ਤਾਜਾ ਖ਼ਬਰਾਂ


ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  6 minutes ago
ਅੰਮ੍ਰਿਤਸਰ, 15 ਅਗਸਤ (ਜਸਵੰਤ ਸਿੰਘ ਜੱਸ) - ਅੱਜ ਆਜ਼ਾਦੀ ਦਿਵਸ 'ਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਮੀ ਤਿਰੰਗਾ ਲਹਿਰਾਇਆ...
ਆਪ ਵਲੰਟੀਅਰਾਂ 'ਤੇ ਹੋਏ ਪਰਚੇ 'ਚ ਮੇਰਾ ਕੋਈ ਰੋਲ ਨਹੀਂ-ਭਗਵੰਤ ਮਾਨ
. . .  11 minutes ago
ਮਹਿਲ ਕਲਾਂ, 15 ਅਗਸਤ (ਅਵਤਾਰ ਸਿੰਘ ਅਣਖੀ)-ਬੀਤੇ ਦਿਨੀਂ ਪਿੰਡ ਪੰਡੋਰੀ 'ਚ ਭਗਵੰਤ ਮਾਨ ਨੂੰ ਘੇਰਨ ਵਾਲੇ ਪੰਜ ਆਪ ਵਲੰਟੀਅਰਾਂ 'ਤੇ ਪੁਲਿਸ ਥਾਣਾ ਮਹਿਲ ਕਲਾਂ 'ਚ ਦਰਜ ਹੋਏ ਪਰਚੇ ਸਬੰਧੀ ਪ੍ਰਤੀਕਰਮ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਉਨ੍ਹਾਂ...
ਲਾਲਾ ਜੀ, ਸੁਖਦੇਵ, ਸਰਾਭਾ ਤੇ ਨਾਮਧਾਰੀਆਂ ਦੀ ਯਾਦਗਾਰ ਲਈ 1-1 ਕਰੋੜ ਦੇਣ ਦਾ ਐਲਾਨ
. . .  11 minutes ago
ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ
. . .  20 minutes ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ ਕੀਤਾ ਤੇ ਬੱਡੀ ਕਿਤਾਬਚਾ ਜਾਰੀ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਬਸਿਡੀ ਤੇ ਖੇਤੀਬਾੜੀ ਮਸ਼ੀਨਰੀ...
ਵਰ੍ਹਦੇ ਮੀਂਹ 'ਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲਹਿਰਾਇਆ ਕੌਮੀ ਝੰਡਾ
. . .  44 minutes ago
ਫ਼ਿਰੋਜ਼ਪੁਰ, 15 ਅਗਸਤ (ਜਸਵਿੰਦਰ ਸਿੰਘ ਸੰਧੂ ) ਆਜ਼ਾਦੀ ਦਿਹਾੜੇ ਮੌਕੇ ਅੱਜ ਵਰ੍ਹਦੇ ਮੀਂਹ 'ਚ ਫ਼ਿਰੋਜ਼ਪੁਰ ਅੰਦਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ । ਕੌਮੀ ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਨੇ ਸਲਾਮੀ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ
. . .  58 minutes ago
ਪਟਿਆਲਾ, 15 ਅਗਸਤ - ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਅਤੇ ਮਕਾਨ ਉਸਾਰੀ, ਸ਼ਹਿਰੀ ਵਿਕਾਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ...
ਲੁਧਿਆਣਾ 'ਚ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਗਲੇ ਸਾਲ...
ਤਪਾ 'ਚ ਭਾਰੀ ਮੀਂਹ, ਜਨਜੀਵਨ ਪ੍ਰਭਾਵਿਤ
. . .  about 1 hour ago
ਤਪਾ ਮੰਡੀ, 15 ਅਗਸਤ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਅੱਜ ਸਵੇਰ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਉੱਥੇ ਹੀ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਲਈ ਕਰਾਏ ਜਾ ਰਹੇ ਪ੍ਰੋਗਰਾਮ...
ਮੈਂ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਲਈ ਬੇਸਬਰ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਅਸੀਂ ਗੋਲੀ ਜਾਂ ਗਾਲੀ ਦੇ ਰਸਤੇ ਨਹੀਂ, ਬਲਕਿ ਗਲੇ ਲਗਾ ਕੇ ਕਸ਼ਮੀਰੀ ਭਰਾਵਾਂ-ਭੈਣਾਂ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ - ਮੋਦੀ
. . .  about 1 hour ago
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਮੇਰਾ ਹਿੰਦੁਸਤਾਨ

ਮੇਰਾ ਹਿੰਦੁਸਤਾਨ, ਮੇਰਾ ਹਿੰਦੁਸਤਾਨ,
ਦੇਸ਼ ਦੀ ਖ਼ਾਤਰ ਜਾਨ ਮੈਂ ਆਪਣੀ,
ਕਰ ਦੇਵਾਂ ਕੁਰਬਾਨ,
ਮੇਰਾ ਹਿੰਦੁਸਤਾਨ............. |
ਦੁਸ਼ਮਣ ਦੇ ਦੰਦ ਖੱਟੇ ਕਰਕੇ,
ਅੱੱਗੇ-ਅੱਗੇ ਵਧਦਾ ਜਾਵਾਂ,
ਜ਼ਿੰਦਗੀ ਕੌਮ ਦੇ ਲੇਖੇ ਲਾ ਕੇ,
ਭਾਰਤ ਮਾਂ ਦੀ ਸ਼ਾਨ ਵਧਾਵਾਂ,
ਭਗਤ ਸਿੰਘ, ਸੁਖਦੇਵ,
ਰਾਜਗੁਰੂ ਸਭ ਨੂੰ ਮੇਰਾ ਸਲਾਮ,
ਮੇਰਾ ਹਿੰਦੁਸਤਾਨ............. |
ਦੇਸ਼ ਮੇਰੇ ਦੇ ਯੋਧਿਆਂ ਸਾਥੀਓ,
ਜਦ ਲਾਇਆ ਆਜ਼ਾਦੀ ਦਾ ਨਾਅਰਾ,
ਊਧਮ ਸਿੰਘ ਦੀ ਕੁਰਬਾਨੀ ਨਾਲ
ਕੰਬ ਉੱਠਿਆ ਭਾਰਤ ਸਾਰਾ,
ਸ਼ਹੀਦਾਂ ਆਪਣਾ ਤਨ-ਮਨ ਕੀਤਾ
ਦੇਸ਼ ਲਈ ਕੁਰਬਾਨ,
ਮੇਰਾ ਹਿੰਦੁਸਤਾਨ............. |
ਅੱਜ ਦੇ ਦਿਨ ਹਰ ਇਕ ਭਾਰਤ ਵਾਸੀ,
ਕਰੀਏ ਇਹੀ ਇਕਰਾਰ,
ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਕੇ,
ਨਵਾਂ ਭਾਰਤ ਲਈਏ ਉਸਾਰ |
ਜਾਤ-ਪਾਤ ਦਾ ਫ਼ਰਕ ਮਿਟਾ ਕੇ,
ਵੰਡੀਏ ਨਵੀਂ ਮੁਸਕਾਨ,
ਮੇਰਾ ਹਿੰਦੁਸਤਾਨ............. |

-ਸਿਮਰਨ,
ਜਗਰਾਉਂ |


ਖ਼ਬਰ ਸ਼ੇਅਰ ਕਰੋ

ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਬਾਲ ਕਹਾਣੀ: ਆਪ ਸਹੇੜੀ ਬਿਪਤਾ

ਇਸ ਸਾਲ ਫਿਰ 15 ਅਗਸਤ ਨੂੰ ਕਸਬੇ ਦੇ ਸਰਕਾਰੀ ਸਕੂਲ ਵਿਚ ਮਨਾਏ ਜਾ ਰਹੇ ਆਜ਼ਾਦੀ ਦੇ ਦਿਹਾੜੇ ਨੂੰ ਵੇਖਣ ਲਈ ਗਿਰਝ ਅਤੇ ਘੁੱਗੀ ਆਪਣੇ ਬੱਚਿਆਂ ਨਾਲ ਦੂਰ-ਦਰਾਡੇ ਤੋਂ ਆਈਆਂ ਸਨ |
ਸਕੂਲ ਨੂੰ ਬਾਹਰ ਤੱਕ ਰੰਗ-ਰੋਗਨ ਅਤੇ ਕਲੀਆਂ ਨਾਲ ਸਜਾਇਆ ਗਿਆ ਸੀ | ਸਮਾਗਮ ਵਾਲੀ ਥਾਂ ਉੱਪਰ ਬਣਾਈ ਸਟੇਜ ਬਣਾਉਟੀ ਫੁੱਲਾਂ, ਹਾਰਾਂ ਨਾਲ ਸਜੀ ਸੀ, ਸਕੂਲ ਵਿਚਲੀ ਗਰਾਊਾਡ ਵਿਚ ਪ੍ਰਾਰਥਨਾ ਵਾਲੀ ਥਾਂ ਉੱਪਰ ਲਹਿਰਾਏ ਜਾਣ ਵਾਲੇ ਕੌਮੀ ਤਿਰੰਗੇ ਝੰਡੇ ਵਾਲੀ ਜਗ੍ਹਾ ਉੱਪਰ ਸਕੂਲ ਵਿਚ ਪੜ੍ਹਦੇ ਵਿਦਿਆਰਥੀ, ਜਿਨ੍ਹਾਂ ਵਿਚ ਮਾਸੂਮ ਛੋਟੇ-ਛੋਟੇ ਬੱਚੇ ਵੀ ਸਨ, ਲਾਈਨਵਾਰ ਬਿਠਾਏ ਗਏ ਸਨ | ਅੱਤ ਦੀ ਗਰਮੀ ਕਾਰਨ 2 ਘੰਟੇ ਬੈਠੇ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਸੀ, ਪਰ ਅਧਿਆਪਕਾਂ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਜਿੰਨੇ ਚਿਰ ਤੱਕ ਮੁੱਖ ਮਹਿਮਾਨ ਮੰਤਰੀ ਸਾਹਿਬ ਝੰਡੇ ਦੀ ਰਸਮ ਅਦਾ ਨਾ ਕਰ ਜਾਣ, ਓਨੇ ਚਿਰ ਤੱਕ ਕਿਸੇ ਬੱਚੇ ਨੂੰ ਵੀ ਉੱਠਣ ਦੀ ਇਜਾਜ਼ਤ ਨਹੀਂ ਸੀ | ਗੀਤ-ਸੰਗੀਤ ਜਾਰੀ ਸੀ | ਮੰਤਰੀ ਸਾਹਿਬ ਮਿਥੇ ਪ੍ਰੋਗਰਾਮ ਤੋਂ ਇਕ ਘੰਟਾ ਲੇਟ ਸਨ | ਗਰਮੀ ਕਾਰਨ ਦੋ ਬੱਚੇ ਬੇਹੋਸ਼ ਵੀ ਹੋ ਗਏ | ਏਨੇ ਨੂੰ ਮੰਤਰੀ ਸਾਹਿਬ ਦੀਆਂ ਹੂਟਰ ਮਾਰਦੀਆਂ ਸਰਕਾਰੀ ਗੱਡੀਆਂ ਆਈਆਂ, ਮੰਤਰੀ ਸਾਹਿਬ ਆਪਣੇ 4 ਕੁ ਚਹੇਤਿਆਂ ਨਾਲ ਏ.ਸੀ. ਗੱਡੀਆਂ ਵਿਚੋਂ ਉਤਰੇ ਅਤੇ ਸਿੱਧੇ ਸਟੇਜ ਉੱਪਰ ਚਲੇ ਗਏ |
20 ਕੁ ਮਿੰਟ ਚੱਲੀ ਇਸ ਆਜ਼ਾਦੀ ਦੀ ਰਸਮ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ, ਮੰਤਰੀ ਸਾਹਿਬ ਨੇ ਭਾਸ਼ਣ ਦਿੱਤਾ ਅਤੇ ਰਾਸ਼ਟਰੀ ਝੰਡਾ ਲਹਿਰਾ ਕੇ ਉਸ ਨੂੰ ਸਲਾਮੀ ਦਿੱਤੀ | ਬੱਚਿਆਂ ਨੇ ਤਾੜੀਆਂ ਵਜਾਈਆਂ | ਮੰਤਰੀ ਨੇ 4 ਕੁ ਬੱਚਿਆਂ ਨੂੰ ਸਨਮਾਨਿਤ ਕੀਤਾ ਤਾਂ ਉਹ ਪਸੀਨੋ-ਪਸੀਨੀ ਹੋ ਗਿਆ... | ਪ੍ਰਬੰਧਕਾਂ ਦਾ ਧੰਨਵਾਦ ਕਰਕੇ ਉਹ ਕਾਹਲੀ-ਕਾਹਲੀ ਆਪਣੀ ਏ.ਸੀ. ਗੱਡੀ ਵਿਚ ਜਾ ਸਵਾਰ ਹੋਇਆ, ਜਿਥੇ ਉਸ ਨੇ ਸੁਖ ਦਾ ਸਾਹ ਲਿਆ |
ਇਹ ਸਭ ਕੁਝ ਘੁੱਗੀ, ਗਿਰਝ ਅਤੇ ਉਨ੍ਹਾਂ ਦੇ ਬੱਚੇ ਦੇਖ ਰਹੇ ਸਨ | ਘੁੱਗੀ ਉਡ ਕੇ ਗਿਰਝ ਕੋਲ ਆਈ ਤੇ ਕਿਹਾ ਭੈਣੇ ਵੇਖਿਆ ਈ ਕੁਝ ਇਸ ਵਾਰ ਵੀ...?
ਹਾਂ ਭੈਣੇ ਘੁੱਗੀਏ, ਵੇਖ ਵੀ ਲਿਆ ਤੇ ਸੁਣ ਵੀ ਲਿਆ... |
ਗਿਰਝ ਤੇ ਘੁੱਗੀ ਨੇ 20 ਸਾਲ ਪੁਰਾਣੇ ਸਮੇਂ ਮਨਾਏ ਜਾਂਦੇ ਆਜ਼ਾਦੀ ਦਿਹਾੜੇ ਦੀਆਂ ਗੱਲਾਂ ਛੇੜ ਲਈਆਂ |
ਨੀ ਭੈਣੇ, ਕਦੇ ਉਹ ਵੀ ਵੇਲਾ ਸੀ ਜਦੋਂ ਸਕੂਲ ਵਿਚ ਅਤੇ ਆਸੇ-ਪਾਸੇ ਬੋਹੜ, ਪਿੱਪਲ, ਟਾਹਲੀਆਂ, ਕਿੱਕਰਾਂ, ਤੂਤ, ਅੰਬ, ਜਾਮਣਾਂ ਸਮੇਤ ਵੱਡੇ ਦਰੱਖਤ ਹੋਇਆ ਕਰਦੇ ਸਨ | ਆਜ਼ਾਦੀ ਸਬੰਧੀ ਅਤੇ ਗਰਮੀਆਂ ਵਿਚ ਹੋਣ ਵਾਲੇ ਸਾਰੇ ਸਮਾਗਮ ਇਨ੍ਹਾਂ ਬੋਹੜਾਂ, ਪਿੱਪਲਾਂ ਦੀ ਸੰਘਣੀ ਛਾਂ ਹੇਠਾਂ ਹੀ ਹੋਇਆ ਕਰਦੇ ਸਨ |
ਵੇਖ ਕਿਵੇਂ ਆਜ਼ਾਦੀ ਦੇ ਦਿਹਾੜੇ ਮੌਕੇ ਮਾਸੂਮ ਬੱਚੇ ਧੁੱਪ ਵਿਚ ਬੈਠੇ ਤਰਲੋ-ਮੱਛੀ ਹੋ ਰਹੇ ਸਨ | ਦੋ ਤਾਂ ਬੇਹੋਸ਼ ਹੋ ਗਏ, ਸਕੂਲ ਸਟਾਫ ਵੀ ਸਟੇਜ ਉੱਪਰ ਗਰਮੀ ਨਾਲ ਤਰਾਹ-ਤਰਾਹ ਕਰ ਰਿਹਾ ਸੀ | ਬਾਹਰ ਧੁੱਪ ਵਿਚ ਖੜ੍ਹੀਆਂ ਮੰਤਰੀ ਨਾਲ ਆਈਆਂ ਗੱਡੀਆਂ ਦੇ ਡਰਾਈਵਰ, ਗੰਨਮੈਨ ਦਰੱਖਤਾਂ ਦਾ ਆਸਰਾ ਭਾਲ ਰਹੇ ਸਨ | ਪਰ ਆਸੇ-ਪਾਸੇ ਹੋਈ ਰੁੰਡ-ਮਰੁੰਡ ਕਾਰਨ ਸਾਰੇ ਹੀ ਬੇਹਾਲ ਸਨ |
ਆਜ਼ਾਦੀ ਦੇ ਖੁਸ਼ੀ ਭਰੇ ਮੌਕੇ ਉੱਪਰ ਵੀ ਇਨ੍ਹਾਂ ਦੇ ਚਿਹਰਿਆਂ ਉੱਪਰ ਕੋਈ ਖੁਸ਼ੀ-ਰੌਣਕ ਨਹੀਂ ਦਿਖਾਈ ਦਿੰਦੀ | ਸਾਰੇ ਹੀ ਇਵੇਂ ਲਗਦੇ ਹਨ, ਜਿਵੇਂ ਮਜਬੂਰੀ ਵਿਚ ਬੱਝੇ ਹੀ ਇਹ ਆਜ਼ਾਦੀ ਦਾ ਸਮਾਗਮ ਕਰ ਰਹੇ ਹੋਣ |
ਚੰਗਾ ਭੈਣੇ ਘੁੱਗੀਏ, ਦੁਪਹਿਰ ਹੋ ਰਹੀ ਏ... ਘਰ ਪਰਿਵਾਰ ਦੇ ਬਾਕੀ ਜੀਅ ਉਡੀਕਾਂ ਕਰ ਰਹੇ ਹੋਣੇ | ਇਨਸਾਨਾਂ ਵਲੋਂ ਮਨਾਏ ਗਏ ਆਜ਼ਾਦੀ ਦਿਹਾੜੇ ਦੀ ਤੈਨੂੰ ਵਧਾਈ ਹੋਵੇ | ਦੋਵੇਂ ਸਹੇਲੀਆਂ ਨੇ ਇਕ-ਦੂਜੀ ਤੋਂ ਵਿਦਾ ਲਈ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਦੂਰ-ਦਰਾਡੇ ਟਿਕਾਣੇ ਵੱਲ ਨੂੰ ਉਡ ਗਈਆਂ |

-ਪਿੰਡ ਅਤੇ ਡਾਕ: ਚੋਗਾਵਾਂ (ਅੰਮਿ੍ਤਸਰ) | ਮੋਬਾ: 98552-50365

ਬਾਲ ਸਭਾ 'ਚ ਹੁੰਦਾ ਬੱਚੇ ਦਾ ਸਰਬਪੱਖੀ ਵਿਕਾਸ

ਵਿਦਿਆਰਥੀ ਜੀਵਨ ਵਿਚ ਬਾਲ ਸਭਾ ਬੱਚੇ ਦਾ ਸਰਬਪੱਖੀ ਕਰਨ 'ਚ ਪਹਿਲਾ ਕਦਮ ਅਦਾ ਕਰਦੀ ਹੈ | ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੇ ਦੂਸਰੇ ਪਹਿਲੂਆਂ ਨੂੰ ਵੀ ਉਭਾਰਨਾ ਚਾਹੀਦਾ ਹੈ | ਬਾਲ ਸਭਾ 'ਚ ਰਹਿ ਕੇ ਬੱਚੇ ਅਨੁਸ਼ਾਸਨ 'ਚ ਰਹਿਣਾ ਸਿੱਖਦੇ ਹਨ | ਇਸ ਤਰ੍ਹਾਂ ਬੱਚਿਆਂ 'ਚ ਬੋਲਣ ਦੀ ਝਿਜਕ ਖਤਮ ਹੁੰਦੀ ਹੈ | ਸਟੇਜ ਦਾ ਡਰ ਖਤਮ ਹੋ ਜਾਂਦਾ ਹੈ | ਸ਼ਰਾਰਤੀ ਬੱਚੇ ਨੂੰ ਸਭਾ 'ਚ ਇਨਾਮ ਦੇ ਕੇ ਸਨਮਾਨਿਤ ਕਰਨ ਨਾਲ ਤਬਦੀਲੀ ਲਿਆਂਦੀ ਜਾ ਸਕਦੀ ਹੈ | ਜਿਹੜੇ ਬੱਚੇ ਪੜ੍ਹਾਈ ਵਿਚੋਂ ਕਮਜ਼ੋਰ ਹੁੰਦੇ ਹਨ, ਉਹ ਦੂਸਰੇ ਪੱਖਾਂ ਵਿਚ ਅੱਗੇ ਹੁੰਦੇ ਹਨ | ਅਜਿਹੇ ਬੱਚੇ ਮੁਕਾਬਲੇ ਦੀ ਭਾਵਨਾ ਨਾਲ ਭਾਸ਼ਣ ਦਿੰਦੇ ਹਨ | ਸਮੇਂ-ਸਮੇਂ ਸਿਰ ਬੱਚਿਆਂ ਨੂੰ ਸਨਮਾਨਿਤ ਕਰਦੇ ਰਹਿਣਾ ਚਾਹੀਦਾ ਹੈ | ਅਜਿਹੇ ਸਮਾਰੋਹ ਦੂਸਰੇ ਬੱਚਿਆਂ ਲਈ ਉੁਦਾਹਰਣ ਬਣਦੇ ਹਨ | ਅਜਿਹੇ ਪ੍ਰੋਗਰਾਮ ਬੱਚਿਆਂ 'ਚ ਉਤਸ਼ਾਹ ਪੈਦਾ ਕਰਦੇ ਹਨ ਅਤੇ ਆਉਣ ਵਾਲੇ ਭਵਿੱਖ ਨੰੂ ਸੁਨਹਿਰੀ ਰਸਤਾ ਦਿਖਾਉਂਦੇ ਹਨ | ਅਜਿਹੀਆਂ ਸਭਾਵਾਂ ਵਿਦਿਆਰਥੀ ਜੀਵਨ 'ਚ ਉੱਘਾ ਰੋਲ ਅਦਾ ਕਰਦੀਆਂ ਹਨ | ਸਿੱਖਿਆ ਦਾ ਮੁੱਖ ਨਿਸ਼ਾਨਾ ਬੱਚੇ ਵਿਚ ਛੁਪੇ ਹੋਏ ਗੁਣਾਂ ਦਾ ਵਿਕਾਸ ਕਰਨਾ ਹੈ | ਬਾਲ ਸਭਾ ਦੇ ਰਾਹੀਂ ਬੱਚਾ ਆਪਣੀ ਭਾਵਨਾ ਨੰੂ ਮੂਲ ਲੇਖਕ ਦੇ ਤੌਰ 'ਤੇ ਉਭਾਰ ਕੇ ਨਾਟਕ ਵਿਚ ਇਕ ਚੰਗੇ ਪਾਤਰ ਦੇ ਰੂਪ ਵਿਚ ਪੇਸ਼ ਕਰ ਸਕਦਾ ਹੈ |
ਬਾਲ ਸਭਾਵਾਂ ਇਕ ਚੰਗੇ ਬੁਲਾਰੇ ਨੰੂ ਜਨਮ ਦਿੰਦੀਆਂ ਹਨ | ਅਧਿਆਪਕ ਹੀ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਤੇ ਗਿਆਨ ਦੇ ਭੰਡਾਰ ਵਿਚ ਵਾਧਾ ਕਰ ਸਕਦਾ ਹੈ ਅਤੇ ਇਹ ਭੰਡਾਰ ਸਦੀਵੀ ਆ ਜਾਂਦਾ ਹੈ | ਇਹ ਸਿੱਖਿਆ ਤੰਤਰ ਦਾ ਬਹੁਤ ਲਾਭਕਾਰੀ ਤੇ ਜ਼ਰੂਰੀ ਅੰਗ ਹੈ | ਅਧਿਆਪਕ ਹੀ ਬੱਚਿਆਂ ਨੂੰ ਚੰਗੀ ਸੇਧ ਦੇ ਕੇ ਚੰਗੇ ਗੁਣਾਂ ਵਾਲੇ ਨਾਗਰਿਕ ਪੈਦਾ ਕਰ ਸਕਦਾ ਹੈ | ਸਾਡੇ ਦੇਸ਼ ਵਿਚ ਅਜਿਹੇ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਲੋੜ ਹੈ | ਬਾਲ ਸਭਾ ਇਕ ਵਾਰੀ ਜ਼ਰੂਰ ਲੱਗਣੀ ਚਾਹੀਦੀ ਹੈ | ਸਭਾਵਾਂ 'ਚ ਖੇਡਾਂ, ਸਿਹਤ, ਅਨੁਸ਼ਾਸਨ, ਨਸ਼ਿਆਂ ਦੀ ਰੋਕਥਾਮ, ਗੀਤ, ਸੰਗੀਤ, ਸਕਿੱਟ ਆਦਿ ਤਿਆਰ ਕਰਕੇ ਸਭਾ ਵਿਚ ਪੇਸ਼ ਕਰਨ | ਸ਼ੁਰੂ ਵਿਚ ਬੱਚੇ ਅਧਿਆਪਕਾਂ ਤੋਂ ਮਦਦ ਲੈਣ | ਇਹ ਸਾਰਾ ਕਾਰਜ ਪੜ੍ਹਾਈ ਤੋਂ ਹਟ ਕੇ ਹੋਵੇ | ਬੱਚੇ ਨੂੰ ਵਾਰ-ਵਾਰ ਸਟੇਜ 'ਤੇ ਜਾਣ ਦਾ ਮੌਕਾ ਮਿਲੇ ਤਾਂ ਫਿਰ ਬੱਚੇ ਚੰਗੇ ਬੁਲਾਰੇ ਜ਼ਰੂਰ ਬਣਨਗੇ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਫਤਹਿ ਹਾਸਲ ਕਰਨਗੇ | ਬੱਚਿਆਂ 'ਚ ਇਸ ਕਮੀ ਨੂੰ ਅਧਿਆਪਕ ਹੀ ਦੂਰ ਕਰ ਸਕਦਾ ਹੈ | ਅਧਿਆਪਕ ਵਾਰੀ-ਵਾਰੀ ਸਾਰੇ ਬੱਚਿਆਂ ਨੂੰ ਕਿਸੇ ਵੀ ਵਿਸ਼ੇ 'ਤੇ ਬੋਲਣ ਲਈ ਤਿਆਰੀ ਕਰਾਵੇ, ਤਾਂ ਹੀ ਬੱਚੇ ਤਿਆਰੀ ਕਰਕੇ ਆਉਣਗੇ | ਉਨ੍ਹਾਂ 'ਚ ਡਰ ਭੈਅ ਖਤਮ ਹੋ ਜਾਵੇਗਾ ਅਤੇ ਭਵਿੱਖ 'ਚ ਉਹ ਹਰ ਖੇਤਰ 'ਚ ਪਹਿਲਕਦਮੀ ਕਰਨਗੇ ਅਤੇ ਚੰਗੇ ਬੱਚੇ ਆਪਣੇ ਰਾਹ ਦਸੇਰਾ ਅਧਿਆਪਕ ਨੂੰ ਹਮੇਸ਼ਾ ਯਾਦ ਰੱਖਦੇ ਹਨ |

-29/166, ਗਲੀ ਹਜ਼ਾਰਾ ਸਿੰਘ, ਮੋਗਾ-142001. ਮੋਬਾ: 97810-40140

ਚੁਟਕਲੇ

• ਰਾਜੂ-ਹਕੀਮ ਜੀ, ਕੀ ਤੁਹਾਡੇ ਕੋਲ ਕੋਈ ਦੇਸੀ ਦਵਾਈ ਹੈ, ਜਿਹਨੂੰ ਖਾਣ ਨਾਲ ਪਤਨੀ ਪੂਰੀ ਤਰ੍ਹਾਂ ਸ਼ਾਂਤ ਸੁਭਾਅ ਦੀ ਹੋ ਜਾਵੇ ਅਤੇ ਹਰ ਗੱਲ ਮੰਨੇ? ਜੇ ਹੈਗੀ ਤਾਂ ਦੇ ਦਿਓ, ਨਹੀਂ ਤਾਂ ਮੈਂ ਘਰ ਛੱਡ ਕੇ ਪਹਾੜਾਂ 'ਤੇ ਚਲੇ ਜਾਣਾ ਹੈ |
ਹਕੀਮ-ਦਵਾਈ ਨੂੰ ਛੱਡ, ਤੰੂ ਇਹ ਦੱਸ ਪਹਾੜ 'ਚ ਕੋਈ ਪੱਕਾ ਇਲਾਜ ਹੈਗਾ ਏ?
• ਇਕ ਅਮਲੀ ਨੂੰ ਪਿੱਠ ਦਰਦ ਸੀ | ਡਾਕਟਰ ਨੇ ਐਕਸ-ਰੇ ਕੀਤਾ ਤਾਂ ਹੈਰਾਨ ਹੋ ਗਿਆ |
ਡਾਕਟਰ-ਤੁਹਾਡਾ ਤਾਂ ਹੁਣੇ ਹੀ ਆਪ੍ਰੇਸ਼ਨ ਕਰਨਾ ਪਵੇਗਾ, ਤੁਹਾਡੇ ਤਾਂ ਪੇਟ 'ਚ ਪੂਰੀ ਬੋਤਲ ਆਈ ਏ |
ਅਮਲੀ-ਓ ਹੋ ਡਾਕਟਰ ਸਾਬ੍ਹ, ਮੈਨੂੰ ਡੱਬ 'ਚੋਂ ਪਊਆ ਤਾਂ ਕੱਢ ਲੈਣ ਦਿੰਦੇ |
• ਪਤਨੀ-ਸੁਣੋ ਜੀ, ਇਕ ਗੱਲ ਦੱਸੋ, ਪਹਿਲਾਂ ਤਾਂ ਤੁਸੀਂ ਬਹੁਤ ਗੱੁਸੇ 'ਚ ਬੋਲਦੇ ਹੁੰਦੇ ਸੀ, ਹੁਣ ਅਚਾਨਕ ਥੋੜ੍ਹੇ ਦਿਨਾਂ ਤੋਂ ਬਹੁਤ ਪਿਆਰ ਨਾਲ ਪੇਸ਼ ਆ ਰਹੇ ਹੋ, ਆਖਰ ਚੱਕਰ ਕੀ ਐ?
ਪਤੀ-ਭਾਗਵਾਨੇ, ਕੁਝ ਦਿਨ ਪਹਿਲਾਂ ਇਕ ਬਾਬਾ ਜੀ ਦੀ ਸੰਗਤ ਕੀਤੀ ਸੀ | ਉਨ੍ਹਾਂ ਕਿਹਾ ਸੀ ਕਿ ਮੁਸੀਬਤ ਨੂੰ ਜਿੰਨਾ ਹੱਸ ਕੇ ਦੇਖੋ, ਉਹ ਓਨੀ ਹੀ ਛੋਟੀ ਲੱਗੇਗੀ, ਬਸ ਉਸੇ ਸੰਗਤ ਦਾ ਹੀ ਅਸਰ ਹੈ |

-ਅਰਸ਼ ਸਿੱਧੂ,
ਅਲਫੂ ਕੇ (ਫਿਰੋਜ਼ਪੁਰ) | ਮੋਬਾ: 94642-15070

ਬਾਲ ਨਾਵਲ-75 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਾਤੀਂ ਗੱਡੀ 'ਤੇ ਚੜ੍ਹਾਉਣ ਲਈ ਮੇਘਾ ਅਤੇ ਸਿਧਾਰਥ ਦੋਵੇਂ ਗਏ | ਆਉਂਦੀ ਵਾਰੀ ਹਰੀਸ਼ ਕੋਲ ਇਕ ਹੈਾਡ ਬੈਗ ਹੀ ਸੀ | ਹੁਣ ਜਾਣ ਲੱਗਿਆਂ ਉਸ ਹੈਾਡ ਬੈਗ ਦੇ ਨਾਲ ਇਕ ਭਰਿਆ ਹੋਇਆ ਵੱਡਾ ਅਟੈਚੀ ਵੀ ਹੋ ਗਿਆ | ਸੀਟ ਦੇ ਥੱਲੇ ਸਮਾਨ ਟਿਕਾ ਕੇ ਸਿਧਾਰਥ ਅਤੇ ਮੇਘਾ ਹਰੀਸ਼ ਦੇ ਨਾਲ ਹੀ ਉਸ ਦੀ ਸੀਟ 'ਤੇ ਬੈਠ ਗਏ | ਸਿਧਾਰਥ ਉਸ ਨਾਲ ਕੋਈ ਨਾ ਕੋਈ ਗੱਲ ਛੇੜਦਾ ਪਰ ਹਰੀਸ਼ ਸੰਖੇਪ ਜਿਹਾ ਜਵਾਬ ਦੇ ਕੇ ਚੱੁਪ ਕਰ ਜਾਂਦਾ | ਸਿਧਾਰਥ ਨੂੰ ਪਤਾ ਸੀ ਕਿ ਐਸ ਵੇਲੇ ਉਹ ਅੰਦਰੋਂ ਕਿੰਨਾ ਉਦਾਸ ਹੈ | ਇਸੇ ਕਰਕੇ ਉਹ ਉਸ ਨੂੰ ਗੱਲੀਂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ | ਅਸਲ ਵਿਚ ਸਿਧਾਰਥ ਆਪ ਵੀ ਵਿਚੋਂ ਉਦਾਸ ਸੀ |
ਗੱਡੀ ਚੱਲਣ ਵਿਚ ਚਾਰ-ਪੰਜ ਮਿੰਟ ਰਹਿ ਗਏ ਤਾਂ ਸਿਧਾਰਥ ਅਤੇ ਮੇਘਾ ਉਠ ਪਏ | ਉਨ੍ਹਾਂ ਦੋਵਾਂ ਨੇ ਹਰੀਸ਼ ਨੂੰ ਘੱੁਟ ਕੇ ਜੱਫੀ ਪਾਈ ਅਤੇ ਗੱਡੀ 'ਚੋਂ ਉੱਤਰ ਕੇ ਪਲੇਟਫਾਰਮ 'ਤੇ ਖਲੋ ਗਏ | ਹਰੀਸ਼ ਵੀ ਦਰਵਾਜ਼ੇ ਕੋਲ ਆ ਗਿਆ ਪਰ ਉਨ੍ਹਾਂ ਦੋਵਾਂ ਨੇ ਉਸ ਨੂੰ ਸੀਟ 'ਤੇ ਬੈਠਣ ਲਈ ਭੇਜ ਦਿੱਤਾ | ਉਹ ਆਪ ਦੋਵੇਂ ਉਸ ਦੀ ਸੀਟ ਦੇ ਸਾਹਮਣੇ ਵਾਲੇ ਸ਼ੀਸ਼ੇ ਕੋਲ ਖਲੋ ਗਏ | ਐਨੀ ਦੇਰ ਵਿਚ ਗਾਰਡ ਨੇ ਸੀਟੀ ਵਜਾ ਕੇ ਹਰੀ ਝੰਡੀ ਹਿਲਾਉਣੀ ਸ਼ੁਰੂ ਕਰ ਦਿੱਤੀ | ਗੱਡੀ ਨੇ ਸਾਇਰਨ ਵਜਾਇਆ ਅਤੇ ਹੌਲੀ-ਹੌਲੀ ਤੁਰ ਪਈ | ਸਿਧਾਰਥ ਹੁਰਾਂ ਨੇ ਬਾਹਰੋਂ ਅਤੇ ਹਰੀਸ਼ ਨੇ ਅੰਦਰੋਂ ਹੱਥ ਹਿਲਾਉਣੇ ਸ਼ੁਰੂ ਕਰ ਦਿੱਤੇ | ਕੁਝ ਕਦਮ ਸਿਧਾਰਥ ਹੁਰੀਂ ਗੱਡੀ ਦੇ ਨਾਲ-ਨਾਲ ਤੁਰੇ ਪਰ ਹੁਣ ਗੱਡੀ ਦੀ ਸਪੀਡ ਤੇਜ਼ ਹੋ ਗਈ ਸੀ | ਸਿਧਾਰਥ ਅਤੇ ਮੇਘਾ ਓਨੀ ਦੇਰ ਪਲੇਟਫਾਰਮ ਉੱਤੇ ਖੜ੍ਹੇ ਰਹੇ, ਜਿੰਨੀ ਦੇਰ ਤੱਕ ਗੱਡੀ ਅੱਖੋਂ ਉਹਲੇ ਨਹੀਂ ਹੋਈ |
ਗੱਡੀ ਤੁਰਨ ਤੋਂ ਬਾਅਦ ਹਰੀਸ਼ ਹੋਰ ਉਦਾਸ ਹੋ ਗਿਆ | ਉਸੇ ਉਦਾਸੀ ਦੀ ਹਾਲਤ ਵਿਚ ਉਸ ਨੇ ਆਪਣੇ ਹੈਾਡ ਬੈਗ ਵਿਚੋਂ ਇਕ ਮੋਟੀ ਸਾਰੀ ਕਿਤਾਬ ਕੱਢੀ ਅਤੇ ਪੜ੍ਹਨ ਲੱਗਾ | ਗੱਡੀ ਤੇਜ਼ ਰਫ਼ਤਾਰ ਵਿਚ ਤੁਰਦੀ ਗਈ |
ਕਿਸੇ ਵੀ ਵਿਅਕਤੀ ਲਈ ਵਿਹਲਾ ਸਮਾਂ ਬਿਤਾਉਣਾ ਬੜਾ ਔਖਾ ਹੁੰਦਾ ਹੈ | ਉਹ ਥੋੜ੍ਹੀ-ਥੋੜ੍ਹੀ ਦੇਰ ਪਿੱਛੋਂ ਘੜੀ ਦੇਖਦਾ ਰਹਿੰਦਾ ਹੈ | ਕਿਸੇ ਵੇਲੇ ਤਾਂ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਘੜੀ ਦੀਆਂ ਸੂਈਆਂ ਖਲੋ ਗਈਆਂ ਹੋਣ | ਜੇ ਉਹੀ ਵਿਅਕਤੀ ਕਿਸੇ ਕੰਮ ਵਿਚ ਲੱਗ ਜਾਵੇ ਤਾਂ ਉਸ ਨੂੰ ਵਕਤ ਦਾ ਪਤਾ ਹੀ ਨਹੀਂ ਲਗਦਾ | ਜੇ ਕੋਈ ਬਹੁਤ ਜ਼ਿਆਦਾ ਕੰਮ ਵਿਚ ਰੱੁਝ ਜਾਵੇ ਤਾਂ ਸਮਾਂ ਚੱਲਣ ਦੀ ਬਜਾਏ ਦੌੜਨਾ ਸ਼ੁਰੂ ਕਰ ਦਿੰਦਾ ਹੈ | ਜੇ ਤੁਹਾਨੂੰ ਉਸ ਕੰਮ ਵਿਚੋਂ, ਉਸ ਰੁਝੇਵੇਂ ਵਿਚੋਂ ਸਵਾਦ ਵੀ ਆਉਣਾ ਸ਼ੁਰੂ ਹੋ ਜਾਵੇ ਤਾਂ ਵਕਤ ਦੌੜਨ ਦੀ ਥਾਂ 'ਤੇ ਉਡਣ ਲੱਗ ਪੈਂਦਾ ਹੈ |
ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਹਰੀਸ਼ ਨਾਲ | ਬੰਬਈ ਆ ਕੇ ਉਸ ਲਈ ਸਾਰਾ ਕੁਝ ਨਵਾਂ ਸੀ-ਨਵਾਂ ਮਾਹੌਲ, ਨਵੇਂ ਲੋਕ, ਵੱਡਾ ਕਾਲਜ, ਹੋਸਟਲ ਦੀ ਜ਼ਿੰਦਗੀ ਆਦਿ | ਸ਼ੁਰੂ-ਸ਼ੁਰੂ ਦੇ ਕੁਝ ਦਿਨ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਐਡਾ ਲੰਮਾ ਸਮਾਂ ਉਹ ਕਿਵੇਂ ਬਤੀਤ ਕਰੇਗਾ | ਫਿਰ ਜਦੋਂ ਉਸ ਦੀ ਪੂਰੀ ਪੜ੍ਹਾਈ ਸ਼ੁਰੂ ਹੋ ਗਈ ਤਾਂ ਉਸ ਨੂੰ ਪਤਾ ਹੀ ਨਾ ਲੱਗਦਾ ਕਿ ਦਿਨ ਕਿਵੇਂ ਬੀਤ ਜਾਂਦਾ | ਜਿਵੇਂ-ਜਿਵੇਂ ਪੜ੍ਹਾਈ ਵਧਦੀ ਗਈ, ਤਿਵੇਂ-ਤਿਵੇਂ ਸਮੇਂ ਨੇ ਤੁਰਨ ਦੀ ਬਜਾਏ ਦੌੜਨਾ ਸ਼ੁਰੂ ਕਰ ਦਿੱਤਾ |
ਅੰਮਿ੍ਤਸਰ ਤੋਂ ਆ ਕੇ ਜਦੋਂ ਉਸ ਦਾ ਦੂਜਾ ਪ੍ਰਾਫ ਸ਼ੁਰੂ ਹੋਇਆ ਤਾਂ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਿਵੇਂ ਸਾਲ ਬੀਤਣ ਵਾਲਾ ਵੀ ਹੋ ਗਿਆ | ਹੁਣ ਸਮਾਂ ਦੌੜ ਨਹੀਂ, ਉੱਡ ਰਿਹਾ ਸੀ |
ਦੂਜੇ ਤੋਂ ਬਾਅਦ ਤੀਜਾ ਅਤੇ ਤੀਜੇ ਤੋਂ ਬਾਅਦ ਚੌਥੇ ਪ੍ਰਾਫ ਦੇ ਵੀ ਪੇਪਰ ਹੋ ਗਏ | ਹਰੀਸ਼ ਹਰ ਸਾਲ ਇਮਤਿਹਾਨਾਂ ਤੋਂ ਬਾਅਦ ਕੁਝ ਦਿਨਾਂ ਦੀਆਂ ਛੱੁਟੀਆਂ ਵਿਚ ਅੰਮਿ੍ਤਸਰ ਜ਼ਰੂਰ ਜਾਂਦਾ | ਜਿਹੜੇ ਦਿਨ ਉਹ ਮਾਤਾ ਜੀ, ਸਿਧਾਰਥ ਅਤੇ ਮੇਘਾ ਨਾਲ ਬਿਤਾਉਂਦਾ, ਓਨੇ ਦਿਨਾਂ ਵਿਚ ਹੀ ਉਸ ਦੀ ਬੈਟਰੀ ਪੂਰੀ ਚਾਰਜ ਹੋ ਜਾਂਦੀ ਅਤੇ ਉਹ ਮੁੜ ਆਪਣੀ ਨਵੀਂ ਕਲਾਸ ਲਈ ਤਰੋ-ਤਾਜ਼ਾ ਹੋ ਕੇ ਆਉਂਦਾ | ਹੁਣ ਉਸ ਦਾ ਇਨਟਰਨਸ਼ਿਪ ਦਾ ਵਕਤ ਆ ਗਿਆ | ਪਹਿਲਾਂ ਤਾਂ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਅੰਮਿ੍ਤਸਰ ਜਾ ਕੇ ਇਨਟਰਨਸ਼ਿਪ ਕਰੇ ਪਰ ਕਈਆਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਹੀ ਫੈਸਲਾ ਕੀਤਾ ਕਿ ਉਹ ਨਾਇਰ ਹਸਪਤਾਲ ਵਿਚ ਹੀ ਇਨਟਰਨਸ਼ਿਪ ਕਰੇਗਾ |
ਨਾਇਰ ਹਸਪਤਾਲ, ਭਾਰਤ ਦੇ ਕੁਝ ਵੱਡੇ ਹਸਪਤਾਲਾਂ ਵਿਚੋਂ ਇਕ ਹੈ | ਇਥੇ ਹਰੀਸ਼ ਨੂੰ ਬੜਾ ਕੁਝ ਸਿੱਖਣ ਨੂੰ ਮਿਲ ਰਿਹਾ ਸੀ | ਦੂਜਾ ਪੜ੍ਹਾਈ ਵਿਚ ਲਾਇਕ ਹੋਣ ਕਰਕੇ ਉਥੋਂ ਦੇ ਪ੍ਰੋਫੈਸਰ, ਡਾਕਟਰ ਉਸ ਵੱਲ ਥੋੜ੍ਹਾ ਜ਼ਿਆਦਾ ਧਿਆਨ ਦਿੰਦੇ ਸਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-12

ਮਿੱਤਰ ਇਕ ਨਿਰਾਲਾ ਹੈ,
ਪਿਆਰਾ ਲਗਦਾ ਬਾਹਲਾ ਹੈ |
ਜਦ ਵੀ ਉਸ ਕੋਲ ਜਾਈਦਾ,
ਉਹਦੇ ਹੀ ਹੋ ਜਾਈਦਾ |
ਗੱਲਾਂ-ਗੀਤ ਸੁਣਾਉਂਦਾ ਹੈ,
ਤਾਹੀਓਾ ਸਭ ਨੂੰ ਭਾਉਂਦਾ ਹੈ |
ਕਹਾਣੀ ਦੇਵੇ ਮੱੁਕਣ ਨਾ,
ਕੋਲੋਂ ਦੇਵੇ ਉੱਠਣ ਨਾ |
ਚਲਾਕੀ ਬੇਈਮਾਨ ਕਰੇ,
ਪੜ੍ਹਾਈ ਦਾ ਨੁਕਸਾਨ ਕਰੇ |
ਦੱਸੋ ਬੱਚਿਓ ਹੈ ਉਹ ਕੌਣ,
ਰਾਤਾਂ ਨੂੰ ਨਾ ਦੇਵੇ ਸੌਣ |
ਭਲੂਰੀਆ ਇਸ਼ਾਰਾ ਦਿੰਦਾ ਹੈ
ਹਰ ਇਕ ਘਰ 'ਚ ਰਹਿੰਦਾ ਹੈ |
ਸਮਝ ਅਜੇ ਵੀ ਜੇ ਨਹੀਂ ਆਈ,
ਉੱਤਰ ਇਹਦਾ ਸੁਣ ਲਓ ਭਾਈ |
—f—
ਇਹਦੀ ਸੰਗਤ ਤੋਂ ਤੁਸੀਂ ਬਚਿਓ,
ਇਹ ਹੈ 'ਟੈਲੀਵਿਜ਼ਨ' ਬੱਚਿਓ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਚਿੜੀਆਂ ਦਾ ਚੰਬਾ
ਲੇਖਕ : ਅਰਸ਼ੀ ਠੁਆਣੇਵਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ |
ਮੱੁਲ : 100 ਰੁਪਏ, ਸਫੇ : 46
ਸੰਪਰਕ : 98150-40856

ਬਾਲ ਸਾਹਿਤ ਦਾ ਉਦੇਸ਼ ਬਾਲਾਂ ਦਾ ਮਨੋਰੰਜਨ, ਸਿੱਖਿਆ ਤੇ ਬਾਲਾਂ ਅੰਦਰ ਇਨਸਾਨੀ ਕਦਰਾਂ-ਕੀਮਤਾਂ ਦੇ ਗੁਣ ਪੈਦਾ ਕਰਨਾ ਹੈ | ਸੋ, ਹਰ ਬਾਲ ਸਾਹਿਤਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦੀ ਰਚਨਾ ਵਿਚ ਇਹ ਸਾਰੇ ਗੁਣ ਹੋਣ |
ਅਰਸ਼ੀ ਠੁਆਣੇਵਾਲਾ ਦੇ ਬਾਲ-ਗੀਤਾਂ ਦੀ ਪੁਸਤਕ 'ਚਿੜੀਆਂ ਦਾ ਚੰਬਾ' ਉਸ ਦੀ ਪਲੇਠੀ ਬਾਲ ਸਾਹਿਤ ਦੀ ਪੁਸਤਕ ਹੈ | ਉਂਜ ਉਹ ਗੀਤਾਂ ਦੀਆਂ 6 ਪੁਸਤਕਾਂ ਲਿਖ ਚੱੁਕਾ ਹੈ | ਇਸ ਪੁਸਤਕ ਵਿਚ 45 ਬਾਲ-ਗੀਤ ਤੇ ਕਵਿਤਾਵਾਂ ਹਨ | ਇਹ ਸਾਰੀਆਂ ਰਚਨਾਵਾਂ ਬਾਲਾਂ ਦੇ ਤਿੰਨੇ ਉਮਰ ਗਰੱੁਪਾਂ ਲਈ ਹਨ | ਸ਼ਬਦ ਬੜੇ ਹੀ ਸਰਲ ਤੇ ਗੀਤਾਂ ਵਿਚ ਲੈਅ ਹੈ | ਲੇਖਕ ਨੇ ਹਰ ਗੀਤ ਨਾਲ ਉਹ ਮਿਤੀ ਵੀ ਲਿਖੀ ਹੈ, ਜਿਸ ਮਿਤੀ ਨੂੰ ਉਸ ਦੀ ਰਚਨਾ ਕੀਤੀ ਗਈ | ਇਸ ਤਰ੍ਹਾਂ 1983 ਤੋਂ ਲੈ ਕੇ 2017 ਤੱਕ ਇਹ ਗੀਤ ਲਿਖੇ ਗਏ | ਲੇਖਕ ਜਾਣਦਾ ਹੈ ਕਿ ਬੱਚਿਆਂ ਨੂੰ ਆਪਣੇ ਆਲੇ-ਦੁਆਲੇ, ਪੰਛੀਆਂ ਤੇ ਖੇਡਾਂ ਨਾਲ ਬੜਾ ਮੋਹ ਹੁੰਦਾ ਹੈ | ਤਿਉਹਾਰ ਉਸ ਲਈ ਖੁਸ਼ੀਆਂ ਲੈ ਕੇ ਆਉਂਦੇ ਹਨ | ਕੁਝ ਗੀਤਾਂ ਦੀਆਂ ਸਤਰਾਂ ਦੇਖੋ-
ਜਿਥੇ ਹੁੰਦੇ ਬੱਚੇ ਉਥੇ ਲੱਗ ਜਾਣ ਰੌਣਕਾਂ |
ਬੱਚਿਆਂ ਤੋਂ ਵਾਰ ਦਿਆਂ ਜੱਗ ਦੀਆਂ ਦੌਲਤਾਂ |
ਵੰਡਦੇ ਪਿਆਰ ਬੜੇ ਸੀਤ ਹੁੰਦੇ ਬੱਚੇ... (ਗੀਤ ਹੁੰਦੇ ਬੱਚੇ)
ਸੋ, ਬਾਲ ਪਾਠਕ ਇਨ੍ਹਾਂ ਰਚਨਾਵਾਂ ਦਾ ਖੂਬ ਅਨੰਦ ਮਾਨਣਗੇ, ਕਿਉਂਕਿ ਇਹ ਉਨ੍ਹਾਂ ਦੇ ਹਾਣ ਦੀਆਂ ਹਨ | ਪੁਸਤਕ ਵਿਚ ਇਕੋ ਘਾਟ ਰੜਕਦੀ ਹੈ ਕਿ ਕਿਸੇ ਰਚਨਾ ਨਾਲ ਕੋਈ ਚਿੱਤਰ ਨਹੀਂ | ਜੇਕਰ ਰਚਨਾਵਾਂ ਨਾਲ ਚਿੱਤਰ ਹੁੰਦੇ ਤਾਂ ਇਹ ਪੁਸਤਕ ਹੋਰ ਵੀ ਖੂਬਸੂਰਤ ਬਣ ਜਾਣੀ ਸੀ | ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਸਕੂਲੀ ਬੱਸਾਂ ਦਾ ਰੰਗ ਪੀਲਾ ਕਿਉਂ?

ਪਿਆਰੇ ਬੱਚਿਓ, ਰੋਜ਼ਾਨਾ ਹੀ ਸਵੇਰੇ ਸਕੂਲ ਨੂੰ ਜਾਂਦੇ ਸਮੇਂ ਸੜਕਾਂ ਉੱਪਰ ਚਲਦੀਆਂ ਸਕੂਲੀ ਬੱਸਾਂ ਨੂੰ ਦੇਖਦੇ ਹੀ ਤੁਹਾਡੇ ਮਨ ਵਿਚ ਸਵਾਲ ਆਉਂਦਾ ਹੋਵੇਗਾ ਕਿ ਆਖਰ ਇਨ੍ਹਾਂ ਬੱਸਾਂ ਦਾ ਰੰਗ ਪੀਲਾ ਹੀ ਕਿਉਂ ਰੱਖਿਆ ਜਾਂਦਾ ਹੈ? ਬੱਸਾਂ ਦੇ ਪੀਲੇ ਰੰਗ ਰੱਖਣ ਦਾ ਮੱੁਖ ਕਾਰਨ ਇਹ ਹੈ ਕਿ ਪੀਲਾ ਰੰਗ ਬਾਕੀ ਰੰਗਾਂ ਦੇ ਮੁਕਾਬਲੇ ਵਿਚ ਅੱਖਾਂ ਨੂੰ 1.24 ਗੁਣਾ ਜ਼ਿਆਦਾ ਖਿੱਚ ਕਰਦਾ ਹੈ, ਜਿਸ ਕਰਕੇ ਬਾਕੀ ਰੰਗਾਂ ਦੀ ਤੁਲਨਾ ਵਿਚ ਇਹ ਰੰਗ ਅੱਖਾਂ ਨੂੰ ਛੇਤੀ ਦਿਖਾਈ ਦਿੰਦਾ ਹੈ | ਸਭ ਤੋਂ ਪਹਿਲਾਂ ਅਮਰੀਕਾ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਸੀ | ਬੱਚਿਆਂ ਦੀ ਸੁਰੱਖਿਆ ਦੇ ਕਾਰਨ ਕਰਕੇ ਹੀ ਸਕੂਲੀ ਬੱਸਾਂ ਦਾ ਰੰਗ ਪੀਲਾ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ | ਸਿਰਫ ਭਾਰਤ ਵਿਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿਚ ਵੀ ਸਕੂਲੀ ਬੱਸਾਂ ਦਾ ਰੰਗ ਪੀਲਾ ਹੀ ਰੱਖਿਆ ਜਾਂਦਾ ਹੈ | ਸੜਕ ਕਿਨਾਰੇ ਲੱਗੇ ਸੰਕੇਤਕ ਬੋਰਡ ਵੀ ਪੀਲੇ ਅੱਖਰਾਂ ਵਿਚ ਲਗਾਏ ਜਾਂਦੇ ਹਨ ਤਾਂ ਜੋ ਉਹ ਅਸਾਨੀ ਨਾਲ ਪੜ੍ਹੇ ਜਾ ਸਕਣ | ਕੋਰੇ ਦੇ ਦਿਨਾਂ ਵਿਚ ਆਪਣੇ ਵਾਹਨਾਂ ਦੀ ਲਾਈਟ ਉੱਤੇ ਪੀਲੇ ਰੰਗ ਦਾ ਪਲਾਸਟਿਕ ਕਾਗਜ਼ ਇਸ ਲਈ ਲਗਾਇਆ ਜਾਂਦਾ ਹੈ ਤਾਂ ਜੋ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਅਸਾਨੀ ਨਾਲ ਪਤਾ ਲੱਗ ਸਕੇ | ਸਕੂਲੀ ਬੱਸਾਂ ਨੂੰ ਪੀਲਾ ਰੰਗ ਕਰਨਾ ਹਾਦਸਿਆਂ ਨੂੰ ਘੱਟ ਕਰਨਾ ਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ |

-ਮਲੌਦ (ਲੁਧਿਆਣਾ) |

ਬਾਲ ਕਵਿਤਾ: ਤਰੰਗਾ

ਦੇਸ ਮੇਰੇ ਦੀ ਸ਼ਾਨ ਤਰੰਗਾ,
ਸੂਰਮਿਆਂ ਦਾ ਮਾਣ ਤਰੰਗਾ |
ਇਸ ਦੇ ਰੰਗ ਮੁਹੱਬਤ ਵੰਡਣ,
ਏਕੇ ਦੀ ਪਹਿਚਾਣ ਤਰੰਗਾ |
ਖੂਨ ਦੇ ਨਾਲ ਪ੍ਰਾਪਤ ਕੀਤਾ,
ਸੱੁਚਾ ਇਹ ਸਨਮਾਨ ਤਰੰਗਾ |
ਏਕਤਾ ਦਾ ਇਹ ਪਾਠ ਸਿਖਾਉਂਦਾ,
ਵੰਡਦਾ ਸਦ ਮੁਸਕਾਨ ਤਰੰਗਾ |
ਇਸ ਤੋਂ ਜ਼ਿੰਦ ਨਿਛਾਵਰ ਕਰੀਏ,
ਸਾਡੀ ਇਹ ਜਿੰਦਜਾਨ ਤਰੰਗਾ |
ਲਾਲ ਕਿਲ੍ਹੇ 'ਤੇ ਅੰਬਰੀਂ ਝੂਲੇ,
ਪੱਖੋ ਦੇਸ਼ ਦੀ ਆਣ ਤਰੰਗਾ |

-ਜਗਤਾਰ ਪੱਖੋ,
ਪਿੰਡ ਪੱਖੋ ਕਲਾਂ (ਬਰਨਾਲਾ) | ਮੋਬਾ: 94651-96946


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX