ਤਾਜਾ ਖ਼ਬਰਾਂ


ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  2 minutes ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  17 minutes ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  16 minutes ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  56 minutes ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  about 1 hour ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ)- ਸੀ.ਬੀ.ਆਈ. ਕੋਰਟ 'ਚ ਸੁਣਵਾਈ ਦੇ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਸੁਰੱਖਿਆ 'ਚ ਹੋਏ .....
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਉੱਤਰੀ ਕਮਾਂਡ ਪ੍ਰਮੁੱਖ ਲੈਫ਼ਟੀਨੈਂਟ ਜਨਰਲ ਰਣਵੀਰ ਸਿੰਘ ਨੇ ਕਿਹਾ ਕਿ 2018 ਸੁਰੱਖਿਆ ਬਲਾਂ ਲਈ ਸ਼ਾਨਦਾਰ ਰਿਹਾ ਹੈ। 2018 'ਚ ਸੁਰੱਖਿਆ ਬਲਾਂ ਨੇ...
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਸੀ.ਬੀ.ਆਈ. ਕੋਰਟ 'ਚ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਮਾਮਲੇ 'ਚ ਦੋਹਾਂ ਧਿਰਾਂ ਦੀ ਬਹਿਸ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜਿੱਥੇ ਰਾਮ ਰਹੀਮ ਦੇ ਵਕੀਲ ਵੱਲੋਂ ਅਦਾਲਤ ਸਾਹਮਣੇ ਘੱਟ ਸਜ਼ਾ.....
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  about 1 hour ago
ਬਠਿੰਡਾ, 17 ਜਨਵਰੀ (ਕਰਮਜੀਤ ਸਿੰਘ) - ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਵਿਖੇ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ...
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਪਟਿਆਲਾ ਹਾਊਸ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ...
ਹੋਰ ਖ਼ਬਰਾਂ..

ਖੇਡ ਜਗਤ

ਆ ਗਈਆਂ ਏਸ਼ੀਅਨ ਖੇਡਾਂ 2018

ਏਸ਼ੀਅਨ ਖੇਡਾਂ ਜਿਨ੍ਹਾਂ ਨੂੰ ਏਸ਼ੀਆਡ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਏਸ਼ੀਆ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਮਹਾਂਦੀਪ ਹੈ, ਦੀਆਂ ਸਭ ਤੋਂ ਉੱਚਤਮ ਖੇਡਾਂ ਹਨ ਅਤੇ ਓ.ਸੀ.ਏ. ਉਲੰਪਿਕ ਕੌਂਸਲ ਆਫ ਏਸ਼ੀਆ ਵਲੋਂ ਕਰਵਾਈਆਂ ਜਾਂਦੀਆਂ ਹਨ। 1951 ਵਿਚ ਜਦੋਂ ਪਹਿਲੀਆਂ ਏਸ਼ੀਅਨ ਖੇਡਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਸਨ, ਉਦੋਂ ਤੋਂ ਲੈ ਕੇ 1978 ਤੱਕ ਇਹ ਖੇਡਾਂ ਏਸ਼ੀਅਨ ਗੇਮਜ਼ ਫੈਡਰੇਸ਼ਨ ਵਲੋਂ ਕਰਵਾਈਆਂ ਗਈਆਂ ਪਰ 1982 ਤੋਂ ਲੈ ਕੇ ਇਹ ਖੇਡਾਂ ਓ.ਸੀ.ਏ. ਵਲੋਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਨੂੰ ਸ਼ੁਰੂ ਕਰਵਾਉਣ ਵਿਚ ਸਭ ਤੋਂ ਵੱਡਾ ਹੱਥ ਭਾਰਤ ਦਾ ਰਿਹਾ ਹੈ। ਓ.ਸੀ.ਏ. ਦੇ 45 ਮੈਂਬਰ ਦੇਸ਼ਾਂ ਨੂੰ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਦਾ ਪੂਰਾ-ਪੂਰਾ ਹੱਕ ਹੈ। ਇਨ੍ਹਾਂ ਖੇਡਾਂ ਨੂੰ ਉਲੰਪਿਕ ਖੇਡਾਂ ਤੋਂ ਬਾਅਦ ਦੂਜੀਆਂ ਸਭ ਤੋਂ ਵੱਡੀਆਂ ਮਲਟੀ ਸਪੋਰਟਸ ਈਵੈਂਟਸ ਖੇਡਾਂ ਹੋਣ ਦਾ ਮਾਣ ਹਾਸਲ ਹੈ।
ਜੇਕਰ ਗੱਲ ਕਰੀਏ ਪਹਿਲੀਆਂ ਏਸ਼ੀਅਨ ਖੇਡਾਂ (1951) ਦੀ ਜੋ ਕਿ ਭਾਰਤ ਵਿਚ ਹੋਈਆਂ ਸਨ ਤਾਂ ਉਨ੍ਹਾਂ ਵਿਚ ਸਿਰਫ 6 ਖੇਡ ਈਵੈਂਟਾਂ ਵਿਚ ਮੁਕਾਬਲੇ ਕਰਵਾਏ ਗਏ ਸਨ। ਉਹ ਈਵੈਂਟ ਸਨ ਅਥਲੈਟਿਕਸ, ਤੈਰਾਕੀ, ਬਾਸਕਟਬਾਲ, ਸਾਈਕਲਿੰਗ, ਫੁੱਟਬਾਲ ਅਤੇ ਵੇਟ ਲਿਫਟਿੰਗ ਪਰ ਅਜੋਕੀਆਂ ਏਸ਼ੀਅਨ ਖੇਡਾਂ ਵਿਚ ਖੇਡ ਈਵੈਂਟ ਬਹੁਤ ਵਧ ਚੁੱਕੇ ਹਨ ਅਤੇ 2018 ਦੀਆਂ ਏਸ਼ੀਅਨ ਖੇਡਾਂ ਵਿਚ ਤਕਰੀਬਨ 40 ਖੇਡਾਂ ਵਿਚ 463 ਵੱਖ-ਵੱਖ ਈਵੈਂਟ ਕਰਵਾਏ ਜਾਣਗੇ। ਹੁਣ ਗੱਲ ਕਰਦੇ ਹਾਂ ਇਸ ਸਾਲ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਏਸ਼ੀਆਡ ਦੀ, ਜੋ ਕਿ 18 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਦੋ ਸ਼ਹਿਰਾਂ ਜਕਾਰਤਾ ਅਤੇ ਪਾਲਮਬੈਂਗ ਵਿਖੇ ਕਰਵਾਈਆਂ ਜਾ ਰਹੀਆਂ ਹਨ, ਹਾਲਾਂਕਿ ਇੰਡੋਨੇਸ਼ੀਆ ਦਾ ਸ਼ਹਿਰ ਜਕਾਰਤਾ ਇਨ੍ਹਾਂ ਖੇਡਾਂ ਨੂੰ 1962 ਵਿਚ ਵੀ ਕਰਵਾ ਚੁੱਕਾ ਹੈ ਪਰ ਪਹਿਲੀ ਵਾਰ ਇਹ ਕਿਸੇ ਦੇਸ਼ ਦੇ ਦੋ ਸ਼ਹਿਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ ਅਤੇ ਇੰਡੋਨੇਸ਼ੀਆ ਦੇ ਇਹ ਸ਼ਹਿਰ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਬਿਲਕੁਲ ਤਿਆਰ ਹਨ। ਇਨ੍ਹਾਂ ਖੇਡਾਂ ਲਈ ਇਨ੍ਹਾਂ ਦੋ ਸ਼ਹਿਰਾਂ ਵਿਖੇ ਖਿਡਾਰੀਆਂ ਦੇ ਮੁਕਾਬਲਿਆਂ ਅਤੇ ਟ੍ਰੇਨਿੰਗ ਕਰਨ ਲਈ 80 ਖੇਡ ਸਥਾਨ ਤਿਆਰ ਕੀਤੇ ਗਏ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਜਕਾਰਤਾ ਦੇ 55 ਸਾਲ ਪੁਰਾਣੇ ਮੁੱਖ ਸਟੇਡੀਅਮ 'ਗਿਲੋਰਾ ਬੰਗ ਕਰੇਨੋ' ਵਿਚ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਦਾ ਮਾਟੋ 'ਅਨਰਜੀ ਆਫ ਏਸ਼ੀਆ' ਹੈ। ਇਨ੍ਹਾਂ ਖੇਡਾਂ 'ਤੇ ਤਕਰੀਬਨ 3.2 ਬਿਲੀਅਨ ਡਾਲਰ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਨ੍ਹਾਂ ਖੇਡਾਂ ਦੀ ਟਾਰਚ ਰੈਲੀ 17 ਜੁਲਾਈ ਨੂੰ ਪਹਿਲੀਆਂ ਏਸ਼ੀਅਨ ਖੇਡਾਂ ਦੇ ਆਯੋਜਕ ਭਾਰਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਖਿਡਾਰੀਆਂ ਦੇ ਰਹਿਣ ਲਈ ਜਕਾਰਤਾ ਦੇ ਕਿਮਾਓਰਾਨ ਵਿਚ 10 ਹੈਕਟੇਅਰ ਏਰੀਏ ਵਿਚ ਖੇਡ ਪਿੰਡ ਬਣਾਇਆ ਗਿਆ ਹੈ, ਜਿਸ ਵਿਚ 7424 ਅਪਾਰਟਮੈਂਟ ਹੋਣਗੇ, ਜਿਨ੍ਹਾਂ ਵਿਚ ਖਿਡਾਰੀਆਂ ਦੀਆਂ ਸੁੱਖ ਸੁਵਿਧਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਆਓ ਹੁਣ ਗੱਲ ਕਰਦੇ ਹਾਂ 2018 ਦੀਆਂ ਏਸ਼ੀਅਨ ਖੇਡਾਂ ਵਿਚ ਭਾਗ ਲੈਣ ਜਾ ਰਹੇ ਭਾਰਤੀ ਦਲ ਦੀ। ਜੇਕਰ ਗੱਲ ਕਰੀਏ ਹੁਣ ਤੱਕ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਕਾਰਗੁਜ਼ਾਰੀ ਦੀ ਤਾਂ ਹੁਣ ਤੱਕ ਹੋਈਆਂ ਸਾਰੀਆਂ ਏਸ਼ੀਆਡ ਵਿਚ ਸਾਡੇ ਦੇਸ਼ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿਚ ਕੁੱਲ 616 ਤਗਮੇ (139 ਸੋਨ, 178 ਚਾਂਦੀ ਅਤੇ 299 ਕਾਂਸੀ) ਜਿੱਤੇ ਹਨ। ਜੇਕਰ ਪਿਛਲੇ ਏਸ਼ੀਆਡ ਵੱਲ ਝਾਤ ਮਾਰੀ ਜਾਵੇ ਤਾਂ 2014 (ਇਨਚੁਇਨ) ਸਾਊਥ ਕੋਰੀਆ ਦੀਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਕੁੱਲ 57 (11 ਸੋਨ, 10 ਚਾਂਦੀ ਅਤੇ 36 ਕਾਂਸੀ) ਤਗਮੇ ਜਿੱਤੇ ਸਨ ਅਤੇ ਭਾਰਤ ਇਨ੍ਹਾਂ ਖੇਡਾਂ ਵਿਚ ਅੱਠਵੇਂ ਸਥਾਨ 'ਤੇ ਰਿਹਾ ਸੀ। ਚਲੋ ਖੈਰ, ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਏਸ਼ੀਆਡ ਵਿਚ ਭਾਰਤੀ ਦਲ ਦੀ ਕਾਰਗੁਜ਼ਾਰੀ ਕੀ ਰਹਿੰਦੀ ਹੈ। ਆਓ ਨਜ਼ਰ ਮਾਰੀਏ ਇਨ੍ਹਾਂ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਖਿਡਾਰੀ ਦਲ ਵੱਲ ਤੇ ਇਨ੍ਹਾਂ ਖੇਡਾਂ ਵਿਚ ਭਾਰਤ ਨੇ 37 ਖੇਡਾਂ ਵਿਚ ਕੁੱਲ 541 ਖਿਡਾਰੀ ਭੇਜਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ 297 ਮਰਦ ਖਿਡਾਰੀ ਅਤੇ 244 ਔਰਤ ਖਿਡਾਰਨਾਂ ਭਾਗ ਲੈਣਗੀਆਂ।


-ਸੰਗਰੂਰ। ਮੋਬਾ: 94174-79449


ਖ਼ਬਰ ਸ਼ੇਅਰ ਕਰੋ

ਏਸ਼ੀਆਈ ਖੇਡਾਂ 'ਚ ਭਾਰਤੀ ਹਾਕੀ ਦਾ ਸਫ਼ਰ

ਏਸ਼ੀਅਨ ਖੇਡਾਂ 'ਚ ਫੀਲਡ ਹਾਕੀ 1958 ਤੋਂ ਜਦੋਂ ਟੋਕੀਓ (ਜਾਪਾਨ) ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ, ਸ਼ੁਰੂ ਕੀਤੀ ਗਈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਹੁਣ ਏਸ਼ੀਅਨ ਖੇਡਾਂ ਦਾ 18ਵਾਂ ਐਡੀਸ਼ਨ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ 'ਚ ਆਯੋਜਿਤ ਹੋ ਰਿਹਾ ਹੈ, 18 ਅਗਸਤ ਤੋਂ ਲੈ ਕੇ 2 ਸਤੰਬਰ ਤੱਕ। ਆਓ ਵੇਖੀਏ, ਇਨ੍ਹਾਂ ਖੇਡਾਂ 'ਚ ਸਾਡੀ ਕੌਮੀ ਹਾਕੀ ਟੀਮ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ ਹੈ। ਯਕੀਨਨ ਇਨ੍ਹਾਂ ਦਿਨਾਂ 'ਚ ਭਾਰਤੀ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਇਨ੍ਹਾਂ ਖੇਡਾਂ 'ਤੇ ਟਿਕੀਆਂ ਹੋਈਆਂ ਹਨ। ਏਸ਼ੀਅਨ ਖੇਡਾਂ ਦੇ 1958 ਵਾਲੇ ਐਡੀਸ਼ਨ 'ਚ ਪਾਕਿਸਤਾਨ ਚੈਂਪੀਅਨ ਬਣਿਆ, ਭਾਰਤ ਨੂੰ ਹਰਾ ਕੇ। ਦੱਖਣੀ ਕੋਰੀਆ ਨੇ ਮਲੇਸ਼ੀਆ ਨੂੰ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ। ਚਾਰ ਸਾਲਾਂ ਬਾਅਦ ਜਕਾਰਤਾ (ਇੰਡੋਨੇਸ਼ੀਆ) 'ਚ ਅਗਲਾ ਐਡੀਸ਼ਨ ਖੇਡਿਆ ਗਿਆ, ਜਿਥੇ ਦੂਜੀ ਵਾਰ ਪਾਕਿਸਤਾਨ ਭਾਰਤ ਨੂੰ ਹਰਾ ਕੇ ਚੈਂਪੀਅਨ ਬਣਿਆ। ਤੀਜਾ ਐਡੀਸ਼ਨ ਥਾਈਲੈਂਡ ਦੇ ਸ਼ਹਿਰ ਬੈਂਕਾਕ 'ਚ ਆਯੋਜਿਤ ਹੋਇਆ, ਜਿਥੇ ਸਾਡੀ ਕੌਮੀ ਹਾਕੀ ਟੀਮ ਨੇ ਪਹਿਲੀ ਵਾਰ ਸੋਨਾ ਪ੍ਰਾਪਤ ਕੀਤਾ, ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ। ਜਾਪਾਨ ਨੇ ਮਲੇਸ਼ੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ। 1970 ਵਾਲਾ ਐਡੀਸ਼ਨ ਦੂਜੀ ਵਾਰ ਬੈਂਕਾਕ (ਥਾਈਲੈਂਡ) ਵਿਚ ਆਯੋਜਿਤ ਹੋਇਆ ਅਤੇ ਜੇਤੂ ਖ਼ਿਤਾਬ ਐਤਕੀਂ ਪਾਕਿਸਤਾਨ ਦੀ ਝੋਲੀ 'ਚ ਪਿਆ। ਭਾਰਤ ਉਪ-ਜੇਤੂ ਰਿਹਾ, ਜਾਪਾਨ ਨੇ ਮਲੇਸ਼ੀਆ ਨੂੰ ਹਰਾ ਕੇ ਕਾਂਸੀ ਦੇ ਤਗਮੇ 'ਤੇ ਆਪਣਾ ਹੱਕ ਜਮਾਇਆ। 1974 ਵਾਲੇ ਐਡੀਸ਼ਨ ਦੀ ਮੇਜ਼ਬਾਨੀ ਈਰਾਨ ਦੇ ਸ਼ਹਿਰ ਤਹਿਰਾਨ ਨੇ ਕੀਤੀ। ਪਾਕਿਸਤਾਨ ਫਿਰ ਫ਼ਤਹਿਯਾਬ ਰਿਹਾ ਅਤੇ ਭਾਰਤ ਨੂੰ ਚਾਂਦੀ ਦੇ ਤਗਮੇ 'ਤੇ ਹੀ ਸਬਰ ਕਰਨਾ ਪਿਆ। ਜਾਪਾਨ ਐਤਕੀਂ ਮਲੇਸ਼ੀਆ ਹੱਥੋਂ ਹਾਰ ਗਿਆ, ਤੀਜੀ ਪੁਜ਼ੀਸ਼ਨ ਲਈ।
1978 ਵਾਲੀਆਂ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਬੈਂਕਾਕ (ਥਾਈਲੈਂਡ) ਨੂੰ ਮਿਲੀ। ਹਾਕੀ 'ਚ ਪਾਕਿਸਤਾਨ ਨੇ ਹੀ ਆਪਣੀ ਜੇਤੂ ਲੈਅ ਬਰਕਰਾਰ ਰੱਖੀ, ਭਾਰਤ ਉਪ-ਜੇਤੂ ਬਣਿਆ, ਮਲੇਸ਼ੀਆ ਨੇ ਜਾਪਾਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ। 1982 'ਚ ਭਾਰਤ ਦੇ ਸ਼ਹਿਰ ਨਵੀਂ ਦਿੱਲੀ 'ਚ ਰਵਾਇਤੀ ਵਿਰੋਧੀ ਪਾਕਿਸਤਾਨ ਫਿਰ ਏਸ਼ੀਆ ਜੇਤੂ ਬਣ ਗਿਆ। ਭਾਰਤ ਨੂੰ ਚਾਂਦੀ ਦਾ ਤਗਮਾ ਨਸੀਬ ਹੋਇਆ। ਮਲੇਸ਼ੀਆ ਜਾਪਾਨ ਨੂੰ ਹਰਾ ਕੇ ਤੀਜੇ ਨੰਬਰ 'ਤੇ ਰਿਹਾ। 1986 ਵਾਲੇ ਐਡੀਸ਼ਨ 'ਚ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਨੂੰ ਖੇਡਾਂ ਦੀ ਮੇਜ਼ਬਾਨੀ ਮਿਲੀ। ਹਾਕੀ 'ਚ ਪਹਿਲੀ ਵਾਰ ਮੇਜ਼ਬਾਨ ਮੁਲਕ ਕੋਰੀਆ ਚੈਂਪੀਅਨ ਬਣਿਆ। ਪਾਕਿਸਤਾਨ ਦੂਜੇ ਨੰਬਰ 'ਤੇ ਰਿਹਾ ਅਤੇ ਇਸ ਐਡੀਸ਼ਨ 'ਚ ਸਾਡੀ ਕੌਮੀ ਟੀਮ ਪਹਿਲੀ ਵਾਰ ਮਲੇਸ਼ੀਆ ਨੂੰ ਹਰਾ ਕੇ ਤੀਜੇ ਸਥਾਨ ਤੱਕ ਹੀ ਪਹੁੰਚ ਸਕੀ। 1990 'ਚ ਚੀਨ ਦੇ ਸ਼ਹਿਰ ਬੀਜਿੰਗ 'ਚ ਪਾਕਿਸਤਾਨ ਏਸ਼ੀਆਈ ਚੈਂਪੀਅਨ ਬਣਿਆ, ਭਾਰਤੀ ਟੀਮ ਦੂਜੇ ਸਥਾਨ 'ਤੇ ਹੀ ਰਹੀ ਅਤੇ ਮਲੇਸ਼ੀਆ ਦੱਖਣੀ ਕੋਰੀਆ ਨੂੰ ਹਰਾ ਕੇ ਤੀਜੇ ਸਥਾਨ 'ਤੇ ਰਹੀ। 1994 ਜਾਪਾਨ ਦੇ ਸ਼ਹਿਰ ਹੀਰੋਸ਼ੀਮਾ 'ਚ ਦੱਖਣੀ ਕੋਰੀਆ ਚੈਂਪੀਅਨ ਬਣਿਆ ਭਾਰਤ ਨੂੰ ਹਰਾ ਕੇ ਅਤੇ ਪਾਕਿਸਤਾਨ ਇਸ ਐਡੀਸ਼ਨ 'ਚ ਪਹਿਲੀ ਵਾਰ ਜਾਪਾਨ ਨੂੰ ਹਰਾ ਕੇ ਤੀਜੇ ਸਥਾਨ ਜੋਗਾ ਹੀ ਰਹਿ ਗਿਆ। 1998 'ਚ ਥਾਈਲੈਂਡ ਦੇ ਸ਼ਹਿਰ ਬੈਂਕਾਕ 'ਚ ਭਾਰਤੀ ਟੀਮ ਚੈਂਪੀਅਨ ਬਣੀ ਦੱਖਣੀ ਕੋਰੀਆ ਨੂੰ ਹਰਾ ਕੇ ਅਤੇ ਪਾਕਿਸਤਾਨ ਜਾਪਾਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਹੀ ਪ੍ਰਾਪਤ ਕਰ ਸਕਿਆ। 2002 'ਚ ਬੁਸਾਨ (ਦੱਖਣੀ ਕੋਰੀਆ) ਵਿਖੇ ਭਾਰਤੀ ਟੀਮ ਦੱਖਣੀ ਕੋਰੀਆ ਕੋਲੋਂ ਹਾਰ ਕੇ ਦੂਜੇ ਸਥਾਨ 'ਤੇ ਚਲੀ ਗਈ ਅਤੇ ਮਲੇਸ਼ੀਆ ਨੇ ਪਾਕਿਸਤਾਨ ਨੂੰ ਹਰਾ ਕੇ ਤਗਮੇ ਤੱਕ ਨਾ ਪਹੁੰਚਣ ਦਿੱਤਾ। ਇਹ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ। 2006 'ਚ ਦੋਹਾ (ਕਤਰ) ਵਿਖੇ ਦੱਖਣੀ ਕੋਰੀਆ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਿਆ, ਚੀਨ ਨੂੰ ਹਰਾ ਕੇ। ਪਾਕਿਸਤਾਨ ਨੇ ਜਾਪਾਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ। 2010 'ਚ ਚੀਨ 'ਚ ਆਯੋਜਿਤ ਹੋਈਆਂ ਏਸ਼ੀਅਨ ਖੇਡਾਂ 'ਚ ਭਾਰਤੀ ਹਾਕੀ ਟੀਮ ਤੀਜੇ ਸਥਾਨ 'ਤੇ ਰਹੀ, ਦੱਖਣੀ ਕੋਰੀਆ ਨੂੰ ਹਰਾ ਕੇ। ਪਾਕਿਸਤਾਨ ਮਲੇਸ਼ੀਆ ਨੂੰ ਹਰਾ ਕੇ ਚੈਂਪੀਅਨ ਬਣਿਆ। 2014 ਵਾਲੇ ਐਡੀਸ਼ਨ, ਜੋ ਦੱਖਣੀ ਕੋਰੀਆ ਦੇ ਇੰਚੀਓਨ ਸ਼ਹਿਰ 'ਚ ਆਯੋਜਿਤ ਹੋਈਆਂ, ਵਿਚ ਭਾਰਤ ਚੈਂਪੀਅਨ ਸੀ। ਪਾਕਿਸਤਾਨ ਉਪ-ਜੇਤੂ, ਦੱਖਣੀ ਕੋਰੀਆ ਤੀਜੇ ਸਥਾਨ 'ਤੇ ਅਤੇ ਮਲੇਸ਼ੀਆ ਨੂੰ ਚੌਥਾ ਸਥਾਨ ਹਾਸਲ ਹੋਇਆ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਜ਼ਿੰਦਗੀ ਵੀਲ੍ਹਚੇਅਰ 'ਤੇ, ਫਿਰ ਵੀ ਬਣੀ ਦੂਸਰਿਆਂ ਲਈ ਮਿਸਾਲ ਡਿੰਕਲ ਸਾਹ ਮੁੰਬਈ

ਅਗਰ ਹੋਣ ਹੌਸਲੇ ਬੁਲੰਦ ਤਾਂ ਫਿਰ ਕੋਈ ਵੀ ਜੰਗ ਜਿੱਤਣ ਤੋਂ ਇਨਸਾਨ ਨੂੰ ਕੋਈ ਵੀ ਰੋਕ ਨਹੀਂ ਸਕਦਾ ਅਤੇ ਅਜਿਹੀ ਹੀ ਮਿਸਾਲ ਬਣੀ ਹੈ ਡਿੰਕਲ ਸਾਹ ਮੁੰਬਈ ਜੋ ਵੀਲ੍ਹਚੇਅਰ 'ਤੇ ਜ਼ਿੰਦਗੀ ਜਿਉ ਹੀ ਨਹੀਂ ਰਹੀ, ਸਗੋਂ ਉਸ ਨੂੰ ਮਾਣ ਵੀ ਰਹੀ ਹੈ ਅਤੇ ਉਹ ਬੜੇ ਫ਼ਖਰ ਅਤੇ ਮਾਣ ਨਾਲ ਆਖਦੀ ਹੈ ਕਿ, 'ਨਾ ਥਕੇ ਕਭੀ ਪੈਰ ਨਾ ਕਭੀ ਹਿੰਮਤ ਹਾਰੀ ਹੈ, ਜਜ਼ਬਾ ਹੈ ਪਰਿਵਰਤਨ ਕਾ ਜ਼ਿੰਦਗੀ ਮੇਂ ਇਸ ਲੀਏ ਸਫ਼ਰ ਜਾਰੀ ਹੈ।' ਹੁਣ ਜੇਕਰ ਉਸ ਦੀ ਵੀਲ੍ਹਚੇਅਰ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੰਨ 2001 ਵਿਚ ਗੁਜਰਾਤ ਵਿਚ ਆਏ ਬੜੇ ਖ਼ਤਰਨਾਕ ਭੁਚਾਲ ਨੇ ਡਿੰਕਲ ਸਾਹ ਦੀ ਜ਼ਿੰਦਗੀ ਦੇ ਮਾਅਨੇ ਹੀ ਨਹੀਂ ਬਦਲੇ, ਸਗੋਂ ਉਸ ਭੁਚਾਲ ਨੇ ਪਤਾ ਨਹੀਂ ਕਿੰਨੀਆਂ ਮਨੁੱਖੀ ਜਾਨਾਂ ਲਈਆਂ ਅਤੇ ਹਜ਼ਾਰਾਂ ਦੀ ਤਦਾਦ ਵਿਚ ਬੇਘਰ ਹੋਣ ਦੇ ਨਾਲ-ਨਾਲ ਲੋਕ ਅਪਾਹਜ ਵੀ ਹੋ ਗਏ ਅਤੇ ਡਿੰਕਲ ਸਾਹ ਵੀ ਉਨ੍ਹਾ ਵਿਚੋਂ ਇਕ ਸੀ। ਡਿੰਕਲ ਸਾਹ ਦਾ ਜਨਮ ਮੁੰਬਈ ਦੇ ਮਲਾਡ ਕਸਬੇ ਵਿਚ ਪਿਤਾ ਜਸਵੰਤ ਸਾਹ ਦੇ ਘਰ ਮਾਤਾ ਰਸੀਲਾ ਸਾਹ ਦੀ ਕੁੱਖੋਂ 21 ਦਸੰਬਰ, 1994 ਨੂੰ ਹੋਇਆ। ਡਿੰਕਲ ਸਾਹ ਮੁੰਬਈ ਤੋਂ ਆਪਣੇ ਮਾਂ-ਬਾਪ ਨਾਲ ਗੁਜਰਾਤ ਪ੍ਰਾਂਤ ਦੇ ਇਲਾਕੇ ਕੱਛ ਵਿਚ ਇਕ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਗਈ ਸੀ। ਸਵੇਰ ਦਾ ਸਮਾਂ ਸੀ ਕਿ ਅਚਾਨਕ ਭੁਚਾਲ ਆ ਗਿਆ ਅਤੇ ਡਿੰਕਲ ਵੀ ਉਸ ਭੁਚਾਲ ਦੀ ਲਪੇਟ ਵਿਚ ਆ ਗਈ। ਪੂਰੀ ਦੀ ਪੂਰੀ ਬਿਲਡਿੰਗ ਹੀ ਸਿਰ 'ਤੇ ਆ ਪਈ।
ਬੜੀ ਮੁਸ਼ਕਿਲ ਨਾਲ ਡਿੰਕਲ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਅਤੇ ਉਸ ਨੂੰ ਡਾਕਟਰੀ ਸਹਾਇਤਾ ਲਈ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਭ ਤੋਂ ਪਹਿਲਾਂ ਉਸ ਦੇ ਸਿਰ ਵਿਚ ਲੱਗੀ ਸੱਟ ਦਾ ਇਲਾਜ ਕਰਨਾ ਸ਼ੁਰੂ ਕੀਤਾ, ਕਿਉਂਕਿ ਡਿੰਕਲ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੋਈ ਸੀ। ਕਾਫ਼ੀ ਦਿਨਾਂ ਬਾਅਦ ਜਦ ਸਿਰ ਦੀ ਸੱਟ ਤੋਂ ਠੀਕ ਹੋਈ ਤਾਂ ਡਿੰਕਲ ਨੇ ਉੱਠ ਕੇ ਤੁਰਨਾ ਚਾਹਿਆ ਤਾਂ ਉਸ ਨੂੰ ਲੱਗਿਆ ਕਿ ਉਸ ਦਾ ਨਿਚਲਾ ਹਿੱਸਾ ਬੇਜਾਨ ਹੈ ਅਤੇ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਤੁਰ ਨਾ ਸਕੀ ਅਤੇ ਅਜੇ ਸਿਰ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਈ ਅਤੇ ਉੱਤੋਂ ਇਹ ਭਾਣਾ ਹੋਰ ਵਾਪਰ ਗਿਆ। ਫਿਰ ਡਾਕਟਰਾਂ ਦੇ ਲਿਜਾਇਆ ਗਿਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਡਿੰਕਲ ਸਾਹ ਹੁਣ ਕਦੇ ਵੀ ਚੱਲ ਨਹੀਂ ਸਕੇਗੀ, ਕਿਉਂਕਿ ਉਸ ਦੀ ਰੀੜ੍ਹ ਦੀ ਹੱਡੀ ਵੀ ਕਰੈਕ ਹੋ ਗਈ ਸੀ। ਇਕ ਵਾਰ ਤਾਂ ਮਾਂ-ਬਾਪ ਦੇ ਸਜਾਏ ਸੁਪਨੇ ਚਕਨਾਚੂਰ ਹੋ ਗਏ ਅਤੇ ਡਿੰਕਲ ਵੀ ਡੂੰਘੇ ਸਦਮੇ ਵਿਚ ਚਲੀ ਗਈ। ਕੁਝ ਮਹੀਨਿਆਂ ਤੋਂ ਬਾਅਦ ਡਿੰਕਲ ਨੂੰ ਮੁੰਬਈ ਵਿਖੇ ਰੀਹੈਬਲੀਟੇਸ਼ਨ ਨੀਨਾ ਫਾਊਂਡੇਸ਼ਨ ਲਿਜਾਇਆ ਗਿਆ, ਜਿੱਥੇ ਡਿੰਕਲ ਨੇ ਵੇਖਿਆ ਕਿ ਉਹ ਵੀਲ੍ਹਚੇਅਰ 'ਤੇ ਚੱਲਣ ਵਾਲੀ ਇਕੱਲੀ ਨਹੀਂ ਹੈ, ਸਗੋਂ ਹੋਰ ਵੀ ਲੋਕ ਨੇ ਜਿਹੜੇ ਵੀਲ੍ਹਚੇਅਰ 'ਤੇ ਹੁੰਦੇ ਹੋਏ ਵੀ ਮੁਸਕਰਾ ਕੇ ਜ਼ਿੰਦਗੀ ਜਿਉ ਰਹੇ ਹਨ। ਹੋਰ ਤਾਂ ਹੋਰ, ਉਥੇ ਵੀਲ੍ਹਚੇਅਰ ਉੱਪਰ ਹੀ ਉਸ ਨੇ ਨਾਲ ਦੀਆਂ ਹੋਰ ਲੜਕੀਆਂ ਅਤੇ ਲੜਕਿਆਂ ਨੂੰ ਡਾਂਸ ਕਰਦੇ ਵੀ ਵੇਖਿਆ ਤਾਂ ਡਿੰਕਲ ਦਾ ਹੌਸਲਾ ਬੁਲੰਦ ਹੋਇਆ ਅਤੇ ਉਸ ਦੇ ਮਨ ਨੇ ਨਵੀਂ ਉਡਾਨ ਭਰੀ ਅਤੇ ਹੌਸਲੇ ਵਿਚ ਆ ਉਸ ਨੇ ਐਸੀ ਵੀਲ੍ਹਚੇਅਰ ਦੌੜਾਈ ਕਿ ਅੱਜ ਤੱਕ ਉਹ ਰੁਕੀ ਨਹੀਂ।
ਡਿੰਕਲ ਵੀਲ੍ਹਚੇਅਰ 'ਤੇ ਹੀ ਕਰਤਬ ਵਿਖਾਉਣ ਲੱਗੀ, ਵੀਲ੍ਹਚੇਅਰ 'ਤੇ ਹੀ ਉਹ ਬੈਡਮਿੰਟਨ ਖੇਡਣ ਲੱਗੀ ਅਤੇ ਸਵਿਮਿੰਗ ਵੀ ਕਰਨ ਲੱਗੀ। ਡਿੰਕਲ ਖੇਡਾਂ ਦੇ ਖੇਤਰ 'ਚ ਵੀ ਮੱਲਾਂ ਮਾਰਨ ਲੱਗੀ ਅਤੇ ਛੇਤੀ ਹੀ ਉਸ ਦੀ ਚੋਣ ਵੀਲ੍ਹਚੇਅਰ ਬਾਸਕਟਬਾਲ ਟੀਮ ਵਿਚ ਹੋ ਗਈ। ਉਸ ਦਾ ਜਨੂਨ ਆਖ ਲਈਏ ਜਾਂ ਫਿਰ ਉਸ ਦਾ ਸ਼ੌਕ, ਸਾਲ 2017 ਵਿਚ ਇੰਡੋਨੇਸ਼ੀਆ ਵਿਖੇ ਬਾਲੀ ਸ਼ਹਿਰ ਹੋਈਆਂ ਪੈਰਾ ਖੇਡਾਂ ਵਿਚ ਉਹ ਭਾਰਤ ਦੀ ਬਾਸਕਟਬਾਲ ਟੀਮ ਵਿਚ ਖੇਡੀ, ਜਿੱਥੇ ਉਸ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ ਅਤੇ ਉਸ ਤੋਂ ਪਹਿਲਾਂ ਉਹ ਨੈਸ਼ਨਲ ਪੱਧਰ 'ਤੇ ਸਾਲ 2015 ਵਿਚ ਵੀਲ੍ਹਚੇਅਰ ਬਾਸਕਟਬਾਲ ਟੂਰਨਾਮੈਂਟ ਵਿਚ ਸੋਨ ਤਗਮਾ ਆਪਣੇ ਨਾਂਅ ਕਰ ਚੁੱਕੀ ਸੀ ਅਤੇ ਉਸ ਦਾ ਇਹ ਸਫ਼ਰ ਲਗਾਤਾਰ ਜਾਰੀ ਹੈ। ਜਿੱਥੇ ਡਿੰਕਲ ਨੂੰ ਖੇਡਾਂ ਵਿਚ ਬੇਹੱਦ ਸ਼ੌਕ ਹੈ, ਉਥੇ ਉਹ ਪੜ੍ਹਾਈ ਵਿਚ ਵੀ ਮੁੰਬਈ ਵਿਚ ਟੌਪਰ ਮੰਨੀ ਜਾਂਦੀ ਹੈ ਅਤੇ ਅੱਜਕਲ੍ਹ ਉਹ ਮੁੰਬਈ ਦੇ ਪ੍ਰਸਿੱਧ ਕਾਲਜ ਜਮਨਾ ਲਾਲ ਬਜਾਜ ਵਿਚ ਬੀ.ਕਾਮ. ਕਰਨ ਤੋਂ ਬਾਅਦ ਐਮ. ਬੀ. ਏ. ਦੀ ਡਿਗਰੀ ਕਰ ਰਹੀ ਹੈ। ਡਿੰਕਲ ਸਾਹ ਆਖਦੀ ਹੈ ਕਿ ਖੇਡਾਂ ਹੀ ਉਸ ਦਾ ਜਨੂੰਨ ਨਹੀਂ, ਸਗੋਂ ਸੋਸ਼ਲ ਕੰਮ ਕਰਨੇ, ਸੈਮੀਨਾਰਾਂ ਵਿਚ ਜਾ ਕੇ ਇਕ ਚੰਗੀ ਸਪੋਕਸਮੈਨ ਵਜੋਂ ਹੋਰ ਵੀਲ੍ਹਚੇਅਰ 'ਤੇ ਚੱਲਣ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਉਸ ਦਾ ਮੁਢਲਾ ਫਰਜ਼ ਹੈ ਅਤੇ ਉਹ ਮੁੰਬਈ ਵਿਚ ਬਹੁਤ ਸਾਰੀਆਂ ਸਮਾਜਿਕ ਕੰਮ ਕਰਨ ਵਾਲੀਆਂ ਐਨ. ਜੀ. ਓ. ਸੰਸਥਾਵਾਂ ਨਾਲ ਜੁੜ ਕੇ ਕੰਮ ਵੀ ਕਰ ਰਹੀ ਹੈ। ਡਿੰਕਲ ਨੇ 15 ਸਾਲ ਦੀ ਉਮਰ ਵਿਚ ਚਾਕਲੇਟ ਬਣਾਉਣੀ ਸਿੱਖੀ ਸੀ ਅਤੇ ਖੇਡਾਂ, ਪੜ੍ਹਾਈ ਦੇ ਨਾਲ-ਨਾਲ ਉਸ ਨੇ ਆਪਣੇ ਇਸ ਸ਼ੌਕ ਨੂੰ ਵੀ ਜ਼ਿੰਦਾ ਰੱਖਿਆ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਇੰਗਲੈਂਡ ਦੌਰਾ :

ਵਿਰਾਟ ਕੋਹਲੀ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਅਗਨੀ-ਪ੍ਰੀਖਿਆ

ਸ੍ਰੀਲੰਕਾ ਵਿਚ ਪੈਦਾ ਹੋਏ ਆਸਟ੍ਰੇਲੀਆਈ ਕ੍ਰਿਕਟਰ ਅਤੇ ਵਰਤਮਾਨ ਵਿਚ ਕੇਰਲ ਕ੍ਰਿਕਟ ਟੀਮ ਦੇ ਕੋਚ ਡੇਵ ਵਾਹਟਮੋਰ ਉਨ੍ਹਾਂ ਵਿਅਕਤੀਆਂ ਵਿਚੋਂ ਇਕ ਹਨ ਜੋ ਆਪਣੇ ਸ਼ਬਦਾਂ ਦੀ ਥਾਂ ਆਪਣੀਆਂ ਉਪਲਬਧੀਆਂ ਨੂੰ ਜ਼ਿਆਦਾ ਬੋਲਣ ਦਿੰਦੇ ਹਨ। ਉਨ੍ਹਾਂ ਨੇ ਕੋਚ ਦੇ ਰੂਪ ਵਿਚ ਆਪਣੇ ਹੀ ਦੇਸ਼ ਆਸਟ੍ਰੇਲੀਆ ਵਿਰੁੱਧ 1996 ਦਾ ਵਿਸ਼ਵ ਕੱਪ ਸ੍ਰੀਲੰਕਾ ਲਈ ਜਿੱਤਿਆ, ਉਹ ਹੀ ਭਾਰਤੀ ਅੰਡਰ-19 ਦੇ ਕੋਚ ਸਨ ਜਦੋਂ ਵਿਰਾਟ ਕੋਹਲੀ ਨੇ 2008 ਵਿਚ ਇਹ ਵਿਸ਼ਵ ਕੱਪ ਜਿੱਤਿਆ ਸੀ। ਵਾਹਟਮੋਰ ਨੇ ਬੰਗਲਾਦੇਸ਼ ਨੂੰ ਉਸ ਦੇ ਸੁਨਹਿਰੇ ਯੁੱਗ ਵਿਚ ਕੋਚ ਕੀਤਾ ਜਦੋਂ ਉਸ ਨੇ ਪਹਿਲੀ ਵਾਰ ਭਾਰਤ, ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮਾਂ ਨੂੰ ਹਰਾਇਆ ਸੀ। ਇਸ ਤਰ੍ਹਾਂ ਦੀਆਂ ਸਫਲਤਾਵਾਂ ਦੀ ਇਕ ਲੰਬੀ ਸੂਚੀ ਹੈ। ਇਸ ਲਈ ਉਨ੍ਹਾਂ ਨਾਲ ਗੱਲ ਕਰਨਾ ਹਮੇਸ਼ਾ ਗਿਆਨ ਹਾਸਲ ਕਰਨਾ ਹੁੰਦਾ ਹੈ। ਫਿਲਹਾਲ ਭਾਰਤੀ ਟੀਮ ਇੰਗਲੈਂਡ ਦੇ ਦੌਰੇ 'ਤੇ ਹੈ, ਇਸ ਲਈ ਇਸ ਸੰਦਰਭ ਵਿਚ ਗੱਲ ਕਰਨ ਲਈ ਉਹ ਸਹੀ ਵਿਅਕਤੀਆਂ ਵਿਚੋਂ ਇਕ ਹਨ।
ਡੇਵ ਵਾਹਟਮੋਰ ਖਿਡਾਰੀ ਤੋਂ ਕੋਚ ਬਣੇ ਹਨ। ਉਹ ਇਨ੍ਹਾਂ ਦੋਵਾਂ ਭੂਮਿਕਾਵਾਂ ਤੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ? ਉਹ ਦੱਸਦੇ ਹਨ, 'ਇਹ ਦਿਲਚਸਪ ਗੱਲ ਹੈ, ਕਿਉਂਕਿ ਸਫਲਤਾ ਦੇ ਕਾਰਨ ਤੁਸੀਂ ਕੁਝ ਪੱਧਰਾਂ ਤੱਕ ਖੇਡਣਾ ਜ਼ਿਆਦਾ ਪਸੰਦ ਕਰਦੇ ਹੋ ਪਰ ਆਪਣੀ ਕੌਮਾਂਤਰੀ ਕ੍ਰਿਕਟ ਦੇ ਆਖਰੀ ਦਿਨਾਂ ਵਿਚ ਮੈਂ ਮਾਨਸਿਕ ਰੂਪ ਵਿਚ ਮਜ਼ਬੂਤ ਨਹੀਂ ਸੀ। ਮੈਂ ਸੰਘਰਸ਼ ਕਰ ਰਿਹਾ ਸੀ। ਇਸ ਲਈ ਮੈਂ ਕੋਚ ਦੇ ਰੂਪ ਵਿਚ ਆਪਣੇ ਕੈਰੀਅਰ ਦਾ ਜ਼ਿਆਦਾ ਆਨੰਦ ਲਿਆ, ਇਸ ਤਰ੍ਹਾਂ ਕਿਹਾ ਜਾ ਸਕਦਾ ਹੈ। ਜਦੋਂ ਤੁਸੀਂ ਮਹਾਨ ਖਿਡਾਰੀ ਨਹੀਂ ਹੁੰਦੇ ਅਤੇ ਉਸ ਨਾਲ ਜੁੜੀਆਂ ਮੁਸ਼ਕਿਲਾਾਂ ਨੂੰ ਸਮਝਦੇ ਹੋ ਤਾਂ ਇਸ ਜਾਣਕਾਰੀ ਨੂੰ ਤੁਸੀਂ ਅੱਗੇ ਵਧਾ ਸਕਦੇ ਹੋ।'
ਇਕ ਕੌਮਾਂਤਰੀ ਟੀਮ ਅਤੇ ਇਕ ਘਰੇਲੂ ਟੀਮ ਨੂੰ ਕੋਚਿੰਗ ਦੇਣ ਵਿਚ ਬਹੁਤ ਫਰਕ ਹੈ, ਪਰ ਕੁਸ਼ਲਤਾ ਤੇ ਖੇਡ ਦੇ ਵਿਭਾਗ ਵਿਚ ਨਹੀਂ, ਕਿਉਂਕਿ 4 ਦਿਨਾ ਅਤੇ 5 ਦਿਨਾਂ ਦਾ ਟੈਸਟ ਮੈਚ ਕਾਫੀ ਹੱਦ ਤੱਕ ਇਕੋ ਜਿਹਾ ਹੁੰਦਾ ਹੈ। ਇਕ ਦਿਨਾਂ ਮੈਚਾਂ ਨੂੰ ਛੱਡ ਕੇ ਖੇਡ ਆਪਣੇ-ਆਪ ਵਿਚ ਜ਼ਿਆਦਾ ਨਹੀਂ ਬਦਲਦਾ ਹੈ। ਜੋ ਸੀਜ਼ਨਲ ਕ੍ਰਿਕਟ ਤੁਸੀਂ ਖੇਡਦੇ ਹੋ, ਉਹ ਕਾਫੀ ਬਦਲ ਜਾਂਦਾ ਹੈ। ਕੌਮਾਂਤਰੀ ਪੱਧਰ 'ਤੇ ਸੀਜ਼ਨ ਨਹੀਂ ਹੁੰਦੇ, ਦੋ ਜਾਂ ਤਿੰਨ ਲੜੀਆਂ ਹਮੇਸ਼ਾਂ ਲਾਈਨ ਵਿਚ ਹੁੰਦੀਆਂ ਹਨ। ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਸਥਿਤੀਆਂ ਹੁੰਦੀਆਂ ਹਨ। ਘਰੇਲੂ ਕ੍ਰਿਕਟ ਵਿਚ ਪ੍ਰੀ-ਸੀਜ਼ਨ, ਇਨ-ਸੀਜ਼ਨ ਤੇ ਆਫ-ਸੀਜ਼ਨ ਹੁੰਦੇ ਹਨ। 12 ਮਹੀਨੇ ਦੇ ਕੈਲੰਡਰ ਵਿਚ ਵਕਫ਼ਾ ਹੁੰਦਾ ਹੈ ਅਤੇ ਇਹੀ ਮੁੱਖ ਅੰਤਰ ਹੁੰਦਾ ਹੈ। ਜਿੱਥੋਂ ਤੱਕ ਦਬਾਅ ਦੀ ਗੱਲ ਹੈ ਤਾਂ ਕੌਮਾਂਤਰੀ ਪੱਧਰ 'ਤੇ ਜ਼ਿਆਦਾ ਹੁੰਦਾ ਹੈ, ਘਰੇਲੂ ਕ੍ਰਿਕਟ ਵਿਚ ਵੀ ਦਬਾਅ ਹੁੰਦਾ ਹੈ, ਪਰ ਏਨਾ ਨਹੀਂ ਜਿੰਨਾ ਦੂਜੇ ਦੇਸ਼ ਦੇ ਮੁਕਾਬਲਾ ਕਰਨ 'ਤੇ ਹੁੰਦਾ ਹੈ। ਇਸ ਤਰ੍ਹਾਂ ਡੇਵ ਵਾਹਟਮੋਰ ਦਾ ਕਹਿਣਾ ਹੈ।
ਹਰ ਟੀਮ ਖਰਾਬ ਦੌਰ ਤੋਂ ਲੰਘਦੀ ਹੈ, ਇਸ ਤਰ੍ਹਾਂ 'ਚ ਡ੍ਰੈਸਿੰਗ ਰੂਮ ਨੂੰ ਕੰਟਰੋਲ ਕਰਨਾ ਕਿਸ ਤਰ੍ਹਾਂ ਦਾ ਹੁੰਦਾ ਹੈ? ਇਸ ਗੱਲ ਨੂੰ ਡੇਵ ਵਾਹਟਮੋਰ ਤੋਂ ਚੰਗਾ ਕੌਣ ਦੱਸ ਸਕਦਾ ਹੈ। ਉਹ ਕਹਿੰਦੇ ਹਨ, 'ਸੌਖਾ ਨਹੀਂ ਹੈ। ਹਰ ਕੋਈ ਨਿਰਾਸ਼ ਹੁੰਦਾ ਹੈ ਤੇ ਉਹ ਚੰਗਾ ਨਹੀਂ ਖੇਡਿਆ ਹੈ। ਹਾਰਨਾ ਸਮੱਸਿਆ ਨਹੀਂ ਹੈ, ਜਦੋਂ ਤੱਕ ਤੁਸੀਂ ਆਪਣੇ ਵਲੋਂ ਚੰਗਾ ਪ੍ਰਦਰਸ਼ਨ ਕੀਤਾ ਹੁੰਦਾ ਹੈ ਪਰ ਇਸ ਤਰ੍ਹਾਂ ਦੇ ਮੈਚ ਹੁੰਦੇ ਹਨ, ਜਿਨ੍ਹਾਂ ਵਿਚੋਂ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੁੰਦਾ ਹੈ, ਉਦੋਂ ਦੁੱਖ ਜ਼ਿਆਦਾ ਹੁੰਦਾ ਹੈ। ਸਾਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਨੂੰ ਜਿਥੋਂ ਤੱਕ ਸੰਭਵ ਹੋਵੇ ਘੱਟ ਕਰਨਾ ਪੈਂਦਾ ਹੈ। ਜਦੋਂ ਤੁਸੀਂ ਕਈ ਲੜੀਆਂ ਲਗਾਤਾਰ ਹਾਰ ਜਾਂਦੇ ਹੋ ਤਾਂ ਤੁਹਾਨੂੰ ਸਹੀ ਤੇ ਇਮਾਨਦਾਰ ਹੋਣ ਦੀ ਜ਼ਰੂਰਤ ਹੁੰਦੀ ਹੈ, ਤਦੇ ਤੁਸੀਂ ਉਨ੍ਹਾਂ ਦੇ ਨਤੀਜਿਆਂ ਦੀ ਸਹੀ ਤਰ੍ਹਾਂ ਸਮੀਖਿਆ ਕਰ ਸਕਦੇ ਹੋ। ਤੁਹਾਨੂੰ ਹਾਂ-ਪੱਖੀ ਹੋਣਾ ਪੈਂਦਾ ਹੈ, ਤੁਹਾਡਾ ਨਿੱਜੀ ਪ੍ਰਦਰਸ਼ਨ ਕਿਵੇਂ ਦਾ ਰਿਹਾ, ਤੁਹਾਡਾ ਕੈਰੀਅਰ ਔਸਤ ਉੱਪਰ ਗਿਆ ਜਾਂ ਕਿੰਨੀ ਵਾਰ ਤੁਸੀਂ ਟੈਸਟ ਮੈਚ ਨੂੰ ਆਖਰੀ ਦਿਨ ਤਕ ਲੈ ਕੇ ਗਏ। ਮੈਂ ਇਹ ਸਮਝਦਾ ਹਾਂ ਕਿ ਹਾਰਨ ਜਾਂ ਜਿੱਤਣ ਦੇ ਮੁਕਾਬਲੇ ਵਿਚ ਇਹ ਸਮੀਖਿਆ ਦਾ ਚੰਗਾ ਤਰੀਕਾ ਹੈ।'
ਹਾਲ ਦੇ ਦਿਨਾਂ ਵਿਚ ਗੇਂਦ ਨਾਲ ਛੇੜਛਾੜ ਦੇ ਕੌਮਾਂਤਰੀ ਪੱਧਰ 'ਤੇ ਅਨੇਕ ਮਾਮਲੇ ਹੋਏ ਹਨ। ਇਸ ਬਾਰੇ ਵਿਚ ਡੇਵ ਵਾਹਟਮੋਰ ਦੱਸਦੇ ਹਨ, 'ਕੋਚ ਦੇ ਰੂਪ ਵਿਚ ਕਦੀ-ਕਦਾਈਂ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਦਾ ਮੈਚ ਵਿਚ ਹੋਵੇਗਾ, ਪਰ ਆਮ ਤੌਰ 'ਤੇ ਤੁਸੀਂ ਨਹੀਂ ਜਾਣਦੇ ਹੋ। ਬਿਨਾਂ ਕੋਚ ਦੀ ਜਾਣਕਾਰੀ ਵਿਚ ਇਹ ਉਦੋਂ ਹੁੰਦਾ ਹੈ ਜਦੋਂ ਮੈਚ ਦੇ ਕਿਸੇ ਵਿਸ਼ੇਸ਼ ਪੱਧਰ ਵਿਚ ਕੁਝ ਖਿਡਾਰੀ ਰਣਨੀਤੀ ਦੇ ਤੌਰ 'ਤੇ ਕੁਝ ਨਵਾਂ ਕਰਨਾ ਤੈਅ ਕਰਦੇ ਹਨ। ਗੇਂਦ ਨਾਲ ਛੇੜਛਾੜ ਦਾ ਇਹ ਖੇਤਰ ਹੁਣ ਜ਼ਿਆਦਾ ਦਿਖਾਈ ਦੇਣ ਲੱਗਿਆ ਹੈ। ਮੈਂ ਵੀ ਇਸ 'ਤੇ ਕੁਝ ਜ਼ਿਆਦਾ ਸਪੱਸ਼ਟਤਾ ਚਾਹਾਂਗਾ ਕਿ ਅਸਲ ਵਿਚ ਗੇਂਦ ਨਾਲ ਛੇੜਛਾੜ ਕੀ ਹੈ ਜਾਂ ਕਿਹੜੇ ਪਦਾਰਥਾਂ ਨੂੰ ਮੈਦਾਨ ਵਿਚ ਲੈ ਜਾਇਆ ਜਾ ਸਕਦਾ ਹੈ? ਸਾਲਾਂ ਤੋਂ ਖਿਡਾਰੀ ਆਪਣੇ ਥੁੱਕ ਦੀ ਵਰਤੋਂ ਗੇਂਦ ਦੀ ਚਮਕ ਬਣਾਈ ਰੱਖਣ ਲਈ ਕਰਦੇ ਆ ਰਹੇ ਹਨ, ਹਾਲਾਂਕਿ ਮੈਨੂੰ ਇਹ ਪਸੰਦ ਨਹੀਂ ਹੈ, ਮੈਂ ਬੱਬਲਗਮ ਚਬਾਉਂਦਾ ਸੀ ਅਤੇ ਥੁੱਕ ਗੇਂਦ 'ਤੇ ਲਗਾਉਂਦਾ ਸੀ ਉਸ ਦੀ ਚਮਕ ਬਣਾਈ ਰੱਖਣ ਲਈ। ਇਸ ਸਮੇਂ ਇਹ ਦਿਲਚਸਪ ਤੇ ਗ੍ਰੇ ਖੇਤਰ ਹੈ। ਕੁਝ ਲੋਕ ਹਨ ਜੋ ਹਰ ਚੀਜ਼ ਲਈ ਕੋਚ 'ਤੇ ਦੋਸ਼ ਲਗਾ ਦਿੰਦੇ ਹਨ ਕਿਉਂਕਿ ਉਹ ਕੋਚ ਹੈ। ਕਦੀ-ਕਦੀ ਮੈਂ ਉਨ੍ਹਾਂ ਗੱਲਾਂ ਨੂੰ ਸਮਝਦਾ ਹਾਂ, ਪਰ ਇਹ ਠੀਕ ਨਹੀਂ ਹੈ ਕਿ ਉਸ ਵਿਅਕਤੀ ਨੂੰ ਦੋਸ਼ੀ ਮੰਨਿਆ ਜਾਵੇ ਜੋ ਅਸਲ ਵਿਚ ਉਸ ਦਾ ਹਿੱਸਾ ਨਹੀਂ ਹੈ।'
ਡੇਵ ਵਾਹਟਮੋਰ ਦਾ ਮੰਨਣਾ ਹੈ ਕਿ ਇਕ ਕਪਤਾਨ ਦੇ ਰੂਪ ਵਿਚ ਤੁਸੀਂ ਹਮੇਸ਼ਾ ਕੁਝ ਸਿੱਖ ਰਹੇ ਹੁੰਦੇ ਹੋ। ਇਸ ਲਈ ਵਿਰਾਟ ਕੋਹਲੀ ਬਾਰੇ ਉਨ੍ਹਾਂ ਤੋਂ ਜਾਣਨਾ ਦਿਲਚਸਪ ਰਿਹਾ। ਉਹ ਦੱਸਦੇ ਹਨ, 'ਇਕ ਫੀਲਡਰ ਤੇ ਬੱਲੇਬਾਜ਼ ਦੇ ਰੂਪ ਵਿਚ ਵਿਰਾਟ ਆਪਣੇ ਪ੍ਰਦਰਸ਼ਨ ਨਾਲ ਅਗਵਾਈ ਕਰਦੇ ਹਨ, ਉਹ ਸਾਰੇ ਬਕਸਿਆਂ 'ਤੇ ਸਹੀ ਨਿਸ਼ਾਨਾ ਲਗਾਉਂਦੇ ਹਨ। ਮੈਦਾਨ 'ਤੇ ਸਾਹਸਕ ਨਿਰਣਾ ਲੈਣ ਲਈ ਉਨ੍ਹਾਂ ਨੂੰ ਕੁਝ ਖਿਡਾਰੀਆਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਆਮ ਧਾਰਨਾ ਦੇ ਉਲਟ ਉਹ ਲੋਕਤੰਤਰਿਕ ਲੀਡਰ ਹਨ, ਉਹ ਨਿਰਣਾ ਲੈਣ ਤੋਂ ਪਹਿਲਾਂ ਆਪਣੇ ਆਲੇ-ਦੁਆਲੇ ਦੇ ਸਾਰੇ ਖਿਡਾਰੀਆਂ ਦੀ ਸੁਣਦੇ ਹਨ। ਕਿਸੇ ਦੇਸ਼ ਵਿਚ ਕਪਤਾਨ ਦੇ ਰੂਪ ਵਿਚ ਜਾਣਾ ਕਿਸੇ ਵੀ ਕ੍ਰਿਕਟ ਖਿਡਾਰੀ ਲਈ ਸਭ ਤੋਂ ਵੱਡਾ ਇਮਤਿਹਾਨ ਹੁੰਦਾ ਹੈ, ਸਿਰਫ ਘਰ ਵਿਚ ਪ੍ਰਦਰਸ਼ਨ ਨਾਲ ਕੁਝ ਨਹੀਂ ਹੁੰਦਾ। ਇਕ ਬੱਲੇਬਾਜ਼, ਗੇਂਦਬਾਜ਼ ਤੇ ਕਪਤਾਨ ਦੇ ਰੂਪ ਵਿਚ ਤੁਹਾਨੂੰ ਵੱਖ-ਵੱਖ ਹਾਲਤਾਂ ਵਿਚ ਪ੍ਰਦਰਸ਼ਨ ਕਰਨਾ ਹੁੰਦਾ ਹੈ ਤਦ ਹੀ ਤੁਹਾਨੂੰ ਇਕ ਮਹਾਨ ਕ੍ਰਿਕਟ ਖਿਡਾਰੀ ਦਾ ਟੈਗ ਮਿਲਦਾ ਹੈ। ਵਿਰਾਟ ਸਹੀ ਮਾਰਗ 'ਤੇ ਹੈ, ਇਹ ਇੰਗਲੈਂਡ ਦਾ ਦੌਰਾ ਨਿਸਚਿਤ ਰੂਪ ਨਾਲ ਉਨ੍ਹਾਂ ਦੀ ਕਾਬਲੀਅਤ ਦਾ ਸੰਕੇਤ ਦੇਵੇਗਾ। ਉਨ੍ਹਾਂ ਨੂੰ ਆਪਣੀ ਟੀਮ ਦਾ ਜ਼ਬਰਦਸਤ ਸਮਰਥਨ ਹਾਸਲ ਹੈ।'
ਵਿਰਾਟ ਆਪਣੀ ਫਿਟਨੈੱਸ ਕਾਰਨ ਵੀ ਰੋਲ ਮਾਡਲ ਹੈ। ਅੱਜ ਜਿੰਨੀ ਜ਼ਿਆਦਾ ਕ੍ਰਿਕਟ ਖੇਡੀ ਜਾ ਰਹੀ ਹੈ, ਉਸ ਵਿਚ ਫਿਟ ਹੋਣਾ ਤੇ ਰਹਿਣਾ ਬਹੁਤ ਮਹੱਤਵਪੂਰਨ ਹੈ। ਜਦੋਂ ਤੁਸੀਂ ਅਨਫਿਟ ਰਹਿਣ ਲਗਦੇ ਹੋ ਤਾਂ ਚੰਗੇ ਖਿਡਾਰੀ ਹੋਣ ਦੇ ਬਾਵਜੂਦ ਤੁਸੀਂ ਟੀਮ ਨੂੰ ਨੁਕਸਾਨ ਪਹੁੰਚਾਉਂਦੇ ਹੋ। ਇਸ ਤਰ੍ਹਾਂ ਡੇਵ ਵਾਹਟਮੋਰ ਦਾ ਕਹਿਣਾ ਹੈ ਅਤੇ ਸਹੀ ਕਹਿਣਾ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਖੇਡ ਜਗਤ ਦੇ 'ਅਰਸ਼' 'ਤੇ ਚੋਹਲੇ ਵਾਲੇ ਦੀ ਸਰਬੋਤਮ ਉਡਾਣ

ਮਾਝੇ ਦੀ ਧਰਤੀ ਨੇ ਜਿੱਥੇ ਉਲੰਪਿਕ ਲਹਿਰ ਨਾਲ ਸਬੰਧਿਤ ਖੇਡਾਂ 'ਚ ਵਿਸ਼ਵ ਪੱਧਰ 'ਤੇ ਨਾਂਅ ਚਮਕਾਇਆ ਹੈ, ਉੱਥੇ ਪੰਜਾਬ ਦੀ ਰਵਾਇਤੀ ਖੇਡ ਕਬੱਡੀ 'ਚ ਵੀ ਮਝੈਲਾਂ ਦਾ ਨਾਂਅ ਧਰੂ ਤਾਰੇ ਵਾਂਗ ਚਮਕਦਾ ਹੈ। ਇਨ੍ਹਾਂ ਸਿਤਾਰਿਆਂ 'ਚ ਅਰਸ਼ਦੀਪ ਸਿੰਘ ਅਰਸ਼ ਚੋਹਲਾ ਸਾਹਿਬ ਦਾ ਨਾਂਅ ਵੀ ਜੁੜ ਗਿਆ ਹੈ। ਅਰਸ਼ ਨੇ ਹਾਲ ਹੀ ਵਿਚ ਖ਼ਤਮ ਹੋਏ ਦੁਨੀਆ ਦੇ ਸਭ ਤੋਂ ਮਹਿੰਗੇ ਤੇ ਸਖ਼ਤ ਮੁਕਾਬਲੇਬਾਜ਼ੀ ਵਾਲੇ ਟੋਰਾਂਟੋ ਕਬੱਡੀ ਸੀਜ਼ਨ ਦਾ ਸਰਬੋਤਮ ਜਾਫੀ ਬਣ ਕੇ ਆਪਣੇ ਖੇਡ ਜੀਵਨ ਦੀ ਵੱਡੀ ਪ੍ਰਾਪਤੀ ਕੀਤੀ ਹੈ।
ਸ: ਕੁਲਵੰਤ ਸਿੰਘ ਤੇ ਸ੍ਰੀਮਤੀ ਸੁਖਜੀਤ ਕੌਰ ਦੇ ਘਰ 27 ਅਗਸਤ, 1993 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਚੋਹਲਾ ਸਾਹਿਬ ਵਿਖੇ ਜਨਮੇ ਅਰਸ਼ ਨੇ ਆਪਣੇ ਭਰਾ ਸੁਖਮਨ ਚੋਹਲਾ ਸਾਹਿਬ ਨੂੰ ਦੇਖ ਕੇ ਕਬੱਡੀ ਖੇਡਣੀ ਸ਼ੁਰੂ ਕੀਤੀ। ਅਰਸ਼ ਦੇ ਦਾਦਾ ਜੀ ਸ: ਕਪੂਰ ਸਿੰਘ ਨੇ ਆਪਣੇ ਸਮੇਂ 'ਚ ਚੋਟੀ ਦੀ ਕਬੱਡੀ ਖੇਡੀ, ਜਿਸ ਕਰਕੇ ਉਸ ਦੇ ਪਿਤਾ ਸ: ਕੁਲਵੰਤ ਸਿੰਘ ਏ.ਐਸ.ਆਈ. ਪੰਜਾਬ ਪੁਲਿਸ ਨੇ ਆਪਣੇ ਪੁੱਤਰਾਂ ਸੁਖਮਨ ਤੇ ਅਰਸ਼ ਨੂੰ ਪਰਿਵਾਰਿਕ ਪ੍ਰੰਪਰਾ ਤਹਿਤ ਕਬੱਡੀ ਖੇਡਣ ਲਈ ਹਰ ਸੰਭਵ ਮੌਕੇ 'ਤੇ ਸਹੂਲਤਾਂ ਪ੍ਰਦਾਨ ਕੀਤੀਆਂ, ਜਿਸ ਤਹਿਤ ਅਰਸ਼ ਨੇ ਲੱਖਾ ਭਲਵਾਨ ਕੋਲੋਂ ਸਿਖਲਾਈ ਲੈਣੀ ਸ਼ੁਰੂ ਕੀਤੀ। ਅਰਸ਼ ਦੇ ਭਰਾ ਨੇ ਜਦੋਂ 2010 'ਚ ਵਿਦੇਸ਼ੀ ਧਰਤੀ 'ਤੇ ਆਪਣੀ ਖੇਡ ਦਾ ਲੋਹਾ ਮਨਵਾਇਆ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਅਰਸ਼ ਨੇ 2011 'ਚ ਜਾਫੀ ਵਜੋਂ ਕਬੱਡੀ ਖੇਡਣੀ ਆਰੰਭ ਕਰ ਦਿੱਤੀ। ਦੋ ਸਾਲ ਆਪਣੇ ਪਿੰਡ ਦੀ ਟੀਮ ਵਲੋਂ ਓਪਨ ਵਰਗ ਦੀ ਕਬੱਡੀ ਖੇਡਣ ਉਪਰੰਤ ਅਰਸ਼ ਨੇ ਨਾਮਵਰ ਕੋਚ ਸੁਖਮੰਦਰ ਬਰਾੜ ਭਾਗੀਕੇ ਦੀ ਅਕੈਡਮੀ ਕੋਟਲੀ ਥਾਨ ਸਿੰਘ ਵਲੋਂ 2013 ਦੇ ਕਬੱਡੀ ਸੀਜ਼ਨ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਤਕੜੀ ਕਬੱਡੀ ਖੇਡੀ।
ਸੰਨ 2016 ਤੋਂ ਅਰਸ਼ ਬਰੈਂਪਟਨ-ਟੋਰਾਂਟੋ ਕਬੱਡੀ ਕਲੱਬ ਵਲੋਂ ਖੇਡਣ ਲੱਗਾ ਤੇ ਇਸ ਵਰ੍ਹੇ ਲਗਾਤਾਰ ਤੀਸਰਾ ਸੀਜ਼ਨ ਇਸੇ ਕਲੱਬ ਵਲੋਂ ਖੇਡਿਆ। ਵੈਨਕੂਵਰ ਵਿਖੇ ਉਹ ਯੰਗ ਕਲੱਬ ਵਲੋਂ ਹੀ ਖੇਡਦਾ ਆ ਰਿਹਾ ਹੈ। ਉਹ ਹੁਣ ਤੱਕ ਚਾਰ ਸੀਜ਼ਨ ਅਮਰੀਕਾ 'ਚ ਖੇਡ ਚੁੱਕਾ ਹੈ। ਅਰਸ਼ ਨੂੰ 2014 'ਚ ਅਲਬਰਟਾ ਕਬੱਡੀ ਸੀਜ਼ਨ ਦੌਰਾਨ ਸੋਨੇ ਦੀ ਜੰਜ਼ੀਰ ਨਾਲ ਅਤੇ ਸੁੱਖਾ ਰੰਧਾਵਾ ਮਸੰਦਾਂ ਵਲੋਂ 2016 'ਚ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹ ਸਰਬੋਤਮ ਜਾਫੀ ਵਜੋਂ 10 ਮੋਟਰਸਾਈਕਲ ਅਤੇ ਇਕ ਬੁਲਟ ਮੋਟਰਸਾਈਕਲ ਜਿੱਤ ਚੁੱਕਾ ਹੈ। ਆਪਣੀਆਂ ਖੇਡ ਪ੍ਰਾਪਤੀਆਂ ਲਈ ਅਰਸ਼ ਜਿੱਥੇ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਦੇਣ ਮੰਨਦਾ ਹੈ, ਉੱਥੇ ਲੱਖਾ ਭਲਵਾਨ, ਕੋਚ ਸੁਖਮੰਦਰ ਬਰਾੜ, ਖੇਡ ਪ੍ਰਮੋਟਰ ਗੁਰਮੁਖ ਸਿੰਘ ਅਟਵਾਲ, ਮੀਕਾ ਜੌਹਲ, ਜਸਵਿੰਦਰ ਛੋਕਰ, ਸੁੱਖਾ ਰੰਧਾਵਾ ਤੇ ਬਲਵੀਰ ਰਾਏ ਦਾ ਵੀ ਰਿਣੀ ਹੈ। ਅਰਸ਼ ਦਾ ਨਿਸ਼ਾਨਾ ਵਿਸ਼ਵ ਕਬੱਡੀ ਕੱਪ 'ਚ ਦੇਸ਼ ਦੀ ਨੁਮਾਇੰਦਗੀ ਕਰਨਾ ਹੈ।


-ਪਟਿਆਲਾ। ਮੋਬਾ: 9779590575

ਪੰਜਾਬ ਦੀ ਜਵਾਨੀ ਨੂੰ ਖੇਡਾਂ ਰਾਹੀਂ ਨਸ਼ਿਆਂ ਤੋਂ ਦੂਰ ਕਰ ਰਿਹੈ-ਗੁਰਪ੍ਰੀਤ ਮਲਹਾਂਸ

ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਨਾ ਖੇਡਾਂ ਦੀ ਤੇ ਨਾ ਹੀ ਖਿਡਾਰੀਆਂ ਦੀ ਕਮੀ ਹੈ। ਹਾਂ ਬਸ, ਜੇਕਰ ਕਮੀ ਹੈ ਤਾਂ ਇਕੋ ਗੱਲ ਦੀ, ਜੋ ਹੈ ਸਹਿਯੋਗ। ਕਿਉਂਕਿ ਅਜੋਕੇ ਸਮੇਂ ਵਿਚ ਖੇਡਾਂ ਜਾਂ ਖਿਡਾਰੀਆਂ ਨੂੰ ਕਿਸੇ ਕੰਢੇ-ਬੰਨੇ ਲਗਾ ਦੇਣਾ ਕੋਈ ਮਾਮੂਲੀ ਜਿਹੀ ਗੱਲ ਨਹੀਂ ਹੈ। ਆਏ ਦਿਨ ਨੌਜਵਾਨਾਂ ਦੀਆਂ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ, ਜੋ ਵਾਕਿਆ ਹੀ ਬੜਾ ਗੰਭੀਰ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ। ਹਰ ਕੋਈ ਅੱਜ ਇਹੀ ਸਵਾਲ ਕਰ ਰਿਹੈ ਕਿ ਮੌਜੂਦਾ ਹਾਲਾਤ ਵੱਲ ਵੇਖਦਿਆਂ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਕਿਵੇਂ ਕੀਤਾ ਜਾਵੇ, ਤਾਂ ਅਜਿਹੇ ਸਵਾਲਾਂ ਦੇ ਜਵਾਬ ਉਨ੍ਹਾਂ ਨੌਜਵਾਨਾਂ ਤੋਂ ਮਿਲਦੇ ਹਨ ਜੋ ਪੰਜਾਬ ਦੀ ਜਵਾਨੀ ਨੂੰ ਖੇਡ ਮੈਦਾਨਾਂ ਵਿਚ ਨਸ਼ਿਆਂ ਵਰਗੇ ਕੋਹੜ ਤੋਂ ਕੋਹਾਂ ਦੂਰ ਖਿੱਚਣ ਦੇ ਯਤਨ ਕਰ ਰਹੇ ਹਨ।
ਅਜਿਹੀ ਇਕ ਮਿਸਾਲ ਹੈ ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਮਲਹਾਂਸ ਦੀ। ਫੁੱਟਬਾਲ ਦੀ ਦੁਨੀਆ ਵਿਚ ਅੱਜ ਪੂਰੇ ਭਾਰਤ ਨੂੰ ਚੈਲੇਂਜ ਕਰ ਰਿਹੈ ਕਿ ਜਿੰਨੇ ਬਿਹਤਰ ਖਿਡਾਰੀ ਪੰਜਾਬ ਪੂਰੇ ਭਾਰਤ ਨੂੰ ਦੇ ਸਕਦਾ ਹੈ, ਓਨੇ ਬਿਹਤਰੀਨ ਖਿਡਾਰੀ ਦੇਸ਼ ਦਾ ਹੋਰ ਕੋਈ ਸੂਬਾ ਨਹੀਂ ਪੈਦਾ ਕਰ ਸਕਦਾ। ਨੌਜਵਾਨ ਦਾ ਮੰਨਣਾ ਹੈ ਕਿ ਪੰਜਾਬੀ ਸ਼ੁਰੂ ਤੋਂ ਹੀ ਯੋਧਿਆਂ ਦੀ ਕੌਮ ਰਹੀ ਹੈ ਅਤੇ ਪੰਜਾਬੀ ਜੋਸ਼ ਨਾਲ ਭਰੇ ਪਏ ਹਨ। ਪੰਜਾਬੀਆਂ 'ਚ ਕਿਸੇ ਵੀ ਧਨੰਤਰ ਫੁੱਟਬਾਲ ਟੀਮ ਨਾਲ ਮੁਕਾਬਲਾ ਕਰਨ ਦਾ ਭਰਪੂਰ ਦਮ ਹੈ।
ਆਪਣੀ ਕੋਚਿੰਗ ਨੂੰ ਹੋਰ ਵੱਡੇ ਪੱਧਰ 'ਤੇ ਲਿਜਾਣ ਲਈ ਗੁਰਪ੍ਰੀਤ ਨੇ 2018 ਵਿਚ ਆਪਣਾ ਪਹਿਲਾ ਕੋਚਿੰਗ ਕੋਰਸ ਜਲੰਧਰ ਵਿਖੇ ਗਰਾਸ ਰੂਟ ਦਾ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਲੋਂ ਕੋਰਸ ਕੀਤਾ। ਸਾਲ 2014 'ਚ ਹੀ ਉਸ ਨੇ ਫਗਵਾੜੇ ਤੋਂ ਏਸ਼ੀਆ ਫੁੱਟਬਾਲ ਲੈਵਲ ਦਾ 'ਡੀ' ਕੋਚਿੰਗ ਸਰਟੀਫਿਕੇਟ ਹਾਸਲ ਕੀਤਾ। ਸਾਲ 2016 'ਚ 'ਸੀ' ਕੋਚਿੰਗ ਸਰਟੀਫਿਕੇਟ ਹੁਸ਼ਿਆਰਪੁਰ ਤੋਂ ਲਿਆ। ਸਾਲ 2015 'ਚ ਕਲਕੱਤਾ ਜਾ ਕੇ ਐਨ.ਆਈ.ਐੱਸ. ਵਲੋਂ ਕੋਚਿੰਗ ਸਰਟੀਫਿਕੇਟ ਹਾਸਲ ਕੀਤਾ। ਗੁਰਪ੍ਰੀਤ ਨੇ ਆਪਣੇ ਪਿੰਡ ਵਿਚ ਹੀ ਫੁੱਟਬਾਲ ਅਕੈਡਮੀ ਸ਼ੁਰੂ ਕਰ ਲਈ, ਜਿਸ 'ਚ ਐਨ.ਆਰ.ਆਈਜ਼ ਨੇ ਉਸ ਦਾ ਭਰਪੂਰ ਸਾਥ ਦਿੱਤਾ। 2016 'ਚ ਗੁਰਪ੍ਰੀਤ ਭਾਰਤ ਦੇ ਕੁੱਲ 20 ਨੌਜਵਾਨ ਮੁੰਡਿਆਂ 'ਚੋਂ ਵਿਸ਼ਵ ਪ੍ਰਸਿੱਧ 'ਫੀਫਾ' ਕੋਚਿੰਗ ਕੈਂਪ ਲਈ ਚੁਣਿਆ ਗਿਆ ਸੀ। ਪੰਜਾਬ ਵਿਚੋਂ ਸਿਰਫ਼ ਦੋ ਹੀ ਨੌਜਵਾਨ ਸਨ। ਇਕ ਗੁਰਪ੍ਰੀਤ ਅਤੇ ਦੂਸਰਾ ਫਗਵਾੜੇ ਦਾ ਨੌਜਵਾਨ ਸੀ।
ਗੁਰਪ੍ਰੀਤ ਦੀ ਕੋਚਿੰਗ ਅਧੀਨ ਹੁਣ ਤੱਕ ਦਰਜਨ ਦੇ ਕਰੀਬ ਬੱਚੇ ਅੰਤਰਰਾਸ਼ਟਰੀ ਪੱਧਰ ਤੱਕ ਫੁੱਟਬਾਲ ਖੇਡ ਚੁੱਕੇ ਹਨ, ਜਿਨ੍ਹਾਂ ਵਿਚ ਇਕ ਲੜਕੀ ਵੀ ਸ਼ਾਮਿਲ ਹੈ, ਜੋ ਸਪੇਨ ਦੇ ਲੀਉਨ ਸ਼ਹਿਰ 'ਚ 'ਸਟ੍ਰੀਟ ਵਰਲਡ ਕੱਪ' ਖੇਡ ਚੁੱਕੀ ਹੈ। ਉਥੇ ਹੀ ਇਕ ਲੜਕੇ ਨੇ ਨੈਸ਼ਨਲ ਫੁੱਟਬਾਲ ਕੈਂਪ ਲਗਾਇਆ ਅਤੇ ਇਕ ਅੰਡਰ-16 'ਚ ਮਿਨਰਵਾ ਪੰਜਾਬ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ। ਏਨਾ ਹੀ ਨਹੀਂ, ਗੁਰਪ੍ਰੀਤ ਵਲੋਂ ਤਿਆਰ ਕੀਤਾ ਇਕ 'ਸਪੈਸ਼ਲ ਚਾਈਲਡ' ਨੈਸ਼ਨਲ ਖੇਡ ਚੁੱਕਾ ਹੈ ਅਤੇ ਅਗਲੇ ਸਾਲ ਆਬੂ-ਧਾਬੀ ਵਿਚ ਫੁੱਟਬਾਲ ਦਾ ਕੈਂਪ ਲਗਾਉਣ ਜਾ ਰਿਹਾ ਹੈ। ਗੁਰਪ੍ਰੀਤ ਦਾ ਤਿਆਰ ਕੀਤਾ ਇਕ ਮੁੰਡਾ 'ਖੇਲੋ ਇੰਡੀਆ' 'ਚ ਵੀ ਗਿਆ ਹੈ। ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਗੁਰਪ੍ਰੀਤ ਦੇ ਤਿਆਰ ਕੀਤੇ ਬੱਚੇ ਪੰਜਾਬ ਦੀਆਂ ਨਾਮੀ ਅਕੈਡਮੀਆਂ ਦੇ ਨਾਲ-ਨਾਲ ਭਾਰਤ ਦੇ ਵੱਡੇ ਕੈਂਪਾਂ ਵਿਚ ਵੀ ਜਾ ਰਹੇ ਹਨ।
ਪਰਮਾਤਮਾ ਗੁਰਪ੍ਰੀਤ ਵਰਗੇ ਨੌਜਵਾਨ ਨੂੰ ਸਿਹਤਯਾਬ ਰੱਖੇ, ਤਾਂ ਜੋ ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉੱਦਮ ਕਰਦਾ ਰਹੇ।


-ਮੋਬਾ: 95015-82626


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX