ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੀ ਸਿਹਤ

ਕੌੜੇ ਕਰੇਲੇ ਦਾ ਕਮਾਲ

ਦੇਸ਼ ਭਰ ਵਿਚ ਮਿਲਣ ਵਾਲਾ ਸਸਤਾ ਜਿਹਾ ਕਰੇਲਾ ਬਹੁਤ ਜ਼ਿਆਦਾ ਗੁਣਕਾਰੀ ਸਬਜ਼ੀ ਹੈ। ਇਸ ਵਿਚ ਦਵਾਈ ਵਾਲੇ ਗੁਣ ਕੁੱਟ-ਕੁੱਟ ਕੇ ਭਰੇ ਹੁੰਦੇ ਹਨ। ਕਰੇਲਾ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਲਾਭਦਾਇਕ ਹੈ। ਆਮ ਤੌਰ 'ਤੇ ਇਸ ਦੀ ਵਰਤੋਂ ਤਾਂ ਸਬਜ਼ੀ ਦੇ ਰੂਪ ਵਿਚ ਹੁੰਦੀ ਹੈ ਪਰ ਇਸ ਦੀਆਂ ਛਿੱਲਾਂ, ਪੱਤੇ, ਜੜ੍ਹ, ਲਤਾਵਾਂ ਅਤੇ ਫੁੱਲਾਂ ਦੀ ਵੀ ਦਵਾਈ ਲਈ ਵਰਤੋਂ ਕੀਤੀ ਜਾਂਦੀ ਹੈ।
ਆਯੁਰਵੈਦ ਦੇ ਮੁਤਾਬਿਕ ਕਰੇਲਾ ਗਰਮ, ਹਲਕਾ ਅਤੇ ਸਵਾਦ ਵਿਚ ਪ੍ਰਚੰਡ ਕੌੜਾ ਹੁੰਦਾ ਹੈ। ਇਹ ਦਸਤਾਵਰ, ਵਾਤਦੋਸ਼ ਨਾਸ਼ਕ, ਜਵਰ, ਕਫ, ਪਿੱਤ, ਪ੍ਰਮੇਹ, ਪਾਂਡੁਰੋਗ ਅਤੇ ਕ੍ਰਮਿਨਾਸ਼ਕ ਹੁੰਦਾ ਹੈ। ਇਹ ਰੁਚੀਕਰ ਅਤੇ ਪਾਚਕ ਹੁੰਦਾ ਹੈ। ਇਸ ਵਿਚ ਪ੍ਰੋਟੀਨ, ਫਾਸਫੋਰਸ, ਲੋਹ, ਕੈਲਸ਼ੀਅਮ ਆਦਿ ਰਸਾਇਣਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਵਿਟਾਮਿਨ 'ਸੀ' ਦੀ ਭਰਪੂਰਤਾ ਕਾਰਨ ਇਹ ਭੋਜਨ ਪਚਾਉਣ ਵਿਚ ਸਹਾਇਕ ਹੁੰਦਾ ਹੈ।
ਕਰੇਲੇ ਦਾ ਕੌੜਾਪਨ ਮਨੁੱਖੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਕੌੜੇ ਰਸ ਕਾਰਨ ਸ਼ੂਗਰ ਰੋਗ ਵਿਚ ਵਿਸ਼ੇਸ਼ ਲਾਭਦਾਇਕ ਹੁੰਦਾ ਹੈ। ਜੇ ਕਰੇਲੇ ਦੇ ਰਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਖੂਨ ਸ਼ਰਕਰਾ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਲਈ ਬ੍ਰਿਟਿਸ਼ ਵਿਗਿਆਨੀਆਂ ਨੇ ਕਰੇਲੇ ਨੂੰ ਪਲਾਂਟ ਇਨਸੁਲਿਨ ਦੀ ਉਪਾਧੀ ਦਿੱਤੀ ਹੈ। ਇਸ ਦੇ ਸੇਵਨ ਨਾਲ ਕੋਲੈਸਟ੍ਰੋਲ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ।
ਕਰੇਲਾ ਮਾਂ ਦੇ ਦੁੱਧ ਵਿਚ ਵਿਯਾਪਤ ਮੋਟਾਪੇ ਅਤੇ ਕਈ ਵਿਕਾਰਾਂ ਨੂੰ ਦੂਰ ਕਰਦਾ ਹੈ। ਗਰਮ ਹੋਣ ਕਾਰਨ ਔਰਤਾਂ ਦੇ ਪੀੜਾਦਾਇਕ ਮਾਸਕ ਸ੍ਰਾਵ ਵਿਚ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਗਠੀਆ ਰੋਗੀ ਨੂੰ ਕਰੇਲੇ ਦਾ ਰਸ ਲਗਾਉਣਾ ਚਾਹੀਦਾ ਹੈ ਅਤੇ ਰੋਗੀਆਂ ਨੂੰ ਉਬਲਿਆ ਕਰੇਲਾ ਖਵਾਉਣਾ ਚਾਹੀਦਾ ਹੈ। ਕਰੇਲਾ ਨਾ ਮਿਲੇ ਤਾਂ ਇਸ ਦੇ ਪੱਤੇ ਅਤੇ ਲਤਾਵਾਂ ਨੂੰ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਦਸਤਾਵਰ ਹੋਣ ਦੇ ਕਾਰਨ ਕਰੇਲਾ ਕਬਜ਼ ਰੋਗਨਾਸ਼ਕ ਹੁੰਦਾ ਹੈ। ਇਹ ਦਿਲ ਦੀ ਕਿਰਿਆਸ਼ੀਲਤਾ ਵਧਾ ਕੇ ਪਾਚਕ ਪਿੱਤ ਦਾ ਸ੍ਰਾਵ ਵਧਾਉਂਦਾ ਹੈ। ਬਵਾਸੀਰ ਦੇ ਰੋਗੀ ਨੂੰ ਕਰੇਲੇ ਦੇ ਪੱਤਿਆਂ ਦੇ ਨਾਲ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਖੂਨੀ ਬਵਾਸੀਰ ਵਿਚ ਇਕ ਚਮਚ ਕਰੇਲੇ ਦੇ ਰਸ ਵਿਚ ਸ਼ੱਕਰ ਮਿਲਾ ਕੇ ਕੁਝ ਦਿਨਾਂ ਤੱਕ ਸੇਵਨ ਕਰਨ ਨਾਲ ਲਾਭ ਹੁੰਦਾ ਹੈ। ਯਕ੍ਰਤ ਰੋਗ ਵਿਚ ਇਸ ਦਾ ਰਸ ਲਾਭਕਾਰੀ ਹੁੰਦਾ ਹੈ। ਤਿੱਲੀ ਵਧ ਜਾਣ 'ਤੇ 25 ਮਿਲੀ: ਕਰੇਲੇ ਦਾ ਰਸ ਪਾਣੀ ਵਿਚ ਮਿਲਾ ਕੇ ਪੀਣ ਨਾਲ ਸੋਜ ਘੱਟ ਹੋ ਜਾਂਦੀ ਹੈ।
ਕਰੇਲਾ ਚਮੜੀ ਰੋਗਾਂ ਜਿਵੇਂ ਫੋੜੇ, ਫਿਨਸੀਆਂ, ਖੁਜਲੀ ਅਤੇ ਖੂਨ ਦੀ ਖਰਾਬੀ ਵਿਚ ਬਹੁਤ ਗੁਣਕਾਰੀ ਹੁੰਦਾ ਹੈ। ਇਹ ਖੂਨ ਨੂੰ ਸਾਫ ਕਰਦਾ ਹੈ। ਦਾਦ-ਖਾਜ ਦੇ ਰੋਗੀ ਉਬਲੇ ਹੋਏ ਕਰੇਲੇ ਨੂੰ ਨਿੰਬੂ ਰਸ, ਸ਼ਹਿਦ ਅਤੇ ਅਜ਼ਵਾਇਣ ਦੇ ਨਾਲ ਹਰ ਰੋਜ਼ ਸਵੇਰੇ-ਸ਼ਾਮ ਸੇਵਨ ਕਰਨ। ਕਾਫੀ ਲਾਭਦਾਇਕ ਹੋਵੇਗਾ।


ਖ਼ਬਰ ਸ਼ੇਅਰ ਕਰੋ

ਬਰਸਾਤੀ ਮੌਸਮ ਵਿਚ ਸਿਹਤ ਦਾ ਰੱਖੋ ਖ਼ਿਆਲ

ਗਰਮੀ ਰੁੱਤ ਦੇ ਤਾਪਮਾਨ ਤੋਂ ਰਾਹਤ ਦਿਵਾਉਣ ਅਤੇ ਉਸ ਨੂੰ ਵਿਦਾ ਕਰਨ ਵਾਲੇ ਕਾਲੇ, ਸਫ਼ੈਦ ਬੱਦਲ ਅਸਮਾਨ ਵਿਚ ਛਾਅ ਰਹੇ ਹਨ। ਸੁਹਾਵਨੇ ਮੌਸਮ ਵਾਲਾ ਬਰਸਾਤ ਦਾ ਮੌਸਮ ਗਰਜ-ਚਮਕ ਦੇ ਨਾਲ ਹਾਜ਼ਰ ਹੋ ਗਿਆ ਹੈ। ਮੌਸਮ ਦੇ ਅਨੁਸਾਰ ਭੋਜਨ ਲੈਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਮੌਸਮ ਅਨੁਸਾਰ ਖਾਣ-ਪਾਣ ਕਰ ਕੇ ਸਿਹਤ ਅਤੇ ਸਰੀਰ ਨਾਲ ਬਰਸਾਤ ਦੀ ਰੁੱਤ ਮਜ਼ਾ ਲਿਆ ਜਾ ਸਕਦਾ ਹੈ।
ਇਸ ਮੌਸਮ ਵਿਚ ਫਰਿੱਜ ਵਿਚ ਰੱਖੇ ਪਦਾਰਥਾਂ ਨੂੰ ਥੋੜ੍ਹਾ ਸੰਭਾਲ ਕੇ ਖਾਣਾ ਚਾਹੀਦਾ ਹੈ। ਫਰਿੱਜ ਵਿਚ ਰੱਖਿਆ ਖਾਣਾ ਇਕਦਮ ਨਹੀਂ ਖਾਣਾ ਚਾੀਹਦਾ। ਖਾਣ ਤੋਂ ਪਹਿਲਾਂ ਚੀਜ਼ਾਂ ਨੂੰ ਫਰਿੱਜ 'ਚੋਂ ਕੱਢ ਕੇ ਕੁਝ ਸਮੇਂ ਲਈ ਬਾਹਰ ਰੱਖੋ। ਇਸ ਮੌਸਮ ਵਿਚ ਖੁੱਲ੍ਹੇ ਵਿਚ ਰੱਖੇ ਹੋਏ ਬਾਜ਼ਾਰੂ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿੰਨਾ ਹੋ ਸਕੇ, ਤਾਜ਼ਾ, ਸਾਫ਼ ਪਾਣੀ ਪੀਉ। ਬਰਸਾਤ ਦੇ ਮੌਸਮ ਵਿਚ ਨਮਕੀਨ, ਚਟਪਟਾ ਅਤੇ ਜ਼ਿਆਦਾ ਗਰਮ ਖਾਣਾ ਨਹੀਂ ਖਾਣਾ ਚਾਹੀਦਾ। ਬਰਸਾਤ ਦੀਆਂ ਜ਼ਿਆਦਾਤਰ ਬਿਮਾਰੀਆਂ ਪਾਣੀ ਅਤੇ ਬਾਜ਼ਾਰੂ ਨਮਕੀਨ, ਚਟਪਟੀਆਂ ਚੀਜ਼ਾਂ ਕਾਰਨ ਫੈਲਦੀਆਂ ਹਨ। ਇਹ ਚੀਜ਼ਾਂ ਸੇਵਨਕਰਤਾ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਮੁਫ਼ਤ ਵਿਚ ਦਿੰਦੀਆਂ ਹਨ।
ਇਸ ਮੌਸਮ ਵਿਚ ਬਾਜ਼ਾਰੀ ਅਤੇ ਖੁੱਲ੍ਹੇ ਵਿਚ ਰੱਖੀਆਂ ਵਿਕਣ ਵਾਲੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚੋ। ਚੰਗਾ ਹੋਵੇਗਾ ਕਿ ਬਾਜ਼ਾਰ ਦਾ ਪਾਣੀ ਅਤੇ ਹੋਰ ਪੀਣ ਵਾਲੇ ਪਦਾਰਥ ਨਾ ਪੀਉ। ਫਲ-ਸਬਜ਼ੀਆਂ ਤਾਜ਼ੀਆਂ ਅਤੇ ਧੋਤੀਆਂ ਹੋਈਆਂ ਹੋਣ। ਇਹ ਸੜੀ-ਗਲੀ, ਕੱਟੀ-ਵੱਢੀ ਨਾ ਹੋਵੇ। ਇਸ ਮੌਸਮ ਵਿਚ ਹਰਾ ਸਾਗ-ਸਬਜ਼ੀ ਨਾ ਖਾਓ। ਪੱਤੇਦਾਰ ਹਰੀਆਂ ਸਬਜ਼ੀਆਂ ਵਿਚ ਸੈਲਿਊਲੋਜ਼ ਹੁੰਦਾ ਹੈ ਜੋ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸ ਮੌਸਮ ਵਿਚ ਜ਼ਿਆਦਾ ਖੱਟੇ ਪਦਾਰਥ ਜਿਵੇਂ ਦਹੀਂ, ਇਮਲੀ, ਅਚਾਰ, ਚਟਣੀ ਨਹੀਂ ਖਾਣੇ ਚਾਹੀਦੇ ਹਨ।
ਤਲਿਆ ਖਾਣਾ ਵੀ ਇਸ ਤਰ੍ਹਾਂ ਦੇ ਮੌਸਮ ਵਿਚ ਜਲਦੀ ਹਜ਼ਮ ਨਹੀਂ ਹੁੰਦਾ। ਇਸ ਮੌਸਮ ਵਿਚ ਸੁੱਕੀਆਂ ਚੀਜ਼ਾਂ ਮੱਕੀ, ਛੋਲੇ, ਵੇਸਣ ਆਦਿ ਖਾਣਾ ਚਾਹੀਦਾ। ਬਰਸਾਤ ਵਿਚ ਰੋਗ ਪ੍ਰਤੀਰੋਧੀ ਸ਼ਕਤੀ ਘੱਟ ਹੋ ਜਾਂਦੀ ਹੈ ਜਿਸ ਨਾਲ ਵਾਰ-ਵਾਰ ਬਿਮਾਰੀ ਹੋਣ ਦੀ ਨੌਬਤ ਆਉਂਦੀ ਹੈ। ਉਹ ਜਲਦੀ ਸੰਕ੍ਰਮਿਤ ਹੁੰਦਾ ਹੈ। ਇਸ ਮੌਸਮ ਦੀਆਂ ਬਿਮਾਰੀਆਂ ਗੰਦੇ ਪਾਣੀ, ਬੇਹੇ ਭੋਜਨ, ਸੜੇ-ਗਲੇ ਫਲ, ਸਬਜ਼ੀ, ਗੰਦੀਆਂ ਥਾਵਾਂ ਅਤੇ ਮੱਛਰਾਂ ਕਾਰਨ ਜ਼ਿਆਦਾ ਫੈਲਦੀਆਂ ਹਨ।
ਬਰਸਾਤ ਰੁੱਤ ਦੇ ਮੁੱਖ ਰੋਗ :
* ਇਸ ਮੌਸਮ ਵਿਚ ਵਾਇਰਸ ਦੇ ਕਾਰਨ ਵਾਇਰਲ ਬੁਖਾਰ ਚੜਦਾ ਹੈ। * ਇਸ ਮੌਸਮ ਵਿਚ ਮੱਛਰਾਂ ਕਾਰਨ ਮਲੇਰੀਆ, ਡੇਂਗੂ, ਫਾਈਲੇਰੀਆ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। * ਇਸ ਸਮੇਂ ਜੀਵਾਣੂਆਂ ਦੇ ਕਾਰਨ ਟਾਈਫਾਈਡ ਬੁਖਾਰ ਚੜਦਾ ਹੈ। * ਭੋਜਨ ਪਾਣੀ ਨਾਲ ਜੁੜੀਆਂ ਖ਼ਰਾਬੀਆਂ ਦੇ ਕਾਰਨ ਗੈਸਟ੍ਰੋ ਐਂਟਰਾਈਟਿਸਟ, ਡਾਇਰੀਆ, ਦਸਤ, ਪੀਲੀਆ ਆਦਿ ਕਾਰਨ ਬਿਮਾਰੀਆਂ ਦੀ ਭਿਆਨਕ ਸਥਿਤੀ ਪੈਦਾ ਹੁੰਦੀ ਹੈ। * ਹੈਜ਼ਾ ਜਾਂ ਕਾਲਰਾ ਵਰਗੀਆਂ ਸੰਕ੍ਰਾਮਕ ਬਿਮਾਰੀਆਂ ਫੈਲਦੀਆਂ ਹਨ। * ਅੱਖਾਂ ਸਬੰਧੀ ਬਿਮਾਰੀਆਂ ਫੈਲਦੀਆਂ ਹਨ। * ਗੰਦਗੀ ਕਾਰਨ ਖਾਰਸ਼ ਜਾਂ ਫੰਗਸ ਵਰਗੇ ਸੰਕ੍ਰਮਣ ਹੁੰਦੇ ਹਨ।
ਬਿਮਾਰੀਆਂ ਤੋਂ ਬਚਾਅ :
* ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਰੋਜ਼ ਨਿੰਬ, ਸ਼ਹਿਦ ਜਾਂ ਹਲਦੀ ਦਾ ਸੇਵਨ ਕਰੋ। * ਮੱਛਰ ਨੂੰ ਵਧਣ ਤੋਂ ਰੋਕੋ। ਕੂਲਰ ਦਾ ਪਾਣੀ ਖਾਲ੍ਹੀ ਕਰ ਦਿਉ। ਘਰ ਦੇ ਆਲੇ-ਦੁਆਲੇ ਪਾਣੀ ਜਮ੍ਹਾਂ ਨਾ ਹੋਣ ਦਿਉ। * ਬੇਹਾ ਭੋਜਨ ਨਾ ਕਰੋ। * ਸੜੇ-ਗਲੇ ਅਤੇ ਖੁੱਲ੍ਹੇ ਵਿਚ ਰੱਖੇ ਕੱਟੇ ਫਲ ਨਾ ਖਾਓ। * ਸਾਰੀਆਂ ਤਰ੍ਹਾਂ ਦੀਆਂ ਖੱਟੀਆਂ ਚੀਜ਼ਾਂ ਤੋਂ ਬਚੋ। * ਪਾਣੀ ਸਾਫ਼ ਹੋਵੇ। ਪਾਣੀ ਨੂੰ ਉਬਾਲ ਕੇ, ਛਾਣ ਕੇ ਅਤੇ ਠੰਡਾ ਕਰ ਕੇ ਪੀਉ। ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਉ। * ਹਰੀਆਂ ਸਬਜ਼ੀਆਂ ਨਾ ਖਾਉ। * ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖੋ। * ਕੱਪੜੇ ਸਾਫ਼-ਸੁਥਰੇ ਤੇ ਸੁੱਕੇ ਹੋਣ। * ਭਿੱਜੇ ਸਰੀਰ ਨੂੰ ਜਲਦੀ ਸੁਕਾ ਲਉ। ਸਿਰ ਗਿੱਲਾ ਨਾ ਰਹੇ। * ਘਰ ਅਤੇ ਆਲੇ-ਦੁਆਲੇ ਫਿਨਾਇਲ ਦਾ ਛਿੜਕਾਅ ਕਰੋ। * ਕੱਪੜਿਆਂ ਨੂੰ ਧੋਣ ਅਤੇ ਨਹਾਉਣ ਲਈ ਪਾਣੀ ਵਿਚ ਕੁਝ ਮਾਤਰਾ ਵਿਚ ਡਿਟੋਲ ਪਾਉ। * ਹਮੇਸ਼ਾ ਸਿਹਤਮੰਦੀ ਦਾ ਖ਼ਿਆਲ ਰੱਖੋ। ਸੰਕ੍ਰਮਿਤ ਵਿਅਕਤੀ ਤੋਂ ਦੂਰ ਰਹੋ। * ਭੋਜਨ ਤਾਜ਼ਾ, ਸਾਦਾ, ਹਲਕਾ, ਘੱਟ ਮਾਤਰਾ ਵਿਚ ਅਤੇ ਹਜ਼ਮਯੋਗ ਹੋਵੇ।

ਡਰ ਇਕ ਮਾਨਸਿਕ ਰੋਗ ਹੈ

ਡਰ ਦਾ ਰੂਪ ਅੱਜ ਏਨਾ ਵਿਕਰਾਲ ਹੋ ਚੁੱਕਾ ਹੈ ਕਿ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਨਾ ਡਰ ਰਿਹਾ ਹੋਵੇ। ਕਿਸੇ ਨੂੰ ਮੌਤ ਦਾ ਡਰ ਤੇ ਕਿਸੇ ਨੂੰ ਚੋਰੀ ਦਾ, ਕਿਸੇ ਨੂੰ ਸਿਹਤ ਦਾ, ਕਿਸੇ ਨੂੰ ਦੁਸ਼ਮਣ ਦਾ ਡਰ ਹੈ ਤੇ ਕਿਸੇ ਨੂੰ ਯਸ਼ ਜਾਂ ਅਪਯਸ਼ ਦਾ।
ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਡਰ ਇਕ ਮਾਨਸਿਕ ਰੋਗ ਹੈ ਅਤੇ ਇਸ ਦਾ ਜਨਮ ਜੀਵਨ ਦੀ ਸਹਿਜ ਪ੍ਰਵਿਰਤੀ ਦੇ ਕਾਰਨ ਹੁੰਦਾ ਹੈ। ਇਸ ਦਾ ਕੰਮ ਵਿਅਕਤੀ ਨੂੰ ਡਰਾਉਣਾ ਹੀ ਨਹੀਂ, ਸਗੋਂ ਕਦੇ-ਕਦੇ ਉਸ ਦੀ ਰੱਖਿਆ ਕਰਨਾ ਵੀ ਹੁੰਦਾ ਹੈ। ਕਿਉਂਕਿ ਡਰਿਆ ਹੋਇਆ ਵਿਅਕਤੀ ਜ਼ਿਆਦਾ ਸੁਚੇਤ ਰਹਿੰਦਾ ਹੈ ਪਰ ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਡਰਪੋਕ ਵਿਅਕਤੀ ਦੀ ਉਮਰ ਦਲੇਰ ਵਿਅਕਤੀ ਨਾਲੋਂ ਘੱਟ ਹੁੰਦੀ ਹੈ, ਕਿਉਂਕਿ ਉਸ ਦੀ ਮੌਤ ਦਾ ਕਾਰਨ ਡਰ ਜ਼ਿਆਦਾ ਹੁੰਦਾ ਹੈ। ਉਦਾਹਰਨ ਵਜੋਂ ਜਦੋਂ ਕਿਸੇ ਵਿਅਕਤੀ ਨੂੰ ਇਹ ਦੱਸ ਦਿੱਤਾ ਜਾਵੇ ਕਿ ਉਸ ਦੀ ਉਮਰ ਘੱਟ ਹੈ ਤਾਂ ਉਹ ਉਸ ਚਿੰਤਾ ਨਾਲ ਹਰ ਸਮੇਂ ਡਰਿਆ ਰਹੇਗਾ ਅਤੇ ਫਿਰ ਉਸ ਨੂੰ ਕਈ ਮਾਨਸਿਕ ਰੋਗ ਜਕੜ ਲੈਣਗੇ ਜੋ ਬਾਅਦ ਵਿਚ ਉਸ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ।
ਇਹ ਹੋਰ ਉਦਾਹਰਨ ਅਨੁਸਾਰ ਜੇ ਕਿਸੇ ਦੇ ਭੋਜਨ ਵਿਚ ਕਿਰਲੀ, ਬਿੱਛੂ ਜਾਂ ਹੋਰ ਕੋਈ ਜ਼ਹਿਰੀਲਾ ਜੀਵ ਡਿਗ ਜਾਵੇ ਅਤੇ ਉਸ ਨੂੰ ਪਤਾ ਨਾ ਹੋਵੇ ਤਾਂ ਸ਼ਾਇਦ ਉਹ ਖਾਣ ਤੋਂ ਬਾਅਦ ਬਚ ਵੀ ਜਾਵੇ ਪਰ ਜੇ ਬਾਅਦ ਵਿਚ ਉਸ ਨੂੰ ਪਤਾ ਲੱਗੇ ਕਿ ਉਸ ਨੇ ਜ਼ਹਿਰੀਲਾ ਭੋਜਨ ਕੀਤਾ ਹੈ ਤਾਂ ਡਰ ਦੇ ਕਾਰਨ ਉਸ ਦੀ ਮੌਤ ਹੋ ਸਕਦੀ ਹੈ।
ਡਰ ਬਹੁਤ ਭਿਅੰਕਰ ਹੁੰਦਾ ਹੈ। ਜਦੋਂ ਉਹ ਮਨੁੱਖੀ ਸਰੀਰ 'ਤੇ ਪੂਰੀ ਤਰ੍ਹਾਂ ਭਾਰੂ ਹੋ ਜਾਂਦਾ ਹੈ ਤਾਂ ਸਰੀਰ ਦੇ ਅੰਗ ਆਪਣੀ ਅਸਲ ਕਿਰਿਆ ਦੇ ਉਲਟ ਕੰਮ ਕਰਨ ਲਗਦੇ ਹਨ। ਹੱਥ-ਪੈਰ ਕੰਬਣ ਲੱਗ ਜਾਂਦੇ ਹਨ ਅਤੇ ਠੰਢੇ ਪੈ ਜਾਂਦੇ ਹਨ, ਦਿਮਾਗ ਦੀ ਸ਼ਕਤੀ ਨੁਕਸਾਨੀ ਜਾਂਦੀ ਹੈ, ਅੱਖਾਂ ਚੜ੍ਹ ਜਾਂਦੀਆਂ ਹਨ ਅਤੇ ਦਿਲ 'ਤੇ ਦਬਾਅ ਪੈਣ ਲਗਦਾ ਹੈ ਅਤੇ ਇਹ ਸਭ ਕਰਾਉਂਦਾ ਹੈ ਡਰ। ਇਸ ਸਥਿਤੀ ਵਿਚ ਮਾਨਸਿਕ ਤਣਾਅ ਇਸ ਹੱਦ ਤੱਕ ਡਰਾ ਦਿੰਦਾ ਹੈ ਕਿ ਮਨੁੱਖ ਕਈ ਅਸਾਧ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਵਿਚ ਉਹ ਜਾਣਕਾਰੀ ਦੀ ਕਮੀ ਕਾਰਨ ਉਲਟੀਆਂ-ਸਿੱਧੀਆਂ ਦਵਾਈਆਂ ਦਾ ਸੇਵਨ ਕਰਨ ਲਗਦਾ ਹੈ, ਜਿਸ ਨਾਲ ਉਸ ਦੀ ਸਿਹਤ ਦਿਨੋ-ਦਿਨ ਵਿਗੜਦੀ ਹੀ ਰਹਿੰਦੀ ਹੈ।
ਮਨੋਵਿਗਿਆਨੀਆਂ ਦੁਆਰਾ ਕੀਤੇ ਗਏ ਇਕ ਸਰਵੇਖਣ ਅਨੁਸਾਰ ਵਿਅਕਤੀ ਵਿਚ ਡਰ ਦੀ ਸ਼ੁਰੂਆਤ ਬਚਪਨ ਤੋਂ ਹੀ ਹੋ ਜਾਂਦੀ ਹੈ। ਬੱਚੇ ਦੇ ਵਾਰਸ ਉਸ ਦੇ ਕੋਮਲ ਮਨ ਨੂੰ ਅੰਧਵਿਸ਼ਵਾਸ ਦੁਆਰਾ ਡਰਾਉਂਦੇ ਹਨ, ਉਸ ਨੂੰ ਭੂਤ-ਪ੍ਰੇਤ ਅਤੇ ਹੋਰ ਕਲਪਨਿਕ ਭਿਆਨਕ ਕਿੱਸੇ-ਕਹਾਣੀਆਂ ਨਾਲ ਡਰਾਉਂਦੇ ਹਨ। ਹਾਲਾਂਕਿ ਉਨ੍ਹਾਂ ਦੇ ਉਦੇਸ਼ ਬੱਚਿਆਂ ਨੂੰ ਬੁਰੇ ਕੰਮਾਂ ਤੋਂ ਰੋਕਣਾ ਹੁੰਦਾ ਹੈ ਪਰ ਇਸ ਦਾ ਅਸਰ ਬੱਚਿਆਂ 'ਤੇ ਉਲਟਾ ਪੈਂਦਾ ਹੈ ਅਤੇ ਉਹ ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਵਿਚ ਹੀ ਡਰ ਤੋਂ ਪੀੜਤ ਹੋ ਜਾਂਦੇ ਹਨ, ਜਿਸ ਨਾਲ ਉਸ ਦੇ ਵਿਕਾਸਕ੍ਰਮ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ। ਇਸ ਹਾਲਤ ਵਿਚ ਉਨ੍ਹਾਂ ਦੇ ਸੁਭਾਅ ਵਿਚ ਚਿੜਚਿੜਾਪਨ ਆ ਜਾਂਦਾ ਹੈ। ਉਸ ਦੇ ਕੋਮਲ ਦਿਲ ਨੂੰ ਡਰ ਏਨਾ ਕਮਜ਼ੋਰ ਬਣਾ ਦਿੰਦਾ ਹੈ ਕਿ ਰਾਤ ਨੂੰ ਥੋੜ੍ਹੀ ਜਿਹੀ ਆਵਾਜ਼ ਨਾਲ ਵੀ ਉਸ ਦਾ ਦਿਲ ਕੰਬ ਜਾਂਦਾ ਹੈ। ਸੌਣ 'ਤੇ ਉਸ ਨੂੰ ਬੁਰੇ ਸੁਪਨੇ ਪ੍ਰੇਸ਼ਾਨ ਕਰਦੇ ਹਨ।
ਡਰ ਦਾ ਇਲਾਜ ਤਾਂ ਹੀ ਸੰਭਵ ਹੈ, ਜੇ ਮਾਂ-ਬਾਪ ਆਪਣੇ ਬੱਚੇ ਨੂੰ ਡਰ ਤੋਂ ਮੁਕਤ ਬਣਾਉਣ, ਉਸ ਨੂੰ ਏਨਾ ਮਨੋਬਲ ਪ੍ਰਦਾਨ ਕਰਨ ਕਿ ਉਹ ਭੂਤ-ਪ੍ਰੇਤ ਜਾਂ ਫਿਰ ਹੋਰ ਕਿਸੇ ਵੀ ਕਾਰਨ ਕਰਕੇ ਡਰੇ ਨਾ, ਕਿਉਂਕਿ ਚੰਗੀ ਸਿੱਖਿਆ ਹੀ ਚੰਗੇ ਭਵਿੱਖ ਦਾ ਆਧਾਰ ਹੈ।
ਡਰ ਇਕ ਨਿਸ਼ੇਧਾਤਮਕ ਅਨੁਭੂਤੀ ਮਾਤਰ ਹੈ, ਕਿਉਂਕਿ ਨਾਕਾਰਾਤਮਕ ਚਿੰਤਨ ਅਤੇ ਕਲਪਨਾਵਾਂ ਨਾਲ ਇਸ ਵਿਚ ਵਾਧਾ ਹੁੰਦਾ ਹੈ, ਇਸ ਲਈ ਆਪਣੇ ਮਨੋਬਲ ਅਤੇ ਵਿਵੇਕ ਦੁਆਰਾ ਇਸ ਤੋਂ ਮੁਕਤੀ ਪਾਉਣ ਦੀ ਕੋਸ਼ਿਸ਼ ਕਰੋ। ਆਪਣੇ-ਆਪ ਵਿਚ ਹਰ ਸੰਕਟ ਦਾ ਸਾਹਮਣਾ ਕਰਨ ਦੀ ਸਮਰੱਥਾ ਦਾ ਵਿਕਾਸ ਕਰੋ। ਜੇ ਇਕਾਂਤ ਵਿਚ ਡਰ ਸਤਾਵੇ ਤਾਂ ਮਿੱਤਰਾਂ, ਜਾਣੂਆਂ ਅਤੇ ਕੁਟੰਬਿਆਂ ਆਦਿ ਦੀ ਸੰਗਤ ਕਰੋ ਅਤੇ ਸਤਿਸੰਗ ਵਿਚ ਮਨ ਰਮਾਓ।
ਅਧਿਆਤਮ ਨੂੰ ਡਰ ਭਜਾਉਣ ਦਾ ਸਭ ਤੋਂ ਵਧੀਆ ਉਪਾਅ ਮੰਨਿਆ ਗਿਆ ਹੈ। ਇਸ ਲਈ ਚੰਗੀਆਂ ਕਿਤਾਬਾਂ ਅਤੇ ਸੰਤਾਂ ਦੇ ਪ੍ਰਵਚਨਾਂ ਦੁਆਰਾ ਮਨ ਵਿਚ ਸਾਤਵਿਕ ਅਤੇ ਨਿਸ਼ਚਲ ਵਿਚਾਰਧਾਰਾ ਗ੍ਰਹਿਣ ਕਰੋ, ਫਿਰ ਡਰ ਖੁਦ ਹੀ ਡਰ ਕੇ ਦੂਰ-ਦੂਰ ਰਹੇਗਾ।
**

'ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ'

ਯੋਗ ਇਕ ਪੁਰਾਤਨ ਭਾਰਤੀ ਜੀਵਨ ਸਲੀਕਾ (ਪੱਧਤੀ) ਜਿਸ ਰਾਹੀਂ ਸਰੀਰ ਅਤੇ ਮਨ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਿਆ ਜਾ ਸਕਦਾ ਹੈ। ਅੱਜ ਦੇ ਸਮੇਂ ਵਿਚ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਇਹ ਪੱਧਤੀ ਬੜੀ ਲਾਹੇਵੰਦ ਸਾਬਤ ਹੋ ਰਹੀ ਹੈ। ਇਸੇ ਪੱਖ ਨੂੰ ਧਿਆਨ ਵਿਚ ਰੱਖ ਕੇ ਪਾਠਕਾਂ ਦੀ ਜਾਣਕਾਰੀ ਲਈ ਯੋਗ ਮਾਹਿਰ ਸ੍ਰੀ ਰਜਨੀਸ਼ ਮੱਲ੍ਹਣ ਨਾਲ 'ਅਜੀਤ' ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ ਇਨ੍ਹਾਂ ਕਾਲਮਾਂ ਵਿਚ ਛਾਪੀ ਜਾ ਰਹੀ ਹੈ।
? ਯੋਗ ਕੀ ਹੈ? ਇਸ ਦੇ ਇਤਿਹਾਸ ਅਤੇ ਇਸ ਦੇ ਵਿਕਾਸ 'ਤੇ ਚਾਨਣਾ ਪਾਓ ?
-ਸੰਖੇਪ ਰੂਪ ਵਿਚ ਕਹੀਏ ਤਾਂ ਯੋਗ ਅਧਿਆਤਮਕ ਅਨੁਸ਼ਾਸਨ ਅਤੇ ਅਤਿਅੰਤ ਸੂਖ਼ਮ ਵਿਗਿਆਨ 'ਤੇ ਆਧਾਰਿਤ ਗਿਆਨ ਹੈ, ਜੋ ਮਨ ਅਤੇ ਸਰੀਰ ਵਿਚ ਸਬੰਧ ਸਥਾਪਿਤ ਕਰਦਾ ਹੈ । ਇਹ ਸਿਹਤਮੰਦ ਜੀਵਨ ਦੀ ਕਲਾ ਅਤੇ ਵਿਗਿਆਨ ਹੈ। 'ਯੋਗ' ਸ਼ਬਦ ਸੰਸਕ੍ਰਿਤ ਦੇ 'ਯੁੱਜ' ਸ਼ਬਦ ਤੋ ਲਿਆ ਗਿਆ ਹੈ, ਜਿਸ ਦਾ ਅਰਥ ਹੈ ਜੋੜਨਾ। ਆਧੁਨਿਕ ਵਿਗਿਆਨਕਾਂ ਅਨੁਸਾਰ ਬ੍ਰਹਿਮੰਡ ਵਿਚ ਜੋ ਕੁਝ ਵੀ ਹੈ ਉਹ ਪ੍ਰਮਾਣੂ ਦਾ ਪ੍ਰਗਤੀਕਰਨ ਮਾਤਰ ਹੈ, ਜਿਸ ਨੇ ਯੋਗ ਵਿਚ ਇਸ ਅਸਤਿਤਵ ਦੇ ਏਕਤਵ ਦਾ ਅਨੁਭਵ ਕਰ ਲਿਆ, ਉਸ ਨੂੰ ਯੋਗੀ ਕਿਹਾ ਜਾਂਦਾ ਹੈ। 'ਯੋਗ' ਦਾ ਪ੍ਰਯੋਗ ਅੰਦਰੂਨੀ ਵਿਗਿਆਨ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ। ਯੋਗ ਅਭਿਆਸ (ਸਾਧਨਾ) ਦਾ ਉਦੇਸ਼ ਸਾਰੇ ਪ੍ਰਕਾਰ ਦੇ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰਨਾ ਹੈ।
ਯੋਗ ਵਿੱਦਿਆ ਹਜ਼ਾਰਾਂ ਸਾਲ ਪੁਰਾਣੀ ਹੈ। ਸ਼ਰੂਤੀ ਪ੍ਰੰਪਰਾ ਅਨੁਸਾਰ ਭਗਵਾਨ ਸ਼ਿਵ ਯੋਗ ਵਿੱਦਿਆ ਦੇ ਪਹਿਲੇ ਆਦਿ ਗੁਰੂ, ਯੋਗੀ ਜਾਂ ਆਦਿਯੋਗੀ ਹਨ। ਹਜ਼ਾਰਾਂ ਸਾਲ ਪਹਿਲਾਂ ਹਿਮਾਲਿਆ ਵਿਚ ਆਦਿਯੋਗੀ ਨੇ ਯੋਗ ਦਾ ਗੂੜ੍ਹ ਗਿਆਨ ਪੁਰਾਣਿਕ ਸਪਤ ਰਿਸ਼ੀਆਂ ਨੂੰ ਦਿੱਤਾ ਸੀ। ਇਨ੍ਹਾਂ ਸਪਤ ਰਿਸ਼ੀਆਂ ਨੇ ਇਸ ਅਤਿਅੰਤ ਮਹੱਤਵਪੂਰਨ ਯੋਗ ਵਿੱਦਿਆ ਨੂੰ ਏਸ਼ੀਆ, ਮੱਧ ਪੂਰਬ, ਉੱਤਰੀ ਅਫ਼ਰੀਕਾ ਅਤੇ ਦੱਖਣੀ ਅਮਰੀਕਾ ਸਮੇਤ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਸਾਰਿਤ ਕੀਤਾ। ਇਹ ਭਾਰਤ ਦੀ ਧਰਤੀ ਹੀ ਹੈ, ਜਿਥੇ ਯੋਗ ਦੀ ਵਿੱਦਿਆ ਪੂਰੀ ਤਰ੍ਹਾਂ ਪ੍ਰਗਟ ਹੋਈ। ਅਗਸਤ ਮੁਨੀ ਨੇ ਇਸ ਯੋਗ ਸੰਸਕ੍ਰਿਤੀ ਨੂੰ ਜੀਵਨ ਦੇ ਰੂਪ ਵਿਚ ਸੰਸਾਰ ਦੇ ਹਰੇਕ ਭਾਗ ਵਿਚ ਪ੍ਰਸਾਰਿਤ ਕੀਤਾ। ਵੈਦਿਕ ਅਤੇ ਉਪਨਿਸ਼ਦ ਪ੍ਰੰਪਰਾ, ਸ਼ੈਵ, ਵੈਸ਼ਨਵ ਪ੍ਰੰਪਰਾ, ਭਾਰਤੀ ਦਰਸ਼ਨ, ਰਾਮਾਇਣ ਅਤੇ ਭਗਵਤ ਗੀਤਾ ਸਮੇਤ ਮਹਾਂਭਾਰਤ ਵਰਗੇ ਮਹਾਂਕਾਵਿ, ਬੁੱਧ ਅਤੇ ਜੈਨ ਪ੍ਰੰਪਰਾ ਦੇ ਨਾਲ-ਨਾਲ ਸੰਸਾਰ ਦੀ ਲੋਕ ਵਿਰਾਸਤ ਵਿਚ ਵੀ ਯੋਗ ਮਿਲਦਾ ਹੈ। ਵੈਦਿਕ ਕਾਲ ਵਿਚ ਮਹਾਂਰਿਸ਼ੀ ਪਤੰਜਲੀ ਨੇ ਉਸ ਸਮੇਂ ਦੇ ਪ੍ਰਚਲਿਤ ਪੁਰਾਤਨ ਯੋਗ ਅਭਿਆਸਾਂ ਨੂੰ ਵਿਵਸਥਿਤ ਅਤੇ ਵਰਗੀਕ੍ਰਿਤ ਕੀਤਾ ਅਤੇ ਉਸ ਤੋਂ ਹੋਣ ਵਾਲੇ ਫ਼ਾਇਦਿਆਂ ਅਤੇ ਗਿਆਨ ਨੂੰ ਪਾਤੰਜਲਯੋਗਸੂਤਰ ਨਾਂਅ ਦੇ ਗ੍ਰੰਥ ਵਿਚ ਲੜੀਵਾਰ ਪਰੋਇਆ। ਮਹਾਂਰਿਸ਼ੀ ਪਤੰਜਲੀ ਦੇ ਬਾਅਦ ਵੀ ਅਨੇਕ ਰਿਸ਼ੀਆਂ ਅਤੇ ਯੋਗ ਆਚਾਰਿਆਂ ਨੇ ਯੋਗ ਅਭਿਆਸਾਂ ਅਤੇ ਯੋਗਿਕ ਕ੍ਰਿਆਵਾਂ ਅਤੇ ਸਾਹਿਤ ਦੇ ਮਾਧਿਆਮ ਨਾਲ ਇਸ ਖੇਤਰ ਦੀ ਸਾਂਭ-ਸੰਭਾਲ ਅਤੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਇਹੀ ਕਾਰਨ ਹੈ ਕਿ ਅੱਜ ਸਾਰਿਆਂ ਨੂੰ ਯੋਗ ਅਭਿਆਸ ਨਾਲ ਬਿਮਾਰੀਆਂ ਦੀ ਰੋਕਥਾਮ, ਚੰਗੀ ਦੇਖਭਾਲ ਅਤੇ ਸਿਹਤ ਲਾਭ ਮਿਲਣ ਦਾ ਦ੍ਰਿੜ੍ਹ ਵਿਸ਼ਵਾਸ ਹੈ। ਯੋਗ ਦਿਨ-ਪ੍ਰਤੀ ਦਿਨ ਵਿਕਸਤ ਅਤੇ ਵਿਸ਼ਾਲ ਹੁੰਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਯੋਗਿਕ ਅਭਿਆਸ ਜ਼ਿਆਦਾ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ।
? ਪ੍ਰੰਪਰਿਕ ਯੋਗ ਬਾਰੇ ਕੁਝ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝਾ ਕਰੋ?
-ਯੋਗ ਦੇ ਵੱਖ-ਵੱਖ ਸੰਪ੍ਰਦਾਵਾਂ, ਪ੍ਰੰਪਰਾਵਾਂ, ਦਰਸ਼ਨਾਂ, ਧਰਮਾਂ ਅਤੇ ਗੁਰੂ-ਚੇਲੇ ਦੀਆਂ ਪ੍ਰੰਪਰਾਵਾਂ ਦੇ ਚਲਦੇ ਵੱਖ-ਵੱਖ ਪਾਠਸ਼ਾਲਾਵਾਂ ਦਾ ਰਸਤਾ ਖੁੱਲ੍ਹਿਆ। ਇਨ੍ਹਾਂ ਵਿਚ ਗਿਆਨਯੋਗ, ਭਗਤੀਯੋਗ, ਕਰਮਯੋਗ, ਪਾਤੰਜਲਯੋਗ, ਕੁੰਡਲਿਨੀਯੋਗ, ਹੱਠਯੋਗ, ਧਿਆਨਯੋਗ, ਮੰਤਰਯੋਗ, ਲੈਅਯੋਗ, ਰਾਜਯੋਗ, ਜੈਨਯੋਗ, ਬੁੱਧਯੋਗ ਆਦਿ ਸ਼ਾਮਿਲ ਹਨ। ਹਰੇਕ ਸੰਪ੍ਰਦਾਇ ਦੇ ਆਪਣੇ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਅਤੇ ਅਭਿਆਸਕ੍ਰਮ ਹਨ, ਜਿਸ ਦੇ ਮਾਧਿਅਮ ਨਾਲ ਹਰੇਕ ਯੋਗ ਸੰਪ੍ਰਦਾਇ ਨੇ ਯੋਗ ਦੇ ਮੂਲ ਉਦੇਸ਼ਾਂ ਅਤੇ ਟੀਚਿਆਂ ਤੱਕ ਪਹੁੰਚਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
? ਅੱਜ ਦੀ ਜ਼ਿੰਦਗੀ ਵਿਚ ਯੋਗ ਦੀ ਏਨੀ ਜ਼ਰੂਰਤ ਕਿਉਂ ਹੈ?
-ਬਹੁਤ ਹੀ ਚੰਗਾ ਸਵਾਲ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਤਣਾਅ ਨੇ ਆਪਣੀ ਜਗ੍ਹਾ ਬਣਾ ਲਈ ਹੈ, ਜਿਸ ਕਿਸੇ ਨੂੰ ਪੁੱਛੋ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਹੋਵੇ ਹਰ ਵਰਗ ਦਾ ਵਿਅਕਤੀ ਤਣਾਅ ਦਾ ਸ਼ਿਕਾਰ ਹੈ। ਭੱਜ-ਦੌੜ ਭਰੀ ਜ਼ਿੰਦਗੀ 'ਚ ਅੱਜ ਇਨਸਾਨ ਕੋਲ ਆਪਣੇ ਲਈ ਵੀ ਸਮਾਂ ਨਹੀਂ ਰਿਹਾ। ਸਵੇਰੇ ਕੰਮ 'ਤੇ ਜਾਣ ਦੀ ਕਾਹਲੀ ਅਤੇ ਸ਼ਾਮ ਨੂੰ ਕੰਮ ਤੋਂ ਥੱਕੇ ਹੋਏ ਇਨਸਾਨ ਕੋਲ ਸੈਰ ਜਾਂ ਫਿਰ ਕਸਰਤ ਆਦਿ ਦਾ ਸਮਾਂ ਹੀ ਨਹੀਂ ਹੁੰਦਾ। ਇਥੇ ਹੀ ਬਸ ਨਹੀਂ ਹੱਥੀਂ ਕੰਮ ਨਾ ਕਰਨ ਦੀ ਆਦਤ ਅਤੇ ਆਰਾਮਦਾਇਕ ਰਹਿਣ-ਸਹਿਣ ਤੋਂ ਇਲਾਵਾ ਫਾਸਟ-ਫੂਡ ਦੀ ਲੋੜ ਤੋਂ ਵਧੇਰੇ ਵਰਤੋਂ ਕਾਰਨ ਇਨਸਾਨ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਬਿਮਾਰੀਆਂ 'ਚ ਘਿਰਦਾ ਜਾ ਰਿਹਾ ਹੈ। ਸ਼ੁਰੂਆਤ ਮੋਟਾਪੇ ਤੋਂ ਹੁੰਦੀ ਹੈ ਤੇ ਫਿਰ ਸ਼ੂਗਰ ਆਦਿ ਕਈ ਨਾਮੁਰਾਦ ਬਿਮਾਰੀਆਂ ਜਨਮ ਲੈਣ ਲੱਗਦੀਆਂ ਹਨ। ਇਸ ਲਈ ਅੱਜ ਦੀ ਜਿੰਦਗੀ ਵਿਚ ਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਯੋਗ ਰਾਹੀਂ ਹੀ ਅਸੀਂ ਇਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਂ।
? ਯੋਗ ਅਭਿਆਸ ਕਰਦੇ ਸਮੇਂ ਸਾਨੂੰ ਕਿੰਨ੍ਹਾ-ਕਿੰਨ੍ਹਾਂ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ?
-ਯੋਗ ਅਭਿਆਸ ਸਾਨੂੰ ਸ਼ਾਂਤ ਵਾਤਾਵਰਨ ਵਿਚ ਆਰਾਮ ਨਾਲ ਸਰੀਰ ਅਤੇ ਮਨ ਨੂੰ ਸ਼ਾਂਤ ਕਰਕੇ ਕਰਨਾ ਚਾਹੀਦਾ ਹੈ। ਯੋਗ ਅਭਿਆਸ ਮਲ ਅਤੇ ਮੂਤਰ ਦਾ ਤਿਆਗ ਕਰਨ ਉਪਰੰਤ ਸ਼ੁਰੂ ਕਰਨਾ ਚਾਹੀਦਾ ਹੈ। ਯੋਗ ਅਭਿਆਸ ਖਾਲੀ ਪੇਟ ਕਰਨਾ ਵਧੇਰੇ ਫ਼ਾਇਦੇਮੰਦ ਹੈ। ਅਭਿਆਸ ਕਰਨ ਲਈ ਚਟਾਈ, ਦਰੀ, ਕੰਬਲ ਜਾਂ ਯੋਗ ਮੈਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਰੀਰ ਦੀ ਗਤੀਵਿਧੀ ਆਸਾਨੀ ਨਾਲ ਹੋਵੇ ਇਸ ਲਈ ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਹਿਨ ਕੇ ਯੋਗ ਅਭਿਆਸ ਕਰਨਾ ਚਾਹੀਦਾ ਹੈ। ਬਿਮਾਰੀ, ਤਣਾਅ ਅਤੇ ਥਕਾਵਟ ਦੀ ਹਾਲਤ ਵਿਚ ਕਦੇ ਵੀ ਯੋਗ ਨਹੀਂ ਕਰਨਾ ਚਾਹੀਦਾ। ਗਰਭ-ਅਵਸਥਾ ਅਤੇ ਮਾਸਿਕ ਧਰਮ ਤੋਂ ਇਲਾਵਾ ਜੇਕਰ ਕੋਈ ਪੁਰਾਣਾ ਰੋਗ ਹੋਵੇ, ਦਿਲ ਦੇ ਰੋਗ ਸਬੰਧੀ ਕੋਈ ਸਮੱਸਿਆ ਹੋਵੇ ਅਤੇ ਅਜਿਹੀ ਹਾਲਤ ਵਿਚ ਯੋਗ ਕਰਨ ਤੋਂ ਪਹਿਲਾਂ ਡਾਕਟਰ ਜਾਂ ਯੋਗ ਮਾਹਿਰ ਨਾਲ ਸਲਾਹ ਜ਼ਰੂਰ ਕਰੋ।
ਯੋਗ ਕਰਨ ਨਾਲ ਜਿਥੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ, ਉਥੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵਧਦੀ ਹੈ। ਸਾਨੂੰ ਪੂਰੀ ਆਸ ਹੈ ਕਿ ਤੁਸੀਂ ਸਾਰੇ ਉਪਰੋਕਤ ਦੱਸੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਯੋਗ ਦਾ ਤਨ-ਮਨ ਤੋਂ ਪੂਰੀ ਤਰ੍ਹਾਂ ਅਨੰਦ ਮਾਣੋਗੇ ਅਤੇ ਆਪਣੇ ਸਰੀਰ ਨੂੰ ਰੋਗ ਮੁਕਤ ਰੱਖਣ ਵਿਚ ਕਾਮਯਾਬ ਹੋਵੋਗੇ।


-ਐਫ.ਐਮ.70, ਮਾਡਲ ਹਾਊਸ, ਜਲੰਧਰ।

ਸ਼ੂਗਰ : ਕੀ ਖਾਈਏ, ਕੀ ਨਾ

ਸ਼ੂਗਰ ਦੇ ਰੋਗੀਆਂ ਨੂੰ ਆਪਣੇ ਖਾਣ-ਪੀਣ 'ਤੇ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਅਜਿਹੇ ਰੋਗੀਆਂ ਨੂੰ ਜ਼ਿਆਦਾ ਖਾਣਾ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਘੱਟ ਖਾਣਾ ਵੀ। ਸ਼ੂਗਰ ਰੋਗੀ ਤਿੰਨ ਮੁੱਖ ਆਹਾਰਾਂ ਤੋਂ ਇਲਾਵਾ ਦੋ ਵਾਰ ਸਨੈਕਸ ਵੀ ਲੈਣ। ਅਜਿਹੇ ਰੋਗੀਆਂ ਨੂੰ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੇ ਸਹੀ ਮੇਲ 'ਤੇ ਧਿਆਨ ਰੱਖਣਾ ਚਾਹੀਦਾ ਹੈ।
ਨਾਸ਼ਤੇ ਵਿਚ ਅਜਿਹੇ ਰੋਗੀ ਦੁੱਧ ਵਾਲਾ ਦਲੀਆ ਜਾਂ ਆਂਡਾ, ਬ੍ਰੈੱਡ ਲੈ ਸਕਦੇ ਹਨ। ਦੁਪਹਿਰ ਦੇ ਖਾਣੇ ਦੇ ਨਾਲ ਸਬਜ਼ੀ, ਦਾਲ ਅਤੇ ਦੋ ਰੋਟੀਆਂ ਲੈ ਸਕਦੇ ਹਨ। ਇਸੇ ਤਰ੍ਹਾਂ ਰਾਤ ਦੇ ਖਾਣੇ ਵਿਚ ਵੀ ਲਓ। ਇਸ ਤਰ੍ਹਾਂ ਦੀ ਖੁਰਾਕ ਨਾਲ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ। ਕਾਰਬੋਹਾਈਡ੍ਰੇਟ ਸਰੀਰ ਵਿਚ ਛੇਤੀ ਸ਼ੂਗਰ ਦੇ ਰੂਪ ਵਿਚ ਬਦਲ ਜਾਂਦਾ ਹੈ ਅਤੇ ਪ੍ਰੋਟੀਨ ਸ਼ੂਗਰ ਨੂੰ ਹੌਲੀ-ਹੌਲੀ ਰਿਲੀਜ਼ ਕਰਦਾ ਹੈ। ਇਸ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਖਾਣ ਦੀ ਇੱਛਾ ਵੀ ਨਹੀਂ ਹੁੰਦੀ। ਜ਼ਿਆਦਾ ਤਲਿਆ ਭੋਜਨ ਨੁਕਸਾਨ ਪਹੁੰਚਾਉਂਦਾ ਹੈ।
ਕੀ ਖਾਈਏ
* ਦਿਨ ਵਿਚ ਜੋ ਵੀ ਖਾਓ, ਥੋੜ੍ਹਾ-ਥੋੜ੍ਹਾ ਕਰਕੇ ਕਈ ਵਾਰ ਖਾਓ। ਫਲ ਅਤੇ ਸਬਜ਼ੀਆਂ ਵਿਚ ਚੈਰੀ, ਸਟ੍ਰਾਬੇਰੀ, ਸੰਤਰਾ, ਅਨਾਰ, ਜਾਮਣ, ਪਪੀਤਾ, ਮੌਸੰਮੀ ਅਤੇ ਕਰੇਲਾ, ਘੀਆ, ਤੋਰੀ, ਖੀਰਾ, ਟਮਾਟਰ ਆਦਿ ਨਿਯਮਤ ਲਓ।
* ਸ਼ੂਗਰ ਦੇ ਰੋਗੀਆਂ ਨੂੰ ਲੋ ਗਲਾਈਸਿਮਿਕ ਇੰਡੈਕਸ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਵਿਚ ਹੌਲੀ-ਹੌਲੀ ਗੁਲੂਕੋਜ਼ ਵਿਚ ਬਦਲਦੀਆਂ ਹਨ। ਇਨ੍ਹਾਂ ਵਿਚ ਸੋਇਆ, ਮੂੰਗੀ ਦੀ ਦਾਲ, ਕਾਲੇ ਛੋਲੇ, ਰਾਜਮਾਂਹ, ਭੂਰੇ ਚੌਲ, ਆਂਡੇ ਦਾ ਸਫੈਦ ਹਿੱਸਾ, ਹਰੀਆਂ ਸਬਜ਼ੀਆਂ ਆਉਂਦੀਆਂ ਹਨ।
* ਖਾਣਾ ਅਜਿਹਾ ਖਾਓ, ਜਿਸ ਵਿਚ ਰੇਸ਼ੇ ਦੀ ਮਾਤਰਾ ਜ਼ਿਆਦਾ ਹੋਵੇ ਭਾਵ ਕਿ 20 ਫੀਸਦੀ ਰੇਸ਼ਾ ਹੋਵੇ। ਸਪਰਾਊਟਸ ਦਾ ਸੇਵਨ ਨਿਯਮਤ ਕਰੋ, ਇਨ੍ਹਾਂ ਵਿਚ ਐਂਟੀ-ਆਕਸੀਡੈਂਟ ਕਾਫੀ ਹੁੰਦੇ ਹਨ। ਚੋਕਰਯੁਕਤ ਆਟੇ ਦੀ ਰੋਟੀ, ਦਲੀਆ, ਓਟਸ ਬ੍ਰਾਨ, ਰਾਜਮਾਂਹ, ਲੋਭੀਆ ਆਦਿ ਲਓ।
* ਵੈਸੇ ਤਾਂ ਸ਼ੂਗਰ ਰੋਗੀਆਂ ਲਈ ਰਸ ਓਨਾ ਲਾਭਦਾਇਕ ਨਹੀਂ ਹੈ। ਪਰ ਰਸ ਪੀਣਾ ਵੀ ਹੋਵੇ ਤਾਂ ਕਰੇਲਾ, ਖੀਰਾ, ਟਮਾਟਰ, ਔਲਾ ਅਤੇ ਐਲੋਵੇਰਾ ਦਾ ਰਸ ਲੈ ਸਕਦੇ ਹੋ।
* ਸੁੱਕੇ ਮੇਵੇ ਦਾ ਸੇਵਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਕੁਝ ਰੇਸ਼ਾ ਵੀ ਸਰੀਰ ਨੂੰ ਦਿੰਦਾ ਹੈ। ਇਕ ਮੁੱਠੀ ਸੁੱਕੇ ਮੇਵੇ ਦਾ ਸੇਵਨ ਕਰ ਸਕਦੇ ਹੋ, ਜਿਨ੍ਹਾਂ ਵਿਚ 5-7 ਬਦਾਮ ਅਤੇ 3-4 ਅਖਰੋਟ ਲੈ ਸਕਦੇ ਹੋ।
* ਸ਼ੂਗਰ ਰੋਗੀ ਨੂੰ ਚਾਹ ਦੇ ਨਾਲ ਉੱਚ ਰੇਸ਼ੇ ਵਾਲੇ ਬਿਸਕੁਟ ਲੈਣੇ ਚਾਹੀਦੇ ਹਨ। ਵੈਸੇ ਗ੍ਰੀਨ ਟੀ ਜ਼ਿਆਦਾ ਲਾਭਦਾਇਕ ਹੁੰਦੀ ਹੈ। ਦੁੱਧ ਡਬਲ ਟੋਂਡ ਲਓ। ਡਬਲ ਟੋਂਡ ਦੁੱਧ ਦਾ ਦਹੀਂ ਨਿਯਮਤ ਲਓ। * ਨਾਰੀਅਲ ਪਾਣੀ, ਤਾਜ਼ੀਆਂ ਸਬਜ਼ੀਆਂ ਦਾ ਸੂਪ, ਲੱਸੀ ਦਾ ਸੇਵਨ ਕਾਲਾਲੂਣ ਪਾ ਕੇ ਕਰ ਸਕਦੇ ਹੋ।
* ਕਣਕ ਦੇ ਆਟੇ ਵਿਚ ਜੌਂ ਦਾ ਆਟਾ ਮਿਲਾ ਕੇ ਵੀ ਰੋਟੀ ਦਾ ਸੇਵਨ ਸਿਹਤ ਲਈ ਬਿਹਤਰ ਹੈ, ਕਿਉਂਕਿ ਜੌਂ ਵੀ ਲੋ ਗਲਾਈਸਿਮਿਕ ਇੰਡੈਕਸ ਵਿਚ ਆਉਂਦੇ ਹਨ।
* ਮੇਥੀਦਾਣਾ ਰਾਤ ਵਿਚ ਧੋ ਕੇ ਭਿਉਂ ਕੇ ਰੱਖ ਦਿਓ। ਸਵੇਰੇ ਉਸ ਦਾ ਪਾਣੀ ਪੁਣ ਕੇ ਬਾਕੀ ਮੇਥੀ ਦਾਣਾ ਸਬਜ਼ੀ ਵਿਚ ਵਰਤ ਸਕਦੇ ਹੋ। ਨਿੰਮ, ਕਰੇਲੇ ਦਾ ਪਾਊਡਰ ਲੰਬੇ ਸਮੇਂ ਤੱਕ ਪਾਣੀ ਨਾਲ ਲੈਣ 'ਤੇ ਲਾਭ ਪਹੁੰਚਦਾ ਹੈ। ਭੁੰਨੇ ਛੋਲੇ ਦਿਨ ਵਿਚ ਭੁੱਖ ਲੱਗਣ 'ਤੇ ਖਾਓ।
ਕੀ ਨਾ ਖਾਈਏ
* ਮੱਖਣ, ਪਨੀਰ, ਮੀਟ, ਚੀਜ਼ ਦਾ ਸੇਵਨ ਘੱਟ ਤੋਂ ਘੱਟ ਕਰੋ।
* ਸਫੈਦ ਚੌਲਾਂ ਦਾ ਸੇਵਨ ਨਾ ਕਰੋ। ਜੇ ਕਦੇ ਸਫੈਦ ਚੌਲ ਖਾਣੇ ਵੀ ਪੈਣ ਤਾਂ ਉਬਾਲ ਕੇ ਨਾ ਖਾਓ, ਕਿਉਂਕਿ ਸਾਰੇ ਵਿਟਾਮਿਨ ਅਤੇ ਮਿਨਰਲਜ਼ ਵਾਧੂ ਪਾਣੀ ਵਿਚ ਨਿਕਲ ਜਾਣਗੇ।
* ਖੰਡ, ਸ਼ੱਕਰ, ਗੁੜ, ਸ਼ਹਿਦ, ਗੰਨਾ, ਚਾਕਲੇਟ, ਪੇਸਟਰੀ, ਕੇਕ, ਕੁਲਫੀ, ਆਈਸਕ੍ਰੀਮ ਦਾ ਸੇਵਨ ਨਾ ਕਰੋ।
* ਆਲੂ, ਕਚਾਲੂ, ਅਰਬੀ, ਕਟਹਲ, ਜਿਮੀਕੰਦ, ਸ਼ਕਰਕੰਦੀ, ਚੁਕੰਦਰ ਦਾ ਸੇਵਨ ਨਾ ਕਰੋ। ਜੇ ਬਹੁਤ ਮਨ ਕਰੇ ਤਾਂ ਇਨ੍ਹਾਂ ਨੂੰ ਉਬਾਲ ਕੇ ਥੋੜ੍ਹਾ ਜਿਹਾ ਖਾ ਸਕਦੇ ਹੋ। ਫ੍ਰਾਈਡ ਤਾਂ ਬਿਲਕੁਲ ਨਾ ਖਾਓ, ਕਿਉਂਕਿ ਇਨ੍ਹਾਂ ਵਿਚ ਸਟਾਰਚ ਅਤੇ ਕਾਰਬੋਹਾਈਡ੍ਰੇਟਸ ਜ਼ਿਆਦਾ ਹੁੰਦੇ ਹਨ।
* ਪੈਕਡ ਰਸ ਬਿਲਕੁਲ ਨਾ ਲਓ, ਨਾ ਹੀ ਸਾਫਟ ਡ੍ਰਿੰਕਸ ਆਦਿ ਲਓ, ਕਿਉਂਕਿ ਇਨ੍ਹਾਂ ਵਿਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
* ਹਾਰਡ ਡ੍ਰਿੰਕਸ ਦਾ ਸੇਵਨ ਵੀ ਨਾ ਕਰੋ। ਕਦੇ ਪੀਣੀ ਵੀ ਪਵੇ ਤਾਂ ਖਾਲੀ ਪੇਟ ਇਸ ਦਾ ਸੇਵਨ ਨਾ ਕਰੋ, ਕਿਉਂਕਿ ਸ਼ਰਾਬ ਨਾਲ ਸ਼ੂਗਰ ਦਾ ਪੱਧਰ ਇਕਦਮ ਡਿੱਗ ਜਾਂਦਾ ਹੈ। ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦਾ ਸ਼ੂਗਰ ਪੱਧਰ ਕੰਟਰੋਲ ਕਰਨਾ ਮੁਸ਼ਕਿਲ ਹੁੰਦਾ ਹੈ।
* ਮੈਦਾ, ਮੱਕੀ ਦਾ ਆਟਾ ਨਾ ਖਾਓ, ਕਿਉਂਕਿ ਇਹ ਹਾਈ ਗਲਾਈਸਿਮਿਕ ਇੰਡੈਕਸ ਦੇ ਅੰਤਰਗਤ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਬਹੁਤ ਫਾਈਨ ਵੀ ਹੁੰਦੇ ਹਨ।
* ਪੂੜੀ, ਪਰੌਂਠੇ, ਪਕੌੜੇ ਵੀ ਨਾ ਖਾਓ, ਕਿਉਂਕਿ ਇਹ ਭਾਰ ਵੀ ਵਧਾਉਂਦੇ ਹਨ ਅਤੇ ਕੋਲੈਸਟ੍ਰੋਲ ਵੀ।
* ਫਲਾਂ ਵਿਚ ਅੰਬ, ਕੇਲਾ, ਚੀਕੂ, ਅਨਾਨਾਸ, ਅੰਗੂਰ, ਸ਼ਰੀਫਾ ਨਾ ਖਾਓ, ਕਿਉਂਕਿ ਇਨ੍ਹਾਂ ਵਿਚ ਵੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। * ਮੈਦੇ ਦੀ ਬ੍ਰੈੱਡ, ਨੂਡਲਸ, ਪੀਜ਼ਾ, ਬਿਸਕੁਟ, ਸੂਜੀ, ਸਫੈਦ ਚੌਲ ਦਾ ਸੇਵਨ ਵੀ ਨਾ ਕਰੋ। ਇਸ ਨਾਲ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ।
ਖੁਰਾਕ ਦੇ ਨਾਲ ਹਲਕੀ ਕਸਰਤ ਅਤੇ ਲੰਬੀ ਸੈਰ ਜ਼ਰੂਰ ਕਰੋ।

ਵਿਟਾਮਿਨ 'ਸੀ' ਨਾਲ ਭਰਪੂਰ : ਨਿੰਬੂ

ਵਿਟਾਮਿਨ 'ਸੀ' ਨਾਲ ਭਰਪੂਰ ਨਿੰਬੂ ਪੂਰਾ ਸਾਲ ਉਪਲਬਧ ਰਹਿੰਦਾ ਹੈ। ਨਿੰਬੂ ਇਕ ਹੈ ਪਰ ਇਸ ਦੀ ਵਰਤੋਂ ਅਸੀਂ ਕਈ ਤਰੀਕਿਆਂ ਨਾਲ ਕਰਕੇ ਅਨੇਕ ਰੋਗਾਂ ਵਿਚ ਇਸ ਦਾ ਲਾਭ ਲੈ ਸਕਦੇ ਹਾਂ। ਨਿੰਬੂ ਇਕ ਦਵਾਈ ਦੇ ਨਾਲ-ਨਾਲ ਸੁੰਦਰਤਾ ਪ੍ਰਸਾਧਨ ਦੇ ਰੂਪ ਵਿਚ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਪੱਥਰੀ ਹੋਣ 'ਤੇ : ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਸੇਂਧਾ ਨਮਕ ਮਿਲਾ ਕੇ ਸਵੇਰੇ-ਸ਼ਾਮ ਦੋ ਵਾਰ ਹਰ ਰੋਜ਼ ਇਕ ਮਹੀਨੇ ਤੱਕ ਪੀਣ ਨਾਲ ਪੱਥਰੀ ਗਲ ਕੇ ਨਿਕਲ ਜਾਵੇਗੀ।
ਅਪਚ ਹੋਣ 'ਤੇ : ਖਾਣੇ ਤੋਂ ਪਹਿਲਾਂ ਨਿੰਬੂ 'ਤੇ ਸੇਂਧਾ ਨਮਕ ਪਾ ਕੇ ਚੂਸੋ। ਨਿੰਬੂ 'ਤੇ ਕਾਲਾ ਨਮਕ, ਕਾਲੀ ਮਿਰਚ ਪਾ ਕੇ ਦਿਨ ਵਿਚ ਦੋ-ਤਿੰਨ ਵਾਰ ਚੂਸੋ। ਭੁੱਖ ਵੀ ਲੱਗੇਗੀ ਅਤੇ ਪੇਟ ਦੇ ਕਈ ਰੋਗ ਵੀ ਦੂਰ ਹੋਣਗੇ। ਪਪੀਤੇ 'ਤੇ ਨਿੰਬੂ, ਕਾਲੀ ਮਿਰਚ ਪਾ ਕੇ ਸਵੇਰੇ ਲਗਾਤਾਰ ਸੱਤ ਦਿਨ ਤੱਕ ਖਾਓ।
ਸਰਦੀਆਂ ਵਿਚ ਭੋਜਨ ਦੇ ਨਾਲ ਮੂਲੀ 'ਤੇ ਲੂਣ ਅਤੇ ਨਿੰਬੂ ਪਾ ਕੇ ਖਾਓ।
ਵਾਲ ਕਾਲੇ ਕਰਨ ਲਈ : ਇਕ ਨਿੰਬੂ ਦੇ ਰਸ ਵਿਚ ਦੋ ਚਮਚ ਪਾਣੀ, ਚਾਰ ਚਮਚ ਪੀਸਿਆ ਹੋਇਆ ਔਲਾ ਮਿਲਾ ਲਓ। ਇਸ ਦਾ ਪੇਸਟ ਬਣਾਓ, ਪੇਸਟ ਨੂੰ ਇਕ ਘੰਟੇ ਤੱਕ ਭਿੱਜਣ ਦਿਓ, ਫਿਰ ਸਿਰ 'ਤੇ ਲੇਪ ਕਰੋ। ਇਕ ਘੰਟੇ ਬਾਅਦ ਸਿਰ ਧੋਵੋ। ਸਿਰ ਧੋਣ ਸਮੇਂ ਸਾਬਣ, ਸ਼ੈਂਪੂ ਦੀ ਵਰਤੋਂ ਨਾ ਕਰੋ। ਬਾਲ ਧੋਂਦੇ ਸਮੇਂ ਅੱਖਾਂ ਬੰਦ ਰੱਖੋ, ਹਰ ਚੌਥੇ ਦਿਨ ਇਸ ਪੇਸਟ ਨੂੰ ਬਣਾ ਕੇ ਲਗਾਓ। ਕੁਝ ਮਹੀਨੇ ਤੱਕ ਨਿਯਮਤ ਵਰਤੋਂ ਨਾਲ ਵਾਲ ਕਾਲੇ ਹੋਣਗੇ।
ਗੈਸ ਹੋਣ 'ਤੇ : * ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਚੌਥਾਈ ਚਮਚ ਮਿੱਠਾ ਸੋਢਾ ਮਿਲਾ ਕੇ ਪੀਓ।
* ਨਿੰਬੂ ਚੀਰ ਕੇ ਇਸ ਦੀਆਂ ਫਾੜੀਆਂ ਵਿਚ ਨਮਕ ਅਤੇ ਪੀਸੀ ਹੋਈ ਕਾਲੀ ਮਿਰਚ ਪਾ ਕੇ ਗਰਮ ਕਰਕੇ ਚੂਸਣ ਨਾਲ ਗੈਸ ਵਿਚ ਲਾਭ ਹੁੰਦਾ ਹੈ।
* ਇਕ ਚਮਚ ਨਿੰਬੂ ਦਾ ਰਸ, ਇਕ ਚਮਚ ਪੀਸੀ ਅਜ਼ਵਾਇਣ, ਅੱਧਾ ਕੱਪ ਗਰਮ ਪਾਣੀ ਵਿਚ ਪਾ ਕੇ ਸਵੇਰੇ-ਸ਼ਾਮ ਪੀਓ।
ਮੂੰਹ ਦੀ ਬਦਬੂ : ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਦੋ ਚਮਚ ਗੁਲਾਬਜਲ ਪਾ ਕੇ ਭੋਜਨ ਤੋਂ ਬਾਅਦ ਇਸ ਪਾਣੀ ਨਾਲ 2-3 ਵਾਰ ਕੁਰਲੀ ਕਰਕੇ ਬਾਕੀ ਬਚਿਆ ਪਾਣੀ ਪੀ ਲਓ। ਲਾਭ ਹੋਵੇਗਾ।


-ਸੁਦਰਸ਼ਨ ਚੌਧਰੀ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX