ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  42 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਦਿਲਚਸਪੀਆਂ

ਐਸੇ ਨੂੰ ਤੈਸਾ

ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਸੋਲਾ ਆਨੇ ਦਾ ਰੁਪਈਆ ਹੁੰਦਾ ਸੀ | ਅੱਠ ਆਨੇ ਦੇ ਸਿੱਕੇ ਨੂੰ ਅਠੱਨੀ ਕਹਿੰਦੇ ਸਨ | ਇਕ ਆਦਮੀ ਰੇਲ ਗੱਡੀ ਵਿਚ ਸਫ਼ਰ ਕਰ ਰਿਹਾ ਸੀ | ਇਕ ਸ਼ਹਿਰ ਦੇ ਸਟੇਸ਼ਨ 'ਤੇ ਗੱਡੀ ਰੁਕੀ | ਜਦੋਂ ਠਹਿਰਨ ਦਾ ਸਮਾਂ ਸਮਾਪਤ ਹੋ ਗਿਆ, ਗਾਰਡ ਨੇ ਹਰੀ ਝੰਡੀ ਲਹਿਰਾ ਕੇ ਸੀਟੀ ਮਾਰੀ ਤੇ ਗੱਡੀ ਹਰਕਤ ਵਿਚ ਆਈ ਤਾਂ ਉਸ ਮੁਸਾਫਿਰ ਨੇ ਅਖ਼ਬਾਰ ਵੇਚਣ ਵਾਲੇ ਨੂੰ ਆਵਾਜ਼ ਮਾਰੀ | ਸਮਾਚਾਰ ਪੱਤਰ ਦੀ ਕੀਮਤ ਅੱਠ ਆਨੇ ਹੁੰਦੀ ਸੀ | ਉਸ ਨੇ ਅਠੱਨੀ ਫੜਾਈ ਤੇ ਅਖ਼ਬਾਰ ਲੈ ਲਈ |
ਉਸ ਦੇ ਨਾਲ ਬੈਠੇ ਮੁਸਾਫਿਰ ਨੇ ਪੁੱਛਿਆ, 'ਬਾਬੂ ਜੀ ਅਖ਼ਬਾਰ ਵਾਲਾ ਕਈ ਦਫਾ ਆਪਣੀ ਖਿੜਕੀ ਕੋਲੋਂ ਲੰਘਿਆ ਹੈ, ਤੁਸੀਂ ਪੇਪਰ ਪਹਿਲਾਂ ਕਿਉਂ ਨਹੀਂ ਖਰੀਦਿਆ?' ਬਾਬੂ ਕਹਿੰਦਾ, 'ਸੱਚੀ ਗੱਲ ਇਹ ਹੈ ਭਾਈ ਸਾਹਿਬ ਕਿ ਮੇਰੇ ਕੋਲ ਅਠੱਨੀ ਦਾ ਸਿੱਕਾ ਖੋਟਾ ਸੀ, ਜੋ ਹੁਣ ਚਲ ਗਿਆ ਹੈ |' ਬਾਬੂ ਤਹਿ ਖੋਲ੍ਹ ਕੇ ਪੜ੍ਹਨ ਲੱਗਾ ਤਾਂ ਹੱਕਾ-ਬੱਕਾ ਰਹਿ ਗਿਆ ਕਿਉਂਕਿ ਚਾਰ ਦਿਨ ਪਹਿਲਾਂ ਦੀ ਬੇਹੀ ਅਖ਼ਬਾਰ ਸੀ |

-ਮਾ: ਮਹਿੰਦਰ ਸਿੰਘ ਸਿੱਧੂ
ਸਿਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98720-86101.


ਖ਼ਬਰ ਸ਼ੇਅਰ ਕਰੋ

ਤਿੱਬਤੀ ਲੋਕ-ਕਥਾ: ਚੀਤਾ ਅਤੇ ਡੱਡੂ

ਇਕ ਵਾਰ ਇਕ ਬੁੱਢਾ ਚੀਤਾ ਸ਼ਿਕਾਰ ਲਈ ਨਿਕਲਿਆ | ਉਹ ਨਦੀ ਦੇ ਕੰਢੇ ਹੌਲੀ-ਹੌਲੀ ਜਾ ਰਿਹਾ ਸੀ | ਇਕ ਡੱਡੂ ਉਸ ਨੂੰ ਵੇਖ ਕੇ ਭੈ-ਭੀਤ ਹੋ ਗਿਆ | ਉਸ ਨੇ ਸੋਚਿਆ, 'ਚੀਤਾ ਮੈਨੂੰ ਖਾਣ ਲਈ ਆ ਰਿਹੈ | 'ਉਹ ਘਾਹ ਦੇ ਗੁੱਛੇ 'ਤੇ ਬੈਠ ਗਿਆ ਅਤੇ ਚੀਤੇ ਦੇ ਨੇੜੇ ਆਉਣ 'ਤੇ ਬੋਲਿਆ, 'ਕਿੱਧਰ ਜਾ ਰਿਹੈਂ?'
ਚੀਤੇ ਨੇ ਜਵਾਬ ਦਿੱਤਾ, 'ਸ਼ਿਕਾਰ ਲਈ ਨਿਕਲਿਆਂ | ਮੈਂ ਦੋ-ਤਿੰਨ ਦਿਨਾਂ ਤੋਂ ਕੁਝ ਨ੍ਹੀਂ ਖਾਧਾ | ਤੂੰ ਬਹੁਤ ਛੋਟੇ ਪਰ ਮੈਨੂੰ ਤੇਰੇ ਨਾਲ ਈ ਸਾਰਨਾ ਪੈਣੈਂ ਕਿਉਂਕਿ ਮੈਨੂੰ ਹੋਰ ਕੁਝ ਨ੍ਹੀ ਮਿਲਿਆ | ਤੂੰ ਹੈਂ ਕੌਣ?'
ਡੱਡੂ ਆਪਣੇ ਆਪ ਨੂੰ ਵੱਧ ਤੋਂ ਵੱਧ ਫੈਲਾਅ ਕੇ ਆਖਣ ਲੱਗਿਆ, 'ਮੈਂ ਡੱਡੂਆਂ ਦਾ ਰਾਜਾ | ਮੈਂ ਬਹੁਤ ਵੱਡੀ ਛਾਲ ਮਾਰ ਸਕਦਾਂ | ਆਹ ਨਦੀ ਐ | ਦੇਖ ਲੈਨੇਂ ਆਂ ਇਹ ਨੂੰ ਛੜੱਪਾ ਮਾਰ ਕੇ ਕੌਣ ਪਾਰ ਕਰ ਸਕਦੈ?'
ਚੀਤਾ ਮੰਨ ਗਿਆ | ਜਦ ਉਹ ਛੜੱਪਾ ਮਾਰਨ ਲਈ ਪੈਰਾਂ ਭਾਰ ਬੈਠਿਆ, ਤਾਂ ਡੱਡੂ ਨੇ ਅੱਖ ਬਚਾ ਕੇ ਆਪਣੇ ਮੂੰਹ ਨਾਲ ਉਸ ਦੀ ਪੂਛ ਦਾ ਸਿਰਾ ਫੜ ਲਿਆ | ਚੀਤਾ ਨਦੀ ਪਾਰ ਕਰ ਕੇ ਪਾਣੀ ਵਿਚ ਡੱਡੂ ਨੂੰ ਵੇਖਣ ਲੱਗਿਆ ਪਰ ਉਹ ਉਸ ਨੂੰ ਕਿਤੇ ਨਾ ਦਿਸਿਆ | ਫਿਰ ਜਦ ਉਹ ਪਿੱਛੇ ਨੂੰ ਮੁੜਿਆ, ਤਾਂ ਐਨੇ ਨੂੰ ਡੱਡੂ ਉਸ ਦੀ ਪੂਛ ਛੱਡ ਕੇ ਉਸ ਦੇ ਸਾਹਮਣੇ ਆ ਗਿਆ ਤੇ ਬੋਲਿਆ, 'ਬੁੱਢੇ ਚੀਤੇ, ਪਾਣੀ ਵਿਚ ਕੀ ਵੇਖ ਰਿਹਾ ਸੀ?' ਚੀਤਾ ਡੱਡੂ ਨੂੰ ਉਥੇ ਵੇਖ ਕੇ ਹੈਰਾਨ ਰਹਿ ਗਿਆ |
ਚੀਤਾ ਡੱਡੂ ਤੋਂ ਹਾਰ ਗਿਆ ਸੀ | ਫਿਰ ਡੱਡੂ ਉਸ ਨੂੰ ਆਖਣ ਲੱਗਿਆ, 'ਆਪਾਂ ਹੁਣ ਮੂੰਹ 'ਚੋਂ ਖਾਧਾ ਪੀਤਾ ਬਾਹਰ ਕੱਢਦੇ ਆਂ |' ਚੀਤੇ ਦਾ ਪੇਟ ਖਾਲੀ ਸੀ ਤੇ ਉਹ ਥੋੜ੍ਹਾ ਜਿਹਾ ਪਾਣੀ ਹੀ ਬਾਹਰ ਕੱਢ ਸਕਿਆ, ਜਦ ਕਿ ਡੱਡੂ ਨੇ ਪੰਜ-ਸੱਤ ਚੀਤੇ ਦੇ ਵਾਲ ਕੱਢ ਕੇ ਬਾਹਰ ਸੁੱਟ ਦਿੱਤੇ | ਚੀਤਾ ਬਹੁਤ ਅਚੰਭਿਤ ਹੋ ਗਿਆ ਤੇ ਉਸ ਨੂੰ ਪੁੱਛਣ ਲੱਗਿਆ, 'ਤੂੰ ਇਹ ਸਭ ਕੁਝ ਕਿਵੇਂ ਕੀਤੈ?' ਡੱਡੂ ਦਾ ਜਵਾਬ ਸੀ, 'ਕੱਲ੍ਹ ਮੈਂ ਇਕ ਚੀਤਾ ਮਾਰ ਕੇ ਖਾਧਾ ਸੀ ਤੇ ਇਹ ਥੋੜ੍ਹੇ ਜਿਹੇ ਵਾਲ ਅਜੇ ਪਚੇ ਨ੍ਹੀ ਸੀ |'
ਚੀਤਾ ਸੋਚਣ ਲੱਗਿਆ, 'ਇਹ ਤਾਂ ਬਹੁਤ ਤਕੜਾ ਹੋਊ | ਕੱਲ੍ਹ ਇਸ ਨੇ ਇਕ ਚੀਤਾ ਮਾਰ ਕੇ ਖਾ ਲਿਆ ਤੇ ਅੱਜ ਇਸ ਨੇ ਨਦੀ ਪਾਰ ਕਰਨ ਲਈ ਮੈਥੋਂ ਵੀ ਵੱਡੀ ਛਲਾਂਗ ਲਾਈ | ਮੈਂ ਇਥੋਂ ਖਿਸਕ ਈ ਜਾਵਾਂ, ਕਿਤੇ ਇਹ ਮੈਨੂੰ ਵੀ ਨਾ ਖਾ ਜਾਏ |' ਉਹ ਤਿਰਛਾ ਜਿਹਾ ਘੁੰਮਿਆ ਅਤੇ ਤੇਜ਼-ਤੇਜ਼ ਦੌੜਦਾ ਪਹਾੜੀ 'ਤੇ ਚੜ੍ਹਨ ਲੱਗਿਆ | ਪਹਾੜੀ ਤੋਂ ਉੱਤਰਦੇ ਇਕ ਲੂੰਬੜ ਨੇ ਉਸ ਨੂੰ ਪੁੱਛਿਆ, 'ਕੀ ਗੱਲ, ਐਨਾ ਤੇਜ਼ ਕਿਉਂ ਦੌੜ ਰਿਹੈਂ?' ਚੀਤਾ ਉਸ ਨੂੰ ਦੱਸਣ ਲੱਗਿਆ, 'ਮੈਂ ਡੱਡੂਆਂ ਦੇ ਰਾਜੇ ਨੂੰ ਮਿਲਿਆਂ | ਉਹ ਤਾਂ ਤਕੜਾ ਈ ਬਹੁਤ ਐ | ਉਹ ਤਾਂ ਚੀਤੇ ਖਾ ਜਾਂਦੈ ਤੇ ਮੈਥੋਂ ਵੀ ਪਹਿਲਾਂ ਛਲਾਂਗ ਮਾਰ ਕੇ ਨਦੀ ਪਾਰ ਕਰ ਜਾਂਦੈ |'
ਲੂੰਬੜ ਉਸ ਵੱਲ ਵੇਖ ਕੇ ਹੱਸਿਆ ਤੇ ਆਖਣ ਲੱਗਿਆ, 'ਉਹ ਤਾਂ ਕੁਝ ਵੀ ਨ੍ਹੀਂ | ਮੈਂ ਛੋਟਾ ਜਿਹਾ ਲੂੰਬੜ ਆਂ ਪਰ ਮੈਂ ਉਸ ਨੂੰ ਆਪਣੇ ਪੈਰ ਹੇਠ ਦੇ ਕੇ ਈ ਮਾਰ ਸਕਦਾਂ |' ਚੀਤਾ ਬੋਲਿਆ, 'ਮੈਨੂੰ ਪਤੈ ਇਹ ਡੱਡੂ ਕੀ ਕਰ ਸਕਦੈ | ਪਰ ਜੇ ਤੂੰ ਸੋਚਦੈਂ ਕਿ ਤੂੰ ਇਸ ਨੂੰ ਮਾਰ ਸਕਦੈਂ, ਤਾਂ ਮੈਂ ਤੇਰੇ ਨਾਲ ਚੱਲਾਂਗਾ | ਮੈਨੂੰ ਲਗਦੈ ਤੂੰ ਡਰ ਕੇ ਦੌੜ ਜਾਏਾਗਾ | ਆਪਾਂ ਆਪਣੀਆਂ ਪੂਛਾਂ ਬੰਨ੍ਹ ਲੈਨੇਂ ਆਂ |'
ਉਨ੍ਹਾਂ ਨੇ ਆਪਣੀਆਂ ਪੂਛਾਂ ਬੰਨ੍ਹ ਲਈਆਂ ਅਤੇ ਨਦੀ ਵੱਲ ਨੂੰ ਚੱਲ ਪਏ | ਡੱਡੂ ਅਜੇ ਵੀ ਘਾਹ ਦੇ ਗੁੱਛੇ 'ਤੇ ਬੈਠਾ ਸੀ ਅਤੇ ਬਹੁਤ ਪ੍ਰਭਾਵਸ਼ਾਲੀ ਲੱਗ ਰਿਹਾ ਸੀ | ਉਨ੍ਹਾਂ ਨੂੰ ਆਉਂਦੇ ਵੇਖ ਕੇ ਉਹ ਲੂੰਬੜ ਨੂੰ ਬੋਲਿਆ, 'ਤੂੰ ਲੂੰਬੜਾਂ ਦਾ ਪ੍ਰਧਾਨ ਐਾ | ਤੂੰ ਅੱਜ ਆਪਣੇ ਰਾਜੇ ਨੂੰ ਨਾ ਤਾਂ ਟੈਕਸ ਦਿੱਤੈ ਤੇ ਨਾ ਹੀ ਉਸ ਦੇ ਲਈ ਮਾਸ ਲਿਆਇਐਾ | ਆਹ ਆਪਣੀ ਪੂਛ ਨਾਲ ਬੰਨਿ੍ਹਆ ਕੁੱਤਾ ਮੇਰੇ ਖਾਣ ਲਈ ਤਾਂ ਨ੍ਹੀਂ ਲਿਆਇਆ?'
ਚੀਤਾ ਬਹੁਤ ਹੀ ਡਰ ਗਿਆ | ਉਸ ਨੇ ਸੋਚਿਆ ਕਿ ਲੂੰਬੜ ਮੈਨੂੰ ਰਾਜੇ ਨੂੰ ਖੁਆਉਣ ਲਈ ਲੈ ਕੇ ਆਇਆ ਹੈ | ਉਹ ਉਥੋਂ ਵੱਧ ਤੋਂ ਵੱਧ ਤੇਜ਼ ਦੌੜਿਆ ਅਤੇ ਲੂੰਬੜ ਨੂੰ ਵੀ ਆਪਣੇ ਨਾਲ ਘੜੀਸਦਾ ਲੈ ਗਿਆ |

-ਗੁਰੂਸਰ ਸੁਧਾਰ (ਲੁਧਿਆਣਾ) 141104
ਮੋਬਾਈਲ : 99145-94867.

ਖ਼ਰੀਆਂ ਗੱਲਾਂ

ਜੂਨ ਮਹੀਨਾ ਸ਼ੁਰੂ ਹੁੰਦਿਆਂ ਹੀ ਬਚਪਨ 'ਚ ਸਕੂਲ ਵੇਲੇ ਦੇ ਛੁੱਟੀਆਂ ਦੇ ਖ਼ੂਬਸੂਰਤ ਦਿਨ ਇਕਦਮ ਚੇਤਿਆਂ 'ਚ ਆ ਵਸਦੇ ਹਨ | ਸਕੂਲੋਂ ਛੁੱਟੀਆਂ ਮਿਲਣ ਦਾ ਚਾਅ ਤੀਖ਼ਣ ਗਰਮੀ ਅਤੇ ਪਿੰਡਾ ਲੂੰਹਦੀਆਂ ਲੋਆਂ 'ਤੇ ਵੀ ਭਾਰੂ ਪੈ ਜਾਂਦਾ ਸੀ | ਛੁੱਟੀਆਂ ਦੇ ਪਹਿਲੇ ਕੁੱਝ ਕੁ ਦਿਨਾਂ 'ਚ ਸਕੂਲੋਂ ਮਿਲੇ ਲਿਖਤੀ ਕੰਮ ਨੂੰ ਦਿਨ-ਰਾਤ ਇਕ ਕਰਕੇ ਜ਼ਲਦੀ ਸੁਰਖ਼ਰੂ ਹੋਣ ਦਾ ਨਜ਼ਾਰਾ ਹੀ ਵੱਖਰਾ ਸੀ | ਛੁੱਟੀਆਂ ਦਾ ਪਹਿਲਾ ਹਫ਼ਤਾ ਪਿੰਡ ਗੁਜ਼ਾਰਨਾ ਅਤੇ ਸਵੇਰੇ ਤਾਇਆ ਜੀ ਦੇ ਨਾਲ ਖੇਤ ਜਾਣਾ ਅਤੇ ਫ਼ਿਰ ਜਦੋਂ ਤਾਇਆ ਜੀ ਨੇ ਬਲਦ ਜੋੜਕੇ ਨਰਮੇ ਦੀ ਫ਼ਸਲ 'ਚ ਤਿ੍ਫਾਲੀ ਫੇਰਨੀ ਤਾਂ ਤਿ੍ਫਾਲੀ ਨਾਲ ਔਰਿਆਂ 'ਚ ਪਈ ਮਿੱਟੀ ਨਾਲ ਦੱਬੇ ਨਰਮੇ ਦੇ ਬੂਟਿਆਂ ਨੂੰ ਭੱਜ-ਭੱਜ ਕੇ ਬਾਹਰ ਕੱਢਣਾ ਅਤੇ ਜਦੋਂ ਤਿੱਖੀ ਧੁੱਪ ਨਾਲ ਟੋਟਣ ਰੜ੍ਹਣ ਲੱਗ ਜਾਂਦਾ ਅਤੇ ਮੂੰਹ ਲਾਲ ਹੋ ਜਾਂਦਾ ਤਾਂ ਤਾਇਆ ਜੀ ਨੇ ਝੱਟ ਕਹਿਣਾ, 'ਉਏ ਜਾ ਕੇ ਟਾਹਲੀ ਦੀ ਛਾਵੇਂ ਬੈਠ ਕੇ ਅਰਾਮ ਕਰ ਲਓ ਨਾਲੇ ਮਿੱਟੀ ਦੇ ਤੌੜੇ 'ਚੋਂ ਦੋ -ਦੋ ਬਾਟੀਆਂ ਠੰਡੇ ਪਾਣੀ ਦੀਆਂ ਪੀ ਲਵੋ, ਐਵੇਂ ਗਰਮੀ ਨਾ ਲਵਾ ਲਿਓ ਕਿਤੇ |' ਤਾਇਆ ਨਰਮੇ ਵਾਲੇ ਖੇਤ 'ਚ ਇਕ ਪਾਸੇ ਦੋ-ਚਾਰ ਔਰੇ ਖੱਖੜੀਆਂ ਅਤੇ ਖ਼ਰਬੂਜਿਆਂ ਦੇ ਵੀ ਲਗਾ ਕੇ ਰੱਖਣ ਦਾ ਸ਼ੌਕੀ ਸੀ ਜੋ ਗਰਮੀ ਦੀਆਂ ਇੰਨਾਂ ਤਿੱਖੜ ਦੁਪਹਿਰਾਂ 'ਚ ਦਾਤੀ ਨਾਲ ਚੀਰਕੇ ਖਾਣ ਦਾ ਸਵਾਦ ਹੀ ਜਾਇਕੇਦਾਰ ਹੁੰਦਾ ਸੀ | ਛੁੱਟੀਆਂ ਦੇ ਦੂਸਰੇ ਹਫ਼ਤੇ ਮੰਮੀ ਜੀ ਨਾਲ ਨਾਨਕੇ ਪਿੰਡ ਜਾਣ ਦੀ ਕਾਹਲ ਹੋਣ ਲਗਦੀ | ਪੰਜਾਬ ਦੀ ਹੱਦ ਨਾਲ ਲੱਗਦੇ ਗੁਆਂਢੀ ਰਾਜ ਹਰਿਆਣੇ 'ਚ ਮੇਰੇ ਨਾਨਕੇ ਪਿੰਡ ਦਾਦੂ ਦੇ ਨਾਲ ਦੀ ਖਹਿ ਕੇ ਲੰਘਦੀ ਭਾਖੜਾ ਨਹਿਰ ਅਤੇ ਇਸ ਨਹਿਰ 'ਚੋਂ ਨਿਕਲਦੀ ਇਕ ਛੋਟੀ ਨਹਿਰੀ ਕੱਸੀ 'ਚ ਇੰਨਾਂ ਛੁੱਟੀਆਂ 'ਚ ਛਾਲਾਂ ਮਾਰ-ਮਾਰ ਕੇ ਨਹਾਉਣਾ ਅਤੇ ਫਿਰ ਪਾਣੀ 'ਚੋਂ ਬਾਹਰ ਨਿਕਲ ਕੇ ਮਿੱਟੀ ਨਾਲ ਗੜੁੱਚ ਹੋ ਕੇ ਦੁਬਾਰਾ ਫ਼ਿਰ ਨਹਿਰੀ ਕੱਸੀ 'ਚ ਛਾਲਾਂ ਮਾਰ ਕੇ ਦੁੜੰਗੇ ਲਗਾਉਣਾ ਅਤੇ ਪਤਾ ਹੀ ਨਾ ਲੱਗਣਾ ਕਿ ਕਦੋਂ ਸ਼ਾਮ ਹੋ ਗਈ | ਛੁੱਟੀਆਂ ਦੇ ਇੰਨਾਂ ਦਿਨਾਂ 'ਚ ਨਾਨਕੇ ਪਿੰਡ ਮੇਰੀ ਨਾਨੀ ਜੀ ਦੇ ਹੱਥਾਂ ਦੀਆਂ ਬਣੀਆਂ ਸਵਾਦਲੀਆਂ ਸੇਵੀਆਂ ਅਤੇ ਮੱਠੀਆਂ ਮੈਨੂੰ ਅਜੇ ਵੀ ਨਹੀਂ ਭੁੱਲਦੀਆਂ | ਗੁੜ੍ਹ ਵਾਲੀਆਂ ਇਹ ਮੱਠੀਆਂ ਅਸੀਂ ਚਾਹ ਨਾਲ ਖਾਣੀਆਂ ਅਤੇ ਨਾਨੀ ਜੀ ਨੇ ਆਉਣ ਵੇਲੇ ਮੱਠੀਆਂ ਦੀ ਪੀਪੀ ਭਰ ਕੇ ਮੇਰੀ ਮੰਮੀ ਜੀ ਨੂੰ ਦੇ ਦੇਣੀ ਅਤੇ ਆਖਣਾ ਕਿ ਜਵਾਕ ਘਰੇ ਜਾ ਕੇ ਖਾ ਲੈਣਗੇ | ਜਦੋਂ ਛੁੱਟੀਆਂ ਦੇ ਦਿਨ ਨੇੜੇ੍ਹ ਲੱਗਣੇ ਤਾਂ ਮਨ ਨੂੰ ਬੇਚੈਨੀ ਵਧੀ ਜਾਣੀ ਕਿ ਹੁਣ ਛੁੱਟੀਆਂ ਦੇ ਨਜ਼ਾਰੇ ਖ਼ਤਮ ਅਤੇ ਪੜ੍ਹਾਈ ਸ਼ੁਰੂ | ਸੱਚਮੁੱਚ ਹੀ ਇੰਨਾਂ ਗਰਮੀ ਦੀਆਂ ਛੁੱਟੀਆਂ ਦੇ ਨਜ਼ਾਰੇ ਹੀ ਦਿਲਕਸ਼ ਹੋ ਨਿੱਬੜਦੇ ਸਨ ਅਤੇ ਅੱਜ ਵੀ ਮੇਰੇ ਚੇਤਿਆਂ ਦੀ ਨੁੱਕਰ ਵਿਚ ਪਏ ਰੂਹ ਨੂੰ ਸਰਸ਼ਾਰ ਕਰ ਰਹੇ ਹਨ |

-ਪਿੰਡ : ਘੜੈਲੀ (ਬਠਿੰਡਾ) | ਮੋਬਾਈਲ : 98153-91625

ਚੱਕੀ

ਉਸ ਚੱਕੀ 'ਤੇ ਮੈਂ ਪਿਛਲੇ ਦਸ ਸਾਲ ਤੋਂ ਕਣਕ ਪਿਸਵਾਉਣ ਜਾ ਰਿਹਾ ਸਾਂ | ਚੱਕੀ ਵਾਲੇ ਰਤਨ ਲਾਲ ਦੇ ਉੱਨੀ ਕੁ ਸਾਲ ਦੇ ਮਾੜਚੂ ਜਿਹੇ ਪੁੱਤਰ ਜੱਗੇ ਨਾਲ ਮੇਰੀ ਗੂੜ੍ਹੀ ਸਾਂਝ ਪੈ ਗਈ ਸੀ | ਮੈਂ ਕਿੰਨਾ ਹੀ ਚਿਰ ਜੱਗੇ ਨਾਲ ਗੱਲੀਂ ਲੱਗਾ ਰਹਿੰਦਾ ਤੇ ਹੌਲੀ-ਹੌਲੀ ਉਸ ਨੂੰ ਵੀ ਮੇਰੇ ਨਾਲ ਗੱਲਾਂ ਕਰਨ ਦਾ ਸੁਆਦ ਪੈ ਗਿਆ | ਵੀਹ ਸਾਲ ਦੀ ਉਮਰ 'ਚ ਜੱਗੇ ਦੀ ਸ਼ਾਦੀ ਇਕ ਬੜੀ ਹੀ ਖ਼ੂਬਸੂਰਤ ਤੇ ਛਮਕ ਜਿਹੀ ਮੁਟਿਆਰ ਪ੍ਰੀਤੀ ਨਾਲ ਹੋ ਗਈ ਸੀ | ਮੈਂ ਉਸ ਦੀ ਸ਼ਾਦੀ 'ਤੇ ਖ਼ੂਬ ਭੰਗੜਾ ਪਾਇਆ ਸੀ ਤੇ ਬੜਾ ਹੀ ਚਾਅ ਕੀਤਾ ਸੀ | ਮੈਨੂੰ ਯਾਦ ਏ ਕਿ ਮਹਿੰਦੀ ਨਾਲ ਸ਼ਿੰਗਾਰੇ ਪ੍ਰੀਤੀ ਦੇ ਕੋਮਲ ਹੱਥਾਂ 'ਚ ਸ਼ਾਦੀ ਦਾ ਤੋਹਫ਼ਾ ਫੜਾਉਂਦਿਆਂ ਮੇਰੀ ਪਤਨੀ ਨੇ ਕਿਹਾ ਸੀ, 'ਪ੍ਰੀਤੀ, ਤੇਰੇ ਹੱਥ ਬੜੇ ਨਾਜ਼ੁਕ ਤੇ ਸੋਹਣੇ ਨੇ, ਇਨ੍ਹਾਂ ਦੀ ਸੰਭਾਲ ਕਰੀਂ... |' ਸ਼ਾਦੀ ਦੇ ਇਕ ਸਾਲ ਦੇ ਅੰਦਰ ਹੀ ਜੱਗੇ ਦੇ ਮਾਪੇ ਉੱਪਰੋ-ਥੱਲੀ ਕੈਂਸਰ ਦੇ ਸ਼ਿਕਾਰ ਹੋ ਕੇ ਚੱਲ ਵਸੇ ਤੇ ਚੱਕੀ ਦਾ ਸਾਰਾ ਕੰਮ ਜੱਗੇ ਦੇ ਮੋਢਿਆਂ 'ਤੇ ਆਣ ਪਿਆ | ਇਸ ਦੌਰਾਨ ਪਤਾ ਨਹੀਂ ਕਿਸ ਚੰਦਰੇ ਨੇ ਜੱਗੇ ਨੂੰ ਨਸ਼ਿਆਂ ਦੀ ਲਤ ਲਾ ਦਿੱਤੀ, ਜਿਸ ਬਾਰੇ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਾ ਲੱਗਾ ਪਰ ਸਾਲ ਕੁ 'ਚ ਹੀ ਉਸ ਦੀ ਵਿਗੜਦੀ ਸਿਹਤ ਨੇ ਦਰਸਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਸਭ ਕੁਝ ਠੀਕ ਨਹੀਂ ਸੀ | ਉਹ ਨਸ਼ਾ ਕਰ ਕੇ ਅੰਦਰੇ ਹੀ ਪਿਆ ਰਹਿੰਦਾ ਤੇ ਰੋਜ਼ ਚੱਕੀ ਨਾ ਚਲਾਉਣ ਕਰਕੇ ਹੌਲੀ-ਹੌਲੀ ਗਾਹਕ ਟੁੱਟਣੇ ਸ਼ੁਰੂ ਹੋ ਗਏ | ਅੱਜ ਸੱਤ ਦਿਨ ਬਾਅਦ ਚੱਕੀ ਦਾ ਬੂਹਾ ਖੁੱਲ੍ਹਾ ਵੇਖ ਕੇ ਮੈਨੂੰ ਕੁਝ ਹੌਸਲਾ ਜਿਹਾ ਹੋਇਆ ਤੇ ਮੈ ਚਾਈਾ-ਚਾਈਾ ਚੱਕੀ ਦੇ ਅੰਦਰ ਜਾ ਵੜਿਆ | ਅੰਦਰ ਦਾ ਦਿ੍ਸ਼ ਵੇਖ ਕੇ ਮੇਰਾ ਕਲੇਜਾ ਕੰਬ ਗਿਆ | ਚੱਕੀ ਦੇ ਅੰਦਰ ਪਏ ਹੋਏ ਲੰਮੇ ਜਿਹੇ ਬੈਂਚ 'ਤੇ ਜੱਗਾ ਨਸ਼ੇ ਕਰਕੇ ਅਰਧ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ ਤੇ ਉਸ ਦੀ ਅਣਭੋਲ ਜਿਹੀ ਪਤਨੀ ਪ੍ਰੀਤੀ ਆਟੇ ਨਾਲ ਸਿਰ ਤੋਂ ਪੈਰਾਂ ਤੱਕ ਲਿੱਬੜੀ ਹੋਈ ਆਪ ਚੱਕੀ ਚਲਾ ਰਹੀ ਸੀ | ਅੱਜ ਉਸ ਦੇ ਪਾਟੀਆਂ ਬਿਆਈਆਂ ਵਾਲੇ ਤੇ ਆਟੇ ਨਾਲ ਲੱਥਪੱਥ ਹੱਥ ਵੇਖ ਕੇ ਮੈਨੂੰ ਆਪਣੀ ਪਤਨੀ ਵਲੋਂ ਬੋਲੇ ਗਏ ਉਹ ਬੋਲ ਯਾਦ ਆ ਗਏ ਜਦੋਂ ਉਸ ਨੇ ਕਿਹਾ ਸੀ, 'ਪ੍ਰੀਤੀ, ਤੇਰੇ ਹੱਥ ਬੜੇ ਨਾਜ਼ੁਕ ਤੇ ਸੋਹਣੇ ਨੇ ਇਨ੍ਹਾਂ ਦੀ ਸੰਭਾਲ ਕਰੀਂ...' |
ਚੱਕੀ ਨਿਰੰਤਰ ਚੱਲਦੀ ਜਾ ਰਹੀ ਸੀ | ਮੈਨੂੰ ਜਾਪ ਰਿਹਾ ਸੀ ਕਿ ਇਕ ਖ਼ੁਸ਼ਹਾਲ ਜ਼ਿੰਦਗੀ ਜਿਊਣ ਦਾ ਸੁਪਨਾ ਲੈ ਕੇ ਜੱਗੇ ਦੇ ਵਿਹੜੇ ਢੁੱਕਣ ਵਾਲੀ ਉਸ ਦੀ ਪਤਨੀ ਦੇ ਸਾਰੇ ਸੁਪਨੇ ਅੱਜ ਚੱਕੀ ਦੇ ਦੋ ਪੁੜਾਂ ਵਿਚਾਲੇ ਇਕ-ਇਕ ਕਰਕੇ ਪਿਸ ਰਹੇ ਸਨ |

-410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)
ਮੋਬਾਈਲ : 97816-46008.

ਤੇਰੀ ਮਾਸੀ ਸੌ 'ਤੇ ਹੁੰਦੀ ਆ

ਸਵਾਰੀਆਂ ਨਾਲ ਭਰੀ ਚੰਡੀਗੜ੍ਹ ਫ਼ਾਜ਼ਿਲਕਾ ਬੱਸ ਰਾਮਪੁਰਾ ਤੋਂ ਅੱਗੇ ਖੁਲ੍ਹੀ ਚੌੜੀ ਸੜਕ 'ਤੇ ਪੂਰੀ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ | ਉਸਦੇ ਮੂਹਰੇ ਜਾ ਰਹੇ ਇਕ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਇਕ ਰੇਹੜੇ ਤੋਂ ਅੱਗੇ ਲੰਘਣ ਲਈ ਬਗੈਰ ਪਿੱਛੇ ਦੇਖਿਆਂ ਟਰੈਕਟਰ ਨੂੰ ਸੜਕ ਦੇ ਸੱਜੇ ਵਾਲੇ ਪਾਸੇ ਵੱਲ ਕਰ ਦਿੱਤਾ | ਬੱਸ ਦੇ ਡਰਾਈਵਰ ਨੇ ਬੜੀ ਮੁਸ਼ਕਿਲ ਨਾਲ ਬਰੇਕ ਲਾ ਕੇ ਬਚਾਅ ਕੀਤਾ |
ਫਿਰ ਬੱਸ ਨੂੰ ਅੱਗੇ ਲੰਘਾ ਕੇ ਡਰਾਈਵਰ ਨੇ ਬੱਸ ਰੋਕ ਲਈ ਅਤੇ ਟਰੈਕਟਰ ਡਰਾਈਵਰ, ਜਿਸ ਨੇ ਤੂੜੀ ਤੇ ਰੇਤੇ ਤੋਂ ਬਚਾਅ ਲਈ ਮੂੰਹ ਸਿਰ ਪੂਰੀ ਤਰ੍ਹਾਂ ਲਪੇਟਿਆ ਹੋਇਆ ਸੀ, ਨੂੰ ਗੁੱਸੇ ਭਰੇ ਲਹਿਜ਼ੇ ਵਿਚ ਕਿਹਾ, 'ਘਸਾੜ ਲਭੇਟਿਐ, ਪਿੱਛੇ ਵੀ ਦੇਖ-ਸੁਣ ਲਿਆ ਕਰ |'
'ਮੈਂ ਵੀ ਤੂੜੀ ਦਾ ਇਕ ਹੋਰ ਗੇੜਾ ਲਾਉਣੈ, ਮੈਨੂੰ ਵੀ ਕਾਹਲ ਐ, ਤੂੰ ਪਿੱਛੇ ਰੋਕ ਲੈਂਦਾ', ਟਰੈਕਟਰ ਡਰਾਈਵਰ ਨੇ ਵੀ ਅੱਗੋਂ ਰੋਹਬ ਨਾਲ ਜਵਾਬ ਦਿੱਤਾ |
'ਐਾ ਰੁਕਦੀ ਨੀ, ਤੇਰੀ ਮਾਸੀ, ਸੌ 'ਤੇ ਹੁੰਦੀ ਆ', ਬੱਸ ਦੇ ਡਰਾਈਵਰ ਨੇ ਗੱਲ ਸਿਰੇ ਲਾਉਂਦਿਆਂ ਕਿਹਾ |
ਸਵਾਰੀਆਂ ਦੋਵਾਂ ਦੀ ਵਾਰਤਾਲਾਪ ਸੁਣ ਕੇ ਚਰਚਾ ਕਰਨ ਲੱਗੀਆਂ ਕਿ ਪੰਜਾਹ ਸਵਾਰੀਆਂ ਦੀਆਂ ਜਾਨਾਂ ਬਚਾਉਣਾ ਅਹਿਮ ਮੁੱਦਾ ਹੈ ਜਾਂ ਤੂੜੀ ਦਾ ਇਕ ਗੇੜਾ ਲਾਉਣਾ |

-ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ, ਬਠਿੰਡਾ |
ਮੋਬਾਈਲ : 098882-75913.

31 ਜੁਲਾਈ ਨੂੰ ਬਰਸੀ 'ਤੇ ਵਿਸ਼ੇਸ਼: ਪੰਜਾਬੀ ਯੋਧਾ

ਲੰਡਨ ਦੀ ਧਰਤੀ 'ਤੇ ਮੈਂ, ਪੈਰ ਜਦ ਪਾਇਆ ਸੀ,
ਊਧਮ ਸਿੰਘ ਪੰਜਾਬੀ ਯੋਧਾ, ਮੈਨੂੰ ਚੇਤੇ ਆਇਆ ਸੀ |
ਜਲਿ੍ਹਆਂ ਵਾਲੇ ਬਾਗ਼ ਦਾ ਸਾਕਾ, ਪਿੰਡੇ 'ਤੇ ਹੰਢਾ ਗਿਆ,
ਦੇਸ਼-ਭਗਤੀ ਵਾਲੀ ਜੋਤ ਆਪਣੇ ਮਨ ਅੰਦਰ ਜਗਾ ਗਿਆ |
'ਬਦਲੇ' ਵਾਲਾ ਖੂਨ ਆਪਣੀ, ਨਸ-ਨਸ ਵਿਚ ਦੌੜਾਇਆ ਸੀ,
ਊਧਮ ਸਿੰਘ ਪੰਜਾਬੀ ਯੋਧਾ, ਮੈਨੂੰ ਚੇਤੇ ਆਇਆ ਸੀ |
ਭਗਤ ਸਿੰਘ ਸਰਦਾਰ ਨੂੰ ਆਪਣਾ, ਗੁਰੂ ਉਸ ਨੇ ਮੰਨ ਲਿਆ,
'ਸਾਕੇ' ਦਾ ਹੈ ਬਦਲਾ ਲੈਣਾ, ਦਿਲ ਦੇ ਵਿਚ ਸੀ ਬੰਨ੍ਹ ਲਿਆ |
ਅਸੀਂ ਹੁਣ ਗ਼ੁਲਾਮ ਨਹੀਂ ਰਹਿਣਾ, ਖ਼ੁਦ ਨੂੰ ਇਹ ਸਿਖਾਇਆ ਸੀ,
ਊਧਮ ਸਿੰਘ ਪੰਜਾਬੀ ਯੋਧਾ, ਮੈਨੂੰ ਚੇਤੇ ਆਇਆ ਸੀ |
ਦੇਸ਼ ਦੇ ਅੰਦਰ ਰਹਿਣ ਨਹੀਂ ਦੇਣੇ, 'ਫਿਰੰਗੀ' ਮਾਰ ਮੁਕਾਵਾਂਗਾ,
ਗੋਰੇ ਦੇਸ਼ 'ਚੋਂ ਕੱਢ ਦੇਣੇ ਹਨ ਸਾਹ ਵੀ ਸੁੱਕਣੇ ਪਾਵਾਂਗਾ |
ਬਿ੍ਟਿਸ਼ ਸਰਕਾਰ ਨੂੰ ਉਸ ਨੇ, ਐਸਾ ਪੜ੍ਹਨੇ ਪਾਇਆ ਸੀ,
ਊਧਮ ਸਿੰਘ ਪੰਜਾਬੀ ਯੋਧਾ, ਮੈਨੂੰ ਚੇਤੇ ਆਇਆ ਸੀ |
'ਕੈਕਸਟਨ ਹਾਲ' ਦੇ ਵਿਚ ਉਹ, ਬਣ ਪਹਾੜ ਖੜ੍ਹ ਗਿਆ ਸੀ,
ਫਾਂਸੀ ਵਾਲਾ ਰੱਸਾ ਚੁੰਮ ਕੇ, ਸੂਲੀ ਉੱਤੇ ਚੜ੍ਹ ਗਿਆ ਸੀ |
ਖੱਬੀ ਖਾਂ 'ਓਡਵਾਇਰ' ਨੂੰ ਉਸ ਨੇ, ਲੰਡਨ ਵਿਚ ਜਾ ਢਾਇਆ ਸੀ,
ਊਧਮ ਸਿੰਘ ਪੰਜਾਬੀ ਯੋਧਾ, ਮੈਨੂੰ ਚੇਤੇ ਆਇਆ ਸੀ |
ਦਫ਼ਨ ਕਦੀ ਵੀ ਹੁੰਦੇ ਨਹੀਂ, ਆਜ਼ਾਦੀ ਦੇ ਮਸਤਾਨੇ ਜੋ,
ਸਦੀਆਂ ਤਾਈਾ ਰਹਿਣ ਗੂੰਜਦੇ, ਜੋਸ਼ੀਲੇ ਅਫ਼ਸਾਨੇ ਜੋ |
'ਇਨਕਲਾਬ' ਦਾ ਨਾਅਰਾ ਲਾ ਕੇ, ਗੀਤ ਦੇਸ਼ ਲਈ ਗਾਇਆ ਸੀ,
ਊਧਮ ਸਿੰਘ ਪੰਜਾਬੀ ਯੋਧਾ, ਮੈਨੂੰ ਚੇਤੇ ਆਇਆ ਸੀ |
ਦਿਲ ਦੇ ਵਿਚ ਜਿਊਾਦੀ ਰੱਖੀਏ, ਯਾਦ ਉਸ ਪਰਵਾਨੇ ਦੀ,
ਭੁੱਲ ਕੇ ਵੀ ਅਸੀਂ ਭੁੱਲ ਨਾ ਜਾਈਏ, ਕੁਰਬਾਨੀ ਦਿਵਾਨੇ ਦੀ |
ਦੋ-ਚਾਰ ਅੱਖਰ ਲਿਖ 'ਬਲਬੀਰ' ਨੇ, ਆਪਣਾ ਫ਼ਰਜ਼ ਨਿਭਾਇਆ ਸੀ,
ਊਧਮ ਸਿੰਘ ਪੰਜਾਬੀ ਯੋਧਾ ਮੈਨੂੰ ਚੇਤੇ ਆਇਆ ਸੀ |'

-ਬਲਬੀਰ ਸਿੰਘ
ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ | ਮੋਬਾਈਲ : 97813-09029

ਬੁੱਤ

'ਆਹ ਆਪਣੀ ਗਲੀ ਦੇ ਮੋੜ 'ਤੇ ਜਿਹੜਾ ਵੱਡੇ ਗੇਟ ਵਾਲਾ ਘਰ ਹੈ, ਉਨ੍ਹਾਂ ਦਾ ਮੰੁਡਾ ਟਰੱਕ ਥੱਲੇ ਆ ਗਿਆ, 'ਮੌਕੇ 'ਤੇ ਹੀ ਪ੍ਰਾਣ ਨਿਕਲ ਗੇ |'
ਵਿਚਾਰੀ ਸੁਨੀਤਾ ਵੀ ਵਿਧਵਾ ਹੋ ਗਈ |
ਉਨ੍ਹਾਂ ਦੇ ਗੁਆਂਢ ਪਹਿਲਾਂ ਵੀ ਇਕ ਵਿਧਵਾ ਜ਼ਨਾਨੀ ਦਾ ਘਰ ਹੈ | ਦੋਵੇਂ ਜ਼ਨਾਨੀਆਂ ਵਿਧਵਾ | ਸ਼ਾਮ ਵੇਲੇ ਇਸਤਰੀ ਸਤਿਸੰਗ ਘਰ 'ਚੋਂ ਕੀਰਤਨ ਸੁਣ ਕੇ ਆਈ ਸ਼ਕੰੁਤਲਾ ਨੇ ਘਰ ਆ ਆਪਣੀ ਨੂੰ ਹ ਨੂੰ ਦੱਸਿਆ |
ਪਰ ਨੂੰ ਹ ਤਾਂ ਆਪਣੇ ਹੀ ਧਿਆਨ ਬੈਠੀ ਸੀ | ਸ਼ਕੰੁਤਲਾ ਨੇ ਜਦ ਉਸਨੂੰ ਇੰਜ ਬੈਠੀ ਵੇਖਿਆ ਤਾਂ ਮੋਢੇ ਤੋਂ ਹਿਲਾ ਕੇ ਪੁੱਛਿਆ, 'ਨੀ ਤੈਨੂੰ ਕੀ ਹੋਇਆ, ਨਾ ਹਾਂ ਨਾ ਹੰੂ |'
ਸ਼ਕੰੁਤਲਾ ਜ਼ਰਾ ਨੇੜੇ ਹੋਈ |
'ਹੁਣ ਤੁਸੀਂ ਦੱਸੋ ਮੈਂ ਕੀ ਕਰਾਂ, ਟਿੰਕੂ ਦੇ ਪਾਪਾ ਆਏ | ਬੱਚੇ ਦੀ ਫੀਸ ਦੇ ਵੀ ਇਕੱਠੇ ਪੈਸੇ ਲੈ 'ਗੇ | ਬਈ ਮੈਂ ਨਸ਼ਾ ਕਰਨਾ | ਬਥੇਰਾ ਕਿਹਾ, ਦੋ ਚਪੇੜਾਂ ਮੇਰੇ ਮਾਰ ਘਰੋਂ ਨਿਕਲ 'ਗੇ |'
ਮੈਂ ਤਾਂ ਇਹ ਸੋਚਦੀ ਹਾਂ ਕਿ, 'ਮੈਂ ਕੀ ਹਾਂ ਵਿਧਵਾ ਕਿ ਸੁਹਾਗਣ |'
ਇਨ੍ਹਾਂ ਨੂੰ ਆਪਣੇ ਨਸ਼ੇ ਤੋਂ ਸਿਵਾ ਕੁਝ ਨੀ ਸੁਝਦਾ | ਨਾ ਦਿਨ ਦੀ ਹੋਸ਼ ਨਾ ਰਾਤ ਦਾ ਪਤਾ, ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੈ, 'ਤੁਸੀਂ ਦਸੋ ਮੇਰੇ ਬਾਰੇ ਮੈਂ ਕੀ ਹਾਂ |'

ਦੋਵੇਂ ਨੂੰ ਹ-ਸੱਸ ਇਕ-ਦੂਜੇ ਸਾਹਮਣੇ ਬੁੱਤ ਬਣੀਆਂ ਖੜ੍ਹੀਆਂ ਸਨ |
-ਕੋਟ ਈਸੇ ਖਾਂ, ਮੋਗਾ | ਮੋਬਾਈਲ : 94633-84051.

ਹੈਰਾਨੀ ਭਰਿਆ ਸੱਚ

ਸੇਵਾਮੁਕਤ ਹੋਇਆਂ ਵੀਹ ਸਾਲ ਤੋਂ ਉੱਪਰ ਹੋ ਗਏ ਹਨ | ਅੱਸੀ ਸਾਲਾਂ ਦੇ ਹੋਣ ਵਾਲੇ ਹਾਂ ਦੱਸਣ ਦਾ ਭਾਵ ਹੈ ਕਿ ਅਸੀਂ ਸੋਹਣੀ ਉਮਰ ਹੰਢਾ ਲਈ ਹੈ ਤੇ ਅਜੇ ਸਰੀਰ ਦੀ ਮਸ਼ੀਨਰੀ ਠੀਕ-ਠਾਕ ਚਲ ਰਹੀ ਹੈ | ਲਗਦਾ ਹੈ ਕਿ ਮਾਤ ਲੋਕ ਨਾਲ ਅਜੇ ਰਿਸ਼ਤਾ ਕਾਇਮ ਹੀ ਰਹੇਗਾ |
ਇਕ ਦਿਨ ਅਸੀਂ ਕਿਸੇ ਦੁਕਾਨ ਤੋਂ ਕੋਈ ਚੀਜ਼ ਲੈ ਰਹੇ ਸੀ ਤਾਂ ਇਕ ਭਾਈ ਜੋ ਆਪ ਸੱਤਰਾ-ਬਹੱਤਰਾ ਲਗਦਾ ਸੀ, ਪੁੱਛਣ ਲੱਗਾ, 'ਤੁਸੀਂ ਸ਼ਰਮਾ ਜੀ ਹੋ ਜੋ ਸਾਨੂੰ ਪੜ੍ਹਾਇਆ ਕਰਦੇ ਸੀ |' ਅਸੀਂ ਹਾਂ ਵਿਚ ਜਵਾਬ ਦਿੱਤਾ ਤਾਂ ਉਸ ਭਾਈ ਨੇ ਸਾਡੇ ਗੋਡੀਂ ਹੱਥ ਲਾਇਆ | ਸਾਨੂੰ ਜ਼ਾਹਿਰ ਸੀ ਕਿ ਉਹ ਸਾਡਾ ਸ਼ਾਗਿਰਦ ਸੀ |
ਦੋ-ਚਾਰ ਮਿੰਟ ਗੱਲਾਂ ਕਰਕੇ ਉਹ ਬੋਲਿਆ, 'ਸਰ, ਤੁਹਾਡੇ ਨਾਲ ਦੇ ਬਹੁਤੇ ਸਰ ਤਾਂ ਸਵਰਗਵਾਸ ਹੋ ਗਏ ਹਨ | ਬਸ ਕੇਵਲ ਇਕ ਕਪੂਰ ਸਾਹਿਬ ਜ਼ਰੂਰ ਮਿਲਦੇ ਰਹਿੰਦੇ ਹਨ | ਬਹੁਤ ਖ਼ੁਸ਼ੀ ਹੋਈ ਤੁਹਾਨੂੰ ਦੇਖ ਕੇ ਤੇ ਗੱਲਾਂ ਕਰਕੇ |' ਸਾਨੂੰ ਵੀ ਖ਼ੁਸ਼ੀ ਤਾਂ ਹੋਈ ਪਰ ਨਾਲ-ਨਾਲ ਇਹ ਵੀ ਲੱਗਾ ਕਿ ਸਾਡੇ ਪੁਰਾਣੇ ਵਿਦਿਆਰਥੀ ਨੂੰ ਸਾਡਾ ਜਿਊਾਦੇ ਹੋਣਾ 'ਹੈਰਾਨੀ ਭਰਿਆ ਸੱਚ' ਹੀ ਲੱਗਾ | ਸਾਨੂੰ ਅਹਿਸਾਸ ਜਿਹਾ ਹੋ ਗਿਆ ਕਿ ਅੱਲ੍ਹਾ ਸੱਦ ਲਏ ਤਾਂ ਕਿਸੇ ਨੂੰ ਅਚੰਭਾ ਜਿਹਾ ਨਹੀਂ ਲੱਗੇਗਾ ਸਗੋਂ ਸਧਾਰਨ ਜਿਹੀ ਘਟਨਾ ਹੀ ਲੱਗੇਗੀ | ਥੋੜ੍ਹਾ ਜਿਹਾ ਸਾਨੂੰ ਕਾਂਬਾ ਜਿਹਾ ਵੀ ਛਿੜਿਆ ਪਰ ਕੁਝ ਸਮੇਂ ਪਿਛੋਂ ਸਭ ਆਇਆ ਗਿਆ ਹੋ ਗਿਆ |

-ਗਲੀ ਨੰ: 8-ਸੀ, ਹੀਰਾ ਬਾਗ਼, ਜਗਰਾਉਂ (ਲੁਧਿਆਣਾ)
ਮੋਬਾਈਲ : 98886-31634.

ਆਜ਼ਾਦ ਗ਼ੁਲਾਮੀ

'ਠੀਕ ਸੀ ਸਾਰਾ ਰੇਂਜਮੈਂਟ?' ਪੰਮੀ ਨੇ ਆਪਣੇ ਘਰਵਾਲੇ ਦੀ ਰਿਟਾਇਰਮੈਂਟ ਪਾਰਟੀ ਖ਼ਤਮ ਹੋਣ 'ਤੇ ਵਾਪਸ ਜਾ ਰਹੀ ਨਣਦ ਤੋਂ ਪੁੱਛਿਆ | 'ਨਾ ਹੋਰ ਭੈਣ ਜੀ, ਇਸ ਤੋਂ ਵਧੀਆ ਕੀ ਹੋਣਾ | ਜ਼ਿਆਦਾ ਹੀ ਕਰਤਾ ਤੁਸੀਂ ਤੇ |' 'ਜ਼ਿਆਦਾ ਤੇ ਕੁੜੀ ਨੇ ਕਰਤਾ | ਮੈਨੂੰ ਕਾਂਟੇ ਤੇ ਇਨ੍ਹਾਂ ਨੂੰ ਮੰੁਦੀ |' 'ਲੈ ਭੈਣ ਹੁਣ ਉਹ ਜ਼ਮਾਨੇ ਗਏ | ਅੱਗੇ ਤੇ ਕੁੜੀ ਦੇ ਘਰ ਦਾ ਪਾਣੀ ਨੀ ਸੀ ਪੀਂਦੇ | ਹੁਣ ਜੇ ਤੁਸੀਂ ਉਹਨੂੰ ਪੜ੍ਹਾਇਆ ਲਿਖਾਇਆ, ਨੌਕਰੀ ਲਵਾਇਆ ਤਾਂ ਕੀ ਜੇ ਉਹਨੇ ਇੰਨਾ ਕੁ ਕਰ 'ਤਾ | ਅਕਸਰ ਬੱਚਿਆਂ ਦੀਆਂ ਵੀ ਰੀਝਾਂ ਹੁੰਦੀਆਂ |' 'ਆਹੋ ਭੈਣ , ਅੱਜਕਲ੍ਹ ਕੁੜੀ-ਮੁੰਡੇ 'ਚ ਕਿਹੜਾ ਕੋਈ ਫ਼ਰਕ ਆ |' ਪੰਮੀ ਆਪ ਚਾਹੇ ਆਪਣਾ ਬਸਤਾ ਤੀਜੀ ਜਮਾਤ 'ਚ ਹੀ ਘੁੰਮ ਕਰ ਆਈ ਸੀ ਪਰ ਉਹਨੇ ਬੱਚਿਆਂ ਨੂੰ ਬੜੀ ਮਿਹਨਤ ਨਾਲ ਪੜ੍ਹਾਇਆ | ਚਾਰੇ-ਪੱਠੇ ਤੋਂ ਲੈ ਕੇ ਘਰ ਦਾ ਸਾਰਾ ਕੰਮ ਆਪ ਕਰਨਾ, ਕੁੜੀ ਨੂੰ ਸਿਰਫ ਪੜ੍ਹਨ ਲਈ ਕਹਿਣਾ | ਰੱਬ ਨੇ ਵੀ ਚੰਗੀ ਸੁਣੀ | ਦੋਵੇਂ ਧੀ-ਪੁੱਤ ਨੌਕਰੀ ਲੱਗ ਗਏ | ਕੁੜੀ ਚੰਗੇ ਘਰ ਵਿਆਹੀ ਗਈ |
ਨਜ਼ਦੀਕੀ ਰਿਸ਼ਤੇਦਾਰਾਂ ਤੋਂ ਛੁੱਟ ਬਾਕੀ ਸਭ ਜਾ ਚੁੱਕੇ ਸਨ | ਮਾਂ-ਪੁੱਤ ਪ੍ਰਾਹੁਣਿਆਂ ਦੇ ਸੌਣ ਦਾ ਇੰਤਜ਼ਾਮ ਕਰ ਰਹੇ ਸਨ | ਮੁੰਡਾ ਮੰਜੇ ਡਾਹ ਰਿਹਾ ਸੀ ਤੇ ਪੰਮੀ ਬਿਸਤਰੇ ਵਿਛਾਅ ਰਹੀ ਸੀ | ਇਕ ਮੰਜੇ ਦੀ ਦੌਣ ਢਿੱਲੀ ਸੀ | ਜਿਉਂ ਹੀ ਮੁੰਡਾ ਮੰਜਾ ਕੱਸਣ ਲੱਗਿਆ ਤਾਂ ਪੰਮੀ ਜੋ ਸਾਰੇ ਪ੍ਰੋਗਰਾਮ ਦੀ ਥੱਕੀ ਟੁੱਟੀ 'ਤੇ ਉਸ ਦਾ ਅਵਚੇਤਨ ਮਨ, ਜਿਸ ਨੂੰ ਔਰਤ-ਮਰਦ ਬਰਾਬਰਤਾ ਦੀਆਂ ਲੋਰੀਆਂ ਸੁਣਾ ਕੇ ਸੁਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਦੋਵੇਂ ਤ੍ਰਬਕ ਕੇ ਉਠੇ | ਪੰਮੀ ਮੁੰਡੇ ਤੋਂ ਦੌਣ ਫੜਦੀ ਬੋਲੀ 'ਤੂੰ ਰਹਿਣ ਦੇ, ਮੁੰਡੇ ਨੀ ਰਾਤ ਨੂੰ ਮੰਜਾ ਕੱਸਦੇ ਹੁੰਦੇ | ਜਿੰਨੀਆਂ ਰੱਸੀਆਂ ਕੱਸੇਂਗਾ ਓਨੀਆਂ ਕੁੜੀਆਂ ਹੋਣਗੀਆਂ |'

ਮੋਬਾਈਲ : 9915709188

ਫਿਟਨੈੱਸ ਚੈਲੇਂਜ

ਮੈਨੂੰ ਪਤਾ ਸੀ ਇਸ ਬਾਰੇ ਕਿ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਉਮਰ ਸਤ ਕੁ ਮਹੀਨੇ ਹੈ | ਉਹ ਸਾਡੀ ਕਾਲੋਨੀ ਵਿਚ ਕੋਈ ਤਿੰਨ ਚਾਰ ਕੋਠੀਆਂ ਵਿਚ ਸਫਾਈ ਦਾ ਕੰਮ ਕਰਦੀ ਸੀ |
'...ਬੀਬੀ ਤੂੰ ਹੁਣ ਕੰਮ 'ਤੇ ਨਾ ਆਇਆ ਕਰ... ਤੇਰੀ ਸਿਹਤ ਹੁਣ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੀ... ਤੂੰ ਹੁਣ ਘਰ ਬੈਠ ਅਤੇ ਆਰਾਮ ਕਰਿਆ ਕਰ | ਸੱਤਵਾਂ ਮਹੀਨਾ ਏ ਤੈਨੂੰ... ਤੂੰ ਆਪਣੀ ਸਿਹਤ ਦਾ ਅਤੇ ਆਪਣੇ ਹੋਣ ਵਾਲੇ ਬੱਚੇ ਦੀ ਸਿਹਤ ਦਾ ਖਿਆਲ ਰੱਖ... ਕੰਮ ਤਾਂ ਸਾਰੀ ਉਮਰ ਚੱਲਦੇ ਹੀ ਰਹਿਣੇ ਨੇ, ਕੰਮ ਤਾਂ ਸਾਰੀ ਉਮਰ ਹੀ ਕਰਨੇ ਨੇ... ਪਰ ਆਹ ਦਿਨ ਤੇਰੇ ਆਰਾਮ ਕਰਨ ਦੇ ਨੇ, ਇਸ ਲਈ ਤੰੂ ਕੰਮ 'ਤੇ ਆਉਣਾ ਜਾਣਾ ਬੰਦ ਕਰ ਦੇ... | ਜੇ ਸਿਹਤ ਚੰਗੀ ਹੈ ਤਾਂ ਫਿਰ ਕੰਮ ਵੀ ਹੋ ਜਾਣਗੇ, ਸਭ ਤੋਂ ਪਹਿਲਾਂ ਤੂੰ ਆਪਣੀ ਸਿਹਤ ਦਾ ਖਿਆਲ ਰੱਖ ਆਪਣੀ ਫਿਟਨੈੱਸ ਵੱਲ ਧਿਆਨ ਦੇ... |'
'...ਆਹ ਖਸਮਾਂ ਨੂੰ ਖਾਣੀ ਫਿਟਨੈੱਸ ਕੀ ਹੁੰਦੀ ਹੈ... ਇਹਦੇ ਵੱਲ ਕਿਵੇਂ ਧਿਆਨ ਦਈਦਾ ਏ... ਤੁਸੀਂ ਤਾਂ ਪੜ੍ਹੇ-ਲਿਖੇ ਹੋ ਸਮਝਾਓ ਮੈਨੂੰ... |'
ਉਸ ਨੇ ਝਾੜੂ ਫੇਰਦੀ ਹੋਈ ਨੇ ਮੈਨੂੰ ਬੜੀ ਗੰਭੀਰਤਾ ਨਾਲ ਪੁੱਛਿਆ | 'ਬੀਬੀ ਰਾਣੀ ਫਿਟਨੈੱਸ ਦਾ ਮਤਲਬ ਹੁੰਦਾ ਹੈ ਸਰੀਰ ਬਿਲਕੁਲ ਤੰਦਰੁਸਤ ਹੋਵੇ, ਉਸ ਨੂੰ ਕੋਈ ਬਿਮਾਰੀ ਨਾ ਹੋਵੇ... ਤੂੰ ਦੇਖਿਆ ਨਹੀਂ ਅੱਜਕਲ੍ਹ ਟੀ.ਵੀ. 'ਤੇ ਕਿਵੇਂ ਨੇਤਾ ਅਭਿਨੇਤਾ ਇਕ-ਦੂਸਰੇ ਨੂੰ ਫਿਟਨੈੱਸ ਦਾ ਚੈਲੇਂਜ ਦੇ ਰਹੇ ਹਨ ਅਤੇ ਦੂਜਿਆਂ ਨੂੰ ਫਿਟ ਹੋਣ ਲਈ ਪ੍ਰੇਰਨਾ ਦੇ ਰਹੇ ਹਨ | ਇਸ ਲਈ ਤੈਨੂੰ ਵੀ ਫਿਟ ਰਹਿਣ ਲਈ ਤੰਦਰੁਸਤ ਰਹਿਣ ਲਈ ਹੁਣ ਆਰਾਮ ਦੀ ਜ਼ਰੂਰਤ ਹੈ ਤਾਂ ਜੋ ਤੂੰ ਅਤੇ ਤੇਰਾ ਬੱਚਾ ਤੰਦਰੁਸਤ ਰਹਿ ਸਕੇ |
'...ਭਾਪਾ ਜੀ ਇਕ ਗੱਲ ਦੱਸੋ ਜੇ ਮੈਂ ਸਤਵੇਂ ਮਹੀਨੇ ਦੇ ਚਲਦਿਆਂ ਵੀ ਝਾੜੂ-ਪੋਚਾ ਲਾ ਰਹੀ ਹਾਂ... ਮੈਂ ਤੇ ਬਿਲਕੁਲ ਤੰਦਰੁਸਤ ਹਾਂ, ਕੋਈ ਸਿਰ ਪੀੜ ਨਹੀਂ, ਕੋਈ ਬਾਂਹ ਪੀੜ ਨਹੀਂ, ਕੋਈ ਲੱਤ ਪੀੜ ਵੀ ਨਹੀਂ... |'
ਉਮਰ ਤਾਂ ਉਸ ਦੀ ਲਗਪਗ ਮੇਰੇ ਬਰਾਬਰ ਹੀ ਸੀ ਪਰ ਕਿਉਂਕਿ ਮੈਂ ਉਸ ਨੂੰ ਬੀਬੀ ਕਹਿ ਕੇ ਸਤਿਕਾਰ ਨਾਲ ਬੁਲਾਉਂਦਾ ਸੀ ਤੇ ਉਹ ਵੀ ਮੈਨੂੰ ਭਾਪਾ ਜੀ ਕਹਿ ਕੇ ਬੁਲਾ ਲੈਂਦੀ ਸੀ |
'... ਸਭ ਚੋਚਲੇ ਨੇ ਜੀ... ਅਮੀਰ ਲੋਕਾਂ ਦੇ... ਇਨ੍ਹਾਂ ਦੀਆਂ ਤੀਵੀਆਂ ਨੂੰ ਕਹੋ ਮੇਰੇ ਵਾਂਗ ਆ ਕੇ ਸੱਤਵੇਂ ਮਹੀਨੇ 'ਚ ਕੰਮ ਕਰਨ... | ਸਾਡੀ ਤਾਂ ਭਾਪਾ ਜੀ ਮਜਬੂਰੀ ਹੈ... ਗਰੀਬੀ ਸਭ ਕੁਝ ਕਰਾਉਂਦੀ ਹੈ ਬੰਦੇ ਕੋਲੋਂ... ਨਹੀਂ ਤਾਂ ਮੇਰਾ ਵੀ ਜੀਅ ਕਰਦੈ ਬਿਸਤਰੇ ਉੱਪਰ ਲੇਟਣ ਨੂੰ ... ਆਰਾਮ ਕਰਨ ਨੂੰ ... ਬਹੁਤੀ ਦੂਰ ਕੀ ਜਾਣਾ... ਤੁਸੀਂ ਆਪਣੀ ਮੈਡਮ ਨੂੰ ਕਹੋ ਕਿ ਹਫ਼ਤਾ ਕੁ ਖੁਦ ਝਾੜੂ ਪੋਚਾ ਲਾ ਲੈਣ... ਮੈਂ ਆਰਾਮ ਕਰ ਲਾਂ... ਮੇਰਾ ਹੀ ਚੈਲੇਂਜ ਕਬੂਲ ਕਰ ਲੈਣ... ਮਾਮੇ ਫਿਟਨੈੱਸ ਚੈਲੇਂਜ ਦੇ... ਕੰਮ ਕਿਤੇ ਐਵੇਂ ਹੁੰਦੇ ਨੇ... ਜਾਨ ਲਗਦੀ ਐ... ਜਾਨ ਭਾਪਾ ਜੀ... |
ਹੁਣ ਮੈਨੂੰ ਕੰਬਣੀ ਛਿੜ ਪਈ ਸੀ ਅਤੇ ਨਾਲ ਹੀ ਤਰੇਲੀ ਆ ਰਹੀ ਸੀ | ਮੇਰੀ ਸਾਰੀ ਵਿਦਵਤਾ ਖੰਭ ਲਾ ਕੇ ਪਤਾ ਨਹੀਂ ਕਿਧਰੇ ਉੱਡ ਗਈ ਸੀ ਅਤੇ ਮੈਂ ਉਸ ਨੂੰ ਆਰਾਮ ਵਾਲਾ ਲੈਕਚਰ ਝਾੜਨਾ ਬੰਦ ਕਰ ਦਿੱਤਾ ਸੀ | ਬੈੱਡਰੂਮ ਵਿਚ ਜਾ ਕੇ ਟੀ.ਵੀ. ਲਾ ਲਿਆ ਸੀ... ਜਿਉਂ ਹੀ ਟੀ.ਵੀ. ਲਾਇਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਫਿਟਨੈੱਸ ਦਾ ਚੈਲੇਂਜ ਦੇ ਰਹੇ ਸਨ | ਇਹ ਵੇਖ ਕੇ ਮੈਂ ਤੁਰੰਤ ਟੀ.ਵੀ. ਬੰਦ ਕੀਤਾ ਅਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ | ਸੱਤੋ ਹੁਣ ਝਾੜੂ-ਪੋਚਾ ਲਾਉਂਦੀ ਹੋਈ ਸੁਰੀਲੀ ਜਿਹੀ ਧੁਨ ਵਿਚ ਕੋਈ ਗੀਤ ਗੁਣਗੁਣਾ ਰਹੀ ਸੀ |

-ਫੋਨ : 98559-91055.

ਡਾਕਟਰ

ਪਾਪਾ, ਡਾਕਟਰ ਦਵਾਈ ਲਿਖਦੇ ਸਮੇਂ 'ਆਰ ਐਕਸ' ਕਿਉਂ ਲਿਖਦੇ ਨੇ | ਪਾਪਾ ਬੋਲੇ, ਪੁੱਤਰ, ਇਸ ਦਾ ਮਤਲਬ ਹੁੰਦਾ ਹੈ 'ਤੁਹਾਡੇ ਲਈ' ਯਾਨੀ ਕਿ ਡਾਕਟਰ ਇਕ ਮਰੀਜ਼ ਲਈ ਤਾਂ ਰੱਬ ਦੀ ਤਰ੍ਹਾਂ ਹੁੰਦੇ ਹਨ | ਉਹ ਮੰਜੇ 'ਤੇ ਪਏ ਮਰੀਜ਼ ਨੂੰ ਠੀਕ ਕਰਕੇ ਪਹਿਲੇ ਵਰਗਾ ਤੰਦਰੁਸਤ ਬਣਾ ਦਿੰਦੇ ਹਨ | ਸੱਚ ਪੁੱਛੇਂ ਤਾਂ ਡਾਕਟਰ ਮਰੀਜ਼ਾਂ ਲਈ ਪ੍ਰਮਾਤਮਾ ਦੀ ਤਰ੍ਹਾਂ ਹੀ ਹਨ | ਕੁਝ ਦਿਨਾਂ ਦੇ ਬਾਅਦ ਆਪਣੇ ਪਾਪਾ ਦੇ ਕੁਝ ਜ਼ਿਆਦਾ ਹੀ ਬਿਮਾਰ ਹੋਣ 'ਤੇ ਘਬਰਾਹਟ 'ਚ ਇਕ ਡਾਕਟਰ ਦੇ ਘਰ ਦਾ ਦਰਵਾਜ਼ਾ ਪੁੱਤਰ ਵਲੋਂ ਕੁਝ ਜ਼ਿਆਦਾ ਹੀ ਖੜਕਾਇਆ ਗਿਆ ਤਾਂ ਡਾਕਟਰ ਭਰਿਆ-ਪੀਤਾ ਹੋਇਆ ਬੋਲਿਆ, ਇੰਨੀ ਜ਼ਿਆਦਾ ਰਾਤ ਨੂੰ ਮੇਰੀ ਨੀਂਦ ਖਰਾਬ ਕਰਨ ਦਾ ਕੀ ਮਤਲਬ? ਮੈਂ ਰਾਤ ਨੂੰ ਮਰੀਜ਼ ਨਹੀਂ ਦੇਖਦਾ | ਹੁਣ ਪੁੱਤਰ ਨੂੰ ਆਰ. ਐਕਸ. ਦੀ ਸਮਝ ਆ ਚੁੱਕੀ ਸੀ |

ਪੇਟ ਫੁੱਲ ਗਿਆ

ਡਾਕਟਰ ਸਾਹਿਬ ਜਲਦੀ-ਜਲਦੀ ਸਾਡੇ ਘਰ ਪਹੁੰਚਿਓ, ਮੇਰਾ ਹੁਣੇ-ਹੁਣੇ ਪੇਟ ਇਕਦਮ ਭਾਰੀ ਫੁੱਲ ਕੇ ਪਾਟਣ 'ਤੇ ਆ ਗਿਆ ਐ...ਪਾਟਣ 'ਤੇ ਹਾਏ...! ਤਾਏ ਨਰੈਣੇ ਨੇ ਦੇਰ ਸ਼ਾਮ ਸਮੇਂ ਫੈਮਿਲੀ ਡਾਕਟਰ ਨੂੰ ਫੋਨ ਕਰਦਿਆਂ ਕਿਹਾ |
'ਨਰੈਣਿਆਂ, ਹੈਂਅ...ਕੀ ਹੋ ਗਿਆ ਤੈਨੂੰ, ਐਨੀ ਲੇਰ ਮਾਰ ਕੇ ਡਾਕਟਰ ਨੂੰ ਫੋਨ ਕਰੀ ਜਾਨੈਂ...ਨਾਲੇ ਮੈਂ ਤੈਨੂੰ ਰੋਜ਼ ਕਹਿੰਨੀ ਆਂ, ਦਾਰੂ ਨਾ ਪੀਆ ਕਰ...ਨਾ ਪੀਆ ਕਰ...', ਥੋੜ੍ਹੀ ਦੂਰੀ ਤੋਂ ਹੱਕੀ-ਬੱਕੀ ਹੋਈ ਭੱਜੀ-ਭੱਜੀ ਆਈ ਤਾਈ ਨਿਹਾਲੀ ਨੇ ਤਾਏ ਨੂੰ ਸੰਬੋਧਨ ਕਰਦਿਆਂ ਕਿਹਾ... |
'ਨਿਹਾਲੀਏ ਆਹ ਦੇਖ ਪਤਾ ਨੀਂ ਕੀ ਹੋ ਗਿਐ, ਮੇਰਾ ਪੇਟ ਫੁੱਲ ਗਿਐ...?'
ਉਏ ਹੋਏ ਵੇ ਨਰੈਣਿਆਂ, ਦਾਰੂ ਪੀ ਕੇ ਤੂੰ ਝੱਲ-ਵਲੱਲੀਆਂ ਮਾਰਨੋਂ ਸਾਰੀ ਉਮਰ ਨੲ੍ਹੀ ਹਟਣਾ, ਲਿਆ ਫੜਾ ਫੋਨ, ਮੈਂ ਕਰਾਂ ਡਾਕਟਰ ਨੂੰ ... 'ਹੈਲੋ! ਵੇ ਭਾਈ ਡਾਕਟਰ ਸਾਹਿਬ, ਨਾ ਆਇਓ ਸਾਡੇ ਘਰੇ...ਮੈਂ ਨਰੈਣੇ ਦੀ ਨਬਜ਼ ਪਛਾਣ ਕੇ ਦੇਸੀ ਦਵਾਈ ਦੇ ਦਿੱਤੀ ਐ... |'
'ਪਰ ਹੈਂਅ ਤਾਈ ਜੀ, ਤਾਏ ਨੇ ਹੁਣੇ-ਹੁਣੇ ਤਾਂ ਫੋਨ ਕੀਤੈ, ਕਿ ਪੇਟ ਫੁੱਲ ਕੇ ਪਾਟਣ 'ਤੇ ਆ ਗਿਐ, ਐਡਾ ਕਿਹੜਾ ਥੋਡੇ ਕੋਲ ਦੇਸੀ ਨੁਕਤਾ ਹੈ ਕਿ ਤਾਇਆ ਇੱਕ ਮਿੰਟ 'ਚ ਹੀ ਠੀਕ ਹੋ ਗਿਐ... |'
'ਵੇ ਪੁੱਤ ਕੀ ਦੱਸਾਂ ਤੈਨੂੰ...ਇਹਨੂੰ ਪੈੱਗ ਲਾ ਕੇ ਕਿਹੜਾ ਸੁਰਤ ਰਹਿੰਦੀ ਐ... ਤੈਨੂੰ ਪਤੈ ਗਰਮੀ ਜ਼ਿਆਦਾ ਐ...ਥੋਡੇ ਤਾਏ ਨੇ ਸੌਣ ਲੱਗੇ ਨੇ ਕੱਪੜੇ ਉਤਾਰ ਕੇ ਆਪਣੇ ਲੱਕ ਦੇ ਦੁਆਲੇ ਤੌਲੀਆ ਬੰਨ੍ਹਣ ਦੀ ਕੋਸ਼ਿਸ਼ ਕੀਤੀ, ਤਾਂ ਦਾਰੂ ਦੇ ਦੌਰ 'ਚ ਇਹਨੇ ਤੌਲੀਏ ਦੇ ਭੁਲੇਖੇ ਮੇਰੇ ਨਵ ਜਨਮੇ ਪੋਤਰੇ ਦਾ ਕਿੱਲੀ ਤੋਂ ਪੋਤੜਾ ਲਾਹ ਕੇ ਜਿਉਂ ਹੀ ਲੱਕ ਦੁਆਲੇ ਲਪੇਟਣਾ ਚਾਹਿਆ...ਤਾਂ ਇਹਦੀ ਲੇਰ ਨਿਕਲਣ ਗਈ ਸੀ ਕਿ ਮੇਰਾ ਪੇਟ ਹੀ ਫੁੱਲ ਗਿਆ ਐ...!

-ਪਿੰਡ: ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਕਾਵਿ-ਵਿਅੰਗ

ਚਿੱਟਾ
• ਨਵਰਾਹੀ ਘੁਗਿਆਣਵੀ •
ਨਹੀਂ ਸੀ ਜਾਣਦੇ, 'ਚਿੱਟਾ' ਕੀ ਸ਼ੈ ਹੁੰਦੈ,
ਡਾਢੇ ਲੋਕਾਂ ਨੇ ਆਪ ਵਰਤਾਇਆ ਚਿੱਟਾ |
ਸਿੱਟੇ ਵਜੋਂ ਜਵਾਨੀਆਂ ਨਸ਼ਟ ਹੋਈਆਂ,
ਰੂਪ ਵੈਰੀ ਦਾ ਧਾਰ ਕੇ ਆਇਆ ਚਿੱਟਾ |
ਇਸ ਦੀ ਜਕੜ 'ਚੋਂ ਬਾਹਰ ਨਹੀਂ ਹੋ ਸਕਦਾ,
ਇਕ ਵਾਰ ਜੀਹਨੇ ਅਪਣਾਇਆ ਚਿੱਟਾ |
ਘਰ ਦਾ ਰਿਹਾ, ਨਾ ਘਾਟ ਦਾ ਹੀ ਉਹ,
ਜਿਸ ਨੇ ਵੀ ਯਾਰ ਬਣਾਇਆ ਚਿੱਟਾ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ |
ਮੋਬਾਈਲ : 98150-02302

ਜਦੋਂ ਸਰਕਾਰ ਚਾਹੂ
• ਹਰਦੀਪ ਢਿੱਲੋਂ•

ਅਫ਼ਸਰ ਆਖਦਾ ਸਪੈਸ਼ਲ ਫੋਰਸਾਂ ਦਾ,
ਤਸਕਰ ਮੱਛਰਿਆ ਫੜ ਲਿਆ ਘੇਰ ਬਾਬਾ |
ਨਵਾਂ ਮਿਲ ਗਿਆ ਮਸਾਲਾ ਚੈਨਲਾਂ ਨੂੰ ,
ਖ਼ਬਰ ਪ੍ਰਸਾਰਦੇ ਕਈ-ਕਈ ਵੇਰ ਬਾਬਾ |
ਅੰਦਰ ਵੜ ਗਏ ਵਜ਼ਾਰਤੀ ਕੋਠੀਆਂ ਦੇ,
ਭੇਸ ਬਦਲ ਕੇ ਚੰਬਲ ਦੇ ਸ਼ੇਰ ਬਾਬਾ |
'ਮੁਰਾਦਵਾਲਿਆ' ਜਦੋਂ ਸਰਕਾਰ ਚਾਹੂ,
ਮਿਲੇ ਹੁਕਮ ਤੋਂ ਲੱਗੂ ਨਾ ਦੇਰ ਬਾਬਾ |

-1-ਸਿਵਲ ਹਸਪਤਾਲ, ਅਬੋਹਰ-152116. ਮੋਬਾ: 98764-57242


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX