ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਹੋਰ ਖ਼ਬਰਾਂ..

ਨਾਰੀ ਸੰਸਾਰ

ਕਸ਼ਮਕਸ਼ ਜ਼ਿੰਦਗੀ ਦੀ

ਜ਼ਿੰਦਗੀ ਵਿਚ ਤੁਰਦਿਆਂ-ਤੁਰਦਿਆਂ ਬਹੁਤ ਕੁਝ ਅਜਿਹਾ ਵੇਖਦੇ ਹਾਂ ਕਿ ਬਈ ਕਾਫੀ ਕੁਝ ਸਮਝ ਹੀ ਨਹੀਂ ਪੈਂਦੀ ਤੇ ਬਹੁਤ ਕੁਝ ਸਮਝ ਆ ਵੀ ਜਾਂਦਾ ਹੈ। ਦੂਜੇ ਲਫਜ਼ਾਂ ਵਿਚ ਕਹਿ ਸਕਦੇ ਹਾਂ ਕਿ ਦੁਨੀਆ ਵਿਚ ਸਭ ਕੁਝ ਕਸ਼ਮਕਸ਼ ਵਿਚ ਲਗਦਾ ਹੈ। ਦੁਨੀਆ ਦੀ ਭੀੜ ਵਿਚ ਕੋਈ ਕਿਸੇ ਪਾਸੇ ਨੂੰ ਭੱਜੀ ਜਾਂਦਾ ਹੈ ਤੇ ਕੋਈ ਕਿਸੇ ਹੋਰ ਪਾਸੇ ਨੂੰ। ਹਰ ਕੋਈ ਆਪੋ-ਆਪਣੇ ਹੀ ਵਿਚਾਰਾਂ ਨੂੰ ਸਹੀ ਕਹਿਣ ਲਈ ਜ਼ੋਰ ਲਾਈ ਜਾਂਦਾ ਹੈ ਤੇ ਦੂਜਿਆਂ ਨੂੰ ਵੀ ਧੱਕੇ ਨਾਲ ਹੀ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਤੋਂ ਗੁਰੇਜ਼ ਨਹੀਂ ਕਰਦਾ ਤੇ ਕਈ ਵਾਰ ਇੰਜ ਲਗਦਾ ਹੈ ਕਿ ਹਰ ਕੋਈ ਆਪਣੇ ਹੀ ਬੁਣੇ ਵਿਚਾਰਾਂ ਦੀ ਕਸ਼ਮਕਸ਼ ਦੇ ਜਾਲ ਵਿਚ ਉਲਝਿਆ ਫਿਰਦਾ ਹੈ। ਆਪਣੇ ਅੰਦਰ ਝਾਤੀ ਮਾਰਨ ਨੂੰ ਕਹਿ ਦਿਓ ਤਾਂ ਅੱਖਾਂ ਇੰਜ ਕੱਢਣੀਆਂ ਜਿਵੇਂ ਅਸਮਾਨ ਨੂੰ ਧਰਤੀ 'ਤੇ ਲਿਆਉਣ ਦੀ ਗੱਲ ਕਹਿ ਛੱਡੀ ਹੋਵੇ। ਹਰ ਕੋਈ ਆਪੋ-ਆਪਣੀ ਹੀ ਧੁਨ ਵਿਚ ਇੰਜ ਤੁਰਿਆ ਜਾਂਦਾ, ਜਿਵੇਂ ਕੋਈ ਹੋਰ ਸ਼ੈਅ ਹੈ ਹੀ ਨਹੀਂ। ਜੀ ਹਾਂ, ਮੈਂ ਗੱਲ ਕਰਦਾ ਹਾਂ ਉਨ੍ਹਾਂ ਸਭ ਪੁਰਾਣੀਆਂ ਸਧਰਾਂ ਤੇ ਉਨ੍ਹਾਂ ਕਦਰਾਂ-ਕੀਮਤਾਂ ਦੀ, ਜਿਨ੍ਹਾਂ ਉੱਤੇ ਅੱਜ ਸਵਾਲੀਆ ਚਿੰਨ੍ਹ ਲੱਗ ਗਏ ਹਨ ਕਿ ਬਈ ਇਨ੍ਹਾਂ ਦੀ ਕੋਈ ਕਦਰ ਜਾਂ ਕੋਈ ਕੀਮਤ ਹੈ ਵੀ ਜਾਂ ਨਹੀਂ।
ਸਿਆਣਿਆਂ ਨੇ ਕਿਹਾ ਹੈ ਕਿ ਮਾਹੌਲ ਕੁਝ ਬਣਿਆ ਮਿਲਦਾ ਹੈ ਤੇ ਕੁਝ ਸਿਰਜਣਾ ਪੈਂਦਾ ਹੈ। ਅੱਜ ਦੀ ਪੀੜ੍ਹੀ ਕੁਝ ਨਵਾਂ ਸਿਰਜਣ ਦੀ ਬੜੀ ਕਾਹਲ ਵਿਚ ਹੈ। ਇੰਨੀ ਕਾਹਲ ਕਿ ਪੁਰਾਣੇ ਵਕਤ ਤੇ ਸਧਰਾਂ ਤੋਂ ਕੁਝ ਸੇਧ ਲੈਣ ਦੀ ਫੁਰਸਤ ਹੀ ਨਹੀਂ ਜਾਂ ਇੰਜ ਕਹਿ ਲਵੋ ਕਿ ਕੁਝ ਨਵਾਂ ਹੀ ਲੱਭ ਗਿਆ। ਚਲੋ ਚੰਗੀ ਗੱਲ ਹੈ ਕੁਝ ਨਵਾਂ ਦੇਖਣ ਨੂੰ ਮਿਲੇਗਾ, ਪਰ ਆਹ ਕੀ? ਇਹ ਤਾਂ ਕੁਝ ਹੋਰ ਹੀ ਹੋ ਗਿਆ। ਦੁਨੀਆ ਹੋਰ ਹੀ ਪਾਸੇ ਨੂੰ ਹੋ ਤੁਰੀ। ਸਮਾਂ, ਸ਼ਰਮ ਤੇ ਰਿਸ਼ਤਿਆਂ ਨੂੰ ਤਾਂ ਜਿਵੇਂ ਖੰਭ ਹੀ ਲੱਗ ਗਏ ਹੋਣ। ਹੋਰ ਤਾਂ ਹੋਰ, ਅੱਜ ਦੀ ਪੀੜ੍ਹੀ ਵਲੋਂ ਨਵੇਂ ਰਿਵਾਜ, ਸੰਸਕਾਰ ਸਿਰਜਣ ਵਿਚ ਵੱਡੇ ਵੀ ਨਾਲ ਹੋ ਗਏ ਜਾਂ ਇੰਜ ਕਹਿ ਲਓ ਕਿ ਉਨ੍ਹਾਂ ਦੀ ਸ਼ਹਿ ਹੋ ਗਈ। ਇਕ ਘਟਨਾ ਦਾ ਨਜ਼ਾਰਾ ਇਸ ਪੱਖ ਨੂੰ ਸਾਫ਼-ਸਾਫ਼ ਬਿਆਨ ਕਰਦਾ ਹੈ ਕਿ ਇਕ ਵਿਆਹ ਸਮਾਰੋਹ ਵਿਚ ਸਟੇਜ ਉੱਤੇ ਮੁੰਡੇ ਆਰਕੈਸਟਰਾ ਵਾਲੀਆਂ ਕੁੜੀਆਂ ਨਾਲ ਨੱਚ ਰਹੇ ਹਨ ਤੇ ਸਾਹਮਣੇ ਬੈਠੇ ਮਾਪੇ ਤੇ ਵੱਡੇ ਵੀ ਇਸ ਨਜ਼ਾਰੇ ਦਾ ਪੂਰਾ ਲੁਤਫ ਲੈ ਰਹੇ ਹਨ। ਸ਼ਰਮ ਨੂੰ ਲੱਭਣ ਦੀ ਕੋਸ਼ਿਸ਼ ਵਿਚ ਸਾਂ ਕਿ ਪਿੱਛੋਂ ਸੀਟੀਆਂ ਦੀਆਂ ਆਵਾਜ਼ਾਂ ਨੇ ਧਿਆਨ ਹੀ ਭਟਕਾ ਦਿੱਤਾ।
ਮਾਪੇ ਆਪਣੀ ਔਲਾਦ ਨੂੰ ਪੜ੍ਹਾਉਣ-ਲਿਖਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਪਰ ਪਤਾ ਨਹੀਂ ਉਹ ਸੰਸਕਾਰ ਦੇਣ ਵਿਚ ਪਿੱਛੇ ਕਿਉਂ ਰਹਿ ਗਏ? ਇਸੇ ਲਈ ਹੀ ਮੈਂ ਸੋਚਦਾ ਹਾਂ ਕਿ ਦਿਸ਼ਾ ਵਾਲੇ ਪਾਸੇ ਜਾਂਦੇ ਲੋਕ ਐਵੇਂ ਕਿਉਂ ਭਟਕ ਜਾਂਦੇ ਹਨ। ਬੱਚਿਆਂ ਨੂੰ ਲਾਡ ਲਡਾਉਂਦੇ ਮਾਪੇ ਇਹ ਭੁੱਲ ਜਾਂਦੇ ਹਨ ਕਿ ਜ਼ਿਆਦਾ ਮਿੱਠਾ ਵੀ ਮਾੜਾ ਹੁੰਦਾ ਹੈ ਤੇ ਅੱਗੇ ਜਾ ਕੇ ਉਹ ਮਿਠਾਸ ਕਦੋਂ ਕੁੜੱਤਣ ਵਿਚ ਬਦਲ ਜਾਂਦੀ ਹੈ, ਪਤਾ ਹੀ ਨਹੀਂ ਲਗਦਾ। ਅੱਜ ਪੈਸੇ ਦੀ ਵਾਹੋ-ਵਾਹੀ ਦਿਖਾਵੇ ਦਾ ਕੰਮ ਜ਼ਿਆਦਾ ਕਰ ਰਹੀ ਹੈ ਤੇ ਉਸ ਦਿਖਾਵੇ ਦੀ ਬਦੌਲਤ ਬੱਚਿਆਂ ਦੀ ਹਰ ਜ਼ਿੱਦ ਉੱਤੇ ਫੁੱਲ ਚੜ੍ਹਾਉਂਦੇ-ਚੜ੍ਹਾਉਂਦੇ ਉਨ੍ਹਾਂ ਨੂੰ ਜ਼ਿੱਦੀ ਤੇ ਗੈਰ-ਜ਼ਿੰਮੇਵਾਰਾਨਾ ਹੀ ਤਾਂ ਅਸੀਂ ਬਣਾ ਰਹੇ ਹਾਂ। ਨਵੀਂ ਪੀੜ੍ਹੀ ਨੂੰ ਨਾ ਘਰ ਦੇ ਕੰਮਾਂ-ਕਾਰਾਂ ਦਾ ਸ਼ੌਕ ਤੇ ਨਾ ਹੀ ਜ਼ਿੰਮੇਵਾਰੀ ਦੀ ਪ੍ਰਵਾਹ। ਪਰ ਜਦੋਂ ਗੱਲ ਹੱਕ ਦੀ ਆ ਜਾਵੇ ਤਾਂ ਮੱਲ ਹੀ ਮਾਰਨ ਵਾਲੀ ਗੱਲ ਹੋ ਜਾਂਦੀ ਹੈ। ਸਿਆਣਿਆਂ ਨੇ ਕਿਹਾ ਹੈ ਕਿ ਭਾਈ ਜ਼ਿੰਮੇਵਾਰ ਬਣੋ, ਹੱਕ ਤਾਂ ਆਪਣੇ-ਆਪ ਹੀ ਝੋਲੀ ਵਿਚ ਪੈ ਜਾਣਗੇ। ਪਰ ਜ਼ਿੰਮੇਵਾਰੀ ਦੀ ਗੱਲ ਕਹਿਣ ਦਾ ਅਸਰ ਤਾਂ ਵੇਖੋ ਕਿ ਜਿਵੇਂ ਬੰਦੇ ਨੂੰ ਦੰਦੀ ਵੱਢ ਲਈ ਹੋਵੇ।
ਸ਼ਾਇਦ ਇਹ ਸਾਡੇ ਪੁਰਾਣੇ ਰਿਵਾਜਾਂ ਅਤੇ ਸੰਸਕਾਰਾਂ ਦਾ ਹੀ ਤਾਂ ਅਸਰ ਸੀ, ਜਿੱਥੇ ਵੱਡੇ ਪਰਿਵਾਰਾਂ ਵਿਚ ਵੀ ਹਰ ਕੋਈ ਵੱਡੇ ਦੀ ਕਦਰ ਕਰਦਾ ਸੀ ਤੇ ਉਸ ਦੀ ਗੱਲ 'ਤੇ ਫੁੱਲ ਚੜ੍ਹਾਉਂਦਾ ਸੀ ਤੇ ਆਪਣੇ ਦਾਇਰੇ ਵਿਚ ਰਹਿੰਦਾ ਸੀ। ਵੱਡੇ-ਛੋਟੇ ਦਾ ਲਿਹਾਜ਼ ਤਾਂ ਭਾਈ ਦੇਖੇ ਹੀ ਬਣਦਾ ਸੀ ਤੇ ਤਾਂ ਹੀ ਤਾਂ ਉਨ੍ਹਾਂ ਪਰਿਵਾਰਾਂ ਦਾ ਜੀਵਨ ਸਫਲ ਸੀ। ਪਰਿਵਾਰ ਦੀ ਖੁਸ਼ੀ ਦਾ ਰਾਜ਼ ਲਿਹਾਜ਼, ਸ਼ਰਮ ਤੇ ਸੰਸਕਾਰ ਸਨ। ਘਰ ਦੀਆਂ ਨੂੰਹਾਂ ਵੀ ਇਸੇ ਰਾਜ਼ ਦੀ ਕਦਰ ਕਰਦੀਆਂ ਸਨ ਤੇ ਵੱਡੇ-ਛੋਟੇ ਦੀ ਸ਼ਰਮ ਅੱਜ ਨਾਲੋਂ ਕਿਤੇ ਵੱਧ ਸੀ। ਅੱਜ ਬਹੁਤੀਆਂ ਆਉਂਦੀਆਂ ਪਿੱਛੋਂ ਨੇ ਤੇ ਪਹਿਲਾਂ ਹੀ ਅੱਡ। ਕੋਰਟ-ਕਚਹਿਰੀਆਂ ਵਿਚ ਜਾਣਾ ਤਾਂ ਜਿਵੇਂ ਰਿਵਾਜ ਜਿਹਾ ਹੀ ਹੋ ਗਿਆ। ਅੱਜ ਪਰਿਵਾਰ ਛੋਟੇ ਹੋ ਗਏ ਨੇ ਤੇ ਸ਼ਾਇਦ ਸਾਡੀ ਸੋਚ ਵੀ। ਪਹਿਲਾਂ ਪਰਿਵਾਰ ਸੁੱਖ ਨਾਲ ਵੱਡੇ ਸਨ ਤੇ ਸੁਭਾਅ ਵਿਚ ਖੁੱਲ੍ਹਦਿਲੀ ਵੀ ਪੂਰੇ ਜ਼ੋਰਾਂ 'ਤੇ ਸੀ।
ਕਿਹਾ ਜਾਂਦਾ ਹੈ ਕਿ ਅੱਜ ਜ਼ਮਾਨਾ ਤਰੱਕੀ ਵਾਲਾ ਹੋ ਗਿਆ, ਸਭ ਪੜ੍ਹੇ-ਲਿਖੇ ਹੋ ਗਏ ਤੇ ਪਹਿਲੇ ਅਨਪੜ੍ਹਾਂ ਨਾਲੋਂ ਤਾਂ ਅੱਜ ਦੇ ਸਿਆਣੇ ਹੋ ਗਏ ਪਰ ਸਿਆਣਪ ਦੇਖਣ ਨੂੰ ਨਾ ਮਿਲੀ। ਪਰਿਵਾਰਾਂ ਵਿਚ ਪਈਆਂ ਦਰਾੜਾਂ ਭਰੀਆਂ ਹੀ ਨਹੀਂ ਜਾ ਸਕਦੀਆਂ। ਤਲਾਕ ਦੇ ਮੁਕੱਦਮੇ ਕਚਹਿਰੀਆਂ ਵਿਚ ਇੰਜ ਚੱਲਦੇ ਹਨ ਜਿਵੇਂ ਵਿਆਹ ਤਾਂ ਬਸ ਗੁੱਡੀਆਂ-ਪਟੋਲਿਆਂ ਦਾ ਖੇਡ ਹੋ ਗਿਆ ਜਾਂ ਇੰਜ ਕਹਿ ਲਓ ਕਿ ਕੋਈ ਰੋਬੋਟ ਖਿਡੌਣਾ ਬਾਜ਼ਾਰ ਵਿਚੋਂ ਖਰੀਦਿਆ ਤੇ ਜੇ ਉਹ ਉਵੇਂ ਨਾ ਚੱਲਿਆ, ਜਿਵੇਂ ਚਾਹਿਆ ਤਾਂ ਰਿਪਲੇਸ ਕਰ ਲੈਣਾ ਇਕ ਆਮ ਜਿਹਾ ਰਿਵਾਜ ਹੋ ਗਿਆ। ਸ਼ਰਮ ਤਾਂ ਜਿਵੇਂ ਖੰਭ ਹੀ ਲਾ ਕੇ ਉੱਡ ਗਈ ਹੋਵੇ। ਰਿਸ਼ਤਿਆਂ ਵਿਚ ਪਿਆਰ ਤੇ ਲਗਾਵ ਵਾਲਾ ਨਿੱਘ ਤਾਂ ਗੱਡੀ ਵਿਚ ਲੱਗੇ ਏ.ਸੀ. ਦੀ ਹਵਾ ਵਰਗਾ ਹੋ ਗਿਆ, ਜਿਹਨੂੰ ਰਿਮੋਟ ਕੰਟਰੋਲ ਜਾਂ ਆਪਣੀ ਮਰਜ਼ੀ ਨਾਲ ਘਟਾ ਜਾਂ ਵਧਾ ਲਿਆ। ਹਰ ਗੱਲ ਪੂਰੀ ਹੋਈ ਜਾਂ ਇੰਜ ਕਹਿ ਲਓ ਕਿ ਹਰ ਗੱਲ ਵਿਚ ਹਾਂਜੀ ਹਾਂਜੀ ਹੋਵੇ ਤਾਂ ਸਭ ਕੁਝ ਠੀਕ, ਨਹੀਂ ਤਾਂ ਚਲੋ ਕੋਰਟ-ਕਚਹਿਰੀ ਤੇ ਤੂੰ ਕੌਣ ਤੇ ਮੈਂ ਕੌਣ, ਰਿਸ਼ਤਿਆਂ ਦੀ ਗੱਲ ਤਾਂ ਬਾਅਦ ਦੀ ਹੈ। ਸਮਝ ਹੀ ਨਹੀਂ ਪੈਂਦੀ ਕਿ ਰਿਸ਼ਤਿਆਂ ਦੀ ਗਰਮਾਇਸ਼ ਕਿੱਥੇ ਗਈ ਭਾਈ। ਕਸ਼ਮਕਸ਼ ਹੈ ਬਈ, ਬੜੀ ਕਸ਼ਮਕਸ਼।


-(ਕੰਪਿਊਟਰ ਫੈਕਲਟੀ)
ਸ: ਸੀ: ਸੈ: ਸਕੂਲ, ਪਾਤੜਾਂ (ਪਟਿਆਲਾ)। ਮੋਬਾ: 98889-52061


ਖ਼ਬਰ ਸ਼ੇਅਰ ਕਰੋ

ਪੁੱਤਰਾਂ ਨੂੰ ਵੀ ਘਰ ਦਾ ਕੰਮ ਸਿਖਾਓ

ਸਾਡੇ ਪਰਿਵਾਰਾਂ ਵਿਚ ਪੁੱਤਰ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਸ਼ੁਰੂ ਤੋਂ ਹੀ ਪੁੱਤ ਦੇ ਮਨ ਵਿਚ ਇਹ ਬੈਠ ਜਾਂਦਾ ਹੈ ਕਿ ਉਹ ਪਰਿਵਾਰ ਦਾ ਸਭ ਤੋਂ ਕੀਮਤੀ ਅਤੇ ਮਹੱਤਵਪੂਰਨ ਅੰਗ ਹੈ। ਆਪਣੀ ਹਰ ਲੋੜ ਅਤੇ ਜ਼ਿੱਦ ਘਰ ਦੇ ਛੋਟੇ-ਵੱਡੇ ਹਰ ਮੈਂਬਰ ਕੋਲੋਂ ਮੰਨਵਾ ਲੈਂਦਾ ਹੈ। ਬਚਪਨ ਤੋਂ ਹੀ ਮਾਵਾਂ ਪੁੱਤਾਂ ਨੂੰ ਲਾਡ-ਪਿਆਰ ਨਾਲ ਪਾਲਣ ਵਿਚ ਯਕੀਨ ਕਰਦੀਆਂ ਹਨ। ਬਚਪਨ ਵਿਚ ਜ਼ਰੂਰਤ ਤੋਂ ਜ਼ਿਆਦਾ ਮਿਲਿਆ ਹੋਇਆ ਪਿਆਰ ਪੁੱਤਾਂ ਨੂੰ ਆਲਸੀ ਅਤੇ ਨਿਕੰਮਾ ਬਣਾ ਦਿੰਦਾ ਹੈ ਪਰ ਅੱਜ ਸਮਾਂ ਬਦਲ ਗਿਆ ਹੈ। ਧੀਆਂ-ਪੁੱਤ ਬਰਾਬਰ ਦਾ ਦਰਜਾ ਰੱਖਦੇ ਹਨ। ਇਸ ਕਰਕੇ ਉਨ੍ਹਾਂ ਦੇ ਹਿੱਸੇ ਆਉਣ ਵਾਲੇ ਕੰਮ ਵੀ ਵੰਡੇ ਜਾਣੇ ਚਾਹੀਦੇ ਹਨ। ਵਿਹਲਾ ਰਹਿਣ ਨਾਲੋਂ ਜੇ ਪੁੱਤ ਘਰ ਵਿਚ ਆਪਣੀ ਮਾਂ ਜਾਂ ਭੈਣ ਦਾ ਹੱਥ ਵੰਡਾਉਣ ਵਿਚ ਮਦਦ ਕਰੇਗਾ ਤਾਂ ਉਹ ਹੁਨਰ ਇਕ ਦਿਨ ਉਸ ਦੇ ਹੀ ਕੰਮ ਆਵੇਗਾ। ਪੱਛਮੀ ਦੇਸ਼ਾਂ ਵਿਚ ਤਾਂ ਲੜਕੇ-ਲੜਕੀਆਂ ਆਪਣਾ ਹਰ ਕੰਮ ਆਪ ਕਰਦੇ ਹਨ, ਆਪਣਾ ਕੰਮ ਕਰਨ ਵਿਚ ਸ਼ਰਮ ਕਿਉਂ? ਜੇ ਲੜਕੇ ਕਾਮਯਾਬ ਸ਼ੈਫ ਬਣ ਸਕਦੇ ਹਨ, ਹੋਟਲਾਂ-ਢਾਬਿਆਂ 'ਤੇ ਕੰਮ ਕਰ ਸਕਦੇ ਹਨ ਤਾਂ ਘਰ ਵਿਚ ਬਾਕੀਆਂ ਨਾਲ ਹੱਥ ਕਿਉਂ ਨਹੀਂ ਵੰਡਾ ਸਕਦੇ?
ਅੱਜ ਦੇ ਯੁੱਗ ਵਿਚ ਉੱਚ ਸਿੱਖਿਆ ਵਾਸਤੇ ਲੜਕਿਆਂ ਨੂੰ ਘਰੋਂ ਬਾਹਰ ਜਾਣਾ ਪੈਂਦਾ ਹੈ। ਉਨ੍ਹਾਂ ਨੂੰ ਖਾਣੇ ਦੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਜੇ ਪੁੱਤਾਂ ਨੂੰ ਸ਼ੁਰੂ ਤੋਂ ਹੀ ਮਾਂ ਨਾਲ ਰਸੋਈ ਵਿਚ ਛੋਟੇ-ਛੋਟੇ ਕੰਮ ਕਰਨ ਦੀ ਆਦਤ ਹੋਵੇਗੀ ਤਾਂ ਬਾਹਰ ਦਾ ਖਾਣਾ ਖਾਣ ਤੋਂ ਬਚ ਸਕਦੇ ਹਨ। ਆਮਲੇਟ, ਸੈਂਡਵਿਚ, ਚੌਲ ਆਦਿ ਅਸਾਨੀ ਨਾਲ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਸਮੇਂ ਅਤੇ ਪੈਸੇ ਦੋਵਾਂ ਚੀਜ਼ਾਂ ਦੀ ਬੱਚਤ ਹੋਵੇਗੀ। ਲੋੜ ਪੈਣ 'ਤੇ ਲੜਕਿਆਂ ਨੂੰ ਆਪਣੇ ਕੱਪੜੇ ਧੋਣੇ ਅਤੇ ਪ੍ਰੈੱਸ ਕਰਨੇ ਆਦਿ ਆਉਣੇ ਚਾਹੀਦੇ ਹਨ। ਜੇ ਬਚਪਨ ਤੋਂ ਪੁੱਤਾਂ ਨੂੰ ਇਸ ਤਰ੍ਹਾਂ ਦੇ ਕੰਮ ਸਿਖਾਏ ਜਾਣਗੇ ਤਾਂ ਘਰੋਂ ਬਾਹਰ ਭੇਜਣ ਲੱਗਿਆਂ ਮਾਂ ਦੀ ਚਿੰਤਾ ਕੁਝ ਘਟ ਸਕਦੀ ਹੈ।
ਏਕਲ ਪਰਿਵਾਰ ਵਿਚ ਕਈ ਵਾਰ ਪਤੀ-ਪਤਨੀ ਦੋਵੇਂ ਨੌਕਰੀ ਵਾਲੇ ਹੁੰਦੇ ਹਨ। ਇਹੋ ਜਿਹੇ ਹਾਲਾਤ ਵਿਚ ਜੇ ਸਾਰੇ ਮੈਂਬਰ ਘਰ ਦਾ ਕੰਮ ਜਾਣਦੇ ਹੋਣ ਤਾਂ ਭਾਰ ਵੰਡਿਆ ਜਾਂਦਾ ਹੈ। ਕੁਝ ਪਲ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ। ਜੇ ਕਦੇ ਪੁੱਤਰ ਘਰ ਇਕੱਲਾ ਹੋਵੇ ਤਾਂ ਵੀ ਮਾਂ ਨੂੰ ਫਿਕਰ ਨਹੀਂ ਹੁੰਦਾ, ਕਿਉਂਕਿ ਉਹ ਕੁਝ ਬਣਾ ਕੇ ਖਾ ਸਕਦਾ ਹੈ। ਇਸ ਦੇ ਇਲਾਵਾ ਲੋੜ ਪੈਣ 'ਤੇ ਜਾਂ ਮਹਿਮਾਨਾਂ ਦੇ ਆਉਣ 'ਤੇ ਆਪਣੀ ਮਾਂ ਦਾ ਹੱਥ ਵੰਡਾ ਸਕਦਾ ਹੈ। ਸ਼ੁਰੂ ਵਿਚ ਪੁੱਤਾਂ ਨੂੰ ਸਿਖਾਇਆ ਕੰਮ ਵਿਆਹ ਤੋਂ ਬਾਅਦ ਵੀ ਕੰਮ ਆਵੇਗਾ। ਜੇ ਦੋਵੇਂ ਨੌਕਰੀ ਵਾਲੇ ਹੋਣਗੇ ਤਾਂ ਜੇ ਪਤਨੀ ਬੱਚਿਆਂ ਨੂੰ ਤਿਆਰ ਕਰੇਗੀ ਤਾਂ ਪਤੀ ਰਸੋਈ ਵਿਚ ਉਸ ਦੀ ਮਦਦ ਕਰ ਸਕਦਾ ਹੈ। ਕਈ ਵਾਰ ਘਰ ਦਾ ਕੰਮ ਵੀ ਪਤੀ-ਪਤਨੀ ਵਿਚ ਲੜਾਈ ਦਾ ਕਾਰਨ ਬਣ ਜਾਂਦਾ ਹੈ। ਜੇ ਪਤੀ ਗੁਸੈਲ ਅਤੇ ਝਗੜਾਲੂ ਸੁਭਾਅ ਦਾ ਹੋਵੇ ਤਾਂ ਘਰ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਬਚਪਨ ਵਿਚ ਸਿੱਖਿਆ ਕੰਮ ਵਿਵਾਹਿਕ ਜੀਵਨ ਵਿਚ ਵਰਦਾਨ ਬਣ ਜਾਂਦਾ ਹੈ ਅਤੇ ਪਤੀ ਕੋਲੋਂ ਇਕ ਕੱਪ ਚਾਹ ਪੀ ਕੇ ਪਤਨੀ ਧੰਨ ਹੋ ਜਾਂਦੀ ਹੈ। ਜੇ ਕਿਸੇ ਪਰਿਵਾਰ ਵਿਚ ਧੀ ਨਹੀਂ, ਬਲਕਿ ਇਕੱਲੇ ਪੁੱਤਰ ਹੀ ਹਨ ਤਾਂ ਹੋਰ ਵੀ ਜ਼ਰੂਰੀ ਹੈ ਪੁੱਤਾਂ ਨੂੰ ਕੰਮ ਸਿਖਾਉਣਾ। ਜਿਵੇਂ ਚਾਹ ਬਣਾਉਣੀ, ਬਰਤਨ ਧੋਣੇ, ਖਾਣਾ ਲਗਾਉਣਾ, ਖਲੇਰਾ ਸੰਭਾਲਣਾ ਆਦਿ। ਕੰਮ ਦੇਖਣ ਨੂੰ ਬਹੁਤ ਛੋਟੇ ਨਜ਼ਰ ਆਉਂਦੇ ਹਨ ਪਰ ਰੋਜ਼ਾਨਾ ਜ਼ਿੰਦਗੀ ਵਿਚ ਇਨ੍ਹਾਂ ਦੀ ਬਹੁਤ ਅਹਿਮੀਅਤ ਹੈ। ਪੁੱਤਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿਓ ਕਿ ਉਹ ਕੋਈ ਵੀ ਕੰਮ ਹੀਣ ਭਾਵਨਾ ਨਾਲ ਨਾ ਕਰਨ, ਬਲਕਿ ਕਰਨ ਵਿਚ ਮਾਣ ਮਹਿਸੂਸ ਕਰਨ। ਘਰੇਲੂ ਕੰਮ ਸਿਖਾਉਣ ਤੋਂ ਇਹ ਭਾਵ ਨਹੀਂ ਕਿ ਉਨ੍ਹਾਂ ਉੱਤੇ ਹੀ ਘਰ ਦੇ ਕੰਮਕਾਜ ਦਾ ਬੋਝ ਪਾਇਆ ਜਾਵੇ। ਇਸ ਦਾ ਮਤਲਬ ਹੈ ਲੋੜ ਪੈਣ 'ਤੇ ਉਹ ਆਪਣੇ ਇਸ ਹੁਨਰ ਦਾ ਇਸਤੇਮਾਲ ਕਰ ਸਕਣ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਵਿਚ ਆਤਮਵਿਸ਼ਵਾਸ ਵੀ ਵਧੇਗਾ। ਕਈ ਵਾਰ ਘਰ ਦੇ ਵੱਡੇ ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਕਿ ਪੁੱਤ ਧੀਆਂ ਵਾਲੇ ਕੰਮ ਕਰਨ। ਇਹੋ ਜਿਹੇ ਵੇਲੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ ਤੇ ਨਾ ਹੀ ਕੋਈ ਕੰਮ ਸਿੱਖਣ ਵਿਚ ਬੁਰਾਈ ਹੈ, ਬਲਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਹੀ ਸਹੂਲਤ ਹੋਵੇਗੀ। ਜੇ ਉਹ ਚਾਹੁਣ ਤਾਂ ਇਸ ਨੂੰ ਰੋਜ਼ੀ-ਰੋਟੀ ਦਾ ਸਾਧਨ ਵੀ ਬਣਾ ਸਕਦੇ ਹਨ।


-ਮੋਬਾ: 98782-49944

ਇੰਜ ਪਾਓ ਛੁਟਕਾਰਾ ਮੁਹਾਸਿਆਂ ਤੋਂ

* ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਰੋਜ਼ਮਰ੍ਹਾ ਨਿਯਮਤ ਕਰਨ ਦੀ ਭਰਪੂਰ ਕੋਸ਼ਿਸ਼ ਕਰੋ।
* ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ। ਦਿਨ ਵਿਚ ਕਈ ਵਾਰ ਸਾਫ਼ ਪਾਣੀ ਨਾਲ ਮੂੰਹ ਨੂੰ ਧੋ ਕੇ ਤੌਲੀਏ ਨਾਲ ਦਬਾ-ਦਬਾ ਕੇ ਪੂੰਝ ਲਓ।
* ਭੁੱਲ ਕੇ ਕਦੇ ਵੀ ਮੂੰਹ 'ਤੇ ਉੱਭਰੀਆਂ ਫਿਨਸੀਆਂ ਨੂੰ ਛਿੱਲੋ ਜਾਂ ਦਬਾਓ ਨਾ। ਕੁਝ ਦਿਨ ਬਾਅਦ ਆਪਣੇ-ਆਪ ਠੀਕ ਹੋਣ ਦੀ ਉਡੀਕ ਕਰੋ।
* ਜ਼ਿਆਦਾ ਦਿਨਾਂ ਤੱਕ ਮੁਹਾਸੇ ਘੱਟ ਹੁੰਦੇ ਨਜ਼ਰ ਨਾ ਆਉਣ ਤਾਂ ਤੁਸੀਂ ਡਾਕਟਰ ਨਾਲ ਵੀ ਸਲਾਹ ਜ਼ਰੂਰ ਕਰ ਲਓ।
* ਸੁੰਦਰਤਾ ਦੇ ਖੇਤਰ ਵਿਚ ਵਧਦੇ ਵਪਾਰੀਕਰਨ ਦੇ ਨਿੱਤ ਨਵੇਂ ਫਾਰਮੂਲਿਆਂ ਵਿਚ ਨਾ ਉਲਝੋ। ਅੱਜਕਲ੍ਹ ਜੋ ਪੰਜ ਦਿਨ ਵਿਚ ਠੀਕ ਹੋ ਜਾਣਗੇ ਦਾ ਦਾਅਵਾ ਪੇਸ਼ ਕਰਦੀ ਕ੍ਰੀਮ ਬਾਜ਼ਾਰ ਵਿਚ ਮਿਲ ਰਹੀ ਹੈ, ਉਸ ਨੂੰ ਨਾ ਹੀ ਇਸਤੇਮਾਲ ਕਰੋ ਤਾਂ ਜ਼ਿਆਦਾ ਚੰਗਾ ਰਹੇਗਾ, ਕਿਉਂਕਿ ਇਹ ਕ੍ਰੀਮ ਠੀਕ ਕਰਨ ਦੀ ਬਜਾਏ ਇਨਫੈਕਸ਼ਨ ਜ਼ਿਆਦਾ ਫੈਲਾਉਂਦੀ ਹੈ ਜਾਂ ਫਿਰ ਅੱਜ ਤਾਂ ਦਬਾਅ ਦੇਵੇਗੀ ਪਰ ਕ੍ਰੀਮ ਛੱਡ ਦੇਣ 'ਤੇ ਦੁਬਾਰਾ ਫਿਰ ਮੁਹਾਸੇ ਉੱਭਰ ਆਉਣਗੇ।
* ਮੁਹਾਸਿਆਂ ਵਾਲੇ ਚਿਹਰੇ 'ਤੇ ਧਨੀਆ, ਪੁਦੀਨਾ ਅਤੇ ਥੋੜ੍ਹੇ ਜਿਹੇ ਤੁਲਸੀ ਦੇ ਪੱਤਿਆਂ ਨੂੰ ਬਰੀਕ ਪੀਸ ਕੇ ਲੇਪ ਲਗਾਓ। ਜਿਥੋਂ ਤੱਕ ਹੋ ਸਕੇ, ਕਾਸਮੈਟਿਕਸ ਅਤੇ ਬਹੁਤ ਜ਼ਿਆਦਾ ਬਾਜ਼ਾਰੀ ਸੁੰਦਰਤਾ ਪ੍ਰਸਾਧਨਾਂ ਤੋਂ ਬਚੋ। ਘਰੇਲੂ ਉਬਟਨ, ਕੁਦਰਤੀ ਦਵਾਈਆਂ ਨਾਲ ਇਲਾਜ ਕਰੋ ਤਾਂ ਜ਼ਿਆਦਾ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।


-ਮਮਤਾ

ਕੀ ਤੁਸੀਂ ਆਪਣੀ ਨੌਕਰੀ ਤੋਂ ਸੰਤੁਸ਼ਟ ਹੋ?

ਇਕ ਖੋਜ ਅਨੁਸਾਰ 60 ਫੀਸਦੀ ਤੋਂ ਜ਼ਿਆਦਾ ਕਰਮਚਾਰੀ ਆਪਣੀ ਮੌਜੂਦਾ ਨੌਕਰੀ ਤੋਂ ਖੁਸ਼ ਨਹੀਂ ਹੁੰਦੇ ਹਨ। ਹਾਲਾਂਕਿ ਇਹ ਵੀ ਸੱਚ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਸੰਤੁਸ਼ਟ ਹੁੰਦੀਆਂ ਹਨ। ਫਿਰ ਵੀ ਇਹ ਨਿਯਮ ਉਨ੍ਹਾਂ 'ਤੇ ਵੀ ਲਾਗੂ ਹੁੰਦਾ ਹੈ ਕਿ ਕਾਫੀ ਵੱਡੀ ਗਿਣਤੀ ਵਿਚ ਔਰਤਾਂ ਵੀ ਆਪਣੀ ਨੌਕਰੀ ਤੋਂ ਸੰਤੁਸ਼ਟ ਨਹੀਂ ਹੁੰਦੀਆਂ। ਫਿਰ ਵੀ ਕਿਸੇ ਨਾ ਕਿਸੇ ਵਜ੍ਹਾ ਦੇ ਚਲਦਿਆਂ ਉਸ ਨੂੰ ਕਰਦੀਆਂ ਰਹਿੰਦੀਆਂ ਹਨ। ਕੀ ਕਿਹਾ, ਤੁਹਾਡੇ 'ਤੇ ਇਹ ਗੱਲ ਲਾਗੂ ਨਹੀਂ ਹੁੰਦੀ? ਚੱਲੋ! ਤੁਹਾਡੇ ਦਾਅਵੇ ਨੂੰ ਇਸ ਪਰਖ ਜ਼ਰੀਏ ਜਾਂਚ ਲੈਂਦੇ ਹਾਂ।
1. ਹਮੇਸ਼ਾ ਤੋਂ ਤੁਹਾਡਾ 'ਸੁਪਨਾ ਨੌਕਰੀ' ਸੀ-(ੳ) ਸਰਕਾਰੀ ਨੌਕਰੀ (ਅ) ਮਲਟੀਨੈਸ਼ਨਲ ਨੌਕਰੀ (ੲ) ਜੋ ਵੀ ਮਿਲ ਜਾਵੇ।
2. ਤੁਹਾਨੂੰ ਆਪਣੀ ਨੌਕਰੀ ਵਿਚ ਸਭ ਤੋਂ ਜ਼ਿਆਦਾ ਆਕਰਸ਼ਕ ਚੀਜ਼ ਲਗਦੀ ਹੈ-(ੳ) ਸ਼ਾਨਦਾਰ ਤਨਖ਼ਾਹ (ਅ) ਕੰਮ ਕਰਨ ਦਾ ਬਿਹਤਰੀਨ ਮਾਹੌਲ (ੲ) ਸਿੱਖਣ ਦਾ ਜ਼ਬਰਦਸਤ ਮੌਕਾ
3. ਤੁਸੀਂ ਨੌਕਰੀ ਕਰਦੇ ਹੋ-
(ੳ) ਜੀਵਨ ਵਿਚ ਆਪਣੇ-ਆਪ ਨੂੰ ਸਾਰਥਕ ਸਾਬਤ ਕਰਨ ਲਈ
(ਅ) ਜੀਵਨ ਬਿਤਾਉਣ ਲਈ
(ੲ) ਮੁਕਾਬਲੇਬਾਜ਼ੀ ਕਾਰਨ
4. ਤੁਸੀਂ ਜਦੋਂ ਵੀ ਆਪਣੀ ਹੁਣ ਤੱਕ ਦੀਆਂ ਨੌਕਰੀਆਂ 'ਤੇ ਇਕ ਨਜ਼ਰ ਮਾਰਦੇ ਹੋ, ਹਮੇਸ਼ਾ-
(ੳ) ਪਹਿਲੀ ਨੌਕਰੀ ਨੂੰ ਸਭ ਤੋਂ ਚੰਗਾ ਪਾਉਂਦੇ ਹੋ। (ਅ) ਅੱਜ ਤੱਕ ਤੁਹਾਨੂੰ ਆਪਣੇ ਮਨ ਦੀ ਕੋਈ ਨੌਕਰੀ ਹੀ ਨਹੀਂ ਮਿਲੀ (ੲ) ਇਸ ਨਜ਼ਰੀਏ ਤੋਂ ਕੁਝ ਸੋਚਦੀ ਹੀ ਨਹੀਂ।
5. ਤੁਹਾਡੇ ਹਿਸਾਬ ਨਾਲ ਪੰਜ ਸਾਲ ਤੋਂ ਜ਼ਿਆਦਾ ਇਕ ਥਾਂ ਨੌਕਰੀ ਕਰਨਾ-(ੳ) ਕਾਮਯਾਬੀ ਦੀ ਨਿਸ਼ਾਨੀ ਹੈ। (ਅ) ਨਵੀਂ ਨੌਕਰੀ ਨਾ ਲੱਭ ਪਾਉਣ ਦਾ ਨਤੀਜਾ ਹੈ। (ੲ) ਮਾਰਕੀਟ ਵਿਚ ਨੌਕਰੀ ਦੀ ਸਮੱਸਿਆ ਨੂੰ ਦਰਸਾਉਂਦਾ ਹੈ।
ਨਤੀਜਾ : ਜੇਕਰ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹ ਕੇ ਉਨ੍ਹਾਂ ਦੇ ਜਵਾਬ 'ਤੇ ਨਿਸ਼ਾਨੀ ਲਗਾਈ ਹੈ ਜੋ ਤੁਹਾਡੇ 'ਤੇ ਲਾਗੂ ਹੁੰਦੇ ਹਨ ਤਾਂ ਤੁਸੀਂ ਆਪਣੀ ਨੌਕਰੀ ਤੋਂ ਕਿੰਨਾ ਸੰਤੁਸ਼ਟ ਹੋ, ਇਸ ਦਾ ਉੱਤਰ ਇਹ ਹੈ-(ੳ) - ਜੇਕਰ ਤੁਹਾਡੇ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਆਪਣੀ ਨੌਕਰੀ ਤੋਂ ਭਾਵੇਂ ਸਾਰੀਆਂ ਚੀਜ਼ਾਂ ਹਾਸਲ ਕਰ ਲੈਂਦੇ ਹੋ ਪਰ ਤੁਸੀਂ ਆਪਣੀ ਨੌਕਰੀ ਤੋਂ ਕਿਸੇ ਵੀ ਮਾਇਨੇ ਵਿਚ ਸੰਤੁਸ਼ਟ ਨਹੀਂ ਹੋ।
(ਅ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ ਇਸ ਤੋਂ ਘੱਟ ਹਨ ਤਾਂ ਨੌਕਰੀ ਨੂੰ ਲੈ ਕੇ ਤੁਸੀਂ ਬਹੁਤ ਤਣਾਅ ਵਿਚ ਨਹੀਂ ਰਹਿੰਦੇ ਹੋ। ਇਹ ਵੱਖਰੀ ਗੱਲ ਹੈ ਕਿ ਜਦੋਂ ਘਰ ਦੇ ਹੀ ਦੂਜੇ ਮੈਂਬਰਾਂ ਨੂੰ ਤੁਹਾਡੇ ਤੋਂ ਚੰਗੀ ਨੌਕਰੀ ਮਿਲਦੀ ਹੈ, ਉਦੋਂ ਇਕ ਵਾਰ ਜ਼ਰੂਰ ਇਹ ਕਸਕ ਹੁੰਦੀ ਹੈ ਕਿ ਅਸੀਂ ਕਿਤੇ ਪਿਛੜ ਗਏ ਹਾਂ। ਹਾਲਾਂਕਿ ਇਹ ਕਦੀ-ਕਦਾਈਂ ਹੀ ਹੁੰਦਾ ਹੈ।
(ੲ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਬਿਨਾਂ ਕਿਸੇ ਸ਼ੱਕ ਤੁਸੀਂ ਆਪਣੀ ਨੌਕਰੀ ਤੋਂ ਸੰਤੁਸ਼ਟ ਹੋ। ਚਾਹੇ ਜੋ ਵੀ ਕਾਰਨ ਹੋਵੇ, ਪਰ ਇਹ ਸੱਚ ਹੈ ਕਿ ਤੁਹਾਡੀਆਂ ਨੀਂਦਾਂ ਨਵੀਂ ਨੌਕਰੀ ਲੱਭਣ ਦੀ ਚਿੰਤਾ ਵਿਚ ਖਰਾਬ ਨਹੀਂ ਹੁੰਦੀਆਂ, ਨਾ ਹੀ ਤੁਸੀਂ ਗੱਲਬਾਤ ਦੇ ਦੌਰਾਨ ਪਹਿਲੀ ਫੁਰਸਤ ਵਿਚ ਹੀ ਆਪਣੀ ਨੌਕਰੀ ਅਤੇ ਕਿਸਮਤ ਨੂੰ ਕੋਸਦੇ ਹੋ।


-ਪੇਸ਼ਕਸ਼ : ਪਿੰਕੀ ਅਰੋੜਾ
ਇਮੇਜ ਰਿਫਲੈਕਸ਼ਨ ਸੈਂਟਰ

ਗ਼ਲਤੀ ਸਵੀਕਾਰਨ ਵਿਚ ਬੁਰਾਈ ਨਹੀਂ

* ਗੱਲ ਕਰਦੇ ਹੋਏ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜਿਸ ਨਾਲ ਗੱਲ ਕਰ ਰਹੇ ਹੋ, ਕਿਤੇ ਉਸ ਦੀਆਂ ਭਾਵਨਾਵਾਂ ਨੂੰ ਸੱਟ ਤਾਂ ਨਹੀਂ ਪਹੁੰਚ ਰਹੀ, ਕਿਤੇ ਤੁਸੀਂ ਉਸ ਦੀ ਇੱਜ਼ਤ ਨੂੰ ਦਰਕਿਨਾਰ ਤਾਂ ਨਹੀਂ ਕਰ ਰਹੇ। ਜੇ ਕਦੇ ਅਜਿਹਾ ਲੱਗੇ ਤਾਂ ਉਸੇ ਸਮੇਂ ਆਪਣੀ ਗ਼ਲਤੀ ਸਵੀਕਾਰ ਕਰਕੇ ਮੁਆਫ਼ੀ ਮੰਗੋ। ਅਜਿਹੇ ਵਿਚ ਮਾੜੀ ਭਾਵਨਾ ਜਨਮ ਨਹੀਂ ਲਵੇਗੀ ਅਤੇ ਗੱਲ ਅਸਾਨੀ ਨਾਲ ਆਈ-ਗਈ ਹੋ ਜਾਵੇਗੀ।
* ਘਰ ਵਿਚ ਕੰਮ ਕਰਦੇ ਸਮੇਂ ਜਾਂ ਦਫ਼ਤਰ ਵਿਚ ਕੰਮ ਕਰਦੇ ਸਮੇਂ ਕਦੇ-ਕਦੇ ਜਲਦੀ ਵਿਚ ਕੋਈ ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਕੋਈ ਦੂਜਾ ਜਦੋਂ ਧਿਆਨ ਦਿਵਾਏ ਤਾਂ ਉਸ ਗੱਲ ਦਾ ਬੁਰਾ ਨਾ ਮੰਨੋ, ਨਾ ਹੀ ਬਹਾਨਾ ਬਣਾਓ, ਸਗੋਂ ਸਹਿਜ ਸੁਭਾਅ ਨਾਲ ਆਪਣੀ ਗ਼ਲਤੀ ਮੰਨ ਲਓ।
* ਕੋਈ ਜ਼ਿੰਮੇਵਾਰੀ ਵਾਲਾ ਕੰਮ ਤੁਸੀਂ ਗਰੁੱਪ ਵਿਚ ਨਿਭਾਅ ਰਹੇ ਹੋ ਅਤੇ ਕਦੇ ਕੁਝ ਗ਼ਲਤ ਹੋ ਜਾਵੇ ਤਾਂ ਦੂਜਿਆਂ 'ਤੇ ਦੋਸ਼ ਨਾ ਲਗਾਓ। ਸਹਿਜਤਾ ਨਾਲ ਆਪਣੀ ਗ਼ਲਤੀ ਸਵੀਕਾਰ ਕਰੋ, ਕਿਉਂਕਿ ਸਹੀ ਕੰਮ ਦੀ ਜ਼ਿੰਮੇਵਾਰੀ ਤੁਹਾਡੀ ਸੀ।
* ਗ਼ਲਤੀ ਸਵੀਕਾਰਦੇ ਸਮੇਂ ਹੰਕਾਰ ਅਕਸਰ ਅੱਗੇ ਆਉਂਦਾ ਹੈ। ਹੰਕਾਰ ਨੂੰ ਇਕ ਪਾਸੇ ਰੱਖ ਕੇ ਗ਼ਲਤੀ ਸਵੀਕਾਰੋ। ਜੇ ਕਦੇ ਗ਼ਲਤੀ ਨਾਲ ਬੱਚਿਆਂ ਨੂੰ ਕੁਝ ਕਹਿ ਦਿੱਤਾ ਅਤੇ ਬਾਅਦ ਵਿਚ ਲੱਗੇ ਕਿ ਕੁਝ ਗ਼ਲਤ ਸੀ ਤਾਂ ਬੇਝਿਜਕ 'ਸੌਰੀ' ਬੋਲ ਦਿਓ। ਬੱਚੇ ਤੁਹਾਡੀ ਇੱਜ਼ਤ ਕਰਨਗੇ। ਆਪਣੇ ਤੋਂ ਛੋਟਿਆਂ ਨੂੰ 'ਸੌਰੀ' ਕਹਿਣ ਨਾਲ ਤੁਸੀਂ ਛੋਟੇ ਨਹੀਂ ਹੋਵੋਗੇ, ਸਗੋਂ ਤੁਹਾਡੀ ਇੱਜ਼ਤ ਵਧੇਗੀ।

ਰਸੋਈਘਰ ਵਿਚ ਕੰਮ ਦੀਆਂ ਗੱਲਾਂ

* ਢੋਕਲਾ ਬਣਾਉਂਦੇ ਸਮੇਂ ਥੋੜ੍ਹੀ ਜਿਹੀ ਪੀਸੀ ਕਾਲੀ ਮਿਰਚ ਪਾ ਦਿਓ। ਸਵਾਦ ਵਧ ਜਾਵੇਗਾ।
* ਰਾਇਤੇ 'ਤੇ 2-3 ਭੁੰਨੇ ਲੌਂਗਾਂ ਦਾ ਚੂਰਨ ਪਾ ਦਿਓ। ਰਾਇਤਾ ਬਹੁਤ ਸਵਾਦੀ ਲੱਗੇਗਾ।
* ਇਮਲੀ ਨੂੰ ਸੁਕਾ ਕੇ ਲੂਣ ਲਗਾ ਕੇ ਗੋਲੇ ਬਣਾ ਲਓ ਅਤੇ ਹਵਾਬੰਦ ਡੱਬੇ ਵਿਚ ਰੱਖੋ। ਸਾਲ ਭਰ ਤੱਕ ਖਰਾਬ ਨਹੀਂ ਹੋਵੇਗੀ।
* ਟਮਾਟਰ ਦਾ ਸੂਪ ਬਣਾਉਂਦੇ ਸਮੇਂ ਸੁੱਕਾ ਪੁਦੀਨਾ ਪਾ ਦਿਓ। ਸੂਪ ਬਹੁਤ ਸਵਾਦੀ ਲੱਗੇਗਾ।
* ਭਰਵੇਂ ਕਰੇਲੇ ਬਣਾਉਂਦੇ ਸਮੇਂ ਮਸਾਲੇ ਵਿਚ ਥੋੜ੍ਹਾ ਜਿਹਾ ਗੁੜ ਮਿਲਾ ਦਿਓ। ਸਵਾਦ ਵਧ ਜਾਵੇਗਾ।
* ਬ੍ਰੈੱਡ ਸਲਾਈਸ ਸੁੱਕ ਗਈ ਹੋਵੇ ਤਾਂ ਪਾਣੀ ਵਿਚ ਉਬਾਲੋ ਅਤੇ ਉਸ 'ਤੇ ਤਾਰ ਦੀ ਜਾਲੀ ਜਾਂ ਚਲਣੀ ਰੱਖ ਕੇ ਬ੍ਰੈੱਡ ਸਲਾਈਸ ਰੱਖ ਦਿਓ। ਥੋੜ੍ਹੀ ਦੇਰ ਵਿਚ ਬ੍ਰੈੱਡ ਤਾਜ਼ੀ ਵਰਗੀ ਨਰਮ ਹੋ ਜਾਵੇਗੀ।
* ਪਿਆਜ਼ ਜਾਂ ਲਸਣ ਦੀ ਗੰਧ ਦੂਰ ਕਰਨ ਲਈ ਚੌਲਾਂ ਦੇ ਪਾਣੀ (ਮਾਂਡ) ਨਾਲ ਹੱਥ ਧੋਣੇ ਚਾਹੀਦੇ ਹਨ।
* ਚੁਟਕੀ ਕੁ ਹਲਦੀ ਜਾਂ ਨਮਕ ਪਾ ਕੇ ਕੱਚਾ ਕੇਲਾ ਉਬਾਲਣ ਨਾਲ ਕੇਲਾ ਕਾਲਾ ਨਹੀਂ ਪੈਂਦਾ।
* ਉਬਲੇ ਆਲੂ ਦੀਆਂ ਛਿੱਲਾਂ 'ਤੇ ਨਮਕ ਲਗਾ ਕੇ ਚਾਂਦੀ ਦੇ ਭਾਂਡੇ ਸਾਫ਼ ਕਰੋ, ਭਾਂਡੇ ਚਮਕ ਜਾਣਗੇ।
* ਦਾਲ, ਸਬਜ਼ੀ ਵਿਚ ਇਮਲੀ ਜਾਂ ਅੰਬਚੂਰਨ ਪਾ ਕੇ ਔਲਾ ਚੂਰਨ ਪਾਓ। ਇਸ ਨਾਲ ਵਾਲਾਂ ਅਤੇ ਅੱਖਾਂ ਨੂੰ ਲਾਭ ਹੋਵੇਗਾ।
* ਤਾਜ਼ੇ ਨਾਰੀਅਲ ਦਾ ਬੂਰਾ ਬਣਾ ਕੇ ਹਵਾਬੰਦ ਡੱਬੇ ਵਿਚ ਭਰ ਕੇ ਫਰਿੱਜ ਵਿਚ ਰੱਖਣ ਨਾਲ ਬਹੁਤ ਦਿਨਾਂ ਤੱਕ ਤਾਜ਼ਾ ਰਹੇਗਾ।
* ਦੁੱਧ ਜ਼ਿਆਦਾ ਉਬਲਣ ਨਾਲ ਸੰਘਣਾ ਹੋ ਜਾਵੇ ਤਾਂ ਉਬਲਿਆ ਹੋਇਆ ਗਰਮ ਪਾਣੀ ਪਾ ਦਿਓ। ਦੁੱਧ ਆਮ ਵਾਂਗ ਪਤਲਾ ਹੋ ਜਾਵੇਗਾ।
* ਹਰੀ ਮਿਰਚ ਦੀਆਂ ਡੰਡੀਆਂ ਤੋੜ ਕੇ ਫਰਿੱਜ ਵਿਚ ਰੱਖਣ ਨਾਲ ਜ਼ਿਆਦਾ ਦਿਨਾਂ ਤੱਕ ਤਾਜ਼ੀ ਰਹਿੰਦੀ ਹੈ।
* ਜਿਥੇ ਕੀੜੀਆਂ ਜ਼ਿਆਦਾ ਹੁੰਦੀਆਂ ਹੋਣ, ਉਥੇ ਨਮਕ ਖਿਲਾਰ ਕੇ ਪਾ ਦਿਓ। ਕੀੜੀਆਂ ਦੌੜ ਜਾਣਗੀਆਂ।
* ਨਮਕ ਮਿਲੇ ਪਾਣੀ ਨਾਲ ਫਰਸ਼ 'ਤੇ ਪੋਚਾ ਲਗਾਉਣ ਨਾਲ ਕੀੜੀਆਂ ਅਤੇ ਕੀੜੇ-ਮਕੌੜੇ ਨਹੀਂ ਹੁੰਦੇ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX