ਤਾਜਾ ਖ਼ਬਰਾਂ


ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਆਫ਼ਤ ਪ੍ਰਬੰਧਨ ਗਰੁੱਪ ਵਲੋਂ ਕੀਤੀ ਗਈ ਬੈਠਕ
. . .  6 minutes ago
ਚੰਡੀਗੜ੍ਹ, 26 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਖੇ ਆਫ਼ਤ ਪ੍ਰਬੰਧਨ ਗਰੁੱਪ ਦੀ ਬੈਠਕ ਹੋਈ। ਇਸ ਬੈਠਕ 'ਚ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਚੱਲ ਰਹੇ...
ਖੱਡ 'ਚ ਡਿੱਗਾ ਸ਼ਰਧਾਲੂਆਂ ਨਾਲ ਭਰਿਆ ਵਾਹਨ, ਪੰਜ ਜ਼ਖ਼ਮੀ
. . .  12 minutes ago
ਡਮਟਾਲ, 26 ਅਗਸਤ (ਰਾਕੇਸ਼ ਕੁਮਾਰ)- ਚੁਵਾੜੀ-ਦ੍ਰਮਣ ਮਾਰਗ 'ਤੇ ਖੇੜਾ ਨੇੜੇ ਅੱਜ ਸ਼ਰਧਾਲੂਆਂ ਨਾਲ ਭਰਿਆ ਇੱਕ ਵਾਹਨ ਬੇਕਾਬੂ ਹੋ ਕੇ 70 ਮੀਟਰ ਡੂੰਘੀ ਖੱਡ 'ਚ ਡਿੱਗ ਪਿਆ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਸ਼ਰਧਾਲੂ...
ਬਿਹਾਰ 'ਚ ਦਿਨ ਦਿਹਾੜੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ
. . .  27 minutes ago
ਪਟਨਾ, 26 ਅਗਸਤ- ਬਿਹਾਰ ਦੇ ਸੀਤਾਮੜੀ 'ਚ ਸੋਮਵਾਰ ਸਵੇਰੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ...
ਸੜਕ ਹਾਦਸੇ 'ਚ ਇੱਕ ਦੀ ਮੌਤ, ਚਾਰ ਜ਼ਖ਼ਮੀ
. . .  42 minutes ago
ਫਿਲੌਰ, 26 ਅਗਸਤ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਵਿਖੇ ਇੱਕ ਕਾਰ, ਕਰੇਨ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਕਪਿਲ...
ਬੈਂਸ ਵਲੋਂ ਦੋ ਵਿਧਾਇਕਾਂ ਅਤੇ ਸੱਤ ਕੌਂਸਲਰਾਂ ਸਮੇਤ ਇੱਕ ਮਹੀਨੇ ਦੀ ਤਨਖ਼ਾਹ 'ਖ਼ਾਲਸਾ ਏਡ' ਨੂੰ ਦੇਣ ਦਾ ਐਲਾਨ
. . .  42 minutes ago
ਲੁਧਿਆਣਾ, 26 ਅਗਸਤ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਇਹ ਐਲਾਨ ਕੀਤਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਉਹ ਆਪਣੇ...
ਤੇਜ਼ ਰਫ਼ਤਾਰ ਅਣਪਛਾਤਾ ਵਾਹਨ 18 ਸਾਲਾ ਨੌਜਵਾਨ ਨੂੰ ਕੁਚਲ ਕੇ ਹੋਇਆ ਫ਼ਰਾਰ
. . .  56 minutes ago
ਨੌਸ਼ਹਿਰਾ ਮੱਝਾ ਸਿੰਘ(ਬਟਾਲਾ), 26 ਅਗਸਤ(ਤਰਸੇਮ ਸਿੰਘ ਤਰਾਨਾ)- ਅੱਜ ਸਵੇਰੇ ਕਰੀਬ 10 ਵਜੇ ਕਸਬਾ ਧਾਰੀਵਾਲ ਤੋਂ ਨੌਸ਼ਹਿਰਾ ਮੱਝਾ ਸਿੰਘ ਵੱਲ ਆ ਰਹੇ ਬੁਲਟ ਮੋਟਰਸਾਈਕਲ...
ਬੁੱਲ੍ਹੋਵਾਲ ਵਿਖੇ ਸ਼ੋਅਰੂਮ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  about 1 hour ago
ਬੁੱਲ੍ਹੋਵਾਲ, 26 ਅਗਸਤ (ਰਵਿੰਦਰਪਾਲ ਸਿੰਘ ਲੁਗਾਣਾ)- ਬੀਤੀ ਰਾਤ ਕਸਬਾ ਬੁੱਲ੍ਹੋਵਾਲ ਵਿਖੇ ਸਥਿਤ ਕਸਬਾ ਭੱਲਾ ਸਾਈਕਲ ਸਟੋਰ ਦੇ ਸ਼ੋਅਰੂਮ 'ਚ ਸ਼ਾਰਟ ਸਰਕਟ ਹੋਣ...
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਗਾਊਂ ਜ਼ਮਾਨਤ 'ਤੇ ਪਟੀਸ਼ਨ ਹੋਈ ਖ਼ਾਰਜ
. . .  about 1 hour ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਅੰਤਰਿਮ ਜ਼ਮਾਨਤ ਰੱਦ ਕਰਨ ਦੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ...
ਜੇ. ਡੀ. ਯੂ. ਵੱਡਾ ਝਟਕਾ, ਝਾਰਖੰਡ ਅਤੇ ਮਹਾਰਾਸ਼ਟਰ 'ਚ ਤੀਰ ਨਿਸ਼ਾਨ ਨਾਲ ਚੋਣ ਲੜਨ 'ਤੇ ਰੋਕ
. . .  about 1 hour ago
ਪਟਨਾ, 26 ਅਗਸਤ- ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ਭਾਰਤੀ ਚੋਣ ਕਮਿਸ਼ਨ ਤੋਂ ਝਟਕਾ ਲੱਗਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਹੁਕਮ ਦਿੱਤਾ ਹੈ ਕਿ ਝਾਰਖੰਡ ਅਤੇ ਮਹਾਰਾਸ਼ਟਰ 'ਚ ਹੁਣ ਰਿਜ਼ਰਵ ਪ੍ਰਤੀਕ...
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸੀ. ਬੀ. ਆਈ. ਸੀ. ਨੇ ਜ਼ਬਰਦਸਤੀ ਸੇਵਾ ਮੁਕਤ ਕੀਤੇ 22 ਹੋਰ ਸੀਨੀਅਰ ਅਧਿਕਾਰੀ
. . .  about 2 hours ago
ਨਵੀਂ ਦਿੱਲੀ, 26 ਅਗਸਤ- ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਅੱਜ 22 ਹੋਰ ਸੀਨੀਅਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਹੋਰਾਂ ਦੋਸ਼ਾਂ ਦੇ ਚੱਲਦਿਆਂ ਜ਼ਬਰਦਸਤੀ ਸੇਵਾ ਮੁਕਤ ਕਰ ਦਿੱਤਾ। ਇਨ੍ਹਾਂ ਅਧਿਕਾਰੀਆਂ ਨੂੰ ਜਨਹਿਤ 'ਚ ਮੌਲਿਕ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਘੂ ਕਥਾ: ਭੜਾਸ

'ਸਮਾਂ ਬਦਲੇ ਤਾਂ ਰਿਸ਼ਤੇ ਵੀ ਬਦਲਦੇ ਨੇ ਜ਼ਮਾਨੇ ਵਿਚ |
ਜੋ ਰਿਸ਼ਤੇ ਖੋ ਗਏ ਥਲ ਵਿਚ ਉਨ੍ਹਾਂ ਨੂੰ ਭਾਲਣਾ ਮੁਸ਼ਕਿਲ |'
ਮਹਿੰਦਰ ਸਿੰਘ ਨੂੰ ਨਵੀਂ ਨਵੇਲੀ ਦੁਲਹਨ ਨਾਲ ਵੇਖ ਕੇ ਮੇਰੇ ਪੈਰਾਂ ਥੱਲਿਓਾ ਜ਼ਮੀਨ ਖਿਸਕ ਗਈ ਸੀ | ਅਜੇ ਤਾਂ ਤਿੰਨ ਮਹੀਨੇ ਵੀ ਨਹੀਂ ਹੋਏ ਉਸ ਦੀ ਵਹੁਟੀ ਸਿਮਰਤ ਨੂੰ ਮਰਿਆਂ | ਮੈਂ ਉਨ੍ਹਾਂ ਨੂੰ ਵੇਖ ਕੇ ਰੁਕ ਗਿਆ ਸੀ | ਦੁਆ ਸਲਾਮ ਕਰਨ ਤੋਂ ਬਾਅਦ ਮੈਂ ਉਸ ਨੂੰ ਇਕ ਪਾਸੇ ਕਰ ਕੇ ਪੁੱਛ ਹੀ ਲਿਆ—
'ਇਹ ਕੀ? ਅਜੇ ਤਾਂ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ |' ਉਸ ਵੱਲ ਵੇਖ ਕੇ ਮੈਂ ਉਸ ਨੂੰ ਸਵਾਲ ਦਾਿਗ਼ਆ ਸੀ | ਉਹ ਮੇਰਾ ਸਵਾਲ ਸੁਣ ਕੇ ਇਕਦਮ ਤ੍ਰਬਕ ਪਿਆ ਸੀ ਤੇ ਮੈਨੂੰ ਉਹ ਆਪਣੀ ਵਹੁਟੀ ਕੋਲੋਂ ਥੋੜ੍ਹਾ ਹੋਰ ਪਰ੍ਹਾਂ ਲੈ ਗਿਆ ਸੀ ਤਾਂ ਕਿ ਉਸ ਨੂੰ ਕੁਝ ਸੁਣਾਈ ਨਾ ਦੇਵੇ | ਮੈਂ ਵੀ ਉਸ ਦੇ ਅੰਦਰ ਦੀ ਗੱਲ ਨੂੰ ਸਮਝ ਗਿਆ ਸੀ | ਇਸ ਲਈ ਉਸ ਨੂੰ ਹੌਲੀ ਜਿਹੀ ਪੁੱਛਿਆ—
'ਕਦੋਂ ਕੀਤਾ ਇਹ ਵਿਆਹ? ਸਾਨੂੰ ਦੱਸਿਆ ਤੱਕ ਨਹੀਂ | ਚੁੱਪ-ਚਪੀਤੇ ਭਿਣਕ ਵੀ ਨਹੀਂ ਨਿਕਲਣ ਦਿੱਤੀ |' ਮੈਂ ਉਸ ਦਾ ਅੰਦਰ ਫਰੋਲਣ ਦਾ ਯਤਨ ਕੀਤਾ ਸੀ | ਉਹ ਸ਼ਰਮਿੰਦਾ ਹੋਇਆ, ਸੁਣਦਾ ਰਿਹਾ ਕੁਝ ਚਿਰ | ਫਿਰ ਉਸ ਨੇ ਆਪਣੇ ਆਪ ਨੂੰ ਥੋੜ੍ਹਾ ਸੰਭਾਲਿਆ ਤੇ ਕਹਿਣ ਲੱਗਾ—
'ਬਸ ਮਹੀਨਾ ਪਹਿਲਾਂ |' ਉਸ ਨੇ ਹੁਣ ਆਪਣਾ ਚਿਹਰਾ ਥੋੜ੍ਹਾ ਉੱਪਰ ਚੁੱਕ ਲਿਆ ਸੀ ਤੇ ਉਸ ਵੱਲ ਸਰਸਰੀ ਜਿਹੀ ਨਜ਼ਰ ਮਾਰੀ ਸੀ |
'ਥੋੜ੍ਹਾ ਚਿਰ ਹੋਰ ਸਬਰ ਕਰ ਲੈਣਾ ਸੀ | ਏਨਾ ਵੀ ਉਤਾਵਲਾਪਨ ਕੀ ਸੀ? ਅਜਿਹੀ ਕਿਹੜੀ ਆਫ਼ਤ ਆ ਡਿੱਗੀ ਸੀ?'
'ਕੀ ਦੱਸਾਂ ਯਾਰ, ਘਰ ਵਾਲੇ ਤੇ ਹੋਰ ਰਿਸ਼ਤੇਦਾਰੀ ਕਾਹਲੀ ਪੈ ਗੀ ਸੀ | ਮੈਥੋਂ ਨਾਂਹ ਨਹੀਂ ਹੋ ਸਕੀ |' ਬੜੇ ਹੀ ਸਲੀਕੇ ਨਾਲ ਉਸ ਨੇ ਗੱਲ ਦੂਸਰਿਆਂ 'ਤੇ ਥੋਪਣੀ ਚਾਹੀ ਸੀ |
'ਸ਼ਰਮ ਤਾਂ ਨਹੀਂ ਆਉਂਦੀ ਹੋਣੀ, ਗੱਲ ਦੂਸਰਿਆਂ ਦੇ ਸਿਰ ਮੜ੍ਹਦੇ ਹੋਏ | ਥੋੜ੍ਹਾ ਚਿਰ ਹੋਰ ਠਹਿਰ ਜਾਂਦਾ ਤਾਂ ਕੋਈ ਪਹਾੜ ਤਾਂ ਨਹੀਂ ਸੀ ਡਿੱਗ ਪੈਣਾ | ਅਜੇ ਤਾਂ ਘਰ ਵਾਲੀ ਦੀ ਬਰਸੀ ਵੀ ਨਹੀਂ ਹੋਈ | ਮਸਾਂ ਤਿੰਨ ਮਹੀਨੇ ਹੀ ਪੂਰੇ ਹੋਏ ਹਨ, ਉਸ ਨੂੰ ਮਰਿਆਂ | ਅਜੇ ਤਾਂ ਉਨ੍ਹਾਂ ਦੀ ਤਸਵੀਰ ਵੀ ਤੇਰੀਆਂ ਅੱਖਾਂ ਵਿਚ ਤੈਰਦੀ ਹੋਣੀ ਹੈ |'
ਮੈਂ ਉਸ 'ਤੇ ਪੂਰੀ ਤਰ੍ਹਾਂ ਬਰਸ ਪਿਆ ਸੀ |
'ਕਿੰਨੀ ਮਾੜੀ ਗੱਲ ਹੈ | ਇੰਝ ਤਾਂ ਪਸ਼ੂ ਵੀ ਨਹੀਂ ਕਰਦੇ | ਉਹ ਵੀ ਆਪਣੇ ਟੱਬਰ ਵਿਚ ਕਿਸੇ ਦੀ ਮੌਤ 'ਤੇ ਕਈ ਦਿਨ, ਮਹੀਨੇ ਤੱਕ ਸ਼ੋਕ ਮਨਾਉਂਦੇ ਹਨ, ਖਾਣਾ ਤੱਕ ਨਹੀਂ ਖਾਂਦੇ |' ਮੈਂ ਉਸ 'ਤੇ ਆਪਣੀ ਖਿਝ ਪ੍ਰਗਟ ਕਰਨੀ ਚਾਹੀ ਸੀ |
ਉਹ ਹੁਣ ਕੁਝ ਵੀ ਨਹੀਂ ਬੋਲਿਆ ਸੀ | ਉਸ ਦਾ ਚਿਹਰਾ ਤਿਲਮਿਲਾ ਗਿਆ ਸੀ | ਉਸ ਦੇ ਅੰਦਰ ਅਜੀਬ ਤਰ੍ਹਾਂ ਦਾ ਰੋਹ ਉਮੜ ਪਿਆ ਸੀ | ਉਹ ਹੁਣ ਮੇਰੇ ਕੋਲ ਖਲੋਣਾ ਇਕ ਪਲ ਲਈ ਵੀ ਮਾੜਾ ਸਮਝ ਰਿਹਾ ਸੀ | ਇੰਝ ਉਹ ਥੋੜ੍ਹੀ ਦੂਰ ਖੜ੍ਹੀ ਆਪਣੀ ਨਵ-ਵਿਆਹੀ ਵਹੁਟੀ ਨੂੰ ਨਾਲ ਲੈ ਕੇ ਚਲਾ ਗਿਆ ਸੀ | ਮੈਂ ਉਨ੍ਹਾਂ ਵੱਲ ਬਿੱਟ ਬਿੱਟ ਵੇਖਦਾ ਰਿਹਾ |

-255, ਸ਼ਹੀਦ ਭਗਤ ਸਿੰਘ ਨਗਰ, ਸੁਜਾਨਪੁਰ, ਪਠਾਨਕੋਟ-145023.
ਮੋਬਾਈਲ : 94644-25912.


ਖ਼ਬਰ ਸ਼ੇਅਰ ਕਰੋ

ਨਾਵਲ ਸਿਰਜਣਾ ਦਾ ਉੱਚ ਦੋਮਾਲੜਾ ਬੁਰਜ ਸੀ ਪ੍ਰੋ: ਨਰਿੰਜਨ ਤਸਨੀਮ

ਪਿਛਲੀ ਪੌਣੀ ਸਦੀ ਤੋਂ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਸਾਡੇ ਵੱਡ ਵਡੇਰੇ ਪ੍ਰੋ: ਨਰਿੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤਕ, ਇਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਜੁਗਾਂ ਤੋਂ ਪਾਰ, ਗੁਆਚੇ ਅਰਥ ਅਤੇ ਤਲਾਸ਼ ਕੋਈ ਸਦੀਵੀ ਨੂੰ ਇਕੋ ਸਮੇਂ ਪੰਜਾਬੀ ਭਵਨ ਦੇ ਵਿਹੜੇ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਸੀ ਅਸਾਂ ਜਸਵੰਤ ਸਿੰਘ ਕੰਵਲ ਦੀ ਸਦਾਰਤ ਥੱਲੇ |
ਪ੍ਰੋ: ਨਰਿੰਜਨ ਤਸਨੀਮ ਅੰਬਰਸਰ ਵਿਚ ਪਹਿਲੀ ਮਈ 1929 ਪੈਦਾ ਹੋਏ ਤੇ 17 ਅਗਸਤ 2019 ਨੂੰ ਸ਼ਾਮੀਂ ਚਾਰ ਵਜੇ ਆਖਰੀ ਫ਼ਤਹਿ ਬੁਲਾ ਗਏ |  
ਆਪਣੇ ਪਰਿਵਾਰਕ ਮੁਖੀਆਂ ਤਾਇਆ ਜੀ ਉਰਦੂ ਸ਼ਾਇਰ ਪੂਰਨ ਸਿੰਘ ਹੁਨਰ ਅਤੇ ਮਹਿੰਦਰ ਸਿੰਘ ਕੌਸਰ ਪਾਸੋਂ ਅਦਬੀ ਚਿਣਗ ਹਾਸਿਲ ਕਰ ਕੇ ਆਪ ਨੇ ਉਰਦੂ ਅਤੇ ਪੰਜਾਬੀ ਵਿਚ ਸਾਹਿਤ ਸਿਰਜਣਾ ਆਰੰਭੀ | 1929 ਵਿਚ ਪੈਦਾ ਹੋਏ ਇਸ ਲੰਮੇ ਕੱਦ ਕਾਠ ਵਾਲੇ ਗੱਭਰੂ ਨੇ 1945-46 ਵਿਚ ਅੰਮਿ੍ਤਸਰ ਦੇ ਕਾਲਜਾਂ ਵਿਚ ਪੜ੍ਹਦਿਆਂ ਹੀ ਉਰਦੂ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਤੋਂ ਹੋਇਆ ਜਦ ਉਨ੍ਹਾਂ ਨੇ ਉਰਦੂ ਵਿਚ ਪਹਿਲਾ ਨਾਵਲ 'ਸੋਗਵਾਰ' ਲਿਖਿਆ | ਇਹ ਨਾਵਲ 1960 ਵਿਚ ਪ੍ਰਕਾਸ਼ਤ ਹੋਇਆ | 1962 ਵਿਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ 'ਮੋਨਾਲੀਜ਼ਾ' ਛਪ ਕੇ ਹਿੰਦ-ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ |  ਤਸਨੀਮ ਨੇ ਪੰਜਾਬੀ ਵਿਚ ਸਾਹਿਤ ਸਿਰਜਣਾ 'ਪਰਛਾਵੇਂ' ਨਾਵਲ ਨਾਲ ਸ਼ੁਰੂ ਕੀਤੀ ਅਤ 1966 ਵਿਚ ਉਨ੍ਹਾਂ ਦਾ ਪਹਿਲਾ ਪੰਜਾਬੀ ਨਾਵਲ 'ਕਸਕ' ਛਪ ਕੇ ਆਇਆ |  ਸਾਲ 2000 ਤੀਕ ਉਨ੍ਹਾਂ ਦੇ 10 ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿਚ ਇਕੋ ਜਿੰਨੀ ਸਲਾਹੀ ਗਈ |  
ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਿਸ ਕਾਰਨ ਨਵੀਂ ਪੀੜ੍ਹੀ ਦੀ ਰੂਹ ਨਾਲ ਉਨ੍ਹਾਂ ਦੀ ਸਿਰਜਣਾਤਮਕ ਸਾਂਝ ਪੈ ਸਕੀ |  ਪ੍ਰੋ: ਤਸਨੀਮ ਪੰਜਾਬੀ ਭਾਸ਼ਾ ਵਿਭਾਗ ਦੇ ਸਾਹਿੱਤ ਰਤਨ ਪੁਸਕਾਰ ਨਾਲ ਸਨਮਾਨਿਤ ਲੇਖਕ ਸਨ | ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਵਿਚ ਸ: ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ | ਪੰਜਾਬ ਦੇ ਸਿੱਖਿਆ ਮੰਤਰੀ ਸ: ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ | ਭਾਰਤੀ ਸਾਹਿਤ ਅਕਾਡਮੀ ਵਲੋਂ ਤਸਨੀਮ ਹੁਰਾਂ ਨੂੰ 1999 ਵਿਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |  
ਸਾਹਿਤ ਸੰਸਥਾਨ ਲੁਧਿਆਣਾ ਨੇ ਉਨ੍ਹਾਂ ਨੂੰ ਸਰਵੋਤਮ ਪੰਜਾਬੀ ਗਲਪਕਾਰ ਪੁਰਸਕਾਰ ਨਾਲ 1994 ਵਿਚ ਨਿਵਾਜਿਆ |  ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਆਪ 1998-99 ਦੌਰਾਨ ਫੈਲੋ ਰਹੇ |  ਸਾਰੀ ਜ਼ਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ: ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ | ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ | ਅੰਗਰੇਜ਼ੀ ਵਿਚ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ | ਅੰਗਰੇਜ਼ੀ ਅਖ਼ਬਾਰਾਂ ਵਿਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ: ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੁੰ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲਥਾਇਆ ਹੈ | 
ਕਪੂਰਥਲਾ, ਫਰੀਦਕੋਟ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮਾਂ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਵੀ ਪੋਸਟ ਗਰੈਜੂਏਟ ਅੰਗਰੇਜ਼ੀ ਕਲਾਸਾਂ ਪੜ੍ਹਾਉਣ ਦਾ ਮਾਣ ਮਿਲਿਆ ਪਰ ਆਪਣੀ ਸਿਰਜਣਾਤਮਕ ਸਿਖ਼ਰ ਉਹ ਫਰੀਦਕੋਟ ਨੂੰ ਹੀ ਮੰਨਦੇ ਸਨ | ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਦੇ ਵਿਸ਼ਾਲ ਨਗਰ ਇਲਾਕੇ ਵਿਚ ਵਸਦੇ ਪ੍ਰੋ: ਤਸਨੀਮ ਉਮਰ ਦੇ 89ਵੇਂ ਡੰਡੇ ਤੀਕ ਸਿੱਧੇ ਸਤੋਰ ਖੜ੍ਹੇ ਰਹੇ ਪਰ 90ਵਾਂ ਚੜ੍ਹਨ ਸਾਰ ਡੋਲ ਗਏ |  
ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਉਨ੍ਹਾਂ ਦੇ 10 ਨਾਵਲਾਂ ਦਾ ਇਕੱਠਾ ਖੂਬਸੂਰਤ ਪ੍ਰਕਾਸ਼ਨ ਕਰਨਾ ਪੰਜਾਬੀ ਜ਼ੁਬਾਨ ਲਈ ਸੁਹਾਗਵੰਤਾ ਕਦਮ ਸੀ |  
ਤਸਨੀਮ ਹੁਰਾਂ ਦੇ ਜਾਣ 'ਤੇ ਪੁਰਾਣੇ ਬਜ਼ੁਰਗ ਭਾਈ ਜੋਧ ਸਿੰਘ, ਪ੍ਰੋ: ਮੋਹਨ ਸਿੰਘ , ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੋਹਣ ਸਿੰਘ ਸੀਤਲ, ਸ. ਸ. ਨਰੂਲਾ, ਕਿ੍ਸ਼ਨ ਅਦੀਬ ਤੇ ਕਈ ਹੋਰ ਚਿਹਰੇ ਯਾਦ ਆ ਰਹੇ ਹਨ, ਜਿਨ੍ਹਾਂ ਦੇ ਹੁੰਦਿਆਂ ਲੁਧਿਆਣਾ ਕਿੰਨਾ ਅਮੀਰ ਹੁੰਦਾ ਸੀ |  ਪ੍ਰੋ: ਮੋਹਨ ਸਿੰਘ ਦੇ ਸ਼ਿਅਰ ਨਾਲ ਗੱਲ ਮੁਕਾਵਾਂਗਾ |  
ਫੁੱਲ ਹਿੱਕ ਵਿਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,  
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ |

-ਮੋਬਾਈਲ : 98726-31199

ਜਲ-ਥਲ ਜਲ-ਥਲ, ਪੂਰਾ ਹਿੰਦੁਸਤਾਨ

ਜੂਨ ਦਾ ਮਹੀਨਾ ਸੀ, ਲੋਕੀਂ ਕੀ ਮਹਾਰਾਸ਼ਟਰ 'ਚ, ਕੀ ਪੰਜਾਬ 'ਚ, ਕੀ ਦੂਜਿਆਂ ਸੂਬਿਆਂ ਵਿਚ, ਤੰਗ ਆਏ ਪਏ ਸਨ ਗਰਮੀ ਤੋਂ | ਕਈ ਥਾੲੀਂ ਤਾਂ ਪਾਰਾ ਐਨਾ ਚੜ੍ਹ ਚੁੱਕਿਆ ਸੀ ਕਿ ਸਾਹ ਲੈਣਾ ਮੁਹਾਲ ਸੀ, ਪੱਖੇ ਕਿਹੜਾ ਘਰ ਹੈ, ਜਿਥੇ ਫੁਲਸਪੀਡ 'ਤੇ ਦਿਨ-ਰਾਤ ਨਹੀਂ ਚਲ ਰਹੇ ਸਨ | ਵੱਡਿਆਂ ਘਰਾਂ 'ਚ ਤਾਂ ਏਅਰ ਕੰਡੀਸ਼ਨਰ ਚਲ ਰਹੇ ਸਨ |
ਗੁਰਦੁਆਰਿਆਂ 'ਚ, ਸੰਗਤ ਦੀ ਸਭ ਤੋਂ ਉੱਤਮ ਸੇਵਾ ਪੱਖਾਂ ਝੱਲਣ ਵਾਲੀ ਸਮਝੀ ਜਾਂਦੀ ਸੀ, ਵੱਡਾ ਹੱਥ ਪੱਖਾ ਦੋਵਾਂ ਹੱਥਾਂ 'ਚ ਲਈ ਕਈ ਸੇਵਾਦਾਰ ਪੱਖਾ ਝੱਲ ਰਹੇ ਹੁੰਦੇ ਸਨ | ਇਸ ਸੇਵਾ ਨੂੰ ਕਿੰਨਾ ਉੱਤਮ ਸਮਝਿਆ ਜਾਂਦਾ ਸੀ |
ਪੱਖਾਂ ਫੇਰਾਂ, ਪਾਣੀ ਢੋਆਂ | ਗਰਮੀਆਂ ਦੀ ਰੁੱਤ 'ਚ ਇਹੀ ਤੇ ਦੋ ਸੇਵਾਵਾਂ ਉੱਤਮ ਹਨ...
ਜਲ ਛਕਾਉਣ, ਹਵਾ 'ਚ ਪੱਖੇ ਨਾਲ ਹਰਕਤ ਕਰਕੇ, ਸੰਗਤ ਨੂੰ ਗਰਮੀ ਤੋਂ ਰਾਹਤ ਪਹੁੰਚਾਉਣੀ |
ਬਿਜਲੀ ਨੂੰ ਸਵਿੱਚ ਦਬਾਓ ਤਾਂ ਹੀ ਪੱਖਾ ਚਲਦਾ ਹੈ ਪਰ ਸਵਿੱਚ ਵਾਰ-ਵਾਰ ਦੱਬਣ 'ਤੇ ਵੀ ਪੱਖਾ ਆਪਣੀ ਥਾਂ ਤੋਂ ਹਿਲਦਾ ਨਹੀਂ ਸੀ, ਬਿਜਲੀ ਗੁੱਲ, ਪੱਖਾ ਵਿਚਾਰਾ ਕੀ ਕਰੇ?
ਇਕ ਵਾਰ ਫਿਰ ਲੋਕੀਂ ਪੱਖੀਆਂ ਫੜ ਲੈਂਦੇ...
ਮਨ ਅੰਦਰੋਂ ਆਵਾਜ਼ ਉਠਦੀ, 'ਹਾਏ ਗਰਮੀ... ਹਾਏ ਗਰਮੀ...' ਕਈ-ਕਈ ਘੰਟੇ ਬਿਜਲੀ ਗੁੱਲ ਰਹਿੰਦੀ... ਕੱਪੜੇ ਪਸੀਨੇ ਨਾਲ ਤਰ-ਬਤਰ ਹੋ ਜਾਂਦੇ | ਸ਼ੁਕਰ ਕਰੀ ਦਾ ਸੀ ਜਦ ਕਈ ਘੰਟਿਆਂ ਮਗਰੋਂ ਬਿਜਲੀ ਆ ਜਾਂਦੀ ਸੀ | ਫਿਰ ਬਿਜਲੀ ਦੇ ਪੱਖੇ... ਮੇਜ਼ 'ਤੇ ਰੱਖਣ ਵਾਲੇ ਵੀ ਆ ਗਏ ਸਨ, ਪੁਰਾਣੇ ਘਰਾਂ 'ਚ ਪੁਰਾਣੇ ਜਿਹੇ ਮੇਜ਼ ਹੁੰਦੇ ਸਨ, ਜਿਨ੍ਹਾਂ ਦੀਆਂ ਚੂਲ੍ਹਾਂ ਹਿੱਲੀਆਂ ਹੁੰਦੀਆਂ ਸਨ... ਪੱਖਾ ਚਲਦਾ ਸੀ ਤਾਂ ਖੂਬ ਜ਼ੋਰ ਨਾਲ ਖੜਖੜ ਮੇਜ਼ ਵੀ ਹਿਲਦਾ ਸੀ | ਸੱਚ ਇਹ ਹੈ ਕਿ ਪੱਖੇ ਦੀ ਆਵਾਜ਼ ਘੱਟ ਆਉਂਦੀ ਸੀ, ਮੇਜ਼ ਖੂਬ ਖੜਖੜ ਕਰਦਾ ਸੀ | ਫਿਰ ਪੱਖੇ ਵੀ ਪੁਰਾਣੇ ਹੋ ਜਾਂਦੇ ਸਨ, ਮੇਜ਼ ਉਹੀਓ ਰਹਿੰਦਾ ਸੀ |
ਹੁਣ ਤਾਂ ਜ਼ਮਾਨਾ ਬਦਲ ਗਿਆ ਹੈ | ਥੋੜ੍ਹੇ ਦਿਨ ਪਹਿਲਾਂ ਮੇਰੇ ਇਕ ਫਿਲਮੀ ਦੋਸਤ ਦੇ ਘਰ ਉਹਦਾ ਇਕ ਪਿਆਰਾ ਮਿੱਤਰ ਸ਼ਾਇਦ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਉਹਨੂੰ ਮਿਲਣ ਆਇਆ ਸੀ | ਦੋਸਤ ਦੇ ਘਰ ਅੱਜ ਵੀ ਛੱਤ 'ਤੇ ਲੱਗੇ ਮਾਡਰਨ ਜਿਹੇ ਪੱਖੇ ਚੱਲ ਰਹੇ ਸਨ | ਜ਼ਿਆਦਾ ਸਾਊਾਡ ਨਹੀਂ ਕਰ ਰਹੇ ਸਨ, ਇੰਗਲੈਂਡ ਵਾਲੇ ਦੋਸਤ ਨੂੰ ਗਰਮੀ ਲੱਗ ਰਹੀ ਸੀ |
ਆਮ ਕਰਕੇ ਜੂਨ ਦੇ ਮਹੀਨੇ ਦੀ 6-7 ਤਾਰੀਖ ਨੂੰ ਮੰੁਬਈ 'ਚ ਪਹਿਲੀ ਬਾਰਿਸ਼ ਹੋ ਜਾਂਦੀ ਹੈ | ਇਸ ਵਾਰ ਠੀਕ 6-7 ਜੂਨ ਨੂੰ ਬਾਰਿਸ਼ ਨੇ ਵਾਅਦਾ ਨਹੀਂ ਨਿਭਾਇਆ | ਲੋਕੀਂ ਗਿਲਾ ਕਰ ਰਹੇ ਸਨ, ਪਤਾ ਨਹੀਂ ਕੀ ਹੋ ਗਿਆ ਹੈ, ਮੌਸਮ ਨੂੰ ਬਰਸਾਤ ਲੇਟ-ਲੇਟ-ਲੇਟ ਹੀ ਹੋ ਰਹੀ ਹੈ | ਗਰਮੀ ਨਾਲ ਜਾਨ ਜਾ ਰਹੀ ਹੈ | ਅਸਮਾਨ ਸਾਫ਼ ਸੀ, ਹੁਣ ਤਾੲੀਂ ਤਾਂ ਬੱਦਲ ਛਾ ਜਾਣੇ ਚਾਹੀਦੇ ਸਨ | ਪਰ ਦੋ ਦਿਨ ਮਗਰੋਂ ਹੀ ਬਾਹਰ ਗਲੀ 'ਚੋਂ ਨਿੱਕੇ ਨਿਆਣਿਆਂ ਦਾ ਖ਼ੁਸ਼ੀ ਭਰਿਆ ਸ਼ੋਰ ਸੁਣਾਈ ਦਿੱਤਾ... ਮਰਾਠੀ 'ਚ ਚਹਿਕ ਰਹੇ ਸਨ, 'ਪਾਊਸ ਆਲਾ... ਪਾਊਸ ਆਲਾ...' (ਭਾਵ ਬਾਰਿਸ਼ ਆ ਗਈ... ਮੀਂਹ ਆ ਗਿਆ) |
ਫਿਰ ਵੇਖਿਆ, ਸੱਚਮੁੱਚ ਉੱਪਰ ਅਸਮਾਨ ਕਾਲੇ ਬੱਦਲਾਂ ਨਾਲ ਭਰਿਆ ਪਿਆ ਹੈ, ਬੱਦਲ ਗਰਜੇ, ਬਿਜਲੀ ਕੜਕੀ, ਝਮਾਝਮਾ... ਬਾਰਿਸ਼ ਹੋ ਗਈ... ਬੱਚੇ ਤਾਂ ਨੰਗ-ਮੁਨੰਗੇ ਬਾਰਿਸ਼ 'ਚ ਭਿਜਦੇ ਨੱਚਣ ਲੱਗੇ | ਉਹ ਮਰਾਠੀ 'ਚ ਓਦਾਂ ਹੀ ਉੱਚੀ-ਉੱਚੀ ਬਾਰਿਸ਼ ਨੂੰ ਖੁਸ਼ਆਮਦੀਦ ਕਹਿ ਰਹੇ ਸਨ, ਜਿਵੇਂ ਪੰਜਾਬ 'ਚ ਏਦਾਂ ਹੀ ਗਲੀਆਂ 'ਚ ਨੱਚਦੇ ਗਾਉਂਦੇ ਸਨ...
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰਾ ਦੇ ਜ਼ੋਰੋ-ਜ਼ੋਰ |
ਮੀਂਹ ਐਥੇ ਵੀ ਜ਼ੋਰ ਫੜੀ ਜਾ ਰਿਹਾ ਸੀ, ਮਿੰਟਾਂ-ਸਕਿੰਟਾਂ 'ਚ ਸੁਸਾਇਟੀ 'ਚ ਪਾਣੀ ਭਰ ਗਿਆ | ਬਾਹਰੋਂ ਹੋਰ ਵੀ ਬੱਚੇ ਆ ਕੇ ਨਹਾਉਣ ਲੱਗੇ... ਹੁਣ ਤਾਂ ਰਤਾ ਵੱਡੀ ਉਮਰ ਵਾਲੇ ਮੰੁਡੇ-ਕੁੜੀਆਂ ਵੀ ਆ ਗਏ... ਨਾਲੇ ਘਰੇਲੂ ਸੁਆਣੀਆਂ ਵੀ ਆ ਗਈਆਂ | ਬੁਰੀ ਤਰ੍ਹਾਂ ਭਿੱਜ ਰਹੀਆਂ ਸਨ ਪਰ ਹਰੇਕ ਚਿਹਰੇ 'ਤੇ ਆਨੰਦ ਦਾ ਪ੍ਰਗਟਾਵਾ ਸੀ | ਲੋਕੀਂ ਇਕ-ਦੂਜੇ 'ਤੇ ਹੱਥਾਂ ਨਾਲ ਬੁੱਕ ਭਰ ਭਰ ਕੇ ਮੀਂਹ ਦਾ ਪਾਣੀ ਸੁੱਟ ਰਹੇ ਸਨ |
ਰਾਤ ਪੈ ਗਈ...ਮੀਂਹ ਬੰਦ ਨਹੀਂ ਹੋਇਆ | ਸੱਚਮੁੱਚ ਤਾਪਮਾਨ ਥੋੜ੍ਹਾ ਘੱਟ ਹੋਇਆ, ਕਈ ਦਿਨਾਂ ਬਾਅਦ ਆਰਾਮ ਦੀ ਨੀਂਦ ਆ ਗਈ... ਪਰ ਅਚਾਨਕ ਅੱਧੀ ਰਾਤੀਂ ਬਾਹਰੋਂ ਲੋਕਾਂ ਦਾ ਸ਼ੋਰ ਸੁਣ ਕੇ ਨੀਂਦ ਟੁੱਟ ਗਈ, ਦਰਵਾਜ਼ਾ ਖੋਲ੍ਹ ਕੇ ਵੇਖਿਆ... ਵਿਹੜੇ ਵਿਚ ਪਾਣੀ ਐਨਾ ਭਰ ਗਿਆ ਸੀ ਕਿ ਜਿਨ੍ਹਾਂ ਦੇ ਥੜ੍ਹੇ ਛੋਟੇ ਸਨ, ਉਨ੍ਹਾਂ ਦੇ ਘਰਾਂ 'ਚ ਵੜ ਗਿਆ ਸੀ | ਜਲਮਗਨ-ਜਲਮਗਨ ਸੀ, ਪੂਰੀ ਸੁਸਾਇਟੀ... ਸ਼ੁਕਰ ਹੈ, ਕੁਝ ਕੁ ਘਰਾਂ 'ਚ ਪਾਣੀ ਬਾਹਰ ਕੱਢਣ ਵਾਲੇ ਪੰਪ ਸਨ, ਸਭ ਇਕ-ਦੂਜੇ ਦੀ ਮਦਦ ਕਰ ਰਹੇ ਸਨ, ਪਰ ਪਾਣੀ ਨਾ ਵਧਣਾ ਬੰਦ ਹੋਇਆ ਸੀ, ਨਾ ਘਟਣਾ... ਸਵੇਰੇ ਕਈ ਲੋਕਾਂ ਦੇ ਘਰਾਂ ਦਾ ਫਰਨੀਚਰ ਆਦਿ ਸਭ ਖਰਾਬ ਹੋ ਗਿਆ ਸੀ | ਉਪਰੋਂ ਉਸ ਦਿਨ ਹਾਈ ਟਾਈਡ ਸੀ, ਸਮੰੁਦਰ ਪਾਣੀ ਨੂੰ ਵਸੂਲ ਨਹੀਂ ਰਿਹਾ ਸੀ |
ਸਵੇਰੇ ਕੁਝ ਰਾਹਤ ਮਿਲੀ, ਹੌਲੀ-ਹੌਲੀ ਪਾਣੀ ਘਟਦਾ ਜਾ ਰਿਹਾ ਸੀ, ਪਰ ਦੋ ਦਿਨਾਂ ਮਗਰੋਂ ਫਿਰ ਉਹੀਓ ਹਾਲ |
ਜਿਸ ਰੱਬ ਨੂੰ ਲੋਕੀਂ ਮਿੰਨਤਾਂ, ਤਰਲੇ ਕਰ ਰਹੇ ਸਨ, 'ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ |'
ਉਹਨੂੰ ਹੀ ਸੜ ਬਲ ਕੇ ਕੋਸ ਰਹੇ ਸਨ, 'ਓਏ ਹੁਣ ਬਸ ਵੀ ਕਰ |'
ਪਿਛਲੇ ਜੁਲਾਈ-ਅਗਸਤ 'ਚ ਤਾਂ ਇਉਂ ਮੀਂਹ ਵਰਿਆ ਕਿ ਮੰੁਬਈ ਮਹਾਂਨਗਰ ਦੀਆਂ ਸੜਕਾਂ ਵਗਦੇ ਦਰਿਆ ਬਣੀਆਂ ਹੋਈਆਂ ਸਨ | ਐਨੀ ਬਾਰਿਸ਼, ਇਸ ਵੇਗ ਨਾਲ ਘੱਟ ਹੀ ਹੋਈ ਸੀ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ, ਕਮਰੇ, ਰਸੋਈਆਂ, ਜਲਮਗਨ ਸਨ |
ਮੰੁਬਈ ਮਹਾਂਨਗਰ ਨੂੰ ਛੱਡੋ, ਸਾਰੇ ਮਹਾਰਾਸ਼ਟਰ ਦਾ ਬੁਰਾ ਹਾਲ ਸੀ | ਕਿਹੜਾ ਸ਼ਹਿਰ ਹੈ, ਜਿਥੇ ਹੜ੍ਹਾਂ ਵਾਲਾ ਜਲਥਲ ਨਹੀਂ ਸੀ |
ਹਾਂ ਮਹਾਰਾਸ਼ਟਰ ਦੇ ਮਰਾਠਾਵਾੜ 'ਚ ਪਾਣੀ ਦੀ ਇਕ ਬੰੂਦ ਨਹੀਂ ਟਪਕੀ, ਉਥੇ ਅਜੇ ਵੀ ਸੋਕਾ ਪਿਆ ਹੋਇਆ ਹੈ | ਲੋਕੀਂ ਬਾਰਿਸ਼ ਨੂੰ ਤਰਸ ਰਹੇ ਹਨ |
ਇਹੀ ਹੈ ਕੁਦਰਤ ਦੇ ਚੋਜ |
ਬਾਕੀ ਪੂਰੇ ਹਿੰਦੁਸਤਾਨ ਦੇ ਲਗਪਗ ਹਰ ਸੂਬੇ ਵਿਚ ਬਾਰਿਸ਼ ਨੇ ਇਹੀ ਕਹਿਰ ਵਰਤਾਇਆ ਹੈ | ਤੁਸੀਂ ਟੀ.ਵੀ. 'ਤੇ ਸ਼ਾਖਸ਼ਾਤ ਹਾਲ-ਬੇਹਾਲ ਲੋਕਾਂ ਦਾ ਵੇਖ ਲਿਆ ਹੋਣਾ ਹੈ | ਲੋਕਾਂ ਦੇ ਘਰ ਢਹਿ ਗਏ ਹਨ, ਪੂਰੀਆਂ ਇਮਾਰਤਾਂ ਗਰਕ ਹੋ ਗਈਆਂ ਹਨ, ਹਜ਼ਾਰਾਂ ਜਾਨਾਂ ਪਾਣੀ ਲੈ ਡੁੱਬਾ ਹੈ | ਤੁਸੀਂ ਆਖ ਨਹੀਂ ਸਕਦੇ 'ਪਾਨੀ ਰੇ ਪਾਨੀ ਤੇਰਾ ਰੰਗ ਕੈਸਾ' ਰੰਗ ਤਾਂ ਕੁਦਰਤ ਹੈ, ਮਨੁੱਖ ਨੂੰ ਲਾਹਨਤ ਹੈ, ਹੋਰ ਕੱਟੋ ਜੰਗਲ... ਪੈਸੇ ਦੇ ਲਾਲਚ ਪਿੱਛੇ ਹੋਰ ਖ਼ਤਮ ਕਰੋ ਹਰਿਆਵਲ | ਸੀਮੈਂਟ ਤੇ ਜੰਗਲ ਉਸਾਰੇ ਜੋ... ਇਹ ਹਾਲ ਹੋਣਾ ਹੀ ਸੀ |

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕੰਮ ਚਾਹੁਣ ਨਾਲ ਨਹੀਂ ਹੁੰਦੇ, ਕਰਨ ਨਾਲ ਹੁੰਦੇ ਹਨ, ਜਿਵੇਂ ਸੁੱਤੇ ਪਏ ਸ਼ੇਰ ਦੇ ਮੰੂਹ ਵਿਚ ਹਿਰਨ ਕਦੇ ਆਪਣੇ-ਆਪ ਨਹੀਂ ਜਾ ਡਿਗਦਾ |
• ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਖੁਦ ਕਰਨਾ ਜਾਣਦੇ ਹਨ |
• ਬਾਜ (ਪੰਛੀ) ਤੋਂ ਵੀ ਕੰਮ/ਮਿਹਨਤ ਕਰਨ ਦੀ ਸਿੱਖਿਆ ਲਈ ਜਾ ਸਕਦੀ ਹੈ ਕਿਉਂਕਿ ਵੇਖਿਆ ਜਾਂਦਾ ਹੈ ਕਿ ਮੀਂਹ (ਬਰਸਾਤ) ਵਿਚ ਸਭ ਪੰਛੀ ਕਿਤੇ ਨਾ ਕਿਤੇ ਪਨਾਹ ਲੈਂਦੇ ਹਨ, ਪਰ ਬਾਜ ਬਦਲਾਂ ਤੋਂ ਉਪਰ ਉਡਾਰੀ ਭਰਦਾ ਰਹਿੰਦਾ ਹੈ |
• ਕਿਸੇ ਕੰਮ ਦੀ ਸ਼ਕਤੀ, ਘਰ-ਪਰਿਵਾਰ ਦੀ ਦਰੁੱਸਤ ਹਾਲਾਤ ਅਤੇ ਪੂਰਨਤਾ ਤੋਂ ਹਾਸਲ ਕੀਤੀ ਜਾਂਦੀ ਹੈ |
• ਜਿਹੜੇ ਕੋਈ ਕੰਮ ਨਹੀਂ ਕਰਦੇ, ਵਿਹਲੜ ਤੇ ਆਲਸੀ ਕਿਸਮ ਦੇ ਹੁੰਦੇ ਹਨ, ਉਨ੍ਹਾਂ ਬਾਰੇ ਇਹ ਕਹਾਵਤ ਆਮ ਪ੍ਰਚਲਿਤ ਹੈ ਕਿ 'ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ' |
• ਪੰਜਾਬੀ ਦਾ ਇਕ ਪ੍ਰਸਿੱਧ ਸ਼ਾਇਰ ਕੰਮ ਬਾਰੇ ਇੰਜ ਲਿਖਦਾ ਹੈ:
ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇਥੇ ਉਸ ਦਾ ਕੋਈ ਵੀ ਗਮਖ਼ਾਰ ਨਹੀਂ |
ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਵਿਚ ਹੁੰਦੀ ਉਸ ਦੀ ਹਾਰ ਨਹੀਂ |
• ਕੰਮ ਚਾਹੁਣ ਨਾਲ ਨਹੀਂ ਹੁੰਦੇ, ਕਰਨ ਨਾਲ ਹੁੰਦੇ ਹਨ, ਜਿਵੇਂ ਸੁੱਤੇ ਪਏ ਸ਼ੇਰ ਦੇ ਮੰੂਹ ਵਿਚ ਹਿਰਨ ਕਦੇ ਆਪਣੇ-ਆਪ ਨਹੀਂ ਜਾ ਡਿਗਦਾ |
• ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਖੁਦ ਕਰਨਾ ਜਾਣਦੇ ਹਨ |
• ਬਾਜ (ਪੰਛੀ) ਤੋਂ ਵੀ ਕੰਮ/ਮਿਹਨਤ ਕਰਨ ਦੀ ਸਿੱਖਿਆ ਲਈ ਜਾ ਸਕਦੀ ਹੈ ਕਿਉਂਕਿ ਵੇਖਿਆ ਜਾਂਦਾ ਹੈ ਕਿ ਮੀਂਹ (ਬਰਸਾਤ) ਵਿਚ ਸਭ ਪੰਛੀ ਕਿਤੇ ਨਾ ਕਿਤੇ ਪਨਾਹ ਲੈਂਦੇ ਹਨ, ਪਰ ਬਾਜ ਬਦਲਾਂ ਤੋਂ ਉਪਰ ਉਡਾਰੀ ਭਰਦਾ ਰਹਿੰਦਾ ਹੈ |
• ਕਿਸੇ ਕੰਮ ਦੀ ਸ਼ਕਤੀ, ਘਰ-ਪਰਿਵਾਰ ਦੀ ਦਰੁੱਸਤ ਹਾਲਤ ਅਤੇ ਪੂਰਨਤਾ ਤੋਂ ਹਾਸਲ ਕੀਤੀ ਜਾਂਦੀ ਹੈ |
• ਜਿਹੜੇ ਕੋਈ ਕੰਮ ਨਹੀਂ ਕਰਦੇ, ਵਿਹਲੜ ਤੇ ਆਲਸੀ ਕਿਸਮ ਦੇ ਹੁੰਦੇ ਹਨ, ਉਨ੍ਹਾਂ ਬਾਰੇ ਇਹ ਕਹਾਵਤ ਆਮ ਪ੍ਰਚੱਲਿਤ ਹੈ ਕਿ 'ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ' |
• ਪੰਜਾਬੀ ਦਾ ਇਕ ਇਕ ਪ੍ਰਸਿੱਧ ਸ਼ਾਇਰ ਕੰਮ ਬਾਰੇ ਇੰਜ ਲਿਖਦਾ ਹੈ:
ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇਥੇ ਉਸ ਦਾ ਕੋਈ ਵੀ ਗਮਖ਼ਾਰ ਨਹੀਂ |
ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਵਿਚ ਹੁੰਦੀ ਉਸ ਦੀ ਹਾਰ ਨਹੀਂ |
• ਆਸਾਨ ਤੋਂ ਆਸਾਨ ਕੰਮ ਵੀ ਸ਼ੁਰੂਆਤ 'ਚ ਮੁਸ਼ਕਿਲ ਲਗਦਾ ਹੈ |
• ਕੰਮ ਨਾਲ ਪ੍ਰੇਮ ਕਰਨ ਵਾਲੇ ਇਨਸਾਨ ਦਾ ਜੀਵਨ ਸੁਖਮਈ ਹੁੰਦਾ ਹੈ |
• ਗਮ ਅਤੇ ਉਦਾਸੀ ਦਾ ਸਰਬੋਤਮ ਇਲਾਜ ਕੰਮ ਕਾਰ ਵਿਚ ਰੱੁਝੇ ਰਹਿਣਾ ਹੈ |
• ਜਿਥੇ ਕੋਈ ਉੱਦਮ ਨਾ ਹੋਵੇ, ਉਥੇ ਕਿਸੇ ਆਸ ਦੀ ਵੀ ਇੱਛਾ ਨਹੀਂ ਰੱਖਣੀ ਚਾਹੀਦੀ |
• ਕ੍ਰਿਸ਼ਮੇ ਹੁੰਦੇ ਹਨ ਪਰ ਬਿਨਾਂ ਕੰਮ ਤੋਂ ਨਹੀਂ ਹੁੰਦੇ | ਕ੍ਰਿਸ਼ਮਾ ਆਦਿ ਕਰਨ ਲਈ ਹਰ ਵਿਅਕਤੀ ਨੂੰ ਭਾਰੀ ਮਿਹਨਤ ਕਰਨੀ ਪੈਂਦੀ ਹੈ |
• ਉਦਾਰਤਾ ਨਾਲ ਕੀਤਾ ਹਰ ਕੰਮ ਸਵਰਗ ਵੱਲ ਇਕ ਕਦਮ ਹੈ |
• ਕੰਮ ਕਰਨ ਵਾਲੇ ਤੋਂ ਬਿਨਾਂ ਵਿਕਾਸ ਅਤੇ ਖੁਸ਼ਹਾਲੀ ਦੀ ਕਲਪਨਾ ਰੇਤ 'ਚ ਕਿਸ਼ਤੀ ਚਲਾਉਣ ਸਮਾਨ ਹੁੰਦੀ ਹੈ |
• ਸਿੰਘ ਦੀ ਸੂਰਬੀਰਤਾ ਅਤੇ ਫੁੱਲ ਦੀ ਕੋਮਲਤਾ ਵਾਂਗ ਜੀਵਨ ਭਰ ਕੰਮ ਕਰਦੇ ਰਹੋ |
• ਮਨੁੱਖਤਾ ਦੀ ਸੇਵਾ ਤੋਂ ਵਧ ਕੇ ਵੱਡਾ ਕੰਮ ਕੋਈ ਹੋਰ ਨਹੀਂ ਹੋ ਸਕਦਾ |
• ਉੱਦਮ ਕਰਨ ਨਾਲ ਗ਼ਰੀਬੀ ਖਤਮ ਹੋ ਜਾਂਦੀ ਹੈ |
• ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਉਪਦੇਸ਼ ਦਿੱਤਾ ਸੀ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ |
• ਹਰਕਤ ਇਨਸਾਨੀ ਜ਼ਿੰਦਗੀ ਦਾ ਆਧਾਰ ਹੈ | ਜੇਕਰ ਸਾਡਾ ਦਿਲ ਹਰਕਤ ਕਰਨੀ ਬੰਦ ਕਰ ਦੇਵੇ ਤਾਂ ਇਹ ਜਿਸਮ ਖਾਕ ਦੀ ਢੇਰੀ ਹੈ |
• ਰੁਝੇਵੇਂ (ਸਰਗਰਮੀ) ਨਾਲ ਵਿਸ਼ਵਾਸ ਅਤੇ ਸਾਹਸ (ਹੌਸਲਾ) ਆਉਂਦੇ ਹਨ | ਜੇਕਰ ਤੁਸੀਂ ਡਰ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਬਾਹਰ ਨਿਕਲ ਕੇ ਕੰਮ ਵਿਚ ਜੁੱਟ ਜਾਓ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਰਾਹ

ਪਿੰਡੋਂ ਬਾਹਰ ਨਹਿਰ ਦੇ ਪੁਲ 'ਤੇ ਬਣੇ ਡੇਰੇ 'ਚ ਬੈਠੇ ਬਾਬੇ ਦੀ ਹਰ ਪਾਸੇ ਚਰਚਾ ਸੀ | ਅੱਜ ਸਵੇਰੇ ਆਪਣੀ ਪਤਨੀ ਅਮਰੋ ਨੂੰ ਨਿੱਕੀਆਂ-ਨਿੱਕੀਆਂ ਗੰਢਾਂ ਵਾਲੇ ਕਾਲੇ ਧਾਗੇ ਨਾਲ ਬੰਨਿ੍ਹਆ ਬੂਟਾ ਚੁੱਕੀ ਆਉਂਦਿਆਂ ਦੇਖਿਆ ਤਾਂ ਵਿਹੜੇ 'ਚ ਅਲਾਣੀ ਜਿਹੀ ਮੰਜੀ 'ਤੇ ਸੋਚਾਂ 'ਚ ਡੁੱਬਿਆ ਨਾਜਰ ਅੱਗ ਬਬੂਲਾ ਹੋ ਉੱਠਿਆ |
'ਨਾ ਟਲੀ ਤੂੰ ਵੀ, ਚੱਕ ਲਿਆੲੀਂ ਰਿਧੀਆਂ-ਸਿੱਧੀਆਂ ਕਰ ਦੂਣੀ ਚੌਣੀ ਤਰੱਕੀ ਕਰਨ ਵਾਲਾ ਵਿਹੜੇ 'ਚ ਲਾਉਣ ਨੂੰ |'
'ਅਸੀਂ ਰੋਜ਼ ਤਰਕਸ਼ੀਲਾਂ ਦੇ ਨਾਲ ਲੋਕਾਂ 'ਚ ਭਕਾਈ ਮਾਰਦੇ ਫਿਰਦੇ ਆਂ ਕਿ ਭਾਈ ਨਾ ਫਸਿਓ ਇਨ੍ਹਾਂ ਪਾਖੰਡੀਆਂ ਦੇ ਜਾਲ 'ਚ | ਪਰ ਇਥੇ ਸੁਣਦਾ ਕੋਈ ਸਾਡੀ ਗੱਲ? ਕੋਈ ਨੀਂ ਅੱਜ ਹੀ ਚਕਾਉਨਾ ਡੰਡਾ ਡੇਰਾ ਇਸ ਬੂਬਨੇ ਦਾ ਜਿਹੜਾ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ |'
ਦਿਨ ਚੜ੍ਹਦੇ ਨਾਲ ਨਾਜਰ ਪਿੰਡ ਦੇ ਮੁਹਤਬਰ ਬੰਦਿਆਂ ਨੂੰ ਨਾਲ ਲੈ ਕੇ ਉਥੇ ਜਾ ਪਹੁੰਚਿਆ | ਰੋਹ 'ਚ ਆਏ ਬੰਦਿਆਂ ਨੂੰ ਦੇਖ ਸਾਧ ਅੱਗੋਂ ਬੜੀ ਨਿਮਰਤਾ ਨਾਲ ਪੇਸ਼ ਆਇਆ, ਕਹਿੰਦਾ, 'ਭਾਈ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ ਫੇਰ ਜੋ ਮਰਜ਼ੀ ਐ ਕਰ ਲੈਣਾ | ਪੁੱਠੀ ਦੁਨੀਆ ਨੂੰ ਸਿੱਧੇ ਰਾਹ ਪਾਉਣਾ ਬੜਾ ਔਖਾ ਕੰਮ ਐ | ਤੁਹਾਡੇ ਵਾਂਗ ਪਹਿਲਾਂ ਮੈਂ ਵੀ ਬੜਾ ਜ਼ੋਰ ਲਾਇਆ ਇਸ ਕੰਮ 'ਤੇ, ਪਰ ਕਿਸੇ ਦੇ ਕੰਨ 'ਤੇ ਜੰੂ ਨੀਂ ਸਰਕੀ | ਮੇਰਾ ਮਕਸਦ ਤਾਂ ਵੱਧ ਤੋਂ ਵੱਧ ਵਾਤਾਵਰਨ ਨੂੰ ਸਾਫ਼ ਰੱਖਣ ਦਾ ਏ, ਇਹੋ ਜਿਹੇ ਬੂਟੇ ਲਾ ਕੇ | ਪਹਿਲਾਂ ਮੇਰੇ ਕਹੇ 'ਤੇ ਕੋਈ ਇਕ ਬੂਟਾ ਨਹੀਂ ਸੀ ਲਾਉਂਦਾ | ਜਦੋਂ ਤੋਂ ਆਪਣਾ ਪਿੰਡ ਛੱਡ ਆਹ ਭਗਵਾਂ ਭੇਸ ਧਾਰਿਆ ਹੈ ਤਾਂ ਬੂਟੇ ਲੈਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਨੇ |'
ਇਹ ਸੁਣ ਨਾਜਰ ਸਿੰਘ ਆਏ ਬੰਦਿਆਂ ਦੀ ਜਿਵੇਂ ਜੁਬਾਨ ਠਾਕੀ ਗਈ ਹੋਵੇ | ਉਹ ਚੁੱਪ-ਚਾਪ ਉਹਨੀਂ ਪੈਰੀਂ ਪਿੰਡ ਵੱਲ ਨੂੰ ਜਾਂਦੇ ਰਾਹ ਪੈ ਗਏ |

-ਪਿੰਡ ਤੇ ਡਾਕ: ਕੋਹਾੜਾ, ਜ਼ਿਲ੍ਹਾ ਲੁਧਿਆਣਾ-141112. ਫੋਨ : 84370-48523.

ਏ. ਟੀ. ਐਮ.

ਮੈਂ ਤੇ ਮੇਰੀ ਬੇਟੀ ਬਾਜ਼ਾਰ ਕੁਝ ਸਾਮਾਨ ਖਰੀਦਣ ਜਾ ਰਹੇ ਸੀ | ਅਚਾਨਕ ਰਸਤੇ ਵਿਚ ਯਾਦ ਆਇਆ ਕਿ ਬਟੂਆ ਤਾਂ ਮੈਂ ਘਰ ਹੀ ਭੁੱਲ ਆਇਆ ਹਾਂ | ਇਹ ਸੋਚ ਕੇ ਪ੍ਰੇਸ਼ਾਨ ਹੋ ਗਿਆ ਸੀ ਕਿ ਹੁਣ ਕੀ ਕਰਾਂਗੇ ਫਿਰ ਦੁਬਾਰਾ ਪੈਸੇ ਲੈਣ ਲਈ ਘਰ ਜਾਣਾ ਪਵੇਗਾ | ਘਰ ਤੋਂ ਅਸੀਂ ਕਾਫੀ ਦੂਰ ਨਿਕਲ ਆਏ ਸੀ | ਫਿਰ ਇਕਦਮ ਯਾਦ ਆਇਆ ਕਿ ਕੱਲ੍ਹ ਮੈਂ ਆਫਿਸ ਤੋਂ ਵਾਪਸ ਆਉਂਦਿਆਂ ਗੱਡੀ ਵਿਚ ਪੈਟਰੋਲ ਪੁਆਇਆ ਸੀ ਤੇ ਮੈਂ ਪੇਮੈਂਟ ਏ. ਟੀ. ਐਮ. ਰਾਹੀਂ ਕੀਤੀ ਸੀ 'ਤੇ ਉਹ ਏ. ਟੀ. ਐਮ. ਵਾਪਸ ਮੈੈਂ ਕਾਰ ਦੇ ਡੈਸ਼ਬੋਰਡ ਤੇ ਰੱਖ ਲਿਆ ਸੀ | ਮੈਂ ਦੇਖਿਆ ਤਾਂ ਉਹ ਉਥੇ ਹੀ ਪਿਆ ਸੀ | ਮੇਰੀ ਜਾਨ ਵਿਚ ਜਾਨ ਆਈ | ਬੇਟੀ ਨੇ ਮੇਰੇ ਵੱਲ ਵੇਖ ਕੇ ਕਿਹਾ ਕਿ ਪਾਪਾ ਤੁਸੀਂ ਐਵੇਂ ਘਬਰਾ ਰਹੇ ਸੀ | ਦੇਖੋਂ ਅਸੀਂ ਕਿੰਨੀ ਤਰੱਕੀ ਕਰ ਲਈ ਹੈ | ਅੱਜ ਏ.ਟੀ.ਐਮ. ਕਾਰਡ ਰਾਹੀਂ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਪੈਸੇ ਕਢਵਾ ਲਵੋਂ ਜਾਂ ਫ਼ਿਰ ਕਿਸੇ ਹੋਰ ਕੰਮ ਲਈ ਵਰਤ ਲਵੋ | ਫਲਾਣਾ ਟਾਈਮ ਹੁੰਦਾ ਤਾਂ ਤੁਸੀਂ ਸੋਚ ਸਕਦੇ ਕਿ ਕੀ ਹੁੰਦਾ | ਸਾਨੂੰ ਪੈਸੇ ਲੈਣ ਲਈ ਘਰ ਵਾਪਸ ਜਾਣਾ ਪੈਂਦਾ | ਮੈਂ ਕਿਹਾ ਪੁੱਤਰ ਤੂੰ ਠੀਕ ਕਹਿ ਰਹੀ ਹੈਂ ਪਰ ਏ.ਟੀ.ਐਮ. ਪੁਰਾਣੇ ਟਾਈਮ ਤੇ ਹੁੰਦੇ ਸੀ ਫਰਕ ਸਿਰਫ਼ ਇੰਨਾ ਸੀ ਕਿ ਉਨ੍ਹਾਂ ਏ.ਟੀ.ਐਮ. ਦੇ ਨਾਲ ਵੱਡੀਆਂ-ਵੱਡੀਆਂ ਜ਼ਰੂਰਤਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਸਨ ਪਰ ਹਾਂ ਛੋਟੀਆਂ-2 ਲੋੜਾਂ ਜ਼ਰੂਰ ਪੂਰੀਆਂ ਹੋ ਜਾਂਦੀਆਂ ਸਨ | ਮੇਰੀਆਂ ਗੱਲਾਂ ਸੁਣ ਕੇ ਮੇਰੀ ਬੇਟੀ ਦੀ ਹੈਰਾਨਗੀ ਵਧਦੀ ਜਾ ਰਹੀ ਸੀ | ਉਸ ਨੇ ਕਿਹਾ ਪਾਪਾ ਤੁਸੀਂ ਸੱਚੀ ਕਹਿ ਰਹੇ ਹੋ ? ਮੈਂ ਕਿਹਾ ਹਾਂ ਪੁੱਤਰ ਸੱਚੀਂ-ਮੁੱਚੀ, ਉਸ ਨੇ ਫ਼ਿਰ ਕਿਹਾ ਪਾਪਾ ਉਹ ਕਿਵੇਂ? ਪੁੱਤਰ ਤੇਰੇ ਬੀਜੀ ਦੇ ਦੁਪੱਟੇ ਦੀ ਨੁੱਕਰ ਵਿਚ ਇਕ ਗੰਢ ਬੱਝੀ ਹੁੰਦੀ ਸੀ ਜਿਸ ਵਿਚ ਹਮੇਸ਼ਾ ਕੁਝ ਪੈਸੇ ਬੱਝੇ ਰਹਿੰਦੇ ਸਨ | ਲੋੜ ਪੈਣ 'ਤੇ ਸਾਡੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਉਨ੍ਹਾਂ ਪੈਸਿਆਂ ਨਾਲ ਪੂਰੀਆਂ ਹੋ ਜਾਂਦੀਆਂ ਤੇ ਕਈ ਵਾਰ ਵੱਡੀਆਂ ਵੀ | ਮੈਂ ਕਿਹਾ ਹੋਇਆ ਨਾ ਸਾਡੇ ਬੀਜੀ ਦਾ ਦੁਪੱਟਾ ਪੁਰਾਣੇ ਜ਼ਮਾਨੇ ਦਾ ਏ.ਟੀ.ਐਮ., ਬੇਟੀ ਇਹ ਸੁਣ ਕੇ ਹੱਸ ਪਈ ਸੀ | ਹੱਸਦਿਆਂ-ਹੱਸਦਿਆਂ ਉਸ ਨੇ ਕਿਹਾ ਕਿ ਪਾਪਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਉਸ ਏ.ਟੀ.ਐਮ. ਯਾਨਿ ਕਿ ਬੀਜੀ ਦੇ ਦੁਪੱਟੇ ਵਿਚੋਂ ਕੋਈ ਵੀ ਪੈਸੇ ਕੱਢ ਸਕਦਾ ਸੀ ਪਰ ਹੁਣ ਵਾਲੇ ਏ.ਟੀ.ਐਮ. 'ਤੇ ਪਾਸਵਰਡ ਹੁੰਦਾ ਹੈ | ਫ਼ਰਕ ਹੋਇਆ ਕਿ ਨਾ? ਮੈਂ ਹੱਸ ਕੇ ਕਿਹਾ ਹਾਂ ਪੁੱਤਰ ਤੂੰ ਠੀਕ ਕਹਿ ਰਹੀ ਹੈਂ ਪਰ ਪਾਸਵਰਡ ਉਂਦੋਂ ਵੀ ਹੁੰਦਾ ਸੀ ਉਸ ਨੇ ਪੁੱਛਿਆ ਉਹ ਕਿਵੇਂ? ਮੈਂ ਕਿਹਾ ਪੁੱਤਰ ਬੀਜੀ ਵਲੋਂ ਘੁੱਟ ਕੇ ਦੁਪੱਟੇ ਨੂੰ ਦਿੱਤੀਆਂ ਗੱਢਾਂ ਹੀ ਉਸਦਾ ਪਾਸਵਰਡ ਹੁੰਦਾ ਸੀ ਜਿਸ ਨੂੰ ਖੋਲ੍ਹਣਾ ਸਾਡੇ ਬੱਚਿਆਂ ਦੇ ਵੱਸ ਦੀ ਗੱਲ ਨਹੀਂ ਸੀ ਹੁੰਦੀ | ਬਸ ਫ਼ਰਕ ਸਿਰਫ਼ ਏਨਾ ਸੀ ਕਿ ਬੀਜੀ ਵਾਲੇ ਏ.ਟੀ.ਐਮ. ਦਾ ਖਾਤਾ ਦਿਲ ਦੇ ਨਾਲ ਜੁੜਿਆ ਹੁੰਦਾ ਸੀ | ਅੱਜਕਲ੍ਹ ਦੇ ਏ.ਟੀ.ਐਮ. ਦਾ ਖਾਤਾ ਬੈਂਕਾਂ ਦੇ ਨਾਲ ਜੁੜਿਆ ਹੁੰਦਾ ਹੈ | ਸ਼ਾਇਦ ਉਹ ਇਸ ਗੱਲ ਨੂੰ ਸਮਝ ਸਕੀ ਹੋਵੇ ਜਾਂ ਨਾ ਮੈਨੂੰ ਨਹੀਂ ਪਤਾ ਪਰ ਮੈਂ ਇਹ ਕਹਿ ਕੇ ਗੱਡੀ ਤੋਰ ਲਈ |

-2974, ਗਲੀ ਨੰ: 1, ਹਰਗੋਬਿੰਦਪੁਰਾ, ਵਡਾਲੀ ਰੋਡ ਛੇਹਰਟਾ, ਅੰਮਿ੍ਤਸਰ |
ਮੋਬਾਈਲ : 98552-50502

ਦਿਲ 'ਚ ਵਾਸਾ

ਘਰ ਦਾ ਪਲੱਸਤਰ ਹੋ ਰਿਹਾ ਸੀ | ਮਿਸਤਰੀ ਮੇਰੇ ਸੁਭਾਅ ਨੂੰ ਭਾਂਪਦਿਆਂ ਬੋਲਿਆ, 'ਮਾਸਟਰ ਜੀ, ਇਕ ਧਾਰਮਿਕ ਰਹਿਬਰ ਦੀ ਗਲੇਜ਼ਡ ਟਾਈਲ ਲਿਆ ਦਿਓ, ਆਪਣੇ ਮੇਨ ਗੇਟ ਦੇ ਉੱਪਰ ਫਿਟ ਕਰ ਦਿਆਂਗੇ |'
ਮੈਂ ਮਿਸਤਰੀ ਦੀ ਇਹ ਕਹੀ ਗੱਲ ਅਣਸੁਣੀ ਕਰ ਕੇ ਕਿਸੇ ਹੋਰ ਕੰਮ ਵੱਲ ਧਿਆਨ ਮੋੜ ਲਿਆ | ਮਿਸਤਰੀ ਇਹ ਸਮਝਿਆ ਕਿ ਮਾਸਟਰ ਜੀ ਨੇ ਮੇਰੀ ਗੱਲ ਸੁਣੀ ਨਹੀਂ ਜਾਂ ਭੁੱਲ 'ਗੇ |
ਚੱਲਦੇ ਕੰਮ ਵਿਚ ਚਾਹ ਪੀ ਕੇ ਇਕ ਪਾਸੇ ਗਿਲਾਸ ਰੱਖਦਾ ਮਿਸਤਰੀ ਫਿਰ ਬੋਲਿਆ, 'ਮਾਸਟਰ ਜੀ ਚੌਧਰੀਆਂ ਦੀ ਦੁਕਾਨ ਤੋਂ ਧਾਰਮਿਕ ਰਹਿਬਰ ਦੀ ਗਲੇਜ਼ਡ ਟਾਈਲ ਲੈ ਆਓ, ਆਪਣੇ ਮੇਨ ਗੇਟ ਦੇ ਮੱਥੇ 'ਤੇ ਫਿਟ ਕਰ ਦਿਆਂਗੇ |'
ਮੈਂ ਹੁਣ ਵੀ ਚੁੱਪ ਰਿਹਾ | ਮੇਰੇ ਮੰੂਹ ਵੱਲ ਤੱਕਦਾ ਮਿਸਤਰੀ ਦੁਬਾਰਾ ਬੋਲਿਆ, 'ਕਿਉਂ ਮਾਸਟਰ ਜੀ ਵਧੀਆ ਲੱਗੂ... |'
ਮਿਸਤਰੀ ਸਾਹਬ ਜੀ ਜਿਨ੍ਹਾਂ ਦੀ ਤਸਵੀਰ ਤੁਸੀਂ ਘਰ ਦੇ ਮੇਨ ਗੇਟ 'ਤੇ ਲਾਉਣ ਬਾਰੇ ਕਹਿ ਰਹੇ ਹੋ, ਉਹ ਤਾਂ ਸਾਡੇ ਹਿਰਦੇ ਵਿਚ ਵਸਦੇ ਐ | ਇਉਂ ਲਾਉਣ ਤਾਂ ਦਿਖਾਵੇਬਾਜ਼ੀ ਹੋ ਜਾਵੇਗੀ ਤੇ ਫਿਰ ਆਪਾਂ ਉਨ੍ਹਾਂ ਤਸਵੀਰਾਂ ਦੀ ਬੇਅਦਬੀ ਕਰਦੇ ਹਾਂ | ਕਿੰਨਾ ਉੱਚਾ ਨੀਵਾਂ ਝੂਠ ਤੂਫਾਨ ਬੋਲਦੇ ਆਂ, ਇਹਦੇ ਨਾਲੋਂ ਤਾਂ ਚੰਗਾ ਹੈ ਕਿ... |'
ਮਿਸਤਰੀ ਨੇ ਮੋੜਵਾਂ ਹੁੰਗਾਰਾ ਭਰਦਿਆਂ ਕਿਹਾ, 'ਮਾਸਟਰ ਜੀ ਗੱਲ ਕਰਨ ਦਾ ਸੁਆਦ ਹੀ ਆ ਗਿਆ | ਗੱਲ ਤਾਂ ਤੁਹਾਡੀ ਖਰੀ ਤੇ ਸਹੀ ਹੈ... ਐਨਾ ਕਹਿ ਮੁੜ ਮਿਸਤਰੀ ਕੰਮ 'ਚ ਰੁਝ ਗਿਆ |

-ਸ਼ਿਵਪੁਰੀ, ਧੂਰੀ (ਪੰਜਾਬ) | ਮੋਬਾਈਲ : 094646-97781.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX