ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖੀ ਸੋਚ ਤੇ ਪਹਿਚਾਣ ਦਾ ਅਹਿਮ ਹਿੱਸਾ ਹੈ ਦਸਤਾਰ

ਸਿੱਖੀ, ਯੁੱਗ ਪਰਿਵਰਤਨ ਦਾ ਨਾਂਅ ਹੈ। ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਲੋਕਾਈ ਇਕ ਬੜੇ ਹੀ ਕਠਿਨ ਦੌਰ 'ਚੋਂ ਗੁਜ਼ਰ ਰਹੀ ਸੀ। ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਸੋਚ ਤੇ ਵਿਵਸਥਾ, ਉਹ ਭਾਵੇਂ ਧਾਰਮਿਕ ਸੀ ਜਾਂ ਸਮਾਜਿਕ, ਰਾਜਸੀ, ਆਰਥਿਕ, ਨਿਰੀ ਬਦਸ਼ਕਲ ਹੋ ਚੁੱਕੀ ਸੀ। ਸਦੀਆਂ ਤੋਂ ਵਧ ਰਿਹਾ ਇਸ ਵਿਵਸਥਾ ਦਾ ਬਿਖ ਸਮਾਜ ਦੀਆਂ ਜੜ੍ਹਾਂ ਨੂੰ ਲਗਪਗ ਨਿਗਲ ਚੁੱਕਾ ਸੀ। ਸੰਸਾਰ ਦੇ ਗਿਆਨੀਆਂ, ਧਿਆਨੀਆਂ ਦਾ ਇਹ ਹਾਲ ਸੀ ਕਿ ਰੋਗ ਜਾਣੇ ਬਿਨਾਂ ਹੀ ਇਲਾਜ ਕਰੀ ਜਾ ਰਹੇ ਸਨ। ਲੋਕ ਠੱਗੇ ਜਾ ਰਹੇ ਸਨ, ਦੁੱਖ-ਦਰਦ ਦੇ ਹਨੇਰੇ ਗਹਿਰੇ ਹੁੰਦੇ ਜਾ ਰਹੇ ਸਨ। ਗੁਰੂ ਨਾਨਕ ਸਾਹਿਬ ਨੇ 'ਸਤਿਨਾਮ ਦਾ ਚਕਰ ਫਿਰਾਇਆ' ਤੇ ਸਦੀਆਂ ਦੇ ਇਕੱਤਰ ਹੋਏ ਵਿਸ਼ ਨੂੰ ਬਾਹਰ ਕੱਢ ਦਿੱਤਾ 'ਪੂਰਨ ਪੂਰਿ ਰਹਿਆ ਬਿਖੁ ਮਾਰਿ।' ਗੁਰੂ ਸਾਹਿਬ ਦੀ ਇਲਾਹੀ ਦ੍ਰਿਸ਼ਟੀ ਲੋਕ ਹਿਤਕਾਰੀ ਸਾਬਤ ਹੋਈ 'ਗੁਰ ਕੀ ਮਤਿ ਜੀਇ ਆਈ ਕਾਰਿ।' ਗੁਰਮਤਿ ਨੇ ਮਨੁੱਖ ਨੂੰ ਸੰਪੂਰਨਤਾ 'ਚ ਵੇਖਿਆ, ਜਿਸ ਵਿਚ ਤਨ ਤੇ ਮਨ ਦੋਵੇਂ ਸ਼ਾਮਿਲ ਸਨ। 'ਰਸਨਾ ਹਰਿ ਰਸਿ ਰਾਤੀ ਰੰਗੁ ਲਾਏ, ਮਨੁ ਤਨੁ ਮੋਹਿਆ ਸਹਜਿ ਸੁਭਾਏ।' ਸਿਮਰਨ ਮਨ ਨੂੰ ਤੇ ਸੇਵਾ ਤਨ ਨੂੰ ਜੋੜਨ ਲਈ ਸੀ। ਸਿਮਰਨ ਤੇ ਸੇਵਾ ਦੇ ਸੰਜੋਗ ਨਾਲ ਗੁਰਸਿੱਖ ਦੀ ਭਗਤੀ ਦੀ ਅਵਸਥਾ ਬਣੀ। ਗੁਰਸਿੱਖੀ ਅਮੁੱਲ ਮਨੁੱਖੀ ਕਦਰਾਂ ਤੇ ਕੀਮਤਾਂ ਦੀ ਰਾਹ ਖੋਲ੍ਹਣ ਵਾਲੀ ਸਾਬਤ ਹੋਈ, 'ਹਰਿ ਸਿਮਰਤ ਨਾਨਕ ਭਈ ਅਮੋਲੀ।' ਗੁਰਸਿੱਖ ਵਾਹਿਗੁਰੂ ਦੀ ਮਤਿ 'ਚ ਰੰਗਿਆ ਗਿਆ 'ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ।' ਗੁਰੂ ਦਾ ਸਿੱਖ ਨਾਲ ਸੱਚਾ ਸੰਬੰਧ ਕਾਇਮ ਹੋਇਆ, 'ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਹੇਲਾ।'
ਭਾਈ ਗੁਰਦਾਸ ਜੀ ਨੇ ਅਚਰਜ ਬਿਆਨ ਕੀਤਾ ਕਿ ਗੁਰੂ ਦੀ ਮਤਿ ਧਾਰਨ ਕਰਕੇ ਸਿੱਖ ਗੁਰੂ ਦਾ ਹੀ ਰੂਪ ਹੋ ਗਏ 'ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ।' ਬਾਅਦ 'ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਐਲਾਨ ਕੀਤਾ 'ਖਾਲਸਾ ਮੇਰੋ ਰੂਪ ਹੈ ਖਾਸ...।' ਗੁਰੂ ਨੇ ਗੁਰਸਿੱਖ ਨੂੰ ਅਜਿਹੀ ਸ੍ਰੇਸ਼ਟ ਅਵਸਥਾ ਬਖਸ਼ੀ ਕਿ ਉਹ ਗੁਰੂ ਰੂਪ ਹੋ ਗਿਆ। ਅੱਜ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ਸਿੱਖ ਲਈ ਪੱਗ ਕਿੰਨੀ ਜ਼ਰੂਰੀ ਹੈ ਤਾਂ ਸਵਾਲ ਕਰਨ ਵਾਲਿਆਂ 'ਤੇ ਰੋਸ ਘੱਟ, ਤਰਸ ਜ਼ਿਆਦਾ ਆਉਂਦਾ ਹੈ। ਸੰਸਾਰ ਅੰਦਰ ਗੁਰਸਿੱਖੀ ਦੀ ਵਡਿਆਈ ਨਾ ਸਮਝ ਪਾਉਣ ਵਾਲੇ ਹੋ ਸਕਦੇ ਹਨ, ਪਰ ਉਸ ਧਰਤੀ 'ਤੇ ਇਹੋ ਜਿਹੀਆਂ ਸ਼ੰਕਾਵਾਂ ਪੈਦਾ ਕੀਤੀਆਂ ਜਾਣ ਜਿੱਥੇ ਸਿੱਖ ਪੰਥ ਦਾ ਜਨਮ ਹੋਇਆ ਹੋਵੇ, ਤਾਂ ਬੇਹੱਦ ਅਫਸੋਸ ਹੁੰਦਾ ਹੈ। ਸਿੱਖ ਅੱਜ ਸੰਸਾਰ ਦੇ ਕੋਨੇ-ਕੋਨੇ 'ਚ ਵੱਸਦੇ ਹਨ ਪਰ ਜੁੜੇ ਹੋਏ ਇਸੇ ਧਰਤੀ ਨਾਲ ਮਹਿਸੂਸ ਕਰਦੇ ਹਨ। ਇਹ ਧਰਤੀ ਤਾਂ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਸੂਰਬੀਰਤਾ ਦੀ ਸਦੀਵੀ ਕਰਜ਼ਦਾਰ ਹੈ। ਇਹ ਕਰਜ਼ ਲਾਹਿਆ ਨਹੀਂ ਜਾ ਸਕਦਾ। ਪਰ ਇਹ ਆਸ ਜ਼ਰੂਰ ਕੀਤੀ ਜਾਂਦੀ ਹੈ ਕਿ ਸਿੱਖੀ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਕਿਹਾ ਨਹੀਂ ਜਾ ਸਕਦਾ ਕਿ ਜਿਨ੍ਹਾਂ ਨੇ ਸਿੱਖ ਦੀ ਪੱਗ ਬਾਰੇ ਸਵਾਲ ਕੀਤਾ ਹੈ, ਉਨ੍ਹਾਂ ਨੂੰ ਗੁਰਮਤਿ ਦੀ ਕਿੰਨੀ ਜਾਣਕਾਰੀ ਹੈ ਪਰ ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਜ਼ਰੂਰ ਪੜ੍ਹਿਆ ਹੋਵੇਗਾ।
ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿਚ ਹੋਈ ਲਾਸਾਨੀ ਸ਼ਹੀਦੀ ਤੋਂ ਬਾਅਦ ਗੁਰਿਆਈ ਧਾਰਨ ਕਰਨ ਸਮੇਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੱਗੇ ਟੋਪੀ ਤੇ ਸੇਲੀ ਰੱਖੀ ਗਈ, ਆਪ ਨੇ ਕਿਹਾ ਕਿ ਇਨ੍ਹਾਂ ਨੂੰ ਖਜ਼ਾਨੇ ਵਿਚ ਰੱਖ ਦਿੱਤਾ ਜਾਏ। ਗੁਰੂ ਸਾਹਿਬ ਨੇ ਪਹਿਲੇ ਦਿਨ ਹੀ ਪਗੜੀ ਧਾਰਨ ਕੀਤੀ ਤੇ ਉਸ 'ਤੇ ਕਲਗੀ ਸਜਾਈ। 25 ਮਈ, ਸੰਨ 1606 ਦਾ ਇਹ ਪਾਵਨ ਦਿਹਾੜਾ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾਗੱਦੀ 'ਤੇ ਬਿਰਾਜਮਾਨ ਹੋਣ ਦੇ ਨਾਲ ਹੀ ਗੁਰਸਿੱਖੀ ਅੰਦਰ ਪੱਗ ਦੀ ਬਾਕਾਇਦਾ ਮਹੱਤਤਾ ਕਾਇਮ ਹੋਣ ਦਾ ਦਿਨ ਵੀ ਬਣ ਗਿਆ। ਸਿੱਖ ਇਤਿਹਾਸ ਅੰਦਰ ਗੁਰੂ ਹਰਿਗੋਬਿੰਦ ਸਾਹਿਬ ਮਹਿਮਾ ਉਨ੍ਹਾਂ ਦੇ ਪੱਗ ਧਾਰਨ ਕਰਨ ਤੋਂ ਹੀ ਆਰੰਭ ਹੁੰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਟੋਪੀ ਤੇ ਸੇਲੀ ਧਾਰਨ ਕਰਨ ਤੋਂ ਇਨਕਾਰ ਕਰਦਿਆਂ ਜੋ ਵਚਨ ਕੀਤੇ, ਉਹ ਗੁਰੂ ਸਾਹਿਬ ਦੀ ਧਰਮ ਤੇ ਸਮਾਜ ਪ੍ਰਤੀ ਚਿੰਤਾ ਦਰਸਾਉਣ ਵਾਲੇ ਸਨ। ਗੁਰੂ ਸਾਹਿਬ ਦਾ ਪੱਗ ਧਾਰਨ ਕਰਨਾ ਇਸ ਚਿੰਤਾ ਦਾ ਨਿਦਾਨ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਵੀ ਧਾਰਨ ਕੀਤੀਆਂ ਪਰ ਪੱਗ ਪਹਿਲਾਂ ਸਜਾਈ। ਗੁਰੂ ਸਾਹਿਬ ਦੀ ਪੱਗ ਧਰਮ ਤੇ ਕਿਰਤ ਦੀ ਸ਼ਹਿਨਸ਼ਾਹੀ ਦਾ ਪ੍ਰਤੀਕ ਬਣੀ। ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾਕਾਲ 'ਚ ਹੀ ਪੱਗ ਗੁਰਸਿੱਖ ਦੀ ਪਛਾਣ ਬਣ ਗਈ। ਇਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਪੱਗ ਧਾਰਨ ਕੀਤੀ ਤੇ ਸਿੱਖਾਂ ਲਈ ਮਿਸਾਲ ਕਾਇਮ ਕੀਤੀ। ਅੱਜ ਪੱਗ ਸਿੱਖ ਤੇ ਸਿੱਖੀ ਦਾ ਅਭਿੰਨ ਅੰਗ ਬਣ ਚੁੱਕੀ ਹੈ।
ਪਗੜੀ ਪੁਰਾਤਨ ਸਮੇਂ 'ਚ ਰੁਤਬੇ ਤੇ ਹੈਸੀਅਤ ਦਾ ਨਿਸ਼ਾਨ ਸੀ। ਇਲਾਕਿਆਂ ਦੇ ਚੌਧਰੀ ਜਾਂ ਧਨਵਾਨ ਖਾਸ ਮੌਕਿਆਂ 'ਤੇ ਪੱਗ ਬੰਨ੍ਹਿਆ ਕਰਦੇ ਸਨ। ਰਾਜਿਆਂ, ਜ਼ਿਮੀਂਦਾਰਾਂ ਨੇ ਵੀ ਆਪਣੀ ਤਾਕਤ ਦਰਸਾਉਣ ਲਈ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਕਈ ਵਿਦਵਾਨ ਪੰਡਿਤ ਤੇ ਧਰਮੀ ਵੀ ਪੱਗ ਸਜਾਉਂਦੇ ਸਨ। ਇਹ ਰਾਜ ਤੇ ਸਮਾਜ ਦੇ ਆਗੂ ਸਨ ਜੋ ਹਰ ਦ੍ਰਿਸ਼ਟੀ ਨਾਲ ਤਾਕਤਵਰ ਸਨ ਪਰ ਹੰਕਾਰ ਨਾਲ ਭਰੇ ਹੋਏ ਸਨ। ਅਜਿਹੇ ਲੋਕ ਆਪਣੀ ਤਾਕਤ ਦੀ ਵਰਤੋਂ ਆਮ ਲੋਕਾਂ ਨੂੰ ਦਬਾਉਣ, ਡਰਾਉਣ ਤੇ ਦਾਸ ਬਣਾ ਕੇ ਰੱਖਣ 'ਚ ਕਰ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਪੱਗ ਬੰਨ੍ਹ ਕੇ ਧਰਮ ਤੇ ਸੱਚ ਦੀ ਉਸ ਤਾਕਤ ਦਾ ਮੁਜ਼ਾਹਰਾ ਕੀਤਾ, ਜੋ ਜ਼ੁਲਮ ਤੇ ਅਨਿਆਂ ਨੂੰ ਜੜ੍ਹੋਂ ਪੁੱਟਣ ਲਈ ਵਰਤੀ ਜਾਣੀ ਸੀ। ਦਸਮ ਪਿਤਾ ਨੇ ਖਾਲਸਾ ਸਾਜ ਕੇ ਧਰਮ ਤੇ ਸੱਚ ਲਈ ਡਟ ਕੇ ਖੜ੍ਹੇ ਹੋਣ ਵਾਲੀ ਹਰ ਤਾਕਤ ਨੂੰ ਆਪਣੀ ਸੰਤਾਨ ਹੋਣ ਦਾ ਮਾਣ ਬਖਸ਼ਿਆ ਤੇ ਜ਼ੁਲਮ, ਜਬਰ ਦੀਆਂ ਤਾਕਤਾਂ 'ਤੇ ਜ਼ਬਰਦਸਤ ਚੋਟ ਕਰ ਜ਼ਮੀਂਦੋਜ਼ ਕਰ ਦਿੱਤਾ। ਮੁਗਲ ਰਾਜ ਹੀ ਨਹੀਂ, ਸਿੱਖਾਂ ਨੇ ਅੰਗਰੇਜ਼ੀ ਰਾਜ ਦੇ ਵਿਰੁੱਧ ਵੀ ਫੈਸਲਾਕੁਨ ਲੜਾਈਆਂ ਲੜੀਆਂ।
ਅੰਗਰੇਜ਼ ਰਾਜ ਵਿਚ ਸਿੱਖਾਂ ਦੀ ਪੱਗ ਨੇ ਸਰਕਾਰ ਨੂੰ ਵੱਡੀ ਚੁਣੌਤੀ ਦਿੱਤੀ। ਸ: ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ 'ਅਕਾਲੀ ਮੋਰਚਿਆਂ ਦਾ ਇਤਿਹਾਸ' ਵਿਚ ਲਿਖਿਆ ਹੈ ਕਿ ਕਾਲੀ ਪਗੜੀ ਬੰਨ੍ਹਣਾ ਜੁਰਮ ਬਣ ਗਿਆ ਸੀ। ਅੰਗਰੇਜ਼ ਸਰਕਾਰ ਜਿਉਂ-ਜਿਉਂ ਕਾਲੀ ਪੱਗ ਬੰਨ੍ਹਣ 'ਤੇ ਸਖਤੀ ਕਰਦੀ, ਤਿਉਂ-ਤਿਉਂ ਪਿੰਡਾਂ ਦੇ ਪਿੰਡ ਕਾਲੀ ਪੱਗ ਬੰਨ੍ਹਦੇ ਜਾਂਦੇ। ਪਿੰਡਾਂ ਅੰਦਰ ਵੱਡੀਆਂ-ਵੱਡੀਆਂ ਦੇਗਾਂ 'ਚ ਕਾਲਾ ਰੰਗ ਪਾ ਕੇ ਉਬਾਲਿਆ ਜਾਂਦਾ ਤੇ ਸਾਰੇ ਪਿੰਡ ਦੇ ਸਿੱਖਾਂ ਦੀਆਂ ਪੱਗਾਂ ਰੰਗੀਆਂ ਜਾਂਦੀਆਂ ਸਨ। ਦਰਅਸਲ ਉਸ ਵੇਲੇ ਅਕਾਲੀ ਮੋਰਚਿਆਂ 'ਚ ਸ਼ਾਮਿਲ ਹੋਣ ਵਾਲੇ ਸਿੱਖ ਖਾਸ ਤੌਰ 'ਤੇ ਕਾਲੀ ਪੱਗ ਬੰਨ੍ਹ ਕੇ ਜਾਂਦੇ ਸਨ। ਕਾਲੀ ਪੱਗ ਸਿੱਖਾਂ ਦੀ ਅੰਗਰੇਜ਼ ਸਰਕਾਰ ਦੇ ਖਿਲਾਫ਼ ਇਕਜੁੱਟਤਾ ਦਾ ਪ੍ਰਤੀਕ ਬਣ ਗਈ ਸੀ।
ਆਪਣੀ ਪੱਗ ਲਈ ਸਿੱਖਾਂ ਨੇ ਵੱਡੀ ਤਦਾਦ 'ਚ ਆਪਣੀਆਂ ਜਾਨਾਂ ਵੀ ਗਵਾਈਆਂ। ਨਵੰਬਰ ਸੰਨ '84 ਵਿਚ ਸਿੱਖਾਂ ਦੀ ਨਸਲਕੁਸ਼ੀ ਲਈ ਸੜਕਾਂ 'ਤੇ ਨਿਕਲ ਆਈ ਭੀੜ ਪੱਗਾਂ ਲੱਭਦੀ ਫਿਰ ਰਹੀ ਸੀ। ਹਜ਼ਾਰਾਂ ਸਿੱਖਾਂ ਦੀ ਜਾਨ ਇਸ ਕਰਕੇ ਚਲੀ ਗਈ ਕਿ ਉਨ੍ਹਾਂ ਨੇ ਪੱਗ ਬੰਨ੍ਹੀ ਹੋਈ ਸੀ। ਇਕ ਲੰਬਾ ਦੌਰ ਇਹ ਵੀ ਗੁਜ਼ਰਿਆ ਜਦੋਂ ਪੰਜਾਬ ਅੰਦਰ ਅੱਤਵਾਦ ਜ਼ੋਰਾਂ 'ਤੇ ਸੀ ਤੇ ਪੰਜਾਬ ਤੋਂ ਬਾਹਰ ਕਿਸੇ ਵੀ ਜਨਤਕ ਥਾਂ 'ਤੇ, ਸੜਕ 'ਤੇ ਚੱਲਦਿਆਂ ਵੀ ਜੇ ਕੋਈ ਪੱਗ ਬੰਨ੍ਹਿਆ ਸਿੱਖ ਵਿਖਾਈ ਦੇ ਜਾਂਦਾ ਤਾਂ ਸਥਾਨਕ ਸ਼ਰਾਰਤੀ ਤੱਤ ਉਗਰਵਾਦੀ ਕਹਿ ਕੇ ਤਾਹਨੇ ਮਾਰਨੋਂ ਨਹੀਂ ਹਟਦੇ ਸਨ। ਪੱਗ ਕਾਰਨ ਸਿੱਖਾਂ ਦੀ ਜਾਨ 'ਤੇ ਬਣ ਆਈ ਪਰ ਉਨ੍ਹਾਂ ਸਿੱਖਾਂ ਦੀ ਬਹਾਦਰੀ ਨੂੰ ਸਲਾਮ ਹੈ, ਜਿਨ੍ਹਾਂ ਅਤਿ ਕਠਿਨ ਸਮੇਂ ਵਿਚ ਵੀ ਸਿੱਖੀ ਕੇਸਾਂ, ਸੁਆਸਾਂ ਨਾਲ ਨਿਭਾਹੀ ਤੇ ਪੱਗ ਦੀ ਸ਼ਾਨ ਬਣਾਈ ਰੱਖੀ। ਭਾਰਤ ਦੇ ਜਿਨ੍ਹਾਂ ਸ਼ਹਿਰਾਂ ਵਿਚ ਪੱਗ ਨਾਲ ਪਛਾਣ ਕੇ ਸਿੱਖਾਂ ਦੇ ਕਤਲ ਕੀਤੇ ਗਏ, ਉਨ੍ਹਾਂ ਸਾਰੇ ਸ਼ਹਿਰਾਂ ਵਿਚ ਅੱਜ ਵੀ ਪੱਗ ਸਜਾਈ ਸਿੱਖ ਚੜ੍ਹਦੀ ਕਲਾ ਵਿਚ ਨਜ਼ਰ ਆਉਂਦੇ ਹਨ।
ਸਿੱਖ ਕੌਮ ਅੱਜ ਗੰਭੀਰ ਸਵਾਲ ਚੁੱਕ ਰਹੀ ਹੈ ਕਿ ਉਨ੍ਹਾਂ ਦੀ ਪੱਗ 'ਤੇ ਸਵਾਲ ਖੜ੍ਹੇ ਕਰਨ ਵਾਲੇ, ਉਨ੍ਹਾਂ ਦਾ ਮਜ਼ਾਕ ਉਡਾਉਣ ਵਾਲੇ, ਉਨ੍ਹਾਂ ਨਾਲ ਹਰ ਪੱਧਰ 'ਤੇ ਵਿਤਕਰਾ ਕਰਨ ਵਾਲੇ ਕੀ ਆਪਣਾ ਇਤਿਹਾਸ ਨਹੀਂ ਜਾਣਦੇ ਜਾਂ ਸਨਮਾਨ ਨਹੀਂ ਕਰਨਾ ਚਾਹੁੰਦੇ। ਅਜਿਹੇ ਲੋਕ ਆਪਣੇ-ਆਪ ਨੂੰ ਸਿੱਖਾਂ ਨਾਲੋਂ ਨਿਖੇੜ ਕੇ ਨਹੀਂ ਦੇਖ ਸਕਦੇ। ਸਿੱਖ ਇਤਿਹਾਸ ਭਾਰਤ ਦੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਹੈ। ਸਿੱਖ ਇਤਿਹਾਸ ਨੇ ਹੀ ਭਾਰਤ ਦੇ ਇਤਿਹਾਸ ਨੂੰ ਉਹ ਸੁਨਹਿਰੀ ਰੌਸ਼ਨੀ ਪ੍ਰਦਾਨ ਕੀਤੀ ਹੈ, ਜਿਸ 'ਤੇ ਅੱਜ ਹਰ ਭਾਰਤ ਵਾਸੀ ਮਾਣ ਕਰਦਾ ਹੈ। ਸਿੱਖਾਂ 'ਤੇ ਸਵਾਲ ਚੁੱਕਣਾ ਆਪਣੇ ਇਤਿਹਾਸ, ਵਿਰਸੇ ਤੇ ਕਦਰਾਂ-ਕੀਮਤਾਂ ਨਾਲ ਧ੍ਰੋਹ ਹੈ। ਸੰਸਾਰ ਦੇ ਬਾਕੀ ਸਾਰੇ ਦੇਸ਼ ਸਿੱਖਾਂ ਦੇ ਉਨ੍ਹਾਂ ਲਈ ਕੀਤੇ ਯੋਗਦਾਨ ਦਾ ਮੁੱਲ ਪਾ ਰਹੇ ਹਨ, ਸਿੱਖਾਂ ਨੂੰ ਮਾਣ ਬਖਸ਼ ਰਹੇ ਹਨ। ਬਰਤਾਨੀਆ ਅੰਦਰ ਇਕ ਸਿੱਖ ਦੀ ਪੱਗ 'ਤੇ ਹੱਥ ਪਾਉਣ ਦਾ ਯਤਨ ਕੀਤਾ ਗਿਆ ਤਾਂ ਪਾਰਲੀਮੈਂਟ ਦੇ ਸਾਰੇ ਮੈਂਬਰ ਵਿਰੋਧ 'ਚ ਖੜ੍ਹੇ ਹੋ ਗਏ ਤੇ ਆਪ ਪੱਗ ਬੰਨ੍ਹ ਕੇ ਪਾਰਲੀਮੈਂਟ 'ਚ ਗਏ। ਸਵਾਲ ਪੱਗ ਦਾ ਵੀ ਹੈ ਤੇ ਜਜ਼ਬੇ ਦਾ ਵੀ। ਇਹ ਜਜ਼ਬਾ ਭਾਰਤ ਅੰਦਰ ਕਿਉਂ ਨਹੀਂ ਵਿਖਾਈ ਦਿੰਦਾ?


-ਈ-1716, ਰਾਜਾਜੀਪੁਰਮ, ਲਖਨਊ-226017. ਮੋਬਾ: 9415960533, 8417852899


ਖ਼ਬਰ ਸ਼ੇਅਰ ਕਰੋ

ਰਾਠੌੜਵੰਸ਼ੀ ਰਾਜਿਆਂ ਦੇ ਗੌਰਵਸ਼ਾਲੀ ਇਤਿਹਾਸ ਦਾ ਪ੍ਰਤੀਕ ਬੀਕਾਨੇਰ ਦਾ

ਜੂਨਾਗੜ੍ਹ ਕਿਲ੍ਹਾ

ਰਾਜਸਥਾਨ ਦੀ ਧਰਤੀ ਅਨੇਕ ਸੂਰਬੀਰਾਂ-ਯੋਧਿਆਂ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਨੂੰ ਆਪਣੀ ਬੁੱਕਲ ਵਿਚ ਸਮਾਈ ਬੈਠੀ ਹੈ। ਰਾਜਸਥਾਨ ਦੇ ਅਨੇਕ ਵੱਡੇ ਸ਼ਹਿਰਾਂ ਵਿਚ ਬਣੇ ਰਾਜਿਆਂ-ਮਹਾਰਾਜਿਆਂ ਦੇ ਕਿਲ੍ਹੇ ਵੀ ਇੱਥੋਂ ਦੀ ਸ਼ਾਨੋ-ਸ਼ੌਕਤ ਅਤੇ ਬਹਾਦਰੀ ਦੀ ਗਵਾਹੀ ਭਰਦੇ ਹਨ। ਰਾਜਸਥਾਨ ਦੇ ਥਾਰ ਇਲਾਕੇ ਦੇ ਵਿਚਕਾਰ ਸਥਿਤ ਬੀਕਾਨੇਰ ਦਾ ਜੂਨਾਗੜ੍ਹ ਕਿਲ੍ਹਾ ਵੀ ਇੱਥੋਂ ਦੇ ਰਾਠੌੜਵੰਸ਼ੀ ਰਾਜਿਆਂ-ਮਹਾਰਾਜਿਆਂ ਦੀ ਵਿਰਾਸਤ ਦਾ ਇਕ ਉੱਤਮ ਨਮੂਨਾ ਹੈ।
ਬੀਕਾਨੇਰ ਦੇ ਸ਼ਾਸਕਾਂ ਦੀ ਭਾਰਤ ਦੇ ਇਤਿਹਾਸ ਵਿਚ ਪ੍ਰਮੁੱਖ ਅਤੇ ਗੌਰਵਸ਼ਾਲੀ ਭੂਮਿਕਾ ਰਹੀ ਹੈ। ਬੀਕਾਨੇਰ ਸ਼ਹਿਰ ਦੀ ਸਥਾਪਨਾ ਸੰਨ 1488 ਵਿਚ ਜੋਧਪੁਰ ਦੇ ਰਾਠੌੜਵੰਸ਼ੀ ਸ਼ਾਸਕ ਰਾਓ ਜੋਧਾ ਦੇ ਪੁੱਤਰ ਰਾਓ ਬੀਕਾ ਵਲੋਂ ਕੀਤੀ ਗਈ ਸੀ, ਜਦੋਂਕਿ ਇਸ ਸ਼ਹਿਰ ਨੂੰ ਆਧੁਨਿਕ ਰੂਪ ਦਿੱਤੇ ਜਾਣ ਦਾ ਕੰਮ ਮਹਾਰਾਜ ਗੰਗਾ ਸਿੰਘ ਨੇ ਕੀਤਾ। ਜੂਨਾਗੜ੍ਹ ਕਿਲ੍ਹੇ ਦੀ ਨੀਂਹ 30 ਜਨਵਰੀ, 1589 ਨੂੰ ਰੱਖੀ ਗਈ ਸੀ ਅਤੇ ਇਸ ਦਾ ਨਿਰਮਾਣ 17 ਜਨਵਰੀ, 1594 ਵਿਚ ਪੂਰਾ ਹੋਇਆ ਸੀ। ਜੂਨਾਗੜ੍ਹ ਕਿਲ੍ਹੇ ਦਾ ਨਿਰਮਾਣ ਬੀਕਾਨੇਰ ਦੇ ਸ਼ਾਸਕ ਰਾਜਾ ਰਾਏ ਸਿੰਘ ਦੇ ਪ੍ਰਧਾਨ ਮੰਤਰੀ ਕਰਨ ਚੰਦ ਦੀ ਦੇਖ-ਰੇਖ ਵਿਚ ਕੀਤਾ ਗਿਆ ਸੀ। ਰਾਜਾ ਰਾਏ ਸਿੰਘ ਨੇ 1571 ਤੋਂ 1611 ਤੱਕ ਬੀਕਾਨੇਰ 'ਤੇ ਆਪਣਾ ਰਾਜ ਕੀਤਾ। ਅਲੱਗ-ਅਲੱਗ ਸ਼ਾਸਕਾਂ ਨੇ ਆਪਣੇ-ਆਪਣੇ ਕਾਰਜਕਾਲ ਦੌਰਾਨ ਇਸ ਕਿਲ੍ਹੇ ਦੀ ਦਿੱਖ ਨੂੰ ਸੰਵਾਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਪਰ ਰਾਜਾ ਰਾਏ ਸਿੰਘ ਨੇ ਇਸ ਕਿਲ੍ਹੇ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਭਰਪੂਰ ਯਤਨ ਕੀਤੇ।
ਇਸ ਕਿਲ੍ਹੇ ਦੇ ਨਿਰਮਾਣ ਲਈ ਕੀਤੀ ਗਈ ਥਾਂ ਦੀ ਚੋਣ ਨਾਲ ਇਕ ਦਿਲਚਸਪ ਕਹਾਣੀ ਜੁੜਦੀ ਹੈ, ਜਿਸ ਅਨੁਸਾਰ ਇਕ ਭੇਡ ਆਪਣੇ ਝੁੰਡ ਤੋਂ ਅਲੱਗ ਹੋ ਗਈ ਅਤੇ ਉਸ ਨੇ ਇੱਥੇ ਇਕ ਕਰੀਰ ਦੇ ਰੁੱਖ ਥੱਲੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ (ਇਹ ਕਰੀਰ ਅੱਜ ਤੋਂ ਕਰੀਬ 30 ਸਾਲ ਪਹਿਲਾਂ ਇੱਥੇ ਮੌਜੂਦ ਸੀ)। ਉਸੇ ਰਾਤ ਕੁਝ ਜੰਗਲੀ ਜਾਨਵਰਾਂ ਨੇ ਭੇਡ ਦੇ ਬੱਚਿਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰਨਾ ਚਾਹਿਆ ਪਰ ਉਸ ਭੇਡ ਨੇ ਬਹੁਤ ਹੀ ਬਹਾਦਰੀ ਨਾਲ ਇਨ੍ਹਾਂ ਜੰਗਲੀ ਜਾਨਵਰਾਂ ਦਾ ਸਾਹਮਣਾ ਕਰਕੇ ਆਪਣੇ ਬੱਚਿਆਂ ਨੂੰ ਬਚਾਅ ਲਿਆ। ਉਸ ਸਮੇਂ ਇੱਥੇ ਨਿਵਾਸ ਕਰਨ ਵਾਲੇ ਲੋਕਾਂ ਨੇ ਐਲਾਨ ਕੀਤਾ ਕਿ ਇਹ ਸਥਾਨ ਅਜਿਹੇ ਬਹਾਦਰ ਲੋਕਾਂ ਨੂੰ ਜਨਮ ਦੇਵੇਗਾ, ਜਿਨ੍ਹਾਂ ਨੂੰ ਕੋਈ ਹਰਾ ਨਹੀਂ ਸਕੇਗਾ। 1585 ਈਸਵੀ ਵਿਚ ਰਾਜਾ ਰਾਏ ਸਿੰਘ ਵਲੋਂ ਭਰਤਪੁਰ ਦੇ ਆਪਣੇ ਦੀਵਾਨ ਕਰਮ ਚੰਦ ਬਿਛਾਵਤ ਨੂੰ ਇਸੇ ਸਥਾਨ 'ਤੇ ਇਕ ਨਵੇਂ ਕਿਲ੍ਹੇ ਦਾ ਨਿਰਮਾਣ ਕਰਨ ਦਾ ਹੁਕਮ ਦਿੱਤਾ ਗਿਆ। ਇਸ ਕਿਲ੍ਹੇ ਨੂੰ ਪਹਿਲਾਂ ਚਿੰਤਾਮਣੀ ਅਤੇ ਬੀਕਾਨੇਰ ਦੇ ਕਿਲ੍ਹੇ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਪਰ 20ਵੀਂ ਸਦੀ ਵਿਚ ਇਸ ਕਿਲ੍ਹੇ ਦਾ ਨਾਂਅ ਜੂਨਾਗੜ੍ਹ ਰੱਖਿਆ ਗਿਆ। ਜੂਨਾਗੜ੍ਹ ਕਿਲ੍ਹੇ ਦੀ ਬਨਾਵਟ ਵਿਚ ਤੁਰਕੀ, ਗੁਜਰਾਤੀ, ਮੁਗਲ, ਰਾਜਪੂਤ ਸ਼ੈਲੀ ਅਪਣਾਈ ਗਈ ਹੈ ਅਤੇ ਇਸ ਵਿਚ ਸੰਸਕ੍ਰਿਤ ਅਤੇ ਫਾਰਸੀ ਲਿਪੀ ਦੀ ਵਰਤੋਂ ਕੀਤੀ ਗਈ ਹੈ। 2 ਵਰਗ ਕਿਲੋਮੀਟਰ ਦੇ ਏਰੀਏ ਵਿਚ ਬਣੇ ਇਸ ਕਿਲ੍ਹੇ ਵਿਚ ਔਸਤ 40 ਫੁੱਟ ਤੱਕ ਦੀ ਉਚਾਈ ਦੇ 37 ਬੁਰਜ ਹਨ। ਇਸ ਕਿਲ੍ਹੇ ਦੇ ਚਾਰ-ਚੁਫੇਰੇ 30 ਫੁੱਟ ਚੌੜੀ ਅਤੇ 20-25 ਫੁੱਟ ਡੂੰਘੀ ਖੱਡ ਬਣਾਈ ਗਈ ਹੈ। ਇਸ ਕਿਲ੍ਹੇ ਦੀ ਬਾਹਰੀ ਬਨਾਵਟ ਵਿਚ ਰਾਜਸਥਾਨ ਦੇ ਲਾਲ ਬਲੂਆ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ, ਜਦੋਂਕਿ ਅੰਦਰ ਸੰਗਮਰਮਰ ਲਗਾਇਆ ਗਿਆ ਹੈ। ਇਸ ਕਿਲ੍ਹੇ ਵਿਚ ਬਣੇ ਅਲੱਗ-ਅਲੱਗ ਮਹਿਲਾਂ ਦੇ ਨਾਂਅ ਇਸ ਰਿਆਸਤ ਦੇ ਰਾਜਿਆਂ ਦੇ ਨਾਂਅ 'ਤੇ ਰੱਖੇ ਗਏ ਹਨ।
ਕਿਲ੍ਹੇ ਅੰਦਰ ਜਾਣ ਲਈ ਮੁੱਖ ਦੋ ਦਰਵਾਜ਼ੇ ਹਨ, ਜਿਨ੍ਹਾਂ ਨੂੰ ਕਰਨ ਪੋਲ ਅਤੇ ਚਾਂਦ ਪੋਲ ਦਾ ਨਾਂਅ ਦਿੱਤਾ ਗਿਆ ਹੈ। ਜੂਨਾਗੜ੍ਹ ਕਿਲ੍ਹੇ ਦੇ ਲਾਲ ਪੱਥਰਾਂ ਨੂੰ ਤਰਾਸ਼ ਕੇ ਬਣਾਏ ਗਏ ਕਿਨਾਰੇ ਇਸ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਦੇ ਹਨ। ਕਿਲ੍ਹੇ ਦੀ ਪਹਿਲੀ ਮੰਜ਼ਿਲ 'ਤੇ ਭੋਜਨਸ਼ਾਲਾ, ਹਜ਼ੂਰ ਪੌੜੀ, ਗੁਲਾਬ ਨਿਵਾਸ, ਸ਼ਿਵ ਨਿਵਾਸ ਅਤੇ ਕਿਲ੍ਹੇ ਦੀਆਂ ਪੰਜਾਂ ਮੰਜ਼ਿਲਾਂ ਨੂੰ ਪਾਰ ਕਰਦਾ ਹੋਇਆ ਘੰਟਾ ਘਰ ਬਣਿਆ ਹੋਇਆ ਹੈ। ਕਿਲ੍ਹੇ ਦੀ ਦੂਜੀ ਮੰਜ਼ਿਲ 'ਤੇ ਜ਼ੋਰਾਵਰ ਹਰਮੰਦਰ ਦਾ ਚੌਕ ਅਤੇ ਵਿਕਰਮ ਵਿਲਾਸ ਸਥਿਤ ਹੈ। ਕਿਲ੍ਹੇ ਵਿਚ ਜ਼ਨਾਨੀ ਡਿਓਢੀ ਦੇ ਕੋਲ ਸੰਗਮਰਮਰ ਦਾ ਤਲਾਬ ਹੈ। ਇਸ ਮੰਜ਼ਿਲ 'ਤੇ ਚੰਦਰ ਮਹਿਲ, ਫੂਲ ਮਹਿਲ, ਚੁਬਾਰੇ, ਅਨੂਪ ਮਹਿਲ, ਸਰਦਾਰ ਮਹਿਲ, ਗੰਗਾ ਨਿਵਾਸ, ਗੁਲਾਬ ਮੰਦਰ, ਡੂੰਗਰ ਨਿਵਾਸ ਸਥਿਤ ਹਨ। ਅਨੂਪ ਮਹਿਲ ਵਿਚ ਕੀਤੀ ਗਈ ਸੋਨੇ ਦੀ ਮੀਨਾਕਾਰੀ ਭਾਰਤੀ ਵਿਰਾਸਤ ਦਾ ਇਕ ਉੱਤਮ ਨਮੂਨਾ ਹੈ। ਚੌਥੀ ਮੰਜ਼ਿਲ 'ਤੇ ਰਤਨ ਨਿਵਾਸ, ਮੋਤੀ ਮਹਿਲ, ਰੰਗ ਮਹਿਲ, ਸੁਜਾਨ ਮਹਿਲ ਹਨ। ਪੰਜਵੀ ਮੰਜ਼ਿਲ 'ਤੇ ਛੱਤ ਨਿਵਾਸ, ਪੁਰਾਣੇ ਮਹਿਲ ਆਦਿ ਸਥਾਨ ਹਨ। ਮਹਿਲਾਂ ਵਿਚ ਬਣੇ ਨਕਾਸ਼ੀਦਾਰ ਸਤੰਭ ਵੀ ਕਿਲ੍ਹੇ ਦੀ ਸੁੰਦਰਤਾ ਵਿਚ ਅਥਾਹ ਵਾਧਾ ਕਰਦੇ ਹਨ। ਬਾਦਲ ਮਹਿਲ ਵਿਚ ਸਰਦਾਰ ਮਹਿਲ ਹੈ। ਪੁਰਾਣੇ ਜ਼ਮਾਨੇ ਵਿਚ ਗਰਮੀ ਤੋਂ ਕਿਸ ਤਰ੍ਹਾਂ ਬਚਿਆ ਜਾਂਦਾ ਸੀ, ਇਸ ਦੀ ਝਲਕ ਇਸ ਮਹਿਲ ਵਿਚ ਮਿਲਦੀ ਹੈ। ਬਾਦਲ ਮਹਿਲ ਵਿਚ ਪਹੁੰਚਦਿਆਂ ਹੀ ਬੱਦਲਾਂ ਵਿਚ ਪਹੁੰਚ ਜਾਣ ਦਾ ਅਹਿਸਾਸ ਹੁੰਦਾ ਹੈ। ਇੱਥੇ ਚੱਲਣ ਵਾਲੀ ਤਾਜ਼ਾ ਹਵਾ ਸੈਲਾਨੀਆਂ ਦੀ ਸਾਰੀ ਥਕਾਵਟ ਨੂੰ ਦੂਰ ਕਰਦੀ ਹੈ।
ਗਜ਼ ਕਚਹਿਰੀ ਅਤੇ ਗਜ਼ ਮੰਦਰ ਵਿਚ ਰੰਗੀਨ ਸ਼ੀਸ਼ੇ ਦੀ ਜੜਾਈ ਬਹੁਤ ਸੁੰਦਰ ਹੈ। ਇਤਿਹਾਸਕਾਰਾਂ ਅਨੁਸਾਰ ਬੀਕਾਨੇਰ ਦੇ ਕਿਲ੍ਹੇ ਨੂੰ ਫਤਹਿ ਕਰਨ ਲਈ ਕਈ ਵਾਰ ਦੁਸ਼ਮਣਾਂ ਨੇ ਹਮਲੇ ਕੀਤੇ ਪਰ ਇਸ ਨੂੰ ਕੋਈ ਹਾਸਲ ਨਹੀਂ ਕਰ ਸਕਿਆ। ਮੁਗਲ ਬਾਦਸ਼ਾਹ ਬਾਬਰ ਦੇ ਦੂਜੇ ਬੇਟੇ ਕਾਮਰਾਨ ਮਿਰਜ਼ਾ ਨੇ ਹੀ ਇਕ ਦਿਨ ਲਈ ਇਸ ਨੂੰ ਆਪਣੇ ਕਬਜ਼ੇ ਵਿਚ ਰੱਖਿਆ। ਇਸ ਕਿਲ੍ਹੇ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ਾਂ ਨੂੰ ਸੰਭਾਲਣ ਲਈ ਬਣਿਆ ਸੰਗ੍ਰਹਿਆਲਿਆ ਰਾਜਸਥਾਨ ਅਤੇ ਸੈਲਾਨੀਆਂ ਲਈ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਹੈ। ਇਸ ਵਿਚ ਬਹੁਤ ਹੀ ਕੀਮਤੀ ਗਹਿਣੇ, ਚਿੱਤਰ, ਹਥਿਆਰ ਅਤੇ ਪਹਿਲੇ ਵਿਸ਼ਵ ਯੁੱਧ ਦੇ ਏਅਰਪਲੇਨ ਰੱਖੇ ਗਏ ਹਨ। ਇਸ ਕਿਲ੍ਹੇ ਵਿਚ ਸੰਨ 1631 ਵਿਚ ਬਣਾਇਆ ਗਿਆ ਰਾਜ ਤਿਲਕ ਮਹਿਲ ਵਿਚ ਸਥਿਤ ਚਾਂਦੀ ਦਾ ਤਖ਼ਤ, ਮਹਿਲ ਵਿਚ ਕੀਤੀ ਗਈ ਸੋਨੇ ਦੀ ਚਿੱਤਰਕਾਰੀ, ਮਹਾਰਾਜ ਪਦਮ ਸਿੰਘ ਦੀ 27 ਕਿਲੋ ਵਜ਼ਨ ਦੀ ਤਲਵਾਰ, ਅਖਰੋਟ ਦੀ ਲੱਕੜੀ ਦੇ ਬਣੇ ਦਰਵਾਜ਼ੇ, ਬਗੈਰ ਬਿਜਲੀ-ਪਾਣੀ ਤੋਂ ਚੱਲਣ ਵਾਲਾ ਕੂਲਰ, ਰਾਜੇ-ਰਾਣੀਆਂ ਦੇ ਬੈੱਡਰੂਮ ਨੂੰ ਲੱਗੇ 65 ਕਿਲੋ ਦੇ ਚਾਂਦੀ ਦੇ ਦਰਵਾਜ਼ੇ ਅਤੇ 1914 ਵਿਚ ਇੱਥੇ ਸਥਾਪਿਤ ਕੀਤੀ ਗਈ ਰਾਜਸਥਾਨ ਦੀ ਪਹਿਲੀ ਲਿਫ਼ਟ ਸੈਲਾਨੀਆਂ ਨੂੰ ਹੈਰਾਨ ਕਰਨ ਵਾਲੀਆਂ ਕਲਾਕ੍ਰਿਤਾਂ ਹਨ।
ਭਾਵੇਂ ਸਮੇਂ-ਸਮੇਂ 'ਤੇ ਇਸ ਵਿਰਾਸਤ ਦੇ ਰਾਜਿਆਂ ਨੇ ਜੂਨਾਗੜ੍ਹ ਕਿਲ੍ਹੇ ਅਤੇ ਬੀਕਾਨੇਰ ਨੂੰ ਵਿਕਸਤ ਕਰਨ ਲਈ ਵੱਡੇ ਉਪਰਾਲੇ ਕੀਤੇ ਪਰ ਇਸ ਰਿਆਸਤ ਦੇ ਰਾਜਾ ਗੰਗਾ ਸਿੰਘ ਦੇ ਸ਼ਾਸਨ ਨੂੰ ਬਹੁਤ ਵੱਡੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਕਾਸ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਉਨ੍ਹਾਂ ਆਪਣੇ ਸ਼ਾਸਨ ਦੌਰਾਨ ਇੱਥੇ ਸਿੱਖਿਆ, ਸਿਹਤ ਸਹੂਲਤਾਂ, ਜਲ ਸਪਲਾਈ, ਬਿਜਲੀ, ਸੜਕਾਂ, ਰੇਲਵੇ ਆਦਿ ਵਿਕਾਸ ਕਰਵਾ ਕੇ ਇਥੋਂ ਦੀ ਸੱਭਿਅਤਾ ਨੂੰ ਦੁਨੀਆ ਵਿਚ ਫੈਲਾਉਣ ਦਾ ਕੰਮ ਕੀਤਾ, ਜਿਸ ਨਾਲ ਜੂਨਾਗੜ੍ਹ ਕਿਲ੍ਹੇ ਦੀ ਮਹੱਤਤਾ ਹੋਰ ਵੀ ਵਧ ਗਈ। ਜਿਸ ਸਮੇਂ ਭਾਰਤ ਆਜ਼ਾਦ ਹੋਇਆ, ਉਸ ਸਮੇਂ ਇਸ ਰਿਆਸਤ ਵਿਚ ਮਹਾਰਾਜਾ ਸ਼ਾਰਦੂਲ ਸਿੰਘ ਦਾ ਸ਼ਾਸਨ ਸੀ। ਭਾਰਤ ਦੇ ਹੋਰ ਰਜਵਾੜਿਆਂ ਦੇ ਸ਼ਾਸਕਾਂ ਵਿਚੋਂ ਮਹਾਰਾਜਾ ਸ਼ਾਰਦੂਲ ਸਿੰਘ ਪਹਿਲੇ ਸ਼ਾਸਕ ਸਨ, ਜਿਨ੍ਹਾਂ ਨੇ ਇਸ ਰਿਆਸਤ ਨੂੰ ਭਾਰਤੀ ਸੰਘ ਵਿਚ ਮਿਲਾਏ ਜਾਣ ਲਈ ਹਸਤਾਖ਼ਰ ਕੀਤੇ।
ਬੀਕਾਨੇਰ ਰਿਆਸਤ ਦੇ 23ਵੇਂ ਮਹਾਰਾਜਾ ਕਰਨੀ ਸਿੰਘ ਲਗਾਤਾਰ 25 ਸਾਲ ਤੱਕ ਚੁਰੂ ਅਤੇ ਬੀਕਾਨੇਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤ ਕੇ ਐਮ.ਪੀ. ਬਣਦੇ ਰਹੇ। ਬੀਕਾਨੇਰ ਰਿਆਸਤ ਤੇ ਕ੍ਰਮਵਾਰ ਰਾਵ ਬੀਕਾ ਜੀ, ਰਾਵ ਨਾਰੋਜੀ, ਰਾਵ ਲੂਨਕਰਨ, ਰਾਵ ਜੇਤਸੀ, ਰਾਵ ਕਲਿਆਣ ਸਿੰਘ, ਰਾਜਾ ਰਾਏ ਸਿੰਘ, ਰਾਜਾ ਦਲਪਤ ਸਿੰਘ, ਰਾਜਾ ਸੂਰ ਸਿੰਘ, ਰਾਜਾ ਕਰਨ ਸਿੰਘ, ਮਹਾਰਾਜਾ ਅਨੂਪ ਸਿੰਘ, ਮਹਾਰਾਜਾ ਸਰੂਪ ਸਿੰਘ, ਮਹਾਰਾਜਾ ਸੁਜਾਨ ਸਿੰਘ, ਮਹਾਰਾਜਾ ਜ਼ੋਰਾਵਰ ਸਿੰਘ, ਮਹਾਰਾਜਾ ਗਜ਼ ਸਿੰਘ, ਮਹਾਰਾਜਾ ਰਾਜ ਸਿੰਘ, ਮਹਾਰਾਜਾ ਪ੍ਰਤਾਪ ਸਿੰਘ, ਮਹਾਰਾਜਾ ਸੂਰਤ ਸਿੰਘ, ਮਹਾਰਾਜਾ ਰਤਨ ਸਿੰਘ, ਮਹਾਰਾਜਾ ਸਰਦਾਰ ਸਿੰਘ, ਮਹਾਰਾਜਾ ਡੂੰਗਰ ਸਿੰਘ, ਮਹਾਰਾਜਾ ਗੰਗਾ ਸਿੰਘ, ਮਹਾਰਾਜਾ ਸ਼ਾਰਦੂਲ ਸਿੰਘ, ਮਹਾਰਾਜਾ ਕਰਨੀ ਸਿੰਘ ਅਤੇ ਮਹਾਰਾਜਾ ਨਰਿੰਦਰ ਸਿੰਘ ਸਹਿਤ 24 ਰਾਜਿਆ ਨੇ ਅਲੱਗ-ਅਲੱਗ ਸਮੇਂ ਦੌਰਾਨ ਸ਼ਾਸਨ ਕੀਤਾ।
20ਵੀਂ ਸ਼ਤਾਬਦੀ ਵਿਚ ਇਸ ਕਿਲ੍ਹੇ ਵਿਚ ਰਹਿਣ ਵਾਲਾ ਪਰਿਵਾਰ ਲਾਲਗੜ੍ਹ ਮਹਿਲ ਵਿਚ ਚਲਾ ਗਿਆ ਸੀ। ਹੁਣ ਇਸ ਕਿਲ੍ਹੇ ਦੀ ਸਾਂਭ-ਸੰਭਾਲ ਮਹਾਰਾਜਾ ਰਾਏ ਸਿੰਘ ਟਰੱਸਟ ਵਲੋਂ ਕੀਤੀ ਜਾ ਰਹੀ ਹੈ। ਇੱਥੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਕਿਲ੍ਹੇ ਦੀ ਦਿੱਖ ਸੰਵਾਰਨ ਅਤੇ ਹੋਰ ਲੋਕ ਭਲਾਈ ਦੇ ਕੰਮਾਂ 'ਤੇ ਖਰਚ ਕੀਤਾ ਜਾ ਰਿਹਾ ਹੈ। ਇਸ ਇਤਿਹਾਸਕ ਕਿਲ੍ਹੇ ਵਿਚ ਹਰ ਵੇਲੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਦਾ ਜਮਾਵੜਾ ਦੇਖਣ ਨੂੰ ਮਿਲਦਾ ਹੈ।


-ਏਲਨਾਬਾਦ, ਸਿਰਸਾ (ਹਰਿਆਣਾ)।
ਮੋਬਾ: 094670-95953

ਬਰਸੀ 'ਤੇ ਵਿਸ਼ੇਸ਼

ਸਿਰੜੀ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ

ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ 'ਤੇ ਵਾਪਰਿਆ। ਇਸ ਸਾਕੇ ਨੂੰ 'ਬਜਬਜ ਘਾਟ ਦੇ ਖੂਨੀ ਸਾਕੇ' ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ। ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜ ਘਾਟ ਨਾਂਅ ਦੀ ਬੰਦਰਗਾਹ 'ਤੇ 29 ਸਤੰਬਰ, 1914 ਨੂੰ ਵਾਪਰਿਆ। ਇਸ ਖੂਨੀ ਸਾਕੇ ਸਮੇਂ ਜਿਸ ਜੁਝਾਰੂ ਸਿੱਖ ਆਗੂ ਦੀ ਅਗਵਾਈ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਨਵੀਂ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦਿੱਤੀਆਂ, ਉਸ ਮਹਾਨ ਸਿੱਖ ਆਗੂ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਨਾਂਅ ਨਾਲ ਹਰ ਬਸ਼ਰ ਯਾਦ ਕਰਦਾ ਹੈ। ਬਾਬਾ ਗੁਰਦਿੱਤ ਸਿੰਘ ਦਾ ਜਨਮ ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 1861 ਈ: ਨੂੰ ਸ: ਹੁਕਮ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਇਆ। ਮੁਢਲੀ ਸਿੱਖਿਆ ਤੋਂ ਪਿੱਛੋਂ ਪਿਤਾ-ਪੁਰਖੀ ਕਿੱਤਾ ਖੇਤੀਬਾੜੀ ਅਰੰਭ ਕੀਤਾ ਪਰ ਖੇਤੀਬਾੜੀ ਦਾ ਕਿੱਤਾ ਘਰ ਦੀ ਆਰਥਿਕ ਮੰਦਹਾਲੀ ਨੂੰ ਦੂਰ ਕਰਨ ਵਿਚ ਬਹੁਤਾ ਯੋਗਦਾਨ ਨਾ ਪਾ ਸਕਿਆ। ਬਾਬਾ ਗੁਰਦਿੱਤ ਸਿੰਘ ਦੇ ਮਨ ਵਿਚ ਵਪਾਰ ਕਰਨ ਦੀ ਲਗਨ ਸੀ। ਇਸੇ ਲਗਨ ਨੂੰ ਲੈ ਕੇ ਬਾਬਾ ਜੀ ਪਹਿਲਾਂ ਮਲਾਇਆ ਪਹੁੰਚੇ ਤੇ ਫਿਰ ਇਸ ਤੋਂ ਪਿੱਛੋਂ ਹਾਂਗਕਾਂਗ ਚਲੇ ਗਏ। ਬਾਬਾ ਜੀ ਨੇ ਵਪਾਰ ਕਰਨ ਦੇ ਆਸ਼ੇ ਨੂੰ ਮੁੱਖ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ। ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਇਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ 'ਤੇ ਲੈ ਲਿਆ।
ਉਨ੍ਹਾਂ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਰਾਂ ਸਮੇਤ ਇਸ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾਇਆ। ਇਨ੍ਹਾਂ ਪੰਜਾਬੀ ਮੁਸਾਫਰਾਂ ਵਿਚ ਕੇਵਲ 30 ਗ਼ੈਰ-ਸਿੱਖ ਯਾਤਰੂ ਸਨ, ਬਾਕੀ ਸਾਰੇ ਸਿੱਖ ਸਨ। ਉਨ੍ਹਾਂ ਇਸ ਜਹਾਜ਼ ਦਾ ਨਾਂਅ ਕਾਮਾਗਾਟਾਮਾਰੂ ਦੀ ਥਾਂ 'ਤੇ 'ਗੁਰੂ ਨਾਨਕ ਜਹਾਜ਼' ਰੱਖਿਆ। ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ, 1914 ਈ: ਨੂੰ ਰਵਾਨਾ ਹੋਇਆ। ਸਮੁੰਦਰੀ ਸਫਰ ਤੈਅ ਕਰਕੇ 22 ਮਈ, 1914 ਈ: ਨੂੰ ਇਹ ਜਹਾਜ਼ ਵੈਨਕੂਵਰ (ਕੈਨੇਡਾ) ਪਹੁੰਚਿਆ ਪਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ। ਇਸ ਜਹਾਜ਼ ਵਿਚ ਸਫਰ ਕਰ ਰਹੇ ਮੁਸਾਫਰਾਂ ਵਿਚੋਂ ਕੇਵਲ ਉਨ੍ਹਾਂ ਨੂੰ ਹੀ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ। ਬਾਕੀ ਸਾਰੇ ਮੁਸਾਫਿਰ ਲਗਭਗ ਦੋ ਮਹੀਨੇ 23 ਜੁਲਾਈ ਤੱਕ ਸਮੁੰਦਰ ਵਿਚ ਸਖਤ ਪਹਿਰੇ ਹੇਠ ਰੋਕੀ ਰੱਖੇ।
ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਇਹ ਮੁਸਾਫਿਰ 29 ਸਤੰਬਰ, 1914 ਈ: ਨੂੰ ਹੁਗਲੀ ਬੰਦਰਗਾਹ 'ਤੇ ਪਹੁੰਚੇ। ਇਸ ਘਾਟ ਦਾ ਨਾਂਅ 'ਬਜਬਜ ਘਾਟ' ਵਜੋਂ ਜਾਣਿਆ ਜਾਂਦਾ ਹੈ। ਭਾਰਤ ਵਿਚ ਰਾਜ ਕਰ ਰਹੀ ਅੰਗਰੇਜ਼ ਸਰਕਾਰ ਨੂੰ ਇਹ ਸਾਰੇ ਮੁਸਾਫਿਰ ਵਿਦਰੋਹੀ ਨਜ਼ਰ ਆਉਂਦੇ ਸਨ। ਇਨ੍ਹਾਂ ਮੁਸਾਫਿਰਾਂ ਨੂੰ ਜਹਾਜ਼ ਵਿਚੋਂ ਉਤਾਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ। ਸਰਕਾਰ ਨੇ ਫੈਸਲਾ ਕੀਤਾ ਕਿ ਇਨ੍ਹਾਂ ਭੁੱਖ ਅਤੇ ਬਿਮਾਰੀਆਂ ਤੋਂ ਤੰਗ ਆਏ ਸਾਰੇ ਬਾਗੀ ਮੁਸਾਫਿਰਾਂ ਨੂੰ ਇਕ ਬੰਦ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ। 17 ਮੁਸਲਮਾਨ ਮੁਸਾਫਿਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿਚ ਸਵਾਰ ਹੋ ਗਏ, ਬਾਕੀ ਸਭ ਨੇ ਪਲੇਟਫਾਰਮ 'ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਅਰੰਭ ਕੀਤਾ। ਏਨੇ ਨੂੰ ਫੌਜ ਅਤੇ ਪੁਲਿਸ ਦੀਆਂ ਟੁਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ਉੱਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਸਰਕਾਰੀ ਰਿਕਾਰਡ ਮੁਤਾਬਿਕ 18 ਮੁਸਾਫਿਰ ਸ਼ਹਾਦਤ ਦਾ ਜਾਮ ਪੀ ਗਏ, 25 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ 'ਬਜਬਜ ਘਾਟ' ਦੇ ਖੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਆਜ਼ਾਦੀ ਦੀ ਚਿਣਗ ਨੂੰ ਹੋਰ ਤਿੱਖਾ ਕੀਤਾ।
ਇਸ ਖੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ 28 ਸਾਥੀਆਂ ਸਮੇਤ ਉਸ ਜਗ੍ਹਾ ਤੋਂ ਬਚ ਕੇ ਨਿਕਲ ਜਾਣ ਵਿਚ ਕਾਮਯਾਬ ਹੋ ਗਏ। ਇਹ ਜੁਝਾਰੂ ਬਾਬਾ ਛੇ ਸਾਲ ਤੱਕ ਗੁਪਤਵਾਸ ਵਿਚ ਰਿਹਾ। ਇਸ ਤੋਂ ਪਿੱਛੋਂ ਉਹ ਲੋਕਾਂ ਦੇ ਸਾਹਮਣੇ ਆਏ। 1926 ਈ: ਵਿਚ ਜਦੋਂ ਸ: ਸਰਮੁਖ ਸਿੰਘ ਝਬਾਲ ਜੇਲ੍ਹ ਚਲਾ ਗਿਆ ਤਾਂ ਬਾਬਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਇਸ ਤੋਂ ਪਿੱਛੋਂ 1931 ਈ: ਤੋਂ 1933 ਈ: ਤੱਕ ਬਾਬਾ ਜੀ ਨੂੰ ਰਾਜਨੀਤਕ ਗਤੀਵਿਧੀਆਂ ਕਾਰਨ ਤਿੰਨ ਵਾਰ ਜੇਲ੍ਹ ਜਾਣਾ ਪਿਆ। ਇਹ ਮਹਾਨ ਜੁਝਾਰੂ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰ੍ਹਿਆਂ ਦੀ ਲੰਮੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ 24 ਜੁਲਾਈ, 1954 ਨੂੰ ਅਕਾਲ ਚਲਾਣਾ ਕਰ ਗਿਆ। 'ਬਜਬਜ ਘਾਟ' ਦੇ ਖੂਨੀ ਸਾਕੇ ਦੀ ਬਣੀ ਹੋਈ ਸ਼ਹੀਦੀ ਯਾਦਗਾਰ ਅੱਜ ਵੀ ਬਾਬਾ ਜੀ ਦੀ ਅਗਵਾਈ ਵਿਚ ਵਾਪਰੇ ਇਸ ਸਾਕੇ ਦੀ ਯਾਦ ਨੂੰ ਤਾਜ਼ਾ ਕਰ ਰਹੀ ਹੈ।


bhagwansinghjohal@gmail.com

ਜਦੋਂ ਦਰਬਾਰ ਦੀ ਫ਼ੌਜ ਨੇ ਦੌੜੇ ਜਾਂਦੇ ਡੋਗਰਿਆਂ ਨੂੰ ਘੇਰਾ ਪਾਇਆ

ਉਸ ਪਤਝੜ ਦੀ ਰੁੱਤ ਅੰਗਰੇਜ਼ਾਂ ਨੇ ਪੰਜਾਬ ਉੱਪਰ ਹਮਲਾ ਨਹੀਂ ਕੀਤਾ ਤੇ ਕੁਝ ਹਫਤਿਆਂ ਬਾਅਦ ਖਿੱਚੋਤਾਣ ਖਤਮ ਹੋ ਗਈ। ਪੰਜਾਬ ਦੀ ਫੌਜ ਨੂੰ ਲਾਹੌਰ ਦੀ ਛਾਉਣੀ ਵਿਚ ਬੁਲਾ ਲਿਆ ਗਿਆ, ਜਿਥੇ ਆ ਕੇ ਉਹ ਦਰਬਾਰ ਦੀ ਸਿਆਸਤ ਵਿਚ ਦਿਲਚਸਪੀ ਲੈਣ ਲੱਗੀ। ਡੋਗਰਿਆਂ ਤੇ ਸਿੱਖਾਂ ਦੇ ਸੰਬੰਧਾਂ ਵਿਚ ਫਿਰ ਕਸ਼ੀਦਗੀ ਪੈਦਾ ਹੋ ਗਈ ਸੀ। ਇਸ ਵਾਰੀ ਇਸ ਦੀ ਸ਼ੁਰੂਆਤ ਪੰਡਿਤ ਜੱਲ੍ਹਾ ਨੇ ਰਾਣੀ ਜਿੰਦਾਂ ਦੇ ਚਾਲ-ਚਲਣ ਉੱਪਰ ਇਲਜ਼ਾਮ ਲਗਾ ਕੇ ਕੀਤੀ। ਰਾਣੀ ਦਾ ਨਾਂਅ ਬਹੁਤ ਸਾਰੇ ਦਰਬਾਰੀਆਂ ਨਾਲ ਜੋੜਿਆ ਗਿਆ, ਜਿਨ੍ਹਾਂ ਵਿਚੋਂ ਆਖਰੀ ਨਾਂਅ ਲਾਲ ਸਿੰਘ ਮਿਸਰ ਦਾ ਸੀ। ਕਿਹਾ ਗਿਆ ਕਿ ਉਸ ਦੇ ਹੱਥੋਂ ਰਾਣੀ ਗਰਭਵਤੀ ਹੋ ਗਈ ਸੀ। ਗਰਭ ਤਾਂ ਗਿਰਵਾ ਦਿੱਤਾ ਗਿਆ ਸੀ ਪਰ ਰਾਣੀ ਬਹੁਤ ਬਿਮਾਰ ਹੋ ਗਈ ਸੀ। ਇਹ ਗੱਲ ਖੁੱਲ੍ਹੇ ਦਰਬਾਰ ਵਿਚ ਕਹੀ ਗਈ ਕਿ ਜੇ ਰਾਣੀ ਮਰ ਗਈ ਤਾਂ ਮਿਸਰ ਲਾਲ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਪਰ ਰਾਣੀ ਬਚ ਗਈ ਤੇ ਉਸ ਨੇ ਅੰਮ੍ਰਿਤਸਰ ਤੋਂ ਆਪਣੇ ਭਰਾ ਜਵਾਹਰ ਸਿੰਘ ਨੂੰ ਬੁਲਾ ਲਿਆ। ਰਾਣੀ ਤੇ ਉਸ ਦੇ ਭਰਾ ਨੇ ਦਲੀਪ ਸਿੰਘ ਨੂੰ ਚੁੱਕਿਆ ਤੇ ਵੈਨਤੂਰਾ ਦੇ ਬਾਡੀ ਗਾਰਡਾਂ ਨਾਲ ਫੌਜੀ ਛਾਉਣੀ ਪਹੁੰਚ ਗਏ। ਰਾਣੀ ਨੇ ਇਕ ਜਜ਼ਬਾਤੀ ਤਕਰੀਰ ਵਿਚ ਕਿਹਾ ਕਿ ਉਸ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਤੇ ਜਾਂ ਫਿਰ ਡੋਗਰਾ ਤੇ ਜੱਲ੍ਹਾ ਦੀ ਜੁੰਡਲੀ ਵਿਚੋਂ ਕਿਸੇ ਇਕ ਨੂੰ ਚੁਣ ਲਵੋ। ਫੌਜੀ ਹੀਰਾ ਸਿੰਘ ਡੋਗਰਾ ਦੇ ਖ਼ਿਲਾਫ਼ ਸਨ ਕਿ ਅਜੇ ਕੱਲ੍ਹ ਹੀ ਉਸ ਨੇ ਉਨ੍ਹਾਂ ਦੇ 500 ਸਾਥੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਉਨ੍ਹਾਂ ਦੀਆਂ ਤਨਖਾਹਾਂ ਵੀ ਜ਼ਬਤ ਕਰ ਲਈਆਂ ਸਨ। ਉਨ੍ਹਾਂ ਜਿੰਦਾਂ ਤੇ ਉਸ ਦੇ ਬੇਟੇ ਨੂੰ ਚੁਣਿਆ ਅਤੇ ਹੀਰਾ ਸਿੰਘ ਤੇ ਜੱਲ੍ਹਾ ਨੂੰ ਪੰਜਾਬ ਵਿਚੋਂ ਕੱਢਣ ਦੀਆਂ ਕਸਮਾਂ ਖਾਧੀਆਂ।
ਖਤਰਨਾਕ ਹਾਲਾਤ ਨੂੰ ਭਾਂਪਦੇ ਹੋਏ ਹੀਰਾ ਸਿੰਘ ਨੇ ਗੁਲਾਬ ਸਿੰਘ ਅੱਗੇ ਮਦਦ ਦੀ ਗੁਹਾਰ ਲਗਾਈ। ਗੁਲਾਬ ਸਿੰਘ ਨੇ ਜਲਦੀ ਨਾਲ ਇਕ ਹਜ਼ਾਰ ਡੋਗਰਾ ਸਿਪਾਹੀ ਜੰਮੂ ਤੋਂ ਰਵਾਨਾ ਕਰ ਦਿੱਤੇ। ਪਹਾੜੀਆਂ ਦੀ ਇਸ ਤਰ੍ਹਾਂ ਫੌਜ ਦੇ ਕੂਚ ਦੀਆਂ ਖ਼ਬਰਾਂ ਨੇ ਹਾਲਾਤ ਹੋਰ ਖਰਾਬ ਕਰ ਦਿੱਤੇ, ਕਿਉਂਕਿ ਇਧਰ ਫੌਜ ਉਨ੍ਹਾਂ ਦੇ ਮੁਕਾਬਲੇ ਵਾਸਤੇ ਤਿਆਰ ਹੋ ਗਈ। ਹੀਰਾ ਸਿੰਘ ਤੇ ਜੱਲ੍ਹਾ ਪੰਚਾਂ ਨਾਲ ਗੱਲਬਾਤ ਕਰਨ ਦੇ ਬਹਾਨੇ ਕਿਲ੍ਹੇ ਵਿਚੋਂ ਬਾਹਰ ਨਿਕਲੇ ਪਰ ਉਹ ਅਚਾਨਕ ਰਾਵੀ ਤੋਂ ਪਾਰ ਸ਼ਾਹਦਰਾ ਨੂੰ ਮੁੜ ਗਏ। ਆਪਣੇ ਨਾਲ ਦੋ ਹਜ਼ਾਰ ਡੋਗਰਾ ਸਿਪਾਹੀ, ਬਹੁਤ ਸਾਰੇ ਹਾਥੀ, ਘੋੜੇ ਦੇ ਗੱਡਿਆਂ ਉੱਪਰ ਖਜ਼ਾਨਾ ਵੀ ਲੱਦਿਆ। ਦਰਬਾਰ ਦੀ ਫੌਜ ਦੇ ਦਸਤੇ ਇਨ੍ਹਾਂ ਦਾ ਪਿੱਛਾ ਕਰਨ ਵਾਸਤੇ ਰਵਾਨਾ ਹੋ ਗਏ।
ਦਰਬਾਰ ਦੀ ਫੌਜ ਨੇ ਦੌੜੇ ਜਾਂਦੇ ਡੋਗਰਿਆਂ ਨੂੰ ਲਾਹੌਰ ਤੋਂ ਸਿਰਫ 14 ਮੀਲ ਦੂਰ ਘੇਰ ਲਿਆ ਤੇ ਦੋਵਾਂ ਧਿਰਾਂ ਵਿਚ ਭਖਵੀਂ ਲੜਾਈ ਸ਼ੁਰੂ ਹੋ ਗਈ। ਪਹਿਲੇ ਹੱਲੇ ਮਰਨ ਵਾਲਿਆਂ ਵਿਚ ਪੰਡਿਤ ਜੱਲ੍ਹਾ ਸੀ, ਜਿਹੜਾ ਥਕਾਵਟ ਕਰਕੇ ਘੋੜੇ ਤੋਂ ਡਿੱਗ ਪਿਆ ਸੀ ਤੇ ਪਿੱਛਾ ਕਰਨ ਵਾਲਿਆਂ ਨੇ ਉਸ ਦੇ ਟੋਟੇ ਕਰ ਦਿੱਤੇ। ਮੀਆਂ ਲਾਭ ਸਿੰਘ ਨੂੰ ਉਮੀਦ ਸੀ ਕਿ ਉਸ ਦੇ ਮਾਲਕਾਂ ਨੂੰ ਅੱਗੋਂ ਆ ਰਹੀ ਡੋਗਰਾ ਫੌਜ ਬਚਾ ਲਵੇਗੀ। ਦਰਬਾਰ ਦੇ ਫੌਜੀਆਂ ਨੇ ਮੀਆਂ ਲਾਭ ਸਿੰਘ ਨੂੰ ਖ਼ਤਮ ਕਰਨ ਵਿਚ ਦੇਰ ਨਹੀਂ ਲਗਾਈ ਤੇ ਹੀਰਾ ਸਿੰਘ ਨੂੰ ਜਾ ਫੜਿਆ, ਜੋ ਇਕ ਪਿੰਡ ਵਿਚ ਲੁਕਿਆ ਹੋਇਆ ਸੀ। ਪਿੱਛਾ ਕਰਦੀ ਫੌਜ ਨੇ ਪਿੰਡ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਪਹਾੜੀਆਂ ਨੂੰ ਬਾਹਰ ਆਉਣਾ ਪਿਆ। ਕਰੀਬ ਇਕ ਹਜ਼ਾਰ ਡੋਗਰਾ ਸਿਪਾਹੀ ਉਸ ਲੜਾਈ ਵਿਚ ਮਾਰੇ ਗਏ। ਹੀਰਾ ਸਿੰਘ, ਪੰਡਿਤ ਜੱਲ੍ਹਾ ਤੇ ਮੀਆਂ ਲਾਭ ਸਿੰਘ ਦੇ ਸਿਰ ਨੇਜਿਆਂ ਉੱਪਰ ਟੰਗ ਕੇ ਲਾਹੌਰ ਦੀਆਂ ਗਲੀਆਂ ਵਿਚ ਘੁੰਮਾਏ ਗਏ। ਇਹ ਵਾਕਿਆ 21 ਦਸੰਬਰ, 1844 ਦਾ ਸੀ।
ਹੀਰਾ ਸਿੰਘ ਡੋਗਰਾ ਆਪਣੇ ਪਿਤਾ ਦੀ ਤਰ੍ਹਾਂ ਹੀ ਬਹੁਤ ਵਿਵਾਦਗ੍ਰਸਤ ਵਿਅਕਤੀ ਸੀ। ਕਰਨਲ ਗਾਰਡਨਰ ਦੇ ਅਨੁਸਾਰ ਉਹ ਆਪਣੇ ਤੋਂ ਉਪਰਲਿਆਂ ਅੱਗੇ ਹਮੇਸ਼ਾ ਦੁਬਕਿਆ ਜਿਹਾ ਤੇ ਆਗਿਆਕਾਰ ਰਹਿੰਦਾ ਸੀ, ਆਪਣੇ ਬਰਾਬਰ ਦੇ ਵਾਲਿਆਂ ਵਿਚ ਹਮੇਸ਼ਾ ਸ਼ੱਕੀ ਅਤੇ ਆਪਣਿਆਂ ਤੋਂ ਹੇਠਲਿਆਂ ਪ੍ਰਤੀ ਹਮੇਸ਼ਾ ਧੌਂਸ ਤੇ ਰੋਅਬ ਵਾਲਾ ਰਵੱਈਆ ਰੱਖਦਾ। ਉਹ ਹਮੇਸ਼ਾ ਫੂਕ ਛਕਦਾ ਤੇ ਵਡਿਆਈ ਸੁਣ ਕੇ ਖੁਸ਼ ਹੁੰਦਾ ਤੇ ਆਪਣੇ-ਆਪ ਨੂੰ ਵਡਿਆਈ ਦਾ ਹੱਕਦਾਰ ਸਮਝਦਾ। ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਾਸ ਚਹੇਤੇ ਹੋਣ ਦਾ ਵੀ ਹਮੇਸ਼ਾ ਮਾਣ ਰਿਹਾ। ਉਹ ਆਪਣੇ-ਆਪ ਨੂੰ ਅੰਗਰੇਜ਼ੀ, ਫਾਰਸੀ ਤੇ ਸੰਸਕ੍ਰਿਤ ਦਾ ਚੰਗਾ ਜਾਣਕਾਰ ਸਮਝਦਾ, ਹਾਲਾਂਕਿ ਉਹ ਇਸ ਤਰ੍ਹਾਂ ਸੀ ਨਹੀਂ। ਫਿਰ ਵੀ ਉਹ ਅਕਸਰ ਬਹੁਤ ਸਮਝਦਾਰ ਤੇ ਮੁਸੀਬਤਾਂ ਵੇਲੇ ਹਿੰਮਤ ਨਾ ਹਾਰਨ ਵਾਲਾ ਸੀ। ਜੇ ਹਾਲਾਤ ਉਸ ਦੇ ਹੱਕ ਵਿਚ ਕਰਵਟ ਬਦਲਦੇ ਤਾਂ ਉਹ ਲਾਹੌਰ ਦਾ ਪਹਿਲਾ ਡੋਗਰਾ ਸਿੱਖ ਮਹਾਰਾਜਾ ਵੀ ਬਣ ਸਕਦਾ ਸੀ। ਹੀਰਾ ਸਿੰਘ ਦੀ ਯਾਦਗਾਰ ਲਾਹੌਰ ਦੇ ਲੋਕਾਂ ਨੇ ਸੰਭਾਲੀ ਤੇ ਜਿਸ ਜਗ੍ਹਾ ਉਹ ਰਹਿੰਦਾ ਸੀ, ਉਸ ਦਾ ਨਾਂਅ 'ਹੀਰਾ ਮੰਡੀ' ਰੱਖਿਆ ਗਿਆ। ਅੰਗਰੇਜ਼ੀ ਰਾਜ ਦੇ ਸਮੇਂ ਇਹ ਇਲਾਕਾ ਵੇਸਵਾ ਕਿੱਤੇ ਨਾਲ ਜੁੜਿਆ ਰਿਹਾ। ਅਸਲ ਵਿਚ ਇਹ ਪੰਡਿਤ ਜੱਲ੍ਹਾ ਹੀ ਸੀ ਜਿਸ ਦੀ ਵਜ੍ਹਾ ਨਾਲ ਹੀਰਾ ਸਿੰਘ ਦਾ ਅੰਤ ਹੋਇਆ। ਜੱਲ੍ਹਾ ਦੀ ਯਾਦ ਨਫਰਤ ਨਾਲ ਭਰੀ ਰਹੀ-
'ਉੱਪਰ ਅੱਲ੍ਹਾ, ਥੱਲੇ ਜੱਲ੍ਹਾ,
ਜੱਲ੍ਹੇ ਦੇ ਸਿਰ 'ਤੇ ਖੱਲ੍ਹਾ।'
ਇਥੇ ਖੱਲ੍ਹਾ ਦਾ ਮਤਲਬ ਖੱਲ ਦਾ ਜੁੱਤਾ ਹੈ।
ਜੱਲ੍ਹਾ ਦਾ ਨਾਂਅ ਫਿਰ ਵੀ ਇਕ ਹੋਰ ਤਰੀਕੇ ਨਾਲ ਅਮਰ ਹੋ ਗਿਆ। ਜ਼ਮੀਨ ਦਾ ਇਕ ਖੁੱਲ੍ਹਾ ਪਲਾਟ ਜੋ ਜੱਲ੍ਹਾ ਦੇ ਕੋਲ ਅੰਮ੍ਰਿਤਸਰ ਵਿਚ ਸੀ, ਉਹੀ ਜੱਲ੍ਹਿਆਂ ਵਾਲਾ ਬਾਗ ਦੇ ਨਾਂਅ ਉੱਪਰ ਸਾਰੀ ਦੁਨੀਆ ਦੇ ਇਤਿਹਾਸ ਵਿਚ ਦਰਜ ਹੋ ਗਿਆ। ਜਨਰਲ ਡਾਇਰ ਨੇ ਉਥੇ ਹੋ ਰਹੀ ਨਿਹੱਥੇ ਲੋਕਾਂ ਦੀ ਸਭਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਸ ਵਿਚ 300 ਦੇ ਕਰੀਬ ਆਦਮੀ, ਔਰਤਾਂ ਤੇ ਬੱਚੇ ਵੀ ਮਾਰੇ ਗਏ ਸਨ। ਜੱਲ੍ਹਿਆਂ ਵਾਲਾ ਬਾਗ ਦੇ ਇਹ ਕਤਲ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਇਕ ਮੀਲ ਪੱਥਰ ਬਣ ਗਏ, ਕਿਉਂਕਿ ਲੋਕ ਅੰਗਰੇਜ਼ ਹਕੂਮਤ ਦੇ ਵਿਰੁੱਧ ਹੋ ਗਏ ਸਨ।

ਕੋਹੇਨੂਰ ਹੀਰੇ 'ਤੇ ਦਾਅਵੇਦਾਰੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੀ ਪੁੱਤਰੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਵਲੋਂ ਦਿੱਲੀ ਸਥਿਤ ਭਾਰਤ ਦੀ ਫੈਡਰਲ (ਕੇਂਦਰ ਸਮਰਥਕ) ਅਦਾਲਤ ਵਿਚ ਕੋਹੇਨੂਰ ਹੀਰਾ ਬ੍ਰਿਟੇਨ ਪਾਸੋਂ ਮੰਗਵਾਉਣ ਲਈ 13 ਜੁਲਾਈ, 1946 ਨੂੰ ਕਾਨੂੰਨੀ ਲੜਾਈ ਦੀ ਸ਼ੁਰੂਆਤ ਕਰਦਿਆਂ ਮੁਕੱਦਮਾ ਦਰਜ ਕਰਵਾਇਆ ਸੀ। ਸ਼ਹਿਜ਼ਾਦੀ ਅਤੇ ਮਹਾਰਾਜਾ ਦਲੀਪ ਸਿੰਘ ਦੁਆਰਾ ਲੰਬੀ ਕਾਨੂੰਨੀ ਲੜਾਈ ਲੜਨਾ; ਇਸ ਸੱਚ ਦਾ ਗਵਾਹ ਹੈ ਕਿ ਦਲੀਪ ਸਿੰਘ ਜਾਣਦਾ ਸੀ ਕਿ ਉਸ ਪਾਸੋਂ ਕੋਹੇਨੂਰ ਧੋਖੇ ਨਾਲ ਖੋਹਿਆ ਗਿਆ ਹੈ ਅਤੇ ਉਸ 'ਤੇ ਬ੍ਰਿਟੇਨ ਦਾ ਕੋਈ ਹੱਕ ਨਹੀਂ ਹੈ।
ਕੋਹੇਨੂਰ ਹੀਰੇ ਦੀ ਇਕ ਖ਼ਾਸੀਅਤ ਇਹ ਵੀ ਰਹੀ ਹੈ ਕਿ ਇਹ ਹੀਰਾ ਕਈ ਸਲਤਨਤਾਂ ਅਤੇ ਸ਼ਾਹੀ ਤਖ਼ਤਾਂ ਦੀ ਸ਼ਾਨ ਬਣਿਆ, ਪਰ ਇਹ ਹੀਰਾ ਨਾ ਕਦੇ ਵਿਕਿਆ ਅਤੇ ਨਾ ਹੀ ਕਦੇ ਕਿਸੇ ਹਾਕਮ ਦੁਆਰਾ ਇਹ ਖ਼ਰੀਦਿਆ ਗਿਆ। ਇਹ ਹੀਰਾ ਹਮੇਸ਼ਾ ਇਕ ਬਾਦਸ਼ਾਹ ਪਾਸੋਂ ਦੂਸਰੇ ਤਾਕਤਵਰ ਬਾਦਸ਼ਾਹ ਜਾਂ ਹੁਕਮਰਾਨ ਵਲੋਂ ਖੋਹਿਆ ਜਾਂਦਾ ਰਿਹਾ ਹੈ। ਸਿਰਫ਼ ਇਕ ਮਹਾਰਾਜਾ ਰਣਜੀਤ ਸਿੰਘ ਹੀ ਸੀ, ਜਿਸ ਨੇ ਸ਼ਾਹ ਸੁਜਾ ਦੁਰਾਨੀ ਨੂੰ ਕਸ਼ਮੀਰ ਦੇ ਗਵਰਨਰ ਦੀ ਕੈਦ ਵਿਚੋਂ ਆਜ਼ਾਦ ਕਰਵਾਉਣ ਦੇ ਨਾਲ-ਨਾਲ ਸ਼ਾਹ ਨੂੰ ਕੋਹੇਨੂਰ ਹੀਰੇ ਦੇ ਬਦਲੇ ਤਿੰਨ ਲੱਖ ਰੁਪਏ ਨਕਦ ਅਤੇ 50 ਹਜ਼ਾਰ ਰੁਪਏ ਦੀ ਪਿੰਡ ਕੋਟ ਕਮਾਲੀਆ, ਝੰਗ ਅਤੇ ਸਿਆਲ, ਕਲਾਨੌਰ ਆਦਿ ਦੇ ਕੁਝ ਪਿੰਡਾਂ ਦੀ ਸਾਲਾਨਾ ਜਾਗੀਰ ਦੇ ਕੇ 1 ਜੂਨ, 1813 ਨੂੰ ਇਹ ਹੀਰਾ ਪ੍ਰਾਪਤ ਕੀਤਾ। ਇਤਿਹਾਸ ਵਿਚ ਦਰਜ ਹੈ ਕਿ ਸ਼ਾਹ ਸੁਜਾ ਪਾਸੋਂ ਕੋਹੇਨੂਰ ਹੀਰਾ ਪ੍ਰਾਪਤ ਕਰਨ ਦੇ ਬਾਅਦ ਮਹਾਰਾਜਾ ਦੁਆਰਾ ਸ਼ਾਹ ਪਾਸੋਂ ਇਸ ਹੀਰੇ ਦੀ ਕੀਮਤ ਸਬੰਧੀ ਪੁੱਛਣ 'ਤੇ ਸ਼ਾਹ ਨੇ ਜਵਾਬ ਦਿੱਤਾ ਸੀ ਕਿ ਮਹਾਰਾਜਾ ਇਸ ਦੀ ਕੀਮਤ ਡਾਂਗ (ਸੋਟੀ) ਹੈ। ਮੇਰੇ ਵਡੇਰਿਆਂ ਦੀ ਡਾਂਗ ਵਿਚ ਦਮ ਸੀ ਅਤੇ ਉਨ੍ਹਾਂ ਉਸੇ ਡਾਂਗ ਦੀ ਧੌਂਸ ਨਾਲ ਕਿਸੇ ਹੋਰ ਪਾਸੋਂ ਇਹ ਹੀਰਾ ਖੋਹ ਲਿਆ ਅਤੇ ਹੁਣ ਤੁਹਾਡੀ ਡਾਂਗ ਵਿਚ ਦਮ ਹੈ ਅਤੇ ਤੁਸੀਂ ਇਹ ਹੀਰਾ ਮੇਰੇ ਕੋਲੋਂ ਖੋਹ ਲਿਆ; ਕੱਲ੍ਹ ਨੂੰ ਕੋਈ ਹੋਰ ਵੱਡਾ ਸ਼ਕਤੀਸ਼ਾਲੀ ਸ਼ਾਸਕ ਆਏਗਾ ਅਤੇ ਉਹ ਇਸੇ ਡਾਂਗ ਦੇ ਦਮ 'ਤੇ ਤੁਹਾਡੇ ਤੋਂ ਇਹ ਹੀਰਾ ਖੋਹ ਲਏਗਾ।
ਕੋਹੇਨੂਰ ਹੀਰਾ, ਜਿਸ ਦਾ ਅਸਲ ਨਾਂਅ 'ਸਾਮੰਤਕ ਮਣੀ' ਹੈ; ਇਤਿਹਾਸਕ ਤੱਥਾਂ ਅਨੁਸਾਰ 13ਵੀਂ ਸਦੀ ਵਿਚ ਆਂਧਰਾ ਪ੍ਰਦੇਸ਼ ਦੇ ਮੌਜੂਦਾ ਸ਼ਹਿਰ ਗੁੰਟੂਰ ਦੀ ਗੋਲਕੁੰਡਾ ਕੋਲਾ ਖਾਣ ਦੀ ਖੁਦਾਈ ਦੌਰਾਨ ਕਾਕਤੀਆ ਰਾਜਵੰਸ਼ ਨੂੰ ਪ੍ਰਾਪਤ ਹੋਈ। ਰਾਜਾ ਪ੍ਰਤਾਪ ਰੁਦ੍ਰ ਨੂੰ ਹਰਾ ਕੇ ਇਹ ਗਿਆਸੁਦੀਨ ਤੁਗਲਕ ਦੇ ਪੁੱਤਰ ਉਲ਼ੰਘ ਖ਼ਾਂ ਨੇ ਪ੍ਰਾਪਤ ਕੀਤੀ। ਉਸ ਦੇ ਬਾਅਦ ਇਹ ਅਲਾਉਦੀਨ ਖ਼ਿਲਜ਼ੀ, ਮੁਹੰਮਦ-ਬਿਨ-ਤੁਗਲਕ, ਸੁਲਤਾਨ ਇਬਰਾਹਿਮ ਲੋਧੀ, ਬਾਬਰ, ਅਕਬਰ, ਸ਼ਾਹ ਜਹਾਨ, ਔਰੰਗਜ਼ੇਬ ਅਤੇ ਮੁਗ਼ਲੀਆ ਸਲਤਨਤ ਦੇ ਆਖ਼ਰੀ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੇ ਪਾਸ ਲੰਬੇ ਸਮੇਂ ਤੱਕ ਰਹਿਣ ਦੇ ਬਾਅਦ ਸੰਨ 1739 ਵਿਚ ਉਸ ਪਾਸੋਂ ਇਹ ਮਣੀ ਫ਼ਾਰਸੀ ਹਮਲਾਵਰ ਨਾਦਰ ਸ਼ਾਹ ਈਰਾਨੀ ਨੂੰ ਪ੍ਰਾਪਤ ਹੋਈ। ਨਾਦਰ ਸ਼ਾਹ ਨੇ ਪਹਿਲੀ ਵਾਰ ਇਸ ਮਣੀ ਨੂੰ 'ਕੋਹੇਨੂਰ' (ਰੌਸ਼ਨੀ ਦਾ ਪਹਾੜ) ਦਾ ਨਾਂਅ ਦਿੱਤਾ।
ਫਿਲਹਾਲ ਕੋਹੇਨੂਰ 'ਤੇ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਈਰਾਨ ਦੀ ਦਾਅਵੇਦਾਰੀ ਨੂੰ ਲੈ ਕੇ ਬ੍ਰਿਟੇਨ ਆਪਣਾ ਪੱਖ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਬ੍ਰਿਟੇਨ ਦੇ ਸ਼ਾਹੀ ਤਾਜ ਵਿਚ ਜੜੇ ਜਾ ਚੁੱਕੇ ਕੋਹੇਨੂਰ ਹੀਰੇ 'ਤੇ ਹੁਣ ਸਿਰਫ਼ ਬ੍ਰਿਟੇਨ ਦਾ ਹੀ ਅਧਿਕਾਰ ਹੈ ਅਤੇ ਬ੍ਰਿਟੇਨ ਇਕ ਵਾਰ ਲਈ ਚੀਜ਼ ਮੁੜ ਵਾਪਸ (ਰਿਟਰਨ) ਕਰਨ 'ਚ ਭਰੋਸਾ ਨਹੀਂ ਰੱਖਦਾ। ਅਰਥ ਸਾਫ਼ ਹਨ ਕਿ ਬ੍ਰਿਟੇਨ ਭਾਰਤ ਦੀ ਅਮਾਨਤ 'ਕੋਹੇਨੂਰ ਹੀਰਾ' ਭਾਰਤ ਨੂੰ ਆਸਾਨੀ ਨਾਲ ਵਾਪਸ ਨਹੀਂ ਦਏਗਾ। ਉਪਰੋਕਤ ਸਭ ਦੇ ਚਲਦਿਆਂ ਇਹ ਵੀ ਇਕ ਬਹੁਤ ਵੱਡਾ ਸੱਚ ਹੈ ਕਿ ਜਦੋਂ ਤੱਕ ਇਸ ਹੀਰੇ ਦੀ ਦਾਅਵੇਦਾਰੀ ਨੂੰ ਲੈ ਕੇ ਮਾਮਲਾ ਕਿਸੇ ਸਹਿਮਤੀ ਵਾਲੇ ਨਤੀਜੇ 'ਤੇ ਨਹੀਂ ਪਹੁੰਚ ਜਾਂਦਾ, ਤਦ ਤੱਕ ਫ਼ਿਜ਼ਾ ਵਿਚ ਦਾਅਵੇਦਾਰੀਆਂ ਦੀ ਧੂੜ ਉਡਦੀ ਰਹੇਗੀ ਅਤੇ ਕੋਹੇਨੂਰ 'ਤੇ ਹੱਕ ਅਤੇ ਦਾਅਵੇਦਾਰੀਆਂ ਦਾ ਸਿਲਸਿਲਾ ਜਾਰੀ ਰਹੇਗਾ।


-ਅੰਮ੍ਰਿਤਸਰ। ਮੋਬਾ: 93561-27771

ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ

ਸੰਤ ਬਾਬਾ ਇਕਬਾਲ ਸਿੰਘ ਦਾ ਜਨਮ ਸ: ਸਨਵਾਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਲਾਬ ਕੌਰ ਦੀ ਕੁੱਖੋਂ 1 ਮਈ, 1926 ਈਸਵੀ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਰਿਆਲ ਲਹਿਰੀ ਵਿਖੇ ਹੋਇਆ। ਆਪ ਨੇ ਗੁਰਮੁੱਖ ਪਰਿਵਾਰ ਤੋਂ ਅਧਿਆਤਮਿਕ ਪ੍ਰੇਮ ਪ੍ਰਾਪਤ ਕਰਕੇ ਅਤੇ ਆਪਣੇ ਮਾਤਾ ਜੀ ਪਾਸੋਂ ਗੁਰੂ ਸਾਹਿਬਾਨ ਦੀਆਂ ਸਾਖੀਆ ਸੁਣ ਕੇ ਆਪ ਦੇ ਰੋਮ-ਰੋਮ 'ਚ ਗੁਰਬਾਣੀ ਨਾਲ ਪ੍ਰੇਮ, ਸ਼ਰਧਾ ਅਤੇ ਸਤਿਕਾਰ ਬਚਪਨ ਤੋਂ ਹੀ ਪੈਦਾ ਹੋ ਗਏ। ਮੁੱਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਆਪ ਨੇ ਖ਼ਾਲਸਾ ਕਾਲਜ ਲਾਇਲਪੁਰ (ਪਾਕਿਸਤਾਨ) ਤੋਂ ਬੀ.ਐਸ.ਸੀ. ਐਗਰੀਕਲਚਰ ਦੀ ਪੜ੍ਹਾਈ ਪੂਰੀ ਕੀਤੀ। ਕਾਲਜ ਪੜ੍ਹਦੇ ਸਮੇਂ ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਦਾ ਲੈਕਚਰ ਸੁਣ ਕੇ ਆਪ ਇੰਨੇ ਪ੍ਰਭਾਵਿਤ ਹੋਏ ਕਿ ਆਪ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਾਉਂਟਾ ਸਾਹਿਬ ਵਿਖੇ ਸੰਤ ਤੇਜਾ ਸਿੰਘ ਨੂੰ ਉਚੇਚੇ ਤੌਰ 'ਤੇ ਮਿਲਣ ਗਏ। ਆਪ ਨੇ ਸੰਤਾਂ ਨੂੰ ਮਿਲਣ ਤੋਂ ਬਾਅਦ ਆਪਣਾ ਸਮੁੱਚਾ ਜੀਵਨ ਗੁਰੂ ਪੰਥ ਲਈ ਸਮਰਪਣ ਕਰਨ ਦਾ ਦ੍ਰਿੜ੍ਹ ਸੰਕਲਪ ਕਰ ਲਿਆ। ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਮ.ਐਸ.ਸੀ. ਐਗਰੀਕਲਚਰ ਕਰਨ ਦੌਰਾਨ ਅਕਸਰ ਹੀ ਘਰ ਜਾਣ ਦੀ ਬਜਾਇ ਸੰਤ ਜੀ ਪਾਸ ਪਾਉਂਟਾ ਸਾਹਿਬ ਚਲੇ ਜਾਂਦੇ।
ਆਪ ਨੇ ਐਮ.ਐਸ.ਸੀ. ਦੀ ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਸੰਤ ਜੀ ਦਾ ਵਚਨ ਮੰਨ ਕੇ ਖੇਤੀਬਾੜੀ ਮਹਿਕਮੇ 'ਚ ਸੰਨ 1956 'ਚ ਬਤੌਰ ਰੀਸਰਚ ਅਸਿਸਟੈਟ ਹਾਂਸੀ (ਹਰਿਆਣਾ) ਵਿਖੇ ਸਰਕਾਰੀ ਨੌਕਰੀ ਦੀ ਨਿਯੁਕਤੀ ਪ੍ਰਾਪਤ ਕਰ ਲਈ ਅਤੇ ਸੰਨ 1977 ਈਸਵੀ 'ਚ ਆਪ ਤਰੱਕੀ ਪ੍ਰਾਪਤ ਕਰਕੇ ਖੇਤੀਬਾੜੀ ਡਾਇਰੈਕਟਰ ਬਣੇ। ਆਪ ਦੇ ਨਾਲ ਸੰਤ ਜੀ ਨੇ ਇਹ ਗੱਲ ਕਈ ਵਾਰ ਸਾਂਝੀ ਕੀਤੀ ਕਿ ਹਿਮਾਲਿਆ ਦੀਆਂ ਪਹਾੜੀਆਂ 'ਚ ਖ਼ਾਲਸੇ ਦੀ ਗੁਪਤ ਤਪੋ ਭੂਮੀ ਹੈ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਚਾਹੁੰਦੇ ਸਨ ਕਿ ਇਹ ਅਸਥਾਨ ਅਧਿਆਤਮਿਕ ਵਿੱਦਿਆ ਦਾ ਮਹਾਨ ਕੇਂਦਰ ਬਣੇ। ਜਦੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਵੰਡ ਹੋਈ ਤਾਂ ਆਪ ਨੇ ਹਿਮਾਚਲ ਪ੍ਰਦੇਸ਼ 'ਚ ਉਕਤ ਮਹਾਨ ਕਾਰਜ ਲਈ ਬਦਲੀ ਕਰਵਾਉਣੀ ਠੀਕ ਸਮਝੀ, ਜਦੋਂ ਕਿ ਖੇਤੀਬਾੜੀ ਦੇ ਉੱਚ-ਅਫਸਰਾਂ ਨੇ ਵੀ ਆਪ ਨੂੰ ਸਮਝਾਇਆ ਕਿ ਹਿਮਾਚਲ 'ਚ ਖੇਤੀਬਾੜੀ ਇੰਸਪੈਕਟਰ ਦਾ ਭਵਿੱਖ ਜ਼ਿਆਦਾ ਵਧੀਆ ਨਹੀਂ ਹੈ ਪਰ ਇਲਾਹੀ ਧੁੰਨ 'ਚ ਆਪ ਨੇ ਹਿਮਾਚਲ ਜਾ ਕੇ ਤਪੋ ਭੂਮੀ ਦੀ ਭਾਲ ਕਰਨਾ ਆਪਣਾ ਸੁਭਾਗ ਸਮਝਿਆ। ਆਪ ਹਿਮਾਚਲ ਪ੍ਰਦੇਸ਼ 'ਚ ਨੌਕਰੀ ਕਰਦੇ ਸਮੇਂ ਬਹੁਤ ਹੀ ਸਾਦਾ ਜੀਵਨ ਬਤੀਤ ਕਰਦੇ ਹੋਏ ਨਾਮ ਬਾਣੀ, ਸਿਮਰਨ ਨਾਲ ਜੁੜੇ ਰਹੇ ਅਤੇ ਆਪਣੀ ਤਨਖਾਹ ਵੀ ਲੋੜਵੰਦਾਂ 'ਚ ਵੰਡ ਦਿੰਦੇ। ਗੁਰੂ ਦੇ ਪ੍ਰੇਮ ਵਾਲਾ ਜੀਵਨ ਹੋਣ ਕਾਰਨ ਉਹ ਹਿਮਾਚਲ ਪ੍ਰਦੇਸ਼ ਦੇ ਪਹਾੜੀ ਲੋਕਾਂ ਦੇ ਦਿਲ 'ਚ ਵਸ ਗਏ।
ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਦੇ ਆਸ਼ੇ ਅਨੁਸਾਰ ਉਨ੍ਹਾਂ ਨੇ ਸੰਨ 1956 'ਚ ਗੁਰਦੁਆਰਾ ਬੜੂ ਸਾਹਿਬ ਦੀ ਆਰੰਭਤਾ ਸਮੇਂ 400 ਏਕੜ ਜ਼ਮੀਨ ਸੰਤ ਬਾਬਾ ਤੇਜਾ ਸਿੰਘ ਦੇ ਕਹਿਣ 'ਤੇ ਕਲਗੀਧਰ ਟਰੱਸਟ ਦੇ ਨਾਂਅ ਖਰੀਦੀ। ਆਪ ਕਲਗੀਧਰ ਟਰੱਸਟ ਦੇ ਪ੍ਰਧਾਨ ਨਿਯੁਕਤ ਹੋਏ। ਜਦੋਂ ਸੰਤ ਬਾਬਾ ਤੇਜਾ ਸਿੰਘ ਸੰਨ 1965 'ਚ ਅਕਾਲ ਚਲਾਣਾ ਕਰ ਗਏ ਤਾਂ ਸਾਰੀ ਜ਼ਿੰਮੇਵਾਰੀ ਆਪ 'ਤੇ ਆ ਪਈ। ਸੰਨ 1986 'ਚ ਆਪ ਨੇ ਕੇਵਲ ਪੰਜ ਬੱਚਿਆਂ ਨਾਲ ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਸਥਾਪਤ ਕੀਤੀ ਅਤੇ ਸੰਨ 1989 'ਚ ਇਸ ਅਕੈਡਮੀ ਨੂੰ ਸੀ.ਬੀ.ਐਸ.ਈ. ਤੋਂ ਮਾਨਤਾ ਮਿਲਣ ਤੋਂ ਬਾਅਦ ਆਪ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਸੰਨ 1993 'ਚ ਪੰਜਾਬ 'ਚ ਪਹਿਲੀ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ (ਸੰਗਰੂਰ) ਵਿਖੇ ਸਥਾਪਤ ਕੀਤੀ। ਇਸ ਤੋਂ ਬਾਅਦ ਆਪ ਨੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂ.ਪੀ. ਆਦਿ ਰਾਜਾਂ 'ਚ ਵੀ 129 ਅਕਾਲ ਅਕੈਡਮੀਆਂ ਖੋਲ੍ਹੀਆਂ। ਬਾਬਾ ਜੀ ਦੀ ਮਿਹਨਤ ਅਤੇ ਦੂਰ ਦ੍ਰਿਸ਼ਟੀ ਸਦਕਾ ਅੱਜ 129 ਅਕਾਲ ਅਕੈਡਮੀਆਂ, ਦੋ ਯੂਨੀਵਰਸਿਟੀਆਂ, ਅਕਾਲ ਚੈਰੀਟੇਬਲ ਹਸਪਤਾਲ, ਅਕਾਲ ਨਸ਼ਾ ਛੁਡਾਉ ਕੇਂਦਰ, ਨਾਰੀ ਸ਼ਸਤਰੀਕਰਨ ਕੇਂਦਰ ਅਤੇ ਅਕਾਲ ਗੁਰਮਤਿ ਵਿਦਿਆਲਾ ਆਦਿ ਸਫਲਤਾਪੂਰਵਕ ਚੱਲ ਰਹੇ ਹਨ। ਸੰਤ ਬਾਬਾ ਇਕਬਾਲ ਸਿੰਘ ਨੂੰ ਉਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਜਿਥੇ ਹੋਰਨਾਂ ਵੱਖ-ਵੱਖ ਸੰਸਥਾਵਾਂ ਵਲੋਂ ਵੱਡੇ ਮਾਣ-ਸਨਮਾਨ ਦੇ ਕੇ ਸਨਮਾਨਿਆ ਜਾ ਚੁੱਕਾ ਹੈ, ਉਥੇ ਨਾਲ ਹੀ ਤਖ਼ਤ ਸੀ੍ਰ ਹਰਿਮੰਦਰ ਪਟਨਾ ਸਾਹਿਬ ਵਲੋਂ ਉਨ੍ਹਾਂ ਨੂੰ 'ਸ਼੍ਰੋਮਣੀ ਪੰਥ ਰਤਨ' ਦਾ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਹੈ।


-ਹੀਰੋ ਖੁਰਦ, ਧਰਮਗੜ੍ਹ (ਸੰਗਰੂਰ)। ਮੋਬਾ: 95014-07381
chahalajit333@rediffmail.com

ਚਾਰ ਬਾਗ-ਏ-ਪੰਜਾਬ ਦਾ ਸੂਫ਼ੀ ਪ੍ਰਸੰਗ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸੇ ਤਰ੍ਹਾਂ ਕਿਲ੍ਹਾ ਸੋਭਾ ਸਿੰਘ ਵਿਚ ਬਲਾਕ ਸ਼ਾਹ ਦੀ ਖਾਨਗਾਹ, ਪਸਰੂਰ ਵਿਚ ਮੀਆਂ ਬਰਖੁਰਦਾਰ ਦਾ ਮਜ਼ਾਰ, ਸਿਆਲਕੋਟ ਵਿਚ ਵਲੀਆਂ ਦੇ ਬਹੁਤ ਸਾਰੇ ਮਜ਼ਾਰਾਂ ਤੋਂ ਇਲਾਵਾ ਇਮਾਮ ਅਲੀ, ਮੀਰ ਭੀਲ ਸ਼ਹੀਦ, ਸ਼ਾਹ ਮੂੰਗਾਵਲੀ, ਸੱਯਦ ਸੁਰਖ, ਹਜ਼ਰਤ ਹਮਜ਼ਾ ਗੌਂਸ ਅਤੇ ਸੱਯਦ ਨਾਦਰ ਅਤੇ ਸਰਮਸਤ ਦੀਆਂ ਖਾਨਗਾਹਾਂ, ਵਜ਼ੀਰਾਬਾਦ ਵਿਚ ਬਾਕੀਸ਼ਾਹ ਦਾ ਮਜ਼ਾਰ ਅਤੇ ਦਾਇਮ ਸ਼ਾਹ ਦੀ ਖਾਨਗਾਹ, ਐਮਨਾਬਾਦ ਦੇ ਇਲਾਕੇ ਦੇ ਪਿੰਡ ਬਹਾਉਦੀਨ ਵਿਚ ਬਹਾਉਦੀਨ ਦੀ ਖਾਨਗਾਹ, ਸ਼ੇਖੂਪੁਰਾ ਵਿਚ ਪੀਰ ਜਮਾਲਗਾਹ ਦੀ ਖਾਨਗਾਹ, ਪੀਰ ਬਾਬਾ ਹਜਾਰੀ ਅਤੇ ਪੀਰ ਫਤਿਹਦੀਨ, ਲਾਹੌਰ ਵਿਚ ਦਾਤਾ ਗੰਜ ਬਖਸ਼ ਅਲੀ ਹਜਵੀਰੀ ਦੀ ਖਾਨਗਾਹ, ਸ਼ਾਹ ਅਬੂ ਅਲਮਾਲੀ ਦਾ ਮਜ਼ਾਰ, ਮਾਧੋ ਲਾਲ ਹੁਸੈਨ ਦਾ ਮਜ਼ਾਰ ਅਤੇ ਸੱਯਦ ਮਿੱਠਾ ਦੀ ਖਾਨਗਾਹ, ਪਾਕਪਟਨ ਵਿਚ ਸ਼ੇਖ ਫਰੀਦ ਗੰਜ-ਏ-ਸ਼ੱਕਰ, ਜਲੰਧਰ ਵਿਚ ਇਮਾਮ ਨਾਸਿਰਉਦੀਨ ਅਤੇ ਸਿਕੰਦਰ ਸ਼ਾਹ ਦੀਆਂ ਖਾਨਗਾਹਾਂ। ਇਹ ਸਾਰੇ ਸਥਾਨ ਸ਼ੁੱਭ ਮੰਨੇ ਜਾਂਦੇ ਹਨ ਅਤੇ ਬਹੁਤ ਸਾਰੇ ਅਨੁਯਾਈ ਇਨ੍ਹਾਂ ਸਥਾਨਾਂ ਦੀ ਯਾਤਰਾ ਕਰਦੇ ਹਨ।
ਸੂਫ਼ੀਆਂ ਵਿਚੋਂ ਗਣੇਸ਼ ਦਾਸ ਸਖੀ ਸਰਵਰ ਦਾ ਬਿਰਤਾਂਤ ਵਧੇਰੇ ਦਿਲਚਸਪੀ ਨਾਲ ਦਿੰਦਾ ਹੈ। ਇਹ ਇਕ ਮੁਸਲਮਾਨ ਪੀਰ ਸੀ, ਜਿਸ ਦੀ ਦਰਗਾਹ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦੇ ਪਿੰਡ ਨਿਗਾਹਾਂ ਵਿਚ ਬਣੀ ਹੋਈ ਹੈ। ਸਖੀ ਸਰਵਰ ਦਾ ਅਸਲ ਨਾਂਅ ਸੱਯਦ ਅਹਿਮਦ ਸੀ। ਇਸ ਦੇ ਪਿਤਾ ਦਾ ਨਾਂਅ ਜੈਨੁਲ ਆਬਦੀਨ ਅਤੇ ਮਾਤਾ ਦਾ ਨਾਂਅ ਆਇਸ਼ਾ ਸੀ। ਇਸ ਦਾ ਪਿਤਾ ਸੰਨ 1220 ਈ: ਵਿਚ ਬਗਦਾਦ ਤੋਂ ਭਾਰਤ ਆਇਆ ਅਤੇ ਮੁਲਤਾਨ ਦੇ ਨੇੜੇ ਸਿਆਲਕੋਟ ਨਾਂਅ ਦੇ ਪਿੰਡ ਵਿਚ ਰਹਿਣ ਲੱਗ ਪਿਆ। ਉਸ ਦੇ ਤਿੰਨ ਭਰਾ ਹੋਰ ਵੀ ਸਨ। ਬਚਪਨ ਤੋਂ ਹੀ ਇਸ ਦੀ ਰੁਚੀ ਅਧਿਆਤਮਕਤਾ ਵੱਲ ਸੀ। ਕੁਰਾਨ ਇਸ ਨੂੰ ਜ਼ੁਬਾਨੀ ਯਾਦ ਸੀ। ਜ਼ਮੀਨ-ਜਾਇਦਾਦ ਦੀ ਵੰਡ ਵੇਲੇ ਬਰਾਦਰੀ ਵਾਲੇ ਇਸ ਤੋਂ ਨਾਰਾਜ਼ ਹੋ ਗਏ ਅਤੇ ਇਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਈ ਥਾਵਾਂ ਉੱਪਰ ਫਿਰਦਾ-ਫਿਰਾਉਂਦਾ ਅਤੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦਾ ਕੁਝ ਸਮੇਂ ਲਈ ਬਗਦਾਦ ਵੀ ਗਿਆ, ਜਿੱਥੋਂ ਇਸ ਨੇ ਅਬਦੁੱਲ ਕਾਦਰ ਜੀਲਾਨੀ, ਸ਼ੇਖ ਸ਼ਹਾਬੁੱਦੀਨ ਸੁਹਰਵਰਦੀ ਅਤੇ ਖਵਾਜ਼ਾ ਮੌਦੂਦ ਚਿਸ਼ਤੀ ਤੋਂ ਅਧਿਆਤਮਕ ਸਿੱਖਿਆ ਹਾਸਲ ਕੀਤੀ।
ਬਗਦਾਦ ਤੋਂ ਪਰਤ ਕੇ ਸਖੀ ਸਰਵਰ ਕੁਝ ਸਮਾਂ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਧੌਂਕਲ (ਜਾਂ ਧਰੌਂਕਲ) ਵਿਚ ਰਿਹਾ ਅਤੇ ਫਿਰ ਮੁਲਤਾਨ ਚਲਾ ਗਿਆ। ਧੌਂਕਲ ਵਿਚ ਅੱਜ ਵੀ ਇਸ ਦਾ ਸਥਾਨ ਬਣਿਆ ਹੋਇਆ ਹੈ। ਇਸ ਨੂੰ ਜੋ ਕੁਝ ਵੀ ਭੇਟ ਵਿਚ ਮਿਲਦਾ, ਲੋੜਵੰਦਾਂ ਵਿਚ ਵੰਡ ਦਿੰਦਾ ਅਤੇ ਮੁਸੀਬਤ ਦੇ ਸਮੇਂ ਸਾਰੇ ਲੋਕਾਂ ਦੀ ਮਦਦ ਕਰਦਾ। ਇਸੇ ਲਈ ਇਸ ਨੂੰ ਸਖੀ ਸਰਵਰ ਕਿਹਾ ਜਾਂਦਾ ਸੀ। ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿਚੋਂ ਲੋਕ ਢੋਲ ਵਜਾਉਣ ਵਾਲੇ ਭਰਾਈਆਂ ਰਾਹੀਂ ਆਪਣੀ ਭੇਟ ਧਰੌਂਕਲ ਭੇਜਦੇ ਸਨ। ਵਾਸਤਵ ਵਿਚ ਸਖੀ ਸਰਵਰ ਦਾ ਮਜ਼ਾਰ ਪੰਜਾਬ ਤੋਂ ਬਾਹਰ ਬਲੋਚਿਸਤਾਨ ਦੀ ਪਹਾੜੀ ਤਰਾਈ ਵਿਚ ਸੀ ਪਰ ਦੂਰ ਹੋਣ ਕਰਕੇ ਲੋਕਾਂ ਨੇ ਆਪਣੀ ਸੌਖ ਲਈ ਹੋਰ ਵੀ ਕਈ ਇਸ ਦੇ ਸਥਾਨ ਬਣਾਏ ਹੋਏ ਹਨ। ਲਾਹੌਰ ਵਿਚ ਲਾਹੌਰੀ ਗੇਟ ਦੇ ਨੇੜੇ ਸਖੀ ਸਰਵਰ ਦੇ ਸਥਾਨ 'ਤੇ ਭੇਟਾਂ ਵੀ ਚੜ੍ਹਾਈਆਂ ਜਾਂਦੀਆਂ ਸਨ। ਪਸਰੂਰ ਦੇ ਨੇੜੇ ਪਿੰਡ ਲੋਹਣ ਵਿਚ ਵੀ ਇਸ ਦਾ ਸਥਾਨ ਸੀ, ਕਿਉਂਕਿ ਇਸ ਪਿੰਡ ਦੇ ਜ਼ਿਮੀਂਦਾਰ ਉਸ ਦੇ ਪੈਰੋਕਾਰ ਸਨ। ਇਸ ਦੇ ਜੀਵਨ ਕਾਲ ਵਿਚ ਹੀ ਇਸ ਨਾਲ ਕਈ ਕਰਾਮਾਤਾਂ ਜੁੜ ਗਈਆਂ ਸਨ, ਜਿਸ ਕਰਕੇ ਮੁਸਲਮਾਨਾਂ ਤੋਂ ਇਲਾਵਾ ਬਹੁਤ ਸਾਰੇ ਹਿੰਦੂ ਵੀ ਇਸ ਦੇ ਅਨੁਯਾਈ ਬਣ ਗਏ।
ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਕਰਕੇ ਇਸ ਨੂੰ 'ਸੁਲਤਾਨ' ਵੀ ਕਹਿੰਦੇ ਸਨ, ਜਿਸ ਕਰਕੇ ਇਸ ਦੇ ਪੈਰੋਕਾਰ ਨੂੰ ਸੁਲਤਾਨੀਏ ਜਾਂ ਸਰਵਰੀਏ ਵੀ ਕਿਹਾ ਜਾਂਦਾ ਸੀ। ਜਿਨ੍ਹਾਂ ਪਿੰਡਾਂ ਥਾਵਾਂ ਵਿਚ ਵਧੇਰੇ ਸੁਲਤਾਨੀਏ ਰਹਿੰਦੇ ਸਨ, ਉਨ੍ਹਾਂ ਨੇ ਉੱਥੇ ਵੀ ਪੂਜਾ ਸਥਾਨ ਬਣਾਏ ਹੋਏ ਸਨ, ਜਿਨ੍ਹਾਂ ਨੂੰ ਪੀਰਖਾਨੇ ਕਿਹਾ ਜਾਂਦਾ ਸੀ। ਇਨ੍ਹਾਂ ਪੀਰਖਾਨਿਆਂ ਦੇ ਪੁਜਾਰੀ ਭਰਾਈ ਅਖਵਾਉਂਦੇ ਸਨ ਅਤੇ ਇਹ ਵਧੇਰੇ ਕਰਕੇ ਮੁਸਲਮਾਨ ਹੀ ਹੁੰਦੇ ਸਨ। ਹਰ ਜੁੰਮੇ ਰਾਤ ਨੂੰ ਇਨ੍ਹਾਂ ਪੀਰਖਾਨਿਆਂ ਵਿਚ ਉਚੇਚੀ ਇਬਾਦਤ ਕੀਤੀ ਜਾਂਦੀ ਅਤੇ ਚਿਰਾਗਾ ਹੁੰਦਾ। ਸ਼ਰਧਾਲੂ ਆਪੋ-ਆਪਣੀਆਂ ਸੁੱਖਾਂ ਅਨੁਸਾਰ ਰੋਟ ਪਕਾ ਕੇ ਚੜ੍ਹਾਉਂਦੇ। ਇਹ ਰੋਟ ਸਵਾ ਸੇਰ ਤੋਂ ਲੈ ਕੇ ਸਵਾ ਮਣ ਜਾਂ ਢਾਈ ਮਣ ਤੱਕ ਦੇ ਬਣਾਏ ਜਾਂਦੇ। ਭਰਾਈ ਕੁਝ ਹਿੱਸਾ ਆਪ ਰੱਖ ਕੇ ਬਾਕੀ ਸੁਲਤਾਨੀਆਂ ਜਾਂ ਆਮ ਲੋਕਾਂ ਵਿਚ ਵੰਡ ਦਿੰਦਾ। ਸਖੀ ਸਰਵਰ ਨੂੰ ਨਿਗਾਹੀਆ ਅਤੇ ਧੌਂਕਲੀਆ ਵੀ ਆਖਿਆ ਜਾਂਦਾ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ॥

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥
ਤ੍ਰਿਭਵਣਿ ਸੋ ਪ੍ਰਭੁ ਜਾਣੀਐ
ਸਾਚੋ ਸਾਚੈ ਨਾਇ॥ ੫॥
ਸਾ ਧਨ ਖਰੀ ਸੁਹਾਵਣੀ
ਜਿਨਿ ਪਿਰੁ ਜਾਤਾ ਸੰਗਿ॥
ਮਹਲੀ ਮਹਲਿ ਬੁਲਾਈਐ
ਜੋ ਪਿਰੁ ਰਾਵੇ ਰੰਗਿ॥
ਸਚਿ ਸੁਹਾਗਣਿ ਸਾ ਭਲੀ
ਪਿਰਿ ਮੋਹੀ ਗੁਣ ਸੰਗਿ॥ ੬॥
ਭੂਲੀ ਭੂਲੀ ਥਲਿ ਚੜਾ
ਥਲਿ ਚੜਿ ਡੂਗਰਿ ਜਾਉ॥
ਬਨ ਮਹਿ ਭੂਲੀ ਜੇ ਫਿਰਾ
ਬਿਨੁ ਗੁਰ ਬੂਝ ਨ ਪਾਉ॥
ਨਾਵਹੁ ਭੂਲੀ ਜੇ ਫਿਰਾ
ਫਿਰਿ ਫਿਰਿ ਆਵਉ ਜਾਉ॥ ੭॥
ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ॥
ਰਾਜਨੁ ਜਾਣਹਿ ਆਪਣਾ
ਦਰਿ ਘਰਿ ਠਾਕ ਨ ਹੋਇ॥
ਨਾਨਕ ਏਕੋ ਰਵਿ ਰਹਿਆ
ਦੂਜਾ ਅਵਰੁ ਨ ਕੋਇ॥ ੮॥ ੬॥
(ਅੰਗ 56-57)
ਪਦ ਅਰਥ : ਆਪੁ ਪਛਾਣਿਆ-ਆਪੇ ਦੀ ਸੋਝੀ ਪੈ ਜਾਂਦੀ ਹੈ। ਘਰ ਮਹਿ-ਹਿਰਦੇ ਘਰ ਵਿਚ ਹੀ। ਮਹਲੁ ਸੁਥਾਇ-ਪ੍ਰਭੂ ਦਾ ਸੋਹਣਾ ਟਿਕਾਣਾ। ਸਚੇ ਸੇਤੀ ਰਤਿਆ-ਸਦਾ ਥਿਰ ਪ੍ਰਭੂ ਦੇ ਨਾਮ ਵਿਚ ਰੰਗਣ ਨਾਲ। ਸਚੋ ਪਲੈ ਪਾਇ-ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ। ਤ੍ਰਿਭਵਣਿ-ਤਿੰਨਾਂ ਭਵਨਾਂ (ਧਰਤੀ, ਆਕਾਸ਼, ਪਾਤਾਲ) ਵਿਚ। ਸਾਚੋ ਸਾਚੈ ਨਾਇ-ਪ੍ਰਭੂ ਦੇ ਸੱਚੇ ਨਾਮ ਵਿਚ।
ਸਾ ਧਨ-ਉਹ ਜੀਵ ਇਸਤਰੀ। ਖਰੀ ਸੁਹਾਵਣੀ-ਬੜੀ ਸੁੰਦਰ ਹੈ। ਪਿਰੁ-ਮਾਲਕ ਪ੍ਰਭੂ। ਜਾਤਾ ਸੰਗਿ-ਅੰਗ ਸੰਗ ਸਮਝ ਲਿਆ ਹੈ। ਮਹਲੀ-ਮਹਲ ਵਿਚ। ਮਹਲਿ ਬੁਲਾਈਐ-ਪ੍ਰਭੂ ਦੇ ਮਹਲ ਵਿਚ ਬੁਲਾਈ (ਸੱਦੀ) ਜਾਂਦੀ ਹੈ। ਰਾਵੇ-ਪਿਆਰ ਕਰਦਾ ਹੈ। ਰੰਗਿ-ਪ੍ਰੇਮ ਵਿਚ ਆ ਕੇ। ਸੁਹਾਗਣਿ ਸਾ ਭਲੀ-ਉਹੀ ਸੁਹਾਗਣ ਚੰਗੀ ਹੈ। ਪਿਰਿ-ਪ੍ਰਭੂ ਪਤੀ ਨੇ। ਮੋਹੀ-ਮੋਹ ਲਿਆ। ਗੁਣ ਸੰਗਿ-ਆਤਮਿਕ ਗੁਣਾਂ ਨਾਲ। ਭੂਲੀ ਭੂਲੀ-ਜੀਵਨ ਦੇ ਸਹੀ ਮਾਰਗ ਨੂੰ ਭੁੱਲ ਕੇ। ਥਲਿ-ਧਰਤੀ। ਥਲਿ ਚੜਿ-ਧਰਤੀ ਤੋਂ ਚੜ੍ਹ ਕੇ। ਡੂਗਰਿ ਜਾਉ-ਉੱਚੇ ਪਹਾੜਾਂ 'ਤੇ ਜਾ ਚੜ੍ਹਾਂ। ਬਨ ਮਹਿ-ਜੰਗਲ ਵਿਚ। ਭੂਲੀ ਜੇ ਫਿਰਾ-ਜੇਕਰ ਭਟਕਦੀ ਫਿਰਾਂ। ਬੂਝ ਨ ਪਾਉ-(ਜੀਵਨ ਮਾਰਗ ਦੀ) ਸਹੀ ਸੋਝੀ ਨਹੀਂ ਪੈਂਦੀ। ਨਾਵਹੁ ਭੁਲੀ-ਨਾਮ ਨੂੰ ਭੁਲਾ ਕੇ। ਜੇ ਫਿਰਾ-ਜੇਕਰ ਫਿਰਦੀ ਰਹਾਂ।
ਪਧਾਊਆ-ਪਾਂਧੀਆਂ ਨੂੰ। ਚਾਕਰ-ਨੌਕਰ, ਸੇਵਕ। ਰਾਜਨੁ-ਰਾਜਾ, ਮਾਲਕ ਪ੍ਰਭੂ। ਠਾਕ-ਰੋਕ। ਰਵਿ ਰਹਿਆ-ਵਿਆਪਕ ਹੈ, ਰਮਿਆ ਹੋਇਆ ਹੈ। ਇਸ 6ਵੀਂ ਅਸ਼ਟਪਦੀ ਦੀਆਂ ਪਹਿਲੀਆਂ ਚਾਰ ਤੁਕਾਂ 'ਤੇ ਵਿਚਾਰ ਪਿਛਲੇ ਅੰਕ ਵਿਚ ਹੋ ਚੁੱਕੀ ਹੈ। ਚੌਥੀ ਤੁਕ ਵਿਚ ਗੁਰੂ ਬਾਬਾ ਨੇ ਦ੍ਰਿੜ੍ਹ ਕਰਵਾਇਆ ਹੈ ਕਿ ਗੁਰੂ ਦੇ ਸ਼ਬਦ ਦੁਆਰਾ ਜਦੋਂ ਇਕ ਵਾਰੀ ਜਗਿਆਸੂ ਦਾ ਪ੍ਰਭੂ ਨਾ ਮਿਲਾਪ ਹੋ ਜਾਂਦਾ ਹੈ, ਫਿਰ ਕਦੇ ਵਿਛੋੜਾ ਨਹੀਂ ਪੈਂਦਾ।
ਸਦਾ ਥਿਰ ਰਹਿਣ ਵਾਲਾ ਮਾਲਕ ਪ੍ਰਭੂ ਆ ਕੇ ਉਸ ਨੂੰ ਹੀ ਮਿਲਦਾ ਹੈ, ਜੋ ਜੀਵ-ਇਸਤਰੀ ਸੱਚੇ ਨਾਮ ਦੀ ਹੀ ਕਮਾਈ ਕਰਦੀ ਹੈ ਅਤੇ ਸਦਾ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ। ਅਜਿਹੀ ਜੀਵ ਇਸਤਰੀ ਫਿਰ ਕਦੀ ਨਿਖਸਮੀ ਨਹੀਂ ਹੁੰਦੀ, ਸਦਾ ਸੁਹਾਗ ਭਾਗ ਵਾਲੀ ਰਹਿੰਦੀ ਹੈ ਅਤੇ ਉਸ ਦਾ ਅੰਤਰਆਤਮਾ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਰਾਗੁ ਵਡਹੰਸੁ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਪਿਰੁ ਸਚਾ ਮਿਲੈ ਆਏ ਸਾਚੁ ਕਮਾਏ
ਸਾਚਿ ਸਬਦਿ ਧਨ ਰਾਤੀ॥
ਕਦੇ ਨ ਰਾਂਡ ਸਦਾ ਸੋਹਾਗਣਿ
ਅੰਤਰਿ ਸਹਜ ਸਮਾਧੀ॥
(ਅੰਗ 583)
ਪਿਰੁ-ਮਾਲਕ ਪ੍ਰਭੂ। ਸਾਚੁ ਕਮਾਏ-ਸੱਚੇ ਨਾਮ ਦੀ ਕਮਾਈ ਕਰਦੀ ਹੈ। ਰਾਂਡ-ਨਿਖਸਮੀ। ਅੰਤਰਿ-ਅੰਤਰਆਤਮਾ। ਸਹਜ ਸਮਾਧੀ-ਸਹਿਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਮਾਲਕ ਪ੍ਰਭੂ ਤਾਂ ਹਰ ਥਾਂ ਵਿਆਪਕ ਹੈ। ਇਸ ਲਈ ਹੇ ਭਾਈ, ਉਸ ਨੂੰ ਆਪਣੇ ਅੰਗ ਸੰਗ ਵਸਦਾ ਦੇਖੋ ਅਤੇ ਆਤਮਿਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਉਸ ਦੇ ਮਿਲਾਪ ਦੇ ਅਨੰਦ ਨੂੰ ਮਾਣੋ-
ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ
ਰੰਗੁ ਮਾਣੈ ਸਹਜਿ ਸੁਭਾਏ॥ (ਅੰਗ 583)
ਭਰਪੂਰੇ-ਹਰ ਥਾਂ ਵਿਆਪਕ ਹੈ। ਹਦੂਰੇ-ਹਾਜ਼ਰ ਨਾਜ਼ਰ, ਅੰਗ ਸੰਗ। ਰੰਗੁ ਮਾਣੈ-ਅਨੰਦ ਨੂੰ ਮਾਣੋ।
ਹੇ ਅੰਞਾਣੀਏ ਜਿੰਦੇ, ਤੂੰ ਫਿਰ ਮਾਣ ਕਿਸ ਗੱਲ ਦਾ ਕਰਦੀ ਹੈਂ। ਪਰਮਾਤਮਾ ਤਾਂ ਤੇਰੇ ਹਿਰਦੇ ਵਿਚ ਹੀ ਵਸਦਾ ਹੈ। ਤੂੰ ਇਸ ਦੇ ਅਨੰਦ ਨੂੰ ਕਿਉਂ ਨਹੀਂ ਮਾਣਦੀ। ਹੇ ਕਮਲੀਏ ਜੀਵ ਇਸਤਰੀਏ, ਮਾਲਕ ਤਾਂ ਤੇਰੇ ਅੰਗ-ਸੰਗ ਵਸਦਾ ਹੈ, ਤੂੰ ਇਸ ਨੂੰ ਬਾਹਰ ਕਿਧਰ ਲੱਭਦੀ ਪਈ ਹੈਂ। ਰਾਗੁ ਤਿਲੰਗ ਵਿਚ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਇਆਨੜੀਏ ਮਾਨੜਾ ਕਾਇ ਕਰੇਹਿ॥
ਆਪਨੇੜੈ ਘਰਿ ਹਰਿ
ਰੰਗੋ ਕੀ ਨ ਮਾਣੇਹਿ॥
ਸਹੁ ਨੇੜੈ ਧਨ ਕੰਮਲੀਏ
ਬਾਹਰੁ ਕਿਆ ਢੂਢੇਹਿ॥
(ਅੰਗ 722)
ਇਆਨੜੀਏ-ਹੇ ਅਞਾਣ ਜਿੰਦੇ। ਮਾਨੜਾ-ਮਾਣ। ਕਾਇ ਕਰੇਹਿ-ਕਿਉਂ ਕਰਦੀ ਹੈਂ। ਰੰਗੋ-ਅਨੰਦ। ਸਹੁ-ਮਾਲਕ ਪ੍ਰਭੂ। ਧਨ ਕੰਮਲੀਏ-ਹੇ ਕਮਲੀਏ ਜੀਵ ਇਸਤਰੀਏ।
ਆਪਾ ਭਾਵ ਗੁਆ ਕੇ ਹੀ ਮਾਲਕ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਇਸ ਤੋਂ ਬਿਨਾਂ ਹੋਰ ਸਭ ਵਿਅਰਥ ਚਲਾਕੀ ਦੇ ਕੰਮ ਹੀ ਹਨ। ਜਦੋਂ ਮਾਲਕ (ਪ੍ਰਭੂ) ਪਿਆਰ ਦੀ ਨਿਗ੍ਹਾ ਨਾਲ ਦੇਖਦਾ ਹੈ, ਮਾਨੋ ਉਹ ਦਿਨ ਲੇਖੇ ਲੱਗ ਗਿਆ ਅਤੇ ਜੀਵ-ਇਸਤਰੀ ਨੂੰ ਨੌਂ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵ ਸਭ ਕੁਝ ਮਿਲ ਜਾਂਦਾ ਹੈ-
ਆਪੁ ਗਵਾਈਐ ਤਾ ਸਹੁ ਪਾਈਐ
ਅਉਰੁ ਕੈਸੀ ਚਤੁਰਾਈ॥
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ
ਕਾਮਣਿ ਨਉ ਨਿਧਿ ਪਾਈ॥
(ਅੰਗ 722)
ਸਹੁ-ਮਾਲਕ ਪ੍ਰਭੂ। ਨਦਰਿ-ਪਿਆਰ ਦੀ ਨਿਗ੍ਹਾ ਨਾਲ। ਕਾਮਣਿ-ਜੀਵ ਇਸਤਰੀ। ਨਉ ਨਿਧਿ-ਨੌਂ ਖਜ਼ਾਨੇ ਭਾਵ ਸਾਰੇ ਖਜ਼ਾਨੇ।
ਅਸ਼ਟਪਦੀ ਦੇ ਅੱਖਰੀਂ ਅਰਥ : ਜੀਵ ਨੂੰ ਜਦੋਂ ਆਪ ਦੀ ਸੋਝੀ ਪੈ ਜਾਂਦੀ ਹੈ ਤਾਂ ਉਹ ਪ੍ਰਭੂ ਦਾ ਸੋਹਣਾ ਟਿਕਾਣਾ ਹਿਰਦੇ ਘਰ ਵਿਚ ਹੀ ਲੱਭ ਲੈਂਦਾ ਹੈ, ਸਦਾ ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਣ ਨਾਲ ਸੱਚਾ ਪ੍ਰਭੂ ਮਿਲ ਪੈਂਦਾ ਹੈ। ਇਸ ਪ੍ਰਕਾਰ ਪ੍ਰਭੂ ਦੇ ਸਦਾ ਥਿਰ ਨਾਮ ਵਿਚ ਜੁੜਿਆਂ ਪ੍ਰਭੂ ਨੂੰ ਤਿੰਨੇ ਭਵਨਾਂ (ਧਰਤੀ, ਆਕਾਸ਼ ਅਤੇ ਪਾਤਾਲ) ਭਾਵ ਹਰ ਥਾਂ ਵਿਆਪਕ ਜਾਣ ਲਈਦਾ ਹੈ।
ਜਿਸ ਨੇ ਮਾਲਕ ਪ੍ਰਭੂ ਨੂੰ ਹਰ ਵੇਲੇ ਅੰਗ-ਸੰਗ ਸਮਝਿਆ ਹੈ, ਉਹ ਜੀਵ-ਇਸਤਰੀ ਮਾਨੋ ਬੜੀ ਸੁੰਦਰ ਹੈ, ਬੜੇ ਸੋਹਣੇ ਜੀਵਨ (ਚਰਿੱਤਰ) ਵਾਲੀ ਹੈ। ਅਜਿਹੀ ਜੀਵ ਇਸਤਰੀ ('ਤੇ ਪ੍ਰਸੰਨ ਹੋ ਕੇ) ਨੂੰ ਪ੍ਰਭੂ ਆਪਣੇ ਮਹਲਾਂ ਵਿਚ ਬੁਲਾਉਂਦਾ ਹੈ ਅਤੇ ਪਿਆਰ ਵਿਚ ਆ ਕੇ ਉਸ ਨਾਲ ਪ੍ਰੇਮ ਕਰਦਾ ਹੈ। ਅਜਿਹੀ ਸੁਹਾਗਣ ਭਲੀ ਹੈ, ਚੰਗੀ ਹੈ ਜੋ ਸਦਾ ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ਅਤੇ ਜਿਸ ਨੇ ਆਪਣੇ ਗੁਣਾਂ ਸਦਕਾ ਪ੍ਰਭੂ ਪਤੀ ਨੂੰ ਮੋਹ ਲਿਆ ਹੈ।
(ਸਿਮਰਨ ਤੋਂ ਬਿਨਾਂ) ਜੀਵਨ ਮਾਰਗ ਤੋਂ ਭਟਕੀ ਹੋਈ ਜੀਵ ਇਸਤਰੀ ਭਾਵੇਂ ਸਾਰੀ ਧਰਤੀ 'ਤੇ ਭ੍ਰਮਣ ਕਰਦੀ ਰਹੇ ਅਤੇ ਪਹਾੜਾਂ 'ਤੇ ਕਿਉਂ ਨਾ ਜਾ ਚੜ੍ਹੇ ਅਤੇ ਜੰਗਲਾਂ ਵਿਚ ਭੁੱਲੀ-ਭਟਕਦੀ ਫਿਰੇ, ਤਾਂ ਵੀ (ਸੱਚ ਦਾ ਮਾਰਗ ਦਿਖਾਉਣ ਵਾਲੇ) ਗੁਰੂ ਤੋਂ ਬਿਨਾਂ ਜੀਵਨ ਦੀ ਸਹੀ ਸੋਝੀ ਨਹੀਂ ਪੈਂਦੀ। ਇਸ ਪ੍ਰਕਾਰ ਜੇਕਰ ਜੀਵ-ਇਸਤਰੀ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਇਸੇ ਤਰ੍ਹਾਂ ਹੀ ਭਟਕਦੀ ਫਿਰੇ ਤਾਂ (ਨਿਸਚੇ ਹੀ) ਇਹ ਜਨਮ-ਮਰਨ ਦੇ ਗੇੜ ਵਿਚ ਪਈ ਰਹੇਗੀ ਭਾਵ ਜੰਮਦੀ ਤੇ ਮਰਦੀ ਰਹੇਗੀ।
ਇਸ ਲਈ ਹੇ ਜੀਵ ਇਸਤਰੀ (ਇਸ ਭੇਦ ਨੂੰ ਜਾਣਨ ਲਈ) ਉਨ੍ਹਾਂ ਪਾਂਧੀਆਂ ਤੋਂ ਪੁੱਛ ਜੋ ਜੀਵਨ ਸਫ਼ਰ ਪ੍ਰਭੂ ਦੇ ਸੇਵਕ ਬਣ ਕੇ ਬਤੀਤ ਕਰਦੇ ਹਨ ਅਤੇ ਕੇਵਲ ਪ੍ਰਭੂ ਨੂੰ ਹੀ ਆਪਣਾ ਰਾਜਾ ਸਮਝਦੇ ਹਨ, ਜਿਨ੍ਹਾਂ ਨੂੰ ਫਿਰ ਪ੍ਰਭੂ ਦੇ ਦਰ ਤੱਕ ਪੁੱਜਣ ਲਈ ਕੋਈ ਰੋਕ-ਟੋਕ ਨਹੀਂ ਹੁੰਦੀ।
ਗੁਰੂ ਬਾਬਾ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਅਜਿਹੇ ਜਗਿਆਸੂ ਨੂੰ ਫਿਰ (ਹਰ ਥਾਂ) ਇਕ ਪ੍ਰਭੂ ਹੀ ਦਿਖਾਈ ਦਿੰਦਾ ਹੈ, ਉਸ ਤੋਂ ਬਿਨਾਂ ਕੋਈ ਹੋਰ ਨਹੀਂ।


217-ਆਰ, ਮਾਡਲ ਟਾਊਨ,
ਜਲੰਧਰ।

ਬਰਸੀ 'ਤੇ ਵਿਸ਼ੇਸ਼

ਅਨਮੋਲ ਹੀਰੇ ਸਨ ਸੰਤ ਰਾਮ ਸਿੰਘ ਟੂਟੋਮਜਾਰਾ ਵਾਲੇ

ਸਿੱਖ ਜਗਤ ਵਿਚ ਪੰਥਕ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ (ਹੁਸ਼ਿਆਰਪੁਰ) ਵੱਲੋਂ ਗੁਰਮਤਿ ਪ੍ਰਚਾਰ, ਪ੍ਰਸਾਰ ਅਤੇ ਵਿੱਦਿਅਕ ਖੇਤਰ ਵਾਸਤੇ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਇਤਿਹਾਸਕ ਸ਼੍ਰੋਮਣੀ ਜਥੇਬੰਦੀ ਦੇ ਮੁਖੀ, ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਹਨ, ਜੋ ਕਿ ਅਧਿਆਤਮਕਵਾਦ ਦੇ ਨਾਲ ਦੇਸ਼-ਵਿਦੇਸ਼ ਵਿਚ ਵਿਚਰ ਕੇ ਗੁਰਮਤਿ ਦੀ ਰੌਸ਼ਨੀ ਫੈਲਾਅ ਰਹੇ ਹਨ। ਇਖਲਾਕੀ ਜੀਵਨ ਵਾਲੇ ਬਾਬਾ ਰਾਮ ਸਿੰਘ ਛੋਟੀ ਉਮਰ ਵਿਚ ਹੀ ਜਥੇਬੰਦੀ ਵਿਚ ਸ਼ਾਮਿਲ ਹੋ ਗਏ ਸਨ। ਗੁਰਦੁਆਰਾ ਹਰੀਆਂ ਵੇਲਾਂ ਵਿਖੇ 1988 ਈ: ਤੱਕ ਲੰਗਰ ਦੀ ਸੇਵਾ ਕਰਨ ਉਪਰੰਤ ਮਾਹਿਲਪੁਰ ਤੋਂ 3 ਕਿਲੋਮੀਟਰ ਸੁਭਾਇਮਾਨ ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਪਿੰਡ ਟੂਟੋਮਜਾਰਾ ਵਿਖੇ ਆਪ ਦੀ ਸੇਵਾ ਗ੍ਰੰਥੀ ਵਜੋਂ ਲਗਾ ਦਿੱਤੀ ਗਈ।
ਖਾਲਸਾ ਜੀ ਦੇ 300 ਸਾਲਾ ਸਾਜਨਾ ਦਿਵਸ 'ਤੇ ਗੁਰਦੁਆਰਾ ਬਸੰਤ ਆਸ਼ਰਮ ਡੀ. ਸੀ. ਰੋਡ, ਹੁਸ਼ਿਆਰਪੁਰ ਵਿਖੇ ਬਾਬਾ ਰਾਮ ਸਿੰਘ ਨੇ ਪੰਜਾਂ ਪਿਆਰਿਆਂ ਸਹਿਤ 13 ਅਪ੍ਰੈਲ, 1999 ਈ: ਨੂੰ 300 ਸਾਲਾ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਿਆ। 26 ਜੁਲਾਈ, 2002 ਈ: ਨੂੰ ਆਪ ਸੇਵਾ ਕਰਦਿਆਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। ਮੁੱਖ ਗ੍ਰੰਥੀ ਸ੍ਰੀਮਾਨ ਭਾਈ ਨਾਗਰ ਸਿੰਘ ਅਨੁਸਾਰ ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੀ ਅਗਵਾਈ ਵਿਚ ਬਾਬਾ ਰਾਮ ਸਿੰਘ ਦੀ ਪਾਵਨ ਸਾਲਾਨਾ ਮਿੱਠੀ ਯਾਦ ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਪਿੰਡ ਟੂਟੋਮਜਾਰਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ 26 ਜੁਲਾਈ, 2018 ਈ: ਦਿਨ ਵੀਰਵਾਰ ਨੂੰ ਜਥੇਬੰਦੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਭਾਰੀ ਉਤਸ਼ਾਹ ਸਹਿਤ ਮਨਾਈ ਜਾ ਰਹੀ ਹੈ।


-ਰਣਧੀਰ ਸਿੰਘ ਸੰਭਲ,
ਮੋਬਾ: 074174-43300

ਧਾਰਮਿਕ ਸਾਹਿਤ

ਪਰਮਾਤਮਾ ਨਾਲ ਮਿਲਾਪ ਕਿਵੇਂ ਹੋਵੇ?
ਲੇਖਕ : ਧਨਵੰਤ ਸਿੰਘ ਚੀਮਾ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 78


ਧਨਵੰਤ ਸਿੰਘ ਚੀਮਾ ਨਾਮ ਜਪਣ ਵਾਲੇ ਪ੍ਰਾਣੀ ਹਨ। ਉਹ ਮਨੁੱਖ ਨੂੰ ਗੁਰਬਾਣੀ ਦੇ ਲੜ ਲੱਗਣ ਦੀ ਨੇਕ ਸਲਾਹ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖਾ ਜਨਮ ਤਾਂ ਹੀ ਸਫ਼ਲ ਹੈ, ਜੇਕਰ ਅਸੀਂ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਮਾਰਗ 'ਤੇ ਸਹੀ ਤਰੀਕੇ ਨਾਲ ਚੱਲਾਂਗੇ। ਉਹ ਆਖਦੇ ਹਨ, 'ਪ੍ਰਾਣੀ ਨੂੰ ਸ਼ਬਦ ਦੀ ਮਹੱਤਤਾ ਜਿੰਨੀ ਛੇਤੀ ਸਮਝ ਆ ਜਾਵੇ, ਓਨਾ ਹੀ ਚੰਗਾ ਹੈ। ਸ਼ਬਦ ਦੀ ਸਹਾਇਤਾ ਨਾਲ ਹੀ ਪ੍ਰਾਣੀ ਅਧਿਆਤਮਿਕ ਸੰਸਾਰ ਵਿਚ ਦਾਖ਼ਲ ਹੁੰਦਾ ਹੈ। ਜੇ ਪ੍ਰਾਣੀ ਸ਼ਬਦ ਦੀ ਮਹੱਤਤਾ ਨਹੀਂ ਸਮਝੇਗਾ ਤਾਂ ਉਸ ਦੇ ਪੱਲੇ ਸਿਰਫ ਪਛਤਾਵਾ ਰਹਿ ਜਾਵੇਗਾ।'
ਧਨਵੰਤ ਸਿੰਘ ਚੀਮਾ ਨੂੰ ਬਚਪਨ ਤੋਂ ਹੀ ਧਾਰਮਿਕ ਮਾਹੌਲ ਮਿਲਿਆ। ਇਸ ਮਾਹੌਲ ਨੇ ਉਨ੍ਹਾਂ 'ਤੇ ਅਸਰ ਕੀਤਾ ਤੇ ਫਿਰ ਉਹ ਰੂਹਾਨੀਅਤ ਦੇ ਰਾਹ 'ਤੇ ਤੁਰ ਪਏ। ਉਹ ਦਾਅਵਾ ਕਰਦੇ ਹਨ ਕਿ ਇਕ ਵਾਰ ਉਹ ਮੰਜੇ 'ਤੇ ਅੱਖਾਂ ਬੰਦ ਕਰਕੇ ਬੈਠੇ ਸਨ ਕਿ ਇਕ ਕੁਦਰਤੀ ਨਜ਼ਾਰਾ ਜਿਸ ਵਿਚ ਦਰੱਖਤ ਤੇ ਝੋਂਪੜੀਆਂ ਸਨ, ਆਦਿ ਦਿਖਾਈ ਦਿੱਤੇ, ਪਰ ਅੱਖਾਂ ਖੋਲ੍ਹਣ ਉਪਰੰਤ ਅਜਿਹਾ ਕੁਝ ਨਹੀਂ ਸੀ।
ਧਨਵੰਤ ਸਿੰਘ ਨੇ 'ਪਰਮਾਤਮਾ ਨਾਲ ਮੇਲ ਕਿਵੇਂ ਹੋਵੇ?' ਕਿਤਾਬ ਵਿਚ ਪਰਮਾਤਮਾ ਨਾਲ ਮੇਲ ਕਰਨ ਦੇ ਤਰੀਕੇ ਦੱਸੇ ਹਨ। ਉਹ ਦੱਸਦੇ ਹਨ ਕਿ ਜਿੰਨਾ ਚਿਰ ਇਕਾਗਰਤਾ ਨੂੰ ਬਰਕਰਾਰ ਨਹੀਂ ਕੀਤਾ ਜਾਂਦਾ, ਓਨਾ ਚਿਰ ਪ੍ਰਭੂ ਮੇਲ ਸੰਭਵ ਨਹੀਂ। ਇਸ ਲਈ ਸਰੀਰ ਦੀ ਸਹੀ ਵਰਤੋਂ ਜ਼ਰੂਰੀ ਹੈ। ਇਹ ਸਰੀਰ ਇਕ ਘਰ ਹੈ, ਜਿਸ ਨੂੰ ਵਿਚਾਰਾਂ ਪੱਖੋਂ ਜਿੰਨਾ ਸੰਵਾਰ ਕੇ ਰੱਖਿਆ ਜਾਵੇ, ਪਰਮਾਤਮਾ ਦੇ ਓਨਾ ਨੇੜੇ ਹੋਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਮਨ ਦੀ ਮੈਲ ਲਾਹੁਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਮਨ 'ਤੇ ਮਾੜੇ ਵਿਚਾਰਾਂ ਦੀ ਪਕੜ ਚੜ੍ਹੀ ਹੋਵੇ ਤਾਂ ਪਰਮਾਤਮਾ ਨਾਲ ਮੇਲ ਸੰਭਵ ਨਹੀਂ। ਇਹ ਤਾਂ ਸੰਭਵ ਹੈ ਜੇ ਮਨ ਸੱਚਾ ਹੋਵੇ, ਨੀਤ ਸੁੱਚੀ ਹੋਵੇ। ਪਰਮਾਤਮਾ ਨੂੰ ਪਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਆਤਮ-ਸਮਰਪਣ ਦਾ ਹੈ। ਆਤਮ-ਸਮਰਪਣ ਭਾਵ ਪ੍ਰਾਣੀ ਦਾ ਆਤਮਿਕ ਤੌਰ 'ਤੇ ਪਰਮਾਤਮਾ ਅੱਗੇ ਨਿਵ ਜਾਣਾ। ਸਰੀਰਕ ਤੌਰ 'ਤੇ ਅਸੀਂ ਹਰ ਰੋਜ਼ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ, ਪਰ ਇਹ ਸਰੀਰਕ ਪ੍ਰਕਿਰਿਆ ਰਹਿ ਜਾਂਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਤਮਿਕ ਤੌਰ 'ਤੇ ਨਿਵੀਏ।
ਹਉਮੈ ਦੇ ਪੰਜ ਸਾਥੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਨੇੜੇ ਨਹੀਂ ਫਟਕਣ ਦੇਣਾ ਚਾਹੀਦਾ। ਇਨ੍ਹਾਂ ਨਾਲ ਪ੍ਰਾਣੀ ਦੇ ਮਨ ਅੰਦਰ ਅਸ਼ਾਂਤੀ ਪੈਦਾ ਹੁੰਦੀ ਹੈ। ਲੇਖਕ ਅਨੁਸਾਰ ਜੋ ਸੱਚੇ ਦਿਲੋਂ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਸਾਰੇ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈ। ਧਨਵੰਤ ਸਿੰਘ ਚੀਮਾ ਦੀ ਇਹ ਕਿਤਾਬ ਇਸ ਕਰਕੇ ਵੀ ਪੜ੍ਹਨਯੋਗ ਹੈ ਕਿਉਂਕਿ ਇਸ ਵਿਚ ਦੁਨਿਆਵੀ ਗੱਲਾਂ ਤੋਂ ਖਹਿੜਾ ਛੁਡਾ ਕੇ ਪ੍ਰਭੂ ਰੰਗ ਵਿਚ ਲੀਨ ਹੋਣ ਲਈ ਕਿਹਾ ਗਿਆ ਹੈ।


-ਹਰਜਿੰਦਰ ਸਿੰਘ
ਮੋਬਾਈਲ : 98726-60161

ਅਲੱਗ ਪਹਿਚਾਣ ਦਿੱਤੀ ਹੈ

ਰਗਾਂ ਦੇ ਖ਼ੂਨ ਨੂੰ ਗ਼ੈਰਤ ਦੀ ਤਿੱਖੀ ਪਾਣ ਦਿੱਤੀ ਹੈ।
ਗੁਰੂ ਦਸਮੇਸ਼ ਸਾਨੂੰ ਖ਼ਾਲਸਾਈ ਸ਼ਾਨ ਦਿੱਤੀ ਹੈ।
ਅਲੱਗ ਪਹਿਚਾਣ ਦਿੱਤੀ ਹੈ।
ਕਿਹਾ ਦਸਮੇਸ਼ ਨੇ ਮੈਂ ਜ਼ੁਲਮ ਬਿਲਕੁਲ ਹੋਣ ਨਹੀਂ ਦੇਣਾ।
ਕਿਸੇ ਨਿਰਦੋਸ਼ ਦਾ ਵੀ ਖ਼ੂਨ ਹੁਣ ਮੈਂ ਚੋਣ ਨਹੀਂ ਦੇਣਾ।
ਕਿਸੇ 'ਤੇ ਜ਼ੁਲਮ ਢਾਹੋ ਹੁਕਮ ਰੱਬ ਦਾ ਹੋ ਨਹੀਂ ਸਕਦਾ।
ਜ਼ੁਲਮ ਦਾ ਦਾਗ਼ ਮੱਥੇ ਤੋਂ ਕੋਈ ਜਲ ਧੋ ਨਹੀਂ ਸਕਦਾ।
ਜ਼ੁਲਮ ਰੋਕਣ ਲਈ ਹੀ ਹੱਥ 'ਚ ਕਿਰਪਾਨ ਦਿੱਤੀ ਹੈ।
ਗੁਰੂ ਦਸਮੇਸ਼ ਸਾਨੂੰ ਖ਼ਾਲਸਾਈ ਸ਼ਾਨ ਦਿੱਤੀ ਹੈ।
ਅਲੱਗ ਪਹਿਚਾਣ ਦਿੱਤੀ ਹੈ।
ਦਸਾਂ ਨਹੁੰਆਂ ਦੀ ਕਰਕੇ ਕਿਰਤ ਖਾਣਾ ਹੁਕਮ ਸਤਿਗੁਰ ਦਾ।
ਤੇ ਤੋੜੋ ਜਾਤਾਂ ਦਾ ਇਹ ਤਾਣਾ ਬਾਣਾ ਹੁਕਮ ਸਤਿਗੁਰ ਦਾ।
ਹੈ ਜੋ ਵੀ ਧਰਤ 'ਤੇ ਆਇਆ ਉਹ ਸੱਚੇ ਰੱਬ ਦਾ ਜੀਅ ਹੈ।
ਕਿਸੇ ਵੀ ਜਾਤ ਦੀ ਹੋਵੇ ਤੁਹਾਡੀ ਆਪਣੀ ਧੀ ਹੈ।
ਛੁਡਾਈਆਂ ਕੁੜੀਆਂ ਅਬਦਾਲੀ ਤੋਂ ਸਿੱਖਾਂ ਜਾਨ ਦਿੱਤੀ ਹੈ।
ਗੁਰੂ ਦਸਮੇਸ਼ ਸਾਨੂੰ ਖ਼ਾਲਸਾਈ ਸ਼ਾਨ ਦਿੱਤੀ ਹੈ।
ਅਲੱਗ ਪਹਿਚਾਣ ਦਿੱਤੀ ਹੈ।
ਗੁਰੂ ਦੇ ਸਿੱਖ ਅੱਗੇ ਜ਼ੁਲਮ ਦੇ ਝੁਕਦੇ ਨਹੀਂ ਵੇਖੇ।
ਇਹ ਸੱਚ ਦੇ ਰਾਹ ਦੇ ਰਾਹੀ ਕਦੇ ਰੁਕਦੇ ਨਹੀਂ ਵੇਖੇ।
ਧਰਮ ਈਮਾਨ ਦੀ ਖ਼ਾਤਿਰ ਇਹ ਆਪਣੇ ਸਿਰ ਕਟਾ ਲੈਂਦੇ।
ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਨੇਜ਼ੇ 'ਤੇ ਟੰਗਾ ਲੈਂਦੇ।
ਅਸਾਂ ਜਿੰਦ ਜਾਨ ਆਪਣੀ ਦੂਜਿਆਂ ਲਈ ਦਾਨ ਦਿੱਤੀ ਹੈ।
ਗੁਰੂ ਦਸਮੇਸ਼ ਸਾਨੂੰ ਖ਼ਾਲਸਾਈ ਸ਼ਾਨ ਦਿੱਤੀ ਹੈ।
ਅਲੱਗ ਪਹਿਚਾਣ ਦਿੱਤੀ ਹੈ।

-ਸਰਦਾਰ ਪੰਛੀ,
ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 94170-91668

ਮਾਣਮੱਤੀ ਸ਼ਖ਼ਸੀਅਤ-ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਲ੍ਹਾ ਸਾਹਿਬ

ਕੁਦਰਤ ਦੇ ਕਾਦਰ ਨੇ ਧਰਤੀ 'ਤੇ ਪ੍ਰਕਿਰਤੀ ਦੀ ਰਚਨਾ ਲਈ ਆਪਣੇ ਹੀ ਰੂਪ ਵਿਚ ਮਹਾਂਪੁਰਸ਼ਾਂ ਨੂੰ ਭੇਜਿਆ ਹੈ, ਜਿਹੜੇ ਕਿ ਆਪਣੇ-ਆਪ ਤੋਂ ਵੀ ਉੱਪਰ ਉੱਠ ਕੇ ਇਸ ਲੋਕਾਈ ਨੂੰ ਸੋਹਣਾ ਅਤੇ ਦੁੱਖਾਂ ਤੋਂ ਰਹਿਤ ਬਣਾਉਣ ਲਈ ਕਾਰਜ ਕਰਦੇ ਰਹਿੰਦੇ ਹਨ। ਜਿਨ੍ਹਾਂ ਵਿਚ ਸੰਤ ਜਸਵੀਰ ਸਿੰਘ ਕਾਲਾਮਲ੍ਹਾ ਸਾਹਿਬ ਵਾਲਿਆਂ ਦਾ ਵੀ ਜ਼ਿਕਰ ਆਉਂਦਾ ਹੈ। ਇਸ ਮਾਣਮੱਤੀ ਸ਼ਖ਼ਸੀਅਤ ਦਾ ਜਨਮ 10 ਅਕਤੂਬਰ, 1956 ਨੂੰ ਪਿੰਡ ਛੋਕਰਾਂ (ਮਲੇਰਕੋਟਲਾ) ਦੇ ਕਿਰਤੀ ਗੁਰਸਿੱਖ ਪਰਿਵਾਰ ਵਿਚ ਮਾਤਾ ਗੁਰਦੀਪ ਕੌਰ ਦੀ ਕੁੱਖੋਂ ਪਿਤਾ ਸ: ਸ਼ਿੰਗਾਰਾ ਸਿੰਘ ਬਾਜਵਾ ਦੇ ਘਰ ਹੋਇਆ। ਸੰਤ ਜਸਵੀਰ ਸਿੰਘ ਖ਼ਾਲਸਾ ਨੇ ਸੰਤ-ਮਹਾਂਪੁਰਸ਼ਾਂ ਵਲੋਂ ਚਲਾਈ ਪਰੰਪਰਾ ਨੂੰ ਅੱਗੇ ਤੋਰਦਿਆਂ ਇਥੇ ਬਾਬਾ ਮੱਲ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਘੱਲੂਘਾਰੇ ਦੇ 35 ਹਜ਼ਾਰ ਮਹਾਨ ਸ਼ਹੀਦਾਂ ਦੀ ਯਾਦ ਵਿਚ ਸ: ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਦੀ ਸਥਾਪਨਾ ਕਰਵਾਈ। ਸੰਤ ਖ਼ਾਲਸਾ ਦੇ ਦਿਲ ਅੰਦਰ ਗਰੀਬਾਂ, ਲਿਤਾੜੇ ਲੋਕਾਂ ਪ੍ਰਤੀ ਅਥਾਹ ਦਰਦ ਸੀ। ਸੈਂਕੜੇ ਹੀ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਅਤੇ ਬੇਸਹਾਰਾ ਲੋਕਾਂ ਦੀ ਸਿਹਤ ਸਹੂਲਤਾਂ ਲਈ ਮੈਡੀਕਲ ਜਾਂਚ ਕੈਂਪ ਲਗਵਾ ਕੇ, ਇਲਾਕੇ ਦੇ ਗੁਰੂ-ਘਰਾਂ ਧਾਰਮਿਕ ਅਸਥਾਨਾਂ ਅਤੇ ਡਿਸਪੈਂਸਰੀਆਂ ਦੀ ਬਿਹਤਰੀ ਲਈ ਯੋਗ ਆਰਥਿਕ ਮਦਦ ਦੇਣ ਤੋਂ ਇਲਾਵਾ ਲੋੜਵੰਦਾਂ ਲਈ ਉਹ ਮਸੀਹਾ ਬਣ ਕੇ ਬਹੁੜਦੇ।
ਪਿੰਡਾਂ ਦੇ ਖੇਡ ਮੇਲਿਆਂ ਵਿਚ ਸ਼ਮੂਲੀਅਤ ਕਰਕੇ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਖੇਡਾਂ ਵੱਲ ਪ੍ਰੇਰਿਤ ਕਰਦੇ, ਉਥੇ ਉੱਤਮ ਜਾਫੀਆਂ-ਰੇਡਰਾਂ ਨੂੰ ਆਪਣੇ ਵਲੋਂ ਪਾਲੇ ਹੋਏ ਘੋੜੇ ਦੇ ਕੇ ਸਨਮਾਨਿਤ ਵੀ ਕਰਦੇ। ਧਾਰਮਿਕ ਤੇ ਮਾਣਮੱਤੀ ਸ਼ਖ਼ਸੀਅਤ ਸੰਤ ਜਸਵੀਰ ਸਿੰਘ ਖ਼ਾਲਸਾ 30 ਜੂਨ, 2016 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਉਸ ਅਮੰਗ ਉਪਚਾਰ ਜੋਤ ਵਿਚ ਸਮਾ ਗਏ। ਉਨ੍ਹਾਂ ਦੀ ਦੂਜੀ ਬਰਸੀ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 22 ਜੁਲਾਈ (ਦਿਨ ਐਤਵਾਰ) ਨੂੰ ਮੁੱਖ ਸੇਵਾਦਾਰ ਸੰਤ ਜਗਤਾਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਛਾਪਾ (ਬਰਨਾਲਾ) ਵਿਖੇ ਹੋਏ।


-ਮਹਿਲ ਕਲਾਂ (ਬਰਨਾਲਾ)। ਮੋਬਾ: 98762-01118

ਸਿੱਖੀ ਪ੍ਰਚਾਰ ਵਿਚ ਸ਼੍ਰੋਮਣੀ ਕਮੇਟੀ ਦਾ ਰੋਲ ਕੀ ਹੈ?

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਮਰਹੂਮ ਸ: ਜੋਗਿੰਦਰ ਸਿੰਘ ਮਾਨ ਪੜ੍ਹਾਈ ਦੌਰਾਨ ਜਦੋਂ ਇੰਗਲੈਂਡ ਯਾਤਰਾ 'ਤੇ ਗਏ ਸਨ ਤਾਂ ਇਕ ਪਾਦਰੀ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਹੈ, ਕਿਸੇ ਧਰਮ ਕੋਲ ਇਕ ਤੇ ਕਿਸੇ ਕੋਲ ਦੋ ਸ਼ਹੀਦ ਹਨ ਪਰ ਤੁਹਾਡੇ ਕੋਲ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰਾਂ, ਸ਼ਹੀਦਾਂ ਅਤੇ ਬਲਿਦਾਨੀਆਂ ਦੀ ਮਹਾਨ ਵਿਰਾਸਤ ਹੈ ਪਰ ਤੁਸੀਂ ਦੁਨੀਆ ਨੂੰ ਤਾਂ ਕੀ, ਆਪਣੀ ਨਵੀਂ ਪੀੜ੍ਹੀ ਨੂੰ ਹੀ ਇਸ ਮਹਾਨ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਸਕੇ। ਜੇਕਰ ਸਾਡੇ ਕੋਲ ਤੁਹਾਡੇ ਵਰਗਾ ਮਹਾਨ ਇਤਿਹਾਸ ਹੁੰਦਾ ਤਾਂ ਸ਼ਾਇਦ ਸਿੱਖ ਧਰਮ ਅੱਜ ਦੁਨੀਆ ਦਾ ਸਭ ਤੋਂ ਵੱਧ ਗਿਣਤੀ ਵਾਲਾ ਧਰਮ ਹੁੰਦਾ।
ਗੁਰੂ ਸਾਹਿਬਾਨ ਦੇ ਅਦੁੱਤੀ ਕਾਰਜ
ਸੱਚਮੁੱਚ ਧਰਮ ਭਾਵੇਂ ਕੋਈ ਕਿੰਨਾ ਵੀ ਮਹਾਨ ਅਤੇ ਵਿਲੱਖਣ ਹੋਵੇ, ਪਰ ਉਸ ਦੇ ਇਤਿਹਾਸ, ਵਿਰਾਸਤ ਅਤੇ ਫ਼ਲਸਫ਼ੇ ਦੇ ਪ੍ਰਚਾਰ ਤੋਂ ਬਿਨਾਂ ਧਰਮ ਦਾ ਪ੍ਰਸਾਰ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਰੂਪ ਵਿਚ 30 ਮੁਲਕਾਂ ਵਿਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਮਰ ਚੁੱਕੀ ਮਨੁੱਖਤਾ ਨੂੰ ਧਰਮ ਦੇ ਪ੍ਰਚਾਰ ਰਾਹੀਂ ਹੀ ਜਗਾਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਬੈਠ ਕੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਸਨ। ਗੁਰਮੁਖੀ ਬੋਲੀ ਦਾ ਪ੍ਰਸਾਰ ਅਤੇ ਮੱਲ ਅਖਾੜੇ ਲਗਾ ਕੇ ਸਿੱਖਾਂ ਵਿਚ ਸਰੀਰਕ ਅਰੋਗਤਾ ਦੀ ਮਹਾਨਤਾ ਉਜਾਗਰ ਕੀਤੀ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਅਤੇ 52 ਪੀੜ੍ਹੇ ਥਾਪ ਕੇ ਸੁਚਾਰੂ ਅਤੇ ਸਮਕਾਲੀ ਸਮਾਜਿਕ ਸੁਧਾਰਾਂ ਨਾਲ ਧਰਮ ਪ੍ਰਚਾਰ ਨੂੰ ਸੰਸਥਾਗਤ ਰੂਪ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਆਰੰਭ ਕੀਤੀ ਅਤੇ ਗ਼ਰੀਬਾਂ/ਲੋੜਵੰਦਾਂ ਦੀ ਸਹਾਇਤਾ ਲਈ ਦਸਵੰਧ ਪਰੰਪਰਾ ਨੂੰ ਮਜ਼ਬੂਤ ਕੀਤਾ ਸੀ।
ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਹਰਿਰਾਇ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੇ ਸੱਚ-ਧਰਮ ਦੇ ਪ੍ਰਚਾਰ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਪ੍ਰਚਾਰ ਫੇਰੀਆਂ ਲਈ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਆਸਾਮ, ਬੰਗਾਲ ਅਤੇ ਢਾਕਾ (ਬੰਗਲਾਦੇਸ਼) ਆਦਿ ਤੱਕ ਗਏ। ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਪ੍ਰਚਾਰ ਨੂੰ ਸੰਸਥਾਗਤ ਮਜ਼ਬੂਤੀ ਪ੍ਰਦਾਨ ਕਰਦਿਆਂ ਨਿਰਮਲਿਆਂ ਨੂੰ ਧਰਮ ਵਿੱਦਿਆ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ, ਹਜ਼ੂਰ ਦੇ ਦਰਬਾਰ ਵਿਚ 52 ਕਵੀਆਂ ਦਾ ਹੋਣਾ, ਭਾਰਤ ਦੇ ਵੱਖ-ਵੱਖ ਖਿੱਤਿਆਂ ਅਤੇ ਵੱਖ-ਵੱਖ ਜਾਤਾਂ ਵਿਚੋਂ ਪੰਜ ਪਿਆਰਿਆਂ ਦੀ ਚੋਣ ਕਰਨੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਜ਼ੁਲਮ ਦੇ ਰਾਜ ਦਾ ਅੰਤ ਕਰਕੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਪੰਜਾਬ ਭੇਜਣਾ ਆਦਿ ਧਰਮ ਪ੍ਰਚਾਰ ਦਾ ਹੀ ਹਿੱਸਾ ਸਨ। ਗੁਰੂ ਸਾਹਿਬਾਨ ਤੋਂ ਮਗਰੋਂ ਵੀ ਸਿੱਖਾਂ ਨੇ ਧਰਮ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੁਣ ਤੱਕ 9 ਲੱਖ ਤੋਂ ਵੱਧ ਲਾਸਾਨੀ ਅਤੇ ਅਦੁੱਤੀ ਸ਼ਹਾਦਤਾਂ ਦਾ ਇਤਿਹਾਸ ਰਚਿਆ ਹੈ।
ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਦਾ ਸਮਾਂ
ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਇਕ ਸਮਾਂ ਇਹੋ ਜਿਹਾ ਵੀ ਆਇਆ ਕਿ ਜਦੋਂ ਸਿੱਖਾਂ ਦੀ ਗਿਣਤੀ ਲੱਖਾਂ ਤੋਂ ਘਟ ਕੇ ਹਜ਼ਾਰਾਂ ਵਿਚ ਰਹਿ ਗਈ। ਸਿੱਖ ਸਮਾਜ 'ਤੇ ਇਸਾਈ ਮਿਸ਼ਨਰੀਆਂ ਅਤੇ ਆਨਮਤਾਂ ਦਾ ਪ੍ਰਭਾਵ ਤੇਜ਼ੀ ਨਾਲ ਵਧਣ ਲੱਗਾ ਸੀ। ਅੰਗਰੇਜ਼ਾਂ ਨੇ ਇਹ ਸੋਚ ਕੇ ਸਿੱਖਾਂ ਦੀਆਂ ਤਸਵੀਰਾਂ ਤੱਕ ਬਣਾ ਦਿੱਤੀਆਂ ਕਿ ਸਿੱਖ ਤਾਂ ਹੁਣ ਸਿਰਫ਼ ਇਤਿਹਾਸ ਦਾ ਹਿੱਸਾ ਬਣ ਜਾਣਗੇ। ਉਸ ਵੇਲੇ ਗੰਭੀਰ ਸਥਿਤੀ ਨੂੰ ਵੇਖਦਿਆਂ ਪੰਥ ਦਰਦੀ ਸਿੱਖਾਂ ਨੇ ਸਿੰਘ ਸਭਾ ਲਹਿਰ ਦਾ ਆਗਾਜ਼ ਕੀਤਾ ਅਤੇ ਧਰਮ ਦੇ ਨਾਲ-ਨਾਲ ਸਿੱਖ ਸਮਾਜ ਅੰਦਰ ਸਿੱਖਿਆ ਦੇ ਪ੍ਰਸਾਰ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਮੁੜ ਹਜ਼ਾਰਾਂ ਤੋਂ ਸਿੱਖਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਿੰਘ ਸਭਾ ਲਹਿਰ ਦੀ ਹੀ ਦੇਣ ਸਨ।
ਗੁਰੂ ਸਾਹਿਬਾਨ ਦੀ ਮਨੁੱਖਤਾ ਲਈ ਮਹਾਨ ਦੇਣ ਅਤੇ ਲਾਸਾਨੀ ਸਿੱਖ ਇਤਿਹਾਸ ਦੇ ਬਾਵਜੂਦ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਅਜੋਕੀਆਂ ਸਿੱਖ ਸੰਸਥਾਵਾਂ ਦੇ ਅਵੇਸਲੇਪਨ ਬਾਰੇ ਇਕ ਵਿਦਵਾਨ ਦੀ ਟਿੱਪਣੀ ਜ਼ਿਕਰਯੋਗ ਹੈ ਕਿ ਲੋਕ ਤਾਂ ਆਪਣੇ ਬਜ਼ੁਰਗਾਂ ਦਾ ਪਿੱਤਲ, ਸੋਨੇ ਦੇ ਭਾਅ ਵੀ ਨਹੀਂ ਵੇਚਦੇ ਪਰ ਸਿੱਖ ਆਪਣਾ ਸੋਨਾ ਪਿੱਤਲ ਦੇ ਭਾਅ ਵੀ ਨਹੀਂ ਵੇਚ ਸਕੇ। ਬੇਸ਼ੱਕ ਪਿਛਲੇ ਸਮੇਂ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਭਾ-ਸੁਸਾਇਟੀਆਂ ਤੋਂ ਇਲਾਵਾ ਸਿਰਮੌਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਲਗਾਤਾਰ ਧਰਮ ਪ੍ਰਚਾਰ ਲਈ ਯਤਨ ਕੀਤੇ ਜਾਂਦੇ ਰਹੇ ਹਨ ਪਰ ਧਰਮ ਪ੍ਰਚਾਰ ਨੂੰ ਸਮਕਾਲੀ ਪ੍ਰਸੰਗ ਨਾਲ ਜੋੜ ਕੇ ਲੋਕਾਂ ਤੱਕ ਸਹੀ ਪਹੁੰਚ ਦੀ ਅਸਫ਼ਲਤਾ ਕਾਰਨ ਧਰਮ ਪ੍ਰਚਾਰ ਦੇ ਨਤੀਜੇ ਤਸੱਲੀਬਖ਼ਸ਼ ਨਹੀਂ ਨਿਕਲ ਸਕੇ। ਪਤਿਤਪੁਣਾ, ਨਸ਼ਾਖੋਰੀ, ਡੇਰਾਵਾਦ, ਭਰੂਣ ਹੱਤਿਆ ਅਤੇ ਕਰਮ-ਕਾਂਡ ਸਿੱਖ ਸਮਾਜ ਲਈ ਚੁਣੌਤੀ ਬਣਦੇ ਰਹੇ।
ਸ਼੍ਰੋਮਣੀ ਕਮੇਟੀ ਦੀ ਨਵੀਂ ਵਿਉਂਤਬੰਦੀ
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪਲੇਠੇ ਸੰਬੋਧਨ 'ਚ ਹੀ ਇਹ ਗੱਲ ਆਖੀ ਸੀ ਕਿ ਧਰਮ ਪ੍ਰਚਾਰ ਉਨ੍ਹਾਂ ਦੀਆਂ ਮੁਢਲੀਆਂ ਤਰਜੀਹਾਂ ਵਿਚ ਹੈ, ਕਿਉਂਕਿ ਉਹ ਅਹਿਸਾਸ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਪ੍ਰਬੰਧਾਂ, ਸਿੱਖਿਆ, ਦਾਰਸ਼ਨਿਕਤਾ ਤੇ ਲੋਕ ਸੇਵਾ ਵਰਗੇ ਹੋਰਨਾਂ ਕਈ ਖੇਤਰਾਂ 'ਚ ਯਾਦਗਾਰੀ ਭੂਮਿਕਾ ਨਿਭਾਈ ਹੈ ਪਰ ਆਮ ਸਿੱਖਾਂ ਦੇ ਮਨ ਵਿਚ ਸੰਸਾ ਹੀ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਓਨੀ ਵੱਡੀ ਪੱਧਰ 'ਤੇ ਕੰਮ ਨਹੀਂ ਕਰਦੀ, ਜਿੰਨੀ ਉਹ ਆਸ ਕਰਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਅਤੇ ਹਰਿਆਣਾ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਧਰਮ ਪ੍ਰਚਾਰ ਲਹਿਰ' ਜਨਵਰੀ ਮਹੀਨੇ ਸ਼ੁਰੂ ਕੀਤੀ ਗਈ ਸੀ।
ਮਾਝਾ ਖੇਤਰ ਦਾ ਮੁੱਖ ਕੇਂਦਰ; ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਣਾ ਕੇ ਇਸ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਨਾਲ-ਨਾਲ ਜੰਮੂ ਕਸ਼ਮੀਰ ਨੂੰ ਵੀ ਜੋੜਿਆ ਗਿਆ ਸੀ। ਮਾਲਵਾ ਖੇਤਰ ਦਾ ਮੁੱਖ ਕੇਂਦਰ; ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਣਾ ਕੇ ਇਸ ਨਾਲ ਬਠਿੰਡਾ, ਮਾਨਸਾ, ਮੋਗਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਪਟਿਆਲਾ, ਬਰਨਾਲਾ, ਸੰਗਰੂਰ ਜ਼ਿਲ੍ਹੇ ਅਤੇ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸੇ ਤਰ੍ਹਾਂ ਦੁਆਬਾ ਦਾ ਕੇਂਦਰ; ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾ ਕੇ ਇਸ ਵਿਚ ਰੂਪਨਗਰ, ਮੁਹਾਲੀ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਤੇ ਲੁਧਿਆਣਾ ਜ਼ਿਲ੍ਹੇ ਅਤੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਸ਼ਾਮਿਲ ਕੀਤਾ ਗਿਆ। ਚੌਥਾ ਕੇਂਦਰ ਕੁਰੂਕਸ਼ੇਤਰ ਵਿਖੇ ਬਣਾ ਕੇ ਪੂਰੇ ਹਰਿਆਣਾ ਰਾਜ ਵਿਚ ਧਰਮ ਪ੍ਰਚਾਰ ਲਹਿਰ ਪ੍ਰਚੰਡ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਹਰੇਕ ਪ੍ਰਚਾਰ ਖੇਤਰ ਵਿਚ 40 ਦੇ ਕਰੀਬ ਸ਼੍ਰੋਮਣੀ ਕਮੇਟੀ ਹਲਕਿਆਂ ਨੂੰ ਸ਼ਾਮਿਲ ਕਰਕੇ 20 ਪ੍ਰਚਾਰ ਜਥੇ ਭੇਜੇ ਗਏ ਸਨ।
ਇਸ ਲਹਿਰ ਦਾ ਉਦੇਸ਼ ਪਾਵਨ ਪਵਿੱਤਰ ਗੁਰਬਾਣੀ, ਗੁਰਮਤਿ ਦਾ ਪ੍ਰਚਾਰ-ਪ੍ਰਸਾਰ, ਸਿੱਖ ਇਤਿਹਾਸ ਦੀ ਜਾਣਕਾਰੀ, ਸਿੱਖ ਰਹਿਤ ਮਰਿਆਦਾ ਦਾ ਗਿਆਨ ਦੇਣ ਅਤੇ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਦੀ ਪਛਾਣ ਸਥਾਪਤ ਕਰਨ ਦੇ ਰਵਾਇਤੀ ਪ੍ਰਚਾਰ ਦੇ ਨਾਲ-ਨਾਲ ਸਮਾਜਿਕ ਸੁਧਾਰਾਂ ਜਿਵੇਂ; ਜਾਤ-ਪਾਤ ਦੇ ਖ਼ਾਤਮੇ, ਸਮਾਜਿਕ ਬਰਾਬਰਤਾ, ਭਰੂਣ ਹੱਤਿਆ ਦੀ ਰੋਕਥਾਮ, ਕੁਦਰਤੀ ਵਾਤਾਵਰਨ ਦੀ ਸਵੱਛਤਾ ਅਤੇ ਸਿਹਤ ਜਾਗਰੂਕਤਾ ਤਹਿਤ ਪਿੰਡਾਂ ਵਿਚ ਮੈਡੀਕਲ ਵੈਨਾਂ ਭੇਜਣ ਆਦਿ ਦੇ ਉਪਰਾਲੇ ਵੀ ਸ਼ਾਮਿਲ ਕੀਤੇ ਗਏ ਸਨ। ਇਸ ਲਹਿਰ ਵਿਚ ਜਿੱਥੇ ਪਿੰਡਾਂ-ਸ਼ਹਿਰਾਂ ਵਿਚ ਜਾ ਕੇ ਗੁਰਮਤਿ ਸਮਾਗਮ ਕੀਤੇ ਗਏ, ਉਥੇ ਧਾਰਮਿਕ ਨਾਟਕਾਂ ਅਤੇ ਫ਼ਿਲਮਾਂ ਰਾਹੀਂ ਵੀ ਪ੍ਰਚਾਰ ਕੀਤਾ ਗਿਆ। ਇਸ ਧਰਮ ਪ੍ਰਚਾਰ ਲਹਿਰ ਦੇ ਪਹਿਲੇ ਪੜਾਅ ਵਿਚ ਮਾਲਵਾ ਜ਼ੋਨ ਵਿਚ 1600, ਦੁਆਬਾ ਅਤੇ ਮਾਝਾ ਵਿਚ 1500-1500 ਪਿੰਡਾਂ ਨੂੰ ਹੁਣ ਤੱਕ ਜੋੜਿਆ ਜਾ ਚੁੱਕਾ ਹੈ।
ਇਸ ਪ੍ਰਚਾਰ ਲਹਿਰ ਦੀ ਇਕ ਅਹਿਮ ਕੜੀ ਵਜੋਂ ਇਨ੍ਹਾਂ ਪਿੰਡਾਂ ਵਿਚ ਪ੍ਰਚਾਰ ਜਥਿਆਂ ਨੇ ਧਾਰਮਿਕ ਸਮਾਗਮਾਂ ਤੋਂ ਇਲਾਵਾ ਪਿੰਡਾਂ ਦੀ ਕੁੱਲ ਵਸੋਂ, ਪਿੰਡ ਵਿਚ ਵਸਦੇ ਸਿੱਖ ਪਰਿਵਾਰਾਂ ਵਿਚੋਂ ਅੰਮ੍ਰਿਤਧਾਰੀ ਅਤੇ ਪਤਿਤ ਵਿਅਕਤੀਆਂ ਬਾਰੇ ਜਾਣਕਾਰੀ, ਪਿੰਡ ਵਿਚ ਗੁਰਦੁਆਰਾ ਸਾਹਿਬਾਨ ਦੀ ਗਿਣਤੀ, ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ, ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ, ਮੈਂਬਰਾਂ, ਗ੍ਰੰਥੀ ਸਿੰਘਾਂ ਦੀ ਯੋਗਤਾ ਅਤੇ ਰਹਿਣ-ਸਹਿਣ ਦੇ ਨਾਲ-ਨਾਲ ਧਰਮ ਪ੍ਰਚਾਰ ਲਈ ਯਤਨਸ਼ੀਲ ਸੁਸਾਇਟੀਆਂ ਦਾ ਵੇਰਵਾ ਵੀ ਇਕੱਤਰ ਕੀਤਾ ਗਿਆ। ਹਰੇਕ ਪਿੰਡ ਵਿਚ ਤਾਲਮੇਲ ਕਮੇਟੀਆਂ ਸਥਾਪਤ ਕੀਤੀਆਂ ਗਈਆਂ। ਗੁਰਦੁਆਰਾ ਸਾਹਿਬਾਨ ਅੰਦਰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਹੁੰਦੇ ਨਿੱਤਨੇਮ ਅਤੇ ਕਥਾ-ਵਿਚਾਰ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ-ਆਸਨ ਅਸਥਾਨ ਦੀ ਸਥਿਤੀ ਦੇ ਨਾਲ-ਨਾਲ ਬਿਜਲੀ ਫਿਟਿੰਗ ਜਿਸ ਵਿਚ; ਏ.ਸੀ., ਕੂਲਰ, ਪੱਖੇ ਅਤੇ ਲਾਈਟਾਂ ਸ਼ਾਮਿਲ ਹਨ, ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ, ਤਾਂ ਜੋੋ ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਅਨਹੋਣੀਆਂ ਨੂੰ ਰੋਕਿਆ ਜਾ ਸਕੇ। ਪਿੰਡਾਂ ਅੰਦਰ ਸਥਾਪਤ ਲਾਇਬ੍ਰੇਰੀਆਂ ਅਤੇ ਵਿੱਦਿਅਕ ਅਦਾਰਿਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ। ਇਹ ਸਾਰੇ ਵੇਰਵੇ ਸਮਾਜਿਕ ਪ੍ਰਸੰਗ ਵਿਚ ਸਿੱਖ ਧਰਮ ਦੇ ਪ੍ਰਚਾਰ ਨੂੰ ਵਧੇਰੇ ਅਸਰਦਾਰ ਅਤੇ ਸਿੱਟਾਮੁਖੀ ਬਣਾਉਣ ਦੀ ਭਵਿੱਖਮੁਖੀ ਵਿਉਂਤਬੰਦੀ ਲਈ ਸਹਾਈ ਹੋਣਗੇ।
ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਦੀ ਧਰਮ ਪ੍ਰਚਾਰ ਲਹਿਰ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ ਪੂਰੇ ਦੇਸ਼ ਵਿਚ ਕੀਤੇ ਗਏ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 46,321 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਮਾਲਵਾ ਖੇਤਰ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ 91 ਸਥਾਨਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 12,990, ਦੁਆਬਾ ਖੇਤਰ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ 36 ਸਥਾਨਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 12,790 ਅਤੇ ਮਾਝੇ ਖੇਤਰ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 80 ਸਥਾਨਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 20,541 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ।
ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਬਣਾਉਣ ਲਈ 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ', 'ਇਕ ਪਿੰਡ, ਇਕ ਸ਼ਮਸ਼ਾਨਘਾਟ' ਦਾ ਸੁਨੇਹਾ ਅਤੇ ਵਾਤਾਵਰਨ ਦੀ ਸੰਭਾਲ ਦੀ ਚੇਤਨਾ ਵਰਗੇ ਅਹਿਮ ਤੇ ਸਾਰਥਿਕ ਪ੍ਰੋਗਰਾਮ ਸ਼ੁਰੂ ਕੀਤੇ ਹਨ ਪਰ ਧਰਮ ਪ੍ਰਚਾਰ ਲਹਿਰ ਨੂੰ ਹੋਰ ਜ਼ਿਆਦਾ ਪ੍ਰਚੰਡ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਮਾਜਿਕ ਪੱਧਰ 'ਤੇ ਅਜੇ ਹੋਰ ਨਿੱਠ ਕੇ ਕੰਮ ਕਰਨ ਦੀ ਲੋੜ ਹੈ। ਅਜੋਕੇ ਸਮੇਂ ਸੰਸਾਰ ਭਾਈਚਾਰਾ ਵਿਸ਼ਵ ਅਰਥਚਾਰੇ, ਰਾਜਨੀਤੀ, ਸਮਾਜਿਕ ਬਰਾਬਰਤਾ ਅਤੇ ਸਦੀਵੀ ਅਮਨ-ਸ਼ਾਂਤੀ ਦੇ ਪੁੰਜ ਕਿਸੇ 'ਤੀਜੇ ਬਦਲ' ਦੀ ਭਾਲ ਵਿਚ ਹੈ ਅਤੇ ਜੀਵਨ ਦੇ ਹਰ ਖੇਤਰ ਵਿਚ ਅਗਵਾਈ ਕਰਨ ਵਾਲਾ ਇਹ ਬਦਲ ਦੁਨੀਆ ਦਾ ਇਕੋ-ਇਕ ਕੁਦਰਤਵਾਦੀ ਬ੍ਰਹਿਮੰਡੀ ਫ਼ਲਸਫ਼ਾ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਬਣ ਸਕਦਾ ਹੈ। ਜੇਕਰ ਸਿੱਖ ਧਰਮ ਦੇ ਪ੍ਰਚਾਰ ਨੂੰ ਅਜੋਕੇ ਸਮੇਂ ਇਕ ਆਦਰਸ਼ਕ ਜੀਵਨ-ਜਾਚ ਅਤੇ ਸਮਾਜਿਕ ਸੁਧਾਰਾਂ ਦੇ ਏਜੰਡੇ ਵਜੋਂ ਉਭਾਰਿਆ ਜਾਵੇ ਤਾਂ ਯਕੀਨੀ ਤੌਰ 'ਤੇ ਧਰਮ ਪ੍ਰਚਾਰ ਲਹਿਰ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਲਈ ਭਵਿੱਖਮੁਖੀ ਵਿਚਾਰ ਪ੍ਰਬੰਧ ਨੂੰ ਵਿਉਂਤਣ ਲਈ ਠੋਸ ਜ਼ਮੀਨ ਮੁਹੱਈਆ ਕਰੇਗੀ। ਜੇਕਰ ਧਰਮ ਪ੍ਰਚਾਰ ਲਹਿਰ ਨੂੰ ਸਮੇਂ ਦੇ ਸਮਾਜਿਕ ਸਰੋਕਾਰਾਂ, ਮਨੁੱਖੀ ਚੁਣੌਤੀਆਂ ਅਤੇ ਸਮੱਸਿਆਵਾਂ ਨਾਲ ਜੋੜ ਕੇ 'ਗੁਰਮਤਿ ਫ਼ਲਸਫ਼ੇ' ਨੂੰ ਬ੍ਰਹਿਮੰਡੀ ਸਰੋਕਾਰਾਂ ਵਿਚ ਮਨੁੱਖਤਾ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਯਕੀਨੀ ਤੌਰ 'ਤੇ ਧਰਮ ਪ੍ਰਚਾਰ ਲਹਿਰ ਸਮਾਜਿਕ ਉਥਾਨ ਦਾ ਆਧਾਰ ਬਣ ਸਕਦੀ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਪਾਕਿਸਤਾਨ ਦੀ ਕੌਮੀ ਮਸਜਿਦ ਹੈ ਫੈਸਲ ਮਸਜਿਦ

ਦੂਸਰੇ ਧਰਮਾਂ ਦੇ ਪੈਰੋਕਾਰਾਂ ਦੀ ਨਿਸਬਤ ਮੁਸਲਮਾਨ ਆਪਣੇ ਧਰਮ ਵਿਚ ਵਧੇਰੇ ਪੱਕੇ ਹੁੰਦੇ ਹਨ। ਉਨ੍ਹਾਂ ਨੂੰ ਅੱਲ੍ਹਾ ਉੱਤੇ ਅਥਾਹ ਵਿਸ਼ਵਾਸ ਹੈ। ਆਪਣੇ ਧਾਰਮਿਕ ਗ੍ਰੰਥ 'ਕੁਰਾਨ ਸ਼ਰੀਫ਼' ਉੱਤੇ ਵੀ ਬੜਾ ਵਿਸ਼ਵਾਸ ਹੈ। ਆਮ ਤੌਰ 'ਤੇ ਬਹੁਤੇ ਮੁਸਲਮਾਨ ਬਾਕਾਇਦਗੀ ਨਾਲ ਹਰ ਰੋਜ਼ ਪੰਜੇ ਵਖ਼ਤ ਨਮਾਜ਼ ਪੜ੍ਹਦੇ ਹਨ। ਜੇ ਸਮਾਂ ਹੋਵੇ ਤਾਂ ਅਕਸਰ ਨਮਾਜ਼ ਮਸਜਿਦ ਜਿਸ ਨੂੰ 'ਅੱਲ੍ਹਾ ਦਾ ਘਰ' ਕਹਿੰਦੇ ਹਨ, ਜਾ ਕੇ ਪੜ੍ਹਦੇ ਹਨ। ਭਾਰਤੀ ਉਪ-ਮਹਾਂਦੀਪ ਦੇ ਸਾਰੇ ਸ਼ਹਿਰਾਂ ਵਿਚ ਵਿਸ਼ਾਲ ਮਸਜਿਦਾਂ ਬਣੀਆਂ ਹੋਈਆਂ ਹਨ।
ਪਾਕਿਸਤਾਨ ਦੀ ਨਵੀਂ ਰਾਜਧਾਨੀ ਇਸਲਾਮਾਬਾਦ ਵਿਖੇ ਸਥਾਪਿਤ ਹੋਣ ਤੋਂ ਬਾਅਦ ਇਕ ਕੌਮੀ ਸ਼ਾਨਦਾਰ ਮਸਜਿਦ ਦੀ ਲੋੜ ਮਹਿਸੂਸ ਹੋਈ। ਕਾਫੀ ਸੋਚ-ਵਿਚਾਰ ਪਿੱਛੋਂ ਮਰਗਲਾ ਪਹਾੜੀਆਂ ਦੇ ਪੈਰਾਂ ਵਿਚ ਰਾਵਲਪਿੰਡੀ ਵਾਲੇ ਪਾਸੇ ਇਕ ਥਾਂ ਦੀ ਚੋਣ ਕੀਤੀ ਗਈ, ਜੋ ਸ਼ਾਹਰਾਹ-ਏ-ਇਸਲਾਮਾਬਾਦ ਦੇ ਲਾਗੇ ਹੀ ਹੈ। ਸਾਊਦੀ ਅਰਬ ਦੇ ਤਤਕਾਲੀ ਬਾਦਸ਼ਾਹ ਫੈਸਲ ਜਦੋਂ 1966 ਵਿਚ ਪਾਕਿਸਤਾਨ ਆਏ ਤਾਂ ਉਨ੍ਹਾਂ ਨੂੰ ਵੀ ਇਹ ਥਾਂ ਬੜੀ ਪਸੰਦ ਆਈ ਅਤੇ ਉਨ੍ਹਾਂ ਨੇ ਇਸ 'ਗਰਾਂਡ ਨੈਸ਼ਨਲ ਮਾਸਕ ਪ੍ਰਾਜੈਕਟ' ਦਾ ਸਾਰਾ ਖਰਚ ਦੇਣ ਦੀ ਪੇਸ਼ਕਸ਼ ਕੀਤੀ। ਇਸ 'ਕੌਮੀ ਮਸਜਿਦ' ਦਾ ਨਾਂਅ ਬਾਦਸ਼ਾਹ ਫੈਸਲ ਦੇ ਨਾਂਅ ਉੱਤੇ 'ਫੈਸਲ ਮਸਜਿਦ' ਰੱਖ ਦਿੱਤਾ ਗਿਆ। ਸ਼ਾਹਰਾਹ-ਏ-ਇਸਲਾਮਾਬਾਦ ਤੋਂ ਇਸ ਮਸਜਿਦ ਤੱਕ ਦੇ ਸਾਰੇ ਇਲਾਕੇ ਦਾ ਨਾਂਅ ਫੈਸਲ ਐਵੀਨਿਊ ਰੱਖ ਦਿੱਤਾ ਗਿਆ।
ਇਸ ਪ੍ਰਸਤਾਵਿਤ ਵਿਸ਼ਾਲ ਅਤੇ ਸ਼ਾਨਦਾਰ ਕੌਮੀ ਮਸਜਿਦ ਦਾ ਨਕਸ਼ਾ ਤਿਆਰ ਕਰਵਾਉਣ ਲਈ ਪਾਕਿਸਤਾਨ ਸਰਕਾਰ ਨੇ ਸਾਰੇ ਮੁਸਲਿਮ ਦੇਸ਼ਾਂ ਦੇ ਭਵਨ-ਨਿਰਮਾਤਾ ਤੋਂ ਡਿਜ਼ਾਈਨ ਮੰਗੇ। ਤੁਰਕੀ ਦੇ ਪ੍ਰਸਿੱਧ ਆਰਕੀਟੈਕਟ ਵੇਦਤ ਡਾਲੋਕੇ ਦਾ ਡਿਜ਼ਾਈਨ ਪਸੰਦ ਕੀਤਾ ਗਿਆ। ਮਸਜਿਦ ਦੀ ਤਾਮੀਰ ਦਾ ਕੰਮ ਪਾਕਿਸਤਾਨ ਦੇ ਇੰਜੀਨੀਅਰਾਂ ਅਤੇ ਕਾਰੀਗਰਾਂ ਨੂੰ ਸੌਂਪਿਆ ਗਿਆ। ਇਸ ਕੌਮੀ ਮਸਜਿਦ ਦਾ ਨੀਂਹ ਪੱਥਰ ਅਕਤੂਬਰ, 1976 ਵਿਚ ਸਾਊਦੀ ਅਰਬ ਦੇ ਉਸ ਸਮੇਂ ਦੇ ਬਾਦਸ਼ਾਹ ਖਾਲਿਦ ਨੇ ਰੱਖਿਆ। ਉਸਾਰੀ ਦਾ ਕੰਮ ਮੈਸਰਜ਼ ਨੈਸ਼ਨਲ ਕੰਸਟ੍ਰਕਸ਼ਨ ਲਿਮਟਿਡ ਨੂੰ ਸੌਂਪਿਆ ਗਿਆ।
ਇਸ ਲੇਖਕ ਨੂੰ ਤਿੰਨ ਵਾਰੀ ਇਸ ਵਿਸ਼ਾਲ ਮਸਜਿਦ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਇਹ ਸ਼ਾਨਦਾਰ ਮਸਜਿਦ 46 ਏਕੜ ਥਾਂ ਵਿਚ ਤਾਮੀਰ ਕੀਤੀ ਗਈ ਹੈ, ਜਿਥੇ ਇਕੋ ਸਮੇਂ ਤਿੰਨ ਲੱਖ ਮੁਸਲਮਾਨ ਨਮਾਜ਼ ਪੜ੍ਹ ਸਕਦੇ ਹਨ। ਮੁੱਖ ਪ੍ਰਾਰਥਨਾ ਹਾਲ 228 ਫੁੱਟ ਲੰਬਾ ਅਤੇ ਏਨਾ ਹੀ ਚੌੜਾ ਹੈ, ਜਿਸ ਦੇ ਚਾਰੇ ਕੋਨਿਆਂ ਵਿਚ 258 ਫੁੱਟ ਉੱਚੇ ਖੂਬਸੂਰਤ ਮੀਨਾਰ ਬਣੇ ਹੋਏ ਹਨ, ਜਿਨ੍ਹਾਂ ਅੰਦਰ ਪੌੜੀਆਂ ਹਨ ਅਤੇ ਚੜ੍ਹ ਕੇ ਸਾਰਾ ਇਸਲਾਮਾਬਾਦ ਦੇਖਿਆ ਜਾ ਸਕਦਾ ਹੈ। ਇਸ ਹਾਲ ਵਿਚ ਦਸ ਹਜ਼ਾਰ ਲੋਕ ਨਮਾਜ਼ ਅਦਾ ਕਰ ਸਕਦੇ ਹਨ। ਔਰਤਾਂ ਲਈ 8200 ਵਰਗ ਫੁੱਟ ਦਾ ਵੱਖਰਾ ਹਾਲ ਹੈ। ਇਸ ਤੋਂ ਬਿਨਾਂ ਵਰਾਂਡਿਆਂ ਵਿਚ ਵੀ ਨਮਾਜ਼ ਪੜ੍ਹਨ ਦੀ ਵਿਵਸਥਾ ਹੈ। ਬਾਹਰ ਲਾਅਨ ਵਿਚ ਇਕ ਲੱਖ 80 ਹਜ਼ਾਰ ਲੋਕ ਨਮਾਜ਼ ਪੜ੍ਹ ਕੇ ਸਿਜਦਾ ਕਰ ਸਕਦੇ ਹਨ।
ਇਹ ਸਾਰੀ ਮਸਜਿਦ ਸੰਗਮਰਮਰ ਅਤੇ ਹੋਰ ਬਹੁਤ ਹੀ ਕੀਮਤੀ ਪੱਥਰਾਂ ਦੀ ਬਣੀ ਹੋਈ ਹੈ, ਜੋ ਵਧੇਰੇ ਕਰਕੇ ਤੁਰਕੀ ਅਤੇ ਹੋਰ ਵੱਖ-ਵੱਖ ਮੁਸਲਿਮ ਦੇਸ਼ਾਂ 'ਚੋਂ ਮੰਗਵਾਇਆ ਗਿਆ ਹੈ। ਵੁਜ਼ੂ ਕਰਨ ਲਈ ਪਾਣੀ ਦੀਆਂ ਹਜ਼ਾਰਾਂ ਹੀ ਟੂਟੀਆਂ ਲਗਾਈਆਂ ਗਈਆਂ ਹਨ। ਮਸਜਿਦ ਦੀਆਂ ਅੰਦਰੂਨੀ ਦੀਵਾਰਾਂ 'ਤੇ ਬੜੇ ਹੀ ਖੂਬਸੂਰਤ ਅੱਖਰਾਂ ਵਿਚ ਪਵਿੱਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਗਈਆਂ ਹਨ, ਆਸੇ-ਪਾਸੇ ਬੜੇ ਹੀ ਸੁੰਦਰ ਡਿਜ਼ਾਈਨ ਬਣਾਏ ਗਏ ਹਨ। ਮਸਜਿਦ ਅੰਦਰ ਬਿਜਲੀ ਦੀਆਂ ਲਾਈਟਾਂ ਬੜੇ ਹੀ ਖੂਬਸੂਰਤ ਡਿਜ਼ਾਈਨ ਦੇ ਹੋਲਡਰਾਂ ਆਦਿ ਵਿਚ ਲਗਾਈਆਂ ਗਈਆਂ ਹਨ। ਗੁਰਦੁਆਰਿਆਂ ਤੇ ਮੰਦਰਾਂ ਵਾਂਗ ਮਸਜਿਦ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਜੋੜੇ ਉਤਾਰਨੇ ਪੈਂਦੇ ਹਨ। ਆਪਣੇ ਜੋੜੇ ਜਮ੍ਹਾਂ ਕਰਵਾਉਣ ਲਈ ਸਭਨਾਂ ਨੂੰ ਪੈਸੇ ਦੇਣੇ ਪੈਂਦੇ ਹਨ। ਮਸਜਿਦ ਦੇ ਅੰਦਰ ਹੀ ਇਕ ਪਾਸੇ ਇਸਲਾਮਿਕ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ। ਇਥੇ ਇਸਲਾਮ ਬਾਰੇ ਵੱਖ-ਵੱਖ ਪਹਿਲੂਆਂ 'ਤੇ ਖੋਜ ਕੀਤੀ ਜਾਂਦੀ ਹੈ। ਮਸਜਿਦ ਸਮੂਹ ਵਿਚ ਮੁੱਖ ਹਾਲ ਅਤੇ ਵਰਾਂਡਿਆਂ ਤੋਂ ਬਾਹਰ ਇਕ ਦੁਕਾਨ ਹੈ, ਜਿਥੇ ਪਵਿੱਤਰ ਕੁਰਾਨ ਸ਼ਰੀਫ ਵੱਖ-ਵੱਖ ਸਾਈਜ਼ਾਂ ਵਿਚ ਬਹੁਤ ਹੀ ਵਧੀਆ ਕਾਗਜ਼ 'ਤੇ ਖੂਬਸੂਰਤ ਛਪਾਈ ਵਿਚ ਮਿਲਦੇ ਹਨ, ਜਿਨ੍ਹਾਂ ਦੀ ਕੀਮਤ 200 ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਹੈ। ਇਥੇ ਹੀ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਬਾਰੇ ਪੁਸਤਕਾਂ ਅਤੇ ਤਸਵੀਰਾਂ ਵੀ ਮਿਲਦੀਆਂ ਹਨ। ਨੇੜੇ ਹੀ ਮਰਹੂਮ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਦਾ ਮਕਬਰਾ ਹੈ।


-194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ।
ਫੋਨ : 0161-2461194

ਬਰਸੀ 'ਤੇ ਵਿਸ਼ੇਸ਼

ਸ: ਤੇਜਾ ਸਿੰਘ ਸਮੁੰਦਰੀ

ਸ: ਤੇਜਾ ਸਿੰਘ ਸਮੁੰਦਰੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ (ਮੌਜੂਦਾ ਜ਼ਿਲ੍ਹਾ ਤਰਨ ਤਾਰਨ) ਦੇ ਪੱਟੀ ਅਤੇ ਸਰਹਾਲੀ ਦੇ ਵਿਚਕਾਰ ਵਸੇ ਪਿੰਡ ਰਾਏ ਕਾ ਬੁਰਜ ਵਿਖੇ ਰਿਸਾਲਦਾਰ ਮੇਜਰ ਸ: ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਉਹ ਪੱਕੇ ਨਿੱਤਨੇਮੀ ਸਨ, ਬਹੁਤੀ ਗੁਰਬਾਣੀ ਉਨ੍ਹਾਂ ਨੂੰ ਕੰਠ ਸੀ। ਚੜ੍ਹਦੀ ਉਮਰ ਵਿਚ ਸਿੰਘ ਸਭਾ ਲਹਿਰ ਵਿਚ ਸ਼ਾਮਿਲ ਹੋ ਕੇ ਪੰਥਕ ਕੰਮਾਂ ਵਿਚ ਜੁਟ ਗਏ। ਚਾਰ ਵਿੱਦਿਅਕ ਸੰਸਥਾਵਾਂ ਖ਼ਾਲਸਾ ਹਾਈ ਸਕੂਲ ਲਾਇਲਪੁਰ, ਬਾਰ ਖ਼ਾਲਸਾ ਹਾਈ ਸਕੂਲ ਚੱਕ 42, ਖ਼ਾਲਸਾ ਮਿਡਲ ਸਕੂਲ ਚੱਕ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਸਰਹਾਲੀ ਸ: ਤੇਜਾ ਸਿੰਘ ਸਮੁੰਦਰੀ ਦੇ ਯਤਨਾਂ ਸਦਕਾ ਹੋਂਦ ਵਿਚ ਆਈਆਂ। ਗੁਰਦੁਆਰਾ ਸੁਧਾਰ ਲਹਿਰ ਵਿਚ ਵੀ ਆਪ ਦਾ ਯੋਗਦਾਨ ਅਹਿਮ ਸੀ। ਨਿਸ਼ਕਾਮ ਸੇਵਾ ਕਾਰਨ ਇਨ੍ਹਾਂ ਦੀ ਮਾਨਤਾ ਪੰਥਕ ਹਲਕਿਆਂ ਵਿਚ ਚੋਖੀ ਬਣ ਚੁੱਕੀ ਸੀ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਹਿਰਦੇਵੇਦਕ ਘਟਨਾ ਨੇ ਇਨ੍ਹਾਂ ਦੇ ਹਿਰਦੇ ਨੂੰ ਅਜਿਹੀ ਸੱਟ ਮਾਰੀ ਕਿ ਇਹ ਹਰ ਵੇਲੇ ਪੰਥਕ ਸੇਵਾ ਵਿਚ ਜੁਟੇ ਰਹਿਣ ਲੱਗੇ। ਨਨਕਾਣਾ ਸਾਹਿਬ ਉੱਤੇ ਮੁੜ ਪੰਥ ਕਬਜ਼ਾ ਹੋ ਜਾਣ ਪਿੱਛੋਂ ਉਥੋਂ ਦੇ ਪ੍ਰਬੰਧ ਲਈ ਜੋ ਕਮੇਟੀ ਬਣੀ, ਉਸ ਦੇ ਆਪ ਮੈਂਬਰ ਸਨ। ਵਧੇਰੇ ਜ਼ਿਮੇਵਾਰੀ ਇਨ੍ਹਾਂ ਦੇ ਸਿਰ ਹੀ ਆਈ। ਇਸ ਲਈ ਆਪ ਨੇ ਨਨਕਾਣਾ ਸਾਹਿਬ ਹੀ ਜਾ ਡੇਰੇ ਲਾਏ।
ਸ: ਤੇਜਾ ਸਿੰਘ ਸਮੁੰਦਰੀ ਪ੍ਰੈੱਸ ਦੀ ਤਾਕਤ ਤੋਂ ਭਲੀਭਾਂਤ ਵਾਕਿਫ਼ ਸਨ। ਉਹ ਜਾਣਦੇ ਸਨ ਕਿ ਕਿਸੇ ਲਹਿਰ ਦੀ ਸਫਲਤਾ ਲਈ ਆਪਣੇ ਅਖ਼ਬਾਰ ਦਾ ਹੋਣਾ ਲਾਜ਼ਮੀ ਹੈ। ਇਸ ਲਈ ਸ: ਸਮੁੰਦਰੀ ਨੇ ਪ੍ਰੋ: ਨਿਰੰਜਣ ਸਿੰਘ, ਸ: ਹਰਚੰਦ ਸਿੰਘ, ਮਾਸਟਰ ਸੁੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕਰਕੇ 'ਅਕਾਲੀ' ਅਖ਼ਬਾਰ ਸ਼ੁਰੂ ਕੀਤਾ। ਚਾਬੀਆਂ ਦੇ ਮੋਰਚੇ ਵਿਚ ਵੀ ਸ: ਤੇਜਾ ਸਿੰਘ ਸਮੁੰਦਰੀ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਸੀ। ਗੁਰੂ ਕੇ ਬਾਗ ਦੇ ਮੋਰਚੇ ਸਮੇਂ ਵੀ ਉਨ੍ਹਾਂ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਨ ਲਈ ਸ਼ਬਦ ਨਹੀਂ ਮਿਲਦੇ। ਸਰਕਾਰ ਦੇ ਭ੍ਰਿਸ਼ਟਾਚਾਰ, ਬਦੀ ਤੇ ਜ਼ੁਲਮ ਦੇ ਵਿਰੁੱਧ ਜੰਗ ਲੜਨ ਲਈ ਸ਼੍ਰੋਮਣੀ ਅਕਾਲੀ ਇਕ ਜਥੇਬੰਦੀ ਸੀ ਤੇ ਸ: ਤੇਜਾ ਸਿੰਘ ਸਮੁੰਦਰੀ ਇਸ ਦੇ ਸ੍ਰੇਸ਼ਟ ਮੈਂਬਰ ਸਨ। ਇਸ ਦੇ ਨਾਲ-ਨਾਲ ਸ: ਤੇਜਾ ਸਿੰਘ ਸਮੁੰਦਰੀ ਸ਼੍ਰੋਮਣੀ ਕਮੇਟੀ ਅਤੇ ਕਾਂਗਰਸ ਦੇ ਵੀ ਸਰਗਰਮ ਮੈਂਬਰ ਸਨ। 1923 ਨੂੰ ਅਕਾਲੀ ਲੀਡਰਾਂ ਨੂੰ ਫੜ ਕੇ ਅੰਮ੍ਰਿਤਸਰ ਜੇਲ੍ਹ ਭੇਜਿਆ। ਸ: ਤੇਜਾ ਸਿੰਘ ਸਮੁੰਦਰੀ ਵੀ ਇਨ੍ਹਾਂ ਲੀਡਰਾਂ ਨਾਲ ਸ਼ਾਮਿਲ ਸਨ। ਗ੍ਰਿਫਤਾਰ ਕੀਤੇ ਲੀਡਰਾਂ ਉਪਰ ਹਿੰਦ ਦੰਡਾਵਲੀ ਦੀ ਦਫਾ ਤਹਿਤ ਕਾਨੂੰਨ ਤਰਮੀਮ ਜ਼ਾਬਤਾ ਫੌਜਦਾਰੀ ਅਧੀਨ ਮੁਕੱਦਮਾ ਚੱਲਿਆ। 17 ਜੁਲਾਈ, 1926 ਨੂੰ ਸਵੇਰ ਸਮੇਂ ਸ: ਤੇਜਾ ਸਿੰਘ ਸਮੁੰਦਰੀ ਰਾਜੀ-ਖੁਸ਼ੀ ਸਨ, ਉਸ ਦਿਨ ਅਦਾਲਤ ਲੱਗੀ। ਆਪ ਨੇ ਕੋਈ 3 ਘੰਟੇ ਅਕਾਲੀ ਲੀਡਰਾਂ ਦੇ ਮੁਕੱਦਮੇ ਵਿਚ ਗਵਾਹਾਂ ਉੱਤੇ ਜਿਰ੍ਹਾ ਕੀਤੀ ਅਤੇ ਅਦਾਲਤ ਖ਼ਤਮ ਹੋ ਜਾਣ ਮਗਰੋਂ ਕੁਝ ਬਿਆਨ ਨੋਟ ਕੀਤੇ। 4 ਵਜੇ ਦੇ ਕਰੀਬ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਉੱਠਿਆ। ਸਾਰੇ ਲੀਡਰ ਇਕੱਠੇ ਹੋ ਗਏ, ਡਾਕਟਰ ਨੂੰ ਬੁਲਾਇਆ ਗਿਆ, ਪਰ ਸਰਦਾਰ ਜੀ ਸਦਾ ਦੀ ਨੀਂਦ ਸੌਂ ਚੁੱਕੇ ਸਨ। ਅੱਜ ਉਨ੍ਹਾਂ ਦੀ ਬਰਸੀ ਪਿੰਡ ਬੁਰਜ ਰਾਏ ਕਾ (ਤਰਨ ਤਾਰਨ) ਵਿਖੇ ਮਨਾਈ ਜਾ ਰਹੀ ਹੈ।


-ਸਰਹਾਲੀ ਕਲਾਂ।

ਹੈਨਰੀ ਹਾਰਡਿੰਗ ਦੇ ਆਉਣ ਨਾਲ ਲਾਹੌਰ ਦਰਬਾਰ 'ਤੇ ਹਮਲੇ ਦਾ ਖ਼ਤਰਾ ਵਧਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਕ ਹੋਰ ਵੱਖਰੀ ਕਿਸਮ ਦਾ ਮਾਮਲਾ ਹੀਰਾ ਸਿੰਘ ਲਈ ਰਾਹਤ ਦਾ ਆ ਗਿਆ ਤੇ ਉਸ ਨੂੰ ਉਸ ਦੇ ਸਿਪਾਹੀਆਂ ਦੇ ਹੱਥੋਂ ਹੋਈ ਤਬਾਹੀ ਵਲੋਂ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਮੌਕਾ ਮਿਲ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਚੇਚਕ ਹੋ ਗਈ ਸੀ ਤੇ ਰਿਪੋਰਟ ਮਿਲ ਰਹੀ ਸੀ ਕਿ ਉਹ ਮਰ ਰਿਹਾ ਹੈ। ਲੋਕੀਂ ਪ੍ਰਸ਼ਾਸਨ ਵਿਚ ਇਕ ਹੋਰ ਹਿੰਸਕ ਤਬਦੀਲੀ ਨਹੀਂ ਚਾਹੁੰਦੇ ਸਨ, ਹਾਲਾਂਕਿ ਰਾਜ ਦੀ ਹਾਲਤ ਪਹਿਲਾਂ ਹੀ ਡਾਵਾਂਡੋਲ ਸੀ। ਉਧਰ ਅੰਗਰੇਜ਼ ਆਪਣੀਆਂ ਛਾਉਣੀਆਂ ਵਿਚ ਹੋਰ ਸਮਾਨ ਇਕੱਠਾ ਕਰੀ ਜਾ ਰਹੇ ਸਨ ਤੇ ਉਨ੍ਹਾਂ ਪੱਤਣਾਂ ਦੀ ਜਾਂਚ ਕਰ ਰਹੇ ਸਨ, ਜਿਥੋਂ ਸਤਲੁਜ ਪਾਰ ਕੀਤਾ ਜਾ ਸਕਦਾ ਹੈ। ਕਸੌਲੀ ਦਾ 'ਨਿਊਜ਼ ਲੈਟਰ' ਲਿਖਦਾ ਹੈ ਕਿ ਵੱਡੀ ਤਦਾਦ ਵਿਚ ਅਸਲਾ ਫਿਰੋਜ਼ਪੁਰ ਤੇ ਲੁਧਿਆਣਾ ਭੇਜਿਆ ਜਾ ਰਿਹਾ ਹੈ। ਫਿਰੋਜ਼ਪੁਰ ਤੋਂ ਇਤਲਾਹ ਆਈ ਕਿ ਅੰਗਰੇਜ਼ ਅਫਸਰਾਂ ਨੇ ਜ਼ਿਮੀਂਦਾਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਹਾੜ੍ਹੀ ਦੀ ਫਸਲ ਨਾ ਬੀਜਣ, ਕਿਉਂਕਿ ਇਥੇ ਬਹੁਤ ਵੱਡੀ ਫ਼ੌਜ ਇਕੱਠੀ ਹੋ ਜਾਣੀ ਹੈ।
ਬੇਸ਼ੱਕ ਫੌਰੀ ਖ਼ਤਰਾ ਤਾਂ ਟਲ ਗਿਆ ਸੀ ਪਰ ਦਰਬਾਰ ਵਿਚ ਫਿਰਕੂ ਖਿੱਚੋਤਾਣ ਜਾਰੀ ਸੀ। ਸਿੱਖਾਂ ਦੀ ਹੁਣ ਸਾਰੀ ਨਫ਼ਰਤ ਬ੍ਰਾਹਮਣ ਪੰਡਤ ਜੱਲਾ ਦੇ ਵਿਰੁੱਧ ਹੋ ਗਈ ਸੀ। ਦਰਬਾਰ ਵਿਚ 22 ਜੂਨ, 1844 ਵਾਲੇ ਦਿਨ ਇਕ ਝਗੜਾ ਪੈਦਾ ਹੋ ਗਿਆ, ਜਦੋਂ ਹੀਰਾ ਸਿੰਘ ਡੋਗਰਾ ਨੇ ਅਤਰ ਸਿੰਘ ਕਲਿਆਂਵਾਲੇ ਨੂੰ ਪੰਡਿਤ ਜੱਲਾ ਨਾਲ ਦੁਰਵਿਹਾਰ ਬਾਰੇ ਝਾੜ ਪਾਈ। ਸਰਦਾਰ ਸਿਰਫ ਪੰਡਿਤ ਤੋਂ ਅਗਲੀ ਸੀਟ ਉੱਪਰ ਬੈਠ ਗਿਆ ਸੀ। ਸਾਰੇ ਸਿੱਖ ਸਰਦਾਰ ਸਮੇਤ ਭਾਈਆ ਰਾਮ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲਾ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰੇ ਛੱਡਦੇ ਹੋਏ ਦਰਬਾਰ ਵਿਚੋਂ ਬਾਹਰ ਨਿਕਲ ਗਏ। ਬਾਅਦ ਵਿਚ ਹੀਰਾ ਸਿੰਘ ਡੋਗਰਾ ਤੇ ਪੰਡਿਤ ਜੱਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਸਾਹਮਣੇ ਆਈ, ਜਿਸ ਦਾ ਮੁੱਖ ਕਰਤਾ ਸ਼ਾਮ ਸਿੰਘ ਅਟਾਰੀਵਾਲਾ ਸੀ।
ਦਰਬਾਰ ਦੇ ਬੇਵਫਾ ਲੋਕ ਹੀਰਾ ਸਿੰਘ ਦੀ ਘਟਦੀ ਸਾਖ ਦਾ ਫਾਇਦਾ ਉਠਾਉਣ ਲੱਗੇ। ਦੱਖਣ ਵਿਚ ਫੱਤੇ ਖਾਨ ਟਿਵਾਨਾ ਨੇ ਪੰਜਾਬ ਸਰਕਾਰ ਤੋਂ ਨਾਤਾ ਤੋੜ ਲਿਆ। ਮੁਲਤਾਨ ਦੇ ਸੂਬੇਦਾਰ ਦੀਵਾਨ ਸਾਵਨ ਮੱਲ ਦੇ ਪੁੱਤਰ ਜੁਲਰਾਜ ਨੂੰ ਉਸ ਦੇ ਖਿਲਾਫ ਕਾਰਵਾਈ ਵਾਸਤੇ ਭੇਜਿਆ। ਮਿੱਠਾ ਟਿਵਾਨਾ ਨਾਂਅ ਦੀ ਜਗ੍ਹਾ ਉੱਪਰ 17 ਜੂਨ, 1844 ਨੂੰ ਦੋਵਾਂ ਵਿਚਕਾਰ ਲੜਾਈ ਹੋਈ, ਜਿਸ ਵਿਚ ਦੋਵਾਂ ਪਾਸਿਆਂ ਦੇ ਰਲਾ ਕੇ 900 ਬੰਦੇ ਮਾਰੇ ਗਏ। ਇਨ੍ਹਾਂ ਮਰਨ ਵਾਲਿਆਂ ਵਿਚ ਇਕ ਫੱਤੇ ਖਾਨ ਦਾ ਪੁੱਤਰ ਸੀ। ਉਸ ਨੇ ਹਾਰ ਮੰਨ ਲਈ ਤੇ ਮੁਆਫ਼ ਕਰ ਦੇਣ ਦੀ ਦਰਖਾਸਤ ਕੀਤੀ। ਉਧਰ ਗੁਲਾਬ ਸਿੰਘ ਡੋਗਰਾ, ਜਿਸ ਨੇ ਸੁਚੇਤ ਸਿੰਘ ਦੀ ਜਗੀਰ 'ਤੇ ਕਬਜ਼ਾ ਜਮਾ ਲਿਆ ਸੀ, ਨੇ ਲਾਹੌਰ ਦਰਬਾਰ ਨੂੰ ਲਗਾਨ ਭੇਜਣ ਤੋਂ ਇਨਕਾਰ ਕਰ ਦਿੱਤਾ।
ਪੰਡਿਤ ਜੱਲਾ ਨੇ ਦਰਬਾਰ ਵਿਚ ਕਿਹਾ ਕਿ ਗੁਲਾਬ ਸਿੰਘ ਡੋਗਰਾ ਦੇ ਖਿਲਾਫ ਵੀ ਉਸੇ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਟਿਵਾਨਾ ਦੇ ਖਿਲਾਫ ਕੀਤੀ ਗਈ ਸੀ। ਇਸ ਦੇ ਤੋੜ ਵਿਚ ਗੁਲਾਬ ਸਿੰਘ ਨੇ ਕਿਹਾ ਕਿ ਉਹ ਲਗਾਨ ਦੇਣ ਨੂੰ ਤਿਆਰ ਹੈ, ਜੇ ਪੰਡਤ ਜੱਲਾ ਉਸ ਦੇ ਹਵਾਲੇ ਕਰ ਦਿੱਤਾ ਜਾਵੇ। ਉਸ ਨੇ ਇਹ ਦੱਸਣ ਲਈ ਜੰਮੂ ਵਿਚ ਇਕ ਫਾਂਸੀ ਦਾ ਰੱਸਾ ਲਟਕਾ ਦਿੱਤਾ ਕਿ ਉਹ ਜੱਲਾ ਨਾਲ ਕੀ ਸਲੂਕ ਕਰੇਗਾ? ਪੰਚਾਂ ਨੇ ਇਸ ਮਾਮਲੇ ਵਿਚ ਫ਼ੌਜ ਭੇਜਣ ਦੀ ਝਿਜਕ ਜ਼ਾਹਿਰ ਕੀਤੀ ਕਿ ਇਹ ਡੋਗਰਿਆਂ ਦਾ ਜਾਤੀ ਝਗੜਾ ਹੈ। ਹੀਰਾ ਸਿੰਘ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਤਾਇਆ ਅੰਗਰੇਜ਼ਾਂ ਨਾਲ ਸਾਂਠਗਾਂਠ ਕਰ ਰਿਹਾ ਹੈ ਤੇ ਉਸ ਨੇ ਫਰੰਟੀਅਰ ਦੇ ਕਬਾਇਲੀਆਂ ਨੂੰ ਵੀ ਦਰਬਾਰ ਦੇ ਖਿਲਾਫ ਭੜਕਾਇਆ ਹੈ। ਇਹ ਦਲੀਲਾਂ ਪੰਚਾਂ ਨੂੰ ਕਾਇਲ ਕਰ ਗਈਆਂ ਤੇ ਉਹ ਸਮਝਣ ਲੱਗੇ ਕਿ ਹੀਰਾ ਸਿੰਘ ਦੀਆਂ ਗੱਲਾਂ ਵਿਚ ਵਜ਼ਨ ਹੈ। ਪੰਚਾਂ ਨੇ ਆਪਣੇ ਪ੍ਰਭਾਵ ਨਾਲ ਫ਼ੌਜ ਨੂੰ ਜੰਮੂ ਦੀ ਤਰਫ਼ ਕੂਚ ਕਰਨ ਵਾਸਤੇ ਤਿਆਰ ਕਰ ਲਿਆ। ਗੁਲਾਬ ਸਿੰਘ ਨੇ ਲੜਾਈ ਤੋਂ ਪਹਿਲਾਂ ਹੀ ਹਾਰ ਮੰਨ ਲਈ ਤੇ ਆਪਣੇ ਪੁੱਤਰ ਸੋਹਨ ਸਿੰਘ ਨੂੰ ਜ਼ਮਾਨਤ ਦੇ ਤੌਰ 'ਤੇ ਲਾਹੌਰ ਭੇਜ ਦਿੱਤਾ।
ਜੁਲਾਈ, 1844 ਨੂੰ ਲਾਰਡ ਐਲੇਨਬਰੋ ਨੂੰ ਬਦਲ ਕੇ ਹੈਨਰੀ ਹਾਰਡਿੰਗ ਨੂੰ ਭੇਜ ਦਿੱਤਾ ਗਿਆ ਸੀ। ਇਸ ਦੀ ਇਕ ਬਾਂਹ ਕੱਟੀ ਹੋਈ ਸੀ ਤੇ ਬਹੁਤ ਮੰਨਿਆ ਹੋਇਆ ਜੰਗਾਂ ਦਾ ਸਿਪਾਹੀ ਸੀ। ਇਹ ਇਧਰ ਪੰਜਾਬੀਆਂ ਵਿਚ 'ਟੁੰਡਾ ਲਾਟ' ਕਰਕੇ ਮਸ਼ਹੂਰ ਸੀ ਤੇ ਇਸ ਦਾ ਗਵਰਨਰ ਜਨਰਲ ਬਣਾਇਆ ਜਾਣਾ ਹੀ ਦਰਬਾਰ ਦੇ ਅੰਦਰ ਹਲਚਲ ਪੈਦਾ ਕਰ ਰਿਹਾ ਸੀ। ਜਦੋਂ ਇਹ ਖ਼ਬਰ ਦਰਬਾਰ ਵਿਚ ਪੜ੍ਹ ਕੇ ਸੁਣਾਈ ਗਈ ਤਾਂ ਪੰਡਿਤ ਜੱਲਾ ਨੇ ਕਿਹਾ ਕਿ 'ਲਾਰਡ ਆਕਲੈਂਡ ਨੇ ਅਫ਼ਗਾਨਿਸਤਾਨ ਨੂੰ ਕੁਚਲਿਆ ਸੀ, ਲਾਰਡ ਐਲੇਨਬਰੋ ਨੇ ਸਿੰਧ ਤੇ ਗਵਾਲੀਅਰ 'ਤੇ ਕਬਜ਼ਾ ਕੀਤਾ ਤੇ ਨਵੇਂ ਲਾਰਡ ਬਾਰੇ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਉੱਪਰ ਹਮਲਾ ਕਰੇਗਾ।' ਇਸ ਟਿੱਪਣੀ ਤੋਂ ਫੌਰੀ ਬਾਅਦ ਖ਼ਬਰ ਮਿਲੀ ਕਿ ਕਲਕੱਤਾ ਦੀ ਕੌਂਸਲ ਨੇ ਆਪਣੀ ਗੁਪਤ ਮੀਟਿੰਗ ਵਿਚ ਅਤਰ ਸਿੰਘ ਸੰਧਾਵਾਲੀਆ ਦੀ ਮੌਤ ਉੱਪਰ ਅਫਸੋਸ ਪ੍ਰਗਟ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਉਹ ਜਿਊਂਦਾ ਹੁੰਦਾ ਤਾਂ ਬਿਨਾਂ ਲੜੇ ਹੀ ਪੰਜਾਬ ਉੱਪਰ ਕਬਜ਼ਾ ਹੋ ਜਾਣਾ ਸੀ। ਕੰਪਨੀ ਦੇ ਭਗੌੜੇ ਲੋਕਾਂ ਨੇ ਦੱਸਿਆ ਕਿ ਅੰਗਰੇਜ਼ ਸਤੰਬਰ ਦੇ ਮਹੀਨੇ ਸਤਲੁਜ ਪਾਰ ਕਰਨ ਦੀਆਂ ਸਕੀਮਾਂ ਬਣਾ ਰਹੇ ਹਨ। ਸਤੰਬਰ ਬਿਨਾਂ ਕਿਸੇ ਅਜਿਹੀ ਘਟਨਾ ਦੇ ਬੀਤ ਗਿਆ ਪਰ ਜਦੋਂ ਕੰਪਨੀ ਦਾ ਕਮਾਂਡਰ ਇਨ ਚੀਫ ਲੁਧਿਆਣਾ ਤੇ ਫਿਰੋਜ਼ਪੁਰ ਵਿਚ ਫ਼ੌਜਾਂ ਦਾ ਨਿਰੀਖਣ ਕਰਨ ਆਇਆ ਤਾਂ ਪੰਜਾਬ ਦੀ ਫ਼ੌਜ ਨੂੰ ਕਿਸੇ ਸੰਭਾਵਿਤ ਹਮਲੇ ਤੋਂ ਖ਼ਬਰਦਾਰ ਕੀਤਾ ਗਿਆ। ਛੇਤੀ ਹੀ ਦਰਿਆ ਦੇ ਕਿਨਾਰੇ ਫ਼ੌਜੀ ਚੌਕੀਆਂ ਬਣਾ ਲਈਆਂ ਗਈਆਂ ਤੇ ਅਗਲੇ ਕਿਨਾਰੇ ਵੱਲ 24 ਘੰਟੇ ਦੀ ਨਿਗਰਾਨੀ ਦਾ ਹੁਕਮ ਦਿੱਤਾ ਗਿਆ। (ਚਲਦਾ)

ਕੋਹੇਨੂਰ ਹੀਰੇ 'ਤੇ ਦਾਅਵੇਦਾਰੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ

ਵਿਸ਼ਵ ਪ੍ਰਸਿੱਧ ਕੋਹੇਨੂਰ ਹੀਰੇ ਦੀ ਦਾਅਵੇਦਾਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਚਰਚਾ 'ਚ ਹੈ। ਇਨ੍ਹਾਂ ਦਾਅਵੇਦਾਰੀਆਂ ਨੂੰ ਲੈ ਕੇ ਸਭ ਤੋਂ ਪ੍ਰਮੁੱਖ ਸਵਾਲ ਇਸ 'ਤੇ ਅਸਲ ਮਾਲਕੀ ਦੇ ਹੱਕ ਦਾ ਹੈ ਅਤੇ ਇਹ ਦਾਅਵੇਦਾਰੀ ਪਾਕਿਸਤਾਨ ਸਹਿਤ ਇਸ ਹੀਰੇ ਨੂੰ ਤਾਕਤ ਤੇ ਛੱਲ ਨਾਲ ਲੁੱਟ ਕੇ ਲੈ ਕੇ ਜਾਣ ਵਾਲੇ ਅਫ਼ਗਾਨਿਸਤਾਨ, ਈਰਾਨ ਅਤੇ ਬ੍ਰਿਟੇਨ ਕਈ ਵਾਰ ਸਾਹਮਣੇ ਰੱਖ ਚੁੱਕੇ ਹਨ। ਜਦਕਿ ਇਤਿਹਾਸਕ ਨੁਕਤਿਆਂ ਦੇ ਆਧਾਰ 'ਤੇ ਇਸ ਹੀਰੇ ਦੇ ਅਸਲ ਹੱਕਦਾਰ ਭਾਰਤ ਨੇ ਇਸ ਹੀਰੇ ਨੂੰ ਲੈਣ ਸਬੰਧੀ ਅਜੇ ਤੱਕ ਕੋਈ ਦਿਲਚਸਪੀ ਨਹੀਂ ਵਿਖਾਈ। ਕੋਹੇਨੂਰ ਹੀਰੇ ਦਾ ਅਜੇ ਤੱਕ ਭਾਰਤ ਨਾ ਲਿਆਂਦਾ ਜਾਣਾ, ਕਿਤੇ ਨਾ ਕਿਤੇ ਭਾਰਤੀ ਸਿਆਸਤਦਾਨਾਂ ਦੀ ਹੀ ਇੱਛਾ ਸ਼ਕਤੀ ਦੀ ਕਮੀ ਦਾ ਨਤੀਜਾ ਹੈ। ਅਜੇ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀਂ ਹੈ, ਜੋ ਇਹ ਬਿਆਨਬਾਜ਼ੀ ਕਰ ਰਹੇ ਹਨ ਕਿ ਬ੍ਰਿਟੇਨ ਸਰਕਾਰ ਪਾਸੋਂ ਕੋਹੇਨੂਰ ਹੀਰਾ ਵਾਪਸ ਮੰਗਣ 'ਤੇ ਬ੍ਰਿਟੇਨ ਨਾਲ ਭਾਰਤ ਦੇ ਰਿਸ਼ਤੇ ਕਮਜ਼ੋਰ ਪੈ ਸਕਦੇ ਹਨ।
ਭਾਰਤੀ ਸਰਬ-ਉੱਚ ਅਦਾਲਤ (ਸੁਪਰੀਮ ਕੋਰਟ) ਵਿਚ ਕੋਹੇਨੂਰ 'ਤੇ ਦਾਅਵੇਦਾਰੀ ਦੇ ਹੱਕ ਸਬੰਧੀ ਕੇਂਦਰ ਸਰਕਾਰ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਥਿਆਰ ਸੁੱਟਣ ਦੀ ਸਥਿਤੀ ਵਿਚ ਹੈ। ਇਸ ਮਗਰ ਕਾਰਨ ਚਾਹੇ ਕੁਝ ਵੀ ਹੋਣ ਪਰ ਕੇਂਦਰ ਦੁਆਰਾ ਸੁਪਰੀਮ ਕੋਰਟ ਸਾਹਮਣੇ ਇਹ ਤਰਕ ਪੇਸ਼ ਕਰਨਾ ਕਿ ਐਂਗਲੋ-ਸਿੱਖ ਯੁੱਧਾਂ ਵਿਚ ਯੁੱਧ ਦੇ ਖਰਚ ਦੇ ਮੁਆਵਜ਼ੇ ਵਜੋਂ ਆਪਣੀ ਸਵੈ-ਇੱਛਾ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜਾਂ ਨੇ ਬ੍ਰਿਟੇਨ ਸਰਕਾਰ ਨੂੰ ਇਹ ਹੀਰਾ ਦਿੱਤਾ ਸੀ, ਇਸ ਕਰਕੇ ਇਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ; ਕੇਂਦਰ ਸਰਕਾਰ ਦੇ ਅੱਧੇ-ਅਧੂਰੇ ਗਿਆਨ ਅਤੇ ਜਾਣਕਾਰੀ ਦਾ ਨਤੀਜਾ ਹੈ। ਕੇਂਦਰ ਦਾ ਇਹ ਤਰਕ ਵੀ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਹੈ ਕਿ ਇਹ ਹੀਰਾ ਸਿੱਖ ਸਲਤਨਤ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੁਆਰਾ ਆਪਣੀ ਸਵੈ-ਇੱਛਾ ਨਾਲ ਇੰਗਲੈਂਡ ਦੀ ਮਹਾਰਾਣੀ ਨੂੰ ਤੋਹਫ਼ੇ ਵਿਚ ਭੇਟ ਕੀਤਾ ਗਿਆ ਸੀ। ਇਥੇ ਸਮਝਣ ਤੇੇ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਐਂਗਲੋ-ਸਿੱਖ ਯੁੱਧਾਂ ਦੌਰਾਨ ਸਿੱਖ ਦਰਬਾਰ ਦੀ ਹੋਈ ਹਾਰ ਦੇ ਬਾਅਦ ਪੰਜਾਬ 'ਤੇ ਜਦੋਂ ਅੰਗਰੇਜ਼ੀ ਸਰਕਾਰ ਦਾ ਕਬਜ਼ਾ ਕਾਇਮ ਹੋ ਗਿਆ ਤਾਂ ਉਸ ਦੇ ਬਾਅਦ ਲਾਰਡ ਡਲਹੌਜ਼ੀ ਨੇ ਲਾਹੌਰ ਦਰਬਾਰ ਦੇ ਸ਼ਾਹੀ ਗਹਿਣਿਆਂ ਦੇ ਨਾਲ ਹੀ ਇਹ ਹੀਰਾ 6 ਅਪ੍ਰੈਲ, 1850 ਨੂੰ ਇੰਗਲੈਂਡ ਭਿਜਵਾਇਆ।
ਇਸ ਦੇ ਬਾਅਦ ਜਦੋਂ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭਿਜਵਾਇਆ ਗਿਆ ਤਾਂ ਉਸ ਹੱਥੋਂ ਧੋਖੇ ਨਾਲ ਇਹ ਹੀਰਾ ਮਹਾਰਾਣੀ ਨੂੰ ਤੋਹਫ਼ੇ ਵਜੋਂ ਭੇਟ ਕਰਵਾਇਆ ਗਿਆ। ਕਾਨੂੰਨੀ ਮਾਹਿਰਾਂ ਅਨੁਸਾਰ ਕਿਸੇ ਵੀ ਨਾਬਾਲਗ ਦੁਆਰਾ ਕਿਸੇ ਨੂੰ ਕੋਈ ਤੋਹਫ਼ਾ ਦੇਣਾ ਜਾਂ ਉਸ ਦੁਆਰਾ ਕੋਈ ਸਮਝੌਤਾ ਕਰਨ ਨੂੰ ਕਿਸੇ ਵੀ ਦੇਸ਼ ਦੀ ਅਦਾਲਤ ਮਾਨਤਾ ਨਹੀਂ ਦਿੰਦੀ। ਇਸ ਦੇ ਇਲਾਵਾ, ਕੋਈ ਵੀ ਤੋਹਫ਼ਾ ਸਵੈ-ਇੱਛਾ ਨਾਲ ਦੇਣ ਅਤੇ ਛਲ ਨਾਲ ਖੋਹਣ ਵਿਚ ਬਹੁਤ ਵੱਡਾ ਅੰਤਰ ਹੁੰਦਾ ਹੈ ਅਤੇ ਇਹ ਸਚਾਈ ਬ੍ਰਿਟੇਨ ਅਤੇ ਭਾਰਤ ਦੀ ਕੇਂਦਰ ਸਰਕਾਰ ਤੋਂ ਲੁਕੀ ਹੋਈ ਨਹੀਂ ਹੈ। ਕੋਹੇਨੂਰ 'ਤੇ ਇਸ ਨੂੰ ਧੋਖੇ ਜਾਂ ਬਲ ਨਾਲ ਖੋਹਣ ਵਾਲੇ ਕਿਸੇ ਵੀ ਦੇਸ਼ ਦੀ ਦਾਅਵੇਦਾਰੀ ਪੂਰੀ ਤਰ੍ਹਾਂ ਅਯੋਗ ਹੈ, ਕਿਉਂਕਿ ਇਹ ਅਟੱਲ ਸਚਾਈ ਹੈ ਕਿ ਕਿਸੇ ਵੀ ਵਸਤੂ 'ਤੇ ਉਸ ਨੂੰ ਛੱਲ ਤੇ ਧੋਖੇ ਨਾਲ ਖੋਹ ਕੇ ਲੈ ਜਾਣ ਵਾਲੇ ਧਾੜਵੀਆਂ ਅਤੇ ਹਮਲਾਵਰਾਂ ਦਾ ਨਹੀਂ, ਸਗੋਂ ਉਸ ਦੇ ਅਸਲ ਮਾਲਕਾਂ ਦਾ ਹੀ ਹੱਕ ਹੁੰਦਾ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਵਰਖਾ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ-ਰਾਗੁ ਮਲਾਰੁ

ਮਹਾਨ ਭਾਰਤ ਦੇਸ਼ ਵਿਚ ਪ੍ਰਕ੍ਰਿਤਕ ਤੌਰ 'ਤੇ ਬਰਸਾਤੀ ਮੌਸਮ ਦੌਰਾਨ ਅਸਮਾਨ 'ਚ ਬੱਦਲਾਂ ਦੇ ਨਾਲ ਕਾਲੀ ਘਟਾ ਦਾ ਆਉਣਾ, ਬਿਜਲੀ ਦਾ ਚਮਕਣਾ, ਗਰਜਣ ਦੀ ਆਵਾਜ਼ ਦਾ ਹੋਣਾ ਤੇ ਇਕ ਝੜੀ ਦੇ ਰੂਪ ਵਿਚ ਮੀਂਹ ਦਾ ਕਈ ਦਿਨਾਂ ਤੱਕ ਪੈਣਾ ਜਿਥੇ ਸਾਵਣ-ਭਾਦਰੋਂ ਮਹੀਨਿਆਂ ਦੇ ਵਰਣਿਤ ਪਹਿਲੂ ਮੰਨੇ ਜਾਂਦੇ ਹਨ, ਉਥੇ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੀ ਮਹਾਨ ਸ਼ਬਦ ਕੀਰਤਨ ਚੌਕੀ ਦੀ ਮਰਿਆਦਾ 'ਚ ਉਚੇਚੇ ਤੌਰ 'ਤੇ ਹਰ ਸਾਲ 'ਰਾਗੁ ਮਲਾਰੁ' ਵਿਚ ਹਜ਼ੂਰੀ ਰਾਗੀ ਜਥਿਆਂ ਵਲੋਂ ਬਹੁਤ ਸ਼ਰਧਾ ਭਾਵਨਾ ਨਾਲ ਗਾਇਨ ਕੀਤਾ ਜਾਂਦਾ ਪਵਿੱਤਰ ਸ਼ਬਦ-ਕੀਰਤਨ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਾਗੁ ਮਲਾਰੁ ਸਬੰਧੀ ਇਸ ਤਰ੍ਹਾਂ ਕ੍ਰਿਪਾ ਕਰਦੇ ਹਨ,
ਮਲਾਰੁੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਅੰਗ 1283)
ਸੰਗੀਤਕ, ਸਾਹਿਤਕ, ਇਤਿਹਾਸਕ, ਪ੍ਰਕ੍ਰਿਤਕ ਤੋਂ ਇਲਾਵਾ ਚੋਟੀ ਦੇ ਚਿੱਤਰਕਾਰਾਂ ਦੁਆਰਾ ਬਣਾਏ ਗਏ ਕਲਾਤਮਕ ਚਿੱਤਰਾਂ 'ਚੋਂ ਪ੍ਰਗਟ ਹੁੰਦੇ ਵਿਰਾਸਤੀ ਭਾਵਾਂ ਦਾ ਸ਼ਿੰਗਾਰ ਬਣੇ ਇਸ ਮਨਮੋਹਣੇ ਰਾਗ ਨੂੰ 'ਹਿੰਦੁਸਤਾਨੀ ਸ਼ਾਸਤਰੀ ਸੰਗੀਤ' ਦੀ ਘਰਾਣੇਦਾਰ ਗਾਇਨ-ਵਾਦਨ ਪ੍ਰੰਪਰਾ 'ਚ ਰਾਗੁ ਮਲਾਰੁ ਨੂੰ ਰਾਗ ਮਲਹਾਰ ਆਖ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਸਾਹਿਤਕ ਦ੍ਰਿਸ਼ਟੀ ਤੋਂ 'ਮਲਹਾਰ' ਦੇ ਸ਼ਾਬਦਿਕ ਅਰਥ ਕਰਦਿਆਂ ਚੋਟੀ ਦੇ ਵਿਦਵਾਨਾਂ ਅਨੁਸਾਰ 'ਵਰਖਾ ਦੀ ਰੁੱਤ ਵਿਚ ਮੀਂਹ ਪੈਣ ਨਾਲ ਧਰਤੀ 'ਤੇ ਗੰਦਗੀ ਦੀ ਸਫ਼ਾਈ ਹੋ ਜਾਂਦੀ ਹੈ, ਇਸੇ ਕਰਕੇ ਹੀ ਇਸ ਰਾਗ ਦਾ ਨਾਮ 'ਮਲਹਾਰ' ਹੈ।' ਸੰਗੀਤਕ ਪੱਖ ਤੋਂ ਗੁਰਮਤਿ ਸੰਗੀਤ ਦੀ ਪ੍ਰੰਪਰਾ ਵਿਚ ਸ਼ੁੱਧ ਗੰਧਾਰ ਵਾਲਾ ਰਾਗੁ ਮਲਾਰੁ ਜਿਥੇ ਸੁਰਾਤਮਿਕ ਆਧਾਰ ਹੈ, ਉਥੇ ਇਕ ਹੋਰ ਦਿਲਚਸਪ ਪਹਿਲੂ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਰਾਗ ਮਲਾਰੁ, ਸ਼ੁੱਧ ਮਲਾਰੁ ਤੇ ਸ਼ਾਸਤਰੀ ਸੰਗੀਤ ਦੇ ਮਹਾਨ ਸੰਗੀਤ ਸਮਰਾਟ 'ਮੀਆਂ ਤਾਨਸੇਨ' ਦਾ ਰਾਗ 'ਮੀਆਂ ਮਲਹਾਰ' ਬਾਰੇ ਜ਼ਿਕਰ ਹੁੰਦਾ ਹੈ। ਦਰਅਸਲ, ਮਲਾਰੁ ਇਕ ਵੱਖਰਾ ਰਾਗ ਹੈ, ਕਿਉਂਕਿ ਮਲਾਰੁ ਨੂੰ ਨਾਂਅ ਦੇ ਪੱਖੋਂ ਸ਼ੁੱਧ ਮਲਾਰੁ ਭਾਵ ਮਲਾਰੁ ਦਾ ਸ਼ੁੱਧ ਰੂਪ ਸਮਝਣ ਦਾ ਭਰਮ ਪੈਦਾ ਹੋ ਜਾਂਦਾ ਹੈ। ਇਸ ਦੁਬਿਧਾ ਤੋਂ ਬਾਹਰ ਨਿਕਲਣ ਲਈ ਸੁਰਾਤਮਿਕ ਪਹਿਲੂ ਤੋਂ ਰਾਗ ਮਲਾਰੁ ਦੀ (ਗੁਰਮਤਿ ਸੰਗੀਤ ਵਾਲੇ) ਦੀ ਪਹਿਚਾਣ ਜਾਤੀ ਸੰਪੂਰਨ-ਸੰਪੂਰਨ ਤੇ ਥਾਟ ਖਮਾਜ ਹੈ ਜਦਕਿ ਰਾਗ ਸ਼ੁੱਧ ਮਲਾਰੁ ਰਾਗ ਦੁਰਗਾ ਵਰਗਾ ਹੈ। ਪਾਠਕ ਇਸ ਗੱਲ ਨੂੰ ਧਿਆਨ 'ਚ ਲੈਣ ਕਿ ਇਹ ਸਥਿਤੀ ਬਿਲਕੁਲ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਰਾਗ ਸਾਰੰਗ ਤੇ ਸ਼ੁੱਧ ਸਾਰੰਗ ਨੂੰ ਅਣਜਾਣੇ 'ਚ ਸਮਝਣ ਦੀ ਗ਼ਲਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮੀਆਂ ਤਾਨਸੇਨ ਦਾ ਰਚਿਤ ਰਾਗ 'ਮੀਆਂ ਮਲਹਾਰ' ਹੈ, ਜਿਸ ਵਿਚ ਕੋਮਲ ਗੰਧਾਰ ਦਾ ਗੁਣੀ ਜਨ ਬਾਖੂਬੀ ਪ੍ਰਯੋਗ ਕਰਦੇ ਹਨ। ਅਹਿਮ ਗੱਲ ਇਹ ਵੀ ਹੈ ਕਿ ਇਸ ਰਾਗ ਵਿਚ ਦੋ ਛੋਟੇ ਖ਼ਿਆਲ ਬਹੁਤ ਹੀ ਪ੍ਰਸਿੱਧ ਹਨ, ਜਿਨ੍ਹਾਂ 'ਚ (1) ਬੋਲ ਰੇ ਪਪੀਅਰਾ (2) ਬਿਜਰੀ ਚਮਕੇ ਬਰਸੇ ਬੰਦਿਸ਼ਾਂ ਦਾ ਗਾਇਨ ਤਿੰਨ ਤਾਲ ਵਿਚ ਕੀਤਾ ਜਾਂਦਾ ਹੈ।
ਰਾਗ ਮਲਹਾਰ ਦੀ ਆਪਣੀ ਸੁਰਾਤਮਿਕ ਹੋਂਦ ਤੋਂ ਇਲਾਵਾ ਹੋਰ ਪ੍ਰਕਾਰ ਜਿਵੇਂ ਸ਼ੁੱਧ ਮਲਹਾਰ, ਮੀਆਂ ਮਲਹਾਰ, ਮੇਘ ਮਲਹਾਰ, ਸੂਰ ਮਲਹਾਰ, ਗੌਂਡ ਮਲਹਾਰ, ਰਾਮਦਾਸੀ ਮਲਹਾਰ, ਨਟ ਮਲਹਾਰ, ਛਾਇਆ ਮਲਹਾਰ, ਸੋਰਠ ਮਲਹਾਰ, ਮੀਰਾ ਬਾਈ ਦੀ ਮਲਹਾਰ, ਦੇਸ ਮਲਹਾਰ, ਦੇਸੀ ਮਲਹਾਰ, ਜੈਅੰਤ ਮਲਹਾਰ, ਕਾਨੜਾ ਮਲਹਾਰ, ਨਾਇਕੀ ਮਲਹਾਰ, ਚੰਚਲਸ ਮਲਹਾਰ, ਪਟ ਮਲਹਾਰ, ਰੂਪ ਮੰਜਰੀ ਮਲਹਾਰ, ਤਿਲਕ ਮਲਹਾਰ, ਸਵੇਤ ਮਲਹਾਰ, ਕੇਦਾਰ ਮਲਹਾਰ, ਅੰਜਨੀ ਮਲਹਾਰ, ਜਾਨਕੀ ਮਲਹਾਰ, ਚੰਦ੍ਰ ਮਲਹਾਰ, ਅਰੁਣਾ ਮਲਹਾਰ, ਚਰਜੂ ਕੀ ਮਲਹਾਰ, ਸਾਮੰਤ ਮਲਹਾਰ, ਜੋਗ ਮਲਹਾਰ ਅਤੇ ਗੌਂਡਗਿਰੀ ਮਲਹਾਰ ਆਦਿ ਪ੍ਰਕਾਰ ਰਾਗ ਹੋਂਦ ਵਿਚ ਦੱਸੇ ਜਾਂਦੇ ਹਨ।
ਗੁਰਮਤਿ ਸੰਗੀਤ ਦੀ ਮਹਾਨ ਮਰਿਆਦਾ ਵਿਚ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਹਾਜ਼ਰ ਹਜ਼ੂਰੀ ਰਾਗੀ ਜਥੇ ਵਲੋਂ ਰਾਗੁ ਮਲਾਰੁ ਵਿਚ ਆਰੰਭਕ ਅਲਾਪ ਉਪਰੰਤ ਬਿਲਵੰਤ ਲੈਅ 'ਚ ਇਕ ਤਾਲ 'ਚ (ਜ਼ਿਆਦਾਤਰ) ਮੰਗਲਾਚਰਨ ਉਪਰੰਤ ਤਿੰਨ ਤਾਲ, ਇਕ ਤਾਲ, ਰੂਪਕ, ਝੱਪ ਤਾਲ ਜਾਂ ਫਰੋਦਸਤ ਤਾਲ ਆਦਿ 'ਚ ਸ਼ਬਦ ਦਾ ਗਾਇਨ ਕਰਨ ਸਮੇਂ ਪਹਿਲਾਂ ਤਾਲਬੱਧ ਅਲਾਪ, ਬੋਲ ਅਲਾਪ, ਬੋਲ ਬਾਂਟ ਤੋਂ ਇਲਾਵਾ ਆਕਾਰ 'ਚ ਤਾਨਾਂ (ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਰਗਮ ਨੂੰ ਗਾਇਨ ਕਰਨ ਦੀ ਆਗਿਆ ਨਹੀਂ ਹੈ) ਤੇ ਬੋਲ ਤਾਨਾਂ ਆਦਿ ਦਾ ਪ੍ਰਯੋਗ ਕਰਦਿਆਂ ਸ਼ਬਦ ਦੀ ਪ੍ਰਧਾਨਤਾ ਨੂੰ ਵੀ ਬਰਕਰਾਰ ਰੱਖਿਆ ਜਾਂਦਾ ਹੈ। ਸ਼ਬਦ ਗਾਇਨ ਸਮੇਂ ਜੋੜੀ ਵਾਲਾ ਗੁਰਸਿੱਖ ਵੀਰ ਸਥਾਈ ਦੇ ਗਾਇਨ ਸਮੇਂ ਛੋਟੀਆਂ-ਛੋਟੀਆਂ ਤਿਹਾਈਆਂ, ਮੁੱਖੜੇ, ਮੋਹਰੇ, ਟੁਕੜੇ ਤੇ ਪਰਨਾਂ ਦਾ ਬਾਖੂਬੀ ਵਾਦਨ ਕਰਦਾ ਹੈ। ਨਾਲ-ਨਾਲ ਤੰਤੀ ਸਾਜ਼ ਵਾਲਾ ਗੁਰਸਿੱਖ ਵੀਰ ਗਾਇਨ ਦੀ ਹੂ-ਬ-ਹੂ ਸੰਗਤ ਕਰਕੇ ਹਾਜ਼ਰੀ ਲਗਵਾਉਂਦਾ ਹੈ। ਜ਼ਿਕਰਯੋਗ ਹੈ ਕਿ 'ਪੜਤਾਲ' ਗਾਇਕੀ ਦੀ ਇਸ ਰਾਗ ਵਿਚ ਵਿਸ਼ੇਸ਼ਤਾ ਹੈ।
ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਤਰਤੀਬ ਅਨੁਸਾਰ 1254 ਅੰਗ ਤੋਂ ਆਰੰਭ ਹੁੰਦੇ ਇਸ ਰਾਗ ਨੂੰ ਸਤਾਈਵਾਂ ਸਥਾਨ ਬਖਸ਼ਿਸ਼ ਹੈ, ਜਿਸ ਅਨੁਸਾਰ ਪਹਿਲੇ ਪਾਤਸ਼ਾਹ ਜੀ ਦੇ 14, ਤੀਜੇ ਮਹਾਰਾਜ ਜੀ ਦੇ 16, ਚੌਥੇ ਪਾਤਸ਼ਾਹ ਜੀ ਦੇ 9 ਅਤੇ 31 ਸ਼ਬਦ ਪੰਜਵੇਂ ਪਾਤਸ਼ਾਹ ਜੀ ਦੇ ਦਰਜ ਹਨ। ਇਸੇ ਤਰ੍ਹਾਂ 'ਮਲਾਰੁ ਮਹਲਾ ੪ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਦੋ ਸ਼ਬਦ 1265 ਤੇ 1266 ਅੰਗ 'ਤੇ ਅਤੇ 'ਰਾਗੁ ਮਲਾਰੁ ਮਹਲਾ ੫ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਅੰਗ 1271 ਤੋਂ 1273 ਤੱਕ 8 ਸ਼ਬਦ ਦਰਜ ਹਨ। ਅੰਗ 1278 ਤੋਂ 1291 ਤੱਕ 'ਵਾਰ ਮਲਾਰੁ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ' ਵਿਚ ਪਵਿੱਤਰ ਗੁਰਬਾਣੀ ਦਰਜ ਹੈ, ਜਿਸ ਦੀਆਂ ਕੁੱਲ 28 ਪਉੜੀਆਂ ਦਰਜ ਹਨ। ਯਾਦ ਰਹੇ, ਇਨ੍ਹਾਂ ਪਉੜੀਆਂ ਵਿਚ ਦਰਜ ਗੁਰਬਾਣੀ ਵਿਚ ਪਉੜੀ ਸੰਖਿਆ 27 ਪੰਜਵੇਂ ਗੁਰੂ ਮਹਾਰਾਜ ਜੀ ਦੀ ਰਚਨਾ ਹੈ ਜਦਕਿ 27 ਪਉੜੀਆਂ ਪਹਿਲੇ ਪਾਤਿਸ਼ਾਹ ਜੀ ਦੀਆਂ ਹਨ। ਸਤਿੁਗੁਰੂ ਜੀ ਦੀ ਰਹਿਮਤ ਸਦਕਾ ਇਸ ਵਾਰ ਵਿਚ ਕੁੱਲ 58 ਸਲੋਕ ਵੀ ਦਰਜ ਹਨ, ਜਿਨ੍ਹਾਂ 'ਚ ਪਉੜੀ ਸੰਖਿਆ 21 ਨਾਲ 4 ਸਲੋਕ ਹੋਰ ਸਾਰੀਆਂ ਪਉੜੀਆਂ ਨਾਲ ਦੋ-ਦੋ ਸਲੋਕ ਦਰਜ ਹਨ। ਕ੍ਰਮਵਾਰ ਸਲੋਕਾਂ ਦੀ ਰਚਨਾ ਅਨੁਸਾਰ ਪਹਿਲੇ ਪਾਤਿਸ਼ਾਹ ਜੀ ਦੇ 24, ਦੂਜੇ ਪਾਤਿਸ਼ਾਹ ਜੀ ਦੇ 5, ਤੀਜੇ ਪਾਤਿਸ਼ਾਹ ਜੀ ਦੇ 27 ਅਤੇ ਦੋ ਸਲੋਕ ਪੰਜਵੇਂ ਪਾਤਿਸ਼ਾਹ ਜੀ ਦੇ ਦਰਜ ਹਨ। ਅੰਗ 1292 ਤੋਂ 1293 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਅਤੇ 3 ਸ਼ਬਦ ਭਗਤ ਰਵਿਦਾਸ ਜੀ ਦੇ ਦਰਜ ਹਨ।


-ਪਿੰਡ ਤੇ ਡਾਕ: ਨਗਰ, ਤਹਿ: ਫਿਲੌਰ (ਜਲੰਧਰ) ਮੋਬਾ: 98789-24026

ਚਾਰ ਬਾਗ-ਏ-ਪੰਜਾਬ ਦਾ ਸੂਫ਼ੀ ਪ੍ਰਸੰਗ

ਮੁਸਲਮਾਨਾਂ ਦੀ ਆਮਦ ਨਾਲ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਫ਼ਾਰਸੀ ਜ਼ਬਾਨ ਅਤੇ ਅਦਬ ਨਾਲ ਪੰਜਾਬੀਆਂ ਦੀ ਜਾਣ-ਪਛਾਣ ਹੋਈ ਅਤੇ ਫਿਰ ਫ਼ਾਰਸੀ ਸਰਕਾਰੀ ਜ਼ਬਾਨ ਬਣ ਜਾਣ ਨਾਲ ਇਸ ਦੇ ਪ੍ਰਚਾਰ-ਪ੍ਰਸਾਰ ਨੂੰ ਨਵਾਂ ਹੁਲਾਰਾ ਮਿਲਿਆ। ਮੁਸਲਮਾਨਾਂ ਵਿਚ ਆਪਣੇ ਲੋਕ ਨਾਇਕਾਂ ਵਿਸ਼ੇਸ਼ ਕਰਕੇ ਧਾਰਮਿਕ ਆਗੂਆਂ ਅਤੇ ਹਾਕਮਾਂ ਦੇ ਜੀਵਨ ਬਿਰਤਾਂਤ, ਉਸ ਵੇਲੇ ਦੀ ਇਤਿਹਾਸ ਦ੍ਰਿਸ਼ਟੀ ਅਨੁਸਾਰ ਲਿਖਣ ਦਾ ਬੇਹੱਦ ਸ਼ੌਂਕ ਸੀ। ਏਸੇ ਸ਼ੌਕ ਵਿਚੋਂ ਮਸਨਵੀਆਂ, ਅਕਵਾਲ, ਮਲਫੂਜਾਤ, ਸੁਖਨ ਆਦਿ ਨਿਕਲੇ। ਬਾਬਾ ਫ਼ਰੀਦ ਤੱਕ ਪਹੁੰਚਦਿਆਂ ਤਾਂ ਸੱਭਿਆਚਾਰੀਕਰਨ ਦਾ ਅਮਲ ਅਤੇ ਮੁਸਲਮਾਨਾਂ ਦਾ ਸਥਾਨਕ ਲੋਕਾਂ ਨਾਲ ਇੰਨਾ ਮੇਲ-ਜੋਲ ਵਧ ਗਿਆ ਕਿ ਹੁਣ ਫਾਰਸੀ ਲਿਖਤਾਂ ਦੀ ਸਮੱਗਰੀ ਲਈ ਬਾਹਰ ਝਾਕਣ ਦੀ ਬਜਾਇ ਇਹ ਸਥਾਨਕ ਸਰੋਕਾਰ ਵਿਚ ਹੀ ਮਿਲਣੀ ਸ਼ੁਰੂ ਹੋ ਗਈ। ਇਨ੍ਹਾਂ ਸਰੋਕਾਰਾਂ ਵਿਚੋਂ ਫਾਰਸੀ ਲਿਖਤਾਂ ਉਗਮਣ ਲੱਗੀਆਂ। ਹੁਣ ਤੱਕ ਦੀ ਸੂਚਨਾ ਅਨੁਸਾਰ 11ਵੀਂ ਸਦੀ ਵਿਚ ਅਲੀ ਹੁਜਵੀਰੀ ਦੀਆਂ ਲਿਖੀਆਂ ਹੋਈਆਂ ਪੁਸਤਕਾਂ, ਜਿਨ੍ਹਾਂ ਵਿਚੋਂ ਇਕ 'ਕਸ਼ਫੁਲ ਮਹਿਜੂਬ' ਦੀ ਚਰਚਾ ਇਨ੍ਹਾਂ ਕਾਲਮਾਂ ਵਿਚ ਹੋ ਚੁੱਕੀ ਹੈ, ਤੋਂ ਬਿਨਾਂ 'ਕਸ਼ਫੁਲ ਇਸਰਾਰ' ਆਦਿ ਉਸ ਦੀਆਂ ਪੁਸਤਕਾਂ ਵੀ ਮਿਲਦੀਆਂ ਹਨ। ਕਸ਼ਫੁਲ ਮਹਿਜੂਬੇ ਤੋਂ ਸ਼ੁਰੂ ਹੋਈ ਇਹ ਪਰੰਪਰਾ 1850 ਈ: ਤੱਕ, ਗਣੇਸ਼ ਦਾਸ ਵੱਡਹਿਰਾ ਦੁਆਰਾ ਰਚਿਤ ਪੁਸਤਕ 'ਚਾਰ ਬਾਗ-ਏ-ਪੰਜਾਬ' ਤੱਕ ਤਕਰੀਬਨ 800 ਸਾਲ ਤੱਕ ਨਿਰੰਤਰ ਜਾਰੀ ਰਹੀ। ਚਰਚਾ ਅਧੀਨ ਪੁਸਤਕ 'ਚਾਰ ਬਾਗ-ਏ-ਪੰਜਾਬ' ਪੰਜਾਬ ਦੀਆਂ ਅਧਿਆਤਮਕ, ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਗੂੜ੍ਹੀ ਤਰ੍ਹਾਂ ਜੁੜੀ ਹੋਈ ਹੈ ਪਰ ਅਸੀਂ ਇਸ ਵਿਚੋਂ ਇਸ ਦੇ ਕੇਵਲ ਸੂਫ਼ੀ ਪ੍ਰਸੰਗ ਦੀ ਹੀ ਚਰਚਾ ਕਰਨੀ ਹੈ।
ਗਣੇਸ਼ ਦਾਸ ਵੱਡਹਿਰਾ ਨੇ ਬੇਸ਼ੱਕ 'ਚਾਰ ਬਾਗ-ਏ-ਪੰਜਾਬ' ਮੂਲ ਰੂਪ ਵਿਚ ਇਤਿਹਾਸ ਅੰਕਣ ਦੀ ਦ੍ਰਿਸ਼ਟੀ ਤੋਂ ਲਿਖੀ ਹੈ ਪਰ ਉਸ ਨੇ ਆਪਣੇ ਸਮਕਾਲ ਵਿਚ ਪ੍ਰਚੱਲਿਤ ਰਹੇ ਧਰਮਾਂ, ਉਨ੍ਹਾਂ ਦੇ ਸਥਾਨਾਂ, ਧਾਰਮਿਕ ਮਾਨਤਾਵਾਂ ਅਤੇ ਇਨ੍ਹਾਂ ਸਬੰਧੀ ਹੋਰ ਵੀ ਕਈ ਤਰ੍ਹਾਂ ਦੀ ਚਰਚਾ ਕੀਤੀ ਹੈ। ਗਣੇਸ਼ ਦਾਸ ਜਿੱਥੇ ਵੈਸ਼ਣਵਾਂ, ਬੈਰਾਗੀਆਂ, ਸੰਨਿਆਸੀਆਂ, ਉਦਾਸੀਆਂ ਅਤੇ ਦੂਜੇ ਧਾਰਮਿਕ ਫਿਰਕਿਆਂ ਦੀ ਗੱਲ ਕਰਦਾ ਹੈ, ਉੱਥੇ ਪ੍ਰਸਿੱਧ ਸੂਫ਼ੀਆਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੀਆਂ ਖ਼ਾਨਗਾਹਾਂ ਦੀ ਗੱਲ ਕਰਨੀ ਵੀ ਨਹੀਂ ਭੁੱਲਦਾ। ਬੇਸ਼ੱਕ ਉਸ ਨੇ ਉਸ ਵੇਲੇ ਤੱਕ ਦੇ ਪ੍ਰਸਿੱਧ ਡੇਰਿਆਂ ਦੀ ਸੰਖੇਪ ਗੱਲ ਹੀ ਕੀਤੀ ਹੈ ਪਰ ਪਾਠਕ ਨੂੰ ਇਨ੍ਹਾਂ ਦੇ ਪ੍ਰਭਾਵ ਦੀ ਟੋਹ ਸਹਿਜੇ ਹੀ ਮਿਲ ਜਾਂਦੀ ਹੈ।
ਗਣੇਸ਼ ਦਾਸ ਆਮ ਕਰਕੇ 'ਚਾਰ ਬਾਗ-ਏ-ਪੰਜਾਬ' ਵਿਚ ਇਸਲਾਮ ਦਾ ਜ਼ਿਕਰ ਖਾਨਗਾਹਾਂ ਅਤੇ ਮਜ਼ਾਰਾਂ ਦੇ ਹਵਾਲੇ ਨਾਲ ਕਰਦਾ ਹੈ। ਕਬਰਿਸਤਾਨ ਆਮ ਲੋਕਾਂ ਦੀਆਂ ਕਬਰਾਂ ਵਾਲੇ ਸਥਾਨ ਨੂੰ ਕਿਹਾ ਜਾਂਦਾ ਹੈ, ਜਦਕਿ ਮਜ਼ਾਰ ਸੂਫ਼ੀਆਂ ਦੇ ਹਵਾਲੇ ਨਾਲ ਸੰਕੇਤਿਤ ਹੁੰਦੇ ਹਨ। ਗਣੇਸ਼ ਦਾਸ ਪਿੰਡਾਂ ਅਤੇ ਕਸਬਿਆਂ ਵਿਚ ਸੂਫ਼ੀਆਂ ਦੀਆਂ ਖਾਨਗਾਹਾਂ ਨੂੰ ਉਚੇਚੀ ਦਿਲਚਸਪੀ ਨਾਲ ਅੰਕਿਤ ਕਰਦਾ ਹੈ। ਮਿਸਾਲ ਦੇ ਤੌਰ 'ਤੇ ਜਾਦੀਸਰੀ ਵਿਚ ਜਾਨੀਸੰਗ ਵਿਚ ਜਾਨੀ ਦਰਵੇਸ਼ ਦੀ ਖਾਨਗਾਹ, ਦਾਂਗਲੀ ਵਿਚ ਹੱਕਾਨੀ ਦੀ ਖਾਨਗਾਹ, ਚਨਿਓਟ ਵਿਚ ਸ਼ਾਹ ਬੁਰਹਾਨ ਦੀ ਖਾਨਗਾਹ, ਗੁਜਰਾਤ ਵਿਚ ਪੀਰ ਮੁਹੰਮਦ ਸਚਿਆਰ ਦੀ ਖਾਨਗਾਹ, ਗੁਜਰਾਤ ਵਿਚ ਹੀ ਸ਼ਾਹ ਦੌਲਾ ਅਤੇ ਪਾਂਧੀ ਸ਼ਾਹ ਦੇ ਮਜ਼ਾਰ, ਕੋਟ ਮੀਰ ਹੁਸੈਨ ਨੇੜੇ ਹਾਫਿਜ ਹਯਾਤ ਦੀ ਖਾਨਗਾਹ। ਇਸ ਹਾਫਿਜ ਹਯਾਤ ਦੀ ਗੁਜਰਾਤ ਵਿਚ ਅੱਜ ਵੀ ਚੋਖੀ ਮਾਨਤਾ ਹੈ। ਸੰਨ 2008 ਵਿਚ ਪ੍ਰਸਤੁਤ ਲੇਖਕ ਨੂੰ ਗੁਜਰਾਤ ਯੂਨੀਵਰਸਿਟੀ (ਪਾਕਿਸਤਾਨ) ਵਿਖੇ ਸੂਫ਼ੀਆਂ ਬਾਰੇ ਹੋਈ ਇਕ ਕਾਨਫਰੰਸ ਵਿਚ ਜਾਣ ਦਾ ਮੌਕਾ ਮਿਲਿਆ ਤਾਂ ਦੇਖਿਆ ਕਿ ਗੁਜਰਾਤ ਯੂਨੀਵਰਸਿਟੀ ਕੈਂਪਸ ਨੂੰ ਜੋ ਨਾਂਅ ਦਿੱਤਾ ਗਿਆ ਹੈ, ਉਹ ਹਾਫਿਜ ਹਯਾਤ ਕੈਂਪਸ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥

ਸਿਰੀਰਾਗੁ ਮਹਲਾ ੧
ਜਪੁ ਤਪੁ ਸੰਜਮੁ ਸਾਧੀਐ
ਤੀਰਥਿ ਕੀਚੈ ਵਾਸੁ॥
ਪੁੰਨ ਦਾਨ ਚੰਗਿਆਈਆ
ਬਿਨੁ ਸਾਚੇ ਕਿਆ ਤਾਸੁ॥
ਜੇਹਾ ਰਾਧੇ ਤੇਹਾ ਲੁਣੈ
ਬਿਨੁ ਗੁਣ ਜਨਮੁ ਵਿਣਾਸੁ॥ ੧॥
ਮੁੰਧੇ ਗੁਣ ਦਾਸੀ ਸੁਖੁ ਹੋਇ॥
ਅਵਗਣ ਤਿਆਗਿ ਸਮਾਈਐ
ਗੁਰਮਤਿ ਪੂਰਾ ਸੋਇ॥ ੧॥ ਰਹਾਉ॥
ਵਿਣੁ ਰਾਸੀ ਵਾਪਾਰੀਆ
ਤਕੇ ਕੁੰਡਾ ਚਾਰਿ॥
ਮੂਲੁ ਨ ਬੂਝੈ ਆਪਣਾ
ਵਸਤੁ ਰਹੀ ਘਰ ਬਾਰਿ॥
ਵਿਣੁ ਵਖਰ ਦੁਖੁ ਅਗਲਾ
ਕੂੜਿ ਮੁਠੀ ਕੂੜਿਆਰਿ॥ ੨॥
ਲਾਹਾ ਅਹਿਨਿਸ ਨਉਤਨਾ
ਪਰਖੇ ਰਤਨੁ ਵੀਚਾਰਿ॥
ਵਸਤੁ ਲਹੈ ਘਰਿ ਆਪਣੈ
ਚਲੈ ਕਾਰਜੁ ਸਾਰਿ॥
ਵਣਜਾਰਿਆ ਸਿਉ ਵਣਜੁ ਕਰਿ
ਗੁਰਮੁਖਿ ਬ੍ਰਹਮੁ ਬੀਚਾਰਿ॥ ੩॥
ਸੰਤਾਂ ਸੰਗਤਿ ਪਾਈਐ
ਜੇ ਮੇਲੇ ਮੇਲਣਹਾਰੁ॥
ਮਿਲਿਆ ਹੋਇ ਨ ਵਿਛੁੜੈ
ਜਿਸੁ ਅੰਤਰਿ ਜੋਤਿ ਅਪਾਰ॥
ਸਚੈ ਆਸਣਿ ਸਚਿ ਰਹੈ
ਸਚੈ ਪ੍ਰੇਮ ਪਿਆਰ॥ ੪॥
ਜਿਨੀ ਆਪੁ ਪਛਾਣਿਆ
ਘਰਿ ਮਹਿ ਮਹਲੁ ਸੁਥਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥
ਤ੍ਰਭਵਣਿ ਸੋ ਪ੍ਰਭੁ ਜਾਣੀਐ
ਸਾਚੋ ਸਾਚੈ ਨਾਇ॥ ੫॥
ਸਾ ਧਨ ਖਰੀ ਸੁਹਾਵਣੀ
ਜਿਨਿ ਪਿਰੁ ਜਾਤਾ ਸੰਗਿ॥
ਮਹਲੀ ਮਹਲਿ ਬੁਲਾਈਐ
ਸੋ ਪਿਰੁ ਰਾਵੇ ਰੰਗਿ॥
ਸਚਿ ਸੁਹਾਗਣਿ ਸਾ ਭਲੀ
ਪਿਰਿ ਮੋਹੀ ਗੁਣ ਸੰਗਿ॥ ੬॥
ਭੂਲੀ ਭੂਲੀ ਥਲਿ ਚੜਾ
ਥਲਿ ਚੜਿ ਡੂਗਰਿ ਜਾਉ॥
ਬਨ ਮਹਿ ਭੂਲੀ ਜੇ ਫਿਰਾ
ਬਿਨੁ ਗੁਰ ਬੂਝ ਨ ਪਾਉ॥
ਨਾਵਹੁ ਭੂਲੀ ਜੇ ਫਿਰਾ
ਫਿਰਿ ਫਿਰਿ ਆਵਉ ਜਾਉ॥ ੭॥
ਪੁਛਹੁ ਜਾਇ ਪਧਾਊਆ
ਚਲੇ ਚਾਕਰ ਹੋਇ॥
ਰਾਜਨੁ ਜਾਣਹਿ ਆਪਣਾ
ਦਰਿ ਘਰਿ ਠਾਕ ਨ ਹੋਇ॥
ਨਾਨਕ ਏਕੋ ਰਵਿ ਰਹਿਆ
ਦੂਜਾ ਅਵਰੁ ਨ ਕੋਇ॥ ੮॥ ੬॥ (ਅੰਗ 56-57)
ਪਦ ਅਰਥ : ਤਪੁ-ਧੂਣੀਆ ਆਦਿ ਤਪਾ ਕੇ ਸਰੀਰ ਨੂੰ ਕਸ਼ਟ ਦੇਣਾ। ਸੰਜਮੁ-ਇੰਦਰੀਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ। ਸਾਧੀਐ-ਸਾਧੇ ਜਾਣ। ਕੀਚੈ-ਵਾਸੁ-ਵਾਸਾ ਕੀਤਾ ਜਾਵੇ। ਪੁੰਨ ਦਾਨ ਚੰਗਿਆਈਆ-ਪੁੰਨ ਦਾਨ ਜਿਹੇ ਚੰਗੇ ਕੰਮ ਕੀਤੇ ਜਾਣ। ਕਿਆ ਤਾਸੁ-ਕਿਸ ਕੰਮ। ਬਿਨੁ ਸਾਚੇ-ਪ੍ਰਭੂ ਤੋਂ ਬਿਨਾਂ। ਜੇਹਾ ਰਾਧੇ-ਜਿਹੋ ਜਿਹਾ ਬੀਜਦਾ ਹੈ। ਤੇਹਾ ਲੁਣੈ-ਉਹੋ ਹੀ ਵੱਢਦਾ ਹੈ। ਜਨਮੁ ਵਿਣਾਸੁ-ਜਨਮ (ਜੀਵਨ) ਵਿਅਰਥ ਹੈ।
ਗੁਣ ਦਾਸੀ-ਗੁਣਾਂ ਦੀ ਦਾਸੀ ਬਣ, ਗੁਣਾਂ ਨੂੰ ਗ੍ਰਹਿਣ ਕਰ। ਸੁਖੁ ਹੋਇ-ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ। ਅਵਗਣ ਤਿਆਗਿ-ਔਗੁਣਾਂ ਨੂੰ ਤਿਆਗ ਕੇ। ਸਮਾਈਐ-(ਪ੍ਰਭੂ ਚਰਨਾਂ ਵਿਚ) ਜੁੜ ਸਕੀਦਾ ਹੈ, ਸਮਾਅ ਜਾਈਦਾ ਹੈ। ਗੁਰਮਤਿ-ਗੁਰੂ ਦੀ ਮੱਤ (ਸਿੱਖਿਆ)। ਪੂਰਾ ਸੋਇ-ਉਸ ਪੂਰੇ ਪ੍ਰਭੂ (ਨਾਲ ਮਿਲਾਪ ਹੁੰਦਾ ਹੈ)।
ਵਿਣੁ ਰਾਸੀ-ਸਰਮਾਏ (ਧਨ ਦੌਲਤ) ਤੋਂ ਬਿਨਾਂ। ਕੁੰਡਾ ਚਾਰਿ-ਚੌਹੀਂ ਪਾਸੀਂ। ਮੂਲੁ ਨ ਬੁਝੈ ਆਪਣਾ-ਆਪਣੇ ਮੂਲ ਰੂਪ ਪਰਮਾਤਮਾ ਨੂੰ ਨਹੀਂ ਸਮਝਦਾ। ਵਸਤੁ-(ਅਸਲ) ਸਰਮਾਇਆ। ਘਰ ਬਾਰਿ-ਹਿਰਦੇ ਅੰਦਰ ਹੀ। ਵਿਣੁ ਵਖਰ-ਨਾਮ ਸੌਦੇ ਤੋਂ ਬਿਨਾਂ। ਦੁਖੁ ਅਗਲਾ-ਬੜਾ (ਆਤਮਿਕ) ਦੁੱਖ ਹੁੰਦਾ ਹੈ। ਕੂੜਿ ਮੁਠੀ-ਕੂੜ ਦੁਆਰਾ ਲੁੱਟੀ ਜਾ ਰਹੀ ਹੈ। ਕੂੜਿਆਰਿ-ਕੂੜੇ (ਨਾਸਵੰਤ) ਪਦਾਰਥਾਂ ਵਾਲੀ।
ਲਾਹਾ-ਲਾਭ। ਅਹਿਨਿਸ-ਦਿਨ ਰਾਤ, ਸਦਾ। ਨਉਤਨਾ-ਨਵਾਂ। ਸਾਰਿ-ਸੰਵਾਰ ਕੇ, ਸੰਭਾਲ ਕੇ। ਮੇਲਣਹਾਰੁ-ਮੇਲਣ ਵਾਲਾ (ਪ੍ਰਭੂ)। ਅਪਾਰ-ਜਿਸ ਦਾ ਕੋਈ ਪਾਰ ਨਹੀਂ, ਬੇਅੰਤ। ਸਚੈ ਆਸਣ-ਪ੍ਰਭੂ ਦਾ ਸਦਾ ਥਿਰ (ਅਡੋਲ) ਰਹਿਣ ਵਾਲਾ ਆਸਣ।
ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਬਾਕੀ ਕੀਤੇ ਸਾਰੇ ਕਰਮਕਾਂਡ ਵਿਅਰਥ ਹਨ। ਜਪ ਕਰਨੇ, ਤਪ ਸਾਧਣੇ ਅਤੇ ਇੰਦਰੀਆਂ ਨੂੰ ਵੱਸ ਕਰਨ ਦੇ ਸਾਧਨ ਭਾਵ ਸੰਜਮ ਸਭ ਵਿਅਰਥ ਹਨ, ਕਿਉਂਕਿ ਅੰਤ ਵੇਲੇ ਇਹ ਪ੍ਰਾਣੀ ਦੇ ਨਾਲ ਨਹੀਂ ਜਾਂਦੇ। ਦਰਗਾਹੇ ਪੁੱਜਣ ਤੋਂ ਉਰੇ ਹੀ ਭਾਵ ਪਹਿਲਾਂ ਹੀ ਇਹ ਖੋਹ ਲਏ ਜਾਂਦੇ ਹਨ (ਪ੍ਰਾਣੀ ਨੂੰ ਇਨ੍ਹਾਂ ਦਾ ਕਿਸੇ ਪ੍ਰਕਾਰ ਦਾ ਲਾਹਾ ਨਹੀਂ ਮਿਲਦਾ) :
ਹਰਿ ਬਿਨੁ ਅਵਰ ਕ੍ਰਿਆ ਬਿਰਥੇ॥
ਜਪ ਤਪ ਸੰਜਮ ਕਰਮ ਕਮਾਣੇ
ਇਹਿ ਓਰੇ ਮੂਸੇ॥
(ਰਾਗੁ ਗਉੜੀ ਮਹਲਾ ੫, ਅੰਗ 216)
ਅਵਰ ਕ੍ਰਿਆ-ਹੋਰ ਕੀਤੇ ਕਰਮ ਕਾਂਡ। ਬਿਰਥੇ-ਵਿਅਰਥ ਹਨ। ਮੂਸੇ-ਖੋਹ ਲਏ ਜਾਂਦੇ ਹਨ (ਭਾਵ ਨਾਲ ਨਹੀਂ ਜਾਂਦੇ)।
ਮਨੁੱਖ ਵਰਤ ਨੇਮ, ਸੰਜਮ ਆਦਿ ਵਿਚ ਗ੍ਰਸਿਆ ਰਹਿੰਦਾ ਹੈ ਪਰ ਇਨ੍ਹਾਂ ਦਾ ਉਸ ਨੂੰ (ਦਰਗਾਹੇ) ਅੱਧੀ ਕੌਡੀ ਜਿੰਨਾ ਵੀ ਮੁੱਲ ਨਹੀਂ ਮਿਲਦਾ। ਪਰਲੋਕ ਵਿਚ ਜੀਵ ਨਾਲ ਨਿਭਣ ਵਾਲੇ ਹੋਰ ਵਸਤੂ ਹਨ। ਇਹ ਜਪ, ਤਪ, ਸੰਜਮ, ਬਰਤ ਆਦਿ ਪਰਲੋਕ ਵਿਚ ਜੀਵ ਦੇ ਕਿਸੇ ਕੰਮ ਨਹੀਂ ਆਉਂਦੇ-
ਬਰਤ ਨੇਮ ਸੰਜਮ ਮਹਿ ਰਹਤਾ
ਤਿਨ ਕਾ ਆਢੁ ਨਾ ਪਾਇਆ॥
ਆਗੈ ਚਲਣੁ ਅਉਰੁ ਹੈ ਭਾਈ
ਊਂਹਾ ਕਾਮਿ ਨ ਆਇਆ॥ (ਅੰਗ 216)
ਆਢੁ-ਅੱਧੀ ਕੌਡੀ।
ਜਗਤ ਗੁਰੂ ਬਾਬਾ ਰਾਗੁ ਗਉੜੀ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਜਾਣ ਨਾਲ ਹੀ (ਦਰਗਾਹੇ) ਮਾਣ ਪ੍ਰਾਪਤ ਹੁੰਦਾ ਹੈ, ਇੱਜ਼ਤ-ਮਾਣ ਮਿਲਦਾ ਹੈ-
ਨਾਨਕ ਨਾਮਿ ਰਤੇ ਪਤਿ ਪਾਏ॥ (ਅੰਗ 226)
ਰਤੇ-ਰੰਗੇ ਜਾਣ ਨਾਲ। ਪਤਿ-ਇੱਜ਼ਤ, ਮਾਣ।
ਸ਼ਬਦ ਦੇ ਅੱਖਰੀਂ ਅਰਥ : ਕਿਸੇ ਕੰਮ ਦੀ ਪੂਰਤੀ ਲਈ ਜਪ ਕੀਤੇ ਜਾਣ, ਧੂਣੀਆਂ ਆਦਿ ਤਪਾ ਕੇ ਸਰੀਰ ਨੂੰ ਕਸ਼ਟ ਦਿੱਤੇ ਜਾਣ ਜਾਂ ਇੰਦਰੀਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ ਕੀਤੇ ਜਾਣ ਅਤੇ ਤੀਰਥਾਂ 'ਤੇ ਜਾ ਕੇ ਵਾਸਾ ਕੀਤਾ ਜਾਵੇ, ਪੁੰਨ-ਦਾਨ ਆਦਿ ਜਿਹੇ ਚੰਗੇ ਕੰਮ ਕੀਤੇ ਜਾਣ ਪਰ ਜੇਕਰ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਭਾਵ ਪ੍ਰਭੂ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਕਿਸੇ ਕੰਮ ਨਹੀਂ। ਜੀਵ ਜੋ ਬੀਜਦਾ ਹੈ, ਉਹੀ ਕੁਝ ਵੱਢਦਾ ਹੈ। ਗੁਣਾਂ ਤੋਂ ਬਿਨਾਂ ਇਹ ਮਨੁੱਖਾ ਜਨਮ ਸਭ ਵਿਅਰਥ ਹੈ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭੋਲੀਏ ਜੀਵ-ਇਸਤਰੀਏ, ਗੁਣਾਂ ਨੂੰ ਗ੍ਰਹਿਣ ਕਰਨ ਨਾਲ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਔਗੁਣਾਂ ਨੂੰ ਤਿਆਗ ਕੇ ਗੁਰੂ ਦੀ ਮੱਤ 'ਤੇ ਚੱਲ ਕੇ ਹੀ ਪਰਮਾਤਮਾ ਵਿਚ ਅਭੇਦ ਹੋ ਸਕੀਦਾ ਹੈ।
ਸਰਮਾਏ (ਧਨ ਦੌਲਤ) ਤੋਂ ਬਿਨਾਂ ਵਪਾਰੀ ਲੋਕ ਚਾਰ-ਚੁਫੇਰੇ ਤੱਕਦੇ ਰਹਿੰਦੇ ਹਨ (ਕਿ ਕਿਧਰੋਂ ਪੂੰਜੀ ਮਿਲੇ)। ਮੂਲ ਰੂਪ ਵਿਚ ਪ੍ਰਾਣੀ ਪਰਮਾਤਮਾ ਦੇ ਭੇਦਾਂ ਨੂੰ ਨਹੀਂ ਸਮਝਦਾ ਕਿ ਅਸਲੀ ਸਰਮਾਇਆ ਤਾਂ ਉਸ ਦੇ ਹਿਰਦੇ ਅੰਦਰ ਹੀ ਪਿਆ ਹੈ ਪਰ ਹਿਰਨ ਵਾਂਗ ਉਹ ਇਸ ਨੂੰ ਢੂੰਡਦਾ ਬਾਹਰ ਰਹਿੰਦਾ ਹੈ। ਜਿਵੇਂ ਨਾਮ ਧਨ ਸੌਦੇ ਤੋਂ ਬਿਨਾਂ ਬੜਾ ਦੁੱਖ ਹੁੰਦਾ ਹੈ ਤਿਵੇਂ ਕੂੜ ਦੇ ਵਪਾਰ ਵਿਚ ਪੈ ਕੇ ਜੀਵ-ਇਸਤਰੀ ਠਗੀ ਜਾਂਦੀ ਹੈ ਅਤੇ ਬੜਾ ਦੁੱਖ ਭੋਗਦੀ ਹੈ।
ਜਿਹੜਾ ਜਗਿਆਸੂ (ਨਾਮ) ਰਤਨ ਨੂੰ ਸੋਚ-ਵਿਚਾਰ ਕੇ ਰੱਖਦਾ ਹੈ, ਉਸ ਨੂੰ ਦਿਨ-ਰਾਤ ਭਾਵ ਸਦਾ ਨਫਾ ਹੀ ਨਫਾ (ਫਾਇਦਾ ਹੀ ਫਾਇਦਾ) ਹੁੰਦਾ ਹੈ। ਹੁਣ ਉਸ ਨੂੰ ਆਪਣੇ ਹਿਰਦੇ ਘਰ ਵਿਚੋਂ ਹੀ (ਨਾਮ ਰੂਪੀ) ਵਸਤ ਪ੍ਰਾਪਤ ਹੋ ਜਾਂਦੀ ਹੈ। ਫਲਸਰੂਪ ਜੀਵ ਆਪਣੇ ਕਾਰਜ ਸੰਵਾਰ ਕੇ ਇਥੋਂ ਜਾਂਦਾ ਹੈ। ਇਸ ਲਈ ਹੇ ਭਾਈ, ਗੁਰਮੁਖਿ ਵਣਜਾਰਿਆਂ ਨਾਲ ਵਣਜ ਕਰ ਭਾਵ ਗੁਰਮੁਖਾਂ ਨਾਲ ਮੇਲ ਮਿਲਾਪ ਰੱਖ ਕੇ ਬ੍ਰਹਮ ਦੀ ਵਿਚਾਰ ਕਰ।
ਜੇਕਰ ਮੇਲ ਕਰਵਾਉਣ ਵਾਲਾ ਪ੍ਰਭੂ ਇਕ ਵਾਰੀ ਮੇਲ ਕਰਵਾ ਦੇਵੇ ਤਾਂ ਹੀ ਸੰਤ ਜਨਾਂ ਦੀ ਸੰਗਤ ਕਰਨ ਦਾ (ਸੁਭਾਗ ਪ੍ਰਾਪਤ) ਹੁੰਦਾ ਹੈ। ਫਿਰ ਜਿਸ ਮਨੁੱਖ ਦੇ ਅੰਦਰ ਅਪਾਰ ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ਹੋ ਜਾਵੇ, ਉਹ ਫਿਰ ਇਕ ਵਾਰੀ ਮਿਲ ਕੇ ਮੁੜ ਕਦੇ ਉਸ (ਪ੍ਰਭੂ) ਨਾਲੋਂ ਵਿਛੜਦਾ ਨਹੀਂ। ਉਹ ਫਿਰ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਥਿਰ ਰਹਿਣ ਵਾਲੇ ਆਸਣ 'ਤੇ ਟਿਕਿਆ ਰਹਿੰਦਾ ਹੈ ਅਤੇ ਉਸ ਦਾ ਸੱਚੇ ਪ੍ਰਭੂ ਵਿਚ ਪਿਆਰ ਬਣਿਆ ਰਹਿੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਅਧਿਆਤਮਕ ਗਿਆਨ ਹੈ ਜੀਵਨ ਦਾ ਉਦੇਸ਼

ਜੀਵਨ ਦਾ ਉਦੇਸ਼ ਤਾਂ ਅਧਿਆਤਮਕ ਗਿਆਨ ਹੈ, ਨਾ ਕਿ ਭੌਤਿਕ ਖੁਸ਼ੀ। ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਬਾਰੇ ਲਿਖਦੇ ਹਨ ਕਿ ਸਾਡੀ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਅਸੀਂ ਕੇਵਲ ਭੌਤਿਕ ਪਦਾਰਥਾਂ ਤੋਂ ਪ੍ਰਾਪਤ ਖੁਸ਼ੀ ਨੂੰ ਹੀ ਆਪਣੇ ਜੀਵਨ ਦਾ ਉਦੇਸ਼ ਸਮਝ ਲੈਂਦੇ ਹਾਂ। ਖੁਸ਼ੀ ਅਤੇ ਗ਼ਮ ਦੋਵੇਂ ਸਿੱਖਿਆਦਾਇਕ ਹੁੰਦੇ ਹਨ, ਕਿਉਂਕਿ ਅਸੀਂ ਦੋਵਾਂ ਤੋਂ ਹੀ ਕੁਝ ਸਿੱਖਦੇ ਹਾਂ। ਅਸੀਂ ਬੁਰਾਈ ਅਤੇ ਅੱਛਾਈ ਦੋਵਾਂ ਤੋਂ ਸਿੱਖ ਸਕਦੇ ਹਾਂ। ਇਹ ਦੋਵੇਂ ਸਾਡੇ ਚਰਿੱਤਰ ਨਿਰਮਾਣ ਵਿਚ ਬਰਾਬਰ ਦੀ ਭੂਮਿਕਾ ਨਿਭਾਉਂਦੇ ਹਨ ਪਰ ਕਦੇ-ਕਦੇ ਖੁਸ਼ੀ ਨਾਲੋਂ ਦੁੱਖ ਦੀ ਭੂਮਿਕਾ ਵੱਧ ਹੁੰਦੀ ਹੈ। ਜੇ ਦੁਨੀਆ ਦੇ ਮਹਾਨ ਵਿਅਕਤੀਆਂ ਦਾ ਅਧਿਐਨ ਕੀਤਾ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਖੁਸ਼ੀ ਨਾਲੋਂ ਦੁੱਖਾਂ ਨੇ ਉਨ੍ਹਾਂ ਨੂੰ ਮਹਾਨ ਬਣਾਇਆ ਹੈ। ਇਹ ਦੁੱਖ-ਕਸ਼ਟ ਭਾਵੇਂ ਨਿੱਜੀ ਹੋਣ ਜਾਂ ਨਜ਼ਦੀਕੀਆਂ ਦੇ। ਖੁਸ਼ਹਾਲੀ ਦੀ ਤੁਲਨਾ ਵਿਚ ਗਰੀਬੀ ਨੇ ਵੱਧ ਮਹਾਨ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਜੀਵਨ ਦਾ ਉਦੇਸ਼ ਖੁਸ਼ਹਾਲੀ ਨਹੀਂ, ਸਗੋਂ ਗਿਆਨ ਹੈ। ਭੌਤਿਕ ਪਦਾਰਥ ਤਾਂ ਕੇਵਲ ਇਸ ਤਰ੍ਹਾਂ ਹਨ ਜਿਵੇਂ ਆਤਮਾ ਲਈ ਸਰੀਰ। ਤਰਕ ਦੀ ਤੁਲਨਾ ਵਿਚ ਅਧਿਆਤਮਕ ਗਿਆਨ ਵੱਧ ਅਨੰਦਦਾਇਕ ਹੁੰਦਾ ਹੈ। ਇਸ ਲਈ ਗਿਆਨ ਦੇ ਨਾਲ-ਨਾਲ ਅਕਲਮੰਦੀ ਅਤੇ ਅਧਿਆਤਮਿਕ ਗਿਆਨ ਵਰਦਾਨ ਹਨ। ਦੁਨਿਆਵੀ ਵਸਤਾਂ ਤਾਂ ਇਨ੍ਹਾਂ ਦੀ ਤੁਲਨਾ ਵਿਚ ਹੇਠਲੇ ਦਰਜੇ ਦੀਆਂ ਹਨ। ਅਧਿਆਤਮਿਕਤਾ 'ਤੇ ਸਵਾਰ ਜੀਵਨ ਹੀ ਅਸਲ ਜੀਵਨ ਹੈ। ਇਸ ਲਈ ਅਜਿਹਾ ਗਿਆਨ ਪ੍ਰਾਪਤ ਕਰੋ ਤੇ ਜੀਵਨ ਦਾ ਅਸਲ ਉਦੇਸ਼ ਪ੍ਰਾਪਤ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ੍ਰੀ ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਨੇ ਸੋਚਾਂ 'ਚੋਂ ਅਡੰਬਰ ਚੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਹੈ ਇੱਕੋ ਰੱਬ ਐਪਰ ਉਸ ਦੀਆਂ ਬੇਅੰਤ ਰਚਨਾਵਾਂ,
ਇਹ ਸਾਗਰ, ਝੀਲਾਂ, ਪਰਬਤ, ਧਰਤ ਤੇ ਅਸਮਾਨ ਕਿੰਨੇ ਨੇ।
ਇਹ ਜੰਮਣ-ਮਰਨ ਦਾ ਸਿਧਾਂਤ ਵੇਖੋ ਹੈ ਅਜਬ ਕਿੰਨਾ,
ਜ਼ਮੀਂ 'ਤੇ ਆਉਂਦੇ-ਜਾਂਦੇ ਓਸ ਦੇ ਮਹਿਮਾਨ ਕਿੰਨੇ ਨੇ।
ਕੋਈ ਰੰਜੂਰ ਕੀਤਾ ਹੈ ਕੋਈ ਮਸਰੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਜੇ ਸੋਚਾਂ ਵਿਚ ਹੋਏ ਨੇਰ੍ਹਾ ਨੇਤਰਹੀਣ ਹੈ ਬੰਦਾ,
ਕਿਸੇ ਰੌਸ਼ਨ ਸਿਤਾਰੇ ਦੀ ਉਹਨੂੰ ਝਿਲਮਿਲ ਨਹੀਂ ਮਿਲਦੀ।
ਹਮੇਸ਼ਾ ਲੋੜ ਰਹਿੰਦੀ ਰਹਿਨੁਮਾ ਦੀ ਹਰ ਮੁਸਾਫ਼ਿਰ ਨੂੰ,
ਜਿਹਨੂੰ ਰਸਤਾ ਨਹੀਂ ਮਿਲਦਾ ਉਹਨੂੰ ਮਨਜ਼ਿਲ ਨਹੀਂ ਮਿਲਦੀ।
ਇਸੇ ਨਾਜ਼ੁਕ ਖ਼ਿਆਲੀ ਨੂੰ ਉਨ੍ਹਾਂ ਭਰਪੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਕਿਸੇ ਦਾ ਕਰਕੇ ਸ਼ੋਸ਼ਨ ਆਪਣਾ ਘਰ-ਬਾਰ ਭਰ ਲੈਣਾ,
ਇਹ ਰੱਬ ਦੇ ਦਿੱਤੇ ਜੀਵਨ ਦੀ ਅਮਾਨਤ ਵਿਚ ਖ਼ਿਆਨਤ ਹੈ।
ਕਿਸੇ ਦੀ ਖ਼ੂਨ ਵਿਚ ਭਿੱਜੀ ਹੋਈ ਬੁਰਕੀ ਨਹੀਂ ਖਾਣੀ,
ਕਮਾਈ ਹੱਕ ਦੀ ਖਾਣਾ ਇਹੀ ਸੱਚੀ ਇਬਾਦਤ ਹੈ।
ਮਲਿਕ ਭਾਗੋ ਨੂੰ ਏਸੇ ਸਿੱਖਿਆ ਮਸ਼ਕੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਕਦੇ ਵੀ ਜ਼ੁਲਮ ਨਾ ਢਾਹੁਣਾ ਕਿਸੇ ਨਿਰਦੋਸ਼ ਦੇ ਉੱਤੇ,
ਕਿਸੇ ਰੋਂਦੇ ਹੋਏ ਤਾਈਂ ਵਰਾਉਣਾ ਕੰਮ ਨੇਕੀ ਦਾ।
ਉਹਨੂੰ ਗਲ ਨਾਲ ਲਾ ਕੇ ਬੋਲਣੇ ਦੋ ਬੋਲ ਮਿੱਠੇ ਵੀ,
ਉਹਦੇ ਜ਼ਖਮਾਂ 'ਤੇ ਏਦਾਂ ਮਲ੍ਹਮ ਲਾਉਣਾ ਕੰਮ ਨੇਕੀ ਦਾ।
ਮਨੁੱਖੀ ਆਤਮਾ ਨੂੰ ਇਸ ਤਰ੍ਹਾਂ ਪੁਰਨੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਜ਼ਰੂਰੀ ਹੈ ਸਮਝ ਲੈਣਾ ਦਿਲੀ ਜਜ਼ਬਾਤ ਦੀ ਕੀਮਤ,
ਬਹੁਤ ਛੋਟਾ ਹੈ ਹਰ ਜਜ਼ਬਾ ਵੀ ਪੱਗ ਦੀ ਲਾਜ ਦੇ ਸਾਂਹਵੇਂ।
ਮਨੁੱਖੀ ਅਣਖ ਤਾਈਂ ਰੱਖਣਾ ਮਹਿਫ਼ੂਜ਼ ਹੈ ਲਾਜ਼ਿਮ,
ਝੁਕਾਉਣਾ ਸਿਰ ਨਹੀਂ ਭੁੱਲ ਕੇ ਵੀ ਜ਼ੁਲਮੀ ਤਾਜ ਦੇ ਸਾਂਹਵੇਂ।
ਤੇ ਜ਼ਾਲਿਮ ਦੀ ਹਕੂਮਤ ਨੂੰ ਵੀ ਨਾ ਮਨਜ਼ੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
ਗੁਰੂ ਨਾਨਕ ਨੇ ਸੋਚਾਂ 'ਚੋਂ ਅਡੰਬਰ ਚੂਰ ਕੀਤਾ ਹੈ।
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।


-ਸਰਦਾਰ ਪੰਛੀ,
ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401. ਮੋਬਾ: 94170-91668

ਧਾਰਮਿਕ ਸਾਹਿਤ

ਰੰਘਰੇਟੇ ਸਿੱਖਾਂ ਦੇ ਇਤਿਹਾਸ ਦੀਆਂ ਪੈੜਾਂ

ਸੰਪਾਦਕ :
ਧਰਵਿੰਦਰ ਸਿੰਘ ਔਲਖ
ਪ੍ਰਕਾਸ਼ਕ : ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ, ਅੰਮ੍ਰਿਤਸਰ।
ਪੰਨੇ : 56, ਮੁੱਲ : 170 ਰੁਪਏ
ਸੰਪਰਕ : 98152-82283


ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਮਹਾਨ ਮਿਸ਼ਨ ਨੂੰ ਸੁੱਤੀ ਹੋਈ ਰੰਗਰੇਟਾ ਕੌਮ ਤੱਕ ਪਹੁੰਚਾਉਣ ਅਤੇ ਲਾਸਾਨੀ ਵਿਰਸੇ ਨਾਲ ਜੋੜਨ ਦੇ ਖਿਆਲ ਨਾਲ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ। ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਚੁੱਕ ਕੇ ਅਨੰਦਪੁਰ ਸਾਹਿਬ ਵਿਖੇ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਨੂੰ ਭੇਟ ਕੀਤਾ। ਗੁਰੂ ਜੀ ਨੇ ਕਿਹਾ ਸੀ, 'ਰੰਗਰੇਟਾ ਗੁਰੂ ਕਾ ਬੇਟਾ'। ਇਸ ਪੁਸਤਕ ਵਿਚ ਭਾਈ ਜੈਤਾ ਜੀ ਦੇ ਜੀਵਨ, ਉਨ੍ਹਾਂ ਦੀ ਸਿੱਖ ਕੌਮ ਨੂੰ ਦੇਣ ਅਤੇ ਮਜ਼੍ਹਬੀ ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਲੇਖਕਾਂ ਦੇ ਲੇਖ ਸ਼ਾਮਿਲ ਹਨ, ਜਿਵੇਂ ਬੁੰਗਾ ਮਜ਼੍ਹਬੀ ਸਿੱਖ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ, ਸ਼ਹੀਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਚਮਕੌਰ ਦੀ ਗੜ੍ਹੀ ਆਦਿ। ਪੁਸਤਕ ਦੇ ਦੂਜੇ ਭਾਗ ਵਿਚ ਇਸੇ ਵਿਸ਼ੇ ਨਾਲ ਸਬੰਧਤ ਲੇਖ ਹਿੰਦੀ ਭਾਸ਼ਾ ਵਿਚ ਛਾਪੇ ਗਏ ਹਨ। ਪੁਸਤਕ ਦਾ ਆਰੰਭ ਦਲਜੀਤ ਦੁਸਾਂਝ ਦੇ ਗਾਏ ਇਸ ਗੀਤ ਨਾਲ ਕੀਤਾ ਹੈ-
'ਲੈ ਪਿਤਾ ਦਾ ਸੀਸ ਬੁੱਕਲ ਵਿਚ ਦਿੱਲੀ ਤੋਂ ਤੁਰਿਆ।
ਜਬਰ ਜ਼ੁਲਮ ਨੂੰ ਦੇਖ ਸੂਰਮਾ ਪਿੱਛੇ ਨਾ ਮੁੜਿਆ।'
ਇਨ੍ਹਾਂ ਲੇਖਕਾਂ ਦੇ ਲੇਖ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ-ਪ੍ਰਿੰ: ਗੁਰਬਾਜ ਸਿੰਘ ਛੀਨਾ, ਗੁਰਦਿਆਲ ਸਿੰਘ, ਸੁਖਪਾਲ ਸ਼ੇਰਗਿੱਲ, ਬਲਦੇਵ ਸਿੰਘ, ਡਾ: ਦਰਿਆ, ਸੁਰਿੰਦਰ ਸਿੰਘ, ਡਾ: ਭੁਪਿੰਦਰ ਸਿੰਘ ਮੱਟੂ, ਜਥੇ: ਅਮਰੀਕ ਸਿੰਘ ਸ਼ੇਰਗਿੱਲ, ਕਸ਼ਮੀਰ ਸਿੰਘ ਰੰਧਾਵਾ, ਬਲਕਾਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ, ਜਥੇਦਾਰ ਧਰਮ ਸਿੰਘ, ਜਥੇਦਾਰ ਦਿਆਲ ਸਿੰਘ, ਅਮਰੀਕ ਸਿੰਘ ਭੱਲਾ, ਧਰਵਿੰਦਰ ਸਿੰਘ ਔਲਖ, ਜੋਗਿੰਦਰ ਸਿੰਘ ਕਾਸ਼ਵਾ, ਪ੍ਰੇਮ ਸਿੰਘ ਸੋਢੀ, ਸੁਰਿੰਦਰ ਸਿੰਘ। ਉਮੀਦ ਹੈ ਰੰਗਰੇਟੇ ਸਿੱਖਾਂ ਦੇ ਗੌਰਵਮਈ ਇਤਿਹਾਸ ਬਾਰੇ ਲਿਖੀ ਇਹ ਪੁਸਤਕ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗੀ ਅਤੇ ਮਹਾਨ ਵਿਰਸੇ ਤੋਂ ਜਾਣੂ ਕਰਾਏਗੀ। **


ਜਬੈ ਬਾਣ ਲਾਗਯੋ...

ਸੰਪਾਦਕ :
ਪ੍ਰੋ: ਬਲਵਿੰਦਰਪਾਲ ਸਿੰਘ
ਸਹਿ ਸੰਪਾਦਕ :
ਹਰਜੋਤ ਸਿੰਘ ਸੰਧੂ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਜਲੰਧਰ।
ਪੰਨੇ : 200, ਮੁੱਲ : 250 ਰੁਪਏ

ਸੰਪਰਕ : 98157-00916


ਇਸ ਪੁਸਤਕ ਵਿਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨਵਵਾਦੀ ਸੰਦੇਸ਼ ਤੇ ਉਪਦੇਸ਼ ਦੀ ਵਿਆਖਿਆ ਕੀਤੀ ਗਈ ਹੈ, ਉਥੇ ਨਾਲ-ਨਾਲ ਅੱਜ ਸਿੱਖ ਜਗਤ ਵਿਚ ਵਧ ਰਹੇ ਪਤਿਤਪੁਣੇ ਤੇ ਕਰਮਕਾਂਡਾਂ ਦੇ ਰੁਝਾਨ ਬਾਰੇ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਇਕ ਅਜਿਹੇ ਸੁਚੱਜੇ ਸਮਾਜ ਦੀ ਸਿਰਜਣਾ ਦੀ ਅਗਵਾਈ ਤੇ ਪ੍ਰੇਰਨਾ ਮਿਲਦੀ ਹੈ, ਜਿਸ ਵਿਚ ਵਿਸ਼ਵ ਪ੍ਰੇਮ, ਸਾਂਝੀਵਾਲਤਾ ਤੇ ਮਨੁੱਖੀ ਏਕਤਾ ਦੀ ਝਲਕ ਦਿਖਾਈ ਦਿੰਦੀ ਹੈ। ਸਿੱਖ ਧਰਮ ਦਾ ਪਿਛੋਕੜ ਅਤੇ ਇਤਿਹਾਸ ਅਤੀ ਗੌਰਵਮਈ ਹੈ ਪਰ ਅੱਜ ਦੇ ਯੁੱਗ ਵਿਚ ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਨੂੰ ਕਿਰਿਆਤਮਿਕ ਜੀਵਨ ਵਿਚ ਲਾਗੂ ਨਾ ਕਰਨ ਕਰਕੇ ਗੁਰੂਡੰਮ੍ਹ ਤੇ ਵਹਿਮਾਂ-ਭਰਮਾਂ ਦਾ ਜ਼ੋਰ ਵਧ ਰਿਹਾ ਹੈ। ਅੱਜ ਸਿੱਖ ਪੰਥ 'ਤੇ ਹੋ ਰਹੇ ਕੂੜ ਵਿਚਾਰਾਤਮਿਕ ਹਮਲਿਆਂ ਦਾ ਜਵਾਬ ਦੇਣ ਲਈ ਗੁਰਬਾਣੀ ਦੀ ਸਹੀ ਵਿਆਖਿਆ ਨਾਲ ਸਿੱਖ ਜਗਤ ਨੂੰ ਜੋੜਨ ਅਤੇ ਗੁਰੂ ਸ਼ਬਦ ਲਹਿਰ ਨੂੰ ਜਾਰੀ ਰੱਖਣ ਦੀ ਲੋੜ ਹੈ।
ਉਪਰੋਕਤ ਵਿਸ਼ੇ ਨੂੰ ਦ੍ਰਿੜ੍ਹ ਕਰਾਉਣ ਲਈ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਨੂੰ ਇਕ ਲੜੀ ਵਿਚ ਪਰੋ ਕੇ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਲੇਖਕਾਂ ਦੇ ਨਾਂਅ ਹਨ-ਜਸਪਾਲ ਸਿੰਘ ਸਿੱਧੂ, ਅਜਮੇਰ ਸਿੰਘ, ਬਲਵਿੰਦਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਜਸਵਿੰਦਰ ਸਿੰਘ ਰੁਪਾਲ, ਡਾ: ਸਵਰਾਜ ਸਿੰਘ, ਸੁਰਿੰਦਰਪਾਲ ਸਿੰਘ ਗੋਲਡੀ, ਸਵਰਨਜੀਤ ਸਿੰਘ ਖ਼ਾਲਸਾ, ਪਰਮਿੰਦਰ ਪਾਲ ਸਿੰਘ ਖ਼ਾਲਸਾ, ਗੁਰਬਚਨ ਸਿੰਘ, ਗੁਰਤੇਜ ਸਿੰਘ ਆਈ.ਏ.ਐਸ., ਤਰਸੇਮ ਸਿੰਘ ਦਿਓਲ, ਕਮਲਜੀਤ ਕੌਰ, ਕਰਮਜੀਤ ਸਿੰਘ ਨੂਰ ਅਤੇ ਪਰਮਜੀਤ ਕੌਰ ਸਰਹਿੰਦ। ਉਮੀਦ ਹੈ ਅੱਜ ਦੇ ਨੌਜਵਾਨ ਵੀਰਾਂ ਨੂੰ ਪਤਿਤਪੁਣੇ ਤੋਂ ਦੂਰ ਕਰਕੇ ਗੁਰਬਾਣੀ ਦੇ ਮਹਾਨ ਵਿਰਸੇ ਨਾਲ ਜੋੜਨ ਵਿਚ ਇਹ ਪੁਸਤਕ ਬਹੁਤ ਸਹਾਈ ਹੋਵੇਗੀ।


-ਕੰਵਲਜੀਤ ਸਿੰਘ ਸੂਰੀ
ਮੋਬਾ: 93573-24241

24ਵੀਂ ਬਰਸੀ 'ਤੇ ਵਿਸ਼ੇਸ਼

ਵਿੱਦਿਆ ਦਾਨੀ ਸੰਤ ਅਮਰ ਸਿੰਘ ਕ੍ਰਿਤੀ

ਸੰਤ ਬਾਬਾ ਅਮਰ ਸਿੰਘ ਕ੍ਰਿਤੀ ਨੂੰ ਬ੍ਰਹਮਲੀਨ ਹੋਇਆਂ ਭਾਵੇਂ 24 ਸਾਲ ਹੋ ਗਏ ਹਨ ਪਰ ਸ਼ਰਧਾਲੂਆਂ ਦੇ ਮਨਾਂ ਵਿਚ ਉਨ੍ਹਾਂ ਦੀ ਮਿੱਠੀ ਯਾਦ ਅੱਜ ਵੀ ਤਾਜ਼ਾ ਹੈ। ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦਾ ਹੋਕਾ ਦੇਣ ਵਾਲੇ ਸੰਤ ਕ੍ਰਿਤੀ ਨੇ ਪੂਰਾ ਜੀਵਨ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਇਆ। ਨਾਮ ਬਾਣੀ ਦੇ ਰਸੀਏ, ਕਹਿਣੀ-ਕਥਨੀ ਦੇ ਪੂਰੇ, ਗੁਰਬਾਣੀ ਅਰਥਾਂ ਦੇ ਗਿਆਤਾ ਸੰਤ ਕ੍ਰਿਤੀ ਨੇ ਅਨੇਕਾਂ ਹੀ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਦੇ ਕੇ ਸਮਾਜ ਵਿਚ ਸਤਿਕਾਰਯੋਗ ਥਾਂ ਦਿਵਾਈ। ਆਪ ਦਾ ਜਨਮ ਸੰਨ 1919 ਵਿਚ ਸ: ਘਮੰਡ ਸਿੰਘ ਅਤੇ ਮਾਤਾ ਰਾ ਕੌਰ ਦੇ ਘਰ ਪਿੰਡ ਟਿੱਬਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਸਨ। ਮਾਪਿਆਂ ਨੇ ਆਪ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਚਰਨੀਂ ਲਗਾ ਦਿੱਤਾ। ਇਸ ਜਥੇ 'ਚ ਸ਼ਾਮਿਲ ਹੋ ਕੇ ਆਪ ਨੇ ਮਹਾਂਪੁਰਸ਼ਾਂ ਪਾਸੋਂ ਗੁਰਮਤਿ, ਗੁਰ ਇਤਿਹਾਸ, ਗੁਰਬਾਣੀ ਬੋਧ, ਕਥਾ ਵਿਚਾਰ ਪ੍ਰਾਪਤ ਕੀਤੀ ਅਤੇ ਇਸ ਵਿੱਦਿਆ ਨੂੰ ਅੱਗੇ ਵੰਡ ਕੇ ਗੁਰ ਜਸ ਫੈਲਾਇਆ। ਇਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਜਥੇ ਸਮੇਤ ਪਿੰਡ ਫੱਤਾ ਮਾਲੋਕਾ (ਮਾਨਸਾ) ਪਹੁੰਚੇ ਤਾਂ ਸੰਗਤਾਂ ਦੀ ਬੇਨਤੀ 'ਤੇ ਮਹਾਂਪੁਰਸ਼ਾਂ ਨੇ ਸੰਤ ਕ੍ਰਿਤੀ ਨੂੰ ਪਿੰਡ ਫੱਤਾ ਮਾਲੋਕਾ ਵਿਖੇ ਗੁਰੂ-ਘਰ ਦੀ ਸੇਵਾ ਸੰਭਾਲਣ ਦਾ ਹੁਕਮ ਦਿੱਤਾ। ਸੰਤਾਂ ਦੇ ਹੁਕਮਾਂ ਅਨੁਸਾਰ ਆਪ ਨੇ ਗੁਰੂ-ਘਰ ਦੀ ਸੇਵਾ ਸੰਭਾਲੀ ਅਤੇ ਲਗਪਗ 45 ਸਾਲ ਸੇਵਾ ਨਿਭਾਉਂਦਿਆਂ ਜਿੱਥੇ ਅਨੇਕਾਂ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਦੀ ਸਿੱਖਿਆ ਦਿੱਤੀ, ਉੱਥੇ ਬਹੁਤ ਸਾਰੇ ਸਿੰਘਾਂ ਨੂੰ ਕਥਾਵਾਚਕ ਵੀ ਬਣਾਇਆ ਅਤੇ ਕੀਰਤਨ ਦੀ ਸਿੱਖਿਆ ਦਿਵਾਉਣ ਲਈ ਹੋਰ ਥਾਵਾਂ 'ਤੇ ਭੇਜਿਆ। ਆਪ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੰਠ ਸੀ।
ਇਸ ਪਿੰਡ ਵਿਚ ਰਹਿੰਦਿਆਂ ਆਪ ਨੇ ਜਿੱਥੇ ਇਲਾਕੇ 'ਚ ਅਨੇਕਾਂ ਗੁਰੂ-ਘਰਾਂ ਦੀ ਉਸਾਰੀ ਕਰਵਾਈ, ਉੱਥੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਤੋਰ ਕੇ ਲੋਕਾਂ ਨੂੰ ਨਸ਼ਿਆਂ, ਮਨਮਤਿ ਅਤੇ ਅੰਧ-ਵਿਸ਼ਵਾਸ 'ਚੋਂ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ। ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਗਿਆਨੀ ਹਰਭਜਨ ਸਿੰਘ ਢੁੱਡੀਕੇ, ਗਿਆਨੀ ਦੀਦਾਰ ਸਿੰਘ, ਗਿਆਨੀ ਕੌਰ ਸਿੰਘ, ਭਾਈ ਹਰਚਰਨ ਸਿੰਘ ਕਮਾਣੇ ਵਾਲੇ, ਭਾਈ ਜਸਵੀਰ ਸਿੰਘ, ਗਿਆਨੀ ਮਹਿਮਾ ਸਿੰਘ, ਸੰਤ ਬੱਗਾ ਸਿੰਘ, ਨਛੱਤਰ ਸਿੰਘ ਭੋਲਾ, ਮਾਘ ਸਿੰਘ ਤੋਂ ਇਲਾਵਾ ਅਨੇਕਾਂ ਸਿੰਘ ਸੰਤ ਗਿਆਨੀ ਕ੍ਰਿਤੀ ਪਾਸੋਂ ਵਿੱਦਿਆ ਪ੍ਰਾਪਤ ਕਰ ਕੇ ਵੱਖ-ਵੱਖ ਥਾਵਾਂ 'ਤੇ ਗੁਰਮਤਿ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਮੁੱਢਲੀ ਵਿੱਦਿਆ ਸੰਤਾਂ ਪਾਸੋਂ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੈ। 1994 ਵਿਚ ਆਪ ਗੁਰੂ ਚਰਨਾਂ 'ਚ ਜਾ ਬਿਰਾਜੇ। ਗੁਰੂ-ਘਰ ਫੱਤਾ ਮਾਲੋਕਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ 'ਚ ਪਿੰਡ ਫੱਤਾ ਮਾਲੋਕਾ ਵਿਖੇ ਸੰਤਾਂ ਦੀ 24ਵੀਂ ਬਰਸੀ 23 ਜੁਲਾਈ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਅਤੇ ਬਰਸੀ ਸਮਾਗਮ 17 ਜੁਲਾਈ ਤੋਂ ਅਖੰਡ ਪਾਠਾਂ ਦੀ ਲੜੀ ਨਾਲ ਸ਼ੁਰੂ ਹੋ ਰਹੇ ਹਨ।


-ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ। ਮੋਬਾ: 94177-74558


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX