ਤਾਜਾ ਖ਼ਬਰਾਂ


ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਚਲੀਆਂ ਗੋਲੀਆਂ
. . .  1 day ago
ਸੁਲਤਾਨ ਵਿੰਡ ,21ਜਨਵਰੀ (ਗੁਰਨਾਮ ਸਿੰਘ ਬੁੱਟਰ) -ਅੰਮ੍ਰਿਤਸਰ ਜਲੰਧਰ ਜੀ ਟੀ ਰੋਡ 'ਤੇ ਸਥਿਤ ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ...
ਵਿਜੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਚੌਂਕੀ ਇੰਚਾਰਜ ਰੰਗੇ ਹੱਥੀਂ ਕਾਬੂ
. . .  1 day ago
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਤਰਨ ਤਾਰਨ ਦੀ ਟੀਮ ਨੇ ਚੌਂਕੀ ਧੋੜਾ ਦੇ ਇੰਚਾਰਜ ਏ.ਐੱਸ.ਆਈ. ਮਹਿਲ ਸਿੰਘ ਨੂੰ ਇਕ ਵਿਅਕਤੀ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ...
ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 day ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  1 day ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  1 day ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕਿੰਨੇ ਮਹੱਤਵਪੂਰਨ ਹੋ ਤੁਸੀਂ

ਕਈਆਂ ਦੇ ਮੂੰਹ ਤਾਂ ਲੱਗਾ ਹੁੰਦਾ ਹੈ ਪਰ ਕੰਨ ਨਹੀਂ ਹੁੰਦੇ। ਅਜਿਹੇ ਲੋਕ ਸਿਰਫ ਆਪਣੀਆਂ ਸੁਣਾਉਂਦੇ ਹਨ ਪਰ ਉਹ ਕਿਸੇ ਦੀ ਸੁਣਦੇ ਨਹੀਂ। ਜੋ ਤੁਹਾਡੀ ਸੁਣੇਗਾ ਨਹੀਂ, ਉਹ ਤੁਹਾਡੀ ਮੰਨੇਗਾ ਵੀ ਕਿਵੇਂ? ਤੁਸੀਂ ਕਿੰਨੇ ਮਹੱਤਵਪੂਰਨ ਅਤੇ ਕੀਮਤੀ ਹੋ, ਇਸ ਗੱਲ ਦਾ ਅਹਿਸਾਸ ਤਾਂ ਹੀ ਹੋ ਸਕਦਾ ਹੈ ਜਦ ਤੁਹਾਡੇ ਵਿਚ ਦੂਜਿਆਂ ਨੂੰ ਸੁਣਨ, ਸਮਝਣ ਅਤੇ ਪੜ੍ਹਨ ਦਾ ਮਾਦਾ ਹੋਵੇਗਾ। ਸਿਰਫ ਕਿਤਾਬਾਂ ਪੜ੍ਹ ਲੈਣਾ ਹੀ ਕਾਫੀ ਨਹੀਂ। ਇਕ ਲੜਕੀ ਜਾਂ ਔਰਤ ਲਈ ਇਹ ਗੱਲ ਹੋਰ ਵੀ ਜ਼ਰੂਰੀ ਹੈ ਕਿ ਉਹ ਦੂਜੇ ਵਿਅਕਤੀ ਦੇ ਇਰਾਦੇ ਨੂੰ ਚੰਗੀ ਤਰ੍ਹਾਂ ਭਾਂਪ ਸਕੇ। ਉਹ ਦੂਜਿਆਂ ਦੀਆਂ ਅੱਖਾਂ, ਹਰਕਤਾਂ, ਹਾਵ-ਭਾਵ ਅਤੇ ਗੱਲਾਂ ਨੂੰ ਪੜ੍ਹ ਸਕਦੀ ਹੋਵੇ। ਸਮਝ ਸਕਦੀ ਹੋਵੇ ਅਤੇ ਸਹੀ ਸਮੇਂ 'ਤੇ ਸਹੀ ਫੈਸਲਾ ਕਰ ਸਕਦੀ ਹੋਵੇ। ਉਸ ਵਿਚ ਹੋਸ਼ ਅਤੇ ਜੋਸ਼ ਦਾ ਸੁਮੇਲ ਹੋਵੇ। ਹੌਸਲਾ ਵੀ ਹੋਵੇ ਅਤੇ ਸਮਝ ਵੀ। ਉੱਦਮ ਵੀ ਹੋਵੇ ਅਤੇ ਹੌਸਲਾ ਵੀ।
ਹਰ ਜਗ੍ਹਾ, ਹਰ ਮੌਕੇ ਆਪਣੇ-ਆਪ ਦੀ, ਆਪਣੀ ਯੋਗਤਾ ਜਾਂ ਹੁਨਰ ਦੀ ਨੁਮਾਇਸ਼ ਨਾ ਕਰੋ। ਰੰਗ ਰੂਪ, ਹੁਸਨ, ਸੁੰਦਰਤਾ ਤੁਹਾਡੀ ਜ਼ਿੰਦਗੀ ਦੇ ਸਿੱਕੇ ਦਾ ਸਿਰਫ ਇਕ ਪਾਸਾ ਹੈ। ਮੰਜ਼ਲਾਂ ਚੱਲਣ ਨਾਲ ਅਤੇ ਰਸਤੇ ਕੁਝ ਕਰਨ ਨਾਲ ਹੀ ਬਣਦੇ ਹਨ। ਕਈਆਂ ਲਈ ਗ਼ਲਤੀਆਂ ਸਬਕ ਬਣਦੀਆਂ ਹਨ ਅਤੇ ਕਈਆਂ ਲਈ ਪਛਤਾਵਾ। ਸਮਝੇ ਬਗੈਰ ਕਿਸੇ ਨੂੰ ਪਸੰਦ ਨਾ ਕਰੋ ਅਤੇ ਸਮਝੇ ਬਗੈਰ ਕਿਸੇ ਨੂੰ ਗਵਾਓ ਨਾ। ਉਨ੍ਹਾਂ ਲੋਕਾਂ ਤੋਂ ਬਚੋ ਜੋ ਤੁਹਾਨੂੰ ਗ਼ਲਤੀਆਂ ਕਰਨ ਲਈ ਉਕਸਾਉਂਦੇ ਜਾਂ ਮਜਬੂਰ ਕਰਦੇ ਹਨ। ਜਿਹੜੇ ਕਿਸੇ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਨਹੀਂ ਕਰ ਸਕਦੇ, ਉਹ ਖੁਦ ਵੀ ਪ੍ਰਸੰਸਾ ਦੇ ਯੋਗ ਨਹੀਂ ਹੁੰਦੇ। ਕਿਸੇ ਦੇ ਹੰਝੂਆਂ ਦਾ ਕਾਰਨ ਨਾ ਬਣੋ, ਕਿਉਂਕਿ ਰੱਬ ਤੁਹਾਡੇ ਗੁਨਾਹਾਂ ਦੀ ਗਿਣਤੀ ਦੁੱਖ ਦੇ ਉਨ੍ਹਾਂ ਹੰਝੂਆਂ ਨਾਲ ਕਰਦਾ ਹੈ, ਜਿਸ ਲਈ ਤੁਸੀਂ ਖੁਦ ਜ਼ਿੰਮੇਵਾਰ ਹੁੰਦੇ ਹੋ। ਦੁੱਖ ਸਮੇਂ ਜਿਹੜਾ ਇਨਸਾਨ ਸਭ ਤੋਂ ਪਹਿਲਾਂ ਯਾਦ ਆਵੇ, ਉਹ ਇਨਸਾਨ ਤੁਹਾਡੇ ਲਈ ਬਹੁਤ ਕੀਮਤੀ ਹੁੰਦਾ ਹੈ। ਦੂਜਿਆਂ ਦੀਆਂ ਖੁਸ਼ੀਆਂ ਅਤੇ ਦੂਜਿਆਂ ਦੀ ਸਫਲਤਾ ਲਈ ਯੋਗਦਾਨ ਪਾਏ ਬਗੈਰ ਤੁਸੀਂ ਆਪ ਕਦੇ ਵੀ ਖੁਸ਼ ਅਤੇ ਸਫਲ ਨਹੀਂ ਹੋ ਸਕਦੇ। ਜੇਕਰ ਤੁਸੀਂ ਸਹੀ ਹੋ ਤਾਂ ਕਿਸੇ ਨੂੰ ਗ਼ਲਤ ਸਿੱਧ ਕਰਨ ਦੀ ਬਹੁਤੀ ਜ਼ਿਦ ਨਾ ਕਰੋ, ਕਿਉਂਕਿ ਤੁਹਾਡੇ ਲਈ ਏਨਾ ਹੀ ਕਾਫੀ ਹੈ ਕਿ ਤੁਸੀਂ ਸਹੀ ਹੋ। ਆਪਣੀਆਂ ਹੀ ਗ਼ਲਤੀਆਂ ਅਤੇ ਆਪਣੇ ਹੀ ਔਗੁਣਾਂ ਨੂੰ ਅੱਖੋਂ-ਪਰੋਖੇ ਕਰਨਾ ਤੁਹਾਡੇ ਲਈ ਸਭ ਤੋਂ ਵੱਧ ਖ਼ਤਰਨਾਕ ਹੈ। ਇਹ ਸੱਚ ਹੈ ਕਿ ਕਈ ਵਾਰ ਤੁਹਾਡੀ ਇਕ ਗ਼ਲਤੀ ਨਾਲ ਇਕ ਦਿਲ, ਇਕ ਭਰੋਸਾ, ਇਕ ਉਮੀਦ ਅਤੇ ਇਕ ਸੁਪਨਾ ਸਭ ਕੁਝ ਟੁੱਟ ਜਾਂਦਾ ਹੈ। ਤੁਹਾਡੇ ਲਈ ਬਹੁਤ ਕੀਮਤੀ ਹੈ ਉਹ ਭਰੋਸਾ, ਜੋ ਦੂਜੇ ਤੁਹਾਡੇ ਉੱਪਰ ਕਰਦੇ ਹਨ। ਕਿਸੇ ਲਈ ਮਰਨਾ ਓਨਾ ਮਹੱਤਵਪੂਰਨ ਨਹੀਂ ਹੈ, ਜਿੰਨਾ ਕਿ ਕਿਸੇ ਲਈ ਜਿਊਣਾ। ਗ਼ਲਤ ਬੰਦਿਆਂ ਨਾਲ ਤੁਰਨ ਦੀ ਬਜਾਏ ਇਕੱਲੇ ਬੈਠੇ ਰਹਿਣਾ ਕਿਤੇ ਬਿਹਤਰ ਹੈ। ਗ਼ਲਤ ਦਿਸ਼ਾ ਵੱਲ ਦੌੜਨ ਦੀ ਬਜਾਏ ਸਹੀ ਦਿਸ਼ਾ ਵੱਲ ਤੁਰਨਾ ਜ਼ਿਆਦਾ ਬਿਹਤਰ ਹੈ। ਉਨ੍ਹਾਂ ਲੋਕਾਂ ਤੋਂ ਬਚੋ ਜੋ ਸਿਰਫ ਤੁਹਾਡਾ ਇਸਤੇਮਾਲ ਕਰਦੇ ਹਨ। ਕਈ ਵਾਰ ਅਸੀਂ ਇਹ ਤਾਂ ਜਾਣਦੇ ਹੁੰਦੇ ਹਾਂ ਕਿ ਸਮੱਸਿਆ ਕੀ ਹੈ ਪਰ ਅਸੀਂ ਇਹ ਨਹੀਂ ਜਾਣਦੇ ਹੁੰਦੇ ਕਿ ਇਸ ਦਾ ਸਹੀ ਹੱਲ ਕੀ ਹੈ? ਸਿਰਫ ਕਿਸੇ ਚੀਜ਼ ਦਾ ਗਿਆਨ ਹੀ ਕਾਫੀ ਨਹੀਂ ਹੁੰਦਾ। ਸਿਰਫ ਹੋ ਰਹੀਆਂ ਗੱਲਾਂ ਹੀ ਪੂਰਨ ਸੱਚ ਨਹੀਂ ਹੁੰਦੀਆਂ।
ਦੂਜਿਆਂ ਤੋਂ ਭਿੰਨ ਹੋਣਾ ਗ਼ਲਤ ਹੋਣਾ ਨਹੀਂ ਹੁੰਦਾ। ਤੁਹਾਡੇ ਵਿਚ ਕੋਈ ਹੁਨਰ ਜਾਂ ਗੁਣ ਅਜਿਹਾ ਜ਼ਰੂਰ ਹੁੰਦਾ ਹੈ, ਜਿਸ ਦੇ ਬਲਬੂਤੇ ਤੁਸੀਂ ਸਫਲ ਅਤੇ ਪ੍ਰਸੰਨਚਿੱਤ ਹੋ ਸਕਦੇ ਹੋ ਅਤੇ ਤੁਹਾਡਾ ਇਹੀ ਗੁਣ ਤੁਹਾਨੂੰ ਵਿਸ਼ੇਸ਼ ਬਣਾਉਂਦਾ ਹੈ। ਆਪਣੀ ਗੱਲ ਕਹਿਣ ਲਈ ਸਹੀ ਸ਼ਬਦਾਂ ਦੀ ਚੋਣ, ਸਹੀ ਕੰਮ ਦੀ ਚੋਣ, ਸਹੀ ਦੋਸਤਾਂ ਦੀ ਚੋਣ, ਸਹੀ ਖੁਰਾਕ ਦੀ ਚੋਣ ਅਤੇ ਸਹੀ ਰਿਸ਼ਤਿਆਂ ਦੀ ਚੋਣ ਦੱਸਦੀ ਹੈ ਕਿ ਤੁਸੀਂ ਕਿੰਨੇ ਸਮਝਦਾਰ, ਗਿਆਨਵਾਨ ਅਤੇ ਗੰਭੀਰ ਹੋ। ਅਕਸਰ ਦਿਲਚਸਪੀ ਤੁਹਾਨੂੰ ਦਿਲਚਸਪ ਬਣਾ ਦਿੰਦੀ ਹੈ। ਇਹ ਵੀ ਸਹੀ ਹੈ ਕਿ ਬਣਾਵਟ, ਸਜਾਵਟ ਅਤੇ ਦਿਖਾਵਟ ਨਾਲ ਗਿਰਾਵਟ ਵੀ ਆਈ ਹੈ। ਕਿਸੇ ਦੇ ਪਿੱਛੇ-ਪਿੱਛੇ ਦੌੜਨਾ ਕੋਈ ਮਾਣ ਵਾਲੀ ਗੱਲ ਨਹੀਂ। ਮਾਣ ਤਾਂ ਇਸ ਗੱਲ ਵਿਚ ਹੈ ਕਿ ਕੋਈ ਸਾਨੂੰ ਲੱਭਣ ਦੀ ਕੋਸ਼ਿਸ਼ ਕਰੇ। ਕੋਈ ਸਾਨੂੰ ਖੋਜਣ ਦਾ ਯਤਨ ਕਰੇ। ਕੋਈ ਸਾਨੂੰ ਸਮਝਣ ਵਿਚ ਦਿਲਚਸਪੀ ਲਵੇ। ਕੋਈ ਸਾਨੂੰ ਦੋਸਤ ਬਣਾਉਣ ਦੀ ਇੱਛਾ ਜ਼ਾਹਿਰ ਕਰੇ ਪਰ ਚੋਣ ਅਸੀਂ ਆਪਣੀ ਮਰਜ਼ੀ ਦੇ ਕਰੀਏ। ਕਿਸੇ ਦੀ ਮੂਰਖਤਾ 'ਤੇ ਤਰਸ ਕਰਨ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਗਲੇ ਲਗਾ ਲਿਆ ਜਾਵੇ। ਇਸ ਤਰ੍ਹਾਂ ਦੀ ਦਇਆ ਭਾਵਨਾ ਤੁਹਾਡੀ ਜ਼ਿੰਦਗੀ ਦੀਆਂ ਉਲਝਣਾਂ ਵਿਚ ਵਾਧਾ ਕਰਦੀ ਹੈ। ਸਮਝ ਦੱਸਦੀ ਹੈ ਕਿ ਅਸੀਂ ਦੂਜਿਆਂ ਨਾਲੋਂ ਕਿੰਨੀ ਕੁ ਵਿੱਥ 'ਤੇ ਰਹਿਣਾ ਹੈ। ਤੁਹਾਨੂੰ ਆਪਣੀ ਅਤੇ ਦੂਜਿਆਂ ਦੀ ਸੀਮਾ ਦਾ ਗਿਆਨ ਹੋਣਾ ਚਾਹੀਦਾ ਹੈ।
ਗ਼ਲਤ ਸੋਚ ਅਤੇ ਗ਼ਲਤ ਇਰਾਦਾ ਇਨਸਾਨ ਨੂੰ ਹਰ ਰਿਸ਼ਤੇ ਤੋਂ ਦੂਰ ਕਰ ਦਿੰਦੇ ਹਨ। ਚੁੱਪ ਦੀ ਆਪਣੀ ਭਾਸ਼ਾ ਹੁੰਦੀ ਹੈ। ਕਈਆਂ ਦੇ ਬੋਲਾਂ ਵਿਚ ਵੀ ਸੰਗੀਤ ਹੁੰਦਾ ਹੈ। ਕਈਆਂ ਦੇ ਸੁਭਾਅ ਵਿਚ ਵੀ ਰੌਣਕ ਹੁੰਦੀ ਹੈ। ਕਈਆਂ ਦੀ ਸੋਚਣੀ ਵਿਚ ਵੀ ਚਾਅ ਹੁੰਦੇ ਹਨ। ਕਈਆਂ ਦੇ ਕੰਮਾਂ ਵਿਚ ਵੀ ਰੌਸ਼ਨੀ ਹੁੰਦੀ ਹੈ। ਕਈਆਂ ਦੇ ਯਤਨਾਂ ਵਿਚ ਵੀ ਮੁਹੱਬਤ ਹੁੰਦੀ ਹੈ। ਸਮਾਂ ਕਦੇ ਵੀ ਗ਼ਲਤ ਨਹੀਂ ਹੁੰਦਾ। ਗ਼ਲਤ ਤਾਂ ਅਸੀਂ ਆਪ ਹੁੰਦੇ ਹਾਂ। ਅਸੀਂ ਹਾਲਾਤ ਦੀ ਦੇਣ ਹਾਂ ਪਰ ਇਹ ਵੀ ਸੱਚ ਹੈ ਕਿ ਇਹ ਹਾਲਾਤ ਵੀ ਸਾਡੀ ਦੇਣ ਹਨ। ਇਹ ਜ਼ਿਆਦਾ ਮਹੱਤਵਪੂਰਨ ਨਹੀਂ ਕਿ ਸਾਨੂੰ ਮਿਲਿਆ ਕੀ ਹੈ ਪਰ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਦਿੱਤਾ ਕੀ ਹੈ। ਉਸ ਇਨਸਾਨ ਨੂੰ ਕਦੇ ਨਾ ਭੁੱਲੋ, ਜਿਸ ਨੇ ਔਖੇ ਸਮੇਂ ਵਿਚ ਤੁਹਾਡੀ ਮਦਦ ਕੀਤੀ ਹੋਵੇ। ਅਸੀਂ ਮਦਦ ਉਸ ਸਮੇਂ ਨਹੀਂ ਕਰਦੇ ਜਦੋਂ ਸਾਡੇ ਕੋਲ ਮਦਦ ਕਰਨ ਲਈ ਕੁਝ ਹੁੰਦਾ ਹੈ, ਬਲਕਿ ਅਸੀਂ ਮਦਦ ਉਸ ਸਮੇਂ ਕਰਦੇ ਹਾਂ, ਜਦੋਂ ਅਸੀਂ ਇਸ ਦੀ ਇੱਛਾ ਰੱਖਦੇ ਹਾਂ।
ਹਰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਸਮਝਣ ਦਾ ਯਤਨ ਕੋਈ ਵਿਰਲਾ ਹੀ ਕਰਦਾ ਹੈ। ਸਿਰਫ ਚਿਹਰੇ ਦਾ ਹੀ ਨਹੀਂ, ਤੁਹਾਡੀ ਰੂਹ ਦਾ ਵੀ ਇਕ ਹੁਸਨ ਹੈ। ਸੁੰਦਰਤਾ ਤੁਹਾਡੇ ਕੰਮਾਂ ਵਿਚ ਵੀ ਹੁੰਦੀ ਹੈ। ਤੁਹਾਡੀ ਸਹੀ ਕੀਮਤ ਉਦੋਂ ਹੀ ਪੈਂਦੀ ਹੈ ਜਦੋਂ ਤੁਸੀਂ ਆਪਣੀ ਕੀਮਤ ਆਪ ਸਮਝਦੇ ਹੋ। ਤਾਕਤਵਰ ਬਣੋ, ਇਸ ਲਈ ਨਹੀਂ ਕਿ ਮਾੜੇ ਨੂੰ ਦਬਾ ਸਕੋ, ਸਗੋਂ ਇਸ ਲਈ ਕਿ ਕੋਈ ਤਕੜਾ ਤੁਹਾਨੂੰ ਦਬਾ ਨਾ ਸਕੇ। ਅਜਿਹਾ ਕੋਈ ਕੰਮ ਨਾ ਕਰੋ ਕਿ ਫਿਰ ਜ਼ਿੰਦਗੀ ਭਰ ਤੁਹਾਨੂੰ ਉਹ ਸ਼ਰਮਸਾਰ ਕਰਦਾ ਰਹੇ। ਉਹ ਖੁਦ ਹੀ ਕਮਜ਼ੋਰ ਹੁੰਦੇ ਹਨ ਜੋ ਤੁਹਾਨੂੰ ਡਰਾਉਂਦੇ ਹਨ, ਇਸ ਲਈ ਉਨ੍ਹਾਂ ਤੋਂ ਡਰੋ ਨਾ। ਬਹਾਦਰ ਜੇਕਰ ਕਿਸੇ ਤੋਂ ਡਰਦੇ ਨਹੀਂ ਤਾਂ ਉਹ ਕਿਸੇ ਨੂੰ ਡਰਾਉਂਦੇ ਵੀ ਨਹੀਂ।


-ਪਿੰਡ ਗੋਲੇਵਾਲਾ (ਫ਼ਰੀਦਕੋਟ)।
ਮੋਬਾ: 94179-49079


ਖ਼ਬਰ ਸ਼ੇਅਰ ਕਰੋ

ਪਤਲੇ ਅਤੇ ਜਵਾਨ ਦਿਸਣ ਦਾ ਅੱਜ ਦੀ ਪੀੜ੍ਹੀ 'ਤੇ ਦਬਾਅ

ਸੁੰਦਰ ਦਿਸਣ ਦਾ ਅਧਿਕਾਰ ਹਰ ਔਰਤ ਨੂੰ ਹੈ ਪਰ ਬਾਹਰ ਦੀ ਸੁੰਦਰਤਾ ਦੇ ਨਾਲ-ਨਾਲ ਜੇਕਰ ਅੰਦਰ ਦੀ ਸੁੰਦਰਤਾ 'ਤੇ ਵੀ ਧਿਆਨ ਦੇਵੋ ਤਾਂ ਤੁਸੀਂ ਹੋਰ ਵੀ ਖ਼ੂਬਸੂਰਤ ਹੋ ਸਕਦੇ ਹੋ। ਘਰ ਵਿਚ ਕੋਈ ਸਮਾਗਮ ਜਾਂ ਪਾਰਟੀ ਹੋਵੇ ਤਾਂ ਹਰ ਔਰਤ ਆਪਣੇ-ਆਪ ਨੂੰ ਆਕਰਸ਼ਕ ਬਣਾਉਣ ਲਈ ਵੱਖ-ਵੱਖ ਢੰਗ ਤਰੀਕੇ ਅਪਣਾਉਂਦੀ ਹੈ। ਪਤਲੀ ਨਜ਼ਰ ਆਉਣ ਲਈ ਕਈ ਤਰ੍ਹਾਂ ਦੇ ਢੰਗ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਇਹ ਤਰੀਕੇ ਜਿੰਨੇ ਚੰਗੇ ਹੁੰਦੇ ਹਨ, ਓਨੇ ਹੀ ਮਹਿੰਗੇ ਵੀ ਹੁੰਦੇ ਹਨ ਪਰ ਜਦੋਂ ਔਰਤਾਂ 'ਤੇ ਪਤਲਾ ਅਤੇ ਜਵਾਨ ਦਿਸਣ ਦਾ ਦਬਾਅ ਹੁੰਦਾ ਹੈ ਤਾਂ ਉਹ ਹਰ ਤਰ੍ਹਾਂ ਦਾ ਜੋਖ਼ਮ ਵੀ ਲੈ ਲੈਂਦੀਆਂ ਹਨ।
ਜ਼ਿਆਦਾਤਰ ਕੁੜੀਆਂ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਸ਼ੇਕ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਖਾਣਾ ਬਿਲਕੁਲ ਹੀ ਬੰਦ ਕਰ ਦਿੰਦੀਆਂ ਹਨ ਅਤੇ ਜਦੋਂ ਕੁਝ ਸਮੇਂ ਬਾਅਦ ਫਿਰ ਤੋਂ ਭੋਜਨ ਸ਼ੁਰੂ ਕਰਦੀਆਂ ਹਨ ਤਾਂ ਬਹੁਤ ਤੇਜ਼ੀ ਨਾਲ ਉਹ ਮੋਟੀਆਂ ਹੋ ਜਾਂਦੀਆਂ ਹਨ। ਜਿਸ ਨਾਲ ਇਨ੍ਹਾਂ ਨੂੰ ਜ਼ਬਰਦਸਤੀ ਪ੍ਰੋਟੀਨ ਸ਼ੇਕ ਦੁਬਾਰਾ ਸ਼ੁਰੂ ਕਰਨਾ ਪੈਂਦਾ ਹੈ, ਜੋ ਬਹੁਤ ਮਹਿੰਗੇ ਪੈਂਦੇ ਹਨ।
ਪਤਲੇ ਹੋਣ ਦੇ ਕੁਝ ਕੁਦਰਤੀ ਢੰਗ ਵੀ ਹੁੰਦੇ ਹਨ। ਵਧਦੀ ਉਮਰ ਅਤੇ ਮੋਟਾਪੇ ਦੇ ਸੰਕੇਤਾਂ ਨੂੰ ਕੁਦਰਤੀ ਢੰਗ ਨਾਲ ਰੋਕਿਆ ਜਾ ਸਕਦਾ ਹੈ ਅਤੇ ਲੰਮੇ ਸਮੇਂ ਤੱਕ ਜਵਾਨ ਦਿਸ ਸਕਦੇ ਹੋ।
* ਪਤਲੇ ਰਹਿਣ ਲਈ ਅਤੇ ਜਵਾਨ ਰਹਿਣ ਲਈ ਡਾਈਟ ਨੂੰ ਸੰਤੁਲਿਤ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਰੋਜ਼ਮਰ੍ਹਾ ਦੇ ਖਾਧ ਪਦਾਰਥਾਂ ਨੂੰ 5 ਹਿੱਸਿਆਂ 'ਚ ਵੰਡੋ।
* ਸਾਡੇ ਸਰੀਰ ਵਿਚੋਂ ਵਾਧੂ ਚਰਬੀ ਨੂੰ ਬਹਰ ਕੱਢਣ ਲਈ ਦਿਨ ਵਿਚ ਘੱਟੋ ਘੱਟ 2-4 ਲੀਟਰ ਪਾਣੀ ਪੀਓ, ਜਿਸ ਨਾਲ ਸਾਡਾ ਹਾਜ਼ਮਾ ਅਤੇ ਚਮੜੀ ਠੀਕ ਰਹਿੰਦੀ ਹੈ।
* ਹਫ਼ਤੇ ਵਿਚ 5 ਦਿਨ ਇਕ ਘੰਟਾ ਕਸਰਤ ਕਰੋ, ਜਿਸ ਨਾਲ ਤਣਾਅ ਵੀ ਘੱਟ ਹੋਵੇਗਾ ਅਤੇ ਸਰੀਰ ਵੀ ਹਲਕਾ ਰਹੇਗਾ।
* ਰੋਜ਼ ਘੱਟ ਤੋਂ ਘੱਟ ਆਪਣੇ-ਆਪ ਨੂੰ 10 ਮਿੰਟ ਦਿਓ ਅਤੇ ਆਪਣੇ ਅੰਤਰਮਨ ਨਾਲ ਗੱਲਾਂ ਕਰੋ ਜਿਸ ਨਾਲ ਸਹੀ ਅਤੇ ਗ਼ਲਤ ਦਾ ਫ਼ੈਸਲਾ ਕਰਨਾ ਸੌਖਾ ਹੋਵੇਗਾ।
* ਆਪਣੇ ਖਾਣੇ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਸੰਤੁਲਿਤ ਰੱਖੋ ਜਿਸ ਲਈ ਪੁੰਗਰੇ ਅਨਾਜ, ਅੰਡੇ, ਮੇਵੇ ਆਦਿ ਦਾ ਨਾਸ਼ਤਾ ਕਰੋ।
* ਦੁਪਹਿਰ ਨੂੰ ਜਵਾਰ, ਬਾਜਰਾ ਆਦਿ ਦੀ ਰੋਟੀ ਖਾਓ।
* ਹਰ ਤਰ੍ਹਾਂ ਦੀਆਂ ਦਾਲਾਂ, ਹਰੀਆਂ ਪੱਤੇਦਾਰ ਅਤੇ ਮੌਸਮੀ ਸਬਜ਼ੀਆਂ ਦੀ ਭਰਪੂਰ ਮਾਤਰਾ ਆਪਣੇ ਭੋਜਨ ਵਿਚ ਸ਼ਾਮਿਲ ਕਰੋ।
* ਰਾਤ ਦਾ ਖਾਣਾ ਸੌਣ ਤੋਂ ਲਗਪਗ 3 ਘੰਟੇ ਪਹਿਲਾਂ ਖਾ ਲਉ।
* ਮੈਡੀਟੇਸ਼ਨ ਲਈ ਸਵੇਰੇ ਤਾਜ਼ੀ ਹਵਾ ਵਿਚ ਬੈਠੋ। ਮਨ ਸ਼ਾਂਤ ਅਤੇ ਖ਼ੁਸ਼ ਰਹੇਗਾ।
ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਲੰਮੇ ਸਮੇਂ ਤੱਕ ਸੁੰਦਰ ਅਤੇ ਜਵਾਨ ਦਿਸ ਸਕਦੇ ਹਾਂ।


-ਸਹਾਇਕ ਪ੍ਰੋਫ਼ੈਸਰ ਕੋਸਮੈਟੋਲੋਜ਼ੀ, ਐਚ. ਐਮ. ਵੀ., ਜਲੰਧਰ।

ਪਾਲਕ ਦੇ ਸਵਾਦੀ ਸ਼ਾਕਾਹਾਰੀ ਪਕਵਾਨ

ਪਾਲਕ ਦਾ ਸੂਪ
ਸਮੱਗਰੀ : 1 ਗੁੱਛੀ ਪਾਲਕ, 1 ਛੋਟਾ ਚਮਚ ਜ਼ੀਰਾ, ਪੀਸਿਆ ਹੋਇਆ ਅਦਰਕ, ਦੋ ਮੱਧ ਆਕਾਰ ਦੇ ਬਾਰੀਕ ਕੱਟੇ ਹੋਏ ਪਿਆਜ਼, 2 ਮੱਧ ਆਕਾਰ ਦੇ ਕੱਦੂਕਸ਼ ਕੀਤੇ ਟਮਾਟਰ, 1 ਵੱਡਾ ਚਮਚ ਆਟਾ, ਅੱਧਾ ਚਮਚ ਕਾਲੀ ਮਿਰਚ, ਨਮਕ ਸਵਾਦ ਅਨੁਸਾਰ, ਅੱਧਾ ਚਮਚ ਭੁੰਨਿਆ ਜ਼ੀਰਾ, 2 ਚਮਚ ਮੱਖਣ।
ਵਿਧੀ : ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਕੇ ਕੱਟ ਲਓ। ਉਸ ਵਿਚ ਕੱਟਿਆ ਹੋਇਆ ਪਿਆਜ਼, ਕੱਦੂਕਸ਼ ਕੀਤਾ ਹੋਇਆ ਅਦਰਕ ਅਤੇ ਟਮਾਟਰ ਮਿਲਾਓ। ਇਨ੍ਹਾਂ ਨੂੰ 8 ਤੋਂ 10 ਮਿੰਟ ਤੱਕ ਉਬਾਲ ਲਓ। ਫਿਰ ਹੈਂਡ ਮਿਕਸਰ ਨਾਲ ਉਸ ਨੂੰ ਮਿਕਸ ਕਰ ਲਓ। ਥੋੜ੍ਹੀ ਮੋਟੀ ਛਾਣਨੀ ਨਾਲ ਛਾਣ ਲਓ। ਪੈਨ ਵਿਚ ਵੱਖਰੇ ਤੋਂ ਮੱਖਣ ਗਰਮ ਕਰੋ। ਉਸ ਵਿਚ ਪਾਲਕ ਦਾ ਮਿਕਸਚਰ ਪਾਓ। ਆਟੇ ਨੂੰ ਪਾਣੀ ਵਿਚ ਘੋਲ ਕੇ ਉਸੇ ਮਿਕਸਚਰ ਵਿਚ ਪਾਓ। ਨਮਕ, ਕਾਲੀ ਮਿਰਚ ਵੀ ਪਾ ਦਿਓ। ਹੁਣ ਦੋ ਚਾਰ ਉਬਾਲੇ ਦਿਵਾ ਕੇ ਸੂਪ ਬਾਊਲ ਵਿਚ ਗਰਮ-ਗਰਮ ਪਰੋਸੋ। ਉਸ 'ਤੇ ਕੱਟਿਆ ਧਨੀਆ ਅਤੇ ਪੀਸਿਆ ਜ਼ੀਰਾ ਪਾ ਕੇ ਵਰਤਾਓ।
ਆਲੂ-ਪਾਲਕ ਦੇ ਹਰੇ ਕਟਲੇਟ
ਸਮੱਗਰੀ : ਛੇ ਮੱਧ ਅਕਾਰ ਦੇ ਉੱਬਲੇ ਮਸਲੇ ਆਲੂ, 1 ਕੱਪ ਆਟਾ, 1 ਗੁੱਛੀ ਪਾਲਕ, 1 ਵੱਡਾ ਚਮਚ ਅਦਰਕ, ਲਸਣ ਦਾ ਮਿਸ਼ਰਣ, ਅੱਧਾ ਛੋਟਾ ਚਮਚ ਗਰਮ ਮਸਾਲਾ, ਅੱਧਾ ਛੋਟਾ ਚਮਚ ਨਿੰਬੂ ਦਾ ਰਸ, ਅੱਧੀ ਕਟੋਰੀ ਡਬਲ ਰੋਟੀ ਦਾ ਚੂਰਾ, ਨਮਕ-ਮਿਰਚ ਸਵਾਦ ਅਨੁਸਾਰ, ਤਲਣ ਲਈ ਤੇਲ।
ਵਿਧੀ : ਪਾਲਕ ਉਬਾਲ ਕੇ ਮਸਲ ਲਓ। ਆਟਾ ਅਤੇ ਪਾਲਕ ਮਲੋ। ਉਸ ਵਿਚ ਮਸਾਲੇ ਮਿਲਾਓ ਅਤੇ ਛੋਟੀ-ਛੋਟੀ ਚਪਾਤੀ ਬਣਾਓ। ਆਲੂ ਵਿਚ ਨਿੰਬੂ ਦਾ ਰਸ ਮਿਲਾ ਕੇ ਆਲੂ ਦੀ ਗੋਲੀਆਂ ਬਣਾਓ। ਉਨ੍ਹਾਂ ਗੋਲੀਆਂ ਨੂੰ ਪਾਲਕ ਦੇ ਆਟੇ ਵਾਲੀ ਚਪਾਤੀ ਵਿਚ ਭਰ ਕੇ ਕਟਲੇਟ ਦਾ ਆਕਾਰ ਦਿਓ ਅਤੇ ਬ੍ਰੈਡ ਦਾ ਚੂਰਾ ਲਗਾ ਕੇ ਗਰਮ ਤੇਲ ਵਿਚ ਤਲਣ ਲਈ ਪਾਓ। ਲਾਲ ਹੋਣ 'ਤੇ ਦੂਜੇ ਪਾਸੇ ਪਲਟੋ ਅਤੇ ਗਰਮ ਗਰਮ ਸੌਸ ਨਾਲ ਖਾਣ ਨੂੰ ਦਿਓ।
ਆਲੂ ਪਾਲਕ ਦੀ ਭੁਰਜੀ
ਸਮੱਗਰੀ : 2 ਮੱਧ ਆਕਾਰ ਦੇ ਆਲੂ, 1 ਗੁੱਛੀ ਪਾਲਕ, ਥੋੜ੍ਹਾ ਜਿਹਾ ਤੇਲ, ਨਮਕ-ਮਿਰਚ ਸਵਾਦ ਅਨੁਸਾਰ, ਅੱਧਾ ਛੋਟਾ ਚਮਚ ਹਲਦੀ, 1 ਵੱਡਾ ਪਿਆਜ਼, ਦੋ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ, ਅੱਧਾ ਚਮਚ ਅਦਰਕ ਬਰੀਕ ਕੱਟਿਆ ਹੋਇਆ, 1 ਵੱਡਾ ਟਮਾਟਰ।
ਵਿਧੀ : ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਬਰੀਕ ਕੱਟੋ। ਆਲੂ ਛਿੱਲ ਕੇ ਛੋਟੇ ਟੁਕੜੇ ਕੱਟੋ। ਤੇਲ ਗਰਮ ਕਰ ਕੇ ਪਿਆਜ਼ ਸੁਨਹਿਰੀ ਭੁੰਨੋ। ਉਸ ਵਿਚ ਅਦਰਕ, ਟਮਾਟਰ, ਹਰੀ ਮਿਰਚ ਪਾਓ ਅਤੇ ਹਲਦੀ ਨਮਕ ਮਿਰਚ ਪਾ ਕੇ ਮਸਾਲਾ ਭੁੰਨ ਲਓ। ਉਸ ਤੋਂ ਬਾਅਦ ਆਲੂ ਅਤੇ ਕੱਟਿਆ ਪਾਲਕ ਮਿਲਾ ਕੇ ਹਿਲਾਓ ਅਤੇ ਢਕ ਕੇ ਹੌਲੀ ਅੱਗ 'ਤੇ ਗਲਣ ਦਿਓ। ਜਦੋਂ ਆਲੂ ਪਾਲਕ ਗਲ ਜਾਵੇ, ਢੱਕਣ ਲਾਹ ਕੇ ਅੱਗ ਥੋੜ੍ਹੀ ਜ਼ਿਆਦਾ ਕਰ ਦਿਓ ਤੇ ਉਸ ਨੂੰ ਸੁੱਕਣ ਦਿਓ। ਭੁਰਜੀ ਤਿਆਰ ਹੈ। ਇਸ ਨੂੰ ਗਰਮ ਚਪਾਤੀ ਅਤੇ ਪਰੌਂਠੇ ਨਾਲ ਪੇਸ਼ ਕਰੋ।


-ਸੁਨੀਤਾ ਗਾਬਾ

ਪੜ੍ਹਾਈ ਵਿਚ ਮਾਪਿਆਂ ਦਾ ਸਹਿਯੋਗ

ਬੱਚਿਆਂ ਲਈ ਸਿਲੇਬਸ ਯਾਦ ਕਰਨਾ ਬਹੁਤ ਵੱਡੀ ਸਮੱਸਿਆ ਹੈ। ਮਾਪੇ ਇਸ ਸਮੱਸਿਆ ਨੂੰ ਬਹੁਤ ਅਸਾਨੀ ਨਾਲ ਘਟਾ ਸਕਦੇ ਹਨ ਤੇ ਪੜ੍ਹਾਈ ਨੂੰ ਰੌਚਕ ਬਣਾ ਸਕਦੇ ਹਨ। ਜੇਕਰ ਪੜ੍ਹਾਈ ਨਾਲੋ-ਨਾਲ ਹੁੰਦੀ ਰਹੇ ਤਾਂ ਪੇਪਰਾਂ ਦੇ ਦਿਨਾਂ ਵਿਚ ਬੱਚਿਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਹੈ। ਮਾਪਿਆਂ ਨੂੰ ਘਰ ਵਿਚ ਪੜ੍ਹਾਈ ਦਾ ਮਾਹੌਲ ਬਣਾਉਣ ਦੀ ਲੋੜ ਹੈ, ਤਾਂ ਜੋ ਬੱਚੇ ਪੜ੍ਹਾਈ ਨੂੰ ਬੋਝ ਨਾ ਸਮਝ ਕੇ ਦਿਲੋਂ ਇਸ ਨਾਲ ਜੁੜਨ। ਬੱਚਿਆਂ ਵਿਚ ਪੜ੍ਹਾਈ ਦੀ ਲਗਨ ਪੈਦਾ ਕਰਨ ਲਈ ਮਾਪਿਆਂ ਨੂੰ ਹਰ ਰੋਜ਼ ਬੱਚਿਆਂ ਨਾਲ ਕਿਸੇ ਨਾ ਕਿਸੇ ਵਿਸ਼ੇ 'ਤੇ 35-40 ਮਿੰਟ ਚਰਚਾ ਕਰਨੀ ਚਾਹੀਦੀ ਹੈ। ਬੱਚਿਆਂ ਨਾਲ ਦੇਸ਼-ਵਿਦੇਸ਼ ਦੀਆਂ ਘਟਨਾਵਾਂ, ਰਾਜਨੀਤੀ, ਧਰਤੀ, ਪਾਣੀ, ਖੋਜਾਂ, ਬ੍ਰਹਿਮੰਡ ਤੇ ਨੈਤਿਕ ਸਿੱਖਿਆ ਆਦਿ ਕਿਸੇ ਵੀ ਵਿਸ਼ੇ 'ਤੇ ਸ਼ਾਮ ਦੀ ਚਾਹ ਸਮੇਂ ਜਾਂ ਰਾਤ ਨੂੰ ਸੈਰ ਕਰਨ ਸਮੇਂ ਚਰਚਾ ਕੀਤੀ ਜਾ ਸਕਦੀ ਹੈ। ਜਦੋਂ ਬੱਚੇ ਤੁਹਾਡੇ ਨਾਲ ਘੁੰਮਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਖੇਤਾਂ ਬਾਰੇ, ਫ਼ਸਲਾਂ ਅਤੇ ਖੇਤੀ ਦੇ ਸਾਧਨਾਂ ਬਾਰੇ ਦੱਸਿਆ ਜਾ ਸਕਦਾ ਹੈ। ਸੜਕਾਂ ਤੇ ਟੋਲ ਟੈਕਸ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਰੋਜ਼ਾਨਾ ਘਰ ਵਿਚ ਕਿਸੇ ਨਾ ਕਿਸੇ ਵਿਸ਼ੇ 'ਤੇ ਚਰਚਾ ਕਰਨ ਨਾਲ ਬੱਚਿਆਂ ਨੂੰ ਵੀ ਸਮਝ ਆਉਣ ਲੱਗ ਜਾਵੇਗਾ ਕਿ ਸਾਨੂੰ ਰੱਟਾ ਨਹੀਂ ਮਾਰਨਾ ਪੈ ਰਿਹਾ ਹੈ। ਹਰ ਵਿਸ਼ੇ ਦੇ ਕੰਸੈਪਟ ਆਪ ਹੀ ਕਲੀਅਰ ਹੋ ਰਹੇ ਹਨ। ਇਸ ਤਰ੍ਹਾਂ ਕੀਤੀ ਪੜ੍ਹਾਈ ਨਾਲ ਬੱਚੇ ਦੀ ਸੋਚਣ, ਸਮਝਣ, ਬੋਲਣ ਤੇ ਸੁਣਨ ਦੀ ਸ਼ਕਤੀ ਵਧਦੀ ਹੈ। ਉਸ ਵਿਚ ਸਵੈ-ਵਿਸ਼ਵਾਸ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪੜ੍ਹਾਈ ਕਰਨ ਨਾਲ ਪੜ੍ਹਾਈ ਜਲਦੀ ਭੁੱਲਦੀ ਨਹੀਂ ਹੈ ਤੇ ਬੱਚਾ ਕੰਪੀਟੀਸ਼ਨ ਪੇਪਰਾਂ ਵਿਚ ਮਾਤ ਨਹੀਂ ਖਾਂਦਾ।
ਵਿਸ਼ੇ 'ਤੇ ਕੀਤੀ ਚਰਚਾ ਨਾਲ ਮਾਪਿਆਂ ਤੇ ਬੱਚਿਆਂ ਦਾ ਰਾਬਤਾ ਕਾਇਮ ਹੁੰਦਾ ਹੈ ਤੇ ਪੜ੍ਹਾਈ ਦਾ ਮਾਹੌਲ ਬਣਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ ਅਤੇ ਦੋਹਾਂ ਦੇ ਵਿਚਾਲੇ ਦਾ ਰਿਸ਼ਤਾ ਮਜ਼ਬੂਤ ਬਣਦਾ ਹੈ, ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਮਾਂ-ਪਿਓ ਬੱਚੇ ਦੇ ਪਹਿਲੇ ਗੁਰੂ ਹੁੰਦੇ ਹਨ। ਉਨ੍ਹਾਂ ਨੂੰ ਬੱਚਿਆਂ ਦੇ ਸ਼ਬਦ ਭੰਡਾਰ ਵੱਲ ਵੀ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ। ਘਰ ਵਿਚ ਮਾਪੇ ਜਦ ਵੀ ਬੱਚਿਆਂ ਨੂੰ ਕੋਈ ਚੀਜ਼ ਲੈ ਕੇ ਆਉਣ ਲਈ ਕਹਿਣ ਤਾਂ ਹਰ ਵਾਰ ਉਸ ਚੀਜ਼ ਦੇ ਸਮਾਨਆਰਥਕ ਸ਼ਬਦ ਵਰਤਣ, ਇਸ ਨਾਲ ਬੱਚਾ ਜਲਦੀ ਸਿੱਖੇਗਾ ਤੇ ਯਾਦ ਵੀ ਰੱਖੇਗਾ। ਮਾਪਿਆਂ ਨੂੰ ਘਰ ਵਿਚ ਹਿੰਦੀ, ਪੰਜਾਬੀ, ਅੰਗਰੇਜ਼ੀ ਹਰ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਛੋਟੇ-ਛੋਟੇ ਸ਼ਬਦਾਂ ਦਾ ਇਸਤੇਮਾਲ ਕਰਨਾ ਜਿਵੇਂ ਚੁਟਕੀਆਂ ਨੂੰ ਕਲੈਂਪ ਕਹਿਣਾ, ਚਾਹ ਪੁਨਣ ਨੂੰ ਫਿਲਟਰ ਕਰਨਾ, ਰੋਟੀ ਨੂੰ ਚਪਾਤੀ, ਦਵਾਈ ਨੂੰ ਮੈਡੀਸਨ ਕਹਿਣਾ ਆਦਿ। ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਬੋਲਣ ਦਾ ਲਹਿਜ਼ਾ ਆਪਣੇ ਆਪ ਹੀ ਬਦਲ ਜਾਵੇਗਾ। ਇਸ ਤਰ੍ਹਾਂ ਨਾਲ ਸਿੱਖੇ ਸ਼ਬਦਾਂ ਨੂੰ ਬੱਚਾ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਦੱਸਦਾ ਹੈ ਤੇ ਹੋਰ ਸ਼ਬਦ ਸਿੱਖਣ ਲਈ ਤਤਪਰ ਵੀ ਰਹਿੰਦਾ ਹੈ। ਬੱਚਿਆਂ ਦੀ ਪੜ੍ਹਾਈ ਨੂੰ ਆਸਾਨ ਬਣਾਉਣ ਲਈ ਤੇ ਸਮੇਂ ਦੇ ਨਾਲ ਤੋਰਨ ਲਈ ਮਾਪਿਆਂ ਨੂੰ ਇਸ ਵਿਧੀ ਨੂੰ ਅਪਨਾਉਣਾ ਚਾਹੀਦਾ ਹੈ। ਇਸ ਤਰ੍ਹਾਂ ਰੋਜ਼ਾਨਾ ਕੀਤੀ ਪੜ੍ਹਾਈ ਨਾਲ ਬੱਚਾ ਕਦੇ ਪੜ੍ਹਾਈ ਨੂੰ ਬੋਝ ਨਹੀਂ ਸਮਝੇਗਾ ਤੇ ਨਾ ਹੀ ਜਲਦੀ ਭੁੱਲ ਸਕਦਾ ਹੈ।


-ਸ. ਸ. ਸ. ਸ. (ਲੜਕੇ), ਫ਼ਿਰੋਜ਼ਪੁਰ।

ਘਰ ਨੂੰ ਰੱਖੋ ਪ੍ਰਦੂਸ਼ਣ ਮੁਕਤ

* ਸਫ਼ਾਈ ਕਰਨ ਲਈ ਸਿਰਕਾ ਅਤੇ ਗਰਮ ਪਾਣੀ ਦੀ ਵਰਤੋਂ ਹੋਰ ਉਤਪਾਦਾਂ ਦੀ ਤੁਲਨਾ ਵਿਚ ਬਿਹਤਰ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਪ੍ਰਾਚੀਨ ਤਰੀਕਾ ਹੈ, ਇਸ ਲਈ ਲੋਕ ਇਸ ਨੂੰ ਵਰਤਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ ਪਰ ਇਹ ਤਰੀਕਾ ਕਾਫੀ ਅਸਰਦਾਇਕ ਹੈ।
* ਕਮਰੇ ਦੇ ਵਾਤਾਵਰਨ ਨੂੰ ਤਾਜ਼ਾ ਰੱਖਣ ਲਈ ਏਅਰ ਫਰੈਸ਼ਨਰਸ ਦੀ ਜਗ੍ਹਾ ਲੋੜ ਦੇ ਹਿਸਾਬ ਨਾਲ ਵੇਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
* ਅੱਜਕਲ੍ਹ ਟੂਟੀ ਦਾ ਪਾਣੀ ਵੀ ਪ੍ਰਦੂਸ਼ਣਮੁਕਤ ਨਹੀਂ ਹੁੰਦਾ। ਇਸ ਨੂੰ ਭਰਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਵਰਤਣ ਨਾਲ ਇਸ ਨੂੰ ਪ੍ਰਦੂਸ਼ਣਮੁਕਤ ਰੱਖਿਆ ਜਾ ਸਕਦਾ ਹੈ। ਖਾਣਾ ਬਣਾਉਣ ਵਾਲਾ ਪਾਣੀ ਭਰਨ ਤੋਂ ਪਹਿਲਾਂ ਕੁਝ ਮਿੰਟ ਟੂਟੀ ਵਿਚੋਂ ਪਾਣੀ ਵਗ ਜਾਣ ਦਿਓ। ਪਾਣੀ 'ਤੇ ਫਿਲਟਰ ਲਗਾਓ ਤਾਂ ਬਿਹਤਰ ਹੈ।
* ਬਾਜ਼ਾਰ ਵਿਚ ਮਿਲਣ ਵਾਲੀ ਕਾਲੀ, ਭੂਰੀ ਜਾਂ ਲਾਲ ਰੰਗ ਦੀ ਵਾਲਾਂ ਦੀ ਡਾਈ ਦੀ ਵਰਤੋਂ ਕਦੇ ਨਾ ਕਰੋ। ਇਹ ਸਿਰ ਦੀ ਚਮੜੀ ਨੂੰ ਪਾਰ ਕਰ ਕੇ ਮੁੱਖ ਖੂਨ ਵਿਚ ਪ੍ਰਵੇਸ਼ ਕਰ ਕੇ ਨੁਕਸਾਨ ਪਹੁੰਚਾਉਂਦੀ ਹੈ। ਇਨ੍ਹਾਂ ਦੀ ਬਜਾਏ ਸਬਜ਼ੀਆਂ ਤੋਂ ਬਣੇ ਵਾਲਾਂ ਨੂੰ ਰੰਗਣ ਵਾਲੇ ਕੁਦਰਤੀ ਰੰਗਾਂ ਦੀ ਵਰਤੋਂ ਕਰੋ।
* ਪਸੀਨੇ ਦੀ ਬਦਬੂ ਨੂੰ ਦੂਰ ਕਰਨ ਜਾਂ ਫਿਰ ਬਹੁਤ ਜ਼ਿਆਦਾ ਪਸੀਨੇ ਨੂੰ ਰੋਕਣ ਲਈ ਪ੍ਰਭਾਵਿਤ ਅੰਗਾਂ 'ਤੇ ਸੋਢਾ ਬਾਈਕਾਰਬ ਰਗੜਨਾ ਬਿਹਤਰ ਹੈ।
* ਸਮੇਂ-ਸਮੇਂ 'ਤੇ ਚਾਦਰਾਂ ਅਤੇ ਤਕੀਏ ਦੇ ਕਵਰਾਂ ਨੂੰ ਬਦਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨ੍ਹਾਂ 'ਤੇ ਗੰਦਗੀ ਅਤੇ ਪਸੀਨੇ ਕਾਰਨ ਅਜਿਹੇ ਕੀਟਾਣੂ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਨਾਲ ਸਾਹ ਅਤੇ ਅੱਖਾਂ ਦੀ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
* ਟੀ. ਵੀ. ਦੇ ਪਿਛਲੇ ਹਿੱਸੇ ਨੂੰ ਹਮੇਸ਼ਾ ਕੰਧ ਵੱਲ ਹੀ ਰੱਖੋ। ਟੀ.ਵੀ. ਦੇਖਦੇ ਸਮੇਂ ਟੀ.ਵੀ. ਸਕ੍ਰੀਨ ਤੋਂ ਲਗਪਗ 150 ਸੈਂ:ਮੀ: ਦੀ ਦੂਰੀ 'ਤੇ ਬੈਠੋ। * ਮੋਬਾਈਲ ਫੋਨ 'ਤੇ ਲਗਾਤਾਰ ਜ਼ਿਆਦਾ ਦੇਰ ਤੱਕ ਗੱਲਾਂ ਕਰਨਾ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ।


-ਭਾਸ਼ਣਾ ਬਾਂਸਲ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX