ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਹੋਰ ਖ਼ਬਰਾਂ..

ਖੇਡ ਜਗਤ

ਵਿੰਬਲਡਨ ਮੁਕਾਬਲਿਆਂ ਨੇ ਹਿਲਾਈ ਟੈਨਿਸ ਦੀ ਦੁਨੀਆ

ਇੰਗਲੈਂਡ ਵਿਚ ਹੁੰਦਾ ਟੈਨਿਸ ਦੁਨੀਆ ਦਾ ਸਭ ਤੋਂ ਪੁਰਾਤਨ ਟੂਰਨਾਮੈਂਟ ਭਾਵ ਵਿੰਬਲਡਨ ਟੂਰਨਾਮੈਂਟ ਇਸ ਵਾਰ ਅਜਿਹੇ ਨਤੀਜੇ ਦੇ ਗਿਆ, ਜਿਸ ਨਾਲ ਸਮੁੱਚੀ ਟੈਨਿਸ ਦੁਨੀਆ ਹਿੱਲ ਗਈ ਹੈ। ਇਹ ਉਹ ਟੂਰਨਾਮੈਂਟ ਸੀ, ਜਿਸ ਵਿਚ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਫਾਈਨਲ ਵਿਚ ਦੱਖਣੀ ਅਫਰੀਕਾ ਦੇ ਕੈਵਿਨ ਐਂਡਰਸਨ ਨੂੰ ਹਰਾ ਕੇ ਆਪਣੇ ਟੈਨਿਸ ਜੀਵਨ ਦਾ ਚੌਥਾ ਵਿੰਬਲਡਨ ਖਿਤਾਬ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਉਹ 2011, 2014 ਅਤੇ 2015 ਵਿਚ ਵੀ ਟਰਾਫੀ ਜਿੱਤ ਚੁੱਕੇ ਹਨ। ਜੋਕੋਵਿਚ ਨੇ ਸੈਮੀਫਾਈਨਲ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਹਰਾਇਆ ਸੀ। ਖਾਸ ਗੱਲ ਇਹ ਵੀ ਸੀ ਕਿ ਨੋਵਾਕ ਜੋਕੋਵਿਚ ਨੇ ਚੌਥੇ ਵਿੰਬਲਡਨ ਗ੍ਰੈਂਡਸਲੈਮ ਦਾ ਜਸ਼ਨ ਸੈਂਟਰ ਕੋਰਟ ਦਾ ਘਾਹ ਖਾ ਕੇ ਮਨਾਇਆ। ਜੋਕੋਵਿਚ ਦੇ ਸੈਂਟਰ ਕੋਰਟ ਤੋਂ ਘਾਹ ਮੂੰਹ ਵਿਚ ਪਾਉਣਾ ਤਦ ਤੋਂ ਰਵਾਇਤ ਬਣ ਗਈ ਹੈ, ਜਦੋਂ ਉਨ੍ਹਾਂ ਨੇ 2011 ਫਾਈਨਲ ਵਿਚ ਨਡਾਲ ਨੂੰ ਹਰਾ ਕੇ ਸਭ ਤੋਂ ਪਹਿਲਾਂ ਅਜਿਹਾ ਕੀਤਾ ਸੀ ਅਤੇ ਇਸ ਵਾਰ ਵੀ ਉਨ੍ਹਾਂ ਆਪਣੀ ਇਹ ਰਵਾਇਤ ਕਾਇਮ ਰੱਖੀ। ਇਸ ਵਾਰ ਦੇ ਟੂਰਨਾਮੈਂਟ ਦੀ ਇਕ ਹੋਰ ਖਾਸ ਗੱਲ ਇਹ ਵੀ ਸੀ ਕਿ ਦੱਖਣੀ ਅਫਰੀਕਾ ਦੇ ਕੈਵਿਨ ਐਂਡਰਸਨ ਨੇ ਕ੍ਰਿਸ਼ਮਈ ਪ੍ਰਦਰਸ਼ਨ ਕਰਦੇ ਹੋਏ 8 ਵਾਰ ਦੇ ਚੈਂਪੀਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਵਿਚ 5 ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ ਹਰਾ ਕੇ ਬਾਹਰ ਕਰ ਦਿੱਤਾ ਅਤੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਸੀ। ਐਂਡਰਸਨ ਦੀ ਫੈਡਰਰ ਖਿਲਾਫ 5 ਮੁਕਾਬਲਿਆਂ ਵਿਚ ਇਹ ਪਹਿਲੀ ਜਿੱਤ ਹੈ। ਮੁਕਾਬਲਾ ਇੰਨਾ ਜ਼ਬਰਦਸਤ ਸੀ ਕਿ ਦਰਸ਼ਕਾਂ ਦੇ ਸਾਹ ਰੁਕੇ ਰਹੇ। ਜਦੋਂ ਵੀ ਲੱਗਦਾ ਸੀ ਕਿ ਫੈਡਰਰ ਮੈਚ ਖਤਮ ਕਰਨ ਜਾ ਰਿਹਾ ਹੈ, ਉਦੋਂ ਐਂਡਰਸਨ ਇਕ ਸ਼ਾਨਦਾਰ ਸਰਵਿਸ ਕਰ ਦਿੰਦਾ ਜਾਂ ਫਿਰ ਜ਼ਬਰਦਸਤ ਸ਼ਾਟ ਲਾ ਦਿੰਦਾ ਸੀ। ਐਂਡਰਸਨ 1983 ਵਿਚ ਕੇਵਿਨ ਕੁਰੇਨ ਤੋਂ ਬਾਅਦ ਵਿੰਬਲਡਨ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲਾ ਦੱਖਣੀ ਅਫਰੀਕਾ ਦਾ ਪਹਿਲਾ ਪੁਰਸ਼ ਖਿਡਾਰੀ ਵੀ ਬਣਿਆ।
ਉਧਰ, ਮਹਿਲਾ ਵਰਗ ਦੀ ਗੱਲ ਕਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਸਾਬਕਾ ਨੰਬਰ ਇਕ ਖਿਡਾਰਨ ਜਰਮਨੀ ਦੀ ਐਂਜੇਲਿਕ ਕਰਬਰ ਨੇ 7 ਵਾਰ ਦੀ ਚੈਂਪੀਅਨ ਅਮਰੀਕਾ ਦੇ ਸੇਰੇਨਾ ਵਿਲੀਅਮਸ ਨੂੰ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। 36 ਸਾਲ ਦੀ ਸੇਰੇਨਾ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗ੍ਰੈਂਡ ਸਲੈਮ ਅਤੇ 8ਵੇਂ ਵਿੰਬਲਡਨ ਖਿਤਾਬ ਦੀ ਭਾਲ ਵਿਚ ਸੀ ਅਤੇ ਉਸ ਨੂੰ 25ਵਾਂ ਦਰਜਾ ਮਿਲਿਆ ਸੀ। ਸੇਰੇਨਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਪਹੁੰਚੀ ਸੀ ਪਰ ਉਸ ਦੀ ਮੁਹਿੰਮ ਨੂੰ ਕਰਬਰ ਨੇ ਆਖਰੀ ਮੁਕਾਮ ਉੱਤੇ ਰੋਕ ਲਿਆ। ਇਸ ਹਾਰ ਦੇ ਨਾਲ ਸੇਰੇਨਾ ਦਾ 24ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। 11ਵਾਂ ਦਰਜਾ ਪ੍ਰਾਪਤ ਕਰਬਰ ਦਾ ਇਹ ਤੀਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ 2016 ਵਿਚ ਆਸਟ੍ਰੇਲੀਅਨ ਓਪਨ ਤੇ ਯੂ. ਐੱਸ. ਓਪਨ ਦੇ ਖਿਤਾਬ ਜਿੱਤੇ ਸਨ। ਟਾਪ-10 ਦਰਜਾ ਪ੍ਰਾਪਤ ਖਿਡਾਰੀਆਂ ਦੇ ਬਾਹਰ ਹੋਣ ਤੋਂ ਬਾਅਦ ਕਰਬਰ ਮਹਿਲਾ ਵਰਗ ਵਿਚ ਚੋਟੀ ਦਰਜਾ ਪ੍ਰਾਪਤ ਖਿਡਾਰੀ ਰਹਿ ਗਈ ਸੀ ਤੇ ਉਸ ਨੇ ਆਪਣੇ ਦਰਜੇ ਨਾਲ ਪੂਰਾ ਨਿਆਂ ਕੀਤਾ। ਇਸ ਦੇ ਨਾਲ ਹੀ ਉਹ 1996 ਵਿਚ ਸਟੈਫੀ ਗ੍ਰਾਫ ਦੀ ਕਾਮਯਾਬੀ ਤੋਂ ਬਾਅਦ ਵਿੰਬਲਡਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਜਰਮਨੀ ਖਿਡਾਰੀ ਬਣ ਗਈ ਹੈ। ਇਸ ਦੌਰਾਨ ਇਕ ਹੋਰ ਨਵਾਂ ਰਿਕਾਰਡ ਵੀ ਬਣਿਆ ਜਦੋਂ ਜੁੜਵਾਂ ਭਰਾ ਬਾਬ ਬ੍ਰਾਇਨ ਦੀ ਸੱਟ ਦੇ ਕਾਰਨ ਮਾਈਕ ਬ੍ਰਾਇਨ ਵਿੰਬਲਡਨ ਵਿਚ ਨਵੇਂ ਜੋੜੀਦਾਰ ਦੇ ਨਾਲ ਉੱਤਰੇ ਅਤੇ ਉਨ੍ਹਾਂ ਨੇ ਪੁਰਸ਼ ਡਬਲਜ਼ ਵਿਚ ਰਿਕਾਰਡ ਦੀ ਬਰਾਬਰੀ ਕਰਦੇ ਹੋਏ 17ਵਾਂ ਗ੍ਰੈਂਡਸਲੈਮ ਖਿਤਾਬ ਜਿੱਤ ਲਿਆ। ਭਰਾ ਬਾਬ ਦੇ ਬਿਨਾਂ ਇਹ ਮਾਈਕ ਦਾ ਪਹਿਲਾ ਖਿਤਾਬ ਹੋ ਨਿੱਬੜਿਆ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023


ਖ਼ਬਰ ਸ਼ੇਅਰ ਕਰੋ

ਹਾਕੀ ਦੀ ਲਹਿਰ ਬਣਾਉਣ ਲਈ ਨਿੱਜੀ ਯਤਨਾਂ ਦੀ ਜ਼ਰੂਰਤ

ਅਸੀਂ-ਤੁਸੀਂ ਸਾਰੇ ਹਾਕੀ ਖੇਡ ਨੂੰ ਪਿਆਰਦੇ ਹਾਂ। ਇਸ ਖੇਡ ਨਾਲ ਭਾਵੁਕ ਤੌਰ 'ਤੇ ਜੁੜੇ ਹੋਏ ਹਾਂ। ਇਸ ਖੇਡ ਨੂੰ ਕੌਮੀ ਖੇਡ ਹੋਣ ਦਾ ਮਿਲਿਆ ਰੁਤਬਾ ਸਾਡੀ ਇਸ ਨਾਲ ਇਕ ਦੇਸ਼ ਭਗਤੀ ਦੀ ਰਾਸ਼ਟਰੀ ਸਾਂਝ ਵੀ ਪਾਉਂਦਾ ਹੈ। ਕੌਮੀ ਹਾਕੀ ਟੀਮ ਦੀ ਜਿੱਤ ਲਈ ਅਸੀਂ ਪ੍ਰਾਰਥਨਾ ਵੀ ਕਰਦੇ ਹਾਂ, ਜਿੱਤ ਦਾ ਜਸ਼ਨ ਵੀ ਮਨਾਉਂਦੇ ਹਾਂ। ਟੀਮ ਦੇ ਹਾਰ ਜਾਣ 'ਤੇ ਅਸੀਂ ਦੁੱਖ ਵੀ ਮਹਿਸੂਸ ਕਰਦੇ ਹਾਂ। ਇਸੇ ਪ੍ਰੇਮ 'ਚ ਸਾਨੂੰ ਕ੍ਰਿਕਟ ਖੇਡ ਦੀ ਚੜ੍ਹਤ 'ਤੇ ਖਿਝ ਵੀ ਚੜ੍ਹਦੀ ਹੈ। ਇਸ ਵਿਸ਼ੇ 'ਤੇ ਅਸੀਂ ਦੂਜਿਆਂ ਨਾਲ ਵਾਦ-ਵਿਵਾਦ, ਬਹਿਸਬਾਜ਼ੀ ਵੀ ਕਰਦੇ ਹਾਂ ਪਰ ਹਾਕੀ ਖੇਡ ਦੇ ਕਦਰਦਾਨੋ! ਹਾਕੀ ਖੇਡ ਨਾਲ ਤੁਹਾਡੀ ਮੁਹੱਬਤ, ਤੁਹਾਡੇ ਇਸ਼ਕ ਦਾ ਦਾਇਰਾ ਇਥੋਂ ਤੱਕ ਹੀ ਕਿਉਂ ਸੀਮਤ ਰਿਹਾ? ਹਾਕੀ ਦੀ ਘਟਦੀ ਜਾਂਦੀ ਲੋਕਪ੍ਰਿਅਤਾ ਦਾ ਫਿਕਰ ਕਰਨ ਵਾਲਾ, ਸਿਰਫ ਫਿਕਰ ਕਰਨ ਤੱਕ ਹੀ ਸੀਮਤ ਕਿਉਂ ਰਿਹਾ? ਸਿਰਫ ਮੂਕ ਦਰਸ਼ਕ ਹੀ ਕਿਉਂ ਹੈ? ਜਦੋਂ ਦਾਮਨੀ ਨਾਲ ਜਬਰ-ਜਨਾਹ ਹੁੰਦਾ ਹੈ ਤਾਂ ਪੂਰਾ ਭਾਰਤ ਸੜਕਾਂ 'ਤੇ ਉਤਰਦਾ ਹੈ। ਜਦੋਂ ਸਰਬਜੀਤ ਪਾਕਿਸਤਾਨ ਦੀ ਜੇਲ੍ਹ 'ਚ ਹਮਲੇ ਦਾ ਸ਼ਿਕਾਰ ਹੁੰਦਾ ਤਾਂ ਪੂਰਾ ਭਾਰਤ ਰੋਹ 'ਚ ਆਇਆ। ਉਦੋਂ ਤੁਸੀਂ ਘਰਾਂ 'ਚ ਬੈਠੇ ਹੀ ਆਪਣਾ ਗੁੱਸਾ ਨਹੀਂ ਸੀ ਦਿਖਾ ਰਹੇ। ਤੁਹਾਡੇ ਗੁੱਸੇ, ਤੁਹਾਡੇ ਜਜ਼ਬਾਤਾਂ ਨੂੰ ਕੁਲ ਦੁਨੀਆ ਨੇ ਦੇਖਿਆ। ਪੂਰੇ ਰਾਸ਼ਟਰ ਨੇ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ।
ਦਹਾਕਿਆਂ ਤੋਂ ਕੌਮੀ ਖੇਡ ਨੂੰ ਤੁਹਾਡੀ ਜ਼ਰੂਰਤ ਸੀ ਤੇ ਹੁਣ ਵੀ ਕੌਮੀ ਖੇਡ ਹਾਕੀ ਨੂੰ ਤੁਹਾਡੀ ਲੋੜ ਹੈ। ਉਹ ਖੇਡ, ਜਿਸ ਨੇ ਅਤੀਤ 'ਚ ਭਾਰਤ ਨੂੰ ਵਿਸ਼ਵ ਪੱਧਰ 'ਤੇ ਬਹੁਤ ਸਤਿਕਾਰ ਦਿੱਤਾ। ਉਹ ਖੇਡ, ਜਿਸ ਨੇ ਅਤੀਤ 'ਚ ਤੁਹਾਨੂੰ ਬਹੁਤ ਸਾਰਾ ਖੇਡ ਰੁਮਾਂਚ ਦਿੱਤਾ। ਅਸੀਂ ਸਮਝਦੇ ਹਾਂ ਕਿ ਹਾਕੀ ਖੇਡ ਦੀ ਦੁਰਗਤੀ ਨੂੰ ਲੈ ਕੇ ਤੁਸੀਂ ਸਹੀ ਮਾਅਨਿਆਂ 'ਚ ਭਾਵੁਕ ਕਦੇ ਨਹੀਂ ਹੋਏ, ਸਹੀ ਅਰਥਾਂ +ਚ ਰੋਹ 'ਚ ਕਦੇ ਨਹੀਂ ਆਏ। ਸ਼ਾਇਦ ਤੁਹਾਨੂੰ ਇਹ ਪਤਾ ਨਹੀਂ ਕਿ ਤੁਸੀਂ ਕੌਮੀ ਖੇਡ ਲਈ ਕੀ ਕੁਝ ਨਹੀਂ ਸੀ ਕਰ ਸਕਦੇ। ਤੁਸੀਂ ਸਮਝਦੇ ਰਹੇ ਕਿ ਤੁਸੀਂ ਸਿਰਫ ਇਕ ਹਾਕੀ ਪ੍ਰੇਮੀ ਹੋ, ਸਿਰਫ ਹਾਕੀ ਮੈਚ ਦੇਖਣੇ ਹੀ ਤੇ ਰੁਮਾਂਚਿਤ ਹੋਣਾ ਹੀ ਇਸ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਹੈ। ਇਸ ਤੋਂ ਅੱਗੇ ਤੁਹਾਡਾ ਕੋਈ ਰੋਲ ਨਹੀਂ ਹੈ।
ਹਾਕੀ ਦੇ ਕਦਰਦਾਨੋ! ਦੀਵਾਨੋ! ਤੁਸੀਂ ਇਸ ਖੇਡ ਲਈ ਵਿਅਕਤੀਗਤ ਤੌਰ 'ਤੇ ਬਹੁਤ ਵੱਡਾ ਯੋਗਦਾਨ ਦੇ ਸਕਦੇ ਹੋ। ਤੁਹਾਨੂੰ ਕਿਸੇ ਵੀ ਸੂਰਤ 'ਚ ਨਿਰਾਸ਼ ਹੋਣ ਦੀ ਲੋੜ ਨਹੀਂ। ਹਾਕੀ ਖੇਡ ਪ੍ਰਤੀ ਭਾਵੁਕ ਹੋ ਕੇ ਨਿਰਾਸ਼ਾ ਦੇ ਆਲਮ 'ਚ ਤਾਂ ਬਹੁਤ ਸਾਰੇ ਹਾਕੀ ਪ੍ਰੇਮੀ ਸਾਨੂੰ ਦੇਖਣ-ਸੁਣਨ ਨੂੰ ਮਿਲਦੇ ਰਹੇ ਪਰ ਇਸ ਖੇਡ ਪ੍ਰਤੀ ਕੀਤਾ ਕਿਸੇ ਨੇ ਕਦੇ ਵੀ ਕੁਝ ਨਾ।
ਹੈ ਕੋਈ ਹਾਕੀ ਨੂੰ ਪ੍ਰੇਮ ਕਰਨ ਵਾਲੇ, ਜਿਸ ਨੇ ਆਪਣੇ ਬੱਚੇ ਜਾਂ ਕਿਸੇ ਰਿਸ਼ਤੇਦਾਰ ਦੇ ਬੱਚੇ ਨੂੰ ਤੋਹਫ਼ੇ ਵਜੋਂ ਹਾਕੀ ਸਟਿੱਕ ਲੈ ਕੇ ਦਿੱਤੀ ਹੋਵੇ? ਹੈ ਕੋਈ ਪੜ੍ਹਿਆ-ਲਿਖਿਆ ਤਾਲੀਮ ਯਾਫਤਾ ਸ਼ਖ਼ਸ, ਜਿਹੜਾ ਆਪਣੇ-ਆਪ ਨੂੰ ਹਾਕੀ ਪ੍ਰੇਮੀ ਤਾਂ ਬਹੁਤ ਵੱਡਾ ਦੱਸਦਾ ਹੋਵੇ ਪਰ ਜੋ ਕਦੇ ਕਿਸੇ ਸਕੂਲ ਦੇ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ ਹੋਵੇ ਕਿ ਜੇ ਤੁਹਾਡੇ ਸਕੂਲ 'ਚ ਹਾਕੀ ਨਹੀਂ ਹੈ ਤਾਂ ਇਸ ਨੂੰ ਸ਼ਾਮਿਲ ਕੀਤਾ ਜਾਵੇ, ਜੇ ਹੈ ਤਾਂ ਇਸ ਦਾ ਭਲੀਭਾਂਤ ਵਿਕਾਸ ਕੀਤਾ ਜਾਵੇ? ਦੂਜੇ ਸਕੂਲਾਂ ਦੇ ਬੱਚਿਆਂ ਅਤੇ ਪ੍ਰਿੰਸੀਪਲਾਂ ਨੂੰ ਵੀ ਜਿਥੇ ਹਾਕੀ ਖੇਡ ਨਹੀਂ ਹੈ, ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਹੈ ਕੋਈ ਹਾਕੀ ਦਾ ਸਾਬਕਾ ਖਿਡਾਰੀ ਜਿਹੜਾ ਕਿਸੇ ਸਕੂਲ 'ਚ ਕੋਚਿੰਗ ਦੀਆਂ ਸੇਵਾਵਾਂ ਦੇਣ ਲਈ ਪ੍ਰਿੰਸੀਪਲ ਜਾਂ ਖੇਡ ਵਿਭਾਗ ਦੇ ਟੀਚਰਾਂ ਨੂੰ ਮਿਲਦਾ ਹੋਵੇ? ਹੈ ਕੋਈ ਹਾਕੀ ਪ੍ਰੇਮੀ ਜਿਹੜਾ ਦੋ ਮਿੰਟ ਲਈ ਇਹ ਸੋਚਦਾ ਹੋਵੇ ਕਿ ਉਹ ਹਾਕੀ ਲਈ ਕੀ ਕਰ ਸਕਦਾ ਹੈ? ਅਸੀਂ ਇਕ ਐਸੇ ਹਾਕੀ ਪ੍ਰੇਮੀ ਨੂੰ ਮਿਲੇ, ਜਿਸ ਨੇ ਆਪਣੇ ਸਕੂਟਰ, ਕਾਰ 'ਤੇ 'ਹਾਕੀ' ਲਿਖਵਾਇਆ ਹੋਇਆ ਸੀ। ਘਰ ਗਏ ਤਾਂ ਨੇਮ ਪਲੇਟ 'ਹਾਕੀ ਹਾਊਸ' ਦੀ ਲੱਗੀ ਹੋਈ ਸੀ। (ਚਲਦਾ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਨੇਤਰਹੀਣ ਹੁੰਦੇ ਹੋਏ ਵੀ ਜਿੱਤੇ ਸੋਨ ਤਗਮੇ ਦਵਿੰਦਰ ਸਿੰਘ ਰਾਣਾ ਨੇ

ਦਵਿੰਦਰ ਸਿੰਘ ਰਾਣਾ ਨੇਤਰਹੀਣ ਹੈ ਪਰ ਉਸ ਨੇ ਆਪਣੇ ਬੁਲੰਦ ਹੌਸਲੇ ਅਤੇ ਕਮਾਲ ਦੇ ਜਜ਼ਬੇ ਨਾਲ ਖੇਡਾਂ ਦੇ ਖੇਤਰ ਵਿਚ ਸੋਨ ਤਗਮੇ ਜਿੱਤ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੌਸਲਾ ਬੁਲੰਦ ਹੋਵੇ ਤਾਂ ਨਾ ਵੇਖ ਸਕਣ ਦੇ ਬਾਵਜੂਦ ਵੀ ਉਹ ਕੁਝ ਕੀਤਾ ਜਾ ਸਕਦਾ ਹੈ, ਜੋ ਸ਼ਾਇਦ ਕੋਈ ਦੇਖ ਸਕਣ ਵਾਲਾ ਵੀ ਨਾ ਕਰ ਸਕੇ ਅਤੇ ਦਵਿੰਦਰ ਰਾਣਾ ਨੂੰ ਦਾਦ ਦਿੱਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਇਥੇ ਹੀ ਬਸ ਨਹੀਂ ਦਵਿੰਦਰ ਅੱਜ ਵੀ ਆਪਣੇ ਕੋਚ ਨਰੇਸ਼ ਸਿੰਘ ਨਿਯਾਲ ਦੀ ਰਹਿਨੁਮਾਈ ਹੇਠ ਆਪਣੇ-ਆਪ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਜੀਅ ਤੋੜ ਮਿਹਨਤ ਕਰ ਰਿਹਾ ਹੈ। ਦਵਿੰਦਰ ਸਿੰਘ ਰਾਣਾ ਦਾ ਜਨਮ 12 ਅਗਸਤ, 1999 ਨੂੰ ਪਹਾੜੀ ਰਾਜ ਉੱਤਰਾਖੰਡ ਦੇ ਟੀਹਰੀ ਗੜ੍ਹਵਾਲ ਜ਼ਿਲ੍ਹੇ ਦੇ ਪਿੰਡ ਘਨਸਾਲੀ ਵਿਚ ਪਿਤਾ ਸ਼ਿਵ ਸਿੰਘ ਰਾਣਾ ਦੇ ਘਰ ਮਾਤਾ ਜਗਦਈ ਦੇਵੀ ਦੀ ਕੁੱਖੋਂ ਹੋਇਆ। ਦਵਿੰਦਰ ਨੇ ਜਦ ਹੋਸ਼ ਸੰਭਾਲੀ ਤਾਂ ਉਸ ਦੇ ਹੱਥਾਂ ਦੇ ਚਲਦੇ ਇਸ਼ਾਰਿਆਂ ਤੋਂ ਲੱਗਿਆ ਜਿਵੇਂ ਉਸ ਨੂੰ ਘੱਟ ਵਿਖਾਈ ਦਿੰਦਾ ਸੀ ਅਤੇ ਇਸ ਗੱਲ ਦੀ ਪੁਸ਼ਟੀ ਉਸ ਸਮੇਂ ਹੋ ਗਈ ਜਦ ਅੱਖਾਂ ਦੇ ਡਾਕਟਰ ਨੇ ਉਸ ਦੀ ਨਿਗ੍ਹਾ ਬਿਲਕੁਲ ਹੀ ਘੱਟ ਹੋਣ ਦੀ ਗੱਲ ਪੁਖਤਾ ਰੂਪ ਵਿਚ ਆਖ ਦਿੱਤੀ।
ਇਕ ਵਾਰ ਤਾਂ ਸਾਰੇ ਘਰ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਮਾਂ-ਬਾਪ ਨੂੰ ਅਜਿਹਾ ਲੱਗਿਆ ਜਿਵੇਂ ਘਰ ਵਿਚ ਆਈ ਖੁਸ਼ੀ ਵਾਪਸ ਪਰਤ ਗਈ ਹੋਵੇ। ਪਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਦਵਿੰਦਰ ਰਾਣਾ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਨਾ ਆਈ। ਦਵਿੰਦਰ ਰਾਣਾ ਥੋੜ੍ਹਾ ਵੱਡਾ ਹੋਇਆ ਤਾਂ ਉਸ ਨੂੰ ਪੜ੍ਹਾਈ ਲਈ ਦੇਹਰਾਦੂਨ ਦੇ ਨੇਤਰਹੀਣ ਸਕੂਲ ਐਨ. ਆਈ. ਵੀ. ਐੱਚ. ਸਕੂਲ ਵਿਚ ਦਾਖ਼ਲ ਕਰਵਾ ਦਿੱਤਾ। ਜਿੱਥੇ ਦਵਿੰਦਰ ਰਾਣਾ ਪੜ੍ਹਾਈ ਵਿਚ ਹੁਸ਼ਿਆਰ ਨਿਕਲਿਆ, ਉਥੇ ਉਹ ਖੇਡਾਂ ਦੇ ਸ਼ੌਕ ਨੂੰ ਪਾਲਣ ਲਈ ਸਕੂਲ ਵਿਚ ਹੋਣ ਵਾਲੀਆਂ ਖੇਡਾਂ ਵਿਚ ਵੀ ਭਾਗ ਲੈਣ ਲੱਗਾ ਅਤੇ ਨਤੀਜਾ ਇਹ ਹੋਇਆ ਕਿ ਉਹ ਸਕੂਲੀ ਖੇਡਾਂ ਵਿਚ ਜਿੱਤਾਂ ਦਰਜ ਕਰਨ ਲੱਗਾ। ਉਹ ਜਿੱਥੇ ਕ੍ਰਿਕਟ ਖੇਡਣ ਲੱਗਾ, ਉਥੇ ਉਹ ਅਥਲੈਟਿਕ ਖੇਡਾਂ ਦੇ ਨਾਲ-ਨਾਲ ਸ਼ਤਰੰਜ ਵਿਚ ਵੀ ਹੱਥ ਅਜ਼ਮਾਈ ਕਰਨ ਲੱਗਾ। ਸਾਲ 2014 ਵਿਚ ਉਸ ਨੇ ਇਬਸਾ ਨੈਸ਼ਨਲ ਖੇਡਾਂ ਵਿਚ ਜੈਵਲਿਨ ਥਰੋਅ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ-ਆਪ ਨੂੰ ਚੰਗੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਿਲ ਕਰ ਲਿਆ। ਸਾਲ 2015 ਵਿਚ ਉਸ ਦੇ ਸਕੂਲ ਵਿਚ ਬਹੁਤ ਹੀ ਪ੍ਰਤਿਭਾਸ਼ਾਲੀ ਅਥਲੈਟਿਕ ਕੋਚ ਨਰੇਸ਼ ਸਿੰਘ ਨਿਯਾਲ ਆਏ ਤਾਂ ਦਵਿੰਦਰ ਰਾਣਾ ਲਈ ਗੱਲ ਸੋਨੇ 'ਤੇ ਸੁਹਾਗੇ ਵਾਲੀ ਹੋ ਨਿਬੜੀ ਅਤੇ ਦਵਿੰਦਰ ਰਾਣਾ ਨੂੰ ਸਕੂਲ ਵਿਚ ਖੇਡਾਂ ਦੇ ਖੇਤਰ ਵਿਚ ਸਪੈਸ਼ਲ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਦਵਿੰਦਰ ਰਾਣਾ ਲਗਾਤਾਰ 4 ਵਾਰ ਉੱਤਰਾਖੰਡ ਦੀ ਬਲਾਈਂਡ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ।
ਸਾਲ 2014 ਵਿਚ ਇਬਸਾ ਨੈਸ਼ਨਲ ਖੇਡਾਂ ਵਿਚ ਉਸ ਨੇ ਕਾਂਸੀ ਦਾ ਤਗਮਾ ਅਤੇ ਸਾਲ 2016 ਜੈਵਲਿਨ ਥਰੋਅ ਵਿਚ ਚਾਂਦੀ ਦਾ ਤਗਮਾ, ਸਾਲ 2017 ਵਿਚ ਐਨ. ਐਫ. ਬੀ. ਨੈਸ਼ਨਲ ਅਥਲੈਟਿਕ ਜੋ ਲੁਧਿਆਣਾ ਵਿਚ ਹੋਈ, ਵਿਚ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤ ਕੇ ਆਪਣੇ ਸਕੂਲ ਅਤੇ ਆਪਣੇ ਸੂਬੇ ਦਾ ਨਾਂਅ ਚਮਕਾਇਆ। ਸਾਲ 2017 ਵਿਚ ਜੈਪੁਰ ਵਿਖੇ ਹੋਈ ਓਪਨ ਪੈਰਾ ਅਥਲੈਟਿਕ ਵਿਚ ਉਸ ਨੇ ਜੈਵਲਿਨ ਥਰੋਅ ਵਿਚ ਫਿਰ ਸੋਨ ਤਗਮਾ ਆਪਣੇ ਨਾਂਅ ਕਰ ਲਿਆ। ਸਾਲ 2017 ਵਿਚ ਪੈਰਾ ਸਵਿਮਿੰਗ ਵਿਚ ਵੀ ਹਿੱਸਾ ਲਿਆ, ਜਿੱਥੇ ਉਸ ਨੇ 100 ਮੀਟਰ ਅਤੇ 50 ਮੀਟਰ ਫ੍ਰੀ ਸਟਾਈਲ ਵਿਚ ਤੈਰ ਕੇ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਦਵਿੰਦਰ ਰਾਣਾ ਭਾਵੇਂ ਅੱਜਕਲ੍ਹ ਦਿੱਲੀ ਵਿਚ ਉੱਚ ਸਿੱਖਿਆ ਲੈ ਰਿਹਾ ਹੈ ਪਰ ਉਸ ਦਾ ਕੋਚ ਨਰੇਸ਼ ਸਿੰਘ ਨਿਯਾਲ ਉਸ ਨੂੰ ਲਗਾਤਾਰ ਅਭਿਆਸ ਕਰਵਾ ਰਿਹਾ ਹੈ ਅਤੇ ਉਸ ਦੀ ਦਿਲੀ ਇੱਛਾ ਹੈ ਕਿ ਦਵਿੰਦਰ ਸਿੰਘ ਨੇਤਰਹੀਣ ਖਿਡਾਰੀਆਂ ਵਿਚ ਖੇਡਦਾ ਹੋਇਆ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਖੇਡ ਕਲਾ ਨਾਲ ਜਿੱਤ ਦਾ ਡੰਕਾ ਵਜਾਵੇ ਅਤੇ ਦਵਿੰਦਰ ਰਾਣਾ ਆਪਣੇ ਕੋਚ ਨਾਲ 2019 ਵਿਚ ਹੋਣ ਵਾਲੀਆਂ ਇਬਸਾ ਅੰਤਰਰਾਸ਼ਟਰੀ ਖੇਡਾਂ ਵਿਚ ਭਾਗ ਲੈਣ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ। ਦਵਿੰਦਰ ਰਾਣਾ ਦੇ ਆਪਣੇ ਹੀ ਸ਼ਬਦ ਹਨ ਕਿ, 'ਮੇਰੀ ਨਜ਼ਰ ਕਮਜ਼ੋਰ ਹੈ, ਇਸ ਲਈ ਮੈਂ ਅੱਖਾਂ ਨਾਲ ਵੇਖਣਾ ਛੱਡ ਦਿੱਤਾ ਹੈ ਅਤੇ ਮੈਂ ਆਪਣੀ ਮੰਜ਼ਿਲ ਦਿਲ ਦੇ ਅੰਦਰੋਂ ਤੱਕ ਰਿਹਾ ਹਾਂ।' ਜ਼ਿੰਦਗੀ ਮੇਂ ਮੁਸ਼ਕਲੇਂ ਤਮਾਮ ਹੈਂ, ਫ਼ਿਰ ਭੀ ਇਨ ਹੋਠੋਂ ਪਰ ਮੁਸਕਾਨ ਹੈ। ਕਿਉਂਕਿ ਜੀਨਾ ਜਬ ਜਹਾਂ ਹਰ ਹਾਲ ਮੇਂ ਹੈ ਤੋ ਮੁਸਕਰਾਨਾ ਹੀ ਮੁਕਾਮ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਖਿਡਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਾਲਾ ਨਾਮਵਰ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ

ਖਿਡਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਾਲਾ ਗੁਰੂ ਨਗਰੀ ਦਾ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਪੰਜਾਬ ਪੁਲਿਸ ਦੀ ਮੁਲਾਜ਼ਮਤ ਦੇ ਨਾਲ-ਨਾਲ ਪੁੰਗਰਦੇ ਮੁੱਕੇਬਾਜ਼ਾਂ ਨੂੰ ਪੌਦੇ ਤੋਂ ਰੁੱਖ ਤੇ ਰੁੱਖ ਤੋਂ ਬ੍ਰਿਛ ਬਣਾਉਣ ਵਿਚ ਅਣਮੁੱਲਾ ਯੋਗਦਾਨ ਪਾ ਰਿਹਾ ਹੈ। ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਪੌਦਿਆਂ ਦੀ ਪਨੀਰੀ ਵਾਂਗ ਅਣਸਿੱਖਿਅਤ ਬੱਚੇ ਮੁੱਕੇਬਾਜ਼ੀ ਦਾ ਅਭਿਆਸ ਕਰਨ ਆਉਂਦੇ ਹਨ, ਸਮਾਂ ਪਾ ਕੇ ਉਹ ਰੁੱਖ ਦੀ ਨਿਆਈਂ ਆਪਣੇ ਪੈਰਾਂ 'ਤੇ ਖੜ੍ਹੇ ਹੁੰਦੇ ਹਨ ਤੇ ਫਿਰ ਸਰਕਾਰੀ/ਗ਼ੈਰ-ਸਰਕਾਰੀ ਮਹਿਕਮਿਆਂ ਵਿਚ ਅਹੁਦੇ ਪ੍ਰਾਪਤ ਕਰਕੇ ਪਰਿਵਾਰਾਂ ਲਈ ਬ੍ਰਿਛ ਵਾਂਗ ਛਾਂ ਦਾ ਕੰਮ ਕਰਦੇ ਹਨ। ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦਾ ਜਨਮ ਸਵ: ਮਾਤਾ ਸੁਰਜੀਤ ਕੌਰ ਅਤੇ ਪਿਤਾ ਸਵ: ਸ: ਅਜੀਤ ਸਿੰਘ ਦੇ ਗ੍ਰਹਿ ਪਿੰਡ ਕਾਲੇ ਅੰਮ੍ਰਿਤਸਰ ਵਿਖੇ ਹੋਇਆ। ਖ਼ਾਲਸਾ ਕਾਲਜ ਸੀ: ਸੈ: ਸਕੂਲ ਅੰਮ੍ਰਿਤਸਰ ਵਿਚ ਪੜ੍ਹਦਿਆਂ ਮੁੱਕੇਬਾਜ਼ੀ ਨਾਲ ਅੰਤਾਂ ਦਾ ਮੋਹ ਪੈ ਗਿਆ। ਕੋਚ ਬਲਕਾਰ ਸਿੰਘ ਦੀ ਦੇਖ-ਰੇਖ ਹੇਠ ਸਵੇਰੇ-ਸ਼ਾਮ ਸਖ਼ਤ ਮਿਹਨਤ ਕਰਦਿਆਂ ਆਪਣੇ ਸਰੀਰ ਨੂੰ ਹਾਲਾਤ ਦੇ ਅਨਕੂਲ ਢਾਲਿਆ। ਸੰਨ 1996 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋ ਕੇ ਮਹਿਕਮੇ ਵਲੋਂ ਖੇਡਦਿਆਂ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕਰਕੇ ਪੁਲਿਸ ਮਹਿਕਮੇ ਦਾ ਨਾਂਅ ਰਾਸ਼ਟਰੀ ਪੱਧਰ ਤੱਕ ਰੌਸ਼ਨ ਕੀਤਾ।
ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਨੇ 2004 ਤੋਂ ਖਿਡਾਰੀਆਂ ਨੂੰ ਖ਼ਾਲਸਾ ਕਾਲਜ ਸੀ: ਸੈ: ਸਕੂਲ ਬਾਕਸਿੰਗ ਸੈਂਟਰ ਵਿਚ ਮੁੱਕੇਬਾਜ਼ੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਕੋਚ ਬਲਜਿੰਦਰ ਸਿੰਘ ਦੀ ਸਿਖਲਾਈ ਹੇਠ ਚਾਰ ਅੰਤਰਰਾਸ਼ਟਰੀ ਖਿਡਾਰੀ-ਵਿੱਕੀ ਸਿੰਘ, ਜਗਰੂਪ ਸਿੰਘ, ਕੈਪਟਨ ਸਿੰਘ, ਦਲਜੀਤ ਕੌਰ ਅਤੇ ਸੈਂਕੜੇ ਰਾਸ਼ਟਰੀ ਤੇ ਰਾਜ ਪੱਧਰ ਦੇ ਮੁੱਕੇਬਾਜ਼ ਖਿਡਾਰੀ ਤਿਆਰ ਹੋਏ। ਕੋਚ ਬਲਜਿੰਦਰ ਸਿੰਘ ਨੇ ਬੜੇ ਫ਼ਖ਼ਰ ਨਾਲ ਦੱਸਿਆ ਕਿ ਇਨ੍ਹਾਂ ਵਿਚੋਂ ਨੈਸ਼ਨਲ ਇੰਸਟੀਚਿਊਟ ਸਪੋਰਟਸ (ਐਨ.ਆਈ.ਐਸ.) ਕਰਨ ਵਾਲੇ ਅੰਮ੍ਰਿਤਸਰ ਦੇ ਪਹਿਲੇ ਤਿੰਨ ਖਿਡਾਰੀ ਵੀ ਮੇਰੇ ਸ਼ਾਗਿਰਦ ਹਨ। ਬਹੁਤ ਸਾਰੇ ਖਿਡਾਰੀ, ਕੇਂਦਰ ਅਤੇ ਰਾਜ ਸਰਕਾਰ ਵਿਚ ਵੱਖ-ਵੱਖ ਵਿਭਾਗਾਂ 'ਚ ਸੇਵਾ ਨਿਭਾਅ ਰਹੇ ਹਨ। ਕੋਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਲੜ੍ਹ ਉਮਰ ਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਮਨ ਅਤੇ ਤਨ ਦੀ ਸ਼ਕਤੀ ਨੂੰ ਚੰਗੇ ਪਾਸੇ ਲਗਾਉਣ ਲਈ ਹਰ ਰੋਜ਼ ਅਭਿਆਸ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਚੰਗੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਕੋਚ ਬਲਜਿੰਦਰ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ 19, 17, 14 (ਲੜਕੇ) ਜ਼ਿਲ੍ਹਾ ਪੱਧਰ 'ਤੇ ਚੈਂਪੀਅਨ ਰਹੇ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮੁੱਕੇਬਾਜ਼ੀ ਟੀਮ ਪਿਛਲੇ 9 ਸਾਲ ਤੋਂ ਹੁਣ ਤੱਕ ਇੰਟਰ ਕਾਲਜ ਚੈਂਪੀਅਨ ਬਣੀ ਆ ਰਹੀ ਹੈ।
ਆਲ ਇੰਡੀਆ 'ਵਰਸਿਟੀ ਵਿਚੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਮੁੱਕੇਬਾਜ਼ਾਂ ਹੁਣ ਤੱਕ 33 ਤਗਮੇ ਹਾਸਲ ਕੀਤੇ, ਜਿਨ੍ਹਾਂ ਵਿਚੋਂ 29 ਤਗਮੇ ਕੋਚ ਬਲਜਿੰਦਰ ਸਿੰਘ ਦੇ ਸ਼ਾਗਿਰਦਾਂ ਦੇ ਨਾਂਅ ਦਰਜ ਹਨ। ਸੰਨ 2011 ਅਤੇ 2012 ਵਿਚ ਲਗਾਤਾਰ ਦੋ ਸਾਲ 11 ਭਾਰ ਵਰਗ ਵਿਚ 11 ਸੋਨ ਤਗਮੇ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਿਕਾਰਡ ਬਣਾਇਆ, ਜੋ ਅੱਜ ਤੱਕ ਕਾਇਮ ਹੈ। ਉਪਰੋਕਤ ਪ੍ਰਾਪਤੀਆਂ ਨੂੰ ਵੇਖ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਫਰਵਰੀ, 2012 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਗਿਆ। ਮੁੱਕੇਬਾਜ਼ੀ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਕਰਕੇ 15 ਅਗਸਤ, 2011 ਨੂੰ ਗੁਰੂ ਨਾਨਕ ਸਟੇਡੀਅਮ ਵਿਚ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵਲੋਂ ਸਰਬੋਤਮ ਕੋਚ ਦਾ ਐਵਾਰਡ ਦਿੱਤਾ ਗਿਆ। ਕੋਚ ਬਲਜਿੰਦਰ ਸਿੰਘ ਨੇ ਮੁੱਕੇਬਾਜ਼ੀ ਵਿਚ ਆਪਣੀਆਂ ਫਖਰਯੋਗ ਪ੍ਰਾਪਤੀਆਂ ਪਿੱਛੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰਮੋਹਨ ਸਿੰਘ ਛੀਨਾ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ: ਮਹਿਲ ਸਿੰਘ, ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ, ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਖੇਡ ਇੰਚਾਰਜ ਡਾ: ਦਲਜੀਤ ਸਿੰਘ, ਰਣਕੀਰਤ ਸਿੰਘ ਸੰਧੂ, ਕੋਚ ਬਚਨਪਾਲ ਸਿੰਘ, ਜੀ.ਐਸ. ਭੱਲਾ, ਪਰਿਵਾਰਕ ਮੈਂਬਰਾਂ ਵਿਚ ਵੱਡੇ ਭਰਾ ਜਗੀਰ ਸਿੰਘ (ਜੇ.ਈ.) ਅਤੇ ਜੀਵਨ ਸਾਥਣ ਬਲਜਿੰਦਰ ਕੌਰ ਵਲੋਂ ਮਿਲਦੇ ਸਹਿਯੋਗ ਸਦਕਾ ਹੈ।


-477/21, ਕਿਰਨ ਕਾਲੋਨੀ, ਗੁਮਟਾਲਾ, ਅੰਮ੍ਰਿਤਸਰ-143007.
ਮੋਬਾ: 98555-12677

ਟਰੈਕ ਦੀ ਰਾਣੀ ਬਣੀ ਹਿਮਾ ਦਾਸ

ਜੇਕਰ ਪਿਛਲੀਆਂ ਉਲੰਪਿਕ ਖੇਡਾਂ ਅਤੇ ਰਾਸ਼ਟਰ ਮੰਡਲ ਖੇਡਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਾਡੀਆਂ ਭਾਰਤੀ ਮੁਟਿਆਰਾਂ ਨੇ ਜੋ ਕਰ ਦਿਖਾਇਆ ਹੈ, ਉਹ ਬਾਕਮਾਲ ਹੈ ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 18 ਸਾਲ ਦੀ ਉਸ ਭਾਰਤੀ ਮੁਟਿਆਰ ਦੀ, ਜਿਸ ਨੇ ਭਾਰਤ ਲਈ ਵਿਸ਼ਵ ਅਥਲੈਟਿਕਸ ਟਰੈਕ ਵਿਚ ਇਕ ਵੱਖਰੀ ਪਹਿਚਾਣ ਬਣਾ ਦਿੱਤੀ ਹੈ। ਜੀ ਹਾਂ, ਅਸੀਂ ਗੱਲ ਕਰਨ ਜਾ ਰਹੇ ਹਾਂ ਭਾਰਤ ਦੀ ਸੋਨ ਪਰੀ ਅਥਲੀਟ ਹਿਮਾ ਦਾਸ ਦੀ, ਜਿਸ ਨੇ ਵਿਸ਼ਵ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ 10 ਤੋਂ 15 ਜੁਲਾਈ, 2018 ਤੱਕ ਫਿਨਲੈਂਡ ਦੇ ਟੈਮਪੇਰੇ ਸ਼ਹਿਰ ਵਿਚ ਹੋਈ, ਦੇ 400 ਮੀਟਰ ਦੌੜ ਵਿਚੋਂ ਸੋਨ ਤਗਮਾ ਹਾਸਲ ਕਰਕੇ ਕਿਸੇ ਵੀ ਵਿਸ਼ਵ ਪੱਧਰੀ ਟੂਰਨਾਮੈਂਟ ਦੇ ਟਰੈਕ ਈਵੈਂਟ ਵਿਚੋਂ ਭਾਰਤ ਲਈ ਪਹਿਲਾ ਤਗਮਾ ਜਿੱਤਣ ਦਾ ਮਾਣ ਹਾਸਲ ਕੀਤਾ, ਹਾਲਾਂਕਿ ਇਸ ਤੋਂ ਪਹਿਲਾਂ ਫੀਲਫ ਈਵੈਂਟਾਂ ਵਿਚ ਕਈ ਭਾਰਤੀ ਤਗਮਾ ਜਿੱਤ ਚੁੱਕੇ ਹਨ ਪਰ ਹਿਮਾ ਦਾਸ ਭਾਰਤ ਵਲੋਂ ਵਿਸ਼ਵ ਟਰੈਕ ਦੀ ਰਾਣੀ ਬਣ ਕੇ ਉੱਭਰੀ ਹੈ।
ਸਾਲ 2000 ਦੇ ਜਨਵਰੀ ਮਹੀਨੇ ਦੀ 9 ਤਾਰੀਖ ਨੂੰ ਆਸਾਮ ਦੇ ਨਗਾਂਉ ਵਿਖੇ ਜਨਮੀ ਹਿਮਾ ਆਪਣੇ 6 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ ਅਤੇ ਸਕੂਲ ਦੇ ਦਿਨਾਂ ਵਿਚ ਫੁੱਟਬਾਲ ਖੇਡਣ ਦੀ ਸ਼ੌਕੀਨ ਸੀ। ਇਕ ਦਿਨ ਅਥਲੈਟਿਕਸ ਦੇ ਕੋਚ ਨਿਪੋਨ ਦਾਸ ਦੀ ਪਾਰਖੂ ਨਜ਼ਰ ਨੇ ਹਿਮਾ ਦਾਸ ਦੇ ਅੰਦਰਲੇ ਅਥਲੀਟ ਨੂੰ ਪਹਿਚਾਣ ਕੇ ਇਸ ਨੂੰ ਆਪਣੇ ਪਿੰਡ ਤੋਂ 140 ਕਿਲੋਮੀਟਰ ਦੂਰ ਗੁਹਾਟੀ ਵਿਖੇ ਆ ਕੇ ਅਥਲੈਟਿਕਸ ਕਰਨ ਦੀ ਪੇਸ਼ਕਸ਼ ਕੀਤੀ ਅਤੇ ਪਹਿਲਾਂ ਤਾਂ ਹਿਮਾ ਦੇ ਘਰਦਿਆਂ ਨੇ ਭੇਜਣ ਵਿਚ ਝਿਜਕ ਮਹਿਸੂਸ ਕੀਤੀ ਪਰ ਬਾਅਦ ਵਿਚ ਆਪਣੀ ਧੀ ਨੂੰ ਅਥਲੈਟਿਕਸ ਕਰਨ ਲਈ ਗੁਹਾਟੀ ਭੇਜ ਦਿੱਤਾ। ਆਪਣੇ ਕੋਚ ਦੇ ਦਿਖਾਏ ਰਾਹ 'ਤੇ ਚੱਲ ਕੇ ਹਿਮਾ ਨੇ ਛੇਤੀ ਹੀ ਆਪਣਾ ਵੱਖਰਾ ਮੁਕਾਮ ਸਥਾਪਤ ਕਰ ਲਿਆ ਅਤੇ ਸਿਰਫ ਟਰੈਕ ਨੂੰ ਹੀ ਆਪਣਾ ਸਭ ਕੁਝ ਮੰਨ ਲਿਆ। ਹਿਮਾ ਨੇ ਜੂਨੀਅਰ ਅਥਲੀਟ ਹੁੰਦੇ ਹੋਏ ਛੇਤੀ ਹੀ ਆਪਣੀ ਵੱਖਰੀ ਪਹਿਚਾਣ ਰਾਸ਼ਟਰੀ ਪੱਧਰ ਦੇ ਸੀਨੀਅਰ ਅਥਲੀਟਾਂ ਵਿਚ ਬਣਾ ਲਈ, ਜਿਸ ਸਦਕਾ ਉਸ ਨੇ ਇਸੇ ਸਾਲ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ 400 ਮੀਟਰ ਅਤੇ 4×400 ਮੀਟਰ ਰਿਲੇ ਈਵੈਂਟਾਂ ਵਿਚ ਭਾਗ ਲਿਆ ਅਤੇ ਦੋਵਾਂ ਈਵੈਂਟਾ ਦੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ।
ਰਾਸ਼ਟਰ ਮੰਡਲ ਖੇਡਾਂ ਵਿਚ ਹੀ ਹਿਮਾ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਕੁੜੀ ਆਪਣੀ ਮਿਹਨਤ ਦੇ ਬਲ 'ਤੇ ਭਾਰਤ ਨੂੰ ਇਕ ਵੱਖਰੀ ਪਹਿਚਾਣ ਦਿਵਾਏਗੀ ਅਤੇ ਅੱਜ ਨਤੀਜਾ ਪੂਰੇ ਦੇਸ਼ ਦੇ ਸਾਹਮਣੇ ਹੈ ਅਤੇ ਵਿਸ਼ਵ ਅਥਲੈਟਿਕਸ ਟਰੈਕ 'ਤੇ ਭਾਰਤੀ ਤਿਰੰਗਾ ਝੂਲ ਰਿਹਾ ਹੈ। ਹਿਮਾ ਨੇ 51.46 ਸਕਿੰਟ ਦੇ ਸਮੇਂ ਨਾਲ ਇਸ ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਰੋਮਾਨੀਆ ਦੀ ਆਂਦਰਿਆ ਮਿਕਲੋਸ ਨੇ ਦੂਸਰਾ ਅਤੇ ਅਮਰੀਕਾ ਦੀ ਟੇਲਰ ਮੈਨਸ਼ਨ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਫਾਈਨਲ ਦੌੜ ਵਿਚ 300 ਮੀਟਰ ਤੱਕ ਰੋਮਾਨੀਆ ਦੀ ਅਥਲੀਟ ਨੇ ਪੂਰੀ ਲੀਡ ਬਣਾਈ ਹੋਈ ਸੀ ਪਰ ਅਖੀਰਲੀ ਕਰਵ ਤੋਂ ਬਾਅਦ ਹਿਮਾ ਨੇ ਆਪਣੀ ਸਪੀਡ ਨੂੰ ਵਧਾਉਂਦੇ ਹੋਏ ਆਪਣੀ ਲੀਡ ਨੂੰ ਏਨਾ ਵਧਾ ਲਿਆ ਕਿ ਕੋਈ ਵੀ ਉਸ ਨੂੰ ਫੜ ਹੀ ਨਾ ਸਕਿਆ।


-ਖੇਡ ਮੁਖੀ, ਦਿੱਲੀ ਪਬਲਿਕ ਸਕੂਲ, ਸੰਗਰੂਰ।
ਮੋਬਾ: 94174-79449

ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ ਜਾਰੀ

ਮੌਕਾ ਸੰਭਾਲ ਕੇ ਇੰਗਲੈਂਡ ਨੇ ਜਿੱਤੀ ਇਕ-ਦਿਨਾ ਲੜੀ

ਆਪਣੀ ਜ਼ਮੀਨ 'ਤੇ, ਆਪਣੀਆਂ ਬਣਾਈਆਂ ਪਿੱਚਾਂ 'ਤੇ ਅਤੇ ਆਪਣੇ ਦਰਸ਼ਕਾਂ ਦੇ ਮੂਹਰੇ ਜਦੋਂ ਇੰਗਲੈਂਡ ਦੀ ਕ੍ਰਿਕਟ ਟੀਮ ਭਾਰਤ ਹੱਥੋਂ ਟੀ-20 ਲੜੀ ਹਾਰ ਗਈ ਤੇ ਫਿਰ ਇਕ-ਦਿਨਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਵੀ ਹਾਰ ਗਈ ਤਾਂ ਉਨ੍ਹਾਂ ਨੂੰ ਹੋਸ਼ ਆਈ। ਉਨ੍ਹਾਂ ਸਬਕ ਲਿਆ, ਕਾਂਟਾ ਬਦਲਿਆ, ਨਵੀਂ ਰਣਨੀਤੀ ਤਿਆਰ ਕੀਤੀ ਅਤੇ ਮੌਕੇ ਨੂੰ ਸੰਭਾਲ ਕੇ ਅਗਲੇ ਦੋਵੇਂ ਮੈਚ ਜਿੱਤਦਿਆਂ ਲੜੀ ਆਪਣੇ ਨਾਂਅ ਕੀਤੀ।
ਟੀ-20 ਦੇ ਪਹਿਲੇ ਮੈਚ 'ਚ ਇੰਗਲਿਸ਼ ਬੱਲੇਬਾਜ਼ਾਂ ਦੀ ਰੀੜ੍ਹ ਦੀ ਹੱਡੀ ਤੋੜਨ ਵਾਲੇ ਭਾਰਤੀ 'ਚਾਈਨਮੈਨ' ਗੇਂਦਬਾਜ਼ ਕੁਲਦੀਪ ਯਾਦਵ ਨੇ ਜਦ ਆਪਣੀਆਂ ਖੱਬੇ-ਹੱਥੀ ਆਫ ਬਰੇਕ ਗੇਂਦਾਂ ਨਾਲ ਫਲਿੱਪਰ ਅਤੇ ਗੁਗਲੀ ਨੂੰ ਫਲਾਇਟ ਰਾਹੀਂ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪਰੋਸਿਆ ਤਾਂ ਉਹ ਕੁੱਟਣ ਦੇ ਲਾਲਚ 'ਚ ਵੈਰਾਇਟੀ ਦੀ ਭੇਟ ਚੜ੍ਹਦੇ ਗਏ। ਉਂਜ ਤਾਂ ਸਪਿਨਰ ਨੂੰ ਖੇਡਣ ਲਈ ਬੱਲੇਬਾਜ਼ ਨੂੰ 'ਸਫ਼ਲ' ਕਰਕੇ ਗੇਂਦ ਤੱਕ ਪਹੁੰਚ ਕਰਦਿਆਂ ਸ਼ਾਟ ਖੇਡਣਾ ਹੀ ਠੀਕ ਹੁੰਦਾ ਹੈ ਪਰ ਇੰਗਲੈਂਡ ਦੇ ਬੱਲੇਬਾਜ਼ ਫਲਾਇਟ ਤੇ ਵੈਰਾਇਟੀ ਦੇ ਚੱਕਰ 'ਚ ਆ ਕੇ ਵਿਕਟਾਂ ਗੁਆਉਂਦੇ ਰਹੇ। ਦੂਜੇ ਮੈਚ ਤੋਂ ਪਹਿਲਾਂ ਉਨ੍ਹਾਂ ਨਵੀਂ ਰਣਨੀਤੀ ਨਾਲ ਬੱਲੇਬਾਜ਼ੀ ਕੀਤੀ। ਸਾਫ਼ ਨਜ਼ਰ ਆ ਰਿਹਾ ਸੀ ਕਿ ਉਨ੍ਹਾਂ ਦੇ ਬੱਲੇਬਾਜ਼ ਕ੍ਰੀਜ਼ ਤੋਂ ਤਿਲਕ ਕੇ ਸ਼ਾਟ ਖੇਡਣ ਦੀ ਬਜਾਇ ਸਪਿਨਰਾਂ ਨੂੰ ਬੈਕਫੁੱਟ 'ਤੇ ਹੀ ਖੇਡ ਰਹੇ ਸਨ। ਸਪਿਨਰਾਂ ਦਾ ਹੱਥ ਪੜ੍ਹ ਕੇ ਬੱਲੇਬਾਜ਼ੀ ਕਰਨ ਦੀ ਬਜਾਇ ਉਹ ਪਿਛਲੇ ਪੈਰ 'ਤੇ ਜਾ ਕੇ ਗੇਂਦ ਦੀ ਸਪਿਨ ਦੇ ਹਿਸਾਬ ਨਾਲ ਖੇਡ ਰਹੇ ਸਨ। ਉਨ੍ਹਾਂ ਦੇ ਬੱਲੇਬਾਜ਼ ਜੋਅ ਰੂਟ ਨੇ ਤਾਂ ਪੈਰ ਬਾਹਰ ਕੱਢਿਆ ਹੀ ਨਹੀਂ। ਆਪਣੀ ਰਣਨੀਤੀ 'ਚ ਉਹ ਸਫਲ ਰਹੇ। ਰੂਟ ਨੇ ਅਗਲੇ ਦੋਵਾਂ ਮੈਚਾਂ 'ਚ ਸੈਂਕੜਾ ਬਣਾ ਕੇ ਟੀਮ ਲਈ ਜਿੱਤ ਦਾ ਰਾਹ ਪੱਧਰਾ ਕੀਤਾ।
ਭਾਰਤੀ ਬੱਲੇਬਾਜ਼ੀ ਇਸ ਸਮੇਂ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ ਪਰ ਛੇਤੀ ਵਿਕਟਾਂ ਡਿਗਣ ਨਾਲ ਜਾਂ ਫਿਰ ਕਈ ਵਾਰ ਦਿੱਗਜ਼ ਬੱਲੇਬਾਜ਼ਾਂ ਵਲੋਂ ਆਪਣੀ ਪਾਰੀ ਨੂੰ ਵੱਡੇ ਸਕੋਰ 'ਚ ਤਬਦੀਲ ਨਾ ਕਰ ਪਾਉਣ ਦਾ ਅਸਰ ਟੀਮ ਦੇ ਕੁੱਲ ਸਕੋਰ 'ਤੇ ਪੈਂਦਾ ਹੈ। ਜੇ ਪਹਿਲੇ ਮੈਚ 'ਚ ਰੋਹਿਤ ਸ਼ਰਮਾ ਨੇ ਧਾਕੜ ਸੈਂਕੜਾ ਠੋਕਿਆ ਸੀ ਤੇ ਕੁਲਦੀਪ ਨੇ 6 ਵਿਕਟਾਂ ਲਈਆਂ ਤਾਂ ਮੈਚ ਭਾਰਤ ਜਿੱਤ ਗਿਆ। ਜੇ ਅਗਲੇ ਦੋ ਮੈਚਾਂ 'ਚ ਜੋਅ ਰੂਟ ਨੇ ਸੈਂਕੜੇ ਮਾਰੇ ਅਤੇ ਵਿੱਲੀ, ਪਲੰਕੇਟ ਤੇ ਰਾਸ਼ਿਦ ਨੇ ਵਿਕਟਾਂ ਝਾੜੀਆਂ ਤਾਂ ਮੈਚ ਇੰਗਲੈਂਡ ਵਾਲੇ ਲੈ ਗਏ।
ਭਾਰਤੀ ਕ੍ਰਿਕਟ ਪ੍ਰੇਮੀ ਤੇ ਆਲੋਚਕ ਜਦੋਂ ਕਿਸੇ ਖਿਡਾਰੀ ਦੀ ਤਾਰੀਫ ਕਰਦੇ ਹਨ ਤਾਂ ਸਿਰ ਅੱਖਾਂ 'ਤੇ ਇੰਜ ਚੁੱਕ ਲੈਂਦੇ ਹਨ ਕਿ ਜਿਵੇਂ ਉਹ ਹੀ ਇਸ ਖੇਡ ਦਾ ਸਰਵੇਸਰਵਾ ਹੈ ਪਰ ਜਦੋਂ ਹੇਠਾਂ ਸੁੱਟਦੇ ਹਨ ਤਾਂ ਉਸ ਦੇ ਦਿੱਤੇ ਯੋਗਦਾਨ ਨੂੰ ਭੁਲਾ ਕੇ ਉਸ 'ਤੇ ਟਿੱਪਣੀਆਂ ਹੀ ਅਜਿਹੀਆਂ ਕਰਨਗੇ ਕਿ ਅਗਲਾ ਬੰਦਾ ਸ਼ਰਮਸਾਰ ਹੀ ਹੋ ਜਾਵੇ ਤੇ ਸਫਾਈਆਂ ਹੀ ਦਿੰਦਾ ਫਿਰੇ। ਭਾਰਤੀ ਵਿਕਟਕੀਪਰ ਬੱਲੇਬਾਜ਼ ਧੋਨੀ ਇਸ ਵੇਲੇ ਇਨ੍ਹਾਂ ਦੇ ਨਿਸ਼ਾਨੇ 'ਤੇ ਹੈ, ਅਖੇ ਉਹ ਹੌਲੀ ਖੇਡਣ ਲੱਗ ਪਿਆ ਹੈ, ਜਿਸ ਕਰਕੇ ਟੀਮ ਹਾਰ ਰਹੀ ਹੈ। ਧੋਨੀ ਮੈਚ ਫਿਨਿਸ਼ਰ ਰਿਹਾ ਹੈ ਅਤੇ ਸਭ ਦੇਖਦੇ ਰਹੇ ਹਨ ਕਿ ਉਹ ਮੌਕੇ ਮੁਤਾਬਿਕ ਖੇਡ ਕੇ ਅਤੇ ਆਪਣੇ ਨਿੱਜੀ ਰਿਕਾਰਡਾਂ ਨੂੰ ਪਰ੍ਹੇ ਰੱਖ ਕੇ ਟੀਮ ਦੇ ਲਈ ਖੇਡਦਾ ਹੈ ਪਰ ਕ੍ਰਿਕਟ ਦੇ 'ਮਾਹਿਰ' ਲੋਕ ਪਤਾ ਨਹੀਂ ਕਿਉਂ ਇਕ-ਦੋ ਮੈਚਾਂ ਦੇ ਪ੍ਰਦਰਸ਼ਨ ਨੂੰ ਉਸ ਦੇ ਕੈਰੀਅਰ ਨਾਲ ਜੋੜ ਦਿੰਦੇ ਹਨ। ਦੂਜੇ ਮੈਚ 'ਚ ਵੀ ਜਦੋਂ ਉਹ ਬੱਲੇਬਾਜ਼ੀ ਲਈ ਆਇਆ ਤਾਂ 26 ਓਵਰਾਂ 'ਚ ਰੋਹਿਤ, ਧਵਨ, ਰਾਹੁਲ ਤੇ ਵਿਰਾਟ ਆਊਟ ਹੋ ਚੁੱਕੇ ਸਨ। ਫਿਰ ਵੀ ਉਸ ਨੇ 37 ਦੌੜਾਂ ਬਣਾਈਆਂ ਜਦਕਿ ਦੂਜੇ ਪਾਸੇ ਵਿਕਟਾਂ ਡਿਗਦੀਆਂ ਰਹੀਆਂ। ਤੀਜੇ ਮੈਚ 'ਚ ਵੀ ਉਸ ਦਾ ਯੋਗਦਾਨ 42 ਦੌੜਾਂ ਦਾ ਸੀ। ਹਾਲਾਂਕਿ ਇਨ੍ਹਾਂ ਦੋਵਾਂ ਪਾਰੀਆਂ ਲਈ ਉਸ ਨੇ 59 ਤੇ 66 ਗੇਂਦਾਂ ਖੇਡੀਆਂ। ਸ਼ਾਇਦ ਇਸੇ ਲਈ ਆਲੋਚਕਾਂ ਨੂੰ ਵੀ ਮੌਕਾ ਮਿਲ ਗਿਆ।
ਹੁਣ ਵਕਤ ਹੈ ਸੰਭਲਣ ਦਾ। ਭਾਰਤੀ ਕ੍ਰਿਕਟ ਟੀਮ ਨੇ ਹੁਣ ਖੇਡਣੇ ਹਨ 5 ਟੈਸਟ ਮੈਚ। ਪਿਛਲਾ ਪ੍ਰਦਰਸ਼ਨ ਦੱਸਦਾ ਹੈ ਕਿ ਇੰਗਲੈਂਡ 'ਚ ਭਾਰਤੀ ਬੱਲੇਬਾਜ਼ ਲਾਲ ਗੇਂਦ ਤੋਂ ਘਬਰਾਉਂਦੇ ਹਨ, ਕਿਉਂਕਿ ਮਿੱਥੇ ਓਵਰਾਂ ਦੇ ਮੈਚ 'ਚ ਵਰਤੀ ਜਾਂਦੀ ਚਿੱਟੀ ਕੂਕਬੂਰਾ ਗੇਂਦ ਦੀ ਸੀਨ ਦੱਬੀ ਹੁੰਦੀ ਹੈ, ਜਿਸ ਕਰਕੇ ਉਹ ਹਵਾ 'ਚ ਘੱਟ ਤੈਰਦੀ ਹੈ। ਨਾਲੇ ਇਕ ਮੈਚ 'ਚ ਦੋਵੇਂ ਪਾਸਿਓਂ ਨਵੀਂ ਗੇਂਦ ਮਿਲਦੀ ਹੈ, ਜਿਸ ਕਰਕੇ ਗੇਂਦ ਪੁਰਾਣੀ ਘੱਟ ਹੁੰਦੀ ਹੈ ਅਤੇ ਗੇਂਦਬਾਜ਼ ਰਿਵਰਸ ਸਵਿੰਗ ਨਹੀਂ ਕਰਵਾ ਪਾਉਂਦੇ, ਜਦਕਿ ਲਾਲ ਗੇਂਦਾਂ ਦੀ ਸੀਣ ਕੁਝ ਉੱਭਰੀ ਹੁੰਦੀ ਹੈ ਤੇ ਨਾਲੇ 80 ਓਵਰ ਤੱਕ ਇਕ ਹੀ ਗੇਂਦ ਇਸਤੇਮਾਲ ਹੁੰਦੀ ਹੈ, ਜਿਸ ਨਾਲ ਕਿ ਗੇਂਦ ਪੁਰਾਣੀ ਹੋਣ 'ਤੇ ਤੇਜ਼ ਗੇਂਦਬਾਜ਼ ਰਿਵਰਸ ਸਵਿੰਗ ਵੀ ਕਰਵਾ ਸਕਦੇ ਹਨ। ਇੰਗਲੈਂਡ ਦੇ ਨਮੀ ਵਾਲੇ ਵਾਤਾਵਰਨ 'ਚ ਤਾਂ ਸਵਿੰਗ ਗੇਂਦਬਾਜ਼ਾਂ ਨੂੰ ਹੋਰ ਮਦਦ ਮਿਲਦੀ ਹੈ। ਇਸ ਲਈ ਭਾਰਤੀ ਬੱਲੇਬਾਜ਼ਾਂ ਨੂੰ ਟਿਕ ਕੇ ਬੱਲੇਬਾਜ਼ੀ ਕਰਕੇ ਆਪਣੀ ਪਾਰੀ ਨੂੰ ਵੱਡੇ ਸਕੋਰ 'ਚ ਤਬਦੀਲ ਕਰਨਾ ਪਵੇਗਾ, ਤਾਂ ਜੋ ਪਿਛਲੇ ਦੌਰਿਆਂ 'ਤੇ ਮਿਲੀਆਂ ਹਾਰਾਂ ਦੀ ਕਾਲਖ ਨੂੰ ਸਾਫ਼ ਕੀਤਾ ਜਾ ਸਕੇ।


-63, ਪ੍ਰੋਫੈਸਰ ਕਾਲੋਨੀ, ਰਾਮਾਮੰਡੀ, ਜਲੰਧਰ। ਮੋਬਾ: 98141-32420

ਫੁੱਟਬਾਲ :

ਕੁਸੈਲੀ ਯਾਦ ਬਣਿਆ ਵਿਸ਼ਵ ਕੱਪ ਸਫ਼ਰ

ਸੰਨ 2018 ਵਿਸ਼ਵ ਕੱਪ 'ਚ ਮਹਾਂਰਥੀ, ਜਰਮਨੀ, ਅਰਜਨਟੀਨਾ, ਪੁਰਤਗਾਲ ਅਤੇ ਸਪੇਨ ਵਰਗੀਆਂ ਟੀਮਾਂ ਦੀ ਵਿਦਾਈ ਜਿਥੇ ਦਿੱਗਜ਼ ਹੋਏ ਚਿੱਤ ਵਰਗੀਆਂ ਸੁਰਖੀਆਂ ਬਣੇ, ਉਥੇ ਇਨ੍ਹਾਂ ਟੀਮਾਂ 'ਚ ਖੇਡ ਰਹੇ ਸਟਾਰ ਖਿਡਾਰੀਆਂ ਲਈ ਇਹ ਟੂਰਨਾਮੈਂਟ ਕਸੈਲੀ ਯਾਦ ਬਣ ਕੇ ਰਹੇਗਾ। ਇਨ੍ਹਾਂ ਖਿਡਾਰੀਆਂ ਨੂੰ ਹੁਣ ਅਗਲੇ 4 ਸਾਲ ਉਡੀਕ ਕਰਨੀ ਪਵੇਗੀ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਖਿਡਾਰੀਆਂ ਦਾ ਲਗਪਗ ਇਹ ਆਖਰੀ ਵਿਸ਼ਵ ਕੱਪ ਹੋਵੇਗਾ ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਸਗੋਂ ਵਿਸ਼ਵ ਕੱਪ ਫੁੱਟਬਾਲ ਦੇ ਇਤਿਹਾਸ 'ਤੇ ਨਜ਼ਰ ਮਾਰੀਏ, ਅਜਿਹੇ ਕਈ ਖਿਡਾਰੀ ਹਨ ਜੋ ਫੁੱਟਬਾਲ ਦੇ ਸਿਖਰ 'ਤੇ ਰਹੇ ਪਰ ਵਿਸ਼ਵ ਕੱਪ ਨਾ ਚੁੰਮ ਸਕੇ। ਆਓ ਰੂ-ਬ-ਰੂ ਹੋਈਏ ਅਜਿਹੀ ਹੀ ਵਿਸ਼ਵ ਕੱਪ ਇਤਿਹਾਸ ਦੇ ਕੁਝ ਬਦਕਿਸਮਤ ਸਿਤਾਰਿਆਂ ਦੇ ਜੋ ਪ੍ਰਤਿਭਾ ਦੇ ਧਨੀ ਹੋਣ ਦੇ ਬਾਵਜੂਦ ਵਿਸ਼ਵ ਕੱਪ ਦੀ ਖਿਤਾਬੀ ਪ੍ਰਾਪਤੀ ਆਪਣੇ ਨਾਂਅ ਨਾਲ ਨਾ ਜੋੜ ਸਕੇ।
ਕ੍ਰਿਸਟਿਆਨੋ ਰੋਨਾਲਡੋ : ਰੀਅਲ ਮੈਡਰਿਡ ਦੇ ਨਾਂਅ ਅਣਗਿਣਤ ਖਿਤਾਬ ਦਰਜ ਕਰਨ ਵਾਲੇ ਫੁੱਟਬਾਲ ਦੇ ਮਹਾਨ ਫਨਕਾਰ ਰੋਨਾਲਡੋ ਲਈ ਵਿਸ਼ਵ ਕੱਪ ਦਾ ਸਫਰ ਹਮੇਸ਼ਾ ਲਈ ਇਕ ਕੁਸੈਲੀ ਯਾਦ ਬਣ ਕੇ ਰਹੇਗਾ। ਰਿਕਾਰਡ ਬੇਲੋਨ ਡਿਉਰ ਖਿਤਾਬ ਵਿਜੇਤਾ ਫੁੱਟਬਾਲ ਦੇ ਇਸ ਜਾਦੂਗਰ ਦੀ ਕਿਸਮਤ 'ਚ ਵਿਸ਼ਵ ਕੱਪ ਦੀ ਜੇਤੂ ਟਰਾਫੀ ਕਦੇ ਨਾ ਜੁੜ ਸਕੀ। ਕਤਰ 'ਚ ਹੋਣ ਵਾਲੇ 2022 ਵਿਸ਼ਵ ਕੱਪ ਦਾ ਇਹ ਖਿਡਾਰੀ 37 ਸਾਲਾਂ ਦਾ ਹੋ ਜਾਵੇਗਾ। ਇਸ ਵਾਰ ਪੁਰਤਗਾਲ ਦੀ ਟੀਮ ਉਰੂਗੁਏ ਤੋਂ 2-1 ਨਾਲ ਹਾਰ ਕੇ ਰੂਸੀ ਸਰਜ਼ਮੀਂ ਤੋਂ ਰੁਖਸਤ ਹੋ ਗਈ।
ਲਿਉਨਲ ਮੈਸੀ : ਅਰਜਨਟੀਨਾ ਦਾ ਸਟਾਰ ਮੈਸੀ ਆਪਣੇ ਖੇਡ ਕੈਰੀਅਰ 'ਚ ਮਹਾਨ ਪ੍ਰਾਪਤੀਆਂ ਦੇ ਬਾਵਜੂਦ ਵਿਸ਼ਵ ਖਿਤਾਬ ਆਪਣੇ ਨਾਂਅ ਨਾਲ ਨਾ ਜੋੜ ਸਕਿਆ। 2014 'ਚ ਹਾਰ ਕੇ ਉਪ-ਵਿਜੇਤਾ ਵਜੋਂ ਸਬਰ ਕਰਨਾ ਪਿਆ। ਸੰਨ 2006, 2010 ਅਤੇ ਇਸ ਵਾਰ 2018 'ਚ ਨਾਕਆਊਟ ਦੌਰ 'ਚ ਟੀਮ ਦੀ ਵਾਪਸੀ ਸ਼ਾਇਦ ਮੈਸੀ ਦੇ ਸੁਪਨੇ ਚਕਨਾਚੂਰ ਕਰਨ ਵਰਗੀ ਰਹੀ। ਅਗਲੇ ਵਿਸ਼ਵ ਕੱਪ ਤੱਕ ਮੈਸੀ 35 ਵਰ੍ਹਿਆਂ ਦਾ ਹੋ ਜਾਵੇਗਾ। ਕੀ ਉਹ ਫਿੱਟ ਰਹਿ ਸਕੇਗਾ, ਇਹ ਤਾਂ ਵਕਤ ਹੀ ਦੱਸੇਗਾ।
ਜੌਹਨ ਕਰੁਫ : ਬਤੌਰ ਖਿਡਾਰੀ ਕਲਾਤਮਿਕ ਫੁੱਟਬਾਲ ਦੀ ਸਿਖਰ, ਖੂਬਸੂਰਤ ਸੰਤੁਲਨ, ਬਿਹਤਰੀਨ ਪਾਸ, ਸਟੀਕ ਨਿਸ਼ਾਨੇਬਾਜ਼ੀ ਦੇ ਬਾਵਜੂਦ ਨੀਦਰਲੈਂਡ ਦੀ ਟੀਮ ਦਾ ਇਹ ਜਰਨੈਲ ਵਿਸ਼ਵ ਜੇਤੂ ਵਾਲਾ ਤਗਮਾ ਨਾ ਜਿੱਤ ਸਕਿਆ। 1974 'ਚ ਟੂਰਨਾਮੈਂਟ ਦਾ ਉਹ ਬੈਸਟ ਖਿਡਾਰੀ ਚੁਣਿਆ ਗਿਆ ਪਰ ਮੇਜ਼ਬਾਨ ਜਰਮਨੀ ਹੱਥੋਂ ਫਾਈਨਲ 'ਚ 2-1 ਨਾਲ ਪਛੜਨਾ ਕਰੁਫ ਲਈ ਜ਼ਿੰਦਗੀ ਭਰ ਦੀ ਟੀਸ ਬਣ ਗਈ। ਉਸ ਨੇ ਬਤੌਰ ਕੋਚ ਅਤੇ ਖਿਡਾਰੀ ਆਪਣੀ ਟੀਮ ਅਜੈਕਸ ਅਤੇ ਬਾਰਸੀਲੋਨਾ ਲਈ ਅਣਗਿਣਤ ਖਿਤਾਬ ਜਿੱਤੇ।
ਉਲੀਵਰ ਕਾਹਨ : ਆਪਣੇ ਕੈਰੀਅਰ 'ਚ 86 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਜਰਮਨੀ ਦਾ ਮਹਾਨ ਗੋਲਕੀਪਰ ਉਲੀਵਰ ਕਾਹਨ ਵਿਸ਼ਵ ਕੱਪ ਜਿੱਤਣ ਦੀ ਹਸਰਤ ਪੂਰੀ ਨਾ ਕਰ ਸਕਿਆ। ਸੰਨ 2002 'ਚ ਉਸ ਦੀ ਗ਼ਲਤੀ ਨਾਲ ਬ੍ਰਾਜ਼ੀਲ 2-0 ਨਾਲ ਜੇਤੂ ਰਿਹਾ। ਕਲੱਬ ਬੰਦੀਸ਼ਲੀਗਾ 'ਚ ਯੂਰਪੀਅਨ ਚੈਂਪੀਅਨ ਅਤੇ ਚੈਂਪੀਅਨ ਲੀਗ ਵਰਗੇ ਵੱਕਾਰੀ ਮੁਕਾਬਲਿਆਂ 'ਚ ਅਹਿਮ ਭੂਮਿਕਾ ਅਦਾ ਕਰਨ ਵਾਲਾ ਬਿਹਤਰੀਨ ਗੋਲਕੀਪਰ ਕਾਹਨ ਕਦੇ ਵਿਸ਼ਵ ਚੈਂਪੀਅਨ ਨਾ ਬਣ ਸਕਿਆ।
ਪਾਉਲੋ ਮਾਲਦੀਨੀ : ਇਟਾਲੀਅਨ ਟੀਮ ਦਾ ਸੁਰਖ ਸਿਤਾਰਾ, ਸੀਰੀਜ਼ 'ਏ' 'ਚ ਸੱਤ ਅਤੇ ਚੈਂਪੀਅਨ ਲੀਗ 'ਚ ਪੰਜ ਖ਼ਿਤਾਬ ਜੇਤੂ ਪਾਉਲੋ ਮਾਲਦੀਨੀ ਏ. ਸੀ. ਮਿਲਾਨ ਟੀਮ ਦਾ ਰੰਗ ਦਾ ਟਿੱਕਾ ਰਿਹਾ ਪਰ ਉਹ ਵਿਸ਼ਵ ਕੱਪ ਦਾ ਖ਼ਿਤਾਬ ਹਾਸਲ ਨਾ ਕਰ ਸਕਿਆ। ਆਪਣੇ 20 ਸਾਲ ਦੇ ਕੈਰੀਅਰ 'ਚ ਮਹਾਨ ਡਿਫੈਂਡਰ ਵਜੋਂ ਜਾਣੇ ਜਾਂਦੇ ਇਸ ਖਿਡਾਰੀ ਲਈ ਸ਼ਾਇਦ ਉਹ ਦੁਖਦ ਪਲ ਜਦੋਂ 1994 'ਚ ਅਮਰੀਕਾ 'ਚ ਹੋਏ ਵਿਸ਼ਵ ਕੱਪ 'ਚ ਉਸ ਦੀ ਟੀਮ ਬ੍ਰਾਜ਼ੀਲ ਤੋਂ ਫਾਈਨਲ 'ਚ ਹਾਰ ਗਈ ਸੀ। ਖੈਰ, ਕਿਸੇ ਵੱਡੇ ਆਯੋਜਨ ਤੋਂ ਬਾਅਦ ਇਹ ਆਮ ਹੁੰਦਾ ਹੈ, ਕਿਸੇ ਨਵੇਂ ਸਿਤਾਰੇ ਦਾ ਉਭਰਨਾ ਤੇ ਕਿਸੇ ਦਿੱਗਜ਼ ਦਾ ਅਰਸ਼ ਤੋਂ ਫਰਸ਼ 'ਤੇ ਆਉਣਾ।


-ਮੋਬਾ: 94636-12204

ਏਸ਼ੀਅਨ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀਆਂ ਪਲੇਠੀਆਂ ਪੰਜਾਬੀ ਕਬੱਡੀ ਖਿਡਾਰਨਾਂ

ਨੈਸ਼ਨਲ ਸਟਾਈਲ ਕਬੱਡੀ ਦੇ ਔਰਤ ਵਰਗ 'ਚ ਅਗਲੇ ਮਹੀਨੇ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ 'ਚ ਦੋ ਪੰਜਾਬਣ ਖਿਡਾਰਨਾਂ ਸ਼ਾਮਲ ਕੀਤੀਆਂ ਗਈਆਂ ਹਨ। ਤੀਸਰੀ ਵਾਰ ਔਰਤਾਂ ਦੇ ਕਬੱਡੀ ਮੁਕਾਬਲੇ ਏਸ਼ੀਅਨ ਖੇਡਾਂ 'ਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਲਈ ਰਣਦੀਪ ਕੌਰ ਖਹਿਰਾ ਤੇ ਮਨਪ੍ਰੀਤ ਕੌਰ ਛੀਨਾ ਪਹਿਲੀਆਂ ਪੰਜਾਬਣਾਂ ਵਜੋਂ ਦੇਸ਼ ਦੀ ਨੁਮਾਇੰਦਗੀ ਕਰਨਗੀਆਂ।
ਰਣਦੀਪ ਕੌਰ ਖਹਿਰਾ
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੱਥੂ ਖਹਿਰਾ ਦੇ ਵਸਨੀਕ ਸ: ਹਰਦੀਪ ਸਿੰਘ ਖਹਿਰਾ ਤੇ ਸ੍ਰੀਮਤੀ ਵੀਰ ਕੌਰ ਦੀ ਸਪੁੱਤਰੀ ਰਣਦੀਪ ਕੌਰ ਖਹਿਰਾ ਪੰਜਾਬ ਦੀ ਇਕੋ-ਇਕ ਅਜਿਹੀ ਖਿਡਾਰਨ ਹੈ, ਜਿਸ ਨੇ ਕਬੱਡੀ ਦੀਆਂ ਤਿੰਨੇ ਵੰਨਗੀਆਂ-ਦਾਇਰੇ ਵਾਲੀ, ਨੈਸ਼ਨਲ ਸਟਾਈਲ ਅਤੇ ਬੀਚ ਕਬੱਡੀ 'ਚ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਰਣਦੀਪ ਨੇ ਕਲਾਸਵਾਲਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦਸਵੀਂ ਜਮਾਤ 'ਚ ਪੜ੍ਹਦਿਆਂ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਅਥਲੈਟਿਕਸ ਰਾਹੀਂ ਕੌਮੀ ਪੱਧਰ ਤੱਕ ਖੇਡਣ ਦਾ ਮਾਣ ਹਾਸਲ ਕੀਤਾ। ਐਸ.ਐਮ. ਕਾਲਜ ਦੀਨਾਨਗਰ ਵਿਖੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਹੀ ਕੋਚ ਨਿਰਮਲ ਕੌਰ ਤੇ ਮੁਖਵਿੰਦਰ ਸਿੰਘ ਦੀ ਪ੍ਰੇਰਨਾ ਨਾਲ ਰਣਦੀਪ ਨੇ ਬਤੌਰ ਰੇਡਰ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਕੀਤਾ, ਜਿਸ ਦੌਰਾਨ ਰਣਦੀਪ ਦਾ ਮੇਲ ਸਵ: ਕੋਚ ਗੁਰਦੀਪ ਸਿੰਘ ਮੱਲ੍ਹੀ ਨਾਲ ਹੋਇਆ, ਜਿਨ੍ਹਾਂ ਦੀ ਅਗਵਾਈ 'ਚ ਉਸ ਨੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿਖੇ ਦਾਖਲਾ ਲਿਆ ਅਤੇ ਇੱਥੇ ਉਸ ਦੀ ਖੇਡ 'ਚ ਇੰਨਾ ਕੁ ਨਿਖਾਰ ਆ ਗਿਆ ਕਿ ਉਹ 2008 ਤੋਂ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਦੀ ਕਪਤਾਨ ਚਲੀ ਆ ਰਹੀ ਹੈ। ਉਹ ਤਿੰਨ ਵਾਰ ਬੀਚ ਏਸ਼ੀਅਨ ਚੈਂਪੀਅਨਸ਼ਿਪ 'ਚ ਵੀ ਦੇਸ਼ ਲਈ ਸੋਨ ਤਗਮੇ ਜਿੱਤ ਚੁੱਕੀ ਹੈ। ਇਸ ਦੇ ਸਮਾਂਤਰ ਹੀ ਰਣਦੀਪ ਦਾਇਰੇ ਵਾਲੀ ਕਬੱਡੀ 'ਚ ਵੀ ਕੌਮੀ ਚੈਂਪੀਅਨਸ਼ਿਪਾਂ 'ਚ ਪੰਜਾਬ ਲਈ 2-2 ਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। ਰਣਦੀਪ 2013 ਦੇ ਵਿਸ਼ਵ ਕੱਪ 'ਚ ਭਾਰਤ ਦੀ ਚੈਂਪੀਅਨ ਟੀਮ ਦਾ ਹਿੱਸਾ ਬਣੀ। ਫਿਰ 2016 ਦੇ ਪੰਜਵੇਂ ਆਲਮੀ ਕੱਪ 'ਚ ਉਹ ਚੈਂਪੀਅਨ ਬਣੀ ਭਾਰਤੀ ਟੀਮ ਵਲੋਂ ਦੁਨੀਆ ਦੀ ਸਰਬੋਤਮ ਸਟਾਪਰ ਸਾਬਤ ਹੋਈ। ਉਹ ਮਾਝਾ ਕਬੱਡੀ ਅਕੈਡਮੀ ਅਤੇ ਸ਼ਹੀਦ ਭਗਤ ਸਿੰਘ ਕਲੱਬ ਸਮੈਣ (ਹਰਿਆਣਾ) ਵਲੋਂ ਪੇਸ਼ੇਵਰ ਕਬੱਡੀ ਖੇਡਦੀ ਹੈ। ਇਸ ਦੇ ਨਾਲ ਹੀ ਰਣਦੀਪ ਲਾਸ ਏਂਜਲਸ (ਅਮਰੀਕਾ) 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਤੇ ਕੁਸ਼ਤੀ ਮੁਕਾਬਲਿਆਂ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਰਣਦੀਪ ਕੌਰ ਏਸ਼ੀਅਨ ਖੇਡਾਂ ਲਈ ਭਾਰਤੀ ਟੀਮ 'ਚ ਚੋਣ ਹੋਣ ਨੂੰ ਆਪਣੇ ਜੀਵਨ ਦੀ ਵੱਡੀ ਪ੍ਰਾਪਤੀ ਮੰਨਦੀ ਹੈੈ।
ਮਨਪ੍ਰੀਤ ਕੌਰ ਬੁਢਲਾਡਾ
ਮਾਨਸਾ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਕਾਸਿਮਪੁਰ ਛੀਨਾ ਵਿਖੇ ਸ: ਹਰਦੀਪ ਸਿੰਘ ਤੇ ਸ੍ਰੀਮਤੀ ਪਰਮਿੰਦਰ ਕੌਰ ਦੇ ਘਰ ਜਨਮੀ ਮਨਪ੍ਰੀਤ ਕੌਰ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜ੍ਹਦਿਆਂ ਮਾ: ਜਸਵਿੰਦਰ ਸਿੰਘ ਲਾਲੀ ਦੀ ਪ੍ਰੇਰਨਾ ਨਾਲ ਕਬੱਡੀ ਖੇਡਣੀ ਆਰੰਭ ਕੀਤੀ, ਜਿਸ ਦੌਰਾਨ ਉਸ ਨੇ ਪੰਜਾਬ ਸਕੂਲ ਖੇਡਾਂ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਦਸਵੀਂ ਜਮਾਤ ਤੱਕ ਪੜ੍ਹਦਿਆਂ ਮਨਪ੍ਰੀਤ ਨੇ ਨੈਸ਼ਨਲ ਅਤੇ ਸਰਕਲ ਸਟਾਈਲ ਕਬੱਡੀ ਦੇ ਪੇਂਡੂ ਅਤੇ ਜ਼ਿਲ੍ਹਾ ਪੱਧਰ ਤੱਕ ਦੇ ਟੂਰਨਾਮੈਂਟ 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ। ਫਿਰ ਉਸ ਨੇ ਸੁਲਤਾਨਪੁਰ ਲੋਧੀ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਵਿੰਗ 'ਚ ਦਾਖਲਾ ਲਿਆ।
ਫਿਰ ਮਨਪ੍ਰੀਤ ਕੌਰ ਨੇ ਗ੍ਰੈਜੂਏਸ਼ਨ ਕਰਦਿਆਂ ਪਹਿਲੇ ਵਰ੍ਹੇ (2011-12) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਖੇਡਣ ਦਾ ਐਜ਼ਾਜ ਹਾਸਲ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਫਿਰ ਉਸ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਕਾਂਸੀ ਦੇ ਤਗਮੇ ਜਿੱਤੇ। ਸੰਨ 2016 'ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ 'ਚ ਮਨਪ੍ਰੀਤ ਦੀ ਕਪਤਾਨੀ 'ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ 'ਚ ਸੋਨ ਤਗਮਾ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਤੀਸਰੇ ਆਲਮੀ ਕੱਪ (2013) ਦੀ ਚੈਂਪੀਅਨ ਭਾਰਤੀ ਟੀਮ ਦੀ ਸਟਾਪਰ ਵਜੋਂ ਮਨਪ੍ਰੀਤ ਹਿੱਸਾ ਬਣੀ। ਇਸ ਦੇ ਨਾਲ ਹੀ ਕੁੱਲ ਹਿੰਦ ਅੰਤਰਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ 'ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਨੇ 2015 ਤੇ 16 'ਚ ਕ੍ਰਮਵਾਰ ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤੇ। ਮਨਪ੍ਰੀਤ ਨੂੰ ਖੇਡ ਅਤੇ ਵਿੱਦਿਅਕ ਪ੍ਰਾਪਤੀਆਂ ਦੀ ਬਦੌਲਤ ਰਾਜਸਥਾਨ ਸਰਕਾਰ ਨੇ ਪੁਲਿਸ 'ਚ ਸਬ-ਇੰਸਪੈਕਟਰ ਦੇ ਅਹੁਦੇ ਨਾਲ ਇਸੇ ਵਰ੍ਹੇ ਨਿਵਾਜਿਆ ਹੈ। ਹੁਣ ਉਸ ਦੀ ਚੋਣ ਜਕਾਰਤਾ ਏਸ਼ੀਅਨ ਖੇਡਾਂ ਲਈ ਹੋਈ ਹੈ, ਜੋ ਉਸ ਦੇ ਖੇਡ ਜੀਵਨ ਦੀ ਸਰਬੋਤਮ ਪ੍ਰਾਪਤੀ ਹੈ।


-ਪਟਿਆਲਾ।

ਭਾਰਤੀ ਕ੍ਰਿਕਟ ਟੀਮ ਨੇ ਜਿੱਤੀ ਟੀ-20 ਲੜੀ

ਇੰਗਲੈਂਡ ਦੌਰੇ ਦੀ ਹੋਈ ਜੇਤੂ ਸ਼ੁਰੂਆਤ

ਭਾਰਤੀ ਕ੍ਰਿਕਟ ਟੀਮ ਇਸ ਵੇਲੇ ਬਿਹਤਰੀਨ ਫਾਰਮ 'ਚ ਹੈ। ਫਾਰਮ ਦੇ ਵਿਚ ਤਾਂ ਇੰਗਲੈਂਡ ਦੀ ਟੀਮ ਵੀ ਹੈ ਪਰ ਉਨ੍ਹਾਂ ਦੀ ਤਾਕਤ ਬੱਲੇਬਾਜ਼ੀ ਹੈ ਜਦਕਿ ਭਾਰਤ ਦੇ ਬੱਲੇਬਾਜ਼ ਵੀ ਫਾਰਮ 'ਚ ਹਨ ਤੇ ਗੇਂਦਬਾਜ਼ ਵੀ। ਭਾਰਤੀ ਟੀਮ ਦਾ ਪਲੜਾ ਭਾਰੀ ਹੈ ਗੇਂਦਬਾਜ਼ਾਂ ਕਰਕੇ। ਖਾਸ ਤੌਰ 'ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤੇ ਲੈਗ ਸਪਿਨ ਗੁਗਲੀ ਗੇਂਦਬਾਜ਼ ਯਜ਼ਵੇਂਦਰ ਚਾਹਲ ਦੀਆਂ ਗੇਂਦਾਂ ਇੰਗਲਿਸ਼ ਬੱਲੇਬਾਜ਼ਾਂ ਨੂੰ ਸਮਝ ਨਹੀਂ ਆ ਰਹੀਆਂ। ਇੰਗਲੈਂਡ ਕੋਲ ਇਨ੍ਹਾਂ ਦੇ ਬਰਾਬਰ ਦਾ ਕੋਈ ਸਪਿਨ ਗੇਂਦਬਾਜ਼ ਨਹੀਂ ਹੈ।
ਇੰਗਲੈਂਡ ਦੀ ਟੀਮ 'ਚ ਨਾਮੀ-ਗਿਰਾਮੀ ਤੇ ਧਾਕੜ ਬੱਲੇਬਾਜ਼ ਜੇਸਨ ਰਾਏ, ਜੋਸ ਬਟਲਰ, ਐਲਕਸ ਹੇਲਜ਼, ਈਓਨ ਮੌਰਗਨ, ਬੇਅਰਸਟੋ ਤੇ ਜੋ ਰੂਟ ਹਨ, ਜਿਨ੍ਹਾਂ 'ਚੋਂ ਇਕ ਵੀ ਚੱਲ ਪਿਆ ਤਾਂ ਟੀ-20 ਦਾ ਉਹ ਮੈਚ ਆਪਣੇ ਵੱਲ ਕਰ ਸਕਦੇ ਹਨ। ਤੇਜ਼ ਗੇਂਦਬਾਜ਼ਾਂ ਨੂੰ ਤਾਂ ਇਹ ਬੱਲੇਬਾਜ਼ ਆਰਾਮ ਨਾਲ ਖੇਡਦੇ ਰਹੇ ਪਰ ਭਾਰਤੀ ਸਪਿਨ ਜੋੜੀ ਅੱਗੇ ਇਨ੍ਹਾਂ ਦੀ ਕੋਈ ਨਾ ਚੱਲੀ। ਚਾਹਲ ਦੀ ਤਾਂ ਕਦੇ-ਕਦਾਈਂ ਠੁਕਾਈ ਵੀ ਹੋ ਜਾਂਦੀ ਹੈ ਪਰ ਕੁਲਦੀਪ ਯਾਦਵ ਦੀਆਂ ਗੇਂਦਾਂ ਇੰਗਲਿਸ਼ ਬੱਲੇਬਾਜ਼ਾਂ ਨੂੰ ਖੂਬ ਨਚਾ ਰਹੀਆਂ ਹਨ। ਪਹਿਲੇ ਟੀ-20 'ਚ ਯਾਦਵ ਨੇ 5 ਵਿਕਟਾਂ ਲੈ ਕੇ ਇੰਗਲੈਂਡ ਨੂੰ ਏਨੇ ਦਬਾਅ 'ਚ ਲੈ ਆਂਦਾ ਕਿ ਉਹ ਅਗਲੇ ਮੈਚ 'ਚ ਲੱਸੀ ਨੂੰ ਵੀ ਫੂਕਾਂ ਮਾਰ ਰਹੇ ਸਨ। ਪਹਿਲਾ ਮੈਚ ਕੇ. ਐਲ. ਰਾਹੁਲ ਦੇ ਸ਼ਾਨਦਾਰ ਸੈਂਕੜੇ ਤੇ ਕੁਲਦੀਪ ਯਾਦਵ ਦੀ ਘਾਤਕ ਗੇਂਦਬਾਜ਼ੀ ਕਰਕੇ ਜਾਣਿਆ ਜਾਵੇਗਾ। ਭਾਰਤੀ ਕਪਤਾਨ ਕੋਹਲੀ ਦੀ ਇਹ ਖੂਬੀ ਹੈ ਕਿ ਉਹ ਟੀਮ ਦੇ ਹਿਤਾਂ ਨੂੰ ਹਮੇਸ਼ਾ ਪਹਿਲ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ਜੇ ਪਹਿਲੀ ਵਿਕਟ ਛੇਤੀ ਡਿਗਦੀ ਹੈ ਤਾਂ ਕਿਉਂਕਿ ਰਾਹੁਲ ਪਾਵਰ ਪਲੇਅ 'ਚ ਉੱਚੀਆਂ ਸ਼ਾਟਾਂ ਖੇਡ ਕੇ ਸਕੋਰ ਬਣਾ ਲੈਂਦਾ ਹੈ, ਵਿਰਾਟ ਉਸ ਨੂੰ ਤੀਜੇ ਨੰਬਰ 'ਤੇ ਭੇਜ ਕੇ ਆਪ ਚੌਥੇ ਨੰਬਰ 'ਤੇ ਆ ਜਾਂਦਾ ਹੈ। ਦੂਜੇ ਮੈਚ 'ਚ ਵੀ ਪਹਿਲੀ ਵਿਕਟ ਛੇਤੀ ਡਿਗੀ ਪਰ ਇੰਗਲੈਂਡ ਦੇ ਗੇਂਦਬਾਜ਼ ਦਬਾਅ ਬਣਾਉਣ 'ਚ ਕਾਮਯਾਬ ਹੋ ਗਏ, ਜਿਸ ਕਰਕੇ ਭਾਰਤ ਵਲੋਂ ਬਣਾਏ ਸਕੋਰ ਨੂੰ ਇੰਗਲੈਂਡ ਨੇ ਪਾਰ ਪਾ ਲਿਆ। ਤੀਜੇ ਮੈਚ ਲਈ ਇੰਗਲੈਂਡ ਨੇ ਘਾਹ ਵਾਲੀ ਪਿੱਚ ਤਿਆਰ ਕਰਵਾਈ ਤਾਂ ਜੋ ਭਾਰਤੀ ਸਪਿਨਰਾਂ ਦੀ ਧਾਰ ਖੁੰਢੀ ਕੀਤੀ ਜਾ ਸਕੇ।
ਪਿੱਚ ਦੇਖਦਿਆਂ ਭਾਰਤੀ ਟੀਮ ਵਲੋਂ ਇਕ ਸਪਿਨਰ ਨੂੰ ਬਾਹਰ ਬਿਠਾਉਣਾ ਸੀ ਪਰ ਉਨ੍ਹਾਂ ਚਾਹਲ ਦੀ ਬਜਾਏ ਯਾਦਵ ਨੂੰ ਬਾਹਰ ਬਿਠਾ ਦਿੱਤਾ। ਇਸੇ ਕਰਕੇ ਇੰਗਲੈਂਡ ਦੀ ਟੀਮ 20 ਓਵਰਾਂ 'ਚ 198 ਦੌੜਾਂ ਬਣਾਉਣ 'ਚ ਸਫਲ ਹੋ ਗਈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ, ਜਿਹੜਾ ਕਿ ਪਿੱਠ 'ਚ ਖਿੱਚ ਪੈਣ ਕਾਰਨ ਨਹੀਂ ਖੇਡ ਸਕਿਆ, ਦੀ ਥਾਂ 'ਤੇ ਸਿਧਾਰਥ ਕੌਲ ਨੂੰ ਮੌਕਾ ਦਿੱਤਾ ਗਿਆ, ਜਿਸ ਨੇ ਸਧਾਰਨ ਪੱਧਰ ਦੀ ਗੇਂਦਬਾਜ਼ੀ ਕੀਤੀ। ਯਾਦਵ ਦੀ ਥਾਂ ਤੇਜ਼ ਗੇਂਦਬਾਜ਼ ਦੀਪਕ ਚਾਹਲ ਨੂੰ ਮੌਕਾ ਮਿਲਿਆ ਪਰ ਉਹ ਉੱਕਾ ਵੀ ਪ੍ਰਭਾਵ ਨਾ ਛੱਡ ਸਕਿਆ। ਕਹਿਣ ਨੂੰ ਉਸ ਨੂੰ ਟੀਮ 'ਚ ਥਾਂ ਦੇ ਕੇ ਆਪਣੀ ਪ੍ਰਤਿਭਾ ਦਿਖਾਉਣ ਲਈ ਕਿਹਾ ਗਿਆ ਪਰ ਹੁਣ ਲਗਦਾ ਨਹੀਂ ਕਿ ਉਸ ਨੂੰ ਮੁੜ ਛੇਤੀ ਕਿਤੇ ਮੌਕਾ ਮਿਲੇਗਾ। ਅਜਿਹੇ ਪ੍ਰਤਿਭਾਸ਼ਾਲੀ ਕ੍ਰਿਕਟਰ ਲਈ ਟੀ-20 ਦਾ ਇਕ ਮੈਚ ਹੀ ਕਾਫੀ ਨਹੀਂ ਹੋਣਾ ਚਾਹੀਦਾ। ਟੀਮ 'ਚ ਸ਼ਾਮਿਲ ਆਲਰਾਊਂਡਰ ਹਾਰਦਿਕ ਪਾਂਡੇਆ ਵੀ ਟੀਮ ਦੀਆਂ ਲਗਾਤਾਰ ਜਿੱਤਾਂ 'ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਤੀਜੇ ਮੈਚ 'ਚ ਉਸ ਨੇ 4 ਵਿਕਟਾਂ ਲੈ ਕੇ ਆਪਣੀ ਚੋਣ ਨੂੰ ਸਾਰਥਿਕ ਕੀਤਾ। ਪਾਂਡੇਆ ਫੀਲਡਿੰਗ 'ਚ ਵੀ ਲਾਜਵਾਬ ਹੈ, ਬੱਲੇਬਾਜ਼ੀ 'ਚ ਵੀ ਧਾਕੜ ਹੈ ਤੇ ਗੇਂਦਬਾਜ਼ੀ ਵੀ ਕਰ ਲੈਂਦਾ ਹੈ। ਗੇਂਦਬਾਜ਼ੀ ਵੱਲ ਹਾਲੇ ਉਸ ਨੂੰ ਥੋੜ੍ਹੀ ਹੋਰ ਮਿਹਨਤ ਦੀ ਲੋੜ ਹੈ, ਕਿਉਂਕਿ ਉਹ ਓਵਰ 'ਚ 2 ਕੁ ਗੇਂਦਾਂ ਹਲਕੀਆਂ ਸੁੱਟ ਕੇ ਕੁੱਟ ਖਾ ਲੈਂਦਾ ਹੈ। ਕਿਫਾਇਤ ਵੱਲ ਧਿਆਨ ਦੇ ਕੇ ਉਹ ਮਹਾਨ ਆਲਰਾਊਂਡਰ ਬਣਨ ਦੀ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਸਕੇਗਾ। ਭਲਾ ਹੋਵੇ ਰੋਹਿਤ ਸ਼ਰਮਾ ਦਾ, ਜਿਸ ਨੇ ਜ਼ਬਰਦਸਤ ਸੈਂਕੜਾ ਠੋਕ ਕੇ ਭਾਰਤ ਨੂੰ ਲੜੀ ਜਿੱਤਣ 'ਚ ਸਫਲ ਕੀਤਾ, ਨਹੀਂ ਤਾਂ 199 ਦੌੜਾਂ ਦਾ ਟੀਚਾ ਫਤਹਿ ਕਰਨਾ ਕੋਈ ਸੌਖਾ ਕੰਮ ਨਹੀਂ ਸੀ।
ਕੁਲਦੀਪ ਯਾਦਵ ਜਿਵੇਂ ਇਸ ਵੇਲੇ ਇੰਗਲਿਸ਼ ਬੱਲੇਬਾਜ਼ਾਂ 'ਚ ਦਹਿਸ਼ਤ ਬਣਿਆ ਹੋਇਆ ਹੈ, ਉਸ ਨੂੰ ਦੇਖਦਿਆਂ ਆਉਣ ਵਾਲੇ 5 ਟੈਸਟ ਮੈਚਾਂ 'ਚ ਵੀ ਉਸ ਨੂੰ ਚੁਣ ਲੈਣਾ ਚਾਹੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸ਼ਵਿਨ ਤੇ ਜਡੇਜਾ ਪੱਕੀ ਥਾਂ ਮੱਲੀ ਬੈਠੇ ਹਨ ਪਰ ਮੌਜੂਦਾ ਹਾਲਾਤ ਤੇ ਪ੍ਰਦਰਸ਼ਨ ਦੇ ਆਧਾਰ 'ਤੇ ਜਡੇਜਾ ਦੀ ਥਾਂ 'ਤੇ ਕੁਲਦੀਪ ਯਾਦਵ ਨੂੰ ਟੈਸਟ ਮੈਚਾਂ 'ਚ ਵੀ ਮੌਕਾ ਮਿਲਣਾ ਚਾਹੀਦਾ ਹੈ।


-63, ਪ੍ਰੋਫੈਸਰ ਕਾਲੋਨੀ, ਰਾਮਾਮੰਡੀ, ਜਲੰਧਰ। ਮੋਬਾ: 98141-32420

ਭਾਰਤੀ ਨੇਤਰਹੀਣ ਫੁੱਟਬਾਲ ਟੀਮ ਦਾ ਕੈਪਟਨ-ਪੰਕਜ ਰਾਣਾ

ਪੰਕਜ ਰਾਣਾ ਆਖਦਾ ਹੈ ਕਿ 'ਖੁੱਲ੍ਹੀਆਂ ਅੱਖਾਂ ਨੇ ਓਨਾ ਨਹੀਂ ਵਿਖਾਉਣਾ ਸੀ ਜਿੰਨੇ ਸੁਪਨੇ ਅਤੇ ਦੁਨੀਆ ਬੰਦ ਅੱਖਾਂ ਨੇ ਵਿਖਾ ਦਿੱਤੀ।' ਪੰਕਜ ਰਾਣਾ ਅਸਲੋਂ ਹੀ ਪੂਰੀ ਤਰ੍ਹਾਂ ਨੇਤਰਹੀਣ ਹੈ ਪਰ ਉਸ ਦੀਆਂ ਬੰਦ ਅੱਖਾਂ ਹੋਣ ਦੇ ਬਾਵਜੂਦ ਉਸ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ 'ਤੇ ਪੂਰੇ ਭਾਰਤ ਦੇਸ਼ ਨੂੰ ਮਾਣ ਹੈ। ਪੰਕਜ ਰਾਣਾ ਦਾ ਜਨਮ 12 ਫਰਵਰੀ, 1999 ਵਿਚ ਦੇਵਤਿਆਂ ਦੀ ਭੂਮੀ ਵਜੋਂ ਜਾਣੀ ਜਾਂਦੀ ਉੱਤਰਾਖੰਡ ਦੇ ਜ਼ਿਲ੍ਹਾ ਉੱਤਰਾਕਾਸੀ ਭਨਸਾਰੀ ਪਿੰਡ ਵਿਚ ਇਕ ਛੋਟੇ ਜਿਹੇ ਕਿਸਾਨ ਕਰਮ ਸਿੰਘ ਰਾਣਾ ਦੇ ਘਰ ਮਾਤਾ ਗੁਡੀ ਰਾਣਾ ਦੀ ਕੁੱਖੋਂ ਹੋਇਆ। ਪਰਿਵਾਰ ਵਿਚ ਦੋ ਪੁੱਤਰ ਅਤੇ ਤਿੰਨ ਬੇਟੀਆਂ 'ਚੋਂ ਪੰਕਜ ਰਾਣਾ ਇਕ ਹੈ। ਪੰਕਜ ਰਾਣਾ ਨੇ ਬਚਪਨ ਦੀ ਦਹਿਲੀਜ਼ ਟੱਪ ਅਜੇ ਮੁਢਲੀ ਵਿੱਦਿਆ ਵਿਚ ਕਦਮ ਰੱਖਿਆ ਹੀ ਸੀ ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਜਿਹੜੇ ਰੰਗਾਂ ਨੂੰ ਪੰਕਜ ਅਜੇ ਪਹਿਚਾਨਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉਸ ਦੀ ਛੋਟੀ ਜਿਹੀ ਜ਼ਿੰਦਗੀ ਵਿਚ ਆਈ ਦੁਰਘਟਨਾ ਨੇ ਉਸ ਦਾ ਇੰਦਰ ਧਨੁਸ਼ ਖੋਹ ਲਿਆ। ਹੋਇਆ ਇਹ ਕਿ ਅੱਖਾਂ ਵਿਚ ਕੋਈ ਗਲਤ ਦਵਾਈ ਪੈ ਜਾਣ ਨਾਲ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਉਸ ਦਾ ਆਉਣ ਵਾਲਾ ਰੰਗਲਾ ਸੰਸਾਰ ਹਮੇਸ਼ਾ ਲਈ ਹਨੇਰ ਵਿਚ ਡੁੱਬ ਗਿਆ। ਪੰਕਜ ਹੀ ਨਹੀਂ, ਸਗੋਂ ਪੂਰੇ ਪਰਿਵਾਰ 'ਤੇ ਹੀ ਹਨੇਰ ਦੇ ਬੱਦਲ ਛਾ ਗਏ।
ਥੋੜ੍ਹਾ ਵਕਤ ਬੀਤਿਆ ਤਾਂ ਪੰਕਜ ਦੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਉਸ ਨੂੰ ਮੁਢਲੀ ਵਿੱਦਿਆ ਲਈ ਵਿਜੇ ਪਬਲਿਕ ਸਕੂਲ ਵਿਚ ਦਾਖਲ ਕਰਵਾ ਦਿੱਤਾ, ਜਿੱਥੇ ਸਿਰਫ ਨੇਤਰਹੀਣ ਬੱਚੇ ਹੀ ਪੜ੍ਹਦੇ ਸੀ ਅਤੇ ਉਸ ਸਕੂਲ ਵਿਚੋਂ ਉਸ ਨੇ ਅੱਠਵੀਂ ਤੱਕ ਦੀ ਪੜ੍ਹਾਈ ਕਰ ਲਈ। ਹੋਰ ਉੱਚ ਸਿੱਖਿਆ ਲਈ ਉਸ ਦਾ ਦਾਖਲਾ ਰਾਜਧਾਨੀ ਦੇਹਰਾਦੂਨ ਵਿਚ ਨੇਤਰਹੀਣਾਂ ਦੇ ਪ੍ਰਸਿੱਧ ਸਕੂਲ ਐਨ. ਆਈ. ਵੀ. ਐਚ. ਸਕੂਲ ਵਿਚ ਹੋ ਗਿਆ, ਜਿੱਥੇ ਪੜ੍ਹਾਈ ਦੇ ਨਾਲ-ਨਾਲ ਉਸ ਨੇ ਖੇਡਾਂ ਵਿਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਉਸੇ ਸਕੂਲ ਹੀ ਪੜ੍ਹਦਿਆਂ ਉਸ ਨੇ ਅਥਲੈਟਿਕ ਅਤੇ ਕ੍ਰਿਕਟ ਵਿਚ ਰਾਸ਼ਟਰੀ ਪੱਧਰ ਤੱਕ ਮੱਲਾਂ ਮਾਰੀਆਂ। ਸਾਲ 2015 ਵਿਚ ਉਸੇ ਸਕੂਲ ਵਿਚ ਕੋਚ ਸ੍ਰੀ ਨਰੇਸ ਸਿੰਘ ਨਿਯਾਲ ਆਏ, ਜਿਨ੍ਹਾਂ ਨੇ ਪੰਕਜ ਅੰਦਰ ਖੇਡ ਕਲਾ ਦੀ ਪ੍ਰਤਿਭਾ ਵੇਖੀ ਅਤੇ ਉਨ੍ਹਾਂ ਨੇ ਆਪਣੀ ਦੇਖ-ਰੇਖ ਹੇਠ ਪੰਕਜ ਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਕੇਰਲ ਦੇ ਸ਼ਹਿਰ ਕੋਚੀ ਵਿਚ ਸ੍ਰੀ ਨਰੇਸ਼ ਸਿੰਘ ਨਿਯਾਲ ਦੇ ਨਾਲ ਨੈਸ਼ਨਲ ਬਲਾਈਂਡ ਫੁੱਟਬਾਲ ਲਈ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ ਅਤੇ ਜਲਦੀ ਹੀ ਉਸ ਦੀ ਚੋਣ ਟੋਕੀਓ ਵਿਖੇ ਹੋਣ ਵਾਲੀ ਬਲਾਈਂਡ ਫੁੱਟਬਾਲ ਏਸ਼ੀਆ ਚੈਂਪੀਅਨਸ਼ਿਪ ਲਈ ਹੋ ਗਈ ਅਤੇ ਦੇਹਰਾਦੂਨ ਦੇ ਨੇਤਰਹੀਣ ਸਕੂਲ ਦਾ ਨਾਂਅ ਚਮਕਾਉਂਦਾ ਹੋਇਆ ਪੰਕਜ ਰਾਸ਼ਟਰੀ ਤਿਰੰਗੇ ਨਾਲ ਬਣੀ ਜਰਸੀ ਪਹਿਨ ਜਾਪਾਨ ਲਈ ਰਵਾਨਾ ਹੋ ਗਿਆ।
ਸਾਲ 2016 ਵਿਚ ਰਾਸ਼ਟਰੀ ਬਲਾਈਂਡ ਫੁੱਟਬਾਲ ਚੈਂਪੀਅਨਸ਼ਿਪ ਵਿਚ ਪੰਕਜ ਟੀਮ ਦਾ ਕਪਤਾਨ ਬਣਿਆ ਅਤੇ ਆਪਣੇ ਸਕੂਲ ਦੀ ਟੀਮ ਨੂੰ ਫਾਈਨਲ ਤੱਕ ਲੈ ਗਿਆ। ਸਾਲ 2016 ਵਿਚ ਪੰਕਜ ਨੇ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਤਿੰਨ ਦੇਸ਼ਾਂ ਦੀ ਅੰਤਰਰਾਸ਼ਟਰੀ ਲੜੀ ਵੀ ਖੇਡੀ। ਸਾਲ 2017 ਵਿਚ ਪੰਕਜ ਰਾਣਾ ਉਹ ਪਹਿਲਾ ਭਾਰਤੀ ਖਿਡਾਰੀ ਸੀ, ਜਿਸ ਦੀ ਚੋਣ ਜਰਮਨੀ ਦੇ ਕੋਚ ਉਲੀ ਨੇ ਰਾਸ਼ਟਰੀ ਬਲਾਈਂਡ ਫੁੱਟਬਾਲ ਅਕੈਡਮੀ ਲਈ ਇਕ ਕੋਚ ਵਜੋਂ ਕੀਤੀ। ਬਹੁਤ ਸਾਰੇ ਦੇਸ਼ਾਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਧੁੰਮਾਂ ਪਾਉਣ ਵਾਲੇ ਪੰਕਜ ਰਾਣਾ ਕੋਲ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਗੋਲ ਕਰਨ ਦਾ ਖ਼ਿਤਾਬ ਵੀ ਹਾਸਲ ਹੈ। ਦੇਹਰਾਦੂਨ ਦੇ ਐਨ. ਆਈ. ਵੀ. ਐਚ. ਸਕੂਲ ਤੋਂ ਬੀ. ਏ. ਕਰਨ ਵਾਲਾ ਪੰਕਜ ਰਾਣਾ ਉੱਤਰਾਖੰਡ ਸਰਕਾਰ ਕੋਲੋਂ ਦੋ ਵਾਰ ਸਨਮਾਨਿਤ ਹੋ ਚੁੱਕਾ ਹੈ ਅਤੇ ਉਸ ਦਾ ਸੁਪਨਾ ਹੈ ਕਿ ਉਹ ਅਰਜਨ ਐਵਾਰਡ ਵਿਜੇਤਾ ਬਣੇ। ਪੰਕਜ ਰਾਣਾ ਦੀਆਂ ਬੰਦ ਅੱਖਾਂ ਅੰਦਰ ਪਲ ਰਹੇ ਸੁਪਨੇ ਜਲਦ ਹੀ ਰੰਗੀਨ ਹੋਣ, ਇਹ ਮੇਰੀ ਪੰਕਜ ਲਈ ਦੁਆ ਹੈ ਅਤੇ ਉਸ ਦੇ ਜਨੂਨ ਨੂੰ ਸਲਾਮ!


-ਮੋਗਾ। ਮੋਬਾ: 98551-14484

ਬੈਡਮਿੰਟਨ ਖੜੋਤ ਦੀ ਸਥਿਤੀ ਵਿਚ-ਅਭਿਆਸ ਤੇ ਸਖ਼ਤ ਮੁਕਾਬਲੇ ਦੀ ਲੋੜ

ਭਾਰਤ ਨੂੰ ਬੈਡਮਿੰਟਨ ਜਿਸ ਵਿਚ ਹਾਕੀ ਤੋਂ ਬਾਅਦ ਸਾਨੂੰ ਮਾਣ ਸੀ ਕਿ ਪੀ.ਵੀ. ਸਿੰਧੂ ਨੇ ਰੀਓ ਉਲੰਪਿਕ ਵਿਚ ਚਾਂਦੀ ਦਾ ਤੇ ਸਾਇਨਾ ਨੇ ਪਹਿਲਾਂ ਲੰਡਨ ਵਿਚ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ, ਹੁਣ ਪ੍ਰਦਰਸ਼ਨ ਇੰਨਾ ਪਛੜ ਗਿਆ ਹੈ ਕਿ ਪਿਛਲੇ ਕੁਝ ਟੂਰਨਾਮੈਂਟਾਂ ਵਿਚ ਭਾਰਤ ਨੇ ਲਗਾਤਾਰ ਮਾੜੇ ਪ੍ਰਦਰਸ਼ਨ ਨੇ ਕੋਈ ਵੱਕਾਰੀ ਟੂਰਨਾਮੈਂਟ ਨਹੀਂ ਜਿੱਤਿਆ ਹੈ। ਪਹਿਲਾਂ ਉਬੇਰ ਕੱਪ ਵਿਚ ਤੇ ਫਿਰ ਮਲੇਸ਼ੀਆ ਓਪਨ ਵਿਚ ਭਾਰਤ ਦਾ ਮਾੜਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ, ਇਥੋਂ ਤੱਕ ਕਿ ਭਾਰਤ ਦੇ ਮਹਿਲਾ ਤੇ ਪੁਰਸ਼ ਖਿਡਾਰੀ ਮੁਢਲੇ ਪੜਾਅ ਵਿਚ ਹੀ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਂਦੇ ਰਹੇ ਹਨ।
ਸਾਡਾ ਪਹਿਲਾਂ ਧਿਆਨ ਸਾਇਨਾ ਨੇਹਵਾਲ ਵੱਲ ਜਾਂਦਾ ਹੈ, ਜਿਸ ਦੀ ਖੇਡ ਵਿਚ ਦਿਨੋ-ਦਿਨ ਹੋ ਰਿਹਾ ਪਤਨ ਖੇਡ ਪ੍ਰੇਮੀਆਂ ਲਈ ਚਿੰਤਾ ਦਾ ਕਾਰਨ ਬਣ ਰਿਹਾ ਹੈ। ਕਿਸੇ ਸਮੇਂ ਦੁਨੀਆ ਦੀ ਨੰਬਰ ਇਕ ਰਹਿ ਚੁੱਕੀ ਸਾਇਨਾ ਹੁਣ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਹੈ ਤੇ ਮੁਕਾਬਲੇ ਦੇ ਮੁਢਲੇ ਪੜਾਅ ਵਿਚ ਹੀ ਬਾਹਰ ਹੋ ਜਾਂਦੀ ਹੈ। ਇਸ ਖੇਡ ਦੇ ਮਾਹਿਰ ਇਸ ਦੇ ਕਾਰਨਾਂ ਬਾਰੇ ਇਹ ਰਾਏ ਦਿੰਦੇ ਹਨ ਕਿ ਸਾਇਨਾ ਦੀ ਵਧਦੀ ਉਮਰ ਤੇ ਉਸ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਉਸ ਨੂੰ ਵਾਰ-ਵਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਵਿਚ ਤੇ ਖਾਸ ਤੌਰ 'ਤੇ ਏਸ਼ੀਆ ਵਿਚ ਚੀਨ, ਜਾਪਾਨ, ਮਲੇਸ਼ੀਆ ਤੇ ਕੋਰੀਆ ਮਹਾਨ ਟੀਮਾਂ ਮੰਨੀਆਂ ਜਾਂਦੀਆਂ ਹਨ। ਜਿਸ ਟੂਰਨਾਮੈਂਟ ਵਿਚ ਚੀਨ ਤੇ ਜਾਪਾਨ ਭਾਗ ਨਹੀਂ ਲੈ ਰਹੇ ਹੁੰਦੇ, ਭਾਰਤ ਦਾ ਪ੍ਰਦਰਸ਼ਨ ਸੰਤੋਸ਼ਜਨਕ ਹੁੰਦਾ ਹੈ ਪਰ ਸਮੁੱਚੇ ਤੌਰ 'ਤੇ ਭਾਰਤ ਦੇ ਇਸ ਖੇਡ ਵਿਚ ਪ੍ਰਦਰਸ਼ਨ ਵਿਚ ਕੋਈ ਸੁਧਾਰ ਨਹੀਂ ਆਇਆ ਤੇ ਭਾਰਤ ਦੀ ਲਗਾਤਾਰ ਹਾਰ ਨੇ ਨਿਰਾਸ਼ ਕੀਤਾ ਹੈ। ਇਹੀ ਹਾਲ ਪੁਰਸ਼ ਖਿਡਾਰੀਆਂ ਦਾ ਹੋਇਆ ਹੈ। ਸਾਡਾ ਸ੍ਰੀ ਕਾਂਤ ਜਾਪਾਨ ਦੇ ਮੋਮੋਤਾ ਤੋਂ ਲਗਾਤਾਰ 6 ਵਾਰ ਹਾਰਿਆ ਹੈ। ਹੁਣ ਤਾਂ ਇਸ ਖੇਡ ਵਿਚ ਕਦੇ ਕਦਾਈਂ ਹੀ ਚੰਗੀ ਖ਼ਬਰ ਸੁਣਨ ਨੂੰ ਮਿਲਦੀ ਹੈ। ਸਾਡੇ ਲਈ ਚੀਨ ਦੀ ਤਾਈ ਯੂ ਹੀ ਇਕ ਮਜ਼ਬੂਤ ਦੀਵਾਰ ਬਣ ਗਈ ਹੈ ਤੇ ਜਾਪਾਨ ਦੀ ਯਾਮਾ ਗੁਚੀ ਸਦਾ ਸਾਡੇ ਲਈ ਸਿਰਦਰਦੀ ਬਣੀ ਰਹੀ ਹੈ। ਤਾਈ ਯੂ ਨੇ ਤਾਂ ਸਾਡੀ ਸਾਇਨਾ ਨੂੰ ਆਲ ਇੰਗਲੈਂਡ ਵਿਚ ਸਿੱਧੇ ਸੈਟਾਂ 21-18, 21-14 ਰਾਹੀਂ ਕਰਾਰੀ ਹਾਰ ਦਿੱਤੀ ਹੈ। ਸਾਡੀ ਇਸ ਖੇਡ ਵਿਚ ਨਿਰਸੰਦੇਹ ਖੜੋਤ ਆ ਗਈ ਹੈ। ਪਿਛਲੇ ਕੁਝ ਵਕਾਰੀ ਟੂਰਨਾਮੈਂਟਾਂ ਵਿਚ ਭਾਰਤ ਨੂੰ ਨਮੋਸ਼ੀ ਹੀ ਸਹਿਣੀ ਪਈ ਹੈ। ਇਸ ਸਮੇਂ ਇਸ ਪ੍ਰਤੀ ਸਾਵਧਾਨ ਹੋਣ ਦੀ ਲੋੜ ਹੈ। ਭਾਰਤ ਨੂੰ ਇਸ ਸਮੇਂ ਸਖ਼ਤ ਅਭਿਆਸ ਤੇ ਮੁਕਾਬਲਿਆਂ ਦੀ ਲੋੜ ਹੈ, ਤਾਂ ਜੋ ਪਹਿਲਾਂ ਵਾਲਾ ਗੌਰਵ, ਜਿਸ ਦੀ ਨੀਂਹ ਪ੍ਰਕਾਸ਼ ਪਾਦੋਕੋਨ ਤੇ ਗੋਪੀ ਚੰਦ ਨੇ ਰੱਖੀ ਸੀ, ਫਿਰ ਵਾਪਸ ਪਰਤ ਆਵੇ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਨੈੱਟਬਾਲ ਦਾ ਸ਼ਾਹਸਵਾਰ ਰਾਜਪਾਲ ਸਿੰਘ ਬਾਜਵਾ

ਬਰਨਾਲਾ ਨੂੰ ਭਾਰਤੀ ਨੈੱਟਬਾਲ ਦਾ ਸੰਸਾਰਪੁਰ ਕਿਹਾ ਜਾਂਦਾ ਹੈ। ਇਸ ਜ਼ਿਲ੍ਹੇ ਨੇ ਨੈੱਟਬਾਲ ਨੂੰ ਅਨੇਕਾਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ। ਬਹੁਤ ਲੰਮੇ ਸਮੇਂ ਤੱਕ ਪੰਜਾਬ ਦੀ ਲਗਪਗ ਸਾਰੀ ਨੈੱਟਬਾਲ ਟੀਮ ਇਸੇ ਜ਼ਿਲ੍ਹੇ ਦੇ ਖਿਡਾਰੀਆਂ ਨਾਲ ਬਣਦੀ ਰਹੀ ਹੈ। ਇਨ੍ਹਾਂ ਸਾਰਿਆਂ ਵਿਚੋਂ ਭਾਰਤੀ ਟੀਮ ਦਾ ਕਪਤਾਨ ਰਾਜਪਾਲ ਸਿੰਘ ਸਭ ਤੋਂ ਹੋਣਹਾਰ ਅਤੇ ਸਿਰਕੱਢ ਖਿਡਾਰੀ ਹੈ। ਨਜ਼ਦੀਕੀ ਪਿੰਡ ਸਹਿਜੜਾ ਦੇ ਜੰਮਪਲ ਰਾਜਪਾਲ ਨੇ ਸਕੂਲੀ ਵਿੱਦਿਆ ਦੌਰਾਨ ਹੀ ਬਾਸਕਟਬਾਲ ਵਿਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਸਨ। ਆਪਣੇ ਲੰਮੇ ਕੱਦ-ਕਾਠ ਕਾਰਨ ਐਸ. ਡੀ. ਕਾਲਜ ਵਿਚ ਦਾਖ਼ਲਾ ਲੈਂਦਿਆਂ ਹੀ ਉਹ ਨੈੱਟਬਾਲ ਦੇ ਮਾਹਰ ਕੋਚਾਂ ਦੀ ਨਿਗਾਹ ਵਿਚ ਚੜ੍ਹ ਗਿਆ। ਜੂਨੀਅਰ ਪੱਧਰ ਤੋਂ ਆਪਣਾ ਖੇਡ ਸਫ਼ਰ ਸ਼ੁਰੂ ਕਰਨ ਵਾਲੇ ਰਾਜਪਾਲ ਸਿੰਘ ਨੇ 1998 ਵਿਚ ਪੂਨਾ, ਸੰਨ 2000 ਵਿਚ ਕਟਕ (ਉੜੀਸਾ) ਅਤੇ 2001 ਵਿਚ ਗਾਜ਼ੀਆਬਾਦ ਵਿਖੇ ਹੋਈਆਂ ਜੂਨੀਅਰ ਨੈਸ਼ਨਲ ਨੈੱਟਬਾਲ ਪ੍ਰਤੀਯੋਗਤਾਵਾਂ ਵਿਚ ਪੰਜਾਬ ਨੂੰ ਸੋਨ ਤਗਮਾ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਪੰਜਾਬ ਦੇ ਇਸ ਗੋਲ ਸ਼ੂਟਰ ਦੀ ਖੇਡ ਹੋਰ ਨਿੱਖਰਦੀ ਗਈ। 1998 ਵਿਚ ਪੂਨਾ ਜੂਨੀਅਰ ਨੈਸ਼ਨਲ ਦੇ ਆਧਾਰ 'ਤੇ ਇਸ ਉੱਭਰਦੇ ਖਿਡਾਰੀ ਨੂੰ ਪੰਜਾਬ ਦੀ ਸੀਨੀਅਰ ਟੀਮ ਲਈ ਚੁਣ ਲਿਆ ਗਿਆ। ਰਾਜਪਾਲ ਨੇ ਵੀ ਚੋਣਕਰਤਾਵਾਂ ਦਾ ਮਾਣ ਰੱਖਦੇ ਹੋਏ ਗੋਂਦੀਆ (ਮਹਾਂਰਾਸ਼ਟਰ) ਵਿਚ ਹੋਈ ਸੀਨੀਅਰ ਰਾਸ਼ਟਰੀ ਪ੍ਰਤੀਯੋਗਤਾ ਵਿਚ ਪੰਜਾਬ ਦੀ ਸੋਨ ਤਗਮਾ ਲੈਣ ਵਾਲੀ ਟੀਮ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਇਆ। ਇਸ ਤੋਂ ਬਾਅਦ ਰਾਜਪਾਲ ਨੇ ਫਿਰ ਮੁੜ ਕੇ ਨਹੀਂ ਵੇਖਿਆ ਅਤੇ ਰਾਸ਼ਟਰੀ ਪੱਧਰ 'ਤੇ ਇਸ ਖਿਡਾਰੀ ਦੀ ਤੂਤੀ ਬੋਲਣੀ ਸ਼ੁਰੂ ਹੋ ਗਈ। ਹੁਣ ਤੱਕ ਇਸ ਖਿਡਾਰੀ ਦੀ ਮੁਹਾਰਥੀ ਖੇਡ ਸਦਕਾ ਪੰਜਾਬ ਦੀ ਟੀਮ ਸੀਨੀਅਰ ਨੈਸ਼ਨਲ ਵਿਚ 10 ਵਾਰ ਸੋਨ ਤਗਮਾ ਹਾਸਲ ਕਰ ਚੁੱਕੀ ਹੈ। ਹਰ ਵਾਰ ਇਸ ਨੇ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਮਾਣ ਹਾਸਲ ਕੀਤਾ ਹੈ। ਇਹ ਗੋਲ ਸ਼ੂਟਰ ਸਮੁੱਚੇ ਭਾਰਤ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਹੈ। ਇਸ ਦੀ ਖੇਡ ਨੇ ਸੰਨ 2000 ਅਤੇ 2001 ਦੀਆਂ ਰਾਸ਼ਟਰੀ ਖੇਡਾਂ ਵਿਚ ਵੀ ਪੰਜਾਬ ਨੂੰ ਰਾਸ਼ਟਰੀ ਚੈਂਪੀਅਨ ਬਣਾਇਆ।
ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਇਸ ਖਿਡਾਰੀ ਦੀਆਂ ਪ੍ਰਾਪਤੀਆਂ ਬੇਹੱਦ ਸ਼ਾਨਦਾਰ ਰਹੀਆਂ ਹਨ। ਸੰਨ 2000 ਵਿਚ ਹੋਏ ਤਿੰਨ ਦੇਸ਼ਾਂ ਦੇ ਟੂਰਨਾਮੈਂਟ ਵਿਚ ਰਾਜਪਾਲ ਦੀ ਖੇਡ ਬਦੌਲਤ ਭਾਰਤ ਨੂੰ ਪਹਿਲਾ ਸਥਾਨ ਮਿਲਿਆ। ਰਾਜਪਾਲ ਦੀ ਕਪਤਾਨੀ ਵਿਚ ਸਿੰਗਾਪੁਰ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਗਿਆ। ਇਸੇ ਖਿਡਾਰੀ ਦੀ ਅਗਵਾਈ ਵਿਚ 5 ਮੈਚਾਂ ਦੀ ਇੰਡੋ-ਪਾਕਿ ਲੜੀ ਵਿਚ ਪਾਕਿਸਤਾਨੀ ਟੀਮ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ। ਆਪਣੀ ਖੇਡ ਪ੍ਰਤਿਭਾ ਬਦਲੇ ਸੰਨ 2000 ਵਿਚ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਇਹ ਖਿਡਾਰੀ ਹੁਣ ਸਬ-ਇੰਸਪੈਕਟਰ ਦਾ ਰੈਂਕ ਹਾਸਲ ਕਰ ਚੁੱਕਾ ਹੈ।
ਸੁਭਾਅ ਤੋਂ ਬੇਹੱਦ ਨਰਮ ਅਤੇ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਰਾਜਪਾਲ ਆਪਣੀ ਤਰੱਕੀ ਦਾ ਸਭ ਤੋਂ ਵੱਧ ਸਿਹਰਾ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਮਿੱਤਲ (ਰਿਟਾ: ਆਈ.ਜੀ.), ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ (ਐਡਵੋਕੇਟ) ਅਤੇ ਮਾਪਿਆਂ ਤੋਂ ਮਿਲੇ ਮਾਰਗ ਦਰਸ਼ਨ ਅਤੇ ਉਤਸ਼ਾਹ ਨੂੰ ਦਿੰਦਾ ਹੈ। ਇਸ ਤੋਂ ਇਲਾਵਾ ਆਪਣੇ ਕੋਚਾਂ ਮਾਸਟਰ ਪ੍ਰਵੀਨ ਕੁਮਾਰ ਅਤੇ ਸੁਖਪਾਲ ਸਿੰਘ ਢਾਂਡੀਆਂ ਦਾ ਵੀ ਉਹ ਰਿਣੀ ਹੈ, ਜਿਨ੍ਹਾਂ ਨੇ ਉਸ ਨੂੰ ਇਸ ਖੇਡ ਦੀਆਂ ਬਰੀਕੀਆਂ ਤੋਂ ਰੂ-ਬ-ਰੂ ਕਰਵਾਇਆ।


-ਐੱਸ. ਡੀ. ਕਾਲਜ, ਬਰਨਾਲਾ। ਮੋਬਾ: 95012-66055


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX