ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਰਾਬਿੰਦਰ ਨਾਥ ਟੈਗੋਰ ਬਾਰੇ ਬਲਰਾਜ ਸਾਹਨੀ ਦੀਆਂ ਦਿਲਚਸਪ ਯਾਦਾਂ: 'ਜਵਾਨੀ ਵਿਚ ਆਦਮੀ ਕਿੰਨਾ ਅਨਾੜੀ ਹੁੰਦਾ ਹੈ'

ਗੁਰੂਦੇਵ ਨੂੰ ਮੈਂ ਪਹਿਲੀ ਵਾਰ ਜਨਵਰੀ 1931 ਵਿਚ ਮਿਲਿਆ | ਉਨ੍ਹਾਂ ਦਿਨਾਂ ਵਿਚ ਮੇਰਾ ਵਿਆਹ ਹੋਇਆ ਹੀ ਸੀ | ਮੇਰੀ ਤੀਵੀਂ ਦੀ ਬੜੀ ਖ਼ਵਾਹਿਸ਼ ਸੀ ਕਿ ਅਸੀਂ ਆਪਣਾ ਹਨੀਮੂਨ ਸ਼ਾਂਤੀ ਨਿਕੇਤਨ ਵਿਚ ਹੀ ਮਨਾਈਏ | ਇਹ ਿਖ਼ਆਲ ਮੈਨੂੰ ਵੀ ਪਸੰਦ ਆਇਆ | ਮੈਂ ਸ਼ਾਂਤੀ ਨਿਕੇਤਨ ਵਿਚ ਇਕ ਸੱਜਣ ਪੁਰਖ ਨੂੰ ਜਾਣਦਾ ਸੀ, ਜਿਸਦਾ ਨਾਂ ਸੀ ਗੁਰਦਿਆਲ ਮਲਿਕ |
ਸ੍ਰੀ ਮਲਿਕ ਦੀ ਸ਼ਖ਼ਸੀਅਤ ਬੜੀ ਵਿਲੱਖਣ ਤੇ ਸਨਕੀ ਕਿਸਮ ਦੀ ਸੀ ਜੋ ਅਖੀਰ ਤੱਕ ਇਸੇ ਤਰ੍ਹਾਂ ਰਹੀ | ਉਨ੍ਹਾਂ ਨਾਲ ਹੋਣ ਵਾਲੀ ਪਹਿਲੀ ਮੁਲਾਕਾਤ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ | ਉਨ੍ਹਾਂ ਦਿਨਾਂ ਵਿਚ ਮੈਂ ਲਾਹੌਰ ਤੋਂ ਸਿੱਖਿਆ ਪੂਰੀ ਕਰ ਰਾਵਲਪਿੰਡੀ ਵਿਚ ਆਪਣੇ ਪਿਤਾ ਦੇ ਦਫਤਰ ਵਿਚ ਕੰਮ ਕਰਦਾ ਸੀ ਜਿੱਥੇ ਉਨ੍ਹਾਂ ਦੇ ਇਮਪੋਰਟ (ਦਰਾਮਦ) ਅਤੇ ਐਕਸਪੋਰਟ (ਬਰਾਮਦ) ਦੇ ਵਪਾਰ ਨਾਲ ਜੁੜੇ ਕੰਮ ਮੇਰੀ ਸਮਝ ਵਿਚ ਨਹੀਂ ਆ ਰਹੇ ਸਨ | ਮੈਂ ਬੜਾ ਉਲਝਿਆ ਹੋਇਆ ਅਤੇ ਪ੍ਰੇਸ਼ਾਨ ਰਹਿੰਦਾ ਸਾਂ | ਮੇਰੇ ਸਾਰੇ ਦੋਸਤ ਮੇਰੀ ਇਸ ਹਾਲਤ ਨੂੰ ਜਾਣਦੇ ਸਨ ਅਤੇ ਮੇਰੇ ਨਾਲ ਹਮਦਰਦੀ ਜਤਾਉਂਦੇ ਸਨ | ਉਨ੍ਹਾਂ ਵਿਚੋਂ ਇਕ ਦੋਸਤ ਰਾਵਲਪਿੰਡੀ ਛਾਉਣੀ ਵਿਚ ਕਿਤਾਬਾਂ ਦੀ ਦੁਕਾਨ ਦਾ ਮਾਲਕ ਸੀ | ਜਦੋਂ ਵੀ ਪਿਤਾ ਜੀ ਦੇ ਦਫ਼ਤਰ ਤੋਂ ਛੁੱਟੀ ਮਿਲਦੀ ਆਪਣੇ ਦੋਸਤ ਦੀ ਕਿਤਾਬਾਂ ਦੀ ਦੁਕਾਨ ਵਿਚ ਸ਼ਰਨ ਲੈਣ ਲਈ ਭੱਜ ਆਉਂਦਾ | ਉਹ ਦੁਕਾਨ ਮੇਰੇ ਲਈ ਸਵਰਗ ਵਾਂਗ ਸੀ, ਕਿਉਂਕਿ ਅੰਗਰੇਜ਼ੀ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਦਾ ਮੈਨੂੰ ਬਹੁਤ ਸ਼ੌਕ ਸੀ |
ਇਕ ਦਿਨ ਦੁਪਹਿਰ ਮਗਰੋਂ ਦਫ਼ਤਰ ਵਿਚ ਮੇਰੇ ਪਿਤਾ ਅਤੇ ਮੈਂ ਆਪਣੀ ਆਪਣੀ ਥਾਂ 'ਤੇ ਬੈਠੇ ਕੰਮ ਕਰ ਰਹੇ ਸਾਂ ਕਿ ਅਚਾਨਕ ਬੂਹਾ ਖੁੱਲਿ੍ਹਆ, ਕੇਸਰੀ ਚੋਲਾ ਅਤੇ ਟੋਪੀ ਪਾਈ, ਲੰਮੀ ਝੂਮਦੀ ਦਾੜੀ ਵਾਲਾ ਬੰਦਾ ਅੰਦਰ ਆਇਆ | ਉਹ ਸਿੱਧਾ ਮੇਰੇ ਪਿਤਾ ਜੀ ਦੀ ਮੇਜ਼ ਦੇ ਸਾਹਮਣੇ ਆ ਗਿਆ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ 'ਤੁਸੀਂ ਇਸ ਪੰਛੀ ਨੂੰ ਪਿੰਜਰੇ ਵਿਚ ਕਿਉਂ ਪਾਇਆ ਹੋਇਆ?' ਉਸ ਨੇ ਮੇਰੇ ਵੱਲ ਇਸ਼ਾਰਾ ਕਰ ਕੇ ਕਿਹਾ, 'ਇਸ ਨੂੰ ਪਿੰਜਰੇ ਵਿਚੋਂ ਕੱਢੋ, ਉੱਡਣ ਦਿਓ ਗਾਉਣ ਦਿਓ |'
ਮੇਰੇ ਪਿਤਾ ਜੀ ਹੈਰਾਨ ਹੋ ਗਏ | ਮੈਨੂੰ ਵੀ ਹੈਰਾਨੀ ਹੋਈ ਪਰ ਓਨੀ ਨਹੀਂ, ਕਿਉਂਕਿ ਮੈਂ ਆਪਣੇ ਮਿੱਤਰ ਨੂੰ , ਕਿਤਾਬਾਂ ਦੀ ਦੁਕਾਨ ਦੇ ਮਾਲਕ ਨੂੰ ਉਸ ਦੇ ਪਿੱਛੇ ਹੀ ਦਫ਼ਤਰ ਵਿਚ ਦਾਿਖ਼ਲ ਹੁੰਦੇ ਵੇਖ ਲਿਆ ਸੀ | ਉਹ ਬੂਹੇ ਪਾਸ ਖੜ੍ਹ ਕੇ ਮੁਸਕੁਰਾ ਰਿਹਾ ਸੀ |
ਭਗਵਾਂ ਚੋਲਾ ਪਾਈ ਉਹ ਮਲਿਕ ਜੀ ਸਨ | ਸਾਡੀ ਹੈਰਾਨੀ ਜਦੋਂ ਕਿਸੇ ਹੱਦ ਤੱਕ ਦੂਰ ਹੋਈ ਤਾਂ ਅਸੀਂ ਮਲਿਕ ਜੀ ਨੂੰ ਬਹਿਣ ਲਈ ਕਿਹਾ | ਮੇਰੇ ਦੋਸਤ ਨੇ ਕਿਹਾ ਕਿ ਮਲਿਕ ਜੀ ਸ਼ਾਂਤੀ ਨਿਕੇਤਨ ਵਿਚ ਅਧਿਆਪਕ ਹਨ ਅਤੇ ਰਾਬਿੰਦਰ ਨਾਥ ਟੈਗੋਰ ਦੇ ਮਿੱਤਰ ਅਤੇ ਸ਼ਿਸ਼ ਹਨ | ਇਹ ਸੁਣ ਕੇ ਮੇਰੇ ਪਿਤਾ ਜੀ ਦਾ ਵਿਹਾਰ ਕੁਝ ਬਦਲਿਆ | ਮਲਿਕ ਜੀ ਲਗਭਗ ਇਕ ਘੰਟਾ ਉੱਥੇ ਰਹੇ ਅਤੇ ਸਾਨੂੰ ਭਗਤੀ ਅਤੇ ਰੱਹਸਵਾਦ ਦੇ ਗੀਤ ਸੁਣਾਏ ਫਿਰ ਉਹ ਪਹਾੜਾਂ ਵੱਲ ਰਵਾਨਾ ਹੋ ਗਏ |
ਉਸ ਤੋਂ ਮਗਰੋਂ ਮੇਰੇ ਲਈ ਪਿੰਜਰੇ ਵਿਚ ਰਹਿਣਾ ਔਖਾ ਹੋ ਗਿਆ | ਮਲਿਕ ਜੀ ਦੇ ਸ਼ਬਦਾਂ ਦਾ ਮੇਰੇ ਉੱਤੇ ਡੂੰਘਾ ਅਸਰ ਹੋਇਆ, ਮੈਨੂੰ ਲੱਗਾ ਜਿਵੇਂ ਮੈਨੂੰ ਅਜਿਹੀ ਦੁਨੀਆਂ ਤੋਂ ਸੁਨੇਹਾ ਆਇਆ ਹੈ ਜੋ ਮੈਨੂੰ ਰਾਸ ਆ ਸਕਦੀ ਹੈ | ਦਫ਼ਤਰ ਛੱਡਣ ਦੀ ਮੇਰੇ ਵਿਚ ਹਿੰਮਤ ਨਹੀਂ ਸੀ, ਪਰ ਮੈਂ ਦਿਨ ਰਾਤ ਆਪਣੀ ਕਲਪਨਾ ਵਿਚੋਂ ਉਥੋਂ ਖਹਿੜਾ ਛੁਡਾਉਣ ਦੀਆਂ ਤਰਕੀਬਾਂ ਸੋਚਦਾ ਰਹਿੰਦਾ ਸੀ |
ਉਸ ਘਟਨਾ ਦੇ ਕੁਝ ਅਰਸੇ ਮਗਰੋਂ ਮੈਂ ਟੈਗੋਰ ਦਾ ਨਾਟਕ ਡਾਕਘਰ ਪੜਿ੍ਹਆ | ਮੈਨੂੰ ਲੱਗਾ ਉਸ ਵਿਚ ਗਾਫ਼ਿਰ ਨਾਂ ਦਾ ਪਾਤਰ ਹੋਰ ਕੋਈ ਨਹੀਂ, ਬਲਕਿ ਗੁਰਦਿਆਲ ਸਿੰਘ ਮਲਿਕ ਹੀ ਹੈ | ਜਾਂ ਤਾਂ ਟੈਗੋਰ ਨੇ ਮਲਿਕ ਨੂੰ ਅਧਾਰ ਬਣਾ ਕੇ ਗਾਫ਼ਿਰ ਪਾਤਰ ਦੀ ਰਚਨਾ ਕੀਤੀ ਹੋਣੀ, ਜਾਂ ਫਿਰ ਮਲਿਕ ਜੀ ਨੇ ਖੁਦ ਨੂੰ ਗਾਫ਼ਿਰ ਬਣਾ ਲਿਆ ਸੀ |
ਮਲਿਕ ਜੀ ਨਾਲ ਮਿਲਣ ਤੋਂ ਮਗਰੋਂ, ਰਾਬਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਵਿਚ ਮੇਰੀ ਦਿਲਚਸਪੀ ਵਧੀ | ਆਪਣੇ ਮਿੱਤਰ ਦੀ ਦੁਕਾਨ ਤੋਂ ਟੈਗੋਰ ਜੀ ਦੀਆਂ ਜੋ ਵੀ ਪੁਸਤਕਾਂ ਮੈਨੂੰ ਅੰਗਰੇਜ਼ੀ ਵਿਚ ਮਿਲੀਆਂ ਮੈਂ ਪੜ੍ਹ ਲਈਆਂ | ਪਰ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਟੈਗੋਰ ਜੀ ਤੋਂ ਪ੍ਰਭਾਵਿਤ ਨਹੀਂ ਹੋ ਸਕਿਆ | ਅੱਜ ਵੀ ਮੈਂ ਸਮਝਦਾ ਹਾਂ ਕਿ ਗੁਰੂਦੇਵ ਦੀ ਗੀਤਾਂਜਲੀ ਅਤੇ ਹੋਰ ਕਾਵਿ ਪੁਸਤਕਾਂ ਦੇ ਅਨੁਵਾਦ ਬਹੁਤ ਹੀ ਰਾਹ ਭਟਕਾਉਣ ਵਾਲੇ ਹਨ | ਹੁਣ ਜਦ ਮੈਂ ਬਾਂਗਲਾ ਜਾਣਦਾ ਹਾਂ ਅਤੇ ਟੈਗੋਰ ਦੀਆਂ ਰਚਨਾਵਾਂ ਨੂੰ ਮੈਂ ਉਨ੍ਹਾਂ ਦੇ ਮੂਲ ਰੂਪ ਵਿਚ ਪੜਿ੍ਹਆ ਹੈ ਤਾਂ, ਪੱਕੇ ਤੌਰ ਤੇ ਆਖ ਸਕਦਾ ਹਾਂ ਕਿ ਉਨ੍ਹਾਂ ਦੇ ਇਹ ਅਨੁਵਾਦ ਪਾਠਕ 'ਤੇ ਪੁੱਠਾ ਅਸਰ ਪਾਉਂਦੇ ਹਨ | ਲੈਅ ਅਤੇ ਤੁਕਾਂਤ ਤੋਂ ਊਣੀਆਂ ਰਚਨਾਵਾਂ ਉਸ ਭੇਡ ਵਾਂਗ ਲਗਦੀਆਂ ਹਨ ਜਿਸ ਦੇ ਵਾਲ ਮੁੰਨੇ ਹੋਣ | ਟੈਗੋਰ ਦੇ ਛੰਦਾਂ ਵਿਚਲੇ ਅਤੇ ਸ਼ਬਦਾਂ ਵਿਚਲੇ ਭਾਵਾਨਾਤਮਕ ਸੁਹੱਪਣ ਨੂੰ ਸ਼ਬਦਾਂ ਵਿਚ ਨਹੀਂ ਬੰਨਿ੍ਹਆ ਜਾ ਸਕਦਾ | ਫਿਰ ਕਿਉਂਕਿ ਟੈਗੋਰ ਉੱਚ ਕੋਟੀ ਦੇ ਸੰਗੀਤਕਾਰ ਵੀ ਸਨ, ਉਨ੍ਹਾਂ ਦੇ ਸ਼ਬਦਾਂ ਵਿਚ ਬੰਗਾਲ ਦੀ ਆਤਮਾ ਧੜਕਦੀ ਸੀ | ਜੇ ਸਾਡੇ ਮੁਲਕ ਦੇ ਇਸ ਯੁਗ ਵਿਚ ਕਿਸੇ ਕਵੀ ਨੇ ਚੇਤਨਤਾ, ਤਰੱਕੀ ਅਤੇ ਧਰਮ ਨਿਰਪੇਖਤਾ ਦਾ ਸੁਨੇਹਾ ਦਿੱਤਾ ਹੈ ਤਾਂ ਉਹ ਟੈਗੋਰ ਹੀ ਹਨ | ਪਰ ਅੰਗਰੇਜ਼ੀ ਅਨੁਵਾਦ ਉਨ੍ਹਾਂ ਦੀਆਂ ਰਚਨਾਵਾਂ ਦੇ ਸ਼ਬਦ ਕਾਲਾ ਅਤੇ ਸਫੇਦ ਰੰਗ ਹੀ ਉਜਾਗਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀਆਂ ਧੁਨਾਂ ਸਾਡੇ ਕੰਨਾਂ ਵਿਚ ਉਲਝਣ ਪੈਦਾ ਕਰਦੀਆਂ ਹਨ | ਹੁਣੇ ਕੁਝ ਦਿਨ ਪਹਿਲਾਂ ਮੈਂ ਰੇਡੀਓ 'ਤੇ ਗੀਤਾਂਜਲੀ ਗੀਤਾਂ ਦੀਆਂ ਧੁਨਾਂ ਸੁਣੀਆਂ, ਜਿਨ੍ਹਾਂ ਨੂੰ ਪੱਛਮ ਦੇ ਸੰਗੀਤਕਾਰਾਂ ਨੇ ਧੁਨਾਂ ਵਿਚ ਬੰਨਿ੍ਹਆ ਸੀ | ਉਹ ਕੰਨਾਂ ਨੂੰ ਇਸ ਹੱਦ ਤੱਕ ਚੁੱਭਣ ਵਾਲੀਆਂ ਸਨ ਕਿ ਉਨ੍ਹਾਂ ਨੂੰ ਸੁਣ ਸਕਣਾ ਵੀ ਔਖਾ ਸੀ | ਉਹ ਸੰਗੀਤਕਾਰ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਉਨ੍ਹਾਂ ਗੀਤਾਂ ਦੀਆਂ ਧੁਨਾਂ ਖੁਦ ਰਾਬਿੰਦਰ ਨੇ ਬਣਾਈਆਂ ਸਨ ਅਤੇ ਕਿਸੇ ਨੂੰ ਇਹ ਹੱਕ ਵੀ ਨਹੀਂ ਸੀ ਕਿ ਉਹ ਉਨ੍ਹਾਂ ਦੇ ਸ਼ਬਦਾਂ ਨਾਲ ਉਨ੍ਹਾਂ ਧੁਨਾਂ ਅਤੇ ਲੈਅ ਨੂੰ ਅੱਡ ਕਰ ਨਵੀਆਂ ਧੁਨਾਂ ਬਣਾ ਦੇਣ |
ਪਰ ਉਨ੍ਹਾਂ ਦਿਨਾਂ ਵਿਚ ਮੈਂ ਇਸ ਸਾਰੇ ਕੁਝ ਤੋਂ ਅਣਜਾਣ ਸੀ | ਇਸ ਤੋਂ ਇਲਾਵਾ ਸ਼ੈਲੇ, ਕੀਟਸ, ਵਰਡਸਵਰਥ, ਬਾਇਰਨ ਆਦਿ ਅੰਗਰੇਜ਼ੀ ਕਵੀਆਂ ਦੀਆਂ ਕਵਿਤਾਵਾਂ ਮੇਰੇ ਦਿਲ ਵਿਚ ਵਸੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਮੁਕਾਬਲੇ ਵਿਚ ਰਾਬਿੰਦਰ ਕਵੀ ਦੀ ਬਜਾਇ ਇਕ ਰਹੱਸਵਾਦੀ ਦਾਰਸ਼ਨਿਕ ਜ਼ਿਆਦਾ ਲਗਦੇ ਸਨ | ਸਭ ਤੋਂ ਵੱਖ ਅੰਗਰੇਜੀ ਵਿਚ ਸਿੱਖਿਆ ਲੈਣ ਕਰਕੇ ਮੇਰਾ ਨਜ਼ਰੀਆ ਗੁਲਾਮਾਂ ਵਰਗਾ ਬਣਿਆ ਹੋਇਆ | ਮੈਂ ਹਰ ਹਿੰਦੁਸਤਾਨੀ ਚੀਜ਼ ਨੂੰ ਹਿਕਾਰਤ ਅਤੇ ਯੂਰੋਪੀਅਨ ਵਸਤ ਨੂੰ ਇੱਜ਼ਤ ਦੀ ਨਜ਼ਰ ਨਾਲ ਤੱਕਦਾ ਸਾਂ |
ਹਨੀਮੂਨ ਲਈ ਸ਼ਾਂਤੀ ਨਿਕੇਤਨ ਜਾਣ ਵੇਲੇ ਮੇਰੇ ਸਾਹਮਣੇ ਕੋਈ ਵੱਡੀਆਂ ਉਮੀਦਾਂ ਨਹੀਂ ਸਨ | ਅਸੀਂ ਦੋਵੇਂ ਉਥੇ ਗੈਸਟ ਹਾਉਸ ਵਿਚ ਠਹਿਰੇ | ਮਲਿਕ ਜੀ ਸਾਡੇ ਨਾਲ ਬੜੀ ਚੰਗੀ ਤਰ੍ਹਾਂ ਪੇਸ਼ ਆਏ ਅਤੇ ਸਰਕਾਰੀ ਢੰਗ ਨਾਲ ਸਾਰਾ ਆਸ਼ਰਮ ਵਿਖਾਇਆ | ਜਿਸ ਦਿਨ ਅਸੀਂ ਮੁੜਨਾ ਸੀ, ਉਸ ਦਿਨ ਗੁਰੂਦੇਵ ਨੇ ਸਾਨੂੰ ਮਿਲਣ ਲਈ ਸਮਾਂ ਦਿੱਤਾ, ਜੋ ਉਹ ਇੱਥੇ ਆਉਣ ਵਾਲੇ ਦਰਸ਼ਕਾਂ ਨੂੰ ਦਿੰਦੇ ਸਨ |
ਮੈਨੂੰ ਯਾਦ ਨਹੀਂ ਉਹ ਉਨ੍ਹਾਂ ਦਿਨਾਂ ਵਿਚ ਕਿਹੜੀ ਕੁਟੀਆ ਵਿਚ ਰਹਿੰਦੇ ਸਨ | ਅਸੀਂ ਇਕ ਭੀੜੇ ਰਸਤੇ ਵਿਚੋਂ ਨਿਕਲ ਉਨ੍ਹਾਂ ਦੇ ਕਮਰੇ ਵਿਚ ਦਾਖਿਲ ਹੋਏ | ਉਹ ਆਪਣੀ ਮੇਜ਼ ਦੇ ਸਾਹਮਣੇ ਬੈਠੇ ਸਨ ਅਤੇ ਚਾਰੋਂ ਪਾਸਿਆਂ ਤੋਂ ਸੁਹੱਪਣ ਅਤੇ ਸਾਦਗੀ ਵਿਚ ਬਹੁਤ ਸ਼ਾਨਦਾਰ ਲੱਗ ਰਹੇ ਸਨ | ਮਲਿਕ ਜੀ ਬੜੀ ਹਲੀਮੀ ਨਾਲ ਇਕ ਸਟੂਲ 'ਤੇ ਬੈਠ ਗਏ ਅਤੇ ਫਿਰ ਉਹ ਜਿਵੇਂ ਅਦਿ੍ਸ਼ ਹੋ ਗਏ | ਮੇਰੀ ਪਤਨੀ ਤੇ ਮੈਂ ਰਾਬਿੰਦਰ ਦੇ ਸਾਹਮਣੇ ਕੁਰਸੀਆਂ 'ਤੇ ਬਹਿ ਗਏ |
'ਤਾਂ ਕਿਹੋ ਜਿਹਾ ਲੱਗਾ ਸ਼ਾਂਤੀ ਨਿਕੇਤਨ? ਮਹਾਂਕਵੀ ਨੇ ਪੁੱਛਿਆ, 'ਮੈਨੂੰ ਪਤਾ ਲੱਗਾ ਹੈ ਕਿ ਤੁਹਾਨੂੰ ਇਥੇ ਆਏ ਕੁਝ ਦਿਨ ਹੋ ਗਏ ਹਨ |'
'ਬਹੁਤ ਚੰਗਾ ਤਾਂ ਨਹੀਂ ਕਹਿ ਸਕਦਾ' ਮੈਂ ਨਾਟਕੀ ਢੰਗ ਨਾਲ ਕਿਹਾ | ਅਸਲ ਵਿਚ ਮੈਂ ਉਨ੍ਹਾਂ ਤੋਂ ਪ੍ਰਭਾਵਿਤ ਹੋਣ ਦੀ ਬਜਾਇ ਖੁਦ ਉਨ੍ਹਾਂ 'ਤੇ ਆਪਣਾ ਪ੍ਰਭਾਵ ਪਾਉਣ ਦੇ ਇਰਾਦੇ ਨਾਲ ਉਥੇ ਗਿਆ ਸੀ | ਜਵਾਨੀ ਵਿਚ ਆਦਮੀ ਕਿੰਨਾ ਮੂਰਖ ਹੁੰਦਾ ਹੈ |
ਸੁਣ ਕੇ ਗੁਰੂਦੇਵ ਨੂੰ ਧੱਕਾ ਵੱਜਾ | ਉਨ੍ਹਾਂ ਦੀਆਂ ਅੱਖਾਂ ਵਿਚ ਪੀੜ ਵਿਖਾਈ ਦਿੱਤੀ | ਪਰ ਉਹ ਸਹਿਜ ਰਹੇ |
'ਕਿਉਂ ਕੀ ਬੁਰਾਈ ਹੈ?', ਉਨ੍ਹਾਂ ਪੁੱਛਿਆ | 'ਮੈਂ ਤਾਂ ਸੋਚਿਆ ਸੀ ਕਿ ਤੁਸੀਂ ਲੇਖਕ ਹੋ ਸ਼ਾਂਤੀ ਨਿਕੇਤਨ ਵਿਚ ਆ ਕੇ ਆਸਰਾ ਮਿਲੇਗਾ | ਤੁਸੀਂ ਜਾਣਦੇ ਹੀ ਹੋ ਸਾਡੇ ਮੁਲਕ ਵਿਚ ਲੇਖਕਾਂ ਕਲਾਕਾਰਾਂ ਲਈ ਕੋਈ ਥਾਂ ਨਹੀਂ ਹੈ | ਉਹ ਪਿੰਜਰੇ ਵਿਚ ਪਏ ਪੰਛੀ ਵਾਂਗ ਚਾਰੋਂ ਪਾਸਿਓਾ ਬੰਦ ਹਨ | ਇਥੇ ਮੈਂ ਹੋਰ ਸਕੂਲਾਂ ਵਾਂਗ ਹੀ ਇਕ ਸਕੂਲ ਖੋਲਿ੍ਹਆ ਹੈ |'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਵੰਡ ਤੋਂ ਬਾਅਦ ਪੰਜਾਬੀ ਨੂੰ ਖੋਰਾ ਕਿਵੇਂ ਲੱਗਾ?

1947 ਵਿਚ ਪੰਜਾਬ ਦੀ ਵੰਡ ਹੋਈ | ਕਿਸੇ ਨੂੰ ਪਤਾ ਥਹੁ ਵੀ ਨਹੀਂ ਸੀ ਕਿ ਇਕ (ਪੱਛਮੀ) ਪੰਜਾਬ ਵਿਚ ਤਕਰੀਬਨ ਸਾਰੇ ਹੀ ਹਿੰਦੂ ਅਤੇ ਸਿੱਖ ਜਲਾਵਤਨ ਕਰ ਦਿੱਤੇ ਜਾਣਗੇ | ਅਜੇ ਸਾਡੇ ਵਾਲੇ ਪਾਸੇ ਮੁਸਲਮਾਨ ਗਵੱਈਏ ਪਿੰਡੀਂ ਥਾਹੀਂ ਬੈਠੇ ਹਨ | ਮਾਲੇਰਕੋਟਲਾ ਅਤੇ ਕਾਦੀਆਂ ਦਾ ਇਕ ਵੀ ਮੁਸਲਮਾਨ ਘਰੋਂ ਬੇਘਰ ਨਹੀਂ ਕੀਤਾ ਗਿਆ | ਹੁਣ ਚੰਡੀਗੜ੍ਹ ਵਿਚ ਨਵੇਂ ਮੁਸਲਮਾਨ ਆ ਕੇ ਵਸ ਰਹੇ ਹਨ | ਹੋਰ ਸ਼ਹਿਰਾਂ ਵਿਚ ਵੀ ਮੁਸਲਮਾਨ ਕਰਿੰਦੇ ਵਸੇਬਾ ਧਾਰ ਰਹੇ ਹਨ | ਪਿੰਡਾਂ ਵਿਚ ਜੰਮੂ-ਕਸ਼ਮੀਰ ਅਤੇ ਹੋਰ ਥਾਵਾਂ ਦੇ ਗੁੱਜਰ ਮੁਸਲਮਾਨ ਬਿਨਾਂ ਰੋਕ-ਟੋਕ ਦੇ ਵਸਦੇ ਜਾ ਰਹੇ ਹਨ | ਇਹ ਚੀਜ਼ ਪਾਕਿਸਤਾਨੀ ਪੰਜਾਬ ਵਿਚ ਨਹੀਂ ਵੇਖੀ ਜਾ ਸਕਦੀ |
ਪੰਜਾਬ ਦੀ ਵੰਡ ਸਮੇਂ ਪਤਾ ਨਹੀਂ ਕਿਸ ਦੀ ਸਕੀਮ ਸੀ ਕਿ ਪੜਿ੍ਹਆ-ਲਿਖਿਆ ਧਨਾਢ ਸ਼ਹਿਰੀ ਹਿੰਦੂ ਅਤੇ ਸਿੱਖ ਪੂਰਬੀ ਪੰਜਾਬ ਵਿਚ ਵਸਣ ਨਹੀਂ ਦੇਣਾ | ਕੋਸ਼ਿਸ਼ ਕੀਤੀ ਗਈ ਕਿ ਪਟਨਾ, ਲਖਨਊ, ਇਲਾਹਾਬਾਦ, ਜੈਪੁਰ, ਆਗਰਾ, ਮੇਰਠ, ਦੇਹਰਾਦੂਨ, ਬਨਾਰਸ, ਗੋਰਖਪੁਰ, ਮੁਰਾਦਾਬਾਦ, ਮਸੂਲੀ, ਕਾਨਪੁਰ ਆਦਿ ਤੋਂ ਜਿਹੜਾ ਵੀ ਖੁਸ਼ਹੈਸੀਅਤੀ ਮੁਸਲਮਾਨ ਪਾਕਿਸਤਾਨ ਗਿਆ ਹੈ, ਉਸ ਦੀ ਜਾਇਦਾਦ ਪਾਕਿਸਤਾਨ ਤੋਂ ਆਏ ਕਿਸੇ ਸਰਦੇ-ਪੁਜਦੇ ਸੱਭਿਆਚਾਰ ਨਾਲ ਜੁੜੇ ਹੋਏ ਹਿੰਦੂ ਜਾਂ ਸਿੱਖ ਨੂੰ ਅਲਾਟ ਕੀਤੀ ਜਾਏ | ਸ਼ਾਇਦ ਇੱਛਿਆ ਹੋਵੇ ਕਿ ਪੰਜਾਬੀ ਬੋਲੀ ਮਾਰੀ ਜਾਵੇ |
ਮਿਸਾਲ ਦੇ ਤੌਰ 'ਤੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਨੂੰ ਗਾਜ਼ੀਆਬਾਦ ਵਿਚ ਰੈਣ ਬਸੇਰਾ ਦਿੱਤਾ ਗਿਆ | ਪੰ੍ਰਤੂ ਉਹ ਫਿਰੋਜ਼ਪੁਰ ਵਿਚ ਸੋਢੀਆਂ ਦੀ ਫਰਮਾਇਸ਼ 'ਤੇ ਆ ਗਈ | ਇਥੇ ਉਸ ਨੇ ਮੌਸੀਕਾਰ ਮਾਸਟਰ ਗੁਲਾਮ ਹੈਦਰ ਦੇ ਕਹਿਣ 'ਤੇ ਮੰੁਬਈ ਜਾਣ ਦਾ ਮਨ ਬਣਾ ਲਿਆ | ਆਲ ਇੰਡੀਆ ਰੇਡੀਓ ਲਾਹੌਰ ਦੇ ਸੰਗੀਤ ਨਿਰਦੇਸ਼ਕ ਅਤੇ ਪੰਜਾਬੀ ਦੇ ਕੀਰਤਨਕਾਰ ਬੁੱਧ ਸਿੰਘ ਤਾਨ ਨੂੰ ਲਖਨਊ ਵਿਚ ਵਸਾਇਆ ਗਿਆ | ਉਥੇ ਉਨ੍ਹਾਂ ਦੀਆਂ ਅਗਲੇਰੀਆਂ ਪੀੜ੍ਹੀਆਂ ਪੰਜਾਬੀ ਸੱਭਿਆਚਾਰ ਤੋਂ ਪੂਰੀ ਤਰ੍ਹਾਂ ਬੇਮੁਖ ਹਨ | ਗੀਤਕਾਰ ਮਨੋਹਰ ਸਿੰਘ ਸਹਿਰਾਈ ਨੂੰ ਬੰਬਈ ਵਿਖੇ ਵਸਾਇਆ ਗਿਆ | ਉਨ੍ਹਾਂ ਦੇ ਪਰਿਵਾਰ ਵਿਚੋਂ ਪੰਜਾਬੀ ਸੱਭਿਆਚਾਰ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ | ਪੰਜਾਬੀ ਦੇ ਸ਼ਾਇਰ ਅਜੀਜ਼ ਕਸ਼ਮੀਰੀ ਨੂੰ ਬੰਬਈ ਵਿਚ ਵਸਾਇਆ ਗਿਆ ਸੀ | ਅੱਜ ਉਨ੍ਹਾਂ ਦੇ ਖਾਨਦਾਨ ਵਿਚੋਂ ਪੰਜਾਬੀ ਭਾਲੀ ਨਹੀਂ ਜਾ ਸਕਦੀ | ਮੁਲਖ ਰਾਜ ਭਾਖੜੀ ਪੰਜਾਬੀ ਦੇ ਸਿਰਕੱਢਵੇਂ ਲਿਖਾਰੀ ਅਤੇ ਸ਼ਾਇਰ ਸਨ | ਉਨ੍ਹਾਂ ਦਾ ਪਰਿਵਾਰ ਬੰਬਈ ਵਸਦਾ ਹੈ, ਪਰ ਪੰਜਾਬੀ ਦਾ ਉਨ੍ਹਾਂ ਨੂੰ ਇੱਲ ਤੇ ਕੁੱਕੜ ਨਹੀਂ ਆਉਂਦਾ | ਰਾਮਾਨੰਦ ਸਾਗਰ ਪੱਕੇ ਪੱਕੇ ਪਕਰੋੜੇ ਲਾਹੌਰੀਏ ਸਨ | ਅੱਜ ਉਨ੍ਹਾਂ ਦਾ ਖਾਨਦਾਨ ਪੰਜਾਬੀ ਤੋਂ ਕੋਰਾ ਹੈ | ਬਲਰਾਜ ਸਾਹਨੀ ਪੱਕੇ ਪੰਜਾਬੀ ਸਨ | ਉਨ੍ਹਾਂ ਦਾ ਬੇਟਾ ਪ੍ਰੀਕਸ਼ਤ ਸਾਹਨੀ ਪੰਜਾਬੀ ਦੇ ਨੇੜੇ ਨਹੀਂ ਢੁਕਦਾ | ਕਾਮਿਨੀ ਕੌਸ਼ਲ ਆਲ ਇੰਡੀਆ ਰੇਡੀਓ ਲਾਹੌਰ ਤੇ ਪੰਜਾਬੀ ਦੀ ਡਰਾਮਾ ਆਰਟਿਸਟ ਸੀ | ਅੱਜ ਉਸ ਦੇ ਕੁਨਬੇ ਵਿਚੋਂ ਪੰਜਾਬੀ ਅਲੋਪ ਹੈ | ਪਰ ਧਨੀ ਰਾਮ ਚਾਤਿ੍ਕ, ਨੰਦ ਲਾਲ ਨੂਰਪੁਰੀ, ਪ੍ਰੋਫੈਸਰ ਮੋਹਨ ਸਿੰਘ ਆਦਿ ਨੇ ਪੰਜਾਬ ਵਿਚ ਰਹਿ ਕੇ ਪੰਜਾਬੀ ਜਿਊਾਦੀ ਰੱਖੀ | ਸੰਗੀਤ ਨਿਰਦੇਸ਼ਕ ਸਰਦੂਲ ਕਵਾਤੜਾ ਦੇ ਦੂਜੀ ਸ਼ਾਦੀ ਦੇ ਦੋਵੇਂ ਲੜਕੇ ਪੰਜਾਬੀ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ |
ਪੰਜਾਬ ਵਿਚ ਰਿਲੀਫ਼ ਅਤੇ ਮੁੜ ਵਸੇਬਾ ਕਮਿਸ਼ਨਰ ਸਰਦਾਰ ਤਰਲੋਕ ਸਿੰਘ ਆਈ.ਸੀ.ਐਸ. ਸਨ | ਉਨ੍ਹਾਂ ਨੇ ਪੇਂਡੂ ਸਿਆਲਕੋਟੀਆਂ ਨੂੰ ਬੜੀ ਜੁਗਤ ਨਾਲ ਬਟਾਲਾ, ਗੁਰਦਾਸਪੁਰ, ਭੁਲੱਥ, ਕਪੂਰਥਲਾ ਅਤੇ ਦਸੂਹਾ ਤਹਿਸੀਲਾਂ ਵਿਚ ਵਸਾਇਆ | ਇਨ੍ਹਾਂ ਤਹਿਸੀਲਾਂ ਵਿਚ ਉਨ੍ਹਾਂ ਦੀ ਬੋਲੀ ਅਤੇ ਸੱਭਿਆਚਾਰ ਮਹਿਫੂਜ਼ ਹਨ | ਪੇਂਡੂ ਲਾਹੌਰੀਆਂ ਨੂੰ ਅਜਨਾਲਾ, ਤਰਨ ਤਾਰਨ, ਪੱਟੀ, ਸੁਲਤਾਨਪੁਰ ਲੋਧੀ, ਕਪੂਰਥਲਾ, ਜ਼ੀਰਾ, ਫਿਰੋਜ਼ਪੁਰ, ਗੁਰੂ ਹਰਸਹਾਇ, ਜਲਾਲਾਬਾਦ, ਫ਼ਾਜ਼ਿਲਕਾ, ਮੁਕਤਸਰ ਅਤੇ ਮੋਗਾ ਤਹਿਸੀਲਾਂ ਵਿਚ ਸਰਦਾਰ ਤਰਲੋਕ ਸਿੰਘ ਨੇ ਬਾਖੂਬੀ ਵਸਾਇਆ ਹੈ | ਉਥੇ ਅਮਰ ਸੂਫੀ ਵਰਗੇ ਕਵੀ ਆਪਣੀ ਕਲਾ ਦੇ ਜੌਹਰ ਵਿਖਾ ਰਹੇ ਹਨ | ਸ਼ੈਰੀ ਗੋਰਵਾ ਜੇਹੀਆਂ ਸਮਾਚਾਰ ਵਾਚਿਕਾਵਾਂ ਹਨ |
ਸਰਦਾਰ ਤਰਲੋਕ ਸਿੰਘ ਨੇ ਆਪਣੇ ਯਤਨਾਂ ਸਦਕੇ ਲਾਇਲਪੁਰ ਅਤੇ ਮਿੰਟਗੁਮਰੀ ਦੇ ਧਨਾਢ ਜ਼ਿਮੀਂਦਾਰਾਂ ਨੂੰ , ਜਿਥੋਂ-ਜਿਥੋਂ ਉਹ ਉਠ ਕੇ ਲਾਇਲਪੁਰ ਅਤੇ ਮਿੰਟਗੁਮਰੀ ਗਏ ਸਨ, ਉਥੇ-ਉਥੇ ਹੀ ਵਸਾ ਦਿੱਤਾ | ਅੱਜ ਲਾਇਲਪੁਰੀਏ ਪੇਂਡੂ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਤਰਨ ਤਾਰਨ, ਫਿਰੋਜ਼ਪੁਰ, ਫ਼ਾਜ਼ਿਲਕਾ, ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ, ਅੰਬਾਲਾ, ਸਿਰਸਾ, ਕਰਨਾਲ, ਕੁਰੂਕਸ਼ੇਤਰ, ਕੈਥਲ, ਰੋਪੜ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਵਿਚ ਵਸ ਰਹੇ ਹਨ |
ਗੁੱਜਰਾਂਵਾਲਾ ਅਤੇ ਸ਼ੇਖੂਪੁਰਾ ਦੇ ਪੇਂਡੂ ਵਿਸਥਾਪਤਾਂ ਨੂੰ ਵਧੇਰੇ ਕਰਕੇ ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਕੈਥਲ, ਰਾਜਪੁਰਾ ਆਦਿ ਵਿਚ ਸਰਦਾਰ ਤਰਲੋਕ ਸਿੰਘ ਨੇ ਵਸਾਇਆ | ਮੁਲਤਾਨ ਕਮਿਸ਼ਨਰੀ ਨੂੰ ਹਿਸਾਰ, ਜ਼ਿਲ੍ਹਾ ਅਲਾਟ ਹੋਇਆ | ਉਹ ਜਿਥੇ-ਜਿਥੇ ਵਸਦੇ ਹਨ, ਪੰਜਾਬੀ ਕਾਇਮ ਹੈ |
ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਸ਼ਹਿਰਾਂ ਵਿਚ 66 ਫ਼ੀਸਦੀ ਮੁਸਲਮਾਨ ਰਹਿੰਦੇ ਸਨ | ਉਨ੍ਹਾਂ ਦੀ ਥਾਂ 'ਤੇ ਸਿਆਲਕੋਟੀ ਹਿੰਦੂਆਂ ਅਤੇ ਸਿੱਖਾਂ ਨੂੰ ਇਨ੍ਹਾਂ ਸ਼ਹਿਰਾਂ ਵਿਚ ਵਸਾਇਆ ਗਿਆ | ਕੁਝ ਲਾਹੌਰੀਏ ਵੀ ਇਨ੍ਹਾਂ ਸ਼ਹਿਰਾਂ ਵਿਚ ਵਸਾਏ ਗਏ | ਇਨ੍ਹਾਂ ਸਭ ਨੇ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਿਆ ਹੈ |
ਲਾਹੌਰ ਦੇ ਤਹਿਜ਼ੀਬ ਯਾਫ਼ਤਾ ਅਤੇ ਪੈਸੇ ਨਾਲ ਸੌਖੇ ਹੋਏ ਹਿੰਦੂ ਅਤੇ ਸਿੱਖ ਅੰਮਿ੍ਤਸਰ ਵਿਚ ਵਸਣਾ ਚਾਹੁੰਦੇ ਸਨ | ਪਰ ਅੰਮਿ੍ਤਸਰ ਤੋਂ ਦੋ ਲੱਖ ਕਾਰਖਾਨਿਆਂ ਦੇ ਕਾਮੇ ਤੇ ਕੁਝ ਹੀ ਧਨਾਢ ਮੁਸਲਮਾਨ ਲਾਹੌਰ ਗਏ | ਇਸ ਲਈ ਇਥੇ ਤਕਰੀਬਨ 50,000 ਹੀ ਲਾਹੌਰੀਏ ਸ਼ਹਿਰੀ ਵਸਾਏ ਗਏ | ਬਾਕੀ ਦੇ 1,00,000 ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਵਿਚ ਵਸਾਏ ਗਏ | ਉਥੇ ਉਹ ਆਟੇ ਵਿਚ ਲੂਣ ਬਰਾਬਰ ਹਨ |
ਸਭ ਤੋਂ ਵੱਧ ਲਾਹੌਰੀਏ 1,50,000 ਤੋਂ ਵੱਧ ਦਿੱਲੀ ਭੇਜੇ ਗਏ | ਉਥੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਆਈ.ਸੀ.ਐਸ. ਮੁੜ ਵਸੇਬਾ ਦੇ ਕਮਿਸ਼ਨਰ ਸਨ | ਉਨ੍ਹਾਂ ਦੀ ਵਜ੍ਹਾ ਕਰਕੇ ਦਿੱਲੀ ਵਿਚ ਪੰਜਾਬੀ ਕੁਝ ਹੱਦ ਤੱਕ ਜਿਉਂਦੀ ਜਾਗਦੀ ਹੈ | ਪਰ ਹੁਣ ਦਮ ਤੋੜ ਰਹੀ ਹੈ | ਦਿੱਲੀ ਵਿਚ ਪਟੇਲ ਨਗਰ, ਵਿਨੈ ਨਗਰ, ਕਰੋਲ ਬਾਗ਼, ਰਜੌਰੀ ਗਾਰਡਨ, ਪੰਜਾਬੀ ਬਾਗ਼, ਲਾਜਪਤ ਨਗਰ ਜਿਹੀਆਂ ਕੁਝ ਨਿਰੋਲ ਪੰਜਾਬੀ ਬਸਤੀਆਂ ਹਨ | ਇਥੇ ਪੰਜਾਬੀ ਬਚੀ ਹੋਈ ਹੈ | ਹੁਣ ਬਦਕਿਸਮਤੀ ਨਾਲ ਪੰਜਾਬੀ ਬੋਲੀ ਆਪਣੇ ਘਰ ਪੰਜਾਬ ਵਿਚ ਵੀ ਦਮ ਤੋੜ ਰਹੀ ਹੈ, ਤਹਿਜ਼ੀਬ ਖਤਮ ਹੋ ਰਹੀ ਹੈ |

harjapaujla@gmail.com

ਜਿਊਣ ਦੀ ਬਾਤ ਪਾਉਂਦੇ ਬੁੱਤਾਂ ਦਾ ਘਰ ਮੈਡਮ ਤੁਸਾਦ ਮਿਊਜ਼ੀਅਮ

ਮੈਡਮ ਤੁਸਾਦ ਦਾ ਨਾਂਅ ਸੁਣਦਿਆਂ ਹੀ ਸਾਡੀਆਂ ਅੱਖਾਂ ਅੱਗੇ ਵੱਡੀਆਂ-ਵੱਡੀਆਂ ਹਸਤੀਆਂ ਦੇ ਮੋਮ ਦੇ ਬਣੇ ਬੁੱਤ ਆਉਣ ਲੱਗ ਜਾਂਦੇ ਹਨ, ਜਿਨ੍ਹਾਂ ਬਾਰੇ ਅਕਸਰ ਹੀ ਅਸੀਂ ਟੀ. ਵੀ., ਅਖ਼ਬਾਰਾਂ, ਮੈਗਜ਼ੀਨਾਂ ਵਿਚ ਵੇਖਦੇ ਜਾਂ ਪੜ੍ਹਦੇ ਰਹਿੰਦੇ ਹਾਂ | ਮੈਡਮ ਤੁਸਾਦ ਇਕ ਮਿਊਜ਼ੀਅਮ ਹੈ, ਜਿਸ ਵਿਚ ਹਰ ਖੇਤਰ ਦੀਆਂ ਕੌਮਾਂਤਰੀ ਮਸ਼ਹੂਰ ਹਸਤੀਆਂ ਦੇ ਮੋਮ ਦੇ ਬੁੱਤ ਹੁੰਦੇ ਹਨ ਜੋ ਕਿ ਹੂ-ਬਹੂ ਉਸੇ ਹਸਤੀ ਵਰਗੇ ਨਾਲ ਨਜ਼ਰ ਆਉਂਦੇ ਹਨ |
ਸਭ ਤੋਂ ਵੱਡਾ ਤੇ ਮੁੱਖ ਮਿਊਜ਼ੀਅਮ ਨਿਊਯਾਰਕ ਵਿਚ ਹੈ ਤੇ ਏਸ਼ੀਆ, ਯੂਰਪ, ਦੱਖਣੀ ਅਮਰੀਕਾ ਤੇ ਆਸਟ੍ਰੇਲੀਆ ਵਿਚ ਬਾਕੀ ਦੇ ਮਿਊਜ਼ੀਅਮ ਹਨ | ਸੋ, ਕੁੱਲ ਮਿਲਾ ਕੇ 24 ਮੈਡਮ ਤੁਸਾਦ ਮਿਊਜ਼ੀਅਮ ਪੂਰੇ ਵਿਸ਼ਵ ਵਿਚ ਹਨ |
ਸੋਚਣ ਵਾਲੀ ਗੱਲ ਇਹ ਹੈ ਕਿ ਮੈਡਮ ਤੁਸਾਦ ਕੌਣ ਸੀ, ਜਿਸ ਦੇ ਨਾਂਅ 'ਤੇ ਇਹ ਮਿਊਜ਼ੀਅਮ ਬਣੇ ਹਨ | ਮੈਡਮ ਤੁਸਾਦ ਦਾ ਅਸਲੀ ਨਾਂਅ ਮੈਰੀ ਗਰੋਸਹੋਲਟਜ਼ ਸੀ, ਜਿਸ ਦਾ ਜਨਮ 1761 ਵਿਚ ਫਰਾਂਸ ਵਿਚ ਹੋਇਆ | ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ | ਜਦ ਮੈਰੀ ਛੇ ਸਾਲ ਦੀ ਸੀ ਤਾਂ ਉਸ ਦੀ ਮਾਂ ਅੰਨੇ ਮੈਰੀ ਨੂੰ ਸਵਿਟਜ਼ਰਲੈਂਡ ਲੈ ਗਈ, ਜਿਥੇ ਉਸ ਦੀ ਮਾਂ ਇਕ ਕਰਟੀਅਸ ਨਾਮੀ ਡਾਕਟਰ ਦੇ ਘਰ ਕੰਮ ਕਰਨ ਲੱਗੀ | ਡਾਕਟਰ ਦੇ ਨਾਲ-ਨਾਲ ਕਰਟੀਅਸ ਇਕ ਮੂਰਤੀਕਾਰ ਵੀ ਸੀ ਜੋ ਕਿ ਮੋਮ ਦੀਆਂ ਮੂਰਤੀਆਂ ਬਣਾਉਣ ਵਿਚ ਨਿਪੁੰਨ ਸੀ | ਮੈਰੀ ਨੇ ਉਸ ਤੋਂ ਮੋਮ ਦੇ ਪੁਤਲੇ ਬਣਾਉਣ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਤੇ 1777 ਵਿਚ ਮੈਰੀ ਨੇ ਪਹਿਲਾ ਮੋਮ ਦਾ ਪੁਤਲਾ ਫਰਾਂਸੀਸੀ ਫਿਲਾਸਫਰ ਵਾਲਟੇਅਰ ਦਾ ਤਿਆਰ ਕੀਤਾ ਜੋ ਕਿ ਅਜੇ ਵੀ ਮੈਡਮ ਤੁਸਾਦ ਵਿਚ ਰੱਖਿਆ ਹੋਇਆ ਹੈ |
1778 ਤੱਕ ਮੈਰੀ ਦੇ ਹੁਨਰ ਦੀ ਖ਼ਬਰ ਬਹੁਤ ਤੇਜ਼ੀ ਨਾਲ ਫੈਲ ਚੁੱਕੀ ਸੀ | ਫਿਰ ਉਸ ਨੂੰ ਉਦੋਂ ਦੇ ਰਾਜਾ ਦੀ ਭੈਣ ਲਈ ਕਲਾ ਅਧਿਆਪਕ ਨਿਯੁਕਤ ਕੀਤਾ ਗਿਆ | 1789 ਵਿਚ ਫਰਾਂਸੀਸੀ ਕ੍ਰਾਂਤੀ ਸ਼ੁਰੂ ਹੋਈ |
ਫਰਾਂਸ ਦੀ ਕ੍ਰਾਂਤੀ (French Revolution)
ਕਿਉਂਕਿ ਮੈਰੀ ਤੁਸਾਦ ਦੇ ਸਬੰਧ ਰਾਜ ਘਰਾਣੇ ਨਾਲ ਸਨ, ਇਸ ਲਈ ਫਰਾਂਸ ਕ੍ਰਾਂਤੀ ਮੈਰੀ ਲਈ ਬਹੁਤ ਔਕੜਾਂ ਲੈ ਕੇ ਆਈ | ਜਿੰਨੇ ਵੀ ਮੋਮ ਦੇ ਬੁੱਤ ਰਾਜ ਘਰਾਣੇ ਨਾਲ ਸਬੰਧਿਤ ਸਨ, ਉਨ੍ਹਾਂ ਦੇ ਸਿਰ ਧੜ ਤੋਂ ਵੱਖਰੇ ਕਰ ਦਿੱਤੇ ਗਏ ਅਤੇ ਰਾਜ ਘਰਾਣੇ ਖਿਲਾਫ਼ ਰੋਸ ਪ੍ਰਗਟ ਕਰਦਿਆਂ ਬੁੱਤਾਂ ਦੇ ਇਨ੍ਹਾਂ ਸਿਰਾਂ ਨੂੰ ਪੈਰਿਸ ਦੀਆਂ ਗਲੀਆਂ ਵਿਚ ਘੁਮਾਇਆ ਗਿਆ | ਸ਼ਾਹੀ ਘਰਾਣੇ ਦੇ ਮੈਂਬਰਾਂ ਨੂੰ ਫ਼ਾਂਸੀ ਦੇਣ ਤੋਂ ਕੁਝ ਦਿਨ ਪਹਿਲਾਂ ਡਾ: ਕਰਟੀਅਸ (4r. 3urtius) ਨੂੰ ਪਤਾ ਲੱਗਾ ਤਾਂ ਉਸ ਨੇ ਕ੍ਰਾਂਤੀਕਾਰੀਆਂ ਨੂੰ ਸਮਝਾਇਆ ਕਿ ਮੈਰੀ ਤੁਸਾਦ ਵੀ ਉਨ੍ਹਾਂ ਵਾਂਗ ਹੀ ਉਦਾਰਵਾਦੀ ਵਿਚਾਰਾਂ ਦੀ ਸੀ | ਡਾ: ਕਰਟੀਅਸ ਦੇ ਯਤਨਾਂ ਸਦਕਾ ਮੈਰੀ ਨੂੰ ਛੱਡ ਦਿੱਤਾ ਗਿਆ ਤੇ ਉਸ ਨੂੰ ਸ਼ਾਹੀ ਘਰਾਣੇ ਦੇ ਉਨ੍ਹਾਂ ਮੈਂਬਰਾਂ, ਜਿਨ੍ਹਾਂ ਨੂੰ ਗੁਇਲਾਟਾਈਨ ਨਾਲ ਮਾਰਿਆ ਸੀ, ਦੇ ਮੋਮ ਦੇ ਡੈੱਥ ਮਾਸਕ (death mask) ਬਣਾਉਣ ਦਾ ਕੰਮ ਦਿੱਤਾ ਗਿਆ ਤੇ ਇਹ ਮਾਸਕ ਪੈਰਿਸ ਦੀਆਂ ਸੜਕਾਂ 'ਤੇ ਰਾਜਾਸ਼ਾਹੀ ਦੇ ਅੰਤ ਦੇ ਪ੍ਰਤੀਕ ਵਜੋਂ ਘੁਮਾਏ ਗਏ | ਮੈਰੀ ਨੂੰ ਵੀ ਰਾਜਤੰਤਰ ਦੀ ਹਿਮਾਇਤੀ ਕਰਾਰ ਦੇ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਤੇ ਉਸ ਦਾ ਸਿਰ ਮੁਨਵਾ ਦਿੱਤਾ ਗਿਆ |
1794 ਵਿਚ ਡਾ: ਕਰਟੀਅਸ ਦੀ ਮੌਤ ਹੋ ਗਈ ਤੇ ਆਪਣਾ ਮੋਮ ਦਾ ਸਟੂਡੀਓ ਮੈਰੀ ਨੂੰ ਸੌਾਪ ਗਏ | ਮੈਰੀ ਤੁਸਾਦ ਦਾ ਵਿਆਹ ਹੋਇਆ ਤੇ ਦੋ ਬੇਟੇ ਹੋਏ, ਵੱਡਾ ਬੇਟਾ ਫ੍ਰੈਂਕਿਸ ਜਿਸ ਦੇ ਖੂਨ ਵਿਚ ਵੀ ਮੋਮ ਦੇ ਬੁੱਤ ਬਣਾਉਣਾ ਹੀ ਸ਼ਾਮਲ ਸੀ, ਉਹ ਮੈਡਮ ਤੁਸਾਦ ਦਾ ਮੁੱਖ ਕਲਾਕਾਰ ਬਣ ਗਿਆ |
1803 ਵਿਚ ਬਰਤਾਨੀਆ ਦੇ 73 ਸ਼ਹਿਰਾਂ ਵਿਚ ਮੈਰੀ ਨੇ ਆਪਣੀ ਪ੍ਰਦਰਸ਼ਨੀ ਲਗਾਈ | ਫਰਾਂਸੀਸੀ ਕ੍ਰਾਂਤੀ 'ਤੇ ਇਹ ਸਾਰੀ ਪ੍ਰਦਰਸ਼ਨੀ ਤਿਆਰ ਕੀਤੀ ਗਈ, ਜਿਹੜੀ ਕਿ ਬਹੁਤ ਮਸ਼ਹੂਰ ਹੋਈ |
ਨੈਪੋਲੀਅਨ
1815 ਵਿਚ ਜਦ ਨੈਪੋਲੀਅਨ ਨੂੰ ਬਰਤਾਨੀਆ ਸਰਕਾਰ ਨੇ ਸੇਂਟ ਹੇਲੇਨਾ (saint helena) ਟਾਪੂ 'ਤੇ ਦੇਸ਼ ਨਿਕਾਲਾ ਦਿੱਤਾ, ਉਦੋਂ ਮੈਰੀ ਤੁਸਾਦ ਨੇ ਪੂਰੀ ਪ੍ਰਦਰਸ਼ਨੀ ਨੈਪੋਲੀਅਨ 'ਤੇ ਤਿਆਰ ਕੀਤੀ, ਜਿਵੇਂ ਕਿ ਉਹ ਰੱਥ ਜਿਸ 'ਤੇ ਸਵਾਰ ਹੋ ਕੇ ਨੈਪੋਲੀਅਨ ਵਾਟਰਲੂ ਆਇਆ ਤੇ ਹੋਰ ਬਹੁਤ ਸਾਰੀਆਂ ਨੈਪੋਲੀਅਨ ਨਾਲ ਸਬੰਧਿਤ ਚੀਜ਼ਾਂ ਦਾ ਜ਼ਿਕਰ ਮੋਮ ਦੇ ਜ਼ਰੀਏ ਕੀਤਾ |
1819 ਵਿਚ ਮੈਰੀ ਤੁਸਾਦ ਨੇ ਆਪਣੀ ਪ੍ਰਦਰਸ਼ਨੀ ਦੀ ਗਾਈਡ ਛਪਵਾਈ ਜੋ ਕਿ ਮੈਡਮ ਤੁਸਾਦ ਦੇ ਕਾਰੋਬਾਰ ਵਿਚ ਇਕ ਮੀਲ-ਪੱਥਰ ਸਾਬਤ ਹੋਈ |
76 ਸਾਲ ਦੀ ਉਮਰ ਵਿਚ 1835 ਵਿਚ ਮੈਰੀ ਤੁਸਾਦ ਨੇ ਬੇਕਲ ਸਟ੍ਰੀਟ ਬਾਜ਼ਾਰ, ਲੰਡਨ ਵਿਚ ਆਪਣਾ ਪੱਕਾ ਮਿਊਜ਼ੀਅਮ ਖੋਲਿ੍ਹਆ | ਸਮਾਂ ਬੀਤਿਆ ਤੇ ਉਸ ਦੇ ਮੋਮ ਦੇ ਬੁੱਤਾਂ ਦੀ ਮਸ਼ਹੂਰੀ ਦੂਰ-ਦੂਰ ਤੱਕ ਹੋ ਗਈ | 1842 ਵਿਚ ਮੈਡਮ ਤੁਸਾਦ ਨੇ ਆਪਣਾ ਮੋਮ ਦਾ ਬੁੱਤ ਬਣਾਇਆ ਜੋ ਕਿ ਅੱਜ ਵੀ ਮੈਡਮ ਤੁਸਾਦ ਵਿਚ ਮੌਜੂਦ ਹੈ | 1850 ਵਿਚ ਮੈਰੀ ਤੁਸਾਦ ਨੇ ਅੰਤਿਮ ਸਾਹ ਲਿਆ ਤੇ ਆਪਣੇ ਕੰਮ ਦੀ ਜ਼ਿੰਮੇਵਾਰੀ ਆਪਣੇ ਵੱਡੇ ਬੇਟੇ ਨੂੰ ਸੌਾਪ ਦਿੱਤੀ |
ਮੈਰੀ ਤੁਸਾਦ ਤੋਂ ਹੁਣ ਇਹ ਸਟੂਡੀਓ ਮੈਡਮ ਤੁਸਾਦ ਬਣ ਗਿਆ | ਹੌਲੀ-ਹੌਲੀ ਲੰਡਨ ਤੋਂ ਬਾਅਦ ਹੋਰ ਦੇਸ਼ਾਂ ਵਿਚ ਵੀ ਮੈਡਮ ਤੁਸਾਦ ਪੈਰ ਪਸਾਰਨ ਲੱਗਾ |
1872 ਵਿਚ ਐਮਸਟਰਡਮ (ਨੀਦਰਲੈਂਡ) ਵਿਚ ਮੈਡਮ ਤੁਸਾਦ ਖੱੁਲਿ੍ਹਆ | ਸਮਾਂ ਬਦਲਦਾ ਗਿਆ ਤੇ ਵੇਖਦੇ ਹੀ ਵੇਖਦੇ ਮੈਡਮ ਤੁਸਾਦ ਪੂਰੀ ਦੁਨੀਆ ਵਿਚ ਆਪਣਾ ਪਸਾਰ ਕਰਨ ਲੱਗਾ ਤੇ ਵੱਖਰੇ-ਵੱਖਰੇ ਖੇਤਰਾਂ ਦੀਆਂ ਹਸਤੀਆਂ ਮੈਡਮ ਤੁਸਾਦ ਦੇ ਮੋਮ ਦੇ ਬੁੱਤਾਂ ਦਾ ਹਿੱਸਾ ਬਣਦੀਆਂ ਗਈਆਂ | ਅੱਜ ਦੇ ਸਮੇਂ ਵਿਚ 24 ਮੈਡਮ ਤੁਸਾਦ ਮਿਊਜ਼ੀਅਮ ਵੱਖਰੇ-ਵੱਖਰੇ ਦੇਸ਼ਾਂ ਵਿਚ ਖੁਲ੍ਹ ਚੁੱਕੇ ਹਨ |
ਮੈਡਮ ਤੁਸਾਦ ਦੇ ਮਿਊਜ਼ੀਅਮਾਂ ਦੀ ਸੂਚੀ
ਏਸ਼ੀਆ : ਬੀਜਿੰਗ (ਚੀਨ), ਚੌਾਗਗਿੰਗ (ਚੀਨ), ਸ਼ੰਘਾਈ (ਚੀਨ), ਵੂਹਾਨ (ਚੀਨ), ਹਾਂਗਕਾਂਗ, ਨਵੀਂ ਦਿੱਲੀ (ਭਾਰਤ), ਟੋਕੀਓ (ਜਾਪਾਨ), ਸਿੰਗਾਪੁਰ, ਬੈਕਾਂਕ (ਥਾਈਲੈਂਡ) |
ਯੂਰਪ : ਐਮਸਟਰਡਮ (ਨੀਦਰਲੈਂਡ), ਬਰਲਿਨ (ਜਰਮਨੀ), ਬਲੈਕਪੂਲ (ਇੰਗਲੈਂਡ), ਇਸਤਾਂਬੁਲ (ਤੁਰਕੀ), ਲੰਡਨ (ਇੰਗਲੈਂਡ), ਪਰਾਰਾ (ਚੈੱਕ ਗਣਰਾਜ), ਵਿਆਨਾ (ਆਸਟਰੀਆ) |
ਦੱਖਣੀ ਅਮਰੀਕਾ : ਹਾਲੀਵੁੱਡ, ਲਾਸ ਏਾਜਲਸ (ਅਮਰੀਕਾ), ਲਾਸ ਵੇਗਾਸ (ਅਮਰੀਕਾ), ਨੈਸ਼ਵਿਲੈ (ਅਮਰੀਕਾ), ਨਿਊਯਾਰਕ ਸਿਟੀ (ਅਮਰੀਕਾ), ਓਰਲੈਂਡੋ (ਅਮਰੀਕਾ), ਸਾਨ ਫਰਾਂਸਿਸਕੋ (ਅਮਰੀਕਾ), ਵਾਸ਼ਿੰਗਟਨ, ਡੀ. ਸੀ. (ਅਮਰੀਕਾ) |
ਸਿਡਨੀ (ਆਸਟ੍ਰੇਲੀਆ) |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-gurjot@ajitjalandhar.com

ਯਾਦਗਾਰੀ ਸੁੰਦਰਤਾ ਵਾਲਾ ਜੁਰਾਸਿਕ ਸਮੁੰਦਰੀ ਕਿਨਾਰਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜੀਵ ਅਵਸ਼ੇਸ਼
ਹੇਠਾਂ ਬੀਚ 'ਤੇ ਜਾਂਦੀਆਂ ਪੌੜੀਆਂ ਦੇ ਨੇੜੇ ਦੋ ਰੌਚਕ ਬੋਰਡ ਲੱਗੇ ਹਨ | ਇਕ ਬੋਰਡ ਅਨੁਸਾਰ ਦਰਦਲ ਡੋਰ ਅਤੇ ਆਲੇ-ਦੁਆਲੇ ਦਾ ਖੇਤਰ ਜਿਸ ਦਾ ਨਾਂਅ ਭੂਗੋਲ ਵਿਚ 'ਸਪੈਸ਼ਲ ਸਾਇੰਟੀਫਿਕ ਇੰਟਰੈੱਸਟ ਸਾਈਟ' ਹੈ ਜੋ ਨਾਂਅ ਵਿਸ਼ੇਸ਼ ਖੇਤਰਾਂ ਨੂੰ ਦਿੱਤਾ ਜਾਂਦਾ ਹੈ ਜਿਥੇ ਭੂਗੋਲ ਸ਼ਾਸਤਰੀ ਅਧਿਐਨ ਆਦਿ ਕਰਦੇ ਹਨ | ਅਸੀਂ ਪੜਿ੍ਹਆ ਕਿ ਆਲੇ-ਦੁਆਲੇ ਦੀਆਂ ਪਹਾੜੀਆਂ ਪੰਜ ਤਰ੍ਹਾਂ ਦੀਆਂ ਚੱਟਾਨਾਂ ਨਾਲ, ਪਾਣੀ ਦੇ ਅੰਦਰ-ਸਮੁੰਦਰ ਕੰਢੇ ਤੋਂ ਹਜ਼ਾਰਾਂ ਸਾਲ ਪਹਿਲਾਂ ਬਣੀਆਂ ਸਨ ਅਤੇ ਮਹਾਦੀਪਾਂ ਦੇ ਟਕਰਾਉਣ ਸਮੇਂ ਸਮੁੰਦਰ ਤਲ ਤੋਂ ਬਾਹਰ ਆ ਗਈਆਂ | ਬੋਰਡ 'ਤੇ ਅੱਗੇ ਲਿਖਿਆ ਸੀ—ਦਰਦਲ ਡੋਰ ਅਤੇ ਉਸ ਦੀ ਪਹਾੜੀ 'ਤੇ ਜੋ ਅਨੇਕ ਟੋਏ ਦਿਸ ਰਹੇ ਸਨ, ਉਹ ਸਾਰੇ 'ਫੋਸਿਲ' ਹਨ | ਇਥੋਂ 147 ਮਿਲੀਅਨ ਸਾਲ ਪਹਿਲਾਂ 'ਸਾਇਕੈਡ ਦਰੱਖ਼ਤ' ਉੱਗਿਆ ਕਰਦੇ ਸਨ | ਜੀਵਾਂ ਅਤੇ ਪੌਦਿਆਂ ਦੇ ਇਤਿਹਾਸਕ ਅਵਸ਼ੇਸ਼ ਜਿਨ੍ਹਾਂ ਤੋਂ ਉਨ੍ਹਾਂ ਦੀ ਉਮਰ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ, ਉਹ ਫੋਸਿਲ ਕਹਾਉਂਦਾ ਹੈ |
ਦੂਜੇ ਬੋਰਡ 'ਤੇ ਸੈਲਾਨੀਆਂ ਲਈ ਅੰਗਰੇਜ਼ੀ 'ਚ ਨਿਰਦੇਸ਼ ਸੀ ਕਿ ਉਹ ਬੀਚ ਅਤੇ ਸਮੁੰਦਰ ਕੰਢੇ 'ਤੇ ਕੂੜਾ ਨਾ ਛੱਡਣ ਜਾਂ ਸੁੱਟਣ | ਇਸ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਸੀ ਪਰ ਹਿੰਦੀ ਅਨੁਵਾਦ ਹਾਸੋਹੀਣਾ ਸੀ—'ਸਮੁੰਦਰ ਤਟ ਪਰ ਬਕਵਾਸ ਮਤ ਛੋਰੋ |''
ਦਰਦਲ ਡੋਰ ਦਾ ਮੱਧਕਾਲੀ ਅਰਥ
ਦਰਦਲ ਡੋਰ ਡਾਇਨਾਸੋਰ ਪਹਾੜੀ ਦੀ ਛਾਂ ਵਿਚ ਅਸੀਂ ਆਪਣਾ ਪਿਕਨਿਕ ਮੈਟ ਵਿਛਾਇਆ ਅਤੇ ਗਰਮੀ ਅਤੇ ਥਕਾਵਟ ਤੋਂ ਰਾਹਤ ਮਿਲੀ | ਮੈਂ ਇਸ ਤਰ੍ਹਾਂ ਪੜਿ੍ਹਆ ਸੀ ਕਿ ਦਰਦਲ ਡੋਰ ਦਾ ਨਾਂਅ ਪੁਰਾਣੀ ਅੰਗਰੇਜ਼ੀ ਭਾਸ਼ਾ ਦੇ 'ਐਾਗਲੋ ਸੈਕਸਨ' ਸ਼ਬਦ 'ਥਰਲ' ਨਾਲ ਬਣਿਆ ਹੈ ਜਿਸ ਦਾ ਅਰਥ ਹੈ ਡਰਿੱਲ ਕਰਨਾ ਜੋ ਥਾਈਰਲ ਸ਼ਬਦ ਨਾਲ ਵੀ ਜੁੜਿਆ ਹੈ, ਜਿਸ ਦਾ ਅਰਥ ਸੁਰਾਖ ਹੈ | ਪਿਛਲੇ 1000 ਸਾਲ ਦੇ ਪੁਰਾਣੇ ਰਿਕਾਰਡਾਂ ਵਿਚ ਇਹੀ ਨਾਂਅ ਵਾਰ-ਵਾਰ ਲਿਖਿਆ ਗਿਆ ਹੈ | 'ਡੋਰ-ਦੁਆਰ' ਸ਼ਬਦ, ਗੱਲ ਕੀ ਸਦੀਆਂ ਨਾਲ ਜੁੜ ਗਿਆ ਕਿਉਂਕਿ ਪਹਾੜੀ ਦੇ ਇਸ ਹਿੱਸੇ ਵਿਚ ਇਰੋਸ਼ਨ ਨਾਲ ਆਰਚ ਬਣ ਗਈ ਜੋ ਦਰਵਾਜ਼ੇ ਵਾਂਗ ਹੈ ਤੇ ਇਸ ਵਿਚੋਂ ਸੇਲ ਵਾਲੀ ਕਿਸ਼ਤੀ ਵੀ ਨਿਕਲ ਸਕਦੀ ਹੈ |
ਫ਼ਿਲਮ ਸ਼ੂਟਿੰਗ
ਆਰਾਮ ਤੋਂ ਬਾਅਦ ਨਵੀਂ ਚੁਸਤੀ ਨਾਲ ਅਸੀਂ ਸਮੁੰਦਰ ਕਿਨਾਰੇ ਦੀਆਂ ਲਹਿਰਾਂ ਤੱਕ ਗਏ ਤਾਂ ਕਿ ਅਨੋਖੀ ਚੱਟਾਨ ਦਰਦਲ ਡੋਰ ਨੂੰ ਨੇੜਿਓਾ ਧਿਆਨ ਨਾਲ ਦੇਖ ਸਕੀਏ | ਉਦੋਂ ਹੀ ਯਾਦ ਆਇਆ ਕਿ ਕਾਮੇਡੀ ਹਿੰਦੀ ਫਿਲਮ 'ਹਾਊਸਫੁਲ-3' ਦੇ ਕੁਝ ਦਿ੍ਸ਼ਾਂ ਨੂੰ ਇਥੇ ਫਿਲਮਾਇਆ ਗਿਆ ਹੈ | ਸਾਨੂੰ ਦੱਸਿਆ ਗਿਆ ਕਿ ਇਥੇ ਅਤੇ ਆਲੇ-ਦੁਆਲੇ ਅਨੇਕ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਵੀ ਕੀਤੀ ਜਾਂਦੀ ਹੈ | ਦਰਦਲ ਡੋਰ ਸੰਗੀਤ ਵੀਡੀਓ ਦਾ ਵੀ ਮਨ-ਭਾਉਂਦਾ ਥਾਂ ਹੈ, ਜਿਨ੍ਹਾਂ ਵਿਚੋਂ ਮੇਰਾ ਪਸੰਦੀਦਾ 'ਕਲਿਫ਼ ਰਿਚਰਡ' ਪ੍ਰਸਿੱਧ ਗਾਇਕ ਦਾ ਮਿਊਜ਼ਿਕ ਵੀਡੀਓ 'ਸੇਵੀਅਰਜ਼ ਡੇ' ਹੈ | ਲਹਿਰਾਂ ਦੇ ਦਿ੍ਸ਼ ਅਤੇ ਦਰਦਲ ਡੋਰ ਪਹਾੜੀ ਦੀ 'ਪਿੱਠ' 'ਤੇ ਉੱਪਰ ਖੜ੍ਹੇ ਹੋ ਕੇ, ਸੁੰਦਰ ਕੁਦਰਤੀ ਦਿ੍ਸ਼ਾਂ ਵਾਲੇ ਨਜ਼ਾਰੇ ਫਿਲਮਾਏ ਗਏ ਹਨ |
ਇਸ ਤੋਂ ਬਾਅਦ ਅਸੀਂ ਆਪਣੀ ਗਾਈਡ ਪੁਸਤਕ ਵਿਚ ਵਰਣਨ ਕੀਤਾ ਗਿਆ 'ਵਰਟੀਕਲ ਪਰਵਕ ਬੈੱਡ' ਦੇਖਣ ਗਏ ਜਿਥੇ ਪ੍ਰਾਚੀਨ ਸਮੁੰਦਰੀ ਤਲ ਦੇ 'ਰਿਪਲ' ਨਿਸ਼ਾਨ ਹਨ (ਚੱਟਾਨ 'ਤੇ ਲਹਿਰਾਂ ਵਲੋਂ ਬਣਾਏ ਗਏ ਨਿਸ਼ਾਨ ਹਨ) ਫਿਰ ਬੀਚ ਦੇ ਦੂਜੇ ਪਾਸੇ 'ਬੈਟ ਹੈੱਡ' ਅਤੇ 'ਬਟਰ ਰਾਕ' ਪਹਾੜੀਆਂ ਨੂੰ ਵੀ ਲੱਭ ਲਿਆ |
ਲਲਵਰਥ ਕੋਵ
ਲੋਕਪਿ੍ਆ ਸੈਲਾਨੀ ਥਾਂ ਦਰਦਲ ਡੋਰ ਦਾ ਦੌਰਾ ਕਰਕੇ ਅਸੀਂ ਦੁਬਾਰਾ ਗਰਮੀ ਵਿਚ ਪੌੜੀਆਂ ਚੜ੍ਹਨਾ ਸ਼ੁਰੂ ਕੀਤਾ ਤਾਂ ਕਿ ਕੱਚੇ ਢਲਾਣ ਵਾਲੇ ਰਸਤੇ 'ਤੇ ਲੰਬੀ ਪੈਦਲ ਯਾਤਰਾ ਤੋਂ ਬਾਅਦ ਵਾਪਸ ਕਾਰ ਪਾਰਕ ਤੱਕ ਪਹੁੰਚ ਸਕੀਏ | ਉਥੋਂ ਛੇਤੀ ਹੀ ਅਸੀਂ ਲਲਵਰਥ ਕੋਵ ਦੀ ਉੱਚੀ ਪਹਾੜੀ 'ਤੇ ਕਾਰ ਪਾਰਕ ਵਿਚ ਦਾਖਲ ਹੋਏ | ਜਿਥੇ ਕੁਦਰਤੀ ਦਿ੍ਸ਼ ਨੂੰ ਪ੍ਰਗਟਾਉਣ ਲਈ ਸ਼ਬਦ ਨਹੀਂ ਹੈ | ਤਿੰਨ ਪਾਸੇ ਤੋਂ ਲਾਈਮ ਸਟੋਨ ਪਹਾੜੀਆਂ ਨਾਲ ਘਿਰੇ ਨੀਲੇ ਪਾਣੀ ਵਾਲੇ 'ਲਲਵਰਥ ਕੋਵ' ਨੂੰ ਕੁਦਰਤ ਨੇ ਰਚਿਆ ਹੈ | ਦੂਰ ਹੇਠਾਂ ਚਿੱਟੇ ਗੋਲ ਪੱਥਰਾਂ ਵਾਲਾ ਸੁੰਦਰ ਬੀਚ ਨਜ਼ਰ ਆਇਆ | ਲਲਵਰਥ ਕੋਵ ਵੀ ਜਿਊਰੇਸਿਕ ਕੋਸਟ ਦਾ ਹਿੱਸਾ ਹੈ ਜੋ 'ਵਰਲਡ ਹੈਰੀਟੇਜ ਸਾਈਟ' ਕਾਰਨ ਸੰਭਾਲਿਆ ਜਾਂਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-seemaanandchopra@gmail.com

ਗਾਥਾ ਮਿੱਟੀ ਦੇ ਭਾਂਡਿਆਂ ਦੀ

ਵਿਸ਼ਵ ਦੇ ਅਮੀਰ ਮੁਲਕਾਂ ਦੀਆਂ ਸਰਮਾਏਦਾਰ ਕੰਪਨੀਆਂ ਵਲੋਂ ਜਦੋਂ ਸਟੀਲ ਤੇ ਪਲਾਸਟਿਕ ਦੇ ਬਰਤਨਾਂ ਨੂੰ ਭਾਰਤ ਅੰਦਰ ਲਿਆਂਦਾ ਗਿਆ ਸੀ ਤਾਂ ਭਾਰਤੀ ਲੋਕ ਆਪਣੇ ਪੁਰਾਣੇ ਵਿਰਾਸਤੀ ਭਾਂਡਿਆਂ ਨੂੰ ਛੱਡ ਕੇ ਚਮਕਦੇ ਸਟੀਲ ਦੇ ਬਰਤਨਾਂ ਪਿੱਛੇ ਲੱਗ ਗਏ | ਕਿਸੇ ਨੇ ਲੋਕਾਂ ਦੀ ਸਿਹਤ ਖਰਾਬ ਹੋਣ ਬਾਰੇ ਜਾਂ ਇਸ ਤੋਂ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਨਹੀਂ ਸੋਚਿਆ |
ਭਾਰਤੀ ਲੋਕ ਨਕਲ ਬਹੁਤ ਕਰਦੇ ਹਨ | ਇਸ ਕਰ ਕੇ ਅਮੀਰਾਂ ਦੀ ਦੇਖਾ-ਦੇਖੀ ਛੋਟੇ-ਵੱਡੇ ਸਭ ਸਟੀਲ ਤੇ ਪਲਾਸਟਿਕ ਦੇ ਬਰਤਨਾਂ ਦੀ ਖਰੀਦ ਦੀ ਦੌੜ ਵਿਚ ਲੱਗ ਗਏ | ਭਾਰਤ ਵਾਸੀ ਸਦੀਆਂ ਤੋਂ ਮਿੱਟੀ ਦੇ ਭਾਂਡੇ ਵਰਤ ਰਹੇ ਸਨ ਅਤੇ ਤੰਦਰੁਸਤ ਰਹਿੰਦੇ ਸਨ | ਉਨ੍ਹਾਂ ਨੇ ਦੇਸੀ ਭਾਂਡਿਆਂ ਵਲੋਂ ਮੰੂਹ ਮੋੜ ਲਿਆ ਤੇ ਵਿਦੇਸ਼ੀ ਭਾਂਡੇ ਵਰਤਣ ਲੱਗ ਗਏ | ਹੁਣ ਇਨ੍ਹਾਂ ਬਰਤਨਾਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਹੈ, ਤਾਂ ਚਿੰਤਾ ਪੈਦਾ ਹੋਣਾ ਕੁਦਰਤੀ ਹੈ | ਕਹਿ ਸਕਦੇ ਹਾਂ ਕਿ ਇਹ ਬਿਮਾਰੀਆਂ ਤਾਂ ਅਸੀਂ ਆਪ ਸਹੇੜੀਆਂ ਹਨ |
ਘੁਮਿਆਰ ਅੱਜ ਵੀ ਵੱਖ-ਵੱਖ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਬਣਾਉਂਦੇ ਹਨ | ਘੜੇ, ਚਾਟੀਆਂ, ਦੇਗੇ, ਹਾਂਡੀਆਂ, ਕਾੜ੍ਹਨੀਆਂ,ਕਨਾਲੀਆਂ ਤੇ ਇਸ ਤਰ੍ਹਾਂ ਹੋਰ ਵੀ ਛੋਟੇ-ਛੋਟੇ ਕਈ ਭਾਂਡੇ ਬਣਾਉਂਦੇ ਹਨ | ਜਿਸ ਤਰ੍ਹਾਂ ਪਹਿਲਾਂ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਕਸੋਰਿਆਂ ਵਿਚ ਚਾਹ ਮਿਲਦੀ ਹੁੰਦੀ ਸੀ, ਉਹ ਮਿੱਟੀ ਦੇ ਕਸੋਰੇ ਸਟੇਸ਼ਨਾਂ 'ਤੇ ਗੰਦ ਨਹੀਂ ਸਨ ਪਾਉਂਦੇ ਜਿਸ ਤਰ੍ਹਾਂ ਅੱਜ ਦੇ ਡਿਸਪੋਜ਼ਏਬਲ ਪਦਾਰਥਾਂ ਨਾਲ ਪਿਆ ਹੁੰਦਾ ਹੈ | ਇਨ੍ਹਾਂ ਕਸੋਰਿਆਂ ਕਰਕੇ ਹਜ਼ਾਰਾਂ ਘੁਮਿਆਰਾਂ ਨੂੰ ਕੰਮ ਮਿਲਦਾ ਸੀ ਤੇ ਸਾਰੇ ਘੁਮਿਆਰ ਕੰਮਾਂ ਵਿਚ ਰੁੱਝੇ ਰਹਿੰਦੇ ਸਨ | ਹੁਣ ਉਨ੍ਹਾਂ ਕਸੋਰਿਆਂ ਨੂੰ ਰੇਲਵੇ ਵਿਭਾਗ ਵਲੋਂ ਨਹੀਂ ਵਰਤਿਆ ਜਾਂਦਾ |
ਡਾ: ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਦੀ ਬਰਸੀ ਦੇ ਸਬੰਧ 'ਚ ਕਿਰਤੀਆਂ ਦਾ ਮੇਲਾ 29 ਜੁਲਾਈ ਨੂੰ ਪਿੰਗਲਵਾੜਾ ਸੰਸਥਾ ਵਲੋਂ ਲਗਵਾਇਆ ਜਾ ਰਿਹਾ ਹੈ | ਇਸ ਮੇਲੇ ਵਿਚ ਹਰ ਤਰ੍ਹਾਂ ਦੇ ਹੱਥੀਂ ਕਿਰਤ ਕਰਨ ਵਾਲੇ ਕਿਰਤੀਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ | ਉਨ੍ਹਾਂ ਦੀਆਂ ਕਿਰਤਾਂ ਦੀਆਂ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ ਤੇ ਉਹ ਕਿਰਤੀ ਲੋਕ ਆਪਣੀਆਂ ਕਿਰਤਾਂ 'ਤੇ ਕੰਮ ਕਰਕੇ ਵੀ ਲੋਕਾਂ ਨੂੰ ਦੱਸਣਗੇ | ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਕਿਰਤ ਕਰਨ ਵਾਲੇ ਕਿਰਤੀਆਂ ਨੂੰ ਬੜੀ ਵਡਿਆਈ ਦਿੱਤੀ ਸੀ ਤੇ ਭਾਗੋ ਦਾ ਖਾਣਾ ਠੁਕਰਾ ਕੇ ਕਿਰਤੀ ਭਾਈ ਲਾਲੋ ਦੇ ਘਰੋਂ ਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਸੀ ਕਿਉਂਕਿ ਲਾਲੋ ਦਸਾਂ-ਨਹੁੰਆਂ ਦੀ ਕਿਰਤ ਵਾਲੇ ਇਨਸਾਨ ਸਨ |
ਬਾਕੀ ਘੁਮਿਆਰਾਂ ਦੇ ਕੁਝ ਪਰਿਵਾਰ ਅਜੇ ਵੀ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਹਨ | ਮੈਂ ਤਾਂ ਕੁਝ ਪਰਿਵਾਰ ਘੁਮਿਆਰਾਂ ਦੇ ਕਸ਼ਮੀਰ ਵੀ ਕੰਮ ਕਰਦੇ ਵੇਖੇ ਸਨ | ਉਨ੍ਹਾਂ ਦੀਆਂ ਵੀ ਮੈਂ ਤਸਵੀਰਾਂ ਖਿੱਚੀਆਂ ਸਨ ਕਿਉਂਕਿ ਕਸ਼ਮੀਰ ਵਿਚ ਅਜੇ ਵੀ ਮਿੱਟੀ ਦੇ ਕੁਝ ਭਾਂਡਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ | ਜਿਹੜੇ ਪਰਿਵਾਰ ਅਜੇ ਮਿੱਟੀ ਦੇ ਬਰਤਨ ਬਣਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਤਾਂ ਕਿ ਉਨ੍ਹਾਂ ਦਾ ਪੁਰਾਣਾ ਵਿਰਸਾ ਤੇ ਸੱਭਿਆਚਾਰ ਸੰਭਾਲਿਆ ਰਹੇ | ਜੇ ਲੋਕ ਤੰਦਰੁਸਤ ਤੇ ਸਿਹਤਮੰਦ ਰਹਿਣਾ ਚਾਹੁੰਦੇ ਹਨ ਤਾਂ ਸਟੀਲ ਤੇ ਪਲਾਸਟਿਕ ਦੇ ਬਰਤਨਾਂ ਦਾ ਖਹਿੜਾ ਛੱਡ ਕੇ ਮਿੱਟੀ ਦੇ ਭਾਂਡਿਆਂ ਦਾ ਲੜ ਫੜ ਲੈਣ ਤਾਂ ਉਹ ਬੁਹਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਣਗੇ | ਆਯੂਰਵੈਦਿਕ ਮਹਿਰਾਂ ਦੀ ਕਹਿਣਾ ਹੈ ਕਿ ਘੜੇ ਦਾ ਪਾਣੀ ਪੀਣ, ਚਾਟੀ ਦੀ ਲੱਸੀ ਪੀਣ, ਦੇਗੇ ਦੀ ਬਣੀ ਦਾਲ, ਸਬਜ਼ੀ, ਸਾਗ ਖਾਣ ਨਾਲ ਸਰੀਰ ਤੰਦਰੁਸਤ ਰਹਿ ਸਕਦਾ ਹੈ | ਤੰਦਰੁਸਤ ਰਹਿਣ ਲਈ ਕੁੱਕਰਾਂ ਤੇ ਸਟੀਲ ਦੇ ਪਤੀਲਿਆਂ ਦਾ ਖਹਿੜਣਾ ਛੱਡਣਾ ਪਵੇਗਾ |

-ਮੋਬਾਈਲ : 98767-41231.

ਚੋਆਂ ਦੇ ਕੰਢੇ-ਕੰਢੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅੱਸੂ ਦਾ ਮਹੀਨਾ ਚੜ੍ਹਦਿਆਂ ਹੀ ਚੋਆਂ ਦੇ ਕੰਢੇ ਵਸਣ ਵਾਲੇ ਇਲਾਕਿਆਂ ਦੀ ਭੂਗੋਲਿਕ ਸਥਿਤੀ ਬਦਲਣ ਲੱਗ ਪੈਂਦੀ | ਹੁਣ ਆਏ ਦਿਨ ਚੜ੍ਹ-ਚੜ੍ਹ ਕੇ ਸ਼ੂਕਦਾ ਪਾਣੀ ਲੋਕਾਂ ਨੂੰ ਡਰਾਉਣ ਤੇ ਹਰ ਚੀਜ਼ ਨੂੰ ਆਪਣੇ ਨਾਲ ਰੋੜ੍ਹ ਕੇ ਲੈ ਜਾਣ ਦਾ ਸਿਲਸਿਲਾ ਬੰਦ ਕਰ ਦਿੰਦਾ | ਹੁਣ ਬੇਮੁਹਾਰਾ ਤੇ ਤਿੱਖੇ ਤੇਵਰ ਦਿਖਾਉਣ ਵਾਲਾ ਹੜ੍ਹ ਦਾ ਪਾਣੀ ਕਰੀਬ 8-10 ਫੁੱਟ ਦੀਆਂ ਹੱਦਾਂ ਮਿੱਥਦਾ ਲਹਿੰਦੇ ਵੱਲ ਨੂੰ ਵਗਣ ਵਾਲੀ ਸਾਫ਼ ਜਲ ਧਾਰਾ ਦਾ ਰੂਪ ਅਖ਼ਤਿਆਰ ਕਰ ਲੈਂਦਾ | ਇਨ੍ਹਾਂ ਇਲਾਕਿਆਂ 'ਚ ਮੌਜੂਦ ਦੂਰ-ਦੂਰ ਤੱਕ ਕਾਹੀਆਂ ਨੂੰ ਪਏ ਚਿੱਟੇ ਰੰਗ ਦੇ ਬੁੰਬਲ ਇਕ ਤਰ੍ਹਾਂ ਨਾਲ ਰੁੱਤ ਬਦਲੀ ਦਾ ਸੁਨੇਹਾ ਲੈ ਕੇ ਆਉਂਦੇ | ਕਾਨਿ੍ਹਆਂ ਤੇ ਨੜਿਆਂ ਨੂੰ ਬੁੰਬਲ ਪੈਣ ਦੇ ਸਮੇਂ ਤੱਕ ਪੇਂਡੂ ਖੇਤਰਾਂ ਦੀ ਵਸੋਂ ਦੁਸਹਿਰੇ ਦੀਵਾਲੀਆਂ ਦੀਆਂ ਰੌਣਕਾਂ ਦੇ ਰੰਗ 'ਚ ਰੰਗੀ ਨਜ਼ਰ ਆਉਂਦੀ | ਕੱਤਕ ਮੱਘਰ ਦੀ ਰੁੱਤ ਆਉਣ ਤੱਕ ਪਹਾੜੋਂ ਰੁੜ੍ਹ ਕੇ ਆਈ ਰੇਤ ਦੀਆਂ ਬਰੇਤੀਆਂ ਤਪਣ ਦੀ ਬਜਾਏ ਠੰਢੀਆਂ ਹੋ ਕੇ ਖਾਮੋਸ਼ੀਆਂ ਨਾਲ ਸੰਵਾਦ ਰਚਾਉਂਦੀਆਂ ਮਹਿਸੂਸ ਹੁੰਦੀਆਂ | ਇਨ੍ਹੀਂ ਦਿਨੀਂ ਆਥਣ ਵੇਲੇ ਸਾਧਾਂ ਸੰਤਾਂ ਦੇ ਡੇਰਿਆਂ ਤੋਂ ਗੂੰਜਦਾ ਸੰਖ਼ ਤੇ ਗੁਰੂ ਘਰਾਂ ਤੋਂ ਆਉਂਦੀਆਂ ਨਿਤਨੇਮ ਦੀਆਂ ਧੁਨੀਆਂ ਚੋਆਂ ਦੀ ਦੂਰ ਦੂਰ ਤੱਕ ਪਸਰੀ ਚੁੱਪ 'ਚ ਰੂਹਾਨੀਅਤ ਦੇ ਰੰਗ ਭਰ ਦਿਆ ਕਰਦੀਆਂ ਸਨ | ਸਰਦ ਰੁੱਤ ਦੇ ਸ਼ੁਰੂ ਹੋਣ ਵੇਲੇ ਵੀ ਪੇਂਡੂ ਲੋਕਾਂ ਦਾ ਚੋਆਂ ਵਾਲੇ ਪਾਸੇ ਆਉਣ ਜਾਣ ਬਣਿਆ ਰਹਿੰਦਾ | ਕਿਸੇ ਦੀ ਜ਼ਮੀਨ ਚੋਅ ਤੋਂ ਪਾਰ ਹੁੰਦੀ ਤੇ ਕਿਸੇ ਨੂੰ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀ ਜਾਂ ਅਫ਼ਸੋਸ 'ਤੇ ਪਹੁੰਚਣ ਵੇਲੇ ਚੋਅ ਨੂੰ ਪਾਰ ਕਰਨਾ ਹੁੰਦਾ ਸੀ | ਪਸ਼ੁੂ ਪਾਲਕਾਂ ਨੇ ਜਦੋਂ ਆਪਣੇ ਮਾਲ ਡੰਗਰ ਨੂੰ ਠੰਢ ਤੋਂ ਬਚਾਉਣ ਲਈ ਪਸ਼ੂਆਂ ਲੲਾੀ ਬਣਾਈਆਂ ਛੰਨਾਂ ਜਾਂ ਢਾਰਿਆਂ ਨੂੰ ਅੜਿੱਕੇ ਕਰਨੇ ਹੁੰਦੇ ਤਾਂ ਫਿਰ ਲੋਕ ਕਾਨ੍ਹੇ ਜਾਂ ਨੜੇ ਵੱਢਣ ਲਈ ਚੋਆਂ ਵੱਲ ਮੁਹਾਰਾਂ ਮੋੜਦੇ | ਮੱਘਰ ਦੀਆਂ ਕੋਸੀਆਂ-ਕੋਸੀਆਂ ਧੁੱਪਾਂ 'ਚ ਤੂੁੜੀ ਵਾਲੇ ਕੁੱਪਾਂ ਲਈ ਵਰਤੇ ਜਾਣ ਵਾਲੇ ਸਲਵਾੜ੍ਹ ਅਤੇ ਕੱਚੇ ਘਰਾਂ ਦੀਆਂ ਛੱਤਾਂ ਲਈ ਕੰਮ ਆਉਣ ਵਾਲੇ ਖੜਕਾਨੇ ਨੂੰ ਵੱਢਣ ਵੇਲੇ ਇਕ ਵਾਰ ਫਿਰ ਇਨ੍ਹਾਂ ਇਲਾਕਿਆਂ 'ਚ ਰੌਣਕਾਂ ਲਗਦੀਆਂ | ਇਸ ਕੰਮ ਲਈ ਰੱਕੜਾਂ 'ਚ ਸਵੇਰ ਦੇ ਪਹੁੰਚੇ ਕਾਮਿਆਂ ਲਈ ਦੁਪਹਿਰ ਵੇਲੇ ਮੱਕੀ ਦੇ ਢੋਡਿਆਂ ਨਾਲ ਪਹੁੰਚੀ ਗੁੜ ਵਾਲੀ ਚਾਹ ਥਕਾਵਟ ਲਾਹੁਣ ਦੇ ਨਾਲ ਰੂਹ ਨੂੰ ਖੇੜਾ ਬਖ਼ਸ਼ਣ ਦਾ ਕੰਮ ਵੀ ਕਰਦੀ ਸੀ | ਲੋਕ ਇਕੱਠੇ ਹੋ ਕੇ ਇਹ ਮੁਸ਼ਕੱਤ ਭ ਰਿਆ ਕੰਮ ਨੇਪਰੇ ਚਾੜ੍ਹਦੇ ਤੇ ਕਈ ਦਿਨਾਂ ਦੀ ਮਿਹਨਤ ਪਿੱਛੋਂ ਘਰੀਂ ਕੰਮ ਆਉਣ ਵਾਲੇ ਸਲਵਾੜ ਤੇ ਖੜਕਾਨੇ ਦੀਆਂ ਢੇਰੀਆਂ ਬਣਾ ਕੇ ਵੰਡੀਆਂ ਪਾਉਂਦੇ | ਚੜ੍ਹਦੇ ਸਿਆਲ ਆਪਣੇ ਮਾਲ ਡੰਗਰ ਨੂੰ ਠੰਢ ਤੋਂ ਬਚਾਉਣ ਕੁਝ ਦਿਨਾਂ ਦੀ ਕੀਤੀ ਮਿਹਨਤ ਪਸ਼ੁੂ ਪਾਲਕਾਂ ਦੇ ਮਾਲ ਡੰਗਰ ਨੂੰ ਪੋਹ ਦੀਆਂ ਕਕਰੀਲੀਆਂ ਰਾਤਾਂ 'ਚ ਨਿੱਘ ਦਿੰਦੀ ਤੇ ਸਿਆਲ ਦੇ ਠੱਕੇ ਤੋਂ ਬਚਾਉਣ ਦਾ ਸਬੱਬ ਬਣ ਜਾਂਦੀ | ਲੰਮੇ ਸਿਆਲ ਦੀ ਬੁੱਕਲ ਤੋਂ ਬਾਅਦ ਜਦੋਂ ਸੂਰਜ ਦੇਵਤਾ ਦੀ ਤਪਸ਼ ਵਧਣ ਲਗਦੀ ਤਾਂ ਚੋਆਂ ਦੀ ਰੇਤ 'ਚੋਂ ਸਿੰਮਦਾ ਸਾਫ਼ ਪਾਣੀ ਫਿਰ ਮਾਲ ਡੰਗਰ ਦੀ ਪਿਆਸ ਬੁਝਾਉਣ ਦੇ ਕੰਮ ਆੳਾਦਾ ਤੇ ਇਹ ਸਿਲਸਿਲਾ ਜੇਠ ਮਹੀਨੇ ਦੀ ਔੜ ਲੱਗਣ ਤੱਕ ਜਾਰੀ ਰਹਿੰਦਾ ਸੀ |
ਹੁਣ ਜਲਵਾਯੂ ਤਬਦੀਲੀ ਤੇ ਪਹਾੜਾਂ 'ਚ ਡੈਮ ਬਣਨ ਨਾਲ ਹੁਸ਼ਿਆਰਪੁਰ ਦੇ ਪੇਂਡੂ ਇਲਾਕੇ ਚੋਆਂ ਦੀ ਮਾਰ ਤੋਂ ਮੁਕਤ ਹਨ | ਪਹਾੜੀ ਖੱਡਾਂ ਦਾ ਪਾਣੀ ਡੈਮਾਂ 'ਚ ਇਕੱਠਾ ਹੋਣ ਨਾਲ ਡੈਮਾਂ ਅਧੀਨ ਆਉਣ ਵਾਲੇ ਇਲਾਕਿਆਂ ਨੂੰ ਸਿੰਚਾਈ ਸਹੂਲਤ ਜ਼ਰੂਰ ਮਿਲ ਗਈ ਹੈ | ਚੋਆਂ ਦੇ ਪਾਣੀਆਂ ਦੇ ਲਾਂਘਿਆਂ 'ਚੋਂ ਬੰਦ ਹੋਣ ਨਾਲ ਆਲੇ ਦੁਆਲੇ ਦੇ ਪਿੰਡਾਂ ਦਾ ਪਾਣੀ ਦਾ ਪੱਧਰ ਡੁੰੂਘਾ ਹੋਣ ਕਰ ਕੇ ਕਈ ਤਰ੍ਹਾਂ ਦੇ ਰਵਾਇਤੀ ਰੁੱਖਾਂ, ਜਿਵੇਂ ਅੰਬ, ਟਾਹਲੀ, ਕਿੱਕਰ, ਸ਼ਰੀਂਹ, ਪਿੱਪਲ ਬੋਹੜ ਆਦਿ ਦੀ ਹੋਂਦ ਲਈ ਨੁਕਸਾਨਦੇਹ ਸਾਬਿਤ ਹੋਣ ਲੱਗ ਪਿਆ ਹੈ | ਚੋਆਂ 'ਚ ਪਾਣੀ ਘਟਣ ਨਾਲ ਬਹੁਤ ਸਾਰੀਆਂ ਨਿੱਜੀ ਤੇ ਸ਼ਾਮਲਾਟੀ ਜ਼ਮੀਨਾਂ 'ਤੇ ਕਾਰੋਬਾਰੀ ਲੋਕਾਂ ਨੇ ਪੱਥਰ ਕੰਕਰੀਟ ਲਾ ਕੇ ਪਾਣੀ ਦੇ ਰਸਤੇ ਬਿਲਕੁਲ ਰੋਕ ਦਿੱਤੇ ਹਨ, ਜਿਹੜੇ ਪਾਣੀ ਦੇ ਕੁਦਰਤੀ ਵਹਾਅ ਲਈ ਨੁਕਸਾਨਦਾਇਕ ਹਨ | ਮਸ਼ੀਨਰੀ ਦੇ ਵਧਣ ਨਾਲ ਚਰਾਂਦਾਂ ਤੇ ਸ਼ਾਮਲਾਟੀ ਜ਼ਮੀਨਾਂ ਆਬਾਦ ਹੋਣ ਨਾਲ ਪੇਂਡੂ ਖੇਤਰਾਂ 'ਚ ਪਸ਼ੂ ਚਾਰਨ ਵਾਸਤੇ ਖਾਲੀ ਜਗ੍ਹਾ ਹੀ ਨਹੀਂ ਰਹੀ | ਆਧੁਨਿਕਤਾ ਦੇ ਜ਼ੋਰ ਤੇ ਹੱਥੀਂ ਕੰਮ ਨਾ ਕਰਨ ਦੇ ਰੁਝਾਨ ਕਾਰਨ ਪਿੰਡਾਂ 'ਚ ਵੀ ਦੁੱਧ ਘਿਓ ਤੇ ਲੱਸੀ ਦੀ ਲੋੜ ਪੂਰੀ ਕਰਨ ਲਈ ਹੁਣ ਖੇਤੀਬਾੜੀ ਵਾਲੇ ਘਰਾਂ 'ਚ ਵੀ ਲਵੇਰੇ ਪਾਲਣ ਦਾ ਰਿਵਾਜ ਘਟ ਗਿਆ ਹੈ, ਬਲਦਾਂ ਦੀ ਥਾਂ ਕਿਸ਼ਤਾਂ 'ਤੇ ਲਏ ਟਰੈਕਟਰ ਨੇ ਲੈ ਲਈ ਹੈ ਤੇ ਦੁੱਧ, ਦਹੀਂ ਸ਼ਹਿਰੋਂ ਰੱਜ ਕੇ ਮਿਲਾਵਟੀ ਚੀਜ਼ਾਂ ਨਾਲ ਤਿਆਰ ਹੋ ਕੇ ਪਿੰਡਾਂ 'ਚ ਪਹੁੰਚ ਰਿਹਾ ਹੈ | ਲੋਕ ਆਪਣੇ ਘਰ ਦੁੱਧ ਤਿਆਰ ਕਰਨ ਲਈ ਲਵੇਰਾ ਰੱਖਣ ਦੀ ਬਜਾਏ ਸਵੇਰੇ ਸ਼ਾਮ ਡੋਲੂ ਫੜ ਕੇ ਮੁੱਲ ਦਾ ਦੁੱਧ ਲੈਣਾ ਪਸੰਦ ਕਰਦੇ ਹਨ | ਕਿਸੇ ਜ਼ਮਾਨੇ 'ਚ ਚੋਆਂ ਦੀ ਹਰਿਆਵਲ ਤੇ ਡੁੰਮ੍ਹਾਂ ਦਾ ਪਾਣੀ ਪਸ਼ੁੂ ਪਾਲਕਾਂ ਦੇ ਮਾਲ ਡੰਗਰ ਦੀ ਨਰੋਈ ਸਿਹਤ ਦਾ ਸਬੱਬ ਬਣਿਆ ਕਰਦਾ ਸੀ, ਹੁਣ ਇਨ੍ਹਾਂ ਲਾਂਘਿਆਂ 'ਚ ਕਈ ਸਾਲਾਂ ਤੋਂ ਮੌਜੂਦ ਰੇਤ ਕਾਰੋਬਾਰੀਆਂ ਲਈ ਨੋਟਾਂ ਦੇ ਢੇਰ ਲਾਉਣ ਦਾ ਸਬੱਬ ਬਣ ਗਈ ਹੈ | ਕਿਸੇ ਵੇਲੇ ਚੋਆਂ ਦੇ ਪਾਣੀ ਤੀਜੇ ਚੌਥੇ ਸਾਲ ਆਪ-ਮੁਹਾਰੇ ਹੋ ਕੇ ਲੋਕਾਂ ਦਾ ਨੁਕਸਾਨ ਕਰਿਆ ਕਰਦੇ ਸਨ, ਹੁਣ ਸਰਮਾਏਦਾਰ ਕਾਰੋਬਾਰੀਆਂ ਵਲੋਂ ਕੁਦਰਤੀ ਪਾਣੀਆਂ ਦੇ ਲਾਂਘਿਆਂ 'ਚ ਆਪਣੀਆਂ ਫੈਕਟਰੀਆਂ ਦਾ ਮੁਸ਼ਕ ਮਾਰਦਾ ਪਾਣੀ ਪਾ-ਪਾ ਚੋਆਂ ਕੰਢੇ ਵਸਣ ਵਾਲੇ ਲੋਕਾਂ ਨੂੰ ਮੌਤ ਦਾ ਤੋਹਫਾ ਜ਼ਬਰਦਸਤੀ ਦਿੱਤਾ ਜਾ ਰਿਹਾ ਹੈ | ਦੌਲਤਾਂ ਦੇ ਅੰਬਾਰ ਲਾਉਣ ਲਈ ਧੱਕੇਸ਼ਾਹੀਆਂ ਦੇ ਹੜ੍ਹਾਂ ਨਾਲ ਜਬਰਨ ਉਜਾੜੇ ਨਾਲੋਂ ਪਹਾੜਾਂ ਤੋਂ ਬਰਸਾਤਾਂ ਦੇ ਪਾਣੀਆਂ ਨਾਲ ਕਦੇ-ਕਦੇ ਉਜੜਨਾ ਲੱਖ ਦਰਜੇ ਚੰਗਾ ਹੋਇਆ ਕਰਦਾ ਸੀ | ਹੁਣ ਚੋਆਂ ਦੇ ਕੰਢੇ ਵਸਣਾ ਤੇ ਕੁਦਰਤਾਂ ਦੇ ਚੰਗੇ ਮਾੜੇ ਰੰਗਾਂ ਨੂੰ ਮਾਨਣਾ ਪਹਿਲਾਂ ਨਾਲੋਂ ਵੱਧ ਔਖਾ ਹੋ ਰਿਹਾ ਹੈ | (ਸਮਾਪਤ)

-ਪਿੰਡ ਤੇ ਡਾਕ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ |
ਈਮੇਲ : deshpunjab777@gmail.com

ਪੰਜਾਬ ਦਾ ਲੱਜਪਾਲ ਪੁੱਤਰ ਵੀਰੂ ਰਸਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵੀਰੂ ਰਸਲ ਦੀ ਸਿਕੰਦਰ ਨਾਲ ਜੰਗ
ਜਦੋਂ ਸਿਕੰਦਰ ਨੇ ਦੁਨੀਆ ਫ਼ਤਹਿ ਕਰਨ ਲਈ ਯੂਨਾਨ ਤੋਂ ਆਪਣਾ ਸਫਰ ਸ਼ੁਰੂ ਕੀਤਾ ਤਾਂ ਉਹ ਅਰਬ, ਈਰਾਨ ਤੇ ਟੈਕਸਲਾ ਦੀਆਂ ਰਿਆਸਤਾਂ ਨੂੰ ਲਿਤਾੜਦੇ ਹੋਏ ਅੱਗੇ ਵਧਿਆ ਤਾਂ ਉਸ ਦਾ ਵਾਹ ਪੰਜਾਬ ਦੇ ਸੂਰਬੀਰ ਰਾਜਾ ਪੋਰਸ ਨਾਲ ਪੈ ਗਿਆ | ਇਸ ਪਿੜ 'ਚ ਸਿਕੰਦਰ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ | ਇਹ ਲੜਾਈ ਏਡੀ ਖੌਫ਼ਨਾਕ ਸੀ ਕਿ ਸਿਕੰਦਰ ਦੀ ਅੱਗੇ ਵਧਣ ਦੀ ਹਿੰਮਤ ਨਾ ਰਹੀ | ਇਥੋਂ ਹੀ ਉਹ ਪਿਛਾਂਹ ਹਟਦਿਆਂ ਨੇੜੇ-ਤੇੜੇ ਦੀਆਂ ਬਸਤੀਆਂ ਵੱਲ ਵਧਣ ਲੱਗਾ | ਤੁਰਦੇ-ਤੁਰਦੇ ਉਸਨੇ ਆਪਣਾ ਫ਼ੌਜੀ ਕੈਂਪ ਸਾਂਗਲਾ ਹਿੱਲ ਨੇੜੇ ਕਾਇਮ ਕਰ ਲਿਆ | ਉਸ ਵੇਲੇ ਸ਼ਾਹਕੋਟ ਤੇ ਵੀਰੂ ਰਸਲ ਦੀ ਹਕੂਮਤ ਸੀ | ਸ਼ਾਹਕੋਟ ਦੇ ਨੇੜੇ-ਤੇੜੇ ਪਹਾੜੀਆਂ 'ਤੇ ਇਨ੍ਹਾਂ ਵਿਚਕਾਰ ਇਕ ਮਜ਼ਬੂਤ ਕਿਲ੍ਹਾ ਸੀ, ਜੋ ਅੱਜ ਖੰਡਰਾਂ ਦੇ ਰੂਪ 'ਚ ਵੇਖਿਆ ਜਾ ਸਕਦਾ ਹੈ | ਉਨ੍ਹੀਂ ਦਿਨੀਂ ਇਨ੍ਹਾਂ ਪਹਾੜੀਆਂ ਦੇ ਨੇੜੇ ਰਾਵੀ ਦਰਿਆ ਦਾ ਵਹਾ ਸੀ ਪਰ ਅੱਜਕਲ੍ਹ ਇਸ ਦਾ ਵਹਾ ਸ਼ਾਹਕੋਟ ਤੋਂ ਕਾਫੀ ਦੂਰ ਚਲਾ ਗਿਆ ਹੈ |
ਜਿਸ ਵੇਲੇ ਵੀਰੂ ਰਸਲ ਨੂੰ ਇਹ ਪਤਾ ਲੱਗਾ ਕਿ ਸਿਕੰਦਰ ਨੇ ਸਾਂਗਲੇ ਹਿਲ ਡੇਰਾ ਜਮਾ ਲਿਆ ਹੈ ਤਾਂ ਉਹ ਚੌਕੰਨਾ ਹੋ ਗਿਆ | ਉਸ ਨੇ ਮਹਿਸੂਸ ਕੀਤਾ ਕਿ ਸਿਕੰਦਰ ਮੇਰੇ ਵੱਲ ਵੀ ਵਧੇਗਾ | ਵੀਰੂ ਰਸਲ ਨੇ ਬੜੀ ਸਮਝਦਾਰੀ ਨਾਲ ਆਪਣੀ ਫ਼ੌਜ ਨੂੰ ਇਕੱਠਾ ਕੀਤਾ ਤੇ ਕਿਲ੍ਹੇ ਦੀਆਂ ਸਾਰੀਆਂ ਦਿਸ਼ਾਵਾਂ 'ਚ ਫ਼ੌਜ ਲਗਾ ਦਿੱਤੀ | ਉਸ ਨੇ ਇਕ ਰਾਤ ਆਪਣੇ ਯਾਰਾਂ ਬੇਲੀਆਂ ਨੂੰ ਇਕੱਠੇ ਕੀਤਾ ਤੇ ਉਨ੍ਹਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਹ ਸਿੱਟਾ ਕੱਢਿਆ ਕਿ ਸਿਕੰਦਰ ਸਾਡੀ ਬਸਤੀ ਤੋਂ ਸਿਰਫ 13 ਕਿ:ਮੀ: ਦੂਰ ਹੈ ਤੇ ਇਹ ਸਾਡੇ ਨਾਲ ਕੁਝ ਵੀ ਕਰ ਸਕਦਾ ਹੈ | ਸਾਨੂੰ ਆਪਣੀ ਰਾਜਪੂਤੀ ਸ਼ਾਨ ਬਰਕਰਾਰ ਰੱਖਣ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ | ਵੀਰੂ ਰਸਲ ਦੇ ਬੇਲੀਆਂ ਤੇ ਸਿਪਾਹ-ਸਲਾਰਾਂ ਨੇ ਆਪਣੀਆਂ ਤਲਵਾਰਾਂ ਮਿਆਨ 'ਚੋਂ ਕੱਢ ਕੇ ਤੇ ਹਵਾ 'ਚ ਲਹਿਰਾ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਤੇ ਅਹਿਦ ਕੀਤਾ ਕਿ ਅਸੀਂ ਪੂਰੀ ਗ਼ੈਰਤ ਤੇ ਪੂਰੀ ਤਾਕਤ ਨਾਲ ਆਪਣੀ ਮਾਤ ਭੂਮੀ ਦੀ ਰੱਖਿਆ ਕਰਾਂਗੇ | ਆਪਣੀਆਂ ਜਾਨਾਂ ਵਾਰ ਦਿਆਂਗੇ ਪਰ ਪਿੱਛੇ ਨਹੀਂ ਹਟਾਂਗੇ | ਉਸ ਵਕਤ ਵੀਰੂ ਰਸਲ ਦੀ ਫ਼ੌਜ ਦੀ ਤਾਦਾਦ ਤਕਰੀਬਨ ਸਾਢੇ ਪੰਜ ਹਜ਼ਾਰ ਸੀ |
ਵੀਰੂ ਰਸਲ ਨੂੰ ਜਿਸ ਵਕਤ ਆਪਣੇ ਫ਼ੌਜੀਆਂ 'ਤੇ ਪੂਰਾ ਯਕੀਨ ਹੋ ਗਿਆ ਤਾਂ ਉਸ ਨੇ ਇਕ ਰੁੱਕਾ ਲਿਖਿਆ | ਇਸ ਗੱਲ ਦਾ ਜ਼ਿਕਰ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਕਿ ਵੀਰੂ ਰਸਲ ਇਕ ਮਹਾਨ ਨਿਸ਼ਾਨੇਬਾਜ਼ ਸੀ | ਉਸ ਨੇ ਰੁੱਕਾ ਤੀਰ ਦੇ ਖ਼ਾਸ ਹਿੱਸੇ 'ਤੇ ਪਰੋ ਕੇ ਸਾਂਗਲੇ ਵੱਲ ਨੂੰ ਤੁਰ ਪਿਆ | ਉਹ ਦੋ ਦਿਨ ਸਾਂਗਲੇ ਦੇ ਆਲੇ-ਦੁਆਲੇ ਘੁੰਮਦਾ ਰਿਹਾ ਪਰ ਉਸ ਨੂੰ ਕੋਈ ਖਾਸ ਮੁਕਾਮ ਨਾ ਮਿਲਿਆ, ਜਿਥੋਂ ਉਹ ਆਪਣਾ ਸੁਨੇਹਾ ਸਿਕੰਦਰ ਤੱਕ ਪੁੱਜਦਾ ਕਰ ਸਕੇ | ਆਖਰ ਉਸ ਨੂੰ ਇਕ ਮੁਨਾਸਬ ਜਗ੍ਹਾ ਮਿਲ ਗਈ, ਜੋ ਕਿ ਇਕ ਉਚਾ ਟਿੱਬਾ ਸੀ | ਉਥੋਂ ਖੜ੍ਹ ਕੇ ਉਸ ਨੇ ਏਡੀ ਤਾਕਤ ਤੇ ਸਫ਼ਾਈ ਨਾਲ ਤੀਰ ਮਾਰਿਆ ਕਿ ਤੀਰ ਸਿੱਧਾ ਸਿਕੰਦਰ ਦੇ ਖੇਮੇ 'ਚ ਜਾ ਵੱਜਿਆ |
ਸਿਕੰਦਰ ਨੇ ਜਦ ਤੀਰ ਦੇ ਰਾਹੀਂ ਮਿਲੇ ਇਸ ਸੁਨੇਹੇ ਨੂੰ ਵੇਖਿਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਇਹੋ ਜਿਹਾ ਸੁਨੇਹਾ ਪੰਜਾਬ ਦਾ ਕੋਈ ਗ਼ੈਰਤਮੰਦ ਪੁੱਤਰ ਹੀ ਲਿਖ ਸਕਦਾ ਹੈ | ਸੁਨੇਹਾ ਇਸ ਪ੍ਰਕਾਰ ਸੀ, 'ਮੰਨਿਆਂ ਤੂੰ ਸਿਕੰਦਰ ਏਾ | ਤੂੰ ਦੁਨੀਆ ਨੂੰ ਫ਼ਤਹਿ ਕਰਨ ਲਈ ਨਿਕਲਿਆ ਏਾ ਪਰ ਇਕ ਗੱਲ ਯਾਦ ਰੱਖ, ਮੇਰਾ ਨਾਂਅ ਵੀਰੂ ਰਸਲ ਏ | ਮੈਂ ਪੰਜਾਬ ਦਾ ਰਾਜਪੂਤ ਪੁੱਤਰ ਹਾਂ | ਤੇਰੇ ਵਾਸਤੇ ਬਿਹਤਰ ਹੈ ਕਿ ਤੂੰ ਆਪਣੀਆਂ ਫ਼ੌਜਾਂ ਦਾ ਰੁੱਖ ਕਿਸੇ ਹੋਰ ਪਾਸੇ ਕਰ ਲੈ |'
ਇਹ ਗੱਲ ਪੜ੍ਹ ਕੇ ਸਿਕੰਦਰ ਪ੍ਰੇਸ਼ਾਨ ਹੋ ਗਿਆ ਕਿਉਂ ਕਿ ਸਿਕੰਦਰ ਪਹਿਲਾਂ ਹੀ ਪੋਰਸ ਤੇ ਹੋਰ ਬਹਾਦਰ ਪੰਜਾਬੀ ਕੌਮਾਂ ਨਾਲ ਲੜ ਕੇ ਪ੍ਰੇਸ਼ਾਨ ਹੋਇਆ ਪਿਆ ਸੀ | ਤਾਂ ਹੀ ਤਾਂ ਉਹ ਚੰਦਰ ਗੁਪਤ ਮੌਰੀਆ ਵੱਲੋਂ ਮਿਲੀ ਪੇਸ਼ਕਸ਼ ਨੂੰ ਠੁਕਰਾ ਚੁੱਕਾ ਸੀ ਕਿ ਉਹ ਪੋਰਸ ਨੂੰ ਨੇਸਤੋ-ਨਾਬੂਦ ਕਰ ਕੇ ਹਿੰਦੋਸਤਾਨ 'ਤੇ ਕਬਜ਼ਾ ਕਰ ਲਵੇ | ਪਰ ਪੋਰਸ ਨੇ ਪੰਜਾਬ ਦੀ ਪਿੱਠ ਨਾ ਲੱਗਣ ਦਿੱਤੀ |
ਸਿਕੰਦਰ ਨੂੰ ਜਦ ਤੀਰ ਰਾਹੀਂ ਨਵੀਂ ਮੁਸੀਬਤ ਦੀ ਜਾਣਕਾਰੀ ਮਿਲੀ ਤਾਂ ਉਹ ਹੋਰ ਪ੍ਰੇਸ਼ਾਨ ਹੋ ਗਿਆ ਕਿਉਂ ਕਿ ਉਸ ਅੱਗੇ ਇਕ ਹੋਰ ਨਵਾਂ ਖਤਰਾ ਸਿਰ ਚੁੱਕੀ ਖੜੋਤਾ ਸੀ | ਉਸ ਨੇ ਆਪਣੇ ਅਫ਼ਸਰਾਂ ਨੂੰ ਬੁਲਾ ਕੇ ਰੁੱਕਾ ਪੜਿ੍ਹਆ ਤੇ ਕਹਿਣ ਲੱਗਾ, 'ਜਦੋਂ ਦਾ ਯੂਨਾਨ ਤੋਂ ਤੁਰਿਆਂ ਹਾਂ, ਮੈਂ ਏਨਾ ਸਫ਼ਰ ਤੈਅ ਕੀਤਾ ਹੈ, ਰਸਤੇ 'ਚ ਮੈਨੂੰ ਕਿਸੇ ਨੇ ਨਹੀਂ ਰੋਕਿਆ ਪਰ ਜਦੋਂ ਦਾ ਮੈਂ ਪੰਜਾਬ 'ਚ ਵੜਿਆ ਹਾਂ, ਮੈਨੂੰ ਦੁੱਖਾਂ ਤੇ ਮੁਸੀਬਤਾਂ ਨੇ ਘੇਰ ਲਿਆ ਹੈ | ਹੁਣ ਇਹ ਰੁੱਕਾ ਬਸਤੀ ਸ਼ਾਹਕੋਟ ਦੇ ਸਰਦਾਰ ਦਾ ਹੈ, ਜਿਸ ਦਾ ਨਾਂਅ ਵੀਰੂ ਰਸਲ ਹੈ | ਉਹ ਮੈਨੂੰ ਧਮਕੀ ਦੇ ਰਿਹਾ ਹੈ ਕਿ ਮੈਂ ਆਪਣੀਆਂ ਫ਼ੌਜਾਂ ਦਾ ਰੁੱਖ ਹੋਰ ਪਾਸੇ ਕਰ ਲਵਾਂ | ਮੈਨੂੰ ਦੱਸੋ ਇਸ ਦਾ ਕੀ ਹੱਲ ਕੀਤਾ ਜਾਵੇ |' ਫ਼ੌਜੀ ਇਹ ਸੁਣ ਕੇ ਖਾਮੋਸ਼ ਹੋ ਗਏ | ਸਿਕੰਦਰ ਵੀ ਦੋ ਮਿੰਟ ਦੀ ਖਾਮੋਸ਼ੀ ਤੋਂ ਬਾਅਦ ਬੋਲਿਆ, 'ਸਾਨੂੰ ਇਸ ਨਾਲ ਦੋ ਹੱਥ ਕਰਨੇ ਹੀ ਪੈਣਗੇ |' ਉਸ ਦੇ ਫ਼ੌਜੀਆਂ ਨੇ ਕਿਹਾ, 'ਜਨਾਬ ਪਹਿਲਾਂ ਹੀ ਅਸੀਂ ਪੰਜਾਬ ਦੇ ਚੱਪੇ-ਚੱਪੇ 'ਤੇ ਲੜ ਕੇ ਥੱਕ ਚੁੱਕੇ ਹਾਂ | ਪਤਾ ਨਹੀਂ ਤੁਸੀਂ ਕਿਹੜੇ ਇਲਾਕੇ 'ਚ ਆ ਗਏ ਹੋ , ਜਿੱਥੇ ਇੱਟ ਪੁੱਟਿਆਂ ਨਵਾਂ ਜਵਾਨ ਖੜੋਤਾ ਹੁੰਦਾ ਹੈ |' ਇਸ ਤੋਂ ਬਾਅਦ ਸਿਕੰਦਰ ਦੇ ਫ਼ੌਜੀਆਂ ਨੂੰ ਕਿਹਾ, 'ਜਿਵੇਂ ਤੁਸੀਂ ਠੀਕ ਸਮਝੋ, ਅਸੀਂ ਹੁਕਮ ਮੰਨਣ ਨੂੰ ਤਿਆਰ ਹਾਂ |'
ਸਿਕੰਦਰ ਨੇ ਆਪਣੀ ਇੱਕ ਜਾਸੂਸ ਟੁਕੜੀ ਸ਼ਾਹਕੋਟ ਵੱਲ ਤੋਰ ਦਿੱਤੀ ਤਾਂ ਕਿ ਪਤਾ ਲੱਗ ਸਕੇ ਕਿ ਵੀਰੂ ਰਸਲ ਕਿੰਨੀ ਕੁ ਤਾਕਤ ਦਾ ਮਾਲਕ ਹੈ | ਸਾਰਾ ਕੁਝ ਪਤਾ ਕਰ ਕੇ ਜਾਸੂਸ ਪਾਰਟੀ ਨੇ ਇਤਲਾਹ ਸਿਕੰਦਰ ਨੂੰ ਦਿੱਤੀ | ਇਸ ਰਿਪੋਰਟ ਵਿਚ ਇਹ ਜਾਣਕਾਰੀ ਸੀ ਕਿ ਇਹ ਇਕ ਪਹਾੜੀ ਇਲਾਕਾ ਹੈ ਤੇ ਉਸ 'ਚ ਇਕ ਕਿਲ੍ਹਾ ਹੈ | ਅਸੀਂ ਉਨ੍ਹਾਂ ਦੀਆਂ ਫ਼ੌਜਾਂ ਵੇਖੀਆਂ ਹਨ ਤੇ ਬਹੁਤ ਔਖਾ ਤੇ ਭੈੜਾ ਮਸਲਾ ਖੜ੍ਹਾ ਹੋ ਗਿਆ ਹੈ | ਅਸੀਂ ਇਸ ਇਲਾਕੇ 'ਚੋਂ ਜੰਗ ਕੀਤੇ ਬਗ਼ੈਰ ਲੰਘ ਵੀ ਨਹੀਂ ਸਕਦੇ ਕਿਉਂਕਿ ਇਸ ਪਹਾੜੀ ਸਿਲਸਿਲੇ ਨਾਲ ਦਰਿਆ ਰਾਵੀ ਵਗਦਾ ਹੈ |
ਉਧਰ ਵੀਰੂ ਰਸਲ ਦੇ ਜਾਸੂਸ ਵੀ ਪੂਰੇ ਚੌਕਸ ਸਨ | ਉਨ੍ਹਾਂ ਨੇ ਵੀ ਸਿਕੰਦਰ ਦੀ ਫ਼ੌਜ ਦੀ ਨਕਲ-ਓ-ਹਰਕਤ ਬਾਰੇ ਪੂਰੀ ਜਾਣਕਾਰੀ ਰੱਖੀ ਹੋਈ ਸੀ ਤੇ ਵੀਰੂ ਰਸਲ ਤੱਕ ਹਰ ਤਰ੍ਹਾਂ ਦੀ ਇਤਲਾਹ ਪਹੁੰਚ ਰਹੀ ਸੀ |
ਆਖਰ ਸਿਕੰਦਰ ਨੇ ਫ਼ੈਸਲਾ ਕੀਤਾ ਕਿ ਹਮਲਾ ਕੀਤਾ ਜਾਵੇ | ਇਹ ਯੂਰਪ ਦੇ ਵਾਸੀ ਹਮੇਸ਼ਾ ਦਗੇ ਤੇ ਬੇਇਮਾਨੀ ਨਾਲ ਅੱਗੇ ਵਧਦੇ ਰਹੇ ਹਨ | ਭਾਵੇਂ ਉਹ ਈ: ਪੂ: ਹੋਵੇ ਜਾਂ ਆਧੁਨਿਕ ਦੌਰ | ਸਿਕੰਦਰ ਨੇ ਪਹਿਲਾਂ ਵੀਰੂ ਰਸਲ ਦੀਆਂ ਫ਼ੌਜਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ | ਆਖਰ ਸਿਕੰਦਰ ਨੇ ਰਾਤ ਦੇ ਹਨੇਰੇ 'ਚ ਹਮਲਾ ਕਰਨ ਦਾ ਮਨਸੂਬਾ ਬਣਾਇਆ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਲਿਪੀਅੰਤਰ :
1.ਸਰਬਜੀਤ ਸਿੰਘ ਸੰਧੂ,
ਮੋ :9501011799
2. ਰਾਜਵਿੰਦਰ ਸਿੰਘ ਸਿੱਧੂ
ਮੋ :- +919855503224

ਚੰਦ 'ਤੇ ਮਨੁੱਖੀ ਕਦਮ ਦਾ 50ਵਾਂ ਵਰ੍ਹਾ

ਵਿਸ਼ਵ ਇਤਿਹਾਸ ਵਿਚ 20 ਜੁਲਾਈ, 1969 ਦਾ ਦਿਨ ਗੌਰਵਮਈ ਮਨੁੱਖੀ ਸਾਹਸ ਅਤੇ ਵਿਗਿਆਨਿਕ ਚਮਤਕਾਰ ਵਾਲੇ ਦਿਵਸ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ ਕਿਉਂਕਿ ਇਸ ਦਿਨ ਮਨੁੱਖ ਨੇ ਪਹਿਲੀ ਵੇਰ ਚੰਦ 'ਤੇ ਪੈਰ ਧਰ ਕੇ ਦੂਸਰੇ ਗ੍ਰਿਹਾਂ ਬਾਰੇ ਜਾਣਨ ਦੀ ਜਗਿਆਸਾ ਨੂੰ ਤਿ੍ਪਤ ਕਰਨ ਦੀ ਕੋਸ਼ਿਸ਼ ਕੀਤੀ ਸੀ | ਲੇਖਕ ਨੇ ਜੋ ਉਸ ਵੇਲੇ 9 ਵੀਂ ਕਲਾਸ ਦਾ ਵਿਦਿਆਰਥੀ ਸੀ, ਖ਼ੁਦ 20 ਜੁਲਾਈ ਸਵੇਰ 8 ਵਜੇ ਰੇਡੀਓ 'ਤੇ ਖ਼ਬਰਾਂ ਵਿਚ ਇਹ ਲਫ਼ਜ਼ ਸੁਣੇ ਸਨ, 'That's one small step for a man, one giant leap for mankind' ਜਿਸ ਦੇ ਪੰਜਾਬੀ ਵਿਚ ਅਰਥ ਇਹ ਹਨ, 'ਮਨੁੱਖ ਦਾ ਇਹ ਛੋਟਾ ਜਿਹਾ ਕਦਮ ਮਨੁੱਖਤਾ ਲਈ ਵੱਡੀ ਛਲਾਂਗ ਹੋਵੇਗਾ' | ਇਹ ਸ਼ਬਦ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟਰੋਂਗ ਨੇ ਚੰਦ ਦੀ ਸਤਾਹ 'ਤੇ ਪੈਰ ਰੱਖਣ ਸਮੇਂ ਅਮਰੀਕੀ ਰਾਸ਼ਟਰਪਤੀ ਨਿਕਸਨ ਨੂੰ ਟੈਲੀਫੋਨ 'ਤੇ ਕਹੇ ਸਨ | ਇਸ ਖਬਰ ਨੇ ਪੂਰੀ ਦੁਨੀਆ ਵਿਚ ਤਰਥੱਲੀ ਮਚਾ ਦਿੱਤੀ ਕਿਉਂਕਿ ਰੂਸ ਅਤੇ ਅਮਰੀਕਾ ਦਰਮਿਆਨ ਪੁਲਾੜੀ ਖੋਜ ਵਿਚ ਜੋ ਮੁਕਾਬਲੇਬਾਜ਼ੀ ਚੱਲ ਰਹੀ ਸੀ ਉਸ ਵਿਚ ਅਮਰੀਕਾ ਨੇ ਰੂਸ ਨੂੰ ਪਛਾੜ ਕੇ ਵਿਸ਼ਵ ਦੀ ਸੁਪਰਪਾਵਰ ਹੋਣ ਦਾ ਪ੍ਰਮਾਣ ਦੇ ਦਿੱਤਾ ਸੀ | ਇਹ ਦਿਵਸ ਸਾਨੂੰ ਮੌਕਾ ਪ੍ਰਦਾਨ ਕਰਦਾ ਹੈ ਕਿ ਇਸ ਪੁਲਾੜੀ ਮੁਹਿੰਮ ਵਿਚ ਅਮਰੀਕਾ ਦੀ ਸਫਲਤਾ ਦਾ ਕੀ ਰਾਜ਼ ਸੀ, ਪੁਲਾੜੀ ਸਫਰ ਵਿਚ ਕਿਹੜੇ ਖ਼ਤਰੇ ਹੁੰਦੇ ਹਨ, ਚੰਦ 'ਤੇ ਮਨੁੱਖੀ ਉਤਾਰੇ ਤੋਂ ਕੀ ਹਾਸਲ ਹੋਇਆ ਅਤੇ ਭਵਿੱਖ ਦੇ ਕੀ ਮਨਸੂਬੇ ਹਨ, ਇਨ੍ਹਾਂ ਵਿਸ਼ਿਆਂ ਬਾਰੇ ਚਰਚਾ ਕੀਤੀ ਜਾਵੇ ਤਾਂ ਜੋ ਅੰਧਵਿਸ਼ਵਾਸੀ ਅਤੇ ਨਕਾਰਾਤਮਕ ਸੋਚ ਵਿਚ ਡੁੱਬੇ ਸਾਡੇ ਸਮਾਜ ਵਿਚ ਵਿਗਿਆਨਕ ਦਿ੍ਸ਼ਟੀਕੋਣ ਨੂੰ ਪ੍ਰਫੁੱਲਤ ਕੀਤਾ ਜਾ ਸਕੇ |
ਦੂਸਰੇ ਵਿਸ਼ਵਯੁੱਧ ਤੋਂ ਬਾਦ ਪੁਲਾੜੀ ਖੋਜ ਇਕ ਅਜਿਹਾ ਖੇਤਰ ਸੀ ਜਿਸ ਵਿਚ ਅਮਰੀਕਾ ਅਤੇ ਰੂਸ ਮੁਕਾਬਲੇਬਾਜ਼ੀ ਕਰਕੇ ਆਪਣੇ ਆਪ ਨੂੰ ਸੁਪਰਪਾਵਰ ਵਜੋਂ ਸਥਾਪਤ ਕਰਨਾ ਚਾਹੁੰਦੇ ਸਨ | ਇਸ ਦੌੜ ਵਿਚ ਪਹਿਲਾਂ ਪਹਿਲਾਂ ਰੂਸ ਅਮਰੀਕਾ ਤੋਂ ਕਾਫ਼ੀ ਅੱਗੇ ਰਿਹਾ | ਇਹ ਰੂਸ ਹੀ ਸੀ ਜਿਸ ਨੇ ਇਕ ਸ਼ਕਤੀਸ਼ਾਲੀ ਰਾਕਟ (R-7) ਤਿਆਰ ਕਰ ਕੇ ਦੁਨੀਆ ਦੀ ਪਹਿਲੀ ਅੰਤਰ-ਦੀਪੀ ਮਿਜ਼ਾਇਲ (932M) ਬਣਾਈ | ਇਸ ਰਾਕਟ ਦੀ ਵਰਤੋਂ ਕਰ ਕੇ ਉਸ ਨੇ ਦੁਨੀਆ ਦਾ ਸਭ ਤੋਂ ਪਹਿਲਾ ਉਪਗ੍ਰਹਿ 'ਸਪੂਤਨਿਕ-1, 4 ਅਕਤੂਬਰ, 1957 ਨੂੰ ਪੁਲਾੜ ਵਿਚ ਭੇਜਿਆ | ਪੁਲਾੜ ਵਿਚ ਗਰੂਤਾਹੀਣ ਅਵਸਥਾ ਅਤੇ ਵਾਪਸੀ ਦੌਰਾਨ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਨ ਸਮੇਂ ਮਨੁੱਖ 'ਤੇ ਕੀ ਅਸਰ ਹੋਵੇਗਾ ਇਨ੍ਹਾਂ ਖ਼ਤਰਿਆਂ ਬਾਰੇ ਉਸ ਵੇਲੇ ਕੋਈ ਜਾਣਕਾਰੀ ਨਹੀਂ ਸੀ | ਰੂਸ ਨੇ ਜਾਨਵਰਾਂ ਨੂੰ ਪੁਲਾੜ ਵਿਚ ਭੇਜ ਕੇ ਇਹ ਮੁਢਲੀ ਵਿਗਿਆਨਕ ਜਾਣਕਾਰੀ ਹਾਸਲ ਕੀਤੀ | 'ਲਾਇਕਾ' ਨਾਮੀ ਇਕ ਕੁੱਤੀ ਨੂੰ ਸਪੂਤਨਿਕ-2 ਉਪਗ੍ਰਹਿ ਵਿਚ 3 ਨਵੰਬਰ 1957 ਨੂੰ ਪੁਲਾੜ ਵਿਚ ਭੇਜਿਆ | 1960 ਵਿਚ ਦੋ ਹੋਰ ਕੁੱਤੇ 'ਬੈਲਿਕਾ' ਅਤੇ 'ਸਟਾਰਲਿਕਾ' ਨੂੰ ਸਪੂਤਨਿਕ-5 ਰਾਹੀਂ ਪੁਲਾੜ ਵਿਚ ਭੇਜ ਕੇ ਪ੍ਰੀਖਣ ਕੀਤੇ ਗਏ ਜੋ ਅਗਲੇ ਦਿਨ ਸਹੀ ਸਲਾਮਤ ਧਰਤੀ 'ਤੇ ਵਾਪਸ ਪਹੁੰਚ ਗਏ | ਇਨ੍ਹਾਂ ਤਜਰਬਿਆਂ ਤੋਂ ਉਤਸ਼ਾਹਤ ਹੋ ਕੇ ਰੂਸ ਵਲੋਂ ਇਕ ਰੂਸੀ ਪਾਇਲਟ ਯੂਰੀ ਗਗਰੇਨ ਨੂੰ 4 ਅਪ੍ਰੈਲ 1961 ਦੇ ਦਿਨ ਵੋਸਟੋਕ-1 ਪੁਲਾੜੀ ਜਹਾਜ਼ ਵਿਚ ਪੁਲਾੜ ਵਿਚ ਭੇਜਿਆ ਗਿਆ | ਧਰਤੀ ਦੁਆਲੇ ਇਕ ਚੱਕਰ ਲਾ ਕੇ ਉਹ ਸਹੀ ਸਲਾਮਤ ਧਰਤੀ 'ਤੇ ਉਤਰ ਆਇਆ | ਕਿਸੇ ਮਨੁੱਖ ਦੁਆਰਾ ਪੁਲਾੜ ਵਿਚ ਇਹ ਪਹਿਲਾ ਸਫ਼ਰ ਸੀ | ਜੂਨ 16, 1963 ਨੂੰ ਵੈਲਣਟੀਨਾ ਵਲਾਦੀਮੀਰੋਵਨਾ ਨਾਮੀ ਇਕ ਰੂਸੀ ਔਰਤ ਨੇ ਵੈਸਟੋਕ-6 ਪੁਲਾੜੀ ਜਹਾਜ਼ ਵਿਚ ਉਡਾਨ ਭਰ ਕੇ ਵਿਸ਼ਵ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣਨ ਦਾ ਮਾਣ ਪ੍ਰਾਪਤ ਕੀਤਾ | ਅਮਰੀਕਾ ਤੋਂ ਪਹਿਲਾਂ ਚੰਦ 'ਤੇ ਉਤਰਨ ਲਈ ਰੂਸ ਨੇ 'ਲੂਨਾ' ਨਾਮੀ ਉਪਗ੍ਰਹਿ ਬਣਾਏ | ਜਨਵਰੀ 31, 1963 ਨੂੰ 'ਲੂਨਾ-9' ਉਪਗ੍ਰਹਿ ਛੱਡਿਆ ਗਿਆ ਜੋ ਚੰਦ 'ਤੇ ਉਤਰਨ ਵਿਚ ਸਫਲ ਰਿਹਾ | 12 ਸਤੰਬਰ 1970 ਨੂੰ ਲੂਨਾ-16 ਇਕ ਰੋਬੋਟਿਕ ਉਪਗ੍ਰਹਿ ਚੰਦ ਤੋਂ ਮਿੱਟੀ ਤੇ ਚਟਾਨਾਂ ਦੇ 101 ਗ੍ਰਾਮ ਨਮੂਨੇ ਲੈ ਕੇ ਧਰਤੀ 'ਤੇ ਲਿਆਉਣ ਵਿਚ ਸਫਲ ਰਿਹਾ |
ਉਧਰ ਅਮਰੀਕਾ ਵੀ ਚੁੱਪ ਬੈਠਣ ਵਾਲਾ ਨਹੀਂ ਸੀ | ਸੰਨ 1961 ਵਿਚ ਅਮਰੀਕੀ ਰਾਸ਼ਟਰਪਤੀ ਜਾਹਨ ਐਫ ਕੇਨੇਡੀ ਨੇ ਇਕ ਦਹਾਕੇ ਅੰਦਰ ਭਾਵ 1970 ਤੋਂ ਪਹਿਲਾਂ ਪਹਿਲਾਂ ਚੰਦ 'ਤੇ ਮਨੁੱਖ ਨੂੰ ਉਤਾਰਨ ਅਤੇ ਸੁਰੱਖਿਅਤ ਵਾਪਸ ਲਿਆਉਣ ਦਾ ਐਲਾਨ ਕਰ ਦਿੱਤਾ | ਇਸ ਐਲਾਨ ਉਪਰੰਤ ਨੈਸ਼ਨਲ ਆਰੋਨੋਟਿਕਸ ਐਾਡ ਸਪੇਸ ਐਡਮਿਨਸਟਰੇਸ਼ਨ (N1S1) ਵਲੋਂ ਤਿੰਨ ਪ੍ਰੋਜੈਕਟ : ਮਰਕਰੀ ਪ੍ਰੋਜੈਕਟ, ਜੈਮਨੀ ਪ੍ਰੋਜੈਕਟ ਅਤੇ ਅਪੋਲੋ ਪ੍ਰੋਜੈਕਟ ਉਲੀਕੇ ਗਏ | ਮਰਕਰੀ ਪ੍ਰੋਜੈਕਟ ਦਾ ਮੁੱਖ ਮੰਤਵ ਮਨੁੱਖ ਨੂੰ ਪੁਲਾੜ ਵਿਚ ਭੇਜਣ ਲਈ ਲੋੜੀਂਦੀ ਤਕਨੀਕੀ ਕਾਬਲੀਅਤ ਹਾਸਿਲ ਕਰਨਾ ਸੀ | ਇਸ ਪ੍ਰੋਜੈਕਟ ਅਧੀਨ 1958 ਤੋਂ 1963 ਤੱਕ ਕਈ ਉਪਗ੍ਰਹਿ ਛੱਡੇ ਗਏ | ਜਾਹਨ ਗਲੀਨ 20 ਫਰਵਰੀ 1962ਨੂੰ ਮਰਕਰੀ ਪੁਲਾੜੀ ਜਹਾਜ਼ ਵਿਚ ਧਰਤੀ ਦੇ ਦੁਆਲੇ ਤਿੰਨ ਚੱਕਰ ਲਾਉਣ ਵਾਲਾ ਪਹਿਲਾ ਅਮਰੀਕੀ ਪੁਲਾੜ ਯਾਤਰੀ ਸੀ | ਜੈਮਨੀ ਪ੍ਰੋਜੈਕਟ ਦਾ ਮੁੱਖ ਮੰਤਵ ਪੁਲਾੜ ਵਿਚ ਲੰਮਾ ਸਮਾਂ ਰਹਿਣ ਕਾਰਨ ਮਨੁੱਖ 'ਤੇ ਪ੍ਰਭਾਵ, ਪੁਲਾੜ ਵਿਚ ਦੋ ਪੁਲਾੜੀ ਜਹਾਜ਼ਾਂ ਦੇ ਆਪਸੀ ਮਿਲਾਪ/ ਜੋੜਨ ਦੀ ਤਕਨੀਕ ਅਤੇ ਚੰਦ 'ਤੇ ਪਹੁੰਚਣ ਲਈ ਹੋਰ ਲੋੜੀਂਦੀਆਂ ਤਕਨੀਕਾਂ ਦੀ ਜਾਂਚ ਪਰਖ ਕਰਨਾ ਸੀ | ਜੈਮਨੀ ਪ੍ਰੋਜੈਕਟ ਅਧੀਨ 1961 ਤੋਂ 1966 ਤੱਕ ਦੋ ਪੁਲਾੜ ਯਾਤਰੀਆਂ ਵਾਲੇ 12 ਮਿਸ਼ਨ ਪੁਲਾੜ ਵਿਚ ਅਧਿਅਨ ਲਈ ਭੇਜੇ ਗਏ | ਅਪੋਲੋ ਪ੍ਰੋਗਰਾਮ ਦਾ ਮੁੱਖ ਉਦੇਸ਼ ਮਨੁੱਖ ਨੂੰ ਚੰਦ 'ਤੇ ਉਤਾਰਨਾ ਤੇ ਸਹੀ ਸਲਾਮਤ ਵਾਪਸ ਲਿਆਉਣਾ ਸੀ | ਚੰਦ 'ਤੇ ਪਹੁੰਚਣ ਵਿਚ ਅਮਰੀਕਾ ਦੀ ਸਫ਼ਲਤਾ ਦਾ ਰਾਜ ਸ਼ਕਤੀਸ਼ਾਲੀ ਸੈਟਰਨ-ਰਾਕਟ, ਕਮਾਂਡ ਜਹਾਜ਼ ਅਤੇ ਚੰਦ ਗੱਡੀ ਦੇ ਸਿਧਾਂਤ ਨੂੰ ਲਾਗੂ ਕਰਨਾ ਸੀ | ਇਹ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਹੈ ਜਿਸ ਦੀ ਵਰਤੋਂ ਨਾਲ ਚੰਦ ਗੱਡੀ ਅਤੇ ਕਮਾਂਡ ਜਹਾਜ਼ ਨੂੰ ਪੁਲਾੜ ਵਿਚ ਭੇਜਣਾ ਸੰਭਵ ਹੋ ਸਕਿਆ | ਅਪੋਲੋ 8, 9 ਅਤੇ 10 ਮਿਸ਼ਨ ਵਿਚ ਕਮਾਂਡ ਜਹਾਜ਼ ਨਾਲ ਚੰਦ ਗੱਡੀ ਦੇ ਜੁੜ ਜਾਣ ਬਾਰੇ ਪਰਖ ਕੀਤੀ ਗਈ | ਅਪੋਲੋ 11, 12, 14, 15, 16 ਅਤੇ 17 ਨੇ ਮਨੁੱਖ ਨੂੰ ਚੰਦ 'ਤੇ ਉਤਾਰਨ ਅਤੇ ਸੁਰੱਖਿਅਤ ਵਾਪਸ ਲਿਆਉਣ ਵਿਚ ਸਫਲਤਾ ਪ੍ਰਾਪਤ ਕੀਤੀ | ਅਪੋਲੋ 13 ਤਕਨੀਕੀ ਖ਼ਰਾਬੀ ਕਾਰਨ ਚੰਦ 'ਤੇ ਉਤਰਨ ਤੋਂ ਬਗੈਰ ਵਾਪਸ ਧਰਤੀ 'ਤੇ ਆ ਗਿਆ | ਅਪੋਲੋ-10 ਮਈ 18, 1969 ਨੂੰ ਛੱਡਿਆ ਗਿਆ | ਇਹ ਅਪੋਲੋ-11 ਦੀ ਰਿਹਰਸਲ ਸੀ | ਇਸ ਦੀ ਚੰਦ ਗੱਡੀ ਕਮਾਂਡ ਜਹਾਜ਼ ਤੋਂ ਅਲੱਗ ਹੋ ਕੇ ਚੰਦ ਦੇ ਵਾਯੂਮੰਡਲ ਵਿਚ ਦਾਖ਼ਲ ਹੋਈ ਅਤੇ ਚੰਦ ਦੀ ਸਤਾਹ ਤੋਂ 15.6 ਕਿਲੋਮੀਟਰ ਦੀ ਦੂਰੀ 'ਤੇ ਚੰਦ ਦੁਆਲੇ ਚੱਕਰ ਲਾ ਕੇ ਵਾਪਸ ਕਮਾਂਡ ਜ਼ਹਾਜ ਨਾਲ ਮਿਲ ਗਈ | ਇਸ ਤਰਾਂ ਇਸ ਸਫਲ ਪ੍ਰੀਖਣ ਨੇ ਅਪੋਲੋ-11 ਦੁਆਰਾ ਮਨੁੱਖ ਨੂੰ ਚੰਦ 'ਤੇ ਉਤਰਨ ਦਾ ਰਾਹ ਪੱਧਰਾ ਕਰ ਦਿੱਤਾ |
ਅਪੋਲੋ-11 ਉਹ ਇਤਿਹਾਸਕ ਪੁਲਾੜੀ ਜਹਾਜ਼ ਸੀ ਜਿਸ ਨੇ ਮਨੁੱਖ ਨੂੰ ਚੰਦ 'ਤੇ ਉਤਾਰਿਆ | ਅਪੋਲੋ-11 ਨੂੰ 16 ਜੁਲਾਈ, 1969 ਨੂੰ ਕੇਨੇਡੀ ਸਪੇਸ ਸਟੇਸ਼ਨ ਤੋਂ ਦਾਗਿਆ ਗਿਆ | ਇਸ ਵਿਚ ਤਿੰਨ ਪੁਲਾੜ ਯਾਤਰੀ: ਨੀਲ ਆਰਮਸਟਰੌਾਗ, ਐਡਵਿਨ ਐਲਡਰਿਨ ਅਤੇ ਮਾਈਕਲ ਕੋਲਿਨ ਸਵਾਰ ਸਨ | ਕਮਾਂਡ ਜ਼ਹਾਜ ਦਾ ਨਾਂਅ ਕੋਲੰਬੀਆ ਅਤੇ ਇਸ ਨਾਲ ਜੁੜੀ ਚੰਦ ਗੱਡੀ ਦਾ ਨਾਂਅ ਈਗਲ ਸੀ | ਧਰਤੀ ਦੁਆਲੇ ਕੁਝ ਸਮਾਂ ਚੱਕਰ ਲਾਉਣ ਤੋਂ ਬਾਦ ਕਮਾਂਡ ਜਹਾਜ਼ ਧਰਤੀ ਤੋਂ ਦੂਰ ਚੰਦਰਮਾ ਦੇ ਗ੍ਰਹਿ ਪੰਧ 'ਤੇ ਪੈ ਗਿਆ ਤੇ ਚੰਦ ਦੁਆਲੇ ਚੱਕਰ ਕੱਟਣ ਲੱਗਾ | 19 ਜੁਲਾਈ ਨੂੰ ਅਪੋਲੋ-11 ਚੰਦ ਦੇ ਹੋਰ ਨਜ਼ਦੀਕ ਪਹੁੰਚ ਗਿਆ | 24 ਘੰਟੇ ਚੰਦ ਦੁਆਲੇ ਚੱਕਰ ਕੱਟਣ ਤੋਂ ਬਾਦ ਨੀਲ ਆਰਮਸਟਰੌਾਗ ਅਤੇ ਐਲਡਰਿਨ ਨੇ ਚੰਦ ਗੱਡੀ ਨੂੰ ਕਮਾਂਡ ਜਹਾਜ਼ ਤੋਂ ਵੱਖ ਕਰ ਕੇ ਚੰਦ ਵੱਲ ਉਤਾਰਾ ਸ਼ੁਰੂ ਕਰ ਦਿੱਤਾ | 20 ਜੁਲਾਈ, 1969 ਨੂੰ ਟਰਾਂਨਕੁਇਲਟੀ ਨਾਮੀ ਜਗ੍ਹਾ 'ਤੇ ਚੰਦ ਉੱਪਰ ਚੰਦ ਗੱਡੀ ਉਤਰ ਗਈ | ਜਦ ਚੰਦ ਗੱਡੀ ਚੰਦ ਦੀ ਸਤ੍ਹਾ ਦੇ ਨਜ਼ਦੀਕ ਪਹੁੰਚੀ ਤਾਂ ਐਲਡਰਿਨ ਨੇ ਦੇਖਿਆ ਕਿ ਜਿਸ ਜਗਾਂ੍ਹ ਉਹ ਉਤਰਨ ਜਾ ਰਹੇ ਹਨ ਉਹ ਉੱਚੀ ਨੀਂਵੀ ਹੈ ਤੇ ਉੱਥੇ ਵੱਡੀਆਂ ਵੱਡੀਆਂ ਚਟਾਨਾਂ ਹਨ | ਇਸ ਲਈ ਉਸਨੇ ਚੰਦ ਗੱਡੀ ਨੂੰ ਅਜਿਹੀ ਜਗਾਂ੍ਹ ਤੋਂ ਕੁਝ ਦੂਰ ਸਾਫ਼ ਪੱਧਰੀ ਜਗ੍ਹਾਂ 'ਤੇ ਉਤਾਰ ਲਿਆ | ਉਨਾਂ ਦਾ ਉਤਾਰਾ ਮਿਥੀ ਜਗ੍ਹਾਂ ਤੋਂ 6 ਕਿਲੋਮੀਟਰ ਦੂਰ ਹੋਇਆ | ਚੰਦ 'ਤੇ ਉਤਾਰੇ ਤੋਂ 6 ਘੰਟੇ ਅਤੇ 21 ਮਿੰਟ ਬਾਦ ਨੀਲ ਆਰਮਸਟਰੌਾਗ ਨੇ ਆਪਣੀ ਪਿਠ 'ਤੇ ਜੀਵਨ ਸੁਰੱਖਿਆ ਪ੍ਰਣਾਲੀ ਦੇ ਉਪਕਰਨ ਲੱਦ ਕੇ ਚੰਦ ਗੱਡੀ ਦੇ ਬਾਹਰ ਲੱਗੀ ਪੌੜੀ ਤੋਂ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ 20 ਜੁਲਾਈ ਸਵੇਰੇ 2:56 ਵਜੇ ਚੰਦ 'ਤੇ ਪੈਰ ਰੱਖਣ ਵਾਲਾ ਉਹ ਪਹਿਲਾ ਮਨੁੱਖ ਬਣ ਗਿਆ | ਆਰਮਸਟਰੌਾਗ ਅਤੇ ਐਲਡਰਿਨ ਚੰਦ ਉਪਰ ਲੱਗਪਗ 21 ਘੰਟੇ ਠਹਿਰੇ | ਜੀਵਨ ਸੁਰੱਖਿਆ ਉਪਕਰਨ ਉਨਾਂ ਨੂੰ ਗਰਮੀ ਤੋਂ ਬਚਾਉਂਦੇ ਤੇ ਆਕਸੀਜਨ ਸਪਲਾਈ ਕਰਦੇ ਸਨ | ਪੁਲਾੜੀ ਸੂਟ ਜੋ ਉਨਾਂ ਪਹਿਨੇ ਹੋਏ ਸਨ ਇਸ ਦਾ ਕੱਪੜਾ ਬਹੁਤ ਮਜ਼ਬੂਤ ਅਤੇ ਜੁਆਇੰਟ ਲਚਕਦਾਰ ਸਨ | ਚੰਦ ਉੱਪਰ ਤੁਰਨਾ ਅਸਾਨ ਸੀ ਕਿਉਂਕਿ ਚੰਦ ਦੀ ਗਰੂਤਾ ਖਿੱਚ ਪਿ੍ਥਵੀ ਤੋਂ 6ਵਾਂ ਹਿੱਸਾ ਹੈ | ਚੰਦ ਯਾਤਰੀਆਂ ਨੇ ਚੰਦ ਦੀ ਸਤ੍ਹਾ 'ਤੇ ਅਮਰੀਕੀ ਝੰਡਾ ਲਾਇਆ, ਭੁਚਾਲ ਅਤੇ ਸੂਰਜੀ ਤਪਸ਼ ਨੂੰ ਮਾਪਣ ਲਈ ਕੁਝ ਉਪਕਰਨ ਫਿੱਟ ਕੀਤੇ | ਨੀਲ ਆਰਮਸਟਰੋਂਗ ਚੰਦ ਗੱਡੀ ਤੋਂ 196 ਫੁੱਟ ਦੂਰੀ ਤੱਕ ਤਰਦਾ ਰਿਹਾ ਜਦਕਿ ਐਲਡਰਿਨ ਚੰਦ ਗੱਡੀ ਦੇ ਆਸ ਪਾਸ ਚਹਿਲ ਕਦਮੀ ਕਰਦਾ ਰਿਹਾ | ਚੰਦ ਦੀ ਜ਼ਮੀਨ 'ਤੇ ਤੁਰਨ ਲਈ 34 ਮਿੰਟ ਦਾ ਸਮਾਂ ਤਹਿ ਕੀਤਾ ਗਿਆ ਸੀ ਜੋ ਕਿ 15 ਮਿੰਟ ਹੋਰ ਵਧਾ ਦਿੱਤਾ ਗਿਆ | ਚੰਦ ਦੀ ਮਿੱਟੀ ਅਤੇ ਪੱਥਰਾਂ ਦੇ 21.55 ਕਿਲੋ ਸੈਂਪਲ ਵੀ ਉਨਾਂ ਚੰਦ ਗੱਡੀ ਵਿਚ ਰੱਖ ਲਏ | ਵਾਪਸ ਸਫ਼ਰ ਸ਼ੁਰੂ ਕਰਨ ਵੇਲੇ ਚੰਦ ਗੱਡੀ ਵਿਚ ਐਲਡਰਿਨ ਪਹਿਲਾਂ ਦਾਖ਼ਲ ਹੋਏ | ਦਾਖਲ ਹੋਣ ਸਮੇਂ ਐਲਡਰਿਨ ਕੋਲੋਂ ਗ਼ਲਤੀ ਨਾਲ ਇਕ ਸਰਕਟ ਸਵਿੱਚ ਟੁੱਟ ਗਈ, ਜਿਸ ਕਾਰਨ ਚੰਦ ਗੱਡੀ ਦੇ ਇੰਜਨ ਨੂੰ ਸਟਾਰਟ ਕਰਨਾ ਮੁਸ਼ਕਿਲ ਸੀ | ਇਕ ਪੈਨ ਦੀ ਮਦਦ ਨਾਲ ਇਸ ਸਵਿੱਚ ਤੋਂ ਕੰਮ ਲਿਆ ਗਿਆ | ਚੰਦ ਗੱਡੀ ਵਿਚ ਦਾਖ਼ਲ ਹੋ ਕੇ ਦੋਹਾਂ ਨੇ 7 ਘੰਟੇ ਅਰਾਮ ਕੀਤਾ | ਇਸ ਉਪਰੰਤ ਹੂਸਟਨ ਗਰਾਉਂਡ ਸੈਂਟਰ ਨੇ ਉਨਾਂ ਨੂੰ ਵਾਪਸੀ ਸਫ਼ਰ ਦੀ ਤਿਆਰੀ ਕਰਨ ਲਈ ਕਿਹਾ | ਇਸ ਤੋਂ ਢਾਈ ਘੰਟੇ ਬਾਅਦ ਚੰਦ ਗੱਡੀ ਨੇ ਚੰਦ ਤੋਂ ਉਡਾਨ ਭਰੀ ਅਤੇ ਮੁੱਖ ਜਹਾਜ਼ ਕੋਲੰਬੀਆਂ ਵਿਚ ਪਰਤਣ ਉਪਰੰਤ ਚੰਦ ਗੱਡੀ ਨੂੰ ਚੰਦ ਵੱਲ ਸੁੱਟ ਦਿੱਤਾ | ਕੋਲੰਬੀਆ ਜ਼ਹਾਜ ਤਿੰਨੇ ਪੁਲਾੜ ਯਾਤਰੀਆਂ ਨੂੰ ਲੈ ਕੇ 25000 ਮੀਲ ਪ੍ਰਤੀ ਘੰਟਾ ਦੀ ਸਪੀਡ ਨਾਲ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਇਆ | ਇਸ ਤਰਾਂ੍ਹ ਇਹ ਤਿੰਨੇ ਪੁਲਾੜ ਯਾਤਰੀ 24 ਜੁਲਾਈ ਨੂੰ ਪੈਰਾਸ਼ੂਟ ਦੀ ਮਦਦ ਨਾਲ ਹਵਾਈ ਟਾਪੂ ਕੋਲ ਪ੍ਰਸ਼ਾਂਤ ਮਹਾਂਸਾਗਰ ਵਿਚ ਸਹੀ ਸਲਾਮਤ ਉਤਰ ਗਏ | ਸਮੁੰਦਰ ਵਿਚ ਉਤਾਰੇ ਤੋਂ ਬਾਅਦ ਪੁਲਾੜ ਯਾਤਰੀਆਂ ਨੂੰ 21 ਦਿਨਾਂ ਲਈ ਸਭ ਤੋਂ ਅਲੱਗ ਥਲੱਗ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਕਈ ਪ੍ਰਕਾਰ ਦੇ ਮੈਡੀਕਲ ਜਾਂਚ ਟੈਸਟ ਕੀਤੇ ਗਏ ਤਾਂ ਜੋ ਚੰਦ ਤੋਂ ਕੋਈ ਸੂਖਮ ਜੀਵਾਣੂ ਧਰਤੀ ਤੇ ਪ੍ਰਵੇਸ਼ ਨਾ ਕਰ ਸਕੇ | ਪ੍ਰੰਤੂ ਜਾਂਚ ਵਿਚ ਅਜਿਹਾ ਕੋਈ ਜੀਵਾਣੂ ਨਹੀਂ ਮਿਲਿਆ ਜੋ 21.7 ਕਿਲੋ ਮਿੱਟੀ ਅਤੇ ਚਟਾਨਾਂ ਦੇ ਸੈਂਪਲ ਚੰਦ ਤੋਂ ਲਿਆਂਦੇ ਗਏ ਸਨ ਉਨਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਮਿੱਟੀ /ਚਟਾਨ 3.7 ਅਰਬ ਸਾਲ ਪੁਰਾਣੇ ਹਨ |
ਪੁਲਾੜ ਖੋਜ ਜਾਂ ਚੰਦ 'ਤੇ ਮਨੁੱਖੀ ਉਤਾਰੇ ਤੋਂ ਮਨੁੱਖਤਾ ਨੂੰ ਕੀ ਲਾਭ ਹੋਇਆ ਇਸ ਬਾਰੇ ਬੁੱਧੀਜੀਵੀਆਂ, ਵਿਗਿਆਨੀਆਂ ਤੇ ਨੀਤੀਵਾਨਾਂ ਦੇ ਵੱਖ-ਵੱਖ ਵਿਚਾਰ ਹਨ | ਪੁਲਾੜ ਦੀ ਖੋਜ ਤੋਂ ਧਰਤੀ, ਚੰਦ, ਸੌਰਮੰਡਲ ਅਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਨਵੀਨਤਮ ਜਾਣਕਾਰੀ ਮਿਲੀ ਹੈ | ਸੂਚਨਾ ਤਕਨਾਲੋਜੀ ਵਿਚ ਉਪਗ੍ਰਹਿ ਰਾਹੀਂ ਕ੍ਰਾਂਤੀਕਾਰੀ ਵਿਕਾਸ ਹੋਇਆ ਹੈ ਜਿਸ ਦੇ ਫ਼ਲਸਰੂਪ ਪੂਰੀ ਦੁਨੀਆ ਇਕ ਪਿੰਡ ਦੇ ਰੂਪ ਵਿਚ ਸੁੰਗੜ ਗਈ ਹੈ | ਤੁਸੀਂ ਹੁਣੇ ਇੰਟਰਨੈਟ ਖੋਲ੍ਹੋ ਅਤੇ ਯੂਰੀਗਗਰਿਨ ਦੀ ਫਲਾਈਟ ਅਤੇ ਨੀਲ ਆਰਮਸਟਰੌਾਗ ਨੂੰ ਚੰਦ 'ਤੇ ਉਤਰਦੇ ਦੇਖ ਸਕਦੇ ਹੋ | ਉਪਗ੍ਰਹਿ ਰਾਹੀਂ ਮੌਸਮ ਦੀ ਠੀਕ ਠੀਕ ਭਵਿੱਖਵਾਣੀ ਸੰਭਵ ਹੋ ਗਈ ਹੈ | ਰੀਮੋਟ ਸੈਂਸਿੰਗ ਰਾਹੀਂ ਗਲੇਸ਼ੀਅਰ ਪਿਘਲਣ, ਗਲੋਬਲ ਤਪਸ਼ ਅਤੇ ਹੜ੍ਹਾਂ ਬਾਰੇ ਪਹਿਲਾਂ ਨਾਲੋਂ ਕਿਤੇ ਵਧੇਰੇ ਜਾਣਕਾਰੀ ਮਿਲ ਰਹੀ ਹੈ | ਹਬਲ ਟੈਲੀਸਕੋਪ ਜਿਸ ਨੂੰ 1990 ਵਿਚ ਪੁਲਾੜ ਵਿਚ ਸਥਾਪਿਤ ਕੀਤਾ ਗਿਆ ਸੀ ਇਸ ਦੁਆਰਾ ਪੁਲਾੜ, ਤਾਰਾ ਮੰਡਲ ਅਤੇ ਅਕਾਸ਼ਗੰਗਾ ਦਾ ਡੂੰਘਾ ਅਧਿਅਨ ਕਰਨਾ ਸੰਭਵ ਹੋਇਆ ਹੈ | ਇਸ ਦੇ ਉਲਟ ਕੁਝ ਲੋਕਾਂ ਦਾ ਮਤ ਹੈ ਕਿ ਪੁਲਾੜੀ ਖੋਜ ਤੋਂ ਸਟਾਰਵਾਰ ਅਤੇ ਬੇਹੱਦ ਖ਼ਤਰਨਾਕ ਮਿਜ਼ਾਇਲਾਂ ਵਿਕਸਤ ਹੋਈਆਂ ਹਨ ਜਿਨ੍ਹਾਂ ਤੋਂ ਮਾਨਵਤਾ ਦੀ ਹੋਂਦ ਨੂੰ ਖ਼ਤਰਾ ਹੈ |
ਪਿਛਲੇ ਦੋ-ਤਿੰਨ ਸੌ ਸਾਲਾਂ ਦੇ ਵਿਸ਼ਵ ਇਤਿਹਾਸ 'ਤੇ ਜੇ ਨਜ਼ਰ ਮਾਰੀ ਜਾਵੇ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਜਿਨ੍ਹਾਂ ਮੁਲਕਾਂ ਵਿਚ ਨਿਊਟਨ, ਐਡੀਸਨ, ਚਾਰਲਸ ਡਾਰਵਿਨ ਅਤੇ ਆਈਨਸਟੀਨ ਵਰਗੇ ਮਹਾਨ ਵਿਗਿਆਨੀਆਂ ਨੇ ਕ੍ਰਾਂਤੀਕਾਰੀ ਖੋਜਾਂ ਕੀਤੀਆਂ, ਉੱਥੇ ਸਮਾਜ ਵਿਚ ਵਿਗਿਆਨਿਕ ਸੋਚ ਪ੍ਰਫੁੱਲਤ ਹੋਈ, ਤਕਨਾਲੋਜੀ ਦਾ ਵਿਕਾਸ ਹੋਇਆ, ਉਦਯੋਗਿਕ ਕ੍ਰਾਂਤੀ ਆਈ, ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਏ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ | ਚੰਦ 'ਤੇ ਉਤਰਨ ਤੋਂ ਬਾਦ ਅਮਰੀਕਾ ਹੱਥ 'ਤੇ ਹੱਥ ਰੱਖ ਕੇ ਬੈਠਣ ਵਾਲਾ ਨਹੀਂ ਹੈ | ਸੰਨ 2030 ਤੱਕ ਮੰਗਲ 'ਤੇ ਮਨੁੱਖ ਨੂੰ ਭੇਜਣ ਦਾ ਉਸ ਦਾ ਇਰਾਦਾ ਹੈ | ਇਲੋਨ ਮਸਕ ਨਾਮੀ ਇਕ ਅਮਰੀਕੀ ਨੇ 'ਸਪੇਸ ਐਕਸ' ਨਾਮੀ ਇਕ ਕੰਪਨੀ ਬਣਾਈ ਹੈ ਜਿਸ ਦਾ ਉਦੇਸ਼ ਅਜਿਹੇ ਰਾਕਟ ਬਣਾਉਣਾ ਹੈ ਜਿਨ੍ਹਾਂ ਦੀ ਉਪਗ੍ਰਹਿ ਛੱਡਣ ਲਈ ਵਾਰ-ਵਾਰ, ਵਰਤੋਂ ਕੀਤੀ ਜਾ ਸਕੇ ਤਾਂ ਜੋ ਪੁਲਾੜੀ ਯਾਤਰਾ ਸਸਤੀ ਹੋ ਸਕੇ ਅਤੇ ਆਮ ਵਿਅਕਤੀ ਦੀ ਪਹੁੰਚ ਵਿਚ ਹੋਵੇ | ਚੰਦ 'ਤੇ ਮਨੁੱਖੀ ਉਤਾਰੇ ਨੂੰ ਅਸੰਭਵ ਤੋਂ ਸੰਭਵ ਬਣਾਉਣ ਵਿਚ ਮਿਹਨਤੀ, ਇਮਾਨਦਾਰ ਤੇ ਲਗਨ ਨਾਲ ਕੰਮ ਕਰਨ ਵਾਲੇ ਅਮਰੀਕੀ ਪ੍ਰਸ਼ਾਸਕ, ਵਿਗਿਆਨੀ ਤੇ ਤਕਨੀਕੀ ਮਾਹਿਰਾਂ ਦਾ ਹੱਥ ਹੈ, ਜਿਨ੍ਹਾਂ ਦੀ ਬਦੌਲਤ ਵਿਸ਼ਵ ਵਿਚ ਅੱਜ ਅਮਰੀਕਾ ਦੀ ਸਰਦਾਰੀ ਹੈ | ਕੀ ਭਾਰਤੀ ਪ੍ਰਸ਼ਾਸਕ, ਵਿਗਿਆਨੀ ਅਤੇ ਬੁੱਧੀਜੀਵੀ ਜੋ ਜਨਤਾ ਦੇ ਪੈਸੇ ਵਿਚੋਂ ਮੋਟੀਆਂ ਤਨਖ਼ਾਹਾਂ ਲੈਂਦੇ ਹਨ ਤੇ ਜਨਤਾ 'ਤੇ ਹੀ ਅਫ਼ਸਰੀ ਰੋਹਬ ਝਾੜਦੇ ਹਨ, ਅਮਰੀਕੀ ਕੰਮ ਸੱਭਿਆਚਾਰ ਤੋਂ ਸੇਧ ਜਾਂ ਸਬਕ ਲੈਣਗੇ?

-ਮੋਬਾਈਲ: 94636-41071.

ਚੋਆਂ ਦੇ ਕੰਢੇ-ਕੰਢੇ

ਚਾਰ ਪੰਜ ਦਹਾਕੇ ਪਹਿਲਾਂ ਹੁਸ਼ਿਆਰਪੁਰ ਦੇ ਬਹੁਤ ਸਾਰੇ ਪੇਂਡੂ ਇਲਾਕਿਆਂ ਦੀ ਜ਼ਿੰਦਗੀ ਬਰਸਾਤੀ ਮੀਂਹਾਂ ਤੇ ਪਹਾੜੀ ਖੱਡਾਂ ਦੇ ਪਾਣੀਆਂ ਨਾਲ ਵਗਣ ਵਾਲੇ ਚੋਆਂ ਦੀ ਮਾਰ ਤੇ ਪਾਣੀਆਂ ਦੀ ਨੁਹਾਰ ਨਾਲ ਬੜੀ ਅਸਰ ਅੰਦਾਜ਼ ਹੋਇਆ ਕਰਦੀ ਸੀ | ਬਰਸਾਤਾਂ ਦੀ ਰੁੱਤੇ ਜਿਉਂ ਹੀ ਮੋਹਲੇਧਾਰ ਬਾਰਿਸ਼ਾਂ ਹੁੰਦੀਆਂ ਜਾਂ ਕਈ ਕਈ ਦਿਨ ਲੰਮੀਆਂ ਝੜੀਆਂ ਲਗਦੀਆਂ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਵਰਿ੍ਹਆ ਮੇਘਲਾ ਅੱਥਰਾ ਤੇ ਆਪ-ਮੁਹਾਰਾ ਰੂਪ ਅਖ਼ਤਿਆਰ ਕਰ ਕੇ ਮੈਦਾਨਾਂ ਵੱਲ ਰੁਖ਼ ਕਰ ਲੈਂਦਾ ਤੇ ਰਾਹ 'ਚ ਆਉਣ ਵਾਲੀ ਹਰ ਚੀਜ਼ ਵਸਤ, ਰੁੱਖ ਬੰਨੇ, ਉੱਚੇ ਟਿੱਬੇ ਆਦਿ ਸਭ ਨੂੰ ਨਾਲ ਰੋੜ੍ਹ ਕੇ ਲਈ ਜਾਂਦਾ | ਇਨ੍ਹਾਂ ਬਰਸਾਤੀ ਪਾਣੀਆਂ ਦੇ ਸ਼ੂਕਣ ਤੇ ਰੇਤ ਮਿੱਟੀ ਦੀਆਂ ਧੁੱਸੀਆਂ ਨਾਲ ਖਹਿਣ ਦਾ ਕੋਈ ਸਮਾਂ ਸੀਮਾਂ ਨਿਰਧਾਰਤ ਨਹੀਂ ਸੀ ਹੁੰਦਾ, ਜਦੋਂ ਵੀ ਪਹਾੜਾਂ 'ਚ ਭਾਰੀ ਵਰਖਾ ਹੋਈ, ਉਦੋਂ ਹੀ ਪਾਣੀ ਦੇ ਲਾਂਘਿਆਂ ਲਈ ਬਣੇ ਚੋਅ ਸ਼ੂਕਦੇ ਹੋਏ ਲੋਕਾਂ ਦੇ ਲਾਂਘੇ ਬੰਦ ਕਰ ਦਿੰਦੇ | ਬਹੁਤੀ ਵਾਰ ਤਾਂ ਬਰਸਾਤਾਂ ਦੀਆਂ ਟਿਕੀਆਂ ਤੇ ਸ਼ਾਅ-ਸ਼ਾਂਅ ਕਰਦੀਆਂ ਰਾਤਾਂ ਨੂੰ ਅਚਾਨਕ ਪਹਾੜੋਂ ਉਤਰੇ ਪਾਣੀਆਂ ਦੀ ਸ਼ੂਕ ਬਹੁਤ ਹੀ ਡਰਾਉਣੀ ਲਗਦੀ , ਬੰਨ੍ਹ ਤੋੜ ਕੇ ਪਿੰਡਾਂ 'ਚ ਵੜਿਆ ਪਾਣੀ ਕੰਮਾਂ ਕਾਰਾਂ ਨਾਲ ਝੰਭੀ ਆਰਾਮ ਕਰ ਰਹੀ ਜ਼ਿੰਦਗੀ ਲਈ ਬੇਆਰਾਮੀ ਦੀਆਂ ਕਈ ਕਹਾਣੀਆਂ ਬਣਾ ਛੱਡਦਾ | ਪਿੰਡਾਂ 'ਚ ਦਾਖਲ ਹੋਏ ਹੜ੍ਹਾਂ ਦੇ ਪਾਣੀਆਂ ਨਾਲ ਕੱਚੇ ਕੋਠੇ ਢੱਠ ਜਾਂਦੇ ਤੇ ਮਿਹਨਤਾਂ ਨਾਲ ਖੇਤੀਯੋਗ ਬਣਾਈ ਜ਼ਮੀਨ ਰੁੜ੍ਹ ਪੁੜ੍ਹ ਜਾਂਦੀ ਤੇ ਦੂਰ ਦੂਰ ਤੱਕ ਪਹਾੜਾਂ ਤੋਂ ਰੁੜ੍ਹ ਕੇ ਆਈ ਧੋਤੀਓ ਰੇਤ ਬਰਬਾਦੀ ਤੇ ਵਿਰਾਨੀ ਦੀਆਂ ਕਹਾਣੀਆਂ ਬਿਆਨ ਕਰਦੀ ਨਜ਼ਰ ਆਉਂਦੀ | ਬਰਸਾਤਾਂ ਦੀ ਰੁੱਤ 'ਚ ਹੀ ਪਾਣੀ ਦੇ ਲਾਂਘਿਆਂ ਵਾਲੀਆਂ ਥਾਵਾਂ ਦੇ ਦੁਆਲੇ ਉਗਿਆ ਘਾਹ, ਕਾਹੀ ਤੇ ਹੋਰ ਖੜਕਾਨਾ ਬੜੀ ਤੇਜ਼ੀ ਨਾਲ ਵਧਦਾ ਫੁੱਲਦਾ | ਚੋਆਂ ਦੇ ਕੰਢੇ ਵਸਣ ਵਾਲੇ ਪਿੰਡਾਂ ਦੇ ਹਾਲੀਆਂ ਤੇ ਪਾਲੀਆਂ ਲਈ ਇਹ ਹਰਿਆਵਲ ਪਸ਼ੂਆਂ ਦੇ ਚਾਰਨ ਵਾਸਤੇ ਬੜੀ ਲਾਹੇਵੰਦ ਸਾਬਤ ਹੁੰਦੀ | ਮੀਂਹਾਂ ਦੀ ਰੁੱਤ ਸ਼ੁਰੂ ਹੰੁਦਿਆਂ ਹੀ ਵੱਖ-ਵੱਖ ਪਿੰਡਾਂ ਦੇ ਪਸ਼ੁੂ ਪਾਲਕ ਆਪੋ ਆਪਣੇ ਵੱਗ ਨੂੰ ਸਵੇਰੇ ਸ਼ਾਮ ਚੋਆਂ 'ਚ ਸ਼ਾਮਲਾਟ ਦੀਆਂ ਚਰਾਂਦਾਂ 'ਚ ਚਾਰਨ ਲਈ ਉਚੇਚ ਕਰਿਆ ਕਰਦੇ | ਪਸ਼ੂਆਂ ਨੂੰ ਚਰਾਂਦਾਂ 'ਚ ਚਰਾ ਕੇ ਲਿਆਉਣ ਨਾਲ ਮਾਲ ਡੰਗਰ ਵਾਲੀਆਂ ਹਵੇਲੀਆਂ ਚਿੱਕੜ ਗਾਰੇ ਤੋਂ ਬਚੀਆਂ ਰਹਿੰਦੀਆਂ, ਪਸ਼ੂਆਂ ਨੂੰ ਵਰ੍ਹਦੇ ਮੀਂਹ ਤੇ ਚਿੱਕੜ ਗਾਰੇ 'ਚ ਹਰਾ ਚਾਰਾ ਵੱਢ ਕੇ ਪਾਉਣ ਦਾ ਕੰਮ ਘੱਟ ਜਾਂਦਾ, ਮਾਲ ਡੰਗਰ ਚੋਆਂ ਦੇ ਡੰੁਮ੍ਹਾਂ ਤੇ ਟੋਭਿਆਂ ਤੋਂ ਨਿੱਤਰਿਆ ਪਾਣੀ ਹੁੰਮ ਤੇ ਗਰਮੀ ਤੋਂ ਬਚਣ ਲਈ ਆਪਣੀ ਮਰਜ਼ੀ ਨਾਲ ਤਾਰੀਆਂ ਲਾ ਲਾ ਕੇ ਮਸਤਿਆ ਰਹਿੰਦਾ | ਚਰਾਂਦਾ ਵਿਚ ਆਪਣੀ ਮਰਜ਼ੀ ਦਾ ਹਰਾ ਘਾਹ ਚੁਗ-ਚੁਗ ਤੇ ਘੁੰਮ ਫਿਰ ਕੇ ਪਸ਼ੂ ਪਾਲਕਾਂ ਦਾ ਵੱਗ ਰਾਤ ਨੂੰ ਆਰਾਮ ਨਾਲ ਆਪੋ ਆਪਣੇ ਵਾੜਿਆਂ 'ਚ ਟਿਕ ਕੇ ਬੈਠਾ ਹੁੰਦਾ | ਬਰਸਾਤ ਦੀਆਂ ਨਿੱਖਰੀਆਂ ਹੋਈਆਂ ਚਾਨਣੀਆਂ ਰਾਤਾਂ 'ਚ ਤਕੜੇ ਤੇ ਲਿਸ਼ਕਵੇਂ ਜੁੱਸਿਆਂ ਵਾਲਾ ਮਾਲ ਡੰਗਰ ਆਰਾਮ ਕਰਨ ਵੇਲੇ ਹੌਲੀ-ਹੌਲੀ ਊਾਘਦਾ ਤੇ ਜੁਗਾਲੀ ਕਰਦਾ ਉਸ ਪਾਲਣਹਾਰ ਦੀ ਇਬਾਦਤ ਕਰ ਰਿਹਾ ਪ੍ਰਤੀਤ ਹੁੰਦਾ | ਚੋਅ ਵਗਣ ਵਾਲੀ ਰੁੱਤੇ ਤੇ ਛਮ ਛਮ ਪੈਂਦੇ ਮੀਂਹਾਂ 'ਚ ਪੇਂਡੂ ਇਲਾਕਿਆਂ ਦੇ ਕਿਸਾਨੀ ਪਿਛੋਕੜ ਵਾਲੇ ਪਰਿਵਾਰਾਂ ਲਈ ਦੁੱਧ, ਦਹੀਂ ਤੇ ਲੱਸੀ ਵਰਗੀਆਂ ਦੇਸੀ ਨਿਆਮਤਾਂ ਲਈ ਇਸ ਤਰ੍ਹਾਂ ਚੋਆਂ ਦੇ ਕੰਢੇ, ਸ਼ਾਮਲਾਟੀ ਚਰਾਂਦਾਂ, ਟੋਭਿਆਂ ਤੇ ਛੱਪੜਾਂ ਦੁਆਲੇ ਵੱਗ ਚਾਰਨਾ ਵੱਡੇ ਰੁਝੇਂਵੇਂ ਦੇ ਨਾਲ-ਨਾਲ ਬੇਹੱਦ ਚੁਣੌਤੀ ਭਰਿਆ ਕਾਰਜ ਵੀ ਹੁੰਦਾ ਸੀ | ਪਾਲੀਆਂ ਨੂੰ ਬਰਸਾਤੀ ਮੌਸਮ ਦੀ ਹੁੰਮਸ ਤੇ ਪਸੀਨੇ ਕੱਢਣ ਵਾਲੀ ਗਰਮੀ ਦੇ ਨਾਲ-ਨਾਲ ਸੱਪਾਂ ਵਰਗੇ ਜ਼ਹਿਰੀਲੇ ਜੀਵ ਜੰਤੂਆਂ ਨਾਲ ਵੀ ਦੋ ਹੱਥ ਹੋਣਾ ਪੈਂਦਾ ਸੀ | ਫਿਰ ਵੀ ਆਪੋ ਆਪਣੇ ਵੱਗ ਨੂੰ ਚਰਾਂਦਾਂ 'ਚ ਲੈ ਕੇ ਪਹੁੰਚੇ ਵੱਖ-ਵੱਖ ਪਿੰਡਾਂ ਦੇ ਪਾਲੀ ਆਪਣੇ ਮਾਲ ਡੰਗਰ ਦੀ ਨਿਗਰਾਨੀ ਕਰਦੇ ਕਰਦੇ ਕਈ ਤਰ੍ਹਾਂ ਦੇ ਕਿੱਸੇ ਕਹਾਣੀਆਂ ਅਤੇ ਹਾਸੇ ਠੱਠੇ ਇਕ-ਦੂਜੇ ਨਾਲ ਸਾਂਝੇ ਕਰਦੇ ਰਹਿੰਦੇ | ਹਲ ਵਾਹੁਣ ਤੇ ਗੱਡੇ ਖਿੱਚਣ ਵਾਲੇ ਬਲਦਾਂ, ਵੱਧ ਤੋਂ ਵੱਧ ਦੁੱਧ ਦੇਣ ਵਾਲੀਆਂ ਲਵੇਰੀਆਂ ਦੇ ਦੁੱਧ ਘਿਓ ਦੀਆਂ ਬਰਕਤਾਂ ਬਾਰੇ ਵਿਚਾਰ-ਚਰਚਾ ਚਲਦੀ ਰਹਿੰਦੀ | ਸ਼ੌਕੀਨ ਪਾਲੀਆਂ ਦੇ ਰੇਡੀਓ ਤੋਂ ਚਲਦੇ ਪ੍ਰੋਗਰਾਮ ਅਤੇ ਪਸ਼ੁੂ ਪਾਲਕਾਂ ਵਲੋਂ ਖੁੱਲ੍ਹੀਆਂ ਥਾਵਾਂ 'ਤੇ ਖੁੱਲ੍ਹੇ ਤੇ ਸਾਫ਼ ਦਿਲਾਂ ਨਾਲ ਸੁਣਾਈਆਂ ਵਾਰਤਾਵਾਂ ਲੋਕਾਂ ਦੇ ਇਸ ਸਖ਼ਤ ਕੰਮ ਨੂੰ ਦਿਲਚਸਪ ਬਣਾ ਛੱਡਦੀਆਂ | ਪਸ਼ੂਆਂ ਦੇ ਪਾਲੀਆਂ ਵਲੋਂ ਕਿਸੇ ਨਾਲ ਗੱਲਾਂ 'ਚ ਰੁੱਝਣ ਦੀ ਸੂਰਤ 'ਚ ਕਿਸੇ ਝੰੁਡ ਦਾ ਮੋਹਰੀ ਪਸ਼ੂ ਆਪਣੇ ਮਾਲਕ ਦੀ ਬੇਧਿਆਨੀ ਦਾ ਲਾਹਾ ਲੈ ਕੇ ਆਪਣੇ ਝੁੰਡ ਨੂੰ ਸਰਕੰਡੇ ਦੇ ਓਹਲੇ-ਓਹਲੇ ਦੂਰ ਦੁਰਾਡੇ ਲੈ ਜਾਂਦਾ ਤਾਂ ਉਸ ਵੇਲੇ ਮਾਲਕ ਦੀ ਆਪਣੇ ਮਾਲ ਡੰਗਰ ਨੂੰ ਕਾਬੂ ਕਰਨ ਲਈ ਬੜੀ ਦੌੜ ਲਗਦੀ | ਪਾਣੀ ਦੇ ਡੁੰਮ੍ਹ ਤੇ ਵੱਡੇ ਟੋਭਿਆਂ ਛੱਪੜਾਂ 'ਚ ਪਿਆਸ ਬੁਝਾਉਣ ਤੇ ਗਰਮੀ ਲਾਹੁਣ ਲਈ ਉਤਰਿਆ ਵੱਗ ਕਈ ਵਾਰੀ ਆਪਣੇ ਮਾਲਕ ਦੀ ਬਾਹਰ ਨਿਕਲਣ ਦੀ ਹਰ ਸੈਨਤ ਨੂੰ ਨਜ਼ਰ ਅੰਦਾਜ਼ ਕਰ ਦਿੰਦਾ, ਜਿਹੜੀ ਪਾਲੀਆਂ ਲਈ ਵੱਡੀ ਪ੍ਰੇਸ਼ਾਨੀ ਹੁੰਦੀ | ਮੀਂਹ ਵਾਲੇ ਦਿਨ ਚੋਅ 'ਚ ਅਚਾਨਕ ਪਾਣੀ ਚੜ੍ਹ ਜਾਣ ਕਰ ਕੇ ਚੋਅ ਤੋਂ ਪਾਰ ਗਏ ਪਾਲੀਆਂ ਦਾ ਆਪਣੇ ਸਾਥੀਆਂ ਨਾਲੋਂ ਸੰਪਰਕ ਵੀ ਟੁੱਟ ਜਾਂਦਾ, ਉਨ੍ਹਾਂ ਨੂੰ ਪਿੰਡ ਪਰਤਣ ਲਈ ਕਈ ਘੰਟੇ ਪਾਣੀ ਦੇ ਉਤਰਨ ਦਾ ਇੰਤਜ਼ਾਰ ਕਰਨਾ ਪੈਂਦਾ ਸੀ | ਚੋਅ ਤੋਂ ਪਾਰ ਗਏ ਪਸ਼ੂ ਪਾਲਕਾਂ ਦੀ ਪਿੰਡ ਦੇਰ ਨਾਲ ਵਾਪਸ ਆਉਣ ਦੀ ਖ਼ਬਰ ਤੇ ਕਾਰਨ ਨਾਲ ਪਸ਼ੂ ਚਾਰਨ ਗਏ ਬੰਦਿਆਂ ਵਲੋਂ ਪਹੁੰਚਦੀ ਸੀ | ਚੋਆਂ ਦੁਆਲੇ ਮਾਲ ਡੰਗਰ ਚਾਰਨ ਵਾਲਿਆਂ ਦਾ ਹੜ੍ਹ ਦੇ ਪਾਣੀ ਨਾਲ ਨਿੱਤ ਦਾ ਵਾਹ ਹੋਣ ਕਰਕੇ ਇਨ੍ਹਾਂ ਨੂੰ ਵਗਦੇ ਪਾਣੀ ਦੀ ਤਬੀਅਤ ਤੇ ਡੂੁੰਘਾਈ ਬਾਰੇ ਖਾਸੀ ਜਾਣਕਾਰੀ ਹੁੰਦੀ ਸੀ, ਜਿਹੜੀ ਉਨ੍ਹਾਂ ਲਈ ਸੰਕਟ ਵੇਲੇ ਮਦਦਗਾਰ ਸਾਬਤ ਹੁੰਦੀ ਸੀ | ਮੀਂਹ ਪੈਣ ਵਾਲੀ ਰੁੱਤੇ ਪਿੰਡਾਂ ਦੇ ਸਕੂਲਾਂ 'ਚ ਚੋਆਂ ਚੋਈਆਂ 'ਚ ਪਾਣੀ ਜ਼ਿਆਦਾ ਆਉਣ ਕਰ ਕੇ ਮਾਸਟਰ-ਭੈਣਜੀਆਂ ਜੁਆਕਾਂ ਨੂੰ ਛੇਤੀ ਛੁੱਟੀ ਕਰ ਦਿੰਦੇ ਤੇ ਜੁਆਕ ਛੁੱਟੀ ਦੇ ਚਾਅ 'ਚ ਬਿਨਾਂ ਦੇਰ ਕੀਤਿਆਂ ਆਪਣੇ ਘਰਾਂ ਵੱਲ ਸ਼ੂਟ ਵੱਟੀ ਤੁਰੇ ਹੁੰਦੇ | ਰੋਜ਼ਮਰ੍ਹਾ ਆਪਣੀਆਂ ਡਿਊਟੀਆਂ 'ਤੇ ਜਾਣ ਵਾਲੇ ਲੋਕ ਅਕਸਰ ਸੜਕਾਂ ਅਤੇ ਪੁਲੀਆਂ ਟੁੱਟ ਜਾਣ ਕਰਕੇ ਖੱਜਲ-ਖੁਆਰ ਹੁੰਦੇ ਦਿਸਿਆ ਕਰਦੇ | ਕਈਆਂ ਨੂੰ ਆਪਣੇ ਘਰੀਂ ਪਹੁੰਚਣ ਲਈ ਪਾਣੀ ਨਾਲ ਟੁੱਟੇ ਭੱਜੇ ਰਾਹਾਂ 'ਤੇ ਕਈ-ਕਈ ਮੀਲ ਪੈਦਲ ਤੁਰ ਕੇ ਆਪਣੀ ਮੰਜ਼ਿਲ ਨਸੀਬ ਹੁੰਦੀ | ਕਈ ਵਾਰੀ ਪਾਣੀਆਂ ਦੇ ਤੇਜ਼ ਵਹਾਅ 'ਚ ਕਿਸੇ ਰਾਹਗੀਰ ਦੇ ਰੁੜ੍ਹ ਜਾਣ ਦੀ ਖ਼ਬਰ ਵੀ ਇਲਾਕੇ 'ਚ ਸੋਗ ਫੈਲਾ ਦਿਆ ਕਰਦੀ | ਘਰਦਿਆਂ ਦੇ ਰੋਕਣ ਜਾਂ ਵਰਜਣ ਦੇ ਬਾਵਜੂਦ ਪਿੰਡਾਂ ਦੀ ਆਪਮੁਹਾਰੀ ਮੁੰਡ੍ਹੀਰ ਚੋਆਂ ਦੇ ਤੇਜ਼ ਪਾਣੀਆਂ 'ਚ ਨਹਾਉਣ ਜਾਂ ਤੈਰਨ ਦੀ ਜ਼ਿਦ ਪੂਰੀ ਕਰਦੀ-ਕਰਦੀ ਜਾਨ ਤੋਂ ਹੱਥ ਵੀ ਧੋ ਬਹਿੰਦੀ | ਇਸ ਸਾਰੇ ਦੇ ਬਾਵਜੂਦ ਚੋਆਂ ਦੇ ਕੰਢੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਖੁਸ਼ੀ ਤੇ ਗ਼ਮੀਆਂ ਨਾਲ ਦੋ ਹੱਥ ਹੁੰਦੀ ਆਪਣੇ ਅਗਲੇ ਸਫ਼ਰ ਵੱਲ ਤੁਰਦੀ ਰਹਿੰਦੀ ਸੀ | ਮੀਂਹਾਂ ਦੀ ਰੁੱਤ ਵਿਚ ਹੀ ਪਾਣੀਆਂ ਦੇ ਅੰਗ ਸੰਗ ਰੁਮਕਦੀ ਤੇ ਸਮੇਂ ਨਾਲ ਝੇਡਾਂ ਕਰਦੀ ਜ਼ਿੰਦਗੀ ਲਈ ਬਾਗ਼ਾਂ 'ਚ ਟਪਕਦੇ ਵੰਨ-ਸੁਵੰਨੇ ਅੰਬਾਂ ਦੀਆਂ ਖੁਸ਼ਬੋਆਂ ਨੂੰ ਮਾਨਣ ਦਾ ਸਬੱਬ ਵੀ ਬਣਦਾ ਰਹਿੰਦਾ | ਹਾੜ੍ਹ ਸਾਉਣ ਦੇ ਦਿਨਾਂ 'ਚ ਲੋਕ ਆਪਣੇ ਖੇਤ, ਬੰਨਿ੍ਹਆਂ ਤੇ ਬਾਗ਼ਾਂ 'ਚ ਟਪਕਦੇ ਅੰਬਾਂ ਦਾ ਸੁਆਦ ਮਾਨਣ ਲਈ ਸਵੇਰੇ ਸਵੇਰੇ ਬਾਲਟੀਆਂ ਛਿੱਕੂ ਫੜ ਕੇ ਆਪਣੇ ਬੂਟਿਆਂ ਦਾ ਗੇੜਾ ਲਾਉਂਦੇ ਤੇ ਡੇਢ ਦੋ ਮਹੀਨੇ ਇਸ ਮੌਸਮੀ ਨਿਆਮਤ ਦਾ ਆਨੰਦ ਮਾਣਦੇ ਹੋਏ ਨਾੌ ਬਰ ਨਾੌ ਹੋ ਜਾਂਦੇ | ਅੰਬ ਪੱਕਣ ਦੇ ਨਾਲ ਹੀ ਪਿੰਡਾਂ 'ਚ ਵਿਸ਼ਾਲ ਕਾਇਆ ਵਾਲੀਆਂ ਜਾਮਣਾਂ ਮੀਂਹਾਂ ਨਾਲ ਰਸ-ਰਸ ਕੇ ਖਾਣ ਦੇ ਸ਼ੌਕੀਨਾਂ ਨੂੰ ਸੈਨਤਾਂ ਮਾਰਦੀਆਂ ਰਹਿੰਦੀਆਂ | ਕੋਈ ਲੰਮੀ ਢਾਂਗੀ ਨਾਲ ਜਾਮਣਾ ਲਾਹੁੰਦਾ ਤੇ ਕੋਈ ਹਲੂਣਾ ਮਾਰਨ ਲਈ ਦਰੱਖਤ 'ਤੇ ਚੜਿ੍ਹਆ ਹੁੰਦਾ | ਇਸ ਰੁੱਤੇ ਜੁਆਕਾਂ ਦੀਆਂ ਜੀਭਾਂ ਜਾਮਣਾਂ ਖਾ-ਖਾ ਕੇ ਜਾਮਣੀ ਹੋ ਜਾਂਦੀਆਂ ਤੇ ਸਾਫ਼ ਕੱਪੜਿਆਂ 'ਤੇ ਜਾਮਣੀ ਧੱਬੇ ਪਵਾਉਣ ਵਾਲਿਆਂ ਦੀ ਘਰੋਂ ਡੰਡਾ ਪਰੇਡ ਵੀ ਹੋ ਜਾਂਦੀ | ਇਸ ਰੁੱਤ 'ਚ ਹੀ ਪਿੰਡਾਂ ਦੇ ਟੋਭਿਆਂ ਜਾਂ ਪੀਰਾਂ-ਫ਼ਕੀਰਾਂ ਦੀਆਂ ਦੇਹਰੀਆਂ 'ਤੇ ਅੱਧ ਅਸਮਾਨ ਨੂੰ ਪਹੁੰਚੀਆਂ ਖਜ਼ੂਰਾਂ ਦੇ ਫਲ ਦਾ ਸੁਆਦ ਚੱਖਣਾ ਵੀ ਕਿਸੇ ਉੱਚੀ ਤੇ ਤਿਖੇਰੀ ਚੋਟੀ ਨੂੰ ਸਰ ਕਰਨ ਦੇ ਬਰਾਬਰ ਹੁੰਦਾ ਸੀ | ਫਿਰ ਵੀ ਲਾਲ, ਪੀਲੀਆਂ ਤੇ ਕਾਲੀਆਂ ਖਜ਼ੂਰਾਂ ਖਾਣ ਦੇ ਸ਼ੌਕੀਨ ਗੱਭਰੂ ਜ਼ਹਿਰੀਲੇ ਸੱਪਾਂ ਤੇ ਕੀੜੇ-ਮਕੌੜਿਆਂ ਦੀ ਮੌਜੂਦਗੀ ਵਾਲੇ ਥਾਵਾਂ ਤੋਂ ਖਜੂਰਾਂ ਦੇ ਗੁੱਛੇ ਵੱਢ-ਵੱਢ ਕੇ ਆਪਣੀ ਜਿੱਤ ਦਾ ਡੰਕਾ ਵਜਾ ਦਿਆ ਕਰਦੇ | (ਚਲਦਾ)

-ਪਿੰਡ ਤੇ ਡਾਕ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ |
ਈਮੇਲ : deshpunjab777@gmail.com

ਯਾਦਗਾਰੀ ਸੁੰਦਰਤਾ ਵਾਲਾ ਜੁਰਾਸਿਕ ਸਮੁੰਦਰੀ ਕਿਨਾਰਾ

ਪਸੀਨੇ ਨਾਲ ਤਰ-ਬ-ਤਰ, ਉਤਸੁਕਤਾ ਨਾਲ ਸਾਨੂੰ ਕੱਚੇ ਢਲਾਣ ਮਾਰਗ ਰਾਹੀਂ ਚੱਲਦਿਆਂ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਅਸੀਂ ਇੰਗਲੈਂਡ ਵਿਚ ਨਹੀਂ ਸਗੋਂ ਭਾਰਤ ਦੀ ਗਰਮ ਰੁੱਤ ਵਿਚ ਯਾਤਰਾ ਨੂੰ ਨਿਕਲੇ ਹੋਈਏ | ਜਦੋਂ ਕਿ ਅਸੀਂ ਇੰਗਲੈਂਡ ਡੋਰਸੈੱਟ ਖੇਤਰ ਦੇ ਵਿਸ਼ਾਲ ਖੁੱਲ੍ਹੇ ਸ਼ਾਨਦਾਰ ਜੁਰਾਸਿਕ ਕੰਢੇ 'ਤੇ ਸੀ ਜੋ ਵਿਸ਼ਾਲ ਲਲਵਰਥ ਅਸਟੇਟ ਅਤੇ ਕਿਲੇ੍ਹ ਦਾ ਹਿੱਸਾ ਹੈ | ਅਸੀਂ ਇਤਿਹਾਸਕ ਸੈਰ-ਸਪਾਟੇ ਦੀ ਥਾਂ ਦਰਦਲ ਡੋਰ ਅਤੇ ਲਲਵਰਥ ਕੋਵ ਦੀ ਯਾਤਰਾ 'ਤੇ ਆਏ ਸੀ, ਜੋ 12 ਹਜ਼ਾਰ ਏਕੜ ਵਿਚ ਫੈਲਿਆ ਲਲਵਰਥ ਅਸਟੇਟ ਦਾ ਹਿੱਸਾ ਹੈ ਜੋ ਮੱਧਕਾਲੀ ਯੁੱਗ ਵਿਚ ਸਥਾਨਕ ਵੈਲਡ ਪਰਿਵਾਰ ਦੀ ਜਾਇਦਾਦ ਹੈ | ਇਸ ਰੋਮਾਂਚਕਾਰੀ ਵਿਚਾਰ ਦੇ ਨਾਲ ਅਸੀਂ ਅੱਗੇ ਵਧਦੇ ਰਹੇ ਕਿ ਸਾਨੂੰ ਧਰਤੀ ਦੇ ਭੂਗੋਲ-ਇਤਿਹਾਸ ਦੇ ਉਸ ਹਿੱਸੇ 'ਤੇ ਚੱਲ ਕੇ ਜਾ ਰਹੇ ਹਾਂ ਜੋ 185 ਮਿਲੀਅਨ ਸਾਲ ਪੁਰਾਣਾ ਹੈ ਅਤੇ ਡਾਇਨਾਸੋਰਜ਼ ਦੇ ਜੁਰਾਸਿਕ ਯੁੱਗ ਦਾ ਅੰਸ਼ ਹੈ |
ਦੇਖਣਯੋਗ ਦਰਦਲ ਡੋਰ
ਸਾਡੇ ਖੱਬੇ ਪਾਸੇ ਜਿਥੋਂ ਤੱਕ ਨਜ਼ਰ ਪੈਂਦੀ ਸੀ, ਗੂੜ੍ਹਾ ਨੀਲਾ ਆਕਾਸ਼, ਸਪੱਸ਼ਟ ਚਮਕੀਲੇ ਪੰਨੇ ਸਮਾਨ, ਇੰਗਲਿਸ਼ ਚੈਨਲ ਦੇ ਜਲ ਨੂੰ ਦੂਰ ਦਿਸਹੱਦੇ 'ਤੇ ਗਲੇ ਲਗਾਉਂਦਾ ਲਗ ਰਿਹਾ ਸੀ | ਇਸ ਦੇ ਨਾਲ ਹੀ ਸਾਨੂੰ ਲਾਈਮ ਸਟੋਨ ਪੱਥਰ ਦੀ ਵਿਸ਼ਾਲ ਆਰਚ ਦੇ ਰੂਪ ਵਿਚ ਸਮੁੰਦਰ ਵਿਚ ਕੁਦਰਤ ਵਲੋਂ ਬਣਾਇਆ ਦਰਦਲ ਡੋਰ ਨਜ਼ਰ ਆਇਆ ਜੋ ਚੱਟਾਨ ਦੇ ਦਰਵਾਜ਼ੇ ਵਾਂਗ ਸੀ | ਸਦੀਆਂ ਤੋਂ, ਸਮੁੰਦਰ ਕਿਨਾਰੇ ਦੇ ਸਮਾਨਾਂਤਰ ਪਥਰੀਲੀਆਂ ਪਹਾੜੀਆਂ ਦੀ ਲੜੀ ਹੌਲੀ-ਹੌਲੀ ਇਰੋਡ ਹੁੰਦੀ ਹੋਈ (ਜਲ ਨਾਲ ਕਟਾਅ) ਇਸ ਥਾਂ 'ਤੇ ਆਰਚ ਦਰਵਾਜ਼ੇ ਵਰਗਾ ਦਰਦਲ ਡੋਰ ਬਚਿਆ | ਇਸ ਖੇਤਰ ਵਿਚ ਅਨੇਕਾਂ ਲਾਈਮ (ਚੂਨੇ) ਦੀਆਂ ਪਹਾੜੀਆਂ ਹਨ ਜਿਨ੍ਹਾਂ 'ਤੇ ਸਦੀਆਂ ਤੋਂ ਇਰੋਸ਼ਨ ਹੋ ਰਹੀ ਹੈ | ਇਸ ਥਾਂ ਨੂੰ ਕੌਮਾਂਤਰੀ ਸੰਗਠਨ ਯੂਨੈਸਕੋ ਵਲੋਂ ਵਰਲਡ ਹੈਰੀਟੇਜ ਸਾਈਟ ਐਲਾਨਿਆ ਗਿਆ ਹੈ |
ਦਰਦਲ ਡੋਰ ਡਾਇਨਾਸੋਰ
ਢਲਾਣ ਵਾਲਾ ਪਥਰੀਲਾ ਰਸਤਾ ਇਕ ਉੱਚੀ ਪਹਾੜੀ ਦੇ ਕਿਨਾਰੇ 'ਤੇ ਖ਼ਤਮ ਹੋ ਗਿਆ ਅਤੇ ਧਿਆਨ ਨਾਲ ਹੇਠਾਂ ਦੇਖਣ 'ਤੇ ਸੈਲਾਨੀਆਂ ਨਾਲ ਭਰੇ ਬੀਚ 'ਤੇ ਦਰਦਲ ਡੋਰ ਦਾ ਆਕਰਸ਼ਕ ਨਜ਼ਾਰਾ ਦਿਸਿਆ | ਵਿਸ਼ਵ ਪ੍ਰਸਿੱਧ ਫ਼ਿਲਮ ਜੁਰਾਸਿਕ ਪਾਰਕ ਦੇ ਡਾਇਨਾਸੋਰਜ਼ ਵੱਲ ਵੀ ਧਿਆਨ ਗਿਆ ਕਿਉਂਕਿ ਪੱਥਰ ਦਾ ਆਰਚ ਦਰਵਾਜ਼ੇ ਅਤੇ ਪਿੱਛੇ ਜੁੜੀ ਇਕ ਵਿਸ਼ਾਲ ਡਾਇਨਾਸੋਰ ਵਾਂਗ ਦਿਸਦੇ ਹਨ | ਯਾਦਾਂ ਵੀ ਪਿਛਾਂਹ ਵੱਲ ਜਾਂਦੀਆਂ ਹੋਈਆਂ ਬਚਪਨ ਵਿਚ ਪੜ੍ਹੀ ਬਾਲ ਕਥਾ ਤੱਕ ਪਹੁੰਚ ਗਈਆਂ—'ਸਕੇਰੀ ਬੋਨਸ ਮੀਟਸ ਦ ਡਾਇਨਾਸੋਰਜ਼ ਆਫ਼ ਜੁਰਾਸਿਕ ਕੋਸਟ' ਜਿਸ ਨੂੰ ਰੋਨ ਡੋਸਨ ਨੇ ਲਿਖਿਆ ਸੀ (ਜਦੋਂ ਸਕੇਰੀ ਬੋਨਸ ਪਾਤਰ ਡਰਨ ਵਾਲਾ ਪਾਤਰ ਜੁਰਾਸਿਕ ਸਮੁੰਦਰ ਕਿਨਾਰੇ ਦੇ ਡਾਇਨਾਸੋਰ ਨੂੰ ਮਿਲਦਾ ਹੈ) ਕਥਾ ਇਕ ਡਾਇਨਾਸੋਰ ਦਰਦਲ ਟੂਰਸ ਦੇ ਵਿਸ਼ੇ ਵਿਚ ਹੈ ਜਿਸ ਨੂੰ ਜਾਦੂ ਨਾਲ ਇਕ ਵਿਸ਼ਾਲ ਚੱਟਾਨ ਵਿਚ ਬਦਲ ਦਿੱਤਾ ਜਾਂਦਾ ਹੈ ਜੋ ਦਰਦਲ ਡੋਰ ਕਹਾਉਂਦਾ ਹੈ | ਕੁਝ ਪਲ ਉਸ ਨੂੰ ਦੇਖਣ 'ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਦੂਰ ਹੇਠਾਂ, ਅੱਧਾ ਸਮੁੰਦਰ ਕਿਨਾਰੇ 'ਤੇ ਅਤੇ ਅੱਧਾ ਸਮੁੰਦਰ ਦੇ ਪਾਣੀ ਵਿਚ ਆਪਣਾ ਮੂੰਹ ਪਾਈ, ਵਿਸ਼ਾਲ ਡਾਇਨਾਸੋਰ ਹੀ ਤਾਂ ਹੈ | ਲੱਗਦਾ ਹੈ ਚੱਟਾਨ ਸ਼ਿਲਾ ਦਾ ਡਾਇਨਾਸੋਰ ਇੰਗਲਿਸ਼ ਚੈਨਲ ਦਾ ਬਰਫ਼ੀਲਾ ਪਾਣੀ ਪੀ ਰਿਹਾ ਹੋਵੇ | ਸੂਰਜ ਦੀ ਗਰਮੀ ਨੇ ਇਨ੍ਹਾਂ ਮਿਥ ਪੂਰਨ ਵਿਚਾਰਾਂ ਨੂੰ ਜਨਮ ਦਿੱਤਾ, ਇਹ ਸੋਚ ਕੇ ਅਸੀਂ ਪੌੜੀਆਂ ਦੇ ਨੇੜੇ ਪਹੁੰਚੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-seemaanandchopra@gmail.com

ਪੰਜਾਬ ਦਾ ਲੱਜਪਾਲ ਪੁੱਤਰ ਵੀਰੂ ਰਸਲ

ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਤੋਂ ਹੀ ਪੰਜਾਬ ਆਪਣੀ ਗ਼ੈਰਤ, ਇੱਜ਼ਤ ਅਤੇ ਅਣਖ਼ ਨਾਲ ਜ਼ੁਲਮ ਦਾ ਮੁਕਾਬਲਾ ਕਰ ਰਿਹਾ ਹੈ ਤੇ ਰਹਿੰਦੀ ਦੁਨੀਆ ਤੱਕ ਇਹ ਧਰਤੀ ਇਸੇ ਤਰ੍ਹਾਂ ਜ਼ੁਲਮ ਿਖ਼ਲਾਫ਼ ਡਟੀ ਰਹੇਗੀ | ਅੱਜ ਭਾਵੇਂ ਜ਼ੁਲਮ ਤੇ ਜ਼ਾਲਮ ਦੀ ਤਸਵੀਰ ਬਦਲ ਗਈ ਹੈ ਪਰ ਪੰਜਾਬ ਵਲੋਂ ਜ਼ੁਲਮ ਦਾ ਟਾਕਰਾ ਜਾਰੀ ਹੈ |
ਮੈਂ ਆਜ਼ਾਦ ਆਇਆ ਸਾਂ ਦੁਨੀਆ 'ਤੇ,
ਮੇਰੀ ਧਰਤੀ ਦਾ ਨਾਂਅ ਪੰਜਾਬ ਯਾਰੋ |
ਕਈ ਬਾਰਾਂ ਦਾ ਮਜ਼ਮੂਆਂ ਏ,
ਇਥੇ ਵਗਦੇ ਨੇ ਪੰਜ ਦਰਿਆ ਯਾਰੋ |
ਇਸ ਮਿੱਟੀ ਦੀ ਕੀ ਮੈਂ ਸ਼ਾਨ ਆਖਾਂ,
ਜਾਵੇ ਜੰਨਤ ਵੀ ਸ਼ਰਮਾ ਯਾਰੋ |
ਇਥੇ ਸ਼ਾਮ ਸਵੇਰੇ ਮਸਤੀਆਂ ਨੇ,
ਹਰ ਪਾਸੇ ਹੀ ਪਿਆਰ ਪਿਆਰ ਯਾਰੋ |
ਗੁਰੂਆਂ, ਸੂਫ਼ੀਆਂ, ਫਕੀਰਾਂ, ਭਗਤਾਂ ਤੇ ਅਣਖ਼ੀ ਯੋਧਿਆਂ ਦੀ ਇਸ ਧਰਤੀ ਪੰਜਾਬ ਨੇ ਆਪਣੀ ਬੁੱਕਲ ਅੰਦਰ ਬੜੇ ਦੁੱਖਾਂ ਨੂੰ ਲੁਕਾਇਆ ਪਰ ਆਪਣੀ ਗ਼ੈਰਤ ਨਾਲ ਕਦੀ ਸਮਝੌਤਾ ਨਹੀਂ ਕੀਤਾ | ਇਸ ਧਰਤੀ ਦੇ ਵਸਨੀਕ ਬਾਂਕੇ ਗੱਭਰੂ ਤੇ ਮੁਟਿਆਰਾਂ ਗ਼ੈਰਤ ਨਾਲ ਭਰੀਆਂ ਪਈਆਂ ਹਨ | ਜਦ ਤੱਕ ਇਹ ਦੁਨੀਆ ਆਬਾਦ ਰਹੇਗੀ, ਉਦੋਂ ਤੱਕ ਪੰਜਾਬ ਦੇ ਗੱਭਰੂ-ਮੁਟਿਆਰਾਂ ਦਾ ਜ਼ਿਕਰ ਹਮੇਸ਼ਾਂ ਹੁੰਦਾ ਰਹੇਗਾ | ਪੰਜਾਬ ਦੇ ਰਾਜਪੂਤ ਆਪਣੀਆਂ ਗ਼ੈਰਤਾਂ ਦੇ ਅਜਿਹੇ ਨਿਸ਼ਾਨ ਛੱਡ ਗਏ ਹਨ, ਜਿਹੜੇ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ | ਪੰਜਾਬ ਦੇ ਰਾਜਪੂਤ ਸਦਾ ਮਰਨ ਤੇ ਮਾਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ, ਜਿਸ ਦੀ ਵੱਡੀ ਵਜ੍ਹਾ ਇਹ ਹੈ ਕਿ ਪੰਜਾਬੀ ਆਪਣੀ ਗ਼ੈਰਤ ਦਾ ਸੌਦਾ ਨਹੀਂ ਕਰਦੇ | ਜਿਥੇ ਮਰਦ ਗ਼ੈਰਤ ਪਿੱਛੇ ਲੜ ਕੇ ਮਰ ਜਾਂਦੇ ਹਨ, ਉਥੇ ਬੱਚੇ ਤੇ ਜ਼ਨਾਨੀਆਂ ਵੀ ਆਪਣੇ ਮਰਦਾਂ ਦਾ ਪੂਰਾ-ਪੂਰਾ ਸਾਥ ਦਿੰਦੀਆਂ ਹਨ | ਇਹ ਰੀਤਾਂ ਉਸੇ ਠਾਠ-ਬਾਠ ਨਾਲ ਅੱਜ ਵੀ ਮੌਜੂਦ ਹਨ | ਇਨ੍ਹਾਂ ਅਣਖ਼ੀਆਂ 'ਚੋਂ ਇਕ ਨਾਂਅ ਹੈ, ਵੀਰੂ ਰਸਲ ਜੋ ਇੱਜ਼ਤ ਤੇ ਗ਼ੈਰਤ ਦਾ ਪ੍ਰਤੀਕ ਬਣ ਕੇ ਉਭਰਦਾ ਹੈ |
ਵੀਰੂ ਰਸਲ ਕੌਣ ਸੀ ?
ਪੰਜਾਬ ਦੀ ਧਰਤੀ ਦੇ ਅਣਖ਼ੀ ਤੇ ਗ਼ੈਰਤਮੰਦ ਹਿੰਦੂ ਰਾਜਪੂਤ ਘਰਾਣੇ ਨਾਲ ਸੰਬੰਧਿਤ ਇਸ ਕਿਰਦਾਰ ਦਾ ਜੰਮਪਲ ਸ਼ਾਹਕੋਟ, ਜ਼ਿਲ੍ਹਾ ਨਨਕਾਣਾ ਸਾਹਿਬ ਹੈ | ਕੱਦ ਛੇ ਫੁੱਟ ਤਿੰਨ ਇੰਚ, ਚੌੜੀ ਛਾਤੀ ਤੇ ਮਜ਼ਬੂਤ ਜਿਸਮ ਦਾ ਮਾਲਕ ਇਹ ਯੋਧਾ ਆਪਣੀ ਮਿਸਾਲ ਆਪ ਸੀ | ਵੀਰੂ ਰਸਲ ਦੇ ਪਿਉ ਦਾ ਨਾਂਅ ਦੀਮਾ ਸੀ | ਵੀਰੂ ਰਸਲ ਸ਼ਾਹਕੋਟ ਬਸਤੀ ਦਾ ਸਰਦਾਰ ਸੀ | ਸ਼ਾਹਕੋਟ ਦੀ ਧਰਤੀ ਦਾ ਪੁਰਾਣਾ ਨਾਂਅ ਤੀਰਥ ਗੜ੍ਹ ਸੀ | ਇਹ ਨੌਜਵਾਨ ਈ: ਪੂ: 'ਚ ਇਸ ਧਰਤੀ 'ਤੇ ਹਕੂਮਤ ਕਰਦਾ ਰਿਹਾ | ਵੀਰੂ ਰਸਲ ਮਹਾਨ ਤੀਰ ਅੰਦਾਜ਼ ਤੇ ਤਲਵਾਰ ਦਾ ਧਨੀ ਸੀ | ਸ਼ਾਹਕੋਟ ਦੇ ਆਲੇ-ਦੁਆਲੇ ਦੀਆਂ ਛੋਟੀਆਂ-ਛੋਟੀਆਂ ਬਸਤੀਆਂ ਵੀ ਇਸਦੇ ਅਧੀਨ ਸਨ ਪਰ ਇਸ ਦਾ ਸਭ ਤੋਂ ਵੱਡਾ ਕੇਂਦਰ ਤੀਰਥ ਗੜ੍ਹ (ਸ਼ਾਹਕੋਟ) ਹੀ ਸੀ |
ਸ਼ਾਹਕੋਟ, ਜ਼ਿਲ੍ਹਾ ਨਨਕਾਣਾ ਸਾਹਿਬ
ਸ਼ਾਹਕੋਟ ਇਕ ਬਹੁਤ ਹੀ ਪੁਰਾਣੀ ਬਸਤੀ ਹੈ ਜਿਹੜੀ ਕਿ ਈ: ਪੂ: ਤੋਂ ਪਹਿਲਾਂ ਦੀ ਆਬਾਦ ਹੈ | ਵੱਖ-ਵੱਖ ਵੇਲਿਆਂ 'ਚ ਇਸ ਦੇ ਕਈ ਵੱਖ-ਵੱਖ ਨਾਂਅ ਰਹੇ | ਅਜੋਕੇ ਦੌਰ 'ਚ ਇਸ ਧਰਤੀ ਦਾ ਨਾਂਅ ਸ਼ਾਹਕੋਟ ਹੈ | ਪਹਿਲਾਂ-ਪਹਿਲ ਇਸ ਦਾ ਨਾਂਅ ਰਸੂਲ ਕੋਟ, ਤੀਰਥ ਗੜ੍ਹ ਅਤੇ ਤਪੱਸਿਆ ਪੁਰ ਵੀ ਰਿਹਾ ਹੈ, ਜਿਸ ਦੀ ਵਜ੍ਹਾ ਇਹ ਸੀ ਕਿ ਵੇਲੇ ਦੇ ਨਾਲ ਇਥੇ ਵੱਖ-ਵੱਖ ਹੁਕਮਰਾਨਾਂ ਦੀਆਂ ਹਕੂਮਤਾਂ ਰਹੀਆਂ ਤੇ ਇਸ ਕਰਕੇ ਨਾਲ-ਨਾਲ ਇਸ ਦੇ ਨਾਂਅ ਵੀ ਬਦਲਦੇ ਰਹੇ |
ਸ਼ਾਹਕੋਟ ਇਸ ਵੇਲੇ ਲਾਹੌਰ-ਲਾਇਲਪੁਰ ਸੁਪਰ ਹਾਈਵੇ 'ਤੇ ਸੜਕ ਦੇ ਦੋਵੇਂ ਪਾਸੇ ਵੱਸਿਆ ਹੋਇਆ ਇਕ ਤਹਿਸੀਲ ਹੱੈਡਕੁਆਟਰ ਹੈ | ਇਹ ਸ਼ਹਿਰ ਲਾਹੌਰ ਤੋਂ 95 ਕਿ: ਮੀ:, ਲਾਇਲਪੁਰ ਤੋਂ 45 ਕਿ: ਮੀ:, ਨਨਕਾਣਾ ਸਾਹਿਬ ਤੋਂ 25 ਕਿ: ਮੀ:, ਪੰਜਾਬ ਦੀ ਸ਼ਾਨ ਤੇ ਇੱਜ਼ਤ ਦੇ ਚਿੰਨ੍ਹ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪੈਦਾਇਸ਼ੀ ਘਰ ਚੱਕ ਨੰ: 105 ਤੋਂ 35 ਕਿ: ਮੀ: ਤੇ ਗੁਰਦੁਆਰਾ ਸੱਚਾ-ਸੌਦਾ ਤੋਂ ਵੀ 35 ਕਿ: ਮੀ: ਦੂਰ ਹੈ | ਪੰਜਾਬ ਦੇ ਇਕ ਹੋਰ ਅਜ਼ੀਮ ਸੂਰਮੇ ਦੁੱਲੇ ਭੱਟੀ ਦਾ ਪਿੰਡ ਪਿੰਡੀ ਭੱਟੀਆਂ ਵੀ ਸ਼ਾਹਕੋਟ ਤੋਂ 35 ਕਿ: ਮੀ: ਦੂਰ ਹੈ | ਦੂਸਰੀ ਵੱਡੀ ਗੱਲ ਇਹ ਕਿ ਪੰਜਾਬ ਦੀ ਇਕ ਹੋਰ ਮਸ਼ਹੂਰ ਦਾਸਤਾਨ ਮਿਰਜ਼ਾ ਸਾਹਿਬਾਂ, ਜਿਸ ਦਾ ਸਬੰਧ ਪਿੰਡ ਦਾਨਾਬਾਦ, ਤਹਿਸੀਲ ਜੜ੍ਹਾਂਵਾਲਾ ਤੇ ਜ਼ਿਲ੍ਹਾ ਲਾਇਲਪੁਰ ਨਾਲ ਹੈ, ਇਹ ਪਿੰਡ ਵੀ ਸ਼ਾਹਕੋਟ ਤੋਂ 45 ਕਿ: ਮੀ: ਦੂਰ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਲਿਪੀਅੰਤਰ :
1.ਸਰਬਜੀਤ ਸਿੰਘ ਸੰਧੂ,
ਮੋ :9501011799
2. ਰਾਜਵਿੰਦਰ ਸਿੰਘ ਸਿੱਧੂ
ਮੋ :- +919855503224

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-2

ਜਦੋਂ ਪੰਜਾਬੀ ਸਿਨੇਮਾ ਵੀ ਵੰਡਿਆ ਗਿਆ

1947 ਦੀ ਦੇਸ਼ ਵੰਡ ਦਾ ਸਭ ਤੋਂ ਉਲਟ ਪ੍ਰਭਾਵ ਪੰਜਾਬੀ ਸਿਨੇਮਾ 'ਤੇ ਪਿਆ ਸੀ | ਪੰਜਾਬ ਦਾ ਇਕ ਪ੍ਰਮੁੱਖ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਸੀ | ਫਿਰ ਲਾਹੌਰ ਵਰਗਾ ਮਹੱਤਵਪੂਰਨ ਫ਼ਿਲਮ ਨਿਰਮਾਣ ਕੇਂਦਰ ਵੀ ਭਾਰਤ ਤੋਂ ਅਲੱਗ ਹੋ ਗਿਆ ਸੀ | ਵੈਸੇ ਵੀ ਪੰਜਾਬੀ ਫ਼ਿਲਮਾਂ ਦਾ ਚਰਚਿਤ ਕੇਂਦਰ ਤਾਂ ਲਾਹੌਰ ਹੀ ਸੀ | ਵੱਡੇ-ਵੱਡੇ ਕਲਾਕਾਰ, ਲੇਖਕ ਅਤੇ ਸੰਗੀਤਕਾਰ ਉਰਦੂ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ 'ਚ ਵੀ ਬਰਾਬਰ ਰੂਪ 'ਚ ਆਪਣਾ ਯੋਗਦਾਨ ਪਾ ਰਹੇ ਸਨ |
ਪ੍ਰਾਣ, ਓਮ ਪ੍ਰਕਾਸ਼ ਅਤੇ ਸ਼ਿਆਮ ਨੇ ਆਪਣਾ ਸਿਨੇਮੈਟਿਕ ਸਫ਼ਰ ਲਾਹੌਰ ਦੇ ਪੰਚੋਲੀ ਆਰਟਸ ਤੋਂ ਹੀ ਸ਼ੁਰੂ ਕੀਤਾ ਸੀ | ਮੁਹੰਮਦ ਰਫ਼ੀ ਅਤੇ ਗੁਲਾਮ ਮੁਹੰਮਦ ਵਰਗੇ ਸੰਗੀਤ ਦੇ ਮਹਾਨ ਸਤੰਭ ਵੀ ਲਾਹੌਰ ਫ਼ਿਲਮ ਇੰਡਸਟਰੀ ਦੀ ਹੀ ਪੈਦਾਇਸ਼ ਸਨ | ਅੱਜ ਵੀ ਲਾਹੌਰ ਦੇ ਅਨਾਰਕਲੀ ਬਾਜ਼ਾਰ 'ਚ ਇਕ ਪੁਰਾਣੀ ਬਿਲਡਿੰਗ ਮੌਜੂਦ ਹੈ, ਜਿਥੇ ਰਾਮਾਨੰਦ ਸਾਗਰ, ਬੀ.ਆਰ. ਚੋਪੜਾ, ਮੰਟੋ ਅਤੇ ਸਾਹਿਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਸਿਨੇਮਾ ਨੂੰ ਕਦੇ ਰੋਜ਼ਾਨਾ ਦੇ ਆਧਾਰ 'ਤੇ ਆਪਣੀਆਂ ਉਡਾਣਾਂ (ਕਲਾਤਮਿਕ) ਦਾ ਹਿੱਸਾ ਸਮਝਿਆ ਕਰਦੀਆਂ ਸਨ |
ਪਰ ਦੇਸ਼ ਵੰਡ ਨੇ ਸਭ ਕੁਝ ਨਸ਼ਟ ਕਰ ਦਿੱਤਾ | ਕਲਾਕਾਰ ਆਪਣੀ ਮਰਜ਼ੀ ਦੇ ਅਨੁਸਾਰ ਭਾਰਤ ਪਾਕਿ ਦੇ ਵੱਖ-ਵੱਖ ਪ੍ਰਾਂਤਾਂ 'ਚ ਜਾਣ ਲਈ ਮਜਬੂਰ ਹੋ ਗਏ ਸਨ | ਕੁਝ ਕਲਾਕਾਰ ਪਾਕਿਸਤਾਨ ਤੋਂ ਭਾਰਤ ਆ ਗਏ ਸਨ ਅਤੇ ਕੁਝ ਭਾਰਤ ਤੋਂ ਪਾਕਿਸਤਾਨ ਚਲੇ ਗਏ ਸਨ | ਕਲਾਕਾਰਾਂ ਦੇ ਇਸ ਸਥਾਨਾਂਤਰ ਹੋਣ ਦੀ ਸੂਚੀ ਬੜੀ ਲੰਬੀ ਹੈ |
ਬਹੁਤ ਸਾਰੀਆਂ ਫ਼ਿਲਮਾਂ (ਪੰਜਾਬੀ) ਅੱਧ ਵਿਚਾਲੇ ਹੀ ਰੁਕ ਗਈਆਂ ਸਨ | ਕਾਰਨ ਸਪੱਸ਼ਟ ਸੀ-ਦਰਸ਼ਕਾਂ ਦਾ ਪ੍ਰਮੁੱਖ ਭਾਗ ਪਾਕਿਸਤਾਨੀ ਪੰਜਾਬ ਨਾਲ ਜੁੜਿਆ ਹੋਇਆ ਸੀ | ਸ਼ਾਇਦ ਇਸੇ ਕਰਕੇ ਹੀ ਓਮ ਪ੍ਰਕਾਸ਼ ਦੀ ਫ਼ਿਲਮ 'ਚਮਨ' ਨੂੰ ਭਾਰਤੀ ਪੰਜਾਬ ਦੀ ਥਾਂ 'ਤੇ ਪਾਕਿਸਤਾਨੀ ਪੰਜਾਬ 'ਚ ਪਹਿਲਾਂ ਪ੍ਰਦਰਸ਼ਿਤ ਕੀਤਾ ਗਿਆ ਸੀ | 'ਚਮਨ' ਦਾ ਪ੍ਰੀਮੀਅਰ ਰਤਨ ਸਿਨੇਮਾ, ਮਕਲਾਊਡ ਰੋਡ, ਲਾਹੌਰ 'ਚ ਕੀਤਾ ਗਿਆ ਸੀ | ਇਹ ਪ੍ਰੀਮੀਅਰ 6 ਅਗਸਤ ਨੂੰ ਹੋਇਆ ਸੀ | ਇਸ ਤੋਂ ਬਾਅਦ ਇਸੇ ਪੰਜਾਬੀ ਫ਼ਿਲਮ ਨੂੰ ਅੰਮਿ੍ਤਸਰ ਦੇ ਸਿਟੀ ਲਾਈਟ ਸਿਨੇਮਾ 'ਚ ਵੀ ਰਿਲੀਜ਼ ਕੀਤਾ ਗਿਆ ਸੀ |
ਕੁਝ ਹੋਰ ਭਾਰਤੀ ਜਾਂ ਉਰਦੂ ਫ਼ਿਲਮਾਂ 'ਅਨੋਖੀ ਅਦਾ', 'ਆਨ' ਨੂੰ ਵੀ ਪਹਿਲਾਂ ਪਾਕਿਸਤਾਨ 'ਚ ਹੀ ਪ੍ਰਦਰਸ਼ਿਤ ਕੀਤਾ ਗਿਆ ਸੀ |
ਪਰ ਸਾਡਾ ਅਸਲੀ ਮੰਤਵ ਤਾਂ ਪੰਜਾਬ-ਵੰਡ ਦਿਆਂ ਉਲਟ ਪ੍ਰਭਾਵਾਂ ਨੂੰ ਪੰਜਾਬੀ ਸਿਨੇਮਾ ਦੇ ਪਰਿਪੇਖ 'ਚ ਹੀ ਪਰਖਣਾ ਹੈ | ਇਸ ਨੁਕਤੇ ਨੂੰ ਅਸੀਂ ਇਕ-ਦੋ ਉਦਾਹਰਨਾਂ ਰਾਹੀਂ ਬੜੀ ਆਸਾਨੀ ਨਾਲ ਸਮਝ ਸਕਦੇ ਹਾਂ | 'ਚਮਨ' ਵਿਚ ਓਮ ਪ੍ਰਕਾਸ਼ ਨੇ ਭਾਈਆ ਭਗਵਾਨ ਦਾਸ ਨਾਮਕ ਇਕ ਕਿਰਦਾਰ ਅਦਾ ਕੀਤਾ ਸੀ | ਇਹ ਪਾਤਰ ਬਹੁਤ ਹੀ ਲੋਕਪਿ੍ਆ ਹੋਇਆ ਸੀ ਅਤੇ 'ਚਮਨ' ਦੀ ਇਕ ਸਫ਼ਲ ਕਿਰਤ ਮੰਨੀ ਗਈ ਸੀ |
ਇਸ ਲਈ ਓਮ ਪ੍ਰਕਾਸ਼ ਨੇ ਮੰੁਬਈ ਆ ਕੇ 'ਭਾਈਆ ਜੀ' ਨਾਂਅ ਦੀ ਇਕ ਹੋਰ ਪੰਜਾਬੀ ਫ਼ਿਲਮ ਬਣਾਈ ਸੀ | ਪਰ ਇਹ ਮੂਵੀ ਫਲਾਪ ਹੋ ਗਈ ਸੀ | ਇਸ ਦਾ ਮੂਲ ਕਾਰਨ ਇਹ ਸੀ ਕਿ ਦਰਸ਼ਕ ਵੰਡੇ ਜਾ ਚੁੱਕੇ ਸਨ | ਓਮ ਪ੍ਰਕਾਸ਼ ਇਸ ਫ਼ਿਲਮ ਦੀ ਅਸਫ਼ਲਤਾ ਤੋਂ ਇੰਨਾ ਪ੍ਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨ ਦੀ ਥਾਂ 'ਤੇ ਹਿੰਦੀ ਫ਼ਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ | ਕਹਿਣ ਦਾ ਭਾਵ, ਨੁਕਸਾਨ ਤਾਂ ਪੰਜਾਬੀ ਸਿਨੇਮਾ ਨੂੰ ਹੀ ਹੋਇਆ ਸੀ |
ਇਸ ਉਥਲ-ਪੁਥਲ ਦੇ ਮਾਹੌਲ 'ਚ ਨਿਰਮਾਤਾਵਾਂ (ਪੰਜਾਬੀ) ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਆਪਣੇ ਵਿੱਤੀ ਮਸਲਿਆਂ ਦਾ ਕਿਵੇਂ ਆਸਾਨ ਹੱਲ ਲੱਭਿਆ ਜਾਵੇ | ਸਰਦੂਲ ਕਵਾਤੜਾ ਨੇ ਕਈ ਸਾਲ ਪਹਿਲਾਂ ਇਕ ਬੜਾ ਹੀ ਦਿਲਚਸਪ ਵਾਕਿਆ ਇਸ ਸੰਦਰਭ 'ਚ ਸੁਣਾਇਆ ਸੀ |
ਸਰਦੂਲ ਦੀ ਫ਼ਿਲਮ 'ਪੋਸਤੀ' ਮੁਕੰਮਲ ਹੋ ਚੁੱਕੀ ਸੀ | ਪਰ ਨਿਮਰਾਤਾਵਾਂ ਦੇ ਕੋਲ ਇਸ ਦੇ ਪਿ੍ੰਟ ਭਾਰਤੀ ਪੰਜਾਬ 'ਚ ਮੰਗਵਾਉਣ ਲਈ ਲੋੜੀਂਦੇ ਪੈਸੇ ਨਹੀਂ ਸਨ | ਇਸ ਲਈ ਨਿਰਮਾਤਾਵਾਂ ਨੇ ਇਸ ਦੇ ਪਿ੍ੰਟ ਮਾਲ ਗੱਡੀ ਰਾਹੀਂ ਕਿਸੇ ਨਾ ਕਿਸੇ ਤਰ੍ਹਾਂ ਅੰਮਿ੍ਤਸਰ ਮੰਗਵਾਏ ਸਨ ਅਤੇ ਫਿਰ ਇਹ ਫ਼ਿਲਮ ਭਾਰਤੀ ਪੰਜਾਬ 'ਚ ਰਿਲੀਜ਼ ਹੋਈ ਸੀ |
ਵੈਸੇ ਵੀ ਦੇਖਿਆ ਜਾਵੇ ਤਾਂ ਇਤਿਹਾਸਕ ਤੌਰ 'ਤੇ ਲਾਹੌਰ ਦੀ ਫ਼ਿਲਮ ਸਨਅਤ ਬਹੁਤ ਹੀ ਅਮੀਰ ਸੀ | ਇਹ 1920 ਵਿਚ ਲਾਹੌਰ ਦੇ ਭੱਟੀ ਗੇਟ ਤੋਂ ਸ਼ੁਰੂ ਹੋਈ ਸੀ | ਕਾਰਦਾਰ ਨੇ 1929 ਵਿਚ ਇਥੇ ਹੀ 'ਹੁਸਨ ਕਾ ਡਾਕੂ' ਨਾਂਅ ਦੀ ਉਰਦੂ ਫ਼ਿਲਮ ਦਾ ਨਿਰਮਾਣ ਕੀਤਾ ਸੀ | ਫਿਰ ਉਸ ਨੇ ਪੰਜਾਬੀ ਸਿਨੇਮਾ ਦੇ ਖੇਤਰ 'ਚ ਵੀ ਆਪਣਾ ਯੋਗਦਾਨ ਪਾਇਆ ਸੀ, ਇਸ ਤੋਂ ਇਲਾਵਾ ਲਾਹੌਰ 'ਚ ਹੀ ਸਕਰੀਨ ਐਾਡ ਸਾਊਾਡ ਸਟੂਡੀਓ ਅਤੇ ਅੱਪਰ ਇੰਡੀਆ ਫ਼ਿਲਮ ਸਟੂਡੀਓ ਵੀ ਬਣਾਏ ਗਏ ਸਨ | ਅੱਪਰ ਇੰਡੀਆ ਫ਼ਿਲਮ ਸਟੂਡੀਓ ਨੂੰ ਹੀ ਬਾਅਦ 'ਚ ਪੰਚੋਲੀ ਆਰਟਸ ਦਾ ਨਾਂਅ ਦਿੱਤਾ ਗਿਆ ਸੀ |
ਉਂਜ 1955 ਤੱਕ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਪੰਜਾਬ ਦਿਆਂ ਦੋਵਾਂ ਹੀ ਭਾਗਾਂ ਵਿਚ ਹੁੰਦੀ ਰਹੀ ਸੀ | ਪਾਕਿਸਤਾਨ 'ਚ ਬਣਾਈਆਂ ਗਈਆਂ 'ਦੁੱਲਾ ਭੱਟੀ' ਅਤੇ 'ਤਾਂਗੇਵਾਲੀ' ਵਰਗੀਆਂ ਅਨੇਕਾਂ ਫ਼ਿਲਮਾਂ ਨੇ ਭਾਰਤੀ ਪੰਜਾਬ 'ਚ ਰਿਕਾਰਡ ਤੋੜ ਵਣਜ ਕੀਤਾ ਸੀ |
ਪਰ ਜਿਉਂ-ਜਿਉਂ ਭਾਰਤ-ਪਾਕਿ ਸਬੰਧਾਂ 'ਚ ਕੁੜੱਤਣ ਆਉਂਦੀ ਗਈ, ਇਹ ਫ਼ਿਲਮੀ ਆਦਾਨ-ਪ੍ਰਦਾਨ ਖਤਮ ਹੋ ਗਿਆ | ਲਾਹੌਰ ਦੀ ਪੂਰੀ ਦੀ ਪੂਰੀ ਸਨਅਤ ਹੀ ਤਬਾਹੀ ਦੇ ਕੰਢੇ 'ਤੇ ਆ ਗਈ ਸੀ ਕਿਉਂਕਿ ਪੰਜਾਬੀ ਫ਼ਿਲਮਾਂ ਹੀ ਉਸ ਦੇ ਵਪਾਰ ਦਾ ਪ੍ਰਮੁੱਖ ਆਧਾਰ ਸਨ | ਭਾਰਤੀ ਪੰਜਾਬ 'ਚ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ ਅਤੇ ਕਾਫ਼ੀ ਸਮੇਂ ਤੱਕ ਪੰਜਾਬੀ ਫ਼ਿਲਮਾਂ ਦੀ ਗਿਣਤੀ ਇਕ ਹੀ ਇਕਾਈ ਤੱਕ ਸੀਮਤ ਰਹੀ ਸੀ |
ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਦੇਸ਼ ਵੰਡ ਨੇ ਜਿਥੇ ਪੰਜਾਬੀ ਫ਼ਿਲਮਾਂ ਦੇ ਵਿਕਾਸ 'ਤੇ ਰੋਕ ਲਗਾਈ ਉਥੇ ਇਸ ਤ੍ਰਾਸਦੀ ਨੂੰ ਫ਼ਿਲਮਾਂ ਦਾ ਵਿਸ਼ਾ-ਵਸਤੂ ਸੀਮਤ ਹੱਦ ਤੱਕ ਹੀ ਬਣਾਇਆ ਗਿਆ | ਉਂਜ ਕਹਿਣ ਨੂੰ ਤਾਂ 'ਚੌਧਰੀ ਕਰਨੈਲ ਸਿੰਘ' ਅਤੇ 'ਨਾਨਕ ਦੁਖੀਆ ਸਭ ਸੰਸਾਰ' ਵਿਚ ਪੰਜਾਬ ਵੰਡ ਦਾ ਹਵਾਲਾ ਦਿੱਤਾ ਗਿਆ ਹੈ, ਪਰ ਇਹ ਹਵਾਲੇ ਕਲਾ-ਪੱਖ ਤੋਂ ਬਹੁਤ ਹੀ ਸੀਮਤ ਸਨ | ਕੁਝ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਨੇ ਕੁਝ ਦਿਲਚਸਪੀ ਇਸ ਤ੍ਰਾਸਦੀ ਪ੍ਰਤੀ ਜ਼ਰੂਰ ਦਿਖਾਈ ਸੀ | ਵਿਸ਼ੇਸ਼ ਤੌਰ 'ਤੇ ਅਨੂਪ ਸਿੰਘ ਅਤੇ ਗੁਰਿੰਦਰ ਚੱਢਾ ਦੇ ਇਸ ਸਬੰਧੀ ਉਪਰਾਲੇ ਪ੍ਰਸੰਸਾਯੋਗ ਹਨ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

1975 ਵਿਚ ਜਿਹੜੀ ਐਮਰਜੈਂਸੀ ਭਾਰਤ ਵਿਚ ਲੱਗੀ ਸੀ, ਉਸ ਦਾ ਵਿਰੋਧ ਅਕਾਲੀ ਦਲ ਨੇ ਵੀ ਕੀਤਾ ਸੀ | ਉਸ ਸਮੇਂ ਮੋਰਚਾ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਅਗਵਾਈ 'ਚ ਲਾਇਆ ਗਿਆ ਸੀ | ਇਸ ਮੋਰਚੇ ਵਿਚ ਸਿੱਖਾਂ ਨੇ ਗਿ੍ਫ਼ਤਾਰੀਆਂ ਦੇ ਕੇ ਜੇਲ੍ਹਾਂ ਭਰ ਦਿੱਤੀਆਂ ਸਨ | ਆਖਰ ਕੇਂਦਰ ਸਰਕਾਰ ਨੂੰ ਐਮਰਜੈਂਸੀ ਹਟਾਉਣੀ ਪਈ ਸੀ |
ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਭਾਰਤ ਦੇ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਸੰਤ ਲੌਾਗੋਵਾਲ ਨੂੰ ਵਧਾਈ ਦੇਣ ਆਉਂਦੇ ਸਨ | ਉਸ ਸਮੇਂ ਡਾ: ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ | ਉਹ ਵੀ ਸੰਤ ਹਰਚੰਦ ਸਿੰਘ ਲੌਾਗੋਵਾਲ ਨੂੰ ਵਧਾਈ ਦੇਣ ਲਈ ਅੰਮਿ੍ਤਸਰ ਆਏ ਸੀ | ਇਹ ਉਸ ਮੌਕੇ ਦੀ ਯਾਦਗਾਰੀ ਤਸਵੀਰ ਹੈ |

ਮੋਬਾਈਲ : 98767-41231

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੂੰ ਚੇਤੇ ਕਰਦਿਆਂ...

ਸ਼ਿਵ ਕੁਮਾਰ ਬਟਾਲਵੀ ਨੇ ਬਿਰਹਾ, ਦਰਦ, ਪ੍ਰੇਮ, ਨਿਰਾਸ਼ਾ, ਕਾਮ ਅਤੇ ਮੌਤ ਵਰਗੇ ਵਿਸ਼ਵ-ਵਿਆਪੀ ਵਿਸ਼ਿਆਂ ਉਪਰ ਜਿਸ ਸ਼ਿੱਦਤ ਅਤੇ ਪ੍ਰਚੰਡਤਾ ਨਾਲ਼ ਕਲਮ-ਅਜ਼ਮਾਈ ਕੀਤੀ ਹੈ, ਅੱਜ ਤੀਕ ਪੰਜਾਬੀ ਸਾਹਿਤ ਵਿਚ ਉਸ ਦਾ ਕੋਈ ਹੋਰ ਸਾਨੀ ਪੈਦਾ ਨਹੀਂ ਹੋ ਸਕਿਆ। ਪੰਜਾਬੀ ਸਾਹਿਤ ਦੇ ਅੰਬਰ ਦਾ ਇਹ ਧਰੂ ਤਾਰਾ 37-ਕੁ ਵਰ੍ਹਿਆਂ ਦੀ ਥੋੜ੍ਹਚਿਰੀ ਹੋਂਦ ਦੇ ਬਾਵਜੂਦ ਆਪਣੀ ਸਰੋਦੀ ਸੁਰ ਅਤੇ ਹੁਨਰ ਸਦਕਾ ਆਪਣੇ ਪੂਰਬਲੇ ਕਵੀਆਂ ਨਾਲ਼ੋਂ ਕਿਤੇ ਵੱਧ ਸ਼ੋਹਰਤ ਦੀਆਂ ਸਿਖ਼ਰਾਂ ਨੂੰ ਛੂਹ ਗਿਆ। ਇਸ ਅਜ਼ੀਮ ਸ਼ਾਇਰ ਨੇ ਅੱਜ ਦੇ ਦਿਨ 23 ਜੁਲਾਈ, 1936 ਨੂੰ ਤਹਿਸੀਲ਼ ਸ਼ੰਕਰਗੜ੍ਹ (ਮੌਜੂਦਾ ਪਾਕਿਸਤਾਨ) ਦੇ ਪਿੰਡ ਲੋਹਟੀਆਂ ਵਿਖੇ ਮਾਂ ਸ਼ਾਂਤੀ ਦੇਵੀ ਅਤੇ ਪਿਤਾ ਕ੍ਰਿਸ਼ਨ ਗੋਪਾਲ ਦੇ ਘਰ ਵਿਚ ਜਨਮ ਲਿਆ। ਮੁੱਢਲੀ ਵਿੱਦਿਆ ਉਸ ਨੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚੋਂ ਹਾਸਲ ਕੀਤੀ। 1949 'ਚ ਆਪਣੇ ਤਹਿਸੀਲਦਾਰ ਪਿਤਾ ਦੀ ਬਦਲੀ ਹੋਣ ਕਾਰਨ ਉਹ ਆਪਣੇ ਜੱਦੀ ਪਿੰਡ ਤੋਂ ਸ਼ਰਨਾਰਥੀ ਹੋ ਕੇ ਬਟਾਲੇ ਆਣ ਵਸਿਆ ਅਤੇ ਬਾਕੀ ਪੜ੍ਹਾਈ ਇਥੇ ਹੀ ਕੀਤੀ। ਸ਼ਿਵ ਦੀ ਜ਼ਿੰਦਗੀ 'ਚ ਕਈ ਲੜਕੀਆਂ ਆਈਆਂ ਜਿਹੜੀਆਂ ਉਸ ਪਾਸੋਂ ਕਈ ਖ਼ੂਬਸੂਰਤ ਰਚਨਾਵਾਂ ਦੀ ਸਿਰਜਣਾ ਕਰਵਾ ਗਈਆਂ। ਉਮਰ-ਭਰ ਸ਼ਰਾਬ ਅਤੇ ਸ਼ਾਇਰੀ ਦੇ ਇਸ ਹਮਸਫ਼ਰ ਨੇ ਭਾਸ਼ਾ ਵਿਭਾਗ ਪੰਜਾਬ ਦੇ ਮੰਚਾਂ ਉਪਰ 'ਕੰਡਿਆਲ਼ੀ ਥੋਹਰ' ਵਰਗੀਆਂ ਰਚਨਾਵਾਂ ਰਾਹੀਂ ਧੁੰਮਾਂ ਮਚਾਉਣ ਪਿੱਛੋਂ ਆਪਣੇ ਗੀਤਾਂ ਦੀ ਮੈਨਾ ਭਾਵ ਮੀਨਾ ਨੂੰ ਸਮਰਪਿਤ 1960 ਵਿਚ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਪੀੜਾਂ ਦਾ ਪਰਾਗ਼ਾ' ਰਾਹੀਂ ਪ੍ਰਵੇਸ਼ ਕੀਤਾ। ਇਸ ਪਲੇਠੀ ਕਿਰਤ ਸਦਕਾ ਹੀ ਉਹ ਨੌਜਵਾਨਾਂ ਅਤੇ ਮੁਟਿਆਰਾਂ ਦਾ ਮਹਿਬੂਬ ਸ਼ਾਇਰ ਬਣ ਗਿਆ। ਹਰ ਵਰ੍ਹੇ ਪੰਜਾਬੀ ਸਾਹਿਤ ਦੀ ਝੋਲ਼ੀ 'ਚ ਇਕ ਪੁਸਤਕ ਪਾਉਣ ਵਾਲ਼ੇ ਸ਼ਿਵ ਨੇ ਅਗਲੇ ਵਰ੍ਹੇ 'ਲਾਜਵੰਤੀ' , 'ਆਟੇ ਦੀਆਂ ਚਿੜੀਆਂ', 'ਮੈਨੂੰ ਵਿਦਾ ਕਰੋ', 'ਬਿਰਹਾ ਤੂ ਸੁਲਤਾਨ', 'ਦਰਦਮੰਦਾਂ ਦੀਆਂ ਆਹੀਂ', ਫ਼ਿਲਮੀ ਅਦਾਕਾਰ ਬਲਰਾਜ ਸਾਹਨੀ, ਬਲਵੰਤ ਗਾਰਗੀ, ਪ੍ਰੋ: ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਪੁਸਤਕਾਂ ਪਾਠਕਾਂ ਨੂੰ ਦਿੱਤੀਆਂ। ਮਹਾਂਕਾਵਿ 'ਲੂਣਾ' ਦੇ ਰੂਪ ਵਿਚ ਉਸ ਨੇ ਅਜਿਹੀ ਸ਼ਾਹਕਾਰ ਕਿਰਤ ਦੀ ਰਚਨਾ ਕੀਤੀ ਕਿ ਇਸ ਉਪਰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪੱਲੇ ਪੁਆਉਣ ਵਾਲਾ ਉਹ ਪੰਜਾਬੀ ਦਾ ਸਭ ਤੋਂ ਛੋਟੀ ਉਮਰ ਦਾ ਸਾਹਿਤਕਾਰ ਹੋ ਨਿੱਬੜਿਆ। 1967 'ਚ ਮੰਗਿਆਲ (ਮਾਧੋ ਬੇਟ) ਦੀ ਇਕ ਸੁੰਦਰ ਕੰਨਿਆ ਅਰੁਣਾ ਨਾਲ ਵਿਆਹੇ ਸ਼ਿਵ ਦੇ ਘਰ ਦੋ ਬੱਚਿਆਂ ਬੇਟਾ ਮਿਹਰਬਾਨ ਅਤੇ ਬੇਟੀ ਪੂਜਾ ਨੇ ਜਨਮ ਲਿਆ। ਅਚੇਤ ਮਨ ਵਿਚ ਧੁਖ਼ਦੇ ਗ਼ਮਾਂ ਤੋਂ ਨਿਜਾਤ ਹਾਸਲ ਕਰਨ ਦੀ ਲਾਲਸਾ ਕਾਰਨ ਉਹ ਸ਼ਰਾਬ ਦੇ ਪਿਆਲਿਆਂ ਵਿਚ ਰੁੱਝ ਕੇ ਆਪਣੀ ਦਿਨੋ-ਦਿਨ ਨਿੱਘਰਦੀ ਸਿਹਤ ਪੱਖ਼ੋਂ ਵੀ ਅਵੇਸਲਾ ਰਹਿਣ ਲੱਗ ਪਿਆ। 24 ਟੁਕੜਿਆਂ ਦੇ ਰੂਪ ਵਿਚ ਬਿਨਾਂ ਸਿਰਲੇਖ ਤੋਂ ਇਕ ਲੰਮੀ ਨਜ਼ਮ ਰਚ ਕੇ ਉਸ ਨੇ 'ਮੈਂ ਤੇ ਮੈਂ' ਨਾਮੀ ਪੁਸਤਕ ਛਪਵਾਈ ਅਤੇ ਫ਼ਿਰ 1971 ਵਿਚ ਆਪਣੀ ਪਿਆਰੀ ਪਤਨੀ ਅਰੁਣ ਦੇ ਨਾਂਅ ਆਪਣਾ ਅੰਤਿਮ ਕਾਵਿ-ਸੰਗ੍ਰਹਿ 'ਆਰਤੀ' ਪ੍ਰਕਾਸ਼ਿਤ ਕਰਵਾਇਆ।
ਪੰਜਾਬੀ ਸਾਹਿਤ ਦਾ ਇਹ ਅਜ਼ੀਮ ਸ਼ਾਇਰ 6 ਮਈ 1973 ਦੀ ਰਾਤ ਨੂੰ ਤਕਰੀਬਨ 9 ਵਜੇ ਆਪਣੇ ਸਹੁਰੇ ਪਿੰਡ ਪਤਨੀ ਅਰੁਣ ਦੀਆਂ ਬਾਹਾਂ 'ਚ ਦਮ ਤੋੜ ਗਿਆ। ਉਸ ਦੀ ਮੌਤ ਮਗਰੋਂ ਕੁਝ ਅਣ-ਪ੍ਰਕਾਸ਼ਿਤ ਰਚਨਾਵਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 'ਅਲਵਿਦਾ' ਪੁਸਤਕ ਦੇ ਰੂਪ 'ਚ ਜਾਰੀ ਕਰਕੇ ਸ਼ਰਧਾ ਪ੍ਰਗਟਾਈ। ਸ੍ਰੀਮਤੀ ਅਰੁਣ ਨੇ ਉਸਦੀਆਂ ਚੋਣਵੀਆਂ ਰਚਨਾਵਾਂ ਨੂੰ ਸੰਪਾਦਿਤ ਕਰਕੇ 1973 'ਚ 'ਬਿਰਹੜਾ' ਅਤੇ 1975 'ਚ 'ਅਸਾਂ ਤਾਂ ਜੋਬਨ ਰੁੱਤੇ ਮਰਨਾ' ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਆਪਣੇ ਪਤੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਅਰੁਣ ਨੇ ਹੀ ਬਾਅਦ ਵਿਚ 'ਸੋਗ' ਅਤੇ 'ਸਾਗਰ ਤੇ ਕਣੀਆਂ' ਦੁਆਰਾ ਸ਼ਿਵ ਪ੍ਰਤੀ ਆਪਣੇ ਸਨੇਹ ਅਤੇ ਮੁਹੱਬਤ ਦਾ ਫ਼ਿਰ ਇਜ਼ਹਾਰ ਕੀਤਾ। ਪੰਜਾਬੀ ਸਾਹਿਤ-ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਬਦਲੇ ਉਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।


-ਸਲੇਮਪੁਰਾ, ਸਿਧਵਾਂ ਬੇਟ-142033 (ਲੁਧਿਆਣਾ) ਮੋ: 9872727789

ਗੱਲ ਰੁੱਖਾਂ ਦੇ ਦਿਮਾਗ਼ ਦੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕੁਝ ਕੁ ਦਿਮਾਗੀ ਵੀ

ਬਹੁਤ ਪਹਿਲਾਂ ਮਹਾਨ ਭਾਰਤੀ ਜੈਵਿਕ-ਭੌਤਿਕ ਵਿਗਿਆਨੀ ਸਰ ਜਗਦੀਸ ਚੰਦਰ ਬੋਸ ਨੇ ਦਰਸਾਇਆ ਸੀ ਕਿ ਪੌਦੇ ਵੀ ਆਪਣੇ ਤਰੀਕੇ ਨਾਲ ਮਹਿਸੂਸ ਕਰਨ ਦੇ ਸਮਰੱਥ ਹੁੰਦੇ ਹਨ | ਅੱਜ ਅਸੀਂ ਜਾਣਦੇ ਹਾਂ ਕਿ ਪੌਦੇ ਚੰਗੇ-ਮਾੜੇ ਦੀ ਪਹਿਚਾਣ ਕਰ ਸਕਦੇ ਹਨ ਤੇ ਉਹ ਆਪਣੀ-ਪਸੰਦਗੀ ਤੇ ਨਾਪਸੰਦਗੀ 'ਚ ਨਿਖੇੜਾ ਕਰਨ ਦੀ ਸੂਝ ਵੀ ਰੱਖਦੇ ਹਨ | ਪੌਦੇ ਦੀ ਹਰ ਪਸੰਦ ਆਪਣੀ ਇਕ ਗਿਣਤੀ ਮਿਣਤੀ 'ਤੇ ਆਧਾਰਤ ਹੁੰਦੀ ਹੈ | ਇਸ ਤੋਂ ਵੀ ਅੱਗੇ, ਪੌਦੇ ਗੰਧ ਨੂੰ ਵੀ ਫੜ ਸਕਦੇ ਹਨ, ਆਪਣੀਆਂ ਜੜ੍ਹਾਂ ਰਾਹੀਂ ਜ਼ਮੀਨ ਅੰਦਰਲੀ ਅੜਚਣ ਨੂੰ ਭਾਂਪ ਸਕਦੇ ਹਨ ਜਾਂ ਥਰਥਰਾਹਟ ਨੂੰ ਵੀ ਸੁਣ ਸਕਦੇ ਹਨ | ਪੌਦੇ ਸੌਣ ਤੇ ਖੇਡਣ ਦੇ ਸਮਰੂਪ ਵਿਹਾਰ ਵੀ ਕਰਦੇ ਹਨ | ਮਨੁੱਖ ਅੰਦਰ ਪੰਜ ਮੂਲ ਗਿਆਨ ਇੰਦਰੀਆਂ ਹੁੰਦੀਆਂ ਹਨ, ਪਰੰਤੂ ਵਿਗਿਆਨੀਆਂ ਨੇ ਖੋਜਿਆ ਹੈ ਕਿ ਪੌਦਿਆਂ ਅੰਦਰ 20 ਭਿੰਨ-ਭਿੰਨ ਗਿਆਨ ਇੰਦਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਆਪਣੇ ਚੁਗਿਰਦੇ ਦੀਆਂ ਜਟਿਲ ਪ੍ਰਸਥਿਤੀਆਂ ਦਾ ਨਿਰੀਖਣ ਕਰਨ ਲਈ ਵਰਤਦੇ ਹਨ | ਮੈਨਕਿਊਸੋ ਦੇ ਵਿਚਾਰ ਅਨੁਸਾਰ ਪੌਦਿਆਂ ਅੰਦਰ ਨਾ ਸਿਰਫ ਸਾਡੇ ਵਰਗੀਆਂ ਪੰਜ ਗਿਆਨ ਇੰਦਰੀਆਂ ਹੀ ਹੁੰਦੀਆਂ ਹਨ, ਸਗੋਂ ਉਨ੍ਹਾਂ ਅੰਦਰ ਵਾਧੂ ਗਿਆਨ ਇੰਦਰੀਆਂ ਵੀ ਹੁੰਦੀਆਂ ਹਨ, ਜਿਹੜੀਆਂ ਨਮੀ ਨੂੰ ਮਾਪਣ ਜਾਂ ਗੁਰੂਤਾ ਖਿੱਚ ਦਾ ਪਤਾ ਲਾਉਣ ਅਤੇ ਬਿਜਲਈ-ਚੁੰਬਕੀ ਖੇਤਰਾਂ ਨੂੰ ਭਾਂਪਣ ਵਰਗੇ ਕਾਰਜ ਵੀ ਕਰ ਸਕਦੀਆਂ ਹਨ |
ਬੋਸ ਨੇ ਪੌਦਿਆਂ ਦੀ ਨਾੜੀਤੰਤਰ ਕਾਰਜ ਵਿਧੀ, ਭਾਵ ਪੌਦਿਆਂ ਦੀ ਆਪਣੇ ਚੁਗਿਰਦੇ ਨੂੰ ਪਹਿਚਾਨਣ ਤੇ ਪ੍ਰਤੀਕਰਮ ਕਰਨ ਦੀ ਸਮਰੱਥਾ ਦੀ ਵੀ ਵਿਆਖਿਆ ਕੀਤੀ ਸੀ | ਭਾਵੇਂ ਅਜੇ ਤੱਕ ਇਹ ਸਿੱਧ ਨਹੀਂ ਹੋਇਆ ਕਿ ਪੌਦਿਆਂ ਅੰਦਰ ਕਿਸੇ ਕਿਸਮ ਦਾ ਨਾੜੀ ਤੰਤਰ ਮੌਜੂਦ ਹੁੰਦਾ ਹੈ, ਪਰੰਤੂ ਇਹ ਹਕੀਕਤ ਹੈ ਕਿ ਪੌਦੇ ਕਿਸੇ ਵੀ ਹੋਰ ਸਜੀਵ ਪਦਾਰਥਾਂ ਵਾਂਗ ਹੀ, ਭਿੰਨ-ਭਿੰਨ ਉਤੇਜਨਾਵਾਂ ਪ੍ਰਤੀ ਆਪਣੀਆਂ ਸਰੀਰਕ ਗਤੀਵਿਧੀਆਂ ਰਾਹੀਂ ਪ੍ਰਤੀਕਿਰਿਆ ਕਰਦੇ ਹਨ | ਇਸੇ ਕਰਕੇ ਹੀ, ਕੁਝ ਵਿਗਿਆਨੀ ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦਿਆਂ ਅੰਦਰ ਵੀ ਦਿਮਾਗ ਹੋ ਸਕਦਾ ਹੈ, ਜਿਹੜਾ ਉਨ੍ਹਾਂ ਨੂੰ ਪ੍ਰਤੀਕਿਰਿਆ ਕਰਨ ਲਈ ਪ੍ਰੇਰਦਾ ਹੈ | ਮੈਨਕਿਊਸੋ ਨੂੰ ਉਭਰਵਾਂ ਪ੍ਰਮਾਣ ਮਿਲਿਆ ਹੈ ਕਿ ਪੌਦਿਆਂ ਦੀ ਬੁੱਧੀ ਦੀ ਕੁੰਜੀ ਉਸਦੀ ਮੂਲ ਜੜ੍ਹ ਜਾਂ ਜੜ੍ਹ ਦੀ ਟੀਸੀ ਅੰਦਰ ਮੌਜੂਦ ਹੁੰਦੀ ਹੈ | ਮੈਨਕਿਉਸੋ ਤੇ ਉਸ ਦੇ ਸਹਿਕਰਮੀਆਂ ਨੇ ਪੌਦਿਆਂ ਦੇ ਇਸ ਹਿੱਸੇ 'ਚੋਂ ਛੱਡੇ ਗਏ ਉਹੋ ਜਿਹੇ ਹੀ ਸੰਕੇਤ ਰਿਕਾਰਡ ਕੀਤੇ ਜਿਹੋ ਜਿਹੇ ਪ੍ਰਾਣੀਆਂ ਦੇ ਦਿਮਾਗ 'ਚੋਂ ਨਿਊਰਾਨਾਂ ਵਲੋਂ ਦਿੱਤੇ ਜਾਂਦੇ ਹਨ | ਇਕੋ ਹੀ ਜੜ੍ਹ-ਟੀਸੀ ਸ਼ਾਇਦ ਬਹੁਤ ਕੁਝ ਨਾ ਕਰ ਸਕਦੀ ਹੋਵੇ, ਪਰੰਤੂ ਇਕੋ ਹੀ ਜੜ੍ਹ ਦੀ ਬਜਾਇ, ਬਹੁਤੇ ਪੌਦਿਆਂ ਦੀਆਂ ਲੱਖਾਂ ਹੀ ਨਿੱਕੀਆਂ-ਨਿੱਕੀਆਂ ਜੜ੍ਹਾਂ ਹੁੰਦੀਆਂ ਹਨ ਤੇ ਹਰ ਇਕ ਦੀ ਆਪੋ ਆਪਣੀ ਮੂਲ ਜੜ੍ਹ ਹੁੰਦੀ ਹੈ | ਤੇ ਇਹ ਪ੍ਰਤੱਖ ਹੋ ਗਿਆ ਹੈ ਕਿ ਡਾਰਵਿਨ ਹਮੇਸ਼ਾ ਮੋਟੇ ਤੌਰ 'ਤੇ ਸਹੀ ਸੀ |
ਇਉਂ ਇਕੋ ਹੀ ਸ਼ਕਤੀਸ਼ਾਲੀ ਦਿਮਾਗ਼ ਦੀ ਜਗ੍ਹਾ, ਪੌਦਿਆਂ ਅੰਦਰ ਹਿਸਾਬ ਕਿਤਾਬ ਲਾਉਣ ਵਾਲੇ ਲੱਖਾਂ ਹੀ ਨੰਨ੍ਹੇ ਢਾਂਚੇ ਹੁੰਦੇ ਹਨ ਜਿਹੜੇ ਇਕੱਠੇ ਮਿਲ ਕੇ ਇਕੋ ਹੀ ਜਟਿਲ 'ਨੈਟ ਵਰਕ' ਦਾ ਕੰਮ ਕਰਦੇ ਹਨ | ਇਕ ਇਕੱਲੇ ਪੌਦੇ ਨੂੰ ਇਕ ਬਸਤੀ ਵਾਂਗ ਸਮਝਣਾ ਜ਼ਿਆਦਾ ਬਿਹਤਰ ਹੋਵੇਗਾ | ਇਸੇ ਕਰਕੇ ਹੀ, ਪੌਦੇ ਦੇ ਕਿਸੇ ਇਕ ਪੱਤੇ ਜਾਂ ਇਕ ਜੜ੍ਹ ਦੇ ਵਿਨਾਸ਼ ਦੇ ਬਾਵਜੂਦ ਪੌਦਾ ਮਰਦਾ ਨਹੀਂ | ਇਸ ਕ੍ਰਮ-ਵਿਕਾਸ ਚੋਣ ਦੀ ਇਹ ਤਾਕਤ ਹੀ ਹੈ ਜਿਹੜੀ ਪੌਦੇ ਨੂੰ ਆਪਣੇ 90 ਫੀਸਦੀ ਜਾਂ ਇਸ ਤੋਂ ਵੀ ਵਧੇਰੇ ਜੈਵਿਕ ਬਾਲਣ ਦੇ ਵਿਨਾਸ਼ ਤੋਂ ਬਾਅਦ ਵੀ ਜਿਊਾਦਾ ਰੱਖਦੀ ਹੈ | ਇਸ ਸੰਦਰਭ 'ਚ ਮੈਨਕਿਊਸੋ ਦਾ ਵਿਚਾਰ ਹੈ, 'ਪੌਦੇ ਵੱਡੀ ਗਿਣਤੀ 'ਚ ਮੂਲ ਗਣਕਾਂ ਨਾਲ ਬਣੇ ਹੋਏ ਹੁੰਦੇ ਹਨ ਜਿਹੜੇ ਇਕ ਨੈਟ-ਵਰਕ ਦੀਆਂ ਗ੍ਰੰਥੀਆਂ ਵਜੋਂ ਅੰਤਰ ਕਿਰਿਆ ਕਰਦੇ ਹਨ | ਜੇ ਪੌਦਿਆਂ ਦਾ ਇਕੋ ਇਕ ਹੀ ਦਿਮਾਗ ਹੰੁਦਾ ਤਾਂ ਪੌਦਿਆਂ ਨੂੰ ਮਾਰਨਾ ਬਹੁਤ ਹੀ ਆਸਾਨ ਹੁੰਦਾ | ਇਕੋ ਇਕੱਲਾ ਹੀ ਅੰਗ ਜਾਂ ਕੇਂਦਰੀਕ੍ਰਿਤ ਕਾਰਜ ਵਿਵਸਥਾ ਨਾ ਹੋਣ ਦੇ ਕਾਰਨ ਹੀ ਸ਼ਾਇਦ ਪੌਦੇ ਆਪਣੀ ੍ਰਿਕਆਸ਼ੀਲਤਾ ਗੁਆਏ ਬਗੈਰ ਬਾਹਰੀ ਹਮਲੇ ਨੂੰ ਸਹਿਣ ਕਰਨ ਦੇ ਸਮਰੱਥ ਹੁੰਦੇ ਹਨ | ਇਸੇ ਕਰਕੇ ਹੀ ਪੌਦਿਆਂ ਅੰਦਰ ਦਿਮਾਗ ਨਹੀਂ ਹੁੰਦਾ : ਇਸ ਕਰਕੇ ਨਹੀਂ ਕਿ ਉਹ ਬੁੱਧੀਮਾਨ ਨਹੀਂ ਹੁੰਦੇ, ਸਗੋਂ ਇਸ ਕਰਕੇ ਕਿ ਉਹ ਇਸ ਨਾਲ ਦੁਰਬਲ-ਨਿਤਾਣੇ ਹੋ ਜਾਣੇ ਸਨ |'
ਪੌਦਿਆਂ ਦੇ ਵੀ ਅਧਿਕਾਰ ਹਨ
ਅਰਸਤੂ ਦੇ ਯੁੱਗ ਤੋਂ ਹੀ ਅਸੀਂ ਭਲੀ-ਭਾਂਤ ਜਾਣੂ ਹਾਂ ਕਿ ਪੌਦੇ ਸਜੀਵ ਪਦਾਰਥ ਹੀ ਹਨ | ਡਾਰਵਿਨ ਤੋਂ ਲੈ ਕੇ ਬੋਸ ਤੱਕ ਦੀਆਂ ਲਿਖਤਾਂ ਅਤੇ ਉਸ ਤੋਂ ਬਾਅਦ ਦੇ ਪ੍ਰਮਾਣਾਂ ਦੇ ਆਧਾਰ 'ਤੇ ਅਣੂ ਜੀਵ ਵਿਗਿਆਨ ਦੇ ਤਾਜ਼ਾ ਰੁਝਾਨ ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦੇ ਆਪਣੀ ਵਿਲੱਖਣ ਸੰਵੇਦਨਾ ਰੱਖਦੇ ਹਨ | ਉਹ ਹੋਰਨਾਂ ਜੀਵਾਂ ਵਾਂਗ ਕਿਸੇ ਵੀ ਉਤੇਜਨਾ ਨੂੰ ਮਹਿਸੂਸ ਕਰਦੇ ਹਨ ਜਾਂ ਆਪਣੀ ਦਰਦ ਪ੍ਰਤੀਕਿਰਿਆ ਨੂੰ ਵੀ ਪ੍ਰਸਾਰਿਤ ਕਰਦੇ ਹਨ | ਇਥੋਂ ਤੱਕ ਕਿ ਉਹ ਪਰਉਪਕਾਰਤਾ ਵੀ ਦਿਖਾਉਂਦੇ ਹਨ, ਇਕ ਹਮਦਰਦੀ ਤੇ ਨਿਰਸੁਆਰਥ ਦੀ ਭਾਵਨਾ ਜਿਸਦਾ ਉਹ ਹੋਰਨਾਂ ਪੌਦਿਆਂ ਦੇ ਜਿਊਾਦੇ ਰਹਿਣ ਤੇ ਦੁਸ਼ਵਾਰੀਆਂ ਨਾਲ ਸਿੱਝਣ 'ਚ ਮਦਦ ਵਜੋਂ ਇਜ਼ਹਾਰ ਕਰਦੇ ਹਨ | ਤਾਂ ਫਿਰ, ਪੌਦੇ ਅਧਿਕਾਰਾਂ ਤੋਂ ਕਿਉਂ ਵਾਂਝੇ ਰਹਿਣ? ਸਵਿਟਜਰਲੈਂਡ ਸਰਕਾਰ ਨੇ ਸਭ ਤੋਂ ਪਹਿਲਾਂ 2008 'ਚ 'ਪੌਦਿਆਂ ਦੇ ਅਧਿਕਾਰਾਂ ਦਾ ਕਾਨੂੰਨ' ਪਾਸ ਕੀਤਾ ਹੈ | ਇਸ ਕਾਨੂੰਨ ਦਾ ਤੱਤਸਾਰ ਇਹ ਹੈ ਕਿ ਪੌਦਿਆਂ ਦੇ ਵੀ, ਆਪਣੀ ਸੁਰੱਖਿਆ ਦੇ ਨੈਤਿਕ ਤੇ ਕਾਨੂੰਨੀ ਅਧਿਕਾਰ ਹਨ, ਅਤੇ ਸਵਿਸ ਨਾਗਰਿਕਾਂ ਨੂੰ ਪੌਦਿਆਂ ਨਾਲ ਉਚਿੱਤ ਵਿਵਹਾਰ ਕਰਨਾ ਹੋਵੇਗਾ |
ਪਰ ਇਸ ਦਾ ਆਮ ਨਾਗਰਿਕ ਲਈ ਕੀ ਅਰਥ ਹੈ? ਜਦ ਸਾਨੂੰ ਉਸ ਵਧ ਰਹੇ ਸੰਕਟ ਬਾਰੇ ਸੋਚ ਵਿਚਾਰ ਕਰਨ ਲਈ ਕਿਹਾ ਜਾਂਦਾ ਹੈ ਜਿਹੜਾ ਪੌਦਿਆਂ ਲਈ ਖ਼ਤਰਾ ਬਣਿਆ ਹੋਇਆ ਹੈ, ਤਾਂ ਅਸੀਂ ਇਸ ਪ੍ਰਤੀ ਬੇਵਾਸਤਾ ਰਹਿਣ ਨੂੰ ਤਰਜੀਹ ਦਿੰਦੇ ਹਾਂ | ਪਰੰਤੂ ਸੁਆਲ ਇਹ ਹੈ ਕਿ ਕੀ ਸਾਨੂੰ ਉਨ੍ਹਾਂ ਮੂਕ ਪ੍ਰਾਣੀਆਂ ਪ੍ਰਤੀ ਕੋਈ ਸਰੋਕਾਰ ਨਹੀਂ ਰੱਖਣਾ ਬਣਦਾ ਜਿਨ੍ਹਾਂ ਨੇ ਬਨਸਪਤੀ-ਪ੍ਰਾਣੀ ਸਾਂਝ ਬਣਨ ਦੇ ਪਹਿਲੇ ਹੀ ਦਿਨ ਤੋਂ ਕੁਦਰਤੀ ਤੇ ਮਾਨਵ-ਨਿਰਮਤ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਆਪਣੇ-ਆਪ ਨੂੰ ਜਿਉਂਦੇ ਰੱਖਿਆ ਹੈ? ਇਕ ਮੁੱਦਾ ਹੋਰ ਵੀ ਹੈ | ਹੁਣ ਜਦ ਸਾਨੂੰ ਇਹ ਪਤਾ ਹੈ ਕਿ ਪੌਦਿਆਂ ਅੰਦਰ ਵੀ ਭਾਵਨਾਵਾਂ ਹੁੰਦੀਆਂ ਹਨ ਤੇ ਉਹ ਪ੍ਰਾਣੀਆਂ ਵਾਂਗ ਬੁੱਧੀ ਵੀ ਰਖਦੇ ਹਨ ਤਾਂ ਕੀ ਇਹ ਕਹਿਣਾ ਵਾਜਬ ਹੋਵੇਗਾ ਕਿ ਪ੍ਰਾਣੀਆਂ ਦੀ ਬੇਵਜ੍ਹਾ ਹੱਤਿਆ ਕਰਨ ਤੋਂ ਬਚਣ ਲਈ ਸ਼ਾਕਾਹਾਰ ਅਪਣਾਇਆ ਜਾਵੇ? ਕੀ ਇਹ ਕਰੂਰਤਾ ਨਹੀਂ ਹੈ, ਜਦਕਿ ਅਸੀਂ ਇਸ 'ਤੇ ਸਹਿਮਤ ਹਾਂ ਕਿ ਪੌਦੇ, ਪ੍ਰਾਣੀ ਜਗਤ ਦਾ ਹੀ ਸਮਰੂਪ ਹੈ?
ਸਮਾਪਤੀ ਟਿੱਪਣੀ : ਜੇ ਅਸੀਂ ਇਨ੍ਹਾਂ ਸਾਰੀਆਂ ਵਿਚਾਰ-ਚਰਚਾਵਾਂ ਨੂੰ ਪਾਸੇ ਵੀ ਰੱਖ ਦੇਈਏ ਕਿ ਕੀ ਪੌਦਿਆਂ ਅੰਦਰ ਬੁੱਧੀ ਜਾਂ ਸੰਵੇਦਨਾ ਹੁੰਦੀ ਹੈ ਜਾਂ ਮਨੁੱਖਾਂ ਵਾਂਗ ਆਪਣੀ ਹੋਂਦ ਕਾਇਮ ਰੱਖਣ ਲਈ ਕੀ ਉਨ੍ਹਾਂ ਦੇ ਵੀ ਕੋਈ ਅਧਿਕਾਰ ਹੋਣੇ ਚਾਹੀਦੇ ਹਨ, ਫਿਰ ਵੀ ਅਸੀਂ ਇਸ ਸਹਿਜ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਜੇ ਪੌਦਿਆਂ ਦੀ ਹੋਂਦ ਮਿਟ ਗਈ ਤਾਂ ਸਾਡੀ ਹੋਂਦ ਵੀ ਨਾਲ ਹੀ ਮਿਟ ਜਾਵੇਗੀ |
(ਸਰੋਤ: ਮਹੀਨਾਵਾਰ ਪੱਤਿ੍ਕਾ Dream 2047)
(ਸਮਾਪਤ)

-ਅਨੁ: ਤੇ ਪੇਸ਼ਕਸ: ਯਸ਼ ਪਾਲ
203/13 ਮੋਹਾਲੀ ਇੰਪ. ਕੋਆਪ. ਸੋਸਾਇਟੀ, ਸੈਕਟਰ 68, ਮੋਹਾਲੀ |
ਫੋਨ : 98145-35005.
ਈਮੇਲ: yashpal.vargchetna@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX