਾਲਾਂਕਿ ਹਲਕਾਅ ਇਕ ਬਹੁਤ ਖ਼ਤਰਨਾਕ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ, ਪਰ ਗਿਆਨ ਅਤੇ ਸਹੀ ਸਮੇਂ 'ਤੇ ਟੀਕਾਕਰਣ ਦੀ ਮਦਦ ਨਾਲ ਇਸ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਆਸ ਕਰਦੇ ਹਾਂ ਕਿ ਇਹ ਲੇਖ ਪਸ਼ੂਆਂ ਅਤੇ ਮਨੁੱਖਤਾ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਲਾਭਦਾਇਕ ਸਿੱਧ ਹੋਵੇਗਾ।


-ਮੁਨੀਸ਼ ਕੁਮਾਰ, ਜਗਦੀਸ਼ ਗਰੋਵਰ
ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ। ਮੋਬਾਈਲ : 9463721182.

ਕਵਿਤਾ

ਮਾਂ ਬੋਲੀ ਰਕਾਨ ਹੋਵੇ

ਮਾਂ ਬੋਲੀ ਰਕਾਨ ਹੋਵੇ,
ਪੰਜ ਪਾਣੀਆਂ ਦਾ ਮਾਣ ਹੋਵੇ,
ਗੱਭਰੂ ਜਵਾਨ ਹੋਵੇ,
ਫੇਰ ਸਦਾ ਸੁੱਖਾਂ ਵਾਲੀ ਸਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਭਟਕੇ ਨੂੰ ਰਾਹ ਹੋਵੇ,
ਬੇੜੀ ਨੂੰ ਮਲਾਹ ਹੋਵੇ,
ਭੁੱਲੇ ਨੂੰ ਸਲਾਹ ਹੋਵੇ,
ਸਦਾ ਨਈਂਉ ਗੱਲ ਲੱਛੇਦਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਜਾਬਰ ਨਾਕਾਮ ਹੋਣ,
ਖੁਸ਼ੀਆਂ ਆਮੋ-ਆਮ ਹੋਣ,
ਆਨੰਦ ਮਾਣੇਂ ਮੋਹਣ-ਸੋਹਣ,
ਖਿੜੇ ਮਹਿਤਾਬੀ ਸੰਸਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਰੁੱਤ ਹੋਵੇ ਮਾਘ ਵਾਲੀ,
ਸ਼ਾਮ ਹੋਵੇ ਸਾਗ ਵਾਲੀ,
ਦਹੀਂ ਹੋਵੇ ਜਾਗ ਵਾਲੀ,
ਸਾਗ ਵਿਚ ਦੇਸੀ ਘਿਉ ਦੀ ਲਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।
ਮਾਤਾ ਗੁਜਰੀ ਜਿਹੀ ਸੋਚ ਹੋਵੇ,
ਹਰ ਬੁੱਕਲ 'ਚ ਬੋਟ ਹੋਵੇ,
ਮਨਾਂ 'ਚ ਨਾ ਖੋਟ ਹੋਵੇ,
ਜੱਗ ਲਈ ਜਿੱਤੀ ਗਈ ਪੁਕਾਰ ਚੰਗੀ ਲੱਗਦੀ,
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।


-ਡਾ: ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਪੰਜਾਬ ਵਿਚੋਂ ਟਾਹਲੀਆਂ ਦੇ ਦਰੱਖਤ ਖ਼ਤਮ ਅਮਰੀਕਾ ਵਿਚ ਬਰਕਰਾਰ

ਪੰਜਾਬ ਵਿਚੋਂ ਪੁਰਾਣੇ ਰਵਾਇਤੀ ਦਰੱਖਤ ਟਾਹਲੀ, ਪਿਪਲੀ, ਬਰੋਟਾ, ਨਿੰਮ, ਬੇਰੀ, ਸ਼ਹਿਤੂਤ ਅਤੇ ਕਿੱਕਰ ਖ਼ਤਮ ਹੋਣ ਦੇ ਕਿਨਾਰੇ ਹਨ। ਇਹ ਰੁੱਖ ਪੰਜਾਬ ਦੀ ਵਿਰਾਸਤ ਦਾ ਹਿੱਸਾ ਸਨ। ਪੰਜਾਬੀ ਜਿਥੇ ਆਪਣੀ ਵਿਰਾਸਤ ਦੀਆਂ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਥੇ ਉਹ ਇਨ੍ਹਾਂ ਦਰੱਖਤਾਂ ਦੀ ਥਾਂ ਤੇ ਨਵੀਆਂ ਕਿਸਮਾਂ ਦੇ ਰੁੱਖ ਲਗਾਕੇ ਰੁੱਖਾਂ ਦੀ ਵਿਰਾਸਤ ਨੂੰ ਵੀ ਭੁੱਲਦੇ ਜਾ ਰਹੇ ਹਨ। ਅਜਿਹੇ ਰੁੱਖ ਲਗਾ ਰਹੇ ਹਨ ਜਿਹੜੇ ਜਲਦੀ ਤਿਆਰ ਹੋ ਜਾਂਦੇ ਹਨ। ਹਰ ਕੰਮ ਵਪਾਰ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਟਾਹਲੀਆਂ ਦੇ ਦਰੱਖਤ ਤਾਂ ਬਿਲਕੁਲ ਹੀ ਅਲੋਪ ਹੁੰਦੇ ਜਾ ਰਹੇ ਹਨ। ਟਾਹਲੀ ਹਾਲਾਂ ਕਿ ਰੇਤਲੇ ਇਲਾਕਿਆਂ ਵਿਚ ਵੀ ਹੋ ਜਾਂਦੀ ਸੀ, ਪ੍ਰੰਤੂ ਜ਼ਮੀਨ ਵਿਚੋਂ ਪਾਣੀ ਦੀ ਤਹਿ ਨੀਵੀਂ ਹੋਣ ਕਰਕੇ ਇਹ ਦਰੱਖਤ ਖ਼ਤਮ ਹੋ ਰਹੇ ਹਨ। ਪੁਰਾਣੇ ਸਮਿਆਂ ਵਿਚ ਟਾਹਲੀਆਂ ਦੀ ਲੱਕੜ ਹੀ ਹੋਰ ਸਾਰੇ ਰੁੱਖਾਂ ਦੀ ਲੱਕੜ ਤੋਂ ਬਿਹਤਰ ਸਮਝੀ ਜਾਂਦੀ ਸੀ, ਕਿਉਂਕਿ ਟਾਹਲੀ ਦੀ ਲੱਕੜ ਨੂੰ ਮਜ਼ਬੂਤ ਹੋਣ ਕਰਕੇ ਘੁਣ ਨਹੀਂ ਲੱਗਦਾ ਸੀ। ਪ੍ਰੰਤੂ ਟਾਹਲੀ ਦੀ ਲੱਕੜ ਨੂੰ ਤਿਆਰ ਹੋਣ ਵਿਚ ਸਮਾਂ ਜ਼ਿਆਦਾ ਲੱਗਦਾ ਸੀ। ਕਈ ਵਾਰ ਦਾਦੇ ਦੀ ਲਗਾਈ ਟਾਹਲੀ ਪੋਤੇ ਵਰਤਦੇ ਸਨ। ਅੱਜ ਦੇ ਸ਼ਾਰਟਕੱਟ ਜ਼ਮਾਨੇ ਵਿਚ ਲੋਕ ਜਲਦੀ ਨਤੀਜੇ ਭਾਲਦੇ ਹਨ, ਜਿਸ ਕਰਕੇ ਟਾਹਲੀ ਦੇ ਦਰੱਖਤ ਨੂੰ ਕੋਈ ਨਾ ਬੀਜਦਾ ਅਤੇ ਨਾ ਹੀ ਪਾਲਦਾ ਹੈ। ਟਾਹਲੀ ਖ਼ੁਸ਼ਕ ਇਲਾਕੇ ਵਿਚ ਵੀ ਪਲ ਜਾਂਦੀ ਸੀ। ਪੰਜਾਬ ਵਿਚ ਕੁਦਰਤੀ ਵਸੀਲਿਆਂ ਦੀ ਬਹੁਤ ਘਾਟ ਹੈ। ਪੰਜਾਬ ਖੇਤੀ ਪ੍ਰਧਾਨ ਸੂੂਬਾ ਹੈ। ਇਸ ਲਈ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉਪਰ ਹੀ ਨਿਰਭਰ ਕਰਦੀ ਹੈ। ਆਧੁਨਿਕਤਾ ਦੇ ਆਉਣ ਨਾਲ ਖੇਤੀ ਕਰਨ ਦੇ ਢੰਗ-ਤਰੀਕੇ ਵੀ ਬਦਲ ਗਏ। ਇਸ ਤੋਂ ਪਹਿਲਾਂ ਸਿੰਚਾਈ ਦਾ ਸਾਧਨ ਸਿਰਫ ਖੂਹ ਹੀ ਸਨ। ਖੂਹਾਂ ਦੇ ਆਲੇ-ਦੁਆਲੇ ਤੌੜਾਂ ਵਿਚ ਟਾਹਲੀ ਦੇ ਦਰੱਖਤ ਛਾਂ ਲਈ ਲਗਾਏ ਜਾਂਦੇ ਸਨ। ਨਹਿਰਾਂ, ਰਸਤਿਆਂ, ਪਹੀਆਂ, ਖਾਲਾਂ, ਸੂਇਆਂ ਅਤੇ ਸੜਕਾਂ ਦੇ ਆਲੇ-ਦੁਆਲੇ ਟਾਹਲੀਆਂ ਦੇ ਦਰੱਖਤ ਲਗਾਏ ਜਾਂਦੇ ਸਨ ਤਾਂ ਜੋ ਆਉਣ-ਜਾਣ ਵਾਲਿਆਂ ਲਈ ਛਾਂ ਰਹੇ, ਕਿਉਂਕਿ ਉਦੋਂ ਆਵਾਜਾਈ ਪੈਦਲ ਜਾਂ ਗੱਡਿਆਂ ਰਾਹੀਂ ਹੀ ਹੁੰਦੀ ਸੀ। ਨਹਿਰਾਂ ਦੇ ਕੰਢਿਆਂ ਨੂੰ ਖੁਰਨ ਤੋਂ ਵੀ ਰੋਕਦੇ ਸਨ। ਖੇਤਾਂ ਵਿਚ ਵੀ ਆਮ ਤੌਰ 'ਤੇ ਦਰੱਖਤ ਹੁੰਦੇ ਸਨ ਕਿਉਂਕਿ ਟਾਹਲੀਆਂ ਦੇ ਬੀਜ ਪੱਕ ਕੇ ਖਿੰਡ ਜਾਂਦੇ ਸਨ। ਆਪਣੇ ਆਪ ਹੀ ਟਾਹਲੀਆਂ ਉਗ ਪੈਂਦੀਆਂ ਸਨ। ਕਿਸਾਨ ਟਾਹਲੀਆਂ ਦੇ ਬੂਟੇ ਆਪਣੇ ਘਰਾਂ ਵਿਚ ਛਾਵੇਂ ਬੈਠਣ ਲਈ ਲਗਾ ਦਿੰਦੇ ਸਨ। ਪਸ਼ੂਆਂ ਨੂੰ ਵੀ ਦਰੱਖਤਾਂ ਦੀ ਛਾਵੇਂ ਬੰਨ੍ਹਿਆਂ ਜਾਂਦਾ ਸੀ। ਇਥੋਂ ਤੱਕ ਕਿ ਪਸ਼ੂਆਂ ਦੀਆਂ ਖੁਰਲੀਆਂ ਵੀ ਟਾਹਲੀਆਂ ਦੇ ਆਲੇ-ਦੁਆਲੇ ਬਣਾਈਆਂ ਜਾਂਦੀਆਂ ਸਨ। ਦਰੱਖਤਾਂ ਨੂੰ ਵੱਢਣ ਤੋਂ ਸੰਕੋਚ ਕੀਤਾ ਜਾਂਦਾ ਸੀ, ਕਿਉਂਕਿ ਉਹ ਉਨ੍ਹਾਂ ਸਮਿਆਂ ਵਿਚ ਲੋਕਾਂ ਦੀ ਜ਼ਰੂਰਤ ਸਨ। ਟਾਹਲੀ ਦੀ ਲੱਕੜ ਸਾਰੀਆਂ ਲੱਕੜਾਂ ਤੋਂ ਮਜ਼ਬੂਤ ਹੁੰਦੀ ਹੈ। ਇਸ ਲਈ ਘਰਾਂ ਦੀ ਉਸਾਰੀ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਜਦੋਂ ਟਾਹਲੀਆਂ ਦੀ ਉਮਰ ਜ਼ਿਆਦਾ ਹੋ ਜਾਂਦੀ ਸੀ ਤਾਂ ਉਸ ਨੂੰ ਵੱਢ ਕੇ ਟੋਭਿਆਂ ਵਿਚ ਸੁੱਟ ਦਿੱਤੀ ਜਾਂਦੀ ਸੀ ਤਾਂ ਜੋ ਉਸ ਨੂੰ ਘੁਣ ਨਾ ਲੱਗ ਸਕੇ। ਕਈ ਸਾਲ ਟੋਭੇ ਦੇ ਪਾਣੀ ਵਿਚ ਪਈ ਰਹਿਣ ਤੋਂ ਬਾਅਦ ਕੱਢ ਕੇ ਸ਼ਤੀਰ, ਚੁਗਾਠਾਂ, ਬਾਲੇ, ਤਾਕੀਆਂ, ਦਰਵਾਜ਼ੇ, ਕਹੀਆਂ, ਦਾਤੀਆਂ ਤੇ ਖੁਰਪਿਆਂ ਦੇ ਦਸਤੇ ਹਲ ਅਤੇ ਪੰਜਾਲੀਆਂ ਬਣਾਏ ਜਾਂਦੇ ਸਨ। ਮੰਜੇ ਵੀ ਟਾਹਲੀ ਦੇ ਹੀ ਬਣਾਏ ਜਾਂਦੇ ਸਨ। ਨਾਲੇ ਮਿਸਤਰੀਆਂ ਨੂੰ ਘਰਾਂ ਵਿਚ ਹੀ ਰੋਜ਼ਗਾਰ ਮਿਲਦਾ ਸੀ, ਨਾਲੇ ਲੋਕਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਹੋ ਜਾਂਦੀਆਂ ਸਨ।
ਮੈਂ ਅਮਰੀਕਾ ਵਿਚ ਸੈਰ-ਸਪਾਟੇ ਲਈ ਗਿਆ ਹੋਇਆ ਹਾਂ। ਮੈਂ ਆਪਣੇ ਪਰਿਵਾਰ ਨਾਲ ਅਰਜੋਨਾ ਰਾਜ ਦੇ ਫੀਨਿਕਸ ਸ਼ਹਿਰ ਵਿਚ ਗਿਆ ਤਾਂ ਸੈਰ ਕਰਦਿਆਂ ਪਾਸੀਓਂ ਟਰੇਲ (ਸੂਏ) ਦੇ ਆਲੇ-ਦੁਆਲੇ ਹਰ ਵੀਹ ਫੁੱਟ ਦੇ ਫ਼ਾਸਲੇ 'ਤੇ ਟਾਹਲੀ ਦੇ ਲੱਗੇ ਹੋਏ ਦਰੱਖਤ ਵੇਖੇ। ਟਾਹਲੀ ਦੇ ਦਰੱਖਤਾਂ ਨੂੰ ਵੇਖ ਕੇ ਮੇਰੇ ਵਿਚ ਉਤਸੁਕਤਾ ਵੱਧ ਗਈ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਪੁਰਾਣੇ ਪੰਜਾਬ ਵਿਚ ਹੀ ਆ ਗਿਆ ਹਾਂ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਟਾਹਲੀ ਦੇ ਦਰੱਖਤ ਉਥੇ ਪਾਰਕਾਂ ਅਤੇ ਲੋਕਾਂ ਦੇ ਘਰਾਂ ਵਿਚ ਵੀ ਲੱਗੇ ਹੋਏ ਹਨ। ਮੈਂ ਆਪਣੇ ਮੇਜ਼ਬਾਨ ਗੁਰਸ਼ਰਨ ਸਿੰਘ ਸੋਹੀ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਦਰੱਖਤ ਤਾਂ ਇਥੇ ਨਹਿਰਾਂ ਅਤੇ ਸੂਇਆਂ ਦੇ ਆਲੇ-ਦੁਆਲੇ ਅਤੇ ਹੋਰ ਘਰਾਂ ਵਿਚ ਲਗਾਏ ਹੋਏ ਆਮ ਮਿਲਦੇ ਹਨ। ਪੰਜਾਬ ਦੇ ਵਿਰਾਸਤੀ ਰੁੱਖ ਅਮਰੀਕਾ ਦੀ ਸ਼ਾਨ ਵਧਾ ਰਹੇ ਹਨ, ਪ੍ਰੰਤੂ ਪੰਜਾਬ ਆਪਣੀ ਰੁੱਖਾਂ ਦੀ ਵਿਰਾਸਤ ਨੂੰ ਵਿਸਾਰ ਬੈਠਾ ਹੈ।


-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ।
ਮੋਬਾਈਲ-94178 13072
ujagarsingh48@yahoo.com

ਤੇਰਾ ਕੀ ਨਾਓਂ ਸੱਜਣਾ?

ਜਦ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ, ਸਾਡੀ ਇੱਛਾ ਹੁੰਦੀ ਹੈ ਕਿ ਸਭ ਤੋਂ ਪਹਿਲੋਂ ਅਸੀਂ ਅਗਲੇ ਦੇ ਪਿੰਡ ਟਿਕਾਣੇ ਦਾ ਨਾਂਅ ਜਾਣੀਏ, ਅਗਲਾ ਆਪਣਾ ਨਾਂਅ ਦੱਸੇ। ਫਿਰ ਅਸੀਂ, ਉਹਦੇ ਪਿੰਡ ਵਿਚ ਸਾਂਝਾਂ ਲੱਭਣ ਲੱਗ ਜਾਂਦੇ ਹਾਂ, ਰਿਸ਼ਤੇਦਾਰੀਆਂ ਤੱਕ ਲੱਭਣ ਲਈ ਟਿੱਲ ਲਾ ਦਿੰਦੇ ਹਾਂ। ਬੰਦੇ ਦਾ ਨਾਂਅ ਸੁਣ ਕੇ ਬਦੋਬਦੀ ਉਸਦੇ ਕੰਮ ਧੰਦੇ ਬਾਰੇ ਕਿਆਫੇ ਲਾਉਂਦੇ ਹਾਂ। ਪਰ ਕੀ ਇਹ ਜ਼ਰੂਰੀ ਹੈ, ਅਸੀਂ ਤਾਂ ਰਾਹ ਪੁੱਛਣ ਵਾਲੇ ਨੂੰ ਵੀ ਨਹੀਂ ਬਖਸ਼ਦੇ। ਅਸਲ ਵਿਚ ਇਹ ਇਕ ਟਾਇਮ ਪਾਸ ਤੋਂ ਵੱਧ ਕੁਝ ਵੀ ਨਹੀਂ। ਜ਼ਰਾ ਸੋਚੋ, ਕੀ ਅਸੀਂ ਕਦੇ ਕਿਸੇ ਪੰਛੀ, ਜਾਨਵਰ ਜਾਂ ਫੁੱਲ ਨੂੰ ਉਹਦਾ ਨਾਂਅ ਪੁੱਛਿਆ ਹੈ? ਨਹੀਂ ਨਾ, ਇਸ ਦੇ ਦੋ ਕਾਰਨ ਹਨ, ਪਹਿਲਾ ਉਸ ਦਾ ਨਾਂਅ ਹੀ ਨਹੀਂ ਹੁੰਦਾ, ਉਸ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕਿਵੇਂ ਬੁਲਾਉਂਦੇ ਹਾਂ, ਮੱਝ ਨੂੰ ਨਹੀਂ ਪਤਾ ਕਿ ਕੋਈ ਉਹਨੂੰ ਮੱਝ ਕਹਿੰਦਾ ਹੈ, ਬੋਹੜ ਵੀ ਆਪਣੇ ਨਾਂਅ ਤੋਂ ਅਣਜਾਣ ਹੈ। ਮਤਲੱਬ ਕਿ ਮਨੁੱਖ ਤੋਂ ਇਲਾਵਾ ਲੱਗਭਗ ਬਾਕੀ ਕਾਇਨਾਤ ਆਪਣੇ ਨਾਂਅ ਤੋਂ ਅਣਜਾਣ ਹੈ। ਦੂਜਾ ਅਸੀਂ ਜੋ ਵੀ ਸੰਬੋਧਨ ਕਰਦੇ ਹਾਂ, ਉਨ੍ਹਾਂ ਦੇ ਗੁਣਾਂ ਕਰਕੇ ਕਰਦੇ ਹਾਂ, ਫੁੱਲਾਂ ਦੀ ਸੁੰਦਰਤਾ ਤੇ ਮਹਿਕ, ਘਰੇਲੂ ਜਾਨਵਰਾਂ ਦੀ ਮਨੁੱਖ ਲਈ ਸੇਵਾ, ਰੁੱਖਾਂ ਦੇ ਮੁਫਤ 'ਚ ਮਿਲਦੇ ਗੁਣ ਆਦਿ-ਆਦਿ। ਪਰ ਮਨੁੱਖ ਦੀ ਆਪਣੀ ਵਾਰੀ ਆਉਂਦੀ ਹੈ ਤਾਂ ਸਾਡਾ ਨਜ਼ਰੀਆ, ਮਨੁੱਖ ਦੇ ਗੁਣਾਂ ਨੂੰ ਲਾਂਭੇ ਕਰ ਦੇਣ ਦਾ ਹੁੰਦਾ ਹੈ। ਅਸੀਂ ਆਪਣੇ ਆਲੇ-ਦੁਆਲੇ ਨੂੰ ਲਾਲਚ ਵੱਸ ਹੀ ਕਿਉਂ ਦੇਖਦੇ ਹਾਂ, ਇਹ ਸੋਚਣ ਵਾਲੀ ਗੱਲ ਹੈ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਕ ਹਿੰਦੂ ਪੰਜਾਬੀ ਕਵੀ ਨੰਦ ਲਾਲ ਨੂਰਪੁਰੀ ਨੇ ਸਿੱਖ ਧਰਮ ਦੇ ਅਮਰ ਸ਼ਹੀਦ ਬੱਚਿਆਂ ਲਈ ਆਪਣੇ ਇਕ ਖ਼ੂਬਸੂਰਤ ਗੀਤ ਵਿਚ ਡੁੰਘੀ ਵੇਦਨਾ ਦਾ ਪ੍ਰਗਟਾਵਾ ਕਰਦਿਆਂ ਕਦੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਟੁੰਬਣ ਦਾ ਸਫਲ ਯਤਨ ਕੀਤਾ ਸੀ, ਇਸ ਗੀਤ ਨੂੰ ਪੰਜਾਬ ਦੀਆਂ ਦੋ ਕਲਾਕਾਰ ਭੈਣਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਆਪਣੀ ਮਧੁਰ ਆਵਾਜ਼ ਵਿਚ ਗਾਇਆ ਸੀ ਜੋ ਸਰਬਹਿੰਦ ਰੇਡੀਓ ਸਟੇਸ਼ਨ ਜਲੰਧਰ ਰਾਹੀਂ ਹੋ ਕੇ ਦਹਾਕਿਆਂ ਤੱਕ ਪੰਜਾਬੀਆਂ ਦੇ ਦਿਲਾਂ ਦੀ ਧੜਕਣਬਣਿਆਂ ਰਿਹਾ, ਇਸ ਗੀਤ ਦਾ ਇਕ ਪੈਰਾ ਪੇਸ਼ ਹੈ-
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ,
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ।
ਜੰਗ ਵਿਚ ਲੜ ਕੇ ਸਿਪਾਹੀ ਮੇਰੇ ਆਉਣਗੇ।
ਸੋਹਣੇਸੋਹਣੇ ਚਿਹਰਿਆਂ 'ਤੇ ਲਿਸ਼ਕਾਉਣਗੇ।
ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸਾਂ ਸਹਾਰਦੀ,
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।
ਪੁਰਾਣਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਵਿਛੋੜੇ ਦੀ ਵੇਦਨਾ ਨਾਲਓਤ ਪ੍ਰੋਤ ਹੈ, ਵਿਛੋੜਾ ਭਾਂਵੇ ਪਤੀ ਪਤਨੀ ਦੇ ਵਿਚਾਲੇ, ਪ੍ਰੇਮੀ ਪ੍ਰੇਮਿਕਾ ਦੇ, ਭੈਣ ਅਤੇ ਵੀਰ ਦੇ, ਮਾਂ ਅਤੇ ਪੁੱਤਰ ਦੇ ਅਤੇ ਭਾਵੇਂ ਆਤਮਾ ਤੇ ਪ੍ਰਮਾਤਮਾ ਦੇ ਵਿਚਕਾਰ ਹੋਵੇ, ਮੱਧਕਾਲੀਨ ਪੰਜਾਬੀ ਕਾਵਿ-ਸਾਹਿਤ ਵਿਚ ਇਸਦਾ ਭਾਵਪੂਰਤ, ਵਾਸਤਵਿਕ, ਖ਼ੂਬਸੂਰਤ ਤੇ ਭਰਪੂਰ ਵਰਣਨ ਹੋਇਆ ਹੈ।
ਪੰਜਾਬੀ ਸੂਫ਼ੀ ਕਾਵਿ ਸਾਹਿਤ ਵਿਚ ਵੀ ਵਿਛੋੜਿਆਂ ਨਾਲ ਭਰੀ ਲੰਮੀ ਤੇ ਕਠਿਨ ਯਾਤਰਾ ਭੋਗਣ ਤੋਂ ਬਾਅਦ ਹੀ ਬਿਹਬਲ ਆਤਮਾ ਨੂੰ ਫਨਾਹ ਦੀ ਅਵੱਸਥਾ ਤੱਕ ਪਹੁੰਚ ਕੇ ਖੁਦਾ ਵਿਚ ਅਭੇਦ ਤੇ ਲੀਨ ਹੁੰਦਿਆਂ ਵਿਖਾਇਆ ਗਿਆ ਹੈ।
ਪੰਜਾਬੀ ਕਿੱਸਾ ਕਾਵਿ ਵਿਚ ਵੀ ਵਿਛੋੜੇ ਦਾ ਹਿਰਦੇ ਵੇਦਕ ਵਰਨਣ ਉਪਲਭਦ ਹੈ, ਪੰਜਾਬੀ ਦੇ ਪ੍ਰਸਿੱਧ ਕਿਸੇ ਵਿਛੋੜੇ ਦੀ ਸਮਸਿਆ ਦੁਆਲੇ ਹੀ ਕੇਂਦਰਿਤ ਹਨ, ਇਸ ਦੀ ਪੁਸ਼ਟੀ ਲਈ ਵਾਰਸਸ਼ਾਹ ਦੀ ਹੀਰ ਹਾਸ਼ਮਸ਼ਾਹ ਦਾ ਕਿੱਸਾ ਸੱਸੀ ਪੁੰਨੂ, ਕਾਦਰਯਾਰ ਦਾ ਪੂਰਨ ਭਗਤ ਤੇ ਫ਼ਜ਼ਲਸ਼ਾਹ ਦਾ ਕਿੱਸਾ ਸੋਹਣੀ ਮਹੀਂਵਾਲ ਵੇਖੇ ਜਾ ਸਕਦੇ ਹਨ।
ਵਿਛੋੜੇ ਦੀ ਭਾਵਨਾ ਤੇ ਵਿਛੋੜੇ ਦੀ ਮਹਿਮਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਇਕ ਇਕ ਕਣ, ਇਕ ਇਕ ਰੋਮ ਤੇ ਇਕ ਇਕ ਸ਼ਬਦ ਵਿਚ ਰਚੀ ਹੋਈ ਹੈ।
ਮਾਂ ਅਤੇ ਪੁੱਤਰ ਵਿਚਕਾਰ ਵਿਛੋੜੇ ਦੀ ਲੰਮੀ ਤੇ ਦੁਖਦਾਈ ਅਵਸੱਥਾ ਭੋਗਣ ਤੋਂ ਬਾਅਦ ਮਾਂ ਦੀ ਜਿਸ ਕਸਕ ਤੇ ਜਿਸ ਟੀਸ ਦਾ ਵਾਸਤਵਿਕ ਤੇ ਕਲਾਤਮਿਕ ਵਰਨਣ ਕਾਦਰਯਾਰ ਨੇ'ਆਪਣੇ ਕਿੱਸੇ ਪੂਰਨ ਭਗਤ ਵਿਚ ਕੀਤਾ ਹੈ ਉਸਦੀ ਮਿਸਾਲ ਸ਼ਾਇਦ ਹੀ ਕਿਤੇ ਮਿਲੇ-
ਮੀਮ ਮਿਲਣ ਆਈ ਰਾਣੀਂ ਇਛੱਰਾਂ ਵੀ,
ਲੋਕਾਂ ਆਖਿਆ ਆਇਆ ਏ ਸਾਧ ਕੋਈ।
ਮੇਰੇ ਪੁੱਤ ਦਾ ਬਾਗ ਵੀਰਾਨ ਹੋਇਆ,
ਲੱਗਾ ਕਰਨ ਹੈ ਫਿਰ ਆਬਾਦ ਕੋਈ।
ਮੈਂ ਵੀ ਲੈ ਆਮਾਂ ਦਾਰੂ ਅੱਖੀਆਂ ਦਾ,
ਪੂਰਨ ਛੱਡ ਨਾ ਗਿਆ ਸੁਆਦ ਕੋਈ।
ਕਾਦਰਯਾਰ ਇਹ ਵੀ ਲੱਖ ਵੱਟਨੀਆਂ
ਦਾਰੂ ਦੇ ਫਕੀਰ ਮੁਰਾਦ ਕੋਈ।
ਵਿਛੋੜੇ ਦਾ ਤੇਜ਼ ਤੇ ਗਹਿਰਾ ਦਰਦ ਵਸਲ (ਮਿਲਾਪ) ਲਈ ਕਈ ਤਰ੍ਹਾਂ ਦੇ ਮਾਰਗ ਤਲਾਸ਼ ਕਰਦਾ ਹੈ ਤੇ ਹਵਾਵਾਂ ਦੇ ਹੱਥੀਂ ਸੁਨੇਹੇ ਭੇਜਣ ਦੀਆਂ ਵਿਧੀਆਂ ਵਿਕਸਤ ਕਰਨ ਦੇ ਪ੍ਰਤਾਵੇ ਵੀ ਕਰਦਾ ਹੈ, ਅਜਿਹੇ ਪ੍ਰਤਾਵਿਆਂ ਦਾ ਹੀ ਉਲੇਖ ਹਾਸ਼ਮ ਸ਼ਾਹ ਨੇ'ਆਪਣੇ'ਕਿਸੇ ਦੀਆਂ ਹੇਠ ਲਿਖੀਆਂ ਦੋ ਸਤਰਾਂ ਵਿਚ ਕੀਤਾ ਜਾਪਦਾ ਹੈ-
ਵਗ'ਵਾਏ ਨੀਂ ਪਰਸੁਆਰਥ ਭਰੀਏ,
ਨੀਂ ਤੁੰ ਜਾਂਵੀਂ ਤਖ਼ਤ ਹਜ਼ਾਰੇ।
ਆਖੀਂ ਯਾਰ ਰਾਂਝਣ ਨੂੰ ਮਿਲਕੇ,
ਅਸੀਂ'ਤੂੰ ਕਿਉਂ ਮਨੋ ਵਿਸਾਰੇ।
ਮਿਲਾਪ ਨੂੰ ਭੋਗਣ ਤੇ ਵਿਛੋੜੇ ਨੂੰ ਗਲੋਂ ਲਾਹੁਣ ਦੀ ਜਗਿਆਸਾ ਪੰਜਾਬੀ ਲੋਕਾਂ ਦੇ ਮਨਾਂ ਵਿਚ ਵਸਦੀ ਸੀ, ਇਸੇ ਜਗਿਆਸਾ ਦਾ ਵਰਨਣ ਪ੍ਰਸਿੱਧ ਕਵੀ ਹਾਸ਼ਮ ਸ਼ਾਹ ਨੇ ਆਪਣੀਆਂ ਨਿਮਨ ਲਿਖਤ ਕਾਵਿ ਸਤਰਾਂ ਵਿਚ ਕੀਤਾ ਹੈ-
ਮੇਘਲਿਆ ਵਸ ਭਾਗੀਂ ਭਰਿਆ,
ਤੁਧ ਔਝੜ ਦੇਸ਼ ਵਸਾਏ।
ਭਲਕੇ ਫਿਰ ਕਰੀਂ ਝੜ ਇਵਂੇ,
ਮੇਰਾ ਪੀਆ ਪ੍ਰਦੇਸ਼ ਨਾ ਜਾਏ।
ਆਪਣੇ ਸਨਮਾਨਯੋਗ ਗੁਰੂ ਜੀ ਦਾ ਵਿਛੋੜਾ ਵੀ ਕਿਸੇ ਵੱਡੀ ਤੋਂ ਵੱਡੀ ਧਾਰਮਿਕ ਹਸਤੀ ਲਈ ਅਸਹਿਣ ਹੋ ਸਕਦਾ ਹੈ, ਆਪਣੀ ਪਿਆਰ ਤੇ ਸਤਿਕਾਰਯੋਗ ਹਸਤੀ ਦੇ ਵਿਛੋੜੇ ਨੂੰ ਵੀ ਕੇਵਲ ਪੰਜਾਬ ਦੇ ਆਦਰਸ਼ ਭਾਵਨਾ ਵਾਲੇ ਲੋਕ ਹੀ ਮਹਿਸੂਸ ਕਰ ਸਕਦੇ ਹਨ, ਇਸ ਦੀ ਪੁਸ਼ਟੀ ਵਾਸਤੇ ਅਸੀਂ ਗੁਰਮਤਿ ਦਰਸ਼ਨ ਵਿਚੋਂ ਨਿਮਨ ਲਿਖਤ ਹਵਾਲੇ ਪ੍ਰਾਪਤ ਕਰ ਸਕਦੇ ਹਾਂ-
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ।
ਬਿਲਪ ਕਰੇ ਚਾਤਰਿਕ ਕੀ ਨਿਆਈ।
ਤਰਿਖਾ ਨ ਉਤਰੈ, ਸਾਂਤਿ ਨ ਆਵੈ।
ਬਿਨੁ ਦਰਸਨ ਸੰਤ ਪਿਆਰੇ ਜੀਉ
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਪਰਕ : 94632-33991.

ਵਰਖਾ ਰੁੱਤ ਦੀਆਂ ਸਬਜ਼ੀਆਂ ਵਿਚ ਕੀੜਿਆਂ ਦੀ ਸੁਚੱਜੀ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਭਿੰਡੀ
1. ਤੇਲਾ (ਜੈਸਿਡ) : ਇਹ ਇਕ ਰਸ ਚੂਸਣ ਵਾਲਾ ਕੀੜਾ ਹੈ। ਇਹ ਕਪਾਹ, ਭਿੰਡੀ, ਆਲੂ, ਬੈਂਗਣ ਅਤੇ ਨਦੀਨਾਂ ਉੱਪਰ ਪਾਇਆ ਜਾਂਦਾ ਹੈ। ਇਸ ਦਾ ਬਾਲਗ ਅਤੇ ਬੱਚਾ ਦੋਵੇਂ ਹੀ ਨੁਕਸਾਨ ਕਰਦੇ ਹਨ। ਇਸ ਦੇ ਬੱਚੇ ਅੰਡੇ ਵਿਚੋਂ ਨਿਕਲ ਕੇ ਪੱਤਿਆਂ ਦਾ ਰਸ ਚੂਸਦੇ ਹਨ ਜਿਹੜੇ ਕਿ 7-21 ਦਿਨ ਬਾਅਦ ਬਾਲਗ ਬਣ ਜਾਂਦੇ ਹਨ। ਇਨ੍ਹਾਂ ਦੇ ਖੰਭਾਂ ਵਾਲੇ ਬਾਲਗ ਥੋੜ੍ਹੀ ਜਿਹੀ ਹਿਲ-ਜੁਲ ਨਾਲ ਉੱਡ ਜਾਂਦੇ ਹਨ ਅਤੇ ਰਾਤ ਸਮੇਂ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ।
ਨੁਕਸਾਨ : ਇਹ ਕੀੜੇ ਭਿੰਡੀ ਦੀ ਫ਼ਸਲ 'ਤੇ ਮਈ ਤੋਂ ਸੰਤਬਰ ਤੱਕ ਹਮਲਾ ਕਰਦੇ ਹਨ। ਇਹ ਪੌਦਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਹਮਲੇ ਵਾਲੇ ਪੱਤਿਆਂ ਦਾ ਰੰਗ ਪਹਿਲਾਂ ਹਲਕਾ ਪੀਲਾ, ਫਿਰ ਲਾਲੀ ਤੇ ਹੋ ਜਾਂਦਾ ਹੈ। ਪ੍ਰਭਾਵਿਤ ਪੱਤੇ ਉੱਪਰ ਵੱਲ ਮੁੜ ਜਾਂਦੇ ਹਨ, ਠੂਠੀ ਪੈ ਜਾਂਦੀ ਹੈ ਅਤੇ ਬਾਅਦ ਵਿਚ ਸੁੱਕ ਕੇ ਜ਼ਮੀਨ ਉੱਪਰ ਡਿਗ ਜਾਂਦੇ ਹਨ।
ਰੋਕਥਾਮ :
* ਪੰਜਾਬ-8 ਕਿਸਮ ਤੇਲੇ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ।
* ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ 15 ਦਿਨ ਦੇ ਵਕਫੇ ਨਾਲ ਇਕ ਜਾਂ ਦੋ ਵਾਰ 40 ਮਿਲੀਲਿਟਰ ਕੌਨਫੀਡੋਰ 17.8 ਐਸ ਐਲ (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 560 ਮਿਲੀਲਿਟਰ ਮੈਲਾਥੀਆਨ 50 ਈ ਸੀ ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕੋ।
* ਕੌਨਫੀਡੋਰ ਜਾਂ ਐਕਟਾਰਾ ਦੇ ਛਿੜਕਾਅ ਤੋਂ ਇਕ ਦਿਨ ਤੱਕ ਫ਼ਲ ਨਾ ਤੋੜੋ।
2. ਚਿੱਤਕਬਰੀ ਸੁੰਡੀ : ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਏਰੀਅਸ ਇਨਸੂਲਾਨਾ ਅਤੇ ਏਰੀਅਸ ਵਾਈਟੈਲਾ। ਏਰੀਅਸ ਇਨਸੂਲਾਨਾ ਦੇ ਪਤੰਗੇ ਦੇ ਉਪਰਲੇ ਖੰਭ ਪੀਲੇ ਰੰਗ ਦੇ ਹੁੰਦੇ ਹਨ ਜਿਸ ਉੱਪਰ ਹਰੇ ਰੰਗ ਦੀ ਚੌੜੀ ਪੱਟੀ ਬਣੀ ਹੁੰਦੀ ਹੈ। ਜਦੋਂ ਕਿ ਏਰੀਅਸ ਵਾਈਟੈਲਾ ਦੇ ਪਤੰਗ ਦੇ ਉਪਰਲੇ ਖੰਭ ਪੂਰੇ ਹਰੇ ਹੁੰਦੇ ਹਨ। ਇਸ ਦੀ ਮਾਦਾ ਅਪ੍ਰੈਲ ਦੇ ਮਹੀਨੇ ਵਿਚ 200-400 ਅੰਡੇ ਇਕੱਲੇ-ਇਕੱਲੇ ਫੁੱਲ-ਡੋਡੀਆਂ ਅਤੇ ਨਰਮ ਕਰੂੰਬਲਾਂ 'ਤੇ ਦਿੰਦੀ ਹੈ। ਸੁੰਡੀ ਦਾ ਜੀਵਨ 10-16 ਦਿਨਾਂ ਤੱਕ ਦਾ ਹੁੰਦਾ ਹੈ। ਭੂਰੇ ਰੰਗ ਦਾ ਕੋਆ ਹੇਠਾਂ ਡਿੱਗੇ ਹੋਏ ਪੱਤਿਆਂ ਉੱਪਰ ਮਿਲਦਾ ਹੈ। ਇਸ ਦਾ ਪੂਰਾ ਜੀਵਨ ਚੱਕਰ 17-29 ਦਿਨਾਂ ਵਿਚ ਪੂਰਾ ਹੁੰਦਾ ਹੈ।
ਰੋਕਥਾਮ :
* ਪੰਜਾਬ-8 ਕਿਸਮ ਇਸ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ।
* ਮੂਢੀ ਕਪਾਹ ਦੇ ਉੱਗੇ ਹੋਏ ਬੂਟੇ ਪੁੱਟ ਦਿਓ ਕਿਉਂਕਿ ਇਹ ਸੁੰਡੀ ਇਨ੍ਹਾਂ ਬੂਟਿਆਂ 'ਤੇ ਪਲਦੀ ਹੈ। ਹਮਲੇ ਵਾਲੇ ਫ਼ਲ ਤੋੜ ਕੇ ਜ਼ਮੀਨ ਵਿਚ ਡੂੰਘੇ ਨੱਪ ਦਿਓ।
* ਫੁੱਲ ਪੈਣੇ ਸ਼ੁਰੂ ਹੋਣ ਤੋਂ 15 ਦਿਨ ਦੇ ਵਕਫ਼ੇ ਤੇ ਤਿੰਨ ਛਿੜਕਾਅ 70 ਗ੍ਰਾਮ ਪ੍ਰੋਕਲੇਮ 0.5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵੈਲਰੇਟ) ਜਾਂ 80 ਮਿਲੀਲਿਟਰ ਸਿੰਬਸ਼ 25 ਈ ਸੀ (ਸਾਈਪਰਮੈਥਰਿਨ) ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕੋ।
ਲਾਲ ਮਕੌੜਾ ਜੂੰ : ਇਹ ਪੱਤਿਆਂ 'ਤੇ ਹਮਲਾ ਕਰਦੀ ਹੈ ਅਤੇ ਇਹ ਰਸ ਚੂਸਦੀ ਹੈ। ਪੱਤਿਆਂ 'ਤੇ ਜਾਲੇ ਲੱਗ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ।
ਰੋਕਥਾਮ : ਇਸ ਦੀ ਰੋਕਥਾਮ ਲਈ 250 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੇਟੋਨ ਮੀਥਾਇਲ) ਜਾਂ ਰੋਗਰ 30 ਈ ਸੀ (ਡਾਈਮੈਥੋਏਟ) ਪ੍ਰਤੀ ਏਕੜ ਦੇ ਹਿਸਾਬ ਨਾਲ 100-125 ਲਿਟਰ ਪਾਣੀ ਵਿਚ ਘੋਲ ਕੇ ਛਿੜਕੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅਮਨਦੀਪ ਕੌਰ ਅਤੇ ਰਵਿੰਦਰ ਸਿੰਘ ਚੰਦੀ
ਕੀਟ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX