ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸਾਰਾ ਸਾਲ ਪ੍ਰਚਾਰਿਆ ਜਾਵੇ

ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਇਸ ਧਰਤੀ ਉੱਤੇ ਉਦੋਂ ਹੋਇਆ ਜਦੋਂ ਸਦੀਆਂ ਦੀ ਗੁਲਾਮੀ ਅਤੇ ਜਾਤ-ਪਾਤ ਦੇ ਆਧਾਰ ਉੱਤੇ ਪਈਆਂ ਵੰਡੀਆਂ ਨਾਲ ਭਾਰਤੀ ਸਮਾਜ ਦਾ ਭੈੜਾ ਹਾਲ ਸੀ। ਕੰਮਕਾਜੀ ਆਧਾਰ ਉੱਤੇ ਹੋਈ ਵਰਗ ਵੰਡ ਨੂੰ ਪੱਕਿਆਂ ਕਰਕੇ ਲੋਕਾਂ ਨੂੰ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡ ਦਿੱਤਾ ਗਿਆ ਸੀ। ਨੀਵੀਆਂ ਜਾਤਾਂ ਨੂੰ ਅਛੂਤ ਆਖਿਆ ਗਿਆ ਅਤੇ ਉਨ੍ਹਾਂ ਦਾ ਜੀਵਨ ਨਰਕ ਤੋਂ ਵੀ ਭੈੜਾ ਬਣਾ ਦਿੱਤਾ ਗਿਆ। ਇਸ ਜ਼ੁਲਮ ਵਿਰੁੱਧ ਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਹੱਕਾਂ ਦੀ ਰਾਖੀ ਵਾਸਤੇ ਜੁੜਨ ਲਈ ਵੰਗਾਰਿਆ। ਉਨ੍ਹਾਂ ਨੇ ਨਿਮਾਣੇ, ਨਿਤਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ-ਆਪ ਨੂੰ ਖੜ੍ਹਾ ਕੀਤਾ ਤੇ ਉਨ੍ਹਾਂ ਦਾ ਸਾਥ ਦਿੱਤਾ। ਜਾਤ-ਪਾਤ ਅਤੇ ਊਚ-ਨੀਚ ਦੀਆਂ ਵੰਡੀਆਂ ਏਨੀਆਂ ਪੀਢੀਆਂ ਸਨ ਕਿ ਇਨ੍ਹਾਂ ਨੂੰ ਤੋੜਨ ਲਈ ਦੋ ਸਦੀਆਂ ਤੋਂ ਵੀ ਵੱਧ ਦਾ ਸਮਾਂ ਲੱਗਾ ਤੇ ਦਸ ਜਾਮੇ ਧਾਰਨ ਕਰਨੇ ਪਏ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਇਸ ਵਿਚ ਸਾਰੇ ਧਰਮਾਂ ਅਤੇ ਵਰਨਾਂ ਦੇ ਭਗਤ ਸਾਹਿਬਾਨ ਦੀ ਬਾਣੀ ਦਰਜ ਕਰਕੇ ਗੁਰੂ ਜੀ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਬਣਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਚਾਰ ਬੂਹੇ ਰੱਖ ਕੇ ਚਾਰੇ ਵਰਨਾਂ ਦਾ ਪ੍ਰਤੀਕ ਬਣਾਇਆ। ਦੋ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੇ-ਆਪ ਦੀ ਕੁਰਬਾਨੀ ਦਿੱਤੀ। ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਯਕੀਨ ਹੋ ਗਿਆ ਕਿ ਲੋਕਾਈ ਹੁਣ ਬਰਾਬਰੀ ਲਈ ਤਿਆਰ ਹੋ ਗਈ ਹੈ ਤਾ ਉਨ੍ਹਾਂ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਜਾਤ-ਪਾਤ, ਧਰਮ, ਊਚ-ਨੀਚ ਆਦਿ ਦੇ ਨਾਂਅ ਉੱਤੇ ਪਈਆਂ ਵੰਡੀਆਂ ਨੂੰ ਕ੍ਰਿਪਾਨ ਦੇ ਇਕੋ ਝਟਕੇ ਨਾਲ ਹਮੇਸ਼ਾ ਲਈ ਖਤਮ ਕਰ ਦਿੱਤਾ।
ਇਸ ਇਨਕਲਾਬ ਨੂੰ ਵਾਪਰੇ ਤਿੰਨ ਸਦੀਆਂ ਤੋਂ ਵੱਧ ਸਮਾਂ ਹੋ ਗਿਆ ਹੈ। ਗੁਰੂ ਦੇ ਸਿੰਘਾਂ ਨੇ ਆਪੋ ਵਿਚ ਤਾਂ ਬਰਾਬਰੀ ਰੱਖਣੀ ਹੀ ਸੀ, ਸਗੋਂ ਸੰਸਾਰ ਵਿਚ ਜਿਥੇ ਵੀ ਧਰਮ, ਜਾਤ, ਰੰਗ, ਨਸਲ ਆਦਿ ਦੇ ਅਧਾਰ ਉੱਤੇ ਮਨੁੱਖੀ ਵੰਡੀਆਂ ਹਨ, ਉਨ੍ਹਾਂ ਨੂੰ ਮੇਟਣਾ ਚਾਹੀਦਾ ਸੀ ਪਰ ਇਹ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਸੀਂ ਦੂਜਿਆਂ ਨੂੰ ਬਰਾਬਰੀ ਦਾ ਸਬਕ ਪੜ੍ਹਾਉਣਾ ਤਾਂ ਦੂਰ, ਸਗੋਂ ਆਪੋ ਵਿਚ ਵੀ ਮੁੜ ਵੰਡੀਆਂ ਨੂੰ ਖੜ੍ਹਾ ਕਰ ਲਿਆ ਹੈ। ਦਸ ਗੁਰੂ ਸਾਹਿਬਾਨ ਤੇ ਅਨੇਕਾਂ ਸਿੰਘਾਂ ਨੇ ਬਰਾਬਰੀ ਦੇ ਜਿਸ ਇਨਕਲਾਬ ਨੂੰ ਸਿਰਜਿਆ ਸੀ, ਅਸੀਂ ਆਪ ਹੀ ਉਸ ਨੂੰ ਮੇਟਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ ਆਪਣੇ-ਆਪ ਨੂੰ ਗੁਰੂ ਦੇ ਸਿੱਖ ਨਹੀਂ ਅਖਵਾਉਂਦੇ, ਸਗੋਂ ਜੱਟ ਸਿੱਖ, ਖੱਤਰੀ ਸਿੱਖ, ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਰਾਮਗੜ੍ਹੀਆ ਸਿੱਖ ਅਖਵਾਉਂਦੇ ਹਾਂ। ਗੁਰੂ-ਘਰ ਵੀ ਆਪਾਂ ਬਰਾਦਰੀ ਦੇ ਨਾਂਅ ਉੱਤੇ ਹੀ ਉਸਾਰ ਲਏ ਹਨ। ਸਿੱਖ ਪੰਥ ਵਿਚ ਜਿਹੜਾ ਵੀ ਕੋਈ ਮਹਾਂਪੁਰਸ਼ ਜਾਂ ਸੰਤ ਹੁੰਦਾ ਹੈ, ਉਸ ਦੇ ਪੈਰੋਕਾਰ ਉਸ ਦੇ ਨਾਂਅ ਉੱਤੇ ਆਪਣੀ ਵੱਖਰੀ ਸੰਪ੍ਰਦਾਇ ਸ਼ੁਰੂ ਕਰ ਲੈਂਦੇ ਹਨ। ਗੁਰੂ-ਘਰਾਂ ਨੂੰ ਲੋਕਾਈ ਦੀ ਸੇਵਾ ਦੇ ਕੇਂਦਰ ਬਣਾਉਣ ਦੀ ਥਾਂ ਸ਼ਕਤੀ ਪ੍ਰਾਪਤੀ ਦੇ ਕੇਂਦਰ ਬਣਾ ਲਿਆ ਹੈ। ਇਕ-ਦੂਜੇ ਦੇ ਮੁਕਾਬਲੇ ਗੁਰੂ ਦੇ ਸਿੱਖ ਵੱਡੇ ਤੋਂ ਵੱਡਾ ਨਗਰ ਕੀਰਤਨ ਜਾਂ ਕੀਰਤਨ ਦਰਬਾਰ ਕਰਵਾਉਣ ਲੱਗ ਪਏ ਹਨ ਪਰ ਕਿਸੇ ਗਰੀਬ ਸਿੱਖ ਦੀ ਬਾਂਹ ਫੜਨ ਦਾ ਕਦੇ ਕਿਸੇ ਯਤਨ ਨਹੀਂ ਕੀਤਾ। ਉਹ ਗੁਰੂ ਤੋਂ ਬੇਮੁੱਖ ਹੋ ਕੇ ਦੂਜੇ ਰਾਹ ਲੱਭਣ ਲੱਗ ਪਏ ਹਨ।
ਗੁਰੂ ਸਾਹਿਬਾਨ ਨੇ ਸਾਨੂੰ ਸਾਦਗੀ, ਨਿਮਰਤਾ, ਮਿੱਠੀ ਬਾਣੀ, ਨਸ਼ਿਆਂ ਤੋਂ ਦੂਰੀ, ਸੁੱਚੀ ਕਿਰਤ ਕਰਨ ਤੇ ਵੰਡ ਛਕਣ ਦਾ ਸਬਕ ਸਿਖਾਇਆ ਸੀ ਪਰ ਅਸੀਂ ਵਿਖਾਵਾ, ਆਕੜ, ਗਾਲੀ-ਗਲੋਚ, ਹੇਰਾਫੇਰੀ ਤੇ ਘਰ ਭਰਨ ਵੱਲ ਤੁਰ ਪਏ ਹਾਂ।
ਪੰਜਾਹ ਸਾਲ ਪਹਿਲਾਂ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ, ਗੁਰੂ ਜੀ ਬਾਰੇ ਕਿਤਾਬਾਂ ਲਿਖੀਆਂ ਗਈਆਂ, ਭਵਨ ਉਸਾਰੇ ਗਏ, ਗੁਰੂ-ਘਰਾਂ ਵਿਚ ਕੀਮਤੀ ਪੱਥਰ ਲਗਾਏ ਗਏ ਅਤੇ ਨਿਸ਼ਾਨ ਸਾਹਿਬ ਹੋਰ ਉੱਚੇ ਕੀਤੇ ਗਏ ਪਰ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੰਸਾਰ ਦੇ ਦੂਜੇ ਲੋਕਾਂ ਵਿਚ ਤਾਂ ਕੀ, ਅਸੀਂ ਗੁਰੂ ਦੇ ਸਿੱਖਾਂ ਵਿਚ ਵੀ ਪ੍ਰਚਾਰ ਨਹੀਂ ਕਰ ਸਕੇ। ਅੱਜ ਵੀ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅਸੀਂ ਤਲਵਾਰਾਂ ਕੱਢ ਲੈਂਦੇ ਹਾਂ, ਗੁਰੂ-ਘਰ ਆਲੀਸ਼ਾਨ ਬਣਾ ਰਹੇ ਹਾਂ, ਗੁਰੂ ਜੀ ਦੇ ਲਈ ਕੀਮਤੀ ਰੁਮਾਲੇ, ਏ.ਸੀ. ਤੇ ਹੀਟਰਾਂ ਦਾ ਪ੍ਰਬੰਧ ਤਾਂ ਇਕ-ਦੂਜੇ ਦੇ ਮੁਕਾਬਲੇ ਕਰ ਰਹੇ ਹਾਂ ਪਰ ਗੁਰੂ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਗੁਰੂ ਜੀ ਦੇ ਉਪਦੇਸ਼ਾਂ ਨੂੰ ਸਤਿਕਾਰਿਆ ਜਾਵੇ ਤੇ ਉਨ੍ਹਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਜਾਵੇ।
ਪ੍ਰਚਾਰਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਨ੍ਹਾਂ ਦਾ ਬਹੁਤ ਜ਼ੋਰ ਗੁਰੂ ਸਾਹਿਬਾਨ ਦੀਆਂ ਕਰਾਮਾਤਾਂ ਜਾਂ ਜਨਮ ਸਾਖੀਆਂ ਦੇ ਵਿਖਿਆਨ ਉੱਤੇ ਹੀ ਵਧੇਰੇ ਹੋ ਗਿਆ ਹੈ, ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤੀ ਲਈ ਸੁੱਖਾਂ ਸੁਖਣੀਆਂ ਤੇ ਕਈ ਹੋਰ ਕਰਮਕਾਂਡ ਤਾਂ ਦੱਸੇ ਜਾਂਦੇ ਹਨ ਪਰ ਗੁਰੂ ਦੇ ਹੁਕਮਾਂ ਨੂੰ ਮੰਨ ਕੇ ਜੀਵਨ ਜਿਊਣ ਬਾਰੇ ਨਹੀਂ ਆਖਿਆ ਜਾਂਦਾ। ਗੁਰੂ ਜੀ ਨੇ ਤਾਂ ਸਾਨੂੰ ਸਮਝਾਇਆ ਸੀ ਕਿ ਜਿਹੋ ਜਿਹਾ ਅਸੀਂ ਕਰਮ ਕਰਾਂਗੇ, ਉਹੋ ਹੀ ਫ਼ਲ ਪ੍ਰਾਪਤ ਹੋਵੇਗਾ। ਸਕੂਲ ਵਿਚ ਜਾਣ ਲਈ ਉਥੋਂ ਦੀ ਵਰਦੀ ਪਾਉਣੀ ਤਾਂ ਜ਼ਰੂਰੀ ਹੈ ਪਰ ਇਮਤਿਹਾਨ ਪਾਸ ਕਰਨ ਲਈ ਪੜ੍ਹਾਈ ਵੀ ਕਰਨੀ ਪੈਂਦੀ ਹੈ। ਸਾਡੇ ਬਹੁਤੇ ਪ੍ਰਚਾਰਕ ਵਰਦੀ ਅਤੇ ਵਿਖਾਵੇ ਤੱਕ ਹੀ ਆਪਣੇ ਪ੍ਰਚਾਰ ਨੂੰ ਸੀਮਤ ਕਰ ਰਹੇ ਹਨ, ਕਿਉਂਕਿ ਉਨ੍ਹਾਂ ਵਿਚੋਂ ਬਹੁਤੇ ਗੁਰੂ ਜੀ ਦੇ ਉਪਦੇਸ਼ਾਂ ਉੱਤੇ ਆਪ ਅਮਲ ਨਹੀਂ ਕਰ ਰਹੇ। ਪ੍ਰਚਾਰ ਦਾ ਅਸਰ ਉਦੋਂ ਹੀ ਹੁੰਦਾ ਜਦੋਂ ਪ੍ਰਚਾਰ ਕਰਨ ਵਾਲਾ ਪਹਿਲਾਂ ਆਪ ਉਸ ਉੱਤੇ ਅਮਲ ਕਰਦਾ ਹੋਵੇ।
ਪੰਜਾਬ ਦੇ ਬਹੁਤੇ ਪਰਿਵਾਰ ਗੁਰੂ ਉਪਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣ ਦੇ ਉਪਦੇਸ਼ ਰਾਹੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਸਿਖਾਇਆ ਹੈ ਪਰ ਵੇਖਣ ਵਿਚ ਆਇਆ ਹੈ ਕਿ ਬਹੁਤੀ ਵੇਰ ਆਪੇ ਹੀ ਸਿਰਜੀ ਭੈੜੀ ਸਥਿਤੀ ਦਾ ਮੁਕਾਬਲਾ ਕਰਕੇ ਉਸ ਨੂੰ ਠੀਕ ਕਰਨ ਦੇ ਯਤਨ ਦੀ ਥਾਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ ਤੇ ਪਿੰਡਾਂ ਦੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ। ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ। ਸਿੱਖਾਂ ਨੂੰ ਤਾਂ ਵੱਡੀ ਤੋਂ ਵੱਡੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਜੁਗਤੀ ਦੱਸੀ ਗਈ ਹੈ। ਸਿੱਖ ਤਾਂ ਉਦੋਂ ਨਹੀਂ ਸੀ ਘਬਰਾਏ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਅਤੇ ਖੁਰਾਕ ਇਕ ਮੁੱਠ ਭੁੱਜੇ ਛੋਲੇ ਹੁੰਦੇ ਸਨ। ਉਦੋਂ ਉਹ ਜ਼ਾਲਮ ਅਤੇ ਜ਼ੁਲਮ ਦਾ ਕੇਵਲ ਮੁਕਾਬਲਾ ਹੀ ਨਹੀਂ ਸਨ ਕਰਦੇ, ਸਗੋਂ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਸਬਕ ਵੀ ਸਿਖਾਉਂਦੇ ਸਨ। ਹੁਣ ਪੰਜਾਬ ਦੇ ਹੀ ਸਿੱਖ ਬੁਜ਼ਦਿਲੀ ਦੀ ਮਿਸਾਲ ਬਣ ਰਹੇ ਹਨ। ਨਸ਼ਿਆਂ ਦਾ ਸਹਾਰਾ ਲੈਣਾ ਜਾਂ ਖੁਦਕੁਸ਼ੀ ਕਰਨਾ ਬੁਜ਼ਦਿਲੀ ਦੀ ਨਿਸ਼ਾਨੀ ਹੈ। ਇਸ ਦਾ ਮੁੱਖ ਕਾਰਨ ਸਿੱਖੀ ਦਾ ਪ੍ਰਚਾਰ ਘਟਣਾ ਹੈ। ਕੀਰਤਨ ਦਰਬਾਰ ਅਤੇ ਨਗਰ ਕੀਰਤਨਾਂ ਦੀ ਆਪਣੀ ਮਹੱਤਤਾ ਹੈ ਪਰ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਣ ਲਈ ਪ੍ਰਚਾਰ ਦੀ ਲੋੜ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਨਾਇਕਾਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਆ ਰਹੀਆਂ ਕੁਰੀਤੀਆਂ ਵਿਰੁੱਧ ਵੀ ਮੁਹਿੰਮ ਚਲਾਈ ਜਾਵੇ। ਜਿਹੜੇ ਸਿੱਖ ਪਰਿਵਾਰ ਸਚਮੁੱਚ ਮੁਸੀਬਤ ਵਿਚ ਹਨ, ਉਨ੍ਹਾਂ ਦੀ ਬਾਂਹ ਫੜਨੀ ਭਾਈਚਾਰੇ ਦਾ ਫਰਜ਼ ਬਣਦਾ ਹੈ। ਕਿਰਤ ਕਰਨ ਤੋਂ ਅਗਲਾ ਪੜਾਅ ਵੰਡ ਛਕਣਾ ਹੈ। ਅਸੀਂ ਆਪਣੀ ਕਿਰਤ ਕਮਾਈ ਵਿਚੋਂ ਗੁਰੂ-ਘਰਾਂ ਨੂੰ ਆਲੀਸ਼ਾਨ ਬਣਾਉਣ ਉੱਤੇ ਤਾਂ ਖਰਚ ਕਰਦੇ ਹੀ ਹਾਂ ਪਰ ਮੁਸੀਬਤ ਵਿਚ ਫਸੇ ਸਿੱਖ ਪਰਿਵਾਰਾਂ ਦੀ ਬਾਂਹ ਫੜਨੀ ਵੀ ਸਿੱਖੀ ਲਹਿਰ ਦਾ ਹਿੱਸਾ ਹੋਣਾ ਚਾਹੀਦਾ ਹੈ।
ਇਹ ਵੇਖਣ ਵਿਚ ਆਇਆ ਹੈ ਕਿ ਗਰੀਬੀ ਤੋਂ ਘਬਰਾਏ ਕਈ ਸਿੱਖ ਪਰਿਵਾਰ ਸਿੱਖੀ ਤਿਆਗ ਦੂਜੇ ਰਾਹੀਂ ਪੈ ਰਹੇ ਹਨ। ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਤਾਂ ਹਰੇਕ ਪਿੰਡ ਵਿਚ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜਿਹੜੀ ਮੁਸੀਬਤ ਮਾਰੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇ, ਤਾਂ ਜੋ ਉਹ ਮੁੜ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ।
ਸਿੱਖਾਂ ਨੂੰ ਮੁੜ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ ਅਤੇ ਕਰਮਕਾਂਡਾਂ ਦੀ ਥਾਂ ਗੁਰਉਪਦੇਸ਼ ਵੱਲ ਮੋੜਨ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਚੜ੍ਹਦੀ ਕਲਾ ਵਿਚ ਜਾਣ। ਨੌਜਵਾਨਾਂ ਨੂੰ ਕਿਰਤ ਵੱਲ ਮੋੜੀਏ, ਉਨ੍ਹਾਂ ਨੂੰ ਮਿੱਸੀ ਖੇਤੀ ਨਾਲ ਜੋੜੀਏ। ਗੁਰੂ-ਘਰਾਂ ਨੂੰ ਵੀ ਆਖਿਆ ਜਾਵੇ ਕਿ ਉਹ ਆਪਣੀਆਂ ਦੁੱਧ ਤੇ ਸਬਜ਼ੀਆਂ ਦੀਆਂ ਲੋੜਾਂ ਗੁਰਸਿੱਖਾਂ ਪਾਸੋਂ ਖਰੀਦ ਕੇ ਪੂਰੀਆਂ ਕਰਨ। ਇੰਜ ਸਾਫ਼-ਸੁਥਰੀ ਤੇ ਸਸਤੀ ਸਬਜ਼ੀ ਮਿਲੇਗੀ। ਨੌਜਵਾਨ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਮੁੱਲ ਮਿਲ ਜਾਵੇਗਾ, ਜਿਸ ਨਾਲ ਉਹ ਹੋਰ ਅੱਗੇ ਵਧਣ ਲਈ ਕਦਮ ਪੁੱਟਣਗੇ।
ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਵਿਚ ਸਤਿਕਾਰਯੋਗ ਸੰਤ ਸਮਾਜ ਤੇ ਦੂਜੇ ਮਹਾਂਪੁਰਖਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਇਨਸਾਨ ਖੁਦਕੁਸ਼ੀ ਉਦੋਂ ਹੀ ਕਰਦਾ ਹੈ ਜਦੋਂ ਉਹ ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਸੰਗਤਾਂ ਵਿਚ ਸਾਦਗੀ ਅਤੇ ਚੜ੍ਹਦੀ ਕਲਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਹੁਣ ਵਿਆਹ ਸ਼ਾਦੀਆਂ ਤਾਂ ਦੂਰ, ਬਜ਼ੁਰਗਾਂ ਦੇ ਭੋਗ ਸਮੇਂ ਵੀ ਖੁੱਲ੍ਹਾ ਖਰਚ ਕੀਤਾ ਜਾਣ ਲੱਗ ਪਿਆ ਹੈ। ਮਹਾਂਪੁਰਖਾਂ ਦੇ ਬਚਨ ਸੰਗਤਾਂ ਜ਼ਰੂਰ ਮੰਨਣਗੀਆਂ। ਕਰਜ਼ੇ ਦੇ ਪੀੜਤ ਕਿਸਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਔਕੜ ਮਹਾਂਪੁਰਸ਼ਾਂ ਨਾਲ ਸਾਂਝੀ ਕਰ ਸਕਣ। ਜਿਥੋਂ ਤੱਕ ਹੋ ਸਕੇ ਮੁਸੀਬਤ ਵਿਚ ਫਸੇ ਪਰਿਵਾਰ ਦੀ ਮਾਇਕ ਸਹਾਇਤਾ ਕੀਤੀ ਜਾਵੇ। ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਧਰਮ ਵਿਚ ਕਿਸੇ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਨਾ ਕਰਨੀ ਪਵੇ। ਗੁਰੂ ਦੇ ਸਿੱਖਾਂ ਨੇ ਗੁਰੂ ਕੇ ਲੰਗਰ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ਸਾਰੇ ਸੰਸਾਰ ਵਿਚ ਰੋਜ਼ਾਨਾ ਲੱਖਾਂ ਲੋਕ ਗੁਰੂ-ਘਰਾਂ ਵਿਚ ਲੰਗਰ ਛਕਦੇ ਹਨ ਪਰ ਕਦੇ ਤੋੜ ਨਹੀਂ ਆਈ। ਇਸੇ ਤਰ੍ਹਾਂ ਗਰੀਬ ਦੀ ਬਾਂਹ ਫੜਨ ਦਾ ਲੰਗਰ ਸ਼ੁਰੂ ਕੀਤਾ ਜਾਵੇ। ਗੁਰੂ ਦੀ ਮਿਹਰ ਸਦਕਾ ਇਸ ਵਿਚ ਵੀ ਕਦੇ ਤੋਟ ਨਹੀਂ ਆਵੇਗੀ ਅਤੇ ਕਿਸੇ ਇਨਸਾਨ ਨੂੰ ਗਰੀਬੀ ਕਾਰਨ ਖੁਦਕੁਸ਼ੀ ਕਰਨ ਦੀ ਨੌਬਤ ਨਹੀਂ ਆਵੇਗੀ। ਇਹੋ ਸਭ ਤੋਂ ਵੱਡੀ ਸੇਵਾ ਹੈ। ਗੁਰੂ-ਘਰਾਂ ਨੂੰ ਆਲੀਸ਼ਾਨ ਜ਼ਰੂਰ ਬਣਾਇਆ ਜਾਵੇ ਪਰ ਮੁਸੀਬਤ ਵਿਚ ਫਸੇ ਗੁਰੂ ਦੇ ਸਿੱਖਾਂ ਦੀ ਬਾਂਹ ਵੀ ਜ਼ਰੂਰ ਫੜੀ ਜਾਵੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਤਾਂ ਹੀ 550ਵੇਂ ਪ੍ਰਕਾਸ਼ ਪੁਰਬ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ।


ਮੋਬਾਈਲ : 94170-87328


ਖ਼ਬਰ ਸ਼ੇਅਰ ਕਰੋ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪੰਕਤੀਆਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਅਨੁਸਾਰ ਹਵਾ ਸਾਡੀ ਗੁਰੂ ਹੈ, ਪਾਣੀ ਸਾਡਾ ਪਿਤਾ ਅਤੇ ਧਰਤੀ ਸਾਡੀ ਮਾਤਾ ਹੈ। ਗੁਰੂ ਸਾਹਿਬ ਦੇ ਅਨੁਸਾਰ ਜੇਕਰ ਦੇਖੀਏ ਤਾਂ ਇਨ੍ਹਾਂ ਤਿੰਨਾਂ ਸ਼ਬਦਾਂ ਗੁਰੂ, ਪਿਤਾ ਅਤੇ ਮਾਤਾ ਦਾ ਸਾਡੇ ਜੀਵਨ ਵਿਚ ਬਹੁਤ ਹੀ ਮਹੱਤਵ ਹੈ। ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਹੀ ਦਿਸ਼ਾਹੀਣ ਹੋਵੇਗਾ। ਮਾਤਾ-ਪਿਤਾ ਸਾਨੂੰ ਜਨਮ ਦਿੰਦੇ ਹਨ ਅਤੇ ਗੁਰੂ ਸਾਨੂੰ ਸਹੀ ਸੇਧ ਪ੍ਰਦਾਨ ਕਰਦਾ ਹੈ ਅਤੇ ਸਹੀ ਮਾਰਗ ਦਿਖਾਉਂਦਾ ਹੈ।
ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਸਾਡੀ ਹਵਾ ਪੂਰੀ ਤਰ੍ਹਾਂ ਗੈਸਾਂ ਨਾਲ ਗੰਧਲੀ ਹੋ ਚੁੱਕੀ ਹੈ। ਪਾਣੀ ਵਿਚ ਵੀ ਅਸੀਂ ਜ਼ਹਿਰ ਘੋਲੀ ਜਾ ਰਹੇ ਹਾਂ। ਧਰਤੀ ਨੂੰ ਅਸੀਂ ਦਿਨ-ਪ੍ਰਤੀ-ਦਿਨ ਗੰਧਲਾ ਕਰੀ ਜਾ ਰਹੇ ਹਾਂ। ਹਵਾ ਨੂੰ ਅਸੀਂ ਆਵਾਜਾਈ ਦੇ ਸਾਧਨਾਂ ਨਾਲ ਪ੍ਰਦੂਸ਼ਿਤ ਕਰੀ ਜਾਂਦੇ ਹਾਂ।
ਜੇਕਰ ਅਸੀਂ ਪ੍ਰਾਚੀਨ ਗ੍ਰੰਥਾਂ 'ਤੇ ਝਾਤ ਮਾਰੀਏ ਤਾਂ ਸਾਨੂੰ ਆਪਣੇ ਚੌਗਿਰਦੇ ਬਾਰੇ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਇਸ ਸਬੰਧ ਵਿਚ ਪ੍ਰਾਚੀਨ ਗ੍ਰੰਥ ਅਥਰਵੇਦ ਦੇ ਭੂਮੀ ਸੂਕਤ ਵਿਚ ਲਿਖਿਆ ਹੋਇਆ ਹੈ ਕਿ 'ਏ ਧਰਤੀ! ਤੇਰੀਆਂ ਪਹਾੜੀਆਂ, ਤੇਰੇ ਬਰਫਾਂ ਲੱਦੇ ਪਰਬਤਾਂ ਦੀਆਂ ਚੋਟੀਆਂ, ਤੇਰੇ ਜੰਗਲ ਸਾਡੇ ਉੱਪਰ ਮਿਹਰ ਕਰਨ, ਕਿਉਂਕਿ ਮੈਂ ਇਸ ਧਰਤੀ ਉੱਪਰ ਆਪਣਾ ਘਰ ਬਣਾਇਆ ਹੈ।' ਇਨ੍ਹਾਂ ਲਾਈਨਾਂ ਵਿਚ ਮਨੁੱਖ ਰੱਬ ਦੀਆਂ ਅਸੀਮ ਬਰਕਤਾਂ ਦੀ ਪ੍ਰਸੰਸਾ ਕਰਦਾ ਹੈ ਅਤੇ ਪਰਮਾਤਮਾ ਨੂੰ ਇਹ ਕਹਿ ਰਿਹਾ ਹੈ ਕਿ ਇਸ ਧਰਤੀ 'ਤੇ ਆਪਣੀ ਮਿਹਰ ਕਰ। ਚਾਹੇ ਉਸ ਸਮੇਂ ਵਾਤਾਵਰਨ ਏਨਾ ਖਰਾਬ ਨਹੀਂ ਸੀ ਪਰ ਫਿਰ ਵੀ ਮਨੁੱਖ ਉਸ ਦੀਆਂ ਅਥਾਹ ਬਖਸ਼ਿਸ਼ਾਂ ਤੋਂ ਅਣਜਾਣ ਨਹੀਂ ਸੀ।
ਇਸੇ ਸਬੰਧ ਵਿਚ ਜੇਕਰ ਅਸੀਂ ਬਾਈਬਲ ਦਾ ਪਹਿਲਾ ਅਧਿਆਇ ਪੜ੍ਹੀਏ ਤਾਂ ਉਸ ਵਿਚੋਂ ਸਾਨੂੰ ਪਤਾ ਲੱਗਦਾ ਹੈ ਕਿ 'ਪ੍ਰਿਥਵੀ ਉੱਪਰ ਜੀਵ ਜਗਤ ਆਉਣ ਤੋਂ ਪਹਿਲਾਂ ਪੌਦੇ ਅਤੇ ਬਨਸਪਤੀ ਮੌਲ ਰਹੀ ਸੀ।' ਹੁਣ ਉਹੀ ਜੀਵ ਜਿਸ ਨੂੰ ਇਨ੍ਹਾਂ ਪੌਦਿਆਂ ਅਤੇ ਬਨਸਪਤੀ ਨੇ ਸਾਹ ਦਾ ਦਾਨ ਦਿੱਤਾ, ਅੱਜ ਉਸ ਨੂੰ ਹੀ ਇਹ ਮਨੁੱਖ ਹਾਨੀ ਪਹੁੰਚਾ ਰਿਹਾ ਹੈ।
ਵਾਤਾਵਰਨ, ਜਿਸ ਵਿਚ ਅਸੀਂ ਰਹਿੰਦੇ ਹਾਂ, ਉਸ ਵਿਚ ਸਭ ਤੋਂ ਮਹੱਤਵਪੂਰਨ ਰੋਲ ਪੌਦਿਆਂ ਦਾ ਹੈ, ਜੋ ਮੌਸਮ ਨੂੰ ਖੁਸ਼ਗਵਾਰ ਅਤੇ ਇਸ ਵਿਚ ਤਾਲਮੇਲ ਬਣਾਈ ਰੱਖਦੇ ਹਨ। ਪੌਦਿਆਂ ਦਾ ਸਾਡੇ ਜੀਵਨ ਵਿਚ ਬੜਾ ਅਹਿਮ ਯੋਗਦਾਨ ਹੈ। ਇਹ ਸਾਡੀ ਸਾਹ ਲੜੀ ਹੀ ਨਹੀਂ, ਸਗੋਂ ਸਾਡੀ ਭੋਜਨ ਲੜੀ ਦਾ ਵੀ ਹਿੱਸਾ ਹਨ। ਇਨ੍ਹਾਂ ਦੇ ਪੱਤੇ, ਜੜ੍ਹਾਂ ਤੇ ਤਣੇ ਮਰ ਕੇ ਵੀ ਸਾਨੂੰ ਪੂਰਾ ਲਾਭ ਪ੍ਰਦਾਨ ਕਰਦੇ ਹਨ। ਵਾਯੂ ਮੰਡਲ ਵਿਚ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ ਸੰਤੁਲਨ ਇਨ੍ਹਾਂ ਪੌਦਿਆਂ ਨੇ ਹੀ ਕਾਇਮ ਰੱਖਿਆ ਹੋਇਆ ਹੈ।
ਸਾਡੇ ਗੁਰੂਆਂ, ਪੀਰਾਂ ਤੇ ਵੱਡੇ-ਵਡੇਰਿਆਂ ਨੇ ਮਨੁੱਖ ਦੀ ਇਨ੍ਹਾਂ ਪੌਦਿਆਂ ਨਾਲ ਬੜੀ ਨੇੜੇ ਦੀ ਸਾਂਝ ਦੱਸੀ ਹੈ ਪਰ ਇਹ ਸਾਂਝ ਅੱਜ ਅਸੀਂ ਆਪ ਹੀ ਤੋੜਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਉਸ ਅਕਾਲ ਪੁਰਖ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦਾ ਰੱਜ ਕੇ ਗੁਣ-ਗਾਣ ਕੀਤਾ। ਉਹ ਕੁਦਰਤ ਨੂੰ ਕਾਦਰ (ਰੱਬ) ਦਾ ਹੀ ਰੂਪ ਸਮਝਦੇ ਹਨ ਅਤੇ ਉਸ ਦੀ ਸਾਜੀ ਹੋਈ ਸ੍ਰਿਸ਼ਟੀ ਦੀ ਆਰਤੀ ਉਤਾਰਦੇ ਹਨ। ਉਹ ਇਸ ਸ੍ਰਿਸ਼ਟੀ ਦੀ ਪ੍ਰਸੰਸਾ ਵਿਚ ਇਹ ਸਤਰਾਂ ਲਿਖਦੇ ਹਨ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ।
ਧੂਪ ਮਲਆਨਲੋ, ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥
ਭਵ ਖੰਡਨਾ ਤੇਰੀ ਆਰਤੀ
ਅਨਹਤਾ ਸ਼ਬਦ ਵਾਜੰਤ ਭੇਰੀ॥
ਸਾਡੇ ਗੁਰੂਆਂ, ਪੀਰਾਂ ਅਤੇ ਸੰਤਾਂ ਤੋਂ ਇਲਾਵਾ 20ਵੀਂ ਅਤੇ 21ਵੀਂ ਸਦੀ ਵਿਚ ਇਸ ਵਾਤਾਵਰਨ ਨੂੰ ਬਚਾਉਣ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ, ਜਿਨ੍ਹਾਂ ਵਿਚ ਚਿਪਕੋ ਅੰਦੋਲਨ ਦਾ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਵਿਚ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਹ ਉਹ ਵਾਤਾਵਰਨ ਪ੍ਰੇਮੀ ਹੈ, ਜਿਸ ਨੂੰ ਸਾਡੇ ਭਾਰਤ ਦੇ ਆਦਰਯੋਗ ਰਾਸ਼ਟਰਪਤੀ ਸ੍ਰੀ ਏ.ਪੀ.ਜੇ. ਅਬਦੁਲ ਕਲਾਮ ਨੇ ਆਪ ਲੱਭਿਆ ਸੀ। ਇਸ ਸੰਤ ਨੇ ਕਾਲੀ ਵੇਈਂ ਜਿਸ ਦੀ ਲੰਬਾਈ ਪਿੰਡ ਧਨੋਆ ਤੋਂ ਲੈ ਕੇ ਹਰੀਕੇ ਪੱਤਣ ਤੱਕ ਲਗਪਗ 160 ਕਿਲੋਮੀਟਰ ਹੈ, ਨੂੰ ਸਾਫ਼ ਕਰਕੇ ਇਤਿਹਾਸ ਕਾਇਮ ਕੀਤਾ ਅਤੇ ਸੀਚੇਵਾਲ ਮਾਡਲ ਨੂੰ ਦੇਸ਼ ਦੇ ਸਾਹਮਣੇ ਪੇਸ਼ ਕੀਤਾ। ਸੀਚੇਵਾਲ ਪਿੰਡ ਵਿਚ ਸੰਤ ਬਲਬੀਰ ਸਿੰਘ ਨੇ ਪਾਣੀ ਨੂੰ ਦੁਬਾਰਾ ਵਰਤੋਂ ਵਿਚ ਲਿਆਉਣ ਲਈ ਪਿੰਡ ਵਿਚ ਛੱਪੜ ਦੇ ਪਾਣੀ ਨੂੰ ਖੇਤੀ ਲਈ ਵਰਤਣਯੋਗ ਬਣਾਇਆ। ਸੰਤ ਸੀਚੇਵਾਲ ਅਨੁਸਾਰ 'ਪੰਜਾਬ ਦੇ ਸਾਰੇ ਛੱਪੜਾਂ 'ਤੇ ਮੋਟਰਾਂ ਲਾ ਕੇ ਜੇਕਰ ਪਾਣੀ ਖੇਤੀ ਲਈ ਵਰਤਿਆ ਜਾਵੇ ਤਾਂ ਜਿਥੇ ਇਹ ਪਾਣੀ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ, ਉਥੇ ਲਗਪਗ 20 ਹਜ਼ਾਰ ਮੋਟਰਾਂ ਧਰਤੀ ਹੇਠੋਂ ਪਾਣੀ ਕੱਢਣ ਤੋਂ ਰੁਕ ਜਾਣਗੀਆਂ, ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਬਚੇਗਾ।' ਇਸ ਤਰ੍ਹਾਂ ਪਾਣੀ ਨੂੰ ਬਚਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ।
ਇਸ ਤਰ੍ਹਾਂ ਪੰਜਾਬ ਵਿਚ ਈਕੋ ਫ਼ਰੈਂਡਲੀ ਐਸੋਸੀਏਸ਼ਨ ਵੀ ਵਾਤਾਵਰਨ ਸਬੰਧੀ ਕੰਮ ਕਰ ਰਹੀ ਹੈ। ਇਸ ਨੇ 1999 ਈ: ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਹਰੇਕ ਸਾਲ ਇਹ ਸੰਸਥਾ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿਚ 5000 ਦੇ ਕਰੀਬ ਬੂਟੇ ਲਾਉਂਦੀ ਹੈ। ਹੁਣ ਤੱਕ ਇਸ ਸੰਸਥਾ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 80,000 ਦੇ ਕਰੀਬ ਬੂਟੇ ਲਾਏ ਹਨ ਅਤੇ ਹਰੇਕ ਜ਼ਿਲ੍ਹੇ ਵਿਚ ਨੁੱਕੜ ਨਾਟਕਾਂ ਨਾਲ ਲੋਕਾਂ ਵਿਚ ਵਾਤਾਵਰਨ ਸਬੰਧੀ ਚੇਤਨਾ ਪੈਦਾ ਕੀਤੀ ਹੈ। ਇਸੇ ਤਰਜ਼ 'ਤੇ ਹੋਰ ਵੀ ਸੰਸਥਾਵਾਂ ਹਨ, ਜੋ ਵਾਤਾਵਰਨ ਨੂੰ ਬਚਾਉਣ ਵਿਚ ਲੱਗੀਆਂ ਹੋਈਆਂ ਹਨ।
ਜੇਕਰ ਦੇਖਿਆ ਜਾਵੇ ਤਾਂ ਦੇਸ਼ ਦੀ ਵਧਦੀ ਆਬਾਦੀ ਨੇ ਮਨੁੱਖ ਦੀਆਂ ਲੋੜਾਂ ਵਿਚ ਵਾਧਾ ਕੀਤਾ ਹੈ। ਮਨੁੱਖ ਨੇ ਜੰਗਲਾਂ ਨੂੰ ਕੱਟ ਕੇ ਆਪਣੇ ਉਦਯੋਗਿਕ ਜੀਵਨ ਨੂੰ ਖੁਸ਼ਹਾਲ ਕੀਤਾ ਤੇ ਉਹ ਮਨੁੱਖ ਉਦਯੋਗਿਕ ਯੁੱਗ ਵਿਚ ਪ੍ਰਵੇਸ਼ ਕਰ ਗਿਆ। ਵਿਕਾਸਸ਼ੀਲ ਦੇਸ਼ ਆਪਣੇ ਲੋਕਾਂ ਨੂੰ ਜ਼ਿੰਦਾ ਰੱਖਣ ਲਈ ਕੁਦਰਤੀ ਸੋਮਿਆਂ ਦਾ ਉਜਾੜਾ ਕਰਨ ਲੱਗੇ ਤਾਂ ਦੂਜੇ ਪਾਸੇ ਵਿਕਸਿਤ ਦੇਸ਼ ਆਪਣੇ ਸਾਧਨਾਂ ਨੂੰ ਸੰਭਾਲ ਕੇ ਰੱਖਣ ਦੇ ਮੰਤਵਾਂ ਅਧੀਨ ਅਵਿਕਸਿਤ ਦੇਸ਼ਾਂ ਦੇ ਸੋਮਿਆਂ ਨੂੰ ਲੁੱਟਣ ਲੱਗੇ। ਕੁਦਰਤ ਦੀ ਇਸ ਲੁੱਟ-ਖਸੁੱਟ ਕਾਰਨ ਮਨੁੱਖ ਦਾ ਮਾਂ-ਪ੍ਰਕਿਰਤੀ ਵਿਚਕਾਰਲਾ ਨਾਤਾ ਟੁੱਟ ਰਿਹਾ ਹੈ। ਜੰਗਲਾਂ ਦੀ ਕਟਾਈ ਕਾਰਨ ਪਸ਼ੂ, ਪੰਖੇਰੂਆਂ ਤੇ ਕਈ ਪੌਦਿਆਂ ਦੀ ਸਾਂਭ-ਸੰਭਾਲ ਅਸੰਭਵ ਹੋ ਗਈ ਹੈ।
ਇਨ੍ਹਾਂ ਹਰੇ-ਭਰੇ ਪੌਦਿਆਂ ਤੇ ਜੰਗਲਾਂ ਨੂੰ ਬਚਾਉਣ ਲਈ ਸਮੇਂ-ਸਮੇਂ 'ਤੇ ਕਈ ਐਕਟ ਵੀ ਪਾਸ ਹੋਏ। 1927 ਵਿਚ ਭਾਰਤੀ ਜੰਗਲੀ ਐਕਟ, 1972 ਵਿਚ ਜੰਗਲੀ ਜੀਵਨ ਬਚਾਓ ਐਕਟ, 1986 ਵਿਚ ਵਾਤਾਵਰਨ ਬਚਾਓ ਐਕਟ ਪਾਸ ਕੀਤੇ ਗਏ। ਭਾਰਤ ਸੰਸਾਰ ਵਿਚ ਪਹਿਲਾ ਦੇਸ਼ ਹੈ, ਜਿਸ ਨੇ 1976 ਵਿਚ 42ਵੀਂ ਸੋਧ ਰਾਹੀਂ ਸੰਵਿਧਾਨ ਦੇ ਭਾਗ 4, ਧਾਰਾ 48 ਏ ਤਹਿਤ ਵਾਤਾਵਰਨ, ਜੰਗਲਾਂ, ਜੰਗਲੀ ਜੀਵਾਂ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਸੁਰੱਖਿਆ ਇਕ ਸੰਵਿਧਾਨਕ ਜ਼ਿੰਮੇਵਾਰੀ ਹੈ, ਕਾਨੂੰਨ ਪਾਸ ਕੀਤਾ ਸੀ। ਇਸ ਤਰ੍ਹਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਧਰਤੀ ਨੂੰ ਹਰਿਆ-ਭਰਿਆ ਬਣਾਉਣਾ ਹੈ, ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਸੋਮਿਆਂ ਦਾ ਆਨੰਦ ਮਾਣ ਸਕੇ।


-ਮੋਬਾ: 84279-95427

ਜਨਮ ਦਿਨ 'ਤੇ ਵਿਸ਼ੇਸ਼

ਸਿੱਖ ਪੰਥ ਦੇ ਮਹਾਨ ਢਾਡੀ ਅਤੇ ਵਿਦਵਾਨ ਸੋਹਣ ਸਿੰਘ ਸੀਤਲ

ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਕਵੀ, ਕਵੀਸ਼ਰ, ਢਾਡੀ ਪੈਦਾ ਕੀਤੇ ਪਰ ਕੁਝ ਕੁ ਅਜਿਹੇ ਨਾਂਅ ਵੀ ਹਨ, ਜੋ ਸਦਾ-ਸਦਾ ਲਈ ਆਪਣੀ ਪ੍ਰਤਿਭਾ ਕਰਕੇ ਅਮਰ ਹੋ ਗਏ। ਇਨ੍ਹਾਂ ਵਿਚੋਂ ਇਕ ਨਾਂਅ ਅਜਿਹਾ ਵੀ ਹੈ, ਜੋ ਰਹਿੰਦੀ ਦੁਨੀਆ ਤੱਕ ਸਿੱਖ ਧਰਮ ਵਿਚ ਬੜੀ ਸ਼ਿੱਦਤ ਨਾਲ ਲਿਆ ਜਾਂਦਾ ਰਹੇਗਾ। ਉਹ ਹੈ ਸ਼੍ਰੋਮਣੀ ਢਾਡੀ ਸੋਹਣ ਸਿੰਘ ਸੀਤਲ।
ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ, 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ: ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ।
ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿੱਖ ਲਈ। ਸੰਨ 1923 ਈ: ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਸਕੂਲ ਦੂਜੀ ਜਮਾਤ ਵਿਚ ਦਾਖਲ ਹੋ ਗਏ ਤੇ ਕੁਝ ਮਹੀਨੇ ਬਾਅਦ ਹੀ ਸਤੰਬਰ, 1923 ਈ: ਵਿਚ ਉਹ ਚੌਥੀ ਜਮਾਤ ਵਿਚ ਅਤੇ 1924 ਈ: ਦੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿਚ ਦਾਖ਼ਲ ਹੋ ਗਏ। 1930 ਈ: ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਫਸਟ ਡਵੀਜ਼ਨ ਵਿਚ ਪਾਸ ਕੀਤੀ। 1931 ਈ: ਵਿਚ ਉਨ੍ਹਾਂ ਦੇ ਪਿਤਾ ਜੀ ਸ: ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ। 1933 ਈ: ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ।
12-13 ਸਾਲ ਦੀ ਉਮਰ ਵਿਚ ਸੀਤਲ ਸਾਹਿਬ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖ਼ਬਾਰ ਵਿਚ ਛਪੀ। 1927 ਵਿਚ ਉਨ੍ਹਾਂ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ 'ਕਵੀ' ਵਿਚ ਛਪੀ। ਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ 'ਸੱਜਰੇ ਹੰਝੂ' ਵਿਚ ਸ਼ਾਮਲ ਹੈ। 1932 ਵਿਚ ਉਨ੍ਹਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ, ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ 'ਕਦਰਾਂ ਬਦਲ ਗਈਆਂ', 'ਅਜੇ ਦੀਵਾ ਬਲ ਰਿਹਾ ਸੀ' ਅਤੇ 'ਜੇਬ ਕੱਟੀ ਗਈ' ਜ਼ਿਕਰਯੋਗ ਹਨ।
ਅੱਠਵੀਂ ਵਿਚ ਪੜ੍ਹਦਿਆਂ 10 ਸਤੰਬਰ, 1927 ਨੂੰ ਸੀਤਲ ਸਾਹਿਬ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਇਕ ਬੇਟੀ ਨੇ ਜਨਮ ਲਿਆ।
1935 ਈ: ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸਨ। ਕਾਦੀਵਿੰਡ ਤੋਂ 7-8 ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਉਨ੍ਹਾਂ ਨੇ ਢੱਡ ਤੇ ਸਾਰੰਗੀ ਦੀ ਸਿਖਲਾਈ ਲਈ। ਉਹ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਅੰਗਰੇਜ਼ੀ, ਉਰਦੂ ਅਤੇ ਹੋਰ ਕਈ ਭਾਸ਼ਾਵਾਂ ਦੀ ਜਾਣਕਾਰੀ ਰੱਖਦੇ ਸਨ ਤੇ ਉਹ ਵਿਆਖਿਆਕਾਰ ਵੀ ਚੰਗੇ ਸਨ। ਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਹੋਣ ਦੇ ਨਾਲ-ਨਾਲ ਗਾਉਣ ਲਈ ਵਾਰਾਂ ਵੀ ਆਪ ਲਿਖ ਲੈਂਦੇ ਸਨ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਹੋ ਗਈ। ਹੌਲੀ-ਹੌਲੀ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਸੱਦੇ ਆਉਣ ਲੱਗ ਪਏ। 1960 ਵਿਚ ਉਹ ਬਰਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਗਏ। 1977 ਵਿਚ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿਚ ਉਨ੍ਹਾਂ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਊਥਹਾਲ ਦੀਆਂ ਥਾਵਾਂ 'ਤੇ ਦੀਵਾਨ ਕੀਤੇ। 1980 ਵਿਚ ਅਤੇ ਫਿਰ 1981 ਵਿਚ ਉਨ੍ਹਾਂ ਨੇ ਇੰਗਲੈਂਡ ਅਤੇ ਕੈਨੇਡਾ ਵਿਚ ਦੀਵਾਨ ਕੀਤੇ।
ਸੋਹਣ ਸਿੰਘ ਸੀਤਲ ਵਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹਨ। ਸੋਹਣ ਸਿੰਘ ਸੀਤਲ ਪੰਜਾਬੀ ਗਾਇਕ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੁੱਖ ਪੇਸ਼ਾ ਢਾਡੀ ਕਲਾ ਸੀ। ਉਹ ਗੀਤ, ਗਲਪ ਅਤੇ ਇਤਿਹਾਸਕ ਬਿਰਤਾਂਤ ਵੀ ਲਿਖਦੇ ਸਨ। ਗੱਲ ਸਿੱਖ ਇਤਿਹਾਸਕਾਰਾਂ ਦੀ ਛਿੜੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਖੋਜ ਭਰਪੂਰ ਸਿੱਖ ਇਤਿਹਾਸ ਜਿੱਥੇ ਸੀਤਲ ਜੀ ਦੀ ਕਲਮ ਨੇ ਬਾਖੂਬੀ ਬਿਆਨਿਆ ਹੈ, ਉਥੇ 18ਵੀਂ ਸਦੀ ਦੇ ਇਤਿਹਾਸ 'ਸਿੱਖ ਰਾਜ ਕਿਵੇਂ ਬਣਿਆ', 'ਸਿੱਖ ਰਾਜ ਕਿਵੇਂ ਗਿਆ', 'ਦੁਖੀਏ ਮਾਂ-ਪੁੱਤ' ਅਤੇ 'ਸਿੱਖ ਮਿਸਲਾਂ ਤੇ ਸਰਦਾਰ ਘਰਾਣੇ' ਆਦਿ ਲਿਖਤਾਂ ਰਾਹੀਂ ਬਿਆਨ ਕੇ ਗਿਆਨੀ ਸੀਤਲ ਦੀ ਕਲਮ ਨੇ ਜੋ ਮਾਅਰਕਾ ਮਾਰਿਆ ਹੈ, ਉਸ ਨੇ ਬਾਕੀ ਲਿਖਤਾਂ ਦੀ ਹੱਦ ਮੁਕਾ ਦਿੱਤੀ ਹੈ।
ਗਿਆਨੀ ਸੀਤਲ ਨੇ ਸਾਨੂੰ 23 ਸਤੰਬਰ, 1998 'ਚ ਜਿਸਮਾਨੀ ਵਿਛੋੜਾ ਦੇ ਦਿੱਤਾ ਪਰ ਉਕਤ ਲਿਖਤਾਂ ਨੇ ਉਨ੍ਹਾਂ ਨੂੰ ਸਾਡੇ 'ਚ ਸਦੀਵੀ ਕਾਲ ਲਈ ਅਮਰ ਕਰ ਦਿੱਤਾ ਹੈ। ਅੱਜ ਦੇ ਦਿਹਾੜੇ ਸਮੁੱਚੀ ਪੰਜਾਬੀਅਤ ਉਨ੍ਹਾਂ ਦੀ ਸ਼ਖਸੀਅਤ ਨੂੰ ਅਦਾਬ ਕਹਿ ਰਹੀ ਹੈ।


-ਵੀ.ਪੀ.ਓ ਹੁਸ਼ਿਆਰ ਨਗਰ, ਜ਼ਿਲ੍ਹਾ ਅੰਮ੍ਰਿਤਸਰ। ਮੋਬਾ: 98551-20287

ਜਦੋਂ ਗੁਲਾਬ ਸਿੰਘ ਪੂਰੀ ਤਰ੍ਹਾਂ ਦਰਬਾਰ ਵਿਰੁੱਧ ਹੋ ਗਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਦੇ ਪਹਾੜ ਤੇ ਮੈਦਾਨ ਨੇ ਇਕ-ਦੂਜੇ ਨੂੰ ਕਮਜ਼ੋਰ ਕਰਨਾ ਸ਼ੁਰੂ ਵੀ ਕਰ ਦਿੱਤਾ ਸੀ, ਜਿਵੇਂ ਕਿ ਅੰਗਰੇਜ਼ਾਂ ਦੀ ਅੰਗਾਮੀ ਹਮਲੇ ਵਿਚ ਮਦਦ ਕਰਨੀ ਹੋਵੇ। ਗੁਲਾਬ ਸਿੰਘ ਡੋਗਰਾ ਨੇ ਇਕ ਵਾਰ ਫਿਰ ਦਰਬਾਰ ਦਾ ਅਧਿਕਾਰ ਮੰਨਣ ਤੋਂ ਇਨਕਾਰ ਕੀਤਾ। ਫਰਵਰੀ, 1845 ਵਿਚ ਸਤਲੁਜ ਦੇ ਕੰਢੇ ਰੱਖਿਆ ਵਾਸਤੇ ਤਾਇਨਾਤ ਫ਼ੌਜਾਂ ਵਿਚ ਕਮੀ ਕਰਕੇ ਉਨ੍ਹਾਂ ਨੂੰ ਜੰਮੂ ਵੱਲ ਭੇਜਿਆ ਗਿਆ। ਇਸ ਮੁਹਿੰਮ ਦੇ ਲੀਡਰ ਸ਼ਾਮ ਸਿੰਘ ਅਟਾਰੀਵਾਲਾ, ਮੇਵਾ ਸਿੰਘ ਮਜੀਠੀਆ, ਸੁਲਤਾਨ ਮੁਹੰਮਦ ਖਾਨ ਤੇ ਫਤਹਿ ਸਿੰਘ ਮਾਨ ਸਨ। ਇਨ੍ਹਾਂ ਨਾਲ ਥੋੜ੍ਹੀ ਜਿਹੀ ਮੁੱਠਭੇੜ ਤੋਂ ਬਾਅਦ ਹੀ ਡੋਗਰਾ ਸਮਝ ਗਏ ਕਿ ਉਹ ਮੈਦਾਨ ਦੀਆਂ ਫ਼ੌਜਾਂ ਨਾਲ ਲੰਬੀ ਲੜਾਈ ਨਹੀਂ ਲੜ ਸਕਦੇ। ਗੁਲਾਬ ਸਿੰਘ ਡੋਗਰਾ ਨੇ ਇਕ ਚਾਲ ਚੱਲੀ। ਉਹ ਥੋੜ੍ਹੇ ਜਿਹੇ ਸਿਪਾਹੀ ਲੈ ਕੇ ਪੰਜਾਬੀ ਕੈਂਪ ਵਿਚ ਆਇਆ ਤੇ ਆਪਣੀ ਢਾਲ ਤੇ ਤਲਵਾਰ ਫ਼ੌਜ ਦੇ ਪੰਚਾਂ ਦੇ ਪੈਰਾਂ ਵਿਚ ਰੱਖ ਦਿੱਤੀ। ਉਸ ਨੇ ਮਹਾਰਾਜਾ ਰਣਜੀਤ ਸਿੰਘ ਤੇ ਖ਼ਾਲਸਾ ਰਾਜ ਪ੍ਰਤੀ ਆਪਣੀਆਂ ਸੇਵਾਵਾਂ ਦੀ ਦੁਹਾਈ ਪਾਈ। ਉਸ ਨੇ ਚਾਪਲੂਸੀ ਦੇ ਲਫ਼ਜ਼ਾਂ ਦੇ ਨਾਲ ਹੀ ਤੋਹਫ਼ਿਆਂ ਦੀ ਝੜੀ ਵੀ ਲਾ ਦਿੱਤੀ ਸੀ। ਚਾਂਦੀ ਤੇ ਸੋਨੇ ਤੋਂ ਇਲਾਵਾ ਉਸ ਨੇ ਲਾਹੌਰ ਦਰਬਾਰ ਵਾਸਤੇ ਚਾਰ ਲੱਖ ਰੁਪਏ ਵੀ ਦਿੱਤੇ। ਪੰਚਾਂ ਨੇ ਡੋਗਰਾ ਨੂੰ ਮੁਆਫ਼ ਕਰ ਦਿੱਤਾ ਤੇ ਫ਼ੌਜਾਂ ਨੂੰ ਵਾਪਸ ਲਾਹੌਰ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਪਰ ਇਹ ਥੋੜ੍ਹੀ ਦੂਰ ਹੀ ਗਏ ਸਨ ਕਿ ਰਸਤੇ ਵਿਚ ਉਨ੍ਹਾਂ ਨੂੰ ਘੇਰ ਲਿਆ ਗਿਆ। ਫਤਹਿ ਸਿੰਘ ਮਾਨ ਤੇ ਉਸ ਦਾ ਮੁਖੀ ਵਜ਼ੀਰ ਬਚਨਾ ਮਾਰੇ ਗਏ। ਤੋਹਫ਼ਿਆਂ ਨਾਲ ਲੱਦੇ ਊਠ ਵਾਪਸ ਮੋੜ ਲਏ ਗਏ, ਜ਼ਾਹਰ ਹੈ ਕਿ ਗੁਲਾਬ ਸਿੰਘ ਦੇ ਖਜ਼ਾਨੇ ਵੱਲ।
ਪੰਚਾਂ ਨੇ ਵਾਪਸ ਆਪਣੇ ਆਦਮੀ ਜੰਮੂ ਵੱਲ ਭੇਜੇ। ਪਹਿਲਾਂ ਥੋੜ੍ਹੀਆਂ ਹਾਰਾਂ ਤੋਂ ਬਾਅਦ ਆਖਰ ਸ਼ਾਮ ਸਿੰਘ ਅਟਾਰੀਵਾਲਾ ਤੇ ਰਣਜੋਧ ਸਿੰਘ ਮਜੀਠੀਆ ਨੇ ਡੋਗਰਿਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਗੁਲਾਬ ਸਿੰਘ ਫਿਰ ਮੁਆਫ਼ੀ ਮੰਗਦਾ ਹੋਇਆ ਸਿੱਖ ਕੈਂਪ ਵਿਚ ਆਇਆ। ਉਸ ਨੇ ਢਾਲ-ਤਲਵਾਰ ਸੁੱਟ ਕੇ ਤੇ ਗਲ਼ ਵਿਚ ਰੱਸੀ ਪਾ ਕੇ ਕਿਹਾ ਕਿ ਉਸ ਨੂੰ ਜੋ ਸਜ਼ਾ ਠੀਕ ਸਮਝੀ ਜਾਵੇ, ਦਿੱਤੀ ਜਾਵੇ। ਉਸ ਨੇ ਕਸਮ ਖਾ ਕੇ ਕਿਹਾ ਕਿ ਖ਼ਾਲਸਾ ਫ਼ੌਜ ਨੂੰ ਰਸਤੇ ਵਿਚ ਘੇਰਨ, ਤੋਹਫ਼ੇ ਲੁੱਟਣ ਅਤੇ ਫਤਹਿ ਸਿੰਘ ਮਾਨ ਨੂੰ ਮਾਰਨ ਵਿਚ ਉਸ ਦਾ ਕੋਈ ਹੱਥ ਨਹੀਂ। ਪੰਚਾਂ ਨੇ ਇਕ ਵਾਰ ਫਿਰ ਗੁਲਾਬ ਸਿੰਘ ਦੀ ਸਫ਼ਾਈ ਮੰਨ ਲਈ ਤੇ ਉਸ ਨਾਲ ਅਮਨ ਕਰ ਲਿਆ। ਦੱਸਿਆ ਜਾਂਦਾ ਹੈ ਕਿ ਗੁਲਾਬ ਸਿੰਘ ਨੇ ਹਰ ਸਿਪਾਹੀ ਨੂੰ ਸੋਨੇ ਦੀ ਇਕ-ਇਕ ਅੰਗੂਠੀ ਦਿੱਤੀ ਤੇ ਦਰਬਾਰ ਵਾਸਤੇ ਹੋਰ ਤਿੰਨ ਲੱਖ ਰੁਪਏ ਦਿੱਤੇ। ਇਸ ਤੋਂ ਇਲਾਵਾ ਸਿਪਾਹੀਆਂ ਤੇ ਫ਼ੌਜੀਆਂ ਦੀ ਬਹੁਤ ਚੰਗੀ ਟਹਿਲ ਸੇਵਾ ਕੀਤੀ। ਸ਼ਰਾਬ, ਮੀਟ ਤੇ ਰੋਟੀਆਂ ਖੁੱਲ੍ਹ ਕੇ ਵਰਤਾਈਆਂ ਗਈਆਂ। ਗੁਲਾਬ ਸਿੰਘ ਨੇ ਰਾਣੀ ਜਿੰਦਾਂ ਤੇ ਜਵਾਹਰ ਸਿੰਘ ਬਾਰੇ ਵੀ ਬਹੁਤ ਗੱਲਾਂ ਕੀਤੀਆਂ। ਉਸ ਨੇ ਜ਼ਿਕਰ ਕੀਤਾ ਕਿ ਕਿਵੇਂ ਮੰਗਲਾ ਨਾਂਅ ਦੀ ਇਕ ਝਿਊਰ ਦਾਸੀ ਨੇ ਮਹਾਰਾਣੀ ਜਿੰਦਾਂ ਤੇ ਰਾਜਾ ਲਾਲ ਸਿੰਘ ਵਿਚਕਾਰ ਮੇਲ-ਮਿਲਾਪ ਕਰਵਾਇਆ ਹੈ ਤੇ ਖੁਦ ਜਵਾਹਰ ਸਿੰਘ ਦੀ ਰਖੇਲ ਬਣੀ ਬੈਠੀ ਹੈ। ਗੁਲਾਬ ਸਿੰਘ ਨੇ ਫ਼ੌਜ ਨੂੰ ਕਾਇਲ ਕਰ ਲਿਆ ਕਿ ਪੰਜਾਬ ਵਾਸਤੇ ਬਹੁਤ ਚੰਗਾ ਹੋਵੇ ਜੇ ਨਾਬਾਲਗ ਦਲੀਪ ਸਿੰਘ ਦੀ ਬਜਾਇ ਪਿਸ਼ੌਰਾ ਸਿੰਘ ਨੂੰ ਮਹਾਰਾਜਾ ਬਣਾਇਆ ਜਾਵੇ। ਇਸ ਨੇ ਇਥੋਂ ਤੱਕ ਵੀ ਕਿਹਾ ਕਿ ਪ੍ਰਧਾਨ ਮੰਤਰੀ ਵਾਸਤੇ ਰਾਣੀ ਦੇ ਆਸ਼ਕ ਲਾਲ ਸਿੰਘ ਜਾਂ ਭਰਾ ਜਵਾਹਰ ਸਿੰਘ ਨਾਲੋਂ ਉਹ ਖੁਦ ਚੰਗਾ ਪ੍ਰਧਾਨ ਮੰਤਰੀ ਹੋ ਸਕਦਾ ਹੈ। ਪੰਚ ਕੋਈ ਫੈਸਲਾ ਨਹੀਂ ਲੈ ਸਕੇ ਪਰ ਉਹ ਗੁਲਾਬ ਸਿੰਘ ਨੂੰ ਆਪਣੇ ਨਾਲ ਲਾਹੌਰ ਲੈ ਗਏ, ਇਕ ਕੈਦੀ ਦੇ ਰੂਪ ਵਿਚ ਜੋ ਰਾਜਾ ਬਣਾਉਣ ਵਾਲਾ 'ਕਿੰਗ ਮੇਕਰ' ਵੀ ਹੋ ਸਕਦਾ ਸੀ।
ਗੁਲਾਬ ਸਿੰਘ ਡੋਗਰਾ ਨੂੰ ਲਾਹੌਰ ਦਰਬਾਰ ਵਿਚ ਪੂਰਾ ਇੱਜ਼ਤ-ਮਾਣ ਮਿਲਿਆ। ਉਹ ਤਿੰਨ ਮਹੀਨੇ ਸ਼ਹਿਰ ਵਿਚ ਰਿਹਾ ਤੇ ਜਿੰਨੀ ਕੋਸ਼ਿਸ਼ ਤੋੜ-ਫੋੜ ਦੀ ਹੋ ਸਕਦੀ ਸੀ, ਕਰਦਾ ਰਿਹਾ। ਪਰ ਉਸ ਦੀ ਕਿਸਮਤ ਵਧੀਆ ਨਹੀਂ ਸੀ। ਉਸ ਨੂੰ ਜਵਾਹਰ ਸਿੰਘ ਦੇ ਪ੍ਰਧਾਨ ਮੰਤਰੀ ਪਦ ਦੀ ਪੁਸ਼ਟੀ ਸਹਿਣ ਕਰਨੀ ਪਈ ਤੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਉੱਚੀ ਪਦਵੀ ਵੀ ਜੋ ਉਸ ਨੂੰ ਮਹਾਰਾਜਾ ਦਲੀਪ ਸਿੰਘ ਦੀ ਮੰਗਣੀ ਚਤਰ ਸਿੰਘ ਅਟਾਰੀਵਾਲਾ ਦੀ ਲੜਕੀ ਨਾਲ ਹੋ ਜਾਣ ਕਰਕੇ ਬਣ ਗਈ। ਜਵਾਹਰ ਸਿੰਘ ਨੇ ਆਪਣਾ ਅਸਰ ਰਸੂਖ ਵਰਤ ਕੇ ਡੋਗਰੇ ਨੂੰ ਸਬਕ ਸਿਖਾਉਣ ਦੀ ਸੋਚੀ। ਗੁਲਾਬ ਸਿੰਘ ਨੂੰ 68 ਲੱਖ ਰੁਪਏ ਜੁਰਮਾਨਾ ਕੀਤਾ ਤੇ ਹਦਾਇਤ ਕੀਤੀ ਕਿ ਆਪਣੇ ਭਰਾ ਸੁਚੇਤ ਸਿੰਘ ਤੇ ਭਤੀਜੇ ਹੀਰਾ ਸਿੰਘ ਦੀਆਂ ਜਗੀਰਾਂ ਵਾਪਸ ਕਰੇ। ਉਸ ਦੀਆਂ ਲੂਣ ਦੀਆਂ ਖਾਨਾਂ ਵੀ ਅੱਗੇ ਨਾਲੋਂ ਵੱਧ ਪੈਸਿਆਂ ਉੱਪਰ ਲੀਜ਼ 'ਤੇ ਦਿੱਤੀਆਂ। ਗੁਲਾਬ ਸਿੰਘ ਨੇ ਆਪਣੇ ਖੰਭ ਕੱਟੇ ਜਾਣੇ ਇਹ ਸੋਚ ਕੇ ਬਰਦਾਸ਼ਤ ਕੀਤੇ ਕਿ ਵਿਰੋਧ ਕਰਨ ਦੀ ਸੂਰਤ ਵਿਚ ਉਹ ਆਪਣੇ ਭਰਾ ਤੇ ਭਤੀਜੇ ਦੀ ਤਰ੍ਹਾਂ ਹੀ ਆਪਣੀ ਵੀ ਜਾਨ ਗਵਾ ਬੈਠੇਗਾ। ਉਹ ਆਪਣੀ ਕਾਫੀ ਸਾਰੀ ਜਾਇਦਾਦ ਤੇ ਧਨ ਤੋਂ ਹੱਥ ਧੋ ਕੇ ਵਾਪਸ ਜੰਮੂ ਪਹੁੰਚ ਗਿਆ। ਉਸ ਨੇ ਦਰਬਾਰ ਨੂੰ ਸਬਕ ਸਿਖਾਉਣ ਦੀ ਪੱਕੀ ਧਾਰਨਾ ਕੀਤੀ, ਚਾਹੇ ਇਸ ਕੰਮ ਵਾਸਤੇ ਉਸ ਨੂੰ ਅੰਗਰੇਜ਼ਾਂ ਨਾਲ ਰਿਸ਼ਤਾ ਹੀ ਕਿਉਂ ਨਾ ਜੋੜਨਾ ਪਵੇ।
ਜਦੋਂ ਦਰਬਾਰ ਦੀ ਫ਼ੌਜ ਪਹਾੜ ਵਿਚ ਰੁੱਝੀ ਹੋਈ ਸੀ ਤਾਂ ਇਧਰ ਸਤਲੁਜ ਦੇ ਕਿਨਾਰਿਆਂ ਦੇ ਨਾਲ ਹੀ ਅੰਮ੍ਰਿਤਸਰ ਤੇ ਲਾਹੌਰ ਵੀ ਸੁਰੱਖਿਆ ਤੋਂ ਬਗੈਰ ਹੀ ਸਨ। ਲਾਰਡ ਹਾਰਡਿੰਗ ਨੇ ਆਪਣੀਆਂ ਫ਼ੌਜਾਂ ਦੀ ਹਰਕਤ ਤੇਜ਼ ਕਰ ਦਿੱਤੀ। ਉਸ ਨੇ 8 ਮਾਰਚ, 1845 ਨੂੰ ਐਲਨਬਰੋ ਨੂੰ ਲਿਖਿਆ ਕਿ, 'ਹੁਣ ਅਸੀਂ ਫਿਰੋਜ਼ਪੁਰ, ਲੁਧਿਆਣਾ ਤੇ ਅੰਬਾਲਾ ਵੱਲ ਹੋਰ ਯੂਨਿਟਾਂ ਰਵਾਨਾ ਕਰ ਰਹੇ ਹਾਂ। ਉਨ੍ਹਾਂ ਵਾਸਤੇ ਬੈਰਕਾਂ ਲਗਪਗ ਤਿਆਰ ਹਨ, ਕਿਉਂਕਿ ਹੁਣ ਗਰਮੀ ਵਧਣੀ ਹੈ ਤੇ ਦਰਿਆਵਾਂ ਦੇ ਪਾਣੀ ਡੂੰਘੇ ਹੋ ਜਾਣੇ ਹਨ, ਇਸ ਵਾਸਤੇ ਸਾਡੀਆਂ ਤਿਆਰੀਆਂ, ਦੂਜੇ ਵਾਸਤੇ ਅਜੇ ਖਤਰੇ ਦੀ ਕੋਈ ਘੰਟੀ ਨਹੀਂ ਹੋ ਸਕਦੀਆਂ।' ਇਸ ਦੇ ਨਾਲ ਹੀ ਚੌੜੇ ਥੱਲੇ ਵਾਲੀਆਂ ਕਿਸ਼ਤੀਆਂ ਤਿਆਰ ਕੀਤੀਆਂ ਜਾ ਰਹੀਆਂ ਸਨ, ਜਿਨ੍ਹਾਂ ਨਾਲ ਦਰਿਆ ਉੱਪਰ ਪੁਲ ਬਣਾਇਆ ਜਾ ਸਕਦਾ ਹੈ ਜੋ 1845 ਦੀਆਂ ਗਰਮੀਆਂ ਦੇ ਅੱਧ ਤੱਕ ਤਿਆਰ ਹੋ ਗਈਆਂ ਸਨ। ਚਾਰਲਸ ਹਾਰਡਿੰਗ ਜੋ ਉਸ ਵੇਲੇ ਆਪਣੇ ਪਿਤਾ ਲਾਰਡ ਹਾਰਡਿੰਗ ਦਾ ਸੈਕਟਰੀ ਸੀ, ਨੇ ਲੁਧਿਆਣਾ ਦੇ ਏਜੰਟ ਤੋਂ ਇਸ ਦੀ ਪੂਰੀ ਜਾਣਕਾਰੀ ਮੰਗੀ। ਉਹ ਅੱਗੋਂ ਜਵਾਬ ਦਿੰਦਾ ਹੈ ਕਿ, 'ਇਹ ਸਭ ਬਰਾਬਰ ਦੇ ਸਾਈਜ਼ ਦੀਆਂ ਹਨ। ਹਰ ਇਕ ਵਿਚ ਦੋ ਤੋਪਾਂ ਚੁੱਕੀਆਂ ਜਾ ਸਕਦੀਆਂ ਹਨ, ਦੋ ਲੋਹੇ ਦੇ ਕੁੰਡੇ ਲਗਾਏ ਗਏ ਹਨ, ਜਿਨ੍ਹਾਂ ਨਾਲ ਮਜ਼ਬੂਤ ਸੰਗਲ ਬੰਨ੍ਹੇ ਜਾ ਸਕਦੇ ਹਨ। ਇਕ ਕਿਸ਼ਤੀ ਵਿਚ 100 ਬੰਦੇ ਜਾ ਸਕਦੇ ਹਨ। ਕੁੱਲ 60 ਕਿਸ਼ਤੀਆਂ ਹਨ ਤੇ ਛੋਟੇ ਰਸਤੇ ਵਾਸਤੇ ਜਿਵੇਂ ਕਿ ਸਿਰਫ ਦਰਿਆ ਨੂੰ ਪਾਰ ਕਰਨ ਵਾਸਤੇ 6000 ਆਦਮੀ ਢੋਏ ਜਾ ਸਕਦੇ ਹਨ।' ਨੌਜਵਾਨ ਸੈਕਟਰੀ ਨੇ ਇਹ ਵੀ ਸਾਫ਼ ਕੀਤਾ ਕਿ ਇਨ੍ਹਾਂ ਕਿਸ਼ਤੀਆਂ ਬਾਰੇ ਬੇਲੋੜਾ ਸ਼ੋਰ ਨਹੀਂ ਮਚਣਾ ਚਾਹੀਦਾ। ਬਰੈਡਫੋਰਡ ਨੇ ਇਹ ਵੀ ਸੋਚ ਰੱਖਿਆ ਸੀ ਕਿ ਜੇ ਲਾਹੌਰ ਦਰਬਾਰ ਨੇ ਇਨ੍ਹਾਂ ਕਿਸ਼ਤੀਆਂ ਬਾਰੇ ਪੁੱਛਿਆ ਤਾਂ ਉਸ ਨੂੰ ਇਹ ਦੱਸਿਆ ਜਾਵੇਗਾ ਕਿ ਇਹ ਸਿੰਧ ਵਿਚ ਵਪਾਰਕ ਆਵਾਜਾਈ ਲਈ ਵਰਤੀਆਂ ਜਾਣਗੀਆਂ। (ਚਲਦਾ)

ਮੁਗ਼ਲੀਆ ਦੌਰ 'ਚ ਸ਼ੁਰੂ ਹੋਈ ਮੁਰਗਾ ਬਣਾਉਣ ਦੀ ਸਜ਼ਾ

ਮੁਗ਼ਲੀਆ ਦੌਰ 'ਚ ਹੋਂਦ ਵਿਚ ਆਈ ਮੁਰਗਾ ਬਣਾਉਣ ਦੀ ਸਰੀਰਕ ਸਜ਼ਾ ਅੰਗਰੇਜ਼ੀ ਸ਼ਾਸਨ ਦੇ ਦੌਰਾਨ ਖੂਬ ਵਧੀ-ਫੁੱਲੀ। ਉਸ ਦੌਰ ਵਿਚ ਸਜ਼ਾ ਦੇਣ ਵਾਲੇ ਫ਼ਿਰੰਗੀ ਸਨ ਅਤੇ ਸਜ਼ਾ ਭੋਗਣ ਵਾਲੇ ਭਾਰਤੀ, ਇਸ ਲਈ ਅੰਗਰੇਜ਼ੀ ਰਾਜ ਦੇ ਦੌਰਾਨ ਬਿਨਾਂ ਕਿਸੇ ਰੋਕ-ਟੋਕ ਜਾਂ ਵਿਰੋਧ ਦੇ ਇਸ ਸਜ਼ਾ ਨੂੰ ਇਕ ਤਰ੍ਹਾਂ ਨਾਲ ਸੰਪੂਰਨ ਤੌਰ 'ਤੇ ਕਾਨੂੰਨੀ ਮਾਨਤਾ ਜਿਹੀ ਮਿਲ ਗਈ, ਜਿਸ ਦੇ ਫਲਸਰੂਪ ਸੰਨ 1857 ਦੇ ਗਦਰ ਦੇ ਦੌਰਾਨ ਇਸ ਦਾ ਵੱਡੇ ਪੱਧਰ 'ਤੇ ਇਸਤੇਮਾਲ ਕੀਤਾ ਗਿਆ। ਉਸ ਦੌਰਾਨ ਦੇਸੀ ਸਿਪਾਹੀਆਂ ਦੇ ਨਾਲ-ਨਾਲ ਹੋਰਨਾਂ ਦੇਸ਼-ਵਾਸੀਆਂ ਨੂੰ ਵੀ ਇਹ ਸਜ਼ਾ ਝੇਲਣੀ ਪਈ। ਉਸ ਦੇ ਬਾਅਦ ਮਾਰਸ਼ਲ ਲਾਅ ਦੀ ਨਾਫਰਮਾਨੀ ਕਰਨ ਵਾਲੇ ਜਾਂ ਸਰਕਾਰੀ ਆਦੇਸ਼ਾਂ ਦਾ ਪਾਲਣ ਨਾ ਕਰਨ ਵਾਲੇ ਅਣਗਿਣਤ ਦੇਸ਼ਵਾਸੀ ਇਸ ਸਜ਼ਾ ਨੂੰ ਹੰਢਾਉਂਦੇ ਹੋਏ ਉਸ ਦੌਰ ਦੇ ਅੰਗਰੇਜ਼ ਫੋਟੋਗ੍ਰਾਫਰਾਂ ਦੁਆਰਾ ਖਿੱਚੀਆਂ ਕਾਲੀਆਂ-ਚਿੱਟੀਆਂ ਕੈਮਰਾ ਤਸਵੀਰਾਂ ਵਿਚ ਅੱਜ ਵੀ ਵਿਖਾਈ ਦੇ ਜਾਂਦੇ ਹਨ। ਇਸ ਸਜ਼ਾ ਨੂੰ ਹੰਢਾਉਣ ਵਾਲਿਆਂ ਵਿਚ ਸਿਰਫ਼ ਪੁਰਸ਼ ਹੀ ਨਹੀਂ, ਸਗੋਂ ਔਰਤਾਂ ਤੇ ਅਪਾਹਜ ਵੀ ਸ਼ਾਮਲ ਸਨ।
'ਮੁਰਗਾ ਬਣਨ' ਦੀ ਸਜ਼ਾ ਹੰਢਾਉਣ ਵਾਲਾ ਸਰੀਰਕ ਕਸ਼ਟ ਦੇ ਨਾਲ-ਨਾਲ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਮਾਨਸਿਕ ਸਜ਼ਾ ਦਾ ਵੀ ਸ਼ਿਕਾਰ ਬਣਦਾ ਹੈ। ਸ਼ਾਇਦ ਮਾਨਸਿਕ ਤੇ ਸਰੀਰਕ ਸਜ਼ਾ ਇਕ ਸਾਥ ਦੇਣ ਦੇ ਇਰਾਦੇ ਦੇ ਨਾਲ ਹੀ ਇਸ 'ਮੁਰਗਾ ਬਣਨ' ਦੀ ਸਜ਼ਾ ਦੀ ਕਾਢ ਕੱਢੀ ਗਈ ਹੋਵੇਗੀ।
ਕੁਝ ਵਰ੍ਹੇ ਪਹਿਲਾਂ ਤੱਕ ਪੁਲਿਸ ਥਾਣਿਆਂ ਵਿਚ ਹਰ ਛੋਟੇ ਪੱਧਰ ਦੇ ਅਪਰਾਧ, ਜਿਵੇਂ ਕਿ ਔਰਤਾਂ ਨਾਲ ਛੇੜ-ਛਾੜ ਕਰਨ, ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ, ਜੇਬ-ਕਤਰਿਆਂ ਅਤੇ ਸਿਨੇਮਾ ਘਰਾਂ ਦੇ ਬਾਹਰ ਟਿਕਟਾਂ ਬਲੈਕ ਕਰਨ 'ਤੇ ਜਾਂ ਦੋਪਹੀਆ ਵਾਹਨ 'ਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸ਼ੁਰੂਆਤੀ ਤੌਰ 'ਤੇ ਇਸੇ ਸਜ਼ਾ ਦੇ ਰੂਬਰੂ ਹੋਣਾ ਪੈਂਦਾ ਸੀ। ਪੁਲਿਸ ਥਾਣਿਆਂ ਦੇ ਇਲਾਵਾ ਸੜਕਾਂ, ਚੌਕਾਂ ਜਾਂ ਪੁਲਿਸ ਨਾਕਿਆਂ ਦੇ ਕੋਲ ਕੁਝ ਵਰ੍ਹੇ ਪਹਿਲਾਂ ਤੱਕ ਲੋਕਾਂ ਨੂੰ ਇਹ ਸਜ਼ਾ ਭੋਗਦਿਆਂ ਹੋਇਆਂ ਅਕਸਰ ਵੇਖਿਆ ਜਾ ਸਕਦਾ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ।
ਮੋਬਾ: 93561-27771

ਕੱਲ੍ਹ ਲਈ ਵਿਸ਼ੇਸ਼

ਗੁਰੂ ਕੇ ਬਾਗ਼ ਦਾ ਮੋਰਚਾ

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੋਈ 13 ਕੁ ਮੀਲ 'ਤੇ ਇਹ ਗੁਰਦੁਆਰਾ ਸਾਹਿਬ ਸਥਿਤ ਹੈ। ਗੁਰੂ ਅਰਜਨ ਦੇਵ ਜੀ ਨੇ ਸੰਨ 1583 ਵਿਚ ਸਿੱਖੀ ਦੇ ਪ੍ਰਚਾਰ ਦੌਰੇ ਦੌਰਾਨ ਆਪਣੇ ਪਵਿੱਤਰ ਚਰਨ ਇਸ ਜਗ੍ਹਾ ਪਾਏ ਸਨ। ਇਸ ਜਗ੍ਹਾ ਗੁਰਦੁਆਰਾ ਸਾਹਿਬ ਬਣਵਾਇਆ ਗਿਆ। ਇਸ ਗੁਰਦੁਆਰਾ ਸਾਹਿਬ ਦਾ ਨਾਂਅ ਉਸ ਵੇਲੇ 'ਰੋੜ ਸਾਹਿਬ' ਰੱਖਿਆ ਗਿਆ। ਦੂਜੀ ਵਾਰ ਫਿਰ ਦੁਬਾਰਾ ਗੁਰੂ ਅਰਜਨ ਦੇਵ ਸਾਹਿਬ ਇਸ ਅਸਥਾਨ 'ਤੇ ਪਧਾਰੇ ਤਾਂ ਬਾਬਾ ਲਾਲ ਚੰਦ ਨੇ ਇਸ ਥਾਂ ਬੜਾ ਸੁੰਦਰ ਮਕਾਨ ਬਣਵਾਇਆ ਤੇ ਬੰਜਰ ਪਈ ਜ਼ਮੀਨ 'ਚ ਬਾਗ ਲਗਵਾ ਦਿੱਤਾ ਤਾਂ ਇਸ ਗੁਰਦੁਆਰਾ ਸਾਹਿਬ ਦਾ ਨਾਂਅ 'ਗੁਰੂ ਕਾ ਬਾਗ' ਪ੍ਰਸਿੱਧ ਹੋ ਗਿਆ। ਇਸ ਪਵਿੱਤਰ ਧਰਤੀ ਨੂੰ ਨੌਵੇਂ ਸਤਿਗੁਰੂ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਆਪਣੇ ਘਰ-ਘਾਟ ਤਿਆਗ ਕੇ ਜੰਗਲਾਂ-ਬੇਲਿਆਂ ਵਿਚ ਲੁਕ-ਛਿਪ ਕੇ ਦਿਨ ਕੱਟਣ ਲੱਗੇ ਤਾਂ ਇਸ ਸਮੇਂ 'ਚ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲੇ ਸੰਤ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਨੇ ਸੰਭਾਲ ਲਿਆ।
ਜਦ ਪੰਜਾਬ ਦੀ ਧਰਤੀ ਉੱਪਰ ਫਿਰ ਤੋਂ ਸਿੱਖ ਪੰਥ ਦੀ ਤਾਕਤ ਜ਼ੋਰ ਫੜ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸ਼ਕਤੀਸ਼ਾਲੀ ਰਾਜ ਕਾਇਮ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਇਤਿਹਾਸਕ ਗੁਰਦੁਆਰਿਆਂ ਦੇ ਨਾਂਅ ਜਾਇਦਾਦਾਂ ਲਵਾਈਆਂ ਤਾਂ ਕਿ ਇਨ੍ਹਾਂ ਦੀ ਆਮਦਨ ਦੇ ਨਾਲ ਗੁਰੂ ਘਰ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਪਰ ਜਦ 1849 ਈ: ਵਿਚ ਪੰਜਾਬ ਦੀ ਧਰਤੀ ਉੱਪਰ ਅੰਗਰੇਜ਼ ਰਾਜ ਕਾਇਮ ਹੋ ਗਿਆ ਤਾਂ ਉਨ੍ਹਾਂ ਨੇ ਸਿੱਖੀ ਵਿਸ਼ਵਾਸ ਨੂੰ ਖਤਮ ਕਰਨ ਲਈ ਇਕ ਯਤਨ ਆਰੰਭਿਆ ਕਿ ਸਿੱਖਾਂ ਨੂੰ ਗੁਰਦੁਆਰਿਆਂ ਨਾਲੋਂ ਤੋੜਿਆ ਜਾਵੇ। ਇਸ ਲਈ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੰਭਾਲ ਰਹੇ ਮਹੰਤਾਂ ਨੂੰ ਆਪਣੇ ਵੱਸ ਵਿਚ ਕੀਤਾ। ਗੁਰਦੁਆਰਿਆਂ ਦੀ ਚੋਖੀ ਆਮਦਨ ਅਤੇ ਅੰਗਰੇਜ਼ ਰਾਜ ਦੀ ਪੂਰੀ ਹਮਾਇਤ ਕਰਕੇ ਮਹੰਤ ਸ਼ਰਾਬੀ ਅਤੇ ਅੱਯਾਸ਼ ਹੋ ਗਏ।
ਅੰਮ੍ਰਿਤਸਰ ਦੇ ਨੇੜੇ ਗੁਰੂ ਕਾ ਬਾਗ ਪਿੰਡ ਘੁੱਕੇਵਾਲੀ ਵਿਚ 8 ਫਰਵਰੀ 1921 ਨੂੰ ਉੱਥੋਂ ਦੇ ਮਹੰਤ ਸੁੰਦਰ ਦਾਸ ਨੇ ਗੁਰਦੁਆਰਾ ਗੁਰੂ ਕਾ ਬਾਗ ਵਿਚ 20 ਬਦਚਲਣ ਔਰਤਾਂ ਲਿਆਦੀਆਂ। ਸਿੱਖਾਂ ਦੇ ਵਿਰੋਧ ਕਰਨ 'ਤੇ ਉਸ ਨੇ ਮੁਆਫੀ ਮੰਗੀ ਤੇ ਕਿਹਾ ਕਿ ਮੈਂ 'ਅੰਮ੍ਰਿਤ ਛਕ ਕੇ ਸਿੰਘ ਸੱਜ ਜਾਵਾਂਗਾ, ਇਸ ਲਈ ਮੇਰੇ ਕੋਲੋਂ ਗੁਰਦੁਆਰਾ ਸਾਹਿਬ ਦਾ ਕਬਜ਼ਾ ਨਾ ਲਿਆ ਜਾਵੇ'। ਸਾਰੇ ਸਿੱਖ ਮੰਨ ਗਏ, ਪਰ ਇਹ ਤਾਂ ਮਹੰਤ ਦੀ ਸਿਰਫ ਚਾਲ ਸੀ, ਜਿਸ ਵਿਚ ਉਹ ਕਾਮਯਾਬ ਹੋ ਗਿਆ। ਅੱਗੇ ਮਹੰਤ ਨੇ ਉੱਥੋਂ ਦੇ ਪੁਲਿਸ ਇੰਚਾਰਜ ਮਿ: ਬੀ.ਟੀ. ਨਾਲ ਮਿਲ ਕੇ ਇਕ ਚਾਲ ਚੱਲੀ। ਜਿਹੜੇ ਸਿੰਘ ਬਾਗ ਵਿਚੋਂ ਗੁਰੂ-ਘਰ ਦੇ ਲੰਗਰ ਲਈ ਲੱਕੜਾਂ ਕੱਟਣ ਲਈ ਗਏ ਸਨ, ਉਨ੍ਹਾਂ ਨੂੰ ਚੋਰੀ ਦੇ ਇਲਜ਼ਾਮ ਵਿਚ ਗ੍ਰਿਫਤਾਰ ਕਰ ਲਿਆ ਤਾਂ ਉੱਥੇ ਮੋਰਚਾ ਲੱਗ ਗਿਆ। ਪੰਜ-ਪੰਜ ਸਿੰਘਾਂ ਦੇ ਹੋਰ ਜਥੇ ਭੇਜੇ ਗਏ। ਫਿਰ ਸੌ-ਸੌ ਦੇ ਜਥੇ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ ਤੋਂ ਅਰਦਾਸਾ ਸੋਧ ਕੇ ਸ਼ਾਂਤਮਈ ਰਹਿ ਕੇ ਵਿਰੋਧ ਕਰਨ ਲਈ ਭੇਜੇ ਜਾਂਦੇ। ਜਥੇ ਨੂੰ ਗੁਮਟਾਲੇ ਪੁਲ 'ਤੇ ਘੇਰ ਕੇ ਮਿ: ਬੀ.ਟੀ., ਮਿ: ਲ਼ਾਬ, ਮਿ: ਜੈਕਫਰਸਨ ਦੇ ਹੁਕਮਾਂ 'ਤੇ ਸਿੰਘਾਂ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਜਾਂਦਾ, ਠੁੱਡ ਮਾਰੇ ਜਾਂਦੇ, ਗੰਦੇ ਛੱਪੜਾਂ ਵਿਚ ਸੁੱਟਿਆ ਜਾਂਦਾ, ਉੱਪਰ ਘੋੜੇ ਦੌੜਾਏ ਜਾਂਦੇ।
ਪਰ ਫਿਰ ਵੀ ਸਿੰਘ ਸ਼ਾਂਤਮਈ ਰਹਿ ਕੇ ਵਾਰ-ਵਾਰ ਉੱਠਦੇ ਤੇ ਫਿਰ ਸਰਕਾਰ ਵੱਲੋਂ ਸਿੰਘਾਂ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਜਾਂਦਾ ਤੇ ਜੇਲ੍ਹਾਂ ਵਿਚ ਸੁੱਟਿਆ ਜਾਂਦਾ। ਮਦਨ ਮੋਹਨ ਮਾਲਵੀਆ ਨੇ ਪੰਜਾਬ ਦੇ ਗਵਰਨਰ ਮੈਕਲੇਗਨ ਨੂੰ ਇਹ ਤਸ਼ੱਦਦ ਬੰਦ ਕਰਨ ਲਈ ਕਿਹਾ। ਅੰਤ 13 ਸਤੰਬਰ 1922 ਨੂੰ ਗਵਰਨਰ ਖੁਦ ਗੁਰੂ ਕੇ ਬਾਗ ਪੁੱਜਾ, ਤਾਂ ਜਾ ਕੇ ਇਹ ਤਸ਼ੱਦਦ ਬੰਦ ਹੋਇਆ। ਇਸ ਮੋਰਚੇ ਦੌਰਾਨ 800 ਤੋਂ ਜ਼ਿਆਦਾ ਸਿੰਘ ਜ਼ਖਮੀ ਹੋਏ ਤੇ ਕੋਈ 5500 ਤੋਂ ਵੀ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ। ਫਿਰ ਇਕ ਰਿਟਾਇਰਡ ਇੰਜੀ: ਨੇ ਇਸ ਮਸਲੇ ਦਾ ਹੱਲ ਕੀਤਾ। ਉਸ ਨੇ ਮਹੰਤਾਂ ਕੋਲੋਂ ਜ਼ਮੀਨ ਪਟੇ 'ਤੇ ਲੈ ਕੇ ਅਕਾਲੀਆਂ ਦੇ ਸਪੁਰਦ ਕਰ ਦਿੱਤੀ। ਇਸ ਗੁਰਦੁਆਰਾ ਸਾਹਿਬ 'ਤੇ ਅਕਾਲੀਆਂ ਦਾ ਕਬਜ਼ਾ ਹੋ ਗਿਆ। ਇਸ ਗੱਲ ਦੀ ਖ਼ਬਰ ਸਰਕਾਰ ਨੂੰ ਭੇਜੀ ਗਈ ਤਾਂ ਸਰਕਾਰ ਨੇ ਉੱਥੋਂ ਪੁਲਿਸ ਹਟਾ ਲਈ ਤੇ ਅਕਾਲੀ ਪੂਰੀ ਤਰ੍ਹਾਂ ਨਾਲ ਇਸ ਜ਼ਮੀਨ 'ਤੇ ਕਾਬਜ਼ ਹੋ ਗਏ। ਗੁਰੂ ਕੇ ਬਾਗ ਦਾ ਮੋਰਚਾ ਫਤਹਿ ਹੋਣ ਨਾਲ ਗੁਰਦੁਆਰਾ ਸੁਧਾਰ ਲਹਿਰ ਹੋਰ ਮਜ਼ਬੂਤ ਹੋ ਗਈ।
ਇਸ ਵਾਰ ਗੁਰਦੁਆਰਾ ਗੁਰੂ ਕੇ ਬਾਗ ਵਿਚ ਪ੍ਰੋਗਰਾਮ ਅਨੁਸਾਰ 6 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ ਇਸੇ ਦਿਨ ਹੀ ਸਕੂਲੀ ਬੱਚਿਆਂ ਵਿਚ ਗੁਰਬਾਣੀ ਕੰਠ, ਭਾਸ਼ਣ, ਧਾਰਮਿਕ ਕਵਿਤਾ, ਕਵੀਸ਼ਰੀ ਅਤੇ ਗੁਰਬਾਣੀ ਕੀਰਤਨ ਦੇ ਮੁਕਾਬਲੇ ਕਰਵਾਏ ਜਾਣਗੇ। 7 ਅਗਸਤ ਨੂੰ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਤੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ 8 ਅਗਸਤ ਦਿਨ ਬੁੱਧਵਾਰ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ। ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿ: ਮਾਨ ਸਿੰਘ ਵੀ ਪਹੁੰਚ ਰਹੇ ਹਨ। ਬਾਬਾ ਚਰਨ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਵੀ ਹਾਜ਼ਰੀਆਂ ਭਰਨਗੇ।


-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022.
dharmindersinghchabba@gmail.com

'ਪੰਜਾਬ ਮੇਂ ਉਰਦੂ' ਤੇ ਸੂਫ਼ੀ ਪ੍ਰਸੰਗ

ਉਰਦੂ ਜ਼ਬਾਨ ਦੇ ਨਿਕਾਸ ਤੇ ਵਿਕਾਸ ਬਾਰੇ ਅਕਾਦਮਿਕ ਜਗਤ ਵਿਚ ਦੋ ਤਰ੍ਹਾਂ ਦੇ ਮੱਤ ਪ੍ਰਚਲਿਤ ਹਨ। ਬਾਬੂਰਾਮ ਸਕਸੈਨਾ ਤੇ ਉਸ ਦੀ ਪੈਰਵੀ ਕਰਨ ਵਾਲੇ ਵਿਦਵਾਨਾਂ ਦੀ ਧਾਰਨਾ ਹੈ ਕਿ ਉਰਦੂ ਜ਼ਬਾਨ ਦਾ ਨਿਕਾਸ ਲਖਨਊ, ਅਵਧ, ਦਿੱਲੀ, ਆਗਰਾ ਤੇ ਦੂਜੀਆਂ ਮੁਸਲਮਾਨ ਰਿਆਸਤਾਂ ਦੇ ਨਵਾਬਾਂ, ਜਗੀਰਦਾਰਾਂ ਤੇ ਇਸ ਤਰ੍ਹਾਂ ਦੇ ਕੁਲੀਨ ਵਰਗ ਦੇ ਲੋਕਾਂ ਰਾਹੀਂ ਹੋਇਆ। ਦੂਜਾ ਮੱਤ ਹਾਫ਼ਿਜ ਮਹਿਮੂਦ ਸ਼ੀਰਾਨੀ ਤੇ ਵਿਸ਼ੇਸ਼ ਕਰਕੇ ਪੰਜਾਬ ਦੇ ਉਰਦੂ ਵਿਦਵਾਨਾਂ ਦਾ ਹੈ, ਜੋ ਇਤਿਹਾਸ ਵਿਚ ਮੁਸਲਮਾਨਾਂ ਦੀ ਆਮਦ ਤੇ ਵਸੇਬ ਨੂੰ ਮੁੱਖ ਰੱਖ ਕੇ ਕਹਿੰਦੇ ਹਨ ਕਿ ਉਰਦੂ ਦੀ ਜਨਮਭੂਮੀ ਅਸਲ ਵਿਚ ਪੰਜਾਬ ਹੀ ਹੈ ਤੇ ਇਥੋਂ ਹੀ ਇਹ ਮੁਸਲਮਾਨਾਂ ਦੇ ਬਾਕੀ ਭਾਰਤ ਵਿਚ ਫੈਲਣ ਨਾਲ ਉੱਥੇ ਪਹੁੰਚੀ। ਮਹਿਮੂਦ ਸ਼ੀਰਾਨੀ ਬਾਰੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਆਪ ਪੰਜਾਬ ਦਾ ਜੰਮਪਲ ਨਹੀਂ ਸੀ। ਉਸ ਦੇ ਪਿਤਾ ਮੁਹੰਮਦ ਇਸਮਾਈਲ ਦਾ ਅਸਲੀ ਵਤਨ ਰਿਆਸਤ ਜੋਧਪੁਰ ਮਾਰਵਾੜ ਸੀ, ਜਿੱਥੇ ਸ਼ੀਰਾਨੀਓਕੀ ਢਾਣੀ ਨਾਂਅ ਦੀ ਇਕ ਬਸਤੀ ਆਬਾਦ ਹੈ। ਸ਼ੀਰਾਨੀ ਸਰਹੱਦੀ ਪਠਾਣਾਂ ਦਾ ਇਕ ਕਬੀਲਾ ਹੈ, ਜਿਹੜਾ ਡੇਰਾ ਇਸਮਾਇਲ ਖਾਂ ਦੇ ਜ਼ਿਲ੍ਹੇ ਵਜ਼ੀਰਸਤਾਨ ਦੇ ਦੱਖਣ ਵਿਚ ਆਬਾਦ ਹੈ। ਇਸ ਕਬੀਲੇ ਦੇ ਕੁਝ ਲੋਕ ਰਾਜਪੁਤਾਨੇ ਵਿਚ ਜਾ ਕੇ ਵਸ ਗਏ, ਜਿਨ੍ਹਾਂ ਵਿਚ ਹਾਫ਼ਿਜ ਮਹਿਮੂਦ ਸ਼ੀਰਾਨੀ ਦੇ ਵੱਡੇ-ਵਡੇਰੇ ਵੀ ਸਨ।
ਹਾਫਿਜ ਮਹਿਮੂਦ ਸ਼ੀਰਾਨੀ 1880 ਈ: ਵਿਚ ਟੌਂਕ ਦੇ ਸਥਾਨ 'ਤੇ ਪੈਦਾ ਹੋਏ। ਉਨ੍ਹਾਂ ਦਿਨਾਂ ਵਿਚ ਮੁਸਲਮਾਨਾਂ ਵਿਚ ਅੰਗਰੇਜ਼ੀ ਵਿੱਦਿਆ ਹਾਸਲ ਕਰਨ ਦਾ ਰਿਵਾਜ ਨਹੀਂ ਸੀ। ਇਸ ਲਈ ਸ਼ੀਰਾਨੀ ਨੇ ਪਹਿਲੇ ਘਰ ਵਿਚ ਹੀ ਕੁਰਾਨ ਸ਼ਰੀਫ ਹਿਫਜ਼ ਕੀਤਾ ਤੇ ਪਿਤਾ ਜੀ ਕੋਲੋਂ ਫਾਰਸੀ ਪੜ੍ਹੀ। ਸੰਨ 1895 ਈ: ਵਿਚ ਅਗੇਰੀ ਵਿੱਦਿਆ ਹਾਸਲ ਕਰਨ ਲਈ ਲਾਹੌਰ ਨੂੰ ਰੁਖ਼ ਕੀਤਾ ਤੇ ਇੱਥੋਂ ਮੁਨਸ਼ੀ ਫਾਜ਼ਿਲ ਦੀ ਪ੍ਰੀਖਿਆ ਪਾਸ ਕੀਤੀ। ਹਾਫਿਜ਼ ਸਾਹਿਬ ਦੇ ਪਿਤਾ ਨੇ ਆਪਣੇ ਹੋਣਹਾਰ ਪੁੱਤਰ ਨੂੰ ਬੈਰਿਸਟਰ ਬਣਾਉਣ ਲਈ ਬਰਤਾਨੀਆ ਭੇਜ ਦਿੱਤਾ। ਉਨ੍ਹਾਂ ਦਿਨਾਂ ਵਿਚ ਮਸ਼ਹੂਰ ਸ਼ਾਇਰ ਅੱਲਾਮਾ ਇਕਬਾਲ ਤੇ ਸਰ ਅਬਦੁੱਲ ਕਾਦਰ ਵੀ ਉੱਥੇ ਸਨ। ਬਰਤਾਨੀਆ ਪਹੁੰਚ ਕੇ ਮਹਿਮੂਦ ਸ਼ੀਰਾਨੀ ਨੇ ਪਹਿਲਾਂ ਅੰਗਰੇਜ਼ੀ ਪੜ੍ਹੀ। ਇੱਥੇ ਰਹਿੰਦਿਆਂ ਹੀ ਉਸ ਨੂੰ ਪੂਰਬੀ ਵਿੱਦਿਆਵਾਂ ਤੇ ਭਾਸ਼ਾਵਾਂ ਦਾ ਚਸਕਾ ਲੱਗਿਆ, ਜੋ ਸਾਰੀ ਉਮਰ ਨਾਲ ਨਿਭਿਆ। ਬਰਤਾਨੀਆ ਤੋਂ 1913 ਵਿਚ ਭਾਰਤ ਤੇ ਫਿਰ 1921 ਵਿਚ ਰੁਜ਼ਗਾਰ ਦੀ ਭਾਲ ਵਿਚ ਲਾਹੌਰ ਆ ਗਏ। ਪਹਿਲਾਂ ਕੁਝ ਚਿਰ ਇਸਲਾਮੀਆ ਕਾਲਜ ਵਿਚ ਉਰਦੂ-ਫ਼ਾਰਸੀ ਪੜ੍ਹਾਈ ਤੇ ਇਥੇ ਰਹਿੰਦਿਆਂ ਹੀ ਆਪਣੀ ਪ੍ਰਸਿੱਧ ਪੁਸਤਕ 'ਪੰਜਾਬ ਮੇਂ ਉਰਦੂ' ਲਿਖੀ। ਇਸ ਤੋਂ ਪਹਿਲਾਂ ਉਸ ਦੇ ਕੁਝ ਖੋਜ-ਪੱਤਰ ਤਾਂ ਉਰਦੂ ਦੇ ਪ੍ਰਸਿੱਧ ਅਖ਼ਬਾਰਾਂ/ਰਸਾਲਿਆਂ ਵਿਚ ਛਪ ਚੁੱਕੇ ਸਨ ਪਰ ਇਸ ਪੁਸਤਕ ਨੇ ਹਾਫਿਜ਼ ਮਹਿਮੂਦ ਸ਼ੀਰਾਨੀ ਦੀ ਚੰਗੀ ਠੁੱਕ ਬੰਨ੍ਹ ਦਿੱਤੀ ਤੇ ਉਸ ਦੀ ਨਿਯੁਕਤੀ ਉਸ ਵੇਲੇ ਦੇ ਪੂਰਬੀ ਵਿਦਿਆਵਾਂ ਤੇ ਭਾਸ਼ਾਵਾਂ ਦੇ ਅਧਿਆਪਨ ਲਈ ਪ੍ਰਸਿੱਧ ਓਰੀਐਂਟਲ ਕਾਲਜ ਲਾਹੌਰ ਵਿਚ 1928 ਵਿਚ ਹੋ ਗਈ। ਇਸ ਕਾਲਜ ਵਿਚ ਉਨ੍ਹਾਂ 1940 ਈ: ਤੱਕ ਪੜ੍ਹਾਇਆ। ਇਥੋਂ ਉਹ ਦਿੱਲੀ ਚਲੇ ਗਏ ਤੇ 65 ਸਾਲ 4 ਮਹੀਨੇ ਦੀ ਉਮਰ ਭੋਗ ਕੇ ਅੱਲਾ ਨੂੰ ਪਿਆਰੇ ਹੋ ਗਏ।
'ਪੰਜਾਬ ਮੇਂ ਉਰਦੂ' ਹਾਫ਼ਿਜ਼ ਮਹਿਮੂਦ ਸ਼ੀਰਾਨੀ ਦੀ ਸਭ ਤੋਂ ਵੱਧ ਪ੍ਰਸਿੱਧ ਰਚਨਾ ਹੈ। ਇਸ ਦੇ ਆਰੰਭਲੇ ਡੇਢ ਕੁ ਸੌ ਸਫਿਆਂ ਵਿਚ ਉਸ ਨੇ ਇਹ ਧਾਰਨਾ ਪੇਸ਼ ਕੀਤੀ ਹੈ ਕਿ ਉਰਦੂ ਦਾ ਮੁੱਢ ਕੇਵਲ ਸ਼ਾਹਜਹਾਨ ਦੇ ਜ਼ਮਾਨੇ ਵਿਚ ਨਹੀਂ ਬੱਝਾ, ਜਿਵੇਂ ਕਿ ਆਮ ਪ੍ਰਚਲਿੱਤ ਹੈ ਅਤੇ ਨਾ ਹੀ ਉਰਦੂ ਦਿੱਲੀ ਦੀ ਪ੍ਰਾਚੀਨ ਭਾਸ਼ਾ ਹੈ, ਸਗੋਂ ਇਹ ਪੰਜਾਬ ਵਿਚੋਂ ਗਏ ਮੁਸਲਮਾਨਾਂ ਨਾਲ ਦਿੱਲੀ ਵਿਚ ਪਹੁੰਚੀ। ਇਸ ਲਈ ਉਰਦੂ ਦਾ ਨਿਕਾਸ ਨਾ ਬ੍ਰਿਜ ਭਾਸ਼ਾ ਤੋਂ ਹੋਇਆ ਹੈ, ਨਾ ਕਨੌਜੀ ਤੋਂ ਤੇ ਨਾ ਹੀ ਹਰਿਆਣਵੀ ਤੋਂ, ਸਗੋਂ ਇਹ ਉਹ ਜ਼ਬਾਨ ਹੈ, ਜਿਹੜੀ ਦਿੱਲੀ ਤੇ ਮੇਰਠ ਵਿਚ ਬੋਲੀ ਜਾਂਦੀ ਸੀ। ਸ਼ੀਰਾਨੀ ਦਾ ਮੱਤ ਹੈ ਕਿ ਉਰਦੂ ਆਪਣੀ ਸ਼ਬਦਾਵਲੀ ਅਤੇ ਵਾਕ ਬੋਧ ਕਰਕੇ ਪੰਜਾਬੀ ਦੇ ਬੜੀ ਨੇੜੇ ਹੈ। ਪੰਜਾਬੀ ਤੇ ਉਰਦੂ ਵਿਚ 60 ਫੀਸਦੀ ਸ਼ਬਦਾਂ ਦੀ ਸਾਂਝ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਸੁਖ ਕਉ ਮਾਗੈ ਸਭੁ ਕੋ
ਦੁਖੁ ਨ ਮਾਗੈ ਕੋਇ॥
ਸੁਖੈ ਕਉ ਦੁਖੁ ਅਗਲਾ
ਮਨਮੁਖਿ ਬੂਝ ਨ ਹੋਇ॥
ਸੁਖ ਦੁਖ ਸਮ ਕਰਿ ਜਾਣੀਅਹਿ
ਸਬਦਿ ਭੇਦਿ ਸੁਖੁ ਹੋਇ॥ ੫॥
ਬੇਦੁ ਪੁਕਾਰੇ ਵਾਚੀਐ
ਬਾਣੀ ਬ੍ਰਹਮ ਬਿਆਸੁ॥
ਮੁਨਿ ਜਨ ਸੇਵਕ ਸਾਧਿਕਾ
ਨਾਮਿ ਰਤੇ ਗੁਣਤਾਸੁ॥
ਸਚਿ ਰਤੇ ਸੇ ਜਿਣਿ ਗਏ
ਹਉ ਸਦ ਬਲਿਹਾਰੈ ਜਾਸੁ॥ ੬॥
ਚਹੁ ਜੁਗਿ ਮੈਲੇ ਮਲੁ ਭਰੇ
ਜਿਨ ਮੁਖਿ ਨਾਮੁ ਨ ਹੋਇ॥
ਭਗਤੀ ਭਾਇ ਵਿਹੂਣਿਆ
ਮੁਹੁ ਕਾਲਾ ਪਤਿ ਖੋਇ॥
ਜਿਨੀ ਨਾਮੁ ਵਿਸਾਰਿਆ
ਅਵਗਣ ਮੁਠੀ ਰੋਇ॥ ੭॥
ਖੋਜਤ ਖੋਜਤ ਪਾਇਆ
ਡਰੁ ਕਰਿ ਮਿਲੈ ਮਿਲਾਇ॥
ਆਪੁ ਪਛਾਣੈ ਘਰਿ ਵਸੈ
ਹਉਮੈ ਤ੍ਰਿਸਨਾ ਜਾਇ॥
ਨਾਨਕ ਨਿਰਮਲ ਊਜਲੇ
ਜੋ ਰਾਤੇ ਹਰਿ ਨਾਇ॥ ੮॥ ੭॥ (ਅੰਗ 57)
ਪਦ ਅਰਥ : ਸਭ ਕੋ-ਸਭ ਕੋਈ, ਸਭ ਜੀਵ। ਅਗਲਾ-ਬੜਾ, ਬਹੁਤ। ਮਨਮੁਖਿ-ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਬੂਝ-ਸੋਝੀ, ਸਮਝ। ਸਮ-ਇਕੋ ਜਿਹੇ। ਜਾਣੀਅਹਿ-ਜਾਣਨੇ ਚਾਹੀਦੇ ਹਨ, ਸਮਝਣੇ ਚਾਹੀਦੇ ਹਨ। ਭੇਦਿ-(ਮਨ ਨੂੰ) ਵਿੰਨ੍ਹ ਕੇ।
ਪੁਕਾਰੇ-ਉੱਚੀ ਉੱਚੀ ਪੁਕਾਰਦਾ ਹੈ, ਉਚਾਰਦਾ ਹੈ। ਵਾਚੀਐ-ਪੜ੍ਹਨੀ ਚਾਹੀਦੀ ਹੈ। ਬੇਦੁ-ਵੇਦ। ਬਾਣੀ ਬ੍ਰਹਮ-ਬ੍ਰਹਮ ਦੀ ਸਿਫ਼ਤ ਸਾਲਾਹ ਦੀ ਬਾਣੀ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ। ਬਿਆਸੁ-ਰਿਸ਼ੀ ਵੇਦ ਵਿਆਸ। ਮੁਨਿ ਜਨ-ਮੁਨੀ ਲੋਕ। ਨਾਮਿ ਰਤੇ-ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਗੁਣਤਾਸੁ-ਗੁਣਾਂ ਦਾ ਖ਼ਜ਼ਾਨਾ, ਪ੍ਰਭੂ। ਸਚਿ ਰਤੇ-ਜਿਹੜੇ ਸਦਾ ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਜਾਂਦੇ ਹਨ। ਉਹ ਸਦ-ਮੈਂ ਉਨ੍ਹਾਂ ਤੋਂ ਸਦਾ। ਜਾਸੁ-ਜਾਂਦਾ ਹਾਂ। ਜਿਣਿ ਗਏ-ਜਿੱਤ ਕੇ ਜਾਂਦੇ ਹਨ।
ਚਹੁ ਜੁਗਿ-ਚਾਰੇ ਜੁਗਾਂ (ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ) ਵਿਚ। ਮੈਲੇ ਮਲੁ ਭਰੇ-ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ। ਜਿਨ ਮੁਖਿ-ਜਿਨ੍ਹਾਂ ਦੇ ਮੁੱਖ ਤੋਂ। ਭਾਇ-ਪਿਆਰ ਤੋਂ। ਵਿਹੂਣਿਆ-ਵਾਂਝੇ ਰਹਿ ਜਾਂਦੇ ਹਨ। ਪਤਿ-ਇੱਜ਼ਤ। ਖੋਇ-ਗੁਆ ਕੇ। ਵਿਸਾਰਿਆ-ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਅਵਗੁਣ ਮੁਠੀ-ਔਗੁਣਾਂ ਨੇ ਲੁੱਟ ਲਿਆ ਹੈ।
ਡਰੁ ਕਰਿ-(ਪ੍ਰਭੂ ਦਾ) ਡਰ (ਮਨ ਵਿਚ ਧਾਰਨ) ਕੀਤਿਆਂ। ਮਿਲੈ ਮਿਲਾਇ-ਮਿਲਾਇਆਂ ਮਿਲ ਪੈਂਦਾ ਹੈ। ਆਪੁ ਪਛਾਣੈ-ਜੋ ਆਪਣੇ-ਆਪ ਨੂੰ ਪਛਾਣ ਲੈਂਦਾ ਹੈ, ਜਿਸ ਨੂੰ ਆਪੇ ਦੀ ਸੋਝੀ ਪੈ ਜਾਂਦੀ ਹੈ। ਘਰਿ ਵਸੈ-ਅੰਤਰਆਤਮਾ ਵਿਚ ਹੀ ਟਿਕ ਜਾਂਦਾ ਹੈ। ਹਉਮੈ ਤ੍ਰਿਸਨਾ ਜਾਇ-ਹਉਮੈ ਤੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਨਿਰਮਲ ਉਜਲੇ-ਪਵਿੱਤਰ ਤੇ ਉੱਜਲ ਮਨ ਵਾਲੇ ਹਨ। ਜੋ ਰਾਤੇ ਹਰਿ ਨਾਇ-ਜੋ ਪ੍ਰਭੂ ਦੇ ਨਾਮ ਵਿਚ ਰੰਗੇ ਗਏ ਹਨ।
ਹਿੰਦ ਅਤੇ ਧਰਮ ਦੀ ਚਾਦਰ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਰਾਗੁ ਗਉੜੀ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਜਗਿਆਸੂ ਸੁਖ ਅਤੇ ਦੁੱਖ ਨੂੰ ਇਕ ਸਮਾਨ ਸਮਝਦਾ ਹੈ, ਮਾਣ ਅਤੇ ਅਪਮਾਨ (ਨਿਰਾਦਰੀ) ਨੂੰ ਵੀ ਇਕੋ ਜਿਹਾ ਪ੍ਰਤੀਤ ਕਰਦਾ ਹੈ, ਖੁਸ਼ੀ ਅਤੇ ਗ਼ਮੀ ਇਨ੍ਹਾਂ ਦੋਵਾਂ ਨੂੰ ਇਕੋ ਜਿਹੇ ਸਮਝਦਾ ਹੈ, ਉਸ ਨੇ ਜਗਤ ਵਿਚ ਜੀਵਨ ਮਨੋਰਥ ਨੂੰ ਸਮਝ ਲਿਆ ਹੈ-
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ
ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ
ਤਿਨਿ ਜਗਿ ਤਤੁ ਪਛਾਨਾ॥
(ਅੰਗ 219)
ਸਮ-ਇਕ ਸਮਾਨ। ਹਰਖ-ਖੁਸ਼ੀ। ਸੋਗ-ਗ਼ਮੀ, ਦੁੱਖ। ਅਤੀਤਾ-ਨਿਰਲੇਪ, ਇਕੋ ਜਿਹਾ ਪ੍ਰਤੀਤ ਕਰਦਾ ਹੈ। ਤਤੁ-ਭੇਦ, ਅਸਲੀਅਤ।
ਸੁਖਾਂ ਦੀ ਪ੍ਰਾਪਤੀ ਲਈ ਜੀਵ ਜਣੇ-ਖਣੇ ਦੀ ਚਾਅ ਪਲੂਸੀ ਕਰਦਾ ਫਿਰਦਾ ਹੈ, ਜਿਸ ਸਦਕਾ ਉਹ ਸੁੱਖਾਂ ਦੀ ਖਾਤਰ ਸਗੋਂ ਬੜੇ ਦੁੱਖ ਹੀ ਪਾਉਂਦਾ ਹੈ-
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ
ਸੇਵ ਕਰਤ ਜਨ ਜਨ ਕੀ॥
(ਰਾਗੁ ਆਸਾ ਮਹਲਾ ੯, ਅੰਗ 411)
ਹੇਤਿ-ਲਈ। ਜਨ ਜਨ ਕੀ-ਵੱਖ ਵੱਖ ਮਨੁੱਖਾਂ ਦੀ, ਜਣੇ ਖਣੇ ਦੀ।
ਇਥੋਂ ਤੱਕ ਕਿ ਦੂਜਿਆਂ ਦੇ ਦਰ-ਦਰ 'ਤੇ ਕੁੱਤੇ ਵਾਂਗ ਭਟਕਦਾ ਫਿਰਦਾ ਹੈ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲਈ ਇਸ ਨੂੰ ਸੁੱਧ-ਬੁੱਧ ਤੱਕ ਨਹੀਂ-
ਦੁਆਰਹਿ ਦੁਆਰਿ
ਸੁਆਨ ਜਿਉ ਡੋਲਤ
ਨਹ ਸੁਧ ਰਾਮ ਭਜਨ ਕੀ॥
(ਅੰਗ 411)
ਸੁਆਨ-ਕੁੱਤਾ। ਡੋਲਤ-ਭਟਕਦਾ ਫਿਰਦਾ ਹੈ।
ਵਾਸਤਵਿਕ ਵਿਚ ਗੁਰਮੁਖ ਹਰ ਅਵਸਥਾ ਵਿਚ ਪ੍ਰਭੂ ਦੇ ਭਾਣੇ ਵਿਚ ਵਿਚਰਦਾ ਹੈ।
ਜਗਤ ਗੁਰੂ ਬਾਬਾ ਨੇ ਬਾਣੀ 'ਜਪੁ' ਜੀ ਦੀ 5ਵੀਂ ਪਉੜੀ ਵਿਚ ਸੁਖ ਦੀ ਪ੍ਰਾਪਤੀ ਲਈ ਵਿਧੀ ਸਮਝਾਈ ਹੈ ਕਿ ਜੇਕਰ ਪ੍ਰਭੂ ਦੇ ਨਾਮ ਨੂੰ ਗਾਵੀਏ, ਸੁਣੀਏ ਅਤੇ ਉਸ ਪ੍ਰੇਮ ਨੂੰ ਆਪਣੇ ਮਨ ਵਿਚ ਵਸਾਈਏ ਤਾਂ ਦੁੱਖਾਂ ਨੂੰ ਦੂਰ ਕਰਕੇ ਹਿਰਦੇ ਘਰ ਵਿਚ ਸੁਖ ਨੂੰ ਵਸਾ ਲਈਦਾ ਹੈ-
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
(ਅੰਗ 2)
ਇਸ ਲਈ ਹੇ ਭਾਈ, ਸਦਾ ਦਿਨ-ਰਾਤ ਪ੍ਰਭੂ ਦੇ ਨਾਮ ਨੂੰ ਜਪਦੇ ਰਹੋ, ਸਿਮਰਦੇ ਰਹੋ। ਸਾਰੀਆਂ ਕਰਨੀਆਂ ਨਾਲੋਂ ਇਹ ਉੱਤਮ ਅਤੇ ਪਵਿੱਤਰ ਕਰਮ ਹਨ। ਰਾਗੁ ਗਉੜੀ ਸੁਖਮਨੀ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਜਪਿ ਜਨ ਸਦਾ ਸਦਾ ਦਿਨੁ ਰੈਣੀ॥
ਸਭ ਤੇ ਊਚ ਨਿਰਮਲ ਇਹ ਕਰਣੀ॥
(ਅੰਗ 283)
ਰੈਣੀ-ਰਾਤ। ਨਿਰਮਲ-ਪਵਿੱਤਰ। ਕਰਣੀ-ਕਰਮ।
ਅਸ਼ਟਪਦੀ ਦੇ ਅੱਖਰੀਂ ਅਰਥ : ਸਭ ਜੀਵ (ਪਰਮਾਤਮਾ ਪਾਸੋਂ) ਸੁਖ ਹੀ ਮੰਗਦੇ ਹਨ, ਕਦੇ ਕੋਈ ਦੁੱਖ ਨਹੀਂ ਮੰਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਨੂੰ ਇਸ ਗੱਲ ਦੀ ਸੋਝੀ ਨਹੀਂ ਹੁੰਦੀ ਕਿ ਇਨ੍ਹਾਂ ਦੁਨਿਆਵੀ ਭਾਵ ਮਾਇਕ ਸੁਖਾਂ ਨਾਲ ਦੁੱਖ ਵੀ ਬੜੇ ਹਨ। ਵਾਸਤਵ ਵਿਚ ਸੁਖ ਅਤੇ ਦੁੱਖ ਨੂੰ ਇਕ ਸਮਾਨ ਸਮਝਣਾ ਚਾਹੀਦਾ ਹੈ ਪਰ ਮਨ ਨੂੰ ਗੁਰੂ ਦੇ ਸ਼ਬਦ ਵਿਚ ਵਿੰਨ੍ਹਣ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਵਿਆਸ ਰਿਸ਼ੀ ਉੱਚੀ-ਉੱਚੀ ਵੇਦ ਨੂੰ ਪੁਕਾਰਦੇ ਅਥਵਾ ਵਿਚਾਰਦੇ ਹਨ (ਪਰ) ਗੁਰੂ ਦਾ ਉਪਦੇਸ਼ ਹੈ ਕਿ ਪਰਮਾਤਮਾ ਦੇ ਨਾਮ ਦੀ ਬਾਣੀ ਸਦਾ ਪੜ੍ਹਨੀ (ਉਚਾਰਨੀ) ਚਾਹੀਦੀ ਹੈ। ਅਸਲੀ ਅਰਥਾਂ ਵਿਚ ਉਹ ਜਨ ਮੁਨੀ, ਸੇਵਕ ਜਾਂ ਸਾਧਕ ਹਨ ਜੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਅਜਿਹੇ ਜਗਿਆਸੂ ਇਥੋਂ (ਸੰਸਾਰ 'ਚੋਂ) ਬਾਜ਼ੀ ਜਿੱਤ ਕੇ ਜਾਂਦੇ ਹਨ, ਜਿਨ੍ਹਾਂ ਤੋਂ ਗੁਰੂ ਬਾਬਾ ਕੁਰਬਾਨ ਜਾਂਦੇ ਹਨ।
ਪਰ ਜੋ ਮੁੱਖੋਂ ਪਰਮਾਤਮਾ ਦਾ ਨਾਮ ਨਹੀਂ ਉਚਾਰਦੇ, ਉਨ੍ਹਾਂ ਦੇ ਮਨ ਚੌਹਾਂ ਜੁਗਾਂ ਵਿਚ ਹੀ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ। ਜਿਹੜੇ ਜਗਿਆਸੂ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦੇ ਪ੍ਰਭੂ ਦੀ ਦਰਗਾਹ ਵਿਚ ਮੂੰਹ ਕਾਲੇ ਹੁੰਦੇ ਹਨ ਅਤੇ ਉਹ ਆਪਣੀ ਇੱਜ਼ਤ ਗੁਆ ਬੈਠਦੇ ਹਨ। ਇਸ ਤਰ੍ਹਾਂ ਜਿਹੜੇ ਪ੍ਰਭੂ ਦੇ ਨਾਮ ਨੂੰ ਵਿਸਾਰ ਦਿੰਦੇ ਹਨ, ਉਹ ਔਗੁਣਾਂ ਕਾਰਨ ਆਤਮਿਕ ਤੌਰ 'ਤੇ ਲੁੱਟੇ ਜਾਂਦੇ ਹਨ ਅਤੇ ਫਿਰ ਪਛਤਾਵੇ ਵਜੋਂ ਰੋਂਦੇ ਹਨ।
ਗੁਰੂਦੁਆਰਾ ਖੋਜਦਿਆਂ-ਖੋਜਦਿਆਂ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਨਾਲ, ਗੁਰੂ ਦੇ ਮਿਲਾਉਣ ਨਾਲ ਪਰਮਾਤਮਾ ਮਿਲ ਪੈਂਦਾ ਹੈ। ਫਿਰ ਜਦੋਂ ਆਪੇ ਦੀ ਸੋਝੀ ਪੈ ਜਾਂਦੀ ਹੈ ਤਾਂ ਪਰਮਾਤਮਾ ਜੀਵ ਦੇ ਹਿਰਦੇ ਘਰ ਵਿਚ ਆ ਵਸਦਾ ਹੈ ਅਤੇ ਜੀਵ ਦੇ ਮਨ ਅੰਦਰੋਂ ਹਉਮੈ ਅਤੇ ਤ੍ਰਿਸ਼ਨਾ ਜਾਂਦੀ ਰਹਿੰਦੀ ਹੈ।
ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਪ੍ਰਭੂ ਦੇ ਨਾਮ ਰੰਗ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਦਾ ਮਨ ਪਵਿੱਤਰ ਅਤੇ ਉਜਲਾ ਹੋ ਜਾਂਦਾ ਹੈ।


217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸੰਸਾਰ ਸਾਡੇ ਕਰਮਾਂ ਨਾਲ ਹੀ ਚੰਗਾ ਤੇ ਸ਼ੁੱਧ ਹੋ ਸਕਦਾ ਹੈ

ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਇਹ ਦੁਨੀਆ ਚੰਗੀ ਅਤੇ ਸ਼ੁੱਧ ਹੋਵੇ। ਪਰ ਜਦ ਤੱਕ ਅਸੀਂ ਆਪ ਅਜਿਹਾ ਕਰਨ ਲਈ ਤਿਆਰ ਨਹੀਂ, ਅਜਿਹਾ ਨਹੀਂ ਹੋਵੇਗਾ, ਕਿਉਂਕਿ ਸੰਸਾਰ ਤਾਂ ਹੀ ਚੰਗਾ ਤੇ ਸ਼ੁੱਧ ਹੋ ਸਕਦਾ ਹੈ, ਜੇ ਸਾਡਾ ਜੀਵਨ ਚੰਗਾ ਤੇ ਸ਼ੁੱਧ ਹੋਵੇ। ਚੰਗਾ ਹੋਣਾ ਤਾਂ ਪ੍ਰਭਾਵ ਹੈ ਪਰ ਅਸੀਂ ਇਸ ਦੇ ਸਰੋਤ ਹਾਂ। ਸਵਾਮੀ ਵਿਵੇਕਾਨੰਦ ਰਾਸ਼ਟਰ ਦੇ ਨਾਂਅ ਆਪਣੇ ਸੰਦੇਸ਼ ਵਿਚ ਲਿਖਦੇ ਹਨ ਕਿ ਆਓ ਅਸੀਂ ਆਪਣੇ-ਆਪ ਨੂੰ ਸ਼ੁੱਧ ਕਰੀਏ, ਆਪਣੇ-ਆਪ ਨੂੰ ਚੰਗੇ ਤੇ ਯੋਗ ਬਣਾਈਏ। ਲੜਨ 'ਤੇ ਕਿਸੇ ਦੀ ਸ਼ਿਕਾਇਤ ਕਰਨ ਦਾ ਕੀ ਲਾਭ ਹੋਵੇਗਾ? ਇਸ ਨਾਲ ਚੰਗਾ ਨਹੀਂ ਹੋਵੇਗਾ। ਜਿਹੜਾ ਆਪਣੇ ਜ਼ਿੰਮੇ ਲੱਗੇ ਕੰਮ ਪ੍ਰਤੀ ਹਮੇਸ਼ਾ ਸ਼ਿਕਾਇਤ ਕਰਦਾ ਹੈ, ਉਸ ਨੂੰ ਹਮੇਸ਼ਾ ਹੀ ਅਤੇ ਹਰ ਕਿਸੇ ਤੋਂ ਸ਼ਿਕਾਇਤ ਰਹਿੰਦੀ ਹੈ। ਹਮੇਸ਼ਾ ਸ਼ਿਕਾਇਤ ਭੈੜੇ ਜੀਵਨ ਵੱਲ ਅਤੇ ਦੁੱਖਾਂ-ਤਕਲੀਫ਼ਾਂ ਵੱਲ ਲਿਜਾਂਦੀ ਹੈ। ਇਸ ਨਾਲ ਅਸਫਲਤਾ ਹੀ ਮਿਲਦੀ ਹੈ ਪਰ ਜੋ ਵਿਅਕਤੀ ਆਪਣੇ ਅੰਦਰ ਨਿਰੰਤਰਤਾ ਬਣਾਈ ਰੱਖਦਾ ਹੈ ਅਤੇ ਆਪਣੇ ਜ਼ਿੰਮੇ ਦਿੱਤੇ ਕੰਮ ਨੂੰ ਬਿਨਾਂ ਕਿਸੇ ਸ਼ਿਕਾਇਤ ਤੋਂ ਕਰਦਾ ਹੈ, ਉਹ ਹਮੇਸ਼ਾ ਉਜਾਲੇ ਵੱਲ ਨੂੰ ਤੁਰਦਾ ਹੈ ਤੇ ਉਸ ਨੂੰ ਨੇਕ ਜਾਂ ਲੋਕ ਹਿਤ ਦੇ ਕੰਮ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ। ਇਹ ਦੁਨੀਆ ਤੁਹਾਡੀ ਕਰਮਭੂਮੀ ਹੈ। ਇਥੇ ਰਹਿੰਦੇ ਹੋਏ ਕਰਮ ਕਰੋ ਅਤੇ ਕਰਮ ਦੇ ਭੇਦ ਨੂੰ ਜਾਣੋ। ਠੀਕ ਢੰਗ ਨਾਲ ਕਾਰਜ ਕਰਕੇ ਹੀ ਤੁਸੀਂ ਸੁਤੰਤਰ ਹੋ ਸਕਦੇ ਹੋ। ਕਰਮ ਨਾਲ ਆਪਣੇ-ਆਪ ਨੂੰ ਚੰਗਾ ਅਤੇ ਸ਼ੁੱਧ ਬਣਾਓ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਹੀਦ ਬਾਬਾ ਦੀਪ ਸਿੰਘ ਜੀ

* ਸਰਦਾਰ ਪੰਛੀ *

ਖੰਡਾ ਹੱਥ ਵਿਚ ਲੈ ਕੇ ਅੱਗੇ ਵਧਦਾ ਜਾਂਦਾ ਹੈ।
ਸੀਸ ਤਲੀ 'ਤੇ ਧਰ ਕੇ ਸੂਰਾ ਲੜਦਾ ਜਾਂਦਾ ਹੈ।
ਜੋ ਕੀਤਾ ਸੰਕਲਪ ਏਸ ਨੇ ਉਹਨੂੰ ਪੁਗਾਉਣਾ ਹੈ।
ਜਾਨ ਜਾਏ ਤਾਂ ਜਾਏ ਐਪਰ ਵਚਨ ਨਿਭਾਉਣਾ ਹੈ।
ਗੋਬਿੰਦ ਸਿੰਘ ਦਾ ਸ਼ੇਰ ਪੌੜੀਆਂ ਚੜ੍ਹਦਾ ਜਾਂਦਾ ਹੈ।
ਸੀਸ ਤਲੀ 'ਤੇ ਧਰ ਕੇ ਸੂਰਾ ਲੜਦਾ ਜਾਂਦਾ ਹੈ।
ਦੋ-ਧਾਰੇ ਖੰਡੇ ਦੀ ਵੇਖੋ ਧਾਰ ਵੀ ਤਿੱਖੀ ਹੈ।
ਜੰਗ ਦੇ ਅੰਦਰ ਜੋਧੇ ਦੀ ਰਫ਼ਤਾਰ ਵੀ ਤਿੱਖੀ ਹੈ।
ਕਦਮ-ਕਦਮ 'ਤੇ ਇਕ ਜੈਕਾਰਾ ਛੱਡਦਾ ਜਾਂਦਾ ਹੈ।
ਸੀਸ ਤਲੀ 'ਤੇ ਧਰ ਕੇ ਸੂਰਾ ਲੜਦਾ ਜਾਂਦਾ ਹੈ।
ਹਰਿਮੰਦਰ 'ਤੇ ਕਬਜ਼ਾ ਕਿਸੇ ਦਾ ਰਹਿਣ ਨਹੀਂ ਦੇਣਾ।
ਧਾੜਵੀਆਂ ਨੂੰ ਆਪਾਂ ਟਿਕ ਕੇ ਬਹਿਣ ਨਹੀਂ ਦੇਣਾ।
ਸੰਤ ਸਿਪਾਹੀ ਗੁਰਬਾਣੀ ਵੀ ਪੜ੍ਹਦਾ ਜਾਂਦਾ ਹੈ।
ਸੀਸ ਤਲੀ 'ਤੇ ਧਰ ਕੇ ਸੂਰਾ ਲੜਦਾ ਜਾਂਦਾ ਹੈ।
ਅੰਮ੍ਰਿਤ ਲਿਆ ਹੈ ਸਿਰ ਦੇ ਕੇ ਪਾਈ ਸਰਦਾਰੀ ਹੈ।
ਜਾਨ ਪਿਆਰੀ ਨਹੀਂ ਅਸਾਨੂੰ ਅਣਖ ਪਿਆਰੀ ਹੈ।
ਸੁਣ ਕੇ ਇਹ ਲਲਕਾਰ ਹੀ ਦੁਸ਼ਮਣ ਭੱਜਦਾ ਜਾਂਦਾ ਹੈ।
ਸੀਸ ਤਲੀ 'ਤੇ ਧਰ ਕੇ ਸੂਰਾ ਲੜਦਾ ਜਾਂਦਾ ਹੈ।
ਜੰਗ ਵਿਚ ਜਿੱਤ ਨਹੀਂ ਸਕਦਾ ਕੋਈ ਸਰਦਾਰਾਂ ਨੂੰ।
ਇਕ ਹੀ ਬਾਜ਼ ਬਥੇਰਾ ਹੈ ਚਿੜੀਆਂ ਦੀਆਂ ਡਾਰਾਂ ਨੂੰ।
ਵੇਖ ਕਲੇਜਾ ਅਬਦਾਲੀ ਦਾ ਸੜਦਾ ਜਾਂਦਾ ਹੈ।
ਸੀਸ ਤਲੀ 'ਤੇ ਧਰ ਕੇ ਸੂਰਾ ਲੜਦਾ ਜਾਂਦਾ ਹੈ।
ਖੰਡਾ ਹੱਥ ਵਿਚ ਲੈ ਕੇ ਅੱਗੇ ਵਧਦਾ ਜਾਂਦਾ ਹੈ।
ਸੀਸ ਤਲੀ 'ਤੇ ਧਰ ਕੇ ਸੂਰਾ ਲੜਦਾ ਜਾਂਦਾ ਹੈ।


-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾ: 94170-91668

ਧਾਰਮਿਕ ਸਾਹਿਤ

ਗੁਰਮਤਿ ਦੇ
ਪ੍ਰਮੁੱਖ ਸੰਕਲਪ

ਲੇਖਿਕਾ : ਡਾ: ਹਰਜੋਤ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ,
ਮੁਹਾਲੀ-ਚੰਡੀਗੜ੍ਹ।
ਪੰਨੇ : 142, ਮੁੱਲ : 295 ਰੁਪਏ
ਸੰਪਰਕ : 0172-5027427


ਗੁਰਮਤਿ ਦਾ ਰਾਹ ਹਨੇਰੇ ਤੋਂ ਚਾਨਣੇ ਤੱਕ ਦਾ ਸਫ਼ਰ ਹੈ। ਇਹ ਸੰਪੂਰਨ ਜੀਵਨ ਜਾਚ ਹੈ। ਗੁਰਮਤਿ ਦੇ ਸੱਚੇ-ਸੁੱਚੇ, ਮਹਾਂਉੱਚੇ ਅਤੇ ਮਹਾਨ ਆਦਰਸ਼ਾਂ 'ਤੇ ਚੱਲ ਕੇ ਹਰ ਇਕ ਦਾ ਜੀਵਨ ਸੰਵਰ ਸਕਦਾ ਹੈ, ਸਫ਼ਲ ਹੋ ਸਕਦਾ ਹੈ। ਇਸ ਪੁਸਤਕ ਵਿਚ ਗੁਰਮਤਿ ਦੇ ਪ੍ਰਮੁੱਖ ਸੰਕਲਪਾਂ ਦੀ ਵਿਚਾਰ ਕੀਤੀ ਗਈ ਹੈ, ਜਿਵੇਂ ਬ੍ਰਹਮ, ਹੁਕਮ, ਮਾਇਆ, ਹਉਮੈ, ਜੀਵਾਤਮਾ, ਗੁਰੂ, ਕਰਮ, ਸਹਿਜ, ਸੇਵਾ, ਸਾਧ ਸੰਗਤ ਅਤੇ ਨਦਰਿ ਦਾ ਸੰਕਲਪ। ਗੁਰਮਤਿ ਕਾਵਿ ਦੀ ਵੀ ਜਾਣ-ਪਛਾਣ ਕਰਵਾਈ ਗਈ ਹੈ। ਇਹ ਪੁਸਤਕ ਗੁਰਮਤਿ ਦੀ ਸ੍ਰੇਸ਼ਟਤਾ, ਵਿਲੱਖਣਤਾ, ਨਵੀਨਤਾ, ਉੱਤਮਤਾ ਅਤੇ ਸਚਿਆਰਤਾ 'ਤੇ ਝਾਤ ਪੁਆਉਂਦੀ ਹੈ। ਗੁਰੂ ਉਹ ਹੱਸਤੀ ਹੈ, ਜੋ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਰੌਸ਼ਨੀ ਬਖ਼ਸ਼ਦੀ ਹੈ। ਦਸ ਗੁਰੂ ਸਾਹਿਬਾਨ ਵਲੋਂ ਦਿੱਤੀ ਹੋਈ ਮੱਤ, ਥਾਪੇ ਹੋਏ ਸਿਧਾਂਤ, ਨਸੀਹਤਾਂ ਅਤੇ ਵਿਚਾਰਧਾਰਾ ਨੂੰ ਗੁਰਮਤਿ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬੀ ਬਚਨ ਹਨ ਜੋ ਸਾਡੇ ਅੰਦਰ ਰੁਸ਼ਨਾ ਕੇ ਸਾਡੀ ਰਹਿਨੁਮਾਈ ਕਰਦੇ ਹਨ। ਗੁਰਮਤਿ ਕਾਵਿ ਵਿਚ ਗੁਰਬਾਣੀ, ਸ੍ਰੀ ਦਸਮੇਸ਼ ਜੀ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸ਼ਾਮਿਲ ਹਨ। ਗੁਰੂ ਜੀ ਦੀ ਸਿੱਖਿਆ 'ਤੇ ਚੱਲ ਕੇ ਇਨਸਾਨ ਗੁਰਮੁਖਿ ਪਦ ਪ੍ਰਾਪਤ ਕਰ ਲੈਂਦਾ ਹੈ ਅਤੇ ਅੰਤ ਪਰਮੇਸ਼ਰ ਵਿਚ ਸਮਾਅ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਭਾਵਕਤਾ, ਕਾਵਿਕਤਾ, ਅਧਿਆਤਮਿਕਤਾ, ਕਲਾਤਮਿਕਤਾ, ਬੌਧਿਕਤਾ ਅਤੇ ਮਾਨਵਤਾ ਦਾ ਸੁੰਦਰ ਸੁਮੇਲ ਹੈ। ਇਹ ਸਰਬ ਸਾਂਝੀ ਬਾਣੀ ਸਾਰੇ ਵਿਸ਼ਵ ਲਈ ਕਲਿਆਣਕਾਰੀ ਅਤੇ ਸੁਖਦਾਈ ਹੈ। ਗੁਰਮਤਿ ਦੇ ਪਾਂਧੀ ਸਹਿਜ, ਸ਼ਾਂਤੀ, ਪ੍ਰੇਮ, ਅਨੰਦ ਅਤੇ ਰੂਹਾਨੀਅਤ ਨਾਲ ਭਰੇ ਹੋਣ ਕਰਕੇ ਹਰ ਪਾਸੇ ਰੱਬੀ ਪ੍ਰੇਮ ਦੀ ਮਹਿਕ ਬਿਖੇਰਦੇ ਹਨ। ਵਿਦਵਾਨ ਲੇਖਿਕਾ ਨੇ ਬਹੁਤ ਖੂਬਸੂਰਤੀ ਨਾਲ ਗੁਰਮਤਿ ਦੇ ਵੱਖੋ-ਵੱਖ ਪਹਿਲੂਆਂ 'ਤੇ ਸੁੰਦਰ ਵਿਚਾਰ ਦਿੱਤੇ ਹਨ। ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆਅਕਾਲ ਤਖ਼ਤ ਸਾਹਿਬ
(ਜੋਤ ਤੇ ਜੁਗਤਿ)
ਲੇਖਕ : ਡਾ: ਬਲਕਾਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਪੰਨੇ : 280, ਮੁੱਲ : 300 ਰੁਪਏ
ਸੰਪਰਕ : 99150-48005


ਡਾ: ਬਲਕਾਰ ਸਿੰਘ ਦਾ ਸਮੁੱਚਾ ਅਕਾਦਮਿਕ ਅਤੇ ਰੂਹਾਨੀ ਜੀਵਨ ਗੁਰਮਤਿ, ਗੁਰਬਾਣੀ ਅਤੇ ਗੁਰ-ਸਥਾਨਾਂ ਦੀ ਪਰਿਕਰਮਾ ਕਰਦਾ ਰਿਹਾ ਹੈ। ਉਸ ਨੇ 1970 ਈ: ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਥੋਂ ਉਹ 2000 ਈ: ਵਿਚ ਸੇਵਾ-ਮੁਕਤ ਹੋਇਆ। ਵਿਚਾਰਾਧੀਨ ਪੁਸਤਕ ਵਿਚ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰੂਪ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਹੈ। ਲੇਖਕ ਅਨੁਸਾਰ ਦਸ ਗੁਰੂ ਸਾਹਿਬਾਨ (1469-1708 ਈ:) ਨੇ ਸਿੱਖ ਕੌਮ ਦੀ ਮਾਨਸਿਕਤਾ, ਵਿਵਹਾਰ ਅਤੇ ਭਾਈਚਾਰਕਤਾ ਦੇ ਨਿਰਮਾਣ ਲਈ ਜ਼ਮੀਨ ਤਿਆਰ ਕੀਤੀ। ਕੌਮੀ ਸੰਸਥਾ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੇਂਦਰੀ ਭੂਮਿਕਾ ਰਹੀ ਹੈ। ਲੇਖਕ ਨੇ ਇਸੇ ਭੂਮਿਕਾ ਨੂੰ ਸਮਝਣ-ਸਮਝਾਉਣ ਵਾਸਤੇ ਆਪਣੀ ਇਸ ਪੁਸਤਕ ਦੀ ਰਚਨਾ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਮਾਤਰ ਧਾਰਮਿਕ ਸਥਾਨ ਹੀ ਨਹੀਂ ਹੈ, ਸਗੋਂ ਸਿੱਖੀ ਦੇ ਸਮੁੱਚ ਦੀ ਪ੍ਰਤੀਨਿਧਤਾ ਕਰਨ ਵਾਲਾ ਸੰਕਲਪੀ ਪ੍ਰਤੀਕ ਹੈ। ਇਸ ਸੰਕਲਪ ਦੇ ਬੀਜ ਗੁਰੂ ਨਾਨਕ ਸਾਹਿਬ ਦੇ ਚਿੰਤਨ ਵਿਚ ਮੌਜੂਦ ਸਨ ਪਰ ਇਸ ਨੂੰ ਸ੍ਰੀ ਪ੍ਰਗਟ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤਾ। ਅਜੋਕੇ ਦੌਰ ਵਿਚ ਸਿੱਖਾਂ ਦੀ ਅਕਾਲ ਤਖ਼ਤ ਤੋਂ ਦੂਰੀ ਵਧਦੀ ਜਾ ਰਹੀ ਹੈ। ਲੇਖਕ ਅਨੁਸਾਰ ਇਸ ਦਾ ਵੱਡਾ ਕਾਰਨ ਪੰਜਾਬ ਵਿਚ ਰਹਿਣ ਵਾਲੇ ਸਿੱਖਾਂ ਦਾ ਚੇਤਨਾ-ਵਿਹੂਣੇ ਹੋਣਾ ਹੈ। (ਪੰਨਾ 35)
ਸਿਆਸਤ ਨੇ ਸਿੱਖਾਂ ਨੂੰ ਚੇਤਨਾ-ਵਿਹੂਣੇ ਕਰਨ ਵਿਚ ਵੱਡਾ ਹਿੱਸਾ ਪਾਇਆ ਹੈ। ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬਾਰੇ ਪੰਥਕ ਚੇਤਨਾ ਉਜਾਗਰ ਕਰਨ ਦੀ ਲੋੜ ਹੈ। ਪੰਥ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਯੋਗਤਾ ਤੇ ਚੇਤਨਾ ਵਾਲੇ ਜਥੇਦਾਰ ਤੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੁਰਮਤਿ ਮਰਿਆਦਾ ਨਿਭਾਉਣ ਦੀ ਆਸ ਰੱਖੀ ਜਾ ਸਕਦੀ ਹੈ। ਕਈ ਵਾਰ ਪ੍ਰਸਥਿਤੀਆਂ ਦੇ ਦਬਾਅ ਅਧੀਨ ਅਜਿਹੇ ਗੁਰਸਿੱਖ ਵੀ ਜਥੇਦਾਰ ਬਣ ਜਾਂਦੇ ਹਨ, ਜਿਨ੍ਹਾਂ ਵਿਚ ਚਿੰਤਨ ਅਤੇ ਚੇਤਨਾ ਪ੍ਰਯਾਪਤ ਮਾਤਰਾ ਵਿਚ ਨਹੀਂ ਹੁੰਦੀਆਂ। ਇਸ ਕਾਰਨ ਕਈ ਭਰਮ, ਭੁਲੇਖੇ ਅਤੇ ਸ਼ੰਕਾਵਾਂ ਪੈਦਾ ਹੋ ਜਾਂਦੀਆਂ ਹਨ।
ਡਾ: ਬਲਕਾਰ ਸਿੰਘ ਦਾ ਵਿਚਾਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਭੂਗੋਲਿਕ ਹਦਬੰਦੀ ਦਾ ਕੋਈ ਬੰਧਨ ਨਹੀਂ ਹੋਣਾ ਚਾਹੀਦਾ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਰਹਿੰਦੇ ਸਿੱਖ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਉਹੀ ਰਿਸ਼ਤਾ ਹੈ, ਜੋ ਪ੍ਰਗਟ ਰੂਪ ਵਿਚ ਪੰਜਾਬ ਵਿਚ ਰਹਿੰਦੇ ਬਾਕੀ ਸਿੱਖਾਂ ਦਾ ਹੈ। ਦੁਨੀਆ ਦੇ ਕਿਸੇ ਕੋਨੇ ਵਿਚ ਬੈਠਾ ਸਿੱਖ ਆਪਣੀ ਹੋਂਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜ ਕੇ ਹੀ ਕੌਮੀ ਘੇਰੇ ਵਿਚ ਰਹਿ ਸਕਦਾ ਹੈ। (ਪੰਨਾ 55) ਲੇਖਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਪ੍ਰਬੰਧ ਨਾਲ ਸੰਤੁਸ਼ਟ ਨਹੀਂ ਹੈ, ਕਿਉਂਕਿ ਇਸ ਢਾਂਚੇ ਵਿਚ ਸਿੱਖ ਪਛਾਣ ਨੂੰ ਦਫ਼ਨਾਏ ਜਾਣ ਦਾ ਪ੍ਰਭਾਵ ਸਿੱਖ ਮਾਨਸਿਕਤਾ ਵਿਚ ਉਤਰ ਚੁੱਕਾ ਹੈ।
ਇਹ ਪੁਸਤਕ ਸਿੱਖ ਪਰਿਪੇਖ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰੂਪ, ਮਹੱਤਵ ਅਤੇ ਅਪੇਖਿਆਵਾਂ ਬਾਰੇ ਬਹੁਤ ਹੀ ਸੰਤੁਲਿਤ, ਤਾਰਕਿਕ ਅਤੇ ਬੌਧਿਕ ਸ਼ੈਲੀ ਦੁਆਰਾ ਤਿਆਰ ਕੀਤੀ ਗਈ ਇਕ ਮਹੱਤਵਪੂਰਨ ਰਚਨਾ ਹੈ। ਇਸ ਪੁਸਤਕ ਨੂੰ ਪੜ੍ਹ ਕੇ ਮੇਰੀ ਬੌਧਿਕਤਾ ਦੇ ਅਨੇਕ ਜ਼ਾਵੀਏ ਹਰਕਤ ਵਿਚ ਆਏ ਹਨ। ਲੇਖਕ ਦਾ ਧੰਨਵਾਦ!


-ਬ੍ਰਹਮਜਗਦੀਸ਼ ਸਿੰਘ

ਪ੍ਰਸਿੱਧ ਪ੍ਰਾਚੀਨ ਵੀਰ ਭੱਦਰ (ਬਾਬਾ) ਮੰਦਰ (ਕਾਂਗੜਾ) ਹਿ: ਪ੍ਰ:

ਇਹ ਮੰਦਰ ਕਾਂਗੜਾ (ਨਗਰਕੋਟ) ਤੋਂ ਲਗਪਗ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪਠਾਨਕੋਟ ਤੋਂ ਲਗਪਗ ਤਿੰਨ ਘੰਟੇ ਲਗਦੇ ਹਨ। ਪਠਾਨਕੋਟ ਤੋਂ ਬੱਸਾਂ, ਟੈਕਸੀਆਂ ਤੋਂ ਇਲਾਵਾ ਛੋਟੀ ਲਾਈਨ ਵਾਲੀ ਰੇਲ ਗੱਡੀ ਵੀ ਜਾਂਦੀ ਹੈ। ਰੇਲ ਦੁਆਰਾ ਜਾਣ ਵਾਲੇ ਯਾਤਰੀ ਕਾਂਗੜਾ ਦੇ ਰੇਲਵੇ ਸਟੇਸ਼ਨ 'ਤੇ ਉਤਰਦੇ ਹਨ। ਉਥੋਂ ਮੰਦਰ ਨਜ਼ਦੀਕ ਹੀ ਹੈ। ਇਸ ਮੰਦਰ ਦੇ ਬਾਰੇ ਇਹ ਪ੍ਰਸੰਗ ਪ੍ਰਸਿੱਧ ਹੈ ਕਿ ਭਗਵਾਨ ਸ਼ਿਵ ਦੇ ਇਕ ਗਣ ਵੀਰ ਭੱਦਰ ਦੇ ਨਾਂਅ ਉੱਪਰ ਬਣਿਆ ਇਹ ਮੰਦਰ ਪ੍ਰਾਚੀਨ ਇਤਿਹਾਸ ਦੀ ਗਵਾਹੀ ਭਰਦਾ ਹੈ। ਜਦੋਂ ਰਾਜਾ ਦਕਸ਼ ਨੇ ਯੱਗ ਕੀਤਾ ਤਾਂ ਸਤੀ ਪਾਰਵਤੀ ਦੇ ਪਤੀ ਭਗਵਾਨ ਸ਼ਿਵ ਦਾ ਨਿਰਾਦਰ ਕੀਤਾ ਤਾਂ ਸਤੀ ਨੇ ਯੱਗ ਕੁੰਡ ਵਿਚ ਆਪਣੇ ਸਰੀਰ ਦੀ ਆਹੂਤੀ ਦੇ ਦਿੱਤੀ। ਬਾਅਦ ਵਿਚ ਸ਼ਿਵ ਜੀ ਨੇ ਕ੍ਰੋਧਿਤ ਹੋ ਕੇ ਵੀਰਭੱਦਰ ਨਾਮਕ ਆਪਣੇ ਗਣ ਨੂੰ ਯੱਗ ਨਸ਼ਟ ਕਰਨ ਦੇ ਆਦੇਸ਼ ਦਿੱਤੇ। ਦਕਸ਼ ਦਾ ਸਿਰ ਕੱਟ ਕੇ ਹਵਨ ਦੀ ਭੇਟ ਕਰ ਦਿੱਤਾ ਗਿਆ। ਫਲਸਰੂਪ ਮਹਾਂਦੇਵ ਜੀ ਨੂੰ ਪ੍ਰਸੰਨ ਕਰ ਦਿੱਤਾ ਗਿਆ। ਉਸ ਸਮੇਂ ਸਭ ਦੇ ਵਿਚਾਰ ਅਨੁਸਾਰ ਯੱਗ ਤਾਂ ਪੂਰਨ ਹੋਣਾ ਹੀ ਚਾਹੀਦਾ ਸੀ। ਦਕਸ਼ ਦੇ ਧੜ ਦੇ ਨਾਲ ਬੱਕਰੇ ਦਾ ਸਿਰ ਜੋੜ ਕੇ ਇਕ ਜੀਵਤ ਕਿਰਿਆ ਕੀਤੀ ਗਈ। ਭਗਵਾਨ ਸ਼ੰਕਰ ਸਤੀ ਦੇ ਸਥੂਲ ਸਰੀਰ ਨੂੰ ਲੈ ਕੇ ਸਾਰੇ ਬ੍ਰਹਿਮੰਡ ਵਿਚ ਵਿਚਰਨ ਲੱਗੇ। ਸਤੀ ਦੇ ਅੰਗ ਜਿਥੇ-ਜਿਥੇ ਡਿਗੇ, ਉਹ ਸਥਾਨ ਸਿੱਧ ਸ਼ਕਤੀ ਪੀਠ ਕਹਿਲਾਏ। ਜਵਾਲਾਮੁਖੀ, ਚਿੰਤਪੂਰਨੀ, ਨੈਣਾ ਦੇਵੀ, ਕਲਕੱਤਾ, ਚੰਡੀਗੜ੍ਹ, ਮਾਨਸਾ ਦੇਵੀ, ਵੈਸ਼ਣੋ ਦੇਵੀ ਨਾਂਅ ਨਾਲ ਪ੍ਰਸਿੱਧ ਹੋਏ। ਵੀਰ ਭੱਦਰ ਦੀ ਆਗਿਆ ਪਾਲਨ ਅਤੇ ਅਨੁਸ਼ਾਸਨ, ਭਗਤੀਵਾਦ ਦੀ ਸਰਾਹਣਾ ਉੱਪਰ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਥਾਨ ਵਿਖੇ ਹਿੰਦੂ ਮਰਿਆਦਾ ਮੁਤਾਬਿਕ ਸਭ ਤਿਉਹਾਰ ਦਿਨ ਮਨਾਏ ਜਾਂਦੇ ਹਨ।


-ਉਂਕਾਰ ਨਗਰ, ਗੁਰਦਾਸਪੁਰ। ਮੋਬਾ: 98156-25409


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX