ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  24 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  42 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  43 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  48 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  50 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਆਓ ਧਾਰਮਿਕ ਸੰਸਥਾਵਾਂ ਨੂੰ ਕੁਦਰਤ ਪੱਖੀ ਰੱਖੀਏ

ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਸਮੇਂ ਪੁਰਾਤਨ ਇਮਾਰਤਾਂ ਦੇ ਮਾਹਿਰਾਂ ਵਲੋਂ ਗੁਰਦੁਆਰੇ ਦੀ ਪੁਰਾਤਨਤਾ ਨੂੰ ਬਣਾਈ ਰੱਖਣ ਲਈ ਸਿਫਾਰਸ਼ ਕਰਨਾ, ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮ ਦਾਸ ਲੰਗਰ ਘਰ ਦੀ ਇਮਾਰਤ ਨੂੰ ਪੁਰਾਤਨ ਦਿੱਖ ਦੇਣ 'ਤੇ ਜ਼ੋਰ, ਮਾਹਿਰਾਂ ਦੀ ਰਾਏ ਤੇ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਬੇਰੀਆਂ ਨੂੰ ਸਜੀਵ ਰੱਖਣ ਲਈ ਉਥੋਂ ਮਾਰਬਲ ਨੂੰ ਹਟਾਉਣਾ, ਗੁਰਦੁਆਰਾ ਦੁੱਖਨਿਵਾਰਨ ਪਟਿਆਲਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਤ ਪਵਿੱਤਰ ਬੋਹੜ ਦੀ ਕਟਾਈ ਤੋਂ ਬਾਅਦ ਸ਼ਰਧਾਲੂਆਂ ਵਲੋਂ ਮਾਰਬਲ ਉੱਤੇ ਹੀ ਅਕੀਦਤ ਪੇਸ਼ ਕਰਨਾ, ਕਈ ਹੋਰ ਧਾਰਮਿਕ ਸੰਸਥਾਵਾਂ ਦੀ ਕਾਰ ਸੇਵਾ ਕਰਦਿਆਂ ਬਦਲਾਅ ਅਤੇ ਦਰੱਖਤਾਂ ਦਾ ਸਫਾਇਆ ਕੁਝ ਕੁ ਸਵਾਲ ਹਨ ਜੋ ਇਤਿਹਾਸਕ ਸਿੱਖ ਧਾਰਮਿਕ ਸੰਸਥਾਵਾਂ ਦੀ ਪੁਰਾਤਨਤਾ, ਨਵੀਨਤਾ, ਕੁਦਰਤੀ ਦੇਣਾਂ, ਦਰੱਖਤ, ਫੁੱਲ-ਬੂਟਿਆਂ ਦੇ ਸਾਵੇਂਪਣ ਬਾਰੇ ਗੰਭੀਰਤਾ ਨਾਲ ਵਿਚਾਰ ਦੀ ਮੰਗ ਕਰਦੇ ਹਨ।
ਸਿੱਖ ਧਰਮ ਦੁਨੀਆ ਦੇ ਹੋਰ ਧਰਮਾਂ ਦੇ ਮੁਕਾਬਲਤਨ ਨਵਾਂ ਧਰਮ ਹੈ, ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ। ਜਿੱਥੇ ਕੁਝ ਕੁ ਮਹੱਤਵਪੂਰਨ ਧਾਰਮਿਕ ਸੰਸਥਾਵਾਂ ਦੀ ਉਸਾਰੀ ਗੁਰੂ ਸਾਹਿਬਾਨਾ ਵਲੋਂ ਖੁਦ ਕਰਵਾਈ ਗਈ, ਉਥੇ ਗੁਰੂਆਂ ਦੀਆਂ ਵਿਸ਼ਾਲ ਯਾਤਰਾਵਾਂ ਤੇੇ ਕਰਮ-ਭੂਮੀਆਂ ਉੱਤੇ ਸ਼ਰਧਾਲੂਆਂ ਵਲੋਂ ਗੁਰਦੁਆਰਿਆਂ ਦੀ ਉਸਾਰੀ ਸ਼ਰਧਾ ਤੇ ਸਾਂਝੀਵਾਲਤਾ ਨਾਲ ਕਰਵਾਈ ਗਈ। ਗੁਰਬਾਣੀ ਦੇ ਸਿਧਾਂਤਾਂ ਮੁਤਾਬਕ ਬਹੁਤੀਆਂ ਧਾਰਮਿਕ ਉਸਾਰੀਆਂ ਕੁਦਰਤ ਪੱਖੀ ਸਨ ਅਤੇ ਲੋਕ ਸ਼ਰਧਾ ਦੇ ਅਨੁਕੂਲ ਮੰਨੀਆਂ ਗਈਆਂ ਸੀ। ਸ਼ਰਧਾਲੂ ਆਪਣੀ ਸ਼ਰਧਾ ਤੇ ਅਭਿਲਾਸ਼ਾ ਮੁਤਾਬਕ ਇਨ੍ਹਾਂ ਸੰਸਥਾਵਾਂ ਉੱਤੇ ਨਤਮਸਤਕ ਹੁੰਦੇ ਹਨ ਅਤੇ ਆਪਣੇ ਜੀਵਨ ਦਾ ਰੂਹਾਨੀ ਪੱਖ ਪੂਰਨ ਦਾ ਯਤਨ ਕਰਦੇ ਹਨ। ਸਿੱਖ ਧਰਮ ਮੂਰਤੀ ਪੂਜਾ ਨਹੀਂ ਬਲਕਿ ਕੁਦਰਤ ਦੇ ਸਨਮੁੱਖ ਰਹਿ ਕੇ ਸ਼ਬਦ ਗੁਰੂ ਮੁਤਾਬਕ ਚੱਲਣ ਦੀ ਤਾਕੀਦ ਕਰਦਾ ਹੈ ਅਤੇ ਸ਼ਰਧਾਲੂਆਂ ਦੀ ਕਮਾਈ ਵਿਚੋਂ ਸੰਸਥਾਵਾਂ ਦੀ ਨਿਰਤੰਰਤਾ ਅਤੇ ਲੰਗਰ ਲਈ ਕੁਝ ਦਾਨ-ਪੁੰਨ ਵੀ ਸਵੀਕਾਰਤ ਹੈ। ਗੁਰਬਾਣੀ ਕਥਨ ਹੈ
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥
ਧਰਮ ਇਕ ਪਰਾ-ਮਨੁੱਖ, ਅਲੌਕਿਕ ਤੇ ਰਹੱਸਮਈ ਪਰਾ-ਕੁਦਰਤ ਸ਼ਕਤੀ ਹੈ। ਧਰਮ ਇਕ ਵਿਸ਼ੇਸ਼ ਸ਼ਕਤੀ ਉੱਤੇ ਵਿਸ਼ਵਾਸ ਹੈ ਅਤੇ ਉਹ ਸ਼ਕਤੀ ਮਾਨਵੀ ਸ਼ਕਤੀ ਤੋਂ ਉੱਚੀ ਤੇ ਨਿਰਪੱਖ ਮੰਨੀ ਗਈ ਹੈ। ਵਿਸ਼ਵਾਸ ਦਾ ਇਕ ਸੰਵੇਦਨਸ਼ੀਲ ਭਾਵਨਾਤਮਕ ਆਧਾਰ ਹੁੰਦਾ ਹੈ। ਧਰਮ ਸ਼ਕਤੀ ਤੋਂ ਮਨੁੱਖ ਆਪ ਦੀ ਸ਼ਰਧਾ, ਪੂਜਾ ਜਾਂ ਭਗਤੀ ਰਾਹੀਂ ਆਪਣੇ ਜੀਵਨ ਵਿਚ ਸੁੱਖ ਤੇ ਅਗਲੇਰੀ ਦੁਨੀਆ ਵਿਚ ਸ਼ਕਤੀ ਦੀ ਲੋਚਾ ਕਰਦਾ ਹੈ। ਇਨਸਾਨੀ ਜੀਵਨ ਦੀ ਹੋਂਦ ਤੋਂ ਹੀ ਮਨੁੱਖ ਆਪਣੇ ਜੀਵਨ ਦੇ ਇਸ ਬ੍ਰਹਿਮੰਡ ਵਿਚਲੇ ਰਹੱਸਾਂ ਬਾਰੇ ਜਾਣਨ ਦੀ ਇੱਛਾ ਰੱਖਦਾ ਆਇਆ ਹੈ।
ਵੱਖ-ਵੱਖ ਧਰਮ ਆਪਣੀਆਂ ਪੁਰਾਣੀਆਂ ਧਾਰਮਿਕ ਇਮਾਰਤਾਂ ਦੀ ਸਾਂਭ-ਸੰਭਾਲ ਜਾਂ ਮੁਰੰਮਤ ਵੇਲੇ ਪੁਰਾਣੇ ਢਾਂਚਿਆਂ ਨੂੰ ਬਣਾਈ ਰੱਖਣ ਦਾ ਯਤਨ ਕਰਦੇ ਹਨ, ਭਾਵੇਂ ਕਿ ਆਬਾਦੀ ਦੇ ਵਾਧੇ ਅਤੇ ਕਈ ਹੋਰ ਕਾਰਨਾਂ ਕਰਕੇ ਧਾਰਮਿਕ ਸੰਸਥਾਵਾਂ ਦੇ ਆਲੇ-ਦੁਆਲੇ ਨੂੰ ਮੋਕਲਾ ਜਾਂ ਵਿਸ਼ਾਲ ਕਰਦੇ ਹਨ ਪਰ ਮੂਲ ਉਸਾਰੀ ਨੂੰ ਬਰਕਰਾਰ ਰੱਖਦੇ ਹਨ। ਭਾਰਤ ਵਿਚ ਅਨੇਕਾਂ ਹਿੰਦੂ-ਮੰਦਰ ਹਜ਼ਾਰਾਂ ਸਾਲ ਪੁਰਾਣੇ ਹਨ। ਈਸਾਈ ਧਰਮ ਦੀਆਂ ਕਈ ਚਰਚਾਂ ਸਦੀਆਂ ਪੁਰਾਣੀਆਂ ਹਨ ਜੋ ਆਪਣੇ ਅਤੀਤ ਨੂੰ ਆਪਣੇ ਨਾਲ ਸਾਂਭੀ ਬੈਠੀਆਂ ਹਨ। ਸਮਾਜਿਕ ਤਬਦੀਲੀ ਜ਼ਰੂਰੀ ਹੈ ਅਤੇ ਸਮਾਜ ਵਿਚ ਬਦਲਾਅ ਜ਼ਰੂਰੀ ਵੀ ਹੈ ਇਥੇ ਮੁੱਦਾ ਸਿਰਫ ਧਾਰਮਿਕ ਸੰਸਥਾਵਾਂ ਦੀ ਪੁਰਾਤਨਤਾ ਤੇ ਵਿਰਾਸਤ ਦਾ ਹੈ। ਵਿਰਾਸਤ ਦੇ ਨਾਲ-ਨਾਲ ਧਾਰਮਿਕ ਸੰਸਥਾਵਾਂ ਨਾਲ ਜੁੜੇ ਦਰੱਖਤ ਤੇ ਫੁੱਲ-ਬੂਟੇ ਧਾਰਮਿਕ ਸੰਸਥਾਵਾਂ ਦੀ ਸ਼ੋਭਾ ਵਧਾਉਂਦੇ ਹਨ, ਉੱਥੇ ਲੋਕ ਮਨਾਂ ਅਤੇ ਸ਼ਰਧਾ ਉੱਤੇ ਸਕਾਰਾਤਮਕ ਅਸਰ ਪਾਉਂਦੇ ਹਨ।
ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਪਟਿਆਲਾ ਇਕ ਮਹੱਤਵਪੂਰਨ ਇਤਿਹਾਸਕ ਸਿੱਖ ਧਾਰਮਿਕ ਸੰਸਥਾ ਹੈ, ਜਿਥੇ ਹਰ ਰੋਜ਼ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਹਨ ਅਤੇ ਖਾਸ ਦਿਨਾਂ ਉੱਪਰ ਸ਼ਰਧਾਲੂਆਂ ਦੀ ਸੰਖਿਆ ਲੱਖਾਂ ਵਿਚ ਪਹੁੰਚ ਜਾਂਦੀ ਹੈ। 1672 ਈ: ਵਿਚ ਗੁਰੂ ਤੇਗ ਬਹਾਦਰ ਜੀ ਆਪਣੀ ਯਾਤਰਾ ਦੌਰਾਨ ਸੈਫਾਬਾਦ ਪਿੰਡ (ਹੁਣ ਬਹਾਦਰਗੜ੍ਹ) ਵਿਚ ਰੁਕੇ ਤਾਂ ਲਹਿਲ ਪਿੰਡ ਦੇ ਨਿਵਾਸੀ ਭਾਗ ਰਾਮ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿੰਡ ਲਹਿਲ, ਜਿਥੇ ਹੁਣ ਗੁਰਦੁਆਰਾ ਦੁਖ-ਨਿਵਾਰਨ ਸਾਹਿਬ ਹੈ, ਆਉਣ ਲਈ ਬੇਨਤੀ ਕੀਤੀ, ਤਾਂ ਜੋ ਉਨ੍ਹਾਂ ਦੇ ਪਿੰਡ ਵਿਚ ਫੈਲੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਦੁੱਖ ਹਰੇ ਜਾਣ। ਗੁਰੂ ਸਾਹਿਬ ਨੇ ਸ਼ਰਧਾਲੂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਲਹਿਲ ਪਿੰਡ ਦੇ ਬੋਹੜ ਥੱਲੇ ਡੇਰਾ ਲਾਇਆ ਤੇ ਲੋਕਾਂ ਦੇ ਦੁੱਖ ਹਰੇ। ਉਦੋਂ ਤੋਂ ਹੀ ਲੋਕਾਂ ਦੀ ਇਸ ਥਾਂ ਪ੍ਰਤੀ ਸ਼ਰਧਾ ਵਧੀ ਅਤੇ ਹੌਲੀ-ਹੌਲੀ ਇਹ ਦੁਖ-ਨਿਵਾਰਨ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਲੋਕ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਬੋਹੜ ਨੇੜੇ ਵੀ ਆਪਣੀ ਅਕੀਦਤ ਪੇਸ਼ ਕਰਦੇ ਅਤੇ ਆਪਣੀਆਂ ਅਭਿਲਾਸ਼ਾਵਾਂ ਦੀ ਪੂਰਤੀ ਲਈ ਕਾਮਨਾ ਕਰਦੇ। ਦੱਸਿਆ ਜਾਂਦਾ ਹੈ ਕਿ 1920 ਵਿਚ ਅੰਗਰੇਜ਼ਾਂ ਵੇਲੇ ਸਰਹਿੰਦ-ਪਟਿਆਲਾ-ਜਾਖਲ ਦੇ ਰੇਲ ਲਾਈਨ ਵਿਛਾਉਣ ਲਈ ਇਸ ਬੋਹੜ ਦੀ ਕਟਾਈ ਦੀ ਗੱਲ ਚੱਲੀ ਤਾਂ ਸਥਾਨਕ ਲੋਕਾਂ ਦੇ ਰੋਹ ਨੂੰ ਦੇਖਦੇ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਗਿਆ। ਪਿਛਲੇ ਦਹਾਕੇ ਵਿਚ ਕਾਰ ਸੇਵਾ ਵੇਲੇ ਬੋਹੜ ਦੀ ਕਟਾਈ ਕਰ ਦਿੱਤੀ ਗਈ ਪਰ ਜਿਸ ਥਾਂ ਉੱਥੇ ਬੋਹੜ ਸੀ, ਲੋਕ ਅੱਜ ਵੀ ਉੱਥੇ ਨਤਮਸਤਕ ਹੁੰਦੇ ਹਨ। ਕਈ ਸ਼ਰਧਾਲੂਆਂ ਨੇ ਤਾਂ ਇਸ ਬੋਹੜ ਦੀ ਕਟਾਈ ਨੂੰ ਰੂਹ ਦੀ ਕਟਾਈ ਦੱਸਿਆ ਹੈ। ਇਸੇ ਤਰ੍ਹਾਂ ਕਈ ਹੋਰ ਧਾਰਮਿਕ ਸੰਸਥਾਵਾਂ ਉੱਤੇ ਵੀ ਦਰੱਖਤਾਂ ਦੀ ਕਟਾਈ ਕਰ ਦਿੱਤੀ ਗਈ ਹੈ।
ਕਾਰ ਸੇਵਾ ਦਾ ਸ਼ਾਬਦਿਕ ਤੌਰ 'ਤੇ ਮਤਲਬ ਹੈ ਨਿਰਸੁਆਰਥ ਜਾਂ ਨਿਸ਼ਕਾਮ ਸੇਵਾ। ਸਿੱਖ ਸੰਸਥਾਵਾਂ ਦੇ ਨਿਰਮਾਣ ਤੇ ਨਵਿਆਉਣ ਲਈ ਕਾਰ ਸੇਵਾ ਦਾ ਇਤਿਹਾਸ ਗੁਰੂ ਹਰਿਗੋਬਿੰਦ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਕਾਰ ਸੇਵਾ ਰਾਹੀਂ ਬਣਵਾਇਆ। ਸਮੇਂ ਦੇ ਹੁਕਮਰਾਨ ਜਹਾਂਗੀਰ ਨੇ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਜਦੋਂ ਗੁਰੂ ਸਾਹਿਬ ਨੂੰ ਅਕਾਲ ਤਖ਼ਤ ਲਈ ਸਰਕਾਰੀ ਸਹਾਇਤਾ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਹ ਧਾਰਮਿਕ ਸੰਸਥਾਵਾਂ ਸ਼ਰਧਾਲੂਆਂ ਦੇ ਵਿਸ਼ਵਾਸ ਤੇ ਉਨ੍ਹਾਂ ਦੁਆਰਾ ਹੀ ਬਣਾਈਆਂ ਜਾਂਦੀਆਂ ਹਨ। ਉਦੋਂ ਤੋਂ ਹੀ ਧਾਰਮਿਕ ਸੰਸਥਾਵਾਂ ਦੀ ਕਾਰ ਸੇਵਾ ਸਮੇਂ-ਸਮੇਂ 'ਤੇ ਹੁੰਦੀ ਆਈ ਹੈ ਪਰ ਅਜੋਕੇ ਸਮੇਂ ਕਈ ਵਾਰ ਸੇਵਾ ਕਰਦਿਆਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਉਲਟ ਸੰਸਥਾਵਾਂ ਵਿਚ ਬਦਲਾਅ ਅਤੇ ਉੱਥੇ ਜੁੜੇ ਪਵਿੱਤਰ ਦਰੱਖਤਾਂ ਦੀ ਸਫਾਈ ਕਰ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਭਰਪਾਈ ਕਰਨੀ ਅਸਭੰਵ ਹੋ ਜਾਂਦੀ ਹੈ। ਸੁਲਤਾਨਪੁਰ ਵਿਖੇ ਪਵਿੱਤਰ ਬੇਰ, ਨਾਨਕਮੱਤਾ ਸਾਹਿਬ ਵਿਖੇ ਪਵਿੱਤਰ ਪਿੱਪਲ ਅਤੇ ਕਈ ਹੋਰ ਇਤਿਹਾਸਕ ਦਰੱਖਤ ਗੁਰਦੁਆਰਿਆਂ ਦੀ ਸ਼ੋਭਾ ਵਧਾਉਂਦੇ ਹਨ।
ਗੁਰਬਾਣੀ ਦਾ ਕਣ-ਕਣ ਕੁਦਰਤੀ ਪੱਖੀ ਹੈ ਅਤੇ ਕੁਦਰਤ ਦੇ ਸਾਵੇਂ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਧਾਰਮਿਕ ਅਸਥਾਨ ਕੁਦਰਤ ਨਾਲ ਵਿਚਰਨ ਦਾ ਇਕ ਮਾਡਲ ਹਨ। ਅਜੋਕੇ ਸਮੇਂ ਜਦ ਕਿ ਆਮ ਸਮਾਜ ਅਤੇ ਖੇਤਾਂ ਵਿਚ ਲੋਕਾਂ ਨੇ ਦਰੱਖਤਾਂ ਦੀ ਕਟਾਈ ਕਰਕੇ ਧਰਤੀ ਨੂੰ ਰੁੰਡ-ਮਰੁੰਡ ਕਰ ਦਿੱਤਾ ਹੈ ਤਾਂ ਧਾਰਮਿਕ ਸਥਾਨਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਪੰਜਾਬ ਵਿਚ ਜੰਗਲਾਤ ਥੱਲੇ ਧਰਤੀ ਸਿਰਫ਼ 4-5 ਫੀਸਦੀ ਰਹਿ ਗਈ ਹੈ। ਹੁਣ ਜਦਕਿ ਪਿੰਡਾਂ, ਜੂਹਾਂ ਵਿਚ ਵੱਡੇ ਦਰੱਖਤ ਦਿਖਾਈ ਨਹੀਂ ਦਿੰਦੇ, ਉੱਥੇ ਧਾਰਮਿਕ ਸਥਾਨਾਂ ਜਾਂ ਹੋਰ ਜਨਤਕ ਜਗ੍ਹਾ ਉੱਤੇ ਪਿੱਪਲ, ਬੋਹੜ, ਟਾਹਲੀ, ਬੇਰ ਆਦਿ ਜੋ ਅਲੋਪ ਹੋ ਰਹੇ ਹਨ, ਨੂੰ ਲਗਾ ਕੇ ਸਾਂਭਿਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਦਰੱਖਤਾਂ ਬਾਰੇ ਜਾਣਕਾਰੀ ਰਹੇਗੀ। ਜੇਕਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਜਾਂ ਕਾਰ ਸੇਵਾ ਵੇੇਲੇ ਵਿਰਾਸਤ ਨੂੰ ਸਾਂਭਣ ਦੇ ਨਾਲ-ਨਾਲ ਦਰੱਖਤਾਂ ਦੀ ਰੱਖਿਆ ਕੀਤੀ ਜਾਵੇ ਤਾਂ ਉਸ ਸਥਾਨ, ਢਾਂਚੇ, ਦਰੱਖਤ ਅਤੇ ਹੋਰ ਜੁੜੀਆਂ ਵਸਤਾਂ ਨੂੰ ਮੂਲ ਰੂਪ ਵਿਚ ਨਤਮਸਤਕ ਹੋਣ ਦਾ ਰੂਹਾਨੀ ਚਾਅ ਬਣਿਆ ਰਹੇਗਾ। ਨਾਨਕਸ਼ਾਹੀ ਇੱਟਾਂ ਨਾਲ ਬਣੇ ਢਾਂਚੇ ਅੱਜ ਵੀ ਲੋਕ ਚਾਅ ਨਾਲ ਦੇਖਦੇ ਹਨ। ਅਜੋਕੇ ਸਮੇਂ ਵਿਚ ਅਜਿਹੀਆਂ ਤਕਨੀਕਾਂ ਮੌਜੂਦ ਹਨ ਜੋ ਵਿਰਾਸਤੀ ਢਾਂਚੇ ਦੇ ਮੂਲ ਨੂੰ ਛੇੜੇ ਬਗੈਰ ਨਵਿਆ ਸਕਦੇ ਹਨ। ਮਾਰਬਲ ਦੇ ਨਾਲ-ਨਾਲ ਜੇ ਥੋੜ੍ਹੀ ਜਗ੍ਹਾ 'ਤੇ ਯੋਜਨਾਬਧ ਢੰਗ ਨਾਲ ਜੇ ਦਰੱਖਤ ਲਗਾਏ ਜਾਣ ਤਾਂ ਧਾਰਮਿਕ ਸਥਾਨਾਂ ਦਾ ਦ੍ਰਿਸ਼ ਹੋਰ ਵੀ ਸੁਹਾਵਣਾ ਤੇ ਮਨਮੋਹਕ ਹੋ ਸਕਦਾ ਹੈ। ਰਹੀ ਗੱਲ ਸਫ਼ਾਈ ਦੀ, ਉਹ ਤਾਂ ਸ਼ਰਧਾਲੂ ਖੁਦ ਹੀ ਕਰਨ ਲਈ ਉਤਸੁਕ ਰਹਿੰਦੇ ਹਨ। ਕੱਟੇ ਗਏ ਦਰੱਖਤਾਂ ਥੱਲੇ ਜੇਕਰ ਕੋਈ ਸਜੀਵ ਤਣਾ ਜਾਂ ਸ਼ਾਖ ਹੋਵੇ ਤਾਂ ਉਸ ਨੂੰ ਬਾਇਉਟੈਕਨਾਲੋਜੀ ਦੀ ਸਹਾਇਤਾ ਨਾਲ ਪੁਰਜੀਵਤ ਕੀਤਾ ਜਾ ਸਕਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਤਾਂ ਪਵਿੱਤਰ ਹੁਕਮਨਾਮਾ ਵੀ ਕੁਦਰਤ ਪੱਖੀ ਸੀ।
ਸੰਤਾ ਕੇ ਕਾਰਜਿ ਆਪ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ
ਅੰਮ੍ਰਿਤ ਜਲੁ ਛਾਇਆ ਰਾਮ॥
ਸਾਲ 2019 ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਦੇਸ਼-ਵਿਦੇਸ਼ਾਂ ਵਿਚ ਮਨਾਇਆ ਜਾਵੇਗਾ। ਪੰਜਾਬ ਸਰਕਾਰ ਨੇ ਵੀ ਇਸ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਉਪਰਾਲੇ ਸ਼ੁਰੂ ਕੀਤੇ ਹਨ ਅਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। ਵੱਡੇ ਪੱਧਰ 'ਤੇ ਗੋਸ਼ਟੀਆਂ, ਕੀਰਤਨ ਸਮਾਗਮਾਂ ਤੇ ਹੋਰ ਧਾਰਮਿਕ ਵਿਚਾਰ-ਵਟਾਂਦਰੇ ਸਬੰਧੀ ਉਪਰਾਲੇ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਵਲੋਂ ਬਿਆਸ ਦੇ ਆਸ-ਪਾਸ 'ਗੁਰੂ ਨਾਨਕ ਦੇਵ ਨਗਰ' ਨਾਂਅ ਦਾ ਇਕ ਸ਼ਹਿਰ ਵਸਾਉਣ ਦੀ ਗੱਲ ਵੀ ਕੀਤੀ ਹੈ। ਮੁੱਖ ਮੰਤਰੀ ਦੀ ਇਹ ਗੱਲ ਵੀ ਸਕਾਰਾਤਮਕ ਹੈ ਕਿ ਡੇਰਾ ਬਾਬਾ ਨਾਨਕ ਦੇ ਨੇੜੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਜਿੱਥੇ ਗੁਰੂ ਨਾਨਕ ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਰਾਹ ਦਰਸਾ ਕੇ ਜੋਤੀ ਜੋਤ ਸਮਾਏ, ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਮੁੱਖ ਸਮਾਗਮਾਂ ਦੌਰਾਨ ਘੱਟੋ-ਘੱਟ ਇਕ ਹਫ਼ਤਾ ਵਿਸ਼ੇਸ਼ ਲਾਂਘੇ ਰਾਹੀਂ ਖੁੱਲ੍ਹੇ ਤੌਰ 'ਤੇ ਆਗਿਆ ਮਿਲੇ ਤਾਂ ਲੱਖਾਂ ਸ਼ਰਧਾਲੂ ਇਥੇ ਨਤਮਸਤਕ ਹੋ ਸਕਦੇ ਹਨ। ਪੰਜਾਬ ਸਰਕਾਰ ਦਾ ਇਹ ਕਦਮ ਵੀ ਸ਼ਲਾਘਾਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆਂ ਨੂੰ ਜੋੜਨ ਲਈ ਸੜਕਾਂ ਦਾ ਪੁਨਰਨਿਰਮਾਣ ਕਰਕੇ ਉਨ੍ਹਾਂ ਦਾ ਨਾਂਅ 'ਗੁਰੂ ਨਾਨਕ ਮਾਰਗ' ਰੱਖਿਆ ਜਾਵੇਗਾ। ਇਸ ਸਦਕਾ ਜਿੱਥੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਨੂੰ ਦੇਖਣ ਵਿਚ ਸੌਖ ਹੋਵੇਗੀ, ਉਥੇ ਬਾਹਰਲੇ ਰਾਜਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਵਿਚ ਸੰਸਥਾਵਾਂ ਨੂੰ ਦੇਖਣ ਦੀ ਜਗਿਆਸਾ ਜਾਗ ਸਕੇਗੀ। ਆਓ ਆਸ ਕਰੀਏ ਇਹ ਭਵਿੱਖ ਵਿਚ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਵੇਲੇ ਕੀਤੀ ਸੇਵਾ ਦੌਰਾਨ ਵਿਰਾਸਤ ਅਤੇ ਸਬੰਧਤ ਦਰੱਖਤਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਗੁਰਬਾਣੀ ਕਥਨ ਹੈ-
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥


-ਪ੍ਰੋਫੈਸਰ ਸਮਾਜ ਵਿਗਿਆਨ, ਪੀ. ਏ. ਯੂ, ਲੁਧਿਆਣਾ। ਮੋਬਾ: 94177-15730


ਖ਼ਬਰ ਸ਼ੇਅਰ ਕਰੋ

ਮਨੁੱਖੀ ਭਾਈਚਾਰੇ ਦਾ ਸੰਦੇਸ਼ ਦਿੰਦੈ ਤਿਉਹਾਰ ਈਦ-ਉਲ-ਅਜ਼ਹਾ

ਕੱਲ੍ਹ 'ਈਦ-ਉਲ-ਅਜ਼ਹਾ' ਦੇ ਪਵਿੱਤਰ ਦਿਹਾੜੇ 'ਤੇ ਵਿਸ਼ੇਸ਼

ਸੰਸਾਰ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਕੁਝ ਤਿਉਹਾਰ ਕਿਸੇ ਮਹਾਨ ਵਿਅਕਤੀ ਦੇ ਜਨਮ ਜਾਂ ਮਰਨ ਨਾਲ ਸਬੰਧਤ ਹੁੰਦੇ ਹਨ ਅਤੇ ਕੁਝ ਤਿਉਹਾਰ ਰੁੱਤਾਂ ਦੀ ਤਬਦੀਲੀ ਨਾਲ ਸਬੰਧ ਰੱਖਦੇ ਹਨ। ਕੁਝ ਇਤਿਹਾਸਕ ਘਟਨਾਵਾਂ ਨਾਲ ਜੁੜੇ ਹੋਏ ਹੁੰਦੇ ਹਨ। ਭਾਵ ਸੰਸਾਰ ਦਾ ਕੋਈ ਵੀ ਖਿੱਤਾ ਅਜਿਹਾ ਨਹੀਂ, ਜਿੱਥੇ ਕੋਈ ਨਾ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ।
ਇਸਲਾਮ ਧਰਮ ਵਿਚ ਸਿਰਫ਼ ਦੋ ਤਿਉਹਾਰ ਹਨ। ਈਦ-ਉਲ-ਫ਼ਿਤਰ ਅਤੇ ਈਦ-ਉਲ-ਅਜ਼ਹਾ, ਜਿਸ ਨੂੰ ਆਮ ਕਰਕੇ 'ਬਕਰੀਦ' ਵੀ ਕਿਹਾ ਜਾਂਦਾ ਹੈ। ਈਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਖ਼ੁਸ਼ੀ ਹੈ ਅਤੇ ਕੁਰਬਾਨੀ ਨੂੰ ਅਰਬੀ ਭਾਸ਼ਾ ਵਿਚ ਅਜ਼ਹਾ ਕਹਿੰਦੇ ਹਨ।
ਸੰਸਾਰ ਦੀ ਮੁੱਢਕਦੀਮ ਤੋਂ ਰੀਤ ਹੈ ਕਿ ਪਿਆਰ, ਮੁਹੱਬਤ ਅਤੇ ਇਸ਼ਕ ਕਰਨ ਵਾਲਿਆਂ ਨੂੰ ਪਰਖਿਆ ਜਾਵੇ। ਜੋ ਜਿੰਨਾ ਨੇੜੇ ਹੁੰਦਾ ਹੈ, ਉਸ ਦਾ ਓਨਾ ਹੀ ਸਖ਼ਤ ਇਮਤਿਹਾਨ ਵੀ ਲਿਆ ਜਾਂਦਾ ਹੈ। ਫ਼ਿਰ ਰੱਬ ਦਾ ਵੀ ਇਹੀ ਕਾਨੂੰਨ ਤੇ ਦਸਤੂਰ ਹੈ ਕਿ ਜੋ ਇਨਸਾਨ ਉਸ ਦੇ ਕਰੀਬ ਅਤੇ ਪਿਆਰਾ ਹੈ ਤਾਂ ਅੱਲਾ ਦਾ ਵਰਤਾਓ ਉਸ ਦੇ ਨਾਲ ਉਹ ਨਹੀਂ ਹੁੰਦਾ, ਜੋ ਆਮ ਇਨਸਾਨਾਂ ਨਾਲ ਹੁੰਦਾ ਹੈ, ਸਗੋਂ ਉਸ ਨੂੰ ਪਰਖ ਅਤੇ ਇਮਤਿਹਾਨ ਦੇ ਕਈ ਪੜਾਵਾਂ 'ਚੋਂ ਵਧੇਰੇ ਗੁਜ਼ਰਨਾ ਪੈਂਦਾ ਹੈ। ਇਸਲਾਮ ਧਰਮ ਦੇ ਆਖ਼ਰੀ ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦਾ ਇਰਸ਼ਾਦ ਹੈ ਕਿ ਸਾਰੇ ਨਬੀਆਂ ਨੂੰ ਰੁਤਬੇ ਦੇ ਮੁਤਾਬਕ ਇਮਤਿਹਾਨ ਦੀਆਂ ਦੁੱਖ-ਤਕਲੀਫ਼ਾਂ ਝੱਲਣੀਆਂ ਪਈਆਂ। ਇਸੇ ਪ੍ਰਕਾਰ ਦੀ ਇਕ ਉਦਾਹਰਨ ਹਜ਼ਰਤ ਇਬਰਾਹੀਮ (ਅਲੈ.) ਦੀ ਹੈ, ਜਿਨ੍ਹਾਂ ਨੇ ਵਿਅਕਤੀਗਤ ਤੌਹੀਦ (ਇਕ ਰੱਬ ਦੀ ਭਗਤੀ) ਦਾ ਸੰਦੇਸ਼ ਦੇ ਕੇ ਸਾਰੀ ਮਨੁੱਖਤਾ ਵਿਚ ਭਾਈਚਾਰੇ ਦੀ ਨੀਂਹ ਰੱਖੀ। ਆਪ ਨੇ ਜਿਸ ਕੌਮ ਵਿਚ ਜਨਮ ਲਿਆ, ਉਸ ਕੌਮ ਵਿਚ ਰੱਬ ਦੀ ਬੰਦਗੀ (ਭਗਤੀ) ਦੀ ਥਾਂ ਸੂਰਜ, ਚੰਦ ਅਤੇ ਸਿਤਾਰਿਆਂ ਦੀ ਪੂਜਾ ਹੁੰਦੀ ਸੀ। ਚੰਦ ਅਤੇ ਸਿਤਾਰਿਆਂ ਦੀ ਪੂਜਾ ਉਸ ਸਮੇਂ ਇਕ ਧਾਰਮਿਕ ਪ੍ਰਪੱਕਤਾ ਹੀ ਨਹੀਂ ਸੀ, ਸਗੋਂ ਉਸ ਵਕਤ ਦੀ ਸਿਆਸਤ ਦੀ ਨੀਂਹ ਵੀ ਸੀ।
ਹਜ਼ਰਤ ਇਬਰਾਹੀਮ (ਅਲੈ.) ਨੇ ਇਸ ਪ੍ਰਪੱਕਤਾ (ਭਰੋਸੇ) ਵਿਚ ਕੋਈ ਕਸ਼ਿਸ਼ (ਖਿੱਚ) ਨਾ ਵੇਖਦੇ ਹੋਏ ਸੰਸਾਰਿਕ ਢਾਂਚੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਜੋ ਕੁਝ ਚਮਕਦਾ ਹੈ ਅਤੇ ਫਿਰ ਧੁੰਦਲਾ ਹੋ ਜਾਂਦਾ ਹੈ, ਸਿਤਾਰੇ ਨਿਕਲਦੇ ਹਨ, ਛੁਪ ਜਾਂਦੇ ਹਨ, ਸੂਰਜ ਚਮਕਦਾ ਹੈ, ਫਿਰ ਰਾਤ ਦੇ ਹਨੇਰੇ ਵਿਚ ਆਲੋਪ ਹੋ ਜਾਂਦਾ ਹੈ। ਇਹ ਚਮਕਣ ਅਤੇ ਅਲੋਪ ਹੋਣ ਵਾਲੀਆਂ ਚੀਜ਼ਾਂ ਅੱਲਾ ਨਹੀਂ ਹੋ ਸਕਦੀਆਂ, ਅੱਲਾ ਤਾਂ ਉਹ ਹੈ ਜੋ ਇਨ੍ਹਾਂ ਸਭ ਚੀਜ਼ਾਂ ਨੂੰ ਪੈਦਾ ਕਰਨ ਵਾਲਾ ਹੈ। ਇਸ ਸਹੀ ਸੋਚ, ਫ਼ਿਕਰ ਤੇ ਸੱਚੇ ਯਕੀਨ (ਭਰੋਸੇ) ਦੇ ਐਲਾਨ ਦੇ ਬਦਲੇ ਵਿਚ ਆਪ ਨੂੰ ਕੀਮਤ ਚੁਕਾਉਣੀ ਪਈ ਕਿ ਆਪ ਘਰੋਂ ਬੇਘਰ ਹੋ ਗਏ, ਸਮਾਜ ਵਿਚ ਆਪ ਦਾ ਮੁਕਾਮ ਇਕ ਅਜਨਬੀ ਇਨਸਾਨ ਵਾਂਗ ਹੋ ਗਿਆ, ਲੋਕਾਂ ਨੇ ਆਪ ਨੂੰ ਹਰ ਤਰ੍ਹਾਂ ਨਾਲ ਖਿਝਾਉਣਾ ਅਤੇ ਦੁੱਖ-ਤਕਲੀਫ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਲੋਕ ਆਪ ਦੀਆਂ ਗੱਲਾਂ ਸੁਣ ਕੇ ਆਪ ਦੇ ਦੁਸ਼ਮਣ ਬਣ ਗਏ, ਇਥੋਂ ਤੱਕ ਕਿ 'ਇਰਾਕ' ਦਾ ਹੁਕਮਰਾਨ 'ਨਮਰੂਦ' ਵੀ ਆਪ ਦੀ ਜਾਨ ਦਾ ਵੈਰੀ ਹੋ ਗਿਆ ਤੇ ਕ੍ਰੋਧ ਵਿਚ ਆ ਕੇ ਉਸ ਨੇ ਇਬਰਾਹੀਮ ਨੂੰ ਮੌਤ ਦੀ ਸਜ਼ਾ ਦੇਣੀ ਚਾਹੀ, ਅੱਗ ਦੇ ਬਲਦੇ ਭਾਂਬੜ ਵਿਚ ਆਪ ਨੂੰ ਸੁੱਟਣ ਦਾ ਅਟੱਲ ਫ਼ੈਸਲਾ ਕਰ ਦਿੱਤਾ। ਹਕੂਮਤ ਦੇ ਦਬਾਅ ਹੇਠ ਲੋਕਾਂ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਨਾ ਦਿੱਤਾ।
ਫ਼ਿਰ ਹਜ਼ਰਤ ਇਬਰਾਹੀਮ (ਅਲੈ.) ਨੇ ਆਪਣਾ ਘਰ ਛੱਡ ਕੇ ਖ਼ਾਲੀ ਹੱਥ ਦੇਸ਼ ਇਰਾਕ 'ਚੋਂ ਨਿਕਲ ਕੇ ਮੁਲਕ-ਏ-ਸ਼ਾਮ (ਸੀਰੀਆ) ਵਿਚ ਆਪਣੀ ਰਿਹਾਇਸ਼ ਬਣਾਈ। ਇਸ ਸਮੇਂ ਆਪ ਦੇ ਕੋਈ ਔਲਾਦ ਨਹੀਂ ਸੀ। ਜਦੋਂ ਹਜ਼ਰਤ ਇਬਰਾਹੀਮ (ਅਲੈ.) ਕਾਫ਼ੀ ਜ਼ਈਫ਼ (ਬਿਰਧ) ਹੋ ਚੁੱਕੇ ਸਨ, ਉਨ੍ਹਾਂ ਬਿਰਧ ਅਵਸਥਾ ਵਿਚ ਸਹਾਰੇ ਲਈ ਅੱਲਾ ਪਾਕ ਕੋਲੋਂ ਇਕ ਪੁੱਤਰ ਲਈ ਦੁਆ (ਅਰਦਾਸ) ਮੰਗੀ। ਅੱਲਾ ਪਾਕ ਨੇ ਉਨ੍ਹਾਂ ਦੀ ਦੁਆ ਨੂੰ ਕਬੂਲ (ਪ੍ਰਵਾਨ) ਕਰ ਲਿਆ। 86 ਸਾਲ ਦੀ ਉਮਰ ਵਿਚ ਆਪ ਦੀ ਪਤਨੀ ਹਜ਼ਰਤ ਹਾਜ਼ਰਾ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਮੁਹੰਮਦ ਇਸਮਾਈਲ ਰੱਖਿਆ ਗਿਆ। ਇਕੱਲਾ ਸਪੁੱਤਰ ਜ਼ਈਫ਼ (ਬੁੱਢੇ) ਅਤੇ ਬਿਰਧ ਹੋ ਚੁੱਕੇ ਪਿਤਾ ਦੀ ਤਮੰਨਾ ਦਾ ਇਹ ਮੰਜ਼ਰ (ਦ੍ਰਿਸ਼) ਸੀ ਕਿ ਜਦੋਂ ਤੁਰਨ-ਫ਼ਿਰਨ ਲੱਗ ਪਿਆ, ਬੱਚੇ ਦਾ ਪਾਲਣ-ਪੋਸ਼ਣ ਕਰਨ ਅਤੇ ਪ੍ਰੇਸ਼ਾਨੀਆਂ ਝੱਲਣ ਤੋਂ ਬਾਅਦ ਹੁਣ ਸਮਾਂ ਆਇਆ ਸੀ ਕਿ ਜ਼ਈਫ਼ (ਕਮਜ਼ੋਰ) ਹੋ ਚੁੱਕੇ ਪਿਤਾ ਦਾ ਸਹਾਰਾ ਬਣਦਾ ਪਰ ਆਪ ਨੂੰ ਅੱਲਾ ਪਾਕ ਦਾ ਹੁਕਮ ਮਿਲਦਾ ਹੈ ਕਿ ਹੇ ਇਬਰਾਹੀਮ! ਤੁਸੀਂ ਆਪਣੇ ਲਾਡਲੇ ਸਪੁੱਤਰ ਨੂੰ ਮੇਰੇ ਰਸਤੇ ਵਿਚ ਕੁਰਬਾਨ ਕਰੋ। ਇਸ ਵੇਲੇ ਹਜ਼ਰਤ ਇਸਮਾਈਲ (ਅਲੈ.) ਦੀ ਉਮਰ ਕਰੀਬ 13 ਸਾਲਾਂ ਦੀ ਸੀ।
ਆਪ ਨੇ ਅੱਲਾ ਪਾਕ ਦੇ ਹੁਕਮ ਬਾਰੇ ਜਦ ਆਪਣੇ ਲਾਡਲੇ ਸਪੁੱਤਰ ਨੂੰ ਦੱਸਿਆ ਤਾਂ ਫ਼ਰਮਾਬਰਦਾਰ (ਨੇਕ) ਸਪੁੱਤਰ ਰੱਬ ਦੇ ਹੁਕਮ ਅੱਗੇ ਝੁਕ ਗਿਆ। ਸਪੁੱਤਰ ਨੇ ਕਿਹਾ ਕਿ ਅੱਬਾ ਜਾਨ ਉਹ ਕਰ ਗੁਜ਼ਰੋ, ਜਿਸ ਦਾ ਤੁਹਾਨੂੰ ਰੱਬੀ ਹੁਕਮ ਮਿਲਿਆ ਹੈ। ਪਿਤਾ ਨੇ ਜਿਉਂ ਹੀ ਜ਼ਿਬਾਹ (ਹਲਾਲ) ਕਰਨ ਲਈ ਆਪਣੇ ਲਾਡਲੇ ਸਪੁੱਤਰ ਨੂੰ ਜ਼ਮੀਨ ਉੱਤੇ ਲਿਟਾ ਲਿਆ। ਇਕ ਅਦਭੁੱਤ ਢੰਗ ਨਾਲ ਇਹ ਕੁਰਬਾਨੀ ਅੱਲਾ ਪਾਕ ਨੇ ਕਬੂਲ ਕਰ ਲਈ। ਅੱਲਾ ਦੀ ਜ਼ਾਤ ਨੂੰ ਬਾਪ-ਪੁੱਤਰ ਦੀ ਇਹ ਅਦਾ ਐਨੀ ਪਸੰਦ ਆਈ ਕਿ ਹਜ਼ਰਤ ਇਬਰਾਹੀਮ ਨੂੰ ਆਪਣਾ ਖ਼ਲੀਲ (ਦੋਸਤ) ਇਸਮਾਈਲ ਨੂੰ ਆਪਣਾ ਪੈਗ਼ੰਬਰ ਬਣਾਇਆ ਅਤੇ ਉਨ੍ਹਾਂ ਦੇ ਵੰਸ਼ 'ਚੋਂ ਹੀ ਆਖਰੀ ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ.) ਸਾਹਿਬ ਨੂੰ ਬਣਾਇਆ। ਇਹ 'ਜਿਲਹਿੱਜਾ' (ਇਸਲਾਮੀ ਮਹੀਨੇ) ਦੀ ਦਸਵੀਂ ਤਾਰੀਖ ਦਾ ਵਾਕਿਆ ਹੈ, ਇਸੇ ਦਿਨ ਈਦ-ਉਲ-ਅਜ਼ਹਾ ਮਨਾਈ ਜਾਂਦੀ ਹੈ, ਜੋ ਕਿ ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ ਹੈ।
ਸੱਚ ਹੈ ਕਿ ਜੋ ਵਿਅਕਤੀ ਅੱਲਾ ਪਾਕ ਦੇ ਹੁਕਮਾਂ ਉੱਪਰ ਆਪਣੇ ਸਾਰੇ ਜਜ਼ਬਿਆਂ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਅੱਲਾ ਵੀ ਉਸ ਦੇ ਬਦਲੇ ਦੁਨਿਆਵੀ ਪ੍ਰੇਸ਼ਾਨੀਆਂ ਤੋਂ ਨਿਜ਼ਾਤ (ਛੁਟਕਾਰਾ) ਅਤੇ ਖ਼ੁਸ਼ਹਾਲੀ ਵਾਲਾ ਬਣਾ ਦਿੰਦਾ ਹੈ। ਅੱਲਾ ਦਾ ਆਪਣੇ ਬੰਦਿਆਂ ਨਾਲ ਵਾਅਦਾ ਹੈ ਕਿ ਜੋ ਇਨਸਾਨ ਵੀ ਇਸ ਦੁਨਿਆਵੀ ਜੀਵਨ ਵਿਚ ਰਹਿ ਕੇ ਉਸ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰੇਗਾ, ਉਹ ਉਸ ਨੂੰ ਬਦਲੇ ਵਿਚ 'ਜੰਨਤ' (ਸਵਰਗ) ਵਿਚ ਸਥਾਨ ਮਿਲੇਗਾ।
ਇਸ ਲਈ ਰੱਬ ਨੂੰ ਹਜ਼ਰਤ ਇਬਰਾਹੀਮ (ਅਲੈ.) ਤੇ ਹਜ਼ਰਤ ਇਸਮਾਈਲ (ਅਲੈ.) ਦਾ ਇਹ ਅਮਲ ਐਨਾ ਪਸੰਦ ਆਇਆ ਕਿ ਕਿਆਮਤ (ਰਹਿੰਦੀ ਦੁਨੀਆ) ਤੱਕ ਆਪ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਆਪਣੀ ਮਹਿਬੂਬ (ਪਿਆਰੀ), ਬੰਦਗ਼ੀ (ਭਗਤੀ) ਕਰਾਰ ਦੇ ਕੇ ਬੰਦਿਆਂ ਉੱਪਰ ਕੁਰਬਾਨੀ ਲਾਜ਼ਮੀ ਕਰ ਦਿੱਤੀ, ਕੁਰਬਾਨੀ ਦੀ ਅਸਲੀਅਤ ਦੇ ਬਾਰੇ ਪਵਿੱਤਰ ਕੁਰਆਨ ਪਾਕ ਵਿਚ ਆਇਆ ਹੈ ਕਿ ਅੱਲਾ ਕੋਲ ਕੁਰਬਾਨੀ ਦਾ ਗ਼ੋਸ਼ਤ ਅਤੇ ਖ਼ੂਨ ਨਹੀਂ ਪੁੱਜਦਾ, ਸਗੋਂ ਉਸ ਕੋਲ ਤੁਹਾਡਾ ਤਕਵਾ (ਪ੍ਰਹੇਜ਼ਗਾਰੀ) ਪੁੱਜਦੀ ਹੈ।
ਰੋਜ਼ਾਨਾ ਦੀ ਜ਼ਿੰਦਗੀ ਵਿਚ ਜੋ ਲੋਕ ਨਫ਼ਸ (ਖ਼ਾਹਿਸ਼) ਦੇ ਖ਼ਿਲਾਫ਼, ਝੂਠ ਅਤੇ ਫ਼ਰੇਬ ਦੇ ਖ਼ਿਲਾਫ਼, ਸ਼ਿਰਕ ਅਤੇ ਗੁਮਰਾਹੀ ਦੇ ਖ਼ਿਲਾਫ਼, ਰਿਸ਼ਵਤ ਅਤੇ ਚੋਰ ਬਾਜ਼ਾਰੀ ਦੇ ਖ਼ਿਲਾਫ਼, ਜ਼ੁਲਮ ਅਤੇ ਫ਼ਸਾਦ ਦੇ ਖ਼ਿਲਾਫ਼ ਸੰਘਰਸ਼ ਕਰਦੇ ਹਨ, ਉਨ੍ਹਾਂ ਦੀ ਕੁਰਬਾਨੀ ਵੀ ਪ੍ਰਵਾਨਯੋਗ ਹੈ। ਜਿਵੇਂ ਕਿ ਹਜ਼ਰਤ ਇਬਰਾਹੀਮ (ਅਲੈ.) ਅਤੇ ਹਜ਼ਰਤ ਇਸਮਾਈਲ (ਅਲੈ.) ਦੇ ਇਸ ਪੂਰੇ ਵਾਕਿਆ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਹੱਕ, ਸੱਚ ਅਤੇ ਸਹੀ ਗੱਲ ਕਹਿਣ ਉੱਤੇ ਇਨਸਾਨ ਨੂੰ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮੌਕਿਆਂ ਉੱਤੇ ਸਬਰ ਅਤੇ ਸੰਤੋਸ਼ ਦਾ ਲੜ ਫੜ ਕੇ ਰੱਖਣਾ ਹੀ ਚੰਗੇ ਮਨੁੱਖ ਦੀ ਪਹਿਚਾਣ ਅਤੇ ਕਾਮਯਾਬੀ ਦੀ ਨਿਸ਼ਾਨੀ ਹੈ, ਕੁਰਬਾਨੀ ਕੋਈ ਰਸਮੋ-ਰਿਵਾਜ ਨਹੀਂ, ਸਗੋਂ ਈਮਾਨ ਦੀ ਤਾਜ਼ਗੀ ਦਾ ਨਾਂਅ ਹੈ। ਹਕੀਕਤ ਵਿਚ ਕੁਰਬਾਨੀ ਦਾ ਇਹੀ ਇਕ ਰਸਤਾ ਹੈ, ਜਿਸ ਉੱਤੇ ਚੱਲ ਕੇ ਰੱਬ ਦੇ ਨੇਕ ਇਨਸਾਨ ਨੇ ਪੂਰੀ ਇਨਸਾਨੀਅਤ ਦੀ ਕਿਸਮਤ ਬਦਲ ਦਿੱਤੀ। ਰੱਬ ਦੀ ਰਜ਼ਾ ਹਾਸਲ ਕਰਨ ਲਈ ਅੱਜ ਵੀ ਐਸੇ ਰਸਤੇ ਹਨ, ਜਿਨ੍ਹਾਂ 'ਤੇ ਚੱਲ ਕੇ ਇਨਸਾਨ ਰੱਬ ਦੀ ਮਦਦ ਹਾਸਲ ਕਰ ਸਕਦਾ ਹੈ।
ਕੁਰਬਾਨੀ ਦਾ ਮਕਸਦ : ਕੁਰਬਾਨੀ ਦਾ ਅਰਥ ਸਿਰਫ਼ ਇਹ ਨਹੀਂ ਕਿ ਇਕ ਪਸ਼ੂ ਦੀ ਕੁਰਬਾਨੀ ਕਰਕੇ ਉਸ ਦਾ ਗੋਸ਼ਤ ਖਾ ਲਿਆ ਜਾਵੇ, ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਵਿਚ ਵੰਡ ਦਿੱਤਾ ਜਾਵੇ, ਬਲਕਿ ਅਸਲ ਮਕਸਦ ਇਹ ਹੈ ਕਿ ਸਾਡੇ ਦਿਲ ਦੀ ਕੈਫ਼ੀਅਤ (ਹਾਲਤ) ਅਜਿਹੀ ਬਣ ਜਾਵੇ ਕਿ ਚਾਹੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਪਰ ਰੱਬ ਦੀ ਰਜ਼ਾ ਹਾਸਲ ਕਰਨ ਲਈ ਕੋਈ ਵੀ ਪਿਆਰੀ ਤੋਂ ਪਿਆਰੀ ਚੀਜ਼ ਰਸਤੇ ਵਿਚ ਰੁਕਾਵਟ ਨਾ ਬਣ ਸਕੇ। ਜੇਕਰ ਅਸੀਂ ਗੰਭੀਰਤਾ ਨਾਲ ਸੋਚੀਏ ਤਾਂ ਪਤਾ ਲੱਗੇਗਾ ਕਿ ਇਸ ਪੂਰੇ ਸੰਸਾਰ ਵਿਚ ਕੁਰਬਾਨੀ ਦਾ ਚੱਕਰ ਨਿਰੰਤਰ ਜਾਰੀ ਹੈ। ਮਿਸਾਲ ਵਜੋਂ ਜਦੋਂ ਰੂੰ ਟੁਕੜੇ-ਟੁਕੜੇ ਹੋ ਜਾਂਦੀ ਹੈ ਤਾਂ ਲਿਹਾਫ਼ ਵਿਚ ਭਰੀ ਜਾਂਦੀ ਹੈ। ਅਨਾਜ ਆਪਣੀ ਹਸਤੀ ਮਿਟਾ ਕੇ ਸਾਡੀ ਖ਼ੁਰਾਕ ਬਣਦਾ ਹੈ। ਤੇਲ ਆਪਣੇ-ਆਪ ਨੂੰ ਜਲਾਉਣ ਉਪਰੰਤ ਸਾਨੂੰ ਰੌਸ਼ਨੀ ਦਿੰਦਾ ਹੈ। ਪਾਣੀ ਆਪਣੀ ਹਸਤੀ ਮਿਟਾ ਕੇ ਸਾਡੀ ਪਿਆਸ ਬੁਝਾਉਂਦਾ ਹੈ। ਛੋਟੇ ਜਾਨਵਰਾਂ ਨੂੰ ਵੱਡੇ ਜਾਨਵਰ ਖ਼ਾ ਜਾਂਦੇ ਹਨ। ਰੱਬ ਆਪਣੇ ਕੁਰਆਨ ਸ਼ਰੀਫ਼ ਵਿਚ ਫ਼ਰਮਾਉਂਦਾ ਹੈ ਕਿ ਹਰ ਚੀਜ਼ ਇਨਸਾਨ ਲਈ ਹੈ ਅਤੇ ਉਸ ਦੇ ਫ਼ਾਇਦੇ ਲਈ ਆਪਣੇ-ਆਪ ਨੂੰ ਖ਼ਤਮ ਕਰ ਰਹੀ ਹੈ।


-ਮਲੇਰਕਟਲਾ, ਜ਼ਿਲ੍ਹਾ ਸੰਗਰੂਰ।
ਮੋਬਾ: 95927-54907

ਬਰਸੀ 'ਤੇ ਵਿਸ਼ੇਸ਼

ਸੇਵਾ ਦੇ ਪੁੰਜ ਸਨ ਸੰਤ ਨਿਸ਼ਚਲ ਸਿੰਘ ਸੇਵਾਪੰਥੀ

ਸੰਤ ਪੰਡਿਤ ਨਿਸ਼ਚਲ ਸਿੰਘ ਦਾ ਜਨਮ 7 ਵੈਸਾਖ ਸੰਮਤ 1938 ਬਿਕਰਮੀ ਮੁਤਾਬਿਕ ਸੰਨ 1881 ਈ: ਨੂੰ ਪਿਤਾ ਭਾਈ ਅਮੀਰ ਸਿੰਘ ਦੇ ਘਰ ਮਾਤਾ ਪਿਆਰੀ ਦੀ ਕੁੱਖੋਂ ਮਿੱਠਾ ਟਿਵਾਣਾ, ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿਚ ਹੋਇਆ। ਆਪ ਦਾ ਸਰੀਰ ਪਤਲਾ ਪਰ ਨਿੱਗਰ ਸੀ। ਬਚਪਨ ਵਿਚ ਪੰਜਾਬੀ ਵਿੱਦਿਆ ਪੜ੍ਹ ਕੇ ਗੁਰਬਾਣੀ ਦੇ ਪਾਠ ਅਭਿਆਸ ਵਿਚ ਲੱਗ ਗਏ। ਆਪ ਨੇ ਮਹੰਤ ਬਾਬਾ ਭਗਤ ਸਿੰਘ ਕੋਲ 1899 ਤੋਂ 1904 ਈ: ਤੱਕ ਪੰਜ ਸਾਲ ਲੰਗਰ ਦੀ ਸੇਵਾ ਨਿਭਾਈ। ਆਪ ਨੇ ਹਰਿਦੁਆਰ ਤੇ ਅੰਮ੍ਰਿਤਸਰ ਵਿਖੇ ਗੀਤਾ ਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ। ਸਿੰਧੀਆਂ ਦੀ ਧਰਮਸ਼ਾਲਾ ਅੰਮ੍ਰਿਤਸਰ ਵਿਖੇ ਪੰਡਿਤ ਬੰਨਾ ਸਿੰਘ ਕੋਲ ਵਿਚਾਰ ਸਾਗਰ, ਪ੍ਰਭਾਕਰ ਆਦਿ ਵੇਦਾਂਤ ਪ੍ਰਮੁੱਖ ਗ੍ਰੰਥ ਪੜ੍ਹੇ। ਗਿਆਨੀ ਅਮੀਰ ਸਿੰਘ ਸੱਤੋਵਾਲੀ ਗਲੀ ਅੰਮ੍ਰਿਤਸਰ ਪਾਸੋਂ ਕਥਾ ਕਰਨੀ ਸਿੱਖੀ। 1915 ਵਿਚ ਮਿੱਠੇ ਟਿਵਾਣੇ ਬਾਬਾ ਜਵਾਹਰ ਸਿੰਘ ਕੋਲ ਚਲੇ ਗਏ। ਸੰਤ ਨਿਸ਼ਚਲ ਸਿੰਘ ਦੇ ਪਿੰਡ ਮਿੱਠੇ ਟਿਵਾਣੇ ਚਾਰ ਗੁਰਦੁਆਰੇ ਸਨ। ਇਕ ਉਦਾਸੀਆਂ ਦਾ ਅਤੇ ਤਿੰਨ ਸੇਵਾਪੰਥੀਆਂ ਦੇ, ਸਾਰੇ ਆਪਸ ਵਿਚ ਘਿਓ-ਖਿਚੜੀ ਵਾਂਗ ਮਿਲ ਕੇ ਰਹਿੰਦੇ ਸਨ। 1916 ਵਿਚ ਗੁਰੂ ਨਾਨਕ ਹਾਈ ਸਕੂਲ ਚਾਲੂ ਕੀਤਾ, ਜਿਸ ਵਿਚ ਅਣਗਿਣਤ ਸਿੱਖ, ਹਿੰਦੂ, ਮੁਸਲਮਾਨ ਬੱਚੇ ਵਿੱਦਿਆ ਪੜ੍ਹ ਕੇ ਰੋਜ਼ੀ ਕਮਾ ਰਹੇ ਹਨ। ਪਾਕਿਸਤਾਨ ਬਣਨ ਤੱਕ ਇਹ ਸਕੂਲ ਸਫਲਤਾਪੂਰਵਕ ਚਲਦਾ ਰਿਹਾ।
ਦੇਸ਼ ਵੰਡ ਪਿੱਛੋਂ 1953 ਈ: ਵਿਚ 28 ਹਜ਼ਾਰ ਰੁਪਏ ਰਕਮ ਖਰਚ ਕਰਕੇ, 28 ਵਿੱਘੇ ਜ਼ਮੀਨ ਖ਼ਰੀਦ ਕੇ, 28 ਫਰਵਰੀ 1953 ਈ: ਨੂੰ ਡੇਰਾ ਸੰਤਪੁਰਾ ਵਸਾਇਆ। ਆਪ ਨੇ ਜਿੰਨੇ ਵੀ ਵਿਦਿਅਕ ਆਸ਼ਰਮ ਜਾਂ ਹਸਪਤਾਲ ਬਣਾਏ, ਸਭ ਸੰਗਤਾਂ ਨੂੰ ਪ੍ਰੇਰਨਾ ਦੇ ਕੇ, ਲੱਖਾਂ ਰੁਪਏ ਇਕੱਤਰ ਕਰਕੇ ਖੁਦ ਇਨ੍ਹਾਂ ਨੂੰ ਨੇਪਰੇ ਚਾੜ੍ਹਿਆ। ਸੇਵਾ ਤੇ ਪਰਉਪਕਾਰ ਦੇ ਕਾਰਜ ਕਰਦਿਆਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਸੰਤ ਪੰਡਿਤ ਨਿਸ਼ਚਲ ਸਿੰਘ 23 ਅਗਸਤ, 1978 ਈ: ਨੂੰ ਯਮੁਨਾ ਨਗਰ (ਹਰਿਆਣਾ) ਵਿਖੇ ਸੱਚਖੰਡ ਜਾ ਬਿਰਾਜੇ। ਸੰਤ ਪੰਡਿਤ ਨਿਸ਼ਚਲ ਸਿੰਘ ਦਾ ਜਿਥੇ ਅੰਤਿਮ-ਸੰਸਕਾਰ ਕੀਤਾ ਗਿਆ, ਉਥੇ ਗੁਰਦੁਆਰਾ ਥੜ੍ਹਾ ਸਾਹਿਬ ਜੌੜੀਆਂ ਬਣਿਆ ਹੋਇਆ ਹੈ। ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਵਿਖੇ ਮਹੰਤ ਜਗਮੋਹਨ ਸਿੰਘ 'ਸੇਵਾਪੰਥੀ' ਦੀ ਸਰਪ੍ਰਸਤੀ ਹੇਠ ਭਾਈ ਘਨੱਈਆ ਜੀ ਦੇ ਜੋਤੀ-ਜੋਤਿ ਸਮਾਉਣ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਤੇ ਸੰਤ ਨਿਸ਼ਚਲ ਸਿੰਘ ਸੇਵਾਪੰਥੀ ਦੀ 40ਵੀਂ ਬਰਸੀ ਅਤੇ ਸੰਤ ਤ੍ਰਿਲੋਚਨ ਸਿੰਘ ਸੇਵਾਪੰਥੀ ਦੀ 28ਵੀਂ ਮਿੱਠੀ ਯਾਦ 21, 22, 23 ਅਗਸਤ ਨੂੰ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰਸਿੱਧ ਕੀਰਤਨੀ ਜਥੇ, ਗੁਰਮਤਿ ਪ੍ਰਚਾਰਕ, ਸੰਤ-ਮਹਾਂਪੁਰਸ਼ ਗੁਰੂ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।


-ਮ: ਨੰ: 1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
karnailsinghma@gmail.com

ਜਦੋਂ ਪੰਚਾਂ ਨੇ ਹਕੂਮਤ ਸੰਭਾਲਣ ਦਾ ਫ਼ੈਸਲਾ ਕੀਤਾ

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ)
14 ਜੁਲਾਈ, 1845 ਦੀ ਰਾਤ ਨੂੰ ਸ਼ਹਿਜ਼ਾਦਾ ਪਿਸ਼ੌਰਾ ਸਿੰਘ ਸੱਤ ਸਿਰਲੱਥ ਲੜਾਕਿਆਂ ਨੂੰ ਲੈ ਕੇ ਅਟਕ ਦੇ ਕਿਲ੍ਹੇ 'ਤੇ ਪਹੁੰਚ ਗਿਆ ਤੇ ਸਾਰੇ ਗੈਰੀਸਨ ਨੂੰ ਹਥਿਆਰ ਰੱਖਣ ਦਾ ਹੁਕਮ ਦਿੱਤਾ। ਅਟਕ ਤੋਂ ਹੀ ਉਸ ਨੇ ਸ਼ਹਿਨਸ਼ਾਹ ਹੋਣ ਦਾ ਐਲਾਨ ਕੀਤਾ ਤੇ ਆਸ-ਪਾਸ ਦੇ ਕਿਸਾਨਾਂ ਨੂੰ ਉਸ ਦਾ ਸਾਥ ਦੇਣ ਦੀ ਜ਼ੋਰਦਾਰ ਅਪੀਲ ਕੀਤੀ। ਉਸ ਨੇ ਬਰਾਕਜ਼ੀ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਕਹਿ ਦਿੱਤਾ ਕਿ ਜੋ ਲਾਹੌਰ ਵਿਰੁੱਧ ਉਸ ਦੀ ਮਦਦ ਕਰੇਗਾ ਤਾਂ ਉਸ ਨੂੰ ਪੇਸ਼ਾਵਰ ਦੇ ਦਿੱਤਾ ਜਾਵੇਗਾ। ਸ਼ਹਿਜ਼ਾਦੇ ਵਲੋਂ ਅਟਕ ਉੱਪਰ ਕਬਜ਼ੇ ਨੇ ਉਸ ਨੂੰ ਹੀਰੋ ਬਣਾ ਦਿੱਤਾ, ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਪੁੱਤਰ। ਦਰਬਾਰੀਆਂ ਨੂੰ ਰਾਣੀ ਜਿੰਦਾਂ, ਜਵਾਹਰ ਸਿੰਘ ਤੇ ਦਲੀਪ ਸਿੰਘ ਦੀ ਤ੍ਰਿਕੜੀ ਦੇ ਖ਼ਿਲਾਫ਼ ਇਕ ਹੋਰ ਮੋਹਰਾ ਮਿਲ ਗਿਆ ਸੀ। ਗੁਲਾਬ ਸਿੰਘ ਨੇ ਇਸ ਹਾਲਾਤ ਦਾ ਫਾਇਦਾ ਉਠਾ ਕੇ ਜੰਮੂ ਵਾਪਸ ਜਾਣ ਦੀ ਆਗਿਆ ਹਾਸਲ ਕਰ ਲਈ।
ਇਸ ਬਗ਼ਾਵਤ ਨੂੰ ਦਬਾਉਣ ਵਾਸਤੇ ਜਿਹੜੀ ਫ਼ੌਜ ਭੇਜੀ ਸੀ, ਉਹ ਨਾ ਸਿਰਫ ਲੜਨ ਵਾਸਤੇ ਝਿਜਕਦੀ ਸੀ, ਸਗੋਂ ਉਹ ਤਾਂ ਇਹ ਵੀ ਚਾਹੁੰਦੀ ਸੀ ਕਿ ਪਿਸ਼ੌਰਾ ਸਿੰਘ ਨੂੰ ਲਾਹੌਰ ਲਿਜਾਇਆ ਜਾਵੇ ਤੇ ਇਸ ਨੂੰ ਮਹਾਰਾਜਾ ਬਣਾ ਦਿੱਤਾ ਜਾਵੇ ਤੇ ਦਲੀਪ ਸਿੰਘ ਤੇ ਉਸ ਦੀ ਤ੍ਰਿਕੜੀ ਨੂੰ ਹਟਾ ਦਿੱਤਾ ਜਾਵੇ। ਇਸ ਫ਼ੌਜ ਦੇ ਕਮਾਂਡਰ ਚਤਰ ਸਿੰਘ ਅਟਾਰੀਵਾਲਾ ਤੇ ਫਤਹਿ ਖਾਨ ਟਿਵਾਣਾ ਨੇ ਇਸ ਤਰ੍ਹਾਂ ਦਾ ਦਿਖਾਵਾ ਕੀਤਾ ਕਿ ਉਹ ਫ਼ੌਜੀਆਂ ਦੀ ਗੱਲ ਨਾਲ ਸਹਿਮਤ ਹਨ ਤੇ ਪਿਸ਼ੌਰਾ ਸਿੰਘ ਨੂੰ ਬੇਨਤੀ ਭੇਜ ਦਿੱਤੀ ਕਿ ਇਸ ਫ਼ੌਜ ਨਾਲ ਲੜਨ ਦੀ ਲੋੜ ਨਹੀਂ। ਸ਼ਹਿਜ਼ਾਦੇ ਨੇ ਇਨ੍ਹਾਂ ਦੇ ਦਿੱਤੇ ਯਕੀਨ ਨੂੰ ਮੰਨ ਲਿਆ ਤੇ ਕਿਲ੍ਹਾ ਖਾਲੀ ਕਰ ਦਿੱਤਾ। ਲਾਹੌਰ ਦੀਆਂ ਫ਼ੌਜਾਂ ਨੇ ਸ਼ਹਿਜ਼ਾਦੇ ਦਾ ਬੰਦੂਕਾਂ ਦੀ ਸਲਾਮੀ ਨਾਲ ਸੁਆਗਤ ਕੀਤਾ। ਚਤਰ ਸਿੰਘ ਅਟਾਰੀਵਾਲਾ ਤੇ ਫਤਹਿ ਖਾਨ ਟਿਵਾਣਾ, ਦੋਵਾਂ ਨੇ ਸ਼ਹਿਜ਼ਾਦੇ ਨੂੰ ਸਤਿਕਾਰ ਦਿੱਤਾ। ਪਿਸ਼ੌਰਾ ਸਿੰਘ ਨੂੰ ਨਾਲ ਲੈ ਕੇ ਇਹ ਸਾਰੀ ਕਾਨਵਾਈ ਲਾਹੌਰ ਨੂੰ ਵਾਪਸ ਚੱਲ ਪਈ।
ਅਟਕ ਤੋਂ 20 ਕਿਲੋਮੀਟਰ ਚੱਲਣ ਬਾਅਦ ਹੀ ਪਿਸ਼ੌਰਾ ਸਿੰਘ ਆਰਾਮ ਵਾਸਤੇ ਰੁਕਣਾ ਮੰਨ ਗਿਆ। ਇਹ ਵੀ ਵਿਚਾਰ ਸੀ ਕਿ ਇਥੇ ਜੰਗਲੀ ਸੂਰਾਂ ਦਾ ਸ਼ਿਕਾਰ ਕਰ ਲਿਆ ਜਾਵੇ, ਜੋ ਉਸ ਇਲਾਕੇ ਵਿਚ ਬਹੁਤ ਮਿਲਦੇ ਸਨ। ਫ਼ੌਜ ਨੂੰ ਲਾਹੌਰ ਵੱਲ ਦੀ ਯਾਤਰਾ ਜਾਰੀ ਰੱਖਣ ਦਾ ਹੁਕਮ ਸੀ। ਜਦੋਂ ਸ਼ਹਿਜ਼ਾਦਾ ਆਪਣੇ ਜ਼ਾਤੀ ਬਾਡੀ ਗਾਰਡਾਂ ਤੋਂ ਬਗੈਰ ਸੀ ਤੇ ਸੂਰਾਂ ਦੇ ਸ਼ਿਕਾਰ ਦਾ ਥੱਕਿਆ ਆਰਾਮ ਕਰ ਰਿਹਾ ਸੀ ਤਾਂ ਉਸ ਨੂੰ ਫੜ ਲਿਆ ਤੇ ਵਾਪਸ ਅਟਕ ਲੈ ਆਂਦਾ। ਕਿਲ੍ਹੇ ਵਿਚ ਸ਼ਹਿਜ਼ਾਦੇ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਉਸ ਦੀਆਂ ਹੱਡੀਆਂ ਦੇ ਟੋਟੇ ਕਰਕੇ ਸਿੰਧ ਵਿਚ ਸੁੱਟ ਦਿੱਤੇ, ਜਿਹੜਾ ਕਿਲ੍ਹੇ ਦੇ ਨਜ਼ਦੀਕ ਹੀ ਵਗਦਾ ਸੀ। ਚਤਰ ਸਿੰਘ ਅਟਾਰੀਵਾਲਾ ਨੇ ਜੰਮੂ ਦਾ ਰਸਤਾ ਫੜਿਆ ਤੇ ਫਤਹਿ ਖਾਨ ਟਿਵਾਣਾ ਡੇਰਾ ਇਮਾਈਲ ਖਾਨ ਵੱਲ ਚਲਾ ਗਿਆ। ਇਹ ਲੋਕ ਸ਼ਹਿਜ਼ਾਦਾ ਪਿਸ਼ੌਰਾ ਸਿੰਘ ਦੇ ਕਤਲ ਵਿਚ ਸ਼ਾਮਿਲ ਸਨ, ਇਸ ਵਾਸਤੇ ਵਜ਼ੀਰ ਜਵਾਹਰ ਸਿੰਘ ਨੇ ਇਨ੍ਹਾਂ ਨੂੰ ਤਕੜੇ ਇਨਾਮ ਦਿੱਤੇ।
ਜਦੋਂ ਸ਼ਹਿਜ਼ਾਦਾ ਪਿਸ਼ੌਰਾ ਸਿੰਘ ਦੇ ਕਤਲ ਦੀ ਖ਼ਬਰ ਮਿਲੀ ਤਾਂ ਸ਼ਹਿਰੀ ਤੇ ਫ਼ੌਜ ਦੇ ਸਿਪਾਹੀ ਮਾਯੂਸ ਹੋ ਗਏ। ਪੰਚਾਂ ਨੇ ਮੀਆਂਪੁਰ ਛਾਉਣੀ ਦੀ ਛਾਉਣੀ ਵਿਚ ਇਸ ਮਸਲੇ ਨੂੰ ਚੰਗੀ ਤਰ੍ਹਾਂ ਵਿਚਾਰਿਆ ਤੇ ਆਖਰ ਫੈਸਲਾ ਕੀਤਾ ਕਿ ਫ਼ੌਜ ਨੂੰ ਖੁਦ ਹਕੂਮਤ ਸੰਭਾਲਣੀ ਚਾਹੀਦੀ ਹੈ। ਪੰਚਾਂ ਨੇ 'ਖਾਲਸਾ ਪੰਥ' ਦੇ ਨਾਂਅ 'ਤੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ ਤੇ 'ਅਕਾਲ ਸਹਾਏ' ਨਾਂਅ ਦੀ ਮੋਹਰ ਦਾ ਇਸਤੇਮਾਲ ਹੋਣ ਲੱਗਾ। ਉਨ੍ਹਾਂ ਨੇ ਜਵਾਹਰ ਸਿੰਘ, ਰਾਣੀ ਜਿੰਦਾਂ ਤੇ ਦਲੀਪ ਸਿੰਘ ਦੇ ਨਾਵਾਂ ਦੇ ਸੰਮਨ ਜਾਰੀ ਕੀਤੇ ਕਿ ਉਹ ਫ਼ੌਜੀ ਅਦਾਲਤ ਵਿਚ ਪੇਸ਼ ਹੋ ਕੇ ਪਿਸ਼ੌਰਾ ਸਿੰਘ ਦੇ ਕਤਲ ਦੀ ਵਾਰਦਾਤ ਦੀ ਸਫਾਈ ਦੇਣ।
ਜਵਾਹਰ ਸਿੰਘ ਨੇ ਸੰਮਨ ਨਜ਼ਰਅੰਦਾਜ਼ ਕਰ ਦਿੱਤੇ। ਉਸ ਨੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਕਰਨਲ ਗਾਰਡਨਰ ਦੀ ਬਟਾਲੀਅਨ ਨੂੰ ਕਿਲ੍ਹੇ ਦੇ ਅੰਦਰ ਇਸ ਦੀ ਹਿਫਾਜ਼ਤ ਵਾਸਤੇ ਤਾਇਨਾਤ ਕਰ ਦਿੱਤਾ। ਫ਼ੌਜੀਆਂ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਵਜ਼ੀਰ ਨੂੰ ਪੰਚਾਇਤ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਹੁਕਮ ਪਹੁੰਚਾਇਆ।
ਰਾਣੀ ਜਿੰਦਾਂ ਨੇ ਸਿਪਾਹੀਆਂ ਨੂੰ ਵਤਨ ਦੀ ਰੱਖਿਆ ਦੀ ਦੁਹਾਈ ਪਾ ਕੇ ਨਰਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਕਹਿਣਾ ਸੀ ਕਿ ਅੰਗਰੇਜ਼ ਸਤਲੁਜ ਦੇ ਕੰਢੇ 'ਤੇ ਹਮਲੇ ਵਾਸਤੇ ਮੋਰਚਾ ਲਗਾ ਕੇ ਬੈਠੇ ਹੋਏ ਹਨ। ਉਸ ਨੇ ਫਕੀਰ ਨੂਰਉਂਦੀਨ, ਦੀਨਾ ਨਾਥ ਅਤੇ ਅਤਰ ਸਿੰਘ ਕਲਿਆਂਵਾਲੇ ਨੂੰ ਉਨ੍ਹਾਂ ਨਾਲ ਗੱਲਬਾਤ ਵਾਸਤੇ ਭੇਜਿਆ। ਪੰਚਾਂ ਨੇ ਦੋ ਦੂਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਫਕੀਰ ਨੂੰ ਇਕ ਸੰਦੇਸ਼ ਦੇ ਕੇ ਵਾਪਸ ਭੇਜ ਦਿੱਤਾ ਕਿ ਜੇ 24 ਘੰਟੇ ਅੰਦਰ ਕਿਲ੍ਹੇ ਦੇ ਦਰਵਾਜ਼ੇ ਨਹੀਂ ਖੁੱਲ੍ਹੇ ਤੇ ਜਵਾਹਰ ਸਿੰਘ ਮੁਕੱਦਮੇ ਵਾਸਤੇ ਪੇਸ਼ ਨਹੀਂ ਹੋਇਆ ਤਾਂ ਕਿਲ੍ਹੇ ਦੀਆਂ ਦੀਵਾਰਾਂ ਉੱਪਰ ਤੋਪਾਂ ਚੱਲਣਗੀਆਂ। ਜਵਾਹਰ ਸਿੰਘ ਨੇ ਇਸ ਮੁਕੱਦਮੇ ਤੋਂ ਦੌੜਨ ਦੀ ਹੱਦ ਦਰਜੇ ਤੱਕ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਲ੍ਹੇ ਦੇ ਗਾਰਡਾਂ ਨੂੰ 50 ਹਜ਼ਾਰ ਤੱਕ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਕਿ ਉਸ ਨੂੰ ਜਾਣ ਦਿੱਤਾ ਜਾਵੇ। ਇਕ ਅਫਸਰ ਨੇ 50 ਹਜ਼ਾਰ ਲੈ ਲਿਆ ਤੇ ਸਿਪਾਹੀ ਨੇ ਉਸ ਨੂੰ ਤੁਰੰਤ ਖ਼ਾਲਸਾ ਪੰਥ ਦੇ ਨਾਂਅ ਉੱਪਰ ਗ੍ਰਿਫ਼ਤਾਰ ਕਰ ਲਿਆ।
ਲੈਫਟੀਨੈਂਟ ਕਰਨਲ ਗਾਰਡਨਰ ਜੋ ਇਸ ਤੋਂ ਬਾਅਦ ਵਾਪਰਨ ਵਾਲੇ ਸਾਰੇ ਕਿੱਸੇ ਦਾ ਚਸ਼ਮਦੀਦ ਗਵਾਹ ਸੀ, ਇਸ ਨਾਟਕ ਦਾ ਵਿਸਥਾਰ ਲਿਖਦਾ ਹੈ :
'21 ਸਤੰਬਰ, 1845 ਨੂੰ ਜਵਾਹਰ ਸਿੰਘ ਨੂੰ ਫ਼ੌਜ ਨੇ ਸੰਮਨ ਕੀਤਾ ਸੀ। ਉਹ ਇਕ ਹਾਥੀ ਉੱਪਰ ਬਾਹਰ ਆਇਆ ਤੇ ਉਸ ਨੇ ਆਪਣੀ ਗੋਦੀ ਵਿਚ ਆਪਣੇ ਭਣੇਵੇਂ ਮਹਾਰਾਜਾ ਦਲੀਪ ਸਿੰਘ ਨੂੰ ਚੁੱਕਿਆ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੀ ਹੁਣ ਇਕੋ-ਇਕ ਜ਼ਿੰਦਾ ਔਲਾਦ ਸੀ। ਮਹਾਰਾਣੀ ਜਿੰਦਾਂ ਉਸ ਦੇ ਨਾਲ ਇਕ ਦੂਜੇ ਹਾਥੀ ਉੱਪਰ ਸੀ। ਜਵਾਹਰ ਸਿੰਘ ਦੇ ਨਾਲ 400 ਘੋੜਸਵਾਰ ਤੇ ਦੋ ਹਾਥੀ ਸੋਨੇ-ਚਾਂਦੀ ਦੇ ਲੱਦੇ ਹੋਏ ਸਨ, ਜਿਨ੍ਹਾਂ ਦੀ ਲੋੜ ਫ਼ੌਜੀਆਂ ਨੂੰ ਖੁਸ਼ ਕਰਨ ਵਾਸਤੇ ਪੈ ਸਕਦੀ ਸੀ। ਜਿਵੇਂ ਇਹ ਕਾਨਵਾਈ ਕਿਲ੍ਹੇ ਤੋਂ ਬਾਹਰ ਨਿਕਲੀ, 180 ਤੋਪਾਂ ਦੀ ਸਲਾਮੀ ਹੋਈ। ਨਾਂਅ ਬੋਲ ਕੇ ਹਾਜ਼ਰੀ ਲਗਾਈ ਗਈ ਤੇ ਸ਼ਾਹੀ ਦਸਤੇ ਦਾ ਇਕ ਵੀ ਬੰਦਾ ਗ਼ੈਰ-ਹਾਜ਼ਰ ਨਹੀਂ ਸੀ। ਸਲੂਟ ਤੋਂ ਬਾਅਦ ਮੁਕੰਮਲ ਚੁੱਪ ਵਰਤ ਗਈ ਤੇ ਸਿਰਫ ਸਿਪਾਹੀਆਂ ਦੀ ਪਰੇਡ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਇਤਿਹਾਸਕ ਪਿੰਡ ਸੌੜੀਆਂ

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਅੰਮ੍ਰਿਤਸਰ ਦੀ ਮੌਜੂਦਾ ਤਹਿਸੀਲ ਅਜਨਾਲਾ ਦੇ ਛੋਟੇ ਜਿਹੇ ਪਿੰਡ ਸੌੜੀਆਂ ਨੇ ਸਮੇਂ ਦੇ ਨਾਲ-ਨਾਲ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਇਹ ਸਰਹੱਦੀ ਤੇ ਇਤਿਹਾਸਕ ਪਿੰਡ ਮੁਗ਼ਲ ਰਾਜ ਤੋਂ ਲੈ ਕੇ ਅੰਗਰੇਜ਼ੀ ਰਾਜ ਦੇ ਮੁਢਲੇ ਵਰ੍ਹਿਆਂ ਤੱਕ ਇਕ ਵੱਡਾ ਸ਼ਹਿਰ ਅਤੇ ਵਪਾਰ ਦੀ ਬਹੁਤ ਵੱਡੀ ਮੰਡੀ ਰਿਹਾ। ਤਹਿਸੀਲ ਦਾ ਦਰਜਾ ਰੱਖਣ ਵਾਲਾ ਇਹ ਘੁੱਗ ਵਸਦਾ ਸ਼ਹਿਰ ਦਰਿਆ ਰਾਵੀ ਵਿਚ ਲਗਾਤਾਰ ਆਉਣ ਵਾਲੇ ਹੜ੍ਹਾਂ ਕਾਰਨ ਕਈ ਵਾਰ ਬੇਆਬਾਦ ਹੋ ਚੁੱਕਾ ਹੈ। ਸਮੇਂ ਦੀ ਮਾਰ ਨੇ ਇਸ ਤੋਂ ਇਸ ਦੀ ਇਤਿਹਾਸਕ ਪਹਿਚਾਣ ਖੋਹ ਕੇ ਇਸ ਨੂੰ ਇਕ ਛੋਟੇ ਜਿਹੇ ਪਿੰਡ ਦਾ ਰੂਪ ਦੇ ਦਿੱਤਾ ਹੈ ਅਤੇ ਸਭਨਾਂ ਸਹੂਲਤਾਂ ਤੋਂ ਵਾਂਝਾ ਇਹ ਪਿੰਡ ਅੱਜ ਆਪਣੀ ਇਤਿਹਾਸਕ ਪਹਿਚਾਣ ਤੋਂ ਵੀ ਪੂਰੀ ਤਰ੍ਹਾਂ ਵਾਂਝਾ ਹੋ ਚੁੱਕਾ ਹੈ।
ਅਜਨਾਲਾ-ਚੋਗਾਵਾਂ ਰੋਡ 'ਤੇ ਸਥਿਤ ਇਹ ਪਿੰਡ ਅੱਜ ਤਹਿਸੀਲ ਅਜਨਾਲਾ ਦੇ ਅਧੀਨ ਹੈ। ਦਰਿਆ ਰਾਵੀ ਇਥੋਂ ਹੁਣ 7-8 ਕਿਲੋਮੀਟਰ ਦੀ ਦੂਰੀ 'ਤੇ ਹੈ, ਜਦੋਂ ਕਿ ਪਿਛਲੇ ਸਮਿਆਂ ਵਿਚ ਦਰਿਆ ਰਾਵੀ ਇਸ ਦੇ ਬਿਲਕੁਲ ਪਾਸ ਤੋਂ ਹੋ ਕੇ ਵਹਿੰਦਾ ਸੀ। ਇਹ ਪਿੰਡ ਇਬਰਾਹਿਮ ਲੋਧੀ ਦੀ ਹਕੂਮਤ ਸਮੇਂ ਆਬਾਦ ਹੋਇਆ। ਕੁਝ ਲੇਖਕਾਂ ਨੇ ਇਹ ਪਿੰਡ ਸ਼ੇਰਸ਼ਾਹ ਸੂਰੀ ਦੇ ਸਮੇਂ ਆਬਾਦ ਹੋਇਆ ਲਿਖਿਆ ਹੈ, ਜੋ ਕਿ ਇਤਿਹਾਸਕ ਪੱਖੋਂ ਗਲਤ ਹੈ।
ਮੁਗ਼ਲ ਕਾਲ ਸਮੇਂ ਇਹ ਮੁਸਲਮਾਨਾਂ ਤੇ ਪਠਾਣਾਂ ਦਾ ਨਿਰੋਲ ਘੁੱਗ ਵਸਦਾ ਪਿੰਡ ਰਿਹਾ। ਉਸ ਸਮੇਂ ਦੇ ਪੰਜ ਵੱਡੇ ਆਲੀਸ਼ਾਨ ਮਕਬਰੇ ਤੇ ਮਸਜਿਦਾਂ ਅਤੇ ਕੁਝ ਮੁਸਲਿਮ ਪੀਰਾਂ-ਫ਼ਕੀਰਾਂ ਦੇ ਤਕੀਏ ਅਤੇ ਮਜ਼ਾਰਾਂ ਅੱਜ ਵੀ ਇਸ ਪਿੰਡ ਵਿਚ ਮੌਜੂਦ ਹਨ, ਪਰ ਰੱਖ-ਰਖਾਅ ਦੀ ਕਮੀ ਦੇ ਕਾਰਨ ਇਹ ਸਮਾਰਕ ਖੰਡਰਾਤ ਦਾ ਰੂਪ ਲੈ ਚੁੱਕੇ ਹਨ। ਪਿੰਡ ਵਿਚਲੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਨਾਨਕਸਰ ਦੇ ਸਥਾਨ 'ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਚੌਥੀ ਉਦਾਸੀ ਸਮੇਂ ਆਪਣੇ ਪਵਿੱਤਰ ਚਰਨ ਪਾਏ। 15 ਅਪ੍ਰੈਲ, 1986 ਨੂੰ ਸੰਤ ਬਾਬਾ ਖੜਕ ਸਿੰਘ ਨੇ ਇਸ ਇਤਿਹਾਸਕ ਅਸਥਾਨ ਦੀ ਮੌਜੂਦਾ ਇਮਾਰਤ ਦੀ ਨੀਂਹ ਰੱਖੀ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਨੇ ਇਸ ਦੀ ਕਾਰ-ਸੇਵਾ ਆਰੰਭ ਕਰਵਾਈ। ਹਰ ਮਹੀਨੇ ਇਸ ਅਸਥਾਨ 'ਤੇ ਮੱਸਿਆ ਦਾ ਮੇਲਾ ਲਗਦਾ ਹੈ।
ਗੁਰਦੁਆਰਾ ਨਾਨਕਸਰ ਦੇ ਬਾਹਰ ਲੱਗੇ ਸੂਚਨਾ ਬੋਰਡ 'ਤੇ ਪਿੰਡ ਸੌੜੀਆਂ ਦੇ ਇਸ ਸਥਾਨ 'ਤੇ ਗੁਰੂ ਸਾਹਿਬ ਦੀ ਉਬਾਰੇ ਖਾਂ (ਅਸਲ ਨਾਂਅ ਅਬਦੁਰ ਰਹਿਮਾਨ ਖ਼ਾਂ) ਤੇ ਸ਼ਾਹ ਆਦਮਾਣ ਨਾਲ ਹੋਈ ਵਾਰਤਾਲਾਪ ਸਬੰਧੀ ਕੁਝ ਜਾਣਕਾਰੀ ਦਰਜ ਕੀਤੀ ਗਈ ਹੈ, ਜੋ ਇਸ ਪ੍ਰਕਾਰ ਹੈ-'ਫੇਰਿ ਇਕ ਉਬਾਰੇ ਖ਼ਾਂ ਪਠਾਣ ਸਾਉੜੀਆਂ ਦਾ ਆਹਾ ਉਹ ਸ਼ੇਖ਼ ਮਾਲੋ ਦਾ ਬਹੁਤ ਯਾਰ ਆਹਾ। ਉਸ ਸ਼ੇਖ ਮਾਲੋ ਤੇ ਸੁਣਿਆ ਜੋ ਨਾਨਕ ਤਪਾ ਭਲਾ ਫਕੀਰ ਹੈ। ਉਬਾਰੇ ਖ਼ਾਂ ਗੁਰੂ ਨਾਨਕ ਪਾਸ ਆਇਆ। ਆਇ ਕਰਿ ਕਹਿ ਉਸ ਅਸਲਾਮ-ਲੇਕਮ ਨਾਨਕ ਤਪਾ। ਤਾਂ ਗੁਰੂ ਨਾਨਕ ਕਹਿਆ, ਵਾ ਅਲੇਕਮ ਸਲਾਮ। ਆਓ ਉਬਾਰੇ ਖ਼ਾਂ ਪਠਾਣ। ਤਾਂ ਉਬਾਰੇ ਖ਼ਾਂ ਕਹਿਆ, ਕਹੂ ਨਾਨਕ ਤੂੰ ਹਿੰਦੂ ਕੇ ਮੁਸਲਮਾਨ। ਤਾਂ ਗੁਰੂ ਨਾਨਕ ਕਹਿਆ-ਅਰੁ ਹਿੰਦੂ ਦੇਹ ਦਿਨ ਚਾਰ ਕੋ ਹੋਤੀ ਖੋਹ, ਨਾਉ ਉਸ ਕਾ ਸੋ ਮਿਟੇ ਨਾ ਜਾਇ, ਨਾਨਕ ਅਸਥਿਰ ਏਕ ਖੁਦਾਇ॥ ਤਾਂ ਉਬਾਰੇ ਖ਼ਾਂ ਕਹਿਆ, ਨਾਨਕ ਤਪਾ ਜਸਾ ਸੁਣੀਤਾ ਥਾਂ ਤੈਸਾ ਹੀ ਦੇਖਿਆ। ਪਾਓੁਂ ਬਾਹਰ ਨਿਕਾਲੋ ਹਮ ਤੁਮਾਰੇ ਪਾਓੁਂ ਚੁਮੇ। ਉਬਾਰੇ ਖ਼ਾਂ ਗੁਰੂ ਨਾਨਕ ਦੇ ਪਾਓੁਂ ਚੁਮੇ ਅਤੇ ਆਖੀਂ ਤੇ ਹੱਥ ਫੇਰੇ ਤੇ ਰਖਿ ਕਰਿ। ਤਾਂ ਉਬਾਰੇ ਖ਼ਾਂ ਵਿਦਾ ਹੋਵਣਿ ਲੱਗਾ ਤਾਂ ਗੁਰੂ ਨਾਨਕ ਕਹਿਆ, ਭਾਈ ਉਬਾਰੇ ਖ਼ਾਂ ਉਗਾਰਾ ਕਬੂਲ ਕਰਿ ਕੇ ਜਾਉ। ਤਾਂ ਉਬਾਰੇ ਖ਼ਾਂ ਕਹਿਆ-ਤਪਾ ਜੀ ਉਗਰਿਆ ਕੀ ਕੋਈ ਹਾਜ਼ਿਤ ਨਹੀਂ। ਹਮ ਤੋਂ ਆਪਣੇ ਦਿਲ ਮਹਿ ਇਉ ਹੀ ਜਾਣਿਆ ਹੈ। ਤਾਂ ਗੁਰੂ ਨਾਨਕ ਕਹਿਆ-ਜੀ ਤੁਮਾਰੇ ਉਪਰ ਖੁਦਾਈ ਕੀ ਐਸੀ ਮਿਹਰ ਹੂਈ ਹੈ। ਤਾਂ ਉਬਾਰੇ ਖ਼ਾਂ ਕਹਿਆ-ਜੀ ਹਮ ਫੇਰਿ ਆਵੇਂਗੇ ਅਬ ਹਮ ਕੋ ਤੁਮ ਕਰਮ ਬਖ਼ਸ਼ੀ ਕਰੋ। ਤਾਂ ਗੁਰੂ ਨਾਨਕ ਕਹਿਆ ਤੁਮ ਕੋ ਖੁਦਾਇ ਕੀ ਕਰਮ ਬਖ਼ਸ਼ੀਸ਼ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਸਿੱਖ ਸੇਵਾ ਦੇ ਵਕਾਰ ਅਤੇ ਪਛਾਣ ਵਿਚ ਵਾਧਾ ਕਰਨ ਵਾਲੀ ਸੰਸਥਾ ਖ਼ਾਲਸਾ ਏਡ ਮਿਸ਼ਨ

ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ ਚੁੱਕਾ ਹੈ। ਸਿੱਖ ਸੇਵਾ ਦੀ ਵਿਰਾਸਤ 'ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆ ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ। ਸਿੱਖ ਆਪਣੀ ਫ਼ਿਰਾਕਦਿਲੀ, ਮਿਹਨਤੀ ਪ੍ਰਵਿਰਤੀ ਅਤੇ ਉਸਾਰੂ ਸੋਚ ਕਰਕੇ ਦੁਨੀਆ ਵਿਚ ਨਾਮਣਾ ਖੱਟ ਚੁੱਕੇ ਹਨ, ਕਿਉਂਕਿ ਸਿੱਖ ਆਪਣੇ ਧਰਮ ਪ੍ਰਤੀ ਵਚਨਬੱਧ ਹਨ। ਧਰਮ ਇਕ ਸਿੱਖ ਲਈ ਸਭ ਕੁਝ ਹੈ। ਉਹ ਆਪਣੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਦਾ। ਸਿੱਖ ਧਰਮ ਸੰਸਾਰ ਵਿਚ ਸਾਰੇ ਧਰਮਾਂ ਵਿਚੋਂ ਆਧੁਨਿਕ ਸਮਾਜਿਕ ਬਰਾਬਰੀ, ਸਰਬੱਤ ਦਾ ਭਲਾ ਕਰਨ ਵਾਲਾ, ਮਨੁੱਖੀ ਹੱਕਾਂ ਦਾ ਰਖਵਾਲਾ ਅਤੇ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਗਿਣਿਆ ਜਾਂਦਾ ਹੈ। ਹਰ ਇਨਸਾਨ ਦੇ ਦੁੱਖ-ਸੁੱਖ ਦਾ ਪਹਿਰੇਦਾਰ ਹੈ। ਗ਼ਰੀਬ ਤੇ ਗਊ ਦੀ ਰੱਖਿਆ ਕਰਨ ਵਿਚ ਵੀ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਜਦੋਂ ਵੀ ਕਿਸੇ ਇਨਸਾਨ 'ਤੇ ਕੋਈ ਭੀੜ ਪੈਂਦੀ ਹੈ ਤਾਂ ਸਿੱਖ ਧਰਮ ਦੇ ਅਨੁਯਾਈ ਉਸ ਦੀ ਮਦਦ ਕਰਨ ਲਈ ਹਮੇਸ਼ਾ ਬਿਨਾਂ ਕਿਸੇ ਭੇਦ ਭਾਵ ਦੇ ਤਤਪਰ ਰਹਿੰਦੇ ਹਨ।
ਸਿੱਖ ਧਰਮ ਵਿਚ ਸੇਵਾ ਦੀ ਭਾਵਨਾ ਦਾ ਪ੍ਰੇਰਨਾ ਸਰੋਤ ਭਾਈ ਘਨੱਈਆ ਹੈ, ਜਿਹੜਾ ਮੁਗ਼ਲਾਂ ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਿਸੰਘ ਜੀ ਦੀ ਲੜਾਈ ਵਿਚ ਬਿਨਾਂ ਭੇਦ ਭਾਵ ਦੋਵਾਂ ਧਿਰਾਂ ਦੇ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ ਰਿਹਾ ਹੈ। ਇਸੇ ਪਰੰਪਰਾ 'ਤੇ ਪਹਿਰਾ ਦਿੰਦਿਆਂ ਗੁਰਦੁਆਰਾ ਸਾਹਿਬਾਨ ਵਿਚ ਲੰਗਰ ਪ੍ਰਥਾ ਸੰਗਤ ਤੇ ਪੰਗਤ ਦੇ ਰੂਪ ਵਿਚ ਚਾਲੂ ਹੈ। ਪੰਗਤ ਵਿਚ ਬੈਠਣ ਦਾ ਭਾਵ ਹੈ ਕਿ ਸਾਰੇ ਅਮੀਰ-ਗ਼ਰੀਬ ਅਤੇ ਹਰ ਇਨਸਾਨ ਬਰਾਬਰ ਦਾ ਹੱਕ ਰੱਖਦਾ ਹੈ, ਕਿਸੇ ਨਾਲ ਕੋਈ ਭੇਦ-ਭਾਵ ਨਹੀਂ। ਇਸੇ ਵਿਚਾਰਧਾਰਾ 'ਤੇ ਗੁਰੂ ਦੇ ਸੇਵਕ ਉਦੋਂ ਤੋਂ ਹੀ ਪਹਿਰਾ ਦਿੰਦੇ ਆ ਰਹੇ ਹਨ। ਸਿੱਖ ਧਰਮ ਦੀ ਵਿਚਾਰਧਾਰਾ 'ਨਾ ਕੋਈ ਵੈਰੀ ਨਾ ਬਿਗਾਨਾ' ਦੀ ਪਰੰਪਰਾ 'ਤੇ ਚਲਦੀ ਹੋਈ ਮਨੁੱਖਤਾ ਦੇ ਜਮਹੂਰੀ ਹੱਕਾਂ ਉੱਪਰ ਪਹਿਰਾ ਦੇ ਕੇ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਗੁਰੂ ਦੇ ਅਨੁਯਾਈ ਸੰਸਾਰ ਵਿਚ ਇਨਸਾਨੀਅਤ ਦੀ ਸੇਵਾ ਵਿਚ ਜੁਟੇ ਹੋਏ ਹਨ। ਸਿੱਖ ਵਿਚਾਰਧਾਰਾ ਦਾ ਸੰਕਲਪ ਕਲਿਆਣਕਾਰੀ ਰਾਜ ਦਾ ਹੈ। ਕਲਿਆਣਕਾਰੀ ਪ੍ਰਵਿਰਤੀ ਹੋਣ ਕਰਕੇ ਹੀ ਸਿੱਖ ਸੰਗਤ ਇਹ ਸੇਵਾ, ਉਹ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਕਰਦੀ ਹੈ। ਗੁਰੂ ਘਰ ਵਿਚ ਕੋਈ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਜਾਤ, ਧਰਮ ਜਾਂ ਨਸਲ ਦਾ ਹੋਵੇ, ਉਸ ਨੂੰ ਲੰਗਰ ਛਕਾਇਆ ਜਾਂਦਾ ਹੈ।
ਜਦੋਂ ਵੀ ਸਮਾਜ ਵਿਚ ਕੋਈ ਕੁਦਰਤੀ ਆਫਤ ਆਉਂਦੀ ਹੈ, ਜਿਸ ਨਾਲ ਇਨਸਾਨੀਅਤ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਉਸ ਸਮੇਂ ਸਿੱਖ ਧਰਮ ਦੇ ਵਾਰਸ ਸਹਾਇਤਾ ਲਈ ਸਭ ਤੋਂ ਪਹਿਲਾਂ ਆਉਂਦੇ ਹਨ। ਭਾਵੇਂ ਕਿੰਨੇ ਹੀ ਮੁਸ਼ਕਿਲ ਹਾਲਾਤ ਹੋਣ ਪਰ ਗੁਰੂ ਦਾ ਸਿੱਖ ਹਰ ਹਾਲਤ ਵਿਚ ਉਥੇ ਪਹੁੰਚ ਕੇ ਮਦਦ ਕਰਦਾ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਜਿਹੇ ਭਲਾਈ ਦੇ ਕਾਰਜਾਂ ਵਿਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਲੱਗੀਆਂ ਹੋਈਆਂ ਹਨ, ਜਿਸ ਕਰਕੇ ਸਿੱਖ ਧਰਮ ਦੀ ਮਾਨਤਾ, ਪਛਾਣ ਅਤੇ ਵਕਾਰ ਵਿਚ ਵਾਧਾ ਹੋ ਰਿਹਾ ਹੈ। ਸਿੱਖਾਂ ਦੀ ਜਿਹੜੀ ਪਛਾਣ ਦੀ ਸਮੱਸਿਆ ਵਿਦੇਸ਼ਾਂ ਵਿਚ ਪੈਦਾ ਹੋਈ ਹੈ, ਉਸ ਨੂੰ ਦੂਰ ਕਰਨ ਵਿਚ ਅਜਿਹੀ ਇਕ ਸਵੈ-ਸੇਵੀ ਨਿਰਸਵਾਰਥ ਸੰਸਥਾ ਨਾਨਕ ਨਾਮ ਲੇਵਾ ਭਾਈ ਰਵਿੰਦਰ ਸਿੰਘ, ਜਿਸ ਨੂੰ ਰਵੀ ਸਿੰਘ ਦੇ ਨਾਂਅ ਨਾਲ ਦੁਨੀਆ ਵਿਚ ਜਾਣਿਆ ਜਾਂਦਾ ਹੈ, ਨੇ ਇੰਗਲੈਂਡ ਦੇ ਸਲੋਹ ਸ਼ਹਿਰ ਵਿਚ ਖ਼ਾਲਸਾ ਦੀ ਸਾਜਨਾ ਦੇ 300ਵੇਂ ਵਰ੍ਹੇ 1999 ਵਿਚ 'ਖ਼ਾਲਸਾ ਏਡ ਮਿਸ਼ਨ ਟਰੱਸਟ' ਸਥਾਪਿਤ ਕੀਤਾ ਸੀ। ਇਸ 'ਖ਼ਾਲਸਾ ਏਡ ਮਿਸ਼ਨ ਟਰੱਸਟ' ਦੇ 6 ਟਰੱਸਟੀ ਹਨ। ਰਵਿੰਦਰ ਸਿੰਘ ਇਸ ਦੇ ਮੁਖੀ ਹਨ। ਇਹ ਸੰਸਥਾ ਇੰਗਲੈਂਡ ਦੇ ਚੈਰਿਟੀ ਕਮਿਸ਼ਨ ਅਧੀਨ ਰਜਿਸਟਰਡ ਕੀਤੀ ਗਈ ਹੈ।
ਭਾਰਤ ਵਿਚ ਇਹ ਗ਼ੈਰ-ਸਰਕਾਰੀ ਸੰਸਥਾ 2012 ਵਿਚ ਰਜਿਸਟਰਡ ਹੋਈ ਹੈ। ਭਾਰਤ ਵਿਚ ਇਸ ਦੇ 9 ਟਰੱਸਟੀ ਹਨ। ਇਸ ਦੇ ਭਾਰਤ ਦੇ ਡਾਇਰੈਕਟਰ ਅਮਰਜੀਤ ਸਿੰਘ ਹਨ। ਸੰਸਾਰ ਵਿਚ ਇਸ ਸੰਸਥਾ ਦੇ 18,000 ਵਲੰਟੀਅਰ ਹਨ। ਹੁਣ ਤੱਕ ਸੰਸਾਰ ਦੇ 25 ਦੇਸ਼ਾਂ ਵਿਚ ਇਸ ਨੇ ਮਾਨਵਤਾ ਦੀ ਸੇਵਾ ਕੀਤੀ ਹੈ। ਇਸ ਸੰਸਥਾ ਨੇ ਆਪਣੇ ਵਲੰਟੀਅਰ ਇਨ੍ਹਾਂ ਦੇਸ਼ਾਂ ਵਿਚ ਬਣਾ ਲਏ ਹਨ, ਜਿਹੜੇ ਆਪਣੀ ਹੱਕ-ਸੱਚ ਦੀ ਕਮਾਈ ਦਾ ਦਸਵਾਂ ਹਿੱਸਾ, ਜਿਸ ਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਦਸਵੰਧ ਕਿਹਾ ਜਾਂਦਾ ਹੈ, ਇਸ ਮਿਸ਼ਨ ਨੂੰ ਦਾਨ ਦਿੰਦੇ ਹਨ, ਜਿਸ ਦੇ ਨਾਲ ਇਹ ਸੰਸਥਾ ਮਾਨਵਤਾ ਦੀ ਸੇਵਾ ਕਰਦੀ ਹੈ। ਸਭ ਤੋਂ ਪਹਿਲਾਂ ਇਸ ਸੰਸਥਾ ਨੇ ਅਪ੍ਰੈਲ, 1999 ਵਿਚ ਯੁਗੋਸਲਾਵੀਆ ਵਿਚ ਅਲਵਾਨੀਆਂ ਦੇ ਸਥਾਨ 'ਤੇ ਕੋਸੋਵ ਮਿਸ਼ਨ ਦੇ ਨਾਂਅ 'ਤੇ ਖ਼ੂਨੀ ਲੜਾਈ ਵਿਚ ਬੇਘਰ ਹੋਏ ਸ਼ਰਨਾਰਥੀਆਂ ਨੂੰ ਮੁਫ਼ਤ ਖਾਣਾ, ਜਿਸ ਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਲੰਗਰ ਕਿਹਾ ਜਾਂਦਾ ਹੈ, ਟਰੱਕਾਂ ਵਿਚ ਲਿਜਾ ਕੇ ਖਵਾਇਆ। ਕਿਸੇ ਵੀ ਵਿਅਕਤੀ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਅਗਸਤ, 1999 ਵਿਚ ਤੁਰਕੀ ਵਿਚ ਭੁਚਾਲ ਆ ਗਿਆ, ਜਿਸ ਵਿਚ ਅਨੇਕਾਂ ਲੋਕ ਘਰੋਂ ਬੇਘਰ ਹੋ ਗਏ। ਉਥੇ ਵੀ ਖ਼ਾਲਸਾ ਏਡ ਦੇ ਵਲੰਟੀਅਰ ਰਵੀ ਸਿੰਘ ਦੀ ਅਗਵਾਈ ਵਿਚ ਪਹੁੰਚੇ ਅਤੇ ਲੋੜਵੰਦਾਂ ਨੂੰ ਖਾਣ-ਪੀਣ ਤੋਂ ਇਲਾਵਾ ਹਰ ਲੋੜੀਂਦਾ ਕੱਪੜਾ-ਲੀੜਾ ਦਿੱਤਾ। ਦਸੰਬਰ, 1999 ਵਿਚ ਭਾਰਤ ਵਿਚ ਉੜੀਸਾ ਵਿਚ ਸੁਨਾਮੀ ਆ ਗਈ, ਜਿਸ ਨੇ ਇਨਸਾਨੀਅਤ ਨੂੰ ਵਖਤ ਪਾ ਦਿੱਤਾ।
ਇਸ ਤੋਂ ਬਾਅਦ ਲਗਾਤਾਰ ਸਮੁੱਚੇ ਸੰਸਾਰ ਵਿਚ ਇਹ ਸਿਲਸਿਲਾ ਚਲਦਾ ਆ ਰਿਹਾ ਹੈ। ਜਨਵਰੀ, 2002 ਵਿਚ ਕਾਂਗੋ ਤੇ ਰਵਾਂਡਾ ਵਿਚ ਜਵਾਲਾਮੁਖੀ ਫਟਣ ਨਾਲ ਆਫਤ ਆ ਗਈ। ਖ਼ਾਲਸਾ ਏਡ ਨੇ ਉਥੇ ਪਹੁੰਚ ਕੇ ਖਾਣਾ ਅਤੇ ਹੋਰ ਸਾਜ਼ੋ-ਸਾਮਾਨ ਸਪਲਾਈ ਕੀਤਾ। ਜੁਲਾਈ, 2003 ਵਿਚ ਕਾਬੁਲ ਦੇ ਸ਼ਰਨਾਰਥੀਆਂ ਦੀ ਮਦਦ ਕੀਤੀ। ਦਸੰਬਰ, 2004 ਵਿਚ ਭਾਰਤ ਦੇ ਅੰਡੇਮਾਨ ਟਾਪੂ ਵਿਚ ਸੁਨਾਮੀ ਆ ਗਈ। ਇਥੇ ਵੀ ਵਲੰਟੀਅਰਾਂ ਨੇ ਜਾ ਕੇ ਲੰਗਰ ਲਾਇਆ ਅਤੇ ਕੱਪੜੇ-ਲੀੜੇ ਦਿੱਤੇ। ਮਾਰਚ, 2005 ਵਿਚ ਪਾਕਿਸਤਾਨ ਵਿਚ ਭੁਚਾਲ ਆ ਗਿਆ। ਇਸ ਮੌਕੇ ਵੀ ਖ਼ਾਲਸਾ ਏਡ ਨੇ ਖਾਣਾ ਪਹੁੰਚਾਇਆ ਅਤੇ ਲੋਕਾਂ ਦੇ ਮੁੜ-ਵਸੇਬੇ ਵਿਚ ਮਦਦ ਕੀਤੀ। ਇਸੇ ਤਰ੍ਹਾਂ ਅਗਸਤ, 2007 ਪੰਜਾਬ ਦੇ ਹੜ੍ਹਾਂ, ਜਨਵਰੀ, 2010 ਵਿਚ ਹੈਤੀ ਭੁਚਾਲ, ਮਾਰਚ, 2011 ਲਿਬੀਆ ਅਤੇ ਸੀਰੀਆ, 2013 ਵਿਚ ਉੱਤਰਾਖੰਡ ਹੜ੍ਹਾਂ ਦੌਰਾਨ, ਸਤੰਬਰ, 2013 ਵਿਚ ਮੁਜ਼ੱਫਰਪੁਰ ਦੰਗੇ, ਸਤੰਬਰ, 2014 ਜੰਮੂ ਕਸ਼ਮੀਰ ਹੜ੍ਹਾਂ ਦੌਰਾਨ, ਜੁਲਾਈ, 2015 ਯਮਨ ਗ੍ਰਹਿ ਯੁੱਧ, ਮਈ, 2016 ਗ੍ਰੀਸ ਸ਼ਰਨਾਰਥੀ ਅਤੇ 2017 ਅਗਸਤ ਰੋਹਿੰਗੀਆ ਮਿਸ਼ਨ ਵਿਚ ਲੰਗਰ ਕੱਪੜਾ-ਲੀੜਾ ਅਤੇ ਹੋਰ ਸਾਮਾਨ ਉਪਲਬਧ ਕਰਵਾਇਆ। ਜਨਵਰੀ, 2014 ਵਿਚ ਇੰਗਲੈਂਡ ਦੇ ਸਮਰਸੈੱਟ ਅਤੇ ਬਰਕਸ਼ਾਇਰ ਇਲਾਕਿਆਂ ਦੇ ਪਿੰਡਾਂ ਵਿਚ ਭਿਆਨਕ ਹੜ੍ਹ ਆ ਗਿਆ। ਹੜ੍ਹ ਏਨਾ ਜ਼ਿਆਦਾ ਸੀ ਕਿ ਘਰਾਂ ਦੇ ਘਰ ਰੋੜ੍ਹ ਕੇ ਲੈ ਗਿਆ। ਹਜ਼ਾਰਾਂ ਟਨ ਕੂੜਾ ਘਰਾਂ ਵਿਚ ਇਕੱਠਾ ਹੋ ਗਿਆ। ਉਥੋਂ ਦਾ ਪ੍ਰਬੰਧ ਵੀ ਬੇਵੱਸ ਹੋ ਗਿਆ। ਖ਼ਾਲਸਾ ਏਡ ਦੇ 50 ਵਲੰਟੀਅਰ ਉਥੇ ਪਹੁੰਚ ਗਏ, ਜਿਨ੍ਹਾਂ ਉਥੋਂ ਦੇ ਬੇ-ਘਰ ਹੋਏ ਨਿਵਾਸੀਆਂ ਲਈ ਰਹਿਣ ਦਾ ਪ੍ਰਬੰਧ ਕੈਂਪਿੰਗ ਰਾਹੀਂ ਕੀਤਾ ਅਤੇ ਖਾਣ-ਪੀਣ ਲਈ ਲੰਗਰ ਅਤੇ ਪਾਣੀ ਲਗਾਤਾਰ ਦਿੰਦੇ ਰਹੇ, ਜਿੰਨੀ ਦੇਰ ਤੱਕ ਉਨ੍ਹਾਂ ਦਾ ਸਥਾਈ ਪ੍ਰਬੰਧ ਨਹੀਂ ਹੋ ਗਿਆ।
ਰਵੀ ਸਿੰਘ ਮਹਿਸੂਸ ਕਰ ਰਿਹਾ ਹੈ ਕਿ ਲੋਕਾਂ ਵਿਚ ਜਾਗ੍ਰਿਤੀ ਲਿਆਉਣ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਹ ਸਿਹਤ ਬਾਰੇ ਵੀ ਚਿੰਤਾਤੁਰ ਹੈ। ਇਸ ਲਈ ਉਸ ਨੇ ਆਪਣੇ ਵਲੰਟੀਅਰਜ਼ ਦੀ ਮਦਦ ਨਾਲ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਮੰਤਵ ਲਈ ਉਨ੍ਹਾਂ ਪੰਜਾਬ ਵਿਚ ਦੋ ਸਕੂਲ ਇਕ ਪਟਿਆਲਾ ਵਿਖੇ ਭਾਈ ਲਾਲੋ ਮਿਡਲ ਸਕੂਲ ਭਾਈ ਘਨੱਈਆ ਚੈਰੀਟੇਬਲ ਟਰੱਸਟ ਅਤੇ ਦੂਜਾ ਸੰਗਰੂਰ ਜ਼ਿਲ੍ਹੇ ਵਿਚ ਭਵਾਨੀਗੜ੍ਹ ਵਿਖੇ ਖ਼ਾਲਸਾ ਏਡ ਦਸਮੇਸ਼ ਸਕੂਲ ਜੋ ਕਾਕੜਾ ਪਿੰਡ ਦੇ ਨਜ਼ਦੀਕ ਚੁਣੇ ਹਨ। ਇਨ੍ਹਾਂ ਸਕੂਲਾਂ ਦੇ 1500 ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਖ਼ਾਲਸਾ ਏਡ ਮਿਸ਼ਨ ਕਰ ਰਿਹਾ ਹੈ।


-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ। ਮੋਬਾ: 94178-13072
ujagarsingh48@yahoo.com

'ਪੰਜਾਬ ਮੇਂ ਉਰਦੂ' ਤੇ ਸੂਫ਼ੀ ਪ੍ਰਸੰਗ

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ)
ਸੱਯਦ ਸ਼ਾਹ ਮੁਰਾਦ, ਸ਼ਾਹ ਮੁਰਾਦ ਤੇ ਸਾਈਂ ਮੁਰਾਦ ਨਾਂਅ ਦੇ ਤਿੰਨ ਸੂਫ਼ੀ ਕਵੀਆਂ ਦਾ ਪਤਾ ਡਾ: ਹਰਨਾਮ ਸਿੰਘ ਸ਼ਾਨ ਨੇ ਆਪਣੀ ਪੁਸਤਕ 'ਸੂਫ਼ੀ ਕਾਵਿ ਸੰਗ੍ਰਹਿ' ਵਿਚ ਦਿੱਤਾ ਹੈ। ਸਾਡੀ ਅੱਜ ਦੀ ਚਰਚਾ ਵਿਚ ਸਾਈਂ ਮੁਰਾਦ ਆਉਂਦਾ ਹੈ, ਜੋ ਕੋਟ ਰਜ਼ਾਦਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਇਸ ਦੇ ਕੁਝ ਬੈਂਤ, ਚੌਬਰਗੇ ਤੇ ਇਕ ਕਿੱਸਾ 'ਸੱਸੀ ਪੁੰਨੂੰ' ਹਨ। ਡਾ: ਸ਼ਾਨ ਨੇ ਇਸ ਦੇ ਕੁਝ ਰੇਖਤੇ ਰਚੇ ਹੋਣ ਦੀ ਸੂਚਨਾ ਵੀ ਦਿੱਤੀ ਹੈ ਤੇ ਹੁਸੀਨ ਇਤਫ਼ਾਕ ਇਹ ਹੈ ਕਿ ਹਾਫ਼ਿਜ਼ ਮਹਿਮੂਦ ਸ਼ੀਰਾਨੀ ਤੇ ਡਾ: ਸ਼ਾਨ ਨੇ ਉਸ ਦੇ ਕਲਾਮ ਦੀ ਜੋ ਵੰਨਗੀ ਦਿੱਤੀ ਹੈ, ਉਹ ਇਕ ਹੀ ਹੈ। ਰੇਖਤੇ ਦੀ ਵੰਨਗੀ ਇਹ ਹੈ :
ਇਹ ਸ਼ਿਅਰ ਅਜਬ ਉਸਤਾਦ ਸੇ ਹੈ।
ਇਹ ਦਿਲਬਰ ਹੁਸਨ ਆਬਾਦ ਸੇ ਹੈ।
ਇਹ ਰੇਖਤਾ ਸ਼ਾਹ ਮੁਰਾਦ ਸੋਂ ਹੈ।
ਮਨਜ਼ੂਰ ਹੋਇਆ ਮਨਜ਼ੂਰ ਹੋਇਆ। (ਪੰਨਾ 258)
ਸੱਯਦ ਗੁਲਾਮ ਕਾਦਰ ਸ਼ਾਹ ਕਾਦਰੀ ਸੂਫ਼ੀ ਸਨ, ਜਿਨ੍ਹਾਂ ਦਾ ਜਨਮ 1107 ਹਿਜਰੀ ਨੂੰ ਬਟਾਲੇ ਵਿਖੇ ਹੋਇਆ ਅਤੇ ਦਿਹਾਂਤ 1176 ਨੂੰ ਹੋਇਆ। ਇਨ੍ਹਾਂ ਦੇ ਪਿਤਾ ਅਰਬੀ-ਫਾਰਸੀ ਦੇ ਵਿਦਵਾਨ ਸਨ, ਇਸ ਲਈ ਉਨ੍ਹਾਂ ਪਾਸੋਂ ਇਨ੍ਹਾਂ ਨੇ ਇਨ੍ਹਾਂ ਜ਼ਬਾਨਾਂ ਤੋਂ ਬਿਨਾਂ ਦਰਸ਼ਨ, ਹਦੀਸ, ਕੁਰਾਨ ਤੇ ਤੁਸਵੁੱਫ ਦੀ ਤਾਲੀਮ ਹਾਸਲ ਕੀਤੀ। ਇਨ੍ਹਾਂ ਦੀਆਂ ਸੂਫ਼ੀਵਾਦ ਬਾਰੇ ਰਚਨਾਵਾਂ ਵਿਚ ਸ਼ਫਾਅ ਉਲਮਰਆਤ ਅਤੇ ਰਮਜ਼ੁਲ ਇਸ਼ਕ ਹਨ। ਹਾਫਿਜ ਮਹਿਮੂਦ ਸ਼ੀਰਾਨੀ ਨੇ 'ਪੰਜਾਬ ਮੇਂ ਉਰਦੂ' ਵਿਚ ਉਸ ਦੇ ਕਲਾਮ ਦਾ ਇਹ ਨਮੂਨਾ ਦਿੱਤਾ ਹੈ, ਜਿਸ ਵਿਚ ਸੂਫ਼ੀ ਮਤ ਦੇ ਸੰਕੇਤ ਵਧੇਰੇ ਹਨ, ਜਿਸ ਕਰਕੇ ਇਸ ਦੀ ਭਾਸ਼ਾ ਵਿਚ ਅਰਬੀ-ਫਾਰਸੀ ਦੀ ਵਰਤੋਂ ਵਧੇਰੇ ਹੋਈ ਹੈ। ਮੌਲਾ ਬਖਸ਼ ਕੁਸ਼ਤਾ ਨੇ ਉਸ ਦੇ ਪੰਜਾਬੀ ਕਲਾਮ ਵਿਚ ਕੁਝ ਮਾਝਾਂ ਤੇ ਕੁਝ ਸੀਹਰਫੀਆਂ ਸ਼ਾਮਿਲ ਕੀਤੀਆਂ ਹਨ (ਪੰਜਾਬੀ ਸ਼ਾਇਰਾਂ ਦਾਤਜ਼ਕਰਾਂ, ਪੰਨਾ 158)। 'ਪੰਜਾਬ ਮੇਂ ਉਰਦੂ' ਵਿਚ ਗੁਲਾਮ ਕਾਦਰ ਦੇ ਕਲਾਮ ਦਾ ਕੁਝ ਨਮੂਨਾ ਇਸ ਤਰ੍ਹਾਂ ਹੈ, ਜਿਸ ਵਿਚ ਪੰਜਾਬੀ ਰੰਗਣ ਸਾਫ਼ ਪਿਆ ਦਿੱਸਦਾ ਹੈ :
ਸਭ ਦੇਖੋ ਨੂਰ ਮੁਹੰਮਦ ਕਾ।
ਸਭ ਦੇਖੋ ਨੂਰ ਮੁਹੰਮਦ ਕਾ।
ਸਭ ਬੀਚ ਜ਼ਹੂਰ ਮੁਹੰਮਦ ਕਾ।
ਸਭ ਦੇਖੋ ਨੂਰ ਮੁਹੰਮਦ ਕਾ।
ਕਹੀ ਜ਼ਾਹਰ ਹੋ ਮਸ਼ਹੂਰ ਹੋਇਆ।
ਕਹੀ ਬਾਤਿਨ ਹੋ ਮਸਤੂਰ ਹੋਇਆ।
ਕਹੀ ਨਾਜੁਰ ਹੋ ਮਨਜ਼ੂਰ ਹੋਇਆ।
ਸਭ ਦੇਖੋ ਨੂਰ ਮੁਹੰਮਦ ਕਾ। (ਪੰਨਾ 158)
ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਕਵੀ ਭਗਤ ਵਲੀ ਰਾਮ ਹੋਇਆ ਹੈ, ਜਿਸ ਨੂੰ ਹਾਫਿਜ ਮਹਿਮੂਦ ਸ਼ੀਰਾਨੀ ਨੇ ਮੁਨਸ਼ੀ ਵਲੀ ਰਾਮ ਕਰਕੇ ਲਿਖਿਆ ਹੈ। ਇਹ ਬਾਦਸ਼ਾਹ ਸ਼ਾਹਜਹਾਨ ਦਾ ਸਮਕਾਲੀ ਸੀ ਤੇ ਕਈ ਭਾਸ਼ਾਵਾਂ ਦਾ ਗਿਆਤਾ ਹੋਣ ਦੇ ਨਾਲ-ਨਾਲ ਵੇਦਾਂਤ ਬਾਰੇ ਵੀ ਚੰਗੀ ਜਾਣਕਾਰੀ ਰੱਖਦਾ ਸੀ। ਬੇਸ਼ੱਕ ਇਸ ਨੂੰ ਸੂਫ਼ੀ ਨਾ ਵੀ ਮੰਨਿਆ ਜਾਵੇ, ਪਰ ਦਾਰਾ ਸ਼ਿਕੋਹ ਇਸ ਦਾ ਪੱਕਾ ਮੁਰੀਦ ਸੀ, ਜਿਸ ਦੇ ਸੂਫ਼ੀ ਹੋਣ ਬਾਰੇ ਕਿਸੇ ਨੂੰ ਵੀ ਕੋਈ ਭਰਮ-ਭੁਲੇਖਾ ਨਹੀਂ। ਮੁਨਸ਼ੀ ਵਲੀ ਰਾਮ ਦੀ ਇਕ ਗ਼ਜ਼ਲ ਮਹਿਮੂਦ ਸ਼ੀਰਾਨੀ ਨੇ 'ਪੰਜਾਬ ਮੇਂ ਉਰਦੂ' ਵਿਚ ਦਰਜ ਕੀਤੀ ਹੈ। ਇਸੇ ਹੀ ਤਰ੍ਹਾਂ ਦਾ ਇਕ ਹੋਰ ਕਵੀ ਹੈ ਅਬਦੁੱਲ ਰਹਿਮਾਨ ਖੁਲਦੀ ਜਾਂ ਮੌਲਵੀ ਖੁਲਦੀ। ਖੁਲਦੀ ਦਾ ਜਨਮ 1792 ਈ: ਵਿਚ ਵਡਾਲਾ ਸਿਧਵਾਂ ਜ਼ਿਲ੍ਹਾ ਗੁੱਜਰਾਂਵਾਲਾ (ਅੱਜਕਲ੍ਹ ਪਾਕਿਸਤਾਨ) ਵਿਚ ਹੋਇਆ। ਇਹ ਮਸੀਤ ਦਾ ਇਮਾਮ ਸੀ ਤੇ ਸੂਫ਼ੀ ਵਿਚਾਰਾਂ ਦਾ ਮਾਲਿਕ ਸੀ। ਇਨ੍ਹਾਂ ਦੀ ਇਕ ਪੁਸਤਕ 'ਅਬਿਆਤੇ ਖੁਲਦੀ' ਜਾਂ 'ਸੀਹਰਫੀ ਖੁਲਦੀ' ਹੈ, ਜਿਸ ਵਿਚ ਮਾਰਫ਼ਤ ਦਾ ਰੰਗ ਹੈ। ਇਸ ਦਾ ਦਿਹਾਂਤ 1862 ਈ: ਨੂੰ ਹੋਇਆ। ਸ਼ੀਰਾਨੀ ਨੇ ਇਸ ਦੇ ਕਲਾਮ ਦੇ ਨਮੂਨੇ ਵਜੋਂ ਇਕ ਗ਼ਜ਼ਲ 'ਪੰਜਾਬ ਮੇਂ ਉਰਦੂ' ਵਿਚ ਦਰਜ ਕੀਤੀ ਹੈ। ਇਸ ਵਿਚਲਾ ਪੰਜਾਬੀ ਤੇ ਬੁੱਲ੍ਹੇ ਸ਼ਾਹੀ ਰੰਗ ਪਾਠਕ ਸਹਿਜੇ ਹੀ ਦੇਖ ਸਕਦੇ ਹਨ।
ਘੁੰਘਟ ਦੂਰ ਕਰ ਮੁਖ ਦਿਖਾ ਰੇ ਸਜਨ।
ਦਿਲ ਆਸ਼ਕ ਨਾ ਸਤਾ ਰੇ ਸਜਨ।
ਕਰਮ ਕਰ ਨਿਰੰਕਾਰ ਕੇ ਵਾਸਤੇ,
ਤੇਰੇ ਇਸ਼ਕ ਮੇਂ ਮਰ ਚੁੱਕਾ ਰੇ ਸਜਨ।
ਕੁਛ ਦਿਨ ਤੋਂ ਰਲ ਮਿਲ ਬੈਠੋ ਖੁਲਦੀ ਕੇ ਪਾਸ,
ਨਹੀ ਜਰਾ ਮੂੰ ਰਹਨਾ ਸਦਾ ਰੇ ਸਜਨ।
ਇਨ੍ਹਾਂ ਕੁਝ ਕੁ ਚੋਣਵੇਂ ਸੂਫ਼ੀ ਕਵੀਆਂ ਤੋਂ ਬਿਨਾਂ ਕੁਝ ਰਲਦੇ-ਮਿਲਦੇ ਨਾਂਅ ਅਜਿਹੇ ਹਨ, ਜਿਨ੍ਹਾਂ ਬਾਰੇ ਫਿਲਹਾਲ ਸਪੱਸ਼ਟਤਾ ਨਹੀਂ। ਇਹ ਨਾਂਅ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿਚ ਵੀ ਆਉਂਦੇ ਹਨ ਤੇ 'ਪੰਜਾਬ ਮੇਂ ਉਰਦੂ' ਵਿਚ ਵੀ ਜਿਵੇਂ ਮੂਸਾ ਲੁਧਿਆਣਵੀ ਅਤੇ ਮੀਆਂ ਮੁਹੰਮਦ ਆਦਿ। 'ਪੰਜਾਬ ਮੇਂ ਉਰਦੂ' ਮੂਲ ਰੂਪ ਵਿਚ ਉਰਦੂ ਕਿਤਾਬ ਹੈ, ਜਿਸ ਦਾ ਪੰਜਾਬੀ ਤਰਜਮਾ ਸ: ਜੋਗਿੰਦਰ ਸਿੰਘ, ਸਹਾਇਕ ਡਾਇਰੈਕਟਰ ਦੀ ਨਿਗਰਾਨੀ ਹੇਠ ਸ੍ਰੀ ਓਮ ਪ੍ਰਕਾਸ਼ ਆਨੰਦ ਤੇ ਸ੍ਰੀ ਖ਼ਜ਼ਾਨ ਸਿੰਘ ਨੇ ਕੀਤਾ ਸੀ। ਇਹ ਪੁਸਤਕ 'ਪੰਜਾਬ ਵਿਚ ਉਰਦੂ' ਨਾਂਅ ਨਾਲ ਭਾਸ਼ਾ ਵਿਭਾਗ, ਪਟਿਆਲਾ ਵਲੋਂ ਮਾਰਚ, 1962 ਵਿਚ ਪ੍ਰਕਾਸ਼ਿਤ ਹੋਈ ਸੀ।


-ਮੋਬਾ: 98889-39808

ਸ਼ਬਦ ਵਿਚਾਰ

ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ॥

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੧॥
ਹਉ ਗੁਰ ਪੂਛਉ ਆਪਣੇ
ਗੁਰ ਪੁਛਿ ਕਾਰ ਕਮਾਉ॥
ਸਬਦਿ ਸਲਾਹੀ ਮਨਿ ਵਸੈ
ਹਉਮੈ ਦੁਖੁ ਜਲਿ ਜਾਉ॥
ਸਹਜੇ ਹੋਇ ਮਿਲਾਵੜਾ
ਸਾਚੇ ਸਾਚਿ ਮਿਲਾਉ॥ ੫॥
ਸਬਦਿ ਰਤੇ ਸੇ ਨਿਰਮਲੇ
ਤਜਿ ਕਾਮ ਕ੍ਰੋਧੁ ਅਹੰਕਾਰੁ॥
ਨਾਮੁ ਸਲਾਹਨਿ ਸਦ ਸਦਾ
ਹਰਿ ਰਾਖਹਿ ਉਰ ਧਾਰਿ॥
ਸੋ ਕਿਉ ਮਨਹੁ ਵਿਸਾਰੀਐ
ਸਭ ਜੀਆ ਕਾ ਆਧਾਰੁ॥ ੬॥
ਸਬਦਿ ਮਰੈ ਸੋ ਮਰਿ ਰਹੈ
ਫਿਰਿ ਮਰੈ ਨ ਦੂਜੀ ਵਾਰ॥
ਸਬਦੈ ਹੀ ਤੇ ਪਾਈਐ
ਹਰਿ ਨਾਮੇ ਲਗੈ ਪਿਆਰੁ॥
ਬਿਨੁ ਸਬਦੈ ਜਗੁ ਭੂਲਾ ਫਿਰੈ
ਮਰਿ ਜਨਮੈ ਵਾਰੋ ਵਾਰ॥ ੭॥
ਸਭ ਸਾਲਾਹੈ ਆਪ ਕਉ
ਵਡਹੁ ਵਡੇਰੀ ਹੋਇ॥
ਗੁਰ ਬਿਨੁ ਆਪੁ ਨ ਚੀਨੀਐ
ਕਹੇ ਸੁਣੇ ਕਿਆ ਹੋਇ॥
ਨਾਨਕ ਸਬਦਿ ਪਛਾਣੀਐ
ਹਉਮੈ ਕਰੈ ਨ ਕੋਇ॥ ੮॥ ੮॥
(ਅੰਗ 57-58)
ਪਦ ਅਰਥ : ਹਉ-ਮੈਂ। ਗੁਰ ਪੂਛਉ ਆਪਣੇ-ਆਪਣੇ ਗੁਰੂ ਪਾਸੋਂ ਪੁੱਛਾਂਗੀ। ਗੁਰ ਪੁਛਿ-ਗੁਰੂ ਨੂੰ ਪੁੱਛ ਕੇ। ਕਾਰ ਕਮਾਉ-ਕਾਰ ਕਮਾਵਾਂਗੀ। ਸਬਦਿ ਸਲਾਹੀ-(ਗੁਰੂ ਦੇ) ਸ਼ਬਦ ਦੁਆਰਾ ਸਿਫ਼ਤ ਸਾਲਾਹ ਕਰਨ ਨਾਲ। ਮਨਿ ਵਸੈ-ਮਨ ਵਿਚ ਆ ਵਸਦਾ ਹੈ। ਹਉਮੈ ਦੁਖੁ-ਹਉਮੈ ਦਾ ਦੁੱਖ। ਜਲਿ ਜਾਉ-ਸੜ ਜਾਂਦਾ ਹੈ। ਸਹਜੇ-ਆਤਮਿਕ ਅਵਸਥਾ। ਮਿਲਾਵੜਾ-ਮਿਲਾਪ ਹੋ ਜਾਏ।
ਰਤੇ-(ਨਾਮ ਵਿਚ) ਰੰਗੇ ਜਾਂਦੇ ਹਨ। ਸੇ-ਉਹ। ਨਿਰਮਲੇ-ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਤਜਿ-ਤਿਆਗ ਕੇ। ਸਲਾਹਨਿ-ਸਿਫ਼ਤ ਸਾਲਾਹ ਕਰਦੇ ਹਨ। ਰਾਖਹਿ-ਟਿਕਾਈ ਰੱਖਦੇ ਹਨ, ਵਸਾਈ ਰੱਖਦੇ ਹਨ। ਉਰ ਧਾਰਿ-ਹਿਰਦੇ ਵਿਚ। ਮਨਹੁ-ਮਨ ਤੋਂ। ਵਿਸਾਰੀਐ-ਵਿਸਾਰਨਾ, ਭੁਲਾਉਣਾ। ਆਧਾਰੁ-ਆਸਰਾ।
ਸਬਦਿ ਮਰੈ-ਸ਼ਬਦ ਦੁਆਰ (ਜੋ) ਆਪਾ ਭਾਵ ਮਾਰ ਲੈਂਦਾ ਹੈ। ਸੋ ਮਰਿ ਰਹੈ-ਉਹ ਫਿਰ ਸਦਾ ਲਈ ਵਿਕਾਰ ਵਲੋਂ ਮਰਿਆ ਰਹਿੰਦਾ ਹੈ, ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ। ਫਿਰਿ ਮਰੈ ਨ ਦੂਜੀ ਵਾਰ-ਉਹ ਫਿਰ ਮੁੜ ਕਦੇ ਆਤਮਿਕ ਮੌਤੇ ਨਹੀਂ ਮਰਦਾ। ਸਬਦੈ ਹੀ ਤੇ-ਗੁਰੂ ਦੇ ਸ਼ਬਦ ਦੁਆਰਾ ਹੀ। ਪਾਈਐ-ਆਤਮਿਕ ਜੀਵਨ ਪਾਈਦਾ ਹੈ। ਹਰਿ ਨਾਮੇ-ਪ੍ਰਭੂ ਦੇ ਨਾਮ ਸਦਕਾ ਹੀ। ਲਗੈ ਪਿਆਰੁ-ਉਸ (ਪ੍ਰਭੂ) ਵਿਚ ਪਿਆਰ ਪੈਂਦਾ ਹੈ। ਜਗੁ ਭੂਲਾ ਫਿਰੈ-ਜਗਤ ਕੁਰਾਹੇ ਪਿਆ ਫਿਰਦਾ ਹੈ। ਵਾਰੋ ਵਾਰ-ਮੁੜ ਮੁੜ।
ਸਾਲਾਹੈ-ਸਲਾਹੁੰਦੇ ਹਨ। ਆਪ ਕਉ-ਆਪਣੇ ਆਪ ਨੂੰ। ਵਡਹੁ ਵਡੇਰੀ ਹੋਇ-ਵੱਧ ਤੋਂ ਵੱਧ ਵਡਿਆਈ ਹੋਵੇ। ਨ ਚੀਨੀਐ-ਪਛਾਣਿਆ ਨਹੀਂ ਜਾ ਸਕਦਾ, ਸੋਝੀ ਨਹੀਂ ਪੈਂਦੀ। ਕਹੇ ਸੁਣੇ ਕਿਆ ਹੋਇ-ਕਿਸੇ ਦੇ ਕਹਿਣ ਸੁਣਨ ਨਾਲ ਕੀ ਹੁੰਦਾ ਹੈ। ਸਬਦਿ-ਗੁਰੂ ਦੇ ਸ਼ਬਦ ਦੁਆਰਾ। ਪਛਾਣੀਐ-ਆਪਣੇ ਆਪ ਨੂੰ ਪਛਾਣ ਲੈਂਦਾ ਹੈ। ਹਉਮੈ ਕਰੈ ਨ ਕੋਇ-ਫਿਰ ਕੋਈ ਹਉਮੈ ਅਥਵਾ ਹੰਕਾਰ ਵਾਲੀ ਗੱਲ ਨਹੀਂ ਕਰਦਾ।
ਅਸ਼ਟਪਦੀ ਦੇ ਚੌਥੇ ਅੰਕ ਵਿਚ ਸਤਿਗੁਰੂ ਜੀ ਦ੍ਰਿੜ੍ਹ ਕਰਵਾਇਆ ਹੈ ਕਿ ਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਨਿਰਬਾਣ ਪਦ ਦੀ ਪ੍ਰਾਪਤੀ ਹੁੰਦੀ ਹੈ, ਜਿਥੇ ਫਿਰ ਕੋਈ ਵਾਸ਼ਨਾ ਪੋਹ ਨਹੀਂ ਸਕਦੀ।
ਸੇਵਾ ਤੇ ਨਿਮਰਤਾ ਦੇ ਪੁੰਜ ਧੰਨ-ਧੰਨ ਗੁਰੂ ਅਮਰਦਾਸ ਜੀ ਰਾਗੁ ਬਸੰਤੁ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਪ੍ਰੇਮ ਨਾਲ ਗੁਰੂ ਦੇ ਸ਼ਬਦ ਦੁਆਰਾ ਪ੍ਰਭੂ ਨੂੰ ਸਿਮਰਦਾ ਹੈ, ਅਜਿਹਾ ਪ੍ਰਾਣੀ ਹਰ ਨਾਮ ਰਸ ਸਦਕਾ ਮਾਇਕ-ਤ੍ਰਿਸ਼ਨਾਵਾਂ ਵਲੋਂ ਰੱਜਿਆ ਰਹਿੰਦਾ ਹੈ-
ਗੁਰ ਸਬਦੀ ਹਰਿ ਚੇਤਿ ਸੁਭਾਇ॥
ਰਾਮ ਨਾਮ ਰਸਿ ਰਹੈ ਅਘਾਇ॥ (ਅੰਗ 1175)
ਸੁਭਾਇ-ਪ੍ਰੇਮ ਨਾਲ। ਰਹੈ ਅਘਾਇ-ਰੱਜਿਆ ਰਹਿੰਦਾ ਹੈ।
ਆਪ ਜੀ ਦੇ ਰਾਗੁ ਬਸੰਤੁ ਵਿਚ ਹੀ ਇਕ ਹੋਰ ਬਚਨ ਹਨ ਕਿ ਜੋ ਗੁਰੂ ਦੇ ਸ਼ਬਦ ਦੁਆਰਾ ਸਦਾ ਥਿਰ ਰਹਿਣ ਵਾਲੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਪ੍ਰਭੂ ਜੀ (ਆਪਣੇ ਚਰਨਾਂ ਵਿਚ) ਆਪ ਹੀ ਮਿਲਾ ਲੈਂਦੇ ਹਨ-
ਹਰਿ ਜੀਉ ਆਪੇ ਲੈਹੁ ਮਿਲਾਇ॥
ਗੁਰ ਕੈ ਸਬਦਿ ਸਚ ਨਾਮਿ ਸਮਾਇ॥ ੧॥ ਰਹਾਉ॥ (ਅੰਗ 1176)
ਹੀਰ ਜੀਉ-ਪ੍ਰਭੂ ਜੀਓ। ਲੈਹੁ ਮਿਲਾਇ-ਮਿਲਾ ਲੈਂਦਾ ਹੈ। ਸਮਾਇ-ਲੀਨ ਰਹਿੰਦਾ ਹੈ।
ਇਸ ਪ੍ਰਕਾਰ ਜੋ-ਜੋ ਵੀ ਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਅਤੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ, ਉਸ ਦਾ ਆਤਮਿਕ ਹਿਰਦਾ ਸਦਾ ਖਿੜਿਆ ਰਹਿੰਦਾ ਹੈ ਅਰਥਾਤ ਉਸ ਦੇ ਅੰਦਰ ਸਦਾ ਆਤਮਿਕ ਅਨੰਦ ਬਣਿਆ ਰਹਿੰਦਾ ਹੈ-
ਸਦਾ ਬਸੰਤੁ ਗੁਰ ਸਬਦੁ ਵੀਚਾਰੇ॥
ਰਾਮ ਨਾਮੁ ਰਾਖੈ ਉਰ ਧਾਰੇ॥ (ਅੰਗ 1176)
ਉਰਧਾਰੇ-ਹਿਰਦੇ ਵਿਚ ਟਿਕਾਈ ਰੱਖਦਾ ਹੈ।
ਜਗਤ ਗੁਰੂ ਬਾਬਾ ਰਾਗੁ ਗਉੜੀ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਸ਼ਬਦ ਵਿਚ ਜੁੜਨ ਨਾਲ ਸਾਧਕ ਦੀ ਆਤਮਿਕ ਮੌਤ ਨਹੀਂ ਹੁੰਦੀ ਪਰ ਆਪਾ-ਭਾਵ ਮੁਕਾਏ ਬਿਨਾਂ ਮਨੁੱਖ ਪੂਰਾ ਨਹੀਂ ਹੋ ਸਕਦਾ ਭਾਵ ਅਧੂਰਾ ਹੀ ਰਹਿੰਦਾ ਹੈ-
ਸਬਦਿ ਮਰੈ ਫਿਰਿ ਮਰਣੁ ਨ ਹੋਇ॥
ਬਿਨੁ ਮੂਏ ਕਿਉ ਪੂਰਾ ਹੋਇ॥ (ਅੰਗ 153)
ਸੁਮੇਰ ਪਰਬਤ 'ਤੇ ਸਿੱਧਾਂ ਨਾਲ ਹੋਈ ਚਰਚਾ ਦੌਰਾਨ ਸਿੱਧਾਂ ਨੇ ਗੁਰੂ ਬਾਬੇ ਨੂੰ ਪ੍ਰਸ਼ਨ ਕੀਤਾ ਸੀ ਕਿ ਤੁਹਾਡਾ ਗੁਰੂ ਕਿਹੜਾ ਹੈ ਜਿਸ ਦੇ ਤੁਸੀਂ ਚੇਲੇ ਹੋ-
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥
(ਰਾਮਕਲੀ ਮਹਲਾ ੧, ਸਿਧ ਗੋਸਟਿ, ਅੰਗ 942)
ਇਸ 'ਤੇ ਸਤਿਗੁਰਾਂ ਨੇ ਉੱਤਰ ਦਿੱਤਾ ਸੀ-
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
(ਅੰਗ 943)
ਸੁਰਤਿ ਧੁਨਿ-ਸੁਰਤ ਦੀ ਧੁਨੀ ਅਥਵਾ ਟਿਕਾਉ।
ਭਾਵ ਸ਼ਬਦ ਮੇਰਾ ਗੁਰੂ ਹੈ ਅਤੇ ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
ਅਸਟਪਦੀ ਦੇ ਅੱਖਰੀਂ ਅਰਥ : 5ਵੇਂ ਅੰਕ ਵਿਚ ਗੁਰੂ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ (ਅਜਿਹੀ ਅਵਸਥਾ ਨੂੰ ਪ੍ਰਾਪਤ ਕਰਨ ਲਈ) ਮੈਂ ਆਪਣੇ ਗੁਰੂ ਪਾਸੋਂ ਪੁੱਛਾਂ ਤੇ ਉਸ ਨੂੰ ਪੁੱਛ ਕੇ ਉਸ ਦੇ ਦੱਸੇ ਅਨੁਸਾਰ ਕਾਰ ਕਮਾਵਾਂ। ਮੈਂ ਸ਼ਬਦ ਦੁਆਰਾ ਪ੍ਰਭੂ ਵਿਚ ਜੁੜ ਕੇ ਉਸ ਦੀ ਸਿਫ਼ਤ ਸਾਲਾਹ ਕਰਾਂ ਕਿ ਮਤਾ ਉਹ ਮਨ ਵਿਚ ਆ ਵਸੇ ਅਤੇ ਮੇਰੇ ਅੰਦਰੋਂ ਹਉਮੈ ਰੂਪੀ ਰੋਗ (ਦੁੱਖ) ਸੜ ਜਾਵੇ। ਤਦੋਂ ਫਿਰ ਸਹਿਜੇ ਹੀ ਪਰਮਾਤਮਾ ਨਾਲ ਮਿਲਾਪ ਹੋ ਜਾਵੇਗਾ ਕਿਉਂਕਿ ਸਚੇ ਨਾਲ ਸੱਚ (ਨਾਮ) ਦੁਆਰਾ ਹੀ ਮਿਲਾਪ ਹੋ ਸਕਦਾ ਹੈ।
ਜਿਹੜੇ ਜਗਿਆਸੂ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਜਿਹੇ ਵਿਕਾਰਾਂ ਨੂੰ ਤਿਆਗ ਕੇ ਪਵਿੱਤਰ (ਜੀਵਨ ਵਾਲੇ) ਬਣ ਜਾਂਦੇ ਹਨ। ਉਹ ਫਿਰ ਸਦਾ ਨਾਮ ਨੂੰ ਹੀ ਸਲਾਹੁੰਦੇ ਹਨ ਭਾਵ ਸਦਾ ਨਾਮ ਦਾ ਹੀ ਸਿਮਰਨ ਕਰਦੇ ਹਨ ਅਤੇ ਪਰਮਾਤਮਾ ਨੂੰ ਸਦਾ ਹਿਰਦੇ ਵਿਚ ਟਿਕਾਈ ਰੱਖਦੇ ਹਨ। ਇਸ ਲਈ ਹੇ ਭਾਈ, ਜੋ ਸਭਨਾਂ ਜੀਆਂ ਦਾ ਆਸਰਾ ਹੈ, ਉਸ (ਪ੍ਰਭੂ) ਨੂੰ ਮਨੋਂ ਕਿਉਂ ਵਿਸਾਰੀਏ?
ਜਿਹੜਾ ਸਾਧਕ ਇਕ ਵਾਰੀ ਗੁਰੂ ਦੇ ਸ਼ਬਦ ਦੁਆਰਾ ਵਿਕਾਰਾਂ ਵਲੋਂ ਮਰ ਜਾਂਦਾ ਹੈ, ਵਿਕਾਰਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਫਿਰ ਮੁੜ ਕਦੇ ਆਤਮਿਕ ਮੌਤ ਨਹੀਂ ਮਰਦਾ। ਗੁਰੂ ਦੇ ਸ਼ਬਦ ਦੁਆਰਾ ਹੀ ਅਜਿਹੀ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਪ੍ਰਭੂ ਦੇ ਨਾਮ ਵਿਚ ਪਿਆਰ ਪੈਂਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਸਾਰਾ ਜਗਤ (ਜੀਵਨ ਮਾਰਗ ਤੋਂ) ਕੁਰਾਹੇ ਪਿਆ ਰਹਿੰਦਾ ਹੈ ਅਤੇ ਮੁੜ-ਮੁੜ ਜੰਮਦਾ ਤੇ ਮਰਦਾ ਰਹਿੰਦਾ ਹੈ ਭਾਵ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
(ਇਸ ਜਗਤ ਵਿਚ) ਸਭ ਆਪਣੇ-ਆਪ ਨੂੰ ਸਲਾਹੁੰਦੇ ਹਨ (ਆਪਣੀ-ਆਪਣੀ ਵਡਿਆਈ ਕਰਦੇ ਹਨ) ਕਿ ਮੇਰੀ ਹੋਰ ਵਡਿਆਈ ਹੋਵੇ, ਹੋਰ ਵਡਿਆਈ ਹੋਵੇ। ਇਸ ਪ੍ਰਕਾਰ ਕਹਿੰਦੇ ਸੁਣਦੇ ਭਾਵੇਂ ਜੋ ਕੁਝ ਮਰਜ਼ੀ ਰਹੀਏ, ਗੁਰੂ ਤੋਂ ਬਿਨਾਂ ਕਦੇ ਆਪੇ ਦੀ ਪਛਾਣ ਨਹੀਂ ਹੁੰਦੀ।
ਅਸ਼ਟਪਦੀ ਦੀ ਅੰਤਲੀ ਤੁਕ ਵਿਚ ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਸ਼ਬਦ ਦੁਆਰਾ ਹੀ ਆਪੇ ਦੀ ਸੋਝੀ ਪੈਂਦੀ ਹੈ, ਜਿਸ ਸਦਕਾ ਫਿਰ ਕੋਈ ਹਉਮੈ ਅਥਵਾ ਹੰਕਾਰ ਵਾਲੀ ਗੱਲ ਨਹੀਂ ਕਰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਫ਼ਲਤਾ ਲਈ ਸੰਤੋਖ ਸ਼ੁੱਧਤਾ ਤੇ ਲਗਨ ਜ਼ਰੂਰੀ ਹਨ

ਕਿਸੇ ਵੀ ਮਹਾਨ ਵਿਅਕਤੀ ਦਾ ਗੁਣਗਾਨ ਕਰਨ ਦੀ ਬਜਾਏ ਜੇ ਅਸੀਂ ਉਸ ਦੇ ਸਿਧਾਂਤ ਜਾਂ ਉਸ ਦੀਆਂ ਸਿੱਖਿਆਵਾਂ 'ਤੇ ਅਮਲ ਕਰੀਏ ਤਾਂ ਇਹ ਵੱਧ ਉਚਿਤ ਹੋਵੇਗਾ। ਸਵਾਮੀ ਵਿਵੇਕਾਨੰਦ ਰਾਸ਼ਟਰ ਦੇ ਨਾਂਅ ਸੰਦੇਸ਼ ਵਿਚ ਲਿਖਦੇ ਹਨ ਕਿ ਸਾਨੂੰ ਪੁਰਾਤਨ ਪੁਸਤਕਾਂ ਜਾਂ ਲੇਖਕਾਂ 'ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਤਰਕ ਦੀ ਕਸੌਟੀ 'ਤੇ ਪਰਖਣਾ ਵੀ ਚਾਹੀਦਾ ਹੈ। ਮੈਨੂੰ ਇਹ ਪੂਰਨ ਯਕੀਨ ਹੈ ਕਿ ਪਰਮਾਤਮਾ ਅਜਿਹੇ ਵਿਅਕਤੀ ਨੂੰ ਜ਼ਰੂਰ ਹੀ ਮੁਆਫ਼ ਕਰੇਗਾ ਜੋ ਕੇਵਲ ਕਿਸੇ ਵਿਅਕਤੀ ਨੂੰ ਜਾਤ, ਧਰਮ ਜਾਂ ਖੇਤਰ ਦੇ ਆਧਾਰ 'ਤੇ ਆਪਣਾ ਆਦਰਸ਼ ਮੰਨਣ ਦੀ ਥਾਂ ਆਪਣੇ ਤਰਕ ਦੀ ਵਰਤੋਂ ਕਰਦਾ ਹੈ ਅਤੇ ਮਹਾਂਪੁਰਸ਼ਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਪਰਖ ਕੇ ਅਪਣਾਉਂਦਾ ਹੈ। ਸਫਲਤਾ ਲਈ ਅੰਧਵਿਸ਼ਵਾਸ ਨਹੀਂ, ਸਗੋਂ ਸ਼ੁੱਧਤਾ, ਸੰਤੋਖ ਅਤੇ ਲਗਨ ਜ਼ਰੂਰੀ ਹਨ। ਇਨ੍ਹਾਂ ਤੋਂ ਵੀ ਉੱਪਰ ਹੈ ਪਿਆਰ। ਪਿਆਰ ਤੋਂ ਭਾਵ ਹੈ ਪਸਾਰਾ। ਜਿਹੜਾ ਇਸ ਬ੍ਰਹਿਮੰਡ ਦੀ ਤਰ੍ਹਾਂ ਪਸਾਰਾ ਕਰਦਾ ਹੈ, ਉਹ ਹੀ ਲੋਕਾਂ ਨੂੰ ਪਿਆਰ ਕਰਦਾ ਹੈ, ਕਿਉਂਕਿ ਪਸਾਰਾ ਹੀ ਜੀਵਨ ਹੈ ਅਤੇ ਸੁੰਗੜਨਾ ਮੌਤ ਸਮਾਨ ਹੈ। ਖੁਦਗਰਜ਼ ਵਿਅਕਤੀ ਜੋ ਕੇਵਲ ਆਪਣੇ ਬਾਰੇ ਹੀ ਸੋਚਦਾ ਹੈ ਤੇ ਕੇਵਲ ਆਪਣੇ ਲਈ ਜਿਉਣਾ ਚਾਹੁੰਦਾ ਹੈ, ਉਹ ਖੂਹ ਦੇ ਡੱਡੂ ਵਰਗੀ ਸੋਚ ਦਾ ਮਾਲਕ ਹੈ ਅਤੇ ਸੁੰਗੜਿਆ ਜੀਵਨ ਹੀ ਬਤੀਤ ਕਰਦਾ ਹੈ। ਅਜਿਹੇ ਵਿਅਕਤੀ ਲਈ ਸਵਰਗ ਤਾਂ ਕੀ, ਨਰਕ ਵਿਚ ਵੀ ਕੋਈ ਥਾਂ ਨਹੀਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਜਿਹੜਾ ਝੂਠ ਨਾ ਬੋਲੇ

* ਸਰਦਾਰ ਪੰਛੀ *

ਜਿਹੜਾ ਝੂਠ ਨਾ ਬੋਲੇ ਓਹੀ ਸਿੱਖ ਗੁਰੂ ਦਾ।
ਜਿਹੜਾ ਪੂਰਾ ਤੋਲੇ ਓਹੀ ਸਿੱਖ ਗੁਰੂ ਦਾ।
ਬਾਣੀ ਦੀ ਸਿੱਖਿਆ ਦੇ ਉੱਤੇ ਅਮਲ ਕਰੇ ਜੋ।
ਦੁਨਿਆਵੀ ਬੁਰਿਆਈਆਂ ਤੋਂ ਰਹੇ ਪਰੇ-ਪਰੇ ਜੋ।
ਵਚਨਾਂ ਤੋਂ ਨਾ ਡੋਲੇ ਓਹੀ ਸਿੱਖ ਗੁਰੂ ਦਾ।
ਜਿਹੜਾ ਝੂਠ ਨਾ ਬੋਲੇ ਓਹੀ ਸਿੱਖ ਗੁਰੂ ਦਾ।
ਜਿਹੜਾ ਪੂਰਾ ਤੋਲੇ..........

ਹੱਕ ਦੀ ਕਰੇ ਕਮਾਈ ਤੇ ਘਰ ਲੈ ਆਵੇ ਜੋ।
ਭੁੱਖਾ ਹੋਵੇ ਗੁਆਂਢੀ ਤਾਂ ਵੰਡ ਕੇ ਖਾਵੇ ਜੋ।
ਧਰਮ ਤੋਂ ਕਦੇ ਨਾ ਡੋਲੇ ਓਹੀ ਸਿੱਖ ਗੁਰੂ ਦਾ।
ਜਿਹੜਾ ਝੂਠ ਨਾ ਬੋਲੇ ਓਹੀ ਸਿੱਖ ਗੁਰੂ ਦਾ।
ਜਿਹੜਾ ਪੂਰਾ ਤੋਲੇ.........

ਪਿਆਰ ਮੁਹੱਬਤਾਂ ਵੰਡੇ ਜਿਧਰ ਨੂੰ ਵੀ ਚੱਲੇ।
ਹਰ ਪਾਸੇ ਸਚਾਈ ਦੀ ਕਰਦੇ ਬੱਲੇ-ਬੱਲੇ।
ਸ਼ਬਦਾਂ ਵਿਚ ਰਸ ਘੋਲੇ ਓਹੀ ਸਿੱਖ ਗੁਰੂ ਦਾ।
ਜਿਹੜਾ ਝੂਠ ਨਾ ਬੋਲੇ ਓਹੀ ਸਿੱਖ ਗੁਰੂ ਦਾ।
ਜਿਹੜਾ ਪੂਰਾ ਤੋਲੇ..........

ਢੇਰੀ ਢਾਹੀ ਬੈਠੇ ਤਾਈਂ ਸਹਾਰਾ ਵੀ ਦੇ।
ਜਿਹੜਾ ਡੁੱਬਦੀ ਬੇੜੀ ਤਾਈਂ ਕਿਨਾਰਾ ਵੀ ਦੇ।
ਜ਼ੇਹਨ ਦਾ ਬੂਹਾ ਖੋਲ੍ਹੇ ਓਹੀ ਸਿੱਖ ਗੁਰੂ ਦਾ।
ਜਿਹੜਾ ਝੂਠ ਨਾ ਬੋਲੇ ਓਹੀ ਸਿੱਖ ਗੁਰੂ ਦਾ।


-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. ਮੋਬਾ: 94170-91668

ਸੁਤੰਤਰਤਾ ਸੰਗਰਾਮ ਦਾ ਅਣਗੌਲਿਆ ਨਾਇਕ

ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ)
ਬੰਦੀ ਜੀਵਨ ਨੇ ਰਣਜੋਧ ਸਿੰਘ ਦੀ ਸਿਹਤ 'ਤੇ ਮਾਰੂ ਅਸਰ ਪਾਇਆ। ਜੇਲ੍ਹ ਦੀ ਮਾੜੀ ਖੁਰਾਕ ਕਾਰਨ ਉਸ ਨੂੰ ਬਵਾਸੀਰ ਹੋ ਗਈ ਅਤੇ ਸਹੀ ਇਲਾਜ ਨਾ ਹੋਣ ਕਾਰਨ ਤਕਲੀਫ਼ ਵਧਦੀ ਹੀ ਗਈ। ਹਾਲਾਤ ਇਹ ਬਣ ਗਏ ਕਿ ਉਸ ਲਈ ਤੁਰਨਾ-ਫਿਰਨਾ ਵੀ ਕਠਿਨ ਹੋ ਗਿਆ। ਉਹ ਪੇਸ਼ੀ ਭੁਗਤਣ ਲਈ ਅਦਾਲਤ ਵਿਚ ਜਾਣ ਤੋਂ ਵੀ ਅਸਮੱਰਥ ਹੋ ਗਿਆ ਸੀ।
ਜਦੋਂ ਪੰਜਾਬ ਲੈਜਿਸਲੇਟਿਵ ਕੌਂਸਲ ਨੇ ਗੁਰਦੁਆਰਾ ਸੁਧਾਰ ਬਿੱਲ ਪਾਸ ਕੀਤਾ ਸੀ ਤਾਂ ਇਸ ਸਮੇਂ ਪੰਜਾਬ ਦੇ ਗਵਰਨਰ ਨੇ ਆਪਣੇ ਐਲਾਨੀ ਭਾਸ਼ਣ ਵਿਚ ਕਿਹਾ ਕਿ ਜਿਹੜੇ ਗ੍ਰਿਫ਼ਤਾਰ ਕੀਤੇ ਅਕਾਲੀ ਆਗੂ ਇਹ ਲਿਖਤੀ ਭਰੋਸਾ ਦੇਣਗੇ ਕਿ ਉਹ ਬਾਹਰ ਆ ਕੇ ਗੁਰਦੁਆਰਾ ਐਕਟ ਦੀਆਂ ਧਾਰਾਵਾਂ ਉੱਤੇ ਅਮਲ ਕਰਨਗੇ ਅਤੇ ਕਿਸੇ ਗੁਰਦੁਆਰੇ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਤਾਕਤ ਦੀ ਵਰਤੋਂ ਜਾਂ ਇਸ ਦਾ ਵਿਖਾਵਾ ਨਹੀਂ ਕਰਨਗੇ, ਉਨ੍ਹਾਂ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਜਾਵੇਗਾ। ਬਾਰੇ ਕਿਲ੍ਹੇ ਵਿਚ ਕੈਦ ਅਕਾਲੀਆਂ ਵਿਚ ਮਤਭੇਦ ਪੈਦਾ ਹੋ ਗਏ। ਇਕ ਧੜਾ ਸ਼ਰਤ ਮੰਨ ਕੇ ਰਿਹਾਅ ਹੋਣਾ ਕੌਮ ਦੀ ਹੇਠੀ ਮੰਨਦਾ ਸੀ ਪਰ ਦੂਜਾ ਧੜਾ ਸ਼ਰਤਾਂ ਮੰਨ ਕੇ ਰਿਹਾਅ ਹੋਣ ਲਈ ਰਾਜ਼ੀ ਹੋ ਗਿਆ, ਜ਼ੈਲਦਾਰ ਰਣਜੋਧ ਸਿੰਘ ਉਨ੍ਹਾਂ ਵਿਚੋਂ ਇਕ ਸਨ। ਕਿਉਂਕਿ ਆਪਣੀ ਦਿਨ-ਪ੍ਰਤੀ-ਦਿਨ ਡਿਗਦੀ ਸਿਹਤ ਕਾਰਨ ਉਹ ਬਾਹਰ ਆ ਕੇ ਆਪਣੀ ਬਿਮਾਰੀ ਦਾ ਢੁੱਕਵਾਂ ਇਲਾਜ ਕਰਵਾਉਣਾ ਚਾਹੁੰਦੇ ਸਨ। ਪਰ ਕਈ ਮਹੀਨਿਆਂ ਤੱਕ ਦੋਵਾਂ ਧੜਿਆਂ ਵਿਚਕਾਰ ਇਕ ਰਾਇ ਨਾ ਬਣ ਸਕੀ।
ਅੰਤ ਜ਼ੈਲਦਾਰ ਰਣਜੋਧ ਸਿੰਘ ਨੇ ਆਪਣੇ 15 ਸਾਥੀਆਂ ਸਮੇਤ 21 ਜਨਵਰੀ, 1926 ਈ: ਨੂੰ ਅਦਾਲਤ ਵਿਚ ਸਰਕਾਰ ਦੀਆਂ ਸ਼ਰਤਾਂ ਪ੍ਰਵਾਨ ਕਰਨ ਦਾ ਬਿਆਨ ਦਰਜ ਕਰਵਾਇਆ ਅਤੇ ਸਰਕਾਰ ਨੇ ਉਨ੍ਹਾਂ ਵਿਰੁੱਧੀ ਮੁਕੱਦਮਾ ਵਾਪਸ ਲੈ ਲਿਆ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਪਰ ਕਿਉਂ ਜੋ ਉਨ੍ਹਾਂ ਜੈਤੋ ਦੇ ਮੋਰਚੇ ਵਿਚ ਭਾਗ ਲਿਆ ਸੀ, ਇਸ ਲਈ ਰਿਆਸਤ ਨਾਭਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਕੀ ਸਜ਼ਾ ਦੇਣ ਲਈ ਜੇਲ੍ਹ ਭੇਜ ਦਿੱਤਾ। ਪੰਜਾਬ ਸਰਕਾਰ ਵਲੋਂ ਲਿਖੇ ਜਾਣ ਉਪਰੰਤ ਉਨ੍ਹਾਂ ਨੂੰ 26 ਮਈ, 1926 ਈ: ਨੂੰ ਰਿਹਾਅ ਕਰ ਦਿੱਤਾ ਗਿਆ। ਰਣਜੋਧ ਸਿੰਘ ਅਤੇ ਹੋਰ ਅਕਾਲੀਆਂ ਦੇ ਅੰਮ੍ਰਿਤਸਰ ਪੁੱਜਣ ਉੱਤੇ ਭਰਵਾਂ ਸੁਆਗਤ ਕੀਤਾ ਗਿਆ। ਅਗਲੇ ਦਿਨ ਸਾਰਿਆਂ ਨੂੰ ਅਕਾਲ ਤਖ਼ਤ ਉੱਤੇ ਸਿਰੋਪਾਓ ਬਖਸ਼ੇ ਗਏ। ਜ਼ੈਲਦਾਰ ਰਣਜੋਧ ਸਿੰਘ ਦੀ ਬਾਸ਼ਰਤ ਰਿਹਾਈ ਨੇ ਉਸ ਨੂੰ ਉਸ ਸਮੇਂ ਦੀ ਸਿੱਖ-ਸਿਆਸਤ ਦੀ ਪ੍ਰਮੁੱਖ ਧਾਰਾ ਤੋਂ ਬਿਲਕੁਲ ਪਾਸੇ ਕਰ ਦਿੱਤਾ। ਇਸ ਲਈ ਉਨ੍ਹਾਂ ਅਗਲੀ ਜ਼ਿੰਦਗੀ ਦੌਰਾਨ ਸਿੱਖ ਸਿਆਸਤ ਦੇ ਖੇਤਰ ਵਿਚ ਕੋਈ ਵਿਸ਼ੇਸ਼ ਭੂਮਿਕਾ ਨਾ ਨਿਭਾਈ।
ਪਰਿਵਾਰਕ ਸਰੋਤ ਸ੍ਰੀਮਤੀ ਸੁਰਜੀਤ ਕੌਰ ਨੂੰਹਰਾਣੀ ਜ਼ੈਲਦਾਰ ਰਣਜੋਧ ਸਿੰਘ, ਪੜਪੋਤਾ ਸ: ਹਰਦੀਪ ਸਿੰਘ ਇਟਲੀ, ਪੜਪੋਤਾ ਸ: ਜਗਦੀਪ ਸਿੰਘ ਇਟਲੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਿਸਾਲਦਾਰ ਰਣਜੋਧ ਸਿੰਘ ਦਾ ਦਿਹਾਂਤ 1938 ਈ: ਵਿਚ ਉਨ੍ਹਾਂ ਦੇ ਜੱਦੀ ਪਿੰਡ ਰੰਗੜ ਨੰਗਲ ਵਿਚ ਹੀ ਹੋਇਆ ਸੀ।
ਅੱਜ ਅਫਸੋਸ ਹੈ ਕਿ ਪੰਜਾਬ ਦੀ ਸਿੱਖ ਸਿਆਸਤ, ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਮੋਢੀ ਭੂਮਿਕਾ ਨਿਭਾਉਣ ਵਾਲਾ ਨਾਇਕ ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ ਬਾਰੇ ਅਜੋਕੇ ਸਿੱਖ ਸਿਆਸੀ ਆਗੂਆਂ ਨੂੰ ਸ਼ਾਇਦ ਹੀ ਕੋਈ ਚਿਤ-ਚੇਤਾ ਹੋਵੇ। ਅੱਜ ਜ਼ੈਲਦਾਰ ਰਣਜੋਧ ਸਿੰਘ ਆਜ਼ਾਦੀ ਲਹਿਰ ਦਾ ਵਿਸਰਿਆ ਨਾਇਕ ਬਣ ਕੇ ਰਹਿ ਗਿਆ ਹੈ। (ਸਮਾਪਤ)


-ਲੈਕਚਰਾਰ (ਰਾਜਨੀਤੀ ਸ਼ਾਸਤਰ),
ਸ: ਸੀ: ਸੈ: ਸਕੂਲ, ਰੰਗੜ ਨੰਗਲ (ਗੁਰਦਾਸਪੁਰ)।
ਮੋਬਾ: 97815-35440

ਧਾਰਮਿਕ ਸਾਹਿਤ

ਮਰਾਠਾ ਦੇਸ਼ ਦੇ
ਗੁਰੂ ਧਾਮਾਂ ਦੀ ਯਾਤਰਾ

ਲੇਖਕ : ਗੁਰਮੇਲ ਸਿੰਘ ਚੰਦ ਨਵਾਂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ।
ਪੰਨੇ : 124, ਕੀਮਤ : 250 ਰੁਪਏ
ਸੰਪਰਕ : 98555-25366


ਗੁਰਮੇਲ ਸਿੰਘ ਚੰਦ ਨਵਾਂ ਦੀ ਇਹ ਪੁਸਤਕ ਮਰਾਠਾ ਦੇਸ਼ ਵਿਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਪਾਠਕਾਂ ਨੂੰ ਕਲਮ ਰਾਹੀਂ ਦਰਸ਼ਨ ਦੀਦਾਰੇ ਕਰਾਉਂਦੀ ਇਕ ਰੌਚਕ ਰਚਨਾ ਹੈ। ਇਹ ਲੇਖਕ ਦੀ ਚੌਥੀ ਪੁਸਤਕ ਹੈ। ਇਸ ਪੁਸਤਕ ਦੀ ਖੂਬੀ ਇਸ ਗੱਲ ਵਿਚ ਵੀ ਹੈ ਕਿ ਲੇਖਕ ਨੇ ਹਰੇਕ ਗੁਰਧਾਮ ਬਾਰੇ ਇਤਿਹਾਸਕ ਜਾਣਕਾਰੀ ਸਮੇਤ ਇਤਿਹਾਸਕ ਹਵਾਲਿਆਂ ਨਾਲ ਦਰਜ ਕੀਤੀ ਹੈ। ਇਸ ਪੁਸਤਕ ਨੂੰ ਮਰਾਠਾ ਦੇਸ਼ ਦੇ ਗੁਰਧਾਮਾਂ ਦਾ ਸਫ਼ਰਨਾਮਾ ਵੀ ਆਖ ਸਕਦੇ ਹਾਂ। ਪੁਸਤਕ ਵਾਰਤਾਲਾਪੀ ਅੰਦਾਜ਼ ਵਿਚ ਲਿਖੀ ਗਈ ਹੈ, ਬਿਰਤਾਂਤੀ ਭਾਸ਼ਾ ਸਰਲ, ਸਪੱਸ਼ਟ ਤੇ ਦਿਲਚਸਪ ਹੈ। ਇਸ ਪੁਸਤਕ ਵਿਚ ਕੁੱਲ 40 ਲੇਖ ਸ਼ਾਮਿਲ ਹਨ। 'ਸਫ਼ਰ ਦਾ ਪ੍ਰਾਰੰਭ' ਪ੍ਰਥਮ ਲੇਖ ਹੈ। ਇਕ ਵੰਨਗੀ 'ਫਰਵਰੀ ਵਿਚ ਹਜ਼ੂਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਈਏ-ਤੂੰ ਸਹਿਮਤ ਹੈਂ? ਤਿੰਨ ਚਾਰ ਹੋਰ ਫੈਮਲੀਆਂ ਵੀ ਜਾਣਗੀਆਂ ਆਪਣੇ ਨਾਲ। ਜੇਕਰ ਤੇਰੇ ਕੋਲ ਸਮਾਂ ਹੈ ਤਾਂ ਫਰਵਰੀ ਦੇ ਦੂਜੇ ਹਫ਼ਤੇ ਦੀਆਂ ਟਿਕਟਾਂ ਲਵਾਂਗੇ। ਤੂੰ ਆਪਣੀ ਰਾਇ ਕੱਲ੍ਹ ਦੱਸ ਦੇਵੀਂ।' 'ਕੱਲ੍ਹ ਕੀ, ਮੈਂ ਹੁਣੇ ਹੀ ਦੱਸ ਦਿੰਨਾ... ਮੇਰੇ ਵਲੋਂ ਹਾਂ ਹੈ।' (ਪੰਨਾ 9)
ਸਫ਼ਰ ਦੌਰਾਨ ਹੋਏ ਅਨੁਭਵਾਂ ਦਾ ਖੂਬਸੂਰਤ ਚਿਤਰਣ ਪੁਸਤਕ ਨੂੰ ਹੋਰ ਪੁਖਤਗੀ ਪ੍ਰਦਾਨ ਕਰਦਾ ਹੈ। ਹਰ ਗੱਲ ਨੂੰ ਬਾਰੀਕਬੀਨੀ ਦੀ ਮਦਦ ਨਾਲ ਬਿਆਨ ਕੀਤਾ ਗਿਆ ਹੈ। 'ਚੰਦਨ ਦੀਆਂ ਮਹਿਕਾਂ ਛੱਡਦਾ ਗੁਰਦੁਆਰਾ ਚੰਦਨ ਸਾਹਿਬ', (ਇਕ ਵੰਨਗੀ) 'ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ 8-10 ਫੁੱਟ ਦੀ ਦੂਰੀ 'ਤੇ ਚੰਦਨ ਦਾ ਰੁੱਖ ਹੈ, ਜਿਸ ਦੀ ਖੁਸ਼ਬੂ ਫ਼ਿਜ਼ਾ ਵਿਚ ਫੈਲੀ ਹੋਈ ਸੀ... ਇਸ ਤਰ੍ਹਾਂ ਸੁਗੰਧ ਆ ਰਹੀ ਸੀ ਜਿਵੇਂ ਅਗਰਬੱਤੀ ਲੱਗੀ ਹੋਵੇ।' (ਪੰਨਾ 39) 'ਧਾਰਮਿਕ ਸ਼ਖ਼ਸੀਅਤ ਦੇ ਰੂਬਰੂ' ਵਿਚ ਜਥੇਦਾਰ ਸਾਹਿਬ ਨਾਲ ਹੋਈ ਮਿਲਣੀ ਤੇ ਵਾਰਤਾਲਾਪ ਦਾ ਸਾਫ਼ਗੋਈ ਤੇ ਬੇਬਾਕੀ ਨਾਲ ਜ਼ਿਕਰ ਹੈ। 'ਗੁਰਦੁਆਰਾ ਬੰਦਾ ਘਾਟ', 'ਗੁਰਦੁਆਰਾ ਲੰਗਰ ਸਾਹਿਬ', ਗੁਰਦੁਆਰਾ ਮਾਤਾ ਭਾਗੋ ਜੀ, ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਦਾ ਸੁੰਦਰ ਵਰਨਣ, ਗਾਗਰ ਸੇਵਾ ਪਰੰਪਰਾ, ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਪਾਵਨ ਸ਼ਸਤਰਾਂ, ਸਿਰੋਪਾਓ ਦੇਣ ਦੇ ਵਿਲੱਖਣ ਢੰਗ, ਲੰਗਰ ਬਣਾਉਣ ਤੇ ਵਰਤਾਉਣ ਦਾ ਸਲੀਕਾ, ਰਿਹਾਇਸ਼ੀ ਪ੍ਰਬੰਧਾਂ ਤੇ ਸਿਹਤ ਸਹੂਲਤਾਂ ਤੇ ਨਾਂਦੇੜ ਸਾਹਿਬ ਦੇ ਬਾਜ਼ਾਰਾਂ ਦੀ ਰੌਣਕ ਲੇਖ ਪਾਠਕਾਂ ਨੂੰ ਪੂਰਨ ਤੌਰ 'ਤੇ ਨਾਲ ਜੋੜੀ ਰੱਖਦੇ ਹਨ। 'ਨਾਂਦੇੜ ਸਾਹਿਬ ਦਾ ਬਿੱਗ ਬਾਜ਼ਾਰ ਕਾਫੀ ਮਸ਼ਹੂਰ ਹੈ। ਸਬਜ਼ੀ ਤੋਂ ਲੈ ਕੇ ਕਾਰ ਤੱਕ ਮਿਲ ਜਾਂਦੀ ਹੈ।' (ਪੰਨਾ 102-103)
ਲੇਖਕ ਅਨੁਸਾਰ ਬਿਦਰ ਦਾ ਗੁਰਦੁਆਰਾ ਨਾਨਕ ਝੀਰਾ ਭਾਰਤ ਵਿਚਲਾ ਦੂਜਾ ਪੰਜਾ ਸਾਹਿਬ ਹੈ। (ਪੰਨਾ 85) ਪੁਸਤਕ ਵਿਚਲੀਆਂ 16 ਬਲੈਕ ਐਂਡ ਵਾਈਟ ਤਸਵੀਰਾਂ ਵੀ ਖੂਬ ਹਨ। ਪੁਸਤਕ ਬੇਸ਼ਕੀਮਤੀ ਤੇ ਵਿਲੱਖਣ ਦਸਤਾਵੇਜ਼ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਇਸਲਾਮ ਦੇ ਪੰਜ ਥੰਮ੍ਹ ਤੇ ਹੱਜ ਦੀ ਵਿਸ਼ੇਸ਼ਤਾ

ਹੱਜ 'ਤੇ ਵਿਸ਼ੇਸ਼
ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਆਗਿਆਕਾਰੀ, ਰੱਬ ਦੀ ਰਜ਼ਾ ਵਿਚ ਰਹਿਣਾ ਹੈ ਅਤੇ ਬੁਰਾਈ ਨੂੰ ਛੱਡ ਕੇ ਅੱਛਾਈ 'ਤੇ ਚੱਲਣ ਦਾ ਨਾਂਅ ਇਸਲਾਮ ਹੈ। ਇਸਲਾਮ ਧਰਮ ਹਜ਼ਰਤ ਆਦਮ (ਅਲੈ.) ਅਤੇ ਅੰਮਾਂ ਹੱਵਾ ਦੇ ਧਰਤੀ 'ਤੇ ਆਉਣ ਨਾਲ ਹੋਂਦ ਵਿਚ ਆਇਆ। ਹਜ਼ਰਤ ਆਦਮ (ਅਲੈ.) ਇਸਲਾਮ ਦੇ ਪਹਿਲੇ ਅਤੇ ਹਜ਼ਰਤ ਮੁਹੰਮਦ (ਸ.) ਆਖ਼ਰੀ ਪੈਗ਼ੰਬਰ ਕਹਿਲਾਏ।
ਜਿਵੇਂ ਕਿ ਹਰੇਕ ਧਰਮ ਦੇ ਕੁਝ ਬੁਨਿਆਦੀ ਸਿਧਾਂਤ/ਨਿਯਮ ਹੁੰਦੇ ਹਨ, ਉਸੇ ਤਰ੍ਹਾਂ ਹੀ ਇਸਲਾਮ ਧਰਮ ਦੀ ਇਮਾਰਤ ਵੀ ਪੰਜ ਥੰਮ੍ਹਾਂ 'ਤੇ ਸਥਿਤ ਹੈ। ਹਰੇਕ ਥੰਮ੍ਹ ਦੀ ਆਪਣੀ ਥਾਂ ਹੈ। ਇਹ ਸਿਧਾਂਤ/ਨਿਯਮ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਬਣਾ ਕੇ ਰਾਹ ਦਸੇਰੇ ਦਾ ਕੰਮ ਕਰਦੇ ਹਨ। ਜੇਕਰ ਪੰਜਾਂ ਵਿਚੋਂ ਕਿਸੇ ਵੀ ਥੰਮ੍ਹ ਵਿਚ ਕਮਜ਼ੋਰੀ ਆ ਜਾਵੇ ਤਾਂ ਉਹੀ ਥੰਮ੍ਹ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਹਰੇਕ ਸੱਚੇ-ਸੁੱਚੇ ਮੁਸਲਮਾਨ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣੇ ਰਹਿਣ ਵਾਲੇ ਇਹ ਥੰਮ੍ਹ, ਅਸੂਲ ਜਾਂ ਸਿਧਾਂਤ ਇਹ ਹਨ।
ਤੌਹੀਦ/ਈਮਾਨ : ਤੌਹੀਦ ਇਸਲਾਮ ਦੀ ਬੁਨਿਆਦ ਅਤੇ ਦਰਵਾਜ਼ਾ ਹੈ। ਤੌਹੀਦ ਦਾ ਅਰਥ ਹੈ ਕਿ ਅੱਲ੍ਹਾ ਇਕ ਹੈ ਅਤੇ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹਜ਼ਰਤ ਮੁਹੰਮਦ ਸਾਹਿਬ ਅੱਲ੍ਹਾ ਦੇ ਰਸੂਲ ਹਨ। ਇਸ ਦੇ ਨਾਲ ਹੀ ਹਰੇਕ ਮੁਸਲਮਾਨ ਲਈ ਅੱਲ੍ਹਾ, ਫ਼ਰਿਸ਼ਤਿਆਂ, ਰਸੂਲ ਅਤੇ ਕੁਰਾਨ ਉੱਪਰ ਈਮਾਨ ਲਿਆਉਣਾ ਲਾਜ਼ਮੀ ਹੈ।
ਨਮਾਜ਼ : ਨਮਾਜ਼ ਨੂੰ ਅਰਬੀ ਜ਼ਬਾਨ ਵਿਚ ਸਲਾਤ ਕਿਹਾ ਜਾਂਦਾ ਹੈ। ਸਲਾਤ ਤੋਂ ਭਾਵ ਹੈ 'ਝੁਕਣਾ'। ਨਮਾਜ਼ ਇਕ ਖ਼ਾਸ ਇਬਾਦਤ ਹੈ। ਇਸ ਲਈ ਨਮਾਜ਼ ਦਾ ਇਸਲਾਮ ਵਿਚ ਇੰਨਾ ਵੱਡਾ ਦਰਜਾ ਹੈ ਕਿ ਜਿਵੇਂ ਸਰੀਰ ਵਿਚ ਸਿਰ ਦਾ। ਹਰੇਕ ਮੁਸਲਮਾਨ ਲਈ ਦਿਨ ਵਿਚ ਨਿਰਧਾਰਤ ਕੀਤੇ ਗਏ ਵੱਖ-ਵੱਖ ਸਮਿਆਂ 'ਤੇ ਪੰਜ ਨਮਾਜ਼ਾਂ ਫ਼ਜ਼ਰ, ਜ਼ੁਹਰ, ਅਸਰ, ਮਗ਼ਰਿਬ ਤੇ ਇਸ਼ਾ ਕਾਅਬੇ ਵੱਲ ਮੂੰਹ ਕਰਕੇ ਪੜ੍ਹਨੀਆਂ ਜ਼ਰੂਰੀ ਹਨ। ਕੁਰਆਨ ਸ਼ਰੀਫ਼ ਵਿਚ ਵੀ ਸਭ ਤੋਂ ਜ਼ਿਆਦਾ ਨਮਾਜ਼ ਬਾਰੇ ਹੁਕਮ ਆਇਆ ਹੈ।
ਰੋਜ਼ਾ : ਇਸਲਾਮ ਵਿਚ ਤੌਹੀਦ ਅਤੇ ਨਮਾਜ਼ ਤੋਂ ਬਾਅਦ ਰੋਜ਼ੇ ਦਾ ਰੁਤਬਾ ਹੈ। 12 ਮਹੀਨਿਆਂ ਵਿਚੋਂ ਰਮਜ਼ਾਨ ਦੇ ਮਹੀਨੇ ਨੂੰ ਪਵਿੱਤਰ ਮਹੀਨਾ ਸਵੀਕਾਰਿਆ ਜਾਂਦਾ ਹੈ। ਇਸ ਮਹੀਨੇ ਪਹੁ ਫੁਟਾਲੇ ਤੋਂ ਲੈ ਕੇ ਸੂਰਜ ਛਿਪਣ ਤੱਕ ਕੁਝ ਵੀ ਨਾ ਖਾਣ-ਪੀਣ ਅਤੇ ਅਸ਼ਲੀਲ ਹਰਕਤਾਂ ਤੋਂ ਬਚਣ ਦਾ ਨਾਂਅ ਰੋਜ਼ਾ ਹੈ। ਰੋਜ਼ਾ ਵੀ ਨਮਾਜ਼ ਦੀ ਤਰ੍ਹਾਂ ਹਰੇਕ ਬਾਲਿਗ਼ ਮੁਸਲਮਾਨ ਮਰਦ/ਔਰਤ ਲਈ ਜ਼ਰੂਰੀ ਹੈ। ਰੋਜ਼ਾ ਸਿਰਫ਼ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣਾ ਹੀ ਨਹੀਂ, ਸਗੋਂ ਮਨ ਦੀ ਸ਼ੁੱਧਤਾ ਵੀ ਹੈ, ਜਿਵੇਂ ਅੱਖਾਂ ਦਾ ਰੋਜ਼ਾ ਕਿਸੇ ਨੂੰ ਗ਼ਲਤ ਨਿਗਾਹ ਨਾਲ ਨਹੀਂ ਦੇਖਣਾ, ਕੰਨਾਂ ਦਾ ਰੋਜ਼ਾ ਕਿਸੇ ਦੀ ਚੁਗਲੀ ਨਹੀਂ ਸੁਣਨੀ, ਜ਼ਬਾਨ ਦਾ ਰੋਜ਼ਾ ਕਿਸੇ ਦੀ ਬੁਰਾਈ ਨਹੀਂ ਕਰਨੀ, ਹੱਥਾਂ ਦਾ ਰੋਜ਼ਾ ਨਾਪ-ਤੋਲ ਪੂਰਾ ਕਰਨਾ ਆਦਿ।
ਜ਼ਕਾਤ : ਜ਼ਕਾਤ ਦੇ ਅਰਥ ਹਨ ਦਾਨ ਦੇਣਾ ਭਾਵ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹੈ। ਜ਼ਕਾਤ ਇਸਲਾਮ ਦਾ ਉਹ ਵਿਸ਼ੇਸ਼ ਨਿਯਮ/ਸਿਧਾਂਤ ਹੈ, ਜਿਸ ਨਾਲ ਮਾਇਆ ਨਾਲੋਂ ਮੋਹ ਘਟਦਾ ਹੈ ਅਤੇ ਦੂਜਿਆਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ। ਜ਼ਕਾਤ ਦਾ ਮਤਲਬ ਇਹ ਹੈ ਕਿ ਜਿਸ ਮੁਸਲਮਾਨ ਕੋਲ ਸਾਢੇ ਸੱਤ ਤੋਲੇ ਸੋਨਾ ਜਾਂ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਇਸ ਦੇ ਬਰਾਬਰ ਕੀਮਤ ਦਾ ਕਾਰੋਬਾਰ ਦਾ ਮਾਲ ਹੋਵੇ, ਉਸ ਲਈ ਜ਼ਰੂਰੀ ਹੈ ਕਿ ਉਸ ਦੀ ਪ੍ਰਚੱਲਤ ਕੀਮਤ 'ਤੇ ਢਾਈ ਫੀਸਦੀ ਹਿੱਸਾ ਗ਼ਰੀਬਾਂ, ਮਸਕੀਨਾਂ ਅਤੇ ਅਨਾਥਾਂ ਨੂੰ ਜ਼ਕਾਤ ਦੇਵੇ। ਕੁਰਆਨ ਮਜ਼ੀਦ ਵਿਚ ਵੀ ਥਾਂ-ਥਾਂ 'ਅਕੀ ਮੁੱਸਲਾਤ ਵ ਅਤਾ ਅੱਜ਼ਕਾਤ' ਭਾਵ 'ਨਮਾਜ਼ ਕਾਇਮ ਕਰੋ ਅਤੇ ਜ਼ਕਾਤ ਅਦਾ ਕਰੋ' ਦਾ ਜ਼ਿਕਰ ਆਉਂਦਾ ਹੈ।
ਹੱਜ : ਇਸਲਾਮ ਦਾ ਪੰਜਵਾਂ ਤੇ ਆਖ਼ਰੀ ਥੰਮ੍ਹ ਹੱਜ ਹੈ। ਹੱਜ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਤੋਂ ਭਾਵ ਨਿਸਚਿਤ ਦਿਨਾਂ 'ਚ ਨਿਰਧਾਰਤ ਨਿਯਮਾਂ ਅਨੁਸਾਰ ਆਪਣੇ ਮਾਲਕ-ਏ-ਹਕੀਕੀ ਦੇ ਦਰਬਾਰ ਮੱਕਾ ਅਤੇ ਮਦੀਨਾ 'ਚ ਹਾਜ਼ਰ ਹੋ ਕੇ ਕੁਝ ਇਬਾਦਤਾਂ, ਦੁਆਵਾਂ ਅਤੇ ਕਾਅਬੇ ਦਾ ਤਵਾਫ਼ (ਪਰਿਕਰਮਾ) ਕਰਨ ਦਾ ਨਾਂਅ ਹੱਜ ਹੈ।
ਹੱਜ ਰੱਬੀ ਇਸ਼ਕ ਅਤੇ ਸੱਚੀ ਮੁਹੱਬਤ ਦੀ ਨਿਸ਼ਾਨੀ ਹੈ। ਫ਼ਰਿਸ਼ਤਿਆਂ ਨੂੰ ਹੁਕਮ ਹੋਇਆ ਕਿ 'ਬੈਤ-ਉਲ-ਮਾਮੂਰ' ਦੇ ਹੇਠਾਂ ਇਬਾਦਤ ਦੇ ਲਈ ਇਕ ਘਰ ਤਿਆਰ ਕਰੋ, ਤਾਂ ਕਿ ਜ਼ਮੀਨੀ ਮਖ਼ਲੂਕ ਵੀ ਤਵਾਫ਼ ਕਰੇ। ਇਸ ਤਰ੍ਹਾਂ ਖ਼ਾਨਾ-ਕਾਅਬਾ ਦੀ ਤਾਮੀਰ ਹੋਈ। ਕਾਅਬਾ ਭਾਵ ਚੌਰਸ ਘਰ ਅਰਥਾਤ ਅੱਲਾਹ ਦਾ ਉਹ ਚੌਰਸ ਘਰ, ਜਿਸ ਦੇ ਸ਼ਬਦੀ ਅਰਥ ਬੁਲੰਦ ਅਤੇ ਉੱਚੇ ਦੇ ਹਨ। ਖ਼ਾਨਾ-ਕਾਅਬਾ ਦੇ ਚਾਰੋ ਕੋਨਿਆ ਦੇ ਨਾਂਅ ਹਨ : ਰੁਕਨ-ਏ-ਯਮਾਨੀ ਜੋ ਯਮਨ ਵੱਲ ਹੈ, ਰੁਕਨ-ਏ-ਸ਼ਾਮੀ ਜੋ ਸੀਰੀਆ ਵੱਲ ਹੈ, ਰੁਕਨ-ਏ-ਇਰਾਕੀ ਜੋ ਇਰਾਕ ਵੱਲ ਹੈ, ਮੀਜ਼ਬ-ਏ-ਰਹਿਮਤ ਜਿਧਰ ਖ਼ਾਨਾ-ਕਾਅਬਾ ਦਾ ਪਰਨਾਲਾ ਹੈ। ਡਾ: ਮੁਹੰਮਦ ਇਕਬਾਲ ਖ਼ਾਨਾ-ਕਾਅਬਾ ਦਾ ਜ਼ਿਕਰ ਕਰਦਿਆਂ ਲਿਖਦੇ ਹਨ :
'ਦੁਨੀਆ ਕੇ ਬੁਤਕਦੇ ਮੇਂ ਪਹਿਲਾ ਵੋਹ ਘਰ ਖ਼ੁਦਾ ਕਾ'
ਹੱਜ ਦਾ ਰੁਕਨ ਸਿਰਫ਼ ਸਮਰੱਥ ਮੁਸਲਮਾਨਾਂ (ਜੋ ਹੱਜ ਦੇ ਸਫ਼ਰ ਦਾ ਖ਼ਰਚ ਅਤੇ ਘਰ ਵਾਲਿਆਂ ਲਈ ਪ੍ਰਬੰਧ ਕਰ ਸਕਣ) ਲਈ ਜੀਵਨ 'ਚ ਇਕ ਵਾਰੀ ਅਦਾ ਕਰਨਾ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਜਿਸਮਾਨੀ ਤੌਰ 'ਤੇ ਹੱਜ ਕਰਨ ਤੋਂ ਅਸਮਰੱਥ ਹੈ ਪਰ ਉਸ ਦੇ ਕੋਲ ਲੋੜੀਂਦਾ ਧਨ ਹੈ ਤਾਂ ਉਹ ਉਸ ਧਨ ਨਾਲ ਕਿਸੇ ਗ਼ਰੀਬ ਦਾ ਹੱਜ ਕਰਵਾ ਸਕਦਾ ਹੈ। ਇਕੱਲੀਆਂ ਔਰਤਾਂ ਲਈ ਆਪਣੇ ਮਹਿਰਮ (ਨਜ਼ਦੀਕੀ ਰਿਸ਼ਤੇਦਾਰ, ਜਿਸ ਨਾਲ ਨਿਕਾਹ ਕਰਨਾ ਹਰਾਮ ਹੋਵੇ) ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਹੈ।
ਹੱਜ ਵਿਭਿੰਨ ਦੇਸ਼ਾਂ ਦੇ ਮੁਸਲਮਾਨਾਂ ਵਿਚਕਾਰ ਆਪਸੀ ਸਾਂਝ ਦਾ ਪ੍ਰਭਾਵਸ਼ਾਲੀ ਵਸੀਲਾ ਹੈ। ਇਸਲਾਮ ਅਨੁਸਾਰ ਹੱਜ ਨੌ ਹਿਜਰੀ ਨੂੰ ਫ਼ਰਜ਼ ਹੋਇਆ। ਮੁਸਲਮਾਨ ਜ਼ਿਲਹਿੱਜਾ (ਅਰਬੀ ਕੈਲੰਡਰ ਦੇ ਬਾਰ੍ਹਵੇਂ ਮਹੀਨੇ) ਨੂੰ ਮੱਕੇ ਸ਼ਹਿਰ ਵਿਖੇ ਜਾ ਕੇ ਹੱਜ ਦਾ ਫ਼ਰਜ਼ ਅਦਾ ਕਰਦੇ ਹਨ। ਛੋਟੇ ਹੱਜ ਨੂੰ ਉਮਰਾ ਕਿਹਾ ਜਾਂਦਾ ਹੈ। ਉਮਰਾ ਸਾਲ ਵਿਚ ਕਿਸੇ ਵੀ ਮਹੀਨੇ ਅਦਾ ਕੀਤਾ ਜਾ ਸਕਦਾ ਹੈ। ਪਰ ਇਹ ਅਸਲ ਹੱਜ ਦਾ ਬਦਲ ਨਹੀਂ ਹੈ। ਹੱਜ ਬਾਰੇ ਕੁਰਆਨ ਸ਼ਰੀਫ਼ ਵਿਚ ਅੱਲਾਹ ਦਾ ਇਰਸ਼ਾਦ ਹੈ :
'ਬੇਸ਼ੱਕ ਸਭ ਤੋਂ ਪਹਿਲੀ ਇਬਾਦਤਗਾਹ ਜੋ ਮਾਨਵਜਾਤੀ ਲਈ ਬਣਾਈ ਗਈ ਹੈ, ਉਹ ਉਹੀ ਹੈ ਜੋ ਮੱਕਾ ਵਿਖੇ ਹੈ। ਇਸ ਨੂੰ ਭਲਾਈ ਅਤੇ ਬਰਕਤ ਪ੍ਰਦਾਨ ਕੀਤੀ ਗਈ ਹੈ ਅਤੇ ਸਮੂਹ ਸੰਸਾਰ ਵਾਸੀਆਂ ਲਈ ਇਸ ਨੂੰ ਹਦਾਇਤ ਦਾ ਕੇਂਦਰ ਬਣਾਇਆ ਗਿਆ ਹੈ। ਲੋਕਾਂ ਉਪਰ ਖ਼ੁਦਾ ਦਾ ਹੱਕ ਹੈ ਕਿ ਜੋ ਇਸ ਘਰ (ਖ਼ਾਨਾ-ਕਾਅਬਾ) ਤੱਕ ਪਹੁੰਚਣ ਦੀ ਸਮਰੱਥਾ ਰੱਖਦਾ ਹੋਵੇ, ਉਹ ਇਸ ਦਾ ਹੱਜ ਕਰੇ, ਜੇਕਰ ਲੋਕ ਅਜਿਹਾ ਨਾ ਕਰਨ ਤਾਂ ਅੱਲਾਹ ਲੋਕਾਂ ਤੋਂ ਬੇਨਿਆਜ਼ ਹੈ।' (ਸੂਰਤ ਆਲ-ਏ-ਇਮਰਾਨ: 96-97)
ਹੱਜ/ਉਮਰਾ ਦੀ ਨੀਯਤ ਇਸ ਤਰ੍ਹਾਂ ਕੀਤੀ ਜਾਂਦੀ ਹੈ : 'ਅੱਲਾ-ਹੁੰਮਾ ਇੰਨੀ ਉਰੀਦੁਲ ਹੱਜ/ਉਮਰਾਤਾ ਫ਼ਾ ਯੱਸਿਰ ਹੂ ਲੀ ਵ ਤਾ ਕੱਬਾਲਾਹੁ ਮਿੰਨੀ' (ਅਰਥਾਤ ਐ ਅੱਲਾਹ! ਮੈਂ ਹੱਜ/ਉਮਰੇ ਦਾ ਇਰਾਦਾ ਕਰਦਾ ਹਾਂ, ਇਸ ਨੂੰ ਮੇਰੇ ਲਈ ਅਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ)।
ਹੱਜ ਕਰਨ ਸਮੇਂ ਹਾਜੀ ਆਪਣੇ ਜਿਸਮ ਦੇ ਉੱਪਰਲੇ ਅਤੇ ਹੇਠਲੇ ਭਾਗ ਨੂੰ ਢਕਣ ਲਈ ਅਹਿਰਾਮ ਦੀਆਂ ਦੋ ਚਾਦਰਾਂ ਦੀ ਵਰਤੋਂ ਕਰਦੇ ਹਨ। ਇਕ ਧੋਤੀ ਵਾਂਗ ਗੱਠ ਦਿੱਤੇ ਬਗ਼ੈਰ ਪਹਿਨੀ ਜਾਂਦੀ ਹੈ ਅਤੇ ਦੂਜੀ ਚਾਦਰ ਨੂੰ ਸਿਰ ਸਮੇਤ ਉਪਰ ਲੈ ਲਿਆ ਜਾਂਦਾ ਹੈ। ਅਹਿਰਾਮ ਦੀ ਹਾਲਤ 'ਚ ਨੀਯਤ ਕਰਨ ਤੋਂ ਬਾਅਦ ਹੇਠ ਲਿਖੀਆਂ ਗੱਲਾਂ ਦੀ ਮਨਾਹੀ ਹੈ। (ੳ) ਸਿਲਿਆ ਹੋਇਆ ਕੱਪੜਾ-ਸਿਰਫ਼ ਮਰਦਾਂ ਲਈ। (ਅ) ਸਿਰ ਅਤੇ ਚਿਹਰੇ ਦਾ ਨਾ ਢਕਣਾ-ਔਰਤਾਂ ਸਿਰਫ਼ ਮੂੰਹ ਨੰਗਾ ਰੱਖ ਸਕਦੀਆਂ ਹਨ। (ੲ) ਖ਼ੁਸ਼ਬੂ ਦਾ ਇਸਤੇਮਾਲ ਕਰਨਾ। (ਸ) ਖ਼ੁਸ਼ਕੀ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨਾ। (ਖ) ਪਤੀ-ਪਤਨੀ ਵਾਲੇ ਸਬੰਧ।
ਅਹਿਰਾਮ ਪਹਿਨਣ ਤੋਂ ਬਾਅਦ ਮਰਦ ਉੱਚੀ ਅਤੇ ਔਰਤਾਂ ਧੀਮੀ ਆਵਾਜ਼ ਵਿਚ ਤਲਬੀਆ (ਇਕ ਵਿਸ਼ੇਸ਼ ਜ਼ਿਕਰ) ਪੜ੍ਹਦੇ ਹਨ : 'ਲੱਬੈਕ ਅੱਲਾ-ਹੁੰਮਾ ਲੱਬੈਕ, ਲੱਬੈਕਾ ਲਾ ਸ਼ਰੀਕਾ ਲਾਕਾ ਲੱਬੈਕ, ਇੰਨਲ ਹਮਦਾ ਵੰਨਿਅਮਤਾ ਲਾਕਾ ਵਲ ਮੁਲਕ, ਲਾ ਸ਼ਰੀਕਾ ਲਕ' (ਅਰਥਾਤ ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੇਰਾ ਕੋਈ ਸ਼ਰੀਕ ਨਹੀਂ, ਬੇਸ਼ੱਕ ਸਾਰੀਆਂ ਤਾਰੀਫ਼ਾਂ ਅਤੇ ਨਿਅਮਤਾਂ ਤੇਰੇ ਲਈ ਹੀ ਹਨ ਅਤੇ ਸਾਰੀ ਬਾਦਸ਼ਾਹੀ ਵੀ, ਤੇਰਾ ਕੋਈ ਸ਼ਰੀਕ ਨਹੀਂ)।
ਇਸੇ ਹਾਲਤ ਵਿਚ ਉਪਰੋਕਤ ਜ਼ਿਕਰ ਕਰਦਿਆਂ ਮੱਕਾ ਸ਼ਰੀਫ਼ ਜਾਇਆ ਜਾਂਦਾ ਹੈ। ਮੱਕਾ ਸ਼ਰੀਫ਼ ਪਹੁੰਚ ਕੇ ਖ਼ਾਨਾ-ਕਾਅਬਾ 'ਤੇ ਪਹਿਲੀ ਨਜ਼ਰ ਪੈਂਦਿਆ ਹੀ ਰੋ-ਰੋ ਕੇ ਦੁਆਵਾਂ ਕੀਤੀਆ ਜਾਂਦੀਆਂ ਹਨ। ਦੁਆ ਤੋਂ ਬਾਅਦ ਅੱਗੇ ਵਧ ਕੇ ਮੁਤਾਫ਼ (ਜਿੱਥੇ ਤਵਾਫ਼ ਕੀਤਾ ਜਾਂਦਾ ਹੈ) 'ਚ ਦਾਖ਼ਲ ਹੋਇਆ ਜਾਂਦਾ ਹੈ। ਪਵਿੱਤਰ ਖ਼ਾਨਾ-ਕਾਅਬਾ ਦੀ ਇਕ ਦੀਵਾਰ ਵਿਚ ਇਕ ਪੱਥਰ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸੰਗ-ਏ-ਅਸਵਦ ਕਿਹਾ ਜਾਂਦਾ ਹੈ ਅਤੇ ਪੂਰਬ ਵੱਲ ਸੰਗ-ਏ-ਅਸਵਦ ਦੀ ਸੇਧ 'ਚ ਇਕ ਪੱਟੀ ਫ਼ਰਸ਼ 'ਤੇ ਬਣੀ ਹੋਈ ਹੈ। ਹਾਜੀਆਂ ਵਲੋਂ ਇਸ ਪੱਟੀ 'ਤੇ ਖੜ੍ਹ ਕੇ ਖ਼ਾਨਾ-ਕਾਅਬਾ ਦੇ ਸੱਤ ਚੱਕਰਾਂ ਦੀ ਨੀਯਤ ਕੀਤੀ ਜਾਂਦੀ ਹੈ।
'ਐ ਅੱਲਾਹ! ਮੈਂ ਤੇਰੇ ਘਰ ਦੇ ਤਵਾਫ਼ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਮੇਰੇ ਲਈ ਅਸਾਨ ਫ਼ਰਮਾ ਅਤੇ ਕਬੂਲ ਫ਼ਰਮਾ।' ਇਸ ਪਿੱਛੋਂ ਬਿਸਮਿੱਲਾਹੀ ਅੱਲਾਹੂ ਅਕਬਰ' (ਸ਼ੁਰੂ ਅੱਲਾਹ ਦੇ ਨਾਂਅ ਨਾਲ ਜੋ ਸਭ ਤੋਂ ਵੱਡਾ ਹੈ) ਕਹਿ ਕੇ ਸਿੱਧੇ ਹੱਥ ਪੱਥਰ ਭਾਵ ਹਜਰ-ਏ-ਅਸਵਦ ਵੱਲ ਚੁੱਕ ਕੇ ਚੁੰਮ ਲਏ ਜਾਂਦੇ ਹਨ ਅਤੇ ਤੀਸਰਾ ਕਲਮਾ ਪੜ੍ਹ ਕੇ ਤਵਾਫ਼ ਸ਼ੁਰੂ ਕਰ ਦਿੱਤਾ ਜਾਂਦਾ ਹੈ। ਭਾਵੇਂ ਤਵਾਫ਼ ਸਾਰੇ ਧਰਮਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਕੀਤਾ ਜਾਂਦਾ ਹੈ ਪਰ ਇੱਥੇ ਇਹ (ਪਰਿਕਰਮਾ) ਤਵਾਫ਼ ਕਰਦਿਆਂ ਦਿਲ ਵਾਲੀ ਸਾਈਡ ਅਰਥਾਤ ਖੱਬਾ ਪਾਸਾ, ਖ਼ਾਨਾ-ਕਾਅਬਾ ਵੱਲ ਰਹਿਣਾ ਜ਼ਰੂਰੀ ਹੈ। ਰੁਕਨ-ਏ-ਯਮਾਨੀ ਕੋਲ ਜਾ ਕੇ ਇਹ ਦੁਆ ਪੜ੍ਹੀ ਜਾਂਦੀ ਹੈ : 'ਰੱਬਾ-ਨਾ-ਆਤਿ-ਨਾ ਫ਼ਿੱਦੁਨੀਆ ਹਾਸਾ-ਨਾ ਤੰਵ ਵ ਫ਼ਿਲ ਆਖ਼ਿਰਾਤੀ-ਹਾਸਾਨਾਤੰਵ ਵਕਿਨਾ ਅਜ਼ਾਬੰਨਾਰ, ਯਾ ਅਜ਼ੀਜ਼ੋ ਯਾ ਗ਼ੱਫ਼ਾਰ ਯਾ ਰੱਬ-ਇਲ ਆਲਾਮੀਨ। ਆਦਮੀਆਂ ਨੂੰ ਪਹਿਲੇ ਤਿੰਨ ਚੱਕਰ ਕੁਝ ਤੇਜ਼ੀ ਨਾਲ ਚੱਲ ਕੇ ਲਾਉਣੇ ਪੈਂਦੇ ਹਨ, ਜਿਸ ਨੂੰ ਰਮਲ ਆਖਦੇ ਹਨ।
ਹੱਜ ਦੇ ਫ਼ਰਜ਼ ਇਸ ਪ੍ਰਕਾਰ ਹਨ : ਦਿਲੋਂ ਨੀਯਤ ਕਰਕੇ ਤਲਬੀਆ (ਲੱਬੈਕ) ਅੰਤ ਤੱਕ ਪੜ੍ਹਨਾ, ਅਹਿਰਾਮ ਪਹਿਨਣਾ, ਨੌਂ ਜ਼ਿਲਹਿੱਜਾ ਨੂੰ ਸੂਰਜ ਢਲਣ (ਦੁਪਹਿਰ ਤੋਂ ਬਾਅਦ) ਅਰਫ਼ਾਤ 'ਚ ਠਹਿਰਨਾ, ਤਵਾਫ਼-ਏ-ਜ਼ਿਆਰਤ, ਮੁਜ਼ਦਲਿਫ਼ਾ ਵਿਖੇ ਠਹਿਰਨਾ, ਸਫ਼ਾ ਮਰਵ੍ਹਾ ਦਰਮਿਆਨ ਸਈ ਕਰਨਾ, ਕੰਕਰੀਆਂ ਮਾਰਨੀਆਂ, ਕੁਰਬਾਨੀ ਕਰਨਾ, ਸਿਰ ਦੇ ਵਾਲ ਕਟਵਾਉਣਾ ਜਾਂ ਮੁੰਨਵਾਉਣਾ, ਤਵਾਫ਼-ਏ-ਵਿਦਾ ਕਰਨਾ।
ਤਵਾਫ਼ ਤੋਂ ਬਾਅਦ ਸਈ (ਭਾਵ ਸਫ਼ਾ ਮਰਵ੍ਹਾ ਪਹਾੜੀਆਂ ਵਿਚਕਾਰ ਸੱਤ ਚੱਕਰ ਲਾਉਣਾ) ਕੀਤੀ ਜਾਂਦੀ ਹੈ, ਜਿਸ ਦੀ ਨੀਯਤ ਇਸ ਤਰ੍ਹਾਂ ਕੀਤੀ ਜਾਂਦੀ ਹੈ : ਐ ਅੱਲਾਹ! ਮੈਂ ਆਪ ਦੀ ਖ਼ੁਸ਼ੀ ਦੇ ਲਈ ਸਫ਼ਾ ਮਰਵ੍ਹਾ ਦੇ ਵਿਚਕਾਰ ਸਈ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਇਸ ਨੂੰ ਮੇਰੇ ਲਈ ਆਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ। ਸਫ਼ਾ ਪਹਾੜੀ 'ਤੇ ਚੜ੍ਹ ਕੇ ਖ਼ਾਨਾ-ਕਾਅਬਾ ਵੱਲ ਨੂੰ ਮੂੰਹ ਕਰਕੇ ਉਪਰੋਕਤ ਨੀਯਤ ਕੀਤੀ ਜਾਂਦੀ ਹੈ। ਦਰੂਦ ਸ਼ਰੀਫ਼ ਪੜ੍ਹ ਕੇ ਖੜ੍ਹੇ-ਖੜ੍ਹੇ ਹੀ ਦੁਆ ਕੀਤੀ ਜਾਂਦੀ ਹੈ। ਸਫ਼ਾ ਤੋਂ ਮਰਵ੍ਹਾ ਰੱਬ ਦਾ ਜ਼ਿਕਰ ਕਰਦਿਆਂ ਚਲਿਆ ਜਾਂਦਾ ਹੈ। ਜਦੋਂ ਹਰੀਆਂ ਲਾਈਟਾਂ ਵਾਲੇ ਥਮਲੇ ਆ ਜਾਂਦੇ ਹਨ ਤਾਂ ਆਦਮੀ ਇਨ੍ਹਾਂ ਵਿਚਕਾਰ ਕੁਝ ਤੇਜ਼ੀ ਨਾਲ ਦੌੜਦੇ ਹੋਏ ਗੁਜ਼ਰਦੇ ਹਨ। ਇਨ੍ਹਾਂ ਥਮਲਿਆਂ ਵਿਚਕਾਰ ਇਹ ਦੁਆ ਪੜ੍ਹੀ ਜਾਂਦੀ ਹੈ : ਐ ਅੱਲਾਹ! ਮੇਰੇ ਗੁਨਾਹਾਂ ਨੂੰ ਮੁਆਫ਼ ਫ਼ਰਮਾ, ਰਹਿਮ ਫ਼ਰਮਾ, ਤੂੰ ਬਹੁਤ ਹੀ ਇੱਜ਼ਤ ਵਾਲਾ ਤੇ ਕਰਮ ਫ਼ਰਮਾਉਣ ਵਾਲਾ ਹੈ।
ਜ਼ਿਕਰ ਕਰਦਿਆਂ ਮਰਵ੍ਹਾ ਪਹਾੜੀ 'ਤੇ ਪਹੁੰਚ ਕੇ ਤਿੰਨ ਵਾਰੀ ਅੱਲਾਹੁ ਅਕਬਰ (ਐ ਅੱਲਾਹ! ਤੂੰ ਸਭ ਤੋਂ ਵੱਡਾ ਹੈ) ਪੜ੍ਹਿਆ ਜਾਂਦਾ ਹੈ। ਚੌਥਾ ਕਲਮਾ ਅਤੇ ਦਰੂਦ ਸ਼ਰੀਫ਼ ਪੜ੍ਹ ਕੇ ਦੁਆ ਮੰਗੀ ਜਾਂਦੀ ਹੈ। ਇਸ ਤਰ੍ਹਾਂ ਮਰਵ੍ਹਾ ਤੋਂ ਸਫ਼ਾ ਵੱਲ ਚਲਿਆ ਜਾਂਦਾ ਹੈ। ਇੰਜ ਕਰਦਿਆਂ ਸੱਤਵਾਂ ਚੱਕਰ ਮਰਵ੍ਹਾ 'ਤੇ ਆ ਕੇ ਪੂਰਾ ਹੋ ਜਾਂਦਾ ਹੈ। ਦੁਆ ਮੰਗਣ ਤੋਂ ਬਾਅਦ ਸਈ ਮੁਕੰਮਲ ਹੋ ਜਾਂਦੀ ਹੈ। ਸਈ ਪਿੱਛੋਂ ਅੱਠ ਜ਼ਿਲਹਿੱਜਾ ਨੂੰ ਸਾਰੇ ਹਾਜੀ ਮਿਨਾ ਦੇ ਖੁੱਲ੍ਹੇ-ਡੁੱਲ੍ਹੇ ਟੈਂਟਾਂ ਦੇ ਮੈਦਾਨ 'ਚ ਚਲੇ ਜਾਂਦੇ ਹਨ। ਨੌ ਜ਼ਿਲਹਿੱਜਾ ਨੂੰ ਸਾਰੇ ਹਾਜੀ ਵਕੂਫ਼-ਏ-ਅਰਫ਼ਾਤ ਲਈ ਅਰਫ਼ਾਤ ਦੇ ਮੈਦਾਨ ਵੱਲ ਨੂੰ ਚੱਲ ਪੈਂਦੇ ਹਨ। ਫ਼ਜਰ ਦੀ ਨਮਾਜ਼ ਪੜ੍ਹ ਕੇ ਲੋਕ ਦੁਆ ਇਸਤਗ਼ਫ਼ਾਰ 'ਚ ਮਸ਼ਰੂਫ਼ ਰਹਿੰਦੇ ਹਨ। ਇਹ ਹੱਜ ਦਾ ਖ਼ਾਸ ਦਿਨ ਹੁੰਦਾ ਹੈ।
ਦਸ ਜ਼ਿਲਹਿੱਜਾ ਨੂੰ ਮਿਨਾ ਪਹੁੰਚ ਕੇ ਪਹਿਲਾਂ ਵੱਡੇ ਸ਼ੈਤਾਨ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ। ਇਸ ਪਿੱਛੋਂ ਕੁਰਬਾਨੀ ਕੀਤੀ ਜਾਂਦੀ ਹੈ। ਵਾਲ ਕਟਵਾ ਜਾਂ ਮੁੰਨਵਾ ਲਏ ਜਾਂਦੇ ਹਨ। ਔਰਤਾਂ (ਸਿਰਫ਼ ਇਕ ਉਂਗਲੀ ਦੀ ਮੋਟਾਈ ਬਰਾਬਰ) ਸਿਰ ਦੇ ਕਿਸੇ ਹਿੱਸੇ 'ਚੋਂ ਆਪ ਜਾਂ ਕਿਸੇ ਹੋਰ ਔਰਤ ਤੋਂ ਵਾਲ ਕਟਵਾ ਲੈਂਦੀਆਂ ਹਨ। ਇਸ ਉਪਰੰਤ ਨਹਾ ਕੇ ਆਪਣੇ ਸੀਤੇ ਹੋਏ ਕੱਪੜੇ ਪਹਿਨ ਲਏ ਜਾਂਦੇ ਹਨ।
ਇਸੇ ਸ਼ਾਮ ਮੱਕਾ ਸ਼ਰੀਫ਼ ਪਹੁੰਚ ਕੇ ਤਵਾਫ਼-ਏ-ਜ਼ਿਆਰਤ ਕੀਤਾ ਜਾਂਦਾ ਹੈ। ਇਸ ਦਿਨ ਸਮਾਂ ਨਾ ਮਿਲੇ ਤਾਂ ਅਗਲੀ ਸਵੇਰ ਭਾਵ ਗਿਆਰਾਂ ਜ਼ਿਲਹਿੱਜਾ ਨੂੰ ਜਾਇਆ ਜਾ ਸਕਦਾ ਹੈ। ਤਵਾਫ਼ ਅਤੇ ਸਈ ਕਰਕੇ ਫ਼ਿਰ ਮਿਨਾ 'ਚ ਆ ਕੇ ਦੁਪਹਿਰ ਤੋਂ ਬਾਅਦ ਤਿੰਨ ਛੋਟੇ, ਮੰਝਲੇ ਅਤੇ ਵੱਡੇ ਸ਼ੈਤਾਨਾਂ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ ਤੇ ਫ਼ਿਰ ਰਾਤ ਇਥੇ ਮਿਨਾ 'ਚ ਹੀ ਗੁਜ਼ਾਰੀ ਜਾਂਦੀ ਹੈ। ਬਾਰ੍ਹਾਂ ਜ਼ਿਲਹਿੱਜਾ ਨੂੰ ਦੁਪਹਿਰ ਤੋਂ ਬਾਅਦ ਤਿੰਨੇ ਸ਼ੈਤਾਨਾਂ ਦੇ ਪਹਿਲੇ ਦਿਨ ਵਾਂਗ ਤਰਤੀਬਵਾਰ ਸੱਤ-ਸੱਤ ਕੰਕਰੀਆਂ ਮਾਰ ਕੇ ਮੱਕਾ ਸ਼ਰੀਫ਼ ਵੱਲ ਨੂੰ ਮੋੜਾ ਪਾ ਲਿਆ ਜਾਂਦਾ ਹੈ। ਇਸ ਰਸਮ ਉਪਰੰਤ ਹੱਜ ਦਾ ਫ਼ਰਜ਼ ਪੂਰਾ ਹੋ ਜਾਂਦਾ ਹੈ।
ਮਦੀਨਾ ਸ਼ਰੀਫ਼ ਜਾਣ ਤੋਂ ਪਹਿਲਾਂ ਤਵਾਫ਼-ਏ-ਵਿਦਾ ਕੀਤਾ ਜਾਂਦਾ ਹੈ। ਬਸ ਇਹ ਖ਼ਾਨਾ-ਕਾਅਬਾ 'ਚ ਇਸ ਸਫ਼ਰ ਦੀਆਂ ਆਖ਼ਰੀ ਪੈੜਾਂ ਹੁੰਦੀਆਂ ਹਨ, ਆਖਰੀ ਦੀਦਾਰ ਹੁੰਦਾ ਹੈ। ਇਸ ਪਿੱਛੋਂ ਹਾਜੀਆਂ ਨੂੰ ਮਦੀਨਾ ਸ਼ਰੀਫ਼ ਪਹੁੰਚਾ ਦਿੱਤਾ ਜਾਂਦਾ ਹੈ। ਮਦੀਨਾ ਪਹੁੰਚਦਿਆਂ ਰਸਤੇ 'ਚ ਥਾਂ-ਥਾਂ ਹਾਜੀਆਂ ਨੂੰ ਤੋਹਫ਼ੇ-ਸੌਗ਼ਾਤਾਂ ਦੇ ਕੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਮਦੀਨੇ ਪਹੁੰਚ ਕੇ ਸਭ ਤੋਂ ਪਹਿਲਾਂ ਮਸਜਿਦ-ਏ-ਨਬਵੀ ਵਿਖੇ ਜਾਇਆ ਜਾਂਦਾ ਹੈ। ਨਮਾਜ਼ ਦਾ ਸਮਾਂ ਹੋਵੇ ਤਾਂ ਨਮਾਜ਼ ਪੜ੍ਹ ਲਈ ਜਾਂਦੀ ਹੈ ਵਰਨਾ ਸ਼ੁਕਰਾਨੇ ਵਜੋਂ ਦੋ ਨਫ਼ਲ ਪੜ੍ਹ ਲਏ ਜਾਂਦੇ ਹਨ। ਇਸ ਪਿੱਛੋਂ ਹਜ਼ਰਤ ਮੁਹੰਮਦ (ਸ.) ਦੇ ਰੋਜ਼ੇ 'ਤੇ ਜਾ ਕੇ ਦੁਆ ਅਤੇ ਸਲਾਮ ਆਖਿਆ ਜਾਂਦਾ ਹੈ, ਜੋ ਇਸ ਪ੍ਰਕਾਰ ਹੈ :
ਅੱਸਲਾਤੂ ਵੱਸਲਾਮੁ ਅਲੈਕਾ ਯਾ ਰਸੂਲ ਅੱਲਾਹ
ਅੱਸਲਾਤੂ ਵੱਸਲਾਮੁ ਅਲੈਕਾ ਯਾ ਨਬੀ ਅੱਲਾਹ।
ਅੱਸਲਾਤੂ ਵੱਸਲਾਮੁ ਅਲੈਕਾ ਯਾ ਹਬੀਬ ਅੱਲਾਹ
(ਅਰਥਾਤ ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਰਸੂਲ 'ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਨਬੀ 'ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਪਿਆਰੇ ਦੋਸਤ 'ਤੇ)
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਹੱਜ ਮੱਕਾ ਵਿਖੇ ਹੋਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਹੁੰਦਾ ਹੈ। ਦੁਨੀਆ ਭਰ ਦੇ ਇਸ ਵਿਸ਼ਾਲ ਇਕੱਠ 'ਚ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਲੋਕ ਹੁੰਦੇ ਹਨ। ਇਨ੍ਹਾਂ ਹਾਜੀਆਂ ਦੀਆਂ ਬੋਲੀਆਂ ਵੱਖਰੀਆਂ, ਅੰਦਾਜ਼ ਵੱਖਰੇ, ਮਿਜਾਜ਼ ਵੱਖਰੇ, ਲਿਬਾਸ ਵੱਖਰੇ, ਚਿਹਰੇ ਵੱਖਰੇ-ਵੱਖਰੇ ਹੋਣ ਦੇ ਬਾਵਜੂਦ ਕੋਈ ਭੇਦ-ਭਾਵ ਮਹਿਸੂਸ ਨਹੀਂ ਹੁੰਦਾ ਅਤੇ ਹਰ ਵਰਗ ਤੇ ਹਰ ਨਸਲ ਦੇ ਬੰਦੇ ਇਕ-ਦੂਜੇ ਨੂੰ ਮਿਲ ਕੇ ਆਪਸੀ ਪਿਆਰ-ਮੁਹੱਬਤ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ।


-ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 98149-60259

ਪੰਜਾਬੀ ਸੱਭਿਆਚਾਰ ਦਾ ਹਿੱਸਾ ਗੋਰਖ ਨਾਥ ਅਤੇ ਟਿੱਲਾ ਜੋਗੀਆਂ

ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿੱਧੀਆਂ-ਸਿੱਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਹੀਰ-ਰਾਂਝਾ ਅਤੇ ਪੂਰਨ ਭਗਤ ਦੇ ਕਿੱਸਿਆਂ ਵਿਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਹੀਰ-ਰਾਂਝੇ ਦੀ ਘਟਨਾ 16ਵੀਂ ਸਦੀ ਵਿਚ ਹੋਈ ਹੈ ਤੇ ਪੂਰਨ ਭਗਤ ਦੀ ਦੂਸਰੀ ਸਦੀ ਵਿਚ। ਲੱਗਦਾ ਹੈ ਕਿ ਰਾਂਝੇ ਅਤੇ ਪੂਰਨ ਭਗਤ ਨੂੰ ਕੋਈ ਹੋਰ ਨਾਥ ਯੋਗੀ ਮਿਲੇ ਹੋਣਗੇ।
ਗੋਰਖ ਨਾਥ ਦੀ ਜਨਮ ਤਾਰੀਖ ਬਾਰੇ ਕੁਝ ਪੱਕਾ ਨਹੀਂ ਹੈ ਪਰ ਇਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸ ਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਯੋਗੀ ਸੀ ਤੇ ਨਾਥ ਯੋਗੀਆਂ ਦੇ ਡੇਰੇ ਅਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ। ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨਿਪਾਲ ਵਿਚ ਫੈਲੇ ਹੋਏ ਹਨ। ਉਨ੍ਹਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੰਨਫਟੇ ਕਿਹਾ ਜਾਂਦਾ ਹੈ। ਯੂ.ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਅਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ਡੇਰਾ ਭਾਰਤ ਵਿਚ ਸਭ ਤੋਂ ਵੱਡਾ ਗੋਰਖ ਨਾਥੀ ਮੰਦਰ ਅਤੇ ਡੇਰਾ ਹੈ। ਗੋਰਖ ਨਾਥ ਨੂੰ ਮਹਾਂਯੋਗੀ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਸਿੱਖਿਆਵਾਂ ਦੁਆਰਾ ਸੁੱਚਾ ਜੀਵਨ ਬਿਤਾਉਣ, ਬ੍ਰਹਮਚਾਰੀ ਰਹਿਣ, ਯੋਗ ਕਰਨ, ਸਮਾਧੀ ਲਗਾਉਣ ਅਤੇ ਦੂਸਰਿਆਂ ਦੀ ਸੇਵਾ ਕਰਨ ਦਾ ਪ੍ਰਚਾਰ ਕੀਤਾ। ਉਸ ਦਾ ਜ਼ਿਆਦਾਤਰ ਪ੍ਰਭਾਵ ਪੇਂਡੂ ਇਲਾਕਿਆਂ ਵਿਚ ਹੈ।
ਭਗਤ ਕਬੀਰ ਦੇ ਦੋਹਿਆਂ ਵਿਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਭਗਤ ਕਬੀਰ ਤੋਂ ਪਹਿਲਾਂ ਹੋਇਆ ਹੋਵੇਗਾ। ਗੋਰਖ ਨਾਥ ਸਮੇਂ ਸ਼ੈਵਾਂ (ਸ਼ਿਵ ਭਗਵਾਨ ਨੂੰ ਮੰਨਣ ਵਾਲੇ) ਅਤੇ ਵੈਸ਼ਣਵਾਂ (ਵਿਸ਼ਣੂ ਭਗਵਾਨ ਨੂੰ ਮੰਨਣ ਵਾਲੇ) ਵਿਚ ਬਹੁਤ ਝਗੜੇ ਚੱਲਦੇ ਸਨ। ਗੋਰਖ ਨਾਥ ਨੇ ਅਦਵੈਤ ਵੇਦਾਂਤ ਦਾ ਪ੍ਰਚਾਰ ਕੀਤਾ ਕਿ ਇਹ ਝਗੜਾ ਫਜ਼ੂਲ ਹੈ। ਦੋਵੇਂ ਦੇਵਤੇ ਰੱਬ ਦਾ ਰੂਪ ਹਨ, ਕਿਸੇ ਦੀ ਵੀ ਭਗਤੀ ਕੀਤੀ ਜਾ ਸਕਦੀ ਹੈ। ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ। ਪਰ ਇਸ ਦਾ ਜੋ ਪ੍ਰਚਾਰ-ਪ੍ਰਸਾਰ ਗੋਰਖ ਨਾਥ ਅਧੀਨ ਹੋਇਆ, ਉਹ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਕਦੇ ਬਾਅਦ ਵਿਚ ਹੋ ਸਕਿਆ। ਲੋਕਾਂ ਨੂੰ ਗਿਆਨ ਦੇਣ ਲਈ ਗੋਰਖ ਨਾਥ ਨੇ ਦੂਰ-ਦੂਰ ਤੱਕ ਯਾਤਰਾ ਕੀਤੀ। ਉਸ ਨੇ ਪੰਜਾਬ, ਨਿਪਾਲ, ਸਿੰਧ, ਯੂ.ਪੀ., ਉੱਤਰਾਖੰਡ, ਆਸਾਮ, ਤ੍ਰਿਪੁਰਾ, ਬੰਗਾਲ, ਉੜੀਸਾ, ਗੁਜਰਾਤ, ਮਹਾਰਾਸ਼ਟਰ, ਕਰਨਾਟਕ ਅਤੇ ਸ੍ਰੀਲੰਕਾ ਤੱਕ ਜਾ ਕੇ ਲੋਕਾਂ ਨੂੰ ਗਿਆਨ ਵੰਡਿਆ। ਉਸ ਦੀਆਂ ਯਾਤਰਾਵਾਂ ਵਾਲੀਆਂ ਥਾਵਾਂ 'ਤੇ ਅਨੇਕਾਂ ਮੰਦਰ ਅਤੇ ਡੇਰੇ ਬਣੇ ਹੋਏ ਹਨ। ਹੱਠ ਯੋਗ ਦੀ ਪਰੰਪਰਾ ਵੀ ਗੋਰਖ ਨਾਥ ਅਤੇ ਉਸ ਦੇ ਗੁਰੂ ਮਛਿੰਦਰ ਨਾਥ ਤੋਂ ਚੱਲੀ ਹੈ। ਨਿਪਾਲ ਵਿਚ ਗੋਰਖ ਨਾਥ ਦੀ ਬਹੁਤ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਗੋਰਖਾ ਨਾਮ, ਗੋਰਖ ਨਾਥ ਤੋਂ ਹੀ ਸ਼ੁਰੂ ਹੋਇਆ ਸੀ। ਉਸ ਦੇ ਨਾਂਅ 'ਤੇ ਨਿਪਾਲ ਦੇ ਇਕ ਜ਼ਿਲ੍ਹੇ ਦਾ ਨਾਂਅ ਗੋਰਖਾ ਰੱਖਿਆ ਹੋਇਆ ਹੈ, ਜਿੱਥੇ ਇਕ ਗੁਫਾ ਵਿਚ ਗੋਰਖ ਨਾਥ ਦੇ ਪੈਰਾਂ ਦੇ ਚਿੰਨ੍ਹ ਬਣੇ ਹੋਏ ਹਨ। ਇਕ ਮੰਦਰ ਵੀ ਹੈ, ਜਿਸ ਵਿਚ ਉਸ ਦੀ ਮੂਰਤੀ ਹੈ। ਉਥੇ ਉਸ ਦੀ ਯਾਦ ਵਿਚ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਨੂੰ ਨਿਪਾਲ ਦਾ ਰਾਸ਼ਟਰ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਤਸਵੀਰ ਕਈ ਨਿਪਾਲੀ ਕਰੰਸੀ ਨੋਟਾਂ ਅਤੇ ਸਿੱਕਿਆਂ 'ਤੇ ਛਪੀ ਹੋਈ ਮਿਲਦੀ ਹੈ।
ਗੋਰਖ ਨਾਥ ਦੀ ਭਗਤੀ ਸਾਹਿਤ ਨੂੰ ਵੱਡੀ ਦੇਣ ਹੈ। ਉਸ ਨੇ ਕਈ ਗ੍ਰੰਥ ਲਿਖੇ ਹਨ। ਇਨ੍ਹਾਂ ਵਿਚ ਗੋਰਕਸ਼ਾ ਸੰਹਿਤਾ, ਗੋਰਕਸ਼ਾ ਗੀਤਾ, ਸਿੱਧ ਸਿਧਾਂਤ ਪੱਦਤੀ, ਯੋਗ ਮਾਰਤੰਡ, ਯੋਗ ਸਿਧਾਂਤ ਬੀਜ ਅਤੇ ਯੋਗ ਚਿੰਤਾਮਣੀ ਸ਼ਾਮਿਲ ਹਨ। ਉਸ ਦੇ ਪ੍ਰਲੋਕ ਗਮਨ ਬਾਰੇ ਇਤਿਹਾਸ ਚੁੱਪ ਹੈ ਕਿ ਕਿਵੇਂ ਤੇ ਕਿੱਥੇ ਹੋਇਆ।
ਟਿੱਲਾ ਯੋਗੀਆਂ : ਪੰਜਾਬੀ ਗਾਣਿਆਂ ਵਿਚ ਵਾਰ-ਵਾਰ ਗੂੰਜਣ ਵਾਲਾ ਪ੍ਰਸਿੱਧ ਮੰਦਰ ਟਿੱਲਾ ਯੋਗੀਆਂ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਖੇ (ਜ਼ਿਲ੍ਹਾ ਜੇਹਲਮ, ਪੰਜਾਬ) ਲੂਣ ਦੀਆਂ ਪਹਾੜੀਆਂ ਵਿਚ 3200 ਫੁੱਟ ਦੀ ਉੱਚਾਈ 'ਤੇ ਸਥਿਤ ਹੈ। ਇਹ ਜੇਹਲਮ ਦਰਿਆ ਦੇ ਕਿਨਾਰੇ, ਜੇਹਲਮ ਸ਼ਹਿਰ ਤੋਂ 25 ਕਿ: ਮੀ: ਪੱਛਮ ਵੱਲ ਹੈ। ਇਸ ਮੰਦਰ ਦੀ ਸਥਾਪਨਾ 9ਵੀਂ ਸਦੀ ਵਿਚ ਹਿੰਦੂਸ਼ਾਹੀ ਰਾਜ ਦੌਰਾਨ ਗੋਰਖ ਨਾਥ ਦੁਆਰਾ ਕੀਤੀ ਗਈ ਸੀ। ਇਹ 1947 ਤੱਕ ਪੰਜਾਬ ਵਿਚ ਨਾਥ ਯੋਗੀਆਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ। ਮੁਗ਼ਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੇ ਵੀ ਇਸ ਦੀ ਯਾਤਰਾ ਕੀਤੀ ਸੀ। ਅਕਬਰ ਦੇ ਵੇਲੇ ਇਥੇ ਯੋਗੀ ਬਾਲ ਨਾਥ ਮਹੰਤ ਸੀ। ਸ਼ਾਇਦ ਇਸੇ ਬਾਲ ਨਾਥ ਨੇ ਰਾਂਝੇ ਨੂੰ ਯੋਗ ਦਿੱਤਾ ਹੋਵੇਗਾ। ਇਸ ਯਾਤਰਾ ਬਾਰੇ ਅਕਬਰ ਦੇ ਜੀਵਨੀਕਾਰ ਅਬੁਲ ਫਜ਼ਲ ਨੇ ਵੀ ਆਇਨੇ ਅਕਬਰੀ ਵਿਚ ਲਿਖਿਆ ਹੈ।
ਮੁਗ਼ਲ ਰਾਜ ਦੇ ਖ਼ਤਮ ਹੋਣ 'ਤੇ ਭਾਰਤ 'ਤੇ ਦੁਬਾਰਾ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਹਮਲਿਆਂ ਦੌਰਾਨ ਇਸ ਮੰਦਰ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਪਰ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਜਲਦੀ ਹੀ ਦੁਬਾਰਾ ਅਬਾਦ ਹੋ ਗਿਆ। ਇਸ ਵਿਚ ਕਈ ਮੰਦਰ ਅਤੇ ਤਿੰਨ ਸਰੋਵਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਥੇ ਕੁਝ ਦਿਨ ਠਹਿਰੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਯਾਦ ਵਿਚ ਇਥੇ ਇਕ ਯਾਦਗਾਰ ਅਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ। 1947 ਵੇਲੇ ਇਸ ਦਾ ਮਹੰਤ ਸਮੰਦ ਨਾਥ ਸੀ। ਉਹ ਵੀ ਹੋ ਰਹੇ ਫਸਾਦਾਂ ਕਾਰਨ ਹਿੰਦੂ-ਸਿੱਖ ਅਬਾਦੀ ਨਾਲ ਭਾਰਤ ਆ ਗਿਆ। ਉਸ ਤੋਂ ਬਾਅਦ ਇਹ ਮੰਦਰ ਉੱਜੜਿਆ ਪਿਆ ਹੈ। ਇਸ ਤੱਕ ਪਹੁੰਚਣ ਲਈ ਰੋਹਤਾਸ ਕਿਲ੍ਹੇ ਅਤੇ ਸੰਗੋਈ ਕਸਬੇ ਤੋਂ ਪਗਡੰਡੀਆਂ ਜਾਂਦੀਆਂ ਹਨ ਤੇ ਇਥੇ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ। ਹੁਣ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ ਹੈ। ਲੱਗਦਾ ਹੈ ਕਿ ਹੌਲੀ-ਹੌਲੀ ਜੰਗਲ ਇਸ ਨੂੰ ਖਾ ਜਾਵੇਗਾ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਬਰਸੀ 'ਤੇ ਵਿਸ਼ੇਸ਼

ਸਿੱਖ ਪੰਥ ਦੇ ਅਨਮੋਲ ਹੀਰੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ

ਇਕ ਧਾਰਮਿਕ ਸ਼ਖ਼ਸੀਅਤ ਦਾ ਕਿਸੇ ਸੰਸਥਾ ਵਿਚ ਆਪਣਾ ਵਿਸ਼ੇਸ਼ ਪ੍ਰਭਾਵ ਹੁੰਦਾ ਹੈ, ਜੋ ਕਿ ਉਨ੍ਹਾਂ ਸੇਵਾ ਸਿਮਰਨ, ਤਿਆਗ, ਪਰਉਪਕਾਰ ਅਤੇ ਨਿਰਵਿਵਾਦ ਰਹਿ ਕੇ ਆਪਣੇ ਜੀਵਨ ਕਾਲ ਵਿਚ ਕਮਾਇਆ ਹੁੰਦਾ ਹੈ। ਅਜਿਹੀ ਜੀਵਨ ਸ਼ੈਲੀ ਦੇ ਮਾਲਕ ਸਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ। ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜਥੇਦਾਰ ਸਾਹਿਬ ਦਾ ਜਨਮ ਮਾਲਵੇ ਦੀ ਧਰਤੀ ਉੱਪਰ ਪਿੰਡ ਭਾਜੋਕੇ, ਤਹਿਸੀਲ ਬਰਨਾਲਾ, ਜ਼ਿਲ੍ਹਾ ਸੰਗਰੂਰ ਵਿਖੇ 1 ਅਪ੍ਰੈਲ, 1955 ਨੂੰ ਪਿਤਾ ਸ: ਸਰਵਣ ਸਿੰਘ ਅਤੇ ਮਾਤਾ ਸਰਦਾਰਨੀ ਪ੍ਰਤਾਪ ਦੇ ਗ੍ਰਹਿ 'ਚ ਹੋਇਆ। ਸਕੂਲੀ ਵਿੱਦਿਆ ਉਪਰੰਤ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗਿਆਨੀ ਪਾਸ ਕੀਤੀ। ਗੁਰਮਤਿ ਗੁਰਬਾਣੀ ਅਤੇ ਇਤਿਹਾਸ ਦੀ ਤਾਲੀਮ ਉਨ੍ਹਾਂ ਸਮੇਂ ਦੇ ਮਹਾਨ ਵਿਦਵਾਨਾਂ ਮਹੰਤ ਭਾਗ ਸਿੰਘ ਨਿਰਮਲਾ ਸੰਪਰਦਾਇ ਅਤੇ ਟਕਸਾਲ ਮੁਖੀ ਗਿਆਨੀ ਕਰਤਾਰ ਸਿੰਘ ਖ਼ਾਲਸਾ ਪਾਸੋਂ ਪ੍ਰਾਪਤ ਕੀਤੀ। ਗਿਆਨੀ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਲ ਜਥੇ ਵਿਚ ਰਹਿ ਕੇ ਵਡਮੁੱਲੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਅਤੇ ਗੁਰ ਇਤਿਹਾਸ ਦੀ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਵੀ ਕੀਤਾ।
ਗਿਆਨੀ ਜੀ ਦੀ ਇਸ ਵਿਦਵਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਬਤੌਰ ਹੈੱਡ ਗ੍ਰੰਥੀ ਕਥਾਵਾਚਕ ਦੀ ਸੇਵਾ ਸੌਂਪੀ ਗਈ ਅਤੇ ਉਨ੍ਹਾਂ ਨੇ ਇਸ ਸੇਵਾ ਦੀ ਆਰੰਭਤਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਤੋਂ 8 ਜੁਲਾਈ, 1979 ਤੋਂ ਸ਼ੁਰੂ ਕੀਤੀ। ਇਸ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤਬਦੀਲ ਹੋਏ। ਪਰ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਆਪਣੀਆਂ ਸੇਵਾਵਾਂ ਕਾਫੀ ਸਮੇਂ ਤੱਕ ਨਿਭਾਉਣ ਉਪਰੰਤ ਆਪ ਜੀ ਨੂੰ 4 ਨਵੰਬਰ, 2001 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੇਵਾ ਸੌਂਪੀ ਗਈ। ਇੱਥੇ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਂਦੇ ਹੋਏ ਆਪ ਨੇ ਗੁਰੂ ਸਾਹਿਬਾਨ ਦੇ ਜੀਵਨ, ਸਿੱਖ ਇਤਿਹਾਸ, ਸ਼ਬਦ ਗੁਰੂ, ਮੁੱਖ ਵਾਕ ਕਥਾ ਅਤੇ ਸ੍ਰੀ ਦਸਮ ਗ੍ਰੰਥ ਸਬੰਧੀ ਵਿਸਥਾਰਤ ਵੱਡਮੁੱਲੀ ਜਾਣਕਾਰੀ ਕਲਮਬੱਧ ਕਰਕੇ 16 ਪੁਸਤਕਾਂ ਪੰਥ ਦੀ ਝੋਲੀ ਪਾਈਆਂ। ਆਪਣੀ ਵਿਦਵਤਾ ਸਦਕਾ ਸਿੱਖ ਪੰਥ ਦੇ ਅਨਮੋਲ ਹੀਰੇ ਗਿਆਨੀ ਮੱਲ ਸਿੰਘ 22 ਅਗਸਤ, 2013 ਨੂੰ ਸਿੱਖ ਪੰਥ ਦੀ ਉੱਚ ਪਦਵੀ ਸਿੰਘ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਸੰਭਾਲੀ। ਹਰ ਸਮੇਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਹਿਣਾ ਹੀ ਸੰਤ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ।
ਅਜਿਹੀ ਹੀ ਰੱਬੀ ਸ਼ਖ਼ਸੀਅਤ ਸਨ ਸਿੰਘ ਸਾਹਿਬ ਗਿਆਨੀ ਮੱਲ ਸਿੰਘ। ਉਨ੍ਹਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਹੀ ਤਰੀਕੇ ਨਾਲ ਪ੍ਰਚਾਰਨਾ ਜਿੱਥੇ ਉਨ੍ਹਾਂ ਦੇ ਜੀਵਨ ਦਾ ਟੀਚਾ ਰਿਹਾ, ਉੱਥੇ ਇਕ ਤੰਦਰੁਸਤ ਵਾਤਾਵਰਨ ਦੀ ਉਸਾਰੀ ਪ੍ਰਤੀ ਲਗਾਤਾਰ ਹੰਭਲੇ ਮਾਰਦੇ ਰਹਿਣਾ ਉਨ੍ਹਾਂ ਦਾ ਇਕ ਮੀਰੀ ਗੁਣ ਸੀ।
ਇਕ ਸੰਸਥਾ ਦੇ ਰੂਪ 'ਚ ਵਿਚਰਦੇ ਹੋਏ ਸਿੱਖ ਪੰਥ ਦੇ ਅਨਮੋਲ ਹੀਰੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਆਪਣੀ ਜੀਵਨ ਯਾਤਰਾ ਸਫ਼ਲ ਕਰਕੇ 15 ਅਗਸਤ, 2017 ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ। ਅੱਜ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ।


-ਸਹਾਇਕ ਕਿਰਤ ਤੇ ਭਲਾਈ ਅਫ਼ਸਰ (ਰਿਟਾਇਰਡ), 3 ਬਾਗ ਕਾਲੋਨੀ, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98551-52241

ਪੰਜਾਬ 'ਤੇ ਮੁਸਲਿਮ ਹਕੂਮਤ ਨਹੀਂ ਚਾਹੁੰਦੇ ਸਨ ਅੰਗਰੇਜ਼

ਦੱਖਣ ਦੀ ਸਰਹੱਦ ਵੱਲ ਹੋਇਆ ਇਕ ਹੋਰ ਵਾਕਿਆ ਦਰਬਾਰ ਦੇ ਸਾਹਮਣੇ ਅੰਗਰੇਜ਼ਾਂ ਦੀ ਨੀਤੀ ਬਾਰੇ ਸ਼ੰਕੇ ਪੈਦਾ ਕਰਦਾ ਸੀ। ਦਰਬਾਰ ਦੇ ਘੋੜਸਵਾਰਾਂ ਦਾ ਇਕ ਗਰੁੱਪ ਸਿੰਧ ਦੇ ਇਲਾਕੇ ਵਿਚ ਕੁਝ ਹਮਲਾਵਰਾਂ ਦਾ ਪਿੱਛਾ ਕਰਦਾ ਸਿੰਧ ਤੇ ਪੰਜਾਬ ਦੇ ਵਿਚਕਾਰ ਦੇ ਇਕ ਇਲਾਕੇ ਵਿਚ ਗਿਆ, ਜਿਸ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਸੀ। ਸਰ ਚਾਰਲਸ ਨੇਪੀਅਰ ਨੇ ਇਸ ਨੂੰ ਹੀ ਇਕ ਬਹਾਨਾ ਬਣਾ ਕੇ ਪੂਰੀ ਰੈਜੀਮੈਂਟ 'ਰੋਜਾਂ' ਦੀਆਂ ਸਰਹੱਦਾਂ ਵੱਲ ਭੇਜ ਦਿੱਤੀ। ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਪੱਤਝੜ ਤੱਕ ਹਰ ਕਾਰਵਾਈ ਰੋਕੀ ਰੱਖਣ ਵਾਸਤੇ ਮਜਬੂਰ ਕੀਤਾ ਹੋਇਆ ਸੀ। ਦਰਬਾਰ ਦੀਆਂ ਫ਼ੌਜਾਂ ਜੰਮੂ ਤੋਂ ਵਾਪਸ ਆ ਚੁੱਕੀਆਂ ਸਨ ਤੇ ਹੁਣ ਲੋੜ ਮਹਿਸੂਸ ਹੋ ਰਹੀ ਸੀ ਕਿ ਸਤਲੁਜ ਦੇ ਨਾਲ ਪਹਿਲਾਂ ਨਾਲੋਂ ਵੱਧ ਫ਼ੌਜਾਂ ਤਾਇਨਾਤ ਕਰਨੀਆਂ ਪੈਣਗੀਆਂ। ਦਰਬਾਰ ਵਲੋਂ ਵੱਡੀਆਂ ਤਨਖਾਹਾਂ ਦੇਣ ਦੇ ਐਲਾਨ ਨਾਲ ਕੰਪਨੀ ਦੇ ਬਹੁਤ ਸਾਰੇ ਹਿੰਦੁਸਤਾਨੀ ਸਿਪਾਹੀ ਛੱਡ ਕੇ ਇਸ ਪਾਸੇ ਆ ਗਏ। ਜਦੋਂ ਕੰਪਨੀ ਦੀਆਂ ਫ਼ੌਜਾਂ ਵਿਚ ਭਗੌੜੇ ਹੋਣ ਦਾ ਦਸਤੂਰ ਵਧਿਆ ਤਾਂ ਕਮਾਂਡਰ ਇਨ ਚੀਫ ਲਾਰਡ ਗੱਫ ਨੇ ਇਸ ਨੂੰ ਸਖ਼ਤੀ ਨਾਲ ਦਬਾਉਣ ਦਾ ਤਰੀਕਾ ਅਪਣਾਇਆ। ਉਸ ਨੇ ਭਗੌੜਿਆਂ ਵਾਸਤੇ ਕੋੜੇ ਮਾਰਨ ਦੀ ਸਜ਼ਾ ਲਾਗੂ ਕੀਤੀ।
ਇਕ ਵਾਰ ਤਾਂ ਇਹ ਸਿਲਸਿਲਾ ਰੁਕ ਗਿਆ ਪਰ ਉਸ ਦਾ ਹਿੰਦੁਸਤਾਨੀ ਸਿਪਾਹੀਆਂ ਉੱਪਰੋਂ ਭਰੋਸਾ ਉੱਠ ਰਿਹਾ ਸੀ। ਮਈ ਦੇ ਮਹੀਨੇ ਵਿਚ ਬਰੈਡਫੋਰਡ ਜਿਹੜਾ ਪੰਜਾਬ ਉੱਪਰ ਕਬਜ਼ੇ ਦੇ ਆਪ੍ਰੇਸ਼ਨ ਦਾ ਮੋਢੀ ਸੀ, ਬਿਮਾਰ ਪੈ ਗਿਆ ਤੇ ਉਸ ਨੂੰ ਸ਼ਿਮਲਾ ਲਿਜਾਇਆ ਗਿਆ। ਜਦੋਂ ਉਹ ਰਾਜ਼ੀ ਹੋ ਰਿਹਾ ਸੀ ਤਾਂ ਘੋੜੇ ਤੋਂ ਡਿੱਗ ਪਿਆ ਤੇ ਹੋਰ ਦੋ ਮਹੀਨੇ ਵਾਸਤੇ ਬਿਸਤਰ ਉੱਪਰ ਪੈ ਗਿਆ। ਜੂਨ ਦੇ ਮਹੀਨੇ ਲਾਹੌਰ ਵਿਚ ਹੈਜ਼ਾ ਫੈਲ ਗਿਆ ਤੇ ਤੇਜ਼ੀ ਨਾਲ ਵਧਦਾ ਗਿਆ। ਇਸ ਦੀ ਚਪੇਟ ਵਿਚ ਸ਼ਾਮ ਸਿੰਘ ਅਟਾਰੀਵਾਲਾ ਤੇ ਲਾਲ ਸਿੰਘ ਵੀ ਆ ਗਏ। ਜੁਲਾਈ ਦੇ ਮਹੀਨੇ ਤੱਕ ਇਹ ਬਿਮਾਰੀ ਸਤਲੁਜ ਤੋਂ ਪਾਰ ਵੀ ਪਹੁੰਚ ਗਈ। ਲੁਧਿਆਣਾ ਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਵਿਚ ਇਸ ਦਾ ਬਹੁਤ ਅਸਰ ਪਿਆ। ਜਦੋਂ ਬਿਮਾਰੀ ਦਾ ਅਸਰ ਘਟਿਆ ਤਾਂ ਸਰਹੱਦ ਉੱਪਰ ਦੋ ਵਿਰੋਧੀ ਸੋਢੀ ਗਰੁੱਪਾਂ ਦੇ ਝਗੜੇ ਨਾਲ ਅਨੰਦਪੁਰ ਵਿਚ ਬੇਚੈਨੀ ਪੈਦਾ ਹੋ ਗਈ। ਇਕ ਹੋਰ ਘਟਨਾ, ਜਿਸ ਨੇ ਗਵਰਨਰ ਜਨਰਲ ਨੂੰ ਆਪਣੇ ਹੱਥ ਰੋਕਣ ਵਾਸਤੇ ਪ੍ਰੇਰਿਆ, ਉਹ ਮੋਹਨ ਲਾਲ ਦੇ ਲੰਡਨ ਪਹੁੰਚਣ ਦੀ ਖ਼ਬਰ ਸੀ। ਇਹ ਆਦਮੀ ਸਰ ਅਲੈਗਜ਼ੈਂਡਰ ਬਰਨੇਸ ਨਾਲ ਫਾਰਸੀ, ਅੰਗਰੇਜ਼ੀ ਦੇ ਉਲਥਾਕਾਰ ਵਜੋਂ ਕੰਮ ਕਰਦਾ ਸੀ। ਉਹ ਇੰਗਲੈਂਡ ਵਿਚ ਆਪਣੇ ਸਾਬਕਾ ਤੇ ਸਵਰਗਵਾਸੀ ਮਾਲਕ ਦੀ ਵਸੀਅਤ ਦੇ ਸਿਲਸਿਲੇ ਵਿਚ ਗਿਆ ਸੀ। ਉਹ ਅਫ਼ਗਾਨਿਸਤਾਨ ਤੇ ਪੰਜਾਬ ਬਾਰੇ ਚੰਗਾ ਗਿਆਨ ਹੋਣ ਕਰਕੇ ਬ੍ਰਿਟਿਸ਼ ਰਾਜਧਾਨੀ ਵਿਚ ਚੰਗੀ ਕਦਰ ਪਾ ਰਿਹਾ ਸੀ। ਉਸ ਦੀ ਲੋੜ ਸੀ। ਉਸ ਨੂੰ ਕੁਝ ਮੀਟਿੰਗਾਂ ਵਿਚ ਬੁਲਾਇਆ ਜਾਂਦਾ, ਅਖ਼ਬਾਰਾਂ ਵਾਲੇ ਉਸ ਤੋਂ ਸਵਾਲ ਪੁੱਛਦੇ ਤੇ ਕਿਤਾਬਾਂ ਦੇ ਪ੍ਰਕਾਸ਼ਕ ਉਸ ਨੂੰ ਪੰਜਾਬ ਦੇ ਹਾਲਾਤ ਤੇ ਅਫ਼ਗਾਨਿਸਤਾਨ ਦੇ ਦੋਸਤ ਮੁਹੰਮਦ ਖਾਨ ਬਾਰੇ ਲਿਖਣ ਵਾਸਤੇ ਕਹਿੰਦੇ।
ਮੋਹਨ ਲਾਲ ਨੇ ਆਪਣੇ ਸਰੋਤਿਆਂ ਨੂੰ ਪੰਜਾਬ ਬਾਰੇ ਹਮਲਾਵਰ ਰਵੱਈਆ ਅਖ਼ਤਿਆਰ ਕਰਨ ਤੋਂ ਖ਼ਬਰਦਾਰ ਕੀਤਾ ਜਦੋਂ ਕਿ ਹਾਰਡਿੰਗ ਵਲੋਂ 'ਸਿੱਖ ਹਮਲੇ' ਦੀ ਖ਼ਬਰ ਜਾਣੀ ਹੀ ਸੀ ਕਿ ਉਸ ਨੇ ਮੋਹਨ ਲਾਲ ਦੀਆਂ ਗੱਲਾਂ ਦੇ ਪ੍ਰਤੀਕਰਮ ਦਾ ਇੰਤਜ਼ਾਰ ਜ਼ਰੂਰੀ ਸਮਝਿਆ। ਇਸ ਬਾਹਰਲੇ ਮੁੱਦੇ ਤੋਂ ਬਿਨਾਂ ਦਰਬਾਰ ਦੀ ਫ਼ੌਜੀ ਸ਼ਕਤੀ ਤੇ ਉਸ ਵਲੋਂ ਆਪਣੀ ਸੁਰੱਖਿਆ ਵਾਸਤੇ ਹੋਰ ਦੋਸਤ ਬਣਾ ਲੈਣ ਦੀ ਸਮਰੱਥਾ ਉੱਪਰ ਵੀ ਸੰਜੀਦਾ ਗੌਰ ਦੀ ਜ਼ਰੂਰਤ ਸਮਝੀ ਜਾ ਰਹੀ ਸੀ। ਇਕੋ-ਇਕ ਤਾਕਤ ਜੋ ਪੰਜਾਬ ਉੱਪਰ ਅੰਗਰੇਜ਼ਾਂ ਦੇ ਹਮਲੇ ਵੇਲੇ ਮਦਦ ਵਿਚ ਆ ਸਕਦੀ ਸੀ, ਉਹ ਪਠਾਨ ਤੇ ਅਫਗਾਨ ਸਨ। ਬ੍ਰਿਟਿਸ਼ ਏਜੰਟਾਂ ਨੇ ਦੱਸਿਆ ਕਿ ਦਰਬਾਰ ਨੇ ਪਹਿਲਾਂ ਹੀ ਸੁਲਾਤਨ ਮੁਹੰਮਦ ਖਾਨ ਬਰਾਕਜ਼ੀ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਉਹ ਅਮੀਰ ਦੋਸਤ ਮੁਹੰਮਦ ਖਾਨ ਦਾ ਭਰਾ ਸੀ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਉਹ ਅੰਗਰੇਜ਼ੀ ਹਮਲੇ ਵੇਲੇ ਸਾਥ ਦੇਵੇਗਾ ਤਾਂ ਪਿਸ਼ਾਵਰ ਦਾ ਇਲਾਕਾ ਉਸ ਨੂੰ ਦੇ ਦਿੱਤਾ ਜਾਵੇਗਾ। ਉਸ ਵੇਲੇ ਤੱਕ ਅੰਗਰੇਜ਼ਾਂ ਦੀ ਨੀਤੀ ਇਹ ਸੀ ਕਿ ਪੰਜਾਬ ਨੂੰ ਜਾਂ ਤਾਂ ਅੰਗਰੇਜ਼ੀ ਸੁਰੱਖਿਆ ਹੇਠ ਲਿਆ ਜਾਵੇ ਜਾਂ ਇਸ ਉੱਪਰ ਕਬਜ਼ਾ ਕੀਤਾ ਜਾਵੇ ਪਰ ਇਸ ਨੂੰ ਮੁਸਲਿਮ ਸਟੇਟ ਨਹੀਂ ਬਣਨ ਦਿੱਤਾ ਜਾ ਸਕਦਾ। ਇਸ ਉੱਪਰ ਦੋ ਖ਼ਤ ਰੌਸ਼ਨੀ ਪਾਉਂਦੇ ਹਨ। ਸਰ ਫਰੈਡਰਿਕ ਕਰੀ ਨੇ 19 ਜਨਵਰੀ, 1845 ਨੂੰ ਬਰੈਡਫੋਰਡ ਨੂੰ ਲਿਖਿਆ ਕਿ, 'ਸਾਨੂੰ ਕਦੇ ਨਾ ਕਦੇ ਸਤਲੁਜ ਤੋਂ ਪਾਰ ਫ਼ੌਜਾਂ ਭੇਜਣੀਆਂ ਹੀ ਪੈਣੀਆਂ ਹਨ, ਚਾਹੇ ਉਸ ਦਾ ਨਤੀਜਾ ਕੁਝ ਵੀ ਹੋਵੇ। ਅਸੀਂ ਕੱਟਕ ਦਰਿਆ ਤੋਂ ਇਸ ਪਾਰ ਮੁਸਲਿਮ ਹਕੂਮਤ ਨਹੀਂ ਦੇਖ ਸਕਦੇ। ਪਹਾੜਾਂ ਦੇ ਰਾਜਪੂਤ ਪੰਜਾਬ ਨੂੰ ਆਪਣੇ ਅਧੀਨ ਨਹੀਂ ਰੱਖ ਸਕਦੇ। ਜੇ ਉਥੇ ਸਿੱਖ ਰਾਜ ਨਹੀਂ ਰਹਿੰਦਾ ਤਾਂ ਸਿਰਫ ਮੈਂ ਸਮਝਦਾ ਹਾਂ ਕਿ ਅੰਗਰੇਜ਼ਾਂ ਦਾ ਹੀ ਰਾਜ ਹੋਣਾ ਚਾਹੀਦਾ ਹੈ।'
4 ਅਕਤੂਬਰ, 1845 ਨੂੰ ਬਰੈਡਫੋਰਡ ਨੇ ਹਾਰਡਿੰਗ ਨੂੰ ਲਿਖਿਆ, 'ਇਸ ਗੱਲ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਪੇਸ਼ਾਵਰ ਨੂੰ ਅਫ਼ਗਾਨਿਸਤਾਨ ਵਿਚ ਤਬਦੀਲ ਕਰ ਦਿੱਤਾ ਜਾਵੇ, ਸਾਡੇ ਹਮਲੇ ਤੋਂ ਪਹਿਲਾਂ ਜਾਂ ਸਾਡੇ ਵਲੋਂ ਲਾਹੌਰ ਉੱਪਰ ਕਬਜ਼ਾ ਕਰਨ ਤੋਂ ਪਹਿਲਾਂ। ਇਹ ਸਾਡੇ ਵਾਸਤੇ ਬਹੁਤ ਗੰਭੀਰ ਗੱਲ ਹੋਵੇਗੀ। ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਦੋਂ ਅਸੀਂ ਲਾਹੌਰ ਵਿਚ ਹੋਏ ਤਾਂ ਪੇਸ਼ਾਵਰ ਉੱਪਰ ਬਰਾਕਜ਼ੀ ਦਾ ਕਬਜ਼ਾ ਸਹਿਣ ਨਹੀਂ ਕੀਤਾ ਜਾ ਸਕੇਗਾ।'
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਪੰਜਾਬ 'ਤੇ ਹਮਲਾ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਸੀ। ਇਸ ਦੇ ਨਾਲ ਹੀ ਤਿਆਰੀਆਂ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਸੀ ਤੇ ਦਰਬਾਰ ਦੀਆਂ ਹਰਕਤਾਂ ਉੱਪਰ ਪੂਰੀ ਨਿਗ੍ਹਾ ਰੱਖੀ ਜਾ ਰਹੀ ਸੀ। ਤਿਆਰ-ਬਰ-ਤਿਆਰ ਸ਼ਤਰੰਜ ਦਾ ਮੋਹਰਾ ਸ਼ਹਿਜ਼ਾਦਾ ਪਿਸ਼ੌਰਾ ਸਿੰਘ ਸੀ, ਜਿਸ ਨੂੰ ਪਹਿਲਾਂ ਹੀ ਕਹਿ ਦਿੱਤਾ ਹੋਇਆ ਸੀ ਕਿ ਪੰਜਾਬ ਵਿਚ ਉਸ ਦਾ ਸੁਆਗਤ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਮੁਗ਼ਲੀਆ ਦੌਰ 'ਚ ਸ਼ੁਰੂ ਹੋਈ ਮੁਰਗਾ ਬਣਾਉਣ ਦੀ ਸਜ਼ਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਪਰ ਹੁਣ ਆਪਣੇ ਹੱਕਾਂ ਨੂੰ ਲੈ ਕੇ ਲੋਕਾਂ ਵਿਚ ਆਈ ਜਾਗ੍ਰਿਤੀ ਨੂੰ ਵੇਖਦਿਆਂ ਤੇ ਸਮਝਦਿਆਂ ਪੁਲਿਸ ਨੇ ਜਨਤਕ ਤੌਰ 'ਤੇ 'ਮੁਰਗਾ ਬਣਾਉਣ' ਦੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ। ਹਾਲਾਂਕਿ ਇਸ ਦੇ ਬਾਵਜੂਦ ਪੁਲਿਸ ਥਾਣਿਆਂ ਦੇ ਅੰਦਰ ਅਤੇ ਵਿਸ਼ੇਸ਼ ਤੌਰ 'ਤੇ ਲੜਕੀਆਂ ਦੇ ਸਕੂਲਾਂ-ਕਾਲਜਾਂ ਦੇ ਬਾਹਰ ਅਜੇ ਵੀ ਮਨਚਲੇ ਨੌਜਵਾਨਾਂ ਨੂੰ ਇਹ ਸਜ਼ਾ ਦੇਣ ਦਾ ਸਿਲਸਿਲਾ ਬਾਦਸਤੂਰ ਤੇ ਨਿਰਵਿਘਨ ਜਾਰੀ ਹੈ।
ਇਹ ਵੀ ਵੇਖਣ ਵਿਚ ਆਇਆ ਹੈ ਕਿ ਕੁਝ ਸਕੂਲਾਂ ਵਿਚ ਤਾਂ ਅਧਿਆਪਕ ਸ਼ਰਾਰਤ ਕਰਨ ਜਾਂ ਪੜ੍ਹਾਈ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰਫ਼ 'ਮੁਰਗਾ ਬਣਨ' ਲਈ ਹੀ ਨਹੀਂ, ਸਗੋਂ ਨਿੱਤ ਨਵੇਂ ਸਟਾਈਲ ਨਾਲ ਮੁਰਗਾ ਬਣਨ ਦੀ ਸਜ਼ਾ ਦਿੰਦੇ ਹਨ, ਜਿਵੇਂ ਕਿ 'ਮੁਰਗਾ ਬਣਨਾ' ਉਨ੍ਹਾਂ ਦੇ ਸਕੂਲੀ ਸਿਲੇਬਸ ਵਿਚ ਸ਼ਾਮਲ ਹੋਵੇ।
ਮੁਰਗਾ ਬਣਾਉਣ ਲਈ ਪੰਜ ਸਟਾਈਲ ਸਕੂਲਾਂ ਵਿਚ ਕਾਫ਼ੀ ਪ੍ਰਸਿੱਧ ਹਨ। ਇਨ੍ਹਾਂ ਵਿਚੋਂ ਪਹਿਲਾ ਅਤੇ ਸਾਧਾਰਨ ਤਰੀਕਾ ਹੈ, ਬੈਠ ਕੇ ਮੁਰਗਾ ਬਣਨਾ। ਇਸ ਸਜ਼ਾ ਦੇ ਚਲਦਿਆਂ ਸਜ਼ਾ ਭੋਗੀ ਨੂੰ ਪੂਰੀ ਤਰ੍ਹਾਂ ਨਾਲ ਝੁਕ ਕੇ ਆਪਣੀਆਂ ਲੱਤਾਂ ਦੇ ਪਿਛਲੇ ਪਾਸਿਓਂ ਬਾਂਹਾਂ ਕੱਢ ਕੇ ਆਪਣੇ ਖੱਬੇ ਹੱਥ ਨਾਲ ਸੱਜੇ ਕੰਨ ਨੂੰ ਅਤੇ ਸੱਜੇ ਹੱਥ ਨਾਲ ਖੱਬੇ ਕੰਨ ਨੂੰ ਫੜਨਾ ਜਾਂ ਖਿੱਚਣਾ ਹੁੰਦਾ ਹੈ। ਦੂਜੇ ਤਰੀਕੇ ਦੇ ਚਲਦਿਆਂ ਪਹਿਲੀ ਵਿਧੀ ਦੇ ਅਨੁਸਾਰ ਹੀ ਸਰੀਰ ਨੂੰ ਅੱਧਾ ਝੁਕਾ ਕੇ ਮੁਰਗਾ ਬਣਨਾ ਹੁੰਦਾ ਹੈ। ਇਨ੍ਹਾਂ ਦੋਵਾਂ ਵਿਧੀਆਂ ਤੋਂ ਇਲਾਵਾ ਅੱਡੀਆਂ ਉੱਪਰ ਕਰਕੇ ਮੁਰਗਾ ਬਣਨਾ, ਮੁਰਗਾ ਬਣ ਕੇ ਚੱਲਣਾ ਅਤੇ ਮੁਰਗਾ ਬਣ ਕੇ ਉਠਕ ਬੈਠਕ ਲਗਾਉਣਾ ਵੀ ਪਨਿਸ਼ਮੈਂਟ ਵਿਚ ਸ਼ਾਮਿਲ ਹੈ।
ਇਹ ਸਜ਼ਾਵਾਂ ਦੇਣ ਲੱਗਿਆਂ ਭਾਵੇਂ ਕਿ ਅਧਿਆਪਕਾਂ ਜਾਂ ਪੁਲਿਸ ਵਾਲਿਆਂ ਨੂੰ ਕੋਈ ਹਿਕਾਰਤ ਜਾਂ ਗਲਤ ਗੱਲ ਮਹਿਸੂਸ ਨਾ ਹੁੰਦੀ ਹੋਵੇ ਪਰ ਇਨ੍ਹਾਂ ਨੂੰ ਭੋਗਣ ਵਾਲਿਆਂ ਨੂੰ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਦਾ ਧੱਕਾ ਜ਼ਰੂਰ ਪਹੁੰਚਦਾ ਹੈ ਅਤੇ ਕੁਝ ਮਾਮਲਿਆਂ ਵਿਚ ਇਹ ਸਜ਼ਾਵਾਂ ਜਾਨਲੇਵਾ ਵੀ ਸਾਬਤ ਹੋ ਚੁੱਕੀਆਂ ਹਨ। ਫਿਲਹਾਲ ਦੇਸ਼ ਦੀ ਸਰਬਉੱਚ ਅਦਾਲਤ ਦੁਆਰਾ ਬੱਚਿਆਂ ਨੂੰ ਦਿੱਤੇ ਜਾਣ ਵਾਲੀ ਸਰੀਰਕ ਸਜ਼ਾ ਨੂੰ ਅਪਰਾਧ ਘੋਸ਼ਿਤ ਕੀਤੇ ਜਾਣ ਦੇ ਬਾਅਦ ਇਸ 'ਤੇ ਥੋੜ੍ਹੀ-ਬਹੁਤ ਲਗਾਮ ਤਾਂ ਜ਼ਰੂਰ ਲੱਗੀ ਹੈ, ਪਰ ਪੂਰੀ ਤਰ੍ਹਾਂ ਨਾਲ ਇਹ ਸਜ਼ਾ ਅਜੇ ਖਤਮ ਨਹੀਂ ਹੋਈ।
ਮੁਰਗਾ ਬਣਨ ਦੀ ਸਜ਼ਾ ਦੀ ਖੋਜ ਕਿਸ ਨੇ ਅਤੇ ਕਿਸ ਮਕਸਦ ਨਾਲ ਕੀਤੀ ਹੋਵੇਗੀ, ਭਾਵੇਂ ਕਿ ਇਸ ਦੀ ਕਿਸੇ ਪਾਸ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ, ਪਰ ਹਾਲ ਹੀ ਵਿਚ ਇਸ ਪਨਿਸ਼ਮੈਂਟ ਵਿਚ ਹਲਕਾ ਜਿਹਾ ਬਦਲਾਓ ਕਰਕੇ ਇਸ ਨੂੰ ਯੋਗ ਆਸਣ ਦਾ ਰੂਪ ਦੇ ਕੇ 'ਸੁਪਰ ਬ੍ਰੇਨ ਯੋਗਾ' ਦਾ ਨਾਂਅ ਜ਼ਰੂਰ ਦੇ ਦਿੱਤਾ ਗਿਆ ਹੈ। ਗਰੈਂਡ ਮਾਸਟਰ ਚੋਆ ਕੋਕ ਸੁਈ ਦਾ ਦਾਅਵਾ ਹੈ ਕਿ ਜੇਕਰ 'ਮੁਰਗਾ ਬਣਨ' ਦੀ ਪਨਿਸ਼ਮੈਂਟ ਦੀ ਪੁਰਾਣੀ ਤਕਨੀਕ ਵਿਚ ਸੁਧਾਰ ਕਰਦੇ ਹੋਏ ਸਿੱਧੇ ਖੜ੍ਹੇ ਰਹਿ ਕੇ ਖੱਬੇ ਹੱਥ ਨਾਲ ਸੱਜੇ ਪਾਸੇ ਦਾ ਕੰਨ ਅਤੇ ਸੱਜੇ ਹੱਥ ਨਾਲ ਖੱਬੇ ਪਾਸੇ ਦਾ ਕੰਨ ਫੜ ਕੇ ਰੋਜ਼ਾਨਾ 15 ਤੋਂ 20 ਵਾਰ ਉਠਕ ਬੈਠਕ ਲਗਾਈਆਂ ਜਾਣ ਤਾਂ ਇਸ ਨਾਲ ਦਿਮਾਗ ਦੀ ਸੋਚਣ-ਸਮਝਣ ਦੀ ਸ਼ਕਤੀ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇੰਜ ਕਰਨ ਨਾਲ ਜਿਨ੍ਹਾਂ ਲੋਕਾਂ ਵਿਚ ਯਾਦਦਾਸ਼ਤ ਵਿਚ ਕਮੀ ਆ ਰਹੀ ਹੈ, ਉਨ੍ਹਾਂ ਨੂੰ 15 ਤੋਂ 18 ਫੀਸਦੀ ਤੱਕ ਸੁਧਾਰ ਮਹਿਸੂਸ ਹੋਣ ਲਗਦਾ ਹੈ।
ਵਿਸ਼ਵ ਪ੍ਰਸਿੱਧ ਗਰੈਂਡ ਮਾਸਟਰ ਚੋਆ ਕੋਕ ਸੁਈ ਦੀ ਉਪਰੋਕਤ ਖੋਜ 'ਤੇ ਕੋਈ ਸ਼ੱਕ ਜਾਂ ਟਿੱਪਣੀ ਨਹੀਂ ਕੀਤੀ ਜਾ ਸਕਦੀ ਅਤੇ ਜੇਕਰ ਭਵਿੱਖ ਵਿਚ ਇਸ ਖੋਜ ਦੇ ਵਾਕਿਆ ਉਚਿਤ ਨਤੀਜੇ ਸਾਹਮਣੇ ਆਉਂਦੇ ਹਨ ਤਾਂ ਜ਼ਰੂਰ ਸਦੀਆਂ ਤੋਂ ਚਲੀ ਆ ਰਹੀ 'ਮੁਰਗਾ ਬਣਨ' ਦੀ ਉਪਰੋਕਤ 'ਵਿਰਾਸਤੀ ਸਜ਼ਾ' ਦਾ ਤਾਂ ਅੰਤ ਹੋਵੇਗਾ ਹੀ, ਨਾਲ ਹੀ 'ਮੁਰਗਾ ਬਣਨ' ਦੀ ਨਵੀਂ ਸੁਧਰੀ ਵਿਧੀ ਨੂੰ ਸਕੂਲਾਂ ਦੀ ਰੋਜ਼ਾਨਾ ਦੀ ਸਰਗਰਮੀ ਦਾ ਹਿੱਸਾ ਬਣਨ ਲੱਗਿਆਂ ਬਹੁਤਾ ਸਮਾਂ ਨਹੀਂ ਲੱਗੇਗਾ।


-ਅੰਮ੍ਰਿਤਸਰ। ਮੋਬਾ: 93561-27771

ਸੁਤੰਤਰਤਾ ਸੰਗਰਾਮ ਦਾ ਅਣਗੌਲਿਆ ਨਾਇਕ

ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ

ਬ੍ਰਿਟਿਸ਼ ਸਾਮਰਾਜ ਦੀ ਦੋ ਸੌ ਸਾਲਾਂ ਦੀ ਗੁਲਾਮੀ ਤੋਂ ਭਾਰਤ ਮਾਤਾ ਨੂੰ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਕਾਬਲ-ਏ ਤਾਰੀਫ਼ ਹਨ। ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਸਤੁੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਅਤੇ ਕਾਰਨਾਮਿਆਂ ਦੇ ਸੋਹਲੇ ਅੱਜ ਵੀ ਗਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਪੀੜ੍ਹੀਆਂ ਦਾ ਸਰਕਾਰੇ-ਦਰਬਾਰੇ ਅਦਬ ਕੀਤਾ ਜਾਂਦਾ ਹੈ। ਪਰ ਕੁਝ ਨਾਇਕ ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ ਵਰਗੇ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਨਹੀਂ ਪਾਇਆ ਗਿਆ ਅਤੇ ਉਹ ਆਜ਼ਾਦੀ ਲਹਿਰ ਦੇ ਵਿਸਰੇ ਨਾਇਕ ਬਣ ਕੇ ਰਹਿ ਗਏ। ਉਨ੍ਹੀਵੀਂ ਸਦੀ ਵਿਚ ਪੰਜਾਬ ਵਿਚ ਚੱਲੀ ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਇਕ 'ਗੁਰੂ ਕਾ ਬਾਗ ਮੋਰਚਾ' ਅਤੇ 'ਜੈਤੋ ਦਾ ਮੋਰਚਾ' ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਰਿਸਾਲਦਾਰ ਰਣਜੋਧ ਸਿੰਘ ਦਾ ਜਨਮ 1891 ਈਸਵੀ ਨੂੰ ਪਿੰਡ ਰੰਗੜ ਨੰਗਲ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਚ ਇਕ ਰੱਜੇ-ਪੁੱਜੇ ਜੱਟ ਪਰਿਵਾਰ ਵਿਚ ਹੋਇਆ। ਜਨਮ ਸਮੇਂ ਉਸ ਦਾ ਨਾਂਅ ਦਲੀਪ ਸਿੰਘ ਰੱਖਿਆ ਗਿਆ ਪਰ ਪਿੱਛੋਂ ਉਸ ਦਾ ਨਾਂਅ ਰਣਜੋਧ ਸਿੰਘ ਪ੍ਰਚਲਿਤ ਹੋ ਗਿਆ। ਆਪ ਦੇ ਪਿਤਾ ਦਾ ਨਾਂਅ ਸ: ਸੰਤ ਸਿੰਘ ਸੀ, ਜਿਨ੍ਹਾਂ ਨੂੰ ਸਿੱਖ ਰਾਜ ਦੌਰਾਨ ਸ਼ਾਨਦਾਰ ਸੇਵਾਵਾਂ ਬਦਲੇ ਚੰਗਾ ਰੁਤਬਾ ਅਤੇ ਇਨਾਮੀ ਜਗੀਰ ਪ੍ਰਾਪਤ ਹੋਈ ਸੀ। ਸਰਦਾਰ ਰਣਜੋਧ ਸਿੰਘ ਨੇ ਆਪਣੀ ਵਿੱਦਿਆ ਬਟਾਲਾ ਤੋਂ ਪ੍ਰਾਪਤ ਕੀਤੀ ਸੀ ਅਤੇ ਚੜ੍ਹਦੀ ਜਵਾਨੀ ਵਿਚ ਉਹ ਅੰਗਰੇਜ਼ੀ ਸੈਨਾ ਵਿਚ ਭਰਤੀ ਹੋ ਗਿਆ ਸੀ। ਸ਼ਾਨਦਾਰ ਸੈਨਿਕ ਸੇਵਾ ਕਾਰਨ ਉਨ੍ਹਾਂ ਨੂੰ 'ਇੰਡੀਅਨ ਡਿਸਟਿੰਗਊਇਸਡ ਸਰਵਿਸ ਮੈਡਲ' ਪ੍ਰਾਪਤ ਹੋਇਆ ਅਤੇ ਰਿਸਾਲਦਾਰ ਬਣ ਗਿਆ। ਜੰਗ ਦੌਰਾਨ ਵਾਰ-ਵਾਰ ਜ਼ਖ਼ਮੀ ਹੋਣ ਕਾਰਨ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ, ਅੰਤ ਉਹ ਜੂਨ, 1921 ਵਿਚ ਪੈਨਸ਼ਨ ਲੈ ਕੇ ਘਰ ਆ ਗਿਆ।
ਆਮ ਸੈਨਿਕਾਂ ਵਾਂਗ ਹੀ ਇਕ ਸੱਚਾ ਸਿੱਖ ਹੋਣ ਕਾਰਨ ਰਣਜੋਧ ਸਿੰਘ ਨੂੰ ਵੀ ਸੈਨਿਕ ਸੇਵਾ ਦੌਰਾਨ ਹੀ ਗੁਰਦੁਆਰਾ ਸੁਧਾਰ ਲਹਿਰ ਨਾਲ ਹਮਦਰਦੀ ਹੋ ਗਈ ਸੀ। ਸੈਨਿਕ ਸੇਵਾ ਤੋਂ ਪੈਨਸ਼ਨ ਲੈ ਕੇ ਪਿੰਡ ਰੰਗੜ ਨੰਗਲ ਵਾਪਸ ਆਉਣ ਉੱਤੇ ਰਣਜੋਧ ਸਿੰਘ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਜ਼ੋਰ-ਸ਼ੋਰ ਨਾਲ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਰੰਗੜ ਨੰਗਲ ਖੇਤਰ ਵਿਚ ਆਯੋਜਿਤ ਕੀਤੇ ਜਾਣ ਵਾਲੇ ਅਕਾਲੀ ਦੀਵਾਨਾਂ ਵਿਚ ਸ਼ਾਮਿਲ ਹੋ ਕੇ ਅਕਾਲੀ ਸੰਗਤ ਨੂੰ ਸੰਬੋਧਨ ਕਰਨ ਲੱਗ ਪਿਆ, ਜਿਸ ਕਰਕੇ ਥੋੜ੍ਹੇ ਸਮੇਂ ਵਿਚ ਹੀ ਉਹ ਮੋਹਰੀ ਅਕਾਲੀ ਆਗੂਆਂ ਵਿਚ ਜਾਣਿਆ ਜਾਣ ਲੱਗਾ। ਫਲਸਰੂਪ ਉਸ ਨੂੰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਵਿਚ ਸ਼ਾਮਿਲ ਕਰ ਲਿਆ ਗਿਆ। ਉਸ ਨੇ 'ਗੁਰੂ ਕਾ ਬਾਗ ਮੋਰਚਾ' ਵਿਚ ਪੂਰੀ ਸਰਗਰਮੀ ਨਾਲ ਕਾਰਜ ਕੀਤਾ। ਜਦੋਂ ਪੁਲਿਸ ਨੇ ਅਗਸਤ, 1922 ਈਸਵੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਭਾਈ ਸਰਮੁੱਖ ਸਿੰਘ ਝਬਾਲ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਪ੍ਰਧਾਨਗੀ ਪਦ ਦੀ ਜ਼ਿੰਮੇਵਾਰੀ ਸ: ਰਣਜੋਧ ਸਿੰਘ ਰੰਗੜ ਨੰਗਲ ਨੂੰ ਸੌਂਪੀ ਗਈ ਸੀ।
ਸ: ਸਰਮੁੱਖ ਸਿੰਘ ਝਬਾਲ ਦੇ ਪੁਲਿਸ ਹਿਰਾਸਤ ਵਿਚੋਂ ਬਾਹਰ ਆ ਕੇ ਆਪਣੀ ਜ਼ਿੰਮੇਵਾਰੀ ਮੁੜ ਸੰਭਾਲ ਲਏ ਜਾਣ ਉਪਰੰਤ ਆਪ ਨੂੰ ਜਥੇਬੰਦੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਰਣਜੋਧ ਸਿੰਘ ਸਿੱਖ ਸੈਨਿਕਾਂ ਨੂੰ ਗੁਰਦੁਆਰਾ ਸੁਧਾਰ ਲਹਿਰ 'ਚ ਸ਼ਾਮਿਲ ਕੀਤੇ ਜਾਣ ਦਾ ਹਮਾਇਤੀ ਸੀ। ਇਸ ਕਰਕੇ 'ਗੁਰੂ ਕਾ ਬਾਗ ਮੋਰਚਾ' ਵਿਚ ਗ੍ਰਿਫ਼ਤਾਰੀਆਂ ਦੇਣ ਵਾਲੇ ਸੈਨਿਕ ਪੈਨਸ਼ਨਰ ਅਕਾਲੀ ਜਥੇ ਦਾ ਮੁਖੀ ਰਣਜੋਧ ਸਿੰਘ ਨੂੰ ਥਾਪਿਆ ਗਿਆ। ਫਲਸਰੂਪ ਇਸ ਜਥੇ ਦੀ ਗ੍ਰਿਫ਼ਤਾਰੀ ਉਪਰੰਤ 15 ਨਵੰਬਰ, 1922 ਨੂੰ ਅਦਾਲਤ ਨੇ ਰਣਜੋਧ ਸਿੰਘ ਸਮੇਤ ਜਥੇ ਦੇ ਹੋਰ ਮੈਂਬਰਾਂ ਨੂੰ ਦੋ-ਦੋ ਸਾਲ ਦੀ ਬਾਮੁਸ਼ੱਕਤ ਕੈਦ ਅਤੇ ਸੌ-ਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਹ ਕੈਦ ਭੁਗਤਾਨ ਲਈ ਰਣਜੋਧ ਸਿੰਘ ਨੂੰ ਜਥੇ ਸਮੇਤ ਰਾਵਲਪਿੰਡੀ ਜੇਲ੍ਹ ਵਿਚ ਭੇਜਿਆ ਗਿਆ। ਜਦੋਂ 'ਗੁਰੂ ਕਾ ਬਾਗ ਮੋਰਚਾ' ਸਮਾਪਤ ਹੋ ਗਿਆ ਅਤੇ ਗ੍ਰਿਫ਼ਤਾਰ ਅਕਾਲੀਆਂ ਨੂੰ ਰਿਹਾਅ ਕੀਤਾ ਜਾਣ ਲੱਗਾ ਤਾਂ ਰਣਜੋਧ ਸਿੰਘ ਨੂੰ ਵੀ 22 ਅਪ੍ਰੈਲ, 1923 ਈ: ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਤਰ੍ਹਾਂ ਜਦੋਂ 9 ਜੁਲਾਈ, 1923 ਈਸਵੀ ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਰਾਜਗੱਦੀ ਤੋਂ ਵੱਖ ਕਰ ਦਿੱਤਾ ਸੀ। ਸਿੱਖਾਂ ਨੇ ਮਹਾਰਾਜੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਰਕਾਰ ਦੀ ਘੋਰ ਨਿੰਦਾ ਕੀਤੀ ਅਤੇ ਮਹਾਰਾਜੇ ਦੀ ਮੁੜ-ਵਾਪਸੀ ਲਈ ਸੰਘਰਸ਼ ਵਿੱਢਣ ਦਾ ਮਨ ਬਣਾ ਲਿਆ। ਉਨ੍ਹਾਂ ਗੁਰਦੁਆਰਾ ਗੰਗਸਰ ਜੈਤੋ ਵਿਚੋਂ ਧਾਰਮਿਕ ਸੰਮੇਲਣ ਬੁਲਾਉਣ ਦਾ ਫੈਸਲਾ ਕੀਤਾ। ਪਰ ਸਰਕਾਰ ਨੇ ਉਨ੍ਹਾਂ ਦੇ ਰਾਹ ਵਿਚ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਸਰਕਾਰ ਤੇ ਅਕਾਲੀਆਂ ਵਿਚਕਾਰ ਸਿੱਧੀ ਟੱਕਰ ਸ਼ੁਰੂ ਹੋ ਗਈ।
ਜ਼ੈਲਦਾਰ ਰਣਜੋਧ ਸਿੰਘ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਕਮੇਟੀ ਦਾ ਮੈਂਬਰ ਸੀ। ਰਣਜੋਧ ਸਿੰਘ ਦੀ ਸ਼੍ਰੋਮਣੀ ਕਮੇਟੀ ਵਲੋਂ ਸਮੁੱਚੇ ਘਟਨਾਕ੍ਰਮ ਦੀ ਰਿਪੋਰਟ ਦੇਣ ਦੀ ਡਿਊਟੀ ਲਗਾਈ ਗਈ ਸੀ। ਜ਼ਿਕਰਯੋਗ ਹੈ ਕਿ ਰਣਜੋਧ ਸਿੰਘ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਨੂੰ ਵਿਚਾਰਨ ਉਪਰੰਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਤੋ ਦਾ ਮੋਰਚਾ ਲਾਉਣ ਦੀ ਯੋਜਨਾ ਉਲੀਕੀ ਸੀ। ਸਰਦਾਰ ਰਣਜੋਧ ਸਿੰਘ ਦੀ ਅਗਵਾਈ ਹੇਠ 25 ਅਕਾਲੀਆਂ ਵਲੋਂ ਜੈਤੋ ਪੁੱਜ ਕੇ 14 ਸਤੰਬਰ, 1923 ਈ: ਨੂੰ ਗ੍ਰਿਫ਼ਤਾਰੀ ਦਿੱਤੇ ਜਾਣ ਉਪਰੰਤ ਜੈਤੋ ਦਾ ਮੋਰਚਾ ਸ਼ੁਰੂ ਹੋ ਗਿਆ। ਜ਼ੈਲਦਾਰ ਰਣਜੋਧ ਸਿੰਘ ਅਤੇ ਸਾਥੀਆਂ ਨੂੰ ਸਜ਼ਾ ਸੁਣਾ ਕੇ ਅਦਾਲਤ ਵਲੋਂ ਜੇਲ੍ਹ ਭੇਜ ਦਿੱਤਾ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਲੈਕਚਰਾਰ (ਰਾਜਨੀਤੀ ਸ਼ਾਸਤਰ), ਸ: ਸੀ: ਸੈ: ਸਕੂਲ, ਰੰਗੜ ਨੰਗਲ (ਗੁਰਦਾਸਪੁਰ)। ਮੋਬਾ: 97815-35440

'ਪੰਜਾਬ ਮੇਂ ਉਰਦੂ' ਤੇ ਸੂਫ਼ੀ ਪ੍ਰਸੰਗ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸਾਡੀ ਅੱਜ ਦੀ ਚਰਚਾ ਵਿਚ 'ਪੰਜਾਬ ਮੇਂ ਉਰਦੂ' ਇਸ ਲਈ ਮਹੱਤਵਪੂਰਨ ਹੈ ਕਿ ਆਪਣੇ ਵਲੋਂ ਤਾਂ ਸ਼ੀਰਾਨੀ ਨੇ ਪੰਜਾਬ ਦੇ ਉਰਦੂ ਸ਼ਾਇਰਾਂ ਦਾ ਇਸ ਵਿਚ ਤਜ਼ਕਰਾ ਪੇਸ਼ ਕੀਤਾ ਹੈ, ਪਰ ਇਤਫਾਕ ਦੀ ਗੱਲ ਇਹ ਹੈ ਕਿ ਚਰਚਿਤ ਸ਼ਾਇਰਾਂ ਵਿਚੋਂ ਬਹੁਤੇ ਉਹ ਹਨ, ਜਿਨ੍ਹਾਂ ਨੇ ਪੰਜਾਬੀ ਵਿਚ ਵੀ ਕਾਵਿ-ਰਚਨਾ ਕੀਤੀ। ਇਹ ਕਾਵਿ-ਰਚਨਾ ਤਸਵੁੱਫ਼ ਜਾਂ ਸੂਫ਼ੀਵਾਦ ਬਾਰੇ ਹੈ। ਇਸ ਪ੍ਰਸੰਗ ਵਿਚ ਸ਼ੀਰਾਨੀ ਜਿਸ ਪਹਿਲੇ ਕਵੀ ਦਾ ਜ਼ਿਕਰ ਕਰਦਾ ਹੈ, ਉਹ ਬਾਬਾ ਫ਼ਰੀਦ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਬਾਬਾ ਫ਼ਰੀਦ ਦੀ ਬਾਣੀ ਦਾ ਨਹੀਂ ਪਤਾ, ਇਸ ਲਈ ਉਹ ਉਸ ਦੀ ਚਰਚਾ ਨਹੀਂ ਕਰਦਾ, ਸਗੋਂ ਉਸ ਦੀ ਇਕ ਨਜ਼ਮ ਉਧਰਿਤ ਕਰਦਾ ਹੈ, ਜਿਸ ਵਿਚ ਫਾਰਸੀ ਸ਼ਬਦਾਵਲੀ ਦੇ ਨਾਲ-ਨਾਲ ਉਰਦੂ ਦਾ ਮਿਸ਼ਰਣ ਵੀ ਹੈ :
ਵਕਤੇ ਸਹਰ ਵਕਤੇ ਮੁਨਾਜਾਤ ਹੈ।
ਖੇਜ਼ ਦਰਾਂ ਵਕਤ ਕਿ ਬਰਕਾਤ ਹੈ।
ਪੰਦੇ ਸ਼ਕਰਗੰਜ ਬਦਿਲ ਜਾ ਸੁਣੋ,
ਜਾਏ ਮਕੁਨ ਉਮਰ ਕਿ ਹੱਯਾਤ ਹੈ। (ਪੰਨਾ 234)
ਇਸ ਲੜੀ ਵਿਚ ਅਗਲਾ ਸੂਫ਼ੀ ਕਵੀ ਮੌਲਾਨਾ ਅਬਦੀ ਕਾਦਰੀ ਹੈ, ਜਿਸ ਦਾ ਇਨ੍ਹਾਂ ਕਾਲਮਾਂ ਵਿਚ ਪਹਿਲਾਂ ਚਰਚਾ ਹੋ ਚੁੱਕਾ ਹੈ। ਅਬਦੀ ਦੀਆਂ ਦੋ ਰਚਨਾਵਾਂ ਫਿਕਹ ਹਿੰਦੀ ਤੇ ਮਹਿਸ਼ਰਨਾਮਾਂ ਬਾਰੇ ਉਰਦੂ ਸਾਹਿਤ ਦੇ ਇਤਿਹਾਸ ਵਿਚ ਵਿਵਾਦ ਰਿਹਾ ਹੈ ਤੇ ਇਸ ਵਿਵਾਦ ਬਾਰੇ ਮਹਿਮੂਦ ਸ਼ੀਰਾਨੀ ਨੇ ਆਪਣੀ ਰਾਇ ਵੀ ਦਿੱਤੀ ਹੈ। ਮੌਲਾਨਾ ਅਬਦੀ ਦੇ ਕਲਾਮ ਦਾ ਜੋ ਨਮੂਨਾ ਉਸ ਨੇ ਇਸ ਪੁਸਤਕ ਵਿਚ ਦਿੱਤਾ ਹੈ, ਉਸ ਨੂੰ ਉਸ ਨੇ ਪੰਜਾਬੀ-ਉਰਦੂ ਦਾ ਨਾਂਅ ਦਿੱਤਾ ਹੈ। ਨਮੂਨਾ ਇਹ ਹੈ :
ਹਮਦ ਸਨਾ ਸਬ ਰੱਬ ਕੂੰ,
ਖਾਲਿਕ ਕੁਲ ਜਹਾਨ।
ਲ਼ਾਇਕ ਹਮਦ ਸਨਾਯਕੇ
ਅੋਰ ਨ ਕੋਈ ਜਹਾਨ।
ਕੇਤੇ ਮਸਲੇ ਦੀਨ ਕੇ,
ਅਬਦੀ ਕਹੇ ਆਮੀਨ।
ਫਿਕਹੇ ਹਿੰਦੀ ਜੁਬਾਨ ਪਰ,
ਬੂਝੋ ਕਰੇ ਯਕੀਨ। (ਪੰਨਾ 242)
ਵਾਰਿਸ ਸ਼ਾਹ ਪੰਜਾਬੀ ਦਾ ਸਿਰਮੌਰ ਕਵੀ ਹੋ ਗੁਜ਼ਰਿਆ ਹੈ। ਇਸ ਦੀ ਅਮਰ ਰਚਨਾ 'ਕਿੱਸਾ ਹੀਰ ਰਾਂਝਾ' ਹੈ। ਭਾਰਤੀ ਪੰਜਾਬੀਆਂ ਲਈ ਉਹ ਇਕ ਉੱਚਪਾਏ ਦਾ ਕਿੱਸਾਕਾਰ ਹੈ, ਪਰ ਪਾਕਿਸਤਾਨੀ ਪੰਜਾਬੀਆਂ ਲਈ ਉਹ ਕਿੱਸਾਕਾਰ ਦੇ ਨਾਲ-ਨਾਲ ਇਕ ਪੁੱਜਿਆ ਹੋਇਆ ਸੂਫ਼ੀ ਦਰਵੇਸ਼ ਵੀ ਹੈ। ਉਸ ਦੇ ਜੱਦੀ ਪਿੰਡ ਜੰਡਿਆਲਾ ਸ਼ੇਰ ਖਾਂ (ਜ਼ਿਲ੍ਹਾ ਸ਼ੇਖੂਪੁਰਾ) ਵਿਚ ਉਸ ਦੇ ਮਜ਼ਾਰ ਉੱਪਰ ਹਰ ਸਾਲ ਮੇਲਾ ਮਨਾਇਆ ਜਾਂਦਾ ਹੈ ਅਤੇ ਉਸ ਦੀ ਹੀਰ ਦੇ ਗਾਇਨ ਮੁਕਾਬਲੇ ਹੁੰਦੇ ਹਨ। ਹਾਫ਼ਿਜ਼ ਮਹਿਮੂਦ ਸ਼ੀਰਾਨੀ ਨੇ ਵਾਰਿਸ ਸ਼ਾਹ ਦੀ ਇਕ ਗਜ਼ਲ ਲੱਭ ਕੇ ਉਸ ਦਾ ਨਮੂਨਾ ਦਿੱਤਾ ਹੈ:
ਜਿਸ ਦਿਨ ਕੇ ਸਾਜਨ ਬਿਛੜੇ ਹੈ,
ਤਿਸ ਦਿਨਾਂ ਕਾ ਦਿਲ ਬੀਮਾਰ ਹੋਯਾ।
ਅਬ ਕਠਨ ਬਨਾ ਕਿਆ ਫਿਕਰ ਕਰੂੰ,
ਘਰ ਬਾਰ ਸਭੀ ਬੇਜ਼ਾਰ ਹੋਯਾ।
ਦਿਨ ਰਾਤ ਤਮਾਮ ਆਰਾਮ ਨਹੀਂ,
ਅਬ ਸ਼ਾਮ ਪੜੀ ਵਹੁ ਸ਼ਾਮ ਨਹੀਂ।
ਵੁਹ ਸਾਕੀ ਸਾਹਿਬੇ ਜਾਮ ਨਹੀਂ,
ਅਬ ਪੀਨਾ ਮੈ ਦੁਸ਼ਵਾਰ ਹੋਯਾ।
ਸ਼ੇਖ ਖੂਬ ਮੁਹੰਮਦ ਚਿਸ਼ਤੀ ਗੁਜਰਾਤ ਦਾ ਵਾਸੀ ਸੀ ਤੇ ਸ਼ੇਖ ਕਮਾਲ ਮੁਹੰਮਦ ਸੀਸਤਾਨੀ ਦਾ ਮੁਰੀਦ ਸੀ। ਸੰਨ 986 ਹਿਜ਼ਰੀ ਵਿਚ ਇਸ ਨੇ ਤਸ਼ਵੁੱਫ ਬਾਰੇ 'ਖੂਬ ਤਰੰਗ' ਨਾਂਅ ਦੀ ਇਕ ਮਸਨਵੀ ਲਿਖੀ। ਬੇਸ਼ੱਕ ਸ਼ੇਖ ਚਿਸ਼ਤੀ ਦੇ ਕਲਾਮ ਨੂੰ ਉਰਦੂ ਸਮਝਦਿਆਂ ਹਾਫਿਜ਼ ਮਹਿਮੂਦ ਸ਼ੀਰਾਨੀ ਨੇ 'ਪੰਜਾਬ ਮੇਂ ਉਰਦੂ' 'ਚ ਦਰਜ ਕੀਤਾ ਹੈ, ਪਰ ਸਾਨੂੰ ਇਸ ਵਿਚੋਂ ਓਨਾ ਹੀ ਪੰਜਾਬੀ ਰੰਗ ਝਲਕਦਾ ਦਿਸਦਾ ਹੈ :
ਮੈਂ ਮੁਰਸ਼ਦ ਥੀਂ ਸੁਨਿਆ ਬਿਆਨ,
ਵੋ ਮੁਰਸ਼ਦ ਸਾਹਿਬ ਅਰਫ਼ਾਨ।
ਜਿਨੂੰ ਮੁਝੇ ਸਿਖਲਾਇਆ ਦੀਨ,
ਜਿਨ ਥੀ ਮੁੰਜ ਦਿਲ ਹੂਆ ਯਕੀਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥

ਸਿਰੀਰਾਗੁ ਮਹਲਾ ੧
ਸੁਣਿ ਮਨ ਭੂਲੇ ਬਾਵਰੇ
ਗੁਰ ਕੀ ਚਰਣੀ ਲਾਗੁ॥
ਹਰਿ ਜਪਿ ਨਾਮੁ ਧਿਆਇ ਤੂ
ਜਮੁ ਡਰਪੈ ਦੁਖ ਭਾਗੁ॥
ਦੂਖੁ ਘਣੋ ਦੋਹਾਗਣੀ
ਕਿਉ ਥਿਰੁ ਰਹੈ ਸੁਹਾਗੁ॥ ੧॥
ਭਾਈ ਰੇ ਅਵਰੁ ਨਾਹੀ ਮੈ ਥਾਉ॥
ਮੈ ਧਨੁ ਨਾਮੁ ਨਿਧਾਨੁ ਹੈ
ਗੁਰਿ ਦੀਆ ਬਲਿ ਜਾਉ॥ ੧॥ ਰਹਾਉ॥
ਗੁਰਮਤਿ ਪਤਿ ਸਾਬਾਸਿ ਤਿਸੁ
ਤਿਸ ਕੈ ਸੰਗਿ ਮਿਲਾਉ॥
ਤਿਸੁ ਬਿਨੁ ਘੜੀ ਨ ਜੀਵਊ
ਬਿਨੁ ਨਾਵੈ ਮਰਿ ਜਾਉ॥
ਮੈ ਅੰਧੁਲੇ ਨਾਮੁ ਨ ਵੀਸਰੈ
ਟੇਕ ਟਿਕੀ ਘਰਿ ਜਾਉ॥ ੨॥
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥
ਬਿਨੁ ਸਤਿਗੁਰ ਨਾਉ ਨ ਪਾਈਐ
ਬਿਨੁ ਨਾਵੈ ਕਿਆ ਸੁਆਉ॥
ਆਇ ਗਇਆ ਪਛੁਤਾਵਣਾ
ਜਿਉ ਸੁੰਞੈ ਘਰਿ ਕਾਉ॥ ੩॥
ਬਿਨੁ ਨਾਵੈ ਦੁਖੁ ਦੇਹੁਰੀ
ਜਿਉ ਕਲਰ ਕੀ ਭੀਤਿ॥
ਤਬ ਲਗੁ ਮਹਲੁ ਨ ਪਾਈਐ
ਜਬ ਲਗੁ ਸਾਚੁ ਨ ਚੀਤਿ॥
ਸਬਦਿ ਰਪੈ ਘਰੁ ਪਾਈਐ
ਨਿਰਬਾਣੀ ਪਦੁ ਨੀਤਿ॥ ੪॥
ਹਉ ਗੁਰ ਪੂਛਉ ਆਪਣੇ
ਗੁਰ ਪੁਛਿ ਕਾਰ ਕਮਾਉ॥
ਸਬਦਿ ਸਲਾਹੀ ਮਨਿ ਵਸੈ
ਹਉਮੈ ਦੁਖੁ ਜਲਿ ਜਾਉ॥
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ॥ ੫॥
ਸਬਦਿ ਰਤੇ ਸੇ ਨਿਰਮਲੇ
ਤਜਿ ਕਾਮ ਕ੍ਰੋਧੁ ਅਹੰਕਾਰੁ॥
ਨਾਮੁ ਸਲਾਹਨਿ ਸਦ ਸਦਾ
ਹਰਿ ਰਾਖਹਿ ਉਰਧਾਰਿ॥
ਸੋ ਕਿਉ ਮਨਹੁ ਵਿਸਾਰੀਐ
ਸਭ ਜੀਆ ਕਾ ਆਧਾਰੁ॥ ੬॥
ਸਬਦਿ ਮਰੈ ਸੋ ਮਰਿ ਰਹੈ
ਫਿਰਿ ਮਰੈ ਨ ਦੂਜੀ ਵਾਰ॥
ਸਬਦੈ ਹੀ ਤੇ ਪਾਈਐ
ਹਰਿ ਨਾਮੇ ਲਗੈ ਪਿਆਰੁ॥
ਬਿਨੁ ਸਬਦੈ ਜਗੁ ਭੂਲਾ ਫਿਰੈ
ਮਰਿ ਜਨਮੈ ਵਾਰੋ ਵਾਰ॥ ੭॥
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ॥
ਗੁਰ ਬਿਨੁ ਆਪੁ ਨ ਚੀਨੀਐ
ਕਹੈ ਸੁਣੇ ਕਿਆ ਹੋਇ॥
ਨਾਨਕ ਸਬਦਿ ਪਛਾਣੀਐ
ਹਉਮੈ ਕਰੈ ਨ ਕੋਇ॥ ੮॥ ੮॥ (ਅੰਗ 57-58)
ਪਦ ਅਰਥ : ਮਨ ਬਾਵਰੇ-ਹੇ ਕਮਲਿਆ ਮਨਾ। ਜਮੁ ਡਰਪੈ-ਜਮ ਵੀ ਡਰ ਜਾਂਦਾ ਹੈ। ਦੁਖ ਭਾਗੁ-ਦੁੱਖ ਭੱਜ ਜਾਂਦੇ ਹਨ। ਦੂਖੁ ਘਣੋ-ਬੜਾ ਦੁੱਖ। ਦੋਹਾਗਣੀ-ਮਾਲਕ ਪ੍ਰਭੂ ਤੋਂ ਵਿਛੜੀ ਹੋਈ ਜੀਵ ਇਸਤਰੀ। ਕਿਉ ਥਿਰੁ ਰਹੈ ਸੁਹਾਗੁ-ਮਾਲਕ ਪ੍ਰਭੂ ਸਿਰ 'ਤੇ ਕਿਵੇਂ ਕਾਇਮ ਰਹਿ ਸਕਦਾ ਹੈ। ਅਵਰੁ-ਹੋਰ ਕੋਈ। ਨਾਮੁ ਨਿਧਾਨੁ-ਨਾਮ ਰੂਪੀ ਖਜ਼ਾਨਾ। ਬਲਿ ਜਾਉ-ਬਲਿਹਾਰ ਜਾਂਦੇ ਹਾਂ। ਪਤਿ-ਇੱਜ਼ਤ। ਸਾਬਾਸਿ-ਸ਼ਾਬਾਸ਼। ਘੜੀ ਨ ਜੀਵਊ-ਇਕ ਘੜੀ ਵੀ ਜਿਉਂਦਾ ਨਹੀਂ ਰਹਿ ਸਕਦਾ (24 ਮਿੰਟਾਂ ਦੀ ਇਕ ਘੜੀ ਹੁੰਦੀ ਹੈ)। ਅੰਧੁਲੇ-ਅੰਨ੍ਹੇ ਨੇ, ਅਗਿਆਨੀ ਨੇ। ਟੇਕ ਟਿਕੀ-ਟੇਕ 'ਤੇ ਟਿਕਿਆਂ ਹੀ। ਠਾਉ-ਥਾਂ। ਸੁਆਉ-ਪ੍ਰਯੋਜਨ, ਮਕਸਦ। ਕਾਉ-ਕਾਂ।
ਦੇਹੁਰੀ-ਦੇਹੀ, ਸਰੀਰ। ਭੀਤਿ-ਕੰਧ। ਤਬ ਲਗੁ-ਉਦੋਂ ਤਾਈਂ। ਮਹਲੁ ਨ ਪਾਈਐ-ਪ੍ਰਭੂ ਦਾ ਮਹੱਲ ਭਾਵ ਟਿਕਾਣਾ ਨਹੀਂ ਪਾ ਸਕੀਦਾ। ਜਬ ਲਗੁ-ਜਦੋਂ ਤਾਈਂ। ਸਾਚੁ ਨ ਚੀਤਿ-ਸੱਚਾ ਪ੍ਰਭੂ ਚਿਤ ਵਿਚ ਨਹੀਂ ਵਸਦਾ। ਰਪੈ-ਰੰਗੇ ਜਾਣ ਨਾਲ। ਨਿਰਬਾਣੀ ਪਦੁ-ਉਹ ਆਤਮਿਕ ਅਵਸਥਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ। ਨੀਤਿ-ਨਿਤ, ਸਦੀਵੀ।
ਰਹਾਉ ਵਾਲੀਆਂ ਤੁਕਾਂ ਵਿਚ ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਪਾਸੋਂ ਪ੍ਰਾਪਤ ਹੋਇਆ ਨਾਮ ਦਾ ਖਜ਼ਾਨਾ ਹੀ ਮੇਰੇ ਲਈ ਧਨ-ਦੌਲਤ ਹੈ।
ਇਸ ਸਬੰਧੀ ਪੰਚਮ ਗੁਰਦੇਵ ਦੇ ਰਾਗੁ ਮਾਝ ਵਿਚ ਪਾਵਨ ਬਚਨ ਹਨ ਕਿ ਪਰਮਾਤਮਾ ਦੇ ਨਾਮ ਦਾ ਰਸੀਆ ਦੁਨਿਆਵੀ ਪਦਾਰਥਾਂ ਵਲੋਂ ਸੰਤੁਸ਼ਟ ਰਹਿੰਦਾ ਹੈ, ਜਿਸ ਸਦਕਾ ਉਸ ਨੂੰ ਫਿਰ ਆਤਮਿਕ ਮੌਤ ਕਦੇ ਪੋਹ ਨਹੀਂ ਸਕਦੀ। ਇਹ ਫਿਰ ਨਾਮ ਰੂਪੀ ਖਜ਼ਾਨੇ ਉਸ ਨੂੰ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵਸਦਾ ਹੈ-
ਜੋ ਜੋ ਪੀਵੈ ਸੋ ਤ੍ਰਿਪਤਾਵੈ॥
ਅਮਰੁ ਹੋਵੈ ਜੋ ਨਾਮੁ ਰਸ ਪਾਵੈ॥
ਨਾਮ ਨਿਧਾਨ ਤਿਸਹਿ ਪ੍ਰਾਪਤਿ
ਜਿਸੁ ਸਬਦੁ ਗੁਰੂ ਮਨਿ ਵੁਠਾ ਜੀਉ॥ (ਅੰਗ 101)
ਤ੍ਰਿਪਤਾਵੈ-ਤ੍ਰਿਪਤ ਹੋ ਜਾਂਦਾ ਹੈ, ਸੰਤੁਸ਼ਟ ਹੋ ਜਾਂਦਾ ਹੈ। ਅਮਰੁ-ਜਿਸ ਨੂੰ ਆਤਮਿਕ ਮੌਤ ਪੋਹ ਨਹੀਂ ਸਕਦੀ। ਨਿਧਾਨ-ਖ਼ਜ਼ਾਨਾ। ਤਿਸਹਿ-ਉਸ ਨੂੰ।
ਹਰਿ ਹਰਿ ਨਾਮ ਕੀ
ਮਨਿ ਭੂਖ ਲਗਾਈ॥
ਨਾਮਿ ਸੁਨਿਐ ਮਨੁ
ਤ੍ਰਿਪਤੈ ਮੇਰੇ ਭਾਈ॥
(ਰਾਗੁ ਆਸਾ ਮਹਲਾ ੪, ਅੰਗ 367)
ਭਾਵ ਹੇ ਭਾਈ, ਜੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਦੀ ਹੈ ਤਾਂ ਨਾਮ ਨੂੰ ਸਰਵਣ ਕਰਨ ਨਾਲ ਮਨ ਸਦਾ ਸੰਤੁਸ਼ਟ ਰਹਿੰਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਜੇਕਰ ਪ੍ਰਾਣੀ ਦੇ ਵੱਡੇ ਭਾਗ ਹੋਣ ਤਾਂ ਉਹ ਸਦਾ ਥਿਰ ਪ੍ਰਭੂ ਦਾ ਨਾਮ ਜਪ-ਜਪ ਕੇ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ-
ਜੇ ਵਡ ਭਾਗ ਹੋਵਹਿ ਵਡ ਊਚੇ॥
ਨਾਨਕ ਨਾਮੁ ਜਪਹਿ ਸਚਿ ਸੂਚੇ॥ (ਅੰਗ 367)
ਸੂਚੇ-ਪਵਿੱਤਰ ਜੀਵਨ ਵਾਲੇ।
ਅਸ਼ਟਪਦੀ ਦੇ ਅੱਖਰੀਂ ਅਰਥ : ਹੇ ਭੁੱਲੇ ਤੇ ਕਮਲੇ ਮਨ, ਮੇਰੀ ਗੱਲ ਨੂੰ ਸੁਣ। ਗੁਰੂ ਦੇ ਚਰਨੀਂ ਲੱਗ ਜਾ। ਪਰਮਾਤਮਾ ਦੇ ਨਾਮ ਨੂੰ ਜਪ ਅਤੇ ਸੁਰਤ ਨੂੰ ਪ੍ਰਭੂ ਦੇ ਚਰਨਾਂ ਵਿਚ ਜੋੜ ਕੇ ਉਸ ਦੇ ਨਾਮ ਦਾ ਸਿਮਰਨ ਕਰ। ਇਸ ਤਰ੍ਹਾਂ ਜਮ ਦੇ ਦੂਤ ਵੀ ਡਰ ਜਾਂਦੇ ਹਨ (ਭਾਵ ਨੇੜੇ ਨਹੀਂ ਆਉਂਦੇ) ਅਤੇ (ਸਭ) ਦੁੱਖ ਵੀ ਭੱਜ ਜਾਂਦੇ ਹਨ ਭਾਵ ਦੂਰ ਹੋ ਜਾਂਦੇ ਹਨ ਪਰ ਨਾਮ ਤੋਂ ਸੱਖਣੀ ਪ੍ਰਭੂ ਨਾਲੋਂ ਵਿਛੜੀ ਹੋਈ ਜੀਵ-ਇਸਤਰੀ ਬੜੀ ਦੁਖੀ ਹੁੰਦੀ ਹੈ, ਜਿਸ ਕਾਰਨ ਉਸ ਦਾ ਸੁਹਾਗ ਭਾਗ ਫਿਰ ਕਾਇਮ ਕਿਵੇਂ ਰਹਿ ਸਕਦਾ ਹੈ?
ਹੇ ਭਾਈ (ਇਕ ਨਾਮ ਤੋਂ ਬਿਨਾਂ) ਮੈਨੂੰ ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਦਾ। ਮੇਰੇ ਲਈ ਨਾਮ ਦਾ ਖ਼ਜ਼ਾਨਾ ਹੀ ਧਨ-ਦੌਲਤ ਹੈ, ਜੋ ਗੁਰੂ ਦੇ ਦਿੱਤੇ ਹੋਏ ਹਨ। (ਇਸ ਲਈ) ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ।
ਉਸ ਗੁਰੂ ਤੋਂ ਸ਼ਾਬਾਸ਼ ਜਾਈਏ, ਜਿਸ ਦੀ ਮੱਤ ਗ੍ਰਹਿਣ ਕਰਨ ਨਾਲ ਇੱਜ਼ਤ ਆਬਰੂ ਮਿਲਦੀ ਹੈ। ਹੇ ਪ੍ਰਭੂ, ਅਜਿਹੇ ਗੁਰੂ ਨਾਲ ਮੇਰਾ ਸਦਾ ਮਿਲਾਪ ਕਰਵਾਈ ਰੱਖਣਾ। ਨਾਮ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾਂ ਮੈਂ ਇਕ ਘੜੀ ਭਰ ਲਈ ਵੀ ਜਿਉਂਦਾ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਇਸ ਲਈ ਹੇ ਪ੍ਰਭੂ, ਮੈਨੂੰ ਅਗਿਆਨੀ ਨੂੰ ਕਿਧਰੇ ਤੇਰਾ ਨਾਮ ਨਾ ਭੁੱਲ ਜਾਵੇ, ਕਿਉਂਕਿ ਮੈਂ ਤਾਂ ਆਪਣੀ ਟੇਕ ਕੇਵਲ ਤੇਰੇ ਨਾਮ 'ਤੇ ਹੀ ਟਿਕਾਈ ਹੋਈ ਹੈ, ਤਾਂ ਕਿ ਮੈਂ ਨਿਜ ਘਰ ਵਿਚ ਪਹੁੰਚ ਸਕਾਂ। ਜਿਨ੍ਹਾਂ ਦਾ ਗੁਰੂ ਅਗਿਆਨੀ ਹੋਵੇ, ਉਸ ਦੇ ਚੇਲੇ ਨੂੰ ਕਿਧਰੇ ਥਾਂ-ਟਿਕਾਣਾ ਨਹੀਂ ਮਿਲਦਾ। ਗੁਰੂ ਤੋਂ ਬਿਨਾਂ ਕਦੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾਮ ਤੋਂ ਬਿਨਾਂ ਮਨੁੱਖੀ ਜੀਵਨ ਦਾ ਹੋਰ ਕੋਈ ਪ੍ਰਯੋਜਨ (ਮਕਸਦ) ਵੀ ਤਾਂ ਨਹੀਂ। ਜੋ ਜਗਤ ਵਿਚ ਆ ਕੇ ਇਥੋਂ ਖਾਲੀ ਹੱਥ ਹੀ ਤੁਰ ਜਾਂਦਾ ਹੈ, ਉਸ ਨੂੰ ਫਿਰ ਉਸ ਕਾਂ ਵਾਂਗ ਹੀ ਪਛਤਾਉਣਾ ਪੈਂਦਾ ਹੈ, ਜਿਸ ਨੂੰ ਖਾਲੀ ਘਰ ਵਿਚੋਂ ਕੁਝ ਵੀ ਨਾ ਮਿਲਣ 'ਤੇ ਪਛਤਾਉਣਾ ਪੈਂਦਾ ਹੈ।
ਜਿਵੇਂ ਕੱਲਰ ਮਿੱਟੀ ਦੀ ਬਣੀ ਹੋਈ ਕੰਧ ਕਿਰਦੀ ਹੀ ਰਹਿੰਦੀ ਹੈ, ਇਸੇ ਤਰ੍ਹਾਂ ਨਾਮ ਤੋਂ ਬਿਨਾਂ ਦੇਹੀ ਨੂੰ ਦੁੱਖ ਲੱਗੇ ਹੀ ਰਹਿੰਦੇ ਹਨ। ਜਦੋਂ ਤੱਕ ਚਿੱਤ (ਮਨ) ਪਰਮਾਤਮਾ ਵਿਚ ਨਹੀਂ ਜੁੜਦਾ, ਉਦੋਂ ਤੱਕ ਸਾਧਕ ਨੂੰ ਪ੍ਰਭੂ ਦੇ ਦਰ ਘਰ (ਟਿਕਾਣੇ) ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਸਦਾ ਲਈ ਆਤਮਿਕ ਅਵਸਥਾ (ਨਿਰਬਾਣ ਪਦ) ਦੀ ਪ੍ਰਾਪਤੀ ਹੁੰਦੀ ਹੈ, ਜਿਥੇ ਫਿਰ ਕੋਈ ਵਾਸ਼ਨਾ ਪੋਹ ਨਹੀਂ ਸਕਦੀ।
(ਬਾਕੀ ਅਗਲੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਕਿਸਮਤ ਤੇ ਜੋਤਿਸ਼ ਮੂਰਖਾਂ ਦਾ ਵਿਸ਼ਵਾਸ ਹੈ

ਸਵਾਮੀ ਵਿਵੇਕਾਨੰਦ ਇਕ ਸੰਸਕ੍ਰਿਤ ਦੀ ਅਖਾਣ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਜੋ ਕਹਿੰਦਾ ਹੈ ਇਹ ਸਭ ਕਿਸਮਤ ਹੈ, ਉਹ ਡਰਪੋਕ ਅਤੇ ਮੂਰਖ ਹੈ। ਜੋ ਕਿਸਮਤ ਦੀ ਗੱਲ ਕਰਦਾ ਹੈ, ਉਹ ਸਮਝੋ ਬੁੱਢਾ ਹੋ ਰਿਹਾ ਹੈ। ਨੌਜਵਾਨ ਨਾ ਤਾਂ ਕਿਸਮਤ ਤੇ ਨਾ ਹੀ ਜੋਤਿਸ਼ ਵਿਚ ਵਿਸ਼ਵਾਸ ਰੱਖਦੇ ਹਨ। ਨੌਜਵਾਨ ਤਾਂ ਉਹ ਹੈ ਜੋ ਕਹਿੰਦਾ ਹੈ 'ਹਾਂ, ਮੈਂ ਕਰ ਸਕਦਾ ਹਾਂ।' ਇਕ ਵਾਰ ਅਸੀਂ ਹਿਮਾਲਾ ਖੇਤਰ ਵਿਚ ਜਾ ਰਹੇ ਸੀ ਤਾਂ ਸਾਡੇ ਇਕ ਵੱਡੀ ਉਮਰ ਦੇ ਭਿਕਸ਼ੂ ਸਾਥੀ ਨੇ ਕਿਹਾ ਕਿ ਉਹ ਥੱਕ ਚੁੱਕਾ ਹੈ ਤੇ ਹੋਰ ਨਹੀਂ ਚੱਲ ਸਕਦਾ ਤਾਂ ਮੈਂ ਉਸ ਨੂੰ ਕਿਹਾ ਆਪਣੇ ਪੈਰਾਂ ਹੇਠਾਂ ਰਸਤਾ ਵੇਖੋ ਜੋ ਤੁਸੀਂ ਤੈਅ ਕੀਤਾ ਹੈ। ਕੁਝ ਸਮੇਂ ਬਾਅਦ ਬਾਕੀ ਸੜਕ ਜੋ ਤੁਹਾਡੇ ਸਾਹਮਣੇ ਹੈ, ਉਹ ਵੀ ਪੈਰਾਂ ਹੇਠੋਂ ਲੰਘ ਜਾਵੇਗੀ, ਕਿਉਂਕਿ ਤੁਹਾਡੇ ਅੰਦਰ ਸ਼ਕਤੀ ਹੈ। ਅਸੀਂ ਨਿਰੰਤਰ ਯਤਨ ਨਾਲ ਮੁਸ਼ਕਿਲਾਂ 'ਤੇ ਕਾਬੂ ਪਾ ਸਕਦੇ ਹਾਂ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਨਾਲ ਅਜਿਹਾ ਕੁਝ ਨਹੀਂ ਵਾਪਰ ਸਕਦਾ, ਜਦ ਤੱਕ ਅਸੀਂ ਆਪਣੇ-ਆਪ ਨੂੰ ਇਸ ਲਈ ਤਿਆਰ ਨਹੀਂ ਕਰਦੇ। ਨੀਚ ਭਾਵਨਾਵਾਂ ਨੂੰ ਦਬਾਉਣ ਦਾ ਇਕੋ-ਇਕ ਉਪਾਅ ਹੈ ਪਵਿੱਤਰ ਵਿਚਾਰ ਰੱਖਣਾ ਤੇ ਚੰਗਾ ਕਰਨਾ। ਹਰ ਵਿਅਕਤੀ ਦਾ ਚਰਿੱਤਰ ਕਈ ਗੁਣਾਂ ਦੇ ਸੁਮੇਲ ਨਾਲ ਬਣਦਾ ਹੈ। ਕਦੇ ਵੀ ਕਿਸੇ ਨੂੰ ਨਿਕੰਮਾ ਨਾ ਸਮਝੋ। ਕੋਈ ਵੀ ਆਪਣੀਆਂ ਆਦਤਾਂ ਸੁਧਾਰ ਕੇ ਮਹਾਨ ਬਣ ਸਕਦਾ ਹੈ, ਕਿਉਂਕਿ ਜੇ ਮਾੜੀਆਂ ਆਦਤਾਂ ਨਾਲ ਚਰਿੱਤਰ ਦਾ ਪਤਨ ਹੁੰਦਾ ਹੈ ਤਾਂ ਚੰਗੀਆਂ ਆਦਤਾਂ ਅਪਣਾ ਕੇ ਅਤੇ ਦੁਹਰਾ ਕੇ ਚਰਿੱਤਰ ਨਿਰਮਾਣ ਵੀ ਕੀਤਾ ਜਾ ਸਕਦਾ ਹੈ। ਪਵਿੱਤਰ ਦਿਮਾਗ ਵਿਚ ਬੇਅੰਤ ਊਰਜਾ ਅਤੇ ਮਹਾਨ ਇੱਛਾ ਸ਼ਕਤੀ ਹੁੰਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਿਵ ਜੀ ਦਾ ਪੁਰਾਤਨ ਮੰਦਰ ਕਸੇਲ (ਤਰਨ ਤਾਰਨ)

ਪੂਰੇ ਦੇਸ਼ ਵਿਚ ਸ਼ਿਵ ਜੀ ਦੇ ਚਾਰ ਮੰਦਰ ਆਪਣੇ-ਆਪ ਵਿਚ ਸ਼ਰਧਾ ਦਾ ਪ੍ਰਤੀਕ ਹਨ। ਕਾਂਸ਼ੀ, ਕਾਬਾ, ਕਲਾਨੌਰ ਤੋਂ ਇਲਾਵਾ ਪਿੰਡ ਕਸੇਲ ਵਿਚ ਇਹ ਮੰਦਰ ਮੌਜੂਦ ਹੈ, ਜੋ ਕਸਬਾ ਝਬਾਲ (ਤਰਨ ਤਾਰਨ) ਤੋਂ 9-10 ਕਿਲੋਮੀਟਰ 'ਤੇ ਸਥਿਤ ਹੈ। ਕਰੀਬ 2 ਹਜ਼ਾਰ 50 ਸਾਲ ਪਹਿਲਾਂ ਮਹਾਰਾਜਾ ਬਿਕਰਮਜੀਤ ਸਿੰਘ ਨੇ ਇਸ ਪਿੰਡ ਵਿਚ ਮੰਦਰ ਦਾ ਨਿਰਮਾਣ ਉਸ ਵੇਲੇ ਕਰਵਾਇਆ, ਜਦੋਂ ਖ਼ੇਤ ਵਿਚ ਹਲ ਚਲਾਉਂਦੇ ਇਕ ਕਿਸਾਨ ਨੂੰ ਜ਼ਮੀਨ ਵਿਚੋਂ ਵੱਡੇ ਆਕਾਰ ਦਾ ਸ਼ਿਵਲਿੰਗ ਮਿਲਿਆ ਸੀ। ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਸੇਲ ਨੂੰ ਪਹਿਲਾਂ ਕੌਸ਼ਲਪੁਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਭਗਵਾਨ ਸ੍ਰੀ ਰਾਮ ਚੰਦਰ ਦੀ ਮਾਂ ਕੌਸ਼ਲਿਆ ਦੇ ਪੇਕੇ ਪਿੰਡ ਅਤੇ ਭਗਵਾਨ ਸ੍ਰੀ ਰਾਮ ਚੰਦਰ ਦੇ ਨਾਨਕੇ ਕੌਸ਼ਲਪੁਰੀ ਵਿਚ ਪੁਰਾਣੇ ਸਮੇਂ ਮੀਨਾਕਾਰੀ ਦੇ ਬੜੇ ਬਾਜ਼ਾਰ ਲੱਗਦੇ ਸਨ। ਇਹ ਮੰਦਰ ਕਰੀਬ ਦੋ ਹਜ਼ਾਰ ਸਾਲ ਪਹਿਲਾਂ ਹੋਂਦ ਵਿਚ ਆਇਆ। ਕਰੀਬ ਸਾਢੇ ਤਿੰਨ ਏਕੜ ਜ਼ਮੀਨ ਵਿਚ ਬਣੇ ਇਸ ਮੰਦਰ ਦੇ ਨਾਲ ਇਕ ਖੂਹੀ ਹੁੰਦੀ ਸੀ, ਜਿਸ ਦਾ ਪਾਣੀ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ, ਬਾਅਦ ਵਿਚ ਇਸ ਖੂਹੀ ਤੋਂ ਤਲਾਬ ਦਾ ਨਿਰਮਾਣ ਕਰਵਾਇਆ। ਕਹਿੰਦੇ ਹਨ ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਲਈ ਇਸ ਖੂਹੀ ਤੋਂ ਪਾਣੀ ਲਾਹੌਰ ਲਿਜਾਇਆ ਜਾਂਦਾ ਸੀ, ਕਿਉਂਕਿ ਉਨ੍ਹਾਂ ਦੇ ਪੇਟ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ, ਜੋ ਇਹ ਪਾਣੀ ਪੀਣ ਤੋਂ ਦੂਰ ਹੋਈ, ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਇਸ ਮੰਦਰ ਨੂੰ ਹਰ ਮਹੀਨੇ ਸਰਕਾਰੀ ਖਜ਼ਾਨੇ ਵਿਚੋਂ 1800 ਰੁਪਏ ਮਾਲੀਆ ਵੀ ਲਗਾਇਆ, ਜਿਸ ਨੂੰ ਸਰਕਾਰ ਨੇ ਬਾਅਦ ਵਿਚ ਬੰਦ ਕਰ ਦਿੱਤਾ। ਮਹੰਤ ਬਲਦੇਵ ਰਾਜ ਅਨੁਸਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਨਨਿਹਾਲ ਪਿੰਡ ਕੌਸ਼ਲਪੁਰੀ ਬਾਅਦ ਵਿਚ ਕਸੇਲ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਉਨ੍ਹਾਂ ਦੱਸਿਆ ਕਿ ਇਥੋਂ ਥੋੜ੍ਹੀ ਦੂਰੀ 'ਤੇ ਹੀ ਇਤਿਹਾਸਕ ਜਗ੍ਹਾ ਰਾਮ ਤੀਰਥ ਹੈ, ਜਦੋਂਕਿ ਸਤਲਾਣੀ ਸਾਹਿਬ ਦੇ ਕੋਲ ਸੀਤਾ ਮਾਤਾ ਦੀ ਕੁਟੀਆ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਮੰਦਰ ਵਿਚ ਸ਼ਿਵਲਿੰਗ ਤੋਂ ਇਲਾਵਾ ਭਗਵਾਨ ਸ੍ਰੀ ਕ੍ਰਿਸ਼ਨ, ਨੰਦੀਗਨ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਸਥਾਪਤ ਹਨ ਅਤੇ ਸ਼ਿਵਰਾਤਰੀ ਮੌਕੇ ਇਥੇ ਵਿਸ਼ਾਲ ਮੇਲਾ ਵੀ ਲੱਗਦਾ ਹੈ, ਜਿਸ ਵਿਚ ਦੂਰ-ਦੂਰ ਤੋਂ ਲੋਕ ਨਤਮਸਤਕ ਹੋਣ ਆਉਂਦੇ ਹਨ। ਇਹ ਮੰਦਰ ਏਨਾ ਪੁਰਾਣਾ ਤੇ ਇਤਿਹਾਸਕ ਹੋਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਗਿਆ। ਇਸ ਵਿਚ ਬੈਠੇ ਕੁਝ ਹਿੰਦੂ ਪਰਿਵਾਰ ਹੀ ਇਸ ਦੀ ਸੇਵਾ-ਸੰਭਾਲ ਕਰਦੇ ਆ ਰਹੇ ਹਨ। ਇਸ ਮੰਦਰ ਦੀ ਸੇਵਾ ਕਰ ਰਹੇ ਪੰਡਿਤ ਸੁਰਜੀਤ ਕੁਮਾਰ ਬੌਬੀ ਨੇ ਦੱਸਿਆ ਕਿ ਉਹ ਇਥੇ ਪਿਛਲੀਆਂ ਕਈ ਪੀੜ੍ਹੀਆਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਜੋ ਸ਼ਰਧਾਲੂ ਭੇਟਾ ਚੜ੍ਹਾਉਂਦੇ ਹਨ, ਉਸ ਨਾਲ ਹੀ ਉਹ ਮੰਦਰ ਦੀ ਸੇਵਾ ਕਰਵਾਉਂਦੇ ਹਨ।

-ਮੋਬਾ: 98722-47721

ਬਰਸੀ 'ਤੇ ਵਿਸ਼ੇਸ਼

ਢਾਡੀ ਜਗਤ ਦਾ ਥੰਮ੍ਹ ਸੀ ਢਾਡੀ ਅਮਰ ਸਿੰਘ ਸ਼ੌਂਕੀ

ਜੇਕਰ ਢਾਡੀ ਜਗਤ ਦੀ ਗੱਲ ਕੀਤੀ ਜਾਵੇ ਤਾਂ ਕੁਝ ਨਾਂਅ ਬੜੇ ਅਦਬ ਅਤੇ ਸਤਿਕਾਰਤ ਹਨ। ਉਨ੍ਹਾਂ ਵਿਚੋਂ ਇਕ ਨਾਂਅ ਅਜਿਹਾ ਹੈ, ਜਿਸ ਨੇ ਆਪਣੀ ਕਲਾ ਦਾ ਲੋਹਾ ਪੂਰੀ ਦੁਨੀਆ ਵਿਚ ਮੰਨਵਾਇਆ। ਉਹ ਨਾਂਅ ਹੈ ਢਾਡੀ ਸਵਰਗੀ ਅਮਰ ਸਿੰਘ ਸ਼ੌਂਕੀ, ਜਿਸ ਨੂੰ ਢਾਡੀ ਜਗਤ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ।
ਤਹਿਸੀਲ ਗੜ੍ਹਸ਼ੰਕਰ ਦੇ ਛੋਟੇ ਜਿਹੇ ਪਿੰਡ ਭੱਜਲ ਦੇ ਲੋਕਾਂ ਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਦੇਸ਼-ਵਿਦੇਸ਼ ਵਿਚ ਗੂੰਜਣ ਵਾਲੀ ਮਿੱਠੀ, ਸੁਰੀਲੀ ਅਤੇ ਲੰਮੀ ਹੇਕ ਵਾਲੀ ਬੁਲੰਦ ਆਵਾਜ਼ ਦੇ ਮਾਲਕ ਇਕ ਵਿਲੱਖਣ ਸ਼ਖ਼ਸੀਅਤ ਦਾ ਜਨਮ ਇਸ ਛੋਟੇ ਜਿਹੇ ਪਿੰਡ ਵਿਚ ਹੋਵੇਗਾ। ਢਾਡੀ ਅਮਰ ਸਿੰਘ ਸ਼ੌਂਕੀ ਦਾ ਜਨਮ 14 ਅਗਸਤ, 1916 ਨੂੰ ਪਿਤਾ ਸ: ਮੂਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਜੈ ਕੌਰ ਦੀ ਕੁੱਖੋਂ ਹੋਇਆ। ਸ਼ੌਂਕੀ ਸਾਹਿਬ ਭਾਵੇਂ ਅੱਖਰੀ ਵਿੱਦਿਆ ਤੋਂ ਕੋਰੇ ਸਨ ਪਰ ਉਨ੍ਹਾਂ ਨੇ ਸੰਗੀਤਕ ਵਿੱਦਿਆ ਸਿਆਲਕੋਟ ਦੇ ਇਕ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਵਾਜੇ-ਢੋਲਕ ਨਾਲ ਗਾਉਣ ਦਾ ਆਗਾਜ਼ ਕੀਤਾ। ਉਨ੍ਹਾਂ ਦੇ ਪਹਿਲੇ ਢਾਡੀ ਜਥੇ ਦੇ ਪ੍ਰਚਾਰਕ ਗਿਆਨੀ ਸਰਵਣ ਸਿੰਘ ਸਨ। ਉਨ੍ਹਾਂ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਤਿੰਨ ਪੁੱਤਰਾਂ, ਸਵਰਾਜ ਸਿੰਘ, ਜਸਪਾਲ ਸਿੰਘ ਅਤੇ ਪਰਗਟ ਸਿੰਘ, ਨੇ ਜਨਮ ਲਿਆ।
ਅਮਰ ਸਿੰਘ ਸ਼ੌਂਕੀ ਨੂੰ ਛੋਟੇ ਹੁੰਦੇ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਅਕਸਰ ਉਹ ਹਰਮੋਨੀਅਮ ਦੀਆਂ ਸੁਰਾਂ ਅਤੇ ਢੋਲਕੀ ਦੀ ਤਾਲ ਨਾਲ ਗੀਤ ਗਾਉਂਦਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਹੀ ਉਸ ਦੇ ਇਕ ਗੀਤ 'ਪੰਥ ਰੰਗੀਲੇ' ਨੇ ਧੁੰਮਾਂ ਦੇਸ਼ ਵਿਚ ਪਾਈਆਂ, ਜੋ ਢੋਲਕ ਅਤੇ ਹਰਮੋਨੀਅਮ ਨਾਲ ਰਿਕਾਰਡ ਹੋਇਆ ਸੀ। ਉਦੋਂ ਸਿਆਲਕੋਟ ਦੇ ਲੋਕ ਸ਼ੌਂਕੀ ਦੇ ਬਹੁਤ ਅਖਾੜੇ ਲਗਵਾਉਂਦੇ ਹੁੰਦੇ ਸਨ। ਕਿਸੇ ਸਿਆਣੇ ਨੇ ਉਸ ਨੂੰ ਮੱਤ ਦਿੱਤੀ ਕਿ ਤੂੰ ਵਾਜੇ-ਢੋਲਕੀ ਨੂੰ ਛੱਡ, ਢੱਡ-ਸਾਰੰਗੀ ਨਾਲ ਗਾਇਆ ਕਰ, ਫੇਰ ਦੇਖੀਂ ਤੇਰੀ ਕਿਵੇਂ ਚੜ੍ਹਾਈ ਹੁੰਦੀ ਏ। ਸ਼ੌਂਕੀ ਨੂੰ ਸੁਝਾਅ ਚੰਗਾ ਲੱਗਾ। ਉਸ ਨੇ ਆਪਣਾ ਢੱਡ ਸਾਰੰਗੀ ਵਾਲਾ ਜਥਾ ਬਣਾ ਲਿਆ ਅਤੇ ਸਰਵਣ ਸਿੰਘ ਅਤੇ ਮੋਹਨ ਸਿੰਘ ਬਿੰਡਾ ਵਰਗੇ ਸਾਥੀਆਂ ਨੂੰ ਆਪਣੇ ਨਾਲ ਰਲਾ ਲਿਆ। ਸ਼ੌਂਕੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਂਅ ਨਾਲ ਮਸਤ ਤਖੱਲਸ ਵੀ ਲਾਇਆ ਪਰ ਬਾਅਦ ਵਿਚ ਪੱਕੇ ਤੌਰ 'ਤੇ ਉਸ ਨੇ ਢੱਡ ਸਾਰੰਗੀ ਨਾਲ ਅਮਰ ਸਿੰਘ ਸ਼ੌਂਕੀ ਦੇ ਨਾਂਅ ਹੇਠ ਜੱਥਾ ਬਣਾ ਲਿਆ।
ਅਮਰ ਸਿੰਘ ਸ਼ੌਂਕੀ ਨੇ ਇਤਿਹਾਸਕ ਕਿੱਸਿਆਂ ਨਾਲ ਸਬੰਧਿਤ ਬਹੁਤ ਗੀਤਾਂ ਦੀ ਸਿਰਜਣਾ ਕੀਤੀ। ਇਸ ਤੋਂ ਇਲਾਵਾ ਉਸ ਦੇ ਖਾਸ ਕਰਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕਿਆਂ ਨਾਲ ਸਬੰਧਿਤ ਧਾਰਮਿਕ ਗੀਤ ਬਹੁਤ ਮਸ਼ਹੂਰ ਹੋਏ, ਜੋ ਇਤਿਹਾਸ ਨੂੰ ਅੱਖਾਂ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੰਦੇ ਸਨ : 'ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ', 'ਵਾਹ ਵਾਹ ਗੜ੍ਹੀਏ ਚਮਕੌਰ' ਆਦਿ ਧਾਰਮਿਕ ਗੀਤ ਗਾਏ।
ਅਮਰ ਸਿੰਘ ਸ਼ੌਂਕੀ ਸਾਲ 1980 ਵਿਚ ਇੰਗਲੈਂਡ ਦੀ ਧਰਤੀ 'ਤੇ ਗਾਉਣ ਗਿਆ। ਉਥੇ ਉਹ ਆਪਣੇ ਨਾਲ ਆਪਣੇ ਸਾਥੀ ਮੋਹਨ ਸਿੰਘ ਬਿੰਡਾ, ਲਛਮਣ ਸਿੰਘ ਅਤੇ ਆਪਣੇ ਵੱਡੇ ਪੁੱਤਰ ਸਵਰਾਜ ਸਿੰਘ ਨੂੰ ਵੀ ਨਾਲ ਲੈ ਕੇ ਗਿਆ। ਗੋਰਿਆਂ ਦੀ ਧਰਤੀ 'ਤੇ ਉਸ ਨੇ ਰੱਜ ਕੇ ਪੰਜਾਬੀਆਂ ਦਾ ਮਨੋਰੰਜਨ ਕੀਤਾ। ਉਥੋਂ ਵਾਪਸ ਆ ਕੇ ਉਹ ਢਿੱਲਾ ਪੈ ਗਿਆ ਅਤੇ ਬਿਮਾਰੀ ਦੀ ਹਾਲਤ ਵਿਚ ਉਹ 14 ਅਗਸਤ, 1981 ਨੂੰ ਮਾਮੂਲੀ ਜਿਹੀ ਬਿਮਾਰੀ ਨਾਲ ਇਸ ਦੁਨੀਆ ਤੋਂ ਸਦਾ ਲਈ ਚਲਾ ਗਿਆ।


-ਅਵਤਾਰ ਸਿੰਘ ਆਨੰਦ,
ਪਿੰਡ ਹੁਸ਼ਿਆਰ ਨਗਰ, ਜ਼ਿਲ੍ਹਾ ਅੰਮ੍ਰਿਤਸਰ। ਮੋਬਾ: 98551-20287

ਧਾਰਮਿਕ ਸਾਹਿਤ

ਦਰਸ਼ਨ-ਦੀਦਾਰੇ
(ਇਤਿਹਾਸਕ ਗੁਰਦੁਆਰਿਆਂ ਬਾਰੇ ਜਾਣਕਾਰੀ)
ਲੇਖਕ : ਪ੍ਰਿੰਸੀਪਲ ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਕੀਮਤ : 200 ਰੁਪਏ, ਸਫ਼ੇ : 99
ਸੰਪਰਕ : 98764-52223


ਇਹ ਪੁਸਤਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਦਾ ਵਧੀਆ ਉਪਰਾਲਾ ਹੈ। ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਲੇਖਾਂ ਵਿਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਖਡੂਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਇਤਿਹਾਸਕ ਕਿਲ੍ਹਿਆਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ, ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਹਜ਼ੂਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਨਾਨਕ ਮਤਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਪਿੰਡ ਘੁਡਾਣੀ ਕਲਾਂ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ, ਰਾਏਕੋਟ (ਲੁਧਿਆਣਾ) ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਮੁਕਤਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਕਰਤਾਰਪੁਰ (ਜਲੰਧਰ) ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸ੍ਰੀ ਪਟਨਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਪੇਸ਼ ਕਰਕੇ ਲੇਖਕ ਨੇ ਸਧਾਰਨ ਸ਼ਰਧਾਲੂ ਦੀ ਸ਼ਰਧਾ ਤੇ ਪ੍ਰੇਮ ਨੂੰ ਮੱਦੇਨਜ਼ਰ ਰੱਖ ਕੇ ਸਰਲ ਭਾਸ਼ਾ ਸ਼ੈਲੀ ਵਿਚ ਬਿਨਾਂ ਕਿਸੇ ਬੋਝਲ ਸ਼ਬਦਾਂ ਦੀ ਵਰਤੋਂ ਕਰਦਿਆਂ ਕਲਾਮਈ ਢੰਗ ਨਾਲ ਪੇਸ਼ ਕੀਤਾ ਹੈ। ਲੇਖਕ ਆਪਣੇ ਨਿੱਜੀ ਅਨੁਭਵ ਅਤੇ ਇਤਿਹਾਸਕ ਜਾਣਕਾਰੀ ਨੂੰ ਸਾਧਾਰਨ ਪਾਠਕ ਵਰਗ ਤੱਕ ਪਹੁੰਚਾਉਣਾ ਚਾਹੁੰਦਾ ਹੈ। ਜਦੋਂ ਪਾਠਕ ਪੁਸਤਕ ਨੂੰ ਵਾਚਦਾ ਹੈ ਤਾਂ ਇਨ੍ਹਾਂ ਸਥਾਨਾਂ ਦੇ ਪਵਿੱਤਰ ਦਰਸ਼ਨ ਵੀ ਕਰ ਰਿਹਾ ਹੁੰਦਾ ਹੈ।
ਜੇ ਕਿਤੇ ਪੁਸਤਕ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਗੁਰਦੁਆਰਾ ਸਾਹਿਬ ਦੇ ਚਿੱਤਰਾਂ ਨੂੰ ਰੰਗਦਾਰ ਤਕਨੀਕ ਵਿਚ ਪੇਸ਼ ਕੀਤਾ ਜਾਂਦਾ ਤਾਂ ਸੋਨੇ ਉੱਪਰ ਸੁਹਾਗੇ ਵਾਲੀ ਗੱਲ ਬਣ ਜਾਣੀ ਸੀ। ਪਰ ਪਾਠਕ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਇਹ ਸਫ਼ਲ ਉਪਰਾਲਾ ਹੈ।


ਕਲੂ ਮਹਿ ਸਾਕਾ
ਲੇਖਕ : ਗਿਆਨੀ ਕੇਵਲ ਸਿੰਘ 'ਨਿਰਦੋਸ਼' ਕੈਨੇਡਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਕੀਮਤ : 160 ਰੁਪਏ, ਸਫੇ : 120
ਸੰਪਰਕ : 98157-39855


ਇਹ ਪੁਸਤਕ ਇਤਿਹਾਸਕ ਲੇਖਾਂ ਦਾ ਸੰਗ੍ਰਹਿ ਹੈ, ਜੋ ਲੇਖਕ ਵਲੋਂ ਵੱਖ-ਵੱਖ ਸਮੇਂ ਲਿਖੇ ਗਏ। ਲੇਖਕ ਵਲੋਂ ਪੁਸਤਕ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਪੁਸਤਕਾਂ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਹਨ। ਲੇਖਕ ਦਾ ਵਿਸ਼ਵਾਸ ਹੈ ਕਿ ਅਧਿਆਤਮਕ ਦੁਨੀਆ ਵਿਚ ਕਈ ਅਲੌਕਿਕ ਘਟਨਾਵਾਂ ਵਾਪਰਦੀਆਂ ਹਨ। ਰੂਹਾਨੀਅਤ ਦੀ ਦੁਨੀਆ ਵਿਚ ਕੁਝ ਵੀ ਅਸੰਭਵ ਨਹੀਂ। ਇਸ ਪੁਸਤਕ ਦਾ ਇਹ ਤੀਜਾ ਐਡੀਸ਼ਨ ਛਪਿਆ ਹੈ। ਲੇਖਕ ਨੇ ਭਾਰਤੀ ਫੌਜ ਦੀ ਪੰਜਾਬ ਰਜਮੈਂਟ ਵਿਚ ਬਤੌਰ ਧਾਰਮਿਕ ਅਧਿਆਪਕ ਵਜੋਂ 15 ਸਾਲ ਸੇਵਾ ਨਿਭਾਅ ਚੁੱਕਾ ਹੈ। ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਲੇਖਾਂ ਨੂੰ ਵਾਚ ਕੇ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਇਤਿਹਾਸ ਅਤੇ ਗੁਰਬਾਣੀ ਨੂੰ ਸੁਮੇਲ ਬਣਾ ਕੇ ਇਤਿਹਾਸਕ ਤੱਥਾਂ ਨੂੰ ਪੇਸ਼ ਕੀਤਾ ਹੈ।
ਇਸ ਤੋਂ ਇਲਾਵਾ ਬਤੌਰ ਧਾਰਮਿਕ ਅਧਿਆਪਕ ਵਜੋਂ ਭਾਰਤੀ ਫੌਜ ਦੀ ਸੇਵਾ ਨਿਭਾਉਂਦਿਆਂ ਬੰਗਲਾਦੇਸ਼ ਦੀ ਲੜਾਈ (1971) ਦੀਆਂ ਘਟਨਾਵਾਂ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਉਸ ਨੇ ਸਿੱਖ ਵਲੋਂ ਕੀਤੀ ਗਈ ਅਰਦਾਸ ਦੀ ਜ਼ਾਹਰੀ ਕਲਾ ਦਾ ਵਰਨਣ ਕਰਦਿਆਂ ਭਰੋਸੇ ਤੇ ਵਿਸ਼ਵਾਸ ਨੂੰ ਦ੍ਰਿੜ੍ਹ ਹੁੰਦਿਆਂ ਦੇਖਿਆ ਹੈ। ਇਕ ਲੇਖ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੀ ਚੌਥੀ ਸ਼ਤਾਬਦੀ ਨਾਲ ਸਬੰਧਤ ਹੈ ਅਤੇ ਇਕ ਹੋਰ ਮਜ਼ਮੂਨ ਜਾਂਬਾਜ਼ ਸ਼ਹੀਦ ਬਾਬਾ ਬਲਵੰਤ ਸਿੰਘ ਖੁਰਦਪੁਰ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਪਾਠਕਾਂ ਦੇ ਰੂਬਰੂ ਕਰਕੇ ਆਪਣੇ ਫਰਜ਼ ਨੂੰ ਨਿਭਾਇਆ ਹੈ। ਸਮੁੱਚੇ ਰੂਪ ਵਿਚ ਲੇਖਕ ਦੀ ਇਸ ਕਿਰਤ ਦੀ ਪ੍ਰਸੰਸਾ ਕਰਨੀ ਬਣਦੀ ਹੈ।


-ਭਗਵਾਨ ਸਿੰਘ ਜੌਹਲ
ਮੋਬਾ: 98143-24040


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX