ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਖੇਡ ਜਗਤ

ਵਿਸ਼ਵ ਕੱਪ ਲਈ ਚੁਣੇ ਗਏ 15 ਖਿਡਾਰੀ

ਕਿੰਨੇ ਕੁ ਪਾਣੀ 'ਚ ਹੈ ਭਾਰਤੀ ਕ੍ਰਿਕਟ ਟੀਮ

ਮਿਸ਼ਨ ਵਿਸ਼ਵ ਕੱਪ-2019 ਲਈ ਕੋਹਲੀ ਬ੍ਰਿਗੇਡ ਤਿਆਰ ਹੈ। ਪਿਛਲੇ ਦੋ ਸਾਲਾਂ ਤੋਂ ਇਸ ਵੱਕਾਰੀ ਕੱਪ ਲਈ ਤਿਆਰੀਆਂ ਕਰ ਰਹੀ ਭਾਰਤੀ ਕ੍ਰਿਕਟ ਟੀਮ ਲਈ 15 ਖਿਡਾਰੀਆਂ ਦੀ ਚੋਣ ਕਰ ਲਈ ਗਈ ਹੈ। ਚੋਣਕਾਰਾਂ ਨੇ ਟੀਮ ਚੁਣਨ ਵੇਲੇ ਅਨੁਭਵ ਦੇ ਨਾਲ-ਨਾਲ ਨੌਜਵਾਨਾਂ ਦੇ ਜੋਸ਼ ਨੂੰ ਵੀ ਮੌਕਾ ਦਿੱਤਾ ਹੈ। ਕਈ ਖਿਡਾਰੀਆਂ ਨੂੰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਖਿਡਾਇਆ ਜਾ ਰਿਹਾ ਹੈ ਅਤੇ ਇਸ ਵੇਲੇ ਪੂਰੀ ਤਰ੍ਹਾਂ ਫਾਰਮ 'ਚ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਚੋਣ ਇਸ ਲਈ ਕੀਤੀ ਗਈ ਹੈ ਕਿ ਜਿਸ ਦਿਨ ਉਨ੍ਹਾਂ ਦਾ ਫਰਮਾ ਫਿੱਟ ਬੈਠ ਜਾਂਦਾ ਹੈ, ਉਸ ਦਿਨ ਸੰਸਾਰ ਭਰ ਵਿਚ ਉਨ੍ਹਾਂ ਵਰਗਾ ਕੋਈ ਹੋਰ ਖਿਡਾਰੀ ਨਜ਼ਰ ਨਹੀਂ ਆਉਂਦਾ। ਇਹ ਦੋ ਖਿਡਾਰੀ ਹਨ ਭਾਰਤੀ ਟੀਮ ਦੇ। ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ। ਦੋਵਾਂ ਨੇ ਬੀਤੇ ਸਮੇਂ ਦੌਰਾਨ ਸਿਰਫ ਆਪਣੇ ਸਿਰ 'ਤੇ ਹੀ ਭਾਰਤੀ ਟੀਮ ਦਾ ਬੇੜਾ ਕਈ ਵਾਰ ਬੰਨ੍ਹੇ ਲਗਾਇਆ ਹੈ। ਇਸ ਵੇਲੇ ਦੋਵੇਂ ਹੀ ਆਪਣੇ ਕੱਦ ਮੁਤਾਬਿਕ ਆਪਣੀ ਪੂਰੀ ਫਾਰਮ 'ਚ ਨਹੀਂ ਹਨ ਪਰ ਫਿਰ ਵੀ ਉਨ੍ਹਾਂ 'ਤੇ ਭਰੋਸਾ ਜਤਾਇਆ ਗਿਆ ਹੈ। ਤੀਜੇ ਨੰਬਰ ਲਈ ਤਾਂ ਕਿਸੇ ਹੋਰ ਖਿਡਾਰੀ ਲਈ ਸੋਚਣਾ ਵੀ ਨਹੀਂ ਬਣਦਾ, ਕਿਉਂਕਿ ਇਸ ਥਾਂ ਲਈ ਖੁਦ ਕਪਤਾਨ ਵਿਰਾਟ ਕੋਹਲੀ ਦੇ ਬਰਾਬਰ ਦਾ ਕੋਈ ਖਿਡਾਰੀ ਨਹੀਂ ਹੈ। ਕੋਹਲੀ ਹਮੇਸ਼ਾ ਦੀ ਤਰ੍ਹਾਂ ਅੱਜਕਲ੍ਹ ਪੂਰੇ ਫਾਰਮ 'ਚ ਹਨ।
ਟੀਮ 'ਚ ਸਭ ਤੋਂ ਵੱਧ ਰੇੜਕਾ ਨੰਬਰ ਚਾਰ 'ਤੇ ਖੇਡਣ ਵਾਲੇ ਖਿਡਾਰੀ ਦਾ ਹੀ ਚੱਲ ਰਿਹਾ ਸੀ। ਪਿਛਲੇ 2 ਸਾਲਾਂ 'ਚ ਇਸ ਥਾਂ ਲਈ 11 ਖਿਡਾਰੀ ਅਜ਼ਮਾਏ ਗਏ। ਅਜਿੰਨਿਆ ਰਹਾਨੇ ਨੂੰ ਕਾਫੀ ਮੌਕੇ ਦੇਣ ਤੋਂ ਬਾਅਦ ਜਦ ਉਹ ਇਸ ਨੰਬਰ 'ਤੇ ਮਜ਼ਬੂਤੀ ਨਾਲ ਨਹੀਂ ਖੜ੍ਹ ਸਕਿਆ ਤਾਂ ਪਿਛਲੇ ਵਿਸ਼ਵ ਕੱਪ 'ਚ ਟੀਮ ਦਾ ਹਿੱਸਾ ਰਹੇ ਅੰਬਾਤੀ ਰਾਇਡੂ ਦੀ ਯਾਦ ਆਈ। ਰਾਇਡੂ ਦੀ ਪਿੱਠ 'ਤੇ ਚੋਣਕਾਰਾਂ ਦੇ ਨਾਲ-ਨਾਲ ਕਪਤਾਨ ਕੋਹਲੀ ਨੇ ਵੀ ਹੱਥ ਧਰਿਆ ਪਰ ਆਖਰੀ ਤਿੰਨ ਮਹੀਨਿਆਂ ਦੌਰਾਨ ਇੱਕੋਦਮ ਹੀ ਵਿਜੈ ਸ਼ੰਕਰ ਅੱਖਾਂ ਦਾ ਤਾਰਾ ਬਣ ਗਿਆ। ਚੋਣਕਾਰਾਂ ਦੇ ਕਹਿਣ ਮੁਤਾਬਿਕ ਅਜਿਹਾ ਨਹੀਂ ਕਿ ਹਾਲਾਤ ਰਾਇਡੂ ਦੇ ਖ਼ਿਲਾਫ਼ ਹੋ ਗਏ, ਸਗੋਂ ਉਸ ਦੀ ਥਾਂ ਵਿਜੈ ਸ਼ੰਕਰ ਵਰਗਾ ਖਿਡਾਰੀ ਮਿਲ ਗਿਆ, ਜਿਹੜਾ ਕਿ ਰਾਇਡੂ ਵਰਗਾ ਮਜ਼ਬੂਤ ਤੇ ਧਾਕੜ ਬੱਲੇਬਾਜ਼ ਹੈ ਪਰ ਨਾਲ ਦੀ ਨਾਲ ਇਕ ਭਰਿਆ-ਪੂਰਿਆ ਮੱਧ ਰਫ਼ਤਾਰ ਵਾਲਾ ਗੇਂਦਬਾਜ਼ ਵੀ ਹੈ। ਖੇਤਰ ਰੱਖਿਅਕ ਦੇ ਤੌਰ 'ਤੇ ਵੀ ਸ਼ੰਕਰ ਨੂੰ ਚੁਸਤ-ਫੁਰਤ ਮੰਨਿਆ ਗਿਆ। ਕੇ. ਐਲ. ਰਾਹੁਲ ਇਸ ਵੇਲੇ ਜਿਸ ਫਾਰਮ 'ਚ ਹੈ, ਉਸ ਨੂੰ ਦੇਖਦਿਆਂ ਲਗਦਾ ਹੈ ਕਿ ਉਹ ਮੱਧ ਕ੍ਰਮ 'ਚ ਚੌਥੇ ਤੇ ਪੰਜਵੇਂ ਨੰਬਰ 'ਤੇ ਵੀ ਬੱਲੇਬਾਜ਼ੀ ਕਰ ਸਕਦਾ ਹੈ ਤੇ ਲੋੜ ਪੈਣ 'ਤੇ ਸਲਾਮੀ ਬੱਲੇਬਾਜ਼ ਦੀ ਭੂਮਿਕਾ ਵੀ ਨਿਭਾਅ ਸਕਦਾ ਹੈ। ਵੱਡੀ ਹੈਰਾਨੀ ਵਾਲੀ ਗੱਲ ਵੀ ਨਹੀਂ ਹੋਵੇਗੀ ਕਿ ਕੁਝ ਮੈਚਾਂ 'ਚ ਉਹ ਤੀਜੇ ਨੰਬਰ 'ਤੇ ਅਤੇ ਕੋਹਲੀ ਚੌਥੇ ਨੰਬਰ 'ਤੇ ਖੇਡੇ।
ਵਿਕਟ-ਕੀਪਰ ਧੋਨੀ ਦਾ ਮੈਦਾਨ 'ਚ ਖੜ੍ਹੇ ਰਹਿਣਾ ਹੀ ਟੀਮ ਲਈ ਕਈ ਪਾਸਿਓਂ ਲਾਹੇਵੰਦ ਰਹਿੰਦਾ ਹੈ। ਕਪਤਾਨ ਕੋਹਲੀ ਹੋਵੇ ਜਾਂ ਰੋਹਿਤ, ਦੋਵੇਂ ਹੀ ਉਸ ਤੋਂ ਹਮੇਸ਼ਾ ਸਲਾਹ ਲੈ ਕੇ ਚੱਲਦੇ ਹਨ। ਵਿਕਟ-ਕੀਪਰ ਤਾਂ ਉਹ ਨੰਬਰ ਇਕ ਹੈ ਹੀ, ਨਾਲ ਦੀ ਨਾਲ 'ਫਿਨਿਸ਼ਰ' ਦੇ ਤੌਰ 'ਤੇ ਬਣਾਈ ਸਾਖ ਨੂੰ ਵੀ ਉਹ ਪੂਰਾ ਨਿਭਾਉਂਦਾ ਹੈ। ਬੱਲੇਬਾਜ਼ੀ ਲਈ ਉਸ ਨੂੰ ਕਿਸੇ ਵੀ ਕ੍ਰਮ 'ਤੇ ਖਿਡਾਇਆ ਜਾ ਸਕਦਾ ਹੈ। ਪਿਛਲੇ ਸਮੇਂ ਦੌਰਾਨ ਉਸ ਨੂੰ ਕੁਝ ਉੱਪਰ ਖਿਡਾ ਕੇ ਤਜਰਬਾ ਵੀ ਕੀਤਾ ਗਿਆ ਸੀ, ਤਾਂ ਜੋ ਮੱਧਕ੍ਰਮ ਨੂੰ ਮਜ਼ਬੂਤੀ ਮਿਲੇ। ਸੋਨੇ 'ਤੇ ਸੁਹਾਗੇ ਵਾਲੀ ਗੱਲ ਧੋਨੀ ਦੇ ਮਾਮਲੇ ਵਿਚ ਡੀ.ਆਰ.ਐਸ. ਹੈ। ਭਾਵੇਂ ਇਸ ਨੂੰ 'ਡਿਸੀਜ਼ਨ ਰਿਵਿਊ ਸਿਸਟਮ' ਕਹਿੰਦੇ ਹਨ ਫਿਰ ਵਿਕਟਾਂ ਪਿੱਛੇ ਧੋਨੀ ਹੋਵੇ ਤਾਂ ਇਸ ਨੂੰ 'ਧੋਨੀ ਰਿਵਿਊ ਸਿਸਟਮ' ਵੀ ਕਹਿੰਦੇ ਹਨ। ਇਨ੍ਹਾਂ ਖੂਬੀਆਂ ਕਾਰਨ ਹੀ ਟੀਮ 'ਚ ਉਹ ਬਰਕਰਾਰ ਹੈ, ਨਹੀਂ ਤਾਂ ਰਿਸ਼ਭ ਪੰਤ ਵੀ ਇਸ ਵੇਲੇ ਪਸੰਦੀਦਾ ਵਿਕਟ-ਕੀਪਰ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98141-32420


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਜਾਵੇ

ਖੇਡ ਪ੍ਰਤੀ ਕਿਸੇ ਖਿਡਾਰੀ ਦੀ ਵਚਨਬੱਧਤਾ ਉਸ ਦੇ ਖੇਡ ਕੈਰੀਅਰ ਦੀ ਸ਼ੁਰੂਆਤ ਨਾਲ ਹੀ ਆਪਣੀ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਦੇਸ਼ ਦੇ ਸਫ਼ਲ ਪੇਸ਼ਾਵਰ ਖਿਡਾਰੀਆਂ ਦਾ ਖੇਡ ਕਰੀਅਰ ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜਦੋਂ ਉਹ ਬਹੁਤ ਛੋਟੀ ਉਮਰ 'ਚ ਹੀ ਹੁੰਦੇ ਹਨ। ਅਕਸਰ ਕੋਈ ਪਰਿਵਾਰਕ ਮੈਂਬਰ ਆਪਣੇ ਮਾਤਾ-ਪਿਤਾ, ਕੋਈ ਅਧਿਆਪਕ ਜਾਂ ਕੋਈ ਕੋਚ ਉਸ ਨਿੱਕ ਉਮਰੇ ਖਿਡਾਰੀ ਨੂੰ ਪ੍ਰਭਾਵਿਤ ਕਰਦਾ ਹੈ, ਪ੍ਰੇਰਿਤ ਕਰਦਾ ਹੈ, ਉਸ ਦਾ ਮਾਰਗ-ਦਰਸ਼ਨ ਕਰਦਾ ਹੈ, ਹਾਲਾਂਕਿ ਉਸ ਉਮਰ ਵਿਚ ਉਸ ਬਾਲ ਖਿਡਾਰੀ ਨੂੰ ਉਸ ਖੇਡ ਦੇ ਭਵਿੱਖ ਅਤੇ ਸੰਸਾਰ ਬਾਰੇ ਬਹੁਤਾ ਪਤਾ ਵੀ ਨਹੀਂ ਹੁੰਦਾ। ਭਾਵੇਂ ਬਾਅਦ 'ਚ ਉਹੀ ਸੰਸਾਰ ਪ੍ਰਸਿੱਧ ਬਣ ਜਾਂਦੈ। ਖਿਡਾਰੀ ਨੂੰ ਛੋਟੀ ਉਮਰੇ ਖੇਡ ਪ੍ਰਤੀ ਵਚਨਬੱਧਤਾ ਦਾ ਪਾਠ ਪੜ੍ਹਾਇਆ ਜਾਂਦਾ, ਅਨੁਸ਼ਾਸਨਬੱਧ ਵੀ ਬਣਾਇਆ ਜਾਂਦਾ ਹੈ, ਹੌਲੀ-ਹੌਲੀ ਉਸ ਖਿਡਾਰੀ ਨੂੰ ਇਸ ਸਭ ਕਾਸੇ ਦਾ ਅਹਿਸਾਸ ਵੀ ਹੋਣ ਲੱਗ ਜਾਂਦਾ ਹੈ ਅਤੇ ਉਹ ਇਸ ਦਾ ਆਦੀ ਬਣ ਜਾਂਦਾ ਹੈ। ਅਸੀਂ ਦੇਖਿਆ ਹੈ ਕਿ ਖੇਡ ਪ੍ਰਤੀ ਵੱਡੀ ਉਮਰੇ ਇਹੀ ਵਚਨਬੱਧਤਾ ਹੀ ਖਿਡਾਰੀ ਨੂੰ ਬੁਲੰਦੀਆਂ 'ਤੇ ਲੈ ਜਾਂਦੀ ਹੈ। ਸਾਨੂੰ ਬਹੁਤ ਸਾਰੇ ਮਾਤਾ-ਪਿਤਾ ਅਕਸਰ ਆਪਣੇ 3 ਜਾਂ 4 ਸਾਲ ਦੇ ਬੱਚੇ ਨੂੰ ਵੱਡਾ ਹੋ ਕੇ ਖਿਡਾਰੀ ਬਣਾਉਣ ਬਾਰੇ ਕਈ ਯੋਗ ਮਸ਼ਵਰੇ ਪੁੱਛਦੇ ਰਹਿੰਦੇ ਹਨ। ਅਸੀਂ ਸਿਰਫ ਇਹੀ ਜਵਾਬ ਦਿੰਦੇ ਹਾਂ ਕਿ ਵੱਡਾ ਹੋ ਕੇ ਖਿਡਾਰੀ ਸਫ਼ਲ ਉਹ ਹੀ ਬਣਦੈ, ਜਿਸ ਨੂੰ ਬਹੁਤ ਨਿੱਕੀ ਉਮਰੇ ਆਪਣੇ ਤਰੀਕੇ ਨਾਲ ਖੇਡ ਪ੍ਰਤੀ ਪੂਰੀ ਦਿਲੋਂ ਸਮਰਪਿਤ ਹੋਣ ਲਈ ਉਸ ਦੀ ਉਂਗਲੀ ਫੜ ਕੇ ਮੈਦਾਨ ਵੱਲ ਤੋਰਿਆ ਜਾਂਦਾ ਹੈ। ਜਿਵੇਂ ਪੜ੍ਹਾਈ ਪ੍ਰਤੀ ਸੰਜੀਦਗੀ ਅਤੇ ਵਚਨਬੱਧਤਾ ਸਿਖਾਉਣ ਲਈ ਛੋਟੀ ਉਮਰੇ ਵਿਦਿਆਰਥੀ ਨੂੰ ਬਸਤਾ ਫੜਾ ਕੇ ਸਕੂਲ ਵੱਲ ਤੋਰਿਆ ਜਾਂਦਾ ਹੈ, ਵਿਦਿਆਰਥੀ ਨੂੰ ਉਦੋਂ ਪਤਾ ਨਹੀਂ ਹੁੰਦਾ ਕਿ ਉਸ ਦੀ ਪੜ੍ਹਾਈ ਦਾ ਸੰਸਾਰ ਕੀ ਹੈ? ਭਵਿੱਖ ਕੀ ਹੈ? ਅਤੇ ਵੱਡਾ ਹੋ ਕੇ ਉਸ ਨੇ ਕੀ ਬਣਨਾ ਹੈ? ਵੱਡਾ ਹੋ ਕੇ ਉਹ ਖੁਦ ਆਪਣੀ ਪੜ੍ਹਾਈ ਪ੍ਰਤੀ ਆਪਣੇ ਨਿਸ਼ਾਨੇ ਪ੍ਰਤੀ ਸਮਰਪਿਤ ਹੋ ਜਾਂਦਾ ਹੈ। ਅਸੀਂ ਸਮਝਦੇ ਹਾਂ ਕਿ ਇਸ ਪੱਖੋਂ ਪੜ੍ਹਾਈ ਅਤੇ ਖੇਡਾਂ ਦਾ ਖੇਤਰ ਲਗਪਗ ਇਕੋ ਜਿਹਾ ਹੀ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸੇ ਖਿਡਾਰੀ ਨੂੰ ਆਪਣੀ ਖੇਡ ਪ੍ਰਤੀ ਸਮਰਪਿਤ ਕਰਨ ਲਈ ਕੀ ਕੀਤਾ ਜਾਵੇ? ਬਾਲ ਖਿਡਾਰੀ ਦੀ ਰਹਿਨੁਮਾਈ ਕਰਨ ਵਾਲੇ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਉਸ ਨੂੰ ਠੀਕ ਖੇਡ ਚੁਣ ਕੇ ਦਿੱਤੀ ਜਾਵੇ, ਬਚਪਨ 'ਚ ਬਾਲ ਖਿਡਾਰੀ ਦੀ ਰੁਚੀ, ਸ਼ੌਕ, ਜੁੱਸਾ ਭਾਂਪ ਕੇ। ਇਹੀ ਉਹ ਉਮਰ ਹੁੰਦੀ ਹੈ, ਜਿਸ ਵਿਚ ਖਿਡਾਰੀ ਦੇ ਮਾਰਗ-ਦਰਸ਼ਕ ਨੂੰ ਆਪਣੇ ਚੇਲੇ ਪ੍ਰਤੀ ਆਪਣੇ ਕਿਸੇ ਅਜ਼ੀਜ਼ ਪ੍ਰਤੀ ਠੀਕ ਫ਼ੈਸਲਾ ਕਰਨ ਦੀ ਲੋੜ ਹੁੰਦੀ ਹੈ। ਜੋ ਵੀ ਖੇਡ ਚੁਣੀ ਜਾਂਦੀ ਹੈ, ਉਸ ਦੀਆਂ ਬੁਨਿਆਦੀ ਜ਼ਰੂਰਤਾਂ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਸਰੀਰਕ ਸਮਰੱਥਾ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਇਸ ਦੇ ਨਾਲ ਹੀ ਬਾਲ ਉਮਰ ਵਿਚ ਖਿਡਾਰੀ ਦੀ ਖੇਡ ਲਈ ਅਭਿਆਸ ਕਰਾਉਣ ਦੀ ਜ਼ਰੂਰਤ ਸ਼ੁਰੂ ਹੁੰਦੀ ਹੈ। ਇਥੋਂ ਹੀ ਖੇਡ ਪ੍ਰਤੀ ਸਮਰਪਿਤ ਭਾਵਨਾ ਉਸ ਬਾਲ ਖਿਡਾਰੀ 'ਚ ਕੁੱਟ-ਕੁੱਟ ਕੇ ਭਰਨ ਦੀ ਜ਼ਰੂਰਤ ਹੈ। ਖਿਡਾਰੀ ਦੇ ਅੰਦਰ ਪੈਦਾ ਹੋਏ ਇਸ ਜਜ਼ਬੇ ਨੇ ਹੀ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ 'ਤੇ ਰੰਗ ਲਿਆਉਣਾ ਹੈ।
ਸਾਨੂੰ ਅਫਸੋਸ ਉਦੋਂ ਹੁੰਦਾ ਹੈ ਜਦੋਂ ਬਾਲ ਉਮਰ ਵਿਚ ਯੋਗ ਰਹਿਨੁਮਾਈ ਨਾ ਹੋਣ ਕਰਕੇ ਖਿਡਾਰੀ ਦੇ ਮਾਰਗ ਦਰਸ਼ਕ ਉਸ ਲਈ ਕਦੇ ਕੋਈ ਖੇਡ ਚੁਣਦੇ ਹਨ ਅਤੇ ਕਦੇ ਕੋਈ। ਅਕਸਰ ਬਾਲ ਖਿਡਾਰੀ ਦੇ ਮਾਂ-ਬਾਪ ਵੀ ਇਸ ਪੱਖੋਂ ਦੋਚਿੱਤੀ 'ਚ ਪਏ ਦੇਖੇ ਜਾਂਦੇ ਹਨ, ਜਿਸ ਨਾਲ ਭਵਿੱਖ ਵਿਚ ਕੋਈ ਪ੍ਰਵਾਨ ਚੜ੍ਹਨ ਵਾਲਾ ਖੇਡ ਕਰੀਅਰ ਵੀ ਕਈ ਸਾਲ ਡਗਮਗਾਉਂਦਾ ਹੀ ਰਹਿੰਦਾ ਹੈ। ਡੂੰਘੀ ਸੋਚ-ਵਿਚਾਰ ਤੋਂ ਬਾਅਦ ਕਿਸੇ ਇਕ ਖੇਡ ਪ੍ਰਤੀ ਬਚਪਨ ਦੇ ਮੁਢਲੇ ਦਿਨਾਂ ਤੋਂ ਹੀ ਸਮਰਪਿਤ ਹੋਣ ਦੀ ਲੋੜ ਹੈ। ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਪੱਧਰ 'ਤੇ ਖੇਡ ਪ੍ਰਤੀ ਵਚਨਬੱਧਤਾ ਇਕ ਨਵਾਂ ਰੂਪ ਅਖ਼ਤਿਆਰ ਕਰ ਲੈਂਦੀ ਹੈ। ਉਹ ਹੈ ਪ੍ਰਾਂਤਕ ਪੱਧਰ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਖੇਡ 'ਚ ਚਮਕਣ ਲਈ ਕਠਿਨ ਮਿਹਨਤ ਅਤੇ ਜੁਝਾਰੂ ਜਜ਼ਬੇ ਦੀ ਲੋੜ, ਜੋ ਆਪਣੀ ਖੇਡ ਪ੍ਰਤੀ ਸੱਚੀ ਅਤੇ ਪੱਕੀ ਵਚਨਬੱਧਤਾ ਤੋਂ ਬਿਨਾਂ ਸੰਭਵ ਨਹੀਂ। ਖਿਡਾਰੀ ਦਾ ਪੂਰਾ ਜੀਵਨ ਇਕ ਬਹੁਤ ਵੱਡੇ ਤਿਆਗ ਅਤੇ ਤਪੱਸਿਆ ਦੀ ਮੂੰਹ ਬੋਲਦੀ ਤਸਵੀਰ ਹੁੰਦੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਬਾਲ ਉਮਰ ਤੋਂ ਸੱਚੇ ਮਨੋਂ ਖੇਡ ਪ੍ਰਤੀ ਸਮਰਪਿਤ ਖਿਡਾਰੀ ਸੀਨੀਅਰ ਪੱਧਰ ਤੱਕ ਬਹੁਤ ਵੱਡਾ ਨਾਮਣਾ ਖੱਟ ਜਾਂਦੇ ਹਨ। ਖੇਡਾਂ ਦੀ ਦੁਨੀਆ 'ਚ ਅੱਜ ਸਖ਼ਤ ਮੁਕਾਬਲਾ ਹੈ। ਵਧੇਰੇ ਜਾਗਰੂਕਤਾ ਵੀ ਆ ਗਈ ਹੈ। ਇਸ ਲਈ ਇਸ ਮੁਕਾਬਲੇ ਭਰੇ ਖੇਡ ਜਗਤ ਵਿਚ ਕਿਸੇ ਵੱਡੇ ਮੁਕਾਮ 'ਤੇ ਪਹੁੰਚਣਾ ਔਖਾ ਹੈ। ਬਚਪਨ ਤੋਂ ਖਿਡਾਰੀ ਅੰਦਰ ਆਪਣੀ ਖੇਡ ਪ੍ਰਤੀ ਪੈਦਾ ਹੋਈ ਵਚਨਬੱਧਤਾ ਦੀ ਚਿਣਗ ਨੂੰ ਖੇਡ ਕਰੀਅਰ ਚੁਆਤੀ ਲਾਉਣ ਦੀ ਲੋੜ ਰਹਿੰਦੀ ਹੈ। ਇਸ ਲਈ ਉਸ ਨੂੰ ਵੈਟਰਨ ਖਿਡਾਰੀਆਂ ਦੀਆਂ ਸੰਘਰਸ਼ਮਈ ਜੀਵਨੀਆਂ ਤੋਂ ਪ੍ਰੇਰਿਤ ਕਰਨ ਦੀ ਲੋੜ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਵੀਲ੍ਹਚੇਅਰ ਖਿਡਾਰੀ ਹੀ ਨਹੀਂ ਮਾਡਲਿੰਗ ਵੀ ਕਰਦਾ ਹੈ : ਨਿਤਨ ਗੁਪਤਾ ਮੇਰਠ

'ਹਾਸ਼ਮ ਸ਼ਾਹ ਫ਼ਤਹਿ ਨਸੀਬ ਤਿਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ', ਜੀ ਹਾਂ, ਉੱਤਰ ਪਦੇਸ਼ ਦੇ ਵੱਡੇ ਸ਼ਹਿਰ ਮੇਰਠ ਵਿਚ ਪਿਤਾ ਸੁਭਾਸ਼ ਗੁਪਤਾ ਦੇ ਘਰ ਪੈਦਾ ਹੋਇਆ ਨਿਤਨ ਗੁਪਤਾ ਹਿੰਮਤ ਅਤੇ ਦਲੇਰੀ ਦੀ ਵੱਡੀ ਮਿਸਾਲ ਹੈ, ਜਿਹੜਾ ਵੀਲ੍ਹਚੇਅਰ ਖਿਡਾਰੀ ਹੀ ਨਹੀਂ, ਸਗੋਂ ਇਕ ਚੰਗਾ ਬੁਲਾਰਾ ਅਤੇ ਹੋਰਨਾਂ ਨੂੰ ਉਤਸ਼ਾਹਤ ਕਰਨ ਵਾਲਾ ਸਪੋਕਸਮੈਨ ਵੀ ਹੈ ਅਤੇ ਉਹ ਵੀਲ੍ਹਚੇਅਰ ਉੱਪਰ ਮਾਡਲਿੰਗ ਕਰਨ ਦੇ ਨਾਲ-ਨਾਲ ਵੀਲ੍ਹਚੇਅਰ 'ਤੇ ਬਾਸਕਟਬਾਲ ਅਤੇ ਕ੍ਰਿਕਟ ਵੀ ਖੇਡਦਾ ਹੈ। ਸਾਲ 2009 ਵਿਚ ਹੋਏ ਇਕ ਸੜਕ ਹਾਦਸੇ ਵਿਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਇਸ ਸੜਕੀ ਹਾਦਸੇ ਨੇ ਉਸ ਨੂੰ ਅਜਿਹਾ ਜ਼ਖ਼ਮ ਦਿੱਤਾ ਕਿ ਉਸ ਦੇ ਸਰੀਰ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਾਣੀ ਕਿ ਰੀੜ੍ਹ ਦੀ ਹੱਡੀ ਵਿਚ ਸੱਟ ਨਾਲ ਹਮੇਸ਼ਾ ਲਈ ਪੀੜਤ ਹੋ ਗਿਆ ਅਤੇ ਸਾਰੀ ਜ਼ਿੰਦਗੀ ਆਪਣਾ ਜੀਵਨ ਵੀਲ੍ਹਚੇਅਰ 'ਤੇ ਬੈਠ ਕੱਟਣ ਲਈ ਮਜਬੂਰ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਉਹ ਦੂਸਰਿਆਂ ਲਈ ਮਿਸਾਲ ਬਣਿਆ ਹੈ।
ਹਾਦਸਾ ਹੋਣ ਤੋਂ ਪਹਿਲਾਂ ਉਹ ਐਮ. ਸੀ. ਏ. ਦੀ ਡਿਗਰੀ ਕਰ ਰਿਹਾ ਸੀ ਪਰ ਹਾਦਸਾ ਹੋ ਜਾਣ ਤੋਂ ਬਾਅਦ ਉਸ ਦਾ ਜੀਵਨ ਬਿਲਕੁਲ ਬਦਲ ਗਿਆ ਅਤੇ ਉਹ ਇਕ ਡੂੰਘੇ ਸਦਮੇ ਵਿਚ ਚਲਾ ਗਿਆ ਪਰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤ-ਮਿੱਤਰਾਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਨਿਤਨ ਗੁਪਤਾ ਨੇ ਆਪਣੇ-ਆਪ ਨੂੰ ਸੰਭਾਲਿਆ ਅਤੇ ਆਖਿਆ, 'ਜ਼ਿੰਦਗੀ ਇਸੀ ਕਾ ਨਾਮ ਹੈ।' ਨਿਤਨ ਗੁਪਤਾ ਨੇ ਆਪਣੀ ਅਪਾਹਜਤਾ ਨੂੰ ਆਪਣੀ ਤਾਕਤ ਬਣਾ ਲਿਆ ਅਤੇ ਉਹ ਕੈਸ ਰੀਹੈਬਲੀਟੇਸ਼ਨ ਵਿਚ ਜਾਣ ਲੱਗਾ, ਜਿੱਥੇ ਉਸ ਵਰਗੇ ਹੋਰ ਵੀ ਅਪਾਹਜ ਸੀ ਅਤੇ ਰੀਹੈਬਲੀਟੇਸ਼ਨ ਨੇ ਉਸ ਨੂੰ ਹੋਰ ਹੌਸਲਾ ਦਿੱਤਾ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਵੀਲ੍ਹਚੇਅਰ 'ਤੇ ਹੀ ਇਸ ਰੰਗਲੇ ਸੰਸਾਰ ਵਿਚ ਉਡਾਰੀਆਂ ਮਾਰਨ ਲੱਗਾ। ਜ਼ਿੰਦਗੀ ਪਹਿਲਾਂ ਵਾਂਗ ਫਿਰ ਪਟੜੀ 'ਤੇ ਆ ਗਈ ਅਤੇ ਉਹ ਖੇਡਾਂ ਦੇ ਖੇਤਰ ਵਿਚ ਆ ਗਿਆ ਅਤੇ ਪਹਿਲੀ ਵਾਰ ਹੀ ਉਸ ਨੇ ਉੱਤਰਾਖੰਡ ਵਿਚ ਖੇਡਦਿਆਂ ਸਿਲਵਰ ਤਗਮਾ ਜਿੱਤਿਆ ਅਤੇ ਅੱਜ ਉਹ ਵੀਲ੍ਹਚੇਅਰ 'ਤੇ ਖੇਡਣ ਵਾਲਾ ਬਾਸਕਟਬਾਲ ਖਿਡਾਰੀ ਹੀ ਨਹੀਂ, ਸਗੋਂ ਕ੍ਰਿਕਟ ਵੀ ਖੇਡਦਾ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਉਸ ਨੂੰ 'ਦਿੱਲੀ ਰਤਨ ਗੌਡ ਗਿਫਟਿਡ ਐਵਾਰਡ', 'ਸੁਭਾਸ਼ ਚੰਦਰ ਨੈਸ਼ਨਲ ਐਵਾਰਡ', 'ਦਿਵਿਆਂਗ ਰਤਨ ਐਵਾਰਡ' ਨਾਲ ਸਨਮਾਨਿਆ ਜਾ ਚੁੱਕਾ ਹੈ ਅਤੇ ਉਹ ਇਕ ਵੀਲ੍ਹਚੇਅਰ ਸੁਪਰ ਮਾਡਲ ਹੋਣ ਦੇ ਨਾਲ-ਨਾਲ ਸਟੇਜਾਂ 'ਤੇ ਜਾ ਕੇ ਆਪਣੇ ਵਰਗੇ ਦੂਸਰੇ ਲੋਕਾਂ ਨੂੰ ਵੀ ਉਤਸ਼ਾਹਤ ਕਰਦਾ ਹੈ।


-ਪਿੰਡ ਬੁੱਕਣ ਵਾਲਾ, ਮੋਗਾ। ਮੋਬਾ: 98551-14484

ਅਥਲੈਟਿਕਸ ਟੂਰਨਾਮੈਂਟਾਂ ਦੀ ਪਿੰਡਾਂ ਵਿਚ ਸ਼ੁਰੂਆਤ ਜ਼ਰੂਰੀ

ਅਸੀਂ ਅਕਸਰ ਆਪਣੇ ਆਲੇ-ਦੁਆਲੇ ਤਕਰੀਬਨ ਪੰਜਾਬ ਦੇ ਹਰੇਕ ਪਿੰਡ ਵਿਚ ਵੇਖਦੇ ਹਾਂ ਕਿ ਕਬੱਡੀ ਅਤੇ ਕ੍ਰਿਕਟ ਦੇ ਟੂਰਨਾਮੈਂਟ ਵੱਡੀ ਪੱਧਰ 'ਤੇ ਹੁੰਦੇ ਹਨ, ਜਿਸ ਵਿਚ ਲੱਖਾਂ ਦੇ ਇਨਾਮ ਦਿੱਤੇ ਜਾਂਦੇ ਹਨ। ਕ੍ਰਿਕਟ ਵਿਚ ਵੀ ਹਜ਼ਾਰਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਖੇਡਾਂ ਦਾ ਸਾਡੇ ਦੇਸ਼ ਨੂੰ, ਸਾਡੇ ਪੰਜਾਬ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਹੁਤਾ ਲਾਭ ਨਹੀਂ ਹੋ ਰਿਹਾ। ਕਿੰਨੇ ਕੁ ਕ੍ਰਿਕਟ ਖਿਡਾਰੀ ਹਨ, ਜੋ ਪੰਜਾਬ ਦੇ ਕਿਸੇ ਪਿੰਡ ਤੋਂ ਉੱਠ ਕੇ ਅੰਤਰਰਾਸ਼ਟਰੀ ਟੀਮ ਵਿਚ ਚੁਣੇ ਗਏ? ਕਬੱਡੀ ਪੰਜਾਬ ਸਟਾਈਲ ਦਾ ਅੰਤਰਰਾਸ਼ਟਰੀ ਪੱਧਰ 'ਤੇ ਕੋਈ ਵਜੂਦ ਨਹੀਂ, ਫਿਲਹਾਲ ਪੰਜਾਬ ਦੇ ਹੀ ਜ਼ਿਆਦਾਤਰ ਖਿਡਾਰੀ ਬਾਹਰਲੀਆਂ ਟੀਮਾਂ ਵਿਚ ਖੇਡਦੇ ਹਨ। ਹੁਣ ਗੱਲ ਕਰਦੇ ਹਾਂ ਜੋ ਖੇਡਾਂ ਉਲੰਪਿਕ ਵਿਚ ਦੁਨੀਆ ਭਰ ਵਿਚ ਮਸ਼ਹੂਰ ਹਨ, ਜਿਵੇਂ ਕਿ ਅਥਲੈਟਿਕਸ ਦੌੜਾਂ, ਲੰਬੀ ਛਾਲ, ਉੱਚੀ ਛਾਲ, ਹਰਡਲ ਦੌੜ ਆਦਿ ਖੇਡਾਂ ਅਥਲੈਟਿਕਸ ਦਾ ਹਿੱਸਾ ਹਨ। ਛੋਟਾ ਜਿਹਾ ਦੇਸ਼ ਹੈ ਜਮੈਕਾ, ਜਿਸ ਦਾ ਇਕ ਖਿਡਾਰੀ ਉਸੈਨ ਬੋਲਟ ਹੈ, ਜਿਸ ਦੀ ਤੂਤੀ ਪੂਰੇ ਵਿਸ਼ਵ ਵਿਚ ਬੋਲਦੀ ਹੈ। ਜੋ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਹੈ। ਅਜਿਹੀਆਂ ਖੇਡਾਂ ਸਾਡੇ ਪੰਜਾਬ ਦੇ ਪਿੰੰਡਾਂ ਵਿਚ ਬਹੁਤ ਹੀ ਘੱਟ ਪਿੰਡ ਹਨ, ਜੋ ਕਰਵਾਉਂਦੇ ਹਨ। ਇਕ ਮਸਤੂਆਣਾ ਸਾਹਿਬ, ਇਕ ਕਿਲ੍ਹਾ ਰਾਇਪੁਰ, ਇਸ ਤੋਂ ਇਲਾਵਾ ਬਸ ਗਿਣਤੀ ਕੁ ਦੇ ਪਿੰਡ ਹੋਣਗੇ, ਜੋ ਅਥਲੈਟਿਕਸ ਦੇ ਟੂਰਨਾਮੈਂਟ ਕਰਵਾਉਂਦੇ ਹਨ।
ਸਾਡੇ ਦੇਸ਼ ਦੇ ਖਿਡਾਰੀ ਉਲੰਪਿਕ ਵਿਚ ਅਥਲੈਟਿਕਸ ਵਿਚੋਂ ਹਮੇਸ਼ਾ ਖਾਲੀ ਹੱਥ ਵਾਪਸ ਆਉਂਦੇ ਹਨ। ਕਿਉਂ ਨਾ ਐਨ.ਆਰ.ਆਈ. ਵੀਰ ਤੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਮਿਲ ਕੇ ਅਜਿਹੇ ਅਥਲੈਟਿਕਸ ਟੂਰਨਾਮੈਂਟਾਂ ਦਾ ਪ੍ਰਬੰਧ ਕਰਨ, ਜਿਸ ਨਾਲ ਸਾਡੇ ਦੇਸ਼ ਭਾਰਤ ਲਈ ਤਗਮੇ ਜਿੱਤਣ ਵਾਲੇ ਪੰਜਾਬ ਦੇ ਪਿੰਡਾਂ ਵਿਚੋਂ ਨਿਕਲਣ ਅਤੇ ਪੰਜਾਬ ਤੇ ਭਾਰਤ ਦਾ ਨਾਂਅ ਪੂਰੀ ਦੁਨੀਆ ਵਿਚ ਚਮਕਾਉਣ। ਜਿਵੇਂ ਉਸੈਨ ਬੋਲਟ ਨੇ ਛੋਟੇ ਜਿਹੇ ਦੇਸ਼ ਜਮੈਕਾ ਦੀ ਦੁਨੀਆ ਵਿਚ ਚਰਚਾ ਕਰਵਾਈ ਹੈ। ਇਸੇ ਤਰ੍ਹਾਂ ਜੇਕਰ ਸਾਡੇ ਪੰਜਾਬ ਦੇ ਐਨ. ਆਰ. ਆਈ. ਵੀਰ, ਸਰਕਾਰ ਅਤੇ ਪੰਚਾਇਤਾਂ ਮਿਲ ਕੇ ਅਥਲੈਟਿਕਸ ਟੂਰਨਾਮੈਂਟਾਂ ਦਾ ਅਯੋਜਨ ਕਰਨ ਤਾਂ ਬਹੁਤ ਸਾਰੇ ਖਿਡਾਰੀ ਅਜਿਹੇ ਪਿੰਡਾਂ ਵਿਚੋ ਮਿਲ ਜਾਣਗੇ, ਜੋ ਕਈ ਸਾਲਾਂ ਦਾ ਮੈਡਲਾਂ ਦਾ ਸੋਕਾ ਉਲੰਪਿਕ ਵਿਚ ਖਤਮ ਕਰ ਦੇਣਗੇ। ਬਸ ਲੋੜ ਹੈ ਕਬੱਡੀ ਅਤੇ ਕ੍ਰਿਕਟ ਤੋਂ ਥੋੜ੍ਹਾ ਧਿਆਨ ਹਟਾ ਕੇ ਅਥਲੈਟਿਕਸ ਟੂਰਨਾਮੈਂਟਾਂ ਦਾ ਪ੍ਰਬੰਧ ਕਰਨ ਦੀ। ਅਜਿਹੇ ਟੂਰਨਾਮੈਂਟਾਂ ਨਾਲ ਹੀ ਖੇਡਾਂ ਦੀ ਦੁਨੀਆ ਵਿਚ ਸਾਡੇ ਪੰਜਾਬ ਦੀ ਪਹਿਚਾਣ ਬਣ ਸਕੇਗੀ। ਸੋ, ਮੇਰੀ ਸਾਡੇ ਪਿੰਡਾਂ ਦੀਆਂ ਪੰਚਾਇਤਾਂ, ਐਨ.ਆਰ.ਆਈ. ਵੀਰਾਂ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਅਥਲੈਟਿਕਸ ਟੂਰਨਾਮੈਂਟਾਂ ਦੀ ਪਿੰਡਾਂ ਵਿਚ ਸ਼ੁਰੂਆਤ ਕੀਤੀ ਜਾਵੇ। ਲੱਖਾਂ ਰੁਪਏ ਨਾਲ ਬਹੁਤ ਚੋਟੀ ਦੇ ਅਥਲੈਟਿਕਸ ਖਿਡਾਰੀ ਅਸੀਂ ਪੰਜਾਬ ਦੇ ਪਿੰਡਾਂ ਵਿਚੋਂ ਹੀ ਪੈਦਾ ਕਰਕੇ ਖੇਡਾਂ ਦੀ ਦੁਨੀਆਂ ਵਿਚ ਛਾਅ ਸਕਦੇ ਹਾਂ।


-ਪਿੰਡ ਬੜੈਚ, ਡਾਕ: ਦਾਖਾ, ਜ਼ਿਲ੍ਹਾ ਲੁਧਿਆਣਾ-141102.
ਮੋਬਾ: 99144-88265

ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈਂਡਬਾਲ ਖਿਡਾਰੀ ਸ਼ਮੀਰ ਮੁਹੰਮਦ

ਪਟਿਆਲਾ ਜ਼ਿਲ੍ਹੇ ਦਾ ਸਭ ਤੋਂ ਪਛੜਿਆ ਇਲਾਕਾ ਦੇਵੀਗੜ੍ਹ ਭਾਵੇਂ ਕਿ ਵਿਕਾਸ ਕਾਰਜਾਂ ਪੱਖੋਂ ਅਜੇ ਵੀ ਵਿਹੂਣਾ ਹੈ ਪਰ ਫਿਰ ਵੀ ਇਸ ਇਲਾਕੇ ਦੇ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰਨ ਲਈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਸਕੂਲ ਦੇ ਵਿਦਿਆਰਥੀਆਂ ਨੇ ਕੌਮੀ ਅਤੇ ਰਾਜ ਪੱਧਰੀ ਖੇਡਾਂ ਵਿਚੋਂ ਚੰਗਾ ਨਾਮਣਾ ਖੱਟਿਆ ਹੈ। ਇਸੇ ਤਰ੍ਹਾਂ ਸਕੂਲ ਦਾ ਵਿਦਿਆਰਥੀ ਸ਼ਮੀਰ ਮੁਹੰਮਦ ਜਿਸ ਦਾ ਜਨਮ ਪਿਤਾ ਸਲੀਮ ਮੁਹੰਮਦ ਦੇ ਗ੍ਰਹਿ ਮਾਤਾ ਆਸ਼ੂ ਦੀ ਕੁੱਖੋਂ ਕਸਬਾ ਭੁਨਰਹੇੜੀ, ਜ਼ਿਲ੍ਹਾ ਪਟਿਆਲਾ ਵਿਖੇ 24 ਫਰਵਰੀ, 2003 ਨੂੰ ਹੋਇਆ। ਉਸ ਨੇ 6ਵੀਂ ਜਮਾਤ ਵਿਚ ਹੀ ਹੈਂਡਬਾਲ ਖੇਡ ਪਸੰਦ ਕੀਤੀ ਤੇ ਹੈਂਡਬਾਲ ਖੇਡ ਦੀ ਤਿਆਰੀ ਆਰੰਭ ਦਿੱਤੀ। ਖਿਡਾਰੀ ਸ਼ਮੀਰ ਮੁਹੰਮਦ ਨੇ ਹੈਂਡਬਾਲ ਵਿਚ ਪੰਜਾਬ ਰਾਜ ਸਕੂਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ। ਇਸੇ ਖਿਡਾਰੀ ਨੇ ਪਹਿਲਾਂ ਨੈਸ਼ਨਲ ਖੇਡਾਂ ਵਿਚ ਤੀਜਾ ਸਥਾਨ ਹਾਸਲ ਕੀਤਾ ਅਤੇ ਸੰਗਰੂਰ ਵਿਖੇ ਸਬ-ਜੂਨੀਅਰ, ਨੈਸ਼ਨਲ ਖੇਡਾਂ ਹਿਸਾਬ ਵਿਚ ਹੋਈਆਂ, ਜਿਨ੍ਹਾਂ ਵਿਚ ਇਸ ਖਿਡਾਰੀ ਨੇ ਪੰਜਾਬ ਟੀਮ ਦੀ ਪ੍ਰਤੀਨਿਧਤਾ ਕੀਤੀ। ਇਸ ਤੋਂ ਇਲਾਵਾ ਇਹ ਖਿਡਾਰੀ 14 ਸਾਲ ਤੋਂ ਘੱਟ ਉਮਰ ਵਰਗ ਦੇ ਮੁਕਾਬਲੇ, ਜੋ ਕਿ ਕੌਮੀ ਪੱਧਰ 'ਤੇ ਛੱਤੀਸਗੜ੍ਹ ਵਿਖੇ ਹੋਏ, ਉਸ ਵਿਚ ਵੀ ਇਸ ਖਿਡਾਰੀ ਨੇ ਆਪਣੀ ਖੇਡ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਖਿਡਾਰੀ ਨੇ ਚਾਂਦੀ ਦਾ ਤਗਮਾ ਜਿੱਤ ਕੇ ਆਪਣਾ ਤੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕਰ ਦਿੱਤਾ, ਜਿਸ ਦਾ ਸਿਹਰਾ ਮਾਤਾ ਗੁਜਰੀ ਸਕੂਲ ਵਿਚ ਹੈਂਡਬਾਲ ਖੇਡ ਦੇ ਮਾਹਿਰ ਕੋਚ ਨੂੰ ਜਾਂਦਾ, ਜਿਸ ਦੀ ਸਖ਼ਤ ਮਿਹਨਤ ਸਦਕਾ ਪਹਿਲਾਂ ਵੀ ਕਈ ਨਾਮਵਰ ਖਿਡਾਰੀ ਉੱਭਰ ਕੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਕੁਝ ਖਿਡਾਰੀ ਖੇਡਾਂ ਕਾਰਨ ਸਰਕਾਰੀ ਨੌਕਰੀਆਂ 'ਤੇ ਤਾਇਨਾਤ ਹਨ।


-ਦੇਵੀਗੜ੍ਹ। ਮੋਬਾ: 98551-16609

ਆਈ.ਪੀ.ਐਲ. ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਲਈ ਖੜ੍ਹਾ ਕੀਤਾ ਨਵਾਂ ਸੰਕਟ

ਕ੍ਰਿਕਟ ਜਗਤ ਦੀ ਸਭ ਤੋਂ ਵੱਡੀ ਤੇ ਚਰਚਿਤ ਇੰਡੀਅਨ ਕ੍ਰਿਕਟ ਲੀਗ ਅੱਜਕਲ੍ਹ ਸਿਖਰਾਂ ਨੂੰ ਛੂਹ ਰਹੀ ਹੈ। ਦਰਸ਼ਕਾਂ ਦੇ ਬੇਮਿਸਾਲ ਇਕੱਠ, ਕਾਂਟੇਦਾਰ ਮੈਚ ਅਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਖੇਡ ਜਗਤ ਦਾ ਇਹ ਖੇਡ ਉਤਸਵ ਹਰ ਪੱਖੋਂ ਸਫ਼ਲ ਜਾਪ ਰਿਹਾ ਹੈ। ਪਰ ਲੀਗ ਦੌਰਾਨ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਅਗਾਮੀ ਵਿਸ਼ਵ ਕੱਪ ਲਈ ਚੁਣੀ ਜਾਣ ਵਾਲੀ ਭਾਰਤੀ ਟੀਮ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਬਿਪਤਾ 'ਚ ਪਾ ਦਿੱਤਾ ਹੈ। ਇਸ ਸੰਕਟ ਦਾ ਕਾਰਨ ਵਿਸ਼ਵ ਕੱਪ ਟੀਮ ਲਈ ਪੁਰਾਣੇ ਦਾਅਵੇਦਾਰਾਂ ਨੂੰ ਕੁਝ ਉੱਭਰਦੇ ਖਿਡਾਰੀਆਂ ਵਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਬਣੀਆਂ ਹਨ।
ਕਪਤਾਨ ਦੇ ਤਾਜ ਨੂੰ ਖ਼ਤਰਾ : ਹੁਣ ਤੱਕ ਹੋਏ ਆਈ.ਪੀ.ਐਲ.-11 ਦੇ ਮੈਚਾਂ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਰਾਇਲ ਚੈਲੇਂਜ਼ਰਜ਼ ਬੰਗਲੌਰ ਲਗਾਤਾਰ ਅੱਧੀ ਦਰਜਨ ਮੈਚ ਹਾਰ ਚੁੱਕੀ ਹੈ ਅਤੇ ਉਸ ਨੂੰ ਫ਼ਤਹਿ ਨਸੀਬ ਨਹੀਂ ਹੋਈ ਹੈ। ਇਨ੍ਹਾਂ ਹਾਰਾਂ ਨਾਲ ਜਿੱਥੇ ਇਸ ਟੀਮ ਦੇ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਉਂਗਲਾਂ ਉੱਠ ਰਹੀਆਂ ਹਨ, ਉੱਥੇ ਵਿਰਾਟ ਕੋਹਲੀ ਦੀ ਕਪਤਾਨੀ ਦੀ ਵੀ ਨੁਕਤਾਚੀਨੀ ਹੋ ਰਹੀ ਹੈ। ਇਸ ਦੇ ਉਲਟ ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਹੁਣ ਤੱਕ 7 ਮੈਚਾਂ 'ਚੋਂ ਸਿਰਫ 1 ਮੈਚ ਹੀ ਹਾਰੀ ਹੈ, ਜਿਸ ਕਾਰਨ ਕਪਤਾਨ ਅਤੇ ਖਿਡਾਰੀ ਵਜੋਂ ਧੋਨੀ ਦੀ ਇਕ ਵਾਰ ਫਿਰ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਉਹ ਟੀਮ ਨੂੰ ਸੰਕਟਮਈ ਹਾਲਤ 'ਚ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਜਿਤਾਉਣ 'ਚ ਸਫ਼ਲ ਰਿਹਾ ਹੈ ਅਤੇ ਕਪਤਾਨ ਵਜੋਂ ਵੀ ਉਸ ਦਾ ਹਰ ਦਾਅ ਕਾਮਯਾਬ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਵੀ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਚੰਗੀਆਂ ਜਿੱਤਾਂ ਦਰਜ ਕਰ ਰਹੀ ਹੈ।
ਨਵੇਂ ਖਿਡਾਰੀਆਂ ਦੀ ਚਮਕ : ਆਈ.ਪੀ.ਐਲ. ਤੋਂ ਪਹਿਲਾਂ ਭਾਰਤੀ ਟੀਮ ਲਈ ਬਹੁਤ ਸਾਰੇ ਖਿਡਾਰੀਆਂ ਦੀ ਵਿਸ਼ਵ ਕੱਪ ਲਈ ਕੌਮੀ ਟੀਮ 'ਚ ਥਾਂ ਸੁਰੱਖਿਅਤ ਸਮਝੀ ਜਾ ਰਹੀ ਸੀ ਪਰ ਲੀਗ ਦੌਰਾਨ ਕੁਝ ਖਿਡਾਰੀਆਂ ਦੇ ਚਮਕਦਾਰ ਪ੍ਰਦਰਸ਼ਨ ਨੇ ਸੀਨੀਅਰ ਖਿਡਾਰੀਆਂ ਲਈ ਵੀ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁੰਮਰਾ, ਮੁਹੰਮਦ ਸ਼ਾਮੀ, ਭੁਵਨੇਸ਼ਵਰ ਕੁਮਾਰ ਤੇ ਉਮੇਸ਼ ਯਾਦਵ ਦੀ ਥਾਂ ਟੀਮ 'ਚ ਪੱਕੀ ਸਮਝੀ ਜਾਂਦੀ ਸੀ ਪਰ ਇਸ ਦੌੜ 'ਚ ਚੇਨਈ ਸੁਪਰ ਕਿੰਗਜ਼ ਲਈ ਨਪੀ-ਤੁਲੀ ਗੇਂਦਬਾਜ਼ੀ ਕਰ ਰਿਹਾ ਦੀਪਕ ਚਾਹਰ, ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਪ੍ਰਸਿੱਧ ਕ੍ਰਿਸ਼ਨਾ ਤੇ ਰਾਇਲ ਚੈਲੇਂਜ਼ਰਜ ਦੇ ਨਵਦੀਪ ਸੈਣੀ ਵੀ ਕੌਮੀ ਟੀਮ 'ਚ ਸ਼ਾਮਿਲ ਹੋਣ ਦੇ ਵੱਡੇ ਦਾਅਵੇਦਾਰ ਬਣ ਕੇ ਉੱਭਰੇ ਹਨ। ਬੱਲੇਬਾਜ਼ੀ 'ਚ ਵਿਰਾਟ ਕੋਹਲੀ, ਸਿਖਰ ਧਵਨ, ਰੋਹਿਤ ਸ਼ਰਮਾ ਪਹਿਲੇ ਤਿੰਨ ਸਥਾਨਾਂ ਲਈ ਲਗਪਗ ਪੱਕੇ ਹਨ ਅਤੇ ਲੀਗ ਦੌਰਾਨ ਉਨ੍ਹਾਂ ਦੇ ਬੱਲੇ ਵੀ ਚਮਕ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਤੌਰ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ 'ਚ ਸ਼ਾਮਿਲ ਹੋਣ ਲਈ ਤਕੜਾ ਦਾਅਵੇਦਾਰ ਹੈ। ਚੌਥੇ ਸਥਾਨ ਲਈ ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਵਿਜੇ ਸ਼ੰਕਰ ਅਤੇ ਰਿਸ਼ਭ ਪੰਤ 'ਚ ਦੌੜ ਲੱਗੀ ਹੋਈ ਹੈ। ਮਹਿੰਦਰ ਸਿੰਘ ਧੋਨੀ ਦਾ ਛੇਵਾਂ ਸਥਾਨ ਸੁਰੱਖਿਅਤ ਜਾਪਦਾ ਹੈ। ਹਰਫਨ ਮੌਲਾ ਖਿਡਾਰੀਆਂ ਵਜੋਂ ਛੇਵੇਂ ਸਥਾਨ ਲਈ ਕੇਦਾਰ ਯਾਦਵ, ਹਾਰਦਿਕ ਪਾਂਡਿਆ ਤੇ ਰਵਿੰਦਰ ਜਡੇਜਾ ਦਾਅਵੇਦਾਰ ਬਣੇ ਹੋਏ ਹਨ। ਫਿਰਕੀ ਗੇਂਦਬਾਜ਼ਾਂ ਵਜੋਂ ਲੀਗ ਦੌਰਾਨ ਯਜੂਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀ ਕਾਰਗੁਜ਼ਾਰੀ ਕੌਮੀ ਟੀਮ 'ਚ ਥਾਂ ਬਣਾਉਣ ਲਈ ਤਸੱਲੀਬਖਸ਼ ਜਾਪਦੀ ਹੈ। ਇਸ ਤਰ੍ਹਾਂ ਭਾਰਤੀ ਟੀਮ 'ਚ ਸ਼ਾਮਿਲ ਕਰਨ ਲਈ ਉਪਰੋਕਤ ਖਿਡਾਰੀਆਂ 'ਚੋਂ 15 ਮੈਂਬਰਾਂ ਨੂੰ ਚੁਣਨਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਵਿਰੋਧੀ ਟੀਮਾਂ ਦੀ ਦਾਅਵੇਦਾਰੀ : ਆਈ.ਪੀ.ਐਲ. 'ਚ ਖੇਡ ਰਹੇ ਵਿਦੇਸ਼ੀ ਟੀਮਾਂ ਦੇ ਖਿਡਾਰੀਆਂ 'ਚੋਂ ਕਾਫੀ ਖਿਡਾਰੀਆਂ ਦੇ ਚਮਕਦਾਰ ਪ੍ਰਦਰਸ਼ਨ ਤੋਂ ਜਾਪਦਾ ਹੈ ਕਿ ਵਿਸ਼ਵ ਕੱਪ ਜਿੱਤਣਾ ਭਾਰਤੀ ਟੀਮ ਲਈ ਅਸਾਨ ਨਹੀਂ ਹੋਵੇਗਾ। ਡੇਵਿਡ ਵਾਰਨਰ ਦੀ ਧੜੱਲੇਦਾਰ ਵਾਪਸੀ ਨਾਲ ਆਸਟਰੇਲੀਅਨ ਟੀਮ 'ਚ ਨਵੀਂ ਤਾਕਤ ਦਾ ਸੰਚਾਰ ਹੋ ਗਿਆ ਹੈ। ਵੈਸਟ ਇੰਡੀਜ਼ ਦੇ ਖਿਡਾਰੀ ਆਂਦਰੇ ਰਸਲ, ਕੇਰੇਨ ਪੋਲਾਰਡ ਤੇ ਕ੍ਰਿਸ ਗੇਲ ਦੇ ਪ੍ਰਦਰਸ਼ਨ ਨੇ ਦਿਖਾ ਦਿੱਤਾ ਹੈ ਕਿ ਉਨ੍ਹਾਂ ਦੀ ਟੀਮ ਵੀ ਆਲਮੀ ਕੱਪ 'ਚ ਧਮਾਲਾਂ ਪਾਵੇਗੀ। ਦੱਖਣੀ ਅਫਰੀਕਾ ਦੇ ਗੇਂਦਬਾਜ਼ ਤਹਿਰ ਜਮਾਂ ਤੇ ਰਬਾਡਾ, ਬੱਲੇਬਾਜ਼ ਕੁਇੰਟਨ ਡੀ ਕਾਕ ਦੀ ਕਾਰਗੁਜ਼ਾਰੀ ਨੇ ਦਿਖਾ ਦਿੱਤਾ ਹੈ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਹਨ। ਇੰਗਲੈਂਡ ਦੇ ਜੋਸ ਬਟਲਰ, ਜੋਨੀ ਬੋਸਵੋ ਤੇ ਬੇਨ ਸਟੋਰਕਸ ਨੇ ਵੀ ਆਪਣੀ ਖੇਡ ਨਾਲ ਸੰਸਾਰ ਕੱਪ 'ਚ ਪੂਰੀ ਚਮਕ ਦਿਖਾਉਣ ਦੇ ਸੰਕੇਤ ਦਿੱਤੇ ਹਨ।


-ਪਟਿਆਲਾ। ਮੋਬਾ: 97795-90575


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX