ਤਾਜਾ ਖ਼ਬਰਾਂ


ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  11 minutes ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  38 minutes ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  53 minutes ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਨੇਤਾ ਸੰਜੈ ਰਾਊਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਅੱਜ ਹੀ ਪਾਰਟੀ...
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  38 minutes ago
ਓਠੀਆ, 19 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ 'ਚ ਅੱਜ ਇੱਕ ਦਰਜੀ ਦੀ ਦੁਕਾਨ 'ਚ ਰੱਖੇ ਗੈਸ ਸਲੰਡਰ 'ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੂੰ ਵੀ ਭਾਜੜਾਂ ਪੈ ਗਈਆਂ। ਇਸ ਹਾਦਸੇ 'ਚ ਕਿਸੇ...
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਪਾਰਟੀ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼ ਲਾਉਣ ਵਾਲੇ ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ...
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ- ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਪਾਰਟੀ ਤੋਂ ਅਸਤੀਫ਼ਾ ਦੇ ਸਕਦੀ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੋਂ...
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਘਰ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਹੀ ਸਮਾਗਮ ਦੌਰਾਨ...
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)- ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ...
ਹੋਰ ਖ਼ਬਰਾਂ..

ਫ਼ਿਲਮ ਅੰਕ

ਦੀਪਿਕਾ

ਇੰਟਰਨੈੱਟ ਦੀ ਸਟਾਰ

ਮਸਤਾਨੀ ਮੁਟਿਆਰ ਤੇ ਅੰਤਰਰਾਸ਼ਟਰੀ ਸਟਾਰ ਹੀਰੋਇਨ ਮੈਡਮ ਤੁਸ਼ਾਦ ਅਜਾਇਬ ਘਰ ਨਾਲ ਜ਼ਿਆਦਾ ਹੀ ਮੋਹ ਕਰ ਰਹੀ ਹੈ। ਉਸਦਾ 'ਵੈਕਸ ਬੁੱਤ' ਜਲਦੀ ਹੀ ਇਥੇ ਲੱਗਣ ਵਾਲਾ ਹੈ। ਪੂਰਾ ਮੇਚਾ ਦੀਪੀ ਨੇ ਦਿੱਤਾ ਹੈ ਤੇ ਮਹਾਨ ਹਸਤੀਆਂ ਦੇ ਨਾਲ ਦੀਪੀ ਦਾ 'ਵੈਕਸ ਬੁੱਤ' ਨਜ਼ਰ ਆਏਗਾ। ਹਜ਼ੂਰ ਖ਼ੁਦਾ ਪੂਰਾ ਮਿਹਰਬਾਨ ਹੈ, ਖਿਡਾਰੀ ਪਰਿਵਾਰ ਦੀ ਅਭਿਨੇਤਰੀ ਧੀ ਰਾਣੀ ਦੀਪਿਕਾ 'ਤੇ। ਸੰਨ 2018 ਵੈਸੇ ਵੀ ਦੀਪਿਕਾ ਲਈ ਖਾਸ ਸਾਲ ਰਿਹਾ ਹੈ। 300 ਕਰੋੜ ਦੇ ਕਲੱਬ 'ਚ ਜੇ ਕਿਸੇ ਇੰਡੀਅਨ ਹੀਰੋਇਨ ਦੀ ਫ਼ਿਲਮ ਸ਼ਾਮਿਲ ਹੋਈ ਹੈ ਤਾਂ ਉਹ ਹੈ 'ਪਦਮਾਵਤ' ਦੀਪਿਕਾ ਦੀ ਤੇ ਹਾਂ ਟਾਈਮ ਦੀ ਸੂਚੀ ਜਿਨ੍ਹਾਂ 'ਚ 100 ਵਿਅਕਤੀਆਂ ਦਾ ਨਾਂਅ ਹੈ ਜਾਂ ਉਹ ਵਿਅਕਤੀ ਜੋ 2018 ਦੇ ਖਾਸ ਨੇ, ਉਨ੍ਹਾਂ 'ਚ ਦੀਪੀ ਵੀ ਸ਼ਾਮਿਲ ਹੈ। ਕਾਮਯਾਬੀ ਨਾਲ ਕੁਝ ਕੁ ਗਰੂਰ ਆ ਹੀ ਜਾਂਦਾ ਹੈ, ਆਖਰ ਇਨਸਾਨੀ ਫਿਤਰਤ ਹੈ ਤੇ ਅਜਿਹਾ ਜੇ ਦੀਪਿਕਾ 'ਚ ਆਉਂਦਾ ਹੈ ਤਾਂ ਸ਼ਿਕਵਾ ਕਰਨ ਦੀ ਲੋੜ ਨਹੀਂ। ਫ਼ਿਲਮਾਂ ਘੱਟ ਹਨ ਪਰ ਫਿਰ ਵੀ ਉਹ ਧੜਾਧੜ ਕਈ ਫ਼ਿਲਮਾਂ ਨੂੰ ਠੋਕਰ ਮਾਰ ਰਹੀ ਹੈ। ਵੈਸੇ ਬੀ-ਟਾਊਨ ਦੀ ਉਹ ਮਿਹਨਤੀ ਤੇ ਪ੍ਰਤਿਭਾਵਾਨ ਅਭਿਨੇਤਰੀ ਹੈ। ਦੀਪਿਕਾ ਨੇ ਆਪਣੀ ਫੀਸ ਵੀ ਤਿੰਨ ਗੁਣਾਂ ਵਧਾ ਦਿੱਤੀ ਹੈ। 'ਪਦਮਾਵਤ', 'ਚੇਨਈ ਐਕਸਪ੍ਰੈੱਸ', 'ਹੈਪੀ ਨਿਊ ਯੀਅਰ', 'ਯੇ ਜਵਾਨੀ ਹੈ ਦੀਵਾਨੀ', 'ਬਾਜੀਰਾਵ ਮਸਤਾਨੀ' ਤੇ ਹੋਰ ਸਫ਼ਲ ਫ਼ਿਲਮਾਂ ਦੀ ਹੀਰੋਇਨ ਦੀਪਿਕਾ ਪਾਦੂਕੋਨ ਇਸ ਦੌਰਾਨ ਨਾ ਹੀ ਤਾਂ ਮੰਦਰ ਜਾਣਾ ਭੁੱਲੀ ਹੈ ਅਤੇ ਨਾ ਹੀ ਵਰਤ ਰੱਖਣੇ, ਪੂਜਾ ਕਰਨੀ ਆਦਿ। ਦੀਪਿਕਾ ਪਾਦੂਕੋਨ ਦੇ ਇੰਸਟਾਗ੍ਰਾਮ 'ਤੇ ਢਾਈ ਕਰੋੜ ਪ੍ਰਸੰਸਕ ਹੋ ਗਏ ਹਨ। ਉਸ ਦਾ ਤਾਜ਼ਾ 'ਉੱਡਵਾਂ ਚੁੰਮਣ' (ਫਲਾਇੰਗ ਕਿਸ) ਕਾਫੀ ਮਸ਼ਹੂਰ ਹੋਇਆ ਹੈ। ਦੀਪੀ ਨੇ ਤਾਂ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਅਮਿਤਾਭ ਤਾਂ ਦੂਰ ਦੀ ਗੱਲ ਹੈ। ਫੇਸਬੁੱਕ ਦੀਆਂ 'ਮਸ਼ਹੂਰ ਸ਼ਖ਼ਸੀਅਤਾਂ 'ਚ ਵੀ ਦੀਪੀ ਅੱਗੇ ਹੈ। ਗੱਲ ਕੀ ਸੋਸ਼ਲ ਮੀਡੀਆ ਦੀ ਨੰਬਰ ਵੰਨ ਸਟਾਰ ਹੈ ਦੀਪਿਕਾ ਤੇ ਉਹ ਆਪਣੀ ਦੀਦੀ ਅਨੀਸ਼ਾ ਪਾਦੂਕੋਨ ਨੂੰ ਬਹੁਤ ਹੀ ਪਿਆਰ ਕਰਦੀ ਹੈ। ਅਸਲੀ ਗੱਲ ਇਹ ਹੈ ਕਿ ਜੇ ਪ੍ਰਿਅੰਕਾ ਕੁਝ ਫ਼ਿਲਮਾਂ ਨੂੰ ਨਾਂਹ ਨਾ ਕਰਦੀ ਤਾਂ ਅੱਜ ਦੀਪਿਕਾ ਦੀ ਉਹ ਗੱਲ ਨਹੀਂ ਹੋਣੀ ਸੀ ਜੋ ਅੱਜ ਹੈ। ਉਸ ਨੂੰ ਪੀ.ਸੀ. ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਜ਼ਰੀਨ ਖ਼ਾਨ

ਦੁੱਖਾਂ ਦੀ ਮਾਰੀ ਵਿਚਾਰੀ

ਜ਼ਰੀਨ ਖ਼ਾਨ ਲੈਕਮੇ ਫੈਸ਼ਨ ਵੀਕ 2018 'ਚ ਮੋਟੇ ਮਾਡਲਜ਼ ਦੀ ਚੋਣ ਲਈ ਖਾਸ ਮਹਿਮਾਨ ਬਣ ਆਈ ਸੀ। ਕਦੇ ਖੁਦ ਮੋਟੀ ਰਹੀ ਜ਼ਰੀਨ ਖੁਸ਼ ਹੈ ਕਿ ਉਹ ਵੀ ਕਿਸੇ ਸਮਾਰੋਹ 'ਚ ਪ੍ਰਾਹੁਣੀ ਬਣੀ। ਸਕੂਲ, ਕਾਲਜ ਸਮੇਂ ਪੂਰਾ ਕੁਇੰਟਲ ਭਾਰ ਜ਼ਰੀਨ ਦਾ ਹੋਇਆ ਕਰਦਾ ਸੀ। ਵਿਚਾਰੀ ਜ਼ਰੀਨ ਨੂੰ ਤਦ ਜਨਰਲ ਸਟੋਰ ਤੋਂ ਵਾਪਸ ਮੁੜਨਾ ਪੈਂਦਾ ਸੀ ਕਿਉਂਕਿ ਮੋਟੇ ਲੋਕਾਂ ਦਾ ਸਾਮਾਨ ਮੁਸ਼ਕਿਲ ਨਾਲ ਮਿਲਦਾ ਸੀ। ਜ਼ਰੀਨ ਨੇ ਕਿਹਾ ਕਿ ਪਤਾ ਨਹੀਂ ਕਿਉਂ ਮੋਟੇ ਲੋਕਾਂ ਨੂੰ ਪਛਾਣ ਬਣਾਉਣ ਲਈ ਇਥੇ ਸੰਘਰਸ਼ ਕਰਨਾ ਪੈ ਰਿਹਾ ਹੈ। ਹੁਣ ਤਾਂ ਜ਼ਰੀਨ ਪਤਲੀ ਹੈ ਪਰ ਮੋਟੇ ਲੋਕਾਂ ਨਾਲ ਉਸ ਦੀ ਪੂਰੀ ਹਮਦਰਦੀ ਹੈ। 'ਅਕਸ਼ਰ-2' ਫਲਾਪ ਕੀ ਹੋਈ ਜ਼ਰੀਨ ਦੀ ਤਾਂ ਮੱਤ ਹੀ ਮਾਰੀ ਗਈ ਹੈ। ਰੋਣਾ ਮੂੰਹ ਤੇ ਉਦਾਸ ਚਿਹਰਾ ਤੇ ਇਹ ਸਾਰਾ ਕੁਝ ਲੈਕਮੇ ਫੈਸ਼ਨ ਵੀਕ 'ਚ ਉਸ ਤੋਂ ਪ੍ਰਭਾਵ ਗਿਆ। ਇਸ ਸਮੇਂ ਉਹ ਇਹੀ ਚਾਹੁੰਦੀ ਹੈ ਕਿ ਉਸ ਦੀ ਫ਼ਿਲਮ 'ਪਿਆਰ ਮਾਂਗਾ ਹੈ ਤੁਮਹੀ ਸੇ' ਜਲਦੀ ਆਵੇ ਤੇ ਨੌਜਵਾਨ ਵਰਗ ਵਿਚ ਉਹ ਹਰਮਨ-ਪਿਆਰੀ ਬਣ ਇੰਡਸਟਰੀ ਦੀ ਨਜ਼ਰ 'ਚ ਪ੍ਰਵਾਨ ਚੜ੍ਹੇ ਪਰ 'ਪਿਆਰ ਮਾਂਗਾ ਹੈ ਤੁਮਹੀ ਸੇ' ਦੇ ਮੁਕੱਦਰ ਹੀ ਢਿੱਲੇ ਹਨ। ਜ਼ਰੀਨ ਮੁਸਲਿਮ ਹੋ ਕੇ ਵੀ ਔਰਤਾਂ ਦੀਆਂ ਗੁਪਤ ਸਮੱਸਿਆਵਾਂ 'ਤੇ ਬੇਬਾਕ ਪਰ ਨੇਮ ਦੇ ਬਿਆਨ ਦਿੰਦੀ ਰਹਿੰਦੀ ਹੈ। ਸੁਣਿਆ ਹੈ ਕਿ ਹੁਣ ਵਿਹਲ ਕੱਟਣ ਲਈ ਜ਼ਰੀਨ ਉਦਘਾਟਨ ਸਮਾਰੋਹ, ਮਹੂਰਤ ਆਦਿ 'ਤੇ ਪ੍ਰਾਹੁਣੀ ਬਣ ਕੇ ਜਾਏਗੀ ਤੇ ਜਲਦੀ ਟੀ.ਵੀ. 'ਤੇ ਵੀ ਸ਼ੋਅ ਲੈ ਕੇ ਆਵੇਗੀ। ਗੁਲ ਖ਼ਾਨ ਇਸ ਕੰਮ 'ਚ ਜ਼ਰੀਨ ਦੀ ਪੂਰੀ ਮਦਦ ਕਰ ਰਹੀ ਹੈ। ਕਦੇ ਡਾਕਟਰ ਬਣਨ ਦੇ ਸੁਪਨੇ ਉਸ ਨੇ ਦੇਖੇ ਸਨ ਪਰ ਬਣ ਗਈ ਅਭਿਨੇਤਰੀ, ਤੇ ਹਾਂ ਇਕ ਖਾਸ ਗੱਲ ਕਿ ਜ਼ਰੀਨ ਆਪਣਾ ਹਰ ਕੰਮ ਆਪਣੀ ਮਾਂ ਦੀ ਆਗਿਆ ਨਾਲ ਕਰਦੀ ਹੈ ਤੇ ਮਾਂ ਦੀ ਸਲਾਹ ਉਸ ਲਈ ਅਹਿਮ ਹੁੰਦੀ ਹੈ। ਪਠਾਣ ਦੀ ਧੀ ਜ਼ਰੀਨ 'ਕਾਬਲੀ ਵਾਲੀ' ਸਮੇਤ 'ਪਠਾਣਾਂ' ਦੇ ਇਤਿਹਾਸਕ ਪਿਛੋਕੜ ਨਾਲ ਕਿਤਾਬਾਂ ਰਾਹੀਂ ਜੁੜੀ ਹੋਈ ਹੈ। ਉਸ ਲਈ ਮਾਂ ਦੇ ਨਾਲ-ਨਾਲ ਨਾਨੇ ਦਾ ਪਿਆਰ ਤੇ ਦੀਦੀ ਦਾ ਸਨੇਹ ਖਾਸ ਊਰਜਾ ਹੈ। ਸਦਾ ਦੁੱਖ ਇਹੀ ਰਹੂ ਕਿ ਉਸ ਦੀ ਮਾਂ ਨੂੰ ਪਿਓ ਨੇ ਉਸਦੇ ਜਨਮ ਤੋਂ ਬਾਅਦ ਤਲਾਕ ਦਿੱਤਾ ਸੀ ਕਿ ਉਹ ਦੋ ਧੀਆਂ ਨਹੀਂ ਚਾਹੁੰਦਾ ਤੇ ਦੋ ਧੀਆਂ ਕਿਉਂ ਜੰਮ ਪਈਆਂ? ਧੀ-ਪੁੱਤ ਪ੍ਰਤੀ ਸਮਾਜਿਕ ਮਾਨਸਿਕਤਾ 'ਤੇ, ਹੀ ਜ਼ਰੀਨ ਨੂੰ ਗੁੱਸਾ ਆਉਂਦਾ ਹੈ। ਧੀ-ਪੁੱਤਾਂ ਤੋਂ ਘੱਟ ਨਹੀਂ ਇਹੀ ਸਾਬਤ ਕਰ ਕੇ ਉਹ ਆਪਣੇ ਪਿਓ ਨੂੰ ਦੱਸਣਾ ਚਾਹੁੰਦੀ ਹੈ।


-ਸੁਖਜੀਤ ਕੌਰ

ਸ਼ਿਲਪਾ ਸ਼ੈਟੀ

ਵਧਾਈਆਂ ਜੀ ਵਧਾਈਆਂ

ਫਿਟਨੈੱਸ ਤੇ ਭੋਜਨ ਲਈ ਮਸ਼ਹੂਰ ਹੈ ਸ੍ਰੀਮਤੀ ਕੁੰਦਰਾ ਅਰਥਾਤ ਸ਼ਿਲਪਾ ਸ਼ੈਟੀ ਜੋ ਆਨ ਲਾਈਨ ਕੁਕਿੰਗ ਚੈਨਲ ਵੀ ਚਲਾ ਰਹੀ ਹੈ, ਨੇ ਆਈ ਤੇ ਸਿਸ ਨਾਲ ਵੀ ਵਪਾਰਕ ਭਾਈਵਾਲੀ ਕਰ ਲਈ ਹੈ। ਇਹ ਇਕ ਮਸ਼ਹੂਰ ਅੰਤਰਰਾਸ਼ਟਰੀ ਵਪਾਰ ਕੰਪਨੀ ਹੈ। ਸ਼ਿਲਪਾ ਦਾ ਮੁੰਬਈ 'ਚ ਰਿਆਲਿਟੀ ਕਲੱਬ ਵੀ ਚਲ ਰਿਹਾ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹ ਪਰਿਵਾਰ ਸਮੇਤ ਸਪੇਨ ਗਈ। ਬਾਰਸੀਲੋਨਾ ਦੀ ਸੈਰ ਕਰ ਕੇ ਉਹ ਅਤਿਅੰਤ ਪ੍ਰਸੰਨ ਹੋਈ। 43 ਸਾਲ ਦੀ ਸ਼ਿਲਪਾ ਹਰ ਐਤਵਾਰ ਨੂੰ ਸੋਸ਼ਲ ਮੰਚ 'ਤੇ 'ਸੰਡੇ ਬਿੱਗ' ਲੜੀ ਤਹਿਤ ਨਵਾਂ ਵੀਡੀਓ ਪਾ ਰਹੀ ਹੈ। ਨਵੇਂ ਵੀਡੀਓ 'ਚ ਮਸਤੀ ਕਰਦੀ, ਆਇਸ ਕਰੀਮ ਖਾਂਦੀ ਸ਼ਿਲਪਾ ਦੇ ਨਾਲ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਵੀ ਹੈ। ਬਾਕੀ ਰਹੀ ਗੱਲ ਇਸ ਵਾਰ ਉਸ ਦੇ ਜਨਮ ਦਿਨ ਮਨਾਉਣ ਦੀ ਤਾਂ 'ਸੁਪਰ ਤੋਂ ਉੱਪਰ' ਇਹ ਲਫ਼ਜ਼ ਉਸ ਦੇ ਜਨਮ ਦਿਨ ਵਾਲੇ ਕੇਕ 'ਤੇ ਉਕਰੇ ਹੋਏ ਨਜ਼ਰ ਆਏ। ਪੂਰੀ ਸਤਰ ਇਹ ਸੀ, 'ਸੁਪਰ ਤੋਂ ਉੱਪਰ ਬੇਟੀ, ਭੈਣ ਤੇ ਮਾਂ'। ਲਾਲ ਸਾੜ੍ਹੀ ਪਹਿਨ ਕੇ ਸ਼ਿਲਪਾ ਨੇ ਸ਼ਾਨਦਾਰ ਪਾਰਟੀ 'ਚ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਨੂੰ ਆਪਣੇ ਨਾਲ-ਨਾਲ ਰੱਖਿਆ। ਪਤੀ ਰਾਜ ਕੁੰਦਰਾ ਤਾਂ ਇਕ ਪੈਰ ਵੀ ਸ਼ਿਲਪਾ ਦੀ ਸਲਾਹ ਬਿਨਾਂ ਨਹੀਂ ਪੁੱਟਦਾ। ਕ੍ਰਿਕਟ ਨਾਲ ਵੀ ਟੀਮ ਮਾਲਕਣ ਵਜੋਂ ਜੁੜੀ ਸ਼ਿਲਪਾ ਪੰਜਾਬੀ ਫ਼ਿਲਮ 'ਨਾਨਕ' ਵੀ ਬਣਾ ਰਹੀ ਹੈ। 11 ਸਾਲ ਤੋਂ ਉਹ ਪਰਦੇ ਤੋਂ ਦੂਰ ਹੈ ਪਰ ਉਹ ਡਰਾਮਾ ਫ਼ਿਲਮਾਂ ਦੀ ਥਾਂ ਹਾਸਰਸ ਫ਼ਿਲਮਾਂ ਨਾਲ ਵਾਪਸ ਆਉਣਾ ਚਾਹੁੰਦੀ ਹੈ। ਆਪਣੇ ਬੇਟੇ ਕਿਆਨ ਨਾਲ ਬਜ਼ੁਰਗਾਂ ਦੇ ਆਸ਼ਰਮ ਜਾ ਕੇ ਮਹੀਨੇ 'ਚ ਇਕ ਵਾਰ ਉਹ ਖਾਣਾ, ਕੱਪੜੇ ਤੇ ਹੋਰ ਸਾਮਾਨ ਵੰਡ ਕੇ ਜ਼ਰੂਰ ਆਉਂਦੀ ਹੈ। ਪੁੰਨ ਹੀ ਉਸ ਅਨੁਸਾਰ ਕਰਮ ਹੈ। ਫਿਰ ਮਾਂ ਬਣਨ ਦੀਆਂ ਖ਼ਬਰਾਂ ਤੇ ਉਸ ਨੇ 'ਬਕਵਾਸ' ਸ਼ਬਦ ਕਹਿ ਕੇ ਵਿਰਾਮ ਯਾਨੀ ਠਹਿਰਾਓ ਬਿੰਦੀ ਲਾ ਦਿੱਤੀ ਹੈ। ਡਿਜੀਟਲ ਪਲੇਟਫਾਰਮ 'ਤੇ 'ਹੀਅਰ ਮੀ ਲਵ ਮੀ' ਸ਼ੋਅ ਲੈ ਕੇ ਉਹ ਆ ਰਹੀ ਹੈ।

ਸੋਨੂੰ ਸੂਦ

ਸ਼ੇਰ ਪੰਜਾਬੀ

ਪੰਜਾਬੀ ਪੁੱਤਰ ਸੋਨੂੰ ਸੂਦ ਦਾ ਪੂਰਾ ਨਾਂਅ ਹਿੰਦੀ ਸਿਨੇਮਾ 'ਚ ਹੈ ਤੇ ਕੰਗਨਾ ਰਣੌਤ ਨਾਲ ਆ ਰਹੀ ਫ਼ਿਲਮ 'ਮਣੀਕਰਣਿਕਾ : ਦਾ ਕੁਈਨ ਆਫ਼ ਝਾਂਸੀ' 'ਚ ਸਾਰੇ ਖ਼ਤਰਨਾਕ ਮਾਰਧਾੜ ਦੇ ਦ੍ਰਿਸ਼ ਉਸਨੇ ਆਪ ਕਰਕੇ ਦਰਸਾ ਦਿੱਤਾ ਹੈ ਕਿ ਪੰਜਾਬੀਆਂ ਦੀ ਬੱਲੇ-ਬੱਲੇ ਹੈ। ਤਲਵਾਰ ਚਲਾਉਣ ਦੇ ਦ੍ਰਿਸ਼ਾਂ 'ਚ ਤਾਂ ਸੋਨੂੰ ਨੇ ਨਵੀਂ ਜਾਨ ਹੀ ਪਾ ਦਿੱਤੀ ਹੈ। ਇਧਰ ਸੋਨੂੰ ਦੀ ਇਕ ਹੋਰ ਫ਼ਿਲਮ 'ਪਲਟਨ' ਦਾ ਪੋਸਟਰ ਵੀ ਆ ਗਿਆ ਹੈ। ਸੋਨੂੰ ਸੂਦ ਨੇ ਪੋਸਟਰ 'ਤੇ ਲਿਖੀ ਇਸ ਗੱਲ ਕਿ '1967 ਇਕ ਸੱਚੀ ਗਾਥਾ' ਜੋ ਕਦੇ ਸਾਹਮਣੇ ਨਹੀਂ ਆਈ, ਨਾਲ ਲੋਕਾਂ 'ਚ ਫ਼ਿਲਮ ਪ੍ਰਤੀ ਆਕਰਸ਼ਣ ਹੋਰ ਵਧੇਗਾ। 7 ਸਤੰਬਰ ਨੂੰ ਆ ਰਹੀ 'ਪਲਟਨ' 'ਚ ਸੋਨੂੰ ਦਾ ਕੰਮ ਵੀ ਕਾਫੀ ਮਹੱਤਵਪੂਰਨ ਹੈ। 'ਕੁੰਗਫੂ ਯੋਗਾ' ਹੋਵੇ ਜਾਂ ਪੰਜਾਬੀ ਫ਼ਿਲਮ ਇਕਬਾਲ ਢਿੱਲੋਂ ਦੀ, ਸੋਨੂੰ ਨੇ ਦਰਸਾ ਦਿੱਤਾ ਹੈ ਕਿ ਇਕ ਦਿਨ ਉਸ ਦਾ ਨਾਂਅ ਬੱਚਾ-ਬੱਚਾ ਜਾਣਦਾ ਹੋਵੇਗਾ। 'ਯੁਵਾ' ਫ਼ਿਲਮ ਨੇ ਉਸਨੂੰ ਪਛਾਣ ਦਿੱਤੀ ਸੀ। ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਤੰਦਰੁਸਤੀ ਉਸ ਅਨੁਸਾਰ ਜ਼ਰੂਰੀ ਹੈ। ਸੋਨੂੰ ਲਈ 'ਸਰਵਗੁਣ ਸੰਪੰਨ' ਫ਼ਿਲਮ ਵੀ ਹੈ ਪਰ ਸਭ ਤੋਂ ਜ਼ਿਆਦਾ ਖਾਸ ਫ਼ਿਲਮ ਜੇ.ਪੀ. ਦੱਤਾ ਦੀ 'ਪਲਟਨ' ਹੀ ਹੈ। ਸੋਨੂੰ ਦੇ ਕਾਫ਼ੀ ਦੋਸਤ ਬਿਹਾਰ ਤੋਂ ਹਨ। 'ਸਰਵਗੁਣ ਸੰਪੰਨ' 'ਚ ਸੋਨੂੰ ਦੇ ਨਾਲ ਅਰਜਨ ਰਾਮਪਾਲ ਵੀ ਹੈ। ਫ਼ਿਲਮੀ ਬਾਜ਼ਾਰ ਦੇ ਅਨੁਸਾਰ ਸੈੱਟ 'ਤੇ ਸੋਨੂੰ ਨੇ ਇਕ ਖਾਸ ਗੱਲ ਸਾਡੇ ਨਾਲ ਸਾਂਝੀ ਕੀਤੀ ਕਿ ਦਲੀਪ ਸਿੰਘ, 'ਦਾ ਗਰੇਟ ਖਲੀ' ਤੋਂ ਉਹ ਬਹੁਤ ਪ੍ਰਭਾਵਿਤ ਹੈ ਤੇ ਇਕ ਸਮਾਰੋਹ 'ਚ ਹਿੱਸਾ ਲੈਣ ਲਈ ਉਸ ਨੇ ਇਕ ਫ਼ਿਲਮ ਵੀ ਠੁਕਰਾਈ ਕਿਉਂਕਿ ਖਲੀ ਨਾਲ ਪਿਆਰ ਹੈ। ਪੰਜਾਬੀ ਖੇਡ ਭਲਵਾਨੀ ਤੇ ਪੰਜਾਬ ਲਈ ਸਮਾਂ ਦੇਣਾ ਉਸ ਲਈ ਮਾਣ ਵਾਲੀ ਗੱਲ ਹੈ। ਇਥੋਂ ਹੀ ਗੱਲ ਖ਼ਬਰ ਦਾ ਰੂਪ ਧਾਰਨ ਕਰ ਗਈ ਕਿ ਸੋਨੂੰ ਸੂਦ 'ਖਲੀ' 'ਤੇ ਫ਼ਿਲਮ ਬਣਾਏਗਾ ਤੇ ਹਾਂ ਖਲੀ ਦਾ ਇਹ ਕਹਿਣਾ ਕਿ ਉਹ ਹੁਣ ਗਰੇਟ ਭਲਵਾਨ ਹੀ ਨਹੀਂ ਗਰੇਟ ਹੀਰੋ ਵੀ ਬਣ ਕੇ ਦਿਖਾਏਗਾ ਤੇ ਇਹ ਸਭ ਸੋਨੂੰ ਸੂਦ 'ਤੇ ਹੀ ਨਿਰਭਰ ਹੈ।

ਭੰਗੜੇ ਦੇ ਕਮਾਲ ਨਾਲ ਜੁੜੀ ਹੈ ਫ਼ਿਲਮ 'ਅਸ਼ਕੇ'

ਅਮਰਿੰਦਰ ਗਿੱਲ ਦੀ ਫ਼ਿਲਮ ਹੋਵੇ ਤੇ ਦਰਸ਼ਕਾਂ 'ਚ ਖਿੱਚ ਨਾ ਹੋਵੇ, ਇਹ ਹੋ ਨਹੀਂ ਸਕਦਾ। ਅਮਰਿੰਦਰ ਉਹ ਇਨਸਾਨ ਹੈ, ਜਿਸ ਨੇ ਗਾਇਕੀ ਵਿਚ ਸਿਰਫ਼ ਤੇ ਸਿਰਫ਼ ਪ੍ਰਸੰਸਾ ਖੱਟੀ ਹੈ ਤੇ ਜਦੋਂ ਤੋਂ ਉਹ ਅਦਾਕਾਰੀ ਦੇ ਪਿੜ ਵਿਚ ਆਇਆ, ਵੱਖਰੇ ਵਿਸ਼ੇ ਦੀਆਂ ਫ਼ਿਲਮਾਂ ਕਰ ਕੇ ਉਸਨੇ ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਦਿੱਤੀ। ਇਹ ਅਮਰਿੰਦਰ ਦੀ ਗਾਇਕੀ ਤੇ ਅਦਾਕਾਰੀ ਦਾ ਪ੍ਰਭਾਵ ਹੀ ਹੈ ਕਿ ਉਸ ਨੂੰ ਹਰ ਵਰਗ ਦੇ ਦਰਸ਼ਕ ਸੁਣਦੇ ਤੇ ਦੇਖਦੇ ਹਨ।
ਅਮਰਿੰਦਰ ਗਾਇਕੀ ਤੋਂ ਪਹਿਲਾਂ ਕਮਾਲ ਦਾ ਭੰਗੜਚੀ ਰਿਹਾ ਹੈ। ਭੰਗੜਾ ਪਾਉਂਦਾ-ਪਾਉਂਦਾ ਉਹ 'ਐਵੇਂ ਹੱਸ ਕੇ ਨਾ ਲੰਘਿਆ ਕਰ ਨੀਂ' ਰਾਹੀਂ ਗਾਇਕੀ ਵੱਲ ਆ ਗਿਆ ਤੇ ਫੇਰ ਹੌਲੀ-ਹੌਲੀ ਫ਼ਿਲਮਾਂ ਵੱਲ ਆ ਗਿਆ। ਅਤੀਤ ਨੂੰ ਨਾ ਭੁੱਲਣ ਵਾਲੀ ਬਿਰਤੀ ਦਾ ਮਾਲਕ ਹੋਣ ਕਰਕੇ 27 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਉਸ ਦੀ ਫ਼ਿਲਮ 'ਅਸ਼ਕੇ' ਭੰਗੜੇ ਨਾਲ ਜੁੜੀ ਹੋਈ ਹੈ। ਫ਼ਿਲਮ ਜਿੰਨੀ ਛੇਤੀ ਤਿਆਰ ਹੋਈ ਤੇ ਜਿੰਨੀ ਛੇਤੀ ਰਿਲੀਜ਼ ਹੋ ਰਹੀ ਹੈ, ਇਸ ਪ੍ਰਸੰਗ ਵਿਚ ਜਾਈਏ ਤਾਂ ਬੇਹੱਦ ਹੈਰਾਨੀ ਹੁੰਦੀ ਹੈ।
'ਅਸ਼ਕੇ' ਭੰਗੜੇ ਦੇ ਜਨੂੰਨ ਦੀ ਕਹਾਣੀ ਹੈ, ਜਿਸ ਨਾਲ ਜੁੜੇ ਨੌਜਵਾਨ ਕੱਪ ਜਿੱਤਣ ਦਾ ਸੁਪਨਾ ਦੇਖਦੇ ਹਨ ਤੇ ਜਿੱਤਦੇ ਵੀ ਹਨ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਅੰਮ੍ਰਿਤਸਰ ਵਿਚ ਹੋਈ ਹੈ, ਪਰ ਇਸ ਦਾ ਕੁੱਝ ਹਿੱਸਾ ਕੈਨੇਡਾ ਵਿਚ ਵੀ ਫ਼ਿਲਮਾਇਆ ਗਿਆ ਹੈ।
'ਰਿਧਮ ਬੁਆਏਜ਼ ਐਂਟਰਟੇਨਮੈਂਟ' ਵਲੋਂ ਪੰਜਾਬੀ ਸਿਨੇਮੇ ਵਿਚ ਨਵੇਂ ਤਜਰਬੇ ਕੀਤੇ ਗਏ ਹਨ। ਕਈ ਨਵੇਂ ਚਿਹਰਿਆਂ ਨੂੰ ਵੱਡੇ ਪਰਦੇ 'ਤੇ ਲਿਆ ਕੇ ਸਥਾਪਤੀ ਦੇ ਰਾਹ ਤੋਰਿਆ ਗਿਆ ਹੈ। ਉਸੇ ਲੜੀ ਤਹਿਤ 'ਅਸ਼ਕੇ' ਜ਼ਰੀਏ ਸੰਜੀਦਾ ਸ਼ੇਖ ਨੂੰ ਵੱਡੇ ਪਰਦੇ 'ਤੇ ਲਿਆਂਦਾ ਗਿਆ ਹੈ। ਫ਼ਿਲਮ ਵਿਚ ਜਸਵਿੰਦਰ ਭੱਲਾ, ਸਰਬਜੀਤ ਚੀਮਾ, ਹੌਬੀ ਧਾਲੀਵਾਲ, ਵੰਦਨਾ ਚੋਪੜਾ ਸਮੇਤ ਕਈ ਹੋਰ ਚੰਗੇ ਅਦਾਕਾਰਾਂ ਨੇ ਕੰਮ ਕੀਤਾ ਹੈ।
ਫ਼ਿਲਮ ਦੀ ਕਹਾਣੀ, ਸੰਵਾਦ ਤੇ ਸਕਰੀਨ ਪਲੇਅ ਧੀਰਜ ਰਤਨ ਦਾ ਹੈ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਪਰਦੇ ਪਿਛਲੀ ਸਾਰੀ ਟੀਮ ਪੁਰਾਣੀ ਹੈ, ਜਿਸ ਨੇ ਆਪਣੇ ਹਿੱਸੇ ਆਉਂਦਾ ਕੰਮ ਬਾਖੂਬੀ ਨਿਭਾਇਆ ਹੈ। 'ਰਿਧਮ ਬੁਆਏਜ਼' ਨਾਲ ਮਿਲ ਕੇ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਵਰਗੀ ਹਿੱਟ ਫ਼ਿਲਮ ਦੇਣ ਵਾਲੇ 'ਹੇਅਰ ਓਮਜੀ ਸਟੂਡੀਓਜ਼' ਵਲੋਂ 'ਅਸ਼ਕੇ' ਨਾਲ ਵੀ ਜੁੜਿਆ ਹੈ।
ਫ਼ਿਲਮ ਸਬੰਧੀ ਜਸਵਿੰਦਰ ਭੱਲਾ ਦਾ ਕਹਿਣਾ ਹੈ, 'ਘੱਟ ਸਮੇਂ ਵਿਚ ਚੰਗੀ ਫ਼ਿਲਮ ਦਾ ਨਿਰਮਾਣ ਕਰਨਾ ਕੋਈ ਅਮਰਿੰਦਰ ਗਿੱਲ ਦੀ ਟੀਮ ਤੋਂ ਸਿੱਖੇ। ਬਿਨਾਂ ਵਕਤ ਗੁਆਇਆਂ ਇਹ ਬੈਨਰ ਫ਼ਿਲਮ ਤਿਆਰ ਕਰਦਾ ਹੈ ਅਤੇ ਦਿਨਾਂ ਵਿਚ ਹੀ ਰਿਲੀਜ਼ ਕਰ ਦਿੰਦਾ ਹੈ। ਬਹੁਤ ਘੱਟ ਬੈਨਰਾਂ ਹਿੱਸੇ ਇਹ ਹੁਨਰ ਆਇਆ ਹੈ। ਇਸ ਫ਼ਿਲਮ ਵਿਚ ਜਵਾਨੀ ਦਾ ਜਨੂੰਨ ਹੈ। ਕਾਮੇਡੀ ਵੀ ਹੈ ਤੇ ਮੁਹੱਬਤ ਵੀ। ਫ਼ਿਲਮ ਬਹੁਤ ਕੁੱਝ ਸਿਖਾਵੇਗੀ ਵੀ ਤੇ ਹਸਾਵੇਗੀ ਵੀ।
ਹੌਬੀ ਧਾਲੀਵਾਲ ਮੁਤਾਬਕ, 'ਜਨੂੰਨ ਤੋਂ ਅੱਗੇ ਕੁੱਝ ਨਹੀਂ ਹੁੰਦਾ ਤੇ 'ਅਸ਼ਕੇ' ਦੀ ਪ੍ਰਾਪਤੀ ਇਸਦਾ ਜਨੂੰਨ ਹੀ ਹੈ। ਦਰਸ਼ਕ ਫ਼ਿਲਮ ਨਾਲੋਂ ਟੁੱਟ ਨਹੀਂ ਸਕੇਗਾ, ਇਹ ਗਾਰੰਟੀ ਹੈ। ਫ਼ਿਲਮ ਪੈਸਾ ਵਸੂਲ ਸਾਬਤ ਹੋਵੇਗੀ।'
'ਅਸ਼ਕੇ' ਵਿਚ ਕੰਮ ਕਰ ਕੇ ਗਦਗਦ ਹੋਈ ਅਦਾਕਾਰਾ ਸੰਜੀਦਾ ਸ਼ੇਖ ਮੁਤਾਬਕ, 'ਮੇਰੀ ਇਹ ਚੰਗੀ ਕਿਸਮਤ ਹੈ ਕਿ ਏਨੀ ਵੱਡੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਪਹਿਲੀ ਫ਼ਿਲਮ ਤੇ ਉਹ ਵੀ ਅਮਰਿੰਦਰ ਗਿੱਲ ਨਾਲ, ਇਸ ਤੋਂ ਚੰਗਾ ਹੋਰ ਕੀ ਹੋ ਸਕਦੈ। ਇਹ ਫ਼ਿਲਮ ਨੂੰ ਬਹੁਤ ਪਿਆਰ ਮਿਲੇ, ਮੇਰੀ ਅਰਦਾਸ ਹੈ।'
ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਮੁਤਾਬਕ, 'ਹਰ ਵਾਰ ਅਸੀਂ ਆਪਣੇ ਵਲੋਂ ਚੰਗੀ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਤਸੱਲੀ ਦੀ ਗੱਲ ਹੈ ਕਿ ਹਰ ਵਾਰ ਦਰਸ਼ਕਾਂ ਵਲੋਂ ਪਿਆਰ ਦਿੱਤਾ ਜਾਂਦਾ ਹੈ। ਇਸ ਨਾਲ ਸਾਡੀਆਂ ਜ਼ਿੰਮੇਵਾਰੀਆਂ ਵਿਚ ਹੋਰ ਵਾਧਾ ਹੁੰੰਦਾ ਹੈ। 'ਅਸ਼ਕੇ' ਫ਼ਿਲਮ ਆਪਣਾ ਜਵਾਬ ਖੁਦ ਦੇਵੇਗੀ, ਹੋਰ ਕੁੱਝ ਦੱਸਣ ਦੀ ਜ਼ਰੂਰਤ ਨਹੀਂ।

ਆਇਸ਼ਾ ਸ਼ਰਮਾ ਇਕ ਹੋਰ ਸਟਾਰ ਭੈਣ ਦਾ ਆਗਮਨ

ਜਾਨ ਅਬ੍ਰਾਹਮ ਅਤੇ ਮਨੋਜ ਵਾਜਪਾਈ ਦੀ ਟੱਕਰ ਨੂੰ ਦਿਖਾਉਂਦੀ ਫ਼ਿਲਮ 'ਸੱਤਿਆਮੇਵ ਜਯਤੇ' ਰਾਹੀਂ ਆਇਸ਼ਾ ਸ਼ਰਮਾ ਨੂੰ ਮੌਕਾ ਦਿੱਤਾ ਗਿਆ ਹੈ। ਉਂਜ ਆਇਸ਼ਾ ਦਾ ਚਿਹਰਾ ਨਵਾਂ ਨਹੀਂ ਹੈ ਕਿਉਂਕਿ ਕਈ ਨਾਮੀ ਪਦਾਰਥਾਂ ਲਈ ਉਹ ਬਤੌਰ ਮਾਡਲ ਆਪਣਾ ਚਿਹਰਾ ਚਮਕਾ ਚੁੱਕੀ ਹੈ। ਮਾਡਲ ਦੇ ਨਾਲ ਨਾਲ ਆਇਸ਼ਾ ਦੀ ਇਕ ਪਛਾਣ ਇਹ ਵੀ ਹੈ ਕਿ ਉਹ ਅਭਿਨੇਤਰੀ ਨੇਹਾ ਸ਼ਰਮਾ ਦੀ ਭੈਣ ਹੈ। 'ਕਰੁਕ', 'ਯੰਗਿਸਤਾਨ', 'ਯਮਲਾ ਪਗਲਾ ਦੀਵਾਨਾ-2', 'ਤੁਮ ਬਿਨ-2', 'ਜਯੰੰਤਾ ਭਾਈ ਕੀ ਲਵ ਸਟੋਰੀ' ਆਦਿ ਫ਼ਿਲਮਾਂ ਕਰਨ ਵਾਲੀ ਨੇਹਾ ਹੀ ਦੀ ਰੀਸੇ ਆਇਸ਼ਾ ਨੇ ਵੀ ਆਪਣੇ ਕਦਮ ਬਾਲੀਵੁੱਡ ਵਲ ਵਧਾ ਲਏ ਸਨ।
ਆਇਸ਼ਾ ਭਾਵੇਂ ਹੀ ਆਪਣੀ ਭੈਣ ਤੋਂ ਪ੍ਰੇਰਿਤ ਹੋ ਕੇ ਅਭਿਨੈ ਜਗਤ ਵਿਚ ਆਈ ਹੋਵੇ ਪਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਹ ਬਾਲੀਵੁੱਡ ਵਿਚ ਆਪਣੇ ਦਮ 'ਤੇ ਅੱਗੇ ਵਧ ਰਹੀ ਹੈ। ਵੱਡੇ ਪਰਦੇ ਦੀ ਦੁਨੀਆ ਦੇ ਆਪਣੇ ਸਫ਼ਰ ਬਾਰੇ ਉਹ ਕਹਿੰਦੀ ਹੈ, 'ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਮੇਰੀ ਭੈਣ ਸਲਮਾਨ ਖਾਨ ਨਹੀਂ ਜੋ ਨਿਰਮਨਾਤਾਵਾਂ ਨੂੰ ਮੇਰੇ ਨਾਂਅ ਦੀ ਸਿਫਾਰਿਸ਼ ਕਰੇ। ਉਹ ਏਨੀ ਅਮੀਰ ਵੀ ਨਹੀਂ ਕਿ ਮੈਨੂੰ ਲਾਂਚ ਕਰਨ ਲਈ ਫ਼ਿਲਮ ਦਾ ਨਿਰਮਾਣ ਕਰੇ। ਇਥੇ ਮੈਂ ਜੋ ਕੁਝ ਵੀ ਕਰਨਾ ਸੀ ਆਪਣੇ ਦਮ 'ਤੇ ਕਰਨਾ ਸੀ। ਹੀਰੋਇਨ ਬਣਨ ਲਈ ਮੈਂ ਨਿਰਮਾਤਾਵਾਂ ਦੇ ਦਫਤਰ ਦੇ ਚੱਕਰ ਕੱਟੇ ਅਤੇ ਕਈ ਆਡੀਸ਼ਨ ਦਿੱਤੇ ਪਰ ਕਿਤੇ ਗੱਲ ਨਹੀਂ ਬਣ ਰਹੀ ਸੀ। ਮੇਰਾ ਟੌਪ ਮਾਡਲ ਹੋਣਾ ਵੀ ਮੇਰੇ ਲਈ ਸਹਾਈ ਨਹੀਂ ਹੋ ਰਿਹਾ ਸੀ। ਆਖਰ ਮੈਨੂੰ ਅਕਸ਼ੈ ਕੁਮਾਰ ਦੇ ਸਾਹਮਣੇ 'ਨਮਸਤੇ ਇੰਗਲੈਂਡ' ਵਿਚ ਮੌਕਾ ਮਿਲਿਆ। ਉਦੋਂ ਲੱਗਿਆ ਕਿ ਹੁਣ ਸਭ ਕੁਝ ਸਹੀ ਚੱਲੇਗਾ ਪਰ ਕੁਝ ਕਾਰਨਾਂ ਕਰਕੇ ਅਕਸ਼ੈ ਨੇ ਉਹ ਫ਼ਿਲਮ ਛੱਡ ਦਿੱਤੀ ਤੇ ਫ਼ਿਲਮ ਹੀ ਡੱਬਾਬੰਦ ਹੋ ਗਈ। ਫਿਰ ਇਕ ਵਾਰ ਮੇਰਾ ਸੰਘਰਸ਼ ਸ਼ੁਰੂ ਹੋ ਗਿਆ। ਆਖਰ ਕਾਸਿੰਟਗ ਡਾਇਰੈਕਟਰ ਜੋਗੀ ਜੀ ਦੀ ਬਦੌਲਤ ਮੈਨੂੰ 'ਸੱਤਿਆਮੇਵ ਜਯਤੇ' ਮਿਲੀ।
ਇਸ ਐਕਸ਼ਨ ਫ਼ਿਲਮ ਵਿਚ ਆਇਸ਼ਾ ਦੇ ਕਿਰਦਾਰ ਦਾ ਨਾਂਅ ਸ਼ਿਖਾ ਹੈ ਅਤੇ ਉਹ ਜਾਨਵਰਾਂ ਦੀ ਡਾਕਟਰ ਹੈ। ਆਇਸ਼ਾ ਖ਼ੁਦ ਪਸ਼ੂ ਪ੍ਰੇਮੀ ਹੈ। ਸੋ, ਉਸ ਨੂੰ ਇਹ ਕਿਰਦਾਰ ਨਿਭਾਉਣ ਵਿਚ ਬੜਾ ਮਜ਼ਾ ਆਇਆ ਕਿਉਂਕਿ ਜਾਨ ਅਬ੍ਰਾਹਮ ਵੀ ਪਸ਼ੂ ਪ੍ਰੇਮੀ ਹੈ। ਸੋ, ਸ਼ੂਟਿੰਗ ਤੋਂ ਪਹਿਲੇ ਦਿਨ ਤੋਂ ਹੀ ਜਾਨ ਤੇ ਆਇਸ਼ਾ ਵਿਚਾਲੇ ਚੰਗਾ ਤਾਲਮੇਲ ਬੈਠ ਗਿਆ ਸੀ।
ਆਇਸ਼ਾ ਨੂੰ ਇਸ ਗੱਲ ਦੀ ਬਿਲਕੁਲ ਚਿੰਤਾ ਨਹੀਂ ਹੈ ਕਿ ਫ਼ਿਲਮਾਂ ਵਿਚ ਉਸ ਦੀ ਸ਼ੁਰੂਆਤ ਐਕਸ਼ਨ ਫ਼ਿਲਮ ਤੋਂ ਹੋ ਰਹੀ ਹੈ ਨਾ ਕਿ ਸਵਿਟਜ਼ਰਲੈਂਡ ਬ੍ਰਾਂਡ ਰੋਮਾਂਟਿਕ ਫ਼ਿਲਮ ਤੋਂ। ਆਪਣਾ ਪੱਖ ਰੱਖਦੇ ਹੋਏ ਉਹ ਕਹਿੰਦੀ ਹੈ, 'ਇਸ ਫ਼ਿਲਮ ਵਿਚ ਐਕਸ਼ਨ ਜ਼ਰੂਰ ਹੈ ਪਰ ਜਦੋਂ ਜਦੋਂ ਮੈਂ ਪਰਦੇ 'ਤੇ ਆਉਂਦੀ ਹਾਂ, ਦਰਸ਼ਕਾਂ ਨੂੰ ਰਾਹਤ ਦੇਣ ਦਾ ਕੰਮ ਕਰਦੀ ਹਾਂ। ਇਸ ਵਜ੍ਹਾ ਕਰਕੇ ਫ਼ਿਲਮ ਵਿਚ ਮੇਰਾ ਕੰਮ ਧਿਆਨ ਖਿੱਚਦਾ ਹੈ। ਇਥੇ ਮੇਰਾ ਦਾਖਲਾ ਦ੍ਰਿਸ਼ ਕੁਝ ਇਸ ਤਰ੍ਹਾਂ ਦਾ ਹੈ ਜਿਥੇ ਮੈਂ ਪਰਦੇ 'ਤੇ ਇਕੱਲੀ ਹਾਂ ਅਤੇ ਦੋ ਸਫ਼ੇ ਜਿੰਨੇ ਲੰਬੇ ਸੰਵਾਦ ਬੋਲ ਰਹੀ ਹਾਂ। ਅੱਜਕਲ੍ਹ ਕਿਸ ਹੀਰੋਇਨ ਨੂੰ ਇਸ ਤਰ੍ਹਾਂ ਦਾ ਦਾਖਲਾ ਮਿਲਦਾ ਹੈ। ਇਹੀ ਨਹੀਂ, ਫ਼ਿਲਮ ਦੇ ਕਲਾਈਮੈਕਸ ਵਿਚ ਮੇਰੇ 'ਤੇ ਮਹੱਤਵਪੂਰਨ ਦ੍ਰਿਸ਼ ਫ਼ਿਲਮਾਇਆ ਗਿਆ ਹੈ। ਭਾਵ ਜਦੋਂ ਦਰਸ਼ਕ ਸਿਨੇਮਾਘਰ ਤੋਂ ਬਾਹਰ ਨਿਕਲਣਗੇ ਤਾਂ ਉਹ ਮੇਰੇ ਬਾਰੇ ਸੋਚਦੇ ਹੋਏ ਨਿਕਲਣਗੇ। ਮੈਂ ਏਨੀ ਚੰਗੀ ਡਾਂਸਰ ਨਹੀਂ ਹਾਂ ਅਤੇ ਇਥੇ ਮੇਰੇ ਹਿੱਸੇ ਡਾਂਸ ਵੀ ਨਹੀਂ ਆਇਆ। ਸੋ, ਇਸ ਮਾਮਲੇ ਤੋਂ ਵੀ ਬਚ ਗਈ। ਇਥੇ ਆਪਣੀ ਸ਼ੁਰੂਆਤ ਕਰਨ ਲਈ ਇਹ ਮੇਰੇ ਲਈ ਸਹੀ ਭੂਮਿਕਾ ਹੈ।'
ਆਇਸ਼ਾ ਦੇ ਹੱਥ ਵਿਚ ਫਿਲਹਾਲ ਇਹੀ ਇਕ ਮਾਤਰ ਫ਼ਿਲਮ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਸ ਦੀ ਰਿਲੀਜ਼ ਤੋਂ ਬਾਅਦ ਨਵੇਂ ਦਰਵਾਜ਼ੇ ਖੁੱਲ੍ਹ ਜਾਣਗੇ। ਦੁਆ ਕਰਾਂਗੇ ਕਿ ਇਸ ਤਰ੍ਹਾਂ ਹੀ ਹੋਵੇ।
**

ਨੀਤੂ ਚੰਦਰਾ ਭੋਜਪੁਰੀ ਪ੍ਰੇਮਣ

ਫ਼ਿਲਮੀ ਪਰਦੇ ਤੋਂ ਕਾਫ਼ੀ ਸਮਾਂ ਲਾਂਭੇ ਰਹਿਣ ਤੋਂ ਬਾਅਦ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਅਭਿਨੇਤਰੀ ਨੀਤੂ ਚੰਦਰਾ ਬੀਤੇ ਦਿਨੀਂ ਲਾਸ ਏਂਜਲਸ ਵਿਖੇ ਗਾਇਕਾ ਰੇਖਾ ਭਾਰਦਵਾਜ ਨਾਲ ਸੰਗੀਤ ਵੀਡੀਓ ਦੀ ਸ਼ੂਟਿੰਗ ਕਰਦੀ ਨਜ਼ਰ ਆਈ। ਰੇਖਾ ਭਾਰਦਵਾਜ ਵਲੋਂ ਰਚੇ ਇਸ ਗੀਤ ਦੀ ਵੀਡੀਓ ਦੀ ਸ਼ੂਟਿੰਗ ਵੇਲੇ ਨੀਤੂ ਬੜੀ ਖੁਸ਼ ਨਜ਼ਰ ਆ ਰਹੀ ਸੀ। ਇਹ ਗੀਤ 'ਹੁਈ ਮੈਂ ਤੁਮਹਾਰੀ' ਦਾ ਵੀਡੀਓ ਅਮਰੀਕੀ ਪ੍ਰੋਡਕਸ਼ਨ ਹਾਊਸ ਜੈਕ ਬਰੇਵਰ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੀ ਸ਼ੂਟਿੰਗ ਸਮੇਂ ਨੀਤੂ ਚੰਦਰਾ ਨੇ ਕਿਹਾ ਕਿ ਸ਼ੂਟਿੰਗ ਵਾਲਾ ਅਮਲਾ ਪੂਰੀ ਤਰ੍ਹਾਂ ਗ਼ੈਰ-ਭਾਰਤੀ ਸੀ। ਇਸ ਲਈ ਵੀਡੀਓ ਦਾ ਇੰਟਰ-ਪ੍ਰੇਟੇਸ਼ਨ ਵੀ ਬਿਲਕੁਲ ਵੱਖਰਾ ਸੀ। ਰੇਖਾ ਜੀ ਦੀ ਆਵਾਜ਼ ਦਿਲ ਨੂੰ ਛੂਹ ਜਾਣ ਵਾਲੀ ਹੈ। ਅਸੀਂ ਮਲੀਬੂ ਅਤੇ ਸਾਂਤਾ ਬੀਚ 'ਤੇ ਇਸ ਗੀਤ ਦੀ ਸ਼ੂਟਿੰਗ ਕੀਤੀ ਹੈ। ਇਸ ਤੋਂ ਪਹਿਲਾਂ ਨੀਤੂ ਹਰਮਨ ਪਿਆਰੇ ਗਾਇਕ ਰਾਹਤ ਫ਼ਤਹਿ ਅਲੀ ਖਾਂ ਦੇ ਰੋਮਾਂਟਿਕ ਗੀਤ 'ਬੰਜਾਰੇ' ਦੇ ਸੰਗੀਤ ਵੀਡੀਓ ਵਿਚ ਨਜ਼ਰ ਆਈ ਸੀ। ਨੀਤੂ ਚੰਦਰਾ ਬਾਲੀਵੁੱਡ 'ਚ ਅਕਸ਼ੈ ਕੁਮਾਰ ਨਾਲ ਫ਼ਿਲਮ 'ਗਰਮ ਮਸਾਲਾ' ਰਾਹੀਂ ਦਾਖਲ ਹੋਈ ਸੀ ਅਤੇ ਕਈ ਫ਼ਿਲਮਾਂ ਕਰਨ ਤੋਂ ਬਾਅਦ ਉਹ ਖੇਤਰੀ ਫ਼ਿਲਮਾਂ ਵਲ ਰੁਚਿਤ ਹੋ ਗਈ। ਉਸ ਨੇ ਕਈ ਭਾਸ਼ਾਵਾਂ ਤੇਲਗੂ, ਤਾਮਿਲ, ਕੰਨੜ, ਮੈਥਿਲੀ, ਗੜ੍ਹਵਾਲੀ ਅਤੇ ਭੋਜਪੁਰੀ ਦੀਆਂ ਫ਼ਿਲਮ ਕੀਤੀਆਂ ਹਨ। ਉਸ ਤੋਂ ਇਲਾਵਾ ਉਹ ਆਪਣੇ ਖੁਲ੍ਹੇ-ਡੁਲ੍ਹੇ ਪਹਿਰਾਵੇ ਕਾਰਨ ਵੀ ਹਮੇਸ਼ਾ ਚਰਚਾ ਵਿਚ ਰਹੀ ਹੈ। ਪਿਛਲੇ ਕੁਝ ਅਰਸੇ ਤੋਂ ਉਸ ਨੇ ਭੋਜਪੁਰੀ ਫ਼ਿਲਮ ਖੇਤਰ ਨੂੰ ਆਪਣੀ ਕਰਮ ਭੂਮੀ ਬਣਾ ਲਿਆ। ਉਹ ਅਭਿਨੈ ਦੇ ਨਾਲ-ਨਾਲ ਭੋਜਪੁਰੀ ਫ਼ਿਲਮਾਂ ਦੀ ਗਾਇਕਾ ਤੇ ਨਿਰਮਾਤਰੀ ਵੀ ਬਣ ਗਈ ਹੈ। ਪਿੱਛੇ ਜਿਹੇ ਸਿਧਾਰਥ ਮਲਹੋਤਰਾ ਵਲੋਂ ਭੋਜਪੁਰੀ ਬੋਲੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਨੀਤੂ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ, ਜਿਸ ਕਰਕੇ ਸਿਧਾਰਥ ਨੂੰ ਮੁਆਫ਼ੀ ਮੰਗਣੀ ਪਈ ਸੀ। ਨੀਤੂ ਆਪਣੇ ਭੋਜਪੁਰੀ ਯੂ-ਟਿਊਬ ਚੈਨਲ 'ਤੇ ਵੀ ਆਪਣੇ ਗੀਤ ਪਾ ਕੇ ਭੋਜਪੁਰੀ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ 'ਚ ਕਾਮਯਾਬ ਰਹੀ ਹੈ। ਉਂਜ ਉਹ ਆਪਣੇ ਖੁੱਲ੍ਹੇ ਵਿਚਾਰਾਂ ਅਤੇ ਖੁੱਲ੍ਹੇ ਪਹਿਰਾਵੇ ਕਾਰਨ ਵੀ ਹਮੇਸ਼ਾ ਚਰਚਾ ਵਿਚ ਰਹਿੰਦੀ ਆ ਰਹੀ ਹੈ।
**

'ਫੰਨੇ ਖਾਂ' ਬਨਾਮ 'ਵੋ ਸਾਤ ਦਿਨ', ਕੀ ਹੈ ਬਰਾਬਰੀ

ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਅਨਿਲ ਕਪੂਰ ਨੇ 'ਵੋ ਸਾਤ ਦਿਨ' ਵਿਚ ਕੰਮ ਕੀਤਾ ਸੀ। 'ਹਮ ਦਿਲ ਦੇ ਚੁਕੇ ਸਨਮ' ਦੀ ਪ੍ਰੇਰਣਾ ਇਸੇ ਫ਼ਿਲਮ ਤੋਂ ਲਈ ਗਈ ਸੀ। ਉਸ ਫ਼ਿਲਮ ਵਿਚ ਅਨਿਲ ਕਪੂਰ ਵਲੋਂ ਇਕ ਇਸ ਤਰ੍ਹਾਂ ਦੇ ਸੰਗੀਤਕਾਰ ਦੀ ਭੂਮਿਕਾ ਨਿਭਾਈ ਗਈ ਸੀ ਜੋ ਸੰਘਰਸ਼ ਦੇ ਦੌਰ ਵਿਚ ਲੰਘ ਰਿਹਾ ਹੁੰਦਾ ਹੈ। ਹੁਣ ਅਨਿਲ ਕਪੂਰ ਦੀ 'ਫੰਨੇ ਖਾਂ' ਆ ਰਹੀ ਹੈ। ਇਥੇ ਵੀ ਉਹ ਇਕ ਇਸ ਤਰ੍ਹਾਂ ਦੇ ਸੰਗੀਤਕਾਰ ਬਣੇ ਹਨ ਜਿਸ ਦੀ ਜ਼ਿੰਦਗੀ ਸੰਘਰਸ਼ ਭਰੀ ਰਹੀ ਹੈ। ਸੰਗੀਤਕਾਰ ਦੇ ਤੌਰ 'ਤੇ ਨਾਕਾਮੀ ਪਾਉਣ ਤੋਂ ਬਾਅਦ ਉਹ ਗੁਜਰ-ਬਸਰ ਕਰਨ ਲਈ ਟੈਕਸੀ ਚਲਾਉਂਦਾ ਹੁੰਦਾ ਹੈ। ਉਸ ਦੇ ਦਿਲ ਵਿਚ ਸੰਗੀਤ ਪ੍ਰਤੀ ਕਸ਼ਿਸ਼ ਕਾਇਮ ਹੈ। ਸੋ, ਉਹ ਆਪਣੀ ਬੇਟੀ ਨੂੰ ਗਾਇਕਾ ਬਣਾਉਣੀ ਚਾਹੁੰਦਾ ਹੈ।
'ਵੋ ਸਾਤ ਦਿਨ' ਦੀ ਤਰਜ਼ 'ਤੇ ਇਥੇ ਵੀ ਕਾਮੇਡੀ ਦਾ ਟੱਚ ਰੱਖਿਆ ਗਿਆ ਹੈ ਤਾਂ ਕਿ ਫ਼ਿਲਮ ਬੋਝਲ ਨਾ ਬਣ ਜਾਵੇ।
ਅਨਿਲ ਕਪੂਰ ਦੇ ਨਾਲ ਇਥੇ ਐਸ਼ਵਰਿਆ ਰਾਏ ਹੈ ਅਤੇ ਐਸ਼ਵਰਿਆ ਦੇ ਪ੍ਰੇਮੀ ਦੀ ਭੂਮਿਕਾ ਵਿਚ ਰਾਜ ਕੁਮਾਰ ਰਾਓ ਹੈ। ਅਨਿਲ ਕਪੂਰ ਅਤੇ ਐਸ਼ਵਰਿਆ ਰਾਏ ਨੂੰ ਚਮਕਾਉਂਦੀ 'ਤਾਲ' ਵਿਚ ਵੀ ਸੰਗੀਤ 'ਤੇ ਆਧਾਰਿਤ ਕਹਾਣੀ ਪੇਸ਼ ਕੀਤੀ ਗਈ ਸੀ ਅਤੇ ਇਥੇ ਵੀ ਕਹਾਣੀ ਸੰਗੀਤ 'ਤੇ ਹੀ ਕੇਂਦਰਿਤ ਹੈ। ਇਹ ਬੈਲਜੀਅਨ ਫ਼ਿਲਮ 'ਐਵਰੀਬਾਡੀ ਇਜ਼ ਫੇਮਸ' ਦੀ ਰੀਮੇਕ ਹੈ ਅਤੇ ਉਥੋਂ ਦੀ ਕਹਾਣੀ ਦਾ ਭਾਰਤੀਕਰਨ ਕਿਸ ਤਰ੍ਹਾਂ ਕੀਤਾ ਗਿਆ ਹੈ, ਇਹ ਫ਼ਿਲਮ ਦੇਖਣ 'ਤੇ ਪਤਾ ਲੱਗੇਗਾ।


-ਮੁੰਬਈ ਪ੍ਰਤੀਨਿਧ

ਨਵੀਆਂ ਪੈੜਾਂ ਪਾ ਰਹੀ ਹੈ ਪੰਜਾਬ ਨਾਟਸ਼ਾਲਾ

ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਉੱਤਰੀ ਭਾਰਤ ਦਾ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਦਾ ਆਪਣੀ ਕਿਸਮ ਦਾ ਇਕ ਵਿਲੱਖਣ ਲਾਈਵ ਥੀਏਟਰ ਹੈ, ਜਿਸ ਨੇ ਰੰਗਮੰਚ ਪੇਸ਼ਕਾਰੀਆਂ ਦੇ ਖੇਤਰ 'ਚ ਨਵੀਆਂ ਪੈੜ੍ਹਾਂ ਪਾਈਆਂ ਹਨ ਤੇ ਪੰਜਾਬੀ ਰੰਗਮੰਚ ਨੂੰ ਨਵਾਂ ਮੁਹਾਂਦਰਾ ਦਿੱਤਾ ਹੈ। ਇੰਜ: ਜਤਿੰਦਰ ਬਰਾੜ ਵਲੋਂ ਰੰਗਮੰਚ ਨਾਲ ਮੋਹ ਕਾਰਨ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਨਿੱਜੀ ਤੌਰ 'ਤੇ ਕਰੋੜਾਂ ਰੁਪਏ ਖਰਚ ਕੇ ਤਿਆਰ ਕੀਤੀ ਗਈ ਇਸ ਨਾਟਸ਼ਾਲਾ ਵਿਖੇ ਹੁਣ ਤੱਕ ਢਾਈ ਹਜ਼ਾਰ ਦੇ ਕਰੀਬ ਸਥਾਨਕ, ਕੌਮੀ ਤੇ ਕੌਮਾਂਤਰੀ ਪੱਧਰ ਦੇ ਕਲਾਕਾਰਾਂ ਵਲੋਂ ਆਪਣੀਆਂ ਨਾਟ- ਪੇਸ਼ਕਾਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਕਈ ਨਾਟ ਮੇਲੇ ਹੋ ਚੁੱਕੇ ਹਨ। ਪੰਜਾਬ ਨਾਟਸ਼ਾਲਾ ਦੇ ਸੁਪਨਸਾਜ਼ ਤੇ ਡਾਇਰੈਕਟਰ ਜਤਿੰਦਰ ਬਰਾੜ ਅਨੁਸਾਰ ਇਸ ਦੀ ਸਥਾਪਨਾ ਇਕ ਕੱਚੇ ਥੜੇ ਵਾਲੇ ਥੀਏਟਰ ਵਜੋਂ ਕੀਤੀ ਗਈ ਸੀ ਜਿਸ ਦਾ ਉਦਘਾਟਨ 20 ਵਰ੍ਹੇ ਪਹਿਲਾਂ 27 ਮਾਰਚ, 1998 ਨੂੰ ਵਿਸ਼ਵ ਰੰਗਮੰਚ ਦਿਵਸ ਵਾਲੇ ਦਿਨ ਨਾਟਕਕਾਰ ਪ੍ਰੋ: ਅਜਮੇਰ ਔਲਖ ਵਲੋਂ ਕੀਤਾ ਗਿਆ ਸੀ। ਕਿੱਤੇ ਪੱਖੋਂ ਇੰਜੀ: ਬਰਾੜ ਨੇ ਪੰਜਾਬ ਨਾਟਸ਼ਾਲਾ ਨੂੰ ਵਿੱਲਖਣ ਤੇ ਰੰਗਮੰਚ ਲਈ ਉਪਯੋਗੀ ਬਣਾਉਣ ਲਈ ਖੁਦ ਹੀ ਡਿਜ਼ਾਇਨ ਕੀਤਾ ਤੇ ਸਮੇਂ-ਸਮੇਂ ਇਸ ਨੂੰ ਆਧੁਨਿਕ ਤਕਨੀਕੀ ਜੁਗਤਾਂ ਤੇ ਸਹੂਲਤਾਂ ਨਾਲ ਲੈਸ ਕੀਤਾ ਹੈ।
ਖਾਲਸਾ ਕਾਲਜ ਦੇ ਐਨ ਸਾਹਮਣੇ ਸਥਿੱਤ ਪੰਜਾਬ ਨਾਟਸ਼ਾਲਾ ਦੀ ਦਹਿਲੀਜ਼ ਲੰਘਦਿਆਂ ਹੀ ਦਰਸ਼ਕਾਂ ਨੂੰ ਅਲੱਗ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਤੇ ਇੰਝ ਲੱਗਦਾ ਹੈ ਕਿ ਕਿਸੇ ਹੋਰ ਹੀ ਦੁਨੀਆ 'ਚ ਪ੍ਰਵੇਸ਼ ਕਰ ਗਏ ਹੋਈਏ। ਇਸ ਨਾਟਸ਼ਾਲਾ ਨੇ ਅਜੋਕੇ ਫ਼ਿਲਮਾਂ ਅਤੇ ਟੀ.ਵੀ. ਸਭਿਆਚਾਰ ਦੇ ਯੁੱਗ ਵਿਚ ਵੀ ਹਰ ਸ਼ਨੀਵਾਰ ਤੇ ਐਤਵਾਰ ਨੂੰ ਇਥੇ ਨਾਟਕਾਂ ਦੇ ਰੈਗੂਲਰ ਸ਼ੋਅ ਕਰ ਕੇ ਪੰਜਾਬ 'ਚ 'ਵੀਕਐਂਡ ਥੀਏਟਰ' ਦੀ ਰਵਾਇਤ ਸ਼ੁਰੂ ਕੀਤੀ ਹੈ ਤੇ ਦਰਸ਼ਕ ਹੁਣ ਇਥੇ ਨਾਟਕ ਦੇਖਣ ਲਈ 100 ਤੋਂ 200 ਰੁਪਏ ਤੱਕ ਦੀ ਟਿਕਟ ਵੀ ਖਿੜੇ ਮੱਥੇ ਖਰੀਦ ਕਰਨ ਲੱਗੇ ਹਨ। 203 ਸੀਟਾਂ ਦੀ ਸਮਰਥਾ ਤੇ ਵਾਤਾਨਕੂਲਿਤ ਸਹੂਲਤਾਂ ਪ੍ਰਦਾਨ ਕਰਦੀ ਪੰਜਾਬ ਨਾਟਸ਼ਾਲਾ ਦੀ ਘੁੰਮਣ ਵਾਲੀ ਸਟੇਜ ਕਿਸੇ ਨਾਟਕ ਦੇ ਕਈ ਕਈ ਸੈੱਟ ਲਗਾਉਣ 'ਚ ਨਿਰਦੇਸ਼ਕਾਂ ਕਲਾਕਾਰਾਂ ਲਈ ਬੇਹੱਦ ਸਹਾਈ ਹੁੰਦੀ ਹੈ। ਇਸ ਇੰਟੀਮੇਟ ਥੀਏਟਰ ਵਿੱਚ ਨਾਟਕਾਂ ਜਾਂ ਹੋਰ ਸਭਿਆਚਾਰਕ ਪ੍ਰੋਗਰਾਮਾਂ ਦੌਰਾਨ ਰੌਸ਼ਨੀ ਲਈ ਵੱਖ-ਵੱਖ ਕਿਸਮਾਂ ਦੀਆਂ ਕੰਪਿਊਟਰ ਦੁਆਰਾ ਕੰਟਰੋਲ ਹੋ ਸਕਣ ਵਾਲੀਆਂ ਅਨੇਕਾਂ ਕਿਸਮ ਦੀਆਂ ਆਧੁਨਿਕ ਲਾਈਟਾਂ, ਕੰਪਿਊਟਰਾਈਜ਼ਡ ਸਾਈਕਲੋਰਾਮਾ ਤੇ ਇੱਕ ਤੋਂ ਦੂਜੇ ਸਥਾਨ ਤੱਕ ਰਿਮੋਟ ਕੰਟਰੋਲ ਨਾਲ ਜਾ ਸਕਣ ਵਾਲੀ ਟਰਾਲੀ ਤੋਂ ਇਲਾਵਾ ਡਿਜੀਟਲ ਸਾਊਂਡ ਸਿਸਟਮ ਆਦਿ ਦੀਆਂ ਉਹ ਸਾਰੀਆਂ ਅਤੀ ਆਧੁਨਿਕ ਸੁਵਿਧਾਵਾਂ ਮੌਜੂਦ ਹਨ, ਜੋ ਇਸ ਨੂੰ ਕੌਮਾਂਤਰੀ ਪੱਧਰ ਦੇ ਆਡੀਟੋਰੀਅਮਾਂ 'ਚ ਸ਼ੁਮਾਰ ਕਰਦੀਆਂ ਹਨ। ਇਸ ਆਡੀਟੋਰੀਅਮ ਵਿਖੇ ਕਿਸੇ ਨਾਟਕ ਦੀ ਲੋੜ ਅਨੁਸਾਰ ਚੰਨ ਤਾਰਿਆਂ ਨਾਲ ਭਰਿਆ ਅਸਮਾਨ ਅਤੇ ਸਾਗ ਜਾਂ ਪੰਜੀਰੀ ਸਮੇਤ ਕਿਸੇ ਸਵਾਦ ਦੀ ਖੁਸ਼ਬੂ ਵੀ ਤਕਨੀਕੀ ਸੰਦਾਂ ਦੀ ਮਦਦ ਨਾਲ ਦਰਸ਼ਕਾਂ ਤੱਕ ਬਿਖੇਰੀ ਜਾਂਦੀ ਹੈ। ਕਿਸੇ ਨਾਟ ਪੇਸ਼ਕਾਰੀ ਦੌਰਾਨ ਬਾਰਿਸ਼ ਦੇ ਦ੍ਰਿਸ਼ ਮੌਕੇ ਸਟੇਜ 'ਤੇ ਕਲਾਕਾਰਾਂ 'ਤੇ ਬਾਰਿਸ਼ ਹੋਣ ਮੌਕੇ ਹਾਲ 'ਚ ਬੈਠੇ ਦਰਸ਼ਕ ਵੀ ਕੁੱਝ ਸੈਕਿੰਡ ਲਈ ਬਾਰਿਸ਼ ਦੇ ਪਾਣੀ ਨਾਲ ਭਿੱਜਦੇ ਹਨ। ਇਹ ਆਡੀਟੋਰੀਅਮ ਬਿਨ੍ਹਾਂ ਕਿਸੇ ਵਿਸ਼ੇਸ਼ ਪ੍ਰਾਹੁਣੇ ਨੂੰ ਉਡੀਕੇ ਨਿਰਧਾਰਿਤ ਸਮੇਂ 'ਤੇ ਨਾਟ ਪੇਸ਼ਕਾਰੀ ਆਰੰਭ ਕਰਨ ਲਈ ਵੀ ਜਾਣਿਆ ਜਾਂਦਾ ਹੈ।
ਇਸ ਆਡੀਟੋਰੀਅਮ ਵਿਚ ਪਾਕਿਸਤਾਨ ਸਮੇਤ ਹੋਰਨਾਂ ਮੁਲਕਾਂ ਦੇ ਕਲਾਕਾਰਾਂ ਤੋਂ ਇਲਾਵਾ ਪੰਜਾਬ ਨਾਟਸ਼ਾਲਾ ਵਲੋਂ ਆਪਣੀਆਂ ਕਈ ਨਾਟ ਪ੍ਰੋਡਕਸ਼ਨਜ਼, ਜਿਨਾਂ 'ਚ ਹਾਸਰਸ ਨਾਟਕ ਮਿਰਚ ਮਸਾਲਾ, ਕਦੇਸਣ, ਫ਼ਾਸਲੇ ਤੇ ਕੂੜੇਦਾਨ ਦੀ ਜਾਈ ਆਦਿ ਸ਼ਾਮਿਲ ਹਨ ਦੇ ਸੈਂਕੜੇ ਸ਼ੋਅ ਕੀਤੇ ਜਾ ਚੁੱਕੇ ਹਨ ਤੇ ਇਸੇ ਸਟੇਜ 'ਤੇ ਕਦੇ ਨਾਟਕਾਂ 'ਚ ਅਭਿਨੈ ਕਰਦੀ ਰਹੀ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ, ਰਾਜੀਵ ਠਾਕਰ, ਰਾਜਬੀਰ ਕੌਰ ਤੇ ਰਾਜੀਵ ਢੀਂਗਰਾ ਸਮੇਤ ਹੋਰ ਕਈ ਕਲਾਕਾਰ ਬਾਲੀਵੁੱਡ 'ਚ ਅੱਜ ਕੱਲ੍ਹ ਛਾਏ ਹੋਏ ਹਨ। ਪੰਜਾਬ ਨਾਟਸ਼ਾਲਾ ਦੀ ਨਾਟ ਪੇਸ਼ਕਾਰੀਆਂ ਤੇ ਸੰਗੀਤ ਪੇਸ਼ਕਾਰੀਆਂ ਲਈ ਬਣਾਈ ਗਈ ਰਿਵਾਲਵਿੰਗ ਸਟੇਜ ਤੋਂ ਇਲਾਵਾ ਇਕ 100 ਸੀਟਾਂ ਦੀ ਸਮਰਥਾ ਵਾਲਾ ਹੋਰ ਛੋਟਾ ਆਧੁਨਿਕ ਸਹੂਲਤਾਂ ਵਾਲਾ ਆਡੀਟੋਰੀਅਮ ਵੀ ਤਿਆਰ ਕੀਤਾ ਗਿਆ ਹੈ, ਜੋ ਰਿਮੋਟ ਕੰਟਰੋਲ ਸਿਸਟਮ ਦੁਆਰਾ ਲੋੜ ਅਨੁਸਾਰ ਉੱਚਾ ਨੀਵਾਂ ਵੀ ਕੀਤਾ ਜਾ ਸਕਦਾ ਹੈ। ਪੰਜਾਬ ਨਾਟਸ਼ਾਲਾ ਵਿਖੇ ਹੁੰਦੀਆਂ ਪੇਸ਼ਕਾਰੀਆਂ ਸਬੰਧੀ ਦਰਸ਼ਕਾਂ ਦੇ ਵਿਚਾਰ ਜਾਨਣ ਲਈ ਵੀ ਆਧੁਨਿਕ ਪ੍ਰਬੰਧ ਕੀਤਾ ਗਿਆ।


-ਇੰਚਾਰਜ ਅਜੀਤ ਉਪ ਦਫ਼ਤਰ, ਟੇਲਰ ਰੋਡ, ਗਾਂਧੀ ਗਰਾਊਂਡ ਅੰਮ੍ਰਿਤਸਰ

'ਗੰਨ ਵਾਲੀ ਦੁਲਹਨੀਆ' ਕੰਚਨ ਅਵਸਥੀ

'ਭੂਤਵਾਲੀ ਲਵ ਸਟੋਰੀ', 'ਚਾਪੇਕਰ ਬ੍ਰਦਰਜ਼', 'ਅੰਕੁਰ ਅਰੋੜਾ ਮਰਡਰ ਕੇਸ', 'ਜੈ ਜਵਾਨ ਜੈ ਕਿਸਾਨ', 'ਫਰਾਡ ਸਈਆਂ' ਆਦਿ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੀ ਕੰਚਨ ਅਵਸਥੀ ਹੁਣ 'ਗੰਨ ਵਾਲੀ ਦੁਲਨਹੀਆ' ਵਿਚ ਮੁੱਖ ਭੂਮਿਕਾ ਨਿਭਾ ਰਹੀ ਹੈ।
ਸ਼ਾਂਤਨੂ ਅਨੰਤ ਤਾਂਬੇ ਵਲੋਂ ਬਣਾਈ, ਨਿਰਦੇਸ਼ਿਤ ਕੀਤੀ ਇਸ ਫ਼ਿਲਮ ਵਿਚ ਕੰਚਨ ਦੇ ਸਾਹਮਣੇ ਨਵੇਂ ਹੀਰੋ ਮਯੂਰ ਕੁਮਾਰ ਨੂੰ ਕਾਸਟ ਕੀਤਾ ਗਿਆ ਹੈ ਅਤੇ ਨਾਲ ਹੀ ਗੋਵਿੰਦ ਨਾਮਦੇਵ, ਸ਼ਰਤ ਸਕਸੈਨਾ, ਰਵੀ ਕਿਸ਼ਨ, ਬਰਜੇਂਦਰ ਕਾਲਾ ਤੇ ਸ਼੍ਰਾਵਣੀ ਗੋਸਵਾਮੀ ਵੀ ਇਸ ਵਿਚ ਅਭਿਨੈ ਕਰ ਰਹੇ ਹਨ।
ਜ਼ਿਆਦਾਤਰ ਲਖਨਊ ਤੇ ਨੈਨੀਤਾਲ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਬਾਰੇ ਕੰਚਨ ਕਹਿੰਦੀ ਹੈ, 'ਇਸ ਫ਼ਿਲਮ ਵਿਚ ਮੇਰੀ ਜੋ ਭੂਮਿਕਾ ਹੈ ਉਸ ਤਰ੍ਹਾਂ ਦੀ ਭੂਮਿਕਾ ਸ਼ਾਇਦ ਹਿੰਦੀ ਸਿਨੇਮਾ ਦੇ ਪਰਦੇ 'ਤੇ ਆਈ ਹੀ ਨਹੀਂ ਹੈ। ਇਥੇ ਮੈਂ ਇਕ ਇਸ ਤਰ੍ਹਾਂ ਦੀ ਕੁੜੀ ਦੀ ਭੂਮਿਕਾ ਨਿਭਾਅ ਰਹੀ ਹਾਂ ਜਿਸ ਦੇ ਘਰ ਵਾਲਿਆਂ ਨੂੰ ਉਸ ਦੇ ਹੱਥ ਪੀਲੇ ਕਰਨ ਦੀ ਜਲਦੀ ਹੈ ਪਰ ਉਹ ਕੁੜੀ ਕਿਸੇ ਐਰੇ-ਗੈਰੇ ਨਾਲ ਵਿਆਹ ਕਰਵਾਉਣਾ ਨਹੀਂ ਚਾਹੁੰਦੀ। ਉਹ ਚਾਹੁੰਦੀ ਹੈ ਕਿ ਉਸ ਦਾ ਜੀਵਨ ਸਾਥੀ ਆਪਣੀ ਪਸੰਦ ਦਾ ਹੋਵੇ। ਜਦੋਂ ਉਸ ਨੂੰ ਇਕ ਮੁੰਡਾ ਪਸੰਦ ਆ ਜਾਂਦਾ ਹੈ ਤਾਂ ਉਹ ਬੰਦੂਕ ਦੀ ਨੋਕ 'ਤੇ ਉਸ ਨੂੰ ਅਗਵਾ ਕਰਕੇ ਵਿਆਹ ਕਰਾਉਣ ਲੈ ਜਾਂਦੀ ਹੈ। ਇਹ ਬੰਦੂਕ ਫੜਨ ਦੇ ਖਿਆਲ ਮਾਤਰ ਨਾਲ ਮੈਂ ਰੋਮਾਂਚ ਮਹਿਸੂਸ ਕਰ ਰਹੀ ਹਾਂ। ਉਂਜ ਪਹਿਲਾਂ 'ਫਰਾਡ ਸਈਆਂ' ਦੇ ਫੋਟੋਸੈਸ਼ਨ ਲਈ ਮੈਂ ਬੰਦੂਕ ਫੜੀ ਸੀ ਪਰ ਇਥੇ ਤਾਂ ਮੇਰਾ ਕਿਰਦਾਰ ਹੀ 'ਗੰਨ ਵਾਲੀ ਦੁਲਹਨੀਆ' ਦਾ ਹੈ। ਮੇਰੇ ਲਈ ਇਕ ਚੰਗੀ ਗੱਲ ਇਹ ਵੀ ਹੈ ਕਿ ਇਥੇ ਕਹਾਣੀ ਉੱਤਰ ਪ੍ਰਦੇਸ਼ ਦੀ ਦਿਖਾਈ ਗਈ ਹੈ। ਮੈਂ ਖ਼ੁਦ ਉੱਤਰ ਪ੍ਰਦੇਸ਼ ਤੋਂ ਹਾਂ। ਸੋ, ਇਹ ਕਿਰਦਾਰ ਮੈਨੂੰ ਆਪਣਾ ਜਿਹਾ ਲਗਦਾ ਹੈ।'


-ਮੁੰਬਈ ਪ੍ਰਤੀਨਿਧ

31 ਜੁਲਾਈ ਨੂੰ ਬਰਸੀ 'ਤੇ ਵਿਸ਼ੇਸ਼

ਮੁਹੰਮਦ ਰਫ਼ੀ ਨੂੰ ਚੇਤੇ ਕਰਦਿਆਂ...

ਮੁਹੰਮਦ ਰਫ਼ੀ ਦੇ ਬਚਪਨ ਵਿਚ ਸੰਗੀਤ ਪ੍ਰਤੀ ਉਨ੍ਹਾਂ ਦੇ ਮੋਹ ਨੂੰ ਦੇਖਦਿਆਂ ਉਨ੍ਹਾਂ ਦੇ ਭਰਾ ਹਮੀਦ ਨੇ ਉਨ੍ਹਾਂ ਨੂੰ ਉਸਤਾਦ ਅਬਦੁਲ ਵਹੀਦ ਖ਼ਾਨ ਜੋ ਲਾਹੌਰ ਵਿਚ ਰਹਿੰਦੇ ਸਨ, ਤੋਂ ਸੰਗੀਤ ਦੀ ਸਿੱਖਿਆ ਲੈਣ ਲਈ ਭੇਜ ਦਿੱਤਾ। ਇਕ ਵਾਰ ਰਫ਼ੀ ਸਾਹਿਬ ਸਿਰਫ਼ 13 ਸਾਲ ਦੀ ਉਮਰ ਵਿਚ ਹੀ ਇਕ ਸਟੇਜ 'ਤੇ ਗੀਤ ਪੇਸ਼ ਕਰ ਰਹੇ ਸਨ ਤਾਂ ਉਥੇ ਬੈਠੇ ਸੰਗੀਤਕਾਰ ਸ਼ਾਮ ਸੁੰਦਰ ਕਾਫ਼ੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਮੁੰਬਈ ਆਉਣ ਦਾ ਸੱਦਾ ਦਿੱਤਾ। ਆਪਣੇ ਸੰਗੀਤ ਨਿਰਦੇਸ਼ਨ ਵਿਚ ਪਹਿਲਾ ਗੀਤ ਜੋ ਪੰਜਾਬੀ ਵਿਚ ਸੀ, 'ਸੋਹਣੀਏ ਨੀ ਹੀਰੀਏ ਨੀ' ਗਾਇਆ। ਉਨ੍ਹਾਂ ਦੇ ਪੰਜਾਬੀ ਗੀਤ 'ਨਾ ਰੁੱਸ ਹੀਰੇ ਮੇਰੀਏ' (ਚੰਨ ਪ੍ਰਦੇਸੀ), 'ਅਸਾਂ ਯਾਰ ਦੇ ਨਜ਼ਾਰੇ ਵਿਚ ਰੱਬ ਵੇਖਿਆ' (ਦੋ ਲੱਛੀਆਂ), 'ਆਜਾ ਸੋਹਣੀਏ ਆਜਾ ਹੀਰੀਏ' (ਸੰਤੋ ਬੰਤੋ), 'ਰੁੱਸ ਕੇ ਤੂੰ ਚਲੀ ਗਈਉਂ ਕਾਹਨੂੰ ਏਨੀ ਦੂਰ ਨੀ' (ਪਾਪੀ ਤਰੇ ਅਨੇਕ), 'ਨਾ ਮਾਂ ਕੱਤ ਪੂਣੀਆਂ' (ਚੰਨ ਪ੍ਰਦੇਸੀ), 'ਜਿਹੜਾ ਜਾਗਦਾ ਏ ਉਹਦੀ ਏ ਸਵੇਰ ਬੇਲੀਆ' (ਟੱਕਰ), 'ਲੱਗੀ ਵਾਲੇ ਕਦੇ ਨੀਂ ਸੌਂਦੇ...' (ਸੱਸੀ ਪੁਨੂੰ) ਬੇਹੱਦ ਮਸ਼ਹੂਰ ਹੋਏ। ਉਨ੍ਹਾਂ ਨੇ ਆਸ਼ਾ ਭੌਂਸਲੇ, ਦਿਲਰਾਜ ਕੌਰ ਅਤੇ ਨਰਿੰਦਰ ਬੀਬਾ ਨਾਲ ਵੀ ਬਹੁਤ ਗੀਤ ਗਾਏ ਜਿਵੇਂ ਇਹ 'ਮੋਰ ਕਿਉਂ ਪੈਲਾਂ ਪਾਉਂਦੇ ਨੇ' (ਮਾਹੀ ਮੁੰਡਾ), ਨਰਿੰਦਰ ਬੀਬਾ ਨਾਲ 'ਐਨੇ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ' ਕਾਫ਼ੀ ਮਸ਼ਹੂਰ ਹੋਏ। ਉਨ੍ਹਾਂ ਦੇ ਗਾਏ ਸ਼ਬਦ ਹੁਣ ਵੀ ਸਰੋਤਿਆਂ ਦੇ ਦਿਲਾਂ ਵਿਚ ਗੂੰਜਦੇ ਹਨ ਜਿਵੇਂ 'ਜਿਸ ਕੇ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ' (ਮਨਜੀਤੇ ਜਗਜੀਤ), 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' (ਨਾਨਕ ਨਾਮ ਜਹਾਜ਼), 'ਮੈਂ ਆਇਆ ਦੂਰੋਂ ਚੱਲ ਕੇ' (ਉੱਚਾ ਦਰ ਬਾਬੇ ਨਾਨਕ ਦਾ)। ਉਨ੍ਹਾਂ ਦੇ ਗਾਏ ਹਿੰਦੀ ਗੀਤ ਜੋ ਬਹੁਤ ਮਸ਼ਹੂਰ ਹੋਏ ਜਿਵੇਂ 'ਬਰਬਾਦੇ ਮੁਹੱਬਤ ਕੀ ਦੁਆ ਸਾਥ ਲੀਏ ਜਾ' (ਲੈਲਾ ਮੰਜਨੂੰ), 'ਯੇ ਦੁਨੀਆ ਯੇ ਮਹਿਫ਼ਿਲ ਮੇਰੇ ਕਾਮ ਕੀ ਨਹੀਂ' (ਹੀਰ ਰਾਂਝਾ), 'ਅਕੇਲੇ ਹੋ ਚਲੇ ਆਓ' (ਰਾਜ), 'ਛੂ ਲੇਨੇ ਦੋ ਨਾਜ਼ੁਕ ਹੋਠੋਂ ਕੋ' (ਕਾਜਲ), 'ਓ ਦੁਨੀਆ ਕੇ ਰਖਵਾਲੇ' (ਬੈਜੂਬਾਵਰਾ), 'ਯੇ ਜੋ ਚਿਲਮਨ ਹੈ' (ਮਹਿੰਦੀ) ਅਤੇ ਉਨ੍ਹਾਂ ਨੇ ਦੋਗਾਣੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਸਲੇ ਨਾਲ ਗਾਏ ਜਿਵੇਂ 'ਢਲ ਗਿਆ ਦਿਨ ਹੋ ਗਈ ਸ਼ਾਮ' (ਹਮਜੋਲੀ), 'ਆ ਜਾ ਆਈ ਬਹਾਰ' (ਰਾਜ ਕੁਮਾਰ), 'ਤੁਮ ਜੋ ਮਿਲ ਗਏ ਹੋ' (ਹੰਸਤੇ ਜ਼ਖ਼ਮ) ਆਦਿ ਮਸ਼ਹੂਰ ਹੋਏ। ਉਨ੍ਹਾਂ ਨੇ ਗ਼ੈਰ-ਫ਼ਿਲਮੀ ਗ਼ਜ਼ਲਾਂ ਵੀ ਗਾਈਆਂ ਜਿਵੇਂ 'ਕੈਸੇ ਕਟੇਗੀ ਜ਼ਿੰਦਗੀ ਤੇਰੇ ਬਗੈਰ'। ਰਫ਼ੀ ਸਾਹਿਬ ਦੇ ਗੀਤ ਸਦਾਬਹਾਰ ਹਨ, ਵਾਰ-ਵਾਰ ਸੁਣਨ ਨੂੰ ਜੀਅ ਕਰਦਾ ਹੈ। ਰਫ਼ੀ ਸਾਹਿਬ ਨੇ ਲਗਪਗ 26 ਹਜ਼ਾਰ ਤੋਂ ਵੱਧ ਗੀਤ ਗਾਏ। ਮੁਹੰਮਦ ਰਫ਼ੀ ਸਾਹਿਬ 31 ਜੁਲਾਈ, 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਤੋਂ ਰੁਖ਼ਸਤ ਹੋ ਗਏ ਪਰ ਉਨ੍ਹਾਂ ਦੀ ਆਵਾਜ਼ ਸਾਡੇ ਕੰਨਾਂ 'ਚ ਹਮੇਸ਼ਾ ਗੂੰਜਦੀ ਰਹੇਗੀ।

ਮਯੂਰ ਵਰਮਾ ਨੇ ਸਮਾਜ ਸੇਵਾ ਵੱਲ ਰੁਖ਼ ਕੀਤਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਮਯੂਰ ਵਰਮਾ ਬਾਲੀਵੁੱਡ ਵਿਚ ਆਪਣੇ ਦਮ 'ਤੇ ਆਪਣਾ ਨਾਂਅ ਕਮਾਉਣ ਵਿਚ ਸਫ਼ਲ ਰਹੇ ਹਨ। ਪੰਜਾਬ ਦੇ ਇਸ ਗੱਭਰੂ ਦੀ ਸੂਚੀ ਵਿਚ 'ਜੀਨੀ ਔਰ ਜੁਜੂ', 'ਜਾਂਬਾਜ਼ ਜ਼ਿੰਦਾਬਾਦ', 'ਸਵਰਾਗਿਨੀ', 'ਕਿਆ ਹੁਆ ਤੇਰਾ ਵਾਅਦਾ', 'ਬੜੇ ਅਛੇ ਲਗਤੇ ਹੈਂ' ਸਮੇਤ ਹੋਰ ਵੀ ਲੜੀਵਾਰ ਸ਼ਾਮਲ ਹਨ।
ਅਭਿਨੈ ਦੇ ਨਾਲ-ਨਾਲ ਹੁਣ ਮਯੂਰ ਨੇ ਸਮਾਜਸੇਵੀ ਅਨਮੋਲ ਕਵਾਤਰਾ ਨਾਲ ਮਿਲ ਕੇ ਸਮਾਜ ਸੇਵਾ ਵਲ ਆਪਣਾ ਰੁਖ ਕਰ ਲਿਆ ਹੈ ਕਿਉਂਕਿ ਉਨ੍ਹਾਂ ਨੇ ਸਮਾਜ ਸੇਵਾ ਦਾ ਅਨੁਭਵ ਨਹੀਂ ਸੀ।
ਸਮਾਜ ਵਲ ਆਪਣਾ ਫ਼ਰਜ਼ ਨਿਭਾਉਣ ਬਾਰੇ ਮਾਯੂਰ ਕਹਿੰਦੇ ਹਨ, 'ਇਸ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ। ਇਸ ਸ਼ਹਿਰ ਦੇ ਮੇਰੇ 'ਤੇ ਕਈ ਅਹਿਸਾਨ ਹਨ। ਹੁਣ ਮੈਨੂੰ ਲੱਗਣ ਲੱਗਿਆ ਹੈ ਕਿ ਮੈਨੂੰ ਵੀ ਇਸ ਸ਼ਹਿਰ ਤੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਲੋਕਾਂ ਦੇ ਗ਼ਮ ਵਿਚ ਸਰੀਰਕ ਹੋ ਕੇ ਉਨ੍ਹਾਂ ਦਾ ਗ਼ਮ ਵੰਡ ਲੈਣਾ ਚਾਹੀਦਾ ਹੈ।
ਮਯੂਰ ਨੇ ਲੜੀਵਾਰ ਤਾਂ ਬਹੁਤ ਕਰ ਲਏ ਅਤੇ ਉਨ੍ਹਾਂ ਦੀ ਇੱਛਾ ਵੱਡੇ ਪਰਦੇ 'ਤੇ ਚਮਕਣ ਦੀ ਸੀ। ਉਨ੍ਹਾਂ ਦੀ ਇਹ ਇੱਛਾ ਵੀ ਪੂਰੀ ਹੋ ਗਈ ਹੈ ਕਿਉਂਕਿ ਉਹ ਫ਼ਿਲਮ 'ਜ਼ਿੰਦਗੀ ਤੁਮ ਸੇ' ਵਿਚ ਹੀਰੋ ਬਣ ਕੇ ਆ ਰਹੇ ਹਨ।


-ਮੁੰਬਈ ਪ੍ਰਤੀਨਿਧ

ਜੈਕਲਿਨ

ਮਿਸ਼ਨ ਸਫ਼ਲ

'ਹੱਲਾ ਗੁੱਲਾ', 'ਹੰਗਾਮਾ' ਇਹ ਲਫ਼ਜ਼ ਤੇ ਜੈਕਲਿਨ ਫਰਨਾਂਡਿਜ਼ ਸ਼ਾਇਦ ਅੱਜਕਲ੍ਹ ਇਕੱਠੇ ਹੀ ਚੱਲ ਰਹੇ ਹਨ। ਬਾਲੀਵੁੱਡ ਵਾਲੇ ਤਾਂ ਜੈਕਲਿਨ ਨੂੰ 'ਹੰਗਾਮਾ ਗਰਲ' ਵੀ ਕਹਿਣ ਲੱਗ ਪਏ ਹਨ। 'ਪੋਲ ਡਾਂਸ' ਉਸ ਦਾ ਕਿ 'ਸ਼ਹਿਰ ਵਿਚ ਰੌਲਾ ਪੈ ਗਿਆ' ਤੇ 'ਰੇਸ-3' ਹਿੱਟ ਹੁੰਦੇ ਸਾਰ ਹੀ ਸੈਰ ਅਮਰੀਕਾ ਦੀ ਜੈਕੀ ਨੂੰ ਯਾਦ ਆ ਗਈ। ਐਟਲਾਂਟਾ (ਯੂ.ਐਸ.ਏ.) ਉਹ ਪੁੰਨ ਤੇ ਫਲੀਆਂ ਪ੍ਰਾਪਤ ਕਰਨ ਗਈ। ਸੈਰ ਦੀ ਸੈਰ ਤੇ ਸਲਮਾਨ ਖ਼ਾਨ ਨਾਲ 'ਦਬੰਗ ਟੂਰ' 'ਚ ਵੀ ਹਿੱਸਾ ਲਿਆ। ਇੰਸਟਾਗ੍ਰਾਮ 'ਤੇ ਜੋ ਤਸਵੀਰਾਂ ਜੈਕੀ ਨੇ ਪਾਈਆਂ, ਦਿਖਾ ਰਹੀਆਂ ਹਨ ਕਿ ਪ੍ਰਬੰਧਕ ਉਸ ਦੀ ਇਕ ਝਲਕ ਲਈ ਉਤਾਵਲੇ ਹਨ। 'ਤੇਰੀ ਲੱਤ ਲੱਗ ਗਈ' ਇਸ ਗਾਣੇ 'ਤੇ ਦਰਸ਼ਕ ਝੂਮਦੇ ਹਨ। ਫਿਰ 'ਜੁੰਮੇ ਕੀ ਰਾਤ' ਦੇ ਗੀਤ 'ਤੇ ਜੈਕੀ-ਸਲਮਾਨ ਦਾ ਨਾਚ 'ਦਬੰਗ ਦੌਰਾ' ਸਫ਼ਲ ਹੈ। ਜੈਕੀ ਦੀ ਕਾਮੁਕ ਅਦਾ ਦੇਖ ਦਰਸ਼ਕ ਬੇਕਾਬੂ ਹੋ ਜਾਂਦੇ ਹਨ ਤੇ ਜੈਕੀ ਆਪ ਵੀ ਉਨ੍ਹਾਂ ਨਾਲ ਰੌਲੇ-ਰੱਪੇ 'ਚ ਸ਼ਾਮਿਲ ਹੋ ਰਹੀ ਹੈ। 'ਕਿੱਕ' ਹੋਵੇ ਜਾਂ 'ਰੇਸ-3' ਜੈਕੀ-ਸੱਲੂ ਦੀ ਜੋੜੀ ਦੀਆਂ ਗੱਲਾਂ ਹੀ ਹੋਰ ਹਨ। ਕਦੇ ਗੋਵਿੰਦਾ ਨਾਲ ਨਾਚ ਤੇ ਕਦੇ ਸਲਮਾਨ ਨਾਲ, ਸਾਰੇ ਪਾਸੇ ਜਲਵਾ ਹੈ ਮਿਸ ਫਰਨਾਂਡਿਜ਼ ਦਾ। 'ਹੰਗਾਮਾ ਗਰਲ' ਜੈਕਲਿਨ ਫਰਨਾਂਡਿਜ਼ 'ਅਲਾਦੀਨ' ਨਾਲ ਕੀ ਆਈ ਕਿ ਸ੍ਰੀਲੰਕਾ ਭੁੱਲ ਭਾਰਤ ਦੀ ਹੋ ਕੇ ਹੀ ਰਹਿ ਗਈ। ਕਦੇ ਉਥੇ ਟੀ.ਵੀ. ਰਿਪੋਰਟਰ ਤੇ ਹੁਣ ਚਰਚਿਤ ਹੀਰੋਇਨ। ਤਕਦੀਰ ਮਿਹਰਬਾਨ ਹੈ ਜੈਕੀ 'ਤੇ। ਕਦੇ ਸੜਕ ਹਾਦਸੇ 'ਚੋਂ ਬਚਣਾ, ਹੱਥ 'ਤੇ ਜਿਊਂਦਾ ਸੱਪ ਰੱਖਣਾ, ਜੈਕੀ ਦੇ ਕਾਰਨਾਮੇ ਵੀ ਅਜੀਬ ਹਨ ਤੇ ਯੋਗਾ 'ਚ ਵੀ ਉਹ ਅੱਗੇ ਹੈ। ਸਲਮਾਨ ਪਰਿਵਾਰ ਨਾਲ ਉਹ ਘੁਲੀ-ਮਿਲੀ ਹੈ। ਜੈਕੀ ਨੇ ਤਾਂ ਸਲਮਾਨ ਦੇ ਅੱਬਾ ਹਜ਼ੂਰ ਸਲੀਮ ਖ਼ਾਨ ਤੋਂ ਮਦਦ ਮੰਗੀ ਹੈ ਕਿ ਉਹ ਉਸ ਨੂੰ ਉਰਦੂ ਸਿਖਾਉਣ। ਸਲੀਮ ਜੀ ਨੇ ਕਿਹਾ ਹੈ ਕਿ ਇਥੇ ਕੋਈ ਹੰਗਾਮਾ ਨਹੀਂ ਪਰ ਢੰਗ ਦੀ ਹਿੰਦੀ ਤਾਂ ਸਿੱਖ ਲਵੋ ਫਿਰ ਉਰਦੂ ਵੱਲ ਆਉਣਾ। ਇਕ ਤਰ੍ਹਾਂ ਦੀ ਬੇਇੱਜ਼ਤੀ ਕਰਵਾ ਕੇ ਵੀ ਜੈਕਲਿਨ ਦੇ ਚਿਹਰੇ 'ਤੇ ਕੋਈ ਉਦਾਸੀ ਦੀ ਝਲਕ ਨਹੀਂ ਆਈ। ਉਲਟਾ ਕਹਿ ਰਹੀ ਹੈ ਕਿ ਸਲੀਮ ਜੀ ਸਹੀ ਕਹਿ ਰਹੇ ਹਨ। ਕੁਝ ਵੀ ਹੋਵੇ, ਹੰਗਾਮੇ ਹੋਣ ਜਾਂ ਰੌਲਾ ਪਵੇ ਜੈਕਲਿਨ ਫਰਨਾਂਡਿਜ਼ ਆਪਣੇ ਮੰਤਵ 'ਚ ਕਾਮਯਾਬ ਹੈ। 'ਹੰਗਾਮਾ ਗਰਲ' ਰੌਲਾ-ਰੱਪਾ ਪੈਂਦਾ ਦੇਖ ਕੇ ਵੀ ਖੁਸ਼ੀ ਮਹਿਸੂਸ ਕਰਦੀ ਹੈ ਤੇ ਚਿੰਤਾ ਤਾਂ ਉਸ ਦੇ ਨੇੜੇ ਵੀ ਨਹੀਂ ਢੁਕਦੀ।

ਰਣਵੀਰ ਸਿੰਘ

ਝੂਠ ਬੋਲੇ ਕਊਆ ਕਾਟੇ

ਪਹਿਲਾ ਪਿਆਰ ਤਾਂ ਰਣਵੀਰ ਸਿੰਘ ਲਈ ਇਹ ਅਭਿਨੈ ਹੀ ਹੈ, ਜਿਸ ਨੂੰ ਉਹ ਭਲਾ ਕਿਵੇਂ ਭੁਲਾ ਸਕਦਾ ਹੈ? ਬਾਕੀ ਪਿਆਰ ਤਾਂ ਦੁਨੀਆਦਾਰੀ ਹੈ ਤੇ ਰਣਵੀਰ ਸਿੰਘ ਜੋ 33 ਸਾਲ ਦਾ ਹੋ ਚੁੱਕਾ ਹੈ, ਅਭਿਨੈ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੈ। ਰਣਵੀਰ ਦਾ ਵਿਚਾਰ ਹੈ ਕਿ ਲੋਕਾਂ ਦੀ ਉਮੀਦ 'ਤੇ ਪੂਰਾ ਉੱਤਰਨ ਲਈ ਜ਼ਿੰਮੇਵਾਰੀ ਸਮਝਣੀ ਪਵੇਗੀ ਤੇ ਹੁਣ ਨੈੱਟ ਤੇ ਮੋਬਾਈਲ ਕਾਰਨ ਜ਼ਿੰਮੇਵਾਰੀ ਜ਼ਿਆਦਾ ਵਧੀ ਹੈ, ਕਿਉਂਕਿ ਅਭਿਨੇਤਾ ਦਾ ਲੋਕਾਂ ਨਾਲ ਇਕੋ ਤਰ੍ਹਾਂ ਦਾ ਸਿੱਧਾ ਸਬੰਧ ਰਹਿੰਦਾ ਹੈ। ਹਾਂ, ਰਣਵੀਰ ਸਿੰਘ ਦਾ ਝੂਠ ਬੋਲਣਾ ਜ਼ਰੂਰ ਉਸ ਦੇ ਵਿਅਕਤੀਤਵ ਨੂੰ ਗ੍ਰਹਿਣ ਲਾਉਣ ਵਾਲੀ ਗੱਲ ਹੈ। ਰਣਵੀਰ ਨੇ ਤਾਜ਼ਾ ਇੰਟਰਵਿਊ 'ਚ ਕਿਹਾ ਹੈ ਕਿ ਬਚਪਨ 'ਚ ਉਸ ਗ਼ਰੀਬੀ ਦੇਖੀ ਹੈ, ਵਿਦੇਸ਼ ਘੁੰਮਣ ਲਈ ਉਸ ਦਾ ਸਾਰਾ ਟੱਬਰ ਪਾਈ-ਪਾਈ ਜੋੜਦਾ ਸੀ ਤੇ ਫਿਰ ਕਿਤੇ ਉਹ ਇੰਡੋਨੇਸ਼ੀਆ, ਯੂਰਪ, ਅਮਰੀਕਾ ਜਾਂਦੇ ਸਨ। ਨਿਰੀ ਗੱਪ, ਕਿਉਂਕਿ ਬਚਪਨ 'ਚ ਰਣਵੀਰ ਦੇ ਘਰੇ ਲੱਗੀ ਜਿੰਮ ਆਧੁਨਿਕ ਜਿੰਮ। ਜਦ ਗਰੀਬੀ ਹੋਵੇ ਤਦ ਮਹਿੰਗੀ ਜਿੰਮ ਘਰੇ ਕਿਵੇਂ ਲੱਗੀ? ਗਰੀਬੀ 'ਚ ਤਾਂ ਐਥੋਂ ਉਥੇ ਜਾਣ ਲਈ ਬੱਸ ਦਾ ਕਿਰਾਇਆ ਨਹੀਂ ਮਿਲਦਾ ਸੀ ਤੇ ਉਹ ਗਰੀਬੀ ਦਾਅਵੇ 'ਚ ਅਮਰੀਕਾ, ਸਪੇਨ, ਥਾਈਲੈਂਡ ਕਿਵੇਂ ਜਾਂਦਾ ਸੀ। ਇਹ ਗੱਲਾਂ ਲੋਕ ਉਸ ਦੀ ਇੰਟਰਵਿਊ ਦੇਖ ਕੇ, ਪੜ੍ਹ ਕੇ ਕਰ ਰਹੇ ਹਨ। ਬਚਪਨ ਤੋਂ ਅਕਸ਼ੈ ਕੁਮਾਰ ਦੇ ਦੀਵਾਨੇ ਤੇ ਦੀਪਿਕਾ ਸਿੰਘ ਦੇ ਦਿਲ ਦੀ ਧੜਕਣ ਰਿਹਾ ਰਣਵੀਰ ਸਿੰਘ ਕਹਿ ਰਿਹਾ ਹੈ ਕਿ ਭੁੱਲ ਜਾਵੋਗੇ 'ਦਬੰਗ', 'ਸਿੰਘਮ' ਤੇ 'ਸਿੰਬਾ' ਦੀ ਝਲਕ...। ਰੋਹਿਤ ਸ਼ੈਟੀ ਨੇ 'ਸਿੰਬਾ' 'ਚ ਰਣਵੀਰ ਨੂੰ ਲੈ ਲਿਆ, ਧਮਾਲ ਮਚਾ ਸਾਰੇ ਰਿਕਾਰਡ ਭਲਾ ਤੋੜ ਦੂ ਫਿਰ 'ਸਿੰਘਮ', 'ਦਬੰਗ' ਨਾਲ ਹੋਊ ਮੁਕਾਬਲਾ, ਦੂਰ ਦੀ ਕਬੱਡੀ...। ਸੁਪਰ ਹੀਰੋ ਦੇ ਪਹਿਰਾਵੇ 'ਚ ਰਣਵੀਰ ਸਿੰਘ ਨੇ ਹਵਾਈ ਜਹਾਜ਼ 'ਚ ਮਸਤੀ ਕਰਕੇ ਸਾਰੇ ਮੁਸਾਫਿਰਾਂ ਦਾ ਦਿਲ ਮੋਹ ਲਿਆ ਸੀ। ਜੇ ਉਹ ਕ੍ਰਿਕਟਰ ਹੁੰਦਾ ਤਾਂ ਰਣਵੀਰ ਭਾਵਨਾਨੀ ਕਹਿ ਕੇ ਲੋਕ ਉਸ ਨੂੰ ਪੁਕਾਰਦੇ। ਸੈਫ਼ ਦੀ ਬੇਟੀ ਸਾਰਾ ਅਲੀ ਖ਼ਾਨ ਉਹ ਖੁਸ਼ਕਿਸਮਤ ਹੈ, ਜੋ ਰਣਵੀਰ ਸਿੰਘ ਨਾਲ ਪ੍ਰਵੇਸ਼-ਏ-ਫ਼ਿਲਮ ਸਨਅਤ ਕਰ ਰਹੀ ਹੈ। ਰੰਗੀਲਾ, ਜ਼ਬਰਦਸਤ ਸਰੀਰ ਦਾ ਮਾਲਕ ਰਣਵੀਰ ਸਿੰਘ ਸਭ ਠੀਕ-ਠਾਕ ਹੈ, ਸਿਰਫ਼ ਤੇ ਸਿਰਫ਼ ਝੂਠ ਬੋਲਣ ਤੇ ਗੱਪ ਮਾਰਨ ਦੀ ਆਦਤ ਮਾੜੀ ਹੈ। ਇਹੋ ਮਾੜੀਆਂ ਗੱਲਾਂ ਕੀਤੇ ਕਰਾਏ ਸਿਰ ਸੁਆਹ ਪਾਉਣ ਵਾਲੀ ਗੱਲ ਨੂੰ ਸੱਦਾ ਦਿੰਦੀਆਂ ਹਨ। ਦੀਪਿਕਾ ਦੇ ਬਰੇਕ ਡਾਂਸ ਉਸ ਦੀ ਰੂਹ ਦੀ ਖੁਰਾਕ ਹਨ, ਕਦੇ ਬੇਹੱਦ ਸੰਘਰਸ਼ ਤੇ ਅੱਜ ਸਾਰਾ ਅਲੀ ਖ਼ਾਨ ਲਈ ਸੁਪਰ ਹੀਰੋ ਰਣਵੀਰ ਸਿੰਘ ਪਤਾ ਨਹੀਂ ਕਿਉਂ ਰਣਬੀਰ ਕਪੂਰ ਨਾਲ ਨਰਾਜ਼ ਹੈ ਪਰ ਕਿਤੇ ਇਹ ਨਰਾਜ਼ਗੀ ਵੀ ਝੂਠ ਦਾ ਪੁਲੰਦਾ ਤਾਂ ਨਹੀਂ, ਕੀ ਪਤਾ?

ਕਾਜੋਲ

ਉਹ ਘੜੀ ਆ ਗਈ

ਜਿਸ ਦਾ ਸੀ ਕਾਜੋਲ ਦੇ ਚਹੇਤਿਆਂ ਨੂੰ ਇੰਤਜ਼ਾਰ ਉਹ ਘੜੀ ਸਮਝੋ ਆ ਗਈ ਤੇ ਅਗਲੇ ਤੋਂ ਅਗਲੇ ਮਹੀਨੇ 14 ਸਤੰਬਰ ਨੂੰ 'ਹੈਲੀਕਾਪਟਰ ਈਲਾ' ਨਾਂਅ ਦੀ ਆ ਰਹੀ ਅਜੈ ਦੇਵਗਣ ਦੀ ਫ਼ਿਲਮ 'ਚ ਕਾਜੋਲ ਆ ਰਹੀ ਹੈ। ਆਨੰਦ ਗਾਂਧੀ ਦੇ ਗੁਜਰਾਤੀ ਨਾਟਕ 'ਬੇਟਾ ਕਾਗੜੋ' 'ਤੇ ਆਧਾਰਿਤ ਕਾਜੋਲ ਦੀ 'ਹੈਲੀਕਾਪਟਰ ਈਲਾ' ਹੈ। ਫ਼ਿਲਮ 'ਚ ਕਾਜੋਲ ਮਾਂ ਦੀ ਭੂਮਿਕਾ 'ਚ ਹੈ ਤੇ ਫ਼ਿਲਮ ਦਾ ਨਿਰਮਾਣ ਅਜੈ ਦੇਵਗਣ ਨੇ ਕੀਤਾ ਹੈ। ਰਿਧੀ ਸੇਨ ਫ਼ਿਲਮ 'ਚ ਕਾਜੋਲ ਦਾ ਬੇਟਾ ਬਣਿਆ ਹੈ ਤੇ ਨੇਹਾ ਧੂਪੀਆ ਵੀ ਫ਼ਿਲਮ 'ਚ ਹੈ। ਫ਼ਿਲਮ ਦੀ ਕਹਾਣੀ ਅਨੁਸਾਰ ਕਾਜੋਲ ਇਕ ਗਾਇਕਾ ਬਣਨਾ ਚਾਹੁੰਦੀ ਹੈ। ਮਜ਼ੇਦਾਰ ਦਿੱਖ ਵਾਲਾ ਕਾਜੋਲ ਦਾ ਪੋਸਟਰ ਵਾਰ-ਵਾਰ ਦੇਖਣ ਵਾਲਾ ਹੈ। ਪ੍ਰਦੀਪ ਸਰਕਾਰ ਫ਼ਿਲਮ ਦੇ ਨਿਰਦੇਸ਼ਕ ਹਨ ਪਰ ਹਾਂ ਅਜੈ ਦੇਵਗਨ ਫ਼ਿਲਮ 'ਚ ਕਾਜੋਲ ਦੇ ਨਾਲ ਨਹੀਂ ਹਨ ਤੇ ਹਾਂ 'ਹੈਲੀਕਾਪਟਰ ਈਲਾ' ਦੇ ਸੈੱਟ ਦੀ ਗੱਲ ਹੈ ਕਿ ਇਕ ਦਿਨ ਉੱਚੀ ਅੱਡੀ ਦੀ ਜੁੱਤੀ ਪਾ ਕੇ ਆਈ ਪਰ ਅਚਾਨਕ ਇਸ ਦਾ ਸੰਤੁਲਨ ਵਿਗੜ ਗਿਆ ਤੇ ਕਾਜੋਲ ਸੱਟ ਤੋਂ ਮਸਾਂ ਹੀ ਬਚੀ। ਹਾਲੀਵੁੱਡ ਕਾਰਟੂਨ ਲੜੀ 'ਇਨਕਰੈਡੀਬਲਜ਼-2' ਦਾ ਹਿੱਸਾ ਵੀ ਕਾਜੋਲ ਬਣੀ ਹੈ। ਉਧਰ 'ਬੱਤੀ ਗੁੱਲ ਮੀਟਰ ਚਾਲੂ' ਵੀ 14 ਸਤੰਬਰ ਨੂੰ ਆ ਰਹੀ ਹੈ। 'ਹੈਲੀਕਾਪਟਰ ਈਲਾ' ਵੀ ਇਸੇ ਤਰੀਕ ਨੂੰ। ਪਰ ਕਾਜੋਲ ਨੂੰ ਕੋਈ ਘਬਰਾਹਟ ਨਹੀਂ ਹੈ। ਸਭ ਸਹੀ ਰਿਹਾ ਤਾਂ ਸ਼ਾਹਰੁਖ-ਕਾਜੋਲ ਨੂੰ ਲੈ ਕੇ ਕਰਨ ਜੌਹਰ ਨਵੀਂ ਫ਼ਿਲਮ ਸ਼ੁਰੂ ਕਰ ਸਕਦੇ ਹਨ। ਹਾਂ ਬਾਇਓਪਿਕ ਫ਼ਿਲਮਾਂ ਤੋਂ ਕਾਜੋਲ ਨੂੰ ਖਿਝ ਹੈ। ਕਾਜੋਲ ਨਹੀਂ ਚਾਹੁੰਦੀ ਕਿ ਉਸ 'ਤੇ ਕੋਈ ਫ਼ਿਲਮ ਬਣੇ। ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਯੁੱਗ, ਨਿਆਸਾ ਤੇ ਅਜੈ ਦੇਵਗਨ ਨਾਲ ਬਤੀਤ ਕਰ ਰਹੀ ਹੈ, ਉਸ ਤੋਂ ਉਹ ਖੁਸ਼ ਹੈ।

ਮਾਹੀ ਗਿੱਲ

ਮੋਨਾ ਡਾਰਲਿੰਗ

'ਜ਼ੰਜੀਰ' ਫ਼ਿਲਮ ਦਾ ਰੀਮੇਕ ਮਾਹੀ ਗਿੱਲ ਨੂੰ ਬਹੁਤ ਹੀ ਫਾਇਦਾ ਦੇਵੇਗਾ, ਇੰਡਸਟਰੀ ਦੇ ਪੰਡਿਤ ਇਹ ਵਿਚਾਰ ਤੇ ਭਵਿੱਖਬਾਣੀ ਕਰ ਰਹੇ ਹਨ। ਫੈਸ਼ਨ ਡਿਜ਼ਾਈਨਰ ਪ੍ਰਿਯਾ ਕਟਾਰੀਆ 'ਜ਼ੰਜੀਰ' ਲਈ ਮਾਹੀ ਗਿੱਲ ਦੇ ਸਾਰੇ ਪਹਿਰਾਵੇ, ਰੂਪ ਸਜਾ ਤੱਕ ਦੀ ਜ਼ਿੰਮੇਵਾਰੀ ਆਪ ਸੰਭਾਲ ਰਹੀ ਹੈ। ਰਵਾਇਤੀ ਤੇ ਦੇਸੀ ਕਿਰਦਾਰਾਂ ਦੀ ਮਹਾਰਾਣੀ ਮਾਹੀ ਨੇ 'ਪਾਨ ਸਿੰਘ ਤੋਮਰ', 'ਦੇਵ ਡੀ', 'ਸਾਹਬ ਬੀਵੀ ਔਰ ਗੈਂਗਸਟਰ' ਫ਼ਿਲਮਾਂ ਕਰ ਕੇ ਆਪਣੇ ਅਭਿਨੈ ਦਾ ਲੋਹਾ ਸਭ ਨੂੰ ਮੰਨਵਾਇਆ ਹੈ। ਪ੍ਰਿਆ ਕਟਾਰੀਆ ਨੇ ਤਾਂ ਨਵੀਂ ਮਾਹੀ ਹੀ ਬਣਾ ਦੇਣੀ ਹੈ ਤੇ ਪ੍ਰਿਆ ਨੇ ਮਾਹੀ ਦੇ ਵਾਲਾਂ ਦਾ ਰੰਗ ਬਦਲ ਦਿੱਤਾ ਹੈ। ਮਾਹੀ ਪਹਿਲਾਂ ਸਧਾਰਨ ਵਾਲ ਹੀ ਰੱਖਦੀ ਸੀ ਤੇ ਖਾਦੀ ਭੰਡਾਰ ਦੀ ਮਹਿੰਦੀ ਵਾਲਾਂ ਲਈ ਇਸਤੇਮਾਲ ਕਰਦੀ ਸੀ। 'ਮੋਨਾ ਡਾਰਲਿੰਗ' ਦੀ ਭੂਮਿਕਾ ਮਾਹੀ ਗਿੱਲ 'ਜ਼ੰਜੀਰ' ਵਿਚ ਨਿਭਾਅ ਰਹੀ ਹੈ। 'ਬਾਬਾ ਇਜ਼ ਬੈਕ' ਅਰਥਾਤ 'ਸੰਜੂ' ਨਾਲ ਜੋੜੀ 'ਤੇ ਸੰਜੇ ਦੱਤ ਨੂੰ 'ਸਾਹਬ ਬੀਵੀ ਔਰ ਗੈਂਗਸਟਰ' 'ਚ ਸ਼ਾਮਿਲ ਕਰਨਾ ਮਾਹੀ ਨੂੰ ਵਧੀਆ ਲੱਗਿਆ ਹੈ। ਮਾਹੀ ਗਿੱਲ ਦਾ ਖੁੱਲ੍ਹਾ-ਡੁੱਲ੍ਹਾ ਅੰਦਾਜ਼ ਜਿੰਮੀ ਸ਼ੇਰਗਿੱਲ ਨਾਲ ਤੇ 'ਬਾਬਾ ਇਜ਼ ਬੈਕ' ਸੰਜੇ ਦੱਤ ਨਾਲ ਦ੍ਰਿਸ਼ ਮਾਹੀ ਇਸ ਫ਼ਿਲਮ ਦਾ ਪੂਰਾ ਲੁਤਫ਼ ਲੈ ਰਹੀ ਹੈ। 'ਜ਼ੰਜੀਰ' ਤੋਂ ਪਹਿਲਾਂ ਮਾਹੀ ਗਿੱਲ ਪੂਰੀ ਚਰਚਾ ਚਾਹੁੰਦੀ ਹੈ। ਮਾਹੀ ਦੀ ਇਹ ਫ਼ਿਲਮ ਹਿੱਟ ਰਹੀ ਤਾਂ ਫਿਰ ਮਾਹੀ ਗਿੱਲ ਕਈਆਂ ਦੇ ਸੀਨਿਆਂ 'ਤੇ ਗੱਡੇਗੀ ਕਾਮਯਾਬੀ ਦੇ ਕਿੱਲ ਤੇ ਅੰਗਰੇਜ਼ੀ 'ਚ ਕਈਆ ਹੀਰੋਇਨਾਂ ਨੂੰ 'ਕਿਲ' ਕਰ ਕੇ 'ਜ਼ੰਜੀਰ' ਲਈ ਵਧੀਆ ਪਿੱਠ ਭੂਮੀ ਬਣਾਏਗੀ। ਸੰਜੀਦਾ ਤੇ ਖੁੱਲ੍ਹੇ-ਡੁੱਲ੍ਹੇ ਕਿਰਦਾਰਾਂ ਲਈ ਚਰਚਿਤ ਮਾਹੀ ਗਿੱਲ ਪਹਿਲਾਂ ਪਹਿਲ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੀ ਹੈ। ਖ਼ੈਰ ਹੁਣ ਮਾਹੀ 2018 ਨੂੰ ਯਾਦਗਾਰੀ ਸਾਲ ਆਪਣੇ ਲਈ ਬਣਾਉਣਾ ਚਾਹੁੰਦੀ ਹੈ। ਕਾਮਯਾਬੀ ਦੀ ਦੀਵਾਲੀ, ਕ੍ਰਿਸਮਸ ਤਾਂ ਹੀ ਮੰਨੇਗੀ ਜੇ 'ਸਾਹਿਬ ਬੀਵੀ ਔਰ ਗੈਂਗਸਟਰ-3' ਹਿੱਟ ਰਹੇਗੀ ਤੇ ਫਿਰ 'ਮੋਨਾ ਡਾਰਲਿੰਗ' ਬਣ ਮਾਹੀ 'ਜ਼ੰਜੀਰ' ਨਾਲ ਚੋਟੀ ਦੀਆਂ ਹੀਰੋਇਨਾਂ ਨੂੰ ਟੱਕਰ ਦੇਵੇਗੀ ਤੇ ਵਪਾਰਕ ਸਿਨੇਮਾ 'ਚ ਵੀ ਸਫ਼ਲ ਹੋਣ ਦਾ ਤਗਮਾ ਪ੍ਰਾਪਤ ਕਰੇਗੀ। 'ਸੰਜੂ' 'ਬਾਬਾ ਇਜ਼ ਬੈਕ' ਦੀ ਪਟਕਥਾ ਲਿਖ ਸਕਦੀ ਹੈ ਤਾਂ 'ਸਾਹਿਬ ਬੀਵੀ ਔਰ ਗੈਂਗਸਟਰ' ਦੀ ਸਫ਼ਲਤਾ ਮਾਹੀ ਗਿੱਲ ਨੂੰ ਕਾਮਯਾਬੀ ਦੀ 'ਜ਼ੰਜੀਰ' ਪਾ ਸਕਦੀ ਹੈ।

ਚੰਗੇ ਨਿਰਮਾਤਾ ਨਿਰਦੇਸ਼ਕ ਨਾਲ ਕੰਮ ਕਰਨ ਦੀ ਇੱਛਾ ਪੂਰੀ ਹੋਈ : ਇਸ਼ਾਨ ਖੱਟਰ

ਹੁਣ ਤੱਕ ਬਾਲੀਵੁੱਡ ਵਿਚ ਇਹ ਕਿਹਾ ਜਾਂਦਾ ਰਿਹਾ ਹੈ ਕਿ ਜੇਕਰ ਸਟਾਰ ਬਣਨਾ ਹੈ ਤਾਂ ਤੁਹਾਡਾ ਸਰਨੇਮ ਖੰਨਾ, ਖਾਨ ਜਾਂ ਕਪੂਰ ਹੋਣਾ ਚਾਹੀਦੈ। ਪਰ ਹੁਣ ਇਹ ਕਿਹਾ ਜਾਣ ਲੱਗਿਆ ਹੈ ਕਿ ਜੇਕਰ ਸਟਾਰ ਬਣਨਾ ਹੈ ਤਾਂ ਨੀਲਿਮਾ ਅਜ਼ੀਮ ਦੀ ਕੋਖ ਤੋਂ ਜਨਮ ਲੈਣਾ ਹੋਵੇਗਾ। ਨੀਲਿਮਾ ਦੇ ਵੱਡੇ ਬੇਟੇ ਸ਼ਾਹਿਦ ਕਪੂਰ ਸਟਾਰ ਹਨ। ਹੁਣ ਦੂਜੇ ਬੇਟੇ ਇਸ਼ਾਨ ਖੱਟਰ ਵੀ ਸਟਾਰਡਮ ਦੀ ਰਾਹ 'ਤੇ ਅੱਗੇ ਵਧ ਰਹੇ ਹਨ। ਪਹਿਲਾਂ ਇਸ ਨੌਜਵਾਨ ਅਭਿਨੇਤਾ ਨੇ ਕੌਮਾਂਤਰੀ ਪ੍ਰਸਿੱਧੀ ਹਾਸਲ ਨਿਰਦੇਸ਼ਕ ਮਾਜਿਦ ਮਜੀਦੀ ਦੀ ਫ਼ਿਲਮ 'ਬਿਓਂਡ ਦ ਕਲਾਉਡਸ' ਵਿਚ ਕੰਮ ਕੀਤਾ ਤੇ ਹੁਣ ਉਹ 'ਧੜਕ' ਵਿਚ ਜਾਹਨਵੀ ਕਪੂਰ ਦੇ ਹੀਰੋ ਬਣ ਕੇ ਆ ਰਹੇ ਹਨ। ਇਥੇ ਉਹ ਆਪਣੀ ਇਸ ਦੂਜੀ ਫ਼ਿਲਮ ਬਾਰੇ ਗੱਲ ਕਰ ਰਹੇ ਹਨ।
* ਤੁਸੀਂ ਚਾਹੁੰਦੇ ਤਾਂ 'ਧੜਕ' ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਸਕਦੇ ਸੀ। 'ਬਿਓਂਡ ਦ ਕਲਾਉਡਸ' ਵਰਗੀ ਆਰਟ ਫ਼ਿਲਮ ਤੋਂ ਅਭਿਨੈ ਪਾਰੀ ਦੀ ਸ਼ੁਰੂਆਤ ਕਰਨ ਦੀ ਕੋਈ ਖ਼ਾਸ ਵਜ੍ਹਾ?
-ਬਸ ਇੰਝ ਸਮਝ ਲਓ ਕਿ ਮਾਜਿਦ ਸਰ ਦੀ ਫ਼ਿਲਮ ਨਾਲ ਮੇਰੀ ਸ਼ੁਰੂਆਤ ਹੋਣੀ ਲਿਖੀ ਸੀ। ਮੈਂ 2016 ਵਿਚ ਕਰਨ ਸਰ ਨੂੰ ਮਿਲਿਆ ਸੀ ਅਤੇ ਉਹ ਮੈਨੂੰ ਲੈ ਕੇ ਇਕ ਫ਼ਿਲਮ ਸ਼ੁਰੂ ਕਰਨਾ ਚਾਹੁੰਦੇ ਸਨ। ਉਹ ਫ਼ਿਲਮ ਸ਼ੁਰੂ ਕਰਨ ਵਿਚ ਦੇਰੀ ਕਰ ਰਹੇ ਸਨ ਕਿਉਂਕਿ ਉਹ ਇਹ ਦੇਖਣਾ ਚਾਹੁੰਦੇ ਸਨ ਕਿ ਮੈਂ ਉਸ ਫ਼ਿਲਮ ਦੇ ਕਾਬਲ ਹਾਂ ਜਾਂ ਨਹੀਂ। ਉਨ੍ਹੀਂ ਦਿਨੀਂ ਮੈਂ ਕਰਨ ਸਰ ਵਲੋਂ ਬਣਾਈ ਗਈ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦੇਖੀ ਅਤੇ ਮੈਨੂੰ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੇ ਕੰਮ ਨੇ ਪ੍ਰਭਾਵਿਤ ਕੀਤਾ ਸੀ। ਕਰਨ ਸਰ ਤੋਂ ਇਜਾਜ਼ਤ ਲੈ ਕੇ ਮੈਂ ਆਪਣਾ ਸਮਾਂ ਸ਼ਸ਼ਾਂਕ ਦੇ ਨਾਲ ਬਿਤਾਉਣ ਲੱਗਿਆ ਤਾਂ ਕਿ ਫ਼ਿਲਮ ਨਿਰਮਾਣ ਬਾਰੇ ਨਵੀਂ ਜਾਣਕਾਰੀ ਹਾਸਲ ਕਰਦਾ ਰਹਾਂ। ਇਕ ਦਿਨ ਸ਼ਸ਼ਾਂਕ ਨੇ ਮੈਨੂੰ ਮਰਾਠੀ ਫ਼ਿਲਮ 'ਸੌਰਾਟ' ਦੇਖਣ ਲਈ ਸੱਦਾ ਦਿੱਤਾ ਅਤੇ ਨਾਲ ਇਹ ਵੀ ਕਿਹਾ ਕਿ ਉਹ ਇਸ ਨੂੰ ਆਪਣੇ ਹਿਸਾਬ ਨਾਲ ਹਿੰਦੀ ਵਿਚ ਬਣਾਉਣਾ ਚਾਹੁੰਦੇ ਹਨ। ਇਹ ਸੁਣ ਕੇ ਮੈਂ ਕਾਫੀ ਖੁਸ਼ ਹੋਇਆ। ਉਹ ਕਹਾਣੀ 'ਤੇ ਕੰਮ ਕਰਨ ਲੱਗੇ ਸਨ ਕਿ ਉਨ੍ਹੀਂ ਦਿਨੀਂ ਮੈਨੂੰ ਕਾਸਟਿੰਗ ਡਾਇਰੈਕਟਰ ਹਨੀ ਤ੍ਰੇਹਾਨ ਦਾ ਫੋਨ ਆਇਆ ਅਤੇ ਮਾਜਿਦ ਸਰ ਦੀ ਫ਼ਿਲਮ ਦੀ ਪੇਸ਼ਕਸ਼ ਕੀਤੀ। ਮੈਂ ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਦੇਖੀਆਂ ਸਨ ਅਤੇ ਜਾਣਦਾ ਸੀ ਕਿ ਉਹ ਕਿਸ ਉੱਚ ਕੋਟੀ ਦੇ ਨਿਰਦੇਸ਼ਕ ਹਨ। ਜਦੋਂ ਮੈਨੂੰ 'ਬਿਓਂਡ ਦ ਕਲਾਉਡਸ' ਦੀ ਪੇਸ਼ਕਸ਼ ਹੋਈ ਤਾਂ ਮੈਂ ਇਸ ਬਾਰੇ ਕਰਨ ਸਰ ਨੂੰ ਦੱਸਿਆ ਅਤੇ ਉਨ੍ਹਾਂ ਦੀ ਇਜਾਜ਼ਤ ਲੈ ਕੇ ਉਹ ਫ਼ਿਲਮ ਹੱਥ ਵਿਚ ਲਈ। ਉਹ ਜਲਦੀ ਬਣ ਗਈ। ਸੋ, ਰਿਲੀਜ਼ ਹੋ ਗਈ ਅਤੇ 'ਸੌਰਾਟ' ਦੀ ਰੀਮੇਕ ਭਾਵ 'ਧੜਕ' ਹੁਣ ਆਈ ਹੈ।'
* 'ਸੈਰਾਟ' ਦੀ ਸਫਲਤਾ ਦਾ ਫਾਇਦਾ ਇਸ ਦੀ ਨਾਇਕਾ ਰਿੰਕੂ ਰਾਜਗੁਰੂ ਨੂੰ ਬਹੁਤ ਮਿਲਿਆ ਸੀ ਅਤੇ ਹੀਰੋ ਆਕਾਸ਼ ਠੋਸਰ ਨੂੰ ਕੰਮ। ਕਿਤੇ ਤੁਹਾਡੇ ਦਿਮਾਗ਼ ਵਿਚ ਇਹ ਡਰ ਤਾਂ ਨਹੀਂ ਸੀ ਕਿ 'ਧੜਕ' ਦਾ ਫਾਇਦਾ ਜਾਹਨਵੀ ਨੂੰ ਜ਼ਿਆਦਾ ਮਿਲੇਗਾ ਅਤੇ ਤੁਹਾਨੂੰ ਘੱਟ?
-ਜੀ ਨਹੀਂ। ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਉਦੋਂ ਮੇਰੇ ਦਿਮਾਗ਼ ਵਿਚ ਇਹੀ ਸੀ ਕਿ ਮੈਂ ਚੰਗੀ ਫ਼ਿਲਮ ਕਰਨੀ ਹੈ, ਚੰਗੇ ਨਿਰਮਾਤਾ ਤੇ ਨਿਰਦੇਸ਼ਕਾਂ ਨਾਲ ਕੰਮ ਕਰਨਾ ਹੈ। ਕਰਨ ਜੌਹਰ ਵਲੋਂ ਬਣਾਈ ਗਈ ਫ਼ਿਲਮ ਵਿਚ ਕੰਮ ਕਰਨ ਲਈ ਹਰ ਕਲਾਕਾਰ ਤਰਸਦਾ ਹੈ। ਜਦੋਂ ਉਨ੍ਹਾਂ ਨੇ ਮੈਨੂੰ ਆਪਣੀ ਫ਼ਿਲਮ ਵਿਚ ਲਿਆ ਤਾਂ ਮੈਂ ਫਿਰ ਦੂਜੇ ਪਹਿਲੂਆਂ 'ਤੇ ਕਿਉਂ ਧਿਆਨ ਦੇਵਾਂ।

ਸ੍ਰੀਦੇਵੀ ਦੀ ਬੇਟੀ ਹੋਣ ਦਾ ਦਬਾਅ ਜ਼ਰੂਰ ਹੈ-ਜਾਹਨਵੀ ਕਪੂਰ

'ਧੜਕ' ਤੋਂ ਸਵਰਗੀ ਸ੍ਰੀਦੇਵੀ ਦੀ ਬੇਟੀ ਜਾਹਨਵੀ ਨੂੰ ਫ਼ਿਲਮਾਂ ਵਿਚ ਪੇਸ਼ ਕੀਤਾ ਗਿਆ ਹੈ। ਇਕ ਸਟਾਰ ਅਭਿਨੇਤਰੀ ਦੀ ਬੇਟੀ ਹੋਣ ਕਰ ਕੇ ਜਾਹਨਵੀ ਤੋਂ ਉੱਚੀਆਂ ਉਮੀਦਾਂ ਹੋਣਾ ਸੁਭਾਵਿਕ ਹੀ ਹੈ। ਖ਼ੁਦ ਜਾਹਨਵੀ ਵੀ ਇਹ ਜਾਣਦੀ ਹੈ ਕਿ ਉਸ ਤੋਂ ਕੀ ਉਮੀਦ ਰੱਖੀ ਗਈ ਹੈ। ਸਟਾਰਡਮ ਦੀਆਂ ਪੌੜੀਆਂ ਚੜ੍ਹ ਰਹੀ ਇਸ ਅਭਿਨੇਤਰੀ ਨਾਲ ਹੋਈ ਗੱਲਬਾਤ ਇਥੇ ਪੇਸ਼ ਹੈ :
* ਤੁਸੀਂ ਫ਼ਿਲਮੀ ਮਾਹੌਲ ਵਿਚ ਆਪਣੀਆਂ ਅੱਖਾਂ ਖੋਲ੍ਹੀਆਂ, ਕੀ ਇਸੇ ਵਜ੍ਹਾ ਕਰ ਕੇ ਤੁਸੀਂ ਫ਼ਿਲਮਾਂ ਵਿਚ ਆਉਣ ਦਾ ਮਨ ਬਨਾ ਲਿਆ ਸੀ?
-ਇਹ ਤਾਂ ਸੱਚ ਹੈ ਕਿ ਮੈਂ ਫ਼ਿਲਮੀ ਮਾਹੌਲ ਵਿਚ ਪਲੀ ਹਾਂ। ਉਦੋਂ ਬਚਪਨ ਵਿਚ ਸੋਚਿਆ ਸੀ ਕਿ ਵੱਡੀ ਹੋ ਕੇ ਮੈਂ ਹੀਰੋਇਨ ਬਣਾਂਗੀ। ਪਰ ਬਾਅਦ ਵਿਚ ਸਮੇਂ-ਸਮੇਂ 'ਤੇ ਮੇਰੀ ਸੋਚ ਵਿਚ ਬਦਲਾਅ ਆਉਂਦੇ ਰਹੇ। ਕਦੀ ਕੁਝ ਬਣਨ ਦਾ ਸੋਚਦੀ ਤੇ ਕਦੀ ਕੁਝ। ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਜਦੋਂ ਮੇਰੇ ਤੋਂ ਪੁੱਛਿਆ ਗਿਆ ਕਿ ਕਿਹੜਾ ਕੋਰਸ ਕਰਨਾ ਹੈ ਤਾਂ ਮੈਂ ਐਕਟਿੰਗ ਕੋਰਸ ਦਾ ਨਾਂਅ ਲਿਆ ਅਤੇ ਅਮਰੀਕਾ ਵਿਚ ਜਦੋਂ ਮੈਂ ਐਕਟਿੰਗ ਕੋਰਸ ਕਰਨ ਲੱਗੀ ਉਦੋਂ ਮੈਂ ਅਭਿਨੈ ਬਾਰੇ ਗੰਭੀਰਤਾ ਨਾਲ ਸੋਚਣ ਲੱਗੀ ਅਤੇ ਫਿਰ ਇਕ ਦਿਨ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਫ਼ਿਲਮਾਂ ਵਿਚ ਆਉਣਾ ਚਾਹੁੰਦੀ ਹਾਂ।
* ਤੇ ਮਾਂ ਦੀ ਕੀ ਪ੍ਰਤੀਕਿਰਿਆ ਸੀ?
-ਜਦੋਂ ਮੈਂ ਲਾਸ ਏਂਜਲਸ ਵਿਚ ਐਕਟਿੰਗ ਦਾ ਕੋਰਸ ਕਰ ਰਹੀ ਸੀ, ਉਦੋਂ ਮੈਂ ਮਾਂ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਮੈਂ ਇਕ ਹੋਰ ਸਮੈਸਟਰ ਕਰਨਾ ਚਾਹੁੰਦੀ ਹਾਂ। ਮੈਂ ਅਭਿਨੈ ਵਿਚ ਆਉਣਾ ਚਾਹੁੰਦੀ ਸੀ। ਸੋ, ਸੰਵਾਦ ਅਦਾਇਗੀ, ਡਾਂਸ, ਹਾਵਭਾਵ ਆਦਿ 'ਤੇ ਹੋਰ ਮਿਹਨਤ ਕਰਨਾ ਚਾਹੁੰਦੀ ਸੀ। ਜਦੋਂ ਮਾਂ ਨੂੰ ਸਮੈਸਟਰ ਬਾਰੇ ਗੱਲ ਕਰ ਕੇ ਇਹ ਕਿਹਾ ਕਿ ਮੈਂ ਐਕਟਿੰਗ ਵਿਚ ਆਉਣਾ ਚਾਹੁੰਦੀ ਹਾਂ ਤਾਂ ਮੈਨੂੰ ਉਨ੍ਹਾਂ ਦੀ ਆਵਾਜ਼ ਵਿਚ ਲੁਕੀ ਘਬਰਾਹਟ ਸਾਫ਼ ਮਹਿਸੂਸ ਹੋਈ ਸੀ। ਉਹ ਇਸ ਲਈ ਕਿਉਂਕਿ ਉਹ ਮੇਰੇ ਵਲ ਬਹੁਤ ਧਿਆਨ ਦਿੰਦੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਮੈਂ ਹੁਣ ਵੀ ਬੱਚੀ ਹੀ ਹਾਂ। ਇਕ ਮਾਂ ਦੇ ਨਾਤੇ ਉਨ੍ਹਾਂ ਦੀ ਮੇਰੇ ਬਾਰੇ ਫਿਕਰ ਹੋਣੀ ਲਾਜ਼ਮੀ ਸੀ।
* ਤੁਹਾਡੇ ਪਿਤਾ ਨਾਮੀ ਫ਼ਿਲਮ ਨਿਰਮਾਤਾ ਹਨ। ਤੇ ਪਿਤਾ ਵਲੋਂ ਫ਼ਿਲਮਾਂ ਵਿਚ ਪੇਸ਼ ਹੋਣ ਦੀ ਬਜਾਏ ਤੁਸੀਂ ਕਰਨ ਜੌਹਰ ਦੇ ਬੈਨਰ ਦੀ ਫ਼ਿਲਮ ਕਿਉਂ ਚੁਣੀ?
-ਇਹ ਸੱਚ ਹੈ ਕਿ ਜੇਕਰ ਮੈਂ ਆਪਣੇ ਪਿਤਾ ਨੂੰ ਕਹਿੰਦੀ ਤਾਂ ਉਹ ਮੇਰੇ ਲਈ ਇਕ ਫ਼ਿਲਮ ਦਾ ਨਿਰਮਾਣ ਕਰ ਦਿੰਦੇ ਅਤੇ ਵਧੀਆ ਢੰਗ ਨਾਲ ਮੈਨੂੰ ਪੇਸ਼ ਕਰਦੇ। ਪਰ ਮੈਨੂੰ ਲੱਗਿਆ ਕਿ ਆਪਣੇ ਦਮ 'ਤੇ ਆਪਣੀ ਸ਼ੁਰੂਆਤ ਕਰਨਾ ਸਹੀ ਰਹੇਗਾ। ਮੈਂ ਇਹ ਵੀ ਮੰਨਦੀ ਹਾਂ ਕਿ ਮੈਨੂੰ ਇਹ ਫ਼ਿਲਮ ਸ੍ਰੀਦੇਵੀ ਦੀ ਬੇਟੀ ਹੋਣ ਦੇ ਨਾਤੇ ਮਿਲੀ ਹੈ। ਪਰ ਬੇਟੀ ਦਾ ਇਹ ਤਗਮਾ ਜ਼ਿਆਦਾ ਨਹੀਂ ਚੱਲੇਗਾ। ਅੱਗੇ ਚਲ ਕੇ ਤਾਂ ਮੈਨੂੰ ਖ਼ੁਦ ਨੂੰ ਹੀ ਸਾਬਤ ਕਰਨਾ ਹੋਵੇਗਾ ਕਿ ਮੈਂ ਚੰਗੀ ਅਭਿਨੇਤਰੀ ਹਾਂ।
* ਕੀ ਤੁਹਾਡੇ 'ਤੇ ਸ੍ਰੀਦੇਵੀ ਦੀ ਬੇਟੀ ਹੋਣ ਦਾ ਦਬਾਅ ਹੈ?
-ਹਾਂ, ਉਨ੍ਹਾਂ ਦੀ ਬੇਟੀ ਹੋਣ ਦਾ ਦਬਾਅ ਜ਼ਰੂਰ ਹੈ। ਉਨ੍ਹਾਂ ਦੀ ਬੇਟੀ ਹੋਣ ਦੇ ਨਾਤੇ ਹੀ ਮੈਨੂੰ ਏਨੀ ਤਵੱਜੋਂ ਮਿਲ ਰਹੀ ਹੈ। ਹੁਣ ਤੱਕ ਮੈਨੂੰ ਜੋ ਵੀ ਮਿਲਿਆ ਹੈ, ਮੰਮੀ-ਪਾਪਾ ਦੀ ਬੇਟੀ ਹੋਣ ਦੇ ਨਾਤੇ ਮਿਲਿਆ ਹੈ। ਇਸ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਪਤਾ ਲੱਗੇਗਾ ਕਿ ਮੇਰੀ ਆਪਣੀ ਵੱਖਰੀ ਪਛਾਣ ਕੀ ਹੈ ਅਤੇ ਉਹ ਪਛਾਣ ਕੀ ਰੰਗ ਲਿਆਉਂਦੀ ਹੈ।

ਅਮਾਇਰਾ ਦਸਤੂਰ : ਮੈਂਟਲ ਹੈ ਕਿਆ

ਲੀਲਾ ਯਾਦਵ ਦੇ ਨਿਰਦੇਸ਼ਨ 'ਚ ਬਣ ਰਹੀ ਅਮਾਇਰਾ ਦੀ 'ਰਾਜਮਾਂਹ ਚਾਵਲ' ਹਾਲੀਵੁੱਡ ਫ਼ਿਲਮ 'ਗਰਲ ਵਿੱਦ ਦਾ ਡਰੈਗਨ ਟੈਟੂ' 'ਤੇ ਆਧਾਰਿਤ ਹੈ ਤੇ ਇਸ ਨੂੰ ਅਮਾਇਰਾ ਨੇ ਕਾਫ਼ੀ ਵਾਰ ਦੇਖਿਆ ਹੈ, ਤਾਂ ਜੋ ਪੂਰੀ ਸਮਰਪਿਤ ਉਹ ਕਿਰਦਾਰ ਨੂੰ ਹੋ ਜਾਏ। ਮੇਰਠ ਦੀ ਕੁੜੀ ਵਰਗੀ ਚਾਲ-ਢਾਲ, ਯੂ.ਪੀ. ਦੀ ਹਿੰਦੀ ਇਹ ਸਭ ਅਮਾਇਰਾ ਨੇ 'ਰਾਜਮਾਂਹ ਚਾਵਲ' ਲਈ ਸਿੱਖਿਆ। 'ਮੈਂਟਲ ਹੈ ਕਿਯਾ' ਅਮਾਇਰਾ ਦੀ ਕੰਗਨਾ ਰਣੌਤ ਨਾਲ ਆ ਰਹੀ ਫ਼ਿਲਮ ਹੈ ਤੇ 'ਪ੍ਰਸਥਾਨਮ' ਵੀ ਉਹ ਕਰ ਰਹੀ ਹੈ। 'ਮੈਂਟਲ ਹੈ ਕਿਆ', 'ਰਾਜਮਾਂਹ ਚਾਵਲ' ਇਨ੍ਹਾਂ ਦੋ ਫ਼ਿਲਮਾਂ 'ਤੇ ਉਸ ਦਾ ਕੈਰੀਅਰ ਕਾਫ਼ੀ ਹੱਦ ਤੱਕ ਨਿਰਭਰ ਹੈ।

'ਤਾਰਕ ਮਹਿਤਾ...' ਦੇ ਦਸ ਸਾਲ

ਹਾਸ ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਆਪਣੇ ਪ੍ਰਸਾਰਨ ਦੇ ਦਸ ਸਾਲ ਪੂਰੇ ਕਰ ਲਏ ਹਨ। ਅਮਿਤ ਮੋਦੀ ਵਲੋਂ ਬਣਾਏ ਇਸ ਲੜੀਵਾਰ ਦੀ ਪਰਿਕਲਪਨਾ ਗੁਜਰਾਤ ਦੇ ਨਾਮੀ ਹਾਸ ਲੇਖਕ ਸਵਰਗੀ ਤਾਰਕ ਮਹਿਤਾ ਦੇ ਹਾਸ ਲੇਖਾਂ ਤੋਂ ਲਈ ਗਈ ਸੀ। ਗੁਜਰਾਤੀ ਹਫ਼ਤਾਵਰੀ 'ਚਿਤਰਲੇਖਾ' ਵਿਚ ਉਨ੍ਹਾਂ ਦਾ ਕਾਲਮ 'ਦੁਨੀਆ ਨੇ ਊਂਧਾ ਚਸ਼ਮਾ' ਬਹੁਤ ਲੋਕਪ੍ਰਿਆ ਰਿਹਾ ਅਤੇ ਇਸ ਕਾਲਮ ਵਿਚ ਪੇਸ਼ ਕੀਤੇ ਗਏ ਕਿਰਦਾਰ ਜਿਵੇਂ ਜੇਠਾਲਾਲ, ਦਯਾ ਬੇਨ, ਟੱਪੂ, ਚੰਪਕ ਲਾਲ, ਹੁਣ ਸਵ: ਡਾ. ਹਾਥੀ ਨੂੰ ਲੈ ਕੇ ਇਸ ਲੜੀਵਾਰ ਦਾ ਢਾਂਚਾ ਬਣਾਇਆ ਗਿਆ ਅਤੇ ਉੱਤਰ ਭਾਰਤ ਦੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਕੁਝ ਨਵੇਂ ਕਿਰਦਾਰ ਵੀ ਜੋੜੇ ਗਏ। ਇਸ ਦਾ ਪ੍ਰਸਾਰਨ 28 ਜੁਲਾਈ 2008 ਨੂੰ ਸ਼ੁਰੂ ਹੋਇਆ ਸੀ ਅਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਲੜੀਵਾਰ ਆਪਣੀ ਲੋਕਪ੍ਰਿਅਤਾ ਬਰਕਰਾਰ ਰੱਖਣ ਵਿਚ ਸਫਲ ਰਿਹਾ ਹੈ। ਇਸ ਦੀ ਸਫਲਤਾ ਬਾਰੇ ਜੇਠਾਲਾਲ ਭਾਵ ਦਿਲੀਪ ਜੋਸ਼ੀ ਕਹਿੰਦੇ ਹਨ, 'ਇਨ੍ਹਾਂ ਦਸ ਸਾਲਾਂ ਵਿਚ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਐਪੀਸੋਡ ਦਰ ਐਪੀਸੋਡ ਲੜੀਵਾਰ ਦੀ ਤਾਜ਼ਗੀ ਕਿਵੇਂ ਬਰਕਰਾਰ ਰੱਖੀ ਜਾਵੇ। ਦਰਸ਼ਕਾਂ ਨੂੰ ਇਸ ਲ਼ੜੀਵਾਰ ਨਾਲ ਜੋੜੀ ਰੱਖਣ ਲਈ ਕਦੀ ਅਸੀਂ ਇਸ ਦੀ ਸ਼ੂਟਿੰਗ ਕੱਛ ਦੇ ਰੇਗਿਸਤਾਨ ਵਿਚ ਕੀਤੀ ਤੇ ਕਦੀ ਹਾਂਗਕਾਂਗ ਸਮੇਤ ਕੁਝ ਹੋਰ ਦੇਸ਼ਾਂ ਵਿਚ ਜਾ ਕੇ ਵੀ ਸ਼ੂਟਿੰਗ ਕੀਤੀ।
ਇਸ ਲੜੀਵਾਰ ਨੂੰ ਦਿੱਤੇ ਆਪਣੀ ਜ਼ਿੰਦਗੀ ਦੇ ਦਸ ਸਾਲ ਬਾਰੇ ਉਹ ਕਹਿੰਦੇ ਹਨ, 'ਇਹ ਸੱਚ ਹੈ ਕਿ ਪਿਛਲੇ ਦਸ ਸਾਲ ਮੈਂ ਆਪਣੇ ਪਰਿਵਾਰ ਦੇ ਨਾਲ ਘੱਟ ਅਤੇ ਇਸ ਯੂਨਿਟ ਦੇ ਨਾਲ ਜ਼ਿਆਦਾ ਬਿਤਾਇਆ ਹੈ। ਆਪਸੀ ਮੇਲਜੋਲ ਤੇ ਹਾਸੇ-ਖੁਸ਼ੀ ਦੇ ਮਾਹੌਲ ਵਿਚ ਦਸ ਸਾਲ ਕਿਵੇਂ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਸਚਮੁੱਚ, ਇਸ ਲੜੀਵਾਰ ਨੇ ਸਾਡੇ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।' 'ਚਿਤਰਲੇਖਾ' ਵਿਚ ਤਾਰਕ ਮਹਿਤਾ ਦਾ ਕਾਲਮ ਤਾਂ ਪੱਚੀ ਸਾਲ ਤੋਂ ਜ਼ਿਆਦਾ ਚਲਦਾ ਰਿਹਾ ਸੀ। ਹੁਣ ਦੇਖੋ, ਇਹ ਲੜੀਵਾਰ ਅੱਗੇ ਹੋਰ ਕਿੰਨੇ ਸੈਂਕੜੇ ਬਣਾਉਣ ਵਿਚ ਕਾਮਯਾਬ ਰਹਿੰਦਾ ਹੈ।


-ਮੁੰਬਈ ਪ੍ਰਤੀਨਿਧ

ਅੰਨ੍ਹੀ ਸ਼ਰਧਾ 'ਤੇ ਚੋਟ ਹੈ 'ਮ੍ਰਿਦੰਗ'

ਨਵੇਂ ਨਿਰਮਾਤਾ-ਨਿਰਦੇਸ਼ਕ ਰਿਤੇਸ਼ ਐਸ. ਕੁਮਾਰ ਨੇ ਅੰਨ੍ਹੀ ਸ਼ਰਧਾ ਖਿਲਾਫ਼ ਆਵਾਜ਼ ਚੁੱਕਦੇ ਹੋਏ 'ਮ੍ਰਿਦੰਗ' ਬਣਾਈ ਹੈ ਅਤੇ ਇਸ ਵਿਚ ਕਹਾਣੀ ਦੀ ਭੂਮਿਕਾ ਬਿਹਾਰ ਦੀ ਰੱਖੀ ਗਈ ਹੈ ਕਿਉਂਕਿ ਉਥੋਂ ਦੇ ਪਿੰਡ-ਕਸਬਿਆਂ ਵਿਚ ਅੰਨ੍ਹੀ ਸ਼ਰਧਾ ਦਾ ਰਿਵਾਜ ਕਾਫੀ ਹੈ।
ਸੁਲਤਾਨ ਗੰਜ ਦਾ ਵਾਸੀ ਆਦਿਤਿਆ (ਮਨੋਜ ਕੁਮਾਰ ਰਾਓ) ਪੇਸ਼ੇ ਤੋਂ ਵਕੀਲ ਹੈ ਅਤੇ ਉਸ ਦੀ ਪ੍ਰੈਕਟਿਸ ਠੀਕ-ਠਾਕ ਚੱਲ ਰਹੀ ਹੁੰਦੀ ਹੈ। ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ। ਉਸ ਦਾ ਵਿਆਹ ਸੋਨਮ (ਰੋਜ਼ ਲਸ਼ਕਰ) ਨਾਲ ਹੁੰਦਾ ਹੈ ਅਤੇ ਇਨ੍ਹਾਂ ਦਾ ਗ੍ਰਹਿਸਥ ਜੀਵਨ ਖੁਸ਼ੀ ਨਾਲ ਬੀਤ ਰਿਹਾ ਹੁੰਦਾ ਹੈ। ਵਿਆਹ ਤੋਂ ਬਾਅਦ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਤੋਂ ਵਾਂਝਾ ਰਹਿੰਦਾ ਹੈ। ਕਿਸੇ ਜ਼ਮਾਨੇ ਵਿਚ ਆਪਣੇ ਕਿਸੇ ਕੰਮ ਦੇ ਸਿਲਸਿਲੇ ਵਿਚ ਆਦਿਤਿਆ ਦੀ ਮਾਂ ਨੇ ਮੰਨਤ ਮੰਗੀ ਹੁੰਦੀ ਹੈ ਅਤੇ ਕੰਮ ਪੂਰਾ ਹੋਣ ਬਾਅਦ ਉਹ ਆਪਣੀ ਮੰਨਤ ਪੂਰੀ ਕਰਨ ਤੋਂ ਬਗ਼ੈਰ ਹੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ। ਕਿਉਂਕਿ ਆਦਿਤਿਆ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਹੈ, ਇਸ ਲਈ ਉਹ ਆਪਣੀ ਮਾਂ ਦੀ ਅਧੂਰੀ ਰਹਿ ਗਈ ਮੰਨਤ ਵੱਲ ਤਵੱਜੋ ਨਹੀਂ ਦਿੰਦਾ। ਦੂਜੇ ਪਾਸੇ ਸੋਨਮ ਨੂੰ ਲਗਦਾ ਹੈ ਕਿ ਇਸ ਅਧੂਰੀ ਮੰਨਤ ਦੀ ਵਜ੍ਹਾ ਕਰਕੇ ਹੀ ਉਹ ਮਾਂ ਨਹੀਂ ਬਣ ਪਾ ਰਹੀ ਹੈ। ਉਹ ਆਪਣੇ ਪਤੀ 'ਤੇ ਮੰਨਤ ਪੂਰੀ ਕਰਨ ਲਈ ਜ਼ੋਰ ਪਾਉਂਦੀ ਹੈ ਪਰ ਪਤੀ ਅਣਸੁਣੀ ਕਰ ਦਿੰਦਾ ਹੈ। ਇਕ ਦਿਨ ਸੋਨਮ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਹ ਕੋਮਾ ਵਿਚ ਚਲੀ ਜਾਂਦੀ ਹੈ। ਉਦੋਂ ਆਦਿਤਿਆ ਨੂੰ ਵੀ ਲਗਦਾ ਹੈ ਕਿ ਅਧੂਰੀ ਮੰਨਤ ਦੀ ਵਜ੍ਹਾ ਕਰਕੇ ਹੀ ਉਸ 'ਤੇ ਦੁੱਖ ਆ ਪਿਆ ਹੈ। ਆਖ਼ਿਰਕਾਰ ਉਹ ਮੰਨਤ ਪੂਰੀ ਕਰਨ ਦਾ ਮਨ ਬਣਾ ਲੈਂਦਾ ਹੈ ਪਰ ਇਸ ਲਈ ਉਸ ਨੂੰ ਜਿਸ ਪ੍ਰਕਿਰਿਆ ਵਿਚੀਂ ਲੰਘਣਾ ਪੈਂਦਾ ਹੈ, ਉਸ ਦੀ ਬਦੌਲਤ ਸ਼ਹਿਰ ਦੇ ਲੋਕਾਂ ਦੀ ਭਾਵਨਾ ਨੂੰ ਸੱਟ ਵੱਜਦੀ ਹੈ ਅਤੇ ਉਹ ਇਸ ਦੇ ਵਿਰੋਧ ਵਿਚ ਸੜਕਾਂ 'ਤੇ ਉੱਤਰ ਆਉਂਦੇ ਹਨ। ਦੇਖਦੇ ਹੀ ਦੇਖਦੇ ਸ਼ਹਿਰ ਵਿਚ ਕੌਮੀ ਦੰਗਾ ਫੈਲ ਜਾਂਦਾ ਹੈ। ਆਦਿਤਿਆ ਦੇ ਖਿਲਾਫ਼ ਕੇਸ ਦਾਇਰ ਕਰ ਦਿੱਤਾ ਜਾਂਦਾ ਹੈ। ਵਕੀਲ ਹੋਣ ਦੇ ਨਾਤੇ ਉਹ ਆਪਣੀ ਜ਼ਿਰਹਾ ਖ਼ੁਦ ਕਰਦਾ ਹੈ ਅਤੇ ਜ਼ਿਰਹਾ ਦੌਰਾਨ ਉਹ ਅੰਧ-ਵਿਸ਼ਵਾਸ ਦੇ ਖਿਲਾਫ਼ ਮਜ਼ਬੂਤ ਪੱਖ ਰੱਖ ਕੇ ਸਮਾਜ ਨੂੰ ਨਵੀਂ ਰਾਹ ਦਿਖਾਉਂਦਾ ਹੈ।


-ਮੁੰਬਈ ਪ੍ਰਤੀਨਿਧ

ਕੋਮਲ ਕਲਾਵਾਂ ਦਾ ਮਾਲਕ

ਰੰਜੀਵਨ ਸਿੰਘ

ਚੰਡੀਗੜ੍ਹ-ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਰੰਜੀਵਨ ਸਿੰਘ ਨੂੰ ਜਦੋਂ ਕਾਲਾ ਕੋਟ-ਪੈਂਟ ਅਤੇ ਟਾਈ ਲਾ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰੋਜ਼ਾਨਾ ਜਾਂਦਿਆਂ ਦੇਖਦੇ ਹੋਣਗੇ ਤਾਂ ਹਰ ਇਕ ਦੇ ਦਿਲ ਵਿਚ ਇਹੀ ਖਿਆਲ ਆਉਂਦਾ ਹੋਵੇਗਾ ਕਿ ਇਹ ਬਾਬੂ ਬਹੁਤ ਆਕੜ ਖਾਂ ਹੋਵੇਗਾ ਅਤੇ ਸਿੱਧੇ ਮੂੰਹ ਕਿਸੇ ਨਾਲ ਗੱਲ ਤੱਕ ਵੀ ਨਹੀਂ ਕਰਦਾ ਹੋਵੇਗਾ, ਪਰ ਇਸ ਦੇ ਐਨ ਉਲਟ ਜਦੋਂ ਸਾਹਿਤ, ਸੰਗੀਤ ਅਤੇ ਰੰਗਮੰਚ ਪ੍ਰੇਮੀ ਉਸ ਨੂੰ ਕਿਸੇ ਸਟੇਜ 'ਤੇ ਕਵਿਤਾ ਬੋਲਦੇ ਹੋਏ ਜਾਂ ਨਾਟਕ ਖੇਡਦੇ ਹੋਏ ਕਿਸੇ ਗ਼ਰੀਬ ਮਜ਼ਦੂਰ ਜਾਂ ਚੌਧਰੀ ਦੇ ਕਿਰਦਾਰ ਵਿਚ ਦੇਖਦੇ ਹੋਣਗੇ ਤਾਂ ਉਹ ਪਹਿਲੀ ਵਾਰ ਯਕੀਨ ਹੀ ਨਹੀਂ ਕਰਦੇ ਹੋਣਗੇ ਕਿ ਹਾਈ ਕੋਰਟ ਵਿਚ ਕਿਸੇ ਜੱਜ ਨਾਲ ਕਿਸੇ ਕੇਸ ਦੇ ਸਿਲਸਿਲੇ ਵਿਚ ਜਿਰ੍ਹਾ ਜਾਂ ਬਹਿਸ ਕਰਨ ਵਾਲਾ ਇਹ ਸ਼ਖ਼ਸ ਕੋਮਲ ਕਲਾਵਾਂ ਦਾ ਮਾਲਕ ਵੀ ਹੋ ਸਕਦਾ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਅਤੇ ਪਿਤਾ ਸ: ਰਿਪੁਦਮਨ ਸਿੰਘ ਰੂਪ ਦੇ ਘਰ ਜਨਮੇ ਰੰਜੀਵਨ ਦਾ ਬਚਪਨ ਚੰਡੀਗੜ੍ਹ ਅਤੇ ਮੁਹਾਲੀ ਵਿਚ ਹੀ ਗੁਜ਼ਰਿਆ ਉਸ ਨੇ ਉੱਚ ਵਿੱਦਿਆ ਅਤੇ ਐਲ. ਐਲ. ਬੀ. ਚੰਡੀਗੜ੍ਹ ਤੋਂ ਕਰਨ ਉਪਰੰਤ ਵਕਾਲਤ ਸ਼ੁਰੂ ਕਰ ਦਿੱਤੀ ਪਰ ਆਪਣੇ ਮਨ ਵਿਚਲੇ ਕਵੀ ਅਤੇ ਅਦਾਕਾਰ ਨੂੰ ਉਹ ਅੱਗੇ ਆਉਣ ਤੋਂ ਨਹੀਂ ਰੋਕ ਸਕਿਆ। ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਕੱਤਰ ਰਹਿ ਚੁੱਕੇ ਰੰਜੀਵਨ ਨੇ ਅਨੇਕਾਂ ਹੀ ਨਾਟਕ ਖੇਡੇ ਅਤੇ ਉਨ੍ਹਾਂ ਦੀਆਂ ਕਈ ਕਈ ਪੇਸ਼ਕਾਰੀਆਂ ਵੀ ਦਿੱਤੀਆਂ ਜਿਨ੍ਹਾਂ ਵਿਚ 'ਮੇਰਾ ਉਜੜਿਆ ਗੁਆਂਡੀ, ਮੁੱਖ ਮਹਿਮਾਨ, ਭਾਬੀ ਮੈਨਾਂ, ਸਿਰ ਦੀਜੈ ਕਾਨ ਨਾ ਕੀਜੈ, ਫਰੀਡਮ ਫਾਈਟਰ, ਸਰਦਾਰ, ਬਲਖ ਬੁਖਾਰੇ, ਜ਼ਫਰਨਾਮਾ, ਖੁਸਰੇ, ਦਫਤਰ, ਮਸਤਾਨੇ, ਜਹਾਜ਼, ਬੇਰੀਆਂ, ਸੌਰੀ, ਦਾ ਪੇਇੰਗ ਗੈਸਟ, ਸੁੰਨਾ ਵਿਹੜਾ, ਕਹਾਣੀ ਇਕ ਪਿੰਡ ਦੀ' ਸਮੇਤ ਜਿਥੇ ਹੋਰ ਵੀ ਕਈ ਅਨੇਕਾਂ ਹੀ ਨਾਟਕ ਖੇਡੇ ਉੱਥੇ ਹੀ ਸੁਰਜੀਤ ਬਿੰਦਰੱਖੀਏ ਦੇ ਗੀਤ ਪੇਕੇ ਹੁੰਦੇ ਮਾਵਾਂ ਨਾਲ, ਫਿਰੋਜ਼ ਖਾਨ ਦੇ ਗੀਤ 'ਘਰ ਇਕ ਮੰਦਰ', ਬਲਬੀਰ ਸੂਫੀ ਦੇ ਗੀਤ 'ਚੌਕੀਦਾਰ', ਐਮੀ ਵਿਰਕ, ਹਾਰਡੀ ਸੰਧੂ, ਜੱਸੀ ਗਿੱਲ ਦੇ ਗੀਤ 'ਗੋਲ' ਤੋਂ ਇਲਾਵਾ ਅਨੇਕਾਂ ਹੀ ਹੋਰ ਵੀ ਗੀਤਾਂ ਵਿਚ ਵੱਖ-ਵੱਖ ਕਿਰਦਾਰ ਵੀ ਨਿਭਾਏ ਅਤੇ ਟੈਲੀ ਫਿਲਮਾਂ 'ਕੰਮੋ, ਗੂੰਜ, ਦਫਤਰ, ਫੁੱਲਾਂ ਕੱਢੀ ਚਾਦਰ, ਗਦਰ ਦੀ ਗੂੰਜ, ਫਾਂਸੀ, ਫੇਰ ਮਾਮਲਾ ਗੜਬੜ' ਆਦਿ ਤੋਂ ਇਲਾਵਾ ਫੀਚਰ ਫਿਲਮਾਂ, ਮੈਂ ਮਾਂ ਪੰਜਾਬ ਦੀ, ਦੇਸ ਹੋਇਆ ਪ੍ਰਦੇਸ, ਪੰਜਾਬਣ, ਮਿੱਤਰ ਪਿਆਰੇ ਨੂੰ, ਯਾਰ ਅਣਮੁੱਲੇ 2, ਜਰਨੀ ਆਫ ਪੰਜਾਬ' ਅਤੇ ਹਿੰਦੀ ਫਿਲਮ 'ਚਿੰਟੂ ਜੀ' ਵਿਚ ਵੱਖ-ਵੱਖ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।


-ਪੱਤਰਕਾਰ ਟੋਰਾਂਟੋ (ਕੈਨੇਡਾ)।

ਚਾਣਕਿਆ ਦੇ ਨਵੇਂ ਅਵਤਾਰ ਵਿਚ ਅਜੈ ਦੇਵਗਨ

ਇਤਿਹਾਸਕ ਕਿਰਦਾਰ ਚਾਣਕਿਆ ਸਮੇਂ-ਸਮੇਂ 'ਤੇ ਬਾਲੀਵੁੱਡ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਸੱਤਰ ਦੇ ਦਹਾਕੇ ਵਿਚ ਦਿਲੀਪ ਕੁਮਾਰ ਨੂੰ ਚਾਣਕਿਆ ਦੀ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਲਈ ਇਕ ਸਪੈਸ਼ਲ ਵਿੱਗ ਵੀ ਲੰਡਨ ਤੋਂ ਮੰਗਵਾਈ ਸੀ ਪਰ ਬਾਅਦ ਵਿਚ ਇਹ ਫ਼ਿਲਮ ਅੱਗੇ ਨਹੀਂ ਵਧ ਸਕੀ ਅਤੇ ਡੱਬਾਬੰਦ ਹੋ ਗਈ ਸੀ। ਜਦੋਂ ਸੀਰੀਅਲ ਦਾ ਜ਼ਮਾਨਾ ਸ਼ੁਰੂ ਹੋਇਆ ਉਦੋਂ ਡਾ: ਚੰਦਰ ਪ੍ਰਕਾਸ਼ ਦਿਵੇਦੀ ਨੇ ਚਾਣਕਿਆ 'ਤੇ ਆਧਾਰਿਤ ਲੜੀਵਾਰ ਬਣਾਇਆ ਅਤੇ ਖ਼ੁਦ ਹੀ ਇਸ ਵਿਚ ਚਾਣਕਿਆ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਮਨੋਜ ਜੋਸ਼ੀ ਇਕ ਜ਼ਮਾਨੇ ਤੋਂ ਚਾਣਕਿਆ 'ਤੇ ਆਧਾਰਿਤ ਨਾਟਕ ਦਾ ਮੰਚਨ ਕਰਦੇ ਆ ਰਹੇ ਹਨ। ਹੁਣ ਅਜੈ ਦੇਵਗਨ ਨੇ ਐਲਾਨ ਕੀਤਾ ਹੈ ਕਿ ਉਹ ਵੱਡੇ ਪਰਦੇ 'ਤੇ ਚਾਣਕਿਆ ਦੀ ਭੂਮਿਕਾ ਨਿਭਾਉਣ ਵਾਲੇ ਹਨ।
ਪਰ ਉਨ੍ਹਾਂ ਦੀ ਇਹ ਫ਼ਿਲਮ ਚਾਣਕਿਆ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ। ਇਥੇ ਉਹ ਅੱਜ ਦੇ ਜ਼ਮਾਨੇ ਦੇ ਚਾਣਕਿਆ ਦੀ ਭੂਮਿਕਾ ਵਿਚ ਪੇਸ਼ ਹੋਣਗੇ। ਨੀਰਜ ਪਾਂਡੇ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਹ ਫ਼ਿਲਮ ਅੱਜ ਦੀ ਰਾਜਨੀਤੀ 'ਤੇ ਆਧਾਰਿਤ ਹੈ ਅਤੇ ਇਸ ਵਿਚ ਅਜੈ ਦੇਵਗਨ ਪਰਦੇ ਦੇ ਪਿੱਛੇ ਦੀ ਰਾਜਨੀਤੀ ਦੇ ਦਾਅ-ਪੇਚ ਖੇਡਦੇ ਨਜ਼ਰ ਆਉਣਗੇ।
ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਹ ਅਗਲੇ ਸਾਲ ਦੇ ਮੱਧ ਵਿਚ ਪ੍ਰਦਰਸ਼ਿਤ ਹੋਵੇਗੀ।
ਉਂਝ, ਇਸ ਤੋਂ ਪਹਿਲਾਂ ਫ਼ਿਲਮ 'ਰਾਜਨੀਤੀ' ਵਿਚ ਅਜੈ ਦੇਵਗਨ ਨੇ ਜੋ ਕਿਰਦਾਰ ਨਿਭਾਇਆ ਸੀ, ਉਹ ਮਹਾਭਾਰਤ ਦੇ ਕਰਣ ਦਾ ਆਧੁਨਿਕ ਰੂਪ ਸੀ। ਹੁਣ ਉਹ ਚਾਣਕਿਆ ਨੂੰ ਨਵੇਂ ਅਵਤਾਰ ਵਿਚ ਪੇਸ਼ ਕਰਨਗੇ।

ਫ਼ਿਲਮੀ ਖ਼ਬਰਾਂ

ਅਨੀਤਾ ਰਾਜ ਦੀ ਵਾਪਸੀ

ਸਾਲ 2012 ਵਿਚ ਪ੍ਰਦਰਸ਼ਿਤ ਹੋਈ 'ਚਾਰ ਦਿਨ ਕੀ ਚਾਂਦਨੀ' ਵਿਚ ਵੱਡੇ ਪਰਦੇ 'ਤੇ ਚਮਕਣ ਤੋਂ ਬਾਅਦ ਹੁਣ ਅਨੀਤਾ ਰਾਜ ਨੇ ਫਿਰ ਇਕ ਫ਼ਿਲਮ ਰਾਹੀਂ ਆਪਣੀ ਵਾਪਸੀ ਕੀਤੀ ਹੈ। ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ ਵਿਚ ਉਹ ਉਨ੍ਹਾਂ ਦੀ ਭੈਣ ਲਤਾ ਖੰਨਾ ਦਾ ਕਿਰਦਾਰ ਨਿਭਾਅ ਰਹੀ ਹੈ।
ਅਨੀਤਾ ਅਨੁਸਾਰ ਉਸ ਨੂੰ ਸਮੇਂ ਸਮੇਂ ਫ਼ਿਲਮਾਂ ਦੀਆਂ ਪੇਸ਼ਕਸ਼ ਹੁੰਦੀਆਂ ਰਹਿੰਦੀਆਂ ਹਨ ਪਰ ਦਮਦਾਰ ਭੂਮਿਕਾ ਨਾ ਹੋਣ ਕਰਕੇ ਉਹ ਇਨ੍ਹਾਂ ਨੂੰ ਨਕਾਰਦੀ ਰਹੀ ਹੈ।
ਲਤਾ ਖੰਨਾ ਦੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਹਾਲਾਂਕਿ ਮੈਨੂੰ ਲਤਾ ਜੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਸੋ, ਮੈਂ ਲੇਖਕ ਧੀਰਜ ਮਿਸ਼ਰਾ ਨਾਲ ਸੰਪਰਕ ਕਰ ਕੇ ਇਸ ਕਿਰਦਾਰ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜਦੋਂ ਪਤਾ ਲੱਗਿਆ ਕਿ ਦੀਨ ਦਿਆਲ ਜੀ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਸੀ। ਇਹ ਇਸ ਤਰ੍ਹਾਂ ਦੀ ਭੂਮਿਕਾ ਹੈ ਜੋ ਮੈਂ ਪਹਿਲਾਂ ਕਦੀ ਨਹੀਂ ਨਿਭਾਈ ਅਤੇ ਇਸ ਬਾਇਓਪਿਕ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।'
ਹੁਣ ਦੇਖਣਾ ਇਹ ਹੈ ਕਿ ਫ਼ਿਲਮ ਵਿਚ ਦੀਨ ਦਿਆਲ ਉਪਾਧਿਆਏ ਦੀ ਭੂਮਿਕਾ ਲਈ ਕਿਸ ਕਲਾਕਾਰ ਦੀ ਚੋਣ ਕੀਤੀ ਜਾਂਦੀ ਹੈ।
'ਸੈਲੂਟ' ਵਿਚ ਸ਼ਾਹਰੁਖ ਖਾਨ

ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ 'ਤੇ ਬਣ ਰਹੀ ਫ਼ਿਲਮ 'ਸੈਲੂਟ' ਲਈ ਸ਼ਾਹਰੁਖ ਖਾਨ ਨੂੰ ਕਰਾਰਬੱਧ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਮਹੇਸ਼ ਮਥਾਈ ਅਤੇ ਨਿਰਮਾਤਾ ਹਨ ਸਿਧਾਰਥ ਰਾਏ ਕਪੂਰ। 'ਜ਼ੀਰੋ' ਵਿਚ ਆਪਣਾ ਕੰਮ ਖ਼ਤਮ ਕਰ ਕੇ ਸ਼ਾਹਰੁਖ ਇਸ ਦੀ ਸ਼ੂਟਿੰਗ ਸ਼ੁਰੂ ਕਰਨਗੇ।


-ਮੁੰਬਈ ਪ੍ਰਤੀਨਿਧ

ਹੁਣ ਮਧੂਬਾਲਾ ਦੀ ਬਾਇਓਪਿਕ

ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ 'ਸੰਜੂ' ਜਿਥੇ ਤਿੰਨ ਸੌ ਕਰੋੜ ਦਾ ਅੰਕੜਾ ਪਾਰ ਕਰਨ ਵਿਚ ਸਫ਼ਲ ਰਹੀ, ਉਥੇ ਹੁਣ ਖ਼ਬਰ ਆ ਰਹੀ ਹੈ ਕਿ ਸਵਰਗੀ ਅਭਿਨੇਤਰੀ ਮਧੂਬਾਲਾ ਦੀ ਜ਼ਿੰਦਗੀ 'ਤੇ ਵੀ ਫ਼ਿਲਮ ਬਣਾਉਣ ਦਾ ਨਿਰਣਾ ਲਿਆ ਗਿਆ ਹੈ। ਇਸ ਸਿਲਸਿਲੇ ਵਿਚ ਮਧੂਬਾਲਾ ਦੀ ਭੈਣ ਮਧੁਰ ਭੂਸ਼ਣ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਮਧੂਬਾਲਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਸਨ ਪਰ ਉਹ ਆਪਣੀ ਭੈਣ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਲਈ ਗੰਭੀਰ ਨਹੀਂ ਸੀ। ਪਰ ਹੁਣ ਉਸ ਨੂੰ ਲਗਦਾ ਹੈ ਕਿ ਮਧੂਬਾਲਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਸਹੀ ਸਮਾਂ ਆ ਗਿਆ ਹੈ। ਮਧੁਰ ਅਨੁਸਾਰ ਉਹ ਆਪਣੀ ਭੈਣ ਦੀ ਬਾਇਓਪਿਕ ਵਿਚ ਭੈਣ ਦੀ ਜ਼ਿੰਦਗੀ ਦੀ ਸੱਚਾਈ ਦੁਨੀਆ ਸਾਹਮਣੇ ਪੇਸ਼ ਕਰੇਗੀ। ਇਸ ਵਿਚ ਮਧੂਬਾਲਾ ਦੇ ਦਿਲੀਪ ਕੁਮਾਰ ਨਾਲ ਰਿਸ਼ਤੇ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਨਾਲ ਹੀ ਇਹ ਵੀ ਦਿਖਾਇਆ ਜਾਵੇਗਾ ਕਿ ਮਧੂਬਾਲਾ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਕਿਹੜੇ ਸੰਯੋਗਾਂ ਨਾਲ ਕੀਤਾ ਸੀ।
ਇਸ ਫ਼ਿਲਮ ਦੇ ਨਿਰਦੇਸ਼ਕ ਕੌਣ ਹੋਣਗੇ ਇਸ 'ਤੇ ਸੋਚ-ਵਿਚਾਰ ਚੱਲ ਰਹੀ ਹੈ ਅਤੇ ਮਧੁਰ ਹੁਣ ਮਧੂਬਾਲਾ ਦੀ ਆਤਮਕਥਾ ਵੀ ਲਿਖਣ ਜਾ ਰਹੀ ਹੈ ਜੋ ਕਿ ਇਸ ਫ਼ਿਲਮ ਦੀ ਰਿਲੀਜ਼ ਦੇ ਸਮੇਂ ਪ੍ਰਕਾਸ਼ਿਤ ਕੀਤੀ ਜਾਵੇਗੀ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਬਾਜ਼ਾਰ ਦਾ 'ਚੰਨ' ਦਰਸ਼ਨ ਔਲਖ

ਬਾਲੀਵੁੱਡ ਇੰਡਸਟਰੀ ਵੀ ਲਾਈਨ ਨਿਰਮਾਤਾ ਦੇ ਤੌਰ 'ਤੇ ਦਰਸ਼ਨ ਔਲਖ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਤੇ ਸੰਤੁਸ਼ਟ ਹੈ ਤੇ ਰਹੀ ਗੱਲ ਖੁਦ ਦਰਸ਼ਨ ਔਲਖ ਦੀ ਤਾਂ ਉਹ ਆਪਣੀਆਂ ਪ੍ਰਾਪਤੀਆਂ 'ਤੇ ਰੱਬ ਦਾ ਲੱਖ ਸ਼ੁਕਰ ਕਰਦਾ ਹੈ। ਇਹ ਵੀ ਸਬੱਬ ਹੈ ਕਿ 23 ਜੁਲਾਈ ਨੂੰ ਉਸ ਦਾ ਜਨਮ ਦਿਨ ਹੈ ਤੇ ਇਸ ਵਾਰ ਸ਼ਾਦ ਅਲੀ ਦੀ 'ਸੂਰਮਾ' ਹਿੱਟ ਹੋਣ 'ਤੇ ਅਤੇ ਨਰਗਿਸ ਫਾਖਰੀ ਨਾਲ ਹਾਲੀਵੁੱਡ ਦੀ ਆ ਰਹੀ ਫ਼ਿਲਮ '5 ਵੈਡਿੰਗਜ਼' ਦੇ ਪ੍ਰਚਾਰ-ਪ੍ਰਸਾਰ ਸਬੰਧੀ ਹੋ ਰਹੀ ਖਾਸ ਪਾਰਟੀ ਹੈ। ਪੰਜਾਬੀ ਦੀਆਂ ਅਣਗਿਣਤ ਫ਼ਿਲਮਾਂ 'ਚ ਤਰ੍ਹਾਂ-ਤਰ੍ਹਾਂ ਦੇ ਅਭਿਨੈ ਕਰ ਕੇ ਇਨ੍ਹਾਂ ਦੀ ਸ਼ੂਟਿੰਗ 'ਚ ਨਿਰਮਾਣ ਪ੍ਰਬੰਧਨ ਦੀ ਜ਼ਿੰਮੇਵਾਰੀ ਤੋਂ ਲੈ ਕੇ ਯਸ਼ਰਾਜ ਫ਼ਿਲਮਜ਼, ਸਲਮਾਨ ਖ਼ਾਨ, ਸੈਫ਼ ਅਲੀ, ਕਬੀਰ ਖ਼ਾਨ ਸਮੇਤ ਲੋਕ ਇਸ ਨਿਰਮਾਤਾ-ਨਿਰਦੇਸ਼ਕ ਦੀਆਂ ਬਾਲੀਵੁੱਡ ਫ਼ਿਲਮਾਂ ਦੀ ਉੱਤਰੀ ਭਾਰਤ 'ਚ ਸ਼ੂਟਿੰਗ ਕਰਵਾਉਣ ਦੀ ਜ਼ਿੰਮੇਵਾਰੀ 'ਸੂਈ ਧਾਗੇ' ਤੋਂ ਲੈ ਕੇ ਹਵਾਈ ਜਹਾਜ਼ ਤੱਕ ਨਿਭਾਅ ਕੇ ਅੰਤਰਰਾਸ਼ਟਰੀ ਸਿਨੇਮਾ 'ਚ ਵੀ ਉਸ ਨੇ ਆਪਣਾ ਵਜੂਦ ਕਾਇਮ ਕੀਤਾ ਹੈ। ਹੁਣ ਦਰਸ਼ਨ ਔਲਖ ਦੀ ਤਮੰਨਾ ਫ਼ਿਲਮ ਡਾਇਰੈਕਟ ਕਰਨ ਦੀ ਹੈ, ਜੋ ਆਪਣੀ ਮਾਂ-ਬੋਲੀ ਦਾ ਮਾਣ ਵਧਾਏ।


-ਅੰਮ੍ਰਿਤ ਪਵਾਰ

ਰਵਜੋਤ ਮਹਿਕ ਸਿੰਘ ਨੇ ਜਿੱਤਿਆ ਪੁਰਸਕਾਰ

ਆਪਣੀ ਮਾਤਾ ਪਿੰਕੀ ਪਾਰਸ ਲਈ ਦੋ ਵੀਡੀਓ 'ਮਹਿੰਦੀ' ਤੇ 'ਮੈਂ ਕੀ ਕਰਾਂ' ਨਿਰਦੇਸ਼ਿਤ ਕਰ ਕੇ ਤਾਰੀਫ਼ਾਂ ਖੱਟਣ ਵਿਚ ਕਾਮਯਾਬ ਰਹੀ ਰਵਜੋਤ ਮਹਿਕ ਸਿੰਘ ਨੇ ਹੁਣ ਡਾਕੂਮੈਂਟਰੀ ਫ਼ਿਲਮ ਦੇ ਖੇਤਰ ਵਿਚ ਵੀ ਆਪਣੇ ਨਾਂਅ ਦੇ ਝੰਡੇ ਗੱਢ ਦਿੱਤੇ ਹਨ।
ਰਵਜੋਤ ਅਮਰੀਕਾ ਵਿਚ ਰਹਿੰਦੀ ਹੈ ਅਤੇ ਉਸ ਨੇ ਉਥੇ ਦੀ ਸਰਕਾਰੀ ਸਿਹਤ ਸੇਵਾ ਦੀਆਂ ਕਮੀਆਂ ਨੂੰ ਆਪਣੀ ਫ਼ਿਲਮ ਰਾਹੀਂ ਉਜਾਗਰ ਕਰ ਕੇ ਟਰੰਪ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਰਵਜੋਤ ਦੀ ਇਸ ਡਾਕੂਮੈਂਟਰੀ ਫ਼ਿਲਮ ਦਾ ਨਾਂਅ ਹੈ 'ਆਈ ਸਟੈਂਡ ਵਿਦ ਜੱਸੀ' ਅਤੇ ਇਸ ਵਿਚ ਤਿੰਨ ਬੱਚਿਆਂ ਦੀ ਮਾਂ ਤੇ ਸਿੰਗਲ ਮਦਰ ਵਰਗੀ ਜ਼ਿੰਦਗੀ ਦਾ ਦਰਦਨਾਕ ਕਿੱਸਾ ਬਿਆਨ ਕੀਤਾ ਗਿਆ ਹੈ। ਭਾਰਤੀ ਮੂਲ ਦੀ ਜੱਸੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਸਰਕਾਰੀ ਸਿਹਤ ਸੇਵਾ ਤੋਂ ਸਹਾਇਤਾ ਹਾਸਲ ਕਰਨਾ ਚਾਹੁੰਦੀ ਹੈ। ਉਸ ਨੂੰ ਇਹ ਸਹਾਇਤਾ ਮਿਲਣ ਵਿਚ ਪੰਜ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਨਤੀਜਾ ਕੈਂਸਰ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ। ਰਵਜੋਤ ਨੇ ਆਪਣੀ ਇਸ ਫ਼ਿਲਮ ਵਿਚ ਸਰਕਾਰੀ ਕੰਮ ਵਿਚ ਦੇਰੀ ਦੇ ਖਿਲਾਫ਼ ਆਵਾਜ਼ ਚੁੱਕੀ ਹੈ ਅਤੇ ਉਥੇ ਉਸ ਨੂੰ ਆਮ ਜਨਤਾ ਦਾ ਭਾਰੀ ਸਮਰਥਨ ਵੀ ਮਿਲਿਆ ਹੈ।
ਇਸ ਦਸਤਾਵੇਜ਼ੀ ਫ਼ਿਲਮ ਨੂੰ ਇੰਪੈਕ ਡੌਕ ਫ਼ਿਲਮ ਸਮਾਰੋਹ ਵਿਚ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਨਾਲ ਹੀ ਮੁੰਬਈ ਵਿਚ ਆਯੋਜਿਤ ਹੋਏ ਦਾਦਾ ਸਾਹਿਬ ਫਾਲਕੇ ਫ਼ਿਲਮ ਸਮਾਰੋਹ ਵਿਚ ਵੀ ਇਹ ਪੁਰਸਕਾਰ ਜਿੱਤਣ ਵਿਚ ਕਾਮਯਾਬ ਰਹੀ।
ਆਪਣੀ ਇਸ ਕਾਮਯਾਬੀ ਨਾਲ ਨੌਜਵਾਨ ਰਵਜੋਤ ਦਾ ਆਤਮ-ਵਿਸ਼ਵਾਸ ਹੋਰ ਵਧਿਆ ਹੈ ਅਤੇ ਹੁਣ ਉਸ ਨੇ ਆਪਣੇ ਕਦਮ ਫ਼ਿਲਮ ਨਿਰਦੇਸ਼ਨ ਵੱਲ ਵਧਾ ਲਏ ਹਨ। ਉਸ ਨੇ ਦੋ ਫ਼ਿਲਮਾਂ ਦੇ ਨਿਰਦੇਸ਼ਨ ਦੀ ਯੋਜਨਾ ਬਣਾ ਲਈ ਹੈ ਅਤੇ ਇਹ ਫ਼ਿਲਮਾਂ ਅਮਰੀਕਾ ਵਿਚ ਸ਼ੂਟ ਕੀਤੀਆਂ ਜਾਣਗੀਆਂ। ਨਾਲ ਹੀ ਉਹ ਪਿੰਕੀ ਪਾਰਸ ਦਾ ਅਗਲਾ ਵੀਡੀਓ ਵੀ ਨਿਰਦੇਸ਼ਿਤ ਕਰੇਗੀ।
ਉਮੀਦ ਹੈ ਕਿ ਉਸ ਦੀਆਂ ਫ਼ਿਲਮਾਂ ਵੀ ਪੁਰਸਕਾਰ ਤੇ ਰਿਵਾਰਡ ਜਿੱਤਣ ਵਿਚ ਕਾਮਯਾਬ ਰਹਿਣਗੀਆਂ।


-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX