ਤਾਜਾ ਖ਼ਬਰਾਂ


ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  27 minutes ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  53 minutes ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 1 hour ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 1 hour ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 2 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਪਾਕਿਸਤਾਨ ਦੇ ਪ੍ਰਸਿੱਧ ਤੀਰਥ ਸਥਾਨ 'ਤੇ ਲੂ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 26 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਤੀਰਥ ਸਥਾਨ 'ਤੇ ਸਾਲਾਨਾ ਧਾਰਮਿਕ ਰੀਤ 'ਚ ਭਾਗ ਲੈਣ ਦੌਰਾਨ ਲੂ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਬਾਰੇ ਸਹਿਵਾਨ...
ਗ਼ਰੀਬ ਕਿਸਾਨ ਦੀ ਖੜੀ ਫ਼ਸਲ ਸੜ ਕੇ ਹੋਈ ਸੁਆਹ
. . .  about 2 hours ago
ਲੌਂਗੋਵਾਲ, 25 ਅਪ੍ਰੈਲ (ਸ.ਸ.ਖੰਨਾ) - ਇੱਥੋਂ ਨੇੜਲੇ ਪਿੰਡ ਨਾਲ ਲਗਦੇ ਮੰਡੇਰ ਕਲਾਂ ਰੋਡ ਵਿਖੇ ਗ਼ਰੀਬ ਕਿਸਾਨ ਗੁਰਮੇਲ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਬਿਲਕੁਲ ਸੜਕੇ ਸਵਾਹ ਹੋ ਗਈ। ਪੀੜਤ ਕਿਸਾਨ ਵੱਲੋਂ ਦੋ ਕਿੱਲੇ ਜ਼ਮੀਨ ਬਲਬੀਰ ਸਿੰਘ ....
ਖਰੜ 'ਚ ਪੁਲਿਸ ਨੇ ਫੜੀਆਂ ਸ਼ਰਾਬ ਦੀਆਂ 180 ਪੇਟੀਆਂ
. . .  about 2 hours ago
ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਸੰਨੀ ਐਨਕਲੇਵ ਪੁਲਿਸ ਚੌਕੀ ਖਰੜ ਵਲੋਂ ਅੱਜ ਸ਼ਰਾਬ ਦੀਆਂ 180 ਪੇਟੀਆਂ ਫੜੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਸ਼ਰਾਬ ਦੀਆਂ ਇਹ ਪੇਟੀਆਂ...
ਹੋਰ ਖ਼ਬਰਾਂ..

ਖੇਡ ਜਗਤ

ਨਵੀਂ ਦਿੱਲੀ ਤੋਂ ਜਕਾਰਤਾ ਤੱਕ ਦਾ ਸਫ਼ਰ

ਭਾਰਤ ਨੂੰ ਪਹਿਲੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੈ। ਏਸ਼ੀਆਈ ਖੇਡਾਂ ਦੀ ਸ਼ੁਰੂਆਤ 1951 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੋਈ ਸੀ। ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਭਾਰਤ ਦੇ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਨੇ ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ 40 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਿਚ ਪਹਿਲੀਆਂ ਏਸ਼ੀਆਈ ਖੇਡਾਂ ਨੂੰ ਆਰੰਭ ਕਰਨ ਦਾ ਐਲਾਨ ਕੀਤਾ ਸੀ। ਏਸ਼ੀਆਈ ਖੇਡਾਂ ਦੀ ਪਹਿਲੀ ਮਸ਼ਾਲ ਭਾਰਤੀ ਅਥਲੀਟ ਉਲੰਪੀਅਨ ਦਲੀਪ ਸਿੰਘ ਗਰੇਵਾਲ ਨੇ ਜਲਾਈ ਸੀ, ਜਦਕਿ ਅਥਲੀਟ ਬਲਦੇਵ ਸਿੰਘ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਬਰਕਰਾਰ ਰੱਖਣ ਦੀ ਸਹੁੰ ਚੁਕਾਈ ਸੀ। 4 ਮਾਰਚ ਤੋਂ 11 ਮਾਰਚ ਤੱਕ ਲਗਾਤਾਰ 8 ਦਿਨ ਦਿੱਲੀ ਦੇ ਵੱਖ-ਵੱਖ ਸਟੇਡੀਅਮਾਂ ਵਿਚ 11 ਦੇਸ਼ਾਂ ਦੇ 491 ਖਿਡਾਰੀਆਂ ਨੇ 57 ਸੋਨ ਤਗਮਿਆਂ ਲਈ ਪਸੀਨਾ ਵਹਾਇਆ ਸੀ। ਇਨ੍ਹਾਂ ਖੇਡਾਂ ਵਿਚ ਜਾਪਾਨ ਨੇ ਕੁੱਲ 60 (24 ਸੋਨ, 21 ਚਾਂਦੀ ਅਤੇ 15 ਕਾਂਸੀ) ਦੇ ਤਗਮੇ ਹਾਸਲ ਕਰਕੇ ਪਹਿਲੀਆਂ ਏਸ਼ੀਆਡ ਦਾ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਸੀ। ਮੇਜ਼ਬਾਨ ਭਾਰਤ ਦੇ ਖਿਡਾਰੀਆਂ ਨੇ ਵੀ 51 (15 ਸੋਨ, 16 ਚਾਂਦੀ ਅਤੇ 20 ਕਾਂਸੀ) ਦੇ ਤਗਮੇ ਹਾਸਲ ਕਰਕੇ ਜਾਪਾਨ ਦੇ ਖਿਡਾਰੀਆਂ ਨੂੰ ਚੰਗੀ ਟੱਕਰ ਦਿੱਤੀ ਸੀ, ਜਦਕਿ ਈਰਾਨ 8 ਸੋਨ, 16 ਚਾਂਦੀ ਅਤੇ 20 ਕਾਂਸੀ (ਕੁੱਲ 44) ਤਗਮੇ ਲੈ ਕੇ ਤੀਜੇ ਸਥਾਨ 'ਤੇ ਰਿਹਾ ਸੀ। ਉਧਰ ਦੂਜੇ ਪਾਸੇ ਅਫਗਾਨਿਸਤਾਨ, ਥਾਈਲੈਂਡ ਅਤੇ ਨਿਪਾਲ ਦੇ ਹਿੱਸੇ ਕੋਈ ਵੀ ਤਗਮਾ ਨਹੀਂ ਲੱਗਾ ਸੀ।
1954 ਵਿਚ ਦੂਜੀਆਂ ਏਸ਼ੀਆਈ ਖੇਡਾਂ ਕਰਵਾਉਣ ਦਾ ਮਾਣ ਫਿਲਪੀਨਜ਼ ਦੇ ਸ਼ਹਿਰ ਮਨੀਲਾ ਨੂੰ ਹਾਸਲ ਹੋਇਆ। 18 ਦੇਸ਼ਾਂ ਦੇ 970 ਖਿਡਾਰੀਆਂ ਨੇ 1 ਮਈ ਤੋਂ 9 ਮਈ ਤੱਕ ਲਗਾਤਾਰ 9 ਦਿਨ 77 ਸੋਨ ਤਗਮਿਆਂ ਲਈ ਜ਼ੋਰ ਅਜ਼ਮਾਈ ਕੀਤੀ ਸੀ। ਇਨ੍ਹਾਂ ਖੇਡਾਂ ਦਾ ਉਦਘਾਟਨ ਰਾਸ਼ਟਰਪਤੀ ਰਮਨ ਮੈਗਸਾਸੇ ਨੇ ਮਨੀਲਾ ਦੇ ਰਿਜਾਲ ਮੈਮੋਰੀਅਲ ਸਟੇਡੀਅਮ ਵਿਚ ਲਗਪਗ 20 ਹਜ਼ਾਰ ਦਰਸ਼ਕਾਂ ਦੀ ਹਾਜ਼ਰੀ ਵਿਚ ਕੀਤਾ ਸੀ। ਪਹਿਲੀਆਂ ਏਸ਼ੀਆਈ ਖੇਡਾਂ ਵਾਂਗ ਹੀ ਜਾਪਾਨ ਨੇ ਇਨ੍ਹਾਂ ਖੇਡਾਂ ਵਿਚ ਵੀ ਆਪਣੀ ਸਰਦਾਰੀ ਬਰਕਰਾਰ ਰੱਖਦਿਆਂ ਕੁੱਲ 98 (38 ਸੋਨ, 36 ਚਾਂਦੀ ਅਤੇ 24 ਕਾਂਸੀ) ਤਗਮੇ ਜਿੱਤੇ ਸਨ, ਜਦਕਿ ਮੇਜ਼ਬਾਨ ਫਿਲਪਾਈਨਜ ਦੇ ਖਿਡਾਰੀਆਂ ਨੇ ਕੁੱਲ 45 (14 ਸੋਨ, 14 ਚਾਂਦੀ ਅਤੇ 17 ਕਾਂਸੀ) ਦੇ ਤਗਮੇ ਜਿੱਤ ਕੇ ਦੂਸਰਾ ਸਥਾਨ ਮੱਲਿਆ ਸੀ। ਇਨ੍ਹਾਂ ਖੇਡਾਂ ਵਿਚ ਭਾਰਤ ਦਾ ਸਥਾਨ ਕੁੱਲ 17 (5 ਸੋਨ, 4 ਚਾਂਦੀ ਅਤੇ 8 ਕਾਂਸੀ) ਦੇ ਤਗਮਿਆਂ ਨਾਲ ਖਿਸਕਦਾ ਹੋਇਆ ਦੱਖਣੀ ਕੋਰੀਆ ਅਤੇ ਪਾਕਿਸਤਾਨ ਤੋਂ ਬਾਅਦ ਪੰਜਵਾਂ ਹੋ ਗਿਆ ਸੀ।
1958 ਵਿਚ ਤੀਜੀਆਂ ਏਸ਼ੀਆਈ ਖੇਡਾਂ ਕਰਵਾਉਣ ਦੀ ਜ਼ਿੰਮੇਵਾਰੀ ਜਾਪਾਨ ਦੀ ਰਾਜਧਾਨੀ ਟੋਕੀਓ ਨੂੰ ਸੌਂਪੀ ਗਈ ਸੀ। 24 ਮਈ ਤੋਂ 1 ਜੂਨ ਤੱਕ 20 ਦੇਸ਼ਾਂ ਦੇ 1820 ਖਿਡਾਰੀਆਂ ਨੇ 13 ਖੇਡਾਂ ਵਿਚ 112 ਸੋਨ ਤਗਮਿਆਂ ਲਈ ਆਪਣੇ ਜੌਹਰ ਦਿਖਾਏ ਸਨ। ਟੋਕੀਓ ਏਸ਼ੀਆਈ ਖੇਡਾਂ ਦਾ ਉਦਘਾਟਨ ਜਾਪਾਨ ਦੇ ਬਾਦਸ਼ਾਹ ਹਿਰੋਹਿਤੋ ਨੇ ਦਰਸ਼ਕਾਂ ਨਾਲ ਖਚਾਖਚ ਭਰੇ (70 ਹਜ਼ਾਰ ਦੇ ਲਗਪਗ) ਟੋਕੀਓ ਦੇ ਨੈਸ਼ਨਲ ਉਲੰਪਿਕ ਸਟੇਡੀਅਮ ਵਿਚ ਕੀਤਾ ਸੀ। ਇਨ੍ਹਾਂ ਖੇਡਾਂ ਵਿਚ ਤਗਮੇ ਜਿੱਤਣ ਵਾਲੇ 16 ਦੇਸ਼ਾਂ ਵਿਚ ਇਸ ਵਾਰ ਫਿਰ ਮੇਜ਼ਬਾਨ ਦੇਸ਼ ਜਾਪਾਨ ਦੇ ਖਿਡਾਰੀਆਂ ਨੇ ਕੁੱਲ 138 (67 ਸੋਨ, 41 ਚਾਂਦੀ ਅਤੇ 30 ਕਾਂਸੀ) ਤਗਮੇ ਜਿੱਤ ਕੇ ਆਪਣੇ ਦੇਸ਼ ਦਾ ਝੰਡਾ ਤੀਜੇ ਏਸ਼ੀਆਡ ਵਿਚ ਵੀ ਬੁਲੰਦ ਰੱਖਿਆ ਸੀ। ਜਦਕਿ ਫਿਲਪਾਈਨਜ਼ ਦੇ ਖਿਡਾਰੀਆਂ ਨੇ ਵੀ 48 (8 ਸੋਨ, 19 ਚਾਂਦੀ ਅਤੇ 21 ਕਾਂਸੀ) ਦੇ ਤਗਮੇ ਜਿੱਤ ਕੇ ਆਪਣੀ ਦੂਜੀ ਥਾਂ ਬਰਕਰਾਰ ਰੱਖੀ ਸੀ। ਤਗਮਾ ਸੂਚੀ ਵਿਚ ਭਾਰਤ ਦਾ ਨੰਬਰ ਕੁੱਲ 13 (5 ਸੋਨ, 4 ਚਾਂਦੀ ਅਤੇ 4 ਕਾਂਸੀ) ਦੇ ਤਗਮਿਆਂ ਨਾਲ ਦੱਖਣੀ ਕੋਰੀਆ, ਈਰਾਨ, ਰਿਪਬਲਿਕ ਆਫ ਚਾਈਨਾ ਅਤੇ ਪਾਕਿਸਤਾਨ ਤੋਂ ਬਾਅਦ 7ਵਾਂ ਰਿਹਾ।
1962 ਦੀਆਂ ਚੌਥੀਆਂ ਏਸ਼ੀਆਈ ਖੇਡਾਂ ਕਰਵਾਉਣ ਲਈ ਹੋਈ ਵੋਟਿੰਗ ਵਿਚ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਨੇ ਪਾਕਿਸਤਾਨ ਦੇ ਸ਼ਹਿਰ ਕਰਾਚੀ ਨੂੰ 20 ਦੇ ਮੁਕਾਬਲੇ 22 ਵੋਟਾਂ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਹਾਸਲ ਕੀਤੀ ਸੀ। 17 ਦੇਸ਼ਾਂ ਦੇ 1460 ਖਿਡਾਰੀਆਂ ਨੇ 13 ਖੇਡਾਂ ਵਿਚ ਦਿੱਤੇ ਜਾਣ ਵਾਲੇ 120 ਸੋਨ ਤਗਮਿਆਂ ਲਈ 24 ਅਗਸਤ ਤੋਂ 4 ਸਤੰਬਰ ਤੱਕ ਲਗਾਤਾਰ 12 ਦਿਨ ਆਪੋ-ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ਦਾ ਉਦਘਾਟਨ ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੂ ਕਾਰਨੋ ਨੇ 1 ਲੱਖ 10 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਜੀ.ਬੀ.ਕੇ. ਸਪੋਰਟਸ ਕੰਪਲੈਕਸ ਜਕਾਰਤਾ ਵਿਖੇ ਕੀਤਾ ਸੀ। ਜਾਪਾਨ ਦੇ ਖਿਡਾਰੀਆਂ ਨੇ ਕੁੱਲ 152 (73 ਸੋਨ, 56 ਚਾਂਦੀ ਅਤੇ 23 ਕਾਂਸੀ) ਤਗਮਿਆਂ ਨਾਲ ਪਹਿਲਾ ਅਤੇ ਮੇਜ਼ਬਾਨ ਇੰਡੋਨੇਸ਼ੀਆ ਕੁੱਲ 51 (11 ਸੋਨ, 12 ਚਾਂਦੀ ਅਤੇ 28 ਕਾਂਸੀ) ਤਗਮਿਆਂ ਨਾਲ ਦੂਜੇ ਸਥਾਨ 'ਤੇ ਰਿਹਾ ਸੀ, ਜਦਕਿ ਭਾਰਤ ਨੇ ਤਗਮਾ ਸੂਚੀ ਵਿਚ 4 ਸਥਾਨਾਂ ਦੀ ਛਲਾਂਗ ਮਾਰਦਿਆਂ ਕੁੱਲ 33 (10 ਸੋਨ, 13 ਚਾਂਦੀ ਅਤੇ 10 ਕਾਂਸੀ) ਤਗਮਿਆਂ ਨਾਲ ਤੀਜਾ ਸਥਾਨ ਮੱਲਿਆ ਸੀ।
(ਬਾਕੀ ਅਗਲੇ
ਮੰਗਲਵਾਰ ਦੇ ਅੰਕ 'ਚ)


ਮੋਬਾ: 94178-30981


ਖ਼ਬਰ ਸ਼ੇਅਰ ਕਰੋ

ਫੁੱਟਬਾਲ ਦੇ ਨਵੇਂ ਸੀਜ਼ਨ ਦਾ ਸ਼ਾਨਦਾਰ ਆਗਾਜ਼

ਫੁੱਟਬਾਲ ਦੇ ਨਵੇਂ ਸੀਜ਼ਨ ਯਾਨੀ 2018-19 ਵਿਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੋਮਾਂਚਕਾਰੀ ਹੋਣ ਦੀ ਉਮੀਦ ਹੈ, ਕਿਉਂਕਿ ਵਿਸ਼ਵ ਕੱਪ ਤੋਂ ਬਾਅਦ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁੱਟਬਾਲ ਲੀਗ 'ਲਾ-ਲੀਗਾ' ਵਿਚ ਮਹਾਂਰਥੀ ਟੀਮ ਰੀਅਲ ਮੈਡ੍ਰਿਡ ਨੇ ਆਪਣੇ ਸਫਲ ਕੋਚ ਜੀਨੇਡੀਨ ਜੀਡਾਨ ਦੁਆਰਾ ਅਸਤੀਫਾ ਦਿੱਤੇ ਜਾਣ ਦੇ ਬਾਅਦ ਸਥਾਨਕ ਕੋਚ ਜੁਲੇਨ ਲੂਪੀਟੇਗੋਈ ਨੂੰ ਕੋਚ ਵਜੋਂ ਯੂਰਪੀ ਖਿਤਾਬ ਜੇਤੂ ਟੀਮ ਦੀ ਤਿਆਰੀ ਦਾ ਜ਼ਿੰਮਾ ਸੌਂਪਿਆ ਹੈੈ। ਜਿਥੇ ਰੀਅਲ ਮੈਡ੍ਰਿਡ ਦੇ ਲਈ ਕਈ ਸਾਲਾਂ ਬਾਅਦ ਉਸ ਦਾ ਸਭ ਤੋਂ ਮਹਿੰਗਾ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਉਸ ਨੂੰ ਛੱਡ ਕੇ ਹੁਣ ਇਟਲੀ ਦੀ ਟੀਮ ਜੁਵੈਂਟਸ ਨਾਲ ਜਾ ਜੁੜਿਆ ਹੈ, ਉਥੇ ਹੀ ਬਾਰਸੀਲੋਨਾ ਲਈ ਲਿਓਨਲ ਮੈਸੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਤਿਆਰ ਹੈ। ਸਪੇਨ ਦੀ ਮੌਜੂਦਾ ਖਿਤਾਬ ਜੇਤੂ ਟੀਮ ਬਾਰਸੀਲੋਨਾ ਵਿਚ ਬਦਲਾਅ ਦੀ ਗੁੰਜਾਇਸ਼ ਘੱਟ ਹੈ।
ਸਪੇਨ ਦੀ ਲੀਗ ਵਿਚ ਐਟਲੈਟਿਕੋ ਮੈਡ੍ਰਿਡ ਦੀ ਤੇਜ਼-ਤਰਾਰ ਟੀਮ ਵੀ ਖਿਤਾਬੀ ਦੌੜ ਨੂੰ ਤਿਕੋਣਾ ਬਣਾ ਸਕਦੀ ਹੈ, ਜਿਸ ਕੋਲ ਫਰਾਂਸ ਦਾ ਵਿਸ਼ਵ ਕੱਪ ਜੇਤੂ ਫ਼ਾਰਵਰਡ ਐਂਟੋਇਨ ਗ੍ਰੀਜ਼ਮੈਨ ਵੀ ਹੈ। ਇਟਲੀ ਦੇ ਇਤਿਹਾਸਕ ਕਲੱਬ ਜੁਵੈਂਟਸ ਨੇ ਪਿਛਲੇ ਕਈ ਸਾਲਾਂ ਤੋਂ ਲੀਗ ਦਾ ਖਿਤਾਬ ਜਿੱਤ ਕੇ ਵਿਸ਼ਵ ਪੱਧਰ ਉੱਤੇ ਆਪਣੀ ਪੁਰਾਣੀ ਸਾਖ ਦੁਬਾਰਾ ਹਾਸਲ ਕਰ ਲਈ ਹੈ ਅਤੇ ਹੁਣ ਉਸ ਕੋਲ ਕ੍ਰਿਸਟਿਆਨੋ ਰੋਨਾਲਡੋ ਵੀ ਹੈ। ਮਿਲਾਨ ਸ਼ਹਿਰ ਦੀਆਂ ਦੋਵੇਂ ਟੀਮਾਂ, ਇੰਟਰ ਮਿਲਾਨ ਅਤੇ ਏ.ਸੀ ਮਿਲਾਨ ਖਿਤਾਬੀ ਦੌੜ ਵਿਚ ਵਾਪਸੀ ਕਰਨ ਲਈ ਬੇਤਾਬ ਹਨ, ਜਦਕਿ ਨਾਪੋਲੀ ਦੀ ਟੀਮ ਵੀ ਛੁਪਿਆ ਰੁਸਤਮ ਸਾਬਤ ਹੋ ਰਹੀ ਹੈ। ਜਰਮਨੀ ਦੀ ਰਾਸ਼ਟਰੀ ਲੀਗ ਵਿਚ ਇਕ ਵਾਰ ਫਿਰ ਬਰੂਸ਼ੀਆ ਡਾਰਟਮੰਡ ਕਲੱਬ ਵਲੋਂ ਹੀ ਲੀਗ ਜੇਤੂ ਕਲੱਬ ਬਾਇਰਨ ਮਿਊਨਿਖ, ਜਿਸ ਨੂੰ ਆਦਮ ਕਲੱਬ ਵੀ ਕਿਹਾ ਜਾਂਦਾ ਹੈ, ਨੂੰ ਟੱਕਰ ਦਿੱਤੇ ਜਾਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਸਕਾਟਲੈਂਡ ਦੀ 'ਸਕਾਟਿਸ਼ ਲੀਗ' ਵਿਚ ਪਿਛਲੇ ਸੀਜ਼ਨ ਦੀ ਜੇਤੂ ਸੈਲਟਿਕ ਦੀ ਟੀਮ ਹੀ ਇਸ ਵੇਲੇ ਸਕਾਟਲੈਂਡ ਦੀ ਮੋਹਰੀ ਟੀਮ ਲੱਗ ਰਹੀ ਹੈ। ਸੈਲਟਿਕ ਦੀ ਵਿਰੋਧੀ ਟੀਮ ਰੇਂਜਰਜ਼, ਲਿਵਰਪੂਲ ਕਲੱਬ ਦੇ ਸਾਬਕਾ ਕਪਤਾਨ ਸਟੀਵਨ ਜੈਰਾਡ ਦੀ ਕੋਚ ਵਜੋਂ ਪਹਿਲੀ ਟੀਮ ਹੋਣ ਸਦਕਾ ਰਫਤਾਰ ਫੜ ਰਹੀ ਹੈ। ਥੋੜ੍ਹਾ ਅੱਗੇ ਜਾ ਕੇ ਹਾਰਟਸ, ਐਬਰਡੀਨ, ਮਦਰਵਿਲ ਆਦਿ ਟੀਮਾਂ ਖਿਤਾਬ ਦੀ ਦੌੜ ਵਿਚ ਮੋੜ-ਘੇੜ ਲਿਆ ਸਕਣ ਤੋਂ ਅਸਮਰੱਥ ਲੱਗਦੀਆਂ ਹਨ। ਰੂਸ ਦੀ ਰਸ਼ੀਅਨ ਲੀਗ ਵਿਚ ਜ਼ੈਨਿੱਟ ਸੇਂਟ ਪੀਟਰਸਬਰਗ, ਸਪਾਰਟਕ ਮਾਸਕੋ ਅਤੇ ਸੀ.ਐਸ.ਕੇ.ਏ. ਮਾਸਕੋ ਕਲੱਬਾਂ ਵਿਚਾਲੇ ਖਿਤਾਬ ਲਈ ਤਿਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ। ਵਿਸ਼ਵ ਕੱਪ ਜੇਤੂ ਦੇਸ਼ ਫਰਾਂਸ ਦੀ ਲੀਗ ਵਿਚ ਮੌਜੂਦਾ ਜੇਤੂ ਪੀ.ਐਸ.ਜੀ. ਦੀ ਟੀਮ ਹੀ ਆਪਣੇ ਨਵੇਂ ਕੋਚ ਟੋਮਸ ਟੂਚਲ ਦੀ ਅਗਵਾਈ ਹੇਠ ਕਮਾਲ ਕਰਨ ਦੇ ਸਮਰੱਥ ਲੱਗਦੀ ਹੈ। ਦੁਨੀਆ ਦੀ ਸਭ ਤੋਂ ਆਕਰਸ਼ਕ ਲੀਗ, ਇੰਗਲੈਂਡ ਦੀ 'ਪ੍ਰੀਮੀਅਰ ਲੀਗ' ਖਿਤਾਬ ਲਈ ਦੋ, ਤਿੰਨ ਜਾਂ ਚਾਰ ਨਹੀਂ, ਬਲਕਿ ਛੇ ਤਰਫਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਜੇਤੂ ਮਾਨਚੈਸਟਰ ਸਿਟੀ, ਮਾਨਚੈਸਟਰ ਯੂਨਾਈਟਿਡ, ਚੇਲਸੀ, ਆਰਸਨਲ, ਟਾਟਨਹੈਮ ਹਾਟਸਪਰ ਅਤੇ ਲਿਵਰਪੂਲ ਸਾਰਿਆਂ ਨੇ ਹੀ ਖਿਤਾਬ ਲਈ ਤਿਆਰੀ ਕੀਤੀ ਹੈ। ਇਸ ਲੀਗ ਬਾਰੇ ਕੋਈ ਵੀ ਭਵਿੱਖਬਾਣੀ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਇਹ ਲੀਗ ਫੁੱਟਬਾਲ ਦਾ ਅਸਲ ਰੰਗ ਵਿਖਾਉਂਦੀ ਹੈ। ਇਨ੍ਹਾਂ ਸਾਰੀਆਂ ਲੀਗਾਂ ਦੇ ਮੁਕਾਬਲੇ ਹੁਣ ਅਗਸਤ ਮਹੀਨੇ ਸ਼ੁਰੂ ਹੋਣ ਉਪਰੰਤ ਅਗਲੇ ਸਾਲ ਮਈ ਤੱਕ ਚੱਲਣਗੇ, ਜਦੋਂ ਨਵੇਂ ਜੇਤੂ ਮਿਲਣਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਹਾਕੀ 'ਚ ਚੈਂਪੀਅਨ ਬਣਨ ਲਈ ਪੂਰੀ ਵਾਹ ਲਾਵੇ ਭਾਰਤੀ ਟੀਮ

22 ਅਗਸਤ ਨੂੰ ਭਾਰਤੀ ਹਾਕੀ ਟੀਮ ਹਾਂਗਕਾਂਗ (ਚੀਨ) ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗੀ ਏਸ਼ੀਆਈ ਹਾਕੀ 'ਚ, ਇੰਡੋਨੇਸ਼ੀਆ ਵਿਖੇ। ਤੁਹਾਨੂੰ ਦੱਸਦੇ ਚਲੀਏ ਕਿ ਇਸ ਟੂਰਨਾਮੈਂਟ 'ਚ ਭਾਰਤੀ ਟੀਮ ਨੂੰ ਪੂਲ 'ਏ' ਵਿਚ ਰੱਖਿਆ ਗਿਆ ਹੈ, ਕੋਰੀਆ, ਜਾਪਾਨ, ਸ੍ਰੀਲੰਕਾ ਅਤੇ ਹਾਂਗਕਾਂਗ, ਚੀਨ ਦੇ ਨਾਲ। ਪੂਲ 'ਬੀ' ਵਿਚ ਪਾਕਿਸਤਾਨ, ਮਲੇਸ਼ੀਆ, ਬੰਗਲਾਦੇਸ਼, ਓਮਾਨ, ਥਾਈਲੈਂਡ ਅਤੇ ਮੇਜ਼ਬਾਨ ਇੰਡੋਨੇਸ਼ੀਆ ਹੈ। ਹਾਂਗਕਾਂਗ (ਚੀਨ) ਤੋਂ ਬਾਅਦ ਭਾਰਤੀ ਟੀਮ ਜਾਪਾਨ ਵਿਰੁੱਧ 24 ਅਗਸਤ ਨੂੰ, ਕੋਰੀਆ ਖਿਲਾਫ 26 ਅਗਸਤ ਨੂੰ ਅਤੇ ਸ੍ਰੀਲੰਕਾ ਨਾਲ 28 ਅਗਸਤ ਨੂੰ ਮੈਦਾਨ 'ਚ ਉਤਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਹਾਂਦੀਪ 'ਚ ਸਭ ਤੋਂ ਜ਼ਿਆਦਾ ਟੀਮਾਂ ਏਸ਼ੀਆਈ ਪੱਧਰ ਦੇ ਇਸ ਟੂਰਨਾਮੈਂਟ ਵਿਚ ਖੇਡਣਗੀਆਂ। ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਟੀਮ ਟੋਕੀਓ ਉਲੰਪਿਕ 2020 ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਜਾਵੇਗੀ।
ਪਰ ਕੀ ਟੋਕੀਓ ਉਲੰਪਿਕ, 2020 ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰਨਾ ਭਾਰਤ ਲਈ ਆਸਾਨ ਹੈ? ਆਓ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਦਾ ਜ਼ਿਕਰ ਕਰੀਏ।
ਹਾਲ ਹੀ ਵਿਚ ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ ਹਾਕੀ ਦੇ ਆਖਰੀ ਐਡੀਸ਼ਨ 'ਚ ਦੁਨੀਆ ਦੀਆਂ ਬਿਹਤਰੀਨ ਟੀਮਾਂ ਨੂੰ ਪਿੱਛੇ ਛੱਡ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ, ਜਿਸ ਵਿਚ ਪੰਜ ਮਹਾਂਦੀਪਾਂ ਦੀਆਂ ਟੀਮਾਂ ਸ਼ਾਮਿਲ ਸਨ। ਏਸ਼ੀਆਈ ਖੇਡਾਂ 'ਚ ਤਾਂ ਸਿਰਫ ਇਕ ਮਹਾਂਦੀਪ ਹੀ ਹੈ। ਇਸ ਆਧਾਰ 'ਤੇ ਤਾਂ ਸਾਨੂੰ ਲੱਗਣ ਲੱਗ ਪੈਂਦਾ ਕਿ ਭਾਰਤ ਦਾ ਚੈਂਪੀਅਨ ਬਣਨਾ ਪੱਕਾ ਹੈ ਪਰ ਇਸ ਟੂਰਨਾਮੈਂਟ ਦੀ ਹਕੀਕਤ ਕੁਝ ਹੋਰ ਹੈ। 18 ਐਡੀਸ਼ਨਾਂ 'ਚ ਭਾਰਤ ਸਿਰਫ ਤਿੰਨ ਵਾਰ ਚੈਂਪੀਅਨ ਬਣਿਆ ਅਤੇ ਉਲੰਪਿਕ ਖੇਡਣ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕੀਤਾ ਹੈ। ਯਕੀਨਨ 18ਵਾਂ ਐਡੀਸ਼ਨ ਭਾਰਤੀ ਟੀਮ ਲਈ ਬਹੁਤ ਹੀ ਮਾਨਸਿਕ ਦਬਾਅ ਵਾਲਾ ਹੈ ਅਤੇ ਮਾਨਸਿਕ ਦਬਾਅ ਵਾਲੀਆਂ ਹਾਕੀ ਜੰਗਾਂ ਨੂੰ ਜਿੱਤਣ ਦੀ ਭਾਰਤੀ ਟੀਮ ਅਜੇ ਆਦੀ ਨਹੀਂ ਹੈ। ਮਲੇਸ਼ੀਆ, ਪਾਕਿਸਤਾਨ ਦੀ ਹਾਕੀ 'ਚ ਕਾਫੀ ਸੁਧਾਰ ਹੋ ਰਿਹਾ ਹੈ। ਕੋਰੀਆ ਅਤੇ ਜਾਪਾਨ ਵੀ ਭਾਰਤੀ ਟੀਮ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਆ ਰਹੀਆਂ ਹਨ। ਅੱਠ ਵਾਰ ਦੇ ਉਲੰਪਿਕ ਜੇਤੂ ਭਾਰਤੀ ਜੁਝਾਰੂਆਂ ਨੂੰ ਯਥਾਰਥਵਾਦੀ ਬਣਨ ਲਈ ਕਾਫੀ ਸਮਾਂ ਲੱਗੇਗਾ। ਅਸੀਂ ਸਮਝਦੇ ਹਾਂ ਕਿ ਕੋਚ ਹਰਿੰਦਰਾ ਸਿੰਘ ਦੇ ਮਾਰਗ ਦਰਸ਼ਨ 'ਚ ਹੁਣ ਇਸ ਏਸ਼ੀਆਈ ਹਾਕੀ 'ਚ ਭਾਰਤੀ ਟੀਮ ਨੂੰ ਯਥਾਰਥਵਾਦੀ ਬਣਨ ਦਾ ਇਕ ਸੁਨਹਿਰੀ ਮੌਕਾ ਹੈ। ਚੈਂਪੀਅਨਾਂ ਵਾਂਗ ਸਾਰੇ ਮੈਚ ਖੇਡ ਕੇ ਚੈਂਪੀਅਨ ਬਣਨਾ ਹੋਰ ਗੱਲ ਹੈ ਪਰ ਦੂਜੀਆਂ ਟੀਮਾਂ ਦੀਆਂ ਜਿੱਤਾਂ, ਹਾਰਾਂ ਦੇ ਸਮੀਕਰਨਾਂ 'ਚੋਂ ਚੈਂਪੀਅਨ ਬਣਨ ਦਾ ਰਾਹ ਤੱਕਣਾ ਦੂਜੀ ਗੱਲ ਹੈ, ਜੋ ਦਹਾਕਿਆਂ ਤੋਂ ਭਾਰਤੀ ਟੀਮ ਦੀ ਆਦਤ ਰਹੀ ਹੈ।
ਅੱਜ ਦੇ ਦੌਰ 'ਚ ਹਾਕੀ ਸੰਸਾਰ 'ਚ ਹਰ ਟੀਮ ਦੂਜੀ ਲਈ ਕਠਿਨ ਚੁਣੌਤੀ ਸਾਬਤ ਹੋ ਰਹੀ ਹੈ। ਇਥੋਂ ਤੱਕ ਕਿ ਏਸ਼ੀਆਈ ਪੱਧਰ 'ਤੇ ਵੀ ਇਸ ਤਰ੍ਹਾਂ ਦੇ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਟੀਮਾਂ ਜੋ ਭਾਰਤ ਤੋਂ ਹੇਠਲੇ ਸਥਾਨ (ਰੈਂਕ) ਦੀਆਂ ਹਨ, ਖਿੱਚ-ਧੂਹ ਕੇ ਮੁਕਾਬਲਾ ਬਰਾਬਰੀ 'ਤੇ ਲਿਆ ਸਕਦੀਆਂ ਹਨ। ਫਿਰ ਪੈਨਲਟੀ ਸ਼ੂਟ ਆਊਟ ਦਾ ਸੈਮੀਫਾਈਨਲ ਜਾਂ ਫਾਈਨਲ ਭਾਰਤੀ ਟੀਮ ਲਈ ਹਮੇਸ਼ਾ ਖ਼ਤਰੇ ਦਾ ਸਬੱਬ ਬਣਦਾ ਹੈ। ਇਸੇ ਲਈ ਏਸ਼ੀਆਈ ਚੈਂਪੀਅਨ ਬਣਨ ਲਈ ਭਾਰਤੀ ਟੀਮ ਨੂੰ ਕਠਿਨ ਚੁਣੌਤੀ ਦੇਣ ਵਾਲਾ ਹਰ ਮੈਚ ਖੇਡਣਾ ਹੋਵੇਗਾ, ਜਿਸ ਵਿਚ ਜਿੱਤ ਯਕੀਨੀ ਲੱਗੇ।
ਕੋਚ ਹਰਿੰਦਰਾ ਸਿੰਘ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਲਬਰੇਜ਼ ਵੀ ਹੈ। ਇਹ ਜਜ਼ਬਾ ਉਹ ਆਪਣੇ ਟੀਮ ਦੇ ਖਿਡਾਰੀਆਂ 'ਚ ਭਰਦੇ ਹਨ। ਇਹ ਜਜ਼ਬਾ ਮੈਦਾਨ 'ਚ ਜੇਤੂ ਇਤਿਹਾਸ ਸਿਰਜਦਾ ਹੈ।
ਇਸ ਸਾਲ ਦੇ ਅਖੀਰ 'ਚ ਭਾਰਤ ਦੀ ਧਰਤੀ 'ਤੇ ਹੀ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਆਯੋਜਿਤ ਹੋ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਜੇ ਭਾਰਤੀ ਟੀਮ ਨੇ ਏਸ਼ੀਆਈ ਹਾਕੀ ਨੂੰ ਜਿੱਤ ਕੇ ਉਲੰਪਿਕ ਲਈ ਸਿੱਧੇ ਤੌਰ 'ਤੇ ਕੁਆਲੀਫ਼ਾਈ ਕਰ ਲਿਆ ਤਾਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦੇ ਮਨੋਬਲ 'ਚ ਹੋਰ ਵਾਧਾ ਹੋਵੇਗਾ।
ਗਹੁ ਨਾਲ ਵਿਚਾਰੀਏ ਤਾਂ ਜਕਾਰਤਾ ਟੀਮ ਵੀ ਚੈਂਪੀਅਨਜ਼ ਟਰਾਫ਼ੀ ਹਾਕੀ ਵਾਂਗ ਇਕ ਸੰਤੁਲਿਤ ਟੀਮ ਹੈ, ਜੋ ਕਿਸੇ ਵੀ ਟੀਮ ਦਾ ਸੰਤੁਲਨ ਵਿਗਾੜ ਸਕਦੀ ਹੈ। ਕਪਤਾਨ ਗੋਲਕੀਪਰ ਸ੍ਰੀਜੇਸ਼ ਨੂੰ ਪੂਰੀ ਟੀਮ ਲਈ ਪ੍ਰੇਰਨਾ ਸਰੋਤ ਬਣਨ ਦੀ ਲੋੜ ਹੈ। ਮੀਡੀਆ ਅਤੇ ਦੇਸ਼ ਭਰ ਦੇ ਹਾਕੀ ਪ੍ਰੇਮੀਆਂ ਅਤੇ ਖੇਡ ਪ੍ਰੇਮੀਆਂ ਨੂੰ ਭਾਰਤੀ ਟੀਮ ਨਾਲ ਜੁੜਨਾ ਚਾਹੀਦਾ, ਕਿਉਂਕਿ ਮਾਨਸਿਕ ਹੱਲਾਸ਼ੇਰੀ ਬਹੁਤ ਜ਼ਰੂਰੀ ਹੈ। ਅਸੀਂ ਭਾਰਤ ਦੇ ਮੀਡੀਏ ਤੋਂ ਵੀ ਹੈਰਾਨ ਹਾਂ। ਫੁੱਟਬਾਲ ਸਾਡੇ ਦੇਸ਼ ਦੀ ਲੋਕਪ੍ਰਿਆ ਖੇਡ ਨਹੀਂ, ਭਾਰਤੀ ਟੀਮ ਦੀਆਂ ਇਸ 'ਚ ਪ੍ਰਾਪਤੀਆਂ ਵੀ ਕੋਈ ਨਹੀਂ। ਬਹੁਤੀ ਵਾਰ ਭਾਰਤੀ ਟੀਮ ਇਸ ਵਿਚ ਖੇਡ ਵੀ ਨਹੀਂ ਰਹੀ ਹੁੰਦੀ ਪਰ ਦੇਸ਼ ਦਾ ਮੀਡੀਆ ਇਸ ਦੀ ਕਵਰੇਜ ਇੰਜ ਕਰ ਰਿਹਾ ਹੁੰਦਾ ਜਿਵੇਂ ਭਾਰਤ ਲਈ ਕਰੋ ਜਾਂ ਮਰੋ ਦੀ ਸਥਿਤੀ ਬਣੀ ਹੋਵੇ। ਅਫ਼ਸੋਸ ਹੁੰਦਾ ਹੈ ਉਦੋਂ ਜਦੋਂ ਕੌਮੀ ਖੇਡ ਹਾਕੀ ਨੂੰ ਇਸ ਪੱਖੋਂ ਠੇਸ ਲਗਦੀ ਹੈ। ਅਸੀਂ ਇਹ ਤਾਂ ਆਖ ਦਿੰਦੇ ਹਾਂ ਕਿ ਭਾਰਤੀ ਹਾਕੀ ਟੀਮ ਵਿਸ਼ਵ ਪੱਧਰ 'ਤੇ ਮਾਣਮੱਤੀਆਂ ਪ੍ਰਾਪਤੀਆਂ ਕਰੇ ਤਾਂ ਮੀਡੀਆ ਦਾ ਧਿਆਨ ਖਿੱਚੇਗੀ ਪਰ ਅਸੀਂ ਪੁੱਛਦੇ ਹਾਂ ਕਿ ਭਾਰਤੀ ਫੁੱਟਬਾਲ ਨੇ ਕਿਹੜੀਆਂ ਮਾਣਮੱਤੀਆਂ ਪ੍ਰਾਪਤੀਆਂ ਨਾਲ ਸਾਡੇ ਮੀਡੀਆ ਦਾ ਧਿਆਨ ਖਿੱਚਿਆ ਹੈ। ਵਾਰੇ ਜਾਈਏ ਦੇਸ਼ ਦੀ ਹਾਕੀ ਦੇ ਜੋ ਫਿਰ ਵੀ ਜ਼ਿੰਦਾ ਹੈ, ਮਾਣਮੱਤੀ ਹੈ, ਇਨ੍ਹਾਂ ਬੇਪ੍ਰਵਾਹੀਆਂ ਦੇ ਬਾਵਜੂਦ।
ਇਸ ਉਮੀਦ ਦੇ ਨਾਲ ਕਿ ਭਾਰਤੀ ਟੀਮ ਏਸ਼ੀਆਈ ਹਾਕੀ ਦਾ ਖਿਤਾਬ ਚੌਥੀ ਵਾਰ ਜਿੱਤੇ, ਸਾਡੀ ਕਲਮ ਭਾਰਤੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੰਦੀ ਹੈ ਤੇ ਤੁਹਾਨੂੰ ਸਭ ਨੂੰ ਬੇਨਤੀ ਕਰਦੀ ਹੈ ਕਿ ਜਕਾਰਤਾ ਵਿਖੇ ਜੂਝਣ ਵਾਲੀ ਇਸ ਟੀਮ ਦੀ ਰੱਜ ਕੇ ਹੌਸਲਾ ਅਫ਼ਜ਼ਾਈ ਕਰੋ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਅਪੰਗ ਹੋਣ ਦੇ ਬਾਵਜੂਦ ਖੇਡ ਦੇ ਮੈਦਾਨ ਵਿਚ ਨਹੀਂ ਹਾਰਿਆ ਧਰਮਵੀਰ ਹਰਿਆਣਾ

ਹਰਿਆਣਾ ਸੂਬੇ ਦੇ ਧਰਮਵੀਰ ਨੇ ਕਦੇ ਜ਼ਿੰਦਗੀ ਵਿਚ ਵੀ ਸੋਚਿਆ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਵਿਚ ਅਜਿਹਾ ਹਾਦਸਾ ਵੀ ਆਏਗਾ ਕਿ ਉਸ ਨੂੰ ਆਪਣੀ ਰਹਿੰਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਕੱਢਣੀ ਪਊ। ਉਸ ਨੇ ਹਾਦਸੇ ਨੂੰ ਬਰਦਾਸ਼ਤ ਕਰਕੇ ਅਜਿਹੀ ਹਿੰਮਤ ਅਤੇ ਸਾਹਸ ਵਰਤਿਆ ਕਿ ਅੱਜ ਉਹ ਅੰਤਰਰਾਸ਼ਟਰੀ ਪੱਧਰ ਦਾ ਅਥਲੀਟ ਹੈ। ਧਰਮਵੀਰ ਦਾ ਜਨਮ ਜ਼ਿਲ੍ਹਾ ਸੋਨੀਪਤ ਦੇ ਪਿੰਡ ਬਗਾਨਾ ਵਿਚ ਇਕ ਸਧਾਰਨ ਪਰਿਵਾਰ ਵਿਚ ਪਿਤਾ ਰਣਵੀਰ ਸਿੰਘ ਦੇ ਘਰ ਮਾਤਾ ਪ੍ਰੇਮਵਤੀ ਦੀ ਕੁੱਖੋਂ 18 ਜਨਵਰੀ, 1989 ਨੂੰ ਹੋਇਆ। ਧਰਮਵੀਰ ਬਚਪਨ ਤੋਂ ਹੀ ਸ਼ਰਾਰਤੀ ਕਿਸਮ ਦਾ ਸੀ ਅਤੇ ਆਪਣੇ ਦੋਸਤਾਂ ਨਾਲ ਹਠਖੇਲੀਆਂ ਕਰਨਾ ਅਤੇ ਉਨ੍ਹਾਂ ਨਾਲ ਸ਼ਰਾਰਤਾਂ ਕਰਨਾ ਉਸ ਦਾ ਪਹਿਲਾ ਸ਼ੌਕ ਸੀ। ਸਾਲ 2012 ਵਿਚ ਜਦ ਧਰਮਵੀਰ ਭਰ ਜਵਾਨੀ ਦੀ ਦਹਿਲੀਜ਼ 'ਤੇ ਸੀ ਤਾਂ ਜ਼ਿੰਦਗੀ ਇਕ ਹਾਦਸਾ ਬਣ ਗਈ। ਹੋਇਆ ਇਹ ਕਿ ਧਰਮਵੀਰ ਆਪਣੇ ਸਾਥੀਆਂ ਨਾਲ ਨਹਿਰ 'ਚ ਨਹਾ ਰਿਹਾ ਸੀ ਕਿ ਜਦ ਉਸ ਨੇ ਲੰਮੀ ਛਲਾਂਗ ਲਗਾ ਕੇ ਨਹਿਰ ਵਿਚ ਛਾਲ ਮਾਰੀ ਤਾਂ ਉਸ ਦਾ ਸਰੀਰ ਨਹਿਰ ਵਿਚ ਪਏ ਇਕ ਭਾਰੇ ਪੱਥਰ 'ਤੇ ਜਾ ਵੱਜਿਆ ਅਤੇ ਡਿੱਗਣ ਸਾਰ ਹੀ ਉਹ ਬੇਹੋਸ਼ ਹੋ ਗਿਆ। ਉਸ ਦੇ ਸਾਥੀਆਂ ਨੇ ਉਸ ਦੇ ਮਾਂ-ਬਾਪ ਨੂੰ ਸੂਚਿਤ ਕੀਤਾ ਅਤੇ ਧਰਮਵੀਰ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਲੰਮੇ ਚੱਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਹ ਹੁਣ ਸਾਰੀ ਜ਼ਿੰਦਗੀ ਵੀਲ੍ਹਚੇਅਰ ਦੇ ਸਹਾਰੇ ਹੀ ਚੱਲ-ਫਿਰ ਸਕੇਗਾ, ਕਿਉਂਕਿ ਉਸ ਦੀ ਰੀੜ੍ਹ ਦੀ ਹੱਡੀ ਵਿਚ ਫਰੈਕਚਰ ਹੋ ਗਿਆ ਅਤੇ ਹੱਡੀ ਕਰੈਕ ਹੋ ਗਈ।
ਅਜਿਹਾ ਸੁਣ ਮਾਂ-ਬਾਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਜਦ ਉਸ ਦਾ ਪਤਾ ਧਰਮਵੀਰ ਨੂੰ ਲੱਗਾ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਅਤੇ ਆਸਮਾਨ ਵੱਲ ਵੇਖ ਉਸ ਡਾਹਢੇ ਨੂੰ ਕੋਸਣ ਲੱਗਿਆ ਕਿ ਆਖਰ ਹੋ ਕੀ ਗਿਆ ਪਰ ਹੁਣ ਤਾਂ ਜੋ ਹੋਣਾ ਸੀ, ਉਹ ਤਾਂ ਭਾਣਾ ਵਾਪਰ ਚੁੱਕਾ ਸੀ। ਧਰਮਵੀਰ ਹੁਣ ਲੱਤਾਂ ਦੇ ਸਹਾਰੇ ਚੱਲ-ਫਿਰ ਨਹੀਂ ਸੀ ਸਕਦਾ ਪਰ ਜ਼ਿੰਦਗੀ ਨੂੰ ਤੋਰਨ ਲਈ ਮਾਂ-ਬਾਪ ਨੇ ਉਸ ਨੂੰ ਇਕ ਵੀਲ੍ਹਚੇਅਰ ਲਿਆ ਦਿੱਤੀ ਅਤੇ ਧਰਮਵੀਰ ਨੇ ਵੀਲ੍ਹਚੇਅਰ ਦਾ ਸਹਾਰਾ ਲੈ ਕੇ ਅਗਾਂਹ ਵੱਲ ਕਦਮ ਪੁੱਟਿਆ ਅਤੇ ਫਿਰ ਕਦਮ-ਦਰ-ਕਦਮ ਅਗਾਂਹ ਹੀ ਵਧਦਾ ਗਿਆ। ਇਕ ਦਿਨ ਉਸ ਦੇ ਦੋਸਤਾਂ ਨੇ ਉਸ ਨੂੰ ਅਰਜਨ ਪੁਰਸਕਾਰ ਜੇਤੂ ਅਥਲੀਟ ਅਮਿਤ ਸਰੋਆ ਨਾਲ ਮਿਲਵਾਇਆ ਅਤੇ ਅਮਿਤ ਸਰੋਆ ਨਾਲ ਪਹਿਲੀ ਮੁਲਾਕਾਤ ਹੀ ਗੁਰੂ-ਚੇਲੇ ਵਿਚ ਬਦਲ ਗਈ ਅਤੇ ਅਮਿਤ ਸਰੋਆ ਨੇ ਧਰਮਵੀਰ ਨੂੰ ਆਪਣੇ ਵਾਲੀ ਖੇਡ ਯਾਨੀ ਡਿਸਕਸ ਥਰੋਅ ਅਤੇ ਕਲੱਬ ਥਰੋਅ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਸਾਲ 2014 ਦੇ ਕਰੀਬ ਹੀ ਉਹ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਲੱਗਿਆ ਅਤੇ ਸਾਲ 2015 ਵਿਚ ਉਸ ਨੇ ਡਿਸਕਸ ਥਰੋਅ ਅਤੇ ਕਲੱਬ ਥਰੋਅ ਵਿਚ ਦੋ ਤਗਮੇ ਆਪਣੇ ਨਾਂਅ ਕਰ ਲਏ ਅਤੇ ਉਸ ਨੇ ਸਾਲ 2016 ਵਿਚ ਹੋਈ ਉਲੰਪਿਕ ਵਿਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਕਾਰਤਾ ਵਿਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਵਿਚ ਵੀ ਉਹ ਭਾਰਤ ਦੀ ਪ੍ਰਤੀਨਿਧਤਾ ਦੂਸਰੇ ਖਿਡਾਰੀਆਂ ਵਾਂਗ ਕਰੇਗਾ।
ਇਹ ਗੱਲ ਵੀ ਬੜੇ ਮਾਣ ਨਾਲ ਆਖੀ ਜਾਵੇਗੀ ਕਿ ਬਹੁਤ ਸਾਰੇ ਮੁਕਾਬਲਿਆਂ ਵਿਚ ਉਸ ਨੂੰ ਆਪਣੇ ਹੀ ਗੁਰੂ ਅਤੇ ਕੋਚ ਅਮਿਤ ਸਰੋਆ ਨਾਲ ਹੀ ਮੁਕਾਬਲਾ ਕਰਨਾ ਪੈ ਜਾਂਦਾ ਹੈ ਪਰ ਉਹ ਖੇਡ ਭਾਵਨਾ ਨਾਲ ਮੁਕਾਬਲਾ ਕਰਦਾ ਹੈ ਅਤੇ ਉਨ੍ਹਾਂ ਦੇ ਗੁਰੂ-ਚੇਲੇ ਦੇ ਰਿਸ਼ਤੇ ਵਿਚ ਕੋਈ ਫ਼ਰਕ ਨਹੀਂ ਪਿਆ ਅਤੇ ਉਹ ਅਮਿਤ ਸਰੋਆ ਨੂੰ ਹਮੇਸ਼ਾ ਦਿਲੋਂ ਸਲਾਮ ਕਰਦਾ ਹੈ। ਅਮਿਤ ਸਰੋਆ ਆਖਦਾ ਹੈ ਕਿ ਬੇਸ਼ੱਕ ਭਾਰਤ ਸਰਕਾਰ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਵੱਡੀ ਨਕਦੀ ਅਤੇ ਮਾਣ-ਸਨਮਾਨਾਂ ਨਾਲ ਨਿਵਾਜਦੀ ਹੈ ਪਰ ਜਦ ਖਿਡਾਰੀ ਦੇਸ਼ ਲਈ ਖੇਡਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਤਾਂ ਸਰਕਾਰਾਂ ਉਸ ਵਕਤ ਉਨ੍ਹਾਂ ਦੀ ਮਦਦ ਨਹੀਂ ਕਰਦੀਆਂ ਅਤੇ ਖਿਡਾਰੀ ਆਪਣੇੇ ਹੀ ਖਰਚੇ 'ਤੇ ਖੇਡ ਦੀ ਤਿਆਰੀ ਕਰਦੇ ਹਨ, ਜਦ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਖਿਡਾਰੀਆਂ ਨੂੰ ਖੇਡਣ ਲਈ ਖੁਰਾਕ ਤੋਂ ਲੈ ਕੇ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਆਪ ਲਵੇ ਤਾਂ ਭਾਰਤ ਦੇ ਖਿਡਾਰੀ ਦੂਸਰੇ ਦੇਸ਼ਾਂ ਦੇ ਮੁਕਾਬਲੇ ਹੋਰ ਵੀ ਜਿੱਤਾਂ ਦਰਜ ਕਰਕੇ ਭਾਰਤ ਦਾ ਨਾਂਅ ਚਮਕਾਉਣਗੇ। ਧਰਮਵੀਰ ਇਹ ਵੀ ਆਖਦਾ ਹੈ ਕਿ ਜ਼ਿੰਦਗੀ ਭਾਵੇਂ ਵੀਲ੍ਹਚੇਅਰ 'ਤੇ ਹੈ ਪਰ ਫਿਰ ਵੀ 'ਹਾਦਸਾ ਹੈ ਜ਼ਿੰਦਗੀ, ਦੌੜਤੀ ਹੈ ਜ਼ਿੰਦਗੀ, ਹੰਸਤੀ ਹੈ ਜ਼ਿੰਦਗੀ, ਖੇਲਤੀ ਹੈ ਜ਼ਿੰਦਗੀ ! ਬਸ ਖੇਲਤੇ ਹੀ ਜਾਨਾ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਏਸ਼ੀਅਨ ਚੈਂਪੀਅਨਸ਼ਿਪ : ਲਕਸ਼ੈ ਸੇਨ ਨੇ ਲਿਖਿਆ ਨਵਾਂ ਇਤਿਹਾਸ

ਅੱਜਕਲ੍ਹ ਵਿਸ਼ਵ ਬੈਡਮਿੰਟਨ ਗਲਿਆਰਿਆਂ ਵਿਚ ਭਾਰਤੀ ਬੈਡਮਿੰਟਨ ਦੀ ਖੂਬ ਚਰਚਾ ਹੋ ਰਹੀ ਹੈ। ਅਤੀਤ 'ਚ ਪੁਰਸ਼ ਵਰਗ 'ਚ ਪ੍ਰਕਾਸ਼ ਪਾਦੂਕੋਨ ਅਤੇ ਗੋਪੀ ਚੰਦ ਆਦਿ ਨੇ ਭਾਰਤੀ ਬੈਡਮਿੰਟਨ ਨੂੰ ਸ਼ੋਹਰਤ ਦੀ ਸਿਖਰ 'ਤੇ ਪਹੁੰਚਾਇਆ। ਫਿਰ ਕਸ਼ਯਪ ਅਤੇ ਸ੍ਰੀਕਾਂਤ ਇਸ ਖੇਡ 'ਚ ਰੋਲ ਮਾਡਲ ਵਜੋਂ ਉੱਭਰੇ। ਇਨ੍ਹਾਂ ਦੇ ਪੈਰ-ਚਿੰਨ੍ਹਾਂ 'ਤੇ ਚਲਦਿਆਂ ਹੁਣ ਇਸ ਲੜੀ 'ਚ ਭਾਰਤੀ ਬੈਡਮਿੰਟਨ ਦੀ ਨਵੀਂ ਦਸਤਕ ਬਣ ਕੇ ਉੱਭਰਿਆ ਹੈ ਲਕਸ਼ੈ ਸੇਨ। ਪਹਾੜ ਦੇ ਇਸ ਬੇਟੇ ਨੇ ਜੈਕਾਰਤਾ ਵਿਚ ਹੋਈ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ ਥਾਈਲੈਂਡ ਦੇ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਕੁਲਾਵੁੰਤ ਵਿਦਿਤਸਰਨ ਨੂੰ ਸੰਘਰਸ਼ ਭਰੇ ਖ਼ਿਤਾਬੀ ਮੁਕਾਬਲੇ 'ਚ 21-19, 21-18 ਨਾਲ ਧਰਾਸ਼ਾਹੀ ਕਰਦਿਆਂ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਇਸ ਤੋਂ ਪਹਿਲਾਂ ਲਕਸ਼ੈ ਸੇਨ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ 2016 'ਚ ਕਾਂਸੀ ਤਗਮਾ ਜਿੱਤਿਆ ਸੀ। ਪ੍ਰਤਿਭਾ ਦਾ ਧਨੀ ਖਿਡਾਰੀ ਲਕਸ਼ੈ ਇਸ ਪ੍ਰਾਪਤੀ ਨਾਲ ਚੈਂਪੀਅਨਸ਼ਿਪ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਸਵਰਗਵਾਸੀ ਗੌਤਮ ਠੱਕਰ (ਸੋਨਾ 1965), ਪ੍ਰਣਵ ਚੋਪੜਾ/ਪ੍ਰਾਜਕਤਾ ਸਾਵੰਤ (ਕਾਂਸੀ 2009), ਸਮੀਰ ਵਰਮਾ (ਚਾਂਦੀ 2011), ਵੀ. ਵੀ. ਸਿੰਧੂ (ਕਾਂਸੀ 2011 ਤੇ ਸੋਨਾ 2012) ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਗਿਆ ਹੈ। ਲਕਸ਼ੈ ਸੇਨ ਦੀ ਇਹ ਪ੍ਰਾਪਤੀ ਇਸ ਲਈ ਵੀ ਖਾਸ ਹੈ ਕਿ ਅੱਜ ਤੱਕ ਕੋਈ ਵੀ ਭਾਰਤੀ ਖਿਡਾਰੀ ਏਸ਼ੀਅਨ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਨਹੀਂ ਪਹੁੰਚਿਆ ਸੀ। ਅਜਿਹਾ ਕਾਰਨਾਮਾ ਨਾ ਤਾਂ ਦਿੱਗਜ਼ ਪੁਲੇਲਾ ਗੋਪੀ ਚੰਦ ਕਰ ਸਕਿਆ ਹੈ ਤੇ ਨਾ ਹੀ ਕਿਸੇ ਹੋਰ ਖਿਡਾਰੀ ਦੇ ਨਾਂਅ ਅਜਿਹੀ ਪ੍ਰਾਪਤੀ ਲਿਖੀ ਗਈ ਹੈ।
16 ਅਗਸਤ, 2001 ਨੂੰ ਪਹਾੜੀ ਵਾਦੀਆਂ 'ਚ ਉੱਤਰਾਖੰਡ ਦੇ ਸ਼ਹਿਰ ਅਲਮੋੜਾ 'ਚ ਜਨਮਿਆ 17 ਵਰ੍ਹਿਆਂ ਦਾ ਲਕਸ਼ੈ ਸੇਨ ਵਿਸ਼ਵ ਜੂਨੀਅਰ ਬੈਡਮਿੰਟਨ ਰੈਂਕਿੰਗ 'ਚ ਨੰਬਰ ਵੱਨ ਸਥਾਨ ਪ੍ਰਾਪਤ ਕਰ ਚੁੱਕਾ ਹੈ। ਪ੍ਰਾਪਤੀਆਂ ਦੀ ਸ਼ਾਨਦਾਰ ਲੜੀ 'ਚ ਬਲਗਾਰੀਆ ਓਪਨ ਅਤੇ ਇੰਡੀਆ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ 'ਚ ਵੱਡੇ ਖਿਡਾਰੀਆਂ ਨੂੰ ਸਖ਼ਤ ਟੱਕਰ ਦੇ ਕੇ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਅਲੱਗ ਪਹਿਚਾਣ ਬਣਾਈ। ਮੌਜੂਦਾ ਸਮੇਂ ਲਕਸ਼ੈ ਸੇਨ ਪ੍ਰਕਾਸ਼ ਪਾਦੂਕੋਣ ਅਕੈਡਮੀ 'ਚ ਆਪਣੀ ਖੇਡ ਨੂੰ ਨਵੇਂ ਮੁਕਾਮ ਦੇ ਰਿਹਾ ਹੈ।
ਦਰਅਸਲ ਲਕਸ਼ੈ ਸੇਨ ਨੂੰ ਬੈਡਮਿੰਟਨ ਦਾ ਹੁਨਰ ਵਿਰਾਸਤ 'ਚ ਮਿਲਿਆ। ਉਸ ਦੇ ਪਿਤਾ ਡੀ. ਕੇ. ਸੇਨ ਬੈਡਮਿੰਟਨ ਦੇ ਕੋਚ ਸਨ ਅਤੇ ਉਸ ਦਾ ਭਰਾ ਚਿਰਾਗ ਵੀ ਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਲਕਸ਼ੈ ਸੇਨ ਦੀ ਕਾਬਲੀਅਤ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਉਸ ਦੇ ਖੇਡਣ ਦਾ ਅੰਦਾਜ਼ ਅਲੱਗ ਹੈ। ਜਿਥੇ ਉਹ ਨੈਟ ਤੇ ਵਿਰੋਧੀ ਖਿਡਾਰੀ ਦੀ ਤੁਲਨਾ 'ਚ ਮਜ਼ਬੂਤ ਹੈ, ਉਥੇ ਸਮੈਸ਼ 'ਚ ਵੀ ਉਹ ਤਾਕਤਵਰ ਹੈ ਅਤੇ ਵੱਡੀ ਰੈਲੀ 'ਚ ਵੀ ਉਹ ਵਿਰੋਧੀਆਂ ਤੋਂ ਅੱਗੇ ਹੈ। ਸ਼ਾਇਦ ਇਸੇ ਪ੍ਰਤਿਭਾ ਨੂੰ ਪਹਿਚਾਣਦਿਆਂ ਪ੍ਰਕਾਸ਼ ਪਾਦੂਕੋਣ ਲਕਸ਼ੈ ਨੂੰ ਆਪਣੀ ਅਕੈਡਮੀ 'ਚ ਲੈ ਆਏ, ਜਿਥੇ ਕੋਚ ਵਿਮਲ ਕੁਮਾਰ ਨੇ ਇਸ ਖਿਡਾਰੀ ਦੀ ਪ੍ਰਤਿਭਾ ਨੂੰ ਹੋਰ ਨਿਖਾਰਿਆ। ਉਸ ਦੇ ਮੌਜੂਦਾ ਕੋਚ ਸੰਜੇ ਮਿਸ਼ਰਾ ਨੇ ਕਿਹਾ, 'ਕੋਈ ਵੀ ਟੂਰਨਾਮੈਂਟ ਜਿੱਤਣਾ ਵੱਡੀ ਗੱਲ ਹੁੰਦੀ ਹੈ।' ਉਸ ਨੇ ਅਜਿਹੇ ਟੂਰਨਾਮੈਂਟ ਵਿਚ ਸੋਨਾ ਜਿੱਤਿਆ, ਜਿਥੇ ਦੁਨੀਆ ਦੇ ਸਰਬੋਤਮ ਖਿਡਾਰੀ ਖੇਡ ਰਹੇ ਸਨ। ਸਾਨੂੰ ਪਤਾ ਹੈ ਕਿ ਏਸ਼ੀਆ ਇਸ ਚੈਂਪੀਅਨਸ਼ਿਪ ਦਾ ਕੇਂਦਰ ਹੈ ਅਤੇ ਏਸ਼ੀਆਈ ਖ਼ਿਤਾਬ ਜਿੱਤਣ ਨਾਲ ਉਸ ਦਾ ਮਨੋਬਲ ਹੋਰ ਵੀ ਵਧੇਗਾ। ਖੈਰ, ਕੁੱਲ ਮਿਲਾ ਕੇ ਲਕਸ਼ੈ ਸੇਨ ਦੀਆਂ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਨਿਕਟ ਭਵਿੱਖ ਵਿਚ ਭਾਰਤੀ ਬੈਡਮਿੰਟਨ ਦਾ ਇਹ ਸਿਤਾਰਾ ਇਕ ਅਲੱਗ ਨਾਂਅ ਬਣ ਕੇ ਉੱਭਰੇਗਾ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਜੂਨੀਅਰ ਸੈਫ ਖੇਡਾਂ ਦੀ ਸੋਨ ਤਗਮਾ ਜੇਤੂ ਅਰਪਣ ਬਾਜਵਾ

ਕੇਂਦਰ ਤੇ ਪੰਜਾਬ ਸਰਕਾਰ ਵਲੋਂ ਬੇਸ਼ੱਕ ਧੀਆਂ ਦੇ ਜਨਮ ਲੈਣ ਅਧਿਕਾਰ, ਸਨਮਾਨ ਤੇ ਕਈ ਹੋਰਨਾਂ ਹੱਕਾਂ-ਅਧਿਕਾਰਾਂ ਨੂੰ ਸਮਰਪਿਤ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਚਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਹਲਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ ਬਹੁਤ ਸਾਰੀਆਂ ਧੀਆਂ ਅਜੇ ਵੀ ਸਰਕਾਰੀ ਮਾਨਾਂ-ਸਨਮਾਨਾਂ ਤੋਂ ਵਾਂਝੀਆਂ ਹਨ। ਜਦੋਂ ਕਿ ਉਨ੍ਹਾਂ ਦੀ ਬੇਮਿਸਾਲ ਕਾਰਜ਼ਸ਼ੈਲੀ ਨੂੰ ਸਮਾਜਿਕ ਤੌਰ 'ਤੇ ਕਈ ਗੈਰ-ਸਰਕਾਰੀ ਸੰਸਥਾਵਾਂ ਵਲੋਂ ਉਚੇਚੇ ਤੌਰ 'ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਕੇ ਤਸਦੀਕ ਕੀਤੇ ਜਾਣ ਦਾ ਸਿਲਸਿਲਾ ਸਿਖਰਾਂ 'ਤੇ ਹੈ। ਉਨ੍ਹਾਂ ਵਿਚੋਂ ਹੀ ਇਕ ਹੈ ਖਾਲਸਾ ਕਾਲਜ ਅੰਮ੍ਰਿਤਸਰ ਦੀ ਅੰਤਰਰਾਸ਼ਟਰੀ ਪੱਧਰ ਦੀ ਡਿਸਕਸ ਥ੍ਰੋ ਐਥਲੀਟ ਅਰਪਨਦੀਪ ਕੌਰ ਬਾਜਵਾ, ਜਿਸ ਨੇ ਚਾਲੂ ਸਾਲ 2018 ਦੌਰਾਨ 3 ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਬੇਮਿਸਾਲ ਪ੍ਰਾਪਤੀਆਂ ਕਰਕੇ ਦੇਸ਼ ਦਾ ਤਿਰੰਗਾ ਝੰਡਾ ਵਿਸ਼ਵ ਖੇਡ ਖਾਕੇ 'ਤੇ ਬੁਲੰਦ ਕੀਤਾ ਹੈ। 15 ਜਨਵਰੀ, 1999 ਨੂੰ ਪਿਤਾ ਗੁਰਪ੍ਰੀਤ ਸਿੰਘ ਗੁੱਲੂ ਬਾਜਵਾ ਤੇ ਮਾਂ ਦਲਜੀਤ ਕੌਰ ਬਾਜਵਾ ਦੇ ਵਿਹੜੇ ਦੀ ਰੌਣਕ ਬਣੀ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਅਰਪਨਦੀਪ ਕੌਰ ਬਾਜਵਾ ਨੂੰ ਡਿਸਕਸ ਥ੍ਰੋ ਖੇਡਣ ਦਾ ਸ਼ੌਂਕ ਸੰਨ 2011 ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਮੇਨ ਬ੍ਰਾਂਚ) ਅੰਮ੍ਰਿਤਸਰ ਤੋਂ ਪਿਆ ਤੇ ਫਿਰ ਉਸ ਨੇ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਤੇ ਕੋਚ ਜਸਪਾਲ ਸਿੰਘ ਢਿੱਲੋਂ (ਸੀ.ਆਈ.ਟੀ. ਰੇਲਵੇ) ਦੇ ਕੋਲੋਂ ਬਕਾਇਦਾ ਇਸ ਖੇਡ ਦੀ ਮੁਹਾਰਤ ਤੇ ਬਰੀਕੀਆਂ ਜਾਣਨ ਦੇ ਨਾਲ-ਨਾਲ ਇਸ ਦੇ ਖੇਡਣ ਦੇ ਕਾਇਦੇ-ਕਾਨੂੰਨ ਬਾਰੇ ਜਾਣਕਾਰੀ ਹਾਸਲ ਕੀਤੀ।
ਜ਼ਿਲ੍ਹਾ, ਸੂਬਾ ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਪ੍ਰਾਪਤੀਆਂ ਦੀ ਉਸ ਦੀ ਇਕ ਲੰਬੀ ਸੂਚੀ ਹੈ, ਜਦੋਂ ਕਿ ਅਰਪਣ ਬਾਜਵਾ ਨੇ ਸ੍ਰੀਲੰਕਾ ਵਿਖੇ ਆਯੋਜਿਤ ਜੂਨੀਅਰ ਸੈਫ ਗੇਮਜ਼ 2018 ਵਿਚ ਜਿੱਥੇ ਡਿਸਕਸ ਥ੍ਰੋ ਮੁਕਾਬਲੇ ਵਿਚ ਸੋਨ ਤਗਮਾ ਹਾਸਲ ਕਰਕੇ ਤੇ ਨਵਾਂ ਰਿਕਾਰਡ ਕਾਇਮ ਕਰਕੇ ਵਿਸ਼ਵ ਖੇਡ ਖਾਕੇ 'ਤੇ ਦੇਸ਼ ਦਾ ਝੰਡਾ ਬੁਲੰਦ ਕਰਨ ਦਾ ਕੀਰਤੀਮਾਨ ਸਥਾਪਿਤ ਕੀਤਾ, ਉੱਥੇ ਜਾਪਾਨ ਵਿਖੇ ਆਯੋਜਿਤ ਜੂਨੀਅਰ ਏਸ਼ੀਅਨਜ਼ ਗੇਮਜ਼ 2018 ਵਿਚ ਕਾਂਸੀ ਦਾ ਤਗਮਾ, ਫਿਨਲੈਂਡ ਵਿਖੇ ਆਯੋਜਿਤ ਜੂਨੀਅਰ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2018 ਵਿਚ ਬੇਮਿਸਾਲ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਕੋਇੰਬਟੂਰ ਵਿਖੇ ਆਯੋਜਿਤ ਜੂਨੀਅਰ ਫੈਡਰੇਸ਼ਨ ਕੱਪ 2018 ਵਿਚ ਸੋਨ ਤਗਮਾ ਹਾਸਲ ਕਰਕੇ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਇਆ। ਆਪਣੇ ਕਾਲਜ ਪ੍ਰਬੰਧਕਾਂ, ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਤੇ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਦੇ ਕੋਲੋਂ ਮਿਲੇ ਮਾਣ-ਸਨਮਾਨ ਤੋਂ ਬੇਹੱਦ ਖੁਸ਼ ਅਰਪਣ ਬਾਜਵਾ ਨੇ ਦੱਸਿਆ ਕਿ ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਦੇ ਪਿੱਛੇ ਉਸ ਦੇ ਪ੍ਰਿੰਸੀਪਲ ਮਹਿਲ ਸਿੰਘ, ਕਾਲਜ ਖੇਡ ਵਿਭਾਗ ਮੁਖੀ ਪ੍ਰੋਫੈਸਰ ਦਲਜੀਤ ਸਿੰਘ, ਕੋਚ ਬਚਨਪਾਲ ਸਿੰਘ, ਕੋਚ ਜਸਪਾਲ ਸਿੰਘ ਢਿੱਲੋਂ ਰੇਲਵੇ ਤੋਂ ਇਲਾਵਾ ਉਸ ਦੇ ਦਾਦਾ ਸੂਰਤ ਸਿੰਘ ਬਾਜਵਾ, ਦਾਦੀ ਕੁਲਵੰਤ ਕੌਰ ਤੇ ਮੰਮੀ ਦਲਜੀਤ ਕੌਰ ਦਾ ਵੱਡਾ ਹੱਥ ਤੇ ਆਸ਼ੀਰਵਾਦ ਰੂਪੀ ਹੱਲਾਸ਼ੇਰੀ ਹੈ। ਭਵਿੱਖ ਵਿਚ ਉਹ ਹੋਰ ਵੀ ਬੇਹਤਰ ਕਰੇਗੀ, ਜਿਸ ਲਈ ਉਹ ਦਿਨ-ਰਾਤ ਕਰੜਾ ਅਭਿਆਸ ਕਰ ਰਹੀ ਹੈ। ਯਕੀਨਨ ਉਹ ਜਿੱਤ ਦੇ ਗੌਰਵਮਈ ਇਤਿਹਾਸ ਨੂੰ ਬਰਕਰਾਰ ਰੱਖੇਗੀ। ਦੱਸਣਯੋਗ ਹੈ ਕਿ ਵਿਸ਼ਵ ਖੇਡ ਖਾਕੇ 'ਤੇ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਅਰਪਨ ਬਾਜਵਾ ਨੂੰ ਕੇਂਦਰ ਜਾਂ ਰਾਜ ਸਰਕਾਰ ਤੋਂ ਉਹ ਮਾਣ-ਸਨਮਾਨ ਨਹੀਂ ਹਾਸਲ ਹੋਇਆ, ਜਿਸ ਦਾ ਧੀਆਂ ਨੂੰ ਸਾਹਮਣੇ ਰੱਖ ਕੇ ਦੋਵੇਂ ਸਰਕਾਰਾਂ ਢੰਡੋਰਾ ਪਿੱਟਦੀਆਂ ਸਾਹ ਨਹੀਂ ਲੈਂਦੀਆਂ।


-ਮ:ਨੰ: ਜੀ-18, ਨੇੜੇ ਦੂਸਰੀ ਪਾਰਕ, ਭੱਲਾ ਕਾਲੋਨੀ, ਛੇਹਰਟਾ, ਅੰ੍ਰਿਮਤਸਰ। ਮੋਬਾ: 98153-57499


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX