ਤਾਜਾ ਖ਼ਬਰਾਂ


ਫ਼ਰੀਦਕੋਟ : ਪੀੜਤ ਔਰਤ ਡਾਕਟਰ ਸਮੇਤ ਪੁਲਿਸ ਨੇ ਕਈਆਂ ਨੂੰ ਫਿਰ ਲਿਆ ਹਿਰਾਸਤ 'ਚ
. . .  16 minutes ago
ਫ਼ਰੀਦਕੋਟ 8 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਪੁਲਿਸ ਨੇ ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਸਮੇਤ ਕਈ ਧਰਨਾਕਾਰੀ ਲੜਕੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਪਹਿਲਾ...
ਮੈਡੀਕਲ ਪ੍ਰੈਕਟੀਸ਼ਨਰ ਜੰਤਰ ਮੰਤਰ ਵਿਖੇ 10 ਨੂੰ ਕਰਨਗੇ ਰੋਸ ਰੈਲੀ
. . .  28 minutes ago
ਬਲਾਚੌਰ, 8 ਦਸੰਬਰ (ਦੀਦਾਰ ਸਿੰਘ ਬਲਾਚੌਰੀਆ) - ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਅਣਗੌਲਿਆ ਕਰਨ ਦੇ ਰੋਸ ਵਜੋਂ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ...
ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨਜ਼ਰ ਆਏ ਇਕੱਠੇ
. . .  34 minutes ago
ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਉਣ ਸਮੇਂ ਦੋਵੇਂ ਭਰਾ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ...
ਦਿੱਲੀ ਅਗਨੀਕਾਂਡ : ਇਮਾਰਤ ਦਾ ਮਾਲਕ ਰੇਹਾਨ ਗ੍ਰਿਫ਼ਤਾਰ
. . .  5 minutes ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ ਵਿਚ ਪੁਲਿਸ ਨੇ ਇਮਾਰਤ ਦੇ ਮਾਲਕ ਰੇਹਾਨ ਨੂੰ ਉਸ ਦੇ ਮੈਨੇਜਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਡੀ.ਸੀ.ਪੀ ਉੱਤਰੀ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਲਕਾ ਯੂਥ ਪ੍ਰਧਾਨ ਦੇ ਸਵਾਗਤ ਕਰਨ ਮੌਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  55 minutes ago
ਹਰਚੋਵਾਲ, 8 ਦਸੰਬਰ (ਭਾਮ)-ਬੀਤੇ ਕੱਲ੍ਹ ਹੋਈਆਂ ਯੂਥ ਕਾਂਗਰਸ ਦੀ ਚੋਣਾਂ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਚੁਣੇ ਗਏ ਹਲਕਾ ਯੂਥ ਪ੍ਰਧਾਨ ਹਰਮਨਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਹਰਚੋਵਾਲ ਜੋ ਕਿ ਸ: ਬਰਿੰਦਰਜੀਤ ਸਿੰਘ ਪਾਹੜਾ ਵਿਧਾਇਕ ਗੁਰਦਾਸਪੁਰ ਦੇ ਨਜ਼ਦੀਕ ਰਿਸ਼ਤੇਦਾਰ ਹਨ, ਦੇ ਯੂਥ...
ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ
. . .  1 minute ago
ਲੁਧਿਆਣਾ, 8 ਦਸੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਅੱਜ ਦੁਪਹਿਰੇ ਗੋਲੀਆਂ ਚੱਲਣ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਦਕਿ ਗੋਲੀਆਂ ਦੀ...
ਡਾ. ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 1 hour ago
ਰਾਜਾਸਾਂਸੀ, 8 ਦਸੰਬਰ (ਹੇਰ)- ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਸ਼ਾਰਜਾਹ (ਯੂ. ਏ. ਈ.) ਗਏ 23 ਸਾਲਾ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਅੱਜ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ...
ਦਿੱਲੀ ਅਗਨੀਕਾਂਡ : ਫੈਕਟਰੀ ਦਾ ਮਾਲਕ ਰੇਹਾਨ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਰਾਜਧਾਨੀ ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਫੈਕਟਰੀ 'ਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਉੱਥੇ...
ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚੱਲ ਰਹੀ ਸੀ ਤਾਂ ਨਗਰ ਨਿਗਮ ਨੇ ਕਿਉਂ ਨਹੀਂ ਕੀਤੀ ਕਾਰਵਾਈ- ਸੰਜੇ ਸਿੰਘ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਜੇਕਰ ਕੋਈ ਫੈਕਟਰੀ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਤਾਂ ਉਸ ਨੂੰ ਬੰਦ ਕਰਨ ਦੀ...
ਦਿੱਲੀ ਅਗਨੀਕਾਂਡ 'ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਜਤਾਇਆ ਦੁੱਖ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਚਾਂਦਨੀ ਚੌਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਅਨਾਜ ਮੰਡੀ ਇਲਾਕੇ 'ਚ ਫੈਕਟਰੀ 'ਚ ਅੱਗ ਲੱਗਣ ਕਾਰਨ ਹੋਈ 43 ਲੋਕਾਂ ਦੀ...
ਹੋਰ ਖ਼ਬਰਾਂ..

ਫ਼ਿਲਮ ਅੰਕ

ਅਨੰਨਿਆ

ਬਣੀ 'ਕਾਲੀ ਪੀਲੀ'

'ਪਤੀ-ਪਤਨੀ ਔਰ ਵੋਹ' ਅਨੰਨਿਆ ਪਾਂਡੇ ਦੀ ਕਾਰਤਿਕ ਆਰੀਅਨ ਨਾਲ ਇਹ ਫ਼ਿਲਮ ਇਸ ਸਮੇਂ ਬਾਲੀਵੁੱਡ ਨਗਰੀ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਨੰਨਿਆ ਦੇ ਨਾਲ ਇਸ ਫ਼ਿਲਮ ਵਿਚ ਦੂਸਰੀ 'ਵੋਹ' ਯਾਨੀ ਨਾਇਕਾ ਭੂਮੀ ਪੇਡਨੇਕਰ ਹੈ। ਟੋਨੀ ਕੱਕੜ ਤੇ ਨੇਹਾ ਕੱਕੜ ਦਾ 'ਧੀਮੇ ਧੀਮੇ' ਇਸ ਫ਼ਿਲਮ ਦਾ ਗੀਤ ਆ ਚੁੱਕਾ ਹੈ। 6 ਦਸੰਬਰ ਨੂੰ ਆ ਰਹੀ ਅਨੰਨਿਆ ਦੀ ਇਹ ਫ਼ਿਲਮ ਪੁਰਾਣੇ ਗਾਣੇ 'ਧੀਮੇ ਧੀਮੇ' 'ਤੇ ਹੀ ਆਧਾਰਿਤ ਹੈ। ਖਾਸ ਕਰ ਕੇ ਗਾਣਾ ਤੇ ਬਾਕੀ ਪੁਰਾਣੀ ਸੰਜੀਵ ਕੁਮਾਰ ਵਾਲੀ ਫ਼ਿਲਮ 'ਪਤੀ ਪਤਨੀ ਔਰ ਵੋਹ' 'ਤੇ ਹੀ ਅਗਲਾ ਹਿੱਸਾ ਜਾਂ ਫਿਰ ਦੁਬਾਰਾ ਫ਼ਿਲਮਾਂਕਣ, ਸਿਨੇਮਾ ਦੀ ਭਾਸ਼ਾ 'ਚ ਰੀਮੇਕ ਹੈ। 'ਰਾਈਜ਼ਿੰਗ ਸਟਾਰ ਆਫ ਦਾ 2019' ਸਨਮਾਨ ਅਨੰਨਿਆ ਨੂੰ ਮਿਲਿਆ ਹੈ। ਅਨੰਨਿਆ ਇਕ ਹੋਰ ਫ਼ਿਲਮ 'ਕਾਲੀ ਪੀਲੀ' ਇਸ਼ਾਨ ਖੱਟੜ ਨਾਲ ਕਰ ਰਹੀ ਹੈ। 'ਸਟੂਡੈਂਟ ਆਫ਼ ਦਾ ਯੀਅਰ-2' ਨਾਲ ਲੋਕਪ੍ਰਿਯ ਹੋਈ ਅਨੰਨਿਆ ਕੈਟਰੀਨਾ ਕੈਫ਼ ਤੇ ਆਲੀਆ ਭੱਟ ਨੂੰ ਆਪਣੀ ਪ੍ਰੇਰਨਾ ਸਰੋਤ ਮੰਨ ਕੇ ਚੱਲ ਰਹੀ ਹੈ। ਆਪਣੇ ਪਾਪਾ ਚੰਕੀ ਪਾਂਡੇ ਦੀ ਸਲਾਹ ਉਹ ਹਰ ਫ਼ਿਲਮੀ ਮਸਲੇ 'ਤੇ ਲੈਂਦੀ ਹੈ ਤੇ ਉਸ 'ਤੇ ਹੀ ਚਲਦੀ ਹੈ। ਪਿਓ-ਧੀ ਫ਼ਿਲਮਾਂ ਵੀ ਇਕੱਠੀਆਂ ਦੇਖਦੇ ਹਨ। ਸ਼ਨਾਯਾ ਕਪੂਰ ਨਾਲ ਅਨੰਨਿਆ ਦੀ ਦੋਸਤੀ ਗਹਿਰੀ ਹੈ। ਅਨੰਨਿਆ 'ਕਾਲੀ ਪੀਲੀ' ਤਾਂ ਨਹੀਂ ਪਰ 'ਕਾਲੀ ਪੀਲੀ' ਕੁੜੀ ਹੋਣ ਦਾ ਅਰਥ ਇਹ ਨਹੀਂ ਕਿ ਉਸ ਕੋਲ ਕੁਝ ਵੀ ਨਹੀਂ। ਸਮਾਜ 'ਚ ਰੰਗ ਦੇ ਭੇਦ-ਭਾਵ ਨੂੰ ਬੁਰਾ ਸ਼ਗਨ ਅਨੰਨਿਆ ਮੰਨਦੀ ਹੈ। ਹੁਣ ਉਹ ਜਲਦੀ ਹੀ ਫਰਹਾ ਖ਼ਾਨ ਦੇ ਨਾਲ ਨਵੀਂ ਫ਼ਿਲਮ ਕਰੇਗੀ। ਹੋ ਸਕਦਾ ਹੈ 'ਕਾਲੀ ਪੀਲੀ' ਅਨੰਨਿਆ ਨੂੰ 'ਸੱਤੇ ਪੇ ਸੱਤਾ' ਦੇ ਰੀਮੇਕ 'ਚ ਕੰਮ ਮਿਲ ਜਾਵੇ। ਅਨੰਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਕਈ ਵਾਰ ਲੋਕਾਂ ਦੇ ਮਜ਼ਾਕ ਦੀ ਪਾਤਰ ਬਣੀ ਹੈ। ਅਨੰਨਿਆ ਨੇ ਉਨ੍ਹਾਂ ਲੋਕਾਂ ਦਾ ਮੂੰਹ ਬੰਦ ਕੀਤਾ ਹੈ ਜੋ ਉਸ ਨੂੰ ਦਸਵੀਂ ਪਾਸ ਕਹਿ ਕੇ ਛੇੜ ਰਹੇ ਸਨ ਤੇ ਅਨੰਨਿਆ ਨੇ ਸਬੂਤ ਸਮੇਤ ਪੋਸਟ ਪਾਈ ਕਿ ਉਹ 'ਅਨਪੜ੍ਹ', 'ਅਨਾੜੀ', 'ਕਾਲੀ ਪੀਲੀ' ਨਹੀਂ ਬਲਕਿ ਅਮਰੀਕਨ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਹੈ। ਇਸ ਸਭ ਨਾਲ ਅਨੰਨਿਆ ਨੂੰ ਬਹੁਤ ਸਾਰੇ ਲੋਕਾਂ ਦੀ ਹਮਦਰਦੀ ਮਿਲੀ ਹੈ।


ਖ਼ਬਰ ਸ਼ੇਅਰ ਕਰੋ

ਕ੍ਰਿਤੀ ਖਰਬੰਦਾ ਮੁਹਤਰਮਾ ਦੀ ਖ਼ੁਸ਼ੀ

ਪੁਲਕਿਤ ਸਮਰਾਟ ਲਈ ਕ੍ਰਿਤੀ ਖਰਬੰਦਾ ਦਾ ਦਿਲ ਘਾਊਂ-ਮਾਊਂ ਕਰਦਾ ਹੈ। ਇਹ ਗੱਲ ਅਸੀਂ-ਤੁਸੀਂ ਜਾਂ ਕੋਈ ਫ਼ਿਲਮੀ ਜਾਣਕਾਰ ਨਹੀਂ ਬਲਕਿ ਆਪ ਕ੍ਰਿਤੀ ਨੇ ਮੰਨ ਲਈ ਹੈ। ਇਮਾਨਦਾਰੀ ਨਾਲ ਕਿਹਾ ਹੈ ਕੁਮਾਰੀ ਕ੍ਰਿਤੀ ਨੇ ਕਿ ਮਾਪਿਆਂ ਨੂੰ ਦੱਸਣ ਤੋਂ ਝਿਜਕ ਹੋਈ ਪਰ... ਪਰ... ਕਿਸੇ ਨੂੰ ਪੰਜ ਸਾਲ ਪਿਆਰ 'ਚ ਲੱਗ ਜਾਂਦੇ ਨੇ, ਕੋਈ ਪੰਜ ਮਹੀਨਿਆਂ 'ਚ 'ਪਿਆਰ ਮੇਂ ਪਾਗਲ' ਹੋ ਜਾਂਦਾ ਹੈ, ਕੋਈ ਪੰਜ ਦਿਨਾਂ 'ਚ ਤੇ ਕ੍ਰਿਤੀ ਨੂੰ 'ਉਹੀ ਪੰਜ ਮਿੰਟ' ਯਾਦ ਨੇ ਜਦ ਕ੍ਰਿਤੀ ਖਰਬੰਦਾ ਤੇ ਪੁਲਕਿਤ ਦੀਆਂ ਚਾਰ ਅੱਖਾਂ ਦਾ ਟਕਰਾਅ ਹੋਇਆ ਤੇ ਇਕ ਬਿਜਲੀ ਚਮਕੀ ਤੇ ਫਿਰ ਪਿਆਰ ਹੋ ਗਿਆ। 'ਚਿਹਰੇ' 'ਚ ਅਮਿਤਾਭ ਬੱਚਨ ਨਾਲ ਆ ਰਹੀ ਕ੍ਰਿਤੀ ਨੂੰ ਉਨ੍ਹਾਂ ਵਲੋਂ 'ਮੁਹਤਰਮਾ' ਕਹਿਣਾ ਬਹੁਤ ਹੀ ਚੰਗਾ ਲੱਗਿਆ। ਅਸਲ 'ਚ ਕ੍ਰਿਤੀ ਦ੍ਰਿਸ਼ ਦਾ ਮੁੜ ਫ਼ਿਲਮਾਂਕਣ ਚਾਹੁੰਦੀ ਸੀ। ਅਮਿਤਾਭ ਨੇ ਕਿਹਾ ਕਿ ਕੋਈ ਨਹੀਂ ਜਦ ਤੱਕ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਤਦ ਤੱਕ ਕੀ ਲਾਭ? ਇਸ ਲਈ ਆਓ 'ਟੇਕ' ਕਰੀਏ ਮੋਹਤਰਮਾ ਤੇ ਕ੍ਰਿਤੀ ਖਰਬੰਦਾ ਹੈਰਾਨ ਸੀ ਕਿ ਦਿੱਗਜ਼ ਸਟਾਰ ਨੇ ਉਸ ਦੀ ਗੱਲ ਮੰਨੀ ਤੇ ਪਿਆਰ ਨਾਲ ਕਿਹਾ 'ਮੋਹਤਰਮਾ'। ਕੋਈ ਉਸ ਨੂੰ 'ਕ੍ਰਿਤੀ' ਤੇ ਕੋਈ 'ਕੀਰਤੀ' ਕਹਿੰਦਾ ਹੈ ਤਾਂ ਉਸ ਦਾ ਜਵਾਬ ਹੁੰਦਾ ਹੈ ਕਿ ਕੋਈ ਫਰਕ ਨਹੀਂ, ਕੁਦਰਤ ਦੀ ਉਹ 'ਕ੍ਰਿਤੀ' ਹੈ... ਕਲਾ ਤੇ ਕੁਦਰਤ ਦੀ ਹੀ 'ਕੀਰਤ' ਹੈ..., ਫਿਰ ਕਲਾ ਤਾਂ ਜਿਵੇਂ ਉਚਾਰਨ ਹੁੰਦਾ ਹੈ ਕੀਤਾ ਜਾਵੇ। ਮੋਹਤਰਮਾ ਕ੍ਰਿਤੀ ਅਰਥਾਤ ਕੀਰਤੀ ਖਰਬੰਦਾ ਨੇ ਪਿਆਰ ਨਾਲ ਕਿਹਾ, 'ਹਾਊਸਫੁੱਲ-4' ਵਾਲੀ 'ਪਾਗਲਪੰਤੀ' ਕ੍ਰਿਤੀ ਨੂੰ ਮਹਿੰਗੀ ਵੀ ਪਈ ਹੈ... ਤੇ ਹਾਂ 'ਚਿਹਰੇ' ਦੀ ਦੋ ਦਿਨ ਦੀ ਸ਼ੂਟਿੰਗ ਕਰਕੇ ਆਖਿਰ ਕ੍ਰਿਤੀ ਨੂੰ ਇਸ ਫ਼ਿਲਮ 'ਚੋਂ ਕੱਢ ਦਿੱਤਾ ਗਿਆ ਹੈ। ਕ੍ਰਿਤੀ ਕਹਿ ਰਹੀ ਹੈ ਕਿ ਬਹੁਤ ਹੀ 'ਕਾਮੁਕ ਦ੍ਰਿਸ਼ ਤੇ ਚੁੰਮਣ' ਉਹ ਨਹੀਂ ਕਰੇਗੀ, ਇਸ ਲਈ 'ਚਿਹਰੇ' ਦਾ ਉਹ ਹੁਣ 'ਚਿਹਰਾ' ਨਹੀਂ ਤੇ ਇਸ 'ਚ ਉਸ ਦੀ ਕੋਈ 'ਪਾਗਲਪੰਤੀ' ਨਹੀਂ ਹੈ। ਮੋਹਤਰਮਾ ਦਾ ਕਹਿਣਾ ਹੈ ਕਿ ਅਜਿਹੇ ਦ੍ਰਿਸ਼ 'ਹਾਊਸਫੁੱਲ-4' ਦੀ ਗਾਰੰਟੀ ਨਹੀਂ ਹੁੰਦੇ। ਇਹ ਨਿਰਮਾਤਾ ਦਾ ਵਹਿਮ ਹੈ... 'ਪਾਗਲਪੰਤੀ' ਹੈ।


-ਸੁਖਜੀਤ ਕੌਰ

ਰਾਣੀ ਮੁਖਰਜੀ

ਚੇਤਨਾ ਦਾ ਸੁਨੇਹਾ ਦਿੰਦੀ ਹੈ ਮਰਦਾਨੀ-2

'ਮਰਦਾਨੀ-2' ਦੀਆਂ ਤਿਆਰੀਆਂ ਕਰ ਰਹੀ ਹੈ ਰਾਣੀ ਮੁਖਰਜੀ ਤੇ ਫ਼ਿਲਮ 'ਚ ਉਹ ਧਾਕੜ ਪੁਲਿਸ ਅਫਸਰ ਬਣੀ ਪਰਦੇ 'ਤੇ ਨਜ਼ਰ ਪਵੇਗੀ। 'ਮਰਦਾਨੀ-2' ਦੇ ਪਹਿਲੇ ਟ੍ਰੇਲਰ ਨੂੰ ਦੇਖ ਕੇ ਲੋਕਾਂ ਕਿਹਾ ਸੀ ਕਿ ਦਮ-ਖਮ ਪੂਰਾ ਹੈ, ਕਈਆਂ ਨੂੰ ਟੱਕਰ ਦੇ ਕੇ ਫਿਰ ਚੋਟੀ ਦੀ ਕੁਰਸੀ 'ਤੇ ਬਿਰਾਜਮਾਨ ਹੈ। 'ਮਰਦਾਨੀ-2' ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਕੋਟਾ ਸ਼ਹਿਰ ਦੇ ਵਕੀਲ ਅਨਿਲ ਗਰਗ ਨੇ ਰਾਣੀ ਮੁਖਰਜੀ ਦੇ ਨਾਲ ਸੈਂਸਰ ਬੋਰਡ, ਸੂਚਨਾ ਪ੍ਰਸਾਰਨ ਮੰਤਰਾਲੇ ਤੇ ਚੋਪੜਾ ਕੈਂਪ ਨੂੰ ਕਾਨੂੰਨੀ ਨੋਟਿਸ ਭਿਜਵਾਏ ਹਨ ਕਿ ਫ਼ਿਲਮ 'ਚ 'ਕੋਟਾ' ਸ਼ਹਿਰ ਦਾ ਨਾਂਅ ਹਟਾ ਦਿਓ, ਇਸ ਨਾਲ ਕੋਟਾ ਦੀ ਤਸਵੀਰ ਧੁੰਦਲੀ ਪੈ ਰਹੀ ਹੈ, ਵਰਨਾ ਕਿਸੇ ਵੀ ਹਾਲਤ 'ਚ 'ਮਰਦਾਨੀ-2' ਸਿਨੇਮਿਆਂ 'ਚ ਨਹੀਂ ਆਉਣ ਦਿੱਤੀ ਜਾਵੇਗੀ। ਰਾਣੀ ਦੀ ਪ੍ਰਤੀਕਿਰਿਆ ਹੈ ਕਿ 'ਮਰਦਾਨੀ-2' ਸਮਾਜਿਕ ਸੰਦੇਸ਼ ਦੇਵੇਗੀ ਕਿ ਅਪਰਾਧ ਬੁਰੀ ਸ਼ੈਅ ਹੈ, ਇਸ ਨੂੰ ਜੜ੍ਹੋਂ ਪੁੱਟ ਦਿਓ। ਫ਼ਿਲਮ 'ਚ ਮੈਂ ਸ਼ਿਵਾਨੀ ਸ਼ਿਵਾਜੀ ਰਾਏ ਦਾ ਕਿਰਦਾਰ ਨਿਭਾਇਆ ਹੈ। ਖ਼ਤਰੇ ਦਾ ਕੋਈ ਚਿਹਰਾ ਨਹੀਂ ਹੁੰਦਾ, ਇਸ ਲਈ ਸਾਡੇ ਕੰਨ ਤੇ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ। ਇਸ ਵਿਚ ਨੌਜਵਾਨਾਂ ਨੂੰ ਸੁਨੇਹਾ ਹੈ ਕਿ ਬੁਰੇ ਲੋਕ ਦਸਤਕ ਦੇ ਕੇ ਤੁਹਾਡੇ ਕੋਲ ਨਹੀਂ ਆਉਂਦੇ, ਉਹ ਤਾਂ ਤੁਹਾਡੇ ਆਲੇ-ਦੁਆਲੇ ਹੀ ਹੁੰਦੇ ਹਨ। ਸੋ, ਜੇ ਤੁਸੀਂ ਚੌਕਸ ਹੋਵੋਗੇ ਤਾਂ ਹੀ ਬਚਾਅ ਹੋ ਸਕੇਗਾ। 13 ਦਸੰਬਰ ਨੂੰ ਫ਼ਿਲਮ ਦੀ ਰਿਲੀਜ਼ ਤਰੀਕ ਤੈਅ ਕੀਤੀ ਗਈ ਹੈ। ਬਈ ਗੂਗਲ ਪਲੇਅ ਸਟੋਰ 'ਤੇ ਰਾਣੀ ਦੀ 'ਹਿਚਕੀ' ਸਭ ਤੋਂ ਜ਼ਿਆਦਾ ਵਿਕ ਸਕਦੀ ਹੈ ਤਾਂ 'ਮਰਦਾਨੀ' ਰਾਣੀ 'ਮਰਦਾਨੀ-2' ਬਣ ਕੇ ਤਾਂ ਹੋਰ ਧਮਾਲ ਪਾਏਗੀ। ਕੱਲ੍ਹ ਵੀ ਉਹ ਫ਼ਿਲਮਾਂ ਦੀ ਰਾਣੀ ਸੀ, ਅੱਜ ਵੀ ਹੈ ਤੇ ਸ਼ਾਇਦ ਭਲਕ ਨੂੰ ਵੀ ਹੋਵੇ।

ਹੀਰ ਦੀ ਭੂਮਿਕਾ ਦੇ ਇੰਤਜ਼ਾਰ ਵਿਚ

ਟੀਨਾ ਅਹੂਜਾ

ਅਭਿਨੇਤਾ ਗੋਵਿੰਦਾ ਦੀ ਬੇਟੀ ਨੇ ਫ਼ਿਲਮ 'ਸੈਕੰਡਹੈਂਡ ਹਸਬੈਂਡ' ਰਾਹੀਂ ਅਭਿਨੈ ਦੀ ਦੁਨੀਆ ਵਿਚ ਆਪਣਾ ਆਗਮਨ ਤਾਂ ਕੀਤਾ ਸੀ ਪਰ ਇਹ ਫ਼ਿਲਮ ਉਸ ਦਾ ਕੈਰੀਅਰ ਸੰਵਾਰਨ ਵਿਚ ਨਾਕਾਮ ਰਹੀ। ਹੁਣ ਬਾਲੀਵੁੱਡ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਟੀਨਾ ਨੇ ਵੀਡੀਓ ਐਲਬਮ ਦਾ ਸਹਾਰਾ ਲਿਆ ਹੈ। ਕੁਝ ਮਹੀਨੇ ਪਹਿਲਾਂ ਉਹ ਆਪਣਾ ਪਹਿਲਾ ਵੀਡੀਓ 'ਮਿਲੋ ਨਾ ਤੁਮ' ਲੈ ਕੇ ਪੇਸ਼ ਹੋਈ ਸੀ। ਇਸ ਵਿਚ ਫ਼ਿਲਮ 'ਹੀਰ ਰਾਂਝਾ' ਦੇ ਸਦਾਬਹਾਰ ਗੀਤ ਨੂੰ ਨਵੇਂ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਸੀ। ਲੋਕਾਂ ਨੂੰ ਇਹ ਗੀਤ ਪਸੰਦ ਆਇਆ ਤੇ ਹੁਣ ਟੀਨਾ ਆਪਣਾ ਦੂਜਾ ਵੀਡੀਓ 'ਆਜ ਕੀ ਹੀਰ' ਲੈ ਆਈ ਹੈ। ਇਸ ਨਵੇਂ ਵੀਡੀਓ ਦੇ ਐਲਬਮ ਬਾਰੇ ਟੀਨਾ ਕਹਿੰਦੀ ਹੈ, 'ਇਹ ਸੰਯੋਗ ਦੀ ਗੱਲ ਹੈ ਕਿ ਮੇਰਾ ਦੂਜਾ ਵੀਡੀਓ ਵੀ ਹੀਰ 'ਤੇ ਆਧਾਰਿਤ ਹੈ। ਜਦੋਂ ਮੈਂ 'ਹੀਰ ਰਾਂਝਾ' ਦੇਖੀ ਸੀ, ਉਦੋਂ ਇੱਛਾ ਸੀ ਕਿ ਕਿਸੇ ਫ਼ਿਲਮ ਵਿਚ ਹੀਰ ਦੀ ਭੂਮਿਕਾ ਮਿਲੇ ਪਰ ਕੁਝ ਹੱਦ ਤੱਕ ਉਹ ਇੱਛਾ ਇਨ੍ਹਾਂ ਵੀਡੀਓਜ਼ ਨੇ ਪੂਰੀ ਕਰ ਦਿੱਤੀ ਹੈ। ਮੈਨੂੰ ਲਗਦਾ ਹੈ ਕਿ ਇਨ੍ਹਾਂ ਵੀਡੀਓ ਨੂੰ ਦੇਖ ਕੇ ਮੈਨੂੰ ਹੀਰ ਦੀ ਭੂਮਿਕਾ ਦੀ ਪੇਸ਼ਕਸ਼ ਹੋ ਸਕਦੀ ਹੈ ਅਤੇ ਹੁਣ ਮੈਨੂੰ ਇਹ ਇੰਤਜ਼ਾਰ ਹੈ ਕਿ ਵੱਡੇ ਪਰਦੇ 'ਤੇ ਹੀਰ ਬਣਨ ਦਾ ਕਦੋਂ ਮੌਕਾ ਮਿਲਦਾ ਹੈ।' ਨਵੇਂ ਵੀਡੀਓ ਵਿਚ ਟੀਨਾ ਨੂੰ ਅੱਜ ਦੇ ਜ਼ਮਾਨੇ ਦੀ ਹੀਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਹ ਗੋਆ ਵਿਚ ਸ਼ੂਟ ਕੀਤਾ ਗਿਆ ਹੈ। ਉਹ ਅੱਜ ਦੇ ਜ਼ਮਾਨੇ ਦੀ ਹੀਰ ਤਾਂ ਬਣ ਗਈ ਪਰ ਪ੍ਰੇਮ ਕਹਾਣੀ ਦੀ ਹੀਰ ਦੇ ਰੂਪ ਵਿਚ ਉਹ ਵੱਡੇ ਪਰਦੇ 'ਤੇ ਕਦੋਂ ਆਉਂਦੀ ਹੈ, ਇਸ ਦਾ ਇੰਤਜ਼ਾਰ ਕਰਨਾ ਹੋਵੇਗਾ।

ਕਸ਼ਮੀਰਨ ਕੁੜੀ ਬਣਨਾ ਸੌਖਾ ਰਿਹਾ

ਅੰਜਲੀ ਪਾਂਡੇ

ਨਿਰਦੇਸ਼ਕ ਰਾਕੇਸ਼ ਸਾਵੰਤ ਦੀ ਇਕ ਫ਼ਿਲਮ ਆ ਰਹੀ ਹੈ 'ਮੁੱਦਾ 370-ਜੇ. ਐਂਡ ਕੇ.'। ਨਾਂਅ ਤੋਂ ਹੀ ਇਹ ਸਾਫ਼ ਹੋ ਜਾਂਦਾ ਹੈ ਕਿ ਇਸ ਵਿਚ ਕਸ਼ਮੀਰ ਤੇ ਧਾਰਾ 370 ਨਾਲ ਸਬੰਧਿਤ ਕਹਾਣੀ ਹੋਵੇਗੀ। ਇਹ ਸੱਚ ਵੀ ਹੈ। ਨਾਲ ਹੀ ਇਸ ਵਿਚ ਮੁਸਲਿਮ ਕੁੜੀ ਤੇ ਹਿੰਦੂ ਮੁੰਡੇ ਦੇ ਪਿਆਰ ਦੀ ਕਹਾਣੀ ਨੂੰ ਵੀ ਪੇਸ਼ ਕੀਤਾ ਗਿਆ ਹੈ। ਮੁੰਡੇ ਸੂਰਜ ਦੀ ਭੂਮਿਕਾ ਹਿਤੇਨ ਤੇਜਵਾਨੀ ਵਲੋਂ ਨਿਭਾਈ ਗਈ ਹੈ ਜਦ ਕਿ ਕਸ਼ਮੀਰੀ ਕੁੜੀ ਆਸਮਾਂ ਦੀ ਭੂਮਿਕਾ ਦਿੱਲੀ ਦੀ ਕੁੜੀ ਅੰਜਲੀ ਦੇ ਹਿੱਸੇ ਆਈ ਹੈ।
ਇਹ ਅੰਜਲੀ ਦੀ ਪਹਿਲੀ ਹਿੰਦੀ ਫ਼ਿਲਮ ਹੈ। ਉਹ ਦਿੱਲੀ ਵਿਚ ਰਹਿ ਕੇ ਰੰਗਮੰਚ 'ਤੇ ਸਰਗਰਮ ਸੀ ਅਤੇ ਵੱਡੇ ਪਰਦੇ 'ਤੇ ਆਉਣ ਦੀ ਇੱਛਾ ਵੀ ਸੀ। ਹਾਂ, ਉਹ ਇਹ ਨਹੀਂ ਚਾਹੁੰਦੀ ਸੀ ਕਿ 'ਬੁਆਏ ਮੀਟਸ ਗਰਲ' ਕਿਸਮ ਦੇ ਵਿਸ਼ੇ ਵਾਲੀ ਫ਼ਿਲਮ ਤੋਂ ਉਹ ਬਾਲੀਵੁੱਡ ਵਿਚ ਆਪਣਾ ਆਗਮਨ ਕਰੇ। ਅੰਜਲੀ ਨੇ ਪੱਤਰਕਾਰਤਾ ਦਾ ਕੋਰਸ ਕੀਤਾ ਹੋਇਆ ਹੈ ਅਤੇ ਉਹ ਚਾਹੁੰਦੀ ਸੀ ਕਿ ਠੋਸ ਤੇ ਮਹੱਤਵਪੂਰਨ ਭੂਮਿਕਾ ਨਾਲ ਆਪਣੀ ਸ਼ੁਰੂਆਤ ਕਰੇ। ਇਸ ਤਰ੍ਹਾਂ ਜਦੋਂ ਉਸ ਨੂੰ ਇਹ ਫ਼ਿਲਮ ਮਿਲੀ ਤਾਂ ਉਸ ਨੇ ਝੱਟ ਹਾਂ ਕਹਿ ਦਿੱਤੀ।
ਕੈਮਰੇ ਸਾਹਮਣੇ ਆਸਮਾਂ ਦਾ ਕਿਰਦਾਰ ਨਿਭਾਉਣ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਨੂੰ ਕਿਹਾ ਗਿਆ ਕਿ ਇਹ ਫ਼ਿਲਮ ਕਸ਼ਮੀਰ 'ਤੇ ਆਧਾਰਿਤ ਹੈ ਤਾਂ ਪਹਿਲਾਂ ਖਿਆਲ ਇਹੀ ਆਇਆ ਕਿ ਇਹ ਰੋਮਾਂਟਿਕ ਫ਼ਿਲਮ ਹੋਵੇਗੀ ਪਰ ਜਦੋਂ ਵਿਸਤਾਰ ਨਾਲ ਦੱਸਿਆ ਗਿਆ ਕਿ ਕਹਾਣੀ ਧਾਰਾ-370 ਨੂੰ ਲੈ ਕੇ ਹੈ ਤਾਂ ਮੈਂ ਉਤਸ਼ਾਹਿਤ ਹੋ ਉੱਠੀ। ਮੈਂ ਇਸ ਤਰ੍ਹਾਂ ਦੀ ਫ਼ਿਲਮ ਤੋਂ ਹੀ ਆਪਣੀ ਸ਼ੁਰੂਆਤ ਕਰਨਾ ਚਾਹੁੰਦੀ ਸੀ। ਦੂਜੀ ਗੱਲ ਇਹ ਕਿ ਜਦੋਂ ਮੈਂ ਪੱਤਰਕਾਰਤਾ ਦਾ ਕੋਰਸ ਕਰ ਰਹੀ ਸੀ ਉਦੋਂ ਧਾਰਾ 370 ਨੂੰ ਲੈ ਕੇ ਕਈ ਪ੍ਰਾਜੈਕਟ ਕੀਤੇ ਸਨ। ਮੈਨੂੰ ਇਹ ਧਾਰਾ ਤੇ ਇਸ ਦੇ ਅਸਰ ਬਾਰੇ ਵਿਸਤਾਰ ਨਾਲ ਪਤਾ ਸੀ। ਮੈਂ ਜਾਣਦੀ ਹਾਂ ਕਿ ਇਸ ਧਾਰਾ ਦੇ ਅਮਲ ਦੀ ਵਜ੍ਹਾ ਨਾਲ ਕਸ਼ਮੀਰ ਦੇ ਆਮ ਲੋਕਾਂ ਨੂੰ ਕਿੰਨਾ ਸਹਿਣਾ ਪਿਆ ਹੈ। ਜਦੋਂ ਅਸੀਂ ਫ਼ਿਲਮ ਦੀ ਸ਼ੂਟਿੰਗ ਲਈ ਕਸ਼ਮੀਰ ਗਏ ਤਾਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਇਸ ਧਾਰਾ ਦੇ ਅਸਰ ਬਾਰੇ ਵਿਸਤਾਰ ਨਾਲ ਜਾਣਨ ਨੂੰ ਮਿਲਿਆ। ਮੇਰੇ ਖਿਆਲ ਨਾਲ ਇਹ ਸਿਰਫ਼ ਫ਼ਿਲਮ ਨਹੀਂ ਹੈ ਪਰ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਹੈ ਜੋ ਦੇਸ਼ ਦੇ ਲੋਕਾਂ ਨੂੰ ਫ਼ਿਲਮ ਰਾਹੀਂ ਸੁਣਾਈ ਦੇਵੇਗੀ।'
ਆਪਣੀ ਪਹਿਲੀ ਹੀ ਫ਼ਿਲਮ ਵਿਚ ਮੁਸਲਿਮ ਕੁੜੀ ਦਾ ਕਿਰਦਾਰ ਨਿਭਾਉਣ ਬਾਰੇ ਉਹ ਕਹਿੰਦੀ ਹੈ, 'ਮੈਂ ਰੰਗਮੰਚ 'ਤੇ ਕਈ ਵਾਰ ਮੁਸਲਿਮ ਕੁੜੀ ਦਾ ਕਿਰਦਾਰ ਨਿਭਾਅ ਚੁੱਕੀ ਹਾਂ। ਖ਼ੁਦ ਨੂੰ ਇਸ ਕਿਰਦਾਰ ਵਿਚ ਢਾਲ ਕੇ ਕੀ ਕੁਝ ਕਰਨਾ ਹੁੰਦਾ ਹੈ, ਇਹ ਜਾਣਦੀ ਹਾਂ। ਫਰਕ ਏਨਾ ਸੀ ਕਿ ਇਥੇ ਕਸ਼ਮੀਰੀ ਕੁੜੀ ਬਣੀ ਹਾਂ। ਬਸ, ਕਸ਼ਮੀਰੀ ਕੱਪੜੇ ਪਾ ਲੈਂਦੀ ਅਤੇ ਕਸ਼ਮੀਰੀ ਕੁੜੀ ਬਣ ਜਾਂਦੀ। ਸੋ, ਇਥੇ ਕਸ਼ਮੀਰੀ ਕੁੜੀ ਬਣਨਾ ਸੌਖਾ ਰਿਹਾ। ਇਸ ਪਹਿਲੀ ਫ਼ਿਲਮ ਵਿਚ ਮੇਰੇ ਲਈ ਚੰਗੀ ਗੱਲ ਇਹ ਰਹੀ ਕਿ ਮੈਨੂੰ ਜ਼ਰੀਨਾ ਵਹਾਬ, ਮਨੋਜ ਜੋਸ਼ੀ, ਅੰਜਨ ਸ੍ਰੀਵਾਸਤਵ, ਰਾਖੀ ਸਾਵੰਤ, ਮੋਹਨ ਕਪੂਰ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਹ ਮੇਰੇ ਲਈ ਬੋਨਸ ਬਰਾਬਰ ਰਿਹਾ।
ਹੁਣ ਅੰਜਲੀ ਨੂੰ ਦੋ ਹੋਰ ਫ਼ਿਲਮਾਂ ਮਿਲੀਆਂ ਹਨ ਤੇ ਨਾਲ ਹੀ ਇਕ ਵੈੱਬ ਸੀਰੀਜ਼ ਵੀ। ਭਾਵ ਕਸ਼ਮੀਰੀ ਕੁੜੀ ਬਣਨਾ ਉਸ ਨੂੰ ਵਾਕਈ ਫਲਿਆ ਹੈ।

'ਜ਼ਿੰਦਗੀ ਵਿਚ ਕੁਝ ਵੀ ਯਕੀਨੀ ਨਹੀਂ'

ਹੇਮੰਤ ਉਬਰਾਏ

ਅਨੁੁਪਮ ਖੇਰ, ਦੇਵ ਪਟੇਲ, ਵਿਪਿਨ ਸ਼ਰਮਾ ਸਮੇਤ ਕਈ ਵਿਦੇਸ਼ੀ ਕਲਾਕਾਰਾਂ ਨੂੰ ਚਮਕਾਉਂਦੀ ਫ਼ਿਲਮ 'ਹੋਟਲ ਮੁੰਬਈ' ਹੁਣ ਦਰਸ਼ਕਾਂ ਦੀ ਕਾਫੀ ਸਰਾਹਨਾ ਬਟੋਰ ਰਹੀ ਹੈ। ਇਸ ਦੀ ਕਹਾਣੀ 26/11 ਦੇ ਦਿਨ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ 'ਤੇ ਆਧਾਰਿਤ ਹੈ ਅਤੇ ਇਥੇ ਕਹਾਣੀ ਦੇ ਕੇਂਦਰ ਵਿਚ ਤਾਜ ਹੋਟਲ ਨੂੰ ਰੱਖਿਆ ਗਿਆ ਹੈ। ਇਹ ਹੋਟਲ ਵੀ ਆਤੰਕ ਦੀ ਖੂਨੀ ਖੇਡ ਦਾ ਸ਼ਿਕਾਰ ਹੋਇਆ ਸੀ ਅਤੇ ਇਸ ਭਿਆਨਕ ਹਮਲੇ ਦੌਰਾਨ ਹੋਟਲ ਵਿਚ ਕੀ ਕੁਝ ਵਾਪਰਿਆ ਸੀ, ਉਹ ਇਸ ਫ਼ਿਲਮ ਰਾਹੀਂ ਦਿਖਾਇਆ ਗਿਆ ਹੈ। ਇਥੇ ਅਨੁਪਮ ਖੇਰ ਵਲੋਂ ਇਸ ਹੋਟਲ ਦੇ ਐਕਜ਼ੈਟਿਵ ਸ਼ੈੱਫ ਹੇਮੰਤ ਉਬਰਾਏ ਦੀ ਭੂਮਿਕਾ ਨਿਭਾਈ ਗਈ ਹੈ। ਇਹ ਭੂਮਿਕਾ ਅਸਲ ਜ਼ਿੰਦਗੀ ਦੇ ਕਿਰਦਾਰ ਤੋਂ ਪ੍ਰੇਰਿਤ ਹੈ।
ਜਦੋਂ ਹੇਮੰਤ ਉਬਰਾਏ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਤੋਂ ਪਹਿਲਾ ਸਵਾਲ ਇਹੀ ਪੁੱਛਿਆ ਕਿ 'ਉਦੋਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਰਹੀ ਸੀ ਜਦੋਂ ਦੱਸਿਆ ਗਿਆ ਹੋਵੇਗਾ ਕਿ ਤੁਹਾਨੂੰ ਕੇਂਦਰ ਵਿਚ ਰੱਖ ਕੇ ਫ਼ਿਲਮ ਬਣਾਈ ਜਾ ਰਹੀ ਹੈ?
-ਮੈਨੂੰ ਪਤਾ ਨਹੀਂ ਸੀ ਕਿ ਫ਼ਿਲਮ ਦੇ ਕੇਂਦਰ ਵਿਚ ਮੇਰਾ ਕਿਰਦਾਰ ਹੈ। ਮੈਨੂੰ ਮੇਰੇ ਬੌਸ ਰਤਨ ਟਾਟਾ ਦਾ ਸੰਦੇਸ਼ ਆਇਆ ਸੀ ਕਿ ਇਕ ਟੀਮ ਮੈਨੂੰ ਮਿਲਣਾ ਚਾਹੁੰਦੀ ਹੈ ਅਤੇ ਉਹ ਮੇਰੇ ਤੋਂ ਇਹ ਜਾਣਕਾਰੀ ਵਿਸਥਾਰ ਨਾਲ ਲੈਣਾ ਚਾਹੁੰਦੀ ਹੈ ਕਿ ਅੱਤਵਾਦੀ ਹਮਲੇ ਦੌਰਾਨ ਹੋਟਲ ਵਿਚ ਕੀ ਕੁਝ ਹੋਇਆ ਸੀ। ਮੈਂ ਉਸ ਟੀਮ ਨੂੰ ਮਿਲਿਆ ਅਤੇ ਦੱਸਿਆ ਕਿ ਹੋਟਲ ਦੀ ਕਿਸ ਮੰਜ਼ਿਲ 'ਤੇ ਕੀ ਹੋਇਆ ਸੀ। ਮੇਰੇ ਇਲਾਵਾ ਇਹ ਟੀਮ ਹੋਰ ਸਟਾਫ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਮਿਲੀ ਸੀ ਅਤੇ ਛੇ ਤੋਂ ਅੱਠ ਮਹੀਨੇ ਤੱਕ ਆਪਣਾ ਹੋਮਵਰਕ ਕਰਦੀ ਰਹੀ ਸੀ। ਇਹ ਤਾਂ ਬਾਅਦ ਵਿਚ ਪਤਾ ਲੱਗਿਆ ਕਿ ਫ਼ਿਲਮ ਵਿਚ ਅਨੁਪਮ ਵਲੋਂ ਮੇਰਾ ਕਿਰਦਾਰ ਨਿਭਾਇਆ ਗਿਆ ਹੈ।
ਮੇਰੀ ਰਾਏ ਇਹ ਹੈ ਕਿ ਜਦੋਂ ਕਿਸੇ ਘਟਨਾ 'ਤੇ ਬੁਰੀ ਫ਼ਿਲਮ ਬਣਦੀ ਹੈ ਤਾਂ ਉਹ ਪੁਰਾਣੇ ਜ਼ਖ਼ਮ ਤਾਜ਼ਾ ਕਰਨ ਦਾ ਕੰਮ ਕਰਦੀ ਹੈ। ਇਸ ਫ਼ਿਲਮ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ। ਇਹ ਸੁਲਝੀ ਹੋਈ ਫ਼ਿਲਮ ਹੈ। ਇਥੇ ਅਨੁਪਮ ਖੇਰ ਨੇ ਮੇਰੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ ਹੈ ਅਤੇ ਫ਼ਿਲਮ ਤੋਂ ਮੈਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਾਂ।

ਹੀਨਾ ਖਾਨ ਦੇ ਰੁਝੇਵੇਂ ਵਧੇ

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੇ 'ਕਸੌਟੀ ਜ਼ਿੰਦਗੀ ਕੀ' ਲੜੀਵਾਰਾਂ ਦੀ ਬਦੌਲਤ ਨਾਂਅ ਕਮਾਉਣ ਵਾਲੀ ਹੀਨਾ ਖਾਨ ਨੇ ਹੁਣ ਖ਼ੁਦ ਨੂੰ ਲੜੀਵਾਰਾਂ ਤੱਕ ਸੀਮਤ ਨਹੀਂ ਰੱਖਿਆ ਹੈ। ਉਹ ਕੁਝ ਪੰਜਾਬੀ ਵੀਡੀਓ ਵਿਚ ਥਿਰਕ ਚੁੱਕੀ ਹੈ ਤੇ 'ਬਿੱਗ ਬੌਸ' ਤੇ 'ਖ਼ਤਰੋਂ ਕੇ ਖਿਲਾੜੀ' ਸ਼ੋਅ ਵਿਚ ਵੀ ਬਤੌਰ ਪ੍ਰਤੀਯੋਗੀ ਹਿੱਸਾ ਲੈ ਚੁੱਕੀ ਹੈ। ਹੁਣ ਹੀਨਾ ਦੀਆਂ ਨਜ਼ਰਾਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਲ ਹਨ ਅਤੇ ਕਹਿਣਾ ਨਹੀਂ ਹੋਵੇਗਾ ਕਿ ਹੀਨਾ ਇਥੇ ਵੀ ਸਫ਼ਲਤਾ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ।
ਹੀਨਾ ਦੀ ਝੋਲੀ ਵਿਚ ਜਿਥੇ 'ਲਾਈਨਸ', 'ਸੋਲਮੇਟ', 'ਵਿਸ਼ ਲਿਸਟ', 'ਹੈਕਡ', 'ਦ ਕੰਟ੍ਰੀ ਆਫ਼ ਬਲਾਇੰਡ' ਆਦਿ ਫ਼ਿਲਮਾਂ ਹਨ ਉਥੇ ਵੈੱਬ ਸੀਰੀਜ਼ 'ਡੈਮੇਜ਼ਡ-2' ਵਿਚ ਵੀ ਉਸ ਨੂੰ ਲਿਆ ਗਿਆ ਹੈ। ਇਸ ਲੜੀ ਵਿਚ ਹੀਨਾ ਦੀ ਮੁੱਖ ਭੂਮਿਕਾ ਹੈ ਅਤੇ ਅੱਜ ਵੈੱਬ ਸੀਰੀਜ਼ ਦਾ ਰੁਝਾਨ ਦੇਖ ਕੇ ਹੀਨਾ ਨੂੰ ਲਗਦਾ ਹੈ ਕਿ ਇਹ ਵੈੱਬ ਸੀਰੀਜ਼ ਉਸ ਦੇ ਕੈਰੀਅਰ ਵਿਚ ਹੋਰ ਨਿਖਾਰ ਲਿਆਏਗੀ।
ਦਰਸ਼ਕਾਂ ਨੂੰ ਬੰਨ੍ਹੀ ਰੱਖਣ ਦੇ ਸਾਰੇ ਮਸਾਲੇ ਇਸ ਵੈੱਬ ਸੀਰੀਜ਼ ਵਿਚ ਹਨ। ਇਸ ਵਿਚ ਕ੍ਰਾਈਮ ਦਾ ਕੋਣ ਹੈ ਤੇ ਸੁਪਰ ਨੈਚੁਰਲ ਤੱਤਾਂ ਨੂੰ ਵੀ ਕਹਾਣੀ ਵਿਚ ਪਿਰੋਇਆ ਗਿਆ ਹੈ। ਹੀਨਾ ਅਨੁਸਾਰ ਲੜੀਵਾਰਾਂ ਦੇ ਮੁਕਾਬਲੇ ਇਸ ਵੈੱਬ ਸੀਰੀਜ਼ ਵਿਚ ਕੰਮ ਕਰਨਾ ਜ਼ਿਆਦਾ ਚੁਣੌਤੀਪੂਰਨ ਹੈ, ਕਿਉਂਕਿ ਇਥੇ ਰਟਿਆ-ਰਟਾਇਆ ਅਭਿਨੈ ਨਹੀਂ ਕਰਨਾ ਪੈਂਦਾ।

ਅੱਜ ਨੂੰ ਬਰਸੀ 'ਤੇ ਵਿਸ਼ੇਸ਼

ਪੰਜਾਬੀ ਸਿਨੇਮੇ ਦੀ ਜਿੰਦ ਜਾਨ ਸੀ ਵਰਿੰਦਰ

ਅੱਸੀ ਨੱਬੇ ਦੇ ਦਹਾਕੇ 'ਚ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦਾ ਚਰਚਿਤ ਲੇਖਕ, ਨਿਰਦੇਸ਼ਕ ਤੇ ਅਦਾਕਾਰ ਵਰਿੰਦਰ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਦੇ ਦਿਲਾਂ ਵਿਚ ਅੱਜ ਵੀ ਵਸਿਆ ਹੋਇਆ ਹੈ। ਅੱਜ ਤੋਂ ਤੀਹ ਸਾਲ ਪਹਿਲਾਂ ਪੰਜਾਬ ਦੇ ਮਾੜੇ ਹਾਲਾਤ ਦੀ ਭੇਟ ਚੜ੍ਹਿਆ 'ਵਰਿੰਦਰ' ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਤਨੋ ਮਨੋਂ ਸਮੱਰਪਤ ਅਦਾਕਾਰ ਸੀ ਜਿਸ ਨੇ ਦਰਸ਼ਕਾਂ ਦੀ ਨਬਜ਼ ਟੋਂਹਦਿਆਂ ਪੰਜਾਬ ਦੀ ਧਰਾਤਲ ਨਾਲ ਜੁੜੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਸਮਿਆਂ 'ਚ ਹਰੇਕ ਹਫ਼ਤੇ ਫ਼ਿਲਮ ਨਹੀਂ ਸੀ ਬਣਦੀ ਬਲਕਿ ਸਾਲ ਵਿਚ ਮਸਾਂ ਤਿੰਨ-ਚਾਰ ਫ਼ਿਲਮਾਂ ਹੀ ਰਿਲੀਜ਼ ਹੋਇਆ ਕਰਦੀਆਂ ਸਨ ਤੇ ਦਰਸ਼ਕ ਕਈ ਕਈ ਮਹੀਨੇ ਵਰਿੰਦਰ ਦੀਆਂ ਫ਼ਿਲਮਾਂ ਦੀ ਉਡੀਕ ਕਰਿਆ ਕਰਦੇ ਸਨ। 'ਸਰਪੰਚ', ਬਲਬੀਰੋ ਭਾਬੀ, ਦਾਜ, ਨਿੰਮੋ, ਜਿਗਰੀ ਯਾਰ, ਸਰਦਾਰਾ ਕਰਤਾਰਾ, ਯਾਰੀ ਜੱਟ ਦੀ, ਜੱਟ ਸੂਰਮੇ, ਵਰੰਿਦਰ ਦੀਆਂ ਸੁਪਰ ਹਿੱਟ ਫ਼ਿਲਮਾਂ ਸਨ।
ਵਰੰਿਦਰ ਨੇ ਆਪਣੀਆਂ ਫ਼ਿਲਮਾਂ 'ਚ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਬਾਰੇ ਵੀ ਦਰਸ਼ਕਾਂ ਨੂੰ ਸੁਚੇਤ ਕੀਤਾ। ਫ਼ਿਲਮ 'ਸਰਪੰਚ' ਰਾਹੀਂ ਉਸ ਨੇ ਨਸ਼ਿਆਂ ਨਾਲ ਉਜੜਦੇ ਘਰਾਂ ਦੀ ਦਾਸਤਾਨ ਬਿਆਨ ਕਰਦਿਆਂ ਇਹ ਵਿਖਾਇਆ ਸੀ ਕਿ ਕਿਵੇਂ ਨਸ਼ੇ ਦੇ ਸੌਦਾਗਰ ਆਪਣੀਆਂ ਜੇਬਾਂ ਭਰਨ ਲਈ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਦੇ ਰਾਹ ਪੈਂਦੇ ਹਨ। ਇਸੇ ਤਰ੍ਹਾਂ ਫ਼ਿਲਮ 'ਨਿੰਮੋ' ਰਾਹੀਂ ਇਕ ਬੇਸਹਾਰਾ ਗਾਉਣ ਵਾਲੀ ਦੇ ਵਿਅਕਤੀਤਵ ਤੇ ਲੋਕਾਂ ਵਿਚਲੀ ਸ਼ੋਹਰਤ ਨੂੰ ਵੱਖ ਵੱਖ ਪਹਿਲੂਆਂ ਤੋਂ ਪੇਸ਼ ਕੀਤਾ ਸੀ। 'ਬਲਬੀਰੋ ਭਾਬੀ' ਫ਼ਿਲਮ ਰਾਹੀਂ ਉਸ ਨੇ ਪੰਜਾਬੀ ਕਿੱਸਿਆਂ ਦੇ ਮਹਾਂ ਨਾਇਕ 'ਸੁੱਚਾ ਸੂਰਮਾ' ਨੂੰ ਫ਼ਿਲਮੀ ਪਰਦੇ 'ਤੇ ਉਤਾਰਿਆ ਸੀ। ਫ਼ਿਲਮ 'ਯਾਰੀ ਜੱਟ ਦੀ ' ਰਾਹੀਂ ਇਕ ਐਸੀ ਖ਼ੂਬਸੁਰਤ ਮੁਟਿਆਰ ਦੀ ਕਹਾਣੀ ਨੂੰ ਮੂਲ ਬਣਾਇਆ ਜਿਸ ਦੀ ਮਤਰੇਈ ਮਾਂ ਡਾਲਰਾਂ ਦੇ ਲਾਲਚ ਵਿਚ ਆ ਕੇ ਉਸ ਦਾ ਵਿਆਹ ਕੈਨੇਡਾ ਦੇ ਇਕ ਬੁੱਢੇ ਨਾਲ ਕਰ ਕੇ ਉਸ ਦੇ ਪਿਆਰ ਤੋਂ ਦੂਰ ਭੇਜ ਦਿੰਦੀ ਹੈ। ਵਰਿੰਦਰ ਦਾ ਜਨਮ 15 ਅਗਸਤ 1948 ਨੂੰ ਪੰਜਾਬ ਦੇ ਫਗਵਾੜਾ ਸ਼ਹਿਰ 'ਚ ਹੋਇਆ ਸੀ।
ਵਰਿੰਦਰ ਨੂੰ ਬਚਪਨ ਤੋਂ ਹੀ ਫ਼ਿਲਮਾਂ ਵੇਖਣ ਦਾ ਸ਼ੌਂਕ ਸੀ ਜੋ ਉਸ ਨੂੰ ਫ਼ਿਲਮਾਂ ਵੱਲ ਲੈ ਤੁਰਿਆ। ਵਰਿੰਦਰ ਦੀ ਪਹਿਲੀ ਫ਼ਿਲਮ 'ਤੇਰੀ ਮੇਰੀ ਇਕ ਜ਼ਿੰਦੜੀ' ਸੀ ਜਿਸ ਵਿਚ ਉਸ ਨੇ ਪਹਿਲੀ ਵਾਰ ਬਤੌਰ ਨਾਇਕ ਕੈਮਰੇ ਦਾ ਸਾਹਮਣਾ ਕੀਤਾ ਸੀ। ਇਸ ਫ਼ਿਲਮ ਤੋਂ ਉਸ ਨੇ ਬਹੁਤ ਕੁਝ ਸਿੱਖਿਆ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਪੰਜਾਬੀ ਫ਼ਿਲਮਾਂ ਨੂੰ ਸਮਰਪਤ ਹੋ ਗਿਆ। ਅਦਾਕਾਰੀ ਦੇ ਨਾਲ-ਨਾਲ ਉਸ ਨੇ ਫ਼ਿਲਮ ਨਿਰਦੇਸ਼ਨ 'ਚ ਵੀ ਚੰਗਾ ਗਿਆਨ ਹਾਸਲ ਕੀਤਾ। ਵਰਿੰਦਰ ਨੇ ਆਪਣੇ 12 ਸਾਲ ਦੇ ਫ਼ਿਲਮੀ ਕੈਰੀਅਰ ਦੌਰਾਨ ਬਤੌਰ ਲੇਖਕ, ਨਿਰਮਾਤਾ-ਨਿਰਦੇਸ਼ਕ ਅਤੇ ਨਾਇਕ ਲਗਪਗ 25 ਫ਼ਿਲਮਾਂ ਪੰਜਾਬੀ ਦਰਸ਼ਕਾਂ ਨੁੰ ਦਿੱਤੀਆਂ। 'ਲੰਬੜਦਾਰਨੀ', 'ਲਾਜੋ', 'ਵੈਰੀ ਜੱਟ', 'ਸੈਦਾਂ ਜੋਗਣ', 'ਬਟਵਾਰਾ', 'ਬਲਬੀਰੋ ਭਾਬੀ', 'ਰਾਣੋ', 'ਸਰਪੰਚ', 'ਸੰਤੋ-ਬੰਤੋ, 'ਤੇਰੀ ਮੇਰੀ ਇਕ ਜ਼ਿੰਦੜੀ', 'ਸਰਦਾਰਾ ਕਰਤਾਰਾ', 'ਜਿਗਰੀ ਯਾਰ', 'ਜੱਟ ਸੂਰਮੇ', 'ਗਿੱਧਾ', 'ਟਾਕਰਾ', 'ਧਰਮਜੀਤ', 'ਯਾਰੀ ਜੱਟ ਦੀ', 'ਜੱਟ ਤੇ ਜ਼ਮੀਨ', 'ਨਿੰਮੋ' ਅਦਿ ਉਸ ਦੀਆਂ ਚਰਚਿਤ ਫ਼ਿਲਮਾਂ ਹਨ। ਉਸ ਨੇ ਦੋ ਹਿੰਦੀ ਫ਼ਿਲਮਾਂ 'ਖੇਲ ਮੁਕੱਦਰ ਕਾ' ਅਤੇ 'ਦੋ ਚਿਹਰੇ' 'ਚ ਵੀ ਕੰਮ ਕੀਤਾ ਸੀ। ਉਂਝ ਤਾਂ ਵਰਿੰਦਰ ਨਾਲ ਕਈ ਹੀਰੋਇਨਾਂ ਨੇ ਕੰਮ ਕੀਤਾ ਪਰ ਬਿੱਲ਼ੀਆਂ ਅੱਖਾਂ ਵਾਲੀ ਕਸ਼ਮੀਰਨ ਪ੍ਰੀਤੀ ਸਪਰੂ ਨਾਲ ਵਰਿੰਦਰ ਦੀ ਜੋੜੀ ਵਧੇਰੇ ਪ੍ਰਵਾਨ ਚੜ੍ਹੀ।
6 ਦਸੰਬਰ 1988 ਨੂੰ ਪੰਜਾਬੀ ਫ਼ਿਲਮ 'ਜੱਟ ਤੇ ਜ਼ਮੀਨ' ਦੀ ਸ਼ੂਟਿੰਗ ਸਮੇਂ ਪਿੰਡ ਤਲਵੰਡੀ ਵਿਖੇ ਕੁਝ ਅਣਪਛਾਤੇ ਹਥਿਆਰਬੰਦਾਂ ਵਲੋਂ ਗੋਲੀਆਂ ਚਲਾ ਕੇ ਪੰਜਾਬੀ ਸਿਨੇਮੇ ਦਾ ਇਹ ਮਹਾਨ ਕਲਾਕਾਰ ਸਦਾ ਲਈ ਖੋਹ ਲਿਆ ਗਿਆ।


-ਸੁਰਜੀਤ ਜੱਸਲ

ਅਨਿਲ ਕੁਲਚੈਨੀਆ ਬਣਾਉਣਗੇ ਜੈਨ ਮੁਨੀ 'ਤੇ ਫ਼ਿਲਮ

ਨਾਮੀ ਜੈਨ ਮੁਨੀ ਅਚਾਰੀਆ ਵਿਦਿਆ ਸਾਗਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਫ਼ਿਲਮ ਦੇ ਲੇਖਕ-ਨਿਰਦੇਸ਼ਕ ਹਨ ਅਨਿਲ ਕੁਲਚੈਨੀਆ। ਉਨ੍ਹਾਂ ਨੇ ਇਸ ਬਾਇਓਪਿਕ ਦਾ ਟਾਈਟਲ 'ਅੰਤਰਯਾਤਰੀ ਮਹਾਪੁਰਸ਼' ਰੱਖਿਆ ਹੈ ਅਤੇ ਇਸ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਦੀ ਚੋਣ ਜਾਰੀ ਹੈ। ਹਾਂ, ਇਨ੍ਹਾਂ ਦੇ ਪਿਤਾ ਦੀ ਭੂਮਿਕਾ ਵਿਚ ਗਜੇਂਦਰ ਚੌਹਾਨ, ਮਾਤਾ ਦੀ ਭੂਮਿਕਾ ਵਿਚ ਕਿਸ਼ੋਰੀ ਸ਼ਾਹਾਣੇ ਵਿੱਜ ਤੇ ਭੂਆ ਦੀ ਭੂਮਿਕਾ ਲਈ ਅਲਾਈਨਾ ਦੀ ਚੋਣ ਕੀਤੀ ਜਾ ਚੁੱਕੀ ਹੈ। ਮੁੰਬਈ ਦੇ ਕ੍ਰਿਸ਼ਣਾ ਸਟੂਡੀਓ ਵਿਚ ਇਕ ਗੀਤ ਦੀ ਰਿਕਾਰਡਿੰਗ ਦੇ ਨਾਲ ਫ਼ਿਲਮ ਨੂੰ ਲਾਂਚ ਕੀਤਾ ਗਿਆ। ਅਨੁਰਾਧਾ ਪੌਡਵਾਲ ਅਤੇ ਅਮਿਤ ਕੁਮਾਰ ਦੀ ਆਵਾਜ਼ ਵਿਚ ਇਹ ਗੀਤ ਗਾਇਆ ਗਿਆ ਜੋ ਕਿ ਸੁਧਾਕਰ ਸ਼ਰਮਾ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਸੰਗੀਤ ਨਾਲ ਸੰਵਾਰਿਆ ਹੈ ਸੰਤੀਸ਼ ਦੇਹਰਾ ਨੇ।
ਨਿਰਦੇਸ਼ਕ ਅਨਿਲ ਅਨੁਸਾਰ ਜਦੋਂ ਉਹ ਧਾਰਮਿਕ ਚੈਨਲ ਪਾਰਸ ਲਈ ਇਕ ਪ੍ਰੋਗਰਾਮ ਬਣਾ ਰਹੇ ਸਨ, ਉਦੋਂ ਉਨ੍ਹਾਂ ਨੂੰ ਇਸ ਫ਼ਿਲਮ ਦੇ ਨਿਰਦੇਸ਼ਨ ਦੀ ਪੇਸ਼ਕਸ਼ ਕੀਤੀ ਗਈ ਸੀ। ਉਹ ਖ਼ੁਦ ਜੈਨ ਨਹੀਂ ਹਨ ਪਰ ਉਨ੍ਹਾਂ ਨੇ ਅਚਾਰੀਆ ਜੀ 'ਤੇ ਲਿਖੀ ਗਈਆਂ ਕਿਤਾਬਾਂ ਪੜ੍ਹ ਕੇ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਉਹ ਨਿਰਦੇਸ਼ਨ ਦੀ ਕਮਾਨ ਸੰਭਾਲਣ ਨੂੰ ਤਿਆਰ ਹੋ ਗਏ। ਉਨ੍ਹਾਂ ਅਨੁਸਾਰ ਫ਼ਿਲਮ ਵਿਚ ਅਚਾਰੀਆ ਦੇ ਬਚਪਨ ਤੋਂ ਲੈ ਕੇ ਉਨ੍ਹਾਂ ਵਲੋਂ ਦੀਕਸ਼ਾ ਲੈਣ ਤੱਕ ਦੀ ਜ਼ਿੰਦਗੀ ਬਾਰੇ ਦਿਖਾਇਆ ਜਾਵੇਗਾ ਅਤੇ ਇਸ ਦੀ ਸ਼ੂਟਿੰਗ ਮਹਾਰਾਸ਼ਟਰ, ਗੁਜਰਾਤ ਤੇ ਰਾਜਸਥਾਨ ਵਿਚ ਕੀਤੀ ਜਾਵੇਗੀ। ਫ਼ਿਲਮ ਦਾ ਸਮਾਂ ਢਾਈ ਘੰਟੇ ਦਾ ਹੈ ਅਤੇ ਇਸ ਵਿਚ ਨੌਂ ਗੀਤ ਹੋਣਗੇ।
ਫ਼ਿਲਮ ਦੇ ਗੀਤਕਾਰ ਸੁਧਾਕਰ ਸ਼ਰਮਾ ਦੀ ਪਛਾਣ ਚੁਨਰੀ ਗੀਤਕਾਰ ਦੇ ਤੌਰ 'ਤੇ ਵੀ ਹੈ ਕਿਉਂਕਿ ਉਨ੍ਹਾਂ ਵਲੋਂ ਲਿਖਿਆ ਗਿਆ ਪਹਿਲਾ ਚੁਨਰੀ ਗੀਤ ਫ਼ਿਲਮ 'ਪਿਆਰ ਕੀਆ ਤੋ ਡਰਨਾ ਕਿਆ' ਲਈ 'ਓੜ ਲੀ ਚੁਨਰੀਆ...' ਸੀ ਅਤੇ ਇਹ ਹਿੱਟ ਹੋਣ ਤੋਂ ਬਾਅਦ ਢੇਰਾਂ ਚੁਨਰੀ ਗੀਤ ਲਿਖ ਦਿੱਤੇ। ਇਸ ਫ਼ਿਲਮ ਦੇ ਇਕ ਗੀਤ ਵਿਚ ਵੀ ਉਹ ਚੁਨਰੀ ਦਾ ਜ਼ਿਕਰ ਕਰਨ ਤੋਂ ਹਟੇ ਨਹੀਂ ਅਤੇ ਗੀਤ ਦੇ ਬੋਲ ਹਨ, 'ਰੰਗ ਦੀਨੀ ਰੰਗ ਦੇ ਜੋ ਚੁਨਰੀਆ...'
ਨਿਰਦੇਸ਼ਕ ਅਨੁਸਾਰ ਜਦੋਂ ਤੋਂ ਉਨ੍ਹਾਂ ਨੇ ਇਸ ਫ਼ਿਲਮ ਦਾ ਕੰਮ ਹੱਥ ਵਿਚ ਲਿਆ ਹੈ, ਉਦੋਂ ਤੋਂ ਸ਼ਰਾਬ, ਮਾਸ ਤਿਆਗ ਦਿੱਤਾ ਹੈ। ਗੀਤਕਾਰ ਸੁਧਾਕਰ ਸ਼ਰਮਾ ਨੇ ਵੀ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਲਈ ਹੈ।
ਉਮੀਦ ਹੈ ਕਿ ਉਨ੍ਹਾਂ ਦਾ ਇਹ ਤਿਆਗ ਇਸ ਫ਼ਿਲਮ ਨੂੰ ਚੰਗਾ ਬਣਾਉਣ ਵਿਚ ਕੰਮ ਆਵੇਗਾ।


-ਇੰਦਰਮੋਹਨ ਪੰਨੂੰ

ਸ਼ੇਰ ਵਾਂਗ ਗਰਜਵੀਂ ਆਵਾਜ਼ ਦਾ ਨਾਂਅ ਹੈ ਦੁਰਗਾ ਰੰਗੀਲਾ

ਆਵਾਜ਼ ਘਰ ਨਹੀਂ ਬਣਾਈ ਜਾਂਦੀ, ਇਹ ਪਿੰਡਾਂ ਦੀਆਂ ਹੱਟੀਆਂ ਜਾਂ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਮੁੱਲ ਵੀ ਨਹੀਂ ਵਿਕਦੀ। ਇਹ ਤਾਂ ਇਨਸਾਨ ਨੂੰ ਪ੍ਰਮਾਤਮਾ ਦੀ ਇਕ ਅਮੋਲਕ ਦੇਣ ਹੈ। ਇਹੀ ਆਵਾਜ਼ ਕਿਸੇ ਅੰਦਰ ਪਿਆਰ ਪੈਦਾ ਕਰਦੀ ਹੈ ਤੇ ਇਹੀ ਆਵਾਜ਼ ਸਰੋਤਿਆਂ ਨੂੰ ਕੀਲ ਕੇ ਬਿਠਾਉਂਦੀ ਹੈ।
ਜ਼ਿਲ੍ਹਾ ਰੋਪੜ ਦੇ ਇਤਿਹਾਸਕ ਸ਼ਹਿਰ ਚਮਕੌਰ ਸਾਹਿਬ ਦਾ ਵਸਨੀਕ ਗਾਇਕ ਦੁਰਗਾ ਰੰਗੀਲਾ ਪਿਛਲੇ ਕੋਈ ਢਾਈ ਦਹਾਕਿਆਂ ਤੋਂ ਪੰਜਾਬੀ ਗਾਇਕੀ ਵਿਚ ਛਾਇਆ ਹੋਇਆ ਹੈ। ਢਾਡੀ ਰਾਗ ਤੋਂ ਸ਼ੁਰੂਆਤ ਕਰਕੇ ਬਾਅਦ 'ਚ ਦੁਰਗਾ ਪੰਜਾਬੀ ਲੋਕ ਗਾਇਕੀ ਦਾ ਸਿਤਾਰਾ ਬਣਿਆ। 'ਮਾਰਦਾ ਏ ਲੋਹੜੇ ਕਹਿੰਦੇ ਨੂਰ ਤੇਰੇ ਨੈਣਾਂ ਦਾ' ਹਿੱਟ ਕੈਸੇਟ 'ਚੋਂ ਦਵਿੰਦਰ ਖੰਨੇਵਾਲਾ ਦਾ ਰਚਿਆ ਇਕ ਗੀਤ 'ਸੁਣਿਆ ਤੂੰ ਸਾਡੇ ਉਜੜਨ ਦੇ ਖ਼ੁਫ਼ੀਆ ਜਸ਼ਨ ਮਨਾਏ ਨੇ' ਬੇਹੱਦ ਚਰਚਿਤ ਹੋਇਆ ਸੀ। ਗੀਤ ਨਾਲ ਦੁਰਗੇ ਦੀ ਗਾਇਕੀ ਇਕ ਐਸਾ ਵਰੋਲਾ ਬਣੀ ਕਿ ਦੁਰਗਾ ਰਾਤੋ-ਰਾਤ ਮਾਊਂਟ ਐਵਰਸਟ ਦੀ ਚੋਟੀ ਜਿੰਨੀ ਉਚਾਈ 'ਤੇ ਜਾ ਚੜ੍ਹਿਆ ਤੇ ਦਿਨ ਚੜ੍ਹਦੇ ਨੂੰ ਹਰ ਸੰਗੀਤ ਪ੍ਰੇਮੀ ਦੀ ਦਹਿਲੀਜ਼ 'ਤੇ ਦੁਰਗੇ ਦੀ ਗਾਇਕੀ ਦੀਆਂ ਬਾਤਾਂ ਸ਼ੁਰੂ ਹੋਈਆਂ। ਉਸ ਉਪਰੰਤ ਦੁਰਗੇ ਦੀ ਗਾਇਕੀ ਦੀ ਐਸੀ ਪਕੜ ਬਣੀ ਕਿ ਹੁਣ ਤੱਕ ਵੀ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਕਿਉਂਕਿ ਦੁਰਗੇ ਕੋਲ ਕਲਾ ਹੈ ਤੇ ਗਲਾ ਹੈ।
ਜਿੰਨੀ ਵੱਡੀ ਦੁਨੀਆ 'ਤੇ ਧਰਤੀ ਹੈ, ਓਨੀ ਵੱਡੀ ਦੁਰਗੇ ਦੀ ਗਾਇਕੀ ਹੈ। ਦੁਰਗਾ ਸੰਗੀਤ ਦੀਆਂ ਬਾਰੀਕੀਆਂ ਦਾ ਮਾਹਿਰ ਹੈ ਤੇ ਜਿਸ ਪਿਚ 'ਤੇ ਦੁਰਗਾ ਗਾਉਂਦਾ ਹੈ, ਉਥੇ ਤੱਕ ਹਰ ਗਾਇਕ ਦਾ ਪਹੁੰਚਣਾ ਬਹੁਤ ਮੁਸ਼ਕਿਲ ਹੈ। ਜਿਵੇਂ ਦੁਰਗਾ ਦਾ ਇਕ ਹੋਰ ਗੀਤ ਬਹੁਤ ਹੀ ਮਕਬੂਲ ਹੋਇਆ ਸੀ 'ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਇੱਜ਼ਤ ਗੁਆਤੀ ਥਾਣਿਆਂ 'ਚ ਰੋਲਤਾ' ਨਾਲ ਦੁਰਗਾ ਆਪਣੀ ਗਾਇਕੀ ਦਾ ਕੱਦ ਹੋਰ ਉੱਚਾ ਕਰ ਗਿਆ ਸੀ। ਉਸ ਉਪਰੰਤ ਦੁਰਗੇ ਦੇ ਕੁਝ ਹੋਰ ਢੇਰ ਸਾਰੇ ਗੀਤ ਸਰੋਤਿਆਂ ਦੇ ਰੂਬਰੂ ਹੋਏ ਜਿਨ੍ਹਾਂ ਵਿਚੋਂ 'ਸਾਡੀ ਪਿੱਠ 'ਤੇ ਜਿੰਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ', 'ਨਾ ਜਾਇਓ ਪ੍ਰਦੇਸ ਉਥੇ ਨਹੀਂ ਮਾਂ ਲੱਭਣੀ', 'ਕਾਲੀ ਗਾਨੀ ਮਿੱਤਰਾਂ ਦੀ', 'ਦੂਹਰੀ ਤੀਹਰੀ ਹੋ ਕੇ ਜਦੋਂ ਪਾਵੇ ਬੋਲੀਆਂ', 'ਸ਼ਹਿਰ ਤੇਰੇ ਦੀਆਂ ਗਲੀਆਂ', 'ਗਾਗਰ ਪਿਆਰ ਵਾਲੀ ਨੱਕੋਨੱਕ ਭਰੀ', 'ਉਥੇ ਅਮਲਾਂ ਦੇ ਹੋਣੇ ਨੇ ਨਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ', 'ਯਾਰਾਂ ਨੂੰ ਰੱਬ ਬਣਾ ਕੇ ਮੁੱਲ ਮੰਗਦੀ ਮੱਥਾ ਟੇਕਣ ਦਾ' ਆਦਿ ਗੀਤ ਦੁਰਗੇ ਦੀ ਗਾਇਕੀ ਨੂੰ ਬਰਕਰਾਰ ਰੱਖਣ ਦੇ ਲਖਾਇਕ ਨੇ। ਮਿਲਵਰਤਣੀ ਵਿਚ ਦੁਰਗਾ ਅਜਨਬੀ ਬੰਦੇ ਨਾਲ ਵੀ ਤ੍ਰਿਸਕਾਰ ਕਰਨ ਵਾਲਾ ਇਨਸਾਨ ਨਹੀਂ। ਉਹ ਜਦੋਂ ਵੀ ਮੈਨੂੰ ਮਿਲਿਆ ਹੈ, ਉਹਦੀ ਮਿਲਣੀ 'ਚੋਂ ਮੈਨੂੰ ਮੁਹੱਬਤ ਦੀ ਖ਼ੁਸ਼ਬੋ ਹੀ ਪ੍ਰਾਪਤ ਹੋਈ ਹੈ ਤੇ ਉਹਦੇ ਬੋਲਾਂ 'ਚੋਂ ਲੋਹੜੇ ਦਾ ਨਿੱਘ ਮਿਲਿਆ ਹੈ। ਇਹੋ ਜਿਹੇ ਗਾਇਕ ਨੂੰ ਪ੍ਰਮਾਤਮਾ ਹਮੇਸ਼ਾ ਬੁਲੰਦੀਆਂ 'ਤੇ ਰੱਖੇ।


-ਗੁਰਚਰਨ ਪੱਲੀ ਝਿੱਕੀ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX