ਤਾਜਾ ਖ਼ਬਰਾਂ


ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  18 minutes ago
ਤਰਨ ਤਾਰਨ/ਝਬਾਲ, 23 ਜਨਵਰੀ (ਹਰਿੰਦਰ ਸਿੰਘ, ਸੁਖਦੇਵ ਸਿੰਘ) -ਘੜਿਆਲਾਂ ਵਿਖੇ ਇਕ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਜਾ ਰਿਹਾ ਟੈਂਪੂ ਪਿੰਡ ਛਿਛਰੇਵਾਲ ਦੇ ਨਜ਼ਦੀਕ ਬੇਕਾਬੂ ਹੋ ਕੇ ...
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  24 minutes ago
ਲੁਧਿਆਣਾ ,23 ਜਨਵਰੀ {ਪਰਮਿੰਦਰ ਸਿੰਘ ਅਹੂਜਾ}- ਸਥਾਨਕ ਜਵਾਹਰ ਨਗਰ ਵਿਚ ਅੱਜ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ...
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  about 1 hour ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  about 1 hour ago
ਅਮੇਠੀ, 23 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਰਾਤ ਭਰੇਥਾ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਕਲਪਨਾਥ ਕਸ਼ਯਪ ਅਤੇ ਮੋਨੂੰ ਯਾਦਵ ਦੇ ਪਰਿਵਾਰਕ ਮੈਂਬਰਾਂ ...
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  about 2 hours ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  about 3 hours ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  about 3 hours ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  about 3 hours ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  about 4 hours ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  about 4 hours ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਦਿਲ ਦਾ ਗੁਬਾਰ

ਪਿਆਰੀ ਸਹੇਲੀ ਦੇ ਵਿਛੜਨ ਦਾ ਦੁੱਖ ਬਹੁਤ ਜ਼ਿਆਦਾ ਸੀ | ਲੰਬੇ ਸਫ਼ਰ ਦੇ ਬਾਵਜੂਦ ਮੈਂ ਵੇਲੇ ਸਿਰ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਗਈ | ਚਾਹ ਦਾ ਕੱਪ ਲੈ ਕੇ ਘਰ ਦੀਆਂ ਔਰਤਾਂ ਕੋਲ ਜਾ ਕੇ ਖਲੋ ਗਈ | ਸਭ ਦੇ ਮੰੂਹ 'ਤੇ ਬਸ ਇਕ ਹੀ ਗੱਲ ਸੀ ਕਿ ਸਾਰੀ ਉਮਰ ਮਾਪਿਆਂ 'ਤੇ ਬੋਝ ਬਣੀ ਰਹੀ, ਸਹੁਰੇ ਘਰ ਵਸੀ ਹੀ ਨਹੀਂ, ਕਰਮਾਂਜਲੀ ਕਿਹੋ ਜਿਹੇ ਲੇਖ ਲਿਖਾ ਕੇ ਲਿਆਈ, ਪਰ ਉਹ ਤਾਂ ਨੌਕਰੀ ਕਰਦੀ ਸੀ ਤੇ ਬੜੀ ਵੱਡੀ ਪੋਸਟ ਤੋਂ ਰਿਟਾਇਰ ਹੋਈ ਸੀ | ਪਰ ਮੇਰੀ ਗੱਲ ਨੂੰ ਇਕ ਔਰਤ ਵਿਚੋਂ ਹੀ ਟੋਕਦੇ ਹੋਏ ਬੋਲੀ, ਨੌਕਰੀ ਵੀ ਤਾਂ ਪਿਓ ਦੀ ਥਾਂ 'ਤੇ ਹੀ ਕੀਤੀ ਪਤਾ ਨੀ ਕਿੱਦਾਂ ਕਰ ਲਈ ਨੌਕਰੀ? ਚੱਜ ਦੀ ਹੁੰਦੀ ਤਾਂ ਵਸਿਆ ਵਸਾਇਆ ਘਰ ਨਾ ਉਜਾੜਦੀ, ਸਾਰੀ ਉਮਰ ਮਾਪਿਆਂ ਦਾ ਦਰ ਮੱਲੀ ਬੈਠੀ ਰਹੀ | ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਇਥੇ ਜਿੰਨੇ ਮੰੂਹ ਓਨੀਆਂ ਗੱਲਾਂ ਸਨ, ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਤੇ ਮੈਂ ਆਪਣੀ ਪਿਆਰੀ ਸਹੇਲੀ ਦੇ ਿਖ਼ਲਾਫ਼ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ | ਮੈਂ ਪੁਰਾਣੀਆਂ ਯਾਦਾਂ ਤੇ ਗੁਵਾਚੇ ਹੋਏ ਪਲਾਂ ਨੂੰ ਮੁੜ ਯਾਦਾਂ ਵਿਚ ਲੱਭਣ ਲੱਗ ਪਈ |
ਅਸੀਂ ਦੋਵਾਂ ਨੇ ਇਕੱਠਿਆਂ ਹੀ ਦਫ਼ਤਰ ਜੁਆਇਨ ਕੀਤਾ ਸੀ | ਪੰਮੀ ਆਪਣੇ ਪਿਤਾ ਦੀ ਥਾਂ 'ਤੇ ਅਤੇ ਮੈਂ ਫਰੈਸ਼ ਨੌਕਰੀ ਲਈ ਆਈ ਸੀ | ਕੁਝ ਦਿਨਾਂ ਬਾਅਦ ਹੀ ਸਾਡੀ ਦੋਸਤੀ ਸਕੀਆਂ ਭੈਣਾਂ ਵਾਂਗ ਹੋ ਗਈ |
ਸਮਾਂ ਕਦ ਖੰਭ ਲਾ ਕੇ ਉਡਿਆ, ਪਤਾ ਈ ਨੀ ਲੱਗਾ | ਮੈਂ ਆਪਣੇ ਵਿਆਹ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਵਿਚ ਪੰਮੀ ਦੇ ਵਿਆਹ ਦੀ ਗੱਲ ਪੰਮੀ ਤੋਂ ਪੁੱਛੇ ਬਗੈਰ ਹੀ ਤੋਰ ਲਈ, ਮੈਨੂੰ ਪੂਰਾ ਯਕੀਨ ਸੀ ਕਿ ਉਹ ਮੈਨੂੰ ਮਨ੍ਹਾ ਨਹੀਂ ਕਰ ਸਕਦੀ ਪਰ ਹੋਇਆ ਬਿਲਕੁਲ ਇਸ ਦੇ ਉਲਟ | ਪਹਿਲਾਂ ਤਾਂ ਉਹ ਇਕਦਮ ਚੁੱਪ ਹੋ ਗਈ, ਉਸ ਦਾ ਪੀਲਾ ਪੈਂਦਾ ਰੰਗ ਵੇਖ ਕੇ ਉਸ ਨੂੰ ਸਮਝਾਇਆ, ਮੈਂ ਪਹਿਲਾਂ ਹੀ ਤੇਰੇ ਬਾਰੇ ਸਾਰੀ ਗੱਲ ਕਰ ਲਈ ਹੈ, ਤੇ ਉਹ ਕਦੀ ਵੀ ਤੈਨੂੰ ਨਹੀਂ ਮਨਾਂ ਕਰਨਗੇ ਤੂੰ ਜਦੋਂ ਚਾਹੇ ਪੇਕੇ ਘਰ ਜਾ ਸਕਦੀ ਹੈਾ ਤੇ ਮਦਦ ਕਰ ਸਕਦੀ ਹੈਾ |
ਪਰ ਉਸ ਦਾ ਧਿਆਨ ਕਿਧਰੇ ਹੋਰ ਸੀ, ਜਿਵੇਂ ਉਹ ਮੇਰੀਆਂ ਗੱਲਾਂ ਤੋਂ ਬੇਖ਼ਬਰ ਹੋਵੇ ਤੇ ਕੰਬਦੀ ਆਵਾਜ਼ ਵਿਚ ਬੋਲੀ, ਤੈਨੂੰ ਪਤਾ ਮੈਂ ਆਪਣੇ ਪਿਤਾ ਜੀ ਦੀ ਥਾਂ 'ਤੇ ਨੌਕਰੀ ਕਰਦੀ ਹਾਂ ਘਰ ਵਿਚ ਦਾਦੀ, ਮਾਂ, ਚਾਰ ਨਿੱਕੀਆਂ ਭੈਣਾਂ ਤੇ ਸਭ ਤੋਂ ਛੋਟਾ ਅਪਾਹਜ਼ ਭਰਾ | ਪਹਿਲਾਂ ਇਹ ਸਭ ਮੇਰੇ ਪਿਆਰੇ ਪਿਤਾ ਜੀ ਦੀ ਜ਼ਿੰਮੇਵਾਰੀ ਸੀ ਤੇ ਉਨ੍ਹਾਂ ਤੋਂ ਬਾਅਦ ਹੁਣ ਮੇਰੀ | ਹੁਣ ਮੈਂ ਆਪਣੇ ਲਈ ਨਹੀਂ, ਇਨ੍ਹਾਂ ਬਾਰੇ ਹੀ ਸੋਚਣਾ ਹੈ, ਮੇਰੇ ਲਈ ਸਭ ਤੋਂ ਪਹਿਲਾਂ ਪਰਿਵਾਰ ਅਤੇ ਬਾਅਦ ਵਿਚ ਮੈਂ ਹਾਂ |
ਪਰ ਤੂੰ ਆਪਣੀ ਉਮਰ ਕਿੱਦਾਂ ਕੱਟਣੀ ਹੈ ਸਾਰੀ? ਜੇ ਹੁਣ ਵਿਆਹ ਦੀ ਉਮਰ ਨਿਕਲ ਗਈ ਤਾਂ ਕੌਣ ਕਰੂ ਤੇਰੇ ਨਾਲ ਵਿਆਹ? ਆਪਣਾ ਘਰ ਨੀ ਚਾਹੀਦਾ ਤੈਨੂੰ?
ਕਿਹੜਾ ਆਪਣਾ ਘਰ? ਕਮਲੀਏ ਕਿਹੜੇ ਭੁਲੇਖੇ ਵਿਚ ਜੀਅ ਰਹੀ ਐਾ ਤੂੰ? ਅਸਲ ਵਿਚ ਹਰ ਔਰਤ ਆਪਣੇ ਘਰ ਦੀ ਰੱਟ ਲਾਈ ਰੱਖਦੀ ਐ ਨਾ, ਉਸ ਵਿਚਾਰੀ ਦਾ ਤਾਂ ਹੈ ਕੁਝ ਵੀ ਨਹੀਂ, ਨਾ ਪੇਕਾ ਨਾ ਸਹੁਰਾ, ਫੇਰ ਮੇਰੇ ਵੱਲ ਵੇਖਦੇ ਹੋਏ ਬੋਲੀ, ਮੈਨੂੰ ਪਤਾ ਤੂੰ ਮੇਰਾ ਚੰਗਾ ਹੀ ਸੋਚਦੀਂ ਐਾ, ਪਰ ਅੱਜ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਪਹਿਲੀ ਤੇ ਆਖਰੀ ਵਾਰ ਦੱਸਣ ਲੱਗੀ ਹਾਂ |
ਮੇਰੀ ਭੈਣ ਤੂੰ ਬਸ ਏਨਾ ਕੁ ਸਮਝ ਲੈ ਕਿ ਮੈਂ ਹੱਡ ਮਾਸ ਦਾ ਟੁਕੜਾ ਹੁਣ ਕਿ ਜਿਊਾਦੀ-ਜਾਗਦੀ ਲਾਸ਼ ਹਾਂ | ਜਿਸ ਦਾ ਆਪਣਾ ਕੋਈ ਵਜੂਦ ਨਹੀਂ, ਨਾਲੇ ਉਮਰ ਇਹ ਤਾਂ ਹੁਣ ਮੇਰੇ ਵਸ ਤੋਂ ਬਾਹਰ ਦੀ ਗੱਲ ਹੈ, ਉਂਝ ਵੀ ਨਿਕਲ ਈ ਜਾਣੀ ਐ?
ਭੈਣਾਂ ਦੇ ਘਰ ਵਸਦੇ ਵੇਖ ਕੇ ਮਾਂ ਦੇ ਜ਼ੋਰ ਪਾਉਣ 'ਤੇ ਉਸ ਨੇ ਆਪਣਾ ਘਰ ਵੀ ਵਸਾ ਲਿਆ ਸੀ | ਪਰ ਪੇਕਾ ਘਰ ਅਕਸਰ ਉਸ ਦੇ ਸਹੁਰੇ ਘਰ ਵਿਚ ਲੜਾਈ ਦਾ ਕਾਰਨ ਬਣਦਾ ਸੀ | ਫਿਰ ਵੀ ਘਰ ਦੀ ਲੜਾਈ ਤੋਂ ਡਰਦੀ ਉਸ ਨੇ ਦਫ਼ਤਰੋਂ ਛੁੱਟੀ ਲੈ ਕੇ ਕਦੇ-ਕਦੇ ਪੇਕੇ ਘਰ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਲੋੜੀਂਦੀ ਮਦਦ ਵੀ ਕਰ ਦਿੰਦੀ ਸੀ |
ਉਸ ਨੇ ਮਾਂ ਲਈ ਚੰਗੇ ਤੋਂ ਚੰਗੇ ਡਾਕਟਰ ਦੀਆਂ ਸੇਵਾਵਾਂ ਵੀ ਲਈਆਂ ਪਰ ਮਾਂ ਦੀ ਸਿਹਤ ਵਿਚ ਕੋਈ ਸੁਧਾਰ ਨਾ ਆਇਆ ਤਾਂ ਉਸ ਨੂੰ ਸਦੀਵੀ ਵਿਛੋੜਾ ਦੇ ਗਈ |
ਅਪਾਹਜ ਭਰਾ ਘਰ ਵਿਚ ਇਕੱਲਾ ਹੋਣ ਕਾਰਨ ਜਦੋਂ ਉਸ ਨੇ ਸਹੁਰੇ ਘਰ ਉਸ ਨੂੰ ਨਾਲ ਰੱਖਣ ਬਾਰੇ ਕਿਹਾ ਤਾਂ ਉਨ੍ਹਾਂ ਨੇ ਦੋਵਾਂ ਵਿਚੋਂ ਇਕ ਪਾਸੇ ਹੋਣ ਨੂੰ ਕਿਹਾ ਤਾਂ ਉਸਨੇ ਖ਼ੁਸ਼ੀ-ਖ਼ੁਸ਼ੀ ਆਪਣੇ ਭਰਾ ਦੀ ਬਾਂਹ ਫੜਨ ਨੂੰ ਪਹਿਲ ਦਿੱਤੀ ਤੇ ਸਹੁਰੇ ਘਰ ਤੋਂ ਹਮੇਸ਼ਾ ਲਈ ਮੰੂਹ ਮੋੜ ਲਿਆ |
ਮੌਕਾ ਵੇਖ ਕੇ ਉਸ ਨੇ ਘਰ ਵਿਚ ਹੀ ਭਰਾ ਨੂੰ ਦੁਕਾਨ ਖੋਲ੍ਹ ਦਿੱਤੀ ਤੇ ਲੋੜੀਂਦਾ ਪਰਿਵਾਰ ਦੇਖ ਕੇ ਉਸ ਦਾ ਘਰ ਵੀ ਵਸਾ ਦਿੱਤਾ |
ਪਰ ਜ਼ਿੰਮੇਵਾਰੀਆਂ ਘਟਣ ਤੋਂ ਅਜੇ ਵੀ ਇਨਕਾਰੀ ਸਨ | ਉਸ ਨੇ ਡਿਗਦੀ ਸਿਹਤ ਕਾਰਨ ਰਿਟਾਇਰਮੈਂਟ ਪਹਿਲਾਂ ਹੀ ਲੈ ਲਈ ਤੇ ਮਿਲੇ ਫੰਡ ਵਿਚੋਂ ਭਰਾ ਦੇ ਨਾਂਅ ਘਰ ਲੈ ਦਿੱਤਾ ਤੇ ਬਚਦਾ ਪੈਸਾ ਉਸ ਦੇ ਨਾਂਅ 'ਤੇ ਕਰਵਾ ਦਿੱਤਾ | ਤੂੰ ਆਪਣੇ ਲਈ ਕੀ ਰੱਖਿਆ? ਤੇ ਮੇਰੇ ਪੁੱਛਣ 'ਤੇ ਉਹ ਬੋਲੀ ਮੇਰਾ ਹੈ ਵੀ ਕੀ ਸੀ? ਪਿਤਾ ਜੀ ਨੇ ਵੀ ਤਾਂ ਇਸ ਨੂੰ ਦੇਣਾ ਸੀ, ਉਨ੍ਹਾਂ ਦੀ ਕਮਾਈ ਸੀ ਸੋ ਮੈਂ ਦੇ ਦਿੱਤੀ, ਮੇਰਾ ਕੀ ਐ ਦੋ ਫੁਲਕੇ ਖਾਣੇ ਆ, ਉਹ ਤਾਂ ਮੈਨੂੰ ਮਿਲਣਗੇ ਹੀ | ਇੰਨੀ ਵੱਡੀ ਗੱਲ ਉਹ ਕਿੰਨੀ ਆਸਾਨੀ ਨਾਲ ਕਹਿ ਰਹੀ ਸੀ |
ਅਕਸਰ ਰਿਟਾਇਰਮੈਂਟ ਤੋਂ ਬਾਅਦ ਫੋਨ 'ਤੇ ਜਦੋਂ ਅਸੀਂ ਦੁੱਖ-ਸੁੱਖ ਫੋਲਦੀਆਂ ਤਾਂ ਭਾਬੀ ਦੀ ਚੀਕਣ ਦੀ ਆਵਾਜ਼ ਸੁਣਾਈ ਦਿੰਦੀ, ਬਈ ਫੋਨ 'ਤੇ ਮਿੱਟੀ ਪੱਟ ਮੇਰੀ ਕਿ ਮੈਂ ਤੇਰੀ ਸੇਵਾ ਨੀ ਕਰਦੀ, ਵਿਹਲੀ ਕਿਸੇ ਥਾਂ ਦੀ, ਤਾਹੀਂ ਤਾਂ ਪੇਕੇ ਘਰ ਬੈਠੀ ਐਾ, ਕੰਮ ਕਾਜ ਕਰਨ ਵਾਲੀ ਹੁੰਦੀ ਤਾਂ ਸਹੁਰੇ ਨਾ ਵੱਸਦੀ?
ਮੈਂ ਪੁੱਛਦੀ ਪਰ ਪੰਮੀ ਇਸ ਬਾਰੇ ਕਦੀ ਵੀ ਗੱਲ ਨਾ ਕਰਦੀ |
ਸੋਚਦੀ ਸਾਂ ਕਿ ਚੀਕ-ਚੀਕ ਕੇ ਸਭ ਨੂੰ ਪੰਮੀ ਬਾਰੇ ਦੱਸਾਂ ਉਹ ਪੇਕਿਆਂ 'ਤੇ ਬੋਝ ਨਹੀਂ, ਸਗੋਂ ਇਕ ਮਜ਼ਬੂਤ ਥੰਮ੍ਹ ਸੀ, ਜਿਸ ਨੇ ਪਿਤਾ ਜੀ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਆਉਣ ਵਾਲਾ ਹਰ ਤੂਫ਼ਾਨ ਆਪਣੇ ਪਿੰਡੇ 'ਤੇ ਹੰਢਾਇਆ, ਹਰ ਮੀਂਹ-ਝੱਖੜ ਆਪਣੇ 'ਤੇ ਵਰ੍ਹਾਇਆ |
ਪਰ ਕਿੰਝ ਦੱਸਾਂ? ਕਿਹਨੂੰ ਦੱਸਾਂ? ਇਥੇ ਕੋਈ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਤੇ ਵਹਿੰਦੇ ਅੱਥਰੂ ਰੋਕਣ ਦੀ ਕੋਸ਼ਿਸ਼ ਵਿਚ ਮੈਂ ਦਿਲ ਦੀਆਂ ਗੱਲਾਂ ਤੇ ਦਿਲ ਦਾ ਗੁਬਾਰ ਦਿਲ ਵਿਚ ਹੀ ਲੈ ਕੇ ਘਰ ਵਾਪਸ ਪਰਤ ਰਹੀ ਸਾਂ |

-ਫਗਵਾੜਾ,
ਮੋਬਾਈਲ : 95922-71300.


ਖ਼ਬਰ ਸ਼ੇਅਰ ਕਰੋ

ਦੋ ਗ਼ਜ਼ਲਾਂ

ਰੰਗ, ਖ਼ੁਸ਼ਬੂ, ਰੌਸ਼ਨੀ ਦੀ ਬਾਤ ਪਾ
ਮਹਿਕ ਬਣ ਸਾਰੀ ਫ਼ਿਜ਼ਾ ਵਿਚ ਫੈਲ ਜਾ |
ਡੀਕ ਲਾ ਕੇ ਪੀ ਪਿਆਲਾ ਇਸ਼ਕ ਦਾ,
ਪਿਆਰ ਦਾ ਕੋਈ ਸੁਰੀਲਾ ਗੀਤ ਗਾ |
ਪੌਣ ਦੇ ਦਰਦੀਲੜੇ ਜਿਹੇ ਸਾਜ਼ 'ਤੇ
ਤੂੰ ਕੋਈ ਨਗ਼ਮਾ ਮੁਹੱਬਤ ਦਾ ਸੁਣਾ |
ਵਾਸ ਕਰ ਲੈ ਬੱਦਲਾਂ ਦੇ ਫ਼ਰਸ਼ 'ਤੇ
ਅੰਬਰਾਂ ਵਿਚ ਸਤਰੰਗੀ ਪੀਂਘ ਪਾ |
ਵਕਤ ਤਾਂ ਪਲ ਪਲ ਉਡਾਰੀ ਮਾਰਦਾ,
ਏਸ 'ਤੇ ਕੋਈ ਸੁਨਹਿਰੀ ਪੈੜ ਪਾ |
ਆਪਣੇ ਦਿਲ ਨੂੰ ਬਣਾ ਲੈ ਵੰਝਲੀ
ਧੜਕਣਾਂ ਦੀ ਤਾਲ ਉੱਪਰ ਥਿਰਕ ਜਾ |
ਇਕ ਵੀ ਹੰਝੂ ਅਜਾੲੀਂ ਨਾ ਵਹੇ,
ਕੱਲਰਾਂ 'ਤੇ ਮੇਘ ਬਣ ਕੇ ਬਰਸ ਜਾ |
ਜ਼ਿੰਦਗੀ ਤਾਂ ਬੇਸ਼ਕੀਮਤ ਦਾਤ ਹੈ,
ਏਸ ਦੇ ਸਨਮਾਨ ਵਿਚ ਆਪਾ ਵਿਛਾ |
ਹਰ ਲਮਹਾ ਤੇਰਾ ਰੂਹਾਨੀ ਜਸ਼ਨ ਹੈ
ਹਰ ਸਮੇਂ ਤੂੰ ਮੋਰ ਬਣ ਕੇ ਪੈਲ ਪਾ |
ਬੇਖ਼ੁਦੀ, ਮਸਤੀ, ਖ਼ਾਮੋਸ਼ੀ, ਕੰਬਣੀ,
ਕਿਸ ਕਦਰ ਮਸਰੂਰ ਹੈਾ ਝੱਲਿਆ ਦਿਲਾ |
ਆਤਮਾ ਅੰਦਰ ਸਿਤਾਰੇ ਗੰੁਦ ਕੇ,
ਹੁਣ ਕੋਈ ਸੁਰਤਾਲ ਸਾਹਾਂ ਦੀ ਵਜਾ |
             ***

ਮਹਿਕਦੀ ਹੋਈ ਜ਼ਿੰਦਗੀ ਦੀ ਖ਼ੈਰ ਦੇ,
ਇਸ਼ਕ ਵਾਲੀ ਰਿੰਦਗੀ ਦੀ ਖ਼ੈਰ ਦੇ |
ਹਰ ਤਰਫ਼ ਬੱਸ ਤੰੂ ਹੀ ਤੂੰ ਦਿਸਦਾ ਰਹੇਂ,
ਆਪਣੀ ਦੀਵਾਨਗੀ ਦੀ ਖ਼ੈਰ ਦੇ |
ਆਸ਼ਕੀ ਦੀਆਂ ਬਖ਼ਸ਼ ਦੇ ਮਖ਼ਮੂਰੀਆਂ,
ਰਸ ਭਰੀ ਮਸਤਾਨਗੀ ਦੀ ਖ਼ੈਰ ਦੇ |
ਭੁੱਲ ਜਾਵਾਂ ਹੋਰ ਸਭ ਦੁਸ਼ਵਾਰੀਆਂ,
ਬੱਸ ਆਪਣੀ ਮਯਕਸ਼ੀ ਦੀ ਖ਼ੈਰ ਦੇ |
ਜਦ ਕਦੇ ਵੀ ਆਉਣ ਰਾਤਾਂ ਕਾਲੀਆਂ,
ਉਸ ਸਮੇਂ ਤੂੰ ਰੌਸ਼ਨੀ ਦੀ ਖ਼ੈਰ ਦੇ |
ਧੜਕਣਾਂ ਦਾ ਤਾਲ ਮੇਰੇ ਨਾਮ ਹੈ,
ਅਰਜ਼ ਹੈ ਪਰਵਾਨਗੀ ਦੀ ਖ਼ੈਰ ਦੇ |
ਹੋਰ ਕੋਈ ਨਾਮ ਕੰਨੀਂ ਨਾ ਪਵੇ,
ਇਸ ਤਰ੍ਹਾਂ ਤੂੰ ਦਿਲਕਸ਼ੀ ਦੀ ਖ਼ੈਰ ਦੇ |
ਘੋਲ ਦੇ ਸਾਹਾਂ 'ਚ ਖ਼ੁਸ਼ਬੂ ਨਾਮ ਦੀ,
ਦਿਲ ਨਿਵਾਜ਼ਾ ਬੰਦਗੀ ਦੀ ਖ਼ੈਰ ਦੇ |
            ***

ਨਹਿਲੇ 'ਤੇ ਦਹਿਲਾ: ਖਾਣਾ ਨਹੀਂ ਮੈਂ ਤਾਂ ਵਿਟਾਮਿਨ ਖਾ ਰਿਹਾ ਸਾਂ

ਮਸ਼ਹੂਰ ਗਾਇਕ ਗੁਲਾਮ ਮੁਸਤਫ਼ਾ ਨਾਨਵੈਜ ਖਾਣਾ ਖਾਣ ਦੇ ਬੜੇ ਸ਼ੌਕੀਨ ਸਨ | ਉਹ ਘਰ ਵਿਚ ਵੀ ਅਤੇ ਬਾਹਰ ਵੀ ਇਸੇ ਤਰ੍ਹਾਂ ਦਾ ਖਾਣਾ ਪਸੰਦ ਕਰਦੇ ਸਨ | ਜਿਹੜੀ ਪਾਰਟੀ ਵਿਚ ਵੀ ਉਸ ਨੂੰ ਇਸ ਤਰ੍ਹਾਂ ਦੇ ਖਾਣੇ ਦੀ ਉਮੀਦ ਹੁੰਦੀ ਉਹ ਬਹੁਤ ਜ਼ਿਆਦਾ ਰੁਝੇਵਿਆਂ ਦੇ ਬਾਵਜੂਦ ਵੀ ਪਾਰਟੀ 'ਚ ਹਿੱਸਾ ਜ਼ਰੂਰ ਲੈਂਦੇ | ਪਾਰਟੀ ਹੋ ਜਾਣ ਤੋਂ ਬਾਅਦ ਉਹ ਪੁੱਛ ਕੇ ਵੀ ਖਾਣਾ ਪਕਾਉਣ ਵਾਲਿਆਂ ਨੂੰ ਮਿਲਦੇ ਅਤੇ ਉਨ੍ਹਾਂ ਦੇ ਖਾਣੇ ਦੀ ਭਰਪੂਰ ਤਾਰੀਫ਼ ਕਰਦੇ ਅਤੇ ਉਨ੍ਹਾਂ ਨੂੰ ਇਨਾਮ ਦੇ ਕੇ ਨਵਾਜਦੇ |
ਇਕ ਵਾਰੀ ਉਹ ਫ਼ਿਲਮੀ ਗੀਤਕਾਰ ਇੰਦੀਵਰ ਦੇ ਸੱਦੇ 'ਤੇ ਉਨ੍ਹਾਂ ਦੇ ਘਰ ਗਏ | ਬਹੁਤ ਹੀ ਸੋਹਣੇ ਤਰੀਕੇ ਨਾਲ ਖਾਣਾ ਮੇਜ਼ 'ਤੇ ਸਜਾਇਆ ਗਿਆ ਸੀ | ਮਜ਼ੇ ਦੀ ਗੱਲ ਇਹ ਸੀ ਕਿ ਗੁਲਾਮ ਮੁਸਤਫ਼ਾ ਸਾਹਿਬ ਨੂੰ ਹੀ ਖਾਣੇ 'ਤੇ ਬੁਲਾਇਆ ਗਿਆ ਸੀ | ਜਦੋਂ ਮੁਸਤਫ਼ਾ ਸਾਹਬ ਹੱਥ ਧੋ ਕੇ ਖਾਣੇ ਵਾਲੀ ਮੇਜ਼ 'ਤੇ ਖਾਣਾ ਖਾਣ ਲਈ ਕੁਰਸੀ 'ਤੇ ਬੈਠੇ ਤਾਂ ਮੇਜ਼ 'ਤੇ ਲੱਗੇ ਡੌਾਗੇ 'ਤੇ ਹੱਥ ਰੱਖ ਕੇ ਇੰਦੀਵਰ ਨੇ ਗੁਲਾਮ ਮੁਸਤਫ਼ਾ ਸਾਹਿਬ ਨੂੰ ਜਾਣਕਾਰੀ ਦੇਣੀ ਸ਼ੁਰੂ ਕੀਤੀ |
'ਮੁਸਤਫ਼ਾ ਸਾਹਿਬ, ਐਹ ਵੇਖੋ ਇਹ ਦਾਲ ਹੈ, ਦਾਲ ਵਿਚ ਵਿਟਾਮਿਨ 'ਬੀ' ਅਤੇ ਭਰਪੂਰ ਪ੍ਰੋਟੀਨ ਹੁੰਦੀ ਹੈ, ਇਹ ਪਾਲਕ ਏ ਇਸ ਵਿਚ ਆਇਰਨ ਅਤੇ ਵਿਟਾਮਿਨ 'ਸੀ' ਹੁੰਦਾ ਹੈ | ਇਹ ਵੇਖੋ ਇਹ ਕੱਦੂ ਦੀ ਸਬਜ਼ੀ ਏ, ਇਸ ਵਿਚ ਭਾਰੀ ਮਾਤਰਾ ਵਿਚ ਵਿਟਾਮਿਨ 'ਏ' ਹੁੰਦਾ ਹੈ | ਅਹਿ ਨਿੰਬੂ ਏ, ਇਸ ਵਿਚ ਵਿਟਾਮਿਨ 'ਸੀ' ਹੁੰਦਾ ਹੈ ਜੋ ਦੰਦਾਂ ਨੂੰ ਮਜ਼ਬੂਤ ਕਰਦਾ ਹੈ |'
ਅਤੇ ਜਦੋਂ ਦੋਵੇਂ ਜਣੇ ਖਾਣਾ ਖਾ ਚੁੱਕੇ ਅਤੇ ਹੱਥ ਧੋ ਕੇ ਮੁੜ ਕੇ ਇਕੱਠੇ ਬੈਠੇ ਤਾਂ ਇੰਦੀਵਰ ਨੇ ਗੁਲਾਮ ਮੁਸਤਫ਼ਾ ਸਾਹਿਬ ਨੂੰ ਖਾਣੇ ਬਾਰੇ ਪੁੱਛਿਆ ਤਾਂ ਅੰਦਰੋਂ-ਅੰਦਰੀ ਬਹਿਬਲ ਹੋਏ ਗੁਲਾਮ ਮੁਸਤਫ਼ਾ ਨੇ ਕਿਹਾ, 'ਖਾਣਾ ਨਹੀਂ ਮੈਂ ਤਾਂ ਵਿਟਾਮਿਨ ਖਾ ਰਿਹਾ ਸੀ |'

ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. (ਪੰਜਾਬ) |
ਮੋਬਾਈਲ : 94170-91668.

ਕਹਾਣੀ: ਹਨੇਰਿਆਂ ਤੋਂ ਮੁਕਤੀ

ਬੰਤਾ ਸਿੰਘ ਨੂੰ ਜਾਪਿਆ ਜਿਵੇਂ ਕੋਈ ਉਸ ਦੇ ਨਾਲ-ਨਾਲ ਹੋਵੇ, ਬਿਲਕੁਲ ਉਸ ਦੇ ਨੇੜੇ | ਫਿਰ ਉਸ ਨੂੰ ਕਾਫ਼ੀ ਸ਼ੋਰ-ਸ਼ਰਾਬਾ ਸੁਣਾਈ ਦੇਣ ਲੱਗਾ | ਕਦੇ ਜਾਪਦਾ ਬਹੁਤ ਨੇੜੇ ਹੈ, ਕਦੇ ਬਹੁਤ ਦੂਰ | ਨਹੀਂ... ਨਹੀਂ... ਇਹ ਤਾਂ ਉਸ ਦੇ ਅੰਦਰੋਂ ਸੁਣਾਈ ਦੇ ਰਿਹਾ ਸੀ | ਭਾਂਤ-ਭਾਂਤ ਦੀਆਂ ਮੂਰਤਾਂ ਬਣ ਰਹੀਆਂ ਸਨ, ਪਰ ਸਪੱਸ਼ਟ ਕੋਈ ਵੀ ਨਹੀਂ ਸੀ | ਉਸ ਨੇ ਗਹੁ ਨਾਲ ਦੇਖਣ ਦੀ ਕੋਸ਼ਿਸ਼ ਕੀਤੀ | ਇਕ ਮੂਰਤ ਸਪੱਸ਼ਟ ਹੋਣ ਲੱਗੀ, ਪਰ ਯਤਨ ਕਰਨ 'ਤੇ ਵੀ ਪਛਾਣ ਨਾ ਸਕਿਆ |
'ਤੰੂ ਕੌਣ ਏਾ?... ਆਹ ਰੌਲਾ ਕੀਹਨੇ ਪਾ ਰੱਖਿਐ? ਬੰਤਾ ਸਿੰਘ ਨੇ ਪੁੱਛਿਆ |
'ਅਸੀਂ ਤੁਹਾਡੇ ਧੀਆਂ ਪੁੱਤਰ', ਆਵਾਜ਼ ਆਈ ਪਰ ਆਕਾਰ ਸਪੱਸ਼ਟ ਨਾ ਹੋਇਆ |
'ਧੱਕੇ ਨਾਲ ਈ ਧੀਆਂ ਪੁੱਤਰ ਬਣਦੇ ਓ, ਜਾਓ ਸੌਣ ਦਿਓ', ਬੰਤਾ ਸਿੰਘ ਖਿਝ ਕੇ ਬੋਲਿਆ |
'ਜੇ ਤੁਸੀਂ ਧੀਆਂ ਪੁੱਤਰਾਂ ਨੂੰ ਚੰਗੇ ਬਣਾਉਗੇ, ਤਾਂ ਹੀ ਚੈਨ ਦੀ ਨੀਂਦ ਸੌਾ ਸਕੋਗੇ', ਆਵਾਜ਼ ਬੜੀ ਪਿਆਰੀ ਸੀ |
'ਮੈਨੂੰ ਨੀਂ ਸਮਝ ਆਉਂਦੀ ਕੋਈ ਗੱਲ', ਉਹ ਰੌਣੀ ਆਵਾਜ਼ ਵਿਚ ਬੋਲਿਆ |
'ਚਲੋ ਠੀਕ ਐ ਘਬਰਾਓ ਨਾ, ਮੈਂ ਦੱਸਦੀ ਆਂ | ਮੈਂ ਤੁਹਾਡੀ ਸੋਚ, ਜਿਸ ਨੂੰ ਜਦੋਂ ਵੀ ਤੁਸੀਂ ਆਪਣੇ ਮਨ, ਬਚਨ ਅਤੇ ਕਰਮ ਰਾਹੀਂ ਪ੍ਰਗਟ ਕਰਦੇ ਓ, ਮੈਨੂੰ ਅਤੇ ਆਪਣੇ-ਆਪ ਨੂੰ ਦੁਨੀਆ ਕੋਲੋਂ ਚੰਗਾ ਜਾਂ ਬੁਰਾ ਕਹਾਉਂਦੇ ਓ | ਆਹ, ਜਿਹੜੇ ਸ਼ੋਰ ਮਚਾ ਰਹੇ ਨੇ, ਇਹ ਤੁਹਾਡੇ ਵਿਚਾਰ ਨੇ ਕੋਈ ਆਉਂਦੈ, ਕੋਈ ਜਾਂਦੈ | ਪੱਕੇ ਤੌਰ 'ਤੇ ਨਹੀਂ ਟਿਕਦੇ | ਇਸ ਲਈ ਅੰਦਰ ਘੜਮਸ ਪਿਆ ਰਹਿੰਦੈ | ਪਰ ਹਾਂ, ਜੇ ਤੁਸੀਂ ਨੇਕੀ, ਇਮਾਨਦਾਰੀ ਅਤੇ ਸਚਾਈ ਨੂੰ ਆਪਣੇ ਅੰਦਰ ਵਸਾ ਲਵੋਗੇ ਤਾਂ ਦੁਨੀਆ ਤੁਹਾਡੀ ਵੀ ਤਾਰੀਫ਼ ਕਰੂ ਅਤੇ ਸਾਡੀ ਵੀ', ਬੰਤਾ ਸਿੰਘ ਨੂੰ ਆਵਾਜ਼ ਬੜੀ ਪਿਆਰੀ ਲੱਗ ਰਹੀ ਸੀ, ਇਸ ਲਈ ਉਹ ਚੁੱਪ-ਚਾਪ ਸੁਣ ਰਿਹਾ ਸੀ | ਪਰ ਇਸ ਦੇ ਨਾਲ ਹੀ ਉਸ ਨੂੰ ਇਕ ਹੋਰ ਆਵਾਜ਼ ਸੁਣਾਈ ਦਿੱਤੀ |
'ਹੱਥ ਵਿਚ ਕਿਤਾਬ ਉਂਜ ਸੁੱਤੇ ਪਏ ਨੇ, ਪਤਾ ਨਹੀਂ ਹੁਣ ਪੜ੍ਹਨ ਦਾ ਕੀ ਝੱਲ ਚੜਿ੍ਹਐ ਐਸ ਉਮਰੇ', ਇਹ ਤਾਂ ਬੰਤਾ ਸਿੰਘ ਦੀ ਪਤਨੀ ਦੀ ਆਵਾਜ਼ ਸੀ | ਬੰਤਾ ਸਿੰਘ ਦੇ ਹੱਥੋਂ ਕਿਤਾਬ ਫੜ ਕੇ ਉਸ ਨੇ ਇਕ ਪਾਸੇ ਰੱਖ ਦਿੱਤੀ |
ਬੰਤਾ ਸਿੰਘ ਉੱਠ ਕੇ ਬੈਠ ਗਿਆ | ਉਹ ਹੈਰਾਨ ਪ੍ਰੇਸ਼ਾਨ ਸੀ | ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨੇ ਸੁਪਨਾ ਦੇਖਿਆ ਹੈ ਜਾਂ ਫਿਰ ਕਿਤਾਬ ਵਿਚ ਪੜਿ੍ਹਆ ਹੈ ਸਾਰਾ ਕੁਝ | ਸ਼ਾਇਦ ਰਲਵਾਂ-ਮਿਲਵਾਂ ਸੀ | ਕਿਤਾਬ ਪੜ੍ਹਦਿਆਂ ਅੱਖ ਲੱਗ ਗਈ ਹੋਵੇਗੀ |
ਅੱਧੀ ਰਾਤ ਨੂੰ ਚਾਹ ਕਰਵਾ ਲੀ, ਚਾਹ ਪੀ ਕੇ ਫੇਰ ਕਿਤਾਬ ਪੜ੍ਹਨ ਲੱਗ ਗੇ ਕੀ ਐ ਏਹਦੇ 'ਚ?' ਉਸ ਦੀ ਪਤਨੀ ਖਿਝੀ ਪਈ ਸੀ |
ਓਏ, ਕਿਸੇ ਨੇ ਦਿੱਤੀ ਸੀ ਪੜ੍ਹਨ ਨੂੰ | ਮੈਂ ਤਾਂ ਲੈਂਦਾ ਨੀ ਸੀ ਧੱਕੇ ਨਾਲ ਦੇ 'ਤੀ | ਪਰ ਕਿਤਾਬ ਹੈ ਬੜੀ ਵਧੀਆ, ਆਖ ਕੇ ਉਹ ਕੰਮ 'ਤੇ ਜਾਣ ਲਈ ਤਿਆਰ ਹੋਣ ਲੱਗਾ ਅਤੇ ਪਤਨੀ ਰਸੋਈ ਵਿਚ ਚਲੀ ਗਈ |
ਬੰਤਾ ਸਿੰਘ ਨੇ ਸਮੇਂ ਸਿਰ ਬੱਸ ਅੱਡੇ 'ਤੇ ਜਾ ਲਾਈ | ਉਸ ਨੂੰ ਡਰਾਇਵਰੀ ਕਰਦਿਆਂ ਬਾਰ੍ਹਾਂ-ਤੇਰ੍ਹਾਂ ਸਾਲ ਹੋ ਗਏ ਸਨ ਪਰ ਅੱਜ ਵਾਂਗ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ | ਬੱਸ ਖਚਾਖਚ ਭਰੀ ਪਈ ਸੀ, ਫਿਰ ਵੀ ਪੜ੍ਹਨ ਵਾਲੇ ਮੰੁਡੇ-ਕੁੜੀਆਂ ਬੱਸ ਵਿਚ ਧੁਸ ਦੇ ਕੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ | ਸਮੇਂ ਅਨੁਸਾਰ ਉਸ ਨੇ ਬੱਸ ਤੋਰੀ | ਇਕ ਕਾਲਜੀਏਟ ਮੰੁਡੇ ਨੇ ਬੁਰੀ ਭਾਵਨਾ ਨਾਲ ਬੱਸ ਦੇ ਡੰਡੇ ਦਾ ਸਹਾਰਾ ਲਈ ਖੜ੍ਹੀ ਕੁੜੀ ਦੇ ਹੱਥ ਉਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਪਰ ਰੁਕ ਗਿਆ, ਉਸ ਨੂੰ ਲੱਗਿਆ ਜਿਵੇਂ ਉਹ ਆਪਣੇ-ਆਪ ਨੂੰ ਗਾਲ਼ ਕੱਢਦਾ-ਕੱਢਦਾ ਰੁਕਿਆ ਹੋਵੇ | ਉਸ ਦਾ ਧਿਆਨ ਹੱਥ ਵਿਚ ਫੜੀ ਕਿਤਾਬ ਵੱਲ ਸੀ | ਇਕ ਤੀਹ ਪੈਂਤੀ ਸਾਲ ਦੇ ਚੰਗੇ ਸੂਟ-ਬੂਟ ਵਾਲੇ ਬੰਦੇ ਨੇ ਆਪਣੀਆਂ ਕੱਛਾਂ ਵਿਚ ਹੱਥ ਦਿੱਤੇ ਅਤੇ ਨਾਲ ਬੈਠੀ ਔਰਤ ਦੀ ਵੱਖੀ ਵੱਲ ਉਂਗਲ ਸਿੱਧੀ ਕੀਤੀ | ਪਰ ਉਸ ਨੇ ਇਕਦਮ ਮੁੱਠੀਆਂ ਬੰਦ ਕਰ ਲਈਆਂ ਅਤੇ ਉਹ ਕਿਤਾਬ ਖੋਲ੍ਹ ਕੇ ਪੜ੍ਹਨ ਲੱਗਾ |
ਬੰਤਾ ਸਿੰਘ ਨੇ ਅੱਜ ਕੋਈ ਵੀ ਘਟੀਆ ਗਾਣਿਆਂ ਵਾਲੀ ਕੈਸੇਟ ਨਾ ਚਲਾਈ | ਕੰਡਕਟਰ ਨੇ ਉਸ ਨੂੰ ਕਈ ਵਾਰ ਇਸ਼ਾਰਾ ਵੀ ਕੀਤਾ, ਗਾਣੇ ਲਾਉਣ ਲਈ | ਪਰ ਉਸ ਨੇ ਧਿਆਨ ਨਾ ਦਿੱਤਾ | ਅਖੀਰ ਟਿਕਟਾਂ ਕੱਟ ਕੇ ਵਿਹਲਾ ਹੋਇਆ ਕੰਡਕਟਰ ਆ ਕੇ ਇੰਜਣ 'ਤੇ ਬੈਠ ਗਿਆ | ਉਸ ਨੇ ਬੰਤਾ ਸਿੰਘ ਨੂੰ ਕੁਝ ਕਿਹਾ | ਬੰਤਾ ਸਿੰਘ ਨੇ ਇਕ ਕੈਸੇਟ ਚਲਾ ਦਿੱਤੀ | ਜਿਹੜੀ ਕਈ ਮਹੀਨਿਆਂ ਤੋਂ ਬੱਸ ਵਿਚ ਪਈ ਹੋਈ ਸੀ | ਪਰ ਸੁਣੀ ਕਦੇ ਵੀ ਨਹੀਂ ਸੀ | ਇਸ ਵਿਚ ਯੋਧਿਆਂ ਦੀਆਂ ਵਾਰਾਂ ਸਨ, ਜਿਨ੍ਹਾਂ ਨੇ ਧੀਆਂ-ਭੈਣਾਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਨਾ ਕੀਤੀ | ਇਕ ਵਾਰੀ ਤਾਂ ਕੰਡਕਟਰ ਨੇ ਬੁੱਲ੍ਹ ਜਿਹੇ ਵੱਟ ਕੇ ਆਪਣਾ ਸਿਰ ਸੱਜੇ-ਖੱਬੇ ਹਿਲਾਇਆ ਜਿਵੇਂ ਉਸ ਨੂੰ ਬੰਤਾ ਸਿੰਘ ਦੇ ਦਿਮਾਗ 'ਤੇ ਸ਼ੱਕ ਹੋ ਰਿਹਾ ਹੋਵੇ ਕਿ ਸਹੀ ਹੈ ਜਾਂ ਨਹੀਂ | ਪਰ ਜਦੋਂ ਉਸ ਨੇ ਦੋ-ਚਾਰ ਗੱਲਾਂ ਸੁਣੀਆਂ ਤਾਂ ਉਸ ਦਾ ਸਿਰ ਨੀਵਾਂ ਹੋ ਗਿਆ, ਕਿਉਂਕਿ ਇਨ੍ਹਾਂ ਮਹਾਨ ਸੂਰਬੀਰਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ | ਬੰਤਾ ਸਿੰਘ ਨੇ ਅੱਗੇ ਲੱਗੇ ਸ਼ੀਸ਼ੇ ਵਿਚ ਦੀ ਕਈ ਵਾਰੀ ਸਵਾਰੀਆਂ 'ਤੇ ਨਿਗਾਹ ਮਾਰੀ, ਅੱਜ ਕੋਈ ਵੀ ਮਨਚਲਾ ਸ਼ਰਾਰਤ ਕਰਦਾ ਨਾ ਦਿਸਿਆ, ਕੁੜੀਆਂ ਵੀ ਆਪਣੇ ਨੰਗੇ ਮੋਢਿਆਂ ਨੂੰ ਚੰੁਨੀ ਨਾਲ ਕੱਜਣ ਦੀ ਕੋਸ਼ਿਸ਼ ਕਰ ਰਹੀਆਂ ਸਨ | ਉਹ ਸੋਚ ਰਿਹਾ ਸੀ ਕਿਤਾਬ ਵਿਚ ਲਿਖੀ ਹਰ ਗੱਲ ਸੱਚ ਹੈ ਕਿ ਅਸੀਂ ਖੁਦ ਹੀ ਗੰਦੇ ਵਿਚਾਰਾਂ ਨੂੰ ਫੈਲਾਅ ਕੇ ਸਮਾਜ ਨੂੰ ਗੰਦਾ ਕਰਦੇ ਹਾਂ | ਬੱਸ ਟਿਕਾਣੇ ਪਹੁੰਚਾ ਕੇ ਰੋਕ ਦਿੱਤੀ | ਬੰਤਾ ਸਿੰਘ ਮੋਢੇ ਉਤੇ ਪਰਨਾ ਰੱਖ ਹੇਠਾਂ ਉਤਰਿਆ |
'ਕਿਉਂ ਬਈ ਕਿਤਾਬ ਪੜ੍ਹੀ ਸੀ?' ਕਿਸੇ ਨੇ ਪਿਛੋਂ ਦੀ ਬੰਤਾ ਸਿੰਘ ਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਿਆ |
ਉਸ ਨੇ ਪਿਛੇ ਮੁੜ ਕੇ ਦੇਖਿਆ ਇਹ ਤਾਂ ਪ੍ਰੋਫੈਸਰ ਸਾਹਿਬ ਸਨ, ਜਿਹੜੇ ਚਾਰ ਕੁ ਦਿਨ ਪਹਿਲਾਂ ਕੁਝ ਕਿਤਾਬਾਂ ਵੰਡ ਕੇ ਗਏ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਨੂੰ ਜ਼ਰੂਰ ਪੜ੍ਹਨਾ | ਬੰਤਾ ਸਿੰਘ ਨੇ ਦੋ-ਦਿਨ ਤਾਂ ਕਿਤਾਬ ਖੋਲ੍ਹ ਕੇ ਵੀ ਨਹੀਂ ਦੇਖੀ, ਰਾਤ ਪੜ੍ਹਨੀ ਸ਼ੁਰੂ ਕੀਤੀ, ਚੰਗੀ ਲੱਗੀ ਤਾਂ ਅੱਧਿਓਾ ਵੱਧ ਪੜ੍ਹ ਦਿੱਤੀ |
ਹਾਂ ਜੀ, ਥੋੜ੍ਹੀ ਜਿਹੀ ਰਹਿੰਦੀ ਐ... | ਬੰਤਾ ਸਿੰਘ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਪ੍ਰੋਫੈਸਰ ਸਾਹਿਬ ਦੇ ਦੁਆਲੇ ਦਸ ਕੁ ਜਣਿਆਂ ਦੀ ਇਕ ਜਮਾਤ ਬਣ ਗਈ | ਉਨ੍ਹਾਂ ਵਿਚੋਂ ਕਾਲਜੀਏਟ ਮੰੁਡਾ ਅਤੇ ਸੂਟ-ਬੂਟ ਵਾਲਾ ਬੰਦਾ ਵੀ ਸ਼ਾਮਿਲ ਸਨ | ਉਨ੍ਹਾਂ ਵਿਚੋਂ ਕੁਝ ਨੇ ਕਿਤਾਬਾਂ ਦੀ ਕੀਮਤ ਦੇਣੀ ਚਾਹੀ, ਪਰ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਕਿਸੇ ਹੋਰ ਨੂੰ ਪੜ੍ਹਨ ਲਈ ਦੇ ਦਿਓ |
ਚੰਗੀਆਂ ਕਿਤਾਬਾਂ ਪੜ੍ਹਨ ਨਾਲ ਬੰਦੇ ਦੇ ਅੰਦਰ ਛੁਪੀ ਚੰਗਿਆਈ ਬਾਹਰ ਆ ਕੇ ਸੋਚ ਨੂੰ ਪਵਿੱਤਰ ਬਣਾ ਦਿੰਦੀ ਹੈ | ਪ੍ਰੋਫੈਸਰ ਸਾਹਿਬ ਕਹਿ ਰਹੇ ਸਨ |
ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਸਨ | ਉਸ ਦਾ ਜੀਅ ਕਰਦਾ ਸੀ ਕਿ ਉਹ ਵੀ ਪ੍ਰੋਫੈਸਰ ਹੁੰਦਾ, ਪਰ ਹੁਣ ਤਾਂ ਕੁਝ ਨਹੀਂ ਸੀ ਬਣ ਸਕਦਾ | ਉਸ ਨੂੰ ਯਾਦ ਸੀ ਨੌਵੀਂ ਜਮਾਤ ਵਿਚ ਪੜ੍ਹਦਿਆਂ ਮਾਸਟਰ ਜੀ ਨੇ ਉਸ ਨੂੰ ਬਾਪੂ ਦਾ ਅੰਗੂਠਾ ਰਿਪੋਰਟ ਕਾਰਡ 'ਤੇ ਲਗਵਾ ਕੇ ਲਿਆਉਣ ਲਈ ਕਿਹਾ ਸੀ | ਉਹ ਫੇਲ੍ਹ ਸੀ ਇਸ ਕਰਕੇ ਬਾਪੂ ਤੋਂ ਡਰਦਿਆਂ ਉਸ ਨੇ ਆਪਣੇ ਹੀ ਪੈਰ ਦੇ ਅੰਗੂਠੇ ਨੂੰ ਸਿਆਹੀ ਲਾ ਕੇ ਲਾ ਲਿਆ ਸੀ | ਮਾਸਟਰ ਜੀ ਪਛਾਣ ਗਏ | ਉਸ ਨੇ ਕੁੱਟ-ਕੁੱਟ ਕੇ ਜ਼ੋਰ ਲਾ ਲਿਆ, ਪਰ ਉਸ ਨੇ ਸੱਚ ਨਹੀਂ ਸੀ ਦੱਸਿਆ | ਸ਼ਾਇਦ ਉਸ ਸਮੇਂ ਸੱਚ ਬੋਲਣ ਦੀ ਹਿੰਮਤ ਨਹੀਂ ਸੀ | ਉਹ ਡਰਦਾ ਬਿਮਾਰ ਹੋ ਗਿਆ ਅਤੇ ਮੁੜ ਸਕੂਲ ਨਹੀਂ ਗਿਆ |
ਬੰਤਾ ਸਿੰਘ ਕੀ ਸੋਚ ਰਹੇ ਓ |
'ਜੀ ਤੁਸੀਂ ਕਿੰਨਾ ਚੰਗਾ ਕੰਮ ਕਰ ਰਹੇ ਓ, ਦੇਵਤਿਆਂ ਵਰਗਾ |' ਉਸ ਦੇ ਮੰੂਹੋਂ ਕੀ ਬੋਲਿਆ ਗਿਆ ਉਸ ਨੂੰ ਪਤਾ ਹੀ ਨਾ ਲੱਗਾ |
'ਮੈਂ ਹੀ ਨਹੀਂ, ਬਲਕਿ ਤੁਸੀਂ ਵੀ ਬਹੁਤ ਕੁਸ਼ ਕਰ ਸਕਦੇ ਹੋ, ਮੇਰੇ ਤੋਂ ਵੀ ਵੱਧ | ਤੁਹਾਡੀ ਬੱਸ ਵਿਚ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਨੇ ਉਨ੍ਹਾਂ ਦਾ ਖਿਆਲ ਰੱਖ ਕੇ, ਉਨ੍ਹਾਂ ਨੂੰ ਗੰਦ-ਮੰਦ ਨਾ ਸੁਣਾਓ, ਨਾ ਫ਼ਿਲਮਾਂ ਰਾਹੀਂ ਗੰਦ-ਮੰਦ ਦਿਖਾਓ |'
ਬੰਤਾ ਸਿੰਘ ਨੇ ਕੈਸੇਟ ਵਾਲੀ ਗੱਲ ਸੁਣਾਈ | ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੂੰ ਆਪਣੀ ਕੋਸ਼ਿਸ਼ ਕਾਮਯਾਬ ਹੁੰਦੀ ਲੱਗੀ ਅਤੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਸਕੂਨ ਮਿਲਿਆ |
ਬੰਤਾ ਸਿੰਘ ਤੇਰੇ ਅੰਦਰ ਚੰਗਿਆਈ ਐ, ਇਸ ਕਰਕੇ ਐਨੀ ਛੇਤੀ ਅਸਰ ਹੋਇਆ ਤੇਰੀ ਸੋਚ 'ਤੇ | ਬੰਤਾ ਸਿੰਘ ਨੂੰ ਸੁਣ ਕੇ ਚੰਗਾ ਵੀ ਲੱਗਿਆ ਅਤੇ ਸ਼ਰਮ ਵੀ ਆਈ | ਕੰਡਕਟਰ ਨੇ ਵਾਜ ਮਾਰੀ ਬੱਸ ਦੇ ਤੁਰਨ ਦਾ ਸਮਾਂ ਹੋ ਚੁੱਕਾ ਸੀ | ਉਸ ਨੇ ਪ੍ਰੋਫੈਸਰ ਸਾਹਿਬ ਤੋਂ ਹੱਥ ਜੋੜ ਕੇ ਵਿਦਾ ਲਈ |
ਪ੍ਰੋਫੈਸਰ ਸਾਹਿਬ ਦੀਆਂ ਅੱਖਾਂ ਵਿਚ ਅਲੋਕਾਰ ਚਮਕ ਸੀ | ਅਜਿਹੀ ਚਮਕ ਜਿਹੜੀ ਸਾਰੀ ਦੁਨੀਆ ਨੂੰ ਰੁਸ਼ਨਾ ਸਕਦੀ ਹੈ, ਗਿਆਨ ਦਾ ਚਾਨਣ ਵੰਡ ਕੇ | ਅਜਿਹਾ ਚਾਨਣ ਜਿਹੜਾ ਇਨਸਾਨ ਦੀਆਂ ਅੱਖਾਂ ਅਤੇ ਕੰਨਾਂ ਰਾਹੀਂ ਉਸ ਦੇ ਅੰਦਰ ਦਾਖ਼ਲ ਹੋ ਕੇ ਉਸ ਦੀ ਅੰਦਰਲੀ ਰੌਸ਼ਨੀ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਇਨਸਾਨ ਦੀ ਅੰਦਰਲੀ ਤੇ ਬਾਹਰਲੀ ਦੁਨੀਆ ਨੂੰ ਰੌਸ਼ਨ ਕਰਕੇ ਉਸ ਨੂੰ ਹਨੇਰਿਆਂ ਵਿਚ ਭਟਕਣ ਦੇ ਸਰਾਪ ਤੋਂ ਮੁਕਤ ਕਰਦਾ ਹੈ |

-ਅੱਧੀ ਟਿੱਬੀ, ਬਡਰੁੱਖਾਂ (ਸੰਗਰੂਰ) |
shergillamritkaur080@gmail.com

ਸਿਆਣਪ

(ਲੜੀ ਜੋੜਨ ਲਈ ਐਤਵਾਰ 5 ਜਨਵਰੀ ਦਾ ਅੰਕ ਦੇਖੋ)
• ਕਾਰ, ਬੱਸ, ਟਰੱਕ ਨੂੰ ਅੰਨ੍ਹੇਵਾਹ ਤੇ ਹੱਦ ਤੋਂ ਵੱਧ ਤੇਜ਼ ਚਲਾਉਣਾ ਜ਼ਿੰਦਗੀ ਵਿਚ ਸਿਆਣਪ ਦਾ ਕੰਮ ਨਹੀਂ ਹੈ, ਖ਼ਾਸ ਕਰਕੇ ਠੰਢ ਅਤੇ ਧੁੰਦ ਦੇ ਮੌਸਮ ਵਿਚ |
• ਜਦੋਂ ਕਿਸੇ ਇੰਟਰਵਿਊ 'ਤੇ ਜਾਊ ਤਾਂ ਇਨ੍ਹਾਂ ਸਿਆਣੀਆਂ ਗੱਲਾਂ ਵੱਲ ਖਾਸ ਧਿਆਨ ਦਿਓ:
* ਡੋਰਮੈਟ 'ਤੇ ਬੂਟ ਸਾਫ਼ ਕਰੋ |
* ਆਗਿਆ ਲੈ ਕੇ ਅੰਦਰ ਦਾਖ਼ਲ ਹੋਵੋ |
* ਕੱਪੜੇ ਭਾਵੇਂ ਸਾਧਾਰਨ ਹੋਣ ਪਰ ਸਾਫ਼-ਸੁਥਰੇ ਹੋਣ |
* ਇੰਟਰਵਿਊ ਸਮੇਂ ਬਹਿਸਬਾਜ਼ੀ ਨਾ ਕਰੋ |
* ਜੇਕਰ ਹੋ ਸਕੇ ਤਾਂ ਸਵਾਲਾਂ ਦੇ ਜਵਾਬ ਸੰਖੇਪ ਵਿਚ ਦਿਓ |
• ਗ਼ਲਤ ਲੋਕਾਂ ਦੀ ਜਿੱਤ ਉਸੇ ਵਕਤ ਹੀ ਤੈਅ ਹੋ ਜਾਂਦੀ ਹੈ ਜਦੋਂ ਸਹੀ ਅਤੇ ਸਿਆਣੇ ਲੋਕ ਚੁੱਪ ਹੋ ਜਾਂਦੇ ਹਨ |
• ਗਿਆਨ ਪ੍ਰਾਪਤ ਕਰਨ ਲਈ ਅਧਿਐਨ ਜ਼ਰੂਰੀ ਹੈ ਅਤੇ ਬੁੱਧੀ ਪ੍ਰਾਪਤ ਕਰਨ ਲਈ ਸਮਝਣਾ ਜ਼ਰੂਰੀ ਹੈ |
• ਮੂਰਖ ਵਿਅਕਤੀ ਬਹੁਤ ਘੱਟ ਸੰਤੁਸ਼ਟ ਹੁੰਦਾ ਹੈ ਜਦੋਂ ਕਿ ਬੁੱਧੀਮਾਨ ਵਿਅਕਤੀ ਦੀ ਸਭ ਤੋਂ ਵੱਡੀ ਪੂੰਜੀ ਸੰਤੁਸ਼ਟੀ ਹੀ ਹੈ |
• ਦੂਸਰੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪੈਂਦੀ ਹੈ |
• ਪਿੰਡਾਂ ਵਿਚ ਬਜ਼ੁਰਗ ਅਕਸਰ ਕਿਹਾ ਕਰਦੇ ਸਨ ਅਸਲ ਸਿਆਣਾ ਉਹੀ ਹੁੰਦਾ ਹੈ ਜੋ ਤਿੰਨਾਂ ਕੋਟਾਂ ਤੋਂ ਜ਼ਿੰਦਗੀ ਭਰ ਬਚਿਆ ਰਹੇ |
• ਜੇ ਜਵਾਨਾਂ ਕੋਲ ਸਿਆਣਪ ਆ ਜਾਵੇ ਅਤੇ ਬਜ਼ੁਰਗਾਂ ਕੋਲ ਤਾਕਤ ਆ ਜਾਵੇ ਤਾਂ ਮਜ਼ਾ ਹੀ ਆ ਜਾਵੇ |
• ਜਦੋਂ ਕੋਈ ਸਿਆਣਾ ਆਦਮੀ ਮਰਦਾ ਹੈ ਤਾਂ ਇੰਜ ਲਗਦਾ ਹੈ ਜਿਵੇਂ ਅਸਮਾਨ ਵੀ ਵਿਰਲਾਪ ਕਰ ਰਿਹਾ ਹੋਵੇ |
• ਹਰ ਸਿਆਣਾ ਬੰਦਾ, ਕਿਸੇ ਹੋਰ ਅਜਿਹੇ ਵਿਅਕਤੀ ਨਾਲ ਵੀ ਸਬੰਧ ਬਣਾ ਕੇ ਰੱਖਦਾ ਹੈ ਜਿਸ ਨੂੰ ਉਹ ਆਪਣੇ ਤੋਂ ਵੀ ਜ਼ਿਆਦਾ ਸਿਆਣਾ ਸਮਝਦਾ ਹੈ |
• ਸਿਆਣੇ ਬਣਨ ਦੇ ਯਤਨ ਕਰੋ | ਸਿਆਣੇ ਦੀ ਤਰ੍ਹਾਂ ਵਿਚਾਰ ਕਰੋ ਪਰ ਗੱਲਬਾਤ ਆਮ ਲੋਕਾਂ ਦੀ ਤਰ੍ਹਾਂ ਹੀ ਕਰੋ |
• ਸਾਡੇ ਸਮਾਜ ਨੂੰ ਸਿਆਣਿਆਂ, ਸਮਝਦਾਰ ਵਿਅਕਤੀਆਂ (ਬੰਦਿਆਂ) ਦੀ ਸਭ ਤੋਂ ਵੱਧ ਲੋੜ ਹੈ |
• ਆਪਣੀ ਸਿਆਣਪ, ਬੁੱਧੀ ਦੀ ਵਰਤੋਂ ਚੰਗੇ ਅਤੇ ਨੇਕ ਕੰਮਾਂ ਵਿਚ ਕਰੋ ਤਾਂ ਕਿ ਤੁਹਾਡਾ ਜੀਵਨ ਕਾਮਯਾਬ ਬਣ ਸਕੇ ਜੋ ਕਿ ਜੀਵ ਜਗਤ ਦੇ ਹੋਰ ਪ੍ਰਾਣੀ ਨਹੀਂ ਕਰ ਸਕਦੇ |

-ਮੋਬਾਈਲ : 99155-63406.

ਕਹਾਣੀ: ਕਰਜ਼ਾ

ਜੱਗਾ ਸਿੰਘ, ਸੁਬਹਾ ਵਿਹੜੇ ਵਿਚ ਕੁਰਸੀ 'ਤੇ ਬੈਠਾ, ਆਪਣੇ ਛੋਟੇ ਲੜਕਿਆਂ ਮਹਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਤੋਂ ਮੰਜਾ ਬੁਣਵਾ ਰਿਹਾ ਸੀ | ਤਦੋਂ ਹੀ ਉਸ ਦਾ ਅੱਡ ਹੋਇਆ ਵੱਡਾ ਲੜਕਾ ਗੁਰਦੇਵ ਸਿੰਘ, ਖ਼ੁਸ਼ੀ ਦੇ ਰੌਾਅ ਵਿਚ, ਦਰਵਾਜ਼ੇ ਵਾਲੇ ਬਾਰ ਵਲੋਂ ਅੰਦਰ ਆਉਂਦਿਆਂ ਹੀ ਬੋਲਿਆ, 'ਓਏ ਤਕੜੈਂ ਬਾਪੂ, ਸਤ ਸ੍ਰੀ ਅਕਾਲ |' 'ਸਤਿ ਸ੍ਰੀ ਅਕਾਲ' ਜੱਗਾ ਸਿੰਘ ਨੇ ਜਵਾਬ ਦਿੱਤਾ | 'ਤੁਸੀਂ ਵੀ ਤਕੜੇ ਓ ਬਾਈ ਲੱਸੀ ਪੀਣਿਓਾ?' ਉਸ ਨੇ ਆਪਣੇ ਛੋਟੇ ਵੈਸ਼ਨੂੰ ਭਰਾਵਾਂ 'ਤੇ ਤੰਨਜ਼ ਕੱਸਦੇ ਹੋਏ ਹਾਲ-ਚਾਲ ਪੁੱਛਿਆ ਅਤੇ ਬਿਨਾਂ ਜਵਾਬ ਸੁਣੇ ਹੀ ਕਹਿਣ ਲੱਗਾ, 'ਬਾਪੂ ਅੱਜ ਸ਼ਾਮ ਨੂੰ ਆਪਣੇ ਘਰ ਇਕ ਛੋਟੀ ਜਿਹੀ ਪਾਰਟੀ ਰੱਖੀ ਐ, ਤੁਸੀਂ ਸਾਰੇ ਪਰਿਵਾਰ ਨੇ ਉਧਰ ਹੀ ਰੋਟੀ ਖਾਣੀ ਅਤੇ ਚਾਹ ਪਾਣੀ ਪੀਣਾ' | ਜੱਗਾ ਸਿੰਘ ਨੇ ਹੈਰਾਨੀ ਨਾਲ ਪੁੱਛਿਆ, 'ਪਾਰਟੀ? ਕਾਹਦੀ ਪਾਰਟੀ?'
ਜੱਗਾ ਸਿੰਘ ਪਿੰਡ ਦਾ ਧੜੱਲੇਦਾਰ, ਪੰਚਾਇਤੀ, ਸੱਚਾ-ਸੁੱਚਾ ਅਤੇ ਮਿਹਨਤੀ ਆਦਮੀ ਸੀ | ਉਸ ਕੋਲ 9 ਕਿੱਲੇ ਜ਼ਮੀਨ ਸੀ | ਲਗਪਗ ਡੇਢ ਕਨਾਲ ਵਿਚ ਪੱਕਾ ਘਰ ਪਾਇਆ ਹੋਇਆ ਸੀ | ਜੱਗਾ ਸਿੰਘ ਦੇ ਤਿੰਨ ਲੜਕੇ, ਗੁਰਦੇਵ ਸਿੰਘ, ਮਹਿੰਦਰ ਸਿੰਘ ਤੇ ਜੋਗਿੰਦਰ ਸਿੰਘ ਅਤੇ ਇਕ ਲੜਕੀ ਸੀ | ਇਹ ਸਾਰੇ ਵਿਆਹੇ ਹੋਏ ਅਤੇ ਪੁੱਤਾਂ-ਧੀਆਂ ਵਾਲੇ ਸਨ | ਵੱਡਾ ਲੜਕਾ ਗੁਰਦੇਵ ਸਿੰਘ ਵੱਖ ਪਿੰਡ ਵਿਆਹਿਆ ਹੋਇਆ ਸੀ ਪਰ ਛੋਟੇ ਦੋਵੇਂ ਲੜਕੇ ਇਕ ਘਰ ਹੀ ਵਿਆਹੇ ਹੋਏ ਸਨ | ਇਸ ਤਰ੍ਹਾਂ ਉਸ ਦੀਆਂ ਛੋਟੀਆਂ ਨੂੰ ਹਾਂ ਆਪਸ ਵਿਚ ਭੈਣਾਂ ਸਨ, ਜਿਨ੍ਹਾਂ ਦਾ ਆਪਸ ਵਿਚ ਬੜਾ ਪਿਆਰ ਸੀ | ਜੱਗਾ ਸਿੰਘ ਦੀ ਘਰਵਾਲੀ ਛੇ-ਸੱਤ ਸਾਲ ਪਹਿਲਾਂ ਕਿਸੇ ਖੋਟੀ ਬਿਮਾਰੀ ਕਾਰਨ ਚੱਲ ਵਸੀ ਸੀ |
ਜੱਗਾ ਸਿੰਘ ਦਾ ਵੱਡਾ ਪੁੱਤਰ ਗੁਰਦੇਵ ਸਿੰਘ ਅਤੇ ਉਸ ਦੀ ਘਰਵਾਲੀ ਦੋਵੇਂ ਕੰਮਚੋਰ ਅਤੇ ਖਚਰੇ ਸਨ | ਖੇਤ ਦੇ ਕੰਮ ਲਈ ਅਕਸਰ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਗੁਰਦੇਵ ਸਿੰਘ ਟਾਲ-ਮਟੋਲ ਕਰਦਾ ਜਾਂ ਰਿਸ਼ਤੇਦਾਰੀਆਂ ਵਿਚ ਤੁਰਿਆ ਰਹਿੰਦਾ | ਘਰ ਦਾ ਕੰਮ ਅਕਸਰ ਛੋਟੀਆਂ ਨੂੰ ਹਾਂ ਹੀ ਕਰਦੀਆਂ | ਛੋਟੇ ਲੜਕੇ ਕੂਨੇ ਸਨ ਅਤੇ ਆਪਣੇ ਵੱਡੇ ਭਾਈ ਦੀਆਂ ਆਦਤਾਂ ਨੂੰ ਕੋਈ ਬਹੁਤਾ ਨਾ ਗੌਲਦੇ ਅਤੇ ਘਰ ਤੇ ਖੇਤ ਵਿਚ ਹੱਡ ਭੰਨਵੀਂ ਮਿਹਨਤ ਕਰਦੇ | ਪੁੱਤਾਂ ਅਤੇ ਨੂੰ ਹਾਂ ਵਿਚ ਕੋਈ ਖਟਾਸ ਜਾਂ ਰੰਜਸ਼ ਪੈਦਾ ਹੋਵੇ, ਦੂਰਅੰਦੇਸ਼ ਜੱਗਾ ਸਿੰਘ ਨੇ ਗੁਰਦੇਵ ਸਿੰਘ ਨੂੰ ਅੱਡ ਕਰ ਦਿੱਤਾ, ਜੋ ਗੁਰਦੇਵ ਸਿੰਘ ਅਤੇ ਉਸ ਦੀ ਘਰਵਾਲੀ ਚਾਹੁੰਦੇ ਹੀ ਸਨ | ਆਪ ਜੱਗਾ ਸਿੰਘ ਆਪਣੇ ਛੋਟੇ ਪੁੱਤਰਾਂ ਵੱਲ ਹੀ ਰਿਹਾ |
ਪਰ ਗੁਰਦੇਵ ਸਿੰਘ ਨੂੰ ਅੱਡ ਹੋ ਕੇ ਖ਼ਰਚ ਕਰ ਕੇ ਕਬੀਲਦਾਰੀ ਦੀਆਂ ਵਸਤਾਂ ਅਤੇ ਖੇਤੀ ਦੇ ਸੰਦ ਨਵੇਂ ਬਣਾਉਣੇ ਪਏ | ਉਸ ਨੇ ਆਪਣੇ ਲੜਕੇ ਦੇ ਵਿਆਹ ਵੇਲੇ ਲੋੜ ਤੋਂ ਵੱਧ ਖ਼ਰਚਾ ਕੀਤਾ, ਖੁੱਲ੍ਹੀ ਸ਼ਰਾਬ ਵਰਤਾਈ, ਜਿਸ ਕਰਕੇ ਉਹ ਕਰਜ਼ਾਈ ਹੋ ਗਿਆ | ਉਸ ਨੇ ਸੁਸਾਇਟੀ ਤੋਂ ਅਤੇ ਜ਼ਮੀਨ ਦੀ ਲਿਮਟ ਬਣਾ ਕੇ ਬੈਂਕ ਤੋਂ ਕਰਜ਼ਾ ਚੱਕ ਲਿਆ, ਪਰ ਵਾਪਸ ਮੋੜ ਨਾ ਸਕਿਆ | ਜੱਗਾ ਸਿੰਘ ਆਪਣੇ ਲੜਕੇ ਦੇ ਕਰਜ਼ਾਈ ਹੋਣ 'ਤੇ ਚਿੰਤਾਤੁਰ ਸੀ |
ਜੱਗਾ ਸਿੰਘ ਦੀਆਂ ਦੋ ਤਿੰਨ ਫਸਲਾਂ ਮਾੜੇ ਬੀਜਾਂ ਅਤੇ ਨਕਲੀ ਸਪਰੇਆਂ ਕਾਰਨ ਖਰਾਬ ਹੋ ਗਈਆਂ, ਜਿਸ ਕਰਕੇ ਉਸ ਦੇ ਘਰ ਦੀ ਹਾਲਤ ਵੀ ਪਤਲੀ ਪੈ ਗਈ | ਉਸ ਦੇ ਛੋਟੇ ਲੜਕਿਆਂ ਨੇ ਜ਼ਮੀਨ ਦੀ ਲਿਮਟ ਬਣਾ ਕੇ ਕਰਜ਼ਾ ਚੁੱਕਣਾ ਚਾਹਿਆ ਤਾਂ ਜੱਗਾ ਸਿੰਘ ਨੇ ਮਨ੍ਹਾ ਕਰ ਦਿੱਤਾ ਅਤੇ ਸਮਝਾਇਆ ਕਿ ਘਰੇਲੂ ਖਰਚੇ ਘੱਟ ਕਰ ਲਓ ਪਰ ਕਰਜ਼ਾ ਨਹੀਂ ਚੁੱਕਣਾ, ਕਿਉਂਕਿ ਕਰਜ਼ਾ ਨਿੱਤ ਪ੍ਰਤੀ ਦਿਨ ਵਧਦਾ-ਵਧਦਾ ਇਕ ਦਿਨ ਦਿਓ ਦਾ ਵਿਕਰਾਲ ਰੂਪ ਧਾਰ ਕੇ ਕਿਸਾਨ ਨੂੰ ਹੀ ਖਾ ਜਾਂਦਾ ਹੈ |
ਸੂਬੇ ਵਿਚ ਵਿਧਾਨ ਸਭਾ ਦੀਆਂ ਵੋਟਾਂ ਪਈਆਂ | ਗੁਰਦੇਵ ਸਿੰਘ ਨੇ ਸਰਪੰਚ ਅਤੇ ਪਟਵਾਰੀ ਨਾਲ ਮਿਲ ਕੇ ਆਪਣਾ ਨੀਲਾ ਕਾਰਡ ਬਣਾ ਲਿਆ, ਜਿਸ ਨਾਲ ਉਸ ਨੂੰ ਕਣਕ ਅਤੇ ਦਾਲ ਮੁਫ਼ਤ ਵਾਂਗ ਮਿਲਣ ਲੱਗੀ | ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ, ਸਰਕਾਰ ਨੇ ਕੁਝ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ | ਇਸ ਸਕੀਮ ਅਧੀਨ ਗੁਰਦੇਵ ਸਿੰਘ ਦਾ ਦੋ ਲੱਖ ਦਾ ਕਰਜ਼ਾ ਮੁਆਫ਼ ਹੋ ਗਿਆ, ਜਿਸ 'ਤੇ ਸਾਰਾ ਪਰਿਵਾਰ ਬੜਾ ਖੁਸ਼ ਸੀ | ਗੁਰਦੇਵ ਸਿੰਘ ਨੇ ਘਰ ਵਿਚ ਸ਼ਾਮ ਵੇਲੇ ਇਕ ਛੋਟੀ ਜਿਹੀ ਪਾਰਟੀ ਰੱਖੀ, ਜਿਸ ਵਿਚ ਉਸ ਨੇ ਗੁਆਂਢੀਆਂ, ਆਪਣੇ ਪਿਤਾ, ਭਰਾਵਾਂ ਨੂੰ ਸਣੇ ਪਰਿਵਾਰ ਸੱਦਾ ਦਿੱਤਾ ਸੀ, ਇਸ ਪਾਰਟੀ ਵਿਚ ਉਸ ਨੇ ਆਪਣੇ ਸਹੁਰੇ ਅਤੇ ਨਾਨਕੇ ਪਰਿਵਾਰ ਨੂੰ ਵੀ ਬੁਲਾਇਆ ਸੀ |
ਸ਼ਾਮ ਨੂੰ ਗੁਰਦੇਵ ਸਿੰਘ ਦੇ ਘਰ ਪਾਰਟੀ ਚੱਲ ਰਹੀ ਸੀ, ਘਰ ਵਿਚ ਵਿਆਹ ਵਰਗਾ ਮਾਹੌਲ ਸੀ, ਮੰੁਡਿਆਂ ਨੇ ਧੀਮੀ ਆਵਾਜ਼ ਵਿਚ ਡੀ.ਜੇ. ਲਾ ਰੱਖਿਆ ਸੀ | ਸਭ ਖਾ-ਪੀ ਰਹੇ ਸਨ | ਗੁਰਦੇਵ ਸਿੰਘ ਦੀ ਘਰਵਾਲੀ ਆਪਣੀਆਂ ਛੋਟੀਆਂ ਦਰਾਣੀਆਂ ਕੋਲ ਆ ਕੇ ਕਹਿਣ ਲੱਗੀ, 'ਭੈਣ ਸੰਗਿਓ ਨਾ, ਮਿੱਠਾ ਵਗੈਰਾ ਬਣਾਇਐ, ਰੱਜ ਕੇ ਖਾ-ਪੀ ਕੇ ਜਾਇਓ |' 'ਲੈ ਭੈਣੇ ਸੰਗ ਕਾਹਦੀ, ਆਪਣਾ ਘਰ ਐ, ਹੋਰ ਕੋਈ ਕੰਮ ਧੰਦਾ ਹੈ ਤਾਂ ਦੱਸ?' ਉਸ ਦੀ ਵਿਚਕਾਰਲੀ ਦਰਾਣੀ ਬੋਲੀ | 'ਬੱਸ ਭੈਣੇ ਸ਼ਾਬਾਸ਼ੇ' ਤੇ ਮੁਸਕਰਾਉਂਦੀ ਹੋਈ ਗੁਰਦੇਵ ਸਿੰਘ ਦੀ ਘਰ ਵਾਲੀ, ਕਾਹਲੀ ਨਾਲ ਦੂਸਰੇ ਮਹਿਮਾਨਾਂ ਵੱਲ ਚਲੀ ਗਈ |
'ਵੇਖਿਆ ਭੈਣੇ, ਕੰਮ ਕਰਨ ਵਾਲੀ ਨੂੰ ਹ ਮਿਲਗੀ, ਦਾਜ ਦਾ ਟਰੱਕ ਭਰ ਕੇ ਲਿਆਈ ਐ, ਆਹ ਹੁਣ ਦੋ ਲੱਖ ਦਾ ਕਰਜ਼ਾ ਮੁਆਫ਼ ਹੋ ਗਿਆ, ਵੇਖ ਕਿਵੇਂ ਅੱਸਰ ਸੰਢ ਵਾਂਗੂ ਮੱਛਰੀ ਫਿਰਦੀ ਐ' ਜੱਗਾ ਸਿੰਘ ਦੀ ਸਭ ਤੋਂ ਛੋਟੀ ਨੂੰ ਹ ਨੇ ਆਪਣੀ ਵੱਡੀ ਭੈਣ ਕੋਲ, ਵੱਡੀ ਦਰਾਣੀ ਤੇ ਸ਼ਰੀਕਪੁਣੇ ਵਾਲੀ ਟਿੱਪਣੀ ਕੀਤੀ |... ਤੇ ਹੋਰ ਭੈਣੇ ਵੇਖ ਤਾਂ ਸਹੀ ਮਰੰੂਡੇ ਮੰੂਹੀਂ ਜੀ ਕਿਵੇਂ ਹੱਸਦੀ ਫਿਰਦੀ ਐ, ਕਿਵੇਂ ਬਰਾਸ਼ਾਂ ਕੰਨਾਂ ਤੱਕ ਪਾਟੀਐਾ |' ਵੱਡੀ ਨੇ ਆਪਣੀ ਛੋਟੀ ਭੈਣ ਦੀ ਹਾਂ ਵਿਚ ਹਾਂ ਮਿਲਾਈ |... 'ਜਦੋਂ ਅੱਡ ਹੋਏ ਸੀ, ਉਦੋਂ ਇਨ੍ਹਾਂ ਦੇ ਕੋਈ ਦੋ ਪੈਸਿਆਂ ਦਾ ਲੂਣ ਨੀ ਪੱਲੇ ਪੌਾਦਾ ਸੀ, ਦੋਵੇਂ ਜੀਅ ਕਿਵੇਂ ਮਚੀ ਮਸ਼ਾਲ ਵਰਗਾ ਮੰੂਹ ਬਣਾਈ ਫਿਰਦੇ ਸੀ |' ਛੋਟੀ ਨੇ ਫਿਰ ਕਿਹਾ | ...'ਚੱਲ ਭੈਣੇ ਚੰਗਾ ਹੋਇਆ ਇਨ੍ਹਾਂ ਦਾ ਕਰਜ਼ਾ ਮੁਆਫ਼ ਹੋ ਗਿਆ, ਸ਼ਰੀਕ ਤਾਂ ਰਸਦਾ ਵਸਦਾ ਈ ਚੰਗਾ ਹੁੰਦੈ, ਜੇ ਕੁਝ ਨਾ ਦੇਊਗਾ ਤਾਂ ਮੰਗੂਗਾ ਤਾਂ ਨਾ', ਵੱਡੀ ਭੈਣ ਨੇ ਗੱਲ ਨਿਬੇੜੀ |
ਗੁਰਦੇਵ ਸਿੰਘ ਆਪਣੇ ਬਾਪੂ ਜੱਗਾ ਸਿੰਘ ਕੋਲ ਆ ਬੈਠਾ ਅਤੇ ਕੋਲ ਬੈਠੇ ਛੋਟੇ ਵੈਸ਼ਨੂੰ ਭਰਾਵਾਂ ਨੂੰ ਮਖੌਲ ਨਾਲ ਕਹਿਣ ਲੱਗਾ, 'ਕਿਉਂ ਬਾਈ ਲੱਸੀ ਪੀਣਿਓ, ਕੁਝ ਖਾਧਾ ਪੀਤਾ?' 'ਹਾਂ ਬਾਈ ਸਭ ਕੁਝ ਛਕੀ ਜਾਨੇ ਆਂ' ਛੋਟਿਆਂ ਨੇ ਹੱਸ ਕੇ ਜਵਾਬ ਦਿੱਤਾ | ਫਿਰ ਜੱਗਾ ਸਿੰਘ ਨੂੰ ਮੁਖਾਤਿਬ ਹੋ ਕੇ ਕਹਿਣ ਲੱਗਾ, 'ਬਾਪੂ ਹੁਣ ਤੇਰੇ ਵਾਲਾ ਸਤਿਜੁਗੀ ਜ਼ਮਾਨਾ ਨਹੀਂ ਰਿਹਾ, ਔਹ ਵੇਖ ਉਸ ਬੈਠਕ ਵਿਚ ਨੰਬਰਦਾਰ, ਸਰਪੰਚ ਅਤੇ ਪਟਵਾਰੀ ਖਾਈ ਪੀਈ ਜਾਂਦੇ ਨੇ, ਇਨ੍ਹਾਂ ਦੀ ਕਿਰਪਾ ਨਾਲ ਇਹ ਕਰਜ਼ਾ ਮੁਆਫ਼ ਹੋਇਐ ਅਤੇ ਇਹ ਦੋ ਰੁਪਏ ਕਿੱਲੋ ਵਾਲੀ ਕਣਕ ਅਤੇ ਦਾਲ ਮਿਲਦੀ ਐ | ਜੇ ਮਹਿੰਦਰ ਸਿੰਘ ਅਤੇ ਜੁਗਿੰਦਰ ਸਿੰਘ ਵੀ ਲਿਮਟ ਬਣਾ ਕੇ ਰਕਮ ਚੁੱਕੀ ਹੁੰਦੀ ਤਾਂ ਇਨ੍ਹਾਂ ਦਾ ਵੀ ਅੱਜ ਦੋ-ਦੋ ਲੱਖ ਰੁਪਿਆ ਮੁਆਫ਼ ਹੋ ਜਾਂਦਾ | ਅਜੇ ਵੀ ਲਿਮਟ ਬਣਾ ਕੇ ਬੈਂਕ ਤੋਂ ਰਕਮ ਚੱਕ ਲੋ ਅਤੇ ਸੁਸਾਇਟੀ ਤੋਂ ਪੈਸੇ ਲੈ ਲੋ | ਅਗਲੀਆਂ ਵੋਟਾਂ ਆਉਣ ਵਾਲੀਆਂ ਨੇ, ਗੌਰਮਿੰਟ ਨੇ ਸਭ ਕਰਜ਼ੇ ਮੁਆਫ਼ ਕਰ ਦੇਣੇ ਐ, ਥੋਡੇ ਵੀ ਮੁਆਫ਼ ਹੋ ਜਾਣਗੇ, ਬਾਕੀ ਥੋਡੀ ਮਰਜ਼ੀ | ਚੰਗਾ ਬਾਪੂ ਪਰਸ਼ਾਦੇ ਵਗੈਰਾ ਛਕ ਕੇ ਜਾਇਓ', ਕਹਿੰਦਾ ਹੋਇਆ ਗੁਰਦੇਵ ਸਿੰਘ ਦੂਸਰੇ ਮਹਿਮਾਨਾਂ ਵੱਲ ਤੁਰ ਗਿਆ |
ਰਾਤ ਨੂੰ ਮੰਜੇ 'ਤੇ ਪਿਆ ਜੱਗਾ ਸਿੰਘ ਸੋਚ ਰਿਹਾ ਸੀ ਕਿ ਸ਼ਾਇਦ ਉਸ ਦੀਆਂ ਸਤਿਯੁਗੀ ਸਿੱਖਿਆਵਾਂ ਰਾਜਨੇਤਾਵਾਂ ਦੀਆਂ ਸਰਕਾਰੀ ਸਕੀਮਾਂ ਥੱਲੇ ਦਫ਼ਨ ਹੋ ਗਈਆਂ ਸਨ | ਉਸ ਨੇ ਸੋਚਿਆ ਕਿ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਬਹੁਤ ਚੰਗੀ ਸਕੀਮ ਹੈ ਪਰ ਇਹ ਕਿਹੋ ਜਿਹੀਆਂ ਸਰਕਾਰਾਂ ਹਨ, ਜੋ ਕਿਸਾਨਾਂ ਨੂੰ ਚੰਗੇ ਬੀਜ, ਰੇਹਾਂ, ਸਪਰੇਆਂ, ਖੇਤੀ ਦੇ ਰਿਆਤਿੀ ਦਰਾਂ ਤੇ ਸੰਦ, ਫ਼ਸਲਾਂ ਦੇ ਚੰਗੇ ਭਾਅ ਨਹੀਂ ਦੇ ਰਹੀਆਂ, ਫਸਲਾਂ ਦਾ ਸਹੀ ਮੰਡੀਕਰਨ ਨਹੀਂ ਹੋ ਰਿਹਾ, ਵਿਚੋਲੇ ਕਿਸਾਨਾਂ ਨੂੰ ਲੁੱਟ ਰਹੇ ਹਨ | ਜੇ ਇਨ੍ਹਾਂ ਗੱਲਾਂ ਵੱਲ ਸਰਕਾਰ ਧਿਆਨ ਦੇਵੇ ਤਾਂ ਕਿਸਾਨਾਂ ਸਿਰ ਕਰਜ਼ਾ ਚੜ੍ਹੇ ਹੀ ਕਿਉਂ, ਸਗੋਂ ਕਿਸਾਨ ਖ਼ੁਸ਼ਹਾਲ ਅਤੇ ਆਤਮ-ਨਿਰਭਰ ਹੋਣ | ਸਰਕਾਰਾਂ ਜਾਣ ਬੁੱਝ ਕੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦਾ ਝਾਂਸਾ ਦੇ ਕੇ, ਬਾਕੀ ਹੱਕਾਂ ਤੋਂ ਵਾਂਝਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੰਗੂ ਬਣਾ ਰਹੀਆਂ ਹਨ, ਜਿਸ ਨਾਲ ਕਿਸਾਨੀ ਬਰਬਾਦ ਹੋ ਰਹੀ ਹੈ | ਜੱਗਾ ਸਿੰਘ ਦੇ ਦੋਵੇਂ ਛੋਟੇ ਪੁੱਤਰ ਅਤੇ ਨੂੰ ਹਾਂ ਵੀ ਕਰਜ਼ਾ ਚੁੱਕਣ ਅਤੇ ਫਿਰ ਉਸ ਦੇ ਮੁਆਫ਼ ਹੋਣ ਵਾਲੀ ਸਕੀਮ ਨੂੰ , ਰਾਤ ਭਰ ਤਾਸ਼ ਵਾਂਗ ਤਰਾਸਦੇ ਰਹੇ ਅਤੇ ਫੈਸਲਾ ਕਰਕੇ ਹੀ ਸੁੱਤੇ |
ਇਹ ਪਹਿਲਾ ਸਮਾਂ ਸੀ, ਜਦੋਂ ਜੱਗਾ ਸਿੰਘ ਤੋਂ ਪੁੱਛੇ ਬਗੈਰ ਉਸ ਦੇ ਦੋਵੇਂ ਛੋਟੇ ਪੁੱਤਰ, ਕਰਜ਼ਾ ਚੁੱਕਣ ਲਈ, ਜ਼ਮੀਨ ਦੀ ਜਮ੍ਹਾਬੰਦੀ ਲੈਣ ਲਈ, ਸੁਬਹਾ ਪਟਵਾਰੀ ਕੋਲ ਖੜ੍ਹੇ ਸਨ |

-ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਗਲੀ ਨੰ: 10, ਮਕਾ ਨੰ: 20055. ਮੋਬਾਈਲ : 98151-60994.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX