ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਪੁਰਾਣੀ ਸਾਂਝ ਅਤੇ ਸਾਡਾ ਖ਼ਤਮ ਹੋ ਰਿਹਾ ਅਜੋਕਾ ਵਜੂਦ

ਅੱਜ ਸਾਡੇ ਵਰਗੇ ਨੌਜਵਾਨ ਅਕਸਰ ਪੜ੍ਹ-ਲਿਖ ਕੇ ਜਦੋਂ ਬਾਪ ਦੀ ਕਮਾਈ ਜਾਂ ਚੰਗੀ ਨੌਕਰੀ ਕਰਕੇ ਚਾਰ ਪੈਸਿਆਂ 'ਚ ਹੋ ਜਾਂਦੇ ਹਨ ਤਾਂ ਮਾੜੇ ਗਰੀਬ ਬੰਦੇ ਜਾਂ ਗਰੀਬ ਰਿਸ਼ਤੇਦਾਰ ਵੱਲ ਦੇਖਣ 'ਚ ਵੀ ਬੇਇੱਜ਼ਤੀ ਮਹਿਸੂਸ ਕਰਦੇ ਹਨ। ਇਥੋਂ ਤੱਕ ਕਿ ਮਾਂ-ਬਾਪ, ਭੈਣ-ਭਰਾ, ਹਰ ਰਿਸ਼ਤਾ ਅੱਜ ਸਾਡੇ ਲਈ ਫਾਇਦੇ-ਨੁਕਸਾਨ ਦੀ ਬੁਨਿਆਦ ਬਣ ਕੇ ਰਹਿ ਚੁੱਕਾ ਹੈ, ਫਿਰ ਭਾਵੇਂ ਇਹ ਸਭ ਲੱਖ ਸਾਡੀ ਇੱਜ਼ਤ ਹੀ ਕਿਉਂ ਨਾ ਕਰਦੇ ਹੋਣ। ਭਾਵੇਂ ਕਿ ਪਹਿਲਾਂ ਹਰ ਬੰਦਾ ਸਾਂਝਾ ਹੁੰਦਾ ਸੀ, ਕੋਈ ਆਪਣੇ-ਬੇਗਾਨੇ ਵਿਚ ਫਰਕ ਨਹੀਂ ਸੀ, ਸਭ ਦੇ ਦੁੱਖ-ਸੁਖ ਇਕ ਸਨ, ਪਰ ਹੁਣ ਬੇਗਾਨਿਆਂ ਨੂੰ ਅਸੀਂ ਦਿਖਾਵੇ ਲਈ ਆਪਣਾ ਬਣਾ ਰਹੇ ਹਾਂ ਤੇ ਆਪਣਿਆਂ ਦੀ ਬੇਕਦਰੀ ਕਰਕੇ ਉਨ੍ਹਾਂ ਤੋਂ ਦੂਰ ਭੱਜ ਰਹੇ ਹਾਂ, ਜੋ ਕਿ ਅੱਜ ਦਾ ਕੌੜਾ ਸੱਚ ਹੈ। ਅੱਜ ਸਾਡੀ ਮਾਨਸਿਕਤਾ ਆਪਣੇ ਅਤੇ ਬਿਗਾਨੇ ਨੂੰ ਲੱਭ ਰਹੀ ਹੈ ਪਰ ਅਫਸੋਸ ਕਿ ਉਹ ਆਪਣਾਪਨ ਨਜ਼ਰੀਂ ਆਉਣਾ ਹੁਣ ਬਹੁਤ ਔਖਾ ਜਿਹਾ ਹੋ ਚੁੱਕਾ ਹੈ।
ਕੀ ਅਸੀਂ ਐਨੇ ਗਿਰ ਗਏ ਹਾਂ ਕਿ ਕਿਸੇ ਦੀ ਮਜਬੂਰੀ, ਕਿਸੇ ਦਾ ਔਖਾ ਵੇਲਾ ਵੀ ਸਾਨੂੰ ਖੇਡ ਵਾਂਗ ਲਗਦਾ ਹੈ? ਆਖਰ ਚਾਹੁੰਦੇ ਕੀ ਹਾਂ ਅਸੀਂ? ਕਿਸੇ ਔਖੇ ਵੇਲੇ 'ਚ ਡਿੱਗੇ ਨੂੰ ਅਸੀਂ ਨਹੀਂ ਚੁੱਕ ਸਕਦੇ, ਕਿਉਂਕਿ ਉਸ ਦਾ ਫਾਇਦਾ ਚੁੱਕਣਾ ਵੀ ਅਸੀਂ ਆਪਣਾ ਕਾਰੋਬਾਰ ਬਣਾ ਚੱਕੇ ਹਾਂ ਤੇ ਰਹੀ ਗੱਲ ਕਿਸੇ ਨੂੰ ਕਾਮਯਾਬ ਹੁੰਦੇ ਦੇਖਣ ਦੀ, ਤਾਂ ਉਹ ਵੀ ਸਾਡੇ ਲਈ ਅਸਹਿ ਹੁੰਦਾ ਹੈ। ਕਦੀ ਸੋਚਿਆ ਦੋਸਤੋ ਅਸੀਂ ਕਿਸ ਦੁਨੀਆ 'ਚ ਜਿਉ ਰਹੇ ਹਾਂ ਤੇ ਕਿਉਂ ਜਿਉ ਰਹੇ ਹਾਂ? ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੁਨੀਆ ਦਾ ਹਰ ਰਿਸ਼ਤਾ ਅੱਜ ਅਸੀਂ ਆਪਣੇ ਫਾਇਦੇ-ਨੁਕਸਾਨ ਨਾਲ ਜੋੜ ਚੁੱਕੇ ਹਾਂ।
ਅੱਜ ਤੁਸੀਂ ਜਦੋਂ ਵੀ ਘਰੋਂ ਪੈਰ ਪੁੱਟੋ ਤਾਂ ਜੇ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦੇ ਸੌ ਲੋਕਾਂ ਤੋਂ ਵੀ ਅਨਜਾਣ ਬਣ ਕੇ ਆਪਣੇ ਬਾਪ-ਦਾਦੇ ਬਾਰੇ ਪੁੱਛੋਗੇ ਤਾਂ ਹਰ ਕੋਈ ਤੁਹਾਨੂੰ ਉਨ੍ਹਾਂ ਦੀ ਚੰਗਿਆਈ ਨੂੰ ਸਲਾਹੁੰਦਾ ਨਜ਼ਰ ਆਵੇਗਾ, ਪਰ ਇਸ ਦੇ ਉਲਟ ਜੇ ਅਸੀਂ ਆਪਣੀ ਅਜੋਕੀ ਫੋਕੀ ਦੁਨੀਆ 'ਤੇ ਨਜ਼ਰ ਮਾਰੀਏ ਤਾਂ ਪਤਾ ਨਹੀਂ ਕਿੰਨੇ ਲੋਕ ਸਾਡੇ ਖ਼ਿਲਾਫ਼ ਤੇ ਕਿੰਨੇ ਸਾਡੇ ਨਾਲ ਖੜ੍ਹੇ ਨਜ਼ਰੀਂ ਪੈਣਗੇ, ਜਿਸ ਦੀ ਤਸੱਲੀ ਅਤੇ ਅੰਦਾਜ਼ਾ ਸਾਨੂੰ ਖੁਦ ਨੂੰ ਲਗਾਉਣਾ ਬੜਾ ਔਖਾ ਹੋਵੇਗਾ।
ਅੱਜ ਲੋੜ ਹੈ ਕਿ ਅਸੀਂ ਝੂਠੀ ਮਾਨਸਿਕਤਾ ਨੂੰ ਛੱਡ ਕੇ ਮੁੜ ਆਪਣੇ ਅਨਮੋਲ ਆਪਸੀ ਰਿਸ਼ਤਿਆਂ ਨੂੰ ਸਮਝੀਏ। ਆਓ ਉਨ੍ਹਾਂ ਕਦਰਾਂ-ਕੀਮਤਾਂ ਨੂੰ ਉਸੇ ਪਿਆਰ ਦੇ ਧਾਗੇ 'ਚ ਪਿਰੋਈਏ ਤੇ ਉਸ ਫਰਕ ਨੂੰ ਖ਼ਤਮ ਕਰੀਏ, ਜੋ ਸਾਡੀ ਅਜੋਕੀ ਸਾਂਝ ਦੀ ਬੁਨਿਆਦ ਨੂੰ ਡੂੰਘੀ ਸੱਟ ਲਗਾ ਰਿਹਾ ਹੈ।

-ਕੋਟਕਪੂਰਾ। ਮੋਬਾ: 99143-12618


ਖ਼ਬਰ ਸ਼ੇਅਰ ਕਰੋ

ਖ਼ਤਰੇ ਵਿਚ ਹਨ ਸਾਡੇ ਜੰਗਲੀ ਸੋਮੇ

ਜੰਗਲ ਮਨੁੱਖੀ ਜੀਵਨ ਦਾ ਆਧਾਰ ਹਨ। ਜੰਗਲਾਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਦਾ ਕਿਆਸ ਨਹੀਂ ਕੀਤਾ ਜਾ ਸਕਦਾ, ਪਰ ਕਿੰਨਾ ਵੱਡਾ ਦੁਖਾਂਤ ਹੈ ਕਿ ਅੱਜ ਦੀ ਮਨੁੱਖ ਜਾਤੀ ਇਸ ਬਖਸ਼ਿੰਦ ਜੀਵਨ ਵਰਧਕ ਸੋਮੇ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਰਹੀ ਹੈ। ਵਿਸ਼ਵ ਦੇ ਤਪਤ-ਖੰਡੀ ਖੇਤਰਾਂ ਵਿਚ ਪ੍ਰਤੀ ਮਿੰਟ 60 ਤੋਂ 65 ਏਕੜ ਭੂਮੀ ਜੰਗਲਾਂ ਕੋਲੋਂ ਖੋਹੀ ਜਾ ਰਹੀ ਹੈ। ਜਦੋਂ ਇਸ ਭਿਆਨਕ ਗਤੀ ਨਾਲ ਜੰਗਲ ਕੱਟੇ ਜਾ ਰਹੇ ਹੋਣ ਤਾਂ ਅਨੁਮਾਨ ਲਗਾਓ ਕਿ ਇਸ ਸ਼ਰਨਗਾਹ ਵਿਚ ਵਸਦੇ ਹਜ਼ਾਰਾਂ ਜੀਵਾਂ ਦਾ ਕੀ ਬਣੇਗਾ? ਸੱਚ ਪੁੱਛੋ, ਇਹ ਸਾਰੇ ਵਾਤਾਵਰਨੀ-ਪਨਾਹਗੀਰ ਬਣਦੇ ਜਾ ਰਹੇ ਹਨ ਅਤੇ ਜਿਹੜੇ ਜੀਵ ਨਵੀਆਂ ਸ਼ਰਨਗਾਹਾਂ ਨਹੀਂ ਲੱਭ ਸਕਦੇ ਜਾਂ ਨਵੇਂ ਵਾਤਾਵਰਨ ਅਨੁਸਾਰ ਆਪਣੇ-ਆਪ ਨੂੰ ਨਹੀਂ ਢਾਲ ਸਕਦੇ, ਉਨ੍ਹਾਂ ਦੀ ਨਸਲਕੁਸ਼ੀ ਹੋਣੀ ਲਾਜ਼ਮੀ ਹੈ। ਜੰਗਲ ਅਤੇ ਜੰਗਲੀ ਜੀਵਾਂ ਤੋਂ ਵਿਹੂਣੀ ਧਰਤੀ ਨੂੰ ਭੂ-ਵਿਗਿਆਨੀ ਮਾਰੂਥਲ ਦਾ ਨਾਂਅ ਦਿੰਦੇ ਹਨ। ਇਕਲੋਜਿਸਟ ਇਸੇ ਨੂੰ ਹੀ ਜੀਵੀ-ਭਿੰਨਤਾ ਦਾ ਵਿਨਾਸ਼ ਕਹਿੰਦੇ ਹਨ। ਇਸ ਨਾਲ ਕੁਦਰਤ ਦਾ ਸਮੁੱਚਾ ਸਮਤੋਲ ਵਿਗੜ ਜਾਂਦਾ ਹੈ, ਜਿਸ ਦੇ ਸਿੱਟੇ ਬਹੁਤ ਭਿਆਨਕ ਨਿਕਲਦੇ ਹਨ। ਸੰਯੁਕਤ ਰਾਸ਼ਟਰ ਸੰਘ ਦੇ ਮਾਹਿਰਾਂ ਨੇ ਅੰਕੜਿਆਂ ਅਤੇ ਪ੍ਰਾਪਤ ਤੱਥਾਂ ਦੇ ਆਧਾਰ 'ਤੇ ਸਾਨੂੰ ਚਿਤਾਵਨੀ ਦਿੱਤੀ ਹੈ ਕਿ ਸੰਨ 2025 ਤੱਕ ਸਾਡੀ ਪ੍ਰਿਥਵੀ ਭਿਆਨਕ ਤਪਸ਼ ਦਾ ਸ਼ਿਕਾਰ ਹੋ ਜਾਵੇਗੀ। ਜੇਕਰ ਨਿੱਘ ਦੇ ਵਾਧੇ ਦੀ ਇਹੋ ਦਰ ਹੀ ਮਿੱਥ ਲਈ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਇਸ ਨਿੱਘ ਨੇ ਧਰੁਵੀ ਬਰਫਾਂ ਨੂੰ ਉੱਕਾ ਹੀ ਪਿਘਲਾਅ ਦੇਣਾ ਹੈ। ਇਸ ਹੜ੍ਹ ਨੂੰ ਫਿਰ ਕੋਈ ਨਹੀਂ ਰੋਕ ਸਕੇਗਾ, ਜਿਸ ਨਾਲ ਸਮੁੱਚੀ ਪ੍ਰਿਥਵੀ ਦਾ ਜਲਵਾਯੂ ਬਦਲ ਜਾਵੇਗਾ।
ਦੇਸ਼ ਦੀ ਵਣ ਨੀਤੀ ਅਨੁਸਾਰ ਦੇਸ਼ ਦੇ ਕੁਲ ਰਕਬੇ ਦਾ ਘੱਟੋ-ਘੱਟ 33 ਫੀਸਦੀ ਹਿੱਸਾ ਜੰਗਲਾਂ ਹੇਠ ਚਾਹੀਦਾ ਹੈ, ਜਦ ਕਿ ਪੰਜਾਬ ਵਿਚ ਇਹ ਕੇਵਲ 4.60 ਫੀਸਦੀ ਹੀ ਬਣਦਾ ਹੈ। ਆਰਥਿਕ ਉੱਨਤੀ ਅਤੇ ਕੁਦਰਤ ਦੀ ਸੰਭਾਲ ਇਕ-ਦੂਸਰੇ ਨਾਲ ਪ੍ਰਣਾਏ ਮੁੱਦੇ ਹਨ। ਵਾਤਾਵਰਨੀ ਮੁੱਦਿਆਂ ਨੂੰ ਅੱਖੋਂ ਪ੍ਰੋਖਿਆਂ ਰੱਖ ਕੇ ਆਰਥਿਕ ਯੋਜਨਾਵਾਂ ਘੜੀਆਂ ਤਾਂ ਜਾ ਸਕਦੀਆਂ ਹਨ, ਪਰ ਲੋੜੀਂਦੇ ਸਿੱਟੇ ਨਹੀਂ ਦੇ ਸਕਦੀਆਂ। ਸਾਨੂੰ ਅਜਿਹੇ ਵਿਕਾਸ ਦੀ ਲੋੜ ਹੈ, ਜਿਹੜਾ ਮਨੁੱਖਤਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੋਇਆ ਵੀ ਪ੍ਰਿਥਵੀ ਦੇ ਪੇਚੀਦਾ ਪਰ ਮਲੂਕ ਜੀਵੀ ਮੰਡਲ ਨੂੰ ਹੋਰ ਅਮੀਰ ਕਰੇ। ਇਸ ਦੀ ਸ਼ੁਰੂਆਤ ਰੁੱਖਾਂ ਤੋਂ ਕਰਨੀ ਪਵੇਗੀ, ਕਿਉਂਕਿ ਮਨੁੱਖੀ ਜੀਵਨ ਦੀ ਸਫਲਤਾ ਜੰਗਲਾਂ ਨਾਲ ਜੁੜੀ ਹੋਈ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ
(ਮੋਗਾ)-142048.

ਮਾਣ-ਮੱਤੇ ਅਧਿਆਪਕ-6

ਸਾਹਿਤ-ਸੰਗੀਤ ਤੇ ਸਿੱਖਿਆ ਦਾ ਸੁਮੇਲ-ਕਰਮਜੀਤ ਗਰੇਵਾਲ

ਇਕ ਅਧਿਆਪਕ ਜੇਕਰ ਬਹੁਪੱਖੀ ਗੁਣਾਂ ਦਾ ਮਾਲਕ ਹੋਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਜਿਹੇ ਹੀ ਦਰਜਨਾਂ ਗੁਣਾਂ ਦੇ ਮਾਲਕ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਸਿੱਖਿਆ ਜਗਤ ਨੂੰ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਹਨ। ਆਪਣੀ ਸੁਰੀਲੀ ਆਵਾਜ਼ ਤੇ ਵਿਲੱਖਣ ਅੰਦਾਜ਼ ਅਤੇ ਸਿੱਖਿਆ ਨੂੰ ਸੰਗੀਤ ਦਾ ਰੂਪ ਦੇਣ ਕਰਕੇ ਦੁਨੀਆ ਭਰ ਵਿਚ ਜਾਣੇ ਜਾਂਦੇ ਕਰਮਜੀਤ ਗਰੇਵਾਲ ਦਾ ਜਨਮ 1 ਅਗਸਤ, 1975 ਨੂੰ ਪਿਤਾ ਸ: ਦਲੀਪ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਕਲਾਂ ਵਿਖੇ ਹੋਇਆ। ਕਰਮਜੀਤ ਗਰੇਵਾਲ ਦੀਆਂ ਹੈਰਾਨ ਕਰਨ ਵਾਲੀਆਂ ਕਲਾਵਾਂ ਨੇ ਬਚਪਨ ਤੋਂ ਹੀ ਸੰਕੇਤ ਦੇ ਦਿੱਤਾ ਸੀ ਕਿ ਉਹ ਇਕ ਦਿਨ ਸਮਾਜ ਲਈ ਚਾਨਣ ਮੁਨਾਰਾ ਬਣੇਗਾ। ਕਰਮਜੀਤ ਗਰੇਵਾਲ ਨੂੰ ਬਚਪਨ ਤੋਂ ਗੀਤ-ਸੰਗੀਤ ਦਾ ਚੰਗਾ ਸ਼ੌਕ ਸੀ। ਸਰਕਾਰੀ ਹਾਈ ਸਕੂਲ ਲਲਤੋਂ ਕਲਾਂ ਤੋਂ ਦਸਵੀਂ ਪਾਸ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਤੇ ਫਿਰ ਐਮ.ਏ. ਇਤਿਹਾਸ, ਪੰਜਾਬੀ ਤੇ ਆਪਣੀ ਅੰਦਰਲੀ ਕਲਾ ਨੂੰ ਹੋਰ ਨਿਖਾਰਨ ਲਈ ਸੰਗੀਤ ਦੀ ਐਮ.ਏ. ਕੀਤੀ ਅਤੇ ਅਧਿਆਪਨ ਦੇ ਪਾਕ ਪਵਿੱਤਰ ਕਿੱਤੇ ਨੂੰ ਅਪਣਾਉਣ ਲਈ ਬੀ.ਐੱਡ. ਦਾ ਕੋਰਸ ਕੀਤਾ ਅਤੇ ਸਾਲ 1996 ਵਿਚ ਉਨ੍ਹਾਂ ਨੇ ਬਤੌਰ ਪੰਜਾਬੀ ਅਧਿਆਪਕ ਆਪਣਾ ਸਫਰ ਸ਼ੁਰੂ ਕੀਤਾ।
ਲੰਬੇ ਸਮੇਂ ਤੋਂ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ, ਜ਼ਿਲ੍ਹਾ ਲੁਧਿਆਣਾ ਵਿਖੇ ਸੇਵਾਵਾਂ ਨਿਭਾ ਰਹੇ ਕਰਮਜੀਤ ਗਰੇਵਾਲ ਨੇ ਆਪਣੀ ਸਾਹਿਤ ਅਤੇ ਸੰਗੀਤ ਦੀ ਕਲਾ ਨੂੰ ਪੈਸੇ ਕਮਾਉਣ ਤੇ ਰਾਤੋ-ਰਾਤ ਸਟਾਰ ਬਣ ਜਾਣ ਦੀ ਪ੍ਰਚਲਤ ਪ੍ਰਥਾ ਨੂੰ ਛੱਡ ਕੇ ਸਿੱਖਿਆ ਦੀ ਬਿਹਤਰੀ ਲਈ ਹੀ ਵਰਤਿਆ ਤੇ ਖੁਦ ਨਾਟਕ, ਗੀਤ ਲਿਖ ਕੇ ਉਨ੍ਹਾਂ ਨੂੰ ਸੰਗੀਤ ਰੂਪ ਦੇਣ ਵਾਲੇ ਗਰੇਵਾਲ ਵਲੋਂ ਤਿਆਰ ਸੀ.ਡੀ. 'ਆਓ ਪੰਜਾਬੀ ਸਿੱਖੀਏ' ਵਰਣਮਾਲਾ ਦੇ ਹਰ ਅੱਖਰ ਨੂੰ ਸੰਗੀਤਮਈ ਰੂਪ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਰਾਮ ਬਾਣ ਸਿੱਧ ਹੋ ਰਹੀ ਹੈ। ਆਪਣੀ ਕਲਾ ਦਾ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੱਕ ਲੋਹਾ ਮੰਨਵਾਉਣ ਵਾਲੇ ਕਰਮਜੀਤ ਦਾ ਦਿਲ ਸਮਾਜ ਦੇ ਲੋੋੜਵੰਦਾਂ ਤੇ ਅਪਾਹਜ ਬੱਚਿਆਂ ਲਈ ਦਿਨ ਰਾਤ ਧੜਕਦਾ ਰਹਿੰਦਾ ਹੈ, ਇਸੇ ਕਰਕੇ ਉਸ ਨੇ ਨੇਤਰਹੀਣ ਖਿਡਾਰੀਆਂ ਲਈ ਸੀ.ਡੀ. ਤਿਆਰ ਕਰਕੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਅਤੇ ਨੇਤਰਹੀਣ ਤੇ ਅਪਾਹਜ ਬੱਚਿਆਂ ਨਾਲ ਘੁਲ-ਮਿਲ ਕੇ ਉਨ੍ਹਾਂ ਨੂੰ ਸੰਗੀਤ ਨਾਲ ਜੋੜਦੇ ਹੋਏ ਕਿੰਨੇ ਹੀ ਗੀਤ ਤੇ ਕੋਰੀਓਗ੍ਰਾਫੀਆਂ ਤਿਆਰ ਕਰਵਾਈਆਂ। ਦਰਜਨਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਕਰਮਜੀਤ ਗਰੇਵਾਲ ਸਿੱਖਿਆ ਜਗਤ ਲਈ ਦਿਨ-ਰਾਤ ਤਤਪਰ ਹਨ। ਉਹ ਕਦੇ ਛੁੱਟੀਆਂ ਵਿਚ ਵੀ ਘਰ ਨਹੀਂ ਬੈਠਦਾ, ਹਮੇਸ਼ਾ ਬੱਚਿਆਂ ਵਿਚ ਸਿੱਖਿਆਦਾਇਕ ਕਾਰਜ ਕਰਦਾ ਨਜ਼ਰ ਆਉਂਦਾ ਹੈ। ਛੁੱਟੀਆਂ ਵਿਚ ਵਰਕਸ਼ਾਪ ਲਗਾਉਣਾ, ਬੱਚਿਆਂ ਨੂੰ ਨਵੀਆਂ ਤਕਨੀਕਾਂ ਸਿਖਾਉਣਾ ਉਸ ਦਾ ਪਹਿਲਾ ਕੰਮ ਹੈ। ਉਨ੍ਹਾਂ ਨੇ 9 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਪੁਸਤਕ 'ਛੱਡ ਕੇ ਸਕੂਲ ਮੈਨੂੰ ਆ' ਨੂੰ 2005 ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਸਰਬੋਤਮ ਬਾਲ ਸਾਹਿਤ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਦੇ ਸੈਂਕੜੇ ਲੇਖ, ਕਵਿਤਾਵਾਂ ਛਪ ਚੁੱਕੀਆਂ ਹਨ। ਕਰਮਜੀਤ ਗਰੇਵਾਲ ਦੀਆਂ ਪ੍ਰਾਪਤੀਆਂ ਕਰਕੇ ਉਨ੍ਹਾਂ ਨੂੰ 5 ਸਤੰਬਰ, 2009 ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ 2010 ਵਿਚ ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋਂ ਜ਼ਿਲ੍ਹਾ ਯੂਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨਵੀਆਂ ਤਕਨੀਕਾਂ ਨਾਲ ਸਿੱਖਿਆ ਨੂੰ ਜੋੜਨ ਵਾਲੇ ਇਸ ਆਦਰਸ਼ ਤੇ ਮੱਤੇ ਅਧਿਆਪਕ ਨੂੰ 5 ਸਤੰਬਰ, 2013 ਵਿਚ ਭਾਰਤ ਸਰਕਾਰ ਵਲੋਂ ਕੌਮੀ ਪੁਰਸਕਾਰ ਨਾਲ ਤਤਕਾਲੀ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵਲੋਂ ਸਨਮਾਨਿਤ ਕੀਤਾ ਗਿਆ। ਹਮੇਸ਼ਾ ਫੁੱਲਾਂ ਵਾਂਗ ਖਿੜਿਆ ਰਹਿਣ ਵਾਲਾ ਸਭ ਦਾ ਪਿਆਰਾ ਕਰਮਜੀਤ ਗਰੇਵਾਲ ਆਪਣੇ ਪਿੰਡ ਲਲਤੋਂ ਕਲਾਂ ਵਿਖੇ ਆਪਣੀ ਜੀਵਨ ਸਾਥਣ ਭਵਨਪ੍ਰੀਤ ਕੌਰ ਤੇ ਦੋ ਪੁੱਤਰਾਂ ਦਿਲਨੂਰ ਸਿੰਘ ਤੇ ਅਵੀਨੂਰ ਸਿੰਘ ਨਾਲ ਜੀਵਨ ਦੀਆਂ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਸ ਮਾਣਮੱਤੇ ਅਧਿਆਪਕ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ, ਤਾਂ ਜੋ ਉਹ ਬੱਚਿਆਂ ਦੀ ਭਲਾਈ ਲਈ ਹੋਰ ਮਿਹਨਤ ਕਰਦੇ ਰਹਿਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਇਕ ਗੰਭੀਰ ਸਮੱਸਿਆ ਬੇਰੁਜ਼ਗਾਰੀ

ਉਂਜ ਤਾਂ ਭਾਰਤ ਨੂੰ ਸਮੱਸਿਆਵਾਂ ਦੇ ਦੇਸ਼ ਨਾਲ ਜਾਣਿਆ ਜਾਂਦਾ ਹੈ ਪਰ ਜੇ ਸਮੱਸਿਆਵਾਂ ਦੀ ਘੋਖ ਕੀਤੀ ਜਾਵੇ ਤਾਂ ਇਸ ਸਮੇਂ ਦੀ ਸਭ ਤੋਂ ਗੰਭੀਰ ਸਮੱਸਿਆ ਬੇਰੁਜ਼ਗਾਰੀ ਹੈ। ਇਸ ਕਾਰਨ ਹੀ ਅਨੇਕਾਂ ਗੁੰਝਲਦਾਰ ਸਮੱਸਿਆਵਾਂ ਜਨਮ ਲੈ ਰਹੀਆਂ ਹਨ। ਇਸ ਦਾ ਕਾਰਨ ਮੰਗ ਅਤੇ ਪੂਰਤੀ ਦਾ ਸਿਧਾਂਤ ਹੈ। ਜਦ ਪੂਰਤੀ ਵੱਧ ਹੋਵੇ ਅਤੇ ਮੰਗ ਘੱਟ ਹੋਵੇ ਤਾਂ ਇਕ ਤਰ੍ਹਾਂ ਖੱਪਾ ਪੈਦਾ ਹੋ ਜਾਂਦਾ ਹੈ। ਅੱਜ ਥਾਂ-ਥਾਂ 'ਤੇ ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਅਤੇ ਸਕੂਲ ਖੁੱਲ੍ਹ ਗਏ ਹਨ ਜੋ ਕਿ ਬਿਨਾਂ ਕਿਸੇ ਸ਼ਰਤਾਂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਰਹੇ ਹਨ। ਦੁਕਾਨਾਂ ਵਾਂਗ ਖੁੱਲ੍ਹੇ ਸਕੂਲ ਵੱਖ-ਵੱਖ ਢੰਗਾਂ/ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਹੇ ਹਨ। ਪੜ੍ਹੇ-ਲਿਖੇ ਬੇਰੁਜ਼ਗਾਰ ਦੀ ਕਾਬਲੀਅਤ ਦੇ ਅਨੁਸਾਰ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ। ਸਵੈ-ਰੁਜ਼ਗਾਰ ਅਤੇ ਖੇਤੀਬਾੜੀ 'ਚ ਨੌਜਵਾਨਾਂ ਦੀ ਕੋਈ ਵੀ ਦਿਲਚਸਪੀ ਨਹੀਂ ਹੈ। ਉਹ ਚਿੱਟ ਕੱਪੜੀਏ ਵਾਲੀਆਂ ਨੌਕਰੀਆਂ ਜਾਂ ਹੋਰ ਸਰਕਾਰੀ/ਅਰਧ-ਸਰਕਾਰੀ ਨੌਕਰੀਆਂ ਨੂੰ ਤਰਜੀਹ ਦੇ ਰਹੇ ਹਨ। 'ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ'। ਬੇਰੁਜ਼ਗਾਰ ਨੌਜਵਾਨ ਉਦਾਸੀ ਦੇ ਆਲਮ 'ਚ ਗੁਜ਼ਰ ਰਹੇ ਹਨ। ਫਲਸਰੂਪ ਉਹ ਨਾਜਾਇਜ਼ ਕਿਰਿਆਵਾਂ 'ਚ ਲਿਪਤ ਹੋ ਜਾਂਦੇ ਹਨ। ਨਸ਼ਿਆਂ ਦੇ ਆਦੀ ਹੋ ਰਹੇ ਹਨ। ਲੁੱਟ-ਖਸੁੱਟ, ਚੋਰੀ, ਡਾਕੇ ਅਤੇ ਇਥੋਂ ਤੱਕ ਕਿ ਕਤਲਾਂ ਤੱਕ ਪਹੁੰਚ ਜਾਂਦੇ ਹਨ।
ਅੱਜ ਸਰਕਾਰ ਵਲੋਂ ਵਿਕਾਸ ਕਾਰਜਾਂ ਦੀਆਂ ਟਾਹਰਾਂ ਮਾਰੀਆਂ ਜਾਂਦੀਆਂ ਹਨ। ਚਾਰ-ਛੇ ਮਾਰਗੀ ਸੜਕਾਂ, ਫਲਾਈਓਵਰ, ਅੰਡਰਬ੍ਰਿਜ, ਸਮਾਰਟ ਸਿਟੀ ਵਿਕਾਸ ਦਾ ਪੈਮਾਨਾ ਨਹੀਂ ਹੋ ਸਕਦੇ, ਜੇਕਰ ਲੋਕਾਂ ਨੂੰ ਰੁਜ਼ਗਾਰ ਹੀ ਨਹੀਂ ਪ੍ਰਦਾਨ ਕੀਤਾ ਜਾਂਦਾ। ਰੁਜ਼ਗਾਰ ਰਹਿਤ ਵਿਕਾਸ ਅਸਲੀ ਉੱਨਤੀ ਨਹੀਂ ਹੁੰਦਾ। ਸ਼ਹਿਰਾਂ ਵਿਚ ਪਿੰਡਾਂ ਦੇ ਮੁਕਾਬਲੇ ਜ਼ਿਆਦਾ ਲੋਕ ਬੇਰੁਜ਼ਗਾਰ ਹਨ। ਪਰ ਪਿੰਡਾਂ 'ਚ ਵੀ ਲੋਕੀਂ ਖੇਤੀਬਾੜੀ ਦੇ ਰੁਜ਼ਗਾਰ 'ਚ ਲੱਗੇ ਹਨ ਜੋ ਕਿ ਫੁੱਲ-ਟਾਈਮ ਰੁਜ਼ਗਾਰ ਨਹੀਂ ਹੈ। ਖੇਤੀਬਾੜੀ 'ਚ ਲਗਾਤਾਰਤਾ ਵਾਲਾ ਰੁਜ਼ਗਾਰ ਨਹੀਂ ਹੈ। ਸੀਜ਼ਨਲ ਰੁਜ਼ਗਾਰ ਹੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮਸ਼ੀਨੀਕਰਨ ਨੇ ਵੀ ਰੁਜ਼ਗਾਰ 'ਤੇ ਅਸਰ ਪਾਇਆ ਹੈ। ਕੰਮ ਸੱਭਿਆਚਾਰ ਤੋਂ ਵੀ ਲੋਕ ਦੂਰ ਹੋ ਗਏ ਹਨ। ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਦੇ ਹਰ ਖੇਤਰ 'ਚ ਪ੍ਰਵੇਸ਼ ਕਰ ਲਿਆ ਹੈ। ਛੋਟੇ ਤੋਂ ਲੈ ਕੇ ਵੱਡੇ-ਵੱਡੇ ਕੰਮਾਂ 'ਤੇ ਕਾਬਜ਼ ਹੋ ਗਏ ਹਨ। ਇਕ ਮੋਟੇ ਅੰਦਾਜ਼ੇ ਮੁਤਾਬਿਕ ਖੇਤੀਬਾੜੀ 'ਚ 35 ਫੀਸਦੀ ਅਤੇ ਵਪਾਰਕ/ਸੇਵਾ/ਉਸਾਰੀ ਆਦਿ ਦੇ ਖੇਤਰ 'ਚ 30 ਫੀਸਦੀ ਪ੍ਰਵਾਸੀ ਮਜ਼ਦੂਰਾਂ ਦੀ ਸ਼ਮੂਲੀਅਤ ਹੈ ਜੋ ਕਿ ਖ਼ਤਰੇ ਦੀ ਘੰਟੀ ਹੈ। ਇਸ ਤੋਂ ਇਲਾਵਾ ਸਮਾਜਿਕ, ਸੱਭਿਆਚਾਰਕ ਸੰਕਟ ਦਾ ਵੀ ਖ਼ਤਰਾ ਮੰਡਰਾਅ ਰਿਹਾ ਹੈ।
ਸਰਕਾਰਾਂ ਵੀ ਰੁਜ਼ਗਾਰ ਪ੍ਰਦਾਨ ਕਰਨ 'ਚ ਫੇਲ੍ਹ ਸਾਬਤ ਹੋਈਆਂ ਹਨ। ਇਹ ਅਵੇਸਲਾਪਨ ਭਵਿੱਖ ਲਈ ਖ਼ਤਰਨਾਕ ਸਾਬਤ ਹੋਵੇਗਾ। ਸੋ, ਪਹਿਲ ਦੇ ਆਧਾਰ 'ਤੇ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰਨੀ ਸਮੇਂ ਦੀ ਸਖ਼ਤ ਲੋੜ ਹੈ। ਰੁਜ਼ਗਾਰ ਵਿਭਾਗ ਵੀ ਸਿਰਫ ਅੰਕੜਿਆਂ ਦੀ ਪੰਡ ਬਣ ਕੇ ਰਹਿ ਗਿਆ ਹੈ। ਰਜਿਸਟ੍ਰੇਸ਼ਨ ਕਰਨਾ ਕੋਈ ਪ੍ਰਗਤੀ ਵਾਲਾ ਕੰਮ ਨਹੀਂ। ਇਸ ਵਿਭਾਗ ਨੂੰ ਰੁਜ਼ਗਾਰ ਜਨਰੇਸ਼ਨ ਦਾ ਕੰਮ ਸੌਂਪਿਆ ਗਿਆ ਹੈ ਪਰ ਕੋਈ ਪ੍ਰਾਪਤੀ ਨਹੀਂ ਕੀਤੀ ਗਈ।
ਸੋ, ਬੇਰੁਜ਼ਗਾਰਾਂ ਦੀ ਫੌਜ ਨੂੰ ਕਾਬੂ ਕਰਨਾ/ਨੌਕਰੀਆਂ ਦੇਣਾ ਸਰਕਾਰ ਦੀ ਪ੍ਰਮੁੱਖ ਚੁਣੌਤੀ ਹੈ। ਦੇਸ਼/ਪ੍ਰਾਂਤ ਦੀ ਭਲਾਈ ਲਈ ਇਸ ਸਮੱਸਿਆ ਦਾ ਹੱਲ ਸਰਕਾਰ ਨੂੰ ਤੁਰੰਤ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਨੂੰ ਸੰਵਾਰਿਆ ਜਾ ਸਕੇ।

-ਡਿਪਟੀ ਇਕਨਾਮਿਕ ਐਡਵਾਈਜ਼ਰ (ਸੇਵਾਮੁਕਤ), ਗਰੀਨ ਫੀਲਡ ਕਾਲੋਨੀ, ਮੋਗਾ। ਮੋਬਾ: 98147-33796

ਕਿਹੋ ਜਿਹਾ ਹੋਵੇ ਪਿੰਡ ਦਾ ਸਰਪੰਚ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ 30 ਸਤੰਬਰ ਨੂੰ ਪੰਚਾਇਤੀ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਦੇ 13 ਹਜ਼ਾਰ ਤੋਂ ਵੱਧ ਪਿੰਡਾਂ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਆਉਣ ਵਾਲੇ ਦੋ ਮਹੀਨਿਆਂ ਤੱਕ ਹਰੇਕ ਵਿਅਕਤੀ ਦੀ ਜ਼ਬਾਨ 'ਤੇ ਇਹੋ ਗੱਲ ਹੋਵੇਗੀ ਕਿ ਮੇਰੇ ਪਿੰਡ ਦਾ ਅਗਲਾ ਸਰਪੰਚ ਕੌਣ ਹੋਵੇਗਾ ਜਾਂ ਇਸ ਵਾਰ ਕਿਹੜੀ ਪਾਰਟੀ ਨਾਲ ਸਬੰਧਤ ਸਰਪੰਚ ਚੋਣ ਜਿੱਤੇਗਾ? ਪਰ ਇਹ ਬਹੁਤ ਘੱਟ ਲੋਕ ਸੋਚਣਗੇ ਕਿ ਸਰਪੰਚ ਹੋਵੇ ਕਿਹੋ ਜਿਹਾ? ਪੰਚਾਇਤ ਜਮਹੂਰੀਅਤ ਦੀ ਸਭ ਤੋਂ ਛੋਟੀ ਅਹਿਮ ਇਕਾਈ ਹੈ ਤੇ ਸਰਪੰਚ ਪਿੰਡ ਦਾ ਮੁਖੀਆ ਜਾਂ ਇੰਜ ਕਹਿ ਲਓ ਕਿ ਸਰਪੰਚ ਪਿੰਡ ਦੀ ਅਦਾਲਤ ਤੇ ਛੋਟੀ ਸਰਕਾਰ ਹੁੰਦਾ ਹੈ। ਬੇਸ਼ੱਕ ਇਕ ਅਨਪੜ੍ਹ ਸਰਪੰਚ ਵੀ ਆਪਣੇ ਤਜਰਬੇ ਨਾਲ ਸਰਪੰਚੀ ਵਧੀਆ ਤਰੀਕੇ ਨਾਲ ਨਿਭਾਅ ਲੈਂਦਾ ਹੈ ਪਰ ਅੱਜ ਦੇ ਸਾਇੰਸ ਯੁੱਗ ਦੀ ਗੱਲ ਕਰੀਏ ਤਾਂ ਅੱਜ ਲੋੜ ਹੈ ਕਿ ਹਰੇਕ ਪਿੰਡ ਦਾ ਸਰਪੰਚ ਪੜ੍ਹਿਆ-ਲਿਖਿਆ ਤੇ ਸੂਝਵਾਨ ਹੋਵੇ। ਸਰਪੰਚ ਦੇ ਨਾਲ ਜੇ ਪੰਚਾਇਤ ਮੈਂਬਰ ਵੀ ਪੜ੍ਹੇ-ਲਿਖੇ ਹੋਣ ਤਾਂ ਉਸ ਪਿੰਡ ਲਈ ਹੋਰ ਵਧੀਆ ਹੋਵੇਗਾ।
ਪਿੰਡ ਦਾ ਸਰਪੰਚ ਖੁਦ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਹੈ, ਤਾਂ ਹੀ ਉਹ ਆਪਣੇ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਕੁਰਾਹੇ ਪੈਣ ਤੋਂ ਰੋਕ ਸਕਦਾ ਹੈ। ਪਿੰਡ ਦੇ ਸਰਬਪੱਖੀ ਵਿਕਾਸ ਲਈ ਸਰਪੰਚ ਆਪਣੇ ਪਿੰਡ ਦੇ ਬਜ਼ੁਰਗਾਂ ਤੋਂ ਸਲਾਹ ਲੈ ਕੇ ਤੇ ਪਿੰਡ ਦੀਆਂ ਔਰਤਾਂ ਤੇ ਨੌਜਵਾਨਾਂ ਦੀ ਸਹਾਇਤਾ ਨਾਲ ਪਿੰਡ ਦਾ ਵਿਕਾਸ ਕਰ ਸਕਦਾ ਹੈ। ਜਿਨ੍ਹਾਂ ਪਿੰਡਾਂ ਵਿਚ ਔਰਤਾਂ ਸਰਪੰਚ ਹਨ, ਉਹ ਨਾਂਅ ਦੀਆਂ ਸਰਪੰਚ ਨਾ ਹੋ ਕੇ ਪਿੰਡ ਦੇ ਵਿਕਾਸ ਦਾ ਕੰਮ ਖੁਦ ਹੀ ਕਰਨ। ਸਰਪੰਚ ਨੂੰ ਚਾਹੀਦਾ ਹੈ ਕਿ ਪਿੰਡ ਦੀ ਜੱਦੀ ਜਾਇਦਾਦ ਜਿਵੇਂ ਛੱਪੜ, ਪੰਚਾਇਤੀ ਜ਼ਮੀਨ ਤੇ ਸ਼ਮਸ਼ਾਨਘਾਟ ਆਦਿ 'ਤੇ ਕਿਸੇ ਵੀ ਪਿੰਡ ਵਾਸੀ ਦਾ ਨਾਜਾਇਜ਼ ਕਬਜ਼ਾ ਨਾ ਹੋਣ ਦੇਵੇ।
ਪਿੰਡ ਦਾ ਸਰਪੰਚ ਕਿਸੇ ਵੀ ਰਾਜਨੀਤਕ ਪਾਰਟੀ ਦੇ ਦਬਾਅ ਹੇਠ ਨਾ ਆ ਕੇ ਸਗੋਂ ਪਿੰਡ ਦੇ ਹਰ ਮਸਲੇ ਦਾ ਹੱਲ ਪਿੰਡ ਵਿਚ ਹੀ ਕਰੇ, ਤਾਂ ਕਿ ਥਾਣੇ ਜਾਣ ਦੀ ਜ਼ਰੂਰਤ ਹੀ ਨਾ ਪਵੇ। ਪਿੰਡ ਦਾ ਸਰਪੰਚ ਨਿਮਰਤਾ ਵਾਲਾ ਹੋਵੇ ਤੇ ਪਿੰਡ ਦੇ ਹਰੇਕ ਵਿਅਕਤੀ ਦੀ ਗੱਲ ਸੁਣਨ ਵਾਲਾ ਹੋਵੇ, ਭਾਵੇਂ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ। ਪਿੰਡ ਦਾ ਸਰਪੰਚ ਇਮਾਨਦਾਰੀ ਨਾਲ ਪੰਚਾਇਤੀ ਫੰਡ ਤੇ ਗ੍ਰਾਂਟ ਦਾ ਪੈਸਾ ਖਰਚਣ ਵਾਲਾ ਹੋਵੇ ਤੇ ਸਰਕਾਰ ਵਲੋਂ ਆਉਂਦੀਆਂ ਲਾਹੇਵੰਦ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾ ਸਕੇ। ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਹੀ ਪੰਚਾਇਤਾਂ ਚੁਣਨ ਤੇ ਇਕ ਪੜ੍ਹਿਆ-ਲਿਖਿਆ, ਸੂਝਵਾਨ, ਇਮਾਨਦਾਰ, ਦੂਰਅੰਦੇਸ਼ੀ ਤੇ ਨਿਰਪੱਖ ਵਿਅਕਤੀ ਨੂੰ ਹੀ ਅੱਗੇ ਲਿਆਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚਾਂ ਨੂੰ ਵਧੇਰੇ ਮਾਲੀ ਮਦਦ ਦਿੱਤੀ ਜਾਵੇ ਤੇ ਸਰਪੰਚਾਂ ਨੂੰ ਮਿਲਣ ਵਾਲਾ ਮਾਣ-ਭੱਤਾ ਦਿੱਤਾ ਜਾਵੇ। ਜੇਕਰ ਹਰ ਪਿੰਡ ਵਿਚ ਇਸ ਤਰ੍ਹਾਂ ਦੀ ਉਸਾਰੂ ਸੋਚ ਵਾਲਾ ਸਰਪੰਚ ਚੁਣਿਆ ਜਾਵੇਗਾ ਤਾਂ ਆਉਣ ਵਾਲੇ ਸਮੇਂ 'ਚ ਹਰੇਕ ਪਿੰਡ ਦੀ ਨੁਹਾਰ ਬਦਲ ਸਕਦੀ ਹੈ ਤੇ ਸਾਡੇ ਪੰਜਾਬ ਦੇ ਪਿੰਡ ਵੀ ਸਵਰਗ ਬਣ ਸਕਦੇ ਹਨ ਤੇ ਪੰਜਾਬ ਦੇ ਹਰੇਕ ਪਿੰਡ ਵਾਸੀ ਦੀ ਜ਼ਬਾਨ 'ਤੇ ਇਹੋ ਬੋਲ ਹੋਣਗੇ ਕਿ 'ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ'।

ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ
sohianshamsher@gmail.com

ਆਤਮ-ਵਿਸ਼ਵਾਸ ਦੀ ਕਮੀ ਕਾਰਨ ਹੀ ਉਪਜਦੀ ਹੈ ਚਾਪਲੂਸੀ

ਨਿੰਦਾ ਅਤੇ ਪ੍ਰਸੰਸਾ ਇਕ ਸਿੱਕੇ ਦੇ ਦੋ ਪਹਿਲੂ ਹਨ, ਜੋ ਕਿਸੇ ਵੀ ਮਨੁੱਖ ਦੇ ਵਿਚ ਪਾਏ ਜਾਂਦੇ ਹਨ ਪਰ ਕਲਜੁਗ ਵਿਚ ਮਨੁੱਖ ਦੇ ਸੁਭਾਅ ਦੇ ਬਦਲਾਅ ਦੇ ਨਾਲ-ਨਾਲ ਨਿੰਦਾ ਅਤੇ ਪ੍ਰਸੰਸਾ ਦੇ ਸੰਕਲਪ ਵਿਚ ਵੀ ਬਦਲਾਅ ਆਇਆ ਹੈ, ਨਿੰਦਾ ਨੇ ਨਫਰਤ ਅਤੇ ਪ੍ਰਸੰਸਾ ਨੇ ਚਾਪਲੂਸੀ ਦਾ ਰੂਪ ਧਾਰ ਲਿਆ ਹੈ। ਚਮਚਾ ਇਕ ਕਿਸਮ ਦਾ ਭਾਂਡਾ ਹੈ, ਜੋ ਰੋਟੀ ਖਾਣ ਦੇ ਸਮੇਂ ਵਰਤਿਆ ਜਾਂਦਾ ਹੈ ਪਰ ਜੇ ਚਮਚਾ ਦੂਜੇ ਭਾਂਡੇ 'ਤੇ ਵੱਜੇ ਤਾਂ ਆਵਾਜ਼ ਕਰਨ ਦੇ ਨਾਲ-ਨਾਲ ਉਸ ਭਾਂਡੇ ਨੂੰ ਭੰਡਣ ਦਾ ਕੰਮ ਵੀ ਕਰਦਾ ਹੈ। ਠੀਕ ਇਸ ਤਰ੍ਹਾਂ ਦੇ ਕੁਝ ਗੁਣ ਬੰਦਿਆਂ ਵਿਚ ਵੀ ਹੁੰਦੇ ਹਨ, ਜਿਨ੍ਹਾਂ ਨੂੰ ਮਨੁੱਖ ਪ੍ਰਜਾਤੀ ਵਿਚ 'ਚਮਚੇ' ਦੀ ਹੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ। ਚਮਚੇ ਪ੍ਰਕਾਰ ਦੇ ਬੰਦੇ ਆਪਣੀ ਸੋਚਣ ਸ਼ਕਤੀ ਨੂੰ ਖ਼ਤਮ ਕਰਕੇ ਕਿਸੇ ਇਨਾਮ ਜਾਂ ਟੀਚੇ ਨੂੰ ਹਾਸਲ ਕਰਨ ਲਈ ਆਪਣੇ ਮਾਲਕ ਦੇ ਪਿੱਛੇ-ਪਿੱਛੇ ਤੁਰ ਪੈਂਦੇ ਹਨ। ਇਨ੍ਹਾਂ ਦੀ ਇਕ ਵਿਸ਼ੇਸ਼ਤਾ ਆਪਣੇ-ਆਪ 'ਤੇ ਘੱਟ ਵਿਸ਼ਵਾਸ ਹੋਣਾ ਹੁੰਦਾ ਹੈ। ਮੇਰੇ ਅਨੁਸਾਰ ਕਿਸੇ ਵਿਅਕਤੀ ਦੀ ਵੱਧ ਪ੍ਰਸੰਸਾ ਕਰਨਾ ਬੁਰੀ ਗੱਲ ਨਹੀਂ ਹੈ। ਪ੍ਰਸਿੱਧ ਲੇਖਕ ਡਾ: ਨਰਿੰਦਰ ਸਿੰਘ ਕਪੂਰ ਨੇ ਆਪਣੀ ਕਿਤਾਬ 'ਮਾਲਾ ਮਣਕੇ' ਵਿਚ ਲਿਖਿਆ ਹੈ ਕਿ ਚਮਚਾ ਬਣਨਾ ਇੰਨਾ ਸੌਖਾ ਨਹੀਂ ਹੈ, ਆਪਣੇ-ਆਪ ਨੂੰ ਅਤੇ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਦੂਜੇ ਦੀ ਹਾਂ ਵਿਚ ਹਾਂ ਮਿਲਾਉਣੀ ਪੈਂਦੀ ਹੈ। ਆਮ ਲੋਕਾਂ ਨਾਲੋਂ ਚਮਚਿਆਂ ਵਿਚ ਦੋ ਗੱਲਾਂ ਦੀ ਘਾਟ ਹੁੰਦੀ ਹੈ, ਪਹਿਲੀ ਆਤਮ-ਵਿਸ਼ਵਾਸ ਅਤੇ ਦੂਜਾ ਆਤਮ-ਸਨਮਾਨ। ਵੈਸੇ ਤਾਂ ਸਾਡੇ ਦੇਸ਼ ਵਿਚ ਇਹ ਬਿਮਾਰੀ ਜ਼ੁਕਾਮ ਦੀ ਤਰ੍ਹਾਂ ਫੈਲੀ ਹੋਈ ਹੈ, ਜਿਸ ਬੰਦੇ ਨੂੰ ਨਹੀਂ ਵੀ ਹੁੰਦੀ ਉਸ ਨੂੰ ਵੀ ਬਿਮਾਰ ਬੰਦੇ ਦੇ ਸੰਪਰਕ ਵਿਚ ਆਉਣ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ। ਮਿਡਲ ਲੈਵਲ ਮੈਨੇਜਮੈਂਟ ਵਿਚ ਇਹ ਬਿਮਾਰੀ ਆਮ ਤੌਰ 'ਤੇ ਵੇਖੀ ਜਾ ਸਕਦੀ ਹੈ।
ਹਾਲੇ ਤੱਕ ਕੰਮਕਾਜੀ ਲੋਕ ਆਪਣੇ 'ਨਿੱਜੀ ਹੁਨਰ' ਜਾਂ 'ਨਿੱਜੀ ਤਖ਼ਤ' ਭਾਵ 'ਪਰਸਨਲ ਸਟਰੈਂਥ' ਦੇ ਖਾਨੇ ਵਿਚ ਕਾਫੀ ਪ੍ਰਭਾਵਿਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਲਿਖਦੇ ਹਨ, ਜਿਵੇਂ ਦ੍ਰਿੜ੍ਹ ਅਗਵਾਈ ਕਰਨ ਵਾਲਾ, ਉਤਸ਼ਾਹੀ ਬੁਲਾਰਾ ਆਦਿ ਪਰ ਬਦਲਦੇ ਸਮੇਂ ਨਾਲ ਇਹਦੇ ਵਿਚ ਵੀ ਬਦਲਾਅ ਲਿਆਉਣੇ ਚਾਹੀਦੇ ਹਨ।
ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸੰਤ ਕਬੀਰ ਦਾਸ ਨੇ ਕਿਹਾ ਹੈ 'ਨਿੰਦਕ ਨੀਰੇ ਰਾਖੀਐ' ਇਹ ਦੋਹਾ 'ਚਮਚੇ ਨੀਰੇ ਰਾਖੀਐ' ਨਾਲ ਬਦਲਦੀ ਜਾ ਰਹੀ ਹੈ, ਇਹ ਵੀ ਮਨੁੱਖੀ ਸੁਭਾਅ ਦੀ ਇਕ ਉਦਾਹਰਨ ਹੈ ਕਿ ਕੋਈ ਵਿਅਕਤੀ ਆਪਣੀ ਨਿੰਦਾ ਜਾਂ ਆਪਣੀ ਗਲਤੀ ਸੁਣਨਾ ਪਸੰਦ ਨਹੀਂ ਕਰਦਾ, ਇਹ ਗੱਲ ਚਾਪਲੂਸੀ ਦੀ ਜਨਮਭੂਮੀ ਹੈ। ਇਤਿਹਾਸ ਗਵਾਹ ਹੈ ਕਿ ਅਜਿਹੇ ਬੰਦੇ ਚਾਹੇ ਜਿੰਨੇ ਵੱਡੇ ਹੋਣ ਪਰ ਸਾਰੀ ਦਵਾਰਕਾ ਨੂੰ 'ਕੱਠੇ ਲੈ ਕੇ ਡੁੱਬਦੇ ਹਨ।

-ਫ਼ਰੀਦਾਬਾਦ। ਮੋਬਾ: 96463-05592

ਵਕੀਲ ਸਮਾਜ ਨੂੰ ਸੁਧਾਰਨ ਲਈ ਅੱਗੇ ਆਉਣ

ਅੱਜ ਫਿਰ ਮੈਨੂੰ ਨਾਨਾ ਜੀ ਦੀ ਸੁਣਾਈ ਕਹਾਣੀ ਯਾਦ ਆਈ ਕਿ ਦੋ ਆਦਮੀਆਂ ਨੇ ਰਲ ਕੇ ਠੱਗੀ ਮਾਰਨ ਦਾ ਮਨ ਬਣਾਇਆ ਪਰ ਇਕ ਆਦਮੀ ਥੋੜ੍ਹਾ ਡਰਾਕਲ ਕਿਸਮ ਦਾ ਸੀ ਤੇ ਇਕ ਬਹੁਤ ਚਲਾਕ। ਦੋਵੇਂ ਆਦਮੀ ਸ਼ਾਹੂਕਾਰ ਦੀ ਦੁਕਾਨ 'ਤੇ ਗਏ। ਮਨ ਭਾਉਂਦਾ ਸਾਮਾਨ ਲੈ ਲਿਆ। ਚਲਾਕ ਆਦਮੀ ਨੇ ਕਿਹਾ ਸ਼ਾਹੂਕਾਰ ਜੀ, 'ਇਹ ਮੇਰਾ ਨੌਕਰ ਤੁਹਾਡੇ ਕੋਲ ਬੈਠਾ ਹੈ, ਮੈਂ ਜਾ ਕੇ ਘਰੋਂ ਪੈਸੇ ਲੈ ਆਵਾਂ ਤੇ ਨਾਲੇ ਸਾਮਾਨ ਰੱਖ ਆਵਾਂ। ਚਲਾਕ ਆਦਮੀ ਸ਼ਾਮ ਤੱਕ ਨਾ ਮੁੜਿਆ। ਸ਼ਾਹੂਕਾਰ ਦਾ ਦਿਲ ਵੀ ਬੈਠਦਾ ਜਾਵੇ ਕਿ ਸ਼ਾਇਦ ਠੱਗੀ ਵੱਜ ਗਈ। ਜਦ ਸ਼ਾਹੂਕਾਰ ਉਸ ਨੌਕਰ ਨੂੰ ਕੁਝ ਪੁੱਛੇ ਤਾਂ ਅੱਗੋਂ ਉਹ 'ਹੁਰਰਰ' ਕਹਿ ਦੇਵੇ। ਅਖੀਰ ਸ਼ਾਹੂਕਾਰ ਨੇ ਉਸ ਨੂੰ ਪੁਲਿਸ ਨੂੰ ਫੜਾ ਦਿੱਤਾ। ਉਹ ਪੁਲਿਸ ਕੋਲ ਹੀ 'ਹੁਰਰਰ' ਕਹਿ ਕੇ ਜਵਾਬ ਦੇਵੇ। ਸੋ, ਉਸ ਨੂੰ ਪੁਲਿਸ ਨੇ ਘਰ ਭੇਜ ਦਿੱਤਾ। ਸੱਪ ਵੀ ਮਰ ਗਿਆ ਤੇ ਸੋਟਾ ਵੀ ਬਚ ਗਿਆ ਪਰ ਵਿਚਾਰਾ ਸ਼ਾਹੂਕਾਰ। ਸੋ, ਗੱਲ ਤਾਂ ਯਾਦ ਆਈ ਕਿ ਵਕੀਲ ਦੀ ਅਸਾਮੀ ਕਦੋਂ ਹੋਂਦ ਵਿਚ ਆਈ ਹੋਵੇਗੀ?
ਪੰਚਾਇਤਾਂ ਵਿਚ ਹੁਣ ਵੀ ਬਿਨਾਂ ਡਿਗਰੀ ਅਜਿਹੇ ਵਕੀਲ ਮਿਲ ਜਾਣਗੇ, ਜਿਹੜੇ ਸੱਚ ਅਤੇ ਝੂਠ ਦੀ ਪਰਖ ਕਰਨਾ ਵੀ ਜਾਣਦੇ ਹਨ ਤੇ ਸੱਚ 'ਤੇ ਪਹਿਰਾ ਵੀ ਦਿੰਦੇ ਹਨ, ਤਾਂ ਹੀ ਤਾਂ ਸ਼ਾਂਤੀ ਬਣੀ ਰਹਿੰਦੀ ਸੀ। ਹੁਣ ਡਿਗਰੀਆਂ ਵਾਲੇ ਵਕੀਲ ਝੂਠ ਨੂੰ ਸਹਾਰਾ ਦਿੰਦੇ ਹਨ। ਝੂਠ ਨੂੰ ਬਚਾਉਣ ਦੇ ਦਾਅ-ਪੇਚ ਦੱਸਦੇ ਹਨ ਤੇ ਝੂਠ ਬਚ ਜਾਂਦਾ ਹੈ। ਫਿਰ ਉਸ ਤੋਂ ਵੱਡਾ ਗੁਨਾਹ ਹੁੰਦਾ ਹੈ। ਠੀਕ ਹੈ ਕਿਸੇ ਤੋਂ ਜਾਣੇ-ਅਣਜਾਣੇ ਹੋਈ ਗ਼ਲਤੀ ਤੋਂ ਉਸ ਨੂੰ ਬਚਾ ਲਵੋ ਪਰ ਗ਼ਲਤੀ ਅਤੇ ਗੁਨਾਹ ਦੀ ਪਛਾਣ ਕਰੋ। ਜੱਜਾਂ ਅਤੇ ਵਕੀਲਾਂ ਨੂੰ ਆਪਣਾ ਫਰਜ਼ ਪਛਾਨਣਾ ਪਵੇਗਾ। ਉਨ੍ਹਾਂ ਨੂੰ ਆਪਣੇ ਅਹੁਦੇ ਦੇ ਮਾਣ ਨੂੰ ਬਰਕਰਾਰ ਰੱਖਣ ਲਈ ਪੈਸੇ ਦਾ ਮੋਹ-ਲਾਲਚ ਤਿਆਗਣਾ ਪਵੇਗਾ। ਵਕੀਲਾਂ ਅਤੇ ਜੱਜਾਂ ਨੂੰ ਨੁਕਸਾਨੇ ਲੋਕਾਂ ਦੀ ਜਗ੍ਹਾ 'ਤੇ ਆਪਣੇ-ਆਪ ਨੂੰ ਰੱਖ ਕੇ ਦੇਖਣ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ। ਜੋ ਗੱਲ ਤੁਸੀਂ ਆਪਣੇ 'ਤੇ ਸਹਿਣ ਨਹੀਂ ਕਰ ਸਕਦੇ ਤਾਂ ਦੂਜੇ ਲੋਕਾਂ 'ਤੇ ਕਿਵੇਂ?
ਸੋ, ਵਕੀਲ ਭੈਣ-ਭਰਾਵੋ ਵਕਤ ਰਹਿੰਦਿਆਂ ਵਾਪਸ ਪਰਤ ਆਵੋ। ਤੁਸੀਂ ਸਮਾਜ ਨੂੰ ਚੰਗਾ ਬਣਾਉਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹੋ। ਸੋ ਕਰੋ। ਜੇਕਰ ਕੋਈ ਗੁਨਾਹ ਕਰਕੇ ਤੁਹਾਡੇ ਕੋਲ ਆ ਕੇ ਤੁਹਾਨੂੰ ਬਚਾਉਣ ਲਈ ਕਹਿੰਦਾ ਹੈ ਤਾਂ ਤੁਸੀਂ ਸਿਰਫ ਦੂਜੀ ਧਿਰ ਨਾਲ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਵਾਉਣ ਲਈ ਕਹੋ ਨਾ ਕਿ ਗੁਨਾਹਗਾਰ ਨੂੰ ਬਚਾਓ। ਹੋ ਸਕਦਾ ਨੁਕਸਾਨੀ ਧਿਰ ਉਸ ਨੂੰ ਮੁਆਫ਼ ਕਰ ਦੇਵੇ। ਪਰ ਤੁਸੀਂ ਸੱਚ ਨੂੰ ਝੂਠ ਸਾਬਤ ਕਰਨਾ ਬੰਦ ਕਰੋ। ਝੂਠ ਦੇ ਪੱਖ ਵਿਚ ਖੜ੍ਹਨਾ ਬੰਦ ਕਰੋ। ਇਹੀ ਸਮੇਂ ਦੀ ਅਤੇ ਸਮਾਜ ਦੀ ਮੰਗ ਹੈ। ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਹਰ ਸਾਲ ਚੰਗੇ ਵਕੀਲਾਂ ਲਈ ਕਿਸੇ ਵੱਡੇ ਪੁਰਸਕਾਰ ਦਾ ਇੰਤਜ਼ਾਮ ਲੜੀਬੱਧ ਕਰਨਾ ਚਾਹੀਦਾ ਹੈ, ਤਾਂ ਜੋ ਸੱਚ ਨਾਲ ਖੜ੍ਹਨ ਵਾਲੇ ਵਕੀਲਾਂ ਦਾ ਹੌਸਲਾ ਵਧੇ।

-ਮੋਬਾ: 94656-06210

ਮਾਪਿਆਂ ਦਾ ਖ਼ੌਫ ਬਣਿਆ ਨਸ਼ਿਆਂ ਦਾ ਵਧਦਾ ਰੁਝਾਨ

ਜੰਮਣ ਤੋਂ ਬਾਅਦ ਅਨੇਕਾਂ ਤਰ੍ਹਾਂ ਦੇ ਚਾਅ-ਮਲਾਰ ਅਤੇ ਗਿਣਤੀਆਂ-ਮਿਣਤੀਆਂ ਕਰਕੇ ਆਪਣੇ ਬੱਚੇ ਨੂੰ ਜੀਵਨ ਜਾਚ ਸਿਖਾਈ ਜਾਂਦੀ ਹੈ। ਇਸ ਤੋਂ ਬਾਅਦ ਵੀ ਜੇ ਬੱਚਾ ਕੁਰਾਹੇ ਪੈ ਜਾਵੇ ਤਾਂ ਇਸ ਦਾ ਸੰਤਾਪ ਵੀ ਪੀੜਤ ਮਾਪੇ ਹੀ ਮਾਪ ਸਕਦੇ ਹਨ। 1990 ਤੋਂ ਬਾਅਦ ਬੇਰੁਜ਼ਗਾਰੀ ਨੇ ਮਾਪਿਆਂ ਦੇ ਮਨ ਵਿਚ ਖੌਫ ਪੈਦਾ ਕੀਤਾ। ਇਸ ਬੇਰੁਜ਼ਗਾਰੀ ਦੀ ਅਲਾਮਤ ਨੇ ਕਈ ਤਰ੍ਹਾਂ ਦੇ ਸਮਾਜਿਕ ਸੰਕਟ ਪੈਦਾ ਕੀਤੇ। ਇਸ ਪਿੱਛੇ ਹੁਨਰਮੰਦ ਸਿੱਖਿਆ ਦਾ ਨਾ ਹੋਣਾ ਵੱਡਾ ਕਾਰਨ ਸੀ। ਬੇਰੁਜ਼ਗਾਰੀ ਦਾ ਸੰਤਾਪ ਮਾਪਿਆਂ ਦੀ ਹਾਲਤ ਬਦਤਰ ਕਰ ਦਿੰਦਾ ਹੈ। ਮਾਪਿਆਂ ਵਲੋਂ ਬੱਚਿਆਂ ਨੂੰ ਕਾਰ ਕਿੱਤੇ ਲਾਉਣਾ ਵੱਡਾ ਭਾਰ ਬਣ ਗਿਆ ਹੈ।
ਹੁਣ ਪਿਛਲੇ 10 ਕੁ ਸਾਲਾਂ ਤੋਂ ਮਾਪਿਆਂ ਦੇ ਖੌਫ ਵਿਚ ਨਸ਼ੇ ਦਾ ਵਾਧਾ ਹੋਇਆ ਹੈ। ਇਸ ਨਸ਼ੇ ਵਿਚ ਮੁੰਡਿਆਂ ਦੇ ਨਾਲ ਕੁੜੀਆਂ ਵੀ ਭਾਗੀਦਾਰ ਬਣਦੀਆਂ ਹਨ। ਇਹ ਖੌਫ ਮਾਪਿਆਂ ਲਈ ਮੌਤ ਸਮਾਨ ਹੈ। ਅੱਜ ਨਸ਼ੇ ਨੇ ਆਪਣਾ ਜਾਲ ਇਸ ਤਰ੍ਹਾਂ ਬੁਣ ਲਿਆ ਹੈ, ਜਿਸ ਵਿਚ ਸਮਾਜਿਕ ਅਤੇ ਸਰਕਾਰੀ ਉਪਰਾਲੇ ਫਿੱਕੇ ਪੈ ਜਾਂਦੇ ਹਨ। ਇਹ ਦਸ਼ਾ ਸਾਡੇ ਢਾਂਚੇ ਦਾ ਮੂੰਹ ਚਿੜਾਉਂਦੀ ਹੈ। ਅੱਜ ਰੋਜ਼ਾਨਾ ਨਸ਼ੇ ਨਾਲ ਮੌਤ ਦੀ ਸੁਰਖੀ ਸੰਕੇਤ ਦਿੰਦੀ ਹੈ। ਇਹ ਅਲਾਮਤ ਥੋੜ੍ਹਾ ਕੀਤੇ ਪਿੱਛੇ ਨਹੀਂ ਹਟਦੀ। ਸਰਕਾਰੀ ਉਪਰਾਲਿਆਂ ਨੂੰ ਹੁਲਾਰਾ ਦੇਣ ਲਈ ਨਸ਼ੇ ਦੇ ਵਿਸ਼ੇ 'ਤੇ ਸਮਾਜਿਕ ਚੇਤਨਤਾ ਬਹੁਤ ਜ਼ਰੂਰੀ ਹੈ। ਨਸ਼ੇ ਦੇ ਖੌਫ ਨੇ ਆਦਮੀ ਦੀ ਜਾਤ ਨੂੰ ਹਨੇਰੀ ਵਿਚ ਭਟਕੇ ਪੰਛੀ ਦੇ ਸਮਾਨ ਬਣਾ ਦਿੱਤਾ ਹੈ। ਹਾਂ, ਇਕ ਗੱਲ ਹੋਰ ਵੀ ਹੈ ਕਿ ਨਸ਼ੇ ਨੇ ਬੇਰੁਜ਼ਗਾਰੀ ਅਤੇ ਹਿੰਸਾ ਨੂੰ ਪਿੱਛੇ ਕਰਕੇ ਆਪਣਾ ਖੌਫ ਰੂਪੀ ਰੁਤਬਾ ਵੱਡਾ ਕਰ ਲਿਆ ਹੈ।
ਖੌਫਨਾਕ ਹਲਾਤ ਵਿਚੋਂ ਗੁਜ਼ਰਨ ਕਰਕੇ ਅੱਜ ਮਾਪਿਆਂ ਨੂੰ ਬੱਚਿਆਂ ਦੀ ਹਿਜ਼ਰਤ ਲਈ ਮਜਬੂਰ ਕਰ ਦਿੱਤਾ ਹੈ। ਇਸ ਹਿਜ਼ਰਤ ਦੀ ਬੇਰੁਜ਼ਗਾਰੀ ਅਤੇ ਨਸ਼ੇ ਨਾਲ ਦੁਸ਼ਮਣੀ ਸਮਝੀ ਜਾ ਸਕਦੀ ਹੈ। ਇਸ ਖੌਫ ਵਿਚੋਂ ਉਪਜੇ ਹਲਾਤ ਨੇ ਸਾਡਾ ਸੱਭਿਆਚਾਰ ਘਸਮੈਲਾ ਕੀਤਾ ਹੈ। ਅੱਜ ਮਾਪਿਆਂ ਦੀ ਮਮਤਾ ਸੀਨੇ 'ਤੇ ਪੱਥਰ ਰੱਖ ਕੇ ਵਿਰਲਾਪ ਕਰਦੀ ਫਿਰਦੀ ਹੈ। ਇਸ ਸਭ ਕਾਸੇ ਦਾ ਕਾਰਨ ਲੱਭਣ ਲਈ ਲੋਕ ਕਚਹਿਰੀ ਵੀ ਅਜੇ ਤੱਕ ਬਣਦਾ ਯੋਗਦਾਨ ਨਹੀਂ ਪਾ ਸਕੀ। ਸਾਨੂੰ ਸਭ ਨੂੰ ਮਿਲ-ਜੁਲ ਕੇ ਇਨ੍ਹਾਂ ਅਲਾਮਤਾਂ ਪ੍ਰਤੀ ਲੋਕ ਲਹਿਰ ਅਤੇ ਸਮਾਜਿਕ ਚੇਤਨਤਾ ਪੈਦਾ ਕਰਨੀ ਚਾਹੀਦੀ ਹੈ, ਤਾਂ ਜੋ ਖੁਸ਼ਹਾਲ ਭਵਿੱਖ ਦੀ ਆਸ ਬੱਝੇ।

-ਅਬਿਆਣਾ ਕਲਾਂ। ਮੋਬਾ: 98781-11445

ਕਿਸਾਨਾਂ ਨੂੰ ਸਮਾਜ ਦਾ ਸਾਥ ਮਿਲਣਾ ਵੀ ਜ਼ਰੂਰੀ

ਸਮੇਂ ਨਾਲ ਬਦਲੇ ਸਮਾਜਿਕ ਮਾਹੌਲ ਵਿਚ ਜਿਥੇ ਕਿਸਾਨਾਂ ਦੀ ਸਥਿਤੀ ਤਰਸਯੋਗ ਹੁੰਦੀ ਜਾ ਰਹੀ ਹੈ, ਉਥੇ ਸਰਕਾਰੀ ਅਣਡਿੱਠਤਾ ਕਾਰਨ ਕਿਸਾਨ ਖੁਦ ਨੂੰ ਖੇਤੀਬਾੜੀ ਤੋਂ ਦੂਰ ਕਰਦੇ ਜਾ ਰਹੇ ਹਨ। ਇਹ ਇਕ ਚਿੰਤਾਜਨਕ ਵਿਸ਼ਾ ਹੈ।
ਜਿਥੇ ਖੇਤੀਬਾੜੀ ਦਾ ਘਟਦਾ ਰਕਬਾ ਇਕ ਵੱਡਾ ਸਵਾਲ ਹੈ, ਉਥੇ ਵਧਦੀ ਲਾਗਤ ਤੇ ਫਸਲ ਦੀ ਘਟਦੀ ਕੀਮਤ ਕਾਰਨ ਬਦਹਾਲ ਕਿਸਾਨ ਹੈਰਾਨ-ਪ੍ਰੇਸ਼ਾਨ ਹੈ। ਹਾਲਾਤ ਕੁਝ ਅਜਿਹੇ ਹਨ ਕਿ ਖੁਦ ਨੂੰ ਖਤਰੇ ਵਿਚ ਦੇਖ ਕੇ ਕਿਸਾਨ ਖੁਦਕੁਸ਼ੀ ਦਾ ਰਾਹ ਅਪਣਾ ਕੇ ਮੁਕਤੀ ਪਾਉਣੀ ਚਾਹੁੰਦਾ ਹੈ।
ਅੱਜ ਜਿਥੇ ਨਵੀਂ ਪੀੜ੍ਹੀ ਖੇਤੀ ਦੀ ਬਜਾਏ ਸ਼ਹਿਰਾਂ ਵੱਲ ਰੁਖ਼ ਕਰਕੇ ਮਜ਼ਦੂਰੀ ਨੂੰ ਬਿਹਤਰ ਮੰਨਣ ਲੱਗੀ ਹੈ, ਉਥੇ ਹੀ ਜ਼ਮੀਨ ਦੇ ਮੋਹ ਵਿਚ ਫਸਿਆ ਲਾਚਾਰ ਕਿਸਾਨ ਕਦੇ ਬਰਸਾਤ ਤਾਂ ਕਦੇ ਸੋਕੇ ਦੀ ਮਾਰ ਝੱਲ ਰਿਹਾ ਹੈ। ਕਦੇ ਭਰਪੂਰ ਫਸਲ ਹੋਣ 'ਤੇ ਢੁਕਵੀਂ ਕੀਮਤ ਨਾ ਮਿਲਣ ਤੇ ਪੁਰਾਣਾ ਕਰਜ਼ਾ ਨਾ ਮੋੜ ਸਕਣ ਕਾਰਨ ਘਬਰਾ ਕੇ ਕਿਸਾਨ ਖੁਦਕੁਸ਼ੀ ਨੂੰ ਹੀ ਸੌਖਾ ਰਾਹ ਮੰਨ ਰਿਹਾ ਹੈ। ਭਾਰਤੀ ਕਿਸਾਨ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ। ਕਿਸਾਨਾਂ ਦੇ ਨਾਂਅ 'ਤੇ ਸਿਆਸਤਦਾਨ ਸਿਆਸੀ ਰੋਟੀਆਂ ਸੇਕ ਰਹੇ ਹਨ। ਨੌਕਰਸ਼ਾਹਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੇ ਕੇ ਸਰਕਾਰਾਂ ਉਨ੍ਹਾਂ ਦੇ ਚਿਹਰਿਆਂ 'ਤੇ ਸ਼ਿਕਨ ਤੱਕ ਨਹੀਂ ਆਉਣ ਦਿੰਦੀਆਂ ਪਰ ਕਿਸਾਨ ਕਰਜ਼ੇ ਤੇ ਵਿਆਜ ਮੁਆਫ਼ੀ ਲਈ ਸੜਕਾਂ 'ਤੇ ਭੋਜਨ ਪਰੋਸ ਕੇ ਖਾਣ, ਤਪਦੇ ਅਸਮਾਨ ਹੇਠਾਂ ਨੰਗੇ ਧੜ ਅੰਦੋਲਨ ਕਰਨ ਅਤੇ ਪਾਣੀ ਵਿਚ ਗਲ ਤੱਕ ਡੁੱਬ ਕੇ ਜਲ ਸੱਤਿਆਗ੍ਰਹਿ ਕਰਨ ਵਰਗੇ ਮੁਸ਼ਕਿਲ ਫੈਸਲੇ ਲੈਣ ਲਈ ਮਜਬੂਰ ਹੈ।
ਇਸ ਵਿਚ ਹੈਰਾਨ ਕਰਨ ਵਾਲਾ ਤੱਥ ਇਹ ਸੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦਾ ਕਾਰਨ ਕਰਜ਼ਾ, ਕੰਗਾਲੀ ਤੇ ਖੇਤੀ ਨਾਲ ਜੁੜੀਆਂ ਦਿੱਕਤਾਂ ਹੀ ਸਨ। ਇਸ ਤੋਂ ਇਲਾਵਾ ਖੁਦਕੁਸ਼ੀਆਂ ਕਰਨ ਵਾਲੇ 73 ਫੀਸਦੀ ਕਿਸਾਨਾਂ ਕੋਲ 2 ਏਕੜ ਜਾਂ ਉਸ ਨਾਲੋਂ ਘੱਟ ਜ਼ਮੀਨ ਸੀ ਭਾਵ ਛੋਟਾ ਤੇ ਅਮਲੀ ਕਿਸਾਨ ਬੇਹੱਦ ਟੁੱਟਦਾ ਜਾ ਰਿਹਾ ਹੈ।
ਕਿਸਾਨਾਂ ਨੂੰ ਲੈ ਕੇ ਲੋਕਾਂ ਵਿਚ ਸੰਵੇਦਨਾ ਜਗਾਉਣੀ ਪਵੇਗੀ। ਸਾਰੇ ਵਪਾਰਕ ਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਕਿਸਾਨਾਂ ਨਾਲ ਜੁੜਨ, ਉਨ੍ਹਾਂ ਨੂੰ ਕਾਰੋਬਾਰ ਤੇ ਸਮਾਜ ਦਾ ਹਿੱਸਾ ਸਮਝਣ, ਤਾਂ ਹੀ ਟੁੱਟਦੇ ਜਾ ਰਹੇ ਕਿਸਾਨਾਂ ਨੂੰ ਨਵਾਂ ਮੰਚ ਮਿਲੇਗਾ। ਸਰਕਾਰੀ ਮਦਦ ਲਈ ਮੁਥਾਜ ਕਿਸਾਨ ਵੱਖ-ਵੱਖ ਸੰਗਠਨਾਂ ਦਾ ਸਾਥ ਮਿਲਣ ਨਾਲ ਮਾਨਸਿਕ ਤੌਰ 'ਤੇ ਮਜ਼ਬੂਤ ਹੋਵੇਗਾ, ਤਣਾਅ 'ਚੋਂ ਬਾਹਰ ਆਵੇਗਾ ਤੇ ਖੇਤੀਬਾੜੀ ਨੂੰ ਵਪਾਰਕ ਨਜ਼ਰੀਏ ਤੋਂ ਦੇਖੇਗਾ। ਇਸ ਦਾ ਫਾਇਦੇ ਜਿਥੇ ਉਸ ਦੀ ਜ਼ਿੰਦਗੀ ਬਚਾਉਣ ਵਿਚ ਮਿਲੇਗਾ, ਉਥੇ ਹੀ ਵਪਾਰਕ ਸੰਗਠਨ ਨਾਲ ਜੁੜੇ ਹੋਣ 'ਤੇ ਖੇਤੀ ਉਤਪਾਦਾਂ ਦੀ ਵਿਕਰੀ ਤੇ ਮਾਰਕੀਟਿੰਗ ਲਈ ਦੋਸਤਾਨਾ ਮਾਹੌਲ ਬਣੇਗਾ।

-ਪਿੰਡ ਕੋਟਲੀ ਅਬਲੂ। ਮੋਬਾ: 73077-36899


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX