ਤਾਜਾ ਖ਼ਬਰਾਂ


ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਨੇ ਦਿੱਤਾ ਆਇਰਲੈਂਡ ਨੂੰ 146 ਦੌੜਾਂ ਦਾ ਟੀਚਾ
. . .  about 1 hour ago
ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਨੇ ਪਹਿਲੀ ਤਸਵੀਰ ਕੀਤੀ ਸਾਂਝੀ
. . .  about 2 hours ago
ਮੁੰਬਈ, 15 ਨਵੰਬਰ - ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਬੀਤੇ ਦਿਨ ਇਟਲੀ ਵਿਖੇ ਵਿਆਹ ਦੇ ਬੰਧਨ 'ਚ ਬੱਝ ਗਏ। ਵਿਆਹ ਤੋਂ ਬਾਅਦ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਆਇਰਲੈਂਡ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਐੱਸ.ਟੀ.ਐੱਫ ਦਾ ਹੌਲਦਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 3 hours ago
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ) - ਵਿਜੀਲੈਂਸ ਬਿਉਰੋ ਨੇ ਪੰਜਾਬ ਪੁਲਿਸ ਦੀ ਐੱਸ.ਟੀ.ਐੱਫ 'ਚ ਤਾਇਨਾਤ ਹੌਲਦਾਰ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ...
ਪਿਸਤੌਲ ਦੀ ਨੋਕ 'ਤੇ ਦੁਕਾਨਦਾਰ ਤੋਂ 5.50 ਲੱਖ ਦੀ ਲੁੱਟ
. . .  about 3 hours ago
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ) - ਫ਼ਿਰੋਜ਼ਪੁਰ ਵਿਖੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰੇ ਇੱਕ ਦੁਕਾਨਦਾਰ ਤੋਂ ਪਿਸਤੌਲ ਦੀ ਨੋਕ 'ਤੇ 5.50 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜਿਸ...
ਜੈਸ਼-ਏ-ਮੁਹੰਮਦ ਦੇ 7 ਅੱਤਵਾਦੀ ਫ਼ਿਰੋਜ਼ਪੁਰ 'ਚ ਹੋਣ ਦਾ ਸ਼ੱਕ
. . .  about 4 hours ago
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ) - ਪਾਕਿਸਤਾਨ ਨਾਲ ਜੁੜੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ 7 ਅੱਤਵਾਦੀਆਂ ਦੇ ਫ਼ਿਰੋਜ਼ਪੁਰ ਖੇਤਰ 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਖ਼ੁਫ਼ੀਆ ਏਜੰਸੀਆਂ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਸਾਬਕਾ ਮੰਤਰੀ ਮੰਜੂ ਵਰਮਾ ਜੇ.ਡੀ.ਯੂ 'ਚੋਂ ਮੁਅੱਤਲ
. . .  about 4 hours ago
ਪਟਨਾ, 15 ਨਵੰਬਰ - ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਨੂੰ ਜਨਤਾ ਦਲ ਯੁਨਾਇਟਡ 'ਚੋਂ ਮੁਅੱਤਲ ਕਰ ਦਿੱਤਾ ਗਿਆ...
ਨਾਭਾ ਬੈਂਕ ਡਕੈਤੀ : ਐੱਸ.ਐੱਚ.ਓ ਥਾਣਾ ਕੋਤਵਾਲੀ ਲਾਈਨ ਹਾਜ਼ਰ
. . .  about 4 hours ago
ਨਾਭਾ, 15 ਨਵੰਬਰ (ਕਰਮਜੀਤ ਸਿੰਘ) - ਨਾਭਾ ਬੈਂਕ ਡਕੈਤੀ ਮਾਮਲੇ 'ਚ ਫੜੇ ਗਏ ਲੁਟੇਰਿਆ ਤੋਂ ਪੁਲਿਸ ਨੂੰ ਕਈ ਵੱਡੇ ਹਥਿਆਰ ਬਰਾਮਦ ਹੋਏ, ਜਿਨ੍ਹਾਂ ਦਾ ਕਈ ਵੱਡੀਆਂ ਵਾਰਦਾਤਾਂ ਨਾਲ ਸਬੰਧ ਹੋ ਸਕਦਾ...
ਭੀਮਾ ਕੋਰੇਗਾਂਵ ਹਿੰਸਾ ਮਾਮਲਾ : ਪੁਲਿਸ ਵੱਲੋਂ 5 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ
. . .  about 4 hours ago
ਮੁੰਬਈ, 15 ਨਵੰਬਰ - ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਖ਼ਿਲਾਫ਼ ਪੁਣੇ ਸੈਸ਼ਨ ਕੋਰਟ ਵਿਚ ਦੋਸ਼ ਪੱਤਰ ਦਾਖਲ ਕਰਵਾ ਦਿੱਤੇ...
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 1457 'ਤੇ ਪਹੁੰਚਿਆ ਪੀੜਤਾਂ ਦਾ ਆਂਕੜਾ
. . .  about 5 hours ago
ਸੰਗਰੂਰ, 15 ਨਵੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਡੇਂਗੂ ਪੀੜਤਾਂ ਦਾ ਆਂਕੜਾ 1457 ਤੱਕ ਪੁੱਜ ਚੁੱਕਾ ਹੈ ਜਦਕਿ ਪਿਛਲੇ ਸਾਲ ਪੂਰੇ ਸੀਜ਼ਨ ਦੌਰਾਨ 627 ਮਰੀਜ਼ ਸਾਹਮਣੇ ਆਏ ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਖੇਤੀਬਾੜੀ ਵਿਚ ਬੀਜਾਂ ਦੀ ਪੈਦਾਵਾਰ ਅਤੇ ਸੰਭਾਵਨਾਵਾਂ

ਬੀਜ ਅਤੇ ਦਾਣੇ ਤਕਨੀਕੀ ਨਜ਼ਰ ਨਾਲ ਦੋਵੇਂ ਵੱਖੋ-ਵੱਖ ਹਨ। ਇਸੇ ਕਰਕੇ ਹੀ ਸਿਆਣੇ ਆਖਦੇ ਹਨ ਕਿ 'ਪਾਣੀ ਪੀਓ ਪੁਣ ਕੇ ਤੇ ਬੀਜ ਪਾਓ ਚੁਣ ਕੇ' ਹਰੇਕ ਬੀਜ ਦਾਣਾ ਤਾਂ ਹੋ ਸਕਦਾ ਹੈ ਪਰ ਹਰੇਕ ਦਾਣਾ ਬੀਜ ਨਹੀਂ ਹੋ ਸਕਦਾ, ਬੀਜ ਕਿਸੇ ਵੀ ਫ਼ਸਲ ਦੀ ਕਾਮਯਾਬੀ ਦੀ ਮੁਢਲੀ ਕੜੀ ਹੈ। ਇਸੇ ਕਰਕੇ ਹੀ ਖੇਤੀਬਾੜੀ ਵਿਭਾਗ ਦੇ ਮਾਹਿਰ ਅਕਸਰ ਕਿਸਾਨਾਂ ਨੂੰ ਆਖਦੇ ਰਹਿੰਦੇ ਹਨ ਕਿ ਉਹ ਬੀਜ ਦੀ ਚੋਣ, ਬੀਜ ਦੀ ਕਿਸਮ ਆਪਣੀ ਜ਼ਮੀਨ ਅਤੇ ਵਾਤਾਵਰਨ ਨੂੰ ਧਿਆਨ ਵਿਚ ਰੱਖ ਕੇ ਹੀ ਕਰਨ। ਬੀਜਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਭਾਵ ਕਿ ਫਾਊਂਡੇਸ਼ਨ ਸੀਡ, ਬ੍ਰੀਡਰ ਸੀਡ, ਤਸਦੀਕਸ਼ੁਦਾ ਬੀਜ ਆਦਿ ਬਾਰੇ ਕਿਸਾਨਾਂ ਨੂੰ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਅੱਜ ਖੇਤੀ ਦੇ ਇਸ ਆਧੁਨਿਕ ਦੌਰ ਵਿਚ ਜਿਥੇ ਕਿਸਾਨ ਖੇਤੀ ਦੀ ਚੋਖੀ ਅਤੇ ਚੰਗੇਰੀ ਪੈਦਾਵਾਰ ਲਈ ਲੋਚਦੇ ਹਨ ਉਥੇ ਕਈ ਕਿਸਾਨ ਆਪਣੀ ਉਪਜ ਨੂੰ ਬੀਜ ਦੇ ਤੌਰ 'ਤੇ ਵਿਕਰੀ ਵੀ ਕਰਨਾ ਚਾਹੁੰਦੇ ਹਨ। ਆਪਣੀ ਬੀਜੀ ਫ਼ਸਲ ਨੂੰ ਬਤੌਰ ਬੀਜ ਬੀਜਣਾ ਅਤੇ ਉਪਰੰਤ ਬੀਜ ਦੇ ਮਿੱਥੇ ਬੇਹੱਦ ਤਕਨੀਕੀ ਮਾਪਦੰਡਾਂ ਅਨੁਸਾਰ ਕੁਆਲਿਟੀ ਦੀ ਪੈਦਾਵਾਰ ਹਾਸਲ ਕਰਨਾ ਬੇਹੱਦ ਮਹੱਤਵਪੂਰਨ ਕੰਮ ਹੈ। ਬੀਜ ਦੀ ਪੈਦਾਵਾਰ ਅਤੇ ਵਿਕਰੀ ਵਿਚ ਰੁੱਝੇ ਕਿਸਾਨ ਆਪਣੀ ਕੀਤੀ ਮਿਹਨਤ ਦਾ ਚੋਖਾ ਮੁੱਲ ਵੀ ਪ੍ਰਾਪਤ ਕਰ ਰਹੇ ਹਨ। ਬੀਜ ਦੀ ਪੈਦਾਵਾਰ ਅਤੇ ਵਿੱਕਰੀ ਵਿਚ ਲੱਗੇ ਕਿਸਾਨ ਨੂੰ ਇਸ ਕਾਰੋਬਾਰ ਵਿਚ ਸਥਾਪਿਤ ਹੋਣ ਲਈ ਇਲਾਕੇ ਦੇ ਲੋਕਾਂ ਵਿਚ ਵਿਸ਼ਵਾਸ ਦੀ ਭਾਵਨਾ ਵੀ ਉਜਾਗਰ ਕਰਨੀ ਪੈਂਦੀ ਹੈ ਤਾਂ ਜੋ ਦੂਜੇ ਕਿਸਾਨ ਉਸ ਦੇ ਪੈਦਾ ਕੀਤੇ ਬੀਜਾਂ ਨੂੰ ਪੂਰਾ ਸਨਮਾਨ ਦੇਣ। ਇਸ ਵਿਸ਼ਵਾਸ ਦੀ ਭਾਵਨਾ ਨੂੰ ਬਣਾਉਣ ਲਈ ਜਿਥੇ ਕਿਸਾਨ ਵਿਚ ਤਕਨੀਕੀ ਮੁਹਾਰਤ ਦੀ ਜ਼ਰੂਰਤ ਹੈ ਉਥੇ ਕਿਸਾਨ ਨੂੰ ਖੇਤੀ ਮਾਹਿਰਾਂ ਅਤੇ ਬੀਜ ਤਸਦੀਕ ਕਰਨ ਵਾਲੇ ਅਦਾਰਿਆਂ ਨਾਲ ਰਾਬਤਾ ਕਾਇਮ ਵੀ ਕਰਨਾ ਜ਼ਰੂਰੀ ਹੁੰਦਾ ਹੈ। ਪਰ ਇਸ ਗੱਲ ਵਿਚ ਅਟੱਲ ਸਚਾਈ ਹੈ ਕਿ ਬੀਜ ਦੀ ਕੁਆਲਿਟੀ ਪੈਦਾਵਾਰ ਦੇ ਖਰੀਦਕਾਰਾਂ ਦੀ ਕਮੀ ਨਹੀਂ ਹੈ। ਇਕੱਲੇ ਪੰਜਾਬ ਵਿਚ ਤਕਰੀਬਨ 3.30 ਲੱਖ ਟਨ ਕਣਕ ਦੇ ਬੀਜਾਂ ਦੀ ਬੀਜਾਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਝੋਨੇ ਦੀ ਗੱਲ ਕਰੀਏ ਤਾਂ ਤਕਰੀਬਨ 50 ਹਜ਼ਾਰ ਟਨ ਬੀਜਾਂ ਦੀ ਬੀਜਾਈ ਹਰੇਕ ਸੀਜ਼ਨ ਵਿਚ ਹੁੁੰਦੀ ਹੈ। ਇਨ੍ਹਾਂ ਮੁੱਖ ਫ਼ਸਲਾਂ ਦੇ ਬੀਜਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫ਼ਸਲਾਂ ਦਾ ਬੀਜ ਕਿਸਾਨਾਂ ਨੂੰ ਲੋੜੀਂਦਾ ਹੁੰਦਾ ਹੈ, ਭਾਵੇਂ ਦਰਸਾਏ ਗਏ ਬੀਜਾਂ ਦੀ ਜ਼ਰੂਰਤ ਕਿਸਾਨ ਵਲੋਂ ਆਪਣੇ ਘਰ ਰੱਖੇ ਦਾਣਿਆਂ ਵਿਚੋਂ ਵੀ ਪੂਰੀ ਕੀਤੀ ਜਾਂਦੀ ਹੈ ਪਰ ਹਰੇਕ ਕਿਸਾਨ ਆਪਣਾ ਕੁਝ ਰਕਬਾ ਤਸਦੀਕਸ਼ੁਦਾ ਬੀਜ ਪ੍ਰਾਪਤ ਕਰਦੇ ਹੋਏ ਬੀਜਣਾ ਚਾਹੁੰਦਾ ਹੈ ਅਤੇ ਖੇਤੀ ਮਾਹਿਰਾਂ ਵਲੋਂ ਇਸ ਦੀ ਸਿਫਾਰਸ਼ ਵੀ ਕੀਤੀ ਜਾਂਦੀ ਹੈ ਕਿ ਕਿਸਾਨ ਆਪਣੇ ਕੁਝ ਰਕਬੇ ਦੀ ਇਸ ਤਰ੍ਹਾਂ ਬੀਜਾਈ ਜ਼ਰੂਰ ਕਰੇ ਤਾਂ ਜੋ ਅਗਲੇ ਸਾਲ ਲਈ ਉਸ ਦੇ ਆਪਣੇ ਲਈ ਲੋੜੀਂਦਾ ਬੀਜ ਵੀ ਤਿਆਰ ਹੋ ਸਕੇ।
ਝੋਨੇ ਦੀ ਪਨੀਰੀ ਪੁੱਟ ਕੇ ਲਗਾਉਣ ਦੇ ਕੰਮ ਵਿਚ ਲੋੜੀਂਦੀ ਲੇਬਰ ਅਤੇ ਲੇਬਰ ਦੀ ਕਮੀ ਕਾਰਨ ਮਸ਼ੀਨਾਂ ਨਾਲ ਝੋਨੇ ਦੀ ਲੁਆਈ ਵੀ ਪ੍ਰਚਲਿਤ ਹੋ ਰਹੀ ਹੈ। ਅਜਿਹੇ ਉੱਦਮੀ ਕਿਸਾਨਾਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਜੋ ਮਸ਼ੀਨ ਦੇ ਨਾਲ ਟਰੇਆਂ ਵਿਚ ਬੀਜੀ ਝੋਨੇ ਦੀ ਪਨੀਰੀ ਵੀ ਉਪਲਬਧ ਕਰਵਾ ਸਕਣ। ਇਸੇ ਤਰ੍ਹਾਂ ਨਾਲ ਆਮ ਰਵਾਇਤੀ ਢੰਗ ਤਰੀਕੇ ਨਾਲ ਵੀ ਪਨੀਰੀ ਬੀਜ ਕੇ ਕਿਸਾਨਾਂ ਨੂੰ ਮੁਹੱਈਆਂ ਕਰਵਾਉਣ ਦਾ ਉਪਰਾਲਾ ਵੀ ਕਾਰਗਰ ਸਾਬਤ ਹੋ ਸਕਦਾ ਹੈ ਭਾਵ ਕਿ ਸਪੈਸ਼ਲਾਈਜ਼ੇਸ਼ਨ ਦੇ ਇਸ ਦੌਰ ਵਿਚ ਨਰੋਈ ਅਤੇ ਸਹੀ ਪਨੀਰੀ ਕਿਸਾਨਾਂ ਨੂੰ ਉਪਲਬਧ ਕਰਵਾਉਣ ਦੇ ਕਾਰਜ ਰਾਹੀਂ ਵੀ ਆਪਣੇ ਖੇਤੀ ਕਾਰੋਬਾਰ ਵਿਚ ਨਵੀਨਤਾ ਲਿਆਂਦੀ ਜਾ ਸਕਦੀ ਹੈ।
ਬ੍ਰੀਡਰ ਸੀਡ : ਇਹ ਉਹ ਬੀਜ ਹੈ ਜੋ ਕਿ ਬੀਜ ਦੀ ਕਿਸਮ ਦੀ ਖੋਜ ਕਰਨ ਵਾਲੇ ਸਾਇੰਸਦਾਨ ਭਾਵ ਬ੍ਰੀਡਰ ਵਲੋਂ ਆਪਣੇ ਸਰਟੀਫਿਕੇਟ ਰਾਹੀਂ ਮੁਹੱਈਆ ਕਰਵਾਇਆ ਜਾਂਦਾ ਹੈ।
ਫਾਊਂਡੇਸ਼ਨ ਸੀਡ: ਬੀ੍ਰਡਰ ਸੀਡ ਤੋਂ ਪ੍ਰਾਪਤ ਕੀਤੀ ਗਈ ਪੈਦਾਵਾਰ ਜਿਸ ਤੋਂ ਸਰਟੀਫਾਈਡ ਬੀਜ ਤਿਆਰ ਕੀਤਾ ਜਾਣਾ ਹੁੰਦਾ ਹੈ ਨੂੰ ਫਾਊਂਡੇਸ਼ਨ ਬੀਜ ਕਿਹਾ ਜਾਂਦਾ ਹੈ। ਨੈਸ਼ਨਲ ਸੀਡ ਕਾਰਪੋਰੇਸ਼ਨ, ਸਟੇਟ ਸੀਡ ਕਾਰਪੋਰੇਸ਼ਨ ਅਤੇ ਯੂਨਵਰਸਿਟੀ ਇਸ ਫਾਊਂਡੇਸ਼ਨ ਬੀਜ ਦੀ ਸਪਲਾਈ ਕਰਦੀ ਹੈ ਤਾਂ ਜੋ ਇਸ ਬੀਜ ਤੋਂ ਸਰਟੀਫਾਈਡ ਬੀਜ ਤਿਆਰ ਹੋ ਸਕੇ। ਫਾਊਂਡੇਸ਼ਨ ਬੀਜਾਂ ਦੀ ਪੈਕਿੰਗ ਤੇ ਚਿੱਟੇ ਰੰਗ ਦਾ ਟੈਗ ਲੱਗਾ ਹੋਣਾ ਜ਼ਰੂਰੀ ਹੈ।
ਰਜਿਸਟਰਡ ਸੀਡ: ਫਾਊਂਡੇਸ਼ਨ ਬੀਜ ਜੋ ਕਿ ਸਰਟੀਫਾਈਂਗ ਏਜੰਸੀ ਰਾਹੀਂ ਸਰਟੀਫਾਈ ਕੀਤਾ ਗਿਆ ਹੋਵੇ ਅਤੇ ਜਿਸ ਤੋਂ ਸਰਟੀਫਾਈਡ ਬੀਜ ਦੀ ਪੈਦਾਵਾਰ ਕੀਤੀ ਜਾ ਸਕਦੀ ਹੋਵੇ ਰਜਿਸਟਰਡ ਬੀਜ ਅਖਵਾਉਂਦਾ ਹੈ। ਰਜਿਸਟਰਡ ਬੀਜਾਂ ਦੀ ਪੈਕਿੰਗ 'ਤੇ ਜਾਮਨੀ ਰੰਗ ਦਾ ਟੈਗ ਹੁੰਦਾ ਹੈ।
ਸਰਟੀਫਾਈਡ ਸੀਡ: ਇਹ ਬੀਜਾਂ ਦੀ ਕੈਟਾਗਿਰੀ ਹੇਠ ਆਖਰੀ ਸਟੇਜ ਦਾ ਬੀਜ ਹੁੰਦਾ ਹੈ ਜੋ ਕਿ ਕਿਸਾਨ ਤੱਕ ਪੁੱਜਦਾ ਕੀਤਾ ਜਾਂਦਾ ਹੈ, ਇਸ ਬੀਜ ਦਾ ਤਸਦਕੀਸ਼ੁਦਾ ਬੀਜਾਂ ਲਈ ਮਿੱਥੇ ਗਏ ਘੱਟੋ ਘੱਟ ਸੀਡਜ਼ ਸਰਟੀਫਿਕੇਸ਼ਨ ਸਟੈਂਡਰਡ 1988 'ਤੇ ਖਰਾ ਉੱਤਰਨਾ ਜ਼ਰੂਰੀ ਹੁੰਦਾ ਹੈ। ਅਜਿਹੇ ਬੀਜਾਂ ਦੀ ਪੈਕਿੰਗ ਦੇ ਉੱਪਰ ਨੀਲੇ ਰੰਗ ਦਾ ਟੈਗ ਲੱਗਿਆ ਹੋਣਾ ਜ਼ਰੂਰੀ ਹੁੰਦਾ ਹੈ।


-ਖੇਤੀਬਾੜੀ ਅਫ਼ਸਰ (ਬੀਜ) ਜਲੰਧਰ।


ਖ਼ਬਰ ਸ਼ੇਅਰ ਕਰੋ

ਝੋਨੇ ਦੀ ਫ਼ਸਲ ਵਿਚ ਵੱਖ-ਵੱਖ ਬਿਮਾਰੀਆਂ ਦੇ ਕਾਰਨ, ਲੱਛਣ ਅਤੇ ਰੋਕਥਾਮ

ਕਿਸਾਨ ਵੀਰੋ ਝੋਨੇ ਦੀ ਫ਼ਸਲ ਵਿਚ ਵੱਖ-ਵੱਖ ਬਿਮਾਰੀਆਂ ਦੇ ਕਾਰਨ, ਲੱਛਣ ਅਤੇ ਰੋਕਥਾਮ ਦੇ ਤਰੀਕੇ ਹੇਠ ਲਿਖੇ ਅਨੁਸਾਰ ਹਨ:
ਤਣੇ ਦੁਆਲੇ ਪੱਤੇ ਦਾ ਝੁਲਸ ਰੋਗ : ਇਸ ਬਿਮਾਰੀ ਨਾਲ ਤਣੇ ਉੱਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿਚ ਵਧ ਕੇ ਇਕ-ਦੂਜੇ ਨਾਲ ਮਿਲ ਜਾਂਦੇ ਹਨ। ਇਹ ਨਿਸ਼ਾਨੀਆਂ ਆਮ ਕਰਕੇ ਫ਼ਸਲ ਦੇ ਨਿਸਰਨ ਸਮੇਂ ਹੀ ਨਜ਼ਰ ਆਉਂਦੀਆਂ ਹਨ। ਇਸ ਬਿਮਾਰੀ ਦੇ ਜ਼ਿਆਦਾ ਹਮਲੇ ਨਾਲ ਮੁੰਜਰਾਂ ਵਿਚ ਜ਼ਿਆਦਾ ਦਾਣੇ ਨਹੀਂ ਬਣਦੇ। ਇਸ ਬਿਮਾਰੀ ਦੀ ਰੋਕਥਾਮ ਲਈ ਨਾਈਟ੍ਰੋਜਨ ਵਾਲੀ ਖਾਦ ਦੀ ਵਧੇਰੇ ਵਰਤੋਂ ਨਾ ਕਰੋ। ਵੱਟਾਂ ਬੰਨਿਆਂ ਨੂੰ ਘਾਹ ਤੋਂ ਰਹਿਤ ਰੱਖੋ। ਇਸ ਰੋਗ ਦੀਆਂ ਨਿਸ਼ਾਨੀਆਂ ਜੇਕਰ ਜਾੜ ਮਾਰਨ ਵੇਲੇ ਨਜ਼ਰ ਆਉਣ ਤਾਂ ਐਮੀਸਟਾਰ ਟੌਪ 325 ਐਸ. ਸੀ. ਜਾਂ ਟਿਲਟ/ਬੰਪਰ 25 ਈ. ਸੀ. (ਪ੍ਰੋਪੀਕੋਨਾਜੋਲ) ਜਾਂ ਫੌਲੀਕਰ/ਉਰੀਅਸ 25 ਈ. ਸੀ. (ਟੈਬੂਕੋਨਾਜੋਲ) 200 ਮਿਲੀਲਿਟਰ ਜਾਂ ਨੇਟੀਵੋ 75 ਡਬਲਯੂ. ਜੀ. 80 ਗ੍ਰਾਮ ਜਾਂ ਲਸਚਰ 37.5 ਐਸ. ਈ. ( ਫਲੂਜੀਲਾਜੋਲ+ ਕਾਰਬੈਂਡਾਜਿਮ) 320 ਮਿਲੀਲਿਟਰ ਜਾਂ ਬਵਿਸਟਨ 50 ਡਬਲਯੂ. ਪੀ. 200 ਗ੍ਰਾਮ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਦੂਜਾ ਛਿੜਕਾਅ 15 ਦਿਨ ਦੇ ਵਕਫੇ ਨਾਲ ਕਰੋ।
ਝੂਠੀ ਕਾਂਗਿਆਰੀ : ਇਸ ਬਿਮਾਰੀ ਨਾਲ ਦਾਣਿਆਂ ਦੀ ਥਾਂ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਜੇਕਰ ਫ਼ਸਲ ਨਿਸਰਨ ਸਮੇਂ ਮੀਂਹ ਜਾਂ ਸਿੱਲ ਜ਼ਿਆਦਾ ਰਹੇ ਤਾਂ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ। ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਪਹਿਲਾ ਛਿੜਕਾਅ ਕੋਸਾਈਡ 46 ਡੀ. ਐਫ. (ਕਾਪਰ ਹਾਈਡਰੋਕਸਾਈਡ) 500 ਗ੍ਰਾਮ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਦੂਜਾ ਛਿੜਕਾਅ 10 ਦਿਨਾਂ ਬਾਅਦ ਟਿਲਟ 25 ਈ. ਸੀ. 200 ਮਿਲੀਲਿਟਰ ਨੂੂੰ 200 ਲਿਟਰ ਵਿਚ ਘੋਲ ਕੇ ਕਰੋ।
ਭੂਰੇ ਧੱਬਿਆਂ ਦਾ ਰੋਗ : ਇਸ ਨਾਲ ਗੋਲ, ਅੱਖ ਦੀ ਸ਼ਕਲ ਵਰਗੇ ਧੱਬੇ ਪੈ ਜਾਂਦੇ ਹਨ। ਇਹ ਧੱਬੇ ਦਾਣਿਆਂ ਉੱਤੇ ਵੀ ਪੈ ਜਾਂਦੇ ਹਨ। ਇਹ ਬਿਮਾਰੀ ਮਾੜੀਆਂ ਜ਼ਮੀਨਾਂ ਵਿਚ ਫ਼ਸਲ ਨੂੰ ਔੜ ਲੱਗਣ ਕਰਕੇ ਜ਼ਿਆਦਾ ਹੁੰਦੀ ਹੈ ਇਸ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਨੇਟੀਵੋ 75 ਡਬਲਯੂ ਜੀ 80 ਗ੍ਰਾਮ ਜਾਂ ਇੰਡੋਫਿਲ ਜ਼ੈਡ 78 500 ਗ੍ਰਾਮ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਦੋ ਵਾਰ , ਪਹਿਲਾ ਛਿੜਕਾਅ ਜਾੜ ਮਾਰਨ ਵੇਲੇ ਅਤੇ ਦੂਜਾ ਛਿੜਕਾਅ 15 ਦਿਨ ਮਗਰੋਂ ਕਰੋ।
ਤਣੇ ਦੁਆਲੇ ਪੱਤੇ ਦਾ ਗਲਣਾ : ਇਸ ਰੋਗ ਨਾਲ ਪੱਤਿਆਂ ਦੀ ਸ਼ੀਥ ਤੇ ਬੇਤਰਤੀਬੇ ਸਲੇਟੀ ਤੋਂ ਹਲਕੇ ਭੂਰੇ ਰੰਗ ਦੇ ਚਟਾਖ ਪੈ ਜਾਂਦੇ ਹਨ। ਇਹ ਚਟਾਖ ਆਮ ਤੌਰ 'ਤੇ ਇਕ ਦੂਜੇ ਨਾਲ ਮਿਲ ਕੇ ਪੱਤੇ ਦੀ ਸਾਰੀ ਸ਼ੀਥ 'ਤੇ ਫੈਲ ਜਾਂਦੇ ਹਨ। ਇਸ ਰੋਗ ਨਾਲ ਮੁੰਜਰਾਂ ਥੋਥੀਆਂ ਰਹਿ ਜਾਂਦੀਆਂ ਹਨ ਅਤੇ ਗੂੜੇ ਲਾਲ ਜਾਂ ਜਾਮਣੀ ਭੂਰੇ ਤੋਂ ਕਾਲੇ ਰੰਗ ਦੀਆਂ ਹੋ ਜਾਂਦੀਆਂ ਹਨ। ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਫ਼ਸਲ ਦੇ ਗੋਭ ਵਿਚ ਆਉਣ ਵੇਲੇ 15 ਦਿਨ ਦੇ ਵਕਫੇ ਤੇ 2 ਛਿੜਕਾਅ ਬਵਿਸਟਨ 50 ਡਬਲਯੂ ਪੀ 200 ਗ੍ਰਾਮ ਦਵਾਈ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਹਿਸਾਬ ਨਾਲ ਕਰੋ।
ਤਣੇ ਦਾ ਗਲਣਾ : ਇਹ ਬਿਮਾਰੀ ਇਕ ਉੱਲੀ ਰੋਗ ਕਰਕੇ ਹੁੰਦੀ ਹੈ ਜੋ ਬੂਟੇ ਦੇ ਨਿਸਰਣ ਸਮੇਂ ਹਮਲਾ ਕਰਦੀ ਹੈ। ਇਸ ਨਾਲ ਪਾਣੀ ਦੀ ਸਤਹ ਤੋਂ ਬੂਟੇ ਉੱਤੇ ਗੂੜ੍ਹੇ ਭੂਰੇ ਤੋਂ ਕਾਲੇ ਧੱਬੇ ਪੈ ਜਾਂਦੇ ਹਨ। ਬਾਅਦ ਵਿਚ ਇਹ ਬਿਮਾਰੀ ਸਾਰੇ ਤਣੇ ਤੇ ਫੈਲ ਜਾਂਦੀ ਹੈ, ਜਿਸ ਨਾਲ ਬੂਟਾ ਮੁਰਝਾਅ ਕੇ ਡਿੱਗ ਪੈਂਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਫ਼ਸਲ ਵਿਚ ਲਗਾਤਾਰ ਪਾਣੀ ਖੜ੍ਹਾ ਨਾ ਹੋਣ ਦਿਓ, ਖੜ੍ਹਾ ਪਾਣੀ ਬਾਹਰ ਕੱਢ ਦਿਓ। ਨਾਈਟ੍ਰੋਜਨ ਖਾਦਾਂ ਦੀ ਵਰਤੋਂ ਲੋੜ ਤੋਂ ਜ਼ਿਆਦਾ ਨਾ ਕਰੋ।
ਝੁਲਸ ਰੋਗ : ਪੱਤਿਆਂ ਉੱਪਰ ਹਰੀਆਂ ਪੀਲੀਆਂ ਧਾਰੀਆਂ ਕਿਨਾਰਿਆਂ ਦੇ ਨਾਲ-ਨਾਲ ਬਣ ਜਾਂਦੀਆਂ ਹਨ। ਪੱਤਾ ਨੋਕ ਵਲੋਂ ਮੁੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਚਿੱਟਾ ਹੋ ਜਾਂਦਾ ਹੈ। ਕਈ ਵਾਰ ਸਾਰਾ ਪੱਤਾ ਸੁੱਕ ਜਾਂਦਾ ਹੈ। ਇਹ ਬਿਮਾਰੀ ਕਈ ਵਾਰ ਪਨੀਰੀ ਲਾਉਣ ਤੋਂ ਛੇਤੀ ਬਾਅਦ ਹਮਲਾ ਕਰ ਦਿੰਦੀ ਹੈ, ਜਿਸ ਨਾਲ ਬੂਟਾ ਕੁਮਲਾਅ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਹੇਠ ਲਿਖੇ ਤਰੀਕੇ ਵਰਤਣੇ ਚਾਹੀਦੇ ਹਨ: * ਨਾਈਟ੍ਰੋਜਨ ਤੱਤ ਦੀ ਜ਼ਿਆਦਾ ਵਰਤੋਂ ਨਾ ਕਰੋ। * ਖੇਤ ਵਿਚ ਲਗਾਤਾਰ ਪਾਣੀ ਖੜ੍ਹਾ ਨਾ ਰੱਖੋ। * ਬੀਜ ਨੂੰ ਰੋਗ ਰਹਿਤ ਕਰਕੇ ਬੀਜੋ। * ਝੋਨੇ ਦੀ ਪਨੀਰੀ ਅਤੇ ਫ਼ਸਲ ਛਾਂ ਹੇਠ ਨਹੀਂ ਬੀਜਣੀ ਚਾਹੀਦੀ। * ਝੋਨੇ ਦੀ ਪਨੀਰੀ ਅਤੇ ਫ਼ਸਲ ਤੂੜੀ ਦੇ ਕੁੱਪਾਂ ਨੇੜੇ ਨਾ ਬੀਜੋ।
ਪੱਤਿਆਂ ਵਿਚ ਧਾਰੀਆਂ ਪੈਣ ਦਾ ਰੋਗ: ਪੱਤਿਆਂ ਦੀਆਂ ਨਾੜਾਂ ਵਿਚਕਾਰ ਬਰੀਕ ਧਾਰੀਆਂ ਪੈ ਜਾਂਦੀਆਂ ਹਨ। ਇਹ ਧਾਰੀਆਂ ਲੰਮੀਆਂ ਹੋ ਕੇ ਬੂਟਾ ਪੱਕਣ ਸਮੇਂ ਲਾਲ ਭਾਅ ਮਾਰਦੀਆਂ ਹਨ। ਇਸ ਦੀ ਰੋਕਥਾਮ ਲਈ ਬੀਜ ਰੋਗ ਰਹਿਤ ਕਰਕੇ ਬੀਜਣਾ ਜ਼ਰੂਰੀ ਹੈ।


-ਖੇਤੀਬਾੜੀ ਅਫ਼ਸਰ, ਸਮਾਲਸਰ (ਮੋਗਾ)
ਮੋਬਾਈਲ : 94653-53756

ਫ਼ਲ, ਸਬਜ਼ੀਆਂ ਘਰੇ ਉਗਾਉਣਾ

ਕੁਝ ਪਲ ਮਿੱਟੀ ਸੰਗ ਬਿਤਾਉਣਾ
ਗੋਡੀ ਕਰ ਫਿਰ ਪਾਣੀ ਪਾਉਣਾ
ਬਹੁਤ ਪਿਆਰਾ ਸ਼ੌਂਕ ਪੁਗਾਉਣਾ
ਫਲ, ਸਬਜ਼ੀਆਂ ਘਰੇ ਉਗਾਉਣਾ।
ਬੀਜੇ ਬੀਜ ਜਦ ਪੁੰਗਰਨ ਲਗਦੇ
ਮਿੱਟੀ ਵਿੱਚੋਂ ਸਿਰੀਆਂ ਕੱਢਦੇ
ਤੱਕ ਕੇ ਹੋ ਜਾਏ ਸਫਲ ਜਿਓਣਾ
ਫਲ, ਸਬਜ਼ੀਆਂ ਘਰੇ ਉਗਾਉਣਾ।
ਕੱਦੂ, ਕਰੇਲੇ , ਭਿੰਡੀ, ਤੋਰੀ
ਨਿੰਬੂ, ਪਪੀਤਾ ਫ਼ਲ ਕੁਝ ਮੋਹਰੀ
ਥੋੜ੍ਹਾ-ਥੋੜ੍ਹਾ ਸਭ ਕੁਝ ਲਾਉਣਾ
ਫਲ, ਸਬਜ਼ੀਆਂ ਘਰੇ ਉਗਾਉਣਾ।
ਹਲਦੀ, ਤੁਲਸੀ, ਸੌਂਫ, ਪੁਦੀਨਾ
ਬੀਜੀਏ ਮਿਰਚਾਂ ਦੇਖ ਮਹੀਨਾ
ਦੇਸੀ ਖਾਦ ਨੇ ਰੰਗ ਦਿਖਾਉਣਾ
ਫਲ, ਸਬਜ਼ੀਆਂ ਘਰੇ ਉਗਾਉਣਾ
ਧਨੀਆ, ਪਾਲਕ, ਸਾਗ ਤੇ ਮੇਥੀ
ਆਲੂ, ਲਸਣ, ਪਿਆਜ਼ ਦੀ ਖੇਤੀ
ਮੌਸਮ ਦੇਖ ਕੇ ਸਭ ਕੁਝ ਲਾਉਣਾ
ਫਲ, ਸਬਜ਼ੀਆਂ ਘਰੇ ਉਗਾਉਣਾ


-ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ, ਲੁਧਿਆਣਾ।
ਮੋਬਾਈਲ : 98728-68913.

ਤੰਦਰੁਸਤ ਸਰੀਰ ਲਈ ਵਡਮੁੱਲੀ ਦੇਣ-ਜੈਵਿਕ ਦੁੱਧ ਉਤਪਾਦਨ

(ਲੜੀ ਜੋੜਨ ਲਈ 7 ਅਗਸਤ ਦਾ ਅੰਕ ਦੇਖੋ)
ਹਰੇ ਚਾਰੇ ਦੇ ਵੱਖ-ਵੱਖ ਫ਼ਸਲੀ ਚੱਕਰ ਇਸ ਤਰ੍ਹਾਂ ਹਨ:
ਮੱਕੀ-ਬਰਸੀਮ-ਬਾਜਰਾ: ਖੇਤ ਵਿਚ 3.5 ਟਨ ਪ੍ਰਤੀ ਏਕੜ ਸੁੱਕੀ ਰੂੜੀ (1% ਨਾਈਟ੍ਰੋਜਨ) ਪਾਓ ਅਤੇ ਅਗਸਤ ਦੇ ਦੂਜੇ ਹਫ਼ਤੇ ਮੱਕੀ ਬੀਜੋ । 50-60 ਦਿਨਾਂ ਬਾਅਦ (ਜਦੋਂ ਫ਼ਸਲ ਦੋਧੇ 'ਤੇ ਹੋਵੇ ਅਤੇ ਦਾਣੇ ਨਰਮ ਹੋਣ) ਕੱਟ ਲਵੋ । ਉਸ ਤੋਂ ਬਾਅਦ 1.0 ਟਨ ਪ੍ਰਤੀ ਏਕੜ ਸੁੱਕੀ ਰੂੜੀ ਖੇਤ ਵਿਚ ਪਾ ਕੇ ਅਕਤੂਬਰ ਦੇ ਦੂਜੇ ਹਫ਼ਤੇ ਬਰਸੀਮ ਬੀਜੋ ਜਿਸ ਤੋਂ 4-5 ਕਟਾਈਆਂ ਲਈਆਂ ਜਾ ਸਕਦੀਆਂ ਹਨ। ਬਰਸੀਮ ਦੀ ਕਟਾਈ ਤੋਂ ਬਾਅਦ 2.0 ਟਨ ਪ੍ਰਤੀ ਏਕੜ ਸੁੱਕੀ ਰੂੜੀ ਪਾਓ ਅਤੇ ਜੂਨ ਦੇ ਦੂਜੇ ਹਫ਼ਤੇ ਬਾਜਰਾ ਬੀਜ ਕੇ ਬਿਜਾਈ ਤੋਂ 45-55 ਦਿਨਾਂ ਬਾਅਦ (ਜਦੋਂ ਸਿੱਟੇ ਨਿਕਲਣੇ ਸ਼ੁਰੂ ਹੋਣ) ਕੱਟ ਲਵੋ । ਰੂੜੀ ਦੀ ਮਾਤਰਾ ਉਸ ਵਿਚ ਨਾਈਟ੍ਰੋਜਨ ਤੱਤ ਦੀ ਮਾਤਰਾ ਦੇ ਹਿਸਾਬ ਨਾਲ ਵਧਾ ਘਟਾ ਲੈਣੀ ਚਾਹੀਦੀ ਹੈ।
ਮੱਕੀ-ਬਰਸੀਮ-ਮੱਕੀ+ਰਵਾਂਹ: ਖੇਤ ਵਿਚ 3.5 ਟਨ ਪ੍ਰਤੀ ਏਕੜ ਸੁੱਕੀ ਰੂੜੀ (1% ਨਾਈਟ੍ਰੋਜਨ) ਪਾਓ ਅਤੇ ਅਗਸਤ ਦੇ ਦੂਜੇ ਹਫ਼ਤੇ ਮੱਕੀ ਬੀਜੋ। 50-60 ਦਿਨਾਂ ਬਾਅਦ (ਜਦੋਂ ਫ਼ਸਲ ਦੋਧੇ 'ਤੇ ਹੋਵੇ ਅਤੇ ਦਾਣੇ ਨਰਮ ਹੋਣ) ਕੱਟ ਲਵੋ । ਉਸ ਤੋਂ ਬਾਅਦ 1.0 ਟਨ ਪ੍ਰਤੀ ਏਕੜ ਸੁੱਕੀ ਰੂੜੀ ਖੇਤ ਵਿਚ ਪਾ ਕੇ ਅਕਤੂਬਰ ਦੇ ਦੂਜੇ ਹਫ਼ਤੇ ਬਰਸੀਮ ਬੀਜੋ ਜਿਸ ਤੋਂ 4-5 ਕਟਾਈਆਂ ਲਈਆਂ ਜਾ ਸਕਦੀਆਂ ਹਨ। ਬਰਸੀਮ ਦੀ ਕਟਾਈ ਤੋਂ ਬਾਅਦ 3.5 ਟਨ ਪ੍ਰਤੀ ਏਕੜ ਸੁੱਕੀ ਰੂੜੀ ਪਾਓ ਅਤੇ ਜੂਨ ਦੇ ਦੂਜੇ ਹਫ਼ਤੇ ਮੱਕੀ+ਰਵਾਂਹ ਨੂੰ ਰਲਾ ਕੇ ਬੀਜੋ । ਇਸ ਲਈ 15 ਕਿਲੋ ਮੱਕੀ ਦਾ ਬੀਜ ਅਤੇ 15 ਕਿਲੋ ਰਵਾਂਹ 88 ਕਿਸਮ ਜਾਂ 6 ਕਿਲੋ ਸੀ ਐਲ 367 ਕਿਸਮ ਦਾ ਬੀਜ ਵਰਤੋ । ਇਸ ਰਲਵੇਂ ਚਾਰੇ ਨੂੰ ਬਿਜਾਈ ਤੋਂ 50-60 ਦਿਨਾਂ ਬਾਅਦ (ਜਦੋਂ ਮੱਕੀ ਦੀ ਫ਼ਸਲ ਦੋਧੇ 'ਤੇ ਹੋਵੇ ਅਤੇ ਦਾਣੇ ਨਰਮ ਹੋਣ) ਕੱਟ ਲਵੋ। ਰੂੜੀ ਦੀ ਮਾਤਰਾ ਉਸ ਵਿਚ ਨਾਈਟ੍ਰੋਜਨ ਤੱਤ ਦੀ ਮਾਤਰਾ ਦੇ ਹਿਸਾਬ ਨਾਲ ਵਧਾ ਘਟਾ ਲੈਣੀ ਚਾਹੀਦੀ ਹੈ।
ਪਸ਼ੂ-ਖੁਰਾਕ : ਜਿੱਥੇ ਘਰ ਵਿਚ ਜੈਵਿਕ ਤੌਰ 'ਤੇ ਦਾਣੇਦਾਰ ਫ਼ਸਲਾਂ ਦੀ ਕਾਸ਼ਤ ਕੀਤੀ ਜ਼ਾਦੀ ਹੈ, ਜਿਨ੍ਹਾਂ ਤੋਂ ਘਰੇਲੂ ਖੁਰਾਕ ਬਣਾਈ ਜਾਂਦੀ ਹੈ। ਜੈਵਿਕ ਖ਼ਲ ਖਰੀਦੀ ਵੀ ਜਾ ਸਕਦੀੇ ਹੈ। ਮਿਸ਼ਰਤ ਖੁਰਾਕ 100 ਪ੍ਰਤੀਸ਼ਤ ਜੈਵਿਕ ਹੋਣੀ ਚਾਹੀਦੀ ਹੈ। ਵਿਸ਼ੇਸ਼ ਤੌਰ 'ਤੇ ਪ੍ਰੋਟੀਨ ਸਰੋਤ ਫਾਰਮ 'ਤੇ ਪੈਦਾ ਕਰਨੇ ਔਖੇ ਹਨ ਅਤੇ ਇਸ ਕਰਕੇ ਇਨ੍ਹਾਂ ਨੂੰ ਖਰੀਦਿਆ ਜਾ ਸਕਦਾ ਹੈ।
ਖਣਿਜ ਅਤੇ ਵਿਟਾਮਿਨ: ਖਣਿਜ ਪੂਰਕਾਂ ਦੀ ਵਰਤੋਂ ਸਿਰਫ਼ ਉਸ ਸਮੇਂ ਹੀ ਕੀਤੀ ਜਾਂਦੀ ਹੈ ਜਦੋਂ ਛੋਟੇ ਤੱਤਾਂ ਦੀਆਂ ਲੋੜਾਂ ਨੂੰ ਜੈਵਿਕ ਤਰੀਕੇ ਦੁਆਰਾ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਕੰਟਰੋਲ ਬਾਡੀ ਦੁਆਰਾ ਦਿੱਤੀ ਜਾਣ ਵਾਲੀ ਆਗਿਆ ਦੇ ਅਧੀਨ ਤੇ ਕੁਝ ਸਿੰਥੈਟਿਕ ਵਿਟਾਮਿਨ ਵਰਤੇ ਜਾ ਸਕਦੇ ਹਨ।
ਚਰਾਗਾਹਾਂ : ਚਰਾਗਾਹਾਂ ਦੀ ਸਥਾਪਤੀ ਅਤੇ ਪ੍ਰਬੰਧਨ ਜੈਵਿਕ ਡੇਅਰੀ ਫਾਰਮਾਂ ਦੀ ਸਫਲਤਾ ਲਈ ਅਹਿਮ ਹੁੰਦੀ ਹੈ ਕਿਉਂਕਿ ਇਹ ਨਾਈਟ੍ਰੋਜਨ ਦਾ ਮੁੱਖ ਸਰੋਤ ਹਨ। ਉਤਪਾਦਕਤਾ ਦੇ ਚੰਗੇ ਪੱਧਰ ਨੂੰ ਕਾਇਮ ਰੱਖਣ ਲਈ ਚਰਾਂਦਾਂ ਦੀ ਲੋੜ ਹੁੰਦੀ ਹੈ। ਰਸਾਇਣਿਕ ਖਾਦਾਂ ਦੀ ਆਗਿਆ ਨਹੀਂ ਹੁੰਦੀ ਪਰ ਚੂਨਾ ਅਤੇ ਪੌਸ਼ਟਿਕ ਤੱਤਾਂ ਦੇ ਕੁਝ ਕੁ ਕੁਦਰਤੀ ਸਰੋਤ ਵਰਤੇ ਜਾ ਸਕਦੇ ਹਨ।
ਡੇਅਰੀ/ਪੋਲਟਰੀ ਖਾਦ : ਫਾਰਮ 'ਤੇ ਖਾਦ ਪੈਦਾ ਵੀ ਕੀਤੀ ਜਾ ਸਕਦੀ ਹੈ ਅਤੇ ਦੂਜੇ ਹੋਰ ਜੈਵਿਕ ਫਾਰਮਾਂ ਤੋਂ ਲਈ ਵੀ ਜਾ ਸਕਦੀ ਹੈ। ਰਜਿਸਟਰਡ ਜੈਵਿਕ ਫਾਰਮਾਂ ਤੋਂ ਮੁਰਗੀਆਂ ਦੀ ਖਾਦ (ਲਿਟਰ) ਨੂੰ ਵੀ ਵਰਤਿਆ ਜਾ ਸਕਦਾ ਹੈ। ਰਵਾਇਤੀ ਫਾਰਮਾਂ 'ਤੇ ਪੈਦਾ ਕੀਤੀ ਰੂੜੀ ਦੀ ਖਾਦ ਦੀ ਵਰਤੋਂ ਲਈ ਆਗਿਆ ਮੰਗੀ ਜਾ ਸਕਦੀ ਹੈ। ਹਾਲਾਂਕਿ, ਜਿਸ ਜਾਨਵਰ ਨੂੰ ਇਸ ਨੂੰ ਪੈਦਾ ਕੀਤਾ ਜਾਂਦਾ ਹੈ ਉਸ ਨੂੰ ਵਿਆਪਕ ਪੱਧਰ 'ਤੇ ਰੱਖਿਆ ਜਾਣਾ ਚਾਹੀਦਾ ਹੈ ਜੋ ਜੈਵਿਕ ਨਿਯੰਤ੍ਰਣ ਬਾਡੀ ਨੂੰ ਸੰਤੁਸ਼ਟ ਕਰਦੇ ਹਨ।
ਪਸ਼ੂ ਢਾਰੇ : ਬਾਲਗ਼ ਪਸ਼ੂਆਂ ਲਈ ਰਿਹਾਇਸ਼ੀ ਮਾਹੌਲ, ਵਿੱਤੀ ਸਥਿਤੀ ਅਤੇ ਕਿਸਾਨ ਦੀ ਤਰਜੀਹ ਦੇ ਆਧਾਰ 'ਤੇ ਹੁੰਦੀ ਹੈ। ਬੇ-ਆਰਾਮੀ, ਗੰਦੇ ਹਾਲਾਤ ਅਤੇ ਹਵਾਦਾਰੀ ਰਹਿਤ ਪਸ਼ੂਆਂ ਦੇ ਇਮਿਊਨ ਸਿਸਟਮ ਨੂੰ ਖਰਾਬ ਕਰਦੇ ਹਨ ਅਤੇ ਦੁਧਾਰੂ ਪਸ਼ੂ ਖਾਸ ਕਰਕੇ ਗਾਵਾਂ ਬਿਮਾਰੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ। ਤਾਜ਼ੀ ਹਵਾ ਨੂੰ ਪਸ਼ੂਆਂ ਦੇ ਢਾਰੇ ਵਿਚ ਦਾਖਲ ਹੋਣਾ ਚਾਹੀਦਾ ਹੈ ਅਤੇ ਗਰਮ, ਗੰਦਗੀ ਵਾਲੀ ਹਵਾ ਨੂੰ ਬਾਹਰ ਕੱਢਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਰਦੀਆਂ ਦੇ ਮਹੀਨਿਆਂ ਦੌਰਾਨ ਬਾਹਰਲੇ ਅਤੇ ਅੰਦਰਲੇ ਤਾਪਮਾਨ ਦਾ ਅੰਤਰ 10 ਡਿਗਰੀ ਫਾਰਨਹੀਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ।
ਪਸ਼ੂਆਂ ਦੀ ਸਿਹਤ ਸੰਭਾਲ: ਜਾਨਵਰਾਂ ਦੀ ਸਿਹਤ ਲਈ ਇਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਤਰਜੀਹੀ ਤੌਰ 'ਤੇ ਇਕ ਵੈਟਰਨਰੀ ਸਰਜਨ ਦੇ ਨਾਲ ਮਿਲ ਕੇ, ਪਸ਼ੂਆਂ ਦੀ ਵਧੀਆ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਆਂ ਦੀਆਂ ਦਵਾਈਆਂ 'ਤੇ ਘੱਟ ਨਿਰਭਰ ਹੋਣ ਲਈ ਉਤਪਾਦਨ ਵਿਧੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ।
ਵੈਟਰਨਰੀ ਦਵਾਈਆਂ ਦੀ ਵਰਤੋਂ ਦੀ ਬਜਾਇ ਰੋਕਥਾਮ ਪ੍ਰਬੰਧਨ ਨੂੰ ਹਮੇਸ਼ਾਂ ਉਤਸ਼ਾਹਿਤ ਕੀਤਾ ਜਾਂਣਾ ਚਾਹੀਦਾ ਹੈ, ਪਰ ਕਿਸੇ ਵੀ ਸਮੱਸਿਆ ਨੂੰ ਹਮੇਸ਼ਾ ਤੁਰੰਤ ਨਿਪਟਾਇਆ ਜਾਣਾ ਚਾਹੀਦਾ ਹੈ। ਹੋਮਿਓਪੈਥੀ ਦਵਾਈਆਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਵੈਟਰਨਰੀ ਦਵਾਈਆਂ ਅਤੇ ਐਂਟੀਬਾਇਟਿਕਸ ਇਕ ਰੋਕਥਾਮ ਯੋਗ ਦਵਾਈ ਦੇ ਰੂਪ ਵਿਚ ਨਹੀਂ ਵਰਤੀ ਜਾਣੀ ਚਾਹੀਦੀ ਹੈ, ਪਰ ਬਿਮਾਰੀ ਜਾਂ ਸੱਟ ਦੀ ਸਥਿਤੀ ਵਿਚ ਵਰਤ ਸਕਦੇ ਹਨ।
ਵੈਟਰਨਰੀ ਦਵਾਈਆਂ ਲਈ ਕਢਵਾਉਣ ਦਾ ਸਮਾਂ ਘੱਟ ਤੋਂ ਘੱਟ ਦੋ ਹਫਤੇ ਦਾ ਹੋਣਾ ਚਾਹੀਦਾ ਹੈ। ਜਿੱਥੇ ਕਨੂੰਨੀ ਤੌਰ 'ਤੇ ਕਢਵਾਉਣ ਦਾ ਸਮਾਂ 24 ਘੰਟਿਆਂ ਤੋਂ ਘੱਟ ਹੈ, ਕਢਵਾਉਣ ਦਾ ਸਮਾਂ 48 ਘੰਟਿਆਂ ਦਾ ਹੋਵੇਗਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 94654-20097.

ਤੀਆਂ ਦਾ ਬਦਲਦਾ ਰੂਪ

ਸਾਉਣ ਦੇ ਮਹੀਨੇ ਵਿਚ ਤੀਆਂ ਪੰਜਾਬ ਦਾ ਇਕ ਮੁੱਖ ਤਿਉਹਾਰ ਹੈ। ਇਹ ਇਕੋ-ਇਕ ਅਜਿਹਾ ਤਿਉਹਾਰ ਹੈ, ਜਿਸ ਦੀ ਕੋਈ ਮਿੱਥੀ ਤਰੀਕ ਨਹੀਂ ਹੈ। ਹਰ ਪਿੰਡ ਜਾਂ ਸ਼ਹਿਰ ਵਿਚ ਇਹ ਲੋਕ ਸੁਵਿਧਾ ਅਨੁਸਾਰ ਮਨਾਇਆ ਜਾਂਦਾ ਹੈ। ਇਸੇ ਲਈ 'ਦਿਨ ਤੀਆਂ ਦੇ ਆਏ' ਕਿਹਾ ਜਾਂਦਾ ਹੈ। ਮੂਲ ਰੂਪ ਵਿਚ ਇਹ ਇਕ ਪਿੰਡ ਜਾਂ ਇਲਾਕੇ ਦੀਆਂ ਵਿਆਹੀਆਂ ਤੇ ਕੁਆਰੀਆਂ ਧੀਆਂ ਦੇ ਮਿਲਣ, ਬੈਠਣ, ਨੱਚਣ ਤੇ ਗਾਉਣ ਦਾ ਦੁਨ ਹੈ। ਕੰਤ ਤੋਂ ਜੁਦਾਈ ਦਾ ਅਹਿਸਾਸ ਦੱਸਣ ਦਾ ਦਿਨ ਹੈ। ਜਿਵੇਂ ਸਮੇਂ ਨੇ ਹੋਰ ਸਭ ਕੁਝ 'ਤੇ ਅਸਰ ਕੀਤਾ ਹੈ। ਤੀਆਂ 'ਚ ਵੀ ਬਦਲਾਅ ਆਇਆ ਹੈ। ਸ਼ਹਿਰਾਂ ਵਿਚ ਇਹ ਮਹਿਜ਼ ਇਕ ਡਰਾਮਾ ਰਚਾਉਣ ਵਾਂਗ ਹੀ ਮਨਾਇਆ ਜਾਂਦਾ ਹੈ। ਪਿੰਡਾਂ ਵਿਚ ਵੀ ਇਹ ਲਗਪਗ ਖ਼ਤਮ ਵਾਂਗ ਹੈ। ਅੱਜ ਔਰਤਾਂ ਵੀ ਚਾਹੁੰਦੀਆਂ ਹਨ ਕਿ ਹਰ ਖੁਸ਼ੀ ਪਰਿਵਾਰ ਨੂੰ ਨਾਲ ਲੈ ਕੇ ਹੀ ਸਾਂਝੀ ਮਨਾਈ ਜਾਵੇ। ਸ਼ਾਇਦ ਇਸੇ ਭਾਵਨਾ ਤਹਿਤ ਲੋਕਧਾਰਾ ਵਾਲੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਤੇ ਹਰ ਸਾਲ ਪਰਿਵਾਰਕ ਤੀਆਂ ਮਨਾਉਂਦੇ ਹਨ। ਇੱਥੇ ਰਵਾਇਤੀ ਪਹਿਰਾਵੇ ਵਿਚ ਦੇਸ਼ ਵਿਦੇਸ਼ ਤੋਂ ਪਰਿਵਾਰ ਆਉਂਦੇ ਹਨ। ਖੁੱਲ੍ਹੇ ਰੁੱਖਾਂ ਹੇਠ ਬਿਨਾਂ ਸਟੇਜ ਤੋਂ ਇਹ ਮੇਲਾ ਲੱਗਦਾ ਹੈ। ਖੂੰਡੇਆਂ ਵਾਲੇ ਚੋਬਰ ਧੀਆਂ ਭੈਣਾਂ ਦੀ ਹਿਫਾਜ਼ਤ ਲਈ ਹੁੰਦੇ ਹਨ। ਅਜੋਕੇ ਦੌਰ ਵਿਚ ਤੀਆਂ ਦਾ ਇਹ ਬਦਲਦਾ ਰੂਪ, ਪੁਰਾਤਨ ਵਿਰਸੇ ਨੂੰ ਜਿਊਂਦਾ ਰੱਖਣ ਦਾ ਇਕ ਉਪਰਾਲਾ ਹੀ ਹੈ।


-ਮੋਬਾ: 98159-45018

ਕੁਦਰਤੀਪਣ ਗਵਾ ਕੇ ਆਫ਼ਤ ਦਾ ਕਾਰਨ ਬਣ ਰਹੇ ਨੇ ਛੱਪੜ

* ਗੰਦਗੀ 'ਚ ਘਿਰੇ ਛੱਪੜਾਂ ਤੋਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ, ਵਾਟਰ ਰੀਚਾਰਜਿੰਗ ਹੋ ਰਹੀ ਹੈ ਪ੍ਰਭਾਵਿਤ, ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਛੱਪੜਾਂ ਦਾ ਸੁੰਦਰੀਕਰਨ ਕੀਤੇ ਜਾਣ ਦੀ ਲੋੜ

ਕੋਈ ਸਮਾਂ ਸੀ ਜਦੋਂ ਪਿੰਡਾਂ ਵਿਚਲੇ ਛੱਪੜ ਸਮੁੱਚੇ ਜਨ-ਜੀਵਨ ਦਾ ਅਹਿਮ ਹਿੱਸਾ ਹੋਇਆ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਧਰਤੀ ਵਿਚੋਂ ਪਾਣੀ ਖਿੱਚਣ ਵਾਲੇ ਆਧੁਨਿਕ ਸਾਧਨ ਹਾਲੇ ਹੋਂਦ ਵਿਚ ਨਹੀਂ ਸਨ ਆਏ। ਪਸ਼ੂਆਂ ਨੂੰ ਛੱਡ ਕੇ ਛੱਪੜ ਵਿਚ ਲੈ ਜਾਣਾ ਪਿੰਡਾਂ ਵਿਚਲੇ ਪਸ਼ੂ-ਪਾਲਕਾਂ ਦੀ ਵੱਡੀ ਗਿਣਤੀ ਦਾ ਨੇਮ ਹੁੰਦਾ ਸੀ। ਨੀਮ-ਪਹਾਣੀ, ਉੱਚੇ ਅਤੇ ਖ਼ੁਸ਼ਕ ਖੇਤਰਾਂ ਵਿਚ ਪੀਣ ਦੇ ਪਾਣੀ ਲਈ ਵੀ ਟੋਭੇ (ਛੱਪੜ) ਇਕ ਮਾਤਰ-ਸਾਧਨ ਹੁੰਦੇ ਸਨ। ਮੀਂਹ ਦੇ ਪਾਣੀ ਨੂੰ ਇਕ ਥਾਂ ਸੰਭਾਲ ਕੇ ਉਸ ਦੀ ਸੰਜਮ ਨਾਲ ਵਰਤੋਂ ਕੀਤੀ ਜਾਂਦੀ ਸੀ। ਪਿੰਡ ਦਾ ਹਰ ਬਾਸ਼ਿੰਦਾ ਪਾਣੀ ਦੇ ਇਸ ਸਰੋਤ ਨੂੰ ਸੰਭਾਲਣਾ ਆਪਣੀ ਜ਼ਿੰਮੇਵਾਰੀ ਸਮਝਦਾ ਸੀ। ਗਰਮੀਆਂ ਦੇ ਦਿਨਾਂ ਵਿਚ ਮੁੰਡਿਆਂ ਦੀ ਢਾਣੀਆਂ ਦਾ ਟਿਕਾਣਾ ਟੋਭਿਆਂ ਕੱਢੇ ਪਿੱਪਲਾਂ ਅਤੇ ਬੋਹੜਾਂ ਹੇਠ ਹੁੰਦਾ ਸੀ। ਸਿਖ਼ਰ ਦੁਪਹਿਰੇ ਕੰਮ-ਕਾਰ ਦਾ ਝੰਬਿਆ ਬੰਦਾ ਮਾਲ-ਡੰਗਰ ਨੂੰ ਪਾਣੀ ਦੇ ਨਾਲ਼-ਨਾਲ਼ ਇਸ ਕੁਦਰਤੀ ਸਰੋਤ ਕੰਢੇ ਸੰਘਣੇ ਦਰੱਖਤਾਂ ਹੇਠ ਬੈਠ ਕੇ ਤਰੋ-ਤਾਜ਼ਾ ਮਹਿਸੂਸ ਕਰਦਾ ਸੀ। ਪਰ ਬਦਲੇ ਹਾਲਾਤ ਅਨੁਸਾਰ ਹੁਣ ਇਹ ਦ੍ਰਿਸ਼ ਲੱਭਿਆਂ ਵੀ ਨਹੀਂ ਲੱਭ ਰਹੇ।
ਕੁਦਰਤੀਪਣ ਹੋਇਆ ਗ਼ਾਇਬ : ਸੂਬੇ ਭਰ ਵਿਚ ਕਰੀਬ ਹਰੇਕ ਪਿੰਡ ਵਿਚ ਛੱਪੜ ਮੌਜੂਦ ਹੈ। ਕਈ ਪਿੰਡਾਂ ਵਿਚ 3-3 ਛੱਪੜ ਵੀ ਹਨ। ਪਰ ਪਿਛਲੇ ਕਈ ਸਾਲਾਂ ਤੋਂ ਕਿਸੇ ਨਾ ਕਿਸੇ ਕਾਰਨ ਵੱਸ ਛੱਪੜਾਂ ਦੀ ਗਿਣਤੀ ਘੱਟ ਜ਼ਰੂਰ ਹੈ। ਛੱਪੜਾਂ ਨੂੰ ਪੂਰ ਕੇ ਇਮਾਰਤਾਂ ਦੀਆਂ ਉਸਾਰੀਆਂ ਵੀ ਆਮ ਹੋ ਚੁੱਕੀਆਂ ਹਨ। ਜਿਹੜੇ ਛੱਪੜ ਕੁਦਰਤ ਦੇ ਅਨਮੋਲ ਸੋਮਿਆਂ ਦਾ ਦ੍ਰਿਸ਼ ਪੇਸ਼ ਕਰਦੇ ਸਨ ਉਨ੍ਹਾਂ ਦਾ ਕੁਦਰਤੀਪਣ ਹੁਣ ਗ਼ਾਇਬ ਹੋਇਆ ਨਜ਼ਰ ਆ ਰਿਹਾ ਹੈ। ਛੱਪੜਾਂ (ਟੋਭਿਆਂ) ਤੋਂ ਜਿੱਥੇ ਦਰੱਖਤਾਂ ਦੇ ਝੁੰਡ ਗ਼ਾਇਬ ਹੁੰਦੇ ਜਾ ਰਹੇ ਹਨ ਉੱਥੇ ਛੱਪੜਾਂ ਦੀ ਗੋਦ ਵਿਚ ਪਲਣ ਵਾਲੇ ਅਨੇਕਾਂ ਜੀਵ-ਜੰਤੂ ਵੀ ਕਿਧਰੇ ਨਜ਼ਰ ਨਹੀਂ ਆ ਰਹੇ।
ਪਾਣੀ ਦੀ ਦੁਰਵਰਤੋਂ ਨੇ ਛੱਪੜਾਂ ਦੀ ਦਸ਼ਾ ਵਿਗਾੜੀ : ਕੁਦਰਤ ਦੇ ਅਨਮੋਲ ਸੋਮੇ ਵਜੋਂ ਜਾਣੇ ਜਾਂਦੇ ਜਿਹੜੇ ਛੱਪੜਾਂ 'ਤੇ ਜਾ ਕੇ ਲੋਕ ਸਾਉਣ ਦੇ ਮਹੀਨੇ ਵਿਚ ਪ੍ਰਸ਼ਾਦ ਚੜ੍ਹਾਉਂਦੇ ਸਨ ਅੱਜ ਉਹ ਛੱਪੜ ਗੰਦਗੀ ਦੀ ਲਪੇਟ ਵਿਚ ਆ ਚੁੱਕੇ ਹਨ। ਪਿੰਡਾਂ ਵਿਚ ਘਰ-ਘਰ ਸਬਮਰਸੀਬਲ ਪੰਪ ਲੱਗਣ ਅਤੇ ਪੱਕੇ ਘਰਾਂ ਦਾ ਨਿਰਮਾਣ ਹੋਣ ਨਾਲ ਪਾਣੀ ਦੀ ਨਿੱਤ ਦਿਨ ਵਧ ਰਹੀ ਦੁਰਵਰਤੋਂ ਨੇ ਛੱਪੜਾਂ ਨੂੰ ਲਪੇਟ ਵਿਚ ਲੈ ਲਿਆ ਹੈ। ਨੱਕੋ-ਨੱਕ ਗੰਦੇ ਪਾਣੀ ਨਾਲ ਭਰੇ ਛੱਪੜਾਂ ਦੀ ਤਸਵੀਰ ਨੂੰ ਦੇਖ ਕੇ ਸਦਾ ਹੀ ਬਰਸਾਤ ਦਾ ਮੌਸਮ ਨਜ਼ਰ ਆਉਂਦਾ ਹੈ। ਘਰਾਂ ਦੀ ਗੰਦਗੀ ਪਾਣੀ ਦੇ ਜ਼ਰੀਏ ਛੱਪੜਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। ਬਰਸਾਤ ਦੇ ਦਿਨਾਂ ਵਿਚ ਤਾਂ ਛੱਪੜਾਂ ਦਾ ਗੰਦਾ ਪਾਣੀ ਬਹੁਤੇ ਘਰਾਂ ਨੂੰ ਲਪੇਟ ਵਿਚ ਲੈ ਕੇ ਲੋਕਾਂ ਲਈ ਵੱਡੀ ਮੁਸ਼ਕਿਲ ਪੈਦਾ ਕਰਦਾ ਹੈ। ਪਿੰਡਾਂ ਵਿਚ ਪਾਣੀ ਦੇ ਯੋਗ ਨਿਕਾਸ ਦੀ ਘਾਟ ਦੇ ਨਾਲ-ਨਾਲ ਛੱਪੜਾਂ ਦਾ ਅਸਲ ਵਜੂਦ ਗ਼ਾਇਬ ਹੋਣ ਕਾਰਨ ਛੱਪੜ ਹੁਣ ਲੋਕਾਂ ਲਈ ਆਫ਼ਤ ਦਾ ਕਾਰਨ ਬਣ ਰਹੇ ਹਨ।
ਛੱਪੜਾਂ 'ਤੇ ਫੈਲੀ ਗੰਦਗੀ ਬਣੀ ਬਿਮਾਰੀਆਂ ਦਾ ਘਰ : ਪਿੰਡਾਂ ਵਿਚ ਬਹੁ-ਗਿਣਤੀ ਛੱਪੜਾਂ ਦੀ ਹਾਲਤ ਗੰਦਗੀ ਨਾਲ ਬਦਤਰ ਹੋ ਚੁੱਕੀ ਹੈ। ਬੇਸਮਝ ਲੋਕਾਂ ਵਲੋਂ ਘਰਾਂ ਦੇ ਕੂੜੇ-ਕਰਕਟ ਨੂੰ ਛੱਪੜਾਂ ਕੰਢੇ ਸੁੱਟਣ ਦਾ ਰੁਝਾਨ ਐਨਾ ਕੁ ਵਧ ਚੁੱਕਾ ਹੈ ਕਿ ਲੋਕਾਂ ਵਲੋਂ ਨਾਕਾਰਾ ਸਾਮਾਨ ਤੇ ਹੋਰ ਵਸਤਾਂ ਨੂੰ ਛੱਪੜਾਂ 'ਚ ਸੁੱਟ ਕੇ ਕੁਦਰਤੀ ਸੋਮੇ ਦੇ ਰੂਪ ਨੂੰ ਵਿਗਾੜਨ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ। ਗੰਦਗੀ ਦੀ ਲਪੇਟ 'ਚ ਆਏ ਛੱਪੜ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਪਿੰਡਾਂ ਦੀ ਵਸੋਂ ਨੇੜਲੇ ਅਜਿਹੇ ਛੱਪੜਾਂ ਕਾਰਨ ਲੋਕਾਂ ਦਾ ਜਿਊਣਾ ਵੀ ਮੁਹਾਲ ਹੋਇਆ ਪਿਆ ਤੇ ਸਵੱਛ ਭਾਰਤ ਮਿਸ਼ਨ ਦੇ ਯਤਨ ਸ਼ਹਿਰਾਂ ਤੱਕ ਸਿਮਟ ਕੇ ਰਹਿ ਗਏ ਹਨ।
ਮਨ-ਪਰਚਾਵੇ ਦਾ ਸਾਧਨ ਹੋਇਆ ਅਲੋਪ : ਬਰਸਾਤ ਦੇ ਦਿਨਾਂ ਵਿਚ ਪੂਰੇ ਜੋਬਨ ਵਿਚ ਆਏ ਛੱਪੜਾਂ ਵਿਚ ਬੱਚੇ ਆਪਣੇ ਹਾਣੀਆਂ ਨਾਲ ਤਾਰੀਆਂ ਅਤੇ ਚੁੱਭੀਆਂ ਨਾਲ ਮਨ-ਪਰਚਾਵਾ ਕਰਨ ਅਤੇ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਵਾਲੇ ਦ੍ਰਿਸ਼ ਹੁਣ ਛੱਪੜਾਂ ਦੀ ਬਦਲੀ ਹੋਈ ਤਸਵੀਰ ਤੋਂ ਨਜ਼ਰ ਨਹੀਂ ਆਉਂਦੇ। ਮਨ-ਪਰਚਾਵੇ ਦੇ ਸਾਧਨ ਛੱਪੜਾਂ ਦੀ ਹਾਲਤ ਹੁਣ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਨ ਵਰਗੀ ਹੋ ਚੁੱਕੀ ਹੈ। ਜਿਹੜੇ ਛੱਪੜ ਲੋਕਾਂ ਲਈ ਸਮਾਂ ਬਿਤਾਉਣ ਦਾ ਜ਼ਰੀਆ ਬਣਦੇ ਸਨ, ਉਨ੍ਹਾਂ ਤੋਂ ਹੁਣ ਮਨੁੱਖ ਨੇ ਦੂਰੀ ਬਣਾ ਲਈ ਹੈ ਤੇ ਕਈ ਛੱਪੜ ਮੌਤਾਂ ਦਾ ਕਾਰਨ ਵੀ ਬਣ ਰਹੇ ਹਨ।
ਮਨਰੇਗਾ ਰਾਹੀਂ ਛੱਪੜਾਂ ਦਾ ਸੁਧਾਰ ਖਾਨਾਪੂਰਤੀ ਤੱਕ ਸਿਮਟਿਆ : ਕੇਂਦਰ ਸਰਕਾਰ ਦੀ ਮਨਰੇਗਾ ਯੋਜਨਾ ਤਹਿਤ ਕੁਝ ਜ਼ਿਲ੍ਹਿਆਂ ਵਿਚ ਛੱਪੜਾਂ ਦੇ ਸੁਧਾਰ ਲਈ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਯਤਨ ਸਿਰਫ਼ ਖਾਨਾਪੂਰਤੀ ਤੱਕ ਸਿਮਟੇ ਨਜ਼ਰ ਆ ਰਹੇ ਹਨ। ਖੂਹ ਦੀ ਮਿੱਟੀ ਖੂਹ ਨੂੰ ਲਾਉਣ ਵਰਗੇ ਯਤਨਾਂ ਕਾਰਨ ਨਾ ਤਾਂ ਛੱਪੜਾਂ ਨੂੰ ਗੰਦਗੀ ਤੋਂ ਮੁਕਤ ਕੀਤਾ ਗਿਆ ਤੇ ਨਾ ਹੀ ਹਰਿਆ-ਭਰਿਆ ਬਣਾਉਣ ਦਾ ਕੋਈ ਨਤੀਜਾ ਹੀ ਸਾਹਮਣੇ ਆਇਆ ਹੈ। ਹੁਣ ਇਹ ਵੀ ਪਤਾ ਲੱਗਾ ਹੈ ਕਿ ਸੂਬਾ ਸਰਕਾਰ ਵਲੋਂ ਛੱਪੜਾਂ ਦੇ ਸੁਧਾਰ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਵੇਰਵੇ ਤੇ ਸੁਝਾਅ ਲੈ ਕੇ ਛੱਪੜਾਂ ਦਾ ਸੁਧਾਰ ਕੀਤੇ ਜਾਣ ਲਈ ਯੋਜਨਾ ਬਣਾਏ ਜਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਛੱਪੜਾਂ ਦਾ ਸੁੰਦਰੀਕਰਨ ਕੀਤੇ ਜਾਣ ਦੀ ਲੋੜ : ਕੁਦਰਤੀ ਸੋਮਿਆਂ ਦੀ ਮਹੱਤਤਾ ਨੂੰ ਸਮਝਦੇ ਹੋਏ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਛੱਪੜਾਂ ਦੇ ਸੁੰਦਰੀਕਰਨ ਲਈ ਉਪਰਾਲੇ ਕੀਤੇ ਜਾਣ ਦੀ ਵੱਡੀ ਲੋੜ ਹੈ। ਛੱਪੜਾਂ ਦੁਆਲੇ ਲੋਕਾਂ ਲਈ ਸੈਰ ਵਾਸਤੇ ਟਰੈਕ ਬਣਾ ਕੇ ਪਾਰਕਾਂ ਦੀ ਉਸਾਰੀ ਕਰਨ, ਚੰਗੀਆਂ ਕਿਸਮਾਂ ਦੇ ਪੌਦੇ ਲਗਾਉਣ, ਘਰਾਂ ਤੇ ਨਾਲੀਆਂ ਦੇ ਗੰਦੇ ਪਾਣੀ ਦਾ ਰਲੇਵਾਂ ਬੰਦ ਕਰਨ ਅਤੇ ਛੱਪੜਾਂ ਵਿਚ ਸਿਰਫ਼ ਬਾਰਿਸ਼ ਦਾ ਪਾਣੀ ਇਕੱਤਰ ਕਰਨ ਵਰਗੇ ਯਤਨਾਂ ਦੀ ਲੋੜ ਹੈ। ਅਜਿਹਾ ਕੀਤੇ ਜਾਣ ਨਾਲ ਸੂਬੇ ਦੇ ਹਰ ਪਿੰਡ ਵਿਚਲੇ ਛੱਪੜਾਂ ਨੂੰ ਸਵੀਮਿੰਗ ਪੂਲ ਦੀ ਤਰ੍ਹਾਂ ਸੰਵਾਰਦੇ ਹੋਏ ਵਾਤਾਵਰਨ ਪੱਖੀ ਬਣਾਇਆ ਜਾ ਸਕਦਾ ਹੈ। ਵਾਟਰ ਰੀਚਾਰਜ ਰਾਹੀਂ ਪਾਣੀ ਨੂੰ ਸੰਭਾਲਣ ਲਈ ਅਜਿਹੇ ਯਤਨ ਅਹਿਮ ਹੋ ਸਕਣਗੇ।

-ਗੜ੍ਹਸ਼ੰਕਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX