ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿੱਛੜੇ ਪਰਿਵਾਰ

ਲਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦੁਆਰਾ ਸਿੰਘ ਸਿੰਘਣੀਆਂ ਵਿਚ ਮੈਂ ਠਹਿਰਿਆ ਹੋਇਆ ਸਾਂ | ਗੁਰਦੁਆਰੇ ਦੀ ਬਹੁਤ ਹੀ ਖੂਬਸੂਰਤ ਇਮਾਰਤ ਵਿਚ ਇਕ ਗੈਸਟ ਹਾਊਸ ਬਣਿਆ ਹੋਇਆ ਹੈ, ਜਿਸ ਨੂੰ ਵਿਦੇਸ਼ੀ ਸਿੱਖਾਂ ਖਾਸ ਕਰਕੇ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ | ਦੱਸਿਆ ਗਿਆ ਹੈ ਕਿ ਇਸ ਇਤਿਹਾਸਕ ਜਗ੍ਹਾ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਨੇ ਇਕ ਮੁਕੱਦਮੇ ਵਿਚ ਆਪਣਾ ਹੱਕ ਜਤਾ ਕੇ ਲਿਆ ਸੀ | ਉਸ ਸਮੇਂ ਮੇਰੇ ਨਾਲ ਅੰਮਿ੍ਤਸਰ ਤੋਂ ਹੀ ਦੋ ਹੋਰ ਪਰਿਵਾਰ ਵੀ ਇਸ ਗੁਰਦੁਆਰੇ ਵਿਚ ਠਹਿਰੇ ਹੋਏ ਸਨ | ਸਾਡੇ ਕੋਲ ਵਾਪਸੀ 'ਤੇ ਆਉਣ ਲਈ ਸਿਰਫ ਇਕ ਰੇਲ ਗੱਡੀ ਦਾ ਹੀ ਸਾਧਨ ਸੀ | ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸਾਂ ਕਰ ਸਕਦੇ ਕਿਉਂ ਜੋ ਪੈਦਲ ਲੰਘਣ ਲਈ ਇਕ ਵੱਖਰੀ ਇਜਾਜ਼ਤ ਚਾਹੀਦੀ ਸੀ ਜੋ ਸਾਡੇ ਕੋਲ ਨਹੀਂ ਸੀ | ਅੱਜ ਤੋਂ ਬਾਅਦ ਜਦ ਫਿਰ ਗੱਡੀ ਆਉਣੀ ਤੇ ਜਾਣੀ ਸੀ ਉਸ ਦਿਨ ਤੱਕ ਸਾਡਾ ਵੀਜ਼ਾ ਖਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝਣਾ ਵਿਚੋਂ ਲੰਘਣਾ ਪੈਣਾ ਸੀ | ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਸ ਅੰਮਿ੍ਤਸਰ ਆਉਣਾ ਸੀ ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ | ਸ਼ਾਮ ਨੂੰ ਮੇਰੇ ਕੋਲ ਇਕ ਵਿਅਕਤੀ ਆਇਆ ਜੋ ਅੰਮਿ੍ਤਸਰ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਔਰਤ ਦਾ ਵਾਕਫ ਸੀ ਅਤੇ ਉਸ ਨੇ ਮੈਨੂੰ ਦੋ ਵੱਡੇ-ਵੱਡੇ ਪੈਕਟ ਦਿੱਤੇ ਜਿਨ੍ਹਾਂ ਵਿਚੋਂ ਇਕ ਉਸ ਪ੍ਰੋਫੈਸਰ ਨੂੰ ਦੇਣਾ ਅਤੇ ਇਕ ਮੇਰੇ ਲਈ ਸੀ | ਜਦੋਂ ਉਸ ਨੇ ਇਹ ਦੱਸਿਆ ਕਿ ਇਹ ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ-ਲਿਖੀ ਜਮਾਤ ਦੀ ਸਿਆਣਪ, ਜ਼ਿੰਦਾਦਿਲੀ ਅਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਾਮਾਨ ਦੀ ਚੋਣ ਸਬੰਧੀ ਸੋਚ 'ਤੇ ਕਈ ਸ਼ੰਕੇ ਪੈਦਾ ਹੋਏ | ਉਹ ਦੋਵੇਂ ਕੇਕ ਮੈਂ ਰੱਖ ਤਾਂ ਲਏ ਪਰ ਬਾਅਦ ਵਿਚ ਰੇਲਵੇ ਸਟੇਸ਼ਨ 'ਤੇ ਪਹੁੰਚਣ ਤੱਕ ਕਈ ਵਾਰ ਉਨ੍ਹਾਂ ਨੂੰ ਨਾਲ ਲਿਆਉਣ ਜਾਂ ਉਥੇ ਛੱਡ ਆਉਣ ਦੀ ਦੁਚਿੱਤੀ ਵਿਚ ਰਿਹਾ ਕਿਉਂ ਜੋ ਜਿੰਨਾ ਅਕਾਰ ਮੇਰੇ ਬਰੀਫਕੇਸ ਦਾ ਸੀ ਓਨਾ ਹੀ ਇਨ੍ਹਾਂ ਦੋ ਕੇਕਾਂ ਦਾ ਸੀ, ਜਿਸ ਨੂੰ ਉਹ ਪ੍ਰੋਫੈਸਰ ਅੰਮਿ੍ਤਸਰ ਦੇ ਪ੍ਰੋਫੈਸਰ ਲਈ ਤੋਹਫੇ ਦੇ ਤੌਰ 'ਤੇ ਭੇਜ ਰਿਹਾ ਸੀ |
ਮੈਂ ਸਵੇਰੇ ਪੈਦਲ ਹੀ ਸਟੇਸ਼ਨ 'ਤੇ ਪਹੁੰਚ ਗਿਆ ਅਤੇ ਅਟਾਰੀ ਦੀ ਟਿਕਟ ਲੈ ਕੇ ਸੱਜੇ ਹੱਥ ਵਾਲੇ ਪਲੇਟਫਾਰਮ ਵੱਲ ਆ ਗਿਆ | ਅਜੇ ਬਹੁਤ ਹੀ ਥੋੜ੍ਹੇ ਜਿਹੇ ਲੋਕ ਆਏ ਸਨ | ਗੱਡੀ ਪਲੇਟਫਾਰਮ 'ਤੇ ਲੱਗੀ ਹੋਈ ਸੀ, ਮੈਂ ਆਪਣਾ ਸਾਮਾਨ ਗੱਡੀ ਦੀ ਸੀਟ 'ਤੇ ਰੱਖ ਕੇ ਪਲੇਟਫਾਰਮ ਦੀ ਰੌਣਕ ਅਤੇ ਜਾਣ ਵਾਲੇ ਵਿਅਕਤੀਆਂ ਵੱਲ ਵੇਖਣ ਲਈ ਬਾਹਰ ਆ ਕੇ ਖੜ੍ਹਾ ਹੋ ਗਿਆ | ਕੁਝ ਚਿਰ ਬਾਅਦ ਹੀ ਮੇਰੇ ਨਾਲ ਗੁਰਦੁਆਰੇ ਵਿਚ ਰਹਿ ਰਿਹਾ ਪਰਿਵਾਰ ਵੀ ਆ ਕੇ ਇਕ ਡੱਬੇ ਵਿਚ ਵੜ ਗਿਆ | ਜ਼ਿਆਦਾਤਰ ਯਾਤਰੀ ਪਾਕਿਸਤਾਨ ਤੋਂ ਭਾਰਤ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਾਂ, ਪਹਿਲਾਂ ਭਾਰਤ ਤੋਂ ਪਾਕਿਸਤਾਨ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਲੇ ਜਾਪਦੇ ਸਨ, ਜੋ ਉਨ੍ਹਾਂ ਦੇ ਪਹਿਰਾਵੇ ਅਤੇ ਗਲਬਾਤ ਤੋਂ ਲੱਗ ਰਿਹਾ ਸੀ | ਹੌਲੀ-ਹੌਲੀ ਸਟੇਸ਼ਨ 'ਤੇ ਕਾਫੀ ਭੀੜ ਹੋ ਰਹੀ ਸੀ | ਪਰ ਹਰ ਇਕ ਜਾਣ ਵਾਲੇ ਦੇ ਨਾਲ ਤਕਰੀਬਨ ਓਨੇ ਹੀ ਉਨ੍ਹਾਂ ਨੂੰ ਰੁਖ਼ਸਤ ਕਰਨ ਵਾਲੇ ਜਾਪਦੇ ਸਨ |
ਫਿਰ ਇਕ ਵੱਡਾ ਗਰੁੱਪ ਜਿਸ ਵਿਚ ਔਰਤਾਂ, ਮਰਦ ਅਤੇ ਬੱਚੇ ਸਨ | ਉਨ੍ਹਾਂ ਨੇ ਬੜੇ ਸਧਾਰਨ ਜਿਹੇ ਕੱਪੜੇ ਪਾਏ ਹੋਏ ਸਨ, ਇਕੱਠੇ ਹੀ ਆ ਰਹੇ ਸਨ ਅਤੇ ਉਨ੍ਹਾਂ ਦੇ ਵਿਚ ਇਕ ਸਿੱਖ ਸਰਦਾਰ, ਕੋਈ 6 ਕੁ ਫੁੱਟ ਉਚਾਈ ਅਤੇ ਕਾਫੀ ਚੰਗੀ ਸਿਹਤ ਵਾਲਾ ਕੋਈ 70 ਕੁ ਸਾਲ ਦੀ ਉਮਰ, ਹੱਥ ਵਿਚ ਇਕ ਕੱਪੜੇ ਦਾ ਵੱਡਾ ਸਾਰਾ ਥੈਲਾ ਲੈ ਕੇ ਆ ਰਹੇ ਸਨ |
ਉਨ੍ਹਾਂ ਵਿਚੋਂ ਇਕ ਬਜ਼ੁਰਗ ਮਾਤਾ ਨੇ ਮੇਰੇ ਕੋਲ ਆ ਕੇ ਮੈਨੂੰ ਜੱਫੀ ਪਾ ਲਈ ਅਤੇ ਬੜੀ ਅਪਣਤ ਨਾਲ ਕਹਿਣ ਲੱਗੀ, 'ਆਪਣੇ ਵੀਰ ਨੂੰ ਵੀ ਨਾਲ ਲੈ ਜਾ, ਰਸਤੇ ਵਿਚ ਇਸ ਦਾ ਖਿਆਲ ਰੱਖੀਂ |' ਉਸ ਦੇ ਕਹਿਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੀ ਹੋਵੇ, ਪਰ ਮੈਂ ਅਜੇ ਉਸ ਵਕਤ ਤੱਕ ਉਨ੍ਹਾਂ ਬਾਰੇ ਕੁਝ ਵੀ ਨਹੀਂ ਸਾਂ ਸਮਝ ਸਕਿਆ | ਇਸ ਦੇ ਨਾਲ ਉਨ੍ਹਾਂ ਰੁਖ਼ਸਤ ਕਰਨ ਵਾਲਿਆਂ ਵਿਚੋਂ ਮਰਦਾਂ ਅਤੇ ਲੜਕਿਆਂ ਨੇ ਮੇਰੇ ਨਾਲ ਹੱਥ ਮਿਲਾਏ ਅਤੇ ਉਹ ਸਿੱਖ ਸਰਦਾਰ ਵੀ ਆ ਕੇ ਮਿਲਿਆ |
'ਕਿੱਥੇ ਜਾਣਾ ਹੈ ਤੁਸੀ?' 'ਅੰਮਿ੍ਤਸਰ' | ਮੈਂ ਜਵਾਬ ਦਿੱਤਾ ਅਤੇ ਨਾਲ ਹੀ ਬੜੀ ਉਤਸੁਕਤਾ ਨਾਲ ਪੁੱਛਣ ਲੱਗ ਪਿਆ ਕਿ ਤੁਸੀਂ ਕਦੋਂ ਆਏ ਸੀ? ਕਿਥੋਂ ਆਏ ਅਤੇ ਇਹ ਸਭ ਲੋਕ ਕੌਣ ਹਨ?
'ਮੈਂ ਮੋਗੇ ਦੇ ਲਾਗੇ ਇਕ ਪਿੰਡ ਤੋਂ ਹਾਂ, ਇਹ ਮੇਰੀ ਭੂਆ ਅਤੇ ਉਹ ਦੋਵੇਂ ਮੇਰੀਆਂ ਸਕੀਆਂ ਭੈਣਾਂ ਹਨ | ਉਹ ਮੇਰਾ ਭਣਵੱਈਆ ਹੈ, ਇਹ ਲੜਕੇ ਮੇਰੇ ਭਣੇਵੇਂ ਹਨ, ਇਹ ਮੇਰੀਆਂ ਭੈਣਾਂ ਹਨ, ਇਹ ਮੇਰੀਆਂ ਭਣੇਵੀਆਂ ਹਨ ਅਤੇ ਇਹ ਮੇਰੀ ਭਣੇਵੀਂ ਦਾ ਪਤੀ ਹੈ ਅਤੇ ਉਹ ਦੂਰ ਖੜੇ੍ਹ ਮੇਰੀ ਭੂਆ ਦੇ ਜਵਾਈ, ਮੇਰੇ ਭਣਵੱਈਏ ਹਨ |'
ਇੰਨੇ ਨੂੰ ਉਹ ਦੂਰ ਖੜੋਤੇ ਉਸ ਦੀ ਭੂਆ ਦੇ ਜਵਾਈ ਵੀ ਮੇਰੇ ਕੋਲ ਆ ਗਏ ਅਤੇ ਮੈਨੂੰ ਮਿਲੇ | ਪਰ ਮੈਨੂੰ ਇਹ ਸਭ ਕੁਝ ਜਾਣਨ ਦੀ ਉਤਸੁਕਤਾ ਵਧਦੀ ਗਈ | ਪਰ ਮੈਂ ਉਹ ਸਮਾਂ ਅਜੇ ਯੋਗ ਨਾ ਸਮਝਿਆ | ਪਰ ਮੈਨੂੰ ਇੰਨੀ ਕੁ ਸਮਝ ਤਾਂ ਲੱਗ ਗਈ ਸੀ ਕਿ ਇਹ ਇਕ ਵਿਛੜਿਆ ਪਰਿਵਾਰ ਹੈ | ਫਿਰ ਦਲੀਪ ਸਿੰਘ ਆਪ ਹੀ ਦੱਸਣ ਲੱਗ ਪਿਆ, 'ਮੈਂ ਆਪਣੀ ਭੂਆ ਅਤੇ ਭੈਣ ਨੂੰ 59 ਸਾਲਾਂ ਤੋਂ ਬਾਅਦ ਮਿਲਿਆ ਹਾਂ ਅਤੇ ਇਸ ਨੂੰ ਮਿਲਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ, ਇਹ ਮੈਂ ਹੀ ਜਾਣਦਾ ਹਾਂ ਅਤੇ ਹੁਣ ਅੱਗੋਂ ਕਿੱਥੇ ਮਿਲਣਾ ਹੈ... |'
ਉਸ ਦੀ ਭੂਆ ਬਾਰ-ਬਾਰ ਉਸ ਨੂੰ ਜੱਫੀਆਂ ਪਾ ਰਹੀ ਸੀ, 'ਮੇਰੇ ਪੇਕਿਆਂ ਦੀ ਨਿਸ਼ਾਨੀ ਪਰ ਹੁਣ ਕਦੋਂ ਮਿਲਾਂਗੇ?'
ਉਸ ਦੀਆਂ ਦੋਵੇਂ ਛੋਟੀਆਂ ਭੈਣਾਂ ਉਸ ਨੂੰ ਬਾਰ-ਬਾਰ ਮਿਲ ਰਹੀਆਂ ਸਨ, 'ਭਾਅ ਜੀ ਆਪਣੇ ਪੋਤਰੇ ਦੇ ਵਿਆਹ ਦਾ ਕਾਰਡ ਭੇਜ ਦੇਣਾ, ਅਸੀਂ ਵੀਜ਼ਾ ਲੈ ਕੇ ਜ਼ਰੂਰ ਆਵਾਂਗੀਆਂ, ਵਿਆਹ ਤੋਂ ਬਹੁਤ ਦਿਨ ਪਹਿਲਾਂ ਕਾਰਡ ਭੇਜਣਾ, ਬਹੁਤ ਸਮਾਂ ਲਗ ਜਾਂਦਾ ਹੈ ਵੀਜ਼ਾ ਲੈਣ ਲਈ, ਇਸਲਾਮਾਬਾਦ ਤੋਂ ਵੀਜ਼ਾ ਮਿਲਦਾ ਹੈ, ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ |'
'ਤੁਸੀਂ ਕਦੋਂ ਆਏ ਸੀ?'
'ਤਿੰਨ ਚਾਰ ਦਿਨ ਹੋਏ ਹਨ'
'ਕਿਸ ਜਗ੍ਹਾ ਤੋਂ ਆਏ ਹੋ?'
ਦੂਸਰਾ ਪੁਛ ਰਿਹਾ ਸੀ 'ਕਿੰਨੀ ਦੂਰ ਹੈ ਅੰਮਿ੍ਤਸਰ, ਲਾਹੌਰ ਤੋਂ, ਕਦੋਂ ਪਹੁੰਚ ਜਾਉਗੇ'
ਉਹ ਸੁਆਲ ਜ਼ਿਆਦਾ ਪੁੱਛ ਰਹੇ ਸਨ ਅਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਾਂ ਮੇਰੇ ਵਲੋਂ ਕੁਝ ਪੱੁਛਣ ਤੋਂ ਪਹਿਲਾਂ ਹੀ ਉਹ ਹੋਰ ਸੁਆਲ ਕਰ ਦਿੰਦੇ ਸਨ | ਪਰ ਮੈਂ ਉਨ੍ਹਾਂ ਕੋਲੋਂ ਬਹੁਤ ਕੁਝ ਪੁੱਛਣਾ ਚਾਹੁੰਦਾ ਸਾਂ |
'ਕਿਹੜੀ ਜਗ੍ਹਾ ਤੋਂ ਆਏ ਹੋ |'
'ਵੱਖ-ਵੱਖ ਪਿੰਡਾਂ ਤੋਂ',
ਸਾਰੇ ਹੀ ਰਿਸ਼ਤੇਦਾਰ ਵੱਖ-ਵੱਖ ਪਿੰਡਾਂ ਵਿਚ ਰਹਿੰਦੇ ਸਨ ਅਤੇ ਛੋਟੀ ਕਿਸਾਨੀ ਨਾਲ ਸਬੰਧਿਤ ਸਨ | ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਉਨ੍ਹਾਂ ਦੇ ਭਣਵੱਈਏ, ਬਹੁਤ ਕੁਝ ਸੁਣਦੇ ਤਾਂ ਰਹੇ ਸਨ ਪਰ ਮਿਲੇ ਪਹਿਲੀ ਵਾਰ ਸਨ | ਸਾਡਾ ਪ੍ਰਾਹੁਣਾ (ਦਲੀਪ ਸਿੰਘ) ਸ਼ਰਾਬ ਦਾ ਬਹੁਤ ਸ਼ੌਕੀਨ ਸੀ, ਸਾਡੇ ਵਿਚੋਂ ਕੋਈ ਵੀ ਨਹੀਂ ਪੀਂਦਾ ਪਰ ਅਸੀਂ ਰੋਜ਼ਾਨਾ ਹੀ ਇਸ ਲਈ ਇੰਤਜ਼ਾਮ ਕਰਦੇ ਰਹੇ ਹਾਂ, ਇਥੇ ਇਸ ਦਾ ਇੰਤਜ਼ਾਮ ਕਰਨਾ ਪੈਂਦਾ ਹੈ, ਖੁੱਲ੍ਹੀ ਨਹੀਂ ਮਿਲਦੀ | ਹਰ ਘਰ ਵਿਚ ਇਸ ਦਾ ਸੁਆਗਤ ਹੁੰਦਾ ਰਿਹਾ ਹੈ | ਪਤਾ ਹੀ ਨਹੀਂ ਲੱਗਾ ਕਿ ਇਹ 13 ਦਿਨ ਕਿਵੇਂ ਨਿਕਲ ਗਏ ਹਨ, ਇਸ ਤਰ੍ਹਾਂ ਲਗਦਾ ਹੈ ਜਿਵੇਂ ਕਲ੍ਹ ਇਸ ਨੂੰ ਲਹੌਰੋਂ ਲੈ ਕੇ ਗਏ ਸਾਂ ਅਤੇ ਅੱਜ ਛੱਡਣ ਵੀ ਆ ਗਏ ਹਾਂ | ਅਜੇ ਤਾਂ ਅਸੀਂ ਇਸ ਦੇ ਪੂਰੇ ਪਰਿਵਾਰ ਬਾਰੇ ਵਾਕਫੀ ਵੀ ਨਹੀਂ ਕਰ ਸਕੇ, ਇਸ ਨੂੰ ਪਹਿਲੀ ਵਾਰ ਮਿਲੇ ਹਾਂ, ਇਥੇ ਲੜਕੇ, ਲੜਕੀਆਂ, ਪੋਤਰੇ, ਪੋਤਰੀਆਂ, ਨੂੰ ਹਾਂ ਕਿਸੇ ਬਾਰੇ ਵੀ ਕੁਝ ਵੀ ਨਹੀਂ ਪੁੱਛਿਆ | ਉਹ ਤਾਂ ਇਧਰ ਆ ਵੀ ਨਹੀਂ ਸਕਦੇ, ਵੀਜ਼ਾ ਮਿਲਣਾ ਇਕ ਵੱਡੀ ਮੁਸ਼ਕਿਲ ਹੈ, ਰਿਸ਼ਤੇਦਾਰ ਵੀ ਮਿਲਣ ਲਈ 59 ਸਾਲ ਉਡੀਕਦੇ ਰਹੇ ਅਤੇ ਉਨ੍ਹਾਂ ਵਲੋਂ ਦਸੀਆਂ ਗੱਲਾਂ ਭਾਵੇਂ ਬਹੁਤ ਕੁਝ ਆਪਣੇ ਆਪ ਦੱਸ ਰਹੀਆਂ ਸਨ, ਪਰ ਮੈਨੂੰ ਅਜੇ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਅਤੇ ਮੈਂ ਬੜੀ ਉਤਸੁਕਤਾ ਨਾਲ ਇਸ ਬਾਰੇ ਜਾਣਨਾ ਚਾਹੁੰਦਾ ਸਾਂ | ਏਨੇ ਨੂੰ ਗੱਡੀ ਦੀ ਪਹਿਲੀ ਵਿਸਲ ਵੱਜ ਗਈ | ਦਲੀਪ ਸਿੰਘ ਸਾਰਿਆਂ ਨੂੰ ਵਾਰੀ-ਵਾਰੀ ਮਿਲਣ ਲੱਗਾ | ਪਰ ਹਰ ਇਕ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ, ਕੋਈ ਵੀ ਬੋਲ ਨਹੀਂ ਸੀ ਰਿਹਾ | ਦਲੀਪ ਸਿੰਘ ਦੇ ਨਾਲ ਹਰ ਕੋਈ ਵਾਰ-ਵਾਰ ਮਿਲ ਰਿਹਾ ਸੀ ਅਤੇ ਗੱਡੀ ਦੀ ਜਦੋਂ ਦੂਸਰੀ ਵਿਸਲ ਵੱਜੀ ਤਾਂ ਉਸ ਦੀ ਭੂਆ ਫਿਰ ਆ ਕੇ ਉਸ ਨੂੰ ਮਿਲੀ ਅਤੇ ਹੱਥ ਫੜ ਕੇ ਡੱਬੇ ਦੇ ਕੋਲ ਲੈ ਆਈ ਅਤੇ ਮੈਨੂੰ ਸੰਬੋਧਨ ਕਰ ਕੇ ਫਿਰ ਕਹਿਣ ਲੱਗੀ, 'ਵੀਰ ਦਾ ਖਿਆਲ ਰੱਖੀਂ' ਮੈਨੂੰ ਦਲੀਪ ਸਿੰਘ ਅਤੇ ਉਸ ਦੀ ਸਾਰੀ ਕਹਾਣੀ ਸੁਣਨ ਦੀ ਕਾਹਲੀ ਸੀ, ਉਸ ਨਾਲ ਹਮਦਰਦੀ ਹੋ ਰਹੀ ਸੀ | ਮੈਂ ਅਤੇ ਦਲੀਪ ਸਿੰਘ ਗੱਡੀ ਵਿਚ ਇਕਠੇ ਬੈਠ ਗਏ | ਮੇਰੇ ਪੁੱਛਣ ਤੋਂ ਪਹਿਲਾਂ ਹੀ ਦਲੀਪ ਸਿੰਘ ਦੱਸਣ ਲੱਗ ਪਿਆ | 'ਜਦੋਂ ਪਾਕਿਸਤਾਨ ਬਣਿਆ, ਮੈਂ 11 ਕੁ ਸਾਲ ਦਾ ਸਾਂ, ਮੈਨੂੰ ਪੂਰੀ ਹੋਸ਼ ਹੈ | ਕਈ ਦਿਨ ਚਰਚਾ ਚਲਦੀ ਰਹੀ, ਸਾਡਾ ਪਿੰਡ ਪਾਕਿਸਤਾਨ ਵਿਚ ਨਹੀਂ ਜਾਵੇਗਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਆਸ ਤੇ ਨਿਰਾਸ਼ਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਆਪਣੇ ਮਨ 'ਚ ਜਿੰਨੀ ਸ਼ਿੱਦਤ ਨਾਲ ਤੁਸੀਂ ਆਸ ਦੀ ਜੋਤ ਜਗਾਓਗੇ ਓਨੀ ਜਲਦੀ ਹੀ ਨਿਰਾਸ਼ਾ, ਉਦਾਸੀਨਤਾ ਭੱਜੇਗੀ |
•ਸ਼ਿਅਰ : ਤਿੰਨ ਨਨਿਆਂ ਨੂੰ ਨੰਨਾ ਪਾਈਏ ਅਤੇ ਵਿਦਿਆ ਦਾ ਦੀਪ ਜਗਾਈਏ |
ਨਕਲ, ਨਸ਼ਾ, ਨਿਰਾਸ਼ਾ ਨੂੰ ਆਓ ਦੂਰ ਭਜਾਈਏ |
• ਪਿਆਰ ਉਸ ਸਮੇਂ ਖਤਮ ਹੋ ਜਾਂਦਾ ਹੈ ਜਦੋਂ ਅਸੀਂ ਪ੍ਰਵਾਹ ਕਰਨਾ ਬੰਦ ਕਰ ਦਿੰਦੇ ਹਾਂ | ਜ਼ਿੰਦਗੀ ਉਸ ਸਮੇਂ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਸੁਪਨੇ ਲੈਣੇ ਬੰਦ ਕਰ ਦਿੰਦੇ ਹਾਂ | ਆਸ ਉਸ ਸਮੇਂ ਖਤਮ ਹੋ ਜਾਂਦੀ ਜਦੋਂ ਅਸੀਂ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ | ਪਰ ਉਕਤ ਚੀਜ਼ਾਂ ਜ਼ਿੰਦਗੀ ਦੇ ਤਿੰਨ ਥੰਮ੍ਹ ਹਨ |
• ਕਰਮ ਨਿਰਾਸ਼ਾ ਦੀ ਦਵਾ ਹੈ |
• ਆਸ 'ਤੇ ਵਿਸ਼ਵਾਸ ਕਦੇ ਨਾ ਛੱਡੋ ਕਿਉਂਕਿ ਜਿਸ ਮਨੁੱਖ ਕੋਲ ਆਸ ਹੈ, ਉਸ ਕੋਲ ਸਭ ਕੁਝ ਹੈ |
• ਕਾਲੇ ਦਿਨਾਂ ਨੂੰ ਕੋਸਣ ਦੀ ਬਜਾਇ ਆਸ ਦਾ ਦੀਵਾ ਜਗਾਉਣਾ ਬਿਹਤਰ ਹੈ |
• ਜਿਊਣ ਦੀ ਆਸ ਕਦੇ ਨਾ ਛੱਡੋ ਕਿਉਂਕਿ ਜਿਹੜਾ ਆਦਮੀ ਉਮੀਦ ਛੱਡ ਦਿੰਦਾ ਹੈ, ਉਹ ਅੱਧਾ ਕੁ ਉਸੇ ਦਿਨ ਮਰ ਜਾਂਦਾ ਹੈ |
• ਯਾਦ ਪਿੱਛੇ ਵਲ ਨਜ਼ਰ ਪਾਉਂਦੀ ਹੈ ਅਤੇ ਆਸ ਜਾਂ ਉਮੀਦ ਅੱਗੇ ਵੱਲ ਨਜ਼ਰ ਪਾਉਂਦੀ ਹੈ |
• ਆਸ਼ਾਵਾਦੀ ਸੋਚ ਅਪਣਾ ਕੇ ਕਾਮਯਾਬ ਹੋਇਆ ਜਾ ਸਕਦਾ ਹੈ |
• ਦੁਨੀਆ ਦਾ ਕੋਈ ਵੀ ਵੱਡਾ ਕੰਮ ਅਜਿਹਾ ਨਹੀਂ, ਜੋ ਸਬਰ ਤੇ ਉਡੀਕ ਦਾ ਨਤੀਜਾ ਨਾ ਹੋਵੇ, ਭਾਵ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੁਨੀਆ ਵਿਚ ਜੋ ਵੀ ਹੋਇਆ ਹੈ, ਆਸ ਨਾਲ ਹੋਇਆ ਹੈ |
• ਆਸ਼ਾਵਾਦੀ ਇਨਸਾਨ ਜਿਊਣ ਦੀ ਕਲਾ ਦਾ ਧਾਰਨੀ ਹੁੰਦਾ ਹੈ |
• ਆਸ਼ਾਵਾਦੀ ਮਨੁੱਖ ਲਈ ਹਰ ਦਿਨ ਇਕ ਨਵਾਂ ਵਾਅਦਾ ਅਤੇ ਹਰ ਰਾਤ ਨਵਾਂ ਸੁਪਨਾ ਲੈ ਕੇ ਆਉਂਦੀ ਹੈ | ਅਜਿਹੇ ਮਨੁੱਖ ਲਈ ਜ਼ਿੰਦਗੀ ਥਕਾਨ ਜਾਂ ਕੋਈ ਬੋਝ ਨਹੀਂ ਹੁੰਦੀ ਸਗੋਂ ਕਿ ਇਕ ਸੁਹਾਣੇ ਸਫਰ ਵਾਂਗ ਹੁੰਦੀ ਹੈ |
• ਜਿਸ ਕੋਲ ਉਮੀਦ ਹੈ, ਉਹ ਲੱਖ ਵਾਰ ਹਾਰ ਕੇ ਵੀ ਨਹੀਂ ਹਾਰਦਾ |
• ਆਸ ਤੇ ਵਿਸ਼ਵਾਸ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ |
• ਆਸ਼ਾਵਾਦੀ ਹੋਣ ਨਾਲ ਦਿਲ ਦੀਆਂ ਤਕਲੀਫਾਂ ਤੋਂ ਵੀ ਬਚਿਆ ਜਾ ਸਕਦਾ ਹੈ | ਸਾਡੇ ਵਲੋਂ ਉਠਾਇਆ ਗਿਆ ਇਕ ਗ਼ਲਤ ਕਦਮ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਪਰ ਜ਼ਿੰਦਗੀ ਜਿਊਣ ਲਈ ਆਸ ਦੀ ਇਕ ਕਿਰਨ ਹੀ ਕਾਫ਼ੀ ਹੁੰਦੀ ਹੈ |
• ਮੁਸ਼ਕਿਲ ਸਮੇਂ ਵਿਚ ਸਾਹਸ ਅਤੇ ਆਸ ਕਾਇਮ ਰੱਖਣ ਵਾਲੇ ਨੂੰ ਮੌਤ ਵੀ ਸਲਾਮ ਕਰਦੀ ਹੈ |
• ਦੁੱਖ ਦੀ ਸਭ ਤੋਂ ਵਧੀਆ ਦਾਰੂ ਆਸ ਹੁੰਦੀ ਹੈ |
• ਉਮੀਦ ਤੇ ਸਵੈ-ਭਰੋਸਾ ਹੀ ਸਾਡੀ ਜ਼ਿੰਦਗੀ ਵਿਚ ਰੰਗ ਭਰਦੇ ਹਨ |
• ਆਸ ਤੇ ਸਕਾਰਾਤਮਕਤਾ, ਜੀਵਨ ਵਿਚ ਆਨੰਦ, ਤਰੱਕੀ, ਸੁੱਖ, ਖੁਸ਼ਹਾਲੀ ਤੇ ਸ਼ਾਂਤੀ ਦਾ ਦੁਆਰ ਖੋਲ੍ਹਦੀ ਹੈ, ਜਿਸ ਨਾਲ ਜਿਊਣ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ | ਨਿਰਾਸ਼ਾ ਤੇ ਨਾਕਾਰਾਤਮਕਤਾ ਦੋਵੇਂ ਚਿੰਤਾ, ਤਣਾਅ, ਕਲੇਸ਼, ਬਿਮਾਰੀਆਂ ਨੂੰ ਜਨਮ ਦਿੰਦੇ ਹਨ |
• ਆਸ ਹੀ ਮਨੁੱਖ ਨੂੰ ਸਰਗਰਮ ਰੱਖਦੀ ਹੈ ਅਤੇ ਉਸਾਰੂ ਸੋਚ ਦਾ ਮਾਲਕ ਬਣਾਉਂਦੀ ਹੈ |
• ਆਸ ਦੀ ਲੋਅ ਨਾਲ ਹੀ ਖੁਸ਼ੀਆਂ ਦੇ ਦੀਵੇ ਜਗਦੇ ਹਨ |
• ਸਿਰੜ ਵਾਲੇ ਚਾਨਣ ਦੀ ਆਸ ਨਾਲ ਹਨੇਰਿਆਂ ਦਾ ਸਾਹਮਣਾ ਕਰਦੇ ਹਨ |
• ਤੁਸੀਂ ਲੋਕਾਂ ਲਈ ਤਦ ਤੱਕ ਚੰਗੇ ਹੋ ਜਦ ਤੱਕ ਤੁਸੀਂ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰੇ ਉਤਰਦੇ ਹੋ | ਲੋਕ ਤੁਹਾਡੇ ਲਈ ਤਦ ਤੱਕ ਚੰਗੇ ਹਨ ਜਦ ਤੱਕ ਤੁਸੀਂ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਕਰਦੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਪਾਪੀ ਪੇਟ ਦੀ ਖਾਤਿਰ

ਇਕ ਗੱਭਰੂ ਤੇ ਵਹੁਟੀ ਵਿਚ ਚੰਗੀ ਗਰਮਾ-ਗਰਮੀ ਹੋ ਗਈ | ਗੁਆਂਢਣ ਉਨ੍ਹਾਂ ਦਾ ਝਗੜਾ ਸੁਣ ਰਹੀ ਸੀ | ਥੋੜ੍ਹੀ ਦੇਰ ਮਗਰੋਂ ਗੁੱਸੇ ਭਰਿਆ ਗੱਭਰੂ ਚੁੱਪ ਕਰਕੇ ਘਰੋਂ ਬਾਹਰ ਚਲਾ ਗਿਆ, ਰੁੱਸ ਗਿਆ ਸੀ | ਗੁਆਂਢ 'ਚ ਚਲ ਰਿਹਾ ਯੁੱਧ ਜਦ ਠੰਢਾ ਪੈ ਗਿਆ ਤਾਂ ਗੁਆਂਢਣ ਉਨ੍ਹਾਂ ਦੇ ਘਰ ਭੱਜੀ ਆਈ | ਵਹੁਟੀ ਦਾ ਮੰੂਹ ਅਜੇ ਵੀ ਗੁੱਸੇ ਨਾਲ ਸੁੱਜਿਆ ਹੋਇਆ ਸੀ, ਗੁਆਂਢਣ ਨੇ ਬੜੀ ਹਮਦਰਦੀ ਨਾਲ ਪੁੱਛਿਆ, 'ਭੈਣ ਜੀ ਕੀ ਹੋਇਆ? ਆਪਸ 'ਚ ਜ਼ੋਰ-ਜ਼ੋਰ ਨਾਲ ਲੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ |'
'ਕੁਝ ਨਹੀਂ, ਕਿਹੜਾ ਘਰ ਹੈ ਜਿਹਦੇ 'ਚ ਮੀਆਂ-ਬੀਵੀ ਦਾ ਆਪਸ 'ਚ ਝਗੜਾ ਨਹੀਂ ਹੁੰਦਾ | ਜਿੱਥੇ ਦੋ ਭਾਂਡੇ ਹੋਣ, ਆਪਸ 'ਚ ਖੜਕ ਹੀ ਪੈਂਦੇ ਨੇ |'
'ਭਰਾ ਜੀ ਕਿੱਥੇ ਚਲੇ ਗਏ?
'ਜਾਣਾ ਕਿੱਥੇ ਹੈ, ਐਥੇ ਹੀ ਅਵਾਰਾ ਗਾਂਵਾਂ-ਮੱਝਾਂ ਵਾਂਗ ਸੜਕਾਂ-ਗਲੀਆਂ 'ਚ ਭੌਾਦੇ ਰਹਿਣਗੇ | ਫਿਰ ਮੰੂਹ ਸੁਜਾ ਕੇ ਕਿਸੇ ਬਾਗ਼ 'ਚ ਬਹਿ ਜਾਣਗੇ | ਫਿਰ ਜਦ ਭੁੱਖ ਲੱਗੀ ਤਾਂ ਆਪੇ ਘਰ ਪਰਤ ਆਉਣਗੇ, ਉਹ ਜ਼ਿਆਦਾ ਦੇਰ ਭੁੱਖੇ ਨਹੀਂ ਰਹਿ ਸਕਦੇ | ਰੁੱਸੇ-ਰੁੱਸੇ ਕੈਂ ਮਨਾਏ? ਆਪੇ ਭੁੱਖੇ ਘਰ ਨੂੰ ਆਏ | ਉਹ ਭੁੱਖ ਨਹੀਂ ਸਹਿ ਸਕਦੇ |'
ਪਰ ਹੋਟਲ ਵੀ ਤਾਂ ਹੈਨ ਨਾ... ਹੋਟਲ ਵਿਚ ਵੀ ਤਾਂ ਖਾ ਸਕਦੇ ਹਨ |
'ਆਹੋ ਪਰ ਹੋਟਲ 'ਚ ਕਿੱਦਾਂ ਖਾਣਗੇ | ਹੋਟਲ 'ਚ ਤਾਂ ਬਿੱਲ ਭਰਨਾ ਪੈਂਦਾ ਹੈ, ਪੈਸੇ ਦੇਣੇ ਪੈਂਦੇ ਨੇ |'
'ਦੇ ਦੇਣਗੇ ਪੈਸੇ, ਖਸਮ ਨਰਾਜ਼ ਹੋ ਜਾਣ ਤਾਂ ਪੈਸਿਆਂ ਦੀ ਪ੍ਰਵਾਹ ਨਹੀਂ ਕਰਦੇ |'
'ਕਿੱਥੋਂ ਦੇਣਗੇ ਪੈਸੇ | ਮੈਂ ਤਾਂ ਕੱਲ੍ਹ ਰਾਤ ਹੀ ਉਨ੍ਹਾਂ ਦੀ ਜੇਬ੍ਹ 'ਚੋਂ ਸਾਰੇ ਪੈਸੇ ਕੱਢ ਲਏ ਸਨ |'
ਬਾਬੂ ਜੀ ਕੀ ਬਾਤ ਨਿਰਾਲੀ
ਦਿਲ ਭੀ ਖਾਲੀ ਜੇਬ੍ਹ ਭੀ ਖਾਲੀ |
ਐਥੋਂ ਹੀ ਤਾਂ ਲੜਾਈ ਸ਼ੁਰੂ ਹੋਈ ਸੀ |
ਗੁਆਂਢਣ ਹੱਸਦੀ ਹੋਈ, ਹੌਸਲਾ ਹੂਸਲਾ ਦੇ ਕੇ ਵਾਪਸ ਆਪਣੇ ਘਰ ਚਲੀ ਗਈ ਤੇ ਸੱਚਮੁੱਚ ਥੋੜ੍ਹੀ ਦੇਰ ਮਗਰੋਂ ਬਾਊ ਜੀ, ਘਰ ਪਰਤ ਆਏ | ਗੁਆਂਢਣ ਨੂੰ ਪਤਾ ਲੱਗ ਗਿਆ ਉਹਨੇ ਕੰਨ ਕੰਧ ਨਾਲ ਲਾ ਲਏ ਕਿ ਵੇਖੋ ਹੁਣ ਕੀ ਤਮਾਸ਼ਾ ਹੁੰਦਾ ਹੈ |
ਸੱਚੀਂ ਕੰਧਾਂ ਦੇ ਵੀ ਕੰਨ ਹੁੰਦੇ ਨੇ...
ਬਾਊ ਜੀ ਨੇ ਨਾ ਗੁੱਸਾ ਕੀਤਾ, ਨਾ ਭੜਕੇ... ਵਹੁਟੀ ਨੂੰ ਸਿੱਧਾ ਤਾਂ ਨਾ ਆਖਿਆ, ਕਵੀਆਂ ਦੇ ਅੰਦਾਜ਼ 'ਚ ਸੁਨੇਹਾ ਇਉਂ ਦਿੱਤਾ:
'ਭੁੱਖ ਸੁੱਖ ਲੱਗੀ ਏ, ਖਾਈਏ ਕਿੱਥੇ ਜਾ ਕੇ?'
ਵਹੁਟੀ ਨੇ ਵੀ ਓਦਾਂ ਹੀ ਕਾਵਿਮਈ ਅੰਦਾਜ਼ 'ਚ ਜਵਾਬ ਦਿੱਤਾ, 'ਰੋਟੀ ਸ਼ੋਕੀ ਪੱਕੀ ਏ, ਖਾਂਦੇ ਕਿਉਂ ਨਹੀਂ ਆ ਕੇ |'
ਰੋਟੀ ਉਹਨੇ ਪਰੋਸ ਦਿੱਤੀ, ਹਸਬੈਂਡ ਨੇ ਪੇਟ ਭਰ ਕੇ ਨਿਸ਼ਠਾ ਨਾਲ ਛਕੀ | ਪੇਟ ਭਰਨ ਮਗਰੋਂ ਇਕ ਵਾਰ ਫਿਰ ਉਸੇ ਅੰਦਾਜ਼ 'ਚ ਉਨ੍ਹਾਂ ਆਖਿਆ, 'ਨੀਂਦ ਸ਼ੀਂਦ ਆਈ ਏ, ਸੌਾਈਏ ਕਿੱਥੇ ਜਾ ਕੇ?'
ਵਹੁਟੀ ਨੇ ਵੀ ਉਸੇ ਰਉਂ 'ਚ ਜਵਾਬ ਦਿੱਤਾ, 'ਪਲੰਘ ਸ਼ਲੰਗ ਵਿਛੇ ਨੇ, ਸੌਾ ਜਾਓ ਜਾ ਕੇ |'
ਇਸ ਮਗਰੋਂ ਗੁਆਂਢਣ ਨੂੰ ਦੋਵਾਂ ਦੇ ਇਕੋ ਵਾਰ ਖਿੜ-ਖਿੜ ਹੱਸਣ ਦੀ ਆਵਾਜ਼ ਆਈ | ਉਹ ਹੋਰ ਧਿਆਨ ਨਾਲ ਕੰਧ ਨਾਲ ਕੰਨ ਲਾ ਕੇ ਉਡੀਕਣ ਲੱਗੀ ਕਿ ਚਲੋ ਵੇਖੀਏ, ਹੁਣ ਕੀ ਹੁੰਦਾ ਹੈ | ਪਰ ਨਾ ਹਾਸੇ ਦੀ, ਨਾ ਕੋਈ ਹੋਰ ਆਵਾਜ਼ ਆਈ | ਮਾਮਲਾ ਸ਼ਾਂਤ ਹੋ ਗਿਆ ਸੀ |
ਪੇਟ ਭਰਿਆ, ਗੁੱਸਾ ਹਰਿਆ |
ਪੇਟ ਨਾ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ |
ਇਕ ਬਹੁਤ ਵੱਡੇ ਅਮੀਰ ਦੁਕਾਨਦਾਰ, ਜਿਹਦੀ ਦੁਕਾਨ ਹਰ ਵੇਲੇ ਗਾਹਕਾਂ ਨਾਲ ਭਰੀ ਹੁੰਦੀ ਹੈ, ਮੇਰੇ ਸਾਹਮਣੇ ਇਕ ਗਾਹਕ ਨੂੰ ਉਹਦੀ ਪਸੰਦ ਦੀ ਵਸਤ ਦੇਣ ਤੋਂ ਹੱਥ ਉਪਰ ਚੁੱਕ ਕੇ ਬੋਲੇ, ਵਾਹ ਭਾਈ ਇਕ ਘੰਟੇ ਲਈ ਛੁੱਟੀ, ਹੁਣ ਲੰਚ ਦਾ ਸਮਾਂ ਦਾ ਹੋ ਗਿਐ | ਜਿਸ ਰੋਟੀ ਲਈ ਐਨੀ ਮਿਹਨਤ ਕਰੀ ਦੀ ਹੈ, ਉਹ ਵੀ ਵੇਲੇ ਸਿਰ ਨਾ ਖਾਧੀ ਤਾਂ ਕੀ ਫਾਇਦਾ |' ਹੈ ਵੀ ਸੱਚ |
ਇਹ ਜਿਹੜੀ ਆਪਾਧਾਪੀ, ਨੱਸ-ਭੱਜ ਪਈ ਏ, ਸਾਰੇ ਸੰਸਾਰ ਵਿਚ, ਇਹ ਸਿਰਫ਼ ਤੇ ਸਿਰਫ਼ ਪਾਪੀ ਪੇਟ ਦੀ ਖਾਤਰ ਹੈ | ਜ਼ਿੰਦਗੀ ਦਾ ਮੁੱਖ ਉਦੇਸ਼ ਤਾਂ ਇਹੀਓ ਹੈ ਕਿ ਭੁੱਖ ਲੱਗੇ ਤਾਂ ਪਾਪੀ ਪੇਟ ਨੂੰ ਨਾ ਤਰਸਾਈਓ | ਵੇਲੇ ਸਿਰ ਪੇਟ ਭਰੋ | ਸੰਸਾਰ ਭਰ ਦੇ ਜਿੰਨੇ ਵੀ ਲੋਕੀਂ ਵਪਾਰ ਕਰਦੇ ਹਨ, ਕਾਰਖਾਨੇ ਚਲਾਉਂਦੇ ਹਨ, ਨੌਕਰੀਆਂ ਕਰਦੇ ਹਨ, ਰਿਕਸ਼ੇ ਚਲਾਉਂਦੇ ਹਨ, ਮਜ਼ਦੂਰੀ ਕਰਦੇ ਹਨ, ਧੋਖੇ ਕਰਦੇ ਹਨ, ਇਕ ਦੂਜੇ ਨੂੰ ਠੱਗਦੇ ਹਨ, ਬੈਂਕਾਂ ਨੂੰ ਚੂਨਾ ਲਗਾਉਂਦੇ ਹਨ, ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਖਾਤਰ |
ਮੰਗਤਿਆਂ ਨੂੰ ਵੇਖਿਐ? ਕਿੱਦਾਂ ਆਪਣੇ ਢਿੱਡ ਤੋਂ ਕਮੀਜ਼ ਚੁੱਕ ਕੇ, ਨੰਗੇ ਪੇਟ 'ਤੇ ਹੱਥ ਮਾਰ ਕੇ ਅਰਜੋਈ ਕਰਦੇ ਹਨ, ਦੋ ਦਿਨਾਂ ਤੋਂ ਭੁੱਖਾਂ ਹਾਂ, ਕੁਝ ਨਹੀਂ ਖਾਧਾ, ਗ਼ਰੀਬ ਨੂੰ ਦਾਨ ਦੇ ਦਿਓ | ਉਹਨੂੰ ਪੁੱਛੋ, ਕੋਈ ਕੰਮ ਕਰ, ਮੰਗਦਾ ਕਿਉਂ ਹੈਾ? ਉਹਦਾ ਜਵਾਬ ਇਹੋ ਹੁੰਦਾ ਹੈ, 'ਪਾਪੀ ਪੇਟ ਦੀ ਖਾਤਰ |'
ਭੁੱਖ ਦਾ ਦੁੱਖ, ਸਭ ਤੋਂ ਦੁਖਦਾਈ | ਦਿੱਲੀ ਤੋਂ ਇਕ ਖ਼ਬਰ ਆਈ ਹੈ, ਬੜੀ ਦੁੱਖ ਭਰੀ, ਡਾਢੀ ਦੁਖਦਾਈ |
ਇਕ ਗਰੀਬ ਪਰਿਵਾਰ ਦੀਆਂ ਤਿੰਨ ਬੱਚੀਆਂ ਉਮਰ ਦੋ ਸਾਲ ਤੋਂ ਅੱਠ ਸਾਲ ਤੱਕ ਭੁੱਖ ਦੇ ਦੁੱਖੋਂ, ਇਸ ਉਮਰੇ ਹੀ ਮਰ ਗਈਆਂ | ਪਿਤਾ ਰਿਕਸ਼ਾ ਚਲਾਉਂਦਾ ਸੀ, ਉਹਦਾ ਰਿਕਸ਼ਾ ਬਦਮਾਸ਼ਾਂ ਨੇ ਖੋਹ ਲਿਆ, ਕਿਰਾਏ ਦੇ ਘਰੋਂ ਇਸ ਲਈ ਕੱਢ ਦਿੱਤਾ ਗਿਆ ਕਿ ਉਹ ਕਿਰਾਇਆ ਨਾ ਦੇ ਸਕਿਆ | ਤਿੰਨ ਬੱਚੀਆਂ ਤੇ ਵਹੁਟੀ ਨੂੰ ਲੈ ਕੇ ਇਕ ਦੋਸਤ ਦੇ ਘਰ ਆਸਰਾ ਲੈ ਲਿਆ | ਫਿਰ ਅਚਾਨਕ ਗਾਇਬ ਹੋ ਗਿਆ | ਤਿੰਨੇ ਬੱਚੀਆਂ ਭੁੱਖ ਨਾਲ ਮਰ ਗਈਆਂ | ਸਾਡੀਆਂ ਅਖ਼ਬਾਰਾਂ, ਸਾਡੇ ਟੀ. ਵੀ. ਚੈਨਲ ਇਹੋ ਜਿਹੀ ਦੁੱਖ ਭਰੀ ਖ਼ਬਰ ਆ ਜਾਏ ਤਾਂ ਉਹਨੂੰ ਖੂਬ ਉਛਾਲਦੇ ਹਨ, ਕੁਝ ਕੁ ਦਿਨ ਤਾਂ ਉਸੇ ਖ਼ਬਰ ਦੀ ਚਰਚਾ 'ਚ ਰੁਝੇ ਰਹਿੰਦੇ ਹਨ, ਇਸ ਘਟਨਾ ਦੀ ਚਰਚਾ ਵੀ ਖੂਬ ਹੋਈ | ਇਕ ਖਾਸ ਨੋਟ ਕਰਨ ਵਾਲੀ ਗੱਲ ਇਹ ਸੀ ਕਿ ਚਰਚਾ 'ਚ ਹਿੱਸੇ ਲੈਣ ਵਾਲੇ ਸਭੇ ਖਾਂਦੇ-ਪੀਂਦੇ, ਭਰੇ ਪੇਟਾਂ, ਭਰੇ ਢਿੱਡਾਂ ਵਾਲੇ ਲੋਕ ਸਨ | ਕੋਈ ਇਕ ਵੀ ਅਜਿਹਾ ਨਹੀਂ ਸੀ ਜਿਹੜਾ ਗ਼ਰੀਬ ਹੋਵੇ ਜਾਂ ਜਿਸ ਨੇ ਭੁੱਖ ਦਾ ਸੰਤਾਪ ਹੰਢਾਇਆ ਹੋਵੇ | (ਰੱਬ ਨਾ ਕਰੇ ਕਿ ਕੋਈ ਅਜਿਹਾ ਹੋਵੇ) ਹਾਂ, ਸਭਨਾਂ ਇਕ ਗੱਲ, ਇਕੋ ਜਿਹੀ ਕਹੀ ਕਿ ਵੇਖੋ ਸਮਾਜ 'ਚ ਇਨਸਾਨੀਅਤ ਮਾਨੋਂ ਹੈ ਹੀ ਨਹੀਂ, ਇਹ ਨਹੀਂ ਕਿ ਗੁਆਂਢ 'ਚ ਬੱਚੀਆਂ ਭੁੱਖੀਆਂ ਹਨ, ਕੋਈ ਇਨ੍ਹਾਂ 'ਤੇ ਤਰਸ ਖਾ ਕੇ ਇਨ੍ਹਾਂ ਨੂੰ ਰੋਟੀ ਹੀ ਖਵਾ ਦਿੰਦਾ | ਭੁੱਖ ਨਾਲ ਬੱਚੇ ਤਾਂ ਵਿਲਕਦੇ ਹੀ ਹਨ |
ਇਹ ਹਰ ਕਿਸੇ ਦੀ ਮਾਨਤਾ ਹੈ ਕਿ ਅਸੀਂ ਜਿਹੜੇ ਇਸ ਸੰਸਾਰ 'ਚ ਆਏ ਹਾਂ, ਇਹ ਸਭ ਰੱਬ ਦੀ ਕਿਰਪਾ ਹੈ | ਪਰ ਕਈ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ, ਉਹ ਸ਼ੰਕਾ ਕਰਦੇ ਹਨ, ਪੁੱਛਦੇ ਹਨ, ਜੇਕਰ ਰੱਬ ਸੱਚਮੁੱਚ ਹੈ ਤਾਂ ਉਹ ਦਿਸਦਾ ਕਿਉਂ ਨਹੀਂ?
ਇਕ ਮਹਾਂਪੁਰਸ਼ ਨੇ ਇਹਦਾ ਜਵਾਬ ਸਵਾਲੀ ਨੂੰ ਇਹ ਦਿੱਤਾ ਸੀ, 'ਰੱਬ ਵੇਖਣਾ ਈ ਤਾਂ ਕਿਸੇ ਭੁੱਖੇ ਨੂੰ ਰੋਟੀ ਖਵਾ, ਫਿਰ ਉਹਦੀਆਂ ਅੱਖਾਂ 'ਚ ਝਾਕ... ਤੇਰੇ ਪ੍ਰਤੀ ਜਿਹੜਾ ਸ਼ੁਕਰਾਨਾ ਹੋਏਗਾ ਉਸ ਦੀਆਂ ਅੱਖਾਂ 'ਚ, ਉਹੀਓ ਰੱਬ ਹੈ |'
ਕਿੰਨਾ ਸੋਹਣਾ ਕਿਸੇ ਫਿਲਾਸਫਰ ਨੇ ਆਖਿਆ ਹੈ, 'ਜੇਕਰ ਰੱਬ ਨੇ ਪੇਟ ਨਾ ਲਾਇਆ ਹੁੰਦਾ ਤਾਂ ਇਸ ਸੰਸਾਰ 'ਚ ਕੋਈ ਝਗੜਾ ਫਸਾਦ ਨਾ ਹੁੰਦਾ, ਬਸ ਸ਼ਾਂਤੀ ਹੀ ਸ਼ਾਂਤੀ ਹੁੰਦੀ |'
ਫਰਾਂਸ 'ਚ ਜਦ ਐਨੀ ਵੱਡੀ ਕ੍ਰਾਂਤੀ (ਰੈਨੇਸੈਂਸ) ਹੋਈ ਤਾਂ ਗਰੀਬੀ ਤੇ ਭੁੱਖ ਕਾਰਨ ਹੀ ਹੋਈ | ਲੋਕੀਂ ਸੜਕਾਂ 'ਤੇ ਆ ਗਏ ਸਨ ਤੇ ਉਨ੍ਹਾਂ ਰਾਜ ਪਲਟਾ ਕਰ ਦਿੱਤਾ | ਦੁਨੀਆ 'ਚ ਅੱਜ ਵੀ ਉਦੋਂ ਦੇ ਰਾਜਾ ਲੂਈ ਦੀ ਇਸ ਗੱਲ ਦਾ ਮਜ਼ਾਕ ਉਡਾਇਆ ਜਾਂਦਾ ਹੈ ਕਿ ਉਸ ਨੇ ਕਿਹਾ ਸੀ, 'ਜੇਕਰ ਲੋਕਾਂ ਨੂੰ ਰੋਟੀ ਨਹੀਂ ਲੱਭਦੀ ਤਾਂ ਉਹ ਕੇਕ ਖਾ ਲੈਣ |'
ਦਿੱਲੀ 'ਚ ਜਿਥੇ ਇਨ੍ਹਾਂ ਤਿੰਨ ਬੱਚੀਆਂ ਦੀ ਭੁੱਖ ਨਾਲ ਮੌਤ ਹੋਈ, ਉਥੇ ਦੀ ਮੌਜੂਦਾ ਕੇਜਰੀਵਾਲ ਸਰਕਾਰ ਦੀ ਉਥੋਂ ਦੇ ਐਲ.ਜੀ. ਨਾਲ ਇਹੋ ਲੜਾਈ ਚਲ ਰਹੀ ਸੀ ਕਿ ਉਹ ਘਰ-ਘਰ ਰਾਸ਼ਨ ਪਹੁੰਚਾਉਣਾ ਚਾਹੁੰਦੇ ਹਨ ਪਰ ਐਲ.ਜੀ. ਉਨ੍ਹਾਂ ਨੂੰ ਆਗਿਆ ਨਹੀਂ ਦੇ ਰਹੇ | ਲੜਾਈ ਖਤਮ ਹੋ ਗਈ, ਤਿੰਨ ਮਾਸੂਮ ਜਿੰਦਾ ਭੁੱਖੀਆਂ ਸੰਸਾਰ ਛੱਡ ਗਈਆਂ, ਪਰ ਉਨ੍ਹਾਂ ਦੇ ਘਰ ਰਾਸ਼ਨ ਦੇ ਕੁਝ ਦਾਣੇ ਵੀ ਨਾ ਪਹੁੰਚੇ | ਕੇਜਰੀਵਾਲ ਨਾ ਧੁਰ ਤੇ ਹਨ ਨਾ ਧਰਾ ਦੇ | ਧੁਰਾ ਤੇ ਧਰਨੇ 'ਤੇ ਬਹਿਣ ਜੋਗੇ ਹੀ ਹਨ | ਕਿੰਨਾ ਦੁੱਖ ਹੁੰਦਾ ਹੈ ਇਹ ਜਾਣ ਕੇ ਕਿ ਐਸ ਵੇਲੇ ਹਿੰਦੁਸਤਾਨ ਦੁਨੀਆ 'ਚ ਗਰੀਬੀ ਵਾਲੀ ਫਹਿਰਿਸਤ 'ਚ 100ਵੇਂ ਸਥਾਨ 'ਤੇ ਹੈ |
ਕਹਿੰਦੇ ਨੇ ਹਰ ਪਲ ਰੱਬ ਨੂੰ ਯਾਦ ਕਰੋ, ਉਹਦਾ ਨਾਂਅ ਲਵੋ | ਪਰ... ਭੁੱਖੇ ਭਗਤ ਨਾ ਹੋਏ ਗੋਪਾਲਾ |
ਭਾਰਤ ਸਰਕਾਰ ਦਾ ਕਾਨੂੰਨ ਹੈ, 'ਰਾਈਟ ਟੂ ਫੂਡ' ਫੂਡ ਕਾਗਜ਼ 'ਤੇ ਨਹੀਂ ਲੋਕਾਂ ਦੇ ਪੇਟ 'ਚ ਜਾਣਾ ਚਾਹੀਦਾ ਹੈ |

ਸਮਾਈਲ ਦਵਾਖਾਨਾ

ਕੈਨੇਡਾ ਤੋਂ ਆਇਆ ਇਕ ਜਾਣਕਾਰ ਬਜ਼ੁਰਗ ਮੱਘਰ ਮਕੋੜਾ ਗੱਲਬਾਤ ਦੌਰਾਨ ਵਾਰ-ਵਾਰ 'ਰੈਟਵਾ' ਸ਼ਬਦ ਵਰਤ ਰਿਹਾ ਸੀ | ਮੈਂ ਇਸ ਸ਼ਬਦ ਬਾਰੇ ਤਰੀਕੇ ਨਾਲ ਪਤਾ ਕੀਤਾ | ਅਸਲ 'ਚ ਉਹ ਆਖਦਾ ਸੀ 'ਰਾਈਟ-ਵਾ' ਯਾਨੀ ਠੀਕ ਐ | ਲੁਧਿਆਣਾ ਦੇ ਖੂਬਸੀਰਤ ਇਲਾਕੇ ਸ਼ਮਸ਼ੇਰ ਐਵੇਨਿਊ 'ਚ ਇਕ ਖੂਬਸੂਰਤ ਬਜ਼ੁਰਗ ਰਹਿੰਦੇ ਹਨ ਸ: ਮੁਖਤਿਆਰ ਸਿੰਘ | ਇਕ ਦਿਨ ਉਹ ਡਾਕਖਾਨੇ ਟਿਕਟ ਲੈਣ ਗਏ | ਉਹ ਲਾਈਨ 'ਚ ਸਭ ਤੋਂ ਮੂਹਰੇ ਸਨ, ਪਰ ਚਲਾਕੀ ਨਾਲ ਪਿਛੇ ਖੜ੍ਹੇ ਦੋ ਸੱਜਣ ਪਹਿਲਾਂ ਭੁਗਤ ਗਏ | ਜਦੋਂ ਤੀਜੇ ਨੇ ਖਿੜਕੀ ਵੱਲ ਬਾਂਹ ਵਧਾਈ ਤਾਂ ਮੁਖਤਿਆਰ ਸਿੰਘ ਨੇ ਗੁੱਟ ਫੜ ਲਿਆ | ਨੌਜਵਾਨ ਬੋਲਿਆ 'ਸਰ ਮੈਂ ਤਾਂ ਸਟੈਂਪ ਹੀ ਲੈਣੀ |' ਬਜ਼ੁਰਗ ਨੇ 'ਠਾਹ ਸੋਟਾ ਮਾਰਿਆ' 'ਕਾਕਾ ਮੈਂ ਕਿਹੜਾ ਟਰੱਕ ਲੈਣਾ ਮੈਂ ਵੀ ਤਾਂ ਸਟੈਂਪ ਹੀ ਲੈਣੀ |'
ਪੈਰ ਹੇਠ ਆਇਆ ਬਟੇਰਾ ਕਈ ਵਾਰੀ ਚੰਗੀ 'ਖੁਤ' ਪਾ ਦਿੰਦਾ ਹੈ | ਚਿੱਟੇ ਦਿਨ 'ਹਨੇਰਾ ਘੁੱਪ' ਪਾ ਦਿੰਦਾ ਹੈ | ਹੁਸ਼ਿਆਰਪੁਰ ਤੋਂ ਪੰਜਾਬੀ ਸ਼ਾਇਰ ਇਕਵਿੰਦਰ, ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਅਤੇ ਡਰਾਮਾ ਡਾਇਰੈਕਟਰ ਅਸ਼ੋਕ ਪੁਰੀ ਕੇਰਾਂ ਨੰਗਲ ਆਏ | ਇਨ੍ਹਾਂ ਸੱਜਣਾਂ ਨੇ ਇਕ ਪਬਲਿਕ ਸਕੂਲ ਦੇ ਦੋ ਕੋਰੇ ਅਨਪੜ੍ਹ ਪ੍ਰਬੰਧਕੀ ਕਮੇਟੀ ਮੈਂਬਰਾਂ ਦੀ ਕਹਾਣੀ ਸੁਣਾਈ | ਅਨਪੜ੍ਹ ਕਮੇਟੀ ਮੈਂਬਰਾਂ ਨੇ ਮੈਥ ਦੀ ਅਸਾਮੀ ਲਈ ਐਮ.ਐਸ.ਸੀ., ਪੀ.ਐਚ.ਡੀ. ਉਮੀਦਵਾਰ ਰੱਦ ਕਰ ਦਿੱਤੇ ਅਤੇ ਇਕ ਬੀ.ਐਸ.ਸੀ. ਲੜਕੀ ਰੱਖਣ ਦਾ ਫ਼ੈਸਲਾ ਕੀਤਾ | ਡਰਪੋਕ ਪਿੰ੍ਰਸੀਪਲ ਨੇ ਮਸਾਂ ਇਕ ਸਵਾਲ ਕੀਤਾ | 'ਸਰ! ਤੁਸੀਂ ਬੀ.ਐਸ.ਸੀ. ਨੂੰ ਤਰਜੀਹ ਕਿਉਂ ਦਿੱਤੀ?' ਇਕ ਕਮੇਟੀ ਮੈਂਬਰ ਨੇ ਝੱਟ ਛੱਡ 'ਤੀ ਅਗਨੀ ਮਿਜ਼ਾਈਲ | ਮੈਂ ਬੀ.ਐਸ.ਸੀ. ਦੀ ਜੁੱਤੀ ਲਈ ਸੀ ਇਕ ਵਾਰੀ ਬੜੀ ਚੱਲੀ |'
'ਸਟੂਡੈਂਟ ਵੀਜ਼ਾ', 'ਵਿਜ਼ਟਰ ਵੀਜ਼ਾ', 'ਬਿਜ਼ਨਸ ਵੀਜ਼ਾ' ਆਦਿ ਸ਼ਬਦ ਤਾਂ ਮੈਂ ਸੁਣੇ ਸਨ ਪਰ ਕੈਨੇਡਾ ਤੋਂ ਆਏ ਟੈਟੂਆਂ ਵਾਲੇ ਨੌਜਵਾਨ ਨੇ ਭੁੱਖੜ ਭਮੱਕੜ ਨੇ 'ਪੇਟੀਕੋਟ ਵੀਜ਼ਾ' ਸ਼ਬਦ ਵਰਤ ਕੇ ਮੈਨੂੰ ਹੈਰਾਨ ਹੀ ਕਰ ਦਿੱਤਾ | 'ਪੇਟੀਕੋਟ ਵੀਜ਼ਾ' ਸ਼ਬਦ ਉਨ੍ਹਾਂ ਮੰੁਡਿਆਂ ਲਈ ਵਰਤਿਆ ਜਾਂਦੈ ਜਿਹੜੇ ਪੱਕੀ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਜਾ ਸਕਦੇ ਹਨ |
ਮੇਰੇ ਹੱਥਾਂ ਦਾ ਸਬੰਧ ਸਮਾਚਾਰ ਤੇ ਵਿਚਾਰ ਲਿਖਣ ਨਾਲ ਹੈ | ਮੇਰੇ ਹੱਥਾਂ ਦਾ ਸਬੰਧ 'ਭੇਡੂ ਮਾਰਕਾ ਰੀਠਾ ਪਾਊਡਰ' ਅਤੇ 'ਗੈਂਡਾ ਮਾਰਕਾ ਫਿਨਾਈਲ' ਨਾਲ ਵੀ ਹੈ | ਮੈਨੂੰ ਦਿਨ 'ਚ ਦੋ ਵਾਰੀ ਭਾਂਡੇ ਮਾਂਜਣੇ ਪੈਂਦੇ ਹਨ | ਸਫਾਈ ਕਰਦਿਆਂ ਮੈਨੂੰ ਲਗਦਾ ਹੈ ਕਿ ਹਰੀ ਰਾਮ ਗੁਲਾਬ ਰਾਏ ਮੇਰੇ ਰਿਸ਼ਤੇਦਾਰ ਹਨ... ਝਾੜੂ 'ਤੇ ਲਿਖਿਆ ਹੁੰਦਾ ਹੈ ਨਾ ਇਹ ਨਾਂਅ | ਜਦੋਂ ਟਾਈਮ ਘੱਟ ਹੋਵੇ ਤਾਂ ਮੈਂ 'ਆਲੂ ਸਮੇਤ ਵਰਦੀ' ਬਣਾ ਲੈਂਦਾ ਹਾਂ |
ਬੰਦਾ ਬੜੀ ਜ਼ਬਰਦਸਤ ਚੀਜ਼ ਹੈ | ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਮਾਂ ਦੇ ਪੇਟ 'ਤੇ ਲਿਟਾ ਦਿੱਤਾ ਜਾਂਦਾ ਹੈ | ਉਹ ਸਰਕਦਾ-ਸਰਕਦਾ ਸੰੁਘਦਾ-ਸੰੁਘਦਾ (ਕਰੋਲਿੰਗ, 3rawling) ਉਧਰ ਹੀ ਜਾਂਦਾ ਹੈ, ਜਿਧਰੋਂ ਖੁਰਾਕ ਮਿਲਦੀ ਹੈ | ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਹ ਹਰ ਪਲ ਕੋਸ਼ਿਸ਼ ਕਰਦਾ ਹੈ ਕਿ ਦਾਅ ਹੀ ਲੱਗਦਾ ਰਹੇ | ਗੰਗਾ ਸਤਲੁਜ ਐਕਸਪ੍ਰੈੱਸ ਰਾਹੀਂ ਸ਼ਾਹਗੰਜ ਜੰਕਸ਼ਨ (ਯੂ.ਪੀ.) ਤੋਂ ਅੰਬਾਲਾ ਪਰਤ ਰਿਹਾ ਸਾਂ | ਰਾਮਪੁਰ ਸਟੇਸ਼ਨ ਆਉਣ ਤੋਂ ਪਹਿਲਾਂ ਇਕ ਯਾਤਰੀ ਨੇ ਢਾਬੇ ਵਾਲੇ ਨੂੰ ਫੋਨ ਕੀਤਾ 'ਹਾਫ਼ ਚਿਕਨ ਤਿਆਰ ਕਰ ਦਿਓ... ਬੈਕ ਹਾਫ਼ ਦੇ ਦੇਣਾ |' ਢਾਬੇ ਵਾਲਾ ਮੰਨਿਆ ਨਹੀਂ | ਯਾਤਰੀ ਵੀ ਵੱਧ ਪੈਸੇ ਦੇਣ ਲਈ ਹਾਮੀ ਨਾ ਭਰੇ | ਵਾਹ ਓਏ ਕੁਲਵੰਤ ਸਿਆਂ... ਟੰਗਾਂ ਨੂੰ ਤੂੰ ਖਾਵੇਂ... ਗਰਦਨ ਕੋਈ ਹੋਰ |'
ਮੈਂ ਅੱਜਕਲ੍ਹ ਆਪਣੀ ਚੌਥੀ ਕਿਤਾਬ 'ਇਸ਼ਕ ਵਿਸ਼ਕ ਨੂਡਲਜ਼' ਲਿਖ ਰਿਹਾ ਹਾਂ | ਇਸ 'ਚ ਤਿੰਨ ਸਹੇਲੀਆਂ ਦਾ ਜ਼ਿਕਰ ਵੀ ਹੈ ਜਿਹੜੀਆਂ ਇਹ ਤਾਂ ਪਸੰਦ ਕਰਦੀਆਂ ਹਨ ਕਿ ਉਨ੍ਹਾਂ ਦੀ ਚੌਥੀ ਸਹੇਲੀ ਆਪਣੇ ਪ੍ਰੇਮੀ 'ਕੰਠ...' ਨੂੰ ਮਿਲੀ ਗਿਲੀ ਜਾਵੇ | ਤਿੰਨਾਂ ਨੂੰ ਇਹ ਪਸੰਦ ਨਹੀਂ ਕਿ ਪ੍ਰੇਮੀ ਨਿੱਤ ਹੀ ਯੂਨੀਵਰਸਿਟੀ ਦੇ ਗੇੜੇ ਦੇਈ ਜਾਵੇ | 'ਕੰਠ ਲੰਗੋਟ' ਵੀ ਕੁੱਤੇ ਦਾ ਵੱਢਿਆ ਹੋਇਐ, ਰੋਜ਼ ਈ ਤੁਰਿਆ ਰਹਿੰਦੈ | ਅੱਕ ਕੇ ਇਕ ਸਹੇਲੀ ਨੇ ਕਿਹਾ, 'ਦੇਖ ਜੱਸ ਏਹਨੂੰ ਸਮਝਾ... ਟੁੱਟੇ ਛਿੱਤਰ ਵਾਂਗ ਵਧਦਾ ਨਾ ਜਾਵੇ |' ਥੱਕ ਕੇ ਦੂਜੀ ਨੇ ਵੀ ਆਖ ਦਿੱਤਾ, 'ਇਥੇ ਗਿੱਦੜਾਂ ਨੂੰ ਅਸਮਾਨੀ ਚਾੜਿ੍ਹਐ |'

-ਭਾਖੜਾ ਰੋਡ, ਨੰਗਲ-140124.
ਮੋਬਾਈਲ : 98156-24927.
grewal.dam@gmail.com

ਉਦਾਸ ਬੁੱਤ

'ਬੁੱਤ ਉਦਾਸ ਹੈ |'
ਭਗਵਾਨ ਸਿੰਘ ਦੇ ਮਨ ਅੰਦਰੋਂ ਹੂਕ ਨਿਕਲਦੀ ਹੈ |
ਪਿਛਲੇ ਦੋ ਦਿਨਾਂ ਤੋਂ ਉਹ ਇਥੇ ਹਵਾਖੋਰੀ ਕਰਨ ਆਉਂਦਾ ਹੈ | ਪਾਰਕ ਬਹੁਤ ਹੀ ਸੁੰਦਰ ਹੈ, ਮਖ਼ਮਲੀ ਘਾਹ ਵਾਲਾ ਮੈਦਾਨ ਚੌਾਪਾਸਿਉਂ ਦਰੱਖ਼ਤਾਂ ਨਾਲ ਘਿਰਿਆ ਹੋਇਆ ਚੁਫ਼ੇਰੇ ਸਜਾਵਟੀ ਤੇ ਫੁੱਲਾਂ ਵਾਲੇ ਪੌਦੇ ਸੁੰਦਰਤਾ ਤੇ ਤਾਜ਼ਗੀ ਬਖੇਰਦੇ ਹਨ | ਸੈਰ ਕਰਨ ਵਾਲਿਆਂ ਲਈ ਪੈਦਲੀ ਸੜਕਾਂ ਬਣੀਆਂ ਹੋਈਆਂ ਹਨ | ਪਾਰਕ ਦੇ ਇਕ ਪਾਸੇ ਬੱਚਿਆਂ ਲਈ ਝੂਲੇ ਲੱਗੇ ਹੋਏ ਹਨ | ਦੂਸਰੇ ਕੋਨੇ ਵਿਚ ਇਕ ਸੁੰਦਰ ਔਰਤ ਦਾ ਬੁੱਤ ਹੈ ਜਿਸ ਦੇ ਹੱਥਾਂ ਵਿਚ ਫੁੱਲਾਂ ਦਾ ਗੁਲਦਸਤਾ ਹੈ ਜੋ ਆਉਣ ਵਾਲੇ ਹਰ ਵਿਅਕਤੀ ਨੂੰ ਜੀਅ ਆਇਆਂ ਆਖਦਾ ਹੈ | ਭਗਵਾਨ ਸਿੰਘ ਨੀਝ ਲਗਾ ਕੇ ਦੇਖਦਾ ਰਹਿੰਦਾ ਹੈ | ਔਰਤ ਦੀ ਮੁਸਕਰਾਹਟ ਉਸ ਨੂੰ ਨਕਲੀ ਲੱਗਦੀ ਹੈ | ਉਸ ਦੇ ਮਨ ਅੰਦਰੋਂ ਉਦਾਸੀ ਦੀ ਹੂਕ ਨਿਕਲਦੀ ਹੈ |
'ਮੁਹੱਲੇ ਵਿਚ ਨਵੇਂ ਆਏ ਲਗਦੇ ਹੋ?'
ਦੁਆ ਸਲਾਮ ਤੋਂ ਬਾਅਦ ਪਾਰਕ ਵਿਚ ਆਏ ਕਿਸੇ ਪੁਰਾਣੇ ਮੁਹੱਲੇਦਾਰ ਨੇ ਪੁੱਛਿਆ |
'ਹਾਂ, ਮੇਰੀ ਧੀ ਰਹਿੰਦੀ ਹੈ ਤਿੰਨ ਨੰਬਰ ਗਲੀ ਵਿਚ | ਬੱਚਿਆਂ ਨੂੰ ਮਿਲਣ ਆਇਆ ਹਾਂ | ਦੋ ਚਾਰ ਦਿਨਾਂ ਤੱਕ ਵਾਪਸ ਚਲਿਆ ਜਾਵਾਂਗਾ |
'ਲਗਦੈ, ਜੀਅ ਨਹੀਂ ਲੱਗਦਾ ਸ਼ਹਿਰ ਵਿਚ |'
'ਜੀਅ ਕਿਵੇਂ ਲੱਗੇ, ਬੱਚੇ ਸਕੂਲ ਚਲੇ ਜਾਂਦੇ ਹਨ | ਧੀ-ਜਵਾਈ ਆਪਣੇ ਕੰਮਾਂ ਕਾਰਾਂ 'ਤੇ | ਇਕੱਲਤਾ ਤੋਂ ਛੁਟਕਾਰਾ ਪਾਉਣ ਲਈ ਇਥੇ ਆ ਬੈਠਦਾ ਹਾਂ | ਇਧਰ ਵੀ ਉਦਾਸੀ ਦਾ ਆਲਮ ਹੈ |'
'ਹਾਂ ਜੀ, ਜੀਆਂ ਦੀਆਂ ਹੀ ਤਾਂ ਰੌਣਕਾਂ ਹੁੰਦੀਆਂ ਹਨ |'
ਕਹਿੰਦਿਆਂ ਉਹ ਵੀ ਤੁਰ ਗਿਆ |
ਭਗਵਾਨ ਸਿੰਘ ਵੀ ਬੁੱਤ ਦੀ ਉਦਾਸੀ ਨੂੰ ਆਪਣੀ ਉਦਾਸੀ ਵਿਚ ਸ਼ਾਮਿਲ ਕਰਦਾ ਘਰ ਵੱਲ ਨੂੰ ਚਲਾ ਗਿਆ |
                                ***
ਘਰ ਦੀ ਇਕੱਲਤਾ ਉਸ ਨੂੰ ਵੱਢ-ਵੱਢ ਖਾ ਰਹੀ ਹੈ | ਅੱਜ ਤੀਸਰੇ ਦਿਨ, ਨਾਸ਼ਤਾ ਕਰ ਫਿਰ ਪਾਰਕ ਨੂੰ ਚੱਲ ਪੈਂਦਾ ਹੈ | ਅਕਾਸ਼ 'ਤੇ ਘਣੇ ਬੱਦਲ ਛਾਏ ਹੋਏ ਹਨ | ਠੰਢੀ-ਠੰਢੀ ਹਵਾ ਰੁਮਕ ਰਹੀ ਹੈ | ਪੰਛੀ ਉਡਾਰੀਆਂ ਭਰ ਰਹੇ ਹਨ | ਪਾਰਕ ਦਾ ਨਕਸ਼ਾ ਹੀ ਬਦਲਿਆ ਹੋਇਆ ਹੈ | ਝੂਲਿਆਂ 'ਤੇ ਬੱਚਿਆਂ ਦਾ ਝੁਰਮਟ ਕਿਲਕਾਰੀਆਂ ਮਾਰ ਰਿਹਾ ਹੈ | ਦਰੱਖ਼ਤਾਂ 'ਤੇ ਪੀਘਾਂ ਪਈਆਂ ਹੋਈਆਂ ਹਨ | ਮੁਟਿਆਰਾਂ ਰੰਗ-ਬਰੰਗੇ ਸੁੰਦਰ ਕਪੜੇ ਪਹਿਨੀ ਝੂਟੇ ਲੈ ਰਹੀਆਂ ਹਨ |
ਭਗਵਾਨ ਸਿੰਘ ਇਕ ਪਾਸੇ ਬੈਂਚ 'ਤੇ ਬੈਠਾ ਮਨਮੋਹਕ ਨਜ਼ਾਰਾ ਦੇਖ ਅਨੰਦਿਤ ਹੋ ਰਿਹਾ ਹੈ | ਅੱਜ ਉਸ ਦਾ ਮਨ ਘਰ ਜਾਣ ਲਈ ਨਹੀਂ ਕਰਦਾ | ਜਿਉਂ ਹੀ ਉਸ ਦੀ ਨਿਗ਼ਾ ਬੁੱਤ 'ਤੇ ਪੈਂਦੀ ਹੈ, ਉਸ ਨੂੰ ਵਸਤਰ ਚਮਕਦੇ ਤੇ ਚਿਹਰਾ ਗੁਲਾਬ ਵਾਂਗੂੰ ਖਿੜਿਆ ਲੱਗਦਾ ਹੈ | ਖ਼ੁਸ਼ੀ ਨਾਲ ਭਰਿਆ ਉਸ ਦਾ ਮਨ ਕਹਿ ਉੱਠਦਾ ਹੈ |
'ਬੁੱਤ ਉਦਾਸ ਨਹੀਂ ਹੈ |'

-ਮੋਬਾਈਲ : 98725-91653.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX