ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਚੰਨ ਉਤੇ ਬਸਤੀ ਬਣਾਉਣ ਦੀਆਂ ਤਿਆਰੀਆਂ

ਮਨੁੱਖ ਸਹਿਤ ਪੁਲਾੜ ਉਡਾਰੀਆਂ, ਪੁਲਾੜੀ ਟੂਰਿਜ਼ਮ ਅਤੇ ਚੰਨ ਉਤੇ ਮਨੁੱਖੀ ਬਸਤੀ ਜਹੇ ਪ੍ਰੋਗਰਾਮਾਂ ਬਾਰੇ ਅਪੋਲੋ ਮਿਸ਼ਨਾਂ ਤੋਂ ਬਾਅਦ ਇਕ ਵਾਰ ਫਿਰ ਗੰਭੀਰਤਾ ਨਾਲ ਸੋਚਿਆ ਜਾ ਰਿਹਾ ਹੈ | ਕਈ ਕਾਰਨ ਪੁਲਾੜ ਵਿਚ ਇਸ ਨਵੇਂ ਉਤਸ਼ਾਹ ਦੇ ਕੁਝ ਅਰਬਪਤੀ ਬੰਦੇ ਇਸ ਖੇਤਰ ਵਿਚ ਕੁਦ ਪਏ ਹਨ | ਸਰਕਾਰੀ ਫੰਡ ਹੀ ਨਹੀਂ, ਪ੍ਰਾਈਵੇਟ ਖੇਤਰ ਵੀ ਹੁਣ ਇਸ ਕਾਰਜ ਨੂੰ ਕਰਨ ਵਾਸਤੇ ਪ੍ਰਾਪਤ ਹੋਵੇਗਾ | ਹੋਵੇਗਾ ਹੀ ਕਿਉਂ, ਇੰਜ ਹੋਣਾ ਸ਼ੁਰੂ ਹੋ ਚੁੱਕਾ ਹੈ | ਨਵੇਂ ਰਾਕਟ ਬਣੇ ਹਨ ਇਸ ਨਾਲ | ਪੁਲਾੜ ਯਾਤਰਾ ਲਈ ਹੋਣ ਵਾਲੇ ਖਰਚ ਵਿਚ ਭਾਰੀ ਕਮੀ ਆਈ ਹੈ, ਇਸ ਨਾਲ | ਲੋਕਾਂ ਦਾ ਉਤਸ਼ਾਹ ਵੀ ਇਨ੍ਹਾਂ ਕਾਰਜਾਂ ਵਲ ਵਧਿਆ ਹੈ | ਇਸ ਸਾਰੇ ਕੁਝ ਨੂੰ ਵੇਖ ਕੇ ਹੀ ਅਮਰੀਕਾ, ਚੀਨ ਤੇ ਭਾਰਤ ਦੀਆਂ ਪੁਲਾੜੀ ਸੰਸਥਾਵਾਂ ਨਵੇਂ ਪੁਲਾੜੀ ਪ੍ਰੋਗਰਾਮਾਂ ਨਾਲ ਸਰਗਰਮ ਹੋ ਰਹੇ ਹਨ | ਚੰਨ ਅਤੇ ਮੰਗਲ ਬਾਰੇ ਵੱਡੇ ਸੁਪਨੇ ਲਏ ਜਾਣ ਲੱਗੇ ਹਨ | ਸਾਰੀ ਕਹਾਣੀ ਇਕ ਵਾਰ ਮੁੜ ਚੰਨ ਉਤੇ ਕੇਂਦਰਿਤ ਹੋ ਰਹੀ ਜਾਪਦੀ ਹੈ |
ਚੰਨ ਉਤੇ ਪਹਿਲਾ ਮਨੁੱਖ ਭੇਜਣ ਵਾਲੀ ਅਮਰੀਕੀ ਪੁਲਾੜੀ ਸੰਸਥਾ ਨਾਸਾ ਦੇ ਨਵੇਂ ਉੱਦਮ ਦੀ ਰੀੜ੍ਹ ਦੀ ਹੱਡੀ ਦੋ ਚੀਜ਼ਾਂ ਹਨ | ਸਪੇਸ ਲਾਂਚ ਸਿਸਟਮ (ਐਸ.ਐਲ.ਐਸ.) ਨਾਂਅ ਦਾ ਹੈਵੀ ਬੂਸਟਰ ਰਾਕਟ ਅਤੇ ਓਰੀਅਨ ਸਪੇਸ ਮਾਡਿਊਲ | ਇਨ੍ਹਾਂ ਨਾਲ ਚੰਦ ਦੀ ਪਰਿਕਰਮਾ ਕਰਨ ਵਾਲੀ ਉਡਾਰੀ ਡੇਢ-ਦੋ ਸਾਲਾਂ ਵਿਚ ਮਾਰਨ ਦੀ ਪਲੈਨ ਹੈ ਨਾਸਾ ਦੀ | ਐਸ.ਐਲ.ਐਸ. 130 ਟਨ ਭਾਰਾ ਤੇ 322 ਫੁੱਟ ਉੱਚਾ ਹੈ | ਭਾਰ ਢੋਣ ਦੀ ਥਾਂ ਇਸ ਵਿਚ ਯਾਤਰੀ ਢੋਣਾ ਮੁੱਖ ਉਦੇਸ਼ ਹੈ | ਅਪੋਲੋ ਦੇ ਯਾਤਰੀ ਮਾਡਿਊਲ ਵਿਚ ਸਿਰਫ਼ 3 ਬੰਦੇ ਬੈਠ ਸਕਦੇ ਸਨ | ਓਰੀਅਨ ਵਿਚ 6 ਯਾਤਰੀ ਬੈਠਣਗੇ | ਸੋਲਾਂ ਫੁੱਟ ਵਿਆਸ ਤੇ ਗਿਆਰਾਂ ਫੁੱਟ ਉੱਚਾਈ ਵਾਲੇ ਇਸ ਮਾਡਿਊਲ ਦਾ ਭਾਰ 57,000 ਪੌਾਡ ਹੈ | ਐਸ.ਐਲ.ਐਸ. ਚੰਨ ਹੀ ਨਹੀਂ ਮੰਗਲ ਤੱਕ ਵੀ ਜਾ ਸਕਦਾ ਹੈ |
ਨਾਸਾ ਦੇ ਪ੍ਰੋਗਰਾਮ ਸਰਕਾਰੀ ਹਨ | ਸੁਰੱਖਿਆ ਅਫ਼ਸਰਸ਼ਾਹੀ ਤੇ ਸਾਵਧਾਨੀ ਕਾਰਨ ਨਾਸਾ ਦੀ ਕਾਰਗੁਜ਼ਾਰੀ ਨੂੰ ਢਿੱਲੀ ਦੱਸਦੇ ਹੋਏ ਦੋ ਅਰਬਪਤੀ ਪੁਲਾੜੀ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਦਾਅਵੇ ਨਾਲ ਮੈਦਾਨ ਵਿਚ ਉਤਰੇ ਹਨ | ਇਹ ਹਨ : ਐਮੇਜ਼ਨ ਦਾ ਸੰਸਥਾਪਕ, ਵਾਸ਼ਿੰਗਟਨ ਪੋਸਟ ਦਾ ਮਾਲਕ ਜੈਫ਼ ਬੀਜ਼ਾਸ ਅਤੇ ਪੇ ਪਾਲ, ਟੈਸਲਾ, ਸਪੇਸ ਐਕਸ ਦਾ ਸੰਸਥਾਪਕ ਈਲਾਨ ਮਸਕ | ਦੋਵੇਂ ਨਾਸਾ ਤੋਂ ਆਗਿਆ ਲੈ ਕੇ ਟੈਕਸ ਦੇ ਰਹੀ ਜਨਤਾ ਦੇ ਪੈਸੇ ਨਾਲ ਰਾਕਟ, ਲਾਂਚ ਪੈਡ ਬਣਾਉਣ ਦੀ ਥਾਂ ਆਪਣੇ ਪੈਸੇ ਨਾਲ ਇਹ ਕੰਮ ਕਰਨ ਲੱਗੇ ਹਨ | ਜੈਫ਼ ਬੀਜ਼ਾਸ ਨੇ ਬਲੂ ਆਰਿਜਿਨ ਕੰਪਨੀ ਇਸ ਲਈ ਬਣਾਈ ਹੈ ਅਤੇ ਈਲਾਨ ਮਸਕ ਨੇ ਸਪੇਸ ਐਕਸ | ਇਨ੍ਹਾਂ ਦੋਵਾਂ ਤੋਂ ਇਲਾਵਾ ਇਕ ਹੋਰ ਅਰਬਪਤੀ ਵੀ ਮੈਦਾਨ ਵਿਚ ਉੱਤਰ ਆਇਆ ਹੈ | ਉਸ ਨੇ ਵਿਰਜਿਨ ਐਟਲਾਂਟਿਕ ਤੇ ਵਿਰਜਿਨ ਗੈਲੈਕਟਿਕ ਕੰਪਨੀ ਬਣਾ ਕੇ ਸਪੇਸ ਟੂਰਿਜ਼ਮ ਦਾ ਧੰਦਾ ਸ਼ੁਰੂ ਕਰਨ ਦੀਆਂ ਯੋਜਨਾਵਾਂ ਬਣਾਈਆਂ ਹਨ | ਉਸ ਦਾ ਸਪੇਸ ਸ਼ਿਪ-1 ਧਰਤੀ ਦੇ ਵਾਯੂਮੰਡਲ ਨੂੰ ਚੀਰ ਕੇ 70 ਮੀਲ ਉੱਚਾ ਉਡਣ ਦਾ ਕਾਰਨਾਮਾ ਕਰ ਚੁੱਕਾ ਹੈ | ਸਾਲ 2014 ਵਿਚ ਉਸ ਦਾ ਸਪੇਸ ਸ਼ਿਪ-2 ਹਾਦਸੇ ਦਾ ਸ਼ਿਕਾਰ ਹੋ ਕੇ ਤਬਾਹ ਹੋ ਗਿਆ ਪਰ ਉਸ ਨੇ ਅਜੇ ਵੀ ਪੁਲਾੜੀ ਟੂਰਿਜ਼ਮ ਨੂੰ ਅਮਲੀ ਰੂਪ ਦੇਣ ਦਾ ਆਪਣਾ ਸੁਪਨਾ ਤਿਆਗਿਆ ਨਹੀਂ | ਮਸਕ ਦਾ ਨਿਸ਼ਾਨਾ ਤਾਂ ਅਗਾਂਹ ਮੰਗਲ ਤੱਕ ਦਾ ਹੈ | ਇਨ੍ਹਾਂ ਦੋਵਾਂ ਦੇ ਵਿਚਾਲੇ ਜੈਫ਼ ਹੈ ਜਿਸ ਦਾ ਨਿਸ਼ਾਨਾ ਚੰਨ ਹੈ | ਆਓ, ਅਸੀਂ ਹਾਲ ਦੀ ਘੜੀ ਜੈਫ਼ ਬਾਰੇ ਹੀ ਗੱਲ ਕਰੀਏ |
ਜੈਫ਼ ਦੀ ਬਲੂ ਆਰਿਜਿਨ ਨੇ ਨਿਊ ਸ਼ੇਪਾਰਡ ਰਾਕਟ (ਪਹਿਲੇ ਅਮਰੀਕੀ ਪੁਲਾੜ ਯਾਤਰੀ ਐਲਾਨ ਸ਼ੇਪਾਰਡ ਦੇ ਨਾਂਅ ਉਤੇ) ਬਣਾਇਆ ਹੈ | ਇਹ ਪਲਾਇਨ ਵੇਗ ਤੱਕ ਨਹੀਂ ਪਹੁੰਚਦਾ | ਸਪੇਸ ਟੂਰਿਸਟਾਂ ਦੇ ਕੰਮ ਆ ਸਕਦਾ ਹੈ | ਧਰਤੀ ਦੁਆਲੇ ਕਿਸੇ ਆਰਬਿਟ ਵਿਚ ਚੱਕਰ ਕੱਟਣ ਜੋਗੀ ਸਪੀਡ ਇਸ ਦੀ ਨਹੀਂ, ਚੰਨ ਤੱਕ ਇਸ ਨੇ ਕੀ ਜਾਣਾ ਹੈ | ਲਗਜ਼ਰੀ ਪੁਲਾੜੀ ਜਹਾਜ਼ ਕਹਿ ਸਕਦੇ ਹੋ ਇਸ ਨੂੰ | 6 ਸੀਟਾਂ, ਹਰ ਸੀਟ ਨਾਲ ਬਾਹਰੀ ਦਿ੍ਸ਼ ਦੇਖਣ ਵਾਲੀ ਲਗਪਗ ਢਾਈ ਫੁੱਟ ਜ਼ਰਬ ਸਾਢੇ ਤਿੰਨ ਫੁੱਟ ਦੀ ਖਿੜਕੀ | ਬਲੂ ਆਰਿਜ਼ਿਨ ਦਾ ਆਪਣਾ ਲਾਂਚ ਪ੍ਰਬੰਧ ਹੈ | ਟੂਰਿਸਟਾਂ ਨਾਲ ਕੋਈ ਪਾਇਲਟ ਜਾਂ ਕਰੂ ਮੈਂਬਰ ਨਹੀਂ ਜਾਵੇਗਾ | ਇਸ ਲਈ ਉਡਾਰੀ ਤੋਂ ਪਹਿਲਾਂ ਦੋ ਦਿਨ ਟ੍ਰੇਨਿੰਗ, ਸਾਵਧਾਨੀਆਂ, ਸਪੇਸ ਸੂਟ ਆਦਿ ਲਈ ਸੱਦਿਆ ਜਾਵੇਗਾ | ਪੂਰੀ ਤਰ੍ਹਾਂ ਸਵੈ-ਚਾਲਿਤ ਸੁਤੰਤਰ ਉਡਾਰੀ | ਸਾਰੀ ਉਡਾਰੀ ਕੁੱਲ ਗਿਆਰਾਂ ਮਿੰਟ ਦੀ | ਸਿੱਧੀ 62 ਮੀਲ ਉਚਾਈ ਤੱਕ | ਅਸਮਾਨ ਪਹਿਲਾਂ ਜਾਮਣੀ ਨਜ਼ਰ ਆਏਗਾ ਤੇ ਫਿਰ ਕਾਲਾ | ਇਥੇ ਪਹੁੰਚ ਕੇ ਤੁਸੀਂ ਬੈਲਟਾਂ ਖੋਲ੍ਹ ਕੇ 4 ਮਿੰਟ ਲਈ ਭਾਰ ਹੀਣਤਾ ਦਾ ਆਨੰਦ ਲੈ ਸਕਦੇ ਹੋ | ਹਵਾ ਵਿਚ ਤੈਰ ਸਕਦੇ ਹੋ | ਵਾਪਸੀ ਉਤੇ ਪੈਰਾਸ਼ੂਟ ਨਾਲ ਬਾਹਰ ਨਿਕਲੋ | ਕੰਪਨੀ ਦੇ ਰਾਕਟ ਤੁਹਾਨੂੰ ਕਲਾਵੇ ਵਿਚ ਲੈ ਕੇ ਆਰਾਮ ਨਾਲ ਧਰਤੀ ਉਤੇ ਲਾਹ ਲੈਣਗੇ | ਅਪੋਲੋ ਯਾਤਰੀਆਂ ਵਾਂਗ ਰਾਕਟ/ਕੈਪਸੂਲ ਸਮੰੁਦਰ ਵਿਚ ਨਹੀਂ ਉਤਰੇਗਾ | ਕਿਸੇ ਖਤਰੇ ਜਾਂ ਹਾਦਸੇ ਦਾ ਡਰ ਹੋਵੇ ਤਾਂ ਲਾਂਚ ਪੈਡ ਤੋਂ ਹੀ ਤੁਰੰਤ ਯਾਤਰੀ ਬਾਹਰ ਕੱਢੇ ਜਾ ਸਕਦੇ ਹਨ | ਯਾਨੀ ਯਾਤਰੀਆਂ ਦੀ ਪੂਰੀ ਸੁਰੱਖਿਆ ਦੀ ਗਾਰੰਟੀ | ਕੰਪਨੀ ਪੈਸੇ ਠੋਕ ਕੇ ਲਵੇਗੀ ਤੇ ਕੰਮ ਵੀ ਪੂਰਾ ਕਰੇਗੀ | ਅਜੇ ਕੰਪਨੀ ਨੇ ਪੁਲਾੜੀ ਸੈਰ ਦੀ ਟਿਕਟ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਪਰ ਹਾਲੇ ਤੱਕ ਦੀ ਖ਼ਬਰ ਹੈ ਕਿ ਇਹ ਟਿਕਟ 2 ਲੱਖ ਡਾਲਰ ਦੇ ਕਰੀਬ ਹੋਵੇਗੀ | ਕਾਰਨ ਇਹ ਹੈ ਕਿ ਵਿਰਜਿਨ ਗੈਲੈਕਟਿਕ ਨੇ ਪਹਿਲਾਂ ਹੀ 2 ਲੱਖ ਡਾਲਰ ਦੀ ਟਿਕਟ ਦਾ ਐਲਾਨ ਕਰ ਦਿੱਤਾ ਹੈ |
ਬੀਜ਼ਾਸ ਇਕ ਹੋਰ ਰਾਕਟ ਬਣਾ ਰਿਹਾ ਹੈ | ਇਸ ਵਿਚ ਉਹ ਪੁਲਾੜ ਯਾਤਰੀਆਂ ਨੂੰ ਧਰਤੀ ਦੀ ਪਰਿਕਰਮਾ ਕਰਵਾਏਗਾ | ਇਸ ਦਾ ਨਾਂਅ ਹੈ ਨਿਊ ਗਲੈਨ (ਧਰਤੀ ਦੀ ਪਰਿਕਰਮਾ ਕਰਨ ਵਾਲੇ ਪਹਿਲੇ ਅਮਰੀਕੀ ਜਾਨ ਗਲੈਨ ਦੇ ਨਾਂਅ ਉਤੇ) | ਇਹ ਤਿੰਨ ਸਟੇਜੀ ਰਾਕਟ 313 ਫੁੱਟ ਉੱਚਾ ਹੋਵੇਗਾ ਅਤੇ 38 ਲੱਖ ਪੌਾਡ ਥਰੱਸਟ ਪੈਦਾ ਕਰੇਗਾ | ਬੀਜ਼ਾਸ ਕਹਿੰਦਾ ਹੈ ਇਸ ਤੋਂ ਵੱਧ ਸ਼ਕਤੀਸ਼ਾਲੀ ਰਾਕਟ ਮੈਂ ਨੀਲ ਆਰਮਸਟਰਾਂਗ ਦੇ ਨਾਂਅ ਉਤੇ ਡਿਜ਼ਾਈਨ ਕਰਾਂਗਾ | ਇਹ ਚੰਨ ਦੀ ਸੈਰ ਕਰਵਾਏਗਾ | ਚੰਨ ਉਤੇ ਉੱਤਰੇ ਭਾਵੇਂ ਨਾ ਹੀ ਪਰ ਉਸ ਦੇ ਨਿਕਟ ਦਰਸ਼ਨ ਜ਼ਰੂਰ ਕਰਵਾਏਗਾ | ਉਸ ਦਾ ਕਹਿਣਾ ਹੈ ਕਿ ਸਾਡਾ ਸੁਪਨਾ ਲੱਖਾਂ ਲੋਕਾਂ ਨੂੰ ਪੁਲਾੜ ਦੇ ਦਰਸ਼ਨ ਕਰਵਾਉਣਾ ਹੈ | ਅਸੀਂ ਚਾਹੁੰਦੇ ਹਾਂ ਕਿ ਲੱਖਾਂ ਲੋਕ ਧਰਤੀ ਵਾਂਗ ਪੁਲਾੜ ਵਿਚ ਫਿਰਨ ਤੁਰਨ, ਕੰਮ ਕਾਰ ਕਰਨ ਅਤੇ ਰਹਿਣ-ਬਹਿਣ | ਸਾਡੇ ਇਸ ਸੁਪਨੇ ਦੀ ਪੂਰਤੀ ਨੂੰ ਸਮਾਂ ਲਗ ਸਕਦਾ ਹੈ, ਪੰ੍ਰਤੂ ਸਾਨੂੰ ਆਪਣੀ ਮੰਜ਼ਿਲ ਬਾਰੇ ਕੋਈ ਭਰਮ ਭੁਲੇਖਾ ਨਹੀਂ |
ਸਾਲ 2017 ਵਿਚ ਉਸ ਨੇ ਚੰਨ ਵਾਸਤੇ ਐਮੇਜ਼ਨ ਵਰਗਾ ਡਲਿਵਰੀ ਸਿਸਟਮ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ | ਧਰਤੀ ਤੋਂ ਚੰਨ ਅਤੇ ਚੰਨ ਉਤੇ ਵੱਖ-ਵੱਖ ਥਾਵਾਂ ਉਤੇ ਚੀਜ਼ਾਂ ਸਪਲਾਈ ਕਰਨ ਦਾ ਧੰਦਾ ਗੱਪ ਲਗਦਾ ਹੈ | ਪਰ ਗੱਪ ਮਾਰਨ ਵਾਲਾ ਐਮੇਜ਼ਨ ਕੰਪਨੀ ਦਾ ਮਾਲਕ ਹੈ | ਅਰਬਪਤੀ ਸੇਠ ਜਿਸਦੀ ਅਮਰੀਕਾ ਦੇ ਰਾਸ਼ਟਰਪਤੀ ਤੱਕ ਪਹੁੰਚ ਹੈ | ਉਸ ਦੀ ਗੱਪ ਵਿਚ ਕੁਝ ਤਾਂ ਵਜ਼ਨ ਹੋਵੇਗਾ ਹੀ |
ਸਵਾਲ ਪੈਦਾ ਹੁੰਦਾ ਹੈ ਕਿ ਚੰਨ ਉਤੇ ਕਿਸ ਕਿਸਮ ਦੀ ਪ੍ਰਕ੍ਰਿਤਕ ਸੰਪਤੀ ਹੈ, ਜਿਸ ਦਾ ਲਾਭ ਉਠਾਉਣਾ ਸੰਭਵ ਹੈ? ਚੰਨ ਉਤੇ ਮਨੁੱਖੀ ਪਿੰਡ ਵਸਾਉਣ ਲਈ ਕਿੰਨੀਆਂ ਕੁ ਸਹੂਲਤਾਂ ਜਾਂ ਸੰਭਾਵਨਾਵਾਂ ਹਨ, ਉਨ੍ਹਾਂ ਨੂੰ ਕਿਵੇਂ ਵਰਤਿਆ ਵਿਸਤਾਰਿਆ ਜਾ ਸਕਦਾ ਹੈ? ਚੰਨ ਉਤੇ ਕੁਝ ਹਫ਼ਤੇ ਰਹਿਣ ਲਈ ਕਿਹੋ ਜਿਹੇ ਪ੍ਰਬੰਧ ਕਰਨੇ ਸੰਭਵ ਹਨ?
ਇਹੋ ਜਿਹੇ ਢੇਰ ਸਾਰੇ ਸਵਾਲਾਂ ਨਾਲ ਵਿਗਿਆਨੀ ਅਪੋਲੋ ਉਡਾਰੀਆਂ ਦੇ ਸਮੇਂ ਤੋਂ ਹੀ ਮੱਥਾ ਮਾਰ ਰਹੇ ਹਨ | ਉਨ੍ਹਾਂ ਦੀਆਂ ਖੋਜਾਂ ਤੇ ਵਿਗਿਆਨਕ ਪਰੋਬਾਂ ਨੇ ਇਸ ਸਿਲਸਿਲੇ ਵਿਚ ਕਾਫ਼ੀ ਮੁਲਵਾਨ ਜਾਣਕਾਰੀ ਦਿੱਤੀ ਹੈ | ਚੰਦ ਦੇ ਦੱਖਣੀ ਅਰਧ ਗੋਲੇ ਵਿਚ ਢੇਰ ਮਾਤਰਾ ਵਿਚ ਬਰਫ਼ ਦੀ ਪੁਸ਼ਟੀ ਹੋਈ ਹੈ, ਜਿਸ ਦੀ ਵਿਗਿਆਨੀਆਂ ਨੂੰ ਕਦੇ ਆਸ ਹੀ ਨਹੀਂ ਸੀ | ਉਥੇ ਦੀਆਂ ਪਹਾੜੀ ਲੜੀਆਂ ਤੇ ਖੱਡਿਆਂ ਵਿਚ ਜਿਥੇ ਹਰ ਵੇਲੇ ਹਨੇਰਾ ਰਹਿੰਦਾ ਹੈ, ਅਨੰਤ ਕਾਲ ਤੋਂ ਬਰਫ਼ੀਲੇ ਕਾਮੇਟ ਡਿਗਦੇ ਰਹੇ ਹਨ | ਇਸ ਨਾਲ ਉਥੇ ਬਰਫ਼ ਤੇ ਪਾਣੀ ਦੇ ਭੰਡਾਰ ਇਕੱਠੇ ਹੋਏ ਪਏ ਹਨ | ਇਸ ਪਾਣੀ ਨੂੰ ਤੋੜ ਕੇ ਹਾਈਡ੍ਰੋਜਨ ਤੇ ਆਕਸੀਜਨ ਨਿਕਲ ਸਕਦੀ ਹੈ | ਇਸ ਨਾਲ ਰਾਕਟਾਂ ਲਈ ਬਾਲਣ (ਪ੍ਰੋਪੈਲੈਂਟ) ਮਿਲ ਸਕਦਾ ਹੈ ਅਤੇ ਹੋਰ ਵਾਹਣ ਵੀ ਚਲ ਸਕਦੇ ਹਨ | ਇਹ ਪਾਣੀ ਸਾਫ਼ ਕਰ ਕੇ ਪੀਣ ਲਈ ਵੀ ਵਰਤਿਆ ਜਾ ਸਕਦਾ ਹੈ | ਇਸ ਨਾਲ ਮਾੜੀ-ਮੋਟੀ ਖੇਤੀ ਵੀ ਹੋ ਸਕਦੀ ਹੈ | ਸੱਚ ਤਾਂ ਇਹ ਹੈ ਕਿ ਅਮਰੀਕਾ ਦੀ ਸਿਲੀਕਾਨ ਵੈਲੀ ਦੇ ਕੁਝ ਵੱਡੇ ਉਦਮੀਆਂ ਨੇ ਚੰਨ ਦੀ ਬਰਫ਼ ਦੀ ਖੁਦਾਈ ਤੇ ਪ੍ਰਾਸੈਸਿੰਗ ਲਈ ਮੂਨ ਐਕਸਪ੍ਰੈੱਸ ਨਾਂਅ ਦੀ ਕੰਪਨੀ ਵੀ ਬਣਾ ਲਈ ਹੈ | ਸਰਕਾਰ ਕੋਲੋਂ ਇਸ ਕੰਮ ਲਈ ਆਗਿਆ ਵੀ ਇਨ੍ਹਾਂ ਨੇ ਲੈ ਲਈ ਹੈ | ਕੰਪਨੀ ਪਹਿਲਾਂ ਰੋਵਰ ਨਾਲ ਸਰਵੇ ਕਰ ਕੇ ਬਰਫ਼ ਦੇ ਭੰਡਾਰਾਂ ਦੀ ਨਿਸ਼ਾਨਦੇਹੀ ਕਰੇਗੀ |
ਚੰਨ ਤੋਂ ਲਿਆਂਦੀਆਂ ਚੱਟਾਨਾਂ ਉਤੇ ਤਜਰਬਿਆਂ ਨੇ ਇਨ੍ਹਾਂ ਵਿਚ ਕੁਝ ਅਤਿ ਕੀਮਤੀ ਰੇਅਰ ਅਰਥ ਤੱਤ ਇਲੈਕਟ੍ਰਾਨਿਕਸ ਉਦਯੋਗ ਲਈ ਬਹੁਤ ਜ਼ਰੂਰੀ ਸ਼ੈਅ ਹਨ | ਦੁਨੀਆ ਵਿਚ ਰੇਅਰ ਅਰਥ ਉਦਯੋਗ ਦਾ 97ਵੇਂ ਫ਼ੀਸਦੀ ਇਸ ਵੇਲੇ ਚੀਨ ਦੇ ਹੱਥ ਹੈ ਕਿਉਂ ਜੁ ਇਹ ਤੱਤ ਚੀਨ ਵਿਚ ਹੀ ਬਹੁਤੀ ਮਾਤਰਾ ਵਿਚ ਪ੍ਰਾਪਤ ਹਨ | ਚੀਨ ਦੀ ਇਕ ਪ੍ਰਕਾਰ ਨਾਲ ਇਨ੍ਹਾਂ ਉਤੇ ਉਸੇ ਤਰ੍ਹਾਂ ਮਨੋਪਲੀ ਹੈ ਜਿਵੇਂ ਤੇਲ ਉਤੇ ਅਰਬ ਦੇਸ਼ਾਂ ਦੀ | ਇਸ ਲਈ ਅਮਰੀਕਾ ਚੰਨ ਤੋਂ ਰੇਅਰ ਅਰਥ ਤੱਤਾਂ ਦੀ ਪ੍ਰਾਪਤੀ ਦੀਆਂ ਸੰਭਾਵਨਾਵਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ | ਇੰਜ ਹੀ ਚੰਨ ਉਤੇ ਕੀਮਤੀ ਤੱਤ ਪਲਾਟੀਨਮ ਦੀ ਵਰਤੋਂ ਬਾਰੇ ਸੋਚਿਆ ਜਾ ਰਿਹਾ ਹੈ | ਫਿਊਜ਼ਨ ਰੀਐਕਸ਼ਨਜ਼ ਜਾਂ ਰੀਐਕਟਰਜ਼ ਵਿਚ ਹੀਲੀਅਮ-3 ਦਾ ਆਈਸੋਟੋਪ ਵਧੇਰੇ ਉਪਯੋਗੀ ਦੇਖਿਆ ਗਿਆ ਹੈ | ਚੰਨ ਉਤੇ ਹੀਲੀਅਮ ਦੇ ਇਸ ਆਈਸਟੋਪੋ ਦੇ ਵੀ ਭੰਡਾਰ ਹਨ | ਇਸ ਦੀ ਵਰਤੋਂ ਵੀ ਧਰਤੀ ਉਤੇ ਲਿਆ ਕੇ ਕੀਤੀ ਜਾ ਸਕਦੀ ਹੈ |
ਚੰਨ ਦੀ ਪ੍ਰਕ੍ਰਿਤਕ ਸੰਪਤੀ/ਖਣਿਜਾਂ ਦੀ ਖੁਦਾਈ ਅਤੇ ਵਰਤੋਂ ਦੇ ਰਾਹ ਵਿਚ ਇਕ ਦਿੱਕਤ ਹੈ | ਸੰਨ 1967 ਵਿਚ ਹੋਈ ਅੰਤਰਰਾਸ਼ਟਰੀ ਸੰਧੀ ਜਿਸ ਉਤੇ ਅਮਰੀਕਾ, ਰੂਸ ਤੇ ਕਈ ਹੋਰ ਦੇਸ਼ਾਂ ਦੇ ਦਸਤਖ਼ਤ ਹਨ, ਇਸ ਅਨੁਸਾਰ ਕਿਸੇ ਪੁਲਾੜੀ ਗ੍ਰਹਿ/ਉਪ-ਗ੍ਰਹਿ/ਚੰਨ/ਕਾਮੇਟ ਨੂੰ ਕੋਈ ਵੀ ਦੇਸ਼ ਨਿੱਜੀ ਮਲਕੀਅਤ ਨਹੀਂ ਬਣਾ ਸਕਦਾ | ਇਨ੍ਹਾਂ ਉਤੇ ਕੋਈ ਨਿਊਕਲੀ ਤਜਰਬਾ ਵੀ ਨਹੀਂ ਕਰ ਸਕਦਾ | ਇਸ ਸੰਧੀ ਵਿਚ ਦੇਸ਼ਾਂ ਉਤੇ ਪਾਬੰਦੀਆਂ ਦਾ ਜ਼ਿਕਰ ਹੈ, ਵਿਅਕਤੀਆਂ/ਕੰਪਨੀਆਂ ਦਾ ਜ਼ਿਕਰ ਨਹੀਂ | ਉਦੋਂ ਕਿਸੇ ਨੇ ਕਲਪਨਾ ਹੀ ਨਹੀਂ ਕੀਤੀ ਹੋਣੀ ਕਿ ਇਹ ਕੰਮ ਇਨ੍ਹਾਂ ਦੇ ਵੱਸ ਦਾ ਵੀ ਹੋ ਸਕਦਾ ਹੈ | ਹੁਣ ਜਦ ਕਿ ਇੰਜ ਹੋਣ ਦੇ ਪੂਰੇ ਆਸਾਰ ਬਣ ਰਹੇ ਹਨ, ਇਸ ਪਖੋਂ ਸਪੱਸ਼ਟ ਨੀਤੀਆਂ ਬਣਾਉਣੀਆਂ ਪੈਣਗੀਆਂ | ਚੀਨ ਐਲਾਨ ਕਰ ਚੁੱਕਾ ਹੈ ਕਿ ਅਸੀਂ ਚੀਨੀ ਪੁਲਾੜ ਯਾਤਰੀਆਂ ਨੂੰ 2025 ਤੱਕ ਚੰਦ ਉਤੇ ਉਤਾਰ ਦਿਆਂਗੇ | ਉਹ ਪ੍ਰਤੀਕਾਤਮਕ ਰੂਪ ਵਿਚ ਚੰਨ ਉਤੇ ਚੀਨੀ ਝੰਡਾ ਗੱਡਣਗੇ | ਅਮਰੀਕਾ ਨੇ ਅਪੋਲੋ ਨਾਲ ਚੰਨ ਉਤੇ ਆਪਣਾ ਝੰਡਾ ਗੱਡ ਰੱਖਿਆ ਹੈ | ਇਹ ਕਾਰਜ ਕੇਵਲ ਪ੍ਰਤੀਕਾਤਮਕ ਹਨ | ਜੇ ਕਿਸੇ ਅਰਬਪਤੀ ਨੇ ਉਥੇ ਡੇਰਾ ਲਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਤਾਂ ਕੀ ਹੋਵੇਗਾ | ਚੇਤੇ ਰਹੇ ਕਿ ਚੰਨ ਦੇ ਨਕਸ਼ਿਆਂ ਦੇ ਆਧਾਰ 'ਤੇ ਪਹਿਲਾਂ ਹੀ ਜ਼ਮੀਨ ਵੇਚਣ ਜਾਂ ਪਲਾਟ ਕੱਟਣ ਦੀ ਠੱਗੀ ਕਈ ਕੰਪਨੀਆਂ ਕਰ ਰਹੀਆਂ ਹਨ | ਚੰਨ ਉਤੇ ਪਲਾਟਾਂ ਦੀ ਰਜਿਸਟਰੀ ਦੇ ਕਾਗਜ਼ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟ ਰਹੀਆਂ ਹਨ | ਭਾਰਤ ਹੀ ਨਹੀਂ, ਪੰਜਾਬ ਦੇ ਕਈ ਪਿੰਡਾਂ ਦੇ ਲੋਕ ਇਸ ਲੁੱਟ ਦੇ ਜਾਲ ਵਿਚ ਫਸੇ ਹਨ ਅਤੇ ਫਸੇ ਵੀ ਜਾਣ ਬੁੱਝ ਕੇ ਹਨ | ਆਪੇ ਫਾਥੜੀਏ ਤੈਨੂੰ ਕੌਣ ਛੁਡਾਏ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98722-60550.
ਫੋਨ : 0175-2372010, 2372998,


ਖ਼ਬਰ ਸ਼ੇਅਰ ਕਰੋ

ਸੰਸਾਰ ਜੇਤੂ ਸਿਕੰਦਰ ਦੀ ਅੰਤਿਮ ਇੱਛਾ ਪੂਰੀ ਨਾ ਹੋਈ

ਅਨੇਕਾਂ ਰਾਜੇ, ਮਹਾਰਾਜੇ, ਸੂਰਬੀਰ ਸੰਸਾਰ ਨੂੰ ਜਿੱਤਣ ਲਈ ਨਿਕਲੇ | ਉਹ ਜਿੱਤ ਦੇ ਚੱਕਰ ਵਿਚ ਆਪ ਖ਼ਤਮ ਹੋ ਗਏ ਪਰ ਸੰਸਾਰ ਨੂੰ ਨਾ ਜਿੱਤ ਸਕੇ | ਸਿਕੰਦਰ ਵੀ ਦੁਨੀਆ ਜਿੱਤਣ ਲਈ ਤੁਰਿਆ ਸੀ ਪਰ ਦੁਨੀਆ ਨੂੰ ਜਿੱਤ ਨਾ ਸਕਿਆ |
ਮਹਾਨ ਸਿਕੰਦਰ ਦਾ ਜਨਮ ਯੂਨਾਨ ਦੇਸ਼ ਦੀ ਉੱਤਰੀ ਰਿਆਸਤ ਮਕਦੂਨੀਆ ਦੇ ਰਾਜਾ ਫਿਲਿਪ ਦੇ ਘਰ 21 ਜੁਲਾਈ, 356 ਪੂਰਬ ਈਸਵੀ ਨੂੰ ਹੋਇਆ | ਸਿਕੰਦਰ ਦੇ ਜਨਮ ਸਮੇਂ ਉਸ ਦੇ ਪਿਤਾ ਨੂੰ ਹਰ ਮੈਦਾਨ ਵਿਚ ਜਿੱਤਾਂ ਪ੍ਰਾਪਤ ਹੋ ਰਹੀਆਂ ਸਨ | ਫਿਲਿਪ ਇਹ ਚਾਹੁੰਦਾ ਸੀ ਕਿ ਉਹ ਪੂਰਬੀ ਦੁਨੀਆ ਅਤੇ ਯੂਨਾਨ ਦੋਵਾਂ ਨੂੰ ਅਧੀਨ ਕਰਕੇ ਇਕ ਵਿਸ਼ਾਲ ਸਾਮਰਾਜ ਦੀ ਨੀਂਹ ਰੱਖ ਦੇਵੇ |
ਸਿਕੰਦਰ ਦੀ ਮਾਤਾ ਉਲਿੰਪੀਆਸ ਆਪਣੇ ਪਤੀ ਨੂੰ ਬਹੁਤ ਘਿ੍ਣਾ ਕਰਦੀ ਸੀ ਅਤੇ ਉਸ ਨੂੰ ਹਮੇਸ਼ਾ ਦੁਖੀ ਰੱਖਦੀ ਸੀ | ਸਿਕੰਦਰ ਦੇ ਜਨਮ 'ਤੇ ਉਸ ਨੇ ਆਪਣੇ ਪਤੀ ਨੂੰ ਪ੍ਰੇਸ਼ਾਨ ਕਰਨ ਲਈ ਕਿਹਾ ਕਿ ਸਿਕੰਦਰ ਦੇਵ ਪੁੱਤਰ ਹੈ ਫਿਲਿਪ ਦਾ ਪੁੱਤਰ ਨਹੀਂ | ਰਾਜਾ ਫਿਲਿਪ ਨੂੰ ਰਾਗਰੰਗ ਅਤੇ ਸ਼ਰਾਬ ਦੀ ਬੜੀ ਆਦਤ ਸੀ | ਉਸ ਨੇ ਸਿਕੰਦਰ ਦੀ ਮਾਂ ਨੂੰ ਤਿਆਗ ਕੇ ਕਲਿਊਪੈਟਰਾ ਨਾਂਅ ਦੀ ਇਕ ਸੰੁਦਰ ਲੜਕੀ ਨਾਲ ਵਿਆਹ ਕਰ ਲਿਆ |
ਫਿਲਿਪ ਭਾਵੇਂ ਪ੍ਰੇਸ਼ਾਨ ਰਹਿੰਦਾ ਸੀ ਪਰ ਉਸ ਨੇ ਆਪਣੇ ਪੁੱਤਰ ਸਿਕੰਦਰ ਲਈ ਉਸ ਸਮੇਂ ਦੇ ਜਗਤ ਪ੍ਰਸਿੱਧ ਵਿਦਵਾਨ ਅਰਸਤੂ ਨੂੰ ਅਧਿਆਪਕ ਨਿਯੁਕਤ ਕੀਤਾ | ਅਰਸਤੂ ਨੇ ਆਪਣੀ ਸਿੱਖਿਆ ਦੁਆਰਾ ਰਾਜ ਕੁਮਾਰ ਸਿਕੰਦਰ ਉਤੇ ਬਹੁਤ ਪ੍ਰਭਾਵ ਪਾਇਆ ਅਤੇ ਅੱਖੜ ਮੰੁਡੇ ਨੂੰ ਕੁਝ ਸਭਿਅਕ ਬਣਾ ਦਿੱਤਾ | ਰਾਜਕੁਮਾਰ ਸਿਕੰਦਰ ਨੇ ਬਾਸੀਫਲਸ ਨਾਂਅ ਦੇ ਅੱਖੜ ਘੋੜੇ ਨੂੰ ਕਾਬੂ ਕਰਕੇ ਉਸ ਨੂੰ ਇਸ ਤਰ੍ਹਾਂ ਦੌੜਾਇਆ ਕਿ ਉਸ ਦਾ ਪਿਤਾ ਕਹਿ ਉੱਠਿਆ ਕਿ, 'ਹੇ ਪੁੱਤਰ, ਤੇਰੇ ਲਈ ਮਕਦੂਨੀਆ ਦਾ ਰਾਜ ਬਹੁਤ ਛੋਟਾ ਹੈ, ਤੰੂ ਆਪਣੀ ਯੋਗਤਾ ਨੂੰ ਮੁੱਖ ਰੱਖ ਕੇ ਇਕ ਵਧੇਰੇ ਰਾਜ ਦੀ ਭਾਲ ਕਰ |' ਉਸ ਦੇ ਪਿਤਾ ਦੀ ਭਵਿੱਖਬਾਣੀ ਠੀਕ ਨਿਕਲੀ ਅਤੇ ਵੀਹ ਸਾਲ ਦੇ ਅੰਦਰ ਹੀ ਇਸ ਨੌਜਵਾਨ ਸਿਕੰਦਰ ਨੇ ਯੂਨਾਨ, ਮਿਸਰ, ਸ਼ਾਮ, ਈਰਾਨ, ਮੱਧ ਏਸ਼ੀਆ ਅਤੇ ਪੰਜਾਬ ਨੂੰ ਅਧੀਨ ਕਰ ਲਿਆ | ਬਾਸੀਫਲਸ ਨਾਂਅ ਦਾ ਇਹ ਜਗਤ ਪ੍ਰਸਿੱਧ ਘੋੜਾ ਪੰਜਾਬ ਵਿਚ ਜਿਹਲਮ ਨਦੀ ਦੇ ਕੰਢੇ ਪੋਰਸ ਵਿਰੁੱਧ ਲੜਾਈ ਸਮੇਂ ਮਾਰਿਆ ਗਿਆ | ਫਿਲਿਪ ਯੂਨਾਨ ਦੇ ਕਬਜ਼ੇ ਪਿਛੋਂ ਈਰਾਨ 'ਤੇ ਜਿੱਤ ਹਾਸਲ ਕਰਨਾ ਚਾਹੁੰਦਾ ਸੀ ਕਿ ਫਿਲਿਪ ਨੂੰ ਕਤਲ ਕਰ ਦਿੱਤਾ ਗਿਆ |
ਸਿਕੰਦਰ ਆਪਣੇ ਪਿਤਾ ਦੀ ਮੌਤ ਪਿਛੋਂ 336 ਪੂਰਬ ਈਸਵੀ ਨੂੰ 20 ਸਾਲ ਦੀ ਉਮਰ ਵਿਚ ਮਕਦੂਨੀਆ ਦੀ ਗੱਦੀ ਉਤੇ ਬੈਠਾ | ਸਿਕੰਦਰ ਦੀ ਬਲਵਾਨ ਫ਼ੌਜ ਪੂਰਬੀ ਮਹਾਂਦੀਪ ਉਤੇ ਚੜ੍ਹਾਈ ਕਰਨ ਲਈ ਕਚੀਚੀਆਂ ਲੈ ਰਹੀ ਸੀ | ਸਭ ਤੋਂ ਪਹਿਲਾਂ ਉਸ ਨੇ ਯੂਨਾਨੀ ਬਾਗ਼ੀਆਂ ਨੂੰ ਭਾਂਜ ਦਿੱਤੀ ਜੋ ਉਸ ਨੂੰ ਬਾਲਕ ਸਮਝ ਕੇ ਸੁਤੰਤਰ ਹੋਣ ਦਾ ਯਤਨ ਕਰ ਰਹੇ ਸਨ | ਸਿਕੰਦਰ ਨੇ ਆਪਣੀਆਂ ਫ਼ੌਜਾਂ ਨਾਲ ਥੈਬੀਜ਼ ਸ਼ਹਿਰ ਦਾ ਘੇਰਾ ਪਾ ਕੇ ਸਾਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਇਥੋਂ ਦੇ 6 ਹਜ਼ਾਰ ਵਸਨੀਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਉਸ ਨੇ 30 ਹਜ਼ਾਰ ਆਦਮੀਆਂ ਨੂੰ ਗੁਲਾਮ ਬਣਾ ਕੇ ਵੇਚ ਦਿੱਤਾ ਅਤੇ ਜੋ ਲੁੱਟ ਦਾ ਮਾਲ ਹੱਥ ਆਇਆ ਉਹ ਸਾਰਾ ਹੀ ਆਪਣੇ ਅਫ਼ਸਰਾਂ ਵਿਚ ਵੰਡ ਦਿੱਤਾ |
ਥੈਬੀਜ਼ ਤੋਂ ਸਿਕੰਦਰ ਯੂਨਾਨ ਦੇ ਦੱਖਣ ਵੱਲ ਵਧਦਾ ਗਿਆ ਅਤੇ ਥਾਂ-ਥਾਂ ਵਿਦਰੋਹੀ ਲੋਕ ਅਧੀਨ ਹੋ ਕੇ ਉਸ ਦਾ ਸਵਾਗਤ ਕਰਨ ਲੱਗੇ | ਸਾਰੇ ਯੂਨਾਨੀਆਂ ਨੇ ਸਿਕੰਦਰ ਨੂੰ ਆਪਣਾ ਆਗੂ ਮੰਨ ਲਿਆ | ਜਦ ਸਿਕੰਦਰ ਯੂਨਾਨ ਦੇ ਸ਼ਹਿਰ ਕੋਰਿੰਥ ਵਿਚ ਗਿਆ ਤਾਂ ਉਥੋਂ ਦੇ ਵਸਨੀਕਾਂ ਨੇ ਉਸ ਦਾ ਬਹੁਤ ਸਵਾਗਤ ਕੀਤਾ, ਪੰ੍ਰਤੂ ਉਥੋਂ ਦਾ ਪ੍ਰਸਿੱਧ ਫਿਲਾਸਫਰ ਡਾਇਓਜੀਨੀਜ਼ ਉਸ ਨੂੰ ਮਿਲਣ ਨਾ ਆਇਆ, ਕਿਉਂਕਿ ਉਹ ਇਸ ਦੁਨੀਆ ਤੋਂ ਆਪਣੇ-ਆਪ ਨੂੰ ਬਿਲਕੁਲ ਵੱਖਰਾ ਸਮਝਦਾ ਸੀ | ਸਿਕੰਦਰ ਇਸ ਫਿਲਾਸਫ਼ਰ ਦੀ ਪ੍ਰਸਿੱਧਤਾ ਬਾਰੇ ਜਾਣੂ ਸੀ ਅਤੇ ਚੱਲ ਕੇ ਉਸ ਕੋਲ ਗਿਆ, ਜੋ ਉਸ ਵੇਲੇ ਇਕੱਲਾ ਧੁੱਪ ਸੇਕ ਰਿਹਾ ਸੀ | ਆਪਣੀ ਮਿੱਤਰਤਾ ਅਤੇ ਵਡੱਪਣ ਜਿੱਤਾਉਣ ਲਈ ਸਿਕੰਦਰ ਨੇ ਉਸ ਨੂੰ ਪੁੱਛਿਆ, 'ਮੰਗ ਜੋ ਕੁਝ ਮੰਗਣਾ ਹੈਾ |' ਬੁੱਢੇ ਫਿਲਾਸਫ਼ਰ ਨੇ ਕਿਹਾ, 'ਮੈਂ ਤੇਰੇ ਪਾਸੋਂ ਕੇਵਲ ਇਕ ਵੱਡੀ ਮੰਗ ਇਹ ਮੰਗਦਾ ਹਾਂ ਕਿ ਤੂੰ ਮੇਰੇ ਤੇ ਸੂਰਜ ਦੇ ਵਿਚਕਾਰ ਖਲੋ ਕੇ ਧੁੱਪ ਨੂੰ ਨਾ ਰੋਕ ਅਤੇ ਮੈਨੂੰ ਧੁੱਪ ਦਾ ਆਨੰਦ ਲੈਣ ਦੇ |' ਇਹ ਸੁਣ ਕੇ ਸਿਕੰਦਰ ਉਥੋਂ ਵਾਪਸ ਆ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਜੇ ਮੈਂ ਸਿਕੰਦਰ ਨਾ ਹੁੰਦਾ ਤਾਂ ਮੈਂ ਡਾਇਓਜੀਨੀਜ਼ ਬਣਨਾ ਪਸੰਦ ਕਰਦਾ |
ਸਿਕੰਦਰ 334 ਪੂਰਬ ਈਸਵੀ ਨੂੰ 30 ਹਜ਼ਾਰ ਪਿਆਦਾ ਫ਼ੌਜ ਅਤੇ 5 ਹਜ਼ਾਰ ਘੋੜ ਸਵਾਰ ਲੈ ਕੇ ਦੱਰਾ ਦਾਨਿਆਲ ਪਾਰ ਕਰਕੇ ਏਸ਼ੀਆ ਵਿਚ ਆ ਵੜਿਆ | ਇਥੇ ਉਸ ਦਾ ਈਰਾਨੀਆਂ ਨਾਲ ਪਹਿਲੀ ਵਾਰ ਟਾਕਰਾ ਹੋਇਆ | ਇਸ ਪਿਛੋਂ ਏਸ਼ੀਆ ਮਾਈਨਰ ਵਿਚ ਜਾ ਪਹੁੰਚਿਆ, ਇਥੇ ਉਸ ਨੇ ਗੌਰਡੀਆ ਸ਼ਹਿਰ ਵਿਚ ਗੌਰਡੀਅਨ ਦੀ ਗੱਠ ਕੱਟ ਦਿੱਤੀ | ਇਥੇ ਇਕ ਰੱਥ ਰੱਸੇ ਨਾਲ ਬੰਨਿ੍ਹਆ ਹੋਇਆ ਸੀ ਅਤੇ ਇਸ ਬਾਰੇ ਇਕ ਪ੍ਰਾਚੀਨ ਦੰਦ ਕਥਾ ਚਲੀ ਆਉਂਦੀ ਸੀ ਕਿ ਜੋ ਇਸ ਰੱਸੇ ਨੂੰ ਕੱਟੇਗਾ ਉਹ ਏਸ਼ੀਆ ਦਾ ਸਮਰਾਟ ਬਣੇਗਾ |
ਇਸ ਸਮੇਂ ਈਰਾਨ ਸਾਮਰਾਜ ਤੇ ਉਸ ਦਾ ਬਾਦਸ਼ਾਹ ਦਾਰਾ ਸਾਰੇ ਸੰਸਾਰ ਵਿਚ ਪ੍ਰਸਿੱਧ ਸਨ | ਉਸ ਦਾ ਰਾਜ ਸਾਰੇ ਪੱਛਮੀ ਏਸ਼ੀਆ ਅਤੇ ਮਿਸਰ ਵਿਚ ਫੈਲਿਆ ਹੋਇਆ ਸੀ | ਇਸ ਵਿਚ ਕਈ ਯੂਨਾਨੀ ਸ਼ਹਿਰ ਵੀ ਸਨ | ਦਾਰਾ ਦੀ ਫ਼ੌਜ ਸਿਕੰਦਰ ਦੀ ਫ਼ੌਜ ਨਾਲੋਂ 5 ਗੁਣਾਂ ਵੱਡੀ ਸੀ | ਦਾਰਾ ਤੇ ਯੂਨਾਨੀ ਫ਼ੌਜ ਦਾ ਈਸਸ ਦੇ ਮੈਦਾਨ ਵਿਚ ਟਾਕਰਾ ਹੋਇਆ | ਇਸ ਲੜਾਈ ਵਿਚ ਦਾਰਾ ਆਪਣੀ ਮਾਤਾ, ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਭੱਜ ਗਿਆ | ਸਿਕੰਦਰ ਨੇ ਫਿਰ ਮੁਲਕ ਸ਼ਾਮ ਉਤੇ ਹਮਲਾ ਕਰ ਦਿੱਤਾ ਅਤੇ ਇਥੋਂ ਦੇ ਸਮੰੁਦਰੀ ਸਟੇਸ਼ਨ ਟਾਇਰ ਉਤੇ ਕਬਜ਼ਾ ਕਰਨ ਲਈ ਉਸ ਨੂੰ ਬਹੁਤ ਮਸੀਬਤਾਂ ਦਾ ਟਾਕਰਾ ਕਰਨਾ ਪਿਆ | ਸਿਕੰਦਰ ਨੇ ਇਸ ਤੋਂ ਪਿਛੋਂ ਫਲਸਤੀਨ ਤੇ ਮਿਸਰ 'ਤੇ ਕਬਜ਼ਾ ਕਰ ਲਿਆ | ਮਿਸਰ ਵਿਚ ਉਸ ਨੇ ਸਿਕੰਦਰੀਆ ਨਾਂਅ ਦਾ ਸ਼ਹਿਰ ਵਸਾਇਆ, ਜੋ ਅੱਜ ਤੱਕ ਇਕ ਪ੍ਰਸਿੱਧ ਬੰਦਰਗਾਹ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98155-33725.

ਸੈਰ-ਸਪਾਟੇ ਦੇ ਵਿਕਾਸ ਲਈ ਬਹੁਤ ਢੁੱਕਵਾਂ ਹੈ ਕੰਢੀ ਦਾ ਰਮਣੀਕ ਪਹਾੜੀ ਖੇਤਰ

ਅਜੋਕਾ ਪੰਜਾਬ, ਕਦੇ ਮਹਾਂਪੰਜਾਬ ਕਰ ਕੇ ਜਾਣਿਆ ਜਾਂਦਾ ਸੀ | ਉਸ ਸਮੇਂ ਹਿਮਾਚਲ, ਜੰਮੂ-ਕਸ਼ਮੀਰ, ਲੇਹ-ਲੱਦਾਖ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੇ ਯੂ.ਪੀ. ਦਾ ਵੀ ਕਾਫੀ ਹਿੱਸਾ ਪੰਜਾਬ ਵਿਚ ਸ਼ਾਮਿਲ ਸੀ | ਫਿਰ ਅਲੱਗ-ਅਲੱਗ ਰਾਜਾਂ ਦੀ ਮੰਗ ਹੇਠ ਇਹ ਮਹਾਂਪੰਜਾਬ ਸੁੰਗੜਦਾ ਸਿਮਟਦਾ ਛੋਟੀ ਬਾਲੜੀ ਦੀ ਨਿੱਕੀ ਜਿਹੀ ਫਰਾਕ ਵਰਗੀ ਸ਼ਕਲ ਅਖਤਿਆਰ ਕਰ ਗਿਆ | ਆਖਿਰ 1966 ਵਿਚ ਹਿਮਾਚਲ ਰਾਜ ਬਣਨ ਮਗਰੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕ ਤਹਿਸੀਲ ਊਨਾ, ਜ਼ਿਲ੍ਹਾ ਬਣਾ ਕੇ ਹਿਮਾਚਲ ਵਿਚ ਸ਼ਾਮਿਲ ਕੀਤੀ ਗਈ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲਗਦਾ ਬਾਰਡਰ ਵਾਲਾ ਨੀਮ ਪਹਾੜੀ ਹਿੱਸਾ ਪੰਜਾਬ-ਹਿਮਾਚਲ ਦੀ ਨਵੀਂ ਹੱਦਬੰਦੀ ਬਣਿਆ | ਇੰਜ ਸ਼ਿਵਾਲਿਕ ਪਹਾੜੀਆਂ ਨਾਲ ਲਗਦੀ ਲਗਪਗ 250 ਕਿਲੋਮੀਟਰ ਅਤੇ 13-14 ਕਿਲੋਮੀਟਰ ਚੌੜੀ ਬੈਲਟ ਪੰਜਾਬ ਦੇ ਹਿੱਸੇ ਵਿਚ ਆਈ ਤੇ ਕੰਢੀ ਦੇ ਨਾਂਅ ਨਾਲ ਜਾਣੀ ਗਈ | ਇੰਜ ਇਸ ਬੈਲਟ ਨਾਲ ਮੁੱਖ ਤੌਰ 'ਤੇ ਊਨਾ, ਕਾਂਗੜਾ, ਇੰਦੌਰਾ, ਹਮੀਰਪੁਰ ਆਦਿ ਹਿਮਾਚਲੀ ਇਲਾਕੇ ਲੱਗਦੇ ਹਨ |
ਕੰਢੀ ਦਾ ਨੀਮ ਪਹਾੜੀ ਖੇਤਰ ਬੇਸ਼ੱਕ ਭੂਗੋਲਿਕ ਕਾਰਨਾਂ ਅਤੇ ਲੰਮੇ ਸਮੇਂ ਤੱਕ ਰਾਜਨੀਤਕ ਤੌਰ 'ਤੇ ਅਣਗੌਲਿਆਂ ਹੋਣ ਕਰ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਜਿੰਨਾ ਵਿਕਾਸ ਤਾਂ ਨਹੀਂ ਕਰ ਸਕਿਆ, ਪਰ ਇਹ ਪਹਾੜੀ ਖੇਤਰ ਆਪਣੇ ਸੱਭਿਆਚਾਰਕ ਵਖਰੇਵੇਂ ਅਤੇ ਕੁਦਰਤੀ ਸੁਹੱੱਪਣ ਤੇ ਨੇਮਤਾਂ ਕਰ ਕੇ ਬਾਕੀ ਪੰਜਾਬ ਨਾਲੋਂ ਵਿਲੱਖਣ ਅਤੇ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ | ਕੰਢੀ ਦੇ ਖੇਤਰ ਵਿਚ ਇੰਡਸਟਰੀ ਦੀ ਘਾਟ ਕਰ ਕੇ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਪ੍ਰਾਪਤ ਹੋਏ ਹਨ | ਇਥੋਂ ਦੇ ਵਧੇਰੇ ਨੌਜਵਾਨ ਫ਼ੌਜ ਵਿਚ ਭਰਤੀ ਹੋਣ ਨੂੰ ਤਰਜੀਹ ਦਿੰਦੇ ਹਨ | ਇਲਾਕੇ ਵਿਚ ਜੰਗਲੀ ਜਾਨਵਰਾਂ ਦੀ ਮਾਰ ਅਤੇ ਵਰਖਾ ਅਧਾਰਿਤ ਖੇਤੀ ਹੋਣ ਕਰ ਕੇ ਇੱਥੋਂ ਦਾ ਕਿਸਾਨ ਵੀ ਗੁਜ਼ਾਰੇ ਜੋਗੀ ਫਸਲ ਹੀ ਪੈਦਾ ਕਰ ਪਾਉਂਦਾ ਹੈ | ਪਰ ਕੁਦਰਤ ਦੀ ਕਿਰਪਾ ਨਾਲ ਕੰਢੀ ਖੇਤਰ ਰਮਣੀਕ ਕੁਦਰਤੀ ਨਜ਼ਾਰਿਆਂ, ਇਤਿਹਾਸਕ ਅਤੇ ਧਾਰਮਿਕ ਥਾਂਵਾਂ, ਹੁਸੀਨ ਵਾਦੀਆਂ ਤੇ ਖੂਬਸੂਰਤ ਜੰਗਲਾਂ ਨਾਲ ਮਾਲਾਮਾਲ ਹੈ |
ਵਿਸ਼ਵ ਪ੍ਰਸਿੱਧ ਢੋਲਵਾਹਾ ਡੈਮ ਦੀ ਖੁਦਾਈ ਸਮੇਂ ਸਿੰਧੂ ਅਤੇ ਹੜੱਪਾ ਕਾਲ ਦੀਆਂ ਸ਼ਿਲਪਕਲਾ ਅਤੇ ਵਾਸਤੂਕਲਾ ਨਾਲ ਸਬੰਧਿਤ ਵਸਤੂਆਂ ਦੀ ਪ੍ਰਾਪਤੀ ਇਸ ਇਲਾਕੇ ਨੂੰ ਵਿਸ਼ਵ ਪ੍ਰਸਿੱਧ ਭਾਰਤੀ ਸੱਭਿਅਤਾ ਨਾਲ ਜੋੜਦੀ ਹੈ | ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਸਾਂਭੀ ਖੁਦਾਈ ਵਿਚੋਂ ਨਿਕਲੀ ਵਡਮੁੱਲੀ ਪ੍ਰਾਚੀਨ ਵਿਰਾਸਤ, ਵਿਰਾਟ ਨਗਰੀ (ਦਸੂਹਾ) ਵਿਖੇ ਪਾਂਡਵ ਸਰੋਵਰ, ਗਗਨ ਜੀ ਕਾ ਟਿੱਲਾ, ਪਾਂਡਵਾਂ ਦੀ ਘੜਮਾਈ, ਸ੍ਰੀਪੰਡਾਇਣ ਦਾ ਪ੍ਰਾਚੀਨ ਖੂਹ, ਵਨਕਰਣਪੁਰ ਵਿਖੇ ਹਡਿੰਬਾ ਦੇਵੀ ਦਾ ਮੰਦਰ , ਲੱਬਰ ਭੂਆਰੀ ਲਾਗੇ ਬਾਣਗੰਗਾ ਆਦਿ ਪੌਰਾਣਿਕ ਥਾਵਾਂ ਇਸ ਖੇਤਰ ਨੂੰ ਪੰਜ ਹਜ਼ਾਰ ਸਾਲ ਪੁਰਾਣੇ ਮਹਾਭਾਰਤ ਕਾਲ ਜੋੜਦੀਆਂ ਹਨ | ਏਨਾ ਹੀ ਨਹੀਂ ਕੰਢੀ ਵਿਚ ਹੀ ਮਾਂ ਕਾਮਾਕਸ਼ੀ ਦੇਵੀ ਮੰਦਰ, ਬਾਵਾ ਲਾਲਦਿਆਲ ਜੀ ਦੀ ਰਾਮਪੁਰ ਹਲੇੜ ਅਤੇ ਦਾਤਾਰਪੁਰ ਵਿਖੇ ਮਹੱਤਵਪੂਰਨ ਗੱਦੀਆਂ, ਮਾਤਾ ਧਰਮਪੁਰ ਦੇਵੀ ਦਾ ਮੰਦਰ, ਗਗਨ ਜੀ ਦਾ ਟਿਲਾ, ਧਨਾਠੇ ਦਾ ਮੰਦਰ, ਰਾਮਟਟਵਾਲੀ ਮੰਦਰ ਅਤੇ ਨਵੇਂ ਸਿਰਿਓਾ ਪੁਰਾਤੱਤਵ ਵਿਭਾਗ ਵਲੋਂ ਉਸਾਰਿਆ ਜਾ ਰਿਹਾ ਪਟਿਆਲਾ ਮਹਾਰਾਜਾ ਨਾਲ ਸਬੰਧਿਤ ਮਹਿਲ ਤੇ ਭਿੱਤੀ ਚਿੱਤਰਕਾਰੀ, ਜਨੌੜੀ ਦਾ ਬਾਬਾ ਬਾਲਕ ਨਾਥ ਮੰਦਰ, ਬਜਵਾੜੇ ਦਾ ਕਿਲ੍ਹਾ, ਰਾਜਨੀ ਮਾਤਾ ਮੰਦਰ, ਕੰਢੀ ਦੇ ਬੀਤ ਇਲਾਕੇ ਵਿਚ ਸਥਿਤ ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਜੀ ਦਾ ਤਪ ਅਸਥਾਨ ਅਤੇ ਚਰਨ ਛੋਹ ਗੰਗਾ, ਬਾਬਾ ਕੁੰਭਦਾਸ ਦੀ ਛੱਪੜੀ, ਅਚਲਪੁਰ ਦਾ ਸਿੱਧ ਬਾਬਾ ਬਾਲਕ ਨਾਥ ਦਾ ਮੰਦਰ, ਕਬੀਰ ਕੁਟੀਆ, ਬਾਬਾ ਨਾਹਰ ਸਿੰਘ ਦਾ ਮੰਦਰ, ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੱਥ ਲਿਖਤ ਹੁਕਮਨਾਮਾ ਵਾਲਾ ਗੁਰਦੁਆਰਾ ਕਾਲੋਵਾਲ ਆਦਿ ਹੋਰ ਕਈ ਧਾਰਮਿਕ ਅਤੇ ਇਤਿਹਾਸਕ ਦਿ੍ਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਥਾਵਾਂ ਹਨ | ਜਿੱਥੇ ਹਰ ਵਰ੍ਹੇ ਵਿਸ਼ੇਸ਼ ਮੌਕਿਆਂ 'ਤੇ ਲੱਖਾਂ ਸ਼ਰਧਾਲੂ ਪੰਜਾਬ ਹੀ ਨਹੀਂ ਗੁਆਂਢੀ ਰਾਜਾਂ ਅਤੇ ਵਿਦੇਸ਼ਾਂ ਤੋਂ ਵੀ ਪੰਹੁਚਦੇ ਹਨ | ਕਈ ਖੋਜੀ ਅਤੇ ਵਿਦਵਾਨ ਇਨ੍ਹਾਂ ਮਹੱਤਵਪੂਰਨ ਥਾਵਾਂ ਦੇ ਅਧਿਐਨ ਅਤੇ ਖੋਜ ਆਦਿ ਦੇ ਕਾਰਜ ਲਈ ਉਚੇਚੇ ਤੌਰ 'ਤੇ ਆਉਂਦੇ ਹਨ |
ਇਸ ਨੀਮ ਪਹਾੜੀ ਇਲਾਕੇ ਵਿਚ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ | ਹਰਿਆਣਾ ਤੋਂ ਤਲਵਾੜਾ ਤੱਕ ਪ੍ਰਧਾਨ ਮੰਤਰੀ ਸੜਕ ਯੋਜਨਾ ਹੇਠ ਬਹੁਤ ਹੀ ਵਧੀਆ ਸੜਕ ਇਲਾਕੇ ਲਈ ਆਵਾਜਾਈ ਦਾ ਵਸੀਲਾ ਬਣੀ ਹੋਈ ਹੈ | ਹਰੇ ਭਰੇ ਪਹਾੜੀ ਖੇਤਰ ਵਿਚੋਂ ਦੀ ਵਲਵਲੇਂਵੇ ਪਾ ਕੇ ਲੰਘਦੀਆਂ ਇਨ੍ਹਾਂ ਸੜਕਾਂ ਤੋਂ ਗੁਜ਼ਰਦਿਆਂ ਬਹੁਤ ਹੀ ਰਮਣੀਕ ਅਤੇ ਦਿਲਖਿੱਚਵੇਂ ਨਜ਼ਾਰੇ ਵੇਖ ਕੇ ਸੈਲਾਨੀ ਸ਼ਿਮਲਾ, ਡਲਹੌਜ਼ੀ, ਮਨਾਲੀ ਤੇ ਮੰਸੂਰੀ ਵਰਗੇ ਕੁਦਰਤੀ ਸੁਹੱਪਣ ਨੂੰ ਇਕ ਵਾਰੀ ਤਾਂ ਜਿਵੇਂ ਭੁੱਲ ਹੀ ਜਾਂਦਾ ਹੈ | ਇਕਦਮ ਸ਼ੁੱਧ ਆਬੋਹਵਾ, ਅਸੀਮ ਸ਼ਾਂਤੀ, ਸਵੇਰ ਸਾਰ ਪੰਛੀਆਂ ਦੀਆਂ ਮਨਮੋਹਕ ਦਿਲ ਨੂੰ ਸਕੂਨ ਦੇਣ ਵਾਲੀਆਂ ਆਵਾਜ਼ਾਂ, ਸੱਪ ਵਾਂਗੂ ਵਲੇਵੇਂਦਾਰ ਹਰੀਆਂ ਭਰੀਆਂ ਪਹਾੜੀਆਂ ਤੇ ਬਾਂਸਾ ਦੇ ਜੰਗਲ ਹਨ | ਬਰਸਾਤ ਦੇ ਮੌਸਮ ਵਿਚ ਤਾਂ ਇੱਥੋਂ ਦੀ ਹਰਿਆਲੀ ਕਿਸੇ ਜੋਬਨਮੱਤੀ ਮੁਟਿਆਰ ਦੇ ਹੁਸਨ ਵਾਂਗ ਡੁੱਲ੍ਹ-ਡੁੱਲ੍ਹ ਪੈਂਦੀ ਹੈ | ਕੂਕਾਨੇਟ ਦੇ ਜੰਗਲਾਂ ਦੀ ਰਮਣੀਕਤਾ ਅਤੇ ਨੇਕਤਾਵਾਂ ਦੀਆਂ ਵਗਦੀਆਂ ਖੱਡਾਂ ਦੇ ਨਜ਼ਾਰੇ, ਇੱਥੇ ਆ ਕੇ ਇਨਸਾਨ ਨਿਤ ਦੀ ਭੱਜ ਨੱਠ ਅਤੇ ਹੋਰ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ, ਤਣਾਵਾਂ ਟੈਨਸ਼ਨਾਂ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ | ਨਵੀਂ ਊਰਜਾ, ਨਵੀਂ ਸੋਚ, ਨਵੀਂ ਆਸ਼ਾ ਨਵੇਂ ਇਰਾਦੇ ਅਤੇ ਨਵਾਂ ਦਿ੍ਸ਼ਟੀਕੋਣ ਲੈ ਕੇ ਆਦਮੀ ਆਪਣੀ ਜ਼ਿੰਦਗੀ ਦੀ ਦੌੜ ਵਿਚ ਨਵੇਂ ਸਿਰਿਓਾ ਸ਼ਾਮਿਲ ਹੋ ਜਾਂਦਾ ਹੈ | ਹੁਣ ਇੱਥੇ ਬਿਜਲੀ ਅਤੇ ਪਾਣੀ ਦੀ ਸੱਮਸਿਆ ਵੀ ਨਹੀਂ ਹੈ | ਸਿਰਫ ਫਰਕ ਏਨਾ ਹੀ ਹੈ ਕਿ ਇਸ ਇਲਾਕੇ ਦਾ ਸੈਰ-ਸਪਾਟੇ ਦੀ ਦਿ੍ਸ਼ਟੀ ਤੋਂ ਵਿਕਾਸ ਹੀ ਨਹੀਂ ਕੀਤਾ ਗਿਆ | ਇੱਥੇ ਜੰਗਲੀ ਜਾਨਵਰਾਂ ਦੇ ਹੁੰਦਿਆਂ ਜੰਗਲੀ ਜ਼ੂ ( ਕੁਦਰਤੀ ਚਿੜੀਆਘਰ) ਤਿਆਰ ਕੀਤਾ ਜਾ ਸਕਦਾ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ |
ਕੰਢੀ ਖੇਤਰ ਵਿਚ ਮੌਸਮੀ ਅੰਬਾਂ, ਕਿੰਨੂਆਂ ਦੇ ਬਾਗ਼, ਗਲਗਲਾਂ, ਹਰੜ ਬੇਹੜੇੇ ਆਂਬਲੇ , ਗਰੂਨੇ ਕਿੰਬ ਆਦਿ ਜੰਗਲੀ ਫਲ, ਪਹਾੜੀ ਖਾਣਾ ਦਾਲ- ਚੌਲ-ਮਹਾਣੀ ਜਿਸ ਨੂੰ ਆਮ ਤੌਰ 'ਤੇ ਡੀ. ਸੀ. ਐਮ. ਵੀ ਕਿਹਾ ਜਾਂਦਾ ਹੈ | ਇਨ੍ਹਾਂ ਕੁਦਰਤੀ ਦਾਤਾਂ ਦੇ ਸਿਰ 'ਤੇ ਜਿੱਥੇ ਸੈਰ-ਸਪਾਟੇ ਅਤੇ ਹੋਰ ਇੰਡਸਟਰੀ ਖੜ੍ਹੀ ਕੀਤੀ ਜਾ ਸਕਦੀ ਹੈ | ਉੱਥੇ ਭਾਰਤੀ ਸੈਰ-ਸਪਾਟਾ ਵਿਭਾਗ ਵਲੋਂ ਆਪਣੇ ਹੋਟਲ ਉਸਾਰ ਕੇ ਪਹਾੜੀ ਸਟੇਸ਼ਨਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਵਿਸ਼ੇਸ ਪੈਕੇਜ ਦੇ ਕੇ ਆਕਰਸ਼ਿਤ ਕੀਤਾ ਜਾ ਸਕਦਾ ਹੈ | ਕਿਉਂਕਿ ਪੁਰਾਣੇ ਅਤੇ ਪ੍ਰਸਿੱਧ ਹਿੱਲ ਸਟੇਸ਼ਨਾਂ 'ਤੇ ਸੀਜ਼ਨ ਵਿਚ ਬਹੁਤ ਜ਼ਿਅਦਾ ਸੈਲਾਨੀ ਹੋਣ ਕਰ ਕੇ ਠਹਿਰਨ ਦੀ ਸਮੱਸਿਆ ਹੁੰਦੀ ਹੈ | ਸੈਲਾਨੀਆਂ ਦੀ ਭੀੜ ਕਰ ਕੇ ਪ੍ਰਦੂਸ਼ਣ ਬਹੁਤ ਵਧ ਗਿਆ ਹੈ | ਇਨ੍ਹਾਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਮਹਿੰਗਾਈ ਵੀ ਹੱਦੋਂ ਵਧ ਹੋ ਗਈ ਹੈ | ਇਸ ਲਈ ਨਵੇਂ ਪਹਾੜੀ ਸਥਾਨਾਂ 'ਤੇ ਪ੍ਰਦੂਸ਼ਣ ਰਹਿਤ, ਵਧੇਰੇ ਕੁਦਰਤੀ, ਘੱਟ ਵਸੋਂ ਅਤੇ ਕਾਫੀ ਗਿਣਤੀ ਵਿਚ ਇਤਿਹਾਸਕ, ਧਾਰਮਿਕ ਅਤੇ ਕੁਦਰਤੀ ਨਜ਼ਾਰਿਆਂ ਨਾਲ ਦਿਲ ਕੀਲਣ ਵਾਲੇ ਵਾਧੂ ਦਿ੍ਸ਼ਾਂ ਕਰ ਕੇ ਅਤੇ ਅਸਾਨੀ ਨਾਲ ਪਹੁੰਚ ਮਾਰਗ ਹੋਣ ਕਰ ਕੇ ਹਰੇਕ ਉਮਰ ਦੇ ਸੈਲਾਨੀ ਇਸ ਖੇਤਰ ਵੱਲ ਅਕਰਸ਼ਿਤ ਹੋ ਸਕਦੇ ਹਨ | ਬੱਸ ਮੀਡੀਆ ਵਲੋਂ ਇਸ ਇਲਾਕੇ ਬਾਰੇ ਪ੍ਰਚਾਰ ਅਤੇ ਪ੍ਰਸਾਰ ਦੀ ਲੋੜ ਹੈ |
ਹੈਰਾਨੀ ਦੀ ਗੱਲ ਹੈ ਕਿ ਸੈਰ-ਸਪਾਟੇ ਦੀ ਦਿ੍ਸ਼ਟੀ ਤੋਂ ਏਨੇ ਮਹੱਤਵਪੂਰਨ ਇਲਾਕੇ ਵੱਲ 1966 ਤੋਂ ਬਾਅਦ ਕਿਸੇ ਦਾ ਧਿਆਨ ਹੀ ਨਹੀਂ ਗਿਆ ਹੈ | ਸਰਕਾਰੀ ਸਰਪ੍ਰਸਤੀ ਪ੍ਰਾਪਤ ਮਾਫੀਏ ਨੇ ਕੰਢੀ ਖੇਤਰ ਤੋਂ ਇੱਥੋਂ ਦੀ ਕੁਦਰਤੀ ਸੰਪਤੀ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੀ ਹੈ | ਇੱਥੋਂ ਦੇ ਜੰਗਲਾਂ, ਖੱਡਾਂ ਦੇ ਪੱਥਰ, ਬਜਰੀ-ਰੇਤਾ, ਬਾਂਸ ਅਤੇ ਹੋਰ ਬੇਸ਼ਕੀਮਤੀ ਚੀਜ਼ਾਂ ਦੀ ਅੰਨ੍ਹੀ ਲੁੱਟ ਮਚਾਈ ਗਈ ਹੈ | ਅੰਨ੍ਹੇਵਾਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ ਗਿਆ | ਕੰਢੀ ਦੇ ਕੁਦਰਤੀ ਸੁਹੱਪਣ ਨੂੰ ਬਰਬਾਦ ਕਰਨ ਅਤੇ ਉਜਾੜਣ ਵਿਚ ਕੋਈ ਕਸਰ ਨਹੀਂ ਛੱਡੀ ਗਈ | ਇਸ ਇਲਾਕੇ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ? ਇੱਥੇ ਕਿਹੜੀ ਇੰਡਸਟਰੀ ਸਥਾਪਤ ਕੀਤੀ ਜਾ ਸਕਦੀ ਹੈ? ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਕਿਵੇਂ ਪ੍ਰਦਾਨ ਕੀਤੇ ਜਾ ਸਕਦੇ ਹਨ? ਇਸ ਵੱਲ ਨਾ ਸਰਕਾਰਾਂ ਦਾ ਅਤੇ ਨਾ ਹੀ ਪ੍ਰਾਈਵੇਟ ਅਦਾਰਿਆਂ ਦਾ ਧਿਆਨ ਗਿਆ ਹੈ | ਸੈਰ-ਸਪਾਟੇ ਵਿਭਾਗ ਨੂੰ ਨਵੇਂ ਸਟੇਸ਼ਨ ਉਸਾਰਨੇ ਚਾਹੀਦੇ ਸਨ | ਇਸ ਨਾਲ ਜਿੱਥੇ ਰਾਜ ਦੇ ਖਜ਼ਾਨੇ ਵਿਚ ਚੋਖੀ ਆਮਦਨੀ ਹੋਣੀ ਸੀ ਉੱਥੇ ਇਸ ਕੰਢੀ ਖੇਤਰ ਦੇ ਵਿਕਾਸ ਦੇ ਨਾਲ ਨਾਲ ਇੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋਣਾ ਸੀ | ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਾਪਤ ਹੋਣੇ ਸਨ | ਵਿਸ਼ਵ ਪੱਧਰ 'ਤੇ ਇਸ ਇਲਾਕੇ ਦੀ ਨਵੀਂ ਪਛਾਣ ਬਣਨੀ ਸੀ |
ਅਜੇ ਵੀ ਡੁੱਲਿ੍ਹਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ | ਇਸ ਤਕਨਾਲੋਜੀ ਦੇ ਯੁੱਗ ਵਿਚ ਕੁਝ ਵੀ ਅਸੰਭਵ ਨਹੀਂ ਹੈ | ਸਰਕਾਰ ਆਪਣੇ ਨਿੱਜੀ ਸਵਾਰਥ ਅਤੇ ਵੋਟ ਦੀ ਰਾਜਨੀਤੀ ਛੱਡ ਕੇ ਕੰਢੀ ਪਹਾੜੀ ਖੇਤਰ ਦੀ ਨੁਹਾਰ ਬਦਲਣ ਵਿਚ ਸ਼ੁਰੂਆਤ ਕਰ ਕੇ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੀ ਹੈ | ਆਪਣੀਆਂ ਉਪਲਬਧੀਆਂ ਵਿਚ ਨਵਾਂ-ਮੀਲ ਪੱਥਰ ਗੱਡ ਸਕਦੀ ਹੈ | ਪੰਜਾਬ ਦੇ ਵਿਕਾਸ ਵਿਚ ਨਵਾਂ ਅਧਿਆਏ ਜੋੜ ਸਕਦੀ ਹੈ |

-ਪੰਚਵਟੀ, ਏਕਤਾ ਇਨਕਲੇਵ, ਲੇਨ ਨੰ-2, ਬੂਲਾਂਬਾੜੀ, ਹਸ਼ਿਆਰਪੁਰ 146001.
ਮੋਬਾਈਲ : 98761-56964.

ਸਾਡੇ ਅੰਗ-ਸੰਗ ਰਹਿੰਦੇ ਆ ਰਹੇ ਹਨ ਚੂਹੇ

ਔਸਤ ਕੱਦ ਦੇ ਲੰਬੀਆਂ ਪੂਛਾਂ ਵਾਲੇ, ਕੁਤਰਨੇ ਜੀਵ, ਕਾਲੇ ਤੇ ਭੂਰੇ ਕ੍ਰਿਤੰਕ, ਚੂਹਿਆਂ ਦੇ ਵੱਡੇ ਪਰਿਵਾਰ ਮੂਰੋਆਈਡੀਆ (Muroidea) 'ਚੋਂ ਮੰਨੇ ਜਾਂਦੇ ਹਨ | ਘਰਾਂ 'ਚ ਫਿਰਦੇ ਚੂਹਿਆਂ ਨੂੰ ਰੈਟਸ (Rattus) ਵੰਸ਼ 'ਚੋਂ ਖਿਆਲ ਕੀਤਾ ਜਾਂਦਾ ਹੈ | ਕਾਲੇ ਭੂਰੇ ਚੂਹਿਆਂ ਦੀਆਂ ਚੌਾਹਠ ਪ੍ਰਜਾਤੀਆਂ ਦਾ ਸਾਨੂੰ ਪਤਾ ਹੈ | ਇਨ੍ਹਾਂ ਚੂਹਿਆਂ ਨੂੰ ਹੀ ਪ੍ਰਾਚੀਨ ਚੂਹੇ ਕਹਿੰਦੇ ਹਨ | ਇਨ੍ਹਾਂ ਚੂਹਿਆਂ ਦਾ ਮੂਲ ਏਸ਼ੀਆ ਦਾ ਹੈ |
ਭਾਰਤੀ ਪੰ੍ਰਪਰਾ : ਰਾਜਸਥਾਨ 'ਚ ਦੇਸ਼ ਨੋਕ 'ਚ ਇਕ ਕਰਨੀ ਮਾਤਾ ਦਾ ਮੰਦਿਰ ਹੈ | ਉਥੇ ਬੇਸ਼ੁਮਾਰ ਚੂਹੇ ਹਨ | ਚੂਹਿਆਂ ਦਾ ਮੰਦਿਰ ਰਾਜਾ ਗੰਗਾ ਸਿੰਘ ਨੇ ਬਣਵਾਇਆ ਸੀ |
ਚੀਨੀ ਰਾਸ਼ੀ ਚੱਕਰ : ਬਾਰਾਂ ਜਾਨਵਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਚੀਨੀ ਰਾਸ਼ੀ ਚੱਕਰ 'ਚ | ਇਨ੍ਹਾਂ ਜਾਨਵਰਾਂ 'ਚ ਚੂਹੇ ਨੂੰ ਪਹਿਲਾ ਨੰਬਰ ਮਿਲਿਆ ਹੈ | ਜਦੋਂ ਚੀਨੀ ਲੋਕਾਂ ਦੇ ਘਰੀਂ ਬੱਚੇ ਜੰਮਦੇ ਹਨ, ਉਨ੍ਹਾਂ ਦੀ ਖਾਹਿਸ਼ ਹੁੰਦੀ ਹੈ ਕਿ ਨਵੇਂ ਜੰਮੇ ਬੱਚੇ 'ਚ ਚੂਹੇ ਵਰਗੀ ਬੁੱਧੀ, ਪ੍ਰਬੀਨਤਾ ਖੁੱਲ੍ਹਦਿਲੀ, ਤਾਂਘ, ਸੁਭਾਅ, ਤੇਜ਼ੀ ਦੇ ਗੁਣ ਆਉਣ |
ਵੱਡੇ ਆਕਾਰ ਦੀਆਂ ਮੂਰਤੀਆਂ : ਥਾਈਲੈਂਡ ਵਿਚ ਇਕ ਅਜਾਇਬਘਰ ਵਿਚ ਗਣਪਤੀ ਅਤੇ ਮੂਸ਼ਕ (ਚੂਹਾ) ਦੀ ਵੱਡੀ ਮੂਰਤੀ ਹੈ | ਆਸਟਰੀਆ ਦੇ ਵਿਆਨਾ 'ਚ ਇਕ ਉੱਚੀ-ਲੰਬੀ ਮੂਰਤੀ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣੀ ਰਹਿੰਦੀ ਹੈ | ਮਲੇਸ਼ੀਆ 'ਚ ਪੇਨਾਂਗ 'ਚ ਕੇਕਲਾਕ ਮੰਦਿਰ ਵਿਚ ਚੂਹੇ ਦੀ ਵਿਸ਼ਾਲ ਪ੍ਰਤਿਮਾ ਹੈ | ਰੂਸ ਵਿਚ ਬੈਕਾਲ ਵੀਲ੍ਹ ਕੋਲ ਚੂਹੇ ਦੀ ਵੱਡੀ ਮੂਰਤੀ ਹੈ | ਮਿਸਰ ਵਿਚ ਚੂਹਿਆਂ ਦੀਆਂ ਮੰਮੀਆਂ (Mummies) ਹਨ | ਪ੍ਰਾਚੀਨ ਮਿਸਰ 'ਚ ਕੁਝ ਪਸ਼ੂਆਂ ਜਨੌਰਾਂ ਨੂੰ ਦੇਵਤੇ ਦਾ ਰੁਤਬਾ ਹਾਸਲ ਸੀ | ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ | ਨਿਪਾਲ ਦੇ ਭਰਤਪੁਰ 'ਚ ਮੂਸ਼ਕ ਦੀ ਉੱਚੀ ਮੂਰਤੀ ਹੈ | ਕੈਨੇਡਾ 'ਚ ਵਾਈਲਡ ਲਾਈਫ਼ ਸਕਲਪਚਰ ਪਾਰਕ ਵਿਚ ਕੰਗਾਰੂ ਚੂਹੇ ਦੀਆਂ ਵਿਸ਼ਾਲ ਮੂਰਤੀਆਂ ਹਨ | ਰੋਮ ਵਿਚ ਚਿੱਟੇ ਚੂਹੇ ਦਾ ਮੱਥੇ ਲੱਗਣਾ ਚੰਗਾ ਮੰਨਦੇ ਹਨ | ਜਾਪਾਨ ਵਿਚ ਕਓਟੋ 'ਚ ਓਟੋਓ ਮੰਦਿਰ ਦੀ ਸਾਂਭ-ਸੰਭਾਲ ਚੂਹੇ ਕਰਦੇ ਹਨ | ਜਾਪਾਨੀਆਂ ਦਾ ਵਿਸ਼ਵਾਸ ਹੈ ਕਿ ਉਥੋਂ ਉਨ੍ਹਾਂ ਨੂੰ ਲੰਮੀ ਉਮਰ, ਤੰਦਰੁਸਤੀ, ਸੁੱਖ ਤੇ ਖੁਸ਼ਹਾਲੀ ਦਾ ਵਰਦਾਨ ਮਿਲਦਾ ਹੈ |
ਚੂਹਿਆਂ ਦੇ ਵਿਲੱਖਣ ਗੁਣ : ਚੂਹੇ ਖੁੱਡਾਂ ਵਿਚ ਲੁਕ ਕੇ ਰਹਿਣ ਦੇ ਆਦੀ ਹੁੰਦੇ ਹਨ | ਚੂਹੇ ਮਿਲ-ਜੁਲ ਕੇ ਰਹਿੰਦੇ ਹਨ | ਭੋਜਨ ਮਿਲੇ ਤਾਂ ਆਪੋ ਵਿਚੀਂ ਵੰਡ ਲੈਂਦੇ ਹਨ | ਸੁਭਾਅ ਪੱਖੋਂ ਸਮਾਜਿਕ ਹੁੰਦੇ ਹਨ | ਇਹ ਵੀ ਦੇਖਣ 'ਚ ਆਇਆ ਹੈ ਕਿ ਕੁਝ ਨਰ ਚੂਹੇ ਸਾਂਝੀਵਾਲਤਾ ਦੇ ਸੁਭਾਅ ਵਾਲੇ ਨਹੀਂ ਹੁੰਦੇ | ਇਕ ਚੂਹੇ ਨੂੰ ਜੇ ਕੋਈ ਤਕਲੀਫ਼ ਹੁੰਦੀ ਹੈ, ਚੂਹੇ ਝੱਟ 'ਕੱਠੇ ਹੋ ਜਾਂਦੇ ਨੇ, ਓੜ੍ਹ-ਪੋੜ੍ਹ ਕਰਦੇ ਹਨ | ਇਨ੍ਹਾਂ ਦੀ ਯਾਦਾਸ਼ਤ ਤੇਜ਼ ਹੁੰਦੀ ਹੈ, ਜਿਥੋਂ ਲੰਘ ਜਾਣ, ਰਾਹ ਨਹੀਂ ਭੁੱਲਦੇ, ਚੂਹੇ ਸਫਾਈ ਪਸੰਦ ਹੁੰਦੇ ਹਨ | ਇਨ੍ਹਾਂ ਦਾ ਵੀ ਮੁਖੀਆ ਹੁੰਦਾ ਹੈ | ਅਨੁਸ਼ਾਸਨ ਭੰਗ ਕਰਨ 'ਤੇ ਮੁਖੀਆ ਸਜ਼ਾ ਦਿੰਦਾ ਹੈ |
ਚੂਹੇ ਦੀ ਪੂਛ ਬੜੀ ਮਹੱਤਵ ਭਰੀ ਹੁੰਦੀ ਹੈ | ਪੂਛ ਦੀ ਮਦਦ ਨਾਲ ਹੀ ਚੂਹਾ ਸੰਤੁਲਨ ਬਣਾਈ ਰੱਖਦਾ ਹੈ | ਤਾਹੀਂ ਫੁਦਕਦਾ ਰਹਿੰਦਾ ਹੈ | ਘਰ ਅੰਦਰ ਨਿੱਕੀਆਂ ਮੋਰੀਆਂ 'ਚੋਂ ਲੰਘ ਕੇ ਪ੍ਰਵੇਸ਼ ਕਰ ਜਾਂਦੇ ਹਨ | ਇਨ੍ਹਾਂ ਨੂੰ ਘਰੋਂ ਕੱਢਣਾ ਔਖਾ ਹੋ ਜਾਂਦਾ ਹੈ | ਇਨ੍ਹਾਂ ਦੇ ਦੰਦ ਲੱਕੜੀ ਨੂੰ ਸੌਖਿਆਂ ਚੱਬ ਜਾਂਦੇ ਹਨ | ਅੱਧਾ ਮੀਲ ਤੱਕ ਚੂਹੇ ਪਾਣੀ 'ਚ ਤੈਰ ਸਕਦੇ ਹਨ | ਪੰਜਾਹ ਫੁੱਟ ਉਚਾਈ ਤੋਂ ਡਿੱਗ ਪੈਣ, ਇਨ੍ਹਾਂ ਨੂੰ ਚੋਟ ਨਹੀਂ ਲਗਦੀ | ਇਨ੍ਹਾਂ ਦੀ ਨਿਗ੍ਹਾ ਤਾਂ ਤੇਜ਼ ਨਹੀਂ ਹੁੰਦੀ, ਪਰ ਇਹ ਆਸ-ਪਾਸ ਦੀਆਂ ਆਵਾਜ਼ਾਂ 'ਤੇ ਨਿਰਭਰ ਕਰਦੇ ਹਨ | ਡਬਲਰੋਟੀ, ਫਲ ਸਬਜ਼ੀ ਖਾ ਲੈਂਦੇ ਹਨ | ਹਰ ਵੇਲੇ ਖਾਣ ਨੂੰ ਕੁਝ ਭਾਲਦੇ ਰਹਿੰਦੇ ਹਨ | ਪੂਰੀ ਉਮਰ 'ਚ ਵੱਡੀ ਗਿਣਤੀ 'ਚ ਬੱਚੇ ਜਣਦੇ ਹਨ | ਚੂਹੇ ਦੀ ਧੁੰਨੀ ਤਾਂ ਹੁੰਦੀ ਹੈ, ਗਾਲ ਬਲੈਡਰ ਤਾਂ ਟਾਂਸਲ ਨਹੀਂ ਹੁੰਦੇ | ਚੂਹੇ ਅੰਦਰ ਇਕ ਬੌਧਿਕ ਅੰਕ (7-6actor) ਹੁੰਦਾ ਹੈ, ਜਿਸ ਕਾਰਨ ਚੂਹੇ ਵਿਚ ਕੁਝ ਸਿੱਖਣ ਦੀ ਯੋਗਤਾ ਹੁੰਦੀ ਹੈ | ਚੂਹੇ ਦੀ ਉਮਰ ਦੋ ਤੋਂ ਤਿੰਨ ਸਾਲ ਵਿਚਕਾਰ ਹੁੰਦੀ ਹੈ |
ਰੋਗ ਫੈਲਾਉਣ ਵਾਲੇ ਚੂਹੇ : ਰੋਗਾਂ ਨੂੰ ਫੈਲਾਉਣ ਵਾਲੇ ਪਦਾਰਥ ਛੱਡਣ ਜਾਂ ਰੋਗਾਣੂ ਛੱਡਣ 'ਚ ਚੂਹਿਆਂ ਨੂੰ ਵੱਡੇ ਕਾਰਕ ਮੰਨਿਆ ਜਾਸਕਦਾ ਹੈ | ਚੂਹੇ ਤਪਦਿਕ, ਪਲੇਗ, ਕਛਰਾਲੀਆਂ, ਲਾਸਾ ਬੁਖਾਰ, ਜੇਹੀਆਂ ਅਲਾਮਤਾਂ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ | ਮੱਧ ਕਾਲ ਵਿਚ ਯੂਰਪ ਵਿਚ ਪਲੇਗ ਫੈਲਣ ਦਾ ਕਾਰਨ 'ਕੱਲੇ ਚੂਹਿਆਂ ਨੂੰ ਮੰਨਣਾ ਗ਼ਲਤ ਸੀ | ਰੋਗ ਕੰਟਰੋਲ ਕੇਂਦਰ ਨੇ ਅਜਿਹੀਆਂ ਦਰਜਨ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦਾ ਚੂਹਿਆਂ ਨਾਲ ਸਿੱਧਾ ਕੋਈ ਸਬੰਧ ਨਹੀਂ ਹੁੰਦਾ |
ਉਪਯੋਗੀ ਚੂਹੇ : ਚੂਹਿਆਂ ਦੀ ਸੰੁਘਣ ਸ਼ਕਤੀ ਕਮਾਲ ਦੀ ਹੁੰਦੀ ਹੈ | ਚੂਹੇ ਸੌਖਿਆਂ ਹੀ ਸਿਖਿਅਤ ਕੀਤੇ ਜਾ ਸਕਦੇ ਹਨ | ਬੈਲਜੀਅਮ ਵਿਚ ਇਕ ਗ਼ੈਰ-ਸਰਕਾਰੀ ਸੰਸਥਾ 'ਅਪੋਪੋ' (1popo) ਹੈ, ਜੋ ਚੂਹਿਆਂ (ਖਾਸ ਕਰ ਅਫਰੀਕਨ ਵੱਡ-ਆਕਾਰੀ) ਨੂੰ ਖਣਿਜ ਭੰਡਾਰਾਂ, ਬਾਰੂਦੀ ਸੁਰੰਗਾਂ ਅਤੇ ਬਿਮਾਰੀਆਂ ਦਾ ਪਤਾ ਲਗਾਉਣ ਲਈ ਸਿਖਲਾਈ ਦਿੰਦੀ ਹੈ |
ਖੋਜ ਅਧਿਐਨ : ਚਿਰਾਂ ਤੋਂ ਪ੍ਰਯੋਗਸ਼ਾਲਾ 'ਚ ਚੂਹੇ ਦੀ ਚੀਰਫਾੜ ਕਰਕੇ, ਸਰੀਰ ਸਬੰਧੀ ਵਿਲੱਖਣ ਜਾਣਕਾਰੀਆਂ ਉਪਲਬੱਧ ਹੋਈਆਂ ਹਨ | ਚੂਹੇ ਸੰਤਾਨ ਉਤਪਤੀ ਤੇਜ਼ੀ ਨਾਲ ਕਰਦੇ ਹਨ | ਇਨ੍ਹਾਂ ਦਾ ਦਿਮਾਗ, ਲੀਵਰ, ਕਿਡਨੀ ਛੋਟੇ ਹੁੰਦੇ ਹਨ | ਗੁਰਦੇ ਨਾਲ ਸਬੰਧਤ ਆਡਰੀਨਲ, ਗ੍ਰੰਥੀਆਂ ਛੋਟੀਆਂ ਹੁੰਦੀਆਂ ਹਨ | ਚੂਹੇ ਦੀ ਜੀਨੋਮ ਤਰਤੀਬ ਪ੍ਰਕਾਸ਼ਤ ਹੋਣ ਨਾਲ, ਚੂਹੇ ਦੀ ਐਸ.ਐਨ.ਪੀ ਚਿੱਪ ਅਤੇ ਨਾਕ ਆਊਟ ਚੂਹੇ ਦਾ ਉਤਪਾਦਨ, ਬੜੇ ਲਾਹੇਵੰਦ ਸੰਦ ਸਾਡੇ ਖੋਜੀਆਂ ਨੂੰ ਮਿਲੇ ਹਨ | ਇਨ੍ਹਾਂ ਦੀ ਵਰਤੋਂ ਕਰਕੇ, ਅਕਲਮੰਦੀ, ਵਿਦਵਤਾ, ਅਕਾਂਖਿਆ, ਅਨੁਕੂਲਤਾ ਜਿਹੇ ਸੁਭਾਵਿਕ ਗੁਣਾਂ ਦੀ ਜਾਂਚ ਪਰਖ ਹੋਣੀ ਸੰਭਵ ਹੋਈ ਹੈ | ਮਨੋਵਿਗਿਆਨੀ ਮੰਨਦੇ ਹਨ ਕਿ ਸਾਡੇ ਕਈ ਗੁਣ ਚੂਹਿਆਂ ਨਾਲ ਮਿਲਦੇ-ਜੁਲਦੇ ਹਨ | ਅਨੁਵੰਸ਼ਕ ਵਿਗਿਆਨ 'ਚ ਰੋਗਾਂ ਦੇ ਲੱਛਣ ਜਾਨਣ, ਦਵਾਈਆਂ ਦੇ ਪਭਾਵ ਜਾਨਣ ਲਈ ਚੂਹਿਆਂ 'ਤੇ ਪ੍ਰਯੋਗ ਕੀਤੇ ਜਾਂਦੇ ਹਨ |
ਮਨੋਵਿਗਿਆਨੀ 'ਸਿੱਖਣ' (Learming) ਦੇ ਵਰਤਾਰੇ 'ਚ, ਦਿਮਾਗੀ ਪ੍ਰਕਿਰਿਆ ਦੇ ਸੰਦਰਭ 'ਚ ਚੂਹਿਆਂ ਨੂੰ ਪ੍ਰਯੋਗ ਵਿਚ ਲਿਆਉਂਦੇ ਹਨ |
ਆਕਰਮਿਕ ਪ੍ਰਜਾਤੀਆਂ : ਕਾਲੇ ਚੂਹਿਆਂ ਨੂੰ ਦੁਨੀਆ ਦੀ ਸਭ ਤੋਂ ਭੈੜੀ ਪ੍ਰਜਾਤੀ ਮੰਨਿਆ ਜਾਂਦਾ ਹੈ | ਇਨ੍ਹਾਂ ਨੂੰ ਸਮੰੁਦਰੀ ਚੂਹੇ ਵੀ ਆਖਦੇ ਹਨ | ਮਨੁੱਖ ਜਿਥੇ ਕਿਤੇ ਵੀ ਸੈਰ-ਸਪਾਟੇ ਜਾਂ ਵਸੇਬੇ ਲਈ ਗਿਆ, ਚੂਹੇ ਲੁਕ-ਲੁਕਾ ਕੇ ਉਸ ਦੇ ਨਾਲ ਹੀ ਚਲੇ ਗਏ | ਜਹਾਜ਼ਾਂ, ਕਿਸ਼ਤੀਆਂ ਦੇ ਝੂਟੇ ਲੈਂਦੇ, ਡੁਬਦੇ, ਤੈਰਦੇ ਦੂਰ ਦੁਰੇਡੀਆਂ ਥਾਵਾਂ 'ਤੇ ਪਹੁੰਚ ਗਏ | ਟਾਪੂਆਂ ਤੇ ਜਖ਼ੀਰਿਆਂ 'ਤੇ ਪਹੁੰਚ ਗਏ | ਸਮੰੁਦਰੀ ਘਾਟਾਂ ਤੋਂ ਚੂਹਿਆਂ ਨੇ ਬਨਸਪਤੀਆਂ, ਜਲਜੀਵਾਂ ਤੇ ਜਨੌਰਾਂ ਨੂੰ ਜੀਕੰੂ ਖਤਮ ਹੀ ਕਰ ਦਿੱਤਾ |
ਜ਼ਖੀਰੇ ਪੁਨਰ-ਸੁਰਜੀਤ ਹੋਣ ਲੱਗੇ: ਵੱਖ-ਵੱਖ ਟਾਪੂਆਂ ਨੂੰ ਚੂਹਿਆਂ ਤੋਂ ਬਚਾਉਣ ਲਈ ਵਿਸ਼ਵ ਪੱਧਰ 'ਤੇ ਉਪਰਾਲੇ ਹੋਣ ਲੱਗੇ ਹਨ | ਜਨਵਰੀ 2015 ਵਿਚ ਇਕ ਅੰਤਰਰਾਸ਼ਟਰੀ ਚੂਹਾ ਮਾਰ ਟੋਲੀ, ਫਾਕਲੈਂਡ ਆਈਸਲੈਂਡ ਤੋਂ ਬਰਤਾਨਵੀ ਓਵਰਸੀਜ਼ ਲਈ ਰਵਾਨਾ ਕੀਤੀ ਸੀ, ਜਿਸ ਕੋਲ ਤਿੰਨ ਹੈਲੀਕਾਪਟਰਾਂ ਵਿਚ 100 ਟਨ ਚੂਹਾ ਮਾਰਨ ਵਾਲੀ ਜ਼ਹਿਰ ਸੀ | ਉਨ੍ਹਾਂ ਦਾ ਉਦੇਸ਼ ਆਈਸਲੈਂਡ ਨੂੰ ਚੂਹਿਆਂ ਤੋਂ ਮੁਕਤੀ ਦਿਵਾਉਣੀ ਸੀ ਤਾਂ ਜੋ ਸਮੰੁਦਰੀ ਜੀਵਾਂ ਤੇ ਜਨੌਰਾਂ ਦਾ ਹੱਕ, ਉਨ੍ਹਾਂ ਨੂੰ ਮੁੜ ਕੇ ਪ੍ਰਾਪਤ ਹੋ ਸਕੇ | ਦੱਖਣੀ ਜਾਰਜੀਆ ਦੇ 20 ਫ਼ੀਸਦੀ ਸਮੰੁਦਰੀ ਜਨੌਰ ਚੂਹੇ ਚਟਮ ਕਰ ਗਏ ਹਨ | ਜਦੋਂ ਚੂਹੇ ਹੰੂਝੇ ਗਏ, ਤਾਂ ਕਿਤੇ ਆਈਸਲੈਂਡ ਤੇ ਜੀਵਾਂ ਤੇ ਜਨੌਰਾਂ ਨੂੰ ਸੁੱਖ ਦਾ ਸਾਹ ਆਵੇਗਾ | ਉਨ੍ਹਾਂ ਜ਼ਖੀਰਿਆਂ ਦੀ ਵੱਧ ਜੀਵ ਪ੍ਰਜਾਤੀਆਂ ਰੱਖਣ ਦੀ ਆਨ-ਸ਼ਾਨ ਮੁੜ ਤੋਂ ਬਹਾਲ ਹੋ ਜਾਵੇਗੀ |
ਚੂਹ ਮੁਕਤ ਖੇਤਰ : ਜੇ ਇਕੱਲੇ ਚੂਹਾ ਮੁਕਤ ਖੇਤਰ ਦਾ ਨਾਂਅ ਲੈਣਾ ਹੋਵੇ ਤਾਂ ਉਹ ਹੈ ਅੰਟਾਰਕਟਿਕਾ ਮਹਾਂਦੀਪ | ਪ੍ਰਤੀਕੂਲ ਆਬੋਹਵਾ ਕਾਰਨ ਇਥੇ ਚੂਹੇ ਜਿਊਾਦੇ ਹੀ ਨਹੀਂ ਰਹਿ ਸਕਦੇ | ਇਥੇ ਮਨੁੱਖੀ ਵਸੇਬਾ ਨਾ ਹੋਣ ਕਰਕੇ, ਚੂਹਿਆਂ ਨੂੰ ਸਹਾਰਾ ਵੀ ਨਹੀਂ ਮਿਲਦਾ | ਹਵਾਡੈਕਸ ਜ਼ਖੀਰਾ, ਅਲਾਸਕਾ ਟਾਪੂ ਦੋ ਸਦੀਆਂ ਪਿਛੋਂ ਚੂਹਾ-ਮੁਕਤ ਖੇਤਰ ਐਲਾਨੇ ਗਏ ਹਨ | ਕੈਪਵੈਲ, ਆਈਲੈਂਡ, ਨਿਊਜ਼ੀਲੈਂਡ ਵੀ ਤਕਰੀਬਨ ਐਨੇ ਹੀ ਸਮੇਂ ਪਿਛੋਂ ਚੂਹਾ-ਮੁਕਤ ਥਾਵਾਂ ਮੰਨੀਆਂ ਗਈਆਂ ਹਨ |
ਨਿਊਯਾਰਕ 'ਚ ਚੂਹੇ : ਚੂਹਿਆਂ ਦੇ ਕੱਦ, ਆਕਾਰ ਤੇ ਪ੍ਰਚਲਣ ਲਈ ਨਿਊਯਾਰਕ ਮਸ਼ਹੂਰ ਹੈ | ਉਥੇ ਇਹ ਗੱਲ ਲੋਕਾਂ ਨੂੰ ਕਹਿੰਦੇ ਸੁਣਿਆ ਗਿਆ ਕਿ ਜਿੰਨੇ ਨਿਊਯਾਰਕ 'ਚ ਵਸਨੀਕ, ਉਤਨੇ ਹੀ ਚੂਹੇ | ਪਰ ਰਾਬਰਟ ਸੂਲੀਵਾਨ ਨੇ ਆਪਣੀ ਚੂਹਿਆਂ 'ਤੇ ਲਿਖੀ ਪੁਸਤਕ 'ਚ ਇਸ ਅਖਾਣ ਨੂੰ ਮਨੋਘੜਤ ਕਿਹਾ ਹੈ | ਨਿਊਯਾਰਕ 'ਚ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਲਾਇਸੰਸਧਾਰੀ ਜ਼ਹਿਰਾਂ ਵਰਤੀਆਂ ਜਾਂਦੀਆਂ ਹਨ | ਚੂਹੇ ਸੀਵਰੇਜ ਦੀਆਂ ਪਾਈਪਾਂ ਰਾਹੀਂ ਗੁਸਲਖਾਨੇ 'ਚ ਵੜ ਜਾਂਦੇ ਹਨ | ਸੀਵਰੇਜ ਦੇ ਪਾਣੀ 'ਚ ਤੈਰਦੇ ਹਨ | ਪਾਈਪਾਂ ਦੁਆਲੇ, ਕੰਧਾਂ ਪਿੱਛੇ, ਕੂੜੇ ਦੇ ਡੱਬਿਆਂ ਨੇੜੇ ਅਕਸਰ ਚੂਹੇ ਚੱਕਰ ਕੱਢਦੇ ਹਨ | ਅਮਰੀਕਾ ਦੇ ਪ੍ਰਾਂਤ ਬੋਸਟਨ, ਨਿਊਯਾਰਕ ਤੇ ਵਾਸ਼ਿੰਗਟਨ ਵਿਚ ਚੂਹੇ ਪ੍ਰੇਸ਼ਾਨੀ ਪੈਦਾ ਕਰਦੇ ਹਨ |
ਕਾਰਟੂਨ ਫ਼ਿਲਮਾਂ ਅਤੇ ਸੀਰੀਅਲ : ਵਾਲਟਰ ਡਿਜ਼ਨੀ ਨੇ ਪਹਿਲੀ ਦਫ਼ਾ 'ਮਿੱਕੀ ਮਾਊਸ' ਨੂੰ ਕਾਰਟੂਨਾਂ 'ਚ ਪਾਤਰ ਬਣਾ ਕੇ ਪੇਸ਼ ਕੀਤਾ ਸੀ | ਅੱਜ ਕੌਣ ਨਹੀਂ 'ਮਿੱਕੀ ਮਾਊਸ' ਨੂੰ ਜਾਣਦਾ? ਜੈਰੀ ਨਟਖ਼ਟ ਚੂਹੇ ਦਾ ਕਿਸ ਨੂੰ ਨਹੀਂ ਪਤਾ? ਬਿੱਲੀ ਨਾਲ ਇਸ ਦੇ ਬਣੇ ਸੀਰੀਅਲਾਂ ਦਾ ਨਾਂਅ 'ਟਾਮ ਐਾਡ ਜ਼ੈਰੀ' ਪੈ ਗਿਆ | ਇਸ ਦੇ ਫਿਲਮ ਰੁਪਾਂਤਰਨ ਨੂੰ ਕਿੰਨੀ ਵਾਰੀ ਪੁਰਸਕਾਰ ਵੀ ਪ੍ਰਾਪਤ ਹੋ ਚੁੱਕੇ ਹਨ | 'ਫਲਾਇੰਗ ਮਾਈਟੀ ਮਾਊਸ' ਅਸਲ ਵਿਚ ਸੁਪਰਮੈਨ ਦਾ ਮਖੌਲ ਉਡਾਉਣ ਲਈ ਪੇਸ਼ ਕੀਤਾ ਗਿਆ ਸੀ | ਇਸ ਤੋਂ ਇਲਾਵਾ ਫਿਲਮ 'ਰੈਟ' ਅਤੇ ਨਾਵਲ 'ਸਟੂਅਰਟ ਲਿਟਲ' ਈ.ਬੀ. ਵਾਈਟ ਵੱਲੋਂ ਲਿਖਿਆ ਗਿਆ ਸੀ ਅਤੇ ਇਸ ਨੂੰ ਫ਼ਿਲਮਾਇਆ ਵੀ ਗਿਆ ਸੀ |

-398 ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013.
ਮੋਬਾਈਲ : 97806-67686.
mayer_hk@yahoo.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-4 : ਕਿਵੇਂ ਵਿਕਸਿਤ ਹੋਈ ਨਿਰਦੇਸ਼ਨ ਕਲਾ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵੈਸੇ 'ਪਿੰਡ ਦੀ ਕੁੜੀ' ਦੇ ਟਾਈਟਲ, ਪ੍ਰਦਰਸ਼ਨ 'ਚ ਬਤੌਰ ਨਿਰਦੇਸ਼ਕ ਬੀ.ਆਰ. ਝੀਂਗਣ ਦਾ ਨਾਂਅ ਦਿੱਤਾ ਗਿਆ ਸੀ | ਰਾਜ ਕੁਮਾਰ ਕੋਹਲੀ ਨੇ ਇੰਜ ਇਸ ਲਈ ਕੀਤਾ ਸੀ ਕਿਉਂਕਿ ਉਸ ਨੂੰ ਆਪਣੇ-ਆਪ 'ਤੇ ਪੂਰਾ ਭਰੋਸਾ ਨਹੀਂ ਸੀ | ਇਸ ਲਈ ਪਰਦੇ ਦੇ ਪਿਛੇ ਉਸ ਨੇ ਖੁਦ ਹੀ 'ਪਿੰਡ ਦੀ ਕੁੜੀ' ਦਾ ਨਿਰਦੇਸ਼ਨ ਕੀਤਾ | ਬੀ.ਆਰ. ਝੀਂਗਣ ਨੇ ਇਸ ਫ਼ਿਲਮ ਨੂੰ ਮਿਲਣ ਵਾਲੀ ਅਸਾਧਾਰਨ ਸਫ਼ਲਤਾ ਨੂੰ ਪੂਰਾ ਕੈਸ਼ ਕੀਤਾ ਅਤੇ ਉਹ ਪੰਜਾਬੀ ਸਿਨੇਮਾ ਦਾ ਸਭ ਤੋਂ ਮਹਿੰਗਾ ਨਿਰਦੇਸ਼ਕ ਬਣ ਗਿਆ | ਪਰ 'ਜੀਜਾ ਜੀ' ਉਸ ਦੀ ਅੰਤਿਮ ਫ਼ਿਲਮ ਸਿੱਧ ਹੋ ਗਈ ਕਿਉਂਕਿ ਕੈਂਸਰ ਵਰਗੀ ਘਾਤਕ ਬਿਮਾਰੀ ਨਾਲ ਜੂਝਦਿਆਂ ਹੋਇਆਂ ਉਹ ਹਾਰ ਗਿਆ ਸੀ | ਉਹ ਇੰਦਰਜੀਤ ਹਸਨਪੁਰੀ ਦੀ ਫ਼ਿਲਮ 'ਤੇਰੀ ਮੇਰੀ ਇਕ ਜਿੰਦੜੀ' ਵੀ ਮੁਕੰਮਲ ਨਹੀਂ ਕਰ ਸਕਿਆ ਸੀ | ਰਾਜ ਕੁਮਾਰ ਕੋਹਲੀ ਦੇ ਬੈਨਰ (ਸ਼ੰਕਰ ਮੂਵੀਜ਼) ਤੋਂ ਵੀ ਉਹ ਇਸ ਕਰਕੇ ਲਾਂਭੇ ਕਰ ਦਿੱਤਾ ਗਿਆ ਸੀ ਕਿਉਂਕਿ ਅਭਿਨੇਤਰੀ ਨਿਸ਼ੀ ਦੇ ਨਾਲ ਉਹ ਖੁਦ ਵਿਆਹ ਕਰਨਾ ਚਾਹੁੰਦਾ ਸੀ ਜਦੋਂ ਕਿ ਰਿਸ਼ੀ ਨੇ ਰਾਜ ਕੁਮਾਰ ਕੋਹਲੀ ਨੂੰ ਪ੍ਰਾਥਮਿਕਤਾ ਦਿੱਤੀ ਸੀ |
ਨਿਰਦੇਸ਼ਕ ਰਾਮ ਮਾਹੇਸ਼ਵਰੀ ਮੁਢਲੇ ਰੂਪ 'ਚ ਹਿੰਦੀ ਫ਼ਿਲਮਾਂ ਦਾ ਨਿਰਦੇਸ਼ਕ ਸੀ | ਉਸ ਨੇ ਹੀ 'ਕਾਜਲ' ਵਰਗੀ ਸੁਪਰਹਿੱਟ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ | ਪੰਜਾਬੀ ਸਿਨੇਮਾ ਲਈ ਉਸ ਨੇ 'ਨਾਨਕ ਨਾਮ ਜਹਾਜ਼' ਦਾ ਨਿਰਦੇਸ਼ਨ ਕਰ ਕੇ ਇਸ ਸੂਬਾਈ ਭਾਸ਼ਾ 'ਚ ਧਾਰਮਿਕ ਸਮਾਜਿਕ ਫ਼ਿਲਮਾਂ ਦੇ ਯੁਗ ਦਾ ਆਰੰਭ ਕੀਤਾ ਸੀ ਪਰ ਜਿਸ ਮਿਆਰ ਨੂੰ ਰਾਮ ਮਾਹੇਸ਼ਵਰੀ ਨੇ ਕਾਇਮ ਕੀਤਾ ਸੀ ਉਹ ਖੁਦ ਵੀ ਇਸ 'ਚ ਨਿਰੰਤਰਤਾ ਨਹੀਂ ਲਿਆ ਸਕਿਆ ਸੀ |
ਅਦਾਕਾਰ ਵਰਿੰਦਰ ਮੁਢਲੇ ਰੂਪ 'ਚ ਤਾਂ ਇਕ ਅਦਾਕਾਰ ਹੀ ਸੀ, ਪਰ ਇਸ ਤੋਂ ਇਲਾਵਾ ਉਹ ਇਕ ਵਧੀਆ ਪਟਕਥਾ ਲੇਖਕ ਅਤੇ ਨਿਰਦੇਸ਼ਕ ਵੀ ਸੀ | ਪੰਜਾਬ ਦੀ ਹਰੀ ਕ੍ਰਾਂਤੀ ਅਤੇ ਇਸ ਤੋਂ ਪੈਦਾ ਹੋਣ ਵਾਲੀ ਸੱਭਿਆਚਾਰਕ ਤਬਦੀਲੀ ਨੂੰ ਉਸ ਨੇ ਆਪਣੀਆਂ ਫ਼ਿਲਮਾਂ ਵਿਚ ਬੜੀ ਹੀ ਸਹਿਜਤਾ ਨਾਲ ਪੇਸ਼ ਕੀਤਾ ਸੀ | ਇਸ ਤੋਂ ਇਲਾਵਾ ਉਸ ਨੇ ਸ਼ਰਾਬਖੋਰੀ ਅਤੇ ਜਾਤ-ਪਾਤ ਦੇ ਵਿਰੁੱਧ ਵੀ ਆਵਾਜ਼ ਉਠਾਈ ਸੀ | ਕਿਸਾਨੀ ਵਰਗ ਨਾਲ ਸਬੰਧਤ ਝਗੜਿਆਂ ਨੂੰ ਵੀ ਉਸ ਨੇ ਸਿਨੇਮੈਟਿਕ ਅਰਥ ਪ੍ਰਦਾਨ ਕੀਤੇ ਸਨ | ਪਰ ਅਫਸੋਸ ਇਸ ਪ੍ਰਤਿਭਾਸ਼ਾਲੀ ਨਿਰਦੇਸ਼ਕ ਨੂੰ ਉਸ ਦੀ ਆਪਣੀ ਹੀ ਫ਼ਿਲਮ ਦੀ ਸ਼ੂਟਿੰਗ ਵੇਲੇ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਗਿਆ |
ਪਰ ਵਰਿੰਦਰ ਦੇ ਸ਼ਾਗਿਰਦ ਰਵਿੰਦਰ ਰਵੀ ਨੇ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਜਾਰੀ ਰੱਖਿਆ | ਇਸ ਲਿਹਾਜ਼ ਨਾਲ 'ਜੱਟ ਜਿਊਣਾ ਮੌੜ' ਉਸ ਦੀ ਸਭ ਤੋਂ ਵਧੀਆ ਕਿਰਤ ਸਮਝੀ ਜਾਂਦੀ ਹੈ | ਰਵੀ ਨੇ ਲਗਪਗ ਇਕ ਦਰਜਨ ਤੋਂ ਵੀ ਵੱਧ ਫ਼ਿਲਮਾਂ ਲਈ ਮੈਗਾਫੋਨ ਸੰਭਾਲਿਆ ਹੈ ਅਤੇ ਉਸ ਦੀ ਸਫ਼ਲਤਾ ਦਾ ਗ੍ਰਾਫ਼ ਕਾਫ਼ੀ ਵਧੀਆ ਹੈ | ਪਰ ਉਸ 'ਤੇ ਇਹ ਵੀ ਦੋਸ਼ ਲੱਗਦਾ ਰਿਹਾ ਹੈ ਕਿ ਉਸ ਨੇ ਪਾਕਿਸਤਾਨੀ ਫ਼ਿਲਮਾਂ ਦੀ ਨਕਲ ਕਰ ਕੇ ਪੰਜਾਬੀ ਭਾਰਤੀ ਫ਼ਿਲਮਾਂ 'ਚ ਕਥਿਤ ਜੱਟਵਾਦ ਨੂੰ ਵੀ ਪ੍ਰਚਲਿਤ ਕੀਤਾ ਹੈ | ਫਿਰ ਕੁਝ ਹੀ ਸਮਾਂ ਪਹਿਲਾਂ ਉਸ ਦੁਆਰਾ ਨਿਰਦੇਸ਼ਤ 'ਕੌਮ ਦੇ ਹੀਰੇ' ਨਾਮਕ ਫ਼ਿਲਮ ਵਿਵਾਦਾਂ 'ਚ ਘਿਰ ਗਈ ਸੀ | ਇਨ੍ਹਾਂ ਕਾਰਨਾਂ ਕਰਕੇ ਰਵੀ ਦੀ ਕਲਾਤਮਿਕ ਪ੍ਰਤਿਸ਼ਠਾ ਅੱਗੇ ਪ੍ਰਸ਼ਨ ਚਿੰਨ੍ਹ ਲੱਗਣੇ ਸੁਭਾਵਿਕ ਹੀ ਸਨ |
ਰਵੀ ਤੋਂ ਉਲਟ ਨਿਰਦੇਸ਼ਕ ਹਰੀ ਦੱਤ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਹੈ | ਵੈਸੇ ਹਰੀ ਦੱਤ ਦਾ ਸਿੱਧਾ ਸਬੰਧ ਤਾਂ ਹਿੰਦੀ ਸਿਨੇਮਾ ਨਾਲ ਹੀ ਹੈ | ਉਸ ਨੇ ਆਪਣਾ ਕੈਰੀਅਰ ਚੇਤਨ ਆਨੰਦ ਦੇ ਸਹਾਇਕ ਵਜੋਂ ਸ਼ੁਰੂ ਕੀਤਾ ਸੀ | ਫਿਰ ਉਹ ਧਰਮ ਕੁਮਾਰ ਦੇ ਨਾਲ ਜੁੜ ਗਿਆ | 'ਹੰਸਤੇ ਜ਼ਖ਼ਮ' ਅਤੇ 'ਰੁਸਤਮ' ਉਸ ਦੇ ਟ੍ਰੇਨਿੰਗ ਪੀਰੀਅਡ ਦੀਆਂ ਫ਼ਿਲਮਾਂ ਹਨ | ਪੰਜਾਬੀ ਫ਼ਿਲਮਾਂ 'ਚ ਉਹ ਇਸ ਲਈ ਆਇਆ ਸੀ ਕਿਉਂਕਿ ਬਹੁਤ ਸਾਰੇ ਫ਼ਿਲਮ ਆਲੋਚਕ ਮੰਨਦੇ ਸਨ ਕਿ ਪੰਜਾਬੀ 'ਚ ਵਧੀਆ ਜਾਂ ਉੱਚ ਮਿਆਰ ਦੀਆਂ ਫ਼ਿਲਮਾਂ ਬਣਾਉਣਾ ਅਸੰਭਵ ਹੈ | ਹਰੀ ਦੱਤ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ 'ਉਡੀਕਾਂ' ਵਰਗੀ ਸੰਵੇਦਨਸ਼ੀਲ ਫ਼ਿਲਮ ਨੂੰ ਦਰਸ਼ਕਾਂ ਦੀ ਨਜ਼ਰ ਕੀਤਾ | ਇਹ ਇਕ ਫ਼ੌਜੀ ਵਿਧਵਾ ਦੇ ਜੀਵਨ 'ਤੇ ਆਧਾਰਿਤ ਗ਼ੈਰ-ਪ੍ਰੰਪਰਾਵਾਦੀ ਫ਼ਿਲਮ ਸੀ | ਇਸੇ ਹੀ ਤਰ੍ਹਾਂ 'ਮਾਮਲਾ ਗੜਬੜ ਹੈ' ਵਿਚ ਉਸ ਨੇ ਗੁਰਦਾਸ ਮਾਨ ਨੂੰ ਉਸ ਸਮੇਂ ਬਰੇਕ ਦਿੱਤੀ ਜਦੋਂ ਉਹ ਬਤੌਰ ਗਾਇਕ ਵੀ ਸੰਘਰਸ਼ ਕਰ ਰਿਹਾ ਸੀ |
ਹਰੀ ਦੱਤ ਦੀ ਪੰ੍ਰਪਰਾ ਨੂੰ ਮਨਮੋਹਨ ਸਿੰਘ ਨੇ ਹੀ ਅੱਗੇ ਤੋਰਿਆ ਹੈ | ਬਤੌਰ ਇਕ ਫੋਟੋਗ੍ਰਾਫਰ ਮਨਮੋਹਨ ਸਿੰਘ ਨੇ ਕਈ ਬਲਾਕ ਬਸਟਰ ਹਿੰਦੀ ਫ਼ਿਲਮਾਂ 'ਦਿਲ ਵਾਲੇ ਦੁਲਹਨੀਆ ਲੇ ਜਾਏਾਗੇ', 'ਚਾਂਦਨੀ' ਦੀ ਫੋਟੋਗ੍ਰਾਫੀ ਕੀਤੀ ਸੀ ਪਰ ਆਪਣੀ ਮਾਤ ਭਾਸ਼ਾ ਦੀਆਂ ਫ਼ਿਲਮਾਂ ਦੀ ਬਿਹਤਰੀ ਲਈ ਉਸ ਨੇ ਬਾਲੀਵੁੱਡ ਦਾ ਤਿਆਗ ਕਰ ਦਿੱਤਾ ਸੀ | ਜਦੋਂ ਉਸ ਨੇ ਇਹ ਨਿਰਣਾ ਲਿਆ ਸੀ ਤਾਂ ਯਸ਼ ਚੋਪੜਾ ਨੇ ਉਸ ਨੂੰ ਰੋਕਿਆ ਵੀ ਸੀ | ਪਰ ਮਨਮੋਹਨ ਸਿੰਘ ਨੇ ਕਿਹਾ, 'ਪੰਜਾਬੀ ਸਿਨੇਮਾ ਨੂੰ ਸੁਧਾਰਨਾ ਮੇਰਾ ਜਨੂੰਨ ਹੈ, ਇਸ ਜਨੂੰਨ ਦੇ ਲਈ ਮੈਂ ਕੁਝ ਵੀ ਕਰ ਸਕਦਾ ਹਾਂ |' (ਚਲਦਾ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |

ਭੁੱਲੀਆਂ ਵਿਸਰੀਆਂ ਯਾਦਾਂ

1978 ਦੇ ਸਮੇਂ ਦੀ ਹੈ ਇਹ ਤਸਵੀਰ | ਉਸ ਵਕਤ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਕ ਸੁਰ ਹੁੰਦੇ ਸਨ | ਉਸ ਵਕਤ ਇਹ ਦੋਵੇਂ ਪ੍ਰਧਾਨ ਮੁੱਖ ਮੰਤਰੀ ਦੀ ਬਹੁਤੀ ਪ੍ਰਵਾਹ ਨਹੀਂ ਸੀ ਕਰਦੇ | ਇਸੇ ਕਰਕੇ ਹੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਸਾਰਾ ਪ੍ਰਬੰਧ ਨਿਰਵਿਘਨ ਤੇ ਠੀਕ-ਠਾਕ ਤੁਰਿਆ ਜਾਂਦਾ ਸੀ | ਜ: ਕਿਰਪਾਲ ਸਿੰਘ ਚੱਕ ਸ਼ੇਰਾ ਤੇ ਜ: ਜੀਵਨ ਸਿੰਘ ਉਮਰਾਨੰਗਲ ਵੀ ਬੇਦਾਗ਼ ਨੇਤਾ ਸਾਬਤ ਹੋਏ |

-ਮੋਬਾਈਲ : 98767-41231

ਰਾਬਿੰਦਰ ਨਾਥ ਟੈਗੋਰ ਬਾਰੇ ਬਲਰਾਜ ਸਾਹਨੀ ਦੀਆਂ ਦਿਲਚਸਪ ਯਾਦਾਂ: ਸ਼ਾਂਤੀ ਨਿਕੇਤਨ ਨੇ ਮੇਰੇ ਅੰਦਰ ਆਤਮ-ਵਿਸ਼ਵਾਸ ਪੈਦਾ ਕੀਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗੁਰੂਦੇਵ ਸਾਡੇ ਮੁਹਰੇ ਬੈਂਤ ਦੀ ਕੁਰਸੀ 'ਤੇ ਬਹਿ ਗਏ | ਉਨ੍ਹਾਂ ਆਪਣੀ ਐਨਕ ਦੇ ਸ਼ੀਸ਼ੇ ਵਿਚੋਂ ਕੁਝ ਦੇਰ ਸਾਡੇ ਵੱਲ ਤੱਕ ਕੇ ਕਿਹਾ 'ਲਗਦਾ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਤੇ ਵੇਖਿਆ ਹੈ?'
ਮੈਨੂੰ ਲੱਗਾ ਹੁਣ ਗੱਲ ਬਿਲਕੁਲ ਵਿਗੜ ਜਾਵੇਗੀ | ਪਰ ਮੈਂ ਹੌਾਸਲਾ ਕੀਤਾ ਅਤੇ ਬੋਲਿਆ 'ਤੁਸੀਂ ਕਿਹਾ ਸੀ ਕਿ ਅਸੀਂ ਕੁਝ ਮਹੀਨੇ ਸ਼ਾਂਤੀ ਨਿਕੇਤਨ ਠਹਿਰੀਏ ਤਾਂ ਹੀ ਇੱਥੋਂ ਦੇ ਵਾਤਾਵਰਨ ਨੂੰ ਸਮਝ ਸਕਦੇ ਹਾਂ, ਸੋ ਅਸੀਂ ਆਏ ਹਾਂ', ਅਤੇ ਮੈਂ ਉਨ੍ਹਾਂ ਨੂੰ ਸਾਰੀ ਕਹਾਣੀ ਕਹਿ ਸੁਣਾਈ | ਫਿਰ ਮੈਂ ਕਿਹਾ, 'ਤੁਸੀਂ ਮੈਨੂੰ ਇਸ ਵੇਲੇ ਨੌਕਰੀ ਭਾਵੇਂ ਨਾ ਦੇਵੋ | ਮੇਰੇ ਪਿਤਾ ਜੀ ਨੇ ਮੈਨੂੰ ਸੌ ਰੁਪਏ ਘੱਲੇ ਹਨ | ਮੈਂ ਅਤੇ ਮੇਰੀ ਪਤਨੀ ਇਸ ਰਕਮ ਨਾਲ ਸੌਖਿਆਂ ਹੀ ਤਿੰਨ ਮਹੀਨੇ ਕੱਢ ਸਕਦੇ ਹਾਂ | ਬਸ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਦੇਵੋ | ਜੇ ਤਿੰਨ ਮਹੀਨੇ ਮਗਰੋਂ ਤੁਹਾਨੂੰ ਲੱਗਿਆ ਕਿ ਅਸੀਂ ਸ਼ਾਂਤੀ ਨਿਕੇਤਨ ਦੇ ਕੋਈ ਕੰਮ ਆ ਸਕਦੇ ਹਾਂ ਤਾਂ ਸਾਨੂੰ ਨੌਕਰੀ 'ਤੇ ਰੱਖ ਲੈਣਾ, ਨਹੀਂ ਤਾਂ ਅਸੀਂ ਆਪੇ ਹੀ ਇੱਥੋਂ ਚਲੇ ਜਾਵਾਂਗੇ | ਇਸ ਸਮੇਂ ਸਾਨੂੰ ਬਸ ਸਿਰ ਲੁਕੋਣ ਲਈ ਥਾਂ ਚਾਹੀਦੀ ਹੈ |
ਗੁਰੂਦੇਵ ਨੇ ਮੇਰੀਆਂ ਗੱਲਾਂ ਸੁਣੀਆਂ, ਕੁਝ ਦੇਰ ਚੁੱਪ ਰਹੇ | ਕੁਝ ਛਿਣ ਜਿਵੇਂ ਉਹ ਮੇਰੇ ਤੋਂ ਬੜੇ ਬੇਮੁੱਖ ਲੱਗੇ | ਅਖੀਰ ਗੁਰੂਦੇਵ ਇੰਝ ਖਿੜ ਖਿੜਾ ਕੇ ਹੱਸ ਪਏ, ਜਿਵੇਂ ਕੋਈ ਬਹੁਤ ਮਜ਼ੇਦਾਰ ਚੁਟਕੁਲਾ ਸੁਣਿਆ ਹੋਵੇ | ਫਿਰ ਉਨ੍ਹਾਂ ਕਿਹਾ, 'ਤਾਂ ਤੁਹਾਡੇ ਪਾਸ ਸੌ ਰੁਪਏ ਹਨ | ਤੁਸੀਂ ਤਾਂ ਮੇਰੇ ਤੋਂ ਵੱਧ ਅਮੀਰ ਹੋ ! ਖ਼ੈਰ ਕੋਈ ਗੱਲ ਨਹੀਂ ! ਤੁਹਾਨੂੰ ਇਹ ਰਕਮ ਖਰਚ ਨਹੀਂ ਕਰਨੀ ਪਵੇਗੀ, ਨਾ ਹੀ ਅਸੀਂ ਤੁਹਾਨੂੰ ਇੱਥੋਂ ਵਾਪਸ ਭੇਜਾਂਗੇ | ਅਸੀਂ ਇਸੇ ਵਕਤ ਤੁਹਾਨੂੰ ਨੌਕਰੀ ਦੇਵਾਂਗੇ |
ਇੰਝ ਦੀ ਖੁਲ੍ਹਦਿਲੀ ਦੀ ਗੁਰੂਦੇਵ ਦੇ ਸਾਥੀ ਡਾਢੀ ਆਲੋਚਨਾ ਕਰਦੇ ਰਹਿੰਦੇ ਸਨ | ਇੰਝ ਲਗਦਾ ਸੀ ਜਿਵੇਂ ਉਹ ਕਿਸੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਸਨ, ਜਿਸ ਵਜ੍ਹਾ ਨਾਲ ਸ਼ਾਂਤੀ ਨਿਕੇਤਨ ਦੇ ਆਰਥਿਕ ਹਾਲਾਤ ਖ਼ਰਾਬ ਸਨ ਅਤੇ ਸ਼ਾਂਤੀ ਨਿਕੇਤਨ ਨੂੰ ਮਾੜੇ ਦਿਨ ਤੱਕਣੇ ਪੈ ਰਹੇ ਸਨ | ਪਰ ਗੁਰੂਦੇਵ ਸ਼ਾਂਤੀ ਨਿਕੇਤਨ ਵਿਚ ਮਾਨਵੀ ਸੰਬਧਾਂ ਦੀ ਕਵਿਤਾ ਨੂੰ ਖ਼ਤਮ ਕਰਨ ਦੀ ਬਜਾਇ ਅਠੱਤਰ (78) ਸਾਲਾਂ ਦੀ ਉਮਰ ਵਿਚ ਵੀ ਦੇਸ਼ ਭਰ ਵਿਚ ਘੁੰਮ-ਘੁੰਮ ਕੇ ਆਪਣੇ ਪ੍ਰੋਗਰਾਮਾਂ ਨਾਲ ਪੈਸਾ ਕੱਠਾ ਕਰਨਾ ਕਿਤੇ ਚੰਗਾ ਸਮਝਦੇ ਸਨ |
ਕਈ ਮੌਕਿਆਂ 'ਤੇ ਲੋਕ ਉਨ੍ਹਾਂ ਦੀ ਖੁਲ੍ਹਦਿਲੀ ਦਾ ਗ਼ਲਤ ਫ਼ਾਇਦਾ ਵੀ ਚੁੱਕਦੇ ਸਨ | ਗੁਰੂਦੇਵ ਵਰਗੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਨੁੱਖ ਦੇ ਨੇੜੇ ਰਹਿਣ ਨਾਲ ਅਧਿਆਤਮਕ ਹੀ ਨਹੀਂ ਆਰਥਿਕ ਲਾਭ ਵੀ ਹੋ ਸਕਦਾ ਸੀ | ਬਹੁਤ ਲੋਕਾਂ ਨੇ ਉਨ੍ਹਾਂ ਤੋਂ ਆਰਥਿਕ ਫ਼ਾਇਦਾ ਲਿਆ | ਇੱਥੋਂ ਤੱਕ ਕਿ ਮੈਂ ਵੀ ....... ਹਾਲਾਂਕਿ ਮੈਂ ਇਹ ਨਹੀਂ ਸਮਝਦਾ ਕਿ ਮੈਂ ਕਦੇ ਗ਼ਲਤ ਫਾਇਦਾ ਲਿਆ ਹੈ....... ਸ਼ਾਂਤੀ ਨਿਕੇਤਨ ਵਿਚ ਉਨ੍ਹਾਂ ਨਾਲ ਗ਼ੁਜ਼ਾਰੇ ਦਿਨਾਂ ਨੂੰ ਯਾਦ ਕਰਕੇ ਮੈਂ ਮਾਣ ਮਹਿਸੂਸ ਕੀਤਾ ਹੈ |
ਜਦੋਂ ਮੈਂ ਪੂਜਾ ਦੀਆਂ ਛੁੱਟੀਆਂ ਵਿਚ ਆਪਣੇ ਘਰ ਗਿਆ ਤਾਂ ਰਾਵਲਪਿੰਡੀ ਵਿਚ ਮੇਰਾ ਸ਼ਾਨਦਾਰ ਸਵਾਗਤ ਹੋਇਆ ਜਿਵੇਂ ਕਿਸੇ ਜਾਦੂ ਦੀ ਬਦੌਲਤ ਹਰ ਚੀਜ਼ ਬਦਲ ਗਈ ਹੋਵੇ | ਮੈਂ ਕਿਸੇ ਪਰੀ ਲੋਕ ਵਿਚ ਜੀਉਣ ਲੱਗਾ | ਕਿੱਥੇ ਤਾਂ ਮੈਂ ਬਿਲਕੁਲ ਅਸਫਲ ਸਮਝਿਆ ਗਿਆ ਸੀ | ਕਿੱਥੇ ਹੁਣ ਬਹੁਤ ਵੱਡੀ ਕਾਮਯਾਬੀ ਦੇ ਪੈਰ ਚੁੰਮ ਰਿਹਾ ਸੀ | ਬੁਜ਼ੁਰਗ ਲੋਕ ਹੁਣ ਮੇਰੀ ਆਲੋਚਨਾ ਨਹੀਂ ਕਰਦੇ ਸਨ, ਨਾ ਹੀ ਨਸੀਹਤਾਂ ਦਿੰਦੇ ਸਨ | ਮੇਰੇ ਪਿਤਾ ਜੀ ਬੜੇ ਮਾਣ ਨਾਲ ਮੈਨੂੰ ਲੋਕਾਂ ਨੂੰ ਮਿਲਵਾਉਣ ਲਈ ਲੈ ਜਾਂਦੇ | ਮੇਰੇ ਤੋਂ ਨਿੱਕੀ ਉਮਰ ਦੇ ਲੋਕ ਮੈਨੂੰ ਬੜੇ ਸਤਿਕਾਰ ਦੀ ਅੱਖ ਨਾਲ ਤੱਕਦੇ, ਮੈਨੂੰ ਬਹੁਤ ਜ਼ਿਆਦਾ ਸਮਝਦੇ | ਮੈਨੂੰ ਭਾਸ਼ਣ ਦੇਣ ਅਤੇ ਸਭਾਵਾਂ ਦੀ ਪ੍ਰਧਾਨਗੀ ਕਰਨ ਲਈ ਸੱਦਿਆ ਜਾਣ ਲੱਗਾ, ਕਿਉਂਕਿ ਮੈਂ ਸ਼ਾਂਤੀ ਨਿਕੇਤਨ ਵਿਖੇ ਅਧਿਆਪਕ ਸਾਂ |
ਮੈਂ ਸ਼ਾਂਤੀ ਨਿਕੇਤਨ ਵਿਚ ਦੋ ਸਾਲਾਂ ਤੋਂ ਕੁਝ ਵੱਧ ਰਿਹਾ | ਸੱਚ ਪੁੱਛੋ ਤਾਂ ਮੈਂ ਆਪਣਾ ਸਮਾਂ ਖ਼ਰਾਬ ਹੀ ਕੀਤਾ ਇਸ ਦਾ ਮੈਨੂੰ ਜ਼ਿਆਦਾ ਅਫ਼ਸੋਸ ਹੈ |
ਅਸਲ ਵਿਚ ਸ਼ਾਂਤੀ ਨਿਕੇਤਨ ਵਿਚ ਰਹਿੰਦਿਆਂ ਮੈਨੂੰ ਪਹਿਲਾਂ ਉਸ ਦੇ ਇਤਿਹਾਸ ਬਾਰੇ ਜਾਣੂ ਹੋਣਾ ਚਾਹੀਦਾ ਸੀ | ਮੈਨੂੰ ਗੁਰੂਦੇਵ ਦੇ ਜੀਵਨ, ਉਨ੍ਹਾਂ ਦੀ ਪਿਠਭੂਮੀ, ਉਨ੍ਹਾਂ ਦੀ ਸਿੱਖਿਆ ਆਦਿ ਬਾਰੇ, ਉਨ੍ਹਾਂ ਦੇ ਉਦੇਸ਼ ਬਾਰੇ ਜਾਣੂ ਹੋਣਾ ਚਾਹੀਦਾ ਸੀ | ਜਿਸ ਉਦੇਸ਼ ਨੇ ਉਨ੍ਹਾਂ ਨੂੰ ਸ਼ਾਂਤੀ ਨਿਕੇਤਨ ਨੂੰ ਬਨਾਉਣ ਲਈ ਪ੍ਰੇਰਿਤ ਕੀਤਾ ਸੀ |
ਮੈਨੂੰ ਕਈ ਵਾਰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਮੈਂ ਇਹ ਕਿਉਂ ਨਾ ਕੀਤਾ? ਮਾਮੂਲੀ ਜਿਹੀ ਖਿੱਚ ਵੀ ਮੈਨੂੰ ਇਹ ਕਰਨ ਲਈ ਪ੍ਰੇਰਿਤ ਕਰ ਸਕਦੀ ਸੀ | ਜਦੋਂ ਮੈਂ ਗੁਰੂਦੇਵ ਨੂੰ ਪਹਿਲੀ ਵਾਰ ਮਿਲਿਆ ਤਾਂ ਕੀ ਮੈਂ ਸ਼ਾਂਤੀ ਨਿਕੇਤਨ ਨੂੰ ਇਕ ਆਮ ਸਕੂਲਾਂ ਵਰਗਾ ਸਮਝ ਅੱਖੋਂ ਪਰੋਖੇ ਨਹੀਂ ਕਰ ਦਿੱਤਾ ਸੀ? ਅਤੇ ਹੁਣ ਮੈਂ ਉਥੇ ਇਕ ਸਾਧਾਰਣ ਜਿਹੇ ਅਧਿਆਪਕ ਦੇ ਰੂਪ ਵਿਚ ਕੰਮ ਕਰਨ ਲੱਗ ਪਿਆ ਸੀ ਅਤੇ ਮੈਂ ਆਪਣੇ ਰੋਜ਼ਾਨਾ ਕੰਮਾਂ ਵਿਚੋਂ ਸਮਾਂ ਕੱਢ ਕੇ ਕੁਝ ਹੋਰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਸੀ |
ਇਸ ਦਾ ਦੋਸ਼ ਮੇਰੇ ਪਾਲਣ-ਪੋਸ਼ਣ ਅਤੇ ਸਿੱਖਿਆ ਦੇ ਸਿਰ ਮੜਿ੍ਹਆ ਜਾ ਸਕਦਾ ਹੈ | ਜੋ ਨੌਜਵਾਨ ਮੇਰੇ ਵਾਂਗ ਅਮੀਰ ਘਰਾਣਿਆਂ ਵਿਚ ਪਲੇ ਹੁੰਦੇ ਹਨ, ਉਹ ਜ਼ਿਆਦਾਤਰ ਵਿਖਾਵਾ ਕਰਦੇ ਹਨ ਅਤੇ ਉਨ੍ਹਾਂ ਨੂੰ ਜੀਵਨ ਵਿਚ ਗੁਜ਼ਾਰੇ ਲਈ ਕਿਸੇ ਕੰਮ ਦੀ ਲੋੜ ਨਹੀਂ ਪੈਂਦੀ | ਉਹ ਮਹਾਨ ਆਦਰਸ਼ਾਂ ਦੀਆਂ ਗੱਲਾਂ ਕਰਦੇ ਹਨ | ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਬਾਰੇ ਉਨ੍ਹਾਂ ਦਾ ਰੋਸ ਗ਼ਲਤ ਨਹੀਂ ਹੁੰਦਾ | ਪਰ ਇਸ ਰੋਸ ਦੇ ਬਾਵਜੂਦ ਉਹ ਜੋ ਕੁਝ ਵੀ ਕਰਦੇ ਹਨ, ਸਿਰਫ਼ ਪੈਸਿਆਂ ਲਈ ਹੀ ਕਰਦੇ ਹਨ | ਜਦੋਂ ਵੀ ਉਹ ਕੋਈ ਕੰਮ ਕਰਨ ਅਤੇ ਪੈਸਾ ਕਮਾਉਣ ਲਗਦੇ ਹਨ ਫਿਰ ਉਸ ਕੰਮ ਅਤੇ ਪੈਸੇ ਦੀਆਂ ਵਲਗਣਾਂ ਵਿਚ ਘਿਰ ਕੇ ਜ਼ਿੰਦਗੀ ਗੁਜ਼ਾਰਦਿਆਂ ਸੁੱਖ ਦਾ ਅਨੁਭਵ ਕਰਨ ਲਗਦੇ ਹਨ | ਹਾਲਾਂਕਿ ਉਹ ਉਦੋਂ ਵੀ ਮਹਾਨ ਆਦਰਸ਼ਾਂ ਦੇ ਸੁਪਨੇ ਤੱਕਦੇ ਹਨ, ਪਰ ਅਸਲ ਵਿਚ ਉਹ ਉਨ੍ਹਾਂ ਤੱਕ ਪੁੱਜਣ ਲਈ ਕੁਝ ਨਹੀਂ ਕਰਦੇ, ਜਿਵੇਂ ਕਿ ਉਨ੍ਹਾਂ ਦੇ ਵਡੇਰਿਆਂ ਨੇ ਕੁਝ ਨਹੀਂ ਕੀਤਾ, ਜਿਸ ਦੇ ਿਖ਼ਲਾਫ ਉਨ੍ਹਾਂ ਬਗ਼ਾਵਤ ਕੀਤੀ ਹੁੰਦੀ ਹੈ |
ਤਕਰੀਬਨ ਇਕ ਸਾਲ ਦੀ ਬੇਰੁਜ਼ਗਾਰੀ ਤੋਂ ਮਗਰੋਂ ਸ਼ਾਂਤੀ ਨਿਕੇਤਨ ਦੀ ਉਹ ਨੌਕਰੀ ਮੇਰੇ ਲਈ ਵਰਦਾਨ ਸਾਬਿਤ ਹੋਈ | ਉਸ ਨੇ ਮੇਰੇ ਅੰਦਰ ਸਨਮਾਨ ਅਤੇ ਆਤਮ ਵਿਸ਼ਵਾਸ ਦੇ ਭਾਵ ਪੈਦਾ ਕੀਤੇ | ਉਸ ਨੂੰ ਪਾ ਕੇ ਮੈਂ ਇੰਨਾ ਖੁਸ਼ ਹੋਇਆ ਕਿ ਭੁੱਲ ਹੀ ਗਿਆ ਕਿ ਉਸ ਨੂੰ ਜਾਰੀ ਰੱਖਣ ਲਈ ਮੈਨੂੰ ਆਪਣੇ ਪੜ੍ਹਾਉਣ ਦੇ ਕੰਮ ਤੋਂ ਅੱਡ ਵੀ ਕੁਝ ਕਰਨਾ ਚਾਹੀਦਾ, ਜਿਸ ਦੀ ਗੁਰੂਦੇਵ ਨੂੰ ਮੇਰੇ ਤੋਂ ਆਸ ਸੀ | ਉਸ ਤੋਂ ਉਲਟ ਮੇਰੀ ਸਭ ਤੋਂ ਵੱਡੀ ਦਿਲਚਸਪੀ ਇਸ ਗੱਲ ਵਿਚ ਸੀ ਕਿ ਮੈਂ ਹੋਰ ਅਧਿਆਪਕਾਂ ਵਾਂਗ ਆਪਣਾ ਕੰਮ ਕਰਾਂ |
ਮੇਰੇ ਕਾਲਜ ਦੀ ਸਿੱਖਿਆ ਮੇਰੇ ਰਸਤੇ ਦੀ ਰੁਕਾਵਟ ਬਣੀ | ਮੈਂ ਅੰਗਰੇਜ਼ੀ ਸਾਹਿਤ ਵਿਚ ਐਮ.ਏ. ਕੀਤੀ ਸੀ | ਮੇਰੇ ਲਈ ਇਹ ਆਪਣੇ ਆਪ ਵਿਚ ਬੜੀ ਵੱਡੀ ਗੱਲ ਸੀ ਅਤੇ ਮੈਂ ਇਸ ਡਿਗਰੀ ਨੂੰ ਬਹੁਤ ਖ਼ਾਸ ਮੰਨਦਾ ਸੀ | ਪਰ ਇਸ ਦਾ ਨੁਕਸਾਨ ਪਹੁੰਚਾਉਣ ਵਾਲਾ ਪੱਖ ਵੀ ਸੀ | ਮੇਰੀ ਸਿੱਖਿਆ ਨੇ ਮੈਨੂੰ ਸਿਰਫ਼ ਭਾਰਤੀ ਭਾਸ਼ਾਵਾਂ ਤੋਂ ਅਭਿੱਜ ਹੀ ਨਹੀਂ ਰੱਖਿਆ, ਮੇਰੇ ਅੰਦਰ ਜੀਵਨ ਦੇ ਪ੍ਰਤੀ ਇਕ ਆਲਸ ਭਰਿਆ ਨਜ਼ਰੀਆ ਵੀ ਪੈਦਾ ਕਰ ਦਿੱਤਾ | ਮੈਨੂੰ ਸਿਖਾਇਆ ਗਿਆ ਕਿ ਕਲਾ ਅਤੇ ਵਿਗਿਆਨ ਵਿਚ ਵਿਰੋਧ ਹੁੰਦਾ ਹੈ | ਕਲਾ ਦਾ ਸੰਬੰਧ ਅਧਿਆਤਮਕ ਚੀਜ਼ਾਂ ਨਾਲ ਹੁੰਦਾ ਹੈ ਜਦਕਿ ਵਿਗਿਆਨ ਦਾ ਸੰਬੰਧ ਕੇਵਲ ਭੌਤਿਕ ਵਸਤਾਂ ਨਾਲ ਹੁੰਦਾ ਹੈ | ਇਸ ਲਈ ਵਿਗਿਆਨ ਕਲਾ ਤੋਂ ਬਣਿਆ ਹੁੰਦਾ ਹੈ | ਖੋਜ ਅਤੇ ਪ੍ਰਯੋਗ ਰਾਹੀਂ ਸੱਚਾਈ ਦਾ ਪਤਾ ਲਾਉਣਾ ਵਿਗਿਆਨ ਦਾ ਕੰਮ ਹੈ | ਲੇਕਿਨ ਕਲਾ ਦੇ ਖੇਤਰ ਵਿਚ ਮਨੁੱਖ ਸਹਿਜ ਗਿਆਨ ਅਤੇ ਨਿੱਜੀ ਅਨੁਭਵਾਂ ਰਾਹੀਂ ਸੱਚ ਤੱਕ ਅੱਪੜਦਾ ਹੈ | ਉਸ ਨੂੰ ਆਪਣੀਆਂ ਭਾਵਨਾਵਾਂ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ ਹੈ ਬਲਕਿ ਉਨ੍ਹਾਂ ਦੀ ਬਦੌਲਤ ਆਪਣੇ ਅਨੁਭਵ ਨੂੰ ਵਿਸ਼ਾਲ ਅਤੇ ਡੂੰਘਾ ਬਣਾਉਣਾ ਚਾਹੀਦਾ ਹੈ | ਉਸ ਨੂੰ ਬੇਫ਼ਿਕਰ ਹੋ ਕੇ ਹਰ ਵਸਤ ਦੇ ਪ੍ਰਭਾਵ ਨੂੰ ਕਬੂਲ ਕਰਨਾ ਚਾਹੀਦਾ ਹੈ | ਉਸ ਨੂੰ ਜੀਵਨ ਨੂੰ ਜਾਨਣ ਦੀ ਕੋਸ਼ਿਸ਼ ਕਰਨ ਦੀ ਬਜਾਇ ਬਸ ਅਨੁਭਵ ਕਰਨਾ ਚਾਹੀਦਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਸ਼ਾਂਤ ਸੁਭਾਅ ਲਾਜ਼ਮੀ ਹੈ

ਹੜ੍ਹਾਂ ਦੇ ਖੌਲਦੇ ਮਟਮੈਲੇ ਪਾਣੀਆਂ 'ਚ ਸੂਰਜ ਲਾਲੀ ਨਹੀਂ ਭਰਦਾ |
ਉੱਘੇ ਪ੍ਰਕਿਰਤੀਵਾਦੀ ਡਾਰਵਿਨ ਦੇ ਸਿਧਾਂਤ ਅਨੁਸਾਰ ਕੁਦਰਤੀ ਵਰਤਾਰੇ ਅਧੀਨ ਹਰ ਜੀਵ ਜਿਊਣ ਦੀ ਪ੍ਰਬਲ ਇੱਛਾ ਖਾਤਰ ਸੰਘਰਸ਼ ਕਰਦਾ ਹੈ ਅਤੇ ਇਸ ਸਮਰੱਥਾ ਕਾਰਨ ਜੀਵ ਆਪਣੇ ਆਲੇ-ਦੁਆਲੇ ਦੀਆਂ ਪਰਿਸਥਿਤੀਆਂ ਦੇ ਅਨੁਕੂਲ ਢਲ ਜਾਂਦਾ ਹੈ |
ਜੁਗਾਂ ਤੋਂ ਹੀ ਜ਼ਿੰਦਗੀ ਲਈ ਘੋਲ ਹੁੰਦਾ ਰਿਹਾ ਹੈ | ਇਕੋ ਜ਼ਮੀਨ 'ਚੋਂ ਇਕੋ ਤਰ੍ਹਾਂ ਦੇ ਬੀਜ ਉੱਗਦੇ, ਪਨਪਦੇ ਨੇ ਪਰ ਹਰ ਬੂਟੇ ਦੀ ਕਹਾਣੀ (ਹੋਂਦ ਦੀ) ਅੱਡ ਹੁੰਦੀ ਹੈ | ਹਰ ਬੂਟੇ ਦੀ ਆਪਣੀ ਵੱਖਰੀ ਤਾਕਤ ਹੈ ਕਿ ਉਹ ਜ਼ਮੀਨ, ਹਵਾ ਅਤੇ ਧੁੱਪ 'ਚੋਂ ਕਿੰਨਾ ਕੁ ਲੈ ਸਕਦਾ ਹੈ, ਜ਼ਿਆਦਾ ਨਹੀਂ ਪਰ ਸਹੀ ਮਾਤਰਾ 'ਚ | ਮਨੁੱਖੀ ਜ਼ਿੰਦਗੀ 'ਚ ਵੀ ਤਾਂ ਇਵੇਂ ਹੀ ਵਾਪਰਦਾ ਹੈ | ਫ਼ਰਕ ਇਹ ਹੈ ਕਿ ਪੌਦਿਆਂ ਦੀ ਦੁਨੀਆ 'ਚ ਇਕ ਪਨਪਦਾ ਬੂਟਾ ਦੂਜੇ ਬੂਟਿਆਂ ਦੀਆਂ ਜੜ੍ਹਾਂ ਨਹੀਂ ਵੱਢਦਾ | ਪਰ ਮਨੁੱਖੀ ਸੱਭਿਅਤਾ ਕੁਦਰਤ ਦੇ ਨਾਲ ਚੱਲਣ ਤੋਂ ਜ਼ਰਾ ਝਿਜਕਦੀ ਹੈ | ਸ਼ਾਇਦ ਕੁਦਰਤ ਤੋਂ ਬਲਵਾਨ ਬਣਨ ਦੀ ਕੋਸ਼ਿਸ਼ 'ਚ ਹੈ | ਇਸੇ ਕਾਰਨ ਹੀ ਕੁਦਰਤ ਗਾਹੇ-ਬਗਾਹੇ ਸਾਨੂੰ 'ਬਲਵਾਨ ਕੌਣ' ਬਾਰੇ ਚਿਤਾਰਦੀ ਰਹਿੰਦੀ ਹੈ | ਸਾਡੇ ਸਮਾਜਿਕ ਤਾਣੇ-ਬਾਣੇ ਵਿਚ ਵੀ ਪਰਿਸਥਿਤੀਆਂ ਦੇ ਅਨੁਕੂਲ ਜਾਂ ਪ੍ਰਤੀਕੂਲ ਹੋਣਾ ਸਾਂਝ ਜਾਂ ਵਿਕਾਰ ਪੈਦਾ ਕਰਦਾ ਹੈ | ਵਿਰੋਧਾਭਾਸ ਦੀ ਸਥਿਤੀ ਸਾਡੀ ਸੋਚ ਦੀ ਉਚਾਈ ਅਤੇ ਗਹਿਰਾਈ ਦੋਵਾਂ ਦਾ ਵਿਕਾਸ ਰੋਕ ਦਿੰਦੀ ਹੈ |
ਜ਼ਿਆਦਾਤਰ ਘਰੇਲੂ ਵਿਵਾਦ ਵੀ ਇਨ੍ਹਾਂ ਉਲਟ ਸਥਿਤੀਆਂ ਕਾਰਨ ਪੈਦਾ ਹੁੰਦੇ ਹਨ | ਔਰਤ ਅਤੇ ਮਰਦ ਦੀ ਸੌੜੀ ਸੋਚ ਇਕ-ਦੂਜੇ ਨੂੰ ਸਮਝ ਨਾ ਸਕਣ ਵਿਚ ਅੜਿੱਕਾ ਬਣੀ ਰਹਿੰਦੀ ਹੈ | ਟਕਰਾਅ ਦੀ ਸਥਿਤੀ 'ਚ ਨੁਕਸਾਨ ਦੋਹਾਂ ਪਾਸਿਆਂ ਦਾ ਹੁੰਦਾ ਹੈ | ਮਹਿਲਾ ਕਮਿਸ਼ਨ 'ਚ ਆਉਂਦੇ ਮਸਲਿਆਂ ਦਾ ਵਿਸ਼ਲੇਸ਼ਣ ਇਹੀ ਦੱਸਦਾ ਹੈ ਕਿ ਜ਼ਿਆਦਾਤਰ ਮਸਲੇ ਸਿਰਫ਼ ਆਪਣੇ ਆਪ ਨੂੰ ਸਮਝਦਾਰ ਅਤੇ ਦੂਜੇ ਨੂੰ ਨੀਵਾਂ ਦਿਖਾਉਣ ਕਾਰਨ ਹੁੰਦੇ ਹਨ | ਨੈਤਿਕਤਾ ਦੀ ਘਾਟ ਅਤੇ ਜ਼ਿੰਮੇਵਾਰੀਆਂ ਪ੍ਰਤੀ ਅਣਦੇਖੀ ਘਰੇਲੂ ਵਿਵਾਦ ਪੈਦਾ ਕਰਦੀ ਹੈ |
ਇਕ ਦੂਜੇ ਦੀ ਸ਼ਖ਼ਸੀਅਤ ਨੂੰ ਸਤਿਕਾਰ ਦੇਣ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ | ਅਸੀਂ ਗੁਲਾਬ ਦੇ ਫੁੱਲਾਂ ਨੂੰ ਕੰਡਿਆਂ ਸਹਿਤ ਹੀ ਤਾਂ ਸਵੀਕਾਰਦੇ ਹਾਂ ਤੇ ਫਿਰ ਇਕ ਦੂਜੇ ਦੀਆਂ ਵਡਿਆਈਆਂ, ਚੰਗਿਆਈਆਂ ਨੂੰ ਗ਼ਲਤੀਆਂ ਸਮੇਤ ਕਿਉਂ ਨਹੀਂ ਕਬੂਲਦੇ?
ਇਕ ਪਾਕਿਸਤਾਨੀ ਕਵਿੱਤਰੀ ਬੜੇ ਸੋਹਣੇ ਸ਼ਬਦਾਂ 'ਚ ਕਹਿੰਦੀ ਹੈ ਕਿ 'ਮੰਨਿਆ ਕਿ ਸਾਰੀ ਗ਼ਲਤੀ ਤੇਰੀ ਨਹੀਂ, ਜੇਕਰ ਮੇਰੀ ਵੀ ਐ, ਕੀ ਮੈਂ ਤੇਰੀ ਨਹੀਂ?' ਗ਼ਲਤੀ ਨੂੰ ਸਵੀਕਾਰਨ ਦਾ ਮਤਲਬ ਹੈ ਮੁਆਫ਼ ਕਰਨਾ | ਮੁਆਫ਼ ਕਰਨਾ ਸਭ ਤੋਂ ਵੱਡਾ ਮਨੁੱਖੀ ਗੁਣ ਹੈ | ਇਸ ਨਾਲ ਜ਼ਿਆਦਾਤਰ ਮਸਲੇ ਹੱਲ ਹੋ ਜਾਂਦੇ ਹਨ | ਜ਼ਿੰਦਗੀ 'ਚ ਖ਼ੁਸ਼ ਰਹਿਣਾ ਸਾਡੀ ਆਪਣੀ ਮਰਜ਼ੀ 'ਤੇ ਨਿਰਭਰ ਕਰਦਾ ਹੈ | ਖ਼ੁਸ਼ ਰਹਿਣ ਵਾਲੇ ਵਿਅਕਤੀ ਕੋਲ ਚੁਗਲੀ ਨਿੰਦਿਆ ਲਈ ਨਾ ਤੇ ਵਕਤ ਹੁੰਦਾ ਹੈ ਤੇ ਨਾ ਹੀ ਇਸ ਦੀ ਭੁੱਖ | ਜੰਗਲ ਦੀਆਂ ਝਾੜੀਆਂ ਆਪਸ ਵਿਚ ਫਸੀਆਂ ਰਹਿੰਦੀਆਂ ਹਨ ਪਰ ਦਰੱਖਤ ਆਪਣੇ ਸੁਭਾਅ ਨਾਲ ਬਿਨਾਂ ਫਸਿਆਂ ਉੱਪਰ ਵੱਲ ਵਧਦਾ ਰਹਿੰਦਾ ਹੈ | ਵਾਦ-ਵਿਵਾਦ ਦੀ ਸਥਿਤੀ ਵਾਧਾ ਰੋਕ ਦਿੰਦੀ ਹੈ |
ਸੋ, ਸਮਾਜ 'ਚ ਵਿਚਰਦਿਆਂ ਜੇ ਸਾਡੀ ਸਾਰੀ ਤਾਕਤ ਹਰ ਚੰਗੀ ਚੀਜ਼ ਨੂੰ ਸਹੀ ਮਾਤਰਾ ਵਿਚ ਗ੍ਰਹਿਣ ਕਰਨ ਅਤੇ ਮਾੜੀ ਚੀਜ਼ ਤੋਂ ਬਚਾਅ ਵਿਚ ਲੱਗ ਜਾਵੇ ਤਾਂ ਹੀ ਅਸੀਂ ਖ਼ੁਸ਼ਹਾਲ ਅਤੇ ਮਾਣਭਰੀ ਜ਼ਿੰਦਗੀ ਵੱਲ ਕਦਮ ਵਧਾ ਸਕਦੇ ਹਾਂ | ਵਿੰਗੇ ਟੇਢੇ ਰਸਤਿਆਂ 'ਚੋਂ ਲੰਘਦਿਆਂ, ਕੰਡਿਆਂ ਤੋਂ ਬਚਦਿਆਂ ਜ਼ਿੰਦਗੀ ਦੀ ਜੱਦੋ-ਜਹਿਦ ਵਿਚ ਜੇਤੂ ਬਣ ਕੇ ਨਿਕਲਿਆ ਜਾ ਸਕਦਾ ਹੈ |
ਕਮਲ ਦੇ ਪੱਤੇ ਦੀ ਖ਼ੂਬਸੂਰਤੀ ਹੈ ਕਿ ਉਹ ਚਿੱਕੜ 'ਚ ਗਰਕ ਨਹੀਂ ਹੁੰਦਾ | ਪੱਤਿਆਂ ਦੇ ਉੱਪਰਲੀ ਪਰਤ ਆਪਣੇ ਸੁਭਾਅ ਮੁਤਾਬਿਕ ਬਚਾਅ-ਪੱਖੀ ਹੈ | ਇਵੇਂ ਹੀ ਜੇਕਰ ਸਾਡੇ ਮਨ ਦੀ ਪਰਤ ਸ਼ਾਂਤ ਅਤੇ ਸਹਿਜ ਹੋਵੇ ਤਾਂ ਵਿਰੋਧ ਦੀ ਸਥਿਤੀ ਅਤੇ ਮਲੀਨ ਹੋਣ ਤੋਂ ਬਚਿਆ ਜਾ ਸਕਦਾ ਹੈ | ਸ਼ਾਂਤ ਸੁਭਾਅ ਹੀ ਚੰਗੇਰੀ ਸਮਝ ਗ੍ਰਹਿਣ ਕਰ ਸਕਦਾ ਹੈ | ਇਨ੍ਹਾਂ ਨੇਕ ਗੁਣਾਂ ਨਾਲ ਸਾਡਾ ਜੀਵਨ ਸਫਲ ਰਸਤਿਆਂ ਦਾ ਪਾਂਧੀ ਹੋ ਸਕੇਗਾ |
ਰਵਾਂ ਰਵੀਂ ਵਹਿੰਦੀ ਨਦੀ ਦੀਆਂ ਥੱਲੜਲੀਆਂ ਲਹਿਰਾਂ ਦੀ ਉਥਲ-ਪੁਥਲ ਉਸ ਦੀਆਂ ਉੱਪਰਲੀਆਂ ਸ਼ਾਂਤ ਲਹਿਰਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਤਾਂ ਹੀ ਤਾਂ ਆਥਣ ਦਾ ਵਿਦਾ ਹੁੰਦਾ ਸੂਰਜ ਆਪਣੇ ਸਾਰੇ ਰੰਗ ਉਸ ਹਵਾਲੇ ਕਰ ਜਾਂਦਾ ਹੈ |

-ਮੋਬਾਈਲ : 95921-33339

ਆਓ, ਸਾਉਣ ਮਨਾਈਏ

ਸਾਵਣ ਆਇਆ ਹੈ ਤੇ ਧਰਤੀ ਸਾਵੀ ਚੰੁਨੀ ਓੜ੍ਹ ਲਵੇ... ਫੁੱਲ ਕਲੀਆਂ ਮਹਿਕਣ, ਬਨਸਪਤੀ ਇਵੇਂ ਭਰਪੂਰ ਮੌਲੇ ਕਿ ਅੱਖਾਂ ਠੰਢੀਆਂ ਕਰਨ ਜੋਕਰੀ ਤਾਂ ਹੋਵੇ ਅੜਿਆ | ਬੁਲਬੁਲੀਆਂ ਪਾਣੀਆਂ ਦੀਆਂ ਬੁੱਕਾਂ ਭਰ-ਭਰ ਬੱਦਲ ਜਦੋਂ ਧਰਤੀ 'ਤੇ ਸੁੱਟਦੇ ਹਨ ਤੇ ਬਾਰਿਸ਼ ਦੀਆਂ ਰਹਿਮਤਾਂ ਦੇ ਨਜ਼ਾਰੇ ਲੈਣ ਵਾਲੀਆਂ ਅੱਖਾਂ ਹੀ ਜਾਣਦੀਆਂ ਹਨ ਕਿ ਨਜ਼ਾਰਾ ਕਿਵੇਂ ਦਾ ਬਣਦਾ ਹੈ? ਸੱਚੀਂ ਜਿਵੇਂ ਹੀਰਿਆਂ ਦੀਆਂ ਲੜੀਆਂ ਤਾਰ-ਤਾਰ ਹੋ ਕੇ ਧਰਤੀ ਦੀ ਹਿੱਕ ਵਿਚ ਸਮਾਅ ਰਹੀਆਂ ਹੋਣ | ਜਿਵੇਂ ਸਖੀਆਂ ਗਲ ਲੱਗ-ਲੱਗ ਖ਼ੁਸ਼ੀ ਨਾਲ ਹੰਝੂ ਕੇਰਦੀਆਂ ਹੋਣ ਤੇ ਬਾਰਿਸ਼ ਵਿਚ ਭਿੱਜੇ ਅਲਸਾਏ ਮਦਮਸਤ ਰੁੱਖ ਤੇ ਉੱਪਰ ਭਿੱਜੇ ਹੋਏ ਖੰਭਾਂ ਨੂੰ ਛਿਟਕਦੇ ਅਨੇਕ ਪੰਛੀ, ਮਰਹਬਾ | ਵਾਹ-ਵਾਹ | ਆਖਦਾ ਹੈ ਅੱਖੀਆਂ ਵਾਲਾ ਹਿਰਦਾ | ...ਜੀਹਨੂੰ ਮਿਲੀਆਂ ਹੀ ਨਹੀਂ ਉਹ ਅੱਖਾਂ ਕੀ ਜਾਣਨ...?
ਤਰੱਕੀ ਦੀ ਹੋੜ ਵਿਚ ਚੌੜੀਆਂ ਹੋ ਰਹੀਆਂ ਸੜਕਾਂ, ਪਿੰਡਾਂ-ਸ਼ਹਿਰਾਂ ਵਿਚ ਉਸਰ ਰਹੇ ਕੰਕਰੀਟ ਦੇ ਮਹਿਲ, ਕੋਠੀਆਂ, ਵਧ ਰਹੇ ਏਅਰ ਕੰਡੀਸ਼ਨਰਾਂ ਵਿਚ ਰੁੱਖ, ਹਰਿਆਵਲ ਨੂੰ ਨਾ ਵਿਸਾਰੋ | ਇਨ੍ਹਾਂ ਦੀ ਗਿਣਤੀ ਬਹੁਤ ਵਧੇਰੇ ਵਧਣੀ ਚਾਹੀਦੀ ਹੈ, ਕਿਤੇ ਇਵੇਂ ਨਾ ਹੋਵੇ ਕਿ ਸਾਡੀ ਆਉਣ ਵਾਲੀ ਨਸਲ ਮੋਢਿਆਂ 'ਤੇ ਆਕਸੀਜਨ ਦਾ ਸਿਲੰਡਰ ਲੈ ਕੇ ਮਾੜੂਏ ਜਿਹੇ ਸਰੀਰ ਨਾਲ ਮਿੱਟੀ ਦੀ ਮੁੱਠੀ ਵਿਚ ਕੋਈ ਧਰੇਕ, ਟਾਹਲੀ ਨੂੰ ਬੀਜ ਕੇ ਉਸ ਦੇ ਉੱਗਣ ਦਾ ਇੰਤਜ਼ਾਰ ਕਰੇ | ਆਓ! ਆਪਣੇ ਹਿੱਸੇ ਦੀ ਹਰਿਆਵਲ ਬੀਜੀਏ ਤੇ ਸਾਂਭੀਏ... ਆਓ! ਸਾਵਣ ਮਨਾਈਏ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX