ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਬੇਪ੍ਰਵਾਹ ਨਾਇਕਾ

ਜਵਾਨੀ ਤੇ ਅੱਧਖੜ੍ਹਤਾ ਦੇ ਵਿਚਕਾਰ ਵਾਲੀ ਉਮਰ 'ਚ ਜੈਕਲਿਨ ਨੇ ਪੈਰ ਧਰ ਲਿਆ ਹੈ। ਪੁੱਛਣ 'ਤੇ ਜਵਾਬ ਇਹ ਕਿ 33 ਸਾਲ 'ਚ ਤਾਂ ਜਵਾਨੀ ਹੁੰਦੀ ਹੈ, ਇਥੇ 33 ਸਾਲ 'ਚ ਲੋਕ ਵਿਆਹ ਕਰਵਾਉਂਦੇ ਨੇ ਤੇ ਫਿਰ ਅਧਖੜਤਾ ਐਵੇਂ ਹੀ...। ਬਾਲੀਵੁੱਡ ਦੀਆਂ ਚੰਗੀਆਂ ਨਾਇਕਾਵਾਂ 'ਚ ਸ਼ੁਮਾਰ ਹੈ ਜੈਕਲਿਨ ਫਰਨਾਡਿਜ਼ ਦਾ। ਸੋਸ਼ਲ ਮੀਡੀਆ 'ਤੇ ਲਗਾਤਾਰ ਉਹ ਸਰਗਰਮ ਹੈ। ਪ੍ਰਸੰਸਕ ਵਾਧੂ ਤੇ ਟੀ.ਵੀ. ਰਿਪੋਰਟਰ ਤੋਂ ਮਿਸ ਸ੍ਰੀਲੰਕਾ ਤੇ ਹੁਣ 'ਮਿਸ ਬੀ-ਟਾਊਨ' ਜੈਕੀ ਅੱਜਕਲ੍ਹ ਕੁੱਕ ਬਣ ਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ। ਉਸ ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਉਣ 'ਚ ਮੁਹਾਰਤ ਲੈ ਲਈ ਹੈ। ਸਾਜਿਦ ਖ਼ਾਨ ਦੀ ਪ੍ਰੇਮ ਪਿਆਰੀ ਰਹੀ ਜੈਕੀ ਬਹਿਰੀਨ ਦੇ ਰਾਜਕੁਮਾਰ ਦੀ ਰਾਜਕੁਮਾਰੀ ਬਣਨ ਤੱਕ ਵੀ ਪਹੁੰਚ ਗਈ ਸੀ ਪਰ ਸ਼ੌਕ ਫ਼ਿਲਮਾਂ ਦੇ ਬਾਹਲੇ ਮਾੜੇ। ਸਲਮਾਨ ਖ਼ਾਨ ਜਦ ਤੱਕ ਉਸ 'ਤੇ ਮਿਹਰਬਾਨ ਹੈ, ਤਦ ਤੱਕ ਜੈਕੀ ਮੁੰਬਈ ਦੀ ਰਾਣੀ ਰਹੇਗੀ। ਅਕਸ਼ੈ ਤੇ ਸਲਮਾਨ ਵੈਸੇ ਇਨ੍ਹਾਂ ਦਿਨਾਂ 'ਚ ਜੈਕੀ ਨਾਲ ਨਰਾਜ਼ ਹਨ। ਅਕਸ਼ੈ ਤਾਂ ਕਿਆਰਾ ਅਡਵਾਨੀ ਤੇ ਸਲਮਾਨ ਫਿਰ ਕੈਟਰੀਨਾ ਦੀ ਸਿਫਾਰਸ਼ ਕਰ ਰਿਹਾ ਹੈ। ਇਹ ਜੈਕੀ ਲਈ ਖਤਰੇ ਦੀ ਘੰਟੀ ਹੈ। ਹਾਂ, 'ਹਾਊਸਫੁਲ-4' 'ਚ ਆਈਟਮ ਗੀਤ ਛੱਡ ਦੇਣ ਕਾਰਨ ਅੱਕੀ ਦੇ ਮਨ ਤੋਂ ਉਹ ਲੱਥ ਗਈ ਹੈ। 'ਕਰਿਕ ਪਾਰਟੀ' ਦੀ ਹਿੰਦੀ ਰੀਮੇਕ ਨੇ ਜੈਕੀ ਦੀ ਹਵਾ ਖਰਾਬ ਕੀਤੀ ਹੈ। ਕਾਰਤਿਕ ਆਰੀਅਨ ਇਸ 'ਚ ਕੰਮ ਕਰ ਰਿਹਾ ਹੈ। ਇਸ ਲਈ ਜੈਕੀ ਦੀ ਦਿਖਾਈ ਦਿਲਚਸਪੀ ਉਸ 'ਤੇ ਭਾਰੀ ਪੈ ਗਈ। ਹਾਲ ਦੀ ਘੜੀ ਜੈਕੀ ਚੁੱਪ ਹੈ, ਸ਼ਾਂਤ ਹੈ ਤੇ ਅੱਕੀ-ਸੱਲੂ ਦੀ ਨਾਰਾਜ਼ਗੀ ਤੋਂ ਨਿਡਰ ਹੈ। ਜੈਕੀ ਦਾ ਕੈਰੀਅਰ ਅਜੇ ਮਧਮ ਨਹੀਂ ਪਿਆ ਹੈ। 'ਰੇਸ-3' ਦਾ ਨੁਕਸਾਨ ਉਹ ਜਾਣਦੀ ਹੈ ਪਰ ਇਸ ਨੁਕਸਾਨ ਨੇ ਜੈਕੀ ਨੂੰ ਸਲਮਾਨ ਤੇ ਹਾਵੀ ਕੀਤਾ ਹੈ। ਮੁੰਬਈ ਇੰਡੀਆਜ਼ ਦੇ ਕ੍ਰਿਕਟਰ ਸੂਰਯ ਕੁਮਾਰ ਯਾਦਵ ਦੀ ਜੈਕਲਿਨ 'ਚ ਦਿਲਚਸਪੀ ਵਧ ਰਹੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਇੰਡੀਆ ਦੇ ਲਈ ਯਾਦਵ ਖੇਡ ਰਿਹਾ ਹੈ। ਜਦ ਨਿਰਮਾਤਾ ਨਿਰਦੇਸ਼ਕ ਤੇ ਕ੍ਰਿਕਟਰ ਜੈਕਲਿਨ ਫਰਨਾਂਡਿਜ਼ ਦੇ ਕਾਇਲ ਹੋਣ ਤਦ ਫਿਰ ਅਕਸ਼ੈ ਰੁੱਸ ਜਾਏ, ਸਲਮਾਨ ਮੂੰਹ ਫੇਰ ਲਵੇ ਤਾਂ ਜੈਕਲਿਨ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਕਾਰਤਿਕ ਆਰੀਅਨ ਨਾਲ 'ਕਰਿਕ ਪਾਰਟੀ' ਕਰਕੇ ਉਹ ਲਾਭ 'ਚ ਹੀ ਰਹੇਗੀ ਤੇ ਰੁੱਸੇ ਹੋਏ ਵੀ ਆਪੇ ਮੰਨ ਹੀ ਜਾਣਗੇ।


ਖ਼ਬਰ ਸ਼ੇਅਰ ਕਰੋ

ਜਿੰਮੀ ਸ਼ੇਰਗਿੱਲ

ਗੱਡੀ ਏ ਸ਼ੌਕੀਨ ਜੱਟ ਦੀ

ਪੰਜਾਬੀ ਫ਼ਿਲਮਾਂ ਦਾ ਸ਼ਾਹਰੁਖ ਕਹਾਉਣ ਵਾਲਾ ਜਿੰਮੀ ਸ਼ੇਰਗਿੱਲ ਬੀ-ਟਾਊਨ 'ਚ ਵੀ ਸੁਰੱਖਿਅਤ ਟਿਕਾਣੇ 'ਤੇ ਹੈ। ਐਸ.ਯੂ.ਵੀ. ਏ.ਐਮ.ਜੀ. ਜੀ 63 ਮਰਸਡੀਜ਼ ਬੈਂਜ ਦੀ ਸ਼ਾਨਦਾਰ ਗੱਡੀ ਉਸ ਨੇ ਖਰੀਦੀ ਹੈ। ਮਰਸਡੀਜ਼ ਦੌਰ ਦੀ ਇਹ ਮਹਿੰਗੀ ਕਾਰ ਖਰੀਦ ਕੇ ਜਿੰਮੀ ਨੇ ਅੱਧੀ ਬਾਲੀਵੁੱਡ ਹੈਰਾਨਗੀ 'ਚ ਪਾ ਦਿੱਤੀ ਹੈ। ਦਿੱਲੀ 'ਚ ਇਸ ਕਾਰ ਦੀ ਕੀਮਤ 2 ਕਰੋੜ 18 ਲੱਖ ਰੁਪਏ ਹੈ। ਜਿੰਮੀ ਦੱਸਦਾ ਹੈ ਕਿ 544 ਬੀ.ਐਚ.ਪੀ. ਪਾਵਰ ਦਾ ਇੰਜਣ ਤੇ 7 ਸਪੀਡ ਆਟੋਮੈਟਿਕ ਗੇਅਰ ਵਾਲੀ ਇਹ ਕਾਰ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ ਤੇ ਪੰਜ ਸੈਕਿੰਡ 'ਚ ਇਹ 90 ਕਿਲੋਮੀਟਰ ਦੀ ਰਫ਼ਤਾਰ ਫੜ ਲੈਂਦੀ ਹੈ। 'ਗੈਂਗਸ ਆਫ਼ ਵਾਸੇਪੁਰ-3' 'ਚ ਕੰਮ ਕਰਨ ਨੂੰ ਬੇਤਾਬ ਜਿੰਮੀ ਸ਼ੇਰਗਿੱਲ ਦਿਲੋਂ ਅਨੁਰਾਗ ਕਸ਼ਯਪ ਦਾ ਵੱਡਾ ਪ੍ਰਬੰਧਕ ਹੈ। 'ਮੁੱਕਾਬਾਜ਼ਾ' ਉਸ ਨੇ ਅਨੁਰਾਗ ਨਾਲ ਕੀਤੀ। ਸਮਾਜ ਨੂੰ ਫ਼ਿਲਮਾਂ ਉਸ ਅਨੁਸਾਰ ਸ਼ੀਸ਼ਾ ਬਣ ਦਿਸ ਰਹੀਆਂ ਹਨ। ਜਿੰਮੀ ਨੇ ਹਮੇਸ਼ਾ ਅਲੱਗ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਹਨ। ਚਾਹੇ ਪੰਜਾਬੀ ਦੀ 'ਮੰਨਤ' ਹੋਵੇ ਜਾਂ ਹਿੰਦੀ ਦੀ 'ਸਾਹਿਬ ਬੀਵੀ ਔਰ ਗੈਂਗਸਟਰ' ਜਿੰਮੀ ਸਿਰਫ਼ ਕਾਮੁਕ ਦ੍ਰਿਸ਼ ਦੇਣ ਸਮੇਂ ਘਬਰਾਹਟ ਜਿਹੀ ਮਹਿਸੂਸ ਕਰਦਾ ਹੈ, ਬਾਕੀ ਪ੍ਰਵਾਹ ਨਹੀਂ। ਜਿਨ੍ਹਾਂ ਨੇ ਜਿੰਮੀ ਦਾ ਪੂਜਾ ਚੋਪੜਾ ਨਾਲ 'ਛੱਪਨ ਤਾਲ' ਵੀਡੀਓ ਦੇਖਿਆ ਸੀ, ਉਹ ਮੰਨ ਗਏ ਸਨ ਕਿ ਜਿੰਮੀ ਗਜ਼ਬ ਦਾ ਡਾਂਸਰ ਵੀ ਹੈ। ਜਿੰਮੀ ਇਸ ਸਮੇਂ ਨਵੀਂ ਗੱਡੀ ਦੀਆਂ ਵਧਾਈਆਂ ਲੈ ਰਿਹਾ ਹੈ। 'ਸਾਵਧਾਨ ਇੰਡੀਆ' ਦੇ ਕੁਝ ਸ਼ੋਅ ਹੋਸਟ ਵੀ ਕੀਤੇ ਕਿ ਮਹਿੰਗੀ ਗੱਡੀ ਹੋਵੇ ਤਾਂ ਮਹਿੰਗੇ ਤੇਲ ਲਈ ਪੈਸੇ ਚਾਹੀਦੇ ਹਨ। ਨਖਰੇ ਤੇ ਵੱਧ ਪੈਸੇ 'ਸਾਵਧਾਨ ਇੰਡੀਆ' ਵਾਲੇ ਜਿੰਮੀ ਤੋਂ ਸਾਵਧਾਨ ਹੋ ਗਏ। ਜਿੰਮੀ ਨੂੰ ਇਹ ਸ਼ੋਅ ਛੱਡਣਾ ਪਿਆ ਹੈ। ਜਿੰਮੀ ਨੂੰ ਇਸ ਦੀ ਫਿਕਰ ਨਹੀਂ ਹੈ। ਵੈਸੇ ਵੀ ਫ਼ਿਲਮਾਂ ਤੋਂ ਉਸ ਨੂੰ ਸਮਾਂ ਕੱਢਣਾ ਮੁਸ਼ਕਿਲ ਸੀ। ਹੁਣ ਸ਼ੌਕੀਨ ਜਿੰਮੀ ਦੀ ਮਹਿੰਗੀ ਕਾਰ ਜਦ ਸੈੱਟ 'ਤੇ ਆਏਗੀ ਤਦ ਸਟਾਰ ਹੀਰੋ ਵਾਲਾ ਪ੍ਰਭਾਵ ਦਿਖਾਈ ਦੇਵੇਗਾ।

ਕਿਆਰਾ ਅਡਵਾਨੀ

ਸਮਝ ਗਈ ਬਾਲੀਵੁੱਡ ਦੇ ਦਾਅ-ਪੇਚ

ਐਮ.ਐਸ. ਧੋਨੀ ਦੀ ਬਾਇਓਪਿਕ ਨਾਲ ਕਿਆਰਾ ਅਡਵਾਨੀ ਨਾਂਅ ਦਾ ਨਵਾਂ ਫੁੱਲ ਬੀ-ਟਾਊਨ ਦੀ ਕਿਆਰੀ 'ਚ ਖਿੜਿਆ ਸੀ। ਕਿਆਰਾ ਕਾਫ਼ੀ ਦੇਰ ਤਾਂ ਇਸ ਅਜੀਬ ਇੰਡਸਟਰੀ ਦੀ ਤਿਕੜਮਬਾਜ਼ੀ ਦੇਖ ਕੇ ਹੈਰਾਨ ਹੁੰਦੀ ਰਹੀ ਪਰ ਨਾਲ-ਨਾਲ ਇਹ ਵੀ ਜਾਣਦੀ ਰਹੀ ਕਿ ਇੰਡਸਟਰੀ 'ਚ ਵਿਚਰਨ ਲਈ ਰੋਜ਼ ਦਾ ਨਿੱਤ-ਨੇਮ ਕੀ ਹੋਣਾ ਚਾਹੀਦਾ ਹੈ? ਹੁਣ ਕਿਤੇ ਜਾ ਕੇ ਕਿਆਰਾ ਨੂੰ ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਜਿਹੇ ਹੀਰੋਜ਼ ਨਾਲ ਮਿਲ ਕੇ ਚਲਣ ਦਾ ਸਾਥ ਮਿਲਿਆ ਹੈ। ਹਾਲਾਂਕਿ ਅੱਬਾਸ-ਮਸਤਾਨ ਦੀ ਫ਼ਿਲਮ 'ਮਸ਼ੀਨ' ਵੀ ਉਸ ਨੇ ਕੀਤੀ ਪਰ ਇਹ ਮਸ਼ੀਨ ਚੱਲੀ ਹੀ ਨਹੀਂ। ਬੱਤਰਾ ਦੀ ਨਵੀਂ ਫ਼ਿਲਮ ਉਹ ਜ਼ਰੂਰ ਸਿਧਾਰਥ ਮਲਹੋਤਰਾ ਨਾਲ ਕਰ ਰਹੀ ਹੈ। ਸਿਧਾਰਥ ਦੇ ਨਾਲ ਕਿਆਰਾ ਦਾ ਦਿਲ ਵੀ ਘੁਲ-ਮਿਲ ਗਿਆ ਹੈ। ਕਿਆਰਾ ਦਰਅਸਲ 'ਸਿੰਬਲ' ਲਈ ਕਰਨ ਜੌਹਰ ਦੀ ਹੀ ਪਸੰਦ ਸੀ। ਕਿਆਰਾ ਦੀ ਜਨਮ ਦਿਨ ਪਾਰਟੀ ਹੀ ਉਸ ਦੀ ਦਿਲਲਗੀ ਦਾ ਸਬੱਬ ਬਣੀ। 'ਲਸਟ ਸਟੋਰੀਜ਼' ਨੇ ਕਿਆਰਾ ਦੀ ਨੇੜਤਾ ਬੀ-ਟਾਊਨ ਦੀਆਂ ਵੱਡੀਆਂ ਹਸਤੀਆਂ ਨਾਲ ਵਧਾਈ। ਕਿਆਰਾ ਦਾ ਹਰ ਕਦਮ ਹੁਣ ਸੋਚ-ਸਮਝ ਕੇ ਧਰਿਆ ਹੋਇਆ ਲਗ ਰਿਹਾ ਹੈ। ਸਵਰਾ ਭਾਸਕਰ ਤੋਂ ਬਾਅਦ ਗੁਪਤ ਕਾਮੁਕ ਦ੍ਰਿਸ਼ ਕਰਕੇ ਕਿਆਰਾ ਨੇ ਖ਼ਬਰਾਂ ਤਾਂ ਬਟੋਰੀਆਂ ਹਨ ਪਰ ਇਸ ਨਾਲ ਉਸ ਦਾ ਪ੍ਰਚਾਰ ਵੀ ਨਾਂਹ-ਪੱਖੀ ਹੀ ਹੋਇਆ ਹੈ। ਕਿਆਰਾ ਇਕ ਵਾਰ ਫਿਰ ਕਰਨ ਜੌਹਰ ਦੇ ਨਜ਼ਦੀਕ ਆ ਗਈ ਹੈ। ਸਿਧਾਰਥ ਮਲਹੋਤਰਾ ਇਸ 'ਚ ਵਿਚੋਲਗਿਰੀ ਨਿਭਾਅ ਰਿਹਾ ਹੈ। ਜ਼ੋਇਆ ਅਖ਼ਤਰ, ਦਿਬਾਕਰ ਬੈਨਰਜੀ ਤੇ ਅਨੁਰਾਗ ਕਸ਼ਯਪ ਵੀ ਕਰਨ ਜੌਹਰ ਸਦਕਾ ਹੀ ਕਿਆਰਾ ਦੇ ਨੇੜੇ ਆਏ ਹਨ। ਚੰਗੀ ਚਮੜੀ ਤੇ ਸਰੀਰਕ ਭਾਸ਼ਾ ਉਸ ਅਨੁਸਾਰ ਇਥੇ ਹੀਰੋਇਨ ਲਈ ਜ਼ਰੂਰੀ ਹੈ, ਅਭਿਨੈ ਹੁਣ ਬਾਅਦ ਦੀ ਗੱਲ ਹੈ। ਕਿਆਰਾ ਦਾ ਝੁਕਾਅ ਦੱਖਣ ਵੱਲ ਘਟ ਹੀ ਹੈ। ਉਹ ਸਾਰਾ ਧਿਆਨ ਬਾਲੀਵੁੱਡ ਫ਼ਿਲਮਾਂ 'ਤੇ ਕੇਂਦਰਿਤ ਕਰ ਰਹੀ ਹੈ। ਸੁਣਨ 'ਚ ਆਇਆ ਹੈ ਕਿ ਜੇ ਸਿਧਾਰਥ ਮਲਹੋਤਰਾ ਨੇ ਕਿਆਰਾ ਪ੍ਰਤੀ ਪ੍ਰੇਮ ਦਿਖਾਇਆ ਹੈ ਤਾਂ ਅਕਸ਼ੈ ਕੁਮਾਰ ਵੀ ਕਿਆਰਾ 'ਚ ਅਗਾਂਹ ਵਧਣ ਦੇ ਗੁਣ ਦੇਖ ਰਿਹਾ ਹੈ। ਕਿਆਰਾ ਨੇ ਜੇ ਜਲਦੀ ਹੀ ਬੀ-ਟਾਊਨ ਦੀ ਫਿਰ ਮਨਪਸੰਦ ਹੀਰੋਇਨ ਬਣਨਾ ਹੈ ਤਾਂ ਖਬਰਾਂ 'ਚ ਰਹਿਣਾ ਹੀ ਪੈਣਾ ਹੈ।


-ਸੁਖਜੀਤ ਕੌਰ

ਜਦੋਂ ਹਰ ਕੋਈ ਡਰ ਗਿਆ ਸੀ

ਸ਼ਰਧਾ ਕਪੂਰ

'ਹਸੀਨਾ ਪਾਰਕਰ' ਤੋਂ ਬਾਅਦ ਹੁਣ 'ਇਸਤਰੀ' ਵਿਚ ਸ਼ਰਧਾ ਕਪੂਰ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ। ਇਥੇ ਉਹ ਆਮ ਔਰਤ ਨਹੀਂ ਬਣੀ ਹੈ। ਇਹ ਡਰਾਉਣੀ ਕਾਮੇਡੀ ਫ਼ਿਲਮ ਹੈ ਅਤੇ ਇਸ ਵਿਚ ਆਪਣੇ ਕਿਰਦਾਰ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਉਹ ਟਲਦੀ ਹੈ। ਉਸ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਫ਼ਿਲਮ ਦਾ ਸਸਪੈਂਸ ਨਾ ਖੁੱਲ੍ਹ ਜਾਵੇ। ਹਾਂ, ਇਥੇ ਆਪਣੇ ਕਿਰਦਾਰ ਬਾਰੇ ਉਹ ਇਹ ਸਪੱਸ਼ਟ ਜ਼ਰੂਰ ਕਰ ਦਿੰਦੀ ਹੈ ਕਿ ਇਥੇ ਉਸ ਦੀ ਵੱਖਰੀ ਜਿਹੀ ਭੂਮਿਕਾ ਹੈ। ਜ਼ਿਆਦਾ ਜ਼ੋਰ ਦੇਣ 'ਤੇ ਉਹ ਕਹਿੰਦੀ ਹੈ, 'ਇਥੇ ਮੇਰੇ ਕਿਰਦਾਰ ਦਾ ਨਾਂਅ ਹੀ ਇਸਤਰੀ ਹੈ। ਇਸ ਔਰਤ ਦੀ ਅਸਲੀਅਤ ਕੀ ਹੈ, ਇਹ ਸਸਪੈਂਸ ਹੈ। ਪਰ ਮੈਂ ਏਨਾ ਜ਼ਰੂਰ ਕਹਿ ਸਕਦੀ ਹਾਂ ਕਿ ਪਿੰਡ ਵਿਚ ਰਹਿ ਰਹੀ ਇਸ ਔਰਤ ਨੇ ਮਰਦਾਂ ਵਿਚ ਆਤੰਕ ਪੈਦਾ ਕਰ ਰੱਖਿਆ ਹੈ। ਇਸ ਦਾ ਡਰ ਏਨਾ ਹੈ ਕਿ ਮਰਦ ਰਾਤ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ। ਫ਼ਿਲਮ ਵਿਚ ਡਰ ਹੈ ਤੇ ਨਾਲ ਹੀ ਕਾਮੇਡੀ ਵੀ ਹੈ। ਮੇਰੇ ਕਰੀਅਰ ਦੀ ਇਹ ਪਹਿਲੀ ਕਾਮੇਡੀ ਫ਼ਿਲਮ ਹੈ ਅਤੇ ਇਸ ਰਾਹੀਂ ਕਾਮੇਡੀ ਫ਼ਿਲਮ ਕਰਨ ਦੀ ਤਮੰਨਾ ਵੀ ਪੂਰੀ ਹੋ ਗਈ ਹੈ।
ਇਥੇ ਆਪਣੀ ਭੂਮਿਕਾ ਨੂੰ ਹੋਰ ਡਰਾਉਣੀਆਂ ਫ਼ਿਲਮਾਂ ਤੋਂ ਵੱਖਰਾ ਦੱਸਦੇ ਹੋਏ ਉਹ ਕਹਿੰਦੀ ਹੈ ਕਿ 'ਆਮ ਤੌਰ 'ਤੇ ਡਰਾਉਣੀਆਂ ਫ਼ਿਲਮਾਂ ਵਿਚ ਹੀਰੋਇਨ ਨੂੰ ਖੁੱਲ੍ਹੇ ਵਾਲ ਰੱਖ ਕੇ ਤੇ ਸਫ਼ੇਦ ਸਾੜ੍ਹੀ ਵਿਚ ਦਿਖਾਇਆ ਜਾਂਦਾ ਰਿਹਾ ਹੈ। ਇਥੇ ਮੈਨੂੰ ਲਾਲ ਸਾੜ੍ਹੀ ਵਿਚ ਤੇ ਗਹਿਣਿਆਂ ਨਾਲ ਸਜੀ ਹੋਈ ਦਿਖਾਇਆ ਗਿਆ ਹੈ। ਹੋਰ ਕਾਮੇਡੀ ਫ਼ਿਲਮਾਂ ਵਿਚ ਦਰਸ਼ਕਾਂ ਨੂੰ ਡਰਾਇਆ ਜਾਂਦਾ ਹੈ ਪਰ ਇਥੇ ਡਰਾਉਣ ਦੇ ਨਾਲ-ਨਾਲ ਬਹੁਤ ਹਸਾਇਆ ਵੀ ਜਾਵੇਗਾ।
ਹਾਲ ਹੀ ਵਿਚ ਆਈ 'ਗੋਲਮਾਲ' ਵਿਚ ਪਰਿਣੀਤੀ ਚੋਪੜਾ ਤਾਂ 'ਨਾਨੂ ਕੀ ਜਾਨੂ' ਵਿਚ ਪੱਤਰਲੇਖਾ ਨੂੰ ਭੂਤ ਦੇ ਰੂਪ ਵਿਚ ਦਿਖਾਇਆ ਗਿਆ ਸੀ। ਇਨ੍ਹਾਂ ਫ਼ਿਲਮਾਂ ਨਾਲ ਤੁਲਨਾ ਹੋਣ ਬਾਰੇ ਪੁੱਛਣ 'ਤੇ ਉਹ ਕਹਿੰਦੀ ਹੈ, 'ਮੈਂ ਇਹ ਦੋਵੇਂ ਫ਼ਿਲਮਾਂ ਨਹੀਂ ਦੇਖੀਆਂ ਹਨ।' ਆਮ ਤੌਰ 'ਤੇ ਡਰਾਉਣੀਆਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਅਨੋਖੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਜਦੋਂ ਸ਼ਰਧਾ ਨੂੰ ਇਹ ਪੁੱਛਿਆ ਗਿਆ ਕਿ ਕੀ 'ਇਸਤਰੀ' ਦੀ ਸ਼ੂਟਿੰਗ ਦੌਰਾਨ ਵੀ ਕੁਝ ਇਸ ਤਰ੍ਹਾਂ ਦੀਆਂ ਘਨਟਾਵਾਂ ਵਾਪਰੀਆਂ ਸਨ? ਤਾਂ ਉਹ ਕਹਿਣ ਲੱਗੀ, 'ਹਾਂ, ਹੋਈਆਂ ਤਾਂ ਸੀ ਪਰ ਇਸ ਵਿਚ ਡਰਾਉਣ ਦਾ ਭਾਵ ਕਿੰਨਾ ਹੈ, ਇਹ ਮੈਂ ਨਹੀਂ ਜਾਣਦੀ। ਹੋਇਆ ਇਹ ਕਿ ਆਪਣਾ ਸ਼ਾਟ ਦੇਣ ਤੋਂ ਬਾਅਦ ਜਦੋਂ ਮੈਂ ਆਰਾਮ ਕਰ ਰਹੀ ਸੀ, ਉਦੋਂ ਅਚਾਨਕ ਮੈਨੂੰ ਸੈੱਟ 'ਤੇ ਰੌਲਾ ਸੁਣਾਈ ਦਿੱਤਾ। ਜਦੋਂ ਮੈਂ ਸੈੱਟ 'ਤੇ ਪਹੁੰਚੀ ਤਾਂ ਦੇਖਿਆ ਕਿ ਇਕ ਲਾਈਟਮੈਨ ਜ਼ਮੀਨ 'ਤੇ ਡਿੱਗਿਆ ਪਿਆ ਸੀ। ਉਸ ਦਾ ਕਹਿਣਾ ਸੀ ਕਿ ਉਹ ਜਦੋਂ ਲਕੜੀ ਦੇ ਪਲੇਟਫਾਰਮ 'ਤੇ ਖੜ੍ਹਾ ਸੀ ਤਾਂ ਉਦੋਂ ਕਿਸੇ ਨੇ ਉਸ ਨੂੰ ਧੱਕਾ ਦੇ ਦਿੱਤਾ ਸੀ ਜਦੋਂ ਕਿ ਉਥੇ ਕੋਈ ਹੈ ਨਹੀਂ ਸੀ।


-ਪੰਨੂੰ

'ਬਿਗ ਬੌਸ' ਵਿਚ ਜਾਣ ਦਾ ਫ਼ਾਇਦਾ ਹੁਣ ਹੋਇਆ ਹੈ : ਲੋਪਾਮੁਦਰਾ ਰਾਊਤ

ਪਹਿਲਾਂ 'ਖੰਨਾ ਐਂਡ ਅਈਅਰ' ਨਿਰਦੇਸ਼ਿਤ ਕਰ ਚੁੱਕੇ ਹੇਮੰਤ ਹੇਗੜੇ ਕੰਨੜ ਫ਼ਿਲਮਾਂ ਦੇ ਨਾਮੀ ਨਿਰਦੇਸ਼ਕ ਹਨ। ਹੁਣ ਇਨ੍ਹਾਂ ਨੇ ਇਕ ਹੋਰ ਹਿੰਦੀ ਫ਼ਿਲਮ 'ਬਲੱਡ ਸਟੋਰੀ' ਦਾ ਐਲਾਨ ਕੀਤਾ ਹੈ ਅਤੇ ਇਸ ਰਾਹੀਂ ਲੋਪਾਮੁਦਰਾ ਰਾਊਤ ਨੂੰ ਮੌਕਾ ਦਿੱਤਾ ਗਿਆ ਹੈ। ਇਹ ਉਹੀ ਲੋਪਾਮੁਦਰਾ ਹੈ ਜੋ 'ਬਿੱਗ ਬੌਸ' ਦੇ ਦਸਵੇਂ ਸੀਜ਼ਨ ਵਿਚ ਪ੍ਰਤੀਯੋਗੀ ਸੀ ਅਤੇ ਫਿਰ ਉਸ ਨੇ 'ਖ਼ਤਰੋਂ ਕੇ ਖਿਲਾੜੀ-8' ਵਿਚ ਵੀ ਹਿੱਸਾ ਲਿਆ ਸੀ। 'ਬਿੱਗ ਬੌਸ' ਦੇ ਘਰ ਵਿਚ ਉਹ 105 ਦਿਨਾਂ ਤੱਕ ਰਹੀ। ਹੇਮੰਤ ਹੇਗੜੇ ਨੇ ਇਸੇ ਸ਼ੋਅ ਵਿਚ ਲੋਪਾ ਨੂੰ ਦੇਖ ਕੇ ਹੁਣ ਆਪਣੀ ਫ਼ਿਲਮ ਵਿਚ ਕਾਸਟ ਕੀਤਾ ਹੈ। ਫ਼ਿਲਮ ਵਿਚ ਮੌਕਾ ਪਾ ਕੇ ਉਹ ਕਾਫੀ ਖੁਸ਼ ਹੈ ਅਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਉਹ ਕਹਿੰਦੀ ਹੈ, 'ਮੈਂ ਇਹ ਸੋਚ ਕੇ 'ਬਿੱਗ ਬੌਸ' ਦੇ ਘਰ ਵਿਚ ਨਹੀਂ ਦਾਖਲ ਹੋਈ ਸੀ ਕਿ ਇਥੋਂ ਮੇਰੇ ਲਈ ਬਾਲੀਵੁੱਡ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਮੈਨੂੰ ਇਸ ਸ਼ੋਅ ਦਾ ਕਨਸਪੈਟ ਰੋਮਾਂਚਕ ਲੱਗਿਆ ਸੀ। ਸੋ, ਮੈਂ ਹਾਂ ਕਹਿ ਦਿੱਤੀ ਸੀ। ਜਦੋਂ ਹੇਮੰਤ ਸਰ ਨੇ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ 'ਬਿੱਗ ਬੌਸ' ਵਿਚ ਮੈਨੂੰ ਦੇਖ ਕੇ ਉਹ ਚੰਗੇ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੂੰ ਮੇਰੇ ਵਿਚ ਨੌਜਵਾਨ ਬਿਪਾਸ਼ਾ ਬਸੂ ਨਜ਼ਰ ਆ ਰਹੀ ਸੀ। ਉਹ ਆਪਣੀ ਫ਼ਿਲਮ ਲਈ ਜਿਸ ਤਰ੍ਹਾਂ ਦੀ ਹੀਰੋਇਨ ਚਾਹੁੰਦੇ ਸਨ, ਉਸ ਦੀ ਦਿਖ ਉਨ੍ਹਾਂ ਨੂੰ ਮੇਰੇ ਵਿਚ ਨਜ਼ਰ ਆਈ ਅਤੇ ਕਾਸਟ ਕਰ ਲਿਆ। ਇਸ ਤਰ੍ਹਾਂ 'ਬਿੱਗ ਬੌਸ' ਵਿਚ ਜਾਣ ਦਾ ਫ਼ਾਇਦਾ ਹੁਣ ਮਿਲਿਆ ਹੈ।' 'ਬਲੱਡ ਸਟੋਰੀ' ਵਿਚ ਖੂਨ ਦੇ ਰਿਸ਼ਤੇ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਲੋਪਾ ਵਲੋਂ ਇਥੇ ਪਤਨੀ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ। ਇਸ ਕਿਰਦਾਰ ਬਾਰੇ ਉਹ ਏਨਾ ਹੀ ਕਹਿੰਦੀ ਹੈ ਕਿ ਇਹ ਕਿਰਦਾਰ ਬਹੁਤ ਹੀ ਖਾਹਿਸ਼ਾਂ ਵਾਲਾ ਹੈ ਅਤੇ ਇਸ ਨੇ ਆਪਣੀਆਂ ਇੱਛਾਵਾਂ ਨੂੰ ਪੂਰਿਆਂ ਕਰਨ ਲਈ ਅਮੀਰ ਆਦਮੀ ਨਾਲ ਵਿਆਹ ਕਰਵਾਇਆ ਹੁੰਦਾ ਹੈ। ਫ਼ਿਲਮ ਦੀ ਪੂਰੀ ਸ਼ੂਟਿੰਗ ਕੁਰਗ ਵਿਚ ਕੀਤੀ ਜਾਣੀ ਹੈ ਅਤੇ ਇਕ-ਦੋ ਨਾਮੀ ਸਿਤਾਰੇ ਵੀ ਇਸ ਵਿਚ ਸ਼ਾਮਿਲ ਕੀਤੇ ਜਾਣੇ ਹਨ।

ਟਾਮ ਆਲਟਰ ਦੀ ਆਖ਼ਰੀ ਫ਼ਿਲਮ ਰੇਡਰਮ-ਏ ਲਵ ਸਟੋਰੀ

ਬਾਲੀਵੁੱਡ ਵਿਚ ਕਈ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਆਪਣੇ ਕਿਸੇ ਕਲਾਕਾਰ ਦੀ ਵਜ੍ਹਾ ਕਰਕੇ ਇਕ ਆਮ ਜਿਹੀ ਫ਼ਿਲਮ ਖ਼ਾਸ ਬਣ ਜਾਂਦੀ ਹੈ। ਫ਼ਿਲਮ 'ਗੋਮਤੀ ਕੇ ਕਿਨਾਰੇ' ਨੂੰ ਅੱਜ ਵੀ ਇਸ ਲਈ ਯਾਦ ਕੀਤਾ ਜਾਂਦਾ ਹੈ ਕਿ ਇਹ ਮੀਨਾ ਕੁਮਾਰੀ ਦੀ ਆਖ਼ਰੀ ਫ਼ਿਲਮ ਸੀ। ਧਰਮਿੰਦਰ-ਹੇਮਾ ਦੀ ਫ਼ਿਲਮ 'ਆਸ ਪਾਸ' ਨੂੰ ਸਵਰਗੀ ਮੁਹੰਮਦ ਰਫ਼ੀ ਵਲੋਂ ਗਾਏ ਆਖਰੀ ਗੀਤ ਦੀ ਵਜ੍ਹਾ ਕਰ ਕੇ ਲੋਕ ਭੁੱਲ ਨਹੀਂ ਸਕੇ ਹਨ। ਉਸੇ ਤਰਜ਼ 'ਤੇ ਹੁਣ ਫ਼ਿਲਮ 'ਰੇਡਰਮ-ਏ ਲਵ ਸਟੋਰੀ' ਨੂੰ ਟਾਮ ਆਲਟਰ ਵਲੋਂ ਨਿਭਾਈ ਆਖਰੀ ਫ਼ਿਲਮ ਦੇ ਤੌਰ 'ਤੇ ਯਾਦ ਕੀਤਾ ਜਾਵੇਗਾ।
ਫ਼ਿਲਮ 'ਚਰਸ' ਤੋਂ ਜਦੋਂ ਉਹ ਹਿੰਦੀ ਫ਼ਿਲਮਾਂ ਵਿਚ ਆਏ ਉਦੋਂ ਸ਼ੁੱਧ ਉਚਾਰਨ ਵਾਲੀ ਹਿੰਦੀ ਬੋਲਦੇ ਗੋਰੇ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ ਸਨ। ਉਸ ਤੋਂ ਬਾਅਦ ਟਾਮ ਨੇ ਕਈ ਫ਼ਿਲਮਾਂ ਤੇ ਲੜੀਵਾਰ ਕੀਤੇ ਤੇ ਉਨ੍ਹਾਂ ਨੂੰ ਪਦਮਸ੍ਰੀ ਨਾਲ ਵੀ ਨਿਵਾਜਿਆ ਗਿਆ।
ਆਪਣੀ ਇਸ ਆਖਰੀ ਫ਼ਿਲਮ ਵਿਚ ਟਾਮ ਵਲੋਂ ਨਾਰਕੋਟਿਕ ਵਿਭਾਗ ਦੇ ਅਫ਼ਸਰ ਦੀ ਭੂਮਿਕਾ ਨਿਭਾਈ ਗਈ ਹੈ। ਇਸ ਫ਼ਿਲਮ ਲਈ ਡਬਿੰਗ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸੋ, ਇਥੇ ਉਨ੍ਹਾਂ ਦੀ ਆਵਾਜ਼ ਵਿਚ ਸੰਵਾਦ ਨਹੀਂ ਹਨ। ਇਥੇ ਉਹ ਇਕ ਇਸ ਤਰ੍ਹਾਂ ਦੇ ਅਫ਼ਸਰ ਬਣੇ ਹਨ ਜੋ ਖ਼ਾਲਸ ਉਰਦੂ ਵਿਚ ਸ਼ੇਅਰ ਸੁਣਾਉਂਦਾ ਰਹਿੰਦਾ ਹੈ। ਇਸ ਫ਼ਿਲਮ ਵਿਚ ਉਨ੍ਹਾਂ ਵਲੋਂ ਇਕ ਅੰਗਰੇਜ਼ੀ ਸੰਵਾਦ ਵੀ ਬੋਲਿਆ ਗਿਆ ਹੈ ਅਤੇ ਉਹ ਇਹ ਕਿ 'ਆਈ ਹੈਵ ਮਾਈਲਸ ਟੂ ਗੋ ਬਿਫੋਰ ਆਈ ਸਲੀਪ...' ਇਸ ਸਤਰ ਦਾ ਇਕ ਅਰਥ ਇਹ ਵੀ ਹੈ ਕਿ ਚਿਰ ਨਿੰਦਰਾ ਵਿਚ ਜਾਣ ਤੋਂ ਪਹਿਲਾਂ ਮੈਂ ਲੰਬਾ ਸਫ਼ਰ ਤੈਅ ਕਰਨਾ ਹੈ। ਜਦੋਂ ਸ਼ੂਟਿੰਗ ਦੌਰਾਨ ਟਾਮ ਨੇ ਇਹ ਸੰਵਾਦ ਬੋਲਿਆ ਹੋਵੇਗਾ, ਉਦੋਂ ਉਨ੍ਹਾਂ ਨੇ ਬਿਲਕੁਲ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਦਾ ਅੰਤ ਨੇੜੇ ਹੈ।
ਟਾਮ ਤਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਉਨ੍ਹਾਂ ਦੀ ਵਜ੍ਹਾ ਨਾਲ 'ਰੇਡਰਮ-ਏ ਲਵ ਸਟੋਰੀ' ਦਾ ਵੱਖਰਾ ਮਹੱਤਵ ਬਣ ਗਿਆ ਹੈ। *

27 ਅਗਸਤ ਨੂੰ ਬਰਸੀ 'ਤੇ ਵਿਸ਼ੇਸ਼

ਓ ਜਾਨੇ ਵਾਲੇ, ਹੋ ਸਕੇ ਤੋ ਲੌਟ ਕੇ ਆਨਾ....

ਪ੍ਰਸਿੱਧ ਫ਼ਿਲਮੀ ਗਾਇਕ 'ਮੁਕੇਸ਼' ਦਾ ਪੂਰਾ ਨਾਂਅ 'ਮੁਕੇਸ਼ ਚੰਦਰ ਮਾਥੁਰ' ਸੀ। ਵੱਡੀ ਭੈਣ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਜਿਸ ਕਾਰਨ 'ਮੁਕੇਸ਼' ਦੀ ਰੁਚੀ ਵੀ ਸੰਗੀਤ ਵੱਲ ਹੋ ਗਈ। ਦਸਵੀਂ ਦੀ ਪੜ੍ਹਾਈ ਵਿਚਾਲੇ ਛੱਡ ਕੇ 'ਮੁਕੇਸ਼' ਨੇ ਕਈ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ ਪਰ ਮਨ 'ਚ ਸੰਗੀਤ ਤੇ ਅਦਾਕਾਰੀ ਉਛਾਲੇ ਮਾਰ ਰਹੀ ਸੀ। ਆਪਣੀ ਭੈਣ ਦੇ ਵਿਆਹ 'ਚ ਜਦ 'ਮੁਕੇਸ਼' ਨੇ ਇਕ ਗਾਣਾ ਗਾਇਆ ਤਾਂ ਅਦਾਕਾਰ 'ਮੋਤੀ ਲਾਲ' ਨੇ 'ਮੁਕੇਸ਼' ਦੀ ਆਵਾਜ਼ ਸੁਣੀ ਤੇ ਉਹ 'ਮੁਕੇਸ਼' ਨੂੰ ਮੁੰਬਈ ਲੈ ਗਏ। 'ਮੁਕੇਸ਼' ਨੇ 1941 'ਚ ਬਤੌਰ ਅਦਾਕਾਰ ਆਪਣੀ ਪਹਿਲੀ ਫ਼ਿਲਮ 'ਨਿਰਦੋਸ਼' 'ਚ ਨਾ ਕੇਵਲ ਅਦਾਕਾਰੀ ਕੀਤੀ ਬਲਕਿ ਪਹਿਲਾ ਗਾਣਾ ਵੀ ਗਾਇਆ। ਸ਼ੁਰੂਆਤੀ ਦੌਰ 'ਚ ਮੁਕੇਸ਼ 'ਤੇ ਗਾਇਕ 'ਕੁੰਦਨ ਲਾਲ ਸਹਿਗਲ' ਦੀ ਆਵਾਜ਼ ਦਾ ਕਾਫ਼ੀ ਪ੍ਰਭਾਵ ਵੀ ਦੇਖਿਆ ਗਿਆ ਪਰ ਜਲਦੀ ਹੀ ਗਾਇਕੀ 'ਚ ਮੁਕੇਸ਼ ਨੇ ਆਪਣਾ ਖ਼ੁਦ ਦਾ ਸਟਾਈਲ ਬਣਾ ਲਿਆ। 1941 'ਚ ਸੰਗੀਤਕਾਰ 'ਅਨਿਲ ਬਿਸਵਾਸ' ਨੇ ਫ਼ਿਲਮ 'ਪਹਿਲੀ ਨਜ਼ਰ' 'ਚ ਗਾਇਕ 'ਮੁਕੇਸ਼' ਨੂੰ ਬਤੌਰ ਪਿੱਠਵਰਤੀ ਗਾਇਕ ਪਹਿਲਾ ਮੌਕਾ ਦਿੱਤਾ ਤੇ ਉਸ ਨੇ ਅਦਾਕਾਰ 'ਮੋਤੀ' ਲਈ ਆਪਣਾ ਪਹਿਲਾ ਗੀਤ 'ਆਂਸੂ ਨਾ ਬਹਾ, ਫਰਿਆਦ ਨਾ ਕਰ...' ਗਾਇਆ ਤੇ ਇਸ ਗੀਤ ਤੋਂ ਬਾਅਦ ਮੁਕੇਸ਼ ਦੀ ਆਵਾਜ਼ ਦਾ ਜਾਦੂ ਚਾਰੇ ਪਾਸੇ ਫੈਲ ਗਿਆ । ਸੰਨ 1948 'ਚ ਸੰਗੀਤਕਾਰ ਨੌਸ਼ਾਦ ਨੇ ਫ਼ਿਲਮ 'ਮੇਲਾ' ਦੇ ਕਈ ਗੀਤ ਮੁਕੇਸ਼ ਤੋਂ ਗਵਾਏ। 1949 'ਚ ਆਈ ਫ਼ਿਲਮ 'ਅੰਦਾਜ਼' 'ਚ ਮੁਕੇਸ਼ ਦਾ ਗਾਇਆ ਗੀਤ 'ਮੈਂ ਗੀਤ ਸੁਨਾਤਾ ਜਾਉਂ...' ਅੱਜ ਵੀ ਸੰਗੀਤ ਪ੍ਰੇਮੀਆਂ ਦਾ ਜ਼ੁਬਾਨ 'ਤੇ ਹੈ । ਫ਼ਿਲਮ 'ਬਰਸਾਤ' 'ਚ ਰਾਜ ਕਪੂਰ, ਮੁਕੇਸ਼, ਸ਼ੰਕਰ-ਜੈ ਕਿਸ਼ਨ, ਸ਼ੈਲੇਦਰ ਦੀ ਜੋ ਟੀਮ ਬਣੀ ਉਸ ਨੇ ਇਤਿਹਾਸ ਹੀ ਰਚ ਦਿੱਤਾ। 'ਪਤਲੀ ਕਮਰ ਹੈ, ਤਿਰਛੀ ਨਜ਼ਰ ਹੈ...,' 'ਛੋੜ ਗਏ ਬਾਲਮ ਮੇਰਾ ਪਿਆਰ ਭਰਾ ਦਿਲ ਤੋੜ ਗਏ...', ਵਰਗੇ ਗੀਤਾਂ 'ਚ ਮੁਕੇਸ਼ ਦੀ ਸੋਜ਼ ਭਰੀ ਆਵਾਜ਼ ਨੇ ਸੰਗੀਤ ਪ੍ਰੇਮੀਆਂ ਦੇ ਮਨ ਨੂੰ ਛੂਹ ਲਿਆ। ਮੌਤ ਤੋਂ ਕੁਝ ਦਿਨ ਪਹਿਲਾਂ ਜਦ ਗਾਇਕ ਮੁਕੇਸ਼ ਵਿਦੇਸ਼ ਵਿਚ ਸ਼ੋਅ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੇ ਅਦਾਕਾਰ ਮਨੋਜ ਕੁਮਾਰ ਨੂੰ ਕਿਹਾ ਸੀ ਕਿ ਉਹ ਇਕ ਫ਼ਿਲਮ ਬਣਾਉਣਾ ਚਾਹੁੰਦੇ ਹਨ ਜਿਸ ਦਾ ਅੰਤ ਦੁਖਦਾਈ ਹੈ। ਮੁਕੇਸ਼ ਨੇ ਵਿਦੇਸ਼ ਤੋਂ ਆ ਕੇ ਇਹ ਕਹਾਣੀ ਮਨੋਜ ਕੁਮਾਰ ਨੂੰ ਸੁਣਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਵਫ਼ਾ ਨਾ ਹੋ ਸਕਿਆ। ਵਿਦੇਸ਼ ਦੌਰੇ ਤੇ ਗਏ ਮੁਕੇਸ਼ ਨੂੰ ਮੌਤ ਦੇ ਪੰਜਿਆਂ ਨੇ ਜਕੜ ਲਿਆ ਤੇ ਮੁਕੇਸ਼ ਦੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਦੁਖਦਾਇਕ ਹੋ ਗਿਆ ਤੇ ਮੁਕੇਸ਼ ਇਹ ਕਹਾਣੀ ਆਪਣੇ ਮਨ 'ਚ ਹੀ ਲੈ ਕੇ ਇਸ ਦੁਨੀਆ ਤੋਂ ਕੂਚ ਕਰ ਗਏ। ਮੁਕੇਸ਼ ਦਾ ਗਾਇਆ ਗੀਤ ਅਕਸਰ ਦੀ ਯਾਦ ਆਉਂਦਾ ਹੈ 'ਓ ਜਾਨੇ ਵਾਲੇ, ਹੋ ਸਕੇ ਤੋ ਲੌਟ ਕੇ ਆਨਾ...' ਪਰ ਸੁਰਾਂ ਦਾ ਇਹ ਪੰਛੀ ਹੁਣ ਕਦੇ ਵੀ ਵਾਪਸ ਨਹੀਂ ਆਵੇਗਾ।


-ਸਿਮਰਨ, ਜਗਰਾਉਂ

ਮਨੁੱਖੀ ਤਸਕਰੀ ਦੀ ਬਾਤ ਪਾਉਂਦੀ ਹੈ 'ਪਾਖੀ'

ਹੁਣ ਨਿਰਦੇਸ਼ਕ ਸਚਿਨ ਗੁਪਤਾ ਨੇ 'ਪਾਖੀ' ਬਣਾਈ ਹੈ ਅਤੇ ਇਸ ਵਿਚ ਮਨੁੱਖੀ ਤਸਕਰੀ ਨੂੰ ਕਹਾਣੀ ਦੇ ਕੇਂਦਰ ਵਿਚ ਰੱਖਿਆ ਗਿਆ ਹੈ। ਫ਼ਿਲਮ ਵਿਚ ਪਾਖੀ ਦੀ ਭੂਮਿਕਾ ਨਵੀਂ ਹੀਰੋਇਨ ਅਨਾਮਿਕਾ ਸ਼ੁਕਲਾ ਵਲੋਂ ਨਿਭਾਈ ਗਈ ਹੈ। ਅਲੱੜ ਉਮਰ ਦੇ ਦੌਰ ਵਿਚੋਂ ਲੰਘ ਰਹੀ ਪਾਖੀ ਨੂੰ ਜ਼ਬਰਦਸਤੀ ਜਿਸਮ ਦੇ ਬਾਜ਼ਾਰ ਵਿਚ ਲਿਆਂਦਾ ਜਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਜਾਂਦੀ ਹੈ। ਜਦੋਂ ਉਹ ਦੇਖਦੀ ਹੈ ਕਿ ਇਕ ਦਸ ਸਾਲ ਦੀ ਬੱਚੀ ਦੇ ਨਾਲ ਵੀ ਇਹੀ ਗੱਲ ਦੁਹਰਾਈ ਜਾਣੀ ਹੁੰਦੀ ਹੈ ਤਾਂ ਉਸ ਵਿਚ ਵਿਦਰੋਹ ਦੀ ਜਵਾਲਾ ਭੜਕ ਉੱਠਦੀ ਹੈ ਅਤੇ ਉਹ ਸਮਾਜ ਦੇ ਭੇੜੀਆਂ ਨਾਲ ਕਿਵੇਂ ਟੱਕਰ ਲੈਂਦੀ ਹੈ, ਇਹ ਇਸ ਦੀ ਕਹਾਣੀ ਹੈ।
ਆਪਣੀ ਇਸ ਫ਼ਿਲਮ ਬਾਰੇ ਸਚਿਨ ਗੁਪਤਾ ਕਹਿੰਦੇ ਹਨ, 'ਮੈਂ ਜਦੋਂ ਕਦੀ ਮਨੁੱਖੀ ਤਸਕਰੀ ਦੀ ਖ਼ਬਰ ਪੜ੍ਹਦਾ ਹਾਂ ਤਾਂ ਮੇਰਾ ਖੂਨ ਖੌਲਣ ਲੱਗਦਾ ਹੈ। ਮਾਸੂਮ ਬੱਚੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਰਾਕਸ਼ਸ਼ਾਂ ਦਾ ਖ਼ਾਤਮਾ ਕਰਨ ਨੂੰ ਮਨ ਕਰ ਆਉਂਦਾ ਹੈ। ਆਪਣਾ ਇਹੀ ਗੁੱਸਾ ਮੈਂ ਇਸ ਫ਼ਿਲਮ ਰਾਹੀਂ ਪ੍ਰਗਟ ਕੀਤਾ ਹੈ, ਨਾਲ ਹੀ ਇਸ ਵਿਚ ਚੌਕੰਨੇ ਰਹਿਣ ਦਾ ਸੰਦੇਸ਼ ਵੀ ਦਿੱਤਾ ਹੈ।'
ਦਿੱਲੀ ਤੇ ਮੁੰਬਈ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਸੁਮੀਤ ਕੌਲ, ਅਨਮੋਲ ਗੋਸਵਾਮੀ, ਸਿਕੰਦਰ ਖਾਨ ਤੇ ਬਾਲ ਕਲਾਕਾਰ ਪੀਹੂ ਨੇ ਅਭਿਨੈ ਕੀਤਾ ਹੈ। ਸ਼ਾਇਰਾ ਅਪੂਰਵਾ ਵਲੋਂ ਸੰਗੀਤ ਪੇਸ਼ ਕੀਤਾ ਗਿਆ ਹੈ ਅਤੇ ਗੀਤਕਾਰ ਹਨ ਸ਼ਿਵਾਂਗ ਮਾਥੁਰ।


-ਮੁੰਬਈ ਪ੍ਰਤੀਨਿਧ

ਸਾਨੂੰ ਤਾਂ ਰਸਤੇ 'ਚ ਫੁੱਲ ਹੀ ਮਿਲੇ ਭੂਸ਼ਣ ਕੁਮਾਰ

ਇਕ ਜ਼ਮਾਨਾ ਉਹ ਸੀ ਜਦੋਂ ਸੰਗੀਤ ਕੰਪਨੀ ਟੀ-ਸੀਰੀਜ਼ ਦਾ ਕਾਰੋਬਾਰ ਸਿਰਫ਼ ਸੰਗੀਤ ਤੱਕ ਸੀਮਤ ਸੀ। ਪਰ ਅੱਜ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਵੀ ਇਸ ਕੰਪਨੀ ਦਾ ਕੱਦ ਬਹੁਤ ਉੱਚਾ ਹੋ ਗਿਆ ਹੈ। ਪਿਛਲੇ ਦਿਨੀਂ ਇਸ ਕੰਪਨੀ ਵਲੋਂ ਤਿੰਨ ਹਿੱਟ ਫ਼ਿਲਮਾਂ 'ਰੇਡ', 'ਤੁਮਾਹਰੀ ਸੁਲੂ' ਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਬਣਾਈ ਗਈ। ਇਨ੍ਹਾਂ ਫ਼ਿਲਮਾਂ ਦੀ ਸਫਲਤਾ ਦਾ ਸਿਹਰਾ ਇਸ ਕੰਪਨੀ ਦੇ ਕਰਤਾ-ਧਰਤਾ ਭੂਸ਼ਣ ਕੁਮਾਰ ਨੂੰ ਜਾਂਦਾ ਹੈ ਜੋ ਪ੍ਰਮੋਸ਼ਨ ਦੇ ਮਾਸਟਰ ਵੀ ਮੰਨੇ ਜਾਂਦੇ ਹਨ। ਫ਼ਿਲਮ ਨਿਰਮਾਣ ਵਿਚ ਆਪਣੀ ਸਫਲਤਾ ਬਾਰੇ ਉਹ ਕਹਿੰਦੇ ਹਨ, 'ਇਹ ਮੇਰੇ ਪਿਤਾ ਦਾ ਸੁਪਨਾ ਸੀ ਕਿ ਫ਼ਿਲਮ ਨਿਰਮਾਣ ਵਿਚ ਵੀ ਟੀ-ਸੀਰੀਜ਼ ਦਾ ਵੱਡਾ ਨਾਂਅ ਹੋਵੇ। ਆਪਣੇ ਸਮੇਂ ਵਿਚ ਉਨ੍ਹਾਂ ਨੇ 'ਲਾਲ ਦੁਪੱਟਾ ਮਲਮਲ ਕਾ', 'ਆਸ਼ਿਕੀ', 'ਬੇਵਫ਼ਾ ਸਨਮ' ਆਦਿ ਫ਼ਿਲਮਾਂ ਬਣਾਈਆਂ ਸਨ। ਸਾਡੀ ਕੰਪਨੀ ਵਲੋਂ ਬਣਾਈ ਗਈ 'ਆਸ਼ਿਕੀ-2' ਜਦੋਂ ਹਿੱਟ ਰਹੀ ਤਾਂ ਲੱਗਿਆ ਕਿ ਅਸੀਂ ਸਹੀ ਰਸਤੇ 'ਤੇ ਚੱਲ ਰਹੇ ਹਾਂ। ਫਿਰ 'ਰੈਡੀ', 'ਤੁਮ ਬਿਨ-2' ਸਮੇਤ ਕਈ ਫ਼ਿਲਮਾਂ ਬਣਾਈਆਂ। ਇਸ ਤਰ੍ਹਾਂ ਨਹੀਂ ਹੈ ਕਿ ਫ਼ਿਲਮ ਨਿਰਮਾਣ ਦੇ ਰਸਤੇ ਵਿਚ ਸਾਨੂੰ ਫੁੱਲ ਹੀ ਮਿਲੇ। ਸਾਡੀ 'ਭੂਮੀ', 'ਸਿਮਰਨ', 'ਸ਼ੈਫ' ਆਦਿ ਫ਼ਿਲਮਾਂ ਨਹੀਂ ਚੱਲੀਆਂ, ਪਰ ਇਨ੍ਹਾਂ ਅਸਫਲ ਫ਼ਿਲਮਾਂ ਤੋਂ ਸਬਕ ਲੈ ਕੇ ਹੁਣ ਹੋਰ ਜ਼ਿਆਦਾ ਚੌਕੰਨੇ ਹੋ ਗਏ ਹਾਂ। ਹੁਣ ਸਾਡੀ 'ਸਤਿਆਮੇਵ ਜਯਤੇ', 'ਫੰਨੇ ਖਾਨ', 'ਬੱਤੀ ਗੁਲ ਮੀਟਰ ਚਾਲੂ' ਆ ਰਹੀਆਂ ਹਨ। ਇਕ ਫ਼ਿਲਮ ਡਾਂਸ 'ਤੇ ਆਧਾਰਿਤ ਬਣਾ ਰਹੇ ਹਾਂ ਜਿਸ ਵਿਚ ਵਰੁਣ ਧਵਨ ਹੋਣਗੇ ਤੇ ਇਕ ਅਜੈ ਦੇਵਗਨ ਨਾਲ ਬਣਾ ਰਹੇ ਹਾਂ। ਇਹ ਕਾਮੇਡੀ ਫ਼ਿਲਮ ਹੋਵੇਗੀ ਅਤੇ ਇਸ ਵਿਚ ਵਿਆਹੁਤਾ ਜੋੜੇ ਦੀ ਕਹਾਣੀ ਹੈ। ਸਲਮਾਨ ਖਾਨ ਦੀ ਫ਼ਿਲਮ 'ਭਾਰਤ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ 'ਬਾਟਲਾ ਹਾਊਸ' ਨਿਰਮਾਣ ਅਧੀਨ ਹੈ। ਮੇਰਾ ਸੁਪਨਾ ਆਪਣੇ ਪਿਤਾ ਦੀ ਜ਼ਿੰਦਗੀ 'ਤੇ ਬਾਇਓਪਿਕ ਬਣਾਉਣਾ ਹੈ ਅਤੇ ਉਸ ਦੇ ਨਿਰਮਾਣ ਦੀਆਂ ਪਹਿਲਾਂ ਤਿਆਰੀਆਂ ਚੱਲ ਰਹੀਆਂ ਹਨ। ਮੇਰੀ ਪਤਨੀ ਦਿਵਿਆ ਖੋਸਲਾ ਕੁਮਾਰ ਨੂੰ ਚਮਕਾਉਂਦੀ ਫ਼ਿਲਮ ਵੀ ਜਲਦੀ ਸ਼ੁਰੂ ਹੋਵੇਗੀ ਅਤੇ ਆਮਿਰ ਖਾਨ ਦੇ ਨਾਲ ਸਹਿ-ਨਿਰਮਾਣ ਵਿਚ ਇਕ ਫ਼ਿਲਮ ਦੀ ਗੱਲਬਾਤ ਚੱਲ ਰਹੀ ਹੈ ਅਤੇ ਇਹ ਦੀਵਾਲੀ ਨੇੜੇ ਲਾਂਚ ਕੀਤੀ ਜਾਵੇਗੀ। ਨਾਲ ਹੀ 'ਰੈਡੀ-2' ਬਣਾਉਣ ਦੀ ਵੀ ਯੋਜਨਾ ਹੈ ਅਤੇ ਅਨੀਸ ਬਜ਼ਮੀ ਹੀ ਇਸ ਨੂੰ ਨਿਰਦੇਸ਼ਿਤ ਕਰਨਗੇ।'

-ਮੁੰਬਈ ਪ੍ਰਤੀਨਿਧ

ਕਲਾ ਨੂੰ ਸਮਰਪਿਤ ਹੈ : ਹਾਕਮ ਬਖਤੜੀਵਾਲਾ

55 ਸਾਲ ਪਹਿਲਾਂ ਟਿੱਕਾ ਸਿੰਘ ਦੇ ਘਰੇ ਲੱਗੇ ਸ਼ਗਨਾਂ ਦੇ ਟਿੱਕੇ ਦਾ ਨਾਂਅ ਹਾਕਮ ਇਸੇ ਲਈ ਹੀ ਰੱਖਿਆ ਗਿਆ ਸੀ ਕਿ ਸ਼ਾਇਦ ਜ਼ਿੰਦਗੀ ਦੇ ਸ਼ੋਹਬੇ ਵਿਚ ਹਾਕਮ ਬਣ ਉਹ ਸਰਦਾਰੀ ਕਰੇ ਤੇ ਇਹੀ ਹੋਇਆ। ਗੀਤਕਾਰ ਬਣ ਹਾਕਮ ਬਖਤੜੀਵਾਲਾ ਨੇ ਆਪਣੀ ਕਲਮ ਦੇ ਬਲ 'ਤੇ ਪਰਮਿੰਦਰ ਸੰਧੂ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਤੋਂ ਲੈ ਕੇ ਅੱਜ ਦੇ ਗਾਇਕ ਸਰਵਰਿੰਦਰ ਨੂੰ ਕਾਮਯਾਬ ਕੀਤਾ ਤੇ ਗਾਇਕ ਬਣ ਦੋਗਾਣਾ ਗਾਇਕੀ 'ਚ ਦਲਜੀਤ ਕੌਰ ਨਾਲ ਸੈਂਕੜੇ ਰਿਕਾਰਡ, ਕੈਸੇਟਾਂ, ਸੀਡੀਜ਼ ਤੇ ਸਿੰਗਲ ਟਰੈਕ ਸਰੋਤਿਆਂ ਦੇ ਕੰਨਾਂ ਦੀ ਮਿਠਾਸ ਬਣਾਏ। ਨਸ਼ਿਆਂ ਦੀ ਲਾਹਨਤ ਵਿਰੁੱਧ ਖੁਦ ਸਟੇਜ 'ਤੇ ਨਸ਼ਈ ਦੀ ਅਦਾਕਾਰੀ ਹਾਲਤ ਦੱਸਦੇ ਦੋਗਾਣੇ ਹੋਣ ਜਾਂ ਦੇਸ਼ ਪਿਆਰ ਦੇ ਗੀਤ, ਲੋਕ ਗਾਥਾਵਾਂ ਹੋਣ ਜਾਂ ਧਾਰਮਿਕ ਗੀਤ, ਉਸ ਦੀ ਕਲਮ ਨੇ ਨਿਆਂ ਕੀਤਾ ਤੇ ਆਵਾਜ਼ ਨੇ ਮਾਹੌਲ ਸਾਜ਼ਗਾਰ ਬਣਾਇਆ। ਅੱਜ ਤਕਰੀਬਨ ਕੈਨੇਡਾ, ਯੂ. ਐਸ. ਏ. ਤੇ ਹੋਰ ਪ੍ਰਦੇਸਾਂ 'ਚ ਉਸ ਦੀ ਗੀਤਕਾਰੀ ਤੇ ਗਾਇਕੀ ਸਨਮਾਨ ਹਾਸਲ ਕਰ ਰਹੀ ਹੈ। ਖਾਸ ਗੱਲ ਇਹ ਕਿ ਹਾਕਮ ਦਾ ਸਮੁੱਚਾ ਪਰਿਵਾਰ ਹੀ ਕਲਾਕਾਰੀ ਨੂੰ ਸਮਰਪਿਤ ਹੈ। ਜੀਵਨ ਸਾਥਣ ਦਲਜੀਤ ਕੌਰ ਨਾਲ ਗਾਇਕੀ ਜੋੜੀ, ਬੇਟੀ ਰਮਨੀਤੂ ਚੌਧਰੀ ਸਾਊਥ ਦੀ ਸਟਾਰ ਨਾਇਕਾ, ਦੂਜੀ ਬੇਟੀ ਅਸ਼ਮਾਇਰਾ ਸਿੰਘ ਟੀ. ਵੀ. ਸਟਾਰ ਤੇ ਬੇਟਾ ਸਰਵਰਿੰਦਰ ਗਾਇਕ ਤੇ ਨਾਇਕ ਬਣ ਵਿਚਰ ਰਿਹਾ ਹੈ। 'ਚਾਰ ਅਖਾੜੇ', 'ਲਹਿੰਗਾ', 'ਬੇਬੇ ਨੂੰ ਸਮਝਾ', ਪੰਜ ਦਰਜਨ ਕੈਸੇਟਾਂ 'ਜਦੋਂ ਦਾ ਟਰੱਕ ਲੈ ਲਿਆ', 'ਆਉਣੀ ਨਹੀਂ ਜਵਾਨੀ', 'ਰੰਗਪੁਰ ਰੰਗ ਲਾਉਣ ਵਾਲੀਏ', 'ਉੱਡ ਕੇ ਸੋਹਣਿਆਂ ਆ ਜਾ ਵੇ' ਉਸ ਦੇ ਗੀਤ ਸਦਾਬਹਾਰ ਬਣ ਗਏ ਹਨ। 'ਵਾਸਤੇ ਸ਼ਹੀਦਾਂ ਦੇ', 'ਝੂਲਦੇ ਤਿਰੰਗੇ' ਸਮੇਤ ਚਾਰ ਗੀਤਾਂ ਦੀਆਂ ਪੁਸਤਕਾਂ ਦੇ ਕੇ ਹਾਕਮ ਨੇ ਪੰਜਾਬੀ ਗੀਤਕਾਰੀ/ਗਾਇਕੀ 'ਚ ਹਾਕਮਗਿਰੀ ਕੀਤੀ ਹੈ। ਕਿਸਾਨਾਂ ਦੇ ਹਿਤ 'ਚ ਮੁਫ਼ਤ ਸ਼ੋਅ ਹੋਣ ਜਾਂ ਸਮਾਜ ਮੰਤਵ ਲਈ ਕਲਾਕਾਰੀ, ਉਹ ਹਮੇਸ਼ਾ ਅੱਗੇ ਆਇਆ ਹੈ। ਉਮੀਦ ਹੈ ਕਿ ਨਵੀਂ ਪੀੜ੍ਹੀ ਲਈ ਉਸ ਦੀ ਕਲਮ, ਜੋੜੀਦਾਰ ਗਾਇਕੀ ਕੁਝ ਨਵਾਂ ਸੇਧ ਭਰਪੂਰ ਮਨੋਰੰਜਨ ਰਚੇਗੀ।


-ਅੰਮ੍ਰਿਤ ਪਵਾਰ

ਛੋਟਾ ਚੈਂਪ ਸੀਜ਼ਨ-5 ਦਾ ਵਿਜੇਤਾ 'ਹਰਮਨ ਚੀਮਾ'

ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੀ ਜਨਮ ਭੂਮੀ ਚੀਮਾ ਮੰਡੀ ਵਿਖੇ 21 ਜੁਲਾਈ, 2005 ਨੂੰ ਮਾਤਾ ਕੁਲਦੀਪ ਕੌਰ ਤੇ ਪਿਤਾ ਬਲਜੀਤ ਸਿੰਘ ਦੇ ਘਰ ਜਨਮਿਆ ਹਰਮਨ ਸਿੰਘ 4 ਅਗਸਤ, 2018 ਨੂੰ ਪੀ.ਟੀ.ਸੀ. ਦੇ ਪ੍ਰੋਗਰਾਮ 'ਵਾਇਸ ਆਫ਼ ਪੰਜਾਬ' ਛੋਟਾ ਚੈਂਪ ਸੀਜ਼ਨ-ਪੰਜ ਦਾ ਵਿਜੇਤਾ ਬਣਿਆ ਹੈ। ਸੁਰਾਂ ਦੇ ਸ਼ਹਿਜ਼ਾਦੇ ਇਸ ਬਾਲ ਕਲਾਕਾਰ ਨੇ ਚੀਮਾ ਮੰਡੀ ਨੂੰ ਵਿਸ਼ਵ ਪੱਧਰ 'ਤੇ ਵੱਖਰੀ ਪਹਿਚਾਣ ਲੈ ਕੇ ਦਿੱਤੀ ਹੈ। ਹਰਮਨ ਦਾ ਪਰਿਵਾਰ ਦੇਸ਼ ਭਗਤੀ ਨੂੰ ਸਮਰਪਿਤ ਹੈ। ਪਿਤਾ ਤੇ ਦਾਦਾ ਫ਼ੌਜ ਵਿਚ ਸੱਭਿਆਚਾਰਕ ਟੀਮਾਂ ਦਾ ਹਿੱਸਾ ਰਹੇ ਹਨ। ਹਰਮਨ ਦੇ ਉਸਤਾਦ ਤੇ ਸੰਗੀਤ ਅਧਿਆਪਕ ਸਤਪਾਲ ਸਿੰਘ (ਤਾਇਆ) ਹਿੰਦੀ ਸੰਗੀਤ ਦੇ ਸ਼ੈਦਾਈ ਹਨ, ਜਿਨ੍ਹਾਂ ਨੇ ਹਰਮਨ ਅੰਦਰਲੀ ਪ੍ਰਤਿਭਾ ਨੂੰ ਨਿਖਾਰਿਆ ਹੈ।
ਹਰਮਨ ਸਿੰਘ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ ਅਠਵੀਂ ਕਲਾਸ ਦਾ ਵਿਦਿਆਰਥੀ ਹੈ। ਅਕੈਡਮੀ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਇਥੇ ਇਕ 'ਰਾਬਤਾ' ਨਾਂਅ ਦੀ ਟੀਮ ਬਣੀ ਹੋਈ ਹੈ ਜੋ ਨੇੜੇ-ਨੇੜੇ ਦੇ ਪਿੰਡਾਂ ਵਿਚ ਸਮਾਜਿਕ ਕੁਰੀਤੀਆਂ ਖ਼ਿਲਾਫ਼ ਨੁੱਕੜ ਨਾਟਕ ਖੇਡਦੀ ਹੈ। ਹਰਮਨ ਇਸ ਦਾ ਮੈਂਬਰ ਹੈ। ਉਹ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਜਖੇਪਲ (ਸੰਗਰੂਰ) ਦੀ ਸਟੇਜ 'ਤੇ ਚੜ੍ਹਿਆ ਸੀ, ਜਿਥੇ ਉਸ ਨੇ 'ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ, ਅਸੀਂ ਤਾਂ ਤੈਨੂੰ ਰੱਬ ਮੰਨਿਆ' ਗੀਤ ਗਾਇਆ ਸੀ। ਜਦੋਂ ਜਲੰਧਰ ਵਿਚ ਹੋਏ ਪੀ.ਟੀ.ਸੀ. ਦੇ ਚੌਥੇ ਮੈਗਾ ਐਡੀਸ਼ਨ ਵਿਚੋਂ ਪ੍ਰੋਗਰਾਮ ਦੀ ਸਿਖਰ ਦੇ ਐਨ ਨੇੜੇ ਜਾ ਕੇ ਹਰਮਨ ਬਾਹਰ ਹੋਇਆ ਸੀ ਤਾਂ ਉਸ ਦੇ ਪਿਤਾ ਬਲਜੀਤ ਸਿੰਘ ਨੇ ਕਿਹਾ ਸੀ, 'ਅਸੀਂ ਅਗਲੀ ਵਾਰੀ ਆਵਾਂਗੇ ਤੇ ਲੱਠ ਗੱਡ ਕੇ ਜਾਵਾਂਗੇ।' ਸੱਚਮੁੱਚ ਹੀ ਇਕ ਸਾਲ ਬਾਅਦ ਹਰਮਨ ਨੇ ਆਪਣੇ ਪਿਤਾ ਦੇ ਬੋਲ ਸੱਚ ਕਰ ਦਿਖਾਏ ਹਨ। ਪੰਜਵੇਂ ਐਡੀਸ਼ਨ ਵਿਚ ਉਹ ਲਗਪਗ ਤਿੰਨ ਮਹੀਨੇ ਉੱਘੇ ਸੰਗੀਤਕਾਰ ਤੇਜਵੰਤ ਕਿੱਟੂ ਦੀ ਛਤਰ ਛਾਇਆ ਹੇਠ ਰਿਹਾ ਤੇ ਉਨ੍ਹਾਂ ਨੇ ਤਰਾਸ਼ ਕੇ ਹਰਮਨ ਨੂੰ ਹੀਰਾ ਬਣਾ ਦਿੱਤਾ।
ਉਸ ਦੇ ਨਾਲ ਫਾਈਨਲ ਮੁਕਾਬਲੇ ਵਿਚ ਵਿਸ਼ਾਲ ਗੜ੍ਹਸ਼ੰਕਰ, ਵੰਸ਼ ਗੁਰਦਾਸਪੁਰ ਇਸ਼ਿਤਾ ਖੰਨਾ ਤੇ ਭਾਵੇਸ਼ ਬਟਾਲਾ ਤਕੜੇ ਦਾਅਵੇਦਾਰ ਮੌਜੂਦ ਸਨ, ਪਰ ਹਰਮਨ ਆਪਣੀ ਸੁਰੀਲੀ ਆਵਾਜ਼, ਵੱਖਰੇ ਅੰਦਾਜ਼ ਤੇ ਸੰਗੀਤਕ ਸੁਰਾਂ ਦੀ ਸੂਝ-ਬੂਝ ਨਾਲ ਵਿਜੇਤਾ ਬਣ ਨਿਕਲਿਆ।
ਇਸ ਮੁਕਾਮ 'ਤੇ ਪੁੱਜਣ ਲਈ ਹਰਮਨ ਚੀਮਾ ਨੂੰ ਆਪਣੇ ਮਾਤਾ-ਪਿਤਾ, ਦਾਦਾ, ਤਾਇਆ ਸਤਪਾਲ ਸਿੰਘ, ਅਕੈਡਮੀ ਦੇ ਪ੍ਰਬੰਧਕ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਕ੍ਰਿਸ਼ਨ ਸਿੰਘ ਸੀਨੀਅਰ ਲੈਕਚਰਾਰ ਬਡਰੁੱਖਾਂ ਦਾ ਵੱਡਾ ਸਹਿਯੋਗ ਰਿਹਾ ਹੈ। ਕਮਲ ਖ਼ਾਨ, ਗੁਰਦਾਸ ਮਾਨ, ਕਲੇਰ ਕੰਠ, ਲਖਵਿੰਦਰ ਵਡਾਲੀ, ਫਿਰੋਜ਼ ਖ਼ਾਨ ਤੇ ਗੁਰਬਖ਼ਸ਼ ਸ਼ੌਕੀ ਉਸ ਦੇ ਪਸੰਦੀਦਾ ਕਲਾਕਾਰ ਹਨ, ਜਿਨ੍ਹਾਂ ਦੀ ਗਾਇਨ ਸ਼ੈਲੀ ਤੋਂ ਉਹ ਕਾਫ਼ੀ ਪ੍ਰਭਾਵਿਤ ਹੈ।


-ਮੇਜਰ ਸਿੰਘ ਜਖੇਪਲ
ਪੱਤਰਕਾਰ 'ਅਜੀਤ' ਜਖੇਪਲ (ਸੰਗਰੂਰ)।

ਜਯਾ ਪ੍ਰਦਾ ਦਾ ਟੀ.ਵੀ. 'ਤੇ ਆਗਮਨ

ਇਨ੍ਹੀਂ ਦਿਨੀਂ ਜਯਾ ਪ੍ਰਦਾ ਦੀ ਰਾਜਨੀਤੀ ਵਿਚ ਦਾਲ ਨਹੀਂ ਗਲ ਰਹੀ ਹੈ। ਸੋ, ਉਨ੍ਹਾਂ ਨੇ ਹੁਣ ਆਪਣਾ ਧਿਆਨ ਦੁਬਾਰਾ ਅਭਿਨੈ ਵੱਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਲੜੀਵਾਰ ਤੋਂ ਕੀਤੀ ਹੈ ਅਤੇ ਲੜੀਵਾਰ ਦਾ ਨਾਂਅ ਹੈ 'ਪਰਫੈਕਟ ਪਤੀ'। ਇਸ ਵਿਚ ਉਹ ਨਾਇਕ ਦੀ ਮਾਂ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਕਿਰਦਾਰ ਦਾ ਨਾਂਅ ਪ੍ਰਮਿਲਾ ਰਾਠੌੜ ਹੈ। ਇਹ ਜਯਾ ਪ੍ਰਦਾ ਦਾ ਪਹਿਲਾ ਹਿੰਦੀ ਲੜੀਵਾਰ ਹੋਵੇਗਾ।

-ਮੁੰਬਈ ਪ੍ਰਤੀਨਿਧ

ਫਿਰ ਇਕ ਵਾਰ 'ਝੂਠਾ ਕਹੀਂ ਕਾ' ਵਿਚ ਰਿਸ਼ੀ ਕਪੂਰ

ਸਾਲ 1979 ਵਿਚ ਆਈ 'ਝੂਠਾ ਕਹੀਂ ਕਾ' ਵਿਚ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੀ ਜੋੜੀ ਸੀ। ਹੁਣ ਫਿਰ ਇਕ ਵਾਰ ਇਸੇ ਨਾਂਅ ਨਾਲ ਇਕ ਹੋਰ ਫ਼ਿਲਮ ਬਣ ਰਹੀ ਹੈ ਅਤੇ ਇਸ ਵਿਚ ਵੀ ਰਿਸ਼ੀ ਕਪੂਰ ਨੂੰ ਲਿਆ ਗਿਆ ਹੈ। ਸਮੀਪ ਕੰਗ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਰਿਸ਼ੀ ਦੇ ਨਾਲ ਸੰਨੀ ਸਿੰਘ ਅਤੇ ਓਮਕਾਰ ਕਪੂਰ ਹਨ। ਰਿਸ਼ੀ ਇਸ ਵਿਚ ਓਮਕਾਰ ਦੇ ਪਿਤਾ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਫ਼ਿਲਮ ਦੀ ਕਹਾਣੀ ਦੀ ਰੂਪ-ਰੇਖਾ ਇਹ ਹੈ ਕਿ ਸੰਨੀ ਅਤੇ ਓਮਕਾਰ ਪੜ੍ਹਾਈ ਲਈ ਮੋਰੀਸ਼ਸ ਜਾਂਦੇ ਹਨ ਅਤੇ ਉਥੋਂ ਉਨ੍ਹਾਂ ਦਾ ਵਾਪਸ ਆਉਣ ਦਾ ਮਨ ਨਹੀਂ ਕਰਦਾ। ਸੋ, ਉਹ ਆਪਣੇ ਘਰ ਵਾਲਿਆਂ ਨਾਲ ਤਰ੍ਹਾਂ-ਤਰ੍ਹਾਂ ਦਾ ਝੂਠ ਬੋਲ ਕੇ ਉਥੇ ਰਹਿ ਜਾਂਦੇ ਹਨ। ਹੁਣ ਇਨ੍ਹਾਂ ਦੋਨਾਂ ਦੀ ਸੱਚਾਈ ਜਾਣਨ ਲਈ ਰਿਸ਼ੀ ਉਥੇ ਪਹੁੰਚ ਜਾਂਦੇ ਹਨ ਅਤੇ ਉਹ ਇਨ੍ਹਾਂ ਦੋਵਾਂ ਦੀ ਜੀਵਨਸ਼ੈਲੀ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਪੰਜਾਬ ਤੇ ਮੋਰੀਸ਼ਸ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਆਦਮੀ ਆਪਣੇ ਵਲੋਂ ਰਚੇ ਗਏ ਝੂਠ ਦੇ ਜਾਲ ਵਿਚ ਫਸ ਜਾਂਦਾ ਹੈ।


-ਮੁੰਬਈ ਪ੍ਰਤੀਨਿਧ

ਅਥੀਆ

ਸਹਾਰਾ ਬਾਦਸ਼ਾਹ ਦਾ

ਫ਼ਿਲਮ ਹੋਵੇ ਜਾਂ ਨਾ ਪਰ ਸਿਤਾਰੇ ਕਿੱਥੇ ਚੈਨ ਨਾਲ ਬਹਿੰਦੇ ਨੇ। ਜੇ ਹੋਵੇ ਅਥੀਆ ਸ਼ੈਟੀ ਤਾਂ ਇਕ ਸੈਕਿੰਡ ਵੀ ਵਿਹਲ ਉਸ ਕੋਲ ਨਹੀਂ ਹੈ। ਬਾਲੀਵੁੱਡ ਦੇ 'ਰੈਪ ਕਿੰਗ' ਬਾਦਸ਼ਾਹ ਦੀ ਕੁਝ ਜ਼ਿਆਦਾ ਹੀ ਪ੍ਰਸੰਸਕਾ ਉਹ ਬਣ ਗਈ ਹੈ। ਬਾਦਸ਼ਾਹ ਦਾ ਨਵਾਂ ਗਾਣਾ 'ਤੇਰੇ ਨਾਲ ਨੱਚਣਾ' ਤਾਂ ਹੈ ਹੀ ਅਥੀਆ ਅਤੇ ਬਾਦਸ਼ਾਹ ਨੂੰ ਲੈ ਕੇ ਬਣਿਆ। ਬਈ ਬਾਦਸ਼ਾਹ ਨੇ ਇਸ ਗਾਣੇ ਦੀ ਪੂਰੀ ਹਿੰਦੀ ਫੀਚਰ ਫ਼ਿਲਮ ਹੀ ਬਣਾ ਦਿੱਤੀ ਹੈ। ਧਰਮੇਸ਼, ਰਾਘਵ ਤੇ ਪੁਨੀਤ ਪਾਠਕ ਦੀ ਡਾਂਸਿੰਗ ਬੀਟ 'ਤੇ ਇਹ ਟੋਲੀ ਪਿੱਠਵਰਤੀ ਹਿੱਸੇ 'ਚ ਹੈ। 'ਨਵਾਬਜ਼ਾਦੇ' ਫ਼ਿਲਮ ਲਈ 'ਤੇਰੇ ਨਾਲ ਨੱਚਣਾ' ਗਾਣਾ ਲਿਆ ਗਿਆ ਹੈ। 'ਨਵਾਬਜ਼ਾਦੇ' ਬਾਦਸ਼ਾਹ ਨੇ 'ਨਵਾਬਜ਼ਾਦੀ' ਅਥੀਆ ਸ਼ੈਟੀ ਨੂੰ 'ਤੇਰੇ ਨਾਲ ਨੱਚਣਾ' ਨਾਲ 'ਹਾਈਰੇਟਿਡ ਗੱਭਰੂ' ਦੀ ਤਰ੍ਹਾਂ ਪ੍ਰਸਿੱਧ ਕਰਨ ਦੀ ਵਿਉਂਤਬੰਦੀ ਕੀਤੀ ਹੈ। ਔਰਤ ਸਾਖਰਤਾ ਲਈ ਅਥੀਆ ਨੇ ਪਿਤਾ ਸੁਨੀਲ ਸ਼ੈਟੀ ਨਾਲ ਮਿਲ ਕੇ ਇਕ ਵੀਡੀਓ ਵੀ ਬਣਾ ਲਈ ਹੈ। ਕੋਈ ਸ਼ੱਕ ਨਹੀਂ ਕਿ ਦੋ ਕੁ ਫ਼ਿਲਮਾਂ ਨਾਲ ਹੀ ਅਥੀਆ ਨੇ ਬੱਲੇ-ਬੱਲੇ ਕਰਵਾ ਲਈ ਹੈ। 'ਮੁਬਾਰਕਾਂ' ਨੇ ਅਥੀਆ ਨੂੰ ਪ੍ਰਸੰਨਤਾ ਦਿੱਤੀ ਹੈ। ਸਧਾਰਨ ਤੇ ਫੈਸ਼ਨ ਦੀ ਸਮਝ ਰੱਖਣ ਵਾਲੀ ਅਥੀਆ 'ਤੇਰੇ ਨਾਲ ਨੱਚਣਾ' ਨਾਲ ਫਿਰ ਦੁਨੀਆ ਨਚਾ ਰਹੀ ਹੈ। ਬਾਦਸ਼ਾਹ ਵੈਸੇ ਅਥੀਆ ਲਈ ਕਿਸਮਤ ਵਾਲਾ ਸ਼ਖ਼ਸ ਹੈ। 'ਤੇਰੇ ਨਾਲ ਨੱਚਣਾ' ਕੀ ਬਣਿਆ? ਕਿ ਅਥੀਆ ਨੂੰ ਅਭਿਨੈ ਬਾਦਸ਼ਾਹ ਨਵਾਜ਼ੂਦੀਨ ਸਿਦਿਕੀ ਨਾਲ 'ਮੋਤੀਚੂਰ ਚਕਨਾਚੂਰ' ਨਾਂਅ ਦੀ ਨਵੀਂ ਫ਼ਿਲਮ ਮਿਲੀ ਹੈ। ਅਗਲੇ ਮਹੀਨੇ ਇਹ ਫ਼ਿਲਮ ਸੈੱਟ 'ਤੇ ਜਾ ਰਹੀ ਹੈ। ਲਖਨਵੀ ਪਿੱਠਭੂਮੀ ਦੀ ਇਹ ਫ਼ਿਲਮ ਹੋਏਗੀ। ਰਾਜੇਸ਼ ਭਾਟੀਆ ਦੀ 'ਮੋਤੀਚੂਰ ਚਕਨਾਚੂਰ' ਨਾਲ 'ਤੇਰੇ ਨਾਲ ਨੱਚਣਾ' ਵਾਲੀ ਅਥੀਆ ਫਿਰ ਵੱਡੀਆਂ-ਵੱਡੀਆਂ ਹੀਰੋਇਨਾਂ ਨੂੰ ਵਖ਼ਤ ਪਾ ਦੇਵੇਗੀ। ਅਥੀਆ ਦੇ ਵੀਡੀਓ ਵਾਇਰਲ ਹੋ ਰਹੇ ਹਨ। ਬਚਪਨ ਦੀਆਂ ਯਾਦਾਂ ਤਾਜ਼ਾ ਕਰਨ ਲਈ ਉਹ ਆਪ ਇਹ ਕੰਮ ਕਰ ਰਹੀ ਹੈ। 'ਇਕ ਕੁੜੀ ਪੰਜਾਬਣ' ਗਾਣੇ 'ਤੇ ਨਿੱਕੀ ਹੁੰਦੀ ਅਥੀਆ ਦਾ ਨਾਚ ਤੇ ਇਹ ਵੀਡੀਓ ਵੀ ਉਸ ਨੇ ਵਿਚ ਪਾਇਆ ਹੈ। ਭੰਗੜੇ, ਗਿੱਧੇ ਨਾਲ ਅਥੀਆ ਦਾ ਪਿਆਰ, ਬਾਦਸ਼ਾਹ ਦੀ ਸੰਗਤ ਤੇ ਪਾਪਾ ਸੁਨੀਲ ਸ਼ੈਟੀ ਦੇ ਪੰਜਾਬੀ ਪ੍ਰੇਮ ਕਾਰਨ ਹੈ। 'ਹੀਰੋ' ਨੇ ਤਾਂ ਨਹੀਂ ਪਰ ਬਾਦਸ਼ਾਹ ਨੇ ਅਥੀਆ ਨੂੰ 'ਮੁਬਾਰਕਾਂ' ਪ੍ਰਾਪਤ ਕਰਨ ਵਾਲੀ ਨਾਇਕਾ ਬਣਾ ਹੀ ਦਿੱਤਾ ਹੈ।


-ਸੁਖਜੀਤ ਕੌਰ

ਅਨੁਸ਼ਕਾ ਸ਼ਰਮਾ

'ਸੂਈ ਧਾਗਾ' ਲੈ, ਗਈ ਵਲੈਤ

ਇੰਗਲੈਂਡ ਵਿਖੇ ਅਨੁਸ਼ਕਾ ਸ਼ਰਮਾ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਹਿਨ ਕੇ ਮੱਥੇ ਬਿੰਦੀ ਲਾ ਕੇ ਇੰਗਲੈਂਡ ਦੇ ਦਰਸ਼ਕਾਂ ਤੇ ਪੂਰੀ ਭਾਰਤੀ ਕ੍ਰਿਕਟ ਟੀਮ ਦਾ ਦਿਲ ਲੁੱਟ ਲਿਆ। ਦਿਲ ਲੁੱਟਣ ਵਾਲੀ ਉਸ ਦੀ ਨਵੀਂ ਫ਼ਿਲਮ 'ਸੂਈ ਧਾਗਾ' ਵੀ ਤਿਆਰ ਹੈ। ਵਰੁਣ-ਅਨੂ ਦੀ ਜੋੜੀ 'ਸੂਈ ਧਾਗਾ' ਦੇ ਪ੍ਰਚਾਰ ਨਾਲ ਇੰਟਰਨੈੱਟ 'ਤੇ ਧੁੰਮਾਂ ਪਾ ਰਹੀ ਹੈ। ਬੀ.ਸੀ.ਸੀ.ਆਈ. ਨੇ ਵੀ ਪ੍ਰੋਟੋਕਾਲ ਮਾਮਲੇ 'ਤੇ ਅਨੁਸ਼ਕਾ ਦਾ ਸਾਥ ਦਿੱਤਾ ਹੈ। ਇੰਗਲੈਂਡ ਤੋਂ ਵਿਚਾਲੇ ਭਾਰਤ ਪਰਤ ਕੇ ਅਨੂ ਇਥੇ 10 ਸ਼ਹਿਰਾਂ 'ਚ ਫ਼ਿਲਮ ਦਾ ਪ੍ਰਚਾਰ ਕਰੇਗੀ। 28 ਸਤੰਬਰ ਨੂੰ ਅਨੂ ਦੀ 'ਸੂਈ ਧਾਗਾ' ਆ ਰਹੀ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀ ਅਨੂ ਦਾ ਸਾਥ ਪਾ ਕੇ ਬਹੁਤ ਖੁਸ਼ ਹਨ। ਅਨੂ ਉਨ੍ਹਾਂ ਨਾਲ ਟਰੇਨ 'ਤੇ ਸਫ਼ਰ ਕਰ ਰਹੀ ਹੈ। 'ਸੂਈ ਧਾਗਾ' ਦਾ ਨਵਾਂ ਲੋਗੋ ਵੀ ਕਮਾਲ ਹੈ। ਫ਼ਿਲਮ ਦੇ ਪੋਸਟਰ, ਟੀਜ਼ਰ, ਟਰੇਲਰ ਸਭ ਕੁਝ ਵੱਖਰਾ ਹੀ ਹੈ। ਇਹ ਕੰਪਿਊਟਰ ਨਾਲ ਨਹੀਂ, ਬਲਕਿ ਹੱਥ ਨਾਲ ਫੁਲਕਾਰੀ 'ਤੇ ਫੁੱਲ ਪਾਉਣ ਦੀ ਤਰ੍ਹਾਂ ਬਣਾਇਆ ਗਿਆ ਹੈ। ਅਨੂ ਨੇ ਇੰਗਲੈਂਡ 'ਚ ਦੱਸਿਆ ਕਿ 'ਸੂਈ ਧਾਗਾ' ਲਈ ਕਸ਼ਮੀਰ ਤੋਂ ਕਸੀਦਾ ਤੇ ਸੋਜਨੀ, ਪੰਜਾਬ ਦੀ ਫੁੱਲਕਾਰੀ, ਉੱਤਰ ਪ੍ਰਦੇਸ਼ ਦੀ ਫੁੱਲ ਪੱਟੀ, ਲਖਨਊ ਦੀ ਜਰਦੇਈ, ਰਾਜਸਥਾਨ ਦੀ ਆਰੀ, ਬੰਗਾਲ ਦੀ ਗੋਟਾਪੱਟੀ ਤੇ ਲੋਕ ਕਲਾ ਨਾਲ ਬਣਿਆ 'ਸੂਈ ਧਾਗਾ' ਦਾ ਲੋਗੋ। ਇਸ ਤਰ੍ਹਾਂ ਅਨੂ ਨੇ ਸ਼ੁੱਧ ਭਾਰਤੀ ਕੁੜੀ-ਨਾਰੀ ਹੋਣ ਦਾ ਸਬੂਤ ਦਿੱਤਾ ਹੈ। ਅਨੁਸ਼ਕਾ ਸ਼ਰਮਾ ਭਾਰਤੀ ਫ਼ਿਲਮਾਂ ਦੀ ਹਾਲੇ ਵੀ ਲੋਕਪ੍ਰਿਯਾ ਹੀਰੋਇਨ ਹੈ। ਚਾਹੇ 'ਪਰੀ' ਚੱਲੀ ਜਾਂ ਨਹੀਂ ਪਰ ਵਿਰਾਟ ਦੀ ਪਰੀ ਬਣ ਕੇ ਸਭ ਹੀਰੋਇਨਾਂ ਨੂੰ ਉਸ ਨੇ ਪਛਾੜ ਦਿੱਤਾ। ਸੰਸਾਰ ਦੇ ਪ੍ਰਸਿੱਧ ਕ੍ਰਿਕਟ ਕਪਤਾਨ ਦੀ ਵਹੁਟੀ ਅਨੁਸ਼ਕਾ ਸ਼ਰਮਾ ਤੇ ਅਨੂ ਹੁਣ ਜਿਥੇ ਪਤਨੀ ਬਣ ਪਤੀ ਦੇ ਦੁੱਖ-ਸੁੱਖ 'ਚ ਸ਼ਾਮਿਲ ਹੈ, ਉਥੇ 'ਸੂਈ ਧਾਗਾ' ਉਸ ਦੀ ਆ ਰਹੀ ਹੈ। 'ਸੂਈ ਧਾਗਾ' ਆ ਰਹੀ ਹੈ, ਇਸ ਨਾਲ ਅਨੂ ਫਿਰ ਚੋਟੀ 'ਤੇ ਹੋਵੇਗੀ ਪਰ ਅਨੁਸ਼ਕਾ ਫਿਰ ਫ਼ਿਲਮਾਂ ਕਰੇਗੀ ਜਾਂ ਨਹੀਂ, ਇਹ ਭਵਿੱਖ ਦੀ ਗੱਲ ਹੈ। ਫਿਲਹਾਲ ਅਨੁਸ਼ਕਾ ਦੇ ਪ੍ਰਸੰਸਕ 'ਸੂਈ ਧਾਗਾ' ਦੇਖਣ ਲਈ ਤਿਆਰ ਰਹਿਣ।

ਐਮੀ ਜੈਕਸਨ

ਚੰਗਾ ਵਕਤ!

ਇਹ ਵੀ ਸਬੱਬ ਹੈ ਕਿ ਕਾਮਯਾਬੀ ਦੇ ਕੋਲ ਪਹੁੰਚ ਕੇ ਐਮੀ ਜੈਕਸਨ ਦੇ ਕੈਰੀਅਰ ਨੂੰ ਗ੍ਰਹਿਣ ਜਿਹਾ ਲੱਗ ਜਾਂਦਾ ਹੈ। ਰਜਨੀਕਾਂਤ-ਅਕਸ਼ੈ ਕੁਮਾਰ ਨਾਲ '2.0' ਜਿਹੀ ਉਸ ਦੀ ਵੱਡੀ ਫ਼ਿਲਮ ਦੀ ਰਿਲੀਜ਼ ਮਿਤੀ ਫਿਰ ਦੂਰ ਜਾ ਰਹੀ ਹੈ। ਸ਼ੰਕਰ ਦੇ ਨਿਰਦੇਸ਼ਨ 'ਚ ਬਣੀ ਐਮੀ ਦੀ ਇਸ ਮਹੱਤਵਪੂਰਨ ਫ਼ਿਲਮ ਦੇ ਤਕਨੀਕੀ ਕੰਮ ਵੀ ਹਾਲੇ ਮੁਕੰਮਲ ਨਹੀਂ ਹੋ ਰਹੇ। 450 ਕਰੋੜ ਦੀ ਲਾਗਤ ਨਾਲ ਐਮੀ ਦੀ ਇਹ ਫ਼ਿਲਮ ਬਣ ਰਹੀ ਹੈ। ਐਮੀ ਇਸ ਦੁਨੀਆ 'ਚ ਅਕਸ਼ੈ ਕੁਮਾਰ ਨੂੰ ਆਪਣਾ 'ਗਾਡ ਫਾਦਰ', 'ਪ੍ਰੇਰਕ' ਮੰਨਦੀ ਹੈ। 'ਸਿੰਘ ਇਜ ਬਲਿੰਗ' ਸਮੇਂ ਹੀ ਅਕਸ਼ੈ ਨੇ ਕਿਹਾ ਸੀ ਕਿ ਐਮੀ ਲਈ ਉਹ ਪੂਰੀ ਵਾਹ ਲਾ ਦੇਵੇਗਾ। ਐਮੀ ਦੀ '2.0' ਲੇਟ ਹੋਈ ਤਾਂ ਉਸ ਨੇ ਕਾਫ਼ੀ ਖੁੱਲ੍ਹਮ-ਖੁੱਲ੍ਹੀਆਂ ਤਸਵੀਰਾਂ ਦਾ ਸੈਸ਼ਨ ਕਰਵਾ ਕੇ ਸੋਸ਼ਲ ਮੀਡੀਆ 'ਤੇ ਚਰਚਾ ਲਈ ਪਾ ਦਿੱਤਾ ਹੈ। ਹਾਂ, 2018 'ਚ ਇਹ ਗੱਲ ਯਕੀਨੀ ਹੈ ਕਿ ਐਮੀ ਦੀ '2.0' ਆ ਜਾਏਗੀ। ਐਮੀ ਦੀ ਇਹ ਫ਼ਿਲਮ ਉਸ ਲਈ ਨਵਾਂ ਜੀਵਨ ਹੀ ਸਾਬਤ ਹੋਵੇਗੀ। ਇਸ ਸਮੇਂ ਯੂ-ਟਿਊਬ 'ਤੇ ਅੰਕਿਤ ਦੇ ਵੀਡੀਓ 'ਮਹਿਬੂਬਾ' ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਇਸ 'ਚ 'ਮਹਿਬੂਬਾ' ਐਮੀ ਹੀ ਬਣੀ ਹੈ। 'ਕਿੱਕ-2' ਤੇ 'ਰੇਸ-4' ਲਈ ਐਮੀ ਦੇ ਨਾਂਅ ਦੀ ਖ਼ਬਰ ਕਈ ਥਾਂ 'ਤੇ ਛਪ ਗਈ ਹੈ ਤੇ ਵਾਇਰਲ ਹੋ ਰਹੀ ਹੈ। ਇਸ ਸਭ ਨਾਲ ਐਮੀ ਫਿਰ ਚਰਚਾ 'ਚ ਆ ਗਈ ਹੈ। ਕਈਆਂ ਦਾ ਧਿਆਨ ਉਸ ਵੱਲ ਹੋ ਗਿਆ ਹੈ। ਸਾਹਿਤ ਨਾਲ ਵੀ ਐਮੀ ਨੂੰ ਕਾਫੀ ਪਿਆਰ ਹੈ। ਐਮੀ ਹਿੰਦੀ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਵੀ ਕਰ ਰਹੀ ਹੈ।

ਰਣਦੀਪ ਹੁੱਡਾ : ਬਚ ਕੇ ਰਹਿਨਾ ਰੇ ਬਾਬਾ...

40 ਤੋਂ ਉੱਪਰ ਤੇ 50 ਦੀ ਵਿਚਕਾਰਲੀ ਉਮਰ ਤੇ ਇਸ ਉਮਰ 'ਚ ਕੈਰੀਅਰ ਸੰਭਾਲ ਲਿਆ ਤਾਂ ਦੋ ਪੀੜ੍ਹੀਆਂ ਦੀਆਂ ਰੋਟੀਆਂ ਹੋ ਗਈਆਂ, ਇਹ ਗੱਲ ਆਪਣੇ 41ਵੇਂ ਜਨਮ ਦਿਨ 'ਤੇ ਰਣਦੀਪ ਹੁੱਡਾ ਨੇ ਕਹੀ। ਡਾ: ਰਣਬੀਰ ਹੁੱਡਾ ਦੇ ਸ਼ਹਿਜ਼ਾਦੇ ਰਣਦੀਪ ਨੇ ਅਭਿਨੇਤਾ ਬਣਨ ਤੋਂ ਪਹਿਲਾਂ ਆਸਟਰੇਲੀਆ ਜਾ ਕੇ ਭਾਂਡੇ ਵੀ ਮਾਂਜੇ, ਵੇਟਰ ਦਾ ਕੰਮ ਵੀ ਕੀਤਾ ਸੀ। ਹੋਰ ਤਾਂ ਹੋਰ, ਉਹ ਕਾਰਾਂ ਵੀ ਉਥੇ ਧੋਂਦਾ ਰਿਹਾ ਸੀ। ਅਭਿਨੈ 'ਚ ਉਸ ਦੀ ਪ੍ਰੇਰਨਾ ਉਸ ਦੀ ਦੀਦੀ ਹੈ, ਜੋ ਸਕੂਲ, ਕਾਲਜ 'ਚ ਡਰਾਮੇ ਖੇਡਦੀ ਸੀ। 'ਵਨਸ ਅਪਾਨ ਏ ਟਾਈਮ ਇਨ ਮੁੰਬਈ' ਨੇ ਉਸ ਨੂੰ ਪਛਾਣ ਦਿੱਤੀ ਤੇ ਫਿਰ ਤਾਂ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਉਸ ਦੀ ਦੀਵਾਨਗੀ 'ਚ ਪਾਗਲ ਤੱਕ ਹੋ ਗਈ ਸੀ। ਵੈਸੇ ਰਣਦੀਪ ਦਾ ਦਿਲ ਨੀਤੂ ਚੰਦਰਾ ਲਈ ਜ਼ਰੂਰ ਧੜਕਿਆ ਸੀ ਪਰ ਗੱਲ ਦਿਲਾਂ ਤੱਕ ਹੀ ਸੀਮਤ ਰਹਿ ਗਈ ਸੀ। 'ਸਰਬਜੀਤ' ਤੱਕ ਕਈ ਚੰਗੀਆਂ ਤੇ ਕਈ ਬੇਕਾਰ ਫ਼ਿਲਮਾਂ ਦੇ ਬਾਵਜੂਦ ਆਪਣੇ ਜਿਸਮ ਦੇ ਆਕਰਸ਼ਣ ਸਦਕਾ ਰਣਦੀਪ ਇਥੇ ਟਿਕਿਆ ਰਿਹਾ ਹੈ। ਮੁੰਬਈ ਦੇ 'ਵਰਸੋਵਾ ਬੀਚ' 'ਤੇ ਖੁਦ ਕੂੜਾ-ਕਰਕਟ ਸਾਂਭ ਕੇ ਸਾਫ਼ ਕਰਕੇ 'ਸਾਫ ਭਾਰਤ' ਦੀ ਗੱਲ ਕਰਨ ਵਾਲੇ ਰਣਦੀਪ ਹੁੱਡਾ ਨੂੰ ਰੋਹਤਕ ਨਾਲ ਅੱਜ ਵੀ ਪਹਿਲਾਂ ਜਿੰਨਾ ਪਿਆਰ ਹੈ। ਰੋਹਤਕ ਦੀ ਲੱਸੀ ਤੇ ਚਾਹ ਉਹ ਜਦ ਵੀ ਆਵੇ, ਪੀਣੀ ਨਹੀਂ ਭੁੱਲਦਾ। 'ਸੁਲਤਾਨ' ਦਾ 'ਫ਼ਤਹਿ ਸਿੰਘ', 'ਦੋ ਲਫ਼ਜ਼ੋਂ ਕੀ ਕਹਾਨੀ', 'ਬਾਗੀ-2' ਲਈ ਵੀ ਲੋਕਾਂ ਦੇ ਦਿਲਾਂ 'ਚ ਵਸਿਆ ਹੈ। 'ਬੈਟਲ ਆਫ ਸਾਰਾਗੜ੍ਹੀ' ਦੇ 'ਈਸ਼ਰ ਸਿੰਘ ਹਵਾਲਦਾਰ' ਵਾਲੇ ਚਰਿੱਤਰ ਸਬੰਧੀ ਦੋ ਸ਼ਬਦਾਂ 'ਚ ਉਹ ਕਹਿੰਦਾ ਹੈ ਕਿ ਸਾਰੇ ਫ਼ਿਲਮੀ ਕੈਰੀਅਰ ਦੀ ਯਾਦਗਾਰੀ ਹੈ ਇਹ ਫ਼ਿਲਮ ਤੇ ਭੂਮਿਕਾ। ਰਣਦੀਪ ਦੀ ਇਕ ਸਲਾਹ ਹੈ ਲੋਕਾਂ ਨੂੰ ਕਿ ਸੋਸ਼ਲ ਮੀਡੀਆ 'ਖਤਰਨਾਕ ਸ਼ੈਅ' ਹੈ ਤੇ ਇਸ ਤੋਂ ਪ੍ਰਹੇਜ਼ ਜਿੰਨਾ ਵੀ ਹੋਵੇ, ਉਸ ਅਨੁਸਾਰ ਚੰਗਾ ਹੈ। ਲੋਕਾਂ 'ਚ ਲੜਾਈ-ਦੰਗੇ ਦਾ ਕਾਰਨ ਜ਼ਿਆਦਾਤਰ ਉਸ ਅਨੁਸਾਰ ਸੋਸ਼ਲ ਮੀਡੀਆ ਹੈ। ਸ਼ਾਇਦ ਇਸ 15 ਅਗਸਤ 'ਤੇ ਰਣਦੀਪ ਨੇ ਫਿਰ ਆਪਣੀ ਇੰਸਟਾਗ੍ਰਾਮ ਪੋਸਟ ਪ੍ਰਮੁੱਖਤਾ ਨਾਲ ਉਠਾਈ ਕਿ ਸੋਸ਼ਲ ਮੀਡੀਆ 'ਤੇ ਖ਼ਬਰਾਂ ਤੇ ਧਾਰਮਿਕ ਵਿਚਾਰ-ਵਟਾਂਦਰੇ ਤੋਂ ਦੂਰ ਰਹੋ। ਇਕ-ਦੂਜੇ ਨਾਲ ਖੁਦ ਮਿਲੋ। ਫਿਰ ਦੇਖੋਗੇ ਇਸ ਦੇਸ਼ ਜਿੰਨਾ ਪਿਆਰਾ ਦੇਸ਼ ਹੋਰ ਹੈ ਹੀ ਨਹੀਂ।

ਸ੍ਰੀਦੇਵੀ ਦੀ ਭੂਮਿਕਾ ਨਿਭਾਏਗੀ

ਰਕੁਲ ਪ੍ਰੀਤ ਸਿੰਘ

ਨਿਰਮਾਤਾ ਵਿਸ਼ਣੂ ਇੰਦੁਰੀ ਹੁਣ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਫ਼ਿਲਮਾਂ ਦੇ ਸੁਪਰ ਸਟਾਰ ਸਵ: ਐਨ. ਟੀ. ਰਾਮਾਰਾਓ ਦੀ ਜ਼ਿੰਦਗੀ 'ਤੇ ਫ਼ਿਲਮ ਬਣਾ ਰਹੇ ਹਨ। ਇਸ ਵਿਚ ਰਾਣਾ ਡੁੱਗੂਬਾਤੀ ਵਲੋਂ ਰਾਮਾਰਾਓ ਦੀ ਭੂਮਿਕਾ ਨਿਭਾਈ ਜਾਵੇਗੀ ਤੇ ਵਿਦਿਆ ਬਾਲਨ ਨੂੰ ਰਾਮਾਰਾਓ ਦੀ ਪਤਨੀ ਬਾਸਵਾਤਾਰਕਮ ਦੀ ਭੂਮਿਕਾ ਲਈ ਇਕਰਾਰਬੱਧ ਕਰ ਲਿਆ ਗਿਆ ਹੈ। ਬਤੌਰ ਅਭਿਨੇਤਾ ਰਾਮਾਰਾਓ ਨੇ ਸ੍ਰੀਦੇਵੀ ਦੇ ਨਾਲ 14 ਫ਼ਿਲਮਾਂ ਕੀਤੀਆਂ ਸਨ ਅਤੇ ਸ੍ਰੀਦੇਵੀ ਦੇ ਕਰੀਅਰ ਨੂੰ ਉਭਾਰਨ ਵਿਚ ਉਨ੍ਹਾਂ ਦਾ ਵੱਡਾ ਹੱਥ ਰਿਹਾ ਸੀ। ਹੁਣ ਇਸ ਬਾਇਓਪਿਕ ਵਿਚ ਸ੍ਰੀਦੇਵੀ ਦੀ ਭੂਮਿਕਾ ਲਈ ਰਕੁਲ ਪ੍ਰੀਤ ਸਿੰਘ ਨੂੰ ਫਾਈਨਲ ਕਰ ਲਿਆ ਗਿਆ ਹੈ। ਹਾਲਾਂਕਿ ਇਸ ਫ਼ਿਲਮ ਵਿਚ ਰਕੁਲ ਦੀ ਭੂਮਿਕਾ ਜ਼ਿਆਦਾ ਵੱਡੀ ਨਹੀਂ ਹੈ ਪਰ ਫਿਰ ਵੀ ਸ੍ਰੀਦੇਵੀ ਦੀ ਭੂਮਿਕਾ ਨਿਭਾਉਣ ਦਾ ਮੌਕਾ ਪਾ ਕੇ ਉਹ ਖ਼ੁਦ ਨੂੰ ਖੁਸ਼ਨਸੀਬ ਮੰਨ ਰਹੀ ਹੈ। 'ਯਾਰੀਆਂ' ਦੀ ਬਦੌਲਤ ਹਿੰਦੀ ਦਰਸ਼ਕਾਂ ਵਿਚ ਆਪਣੀ ਪਛਾਣ ਬਣਾਉਣ ਵਾਲੀ ਰਕੁਲ ਤੇਲਗੂ ਫ਼ਿਲਮਾਂ ਦੀ ਵੱਡੀ ਸਟਾਰ ਹੈ। ਇਸ ਵਜ੍ਹਾ ਨਾਲ ਵੀ ਉਸ ਨੂੰ ਫ਼ਿਲਮ ਵਿਚ ਕਾਸਟ ਕੀਤਾ ਗਿਆ ਹੈ ਤਾਂ ਕਿ ਫ਼ਿਲਮ ਦੀ ਸਟਾਰ ਵੈਲਿਊ ਵਧ ਜਾਵੇ।


-ਇੰਦਰਮੋਹਨ ਪੰਨੂੰ

ਦੀਪਸ਼ਿਖਾ

ਹੁਣ ਗਾਇਕਾ ਬਣੀ

ਅਭਿਨੇਤਰੀ ਦੀਪਸ਼ਿਖਾ ਦੀ ਭੈਣ ਆਰਤੀ ਅਕਸਰ ਫੇਸਬੁੱਕ 'ਤੇ ਗੀਤ ਗੁਣ-ਗੁਣਾਉਣ ਵਾਲੇ ਪੋਸਟਰ ਅਪਲੋਡ ਕਰਦੀ ਰਹਿੰਦੀ ਹੈ। ਹੁਣ ਇਹ ਸ਼ਾਇਦ ਭੈਣ ਦੀ ਸੰਗਤ ਦਾ ਅਸਰ ਹੀ ਕਿਹਾ ਜਾਵੇਗਾ ਕਿ ਹੁਣ ਦੀਪਸ਼ਿਖਾ ਨੇ ਵੀ ਗਾਇਕੀ ਵਿਚ ਹੱਥ ਅਜ਼ਮਾਇਆ ਹੈ। ਉਹ ਆਪਣੀ ਆਵਾਜ਼ ਨਾਲ ਸਜਿਆ ਗੀਤ 'ਕਿਆ ਹੁਆ ਤੇਰਾ ਵਾਅਦਾ...' ਲੈ ਕੇ ਪੇਸ਼ ਹੋ ਰਹੀ ਹੈ। ਇਸ ਗੀਤ ਦੇ ਉਦਘਾਟਨ ਦੇ ਸਿਲਸਿਲੇ ਵਿਚ ਦਿੱਤੀ ਗਈ ਪਾਰਟੀ ਵਿਚ ਭੈਣ ਆਰਤੀ, ਅਨੂਪ ਜਲੋਟਾ, ਗੀਤਕਾਰ ਸਮੀਰ, ਸ਼ੀਬਾ, ਮੁਕੁਲ ਦੇਵ, ਅਵੀਨਾਸ਼ ਵਾਧਵਾਨ, ਦੀਪਸ਼ਿਖਾ ਦੇ ਪਤੀ ਕੇਸ਼ਵ ਆਦਿ ਮੌਜੂਦ ਸਨ।
ਗਾਇਕਾ ਬਣਨ ਬਾਰੇ ਦੀਪਸ਼ਿਖਾ ਕਹਿੰਦੀ ਹੈ, 'ਮੇਰੀ ਮਾਂ ਕਾਫੀ ਚੰਗੀ ਗਾਇਕਾ ਸੀ ਅਤੇ ਉਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਦੋਵੇਂ ਭੈਣਾਂ ਵੀ ਗਾਇਕੀ ਦੇ ਰੰਗ ਵਿਚ ਰੰਗੀਆਂ ਗਈਆਂ। ਮੈਂ ਗਾਇਕਾ ਬਣਨਾ ਚਾਹੁੰਦੀ ਸੀ ਪਰ ਅਭਿਨੈ ਵਿਚ ਆ ਜਾਣ ਤੋਂ ਬਾਅਦ ਰੁਝੇਵੇਂ ਏਨੇ ਵਧ ਗਏ ਕਿ ਗਾਇਕੀ ਵਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲਿਆ। ਫਿਰ ਫ਼ਿਲਮ 'ਯੇ ਦੂਰੀਆਂ' ਦੇ ਨਿਰਮਾਣ ਅਤੇ ਨਿਰਦੇਸ਼ਨ ਨੇ ਕਾਫੀ ਰੁਝਾਅ ਕੇ ਰੱਖਿਆ। ਹੁਣ ਕੁਝ ਸਮਾਂ ਪਹਿਲਾਂ ਮੈਂ ਇਕ ਪਾਰਟੀ ਵਿਚ ਗਈ ਸੀ ਜਿਥੇ ਗੀਤ ਗਾਏ ਜਾ ਰਹੇ ਸਨ। ਮੈਂ ਵੀ ਉਥੇ ਗੁਣਗੁਣਾਉਣ ਲੱਗੀ ਅਤੇ ਉਥੇ ਮੈਂ ਆਪਣੀ ਪ੍ਰਚਾਰਕ ਤੇ ਨੇੜਲੀ ਸਹੇਲੀ ਪਾਰੁਲ ਚਾਵਲਾ ਨੂੰ ਕਿਹਾ ਕਿ ਮੇਰਾ ਵੀ ਮਨ ਗਾਉਣ ਨੂੰ ਕਰ ਰਿਹਾ ਹੈ। ਉਦੋਂ ਪਾਰੁਲ ਨੇ ਪੁੱਛਿਆ 'ਕਿਆ ਤੁਮ ਗਾ ਲੇਤੀ ਹੋ?' ਤਾਂ ਜਵਾਬ ਵਿਚ ਮੈਂ ਗਾਇਕਾ ਬਣਨ ਦੇ ਸੁਪਨੇ ਬਾਰੇ ਦੱਸਿਆ। ਕੁਝ ਦਿਨਾਂ ਬਾਅਦ ਪਾਰੁਲ ਨੇ ਮੇਰੀ ਪਛਾਣ ਡੀਜੇ ਸ਼ੇਜਵੁੱਡ ਨਾਲ ਕਰਵਾਈ ਅਤੇ ਸ਼ੇਜਵੁੱਡ ਨੇ ਮੈਨੂੰ ਗੀਤ ਰਿਕਾਰਡ ਕਰਨ ਲਈ ਉਤਸ਼ਾਹਿਤ ਕੀਤਾ। ਉਸੇ ਉਤਸ਼ਾਹ ਦੀ ਬਦੌਲਤ ਹੁਣ ਇਹ ਗੀਤ ਤੁਹਾਡੇ ਸਭ ਦੇ ਸਾਹਮਣੇ ਹੈ।'
ਇਸ ਗੀਤ ਨੂੰ ਲੈ ਕੇ ਬਣੇ ਵੀਡੀਓ ਵਿਚ ਖ਼ੁਦ ਦੀਪਸ਼ਿਖਾ ਤਾਂ ਹੈ ਹੀ ਪਰ ਇਥੇ ਉਨ੍ਹਾਂ ਨਾਲ ਅਭਿਨੇਤਾ ਪਤੀ ਕੇਸ਼ਵ ਨਹੀਂ ਹਨ। ਫ਼ਿਲਮ 'ਮੋਮ' ਵਿਚ ਖ਼ਲਨਾਇਕ ਬਣੇ ਵਿਕਾਸ ਵਰਮਾ ਇਸ ਵੀਡੀਓ ਵਿਚ ਹਨ।
ਫ਼ਿਲਹਾਲ, ਦੀਪਸ਼ਿਖਾ ਜਦੋਂ ਫ਼ਿਲਮਾਂ ਵਿਚ ਨਵੀਂ ਆਈ ਸੀ, ਉਦੋਂ ਉਸ ਦੀ ਤੁਲਨਾ ਪਰਵੀਨ ਬੌਬੀ ਨਾਲ ਕੀਤੀ ਜਾਂਦੀ ਰਹੀ ਸੀ। ਹੁਣ ਜਦੋਂ ਉਹ ਗਾਇਕਾ ਬਣ ਗਈ ਹੈ ਤਾਂ ਉਸ ਦੀ ਤੁਲਨਾ ਪ੍ਰਿਅੰਕਾ ਚੋਪੜਾ, ਸ਼ਰਧਾ ਕਪੂਰ ਆਦਿ ਗਾਇਕਾ ਅਭਿਨੇਤਰੀਆਂ ਨਾਲ ਹੁੰਦੀ ਹੈ ਤੇ ਇਸ ਵਿਚ ਹੈਰਾਨ ਹੋਣ ਵਾਲੀ ਗੱਲ ਨਹੀਂ ਹੋਵੇਗੀ।


-ਮੁੰਬਈ ਪ੍ਰਤੀਨਿਧ

ਦਖ਼ਲਅੰਦਾਜ਼ੀ ਪਸੰਦ ਨਹੀਂ

ਨਰਗਿਸ ਫ਼ਾਖਰੀ

ਵਰੁਣ ਧਵਨ ਨਾਲ ਸੁਪਰਹਿੱਟ ਫ਼ਿਲਮ 'ਮੈਂ ਤੇਰਾ ਹੀਰੋ' ਨਰਗਿਸ ਫਾਖਰੀ ਕਰਕੇ ਸੱਤਵੇਂ ਅਸਮਾਨ ਦੀ ਫ਼ਿਲਮੀ ਪਰੀ ਕਹਾ ਚੁੱਕੀ ਹੈ। 'ਸਪਾਈ' ਨਾਂਅ ਦੀ ਹਾਲੀਵੁੱਡ ਫ਼ਿਲਮ ਤੋਂ ਬਾਅਦ ਹਾਲੀਵੁੱਡ ਦੀ ਹੀ '5-ਵੈਡਿੰਗਜ਼' ਵੀ ਉਸ ਨੇ ਕੀਤੀ ਹੈ। ਅਦਿੱਤਿਆ ਚੋਪੜਾ ਦੇ ਭਰਾ ਉਦੈ ਚੋਪੜਾ ਨਾਲ ਉਸ ਦੀਆਂ ਗੱਲਾਂ ਬਣਦੀਆਂ ਰਹੀਆਂ ਹਨ। ਜਿਮ ਬਾਕਸਿੰਗ ਵਾਲਾ ਉਸ ਦਾ ਵੀਡੀਓ ਵੀ ਲੋਕਾਂ ਦੇ ਧਿਆਨ ਦਾ ਕੇਂਦਰ ਰਿਹਾ ਹੈ। ਮੈਟ ਨਾਂਅ ਦੇ ਵਿਦੇਸ਼ੀ ਸ਼ਖ਼ਸ ਨਾਲ ਇਸ ਸਮੇਂ ਮਿਸ ਫਾਖਰੀ ਦਾ ਪਿਆਰ ਪ੍ਰਵਾਨ ਚੜ੍ਹਦਾ ਪ੍ਰਤੀਤ ਹੋ ਰਿਹਾ ਹੈ। ਨਰਗਿਸ ਲਈ ਮੈਟ ਇਕ ਫ਼ਿਲਮ ਵੀ ਬਣਾ ਰਿਹਾ ਹੈ ਤੇ ਸੰਜੇ ਦੱਤ ਨਾਲ 'ਟੌਹਰਬਾਜ਼' ਨਾਂਅ ਦੀ ਨਵੀਂ ਫ਼ਿਲਮ ਵੀ ਨਰਗਿਸ ਫਾਖਰੀ ਨੂੰ ਮਿਲੀ ਹੈ। '5-ਵੈਡਿੰਗਜ਼' ਤਾਂ ਉਸ ਨੇ ਕਮਾਲ ਕੀਤੀ ਹੈ। ਇਸ ਫ਼ਿਲਮ ਦੇ ਨਾਇਕ ਨਿਰਮਾਤਾ ਦਰਸ਼ਨ ਔਲਖ ਦੱਸਦੇ ਹਨ ਕਿ '5-ਵੈਡਿੰਗਜ਼' 'ਚ ਦੇਖ ਕੇ ਹੀ ਨਰਗਿਸ ਨੂੰ ਟੀ-ਸੀਰੀਜ਼ ਦੀ ਨਵੀਂ ਫ਼ਿਲਮ 'ਅਮਾਵਸ' (ਮੱਸਿਆ) ਮਿਲੀ ਹੈ। ਭਾਵਨਾਤਮਕ ਕੁੜੀ ਨਰਗਿਸ ਨੇ ਰਾਜ ਕੁਮਾਰ ਰਾਜ ਨਾਲ '5-ਵੈਡਿੰਗਜ਼' ਕੀਤੀ ਹੈ। ਆਲੀਆ ਭੱਟ ਵੀ ਨਰਗਿਸ ਫਾਖਰੀ ਦੇ ਸਰੀਰਕ ਜਲਵੇ ਦੀ ਪ੍ਰਸੰਸਾ ਕਰਦੀ ਹੈ। ਨਰਗਿਸ ਕਦੇ-ਕਦੇ ਮਾਰਨਿੰਗ ਸ਼ੋਅ 'ਚ ਵੀ ਹਿੱਸਾ ਲੈਂਦੀ ਹੈ। 'ਅਮਾਵਸ' ਦੇ ਐਲਾਨ ਸਮੇਂ ਖੁਸ਼ ਨਰਗਿਸ ਨੇ 'ਰਾਕਸਟਾਰ' ਤੋਂ ਲੈ ਕੇ ਹੁਣ ਤੱਕ ਕਾਫੀ ਕੁਝ ਸੁਧਾਰ ਆਪਣੇ-ਆਪ 'ਚ ਕੀਤਾ ਹੈ। ਨਰਗਿਸ ਨੇ 'ਹੈਬਿਟਾਂ ਵਿਗਾੜਦੀ' ਨਾਂਅ ਦੇ ਪੰਜਾਬੀ ਗੀਤ 'ਚ ਵੀ ਮਾਡਲਿੰਗ ਕੀਤੀ ਸੀ। 'ਅਮਾਵਸ' ਇਕ ਵੱਖਰੀ ਤਰ੍ਹਾਂ ਦੀ ਕਹਾਣੀ ਵਾਲੀ ਅਰਥ ਭਰਪੂਰ ਪਰ ਪੂਰੀ ਵਪਾਰਕ ਫ਼ਿਲਮ ਹੋਵੇਗੀ, ਇਹ ਨਰਗਿਸ ਕਹਿ ਰਹੀ ਹੈ। ਟਵਿਟਰ 'ਤੇ ਹਮੇਸ਼ਾ ਸਰਗਰਮ ਰਹਿੰਦੀ ਨਰਗਿਸ ਨੇ ਮੀਡੀਆ ਨੂੰ ਹਮੇਸ਼ਾ ਇਹੀ ਕਿਹਾ ਹੈ ਕਿ ਨਿੱਜੀ ਜ਼ਿੰਦਗੀ ਤੇ ਫ਼ਿਲਮੀ ਜੀਵਨ 'ਚ ਫਰਕ ਹੈ ਤੇ ਨਿੱਜੀ ਜੀਵਨ 'ਚ ਉਹ ਕਿਸੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦੀ। '5-ਵੈਡਿੰਗਜ਼' ਪ੍ਰਤੀ ਖੁਸ਼-ਸੰਤੁਸ਼ਟ ਨਰਗਿਸ ਫਾਖਰੀ ਦਾ ਮੰਨਣਾ ਹੈ ਕਿ ਮੁੰਬਈ ਨਗਰੀ 'ਚ ਦੋਸਤੀ ਦੇ ਅਰਥ ਬਦਲ ਚੁੱਕੇ ਹਨ। ਉਦੈ ਚੋਪੜਾ, ਫਰਹਾਨ ਅਖਤਰ, ਮੈਟ ਨਾਲ ਸਬੰਧਾਂ 'ਤੇ ਇਕ ਹੀ ਟਿੱਪਣੀ ਹੈ ਉਸ ਦੀ ਕਿ ਜੋ ਲਿਖਿਆ ਹੈ, ਉਹੀ ਹੁੰਦਾ ਹੈ। ਉਮੀਦ ਹੈ ਕਿ ਕਦੇ ਕੋਈ ਦੋਸਤੀ ਸ਼ਾਦੀ ਦਾ ਰੂਪ ਲਵੇਗੀ। ਕਦੋਂ, ਕਿਵੇਂ ਤੇ ਕਿਸ ਦੀ? ਇਸ ਦਾ ਜਵਾਬ ਉਹ ਪਰਮਾਤਮਾ 'ਤੇ ਹੀ ਛੱਡ ਕੇ ਭਾਰਤੀ ਪ੍ਰੰਪਰਾ ਗ੍ਰਹਿਣ ਕਰਨ ਵਾਲੀ ਕੁੜੀ ਵਜੋਂ ਦੇ ਰਹੀ ਹੈ।

ਹੁਣ ਹਿੰਦੀ ਫ਼ਿਲਮ ਦਾ ਨਿਰਮਾਣ ਕਰੇਗੀ

ਸ਼ਿਵਾਂਗੀ ਚੌਧਰੀ

'ਓਮ ਨਮਹ ਸ਼ਿਵਾਏ', 'ਜੈ ਮਾਂ ਦੁਰਗਾ' ਸਮੇਤ ਹੋਰ ਧਾਰਮਿਕ ਲੜੀਵਾਰ ਕਰਨ ਵਾਲੀ ਸ਼ਿਵਾਂਗੀ ਚੌਧਰੀ ਦੇ ਨਾਂਅ 'ਦਾਦਾ' (ਮਿਠੁਨ ਚੱਕਰਵਰਤੀ), 'ਪੁਤਲੀਬਾਈ' ਆਦਿ ਫ਼ਿਲਮਾਂ ਵੀ ਹਨ। ਅਭਿਨੇਤਰੀ ਦੇ ਨਾਲ-ਨਾਲ ਉਹ ਫ਼ਿਲਮ ਨਿਰਮਾਤਰੀ ਵੀ ਹੈ ਅਤੇ ਮਰਾਠੀ ਅਤੇ ਬਾਂਗਲਾ ਫ਼ਿਲਮਾਂ ਬਣਾ ਚੁੱਕੀ ਹੈ। ਸ਼ਿਵਾਂਗੀ ਵਲੋਂ ਬਣਾਈ ਗਈ ਬਾਂਗਲਾ ਫ਼ਿਲਮ 'ਆਮੀ ਜੋਏ ਚੈਟਰਜੀ' ਇਸ ਸਾਲ ਜਨਵਰੀ ਵਿਚ ਬੰਗਾਲ ਵਿਚ ਪ੍ਰਦਰਸ਼ਿਤ ਹੋਈ ਅਤੇ ਇਕ ਵੱਖਰੀ ਜਿਹੀ ਕਹਾਣੀ ਦੀ ਵਜ੍ਹਾ ਕਰਕੇ ਇਹ ਕਾਫੀ ਪਸੰਦ ਕੀਤੀ ਗਈ। ਆਪਣੀ ਫ਼ਿਲਮ ਨੂੰ ਮਿਲੇ ਚੰਗੇ ਹੁੰਗਾਰੇ ਨਾਲ ਸ਼ਿਵਾਂਗੀ ਦਾ ਉਤਸ਼ਾਹ ਹੋਰ ਵਧਿਆ ਹੈ ਅਤੇ ਹੁਣ ਉਹ ਇਸ ਨੂੰ ਹਿੰਦੀ ਵਿਚ ਵੀ ਬਣਾਏਗੀ।
ਅਬੀਰ ਚੈਟਰਜੀ, ਟੀ. ਵਿਕਰਮ ਘੋਸ਼, ਜ਼ੋੋਇਆ ਅਹਿਸਾਨ, ਸਾਬਿਆਸਾਚੀ ਚੱਕਰਵਰਤੀ, ਸੋਮਿਆਜੀਤ ਮਜ਼ੂਮਦਾਰ ਆਦਿ ਦੀ ਇਸ ਫ਼ਿਲਮ ਵਿਚ ਜੋਏ ਚੈਟਰਜੀ ਨਾਮੀ ਸ਼ਖ਼ਸ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਜੋਏ ਦਿਨ-ਰਾਤ ਆਪਣੇ ਕਾਰੋਬਾਰ ਵਿਚ ਰੁੱਝਾ ਰਹਿੰਦਾ ਹੈ ਅਤੇ ਆਪਣੇ ਸਟਾਫ਼ ਵਲ ਉਹ ਬੇਰੁਖੀ ਨਾਲ ਪੇਸ਼ ਆਉਂਦਾ ਹੈ। ਆਪਣੇ ਕੰਮਕਾਰ ਦੇ ਰੁਝੇਵੇਂ ਦੀ ਵਜ੍ਹਾ ਕਰਕੇ ਉਹ ਆਪਣੀ ਪ੍ਰੇਮਿਕਾ ਲਈ ਵੀ ਬੜੀ ਮੁਸ਼ਕਿਲ ਨਾਲ ਸਮਾਂ ਕੱਢ ਪਾਉਂਦਾ ਹੈ। ਜ਼ੋਏ ਨੂੰ ਆਪਣੀ ਦੌਲਤ ਦਾ ਗ਼ਰੂਰ ਵੀ ਹੈ ਅਤੇ ਇਸ ਗ਼ਰੂਰ ਦੀ ਵਜ੍ਹਾ ਕਰਕੇ ਉਹ ਕਿਸੇ ਨੂੰ ਅਪਮਾਨਿਤ ਕਰਨ ਵਿਚ ਦੇਰੀ ਨਹੀਂ ਲਗਾਉਂਦਾ। ਇਕ ਦਿਨ ਜੋਏ ਆਪਣੀ ਪ੍ਰੇਮਿਕਾ ਨਾਲ ਹਿਲ ਸਟੇਸ਼ਨ 'ਤੇ ਜਾ ਰਿਹਾ ਹੁੰਦਾ ਹੈ ਕਿ ਉਸ ਦੀ ਕਾਰ ਨਾਲ ਇਕ ਬੱਚੇ ਦੀ ਟੱਕਰ ਹੋ ਜਾਂਦੀ ਹੈ। ਇਸ ਬੱਚੇ ਦੇ ਨਾਲ ਬੁੱਧ ਭਿਕਸ਼ੂ ਵੀ ਹੁੰਦਾ ਹੈ। ਇਸ ਬੁੱਧ ਸਾਧੂ ਦੀ ਵਜ੍ਹਾ ਨਾਲ ਜੋਏ ਦੀ ਜ਼ਿੰਦਗੀ ਵਿਚ ਕੀ ਪਰਿਵਰਤਨ ਆ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ। ਸ਼ਿਵਾਂਗੀ ਚੌਧਰੀ ਅਨੁਸਾਰ ਜਦੋਂ ਨਿਰਦੇਸ਼ਕ ਮਨੋਜ ਮਿਚੀਗਨ ਨੇ ਇਹ ਕਹਾਣੀ ਸੁਣਾਈ ਤਾਂ ਇਸ ਵਿਚ ਪੇਸ਼ ਕੀਤੇ ਸੰਦੇਸ਼ ਦੀ ਵਜ੍ਹਾ ਕਰਕੇ ਉਹ ਇਸ 'ਤੇ ਫ਼ਿਲਮ ਬਣਾਉਣ ਲਈ ਰਾਜ਼ੀ ਹੋ ਗਈ। ਇਥੇ ਇਕ ਆਦਮੀ ਦੀ ਜ਼ਿੰਦਗੀ ਵਿਚ ਆਉਂਦੇ ਪਰਿਵਰਤਨ ਦੀ ਕਹਾਣੀ ਹੈ ਅਤੇ ਸ਼ਿਵਾਂਗੀ ਦਾ ਮੰਨਣਾ ਹੈ ਕਿ ਜ਼ਿਆਦਾਤਰ ਕਿੱਸਿਆਂ ਵਿਚ ਇਹ ਪਰਿਵਰਤਨ ਬੱਚਿਆਂ ਦੀ ਵਜ੍ਹਾ ਕਰਕੇ ਆਉਂਦੇ ਹਨ। ਸੋ, ਉਸ ਨੇ ਮਨੋਜ ਨੂੰ ਕਹਾਣੀ ਵਿਚ ਬੱਚਿਆਂ ਦੇ ਕਿਰਦਾਰ ਰੱਖਣ ਦਾ ਸੁਝਾਅ ਦਿੱਤਾ ਅਤੇ ਇਸ ਸੁਝਾਅ ਦੇ ਚਲਦਿਆਂ ਕੁੱਝ ਅਨਾਥ ਬੱਚਿਆਂ ਦੇ ਕਿਰਦਾਰ ਰੱਖੇ ਗਏ।


-ਪੰਨੂੰ

ਧਾਰਮਿਕ ਗੀਤਾਂ ਦਾ ਸਿਰਨਾਵਾਂ-ਹਰਵਿੰਦਰ ਉਹੜਪੁਰੀ

ਸਿੱਖ ਇਤਿਹਾਸ ਦੇ ਗੌਰਵਮਈ ਵਾਕਿਆਂ ਅਤੇ ਸਾਕਿਆਂ ਨੂੰ ਸ਼ਬਦਾਂ ਰੂਪੀ ਮਾਲਾ ਵਿਚ ਪਰੋ ਕੇ ਗੀਤਾਂ ਦਾ ਰੂਪ ਦੇਣ ਵਾਲਾ ਅੰਤਰਰਾਸ਼ਟਰੀ ਗੀਤਕਾਰ ਹਰਵਿੰਦਰ ਉਹੜਪੁਰੀ ਧਾਰਮਿਕ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦਾ ਹੈ। 500 ਤੋਂ ਵੱਧ ਗੀਤ ਅੰਤਰਰਾਸ਼ਟਰੀ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਜਿੱਥੇ ਉਹੜਪੁਰੀ ਦੇ ਅਨੇਕਾਂ ਗੀਤਾਂ ਨਾਲ ਕਈ ਕਲਾਕਾਰਾਂ ਦੀ ਪਹਿਚਾਣ ਬਣੀ, ਉੱਥੇ ਕਈ ਪ੍ਰਸਿੱਧ ਗਾਇਕਾਂ ਨੂੰ ਵੀ ਰੱਜ ਕੇ ਮਾਣ ਵਡਿਆਈ ਮਿਲੀ। ਗੀਤਕਾਰੀ ਦਾ ਸਫ਼ਰ 1987 ਵਿਚ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਦੀ ਆਵਾਜ਼ ਵਿਚ ਰਿਕਾਰਡ ਹੋਏ ਪਹਿਲੇ ਗੀਤ (ਤੈਨੂੰ ਬਾਬਲਾ ਤਰਸ ਨਾ ਆਇਆ) ਨਾਲ ਸ਼ੁਰੂ ਹੋਇਆ। ਉਸ ਤੋਂ ਬਾਅਦ ਸਮੇਂ ਦੇ ਹਾਣੀ ਕਲਾਕਾਰਾਂ ਨੇ ਹਰਵਿੰਦਰ ਉਹੜਪੁਰੀ ਦਿਆਂ ਗੀਤਾਂ ਨੂੰ ਆਵਾਜ਼ ਦੇਣੀ ਆਪਣਾ ਧੰਨ ਭਾਗ ਸਮਝਿਆ। ਸੁਰਜੀਤ ਬਿੰਦਰੱਖੀਆ ਦੇ ਗਾਏ ਧਾਰਮਿਕ ਗੀਤ 'ਜਨਮ ਦਿਹਾੜਾ ਖ਼ਾਲਸੇ ਦਾ', 'ਸਿਰਾਂ ਵੱਟੇ ਲੈ ਲਉ ਸਰਦਾਰੀਆਂ', 'ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ, ਕੌਮਾਂ ਦੇ ਸਰਦਾਰ ਅਤੇ ਪ੍ਰਣਾਮ ਸ਼ਹੀਦਾਂ ਨੂੰ' , 'ਸੰਸਾਰ ਭਰ ਵਿਚ ਅਜੇ ਵੀ ਰੇਡੀਓ -ਟੀ. ਵੀ. ਚੈਨਲਾਂ 'ਤੇ ਪ੍ਰਸਾਰਿਤ ਹੋ ਰਹੇ ਹਨ। ਪਦਮਸ੍ਰੀ ਹੰਸ ਰਾਜ ਹੰਸ ਨੇ ਵੀ ਉਹੜਪੁਰੀ ਦੇ ਲਿਖੇ 27 ਗੀਤ ਗਾਏ ਹਨ । ਸਤਵਿੰਦਰ ਬਿੱਟੀ ਨੇ ਵੀ ਉਹੜਪੁਰੀ ਦੇ ਲਿਖੇ ਗੀਤ ਗਾ ਕੇ ਸੰਸਾਰ ਭਰ ਵਿਚ ਬਹੁਤ ਪ੍ਰਸਿੱਧੀ ਖੱਟੀ ਹੈ। ਦੁਨੀਆ ਭਰ ਵਿਚ ਕੋਈ ਵੀ ਛਬੀਲ, ਨਗਰ ਕੀਰਤਨ ਜਾਂ ਧਾਰਮਿਕ ਸਮਾਗਮ ਅਜਿਹਾ ਨਹੀਂ ਹੋਵੇਗਾ ਜਿੱਥੇ ਉਹੜਪੁਰੀ ਦੇ ਲਿਖੇ ਗੀਤ 'ਧੰਨ ਤੇਰੀ ਸਿੱਖੀ', 'ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ' ਆਦਿ। ਉਹੜਪੁਰੀ ਦੇ ਲਿਖੇ ਅਤੇ ਨਛੱਤਰ ਗਿੱਲ ਦੇ ਗਾਏ ਗੀਤ 'ਅਰਦਾਸ ਕਰਾਂ...' ਨੇ ਖੂਬ ਪ੍ਰਸਿੱਧੀ ਹਾਸਲ ਕੀਤੀ ਹੈ। ਪਿੱਛੇ ਜਿਹੇ ਸੁਰਾਂ ਦੀ ਮਲਿਕਾਕਮਲਜੀਤ ਨੀਰੂ ਨੇ ਵੀ ਉਹੜਪੁਰੀ ਦੇ ਲਿਖੇ ਗੀਤ 'ਤੋਰ ਦਿੱਤਾ ਲਾਲਾਂ ਨੂੰ ਬਣਾ ਕੇ ਮਾਏ ਜੋੜੀਆਂ' ਨਾਲ 14 ਸਾਲਾਂ ਬਾਅਦ ਸੰਗੀਤ ਦੀ ਦੁਨੀਆ ਵਿਚ ਦੁਬਾਰਾ ਪ੍ਰਪੱਕ ਪੈਰ ਜਮਾਏ ਹਨ। ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਹਰਮਿੰਦਰ ਨੂਰਪੁਰੀ ਦੀ ਆਵਾਜ਼ ਵਿਚ ਉਹੜਪੁਰੀ ਦੇ ਗੀਤ 'ਹੋ ਜਾਣ ਕਾਰਜ ਰਾਸ ਮਾਲਕਾ ਕਰ ਕਿਰਪਾ' ਨੇ ਨੂਰਪੁਰੀ ਨੂੰ ਸਰੋਤਿਆਂ ਦੀਆਂ ਸੋਚਾਂ ਦੇ ਹਾਣ ਦਾ ਕਰ ਦਿੱਤਾ। ਹੁਣ ਕੁਝ ਕੁ ਦਿਨ ਪਹਿਲਾਂ ਭਾਈ ਘਨੱਈਆ ਜੀ ਦੇ ਤਿੰਨ ਸੌ ਸਾਲਾ ਸ਼ਹੀਦੀ ਸਮਾਗਮ 'ਤੇ ਮਹੰਤ ਕਰਮਜੀਤ ਸਿੰਘ ਦੀ ਰਹਿਨੁਮਾਈ ਵਿਚ ਸੰਸਾਰ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੀ ਆਵਾਜ਼ ਵਿਚ ਹਰਵਿੰਦਰ ਉਹੜਪੁਰੀ ਦਾ ਲਿਖਿਆ ਗੀਤ 'ਕੀਤੀ ਸੇਵਾ ਬੇ ਮਿਸਾਲ ਭਾਈ ਘਨੱਈਆ ਗੁਰੂ ਕੇ ਲਾਲ' ਗਾ ਕੇ ਭਾਈ ਘਨੱਈਆ ਜੀ ਦਾ ਲਾਸਾਨੀ ਇਤਿਹਾਸ ਸੰਗਤਾਂ ਦੇ ਸਨਮੁੱਖ ਕੀਤਾ ਹੈ। ਉਹੜਪੁਰੀ ਦੇ ਦੱਸਣ ਅਨੁਸਾਰ ਦਲੇਰ ਮਹਿੰਦੀ ਵਲੋਂ ਗਾਇਆ ਇਹ ਗੀਤ ਮੇਰੇ ਮਨ ਨੂੰ ਬਹੁਤ ਸਕੂਨ ਦਿੰਦਾ ਹੈ ਅਤੇ ਨਿਵੇਕਲੀਆਂ ਪੈੜਾਂ ਪਾਉਣ ਲਈ ਉਤਸ਼ਾਹਿਤ ਕਰਦਾ ਹੈ। ਬਹੁਤ ਹੀ ਜਲਦੀ ਉਹੜਪੁਰੀ ਦੇ ਲਿਖੇ ਗੀਤ ਪਦਮਸ੍ਰੀ ਹੰਸ ਰਾਜ ਹੰਸ, ਕਮਲਜੀਤ ਨੀਰੂ, ਲਹਿੰਬਰ ਹੁਸੈਨਪੁਰੀ, ਸੁਦੇਸ਼ ਕੁਮਾਰੀ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਜੌਨੀ ਸੂਫ਼ੀ, ਹਰਮਿੰਦਰ ਨੂਰਪੁਰੀ, ਗੋਗੀ ਬੈਂਸ, ਪ੍ਰੀਤ ਥਿੰਦ ਤੇ ਹੋਰ ਅਨੇਕਾਂ ਕਲਾਕਾਰਾਂ ਦੀ ਆਵਾਜ਼ ਵਿਚ ਸਰੋਤਿਆਂ ਦੇ ਰੂਬਰੂ ਹੋਣਗੇ । ਦੁਨੀਆ ਭਰ ਵਿਚ ਸੰਗਤ ਵਲੋਂ ਜਿੱਥੇ ਸੈਂਕੜੇ ਸਨਮਾਨ ਕੀਤੇ ਗਏ ਉੱਥੇ ਚਾਰ ਵਾਰ ਵੱਖ-ਵੱਖ ਦੇਸ਼ਾਂ ਵਿਚ ਸੋਨ ਤਗਮਿਆਂ ਨਾਲ ਹਰਵਿੰਦਰ ਉਹੜਪੁਰੀ ਨੂੰ ਸਨਮਾਨਿਤ ਵੀ ਕੀਤਾ ਗਿਆ।

-ਪੱਤਰਕਾਰ (ਇਟਲੀ)।

ਪੂਨਮ ਢਿੱਲੋਂ

ਦੇ ਬੇਟੇ ਦੀ ਫ਼ਿਲਮ ਸ਼ੁਰੂ ਹੋਈ

ਪਹਿਲਾਂ ਵੀ ਅਸੀਂ ਇਨ੍ਹਾਂ ਕਾਲਮਾਂ ਵਿਚ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਅਭਿਨੇਤਰੀ ਪੂੁਨਮ ਢਿੱਲੋਂ ਦਾ ਬੇਟਾ ਵੀ ਅਭਿਨੈ ਦੀ ਦੁਨੀਆ ਵਿਚ ਆ ਰਿਹਾ ਹੈ। ਹੁਣ ਪੂਨਮ ਦੇ ਬੇਟੇ ਬਾਰੇ ਤਾਜ਼ਾ ਖ਼ਬਰ ਇਹ ਹੈ ਕਿ ਉਸ ਨੂੰ ਫ਼ਿਲਮ ਇੰਡਸਟਰੀ ਵਿਚ ਲਾਂਚ ਕਰਨ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਲੰਡਨ ਵਿਚ ਸ਼ੂਟ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਾਂਅ 'ਟਿਊਜ਼ਡੇਜ਼ ਐਂਡ ਫ੍ਰਾਈਡੇਜ਼' ਰੱਖਿਆ ਗਿਆ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਤਰਨਵੀਰ ਸਿੰਘ। ਇਹ ਫ਼ਿਲਮ ਸੰਜੈ ਲੀਲਾ ਭੰਸਾਲੀ ਵਲੋਂ ਬਣਾਈ ਜਾ ਰਹੀ ਹੈ। ਪੂਨਮ ਦੇ ਬੇਟੇ ਅਨਮੋਲ ਠਾਕੇਰੀਆ ਢਿੱਲੋਂ ਪਿਛਲੇ ਇਕ ਸਾਲ ਤੋਂ ਫ਼ਿਲਮ ਵਿਚ ਆਪਣੇ ਕਿਰਦਾਰ ਲਈ ਮਿਹਨਤ ਕਰ ਰਹੇ ਸਨ। ਅਨਮੋਲ ਦੇ ਸਾਹਮਣੇ ਨਵੀਂ ਹੀਰੋਇਨ ਨੂੰ ਚਮਕਾਇਆ ਜਾ ਰਿਹਾ ਹੈ ਅਤੇ ਹੀਰੋਇਨ ਦੀ ਪਛਾਣ ਹਾਲੇ ਗੁਪਤ ਰੱਖੀ ਹੋਈ ਹੈ।
ਅਨਮੋਲ ਦੇ ਪਿਤਾ ਅਸ਼ੋਕ ਠਾਕੇਰੀਆ ਖ਼ੁਦ ਫ਼ਿਲਮ ਨਿਰਮਾਤਾ ਹਨ ਅਤੇ 'ਕਸਮ', 'ਦਿਲ', 'ਬੇਟਾ', 'ਰਾਜਾ', 'ਇਸ਼ਕ', 'ਮਨ', 'ਮਸਤੀ' ਆਦਿ ਫ਼ਿਲਮਾਂ ਉਨ੍ਹਾਂ ਵਲੋਂ ਬਣਾਈਆਂ ਗਈਆਂ ਹਨ ਪਰ ਅਨਮੋਲ ਨੇ ਪਿਤਾ ਦੀ ਛਤਰ-ਛਾਇਆ ਤੋਂ ਦੂਰ ਆਪਣੇ ਦਮ 'ਤੇ ਬਾਲੀਵੁੱਡ ਵਿਚ ਆਪਣੇ ਕਦਮ ਰੱਖੇ ਹਨ ਅਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ।


-ਮੁੰਬਈ ਪ੍ਰਤੀਨਿਧ

ਜਾਨ੍ਹ ਅਬ੍ਰਾਹਮ 'ਸਰਫ਼ਰੋਸ਼-2' ਵਿਚ

ਇਨ੍ਹੀਂ ਦਿਨੀਂ ਜਾਨ੍ਹ ਅਬ੍ਰਾਹਮ 'ਬਾਟਲਾ ਹਾਊਸ' ਦੀ ਸ਼ੂਟਿੰਗ ਵਿਚ ਰੁੱਝਾ ਹੋਇਆ ਹੈ ਅਤੇ ਉਹ ਇਸ ਵਿਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਅ ਰਿਹਾ ਹੈ। ਹੁਣ 'ਸਰਫ਼ਰੋਸ਼-2' ਵਿਚ ਵੀ ਪੁਲਿਸੀਆ ਭੂਮਿਕਾ ਲਈ ਉਸ ਨੂੰ ਇਕਰਾਰਬੱਧ ਕੀਤਾ ਗਿਆ ਹੈ। ਜਾਨ੍ਹ ਮੈਥਿਊ ਮਥਾਨ ਵਲੋਂ ਨਿਰਦੇਸ਼ਿਤ 'ਸਰਫ਼ਰੋਸ਼' ਵਿਚ ਆਮਿਰ ਖਾਨ ਵਲੋਂ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਗਈ ਸੀ। ਹੁਣ 'ਸਰਫ਼ਰੋਸ਼-2' ਵਿਚ ਜਾਨ੍ਹ ਅਬ੍ਰਾਹਮ ਨਾ ਸਿਰਫ ਅਭਿਨੈ ਕਰਨਗੇ ਨਾਲ ਹੀ ਉਹ ਫ਼ਿਲਮ ਦੇ ਨਿਰਮਾਣ ਵਿਚ ਵੀ ਸਹਿਯੋਗ ਦੇਣਗੇ। ਉਮੀਦ ਹੈ ਕਿ ਦੋ ਜਾਨ੍ਹ ਵਲੋਂ ਬਣਾਈ ਜਾਣ ਵਾਲੀ 'ਸਰਫਰੋਸ਼-2' ਪਹਿਲੀ 'ਸਰਫ਼ਰੋਸ਼' ਤੋਂ ਦੁੱਗਣੀ ਦਮਦਾਰ ਸਾਬਤ ਹੋਵੇਗ।


-ਪੰਨੂੰ

ਕ੍ਰਿਤਿਕਾ ਹੁਣ ਵੱਡੇ ਪਰਦੇ 'ਤੇ

ਲੜੀਵਾਰ 'ਕੁਛ ਤੋ ਲੋਕ ਕਹੇਂਗੇ' ਤੇ 'ਕਿਤਨੀ ਮੁਹੱਬਤ ਹੈ' ਦੀ ਬਦੌਲਤ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੀ ਕ੍ਰਿਤਿਕਾ ਕਾਮਰਾ ਨੇ ਹੁਣ ਵੱਡੇ ਪਰਦੇ ਵਲ ਰੁਖ਼ ਕਰ ਲਿਆ ਹੈ। ਨਿਰਦੇਸ਼ਕ ਨਿਤਿਨ ਕੱਕੜ ਵਲੋਂ ਬਣਾਈ ਜਾ ਰਹੀ ਫ਼ਿਲਮ ਤੋਂ ਉਹ ਵੱਡੇ ਪਰਦੇ 'ਤੇ ਆ ਰਹੀ ਹੈ। ਇਹ ਅਨਾਮ ਫ਼ਿਲਮ ਸਾਲ 2016 ਵਿਚ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਤੇਲਗੂ ਫ਼ਿਲਮ 'ਪੇਲੀ ਛੂਪੁਲੂ' ਦੀ ਰੀਮੇਕ ਹੈ।


-ਪੰਨੂੰ

ਬਹੁ-ਰੰਗੀ ਕਲਾਕਾਰ ਏ ਹਰਪ੍ਰੀਤ ਗਿੱਲ

ਹਰਪ੍ਰੀਤ ਗਿੱਲ ਨੇ 2004 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੀ.ਵੀ. ਦੀ ਐਮ.ਏ. ਕੀਤੀ ਸੀ। ਪੰਜਾਬੀ ਯੂਨੀਵਰਸਿਟੀ ਵਿਚ ਰੀਪਾਟਰੀ ਕੰਪਨੀ ਦੇ ਸੀਨੀਅਰ ਆਰਟਿਸਟਾਂ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਫ਼ਿਲਮਾਂ ਵੱਲ ਹੱਥ-ਪੈਰ ਮਾਰਨ ਲੱਗ ਪਿਆ। ਇਸ ਤਰ੍ਹਾਂ ਹੀ ਉਸ ਨੇ ਸ: ਮਨਮੋਹਨ ਸਿੰਘ ਦੀ ਫ਼ਿਲਮ 'ਇਕ ਕੁੜੀ ਪੰਜਾਬ ਦੀ', 'ਕਬੱਡੀ-ਇਕ ਮੁਹੱਬਤ', 'ਸਾਡੀ ਗਲੀ ਆਇਆ ਕਰੋ' ਵਿਚ ਕੰਮ ਕੀਤਾ। ਉਸ ਤੋਂ ਬਾਅਦ ਆਰਟ ਫ਼ਿਲਮਾਂ 'ਬਰਫ਼' ਨਸ਼ਿਆਂ 'ਤੇ ਆਧਾਰਿਤ 'ਚਿੱਟਾ' ਵਿਚ ਕੰਮ ਕੀਤਾ ਸੀ।
ਕਾਮੇਡੀ ਫ਼ਿਲਮਾਂ ਤੇ ਲੜੀਵਾਲ ਟੈਲੀ ਫ਼ਿਲਮਾਂ ਵਿਚ ਵੀ ਗੁਰਚੇਤ ਚਿੱਤਰਕਾਰ ਦੀ 'ਫ਼ੌਜੀ ਦੀ ਫੈਮਿਲੀ', 'ਫ਼ੌਜੀ ਦੀ ਫੈਮਿਲੀ 420 ਤੋਂ ਲੈ ਕੇ 427 ਤੱਕ ਗੁਰਚੇਤ ਦੇ ਛੋਟੇ ਭਾਈ ਦਾ ਰੋਲ ਹੀ ਕਰਦਾ ਰਿਹਾ ਸੀ। ਇਨ੍ਹਾਂ ਫ਼ਿਲਮਾਂ ਵਿਚ ਹਰਪ੍ਰੀਤ ਨੇ ਚੰਗਾ ਕੰਮ ਕੀਤਾ ਤੇ ਹੰਢੇ ਹੋਏ ਕਲਾਕਾਰਾਂ ਵਾਂਗ ਆਪਣੇ ਰੋਲ ਨਿਭਾਏ।
ਇਸ ਤੋਂ ਬਾਅਦ ਹਰਪ੍ਰੀਤ ਗਿੱਲ ਨੇ ਕੁਝ ਸਮੇਂ ਬਾਅਦ ਨਵੀਆਂ ਫ਼ਿਲਮਾਂ ਰਾਣਾ ਰਣਬੀਰ ਵਲੋਂ ਬਣਾਈ 'ਭਰੂਣ ਹੱਤਿਆ' ਤੇ ਦੂਜੀ 'ਗੁੱਡੀ' ਵਿਚ ਵਧੀਆ ਅਭਿਨੈ ਕੀਤਾ।
ਅੱਜਕਲ੍ਹ ਬੀਨੂੰ ਢਿੱਲੋਂ ਦੀ ਟੀਮ ਨਾਲ ਨਾਟਕ ਖੇਡ ਰਿਹਾ ਹੈ। 'ਅਸੀਂ ਬੋਲਾਂਗੇ ਸੱਚ' ਨਾਟਕ ਦੇ ਕੁਝ ਸ਼ੋਅ ਪੰਜਾਬ ਵਿਚ ਵੀ ਕੀਤੇ ਗਏ ਹਨ ਤੇ ਕੁਝ ਸ਼ੋਅ ਇਸ ਵਾਰ ਕਰਨ ਲਈ ਹਰਪ੍ਰੀਤ ਗਿੱਲ ਆਸਟਰੇਲੀਆ ਤੇ ਨਿਊਜ਼ੀਲੈਂਡ ਗੁਰਚੇਤ ਚਿੱਤਰਕਾਰ ਦੀ ਟੀਮ ਨਾਲ ਗਿਆ ਹੈ। ਉਹ ਆਪਣੀ ਕਲਾ ਦੇ ਵੱਖ-ਵੱਖ ਰੰਗ ਦਰਸ਼ਕਾਂ ਨੂੰ ਵਿਖਾ ਰਿਹਾ ਹੈ।


-ਬਟਾਲਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX