ਤਾਜਾ ਖ਼ਬਰਾਂ


ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ ਦਰਜਨ ਭਰ ਲੋਕਾਂ ਖਿਲਾਫ ਮਾਮਲਾ ਦਰਜ
. . .  1 day ago
ਮਮਦੋਟ ,17 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਵੱਲੋਂ ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਟ੍ਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਨੂੰ ਥਾਣੇ ਬੰਦ ਕਰ ਲਿਆ
ਨਰਾਇਣਗੜ੍ਹ ਦੇ ਪਿੰਡ ਸੌਂਤਲੀ ਦੇ ਤਲਾਬ 'ਚ 3 ਬੱਚਿਆ ਦੇ ਡੁੱਬਣ ਨਾਲ ਮੌਤ
. . .  1 day ago
ਭਾਰਤ ਦੀਆਂ ਵੱਖ-ਵੱਖ ਨਦੀਆਂ 'ਚ ਵਹਾਈਆਂ ਜਾਣਗੀਆਂ ਅਟਲ ਜੀ ਦੀਆਂ ਅਸਥੀਆਂ
. . .  1 day ago
ਨਵੀਂ ਦਿੱਲੀ, 17 ਅਗਸਤ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਰਮ ਭੂਮੀ ਹੈ। ਉਨ੍ਹਾਂ ...
ਸਿੱਖਾਂ 'ਤੇ ਹੋ ਰਹੇ ਹਮਲੇ : ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 17 ਅਗਸਤ- ਅਮਰੀਕਾ 'ਚ ਬੀਤੇ ਦਿਨ ਸਿੱਖ ਵਿਅਕਤੀ 'ਤੇ ਹਮਲੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ 'ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ....
ਪਾਕਿ ਨੈਸ਼ਨਲ ਅਸੈਂਬਲੀ ਨੇ ਇਮਰਾਨ ਖਾਨ ਨੂੰ ਚੁਣਿਆ ਪ੍ਰਧਾਨ ਮੰਤਰੀ
. . .  1 day ago
ਇਸਲਾਮਾਬਾਦ, 17 ਅਗਸਤ -ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵੋਟ ਦੇ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਨੂੰ 176 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ...
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ...
ਅਮਰੀਕਾ 'ਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
. . .  1 day ago
ਵਾਸ਼ਿੰਗਟਨ, 17 ਅਗਸਤ- ਅਮਰੀਕਾ 'ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ 'ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ 'ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ 'ਚ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਨਮਿਤਾ ਭੱਟਾਚਾਰੀਆ ਨੇ...
ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਸਮ੍ਰਿਤੀ ਸਥਲ ਪਹੁੰਚ ਗਈ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਹੋਰ ਖ਼ਬਰਾਂ..
  •     Confirm Target Language  

ਸਾਡੀ ਸਿਹਤ

ਬੱਚਿਆਂ ਨੂੰ ਟੌਫੀ, ਚਾਕਲੇਟ ਤੋਂ ਬਚਾਓ

ਮਾਤਾ-ਪਿਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੌਫੀ, ਚਾਕਲੇਟ ਬੱਚਿਆਂ ਲਈ ਬੇਹੱਦ ਹਾਨੀਕਾਰਕ ਹੈ। ਇਨ੍ਹਾਂ ਵਿਚ ਕੋਈ ਪੋਸ਼ਕ ਤੱਤ ਨਹੀਂ ਹੈ। ਬੱਚਿਆਂ ਵਿਚ ਕਈ ਛੋਟੀਆਂ-ਛੋਟੀਆਂ ਬਿਮਾਰੀਆਂ ਟੌਫੀ, ਚਾਕਲੇਟ ਖਾਣ ਨਾਲ ਹੁੰਦੀਆਂ ਹਨ ਜਿਵੇਂ ਮੂੰਹ ਵਿਚੋਂ ਬਦਬੂ ਆਉਣਾ, ਜੀਭ 'ਤੇ ਮੈਲ ਜਮ੍ਹਾਂ ਹੋਣੀ, ਪੇਟ ਵਿਚ ਕੀੜੇ ਹੋਣਾ, ਖੰਘ, ਗਲੇ ਵਿਚ ਘਰਘਰਾਹਟ ਆਦਿ। ਜ਼ਿਆਦਾ ਮਿੱਠੀਆਂ ਚੀਜ਼ਾਂ ਖਾਂਦੇ ਰਹਿਣਾ ਦੰਦਾਂ ਲਈ ਬਹੁਤ ਨੁਕਸਾਦਾਇਕ ਹੈ।
ਮਾਤਾ-ਪਿਤਾ ਨੂੰ ਟੌਫੀ, ਚਾਕਲੇਟ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਬੱਚਿਆਂ ਨੂੰ ਦੱਸਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਸਭ ਚੀਜ਼ਾਂ ਖਾਣ ਤੋਂ ਸਾਵਧਾਨ ਕਰਦੇ ਰਹਿਣਾ ਚਾਹੀਦਾ ਹੈ।
ਕੁਝ ਅਜਿਹੀਆਂ ਵੀ ਟੌਫੀਆਂ, ਚਾਕਲੇਟਾਂ ਹੁੰਦੀਆਂ ਹਨ, ਜੋ ਦੰਦਾਂ ਨਾਲ ਚਿਪਕ ਜਾਂਦੀਆਂ ਹਨ। ਬੱਚੇ ਉਨ੍ਹਾਂ ਨੂੰ ਲਾਹੁਣ ਲਈ ਵਾਰ-ਵਾਰ ਮੂੰਹ ਵਿਚ ਉਂਗਲੀ ਪਾਉਂਦੇ ਹਨ, ਜਿਸ ਨਾਲ ਉਂਗਲੀ 'ਤੇ ਲੱਗੀ ਧੂੜ-ਮਿੱਟੀ ਮੂੰਹ ਵਿਚ ਚਲੇ ਜਾਂਦੀ ਹੈ ਅਤੇ ਸੰਕ੍ਰਮਣ ਵੀ ਹੋ ਜਾਂਦਾ ਹੈ। ਟੌਫੀ, ਚਾਕਲੇਟ ਦੇਣ ਦੀ ਬਜਾਏ ਬੱਚਿਆਂ ਨੂੰ ਫਲ, ਬਿਸਕੁਟ, ਜੂਸ, ਮੇਵਾ ਜਾਂ ਤਾਜ਼ੀ ਮਠਿਆਈ ਦੇਣੀ ਚਾਹੀਦੀ ਹੈ। ਇਹ ਸਭ ਚੀਜ਼ਾਂ ਘਰ ਵਿਚ ਰੱਖੋ ਤਾਂ ਬਹੁਤ ਵਧੀਆ ਹੈ। ਜਦੋਂ ਵੀ ਬੱਚਾ ਟੌਫੀ ਮੰਗੇ, ਉਦੋਂ ਇਹ ਸਭ ਚੀਜ਼ਾਂ ਹੀ ਦਿਓ। ਇਸ ਤਰ੍ਹਾਂ ਬੱਚਿਆਂ ਨੂੰ ਟੌਫੀ ਜਾਂ ਚਾਕਲੇਟ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ।
ਇਹ ਸਭ ਚੀਜ਼ਾਂ ਬੇਹੱਦ ਪੋਸ਼ਟਿਕ ਵੀ ਹੁੰਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਟੌਫੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਬੱਚੇ ਵੀ ਟੌਫੀ, ਚਾਕਲੇਟ ਦੀ ਬਜਾਏ ਇਨ੍ਹਾਂ ਚੀਜ਼ਾਂ ਨੂੰ ਬੜੇ ਚਾਅ ਨਾਲ ਖਾਣਗੇ।


ਖ਼ਬਰ ਸ਼ੇਅਰ ਕਰੋ

ਹੱਸਣਾ, ਮੁਸਕਰਾਉਣਾ ਹੈ ਸਭ ਤੋਂ ਵਧੀਆ ਦਵਾਈ

ਹੱਸਣ ਦਾ ਅਭਿਆਸ ਕਰਨ ਨਾਲ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ। ਹੱਸਦੇ ਹੋਏ ਚਿਹਰੇ ਨਾਲ ਦੂਜੇ ਵੀ ਆਕਰਸ਼ਿਤ ਹੁੰਦੇ ਹਨ। ਜੇਕਰ ਤੁਸੀਂ ਰੋਣੀ ਸੂਰਤ ਬਣਾਏ ਕਿਤੇ ਪਹੁੰਚ ਜਾਓ ਤਾਂ ਕੋਈ ਦੋ ਗੱਲਾਂ ਕਰਨਾ ਵੀ ਪਸੰਦ ਨਹੀਂ ਕਰੇਗਾ। ਮੁਸਕਰਾਹਟ ਭਰੇ ਚਿਹਰੇ ਵਿਚ ਆਤਮ-ਵਿਸ਼ਵਾਸ ਝਲਕਦਾ ਹੈ ਜੋ ਸਾਨੂੰ ਹਰ ਸਮੇਂ ਸਫ਼ਲਤਾ ਪ੍ਰਦਾਨ ਕਰਦਾ ਹੈ।
ਮੁਸਕਰਾਹਟ ਕੁਦਰਤ ਦੀ ਸਭ ਤੋਂ ਵਧੀਆ ਦਵਾਈ ਹੈ। ਇਸ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਖੂਨ ਸੰਚਾਰ ਤੇਜ਼ ਹੁੰਦਾ ਹੈ। ਪਾਚਣਤੰਤਰ ਸਰਗਰਮ ਹੋ ਕੇ ਸਾਨੂੰ ਸਿਹਤਮੰਦ ਬਣਾਉਂਦਾ ਹੈ। ਹੱਸਣ ਨਾਲ ਸਰੀਰ ਵਿਚ ਆਕਸੀਜਨ ਦਾ ਵਾਧਾ ਹੁੰਦਾ ਹੈ। ਚਿਹਰੇ ਵਿਚ ਸੁਧਾਰ ਆਉਂਦਾ ਹੈ। ਜੇਕਰ ਤੁਹਾਨੂੰ ਸੁੰਦਰ ਸਿਹਤ ਅਤੇ ਜਿਊਂਦੀ ਸ਼ਖ਼ਸੀਅਤ ਦੀ ਜ਼ਰੂਰਤ ਹੈ ਤਾਂ ਮੁਸਕਰਾਉਣਾ ਸਿੱਖੋ।
ਮੁਸਕਰਾਹਟ ਤਿੰਨ ਤਰ੍ਹਾਂ ਦੀ ਹੁੰਦੀ ਹੈ-ਪਹਿਲੀ 'ਸੀਮਤ' ਭਾਵ ਬੁਲ੍ਹਾਂ ਵਿਚ ਹੌਲੀ ਜਿਹੇ ਮੁਸਕਰਾਉਣਾ, ਦੂਜਾ 'ਹੰਸਿਤ' ਭਾਵ ਮੁਸਕਰਾਉਂਦੇ ਹੋਏ ਦੰਦਾਂ ਦੀ ਝਲਕ ਵੀ ਦਿਖਾਉਣਾ, ਤੀਜਾ 'ਵਿਹੰਸਿਤ' ਜੋ ਠਹਾਕੇਦਾਰ ਹਾਸਾ ਹੈ, ਜਿਸ ਵਿਚ ਦੰਦਾਂ ਦੀ ਝਲਕ ਦੇ ਨਾਲ-ਨਾਲ ਮਧੁਰ ਆਵਾਜ਼ ਵੀ ਨਿਕਲਦੀ ਹੈ। ਮੁਸਕਰਾਹਟ ਨਾਲ ਸਾਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ :-
* ਇਹ ਇਸ ਤਰ੍ਹਾਂ ਦੀ ਦਵਾਈ ਹੈ ਜੋ ਸਾਡੇ ਪੂਰੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦੀ ਹੈ, ਸਾਡੇ ਮਨ ਦਿਮਾਗ਼ ਨੂੰ ਵੀ ਤਰੋ-ਤਾਜ਼ਾ ਕਰ ਕੇ ਆਤਮ-ਵਿਸ਼ਵਾਸ ਦਾ ਸੰਚਾਰ ਕਰਦੀ ਹੈ।
* ਹੱਸਮੁਖ ਵਿਅਕਤੀ ਆਪਣੀ ਅਸਲ ਉਮਰ ਤੋਂ ਘੱਟ ਦਿਸਦੇ ਹਨ ਅਤੇ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹਨ।
* ਕਿਸੇ ਨਾਲ ਦੋਸਤੀ ਕਾਇਮ ਕਰਨਾ ਹੋਵੇ ਤਾਂ ਮੁਸਕਰਾਹਟ ਪੁਲ ਦਾ ਕੰਮ ਕਰਦੀ ਹੈ।
* ਮੁਸਕਰਾਹਟ ਵਿਵਹਾਰਕ ਜੀਵਨ ਲਈ ਅਤਿ ਜ਼ਰੂਰੀ ਹੈ। ਇਸ ਮੁਸਕਰਾਹਟ ਨਾਲ ਮਹਿਮਾਨ ਅਤੇ ਮੇਜ਼ਬਾਨ ਦੋਵਾਂ ਨੂੰ ਹੀ ਅਨੰਦ ਮਿਲਦਾ ਹੈ। ਭਾਵ ਅਸੀਂ ਰੁੱਖਾ ਅਤੇ ਸਪਾਟ ਚਿਹਰਾ ਲਏ ਮਹਿਮਾਨਾਂ ਦਾ ਸਵਾਗਤ ਕਰੀਏ ਤਾਂ ਸਵਾਦੀ ਖਾਣਾ ਵੀ ਬੇਸਵਾਦਾ ਲੱਗਣ ਲੱਗਦਾ ਹੈ ਅਤੇ ਨੀਰਸ ਵਾਤਾਵਰਨ ਤੋਂ ਅੱਕ ਕੇ ਮਹਿਮਾਨ ਬਿਨਾਂ ਖਾਧੇ-ਪੀਤੇ ਹੀ ਵਾਪਸ ਜਾਣਗੇ, ਦੁਬਾਰਾ ਆਉਣਾ ਨਹੀਂ ਚਾਹੁਣਗੇ।
* ਹੱਸਮੁੱਖ ਚਿਹਰੇ ਵਾਲੀ ਦੁਲਹਨ ਸਹੁਰੇ ਘਰ ਦੇ ਹਰ ਮੈਂਬਰ ਦੀ ਆਤਮਾ ਬਣ ਜਾਂਦੀ ਹੈ ਜਦੋਂ ਕਿ ਗੁੱਸੇਖੋਰ ਉਨ੍ਹਾਂ ਨੂੰ ਆਪਣੇ ਤੋਂ ਦੂਰ ਕਰ ਦਿੰਦੀ ਹੈ।
* ਮੁਸਕਰਾਹਟ ਨਾਲ ਭਰਿਆ ਸਾਧਾਰਨ ਚਿਹਰਾ ਵੀ ਨਾਰੀ ਨੂੰ ਬੇਹੱਦ ਸੁੰਦਰ ਬਣਾ ਦਿੰਦਾ ਹੈ ਅਤੇ ਉਹ ਸਾਰਿਆਂ ਦੇ ਆਕਰਸ਼ਨ ਦਾ ਕੇਂਦਰ ਬਣ ਜਾਂਦੀ ਹੈ।
* ਮੁਸਕਰਾਉਂਦੇ ਹੋਏ ਲੋਕਾਂ ਵਿਚ ਗੰਭੀਰ ਵਿਅਕਤੀਆਂ ਦੀ ਤੁਲਨਾ ਰੋਗ ਪ੍ਰਤੀਰੋਧੀ ਤਾਕਤ ਜ਼ਿਆਦਾ ਹੁੰਦੀ ਹੈ।
* ਮੁਸਕਰਾਹਟ ਵਿਅਕਤੀ ਨੂੰ ਨਿਖਾਰਦੀ ਹੈ। ਜੇਕਰ ਕਿਸੇ ਮੁਲਾਕਾਤ ਸਮੇਂ ਮੁਸਕਰਾਉਂਦੇ ਹੋਏ ਖ਼ੁਦ ਨੂੰ ਪੇਸ਼ ਕਰੀਏ ਤਾਂ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਮੁਸਕਾਨ ਸੁਖੀ ਅਤੇ ਸਫਲ ਜੀਵਨ ਦਾ ਵੀ ਪ੍ਰਤੀਕ ਹੈ।
* ਮੁਸਕਰਾਹਟ ਥਕਾਨ ਲਾਹੁਣ ਦੀ ਬੇਜੋੜ ਦਵਾਈ ਹੈ। ਹੱਸਦਾ ਹੋਇਆ ਵਿਅਕਤੀ ਆਪਣੀ ਥਕਾਨ ਨੂੰ ਤਾਂ ਉਤਾਰਦਾ ਹੀ ਹੈ ਨਾਲ ਹੀ ਆਂਢ-ਗੁਆਂਢ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਨੀਂਦ ਦੀ ਗੋਲੀ ਨਾਲ ਬੇਵਕਤੀ ਮੌਤ ਦਾ ਖ਼ਤਰਾ

ਅੱਜ ਜਿਸ ਨੂੰ ਦੇਖੋ, ਉਹ ਨੀਂਦ ਨਾ ਆਉਣ, ਨੀਂਦ ਹਲਕੀ ਆਉਣ, ਨੀਂਦ ਪੂਰੀ ਨਹੀਂ ਹੋਣ ਦੀ ਸਥਿਤੀ ਤੋਂ ਪ੍ਰੇਸ਼ਾਨ ਹੈ। ਅਜਿਹੇ ਲੋਕ ਭਰਪੂਰ ਨੀਂਦ ਅਤੇ ਲਾਭ ਲਈ ਨੀਂਦ ਦੀ ਗੋਲੀ ਖਾਣ ਨੂੰ ਸੌਖਾ ਤਰੀਕਾ ਸਮਝਦੇ ਹਨ। ਸਿਨੇਸਟਾਰ ਸੈਲੀਬ੍ਰਿਟੀ ਤੋਂ ਲੈ ਕੇ ਸਾਧਾਰਨ ਵਿਅਕਤੀ ਵੀ ਅਜਿਹਾ ਕਰਦਾ ਹੈ। ਬਿਨਾਂ ਅੱਗੇ-ਪਿੱਛੇ ਸੋਚੇ ਧੜੱਲੇ ਨਾਲ ਨੀਂਦ ਦੀ ਗੋਲੀ ਖਾਣਾ ਅੱਗੇ ਘਾਤਕ ਹੋ ਸਕਦਾ ਹੈ। ਇਕ ਖੋਜ ਮੁਤਾਬਿਕ ਨੀਂਦ ਦੀ ਗੋਲੀ ਨੂੰ ਲਗਾਤਾਰ ਲੈਣ ਨਾਲ ਬੇਵਕਤੀ ਮੌਤ ਦਾ ਖ਼ਤਰਾ 30 ਤੋਂ 35 ਫ਼ੀਸਦੀ ਵਧ ਜਾਂਦਾ ਹੈ। ਧਿਆਨ ਰੱਖੋ, ਨੀਂਦ ਵਿਕਾਰ ਦੂਰ ਕਰਨ ਲਈ ਗੋਲੀ ਕੋਈ ਆਦਰਸ਼ ਦਵਾਈ ਨਹੀਂ ਹੈ। ਇਸ ਨਾਲ ਅਣਕਿਆਸਿਆ ਮਾੜਾ ਪ੍ਰਭਾਵ ਸਾਹਮਣੇ ਆਉਂਦਾ ਹੈ।

ਸਿਹਤ ਲਈ ਚੰਗੀ ਹੈ ਸਾਈਕਲ ਕਸਰਤ

ਸਿਹਤ ਲਈ ਚੰਗੀ ਹੈ ਸਾਈਕਲ ਕਸਰਤ ਸਾਈਕਲ 'ਤੇ ਕਸਰਤ ਕਰਨ ਨਾਲ ਨਾ ਸਿਰਫ਼ ਸਰੀਰ ਚੁਸਤ ਦਰੁਸਤ ਰਹਿੰਦਾ ਹੈ ਬਲਕਿ ਦਿਲ ਵਿਚ ਖੂਨ ਸੰਚਾਰ ਵੀ ਸਹੀ ਰਹਿੰਦਾ ਹੈ ਪਰ ਘਰ ਦੇ ਅੰਦਰ ਸਾਈਕਲ 'ਤੇ ਕਸਰਤ ਕਰਨ ਨਾਲ ਸਾਵਧਾਨੀ ਵੀ ਬਹੁਤ ਵਰਤਣੀ ਪੈਂਦੀ ਹੈ। ਇਸ ਨੂੰ ਠੀਕ ਢੰਗ ਨਾਲ ਕੀਤਾ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਇਸ ਦਾ ਬੁਰਾ ਅਸਰ ਵੀ ਪੈ ਸਕਦਾ ਹੈ।
ਸਾਈਕਲ 'ਤੇ ਕਸਰਤ ਦੇ ਚਾਰ ਮੁੱਖ ਢੰਗ :
ਚੜਾਈ : ਇਹ ਸਾਈਕਲ 'ਤੇ ਕਸਰਤ ਦਾ ਸਭ ਤੋਂ ਪਹਿਲਾ ਤਰੀਕਾ ਹੈ। ਇਸ ਨਾਲ ਕੈਲੋਰੀ ਘੱਟ ਹੋ ਜਾਂਦੀ ਹੈ ਅਤੇ ਸਰੀਰ ਗਰਮ ਹੋ ਜਾਂਦਾ ਹੈ ਪਰ ਇਸ ਨੂੰ ਕਰਨ ਤੋਂ ਪਹਿਲਾਂ ਸੀਟ 'ਤੇ ਬੈਠ ਜਾਣਾ ਚਾਹੀਦਾ। ਫਿਰ ਥੋੜ੍ਹਾ ਅੱਗੇ ਵਲ ਝੁਕ ਜਾਣਾ ਚਾਹੀਦਾ ਅਤੇ ਕੋਹਣੀ ਨੂੰ ਸਰੀਰ ਦੀ ਸੇਧ ਵਿਚ ਰੱਖਣਾ ਚਾਹੀਦਾ ਹੈ ਅਤੇ ਮੋਢਿਆਂ ਨੂੰ ਢਿੱਲਾ ਛੱਡ ਦੇਣਾ ਚਾਹੀਦਾ। ਇਸ ਤਰ੍ਹਾਂ ਘੱਟ ਤੋਂ ਘੱਟ 5-10 ਮਿੰਟ ਸਾਈਕਲ ਚਲਾਉਣਾ ਚਾਹੀਦਾ ਹੈ।
ਟੱਪਣਾ : ਇਸ ਵਿਚ ਕਈ ਸੀਟ ਛੱਡ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਇਕ ਤਰ੍ਹਾਂ ਨਾਲ ਟੱਪਦੇ ਹੋਏ ਪੈਡਲ ਚਲਾਉਂਦੇ ਹਨ। ਇਸ ਤਰ੍ਹਾਂ ਲੱਤਾਂ, ਬਾਹਾਂ ਅਤੇ ਮੋਢਿਆਂ ਦੀ ਵੀ ਚੰਗੀ ਕਸਰਤ ਹੋ ਜਾਂਦੀ ਹੈ। ਇਸ ਵਿਚ 30 ਸੈਕਿੰਡ ਤੋਂ 2 ਮਿੰਟ ਵਿਚਾਲੇ ਘੱਟ ਤੋਂ ਘੱਟ 80 ਚੱਕਰ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸਾਈਕਲ ਨੂੰ ਚਲਾਇਆ ਜਾਣਾ ਚਾਹੀਦਾ। ਇਸ ਵਿਚ ਪੂਰੇ ਸਰੀਰ ਦਾ ਭਾਰ ਤੁਹਾਨੂੰ ਆਪਣੀਆਂ ਲੱਤਾਂ 'ਤੇ ਚੁੱਕੇ ਹੋਏ ਪੈਡਲ ਚਲਾਉਣੇ ਹੁੰਦੇ ਹਨ। ਇਸ ਲਈ ਹਰ ਇਕ ਮਿੰਟ ਦੇ ਬਾਅਦ ਪਿੱਛੇ ਵਾਲੇ ਪਾਸੇ ਖਿਸਕ ਕੇ ਬੈਠ ਜਾਣਾ ਚਾਹੀਦਾ ਹੈ ਅਤੇ ਇਸੇ ਅਵਸਥਾ ਵਿਚ 2-3 ਮਿੰਟ ਤੱਕ ਸਾਈਕਲ ਚਲਾਉਂਦੇ ਰਹਿਣਾ ਚਾਹੀਦਾ। ਫਿਰ ਉੱਠ ਕੇ ਇਕ ਮਿੰਟ ਤੱਕ ਸਾਈਕਲ ਚਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਪ੍ਰਕਿਰਿਆ 5-10 ਵਾਰ ਦੁਹਰਾਓ। ਇਸ ਨਾਲ ਦਿਲ ਦੀ ਰਫ਼ਤਾਰ ਤਾਂ ਕੰਟਰੋਲ ਵਿਚ ਹੁੰਦੀ ਹੀ ਹੈ, ਲੱਤਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
ਖੜ੍ਹਾ ਹੋਣਾ : ਇਸ ਵਿਚ ਸਾਈਕਲ ਦੀ ਰਫ਼ਤਾਰ (60-ਆਰ. ਪੀ. ਐਮ.) 'ਤੇ ਰੱਖਣੀ ਚਾਹੀਦੀ ਅਤੇ ਸਿੱਧੇ ਖੜ੍ਹੇ ਹੋ ਕੇ ਆਪਣੇ ਸਰੀਰ ਦੇ ਭਾਰ ਦੀ ਵਰਤੋਂ ਕਰਦੇ ਹੋਏ ਪੈਡਲ ਨੂੰ ਦਬਾਉਣਾ ਚਾਹੀਦਾ। ਇਸ ਤਰ੍ਹਾਂ ਵਾਰੀ ਵਾਰੀ ਨਾਲ ਪੈਡਲ ਦਬਾਉਂਦੇ ਰਹਿਣਾ ਚਾਹੀਦਾ। ਫਿਰ 1 ਤੋਂ 2 ਮਿੰਟ ਤੱਕ ਚਲਾਉਣ ਦੇ ਬਾਅਦ ਪਹਿਲੀ ਅਵਸਥਾ ਵਿਚ ਬੈਠ ਕੇ ਚਲਾਉਣਾ ਚਾਹੀਦਾ, ਫਿਰ ਉੱਠ ਕੇ ਇਸ ਨੂੰ ਦੋਹਰਾਉਣਾ ਚਾਹੀਦੇ ਹਨ। ਇਸ ਤਰ੍ਹਾਂ ਘੱਟ ਤੋਂ ਘੱਟ 5 ਵਾਰ ਕਰਨਾ ਚਾਹੀਦਾ।
ਪਿੱਛੇ ਬੈਠਣਾ : ਇਸ ਵਿਚ ਤੁਸੀਂ ਆਪਣੇ ਆਪ ਨੂੰ ਜਿੰਨਾ ਹੋ ਸਕੇ ਪਿੱਛੇ ਤੱਕ ਲੈ ਜਾਓ ਅਤੇ ਫਿਰ ਪੈਡਲ ਚਲਾਉਣਾ ਸ਼ੁਰੂ ਕਰੋ। ਇਸ ਵਿਚ ਧਿਆਨ ਇਹ ਦੇਣਾ ਚਾਹੀਦਾ ਕਿ ਪੈਡਲ ਨੂੰ ਹੇਠਾਂ ਦਬਾਉਣ ਦੀ ਬਜਾਏ ਅੱਗੇ ਵਾਲੇ ਪਾਸੇ ਜ਼ਿਆਦਾ ਦਬਾਉਣਾ ਚਾਹੀਦਾ। ਇਸ ਨਾਲ ਚਿੱਤੜਾਂ ਦੀ ਕਸਰਤ ਹੁੰਦੀ ਹੈ। ਇਸ ਤਰ੍ਹਾਂ 3-4 ਮਿੰਟ ਤੱਕ ਚਲਾਉਣ ਦੇ ਬਾਅਦ ਫਿਰ ਤੋਂ ਚੜ੍ਹਾਈ ਵਾਲੀ ਅਵਸਥਾ ਵਿਚ ਆ ਜਾਣਾ ਚਾਹੀਦਾ ਅਤੇ 5 ਵਾਰ ਇਸ ਪ੍ਰਕਿਰਿਆ ਨੂੰ ਦੁਹਰਾਉਣਾ ਚਾਹੀਦਾ ਹੈ।


-ਸਨੋਜ ਕੁਮਾਰ

ਘਾਤਕ ਹੈ ਮਠਿਆਈਆਂ 'ਤੇ ਲੱਗਿਆ ਚਾਂਦੀ ਦਾ ਵਰਕ

ਪ੍ਰਾਚੀਨ ਕਾਲ ਵਿਚ ਸ਼ੁੱਧ ਵਰਕ ਬਣਾਉਣ ਵਾਲੇ ਪੁਸ਼ਤੈਨੀ ਕਾਰੀਗਰਾਂ ਦੇ ਦਿਨ ਤਾਂ ਹੁਣ ਪੂਰੀ ਤਰ੍ਹਾਂ ਲੰਘ ਚੁੱਕੇ ਹਨ। ਵਰਕ ਬਣਾਉਣ ਦਾ ਕਾਰੋਬਾਰ ਮਸ਼ੀਨਾਂ ਨਾਲ ਹੋਣ ਲੱਗਿਆ ਹੈ ਜਿਸ ਨਾਲ ਸ਼ੁੱਧ ਚਾਂਦੀ ਵਿਚ ਸੌਖਿਆਂ ਹੀ ਮਿਲਾਵਟ ਕੀਤੀ ਜਾ ਰਹੀ ਹੈ। ਭਾਰਤੀ ਜ਼ਹਿਰ ਵਿਗਿਆਨ ਖੋਜ ਦੇ ਖਾਧ ਅਤੇ ਜ਼ਹਿਰ ਜਾਂਚ ਪ੍ਰਯੋਗਸ਼ਾਲਾ ਵਿਚ ਇਨ੍ਹਾਂ ਵਰਕਾਂ ਦੀ ਜਾਂਚ ਦੇ ਬਾਅਦ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਚੁੱਕੇ ਹਨ ਕਿ ਅੱਜ ਜਿਸ ਵਰਕ ਦਾ ਰਿਵਾਜ ਮਠਿਆਈਆਂ ਜਾਂ ਹੋਰ ਪਦਾਰਥਾਂ ਵਿਚ ਕੀਤਾ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਨਾਲ ਸਿਹਤ ਦਾ ਸਾਥੀ ਨਹੀਂ ਹੈ।
ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸਾਢੇ ਅੱਠ ਸੌ ਸਾਲ ਪਹਿਲਾਂ ਵਰਕ ਬਣਾਉਣ ਦੀ ਕਲਾ ਲਖਨਊ ਵਿਚ ਸ਼ੁਰੂ ਕੀਤੀ ਗਈ ਸੀ ਤੇ ਇਸ ਨੂੰ ਲਖਨਊ ਦੇ ਨਵਾਬ ਵਾਜਿਦ ਅਲੀਸ਼ਾਹ ਨੇ ਵਧਣ-ਫੁੱਲਣ ਦੇ ਮੌਕੇ ਦਿੱਤੇ ਸਨ। ਉਦੋਂ ਇਸ ਦੀ ਵਰਤੋਂ ਬਾਦਸ਼ਾਹ ਤੇ ਨਵਾਬਾਂ ਤੋਂ ਇਲਾਵਾ ਰਾਜਾ-ਮਹਾਰਾਜਾ ਆਯੁਰਵੈਦ ਦਵਾਈਆਂ ਵਿਚ ਕਰਦੇ ਸਨ। ਸੋਨੇ-ਚਾਂਦੀ ਦੇ ਵਰਕ ਉਸ ਸਮੇਂ ਵਿਸ਼ੇਸ਼ ਤੌਰ 'ਤੇ ਪਾਨ, ਹਲਵਾ ਤੇ ਤੰਬਾਕੂ ਅਤੇ ਵੱਖ-ਵੱਖ ਭੋਜਨਾਂ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਸੀ। ਉਸ ਸਮੇਂ ਵਰਕ ਹੱਥਾਂ ਨਾਲ ਹਥੌੜੇ ਨਾਲ ਕੁੱਟ-ਕੁੱਟ ਕੇ ਬਣਾਇਆ ਜਾਂਦਾ ਸੀ। ਸੋਨੇ-ਚਾਂਦੀ ਦੇ ਟੁੱਕੜਿਆਂ ਨੂੰ ਜਾਨਵਰ ਦੀ ਖੱਲੜੀ ਵਿਚ ਰੱਖ ਕੇ ਕੁੱਟਿਆ ਜਾਂਦਾ ਸੀ। ਖੱਲ ਨੂੰ ਸਾਫ਼ ਕਰਕੇ ਜਾਫਰਾਨ, ਲੌਂਗ, ਇਲਾਇਚੀ ਆਦਿ ਢੇਰਾਂ ਮਸਾਲਿਆਂ ਦਾ ਮਿਸ਼ਰਨ ਬਣਾ ਕੇ ਘੋਲ ਪਾ ਕੇ ਸੁਕਾਇਆ ਜਾਂਦਾ ਸੀ। ਇਸ ਨਾਲ ਮਹਿਕ ਹੋਰ ਵਧ ਜਾਂਦੀ ਸੀ। ਚਾਹੇ ਉਹ ਮਠਿਆਈ ਹੋਵੇ ਜਾਂ ਭੋਜਨ। ਪਰ ਅੱਜ ਮਿਲਾਵਟ ਦੇ ਯੁਗ ਵਿਚ ਵਰਕ ਦੀ ਭਰੋਸੇਯੋਗਤਾ 'ਤੇ ਵੀ ਸੱਟ ਵੱਜ ਗਈ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਨਕਲੀ ਵਰਕ ਦੇ ਰੂਪ ਵਿਚ ਧੜੱਲੇ ਨਾਲ ਵਰਤੋਂ ਹੋਣ ਲੱਗਿਆ ਹੈ। ਚਾਂਦੀ ਦੇ ਵਰਕ ਦਾ ਸਭ ਤੋਂ ਜ਼ਿਆਦਾ ਰਿਵਾਜ ਹੋਣ ਨਾਲ ਇਸ ਵਿਚ ਸਭ ਤੋਂ ਜ਼ਿਆਦਾ ਜ਼ਹਿਰੀਲਾ ਤੱਤ ਪਾਇਆ ਗਿਆ ਹੈ ਜਿਨ੍ਹਾਂ ਵਿਚ ਕੈਡੀਅਮ, ਮੈਗਨੀਜ਼, ਐਲੂਮੀਨੀਅਮ, ਨਿਕਿਲ, ਸਿੱਕਾ ਆਦਿ ਸਰੀਰ ਲਈ ਘਾਤਕ ਮੰਨੇ ਗਏ ਹਨ। ਇਸ ਨਾਲ ਕਈ ਖ਼ਤਰਨਾਕ ਬਿਮਾਰੀਆਂ ਹੋਣ ਦਾ ਖ਼ਤਰਾ ਵਧ ਗਿਆ ਹੈ। ਕੈਡੀਅਮ ਦਾ ਸਿੱਧਾ ਅਸਰ ਕਿਡਨੀ 'ਤੇ ਪੈਂਦਾ ਹੈ ਜਿਸ ਨਾਲ ਗੁਰਦੇ ਨੁਕਸਾਨੇ ਜਾਂਦੇ ਹਨ। ਐਲੂਮੀਨੀਅਮ ਨਾਮੀ ਧਾਤੂ ਦੇ ਮਿਸ਼ਰਨ ਨਾਲ ਨਿਊਰੋਲਾਜੀਕਲ ਬਿਮਾਰੀਆਂ ਹੋਣ ਦਾ ਸ਼ੱਕ ਤਾਂ ਵਧਦਾ ਹੀ ਹੈ, ਨਾਲ ਹੀ ਨਾਲ ਐਲਜਾਈਮਰਸ ਰੋਗ ਵੀ ਪੈਦਾ ਹੋ ਸਕਦਾ ਹੈ। ਲੈੱਡ ਤਾਂ ਬੱਚਿਆਂ ਲਈ ਸਭ ਤੋਂ ਘਾਤਕ ਸਿੱਧ ਹੁੰਦਾ ਹੈ। ਇਸ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਰੁਕ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਚਾਂਦੀ ਦੇ ਵਰਕ ਵਿਚ ਲੈੱਡ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਜੋ ਕੈਂਸਰ ਵਰਗੀ ਘਾਤਕ ਬਿਮਾਰੀ ਫੈਲਾਉਂਦੀ ਹੈ। ਲੈੱਡ ਨਾਲ ਯਾਦ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਪਾਗਲਪਨ ਦਾ ਵੀ ਖ਼ਤਰਾ ਹੋ ਸਕਦਾ ਹੈ।
ਸ਼ੁੱਧ ਚਾਂਦੀ ਨਾਲ ਬਣੇ ਵਰਕ ਵਿਚ ਐਂਟੀ ਮਾਈਕ੍ਰੋਬ ਏਜੰਟ ਰਹਿੰਦੇ ਹਨ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਵੀ ਹਨ। ਸਾਡੇ ਦੇਸ਼ ਵਿਚ ਚਾਂਦੀ ਦੇ ਵਰਕ ਦਾ ਸੇਵਨ ਸਭ ਤੋਂ ਜ਼ਿਆਦਾ ਮਠਿਆਈਆਂ, ਵੱਖ-ਵੱਖ ਪਕਵਾਨ ਤੇ ਮਾਊਥ ਫ੍ਰੈਸ਼ਨਰ ਦੇ ਰੂਪ ਵਿਚ ਮਿੱਠੀ ਸੁਪਾਰੀ, ਸੌਂਫ, ਇਲਾਇਚੀ, ਤੰਬਾਕੂ ਤੇ ਮੁਰੱਬੇ ਦੇ ਇਲਾਵਾ ਵਿਸ਼ੇਸ਼ ਮੌਕਿਆਂ 'ਤੇ ਖਾਣ-ਪੀਣ ਅਤੇ ਪਾਨ ਸਬੰਧੀ ਵਰਤੋਂ ਹੁੰਦੀ ਹੈ। ਦੇਸ਼ ਵਿਚ ਹਰ ਸਾਲ ਤਿੰਨ ਲੱਖ ਕਿਲੋ ਚਾਂਦੀ ਨਾਲ ਵਰਕ ਬਣਏ ਜਾਂਦੇ ਹਨ। ਪਰ ਪ੍ਰਸ਼ਨ ਇਹੀ ਉੱਠਦਾ ਹੈ ਕਿ ਇਸ ਵਿਚ ਕਿੰਨੇ ਫ਼ੀਸਦੀ ਸ਼ੁੱਧ ਚਾਂਦੀ ਦੇ ਵਰਕ ਬਣਦੇ ਹਨ? ਸ਼ੁੱਧ ਤੇ ਅਸਲੀ ਵਰਕ ਉਹੀ ਹੈ, ਹੱਥ ਵਿਚ ਰਗੜਨ ਨਾਲ ਗਾਇਬ ਹੋ ਜਾਵੇ। ਨਹੀਂ ਤਾਂ ਬਿਮਾਰੀਆਂ ਦਾ ਵਰਕ ਤਾਂ ਪ੍ਰਯੋਗ ਵਿਚ ਲਿਆ ਹੀ ਰਹੇ ਹਾਂ।

-ਮਹਾਂਮੰਦਿਰ ਗੇਟ ਦੇ ਨੇੜੇ, ਜੋਧਪੁਰ (ਰਾਜਸਥਾਨ)

ਗਰਮੀ 'ਚ ਰੋਗਾਂ ਦਾ ਰੱਖੋ ਧਿਆਨ

ਸਿਰਦਰਦ ਅਤੇ ਮਾਈਗ੍ਰੇਨ ਗਰਮੀਆਂ ਵਿਚ ਵਧ ਜਾਂਦਾ ਹੈ। ਬਾਹਰੀ ਗਰਮੀ ਦੇ ਕਾਰਨ ਅਜਿਹੇ ਵਿਚ ਮਾਈਗ੍ਰੇਨ ਰੋਗੀ ਅਤੇ ਜਿਨ੍ਹਾਂ ਨੂੰ ਛੇਤੀ ਸਿਰਦਰਦ ਹੁੰਦਾ ਹੋਵੇ, ਉਨ੍ਹਾਂ ਨੂੰ ਬਾਹਰ ਘੱਟ ਤੋਂ ਘੱਟ ਨਿਕਲਣਾ ਚਾਹੀਦਾ ਹੈ। ਜੇ ਜਾਣਾ ਵੀ ਪਵੇ ਤਾਂ ਸਿਰ ਢਕ ਕੇ ਜਾਂ ਛਤਰੀ ਲੈ ਕੇ ਨਿਕਲੋ। ਅਜਿਹੇ ਰੋਗੀਆਂ ਨੂੰ ਖਮੀਰ ਯੁਕਤ ਖਾਣਾ ਅਤੇ ਖੱਟੇ ਰਸ ਵਾਲੇ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
* ਜਿਨ੍ਹਾਂ ਲੋਕਾਂ ਨੂੰ ਪਸੀਨਾ ਘੱਟ ਆਉਂਦਾ ਹੈ, ਉਨ੍ਹਾਂ ਨੂੰ ਗਰਮੀ ਜ਼ਿਆਦਾ ਲਗਦੀ ਹੈ, ਥਕਾਨ ਰਹਿੰਦੀ ਹੈ, ਹਲਕਾ-ਹਲਕਾ ਸਿਰਦਰਦ ਰਹਿੰਦਾ ਹੈ। ਅਜਿਹੇ ਵਿਚ ਕਦੇ-ਕਦੇ ਚੱਕਰ ਆ ਕੇ ਬੇਹੋਸ਼ ਹੋ ਸਕਦੇ ਹਨ। ਉਨ੍ਹਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
* ਚਮੜੀ ਦੀ ਅਲਰਜੀ ਵੀ ਗਰਮੀਆਂ ਦੀ ਆਮ ਬਿਮਾਰੀ ਹੈ। ਜਿਥੇ ਪਸੀਨਾ ਆਉਂਦਾ ਹੈ ਅਤੇ ਅਸਾਨੀ ਨਾਲ ਸੁੱਕਦਾ ਨਹੀਂ ਜਾਂ ਪਸੀਨਾ ਜ਼ਿਆਦਾ ਆਉਂਦਾ ਹੋਵੇ ਅਤੇ ਪਾਣੀ ਘੱਟ ਪੀਂਦੇ ਹੋਵੋ, ਤਾਂ ਵੀ ਪਾਣੀ ਦੀ ਕਮੀ ਨਾਲ ਚਮੜੀ ਖੁਸ਼ਕ ਅਤੇ ਖਿੱਚੀ-ਖਿੱਚੀ ਜਿਹੀ ਹੋ ਜਾਂਦੀ ਹੈ ਅਤੇ ਖੁਜਲੀ ਕਰਨ ਨਾਲ ਜ਼ਖ਼ਮ ਬਣ ਜਾਂਦੇ ਹਨ। ਇਸ ਲਈ ਖੂਬ ਪਾਣੀ ਪੀਓ। ਜਿਥੇ ਪਸੀਨਾ ਮੁਸ਼ਕਿਲ ਨਾਲ ਸੁੱਕਦਾ ਹੈ, ਰੁਮਾਲ ਨਾਲ ਪੂੰਝਦੇ ਰਹੋ।
* ਗਰਮੀਆਂ ਵਿਚ ਸਰੀਰ ਵਿਚ ਪਾਣੀ ਦੀ ਕਮੀ ਨਾਲ ਗੁਰਦੇ ਪ੍ਰਭਾਵਿਤ ਹੋ ਸਕਦੇ ਹਨ ਅਤੇ ਬੇਹੋਸ਼ੀ ਵੀ ਆ ਸਕਦੀ ਹੈ। ਸਾਫ਼ ਪਾਣੀ ਪੀਣ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
* ਜ਼ਿਆਦਾ ਗਰਮੀ ਦੇ ਕਾਰਨ ਕਦੇ-ਕਦੇ ਨੱਕ ਵਿਚੋਂ ਨਕਸੀਰ ਵੀ ਫੁੱਟ ਪੈਂਦੀ ਹੈ। ਅਜਿਹੇ ਵਿਚ ਨੱਕ ਦੇ ਬਾਹਰ ਬਰਫ਼ ਦੀ ਟਕੋਰ ਕਰੋ ਅਤੇ ਆਰਾਮ ਕਰੋ। ਗਰਮੀਆਂ ਵਿਚ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਘੱਟ ਕਰੋ। ਚਮੜੀ 'ਤੇ ਸਨ ਬਰਨ ਵੀ ਹੋ ਸਕਦਾ ਹੈ। ਬਾਹਰ ਨਿਕਲਦੇ ਸਮੇਂ ਖੁੱਲ੍ਹੀ ਚਮੜੀ 'ਤੇ ਸਨਸਕ੍ਰੀਨ ਲੋਸ਼ਨ ਲਗਾ ਕੇ ਨਿਕਲੋ।
**

ਖ਼ੂਨ ਦਾਨ ਕਰਨ ਵਾਲੇ ਰੱਖਣ ਧਿਆਨ

ਖ਼ੂਨ ਦਾਨ ਇਕ ਪੁੰਨ ਦਾ ਕੰਮ ਹੈ ਇਸ ਲਈ ਅਕਸਰ ਜਿਹੜੇ ਲੋਕ ਸਿਹਤਮੰਦ ਹੁੰਦੇ ਹਨ, ਉਹ ਖ਼ੂਨ ਦਾਨ ਤੋਂ ਘਬਰਾਉਂਦੇ ਨਹੀਂ। ਉਨ੍ਹਾਂ ਨੂੰ ਇਕ ਵੱਖਰੀ ਤਰ੍ਹਾਂ ਦੀ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਸ ਵਿਚ ਕੁਝ ਨੁਕਸਾਨ ਨਹੀਂ। ਖ਼ੂਨ ਦੀ ਪ੍ਰਕਿਰਿਆ ਹੈ ਕਿ ਇਹ ਸਰੀਰ ਵਿਚ ਬਣਦਾ ਰਹਿੰਦਾ ਹੈ।
ਆਓ ਜਾਣੀਏ ਕੁਝ
ਮੁਢਲੀਆਂ ਗੱਲਾਂ :
* ਓ ਪਾਜ਼ਟਿਵ ਖ਼ੂਨ ਗਰੁੱਪ ਵਾਲੇ ਯੂਨੀਵਰਸਲ ਦਾਨੀ ਹੁੰਦੇ ਹਨ। ਉਹ ਸਾਰੇ ਪਾਜ਼ਟਿਵ ਗਰੁੱਪ ਵਾਲਿਆਂ ਨੂੰ ਖ਼ੂਨ ਦੇ ਸਕਦੇ ਹਨ।
* ਓ ਨੈਗੇਟਿਵ ਵਾਲੇ ਸਾਰੇ ਗਰੁੱਪ ਦੇ ਲੋਕਾਂ ਨੂੰ ਖ਼ੂਨ ਦੇ ਸਕਦੇ ਹਨ। ਇਸ ਨਾਲ ਖ਼ੂਨ ਲੈਣ ਵਾਲੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ।
* ਮੁੱਖ ਤੌਰ 'ਤੇ ਚਾਰ ਖ਼ੂਨ ਗਰੁੱਪ ਹੁੰਦੇ ਹਨ ਏ, ਬੀ, ਓ ਅਤੇ ਏਬੀ। ਇਨ੍ਹਾਂ ਸਾਰੇ ਗਰੁੱਪਾਂ ਵਿਚ ਪਾਜ਼ਟਿਵ ਅਤੇ ਨੈਗੇਟਿਵ ਹੁੰਦਾ ਹੈ। ਏਬੀ, ਏ ਗਰੁੱਪ ਦੇ ਬਲੱਡ ਦਾ ਉੱਪ ਗਰੁੱਪ ਹੈ।
* ਭਾਰਤ ਵਿਚ ਰਾਸ਼ਟਰੀ ਖ਼ੂਨ ਦਿਹਾੜਾ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਜਦੋਂ ਕਿ ਬਲੱਡ ਡੋਨਰਜ਼ ਡੇਅ 14 ਜੂਨ ਨੂੰ ਮਨਾਇਆ ਜਾਂਦਾ ਹੈ।
* ਓ ਨੈਗੇਟਿਵ ਬਲੱਡ ਗਰੁੱਪ ਕੋਈ ਖ਼ੂਨ ਗਰੁੱਪ ਉਪਲਬਧ ਨਾ ਹੋਣ 'ਤੇ ਕਿਸੇ ਨੂੰ ਵੀ ਚੜ੍ਹਾਇਆ ਜਾ ਸਕਦਾ ਹੈ। ਰੋਗੀ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ।
ਖ਼ੂਨ ਦਾਨ ਕਰਦੇ ਸਮੇਂ ਕੁਝ ਗੱਲਾਂ 'ਤੇ ਧਿਆਨ ਦਿਉ, ਪਹਿਲਾਂ ਅਤੇ ਬਾਅਦ ਵਿਚ।
ਖ਼ੂਨ ਦਾਨ ਕਰਨ ਤੋਂ ਪਹਿਲਾਂ :
* ਖ਼ੂਨ ਦੇਣ ਤੋਂ ਪਹਿਲਾਂ ਖ਼ੁਦ ਇਹ ਮਹਿਸੂਸ ਕਰੋ ਜਾਂ ਦੇਖੋ ਕਿ ਤੁਸੀਂ ਸਿਹਤਮੰਦ ਮਹਿਸੂਸ ਕਰ ਰਹੇ ਹੋ ਅਤੇ ਤਣਾਅ ਰਹਿਤ ਹੋ।
* ਜੇਕਰ ਤੁਹਾਨੂੰ ਸਵੇਰੇ ਖ਼ੂਨ ਦੇਣਾ ਹੈ ਤਾਂ ਨਾਸ਼ਤਾ ਜ਼ਰੂਰ ਕਰੋ ਅਤੇ ਨਾਸ਼ਤੇ ਦੇ ਇਕ ਦੋ ਘੰਟੇ ਦੇ ਵਕਫ਼ੇ ਬਾਅਦ ਖ਼ੂਨ ਦਿਉ, ਫਟਾਫਟ ਨਾਸ਼ਤੇ ਤੋਂ ਬਾਅਦ ਨਹੀਂ।
* ਕਿਸੇ ਵੀ ਸਮੇਂ ਖ਼ੂਨ ਦੇਣਾ ਹੋਵੇ ਤਾਂ ਸਧਾਰਨ ਖਾਣਾ ਜ਼ਰੂਰ ਖਾ ਲੈਣਾ ਚਾਹੀਦਾ ਹੈ।
* ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਪਹਿਲਾਂ ਡਾਕਟਰ ਨੂੰ ਦੱਸ ਦਿਉ ਅਤੇ ਜੋ ਦਵਾਈ ਤੁਸੀਂ ਲੈ ਰਹੇ ਹੋ, ਉਸ ਦੀ ਵੀ ਪੂਰੀ ਜਾਣਕਾਰੀ ਦੇ ਦਿਉ ਕਿਉਂਕਿ ਬਿਮਾਰੀ ਵਿਚ ਖ਼ੂਨ ਦੇਣਾ ਰੋਗੀ ਅਤੇ ਤੁਹਾਡੇ ਲਈ ਠੀਕ ਨਹੀਂ ਹੋਵੇਗਾ।
* ਖ਼ੂਨ ਹਮੇਸ਼ਾ ਮਾਨਤਾ ਪ੍ਰਾਪਤ ਬਲੱਡ ਬੈਂਕ ਵਿਚ ਹੀ ਦਿਉ। ਇਸ ਦੀ ਪਛਾਣ ਉਸ ਬਲੱਡ ਬੈਂਕ ਦੇ ਫਾਰਮ 'ਤੇ ਲਿਖੇ ਲਾਈਸੈਂਸ ਤੋਂ ਹੋ ਸਕਦੀ ਹੈ।
* ਉਂਝ ਤੁਸੀਂ ਚਾਹੋ ਤਾਂ ਖ਼ੂਨ ਦਾਨ ਕਰਨ ਤੋਂ ਪਹਿਲਾਂ ਨਾਕੋ ਦੀ ਵੈੱਬਸਾਈਟ ਤੋਂ ਮਾਨਤਾ ਪ੍ਰਾਪਤ ਸੰਸਥਾ ਦੀ ਜਾਣਕਾਰੀ ਲੈ ਸਕਦੇ ਹੋ।
ਖ਼ੂਨ ਦਾਨ ਕਰਨ ਤੋਂ ਬਾਅਦ :
* ਖ਼ੂਨ ਦੇਣ ਦੇ ਇਕਦਮ ਬਾਅਦ ਨਾ ਉੱਠੋ, 10 ਤੋਂ 15 ਮਿੰਟ ਤੱਕ ਆਰਾਮ ਕਰੋ।
* ਉਸ ਦਿਨ ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਕਰੋ ਜਿਵੇਂ ਦੁੱਧ, ਚਾਹ-ਕਾਫ਼ੀ, ਜੂਸ ਆਦਿ। ਖਾਣਾ ਸਧਾਰਨ ਹੀ ਖਾਓ।
* ਖ਼ੂਨ ਤਿੰਨ ਮਹੀਨੇ ਤੋਂ ਪਹਿਲਾਂ ਦੁਬਾਰਾ ਨਾ ਦਿਉ। ਜਿਨ੍ਹਾਂ ਲੋਕਾਂ ਦੇ ਖ਼ੂਨ ਤੋਂ ਪਲਾਜ਼ਮਾ ਜਾ ਪਲੇਟਲੇਟਸ ਲਏ ਜਾਂਦੇ ਹਨ, ਜੇਕਰ ਉਹ ਸਿਹਤਮੰਦ ਅਤੇ ਸਧਾਰਨ ਹੈ ਤਾਂ ਉਹ ਦੋ ਜਾਂ ਤਿੰਨ ਹਫ਼ਤੇ ਬਾਅਦ ਖ਼ੂਨ ਦਾਨ ਕਰ ਸਕਦੇ ਹਨ।


-ਨੀਤੂ ਗੁਪਤਾ

ਸਿਹਤ ਖ਼ਬਰਨਾਮਾ

ਸ਼ੂਗਰ ਤੋਂ ਬਚਣ ਲਈ ਹੌਲੀ-ਹੌਲੀ ਖਾਓ

ਪੂਰੀ ਦੁਨੀਆ ਵਿਚ ਕਰੋੜ ਤੋਂ ਵੱਧ ਲੋਕ ਸ਼ੂਗਰ ਤੋਂ ਪੀੜਤ ਹਨ। ਦੁਨੀਆ ਦੇ ਸਾਰੇ ਦੇਸ਼ ਅਤੇ ਸਾਰੇ ਤਰ੍ਹਾਂ ਦੇ ਲੋਕ ਇਸ ਤੋਂ ਪੀੜਤ ਹਨ। ਜਾਗਰੂਕਤਾ ਦੀ ਕਮੀ ਕਾਰਨ ਇਸ ਦੇ ਰੋਗੀ ਲਗਾਤਾਰ ਵਧ ਰਹੇ ਹਨ। ਇਹ ਕਿਸੇ ਤਕਲੀਫ ਦੇ ਆਉਣ ਜਾਂ ਖੂਨ ਦੀ ਜਾਂਚ ਕਰਾਉਣ 'ਤੇ ਹੀ ਪਤਾ ਲਗਦਾ ਹੈ। ਪੈਂਕਰੀਆਜ਼ ਨਾਲ ਇੰਸੁਲਿਨ ਤੱਤ ਨਾ ਬਣਨ, ਘੱਟ ਬਣਨ ਜਾਂ ਉਸ ਦੀ ਗਤੀਹੀਣਤਾ ਨਾਲ ਖਾਣ-ਪੀਣ ਤੋਂ ਮਿਲਿਆ ਗੁਲੂਕੋਜ਼ ਪਚਣ ਦੀ ਬਜਾਏ ਖੂਨ ਅਤੇ ਕੋਸ਼ਿਕਾਵਾਂ ਵਿਚ ਜਮ੍ਹਾਂ ਹੋਣ ਲਗਦਾ ਹੈ। ਜੋ ਖਰਚ ਨਾ ਹੋਣ ਅਤੇ ਬਹੁਤਾਤ ਦੀ ਸਥਿਤੀ ਵਿਚ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ। ਇਸ ਦੇ ਕਿਸਮ-1 ਸ਼੍ਰੇਣੀ ਦੇ ਰੋਗੀ ਲਈ ਦਵਾਈ ਇੰਸੁਲਿਨ ਜ਼ਰੂਰੀ ਹੋ ਜਾਂਦੀ ਹੈ ਜਦੋਂ ਕਿ ਕਿਸਮ-2 ਸ਼੍ਰੇਣੀ ਦੇ ਰੋਗੀ ਖਾਣ-ਪੀਣ ਅਤੇ ਜੀਵਨਸ਼ੈਲੀ ਸੁਧਾਰ ਕੇ ਇਸ ਨੂੰ ਕਾਬੂ ਵਿਚ ਰੱਖ ਸਕਦੇ ਹਨ। ਦੁਨੀਆ ਭਰ ਵਿਚ ਇਸ ਦੇ ਇਲਾਜ ਲਈ ਅਨੇਕ ਤਰੀਕੇ ਅਤੇ ਚੀਜ਼ਾਂ ਪ੍ਰਚਲਿਤ ਹਨ ਪਰ ਇਸ ਦਾ ਇਲਾਜ ਨਹੀਂ ਹੈ। ਦੁਨੀਆ ਦੇ 90 ਤੋਂ 95 ਫੀਸਦੀ ਰੋਗੀ ਕਿਸਮ-2 ਸ਼੍ਰੇਣੀ ਦੇ ਹਨ। ਇਹ ਜੀਵਨ ਸ਼ੈਲੀ ਵਿਚ ਸੁਧਾਰ ਕਰਕੇ, ਮਿਹਨਤ ਕਰਕੇ ਅਤੇ ਖਾਣ-ਪੀਣ ਨੂੰ ਨਿਯੋਜਿਤ ਕਰਕੇ ਇਸ ਨੂੰ ਕਾਬੂ ਵਿਚ ਰੱਖ ਸਕਦੇ ਹਨ। ਇਸ ਵਿਸ਼ੇ ਵਿਚ ਜਾਪਾਨ ਦੇ ਖੋਜ ਕਰਤਾਵਾਂ ਮੁਤਾਬਿਕ ਹੌਲੀ-ਹੌਲੀ ਖਾਣ ਨਾਲ ਇਸ ਮਾਮਲੇ ਵਿਚ ਬੜੀ ਸਫਲਤਾ ਮਿਲਦੀ ਹੈ। ਜਲਦਬਾਜ਼ੀ ਦੀ ਬਜਾਏ ਹੌਲੀ-ਹੌਲੀ ਚਬਾ ਕੇ ਖਾਣ ਨਾਲ ਸ਼ੂਗਰ ਦਾ ਖਤਰਾ ਘੱਟ ਹੋ ਜਾਂਦਾ ਹੈ। ਖੋਜ ਮੁਤਾਬਿਕ ਸ਼ੂਗਰ ਦੇ ਰੋਗੀ ਨੂੰ ਦੇਰ ਰਾਤ ਭੋਜਨ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਵੀ ਸ਼ੂਗਰ ਨੂੰ ਕਾਬੂ ਕਰਨ ਵਿਚ ਸਹਾਇਕ ਹੁੰਦੀਆਂ ਹਨ। ਕਾਜੂ, ਬਦਾਮ ਵੀ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਹਨ।
ਤਾਜ਼ਾ ਕਰਦਾ ਮਿਊਜ਼ਿਕ

ਸੰਗੀਤ ਮਨੋਰੰਜਨ ਦਾ ਇਕ ਸਾਧਨ ਹੈ। ਅੱਜ ਨੌਜਵਾਨ ਇਸ ਨੂੰ ਪੜ੍ਹਾਈ ਦੇ ਤਣਾਅ ਅਤੇ ਕੋਰਸ ਦੇ ਤਣਾਅ ਨੂੰ ਘੱਟ ਕਰਨ ਦਾ ਸਾਧਨ ਮੰਨਦੇ ਹਨ। ਸੰਗੀਤ ਦੇ ਸਮੁੰਦਰ ਵਿਚ ਗੋਤਾ ਲਗਾ ਕੇ ਨੌਜਵਾਨ ਆਪਣਾ ਦਿਲੋ-ਦਿਮਾਗ ਤਾਜ਼ਾ ਕਰ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਟੀਚੇ ਨੂੰ ਪ੍ਰਾਪਤ ਕਰਕੇ ਸਫਲਤਾ ਦੀ ਦਾਸਤਾਨ ਲਿਖਣ ਨੂੰ ਤਿਆਰ ਹੋ ਜਾਂਦੇ ਹਨ।

ਸਮੱਸਿਆ ਬਣਦਾ ਜਾ ਰਿਹਾ ਹੈ 'ਫਾਸਟ ਫੂਡ'

ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਅਤੇ ਆਧੁਨਿਕਤਾ ਦੀ ਹੋੜ ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਫਾਸਟ ਫੂਡ ਨੂੰ ਹੌਲੀ-ਹੌਲੀ ਖਾਣ-ਪੀਣ ਦਾ ਅੰਗ ਬਣਾ ਦਿੱਤਾ ਹੈ। ਇਹ ਵੱਡੇ ਸ਼ਹਿਰਾਂ ਵਿਚ ਜ਼ਿਆਦਾ ਪ੍ਰਚਲਤ ਹੈ, ਕਿਉਂਕਿ ਸ਼ਹਿਰੀ ਲੋਕਾਂ ਦੇ ਕੋਲ ਸਮੇਂ ਦੀ ਕਮੀ ਹੁੰਦੀ ਹੈ। ਉਹ ਭੱਜ-ਦੌੜ ਵਿਚ ਇਨ੍ਹਾਂ ਪਦਾਰਥਾਂ ਦਾ ਸੇਵਨ ਕਰਦੇ ਹਨ। ਇਸ ਦੇ ਕੁਝ ਕਾਰਨ ਹੋਰ ਵੀ ਹਨ। ਕਦੇ-ਕਦੇ ਵਿਅਕਤੀ ਨੂੰ ਮਜਬੂਰੀ ਵਿਚ ਖਾਣਾ ਪੈਂਦਾ ਹੈ। ਹੁਣ ਤੱਕ ਤਾਂ ਇਹ ਵੱਡੇ ਨਗਰਾਂ ਅਤੇ ਮਹਾਂਨਗਰਾਂ ਤੱਕ ਸੀਮਤ ਸੀ ਪਰ ਹੌਲੀ-ਹੌਲੀ ਇਹ ਛੋਟੇ ਕਸਬਿਆਂ ਵਿਚ ਵੀ ਪੈਰ ਪਸਾਰਨ ਲੱਗਾ ਹੈ।
ਮਾਹਿਰਾਂ ਅਨੁਸਾਰ ਪੀਜ਼ਾ ਅਤੇ ਬਰਗਰ ਵਿਚ ਮਾਸ, ਚਿਕਨਾਈ ਅਤੇ ਪਨੀਰ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈ, ਜੋ ਵਿਅਕਤੀ ਲਈ ਹਾਨੀਕਾਰਕ ਹੈ। ਇਸ ਨਾਲ ਦਿਲ ਧਮਨੀਆਂ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਦੇ ਅਨੁਸਾਰ ਇਕ ਪੀਜ਼ਾ ਦੇ ਦੋ ਸਲਾਈਸਾਂ ਵਿਚ 800 ਕੈਲੋਰੀਆਂ ਅਤੇ ਫੈਟ ਅਤੇ ਸੋਡੀਅਮ ਹੁੰਦਾ ਹੈ। ਇਕ ਵੱਡੇ ਬਰਗਰ ਵਿਚ 1600 ਕੈਲੋਰੀ ਹੁੰਦੀ ਹੈ, ਜਦੋਂ ਕਿ ਇਕ ਆਮ ਵਿਅਕਤੀ ਲਈ ਇਸ ਤੋਂ ਅੱਧੀ ਮਾਤਰਾ ਵਿਚ ਕੈਲੋਰੀ ਵੀ ਕਾਫੀ ਹੁੰਦੀ ਹੈ। ਜ਼ਿਆਦਾ ਕੈਲੋਰੀ ਵਾਲੇ ਪਦਾਰਥਾਂ ਨਾਲ ਵਿਅਕਤੀ ਵਿਚ ਚਰਬੀ ਦੀ ਮਾਤਰਾ ਵਧ ਜਾਂਦੀ ਹੈ ਅਤੇ ਉਹ ਅਤਿ-ਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ।
ਫਾਸਟ ਫੂਡ ਨਾਲ ਬੱਚੇ ਅਤੇ ਨੌਜਵਾਨ ਜ਼ਿਆਦਾ ਗ੍ਰਸਤ ਹਨ। ਇਸ ਨਾਲ ਵਿਅਕਤੀ ਦੀ ਸਰੀਰਕ ਸਮਰੱਥਾ ਘੱਟ ਹੋ ਜਾਂਦੀ ਹੈ। ਉਸ ਵਿਚ ਆਲਸ ਆ ਜਾਂਦਾ ਹੈ। ਮਾਹਿਰਾਂ ਅਨੁਸਾਰ ਘੱਟ ਕੈਲੋਰੀ ਵਾਲੇ ਪਦਾਰਥ ਸੇਵਨ ਕਰਨ ਨਾਲ ਵਿਅਕਤੀ ਜ਼ਿਆਦਾ ਦਿਨ ਤੱਕ ਜੀਵਤ ਰਹਿੰਦਾ ਹੈ। ਵਿਅਕਤੀ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਸਾਡੇ ਦੇਸ਼ ਵਿਚ ਹਾਲ ਹੀ ਵਿਚ ਨਿਰੀਖਣ ਤੋਂ ਪਤਾ ਲਗਦਾ ਹੈ ਕਿ ਇਹ ਸਮੱਸਿਆ ਵੱਡੇ ਸ਼ਹਿਰਾਂ ਵਿਚ ਜ਼ਿਆਦਾ ਮਾਤਰਾ ਵਿਚ ਹੈ। ਸ਼ਹਿਰਾਂ ਵਿਚ ਹਰ 5 ਸਕੂਲੀ ਬੱਚਿਆਂ ਵਿਚੋਂ 3 ਸਕੂਲੀ ਬੱਚੇ ਅਤਿ-ਪੋਸ਼ਣ ਦੇ ਸ਼ਿਕਾਰ ਹਨ। ਸਾਨੂੰ ਇਸ ਪ੍ਰਤੀ ਜਾਗਰੂਕ ਹੋ ਜਾਣਾ ਚਾਹੀਦਾ ਹੈ। ਵਿਦੇਸ਼ਾਂ ਦੀ ਤਰ੍ਹਾਂ ਇਸ ਵਿਸ਼ੇ 'ਤੇ ਸਾਨੂੰ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਸਾਡੇ ਲਈ ਵੀ ਇਸ ਸਮੱਸਿਆ ਦੇ ਬਾਰੇ ਸੋਚਣਾ ਜ਼ਰੂਰੀ ਹੈ। ਅੱਜ ਨਹੀਂ ਤਾਂ ਕੱਲ੍ਹ, ਇਹ ਸਮੱਸਿਆ ਹਲਕੇ ਵਿਚ ਲੈਣ ਵਾਲੀ ਨਹੀਂ ਹੈ, ਇਹ ਇਕ ਗੰਭੀਰ ਵਿਸ਼ਾ ਹੈ।
ਅਸੀਂ ਆਪਣੇ ਸੱਭਿਆਚਾਰ ਅਤੇ ਖਾਣ-ਪੀਣ ਨੂੰ ਭੁਲਾ ਕੇ ਆਧੁਨਿਕਤਾ ਦੀ ਦੌੜ ਵਿਚ ਇਹੋ ਜਿਹੇ ਪਦਾਰਥਾਂ ਦਾ ਸੇਵਨ ਕਰ ਰਹੇ ਹਾਂ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਸੀਂ ਆਪਣੇ ਪਰੰਪਰਾਗਤ ਫਾਸਟ ਫੂਡ ਸੱਤੂ-ਚਿੜਵਾ, ਬੇਹੀ ਰੋਟੀ, ਛੋਲੇ, ਮੱਖਣ, ਸਰਦਾਈ, ਲੱਸੀ ਅਤੇ ਫਲਾਂ ਦੀ ਚਾਟ ਨੂੰ ਤਿਆਗ ਕੇ ਅਜਿਹੀਆਂ ਚੀਜ਼ਾਂ ਅਪਣਾ ਰਹੇ ਹਾਂ, ਜਿਨ੍ਹਾਂ ਨਾਲ ਸਿਰਫ ਨੁਕਸਾਨ ਹੈ, ਲਾਭ ਨਹੀਂ। ਇਸ ਸਬੰਧ ਵਿਚ ਪੱਛਮੀ ਦੇਸ਼ਾਂ ਦੀ ਤਰ੍ਹਾਂ ਸਤਰਕਤਾ ਤੋਂ ਕੰਮ ਲੈਣਾ ਪਵੇਗਾ।
ਇਸ ਸਮੱਸਿਆ ਬਾਰੇ ਲੋਕਾਂ ਨੂੰ ਜਾਗਰੂਕ ਹੋ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਵੇ ਕਿ ਲੋਕ ਫਾਸਟ ਫੂਡ ਪ੍ਰਤੀ ਸਾਵਧਾਨੀ ਵਰਤਣ ਅਤੇ ਆਪਣੇ ਪਰੰਪਰਾਗਤ ਖਾਣ-ਪੀਣ 'ਤੇ ਜ਼ਿਆਦਾ ਧਿਆਨ ਦੇਣ, ਤਾਂ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ 'ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਸਮਝਾ ਦੇਣ ਕਿ ਇਹ ਫਾਸਟ ਫੂਡ ਸਿਹਤ ਲਈ ਹਾਨੀਕਾਰਕ ਹੈ।
**

ਵਰਖਾ ਰੁੱਤ ਦਾ ਅੰਮ੍ਰਿਤ ਫਲ ਹੈ ਜਾਮਣ

ਜਾਮਣ ਇਕ ਗੁਣਕਾਰੀ ਫਲ ਹੈ, ਫਿਰ ਵੀ ਇਸ ਦਾ ਬਹੁਤ ਘੱਟ ਸੇਵਨ ਕੀਤਾ ਜਾਂਦਾ ਹੈ। ਇਸ ਦਾ ਸਵਾਦ ਕਸੈਲਾ ਹੁੰਦਾ ਹੈ। ਇਸ ਨੂੰ ਖਾਂਦੇ-ਖਾਂਦੇ ਜੀਭ ਵਿਚ ਇਕ ਤਰ੍ਹਾਂ ਦਾ ਖੁਰਦਰਾਪਨ ਜਿਹਾ ਆ ਜਾਂਦਾ ਹੈ ਅਤੇ ਜੀਭ ਵਿਚ ਏਂਠਨ ਜਿਹੀ ਹੋਣ ਲਗਦੀ ਹੈ। ਸ਼ਾਇਦ ਇਸ ਲਈ ਦੂਜੇ ਫਲਾਂ ਦੀ ਤੁਲਨਾ ਵਿਚ ਇਸ ਨੂੰ ਘੱਟ ਹੀ ਖਾਧਾ ਜਾਂਦਾ ਹੈ।
ਨਮਕ ਨਾਲ ਖਾਣ ਨਾਲ ਇਸ ਦਾ ਸਵਾਦ ਸੁਧਰ ਜਾਂਦਾ ਹੈ। ਜਾਮਣ ਸਾਰੇ ਭਾਰਤ ਵਿਚ ਪੈਦਾ ਹੁੰਦੀ ਹੈ ਅਤੇ ਇਸ ਨੂੰ ਸਾਰੇ ਜਾਣਦੇ-ਪਛਾਣਦੇ ਹਨ। ਜਿਵੇਂ ਅੰਬ ਗਰਮੀ ਰੁੱਤ ਦਾ ਅੰਮ੍ਰਿਤ ਫਲ ਹੈ, ਜਾਮਣ ਵਰਖਾ ਰੁੱਤ ਦਾ ਅੰਮ੍ਰਿਤ ਫਲ ਹੈ।
ਗੁਣ : ਜਾਮਣਾਂ ਵੱਡੀਆਂ ਅਤੇ ਛੋਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਵੱਡੀ ਜਾਮਣ ਸਵਾਦੀ, ਭਾਰੀ ਅਤੇ ਰੁਚੀਕਾਰ ਹੁੰਦੀ ਹੈ। ਛੋਟੀ ਜਾਮਣ ਰੁੱਖੀ ਅਤੇ ਕਫ, ਪਿੱਤ, ਰੁਧਿਰ ਵਿਕਾਰ ਅਤੇ ਦਾਹ ਦਾ ਸ਼ਮਨ ਕਰਨ ਵਾਲੀ ਹੁੰਦੀ ਹੈ। ਇਸ ਦੀ ਗਿਟਕ ਮਲਰੋਧਕ ਅਤੇ ਸ਼ੂਗਰ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ। ਵਿਗਿਆਨਿਕ ਮਤ ਅਨੁਸਾਰ ਜਾਮਣ ਵਿਚ ਲੋਹ, ਫਾਸਫੋਰਸ ਅਤੇ ਚੂਨਾ ਭਰਪੂਰ ਮਾਤਰਾ ਵਿਚ ਹੁੰਦਾ ਹੈ। ਕੋਲੀਨ ਅਤੇ ਫੋਲਿਕ ਐਸਿਡ ਵੀ ਹੁੰਦਾ ਹੈ। ਜਾਮਣ ਵਿਚ ਗਲੂਕੋਸਾਈਡ, ਜੰਬੋਲਿਨ ਫੇਨੋਲਯੁਕਤ ਦ੍ਰਵ, ਪੀਲਾਪਨ ਲਈ ਸੁਗੰਧਿਤ ਤੇਲ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਧਿਆਨ ਰਹੇ : ਜਾਮਣ ਹਮੇਸ਼ਾ ਭੋਜਨ ਤੋਂ ਬਾਅਦ ਹੀ ਖਾਣੀ ਚਾਹੀਦੀ ਹੈ। ਖਾਲੀ ਪੇਟ ਜਾਮਣ ਨਾ ਖਾਓ। ਵਾਤ ਰੋਗੀਆਂ, ਉਲਟੀ ਦੇ ਰੋਗੀਆਂ, ਪ੍ਰਸੂਤ ਤੋਂ ਉੱਠੀਆਂ ਹੋਈਆਂ ਔਰਤਾਂ ਅਤੇ ਲੰਮੇ ਸਮੇਂ ਤੱਕ ਵਰਤ ਰੱਖਣ ਵਾਲੇ ਵਿਅਕਤੀਆਂ ਨੂੰ ਜਾਮਣਾਂ ਨਹੀਂ ਖਾਣੀਆਂ ਚਾਹੀਦੀਆਂ। ਨਮਕ ਛਿੜਕ ਕੇ ਹੀ ਜਾਮਣਾਂ ਖਾਣੀਆਂ ਚਾਹੀਦੀਆਂ ਹਨ।


-ਉਮੇਸ਼ ਕੁਮਾਰ ਸਾਹੂ

ਘੱਟ ਉਮਰ ਵਿਚ ਵੱਡੀਆਂ ਬਿਮਾਰੀਆਂ ਦਾ ਹਮਲਾ

ਪੱਛਮੀ ਦੇਸ਼ਾਂ ਵਿਚ ਲੋਕ ਸ਼ਾਕਾਹਾਰ ਵੱਲ ਮੁੜ ਰਹੇ ਹਨ ਜਦੋਂ ਕਿ ਸਾਡੇ ਆਪਣੇ ਦੇਸ਼ ਵਿਚ ਚਾਈਨੀ ਅਤੇ ਮੁਗਲਈ ਸਹਿਤ ਮਾਸਾਹਾਰ ਦਾ ਰੁਝਾਨ ਵਧ ਰਿਹਾ ਹੈ। ਚਿਕਨ, ਮਟਨ ਅਤੇ ਆਮਲੇਟ ਦੇ ਫੈਸ਼ਨ ਨੇ ਹਰੀਆਂ ਸਾਗ-ਸਬਜ਼ੀਆਂ, ਸਲਾਦ, ਦੁੱਧ, ਦਹੀਂ ਅਤੇ ਫਲਾਂ ਦੇ ਪ੍ਰਤੀ ਨੌਜਵਾਨਾਂ ਵਿਚ ਨਫਰਤ ਜਿਹੀ ਪੈਦਾ ਕਰ ਦਿੱਤੀ ਹੈ। ਪੌਸ਼ਟਿਕ ਭੋਜਨ ਨਾਲ ਸਜੀ-ਧਜੀ ਥਾਲੀ ਦੇਖਦੇ ਹੀ ਅੱਲ੍ਹੜ ਨੱਕ-ਮੂੰਹ ਚਿੜਾਉਣ ਲਗਦੇ ਹਨ।
ਉਨੀਂਦਰਾ ਬਣੀ ਬਿਮਾਰੀਆਂ ਦੀ ਜੜ੍ਹ : ਤਣਾਅਪੂਰਨ ਜੀਵਨਸ਼ੈਲੀ ਕਾਰਨ ਸ਼ਹਿਰੀ ਭਾਰਤ ਵਿਚ ਨੀਂਦ ਨਾਲ ਜੁੜੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਔਖੀ ਹੁੰਦੀ ਜਾ ਰਹੀ ਹੈ ਸਾਡੀ ਪੜ੍ਹਾਈ-ਲਿਖਾਈ। ਮੁਕਾਬਲੇ ਦੇ ਇਸ ਯੁੱਗ ਵਿਚ ਜਿਥੇ ਸਫਲਤਾ ਦੇ ਮਾਪਦੰਡ ਬਦਲ ਚੁੱਕੇ ਹਨ ਉਥੇ ਸੈਟੇਲਾਈਟ ਚੈਨਲਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਚੌਪਟ ਕਰ ਦਿੱਤੀ ਹੈ। ਸਾਈਬਰ ਕੈਫੇ ਦੀ ਲਤ ਲੱਗ ਚੁੱਕੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ। ਮੋਬਾਈਲ ਸੰਸਕ੍ਰਿਤੀ ਨੇ ਵੀ ਨੌਜਵਾਨਾਂ ਨੂੰ ਵਿਦਰੋਹੀ ਅਕਸ ਦੇ ਦਿੱਤਾ। ਦਿਮਾਗ ਸਰੀਰ ਨੂੰ ਸੌਣ ਅਤੇ ਜਾਗਣ ਦੇ ਨਿਯਮਤ ਚੱਕਰ ਨਾਲ ਜੋੜੀ ਰੱਖਦਾ ਹੈ।
ਆਰਥਰਾਈਟਿਸ ਨੂੰ ਗੰਭੀਰਤਾ ਨਾਲ ਲਓ : ਆਮ ਤੌਰ 'ਤੇ ਆਰਥਰਾਈਟਿਸ ਦਾ ਪ੍ਰਕੋਪ ਬੁਢਾਪੇ ਵਿਚ ਹੀ ਨਜ਼ਰ ਆਉਂਦਾ ਹੈ ਪਰ ਅੱਜਕਲ੍ਹ ਨੌਜਵਾਨਾਂ ਵਿਚ ਵੀ ਹੱਡੀਆਂ ਦੇ ਰੋਗ ਵਧ ਰਹੇ ਹਨ। ਸਕੂਲੀ ਵਿਦਿਆਰਥੀਆਂ ਵਿਚ ਜੋੜਾਂ ਦੀ ਸੋਜ, ਹੱਡੀਆਂ ਦੇ ਪਿੰਜਰ ਢਿੱਲੇ ਹੋਣ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਆਸਟਿਓਪੋਰੋਸਿਸ ਦੀ ਵੀ ਸ਼ਿਕਾਇਤ ਵਧ ਰਹੀ ਹੈ। ਇਸ ਦੇ ਲਈ ਜ਼ਿੰਮੇਵਾਰ ਹੈ ਉਨ੍ਹਾਂ ਦਾ ਮਾੜਾ ਖਾਣ-ਪੀਣ, ਖਾਸ ਕਰਕੇ ਕੋਲਡ ਡਰਿੰਕਸ, ਜਿਸ ਵਿਚ ਪੇਸਟੀਸਾਈਡ ਤਾਂ ਹੁੰਦੇ ਹੀ ਹਨ, ਫਲੋਰਾਈਡ ਵੀ ਹੁੰਦਾ ਹੈ, ਜਿਸ ਨਾਲ ਸਰੀਰ ਵਿਚ ਮੌਜੂਦ ਕੈਲਸ਼ੀਅਮ ਦੀ ਪੂਰਤੀ ਰੁਕ ਜਾਂਦੀ ਹੈ। ਇਸੇ ਵਜ੍ਹਾ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ।
ਪੌਸ਼ਟਿਕ ਆਹਾਰ ਦੀ ਵਧਦੀ ਹੋਈ ਕਮੀ 40 ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਬੁਢਾਪੇ ਦਾ ਅਹਿਸਾਸ ਕਰਾਉਣ ਲਗਦੀ ਹੈ। ਬੱਚਿਆਂ ਨੂੰ ਸੰਤੁਲਿਤ ਭੋਜਨ ਵਿਚ ਹਾਈ ਪ੍ਰੋਟੀਨ ਖੁਰਾਕ ਜ਼ਰੂਰੀ ਹੈ ਨਾ ਕਿ ਫਾਸਟ ਫੂਡ, ਜਿਸ ਵਿਚ ਪੋਸ਼ਕ ਤੱਤਾਂ ਦੀ ਬੇਹੱਦ ਕਮੀ ਹੁੰਦੀ ਹੈ।
ਕੰਪਿਊਟਰ ਸਿੰਡਰੋਮ ਦੇ ਸ਼ਿਕਾਰ : ਅੱਜਕਲ੍ਹ ਕੰਪਿਊਟਰ ਸਿੰਡਰੋਮ ਬਹੁਤ ਹੈ। ਇਸ ਲਈ ਲੋਕਾਂ ਵਿਚ ਧੌਣ ਦਾ ਸਪਾਂਡੇਲਾਈਟਿਸ ਵਧ ਗਿਆ ਹੈ। ਲਗਾਤਾਰ ਕੀ-ਬੋਰਡ 'ਤੇ ਕੰਮ ਕਰਨ ਦਾ ਅਸਰ ਉਂਗਲੀਆਂ 'ਤੇ ਵੀ ਪੈ ਰਿਹਾ ਹੈ। ਕਈ ਦਫ਼ਤਰਾਂ ਵਿਚ ਕੰਪਿਊਟਰ 'ਤੇ ਕੰਮ ਕਰਨ ਵਾਲਿਆਂ ਦੀਆਂ ਅੱਖਾਂ ਅਤੇ ਪਿੱਠ 'ਤੇ ਵੀ ਸੁਵਿਵਸਥਾ ਦੀ ਕਮੀ ਵਿਚ ਡੂੰਘਾ ਪ੍ਰਭਾਵ ਪੈਂਦਾ ਹੈ। ਬੰਦ ਕਮਰਿਆਂ ਵਿਚ ਵੈਸੇ ਹੀ ਸ਼ੁੱਧ ਹਵਾ ਦੀ ਕਮੀ ਸਿਹਤ ਨਾਲ ਖਿਲਵਾੜ ਕਰਦੀ ਹੈ। ਵੈਂਟੀਲੇਸ਼ਨ ਨਾ ਹੋਣਾ ਆਮ ਗੱਲ ਹੈ। ਦਿਨ ਵਿਚ ਵੀ ਟਿਊਬਲਾਈਟ ਦੀ ਰੌਸ਼ਨੀ ਵਿਚ ਹੀ ਕੰਮਕਾਜ ਨਿਪਟਾਇਆ ਜਾਂਦਾ ਹੈ।
ਛੋਟੀਆਂ-ਛੋਟੀਆਂ ਗੱਲਾਂ ਦੀ ਅਣਦੇਖੀ ਨਾ ਕਰੋ : ਜੀਵਨ ਵਿਚ ਛੋਟੀਆਂ-ਛੋਟੀਆਂ ਗੱਲਾਂ ਦਾ ਆਪਣਾ ਅਲੱਗ ਹੀ ਮਹੱਤਵ ਹੈ ਪਰ ਜਾਣੇ-ਅਨਜਾਣੇ ਵਿਚ ਅਸੀਂ ਕਈ ਵਾਰ ਇਨ੍ਹਾਂ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਦੁਹਰਾ ਦਿੰਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਇਹੀ ਛੋਟੀਆਂ-ਛੋਟੀਆਂ ਗੱਲਾਂ ਬੜੀਆਂ ਮਹਿੰਗੀਆਂ ਸਾਬਤ ਹੁੰਦੀਆਂ ਹਨ। ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਦੀ ਜਗ੍ਹਾ ਸਵੱਛੰਦ ਜੀਵਨ ਪ੍ਰਵਿਰਤੀ ਦੀ ਵਧਦੀ ਹੋਈ ਲਤ ਚਿੰਤਾ ਦਾ ਵਿਸ਼ਾ ਹੈ। ਪਹਿਰਾਵੇ ਵਿਚ ਆ ਰਹੇ ਬਦਲਾਅ ਨੇ ਨੌਜਵਾਨਾਂ ਨੂੰ ਗ਼ਲਤ ਰਸਤੇ 'ਤੇ ਲਿਜਾਣ ਵਿਚ ਕੋਈ ਕਸਰ ਨਹੀਂ ਛੱਡੀ। ਦੇਰ ਰਾਤ ਤੱਕ ਘਰ ਤੋਂ ਬਾਹਰ ਭਟਕਣ ਦਾ ਵੀ ਫੈਸ਼ਨ ਚੱਲ ਰਿਹਾ ਹੈ। ਸਿਗਰਟਨੋਸ਼ੀ ਤੋਂ ਮਦਿਰਾਪਾਨ ਤੱਕ ਹੀ ਲਤ ਨੌਜਵਾਨਾਂ ਵਿਚ ਵਧ ਰਹੀ ਹੈ। ਇਹੀ ਵਜ੍ਹਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਣ-ਪੀਣ ਤੋਂ ਕਿਸੇ ਤਰ੍ਹਾਂ ਦਾ ਪ੍ਰਹੇਜ਼ ਨਹੀਂ ਰਿਹਾ।
ਘੱਟ ਉਮਰ ਵਿਚ ਵੱਡੀਆਂ ਬਿਮਾਰੀਆਂ ਦਾ ਆਕਰਸ਼ਣ ਅਵਿਵਸਥਾ ਦਾ ਕਹਿਰ ਹੈ ਜਾਂ ਸਾਡੀਆਂ ਲਾਪ੍ਰਵਾਹੀਆਂ ਦਾ ਮਾੜਾ ਨਤੀਜਾ, ਇਹ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ। ਜ਼ਰੂਰਤ ਹੈ ਸਮਾਂ ਰਹਿੰਦੇ ਸੁਚੇਤ ਹੋਣ ਦੀ ਅਤੇ ਆਪਣੀ ਖਾਣ-ਪੀਣ ਦੀ ਵਿਵਸਥਾ ਵਿਚ ਸੁਧਾਰ ਕਰਨ ਦੀ।

ਛੱਲੀ ਖਾਣ ਦੇ ਸਿਹਤ ਲਈ ਫਾਇਦੇ

ਛੱਲੀ, ਜਿਸ ਨੂੰ ਮੱਕੀ ਜਾਂ ਜਵਾਰ ਵੀ ਕਿਹਾ ਜਾਂਦਾ ਹੈ, ਇਸ ਨੂੰ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ। ਛੱਲੀ ਨੂੰ ਮੱਕਾ, ਛੱਲੀ ਅਤੇ ਸਵੀਟ ਕਾਰਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਛੱਲੀ ਆਪਣੇ ਮਿੱਠੇ ਸਵਾਦ ਕਰਕੇ ਨਾ ਸਿਰਫ ਬੱਚਿਆਂ ਨੂੰ ਪਸੰਦ ਆਉਂਦੀ ਹੈ, ਸਗੋਂ ਇਸ ਨੂੰ ਵੱਡੇ ਵੀ ਬਹੁਤ ਚਾਹ ਕੇ ਖਾਂਦੇ ਹਨ। ਇਸ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਖਾ ਸਕਦੇ ਹੋ, ਇਸ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ।
ਬਾਜ਼ਾਰ ਵਿਚ ਤੁਹਾਨੂੰ ਛੱਲੀ ਅਸਾਨੀ ਨਾਲ ਮਿਲ ਜਾਵੇਗੀ। ਇਸ ਦੀ ਤੁਸੀਂ ਸਬਜ਼ੀ ਵੀ ਬਣਾ ਸਕਦੇ ਹੋ। ਮੱਕੀ ਵਿਚ ਫਾਈਬਰ, ਪੋਟਾਸ਼ੀਅਮ, ਕਾਰਬੋਹਾਈਡ੍ਰੇਟਸ ਅਤੇ ਮਿਨਰਲਜ਼ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਛੱਲੀ ਸਿਹਤ ਲਈ ਹਰ ਤਰੀਕੇ ਨਾਲ ਲਾਭਦਾਇਕ ਹੁੰਦੀ ਹੈ। ਆਓ ਜਾਣਦੇ ਹਾਂ ਕਿ ਛੱਲੀ ਖਾਣ ਦੇ ਫਾਇਦੇ ਕੀ ਹਨ-
ਸਰੀਰ ਦੀ ਇਮਿਊਨਿਟੀ ਪਾਵਰ ਵਧਾਏ : ਪ੍ਰੋਟੀਨ ਦੂਜਾ ਅਜਿਹਾ ਨਿਊਟ੍ਰੀਐਂਟ ਹੈ, ਜਿਸ ਦੀ ਸਰੀਰ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਦਾ ਕੰਮ ਸਰੀਰਕ ਸੈੱਲਾਂ ਨੂੰ ਬਾਹਰੀ ਟੁੱਟ-ਭੱਜ ਤੋਂ ਬਚਾਉਣਾ, ਮਸਲ ਬਣਾਉਣਾ ਅਤੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਹੁੰਦਾ ਹੈ। ਛੱਲੀ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਮਰਦਾਂ ਨੂੰ ਰੋਜ਼ਾਨਾ 56 ਗ੍ਰਾਮ ਅਤੇ ਔਰਤਾਂ ਨੂੰ ਰੋਜ਼ਾਨਾ 46 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਸ ਨੂੰ ਸਿਰਫ ਤੁਸੀਂ ਇਕ ਕੱਪ ਛੱਲੀ ਦੇ ਦਾਣੇ ਖਾ ਕੇ ਪ੍ਰਾਪਤ ਕਰ ਸਕਦੇ ਹੋ।
ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ : ਛੱਲੀ ਵਿਚ ਜ਼ੀਕਸਾਂਥਿਨ ਨਾਂਅ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜਿਸ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਨਾਲ ਉਮਰ ਵਧਣ ਦੇ ਨਾਲ-ਨਾਲ ਅੱਖਾਂ ਵਿਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ, ਅੱਖਾਂ ਦਾ ਸੁੱਕਾਪਨ, ਅੱਖਾਂ ਵਿਚੋਂ ਪਾਣੀ ਨਿਕਲਣਾ ਆਦਿ ਤੋਂ ਛੁਟਕਾਰਾ ਮਿਲਦਾ ਹੈ। ਛੱਲੀ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ।
ਜਵਾਨ ਬਣਾਈ ਰੱਖੇ : ਛੱਲੀ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੇ ਹਨ। ਇਸ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਚਮੜੀ ਦੇ ਕਸਾਵ ਨੂੰ ਬਣਾਈ ਰੱਖਦੇ ਹਨ। ਆਪਣੀ ਖੁਰਾਕ ਵਿਚ ਛੱਲੀ ਨੂੰ ਸ਼ਾਮਿਲ ਕਰਨ ਨਾਲ ਬੇਵਕਤ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਮੱਕੀ ਨੂੰ ਖਾਣ ਤੋਂ ਇਲਾਵਾ ਇਸ ਦਾ ਤੇਲ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਵਿਚੋਂ ਨਿਕਲਣ ਵਾਲੇ ਤੇਲ ਨੂੰ ਵੀ ਲਗਾ ਸਕਦੇ ਹੋ। ਇਸ ਦੇ ਤੇਲ ਵਿਚ ਲਿਨੋਲਿਕ ਐਸਿਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਜਵਾਨ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਰੇਸ਼ਿਸ ਅਤੇ ਖੁਜਲੀ ਦੇ ਇਲਾਜ ਲਈ ਵੀ ਕਾਰਨ ਸਟਾਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਚਮੜੀ ਬਹੁਤ ਜ਼ਿਆਦਾ ਨਰਮ ਬਣ ਜਾਂਦੀ ਹੈ।
ਯਾਦਦਾਸ਼ਤ ਤੇਜ਼ ਕਰੇ : ਛੱਲੀ ਵਿਚ ਥੀਆਮਾਈਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਉਸ ਵਿਚ ਮੌਜੂਦ ਨਿਊਟ੍ਰੀਏਂਟਸ ਦਿਮਾਗ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਛੱਲੀ ਦੇ ਸੇਵਨ ਨਾਲ ਯਾਦਦਾਸ਼ਤ ਵੀ ਤੇਜ਼ ਹੋ ਜਾਂਦੀ ਹੈ। ਛੱਲੀ ਨੂੰ ਖਾ ਕੇ ਤੁਸੀਂ ਅਲਜਾਈਮਰ ਵਰਗੀ ਭੁੱਲਣ ਦੀ ਬਿਮਾਰੀ ਤੋਂ ਵੀ ਬਚੇ ਰਹਿੰਦੇ ਹੋ।
ਦਿਲ ਲਈ ਵੀ ਫਾਇਦੇਮੰਦ : ਛੱਲੀ ਦਿਲ ਦੇ ਰੋਗਾਂ ਨੂੰ ਖ਼ਤਮ ਕਰਨ ਵਿਚ ਵੀ ਮਦਦਗਾਰ ਹੁੰਦੀ ਹੈ। ਕਿਉਂਕਿ ਇਸ ਵਿਚ ਵਿਟਾਮਿਨ 'ਸੀ', ਕੈਰੋਟੀਨੋਇਡ ਅਤੇ ਬਾਇਓਫਲੇਵੋਨਾਇਡ ਪਾਏ ਜਾਂਦੇ ਹਨ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਣ ਨਹੀਂ ਦਿੰਦੇ ਅਤੇ ਸਰੀਰ ਵਿਚ ਖੂਨ ਦਾ ਪ੍ਰਵਾਹ ਵੀ ਵਧਦਾ ਹੈ।
ਮੋਟਾਪਾ ਘੱਟ ਕਰੇ : ਛੱਲੀ ਨੂੰ ਥੋੜ੍ਹੀ ਜਿਹੀ ਮਾਤਰਾ ਵਿਚ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ। ਨਾਲ ਹੀ ਇਸ ਨਾਲ ਪੂਰੇ ਦਿਨ ਲਈ ਜ਼ਰੂਰੀ ਪੋਸ਼ਣ ਵੀ ਪ੍ਰਾਪਤ ਹੋ ਜਾਂਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ। ਇਸ ਲਈ ਇਹ ਭਾਰ ਨੂੰ ਘੱਟ ਕਰਨ ਵਿਚ ਤੁਹਾਡੀ ਸਹਾਇਤਾ ਕਰ ਸਕਦੀ ਹੈ। ਇਸ ਦਾ ਸੂਪ ਬਣਾ ਕੇ ਪੀਣਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ।
ਕੈਂਸਰ ਤੋਂ ਬਚਾਏ : ਛੱਲੀ ਵਿਚ ਬੀਟਾ ਕਰਾਈਪਟੋਕਸਾਨਥਿਨ ਪਾਇਆ ਜਾਂਦਾ ਹੈ ਜੋ ਕਾਫੀ ਹੱਦ ਤੱਕ ਬੀਟਾ-ਕੈਰੋਟੀਨ ਨਾਲ ਮਿਲਦਾ-ਜੁਲਦਾ ਹੈ। ਇਸ ਨੂੰ ਸਰੀਰ ਵਿਟਾਮਿਨ 'ਏ' ਵਿਚ ਆਪਣੇ-ਆਪ ਬਦਲ ਲੈਂਦਾ ਹੈ। ਬੀਟਾ ਕਰਾਈਪਟੋਕਸਾਨਥਿਨ ਫੇਫੜਿਆਂ ਦੇ ਕੈਂਸਰ ਦਾ ਦੁਸ਼ਮਣ ਹੁੰਦਾ ਹੈ। ਭਾਵ ਕਿ ਸਰੀਰ ਵਿਚ ਬੀਟਾ ਕਰਾਈਪਟੋਕਸਾਨਥਿਨ ਦੀ ਸਹੀ ਮਾਤਰਾ ਹੋਣ 'ਤੇ ਫੇਫੜਿਆਂ ਦਾ ਕੈਂਸਰ ਤੁਹਾਡੇ ਤੋਂ ਕੋਹਾਂ ਦੂਰ ਰਹਿੰਦਾ ਹੈ।
ਹੱਡੀਆਂ ਮਜ਼ਬੂਤ ਬਣਾਏ : ਛੱਲੀ ਵਿਚ ਪੋਟਾਸ਼ੀਅਮ ਦੀ ਉਚਿਤ ਮਾਤਰਾ ਪਾਈ ਜਾਂਦੀ ਹੈ ਜੋ ਹਾਰਟ ਫੰਕਸ਼ਨ, ਮਸਲਾਂ 'ਤੇ ਪੈਣ ਵਾਲੇ ਦਬਾਅ ਅਤੇ ਏਂਠਨ ਨੂੰ ਘੱਟ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਕੱਪ ਛੱਲੀ ਦੇ ਦਾਣਿਆਂ ਵਿਚ 325 ਮਿ: ਗ੍ਰਾ: ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਆਲੂ, ਬੀਨਸ ਅਤੇ ਪਾਲਕ ਦੇ ਨਾਲ ਮਿਲਾ ਕੇ ਖਾਣ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਛੱਲੀ ਦੇ ਪੀਲੇ ਦਾਣਿਆਂ ਵਿਚ ਢੇਰ ਸਾਰਾ ਆਇਰਨ, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਇਸ ਪੋਸ਼ਕ ਤੱਤਾਂ ਦੇ ਕਾਰਨ ਬੁਢਾਪੇ ਦੌਰਾਨ ਵੀ ਹੱਡੀਆਂ ਦੇ ਟੁੱਟਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ। ਇਸ ਨਾਲ ਗੁਰਦੇ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ।
ਪਾਚਣ ਕਿਰਿਆ ਸਹੀ ਰੱਖੇ : ਪਾਚਣ ਕਿਰਿਆ ਨੂੰ ਬਿਹਤਰ ਬਣਾਉਣ ਲਈ ਖਾਣੇ ਵਿਚ ਫਾਈਬਰ ਦਾ ਹੋਣਾ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ। ਮੱਕੀ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਿਰਫ ਪਾਚਣ ਲਈ ਹੀ ਨਹੀਂ, ਸਗੋਂ ਬਲੱਡ ਸ਼ੂਗਰ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ, ਨਾਲ ਹੀ ਕੋਲੈਸਟ੍ਰੋਲ ਦੀ ਵਧਦੀ ਮਾਤਰਾ ਨੂੰ ਵੀ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ। ਇਹ ਫਾਈਬਰ ਨਾਲ ਭਰਿਆ ਹੋਇਆ ਹੈ, ਇਸ ਲਈ ਇਸ ਨੂੰ ਖਾਣ ਨਾਲ ਪੇਟ ਦਾ ਪਾਚਣ ਸਹੀ ਬਣਿਆ ਰਹਿੰਦਾ ਹੈ। ਇਸ ਨਾਲ ਕਬਜ਼, ਬਵਾਸੀਰ ਅਤੇ ਪੇਟ ਵਿਚ ਕੈਂਸਰ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

ਜਦੋਂ ਸਤਾਏ ਕਮਰ ਦਾ ਦਰਦ

ਅਕਸਰ ਔਰਤਾਂ ਨੂੰ ਕਮਰ ਦਰਦ ਸਤਾਉਂਦਾ ਰਹਿੰਦਾ ਹੈ ਅਤੇ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਕਮਰ ਦਰਦ ਸਿਰਫ ਵੱਡੀ ਉਮਰ ਦੀਆਂ ਔਰਤਾਂ ਦਾ ਰੋਗ ਨਹੀਂ ਹੈ। ਕਿਸੇ ਵੀ ਉਮਰ ਵਿਚ ਇਹ ਘੁਸਪੈਠ ਕਰ ਸਕਦਾ ਹੈ।
ਇਸ ਦਾ ਪ੍ਰਮੁੱਖ ਕਾਰਨ ਸਾਡੀ ਗ਼ਲਤ ਰੋਜ਼ਮਰ੍ਹਾ ਹੈ। ਔਰਤਾਂ ਵਿਚ ਕਮਰ ਦਰਦ ਦਾ ਪ੍ਰਮੁੱਖ ਕਾਰਨ ਮਾਸਕ ਧਰਮ, ਮੋਟਾਪਾ, ਜ਼ਿਆਦਾ ਮਿਹਨਤ, ਉੱਚੀ ਅੱਡੀ ਵਾਲੀ ਚੱਪਲ-ਸੈਂਡਲ ਅਤੇ ਕਸਰਤ ਦੀ ਕਮੀ ਦਾ ਹੋਣਾ ਹੁੰਦਾ ਹੈ।
ਔਰਤਾਂ ਤੋਂ ਇਲਾਵਾ ਮਰਦਾਂ, ਨੌਜਵਾਨਾਂ ਨੂੰ ਵੀ ਇਹ ਦਰਦ ਹੁੰਦਾ ਹੈ, ਜਿਸ ਦਾ ਕਾਰਨ ਹੈ ਲਗਾਤਾਰ ਖੜ੍ਹੇ ਹੋ ਕੇ ਕੰਮ ਕਰਨਾ, ਕਮਰ ਝੁਕਾ ਕੇ ਬੈਠਣਾ, ਸਕੂਟਰ ਆਦਿ ਜ਼ਿਆਦਾ ਚਲਾਉਣਾ, ਸੌਣ-ਉੱਠਣ ਦੇ ਗ਼ਲਤ ਤਰੀਕੇ ਆਦਿ।
ਕਮਰ ਦਰਦ ਦਾ ਇਲਾਜ ਸਮਾਂ ਰਹਿੰਦੇ ਹੀ ਕਰਨਾ ਲਾਭਦਾਇਕ ਹੁੰਦਾ ਹੈ, ਨਹੀਂ ਤਾਂ ਇਹ ਲਾਇਲਾਜ ਹੋ ਜਾਂਦਾ ਹੈ। ਜਿਵੇਂ ਹੀ 4-5 ਦਿਨ ਤੱਕ ਲਗਾਤਾਰ ਇਹ ਦਰਦ ਰਹੇ ਤਾਂ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਇਸ ਵਿਚ ਲਾਪ੍ਰਵਾਹੀ ਵਰਤਣਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ।
ਜਿਨ੍ਹਾਂ ਲੋਕਾਂ ਦਾ ਉਠਣ-ਬੈਠਣ ਦਾ ਸਲੀਕਾ ਠੀਕ ਨਾ ਹੋਵੇ ਅਤੇ ਝੁਕ ਕੇ ਚਲਦੇ ਹੋਣ, ਉਨ੍ਹਾਂ ਲੋਕਾਂ ਨੂੰ ਕਮਰ ਦਰਦ ਜ਼ਿਆਦਾ ਹੁੰਦਾ ਹੈ। ਠੀਕ ਤਰ੍ਹਾਂ ਖੜ੍ਹੇ ਨਾ ਹੋਣ 'ਤੇ ਜਾਂ ਠੀਕ ਤਰ੍ਹਾਂ ਨਾ ਬੈਠਣ 'ਤੇ ਵੀ ਸਰੀਰ ਦਾ ਆਕਾਰ ਹੌਲੀ-ਹੌਲੀ ਹਮੇਸ਼ਾ ਲਈ ਵਿਗੜਨ ਲਗਦਾ ਹੈ। ਜੇ ਅਸੀਂ ਸ਼ੁਰੂ ਤੋਂ ਇਸ ਪਾਸੇ ਧਿਆਨ ਦੇਈਏ ਤਾਂ ਅਸੀਂ ਕਮਰ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ।
ਬਹੁਤ ਘੱਟ ਲੋਕਾਂ ਨੂੰ ਝੁਕਣ ਦਾ ਸਲੀਕਾ ਪਤਾ ਹੁੰਦਾ ਹੈ। ਬਹੁਤੇ ਲੋਕ ਹੇਠੋਂ ਕੁਝ ਚੁੱਕਣ ਲਈ ਕਿਸੇ ਵੀ ਸਥਿਤੀ ਨਾਲ ਝੁਕ ਕੇ ਚੁੱਕ ਲੈਂਦੇ ਹਨ, ਜੋ ਕਮਰ ਦਰਦ ਦਾ ਕਾਰਨ ਬਣ ਜਾਂਦਾ ਹੈ।
ਬਹੁਤ ਜ਼ਿਆਦਾ ਕਸਰਤਾਂ ਕਰਨ ਨਾਲ ਵੀ ਪਿੱਠ ਦਰਦ ਹੋ ਸਕਦਾ ਹੈ।
ਲੰਬੇ ਸਮੇਂ ਤੱਕ ਕੋਈ ਵੀ ਵਾਹਨ ਚਲਾਉਣ ਨਾਲ ਜਾਂ ਕਿਸੇ ਵੀ ਵਾਹਨ 'ਤੇ ਬੈਠੇ ਰਹਿਣ ਨਾਲ ਵੀ ਕਮਰ ਦੇ ਹੇਠਾਂ ਵਾਲੇ ਹਿੱਸੇ ਵਿਚ ਦਰਦ ਹੁੰਦਾ ਹੈ। ਵਾਹਨ ਚਲਾਉਣ ਵਾਲੇ ਨੂੰ ਵਿਚ-ਵਿਚ ਗੱਡੀ ਰੋਕ ਕੇ ਸਿੱਧਾ ਹੋ ਜਾਣਾ ਚਾਹੀਦਾ ਹੈ ਅਤੇ ਥੋੜ੍ਹਾ ਚੱਲ-ਫਿਰ ਲੈਣਾ ਚਾਹੀਦਾ ਹੈ। ਡਰਾਈਵਰ ਅਤੇ ਯਾਤਰੀ ਨੂੰ ਵੀ ਆਪਣੀ ਸਥਿਤੀ ਬਦਲਦੇ ਰਹਿਣਾ ਚਾਹੀਦਾ ਹੈ।
ਕਮਰ ਦਰਦ ਪ੍ਰੇਸ਼ਾਨ ਨਾ ਕਰੇ, ਇਸ ਦੇ ਲਈ ਵਰਤੋ ਕੁਝ ਸਾਵਧਾਨੀਆਂ
* ਕਸਰਤ ਕਰਦੇ ਸਮੇਂ ਧਿਆਨ ਦਿਓ ਕਿ ਲੋੜ ਤੋਂ ਜ਼ਿਆਦਾ ਕਸਰਤਾਂ ਨਾ ਕਰੋ। ਜੋ ਕਸਰਤ ਕਰੋ, ਉਹ ਕਮਰ ਨੂੰ ਖਿੱਚ ਨਾ ਪਾਵੇ।
* ਖੜ੍ਹੇ ਹੋਣ ਸਮੇਂ ਸਿੱਧੇ ਖੜ੍ਹੇ ਹੋਵੋ ਅਤੇ ਦੋਵੇਂ ਪੈਰਾਂ 'ਤੇ ਬਰਾਬਰ ਭਾਰ ਪਾਓ। ਜ਼ਿਆਦਾ ਦੇਰ ਖੜ੍ਹੇ ਹੋਣਾ ਹੈ ਤਾਂ ਸਥਿਤੀ ਬਦਲਦੇ ਰਹੋ।
* ਜ਼ਿਆਦਾ ਸਮੇਂ ਤੱਕ ਬੈਠ ਕੇ ਕੰਮ ਨਾ ਕਰੋ। ਅਜਿਹੀ ਕੁਰਸੀ ਦੀ ਵਰਤੋਂ ਕਰੋ ਜੋ ਤੁਹਾਡੀ ਕਮਰ ਨੂੰ ਸਪੋਰਟ ਦਿੰਦੀ ਹੋਵੇ।
* ਬੈਗ ਚੁੱਕਦੇ ਸਮੇਂ ਜਾਂ ਪਰਸ ਮੋਢੇ 'ਤੇ ਲਟਕਾਉਂਦੇ ਸਮੇਂ ਪਾਸਾ ਬਦਲਦੇ ਰਹੋ, ਜਿਸ ਨਾਲ ਇਕ ਮੋਢੇ 'ਤੇ ਜ਼ਿਆਦਾ ਦਬਾਅ ਨਾ ਪਵੇ।
* ਨੀਂਦ ਪੂਰੀ ਲਓ। ਹੋ ਸਕੇ ਤਾਂ ਦਿਨ ਵਿਚ ਥੋੜ੍ਹੀ ਦੇਰ ਆਰਾਮ ਕਰੋ।
* ਦਫ਼ਤਰ ਵਿਚ ਕੰਮ ਕਰਦੇ ਸਮੇਂ ਜਾਂ ਕੰਪਿਊਟਰ 'ਤੇ ਲਗਾਤਾਰ ਕੰਮ ਕਰਦੇ ਸਮੇਂ ਵਿਚ-ਵਿਚਾਲੇ ਉੱਠੋ ਅਤੇ ਕਮਰ ਨੂੰ ਆਰਾਮ ਦਿਓ।
* ਘਰ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਵੀ ਕੰਮ ਖ਼ਤਮ ਕਰਕੇ ਥੋੜ੍ਹੀ ਦੇਰ ਆਰਾਮ ਜ਼ਰੂਰ ਕਰਨਾ ਚਾਹੀਦਾ ਹੈ।
* ਜ਼ਿਆਦਾ ਨਰਮ ਗੱਦਿਆਂ ਦੀ ਵਰਤੋਂ ਤੋਂ ਬਚੋ।
* ਜ਼ਮੀਨ ਤੋਂ ਸਾਮਾਨ ਚੁੱਕਦੇ ਸਮੇਂ ਪਿੱਠ (ਕਮਰ) ਦੇ ਭਾਰ ਝੁਕਣ ਦੀ ਜਗ੍ਹਾ ਗੋਡਿਆਂ ਦੇ ਭਾਰ ਝੁਕੋ।
* ਜ਼ਿਆਦਾ ਭਾਰ ਨਾ ਚੁੱਕੋ। ਉੱਪਰੋਂ ਸਾਮਾਨ ਲਾਹੁੰਦੇ ਸਮੇਂ ਕਿਸੇ ਉੱਚੀ ਚੀਜ਼ 'ਤੇ ਖੜ੍ਹੇ ਹੋ ਕੇ ਆਰਾਮ ਨਾਲ ਸਾਮਾਨ ਲਾਹੋ।
* ਅੱਡੀ ਵਾਲੀ ਚੱਪਲ, ਸੈਂਡਲ ਨਾ ਪਹਿਨ ਕੇ ਪੈਰਾਂ ਵਿਚ ਆਰਾਮਦਾਇਕ ਚੱਪਲ ਪਹਿਨੋ। ਅੱਡੀ ਵਾਲੀ ਚੱਪਲ, ਸੈਂਡਲ ਨਾਲ ਸੰਤੁਲਨ ਖਰਾਬ ਹੋਣ 'ਤੇ ਕਮਰ ਦਰਦ ਹੋ ਜਾਂਦਾ ਹੈ।


-ਨੀਤੂ ਗੁਪਤਾ

ਜਟਿਲ ਹੁੰਦਾ ਮੱਛਰ ਦਾ ਆਚਰਣ

ਮਾਮੂਲੀ ਜਿਹੇ ਕੀਟ ਮੱਛਰ ਤੋਂ ਸਾਰੇ ਜੀਵ ਪ੍ਰੇਸ਼ਾਨ ਹਨ। ਇਸ ਨੇ ਸਭ ਤੋਂ ਵੱਧ ਸਮਝ ਵਾਲੇ ਜੀਵ ਮਨੁੱਖ ਤੱਕ ਦਾ ਜੀਵਨ ਮੁਹਾਲ ਕਰ ਦਿੱਤਾ ਹੈ। ਇਸ ਦਾ ਚਰਿੱਤਰ ਅਤੇ ਕਾਰਜ ਬੁੱਝਣਾ ਲਗਾਤਾਰ ਔਖਾ ਹੋ ਜਾਂਦਾ ਹੈ। ਇਨ੍ਹਾਂ ਦੀਆਂ ਅਨੇਕਾਂ ਕਿਸਮਾਂ ਹਨ। ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੀਆਂ ਹਨ। ਇਹ ਰੋਗਾਂ ਦੇ ਵਾਹਕ ਹਨ ਅਤੇ ਵੱਖ-ਵੱਖ ਸਮੇਂ 'ਤੇ ਲੋਕਾਂ ਨੂੰ ਕੱਟਦੇ ਹਨ।
ਮੱਛਰਦਾਨੀ ਸਾਨੂੰ ਮੱਛਰ ਨਾਲ ਹੋਣ ਵਾਲੇ 90 ਫ਼ੀਸਦੀ ਰੋਗਾਂ ਤੋਂ ਬਚਾਉਂਦੀ ਹੈ। ਡੇਂਗੂ ਫੈਲਾਉਣ ਵਾਲਾ ਮੱਛਰ ਸਵੇਰੇ ਕੱਟਦਾ ਹੈ ਜਦੋਂ ਕਿ ਅਸੀਂ ਬਚਣ ਦੀ ਕੋਸ਼ਿਸ਼ ਰਾਤ ਨੂੰ ਕਰਦੇ ਹਾਂ। ਮੱਛਰ ਨੂੰ ਭਜਾਉਣ ਲਈ ਕ੍ਰੀਮ, ਟਿੱਕੀ, ਕਵਾਇਲ ਆਦਿ ਦੀ ਵਰਤੋਂ ਕਰਦੇ ਹਾਂ ਪਰ ਕੁਝ ਦੇਰ ਬਾਅਦ ਮੱਛਰ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਲੈਂਦਾ ਹੈ। ਟਿੱਕੀ, ਕਵਾਇਲ ਆਦਿ ਦਾ ਰਸਾਇਣ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦਾ ਮਾੜਾ ਪ੍ਰਭਾਵ ਵੀ ਹੁੰਦਾ ਹੈ। ਮੱਛਰ ਤੋਂ ਬਚਾਅ ਵਾਲੀ ਕ੍ਰੀਮ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮੱਛਰ ਤੋਂ ਬਚਣ ਲਈ ਸਾਫ਼-ਸਫ਼ਾਈ ਤੋਂ ਇਲਾਵਾ ਹੋਰ ਕੋਈ ਸ੍ਰੇਸ਼ਠ ਬਦਲ ਨਹੀਂ ਹੈ।

ਬਰਸਾਤਾਂ ਵਿਚ ਅਪਣਾਓ ਸਿਹਤ ਸਬੰਧੀ ਸਾਵਧਾਨੀਆਂ

ਅੱਜਕਲ੍ਹ ਭਾਰਤ ਦੇ ਹਰੇਕ ਸਥਾਨ 'ਤੇ ਰਿਮਝਿਮ ਵਰਖਾ ਹੋ ਰਹੀ ਹੈ। ਅਜਿਹੇ ਸਮੇਂ ਵਿਚ ਸਭ ਤੋਂ ਮਹੱਤਵਪੂਰਨ ਕੰਮ ਖੁਦ ਨੂੰ ਵਰਖਾ ਦੀਆਂ ਬੂੰਦਾਂ ਤੋਂ ਬਚਾਉਣ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦਾ ਹੈ।
ਡਾਕਟਰਾਂ ਅਨੁਸਾਰ ਗਰਮੀ ਰੁੱਤ ਤੋਂ ਬਾਅਦ ਬਰਸਾਤ ਦਾ ਮੌਸਮ ਜਿਥੇ ਆਪਣੇ ਨਾਲ ਕਈ ਤਰ੍ਹਾਂ ਦੀਆਂ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦਾ ਹੈ, ਉਥੇ ਸਿਹਤ ਪੱਖੋਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਹੋਣ ਲਗਦੀਆਂ ਹਨ, ਜਿਨ੍ਹਾਂ ਵਿਚ ਦਾਦ (ਫੰਗਲ ਇਨਫੈਕਸ਼ਨ), ਫੋੜੇ-ਫਿੰਨਸੀਆਂ ਪਾਇਓਡਰਮਾ ਆਦਿ ਪ੍ਰਮੁੱਖ ਹਨ।
ਇਨ੍ਹਾਂ ਸਮੱਸਿਆਵਾਂ ਤੋਂ ਅਣਜਾਣ ਲੋਕ ਜਦੋਂ ਇਸ ਦੌਰਾਨ ਕੁਝ ਖਾਸ ਸਾਵਧਾਨੀਆਂ ਵਰਤਦੇ ਹਨ ਤਾਂ ਬਿਨਾਂ ਸ਼ੱਕ ਇਸ ਮੌਸਮ ਨਾਲ ਪੈਦਾ ਵਾਤਾਵਰਨ ਵਿਚ ਹੋਣ ਵਾਲੇ ਬੈਕਟੀਰੀਆ ਨਾਲ ਸੰਕ੍ਰਮਿਤ ਹੋਣ ਤੋਂ ਬਚ ਸਕਦੇ ਹਨ। ਵੈਸੇ ਵੀ ਸੋਨੇ ਅਤੇ ਚਾਂਦੀ ਦੇ ਟੁਕੜਿਆਂ ਤੋਂ ਵੀ ਜ਼ਿਆਦਾ ਕੀਮਤੀ ਸਾਡਾ ਤੰਦਰੁਸਤ ਸਰੀਰ ਹੈ। ਆਓ ਜਾਣਦੇ ਹਾਂ ਕਿ ਬਰਸਾਤ ਦੇ ਮੌਸਮ ਵਿਚ ਸਿਹਤ ਸਬੰਧੀ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ ਜਾਵੇ।
ਸਮੱਸਿਆਵਾਂ : ਦਰਅਸਲ ਇਸ ਮੌਸਮ ਵਿਚ ਸਭ ਤੋਂ ਜ਼ਿਆਦਾ ਲੋਕਾਂ ਵਿਚ ਖੁਜਲੀ ਦੀ ਸਮੱਸਿਆ ਪਾਈ ਜਾਂਦੀ ਹੈ, ਜੋ ਕਿ ਵਿਅਕਤੀ ਦੇ ਸਰੀਰ 'ਤੇ ਗੋਲਾਕਾਰ ਹੋਣ ਦੇ ਨਾਲ-ਨਾਲ ਫੈਲਦੀ ਚਲੀ ਜਾਂਦੀ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ਰਿੰਗਵਾਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਵਿਅਕਤੀ ਦੇ ਸਰੀਰ ਵਿਚ ਨਮੀ ਵਾਲੀਆਂ ਥਾਵਾਂ 'ਤੇ ਮੌਜੂਦ ਹੁੰਦੀ ਹੈ ਅਤੇ ਕਦੇ-ਕਦੇ ਪਾਣੀ ਭਰੇ ਜਾਂ ਮਵਾਦ ਭਰੇ ਦਾਣੇ ਦੇ ਰੂਪ ਵਿਚ ਵੀ ਦਿਖਾਈ ਦਿੰਦੀ ਹੈ, ਜਿਸ ਨਾਲ ਕਾਫੀ ਖੁਜਲੀ ਹੁੰਦੀ ਹੈ।
ਇਸ ਤੋਂ ਇਲਾਵਾ ਫੋੜੇ-ਫਿੰਨਸੀਆਂ ਦੀ ਜੋ ਹਾਲਤ ਹੁੰਦੀ ਹੈ, ਉਹ ਤਾਂ ਵਿਅਕਤੀ ਨੂੰ ਰੁਲਾ ਕੇ ਹੀ ਰੱਖ ਦਿੰਦੀ ਹੈ। ਦੇਖਣ ਵਿਚ ਆਇਆ ਹੈ ਕਿ ਕਦੇ-ਕਦੇ ਇਹ ਸ਼ਿਕਾਇਤਾਂ ਏਨਾ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ ਕਿ ਵਿਅਕਤੀ ਲਈ ਇਨ੍ਹਾਂ 'ਤੇ ਕਾਬੂ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਅਖੀਰ ਉਹ ਸੰਕ੍ਰਮਿਤ ਹੋ ਕੇ ਹਸਪਤਾਲ ਵੱਲ ਰੁਖ਼ ਕਰ ਲੈਂਦਾ ਹੈ। ਇਸ ਦੇ ਨਾਲ ਹੀ ਹੋਰ ਚਮੜੀ ਸਬੰਧੀ ਬਿਮਾਰੀਆਂ 'ਤੇ ਗੌਰ ਫਰਮਾਉਣਾ ਵੀ ਬੇਹੱਦ ਜ਼ਰੂਰੀ ਹੈ।
ਹੱਲ : * ਬਰਸਾਤ ਦੇ ਮੌਸਮ ਵਿਚ ਖੁਦ ਨੂੰ ਜ਼ਿਆਦਾ ਸਮੇਂ ਤੱਕ ਗਿੱਲਾ ਨਾ ਰੱਖੋ। ਜਿਥੋਂ ਤੱਕ ਹੋ ਸਕੇ, ਗਿੱਲੇ ਕੱਪੜੇ ਬਦਲ ਕੇ ਸੁੱਕੇ ਕੱਪੜੇ ਪਹਿਨੋ, ਬਿਹਤਰ ਰਹੇਗਾ।
* ਜਿਥੋਂ ਤੱਕ ਸੰਭਵ ਹੋਵੇ, ਉਥੋਂ ਤੱਕ ਇਸ ਮੌਸਮ ਵਿਚ ਢਿੱਲੇ ਅਤੇ ਹਲਕੇ ਕੱਪੜਿਆਂ ਨੂੰ ਪਹਿਲ ਦਿਓ, ਕਿਉਂਕਿ ਇਸ ਤਰ੍ਹਾਂ ਤੁਸੀਂ ਸਰੀਰ ਨੂੰ ਖੁੱਲ੍ਹਾ-ਖੁੱਲ੍ਹਾ ਮਹਿਸੂਸ ਕਰ ਸਕੋਗੇ ਅਤੇ ਸਰੀਰ ਨੂੰ ਵੀ ਆਰਾਮ ਮਿਲੇਗਾ। ਇਸ ਲਈ ਤੁਸੀਂ ਸੂਤੀ ਕੱਪੜੇ ਦੀ ਚੋਣ ਕਰਦੇ ਹੋ ਤਾਂ ਕਾਫੀ ਬਿਹਤਰ ਸਾਬਤ ਹੋਵੇਗਾ।
* ਧਿਆਨ ਰਹੇ ਕਿ ਬਰਸਾਤ ਦੇ ਮੌਸਮ ਵਿਚ ਬਰਸਾਤੀ ਪਾਣੀ ਨਾਲ ਨਹਾਉਣ ਤੋਂ ਬਾਅਦ ਸਰੀਰ ਨੂੰ ਸ਼ੁੱਧ ਪਾਣੀ ਨਾਲ ਪੂਰੀ ਤਰ੍ਹਾਂ ਦੁਬਾਰਾ ਸਾਫ਼ ਕਰ ਲਓ, ਤਾਂ ਕਿ ਸਰੀਰ ਵਿਚ ਕਿਸੇ ਤਰ੍ਹਾਂ ਦੀ ਗੰਦਗੀ, ਮਿੱਟੀ ਅਤੇ ਚਿੱਕੜ ਆਦਿ ਬਾਕੀ ਨਾ ਰਹਿ ਜਾਵੇ, ਨਹੀਂ ਤਾਂ ਸੰਕ੍ਰਮਣ ਫੈਲਣ ਦੀ ਸੰਭਾਵਨਾ ਅਜਿਹੀ ਹਾਲਤ ਵਿਚ ਬਹੁਤ ਹੁੰਦੀ ਹੈ।
* ਸੱਟ ਲੱਗਣ ਵਾਲੀ ਜਗ੍ਹਾ ਨੂੰ ਅੱਗੇ ਤੱਕ ਢਕ ਕੇ ਰੱਖੋ, ਤਾਂ ਕਿ ਮੱਖੀਆਂ ਆਦਿ ਤੋਂ ਇਸ ਨੂੰ ਬਚਾਇਆ ਜਾ ਸਕੇ। ਪੱਟੀ ਨਾਲ ਸੱਟ ਨੂੰ ਬੰਨ੍ਹੋ, ਤੁਰੰਤ ਰਾਹਤ ਮਿਲੇਗੀ।
* ਇਸ ਮੌਸਮ ਵਿਚ ਬਹੁਤ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਰਸਾਤ ਦੇ ਮੌਸਮ ਵਿਚ ਵਿਅਕਤੀ ਦੇ ਸਰੀਰ ਵਿਚਲੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸੰਤੁਲਤ ਭੋਜਨ ਉਚਿਤ ਮਾਤਰਾ ਵਿਚ ਜ਼ਰੂਰ ਲਓ, ਕਿਉਂਕਿ ਸੰਤੁਲਨ ਭੋਜਨ ਨਾ ਸਿਰਫ ਸਰੀਰ ਨੂੰ ਸ਼ਕਤੀ ਦਿੰਦਾ ਹੈ, ਸਗੋਂ ਚੁਸਤੀ-ਫੁਰਤੀ ਵੀ ਦਿੰਦਾ ਹੈ।
**

ਸਿਹਤ ਖ਼ਬਰਨਾਮਾ

ਭਾਰ ਘਟਾਉਣਾ ਲਗਦਾ ਆਸਾਨ ਹੈ ਪਰ ਕਰਨਾ ਔਖਾ

ਭਾਰ ਵਧਣਾ ਅਤੇ ਮੋਟਾ ਹੋਣਾ ਹੁਣ ਵਿਸ਼ਵ ਵਿਆਪੀ ਸਮੱਸਿਆ ਬਣ ਗਈ ਹੈ। ਇਸ ਤੋਂ ਪ੍ਰੇਸ਼ਾਨ ਲੋਕ ਜਦੋਂ ਆਪਣਾ ਭਾਰ ਅਤੇ ਮੋਟਾਪਾ ਘਟਾਉਂਦੇ ਹਨ ਤਾਂ ਇਹ ਸੋਚਣ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ। ਕੁਝ ਲੋਕ ਤਕਲੀਫ਼ ਦੇਣ ਵਾਲੀ ਔਖੀ ਡਾਈਟਿੰਗ ਕਰਨ ਲਗਦੇ ਹਨ ਅਤੇ ਆਪਣਾ ਸਰੀਰ ਅਤੇ ਸਿਹਤ ਕਮਜ਼ੋਰ ਕਰ ਲੈਂਦੇ ਹਨ ਤੇ ਕਈ ਨਿਰਾਸ਼ ਹੋ ਕੇ ਬੈਠ ਜਾਂਦੇ ਹਨ। ਅਮਰੀਕਾ ਦੇ ਨੈਸ਼ਨਲ ਹੈਲਥ ਦੇ ਵਿਗਿਆਨੀਆਂ ਅਨੁਸਾਰ ਡਾਈਟਿੰਗ ਕਰਨ ਵਾਲਿਆਂ ਨੂੰ ਅੱਗਾ-ਪਿੱਛਾ ਸੋਚ ਕੇ ਕਦਮ ਚੁੱਕਣਾ ਚਾਹੀਦਾ ਹੈ, ਕਿਉਂਕਿ ਜਿਵੇਂ ਸੋਚਦੇ ਹੋ, ਡਾਈਟਿੰਗ ਉਸ ਨਾਲੋਂ ਜ਼ਿਆਦਾ ਔਖੀ ਹੁੰਦੀ ਹੈ। ਡਾਈਟਿੰਗ ਹਮੇਸ਼ਾ ਡਾਕਟਰ ਦੇ ਦੱਸੇ ਅਨੁਸਾਰ ਕਰਨੀ ਚਾਹੀਦੀ ਹੈ। ਸਰੀਰ ਲਈ ਲੋੜ ਅਨੁਸਾਰ ਪੌਸ਼ਟਿਕ ਭੋਜਨ ਜ਼ਰੂਰੀ ਹੁੰਦਾ ਹੈ।
ਸਬਜ਼ੀਆਂ ਬਣਾਉਣ ਦਿਲ ਦਮਦਾਰ
ਹੁਣ ਤਾਂ ਵਿਗਿਆਨੀ, ਡਾਕਟਰ ਅਤੇ ਖੋਜ ਕਰਨ ਵਾਲੇ ਵੀ ਸ਼ਾਕਾਹਾਰ ਦਾ ਗੁਣਗਾਨ ਕਰਨ ਲੱਗੇ ਹਨ ਅਤੇ ਸਬਜ਼ੀਆਂ ਦੁਆਰਾ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਦੀ ਸਲਾਹ ਦੇਣ ਲੱਗੇ ਹਨ। ਇਨ੍ਹਾਂ ਅਨੁਸਾਰ ਪਿਆਜ਼, ਟਮਾਟਰ, ਬੱਡ, ਲਸਣ, ਗਾਜਰ ਆਦਿ ਖਾਣ ਨਾਲ ਦਿਲ ਦਮਦਾਰ ਹੁੰਦਾ ਹੈ ਅਤੇ ਦਿਲ ਦੀਆਂ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦਾ ਪਿਆਜ਼ ਖੂਨ ਪ੍ਰਵਾਹ ਠੀਕ ਰੱਖਦਾ ਹੈ, ਧੜਕਨ ਸਹੀ ਰੱਖਦਾ ਹੈ ਅਤੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ। ਟਮਾਟਰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕਰਦਾ ਹੈ। ਬੱਡ ਕੋਲੈਸਟ੍ਰੋਲ ਦੀ ਮਾਤਰਾ ਸਹੀ ਰੱਖਦੀ ਹੈ। ਲਸਣ ਖਾਲੀ ਪੇਟ ਲੈਣ ਨਾਲ ਲਾਭ ਹੁੰਦਾ ਹੈ। ਗਾਜਰ ਦਿਲ ਦੀ ਵਧੀ ਧੜਕਣ ਨੂੰ ਠੀਕ ਕਰਦੀ ਹੈ।
ਪ੍ਰਦੂਸ਼ਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧਦਾ ਹੈ

ਪ੍ਰਦੂਸ਼ਣ ਦੀ ਬਹੁਤਾਤ ਦੀ ਸਥਿਤੀ ਵਿਚ ਰਹਿਣਾ ਸਿਹਤ ਲਈ ਖ਼ਤਰਨਾਕ ਹੈ। ਇਸ ਦਾ ਉੱਚ ਪੱਧਰ ਸਮੇਂ ਤੋਂ ਪਹਿਲਾਂ ਮੌਤ ਅਤੇ ਦਿਲ ਦੇ ਦੌਰੇ ਦਾ ਕਾਰਨ ਬਣ ਜਾਂਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਲੰਡਨ ਸਕੂਲ ਆਫ਼ ਹਾਈਜੀਨ ਮੁਤਾਬਿਕ ਵਾਤਾਵਰਨ ਵਿਚ ਪ੍ਰਦੂਸ਼ਣ ਕਣ ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਓਜ਼ੋਨ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਬਹੁਤਾਤ ਨਾਲ ਬਿਮਾਰੀ ਅਤੇ ਮੌਤ ਦਾ ਖ਼ਤਰਾ ਵਧ ਜਾਂਦਾ ਹੈ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX