ਤਾਜਾ ਖ਼ਬਰਾਂ


ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  4 minutes ago
ਜੋਧਾਂ, 21 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਗੁੱਜਰਵਾਲ ਵਿਖੇ ਅੱਜ ਇੱਕ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 22 ਸਾਲਾ ਚਰਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ...
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  15 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  32 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  52 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 1 hour ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕਿੰਨਾ ਮਹੱਤਵਪੂਰਨ ਹੈ ਤੁਹਾਡਾ ਅੱਜ ਦਾ ਦਿਨ

ਬੀਤ ਚੁੱਕੇ ਸਮੇਂ ਦੇ ਪਛਤਾਵੇ ਅਤੇ ਭਵਿੱਖ ਦੀ ਚਿੰਤਾ ਕਾਰਨ ਅਕਸਰ ਅਸੀਂ ਆਪਣੇ ਵਰਤਮਾਨ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਂਦੇ ਹਾਂ। ਪੁਰਾਣੀਆਂ ਦੁੱਖਦਾਈ ਘਟਨਾਵਾਂ ਨੂੰ ਯਾਦ ਕਰਦੇ ਰਹਿਣਾ ਆਪਣੇ-ਆਪ ਵਿਚ ਉਨ੍ਹਾਂ ਗੱਲਾਂ ਦੀ ਗੁਲਾਮੀ ਕਰਨਾ ਹੈ, ਜਿਸ ਨਾਲ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਲਈ ਦਰਵਾਜ਼ੇ ਆਪ ਹੀ ਬੰਦ ਕਰ ਲੈਂਦੇ ਹਾਂ। ਬੀਤੇ ਦੇ ਪਛਤਾਵੇ ਅਤੇ ਭਵਿੱਖ ਦੀ ਚਿੰਤਾ ਕਾਰਨ ਅਸੀਂ ਵਰਤਮਾਨ ਜ਼ਿੰਦਗੀ ਵਿਚ ਜਿਊਣਾ ਹੀ ਭੁੱਲ ਗਏ ਹਾਂ। ਤੁਹਾਡੇ ਲਈ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਅੱਜ ਦਾ ਦਿਨ ਹੈ। ਅੱਜ ਦੇ ਦਿਨ ਦੀ ਮਿਹਨਤ ਭਵਿੱਖ ਦਾ ਰਸਤਾ ਪੱਧਰਾ ਕਰਦੀ ਹੈ। ਅੱਜ ਦੇ ਦਿਨ ਦੀ ਖੁਸ਼ੀ ਭਵਿੱਖ ਦੀ ਖੁਸ਼ਹਾਲੀ ਬਣਦੀ ਹੈ। ਅੱਜ ਦੇ ਦਿਨ ਦਾ ਵਰਤਾਓ ਤੁਹਾਡੇ ਭਵਿੱਖ ਦਾ ਚਰਿੱਤਰ ਬਣਦਾ ਹੈ। ਅੱਜ ਦੇ ਦਿਨ ਦੀ ਉਸਾਰੂ ਸੋਚ ਤੁਹਾਡੇ ਭਵਿੱਖ ਦੀ ਕਿਸਮਤ ਬਣਦੀ ਹੈ। ਭਵਿੱਖ ਵਿਚ ਕਿਸੇ ਵੱਡੇ ਟੀਚੇ ਦੀ ਪ੍ਰਾਪਤੀ ਹੀ ਸਿਰਫ ਤੁਹਾਡੀ ਖੁਸ਼ੀ ਨਹੀਂ ਹੈ, ਬਲਕਿ ਖੁਸ਼ੀ ਤਾਂ ਹਮੇਸ਼ਾ ਹੀ ਛੋਟੇ-ਛੋਟੇ ਵਰਤਮਾਨ ਦੇ ਅਮਲਾਂ ਵਿਚੋਂ ਹੀ ਪੈਦਾ ਹੁੰਦੀ ਹੈ। ਜੇਕਰ ਤੁਹਾਡੇ ਅੰਦਰ ਕਿਸੇ ਦੇ ਕੰਮ ਆਉਣ ਦਾ ਚਾਅ ਨਹੀਂ ਹੈ ਤਾਂ ਸਮਝੋ ਤੁਸੀਂ ਕੁਦਰਤ ਦੇ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ, ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਿਚ ਅਸਲ ਖੁਸ਼ੀ ਦੇ ਮੌਕੇ ਗੁਆ ਰਹੇ ਹੋ।
ਤੁਹਾਡੀ ਤਸੱਲੀ ਦਾ ਕੱਦ ਕਦੇ ਛੋਟਾ ਨਹੀਂ ਹੋਣਾ ਚਾਹੀਦਾ। ਲੰਘ ਚੁੱਕਾ ਸਮਾਂ ਕਦੇ ਵਾਪਸ ਨਹੀਂ ਆਉਂਦਾ ਅਤੇ ਭਵਿੱਖ ਦੀ ਉਸਾਰੀ ਵਰਤਮਾਨ ਨੇ ਕਰਨੀ ਹੁੰਦੀ ਹੈ। ਤੁਸੀਂ ਅੱਜ ਦੇ ਦਿਨ ਨੂੰ ਮਾਣਨਯੋਗ ਬਣਾਓ, ਕਿਉਂਕਿ ਸਿਰਫ ਵਰਤਮਾਨ ਹੀ ਹੈ, ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਵਰਤ ਸਕਦੇ ਹੋ। ਇਕ ਚੰਗੀ ਸ਼ੁਰੂਆਤ ਤੁਹਾਨੂੰ ਕੱਲ੍ਹ ਦੀ ਚਿੰਤਾ ਤੋਂ ਮੁਕਤ ਕਰਦੀ ਹੈ। ਜਿਸ ਤੀਰ ਨੇ ਸਹੀ ਨਿਸ਼ਾਨੇ 'ਤੇ ਵੱਜਣਾ ਹੈ, ਉਸ ਤੀਰ ਦਾ ਕਮਾਨ ਵਿਚੋਂ ਸਹੀ ਤਰੀਕੇ ਨਾਲ ਨਿਕਲਣਾ ਲਾਜ਼ਮੀ ਹੈ। ਜੇਕਰ ਤੁਸੀਂ ਸਮੇਂ ਦੀ ਪ੍ਰਵਾਹ ਨਹੀਂ ਕਰੋਗੇ ਤਾਂ ਸਮਾਂ ਵੀ ਤੁਹਾਡੀ ਪ੍ਰਵਾਹ ਨਹੀਂ ਕਰੇਗਾ। ਕੁਝ ਨਵਾਂ ਸਿੱਖਣਾ ਹੈ ਤਾਂ ਉਸ ਦੀ ਸ਼ੁਰੂਆਤ ਅੱਜ ਤੋਂ ਕਰੋ। ਕੱਲ੍ਹ ਬੀਤ ਚੁੱਕਾ ਹੈ ਅਤੇ ਭਵਿੱਖ ਅਜੇ ਆਉਣਾ ਹੈ ਪਰ ਅੱਜ ਹਕੀਕਤ ਹੈ। ਅਸੀਂ ਜੋ ਕੁਝ ਸੋਚਦੇ ਹਾਂ, ਉਹ ਸਾਡਾ ਨਜ਼ਰੀਆ ਹੈ ਅਤੇ ਅਸੀਂ ਜੋ ਕੁਝ ਕਰਦੇ ਹਾਂ, ਉਹ ਸਾਡਾ ਚਰਿੱਤਰ ਹੈ। ਬਹੁਤੇ ਸੁਪਨੇ ਲੈਣ ਦੀ ਬਜਾਇ ਅਸਲ ਜ਼ਿੰਦਗੀ ਵਿਚ ਰਹਿਣਾ ਸਿੱਖੋ। ਇਕ ਉਸਾਰੂ ਸੋਚ ਉਹ ਹੈ ਜਿਸ ਦਾ ਅਮਲ ਅੱਜ ਤੋਂ ਹੀ ਆਰੰਭ ਹੁੰਦਾ ਹੈ। ਸੁਆਰਥੀ ਵਿਅਕਤੀ ਦਾ ਆਪਣੇ ਸੁਆਰਥ ਤੋਂ ਬਿਨਾਂ ਕੋਈ ਟੀਚਾ ਨਹੀਂ ਹੁੰਦਾ। ਜਲਦੀ ਕਰਕੇ ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਣਾ ਜ਼ਿਆਦਾ ਚੰਗਾ ਹੈ। ਥਕਾਵਟ ਵਿਚ ਆਰਾਮ ਕਰਨਾ ਸਮਾਂ ਗੁਆਉਣਾ ਨਹੀਂ ਹੁੰਦਾ। ਕੁਦਰਤ ਆਪਣੇ ਨਿਯਮਾਂ ਅਨੁਸਾਰ ਚਲਦੀ ਹੈ, ਇਸ ਲਈ ਤੁਹਾਡੀ ਜ਼ਿੰਦਗੀ ਦੇ ਵੀ ਕੁਝ ਨਿਯਮ ਤੇ ਅਸੂਲ ਹੋਣੇ ਚਾਹੀਦੇ ਹਨ। ਤੁਹਾਡੀ ਜ਼ਿੰਦਗੀ ਲਈ ਤੁਹਾਡਾ ਅੱਜ ਦਾ ਦਿਨ ਤੁਹਾਡੀ ਸਭ ਤੋਂ ਵੱਡੀ ਦੌਲਤ ਹੈ। ਇਹ ਦੌਲਤ ਅਜਿਹੀ ਹੈ, ਜਿਹੜੀ ਸਿਰਫ ਅੱਜ ਹੀ ਤੁਹਾਡੀ ਜੇਬ ਵਿਚ ਹੈ। ਨਿੱਜੀ ਸੁਆਰਥ ਅਤੇ ਲਾਲਚ ਵਿਚੋਂ ਹੀ ਚਿੰਤਾ ਦਾ ਜਨਮ ਹੁੰਦਾ ਹੈ।
ਜਦੋਂ ਅਸੀਂ ਕਿਸੇ ਕੰਮ ਨੂੰ ਟਾਲਦੇ ਹਾਂ ਤਾਂ ਉਹੀ ਕੰਮ ਸਾਡੀ ਚਿੰਤਾ ਦਾ ਕਾਰਨ ਬਣਦਾ ਹੈ। ਕਿਸੇ ਵੀ ਕੰਮ ਵਿਚ ਕੀਤੀ ਦੇਰੀ ਹੀ ਸਾਡੇ ਲਈ ਮੁਸ਼ਕਿਲ ਬਣਦੀ ਹੈ। ਰੁੱਸੇ ਹੋਏ ਨੂੰ ਮਨਾਉਣ ਲਈ ਦੇਰੀ ਨਾ ਕਰੋ। ਜੋ ਮੁਆਫ਼ੀ ਦੇ ਯੋਗ ਹੋਵੇ, ਉਸ ਨੂੰ ਮੁਆਫ਼ ਕਰਨ ਲਈ ਸਮਾਂ ਨਾ ਲਗਾਓ। ਸਮਾਂ ਲੰਘੇ 'ਤੇ ਕੀਤੀ ਗਈ ਪ੍ਰਸੰਸਾ ਚਾਪਲੂਸੀ ਨਜ਼ਰ ਆਉਂਦੀ ਹੈ। ਇਕ ਬਹਾਨੇਬਾਜ਼ ਵਿਅਕਤੀ ਲਈ ਮੌਸਮ ਅਤੇ ਮੂਡ ਹਮੇਸ਼ਾ ਖਰਾਬ ਰਹਿੰਦਾ ਹੈ। ਬਹੁਤ ਜ਼ਿਆਦਾ ਸੋਚਣ ਦੀ ਬਜਾਇ ਥੋੜ੍ਹਾ ਸੋਚੋ ਪਰ ਚੰਗਾ ਸੋਚੋ। ਆਲਸ ਆਸਰਾ ਭਾਲਦੀ ਹੈ ਜਦਕਿ ਮਿਹਨਤ ਦੂਜਿਆਂ ਦਾ ਵੀ ਸਹਾਰਾ ਬਣਦੀ ਹੈ। ਤੁਹਾਡਾ ਅੱਜ ਦਾ ਦਿਨ ਹੀ ਤੁਹਾਡੀ ਜ਼ਿੰਦਗੀ ਦਾ ਸੁਨਹਿਰੀ ਮੌਕਾ ਹੈ। ਤੁਸੀਂ ਕੱਲ੍ਹ ਕੀ ਬਣਨਾ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅੱਜ ਕੀ ਕਰ ਰਹੇ ਹੋ? ਕੰਮ ਕਰਨ ਨਾਲ ਹੀ ਹੁੰਦੇ ਹਨ, ਸੋਚਣ ਨਾਲ ਤਾਂ ਸਿਰਫ ਕੰਮ ਦੀ ਵਿਉਂਤ ਹੁੰਦੀ ਹੈ। ਝੂਠੀ ਤਸੱਲੀ ਕਦੇ ਵੀ ਤੁਹਾਡੀ ਖੁਸ਼ੀ ਨਹੀਂ ਬਣਦੀ। ਅਸੀਂ ਆਪਣੇ-ਆਪ ਕੋਲੋਂ ਹੀ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਹਰ ਕੰਮ ਸਮੇਂ ਅਨੁਸਾਰ ਕੀਤਾ ਜਾਵੇ ਤਾਂ ਫੁਰਸਤ ਦੇ ਪਲ ਵੀ ਮਾਣੇ ਜਾ ਸਕਦੇ ਹਨ। ਕਿਸੇ ਹੋਰ ਸਵਰਗ ਦੀ ਆਸ ਵਿਚ ਤੁਸੀਂ ਆਪਣੀ ਅੱਜ ਦੀ ਜ਼ਿੰਦਗੀ ਨੂੰ ਨਰਕ ਨਾ ਬਣਾਓ। ਆਪਣੀ ਕਿਸਮਤ ਖੁਦ ਸਿਰਜੋ। ਬਹੁਤ ਮਹੱਤਵਪੂਰਨ ਹੈ ਤੁਹਾਡੇ ਲਈ ਤੁਹਾਡਾ ਅੱਜ ਦਾ ਦਿਨ। ਕਿਣਕਾ-ਕਿਣਕਾ ਜੋੜਦਿਆਂ ਹੀ ਖੁਸ਼ੀ ਖੁਸ਼ਹਾਲੀ ਬਣਦੀ ਹੈ।


-ਪਿੰਡ ਗੋਲੇਵਾਲਾ (ਫਰੀਦਕੋਟ)।
ਮੋਬਾ: 94179-49079


ਖ਼ਬਰ ਸ਼ੇਅਰ ਕਰੋ

ਸਮੇਂ-ਸਮੇਂ ਦੀ ਗੱਲ

ਹਾਲਾਤ ਹੱਥੋਂ ਦੂਰ ਹੁੰਦੇ ਖ਼ਾਸ ਰਿਸ਼ਤੇ

ਰਿਸ਼ਤੇ ਬਹੁਤ ਅਨਮੋਲ ਹੁੰਦੇ ਹਨ, ਜਿਨ੍ਹਾਂ ਛਾਵੇਂ ਅਤੇ ਬੁੱਕਲ 'ਚ ਅਸੀਂ ਬਚਪਨ, ਜਵਾਨੀ ਅਤੇ ਬੁਢਾਪੇ ਦੇ ਸਾਰੇ ਰੰਗ ਮਾਣਦੇ ਹਾਂ। ਇਕ ਬੱਚੇ ਜਾਂ ਬੱਚੀ ਦੇ ਪੈਦਾ ਹੁੰਦਿਆਂ ਹੀ ਉਸ ਨਾਲ ਅਨੇਕਾਂ ਸਮਾਜਿਕ ਰਿਸ਼ਤੇ ਜੁੜ ਜਾਂਦੇ ਹਨ। ਝੱਟ ਸਭ ਰਿਸ਼ਤੇਦਾਰ ਕੋਈ ਇਸ ਬੱਚੇ ਦਾ ਮਾਮਾ-ਮਾਮੀ, ਭੂਆ-ਫੁੱਫੜ, ਚਾਚਾ-ਚਾਚੀ, ਤਾਇਆ-ਤਾਈ, ਭੈਣ-ਭਾਈ ਅਤੇ ਮਾਤਾ-ਪਿਤਾ ਆਦਿ ਬਣ ਜਾਂਦੇ ਹਨ ਪਰ ਕਈ ਵਾਰ ਚਿੰਤਾ ਅਤੇ ਅਫਸੋਸ ਦਾ ਵਿਸ਼ਾ ਇਹ ਰਿਸ਼ਤੇ ਉਦੋਂ ਬਣ ਜਾਂਦੇ ਹਨ ਜਦੋਂ ਹਾਲਾਤ ਹੱਥੋਂ ਕੁਦਰਤੀ ਅਤੇ ਗ਼ੈਰ-ਕੁਦਰਤੀ ਮਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਪਹਿਲੀ ਮਾਰ ਤਾਂ ਇਨਸਾਨ ਨੂੰ ਪਰਮਾਤਮਾ ਮਾਰ ਦਿੰਦਾ ਹੈ ਅਤੇ ਦੂਜੀ ਮਾਰ ਉਸ ਦਾ ਪਰਿਵਾਰ ਤੇ ਤੀਜੀ ਮਾਰ ਉਸ ਦੇ ਰਿਸ਼ਤੇਦਾਰ ਮਾਰ ਦਿੰਦੇ ਹਨ। ਬਾਕੀ ਜੋ ਸੰਸਾਰਕ ਮਾਰਾਂ ਇਸ ਰੱਬ ਦੇ ਬੰਦੇ ਨੂੰ ਪੈਂਦੀਆਂ ਹਨ, ਉਨ੍ਹਾਂ ਦਾ ਕੋਈ ਲੇਖਾ-ਜੋਖਾ ਨਹੀਂ। ਕਈ ਵਾਰ ਪਰਿਵਾਰਾਂ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਇਕ ਘਰ ਵਿਚ ਦੋ ਭਰਾ ਰਹਿੰਦੇ ਹੁੰਦੇ ਹਨ, ਜਿਨ੍ਹਾਂ 'ਚੋਂ ਇਕ ਕੰਮ ਕਰਦਾ ਹੈ ਤੇ ਦੂਜਾ ਕੰਮ ਨਾ ਮਿਲਣ ਦੀ ਮਜਬੂਰੀ ਕਾਰਨ ਰੁਜ਼ਗਾਰ ਤੋਂ ਵਾਂਝਾ ਹੁੰਦਾ ਹੈ। ਅਜਿਹੇ ਹਾਲਾਤ ਵਿਚ ਸਾਡੇ ਮਾਪੇ ਕਾਮੇ ਬੱਚੇ ਨੂੰ ਚੰਗਾ ਅਤੇ ਦੂਜੇ ਬੱਚੇ ਦਾ ਦਰਦ ਨਾ ਜਾਣਨ ਉਪਰੰਤ ਉਸ ਨੂੰ ਮਾੜਾ ਐਲਾਨ ਕਰ ਦਿੰਦੇ ਹਨ। ਫਿਰ ਅਜਿਹੇ ਮਾਹੌਲ ਵਿਚ ਦੋਵੇਂ ਭਰਾਵਾਂ ਵਿਚਕਾਰ ਮੁਕਾਬਲੇ ਵਾਲੀ ਸਥਿਤੀ ਸਿਰਜੀ ਜਾਂਦੀ ਹੈ, ਜਿਸ ਦੇ ਸਿੱਧੇ ਰੂਪ ਵਿਚ ਸਾਡੇ ਮਾਂ-ਪਿਓ ਅਤੇ ਉਹ ਸਾਕ-ਸੰਬੰਧੀ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਨੇ ਮੌਕੇ ਦੇ ਹਾਲਾਤ ਦਾ ਸਹੀ ਜਾਇਜ਼ਾ ਲੈਣ ਉਪਰੰਤ ਵੀ ਸ਼ਾਂਤ ਮਾਹੌਲ ਦੀ ਥਾਂ ਅਸ਼ਾਂਤ ਮਾਹੌਲ ਸਿਰਜਿਆ ਹੋਵੇ। ਭਾਵੇਂ ਬਹੁਤੇ ਮਾਪੇ ਅਤੇ ਰਿਸ਼ਤੇਦਾਰ ਇਕੋ ਜਿਹੇ ਨਹੀਂ ਹੁੰਦੇ ਪਰ ਥੋੜ੍ਹੇ ਮਤਲਬਪ੍ਰਸਤ ਬਹੁਤਿਆਂ ਦੇ ਸਤਿਕਾਰ ਨੂੰ ਵੀ ਵੱਡੀ ਢਾਹ ਲਾ ਜਾਂਦੇ ਹਨ। ਬਾਕੀ ਅਜਿਹੇ ਮੈਂ ਆਪਣੀ ਅੱਖੀਂ ਵੀ ਦੇਖੇ ਹਨ ਅਤੇ ਮੇਰੀ ਮਾਤਾ ਦੇ ਦਿਹਾਂਤ ਤੋਂ ਬਾਅਦ ਇਹ ਸਭ ਕੁਝ ਆਪਣੇ ਪਿਤਾ ਨਾਲ ਵਾਪਰਦਾ ਵੀ ਦੇਖਿਆ ਹੈ।
ਅਸਲ ਵਿਚ ਪਰਿਵਾਰਕ ਮੁਖੀ ਨੂੰ ਲੋੜ ਤਾਂ ਇਸ ਗੱਲ ਨੂੰ ਸਮਝਣ ਦੀ ਹੁੰਦੀ ਹੈ ਕਿ ਸਦਾ ਇਨਸਾਨ 'ਤੇ ਇਕੋ ਜਿਹਾ ਸਮਾਂ ਨਹੀਂ ਰਹਿੰਦਾ। ਕਿਉਂਕਿ ਰਾਤ ਤੋਂ ਬਾਅਦ ਦਿਨ ਦਾ ਹੋਣਾ ਵੀ ਯਕੀਨਨ ਹੁੰਦਾ ਹੈ। ਅਜਿਹੀਆਂ ਹਾਲਤਾਂ ਵਿਚ ਇਨਸਾਨ ਕੋਲ ਸਿਰਫ ਦੋ ਰਾਹ ਹੁੰਦੇ ਹਨ-ਪਹਿਲਾ ਰਾਹ ਹਿੰਮਤ, ਹੌਸਲਾ, ਦਲੇਰੀ, ਨਿਡਰਤਾ, ਅਡੋਲਤਾ ਅਤੇ ਚਟਾਨ ਵਰਗੇ ਵਿਸ਼ਵਾਸ ਭਰਪੂਰ ਇਰਾਦਿਆਂ ਨੂੰ ਸ਼ਿੰਗਾਰ ਕੇ ਆਪਣੀ ਮੰਜ਼ਿਲ ਵੱਲ ਤੁਰ ਪਵੇ। ਦੂਜਾ, ਜੋ ਅੱਜਕਲ੍ਹ ਕਿਸਾਨ ਭਰਾ ਵੀ ਅਪਣਾ ਰਹੇ ਹਨ, ਖੁਦਕੁਸ਼ੀ। ਇਨ੍ਹਾਂ ਦੋਵਾਂ ਵਿਚੋਂ ਆਦਮੀ ਨੇ ਆਪਣੀ ਸੋਚ ਦੇ ਅਨੁਸਾਰ ਕਿਸੇ ਇਕ ਨੂੰ ਚੁਣਨਾ ਹੁੰਦਾ ਹੈ। ਬਹੁਤੇ ਔਖੇ ਕੰਮ ਦਾ ਰਿਸਕ ਨਾ ਲੈਂਦੇ ਹੋਏ ਸੌਖਾ ਰਾਹ ਅਖ਼ਤਿਆਰ ਕਰ ਲੈਂਦੇ ਹਨ ਤੇ ਥੋੜ੍ਹੇ ਇਸ ਧਰਤੀ ਮਾਂ ਦਾ ਅਸ਼ੀਰਵਾਦ ਲੈ ਕੇ ਔਖੇ ਰਾਹ 'ਤੇ ਤੁਰ ਪੈਂਦੇ ਹਨ, ਜਿਨ੍ਹਾਂ ਦੀ ਫਿਰ ਸੰਘਰਸ਼ ਨਾਲ ਲੰਮੀ ਜੱਦੋ-ਜਹਿਦ ਸ਼ੁਰੂ ਹੁੰਦੀ ਹੈ। ਜੇ ਅਸੀਂ ਮਿਹਨਤ ਨਾਲ ਕੋਈ ਵੀ ਕੰਮ ਕਰਦੇ ਹਾਂ, ਉਸ ਨੂੰ ਬੂਰ ਪੈਣਾ ਲਾਜ਼ਮੀ ਹੁੰਦਾ ਹੈ। ਸਮੇਂ ਸਿਰ ਜ਼ਿੰਦਗੀ ਨੂੰ ਹਾਂ ਅਤੇ ਖੁਦਕੁਸ਼ੀ ਨੂੰ ਨਾਂਹ ਵਾਲਾ ਮਿਹਨਤੀ ਅਤੇ ਪਰਿਵਾਰ ਵਲੋਂ ਬੇਦਖਲ ਕੀਤਾ ਇਹੀ ਪੁੱਤਰ ਅੱਜ ਆਪਣੇ ਜੀਵਨ 'ਤੇ ਜਿੱਤ ਪ੍ਰਾਪਤ ਕਰਕੇ ਕੁਝ ਨਾ ਕੁਝ ਬਣ ਚੁੱਕਾ ਹੈ। ਉਹ ਆਪਣਾ ਚੰਗਾ ਨਾਂਅ ਕਮਾ, ਕਾਰੋਬਾਰ ਸੈਟਲ ਕਰਨ ਦੇ ਨਾਲ-ਨਾਲ ਆਪਣਾ ਘਰ-ਬਾਰ ਵੀ ਬਣਾ ਚੁੱਕਾ ਹੁੰਦਾ ਹੈ। ਚਾਰ ਪੈਸੇ ਆਪਣੇ ਹੱਥ ਹੇਠ ਕਰਨ ਉਪਰੰਤ ਇਸ ਦੁਨੀਆ ਵਿਚੋਂ ਆਪਣੇ ਹਮਸਫਰ ਨੂੰ ਤਲਾਸ਼ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਕਰ ਚੁੱਕਾ ਹੁੰਦਾ ਹੈ। ਫਿਰ ਉਸ ਨਾਲ ਇਸ ਦਾ ਪਿਛੋਕੜ ਪਰਿਵਾਰ ਅਤੇ ਰਿਸ਼ਤੇਦਾਰ ਜ਼ਹਿਲਮ ਰੱਖਣ ਲੱਗ ਪੈਂਦੇ ਹਨ। ਉਨ੍ਹਾਂ ਦੇ ਮਨਾਂ 'ਚ ਪਨਪਦੇ ਇਹ ਵਿਚਾਰ 'ਇਹ ਇਥੋਂ ਤੱਕ ਕਿਉਂ ਅਤੇ ਕਿਵੇਂ ਆ ਗਿਆ, ਲਗਦਾ ਤਾਂ ਹੈ ਨਹੀਂ ਸੀ ਇਸ ਤਰ੍ਹਾਂ ਦਾ' ਆਦਿ ਕਿਸੇ ਹੇਠਲੇ ਪੱਧਰ ਦੀ ਸੋਚ ਦਾ ਪ੍ਰਮਾਣ ਦਿੰਦੇ ਨਜ਼ਰ ਆਉਂਦੇ ਹਨ। ਆਪਣਿਆਂ ਲਈ ਅਜਿਹਾ ਸੋਚਣ ਵਾਲਿਆਂ ਲਈ ਸਮਾਜ ਵਿਚ ਕੋਈ ਥਾਂ ਨਹੀਂ ਹੁੰਦੀ।
ਸਮੇਂ ਦੇ ਨਾਲ-ਨਾਲ ਬਦਲਿਆਂ ਬਹੁਤੀ ਵਾਰ ਕੁਝ ਸਾਕ-ਸੰਬੰਧੀ ਗ਼ਲਤੀ ਮੰਨ ਕੇ ਇਕ-ਦੂਜੇ ਨਾਲ ਜੁੜ ਵੀ ਜਾਂਦੇ ਹਨ ਪਰ ਫਿਰ ਜਿਹੜੀਆਂ ਵਗਾਰਾਂ ਉਹ ਪਾਉਂਦੇ ਹਨ, ਬਸ ਰਹੇ ਰੱਬ ਦਾ ਨਾਂਅ। ਅਸਲ ਵਿਚ ਹੋ ਰਿਹਾ ਇਹ ਸਭ ਕੁਝ ਮਤਲਬਪ੍ਰਸਤੀ ਵੱਲ ਇਸ਼ਾਰਾ ਕਰਦਾ ਹੈ, ਜੋ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਹੀ ਨਹੀਂ ਹੈ। ਸੋ, ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਚਾਹੀਦਾ ਤਾਂ ਪਹਿਲਾਂ ਹੀ ਇਹ ਸੀ ਕਿ ਜਦ ਉਨ੍ਹਾਂ ਦੇ ਜਿਗਰ ਦਾ ਟੁਕੜਾ ਹਾਲਤਾਂ ਵੱਸੋਂ ਮਜਬੂਰ ਸੀ, ਉਸ ਦਾ ਸਾਥ ਦਿੰਦੇ ਅਤੇ ਉਸ ਨੂੰ ਯੋਗ ਸਿੱਖਿਆ ਦੇਣ ਦੇ ਨਾਲ-ਨਾਲ ਸਹੀ ਦਿਸ਼ਾ ਵੱਲ ਵਧਣ ਲਈ ਪ੍ਰੇਰਿਤ ਕਰਦੇ ਤਾਂ ਜੋ ਅੱਜ ਇਹ ਤਾਣਾ-ਬਾਣਾ ਸ਼ਾਇਦ ਨਾ ਉਲਝਦਾ। ਪਰ ਹੁਣ ਵੀ ਜੋ ਹੋ ਗਿਆ, ਉਸ 'ਤੇ ਮਿੱਟੀ ਪਾਉਂਦੇ ਹੋਏ ਆਪਣੇ ਬੇਟੇ, ਨੂੰਹ, ਪੋਤਾ, ਪੋਤੀ ਅਤੇ ਸਾਂਝੇ ਪਰਿਵਾਰ ਵਿਚ ਰਹਿਣ ਦਾ ਨਿਰਣਾ ਕਰਨ ਅਤੇ ਭਵਿੱਖ ਵਿਚ ਕੋਈ ਵੀ ਨਵੀਂ ਗ਼ਲਤੀ ਨਾ ਕਰਨ ਦਾ ਇਕ-ਦੂਜੇ ਨੂੰ ਵਚਨ ਦੇਈਏ।


-ਪੱਤੀ ਰੋਡ, ਬਰਨਾਲਾ-148101. ਮੋਬਾ: 90419-95800
dardisarbjeet@gmail.com

ਤੁਸੀਂ ਆਪਣੇ ਮੇਕਅੱਪ ਬੁਰਸ਼ ਦਾ ਰੱਖਦੇ ਹੋ ਧਿਆਨ?

ਮੇਕਅੱਪ ਬੁਰਸ਼ ਦੀ ਵਰਤੋਂ ਤਕਰੀਬਨ ਹਰ ਰੋਜ਼ ਹੀ ਕੀਤੀ ਜਾਂਦੀ ਹੈ ਪਰ ਇਸ ਦੀ ਸਫ਼ਾਈ 'ਤੇ ਧਿਆਨ ਦਿੱਤਾ ਜਾਂਦਾ ਹੈ ਜਾਂ ਨਹੀਂ, ਇਹ ਕਹਿਣਾ ਮੁਸ਼ਕਿਲ ਹੈ। ਜੇ ਇਸ ਬੁਰਸ਼ ਦੀ ਸਾਫ਼-ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਕੀ ਇਹ ਸਾਨੂੰ ਜਾਂ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ?
ਬਿਲਕੁਲ। ਇਸ ਬੁਰਸ਼ ਦੀ ਗੰਦਗੀ ਨਾਲ ਸਾਨੂੰ ਚਮੜੀ ਇਨਫੈਕਸ਼ਨ ਹੋ ਸਕਦਾ ਹੈ, ਕਿਉਂਕਿ ਧੂੜ, ਗੰਦਗੀ, ਤੇਲ, ਮੇਕਅੱਪ, ਘੱਟਾ ਇਸ ਵਿਚ ਜਮ੍ਹਾਂ ਹੁੰਦੇ ਜਾਂਦੇ ਹਨ, ਜਿਸ ਨਾਲ ਇਸ ਵਿਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਅਤੇ ਵਾਰ-ਵਾਰ ਉਸੇ ਬੁਰਸ਼ ਦੀ ਵਰਤੋਂ ਨਾਲ ਸਕਿੱਨ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਆਓ ਧਿਆਨ ਦੇਈਏ ਕਿ ਇਸ ਦੀ ਸਾਫ਼-ਸਫ਼ਾਈ ਅਸੀਂ ਕਿਵੇਂ ਕਰ ਸਕਦੇ ਹਾਂ-
* ਬੁਰਸ਼ ਨੂੰ ਇਕ ਕਟੋਰੀ ਵਿਚ ਪਾ ਦਿਓ। ਇਸ ਵਿਚ ਦੋ-ਤਿਹਾਈ ਪਾਣੀ ਅਤੇ ਇਕ-ਤਿਹਾਈ ਵਿਨੇਗਰ ਪਾਓ। ਕੁਝ ਦੇਰ ਉਸ ਵਿਚ ਬੁਰਸ਼ ਭਿੱਜਿਆ ਰਹੇ। ਫਿਰ ਬੁਰਸ਼ ਕੱਢ ਕੇ ਸਾਫ਼ ਪਾਣੀ ਨਾਲ ਧੋ ਲਓ। ਸੁਕਾ ਕੇ ਹੀ ਬੁਰਸ਼ ਵਾਪਸ ਰੱਖੋ। * ਬੁਰਸ਼ ਦੀ ਸਫ਼ਾਈ ਹਲਕੇ ਹੱਥਾਂ ਨਾਲ ਕਰੋ। ਇਸ ਨੂੰ ਜ਼ਿਆਦਾ ਮੋੜੋ ਨਾ।
* ਆਪਣੇ ਬੁਰਸ਼ ਨੂੰ ਸਾਫ਼ ਕਰਨ ਲਈ ਕਲੀਂਜ਼ਰ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਬੁਰਸ਼ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।
* ਸ਼ੈਂਪੂ ਨੂੰ ਪਾਣੀ ਵਿਚ ਪਾ ਦਿਓ ਅਤੇ ਨਾਲ ਹੀ ਟੀ ਟ੍ਰੀ ਤੇਲ ਦੀਆਂ ਕੁਝ ਬੂੰਦਾਂ। ਬੁਰਸ਼ ਨੂੰ ਇਸ ਵਿਚ ਪਾ ਕੇ ਛੱਡ ਦਿਓ। ਫਿਰ ਇਸ ਨੂੰ ਸਾਫ਼ ਪਾਣੀ ਨਾਲ ਧੋ ਦਿਓ। ਟੀ ਟ੍ਰੀ ਤੇਲ ਐਂਟੀ-ਫੰਗਲ ਹੁੰਦਾ ਹੈ।
* ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਤੁਸੀਂ ਸਕਿੱਨ ਇਨਫੈਕਸ਼ਨ ਤੋਂ ਬਚ ਸਕਦੇ ਹੋ।


-ਸੁਦਰਸ਼ਨ ਚੌਧਰੀ

ਜੌਂ ਦੀ ਖੀਰ

ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨ ਬਾਰੇ ਸੋਚ ਰਹੇ ਹੋ ਤਾਂ ਜੌਂ ਦੀ ਖੀਰ ਖਾਓ, ਜੋ ਠੰਢੀ ਅਤੇ ਪੌਸ਼ਟਿਕ ਹੁੰਦੀ ਹੈ। ਇਸ ਲਈ ਤੇਜ਼ ਅਤੇ ਚੁੱਭਦੀ ਹੋਈ ਧੁੱਪ ਤੋਂ ਬਚਣ ਲਈ ਵੀ ਇਹ ਖੀਰ ਫਾਇਦੇਮੰਦ ਹੈ। ਇਸ ਦੇ ਨਾਲ ਹੀ ਜੌਂ ਸ਼ੂਗਰ, ਖੂਨ ਦੇ ਦਬਾਅ ਅਤੇ ਪੱਥਰੀ 'ਚ ਵੀ ਲਾਭਦਾਇਕ ਹੈ। ਇਹ ਸਵਾਦੀ ਖੀਰ ਇਕ ਹੈ ਅਤੇ ਫਾਇਦੇ ਬਹੁਤ ਸਾਰੇ ਹਨ-
ਬਣਾਉਣ ਸਮਾਂ : 20 ਤੋਂ 25 ਮਿੰਟ।
ਸਮੱਗਰੀ : ਜੌਂ (ਭਿੱਜੇ ਹੋਏ) 1 ਕੱਪ, ਦੁੱਧ 4 ਕੱਪ, ਘਿਓ 1 ਚਮਚ, ਬਦਾਮ 3 ਵੱਡੇ ਚਮਚ (ਸਜਾਉਣ ਲਈ), ਖੋਆ ਅੱਧਾ ਕੱਪ (ਕੱਦੂਕਸ਼ ਕੀਤਾ ਹੋਇਆ), ਖੰਡ ਸੁਆਦ ਅਨੁਸਾਰ। ਇਲਾਇਚੀ ਪਾਊਡਰ-ਚੁਟਕੀ, ਰੂਹਅਫਜ਼ਾ (ਸਕਸ਼) 2 ਵੱਡੇ ਚਮਚ।
ਬਣਾਉਣ ਦੀ ਵਿਧੀ : ਇਕ ਫਰਾਈ ਪੈਨ ਵਿਚ ਘਿਓ ਗਰਮ ਕਰੋ ਅਤੇ 3 ਵੱਡੇ ਚਮਚ ਬਦਾਮ ਦੇ ਟੁਕੜੇ ਪਾ ਕੇ ਇਕ ਮਿੰਟ ਤੱਕ ਭੁੰਨੋ। ਬਦਾਮ ਭੁੰਨਣ ਤੋਂ ਬਾਅਦ ਜੌਂ ਅਤੇ ਦੁੱਧ ਪਾਓ ਅਤੇ ਘੋਲ ਨੂੰ 20 ਤੋਂ 25 ਮਿੰਟ ਤੱਕ ਉਬਾਲੋ। ਕੜਛੀ ਨਾਲ ਹਿਲਾਉਂਦੇ ਰਹੋ, ਜਿਸ ਨਾਲ ਖੀਰ ਥੱਲੇ ਨਾ ਲੱਗੇ। ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਖੋਆ, ਖੰਡ ਘੁਲਣ ਤੱਕ ਪਕਾਓ। ਖੀਰ ਪੱਕਣ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਉਸ ਵਿਚ ਰੂਹਅਫਜ਼ਾ ਪਾ ਕੇ ਕੜਛੀ ਨਾਲ ਹਿਲਾਓ। ਖੀਰ ਨੂੰ ਠੰਢਾ ਕਰਨ ਤੋਂ ਬਾਅਦ ਕੌਲੀਆਂ 'ਚ ਪਾ ਕੇ ਉੱਪਰੋਂ ਬਦਾਮ ਦੇ ਟੁਕੜਿਆਂ ਨਾਲ ਸਜਾਓ, ਮਜ਼ੇ ਨਾਲ ਖਾਓ ਅਤੇ ਵਜ਼ਨ ਘਟਾਓ।


-ਮੋਬਾ: 99157-27311

ਰਸੋਈ ਘਰ : ਕੁਝ ਜ਼ਰੂਰੀ ਟਿਪਸ

* ਨਿੰਬੂ ਜਿਸ ਮੌਸਮ ਵਿਚ ਸਸਤੇ ਮਿਲਣ, ਉਸ ਦੌਰਾਨ ਨਿੰਬੂ ਦਾ ਰਸ ਸ਼ੀਸ਼ੀ ਵਿਚ ਭਰ ਕੇ ਰੱਖ ਲਓ। ਹੁਣ ਜੇ ਤੁਸੀਂ ਪਨੀਰ ਬਣਾਉਣਾ ਚਾਹੁੰਦੇ ਹੋ ਤਾਂ ਉਬਲਦੇ ਦੁੱਧ ਵਿਚ ਨਿੰਬੂ ਦਾ ਰਸ ਪਾ ਦਿਓ, ਦੁੱਧ ਫਟ ਜਾਵੇਗਾ। ਕਿਸੇ ਪਤਲੇ, ਸਾਫ਼ ਕੱਪੜੇ ਵਿਚ ਫਟਿਆ ਦੁੱਧ ਪਾ ਕੇ ਲਟਕਾ ਦਿਓ। ਜਦੋਂ ਪਾਣੀ ਨਿਕਲਣਾ ਬੰਦ ਹੋ ਜਾਵੇ ਤਾਂ ਉਸ ਨੂੰ ਹੇਠਾਂ ਲਾਹ ਕੇ ਕਿਸੇ ਭਾਰੀ ਭਾਂਡੇ ਨਾਲ ਦਬਾਅ ਦਿਓ। ਪਨੀਰ ਤਿਆਰ ਹੋ ਜਾਵੇਗਾ। ਪਨੀਰ ਦੇ ਪਾਣੀ ਦੀ ਵਰਤੋਂ ਆਟਾ ਗੁੰਨ੍ਹਣ ਲਈ ਕਰੋ। ਇਸ ਨਾਲ ਸਾਰੇ ਪੌਸ਼ਟਿਕ ਤੱਤ ਤੁਹਾਡੇ ਭੋਜਨ ਵਿਚ ਹੀ ਬਣੇ ਰਹਿਣਗੇ।
* ਮੂੰਗਫਲੀ ਦੀ ਛਿੱਲ ਅਸਾਨੀ ਨਾਲ ਨਹੀਂ ਨਿਕਲਦੀ। ਇਸ ਲਈ ਮੂੰਗਫਲੀ ਨੂੰ ਕੜਾਹੀ ਵਿਚ ਪਾ ਕੇ ਗਰਮ ਕਰ ਲਓ। ਹੇਠਾਂ ਲਾਹ ਕੇ ਹੱਥ ਨਾਲ ਰਗੜ ਦਿਓ। ਛਿੱਲ ਅਸਾਨੀ ਨਾਲ ਉਤਰੇਗੀ।
* ਅਰਬੀ ਛਿੱਲਣ ਨਾਲ ਹੱਥਾਂ ਵਿਚ ਖੁਜਲੀ ਹੋ ਜਾਂਦੀ ਹੈ। ਕੱਪੜੇ ਵਿਚ ਅਰਬੀ ਬੰਨ੍ਹ ਕੇ ਕੱਪੜੇ ਦੀ ਤਰ੍ਹਾਂ ਫਟਕ ਦਿਓ। ਛਿੱਲ ਅਸਾਨੀ ਨਾਲ ਆਪਣੇ-ਆਪ ਉਤਰ ਜਾਵੇਗੀ। ਥੋੜ੍ਹੀ-ਬਹੁਤ ਛਿੱਲ ਰਹਿ ਜਾਵੇਗੀ। ਉਸ ਦੇ ਲਈ ਹੱਥਾਂ 'ਤੇ ਤੇਲ ਲਗਾ ਕੇ ਅਰਬੀ ਨੂੰ ਛਿੱਲ ਕੇ ਸਾਫ਼ ਕਰ ਦਿਓ।
* ਉਬਲਦੇ ਸਮੇਂ ਆਂਡੇ ਦੇ ਟੁੱਟਣ ਦਾ ਡਰ ਰਹਿੰਦਾ ਹੈ। ਨਮਕ ਦੇ ਪਾਣੀ ਵਿਚ ਆਂਡੇ ਉਬਾਲੋ, ਉਹ ਟੁੱਟਣਗੇ ਨਹੀਂ।
* ਮੱਕੀ ਦੇ ਆਟੇ ਦੀ ਰੋਟੀ ਬਣਾਉਣ ਲਈ ਉਸ ਵਿਚ ਕਣਕ ਦਾ ਆਟਾ ਮਿਲਾ ਦਿਓ। ਕੋਸੇ ਪਾਣੀ ਨਾਲ ਗੁੰਨ੍ਹ ਲਓ। ਰੋਟੀਆਂ ਅਸਾਨੀ ਨਾਲ ਬਣਾਈਆਂ ਜਾ ਸਕਦੀਆਂ ਹਨ।
* ਤੇਲ ਵਿਚ ਤਲੀਆਂ ਚੀਜ਼ਾਂ ਪੀਲੀਆਂ ਨਾ ਦਿਖਾਈ ਦੇਣ, ਉਸ ਦੇ ਲਈ ਤੇਲ ਗਰਮ ਕਰਦੇ ਸਮੇਂ ਲੂਣ ਪਾ ਦਿਓ। ਤੇਲ ਦਾ ਪੀਲਾ ਰੰਗ ਗਾਇਬ ਹੋ ਜਾਵੇਗਾ।
* ਤਵੇ 'ਤੇ ਡੋਸਾ ਚਿਪਕੇ ਨਾ, ਇਸ ਵਾਸਤੇ ਉਸ 'ਤੇ ਪਿਆਜ਼ ਗੁਲਾਬੀ ਹੋਣ ਤੱਕ ਤਲੋ। ਡੋਸਾ ਤਵੇ 'ਤੇ ਚਿਪਕੇਗਾ ਨਹੀਂ। * ਟਮਾਟਰ ਦੀ ਛਿੱਲ ਲਾਹੁਣੀ ਹੋਵੇ ਤਾਂ ਉਬਲਦੇ ਪਾਣੀ ਵਿਚ ਟਮਾਟਰ ਡੁਬੋ ਕੇ ਕੱਢ ਲਓ। ਛਿੱਲ ਅਸਾਨੀ ਨਾਲ ਉਤਰੇਗੀ। * ਜੇ ਟਮਾਟਰ ਦੀ ਛਿੱਲ ਫਿਰ ਵੀ ਨਾ ਉਤਰੇ ਤਾਂ ਕਾਂਟੇ ਨਾਲ ਟਮਾਟਰ ਫੜ ਕੇ ਅੱਗ 'ਤੇ ਰੱਖੋ। ਛਿੱਲ ਅਸਾਨੀ ਨਾਲ ਉਤਰੇਗੀ।
* ਭੁੰਨੇ ਬੈਂਗਣ ਦੀ ਛਿੱਲ ਅਸਾਨੀ ਨਾਲ ਨਹੀਂ ਉਤਰਦੀ। ਉਸ ਵਾਸਤੇ ਭੁੰਨੇ ਬੈਂਗਣ ਨੂੰ ਤੁਰੰਤ ਢਕ ਕੇ ਰੱਖ ਦਿਓ। ਛਿੱਲ ਅਸਾਨੀ ਨਾਲ ਉਤਰੇਗੀ।
* ਬ੍ਰੈੱਡ ਦੇ ਕਿਨਾਰੇ ਦਾ ਚੂਰਾ ਪਕੌੜੇ ਬਣਾਉਂਦੇ ਸਮੇਂ ਵੇਸਣ ਦੇ ਘੋਲ ਵਿਚ ਪਾ ਦਿਓ। ਪਕੌੜੇ ਸਵਾਦੀ ਬਣਨਗੇ।
* ਭਿੰਡੀ ਦੀ ਸਬਜ਼ੀ ਵਿਚ ਤਾਰ ਨਾ ਖਿੱਚੋ, ਇਸ ਵਾਸਤੇ ਉਸ ਵਿਚ ਨਿੰਬੂ ਦਾ ਰਸ ਪਾ ਦਿਓ। ਤਾਰ ਨਹੀਂ ਬਣਨਗੇ।
* ਸਰ੍ਹੋਂ ਦੇ ਤੇਲ ਨੂੰ ਗਰਮ ਕਰਦੇ ਸਮੇਂ ਝੱਗ ਨਾ ਬਣੇ, ਇਸ ਵਾਸਤੇ ਉਸ ਵਿਚ ਨਮਕ ਪਾ ਦਿਓ।


-ਨੀਲਮ ਗੁਪਤਾ

ਬੱਚਿਆਂ ਦੇ ਦੰਦਾਂ ਦੀ ਸੁਰੱਖਿਆ ਕਿਵੇਂ ਕਰੀਏ

* ਸਥਾਈ ਦੰਦਾਂ ਦੀ ਤੰਦਰੁਸਤੀ ਵੀ ਪਹਿਲੇ ਦੰਦਾਂ ਦੀ ਤੰਦਰੁਸਤੀ 'ਤੇ ਹੀ ਨਿਰਭਰ ਕਰਦੀ ਹੈ, ਇਸ ਲਈ ਦੰਦ ਨਿਕਲਦੇ ਹੀ ਸਾਫ਼ ਕਰਨ ਦੀ ਆਦਤ ਬੱਚਿਆਂ ਨੂੰ ਪਾਓ।
* ਦੰਦਾਂ ਨੂੰ ਸਾਫ਼ ਰੱਖਣ ਲਈ ਬੱਚਿਆਂ ਨੂੰ ਭੋਜਨ ਤੋਂ ਬਾਅਦ ਗਾਜਰ ਜਾਂ ਸੇਬ, ਖੀਰਾ, ਤਰ, ਮੂਲੀ ਦਾ ਟੁਕੜਾ ਦਿਓ।
* ਦੰਦਾਂ ਦੀ ਕਸਰਤ ਲਈ 8 ਮਹੀਨੇ ਦੇ ਬੱਚੇ ਨੂੰ ਡਬਲਰੋਟੀ ਦਾ ਸਖ਼ਤ ਸੇਕਿਆ ਹੋਇਆ ਟੁਕੜਾ ਦਿਓ।
* ਬੱਚਿਆਂ ਨੂੰ ਤਾਜ਼ੀ, ਕੱਚੀ ਸਬਜ਼ੀ ਧੋ ਕੇ ਖਾਣ ਨੂੰ ਦਿਓ। ਕੁਝ ਅੰਸ਼ ਤਾਂ ਉਸ ਦੇ ਮੂੰਹ ਵਿਚ ਜਾਵੇਗਾ ਹੀ, ਕਸਰਤ ਵੀ ਹੋਵੇਗੀ।
* ਹਰੇਕ ਛੇ ਮਹੀਨੇ ਬਾਅਦ ਡਾਕਟਰ ਕੋਲੋਂ ਬੱਚਿਆਂ ਦੇ ਦੰਦ ਚੈੱਕ ਕਰਵਾਉਂਦੇ ਰਹੋ।
* ਮਾਂ ਦੇ ਦੁੱਧ ਦੇ ਸੇਵਨ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਮੱਛੀ ਦਾ ਤੇਲ, ਜਿਸ ਵਿਚ ਫਾਸਫੋਰਸ, ਵਿਟਾਮਿਨ, ਕੈਲਸ਼ੀਅਮ ਹੁੰਦਾ ਹੈ, ਦੇਣਾ ਲਾਭਦਾਇਕ ਹੈ।
* ਬੁਰਸ਼ ਮੁਲਾਇਮ ਹੋਵੇ ਅਤੇ ਦੋ ਵਾਰ ਜ਼ਰੂਰ ਕਰੋ। ਬੱਚੇ ਨੂੰ ਖੁਦ ਬੁਰਸ਼ ਕਰਨਾ ਸਿਖਾਓ।
* ਅਸ਼ੁੱਧ ਚੀਜ਼ ਚਬਾਉਣ ਲਈ ਨਾ ਦਿਓ, ਨਹੀਂ ਤਾਂ ਰੋਗਾਣੂ ਸਰੀਰ ਵਿਚ ਦਾਖਲ ਹੋ ਕੇ ਬੱਚੇ ਨੂੰ ਰੋਗੀ ਬਣਾ ਸਕਦੇ ਹਨ।
* ਖਿਡੌਣੇ ਵੀ ਮੁਲਾਇਮ ਅਤੇ ਸਾਫ਼-ਸੁਥਰੀ ਰਬੜ ਦੇ ਹੋਣ। ਅਜਿਹਾ ਖਿਡੌਣਾ ਨਾ ਹੋਵੇ ਜੋ ਸੱਟ ਦਾ ਕਾਰਨ ਬਣੇ।
* ਸ਼ਹਿਦ ਅਤੇ ਸੁਹਾਗਾ ਮਸੂੜਿਆਂ 'ਤੇ ਮਲਣ ਨਾਲ ਦੰਦ ਛੇਤੀ ਨਿਕਲਦੇ ਹਨ।
* ਕੈਲਸ਼ੀਅਮ ਦੀ ਗੋਲੀ ਦੇਣ ਨਾਲ ਵੀ ਦੰਦ ਨਿਕਲਦੇ ਸਮੇਂ ਤਕਲੀਫ ਨਹੀਂ ਹੁੰਦੀ। ਗ੍ਰਾਈਪਵਾਟਰ ਘੁੱਟੀ ਵੀ ਲਾਭਦਾਇਕ ਹੁੰਦੀ ਹੈ।
* ਬੱਚੇ ਨੂੰ ਦੰਦ ਨਿਕਲਣ 'ਤੇ ਜ਼ਿਆਦਾ ਮਾਤਰਾ ਵਿਚ ਦਸਤ ਹੋਣ ਜਾਂ ਤੇਜ਼ ਬੁਖਾਰ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਜੇ ਤੁਸੀਂ ਇਨ੍ਹਾਂ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੇ ਨੌਨਿਹਾਲ ਦੇ ਦੰਦ ਕਦੋਂ ਨਿਕਲੇ ਅਤੇ ਕਿੰਨੇ ਸਾਫ਼-ਸੁਥਰੇ ਰਹੇ, ਤੁਸੀਂ ਖੁਦ ਦੇਖ ਕੇ ਫੁੱਲੇ ਨਹੀਂ ਸਮਾਓਗੇ।


-ਅਲਕਾ ਅਮਰੀਸ਼ ਚੌਧਰੀ

ਕੀ ਤੁਹਾਨੂੰ ਵੀ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ ਲਗਦੀ ਹੈ ਇਕ ਵੱਡੀ ਮੁਸੀਬਤ?

ਜਿਨ੍ਹਾਂ ਦੇ ਛੋਟੇ ਬੱਚੇ ਸਕੂਲ ਜਾਂਦੇ ਹਨ, ਉਨ੍ਹਾਂ ਘਰਾਂ ਵਿਚ ਸਵੇਰੇ-ਸਵੇਰੇ ਬੱਚਿਆਂ ਨੂੰ ਤਿਆਰ ਕਰਕੇ ਸਮੇਂ ਸਿਰ ਸਕੂਲ ਭੇਜਣ ਦੀ ਇਕ ਸਮੱਸਿਆ ਬਣੀ ਰਹਿੰਦੀ ਹੈ। ਸਾਰੇ ਘਰ ਵਿਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਹਿੰਦਾ ਹੈ। ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਅਤੇ ਮਾਪੇ ਟੈਨਸ਼ਨ ਭਰਪੂਰ ਭੱਜ-ਨੱਠ ਕਰਦੇ ਦੇਖਣ ਨੂੰ ਮਿਲਦੇ ਹਨ।
ਸਕੂਲ ਭੇਜਣ ਲਈ ਬੱਚਿਆਂ ਨੂੰ ਜਲਦੀ ਜਗਾਉਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਸਵੇਰੇ ਜਲਦੀ ਜਗਾਉਣਾ ਵੀ ਇਕ ਕਲਾ ਤੋਂ ਘੱਟ ਨਹੀਂ ਹੈ। ਕਿਉਂਕਿ ਬਹੁਤ ਸਾਰੇ ਮਾਪੇ ਇਸ ਕਲਾ ਵਿਚ ਸਫਲ ਹੁੰਦੇ ਹਨ ਅਤੇ ਬਹੁਤ ਸਾਰੇ ਅਸਫਲ। ਕਈ ਮਾਵਾਂ ਬੱਚਿਆਂ ਨੂੰ ਸਵੇਰੇ ਬਹੁਤ ਹੀ ਚਾਅ-ਲਾਡ ਨਾਲ ਜਗਾਉਂਦੀਆਂ ਹਨ ਅਤੇ ਕਈ ਤਾਂ ਬੱਚਿਆਂ ਦੀ ਖਿੱਚ-ਧੂਹ ਕਰਕੇ ਆਪਣਾ ਵੀ ਸਾਰੇ ਦਿਨ ਲਈ ਮੂਡ ਖਰਾਬ ਕਰ ਲੈਂਦੀਆਂ ਹਨ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਹਰ ਇਕ ਛੋਟਾ ਬੱਚਾ ਚਾਹੁੰਦਾ ਹੈ ਕਿ ਉਸ ਨੂੰ ਉਸ ਦੀ ਮਾਂ ਹੀ ਸਵੇਰੇ ਲਾਡ ਨਾਲ ਜਗਾਵੇ ਅਤੇ ਇਸ ਤਰ੍ਹਾਂ ਸਵੇਰੇ-ਸਵੇਰੇ ਮਾਂ ਦਾ ਰੋਲ ਹੋਰ ਵੀ ਵਧ ਜਾਂਦਾ ਹੈ। ਕਿਉਂਕਿ ਉਸ ਸਮੇਂ ਉਸ ਨੇ ਬੱਚਿਆਂ ਦਾ ਨਾਸ਼ਤਾ ਅਤੇ ਸਕੂਲ ਲਈ ਟਿਫਨ ਵੀ ਤਿਆਰ ਕਰਨਾ ਹੁੰਦਾ ਹੈ। ਸੁੱਘੜ ਅਤੇ ਸਿਆਣੀਆਂ ਮਾਵਾਂ ਆਪ ਜਲਦੀ ਉੱਠ ਕੇ ਬੜੇ ਹੀ ਮਿਠਾਸ ਭਰੇ ਤਰੀਕੇ ਨਾਲ ਬੱਚਿਆਂ ਨੂੰ ਜਗਾਉਂਦੀਆਂ ਅਤੇ ਨਹਾ ਕੇ ਤਿਆਰ ਕਰਦੀਆਂ ਹਨ ਅਤੇ ਬੱਚਿਆਂ ਨੂੰ ਖੁਸ਼ੀ-ਖੁਸ਼ੀ ਸਕੂਲ ਭੇਜਦੀਆਂ ਹਨ, ਪਰ ਦੂਜੇ ਪਾਸੇ ਕੁਝ ਅਜਿਹੀਆਂ ਮਾਵਾਂ ਵੀ ਹੁੰਦੀਆਂ ਹਨ, ਜੋ ਆਪ ਸਵੇਰੇ ਲੇਟ ਉੱਠਦੀਆਂ ਅਤੇ ਆਪਣੀ ਗਲਤੀ ਦਾ ਸਾਰਾ ਗੁੱਸਾ ਬੱਚੇ ਉੱਤੇ ਉਤਾਰਦੀਆਂ ਹਨ। ਹਰ ਬੱਚੇ ਨੂੰ ਨੀਂਦ ਪਿਆਰੀ ਹੁੰਦੀ ਹੈ ਅਤੇ ਉਸ ਦਾ ਸਵੇਰੇ ਜਲਦੀ ਉਠਣ ਨੂੰ ਮਨ ਨਹੀਂ ਕਰਦਾ। ਮਾਂ ਨੂੰ ਬੜੇ ਠਰ੍ਹੰਮੇ ਤੋਂ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ।
ਬੱਚਿਆਂ ਦਾ ਸਕੂਲ ਜਾ ਕੇ ਵੀ ਮਨ ਪੜ੍ਹਾਈ ਵਿਚ ਘੱਟ ਲਗਦਾ ਹੈ ਅਤੇ ਉਹ ਚੰਗੀ ਵਿੱਦਿਆ ਪਾਉਣ ਵਿਚ ਅਸਫਲ ਰਹਿੰਦੇ ਹਨ। ਬੱਚਿਆਂ ਨੂੰ ਸਵੇਰੇ ਸਕੂਲ ਤਿਆਰ ਕਰਨ ਵਿਚ ਪਿਤਾ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ, ਕਿਉਂਕਿ ਸਵੇਰੇ-ਸਵੇਰੇ ਮਾਂ 'ਤੇ ਕੰਮ ਦਾ ਬੋਝ ਜ਼ਿਆਦਾ ਹੋ ਜਾਂਦਾ ਹੈ। ਅੱਜਕਲ੍ਹ ਤਾਂ ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਇੰਗਲਿਸ਼ ਮੀਡੀਅਮ ਸਕੂਲਾਂ ਦੇ ਬੱਚਿਆਂ ਦੀ ਤਿਆਰੀ ਲਈ ਪੂਰੇ ਪਰਿਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਉਣੀ ਪੈਂਦੀ ਹੈ। ਬੱਚਿਆਂ ਦਾ ਸਕੂਲੀ ਬੈਗ ਤਿਆਰ ਕਰਨਾ, ਸਕੂਲ ਦੀ ਇੱਛਾ ਅਨੁਸਾਰ ਵਰਦੀ ਦਾ ਰੰਗ ਉਸ ਦਿਨ ਅਨੁਸਾਰ ਪਾਉਣਾ, ਬੂਟਾਂ ਅਤੇ ਜੁਰਾਬਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਪਾਉਣਾ, ਸਭ ਕੁਝ ਮਾਪਿਆਂ ਨੇ ਸਵੇਰੇ-ਸਵੇਰੇ ਚੈੱਕ ਕਰਨਾ ਹੁੰਦਾ ਹੈ। ਇਸ ਸਭ ਕੁਝ ਲਈ ਚੰਗਾ ਹੁੰਦਾ ਹੈ ਕਿ ਮਾਪੇ ਬੱਚਿਆਂ ਦੀ ਡਰੈੱਸ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਰਾਤ ਨੂੰ ਹੀ ਤਿਆਰ ਰੱਖਣ। ਬੱਚੇ ਵਲੋਂ ਸਕੂਲ ਵਰਤੋਂ ਲਈ ਪੈੱਨ, ਪੈਨਸਿਲ, ਰਬੜ ਅਤੇ ਹੋਰ ਲੋੜੀਂਦੀ ਸਟੇਸ਼ਨਰੀ ਬੜੇ ਧਿਆਨ ਨਾਲ ਪਾਉਣੀ ਚਾਹੀਦੀ ਹੈ, ਨਹੀਂ ਤਾਂ ਬੱਚਾ ਸਕੂਲ ਵਿਚ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦਾ ਹੋਇਆ ਆਪਣੇ-ਆਪ ਨੂੰ ਨਿੰਮੋਝੂਣਾ ਜਿਹਾ ਮਹਿਸੂਸ ਕਰਦਾ ਹੈ ਅਤੇ ਮਨ ਲਗਾ ਕੇ ਪੜ੍ਹਾਈ ਵਿਚ ਧਿਆਨ ਨਹੀਂ ਦਿੰਦਾ।
ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਉਸ ਨੂੰ ਖੁਦ ਤਿਆਰ ਹੋਣ, ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ। ਸਕੂਲ ਲਈ ਤਿਆਰ ਹੋਣ ਵਾਸਤੇ ਵੀ ਉਸ ਨੂੰ ਖੁਦ 'ਤੇ ਨਿਰਭਰ ਹੋਣਾ ਚਾਹੀਦਾ ਹੈ। ਛੋਟੇ ਬੱਚਿਆਂ ਤੇ ਛੋਟੀਆਂ ਜਮਾਤਾਂ ਸਮੇਂ ਮਾਪਿਆਂ ਦੀ ਦੇਖ-ਰੇਖ ਕੁਝ ਜ਼ਿਆਦਾ ਹੀ ਹੁੰਦੀ ਹੈ ਪਰ ਜਿਨ੍ਹਾਂ ਘਰਾਂ ਵਿਚ ਮਾਵਾਂ ਵੀ ਨੌਕਰੀ ਕਰਦੀਆਂ ਹਨ ਜਾਂ ਕਿਸੇ ਹੋਰ ਕੰਮ 'ਤੇ ਪਰਿਵਾਰ ਦੇ ਨਿਰਬਾਹ ਲਈ ਕੰਮ 'ਤੇ ਜਾਂਦੀਆਂ ਹਨ, ਉਨ੍ਹਾਂ ਲਈ ਸਮੱਸਿਆ ਕੁਝ ਜ਼ਿਆਦਾ ਹੀ ਹੁੰਦੀ ਹੈ, ਕਿਉਂਕਿ ਉਨ੍ਹਾਂ ਆਪ ਵੀ ਤਿਆਰ ਹੋ ਕੇ ਸਮੇਂ ਸਿਰ ਆਪਣੀ ਡਿਊਟੀ 'ਤੇ ਪਹੁੰਚਣਾ ਹੁੰਦਾ ਹੈ ਪਰ ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਜਦੋਂ ਤੱਕ ਬੱਚੇ ਛੋਟੇ ਹਨ ਜਾਂ ਸਕੂਲ ਵਿਚ ਪੜ੍ਹਦੇ ਹਨ ਤਾਂ ਉਨ੍ਹਾਂ ਦੀ ਤਿਆਰੀ ਕਰਨ ਦੀ ਸਮੱਸਿਆ ਬਣੀ ਰਹਿੰਦੀ ਹੈ ਪਰ ਇਸ ਸਮੱਸਿਆ ਨੂੰ ਆਪਣਾ ਕਰਤੱਵ ਸਮਝਦੇ ਹੋਏ ਪਿਆਰ, ਨਿਮਰਤਾ, ਮਿਠਾਸ, ਮਿਲਵਰਤਣ ਅਤੇ ਖੁਸ਼ੀ-ਖੁਸ਼ੀ ਹੱਲ ਕਰਨਾ ਚਾਹੀਦਾ ਹੈ, ਤਾਂ ਕਿ ਬੱਚਿਆਂ ਅਤੇ ਮਾਪਿਆ ਦਾ ਜੀਵਨ ਖੁਸ਼ੀ ਭਰਪੂਰ ਨਿਰੋਗ ਬਣਿਆ ਰਹੇ। ਬੱਚੇ ਵੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਹਨ।

-ਮੋਬਾ: 99157-27311

ਸੁੰਦਰਤਾ ਲਈ ਬਰਫ਼ ਦੇ ਟੁਕੜੇ

ਬਰਫ਼ ਦੇ ਟੁਕੜੇ (ਆਈਸ ਕਿਊਬ) ਨੂੰ ਜ਼ਿਆਦਾਤਰ ਗਰਮੀਆਂ ਵਿਚ ਤਪਦੀ ਧੁੱਪ ਵਿਚ ਠੰਢਕ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ। ਗਰਮੀਆਂ ਵਿਚ ਬਰਫ਼ ਦੇ ਟੁਕੜੇ ਰੋਜ਼ਮਰਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਬਰਫ਼ ਦੇ ਟੁਕੜਿਆਂ ਨੂੰ ਸੋਡਾ, ਸ਼ਰਬਤ, ਫਲਾਂ, ਕੋਲਡ ਡਰਿੰਕ ਅਤੇ ਪਾਣੀ ਦੀਆਂ ਬੋਤਲਾਂ ਨੂੰ ਠੰਢਾ ਕਰਨ ਲਈ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਪਰ ਬਰਫ਼ ਦੇ ਟੁਕੜਿਆਂ ਦੀ ਵਰਤੋਂ ਸਿਰਫ ਖਾਣ-ਪੀਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਬਰਫ਼ ਦੇ ਟੁਕੜੇ ਗਰਮੀਆਂ ਵਿਚ ਚਿਹਰੇ ਦੀ ਰੰਗਤ ਨਿਖਾਰਨ ਅਤੇ ਸਨਬਰਨ, ਕਾਲੇ ਦਾਗ, ਕਿੱਲ-ਮੁਹਾਸਿਆਂ ਅਤੇ ਸੁੰਦਰਤਾ ਨਾਲ ਜੁੜੀਆਂ ਅਨੇਕ ਸਮੱਸਿਆਵਾਂ ਦਾ ਸਰਲ ਅਤੇ ਸਸਤਾ ਇਲਾਜ ਸਾਬਤ ਹੁੰਦੇ ਹਨ। ਬਰਫ਼ ਦੇ ਟੁਕੜਿਆਂ ਨਾਲ ਜਿਥੇ ਸੁੰਦਰਤਾ ਸਮੱਸਿਆਵਾਂ ਦੇ ਕੁਦਰਤੀ ਇਲਾਜ ਵਿਚ ਮਦਦ ਮਿਲਦੀ ਹੈ, ਉਥੇ ਬਰਫ਼ ਦੇ ਟੁਕੜੇ, ਫੇਸ਼ੀਅਲ ਸਪਾ ਅਤੇ ਸੈਲੂਨ ਵਰਗੇ ਮਹਿੰਗੇ ਸੁੰਦਰਤਾ ਉਪਚਾਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਪ੍ਰਭਾਵੀ ਸਾਬਤ ਹੁੰਦੇ ਹਨ।
ਚਿਹਰੇ 'ਤੇ ਬਰਫ਼ ਦੇ ਟੁਕੜਿਆਂ ਦੀ ਮਾਲਿਸ਼ ਨਾਲ ਚਮੜੀ ਵਿਚ ਖਿਚਾਅ ਆਉਂਦਾ ਹੈ ਅਤੇ ਸੁਰਾਖਾਂ ਰਾਹੀਂ ਗੰਦਗੀ ਬਾਹਰ ਨਿਕਲਦੀ ਹੈ। ਪਰ ਬਰਫ਼ ਦੇ ਟੁਕੜਿਆਂ ਨੂੰ ਸਿੱਧੇ ਕਦੇ ਚਿਹਰੇ 'ਤੇ ਨਾ ਮਲੋ, ਕਿਉਂਕਿ ਇਸ ਨਾਲ ਚਿਹਰੇ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬਰਫ਼ ਦੇ ਟੁਕੜਿਆਂ ਨੂੰ ਹਮੇਸ਼ਾ ਸਾਫ ਰੂੰ ਦੇ ਕੱਪੜੇ ਵਿਚ ਲਪੇਟ ਕੇ ਹੀ ਚਿਹਰੇ ਦੀ ਹਲਕੀ-ਹਲਕੀ ਉੱਪਰੋਂ ਹੇਠਾਂ ਅਤੇ ਸੱਜੇ ਤੋਂ ਖੱਬੇ ਪਾਸੇ ਮਾਲਿਸ਼ ਕਰੋ। ਹਲਕੀ-ਹਲਕੀ ਮਾਲਿਸ਼ ਕਰਨ ਨਾਲ ਚਮੜੀ ਵਿਚ ਤਾਜ਼ਗੀ ਅਤੇ ਰੰਗਤ ਵਿਚ ਨਿਖਾਰ ਦਾ ਸਾਫ਼ ਅਹਿਸਾਸ ਦੇਖਿਆ ਜਾ ਸਕਦਾ ਹੈ। ਗਰਮੀਆਂ ਦੇ ਨਮੀ ਭਰੇ ਮੌਸਮ ਵਿਚ ਫਾਊਂਡੇਸ਼ਨ ਨੂੰ ਜ਼ਿਆਦਾ ਦੇਰ ਤੱਕ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਚਮੜੀ ਨੂੰ ਧੋ ਕੇ ਸਾਫ਼ ਕਰੋ ਅਤੇ ਰੂੰ ਦੀ ਮਦਦ ਨਾਲ ਇਸਟ੍ਰੀਜੈਂਟ ਟੋਨਰ ਅਪਲਾਈ ਕਰੋ। ਕੁਝ ਮਿੰਟਾਂ ਬਾਅਦ ਸਾਫ਼ ਕੱਪੜੇ ਵਿਚ ਬਰਫ਼ ਦੇ ਟੁਕੜੇ ਨੂੰ ਚਿਹਰੇ 'ਤੇ ਹੌਲੀ-ਹੌਲੀ ਰਗੜੋ। ਇਸ ਨਾਲ ਚਮੜੀ ਦੇ ਸੁਰਾਖਾਂ ਨੂੰ ਬੰਦ ਕਰਨ ਵਿਚ ਮਦਦ ਮਿਲੇਗੀ। ਬਦਲਵੇਂ ਤੌਰ 'ਤੇ ਬਰਫ਼ ਦੇ ਟੁਕੜੇ ਦੇ ਠੰਢੇ ਪਾਣੀ ਵਿਚ ਰੂੰ ਨੂੰ ਭਿਉਂ ਕੇ ਇਸ ਨੂੰ ਚਮੜੀ 'ਤੇ ਹੌਲੀ-ਹੌਲੀ ਮਲੋ। ਇਸ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ ਅਤੇ ਚਮੜੀ ਦੇ ਸੁਰਾਖਾਂ ਨੂੰ ਬੰਦ ਕਰਨ ਵਿਚ ਮਦਦ ਮਿਲੇਗੀ।
ਜੇ ਚਮੜੀ 'ਤੇ ਸੱਟ ਦੀ ਵਜ੍ਹਾ ਕਾਰਨ ਸੋਜ ਆ ਜਾਵੇ ਤਾਂ ਆਈਸ ਪੈਕਸ ਨਾਲ ਚਮੜੀ ਦੀ ਜਲਣ ਅਤੇ ਸੋਜ ਨੂੰ ਰਾਹਤ ਪ੍ਰਦਾਨ ਕਰਨ ਵਿਚ ਮਦਦ ਮਿਲਦੀ ਹੈ। ਬਰਫ਼ ਦੇ ਟੁਕੜੇ ਅੱਖਾਂ ਵਿਚ ਸੋਜ ਲਈ ਵੀ ਰਾਮਬਾਣ ਦਾ ਕੰਮ ਕਰਦੇ ਹਨ। ਸਾਫ਼ ਰੂੰ ਦੇ ਕੱਪੜੇ ਵਿਚ ਬਰਫ਼ ਦੇ ਟੁਕੜੇ ਨੂੰ ਲਪੇਟ ਕੇ ਕੁਝ ਸੈਕਿੰਡ ਤੱਕ ਅੱਖਾਂ ਨਾਲ ਲਗਾਓ ਪਰ ਯਾਦ ਰੱਖੋ ਕਿ ਅੱਖਾਂ ਦੇ ਹੇਠਾਂ ਦੀ ਚਮੜੀ ਅਤਿਅੰਤ ਪਤਲੀ ਅਤੇ ਸੰਵੇਦਨਸ਼ੀਲ ਹੁੰਦੀ ਹੈ ਅਤੇ ਜੇ ਤੁਸੀਂ ਬਰਫ਼ ਦੇ ਟੁਕੜੇ ਜ਼ਿਆਦਾ ਦੇਰ ਤੱਕ ਅੱਖਾਂ ਦੇ ਹੇਠਾਂ ਰੱਖੇ ਤਾਂ ਅੱਖਾਂ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਹੋ ਸਕਦਾ ਹੈ। ਥ੍ਰੈਡਿੰਗ ਅਤੇ ਵੈਕਸਿੰਗ ਤੋਂ ਬਾਅਦ ਵੀ ਬਰਫ਼ ਦੇ ਟੁਕੜੇ ਠੰਢਕ ਅਤੇ ਰਾਹਤ ਪ੍ਰਦਾਨ ਕਰਨ ਵਿਚ ਬਹੁਤ ਸਹਾਇਕ ਸਾਬਤ ਹੁੰਦੇ ਹਨ। ਕਈ ਵਾਰ ਥ੍ਰੈਡਿੰਗ ਤੋਂ ਬਾਅਦ ਚਮੜੀ ਵਿਚ ਸੋਜ ਅਤੇ ਲਾਲੀ ਆ ਜਾਂਦੀ ਹੈ, ਜਿਸ ਨੂੰ ਬਰਫ਼ ਦੇ ਟੁਕੜੇ ਨੂੰ ਨੈਪਕਿਨ ਵਿਚ ਲਪੇਟ ਕੇ ਮਲਣ ਨਾਲ ਦੂਰ ਕੀਤਾ ਜਾ ਸਕਦਾ ਹੈ।
ਚਮੜੀ 'ਤੇ ਚਕਤੇ, ਫੋੜੇ, ਫਿੰਨਸੀਆਂ ਵਿਚ ਵੀ ਬਰਫ਼ ਦੇ ਟੁਕੜੇ ਕਾਫੀ ਲਾਭਦਾਇਕ ਮੰਨੇ ਜਾਂਦੇ ਹਨ। ਜੇ ਫੋੜੇ, ਫਿੰਨਸੀਆਂ ਦੀ ਵਜ੍ਹਾ ਨਾਲ ਚਿਹਰੇ 'ਤੇ ਜਲਣ ਅਤੇ ਸੋਜ ਮਹਿਸੂਸ ਹੋ ਰਹੀ ਹੋਵੇ ਤਾਂ ਬਰਫ਼ ਦੇ ਟੁਕੜੇ ਦੀ ਵਰਤੋਂ ਨਾਲ ਕਾਫੀ ਰਾਹਤ ਮਿਲਦੀ ਹੈ।
ਬਰਫ਼ ਦੇ ਟੁਕੜੇ ਦੀ ਲਗਾਤਾਰ ਵਰਤੋਂ ਨਾਲ ਸੁਰਾਖ ਬੰਦ ਹੋ ਜਾਂਦੇ ਹਨ, ਜਿਸ ਨਾਲ ਕਿੱਲ-ਮੁਹਾਸੇ ਨਿਕਲਣੇ ਬੰਦ ਹੋ ਜਾਂਦੇ ਹਨ।
ਜੇ ਤੁਸੀਂ ਕਿਸੇ ਪਾਰਟੀ ਵਿਚ ਜਾਣ ਦੀ ਕਾਹਲੀ ਵਿਚ ਹੋ ਅਤੇ ਤੁਸੀਂ ਮੇਕਅੱਪ ਲਈ ਸਮਾਂ ਨਹੀਂ ਕੱਢ ਸਕਦੇ ਤਾਂ ਵੀ ਸਾਫ਼ ਕੱਪੜੇ ਜਾਂ ਨੈਪਕਿਨ ਵਿਚ ਬਰਫ਼ ਦੇ ਟੁਕੜੇ ਲਪੇਟ ਕੇ ਚਿਹਰੇ ਅਤੇ ਚਮੜੀ 'ਤੇ ਰਗੜਨ ਨਾਲ ਚਮੜੀ ਵਿਚ ਨਿਖਾਰ ਆਵੇਗਾ ਅਤੇ ਚਿਹਰੇ ਦੀ ਆਭਾ ਵਧੇਗੀ।
ਚਿਹਰੇ 'ਤੇ ਬਰਫ਼ ਦੇ ਟੁਕੜੇ ਨਾਲ ਚਿਹਰੇ ਦੀਆਂ ਝੁਰੜੀਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਮੁੱਠੀ ਭਰ ਬਰਫ਼ ਦੇ ਟੁਕੜੇ ਵਿਚ ਲਵੈਂਡਰ, ਜੈਸਮਿਨ ਤੇਲ ਦੀਆਂ ਬੂੰਦਾਂ ਪਾ ਕੇ ਕੱਪੜੇ ਵਿਚ ਲਪੇਟ ਕੇ ਚਿਹਰੇ ਦੀ ਮਸਾਜ ਕਰਨ ਨਾਲ ਚਮੜੀ ਦੀ ਜੋਬਨਤਾ ਮੁੜ ਆਉਂਦੀ ਹੈ। ਬਰਫ਼ ਦੇ ਟੁਕੜੇ ਵਿਚ ਸੰਤਰਾ, ਨਿੰਬੂ, ਸਟ੍ਰਾਬੇਰੀ ਦਾ ਰਸ ਮਿਲਾ ਕੇ ਨੈਪਕਿਨ ਵਿਚ ਪਾ ਕੇ ਚਿਹਰੇ ਦੀ ਮਾਲਿਸ਼ ਕਰਨ ਨਾਲ ਚਿਹਰੇ ਦੇ ਸੁਰਾਖਾਂ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ, ਜਿਸ ਨਾਲ ਤੁਸੀਂ ਜਵਾਨ ਲਗਦੇ ਹੋ।

ਸੇਬ ਦੇ ਸਵਾਦੀ ਸਵਾਦ...

ਸੇਬ ਸਨੋ
ਸਮੱਗਰੀ : 6 ਪੱਕੇ ਸੇਬ, 3 ਵੱਡੇ ਚਮਚ ਖੰਡ, 2 ਵੱਡੇ ਚਮਚ ਖੰਡ ਪਾਊਡਰ, 1 ਕੱਪ ਕ੍ਰੀਮ, ਅੱਧਾ ਛੋਟਾ ਚਮਚ ਲੌਂਗ ਪਾਊਡਰ, 1 ਛੋਟਾ ਚਮਚ ਦਾਲਚੀਨੀ ਪਾਊਡਰ, 10-12 ਪੱਤੀ ਕੇਸਰ।
ਵਿਧੀ : ਸਭ ਤੋਂ ਪਹਿਲਾਂ ਸੇਬ ਨੂੰ ਸਾਫ਼ ਪਾਣੀ ਨਾਲ ਧੋ ਕੇ ਪੂੰਝ ਕੇ ਕੱਦੂਕਸ ਕਰ ਲਓ। ਇਸ ਵਿਚ ਕੇਸਰ, ਦਾਲਚੀਨੀ ਪਾਊਡਰ, ਖੰਡ, ਲੌਂਗ ਪਾਊਡਰ ਅਤੇ ਅੱਧੀ ਕਟੋਰੀ ਪਾਣੀ ਪਾ ਕੇ ਸੰਘਣਾ ਹੋਣ ਤੱਕ ਪਕਾਓ। ਚਮਚ ਨਾਲ ਬਰਾਬਰ ਚਲਾਉਂਦੇ ਰਹੋ, ਪੱਕ ਜਾਣ 'ਤੇ ਅੱਗ ਉੱਤੋਂ ਲਾਹ ਕੇ ਠੰਢਾ ਕਰੋ। ਹੁਣ ਕ੍ਰੀਮ ਵਿਚ ਚੀਨੀ ਪਾਊਡਰ ਮਿਲਾ ਕੇ ਬਰਫ਼ 'ਤੇ ਰੱਖ ਕੇ ਫੈਂਟੋ। ਜਿਨ੍ਹਾਂ ਪਲੇਟਾਂ ਵਿਚ ਪੇਸ਼ ਕਰਨੀ ਹੋਵੇ, ਉਨ੍ਹਾਂ ਵਿਚ ਸੇਬ ਮਿਸ਼ਰਨ ਇਸ ਤਰ੍ਹਾਂ ਪਾਓ ਕਿ ਵਿਚਾਲੇ ਦੀ ਜਗ੍ਹਾ ਥੋੜ੍ਹੀ ਜਿਹੀ ਖਾਲੀ ਰਹੇ। ਇਸ ਖਾਲੀ ਜਗ੍ਹਾ ਵਿਚ ਫੈਂਟੀ ਹੋਈ ਅੱਧੀ ਕ੍ਰੀਮ ਪਾਓ। ਬਾਕੀ ਬਚੀ ਹੋਈ ਅੱਧੀ ਕ੍ਰੀਮ ਨਾਲ ਸੇਬ 'ਤੇ ਹੌਲੀ-ਹੌਲੀ ਆਈਸਿੰਗ ਕਰੋ, ਫਰਿੱਜ ਵਿਚ ਰੱਖੋ, ਚੰਗੀ ਠੰਢੀ ਹੋਣ 'ਤੇ ਪੇਸ਼ ਕਰੋ।
ਸੇਬ ਦੀ ਜਲੇਬੀ
ਸਮੱਗਰੀ : 4 ਸੇਬ, 1 ਕਟੋਰੀ ਮੈਦਾ, 2 ਛੋਟੀ ਕਟੋਰੀ ਖੰਡ, 2 ਛੋਟੇ ਚਮਚ ਬੇਕਿੰਗ ਪਾਊਡਰ, 15-20 ਪੱਤੀ ਕੇਸਰ ਅਤੇ 8 ਪੀਸੀਆਂ ਇਲਾਇਚੀਆਂ।
ਵਿਧੀ : ਸਭ ਤੋਂ ਪਹਿਲਾਂ ਮੈਦਾ ਅਤੇ ਬੇਕਿੰਗ ਪਾਊਡਰ ਚੰਗੀ ਤਰ੍ਹਾਂ ਮਿਲਾ ਲਓ। ਇਸ ਵਿਚ ਅੰਦਾਜ਼ੇ ਨਾਲ ਪਾਣੀ ਪਾ ਕੇ ਸੰਘਣਾ ਘੋਲ ਤਿਆਰ ਕਰੋ। ਫਿਰ ਇਸ ਨੂੰ 6-7 ਘੰਟੇ ਲਈ ਕਿਸੇ ਗਰਮ ਜਗ੍ਹਾ 'ਤੇ ਰੱਖ ਦਿਓ।
ਖੰਡ ਦੀ ਡੇਢ ਤਾਰ ਦੀ ਚਾਸ਼ਣੀ ਬਣਾ ਕੇ ਉਸ ਵਿਚ ਕੇਸਰ ਪੱਤੀ ਅਤੇ ਪੀਸੀ ਇਲਾਇਚੀ ਪਾ ਦਿਓ। ਸੇਬ ਦੇ ਗੋਲ-ਗੋਲ ਛੱਲੇ ਕੱਟੋ ਅਤੇ ਮੈਦੇ ਦੇ ਘੋਲ ਵਿਚ ਚੰਗੀ ਤਰ੍ਹਾਂ ਭਿਉਂ ਕੇ ਤਵੇ 'ਤੇ ਤਲ ਲਓ ਅਤੇ ਚਾਸ਼ਣੀ ਵਿਚ ਪਾ ਕੇ 5-7 ਮਿੰਟ ਬਾਅਦ ਜਲੇਬੀਆਂ ਕੱਢ ਕੇ ਖਾਓ ਤੇ ਖਵਾਓ ਵੀ।


-ਅਰਚਨਾ ਸੋਗਾਨੀ,
12, ਭਵਾਨੀ ਮੰਡੀ (ਰਾਜਸਥਾਨ)-396507

 

ਰਸੋਈ ਨੂੰ ਬਣਾਓ ਆਸਾਨ

* ਕੇਕ ਬਣਾਉਂਦੇ ਸਮੇਂ ਪੈਨ 'ਤੇ ਪਹਿਲਾਂ ਚਿਕਨਾਈ ਲਗਾ ਕੇ ਉਸ 'ਤੇ ਸੁੱਕੇ ਮੈਦੇ ਦੀ ਤਹਿ ਲਗਾਈ ਜਾਂਦੀ ਹੈ। ਚਾਹੋ ਤਾਂ ਮੈਦੇ ਦੀ ਜਗ੍ਹਾ ਸੁੱਕੇ ਕੇਕ ਮਿਕਸ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਕੇਕ 'ਤੇ ਕਿਤੇ ਕੋਈ ਨਿਸ਼ਾਨ ਨਹੀਂ ਰਹੇਗਾ।
* ਆਂਡਿਆਂ ਦੀ ਤਾਜ਼ਗੀ ਦੀ ਪਛਾਣ ਲਈ ਪੈਨ ਵਿਚ ਠੰਢਾ ਪਾਣੀ ਪਾਓ। ਉਸ ਵਿਚ ਚੁਟਕੀ ਭਰ ਲੂਣ ਮਿਲਾਓ। ਆਂਡੇ ਉਸ ਵਿਚ ਪਾ ਦਿਓ। ਜੇ ਆਂਡੇ ਤੈਰਦੇ ਹਨ ਤਾਂ ਸਮਝੋ ਤਾਜ਼ੇ ਹਨ ਅਤੇ ਡੁੱਬਦੇ ਹਨ ਤਾਂ ਆਂਡੇ ਠੀਕ ਨਹੀਂ। ਉਨ੍ਹਾਂ ਦੀ ਵਰਤੋਂ ਨਾ ਕਰੋ।
* ਆਲੂਆਂ ਦੀ ਤਾਜ਼ਗੀ ਬਰਕਰਾਰ ਰੱਖਣ ਲਈ ਉਸ ਬੈਗ ਵਿਚ ਇਕ ਸੇਬ ਰੱਖ ਦਿਓ। ਲੰਬੇ ਸਮੇਂ ਤੱਕ ਆਲੂ ਤਾਜ਼ੇ ਰਹਿਣਗੇ।
* ਖਾਣਾ ਬਣਾਉਂਦੇ ਸਮੇਂ ਜੇ ਪੈਨ ਵਿਚ ਜਲਣ ਦੇ ਨਿਸ਼ਾਨ ਪੈ ਜਾਣ ਤਾਂ ਉਸ ਵਿਚ ਪਾਣੀ ਪਾ ਕੇ ਉਬਾਲੋ। 2-4 ਬੂੰਦਾਂ ਡਿਸ਼ਵਾਸ਼ਰ ਜਾਂ ਇਕ ਚਮਚ ਸਰਫ ਪਾਓ। ਨਿਸ਼ਾਨ ਸਾਫ਼ ਹੋ ਜਾਣਗੇ।
* ਕਿਸੇ ਭਾਂਡੇ ਦਾ ਢੱਕਣ ਜੇ ਨਾ ਖੁੱਲ੍ਹ ਰਿਹਾ ਹੋਵੇ ਤਾਂ ਭਾਂਡੇ ਧੋਣ ਲਈ ਵਰਤਿਆ ਜਾਣ ਵਾਲਾ ਰਬੜ ਦਾ ਦਸਤਾਨਾ ਪਹਿਨ ਕੇ ਉਸ ਨੂੰ ਖੋਲ੍ਹੋ। ਅਜਿਹਾ ਕਰਨ ਨਾਲ ਭਾਂਡੇ ਦਾ ਢੱਕਣ ਅਸਾਨੀ ਨਾਲ ਖੁੱਲ੍ਹ ਜਾਵੇਗਾ, ਕਿਉਂਕਿ ਰਬੜ ਵਾਲੇ ਦਸਤਾਨੇ ਨਾਲ ਉਂਗਲੀਆਂ ਤਿਲਕਦੀਆਂ ਨਹੀਂ ਹਨ।
* ਕਦੇ ਗ਼ਲਤੀ ਨਾਲ ਕਿਸੇ ਸਬਜ਼ੀ ਵਿਚ ਨਮਕ ਜ਼ਿਆਦਾ ਪੈ ਜਾਵੇ ਤਾਂ ਘਬਰਾਓ ਨਾ, ਲੋੜ ਅਨੁਸਾਰ ਆਲੂ ਛਿੱਲੋ ਅਤੇ ਸਬਜ਼ੀ ਵਿਚ ਪਾ ਦਿਓ। ਥੋੜ੍ਹੀ ਦੇਰ ਪੱਕਣ ਦਿਓ। ਆਲੂ ਵਾਧੂ ਲੂਣ ਸੋਖ ਲਵੇਗਾ।
* ਜੇ ਆਂਡੇ ਜਾਂ ਆਲੂ ਉਬਾਲਦੇ ਸਮੇਂ ਉਨ੍ਹਾਂ ਵਿਚ ਕ੍ਰੈਕ ਪੈ ਜਾਂਦੇ ਹੋਣ ਤਾਂ ਪਾਣੀ ਵਿਚ ਚੁਟਕੀ ਕੁ ਲੂਣ ਪਾਓ।
* ਸਿਰਦਰਦ ਦੂਰ ਕਰਨ ਲਈ ਨਿੰਬੂ ਨੂੰ ਅੱਧਾ ਚੀਰ ਕੇ ਮੱਥੇ 'ਤੇ ਰਗੜੋ। ਰਾਹਤ ਮਿਲੇਗੀ।
* ਫਰਿੱਜ ਵਿਚ ਰੱਖੇ ਨਿੰਬੂ ਨੂੰ ਬਾਹਰ ਕੱਢ ਕੇ ਕਮਰੇ ਦੇ ਤਾਪਮਾਨ ਵਿਚ ਥੋੜ੍ਹੀ ਦੇਰ ਤੱਕ ਰੱਖੋ। ਫਿਰ ਹਥੇਲੀਆਂ ਨਾਲ ਦਬਾਉਂਦੇ ਹੋਏ ਗੋਲ-ਗੋਲ ਘੁਮਾਓ, ਫਿਰ ਰਸ ਕੱਢੋ। ਭਰਪੂਰ ਰਸ ਨਿਕਲੇਗਾ।
**

ਜੇ ਉੱਚੀ ਅੱਡੀ ਪਾ ਰਹੇ ਹੋ ਤਾਂ ਇਹ ਗੱਲਾਂ ਯਾਦ ਰੱਖੋ

ਕਈ ਅਧਿਐਨਾਂ 'ਚ ਸਾਬਤ ਹੋ ਚੁੱਕਾ ਹੈ ਕਿ 40 ਫੀਸਦੀ ਤੋਂ ਜ਼ਿਆਦਾ ਔਰਤਾਂ ਫੈਸ਼ਨ ਦੀ ਚਾਹਤ ਵਿਚ ਅਜਿਹੀਆਂ ਜੁੱਤੀਆਂ ਦੀ ਚੋਣ ਕਰਦੀਆਂ ਹਨ ਜੋ ਉਨ੍ਹਾਂ ਨੂੰ ਦੇਖਣ ਵਿਚ ਤਾਂ ਸੋਹਣੀਆਂ ਲਗਦੀਆਂ ਹਨ, ਭਾਵੇਂ ਉਹ ਉਨ੍ਹਾਂ ਦੀ ਸਿਹਤ ਲਈ ਚੰਗੀਆਂ ਨਾ ਹੋਣ। ਦਰਅਸਲ ਔਰਤਾਂ ਆਪਣੀ ਪਸੰਦ ਦੀਆਂ ਇਨ੍ਹਾਂ ਜੁੱਤੀਆਂ ਨੂੰ ਖਰੀਦਦੇ ਸਮੇਂ ਇਹ ਧਿਆਨ ਨਹੀਂ ਰੱਖਦੀਆਂ ਕਿ ਉਹ ਉਨ੍ਹਾਂ ਲਈ ਫਾਇਦੇਮੰਦ ਜਾਂ ਆਰਾਮਦਾਇਕ ਹਨ ਜਾਂ ਨਹੀਂ? ਖਾਸ ਕਰਕੇ ਗੱਲ ਜਦੋਂ ਉੱਚੀ ਅੱਡੀ ਦੀ ਹੁੰਦੀ ਹੈ ਤਾਂ ਉਸ ਸਬੰਧੀ ਆਮ ਤੌਰ 'ਤੇ ਔਰਤਾਂ ਦੀ ਇਹ ਸੋਚ ਹੁੰਦੀ ਹੈ ਕਿ ਸਟਾਈਲਿਸ਼ ਦਿਸਣ ਲਈ ਉੱਚੀ ਅੱਡੀ ਨਾਲ ਹੋਣ ਵਾਲੇ ਨੁਕਸਾਨ ਸਹਿਣ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਗੱਲ ਵੀ ਸਹੀ ਹੈ ਕਿ ਉੱਚੀ ਅੱਡੀ ਪਹਿਨਣ ਵਾਲੀਆਂ ਔਰਤਾਂ ਵੀ ਇਸ ਦੇ ਨੁਕਸਾਨ ਨੂੰ ਭਲੀਭਾਂਤ ਜਾਣਦੀਆਂ ਹਨ। ਜੇ ਤੁਸੀਂ ਵੀ ਉੱਚੀ ਅੱਡੀ ਪਹਿਨਣ ਦੀਆਂ ਸ਼ੌਕੀਨ ਹੋ ਤਾਂ ਇਨ੍ਹਾਂ ਨੂੰ ਖਰੀਦਦੇ ਸਮੇਂ ਇਨ੍ਹਾਂ ਗੱਲਾਂ 'ਤੇ ਖਾਸ ਧਿਆਨ ਦਿਓ।
ਆਕਾਰ ਹੋਵੇ ਸਹੀ : ਉੱਚੀ ਅੱਡੀ ਲੈਣੀ ਹੀ ਹੋਵੇ ਤਾਂ ਪੈਨਸਿਲ ਦੀ ਬਜਾਇ ਚਪਟੀ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਪਹਿਨਣ ਦੌਰਾਨ ਇਸ ਗੱਲ ਦਾ ਧਿਆਨ ਰੱਖੋ ਕਿ ਪੈਰ ਦੀ ਦੂਜੀ ਅਤੇ ਤੀਜੀ ਉਂਗਲੀ ਇਕ-ਦੂਜੇ ਦੇ ਨਾਲ ਲੱਗੀ ਹੋਵੇ ਤਾਂ ਕਿ ਉੱਚੀ ਅੱਡੀ ਵਿਚ ਸੰਤੁਲਨ ਬਣਾਇਆ ਜਾ ਸਕੇ।
ਪਸੀਨਾ ਨਾ ਆਵੇ : ਉੱਚੀ ਅੱਡੀ ਪਹਿਨਣ ਦੌਰਾਨ ਜੇ ਪੈਰਾਂ ਵਿਚ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਪਿੱਛੇ ਵਾਲੇ ਹਿੱਸੇ ਵਿਚ ਲੱਗੀ ਤਣੀ ਦੀ ਵਜ੍ਹਾ ਨਾਲ ਪੈਰ ਤਿਲਕ ਸਕਦਾ ਹੈ। ਇਸ ਲਈ ਪਸੀਨਾ ਸੋਕਣ ਲਈ ਪੈਰਾਂ ਵਿਚ ਬੇਬੀ ਪਾਊਡਰ ਜਾਂ ਕਿਸੇ ਹੋਰ ਪਾਊਡਰ ਦੀ ਵਰਤੋਂ ਕਰੋ।
ਸੋਲ ਨੂੰ ਸੈਂਡ ਪੇਪਰ (ਰੇਗਮਰ) ਨਾਲ ਸਾਫ਼ ਕਰੋ : ਅੱਡੀ ਪਹਿਨਣ ਦੌਰਾਨ ਪੈਰ ਦੀ ਜੁੱਤੀ 'ਤੇ ਪਕੜ ਪੂਰੀ ਤਰ੍ਹਾਂ ਬਣੀ ਰਹੇ, ਇਸ ਵਾਸਤੇ ਅੱਡੇ ਨੂੰ ਰੇਗਮਰ ਨਾਲ ਚੰਗੀ ਤਰ੍ਹਾਂ ਸਾਫ ਕਰੋ। ਉੱਚੀ ਅੱਡੀ ਵਾਲੀ ਜੁੱਤੀ ਪਹਿਨਣ ਦੌਰਾਨ ਪੈਰਾਂ ਵਿਚ ਮੋਟੀ ਊਨੀ ਜੁਰਾਬਾਂ ਪਹਿਨੋ ਤਾਂ ਕਿ ਜੁੱਤੀ ਵਿਚ ਪੈਰ ਚੰਗੀ ਤਰ੍ਹਾਂ ਫਿੱਟ ਹੋ ਸਕੇ। ਜੇ ਇਹ ਜੁੱਤੀ ਪੈਰਾਂ ਵਿਚ ਚੁੱਭਦੀ ਹੈ ਜਾਂ ਪੈਰਾਂ ਵਿਚ ਪਸੀਨਾ ਆਉਂਦਾ ਹੈ ਤਾਂ ਹੇਅਰ ਡ੍ਰਾਇਰ ਨਾਲ ਪੈਰਾਂ ਨੂੰ ਸੁਕਾਓ।
ਜੁੱਤੀ ਹੋਵੇ ਮੁਲਾਇਮ : ਅੱਡੀ ਵਿਚ ਪੈਰ ਆਰਾਮਦੇਹ ਸਥਿਤੀ ਵਿਚ ਰਹਿਣ, ਇਸ ਲਈ ਵਾਧੂ ਸੋਲ ਜਾਂ ਕੁਸ਼ਨ ਜਾਂ ਅੰਦਰ ਰੂੰ ਦਾ ਗੋਲਾ ਰੱਖੋ ਤਾਂ ਕਿ ਪੈਰ ਦੇ ਪੰਜੇ ਨੂੰ ਆਰਾਮ ਮਿਲੇ। ਨਵੀਂ ਅੱਡੀ ਵਾਲੀ ਜੁੱਤੀ ਪਹਿਨਣ ਲਈ ਘਰੋਂ ਬਾਹਰ ਜਾਣ ਤੋਂ ਪਹਿਲਾਂ ਉਸ ਨੂੰ ਘਰ ਹੀ ਥੋੜ੍ਹੀ-ਥੋੜ੍ਹੀ ਦੇਰ ਪਹਿਨ ਕੇ ਤੁਰ ਕੇ ਦੇਖੋ। ਅੱਡੀ ਵਾਲੀ ਜੁੱਤੀ ਹਰ ਰੋਜ਼ ਪਹਿਨਣ ਦੀ ਬਜਾਇ ਹਫਤੇ ਵਿਚ ਦੋ ਜਾਂ ਤਿੰਨ ਦਿਨ ਹੀ ਪਹਿਨੋ।


-ਫਿਊਚਰ ਮੀਡੀਆ ਨੈਟਵਰਕ

ਸ਼ਰਾਰਤੀ ਅਨਸਰਾਂ ਤੋਂ ਆਪਣੇ ਘਰ ਦੀ ਸੁਰੱਖਿਆ ਪ੍ਰਤੀ ਲਾਪ੍ਰਵਾਹ ਨਾ ਹੋਵੋ

ਹਾਦਸੇ ਸਿਰਫ ਅਖ਼ਬਾਰਾਂ 'ਚ ਛਪਣ ਵਾਲੀਆਂ ਸੁਰਖੀਆਂ ਨਹੀਂ ਹਨ ਅਤੇ ਨਾ ਹੀ ਸਿਰਫ ਕਿਸੇ ਦੂਸਰੇ ਨਾਲ ਵਾਪਰਨ ਵਾਲੀ ਘਟਨਾ। ਆਏ ਦਿਨ ਹੋਣ ਵਾਲੇ ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਸਾਨੂੰ ਹੇਠ ਲਿਖੇ ਇਹਿਤਿਆਤੀ ਕਦਮ ਚੁੱਕਣੇ ਚਾਹੀਦੇ ਹਨ :
* ਜੇਕਰ ਕੋਈ ਘਰ ਦਾ ਬੂਹਾ ਖੜਕਾਏ ਤਾਂ ਉਸ ਨੂੰ ਪਹਿਲਾਂ ਖਿੜਕੀ 'ਚੋਂ ਵੇਖੋ ਜਾਂ ਜਾਲੀ ਵਾਲੇ ਦਰਵਾਜ਼ੇ ਰਾਹੀਂ ਝਾਕੋ ਤੇ ਫਿਰ ਪਛਾਣ ਕੇ ਦਰਵਾਜ਼ਾ ਖੋਲ੍ਹੋ। ਜੇ ਕੋਈ ਅਣਪਛਾਤਾ ਵਿਅਕਤੀ ਹੈ ਤਾਂ ਬੂਹਾ ਬਿਲਕੁਲ ਨਾ ਖੋਲ੍ਹੋ।
* ਘਰ ਆਉਣ ਵਾਲੇ ਹਰ ਅਜਨਬੀ ਵਿਅਕਤੀ 'ਤੇ ਸਖਤ ਨਜ਼ਰ ਰੱਖੋ। ਜੇਕਰ ਉਹ ਵਿਅਕਤੀ ਤੁਹਾਡੇ ਘਰ ਬਾਰੇ ਕਿਸੇ ਗੁਆਂਢੀ ਆਦਿ ਤੋਂ ਕੁਝ ਪੁੱਛਗਿੱਛ ਕਰਦਾ ਦਿਸੇ ਤਾਂ ਗੁਆਂਢੀ ਤੋਂ ਪਤਾ ਕਰੋ। ਤੁਹਾਨੂੰ ਲੱਗਦਾ ਹੈ ਕਿ ਮਾਮਲਾ ਗੰਭੀਰ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿਓ।
* ਦਿਨ ਸਮੇਂ ਘੋੜੇ ਵੇਚ ਕੇ ਨਾ ਸੌਂ ਜਾਓ। ਸੁੰਨਸਾਨ ਜਗ੍ਹਾ/ਕਾਲੋਨੀਆਂ ਆਦਿ ਵਿਚ ਇਸ ਸਮੇਂ ਅਪਰਾਧੀਆਂ ਲਈ ਘਰ 'ਚ ਦਾਖਲ ਹੋਣਾ ਕਾਫੀ ਸੌਖਾ ਹੋ ਜਾਂਦਾ ਹੈ। ਘਰ ਵਿਚ ਹੁੰਦੇ ਖੜਾਕ ਦਾ ਖਿਆਲ ਰੱਖੋ।
* ਬਾਹਰ ਜਾਣ ਅਤੇ ਰਾਤੀਂ ਸੌਣ ਸਮੇਂ ਸਾਰੇ ਬੂਹੇ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ। ਬੂਹਿਆਂ ਨੂੰ ਅੰਦਰਲੇ ਪਾਸੇ ਦੋ-ਦੋ ਕੁੰਡੀਆਂ ਉੱਪਰ/ਥੱਲੇ ਲਗਾਓ। ਬਾਰੀਆਂ ਆਦਿ ਵੀ ਚੈੱਕ ਕਰ ਲਓ ਕਿ ਬੰਦ ਹਨ। ਬਾਹਰ ਜਾਂਦੇ ਹੋਏ ਚੰਗੀ ਕਿਸਮ ਦੇ ਤਾਲੇ ਬੂਹਿਆਂ ਅਤੇ ਮੇਨ ਗੇਟ 'ਤੇ ਲਗਾਓ।
* ਘਰ ਦੇ ਪਿਛਲੇ ਹਿੱਸੇ ਦੀਆਂ ਕੰਧਾਂ ਆਦਿ 'ਤੇ ਟੁੱਟਿਆ ਖੜ੍ਹਾ ਕੱਚ ਜ਼ਰੂਰ ਲਗਵਾਓ, ਤਾਂ ਕਿ ਕੰਧ ਟੱਪੀ ਨਾ ਜਾ ਸਕੇ
* ਰਾਤ ਸਮੇਂ ਘਰ ਦਾ ਕੋਈ ਅਜਿਹਾ ਹਿੱਸਾ ਨਾ ਛੱਡੋ, ਜਿੱਥੇ ਰੌਸ਼ਨੀ ਨਾ ਪੁੱਜਦੀ ਹੋਵੇ, ਹਮੇਸ਼ਾ ਹਨੇਰੀ ਥਾਂ ਤੋਂ ਹੀ ਚੋਰੀ/ਡਾਕੇ ਦਾ ਅੰਦੇਸ਼ਾ ਰਹਿੰਦਾ ਹੈ।
* ਰਾਤ ਸਮੇਂ ਆਪਣੇ ਘਰ ਦੇ ਅੱਗੇ-ਪਿੱਛੇ ਹਲਕੀ ਰੌਸ਼ਨੀ ਜ਼ਰੂਰ ਰੱਖਣ ਦੀ ਆਦਤ ਪਾਓ।
* ਗੁਆਂਢੀਆਂ ਨਾਲ ਪਿਆਰ ਬਣਾਈ ਰੱਖੋ। ਮੁਸੀਬਤ ਪੈਣ ਸਮੇਂ ਹਮੇਸ਼ਾ ਗੁਆਂਢੀ ਹੀ ਸਹਾਈ ਹੁੰਦੇ ਹਨ।
* ਘਰ ਸਿਰਫ ਸਹਾਇਕਾਂ ਦੇ ਆਸਰੇ ਹੀ ਨਾ ਛੱਡੋ। ਜੇਕਰ ਕਿਤੇ ਜਾਣਾ ਹੋਵੇ ਤਾਂ ਆਪਣੇ ਨੇੜਲੇ ਗੁਆਂਢੀ ਨੂੰ ਇਸ ਬਾਰੇ ਜ਼ਰੂਰ ਦੱਸ ਕੇ ਜਾਓ।
* ਫੇਰੀ ਵਾਲੇ ਅਤੇ ਕੱਪੜੇ ਪ੍ਰੈੱਸ ਕਰਨ ਵਾਲੇ ਨੂੰ ਬਾਹਰ ਹੀ ਨਿਬੇੜ ਦਿਓ। ਇਨ੍ਹਾਂ ਅਤੇ ਸਹਾਇਕ ਦੇ ਸਾਹਮਣੇ ਅਲਮਾਰੀ ਨਾ ਖੋਲ੍ਹੋ।
* ਕੰਮ ਵਾਲੀ 'ਤੇ ਵੀ ਬਹੁਤਾ ਵਿਸ਼ਵਾਸ ਨਾ ਕਰੋ ਅਤੇ ਉਸ ਦੇ ਨਾਲ ਆਏ ਅਣਪਛਾਤੇ ਵਿਅਕਤੀ ਨੂੰ ਅੰਦਰ ਨਾ ਆਉਣ ਦਿਓ। ਇੱਥੋਂ ਹੀ ਚੋਰੀ ਦੀਆਂ ਯੋਜਨਾਵਾਂ ਬਣਦੀਆਂ ਹਨ।
* ਘਰ ਆਏ ਕਿਸੇ ਗੈਰ-ਵਿਅਕਤੀ ਸਾਹਮਣੇ ਕੈਸ਼ ਆਦਿ ਨਾ ਗਿਣੋ ਜਾਂ ਰੱਖੋ। ਇਸੇ ਤਰ੍ਹਾਂ ਹੀ ਗਹਿਣੇ ਕੱਢ ਕੇ ਨਾ ਰੱਖੋ, ਨਾ ਪਹਿਨੋ।
* ਜੇਕਰ ਤੁਸੀਂ ਘਰ ਵਿਚ ਇਕੱਲੇ ਰਹਿੰਦੇ ਹੋ ਜਾਂ ਨੌਕਰੀ ਕਰਦੇ ਹੋ ਤਾਂ ਹਰ ਇਕ ਨੂੰ ਇਸ ਬਾਰੇ ਨਾ ਦੱਸੋ। ਸ਼ਰਾਰਤੀ ਅਨਸਰਾਂ ਲਈ ਇਹ ਸੂਚਨਾ ਬੜੀ ਖਾਸ ਹੁੰਦੀ ਹੈ।
* ਹਰ ਕਿਸੇ ਐਰੇ-ਗੈਰੇ ਵਿਅਕਤੀ ਕੋਲ ਆਪਣੇ ਰੁਤਬੇ ਅਤੇ ਪੈਸੇ ਦੀ ਸ਼ਾਨ ਨਾ ਦਿਖਾਓ, ਕਿਉਂਕਿ ਈਰਖਾ ਕਰਕੇ ਉਹ ਚੋਰੀ ਆਦਿ ਵੀ ਕਰ ਸਕਦਾ ਹੈ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਅ ਸਕਦਾ ਹੈ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX