ਤਾਜਾ ਖ਼ਬਰਾਂ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  18 minutes ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ...
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  34 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ...
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  30 minutes ago
ਸੁਲਤਾਨਪੁਰ ਲੋਧੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮਗਰੋਂ ਪੰਜਾਬ...
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  about 1 hour ago
ਮੁੰਬਈ, 12 ਨਵੰਬਰ- ਮਹਾਰਾਸ਼ਟਰ ਦੇ ਰਾਜਪਾਲ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ....
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ...
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੋਗ ਗੁਰੂ ਬਾਬਾ ਰਾਮਦੇਵ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਸੀ ...
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ...
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  about 2 hours ago
ਅਜਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅੱਜ ਅਜਨਾਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਹਾੜ੍ਹੀ ਦੀਆਂ ਫ਼ਸਲਾਂ ਵਿਚ ਖਾਦਾਂ ਦੀ ਢੁਕਵੀਂ ਅਤੇ ਸਮੇਂ ਸਿਰ ਵਰਤੋਂ ਕਰੋ

ਕਣਕ: ਕਨਸ਼ੋਰਸ਼ੀਅਮ (500ਗ੍ਰਾਮ) ਜਾਂ ਅਜ਼ੋਟੋਬੈਕਟਰ (250 ਗ੍ਰਾਮ) ਅਤੇ ਸਟਰੈਪਟੋਮਾਈਸੀਜ਼ (250) ਗ੍ਰਾਮ ਜੀਵਾਣੂੰ ਖਾਦਾਂ (ਐਜ਼ੋ-ਐਸ) ਨੂੰ ਇਕ ਲਿਟਰ ਪਾਣੀ ਵਿਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਉ। ਸੋਧੇ ਬੀਜ ਨੂੰ ਪੱਕੇ ਫ਼ਰਸ਼ 'ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ । ਕਣਕ ਦੀ ਫ਼ਸਲ ਨੂੰ ਸਾਰੀ ਫ਼ਾਸਫ਼ੋਰਸ (55 ਕਿੱਲੋ ਡੀਏਪੀ ਜਾਂ 155 ਕਿੱਲੋ ਸੁਪਰਫ਼ਾਸਫੇਟ ਪ੍ਰਤੀ ਏਕੜ) ਅਤੇ ਪੋਟਾਸ਼ (20 ਕਿੱਲੋ ਮਿਊਰੇਟ ਆਫ਼ ਪੋਟਾਸ਼, ਜੇ ਮਿੱਟੀ ਪਰਖ ਅਨੁਸਾਰ ਲੋੜ ਹੋਵੇ) ਪ੍ਰਤੀ ਏਕੜ ਬਿਜਾਈ ਵੇਲੇ ਪੋਰ ਦਿਓ। ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ। ਜੇ ਫ਼ਾਸਫੋਰਸ ਤੱਤ ਲਈ ਡੀਏਪੀ ਖਾਦ ਵਰਤਣੀ ਹੋਵੇ ਤਾਂ ਬਿਜਾਈ ਵੇਲੇ ਯੂਰੀਆ ਪਾਉਣ ਦੀ ਲੋੜ ਨਹੀਂ, ਪਰ ਜੇ ਫ਼ਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ/ਏਕੜ ਪਾਓ। ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿਚ 40 ਕਿਲੋ ਪੋਟਾਸ਼ ਪ੍ਰਤੀ ਏਕੜ ਪਾਉ।
ਤੋਰੀਆ, ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ : ਤੋਰੀਏ ਦੀ ਫ਼ਸਲ ਨੂੰ ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਪਾਓ। ਰਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਨੂੰ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 75 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਪਾਉ। ਪਹਿਲੇ ਪਾਣੀ ਨਾਲ ਇਨ੍ਹਾਂ ਫ਼ਸਲਾਂ ਨੂੰ 45 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ। ਜੇਕਰ ਮਿੱਟੀ ਪਰਖ ਆਧਾਰ 'ਤੇ ਪੋਟਾਸ਼ੀਅਮ ਦੀ ਘਾਟ ਆਵੇ ਤਾਂ ਬਿਜਾਈ ਸਮੇਂ 10 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
ਜੇਕਰ ਸਿੰਗਲ ਸੁਪਰਫਾਸਫੇਟ ਖਾਦ ਮੌਜੂਦ ਨਾਂ ਹੋਵੇ ਤਾਂ ਗੰਧਕ ਦੀ ਘਾਟ ਨੂੰ ਪੂਰਾ ਕਰਨ ਲਈ ਤੇਲਬੀਜ ਫ਼ਸਲਾਂ ਨੂੰ 50 ਕਿਲੋ ਜਿਪਸਮ ਪ੍ਰਤੀ ਏਕੜ ਪਾਉ। ਗੋਭੀ ਸਰੋਂ੍ਹ ਨੂੰ ਸਲਫਰ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ 80 ਕਿਲੋ ਜਿਪਸਮ ਜਾਂ 13 ਕਿਲੋ ਬੈਂਟੋਨਾਈਟ-ਸਲਫਰ ਪ੍ਰਤੀ ਏਕੜ ਪਾਓ।
ਛੋਲੇ ਅਤੇ ਮਸਰ: ਛੋਲਿਆਂ ਦੇ ਇਕ ਏਕੜ ਦੇ ਬੀਜ ਨੂੰ ਘੱਟੋ-ਘੱਟ ਪਾਣੀ ਨਾਲ ਗਿੱਲਾ ਕਰਕੇ ਮੀਜ਼ੋਰਾਈਜ਼ੋਬੀਅਮ (ਐਲ. ਜੀ. ਆਰ.-33) ਅਤੇ ਰਾਈਜ਼ੋਬੈਕਟੀਰੀਅਮ (ਆਰ. ਬੀ.-1) ਜੀਵਾਣੂੰ ਖਾਦ ਦੇ ਇਕ-ਇਕ ਪੈਕੇਟ ਨੂੰ ਮਿਲਾ ਕੇ, ਬੀਜ ਨਾਲ ਚੰਗੀ ਤਰ੍ਹਾਂ ਰਲਾ ਲਉ ਅਤੇ ਛਾਵੇਂ ਸੁਕਾ ਕੇ ਇਕ ਘੰਟੇ ਦੇ ਅੰਦਰ ਬੀਜ ਦਿਉ। ਦੇਸੀ ਛੋਲਿਆਂ ਨੂੰ ਬਿਜਾਈ ਸਮੇਂ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਪਾਓ ਜਦਕਿ ਕਾਬਲੀ ਛੋਲਿਆਂ ਨੂੰੰ 13 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਬਿਜਾਈ ਸਮੇਂ ਪਾਉ। ਮਸਰਾਂ ਨੂੰ ਰਾਈਜ਼ੋਬੀਅਮ (ਐਲ.ਐਲ.ਆਰ.-12) ਅਤੇ ਰਾਈਜ਼ੋਬੈਕਟੀਰੀਅਮ (ਆਰ. ਬੀ.-2) ਜੀਵਾਣੂੰ ਖਾਦ ਦਾ ਟੀਕਾ ਲਾ ਕੇ ਬਿਜਾਈ ਕਰੋ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਪਾਓ।
ਬਰਸੀਮ ਅਤੇ ਜਵੀ: ਬਰਸੀਮ ਦੇ ਇਕ ਏਕੜ ਦੇ ਬੀਜ ਨੂੰ ਜੀਵਾਣੂੰ ਖਾਦ ਦੇ ਇਕ ਪੈਕਟ ਨਾਲ ਮਿਲਾ ਕੇ ਬਿਜਾਈ ਕਰੋ। ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 125 ਕਿਲੋ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਪਾਓ। ਜੇਕਰ ਦੇਸੀ ਰੂੜੀ ਨਾ ਪਾਈ ਹੋਵੇ ਤਾਂ ਬਿਜਾਈ ਸਮੇਂ 22 ਕਿਲੋ ਯੂਰੀਆ ਅਤੇ 185 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉ।


-ਭੂਮੀ ਵਿਗਿਆਨ ਵਿਭਾਗ
ਮੋਬਾਈਲ : 98785-00598


ਖ਼ਬਰ ਸ਼ੇਅਰ ਕਰੋ

ਗਲੈਡੀਓਲਸ ਦੀ ਨਵੀਂ ਕਿਸਮ ਅਤੇ ਫੁੱਲ ਡੰਡੀਆਂ ਦੀ ਪੈਕੇਜਿੰਗ

ਪੰਜਾਬ ਦਾ ਪੌਣ-ਪਾਣੀ ਗਲੈਡੀਓਲਸ ਦੀ ਕਾਸ਼ਤ ਲਈ ਬਹੁਤ ਢੁਕਵਾਂ ਹੈ। ਗਲੈਡੀਓਲਸ ਨੂੰ ਗੰਢਿਆਂ ਦੁਆਰਾ ਉਗਾਇਆ ਜਾਂਦਾ ਹੈ ਅਤੇ ਅਕਤੂਬਰ ਤੋਂ ਦਸੰਬਰ ਤੱਕ ਇਸਦੀ ਬਿਜਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦਸੰਬਰ ਤੋਂ ਅਪ੍ਰੈਲ ਤੱਕ ਫੁੱਲ ਲਏ ਜਾਂਦੇ ਹਨ। ਇਸ ਦੀ ਕਾਸ਼ਤ ਲਈ ਹਲਕੀ ਰੇਤਲੀ ਤੋਂ ਦਰਮਿਆਨੀ ਮੈਰਾ ਕਿਸਮ ਦੀ ਜ਼ਮੀਨ ਜਿਸ ਦੀ ਪੀ.ਐਚ 6-7 ਵਿਚ ਹੋਵੇ, ਦੀ ਜ਼ਰੂਰਤ ਹੈ। ਪਾਣੀ ਦਾ ਸਹੀ ਨਿਕਾਸ ਗੰਢਿਆਂ ਦੇ ਵਾਧੇ ਲਈ ਅਤੇ ਬੂਟੇ ਨੂੰ ਉੱਲੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਇਸ ਸਾਲ ਗਲੈਡੀਓਲਸ ਦੀ ਨਵੀਂ ਕਿਸਮ ਪੰਜਾਬ ਗਲੈਡ-3 ਅਤੇ ਫੁੱਲ ਡੰਡੀਆਂ ਦੀ ਪੈਕੇਜਿੰਗ ਵਿਧੀ ਦੀ ਸਿਫ਼ਾਰਿਸ਼ ਕੀਤੀ ਗਈ ਜਿਸ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ :-
ਪੰਜਾਬ ਗਲੈਡ-3: ਇਸ ਕਿਸਮ ਦੇ ਫੁੱਲਾਂ ਦੀਆਂ ਡੰਡੀਆਂ ਕੱਟ ਕੇ ਸਜਾਵਟੀ ਪੱਖ ਤੋਂ ਵਰਤਣ ਲਈ ਢੁਕਵੀਆਂ ਹਨ। ਇਹ ਕਿਸਮ 105 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਦੇ ਫੁੱਲਾਂ ਦਾ ਰੰਗ ਗੂੜ੍ਹਾ ਪੀਲਾ, ਡੰਡੀਆਂ ਭਰਵੀਆਂ ਅਤੇ ਲੰਬੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕੱਟਣ ਤੋਂ ਬਾਅਦ 17 ਦਿਨਾਂ ਤੱਕ ਸਜਾਵਟ ਲਈ ਵਰਤਿਆ ਜਾ ਸਕਦਾ ਹੈ। ਹਰ ਪੌਦਾ ਅੰਦਾਜ਼ਨ 1 ਗੰਢਾ ਅਤੇ 22 ਛੋਟੀਆਂ ਗੰਢੀਆਂ ਪੈਦਾ ਕਰਦਾ ਹੈ। ਇਹ ਕਿਸਮ ਔਸਤਨ 66000 ਫੁੱਲ ਡੰਡੀਆਂ ਅਤੇ 70,500 ਪ੍ਰਤੀ ਏਕੜ ਗੰਢੇ ਪੈਦਾ ਕਰਦਾ ਹੈ।
ਸੋਧੀ ਹੋਈ ਸੰਸ਼ੋਧਿਤ ਵਾਤਾਵਰਨ (ਐਮ.ਏ.) ਪੈਕੇਜਿੰਗ : ਗਲੈਡੀਓਲਸ ਦੀਆਂ 10 ਫੁੱਲ ਡੰਡੀਆਂ ਨੂੰ ਟਾਈਟ ਬੱਡ ਸਟੇਜ 'ਤੇ ਕੱਟਣ ਉਪਰੰਤ 100 ਗੇਜ ਪੌਲੀਪਰੋਪੀਲੇਨ ਸਲੀਵ (120 × 18 ਸੈਂ: ਮੀ: 50 ਛੇਕ) ਵਿਚ ਪੈਕ ਕਰਕੇ ਠੰਢੇ ਕਮਰੇ (50.5) ਵਿਚ ਸਿੱਧਾ ਖੜ੍ਹੇ ਕਰਕੇ 10 ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ। ਦਸ ਦਿਨਾਂ ਦੀ ਸਟੋਰੇਜ਼ ਤੋਂ ਬਾਅਦ ਇਹ ਫੁੱਲ ਡੰਡੀਆਂ 13 ਦਿਨ ਤੱਕ ਸਜਾਵਟ ਵਿਚ ਵਰਤਣ ਦੇ ਯੋਗ ਰਹਿੰਦੀਆਂ ਹਨ ।
ਗਲੈਡੀਓਲਸ ਵਿਚ ਐਮ.ਏ.ਪੀ. ਨਾਲ ਸਬੰਧਤ ਵਿਧੀ ਵਿਸਥਾਰ ਪੂਰਵਕ ਇਸ ਤਰ੍ਹਾਂ ਹੈ : ਇਸ ਪੈਕਜਿੰਗ ਤਕਨੀਕ ਵਿਚ ਇਕਸਾਰ 10 ਸਪਾਈਕਾਂ ਲਗਭਗ (85-95 ਸੈਂ: ਮੀ:) ਨੂੰ ਟਾਈਟ ਬੱਡ ਸਟੇਜ ਕੱਟ ਕੇ ਬੰਡਲ ਬਣਾਇਆ ਜਾਂਦਾ ਹੈ। ਇਸ ਬੰਡਲ ਨੂੰ ਪੌਲੀਪਰੋਪੀਲੇਨ (ਪੀ ਪੀ) ਸਲੀਵ ਜੋ ਕਿ 25 ਮ. ਜਾਂ 100 ਗੇਜ਼ ਮੋਟੀ, 120 ਸੈਂ.ਮੀ. ਲੰਬੀ ਅਤੇ 18 ਸੈਂ.ਮੀ. ਚੌੜੀ ਹੋਏ ਵਿਚ ਸੀਲ ਕਰ ਦਿੱਤਾ ਜਾਂਦਾ ਹੈ। ਇਸ ਪੈਕ ਵਿਚ 50 ਛੇਕ ਕੀਤੇ ਜਾਂਦੇ ਹਨ। ਇਸ ਤਰ੍ਹਾਂ ਪੈਕ ਕੀਤੀਆਂ ਸਪਾਈਕਾਂ 8-10 ਦਿਨਾਂ ਤੱਕ ਠੰਢੇ ਕਮਰੇ (50.05) ਵਿਚ ਖੜ੍ਹੇ ਕਰ ਕੇ ਸਟੋਰ ਕੀਤੀਆਂ ਜਾ ਸਕਦੀਆਂ ਹਨ। ਦਸ ਦਿਨਾਂ ਦੀ ਸਟੋਰੇਜ ਤੋਂ 10 ਦਿਨਾਂ ਦੀ ਸਟੋਰੇਜ ਤੋਂ ਬਾਅਦ ਵੀ ਇਨ੍ਹਾਂ ਸਪਾਈਕਾਂ ਵਿਚ ਤਾਜ਼ੇ ਫੁੱਲਾਂ ਦੀ ਗੁਣਵੱਤਾ ਅਤੇ 13 ਦਿਨਾਂ ਦੀ ਫੁੱਲਦਾਨ ਵਕਫ਼ਾ ਹੁੰਦਾ ਹੈ। ਇਸ ਤਰ੍ਹਾਂ, ਸਪਾਈਕਾਂ ਨੂੰ ਪੈਕ ਕਰਨ ਦੀ ਤਕਨੀਕ ਉਨ੍ਹਾਂ ਦੀ ਕਟਾਈ ਤੋਂ ਬਾਅਦ ਦੀ ਜ਼ਿੰਦਗੀ ਵਿਚ 7-8 ਦਿਨਾਂ ਦਾ ਵਾਧਾ ਕਰਦੀ ਹੈ ।
ਗਲੈਡੀਓਲਸ ਤੋਂ ਦਸੰਬਰ ਤੋਂ ਮਾਰਚ ਤੱਕ ਫੁੱਲ ਲਏ ਜਾਂਦੇ ਹਨ ਅਤੇ ਸਭ ਤੋਂ ਵੱਧ ਫੁੱਲ ਜਨਵਰੀ-ਫਰਵਰੀ ਦੇ ਮਹੀਨਿਆਂ ਵਿਚ ਉਪ-ਗਰਮ ਇਲਾਕਿਆਂ ਵਿਚ ਹੁੰਦੇ ਹਨ। ਸਪਾਈਕਾਂ ਦੀ ਮਾਰਕੀਟ ਕੀਮਤ ਇਸ ਦੌਰਾਨ ਘਟ ਜਾਂਦੀ ਹੈ ਜੋ ਕਿ ਕਿਸਾਨਾਂ ਦੇ ਲਾਭ ਨੂੰ ਘੱਟ ਕਰਦੀ ਹੈ। ਇਹ ਪੈਕੇਜਿੰਗ ਤਕਨੀਕ ਬਿਨਾਂ ਕਿਸੇ ਮਾੜੇ ਪ੍ਰਭਾਵ ਦੇ ਫੁੱਲਾਂ ਦੀ ਗੁਣਵੱਤਾ ਨੂੰ ਵਧਾਏਗੀ। ਇਸ ਵਿਧੀ ਦੁਆਰਾ ਸਪਾਈਕਾਂ ਸਟੋਰ ਕਰਨ ਨਾਲ ਮਾਰਕੀਟ ਵਿਚ ਫੁੱਲਾਂ ਦੀ ਮੌਜੂਦਗੀ ਲੰਬੇ ਸਮੇਂ ਤੱਕ ਕਰ ਕੇ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ।


-ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ
ਮੋਬਾਈਲ : 94634-13742

ਕਣਕ ਦੀ ਕਾਸ਼ਤ : ਕਿਸਮ ਦੀ ਚੋਣ ਸੂਝ-ਬੂਝ ਨਾਲ ਕਰੋ

ਪੰਜਾਬ ਵਿਚ ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਇਸ ਦੀ ਬਿਜਾਈ ਕੁੱਝ ਦਿਨਾਂ 'ਚ ਹੀ ਸ਼ੁਰੂ ਹੋ ਜਾਵੇਗੀ। ਇਸ ਸਾਲ ਕੁੱਝ ਬਿਜਾਈ ਦੇਰੀ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਤੋਂ ਕਿਸਾਨ ਗੁਰੇਜ਼ ਕਰ ਰਹੇ ਹਨ ਅਤੇ ਸਰਕਾਰ ਨੇ ਵੀ ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਮੁਹਿੰਮ ਚਲਾਈ ਹੋਈ ਹੈ। ਵਧੇਰੇ ਉਤਪਾਦਕਤਾ ਲੈਣ ਲਈ ਜਿੱਥੇ ਬਿਜਾਈ ਦਾ ਸਮਾਂ, ਜ਼ਮੀਨ ਪਰਖ ਦੇ ਆਧਾਰ 'ਤੇ ਖੇਤੀ ਸਮੱਗਰੀ ਦਾ ਪਾਉਣਾ, ਸਹੀ ਤਕਨਾਲੋਜੀ ਵਰਤ ਕੇ ਬਿਜਾਈ ਦਾ ਕਰਨਾ ਜ਼ਰੂਰੀ ਹਨ, ਸਭ ਤੋਂ ਵੱਧ ਮਹਤੱਤਾ ਕਿਸਮ ਦੀ ਚੋਣ ਦੀ ਹੈ। ਕਿਸਮ ਦੀ ਚੋਣ ਬਿਜਾਈ ਦੇ ਸਮੇਂ, ਜ਼ਮੀਨ ਪਰਖ ਦੇ ਅਨੁਸਾਰ ਹੋਣੀ ਚਾਹੀਦੀ ਹੈ। ਕਿਸਾਨ ਇਸ ਸਬੰਧੀ ਵਧੇਰੇ ਮਹਤੱਤਾ ਇਸ ਗੱਲ ਨੂੰ ਦੇ ਰਹੇ ਹਨ ਕਿ ਕਿਹੜੀ ਕਿਸਮ ਝਾੜ ਵੱਧ ਦੇਵੇਗੀ। ਇਸ ਸਬੰਧੀ ਮੰਡੀ ਵਿਚ ਅਤੇ ਕਿਸਾਨਾਂ ਦਰਮਿਆਨ ਵੱਖ-ਵੱਖ ਪ੍ਰਕਾਰ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਕਿਸਾਨਾਂ ਨੂੰ ਹਰ ਕਿਸਮ ਦੀ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਫਿਰ ਕਿਸਾਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਸਾਰੇ ਖੇਤਾਂ ਵਿਚ ਇੱਕੋ ਹੀ ਕਿਸਮ ਨਾ ਬੀਜਣ ਸਗੋਂ ਵੱਧ ਕਿਸਮਾਂ ਬੀਜਣ। ਬਿਜਾਈ ਅਲੱਗ-ਅਲੱਗ ਸਮੇਂ ਤੇ ਕਰਨੀ ਚਾਹੀਦੀ ਹੈ ਤੇ ਸਮੇਂ ਅਨੁਸਾਰ ਹੀ ਕਿਸਮ ਦੀ ਚੋਣ ਕਰਨੀ ਜ਼ਰੂਰੀ ਹੈ। ਵੱਖੋ-ਵੱਖ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ :
ਐਚ. ਡੀ. 3086 : ਇਹ ਕਿਸਮ ਸਭ ਤੋਂ ਵੱਧ ਰਕਬੇ 'ਤੇ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਇਸ ਨੇ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਉਤਪਾਦਕਤਾ ਦਿੱਤੀ ਹੈ। ਇਸ ਦਾ ਔਸਤ ਕੱਦ 86 ਸੈਂਟੀਮੀਟਰ ਹੈ ਅਤੇ ਇਹ ਪੱਕਣ ਨੂੰ ਤਕਰੀਬਨ 146 ਦਿਨ ਲੈਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਵੀ ਸਮੱਰਥਾ ਰੱਖਦੀ ਹੈ। ਇਸ ਦਾ ਔਸਤ ਝਾੜ 24 ਕੁਇੰਟਲ ਦੇ ਕਰੀਬ ਹੈ ਜਦੋਂ ਕਿ ਅਗਾਂਹਵਧੂ ਕਿਸਾਨਾਂ ਨੇ 26 ਕੁਇੰਟਲ ਪ੍ਰਤੀ ਏਕੜ ਦੀ ਆਮ ਪ੍ਰਾਪਤੀ ਕੀਤੀ ਹੈ। ਇਹ ਕਿਸਮ ਆਈ. ਸੀ. ਏ. ਆਰ.-ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਦੁਆਰਾ ਵਿਕਸਿਤ ਕੀਤੀ ਗਈ ਹੈ।
ਐਚ. ਡੀ. 2967 : ਕਈ ਇਲਾਕਿਆਂ ਵਿਚ ਇਹ ਕਿਸਮ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਰਕਬੇ ਤੇ ਬੀਜੀ ਜਾਂਦੀ ਹੈ। ਪਿਛਲੇ ਸਾਲ ਹਰਿਆਣਾ 'ਚ ਸਭ ਕਿਸਮਾਂ ਨਾਲੋਂ ਵੱਧ ਇਸ ਕਿਸਮ ਦੀ ਕਾਸ਼ਤ ਕੀਤੀ ਗਈ। ਇਸ ਕਿਸਮ ਦਾ ਔਸਤ ਕੱਦ 101 ਸੈਂਟੀਮੀਟਰ ਹੈ। ਇਸ ਦਾ ਔਸਤ ਝਾੜ ਕਿਸਾਨਾਂ ਦੇ ਖੇਤਾਂ 'ਚ 23 -24 ਕੁਇੰਟਲ ਪ੍ਰਤੀ ਏਕੜ ਆਇਆ ਹੈ। ਐਚ. ਡੀ. 3086 ਤੋਂ ਬਾਅਦ ਪਿਛਲੇ ਸਾਲਾਂ ਵਿਚ ਸਭ ਕਿਸਮਾਂ ਨਾਲੋਂ ਵੱਧ ਰਕਬਾ ਇਸ ਕਿਸਮ ਦੀ ਕਾਸ਼ਤ ਥੱਲੇ ਰਿਹਾ। ਇਹ ਕਿਸਮ ਵੀ ਆਈ. ਸੀ. ਏ. ਆਰ.-ਭਾਰਤੀ ਖੇਤੀ ਖੋਜ ਸੰਸਥਾਨ ਨੇ ਵਿਕਸਿਤ ਕੀਤੀ ਹੈ।
ਡਬਲਿਊ. ਐਚ. 1105 : ਇਸ ਕਿਸਮ ਦਾ ਔਸਤ ਕੱਦ 95 ਸੈਂਟੀਮੀਟਰ ਹੈ ਅਤੇ ਔਸਤ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ ਅਤੇ ਪੱਕਣ ਦਾ ਸਮਾਂ 157 ਦਿਨ ਹੈ। ਇਹ ਕਿਸਮ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਨੇ ਵਿਕਸਿਤ ਕੀਤੀ ਹੈ। ਭੂਰੀ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ।
ਉੱਨਤ ਪੀ. ਬੀ. ਡਬਲਿਊ. 343 : ਇਹ ਪੁਰਾਣੀ ਪੀ ਬੀ ਡਬਲਿਊ 343 ਕਿਸਮ ਦਾ ਸੋਧਿਆ ਰੂਪ ਹੈ। ਪੁਰਾਣੀ ਕਿਸਮ ਦੇ ਵਿਚ ਕੁੱਝ ਨਵੇਂ ਜੀਨ ਪਾ ਕੇ ਪੀ ਏ ਯੂ ਨੇ ਇਸ ਨੂੰ ਤਿਆਰ ਕੀਤਾ ਹੈ। ਪੱਕਣ ਨੂੰ ਤਕਰੀਬਨ 155 ਦਿਨ ਲੈਂਦੀ ਹੈ, ਔਸਤ ਕੱਦ 100 ਸੈਂਟੀਮੀਟਰ ਅਤੇ ਝਾੜ 23 ਕੁਇੰਟਲ ਪ੍ਰਤੀ ਏਕੜ ਤੱਕ ਹੈ।
ਉੱਨਤ ਪੀ. ਬੀ. ਡਬਲਿਊ. 550 : ਇਹ ਕਿਸਮ ਵੀ ਪੁਰਾਣੀ ਪੀ. ਬੀ. ਡਬਲਿਊ. 550 ਕਿਸਮ ਦਾ ਸੋਧਿਆ ਰੂਪ ਹੈ। ਇਸ ਕਿਸਮ ਦਾ ਕੱਦ 86 ਸੈਂਟੀਮੀਟਰ ਅਤੇ ਪੱਕਣ ਦਾ ਸਮਾਂ 145 ਦਿਨ, ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਤੱਕ ਹੈ। ਇਸ ਕਿਸਮ ਦਾ ਬੀਜ ਏਕੜ 'ਚ 40 ਕਿਲੋ ਦੀ ਬਜਾਏ 45 ਕਿਲੋ ਪਾਉਣਾ ਚਾਹੀਦਾ ਹੈ ਅਤੇ ਇਸ ਨੂੰ ਨਵੰਬਰ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਨਹੀਂ ਬੀਜਣਾ ਚਾਹੀਦਾ।
ਪੀ. ਬੀ. ਡਬਲਿਊ. 725 : ਇਹ ਕਿਸਮ ਪੀ ਏ ਯੂ ਨੇ ਵਿਕਸਿਤ ਕੀਤੀ ਹੈ ਅਤੇ ਇਹ ਪੱਕਣ ਨੂੰ ਤਕਰੀਬਨ 154 ਦਿਨ ਲੈਂਦੀ ਹੈ। ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਗਰਮੀ ਨੂੰ ਸਹਾਰ ਲੈਂਦੀ ਹੈ।
ਪੀ. ਬੀ. ਡਬਲਿਊ. 677 : ਇਹ ਕਿਸਮ ਵੀ ਪੀ ਏ ਯੂ ਨੇ ਵਿਕਸਿਤ ਕੀਤੀ ਹੈ। ਔਸਤ ਕੱਦ 107 ਸੈਂਟੀਮੀਟਰ ਤੇ ਪੱਕਣ ਨੂੰ 157 ਦਿਨ ਲੈਂਦੀ ਹੈ। ਇਸ ਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪੁਲਰ ਥੱਲੇ ਬੀਜਣ ਲਈ ਵੀ ਅਨੁਕੂਲ ਹੈ। ਪੀਲੀ ਅਤੇ ਭੂਰੀ ਕੁੰਗੀ ਦਾ ਮੁਕਾਬਲਾ ਕਰਨ ਦੀ ਸਮੱਰਥਾ ਰੱਖਦੀ ਹੈ।
ਪੀ. ਬੀ. ਡਬਲਿਊ. 1 ਜ਼ਿੰਕ : ਇਸ ਕਿਸਮ ਵਿਚ ਜ਼ਿੰਕ ਦੀ ਮਾਤਰਾ ਵਧੇਰੇ ਹੈ। ਔਸਤ ਕੱਦ 103 ਸੈਂਟੀਮੀਟਰ ਹੈ, ਪੱਕਣ ਨੂੰ 157 ਦਿਨ ਲੈਂਦੀ ਹੈ ਅਤੇ ਔਸਤਨ 22.5 ਕੁਇੰਟਲ ਪ੍ਰਤੀ ਏਕੜ ਝਾੜ ਦੇ ਦੇਂਦੀ ਹੈ।
ਨਵੀਂਆਂ ਕਿਸਮਾਂ
ਐਚ. ਡੀ. 3226 : ਇਹ ਕਿਸਮ ਸਰਬ ਭਾਰਤੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦੀ ਪ੍ਰਵਾਨਗੀ ਦੇਣ ਵਾਲੀ ਕੇਂਦਰ ਦੀ ਸਬ ਕਮੇਟੀ ਵੱਲੋਂ ਪੰਜਾਬ ਤੇ ਹਰਿਆਣਾ 'ਚ ਕਾਸ਼ਤ ਕਰਨ ਲਈ ਰਲੀਜ਼ ਕਰ ਕੇ ਨੋਟੀਫਾਈ ਕਰ ਦਿੱਤੀ ਗਈ ਹੈ। ਇਸ ਕਿਸਮ ਦਾ ਸੰਭਾਵਕ ਝਾੜ ਅਜ਼ਮਾਇਸ਼ ਦੇ ਆਧਾਰ 'ਤੇ 31 ਕੁਇੰਟਲ ਪ੍ਰਤੀ ਏਕੜ ਤੱਕ ਹੈ। ਇਸ ਕਿਸਮ ਨੇ ਅਜ਼ਮਾਇਸ਼ਾਂ ਵਿਚ ਹੋਰ ਦੂਜੀਆਂ ਕਿਸਮਾਂ ਨਾਲੋਂ ਵੱਧ ਝਾੜ ਦਿੱਤਾ ਹੈ। ਇਹ ਕਿਸਮ ਪੱਕਣ ਨੂੰ 142 ਦਿਨ ਲੈਂਦੀ ਹੈ। ਜ਼ਿੰਕ ਦੀ ਮਾਤਰਾ ਵੱਧ ਹੈ। 30 ਅਕਤੂਬਰ ਤੋਂ 10 ਨਵੰਬਰ ਦੇ ਦਰਮਿਆਨ ਬੀਜਿਆਂ ਇਸ ਦਾ ਝਾੜ ਵਧੇਰੇ ਆਉਂਦਾ ਹੈ। ਇਸ ਕਿਸਮ ਤੇ ਦੋ 'ਲਿਹੋਸੀਨ' ਦੇ ਛਿੜਕਾਅ ਕਰਨੇ ਚਾਹੀਦੇ ਹਨ ਫਿਰ ਇਹ ਢਹਿੰਦੀ ਨਹੀਂ।
ਡੀ. ਬੀ. ਡਬਲਿਊ. 187 : ਇਸ ਕਿਸਮ ਦੀ ਪਛਾਣ ਕੀਤੇ ਜਾਣ ਉਪਰੰਤ ਇਸ ਦੇ ਰਲੀਜ਼ ਤੇ ਨੋਟੀਫਾਈ ਹੋਣ ਸਬੰਧੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦੀ ਪ੍ਰਵਾਨਗੀ ਦੇਣ ਵਾਲੀ ਕੇਂਦਰ ਦੀ ਸਬ-ਕਮੇਟੀ ਕੋਲ ਵਿਚਾਰ-ਅਧੀਨ ਹੈ। ਇਹ ਕਿਸਮ ਨਾਰਮਲ ਸਮੇਂ 'ਚ ਨਵੰਬਰ ਦੇ ਪਹਿਲੇ ਪੰਦਰਵਾੜੇ ਦਰਮਿਆਨ ਬੀਜਣ ਲਈ ਅਨੁਕੂਲ ਹੈ। ਝਾੜ ਪੱਖੋਂ ਉੱਚੀ ਕਿਸਮਾਂ 'ਚ ਸ਼ੁਮਾਰ ਕੀਤੀ ਜਾਂਦੀ ਹੈ।
ਡੀ. ਬੀ. ਡਬਲਿਊ. 222 : ਇਹ ਕਿਸਮ ਆਈ. ਸੀ. ਏ. ਆਰ.-ਆਈ. ਆਈ. ਡਬਲਿਊ. ਬੀ. ਆਰ. ਨੇ ਵਿਕਸਿਤ ਕੀਤੀ ਹੈ। ਪੱਕਣ ਨੂੰ 150 ਦਿਨ ਲੈਂਦੀ ਹੈ। ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।
ਐਚ. ਡੀ.-ਸੀ. ਐਸ. ਡਬਲਿਊ.-18 : ਇਸ ਕਿਸਮ ਦੀ ਬਿਜਾਈ ਹੁਣ 10 ਨਵੰਬਰ ਤੋਂ ਪਹਿਲਾਂ ਕਰ ਦੇਣੀ ਚਾਹੀਦੀ ਹੈ।

ਜੰਗਲੀ ਘੋੜੇ ਸ਼ਹਿਰਾਂ ਵਿਚ

ਭਾਰਤ ਦੇ ਸ਼ਹਿਰਾਂ ਦੀਆਂ ਸੜਕਾਂ 'ਤੇ ਲੱਖਾਂ ਗਾਵਾਂ ਤੇ ਢੱਠੇ ਤੁਰੇ ਫਿਰਦੇ ਹਨ। ਰੋਜ਼ ਕਿਸੇ ਦੀ ਜਾਨ ਜਾਂਦੀ ਹੈ ਜਾਂ ਨੁਕਸਾਨ ਹੁੰਦਾ ਹੈ। ਇਸ ਦਾ ਕੋਈ ਹੱਲ ਨਹੀਂ ਲੱਭ ਰਿਹਾ। ਲੋਕ ਬੇਹੱਦ ਪ੍ਰੇਸ਼ਾਨ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਹੋਰ ਦੇਸ਼ ਵਿਚ ਇਸ ਤਰ੍ਹਾਂ ਦਾ ਮਸਲਾ ਨਹੀਂ ਹੈ। ਅਮਰੀਕਾ ਦੇ ਨੇਵਦਾ ਸੂਬੇ ਦੇ ਕੰਡਿਆਲੇ ਪਹਾੜੀ ਉਜਾੜਾਂ ਵਿਚ ਬੇਸ਼ੁਮਾਰ ਜੰਗਲੀ ਘੋੜੇ ਹਨ। ਪਰ ਇਹ ਸੜਕਾਂ ਤੋਂ ਦੂਰ ਰਹਿੰਦੇ ਹਨ। ਕਾਨੂੰਨਨ ਇਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ। ਜਦੋਂ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹ ਪਹਾੜਾਂ ਹੇਠਲੀ ਵਸੋਂ ਵਿਚ ਆ ਜਾਂਦੇ ਹਨ। ਇਹ ਘਰਾਂ ਦੇ ਬਾਹਰ ਲੱਗਾ ਘਾਹ ਵਗੈਰਾ ਹੀ ਚਰ ਲੈਂਦੇ ਹਨ। ਲੋਕ ਇਨ੍ਹਾਂ ਨੂੰ ਕਦੇ ਕੁਝ ਨਹੀਂ ਪਾਉਂਦੇ। ਇਹ ਤਿੰਨ ਤੋਂ ਸੱਤ ਦੇ ਝੁੰਡਾਂ ਵਿਚ ਕਾਲੋਨੀਆਂ ਵਿਚ ਤੁਰੇ ਫਿਰਦੇ ਹਨ, ਪਰ ਬਰਫ਼ ਪੈਂਦੇ ਹੀ ਹੋਰ ਥੱਲੇ ਦਰਿਆ ਕੰਢੇ ਚਲੇ ਜਾਂਦੇ ਹਨ। ਇਹ ਆਪਣੀ ਖੁਰਾਕ ਆਪ ਲੱਭਦੇ ਹਨ ਪਰ ਸਾਡੇ ਲੋਕਾਂ ਨੇ ਜੀਵਾਂ ਦੀ ਆਪਣੀ ਖੁਰਾਕ ਲੱਭਣ ਦੀ ਕੁਦਰਤੀ ਸ਼ਕਤੀ ਖ਼ਤਮ ਕਰ ਦਿੱਤੀ ਹੈ ਤੇ ਆਪ ਵੀ ਦੁੱਖ ਭੋਗ ਰਹੇ ਹਨ।


-ਮੋਬਾ: 98159-45018

ਸਾਨੂੰ ਮੁੜ ਕੇ ਨਾ, ਦਿਨ ਉਹ ਦਿਖਾਈਂ

* ਆਤਮਾ ਸਿੰਘ ਚਿੱਟੀ *

ਸਾਨੂੰ ਮੁੜ ਕੇ ਨਾ ਦਿਨ ਉਹ ਦਿਖਾਈਂ,
ਸਾਡੀ ਬੇਨਤੀ ਹੈ ਰੱਬਾ ਤੇਰੇ ਤਾਈਂ।
ਭਾਖੜੇ ਤੋਂ ਪਾਣੀ ਲੱਖਾਂ ਮਣ ਛੱਡਿਆ,
ਗੇਟ ਖੋਲ੍ਹ ਵਾਧੂ ਪਾਣੀ ਬਾਹਰ ਕੱਢਿਆ।
ਬੱਸ ਭਾਖੜੇ ਦੇ ਪਾਣੀ ਤੋਂ ਬਚਾਈਂ,
ਸਾਨੂੰ ਮੁੜ ਕੇ ਨਾ ਦਿਨ ਉਹ ਦਿਖਾਈਂ।

ਪੂਰੀ ਤਰ੍ਹਾਂ ਹੋਈਆਂ ਸਭ ਫ਼ਸਲਾਂ ਖ਼ਰਾਬ ਸੀ,
ਪਾਣੀ ਵਿਚ ਡੁੱਬ ਗਿਆ ਸੋਹਣਾ ਜੋ ਪੰਜਾਬ ਸੀ।
ਬੁਰੇ ਦਿਨ ਨਾ ਤੂੰ ਦਾਤਿਆ ਲਿਆਈਂ,
ਸਾਡੀ ਬੇਨਤੀ ਹੈ ਰੱਬਾ ਤੇਰੇ ਤਾਈਂ।

ਦਰਿਆਵਾਂ ਦੇ ਹੜ੍ਹਾਂ ਨਾਲ ਬੰਨ੍ਹ ਟੁੱਟੇ ਸੀ,
ਬੰਨ੍ਹ ਲਾਉਣ ਲਈ ਲੋਕ ਆਪ ਜੁੱਟੇ ਸੀ।
ਕਦੇ ਹੜ੍ਹਾਂ ਨਾਲ ਬੰਨ੍ਹ ਨਾ ਤੁੜਾਈਂ,
ਸਾਨੂੰ ਮੁੜ ਕੇ ਨਾ ਦਿਨ ਉਹ ਦਿਖਾਈਂ।

ਖੇਤਾਂ-ਰਾਹਾਂ ਵਿਚ ਕਿਸ਼ਤੀਆਂ ਸੀ ਚੱਲੀਆਂ,
ਲੋਕਾਂ ਨੇ ਮੁਸੀਬਤਾਂ ਸੀ ਬਹੁਤ ਝੱਲੀਆਂ।
ਸਾਡੇ ਮਾਲਕਾ ਤੂੰ ਸੁੱਖ ਵਰਤਾਈਂ,
ਸਾਡੀ ਬੇਨਤੀ ਹੈ ਰੱਬਾ ਤੇਰੇ ਤਾਈਂ।

ਦਾਨੀਆਂ ਦੀ ਸੇਵਾ ਨਾਲ ਲਾਭ ਹੋਇਆ ਸੀ,
ਨੁਕਸਾਨ ਸਾਰਿਆਂ ਦਾ ਬੇਹਿਸਾਬ ਹੋਇਆ ਸੀ।
ਸਦਾ ਮਿਹਰਾਂ ਵਾਲਾ ਮੀਂਹ ਵਰਸਾਈਂ,
ਸਾਨੂੰ ਮੁੜ ਕੇ ਨਾ ਦਿਨ ਉਹ ਦਿਖਾਈਂ।


-ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ।
ਮੋਬਾਈਲ : 99884-69564.

ਕਿਸਾਨਾਂ ਲਈ ਨਵੰਬਰ ਮਹੀਨੇ ਦੇ ਰੁਝੇਵੇਂ

ਸਬਜ਼ੀਆਂ

ਜੜ੍ਹਾਂ ਵਾਲੀਆਂ ਸਬਜ਼ੀਆਂ: ਮੂਲੀ (ਜਪਾਨੀ ਵਾਈਟ), ਗਾਜਰ ਅਤੇ ਸ਼ਲਗਮ ਦੀਆਂ ਵਲਾਇਤੀ ਕਿਸਮਾਂ ਆਦਿ ਬੀਜਣੀਆਂ ਸ਼ੁਰੂ ਕਰ ਦਿਉ । 15 ਟਨ ਗਲੀ ਸੜੀ ਰੂੜੀ ਬਿਜਾਈ ਤੋਂ 10 ਦਿਨ ਪਹਿਲਾਂ ਚੰਗੀ ਤਰ੍ਹਾਂ ਜ਼ਮੀਨ ਵਿਚ ਮਿਲਾਉ। ਇਸ ਤੋਂ ਇਲਾਵਾ 55 ਕਿਲੋ ਯੂਰੀਆ ਅਤੇ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਇਸ ਤੋਂ ਇਲਾਵਾ ਗਾਜਰ ਨੂੰ 50 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ। ਇਨ੍ਹਾਂ ਫ਼ਸਲਾਂ ਨੂੰ ਤਦ ਹੀ ਪਾਣੀ ਦਿਉ ਜਦੋਂ ਜ਼ਰੂਰਤ ਸਮਝੋ, ਨਹੀਂ ਤਾਂ ਪੱਤੇ ਬਹੁਤ ਵਧ ਜਾਣਗੇ ਅਤੇ ਮੂਲੀ, ਗਾਜਰ ਤੇ ਸ਼ਲਗਮ ਉੱਪਰ ਵਾਲਾਂ ਦਾ ਵਾਧਾ, ਫਟਣਾ, ਧੱਬੇ ਅਤੇ ਵਾਧੂ ਜੜ੍ਹਾਂ ਆਦਿ ਆ ਜਾਣਗੀਆਂ।
ਗੋਭੀ: ਬੰਦ ਗੋਭੀ ਦੀ 60×45 ਸੈਂ.ਮੀ., ਚੀਨੀ ਗੋਭੀ ਦੀ 30×30 ਸੈਂ.ਮੀ. ਅਤੇ ਪਿਛੇਤੀ ਫੁੱਲ ਗੋਭੀ ਦੀ 45×30 ਸੈਂ.ਮੀ. ਦੀ ਵਿੱਥ 'ਤੇ ਕਤਾਰਾਂ ਵਿਚ 4 ਤੋਂ 6 ਹਫ਼ਤੇ ਦੀ ਗੋਭੀ ਦੀ ਪਨੀਰੀ ਪੁੱਟ ਕੇ ਲਗਾਉਣੀ ਸ਼ੁਰੂ ਕਰ ਦਿਉ। ਪਾਣੀ ਮੌਸਮ ਅਤੇ ਮਿੱਟੀ ਦੇ ਅਨੁਸਾਰ ਲਗਾਓ। ਜਿੱਥੇ ਬੂਟੇ ਮਰ ਗਏ ਹਨ, ਦੁਬਾਰਾ ਲਗਾ ਕੇ ਪਾਣੀ ਦੇ ਦਿਉ ਤਾਂ ਜੋ ਚੰਗੀ ਫ਼ਸਲ ਮਿਲੇ। ਬੀਜ ਬਣਾਉਣ ਲਈ ਵਧੀਆ ਫੁੱਲ ਗੋਭੀ ਦੇ ਬੂਟੇ ਜੜ੍ਹਾਂ ਸਮੇਤ ਗਾਚੀ ਪੁੱਟ ਕੇ 60×45 ਸੈਂ.ਮੀ. ਦੇ ਫ਼ਾਸਲੇ 'ਤੇ ਲਗਾ ਦਿਉ।
ਆਲੂ: ਵਾਇਰਸ ਰੋਗ ਤੋਂ ਪ੍ਰਭਾਵਿਤ ਬੂਟੇ ਖੇਤ ਵਿਚੋਂ ਪੁੱਟ ਕੇ ਨਸ਼ਟ ਕਰ ਦਿਉ। ਖਾਦ ਦੀ ਦੂਸਰੀ ਕਿਸ਼ਤ 85 ਕਿਲੋ ਯੂਰੀਆ ਪ੍ਰਤੀ ਏਕੜ ਪਾ ਦਿਉ। ਹਲਕੀਆਂ ਜ਼ਮੀਨਾਂ ਵਿਚ ਇਹ ਖ਼ੁਰਾਕ ਵਧਾ ਕੇ 115 ਕਿਲੋ ਪ੍ਰਤੀ ਏਕੜ ਕਰ ਦਿਉ ਅਤੇ 40-45 ਦਿਨਾਂ ਦੀ ਫ਼ਸਲ ਦੇ ਮੁੱਢਾਂ 'ਤੇ ਮਿੱਟੀ ਚੜ੍ਹਾ ਦਿਉ। ਪਿਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ ਨੂੰ ਇੰਡੋਫਿਲ ਐਮ-45 ਜਾਂ ਮਾਸ ਐਮ-45 ਜਾਂ ਮਾਰਕਜੈਬ ਜਾਂ ਐਂਟਰਾਕੋਲ ਜਾਂ ਕਵਚ 500 ਤੋਂ 700 ਗ੍ਰਾਮ ਜਾਂ ਕਾਪਰ ਔਕਸੀਕਲੋਰਾਈਡ 50 ਘੁਲਣਸ਼ੀਲ ਜਾਂ ਮਾਰਕ ਕਾਪਰ 750-1000 ਗ੍ਰਾਮ ਪ੍ਰਤੀ ਏਕੜ 250-350 ਲਿਟਰ ਪਾਣੀ ਵਿਚ ਪਾ ਕੇ ਬਿਮਾਰੀ ਦਿਖਾਈ ਦੇਣ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫ਼ਤੇ ਛਿੜਕਾਅ ਕਰੋ। ਪੰਜ ਹੋਰ ਛਿੜਕਾਅ 7 ਦਿਨਾਂ ਦੇ ਵਕਫ਼ੇ 'ਤੇ ਕਰੋ। ਜੇਕਰ ਬਿਮਾਰੀ ਦਾ ਹਮਲਾ ਜ਼ਿਆਦਾ ਹੋ ਜਾਵੇ ਤਾਂ ਤੀਸਰਾ ਅਤੇ ਚੌਥਾ ਛਿੜਕਾਅ ਇੰਡੋਫਿਲ ਐਮ 45/ਮਾਸ ਐਮ-45/ਮਾਰਕਜੈਬ/ ਐਂਟਰਾਕੋਲ/ ਕਵਚ ਦੀ ਥਾਂ ਰੀਵਸ 250 ਐਸ ਸੀ 250 ਮਿ.ਲਿ. ਜਾਂ ਮੈਲੋਡੀ ਡਿਓ ਜਾਂ ਰਿਡੋਮਿਲ ਗੋਲਡ ਜਾਂ ਕਰਜੇਟ ਐਮ 8 ਜਾਂ ਸੈਕਟਿਨ 60 ਡਬਲਯੂ ਜੀ 700 ਗ੍ਰਾਮ ਪ੍ਰਤੀ ਏਕੜ ਜਾਂ ਈਕੂਏਸ਼ਨ ਪ੍ਰੋ 200 ਮਿ: ਲਿ:/ਏਕੜ ਦੇ ਹਿਸਾਬ ਦਸ ਦਿਨਾਂ ਦੇ ਵਕਫ਼ੇ 'ਤੇ ਕਰੋ।
ਟਮਾਟਰ: ਟਮਾਟਰਾਂ ਦੇ 100 ਗ੍ਰਾਮ ਬੀਜ ਨੂੰ ਤਿਆਰ ਕੀਤੇ ਕਿਆਰੇ ਵਿਚ ਪੀ.ਟੀ. ਐਚ.2, ਪੰਜਾਬ ਰੱਤਾ ਅਤੇ ਪੰਜਾਬ ਉਪਮਾ ਬੀਜ ਦਿਉ। ਦੋ ਮਰਲੇ ਦੇ ਕਿਆਰੇ ਵਿਚ ਬੀਜੀ ਗਈ ਪਨੀਰੀ ਇਕ ਏਕੜ ਲਈ ਕਾਫ਼ੀ ਹੈੈੇ। ਕਿਆਰੇ ਤਿਆਰ ਕਰਦੇ ਸਮੇਂ ਗਲੀ ਹੋਈ ਤਿਆਰ ਦੇਸੀ ਖਾਦ 250 ਕਿਲੋ ਪ੍ਰਤੀ ਮਰਲੇ ਵਿਚ ਪਾਉ। ਇਸ ਮਹੀਨੇ ਦੇ ਅਖ਼ੀਰ ਤੱਕ ਖੇਤਾਂ ਵਿਚ ਪਨੀਰੀ ਲਗਾਉਣਾ ਸ਼ੁਰੂ ਕਰ ਦਿਉ। ਖੇਤ ਵਿਚ ਸਾਰੀਆਂ ਕਿਸਮਾਂ ਦੀ ਪਨੀਰੀ 0.75 ਮੀਟਰ ਫਾਸਲੇ 'ਤੇ ਕਤਾਰਾਂ ਵਿਚ ਲਾਉ। ਬਿਜਾਈ ਸਮੇਂ 10 ਟਨ ਦੇਸੀ ਰੂੜੀ ਅਤੇ 55, 155 ਅਤੇ 45 ਕਿਲੋ ਯੂਰੀਆ, ਸੁਪਰਫਾਸਫੇਟ ਅਤੇ ਮਿਊੂਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਕ੍ਰਮਵਾਰ ਪਾਉ। ਇਕ ਢੇਰੀ 'ਤੇ ਦੋ ਪਨੀਰੀ ਦੇ ਬੂਟੇ ਲਗਾਉ ਅਤੇ ਬੂਟਿਆਂ ਦਾ ਫ਼ਾਸਲਾ 30 ਸੈਂ.ਮੀ. ਰੱਖੋ। ਪਨੀਰੀ ਲਗਾਉਣ ਤੋਂ ਬਾਅਦ ਇਕਦਮ ਪਾਣੀ ਦੇ ਦਿਉ ਅਤੇ ਫਿਰ ਇਕ ਹਫ਼ਤੇ ਬਾਅਦ ਖਾਲੀ ਥਾਵਾਂ ਭਰ ਦਿਉ ਅਤੇ ਪਾਣੀ ਦੇ ਦਿਉ। ਘਰ ਬਗੀਚੀ ਲਈ ਅਤੇ ਨੇੜੇ ਦੀਆਂ ਮੰਡੀਆਂ ਲਈ ਪੰਜਾਬ ਰੱਤਾ ਕਿਸਮ ਦੀ ਬਿਜਾਈ ਕਰੋ। ਡੱਬੇਬੰਦੀ ਆਦਿ ਲਈ ਪੀ.ਟੀ. ਐਚ.2, ਪੰਜਾਬ ਰੱਤਾ ਅਤੇ ਪੰਜਾਬ ਉਪਮਾ ਜਾਂ ਪੰਜਾਬ ਛੁਹਾਰਾ ਬੀਜੋ। ਨੀਮਾਟੋਡ ਤੋਂ ਪ੍ਰਭਾਵਿਤ ਜ਼ਮੀਨ 'ਤੇ ਸਿਰਫ਼ ਪੰਜਾਬ ਐਨ.ਆਰ. 7 ਕਿਸਮ ਹੀ ਬੀਜੋ।
ਗੰਢੇ: ਗੰਢਿਆਂ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਨੂੰ 8 ਮਰਲੇ ਜਗ੍ਹਾ 'ਤੇ ਛੋਟੀਆਂ ਕਿਆਰੀਆਂ ਤਿਆਰ ਕਰਕੇ ਬੀਜੋ। ਇਹ ਪਨੀਰੀ ਇਕ ਏਕੜ ਖੇਤ ਲਈ ਕਾਫ਼ੀ ਹੈ। ਜੇਕਰ ਬੀਜ ਤਿਆਰ ਕਰਨਾ ਹੈ ਤਾਂ 4 ਤੋਂ 6 ਕੁਇੰਟਲ ਗੰਢਿਆਂ ਦੀਆਂ ਵਧੀਆ, ਮੋਟੀਆਂ ਅਤੇ ਇਕੱਲੀ ਗੰਢ (ਦੋ ਨਾ ਹੋਣ) ਦੀ ਬਿਜਾਈ ਕਰੋ। ਪੰਜਾਬ ਨਰੋਆ, ਪੀ ਆਰ ਓ-6, ਪੀ ਆਰ ਓ-7, ਪੀ ਵਾਈ ਓ-102, ਪੀ ਡਬਲਯੂ ਓ-35 ਜਾਂ ਪੰਜਾਬ ਵਾਈਟ ਕਿਸਮਾਂ ਵਰਤੋ। ਬਿਜਾਈ ਵੱਟਾਂ 'ਤੇ ਕਰੋ ਅਤੇ ਵੱਟਾਂ ਦੇ ਫ਼ਾਸਲੇ 60 ਸੈਂ.ਮੀ. ਰੱਖੋ ਅਤੇ ਗੰਢੇ ਦਾ ਫ਼ਾਸਲਾ 30 ਸੈਂ.ਮੀ. ਰੱਖੋ। ਦਸ ਦਿਨਾਂ ਬਾਅਦ ਹਲਕਾ ਪਾਣੀ ਦੇ ਦਿਉ।
ਹਰੇ ਪੱਤੇ ਵਾਲੀਆਂ ਸਬਜ਼ੀਆਂ: ਪਾਲਕ ਦੀ ਕਟਾਈ ਸਮੇਂ ਸਿਰ ਕਰੋ ਅਤੇ ਦਰਜਾਬੰਦੀ ਕਰਕੇ ਮੰਡੀਆਂ ਵਿਚ ਭੇਜਣਾ ਸ਼ੁਰੂ ਕਰ ਦਿਉ। ਹਰ ਕਟਾਈ 'ਤੇ 20 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ਤਾਂ ਜੋ ਜਲਦੀ ਅਤੇ ਚੰਗੇ ਪੱਤੇ ਨਿਕਲਣ। ਮੇਥੀ ਅਤੇ ਪਾਲਕ ਨੂੰ ਹਫ਼ਤੇ ਵਿਚ ਇਕ ਵਾਰ ਪਾਣੀ ਦਿਉ। ਸਲਾਦ ਦੇ ਬੀਜ ਜਾਂ ਪਨੀਰੀ ਲਾਉਣ ਤੋਂ ਪਹਿਲਾਂ 55 ਕਿਲੋ ਯੁਰੀਆ ਅਤੇ 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਕਤਾਰਾਂ ਅਤੇ ਬੂਟਿਆਂ ਦਾ ਫ਼ਾਸਲਾ 45 ਅਤੇ 30 ਸੈਂਟੀਮੀਟਰ ਰੱਖੋ।
ਮਟਰ: 1. ਅੱਧ ਨਵੰਬਰ ਤੱਕ ਮਟਰਾਂ ਦੀਆਂ ਕਿਸਮ ਪੰਜਾਬ-89 ਅਤੇ ਮਿੱਠੀ ਫਲ਼ੀ ਦੀ ਬਿਜਾਈ 30×10 ਸੈ: ਮੀ: ਫ਼ਾਸਲੇ 'ਤੇ ਕਰੋ। ਬੀਜ ਨੂੰ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਣ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ ਅਤੇ ਬਿਜਾਈ ਵੇਲੇ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਬਿਜਾਈ ਲਈ ਬੀਜ 30 ਕਿਲੋ ਪ੍ਰਤੀ ਏਕੜ ਵਰਤੋ। ਨਦੀਨਾਂ ਦੀ ਰੋਕਥਾਮ ਲਈ ਸਟੌਂਪ 1.0 ਲਿਟਰ ਪ੍ਰਤੀ ਏਕੜ ਦਾ ਮਟਰ ਉੱਗਣ ਤੋਂ ਪਹਿਲਾਂ ਅਤੇ ਬਿਜਾਈ ਤੋ 2 ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ। ਬੀਜ ਤਿਆਰ ਕਰਨ ਲਈ ਮਟਰਾਂ ਦੀ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਵਿਚ ਕਰੋ।
ਮਿਰਚਾਂ: ਸੀ ਐਚ-1, ਸੀ ਐਚ-27, ਪੰਜਾਬ ਸੁਰਖ, ਪੰਜਾਬ ਤੇਜ਼, ਪੰਜਾਬ ਸੰਧੂਰੀ ਅਤੇ ਪੰਜਾਬ ਗੁੱਛੇਦਾਰ ਦੇ ਬੀਜ ਨੂੰ 15 ਸੈ.ਮੀ. ਉੱਚੇ ਤਿਆਰ ਕੀਤੇ ਕਿਆਰਿਆਂ ਵਿਚ ਬੀਜ ਦਿਉ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਗ੍ਰਾਮ ਬੀਜ ਨੂੰ ਇਕ ਮਰਲਾ ਥਾਂ ਵਿਚ ਬੀਜੋ।

ਸਾਡੇ ਦੇਸੀ ਮਹੀਨੇ

* ਸੁਰਜੀਤ ਸਿੰਘ ਸੰਧੂ *

ਚੇਤ ਮਹੀਨੇ ਸੋਨੇ ਰੰਗੀ ਕਣਕ ਵੇਖ ਜੱਟ ਗਾਉਂਦਾ ਹੈ,
ਵਿਸਾਖ ਮਹੀਨੇ ਨਹਾ ਵਿਸਾਖੀ ਦਾਣੇ ਘਰ ਲਿਆਉਂਦਾ ਹੈ।

ਜੇਠ ਮਹੀਨੇ ਤੱਤੀਆਂ ਲੂੰਆਂ ਸਭ ਦਾ ਪਿੰਡਾ ਸਾੜਦੀਆਂ,
ਹਾੜ ਮਹੀਨੇ ਧੁੱਪਾਂ ਕਰੜੀਆਂ ਸਭ ਨੂੰ ਅੰਦਰੀਂ ਵਾੜਦੀਆਂ।

ਸਾਉਣ ਮਹੀਨੇ ਬੱਦਲ ਵਰ੍ਹਦੇ ਛਮ-ਛਮ ਵਰਖਾ ਪੈਂਦੀ ਹੈ,
ਭਾਦੋਂ ਮਹੀਨੇ ਝੜੀ, ਹੁੰਮਸ ਹਟਣ ਦਾ ਨਾਂਅ ਨਹੀਂ ਲੈਂਦੀ ਹੈ।

ਅੱਸੂ ਮਹੀਨੇ ਨਾ ਗਰਮੀ ਨਾ ਸਰਦੀ ਪ੍ਰਭਾਤਾਂ ਨੂੰ,
ਕੱਤਕ ਮਹੀਨੇ ਚੰਨ ਚਾਨਣੀ ਸੋਹਣੀ ਜਚਦੀ ਰਾਤਾਂ ਨੂੰ।

ਮੱਘਰ ਮਹੀਨੇ ਦੇ ਵਿਚ ਕੋਟ ਸਵੈਟਰ ਰੋਜ਼ ਹੀ ਪਾਈ ਦਾ,
ਪੋਹ ਮੀਹਨੇ ਮਾਰ ਕੇ ਬੁੱਕਲ ਧੂਣੇ ਅੱਗੇ ਬਹਿ ਜਾਈਦਾ।

ਮਾਘ ਮਹੀਨੇ ਪੱਤਝੜ ਰੁੱਤੇ ਧੁੱਪਾਂ ਚੰਗੀਆਂ ਲੱਗਦੀਆਂ,
ਫੱਗਣ ਮਹੀਨੇ ਫੁੱਲ ਤੇ ਕਲੀਆਂ 'ਸੰਧੂ' ਡਾਢੀਆਂ ਫੱਬਦੀਆਂ।


-ਬ੍ਰਿਸਬੇਨ (ਆਸਟ੍ਰੇਲੀਆ)।
ਫੋਨ : 0061-478-706-479.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX