ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਹੋਰ ਖ਼ਬਰਾਂ..

ਫ਼ਿਲਮ ਅੰਕ

ਅਥੀਆ

ਸਹਾਰਾ ਬਾਦਸ਼ਾਹ ਦਾ

ਫ਼ਿਲਮ ਹੋਵੇ ਜਾਂ ਨਾ ਪਰ ਸਿਤਾਰੇ ਕਿੱਥੇ ਚੈਨ ਨਾਲ ਬਹਿੰਦੇ ਨੇ। ਜੇ ਹੋਵੇ ਅਥੀਆ ਸ਼ੈਟੀ ਤਾਂ ਇਕ ਸੈਕਿੰਡ ਵੀ ਵਿਹਲ ਉਸ ਕੋਲ ਨਹੀਂ ਹੈ। ਬਾਲੀਵੁੱਡ ਦੇ 'ਰੈਪ ਕਿੰਗ' ਬਾਦਸ਼ਾਹ ਦੀ ਕੁਝ ਜ਼ਿਆਦਾ ਹੀ ਪ੍ਰਸੰਸਕਾ ਉਹ ਬਣ ਗਈ ਹੈ। ਬਾਦਸ਼ਾਹ ਦਾ ਨਵਾਂ ਗਾਣਾ 'ਤੇਰੇ ਨਾਲ ਨੱਚਣਾ' ਤਾਂ ਹੈ ਹੀ ਅਥੀਆ ਅਤੇ ਬਾਦਸ਼ਾਹ ਨੂੰ ਲੈ ਕੇ ਬਣਿਆ। ਬਈ ਬਾਦਸ਼ਾਹ ਨੇ ਇਸ ਗਾਣੇ ਦੀ ਪੂਰੀ ਹਿੰਦੀ ਫੀਚਰ ਫ਼ਿਲਮ ਹੀ ਬਣਾ ਦਿੱਤੀ ਹੈ। ਧਰਮੇਸ਼, ਰਾਘਵ ਤੇ ਪੁਨੀਤ ਪਾਠਕ ਦੀ ਡਾਂਸਿੰਗ ਬੀਟ 'ਤੇ ਇਹ ਟੋਲੀ ਪਿੱਠਵਰਤੀ ਹਿੱਸੇ 'ਚ ਹੈ। 'ਨਵਾਬਜ਼ਾਦੇ' ਫ਼ਿਲਮ ਲਈ 'ਤੇਰੇ ਨਾਲ ਨੱਚਣਾ' ਗਾਣਾ ਲਿਆ ਗਿਆ ਹੈ। 'ਨਵਾਬਜ਼ਾਦੇ' ਬਾਦਸ਼ਾਹ ਨੇ 'ਨਵਾਬਜ਼ਾਦੀ' ਅਥੀਆ ਸ਼ੈਟੀ ਨੂੰ 'ਤੇਰੇ ਨਾਲ ਨੱਚਣਾ' ਨਾਲ 'ਹਾਈਰੇਟਿਡ ਗੱਭਰੂ' ਦੀ ਤਰ੍ਹਾਂ ਪ੍ਰਸਿੱਧ ਕਰਨ ਦੀ ਵਿਉਂਤਬੰਦੀ ਕੀਤੀ ਹੈ। ਔਰਤ ਸਾਖਰਤਾ ਲਈ ਅਥੀਆ ਨੇ ਪਿਤਾ ਸੁਨੀਲ ਸ਼ੈਟੀ ਨਾਲ ਮਿਲ ਕੇ ਇਕ ਵੀਡੀਓ ਵੀ ਬਣਾ ਲਈ ਹੈ। ਕੋਈ ਸ਼ੱਕ ਨਹੀਂ ਕਿ ਦੋ ਕੁ ਫ਼ਿਲਮਾਂ ਨਾਲ ਹੀ ਅਥੀਆ ਨੇ ਬੱਲੇ-ਬੱਲੇ ਕਰਵਾ ਲਈ ਹੈ। 'ਮੁਬਾਰਕਾਂ' ਨੇ ਅਥੀਆ ਨੂੰ ਪ੍ਰਸੰਨਤਾ ਦਿੱਤੀ ਹੈ। ਸਧਾਰਨ ਤੇ ਫੈਸ਼ਨ ਦੀ ਸਮਝ ਰੱਖਣ ਵਾਲੀ ਅਥੀਆ 'ਤੇਰੇ ਨਾਲ ਨੱਚਣਾ' ਨਾਲ ਫਿਰ ਦੁਨੀਆ ਨਚਾ ਰਹੀ ਹੈ। ਬਾਦਸ਼ਾਹ ਵੈਸੇ ਅਥੀਆ ਲਈ ਕਿਸਮਤ ਵਾਲਾ ਸ਼ਖ਼ਸ ਹੈ। 'ਤੇਰੇ ਨਾਲ ਨੱਚਣਾ' ਕੀ ਬਣਿਆ? ਕਿ ਅਥੀਆ ਨੂੰ ਅਭਿਨੈ ਬਾਦਸ਼ਾਹ ਨਵਾਜ਼ੂਦੀਨ ਸਿਦਿਕੀ ਨਾਲ 'ਮੋਤੀਚੂਰ ਚਕਨਾਚੂਰ' ਨਾਂਅ ਦੀ ਨਵੀਂ ਫ਼ਿਲਮ ਮਿਲੀ ਹੈ। ਅਗਲੇ ਮਹੀਨੇ ਇਹ ਫ਼ਿਲਮ ਸੈੱਟ 'ਤੇ ਜਾ ਰਹੀ ਹੈ। ਲਖਨਵੀ ਪਿੱਠਭੂਮੀ ਦੀ ਇਹ ਫ਼ਿਲਮ ਹੋਏਗੀ। ਰਾਜੇਸ਼ ਭਾਟੀਆ ਦੀ 'ਮੋਤੀਚੂਰ ਚਕਨਾਚੂਰ' ਨਾਲ 'ਤੇਰੇ ਨਾਲ ਨੱਚਣਾ' ਵਾਲੀ ਅਥੀਆ ਫਿਰ ਵੱਡੀਆਂ-ਵੱਡੀਆਂ ਹੀਰੋਇਨਾਂ ਨੂੰ ਵਖ਼ਤ ਪਾ ਦੇਵੇਗੀ। ਅਥੀਆ ਦੇ ਵੀਡੀਓ ਵਾਇਰਲ ਹੋ ਰਹੇ ਹਨ। ਬਚਪਨ ਦੀਆਂ ਯਾਦਾਂ ਤਾਜ਼ਾ ਕਰਨ ਲਈ ਉਹ ਆਪ ਇਹ ਕੰਮ ਕਰ ਰਹੀ ਹੈ। 'ਇਕ ਕੁੜੀ ਪੰਜਾਬਣ' ਗਾਣੇ 'ਤੇ ਨਿੱਕੀ ਹੁੰਦੀ ਅਥੀਆ ਦਾ ਨਾਚ ਤੇ ਇਹ ਵੀਡੀਓ ਵੀ ਉਸ ਨੇ ਵਿਚ ਪਾਇਆ ਹੈ। ਭੰਗੜੇ, ਗਿੱਧੇ ਨਾਲ ਅਥੀਆ ਦਾ ਪਿਆਰ, ਬਾਦਸ਼ਾਹ ਦੀ ਸੰਗਤ ਤੇ ਪਾਪਾ ਸੁਨੀਲ ਸ਼ੈਟੀ ਦੇ ਪੰਜਾਬੀ ਪ੍ਰੇਮ ਕਾਰਨ ਹੈ। 'ਹੀਰੋ' ਨੇ ਤਾਂ ਨਹੀਂ ਪਰ ਬਾਦਸ਼ਾਹ ਨੇ ਅਥੀਆ ਨੂੰ 'ਮੁਬਾਰਕਾਂ' ਪ੍ਰਾਪਤ ਕਰਨ ਵਾਲੀ ਨਾਇਕਾ ਬਣਾ ਹੀ ਦਿੱਤਾ ਹੈ।


-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਅਨੁਸ਼ਕਾ ਸ਼ਰਮਾ

'ਸੂਈ ਧਾਗਾ' ਲੈ, ਗਈ ਵਲੈਤ

ਇੰਗਲੈਂਡ ਵਿਖੇ ਅਨੁਸ਼ਕਾ ਸ਼ਰਮਾ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਹਿਨ ਕੇ ਮੱਥੇ ਬਿੰਦੀ ਲਾ ਕੇ ਇੰਗਲੈਂਡ ਦੇ ਦਰਸ਼ਕਾਂ ਤੇ ਪੂਰੀ ਭਾਰਤੀ ਕ੍ਰਿਕਟ ਟੀਮ ਦਾ ਦਿਲ ਲੁੱਟ ਲਿਆ। ਦਿਲ ਲੁੱਟਣ ਵਾਲੀ ਉਸ ਦੀ ਨਵੀਂ ਫ਼ਿਲਮ 'ਸੂਈ ਧਾਗਾ' ਵੀ ਤਿਆਰ ਹੈ। ਵਰੁਣ-ਅਨੂ ਦੀ ਜੋੜੀ 'ਸੂਈ ਧਾਗਾ' ਦੇ ਪ੍ਰਚਾਰ ਨਾਲ ਇੰਟਰਨੈੱਟ 'ਤੇ ਧੁੰਮਾਂ ਪਾ ਰਹੀ ਹੈ। ਬੀ.ਸੀ.ਸੀ.ਆਈ. ਨੇ ਵੀ ਪ੍ਰੋਟੋਕਾਲ ਮਾਮਲੇ 'ਤੇ ਅਨੁਸ਼ਕਾ ਦਾ ਸਾਥ ਦਿੱਤਾ ਹੈ। ਇੰਗਲੈਂਡ ਤੋਂ ਵਿਚਾਲੇ ਭਾਰਤ ਪਰਤ ਕੇ ਅਨੂ ਇਥੇ 10 ਸ਼ਹਿਰਾਂ 'ਚ ਫ਼ਿਲਮ ਦਾ ਪ੍ਰਚਾਰ ਕਰੇਗੀ। 28 ਸਤੰਬਰ ਨੂੰ ਅਨੂ ਦੀ 'ਸੂਈ ਧਾਗਾ' ਆ ਰਹੀ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀ ਅਨੂ ਦਾ ਸਾਥ ਪਾ ਕੇ ਬਹੁਤ ਖੁਸ਼ ਹਨ। ਅਨੂ ਉਨ੍ਹਾਂ ਨਾਲ ਟਰੇਨ 'ਤੇ ਸਫ਼ਰ ਕਰ ਰਹੀ ਹੈ। 'ਸੂਈ ਧਾਗਾ' ਦਾ ਨਵਾਂ ਲੋਗੋ ਵੀ ਕਮਾਲ ਹੈ। ਫ਼ਿਲਮ ਦੇ ਪੋਸਟਰ, ਟੀਜ਼ਰ, ਟਰੇਲਰ ਸਭ ਕੁਝ ਵੱਖਰਾ ਹੀ ਹੈ। ਇਹ ਕੰਪਿਊਟਰ ਨਾਲ ਨਹੀਂ, ਬਲਕਿ ਹੱਥ ਨਾਲ ਫੁਲਕਾਰੀ 'ਤੇ ਫੁੱਲ ਪਾਉਣ ਦੀ ਤਰ੍ਹਾਂ ਬਣਾਇਆ ਗਿਆ ਹੈ। ਅਨੂ ਨੇ ਇੰਗਲੈਂਡ 'ਚ ਦੱਸਿਆ ਕਿ 'ਸੂਈ ਧਾਗਾ' ਲਈ ਕਸ਼ਮੀਰ ਤੋਂ ਕਸੀਦਾ ਤੇ ਸੋਜਨੀ, ਪੰਜਾਬ ਦੀ ਫੁੱਲਕਾਰੀ, ਉੱਤਰ ਪ੍ਰਦੇਸ਼ ਦੀ ਫੁੱਲ ਪੱਟੀ, ਲਖਨਊ ਦੀ ਜਰਦੇਈ, ਰਾਜਸਥਾਨ ਦੀ ਆਰੀ, ਬੰਗਾਲ ਦੀ ਗੋਟਾਪੱਟੀ ਤੇ ਲੋਕ ਕਲਾ ਨਾਲ ਬਣਿਆ 'ਸੂਈ ਧਾਗਾ' ਦਾ ਲੋਗੋ। ਇਸ ਤਰ੍ਹਾਂ ਅਨੂ ਨੇ ਸ਼ੁੱਧ ਭਾਰਤੀ ਕੁੜੀ-ਨਾਰੀ ਹੋਣ ਦਾ ਸਬੂਤ ਦਿੱਤਾ ਹੈ। ਅਨੁਸ਼ਕਾ ਸ਼ਰਮਾ ਭਾਰਤੀ ਫ਼ਿਲਮਾਂ ਦੀ ਹਾਲੇ ਵੀ ਲੋਕਪ੍ਰਿਯਾ ਹੀਰੋਇਨ ਹੈ। ਚਾਹੇ 'ਪਰੀ' ਚੱਲੀ ਜਾਂ ਨਹੀਂ ਪਰ ਵਿਰਾਟ ਦੀ ਪਰੀ ਬਣ ਕੇ ਸਭ ਹੀਰੋਇਨਾਂ ਨੂੰ ਉਸ ਨੇ ਪਛਾੜ ਦਿੱਤਾ। ਸੰਸਾਰ ਦੇ ਪ੍ਰਸਿੱਧ ਕ੍ਰਿਕਟ ਕਪਤਾਨ ਦੀ ਵਹੁਟੀ ਅਨੁਸ਼ਕਾ ਸ਼ਰਮਾ ਤੇ ਅਨੂ ਹੁਣ ਜਿਥੇ ਪਤਨੀ ਬਣ ਪਤੀ ਦੇ ਦੁੱਖ-ਸੁੱਖ 'ਚ ਸ਼ਾਮਿਲ ਹੈ, ਉਥੇ 'ਸੂਈ ਧਾਗਾ' ਉਸ ਦੀ ਆ ਰਹੀ ਹੈ। 'ਸੂਈ ਧਾਗਾ' ਆ ਰਹੀ ਹੈ, ਇਸ ਨਾਲ ਅਨੂ ਫਿਰ ਚੋਟੀ 'ਤੇ ਹੋਵੇਗੀ ਪਰ ਅਨੁਸ਼ਕਾ ਫਿਰ ਫ਼ਿਲਮਾਂ ਕਰੇਗੀ ਜਾਂ ਨਹੀਂ, ਇਹ ਭਵਿੱਖ ਦੀ ਗੱਲ ਹੈ। ਫਿਲਹਾਲ ਅਨੁਸ਼ਕਾ ਦੇ ਪ੍ਰਸੰਸਕ 'ਸੂਈ ਧਾਗਾ' ਦੇਖਣ ਲਈ ਤਿਆਰ ਰਹਿਣ।

ਐਮੀ ਜੈਕਸਨ

ਚੰਗਾ ਵਕਤ!

ਇਹ ਵੀ ਸਬੱਬ ਹੈ ਕਿ ਕਾਮਯਾਬੀ ਦੇ ਕੋਲ ਪਹੁੰਚ ਕੇ ਐਮੀ ਜੈਕਸਨ ਦੇ ਕੈਰੀਅਰ ਨੂੰ ਗ੍ਰਹਿਣ ਜਿਹਾ ਲੱਗ ਜਾਂਦਾ ਹੈ। ਰਜਨੀਕਾਂਤ-ਅਕਸ਼ੈ ਕੁਮਾਰ ਨਾਲ '2.0' ਜਿਹੀ ਉਸ ਦੀ ਵੱਡੀ ਫ਼ਿਲਮ ਦੀ ਰਿਲੀਜ਼ ਮਿਤੀ ਫਿਰ ਦੂਰ ਜਾ ਰਹੀ ਹੈ। ਸ਼ੰਕਰ ਦੇ ਨਿਰਦੇਸ਼ਨ 'ਚ ਬਣੀ ਐਮੀ ਦੀ ਇਸ ਮਹੱਤਵਪੂਰਨ ਫ਼ਿਲਮ ਦੇ ਤਕਨੀਕੀ ਕੰਮ ਵੀ ਹਾਲੇ ਮੁਕੰਮਲ ਨਹੀਂ ਹੋ ਰਹੇ। 450 ਕਰੋੜ ਦੀ ਲਾਗਤ ਨਾਲ ਐਮੀ ਦੀ ਇਹ ਫ਼ਿਲਮ ਬਣ ਰਹੀ ਹੈ। ਐਮੀ ਇਸ ਦੁਨੀਆ 'ਚ ਅਕਸ਼ੈ ਕੁਮਾਰ ਨੂੰ ਆਪਣਾ 'ਗਾਡ ਫਾਦਰ', 'ਪ੍ਰੇਰਕ' ਮੰਨਦੀ ਹੈ। 'ਸਿੰਘ ਇਜ ਬਲਿੰਗ' ਸਮੇਂ ਹੀ ਅਕਸ਼ੈ ਨੇ ਕਿਹਾ ਸੀ ਕਿ ਐਮੀ ਲਈ ਉਹ ਪੂਰੀ ਵਾਹ ਲਾ ਦੇਵੇਗਾ। ਐਮੀ ਦੀ '2.0' ਲੇਟ ਹੋਈ ਤਾਂ ਉਸ ਨੇ ਕਾਫ਼ੀ ਖੁੱਲ੍ਹਮ-ਖੁੱਲ੍ਹੀਆਂ ਤਸਵੀਰਾਂ ਦਾ ਸੈਸ਼ਨ ਕਰਵਾ ਕੇ ਸੋਸ਼ਲ ਮੀਡੀਆ 'ਤੇ ਚਰਚਾ ਲਈ ਪਾ ਦਿੱਤਾ ਹੈ। ਹਾਂ, 2018 'ਚ ਇਹ ਗੱਲ ਯਕੀਨੀ ਹੈ ਕਿ ਐਮੀ ਦੀ '2.0' ਆ ਜਾਏਗੀ। ਐਮੀ ਦੀ ਇਹ ਫ਼ਿਲਮ ਉਸ ਲਈ ਨਵਾਂ ਜੀਵਨ ਹੀ ਸਾਬਤ ਹੋਵੇਗੀ। ਇਸ ਸਮੇਂ ਯੂ-ਟਿਊਬ 'ਤੇ ਅੰਕਿਤ ਦੇ ਵੀਡੀਓ 'ਮਹਿਬੂਬਾ' ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਇਸ 'ਚ 'ਮਹਿਬੂਬਾ' ਐਮੀ ਹੀ ਬਣੀ ਹੈ। 'ਕਿੱਕ-2' ਤੇ 'ਰੇਸ-4' ਲਈ ਐਮੀ ਦੇ ਨਾਂਅ ਦੀ ਖ਼ਬਰ ਕਈ ਥਾਂ 'ਤੇ ਛਪ ਗਈ ਹੈ ਤੇ ਵਾਇਰਲ ਹੋ ਰਹੀ ਹੈ। ਇਸ ਸਭ ਨਾਲ ਐਮੀ ਫਿਰ ਚਰਚਾ 'ਚ ਆ ਗਈ ਹੈ। ਕਈਆਂ ਦਾ ਧਿਆਨ ਉਸ ਵੱਲ ਹੋ ਗਿਆ ਹੈ। ਸਾਹਿਤ ਨਾਲ ਵੀ ਐਮੀ ਨੂੰ ਕਾਫੀ ਪਿਆਰ ਹੈ। ਐਮੀ ਹਿੰਦੀ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਵੀ ਕਰ ਰਹੀ ਹੈ।

ਰਣਦੀਪ ਹੁੱਡਾ : ਬਚ ਕੇ ਰਹਿਨਾ ਰੇ ਬਾਬਾ...

40 ਤੋਂ ਉੱਪਰ ਤੇ 50 ਦੀ ਵਿਚਕਾਰਲੀ ਉਮਰ ਤੇ ਇਸ ਉਮਰ 'ਚ ਕੈਰੀਅਰ ਸੰਭਾਲ ਲਿਆ ਤਾਂ ਦੋ ਪੀੜ੍ਹੀਆਂ ਦੀਆਂ ਰੋਟੀਆਂ ਹੋ ਗਈਆਂ, ਇਹ ਗੱਲ ਆਪਣੇ 41ਵੇਂ ਜਨਮ ਦਿਨ 'ਤੇ ਰਣਦੀਪ ਹੁੱਡਾ ਨੇ ਕਹੀ। ਡਾ: ਰਣਬੀਰ ਹੁੱਡਾ ਦੇ ਸ਼ਹਿਜ਼ਾਦੇ ਰਣਦੀਪ ਨੇ ਅਭਿਨੇਤਾ ਬਣਨ ਤੋਂ ਪਹਿਲਾਂ ਆਸਟਰੇਲੀਆ ਜਾ ਕੇ ਭਾਂਡੇ ਵੀ ਮਾਂਜੇ, ਵੇਟਰ ਦਾ ਕੰਮ ਵੀ ਕੀਤਾ ਸੀ। ਹੋਰ ਤਾਂ ਹੋਰ, ਉਹ ਕਾਰਾਂ ਵੀ ਉਥੇ ਧੋਂਦਾ ਰਿਹਾ ਸੀ। ਅਭਿਨੈ 'ਚ ਉਸ ਦੀ ਪ੍ਰੇਰਨਾ ਉਸ ਦੀ ਦੀਦੀ ਹੈ, ਜੋ ਸਕੂਲ, ਕਾਲਜ 'ਚ ਡਰਾਮੇ ਖੇਡਦੀ ਸੀ। 'ਵਨਸ ਅਪਾਨ ਏ ਟਾਈਮ ਇਨ ਮੁੰਬਈ' ਨੇ ਉਸ ਨੂੰ ਪਛਾਣ ਦਿੱਤੀ ਤੇ ਫਿਰ ਤਾਂ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਉਸ ਦੀ ਦੀਵਾਨਗੀ 'ਚ ਪਾਗਲ ਤੱਕ ਹੋ ਗਈ ਸੀ। ਵੈਸੇ ਰਣਦੀਪ ਦਾ ਦਿਲ ਨੀਤੂ ਚੰਦਰਾ ਲਈ ਜ਼ਰੂਰ ਧੜਕਿਆ ਸੀ ਪਰ ਗੱਲ ਦਿਲਾਂ ਤੱਕ ਹੀ ਸੀਮਤ ਰਹਿ ਗਈ ਸੀ। 'ਸਰਬਜੀਤ' ਤੱਕ ਕਈ ਚੰਗੀਆਂ ਤੇ ਕਈ ਬੇਕਾਰ ਫ਼ਿਲਮਾਂ ਦੇ ਬਾਵਜੂਦ ਆਪਣੇ ਜਿਸਮ ਦੇ ਆਕਰਸ਼ਣ ਸਦਕਾ ਰਣਦੀਪ ਇਥੇ ਟਿਕਿਆ ਰਿਹਾ ਹੈ। ਮੁੰਬਈ ਦੇ 'ਵਰਸੋਵਾ ਬੀਚ' 'ਤੇ ਖੁਦ ਕੂੜਾ-ਕਰਕਟ ਸਾਂਭ ਕੇ ਸਾਫ਼ ਕਰਕੇ 'ਸਾਫ ਭਾਰਤ' ਦੀ ਗੱਲ ਕਰਨ ਵਾਲੇ ਰਣਦੀਪ ਹੁੱਡਾ ਨੂੰ ਰੋਹਤਕ ਨਾਲ ਅੱਜ ਵੀ ਪਹਿਲਾਂ ਜਿੰਨਾ ਪਿਆਰ ਹੈ। ਰੋਹਤਕ ਦੀ ਲੱਸੀ ਤੇ ਚਾਹ ਉਹ ਜਦ ਵੀ ਆਵੇ, ਪੀਣੀ ਨਹੀਂ ਭੁੱਲਦਾ। 'ਸੁਲਤਾਨ' ਦਾ 'ਫ਼ਤਹਿ ਸਿੰਘ', 'ਦੋ ਲਫ਼ਜ਼ੋਂ ਕੀ ਕਹਾਨੀ', 'ਬਾਗੀ-2' ਲਈ ਵੀ ਲੋਕਾਂ ਦੇ ਦਿਲਾਂ 'ਚ ਵਸਿਆ ਹੈ। 'ਬੈਟਲ ਆਫ ਸਾਰਾਗੜ੍ਹੀ' ਦੇ 'ਈਸ਼ਰ ਸਿੰਘ ਹਵਾਲਦਾਰ' ਵਾਲੇ ਚਰਿੱਤਰ ਸਬੰਧੀ ਦੋ ਸ਼ਬਦਾਂ 'ਚ ਉਹ ਕਹਿੰਦਾ ਹੈ ਕਿ ਸਾਰੇ ਫ਼ਿਲਮੀ ਕੈਰੀਅਰ ਦੀ ਯਾਦਗਾਰੀ ਹੈ ਇਹ ਫ਼ਿਲਮ ਤੇ ਭੂਮਿਕਾ। ਰਣਦੀਪ ਦੀ ਇਕ ਸਲਾਹ ਹੈ ਲੋਕਾਂ ਨੂੰ ਕਿ ਸੋਸ਼ਲ ਮੀਡੀਆ 'ਖਤਰਨਾਕ ਸ਼ੈਅ' ਹੈ ਤੇ ਇਸ ਤੋਂ ਪ੍ਰਹੇਜ਼ ਜਿੰਨਾ ਵੀ ਹੋਵੇ, ਉਸ ਅਨੁਸਾਰ ਚੰਗਾ ਹੈ। ਲੋਕਾਂ 'ਚ ਲੜਾਈ-ਦੰਗੇ ਦਾ ਕਾਰਨ ਜ਼ਿਆਦਾਤਰ ਉਸ ਅਨੁਸਾਰ ਸੋਸ਼ਲ ਮੀਡੀਆ ਹੈ। ਸ਼ਾਇਦ ਇਸ 15 ਅਗਸਤ 'ਤੇ ਰਣਦੀਪ ਨੇ ਫਿਰ ਆਪਣੀ ਇੰਸਟਾਗ੍ਰਾਮ ਪੋਸਟ ਪ੍ਰਮੁੱਖਤਾ ਨਾਲ ਉਠਾਈ ਕਿ ਸੋਸ਼ਲ ਮੀਡੀਆ 'ਤੇ ਖ਼ਬਰਾਂ ਤੇ ਧਾਰਮਿਕ ਵਿਚਾਰ-ਵਟਾਂਦਰੇ ਤੋਂ ਦੂਰ ਰਹੋ। ਇਕ-ਦੂਜੇ ਨਾਲ ਖੁਦ ਮਿਲੋ। ਫਿਰ ਦੇਖੋਗੇ ਇਸ ਦੇਸ਼ ਜਿੰਨਾ ਪਿਆਰਾ ਦੇਸ਼ ਹੋਰ ਹੈ ਹੀ ਨਹੀਂ।

ਸ੍ਰੀਦੇਵੀ ਦੀ ਭੂਮਿਕਾ ਨਿਭਾਏਗੀ

ਰਕੁਲ ਪ੍ਰੀਤ ਸਿੰਘ

ਨਿਰਮਾਤਾ ਵਿਸ਼ਣੂ ਇੰਦੁਰੀ ਹੁਣ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਫ਼ਿਲਮਾਂ ਦੇ ਸੁਪਰ ਸਟਾਰ ਸਵ: ਐਨ. ਟੀ. ਰਾਮਾਰਾਓ ਦੀ ਜ਼ਿੰਦਗੀ 'ਤੇ ਫ਼ਿਲਮ ਬਣਾ ਰਹੇ ਹਨ। ਇਸ ਵਿਚ ਰਾਣਾ ਡੁੱਗੂਬਾਤੀ ਵਲੋਂ ਰਾਮਾਰਾਓ ਦੀ ਭੂਮਿਕਾ ਨਿਭਾਈ ਜਾਵੇਗੀ ਤੇ ਵਿਦਿਆ ਬਾਲਨ ਨੂੰ ਰਾਮਾਰਾਓ ਦੀ ਪਤਨੀ ਬਾਸਵਾਤਾਰਕਮ ਦੀ ਭੂਮਿਕਾ ਲਈ ਇਕਰਾਰਬੱਧ ਕਰ ਲਿਆ ਗਿਆ ਹੈ। ਬਤੌਰ ਅਭਿਨੇਤਾ ਰਾਮਾਰਾਓ ਨੇ ਸ੍ਰੀਦੇਵੀ ਦੇ ਨਾਲ 14 ਫ਼ਿਲਮਾਂ ਕੀਤੀਆਂ ਸਨ ਅਤੇ ਸ੍ਰੀਦੇਵੀ ਦੇ ਕਰੀਅਰ ਨੂੰ ਉਭਾਰਨ ਵਿਚ ਉਨ੍ਹਾਂ ਦਾ ਵੱਡਾ ਹੱਥ ਰਿਹਾ ਸੀ। ਹੁਣ ਇਸ ਬਾਇਓਪਿਕ ਵਿਚ ਸ੍ਰੀਦੇਵੀ ਦੀ ਭੂਮਿਕਾ ਲਈ ਰਕੁਲ ਪ੍ਰੀਤ ਸਿੰਘ ਨੂੰ ਫਾਈਨਲ ਕਰ ਲਿਆ ਗਿਆ ਹੈ। ਹਾਲਾਂਕਿ ਇਸ ਫ਼ਿਲਮ ਵਿਚ ਰਕੁਲ ਦੀ ਭੂਮਿਕਾ ਜ਼ਿਆਦਾ ਵੱਡੀ ਨਹੀਂ ਹੈ ਪਰ ਫਿਰ ਵੀ ਸ੍ਰੀਦੇਵੀ ਦੀ ਭੂਮਿਕਾ ਨਿਭਾਉਣ ਦਾ ਮੌਕਾ ਪਾ ਕੇ ਉਹ ਖ਼ੁਦ ਨੂੰ ਖੁਸ਼ਨਸੀਬ ਮੰਨ ਰਹੀ ਹੈ। 'ਯਾਰੀਆਂ' ਦੀ ਬਦੌਲਤ ਹਿੰਦੀ ਦਰਸ਼ਕਾਂ ਵਿਚ ਆਪਣੀ ਪਛਾਣ ਬਣਾਉਣ ਵਾਲੀ ਰਕੁਲ ਤੇਲਗੂ ਫ਼ਿਲਮਾਂ ਦੀ ਵੱਡੀ ਸਟਾਰ ਹੈ। ਇਸ ਵਜ੍ਹਾ ਨਾਲ ਵੀ ਉਸ ਨੂੰ ਫ਼ਿਲਮ ਵਿਚ ਕਾਸਟ ਕੀਤਾ ਗਿਆ ਹੈ ਤਾਂ ਕਿ ਫ਼ਿਲਮ ਦੀ ਸਟਾਰ ਵੈਲਿਊ ਵਧ ਜਾਵੇ।


-ਇੰਦਰਮੋਹਨ ਪੰਨੂੰ

ਦੀਪਸ਼ਿਖਾ

ਹੁਣ ਗਾਇਕਾ ਬਣੀ

ਅਭਿਨੇਤਰੀ ਦੀਪਸ਼ਿਖਾ ਦੀ ਭੈਣ ਆਰਤੀ ਅਕਸਰ ਫੇਸਬੁੱਕ 'ਤੇ ਗੀਤ ਗੁਣ-ਗੁਣਾਉਣ ਵਾਲੇ ਪੋਸਟਰ ਅਪਲੋਡ ਕਰਦੀ ਰਹਿੰਦੀ ਹੈ। ਹੁਣ ਇਹ ਸ਼ਾਇਦ ਭੈਣ ਦੀ ਸੰਗਤ ਦਾ ਅਸਰ ਹੀ ਕਿਹਾ ਜਾਵੇਗਾ ਕਿ ਹੁਣ ਦੀਪਸ਼ਿਖਾ ਨੇ ਵੀ ਗਾਇਕੀ ਵਿਚ ਹੱਥ ਅਜ਼ਮਾਇਆ ਹੈ। ਉਹ ਆਪਣੀ ਆਵਾਜ਼ ਨਾਲ ਸਜਿਆ ਗੀਤ 'ਕਿਆ ਹੁਆ ਤੇਰਾ ਵਾਅਦਾ...' ਲੈ ਕੇ ਪੇਸ਼ ਹੋ ਰਹੀ ਹੈ। ਇਸ ਗੀਤ ਦੇ ਉਦਘਾਟਨ ਦੇ ਸਿਲਸਿਲੇ ਵਿਚ ਦਿੱਤੀ ਗਈ ਪਾਰਟੀ ਵਿਚ ਭੈਣ ਆਰਤੀ, ਅਨੂਪ ਜਲੋਟਾ, ਗੀਤਕਾਰ ਸਮੀਰ, ਸ਼ੀਬਾ, ਮੁਕੁਲ ਦੇਵ, ਅਵੀਨਾਸ਼ ਵਾਧਵਾਨ, ਦੀਪਸ਼ਿਖਾ ਦੇ ਪਤੀ ਕੇਸ਼ਵ ਆਦਿ ਮੌਜੂਦ ਸਨ।
ਗਾਇਕਾ ਬਣਨ ਬਾਰੇ ਦੀਪਸ਼ਿਖਾ ਕਹਿੰਦੀ ਹੈ, 'ਮੇਰੀ ਮਾਂ ਕਾਫੀ ਚੰਗੀ ਗਾਇਕਾ ਸੀ ਅਤੇ ਉਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਦੋਵੇਂ ਭੈਣਾਂ ਵੀ ਗਾਇਕੀ ਦੇ ਰੰਗ ਵਿਚ ਰੰਗੀਆਂ ਗਈਆਂ। ਮੈਂ ਗਾਇਕਾ ਬਣਨਾ ਚਾਹੁੰਦੀ ਸੀ ਪਰ ਅਭਿਨੈ ਵਿਚ ਆ ਜਾਣ ਤੋਂ ਬਾਅਦ ਰੁਝੇਵੇਂ ਏਨੇ ਵਧ ਗਏ ਕਿ ਗਾਇਕੀ ਵਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲਿਆ। ਫਿਰ ਫ਼ਿਲਮ 'ਯੇ ਦੂਰੀਆਂ' ਦੇ ਨਿਰਮਾਣ ਅਤੇ ਨਿਰਦੇਸ਼ਨ ਨੇ ਕਾਫੀ ਰੁਝਾਅ ਕੇ ਰੱਖਿਆ। ਹੁਣ ਕੁਝ ਸਮਾਂ ਪਹਿਲਾਂ ਮੈਂ ਇਕ ਪਾਰਟੀ ਵਿਚ ਗਈ ਸੀ ਜਿਥੇ ਗੀਤ ਗਾਏ ਜਾ ਰਹੇ ਸਨ। ਮੈਂ ਵੀ ਉਥੇ ਗੁਣਗੁਣਾਉਣ ਲੱਗੀ ਅਤੇ ਉਥੇ ਮੈਂ ਆਪਣੀ ਪ੍ਰਚਾਰਕ ਤੇ ਨੇੜਲੀ ਸਹੇਲੀ ਪਾਰੁਲ ਚਾਵਲਾ ਨੂੰ ਕਿਹਾ ਕਿ ਮੇਰਾ ਵੀ ਮਨ ਗਾਉਣ ਨੂੰ ਕਰ ਰਿਹਾ ਹੈ। ਉਦੋਂ ਪਾਰੁਲ ਨੇ ਪੁੱਛਿਆ 'ਕਿਆ ਤੁਮ ਗਾ ਲੇਤੀ ਹੋ?' ਤਾਂ ਜਵਾਬ ਵਿਚ ਮੈਂ ਗਾਇਕਾ ਬਣਨ ਦੇ ਸੁਪਨੇ ਬਾਰੇ ਦੱਸਿਆ। ਕੁਝ ਦਿਨਾਂ ਬਾਅਦ ਪਾਰੁਲ ਨੇ ਮੇਰੀ ਪਛਾਣ ਡੀਜੇ ਸ਼ੇਜਵੁੱਡ ਨਾਲ ਕਰਵਾਈ ਅਤੇ ਸ਼ੇਜਵੁੱਡ ਨੇ ਮੈਨੂੰ ਗੀਤ ਰਿਕਾਰਡ ਕਰਨ ਲਈ ਉਤਸ਼ਾਹਿਤ ਕੀਤਾ। ਉਸੇ ਉਤਸ਼ਾਹ ਦੀ ਬਦੌਲਤ ਹੁਣ ਇਹ ਗੀਤ ਤੁਹਾਡੇ ਸਭ ਦੇ ਸਾਹਮਣੇ ਹੈ।'
ਇਸ ਗੀਤ ਨੂੰ ਲੈ ਕੇ ਬਣੇ ਵੀਡੀਓ ਵਿਚ ਖ਼ੁਦ ਦੀਪਸ਼ਿਖਾ ਤਾਂ ਹੈ ਹੀ ਪਰ ਇਥੇ ਉਨ੍ਹਾਂ ਨਾਲ ਅਭਿਨੇਤਾ ਪਤੀ ਕੇਸ਼ਵ ਨਹੀਂ ਹਨ। ਫ਼ਿਲਮ 'ਮੋਮ' ਵਿਚ ਖ਼ਲਨਾਇਕ ਬਣੇ ਵਿਕਾਸ ਵਰਮਾ ਇਸ ਵੀਡੀਓ ਵਿਚ ਹਨ।
ਫ਼ਿਲਹਾਲ, ਦੀਪਸ਼ਿਖਾ ਜਦੋਂ ਫ਼ਿਲਮਾਂ ਵਿਚ ਨਵੀਂ ਆਈ ਸੀ, ਉਦੋਂ ਉਸ ਦੀ ਤੁਲਨਾ ਪਰਵੀਨ ਬੌਬੀ ਨਾਲ ਕੀਤੀ ਜਾਂਦੀ ਰਹੀ ਸੀ। ਹੁਣ ਜਦੋਂ ਉਹ ਗਾਇਕਾ ਬਣ ਗਈ ਹੈ ਤਾਂ ਉਸ ਦੀ ਤੁਲਨਾ ਪ੍ਰਿਅੰਕਾ ਚੋਪੜਾ, ਸ਼ਰਧਾ ਕਪੂਰ ਆਦਿ ਗਾਇਕਾ ਅਭਿਨੇਤਰੀਆਂ ਨਾਲ ਹੁੰਦੀ ਹੈ ਤੇ ਇਸ ਵਿਚ ਹੈਰਾਨ ਹੋਣ ਵਾਲੀ ਗੱਲ ਨਹੀਂ ਹੋਵੇਗੀ।


-ਮੁੰਬਈ ਪ੍ਰਤੀਨਿਧ

ਦਖ਼ਲਅੰਦਾਜ਼ੀ ਪਸੰਦ ਨਹੀਂ

ਨਰਗਿਸ ਫ਼ਾਖਰੀ

ਵਰੁਣ ਧਵਨ ਨਾਲ ਸੁਪਰਹਿੱਟ ਫ਼ਿਲਮ 'ਮੈਂ ਤੇਰਾ ਹੀਰੋ' ਨਰਗਿਸ ਫਾਖਰੀ ਕਰਕੇ ਸੱਤਵੇਂ ਅਸਮਾਨ ਦੀ ਫ਼ਿਲਮੀ ਪਰੀ ਕਹਾ ਚੁੱਕੀ ਹੈ। 'ਸਪਾਈ' ਨਾਂਅ ਦੀ ਹਾਲੀਵੁੱਡ ਫ਼ਿਲਮ ਤੋਂ ਬਾਅਦ ਹਾਲੀਵੁੱਡ ਦੀ ਹੀ '5-ਵੈਡਿੰਗਜ਼' ਵੀ ਉਸ ਨੇ ਕੀਤੀ ਹੈ। ਅਦਿੱਤਿਆ ਚੋਪੜਾ ਦੇ ਭਰਾ ਉਦੈ ਚੋਪੜਾ ਨਾਲ ਉਸ ਦੀਆਂ ਗੱਲਾਂ ਬਣਦੀਆਂ ਰਹੀਆਂ ਹਨ। ਜਿਮ ਬਾਕਸਿੰਗ ਵਾਲਾ ਉਸ ਦਾ ਵੀਡੀਓ ਵੀ ਲੋਕਾਂ ਦੇ ਧਿਆਨ ਦਾ ਕੇਂਦਰ ਰਿਹਾ ਹੈ। ਮੈਟ ਨਾਂਅ ਦੇ ਵਿਦੇਸ਼ੀ ਸ਼ਖ਼ਸ ਨਾਲ ਇਸ ਸਮੇਂ ਮਿਸ ਫਾਖਰੀ ਦਾ ਪਿਆਰ ਪ੍ਰਵਾਨ ਚੜ੍ਹਦਾ ਪ੍ਰਤੀਤ ਹੋ ਰਿਹਾ ਹੈ। ਨਰਗਿਸ ਲਈ ਮੈਟ ਇਕ ਫ਼ਿਲਮ ਵੀ ਬਣਾ ਰਿਹਾ ਹੈ ਤੇ ਸੰਜੇ ਦੱਤ ਨਾਲ 'ਟੌਹਰਬਾਜ਼' ਨਾਂਅ ਦੀ ਨਵੀਂ ਫ਼ਿਲਮ ਵੀ ਨਰਗਿਸ ਫਾਖਰੀ ਨੂੰ ਮਿਲੀ ਹੈ। '5-ਵੈਡਿੰਗਜ਼' ਤਾਂ ਉਸ ਨੇ ਕਮਾਲ ਕੀਤੀ ਹੈ। ਇਸ ਫ਼ਿਲਮ ਦੇ ਨਾਇਕ ਨਿਰਮਾਤਾ ਦਰਸ਼ਨ ਔਲਖ ਦੱਸਦੇ ਹਨ ਕਿ '5-ਵੈਡਿੰਗਜ਼' 'ਚ ਦੇਖ ਕੇ ਹੀ ਨਰਗਿਸ ਨੂੰ ਟੀ-ਸੀਰੀਜ਼ ਦੀ ਨਵੀਂ ਫ਼ਿਲਮ 'ਅਮਾਵਸ' (ਮੱਸਿਆ) ਮਿਲੀ ਹੈ। ਭਾਵਨਾਤਮਕ ਕੁੜੀ ਨਰਗਿਸ ਨੇ ਰਾਜ ਕੁਮਾਰ ਰਾਜ ਨਾਲ '5-ਵੈਡਿੰਗਜ਼' ਕੀਤੀ ਹੈ। ਆਲੀਆ ਭੱਟ ਵੀ ਨਰਗਿਸ ਫਾਖਰੀ ਦੇ ਸਰੀਰਕ ਜਲਵੇ ਦੀ ਪ੍ਰਸੰਸਾ ਕਰਦੀ ਹੈ। ਨਰਗਿਸ ਕਦੇ-ਕਦੇ ਮਾਰਨਿੰਗ ਸ਼ੋਅ 'ਚ ਵੀ ਹਿੱਸਾ ਲੈਂਦੀ ਹੈ। 'ਅਮਾਵਸ' ਦੇ ਐਲਾਨ ਸਮੇਂ ਖੁਸ਼ ਨਰਗਿਸ ਨੇ 'ਰਾਕਸਟਾਰ' ਤੋਂ ਲੈ ਕੇ ਹੁਣ ਤੱਕ ਕਾਫੀ ਕੁਝ ਸੁਧਾਰ ਆਪਣੇ-ਆਪ 'ਚ ਕੀਤਾ ਹੈ। ਨਰਗਿਸ ਨੇ 'ਹੈਬਿਟਾਂ ਵਿਗਾੜਦੀ' ਨਾਂਅ ਦੇ ਪੰਜਾਬੀ ਗੀਤ 'ਚ ਵੀ ਮਾਡਲਿੰਗ ਕੀਤੀ ਸੀ। 'ਅਮਾਵਸ' ਇਕ ਵੱਖਰੀ ਤਰ੍ਹਾਂ ਦੀ ਕਹਾਣੀ ਵਾਲੀ ਅਰਥ ਭਰਪੂਰ ਪਰ ਪੂਰੀ ਵਪਾਰਕ ਫ਼ਿਲਮ ਹੋਵੇਗੀ, ਇਹ ਨਰਗਿਸ ਕਹਿ ਰਹੀ ਹੈ। ਟਵਿਟਰ 'ਤੇ ਹਮੇਸ਼ਾ ਸਰਗਰਮ ਰਹਿੰਦੀ ਨਰਗਿਸ ਨੇ ਮੀਡੀਆ ਨੂੰ ਹਮੇਸ਼ਾ ਇਹੀ ਕਿਹਾ ਹੈ ਕਿ ਨਿੱਜੀ ਜ਼ਿੰਦਗੀ ਤੇ ਫ਼ਿਲਮੀ ਜੀਵਨ 'ਚ ਫਰਕ ਹੈ ਤੇ ਨਿੱਜੀ ਜੀਵਨ 'ਚ ਉਹ ਕਿਸੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦੀ। '5-ਵੈਡਿੰਗਜ਼' ਪ੍ਰਤੀ ਖੁਸ਼-ਸੰਤੁਸ਼ਟ ਨਰਗਿਸ ਫਾਖਰੀ ਦਾ ਮੰਨਣਾ ਹੈ ਕਿ ਮੁੰਬਈ ਨਗਰੀ 'ਚ ਦੋਸਤੀ ਦੇ ਅਰਥ ਬਦਲ ਚੁੱਕੇ ਹਨ। ਉਦੈ ਚੋਪੜਾ, ਫਰਹਾਨ ਅਖਤਰ, ਮੈਟ ਨਾਲ ਸਬੰਧਾਂ 'ਤੇ ਇਕ ਹੀ ਟਿੱਪਣੀ ਹੈ ਉਸ ਦੀ ਕਿ ਜੋ ਲਿਖਿਆ ਹੈ, ਉਹੀ ਹੁੰਦਾ ਹੈ। ਉਮੀਦ ਹੈ ਕਿ ਕਦੇ ਕੋਈ ਦੋਸਤੀ ਸ਼ਾਦੀ ਦਾ ਰੂਪ ਲਵੇਗੀ। ਕਦੋਂ, ਕਿਵੇਂ ਤੇ ਕਿਸ ਦੀ? ਇਸ ਦਾ ਜਵਾਬ ਉਹ ਪਰਮਾਤਮਾ 'ਤੇ ਹੀ ਛੱਡ ਕੇ ਭਾਰਤੀ ਪ੍ਰੰਪਰਾ ਗ੍ਰਹਿਣ ਕਰਨ ਵਾਲੀ ਕੁੜੀ ਵਜੋਂ ਦੇ ਰਹੀ ਹੈ।

ਹੁਣ ਹਿੰਦੀ ਫ਼ਿਲਮ ਦਾ ਨਿਰਮਾਣ ਕਰੇਗੀ

ਸ਼ਿਵਾਂਗੀ ਚੌਧਰੀ

'ਓਮ ਨਮਹ ਸ਼ਿਵਾਏ', 'ਜੈ ਮਾਂ ਦੁਰਗਾ' ਸਮੇਤ ਹੋਰ ਧਾਰਮਿਕ ਲੜੀਵਾਰ ਕਰਨ ਵਾਲੀ ਸ਼ਿਵਾਂਗੀ ਚੌਧਰੀ ਦੇ ਨਾਂਅ 'ਦਾਦਾ' (ਮਿਠੁਨ ਚੱਕਰਵਰਤੀ), 'ਪੁਤਲੀਬਾਈ' ਆਦਿ ਫ਼ਿਲਮਾਂ ਵੀ ਹਨ। ਅਭਿਨੇਤਰੀ ਦੇ ਨਾਲ-ਨਾਲ ਉਹ ਫ਼ਿਲਮ ਨਿਰਮਾਤਰੀ ਵੀ ਹੈ ਅਤੇ ਮਰਾਠੀ ਅਤੇ ਬਾਂਗਲਾ ਫ਼ਿਲਮਾਂ ਬਣਾ ਚੁੱਕੀ ਹੈ। ਸ਼ਿਵਾਂਗੀ ਵਲੋਂ ਬਣਾਈ ਗਈ ਬਾਂਗਲਾ ਫ਼ਿਲਮ 'ਆਮੀ ਜੋਏ ਚੈਟਰਜੀ' ਇਸ ਸਾਲ ਜਨਵਰੀ ਵਿਚ ਬੰਗਾਲ ਵਿਚ ਪ੍ਰਦਰਸ਼ਿਤ ਹੋਈ ਅਤੇ ਇਕ ਵੱਖਰੀ ਜਿਹੀ ਕਹਾਣੀ ਦੀ ਵਜ੍ਹਾ ਕਰਕੇ ਇਹ ਕਾਫੀ ਪਸੰਦ ਕੀਤੀ ਗਈ। ਆਪਣੀ ਫ਼ਿਲਮ ਨੂੰ ਮਿਲੇ ਚੰਗੇ ਹੁੰਗਾਰੇ ਨਾਲ ਸ਼ਿਵਾਂਗੀ ਦਾ ਉਤਸ਼ਾਹ ਹੋਰ ਵਧਿਆ ਹੈ ਅਤੇ ਹੁਣ ਉਹ ਇਸ ਨੂੰ ਹਿੰਦੀ ਵਿਚ ਵੀ ਬਣਾਏਗੀ।
ਅਬੀਰ ਚੈਟਰਜੀ, ਟੀ. ਵਿਕਰਮ ਘੋਸ਼, ਜ਼ੋੋਇਆ ਅਹਿਸਾਨ, ਸਾਬਿਆਸਾਚੀ ਚੱਕਰਵਰਤੀ, ਸੋਮਿਆਜੀਤ ਮਜ਼ੂਮਦਾਰ ਆਦਿ ਦੀ ਇਸ ਫ਼ਿਲਮ ਵਿਚ ਜੋਏ ਚੈਟਰਜੀ ਨਾਮੀ ਸ਼ਖ਼ਸ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਜੋਏ ਦਿਨ-ਰਾਤ ਆਪਣੇ ਕਾਰੋਬਾਰ ਵਿਚ ਰੁੱਝਾ ਰਹਿੰਦਾ ਹੈ ਅਤੇ ਆਪਣੇ ਸਟਾਫ਼ ਵਲ ਉਹ ਬੇਰੁਖੀ ਨਾਲ ਪੇਸ਼ ਆਉਂਦਾ ਹੈ। ਆਪਣੇ ਕੰਮਕਾਰ ਦੇ ਰੁਝੇਵੇਂ ਦੀ ਵਜ੍ਹਾ ਕਰਕੇ ਉਹ ਆਪਣੀ ਪ੍ਰੇਮਿਕਾ ਲਈ ਵੀ ਬੜੀ ਮੁਸ਼ਕਿਲ ਨਾਲ ਸਮਾਂ ਕੱਢ ਪਾਉਂਦਾ ਹੈ। ਜ਼ੋਏ ਨੂੰ ਆਪਣੀ ਦੌਲਤ ਦਾ ਗ਼ਰੂਰ ਵੀ ਹੈ ਅਤੇ ਇਸ ਗ਼ਰੂਰ ਦੀ ਵਜ੍ਹਾ ਕਰਕੇ ਉਹ ਕਿਸੇ ਨੂੰ ਅਪਮਾਨਿਤ ਕਰਨ ਵਿਚ ਦੇਰੀ ਨਹੀਂ ਲਗਾਉਂਦਾ। ਇਕ ਦਿਨ ਜੋਏ ਆਪਣੀ ਪ੍ਰੇਮਿਕਾ ਨਾਲ ਹਿਲ ਸਟੇਸ਼ਨ 'ਤੇ ਜਾ ਰਿਹਾ ਹੁੰਦਾ ਹੈ ਕਿ ਉਸ ਦੀ ਕਾਰ ਨਾਲ ਇਕ ਬੱਚੇ ਦੀ ਟੱਕਰ ਹੋ ਜਾਂਦੀ ਹੈ। ਇਸ ਬੱਚੇ ਦੇ ਨਾਲ ਬੁੱਧ ਭਿਕਸ਼ੂ ਵੀ ਹੁੰਦਾ ਹੈ। ਇਸ ਬੁੱਧ ਸਾਧੂ ਦੀ ਵਜ੍ਹਾ ਨਾਲ ਜੋਏ ਦੀ ਜ਼ਿੰਦਗੀ ਵਿਚ ਕੀ ਪਰਿਵਰਤਨ ਆ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ। ਸ਼ਿਵਾਂਗੀ ਚੌਧਰੀ ਅਨੁਸਾਰ ਜਦੋਂ ਨਿਰਦੇਸ਼ਕ ਮਨੋਜ ਮਿਚੀਗਨ ਨੇ ਇਹ ਕਹਾਣੀ ਸੁਣਾਈ ਤਾਂ ਇਸ ਵਿਚ ਪੇਸ਼ ਕੀਤੇ ਸੰਦੇਸ਼ ਦੀ ਵਜ੍ਹਾ ਕਰਕੇ ਉਹ ਇਸ 'ਤੇ ਫ਼ਿਲਮ ਬਣਾਉਣ ਲਈ ਰਾਜ਼ੀ ਹੋ ਗਈ। ਇਥੇ ਇਕ ਆਦਮੀ ਦੀ ਜ਼ਿੰਦਗੀ ਵਿਚ ਆਉਂਦੇ ਪਰਿਵਰਤਨ ਦੀ ਕਹਾਣੀ ਹੈ ਅਤੇ ਸ਼ਿਵਾਂਗੀ ਦਾ ਮੰਨਣਾ ਹੈ ਕਿ ਜ਼ਿਆਦਾਤਰ ਕਿੱਸਿਆਂ ਵਿਚ ਇਹ ਪਰਿਵਰਤਨ ਬੱਚਿਆਂ ਦੀ ਵਜ੍ਹਾ ਕਰਕੇ ਆਉਂਦੇ ਹਨ। ਸੋ, ਉਸ ਨੇ ਮਨੋਜ ਨੂੰ ਕਹਾਣੀ ਵਿਚ ਬੱਚਿਆਂ ਦੇ ਕਿਰਦਾਰ ਰੱਖਣ ਦਾ ਸੁਝਾਅ ਦਿੱਤਾ ਅਤੇ ਇਸ ਸੁਝਾਅ ਦੇ ਚਲਦਿਆਂ ਕੁੱਝ ਅਨਾਥ ਬੱਚਿਆਂ ਦੇ ਕਿਰਦਾਰ ਰੱਖੇ ਗਏ।


-ਪੰਨੂੰ

ਧਾਰਮਿਕ ਗੀਤਾਂ ਦਾ ਸਿਰਨਾਵਾਂ-ਹਰਵਿੰਦਰ ਉਹੜਪੁਰੀ

ਸਿੱਖ ਇਤਿਹਾਸ ਦੇ ਗੌਰਵਮਈ ਵਾਕਿਆਂ ਅਤੇ ਸਾਕਿਆਂ ਨੂੰ ਸ਼ਬਦਾਂ ਰੂਪੀ ਮਾਲਾ ਵਿਚ ਪਰੋ ਕੇ ਗੀਤਾਂ ਦਾ ਰੂਪ ਦੇਣ ਵਾਲਾ ਅੰਤਰਰਾਸ਼ਟਰੀ ਗੀਤਕਾਰ ਹਰਵਿੰਦਰ ਉਹੜਪੁਰੀ ਧਾਰਮਿਕ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦਾ ਹੈ। 500 ਤੋਂ ਵੱਧ ਗੀਤ ਅੰਤਰਰਾਸ਼ਟਰੀ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਜਿੱਥੇ ਉਹੜਪੁਰੀ ਦੇ ਅਨੇਕਾਂ ਗੀਤਾਂ ਨਾਲ ਕਈ ਕਲਾਕਾਰਾਂ ਦੀ ਪਹਿਚਾਣ ਬਣੀ, ਉੱਥੇ ਕਈ ਪ੍ਰਸਿੱਧ ਗਾਇਕਾਂ ਨੂੰ ਵੀ ਰੱਜ ਕੇ ਮਾਣ ਵਡਿਆਈ ਮਿਲੀ। ਗੀਤਕਾਰੀ ਦਾ ਸਫ਼ਰ 1987 ਵਿਚ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਦੀ ਆਵਾਜ਼ ਵਿਚ ਰਿਕਾਰਡ ਹੋਏ ਪਹਿਲੇ ਗੀਤ (ਤੈਨੂੰ ਬਾਬਲਾ ਤਰਸ ਨਾ ਆਇਆ) ਨਾਲ ਸ਼ੁਰੂ ਹੋਇਆ। ਉਸ ਤੋਂ ਬਾਅਦ ਸਮੇਂ ਦੇ ਹਾਣੀ ਕਲਾਕਾਰਾਂ ਨੇ ਹਰਵਿੰਦਰ ਉਹੜਪੁਰੀ ਦਿਆਂ ਗੀਤਾਂ ਨੂੰ ਆਵਾਜ਼ ਦੇਣੀ ਆਪਣਾ ਧੰਨ ਭਾਗ ਸਮਝਿਆ। ਸੁਰਜੀਤ ਬਿੰਦਰੱਖੀਆ ਦੇ ਗਾਏ ਧਾਰਮਿਕ ਗੀਤ 'ਜਨਮ ਦਿਹਾੜਾ ਖ਼ਾਲਸੇ ਦਾ', 'ਸਿਰਾਂ ਵੱਟੇ ਲੈ ਲਉ ਸਰਦਾਰੀਆਂ', 'ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ, ਕੌਮਾਂ ਦੇ ਸਰਦਾਰ ਅਤੇ ਪ੍ਰਣਾਮ ਸ਼ਹੀਦਾਂ ਨੂੰ' , 'ਸੰਸਾਰ ਭਰ ਵਿਚ ਅਜੇ ਵੀ ਰੇਡੀਓ -ਟੀ. ਵੀ. ਚੈਨਲਾਂ 'ਤੇ ਪ੍ਰਸਾਰਿਤ ਹੋ ਰਹੇ ਹਨ। ਪਦਮਸ੍ਰੀ ਹੰਸ ਰਾਜ ਹੰਸ ਨੇ ਵੀ ਉਹੜਪੁਰੀ ਦੇ ਲਿਖੇ 27 ਗੀਤ ਗਾਏ ਹਨ । ਸਤਵਿੰਦਰ ਬਿੱਟੀ ਨੇ ਵੀ ਉਹੜਪੁਰੀ ਦੇ ਲਿਖੇ ਗੀਤ ਗਾ ਕੇ ਸੰਸਾਰ ਭਰ ਵਿਚ ਬਹੁਤ ਪ੍ਰਸਿੱਧੀ ਖੱਟੀ ਹੈ। ਦੁਨੀਆ ਭਰ ਵਿਚ ਕੋਈ ਵੀ ਛਬੀਲ, ਨਗਰ ਕੀਰਤਨ ਜਾਂ ਧਾਰਮਿਕ ਸਮਾਗਮ ਅਜਿਹਾ ਨਹੀਂ ਹੋਵੇਗਾ ਜਿੱਥੇ ਉਹੜਪੁਰੀ ਦੇ ਲਿਖੇ ਗੀਤ 'ਧੰਨ ਤੇਰੀ ਸਿੱਖੀ', 'ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ' ਆਦਿ। ਉਹੜਪੁਰੀ ਦੇ ਲਿਖੇ ਅਤੇ ਨਛੱਤਰ ਗਿੱਲ ਦੇ ਗਾਏ ਗੀਤ 'ਅਰਦਾਸ ਕਰਾਂ...' ਨੇ ਖੂਬ ਪ੍ਰਸਿੱਧੀ ਹਾਸਲ ਕੀਤੀ ਹੈ। ਪਿੱਛੇ ਜਿਹੇ ਸੁਰਾਂ ਦੀ ਮਲਿਕਾਕਮਲਜੀਤ ਨੀਰੂ ਨੇ ਵੀ ਉਹੜਪੁਰੀ ਦੇ ਲਿਖੇ ਗੀਤ 'ਤੋਰ ਦਿੱਤਾ ਲਾਲਾਂ ਨੂੰ ਬਣਾ ਕੇ ਮਾਏ ਜੋੜੀਆਂ' ਨਾਲ 14 ਸਾਲਾਂ ਬਾਅਦ ਸੰਗੀਤ ਦੀ ਦੁਨੀਆ ਵਿਚ ਦੁਬਾਰਾ ਪ੍ਰਪੱਕ ਪੈਰ ਜਮਾਏ ਹਨ। ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਹਰਮਿੰਦਰ ਨੂਰਪੁਰੀ ਦੀ ਆਵਾਜ਼ ਵਿਚ ਉਹੜਪੁਰੀ ਦੇ ਗੀਤ 'ਹੋ ਜਾਣ ਕਾਰਜ ਰਾਸ ਮਾਲਕਾ ਕਰ ਕਿਰਪਾ' ਨੇ ਨੂਰਪੁਰੀ ਨੂੰ ਸਰੋਤਿਆਂ ਦੀਆਂ ਸੋਚਾਂ ਦੇ ਹਾਣ ਦਾ ਕਰ ਦਿੱਤਾ। ਹੁਣ ਕੁਝ ਕੁ ਦਿਨ ਪਹਿਲਾਂ ਭਾਈ ਘਨੱਈਆ ਜੀ ਦੇ ਤਿੰਨ ਸੌ ਸਾਲਾ ਸ਼ਹੀਦੀ ਸਮਾਗਮ 'ਤੇ ਮਹੰਤ ਕਰਮਜੀਤ ਸਿੰਘ ਦੀ ਰਹਿਨੁਮਾਈ ਵਿਚ ਸੰਸਾਰ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੀ ਆਵਾਜ਼ ਵਿਚ ਹਰਵਿੰਦਰ ਉਹੜਪੁਰੀ ਦਾ ਲਿਖਿਆ ਗੀਤ 'ਕੀਤੀ ਸੇਵਾ ਬੇ ਮਿਸਾਲ ਭਾਈ ਘਨੱਈਆ ਗੁਰੂ ਕੇ ਲਾਲ' ਗਾ ਕੇ ਭਾਈ ਘਨੱਈਆ ਜੀ ਦਾ ਲਾਸਾਨੀ ਇਤਿਹਾਸ ਸੰਗਤਾਂ ਦੇ ਸਨਮੁੱਖ ਕੀਤਾ ਹੈ। ਉਹੜਪੁਰੀ ਦੇ ਦੱਸਣ ਅਨੁਸਾਰ ਦਲੇਰ ਮਹਿੰਦੀ ਵਲੋਂ ਗਾਇਆ ਇਹ ਗੀਤ ਮੇਰੇ ਮਨ ਨੂੰ ਬਹੁਤ ਸਕੂਨ ਦਿੰਦਾ ਹੈ ਅਤੇ ਨਿਵੇਕਲੀਆਂ ਪੈੜਾਂ ਪਾਉਣ ਲਈ ਉਤਸ਼ਾਹਿਤ ਕਰਦਾ ਹੈ। ਬਹੁਤ ਹੀ ਜਲਦੀ ਉਹੜਪੁਰੀ ਦੇ ਲਿਖੇ ਗੀਤ ਪਦਮਸ੍ਰੀ ਹੰਸ ਰਾਜ ਹੰਸ, ਕਮਲਜੀਤ ਨੀਰੂ, ਲਹਿੰਬਰ ਹੁਸੈਨਪੁਰੀ, ਸੁਦੇਸ਼ ਕੁਮਾਰੀ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਜੌਨੀ ਸੂਫ਼ੀ, ਹਰਮਿੰਦਰ ਨੂਰਪੁਰੀ, ਗੋਗੀ ਬੈਂਸ, ਪ੍ਰੀਤ ਥਿੰਦ ਤੇ ਹੋਰ ਅਨੇਕਾਂ ਕਲਾਕਾਰਾਂ ਦੀ ਆਵਾਜ਼ ਵਿਚ ਸਰੋਤਿਆਂ ਦੇ ਰੂਬਰੂ ਹੋਣਗੇ । ਦੁਨੀਆ ਭਰ ਵਿਚ ਸੰਗਤ ਵਲੋਂ ਜਿੱਥੇ ਸੈਂਕੜੇ ਸਨਮਾਨ ਕੀਤੇ ਗਏ ਉੱਥੇ ਚਾਰ ਵਾਰ ਵੱਖ-ਵੱਖ ਦੇਸ਼ਾਂ ਵਿਚ ਸੋਨ ਤਗਮਿਆਂ ਨਾਲ ਹਰਵਿੰਦਰ ਉਹੜਪੁਰੀ ਨੂੰ ਸਨਮਾਨਿਤ ਵੀ ਕੀਤਾ ਗਿਆ।

-ਪੱਤਰਕਾਰ (ਇਟਲੀ)।

ਪੂਨਮ ਢਿੱਲੋਂ

ਦੇ ਬੇਟੇ ਦੀ ਫ਼ਿਲਮ ਸ਼ੁਰੂ ਹੋਈ

ਪਹਿਲਾਂ ਵੀ ਅਸੀਂ ਇਨ੍ਹਾਂ ਕਾਲਮਾਂ ਵਿਚ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਅਭਿਨੇਤਰੀ ਪੂੁਨਮ ਢਿੱਲੋਂ ਦਾ ਬੇਟਾ ਵੀ ਅਭਿਨੈ ਦੀ ਦੁਨੀਆ ਵਿਚ ਆ ਰਿਹਾ ਹੈ। ਹੁਣ ਪੂਨਮ ਦੇ ਬੇਟੇ ਬਾਰੇ ਤਾਜ਼ਾ ਖ਼ਬਰ ਇਹ ਹੈ ਕਿ ਉਸ ਨੂੰ ਫ਼ਿਲਮ ਇੰਡਸਟਰੀ ਵਿਚ ਲਾਂਚ ਕਰਨ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਲੰਡਨ ਵਿਚ ਸ਼ੂਟ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਾਂਅ 'ਟਿਊਜ਼ਡੇਜ਼ ਐਂਡ ਫ੍ਰਾਈਡੇਜ਼' ਰੱਖਿਆ ਗਿਆ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਤਰਨਵੀਰ ਸਿੰਘ। ਇਹ ਫ਼ਿਲਮ ਸੰਜੈ ਲੀਲਾ ਭੰਸਾਲੀ ਵਲੋਂ ਬਣਾਈ ਜਾ ਰਹੀ ਹੈ। ਪੂਨਮ ਦੇ ਬੇਟੇ ਅਨਮੋਲ ਠਾਕੇਰੀਆ ਢਿੱਲੋਂ ਪਿਛਲੇ ਇਕ ਸਾਲ ਤੋਂ ਫ਼ਿਲਮ ਵਿਚ ਆਪਣੇ ਕਿਰਦਾਰ ਲਈ ਮਿਹਨਤ ਕਰ ਰਹੇ ਸਨ। ਅਨਮੋਲ ਦੇ ਸਾਹਮਣੇ ਨਵੀਂ ਹੀਰੋਇਨ ਨੂੰ ਚਮਕਾਇਆ ਜਾ ਰਿਹਾ ਹੈ ਅਤੇ ਹੀਰੋਇਨ ਦੀ ਪਛਾਣ ਹਾਲੇ ਗੁਪਤ ਰੱਖੀ ਹੋਈ ਹੈ।
ਅਨਮੋਲ ਦੇ ਪਿਤਾ ਅਸ਼ੋਕ ਠਾਕੇਰੀਆ ਖ਼ੁਦ ਫ਼ਿਲਮ ਨਿਰਮਾਤਾ ਹਨ ਅਤੇ 'ਕਸਮ', 'ਦਿਲ', 'ਬੇਟਾ', 'ਰਾਜਾ', 'ਇਸ਼ਕ', 'ਮਨ', 'ਮਸਤੀ' ਆਦਿ ਫ਼ਿਲਮਾਂ ਉਨ੍ਹਾਂ ਵਲੋਂ ਬਣਾਈਆਂ ਗਈਆਂ ਹਨ ਪਰ ਅਨਮੋਲ ਨੇ ਪਿਤਾ ਦੀ ਛਤਰ-ਛਾਇਆ ਤੋਂ ਦੂਰ ਆਪਣੇ ਦਮ 'ਤੇ ਬਾਲੀਵੁੱਡ ਵਿਚ ਆਪਣੇ ਕਦਮ ਰੱਖੇ ਹਨ ਅਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ।


-ਮੁੰਬਈ ਪ੍ਰਤੀਨਿਧ

ਜਾਨ੍ਹ ਅਬ੍ਰਾਹਮ 'ਸਰਫ਼ਰੋਸ਼-2' ਵਿਚ

ਇਨ੍ਹੀਂ ਦਿਨੀਂ ਜਾਨ੍ਹ ਅਬ੍ਰਾਹਮ 'ਬਾਟਲਾ ਹਾਊਸ' ਦੀ ਸ਼ੂਟਿੰਗ ਵਿਚ ਰੁੱਝਾ ਹੋਇਆ ਹੈ ਅਤੇ ਉਹ ਇਸ ਵਿਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਅ ਰਿਹਾ ਹੈ। ਹੁਣ 'ਸਰਫ਼ਰੋਸ਼-2' ਵਿਚ ਵੀ ਪੁਲਿਸੀਆ ਭੂਮਿਕਾ ਲਈ ਉਸ ਨੂੰ ਇਕਰਾਰਬੱਧ ਕੀਤਾ ਗਿਆ ਹੈ। ਜਾਨ੍ਹ ਮੈਥਿਊ ਮਥਾਨ ਵਲੋਂ ਨਿਰਦੇਸ਼ਿਤ 'ਸਰਫ਼ਰੋਸ਼' ਵਿਚ ਆਮਿਰ ਖਾਨ ਵਲੋਂ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਗਈ ਸੀ। ਹੁਣ 'ਸਰਫ਼ਰੋਸ਼-2' ਵਿਚ ਜਾਨ੍ਹ ਅਬ੍ਰਾਹਮ ਨਾ ਸਿਰਫ ਅਭਿਨੈ ਕਰਨਗੇ ਨਾਲ ਹੀ ਉਹ ਫ਼ਿਲਮ ਦੇ ਨਿਰਮਾਣ ਵਿਚ ਵੀ ਸਹਿਯੋਗ ਦੇਣਗੇ। ਉਮੀਦ ਹੈ ਕਿ ਦੋ ਜਾਨ੍ਹ ਵਲੋਂ ਬਣਾਈ ਜਾਣ ਵਾਲੀ 'ਸਰਫਰੋਸ਼-2' ਪਹਿਲੀ 'ਸਰਫ਼ਰੋਸ਼' ਤੋਂ ਦੁੱਗਣੀ ਦਮਦਾਰ ਸਾਬਤ ਹੋਵੇਗ।


-ਪੰਨੂੰ

ਕ੍ਰਿਤਿਕਾ ਹੁਣ ਵੱਡੇ ਪਰਦੇ 'ਤੇ

ਲੜੀਵਾਰ 'ਕੁਛ ਤੋ ਲੋਕ ਕਹੇਂਗੇ' ਤੇ 'ਕਿਤਨੀ ਮੁਹੱਬਤ ਹੈ' ਦੀ ਬਦੌਲਤ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੀ ਕ੍ਰਿਤਿਕਾ ਕਾਮਰਾ ਨੇ ਹੁਣ ਵੱਡੇ ਪਰਦੇ ਵਲ ਰੁਖ਼ ਕਰ ਲਿਆ ਹੈ। ਨਿਰਦੇਸ਼ਕ ਨਿਤਿਨ ਕੱਕੜ ਵਲੋਂ ਬਣਾਈ ਜਾ ਰਹੀ ਫ਼ਿਲਮ ਤੋਂ ਉਹ ਵੱਡੇ ਪਰਦੇ 'ਤੇ ਆ ਰਹੀ ਹੈ। ਇਹ ਅਨਾਮ ਫ਼ਿਲਮ ਸਾਲ 2016 ਵਿਚ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਤੇਲਗੂ ਫ਼ਿਲਮ 'ਪੇਲੀ ਛੂਪੁਲੂ' ਦੀ ਰੀਮੇਕ ਹੈ।


-ਪੰਨੂੰ

ਬਹੁ-ਰੰਗੀ ਕਲਾਕਾਰ ਏ ਹਰਪ੍ਰੀਤ ਗਿੱਲ

ਹਰਪ੍ਰੀਤ ਗਿੱਲ ਨੇ 2004 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੀ.ਵੀ. ਦੀ ਐਮ.ਏ. ਕੀਤੀ ਸੀ। ਪੰਜਾਬੀ ਯੂਨੀਵਰਸਿਟੀ ਵਿਚ ਰੀਪਾਟਰੀ ਕੰਪਨੀ ਦੇ ਸੀਨੀਅਰ ਆਰਟਿਸਟਾਂ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਫ਼ਿਲਮਾਂ ਵੱਲ ਹੱਥ-ਪੈਰ ਮਾਰਨ ਲੱਗ ਪਿਆ। ਇਸ ਤਰ੍ਹਾਂ ਹੀ ਉਸ ਨੇ ਸ: ਮਨਮੋਹਨ ਸਿੰਘ ਦੀ ਫ਼ਿਲਮ 'ਇਕ ਕੁੜੀ ਪੰਜਾਬ ਦੀ', 'ਕਬੱਡੀ-ਇਕ ਮੁਹੱਬਤ', 'ਸਾਡੀ ਗਲੀ ਆਇਆ ਕਰੋ' ਵਿਚ ਕੰਮ ਕੀਤਾ। ਉਸ ਤੋਂ ਬਾਅਦ ਆਰਟ ਫ਼ਿਲਮਾਂ 'ਬਰਫ਼' ਨਸ਼ਿਆਂ 'ਤੇ ਆਧਾਰਿਤ 'ਚਿੱਟਾ' ਵਿਚ ਕੰਮ ਕੀਤਾ ਸੀ।
ਕਾਮੇਡੀ ਫ਼ਿਲਮਾਂ ਤੇ ਲੜੀਵਾਲ ਟੈਲੀ ਫ਼ਿਲਮਾਂ ਵਿਚ ਵੀ ਗੁਰਚੇਤ ਚਿੱਤਰਕਾਰ ਦੀ 'ਫ਼ੌਜੀ ਦੀ ਫੈਮਿਲੀ', 'ਫ਼ੌਜੀ ਦੀ ਫੈਮਿਲੀ 420 ਤੋਂ ਲੈ ਕੇ 427 ਤੱਕ ਗੁਰਚੇਤ ਦੇ ਛੋਟੇ ਭਾਈ ਦਾ ਰੋਲ ਹੀ ਕਰਦਾ ਰਿਹਾ ਸੀ। ਇਨ੍ਹਾਂ ਫ਼ਿਲਮਾਂ ਵਿਚ ਹਰਪ੍ਰੀਤ ਨੇ ਚੰਗਾ ਕੰਮ ਕੀਤਾ ਤੇ ਹੰਢੇ ਹੋਏ ਕਲਾਕਾਰਾਂ ਵਾਂਗ ਆਪਣੇ ਰੋਲ ਨਿਭਾਏ।
ਇਸ ਤੋਂ ਬਾਅਦ ਹਰਪ੍ਰੀਤ ਗਿੱਲ ਨੇ ਕੁਝ ਸਮੇਂ ਬਾਅਦ ਨਵੀਆਂ ਫ਼ਿਲਮਾਂ ਰਾਣਾ ਰਣਬੀਰ ਵਲੋਂ ਬਣਾਈ 'ਭਰੂਣ ਹੱਤਿਆ' ਤੇ ਦੂਜੀ 'ਗੁੱਡੀ' ਵਿਚ ਵਧੀਆ ਅਭਿਨੈ ਕੀਤਾ।
ਅੱਜਕਲ੍ਹ ਬੀਨੂੰ ਢਿੱਲੋਂ ਦੀ ਟੀਮ ਨਾਲ ਨਾਟਕ ਖੇਡ ਰਿਹਾ ਹੈ। 'ਅਸੀਂ ਬੋਲਾਂਗੇ ਸੱਚ' ਨਾਟਕ ਦੇ ਕੁਝ ਸ਼ੋਅ ਪੰਜਾਬ ਵਿਚ ਵੀ ਕੀਤੇ ਗਏ ਹਨ ਤੇ ਕੁਝ ਸ਼ੋਅ ਇਸ ਵਾਰ ਕਰਨ ਲਈ ਹਰਪ੍ਰੀਤ ਗਿੱਲ ਆਸਟਰੇਲੀਆ ਤੇ ਨਿਊਜ਼ੀਲੈਂਡ ਗੁਰਚੇਤ ਚਿੱਤਰਕਾਰ ਦੀ ਟੀਮ ਨਾਲ ਗਿਆ ਹੈ। ਉਹ ਆਪਣੀ ਕਲਾ ਦੇ ਵੱਖ-ਵੱਖ ਰੰਗ ਦਰਸ਼ਕਾਂ ਨੂੰ ਵਿਖਾ ਰਿਹਾ ਹੈ।


-ਬਟਾਲਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX