ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  10 minutes ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  16 minutes ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 1 hour ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  about 2 hours ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  about 2 hours ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  about 3 hours ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  about 3 hours ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  about 3 hours ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  about 4 hours ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 4 hours ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਹੋਰ ਖ਼ਬਰਾਂ..

ਲੋਕ ਮੰਚ

ਦੇਸ਼ ਵਿਚ 2019 ਦੌਰਾਨ ਕਿੰਨੀਆਂ ਕੁ ਮਹਿਫ਼ੂਜ਼ ਰਹੀਆਂ ਔਰਤਾਂ?

ਸਾਡੇ ਮੁਲਕ 'ਚ ਔਰਤਾਂ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਦਾਅਵੇ ਲਗਾਤਾਰ ਖੋਖਲੇ ਸਾਬਤ ਹੋ ਰਹੇ ਹਨ। 'ਬੇਟੀ ਪੜ੍ਹਾਓ ਬੇਟੀ ਬਚਾਓ' ਦੇ ਨਾਅਰਿਆਂ ਦੀ ਗੂੰਜ 'ਚ ਬੇਟੀ ਸਹਿਮ ਭਰਪੂਰ ਜੀਵਨ ਜਿਉਣ ਲਈ ਮਜਬੂਰ ਹੈ। ਔਰਤ ਘਰ 'ਚ ਅਤੇ ਘਰ ਤੋਂ ਬਾਹਰ ਹਰ ਜਗ੍ਹਾ ਅਸੁਰੱਖਿਅਤ ਹੋ ਰਹੀ ਹੈ। ਔਰਤਾਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਨੇ ਸਾਡੇ ਸਮਾਜ ਨੂੰ ਚਿੰਤਾਜਨਕ ਮੋੜ 'ਤੇ ਲਿਆ ਖੜ੍ਹੇ ਕੀਤਾ ਹੈ। ਸੈਲਾਨੀ ਔਰਤਾਂ ਨਾਲ ਜਬਰ ਜਨਾਹ ਤੋਂ ਲੈ ਕੇ ਬੱਚੀਆਂ ਅਤੇ ਬਜ਼ੁਰਗ ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀਆਂ ਘਟਨਾਵਾਂ ਸਾਡੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਬੀਤੇ ਵਰ੍ਹੇ ਦੌਰਾਨ ਹੈਦਰਾਬਾਦ 'ਚ ਡਾਕਟਰ ਕੁੜੀ ਨੂੰ ਜਬਰ ਜਨਾਹ ਉਪਰੰਤ ਜਿਉਂਦਿਆ ਸਾੜ ਕੇ ਮਾਰ ਦੇਣ ਦੀ ਵਾਪਰੀ ਘਟਨਾ ਨੇ ਸਾਡੇ ਸਮਾਜ 'ਤੇ ਨਾਰੀ ਜਾਤੀ ਨਾਲ ਜ਼ਿਆਦਤੀਆਂ ਦੇ ਲੱਗੇ ਧੱਬੇ ਨੂੰ ਹੋਰ ਗਹਿਰਾ ਕੀਤਾ ਹੈ। ਹਵਸ ਪੂਰਤੀ ਉਪਰੰਤ ਜਿਉਂਦੀ ਨੂੰ ਸਾੜ ਕੇ ਮਾਰ ਦੇਣਾ ਵਹਿਸ਼ੀਪੁਣੇ ਦੀ ਅੱਤ ਸੀ। ਬੀਤੇ ਵਰ੍ਹੇ ਦੌਰਾਨ ਘਰੋਂ ਬਾਹਰ ਪੜ੍ਹਨ ਜਾਂ ਹੋਰ ਕੰੰਮ-ਧੰਦੇ ਲਈ ਗਈਆਂ ਧੀਆਂ ਦੇ ਮਾਪਿਆਂ ਦੀ ਚਿੰਤਾ 'ਚ ਕਈ ਗੁਣਾ ਇਜ਼ਾਫਾ ਹੋਇਆ ਹੈ। ਇਹ ਔਰਤ ਦੀ ਤ੍ਰਾਸਦੀ ਹੀ ਹੈ ਕਿ ਉਹ ਆਪਣੇ ਘਰ 'ਚ ਵੀ ਮਹਿਫੂਜ਼ ਨਹੀਂ ਰਹੀ। ਬੱਚੀਆਂ ਨਾਲ ਵਾਪਰੀਆਂ ਜਬਰ-ਜਨਾਹ ਦੀਆਂ ਘਟਨਾਵਾਂ ਨੇ ਕੌਮਾਂਤਰੀ ਪੱਧਰ 'ਤੇ ਸਾਡੇ ਸਮਾਜ ਦੀ ਬਦਖੋਈ ਕੀਤੀ ਹੈ। ਔਰਤਾਂ 'ਤੇ ਹੋਣ ਵਾਲੀ ਘਰੇਲੂ ਹਿੰਸਾ ਦੇ ਵਰਤਾਰੇ ਕੋਈ ਘੱਟ ਹੌਲਨਾਕ ਨਹੀਂ ਹਨ। ਘਰੇਲੂ ਹਿੰਸਾ ਨੇ ਵੱਡੀ ਗਿਣਤੀ 'ਚ ਔਰਤਾਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ। ਨਸ਼ਈ ਅਤੇ ਮਾੜੀਆਂ ਆਦਤਾਂ ਦੇ ਸ਼ਿਕਾਰ ਪਤੀਆਂ ਵਲੋਂ ਪਤਨੀਆਂ ਦੀ ਕੀਤੀ ਜਾਂਦੀ ਕੁੱਟਮਾਰ ਦੇ ਕਿੱਸੇ ਅਕਸਰ ਸੁਣਨ ਅਤੇ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਔਰਤਾਂ ਨਾਲ ਜ਼ਿਆਦਤੀ ਦੀਆਂ ਵਧਦੀਆਂ ਘਟਨਾਵਾਂ ਪੱਛਮੀ ਮੁਲਕਾਂ ਦੇ ਮੁਕਾਬਲੇ ਆਪਣੀ ਵਿਰਾਸਤ ਨੂੰ ਵਡਿਆਉਣ ਦੇ ਸਾਡੇ ਦਾਅਵਿਆਂ 'ਤੇ ਕਰਾਰੀ ਚਪੇੜ ਹਨ। ਪੱਛਮੀ ਮੁਲਕਾਂ 'ਚ ਔਰਤਾਂ ਨਾਲ ਜਬਰ ਜਨਾਹ ਦੀ ਦਰ ਸਾਡੇ ਮੁਲਕ ਨਾਲੋਂ ਕਈ ਗੁਣਾ ਘੱਟ ਹੈ ਪਰ ਅਸੀਂ ਆਪਣੇ ਧਾਰਮਿਕ ਰਹਿਬਰਾਂ ਵਲੋਂ ਔਰਤਾਂ ਨੂੰ ਸਨਮਾਨ ਦੇਣ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਦਰਕਿਨਾਰ ਕਰਦਿਆਂ ਔਰਤਾਂ ਦੀ ਜ਼ਿੰਦਗੀ ਨਰਕ ਬਣਾਉਣ 'ਤੇ ਤੁਲੇ ਹੋਏ ਹਾਂ। ਔਰਤਾਂ 'ਤੇ ਹੋਣ ਵਾਲੇ ਬਹੁਗਿਣਤੀ ਜ਼ੁਲਮਾਂ ਦੀ ਰਾਜਸੀ ਪੁਸ਼ਤਪਨਾਹੀ ਪੀੜਤਾਂ ਦੇ ਇਨਸਾਫ ਦੇ ਰਸਤੇ ਦੀ ਮੁੱਖ ਰੁਕਾਵਟ ਬਣੀ ਹੋਈ ਹੈ। ਸੈਂਕੜੇ ਕੇਸਾਂ 'ਚ ਪੀੜਤ ਔਰਤਾਂ ਦੀ ਕਿਧਰੇ ਸੁਣਵਾਈ ਹੀ ਨਹੀਂ ਹੁੰਦੀ, ਇਨਸਾਫ ਤਾਂ ਦੂਰ ਦੀ ਗੱਲ ਹੈ। ਸਾਡੀ ਇਨਸਾਫ ਵਿਵਸਥਾ ਵੀ ਪੀੜਤ ਔਰਤਾਂ ਨੂੰ ਸਮੇਂ ਸਿਰ ਇਨਸਾਫ ਦੇਣ 'ਚ ਇਕ ਤਰ੍ਹਾਂ ਨਾਲ ਅਸਫਲ ਹੀ ਸਿੱਧ ਹੋ ਰਹੀ ਹੈ। ਆਓ, ਨਵੇਂ ਵਰ੍ਹੇ 'ਚ ਔਰਤ ਲਈ ਸੁਰੱਖਿਅਤ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦਿਆਂ ਔਰਤ ਨੂੰ ਘਰ ਅਤੇ ਘਰ ਤੋਂ ਬਾਹਰ ਬੇਫਿਕਰੀ ਦਾ ਮਾਹੌਲ ਦੇਈਏ। ਔਰਤ ਨੂੰ ਖੁੱਲ੍ਹੇ ਅੰਬਰ 'ਚ ਉਡਾਣ ਭਰਨ ਦੇਈਏ। ਅਜਿਹਾ ਮਾਹੌਲ ਸਿਰਜੀਏ ਕਿ ਸਾਡੇ ਨੌਜਵਾਨਾਂ ਨੂੰ ਔਰਤਾਂ ਦਾ ਸਨਮਾਨ ਕਰਨ ਦੀ ਸੋਝੀ ਆ ਜਾਵੇ। ਕਾਸ਼! ਕਿਸੇ ਜੱਗ ਜਣਨੀ ਨੂੰ ਆਪਣੇ ਹੀ ਘਰ 'ਚ ਜਬਰ ਜਨਾਹ ਦਾ ਸੰਤਾਪ ਨਾ ਹੰਢਾਉਣਾ ਪਵੇ। ਕਿਸੇ ਧੀ ਨੂੰ ਜਿਉਂਦਿਆਂ ਨਾ ਸੜਨਾ ਪਵੇ। ਕਿਸੇ ਅਬਲਾ ਦੀ ਮੌਤ 'ਤੇ ਮੋਮਬੱਤੀਆਂ ਨਾ ਜਗਾਉਣੀਆਂ ਪੈਣ।

-ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ। ਮੋਬਾ: 98786-05965


ਖ਼ਬਰ ਸ਼ੇਅਰ ਕਰੋ

ਨਾਗਰਿਕਤਾ ਰਜਿਸਟਰ ਦੀ ਥਾਂ ਬੇਰੁਜ਼ਗਾਰਾਂ ਦੀ ਸੂਚੀ ਤਿਆਰ ਕਰ ਕੇ ਰੁਜ਼ਗਾਰ ਦੇਵੇ ਸਰਕਾਰ

ਦੇਸ਼ ਵਿਚ ਇਸ ਵੇਲੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਖਾਵਿਆਂ ਤੇ ਧਰਨਿਆਂ ਦਾ ਦੌਰ ਜਾਰੀ ਹੈ ਤੇ ਕਿਤੇ-ਕਿਤੇ ਹਿੰਸਾ ਕਰਕੇ ਮਨੁੱਖੀ ਜਾਨਾਂ ਤੇ ਜਨਤਕ ਸੰਪਤੀ ਦਾ ਭਾਰੀ ਨੁਕਸਾਨ ਵੀ ਹੋ ਰਿਹਾ ਹੈ। ਸਿਆਸੀ ਪਾਰਟੀਆਂ ਇਸ ਬਰਬਾਦੀ ਲਈ ਇਕ-ਦੂਜੇ 'ਤੇ ਇਲਜ਼ਾਮਤਰਾਸ਼ੀ ਕਰ ਰਹੀਆਂ ਹਨ ਪਰ ਇਸ ਕਾਨੂੰਨ ਬਾਰੇ ਬੈਠ ਕੇ ਗੱਲ ਕਰਨ ਅਤੇ ਲੋੜੀਂਦੀਆਂ ਸੋਧਾਂ ਕਰਨ ਲਈ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ 'ਚੋਂ ਕੋਈ ਵੀ ਤਿਆਰ ਨਹੀਂ ਹੈ। ਇਹ ਵਰਤਾਰਾ ਬੜੀ ਹੀ ਚਿੰਤਾ ਤੇ ਦੁੱਖ ਦਾ ਕਾਰਨ ਹੈ। ਦੇਸ਼ 'ਚ ਆਜ਼ਾਦੀ ਦੇ 70 ਸਾਲ ਬਾਅਦ ਵੀ ਕੁੱਲੀ, ਗੁੱਲੀ ਤੇ ਜੁੱਲੀ ਦਾ ਸਮੱਸਿਆ ਜਿਉਂ ਦੀ ਤਿਉਂ ਕਾਇਮ ਹੈ। ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਕਰਕੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਦੇਸ਼ ਵਿਚ ਵਧਦੇ ਜੁਰਮਾਂ ਤੇ ਖ਼ਾਸ ਕਰਕੇ ਔਰਤਾਂ ਸਬੰਧੀ ਜੁਰਮਾਂ ਦਾ ਗ੍ਰਾਫ਼ ਬਹਤ ਉੱਚਾ ਚਲਾ ਗਿਆ ਹੈ ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਸਾਡੇ ਸਿਆਸੀ ਆਗੂ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦੀ ਯੋਜਨਾਬੰਦੀ ਕਰਨ ਦੀ ਥਾਂ ਧਾਰਮਿਕ ਮੁੱਦਿਆਂ ਦਾ ਬਖੇੜਾ ਕਰਕੇ ਸਿਆਸੀ ਰੋਟੀਆਂ ਸੇਕਣ 'ਚ ਰੁੱਝੇ ਹੋਏ ਹਨ। ਐਨ.ਆਰ.ਸੀ. ਦੇ ਹੁਣੇ ਹੀ ਲਾਗੂ ਹੋ ਜਾਣ ਨਾਲ ਦੇਸ਼ ਦਾ ਕਿੰਨਾ ਕੁ ਭਲਾ ਹੋ ਜਾਏਗਾ, ਇਹ ਗੱਲ ਆਮ ਆਦਮੀ ਦੀ ਸਮਝ ਤੋਂ ਬਾਹਰ ਹੈ। ਇਸ ਮੁੱਦੇ ਨੂੰ ਥੋੜ੍ਹੇ ਠਰ੍ਹੰਮੇ ਤੇ ਸੋਚ-ਵਿਚਾਰ ਪਿੱਛੋਂ ਲਾਗੂ ਕਰਨ ਬਾਰੇ ਵੀ ਸੋਚਿਆ ਜਾ ਸਕਦਾ ਹੈ ਪਰ ਪਤਾ ਨਹੀਂ ਕਿਸ ਚੀਜ਼ ਦੀ ਕਾਹਲੀ ਵਿਚ ਸਿਆਸੀ ਆਗੂ ਦੇਸ਼ ਵਿਚ ਅਰਾਜਕਤਾ ਫ਼ੈਲਾਉਣ ਵਿਚ ਲੱਗੇ ਹੋਏ ਹਨ। ਸਮਾਜਿਕ ਵਿਸ਼ਲੇਸ਼ਕਾਂ ਅਨੁਸਾਰ ਦੇਸ਼ ਵਿਚ ਵਧਦੀ ਬੇਰੁਜ਼ਗਾਰੀ ਅਤੇ ਮੰਦੀ ਅਰਥਵਿਵਸਥਾ ਕਰਕੇ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਹੈ ਤੇ ਦੇਸ਼ ਵਿਚ ਖੁਦਕੁਸ਼ੀਆਂ ਅਤੇ ਜੁਰਮਾਂ ਦੀ ਸੰਖਿਆ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐਨ.ਆਰ.ਸੀ. ਅਤੇ ਐਨ.ਆਰ.ਪੀ. ਰਾਹੀਂ ਨਾਗਰਿਕਾਂ ਦੀਆਂ ਸੂਚੀਆਂ ਤਿਆਰ ਕਰਨ ਦੀ ਥਾਂ ਦੇਸ਼ ਵਿਚ ਬੇਰੁਜ਼ਗਾਰਾਂ ਦੀਆਂ ਸੂਚੀਆਂ ਤਿਆਰ ਕਰਨ ਨੂੰ ਪਹਿਲ ਦੇਵੇ ਤੇ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰ ਕੇ ਉਨ੍ਹਾਂ ਦੀ ਵਿਦਵਤਾ ਤੇ ਯੋਗਤਾ ਦੀ ਵਰਤੋਂ ਦੇਸ਼ ਦੇ ਵਿਨਾਸ਼ ਦੀ ਥਾਂ ਦੇਸ਼ ਦੇ ਵਿਕਾਸ ਵਿਚ ਕਰੇ। ਦੇਸ਼ ਵਿਚਲੀ ਮਹਿੰਗਾਈ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇ ਤੇ ਖੇਤੀ ਤੇ ਉਦਯੋਗਿਕ ਸੈਕਟਰ ਨੂੰ ਮੰਦੀ 'ਚੋਂ ਉਭਾਰਨ ਲਈ ਵਿਸ਼ੇਸ਼ ਪੈਕੇਜ ਦੇ ਕੇ ਅਰਥਵਿਵਸਥਾ ਦੇ ਪਹੀਏ ਨੂੰ ਗਤੀ ਪ੍ਰਦਾਨ ਕੀਤੀ ਜਾਵੇ। ਸਿਆਸੀ ਨੇਤਾ ਜੇਕਰ ਜਨਤਾ ਦਾ ਧਿਆਨ ਭਟਕਾਉਣ ਲਈ ਸਮੱਸਿਆ ਦਾ ਹੱਲ ਕਰਨ ਦੀ ਥਾਂ ਇਕ ਹੋਰ ਸਮੱਸਿਆ ਪੈਦਾ ਕਰਨ ਦੀ ਨੀਤੀ 'ਤੇ ਚੱਲਣਗੇ ਤਾਂ ਦੇਸ਼ ਦਾ ਭਲਾ ਹੋਣ ਦੀ ਕੋਈ ਉਮੀਦ ਨਹੀਂ ਹੈ। ਦੇਸ਼ ਵਿਚਲੇ ਪੜ੍ਹੇ-ਲਿਖੇ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਚਲੇ ਜਾਣਾ ਜਾਂ ਬੇਕਾਰੀ ਹੱਥੋਂ ਤੰਗ ਆ ਕੇ ਅਪਰਾਧ ਦੀ ਦੁਨੀਆ ਵੱਲ ਰੁਖ਼ ਕਰਨਾ ਬਹੁਤ ਹੀ ਖ਼ਤਰਨਾਕ ਰੁਝਾਨ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਸਮੂਹ ਸਿਆਸੀ ਜਮਾਤਾਂ ਨੂੰ ਅੱਗੇ ਆੳਣ ਦੀ ਲੋੜ ਹੈ, ਨਹੀਂ ਤਾਂ ਦੇਸ਼ ਦਾ ਵਰਤਮਾਨ ਤੇ ਭਵਿੱਖ ਕੋਈ ਵਧੀਆ ਰਹਿਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਹਨ।

-410, ਚੰਦਰ ਨਗਰ, ਬਟਾਲਾ। ਮੋਬਾ: 97816-46008

ਅਟਲ ਭੂ ਜਲ ਯੋਜਨਾ ਅਤੇ ਪਾਣੀ ਦੇ ਗੰਭੀਰ ਸੰਕਟ ਵੱਲ ਵਧਦਾ ਪੰਜਾਬ

ਪਾਣੀ ਦੇ ਕੁਦਰਤੀ ਗੁਪਤ ਖਜ਼ਾਨੇ ਦੀ ਜਾਣਕਾਰੀ ਤੋਂ ਪਹਿਲਾਂ ਮਨੁੱਖ ਨੇ ਪਾਣੀ ਦੇ ਵਹਿੰਦੇ ਸਰੋਤਾਂ ਨਦੀਆਂ-ਨਾਲਿਆਂ ਤੋਂ ਆਪਣੀਆਂ ਰੋਜਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਸੇਬਾ ਵੀ ਇਨ੍ਹਾਂ ਦੇ ਕੰਢੇ-ਕਿਨਾਰਿਆਂ 'ਤੇ ਕੀਤਾ ਹੋਇਆ ਸੀ। ਇਸ ਗੁਪਤ ਖਜ਼ਾਨੇ ਦਾ ਭੇਤ ਲੱਗ ਜਾਣ ਕਾਰਨ ਮਨੁੱਖ ਇਸ ਪਾਣੀ ਦੀ ਵਰਤੋਂ ਕਰਨ ਲਈ ਪਹਿਲਾਂ ਖੂਹ ਤੇ ਹੁਣ ਟਿਊਬਵੈੱਲ ਆਦਿ ਸਾਧਨ ਈਜਾਦ ਕਰ ਕੇ ਮਰਜ਼ੀ ਅਨੁਸਾਰ ਵਰਤੋਂ ਕਰਨੀ ਸ਼ੁਰੂ ਕੀਤੀ ਹੋਈ ਹੈ। ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਰਿਹਾ ਹੈ। ਇਸ ਦੀ ਜ਼ਰਖੇਜ਼ ਜ਼ਮੀਨ ਵੱਖ-ਵੱਖ ਪੈਦਾਵਾਰ ਦੇ ਕੇ ਆਪਣੇ ਬਾਸ਼ਿੰਦਿਆਂ ਦਾ ਹਰ ਤਰ੍ਹਾਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਪੰਜਾਬ ਵੀ ਇਸ ਦੇਸ਼ ਇਕ ਅਜਿਹਾ ਮਾਣਿਕ ਮੋਤੀ ਖਿੱਤਾ ਰਿਹਾ ਹੈ, ਜੋ ਇਕ ਉਪਜਾਊ ਮਿੱਟੀ ਦਾ ਖੇਤਰ ਹੈ। ਇਸ ਖਿੱਤੇ ਵਿਚ ਵਹਿੰਦੇ ਪਾਣੀ ਦੇ ਪੰਜ ਦਰਿਆਵਾਂ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਭਾਰਤ ਨੂੰ ਆਪਣੇ ਲੋਕਾਂ ਦੀਆਂ ਖਾਧ ਪਦਾਰਥਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਨਾਜ ਵਿਦੇਸ਼ਾਂ ਤੋਂ ਮੰਗਾਉਣਾ ਪੈਂਦਾ ਸੀ। ਇਸ ਤੋਂ ਖਹਿੜਾ ਛੁਡਾਉਣ ਲਈ ਦੇਸ਼ ਵਿਚ ਕਈ ਯੋਜਨਾਵਾਂ ਤਿਆਰ ਕਰਨ ਲਈ ਹੱਥ-ਪੈਰ ਮਾਰੇ ਗਏ। 'ਹਰੀ ਕ੍ਰਾਂਤੀ' ਨੂੰ ਪੰਜਾਬ ਵਿਚ ਲਾਗੂ ਕੀਤਾ ਗਿਆ। ਕਿਸਾਨਾਂ ਨੇ ਇਸ ਨੂੰ ਤਨੋ-ਮਨੋ ਅਪਨਾਅ ਕੇ ਸਖ਼ਤ ਮਿਹਨਤ ਕੀਤੀ, ਜਿਸ ਨਾਲ ਦੇਸ਼ ਦੇ ਅੰਨ ਭੰਡਾਰ ਸਿਰਫ ਭਰੇ ਹੀ ਨਹੀਂ, ਸਗੋਂ ਅਨਾਜ ਨਾਲ ਸਰਪਲਸ ਵੀ ਹੋ ਗਏ। ਦੇਸ਼ ਦੀ ਇਸ ਖੁਸ਼ਹਾਲੀ ਲਈ ਜਿਥੇ ਕਿਸਾਨਾਂ ਦੀ ਸਿਰਤੋੜ ਮਿਹਨਤ ਰਹੀ ਹੈ, ਉਥੇ ਭੂ ਜਲ ਦੀ ਇਕ ਵੱਡੀ ਬਲੀ ਦਿੱਤੀ ਜਾ ਰਹੀ ਹੈ। ਕਣਕ-ਝੋਨੇ ਦੇ ਚੱਕਰ ਦਾ ਇਹ ਦੈਂਤ ਭੂ-ਜਲ ਨੂੰ ਜਿਥੇ ਡੀਕ ਲਾ ਰਿਹਾ ਹੈ, ਉਥੇ ਇਸ ਦੇ ਸੜਦੇ ਰਹਿੰਦ-ਖੂੰਹਦ (ਨਾੜ-ਪਰਾਲੀ) ਵਾਤਾਵਰਨ ਦਾ ਸੱਤਿਆਨਾਸ ਕਰ ਰਿਹਾ ਹੈ। ਭਾਵੇਂ ਕਿ ਜਿਥੇ ਕੁਝ ਫ਼ਸਲਾਂ ਪਾਣੀ ਦੀਆਂ ਖੌਅ ਬਣੀਆਂ ਹੋਈਆਂ ਹਨ, ਉਥੇ ਸਾਡੇ ਸਭ ਵਲੋਂ ਹੋਰ ਕਈ ਰੂਪਾਂ ਵਿਚ ਕੀਤੀ ਜਾ ਰਹੀ ਪਾਣੀ ਦੀ ਦੁਰਵਰਤੋਂ/ਦੁਰਗਤੀ ਨਾਲ ਉਜੜ ਰਹੇ ਜਲ ਭੰਡਾਰ ਪ੍ਰਤੀ ਅੱਖਾਂ ਮੀਟ ਲੈਣ ਵਾਲੀ ਬਿਰਤੀ ਆਦਿ ਜਲ ਸੰਕਟ ਲਈ ਇਕ ਵੱਡਾ ਜ਼ਿੰਮੇਵਾਰ ਤੱਤ ਬਣੇ ਹੋਏ ਹਨ। ਜੇ ਇਹ ਸਭ ਕੁਝ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਹੋਣਗੇ ਜਦ ਇਹ ਖਿੱਤਾ ਪਾਣੀ ਤੋਂ ਸੱਖਣਾ ਹੋ ਕੇ ਰੇਗਿਸਤਾਨ ਵਿਚ ਬਦਲ ਜਾਏਗਾ। ਆਪਣਾ ਸਭ ਕੁਝ ਦਾਅ 'ਤੇ ਲਾ ਕੇ ਦੇਸ਼ ਦੇ ਅੰਨ ਭੰਡਾਰ ਵਿਚ ਇਕ ਵੱਡਾ ਯੋਗਦਾਨ ਪਾਉਂਦਾ ਆ ਰਿਹਾ ਦੇਸ਼ ਦਾ ਇਹ ਮਾਣਿਕ ਮੋਤੀ ਖਿੱਤਾ (ਪੰਜਾਬ) ਅੱਜ ਭੂ ਜਲ ਦੇ ਘੋਰ ਸੰਕਟ 'ਚ ਘਿਰ ਚੁੱਕਾ ਹੈ ਜਾਣੀ ਇਸ ਦਾ ਇਕ ਵੱਡਾ ਭਾਗ 'ਡਾਰਕ ਜ਼ੋਨ' ਬਣ ਗਿਆ ਹੈ ਤਾਂ ਦੇਸ਼ ਨੇ ਹੀ ਇਸ ਦੀ ਬਾਂਹ ਫੜਨੀ ਹੈ। ਖਾਸ ਸਹੂਲਤਾਂ ਦੇ ਕੇ ਜ਼ਰਖੇਜ ਜ਼ਮੀਨ ਉਪਜਾਊ ਸ਼ਕਤੀ ਤੇ ਭੂ ਜਲ ਬਚਾਉਣਾ ਹੈ। ਪਰ ਦੁਖਦ ਗੱਲ ਇਹ ਕਿ ਪੰਜਾਬ ਨੂੰ ਖਾਸ ਸਹੂਲਤਾਂ ਦੇਣ ਦੀ ਥਾਂ ਦੇਸ਼ ਕੁਝ ਦੇ ਖਿੱਤਿਆਂ ਵਿਚ ਲਾਗੂ ਕੀਤੀ ਜਾ ਰਹੀ ਅਟਲ ਭੂ ਜਲ ਯੋਜਨਾ 'ਚੋਂ ਦੇਸ਼ ਦੇ ਅਟੁੱਟ ਅੰਗ ਪੰਜਾਬ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਜੋ ਸਮਝ ਤੋਂ ਬਾਹਰ ਵਾਲੀ ਗੱਲ ਹੈ। ਸਭ ਸਿਆਸੀ ਪਾਰਟੀਆਂ ਨੂੰ ਸਿਆਸਤ ਤੋਂ ਉਪਰ ਉਠ ਕੇ ਪੰਜਾਬ ਨੂੰ ਅਟਲ ਭੂ ਜਲ ਯੋਜਨਾ ਤੋਂ ਛੇਕਣ 'ਤੇ ਹਾਅ ਨਾਅਰਾ ਮਾਰਦਿਆਂ ਅਜਿਹੇ ਸੁਹਿਰਦ ਯਤਨ ਕੀਤੇ ਜਾਣ, ਜਿਸ ਨਾਲ ਮੇਰੇ ਦੇਸ਼ ਭਾਰਤ ਦੀ ਮਾਲਾ ਦਾ ਹਰਿਆ-ਭਰਿਆ ਇਹ ਮਾਣਿਕ ਮੋਤੀ ਖਿੱਤਾ ਪੰਜਾਬ ਵੀ ਉਕਤ ਯੋਜਨਾ ਦੇ ਲਾਭ ਲੈਂਦਾ ਹੋਇਆ ਰੇਗਸਿਤਾਨ 'ਚ ਬਦਲਣ ਤੋਂ ਬਚ ਸਕੇ ਅਤੇ ਆਪਣੀ ਹਰੀ-ਭਰੀ ਹਰਿਆਵਲ ਕਾਇਮ ਰੱਖ ਸਕੇ।

-ਪਿੰਡ ਛੋਟਾ ਰਈਆ, ਜ਼ਿਲ੍ਹਾ ਅੰਮ੍ਰਿਤਸਰ-143112. ਮੋਬਾ: 62845-75581

ਬੀਤੇ ਸਮੇਂ ਦੀ ਗੱਲ ਬਣੇ ਨਾਨਕੇ ਮੇਲ ਦੇ ਹਾਸੇ-ਠੱਠੇ

ਵਿਆਹ ਲੜਕੇ ਜਾਂ ਲੜਕੀ ਦਾ ਹੋਵੇ, ਇਹ ਬੇਹੱਦ ਖੁਸ਼ੀਆਂ ਵਾਲਾ ਦਿਨ ਹੁੰਦਾ ਹੈ। ਪੁਰਾਣੇ ਸਮਿਆਂ ਦੀ ਜੇਕਰ ਗੱਲ ਕਰੀਏ ਤਾਂ ਜਿਸ ਘਰ ਵਿਚ ਵਿਆਹ ਹੁੰਦਾ ਸੀ, ਉਸ ਘਰ ਵਿਚ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਇਆ ਕਰਦੀਆਂ ਸਨ। ਲੋਕਾਂ ਵਲੋਂ ਵਿਆਹ ਨਾਲ ਸਬੰਧਿਤ ਲੀੜਾ-ਕੱਪੜਾ ਬਣਾਉਣ ਤੋਂ ਇਲਾਵਾ ਕੱਚੇ ਘਰਾਂ ਦੀਆਂ ਕੰਧਾਂ ਉੱਪਰ ਤਰ੍ਹਾਂ-ਤਰ੍ਹਾਂ ਦੇ ਘੁੱਗੀਆਂ, ਮੋਰ, ਗਟਾਰਾਂ ਅਤੇ ਕੱਚੇ ਵਿਹੜਿਆਂ ਵਿਚ ਗੋਹਾ-ਮਿੱਟੀ ਫੇਰ ਕੇ ਮਹਿਮਾਨਾਂ ਦੇ ਸਵਾਗਤ ਲਈ ਖੂਬ ਸ਼ਿੰਗਾਰਿਆ ਜਾਂਦਾ ਸੀ। ਵਿਆਹ ਵਿਚ ਸ਼ਾਮਿਲ ਹੋਣ ਆਏ ਅਨੇਕਾਂ ਸਾਕ-ਸਬੰਧੀਆਂ ਵਿਚੋਂ ਨਾਨਕੇ ਮੇਲ ਦੀ ਵਿਸ਼ੇਸ਼ ਥਾਂ ਹੋਇਆ ਕਰਦੀ ਸੀ। ਵਿਆਹ ਵਾਲੇ ਘਰ ਨਾਨਕੇ ਮੇਲ ਦੀ ਆਮਦ 'ਤੇ ਜਿਥੇ ਲਾਗੀਆਂ ਵਲੋਂ ਸਵਾਗਤ ਵਜੋਂ ਬੂਹੇ ਵਿਚ ਤੇਲ ਚੋਇਆ ਜਾਂਦਾ ਸੀ, ਉਥੇ ਵਿਆਹ ਵਾਲੇ ਲੜਕੇ-ਲੜਕੀ ਦੀ ਮਾਂ ਵਲੋਂ ਸੌ-ਸੌ ਸ਼ਗਨ ਮਨਾ ਕੇ ਅਤੇ ਸਾਰੇ ਮੇਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਬੂਹੇ ਦੀ ਦਹਿਲੀਜ਼ ਤੋਂ ਅੰਦਰ ਲੰਘਾਇਆ ਜਾਂਦਾ ਸੀ। ਘਰ ਵਾਲਿਆਂ ਵਲੋਂ ਨਾਨਕੇ ਮੇਲ ਦੇ ਠਹਿਰਨ ਲਈ ਵੱਖਰੇ ਕਮਰਿਆਂ ਦਾ ਇੰਤਜ਼ਾਮ ਕੀਤਾ ਜਾਇਆ ਕਰਦਾ ਸੀ। ਇਸ ਤੋਂ ਇਲਾਵਾ ਰਾਤ ਸਮੇਂ ਨਾਨਕੇ ਮੇਲ ਦੁਆਰਾ ਕੱਢੀ ਜਾਂਦੀ ਜਾਗੋ ਵਿਸ਼ੇਸ਼ ਖਿੱਚ ਦਾ ਕੇਂਦਰ ਹੋਇਆ ਕਰਦੀ ਸੀ। ਨਾਨਕੇ ਮੇਲ ਦੀ ਇਸ ਜਾਗੋ ਵਲੋਂ ਹਾਸੇ-ਠੱਠੇ ਵਿਚ ਅਨੇਕਾਂ ਘਰਾਂ ਦੇ ਮੰਜੇ ਅਤੇ ਪਰਨਾਲੇ ਭੰਨਣ ਦੇ ਨਾਲ-ਨਾਲ ਉਨ੍ਹਾਂ ਦੀਆਂ ਰਸੋਈਆਂ ਵਿਚ ਪਏ ਦੁੱਧ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਜਾਂਦਾ ਸੀ। ਵਿਆਹ ਦੀਆਂ ਇਨ੍ਹਾਂ ਮਨਾਈਆਂ ਜਾ ਰਹੀਆਂ ਖੁਸ਼ੀਆਂ ਸਮੇਂ ਹੋਏ ਇਸ ਛੋਟੇ-ਛੋਟੇ ਨੁਕਸਾਨ 'ਤੇ ਕੋਈ ਵੀ ਵਿਅਕਤੀ ਮੱਥੇ ਵੱਟ ਨਹੀਂ ਪਾਉਂਦਾ ਸੀ। ਦੇਰ ਰਾਤ ਤੱਕ ਗਿੱਧੇ ਵਿਚ ਨਾਨਕਿਆਂ ਅਤੇ ਦਾਦਕਿਆਂ ਦੇ ਹੁੰਦੇ ਹਾਸੇ-ਠੱਠੇ ਦਾ ਲੋਕਾਂ ਵਲੋਂ ਕੋਠਿਆਂ ਦੇ ਬਨੇਰਿਆਂ ਉੱਤੇ ਬੈਠ ਕੇ ਖੂਬ ਅਨੰਦ ਮਾਣਿਆ ਜਾਂਦਾ ਸੀ। ਹੁਣ ਜੇਕਰ ਅੱਜਕਲ੍ਹ ਦੇ ਵਿਆਹਾਂ ਦੀ ਗੱਲ ਕਰੀਏ ਤਾਂ ਅਜੋਕੇ ਵਿਆਹਾਂ ਵਿਚ ਨਾਨਕੇ ਮੇਲ ਦੇ ਇਹ ਰੀਤੀ-ਰਿਵਾਜ ਬਣਾਉਟੀ ਜਿਹੇ ਅਤੇ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਹੁੰਦੇ ਨਜ਼ਰ ਆ ਰਹੇ ਹਨ। ਅੱਜਕਲ੍ਹ ਇਕਹਿਰੇ ਪਰਿਵਾਰ ਹੋਣ ਕਾਰਨ ਹਰੇਕ ਮਨੁੱਖ ਆਪਣੇ ਕੰਮਕਾਰਾਂ ਵਿਚ ਬੇਹੱਦ ਰੁੱਝਿਆ ਨਜ਼ਰ ਆ ਰਿਹਾ ਹੈ। ਇਸ ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਾਰਨ ਅੱਜ ਨਾਨਕੇ ਮੇਲ ਦੇ ਥੋੜ੍ਹੇ ਜਿਹੇ ਮੈਂਬਰ ਹੀ ਰਾਤ ਸਮੇਂ ਚੱਲਦੇ ਡੀ.ਜੇ. ਦੇ ਗੀਤਾਂ ਉੱਤੇ ਲਾਈਟਾਂ ਵਾਲੀ ਜਾਗੋ ਦੀ ਫਾਰਮਿਲਟੀ ਕਰ ਕੇ 2-3 ਘੰਟਿਆਂ ਵਿਚ ਅਗਲੇ ਦਿਨ ਸਿੱਧੇ ਪੈਲੇਸ ਵਿਚ ਆਉਣ ਦਾ ਵਾਅਦਾ ਕਰ ਕੇ ਰਾਤ ਸਮੇਂ ਹੀ ਆਪਣੇ ਘਰਾਂ ਨੂੰ ਰਵਾਨਾ ਹੋ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਸਮਾਗਮਾਂ ਵਿਚ ਅਲੋਪ ਹੋ ਰਹੇ ਨਾਨਕੇ ਮੇਲ ਦੇ ਹਾਸੇ-ਠੱਠਿਆਂ ਲਈ ਜਿਥੇ ਸਮੇਂ ਦੀ ਘਾਟ ਮੁੱਖ ਕਾਰਨ ਹੈ, ਉਥੇ ਲੋਕਾਂ ਵਿਚ ਦਿਨੋਂ-ਦਿਨ ਖ਼ਤਮ ਹੁੰਦੀ ਜਾ ਰਹੀ ਸਹਿਣਸ਼ੀਲਤਾ ਵੀ ਜ਼ਿੰਮੇਵਾਰ ਹੈ। ਸੋ, ਸਾਨੂੰ ਸਭ ਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਸਮੇਂ ਆਪਣੇ ਝੋਰੇ, ਟੈਨਸ਼ਨਾਂ ਭੁਲਾ ਕੇ ਇਨ੍ਹਾਂ ਹਾਸੇ-ਠੱਠਿਆਂ ਦੇ 2-3 ਘੰਟਿਆਂ ਨੂੰ ਵਧੀਆ ਤਰੀਕੇ ਨਾਲ ਮਾਣ ਕੇ ਯਾਦਗਾਰੀ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਸਾਡੇ ਕਰਕੇ ਕਿਸੇ ਦੀਆਂ ਮਨਾਈਆਂ ਜਾ ਰਹੀਆਂ ਖ਼ੁਸ਼ੀਆਂ ਵਿਚ ਹੋਰ ਦੁੱਗਣਾ-ਤਿੱਗਣਾ ਵਾਧਾ ਹੋ ਸਕੇ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

ਹਾਦਸਿਆਂ ਨੂੰ ਠੱਲ੍ਹ ਪਾ ਰਹੇ ਨੇ ਮੋੜਾਂ 'ਤੇ ਲੱਗੇ ਟ੍ਰੈਫਿਕ ਸ਼ੀਸ਼ੇ

ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਆਵਾਜਾਈ ਦੇ ਸਾਧਨਾਂ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਕਰਕੇ ਹਰ ਰੋਜ਼ ਹੀ ਵਾਹਨਾਂ ਦੀ ਆਪਸੀ ਟੱਕਰ ਨਾਲ ਦਿਲ-ਕੰਬਾਊ ਹਾਦਸੇ ਵਾਪਰ ਰਹੇ ਹਨ। ਅਣਗਿਣਤ ਮਨੁੱਖੀ ਜਾਨਾਂ ਜਾ ਰਹੀਆਂ ਹਨ ਤੇ ਅਨੇਕਾਂ ਲੋਕ ਜ਼ਖ਼ਮੀ ਹੋ ਰਹੇ ਹਨ। ਅੱਜ ਹਰ ਕੋਈ ਕਾਹਲ ਵਿਚ ਹੁੰਦਾ ਹੈ। ਇਹ ਕਾਹਲ ਮੋੜਾਂ ਉੱਪਰ ਵੀ ਵਾਹਨਾਂ ਦੀ ਗਤੀ ਨੂੰ ਘੱਟ ਨਹੀਂ ਹੋਣ ਦਿੰਦੀ। ਮੋੜ ਤੋਂ ਦੂਸਰੇ ਪਾਸੇ ਤੋਂ ਆ ਰਹੇ ਵਾਹਨ ਦਾ ਪਤਾ ਨਹੀਂ ਲੱਗਦਾ। ਸਿੱਟੇ ਵਜੋਂ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਉਹ ਆਪ ਵੀ ਨੁਕਸਾਨ ਝੱਲਦੇ ਹਨ ਤੇ ਦੂਸਰਿਆਂ ਨੂੰ ਵੀ ਬਿਪਤਾ ਵਿਚ ਪਾ ਦਿੰਦੇ ਹਨ। ਅਜਿਹੇ ਹਾਦਸੇ ਆਮ ਹੀ ਪਿੰਡਾਂ, ਸ਼ਹਿਰਾਂ ਦੇ ਮੋੜਾਂ ਉੱਪਰ ਵਾਪਰਦੇ ਰਹਿੰਦੇ ਹਨ। ਦੋਪਹੀਆ ਵਾਹਨਾਂ ਦੇ ਟਕਰਾਉਣ ਦੀਆਂ ਖ਼ਬਰਾਂ ਤਾਂ ਅਸੀਂ ਅਕਸਰ ਪੜ੍ਹਦੇ-ਸੁਣਦੇ ਰਹਿੰਦੇ ਹਾਂ। ਮੋੜਾਂ ਉੱਪਰ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਸ਼ੀਸ਼ੇ ਲਗਾਏ ਜਾ ਰਹੇ ਹਨ, ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਇਹ ਗੱਲ ਵੀ ਵਿਚਾਰਨਯੋਗ ਹੈ ਕਿ ਇਹ ਸ਼ੀਸ਼ੇ ਲੋਕ ਆਪਣੇ ਪੱਧਰ 'ਤੇ ਹੀ ਪੱਲਿਓਂ ਪੈਸੇ ਖ਼ਰਚ ਕੇ ਲਗਵਾ ਰਹੇ ਹਨ। ਦੇਖਾ-ਦੇਖੀ ਬਹੁਤ ਸਾਰੇ ਪਿੰਡਾਂ ਵਿਚ ਖ਼ਤਰਨਾਕ ਤੇ ਕੂਹਣੀ ਮੋੜਾਂ ਉੱਪਰ ਇਹ ਸ਼ੀਸ਼ੇ ਲਗਾਏ ਜਾ ਚੁੱਕੇ ਹਨ। ਟ੍ਰੈਫਿਕ ਸ਼ੀਸ਼ੇ ਲਵਾਉਣ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਇਨ੍ਹਾਂ ਦੀ ਸਾਰਥਿਕਤਾ ਬਣੀ ਰਹੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟ੍ਰੈਫਿਕ ਸ਼ੀਸ਼ਿਆਂ ਦਾ ਆਕਾਰ ਵੱਡਾ ਹੋਵੇ। ਜੇਕਰ ਦੋ ਮੋੜ ਪੈਂਦੇ ਹੋਣ ਤਾਂ ਇਕ ਦੀ ਬਜਾਏ ਦੋ ਸ਼ੀਸ਼ੇ ਲਗਾਉਣਾ ਬਿਹਤਰ ਹੈ। ਧੁੱਪ ਅਤੇ ਮੀਂਹ ਤੋਂ ਵੀ ਬਚਾਅ ਰੱਖਣਾ ਚਾਹੀਦਾ ਹੈ। ਇਹ ਸ਼ੀਸ਼ੇ ਅਜਿਹੀ ਢੁਕਵੀਂ ਜਗ੍ਹਾ 'ਤੇ ਲਗਾਏ ਜਾਣ ਕਿ ਦੂਸਰੇ ਪਾਸੇ ਤੋਂ ਆਉਂਦਾ ਵਾਹਨ ਸਾਫ ਤੇ ਸਪੱਸ਼ਟ ਦਿਖਾਈ ਦੇਵੇ ਤੇ ਰਸਤਾ ਵੀ ਤੰਗ ਨਾ ਹੋਵੇ। ਹਰ ਰੋਜ਼ ਇਨ੍ਹਾਂ ਸ਼ੀਸ਼ਿਆਂ ਨੂੰ ਸਾਫ ਕੀਤਾ ਜਾਣਾ ਚਾਹੀਦਾ ਹੈ। ਚੰਗਾ ਹੋਵੇ ਜੇ ਉੱਤਮ ਕਵਾਲਿਟੀ ਦੇ ਸ਼ੀਸ਼ਿਆਂ ਦੀ ਵਰਤੋਂ ਕਰ ਲਈ ਜਾਵੇ। ਇਸ ਤੋਂ ਇਲਾਵਾ ਸ਼ਰਾਰਤੀ ਅਨਸਰਾਂ ਤੋਂ ਵੀ ਬਚਾਅ ਕਰਨ ਦੀ ਲੋੜ ਹੈ। ਬਿਨਾਂ ਸ਼ੱਕ, ਅਜਿਹੇ ਉਪਰਾਲੇ ਸ਼ਲਾਘਾਯੋਗ ਹਨ, ਪ੍ਰਸੰਸਾਮਈ ਹਨ। ਅੱਜ ਸਮੇਂ ਦੀ ਲੋੜ ਵੀ ਇਹੋ ਬਣ ਚੁੱਕੀ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਜੋ ਕੁਝ ਵੀ ਕਰਨਾ ਪਵੇ, ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਜਾਨਾਂ ਦੀ ਕੀਮਤ ਕਿਸੇ ਵੀ ਪੱਧਰ ਤੱਕ ਨਹੀਂ ਲਗਾਈ ਜਾ ਸਕਦੀ।

-ਪਿੰਡ ਤੇ ਡਾਕ: ਸ਼ਹਿਬਾਜ਼ਪੁਰਾ, ਨੇੜੇ ਰਾਏਕੋਟ (ਲੁਧਿਆਣਾ)। ਮੋਬਾ: 94630-90470
rairanjit80@gmail.com

ਬੰਦ ਕਮਰੇ ਅੰਦਰ ਭੱਠੀ (ਅੰਗੀਠੀ) ਬਾਲਣ ਤੋਂ ਕਰੋ ਪ੍ਰਹੇਜ਼

ਇਨ੍ਹਾਂ ਦਿਨਾਂ ਵਿਚ ਹੱਡ-ਚੀਰਵੀਂ ਠੰਢ ਪੈ ਰਹੀ ਹੈ। ਪਾਰਾ ਬਹੁਤ ਹੇਠਾਂ ਜਾ ਰਿਹਾ ਹੈ। ਲੋਕ ਠੰਢ ਤੋਂ ਬਚਣ ਲਈ ਕਈ ਉਪਰਾਲੇ ਕਰ ਰਹੇ ਹਨ। ਅਮੀਰ ਲੋਕ ਤਾਂ ਬਿਜਲੀ ਉਪਕਰਨ ਵਰਤ ਰਹੇ ਹਨ ਪਰ ਗ਼ਰੀਬ ਲੋਕ ਬਾਲਣ ਦੀ ਵਰਤੋਂ ਕਰਦੇ ਹਨ। ਪਿਛਲੇ ਦਿਨਾਂ ਤੋਂ ਕਈ ਲੋਕਾਂ ਦੀ ਜਾਨ ਗਈ ਹੈ, ਜਿਨ੍ਹਾਂ ਨੇ ਰਾਤ ਵੇਲੇ ਕਮਰੇ ਅੰਦਰ ਅੰਗੀਠੀ ਬਾਲੀ ਸੀ। ਅਸਲ ਵਿਚ ਜਦ ਅੰਗੀਠੀ ਬਾਲੀ ਜਾਂਦੀ ਹੈ ਤਾਂ ਉਸ ਦੇ ਧੂੰਏਂ ਵਿਚ ਕਾਰਬਨ-ਮੋਨੋਆਕਸਾਈਡ ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ। ਜ਼ਹਿਰੀਲੀ ਹੋਣ ਕਾਰਨ ਇਹ ਮੌਤ ਦਾ ਕਾਰਨ ਬਣਦੀ ਹੈ। ਉਂਜ ਇਸ ਗੈਸ ਦਾ ਬਹੁਤਾ ਮਾੜਾ ਅਸਰ ਨਹੀਂ ਹੁੰਦਾ ਪਰ ਜੇਕਰ ਕਮਰਾ ਬੰਦ ਹੋਵੇ ਭਾਵ ਤਾਜ਼ਾ ਹਵਾ ਦਾ ਨਿਕਾਸ ਨਾ ਹੋਵੇ ਤਾਂ ਇਹ ਮਨੁੱਖ ਲਈ ਜਾਨਲੇਵਾ ਸਾਬਤ ਹੁੰਦੀ ਹੈ। ਜਦ ਇਹ ਪੈਦਾ ਹੁੰਦੀ ਹੈ ਤਾਂ ਵਿਅਕਤੀ ਦਾ ਸਾਹ ਘੁੱਟਣ ਲਗਦਾ ਹੈ ਤੇ ਵਿਅਕਤੀ ਉੱਠ ਕੇ ਬਚਣ ਦਾ ਯਤਨ ਕਰਨ ਦੇ ਯੋਗ ਵੀ ਨਹੀਂ ਰਹਿੰਦਾ, ਜਿਸ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ। ਅਜਿਹੇ ਹਾਦਸਿਆਂ ਤੋਂ ਬਚਣ ਲਈ ਕੋਸ਼ਿਸ਼ ਕੀਤੀ ਜਾਵੇ ਕਿ ਬੰਦ ਕਮਰੇ ਵਿਚ ਅੰਗੀਠੀ ਨਾ ਬਾਲੀ ਜਾਵੇ। ਪਰ ਜੇਕਰ ਮਜਬੂਰੀ ਵੱਸ ਬਾਲਣੀ ਵੀ ਪੈ ਜਾਵੇ ਤਾਂ ਕਮਰੇ ਦਾ ਦਰਵਾਜ਼ਾ ਜਾਂ ਰੌਸ਼ਨਦਾਨ ਖੁੱਲ੍ਹੇ ਰੱਖੇ ਜਾਣ ਤਾਂ ਕਿ ਹਵਾ ਆ-ਜਾ ਸਕੇ। ਅਜਿਹਾ ਕਰ ਕੇ ਹੀ ਅਸੀਂ ਹਾਦਸਿਆਂ ਤੋਂ ਬਚ ਸਕਦੇ ਹਾਂ ਅਤੇ ਸੁਖੀ ਜੀਵਨ ਜੀਅ ਸਕਦੇ ਹਾਂ। ਇਸ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਅਤਿ ਜ਼ਰੂਰੀ ਹੈ।

-ਸ: ਸੀ: ਸੈ: ਸਕੂਲ, ਗੱਟੀ ਰਾਜ਼ੋ ਕੇ। ਮੋਬਾ: 99143-80202

ਜਾਨ ਦਾ ਖੌਅ ਬਣ ਰਿਹਾ 'ਸੈਲਫੀ ਕਰੇਜ਼'

ਜਦੋਂ ਤੋਂ ਸਮਾਰਟ ਫੋਨ ਦਾ ਜ਼ਮਾਨਾ ਆਇਆ ਹੈ, ਉਦੋਂ ਤੋਂ ਹੀ ਮੋਬਾਈਲ ਰਾਹੀਂ ਆਪਣੇ-ਆਪ ਦੀ ਫੋਟੋ ਖਿੱਚਣ ਦੀ ਸ਼ੁਰੂਆਤ ਹੋਈ, ਜਿਸ ਨੂੰ ਕਿ 'ਸੈਲਫੀ' ਦਾ ਨਾਂਅ ਦਿੱਤਾ ਗਿਆ ਹੈ। ਅੱਜ ਦੀ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਸਭ ਉਮਰ ਵਰਗ ਦੇ ਲੋਕਾਂ ਨੂੰ ਇਸ ਕਰੇਜ਼ ਨੇ ਬੁਰੀ ਤਰ੍ਹਾਂ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਅਕਸਰ ਲੋਕ ਨਵੇਂ-ਨਵੇਂ ਪੋਜ਼ ਬਣਾ ਕੇ ਖਿੱਚੀ ਗਈ ਸੈਲਫੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅੱਪਲੋਡ ਕਰਦੇ ਰਹਿੰਦੇ ਹਨ। ਇਹ ਰੁਝਾਨ ਜਿੱਥੇ ਸਾਡੀ ਨਿੱਜਤਾ ਨੂੰ ਨਸ਼ਰ ਕਰਦਾ ਹੈ, ਉੱਥੇ ਹੀ ਸਾਡੀ ਜਾਨ ਦਾ ਖੌਅ ਵੀ ਬਣ ਰਿਹਾ ਹੈ। ਆਪਣੀ ਸੈਲਫੀ ਨੂੰ ਵਿਸ਼ੇਸ਼ ਬਣਾਉਣ ਦੇ ਚੱਕਰ ਵਿਚ ਕਈ ਲੋਕ ਖ਼ਤਰੇ ਵਾਲੀਆਂ ਥਾਵਾਂ ਉੱਪਰ ਕਲਾਬਾਜ਼ੀਆਂ ਦਿਖਾਉਂਦੇ ਹੋਏ ਸੈਲਫੀ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਉਨ੍ਹਾਂ ਦੀ ਜਾਨ 'ਤੇ ਹੀ ਭਾਰੂ ਪੈ ਜਾਂਦੀ ਹੈ। ਪਿਛਲੇ ਦਿਨੀਂ ਹੀ ਫ਼ਿਰੋਜ਼ਪੁਰ ਦੀ ਕੈਨੇਡਾ ਪੜ੍ਹਨ ਗਈ ਲੜਕੀ ਦੀ ਸਮੁੰਦਰ ਵਿਚ ਖਲੋ ਕੇ ਸੈਲਫੀ ਲੈਂਦਿਆਂ ਡੁੱਬਣ ਕਾਰਨ ਮੌਤ ਦੀ ਖ਼ਬਰ ਮੀਡੀਆ ਵਿਚ ਆਈ ਹੈ। ਦੋ ਸਾਲ ਪਹਿਲਾਂ ਹਿਮਾਚਲ ਵਿਚ ਵੀ ਕਿਸੇ ਕਾਲਜ ਦੇ ਟੂਰ 'ਤੇ ਆਏ ਨੌਜਵਾਨ ਦਰਿਆ ਦੇ ਵਿਚਕਾਰ ਸੈਲਫੀ ਲੈਂਦਿਆਂ ਅਚਾਨਕ ਆਏ ਪਾਣੀ ਦੇ ਵਹਾਅ ਵਿਚ ਸਦਾ ਲਈ ਰੁੜ੍ਹ ਗਏ ਸਨ। ਚਲਦੀ ਰੇਲ ਗੱਡੀ ਵਿਚ, ਚਲਦੀਆਂ ਕਾਰਾਂ, ਮੋਟਰਸਾਈਕਲਾਂ ਆਦਿ ਉੱਪਰ ਸੈਲਫੀ ਖਿੱਚਣ ਦਾ ਕਰੇਜ਼ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਅਜਿਹੇ ਖ਼ਤਰਨਾਕ ਢੰਗ ਨਾਲ ਸੈਲਫੀ ਲੈਂਦੇ ਆਪ ਤਾਂ ਨੁਕਸਾਨ ਕਰਾਉਂਦੇ ਹੀ ਹਨ, ਬਲਕਿ ਆਮ ਲੋਕਾਂ ਲਈ ਵੀ ਨੁਕਸਾਨ ਦਾ ਕਾਰਨ ਬਣ ਜਾਂਦੇ ਹਨ। ਇਹ ਰੁਝਾਨ ਮਾਨਸਿਕ ਰੋਗ ਬਣਦਾ ਜਾ ਰਿਹਾ ਹੈ। ਰੀਸੋ-ਰੀਸ ਇਸ ਦਾ ਦਾਇਰਾ ਵਧਦਾ ਜਾ ਰਿਹਾ ਹੈ। ਕਿਸੇ ਵੀ ਧਾਰਮਿਕ ਸਥਾਨ 'ਤੇ ਜਾਈਏ ਤਾਂ ਲੋਕ ਸਾਰੀ ਮਰਿਆਦਾ ਭੁੱਲ ਕੇ ਸੈਲਫੀ ਖਿੱਚਣ ਵੱਲ ਲੱਗੇ ਰਹਿੰਦੇ ਹਨ। ਕਿਸੇ ਵੀ ਪਲ ਨੂੰ ਯਾਦਗਾਰ ਬਣਾਉਣਾ ਭਾਵੇਂ ਮਾੜੀ ਗੱਲ ਨਹੀਂ ਪਰ ਖਾਂਦੇ-ਪੀਂਦੇ, ਉੱਠਦੇ, ਜਾਗਦੇ ਸਮੇਂ ਜਾਂ ਖ਼ਤਰਨਾਕ ਥਾਵਾਂ ਉੱਪਰ ਸੈਲਫੀ ਖਿੱਚਣਾ ਕਤਈ ਠੀਕ ਨਹੀਂ। ਇਸ ਰੁਝਾਨ ਨੂੰ ਸਵੈ ਕਾਬੂ ਪਾ ਕੇ ਹੀ ਰੋਕਿਆ ਜਾ ਸਕਦਾ ਹੈ, ਨਹੀਂ ਤਾਂ ਪਤਾ ਨਹੀਂ ਇਸ ਕਰੇਜ਼ ਦਾ ਊਠ ਕਿਸ ਕਰਵਟ ਬੈਠੇਗਾ।

-ਆਨੰਦ ਨਗਰ-ਬੀ, ਪਟਿਆਲਾ। ਮੋਬਾ: 98140-71033
rspaheri@gmail.com

ਹੰਕਾਰ ਕਾਰਨ ਇਕੱਲਾ ਰਹਿ ਜਾਂਦਾ ਹੈ ਮਨੁੱਖ

ਮਨੁੱਖੀ ਬੱਚਾ ਬਚਪਨ ਹੰਢਾਅ ਕੇ ਜਵਾਨ ਹੁੰਦਾ ਹੈ। ਪੜ੍ਹ-ਲਿਖ ਕੇ ਕਾਰੋਬਾਰ ਕਰਦਾ ਹੈ ਪਰ ਉੱਪਰ ਮੂੰਹ ਚੁੱਕ ਕੇ ਇਹੀ ਦੁਆ ਕਰਦਾ ਹੈ, 'ਰੱਬਾ ਮੇਰੀ ਲਾਟਰੀ ਕਢਵਾ ਦੇ ਜਾਂ ਏਦਾਂ ਦਾ ਕੰਮ ਕਰਵਾ ਕਿ ਮੈਂ ਜਲਦੀ ਕਰੋੜਪਤੀ ਬਣ ਜਾਵਾਂ। ਇਕ ਵੱਡਾ-ਉੱਚਾ, ਨਵਾਂ, ਸੋਹਣਾ ਘਰ ਬਣਾ ਕੇ, ਵਿਆਹ ਕਰਵਾ ਕੇ ਬੱਚਿਆਂ ਸਮੇਤ ਖੁਸ਼ਹਾਲ ਜੀਵਨ ਬਤੀਤ ਕਰ ਸਕਾਂ।' ਪੜ੍ਹਿਆ-ਲਿਖਿਆ, ਸੂਝਵਾਨ ਮਨੁੱਖ ਭੁੱਲ ਜਾਂਦਾ ਹੈ ਕਿ ਰੱਬ ਆਪਣੇ ਹਰੇਕ ਜੀਵ ਨੂੰ ਕੁੱਲੀ, ਗੁੱਲੀ ਤੇ ਜੁੱਲੀ ਦਾ ਤੋਹਫ਼ਾ ਜਨਮ ਲੈਣ ਤੋਂ ਪਹਿਲਾਂ ਹੀ ਦੇ ਕੇ ਧਰਤੀ 'ਤੇ ਭੇਜਦਾ ਹੈ। ਕਾਰੋਬਾਰ ਕਰਕੇ, ਕੁਝ ਪੈਸੇ ਜੋੜ ਕੇ ਮਨੁੱਖ ਰਿਹਾਇਸ਼ ਲਈ ਨਵਾਂ ਮਕਾਨ ਉਸਾਰ ਲੈਂਦਾ ਹੈ। ਜਲਦੀ ਹੀ ਹਉਮੈ ਉਸ ਦੇ ਦਿਮਾਗ ਵਿਚ ਵੀ ਆ ਜਾਂਦੀ ਹੈ। ਘਰ ਪਰਿਵਾਰ ਵਸਾ ਕੇ ਕਹਿਣ ਲੱਗ ਪੈਂਦਾ ਹੈ, 'ਮੇਰਾ ਘਰ, ਮੈਂ ਹੀ ਹਾਂ ਇਸ ਦਾ ਮਾਲਕ।' ਬੰਦਾ ਅਭਿਮਾਨੀ ਅਤੇ ਅੰਧ-ਅਗਿਆਨੀ ਬਣ ਜਾਂਦਾ ਹੈ। ਜਿਸ ਸ਼ਕਤੀ ਦੀ ਕਿਰਪਾ ਨਾਲ ਉਸ ਨੇ ਘਰ ਬਣਾਇਆ, ਉਸ ਨੂੰ ਭੁੱਲ ਜਾਂਦਾ ਹੈ। ਵੇਦ ਪੁਰਾਣ ਪੋਥੀਆਂ ਦਾ ਨਿਚੋੜ ਹੈ ਕਿ ਦੁਨੀਆ ਇਕ ਸਰਾਂ ਹੈ, ਜਿੱਥੇ ਬੰਦਾ ਲੇਖਾ-ਜੋਖਾ ਪੁਰਾਣੇ ਜਨਮਾਂ ਦਾ ਮਿਟਾਉਣ ਲਈ ਆਉਂਦਾ-ਜਾਂਦਾ ਹੈ। ਰੱਬ ਦਾ ਭੈਅ ਮੰਨਣ ਵਾਲੇ ਰਾਹਗੀਰ ਨੂੰ ਤਾਂ ਕੁੱਲੀ ਵੀ ਸਵਰਗ ਜਾਪਦੀ ਹੈ ਕਿਉਂਕਿ ਉਹ ਜਾਣਦਾ ਹੈ ਕਿ ਸਾਹ ਆਏ ਜਾਂ ਨਾ ਆਏ, ਕੀ ਭਰੋਸਾ ਜ਼ਿੰਦਗੀ ਦਾ। ਸਿਆਣੇ ਆਖਦੇ ਹਨ, ਬੰਦਾ ਤਾਂ ਤੀਲ੍ਹਾ ਵੀ ਦੋਹਰਾ ਨਹੀਂ ਕਰ ਸਕਦਾ ਆਪਣੇ ਬਲ ਨਾਲ, ਪਰ ਬੰਦੇ ਦੀ 'ਮੈਂ' ਦੀ ਆਕੜ ਕਦੇ ਨਹੀਂ ਭੱਜਦੀ। ਬੰਦੇ ਦੀ ਤੇਜ਼ ਅਕਲ ਦਾ ਹੀ ਭੈੜਾ ਨਤੀਜਾ ਹੈ ਕਿ ਉਹ ਵਖਰੇਵੇਂ ਦਾ ਬੀਜ ਖਿਲਾਰਦਾ ਹੋਇਆ ਪ੍ਰੇਮ-ਪਿਆਰ ਨੂੰ ਕਿੱਲੀ 'ਤੇ ਟੰਗਦਾ ਹੋਇਆ, ਮਨੁੱਖਤਾ ਵਿਚ ਵੈਰ-ਵਿਰੋਧਤਾ ਦਾ ਜਾਲ ਵਿਛਾ ਰਿਹਾ ਹੈ। ਆਪਣੇ ਹੀ ਭੈਣ-ਭਰਾਵਾਂ ਨੂੰ ਹੀ ਖ਼ੂਨ ਦੇ ਪਿਆਸੇ ਬਣਾਉਣ ਦਾ ਸਬਕ ਸਿਖਾ ਰਿਹਾ ਹੈ। ਬੰਦਾ ਬੰਦੇ ਤੋਂ ਡਰਦਾ ਦੂਰ ਤੋਂ ਦੂਰ ਹੋਈ ਜਾ ਰਿਹਾ ਹੈ, ਜਦੋਂ ਕਿ ਹਾਥੀਆਂ ਤੋਂ ਕੀੜੀਆਂ-ਕਾਢਿਆਂ ਤੱਕ ਦੇ ਜੀਵਾਂ ਨੂੰ ਵੇਖ ਲਵੋ, ਉਨ੍ਹਾਂ ਦਾ ਏਕਾ ਅਤੇ ਸਬਰ ਸੰਤੋਖ ਦਿਨੋ-ਦਿਨ ਵਧਦਾ ਹੋਇਆ, ਮਨੁੱਖ ਨੂੰ ਵੇਖਣ ਲਈ ਮਿਲ ਰਿਹਾ ਹੈ। ਜੀਵ-ਜੰਤੂ, ਸਭ ਇਕੱਠੇ ਹੋ ਕੇ ਪਿਆਰ ਵੰਡਦੇ, ਮਿਲ ਕੇ ਮੁਸੀਬਤ ਦਾ ਮੁਕਾਬਲਾ ਕਰਦੇ ਹਨ। ਇਕ 'ਮੈਂ' ਦਾ ਮਾਰਿਆ ਬੰਦਾ ਹੀ ਹੈ, ਜੋ ਇਕੱਲਿਆਂ ਹੀ ਜੀਵਨ ਬਿਤਾਉਣਾ ਆਪਣਾ ਵਡੱਪਣ ਸਮਝ ਰਿਹਾ ਹੈ। ਭਰਾ, ਭਰਾ ਦਾ ਵੈਰੀ ਹੋ ਚੁੱਕਾ ਹੈ। ਪੁੱਤਰ ਆਪਣੇ ਮਾਂ-ਬਾਪ ਨੂੰ ਬੋਝ ਸਮਝ ਕੇ ਬਿਰਧ ਆਸ਼ਰਮਾਂ ਵੱਲ ਧਕੇਲ ਰਿਹਾ ਹੈ, ਪਤੀ-ਪਤਨੀ ਦੇ ਕਲ-ਕਲੇਸ਼ਾਂ ਵਿਚੋਂ ਅੱਜ ਦੇ ਜਨਮਦੇ ਬੱਚੇ, ਰੱਬ ਹੀ ਜਾਣੇ, ਕਿਹੜੀ ਖੇਡ ਕੱਲ੍ਹ ਨੂੰ ਦੁਨੀਆ ਨੂੰ ਵਿਖਾਉਣਗੇ।

-ਦੂਰਦਰਸ਼ਨ ਇਨਕਲੇਵ, ਜਲੰਧਰ ਸ਼ਹਿਰ। ਮੋਬਾ: 98144-32347

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX